ਵੈਨਕੂਵਰ ਸੱਥ ਦਾ ਰੰਗ ਮੰਚ:
ਸੇਧ ਤੇ ਵਿਕਾਸ
ਸਾਧੂ ਬਿਨਿੰਗ
 

 

(ਨੋਟ: ਵੈਨਕੂਵਰ ਸੱਥ ਬਾਰੇ ਇਹ ਲੇਖ 1991 ਦੇ ਸ਼ੁਰੂ ਵਿਚ ਲਿਖਿਆ ਗਿਆ ਸੀ ਅਤੇ ਵਤਨ ਦੇ ਕਨੇਡੀਅਨ ਪੰਜਾਬੀ ਰੰਗਮੰਚ ਵਿਸ਼ੇਸ਼ ਅੰਕ (ਜੁਲਾਈ-ਸਤੰਬਰ 1991) ਵਿਚ ਛਪਿਆ ਸੀ।)

ਵੈਨਕੂਵਰ ਸੱਥ 1983 ਦੇ ਸ਼ੁਰੂ ਤੋਂ ਸਾਹਿਤਕ, ਸਭਿਆਚਾਰਕ ਤੇ ਖਾਸ ਕਰ ਰੰਗ ਮੰਚ ਦੀਆਂ ਸਰਗਰਮੀਆਂ ਕਰਦੀ ਆ ਰਹੀ ਹੈ। ਇਸ ਲੇਖ ਦਾ ਮਨੋਰਥ ਸੱਥ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਨੂੰ ਰੀਕਾਰਡ ਕਰਨ ਦੇ ਨਾਲ ਨਾਲ ਸੱਥ ਦੀ ਕੰਮ ਕਰਨ ਦੀ ਸੇਧ ਤੇ ਇਸ ਸੇਧ ਪਿੱਛੇ ਕੰਮ ਕਰਦੀ ਸੋਚ ਨੂੰ ਅੰਕਿਤ ਕਰਨਾ ਹੈ। ਇਹ ਲੇਖ ਲਿਖਣ ਵੇਲੇ ਇਕ ਅਜੀਬ ਜਿਹਾ ਅਹਿਸਾਸ ਹੋ ਰਿਹਾ ਹੈ ਕਿ ਇਹ ਕੁਝ ਵੀ ਸਾਨੂੰ ਖੁੱਦ ਨੂੰ ਹੀ ਕਰਨਾ ਪੈ ਰਿਹਾ ਹੈ। ਕਿਸੇ ਵੀ ਕਿਸਮ ਦੀ ਸਰਗਰਮੀ ਕਰਨ ਵਾਲੀ ਜਥੇਬੰਦੀ ਦੀ ਖਾਹਸ਼ ਤੇ ਲੋੜ ਹੁੰਦੀ ਹੈ ਕਿ ਉਹਨਾਂ ਦੀਆਂ ਸਰਗਰਮੀਆਂ ਬਾਰੇ ਉਹਨਾਂ ਦੇ ਫੌਰੀ ਦਾਇਰੇ ਤੋਂ ਬਾਹਰ ਵੀ ਲੋਕਾਂ ਨੂੰ ਪਤਾ ਲੱਗੇ। ਪਰ ਸੱਥ ਦੀ ਤੇ ਵੈਨਕੂਵਰ ਵਰਗੀ ਸਾਹਿਤਕ ਘੇਰੇ ਦੇ ਪੱਖੋਂ ਛੋਟੀ ਥਾਂ 'ਤੇ ਸਰਗਰਮ ਹੋਰ ਜਥੇਬੰਦੀਆਂ ਅਤੇ ਵਿਕਤੀਆਂ ਦੀ, ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਉਹਨਾਂ ਦੀਆਂ ਸਰਗਰਮੀਆਂ ਨੂੰ ਰੀਕਾਰਡ ਕਰਨ ਜਾਂ ਦੂਰ ਵਸਦੇ ਦੂਜੇ ਲੋਕਾਂ ਤੱਕ ਪਹੁੰਚਾਉਣ ਵਾਲਾ ਕੋਈ ਨਹੀਂ ਹੈ। ਪੰਜਾਬ ਰਹਿੰਦੇ ਪੱਤਰਕਾਰਾਂ ਜਾਂ ਲੇਖਕਾਂ ਵਲੋਂ ਸਾਡੀਆਂ ਨਿੱਤ ਦੀਆਂ ਗਤੀਆਂ ਵਿਧੀਆਂ ਬਾਰੇ ਜਾਣੂ ਹੋਣਾ ਸੰਭਵ ਨਹੀਂ। ਇਕ ਛੋਟੇ ਘੇਰੇ ਵਿਚ ਰਹਿ ਰਹੇ ਅਤੇ ਕੰਮ ਕਰ ਰਹੇ ਲੇਖਕਾਂ ਅਤੇ ਕਲਾਕਾਰਾਂ ਤੋਂ ਇਹ ਆਸ ਰੱਖਣੀ ਜਾਇਜ਼ ਨਹੀਂ ਕਿ ਉਹ ਇਕ ਦੂਜੇ ਦੀਆਂ ਸਰਗਰਮੀਆਂ ਬਾਰੇ ਗੈਰ-ਜਜ਼ਬਾਤੀ ਤੇ ਬੇਲਾਗ ਹੋ ਕੇ ਚਰਚਾ ਕਰ ਸਕਣ। ਇਹ ਕਹਿ ਕੇ ਅਸੀਂ ਕਿਸੇ 'ਤੇ ਗਿਲਾ ਨਹੀਂ ਕਰ ਰਹੇ ਕਿਉਂਕਿ ਦੂਜੇ ਲੋਕਾਂ ਦੀਆਂ ਸਰਗਰਮੀਆਂ ਦੇ ਸਬੰਧ ਵਿਚ ਸਾਡਾ ਵੀ ਇਹੀ ਰਵੱਈਆ ਹੈ ਜੋ ਸ਼ਾਇਦ ਸਮੇਂ ਤੇ ਸਥਾਨ ਦੀ ਮਜ਼ਬੂਰੀ ਹੈ। ਇਸ ਕਰਕੇ ਸ਼ੁਰੂ ਵਿਚ ਹੀ ਅਸੀਂ ਪਾਠਕਾਂ ਤੋਂ ਇਸ ਗੱਲ ਦੀ ਖਿਮਾ ਮੰਗ ਰਹੇ ਕਿ ਜੇ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਆਪਣੇ ਮੂੰਹ ਮੀਆਂ ਮਿੱਠੂ ਬਣ ਰਹੇ ਹਾਂ ਤਾਂ ਉਹ ਸਾਡੀ ਇਸ ਮਜ਼ਬੂਰੀ ਨੂੰ ਧਿਆਨ ਵਿਚ ਰੱਖਣ। ਹਾਂ ਇਹ ਲੇਖ ਲਿਖਦਿਆਂ ਘਟੀਆਪਨ ਜਾਂ ਸਸਤੇਪਨ ਦਾ ਅਹਿਸਾਸ ਬਿਲਕੁਲ ਨਹੀਂ ਹੈ ਕਿਉਂਕਿ ਅਸੀਂ ਜੋ ਕਰ ਚੁੱਕੇ ਹਾਂ ਉਸ ਨੂੰ ਰੀਕਾਰਡ ਕਰਨ ਜਾ ਰਹੇ ਨਾ ਕਿ ਕਿਸੇ ਅਣਕੀਤੇ ਕੰਮ ਜਾਂ ਕਿਸੇ ਅਗਲੇ ਮਨਸੂਬੇ ਬਾਰੇ ਕਿਸੇ ਕਿਸਮ ਦੀ ਅਤਿ ਕਥਨੀ ਕਰਨ।

ਸਥਾਪਤੀ
ਵੈਨਕੂਵਰ ਸੱਥ ਦੀ ਸ਼ੁਰੂਆਤ ਕੁਝ ਸਥਾਨਕ ਲੇਖਕਾਂ, ਜੋ ਸਮਾਜਕ ਕੰਮਾਂ ਵਿਚ ਵੀ ਸਰਗਰਮ ਸਨ, ਦੇ ਮਿਲ ਬੈਠਣ ਨਾਲ ਹੋਈ। ਇਕਾਸੀ ਬਿਆਸੀ ਵਿਚ ਪੰਜਾਬੀ ਸਾਹਿਤ ਸਭਾ ਜਿਸ ਦੇ ਅਸੀਂ ਮੈਂਬਰ ਸਾਂ, ਦਾ ਮਾਹੌਲ ਇਸ ਕਦਰ ਵਿਗੜ ਗਿਆ ਸੀ ਕਿ ਉਥੇ ਕਿਸੇ ਕਿਸਮ ਦੀ ਸਾਰਥਿਕ ਬਹਿਸ ਜਾਂ ਪੰਜਾਬੀ ਦੇ ਸਾਹਤਿਕ ਵਿਕਾਸ ਲਈ ਕਿਸੇ ਉਸਾਰੂ ਕੰਮ ਕਰਨ ਦੇ ਆਸਾਰ ਬਿਲਕੁਲ ਖਤਮ ਹੋ ਗਏ ਸਨ। ਨਾਲ ਹੀ ਸਾਡੇ ਵਿਚੋਂ ਕੁਝ ਲੋਕ ਪਿਛਲੇ ਛੇ ਸੱਤ ਸਾਲ ਤੋਂ ਵਤਨੋਂ ਦੂਰ ਨੂੰ ਬੜੀਆਂ ਮੁਸ਼ਕਲਾਂ ਨਾਲ ਚਲਾ ਰਹੇ ਸਾਂ ਅਤੇ ਇਹਨਾਂ ਕੋਸ਼ਿਸ਼ਾਂ ਦੇ ਨਾਲ ਨਾਲ ਕੁਝ ਵੱਖਰਾ ਕਰਨਾ ਸੋਚ ਤੇ ਲੋਚ ਰਹੇ ਸਾਂ। ਸਾਹਿਤ ਸਭਾ, ਵਤਨੋਂ ਦੂਰ, ਨਸਲਵਾਦ ਵਿਰੁੱਧ ਲੜਦੀ ਜਥੇਬੰਦੀ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਘੋਲ ਕਰ ਰਹੀ ਜਥੇਬੰਦੀ ਨਾਲ ਅਸੀਂ ਜੁੜੇ ਹੋਏ ਸਾਂ ਅਤੇ ਸਾਡੇ ਵਿਚ ਵਿਚਾਰਾਂ ਦੀ ਹੀ ਨਹੀਂ ਜਾਤੀ ਨੇੜਤਾ ਵੀ ਬਹੁਤ ਸੀ।
ਇਸ ਕਿਸਮ ਦੇ ਪਿਛੋਕੜ ਵਿਚ ਹਰ ਹਫਤੇ ਇਕ ਸ਼ਾਮ ਅਸੀਂ ਮਿਲਦੇ ਤੇ ਸਮਾਜਿਕ ਤੇ ਸਾਹਿਤਕ ਵਿਸ਼ਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ। ਇਸ ਸਮੇਂ ਸਾਡੀਆਂ ਬਹਿਸਾਂ ਦਾ ਵਿਸ਼ਾ ਬਹੁਤੀ ਵਾਰੀ ਪੰਜਾਬ ਹੀ ਹੁੰਦਾ ਕਿਉਂਕਿ ਪੰਜਾਬ ਵਿਚ ਸਿਆਸਤ ਹੁਣ ਵਾਲੀ (ਅੱਸੀਵੇਂ ਦਹਾਕੇ) ਸਥਿਤੀ ਵੱਲ ਨੂੰ ਬੜੀ ਤੇਜੀ ਨਾਲ ਮੋੜ ਕੱਟ ਰਹੀ ਸੀ। ਕਨੇਡਾ ਵਿਚ ਰਹਿ ਰਹੇ ਪੰਜਾਬੀ ਲੋਕਾਂ ਦਾ ਧਿਆਨ ਕੁਦਰਤੀ ਇਸ ਵੱਲ ਕੇਂਦਰਿਤ ਸੀ। ਪਰ ਇਹ ਧਿਆਨ ਉਸ ਪਾਸੇ ਇਸ ਕਦਰ ਕੇਂਦਰਿਤ ਸੀ ਕਿ ਲੋਕਾਂ ਦਾ ਇਥੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਜਿਵੇਂ ਨਸਲਵਾਦ, ਖੇਤ-ਮਜ਼ਦੂਰਾਂ ਦੀ ਲੁੱਟ-ਖਸੁੱਟ, ਜਵਾਨ ਹੋ ਰਹੀ ਨਵੀਂ ਪੀੜੀ ਦੀਆਂ ਸਮੱਸਿਆਵਾਂ, ਔਰਤਾਂ ਨਾਲ ਹੁੰਦੀਆਂ ਵਧੀਕੀਆਂ ਆਦਿ ਵੱਲ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆਉਂਦੀ। ਵੱਖਰੀਆਂ ਭਗੋਲਿਕ, ਆਰਥਿਕ ਤੇ ਸਮਾਜਿਕ ਸਥਿਤੀਆਂ ਵਿਚ ਘਿਰਿਆ ਪੰਜਾਬੀ ਅਤੇ ਉਸਦਾ ਸਭਿਆਚਾਰ ਅਤੇ ਅਨੇਕਾਂ ਹੋਰ ਇਹੋ ਜਿਹੇ ਸਵਾਲ ਸਨ ਜੋ ਇਕ ਖਾਸ ਕਿਸਮ ਦੀ ਤਵੱਜੋਂ ਦੀ ਮੰਗ ਕਰਦੇ ਸਨ ਪਰ ਉਹਨਾਂ ਨੂੰ ਸਮਝਣ ਜਾਂ ਹੱਲ ਕਰਨ ਦਾ ਕੋਈ ਮੌਕਾ ਨਹੀਂ ਸੀ ਦਿਸਦਾ। ਅਸੀਂ ਸਮਝਦੇ ਸੀ ਕਿ ਜੇ ਅਸੀਂ ਇਕ ਭਾਈਚਾਰੇ (ਕਮਿਊਨਿਟੀ) ਦੇ ਤੌਰ 'ਤੇ ਇਹਨਾਂ ਮਸਲਿਆਂ ਵੱਲ ਸਮੇਂ ਸਿਰ ਧਿਆਨ ਨਾ ਦਿੱਤਾ ਤਾਂ ਅਸੀਂ ਇਸ ਸਮਾਜ ਵਿਚ ਇਕ ਬਹੁਤ ਹੀ ਹੇਠਲੇ ਦਰਜੇ ਦੇ ਨਾਗਰਿਕ ਹੋ ਕੇ ਰਹਿ ਜਾਵਾਂਗੇ ਜੋ ਕਿ ਇਥੋਂ ਦੀ ਅਮੀਰ ਹਾਕਮ ਜਮਾਤ ਦੀ ਦਿਲੀ ਖਾਹਿਸ਼ ਵੀ ਸੀ। ਸੋ ਅਸੀਂ ਚਾਹੁੰਦੇ ਸਾਂ ਕਿ ਲੋਕਾਂ ਦਾ ਧਿਆਨ ਇਹਨਾਂ ਮਸਲਿਆਂ ਵੱਲ ਵੀ ਦੁਆਇਆ ਜਾਵੇ।
ਅਸੀਂ ਆਪਣੀਆਂ ਬੜੀਆਂ ਗੈਰ-ਰਸਮੀ (ਇਨਫਾਰਮਲ) ਕਿਸਮ ਦੀਆਂ ਮਿਲਣੀਆਂ ਨੂੰ ਥੋੜਾ ਨਿਸ਼ਚਿਤ (ਫਾਰਮਲ) ਰੂਪ ਦੇਣ ਦੀ ਸੋਚੀ। ਅਸੀਂ ਸਾਹਿਤ ਸਭਾ ਵਿਚ ਤੇ ਹੋਰ ਜਥੇਬੰਦੀਆਂ ਵਿਚ ਆਉਂਦੀਆਂ ਜਥੇਬੰਦਕ ਕਿਸਮ ਦੀਆਂ ਮੁਸ਼ਕਲਾਂ ਤੋਂ ਵੀ ਭਲੀਭਾਂਤ ਜਾਣੂ ਸਾਂ ਇਸ ਕਰਕੇ ਸਾਡੀ ਕੋਸ਼ਿਸ਼ ਸੀ ਕਿ ਆਪਣੀ ਇਸ ਨਵੀਂ ਜਥੇਬੰਦੀ ਨੂੰ ਕੋਈ ਇਸ ਕਿਸਮ ਦਾ ਰੂਪ ਦਿੱਤਾ ਜਾਵੇ ਕਿ ਇਹਨਾਂ ਮੁਸ਼ਕਲਾਂ ਨੂੰ ਘਟਾਇਆ ਜਾ ਸਕੇ। ਇਥੋਂ ਦੀਆਂ ਨਸਲਵਾਦ ਤੇ ਹੋਰ ਮਸਲਿਆਂ 'ਤੇ ਸਰਗਰਮੀ ਨਾਲ ਕੰਮ ਕਰਦੀਆਂ ਸੱਜਰੀ ਸੋਚ ਵਾਲੀਆਂ ਜਥੇਬੰਦੀਆਂ ਨਾਲ ਸਾਡੀ ਨੇੜਤਾ ਸੀ ਅਤੇ ਉਹਨਾਂ ਵਿਚ ਜਮਹੂਰੀਅਤ ਵਾਲਾ ਢਾਂਚਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਵੀ ਅਸੀਂ ਵਾਕਿਫ ਸਾਂ। ਇਹਨਾਂ ਤਜ਼ਰਬਿਆਂ ਦੇ ਆਧਾਰ 'ਤੇ ਸਾਡੀ ਪਹਿਲੀ ਸੋਚ ਇਹ ਬਣੀ ਕਿ ਜੇ ਵਿਅਕਤੀਆਂ ਦੀ ਥਾਂ ਕੰਮ ਨੂੰ ਪਹਿਲ ਦਿੱਤੀ ਜਾਵੇ ਤਾਂ ਕੁਝ ਸੁਧਾਰ ਹੋ ਸਕਦਾ ਸੀ। ਜਥੇਬੰਦੀ ਦਾ ਕੋਈ ਰਸਮੀ ਢਾਂਚਾ ਨਾ ਹੋਵੇ ਤੇ ਪ੍ਰਧਾਨ, ਸਕੱਤਰ ਜਾਂ ਹੋਰ ਔਹਦੇਦਾਰੀ ਦੇ ਚੱਕਰ ਤੋਂ ਬਚਿਆ ਜਾਵੇ। ਇਸ ਦੀ ਕੋਈ ਫਾਰਮਲ ਮੈਂਬਰਸ਼ਿੱਪ ਵੀ ਨਾ ਹੋਵੇ ਅਤੇ ਜਿਹੜਾ ਵੀ ਆਪਣੀ ਮਰਜੀ ਨਾਲ ਇਸ ਵਿਚ ਕੰਮ ਕਰਨ ਲਈ ਤਿਆਰ ਹੋਵੇ ਉਹ ਇਸ ਦਾ ਮੈਂਬਰ ਹੋ ਸਕਦਾ ਹੈ। ਜੋ ਜਿੰਨਾ ਵੀ ਇਸ ਵਿਚ ਆਪਣੀ ਮਜ਼ਦੂਰੀ ਪਾਵੇਗਾ ਉਸਨੂੰ ਉਸਦਾ ਉਨਾ ਹੀ ਕਰੈਡਿਟ ਮਿਲੇ। ਸਾਡੀ ਸੋਚ ਇਹ ਸੀ ਕਿ ਅਸੀਂ ਕਿਸੇ ਵਿਅਕਤੀ ਜਾਂ ਜਥੇਬੰਦੀ ਲਈ ਨਹੀ ਸਗੋਂ ਆਪਣੇ ਲਈ, ਆਪਣੇ ਟੀਚੇ ਲਈ ਕੰਮ ਕਰੀਏ। ਜਿੰਨਾ ਚਿਰ ਸਾਡੇ ਮਿੱਥੇ ਟੀਚੇ ਦੀ ਸਾਂਝ ਰਹੇ ਅਸੀਂ ਮਿਲ ਕੇ ਕੰਮ ਕਰਦੇ ਰਹੀਏ। ਇਸ ਜਥੇਬੰਦੀ ਵਿਚ ਆ ਕੇ ਕੰਮ ਕਰਨ ਦਾ ਇਕੋ ਇਕ ਕਾਰਨ ਹੋਵੇਗਾ ਕਿ ਅਸੀਂ ਇਸ ਵਿਚ ਰਲ ਕੇ ਕੰਮ ਕਰਨਾ ਚਾਹੁੰਦੇ ਹਾਂ। ਤੇ ਜਦੋਂ ਵੀ ਕੋਈ ਚਾਹੇ ਉਹ ਇਸ ਵਿਚੋਂ ਉਠ ਕੇ ਜਾ ਸਕਦਾ ਹੈ। ਸਾਡੇ ਮਨਾਂ ਵਿਚ ਕੰਮ ਕਰਦੀ ਇਸ ਸੋਚ ਕਰਕੇ ਸੁਭਾਵਕ ਹੀ ਪਿੰਡਾਂ ਦੀ ਸੱਥ ਦਾ ਖਿਆਲ ਆਇਆ ਜਿਥੇ ਕੋਈ ਢਾਂਚਾ ਨਹੀਂ ਹੁੰਦਾ ਤੇ ਤਕਰੀਬਨ ਹਰ ਕੋਈ ਆਪਣੇ ਮਨ ਦੀ ਗੱਲ ਕਰਨ ਲਈ ਆਜ਼ਾਦ ਹੁੰਦਾ ਹੈ। ਅਸੀਂ ਸਰਬਸਮਤੀ ਨਾਲ ਇਸ ਦਾ ਨਾਂ ਸੱਥ ਰੱਖ ਲਿਆ ਤੇ ਆਪਣੀ ਸਥਾਨਕ ਪਹਿਚਾਣ ਦੇ ਚਿੰਨ ਵਜੋਂ ਨਾਲ ਵੈਨਕੂਵਰ ਲਾ ਲਿਆ। ਇਸ ਨਾਂ ਨਾਲ ਅਸੀਂ ਇਕੋ ਵੇਲੇ ਆਪਣੇ ਪਿਛੋਕੜ ਨਾਲ ਜੁੜੇ ਹੋਏ, ਜਮਹੂਰੀ ਅਤੇ ਮੌਜੂਦਾ ਸਮੇਂ ਤੇ ਸਥਾਨ ਨਾਲ ਬੱਝਿਆ ਮਹਿਸੂਸ ਕੀਤਾ।

ਲੇਖਾਂ ਦਾ ਸਿਲਸਲਾ:
ਜਥੇਬੰਦ ਹੋ ਕੇ ਪਹਿਲਾ ਕੰਮ ਸਾਂਝੇ ਤੌਰ 'ਤੇ ਲੇਖ ਲਿਖਣਾ ਮਿਥਿਆ। ਵੈਨਕੂਵਰ ਸੱਥ ਦੇ ਕਾਮਿਆਂ ਵਲੋਂ, ਜਿਹਨਾਂ ਵਿਚ ਉਸ ਸਮੇਂ ਸਰਗਰਮ ਸਨ: ਸਾਧੂ ਬਿਨਿੰਗ, ਸੁਖਵੰਤ ਹੁੰਦਲ, ਅਮਰਜੀਤ ਚਾਹਲ, ਸਰਵਣ ਬੋਲ ਅਤੇ ਭੁਪਿੰਦਰ ਢਿੱਲੋਂ, ਸਾਂਝੇ ਤੌਰ 'ਤੇ ਲਿਖਿਆ ਪਹਿਲਾ ਲੇਖ ਪੰਜਾਬੀਆਂ ਦਾ ਮਨੋਰੰਜਨ ਤੇ ਵੀਡੀਓ ਵਤਨੋਂ ਦੂਰ ਦੇ ਮਈ/ਜੂਨ, 1983 ਵਿਚ ਛਪਿਆ। ਦੂਜਾ ਲੇਖ ਪੰਜਾਬੀ ਆਵਾਸੀ ਅਤੇ ਉਹਨਾਂ ਨੂੰ ਮਿਲਦੇ ਕੰਮ, ਅੰਤਰ-ਰਾਸ਼ਟਰੀ ਆਵਾਸ ਦੇ ਸੰਦਰਭ ਵਿਚ ਪੰਜਾਬੀਆਂ ਦੇ ਕਨੇਡਾ ਆਉਣ ਅਤੇ ਉਹਨਾਂ ਨੂੰ ਖਾਸ ਖਾਸ ਕਿੱਤਿਆਂ ਵਿਚ ਮਿਲਦੇ ਕੰਮਾਂ ਪਿਛੇ ਛੁਪੀਆਂ ਸਰਮਾਏਦਾਰੀ ਦੀਆਂ ਲੋੜਾਂ ਅਤੇ ਤਾਕਤਾਂ ਬਾਰੇ ਇਕ ਖੋਜ ਭਰਪੂਰ ਲੇਖ ਸੀ। ਇਹ ਲੇਖ ਪਹਿਲਾਂ ਅੰਮ੍ਰਿਤਸਰ ਤੋਂ ਨਿਕਲਦੇ ਪਰਚੇ ਸਮਤਾ ਵਿਚ ਅਤੇ ਪਿਛੋਂ ਵਤਨੋਂ ਦੂਰ ਦੇ ਸਤੰਬਰ/ਦਸੰਬਰ 1983 ਦੇ ਅੰਕ ਵਿਚ ਅਤੇ ਕਨੇਡਾ ਦਰਪਣ ਵਿਚ ਵੀ ਛਪਿਆ। ਸਤੰਬਰ 1983 ਵਿਚ ਇਕ ਲੇਖ ਕਨੇਡਾ ਦਰਪਣ ਵਿਚ ਛਪਿਆ ਜੋ ਬੀ. ਸੀ.। ਦੀ ਸੋਸ਼ਲ ਕਰੈਡਿਟ ਸਰਕਾਰ ਦੇ ਜੁਲਾਈ 1983 ਵਿਚ ਪੇਸ਼ ਕੀਤੇ ਮਜ਼ਦੂਰ ਵਰਗ ਵਿਰੋਧੀ ਬਜਟ ਬਾਰੇ ਸੀ। ਇਹ ਉਹ ਬਜਟ ਸੀ ਜਿਸ ਵਿਰੁੱਧ ਉਸ ਵਰ੍ਹੇ ਬੀ. ਸੀ. ਵਿਚ "ਸੋਲੇਡੈਰਿਟੀ" ਨਾਂ ਦੀ ਲਹਿਰ ਨੇ ਜਨਮ ਲਿਆ ਅਤੇ ਜਿਸ ਵਿਚ ਸਮੁੱਚੀ ਮਜ਼ਦੂਰ ਜਮਾਤ ਇਕ ਮੁੱਠ ਹੋ ਗਈ ਸੀ। ਇਸ ਤਰ੍ਹਾਂ ਸੱਥ ਵਲੋਂ ਲੇਖਾਂ ਅਤੇ ਫੇਰ ਨਾਲ ਹੀ ਮਜ਼ਦੂਰਾਂ ਵਲੋਂ ਹੜਤਾਲਾਂ ਤੇ ਨਸਲ ਵਿਰੋਧੀ ਜਦੋਜਹਿਦਾਂ ਆਦਿ ਬਾਰੇ ਰੀਪੋਰਟਾਂ ਤੇ ਇੰਟਰਵਿਊਆਂ ਆਦਿ ਦਾ ਸਿਲਸਲਾ ਵੀ ਲਗਾਤਾਰ ਚਲਾਇਆ ਗਿਆ।

ਇਹਨਾਂ ਲੇਖਾਂ ਅਤੇ ਹੋਰ ਸਰਗਰਮੀਆਂ ਲਈ ਮਿਲਦੇ ਅਸੀਂ ਇਸ ਸੱਭ ਕੁਝ ਦੀ ਸਾਰਥਿਕਤਾ ਬਾਰੇ ਵੀ ਅਕਸਰ ਹੀ ਵਿਚਾਰ ਵਟਾਂਦਰਾ ਕਰਦੇ ਰਹਿੰਦੇ। ਪੰਜਾਬੀ ਵਿਚ ਸੰਜੀਦਾ ਲੇਖ ਲਿਖਣ ਦੀ ਸਾਰਥਿਕਤਾ ਬਾਰੇ ਵੀ ਸਾਨੂੰ ਹਰ ਵਕਤ ਅਹਿਸਾਸ ਰਹਿੰਦਾ ਸੀ ਕਿ ਲੋਕਾਂ ਤੱਕ ਪਹੁੰਚਣ ਲਈ ਇਸ ਦੀਆਂ ਆਪਣੀਆਂ ਸੀਮਾਵਾਂ ਸਨ। ਇਹ ਅਹਿਸਾਸ ਸੱਥ ਨੂੰ ਰੰਗ ਮੰਚ ਵੱਲ ਲੈ ਕੇ ਜਾਣ ਦਾ ਕਾਰਨ ਬਣਿਆ।

ਰੰਗਮੰਚ ਬਾਰੇ ਸਪੱਸ਼ਟ ਸੇਧ ਵੱਲ:
ਵੈਨਕੂਵਰ ਵਿਚ ਰੰਗ ਮੰਚ ਦੀ ਸਰਗਰਮੀ 1972 ਤੋਂ ਸ਼ੁਰੂ ਹੋ ਚੁੱਕੀ ਸੀ ਜੋ ਵੱਖਰੇ ਵੱਖਰੇ ਲੋਕਾਂ ਅਤੇ ਜਥੇਬੰਦੀਆਂ ਵਲੋਂ ਹਰ ਕਿਸਮ ਦੀਆਂ ਮੁਸ਼ਕਲਾਂ ਦੇ ਬਾਵਜੂਦ ਹਿੰਮਤ ਅਤੇ ਹੌਸਲੇ ਨਾਲ ਚਲਦੀ ਰੱਖੀ ਜਾ ਰਹੀ ਸੀ। ਪਰ ਇਹ ਕਾਰਜ ਬੜਾ ਰੁਕ ਰੁਕ ਕੇ ਚੱਲ ਰਿਹਾ ਸੀ। ਰੰਗ ਮੰਚ ਕਰਨ ਦੇ ਇਰਾਦੇ ਨਾਲ ਲੋਕ ਸਰਗਰਮ ਹੁੰਦੇ ਫੇਰ ਇਕ ਅੱਧ ਨਾਟਕ ਕਰ ਕੇ ਥੱਕ ਜਾਂਦੇ ਤੇ ਬਹੁਤੀ ਵਾਰੀ ਜਥੇਬੰਦੀ ਵਿਚ ਤ੍ਰੇੜਾਂ ਪੈ ਜਾਂਦੀਆਂ ਤੇ ਮੁੜ ਜਥੇਬੰਦ ਹੋਣ ਨੂੰ ਕਾਫੀ ਸਮਾਂ ਲੱਗ ਜਾਂਦਾ। ਇਹਨਾਂ ਸਰਗਰਮੀਆਂ ਨਾਲ ਸਿੱਧੇ ਅਸਿੱਧੇ ਤੌਰ 'ਤੇ ਜੁੜ ਕੇ ਜਾਂ ਜੁੜੇ ਲੋਕਾਂ ਨਾਲ ਨੇੜਤਾ ਹੋਣ ਕਰਕੇ ਇਹਨਾਂ ਮੁਸ਼ਕਲਾਂ ਦਾ ਸੱਥ ਵਿਚ ਜੁੜਿਆਂ ਨੂੰ ਵੀ ਪੂਰਾ ਅਹਿਸਾਸ ਸੀ। ਵਤਨੋਂ ਦੂਰ 'ਤੇ ਕੰਮ ਕਰਦਿਆਂ ਅਸੀਂ ਪਛਲੇ ਕਈ ਸਾਲਾਂ ਤੋਂ ਇਹਨਾਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਆ ਰਹੇ ਸਾਂ। ਵੈਨਕੂਵਰ ਪੰਜਾਬੀ ਸਾਹਿਤ ਸਭਾ ਵਲੋਂ 1977 ਵਿਚ "ਦੂਜਾ ਪਾਸਾ" ਨਾਟਕ ਕਰਨ ਤੋਂ ਬਾਅਦ ਨਾਟਕ ਦੇ ਕਾਰਜ ਨੂੰ ਚਲਦਾ ਰੱਖਣ ਲਈ ਕੀਤੀਆਂ ਕੋਸ਼ਿਸ਼ਾਂ ਵੀ ਨਾਕਾਮਯਾਬ ਰਹੀਆਂ। ਇਹਨਾਂ ਕੋਸ਼ਿਸ਼ਾਂ ਵਿਚ ਵਤਨੋਂ ਦੂਰ ਦੇ ਸਾਥੀ ਵੀ ਸ਼ਾਮਲ ਸਨ। ਇਸ 'ਤੇ ਹੋਰ ਵੀ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਕਿ ਇਸ ਨਾਕਾਮਯਾਬੀ ਦਾ ਕਾਰਨ ਕੀ ਹੈ?
ਇਸ ਵਿਚਾਰ ਵਿਟਾਂਦਰੇ ਵਿਚੋਂ ਕਿੰਨੇ ਹੀ ਸਵਾਲ ਪੈਦਾ ਹੋਏ ਜਿਨ੍ਹਾਂ ਵੱਲ ਧਿਆਨ ਦਿੱਤੇ ਬਿਨ੍ਹਾਂ ਕੋਈ ਰੰਗ ਮੰਚ ਦੀ ਸਥਾਈ ਸਰਗਰਮੀ ਚਲਦੀ ਰੱਖਣੀ ਸੰਭਵ ਨਹੀਂ ਸੀ ਜਾਪਦੀ। ਇਸ ਤਰ੍ਹਾਂ ਜਾਪਦਾ ਸੀ ਕਿ ਰੰਗ ਮੰਚ ਦੀ ਸਰਗਰਮੀ ਨੂੰ ਨਿਰੰਤਰ ਚਲਦਾ ਰੱਖਣ ਲਈ ਜਥੇਬੰਦੀ ਕੋਲ ਕੁਝ ਸਪੱਸ਼ਟ ਆਸ਼ੇ ਤੇ ਨਾਲ ਹੀ ਉਹਨਾਂ ਆਸ਼ਿਆਂ ਤੱਕ ਪਹੁੰਚਣ ਲਈ ਯੋਗ ਜਥੇਬੰਦੀ ਅਤੇ ਰੰਗ ਮੰਚ ਦੇ ਹਰ ਕਰਮ ਵਿਚ ਆਪਣੀ ਯੋਗਤਾ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ ਹੈ। ਸਿਰਫ ਨਾਟਕ ਕਰਨ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਮਨਪਰਚਾਵੇ ਲਈ ਨਾਟਕ ਕਰਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਨਜ਼ਰ ਆਉਂਦੀਆਂ ਸਨ। ਇਸੇ ਕਰਕੇ ਇਸ ਪਾਸੇ ਸਰਗਰਮ ਲੋਕਾਂ ਦੀਆਂ ਸੁਹਿਰਦ ਕੋਸ਼ਿਸ਼ਾਂ ਵੀ ਨਿਰਾਸ਼ਤਾ ਵਿਚ ਹੀ ਖਤਮ ਹੋ ਰਹੀਆਂ ਸਨ। ਕੁਝ ਇਸ ਤਰ੍ਹਾਂ ਦੇ ਸਵਾਲਾਂ 'ਤੇ ਲੰਮਾ ਸਮਾਂ ਵਿਚਾਰ ਵਟਾਂਦਰਾ ਕੀਤਾ ਗਿਆ: ਰੰਗ ਮੰਚ ਕਿਉਂ? ਰੰਗ ਮੰਚ ਕਿਹਦੇ ਲਈ? ਰੰਗ ਮੰਚ ਲਈ ਪ੍ਰਾਪਤ ਸ਼ਕਤੀ, ਯੋਗਤਾ, ਸਮਾਂ, ਸਥਾਨ ਆਦਿ ਦੀਆਂ ਕੀ ਸੀਮਾਵਾਂ ਹਨ? ਰੰਗ ਮੰਚ ਕਿਸ ਵਿਰਸੇ ਨਾਲ ਜੋੜਕੇ ਕੀਤਾ ਜਾਵੇ? ਆਦਿ।
ਇਹਨਾਂ ਸਵਾਲਾਂ ਦੇ ਜਵਾਬ ਢੂੰਡਣ ਦੀ ਪ੍ਰਕਿਰਿਆ ਵਿਚੋਂ ਸਾਡੀ ਰੰਗ ਮੰਚ ਪ੍ਰਤੀ ਸੇਧ ਉਤਪਨ ਹੋਈ। ਇਹ ਜ਼ਾਹਰ ਹੀ ਸੀ ਕਿ ਕਨੇਡਾ ਵਿਚ ਵਸ ਰਹੇ ਪੰਜਾਬੀਆਂ ਦਾ ਆਪਣਾ ਕੋਈ ਨਾਟਕ ਦਾ ਵਿਰਸਾ ਨਹੀਂ ਹੈ। ਤੇ ਇਥੋਂ ਦੇ ਰੰਗ ਮੰਚ ਨੂੰ ਉਸਾਰਨ ਲਈ ਅਸੀਂ ਨਾ ਤਾਂ ਪੰਜਾਬ ਜਾਂ ਭਾਰਤ ਦੇ ਰੰਗ ਮੰਚ ਦੇ ਵਿਰਸੇ ਨੂੰ ਲੈ ਕੇ ਤੇ ਨਾ ਹੀ ਕਨੇਡਾ ਦੇ ਅੰਗਰੇਜ਼ੀ ਰੰਗ ਮੰਚ ਦੇ ਵਿਰਸੇ ਨੂੰ ਲੈ ਕੇ ਕਨੇਡੀਅਨ ਪੰਜਾਬੀ ਰੰਗ ਮੰਚ ਦੀ ਉਸਾਰੀ ਕਰ ਸਕਦੇ ਹਾਂ। ਸਾਨੂੰ ਇਹਨਾਂ ਦੋਹਾਂ ਹੀ ਵਿਰਸਿਆਂ ਤੋਂ ਸੇਧ, ਮੱਦਦ, ਉਤਸਾਹ ਲੈ ਕੇ ਹੀ ਰੰਗ ਮੰਚ ਦੀ ਸਥਾਪਨਾ ਕਰਨੀ ਹੋਵੇਗੀ ਤਾਂ ਹੀ ਸਾਡੇ ਰੰਗ ਮੰਚ ਦਾ ਕੋਈ ਵਿਲੱਖਣ ਚਿਹਰਾ ਮੁਹਰਾ ਉਭਰ ਸਕੇਗਾ।
ਸੱਭ ਤੋਂ ਪਹਿਲਾ ਸਵਾਲ ਤਾਂ ਇਹੀ ਸੀ ਕਿ ਏਨਾ ਤਰੱਦਦ ਕਰਕੇ ਰੰਗ ਮੰਚ ਕੀਤਾ ਹੀ ਕਿਉਂ ਜਾਵੇ? ਕਿਉਂ ਨਾ ਉਸ ਸਮੇਂ ਦੀ ਉਡੀਕ ਕੀਤੀ ਜਾਵੇ ਜਦੋਂ ਪੰਜਾਬੀ ਸਮਾਜ ਵਿਚ ਵੀ ਸਰਮਾਏ ਦਾ ਇਸ ਕਦਰ ਫੈਲਾਅ ਹੋ ਜਾਏ ਕਿ ਪਰੋਫੈਸ਼ਨਲ ਕੰਪਨੀਆਂ ਹੋਂਦ ਵਿਚ ਆ ਜਾਣ ਤੇ ਉਹ ਆਪਣੀ ਰੋਜ਼ੀ ਰੋਟੀ ਲਈ ਨਾਟਕ ਪੇਸ਼ ਕਰਨ? ਸਾਡੇ ਲਈ ਇਸ ਗੱਲ ਦਾ ਫੈਸਲਾ ਕਰਨਾ ਏਨਾ ਮੁਸ਼ਕਲ ਨਹੀਂ ਸੀ। ਰੋਟੀ ਦੇ ਮਸਲੇ ਨੂੰ ਹੱਲ ਕਰਨ ਲਈ ਬਣੀਆਂ ਨਾਟਕ ਕੰਪਨੀਆਂ ਕਿਹੋ ਜਿਹਾ ਰੰਗ ਮੰਚ ਕਰਨਗੀਆਂ ਇਸ ਦਾ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀਂ ਸੀ। ਅਸੀਂ ਸਾਹਿਤ ਦੀ ਉਸ ਧਿਰ ਨਾਲ ਜੁੜੇ ਹੋਏ ਸੀ ਜੋ ਇਹ ਸਮਝਦੀ ਹੈ ਕਿ ਸਾਹਿਤ ਜੀਵਨ ਲਈ ਹੈ ਤੇ ਸਾਡਾ ਵਿਚਾਰ ਸੀ ਕਿ ਜਿਸ ਤਰ੍ਹਾਂ ਸਾਡੀਆਂ ਦੂਜੀਆਂ ਕੋਸ਼ਿਸ਼ਾਂ ਜੀਵਨ ਨੂੰ ਵਧੀਆ ਬਣਾਉਣ ਵਿਚ ਲੱਗਦੀਆਂ ਹਨ ਉਸੇ ਤਰ੍ਹਾਂ ਸਾਡੀਆਂ ਸਾਹਿਤਕ ਤੇ ਸਭਿਆਚਾਰਕ ਕੋਸ਼ਿਸ਼ਾਂ ਵੀ ਇਸੇ ਪਾਸੇ ਲੱਗਣੀਆਂ ਚਾਹੀਦੀਆਂ ਹਨ। ਜੇ ਸਾਡੇ ਜੀਵਨ ਦੀਆਂ ਬਾਕੀ ਸਰਗਰਮੀਆਂ ਆਪਣੇ ਆਸ ਪਾਸ ਦੇ ਜੀਵਨ ਨੂੰ ਸੋਹਣਾ ਬਣਾਉਣ ਵੱਲ ਸੇਧਤ ਹੋਣ ਤਾਂ ਰੰਗ ਮੰਚ ਦੀ ਸਰਗਰਮੀ ਵੀ ਇਸ ਤੋਂ ਵੱਖਰੀ ਨਹੀਂ ਸੀ ਹੋ ਸਕਦੀ। ਇਥੇ ਸਾਨੂੰ ਉਸ ਅਲੋਚਨਾ ਦਾ ਵੀ ਅਹਿਸਾਸ ਸੀ ਜੋ ਕਲਾ ਦੇ ਨਾਂ 'ਤੇ ਸਾਡੇ 'ਤੇ ਇਲਜ਼ਾਮ ਲਾਉਂਦੇ ਸਨ/ਹਨ ਕਿ ਅਸੀਂ ਅਜਿਹਾ ਕਹਿ ਕੇ ਜਾਂ ਕਰ ਕੇ ਸਾਹਿਤ ਤੇ ਕਲਾ ਦੀ ਤੌਹੀਨ ਕਰਦੇ ਹਾਂ। ਪਰ ਸਾਨੂੰ ਉਹਨਾਂ ਦੀਆਂ ਇਹਨਾਂ ਧਾਰਨਾਵਾਂ ਵਿਚ ਕਦੀ ਵੀ ਏਨਾ ਵਜ਼ਨ ਨਹੀਂ ਦਿਸਿਆ ਕਿ ਅਸੀਂ ਆਪਣੀ ਪਹੁੰਚ ਬਦਲ ਦਈਏ। ਸਾਡੇ ਵਿਚਾਰ ਵਿਚ ਸਾਹਿਤ, ਕਲਾ ਜੀਵਨ ਨਾਲੋਂ ਛੋਟੇ ਹਨ। ਇਹ ਜੀਵਨ ਵਿਚਲੇ ਸੁਹਜ ਤੇ ਕੁਹਜ ਨੂੰ ਕਲਾਤਮਕ ਤਰੀਕੇ ਨਾਲ ਪ੍ਰਗਟਾਉਂਦੇ ਹਨ ਤਾਂ ਕਿ ਮਨੁੱਖ ਸੁਹਜ ਦਾ ਸ਼ੌਕੀਨ ਬਣੇ ਤੇ ਕੁਹਜ ਨੂੰ ਜ਼ਿੰਦਗੀ ਵਿਚੋਂ ਜਿੰਨਾ ਵੀ ਹੋ ਸਕੇ ਘਟਾਉਣ ਦੀ ਕੋਸ਼ਿਸ਼ ਕਰੇ। ਜਦੋਂ ਵੀ ਸਾਹਿਤ ਤੇ ਕਲਾ ਬਾਰੇ ਇਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਕੁਝ ਲੋਕ ਇਸ ਦਾ ਮਤਲਬ ਇਹ ਕੱਢ ਲੈਣਦੇ ਹਨ ਕਿ ਸਾਹਤਿਕ ਕਿਰਤਾਂ ਵਿਚ ਕਲਾ ਦੀ ਮਹੱਤਤਾ ਨੂੰ ਘਟਾਇਆ ਜਾ ਰਿਹਾ ਹੈ। ਕੋਈ ਕਿਰਤ ਕਿੰਨੀ ਕਲਾਤਮਕ ਹੈ ਅਤੇ ਉਹ ਲੋਕਾਂ 'ਤੇ ਕਿਹੋ ਜਿਹਾ ਅਸਰ ਪਾਉਂਦੀ ਹੈ ਉਹ ਕਰਨ ਵਾਲੇ ਜਾਂ ਵਾਲਿਆਂ ਦੀ ਸੂਝ, ਸਮਰੱਥਾ ਅਤੇ ਮਿਹਨਤ ਆਦਿ 'ਤੇ ਨਿਰਭਰ ਕਰਦਾ ਹੈ। ਸਾਡੇ ਖਿਆਲ ਵਿਚ ਇਹ ਕਹਿਣ ਨਾਲ ਸਾਹਿਤ ਤੇ ਕਲਾ ਦਾ ਦਰਜਾ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦਾ ਸਗੋਂ ਵੱਧਦਾ ਹੈ ਕਿਉਂਕਿ ਇਸ ਮਨੋਰਥ ਨਾਲ ਇਸ ਕਾਰਜ ਦੀ ਮਹੱਤਤਾ ਹੋਰ ਵੀ ਵੱਧਦੀ ਹੈ। ਇਹ ਕਹਿ ਕੇ ਤੇ ਕਰਕੇ ਅਸੀਂ ਜੀਵਨ ਨਾਲ ਜੁੜਦੇ ਹਾਂ ਇਸ ਤੋਂ ਟੁੱਟਦੇ ਜਾਂ ਭੱਜਦੇ ਨਹੀਂ। ਅਸੀਂ ਮਨੋਰਥ ਰਹਿਤ ਸਾਹਿਤ ਤੇ ਕਲਾ ਦੀਆਂ ਪੱਛਮ ਵਿਚ ਲੱਖਾਂ ਉਦਾਹਰਣਾਂ ਲੈ ਸਕਦੇ ਹਾਂ ਜਿਹੜੀਆਂ ਜੀਵਨ ਤੋਂ ਟੁੱਟੀਆਂ ਹੋਈਆਂ ਹਨ ਤੇ ਉਹ ਅਕਸਰ ਉਹਨਾਂ ਹੀ ਲੋਕਾਂ ਦੀਆਂ ਕਿਰਤਾਂ ਹਨ ਜੋ ਇਸ ਜੀਵਨ ਤੋਂ ਟੁੱਟੇ ਹੋਏ ਹਨ। ਜੇ ਅਸੀਂ ਵੀ ਅਸਲੀ ਜੀਵਨ ਨਾਲ ਜੁੜੇ ਨਾ ਹੋਈਏ ਜਾਂ ਜੇ ਇਸ ਸਮਾਜਕ ਢਾਂਚੇ ਵਿਚ ਰਹਿੰਦੇ ਹੋਏ ਹੌਲੀ ਹੌਲੀ ਟੁੱਟ ਜਾਈਏ ਤਾਂ ਆਪਣੇ ਆਪ ਸਾਡੀਆਂ ਕਿਰਤਾਂ ਤੇ ਸਾਹਿਤ ਪ੍ਰਤੀ ਨਜ਼ਰੀਆਂ ਵੀ ਬਦਲ ਜਾਵੇਗਾ ਪਰ ਜਿੰਨਾ ਚਿਰ ਇਹ ਹੋਣੀ ਨਹੀਂ ਵਾਪਰਦੀ ਅਸੀਂ ਫੈਸ਼ਨ ਲਈ ਹੀ ਅਜਿਹੇ ਸਾਹਿਤ ਜਾਂ ਕਲਾ ਨੂੰ ਜਨਮ ਕਿਉਂ ਦਈਏ? ਅਸੀਂ ਸਮਝਦੇ ਸੀ ਕਿ ਸਾਹਿਤ ਤੇ ਕਲਾ ਦਾ ਵਿਕਾਸ ਸਮਾਜਿਕ ਸੰਦਰਭ ਵਿਚ ਰਹਿੰਦਿਆਂ ਹੀ ਹੋਣਾ ਚਾਹੀਦਾ ਹੈ ਅਤੇ ਸਾਡੇ ਖਿਆਲ ਵਿਚ ਦੁਨੀਆਂ ਦਾ ਉਚ ਪਾਏ ਦਾ ਸਾਹਿਤ ਤੇ ਕਲਾ ਕਿਰਤਾਂ ਇਸ ਗੱਲ ਦਾ ਸਬੂਤ ਹਨ। ਸਾਡੀ ਖੁਸ਼ ਕਿਸਮਤੀ ਲਈ ਕਨੇਡਾ ਦੀ ਪੰਜਾਬੀ ਕਮਿਊਨਿਟੀ ਵਿਚੋਂ ਹੀ ਨਹੀ ਵੱਡੀ ਕਮਿਊਨਿਟੀ ਵਿਚੋਂ ਵੀ ਸਾਡੇ ਵਾਲੀ ਸੋਚ ਰੱਖਣ ਵਾਲੇ ਵੀ ਬਹੁਤ ਲੋਕ ਹਨ ਜੋ ਸਾਡੀ ਇਖਲਾਕੀ ਮੱਦਦ ਕਰਦੇ ਸਨ।

ਇਸ ਦੇ ਨਾਲ ਇਹ ਵੀ ਸਾਫ ਹੀ ਸੀ ਕਿ ਇਥੇ ਵੱਸਦੇ ਪੰਜਾਬੀ ਲੋਕਾਂ ਵਿਚ ਨਾਟਕ ਦੇਖਣ ਦੀ ਕੋਈ ਸਪੱਸ਼ਟ ਪਰੰਪਰਾ ਨਹੀਂ ਹੈ। ਇਥੇ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਆਵਾਸੀਆਂ ਦੀ ਬਹੁਤੀ ਵਸੋਂ ਪੰਜਾਬ ਦੇ ਪਿੰਡਾਂ ਵਿਚੋਂ ਆਈ ਹੈ ਅਤੇ ਉਹਨਾਂ ਨੂੰ ਪਿੰਡਾਂ ਵਿਚ, ਖਾਸ ਤੌਰ 'ਤੇ ਅੱਜ ਤੋਂ ਪੰਦਰਾਂ ਵੀਹ ਵਰ੍ਹੇ ਪਹਿਲਾਂ (ਸੱਠਵਿਆਂ ਦੌਰਾਨ), ਨਾਟਕ ਦੇਖਣ ਦੇ ਏਨੇ ਮੌਕੇ ਨਹੀਂ ਸਨ ਮਿਲਦੇ। ਇਸ ਕਰਕੇ ਸਾਡੇ ਵਿਚਾਰ ਵਿਚ ਰੰਗ ਮੰਚ ਦੀ ਉਸਾਰੀ ਵਿਚ ਪਹਿਲੀ ਗੱਲ ਇਹ ਸਮਝਣ ਤੇ ਮੰਨਣ ਵਾਲੀ ਸੀ ਕਿ ਰੰਗ ਮੰਚ ਕਰਨਾ ਕਿਸ ਦੇ ਲਈ ਹੈ? ਲੋਕਾਂ ਦੇ ਮਨੋਰੰਜਨ ਦੇ ਸੁਆਦਾਂ ਬਾਰੇ ਇਹ ਵੀ ਜ਼ਾਹਰ ਸੀ ਕਿ ਪੰਜਾਬੀ ਦਰਸ਼ਕ ਲਈ ਕਿਸੇ ਨਾਟਕ ਜਾਂ ਫਿਲਮ ਨੂੰ ਪਸੰਦ ਜਾਂ ਨਾ ਪਸੰਦ ਕਰਨ ਪਿਛੇ ਓਨਾ ਹੱਥ ਉਸ ਨਾਟਕ ਜਾਂ ਫਿਲਮ ਵਿਚ ਵਰਤੀਆਂ ਅਧੁਨਿਕ ਤਕਨੀਕਾਂ ਨਹੀਂ ਸਗੋਂ ਉਸ ਦਾ ਵਿਸ਼ਾ ਅਤੇ ਬੋਲੀ ਹੈ। ਜਿਸ ਵੀ ਕਿਰਤ ਦਾ ਲੋਕ ਆਪਣੇ ਜੀਵਨ ਨਾਲ ਸਿੱਧਾ ਅਸਿੱਧਾ ਸੰਬੰਧ ਜੋੜ ਲੈਣ ਓਨਾ ਹੀ ਉਸ ਕਿਰਤ ਨੂੰ ਮਾਣਦੇ ਹਨ। ਜਿੰਨਾ ਵਿਸ਼ਾ ਉਹਨਾਂ ਦੇ ਜੀਵਨ ਦੇ ਨੇੜੇ ਹੋਵੇਗਾ ਓਨਾ ਹੀ ਵੱਧ ਪਸੰਦ ਉਹਨਾਂ ਨੂੰ ਉਹ ਕਿਰਤ ਹੋਵੇਗੀ। ਪੰਜਾਬੀ ਦਰਸ਼ਕ ਤਕਨੀਕ ਪੱਖੋਂ ਘਟੀਆ ਤੋਂ ਘਟੀਆ ਪੰਜਾਬੀ ਫਿਲਮਾਂ ਵੀ ਓਨੇ ਹੀ ਉਤਸਾਹ ਨਾਲ ਦੇਖਦੇ ਹਨ ਜਿੰਨੀਆਂ ਧੁਰੇ ਦੀ ਅਧੁਨਿਕ ਤਕਨੀਕ ਨਾਲ ਬਣਾਈਆਂ ਹਿੰਦੀ ਜਾਂ ਅੰਗਰੇਜ਼ੀ ਫਿਲਮਾਂ। ਅਜੇ ਉਹ ਵਕਤ ਨਹੀਂ ਸੀ ਆਇਆ (ਸ਼ਾਇਦ ਅਜੇ ਵੀ ਨਹੀਂ ਆਇਆ) ਜਦੋਂ ਪੰਜਾਬੀ ਦਰਸ਼ਕ ਕਿਸੇ ਪੰਜਾਬੀ ਦੇ ਨਾਟਕ ਜਾਂ ਫਿਲਮ ਨੂੰ ਉਹਦੀ ਤਕਨੀਕ ਕਰਕੇ ਪਸੰਦ ਕਰਦੇ ਜਾਂ ਨਾ ਪਸੰਦ ਕਰਦੇ। ਇਹ ਕਹਿਣਾ ਪੰਜਾਬੀ ਲੋਕਾਂ ਦੇ ਸੁਹਜ ਸੁਆਦ ਦੀ ਤੌਹੀਨ ਕਰਨਾ ਨਹੀਂ ਹੈ ਸਗੋਂ ਇਸ ਦੇ ਵਿਕਾਸ ਦੇ ਇਕ ਦੌਰ ਨੂੰ ਅਸਲੀਅਤ ਦੇ ਤੌਰ 'ਤੇ ਪੇਸ਼ ਕਰਨਾ ਹੈ। ਸਾਡੀ ਸੋਚ ਸੀ ਕਿ ਜਿਥੇ ਕਨੇਡਾ ਵਿਚ ਪੰਜਾਬੀ ਰੰਗ ਮੰਚ ਨੂੰ ਨਿਰੋਲ ਨੀਹਾਂ 'ਤੇ ਉਸਾਰਨ ਦਾ ਕੰਮ ਹੈ ਉਥੇ ਨਾਲ ਹੀ ਰੰਗ ਮੰਚ ਲਈ ਸੰਜੀਦਾ ਦਰਸ਼ਕ ਵੀ ਪੈਦਾ ਕਰਨ ਦੀ ਲੋੜ ਸੀ। ਇਹ ਦੋਵੇ ਕੰਮ ਬਿਲਕੁਲ ਮੁਢੋ ਸ਼ੁਰੂ ਕਰਨ ਨਾਲ ਹੀ ਗੱਲ ਬਣ ਸਕਦੀ ਸੀ।
ਇਸ ਸਿੱਟੇ 'ਤੇ ਪਹੁੰਚਿਆ ਗਿਆ ਕਿ ਅਜੇ ਇਹ ਜ਼ਰੂਰੀ ਨਹੀਂ ਹੈ ਕਿ ਵਿਤੋਂ ਵੱਧ ਜੋਰ ਲਾ ਕੇ ਨਾਟਕ ਪੇਸ਼ ਕਰਨ ਲਈ ਹਰ ਉਹ ਤਕਨੀਕ ਵਰਤੀ ਜਾਵੇ ਜਿਸ ਦੀ ਕਾਢ ਕੱਢੀ ਜਾ ਚੁੱਕੀ ਹੈ। ਜੇ ਕਿਸੇ ਵੀ ਨਵੀਂ ਤਕਨੀਕ ਨੂੰ ਸੁਖਾਲਿਆਂ ਵਰਤਿਆ ਜਾ ਸਕਦਾ ਹੋਵੇ ਤਾਂ ਕੋਈ ਰੋਕ ਨਹੀਂ। ਸਾਨੂੰ ਇਸ ਸਿੱਟੇ 'ਤੇ ਪਹੁੰਚਣ ਲਈ ਵੈਨਕੂਵਰ ਵਿਚ ਸਰਗਰਮ ਦਰਜਨਾਂ ਛੋਟੀਆਂ ਮੋਟੀਆਂ ਨਾਟਕ ਮੰਡਲੀਆਂ ਦੇ ਤਜ਼ਰਬੇ ਤੋਂ ਵੀ ਕਾਫੀ ਮੱਦਦ ਮਿਲੀ। ਕਨੇਡਾ ਅਤੇ ਅਮਰੀਕਾ ਦੇ ਦੂਜੇ ਵੱਡੇ ਸ਼ਹਿਰਾਂ ਵਾਂਗ ਵੈਨਕੂਵਰ ਵਿਚ ਵੀ ਹਰ ਕਿਸਮ ਦਾ ਰੰਗ ਮੰਚ ਹੁੰਦਾ ਹੈ। ਇਥੇ ਇਸ ਕਿਸਮ ਦਾ ਰੰਗ ਮੰਚ ਵੀ ਹੈ ਜਿਸਦੀ ਇਕ ਪ੍ਰੋਡਕਸ਼ਨ 'ਤੇ ਲੱਖਾਂ ਡਾਲਰ ਖਰਚ ਹੁੰਦੇ ਹਨ ਤੇ ਇਸ ਕਿਸਮ ਦਾ ਵੀ ਜਿਥੇ ਸਿਰਫ ਕੁਝ ਸੌ ਡਾਲਰਾਂ ਨਾਲ ਕੰਮ ਚਲਾਇਆ ਜਾਂਦਾ ਹੈ। ਸਵਾਲ ਰੰਗ ਮੰਚ ਵਿਚ ਵਰਤੀਆਂ ਜਾਂਦੀਆਂ ਹਰ ਕਿਸਮ ਦੀਆਂ ਤਕਨੀਕਾਂ ਨੂੰ ਵਰਤਣ ਜਾਂ ਨਾ ਵਰਤਣ ਦਾ ਨਹੀਂ ਸਗੋਂ ਉਹਨਾਂ ਦੀ ਉਪਲਭਤਾ (ਅਬੇਲੇਬਿਲਟੀ) ਦਾ ਸੀ। ਦੂਜੇ ਲੋਕਾਂ ਦੇ ਤਜ਼ਰਬੇ ਤੋਂ ਅਸੀਂ ਸਿੱਟੇ 'ਤੇ ਪਹੁੰਚੇ ਕਿ ਆਪਣੀ ਚਾਦਰ ਤੋਂ ਵਾਧੂ ਪੈਰ ਪਸਾਰ ਕੇ ਨੰਗਿਆਂ ਹੋਣ ਵਿਚ ਸਿਆਣਪ ਨਹੀਂ। ਜਿੰਨਾ ਚਿਰ ਇਹ ਤਕਨੀਕਾਂ ਸਾਨੂੰ ਸੁਖਾਲਿਆ ਪ੍ਰਾਪਤ ਨਹੀਂ ਹੁੰਦੀਆਂ ਤਾਂ ਓਨਾ ਚਿਰ ਮੰਚ ਦੇ ਕਾਰਜ ਨੂੰ ਰੋਕਿਆ ਨਾ ਜਾਵੇ ਸਗੋਂ ਇਹਨਾਂ ਤੋਂ ਬਿਨ੍ਹਾਂ ਕੰਮ ਚਲਾਇਆ ਜਾਵੇ। ਜੇ ਵਧੀਆ ਅਧੁਨਿਕ ਰੌਸ਼ਨੀਆਂ ਤੇ ਮੰਚ ਦੀਆਂ ਹੋਰ ਤਕਨੀਕਾਂ ਨਾਲ ਭਰਪੂਰ ਥੀਏਟਰ ਕਿਰਾਏ 'ਤੇ ਲੈਣ ਦੀ ਯੋਗਤਾ ਨਹੀਂ ਤਾਂ ਸਕੂਲ ਦੇ ਆਡੀਟੋਰੀਅਮ ਵਿਚ ਹੀ ਕੰਮ ਚਲਾਉਣਾ ਚਾਹੀਦਾ ਹੈ। ਜੇ ਸੰਗੀਤ ਵਰਤਣ ਦੀ ਯੋਗਤਾ ਵਾਲਾ ਵਿਅਕਤੀ ਸੁਲੱਭ ਨਹੀਂ ਤਾਂ ਇਸ ਤੋਂ ਬਿਨਾਂ ਕੰਮ ਚਲਾਉਣਾ ਚਾਹੀਦਾ ਹੈ ਨਾ ਕਿ ਇਸ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਖਾਲੀ ਜੇਬ ਵਿਚੋਂ ਪੈਸੇ ਭਾਲੇ ਜਾਣ। ਸਾਡਾ ਖਿਆਲ ਸੀ ਕਿ ਪੰਜਾਬੀ ਰੰਗ ਮੰਚ ਨੂੰ ਪ੍ਰਾਪਤ ਤਕਨੀਕਾਂ ਆਦਿ ਦੇ ਫਿੱਟ ਨਾ ਕੀਤਾ ਜਾਵੇ ਸਗੋਂ ਇਹਨਾਂ ਚੀਜ਼ਾਂ ਨੂੰ ਰੰਗ ਮੰਚ ਦੇ ਫਿੱਟ ਕੀਤਾ ਜਾਵੇ। ਆਪਣੀ ਸਮਰੱਥਾ ਮੁਤਾਬਕ ਹੀ ਰੰਗ ਮੰਚ ਨੂੰ ਉਸਾਰਨ ਦਾ ਕੰਮ ਸ਼ੁਰੂ ਕੀਤਾ ਜਾਵੇ।
ਨਾਲ ਹੀ ਜਥੇਬੰਦੀ ਦੇ ਅੰਦਰੂਨੀ ਢਾਂਚੇ ਬਾਰੇ ਵੀ ਕਾਫੀ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀਆਂ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਧਿਆਨ "ਚ ਰੱਖਦਿਆਂ ਅਸੀਂ ਇਸ ਸਿੱਟੇ 'ਤੇ ਪਹੁੰਚੇ ਕਿ ਰੰਗ ਕਰਮੀਆਂ ਵਿਚ ਬਰਾਬਰਤਾ ਹੋਵੇ। ਕੋਈ "ਸਟਾਰ" ਜਾਂ "ਡਾਇਰੈਕਟਰ" ਜਾਂ ਕਿਸੇ ਹੋਰ ਕਿਸਮ ਦੀ ਚੌਧਰ ਨਾ ਹੋਵੇ। ਰੰਗ ਮੰਚ ਵਿਚ ਸ਼ਾਮਲ ਹਰ ਕੋਈ ਇਕੋ ਜਿਹੀ ਅਹਿਮੀਅਤ ਰੱਖਦਾ ਹੋਵੇ। ਜਥੇਬੰਦੀ ਦੇ ਹਰ ਫੈਸਲੇ ਵਿਚ ਹਰ ਮੈਂਬਰ ਦੀ ਰਾਇ ਲਈ ਜਾਵੇ। ਹਰ ਕੰਮ ਨੂੰ ਜਿਥੋਂ ਤੱਕ ਵੀ ਸੰਭਵ ਹੋ ਸਕੇ ਮਿਲ ਕੇ ਕੀਤਾ ਜਾਵੇ। ਰਸਮੀ ਜਥੇਬੰਦੀਆਂ ਵਾਂਗ ਕੁਝ ਲੋਕਾਂ ਦਾ ਕੰਮ ਕੁਰਸੀਆਂ 'ਤੇ ਬੈਠਣਾ ਤੇ ਦੂਜਿਆਂ ਦਾ ਕੰਮ ਉਹਨਾਂ ਕੁਰਸੀਆਂ ਨੂੰ ਚੁੱਕਣਾ ਨਾ ਹੋਵੇ। ਕੁਰਸੀ 'ਤੇ ਬੈਠਣ ਵਾਲਾ ਖੁੱਦ ਆਪਣੀ ਕੁਰਸੀ ਚੁੱਕੇ। ਕੋਈ ਵੀ ਮੰਚਕਰਮੀ ਇਹ ਨਾ ਮਹਿਸੂਸ ਕਰੇ ਕਿ ਉਹ ਕਿਸੇ ਹੋਰ ਲਈ ਕੰਮ ਕਰ ਰਿਹਾ ਹੈ ਸਗੋਂ ਉਹ ਇਹ ਮਹਿਸੂਸ ਕਰੇ ਕਿ ਖੁੱਦ ਲਈ ਆਪਣੇ ਅੰਦਰ ਦੇ ਕਲਾਕਾਰ ਲਈ ਤੇ ਆਪਣੇ ਅਤੇ ਸੰਸਥਾ ਦੇ ਸਾਂਝੇ ਟੀਚੇ ਲਈ ਕੰਮ ਕਰ ਰਿਹਾ ਹੈ। ਜਦੋਂ ਉਹ ਅਜਿਹਾ ਮਹਿਸੂਸ ਨਾ ਕਰੇ ਤਾਂ ਇਸ ਬਾਰੇ ਸੰਸਥਾ ਵਿਚ ਸਵਾਲ ਉਠਾਵੇ ਅਤੇ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ। ਜੇ ਸੰਸਥਾ ਵਿਚ ਕੋਈ ਤਰੁਟੀਆਂ ਆਉਣ ਤਾਂ ਉਹਨਾਂ ਨੂੰ ਰੋਕਣ ਤੇ ਸੁਧਾਰਨ ਲਈ ਹਰ ਮੈਂਬਰ ਇਕੋ ਜਿਹਾ ਜ਼ਿੰਮੇਵਾਰ ਹੋਵੇ।
ਇਹਨਾਂ ਸਾਰੇ ਸਵਾਲਾਂ ਬਾਰੇ ਲਗਾਤਾਰ ਵਿਚਾਰ ਵਟਾਂਦਰਾ ਚਲਦਾ ਰਿਹਾ ਸੀ। ਸਾਡੀ ਇਹ ਖੁਸ਼ਕਿਸਮਤੀ ਸੀ ਕਿ ਜਦੋਂ ਸਾਡੀ ਸਾਂਝੀ ਸੋਚ ਇਸ ਸੇਧ ਵੱਲ ਵੱਧ ਰਹੀ ਸੀ ਤਾਂ ਪੰਜਾਬ ਦੇ ਰੰਗ ਮੰਚ ਦੀ ਰੂਹ ਗੁਰਸ਼ਰਨ ਸਿੰਘ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਕਲਾਕਾਰਾਂ ਨੂੰ ਲੈ ਕੇ ਕਨੇਡਾ ਦੀ ਇਕ ਸਰਗਰਮ ਜਥੇਬੰਦੀ ਇਪਾਨਾ ਦੇ ਸੱਦੇ ਉਤੇ ਇਥੇ ਆਏ। ਉਹਨਾਂ ਵਲੋਂ ਪੇਸ਼ ਕੀਤੇ ਨਾਟਕ ਦੇਖਣ ਦਾ ਮੌਕਾ ਮਿਲਿਆ ਤੇ ਉਹਨਾਂ ਨਾਲ ਰੰਗ ਮੰਚ ਦੇ ਵੱਖਰੇ ਵੱਖਰੇ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਵੀ। ਉਹਨਾਂ ਕੋਲੋਂ ਅੰਮ੍ਰਿਤਸਰ ਨਾਟਕ ਕੇਂਦਰ ਦੇ ਤਜ਼ਰਬੇ ਬਾਰੇ ਵਿਸਥਾਰ ਵਿਚ ਜਾਣਿਆਂ। ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਕਨੇਡਾ ਵਿਚ ਰੰਗ ਮੰਚ ਉਸਾਰਨ ਲਈ ਅਸੀਂ ਵੀ ਕਾਫੀ ਹੱਦ ਤੱਕ ਉਸ ਤਰ੍ਹਾਂ ਦੇ ਵਿਚਾਰ ਰੱਖਦੇ ਸਾਂ ਜਿਸ ਤਰ੍ਹਾਂ ਦੇ ਗੁਰਸ਼ਰਨ ਸਿੰਘ ਹੋਰਾਂ ਆਪਣੇ ਨਾਟਕ ਕੇਂਦਰ ਨੂੰ ਉਸਾਰਨ ਲਈ ਵਰਤੇ ਸਨ। ਉਹਨਾਂ ਨੇ ਵੀ ਨਾਟਕ ਨੂੰ ਆਪਣੇ ਵਿਤ ਮੂਜਬ ਢਾਲਿਆ ਸੀ ਅਤੇ ਪੰਜਾਬ ਦੇ ਪਿੰਡਾਂ ਵਿਚ ਜਿਥੇ ਕੋਈ ਵੀ ਮੰਚ ਦੀਆਂ ਸੁਵਧਾਵਾਂ ਸਲੱਭ ਨਹੀਂ ਸਨ, ਨਾਟਕ ਪੇਸ਼ ਕੀਤੇ ਸਨ। ਅੰਮ੍ਰਿਤਸਰ ਸ਼ਹਿਰ ਵਿਚ ਵੀ ਉਹਨਾਂ ਨੇ ਵਰ੍ਹੇ ਦੀ ਵਰ੍ਹੇ ਲਗਾਤਾਰ ਨਾਟਕ ਪੇਸ਼ ਕਰਕੇ ਨਾਟਕ ਦੇ ਪੱਕੇ ਦਰਸ਼ਕ ਵੀ ਪੈਦਾ ਕੀਤੇ ਸਨ।
ਜ਼ਾਹਰ ਹੈ ਕਿ ਸਾਨੂੰ ਉਹਨਾਂ ਨਾਲ ਮਿਲਣ ਦੇ ਮੌਕੇ ਨੇ ਬਹੁਤ ਉਤਸ਼ਾਹ ਦਿੱਤਾ ਅਤੇ ਸਾਡੀ ਬਣ ਰਹੀ ਸੋਚ ਨੂੰ ਪੱਕਿਆਂ ਹੋਣ ਵਿਚ ਮੱਦਦ ਕੀਤੀ। ਸੱਥ ਦੇ ਰੰਗ ਮੰਚ ਕਰਨ ਦੇ ਇਰਾਦੇ ਕਰਕੇ ਸਾਡੇ ਨਾਲ ਕੁਝ ਪੰਜਾਬ ਕਲਚਰਲ ਐਸੋਸੀਏਸ਼ਨ ਦੇ ਲੋਕ ਵੀ ਸ਼ਾਮਲ ਹੋ ਗਏ ਜੋ 1971-72 ਤੋਂ ਲੋਕ ਨਾਚ ਭੰਗੜਾ ਪੇਸ਼ ਕਰਦੇ ਆ ਰਹੇ ਸਨ ਅਤੇ ਜਿਹਨਾਂ 1972 ਵਿਚ ਕਨੇਡਾ ਵਿਚ ਪਹਿਲਾ ਨਾਟਕ ਪੇਸ਼ ਕਰਕੇ ਇਥੇ ਪੰਜਾਬੀ ਨਾਟਕ ਦੀ ਨੀਂਹ ਰੱਖੀ ਸੀ। ਇਸ ਨਾਲ ਸੱਥ ਦੀ ਰੰਗ ਮੰਚ ਕਰਨ ਦੀ ਤਿਆਰੀ ਮੁਕੰਮਲ ਰੂਪ ਧਾਰਨ ਕਰ ਗਈ ਅਤੇ ਸਾਰੀ ਸੋਚ ਨੂੰ ਅਮਲੀ ਰੂਪ ਦੇਣ ਲਈ ਅਸੀਂ 1984 ਦੇ ਸ਼ੁਰੂ ਵਿਚ ਨਾਟਕਾਂ ਦਾ ਪ੍ਰੋਗਰਾਮ ਪੇਸ਼ ਕਰਨ ਦਾ ਇਰਾਦਾ ਕੀਤਾ।

ਸੱਥ ਦੇ ਰੰਗ ਮੰਚ ਦੀ ਸ਼ੁਰੂਆਤ ਤੇ ਇਸ ਦਾ ਵਿਕਾਸ:
ਸੱਭ ਤੋਂ ਪਹਿਲੀ ਮੁਸ਼ਕਲ ਸਾਨੂੰ ਇਹ ਪੇਸ਼ ਆਈ ਕਿ ਕਿਹੜੇ ਨਾਟਕਾਂ ਨੂੰ ਚੁਣਿਆ ਜਾਵੇ? ਭਾਵੇਂ ਸਾਡੀ ਪਹਿਲੀ ਚੋਣ ਕਨੇਡਾ ਦੇ ਕਿਸੇ ਮਸਲੇ ਬਾਰੇ ਹੀ ਨਾਟਕ ਕਰਨ ਦੀ ਸੀ ਪਰ ਮੁਸ਼ਕਲ ਇਹ ਸੀ ਕਿ ਸਾਡੇ ਕੋਲ ਕੋਈ ਢੁੱਕਵਾਂ ਸਕਰਿਪਟ ਨਹੀਂ ਸੀ। ਦੂਜਾ ਪੰਜਾਬ ਮਸਲਾ ਉਸ ਸਮੇਂ ਏਨਾ ਭੱਖ ਚੁੱਕਾ ਸੀ ਕਿ ਕਿਸੇ ਹੋਰ ਮਸਲੇ ਬਾਰੇ ਸੋਚਣਾ ਵੀ ਸੰਭਵ ਨਹੀਂ ਸੀ। ਇਹਨਾਂ ਗੱਲਾਂ ਨੂੰ ਧਿਆਨ "ਚ ਰੱਖਦਿਆਂ ਸੱਥ ਵਲੋਂ ਦੋ ਨਾਟਕ ਤਿਆਰ ਕੀਤੇ ਗਏ, ਇਕ ਸੱਥ ਦੇ ਆਰਟਿਸਟ ਮੈਂਬਰ ਮੱਖਣ ਟੁੱਟ ਦਾ ਲਿਖਿਆ ਹੋਇਆ ਨਾਟਕ "ਪੰਜਾਬ ਦੀ ਆਵਾਜ਼" ਅਤੇ ਦੂਜਾ ਗੁਰਸ਼ਰਨ ਸਿੰਘ ਦਾ "ਕੁਰਸੀ ਮੋਰਚਾ ਅਤੇ ਹਵਾ ਵਿਚ ਲਟਕਦੇ ਲੋਕ"। ਇਹ ਦੋਵੇ ਨਾਟਕ ਮਾਰਚ 1984 ਨੂੰ ਪੇਸ਼ ਕੀਤੇ ਗਏ। ਸੱਥ ਵਲੋਂ ਇਹ ਪਹਿਲਾ ਪਬਲਿਕ ਫੰਕਸ਼ਨ ਸੀ। ਭੰਗੜਾ ਗਰੁੱਪ ਦੇ ਮੈਂਬਰਾਂ ਨੇ ਅਗਾਂਹਵਧੂ ਗੀਤਾਂ ਨਾਲ ਸ੍ਰੋਤਿਆਂ ਨੂੰ ਉਹਨਾਂ ਦੇ ਇਤਿਹਾਸਕ ਤੇ ਸਭਿਆਚਾਰਕ ਵਿਰਸੇ ਨਾਲ ਜੋੜੀ ਰੱਖਿਆ। ਇਸ ਮੌਕੇ ਪੰਜਾਬ ਦੀ ਸਥਿਤੀ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ ਅਤੇ ਪ੍ਰੀਤ ਲੜੀ ਦੇ ਸੰਪਾਦਕ ਸੁਮੀਤ ਦੇ ਅਤਵਾਦੀਆਂ ਵਲੋਂ ਕੀਤੇ ਕਤਲ ਦੀ ਨਿਖੇਧੀ ਕਰਦਾ ਇਕ ਮਤਾ ਵੀ ਪੇਸ਼ ਕੀਤਾ ਗਿਆ। ਨਾਟਕਾਂ ਦੇ ਇਸ ਪਹਿਲੇ ਪ੍ਰੋਗਰਾਮ ਦੀ ਕਾਮਯਾਬੀ ਅਤੇ ਦਰਸ਼ਕਾਂ ਦੇ ਹੁੰਗਾਰੇ ਨੇ ਸੱਥ ਦੇ ਕਾਮਿਆਂ ਦੇ ਹੌਂਸਲੇ ਕਾਫੀ ਵਧਾਏ। ਇਹ ਦੋਵੇਂ ਨਾਟਕ ਪਿਛੋਂ ਵੈਨਕੂਵਰ ਤੋਂ ਛੇ ਸੌ ਮੀਲ ਦੂਰ ਪੈਂਦੇ ਸ਼ਹਿਰਾਂ ਕੁਨੈਲ ਅਤੇ ਵਿਲੀਅਮਜ਼ ਲੇਕ ਵਿਚ ਵੀ ਪੇਸ਼ ਕੀਤੇ ਗਏ।

ਨਾਟਕ ਪਿਕਟ ਲਾਈਨ
ਸੱਥ ਦੇ ਕਾਮੇ ਉਸ ਸਮੇਂ ਬੀ. ਸੀ. ਦੇ ਖੇਤ ਮਜ਼ਦੂਰਾਂ ਦੀ ਬੜੀ ਗਰਮਜੋਸ਼ੀ ਨਾਲ ਚੱਲ ਰਹੀ ਜਦੋ ਜਹਿਦ ਵਿਚ ਵੀ ਪੂਰੀ ਤਰ੍ਹਾਂ ਸ਼ਾਮਲ ਸਨ। 1984 ਦੀਆਂ ਗਰਮੀਆਂ ਦੇ ਸ਼ੁਰੂ ਵਿਚ ਹੀ ਖੇਤ ਮਜ਼ਦੂਰਾਂ ਵਲੋਂ ਵੈਨਕੂਵਰ ਦੇ ਨਜ਼ਦੀਕ ਹੀ ਲੈਂਗਲੀ ਦੇ ਇਕ ਮਸ਼ਰੂਮ ਫਾਰਮ ਵਿਚ ਹੜਤਾਲ ਕੀਤੀ ਗਈ। ਖੇਤ ਮਜ਼ਦੂਰ, ਜਿਹਨਾਂ ਵਿਚ ਜ਼ਿਆਦਾਤਰ ਪੰਜਾਬੀ ਔਰਤਾਂ ਹੀ ਸਨ, ਨੇ ਬੜੇ ਹੌਂਸਲੇ ਨਾਲ ਇਸ ਜਦੋ ਜਹਿਦ ਨੂੰ ਲੜਿਆ। ਕਮਿਊਨਿਟੀ ਦੇ ਕਿੰਨੇ ਹੀ ਹੋਰ ਅਗਾਂਹਵਧੂ ਲੋਕਾਂ ਵਾਂਗ ਅਸੀਂ ਵੀ ਉਹਨਾਂ ਨਾਲ ਉਹਨਾਂ ਦੀ ਪਿਕਟ ਲਾਈਨ 'ਤੇ ਮਾਰਚ ਕਰ ਰਹੇ ਹੁੰਦੇ। ਸਾਨੂੰ ਉਹਨਾਂ ਪੰਜਾਬੀ ਔਰਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਅਤੇ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੁੰਦੇ। ਉਹ ਔਰਤਾਂ ਇਕ ਜਬਰਦਸਤ ਕਿਸਮ ਦੇ ਜਾਤੀ ਇਨਕਲਾਬ ਵਿਚੋਂ ਗੁਜ਼ਰ ਰਹੀਆਂ ਸਨ। ਇਕ ਜਗੀਰੂ ਸੋਚ ਵਾਲੇ ਸਮਾਜ ਵਿੱਚੋਂ ਹੋਣ ਕਰਕੇ ਉਹਨਾਂ ਲਈ ਗਲ਼ਾਂ ਵਿਚ ਯੂਨੀਅਨ ਦੇ ਪਲੈਕਾਰਡ ਪਾ ਕੇ ਪਿਕਟ ਲਾਈਨ 'ਤੇ ਖੜਨਾ ਇਕ ਬਹੁਤ ਵੱਡਾ ਸਟੈੱਪ ਸੀ। ਸਦੀਆਂ ਤੋਂ ਸਥਾਪਤ ਹੋਏ ਇਕ ਕਿਸਮ ਦੇ ਸਮਾਜ ਵਿਚਲੀਆਂ ਕਦਰਾਂ ਕੀਮਤਾਂ ਨੂੰ ਛੱਡ ਕੇ ਇਕ ਨਵੀਂ ਕਿਸਮ ਦੀਆਂ ਕਦਰਾਂ ਕੀਮਤਾਂ ਅਪਨਾਉਣਾ ਸੀ। ਉਹਨਾਂ ਦੇ ਮਨਾਂ ਵਿਚ ਕਈ ਕਿਸਮ ਦੇ ਡਰ ਤੇ ਸ਼ੰਕੇ ਉਤਪਨ ਹੁੰਦੇ। ਮਾਲਕ ਜਿਹੜੇ ਉਹਨਾਂ ਨਾਲ ਅਜੇ ਵੀ ਜਗੀਰੂ ਸਮਾਜ ਦੀਆਂ ਕਦਰਾਂ ਕੀਮਤਾਂ ਨਾਲ ਪੇਸ਼ ਆਉਣ 'ਤੇ ਤੁਲੇ ਹੋਏ ਸਨ, ਆਪਣੇ ਹਮਾਇਤੀਆਂ, ਰਿਸ਼ਤੇਦਾਰਾਂ, ਦੋਸਤਾਂ, ਇਲਾਕੇਬਾਜੀ ਤੇ ਧਾਰਮਿਕ ਭਾਵਨਾਂਵਾਂ ਨੂੰ ਵਰਤ ਕੇ ਉਹਨਾਂ 'ਤੇ ਹਰ ਕਿਸਮ ਦਾ ਦਬਾਅ ਪਾਉਂਦੇ। ਪਰ ਉਹ ਆਪਣੇ ਹੱਕਾਂ ਲਈ ਅੜੀਆਂ ਰਹੀਆਂ ਤੇ ਇਕ ਦੂਜੀ ਨੂੰ ਹੱਲਾ ਸ਼ੇਰੀ ਦੇ ਕੇ ਆਪਣੇ ਹੌਂਸਲੇ ਬੁਲੰਦ ਰੱਖਦੀਆਂ ਰਹੀਆਂ।
ਉਹਨਾਂ ਨੂੰ ਇਸ ਪ੍ਰਕਿਰਿਆ ਚੋਂ ਲੰਘਦਿਆਂ ਦੇਖ ਤੇ ਆਪ ਵੀ ਉਸ ਜੱਦੋਜਹਿਦ ਦਾ ਹਿੱਸਾ ਹੁੰਦਿਆਂ ਅਸੀਂ ਮਿਲ ਕੇ ਨਾਟਕ "ਪਿਕਟ ਲਾਈਨ"* ਲਿਖਿਆ। ਇਹ ਨਾਟਕ ਸੱਥ ਦੇ ਉਸੇ ਸਾਲ ਨਵੰਬਰ 16 ਨੂੰ ਕੀਤੇ ਗਏ ਦੂਜੇ ਫੰਕਸ਼ਨ ਵਿਚ ਪੇਸ਼ ਕੀਤਾ ਗਿਆ। ਇਸ ਫੰਕਸ਼ਨ ਵਿਚ ਦੂਜਾ ਨਾਟਕ ਗੁਰਸ਼ਰਨ ਸਿੰਘ ਦਾ "ਹਵਾਈ ਗੋਲੇ" ਜੋ ਸੱਥ ਵਲੋਂ 84 ਦੀਆਂ ਗਰਮੀਆਂ ਵਿਚ ਇਪਾਨਾ ਦੇ ਇਕ ਪ੍ਰੋਗਰਾਮ ਵਿਚ ਐਬਟਸਫੋਰਡ ਵਿਖੇ ਪੇਸ਼ ਕੀਤਾ ਗਿਆ ਸੀ। ਸੱਥ ਦੇ ਇਸ ਫੰਕਸ਼ਨ ਵਿਚ ਉਹਨਾਂ ਹੀ ਦਿਨਾਂ ਦੌਰਾਨ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਉਪਰ ਹੋਏ ਵਹਿਸ਼ੀ ਹਮਲੇ ਬਾਰੇ ਵੀ ਚਰਚਾ ਕੀਤੀ ਗਈ ਅਤੇ ਪੰਜਾਬ ਅਤੇ ਭਾਰਤ ਭਰ ਵਿਚ ਹਰ ਕਿਸਮ ਦੀ ਹੋ ਰਹੀ ਕਤਲੋਗਾਰਤ ਵਿਰੁੱਧ ਇਕ ਮਤਾ ਪਾਸ ਕੀਤਾ ਗਿਆ।
ਪਿਕਟ ਲਾਈਨ ਦੇ ਲਿਖਣ ਤੇ ਤਿਆਰ ਕਰਨ ਦੌਰਾਨ ਸੱਥ ਵਲੋਂ ਲੰਮੇ ਸਮੇਂ ਦੌਰਾਨ ਬਣੀ ਆਪਣੀ ਸੋਚ ਨੂੰ ਅਮਲੀ ਰੂਪ ਦੇਣ ਦਾ ਪੂਰਾ ਮੌਕਾ ਮਿਲਿਆ। ਇਹ ਨਾਟਕ ਲਿਖਿਆ ਵੀ ਸਾਂਝੇ ਤੌਰ 'ਤੇ ਗਿਆ ਅਤੇ ਤਿਆਰ ਵੀ ਸਾਂਝੇ ਤੌਰ 'ਤੇ ਕੀਤਾ ਗਿਆ। ਨਾਟਕ ਪੇਸ਼ ਕਰਨ ਬਾਰੇ ਹਰ ਫੈਸਲਾ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਵਿਚਲੇ ਬਾਰਾਂ ਪਾਤਰਾਂ ਨੂੰ ਨਿਭਾਹ ਰਹੇ ਹਰ ਕਲਾਕਾਰ ਨੂੰ ਨਾ ਕਿ ਸਿਰਫ ਆਪਣਾ ਕਿਰਦਾਰ ਪੂਰੀ ਤਰ੍ਹਾਂ ਡਿਵੈਲਪ ਕਰਨ ਅਤੇ ਯੋਗ ਵੇਸ਼ ਭੂਸ਼ਾ ਬਾਰੇ ਫੈਸਲਾ ਕਰਨ ਦੀ ਖੁੱਲ ਸੀ ਸਗੋਂ ਦੂਜੇ ਪਾਤਰਾਂ ਬਾਰੇ ਵੀ ਆਪਣੀ ਰਾਇ ਦੇਣ ਦਾ ਪੂਰਾ ਅਧਿਕਾਰ ਸੀ। ਹਰ ਕਲਾਕਾਰ ਨੇ ਪਹਿਲਾਂ ਆਪਣੇ ਪਾਤਰ ਨੂੰ ਦੂਜਿਆਂ ਪਾਤਰਾਂ ਅਤੇ ਸਥਿਤੀ ਦੇ ਸੰਦਰਭ ਵਿਚ ਦੂਜੇ ਕਲਾਕਾਰਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਚੰਗੀ ਤਰ੍ਹਾਂ ਸਮਝਿਆ। ਹਰ ਕਲਾਕਾਰ ਨੇ ਆਪ ਹੀ ਆਪਣੇ ਪਾਤਰ ਨੂੰ ਉਸਾਰਨ ਦੀ ਕੋਸ਼ਿਸ਼ ਕੀਤੀ ਅਤੇ ਦੂਜਿਆਂ ਨੇ ਜਦੋਂ ਵੀ ਉਹਨਾਂ ਨੂੰ ਕਿਸੇ ਪਾਤਰ ਵਿਚ ਕੋਈ ਕਮੀ ਮਹਿਸੂਸ ਹੋਈ ਉਸ ਸੰਬੰਧੀ ਆਪਣੀ ਰਾਇ ਦਿੱਤੀ। ਇਸ ਪ੍ਰੋਡਕਸ਼ਨ ਵਿਚ ਪੰਜ ਔਰਤ ਪਾਤਰ ਸਨ ਤੇ ਇਹਨਾਂ ਵਿਚੋਂ ਤਿੰਨ ਪਹਿਲਾਂ ਕਦੀ ਵੀ ਸਟੇਜ 'ਤੇ ਨਹੀਂ ਸੀ ਗਈਆਂ ਅਤੇ ਇਕ ਕਨੇਡੀਅਨ ਜੰਮ ਪਲ਼ ਹੋਣ ਕਰਕੇ ਪੰਜਾਬੀ ਦੇ ਸਹੀ ਉਚਾਰਨ ਵਿਚ ਵੀ ਔਖ ਮਹਿਸੂਸ ਕਰਦੀ ਸੀ। ਪੇਸ਼ਕਾਰੀ ਵਿਚ ਸ਼ਾਮਲ ਗਿਆਰਾਂ ਕਲਾਕਾਰਾਂ ਤੋਂ ਬਿਨ੍ਹਾਂ ਬਾਹਰੋਂ ਇਕ ਜਣੇ ਦੀ ਜ਼ਿੰਮੇਵਾਰੀ ਇਸ ਪ੍ਰਕਿਰਿਆ ਦੌਰਾਨ ਤਾਲਮੇਲ ਰੱਖਣ ਦੀ ਸੀ। ਇਸ ਤਰ੍ਹਾਂ ਕਲਾਕਾਰਾਂ ਵਿਚ ਸਹੀ ਮਹਿਨਿਆਂ ਵਿਚ ਬਰਾਬਰਤਾ ਲਿਆਉਣ ਦੇ ਅਮਲ ਵਿਚੋਂ ਸੱਥ ਨੇ ਨਾਟਕ ਦੀ ਨਿਰਦੇਸ਼ਨਾ ਵਿਚ ਇਕ ਨਵਾਂ (ਘੱਟੋ ਘੱਟ ਸਾਡੇ ਲਈ) ਤਜ਼ਰਬਾ ਕੀਤਾ। ਬਿਜਾਏ ਰਸਮੀ ਇਕ ਨਿਰਦੇਸ਼ਕ ਦੇ ਸਾਰਿਆਂ ਦੀ ਸਾਂਝੀ ਕੋਸ਼ਿਸ਼ ਨਾਲ ਨਾਟਕ ਦੀ ਸਫਲ ਨਿਰਦੇਸ਼ਨਾ ਕੀਤੀ ਗਈ। ਕੁਝ ਸਮਕਾਲੀਆਂ ਇਸ ਨੂੰ ਨਿਰਦੇਸ਼ਨਾ-ਰਹਿਤ ਨਾਟਕ ਕਹਿਣ ਦੀ ਕੋਸ਼ਿਸ਼ ਕੀਤੀ ਜੋ ਸਾਡੇ ਖਿਆਲ ਵਿਚ ਸਹੀ ਵਿਆਖਿਆ ਨਹੀਂ ਸੀ।
ਪਾਤਰਾਂ ਦੀ ਵੇਸ਼ ਭੂਸ਼ਾ ਦੇ ਫੈਸਲੇ ਤੇ ਮੰਚ 'ਤੇ ਵਰਤੀ ਜਾਣ ਵਾਲੀ ਸਮੱਗਰੀ ਬਾਰੇ ਫੈਸਲੇ ਵੀ ਸਰਬਸਮਤੀ ਨਾਲ ਕੀਤੇ ਗਏ ਅਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਇਕੱਤਰ ਕਰਨ ਵਿਚ ਵੀ ਸਾਰਿਆਂ ਨੇ ਹਿੱਸਾ ਲਿਆ। ਇਸ ਤਰ੍ਹਾਂ ਪਿਕਟ ਲਾਈਨ ਨਾਟਕ ਲਿਖੇ ਜਾਣ ਤੋਂ ਲੈ ਕੇ ਪੇਸ਼ ਕਰਨ ਤੱਕ ਸਹੀ ਮਹਿਨਿਆਂ ਵਿਚ ਇਕ ਸਾਂਝੀ ਕੋਸ਼ਿਸ਼ ਹੋ ਨਿਬੜਿਆ। ਕਲਾਕਾਰਾਂ ਵਿਚ ਵਿਕਸਿਤ ਹੋਈ ਆਪਸੀ ਸਮਝ ਤੇ ਆਪਣੇ ਕਾਰਜ ਪ੍ਰਤੀ ਸੁਹਿਰਦਤਾ ਅਤੇ ਸੂਝ ਨੇ ਇਕ ਨਿਹਾਇਤ ਔਖੇ ਕਾਰਜ ਨੂੰ ਮੁਕਾਬਲਤਨ ਕਾਫੀ ਸਹਿਜ ਬਣਾ ਦਿੱਤਾ। ਪੇਸ਼ਕਾਰੀ ਦੇ ਇਸ ਤਜ਼ਰਬੇ ਤੋਂ ਹੋਈ ਸੰਤੁਸ਼ਟਤਾ ਅਤੇ ਦਰਸ਼ਕਾਂ ਤੋਂ ਮਿਲੀ ਹੱਲਾ ਸ਼ੇਰੀ ਅਤੇ ਦੋਸਤਾਂ ਦੀ ਸੁਹਿਰਦ ਅਲੋਚਨਾ ਵੀ ਸਾਰਿਆਂ ਨੇ ਸਾਂਝਿਆਂ ਅਪਣਾਈ ਜਿਸ ਤੋਂ ਅਗਲੇ ਨਾਟਕਾਂ ਦੀ ਤਿਆਰੀ ਸਮੇਂ ਕਾਫੀ ਮੱਦਦ ਮਿਲੀ। ਇਸ ਨਾਟਕ ਨੇ ਖੇਤ ਮਜ਼ਦੂਰਾਂ ਦੀ ਜਦੋ ਜਹਿਦ ਨੂੰ ਵੀ ਲੋਕਾਂ ਸਾਹਮਣੇ ਇਕ ਨਵੇਂ ਰੂਪ ਵਿਚ ਪੇਸ਼ ਕੀਤਾ ਅਤੇ ਇਸ ਪ੍ਰਤੀ ਉਹਨਾਂ ਦੀ ਸਮਝ ਦੇ ਦਾਇਰੇ ਨੂੰ ਵਧਾਇਆ ਅਤੇ ਉਹਨਾਂ ਨੂੰ ਇਹਨਾਂ ਮਜ਼ਦੂਰਾਂ ਦੀ ਮੱਦਦ ਕਰਨ ਲਈ ਉਤਸਾਹਤ ਕੀਤਾ। ਇਸ ਨਾਟਕ ਬਾਰੇ ਨਾਟਕ ਦੇ ਲੇਖਕਾਂ ਨਾਲ ਕਨੇਡਾ ਦੇ ਇਕ ਨੈਸ਼ਨਲ ਪੱਧਰ ਦੇ ਅੰਗਰੇਜ਼ੀ ਮੈਗਜ਼ੀਨ "ਫ਼ਿਊਜ਼" ਵਿਚ ਇਕ ਲੰਮੀ ਇੰਟਰਵਿਊ ਛਪੀ ਜਿਸਨੇ ਖੇਤ ਮਜ਼ਦੂਰਾਂ ਦੇ ਘੋਲ ਅਤੇ ਪੰਜਾਬੀ ਵਿਚ ਨਾਟਕ ਦੀ ਸਰਗਰਮੀ ਦੀ ਕਨੇਡਾ ਭਰ ਦੇ ਲੋਕਾਂ ਵਿਚ ਜਾਣਕਾਰੀ ਕਰਵਾਈ। ਇਸ ਸਮੇਂ ਸੱਥ ਦੇ ਸਰਗਰਮ ਮੈਂਬਰਾਂ ਵਿਚ ਸੁਖਵੰਤ ਹੁੰਦਲ, ਸਾਧੂ ਬਿਨਿੰਗ, ਮੱਖਣ ਟੁੱਟ, ਅੰਜੂ ਹੁੰਦਲ, ਜਗਦੀਸ਼ ਬਿਨਿੰਗ, ਅਮਨਪਾਲ ਸਾਰਾ, ਪਾਲ ਬਿਨਿੰਗ, ਹਰਜਿੰਦਰ ਸਾਂਗਰਾ, ਬਲਵਿੰਦਰ ਰੋਡੇ, ਇੰਦਰਜੀਤ ਰੋਡੇ, ਜਸ ਬਿਨਿੰਗ, ਗੁਰਚਰਨ ਟੱਲੇਵਾਲੀਆ, ਭਵਖੰਡਨ ਰੱਖਰਾ, ਤੇ ਹੋਰ ਕਾਫੀ ਰੰਗ ਮੰਚ ਨਾਲ ਨੇੜਤਾ ਰੱਖਣ ਵਾਲੇ ਲੋਕ ਸ਼ਾਮਲ ਸਨ **।
ਪਿਕਟ ਲਾਈਨ ਦੀ ਕਾਮਯਾਬੀ ਨੇ ਸੱਥ ਦੇ ਵਿਕਾਸ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ। ਸੱਥ ਦੇ ਕਾਮਿਆਂ ਵਿਚ ਥਕਾਵਟ ਜਾਂ ਜਥੇਬੰਦੀ ਵਿਚ ਤ੍ਰੇੜਾਂ ਆਉਣ ਦੀ ਥਾਂ ਹਰ ਵਿਅਕਤੀ ਅਤੇ ਜਥੇਬੰਦੀ ਬਹੁਤੀ ਮਜਬੂਤ ਹੋਈ। ਸੱਥ ਰੰਗ ਮੰਚ ਦੇ ਕਾਰਜ ਦੇ ਨਾਲ ਨਾਲ ਲੇਖ ਲਿਖਣ ਦਾ ਕੰਮ ਵੀ ਚਲਦਾ ਰਿਹਾ। ਇਸ ਦੌਰਾਨ "ਪੰਜਾਬ 'ਤੇ ਫੌਜੀ ਹਮਲਾ: ਬਾਹਰੋਂ ਇਕ ਝਾਤ" "ਭੂਪਾਲ ਲਾਸ਼ਾਂ ਦਾ ਸ਼ਹਿਰ" ਖੇਤ ਮਜ਼ਦੂਰਾਂ ਬਾਰੇ ਲੇਖ ਅਤੇ ਉਹਨਾਂ ਨਾਲ ਵਾਰਤਾਲਾਪ ਲਿਖੇ ਗਏ। ਇਸੇ ਦੌਰਾਨ ਇਕ ਸਥਾਨਕ ਅਖਬਾਰ ਜੋ ਇਕ ਫਿਰਕੇ ਦੇ ਲੋਕਾਂ ਦਾ ਪੱਖ ਪੂਰਦੀ ਸੀ ਵਿਚ ਸੱਥ ਦੇ ਖਿਲਾਫ ਛਪੇ ਖਤਾਂ 'ਤੇ ਵਾਦ ਵਿਵਾਦ ਵੀ ਚੱਲਿਆ ਅਤੇ ਸੱਥ ਦੇ ਕੰਮਾਂ ਦੀ ਫਿਰਕਾਪ੍ਰਸਤੀਆਂ ਵਲੋਂ ਵਿਰੋਧਤਾ ਵੀ ਹੋਣ ਲੱਗੀ। ਇਸ ਸੱਭ ਕੁਝ ਨੇ ਸੱਥ ਨੂੰ ਨਿਰਉਤਸਾਹ ਕਰਨ ਦੀ ਥਾਂ ਸਗੋਂ ਹੋਰ ਨਵੀਂ ਸ਼ਕਤੀ ਦਿੱਤੀ।
ਅਗਲੇ ਸਾਲ 1985 ਦੇ ਸ਼ੁਰੂ ਵਿਚ ਭਾ ਜੀ ਗੁਰਸ਼ਰਨ ਸਿੰਘ ਇਕ ਵਾਰ ਫੇਰ ਇਪਾਨਾ ਦੇ ਸੱਦੇ 'ਤੇ ਕਨੇਡਾ ਆਏ। ਉਹਨਾਂ ਨਾਲ ਪਿਛਲੇ ਦੋ ਸਾਲਾਂ ਦੇ ਤਜ਼ਰਬੇ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਹਨੀ ਸਾਨੂੰ ਕਈ ਵੱਡਮੁੱਲੇ ਸੁਝਾਅ ਦਿੱਤੇ। ਇਸੇ ਸਮੇਂ ਸੱਥ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਵਲੋਂ ਸੋਹਣ ਸਿੰਘ ਸੀਤਲ ਦੇ ਨਾਵਲ 'ਤੇ ਅਧਾਰਿਤ ਨਾਟਕ "ਤੂਤਾਂ ਵਾਲਾ ਖੂਹ" ਤਿਆਰ ਕੀਤਾ। ਮੰਚ 'ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਤੋਂ ਬਾਅਦ ਇਸ ਨਾਟਕ ਦੀ ਵੀਡੀਓ ਵੀ ਤਿਆਰ ਕੀਤੀ ਗਈ ਜੋ ਸਥਾਨਕ ਟੈਲੀਵੀਯਨ ਪ੍ਰੋਗਰਾਮ ਤੇ ਫਿਰਕਾਪ੍ਰਸਤੀਆਂ ਦੀ ਵਿਰੋਧਤਾ ਦੇ ਬਾਵਯੂਦ ਪੇਸ਼ ਕੀਤੀ ਗਈ।
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਸੱਥ ਦੇ ਆਸ਼ਿਆ ਵਿਚ ਇਹ ਵੀ ਸ਼ਾਮਲ ਸੀ ਕਿ ਲੋਕਾਂ ਦਾ ਧਿਆਨ ਪੰਜਾਬ ਦੀ ਸਿਆਸਤ ਵਲੋਂ ਸਥਾਨਕ ਮਸਲਿਆ ਵੱਲ ਖਿੱਚਣਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਸੱਥ ਨੂੰ ਪੰਜਾਬ ਦੇ ਮਸਲੇ ਨਾਲ ਕੋਈ ਦਿਲਚਸਪੀ ਨਹੀਂ ਸੀ ਜਾਂ ਉਥੇ ਹੋ ਰਹੇ ਮਾਸੂਮਾਂ ਦੇ ਕਤਲਾਂ ਦਾ ਦੁੱਖ ਨਹੀਂ ਸੀ। ਕਮਿਊਨਿਟੀ ਵਿਚ ਬਣੇ ਸੱਦ ਭਾਵਨਾ ਫੋਰਮ (ਫੋਰਮ ਫਾਰ ਕਮਿਊਨਲ ਹਾਰਮਨੀ) ਦਾ ਮੁੱਖ ਬੁਲਾਰਾ ਵੀ ਸੱਥ ਦਾ ਹੀ ਇਕ ਮੈਂਬਰ ਸੁਖਵੰਤ ਹੁੰਦਲ ਸੀ ਤੇ ਜਿਸ ਨੂੰ ਜ਼ਿੰਮੇਵਾਰੀ ਲਈ ਧਮਕੀਆਂ ਤੇ ਗਾਲਾਂ ਵੀ ਸਹਿਣੀਆਂ ਪਈਆਂ। ਕਹਿਣ ਤੋਂ ਭਾਵ ਕਿ ਅਸੀਂ ਪੰਜਾਬ ਮਸਲੇ ਤੋਂ ਗੱਲ ਕਰਦਿਆਂ ਡਰਦੇ ਜਾਂ ਸ਼ਰਮਾਉਂਦੇ ਨਹੀਂ ਸੀ। ਪਰ ਸਾਡਾ ਵਿਚਾਰ ਸੀ ਕਿ ਲੋਕਾਂ ਨੂੰ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਵੀ ਸਥਾਨਕ ਸੰਦਰਭ ਵਿਚ ਰੱਖ ਕੇ ਦੇਖਣਾ ਚਾਹੀਦਾ ਹੈ। ਹੋ ਇਹ ਰਿਹਾ ਸੀ ਕਿ ਪੂਰੀ ਤਰ੍ਹਾਂ ਲੁੱਟੇ ਜਾ ਰਹੇ ਖੇਤ ਮਜ਼ਦੂਰ ਵੀ ਆਪਣੀ ਤੁਲਣਾ ਆਪਣੇ ਪਿੰਡ ਦੇ ਲੋਕਾਂ ਨਾਲ ਕਰਕੇ ਆਪਣੇ ਆਪ ਨੂੰ ਵਧੀਆ ਹਾਲਾਤ ਵਿਚ ਖਿਆਲਦੇ। ਨਾਲ ਹੀ ਸਾਡੀ ਇਹ ਵੀ ਕੋਸ਼ਿਸ਼ ਸੀ ਕਿ ਇਥੋਂ ਦੇ ਜੀਵਨ ਦੇ ਵੱਖਰੇ ਵੱਖਰੇ ਪਹਿਲੂਆਂ 'ਤੇ ਆ ਰਹੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਈ ਜਾਵੇ।


ਨਾਟਕ ਲੱਤਾਂ ਦੇ ਭੂਤ
ਕਮਿਊਨਿਟੀ ਦਾ ਇਕ ਭੱਖਦਾ ਮਸਲਾ ਪੰਜਾਬੀ ਔਰਤਾਂ ਦੀ ਦੋਹਰੀ ਤਿਹਰੀ ਲੁੱਟ ਖਸੁੱਟ ਦਾ ਸੀ। ਇਸ ਸੰਬੰਧੀ ਕਮਿਊਨਿਟੀ ਵਿਚ ਕਈ ਵਿਅਕਤੀ ਤੇ ਜਥੇਬੰਦੀਆਂ ਬੜੀ ਹਿੰਮਤ ਅਤੇ ਸਰਗਰਮੀ ਨਾਲ ਸੁਲਾਹੁਣਯੋਗ ਕੰਮ ਕਰ ਰਹੇ ਸਨ। ਇਸ ਸੰਬੰਧੀ ਇਕਾ ਦੁੱਕਾ ਨਾਟਕ ਵੀ ਕੀਤੇ ਜਾ ਚੁੱਕੇ ਸਨ। ਸੱਥ ਦੇ ਇਕ ਦੋ ਮੈਂਬਰਾਂ ਨੂੰ ਇਕ ਐਸੀ ਦੁਖਇਆਰੀ ਔਰਤ ਨਾਲ ਵਿਸਥਾਰ ਵਿਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਵੱਖਰੇ ਵੱਖਰੇ ਲੋਕਾਂ ਆਪਣੀ ਗਰਜ ਲਈ ਵਰਤਿਆ ਸੀ। ਇਹੋ ਜਿਹੇ ਅਨੇਕਾਂ ਕੇਸ ਸੁਣਨ ਵਿਚ ਆਉਂਦੇ ਸਨ। ਪਰ ਕਿਸੇ ਇਕ ਬਾਰੇ ਇਸ ਵਿਸਥਾਰ ਵਿਚ ਜਾਣ ਸਕਣਾ ਸਾਡੇ ਲਈ ਇਸ ਮਸਲੇ ਨੂੰ ਇਕ ਨਾਟਕ ਰਾਹੀਂ ਪੇਸ਼ ਕਰਨ ਵਿਚ ਕਾਫੀ ਸਹਾਈ ਹੋਇਆ। ਸੱਥ ਨੇ 1985 ਵਿਚ ਨਾਟਕ "ਲੱਤਾਂ ਦੇ ਭੂਤ" ਪੇਸ਼ ਕੀਤਾ। ਨਾਟਕ ਦਾ ਵਿਸ਼ਾ ਲੋਕਾਂ ਦੀਆਂ ਆਪਣੀਆਂ ਜ਼ਿੰਦਗੀਆਂ ਨਾਲ ਸਬੰਧ ਰੱਖਦਾ ਸੀ। ਦਰਸ਼ਕਾਂ ਦੇ ਪ੍ਰਤੀਕਰਮ ਅਨੁਸਾਰ ਨਾਟਕ ਦੀ ਪੇਸ਼ਕਾਰੀ ਵੀ ਪ੍ਰਭਾਵਸ਼ਾਲੀ ਰਹੀ।

ਪਿਕਟ ਲਾਈਨ ਅੰਗਰੇਜ਼ੀ ਵਿਚ
ਸਾਲ 1986 ਵਿਚ ਸਾਨੂੰ ਵੈਨਕੂਵਰ ਵਿਚ ਹਰ ਸਾਲ ਹੋਣ ਵਾਲੇ ਅੰਤਰ-ਰਾਸ਼ਟਰੀ ਮੇਲੇ "ਫੋਕ ਮਿਊਜ਼ਕ ਫੈਸਟੀਵਲ" ਵਿਚ ਪਿਕਟ ਲਾਈਨ ਨੂੰ ਅੰਗਰੇਜ਼ੀ ਵਿਚ ਕਰਨ ਦਾ ਸੱਦਾ ਆਇਆ। ਇਹ ਸਾਡੇ ਲਈ ਨਵੀ ਵੰਗਾਰ ਸੀ। ਪਰ ਇਸ ਲਈ ਹਾਂ ਕਰਨ ਤੋਂ ਪਹਿਲਾਂ ਸਾਡੇ ਲਈ ਇਸ ਦੇ ਕਈ ਪਹਿਲੂਆਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਸੀ। ਸਿਰਫ ਸੱਦਾ ਮਿਲਣ ਕਰਕੇ ਤਾਂ ਨਾਟਕ ਨੂੰ ਅੰਗਰੇਜ਼ੀ ਵਿਚ ਕਰਨ ਦੀ ਕੋਈ ਤੁਕ ਨਹੀਂ ਸੀ। ਕਾਫੀ ਸੋਚ ਵਿਚਾਰ ਦੇ ਬਾਅਦ ਅਸੀਂ ਨਾਟਕ ਅੰਗਰੇਜ਼ੀ ਵਿਚ ਕਰਨ ਦਾ ਫੈਸਲਾ ਕਰ ਲਿਆ। ਇਸ ਪੱਖ ਵਿਚ ਫੈਸਲਾ ਕਰਨ ਦੇ ਸਾਡੇ ਕਈ ਕਾਰਨ ਸਨ। ਸੱਭ ਤੋਂ ਪਹਿਲਾਂ ਤਾਂ ਇਹ ਹੀ ਕਿ ਇਸ ਨਾਲ ਸਾਨੂੰ ਸਮੁੱਚੀ ਕਨੇਡੀਅਨ ਕਮਿਊਨਿਟੀ ਨਾਲ ਤੇਲਮੇਲ ਪੈਦਾ ਕਰਨ ਦਾ ਮੌਕਾ ਮਿਲਦਾ ਸੀ ਜਿਹੜਾ ਕਿ ਸੱਥ ਦੇ ਆਸ਼ਿਆਂ ਦਾ ਹਿੱਸਾ ਸੀ ਕਿਉਂਕਿ ਅਸੀਂ ਕਦੀ ਵੀ ਆਪਣੇ ਆਪ ਨੂੰ "ਗੈਟੋਆਈਜ਼" (ਸਮੁੱਚੀ ਕਮਿਊਨਿਟੀ ਨਾਲੋਂ ਟੁੱਟ ਕੇ ਰਹਿਣਾ) ਕਰਨ ਵਿਚ ਜ਼ਕੀਨ ਨਹੀਂ ਕੀਤਾ। ਦੂਜਾ ਅਸੀਂ ਆਪਣੇ ਆਪ ਨੂੰ ਤੇ ਪੰਜਾਬੀ ਰੰਗ ਮੰਚ ਨੂੰ ਵੱਖਰੀਆਂ ਸਥਿਤੀਆਂ ਵਿਚ ਰੱਖ ਕੇ ਦੇਖਣਾ ਚਾਹੁੰਦੇ ਸਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਸਥਿਤੀਆਂ ਵਿਚ ਅਸੀਂ ਕੀ ਹਾਂ ਅਤੇ ਕਿੱਥੇ ਹਾਂ? ਤੀਜਾ, ਨਾਟਕ ਨੂੰ ਅੰਗਰੇਜ਼ੀ ਵਿਚ ਕਰਨ ਪਿੱਛੇ ਸਾਡੀ ਭਾਵਨਾ ਆਪਣੀ ਕਮਿਊਨਿਟੀ ਦੇ ਵੱਧ ਰਹੇ ਹਿੱਸੇ, ਦੂਜੀ ਪੀੜੀ ਨਾਲ ਨੇੜਤਾ ਵਧਾਉਣਾ ਵੀ ਸੀ। ਸਾਨੂੰ ਮਹਿਸੂਸ ਹੁੰਦਾ ਸੀ ਕਿ ਜੇ ਇਸ ਪੀੜ੍ਹੀ ਨਾਲ ਜਥੇਬੰਦਕ ਤੌਰ 'ਤੇ ਕੋਈ ਨੇੜਤਾ ਨਾ ਪੈਦਾ ਹੋ ਸਕੀ ਤਾਂ ਇਹ ਆਪਣੇ ਭਾਈਚਾਰੇ ਨਾਲੋਂ ਸਦਾ ਲਈ ਟੁੱਟ ਜਾਣਗੇ। ਵੈਨਕੂਵਰ ਫੋਕ ਮਿਊਜ਼ਕ ਫੈਸਟੀਵਲ ਦੇ ਸੱਦੇ ਨੂੰ ਪ੍ਰਵਾਨ ਕਰਨ ਪਿੱਛੇ ਇਕ ਹੋਰ ਕਾਰਨ, ਭਾਵੇਂ ਘੱਟ ਮਹੱਤਤਾ ਵਾਲਾ ਹੀ ਸੀ, ਉਹ ਪੈਸੇ ਦਾ ਵੀ ਸੀ। ਉਹਨਾਂ ਨੇ ਸਾਨੂੰ ਦੋ ਸ਼ੋਅ ਕਰਨ ਦਾ ਇਕ ਹਜ਼ਾਰ ਡਾਲਰ ਦੇਣਾ ਸੀ। ਸੱਥ ਲਈ ਇਹ ਇਕ ਵੱਡੀ ਰਕਮ ਸੀ ਤੇ ਇਕ ਨਵਾਂ ਤਜ਼ਰਬਾ ਅਤੇ ਅਹਿਸਾਸ।
ਪਿਕਟ ਲਾਈਨ ਨੂੰ ਅੰਗਰੇਜ਼ੀ ਵਿਚ ਉਲਥਾ ਕੇ ਸਫਲਤਾ ਪੂਰਵਕ ਪੇਸ਼ ਕਰਨ ਵਿਚ ਸੱਥ ਪੂਰੀ ਕਾਮਯਾਬ ਰਹੀ। ਇਹ ਕੰਮ ਸਾਡੇ ਆਸ਼ਿਆਂ ਨਾਲੋਂ ਵੀ ਕਿਤੇ ਜ਼ਿਆਦਾ ਮਹੱਤਤਾ ਵਾਲਾ ਹੋ ਨਿਬੜਿਆ। ਇਸ ਨਾਲ ਸੱਥ ਦੇ ਕਾਮਿਆਂ ਦਾ ਘੇਰਾ ਵਧਿਆ। ਨਾਟਕ ਨੂੰ ਅੰਗਰੇਜ਼ੀ ਵਿਚ ਕਰਨ ਲਈ ਸੱਥ ਵਿਚ ਨਵੀਂ ਪੀੜੀ ਦੇ ਕੁਝ ਨੌਜਵਾਨ ਕਲਾਕਾਰ ਸ਼ਾਮਲ ਹੋਏ ਤੇ ਹੁਣ ਤੱਕ ਵੀ ਸਰਗਰਮ ਹਨ ਜਿਹਨਾਂ ਵਿਚੋਂ ਹਰਜਿੰਦਰ ਸਾਂਗਰਾ, ਪਿੰਦੀ ਗਿੱਲ, ਨਿੱਕ ਸਹੋਤਾ, ਸੀਤਲ ਢਿੱਲੋਂ ਅਤੇ ਭਾਵਨਾ ਭੰਗੂ ਦੇ ਨਾਂ ਵਰਨਣਯੋਗ ਹਨ।
ਸਥਾਨਕ ਅੰਗਰੇਜ਼ੀ ਮੀਡੀਏ ਨੇ ਸੱਥ ਦੀ ਇਸ ਕੋਸ਼ਿਸ਼ ਵੱਲ ਹਾਂ ਪੱਖੀ ਧਿਆਨ ਦਿੱਤਾ। ਬੀ. ਸੀ. ਦੇ 1972 ਤੋਂ 1975 ਤੱਕ ਰਹਿ ਚੁੱਕੇ ਪ੍ਰੀਮੀਅਰ ਡੇਵ ਬੈਰਟ ਜੋ ਵੈਨਕੂਵਰ ਦੇ ਇਕ ਰੇਡੀਓ 'ਤੇ ਹੋਸਟ ਸਨ, ਨੇ "ਪਿਕਟ ਲਾਈਨ" ਦੇ ਲੇਖਕਾਂ ਨਾਲ ਇਕ ਇੰਟਰਵਿਊ ਕੀਤੀ। ਇੰਟਰਵਿਊ ਦੇ ਅਖੀਰ 'ਤੇ ਉਸ ਨੇ ਕਾਫੀ ਪ੍ਰਭਾਵਤ ਤੇ ਜਜ਼ਬਾਤੀ ਹੋ ਕੇ ਕਿਹਾ ਕਿ ਸੱਥ ਨੇ ਇਸ ਕੰਮ ਨਾਲ ਕਨੇਡੀਅਨ ਸਭਿਆਚਾਰ ਵਿਚ ਗੁਣਾਤਮਕ ਵਾਧਾ ਕੀਤਾ ਹੈ। ਦੂਜਿਆਂ ਦੇ ਇਸ ਤਰ੍ਹਾਂ ਧਿਆਨ ਦੇਣ ਨਾਲ ਸੱਥ ਦੇ ਕਾਮਿਆਂ ਦਾ ਸਵੈਮਾਣ ਅਤੇ ਸਵੈ-ਭਰੋਸਾ ਵਧਿਆ। "ਪਿਕਟ ਲਾਈਨ" ਅੰਗਰੇਜ਼ੀ ਵਿਚ ਕਰਨ ਦੇ ਅਤੇ ਅੰਗਰੇਜ਼ੀ ਵਿਚ ਹੋਰ ਨਾਟਕ ਕਰਨ ਦੇ ਉਸ ਤੋਂ ਬਾਅਦ ਅਨੇਕਾਂ ਮੌਕੇ ਮਿਲੇ ਅਤੇ ਇਸ ਕੰਮ ਲਈ ਮਿਲਦੇ ਸੌ ਡਾਲਰ ਤੇ ਕਦੀ ਦੋ ਸੌ ਡਾਲਰਾਂ ਨਾਲ ਸੱਥ ਦੀ ਆਰਥਿਕ ਹਾਲਤ ਵਿਚ ਵੀ ਲੋੜੀਂਦਾ ਫਰਕ ਪੈਂਦਾ ਰਿਹਾ।

ਨਾਟਕ "ਹਵੇਲੀਆਂ ਅਤੇ ਪਾਰਕਾਂ" ਅਤੇ "ਕਿਹਦਾ ਵਿਆਹ"
ਕਨੇਡਾ ਵਿਚਲੀ ਪੰਜਾਬੀ ਕਮਿਊਨਿਟੀ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਵਿਚੋਂ ਦੋ ਸਾਨੂੰ ਕਾਫੀ ਗੰਭੀਰ ਦੇ ਦਿਲਚਸਪ ਵੀ ਲਗਦੀਆਂ ਸਨ ਜਿਹਨਾਂ ਵਲ ਹੁਣ ਅਸੀਂ ਧਿਆਨ ਦੇਣ ਦਾ ਇਰਾਦਾ ਕੀਤਾ। ਇਕ ਤਾਂ ਇਥੇ ਆ ਕੇ ਵਸੇ ਸਿਆਣੀ ਉਮਰ ਦੇ ਪੰਜਾਬੀਆਂ ਦੀਆਂ ਮੁਸ਼ਕਲਾਂ ਬਾਰੇ ਲੋਕਾਂ ਦਾ ਧਿਆਨ ਦੁਆਉਣਾ ਸੀ। ਇਸ ਸਬੰਧ ਵਿਚ ਅਸੀਂ ਵੈਨਕੂਵਰ ਨੂੰ ਪਿੱਠਭੂਮੀ ਵਿਚ ਰੱਖ ਕੇ ਇਕ ਨਾਟਕ ਲਿਖਿਆ "ਹਵੇਲੀਆਂ ਤੇ ਪਾਰਕਾਂ"। ਵੈਨਕੂਵਰ (ਹੁਣ ਤਾਂ ਹੋਰ ਵੀ ਕਈ ਥਾਂਵਾਂ 'ਤੇ ਵੀ) ਪੰਜਾਬੀ ਬਜ਼ੁਰਗ ਪਾਰਕਾਂ ਵਿਚ ਬੈਠੇ ਜਾਂ ਬੱਸ ਅੱਡਿਆਂ 'ਤੇ ਬੈਂਚਾਂ 'ਤੇ ਬੈਠੇ ਦਿਖਾਈ ਦਿੰਦੇ ਹਨ। ਇਹਨਾਂ ਥਾਂਵਾਂ 'ਤੇ ਉਹ ਗੋਰਿਆਂ ਦੇ ਨਸਲਵਾਦ ਦਾ ਨਿੱਤ ਸ਼ਿਕਾਰ ਹੁੰਦੇ ਹਨ। ਇਸ ਨਾਟਕ ਰਾਹੀਂ ਅਸੀਂ ਧਾਰਮਿਕ ਅਦਾਰਿਆਂ ਦੀਆਂ ਕਮੇਟੀਆਂ ਤੇ ਕਮਿਊੁਨਟੀ ਦੇ ਹੋਰ ਚੌਧਰੀਆਂ ਨੂੰ ਇਹ ਚੇਤਾ ਦੁਆਉਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਬਜ਼ੁਰਗਾਂ ਦੇ ਬੈਠਣ ਉਠਣ ਲਈ ਕਿਸੇ ਯੋਗ ਥਾਂ ਦਾ ਹੋਣਾ ਕਮਿਊਨਿਟੀ ਦੀ ਲੋੜ ਵੀ ਹੈ ਅਤੇ ਜ਼ਿੰਮੇਵਾਰੀ ਵੀ।
ਮਾਰਚ 8, 1987 ਵਿਚ ਕੀਤੇ ਇਸ ਨਾਟਕ ਦੀ ਪੇਸ਼ਕਾਰੀ ਕਾਫੀ ਢਿੱਲੀ ਰਹੀ। ਮੁੱਖ ਕਾਰਨ ਆਵਾਜ਼ ਦਾ ਦਰਸ਼ਕਾਂ ਤੱਕ ਚੰਗੀ ਤਰ੍ਹਾਂ ਨਾ ਪਹੁੰਚਣਾ ਸੀ। ਆਵਾਜ਼ ਦੇ ਪ੍ਰਬੰਧ ਵਿਚ ਵੀ ਕਮੀ ਸੀ ਪਰ ਨਾਲ ਹੀ ਦਰਸ਼ਕਾਂ ਦੀ ਗਿਣਤੀ ਵੀ ਇਸ ਵਾਰ ਕੁਝ ਜ਼ਿਆਦਾ ਹੀ ਸੀ। ਜਿਹਨਾਂ ਲੋਕਾਂ ਤੱਕ ਆਵਾਜ਼ ਠੀਕ ਠਾਕ ਪਹੁੰਚੀ ਉਹਨਾਂ ਨਾਟਕ ਦਾ ਵਾਹਵਾ ਅਨੰਦ ਮਾਣਿਆ ਕਿਉਂਕਿ ਵਿਸ਼ਾ ਤੇ ਵਾਰਤਾਲਾਪ ਦੀ ਬੋਲੀ ਉਹਨਾਂ ਲਈ ਓਪਰੀ ਨਹੀਂ ਸੀ। ਹਾਲ ਵਿਚ ਬੈਠੇ ਕਿੰਨੇ ਹੀ ਲੋਕ ਇਹਨਾਂ ਪਾਤਰਾਂ ਨਾਲ ਆਪਣੇ ਆਪ ਦਾ ਸਬੰਧ ਦੇਖ ਸਕਦੇ ਸਨ। ਬਾਅਦ ਵਿਚ ਇਹ ਨਾਟਕ ਟਰਾਂਟੋ ਸਣੇ ਹੋਰ ਵੀ ਕਈ ਥਾਵੀਂ ਕੀਤਾ ਗਿਆ।
ਇਸੇ ਹੀ ਪ੍ਰੋਗਰਾਮ ਵਿਚ ਛੋਟੇ ਬੱਚਿਆਂ ਕੋਲੋਂ ਦੋ ਨਿੱਕੇ ਨਿੱਕੇ ਸਕਿਟ "ਤਾਂ ਤੁਹਾਡੇ ਕੁੜੀ ਹੋਈ ਹੋਣੀ ਆਂ" ਤੇ "ਆਓ ਘਰ ਘਰ ਖੇਡੀਏ" ਤਿਆਰ ਕਰਾਏ ਗਏ ਸਨ। ਇਹ ਨਾਟਕ ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਜਗਦੀਸ਼ ਬਿਨਿੰਗ ਵਲੋਂ ਲਿਖੇ ਗਏ ਸਨ। ਇਹਨਾਂ ਵਿਚ ਬੱਚਿਆਂ ਦੀਆਂ ਖੇਡਾਂ ਰਾਹੀਂ ਘਰਾਂ ਵਿਚ ਹੁੰਦੀ ਮੁੰਡਿਆਂ ਅਤੇ ਕੁੜੀਆਂ ਦੀ ਪਰਵਰਿਸ਼ ਬਾਰੇ ਸਵਾਲ ਉਠਾਏ ਗਏ ਸਨ। ਪਰ ਇਹਨਾਂ ਦੀ ਪੇਸ਼ਕਾਰੀ ਵੀ ਸ੍ਰੋਤਿਆਂ ਤੀਕ ਪੂਰੀ ਆਵਾਜ਼ ਨਾ ਪਹੁੰਚਣ ਦੇ ਕਾਰਨ ਕਾਮਯਾਬ ਨਾ ਰਹੀ।
ਇਸੇ ਸਮੇਂ ਸੱਥ ਵਲੋਂ ਤਿਆਰ ਕੀਤਾ ਦੂਜਾ ਨਾਟਕ "ਕਿਹਦਾ ਵਿਆਹ" ਸੀ। ਇਹ ਨਾਟਕ ਜਵਾਨ ਹੋ ਰਹੀ ਪੀੜੀ ਦੀ ਵਿਆਹ ਦੀ ਸਮੱਸਿਆ ਬਾਰੇ ਸੀ। ਇਸ ਵਿਚ ਮਾਪਿਆਂ ਵਲੋਂ ਬੱਚਿਆਂ ਤੋਂ ਉਹਨਾਂ ਦੀ ਮਰਜੀ ਜਾਣੇ ਬਿਨ੍ਹਾਂ ਉਨ੍ਹਾਂ ਦੇ ਜੀਵਨ ਸਾਥੀ ਚੁਨਣ ਉਪਰ ਕਿੰਤੂ ਕੀਤਾ ਗਿਆ ਸੀ। ਇਸ ਵਿਚ ਇਥੋਂ ਦੀ ਦੂਜੀ ਪੀੜੀ ਦੇ ਬੱਚਿਆਂ ਦਾ ਕਿਰਦਾਰ ਵੀ ਇਸੇ ਪੀੜੀ ਦੇ ਬੱਚੇ ਨਿਭਾਅ ਰਹੇ ਸਨ ਅਤੇ ਉਹਨਾਂ ਦੀ ਬੋਲੀ ਅੰਗਰੇਜ਼ੀ ਤੇ ਪੰਜਾਬੀ ਦਾ ਮਿਸ਼ਰਣ ਸੀ ਜੋ ਸ੍ਰੋਤਿਆ ਨੂੰ ਬਹੁਤ ਜਚਿਆ। ਨਾਟਕ ਵਿਚ ਜਾਣ ਬੁੱਝ ਕੇ ਬੱਚਿਆ ਦੇ ਪਾਸੇ ਨੂੰ ਠੀਕ ਠਹਿਰਾਇਆ ਗਿਆ ਸੀ ਅਤੇ ਮਾਪਿਆਂ ਉਪਰ ਤੇ ਉਹਨਾਂ ਦੀਆਂ ਕਦਰਾਂ ਕੀਮਤਾਂ ਉਪਰ ਚੋਟ ਕੀਤੀ ਗਈ ਸੀ। ਇਹ ਕਰਨ ਦਾ ਮਕਸਦ ਇਸ ਮਸਲੇ ਬਾਰੇ ਕਮਿਊਨਿਟੀ ਵਿਚ ਬਹਿਸ ਚਲਾਉਣ ਦਾ ਸੀ। ਸੱਥ ਆਪਣੇ ਇਸ ਮਕਸਦ ਵਿਚ ਕਾਫੀ ਹੱਦ ਤੱਕ ਕਾਮਯਾਬ ਰਹੀ। ਪਿਛੋਂ ਇਸ ਨਾਟਕ ਨੂੰ ਵੀਡੀਓ 'ਤੇ ਰੀਕਰਾਡ ਕਰ ਕੇ ਮਲਟੀਕਲਚਰਲ ਚੈਨਲ 'ਤੇ ਦਿਖਾਇਆ ਗਿਆ। ਇਸ ਨਾਲ ਪੰਜਾਬੀ ਹੀ ਨਹੀਂ ਇਥੋਂ ਦੀ ਸਮੁੱਚੀ ਭਾਰਤੀ ਕਮਿਊਨਿਟੀ ਵਿਚ ਇਸ ਵਿਸ਼ੇ ਬਾਰੇ ਬਹਿਸ ਚੱਲੀ ਤੇ ਸੱਥ ਦਾ ਇਹ ਨਾਟਕ ਸੱਭ ਤੋਂ ਵੱਧ ਚਰਚਿਤ ਹੋਇਆ।

ਅੰਗਰੇਜ਼ੀ ਵਿਚ "ਡਿਫਰੈਂਟ ਏਜ ਸੇਮ ਕੇਜ" (ਹਰ ਉਮਰ ਦਾ ਇਕੋ ਰੋਣਾ)
ਵੈਨਕੂਵਰ ਸੱਥ ਦੀਆਂ ਔਰਤ ਮੈਂਬਰਾਂ ਨੂੰ ਵੈਨਕੂਵਰ ਔਰਤਾਂ ਬਾਰੇ ਹੋ ਰਹੀ ਇਕ ਕਾਂਨਫਰੰਸ ਵਿਚ ਨਾਟਕ ਪੇਸ਼ ਕਰਨ ਦਾ ਸੱਦਾ ਆਇਆ। ਇਹ ਨਾਟਕ ਵੀ ਅੰਗਰੇਜ਼ੀ ਵਿਚ ਹੀ ਕਰਨਾ ਸੀ। ਸੱਥ ਦੀਆਂ ਮੈਂਬਰਾਂ ਅੰਜੂ ਹੁੰਦਲ, ਜਗਦੀਸ਼ ਬਿਨਿੰਗ, ਹਰਜਿੰਦਰ ਸਾਂਗਰਾ ਤੇ ਪਿੰਦੀ ਗਿੱਲ ਨੇ ਮਿਲ ਕੇ ਨਾਟਕ "ਡਿਫਰੈਂਟ ਏਜ ਸੇਮ ਕੇਜ" ਲਿਖਿਆ ਅਤੇ ਤਿਆਰ ਕੀਤਾ। ਇਸ ਵਿਚ ਮਰਦ ਪਾਤਰਾਂ ਦੇ ਰੋਲ ਵੀ ਇਹਨਾਂ ਆਪ ਹੀ ਨਿਭਾਉਣ ਦਾ ਫੈਸਲਾ ਕੀਤਾ। ਇਸ ਵਿਚ ਤਿੰਨ ਵੱਖਰੇ ਵੱਖਰੇ ਸਕਿਟ ਸਨ। ਪਹਿਲੇ ਵਿਚ ਇਕ ਪੰਜਾਬੀ ਘਰ ਵਿਚ ਮੁੰਡੇ ਅਤੇ ਕੁੜੀ ਦੀ ਪਰਵਰਿਸ਼ ਵਿਚ ਆਪਣਾਈ ਜਾਂਦੀ ਵੱਖਰੀ ਪਹੁੰਚ ਦਿਖਾਈ ਗਈ ਹੈ। ਦੂਜੇ ਵਿਚ ਇਕ ਮਰਦ ਤੇ ਔਰਤ ਦਾ ਅਸਮਾਨਤਾ ਭਰਿਆ ਜੀਵਨ ਰੂਪਮਾਨ ਕੀਤਾ ਗਿਆ। ਤੇ ਤੀਜੇ ਵਿਚ ਇਕ ਆਵਾਸੀ ਪਰਵਾਰ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਸਿਆਣੀ ਉਮਰ ਦੀ ਔਰਤ ਨੂੰ ਫਾਰਮਾਂ ਵਿਚ ਕੰਮ ਕਰਨੇ ਲਈ ਭੇਜਣ ਦੀ ਕਿਰਿਆ ਦਿਖਾਈ ਗਈ ਹੈ। ਪੱਚੀ ਕੁ ਮਿੰਟ ਦੇ ਇਸ ਨਾਟਕ ਨੇ ਕਾਂਨਫਰੰਸ ਵਿਚ ਆਏ ਹੋਏ ਸ੍ਰੋਤਿਆਂ ਦਾ ਪੂਰੀ ਤਰ੍ਹਾਂ ਧਿਆਨ ਖਿੱਚੀ ਰੱਖਿਆ ਤੇ ਨਾਟਕ ਤੋਂ ਪਿਛੋਂ ਹੋਏ ਵਾਰਤਾਲਾਪ ਵਿਚ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਵਿਚੋਂ ਆਈਆਂ ਹੋਈਆਂ ਔਰਤਾਂ ਨੇ ਕਿਹਾ ਕਿ ਇਹ ਇਕੱਲੇ ਪੰਜਾਬੀਆਂ ਜਾਂ ਭਾਰਤੀਆਂ ਦੀ ਹੀ ਸਮੱਸਿਆ ਨਹੀਂ ਸਗੋਂ ਸਾਰੇ ਲੋਕਾਂ ਦੀ ਇਹੋ ਜਿਹੀ ਸਮੱਸਿਆ ਹੈ। ਬਹੁਤ ਸਾਰੀਆਂ ਔਰਤਾਂ ਨੇ ਕਿਹਾ ਕਿ ਉਹ ਨਾਟਕ ਵਿਚਲੀਆਂ ਸਾਰੀਆਂ ਔਰਤ ਪਾਤਰਾਂ ਨਾਲ ਆਪਣੀ ਨੇੜਤਾ ਦੇਖ ਤੇ ਮਹਿਸੂਸ ਕਰ ਸਕਦੀਆਂ ਹਨ। ਸੱਥ ਦਾ ਇਹ ਨਾਟਕ ਗੈਰ-ਪੰਜਾਬੀਆਂ ਵਿਚ ਬਹੁਤ ਹਰਮਨ ਪਿਆਰਾ ਹੋਇਆ ਅਤੇ ਹੈ ਵੀ 1987 ਤੋਂ ਲੈ ਕੇ ਵੈਨਕੂਵਰ ਤੇ ਆਸ ਪਾਸ ਦੇ ਇਲਾਕਿਆਂ ਵਿਚ ਇਸ ਨਾਟਕ ਨੂੰ ਪੇਸ਼ ਕਰਨ ਦੇ ਦੋ ਦਰਜਨ ਦੇ ਕਰੀਬ ਸੱਦੇ ਆਏ ਹਨ। ਨਾਟਕ ਤੋਂ ਬਾਅਦ ਦਰਸ਼ਕ, ਜੋ ਅਕਸਰ ਦੂਜੀਆਂ ਕਮਿਊਨਿਟੀਆਂ "ਚੋਂ ਹੁੰਦੇ ਹਨ, ਸੱਥ ਦੇ ਕਲਾਕਾਰਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਹਨ ਅਤੇ ਜਿਸ ਨਾਲ ਸੱਥ ਦੇ ਮੈਂਬਰਾਂ ਦਾ ਇਕ ਕਮਿਊਨਿਟੀ ਦੇ ਮੈਂਬਰ ਹੋਣ ਨਾਤੇ ਦੂਜਿਆਂ ਨਾਲ ਅਦਾਨ ਪ੍ਰਦਾਨ ਹੁੰਦਾ ਹੈ ਜੋ ਆਪਸੀ ਸਮਝ ਵਧਾਉਣ ਵਿਚ ਬਹੁਤ ਸਹਾਈ ਹੁੰਦਾ ਹੈ। ਇਹ ਦੇਖਣ ਵਿਚ ਆਇਆ ਹੈ ਕਿ ਸਮੱਸਿਆਵਾਂ ਦੀ ਸਾਂਝ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਚੋਂ ਆਏ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਵਿਚ ਬਹੁਤ ਸਹਾਈ ਹੁੰਦੀ ਹੈ। ਇਸ ਤਰ੍ਹਾਂ ਸੱਥ ਦੇ ਇਹ ਨਾਟਕ ਇਕੋ ਸਮੇਂ ਦੋ ਕਾਰਜ ਪੂਰੇ ਕਰਦੇ ਹਨ।
ਇਸੇ ਨਾਟਕ "ਹਰ ਉਮਰ ਦਾ ਇਕੋ ਰੋਣਾ" ਨੂੰ ਪੰਜਾਬੀ ਵਿਚ ਵੀ ਵੈਨਕੂਵਰ ਦੇ ਮੁੱਖ ਪੰਜਾਬੀ ਬਾਜ਼ਾਰ ਵਿਚ ਇਕ ਨੁਕੜ ਨਾਟਕ ਦੇ ਤੌਰ 'ਤੇ 1989 ਦੀਆਂ ਗਰਮੀਆਂ ਵਿਚ ਬੜੀ ਸਫਲਤਾ ਨਾਲ ਪੇਸ਼ ਕੀਤਾ ਗਿਆ। ਇਸ ਦੀ ਸਫਲਤਾ ਤੋਂ ਕਨੇਡਾ ਵਿਚ ਵੀ ਨੁਕੜ ਨਾਟਕ ਵਰਗੇ ਤਜ਼ਰਬੇ ਕਰਨ ਦੀ ਆਸ ਬੱਝਦੀ ਹੈ। ਭਾਵੇਂ ਸੱਥ ਵਲੋਂ ਇਸ ਪਾਸੇ ਅਜੇ ਕੋਈ ਹੋਰ ਤਜ਼ਰਬਾ ਨਹੀਂ ਹੋ ਸਕਿਆ ਪਰ ਇਸ ਸੰਬੰਧੀ ਕੋਸ਼ਿਸ਼ ਜ਼ਰੂਰ ਹੈ।

ਪਿਕਟ ਲਾਈਨ ਤੇ ਜ਼ਹਿਰ ਦੀ ਫਸਲ ਅੰਗਰੇਜ਼ੀ ਅਤੇ ਪੰਜਾਬੀ ਵਿੱਚ
ਪਿਕਟ ਲਾਈਨ ਦੀ ਅੰਗਰੇਜ਼ੀ ਵਿਚ ਪੇਸ਼ਕਾਰੀ ਨੇ ਅਤੇ ਸੱਥ ਦੇ ਮੈਂਬਰਾਂ ਦੀ ਖੇਤ ਮਜ਼ਦੂਰਾਂ ਤੇ ਨਸਲਵਾਦ ਦੇ ਘੋਲਾਂ ਵਿਚ ਸ਼ਮੂਲੀਅਤ ਕਰਕੇ ਸੱਥ ਦੇ ਸਥਾਨਕ ਮਜ਼ਦੂਰ ਜਥੇਬੰਦੀਆਂ ਨਾਲ ਬੜੇ ਨੇੜਲੇ ਸਬੰਧ ਪੈਦਾ ਕਰ ਦਿੱਤੇ ਸਨ। ਵੈਨਕੂਵਰ ਵਿਚ 1988 ਵਿਚ ਸ਼ੁਰੂ ਹੋਏ "ਮਈਵਰਕਸ" ਨਾਂ ਦੇ ਸਲਾਨਾ ਮੇਲੇ ਵਿਚ ਸੱਥ ਨੂੰ ਆਪਨੇ ਨਾਟਕ ਪੇਸ਼ ਕਰਨ ਦਾ ਸੱਦਾ ਮਿਲਿਆ। ਅਸੀਂ ਸੱਥ ਵਲੋਂ ਖੇਤ ਮਜ਼ਦੂਰਾਂ ਬਾਰੇ ਨਾਟਕ "ਪਿਕਟ ਲਾਈਨ" ਦੇ ਨਾਲ ਇਕ ਨਵਾਂ ਨਾਟਕ "ਜ਼ਹਿਰ ਦੀ ਫਸਲ" ਲਿਖਿਆ ਤੇ ਤਿਆਰ ਕੀਤਾ। ਇਹ ਦੋਵੇ ਨਾਟਕ ਮਾਰਚ 1988 ਵਿਚ ਬੀ. ਸੀ. ਦੇ ਵੱਖ ਵੱਖ ਸ਼ਹਿਰਾਂ ਵਿਚ ਇਕ ਖੇਤ ਮਜ਼ਦੂਰਾਂ ਦੀ ਜਥੇਬੰਦੀ ਨਾਲ ਰਲ ਕੇ ਇਕ ਟੂਰ ਵਜੋਂ ਪੰਜਾਬੀ ਵਿਚ ਪੇਸ਼ ਕੀਤੇ ਗਏ। ਇਸ ਟੂਰ ਦੇ ਅਖੀਰ 'ਤੇ ਇਹ ਦੋਵੇ ਨਾਟਕ ਅੰਗਰੇਜ਼ੀ ਵਿਚ ਵੈਨਕੂਵਰ ਦੇ "ਮਈਵਰਕਸ" ਵਿਚ ਪੇਸ਼ ਕੀਤੇ ਗਏ। ਅੰਗਰੇਜ਼ੀ ਵਿਚ ਹੋਣ ਕਰਕੇ ਇਹਨਾਂ ਨੂੰ ਅੰਗਰੇਜ਼ੀ ਮੀਡੀਏ ਵਿਚ ਕਾਫੀ ਭਰਵਾਂ ਹੁੰਗਾਰਾ ਮਿਲਿਆ।
ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਨਾਟਕਾਂ ਦੇ ਨਾਲ ਨਾਲ ਸੱਥ ਦੀਆਂ ਹੋਰ ਸਰਗਰਮੀਆਂ ਵੀ ਜਾਹਰੀ ਰਹਿੰਦੀਆਂ ਸਨ। 1988 ਵਿਚ ਸੱਥ ਨੇ ਨਾਵਲ ਮਲੂਕਾ ਦਾ ਅਨੁਵਾਦ ਕਰ ਕੇ ਛਪਵਾਇਆ ਅਤੇ ਇਸਦੇ ਲੇਖਕ ਸਾਧੂ ਸਿੰਘ ਧਾਮੀ ਨੂੰ ਜੋ ਸਵਿਟਜ਼ਰਲੈਂਡ ਰਹਿੰਦੇ ਹਨ, ਕਨੇਡਾ ਸੱਦਿਆ। ਮਲੂਕਾ ਨਾਵਲ 'ਤੇ ਅਧਾਰਿਤ ਇਕ ਨਾਟਕ "ਮਲੂਕੇ ਦਾ ਪਹਿਲਾ ਵਿਸ਼ਵ ਵਿਦਿਆਲੀ" ਵੀ ਤਿਆਰ ਕੀਤਾ ਗਿਆ ਅਤੇ ਨਾਵਲ ਦੇ ਰੀਲੀਜ਼ ਸਮਾਗਮ ਸਮੇਂ ਪੇਸ਼ ਕੀਤਾ ਗਿਆ। ਇਸ ਕਾਰਜ ਪਿਛੇ ਹੋਰ ਚੀਜ਼ਾਂ ਦੇ ਨਾਲ ਨਾਲ ਇਕ ਮਨਸ਼ਾ ਇਹ ਵੀ ਸੀ ਕਿ ਕਨੇਡਾ ਵਿਚ ਪਹਿਲੀਆਂ ਵਿਚ ਆਏ ਲੋਕਾਂ ਦੀ ਅੱਜ ਦੀ ਪੰਜਾਬੀ ਕਮਿਊਨਿਟੀ ਵਿਚ ਜਾਣਪਛਣ ਕਰਾਈ ਜਾਵੇ। ਸੱਥ ਨੂੰ ਆਪਣੇ ਇਸ ਮਕਸਦ ਵਿਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਹੋਈ।
ਇਸੇ ਤਰ੍ਹਾਂ ਸਾਲ 1989 ਨੂੰ ਕਾਮਾਗਾਟਾ ਮਾਰੂ ਦੀ ਪਝੱਤਰਵੀਂ ਵਰ੍ਹੇ ਗੰਢ ਮਨਾਉਣ ਦੇ ਸੰਬੰਧ ਵਿਚ ਸੱਥ ਨੇ ਆਪਣਾ ਯੋਗਦਾਨ ਪਾਇਆ। ਇਸ ਸੰਬੰਧੀ ਖੋਜ ਕਰਕੇ ਕੁਝ ਪੁਰਾਣੇ ਪਹਿਲਾਂ ਅਣਛਪੇ ਦਸਤਾਵੇਜ ਲੱਭੇ ਗਏ ਅਤੇ ਉਹਨਾਂ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ। ਕਾਮਾਗਾਟਾ ਮਾਰੂ ਸੰਬੰਧੀ ਤਸਵੀਰਾਂ ਦੀ ਨੁਮਾਇਸ਼ ਤਿਆਰ ਕੀਤੀ ਗਈ ਜਿਸ ਨੂੰ ਕਨੇਡਾ ਭਰ ਵਿਚ ਦਿਖਾਇਆ ਗਿਆ। ਇਸ ਨੁਮਾਇਸ਼ ਨੂੰ ਵੈਨਕੂਵਰ ਦੀ ਸਿਟੀ ਕਾਉਂਸਲ ਵਲੋਂ ਹੈਰੀਟੇਜ ਅਵਾਰਡ ਵੀ ਦਿੱਤਾ ਗਿਆ। ਕਾਮਾਗਾਟਾ ਮਾਰੂ 'ਤੇ ਅਧਾਰਿਤ ਇਕ ਨਾਟਕ "ਸਮੁੰਦਰੀ ਸ਼ੇਰ ਨਾਲ ਟੱਕਰ" ਵੀ ਲਿਖਿਆ ਗਿਆ। ਸੱਥ ਦਾ ਇਹ ਇਕੋ ਇਕ ਨਾਟਕ ਹੈ ਜੋ ਅਜੇ ਤੱਕ ਖੇਡਿਆ ਨਹੀਂ ਗਿਆ।
ਕਾਮਾਗਾਟਾ ਮਾਰੂ ਦੇ ਸੰਬੰਧ ਵਿਚ ਹੀ ਵਤਨ ਦਾ ਪਹਿਲਾ ਅੰਕ ਇਕ ਵਿਸ਼ੇਸ਼ ਅੰਕ ਦੇ ਤੌਰ 'ਤੇ ਕੱਢਿਆ ਗਿਆ ਜੋ ਇਸ ਵਿਚਲੀ ਸਮੱਗਰੀ ਦੀ ਮਹੱਤਤਾ ਕਰਕੇ ਸਾਂਭਂਯੋਗ ਦਸਤਾਵੇਜ ਬਣ ਗਿਆ। ਇਹ ਮੈਗਜ਼ੀਨ ਪਿਛਲੇ ਕੁਝ ਸਾਲਾਂ ਤੋਂ ਬੰਦ ਹੋ ਚੁੱਕੇ ਵਤਨੋਂ ਦੂਰ ਨੂੰ ਹੀ ਨਵੇਂ ਸਿਰਿਓਂ ਸ਼ੁਰੂ ਦੀ ਕੋਸ਼ਿਸ਼ ਸੀ। ਪਰ ਅਸੀਂ ਇਸ ਦਾ ਨਾਂ ਬਦਲਣ ਦਾ ਫੈਸਲਾ ਕਰ ਲਿਆ ਕਿਉਂਕਿ ਪਹਿਲਾ ਨਾਂ ਹੁਣ ਸਾਡੀਆਂ ਭਾਵਨਾਵਾਂ ਦੀ ਪੂਰੀ ਤਰ੍ਹਾਂ ਤਰਜ਼ਮਾਨੀ ਨਹੀਂ ਸੀ ਕਰਦਾ।

ਅੰਗਰੇਜ਼ੀ ਵਿਚ ਨਾਟਕ "ਏ ਲੈਸਨ ਆਫ ਏ ਡਿਫਰੈਂਟ ਕਾਈਂਡ" ਤੇ "ਨਾਟ ਏ ਸਮਾਲ ਮੈਟਰ"
ਇਥੇ ਪੰਜਾਬੀਆਂ ਬਹੁ ਸੰਖਿਆ ਲੋਕ ਦਫਤਰਾਂ ਅਤੇ ਘਰਾਂ ਦੀ ਸਫਾਈ ਕਰਨ ਦੇ ਕਿੱਤੇ ਵਿਚੋਂ ਆਪਣੀ ਰੋਟੀ ਕਮਾਉਂਦੇ ਹਨ। ਇਸ ਕਿੱਤੇ ਵਿਚ ਵੀ ਖੇਤੀ ਬਾੜੀ ਦੇ ਕਿੱਤੇ ਵਾਂਗ ਹੀ ਆਪਣੇ ਲੋਕਾਂ ਦੀ ਆਪਣੇ ਲੋਕਾਂ ਹੱਥੋਂ ਹੀ ਲੁੱਟ ਖਸੁੱਟ ਹੁੰਦੀ ਹੈ। ਨਾਟਕ "ਏ ਲੈਸਨ ਆਫ ਏ ਡਿਫਰੈਂਟ ਕਾਈਂਡ" (ਸਾਧੂ ਬਿਨਿੰਗ) ਮਜ਼ਦੂਰਾਂ ਦੇ ਇਸ ਹਿੱਸੇ ਉਪਰ ਰੌਸ਼ਨੀ ਪਉਂਦਾ ਹੈ। ਇਹ ਨਾਟਕ ਪਿਛਲੇ ਡੇੜ ਸਾਲ ਵਿਚ ਪੰਜ ਵਾਰ ਖੇਡਿਆ ਜਾ ਚੁੱਕਾ ਹੈ।
ਘਰਾਂ ਵਿਚ ਔਰਤਾਂ ਉਪਰ ਹੁੰਦੇ ਤਸ਼ੱਦਦ ਬਾਰੇ ਸੱਥ ਦੇ ਮੈਂਬਰਾਂ ਅੰਜੂ ਹੁੰਦਲ, ਜਗਦੀਸ਼ ਬਿਨਿੰਗ, ਹਰਜਿੰਦਰ ਸਾਂਗਰਾ, ਸੁਖਵੰਤ ਹੁੰਦਲ ਤੇ ਸਾਧੂ ਬਿਨਿੰਗ ਵਲੋਂ ਨਾਟਕ "ਨਾਟ ਏ ਸਮਾਲ ਮੈਟਰ" (ਨਿੱਕੀ ਜਿਹੀ ਗੱਲ ਨਹੀਂ) ਲਿਖਿਆ ਗਿਆ। ਇਸ ਨਾਟਕ ਨੂੰ ਪੰਜਾਬੀ ਵਿਚ ਇਕ ਵੀਡੀਓ ਡਰਾਮੇ ਦੇ ਤੌਰ 'ਤੇ ਰੀਕਾਰਡ ਕੀਤਾ ਗਿਆ ਹੈ ਅਤੇ ਅੰਗਰੇਜ਼ੀ ਵਿਚ ਇਕ ਵਾਰ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਨੂੰ ਅੰਗਰੇਜ਼ੀ ਵਿਚ ਕਰਨ ਲਈ ਸੱਥ ਕੋਲ ਕੁਝ ਸੱਦੇ ਪਹੁੰਚ ਚੁੱਕੇ ਹਨ, ਜਿਹਨਾਂ ਵਿਚ ਇਸ ਨੂੰ ਅਕਤੂਬਰ ਵਿਚ ਵੈਨਕੂਵਰ ਵਿਖੇ ਦੋ ਵਾਰ ਖੇਡਣ ਦਾ ਸੱਦਾ ਵੀ ਹੈ।
ਨੋਟ:
* ਇਸ ਲੇਖ ਵਿਚ ਚਰਚਾ ਅਧੀਨ ਆਏ ਸੱਥ ਦੇ ਨਾਟਕ "ਪਿਕਟ ਲਾਈਨ", "ਲੱਤਾਂ ਦੇ ਭੂਤ", "ਹਵੇਲੀਆਂ ਤੇ ਪਾਰਕਾਂ", "ਕਿਹਦਾ ਵਿਆਹ", "ਜ਼ਹਿਰ ਦੀ ਫਸਲ", "ਮਲੂਕੇ ਦਾ ਪਹਿਲਾ ਵਿਸ਼ਵ ਵਿਦਿਆਲਿਆ", "ਸਮੁੰਦਰੀ ਸ਼ੇਰ ਨਾਲ ਲੜਾਈ" ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਦੇ ਲਿਖੇ ਹੋਏ ਹਨ।
** ਇਸ ਲੇਖ ਵਿਚ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਨੂੰ ਗੈਰ-ਜਜ਼ਬਾਤੀ ਪੱਧਰ 'ਤੇ ਰੱਖਿਆ ਜਾਵੇ ਜੋ ਕਿ ਇੰਨਾ ਸੁਖਾਲਾ ਕੰਮ ਨਹੀਂ ਹੈ। ਕੋਸ਼ਿਸ਼ ਰਹੀ ਹੈ ਕਿ ਵਿਅਕਤੀਗਤ ਪੱਧਰ ਤੋਂ ਗੱਲ ਉਪਰ ਰਹੇ, ਇਸੇ ਕਰਕੇ ਘੱਟ ਤੋਂ ਘੱਟ ਨਾਂ ਵਰਤੇ ਹਨ ਅਤੇ ਜਿਹਨਾਂ ਦੇ ਨਾਂ ਇਸ ਵਿਚ ਨਹੀਂ ਆਏ ਪਰ ਆਉਣੇ ਚਾਹੀਦੇ ਸਨ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ।

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346