ਲੋਕ ਕਵੀ ਗੁਰਦਾਸ ਰਾਮ ਆਲਮ
ਦਵਿੰਦਰ ਸਿੰਘ (ਡਾ:)
 

 

ਦਲਿਤ ਪਿਛੋਕੜ ਅਤੇ ਪ੍ਰਗਤੀਵਾਦੀ ਪਹੁੰਚ ਵਾਲਾ ਕਵੀ ਗੁਰਦਾਸ ਰਾਮ ਆਲਮ ਪ੍ਰਸਿੱਧੀ ਨੂੰ ਪ੍ਰਾਪਤ ਸ਼ਾਇਰਾਂ ਪ੍ਰੋ: ਮੋਹਨ ਸਿੰਘ ਅਤੇ ਸਿ਼ਵ ਕੁਮਾਰ ਬਟਾਲਵੀ ਦਾ ਸਮਕਾਲੀ ਸੀ। ਐਪਰ ਉਸ ਦੀ ਕਾਵਿ-ਰਚਨਾ ਦਾ ਜਿ਼ਕਰ ਪੰਜਾਬੀ ਕਵਿਤਾ ਦੀ ਇਤਿਹਾਸਕਾਰੀ ਵਿਚ ਨਾ-ਮਾਤਰ ਹੀ ਹੋਇਆ ਹੈ, ਜਦਕਿ ਉਸ ਦੀ ਸਮੁੱਚੀ ਕਵਿਤਾ ਪ੍ਰਗਤੀਵਾਦੀ ਲਹਿਰ ਦੀ ਪ੍ਰਤੀਨਿਧ ਰਚਨਾ ਵਿਚੋਂ ਸੀ। ਆਲਮ ਦੀਆਂ ਚਾਰ ਕਾਵਿ-ਪੁਸਤਕਾਂ 'ਜੇ ਮੈਂ ਮਰ ਗਿਆ' 'ਅੱਲੇ-ਫੱਟ', 'ਉੱਡਦੀਆਂ ਧੂੜਾਂ', ਅਤੇ 'ਆਪਣਾ ਆਪ' ਇਹ ਗਵਾਹੀ ਭਰਦੀਆਂ ਹਨ ਕਿ ਉਸ ਨੇ ਥੁੜਾਂ-ਮਾਰੀ ਲੋਕਾਈ ਦੇ ਦਰਦ ਦੀ ਗੱਲ ਬੜੇ ਪ੍ਰਭਾਵਕਾਰੀ ਢੰਗ ਨਾਲ ਕਹੀ। ਉਸ ਨੇ ਲੋਟੂ ਢਾਂਚੇ ਦੇ ਵਿਰੁੱਧ, ਆਪਣੀ ਕਵਿਤਾ ਦੇ ਮਾਧਿਅਮ ਰਾਹੀਂ, ਆਵਾਜ਼ ਲਾਮਬੰਦ ਕਰਨ ਦਾ ਉਪਰਾਲਾ ਕੀਤਾ ਅਤੇ ਚੁਫੇਰੇ ਫੈਲੇ ਹੋਏ ਕੂੜ-ਯਥਾਰਥ ਦਾ ਪਾਜ ਉਘੇੜਿਆ।


ਆਲਮ ਦਲਿਤ ਪਰਿਵਾਰ ਵਿਚ ਪ੍ਰਵਾਨ ਚੜ੍ਹਿਆ ਪਰ ਇਹ ਉਸ ਦੀ ਨਿਝੱਕਤਾ ਅਤੇ ਨਿਡਰਤਾ ਦਾ ਸਬੂਤ ਸੀ ਕਿ ਉਸ ਨੇ ਵਿਭਿੰਨ ਮਸਲਿਆਂ ਨੂੰ ਲੈ ਕੇ ਬੇਬਾਕ ਹੋਕੇ ਲਿਖਿਆ। ਧਰਮ, ਜਾਤ, ਔਰਤ, ਆਜ਼ਾਦੀ, ਵਿਵਸਥਾ ਆਦਿ ਬਾਰੇ ਉਸਦੀ ਕਵਿਤਾ ਦਾ ਸੱਚ ਕਦੀ ਵੀ ਤਿਲਕਣਬਾਜ਼ੀ ਚ ਨਹੀਂ ਪਿਆ। ਜਿ਼ੰਦਗੀ ਵਿਚ ਆਲਮ ਨੇ ਕਿਸੇ ਵੀ ਤਕੜੀ ਧਿਰ ਨਾਲ ਸਮਝੌਤਾ ਨਹੀਂ ਸੀ ਕੀਤਾ ਅਤੇ ਹਮੇਸ਼ਾਂ ਲੋਕ-ਧਿਰ ਦੇ ਸੱਚ ਨੂੰ ਹੀ ਆਪਣੇ ਕਾਵਿ ਦਾ ਵਿਸ਼ਾ ਬਣਾਇਆ। ਐਪਰ ਅਫਸੋਸ ਵਾਲੀ ਗੱਲ ਹੈ ਕਿ ਇਕ ਕਵੀ ਵਜੋਂ ਆਲਮ ਨੂੰ ਪੰਜਾਬੀ ਸਾਹਿਤ-ਆਲੋਚਨਾ ਵਿਚ ਲਗਪਗ ਅਣਗੌਲਿਆ ਹੀ ਕੀਤਾ ਗਿਆ ਹੈ ਜਾਂ ਫਿਰ ਵੱਧ ਤੋਂ ਵੱਧ ਉਸ ਨੂੰ ਸਟੇਜੀ ਕਵੀ ਮੰਨ ਕੇ ਉਸ ਦੀ ਰਚਨਾ ਨੂੰ ਹਾਸ-ਰਸੀ ਕਵਿਤਾਵਾਂ ਨਾਲ ਤੁਲਨਾਇਆ ਜਾਂਦਾ ਰਿਹਾ ਹੈ। ਸੱਚ ਇਹ ਹੈ ਕਿ ਆਲਮ ਸਮੇਂ ਦੇ ਸਮਾਜ ਦੀ ਅੱਖ ਵਿਚ ਰੜਕ ਸੀ। ਦਲਿਤ ਸਮਾਜ ਬਾਰੇ ਜਿੰਨਾ ਕੌੜਾ ਸੱਚ ਉਸ ਨੇ ਕਵਿਤਾ ਰਾਹੀਂ ਸਾਹਵੇਂ ਲਿਆਂਦਾ, ਉਸ ਨੂੰ ਵੇਖਣ ਸੁਣਨ ਦੀ ਸ਼ਕਤੀ ਵੇਲੇ ਦੇ ਸਮਾਜ ਵਿਚ ਨਹੀਂ ਸੀ। ਆਲਮ ਦੀ ਸ਼ਾਇਰੀ ਦਾ ਉਦੇਸ਼ ਜਨਤਾ ਵਿਚ ਜਾਨ ਪਾਉਣਾ, ਉਸਨੂੰ ਜਥੇਬੰਦ ਕਰਨਾ ਅਤੇ ਆਪਣੇ ਹੱਕਾਂ ਉਤੇ ਪਹਿਰਾ ਦੇਣਾ ਸੀ। ਉਹ ਸਪਸ਼ਟ ਕਹਿੰਦਾ ਹੈ:


ਮੇਰਾ ਕੰਮ ਹੈ ਜਨਤਾ ਚ ਜਾਨ ਪਾਉਣਾ
'ਆਲਮ ਸ਼ਾਇਰ ਹਾਂ, ਭੰਡ ਮਰਾਸੀ, ਨਹੀਂ ਮੈਂ। (ਮੇਰਾ ਕੰਮ)


ਸੱਚ ਕਹਿਣ ਦੀ ਮੇਰੀ ਆਦਤ ਹੈ, ਮੈਂ ਵਲ ਪਾ ਕੇ ਗੱਲ ਕਰਦਾ ਨਹੀਂ
ਆਸ਼ਕ ਹਾਂ ਜੁਗ ਪਲਟਾਊ ਦਾ, ਗੱਦਾਰ ਨੂੰ ਖੁਸ਼ ਨਹੀਂ ਕਰ ਸਕਦਾ। (ਮੈਂ ਸ਼ਾਇਰ ਹਾਂ)


ਭਾਰਤੀ ਸਮਾਜ ਬ੍ਰਾਹਮਣਵਾਦੀ ਵਿਵਸਥਾ ਉਪਰ ਆਧਾਰਤ ਸਮਾਜ ਹੈ। ਦਲਿਤ ਲੋਕਾਂ ਨੂੰ ਸਮਾਜ ਵਿਚ ਹਮੇਸ਼ਾਂ ਹੀ ਸਵਰਨ ਜਾਤੀਆਂ ਵਲੋਂ ਪਉੜੀ ਦਾ ਹੇਠਲਾ ਡੰਡਾ ਸਮਝਿਆ ਜਾਂਦਾ ਹੈ ਅਤੇ ਇਹ ਗੱਲ ਮੰਨਣ ਵਿਚ ਵੀ ਸਾਨੂੰ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਸਮਾਜ ਦੇ ਨਾਲ-ਨਾਲ ਸਾਹਿਤ ਉਤੇ ਵੀ ਬ੍ਰਾਹਮਨਵਾਦ ਦੀ ਪਰਛਾਈਂ ਰਹੀ ਹੈ। ਇਕ ਆਮ ਆਦਮੀ ਵਾਂਗ ਕਵੀ ਆਲਮ ਵੀ ਸ਼੍ਰੇਣੀ ਸਮਾਜ ਦੇ ਜ਼ਬਰ ਦਾ ਸਿ਼ਕਾਰ ਸੀ। ਐਪਰ ਜਿ਼ੰਦਗੀ ਦੀਆਂ ਤਲਖ ਹਕੀਕਤਾਂ ਨੇ ਉਸ ਦੀ ਅਣਖ ਨੂੰ ਮਾਰਨ ਦੀ ਬਜਾਏ ਹੋਰ ਪ੍ਰਚੰਡ ਕੀਤਾ। ਅੰਤਿਮ ਸਵਾਸਾਂ ਤਕ ਉਹ ਕੋਝੇ ਨਿਜ਼ਾਮ, ਫਿਰਕਾਪ੍ਰਸਤੀ, ਅਖੌਤੀ ਲੋਕਤੰਤਰ, ਉੱਚ-ਵਰਗ, ਫੋਕੇ ਕਰਮ-ਕਾਂਡ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਸੱਚ ਨੂੰ ਸੱਚ ਨਾ ਕਹਿਣ ਵਾਲੇ ਲੋਕਾਂ ਵਿਰੁੱਧ ਲੜਦਾ ਰਿਹਾ। ਤੰਗਦਸਤੀਆਂ ਦੀ ਮਾਰ ਸਹਿੰਦਿਆਂ ਕਿਸੇ ਅੱਗੇ ਉਸਨੇ ਹੱਥ ਨਹੀਂ ਅੱਡੇ। ਉਸ ਦਾ ਅਨੁਭਵ-ਬੋਧ ਸਮਕਾਲੀ ਸਮਾਜ ਅੰਦਰ ਫੈਲੇ ਕੂੜ-ਕਬਾੜ ਨੂੰ ਸਮੇਟਣ ਲਈ ਯਤਨਸ਼ੀਲ ਰਿਹਾ। ਇਕ ਲੋਕ ਕਵੀ ਵਜੋਂ ਉਸ ਨੇ ਦੇਸ਼ ਦੀ ਜਨਤਾ ਦੇ ਹੱਕ ਵਿਚ ਅਤੇ ਲੋਟੂ ਢਾਚੇ ਵਿਰੁੱਧ ਆਵਾਜ਼ ਲਾਮਬੰਦ ਕੀਤੀ।


ਆਲਮ ਨੇ ਅਜਿਹੀ ਕਾਵਿ-ਸਿਰਜਣਾ ਕੀਤੀ ਜਿਸ ਵਿਚ ਜੀਵਨ-ਸੱਚ ਦਾ ਛੁਪਿਆ ਰਹੱਸ ਵੀ ਹੈ, ਮਿਹਨਤਕਸ਼ ਜਮਾਤ ਦੀਆਂ ਉਮੰਗਾਂ ਅਤੇ ਸੱਧਰਾਂ ਵੀ ਹਨ, ਅਤੇ ਇਸ ਜਮਾਤ ਦੇ ਇਨਕਲਾਬ ਦੇ ਹਾਣੀ ਬਣਨ ਦੀ ਸਮਰਥਾ ਦਾ ਸੰਕੇਤ ਵੀ ਹੈ। ਉਸ ਦੀ ਕਵਿਤਾ ਦਾ ਸੁਰ ਕਿਰਤੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਘਾੜਨ ਅਤੇ ਹੱਲ ਸੁਝਾਉਣ ਵਿਚ ਨਿਹਿਤ ਹੈ। ਉਹ ਕਵਿਤਾ ਨੂੰ ਚਿੰਤਨ ਨਾਲ ਜੋੜ ਕੇ ਇਸ ਨੂੰ ਇਕ ਹਥਿਆਰ ਵਜੋਂ ਲੈਂਦਾ ਹੈ। ਅਪਣੇ ਜੀਵਨ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਕ ਪਕਿਆਈ ਦਾ ਸਬੂਤ ਦੇਂਦਿਆਂ ਆਲਮ ਕਹਿੰਦਾ ਹੈ:ਸ਼ਾਇਰ ਓਹੀ ਜਹਾਨ ਤੇ ਹੋ ਸਕਦਾ, ਜੋ ਸੋਨਾ ਸੋਨੇ ਨੂੰ, ਕੱਚ ਨੂੰ ਕੱਚ ਆਖੇ।
ਕਰੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ, ਠੀਕ ਠੀਕ ਤੇ ਖੱਚ ਨੂੰ ਖੱਚ ਆਖੇ।
ਜੋ ਕੁਝ ਕਹਿਣਾ ਉਹ ਕਵ੍ਹੇ ਨਿਧੜਕ ਹੋ ਕੇ, ਟੱਪ-ਟੱਪ ਆਖੇ, ਨੱਚ-ਨੱਚ ਆਖੇ।
'ਆਲਮ ਓਸੇ ਦੀ ਰਹੇਗੀ ਅਮਰ ਕਵਿਤਾ, ਜੋ ਝੂਠ ਨੂੰ ਝੂਠ, ਤੇ ਸੱਚ ਨੂੰ ਸੱਚ ਆਖੇ। (ਸ਼ਾਇਰ)
ਕਿਰਤੀ ਜਮਾਤ ਸਮਾਜਕ ਕਾਣੀ-ਵੰਡ ਅਤੇ ਆਰਥਿਕ ਲੁੱਟ-ਖਸੁੱਟ ਕਰਕੇ ਆਪਣੀਆਂ ਰੋਜ਼ਮੱਰਾ ਦੀਆਂ ਜੀਵਨ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੀ। ਮਜ਼ਦੂਰ ਦੀਆਂ ਆਰਥਿਕ ਥੁੜ੍ਹਾਂ ਤੇ ਮਜਬੂਰੀਆਂ ਅਤੇ ਮਨੁੱਖ ਦੀਆਂ ਭਾਵੁਕ ਤਾਂਘਾਂ ਦੇ ਹਵਾਲੇ ਨਾਲ ਜੀਵਨ ਦੀ ਮਾਰਮਿਕ ਤਸਵੀਰਕਸ਼ੀ ਆਲਮ ਦੀ ਕਵਿਤਾ ਵਿਚ ਥਾਂ-ਥਾਂ ਵਿਦਮਾਨ ਹੈ:


ਕਣਕਾਂ ਦੇ ਝਾੜ ਵਧ ਗਏ, ਉਹਤੋਂ ਵੱਧ ਵਧ ਗਈ ਮਹਿੰਗਾਈ।
ਔਖਾ ਹੋਇਆ ਢਿੱਡ ਤੋਰਨਾ, ਦੱਸੋ ਕਿਥੋਂ ਮੈਂ ਭਰਾ ਦਿਆਂ ਰਜਾਈ।
ਉਤੇ ਲੈ ਕੇ ਸੌਂਦਾ ਚਾਦਰੀ, ਹੇਠਾਂ ਬੋਰੀਆਂ ਦੇ ਤੱਪੜ ਵਿਛਾਂਦਾ। (ਮਜ਼ਦੂਰ ਦਾ ਗੀਤ)


ਆਲਮ ਆਪਣੀ ਸਮੁੱਚੀ ਕਵਿਤਾ ਵਿਚ ਮੁੱਢੋਂ-ਸੁੱਢੋਂ ਤਬਦੀਲੀ ਚਾਹੁਣ ਵਾਲੇ ਸ਼ਖਸ ਦੇ ਰੂਪ ਵਿਚ ਪੇਸ਼ ਹੋਇਆ ਹੈ। ਉਹ ਅਮੀਰੀ-ਗਰੀਬੀ ਵਿਚਲੇ ਪਾੜੇ ਦੇ ਖਾਤਮੇ ਲਈ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਸੀ। ਮਨੁੱਖ ਦੀਆਂ ਮੁੱਢਲੀਆਂ ਲੋੜ੍ਹਾਂ ਦੀ ਪੂਰਤੀ ਲਈ ਚਿੰਤਨ ਅਤੇ ਅਮਲ ਨੂੰ ਇਕਸੁਰ ਕਰਨ ਦਾ ਆਵਾਹਣ ਕਰਦਾ ਉਹ ਆਖਦਾ ਹੈ:


ਤੇਰੇ ਸਾਹਵੇਂ ਦੇਸ਼ ਦੀਆਂ, ਹੋਰ ਵੀ ਸਮੱਸਿਆਵਾਂ
ਸਭ ਤੋਂ ਜੋ ਅਹਿਮ ਹੈਨ, ਮਸਲੇ ਮੁਹਾਲ ਤਿੰਨ।
ਭੁੱਖਿਆਂ ਨੂੰ ਰੋਟੀ, ਅਤੇ ਵਿਹਲਿਆਂ ਨੂੰ ਕੰਮ ਮਿਲੇ
ਸਭ ਲਈ ਮਕਾਨ, ਕੋਈ ਔਖੇ ਨਹੀਂ ਸਵਾਲ ਤਿੰਨ। (ਨੌਜਵਾਨ ਨੂੰ)


ਆਲਮ ਨਿਰਸੰਦੇਹ ਦਲਿਤ ਵਰਗ ਦੇ ਜੀਵਨ ਦਾ ਸਫਲ ਚਿਤੇਰਾ ਹੈ। ਦਲਿਤ ਲੋਕਾਂ ਦੇ ਤ੍ਰਾਸਦਿਕ ਜੀਵਨ-ਯਥਾਰਥ ਦੀ ਵੇਦਨਾ ਦਾ ਪ੍ਰਗਟਾਵਾ ਆਪਣੀਆਂ ਰਚਨਾਵਾਂ ਵਿਚ ਉਸ ਨੇ ਇਉਂ ਕੀਤਾ ਹੈ ਕਿ ਜਿਸ ਨੂੰ ਸੁਣ ਕੇ ਸਾਡੀਆਂ ਅੱਖਾਂ ਮੁੰਦ ਹੋ ਜਾਂਦੀਆਂ ਹਨ ਅਤੇ ਸੋਚ ਥੰਮੀ ਜਾਂਦੀ ਹੈ। ਇਹਨਾਂ ਲੋਕਾਂ ਦੇ ਘਰ ਕਿਹੋ ਜਿਹੇ ਹਨ? ਖੁੱਡਿਆਂ ਵਰਗੇ। ਇਹ ਲੋਕ ਪਸ਼ੂਆਂ ਵਰਗਾ ਅਣਮਨੁੱਖੀ ਨਰਕੀ ਜੀਵਨ ਬਸਰ ਕਰਦੇ ਹਨ। ਆਲਮ ਦੀ ਰਚਨਾ ਦਲਿਤ ਜੀਵਨ ਨਾਲ ਜੁੜੇ ਇਸ ਤਰ੍ਹਾਂ ਦੇ ਦੁਖਾਂਤਕ ਵੇਰਵਿਆਂ, ਵਰਤਾਰਿਆਂ ਦਾ ਵਰਨਣ ਕਰਦੀ ਹੋਈ ਹੱਡੀ-ਹੰਢਾਏ ਅਨੁਭਵ ਵਜੋਂ ਨਿੱਜ ਤੋਂ ਸਮੂਹ ਵੱਲ ਸਫਰ ਤੈਅ ਕਰਦੀ ਹੈ:


ਹਰ ਘਰ ਦੀ ਅਣਲਿੱਪੀ ਕੰਧ ਹੈ, ਅੰਦਰ ਵਿਹੜੇ ਕੋਠੇ ਗੰਦ ਹੈ।
ਮੰਜੇ ਹੇਠ ਅਲਾਣੇ ਸਭ ਦੇ, ਉਪਰ ਜੁੱਲ ਪੁਰਾਣੇ ਸਭ ਦੇ।
ਵਿੰਗ ਚਿੱਬੇ ਬਰਤਣ ਭਾਂਡੇ, ਕੋਠੀਆਂ ਦੇ ਵਿਚ ਪਾਥੀਆਂ ਟਾਂਡੇ।
ਤੇੜ ਪਜਾਮੇ ਹੰਢੇ ਹੋਏ ਨੇ, ਝੱਗੇ ਸਭ ਦੇ ਗੰਢੇ ਹੋਏ ਨੇ।
ਬੂਹਿਆਂ ਮੁੱਢ ਸੁਆਹ ਦੀ ਢੇਰੀ, ਗੰਦ ਬੱਚਿਆਂ ਦਾ ਵੱਖਰੀ ਢੇਰੀ।
ਡੰਗ ਦੇ ਡੰਗ ਲਿਆਉਣ ਦਾਣੇ, ਰੁਲਣ ਅਵਾਰਾ ਅਨਪੜ੍ਹ ਨਿਆਣੇ।
ਬੁੜ੍ਹੇ ਬੁੜ੍ਹੀਆਂ ਕਮਾਈਆਂ ਕਰਕੇ, ਕਦੇ ਨਹੀਂ ਸੌਂਦੇ ਢਿੱਡ ਨੂੰ ਭਰ ਕੇ। (ਸਾਡਾ ਘਰ)


ਇਹ ਭਾਰਤੀ ਸਮਾਜ ਦੀ ਹੋਣੀ ਰਹੀ ਹੈ ਕਿ ਇਥੋਂ ਦੀਆਂ ਕਿਰਤੀ ਜਮਾਤਾਂ ਆਪਣੇ ਹੱਕਾਂ ਲਈ ਜੂਝਦੀਆਂ ਹੋਈਆਂ ਜਾਤਾਂ ਦੀਆਂ ਤੰਗ ਵਲਗਣਾਂ ਵਿਚ ਘਿਰ ਕੇ ਸਾਂਝੀ ਜਮਾਤੀ ਸੋਚ ਤੋਂ ਬਹੁਤ ਉਰੇ ਰਹਿ ਜਾਂਦੀਆਂ ਹਨ। ਆਲਮ ਭੁਲੇਖੇ ਦੇ ਅਜਿਹੇ ਜਾਲ ਦੀਆਂ ਤੰਦਾਂ ਨੂੰ ਕੱਟਦਾ ਹੋਇਆ ਲੋਕਾਈ ਨੂੰ ਜਮਾਤੀ ਸੂਝ ਪ੍ਰਤਿ ਸੁਚੇਤ ਕਰਦਾ ਹੈ। ਉਹ ਦਲਿਤ ਲੋਕਾਂ ਅੰਦਰ ਸਦੀਆਂ ਤੋਂ ਗੁਆਚੀ ਆਤਮ-ਸਨਮਾਨ ਦੀ ਭਾਵਨਾ ਮੁੜ ਸੁਰਜੀਤ ਕਰਨ ਦੀ ਕੋਸਿ਼ਸ਼ ਕਰਦਾ ਹੈ ਅਤੇ ਜਾਤੀਵਾਦ ਦੇ ਗੁਲਾਮੀ ਵਾਲੇ ਜੂਲੇ ਨੂੰ ਪਰ੍ਹੇ ਵਗਾਹ ਸੁੱਟਣ ਲਈ ਦਲਿਤ ਲੋਕਾਈ ਅੰਦਰ ਇਕ ਨਵਾਂ ਜੋਸ਼ ਪੈਦਾ ਕਰਦਾ ਹੈ। ਉਹ ਜਾਤੀਵਾਦ ਦੀਆਂ ਭੈੜੀਆਂ ਰੀਤਾਂ ਨੂੰ ਸਿਰਫ ਵੰਗਾਰਦਾ ਹੀ ਨਹੀਂ ਸਗੋਂ ਇਸ ਦੇ ਖਾਤਮੇ ਦਾ ਇਲਾਜ ਵੀ ਦਸਦਾ ਹੈ:


ਨਾ ਕੋਈ ਊਚ ਹੈ ਤੇ ਨਾ ਕੋਈ ਨੀਚ ਏਥੇ,
ਛੂਤ ਛਾਤ ਸਭ ਤੇਰੀ ਕਮਜ਼ੋਰੀ ਦੀ ਏ।
ਤੂੰ ਵੀ ਹੋਰਨਾਂ ਜਿਹਾ ਇਨਸਾਨ ਹੀ ਹੈਂ,
ਮਤਲਬ ਪ੍ਰਸਤੀਆਂ ਵਿਤਕਰੇ ਪਾਏ ਹੋਏ ਨੇ।
ਆਲਮ ਮੰਦਰ ਮਸੀਤਾਂ ਦੇ ਬੌਰ ਲਾ ਕੇ।
ਤੇਰੇ ਜਿਹੇ ਵਿਚ ਬੁੱਧੂ ਫਸਾਏ ਹੋਏ ਨੇ। (ਅਛੂਤ ਦਾ ਇਲਾਜ)


ਤੋੜ ਜਾਲ ਇਹ ਜਾਤਾਂ-ਪਾਤਾਂ ਦੇ, ਕੰਧ ਢਾਹ ਰਸਮਾਂ ਰੀਤਾਂ ਦੀ।
ਹੱਥਾਂ ਵਿਚ ਲੈ ਕੇ ਰਾਜ ਸੱਤਾ, ਕੁੱਲ ਆਲਮਉੱਤੇ ਬੱਜ ਕਰ ਲੈ।
ਕਿਉਂ ਮੁੱਘੜ ਮਾਰੀ ਬੈਠਾ ਏਂ, ਉੱਠ ਦਲਿਤ ਭਰਾਵਾਂ ਚੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ੍ਹ ਕਰ ਲਈਂ ਚਾਹੇ ਅੱਜ ਕਰ ਲੈ। (ਉਲ੍ਹਾਮਾ)


ਆਲਮ ਦੀ ਕਵਿਤਾ ਲੋਕ-ਜੀਵਨ ਦੀ ਉਪਜ ਹੋਣ ਕਰਕੇ ਇਸ ਵਿਚ ਜੁਲਾਹੇ, ਮੋਚੀ, ਪਥੇਰੇ, ਭੰਗੀ, ਅਥਵਾ ਮਿਹਨਤ ਕਰਨ ਵਾਲੇ ਕਿਰਤੀ ਲੋਕਾਂ ਨੂੰ ਵਿਸ਼ੇਸ਼ ਥਾਂ ਹਾਸਲ ਹੈ। ਸਮਾਜਕ ਸਰੰਚਨਾ ਦੀ ਹਮੇਸ਼ਾਂ ਅਣਦੇਖੀ, ਅਣਗੌਲੀ ਰਹੀ ਸ਼੍ਰੇਣੀ ਦੀਆਂ ਉਲਝੀਆਂ ਤੰਦਾਂ ਦੀਆਂ ਗੰਢਾਂ ਨੂੰ ਖੋਲ੍ਹਣ ਦਾ ਉਸਨੇ ਯਤਨ ਕੀਤਾ ਹੈ। ਫਲਸਰੂਪ ਉਸ ਦੀ ਰਚਨਾ ਆਮ ਲੋਕਾਂ ਦੀ ਗੱਲ ਕਰਦੀ ਹੋਈ ਸਹਿਜੇ ਹੀ ਵਿਲੱਖਣਤਾ ਦੀ ਧਾਰਨੀ ਹੋ ਨਿਬੜਦੀ ਹੈ। ਉਸ ਦੀ ਕਵਿਤਾ, ਹਰ ਉਸ ਇਨਸਾਨ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ ਜਿਸ ਨੂੰ ਸਮਾਜ ਵੱਲੋਂ ਹਰ ਪੱਖ ਤੋਂ ਨਕਾਰਿਆ ਗਿਆ ਹੈ। ਆਲਮ ਦੇ ਇਹਨਾਂ ਗੁਣਾਂ ਦਾ ਧਿਆਨ ਧਰਕੇ ਜੁਝਾਰ ਕਵੀ ਪਾਸ਼ ਨੇ ਉਸ ਬਾਰੇ ਲਿਖਿਆ ਸੀ: ਮੈਨੂੰ ਇਕ ਲੋਕ ਕਵੀ ਦੀ ਸਦੀਵੀ ਭਾਲ ਰਹੀ ਹੈ, ਜੋ ਲੁੱਟੀ ਜਾ ਰਹੀ ਜਨਤਾ ਦਾ ਇਕ ਅੰਗ ਹੋਵੇ ਜੋ ਆਮ ਲੋਕਾਂ ਵਿਚ ਰਹਿੰਦਾ ਹੋਇਆ ਉਹਨਾਂ ਦੀ ਜਿ਼ੰਦਗੀ ਦੇ ਵੀਰਾਨਿਆਂ ਹੰਝੂਆਂ ਅਤੇ ਅਭਾਵਾਂ ਨੂੰ ਉਹਨਾਂ ਦੇ ਨਾਲ ਹੀ ਭੋਗਦਾ ਹੋਇਆ ਇਕ ਸਫਲ ਚਿਤੇਰਾ ਵੀ ਹੋਵੇ। ਗੁਰਦਾਸ ਰਾਮ 'ਆਲਮ' ਬਾਰੇ ਕੁਝ ਏਹੋ ਜਿਹੀ ਚਰਚਾ ਈ ਸੁਣੀਂਦੀ ਸੀ, ਸੁਣਿਆ ਸੀ ਕਿ ਇਕ ਅਨਪੜ੍ਹ ਚਮਾਰ ਜੱਟਾਂ ਜਿ਼ੰਮੀਂਦਾਰਾਂ ਦੇ ਆਡਾਂ ਬੰਨਿਆਂ ਤੋਂ ਘਾਹ ਖੋਤਦਾ ਹੋਇਆ ਕਵਿਤਾ ਜੋੜਦਾ ਰਹਿੰਦਾ ਹੈ। ਸੁਣਿਆ ਸੀ ਉਹਦੀ ਕਵਿਤਾ ਵਿਚ ਦਰਦ, ਜਮਾਤੀ ਨਫਰਤ ਅਤੇ ਰੋਹ ਦਾ ਇਕ ਹੜ੍ਹ ਜਿਹਾ ਹੈ। ਸੁਣਿਆ ਸੀ ਉਹ ਸਟੇਜ ਉਤੇ ਜਾ ਕੇ ਸਟੇਜ ਨੂੰ ਬੱਸ ਆਪਣੇ ਜੋਗੀ ਹੀ ਕਰ ਲੈਂਦਾ ਹੈ। ਤੇ ਜੋ ਕੁਝ ਪਾਸ਼ ਨੇ ਆਲਮ ਬਾਰੇ ਸੁਣਿਆ ਸੀ, ਉਸ ਨੂੰ ਸਾਖਿਆਤ ਰੂਪ ਵਿਚ ਵੇਖਿਆ ਵੀ।


ਪ੍ਰਗਤੀਵਾਦੀ ਕਵਿਤਾ ਜਿੱਥੇ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ ਵਾਲੇ ਤ੍ਰਾਸਦਿਕ ਜੀਵਨ-ਯਥਾਰਥ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ ਉਥੇ ਆਲਮ-ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਨੇ ਸਮਕਾਲੀ ਜੀਵਨ- ਯਤਾਰਥ ਵਿਚਲੀ ਲੋਕ-ਤ੍ਰਾਸਦੀ ਨੂੰ ਬਿਆਨ ਹੀ ਨਹੀਂ ਕੀਤਾ ਬਲਕਿ ਫੈਲੇ ਹੋਏ ਕੂੜ ਯਤਾਰਥ ਦੇ ਪਰਖਚੇ ਵੀ ਉਡਾਏ ਹਨ। ਆਲਮ ਸਮਕਾਲ ਨੂੰ ਸਵਾਲ ਕਰਦਾ ਹੈ ਕਿ ਕਿਰਤੀ ਲੋਕ ਦਿਨ-ਰਾਤ ਮੁਸ਼ੱਕਤ ਕਰਦਿਆਂ ਆਪਣੀਆਂ ਰੋਜ਼ਮੱਰਾ ਦੀਆਂ ਜੀਵਨ-ਲੋੜਾਂ ਦੀ ਪੂਰਤੀ ਵੀ ਕਿਉਂ ਨਹੀਂ ਕਰ ਸਕਦੇ?


ਕਣਕਾਂ, ਜੁਆਰਾਂ, ਛੋਲੇ, ਅੱਜ ਕੌਣ ਖਾ ਗਿਆ ਏ?
ਲੱਖਾਂ ਮਿੱਲਾਂ ਦਾ ਕੱਪੜਾ, ਕਿਹੜਾ ਖਪਾ ਗਿਆ ਏ?
ਹੱਥੀਂ ਬਣਾਏ ਜਿੰਨ੍ਹਾਂ ਮੰਦਰ ਬਥੇਰਿਆਂ ਦੇ,
ਤੌੜੀ, ਕੁਨਾਲੀ, ਆਟਾ, ਭਿਜਦੇ ਪਥੇਰਿਆਂ ਦੇ।
ਬਰਖਾ ਚ ਚੋਂਦੀ ਛੱਪਰ, ਅੱਥਰੂ ਮੈਂ ਪੋਚਦਾ ਆਂ।
ਬਹਿ ਕੇ ਝੁੱਗੀ ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ। (ਮੈਂ ਰੋਜ਼ ਸੋਚਦਾ ਆਂ।)ਸਪਸ਼ਟ ਹੈ ਕਿ ਕਿਰਤੀ ਜਮਾਤ ਸਿਰਫ ਸਿਰਜਣਹਾਰ ਹੈ ਭੋਗਣਹਾਰ ਨਹੀਂ। ਭੋਗਣਾ ਸਿਰਫ ਉਪਰਲੀ ਜਮਾਤ ਦੇ ਹਿੱਸੇ ਹੀ ਆਇਆ ਹੈ। ਕਿਰਤੀਆਂ ਦਾ ਇਸ ਉਤੇ ਅਧਿਕਾਰ ਹੁੰਦਿਆਂ ਵੀ ਅਧਿਕਾਰ ਨਹੀਂ। ਆਲਮ ਕਿਰਤੀ ਜਮਾਤ ਨੂੰ ਇਸ ਅਨਿਆਇ ਦਾ ਅਹਿਸਾਸ ਕਰਵਾਉਂਦਿਆਂ ਉਸ ਦੀ ਨਿਘਰਦੀ ਹਾਲਤ ਬਾਰੇ ਜ਼ੁੰਮੇਵਾਰ ਧਿਰਾਂ ਵੱਲ ਉਂਗਲ ਕਰਦਾ ਸਹੀ ਸ਼ਨਾਖਤ ਕਰਦਾ ਹੈ:


ਲੋਹੜਾ ਰੱਬ ਦਾ ਨਹਿਰਾਂ ਭੀ ਮੈਂ ਪੁੱਟਾਂ,
ਜੇ ਕਰ ਸੜਕਾਂ ਬਣਾਵਾਂ ਤੇ ਤਾਂ ਵੀ ਮੈਂ।
ਸੌ ਸੌ ਲੈਣ ਵਾਲੇ ਬੈਠਣ ਕੁਰਸੀਆਂ ਤੇ,
ਜੇਕਰ ਮਿੱਲਾਂ ਚਲਾਵਾਂ ਤੇ ਤਾਂ ਵੀ ਮੈਂ।
ਇੱਟਾਂ ਪੱਥਾਂ ਵੀ ਮੈਂ ਤੇ ਢੋਵਾਂ ਵੀ ਮੈਂ,
ਜੇਕਰ ਕੰਧਾਂ ਬਣਾਵਾਂ ਤੇ ਤਾਂ ਵੀ ਮੈਂ।
ਰੱਖਾਂ ਧਨੀ ਨੂੰ ਲਾਲੇ ਪੁੱਤ ਵਾਂਗੂੰ,
ਜੇਕਰ ਪੀਹਵਾਂ ਪਕਾਵਾਂ ਤੇ ਤਾਂ ਵੀ ਮੈਂ। (ਮਜ਼ਦੂਰ)


ਜੇਠ ਹਾੜ ਦੀ ਗਰਮੀ ਝੱਲਾਂ, ਪੋਹ ਮਾਘ ਦਾ ਪਾਲਾ
ਬੋਹਲ ਬਣੇ ਤਾਂ ਛੇਈਂ ਮਹੀਨੀਂ, ਚੁੱਕ ਲਿਜਾਵੇ ਲਾਲਾ। (ਜੱਟ)


ਕਿਰਤੀ ਲੋਕਾਂ ਦੀ ਪੀੜਾ ਦੀ ਟੀਸ ਆਲਮ ਦੀ ਕਵਿਤਾ ਵਿਚ ਸਾਫ ਅਨੁਭਵ ਹੁੰਦੀ ਹੈ ਕਿਉਂਕਿ ਉਹ ਉਪਰਲੀ ਜਮਾਤ ਵੱਲੋਂ ਦਿੱਤੇ ਦਰਦਾਂ ਨੂੰ ਛੋਟੀ ਉਮਰ ਤੋਂ ਹੀ ਪਿੰਡੇ ਉਤੇ ਹੰਢਾਉਂਦਾ ਰਿਹਾ। ਛੰਨਾਂ ਢਾਰਿਆਂ ਦੀ ਪੈਦਾਵਾਰ ਹੋਣ ਕਰਕੇ ਉਹ ਸਾਰੀ ਉਮਰ ਤੰਗੀਆਂ-ਤੁਰਸ਼ੀਆਂ ਦੇ ਕੌੜੇ ਘੁੱਟਾਂ ਨੂੰ ਪੀਂਦਾ ਰਿਹਾ। ਸਿੱਟੇ ਵਜੋਂ ਉਪਰਲੀ ਜਮਾਤ ਨਾਲ ਉਸਦੀ ਨਫਰਤ ਅਤੇ ਨਾਬਰੀ ਪ੍ਰਤੱਖ ਹੁੰਦੀ ਹੈ:


ਮੈਂ ਸ਼ਾਇਰ ਹਾਂ ਇਕ ਸ਼੍ਰੇਣੀ ਦਾ, ਸੰਸਾਰ ਨੂੰ ਖੁਸ਼ ਨਹੀਂ ਕਰ ਸਕਦਾ।
ਮੈਂ ਲਿਖਦਾ ਹਾਂ ਮਜ਼ਦੂਰਾਂ ਲਈ, ਜ਼ਰਦਾਰ ਨੂੰ ਖੁਸ਼ ਨਹੀਂ ਕਰ ਸਕਦਾ।
ਸੱਚ ਝੂਠ ਤੇ ਦੁਸ਼ਮਨ ਦੋਸਤ ਨੂੰ, ਜਦ ਲੱਭ ਲਿਆ ਮੇਰੀਆਂ ਨਜ਼ਰਾਂ ਨੇ,
ਮੇਰੀ ਸੋਚ ਤੇ ਸੂਝ ਜਮਾਤੀ ਹੈ, ਗੁਨਾਹਗਾਰ ਨੂੰ ਖੁਸ਼ ਨਹੀਂ ਕਰ ਸਕਦਾ। (ਮੈਂ ਸ਼ਾਇਰ ਹਾਂ)


ਜਮਾਤੀ ਸੂਝ ਸਦਕਾ ਹੀ ਆਲਮ ਲੁਟੀਂਦੀ ਅਤੇ ਲੁੱਟਣ ਵਾਲੀ ਜਮਾਤ ਦੀ ਹੋਂਦ ਸਵੀਕਾਰ ਕਰਦਿਆਂ ਸਮਾਜ ਵਿਚ ਸਿਰਫ ਦੋ ਜਮਾਤਾਂ ਦੇ ਸੱਚ ਨੂੰ ਸਾਹਮਣੇ ਲਿਆਉਂਦਾ ਹੈ:


ਇਕ ਦਰ ਰਾਜੇ, ਇਕ ਦਰ ਕਾਮੇ, ਦੋ ਧੜਿਆਂ ਵਿਚ ਜੁੜਦੇ ਜਾਣ।
ਦੱਸ ਦਿੱਤੀ ਗੱਲ ਸਮੇਂ ਨੇ ਸਭ ਨੂੰ, ਰਹਿਣ ਦਿੱਤਾ ਨਹੀਂ ਕੋਈ ਅਣਜਾਣ। (ਬਦਲੀ ਜਾਂਦੇ ਨਾਮ ਨਿਸ਼ਾਨ)


ਭਾਰਤੀ ਸਮਾਜ ਵਿਚ ਔਰਤ ਭਾਵੇਂ ਕਿਸੇ ਵੀ ਵਰਗ ਨਾਲ ਸੰਬੰਧਤ ਹੋਵੇ ਉਹ ਅਕਸਰ ਡਰ ਅਤੇ ਸਹਿਮ ਦੇ ਸਾਏ ਹੇਠ ਸਿਸਕੀਆਂ ਵਾਲਾ ਜੀਵਨ ਨਿਰਬਾਹ ਕਰਦੀ ਹੈ। ਉਹ ਆਪਣੇ ਆਪ ਵਿਚ ਚ ਇਕ ਵੱਖਰਾ ਦਲਿਤ ਵਰਗ ਹੈ। ਬਾਕੀ ਦਲਿਤਾਂ ਦੇ ਦੁੱਖਾਂ ਪੀੜਾਂ ਨੂੰ ਜ਼ੁਬਾਨ ਦੇਣ ਦੇ ਨਾਲ ਨਾਲ ਆਲਮ ਔਰਤ ਦੀ ਪੀੜਾ ਨੂੰ ਵੀ ਮਹਿਸੂਸ ਕਰਦਾ ਹੈ। ਉਸ ਨੇ ਔਰਤ ਨੂੰ ਮਰਦ ਦੇ ਅਧੀਨ ਨਹੀਂ ਸਗੋਂ ਜੀਵਨ ਵਿਚ ਸਾਂਝੇ ਦੁੱਖ-ਸੁੱਖ ਦੀ ਭਾਈਵਾਲ ਮੰਨਿਆ ਹੈ। ਉਹ ਮਰਦ ਔਰਤ ਦੀ ਸਮਾਨਤਾ ਅਤੇ ਬਰਾਬਰੀ ਨੂੰ ਤਰਜੀਹ ਦਿੰਦਾ ਹੋਇਆ ਤਾਰਕਿਕ ਚੇਤਨਾ ਦੇ ਵਿਕਾਸ ਦੀ ਹਾਮੀ ਭਰਦਾ ਹੈ:


ਔਰਤ ਹੁਣ ਪੈਰ ਦੀ ਜੁੱਤੀ ਨਹੀਂ, ਤੇ ਮਰਦ ਸੀਸ ਦਾ ਤਾਜ ਭੀ ਨਹੀਂ।
ਔਰਤ ਹੁਣ ਘਰ ਦੀ ਨੌਕਰ ਨਹੀਂ, ਪਤੀ ਮਾਲਕ ਤੇ ਮਹਾਰਾਜ ਭੀ ਨਹੀਂ।
ਔਰਤ ਹੁਣ ਅਮਨ ਦੀ ਘੁੱਗੀ ਨਹੀਂ, ਤੇ ਮਰਦ ਭੀ ਮਾਰੂ ਬਾਜ ਨਹੀਂ।
ਹਰ ਸੂਝਵਾਨ ਦੀਆਂ ਨਜ਼ਰਾਂ ਵਿਚ, ਵੱਡ-ਛੋਟ ਦਾ ਕੋਈ ਲਿਹਾਜ਼ ਭੀ ਨਹੀਂ।
ਸਾਥੀ ਨੇ ਦੋਵੇਂ ਜੀਵਨ ਦੇ, ਕੱਠਿਆਂ ਨੇ ਉਮਰ ਲੰਘਾਣੀ ਏਂ।
ਮੁੰਡਿਆਂ ਤੂੰ ਦੇਸ਼ ਦਾ ਰਾਜਾ ਏਂ, ਕੁੜੀਏ ਤੂੰ ਦੇਸ਼ ਦੀ ਰਾਣੀ ਏਂ। (ਨਵੇਂ ਵਿਆਹੇ ਜੋੜੇ ਨੂੰ)


ਗੁਰਦਾਸ ਰਾਮ ਆਲਮ ਉਸ ਧਰਮ ਤੋਂ ਮੁੱਢੋਂ-ਮੁੱਢੋਂ ਇਨਕਾਰੀ ਹੈ ਜਿਸ ਦੇ ਨਾਂ ਉਤੇ ਲੋਕਾਂ ਦੇ ਮਨਾਂ ਅੰਦਰ ਲੀਕਾਂ ਵਾਹੀਆਂ ਜਾਣ। ਜਿਹੜਾ ਧਰਮ ਮਜ਼ਲੂਮਾਂ ਦੀ ਢਾਲ ਨਹੀਂ ਬਣਦਾ ਅਤੇ ਨਿਮਾਣਿਆਂ-ਨਿਤਾਣਿਆਂ ਨੂੰ ਮਾਣ ਨਹੀਂ ਬਖਸ਼ਦਾ ਉਹ ਉਸ ਦੀ ਨਜ਼ਰ ਵਿਚ ਹਕੀਕੀ ਧਰਮ ਨਹੀਂ ਹੈ। ਉਹ ਜਾਣਦਾ ਹੈ ਕਿ ਅੱਜ ਦੀਆਂ ਹਾਲਤਾਂ ਵਿਚ ਧਰਮ ਮਾਨਵਵਾਦ ਦਾ ਸਬਕ ਨਹੀਂ ਪੜ੍ਹਾਉਂਦਾ ਸਗੋਂ ਧਰਮ ਦੇ ਘੜੰਮ ਦੌਧਰੀਆਂ ਕਰਕੇ ਧਰਮ ਦੇ ਨਾਂ ਉਤੇ ਸਵਾਰਥ ਅਤੇ ਲਾਲਸਾ ਦਾ ਪਲੜਾ ਦਿਨੋ ਦਿਨ ਭਾਰੀ ਹੁੰਦਾ ਜਾਂਦਾ ਹੈ। ਧਰਮ ਦੇ ਅਖੌਤੀ ਦਾਅਵੇਦਾਰਾਂ ਨੇ ਇਸ ਦੇ ਅਸਲੀ ਅਰਥਾਂ ਨੂੰ ਲਾਂਭੇ ਕਰਕੇ ਕਰਨੀ ਤੇ ਕਥਨੀ ਦੇ ਸੁਮੇਲ ਅਤੇ ਸੰਜਮ ਨੂੰ ਭੰਗ ਕਰ ਦਿੱਤਾ ਹੈ। ਲੋਕਾਈ ਦੇ ਹਿਤਾਂ ਤੋਂ ਦੂਰ ਦੇ ਧਰਮ ਨੂੰ ਆਲਮ ਅਸਵੀਕਾਰ ਕਰਦਾ ਹੀ ਹੈ, ਉਹ ਰੱਬ ਨੂੰ ਵੀ ਸਿੱਧੇ ਰੂਪ ਵਿਚ ਮੁਖਾਤਬ ਹੁੰਦਿਆਂ, ਬਿਨਾਂ ਕਿਸੇ ਡਰ, ਭੈਅ ਦੇ ਬੋਲਦਾ ਹੈ। ਐਪਰ ਆਲਮ ਧਰਮ ਦੇ ਲੋਕ-ਹਿਤੂ ਵਿਰਸੇ ਤੋਂ ਵੀ ਇਨਕਾਰੀ ਨਹੀਂ। ਆਪਣੇ ਸਮਿਆਂ ਵਿਚ ਲੋਕਾਂ ਦੀ ਆਵਾਜ਼ ਬਣਨ ਵਾਲੇ ਗੁਰੂ, ਭਗਤ ਉਸ ਨੂੰ ਆਪਣੀ ਹੀ ਸ਼੍ਰੇਣੀ ਵਿਚੋਂ ਜਾਪਦੇ ਹਨ। ਗੁਰੂ ਨਾਨਕ, ਮਰਦਾਨਾ, ਧੰਨਾ ਭਗਤ, ਭਗਤ ਰਵਿਦਾਸ ਆਦਿ ਭਗਤ ਜਨਾਂ ਨੂੰ ਉਹ ਆਪਣਾ ਰਹਿਬਰ ਮੰਨਦਾ ਹੈ ਅਤੇ ਉਨ੍ਹਾਂ ਦੀਆਂ ਪਗਡੰਡੀਆਂ ਉਤੇ ਚੱਲਣ ਦੀ ਚੇਸ਼ਟਾ ਕਰਦਾ ਹੈ। ਗੁਰੂ ਨਾਨਕ ਦੇਵ ਦੇ ਜੀਵਨ ਸਮਾਚਾਰਾਂ ਨਾਲ ਜੁੜੇ ਪ੍ਰਸੰਗਾਂ ਨੂੰ ਉਸਨੇ ਕਿਰਤੀ ਵਰਗ ਦੀ ਅੱਜੋਕੀ ਚੇਤਨਾ ਦੇ ਪ੍ਰਸੰਗ ਵਿਚ ਰੱਖਕੇ ਵੇਖਿਆ ਹੈ। ਮਲਕ ਭਾਗੋ ਤੇ ਭਾਈ ਲਾਲੋ ਦੇ ਪ੍ਰਸੰਗ ਨੂੰ ਤਾਂ ਉਸ ਨੇ ਲੁੱਟ-ਖਸੁੱਟ ਦੇ ਵਿਰੁੱਧ ਕਿਰਤ ਦੀ ਮਹੱਤਤਾ ਦਰਸਾਉਣ ਲਈ ਉਭਾਰਨਾ ਹੀ ਸੀ, ਆਲਮ ਨੇ ਕੁਦਰਤ ਦੀ ਦੌਲਤ ਉਤੇ ਵੀ ਜਨ ਸਾਧਾਰਨ ਦੀ ਸਰਦਾਰੀ ਦੀ ਗੱਲ ਕੀਤੀ ਹੈ:


ਉਹਨੇ ਕਿਹਾ ਲੋਕਾਂ ਦੱਬਿਆ ਕੁਚਲਿਆਂ ਨੂੰ,
ਮਿਹਨਤਕਸ਼ੋ ਇਕ ਹੋ ਜਾਉ ਜਹਾਨ ਸਾਡਾ।
ਧੋਖੇ ਨਾਲ ਬ੍ਰਾਹਮਣ ਕਬਜ਼ਾ ਕਰੀ ਬੈਠਾ,
ਪਰਬਤ, ਜੰਗਲ, ਸਾਗਰ, ਸਭ ਸਾਮਾਨ ਸਾਡਾ!
ਫਾਣੀ, ਪਉਣ, ਜ਼ਮੀਨ, ਦਿਨ, ਰਾਤ ਸਾਡੀ,
ਸੂਰਜ, ਚੰਦ, ਸਿਤਾਰੇ, ਅਸਮਾਨ ਸਾਡਾ।
ਮਾਲਕ ਅਸੀਂ ਹਾਂ ਸਾਰੀ ਸਮੱਗਰੀ ਦੇ,
ਕਿਸਮਤ, ਭਾਵੀ ਤੇ ਭਾਗ ਭਗਵਾਨ ਸਾਡਾ। (ਇਨਕਲਾਬੀ ਆਗੂ)ਇਕ ਨੂੰ ਫ਼ਖਰ ਹੈ ਸ਼ਾਹੀ ਖਜ਼ਾਨਿਆਂ 'ਤੇ,
ਇਕ ਨੂੰ ਮਾਣ ਹੈ ਹੱਥਾਂ ਦੀ ਕਿਰਤ ਉਤੇ।
ਇਕ ਧਿਰ ਛੱਡਣੀ ਪਊ ਜ਼ਰੂਰ ਸਾਨੂੰ,
ਦਾਅਵਤ ਆਈ ਹੋਈ ਏ ਦੋਹਾਂ ਪਾਸਿਆਂ ਤੋਂ।
ਭੈੜੇ ਦਿਸਣ ਧਨਾਢ ਦੇ ਮਾਹਲ ਪੂੜੇ,
ਮਿਹਨਤਕਸ਼ ਦਿਆਂ ਟੁਕੜਿਆਂ ਬਾਸਿਆਂ ਤੋਂ।
ਚਾਂਦੀ ਸੋਨੇ ਦੇ ਥਾਲ, ਗਲਾਸ ਮੈਨੂੰ,
ਲਗਦੇ ਬੁਰੇ ਮਜ਼ਦੂਰ ਦੇ ਕਾਸਿਆਂ ਤੋਂ। (ਫੈਸਲਾ)


ਦੇਸ਼ ਦੀ ਸਿਆਸਤ, ਰਾਜਨੀਤਕ ਵਿਵਸਥਾ, ਹੁਕਮਰਾਨਾਂ ਤੇ ਸਿਆਸਤਦਾਨਾਂ ਦੇ ਚਰਿੱਤਰ ਬਾਰੇ ਆਲਮ ਨੇ ਜਨਸਾਧਾਰਨ ਦੇ ਦ੍ਰਿਸ਼ਟੀਕੋਣ ਤੋਂ ਕੁਝ ਜਿ਼ਆਦਾ ਹੀ ਖੁਲ੍ਹਕੇ ਲਿਖਿਆ ਹੈ। ਲਗਪਗ ਸਾਰੇ ਹੀ ਚੁਣੇ ਹੋਏ ਨੁਮਾਇੰਦੇ ਸਿਰਫ ਵੋਟ ਮੰਗਣ ਲਈ ਹੀ ਲੋਕਾਂ ਕੋਲ ਆਉਂਦੇ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਵੋਟ ਵਟੋਰ ਕੇ ਮੁੜ ਦਿਖਾਈ ਨਹੀਂ ਦਿੰਦੇ। ਲੋਕਾਈ ਨਾਲ ਇਨ੍ਹਾਂ ਸਿਆਸਤਦਾਨਾਂ ਦੀ ਦੁੱਖ-ਸੁੱਖ ਦੀ ਕੋਈ ਸਾਂਝ ਨਹੀਂ। ਇਹ ਨੇਤਾ ਲੋਕ ਗਿਰਗਿਟ ਵਾਂਗ ਸਮੇਂ ਅਨੁਸਾਰ ਰੰਗ ਵੀ ਬਦਲਦੇ ਹਨ। ਆਲਮ ਨੇ ਸਿਆਸਤਦਾਨਾਂ ਦੀ ਇਸ ਝੂਠ ਫਰੇਬ ਦੀ ਦੁਕਾਨਦਾਰੀ ਨੂੰ ਆੜੇ ਹੱਥੀਂ ਲੈਂਦਿਆਂ ਇਨ੍ਹਾਂ ਦੇ ਅਸਲੀ ਕਿਰਦਾਰ ਨੂੰ ਨੰਗਿਆਂ ਕਰਦਿਆਂ ਲਿਖਿਆ ਹੈ:


ਆਉਂਦਾ ਸਮਝ ਨਹੀਂ ਕੁਝ ਇਨ੍ਹਾਂ ਲੀਡਰਾਂ ਦਾ, ਕਈ ਤਰ੍ਹ ਦੇ ਭੇਸ ਵਟਾਉਂਦੇ ਨੇ ਇਹ।
ਸੁਬ੍ਹਾ ਟੋਪੀ, ਦੁਪਿਹਰ ਨੂੰ ਪੱਗ ਚਿੱਟੀ, ਸ਼ਾਮੀਂ ਨੀਲੀਆਂ ਬੰਨ੍ਹ ਕੇ ਆਉਂਦੇ ਨੇ ਇਹ...
ਫਸੇ ਰਹੇ ਜੇ ਵੋਟਾਂ ਦੇ ਜਾਲ ਅੰਦਰ, 'ਆਲਮ' ਪੰਧ ਗੁਲਾਮੀ ਦਾ ਮੁੱਕਣਾ ਨਹੀਂ।
ਕੋਈ ਮੈਂਬਰ ਤੇ ਕੋਈ ਵਜ਼ੀਰ ਬਣ ਜਾਏ, ਗਾਰਾ ਆਪਣੀ ਗਲੀ ਦਾ ਸੁੱਕਣਾ ਨਹੀਂ। (ਇਲੈਕਸ਼ਨ)


ਬੇਅਸੂਲੇ ਸਿਆਸਤਦਾਨਾਂ ਦਾ ਤਾਂ ਆਲਮ ਪਰਦਾ ਫਾਸ਼ ਕਰਦਾ ਹੀ ਹੈ, ਉਸ ਨੂੰ ਕਿਰਤੀ ਕਿਸਾਨਾਂ ਦਾ ਨਾਉਂ ਲੈਣ ਵਾਲੀਆਂ ਪਾਰਟੀਆਂ ਦੇ ਅਮਲ ਤੋਂ ਵੀ ਨਿਰਾਸਤਾ ਹੈ। ਉਸ ਨੇ ਅਨੁਭਵ ਕੀਤਾ ਹੈ ਕਿ ਇਹਨਾਂ ਪਾਰਟੀਆਂ ਦੇ ਆਗੂ ਵੀ ਆਪਣੇ ਅਕੀਦਿਆਂ ਤੋਂ ਭਟਕ ਕੇ ਭ੍ਰਿਸ਼ਟ ਨਿਜ਼ਾਮ ਦਾ ਇਕ ਪੁਰਜ਼ਾ ਬਣ ਗਏ ਹਨ। ਉਹ ਦਿਨ੍ਹਾਂ ਨੂੰ ਮੁਖਾਤਿਬ ਹੁੰਦਾ ਕਹਿੰਦਾ ਹੈ:


ਇਹ ਕੀ ਥੀਊਰੀ ਤੇ ਕੀ ਏ ਸਿਧਾਂਤ ਤੇਰਾ,
ਕਦਮ ਪੁੱਟਣਾ ਪਿੱਛੇ ਪਰਤਾਈ ਜਾਣਾ।
ਨਿਕਲੀ ਮੋਕ ਤੇ ਗਊ ਦਾ ਜਾਇਆ ਬਣਨਾ,
ਬੜ੍ਹਕ ਮਾਰ ਕੇ ਸਾਹਨ ਅਲਾਈ ਜਾਣਾ।
ਚੱਪਾ ਟੁੱਕ ਤੇ ਮੰਜੀ ਦੀ ਥਾਂ ਬਦਲੇ,
ਆਸਾ ਰਾਗ ਤਿਰਕਾਲਾਂ ਨੂੰ ਗਾਈ ਜਾਣਾ।
ਨਾਲੇ ਜਿਹਲ ਜੁਰਮਾਨੇ ਤੋਂ ਬਚੇ ਰਹਿਣਾ,
ਕਮਿਊਨਿਸਟ ਵੀ ਨਾਲੇ ਕਹਾਈ ਜਾਣਾ। (ਭਾਰਤੀ ਸੋਧਵਾਦੀ ਨੂੰ)


ਗੁਰਦਾਸ ਰਾਮ 'ਆਲਮ' ਨੇ ਬੇ-ਖੌਫ ਹੋ ਕੇ ਹਰ ਗੱਲ ਨੂੰ ਬੜੀ ਦਲੇਰੀ ਨਾਲ, ਬਿਨਾਂ ਝਿਜਕ ਦੇ, ਕਿਹਾ ਹੈ। ਉਹ ਲਿਖਦਾ ਹੈ ਕਿ ਅਜ਼ਾਦੀ, ਸਿਰਫ ਮੁੱਠੀ-ਭਰ ਲੋਕਾਂ ਦੇ ਨਾਂ ਹੋ ਕੇ ਹੀ ਆਈ ਹੈ। ਆਲਮ ਆਈ ਆਜ਼ਾਦੀ ਨੂੰ ਨਿਹੋਰੇ ਦੇ ਰੂਪ ਵਿਚ ਕਹਿੰਦਾ ਹੈ:


ਸੁਣਿਆ ਤੇ ਹੈ ਕਈ ਵਾਰ ਮੈਂ, ਕਿ ਅਸੀਂ ਆਜ਼ਾਦ ਹੋ ਗਏ ਹਾਂ।
ਜਦ ਵੇਖਦਾ ਹਾਂ ਘਰ ਵੱਲ, ਬਰਬਾਦ ਹੋ ਗਏ ਹਾਂ।
ਚਾਟੀ 'ਚ ਚਿੱਟੀ ਛਿੱਟ ਨਹੀਂ, ਕੀਲੇ 'ਤੇ ਬੂਰੀ ਮੱਝ ਨਹੀਂ।
ਹੁਣ ਜੀਣ ਦਾ ਕੋਈ ਸੁਆਦ ਨਹੀਂ, ਤੇ ਮਰਨ ਦਾ ਕੋਈ ਹੱਜ ਨਹੀਂ।
ਘੜਿਆਂ 'ਚ ਪਾਣੀ ਘੁੱਟ ਨਹੀਂ, ਚੁੱਲ੍ਹੇ 'ਚ ਬਲਦੀ ਅੱਗ ਨਹੀਂ।
ਅੰਮੀ ਦੇ ਲਹਿੰਗਾ ਤੇੜ ਨਹੀਂ, ਬਾਪੂ ਦੇ ਸਿਰ 'ਤੇ ਪੱਗ ਨਹੀਂ।
ਨਿੱਕੀ ਜਿਹੀ ਹੈ ਕੋਠੜੀ, ਰਾਵਣ ਜਿੱਡਾ ਪਰਿਵਾਰ ਹੈ।
ਆਟਾ ਨਹੀਂ ਘਰ ਡੰਗ ਦਾ, ਸਾਰਾ ਟੱਬਰ ਬੇਕਾਰ ਹੈ। (ਆਜ਼ਾਦ ਹੋ ਗਏ ਹਾਂ)


ਇਸੇ ਕਰਕੇ ਉਸ ਦਾ ਅਖੌਤੀ ਆਜ਼ਾਦੀ ਤੋਂ ਮੋਹ ਭੰਗ ਹੋਣ ਲਗਦਾ ਹੈ। ਇਸ ਨੂੰ ਉਹ ਲੋਕਾਂ ਦੀ ਵਾਰਿਸ ਨਹੀਂ ਮੰਨਦਾ ਅਤੇ ਉਹ ਇਸ ਤੋਂ ਨਾਬਰ ਹੈ। ਏਸ ਕਰਕੇ ਉਹ ਹਾਸਲ ਹੋਈ ਆਜ਼ਾਦੀ ਬਾਰੇ ਪ੍ਰਸ਼ਨੋਤਰੀ ਸ਼ੈਲੀ ਤੇ ਵਿਅੰਗਮਈ ਸੁਰ ਵਿਚ ਲਿਖਦਾ ਹੈ:


ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
'ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ'।
ਮੈਂ ਜੱਗੂ ਤੋਂ ਸੁਣਿਆ, ਅੰਬਾਲੇ ਖੜ੍ਹੀ ਸੀ।
ਬੜੀ ਭੀੜ ਉਸ ਦੇ, ਉਦਾਲੇ ਖੜ੍ਹੀ ਸੀ।
ਵਿਰਲੇ ਦੇ ਘਰ ਵੱਲ, ਅਗਾੜੀ ਸੀ ਉਸ ਦੀ।
ਤੇ ਲੋਕਾਂ ਦੇ ਮੂੰਹ ਵੱਲ ਪਿਛਾੜੀ ਸੀ ਉਸ ਦੀ।
ਗਰੀਬਾਂ ਨਾਲ ਲਗਦੀ, ਲੜੀ ਹੋਈ ਆ ਖਬਰੇ।
ਅਮੀਰਾਂ ਦੇ ਹੱਥੀਂ, ਚੜ੍ਹੀ ਹੋਈ ਆ ਖਬਰੇ। (ਆਜ਼ਾਦੀ)ਸਮਾਜਵਾਦੀ ਸੋਚ ਦਾ ਧਾਰਨੀ ਆਲਮ ਹਰ ਕਿਸਮ ਦੇ ਵਖੇਵੇਂ ਨੂੰ ਖਤਮ ਕਰਨਾ ਲੋਚਦਾ ਹੈ। ਉਹ ਨਵੇਂ ਨਰੋਏ ਸਮਾਜ ਦਾ ਚਿਤੇਰਾ ਹੈ ਅਤੇ ਸਭ ਥਾਂ ਸਾਂਝੇ ਹੱਕਾਂ ਦੀ ਮਲਕੀਅਤ ਦਾ ਪਹਿਰੇਦਾਰ ਹੈ। ਉਹ ਦਿਲੋਂ ਕਾਮਨਾ ਕਰਦਾ ਹੈ:


ਆਦਮੀ ਨੂੰ ਆਦਮੀ, ਦਬਾਵੇ ਕੋਈ ਹੋਰ ਨਾ।
ਖਾਵੇ ਕੋਈ ਹੋਰ ਨਾ, ਕਮਾਵੇ ਕੋਈ ਹੋਰ ਨਾ।
ਇਹ 'ਆਲਮ' ਅਸਾਡਾ, ਸਾਡੇ ਸਾਰੇ ਸਾਂਝੀਵਾਲ ਆ।
ਸਿੱਧੇ ਤੁਰੇ ਜਾਨੇ ਸਾਡੀ, ਤਿੱਖੀ ਤਿੱਖੀ ਚਾਲ ਆ। (ਕਾਫਲੇ ਦਾ ਗੀਤ)ਕਿਰਤੀ ਜਮਾਤ ਦੀ ਲੁੱਟ-ਖਸੁੱਟ ਰੋਕਣ ਲਈ ਇਕੋ ਇਕ ਤਰੀਕਾ ਇਸ ਜਮਾਤ ਦਾ ਜਥੇਬੰਦਕ ਢਾਂਚੇ ਵਿਚ ਬੱਝ ਕੇ ਸਾਂਝਿਆਂ ਘੋਲ ਕਰਨ ਵਿਚ ਹੈ। ਆਲਮ ਦੀ ਕਵਿਤਾ ਲਿੱਸਿਆਂ, ਨਿਹੱਥਿਆਂ ਨਿਥਾਵਿਆਂ ਦੀ ਜਿੱਥੇ ਵਕਾਲਤ ਕਰਦੀ ਹੈ ਉਥੇ ਜਰਵਾਣਿਆਂ ਨੂੰ ਸਿੱਧਾ ਟੱਕਰਨ ਵਿਚ ਵਿਸ਼ਵਾਸ ਦ੍ਰਿੜਾਉਂਦੀ ਹੈ। ਲੋਕ ਏਕਤਾ ਉਤੇ ਜ਼ੋਰ ਦਿੰਦੀ ਹੈ। ਇਹ ਕਿਰਤੀਆਂ ਨੂੰ ਸਿਰਫ ਢਾਰਸ ਹੀ ਨਹੀਂ ਦਿੰਦੀ ਸਗੋਂ ਲੋਕ-ਯੁੱਧ ਲਈ ਪ੍ਰੇਰਦੀ ਵੀ ਹੈ:


ਉਠ ਬੈਠਾ ਏ ਮਹੱਲਾ, ਜਾਗ ਚੁੱਕਾ ਏ ਗਿਰਾਂ।
ਮੇਰਾ ਤੇ ਪੂੰਜੀਦਾਰ ਦਾ, ਅੱਜ ਕਰਨਗੇ ਲੋਕੀਂ ਨਿਆਂ। (ਨਿਆਂ)


ਜਾਗ ਪਏ ਇਸ ਜੁੱਗ ਦੇ ਯੋਧੇ, ਜਾਗ ਪਏ ਮਜ਼ਦੂਰ
ਹੁਣ ਦੁਨੀਆਂ ਦੇ ਦੁੱਖ, ਤਕਲੀਫਾਂ ਹੋ ਰਹੇ ਦੂਰੋ ਦੂਰ। (ਜਾਗ ਪਏ ਮਜ਼ਦੂਰ)


ਹੁਣ ਸਾਧਾਂ ਤੇ ਚੋਰਾਂ ਦਾ, ਏਥੇ ਇਨਸਾਫ ਹੋਵੇਗਾ।
ਤੇ ਲੋਕਾਂ ਦੀ ਕਚਿਹਰੀ ਵਿਚ, ਇਹ ਮਸਲਾ ਸਾਫ ਹੋਵੇਗਾ।
ਨਾਲੇ ਕਰੋ ਮੂਲ ਦਾ ਲੇਖਾ, ਤੇ ਨਾਲੇ ਵਿਆਜ ਨੂੰ ਸਮਝੋ।
ਵਕਤ ਦੇ ਗੀਤ ਨੂੰ ਪਰਖੋ, ਸਮੇਂ ਦੇ ਸਾਜ਼ ਨੂੰ ਸਮਝੋ। (ਆਵਾਜ਼)


ਆਪਣੇ ਹੱਕ ਤੇ ਲੜਨ ਮਰਨ ਨੂੰ, ਤੁਰਿਆ ਏ ਇਨਸਾਨ।
ਸੱਚ ਦੀ ਕਹਿੰਦੇ ਜਿੱਤ ਹੋਵੇਗੀ, ਕੂੜ ਦੀ ਕਿਸ਼ਤੀ ਚਿੱਤ ਹੋਵੇਗੀ,
ਕਿਸੇ ਕੀਮਤ ਤੋਂ ਗਲਤ ਨਹੀਂ ਹੋਣਾ, 'ਆਲਮ' ਦਾ ਅਨੁਮਾਨ।
ਉਡਦੀਆਂ ਧੂੜਾਂ, ਚਾ ਚੁਫੇਰੇ, ਆਉਂਦਾ ਇਕ ਤੂਫਾਨ। (ਉਡਦੀਆਂ ਧੂੜ੍ਹਾਂ)


ਮੈਂ ਇਕ ਹੱਥ ਫੜ ਲਈ ਦਾਤਰੀ ਤੇ ਦੂਜੇ ਹੱਥ ਵਿਦਾਨ।
ਮੈਂ ਕੱਠੇ ਕਰ ਲਏ ਮਿਹਨਤੀ, ਕੁੱਲ ਕਾਮੇ ਤੇ ਕਿਰਸਾਨ।
ਮੈਂ ਸੱਭੇ ਫਾਹੀਆ ਤੋੜੀਆਂ, ਫਿਰ ਮੈਂ ਜੋੜੇ ਲੋਕ ਮਹਾਨ।
ਮੈਂ ਪਉਣ ਨੂੰ ਗੰਢਾਂ ਮਾਰ ਕੇ, ਕੀਤੇ ਪਿਛਲੇ ਰੱਦ ਅਖਾਣ। (ਇਨਸਾਨ)ਗੁਰਦਾਸ ਰਾਮ ਆਲਮ ਦੀ ਰਚਨਾ ਵਿਚ ਪ੍ਰਗੀਤਕ ਅੰਸ਼ ਉਘੜਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਵਿਚ ਲੈਅ ਅਤੇ ਸੰਗੀਤ ਦਾ ਸੁਮੇਲ ਹੈ। ਲੋਕ ਕਹਾਣੀਆਂ, ਕਹਾਵਤਾਂ ਅਤੇ ਲੋਕ ਗੀਤਾਂ ਦੀਆਂ ਟੇਕਾਂ ਨੂੰ ਉਹ ਬਾਖੂਬੀ ਵਰਤਦਾ ਹੈ। ਲੋਕ ਸਚਾਈਆਂ ਨੂੰ ਆਪਣੇ ਕਾਵਿ ਦਾ ਰੰਗ ਚਾੜ੍ਹ ਕੇ ਨਵੇਂ ਸਿਰਿਉਂ ਸਿਰਜਦਾ ਹੋਇਆ ਇਨ੍ਹਾਂ ਨੂੰ ਉਹ ਨਵੇਂ ਅਰਥ ਪ੍ਰਦਾਨ ਕਰਦਾ ਹੈ। ਕੁਝ ਸਚਾਈਆਂ ਦੇ ਮੁਖੜੇ ਵੇਖਣਯੋਗ ਹਨ:


ਮਾਹੀ ਮੇਰਾ ਕਾਲੇ ਰੰਗ ਦਾ, ਵਿਹੜੇ ਵੜਦਾ ਤੇ ਚੰਦ ਚੜ੍ਹ ਜਾਂਦਾ।
ਜੱਗ ਦੀ ਭਲਾਈ ਵਾਸਤੇ, ਬੇਹੀਆਂ ਰੋਟੀਆਂ ਮਿਰਚ ਨਾਲ ਖਾਦਾ। (ਮਜ਼ਦੂਰ ਦਾ ਗੀਤ)


ਤਲਵਾਰ ਦਾ ਫੱਟ ਸੀ ਹੋ ਸਕਦਾ, ਫੱਟ ਬੋਲ ਦਾ ਸੀਣਾ ਔਖਾ ਏ,
ਸੱਜਣਾਂ ਵਿਚ ਬਹਿਕੇ ਸਾਕੀ ਤੋਂ, ਦੁਸ਼ਮਣ ਨੂੰ ਪਰੀਹਣਾ ਔਖਾ ਏ।
ਇਕ ਲੋਕ ਸਨੇਹੀ ਅਣਖੀ ਨੂੰ, ਤੰਗ ਆ ਕੇ ਬੇਇਨਸਾਫੀ ਤੋਂ,
ਜਿ਼ੰਦਗੀ ਲਈ ਮਰਨਾ ਮੁਸ਼ਕਲ ਨਹੀਂ, ਪਰ ਮੌਤ ਲਈ ਜੀਣਾ ਔਖਾ ਏ। (ਔਖਾ ਏ)


ਉਹੀ ਇਥੇ ਰੱਜ ਖਾਊਗਾ, ਜਿਹੜਾ ਕਰੇਗਾ ਹੱਥੀਂ ਮਜ਼ਦੂਰੀ।
ਸ਼ਾਂਤੀ ਤੇ ਸੁੱਖ ਵਾਸਤੇ, ਨਾਮ ਜਪਣਾ ਸਮਾਧੀ ਨਹੀਂ ਜ਼ਰੂਰੀ। (ਗਲੀ 'ਚੋਂ ਅੱਜ ਕੋਣ ਲੰਘਿਆ)


ਉੱਚ ਸ਼੍ਰੇਣੀ ਦੇ ਕਿਰਦਾਰਾਂ ਨੂੰ ਹਮੇਸ਼ਾਂ ਹੀ ਨਾਇਕ ਵਜੋਂ ਉਭਾਰਿਆ ਗਿਆ ਹੈ ਅਤੇ ਦਲਿਤ ਪਾਤਰਾਂ ਨੂੰ ਗੌਣ ਰੂਪ ਵਿਚ ਪ੍ਰਸਤੁਤ ਕੀਤਾ ਜਾਂਦਾ ਰਿਹਾ ਹੈ। ਇਸ ਤਰ੍ਹਾਂ ਉੱਚ ਵਰਗ ਦੀ ਵਿਚਾਰਧਾਰਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਹਿਤ ਵਿਚ ਮਕਬੂਲੀਅਤ ਦਿੱਤੀ ਜਾਂਦੀ ਰਹੀ ਹੈ। ਆਧੁਨਿਕ ਯੁਗ ਵਿਚ ਲੋਕ ਤੰਤਰੀ ਵਿਚਾਰਾਂ ਤੇ ਅੰਦੋਲਨਾਂ ਦੇ ਉਭਾਰ ਨਾਲ ਹੀ ਇਸ ਰੁਝਾਨ ਨੂੰ ਕੁਝ ਠੱਲ੍ਹ ਪਾਈ ਹੈ। ਤਦ ਵੀ ਅਚੇਤ-ਸੁਚੇਤ ਉਚ ਵਰਗ ਦੇ ਕਿਰਦਾਰਾਂ ਪ੍ਰਤੀ ਸ਼ਲਾਘਾ ਅਤੇ ਸ਼੍ਰੇਣਕ ਪੱਧਰ ਉਤੇ ਫੜ੍ਹ ਦੀ ਸੁਰ ਅਜੇ ਵੀ ਮੌਜੂਦ ਹੈ। ਇਸ ਪੱਖੋਂ ਗੁਰਦਾਸ ਰਾਮ ਆਲਮ ਅਸਲੋਂ ਕ੍ਰਾਂਤੀਕਾਰੀ ਰੁਖ ਅਖਤਿਆਰ ਕਰਦਾ ਹੋਇਆ ਜਗੀਰਦਾਰੀ ਦੇ ਸਥਾਪਤ ਨਾਇਕ ਨੂੰ ਅਪ੍ਰਵਾਨ ਕਰਦਾ ਹੈ। ਉਹ ਲਿਖਦਾ ਹੈ ਮੈਂ ਸਮਝਦਾ ਹਾਂ ਸਾਨੂੰ ਦਬੇ ਕੁਚਲੇ ਲੋਕਾਂ ਨੂੰ ਸਭਿਆਚਾਰ ਦਾ ਆਪਣਾ ਵੱਖਰਾ ਵਿਧਾਨ ਬਣਾਉਣਾ ਚਾਹੀਦਾ ਹੈ। ਆਖਰ ਕਦੋਂ ਕੁ ਤਕ ਇਹ ਲੰਬੜ, ਚੌਧਰੀ, ਪਟਵਾਰੀ, ਜ਼ੈਲਦਾਰ, ਗੀਤਾਂ, ਬੋਲੀਆਂ ਵਿਚ ਸਾਡੇ 'ਤੇ ਚੜ੍ਹੇ ਰਹਿਣਗੇ? ਜੇ ਕਿਸੇ ਗੀਤ ਵਿਚ ਹੁਸਨ ਦਾ ਜਿ਼ਕਰ ਹੋਊ ਤਾਂ ਹੋਏਗਾ ਕਿ ਤੇਰੀਆਂ ਗੋਰੀਆਂ ਗਲ੍ਹਾਂ, ਤੇਰਾ ਨਿਛੋਹ ਪਿੰਡਾ, ਤੇਰਾ ਰੇਸ਼ਮੀ ਸੂਟ, ਤੇਰਾ ਫਲਾਣ, ਤੇਰਾ ਢੀਂਗ। ਮਿੱਟੀ ਨਾਲ ਭਰੇ ਵਾਲ, ਮੁੜ੍ਹਕੋ ਮੁੜ੍ਹਕੀ ਹੋਏ ਮਜ਼ਬੂਤ ਸੀਨੇ ਤੇ ਕਾਲੇ ਰੰਗ ਦੇ ਲਿਸ਼ਕਦੇ ਜਵਾਨ ਮੋਢਿਆਂ ਦਾ ਕਦੇ ਜਿ਼ਕਰ ਨਹੀਂ ਆਇਆ। ਕਿਸੇ ਗੀਤ ਜਾਂ ਅਖਾਣ ਦੀ ਨਾਇਕਾ ਸਾਡੇ ਕੰਮੀਆਂ ਕਮੀਣਾਂ ਦੀ ਧੀ ਤਾਂ ਹੋ ਸਕਦੀ ਹੈ, ਪਰ ਸਾਡੇ ਲੱਠ ਵਰਗੇ ਮੁੰਡੇ ਨਹੀਂ। ਜਿੱਦਾਂ ਕਿਤੇ ਸਾਨੂੰ ਪਿਆਰ ਕਰਨ ਦਾ ਢੰਗ ਨਹੀਂ ਆਉਂਦਾ। ਆਲਮ ਪ੍ਰਾਪਤ ਕੀਮਤ-ਪ੍ਰਬੰਧ ਨੂੰ ਨਕਾਰਦਾ ਹੋਇਆ ਲੋਕਾਂ ਦੀ ਤਾਕਤ ਦਾ ਇਜ਼ਹਾਰ ਕਰਦਾ ਹੈ ਅਤੇ ਪਹਿਲੀ ਵਾਰ ਲੰਬੜ ਨੂੰ ਨਾਇਕ ਮੰਨਣ ਵਾਲੇ ਸਭਿਆਚਾਰ ਦੇ ਵਿਰੋਧ ਵਿਚ ਕਿਰਤੀ ਸਭਿਆਚਾਰ ਨੂੰ ਉਭਾਰਚਿਆਂ ਹੋਇਆਂ ਮੁਕਾਬਲੇ ਉਤੇ ਦਲਿਤ ਨਾਇਕ ਦੀ ਸਿਰਜਣਾ ਦੀ ਪਿਰਤ ਪਾਉਂਦਾ ਹੈ:


ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ 'ਚੋਂ ਬੇਰ ਲਿਆਇਆ।
ਤਲੀ ਉਤੇ ਜਾਨ ਰੱਖ ਕੇ, ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ।
ਜਿਸ ਵੇਲੇ ਰੋਕ ਨਾ ਸਕੀ, ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ।
ਨੱਸ ਕੇ ਅੰਦਰ ਲੁਕ ਗਈ, ਕੁੰਡਾ ਮਾਰ ਕੇ ਵੱਡੀ ਚੁਧਰਾਣੀ।
ਮੁੱਛਾਂ ਉਤੇ ਹੱਥ ਫੇਰ ਕੇ, ਨਾਲੇ ਖੰਘਿਆ ਤੇ ਨਾਲੇ ਮੁਸਕਾਇਆ।
ਲੰਮੇਂ ਪੈ ਗਏ ਪੈਰ ਸੁੰਘਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸਿ਼ਕਾਰੀ।
ਬਿੱਟ ਬਿੱਟ ਝਾਕਦੇ ਰਹੇ, ਚੌਕੀਦਾਰ ਤੇ ਲੰਬੜ ਪਟਵਾਰੀ।
ਦੂਰੋਂ ਵਿਸ ਘੋਲਦੇ ਰਹੇ, ਉਹਦੇ ਕੋਲ ਨਾ ਕੋਈ ਵੀ ਆਇਆ।
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਬੇਰੀਆਂ 'ਚੋਂ ਬੇਰ ਲਿਆਇਆ। (ਗੀਤ)


ਆਲਮ ਨੇ ਚਕਾਚੌਧ ਕਰਨ ਵਾਲੇ ਰੂਪ-ਵਿਧਾਨ ਨੂੰ ਲਾਂਭੇ ਕਰਦਿਆਂ ਮੁਹਾਵਰੇ, ਅਖਾਣ, ਦ੍ਰਿਸ਼-ਵਰਣਨ, ਪ੍ਰਤੀਕ, ਬਿੰਬ-ਵਿਧਾਨ ਆਦਿ ਜਨ-ਜੀਵਨ ਵਿਚੋਂ ਲਏ ਹਨ। ਜਨ-ਜੀਵਨ ਦੇ ਸਰੋਕਾਰਾਂ ਨਾਲ ਮੇਲ ਖਾਦੇ ਹੋਏ ਇਹ ਬਿੰਬ ਪ੍ਰਤੀਕ ਢੁਕਵੇਂ ਵੀ ਹਨ ਅਤੇ ਪ੍ਰਭਾਵਸ਼ਾਲੀ ਵੀ। ਉਹ ਫਖ਼ਰ ਨਾਲ ਕਹਿੰਦਾ ਹੈ:


ਮੇਰੀ ਕਵਿਤਾ ਸਾਥਣ ਮੇਰੀ ਜਿ਼ੰਦਗੀ ਦੀ, ਹੈ ਅਲਹਾਮ ਤੇ ਭਾਵੇਂ ਜਨੂੰਨ ਮੇਰਾ।
ਹਰ ਇਕ ਲਾਈਨ ਵਿਚ ਬੋਲਦੀ ਰੂਹ ਮੇਰੀ, ਅੱਖਰ ਅੱਖਰ ਦੇ ਵਿਚ ਹੈ ਖੂਨ ਮੇਰਾ।
ਹਰ ਤਸਵੀਰ ਵਿਚ ਹੁੰਦੀ ਮੇਰੀ ਹੱਡ ਬੀਤੀ, ਨਿਰਾ ਗੁੰਨਿਆ ਹੁੰਦਾ ਨਹੀਂ ਲੂਣ ਮੇਰਾ
ਵੱਖੋ ਵੱਖਰੇ ਹੋਣ ਸਿਰਲੇਖ ਭਾਵੇਂ, ਹੁੰਦਾ ਸਭਨਾਂ ਚ ਇਕੋ ਮਜ਼ਮੂਨ ਮੇਰਾ।
ਕਿਸੇ ਨਾਲ ਨਹੀਂ ਲੁੱਬੇ ਲਵਾਬ ਰਲਦਾ, ਲੱਖਾਂ ਵਿਚੋਂ ਵੀ ਜਾਣਿਆ ਜਾਨਾਂ ਹਾਂ ਮੈਂ।
ਪੇਂਡੂ ਬੋਲੀ, ਮੁਹਾਵਰੇ ਮੰਜਕੀ ਦੇ, ਹਰ ਜਗਾਹ ਪਛਾਣਿਆ ਜਾਨਾਂ ਹਾਂ ਮੈਂ । (ਮੇਰੀ ਕਵਿਤਾ)


ਗੁਰਦਾਸ ਰਾਮ ਆਲਮ ਦੀ ਕਵਿਤਾ ਪੂਰਨ ਰੂਪ ਵਿਚ ਬੁਰਜੁਆ-ਜਗੀਰੂ ਸੁਹਜ-ਸ਼ਾਸਤਰ ਦਾ ਨਿਕਾਰਣ ਕਰਦੀ ਹੈ। ਜਮਾਤੀ ਦੋਸਤ ਅਤੇ ਦੁਸ਼ਮਣ ਦੀ ਪਹਿਚਾਣ ਹੋਣ ਸਦਕਾ ਆਲਮ ਨੂੰ ਇਲਮ ਹੈ ਕਿ ਜਿਹੜਾ ਸਾਹਿਤ ਲੋਕਾਈ ਦੇ ਦੁੱਖਾਂ-ਦਰਦਾਂ ਦੀ ਬਾਤ ਨਹੀਂ ਪਾਉਂਦਾ, ਉਹ ਲੋਕ ਸਾਹਿਤ ਨਹੀਂ ਅਖਵਾ ਸਕਦਾ। ਲੇਖਕ ਦਾ ਹਿਤ ਹਮੇਸ਼ਾਂ ਲੋਕਾਈ ਦੇ ਹਿਤਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਉਚ ਵਰਗ ਦੇ ਸੁਹਜ-ਪ੍ਰਬੰਧ ਵਿਚ ਗਲਤਾਨ ਆਪਣੀ ਜਮਾਤ ਦੇ ਕਵੀਆਂ ਨੂੰ ਉਹ ਸਪੱਸ਼ਟ ਸ਼ਬਦਾਂ ਵਿਚ ਕਹਿੰਦਾ ਹੈ:


ਉਏ ਕਵੀਆ ਮੇਰੀ ਕਲਾਸ ਦਿਆ, ਛੱਡ ਆਦਤ ਨੱਚਣ ਗਾਣੇ ਦੀ।
ਜਾਂ ਬੈਠਾ ਰਹੁ ਮੂੰਹ ਬੰਦ ਕਰ ਕੇ, ਜਾਂ ਗੱਲ ਕਰ ਕਿਸੇ ਟਿਕਾਣੇ ਦੀ।
ਕੀ ਲਿਖਦਾ, ਕਿਸ ਲਈ ਲਿਖਦਾ ਏਂ, ਇਸ ਗੱਲ ਨੂੰ ਗਹੁ ਨਾਲ ਸੋਚ ਜ਼ਰਾ।
ਤੇਰੀ ਲਿਖਤ ਸਹਾਇਤਾ ਕਰਦੀ ਏ, ਜਾਂ ਲਿੱਸੇ ਜਾਂ ਜਰਵਾਣੇ ਦੀ। (ਕਵੀ ਨੂੰ)


ਗੁਰਦਾਸ ਰਾਮ ਆਲਮ ਆਪਣੀ ਸਾਦ-ਮੁਰਾਦੀ ਰਹਿਣੀ ਵਾਂਗ ਕਥਨੀ ਤੇ ਕਰਨੀ ਦੇ ਸੁਮੇਲ ਵਾਲਾ ਵਿਲੱਖਣ ਸ਼ਾਇਰ ਸੀ। ਉਸ ਨੇ ਸਿਆਸੀ ਅਤੇ ਜਮਾਤੀ ਸੂਝ ਵਾਲੀਆਂ ਵਧੀਆ ਕਵਿਤਾਵਾਂ ਦੀ ਸਿਰਜਣਾ ਕੀਤੀ ਜਿਸ ਵਿਚ ਸਮਕਾਲ ਦਾ ਜੀਵਨ ਨਿਰ ਉਚੇਚ ਕਲਾ ਦੇ ਰੂਪ ਵਿਚ ਪੇਸ਼ ਹੋਇਆ। ਕਾਵਿ-ਮਹਿਫਲਾਂ ਵਿਚ ਉਸ ਦੀ ਪਛਾਣ ਇਕ ਆਮ ਮਜ਼ਦੂਰ ਵਾਲੀ ਸੀ ਅਤੇ ਸਟੇਜ 'ਤੇ ਆਪਣੀ ਕਵਿਤਾ ਬੋਲਦਿਆਂ ਉਹ ਧਨੰਤਰ ਸ਼ਾਇਰਾਂ ਨੂੰ ਵੀ ਮਾਤ ਪਾਉਂਦਾ ਸੀ। ਆਪਣੇ ਸਾਦਗੀ ਵਾਲੇ ਜੀਵਨ ਵਾਂਗ, ਉਸ ਨੇ ਕਾਵਿ-ਕਲਾ ਨੂੰ ਵੀ ਕਿਧਰੇ ਬੋਝਲ ਨਹੀਂ ਹੋਣ ਦਿੱਤਾ। ਉਸ ਦੀ ਕਾਵਿ ਸ਼ੈਲੀ ਅਤੇ ਵਿਸ਼ੇ ਦੀ ਪੇਸ਼ਕਾਰੀ ਕ੍ਰਾਂਤੀਕਾਰੀ ਚੇਤਨਾ ਵਾਲੇ ਹਰ ਨਵੇਂ ਉਠ ਰਹੇ ਸਾਹਿਤਕਾਰ ਨੂੰ ਟੁੰਬਣ ਦੇ ਸਮਰੱਥ ਸੀ। ਮਗਰੋਂ ਸਾਹਿਤਕ ਮੰਚ ਉੱਤੇ ਆਉਣ ਵਾਲਾ ਜੁਝਾਰ ਧਾਰਾ ਦਾ ਸਭ ਤੋਂ ਸਮਰੱਥ ਸ਼ਾਇਰ, ਪਾਸ਼, ਉਸ ਤੋਂ ਬਹੁਤ ਪ੍ਰਭਾਵਤ ਹੋਇਆ ਸੀ ਅਤੇ ਉਸ ਨੇ ਆਲਮ ਨੂੰ ਪਹਿਲਾ ਇਨਕਲਾਬੀ ਸ਼ਾਇਰ ਆਖਿਆ ਸੀ ਅਤੇ ਡਾ: ਜਗਤਾਰ ਦਾ ਵੀ ਕਹਿਣਾ ਹੈ ਕਿ ਗੁਰਦਾਸ ਰਾਮ ਆਲਮ ਸਹੀ ਅਰਥਾਂ ਵਿਚ ਲੋਕ ਕਵੀ ਹੈ ਜਿਸ ਦੀ ਕਵਿਤਾ, ਕਿਸਾਨ, ਆੜੀ, ਵਿਦਿਆਰਥੀ, ਸਬਜ਼ੀ-ਫਰੋਸ਼ ਅਥਵਾ ਆਮ ਆਦਮੀ ਮਾਣਦੇ ਤੇ ਆਪਣੇ ਦੁੱਖਾਂ ਦਰਦਾਂ ਦੀ ਤਰਜਮਾਨੀ ਸਮਝਦੇ ਹਨ। ਇਹ ਬਿਲਕੁਲ ਸੱਚ ਹੈ ਕਿ ਗੁਰਦਾਸ ਰਾਮ ਆਲਮ ਨੇ ਆਪਣੇ ਕਾਵਿ ਦੇ ਜ਼ਰੀਏ ਲੋਕ ਵੇਦਨਾ ਦੀ ਬਾਤ ਹੀ ਨਹੀਂ ਪਾਈ ਬਲਕਿ ਰਾਹ-ਦਸੇਰੇ ਦੇ ਰੂਪ ਵਿਚ ਕਿਰਤੀ ਲੋਕਾਂ ਦੀ ਅਗਵਾਈ ਵੀ ਕੀਤੀ। ਉਸ ਦੀ ਸ਼ਾਇਰੀ ਲੋਕ ਮਨ ਦੀ ਤਰਜਮਾਨੀ ਕਰਨ ਦੇ ਨਾਲ ਨਾਲ ਹੱਕ-ਸੱਚ ਦੀ ਖਾਤਰ ਲਾਮਬੰਦੀ ਕਰਨ ਵਾਲਿਆਂ ਲਈ ਪ੍ਰੇਰਨਾ ਸ੍ਰੋਤ ਹੈ। (ਸਿਰਜਣਾ - ਜੁਲਾਈ/ਸਤੰਬਰ 2003 ਚੋਂ ਧੰਨਵਾਦ ਸਹਿਤ)

----
ਗੁਰਦਾਸ ਰਾਮ ਆਲਮ ਬਾਰੇ ਹੋਰ ਲਿਖਤਾਂ:

ਗੁਰਦਾਸ ਰਾਮ ਆਲਮ: ਵੀਹਵੀਂ ਬਰਸੀ ਤੇ ਯਾਦ ਕਰਦਿਆਂ - ਸੁਖਦੇਵ ਸਿੱਧੂ
http://www.watanpunjabi.ca/sept2009/article04.php

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346