Welcome to WatanPunjabi.ca
ਸ਼ਰਧਾਂਜਲੀ / ਭਾਅ ਜੀ ਗੁਰਸ਼ਰਨ ਸਿੰਘ
 

- ਸਾਧੂ ਬਿਨਿੰਗ

ਕਰਤਾਰ ਸਿੰਘ ਦੁੱਗਲ
ਕਰਿਸਟੋਫਰ ਹਿਚਨਜ਼
 

ਸਾਧੂ ਬਿਨਿੰਗ

ਲੇਖ / ਡਰਾਮੇ ਵਾਲ਼ਾ ਬਾਬਾ
 

ਸੁਖਦੇਵ ਸਿੱਧੂ

ਮੈਥੋਂ ਮੇਰਾ ਬਿਰਹਾ ਵੱਡਾ -
ਸ਼ਿਵ ਕੁਮਾਰ ਨਾਲ ਕੀਤੇ ਸਫ਼ਰ ‘ਤੇ ਇੱਕ ਝਾਤ
 

ਪ੍ਰੇਮ ਕੁਮਾਰ

ਸਾਡੇ ਸਮਿਆ ‘ਚ ਮਾਰਕਸ ਤੇ ਉਸ ਦਾ ਚਿੰਤਨ
 

ਤਸਕੀਨ

ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
 

ਅਹਿਮਦ ਨਦੀਮ ਕਾਸਮੀ

ਫੈਜ਼ ਅਹਿਮਦ ਫੈਜ਼ ਦੀ ਪੰਜਾਬੀ ਕਵਿਤਾ
 

ਸਾਧੂ ਬਿਨਿੰਗ

ਸਵੈਕਥਨ / ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ
ਮੁਲਾਕਾਤ / ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ
 

ਸਾਧੂ ਬਿਨਿੰਗ

ਕਹਾਣੀ / ਸੂਰਾ ਸੋ ਪਹਿਚਾਨੀਐ
 

ਹਰਪ੍ਰੀਤ ਸੇਖਾ

ਫਿਲਮ ਰਿਵੀਊ / ਬੋਲ
 

ਸਾਧੂ ਬਿਨਿੰਗ

ਫਿਲਮ ਰਿਵੀਊ / ਨੀਰੋਜ਼ ਗੈੱਸਟ
 

ਸੁਖਵੰਤ ਹੁੰਦਲ

 


ਲੇਖ
ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
ਅਹਿਮਦ ਨਦੀਮ ਕਾਸਮੀ
ਪੰਜਾਬੀ ਰੂਪ: ਜੋਗਿੰਦਰ ਸ਼ਮਸ਼ੇਰ
 

 

(ਫ਼ੈਜ਼ ਅਹਿਮਦ ਫ਼ੈਜ਼ ਸਾਹਿਬ ਹੁਰਾਂ ਦੀ ਆਪਬੀਤੀ ਦੇ ਦੋ ਕਾਂਡ, ਜਿਹਨਾਂ ਨੂੰ ਪਰਸਿੱਧ ਲੇਖਕ ਅਤੇ ਖੋਜੀ ਅਹਿਮਦ ਸਲੀਮ ਹੁਰਾਂ ਨੇ ਉਨ੍ਹਾਂ ਦੇ ਬਿਆਨ ਅਨੁਸਾਰ ਤਰਤੀਬ ਦਿੱਤੀ)


ਦੋ ਭਰਾ ਹੁੰਦੇ ਸਨ ਕਾਲਾ ਤੇ ਕਾਦਰ, ਪਤਾ ਨਹੀਂ ਕੌਣ ਸਨ, ਕੀ ਕਰਦੇ ਸਨ, ਪਰ ਸਿਆਲਕੋਟ ਦੀ ਇੱਕ ਤਹਿਸੀਲ ਨਾਰੋਵਾਲ ਦੇ ਇਲਾਕੇ ਵਿਚ ਇੱਕ ਬਹੁਤ ਹੀ ਛੋਟਾ ਜਿਹਾ ਪਿੰਡ ਉਨ੍ਹਾਂ ਦੇ ਨਾਮ ਤੇ ਵਸਦਾ ਹੈ। ਕਾਲਾ ਕਾਦਰ ਪਿੰਡ। ਮੇਰੇ ਵਾਲਦ ਉਸੇ ਪਿੰਡ ਦੇ ਇੱਕ ਨਿਰਧਨ ਅਤੇ ਨਾਦਾਰ ਘਰਾਣੇ ਦੇ ਚਸ਼ਮੋ ਚਿਰਾਗ਼ ਸਨ। ਉਨ੍ਹਾਂ ਦੇ ਘਰ ਮਿੱਟੀ ਦਾ ਦੀਵਾ ਸ਼ਾਮ ਹੁੰਦਿਆਂ ਹੀ ਬੁਝਾ ਦਿੱਤਾ ਜਾਂਦਾ ਸੀ, ਤਾਂਕਿ ਤੇਲ ਦੀ ਬੱਚਤ ਹੋ ਸਕੇ। ਪਿੰਡ ਦੇ ਬਾਹਰਵਾਰ ਇੱਕ ਪਰਾਇਮਰੀ ਸਕੂਲ ਸੀ, ਕੁਝ ਬੱਚੇ ਸਾਡੇ ਪਿੰਡ ਦੇ ਉਸ ਸਕੂਲ ਜਾਂਦੇ ਸਨ, ਸਾਡੇ ਅੱਬਾ ਦੇ ਅੱਬਾ ਜੀ ਸਾਹਿਬਜ਼ਾਦਾ ਖ਼ਾਨ ਇੱਕ ਸਾਧਾਰਨ ਕਿਸਾਨ ਸਨ, ਇਸ ਪੋਜ਼ੀਸ਼ਨ ਵਿਚ ਨਹੀਂ ਸਨ, ਕਿ ਪਰਾਇਮਰੀ ਸਕੂਲ ਵਿਚ ਵਿਦਿਆ ਦਾ ਜੋ ਗਹਿਣਾ ਵੰਡ ਹੁੰਦਾ ਸੀ, ਉਸ ਵਿਚ ਸਾਡੇ ਅੱਬਾ ਨੂੰ ਹਿੱਸੇਦਾਰ ਬਣਾ ਸਕਣ।



ਸਾਡੇ ਅੱਬਾ!
ਸਾਡੇ ਅੱਬਾ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਉਨ੍ਹਾਂ ਬਚਿੱਆਂ ਤੇ ਰਸ਼ਕ ਆਉਂਦਾ ਹੁੰਦਾ ਸੀ। ਜਦ ਉਹ ਸਕੂਲ ਜਾਂਦੇ ਸਨ ਤਾਂ ਉਨ੍ਹਾਂ ਦੇ ਦਿਲ ਤੇ ਕਿਆਮਤ ਲੰਘਦੀ ਸੀ ਪਰ ਕਰ ਕੁਝ ਨਹੀਂ ਸਕਦੇ ਸਨ। ਜਦ ਉਹ ਪੰਜਾਂ ਵਰ੍ਹਿਆਂ ਦੇ ਹੋਏ ਤਾਂ ਗ਼ਰੀਬਾਂ ਦੀ ਰਵਾਇਤ ਅਨੁਸਾਰ ਉਨ੍ਹਾਂ ਨੂੰ ਪੜ੍ਹਨ ਦੀ ਬਜਾਏ ਰੋਟੀ ਕਮਾਉਣ ਦੀ ਕਲਾ ਸਿਖਾਈ ਗਈ। ਪਿੰਡ ਵਾਲਿਆਂ ਨੇ ਸਾਡੇ ਅੱਬਾ ਨੂੰ ਪਸੂ ਚਾਰਨ ਤੇ ਲਾ ਦਿੱਤਾ। ਅਤੇ ਇਸ ਸੇਵਾ ਦੇ ਮੁਆਵਜ਼ੇ ਵਿਚ ਉਨ੍ਹਾਂ ਦੀ ਰੋਟੀ ਦਾ ਖ਼ਰਚ ਬਰਦਾਸਤ ਕਰ ਲਿਆ। ਹੁਣ ਅੱਬਾ ਸਵੇਰੇ ਸਵਖਤੇ ਵੱਗ ਲੈ ਕੇ ਪਿੰਡੋਂ ਬਾਹਰ ਚਲੇ ਜਾਂਦੇ। ਵਾਗੀ ਪੁਣਾ ਕਰਦੇ, ਪਸੂ ਘਾਹ ਚਰਦੇ ਅਤੇ ਉਹ ਕਿਸੇ ਰੁੱਖ ਦੀ ਛਾਂ ਹੇਠ ਬੈਠੇ ਦੂਰ ਸਕੂਲ ਅਤੇ ਉਸ ਵਿਚ ਵਿਦਿਆਰਥੀਆਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ। ਰੁੰਡ ਮੁੰਡ ਰੁੱਖਾਂ ਦੇ ਹੇਠ ਬੈਠੇ ਉਨ੍ਹਾਂ ਦੇ ਦਿਲ ਤੇ ਕੀ ਗੁਜ਼ਰਦੀ ਹੋਵੇਗੀ? ਫਿਰ ਇੱਕ ਦਿਨ ਪਸ਼ੂਆਂ ਨੂੰ ਖੇਤਾਂ ਵਿਚ ਚਰਦੇ ਛੱਡ ਕੇ ਸਕੂਲ ਚਲੇ ਗਏ। ਸਕਲੂ ਮਾਸਟਰ ਨੇ ਪੁੱਛਿਆ, ਕਿਵੇਂ ਆਇਆ ਏਂ? ਅੱਬਾ ਨੇ ਬੜੀ ਦਲੇਰੀ ਅਤੇ ਵਿਸ਼ਵਾਸ ਪੂਰਵਕ ਕਿਹਾ, “ਮੈਂ ਪੜ੍ਹਨਾ ਚਾਹੁੰਦਾ ਹਾਂ”। ਉਸਤਾਦ ਨੇ ਵਾਗੀ ਬੱਚੇ ਨੂੰ ਦੇਖਿਆ ਜੋ ਉਸ ਵੱਲ ਅੱਖਾਂ ਪਾੜ ਪਾੜ ਦੇਖ ਰਿਹਾ ਸੀ ਅਤੇ ਉਸ ਦੇ ਫ਼ੈਸਲੇ ਦਾ ਉਡੀਕਵਾਨ ਸੀ। ਮਾਸਟਰ ਨੇ ਕਿਹਾ, ਕਿ ਅੱਛਾ “ਫਿਰ ਰੋਜ਼ ਆ ਜਾਇਆ ਕਰ”। ਇਹ ਸੁਣਦਿਆਂ ਹੀ ਵਾਲਦ (ਪਿਤਾ) ਖੁਸ਼ੀ ਦੀ ਅਵਸਥਾ ਵਿਚ ਆ ਗਏ, ਕਹਿੰਦੇ ਸਨ, ਮੈਂ ਮਾਰੇ ਖੁਸ਼ੀ ਦੇ ਪਾਗਲ ਹੋ ਗਿਆ।” “ਫਿਰ ਰੋਜ਼ ਆ ਜਾਇਆ ਕਰ ” ਨੇ ਮੈਨੂੰ ਈਦ ਦੇ ਚੰਦ ਦੀ ਖ਼ੁਸ਼ੀ ਤੋਂ ਹਜ਼ਾਰ ਗੁਣਾਂ ਵੱਧੇਰੇ ਖ਼ੁਸ਼ੀ ਦਿੱਤੀ। ਮੈਂ ਬਿਲਕੁਲ ਨਸ਼ੇ ਦੀ ਹਾਲਤ ਵਿਚ ਸੀ। ਜ਼ਰਾ ਸੰਭਲਿਆ ਤਾਂ ਸਰਪੱਟ ਦੌੜਿਆ, ਪਸ਼ੂ ਲਏ ਤੇ ਘਰ ਪਹੁੰਚਾ। ਘਰ ਦਾ ਹਰ ਜੀ ਮਹਿਸੂਸ ਕਰ ਰਿਹਾ ਸੀ ਕਿ ਅੱਜ ਮੈਂ ਵੱਖਰਾ ਹਾਂ। ਖੁਸ਼ੀ ਅਤੇ ਪ੍ਰਸ਼ੰਸਾ ਮੇਰੇ ਸਰੀਰ ਦੇ ਰੋਮ ਰੋਮ ਵਿਚੋਂ ਫ਼ੁੱਟ ਰਹੀ ਸੀ। ਦੂਜੇ ਦਿਨ ਮੈਂ ਪਿੰਡ ਦੇ ਪਸੂ ਇਕੱਠੇ ਕੀਤੇ ਅਤੇ ਨੱਚਦਾ, ਗਾਉਂਦਾ ਉਨ੍ਹਾਂ ਨੂੰ ਖੇਤਾਂ ਵਿਚ ਲੈ ਗਿਆ। ਪਸੂ ਖੇਤਾਂ ਵਿਚ ਘਾਹ ਨਾਲ ਆਪਣੀ ਤਰਿਸ਼ਨਾ ਮਿਟਾ ਰਹੇ ਸਨ ਅਤੇ ਮੈਂ ਸਕੂਲ ਵਿਚ ਗਿਆਨ ਦੇ ਦਰਿਆ ਦੀ ਪਹਿਲੀ ਬੂੰਦ ਨਾਲ ਆਪਣੇ ਅੰਦਰ ਭੜਕਦੀ ਹੋਈ ਪਿਆਸ ਬੁਝਾਉਣ ਲੱਗਾ। ਅਲਫ਼ ਬੇ ਮੇਰੇ ਲਈ ਇੰਝ ਸਨ, ਜਿਵੇਂ ਕਿਸੇ ਨੰਗੇ ਬੱਚੇ ਲਈ ਬਹੁਤ ਸੁੰਦਰ ਪੋਸ਼ਾਕ, ਜਿਵੇਂ ਕਿਸੇ ਭੁੱਖੇ ਲਈ ਸੁਆਦੀ ਭੋਜਨ, ਜਿਵੇਂ ਕਿਸੇ ਅੰਨ੍ਹੇ ਨੂੰ ਦੋ ਅੱਖਾਂ ਮਿਲ ਗਈਆਂ ਹੋਣ। ਮਾਸਟਰ ਜੀ ਨੇ ਮੈਨੂੰ ਪਹਿਲਾਂ ਸਬਕ ਪੜ੍ਹਾਇਆ, ਮੇਰੀਆਂ ਪ੍ਰੇਸ਼ਾਨੀਆਂ ਦੇਖ ਕੇ ਕਹਿਣ ਲੱਗੇ। “ਓਏ ਮੁੰਡਿਆ ਤੂੰ ਪੜ੍ਹਨਾ ਏਂ ਕਿ ਕਿ ਮੱਝਾਂ ਚਾਰਨੀਆਂ ਹਨ?” ਮੈਂ ਆਪਣੇ ਆਪ ਉਤੇ ਕਾਬੂ ਪਾ ਕੇ ਕਿਹਾ, “ਜੀ ਪੜ੍ਹਨਾ ਵੀ ਏ ਤੇ ਮੱਝਾਂ ਵੀ ਚਾਰਨੀਆਂ ਹਨ”। “ਤੇ ਫਿਰ ਧਿਆਨ ਨਾਲ ਕੰਮ ਕਰ, ਇਹ ਤਾਂ ਔਖਾ ਪੈਂਡਾ ਏ”। ਇਸ ਗਲ ਨੂੰ ਮੈਂ ਕਦੀ ਵੀ ਨਹੀਂ ਭੁਲਿਆ। ਹੁਣ ਕਲਾਸ ਵਿਚ ਸਬਕ ਪੜ੍ਹਦਾ ਸਾਂ ਅਤੇ ਪਸ਼ੂ ਚਾਰਦਾ ਸਬਕ ਯਾਦ ਕਰ ਲੈਂਦਾਂ ਸਾਂ। ਇਹ ਪੜ੍ਹਨ ਪੜ੍ਹਾਉਣ ਦਾ ਅਤੇ ਗਾਈਆਂ ਮੱਝਾਂ ਦੀ ਦੇਖ ਭਾਲ ਦਾ ਸਿਲਸਿਲਾ ਕਈ ਵਰ੍ਹੇ ਚਲਦਾ ਰਿਹਾ। ਫਿਰ ਪਰਾਇਮਰੀ ਦਾ ਆਖ਼ਰੀ ਇਮਤਿਹਾਨ ਹੋਇਆ। ਮੈਂ ਬੜੇ ਸ਼ੌਕ ਨਾਲ ਇਮਤਿਹਾਨ ਦਿੱਤਾ। ਹੁਣ ਜਦੋਂ ਨਤੀਜਾ ਨਿਕਲਿਆ ਤਾਂ ਮਾਸਟਰ ਨੇ ਮੈਨੂੰ ਬੁਲਾ ਕੇ ਦਸਿਆ ਕਿ ਮੈਂ ਅੱਵਲ ਆਇਆ ਹਾਂ ਅਤੇ ਮੈਨੂੰ ਵਜ਼ੀਫ਼ਾ ਮਿਲਿਆ ਹੈ।



ਅੱਬਾ ਦਾ ਵਜ਼ੀਫ਼ਾ ਅਤੇ ਵਿਦਿਆ:
ਉਸ ਜ਼ਮਾਨੇ ਵਿਚ ਵਜ਼ੀਫ਼ਾ ਵੀ ਕੋਈ ਦੋ ਰੁਪਈਏ ਹੋਵੇਗਾ। ਸ਼ਾਇਦ ਦੋ ਰੁਪਈਏ ਸੀ ਅਤੇ ਵਾਲਦ ਸਾਹਿਬ ਨੂੰ ਪਿੰਡ ਵਾਲੇ ਵੀ ਮਹੀਨੇ ਦੇ ਇਹੀ ਕੋਈ ਦੋ ਰੁਪਈਏ ਦੇ ਬਰਾਬਰ ਹੀ ਕਣਕ ਦਿੰਦੇ ਹੁੰਦੇ ਸਨ। ਹੁਣ ਪਰਾਇਮਰੀ ਵਿਚੋਂ ਵਧੀਆ ਨੰਬਰਾਂ ਨਾਲ ਪਾਸ ਹੋਣ ਉਪ੍ਰੰਤ ਉਨ੍ਹਾਂ ਦੀ ਗਿਆਨ ਦੀ ਤ੍ਰੇਹ ਬੁਝਣ ਦੀ ਥਾਂ ਹੋਰ ਤੇਜ਼ ਹੋ ਗਈ। ਹੁਣ ਪਿੰਡ ਦੇ ਨੇੜੇ ਕੋਈ ਮਿਡਲ ਸਕੂਲ ਨਹੀਂ ਸੀ। ਮਿਡਲ ਸਕੂਲ ਜ਼ਰਾ ਦੂਰ ਮੱਦੋ ਪਿੰਡ ਵਿਚ ਸੀ। ਹੁਣ ਸਮੱਸਿਆ ਇਹ ਸਾਹਮਣੇ ਆਈ ਕਿ ਜੇ ਇਸ ਮਿਡਲ ਸਕੂਲ ਵਿਚ ਜਾਂਦੇ ਹਨ ਤਾ ਪਸੂ ਨਹੀਂ ਚਰਾ ਸਕਦੇ ਅਤੇ ਇੰਝ ਘਰ ਦੋ ਰੁਪਈਏ ਮਹੀਨੇ ਦੀ ਆਮਦਨ ਤੋਂ ਵਾਂਝਾ ਹੋ ਜਾਂਦਾ ਹੈ। ਸਾਡੇ ਵਾਲਦ ਸਾਹਿਬ ਨੇ ਆਪਣੇ ਵਾਲਦ ਨੂੰ ਦੱਸਿਆ ਕਿ ਜੋ ਦੋ ਰੁਪਈਏ ਵਜ਼ੀਫ਼ੇ ਦੇ ਮਿਲਣਗੇ, ਉਹ ਘਰ ਦੇ ਦਿਆ ਕਰੇਗਾ ਅਤੇ ਇੰਝ ਉਨ੍ਹਾਂ ਆਪਣੇ ਵਾਲਦ ਨੂੰ ਮਨਾ ਲਿਆ ਕਿ ਇਹ ਮਿਡਲ ਸਕੂਲ ਚਲੇ ਜਾਣ। ਪਿੰਡ ਵਾਲੇ ਵੀ ਰਾਜ਼ੀ ਹੋ ਗਏ। ਅਤੇ ਸਾਡੇ ਵਾਲਦ ਸਾਹਿਬ ਇੱਕ ਨਵੀਂ ਮੰਜ਼ਿਲ ਦੇ ਪਾਂਧੀ ਹੋ ਕੇ ਮਿਡਲ ਸਕੂਲ ਚਲੇ ਗਏ।


ਹੁਣ ਉਹ ਪ੍ਰਤੀ ਦਿਨ ਤਿੰਨ ਚਾਰ ਮੀਲ ਪੈਦਲ ਚੱਲ ਕੇ ਮਿਡਲ ਸਕੂਲ ਪੜ੍ਹਨ ਜਾਂਦੇ ਸਨ। ਖੇਡਦੇ ਕੁੱਦਦੇ, ਖ਼ੁਸ਼ੀ ਖ਼ੁਸ਼ੀ ਸਕੂਲ ਜਾ ਰਹੇ ਹਨ। ਰਾਹ ਵਿਚ ਮੱਝਾਂ ਗਾਈਆਂ ਉਨ੍ਹਾਂ ਨੂੰ ਦੇਖ ਕੇ ਘਾਹ ਚਰਨਾ ਛੱਡ ਦਿੰਦੀਆਂ ਸਨ। ਇੱਥੇ ਇਮਤਿਹਾਨ ਵਿਚ ਉਨ੍ਹਾਂ ਵਧੀਆ ਪੋਜ਼ੀਸ਼ਨ ਹਾਸਲ ਕੀਤੀ। ਪਰ ਉਸ ਸਮੇਂ ਇਸ ਇਲਾਕੇ ਵਿਚ ਕੋਈ ਹਾਈ ਸਕੂਲ ਨਹੀਂ ਸੀ। ਉਨ੍ਹਾਂ ਦੇ ਜ਼ਿਹਨ ਅਤੇ ਉਨ੍ਹਾਂ ਦੀ ਕਿਸਮਤ ਤੇ ਫਿਰ ਕਾਲੇ ਬੱਦਲ ਘਿਰ ਕੇ ਛਾ ਗਏ। ਪਤਾ ਨਹੀਂ ਉਨ੍ਹਾਂ ਕਿਵੇਂ ਪਤਾ ਕੀਤਾ ਕਿ ਲਾਹੌਰ ਮੋਚੀ ਦਰਵਾਜ਼ੇ ਇੱਕ ਹਾਈ ਸਕੂਲ ਹੈ ਅਤੇ ਉਸਦੇ ਨੇੜੇ ਇੱਕ ਚੀਨੀਓਂ ਵਾਲੀ ਮਸਜਿਦ। ਚੀਨੀਓਂ ਵਾਲੀ ਮਸਜਿੱਦ ਵਿਚ ਛੋਟੇ ਛੋਟੇ ਹੁਜਰੇ ਹਨ, ਇਥੇ ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਨੂੰ ਰਿਹਾਇਸ਼ ਅਤੇ ਰੋਟੀ ਮੁਫ਼ਤ ਮਿਲ ਜਾਂਦੀ ਹੈ। ਸਾਡੇ ਅੱਬਾ ਜੀ ਨੇ ਜੋ ਇਰਾਦੇ ਦੇ ਬੜੇ ਪੱਕੇ ਸਨ, ਇਰਾਦਾ ਬਣਾ ਲਿਆ ਕਿ ਚੀਨੀਓਂ ਵਾਲੀ ਮਸਜਿਦ ਤੇ ਕਬਜ਼ਾ ਕਰੋ ਅਤੇ ਮੋਚੀ ਦਰਵਾਜ਼ੇ ਚਲੋ। ਉਨ੍ਹਾ ਨੇ ਠਾਣ ਲਿਆ ਕਿ ਕਿ ਉਥੋਂ ਦੇ ਹਾਈ ਸਕੂਲ ਵਿਚ ਦਾਖ਼ਲ ਹੋਣਾ ਹੀ ਹੋਣਾ ਹੈ। ਉਨ੍ਹਾਂ ਦੇ ਇਸ ਇਰਾਦੇ ਨਾਲ ਪਿੰਡ ਦਾ ਕੋਈ ਜੀ ਵੀ ਖ਼ੁਸ਼ ਨਹੀਂ ਸੀ ਪਰ ਉਨ੍ਹਾਂ ਨੇ ਸਫ਼ਰ ਦੀ ਤਿਆਰੀ ਕਰ ਲਈ। ਬਾਜਰੇ ਦੀ ਰੋਟੀ, ਗੁੜ ਅਤੇ ਕੁਝ ਕਿਤਾਬਾਂ ਬੰਨ੍ਹ ਲਈਆਂ ਅਤੇ ਲਾਹੌਰ ਮੋਚੀ ਦਰਵਾਜ਼ੇ ਵਾਲੀ ਮਸਜਿਦ ਵਿਚ ਪਹੁੰਚ ਗਏ। ਉਨ੍ਹਾਂ ਦੀ ਸੂਚਨਾ ਸਹੀ ਸੀ। ਉਨ੍ਹਾਂ ਨੂੰ ਹੁਜਰੇ ਵਿਚ ਰਹਿਣ ਦੀ ਆਗਿਆ ਮਿਲ ਗਈ। ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਹੱਲੇ ਵਾਲੇ ਮਿਲ ਕੇ ਜਿੰਨੇ ਮੁਸਾਫ਼ਿਰ ਇਸ ਮਸਜਿਦ ਵਿਚ ਹਾਜ਼ਰ ਹੋਣ ਉਨ੍ਹਾਂ ਲਈ ਖਾਣਾ ਭੇਜ ਦਿੰਦੇ ਹਨ। ਆਉਣ ਜਾਣ ਵਾਲੇ ਮੁਸਾਫ਼ਿਰਾਂ ਵਿਚੋਂ ਇਹ ਨੌਜਵਾਨ ਪੱਕਾ ਮੁਸਾਫ਼ਿਰ ਸੀ। ਮਸਜਿਦ ਦੇ ਅਮਾਮ ਨੇ ਉਸਦੀ ਕਾਬਲੀਅਤ ਦੇਖ ਕੇ ਉਸਨੂੰ ਹਾਈ ਸਕੂਲ ਵਿਚ ਦਾਖ਼ਲਾ ਵੀ ਲੈ ਦਿੱਤਾ। ਹੁਣ ਇਹ ਮਸਜਿਦ ਦਾ ਕੰਮ ਵੀ ਕਰਦੇ ਸਨ, ਰੋਜ਼ੇ ਵੀ ਰਖਦੇ ਸਨ, ਕੁਰਾਨ ਸ਼ਰੀਫ਼ ਦਾ ਪਾਠ ਵੀ ਬੜੀ ਸੁਰੀਲੀ ਆਵਾਜ਼ ਵਿਚ ਕਰਦੇ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਉਹ ਕੁਝ ਕਰ ਦਿਖਾਇਆ ਜੋ ਸਾਡੇ ਕੋਲੋਂ ਹੁਣ ਤੱਕ ਨਹੀਂ ਹੋ ਸਕਿਆ। ਸਾਰਾ ਮੁਹੱਲਾ ਉਨ੍ਹਾਂ ਦਾ ਚਾਹਵਾਨ, ਸਕੂਲ ਵਿਚ ਹਰ ਅਧਿਆਪਕ ਉਨ੍ਹਾਂ ਦਾ ਪ੍ਰੇਮੀ, ਅਤੇ ਮਸਜਿਦ ਦਾ ਅਮਾਮ ਉਨ੍ਹਾਂ ਦੀ ਕਾਬਲੀਅਤ, ਵਿਦਵਤਾ, ਲਿਆਕਤ ਅਤੇ ਵਧੀਆ ਚਲਣ ਤੇ ਵਾਰੇ ਵਾਰੇ ਜਾਣ ਵਾਲਾ।

ਮਿਹਨਤ ਮਜ਼ਦੂਰੀ:
ਹੁਣ ਪਿਤਾ ਜੀ ਦਿਨ ਵਿਚ ਸਕੂਲ ਜਾਂਦੇ, ਦੁਪਹਿਰ ਅਤੇ ਸ਼ਾਮ ਸਮੇ ਮਸਜਿਦ ਦਾ ਕੰਮ ਕਰਦੇ, ਖਾਣਾ ਮੁਹੱਲੇ ਤੋਂ ਆ ਜਾਂਦਾ ਅਤੇ ਫਿਰ ਰਾਤ ਨੂੰ ਨਿਸ਼ਾ ਦੀ ਨਿਮਾਜ਼ ਤੋਂ ਬਾਅਦ ਲਾਹੌਰ ਰੇਲਵੇ ਸਟੇਸ਼ਨ ਚਲੇ ਜਾਦੇ। ਉਥੇ ਉਹ ਰਾਤ ਗਏ ਤੱਕ ਕੁਲੀ ਦਾ ਕੰਮ ਕਰਦੇ। ਇੰਝ ਜੋ ਰਕਮ ਇੱਕਠੀ ਹੁੰਦੀ ਉਹ ਘਰ ਵਾਲਿਆਂ ਨੂੰ ਭੇਜ ਦਿੰਦੇ। ਇੱਕ ਦਿਨ ਉਸ ਮਸਜਿਦ ਵਿਚ ਅਫ਼ਗ਼ਾਨਿਸਤਾਨ ਦਾ ਕੌਂਸਲਿਰ ਸਰਦਾਰ ਅਮੀਰ ਮੁਹੰਮਦ ਖ਼ਾਂ ਜੁੰਮੇ ਦੀ ਨਿਮਾਜ਼ ਪੜ੍ਹਨ ਆਇਆ, ਉੱਥੇ ਪਿਤਾ ਜੀ ਫ਼ਾਰਸੀ ਅਤੇ ਅੰਗ੍ਰੇਜ਼ੀ ਦੋਨੋ ਜ਼ਬਾਨਾਂ ਫ਼ਰ ਫ਼ਰ ਬੋਲਦੇ ਸਨ। ਕੌਂਸਲਿਰ ਉਨ੍ਹਾਂ ਤੋਂ ਬਹੁਤ ਖ਼ੁਸ਼ ਹੋਇਆ, ਅਤੇ ਉਨ੍ਹਾਂ ਤੋਂ ਅੰਗ੍ਰੇਜ਼ੀ ਸਿੱਖਣੀ ਸ਼ੁਰੂ ਕਰ ਦਿਤੀ, ਅਤੇ ਫਿਰ ਫ਼ਾਰਸੀ ਤੋਂ ਅੰਗ੍ਰੇਜ਼ੀ ਵਿਚ ਤਰਜਮੇ ਵੀ ਉਨ੍ਹਾਂ ਤੋਂ ਕਰਵਾਣ ਲੱਗਾ।


ਅਫ਼ਗ਼ਾਨ ਕੌਂਸਲਰ:
ਅਫ਼ਗ਼ਾਨ ਕੌਂਸਲਰ ਸਰਹੰਦ ਸ਼ਰੀਫ਼ ਵਾਲਿਆਂ ਦਾ ਬਹੁਤ ਸ਼ਰਧਾਲੂ ਸੀ, ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਅਮੀਰ ਅਬਦੁਲ ਰਹਿਮਾਨ ਇਕ ਸਾਲ ਉਰਸ ਤੇ ਸਰਹੰਦ ਸ਼ਰੀਫ ਆਪ ਆਇਆ ਸੀ। ਸ਼ਾਇਦ ਇੱਕ ਚਿਨਿਓਟੀ ਅਬਦੁਲ ਹਲੀਮ ਕੱਪੜੇ ਵਾਲੇ ਨੇ ਉਥੇ ਇੱਕ ਅਫ਼ਗ਼ਾਨ ਮਹਿਲ ਵੀ ਉਸਰਵਾਇਆ ਸੀ। ਮੇਰੇ ਖ਼ਿਆਲ ਵਿਚ ਉਹ ਮਹੱਲ ਅਜੇ ਵੀ ਉਥੇ ਹੋਂਦ ਵਿੱਚ ਹੈ। ਇੱਕ ਵਾਰ ਕੌਂਸਲਰ ਸਾਡੇ ਵਾਲਦ ਸਾਹਿਬ ਨੂੰ ਨਾਲ ਲੈ ਕੇ ਸਰਹੰਦ ਸ਼ਰੀਫ਼ ਗਿਆ, ੳਥੇ ਉਸ ਤੋਂ ਪਿੱਛੋਂ ਉਹ ਕਈ ਵਾਰ ਕੌਂਸਲਰ ਦੇ ਨਾਲ ਉਥੇ ਜ਼ਿਆਰਤ ਲਈ ਜਾਂਦੇ ਰਹੇ। ਇੱਕ ਵਾਰ ਇਹ ਸਰਦਾਰ ਅਮੀਰ ਮੁਹੰਮਦ ਦੇ ਨਾਲ ਸਰਹੰਦ ਸ਼ਰੀਫ਼ ਵਿਚ ਨਮਾਜ਼ ਅਦਾ ਕਰ ਰਹੇ ਸਨ। ਇਸ਼ਾ ਦੀ ਨਮਾਜ਼ ਸੀ, ਨਮਾਜ਼ ਪੜ੍ਹਦੇ ਹੋਏ ਇਹ ਬੇਹੋਸ਼ੀ ਦੇ ਸੰਸਾਰ ਵਿਚ ਲੀਨ ਹੋ ਗਏ ਅਤੇ ਸੁਪਨੇ ਜਿਹੇ ਦੀ ਦਸ਼ਾ ਵਿਚ ਕੀ ਦੇਖਦੇ ਹਨ ਕਿ ਸਰਹੰਦ ਵਾਲੇ ਕਹਿ ਰਹੇ ਹਨ, ਕਿ ਤੂੰ ਇੱਕ ਦਿਨ ਅਫ਼ਗ਼ਾਨਿਸਤਾਨ ਦਾ ਵਜ਼ੀਰ ਬਣੇਂਗਾ। ਇਹ ਡਿਗ ਪਏ, ਜਦ ਸੁਰਤ ਸੰਭਾਲੀ ਤਾਂ ਆਪਣੀ ਕਿਸਮਤ ਤੇ ਮੁਸਕਰਾਏ। ਉਨ੍ਹਾਂ ਨੂੰ ਚੀਨੀਓ ਵਾਲੀ ਮਸਜਿਦ ਦਾ ਹੁਜਰਾ, ਫੂਹੜੀ, ਮਿੱਟੀ ਦਾ ਘੜਾ, ਤੇ ਪਿਆਲਾ ਚੇਤੇ ਆਇਆ, ਪਾਣੀ ਪੀਤਾ ਤੇ ਫਿਰ ਇਬਾਦਤ ਵਿਚ ਰੁੱਝ ਗਏ।



ਅਫ਼ਗ਼ਾਨਿਸਤਾਨ ਦਾ ਸ਼ਾਹੀ ਦਰਬਾਰ:
ਅਚਾਨਕ ਕੌਂਸਲਰ ਸਾਹਿਬ ਨੂੰ ਵਾਪਸ ਅਫ਼ਗ਼ਾਨਿਸਤਾਨ ਜਾਣਾ ਪੈ ਗਿਆ। ਉਹ ਸਾਡੇ ਵਾਲਦ ਸਾਹਿਬ ਨੂੰ ਨਾਲ ਹੀ ਲੈ ਗਏ। ਉਥੇ ਉਨ੍ਹਾਂ ਦੀ ਮੁਲਾਕਾਤ ਅਮੀਰ ਅਬਦੁਲ ਰਹਿਮਾਨ ਨਾਲ ਕਰਾਈ ਗਈ। ਹੁਣ ਸਾਡੇ ਵਾਲਦ ਸਾਹਿਬ ਅਮੀਰ ਦੀ ਸਾਰੀ ਚਿੱਠੀ ਪਤੱਰ ਦੇ ਇਨਚਾਰਜ ਹੋ ਗਏ। ਅੰਗ੍ਰੇਜ਼ੀ ਦੀਆਂ ਚਿੱਠੀਆਂ ਦਾ ਫ਼ਾਰਸੀ ਅਨੁਵਾਦ ਕਰਨਾ ਅਤੇ ਅਮੀਰ ਦੀਆਂ ਚਿੱਠੀਆਂ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਕਰਨਾ ਉਨ੍ਹਾਂ ਦਾ ਕੰਮ ਸੀ। ਇੰਝ ਉਨ੍ਹਾਂ ਨੂੰ ਦੋਹਾਂ ਜ਼ਬਾਨਾਂ ਦੇ ਗਿਆਨ ਵਿਚ ਵਾਧੇ ਦੇ ਨਾਲ ਨਾਲ ਸਮੇਂ ਦੀ ਰਾਜਨੀਤੀ ਦੀ ਵੀ ਸੁੱਧ ਬੁੱਧ ਹੋ ਗਈ। ਅਮੀਰ ਅਬਦੁਲ ਰਹਿਮਾਨ ਸਾਡੇ ਵਾਲਦ ਸਾਹਿਬ ਤੋਂ ਬਹੁਤ ਖ਼ੁਸ਼ ਸਨ। ਉਸ ਨੇ ਉਨ੍ਹਾਂ ਨੂੰ ਕਈ ਇਨਾਮ ਇਕਰਾਮ ਵੀ ਦਿੱਤੇ। ਹੁਣ ਉਹ ਹੀਰੇ ਜਵਾਹਰਾਤਾਂ ਵਿਚ ਰਹਿੰਦੇ ਸਨ। ਇੱਕ ਦਿਨ ਅਮੀਰ ਨੇ ਉਨ੍ਹਾਂ ਨੂੰ ਮੀਰ ਮੁਣਸ਼ੀ (ਚੀਫ਼ ਸੈਕ੍ਰੇਟਰੀ) ਬਣਾ ਦਿੱਤਾ। ਹੁਣ ਉਨ੍ਹਾਂ ਦਾ ਬਹੁਤ ਦਬਦਬਾ ਸੀ। ਸਮਾਂ ਲੰਘਦਾ ਗਿਆ, ਅਤੇ ਸਮੇਂ ਦੇ ਨਾਲ ਨਾਲ ਉਨ੍ਹਾਂ ਦਾ ਮੁਕੱਦਰ ਵੀ ਚਮਕਦਾ ਗਿਆ। ਇਸ ਵਿਚਕਾਰ ਉਨ੍ਹਾਂ ਦਾ ਵਿਆਹ ਅਮੀਰ ਦੀ ਭਾਣਜੀ ਨਾਲ ਹੋ ਗਿਆ, ਅਤੇ ਉਹ ਅਮੀਰ ਦੇ ਟਿੱਕਾ ਸਾਹਿਬ (ਵੱਡੇ ਪੁੱਤਰ) ਅਮੀਰ ਹਬੀਬਉਲੱਾ ਦੇ ਅਧਿਆਪਕ ਨਿਯੁਕਤ ਹੋ ਗਏ। ਉਥੇ ਫਿਰ ਉਨ੍ਹਾਂ ਦੀ ਵਿਰੋਧਤਾ ਦਾ ਕਾਲ ਵੀ ਆਰੰਭ ਹੋ ਗਿਆ। ਦਰਬਾਰ ਵਿਚ ਹੋਰ ਲੋਕ ਵੀ ਤਾਂ ਹੁੰਦੇ ਸਨ। ਉਹ ਇਨ੍ਹਾਂ ਦੇ ਵਿਰੁੱਧ ਅਮੀਰ ਦੇ ਕੰਨ ਭਰਨ ਲੱਗੇ। ਪਰ ਅਮੀਰ ਇਨ੍ਹਾਂ ਤੇ ਇੰਨਾਂ ਦਿਆਲ ਅਤੇ ਪ੍ਰਸੰਨ ਸੀ, ਕਿ ਕਿਸੇ ਦੀ ਦਾਲ ਨਹੀਂ ਗਲਦੀ ਸੀ।


ਲਿੱਲੀਜ ਹੈਮਿਲਟਿਨ:
ਉਥੇ ਇੱਕ ਅੰਗ੍ਰੇਜ਼ ਇਸਤਰੀ ਹੁੰਦੀ ਸੀ, ਉਸਦਾ ਨਾਮ ਡਾਕਟਰ ਲਿਲੀਜ਼ ਹੈਮਿਲਟਿਨ ਸੀ। ਕਾਫ਼ੀ ਪੜ੍ਹੀ ਲਿਖੀ ਸੀ। ਉਹ ਵੀ ਸਾਡੇ ਪਿਤਾ ਜੀ ਦੇ ਪੱਖ ਵਿਚ ਸੀ। ਇਹ ਦੋਨੋ ਆਪਸ ਵਿਚ ਸਲਾਹ ਮਸ਼ਵਰਾ ਕਰ ਲਿਆ ਕਰਦੇ ਸਨ। ਇੱਕ ਦਿਨ ਉਸ ਇਸਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਇਨ੍ਹਾਂ ਬਾਦਸ਼ਾਹਾਂ ਦਾ ਕੋਈ ਭਰੋਸਾ ਨਹੀਂ, ਅੱਜ ਮਿਹਰਬਾਨ ਹਨ, ਕਲ ਨੂੰ ਦੇਸ਼ ਬਦਰ, ਘਰ ਬਰਬਾਦ ਅਤੇ ਕੰਗਲਾ ਵੀ ਕਰ ਸਕਦੇ ਹਨ। ਨਵਾਂ ਆਉਣ ਵਾਲਾ ਬਾਦਸ਼ਾਹ ਜੇ ਤੁਹਾਡੀ ਜਾਨ ਬਖ਼ਸ਼ੀ ਵੀ ਕਰ ਦੇਵੇ, ਤਾਂ ਵਿਸ਼ਵਾਸ ਪੂਰਵਕ ਕਿਰਪਾਲੂ ਨਹੀਂ ਹੋ ਸਕਦਾ। ਅਤੇ ਇਹ ਵੀ ਸੰਭਵ ਹੋ ਸਕਦਾ ਹੈ, ਕਿ ਤੁਹਾਡਾ ਅੱਜ ਦਾ ਮਿਹਰਬਾਨ ਬਾਦਸ਼ਾਹ ਕੱਲ੍ਹ ਨੂੰ ਕੰਨਾਂ ਦਾ ਕੱਚਾ ਹੋ ਜਾਵੇ। ਅਤੇ ਤੁਹਾਡੇ ਵਿਰੁੱਧ ਸਾਜ਼ਸਾਂ ਸਫ਼ਲ ਹੋ ਜਾਣ। ਇਸ ਲਈ ਜ਼ਰੂਰੀ ਹੈ ਕਿ ਹੁਣ ਤੋਂ ਹੀ ਅਗਾਂਹ ਦੀ ਚਿੰਤਾ ਕਰੋ। ਇਹ ਸੋਚ ਬਣੀ ਕਿ ਜਿੰਨਾ ਧਨ ਇਕੱਠਾ ਕੀਤਾ ਹੈ ਉਸ ਨੂੰ ਇਸਤਰੀ ਦੇ ਨਾਮ ਤੇ ਲੰਡਨ ਦੇ ਬੈਂਕ ਵਿਚ ਜਮ੍ਹਾਂ ਕਰਵਾਇਆ ਜਾਵੇ, ਤਾਂਕਿ ਪਿਛੋਂ ਲੋੜ ਵੇਲੇ ਕੰਮ ਆ ਸਕੇ। ਅਤੇ ਇਉਂ ਉਹ ਪਿਤਾ ਜੀ ਦੀ ਖ਼ਜ਼ਾਨਾ ਮੰਤਰੀ ਬਣ ਗਈ ਅਤੇ ਲੰਡਨ ਵਿਚ ਰੁਪਏ ਜਮ੍ਹਾਂ ਕਰਵਾਉਂਦੀ ਰਹੀ।

ਅਫ਼ਗ਼ਾਨਿਸਤਾਨ ਤੋਂ ਵਾਪਸੀ ਅਤੇ ਜੇਲ ਵਿਚ ਬੰਦੀ:
ਪਿਤਾ ਜੀ ਜਦ ਅਫ਼ਗ਼ਾਨਿਸਤਾਨ ਗਏ ਸਨ ਤਾਂ ਪਿੰਡ ਦਾ ਇੱਕ ਆਦਮੀ ਨਾਲ ਲੈ ਗਏ ਸਨ। ਜੋ ਸ਼ਾਇਦ ਚੌਕੀਦਾਰ ਸੀ। ਉਸ ਦਾ ਨਾਮ ਅਮਾਮ ਬਖ਼ਸ਼ ਸੀ। ਉਹ ਹਮੇਸ਼ਾ ਉਨ੍ਹਾਂ ਦਾ ਸਨੇਹੀ ਅਤੇ ਸਹਾਇਕ ਰਿਹਾ। ਇੱਕ ਦਿਨ ਉਨ੍ਹਾਂ ਅਮਾਮ ਬਖ਼ਸ਼ ਨਾਲ ਸਲਾਹ ਕੀਤੀ ਕਿ ਇੱਥੇ ਸਾਜ਼ਸ਼ਾਂ ਤੇਜ਼ ਹੋ ਰਹੀਆਂ ਹਨ, ਅਮੀਰ ਦੇ ਰਿਸ਼ਤੇਦਾਰ ਅਤੇ ਹੋਰ ਦਰਬਾਰੀ ਸਾਡੇ ਲਹੂ ਦੇ ਤਰਿਹਾਏ ਹੋ ਰਹੇ ਹਨ। ਚੰਗਾ ਇਹੀ ਹੈ ਕਿ ਹੁਣ ਵਾਪਸ ਹਿੰਦੁਸਤਾਨ ਚਲੀਏ। ਅਮਾਮ ਬਖ਼ਸ਼ ਨੇ ਹਾਂ ਵਿੱਚ ਹਾਂ ਮਿਲਾਈ।


ਇੱਕ ਹਨ੍ਹੇਰੀ ਰਾਤ ਉਨ੍ਹਾਂ ਨੇ ਦੋ ਘੋੜੀਆਂ ਤੇ ਕਾਠੀਆਂ ਪਾਈਆਂ, ਭੇਸ ਬਦਲੇ, ਅਤੇ ਕਾਬਲ ਤੋਂ ਹਿੰਦੁਸਤਾਨ ਲਈ ਰਕਾਬਾਂ ਵਿਚ ਪੈਰ ਪਾਏ ਅਤੇ ਹਿੰਦੁਸਤਾਨ ਵੱਲ ਚੱਲ ਪਏ। ਸਾਰੀ ਰਾਤ ਘੋੜੇ ਦੁੜਾਉਂਦੇ ਰਹੇ ਅਤੇ ਇੱਕ ਸਵੇਰ ਹਿੰਦੁਸਤਾਨ ਪਹੁੰਚ ਗਏ। ਇਥੇ ਪਹੁੰਚ ਕੇ ਉਨ੍ਹਾ ਲਾਹੌਰ ਦਾ ਰੁਖ਼ ਕੀਤਾ। ਅਤੇ ਜਦ ਲਾਹੌਰ ਵਿਚ ਅੰਗ੍ਰੇਜ਼ਾਂ ਨੂੰ ਪਤਾ ਲੱਗਾ, ਕਿ ਖ਼ਾਨ ਸਾਹਿਬ ਬਿਨਾ ਕਿਸੇ ਸੂਚਨਾ ਦੇ ਲਾਹੌਰ ਆ ਗਏ ਹਨ, ਤਾਂ ਉਨ੍ਹਾਂ ਦਾ ਮੱਥਾ ਠਣਕਿਆ, ਕੁਝ ਹੀ ਦਿਨਾਂ ਵਿਚ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਦੇ ਜਾਸੂਸ ਸਮਝ ਕੇ ਜੇਲ ਵਿਚ ਭਿਜਵਾ ਦਿੱਤਾ ਗਿਆ। ਉਧਰ ਅਮੀਰ ਹੈਰਾਨ ਕਿ ਇਨ੍ਹਾਂ ਇਹ ਕੀ ਕੀਤਾ। ਉਸ ਦੀ ਇੱਛਿਆ ਸੀ, ਕਿ ਉਹ ਵਾਪਸ ਆ ਜਾਣ। ਪਰ ਉਹ ਤਾਂ ਹੁਣ ਜੇਲ੍ਹ ਜਾ ਚੁੱਕੇ ਸਨ। ਉਹ ਕਮਾਲ ਦੇ ਹੌਂਸਲੇ ਅਤੇ ਜੁਰਅਤ ਵਾਲੇ ਪੁਰਸ਼ ਸਨ। ਜੇਲ੍ਹਖ਼ਾਨੇ ਵਿਚੋਂ ਹੀ ਉਨ੍ਹਾਂ ਨੇ ਕਿਵੇਂ ਨਾ ਕਿਵੇਂ ਲੰਡਨ ਵਾਲੀ ਉਸ ਇਸਤਰੀ ਨਾਲ ਸਬੰਧ ਸਥਾਪਤ ਕੀਤਾ। ਅਤੇ ਹਾਂ, ਉਹ ਇਸਤਰੀ ਵੀ ਲੰਡਨ ਜਾ ਚੁੱਕੀ ਸੀ। ਉਸ ਇਸਤਰੀ ਨੂੰ ਉਨ੍ਹਾਂ ਸਾਰੀ ਗੱਲ ਲਿਖੀ, ਉਸ ਨੇ ਲੰਡਨ ਵਿਚ ਕੋਈ ਅਜਿਹੀ ਸਕੀਮ ਲੜਾਈ ਕਿ ਸਾਡੇ ਪਿਤਾ ਜੀ ਰਿਹਾ ਕਰ ਦਿੱਤੇ ਗਏ।


ਲੰਡਨ ਦਾ ਸਫ਼ਰ:
ਉਹ ਇਸਤਰੀ ਜ਼ੋਰ ਦੇ ਰਹੀ ਸੀ ਕਿ ਇਹ ਲੰਡਨ ਆ ਜਾਣ। ਇਨ੍ਹਾਂ ਨੇ ਵੀ ਇਸ ਵਿਚ ਭਲਾ ਸਮਝਿਆ। ਉਨ੍ਹੀਂ ਦਿਨੀਂ ਨਾ ਪਾਸਪੋਰਟ ਹੁੰਦਾ ਸੀ ਨਾ ਵੀਜ਼ਾ। ਅੱਜ ਕਲ ਵਾਂਗ “ਕੋਈ ਇਤਰਾਜ਼ ਨਹੀਂ” ਦੇ ਸਰਟੀਫ਼ਿਕੇਟ ਆਦਿ ਦੀ ਵੀ ਕੋਈ ਬਕਬਕ ਨਹੀਂ ਸੀ। ਉਥੇ ਜਾ ਕੇ ਉਨ੍ਹਾਂ ਕਂੈਬ੍ਰਿਜ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ। ਪਿਛੋਂ ਜਾ ਕੇ ਉਹ ਰਾਇਲ ਜੀਓਗਰਾਫ਼ੀਕਲ ਸੋਸਾਇਟੀ ਦੇ ਫ਼ੈਲੋ ਹੋ ਗਏ। ਰੁਪਏ ਪੈਸੇ ਦੀ ਘਾਟ ਨਹੀਂ ਸੀ। ਉਸ ਇਸਤਰੀ ਨੇ ਉਨ੍ਹਾਂ ਨੂੰ ਸਾਰਾ ਪੈਸਾ ਵਾਪਸ ਦੇ ਦਿੱਤਾ ਸੀ। ਹੁਣ ਉਹ ਪੜ੍ਹਦੇ ਸਨ, ਪੋਲੋ ਖੇਡਦੇ ਸਨ। ਉਥੋਂ ਦੇ ਉੱਚੇ ਹਲਕੇ ਵਿਚ ਉਨ੍ਹਾਂ ਦੀ ਪਹੁੰਚ ਸੀ। ਉਥੇ ਉਨ੍ਹਾਂ ਦੀ ਇੱਕ ਪ੍ਰਸਿਧ ਵਿਅਕਤੀ ਦੇ ਤੌਰ ਤੇ ਜਾਣ ਪਛਾਣ ਬਣੀ। ਇਸ ਵਿਚਕਾਰ ਅਫ਼ਗ਼ਾਨਿਸਤਾਨ ਦੇ ਅਮੀਰ ਨੂੰ ਪਤਾ ਲੱਗਾ ਕਿ ਹਜ਼ਰਤ ਲੰਡਨ ਵਿਚ ਹਨ ਅਤੇ ਵਿਦਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾ ਸਾਡੇ ਵਾਲਦ ਨੂੰ ਚਿੱਠੀ ਲਿਖੀ ਕਿ ਤੁਸੀਂ ਅਫ਼ਗ਼ਾਨਿਸਤਾਨ ਦੇ ਸਫ਼ੀਰ ਦੀ ਪਦਵੀ ਪ੍ਰਵਾਨ ਕਰ ਲਵੋ, ਅਤੇ ਜੇ ਕਾਬਲ ਨਹੀਂ ਆਉਣਾ ਚਾਹੁੰਦੇ ਤਾਂ ਫਿਰ ਇੱਥੇ ਸਾਡੇ ਪ੍ਰਤੀਨਿਧ ਦੀ ਹੈਸੀਅਤ ਵਿਚ ਅੰਗ੍ਰੇਜ਼ੀ ਸਰਕਾਰ ਨਾਲ ਸੰਪਰਕ ਸਥਾਪਤ ਕਰੋ। ਇੰਝ ਉਹ ਹੁਣ ਸਫ਼ੀਰ ਹੋ ਗਏ। ਕੈਂਬ੍ਰਿਜ ਤੋਂ ਵਿਹਲੇ ਹੋਏ ਤਾਂ ਬੈਰਿਸਟਰੀ ਦਾ ਸ਼ੌਕ ਕੁੱਦਿਆ। ਬੈਰਿਸਟਰੀ ਕਰਨੀ ਆਰੰਭ ਕਰ ਦਿੱਤੀ। ਇਹ ਉਹ ਸਮਾਂ ਸੀ, ਜਦੋਂ ਅਲਾਮਾ ਇਕਬਾਲ, ਸਰ ਸ਼ਫ਼ੀ, ਸਰ ਫ਼ਜ਼ਲ ਹੁਸੈਨ ਅਤੇ ਸਰ ਅਬਦੁਲ ਕਾਦਰ ਉਥੇ ਸਾਰੇ ਹੀ ਬੈਰਿਸਟਰੀ ਦਾ ਕੋਰਸ ਕਰ ਰਹੇ ਸਨ। ਇਨ੍ਹਾਂ ਦਾ ਮੇਲਜੋਲ ਉਨ੍ਹਾਂ ਨਾਲ ਉਥੇ ਹੋਇਆ। ਇਹ ਆਪਸ ਵਿਚ ਸਭ ਦੋਸਤ ਸਨ। ਪਰ ਸਾਡੇ ਵਾਲਦ ਸਾਹਿਬ ਦੇ ਠਾਠ ਬਾਠ ਕੁਝ ਹੋਰ ਹੀ ਸਨ। ਇਹ ਹਜ਼ਰਾਤ ਤਾਂ ਵਿਚਾਰੇ ਕੇਵਲ ਵਿਦਿਆਰਥੀ ਹੀ ਸਨ। ਖ਼ਰਚੇ ਦੀ ਔਖਿਆਈ ਰਹਿੰਦੀ ਸੀ। ਪਰ ਸਾਡੇ ਵਾਲਦ ਸਾਹਿਬ ਕੋਲ ਪਿਛਲੀ ਜਮ੍ਹਾਂ ਕੀਤੀ ਦੌਲਤ ਦੇ ਇਲਾਵਾ ਅਫ਼ਗ਼ਾਨ ਸਰਕਾਰ ਵਲੋਂ ਤਨਖ਼ਾਹ ਵੀ ਆਉਂਦੀ ਸੀ। ਉਹ ਤਾਂ ਡੀਊਕ ਆਫ਼ ਵਿੰਡਸਰ ਦੇ ਨਾਲ ਜੋ ਪਿਛੋਂ ਜਾ ਕੇ ਐਡਵਰਡ ਸਤਵਾਂ ਹੋ ਕੇ ਗੱਦੀ ਤੇ ਵੀ ਬੈਠਾ, ਪੋਲੋ ਖੇਡਦੇ ਹੁੰਦੇ ਸੀ। ਗੱਲ ਕਾਹਦੀ, ਉਨ੍ਹਾਂ ਬੈਰਸਿਟਰੀ ਬੜੇ ਮਜ਼ੇ ਤੇ ਆਰਾਮ ਨਾਲ ਪਾਸ ਕਰ ਲਈ।



ਲੰਡਨ ਤੋਂ ਵਾਪਸੀ:
ਹੁਣ ਉਨ੍ਹਾਂ ਸਾਹਮਣੇ ਸਮੱਸਿਆ ਇਹ ਸੀ, ਕਿ ਵਾਪਸ ਹਿੰਦੁਸਤਾਨ ਜਾਇਆ ਜਾਏ ਜਾਂ ਅਫ਼ਗ਼ਾਨਿਸਤਾਨ। ਉਨ੍ਹਾਂ ਨੇ ਫ਼ੈਸਲਾ ਕੀਤਾ, ਕਿ ਆਪਣੇ ਦੇਸ਼ ਵਾਪਸ ਚਲਦੇ ਹਾਂ। ਇਸ ਲਈ ਲੰਡਨ ਤੋਂ ਚੱਲੇ ਅਤੇ ਸਿੱਧੇ ਜਿਹਲਮ ਪਹੁੰਚੇ। ਜਿਹਲਮ ਵਿਚ ਉਨ੍ਹਾਂ ਨੇ ਵਕਾਲਤ ਦੀ ਪਰੈਕਟਿਸ ਸ਼ੁਰੁ ਕਰ ਦਿੱਤੀ।



ਹੁਣ ਉਸ ਜ਼ਮਾਨੇ ਵਿਚ, ਜਿਹਲਮ ਸਾਧਾਰਨ ਜਿਹਾ ਸ਼ਹਿਰ ਸੀ, ਮੰਨਿਆ ਕਿ ਇੱਥੇ ਸਿਕੰਦਰ ਅਤੇ ਪੋਰਸ ਦੀ ਮੁੱਠ ਭੇੜ ਹੋਈ ਸੀ ਅਤੇ ਇਤਹਿਾਸ ਵਿਚ ਇਸ ਸ਼ਹਿਰ ਦਾ ਵੱਡਾ ਨਾਮ ਹੈ। ਪਰ ਇਹ ਪ੍ਰਾਚੀਨ ਸ਼ਹਿਰ ਆਪਣੀ ਰਹਿਣੀ ਬਹਿਣੀ ਅਤੇ ਆਰਥਿਕਤਾ ਦੇ ਪੱਖ ਤੋਂ ਪਛੜਿਆ ਹੋਇਆ ਸੀ। ਇਹ ਸ਼ਹਿਰ ਹਮਲਾਆਵਰਾਂ ਦੇ ਲੰਘਣ ਵਾਲੇ ਰਾਹ ਤੇ ਹੋਣ ਕਰਕੇ ਓਨੀ ਉਨਤੀ ਨਾ ਕਰ ਸਕਿਆ, ਜਿੰਨੀ ਕਿ ਉਸਦਾ ਹੱਕ ਸੀ ਅਤੇ ਅੰਗ੍ਰੇਜ਼ਾਂ ਨੇ ਵੀ ਉਸਨੂੰ ਫ਼ੌਜੀ ਖ਼ੁਰਾਕ ਦਾ ਇਲਾਕਾ ਕਰਾਰ ਦਿੱਤਾ ਹੋਇਆ ਸੀ। ਅਰਥਾਤ ਮਿਲਟਰੀ ਫ਼ੀਡਿੰਗ ਏਰੀਆ। ਹੁਣ ਸਾਡੇ ਸਤਿਕਾਰ ਯੋਗ ਵਾਲਦ ਚੰਹੁ ਘੋੜਿਆਂ ਦੀ ਬੱਘੀ ਤੇ ਸਵਾਰ ਹੋ ਕੇ ਕਚਿਹਰੀ ਜਾਂਦੇ। ਪ੍ਰਗਟ ਹੈ ਕਿ ਇਸ ਵਿਚਾਰੇ ਸ਼ਹਿਰ ਵਿਚ ਇੰਨੀ ਪੁੱਜਤ ਕਿੱਥੇ ਸੀ ਕਿ ਉਹ ਖ਼ਾਨ ਸਾਹਿਬ ਤਾਂ ਇੱਕ ਪਾਸੇ ਉਨ੍ਹਾਂ ਦੇ ਘੋੜਿਆਂ ਦਾ ਹੀ ਢਿੱਡ ਭਰ ਸਕਦੇ। ਇਥੋਂ ਉਨ੍ਹਾਂ ਫਿਰ ਸਫ਼ਰ ਦੀ ਤਿਆਰੀ ਕੀਤੀ ਅਤੇ ਸਿਆਲਕੋਟ ਪਹੁੰਚ ਗਏ। ਹੁਣ ਉਨ੍ਹਾਂ ਸਿਆਲਕੋਟ ਵਿਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇੱਥੇ ਖੂਬ ਠਾਠ ਬਾਠ ਨਾਲ ਰਹਿਣ ਲੱਗੇ। ਅਤੇ ਫਿਰ ਆਪਣੇ ਜੱਦੀ ਪਿੰਡ ਨੇੜੇ ਇੱਕ ਪਿੰਡ ਦੀ ਰਈਸਜ਼ਾਦੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦਾ ਇਹ ਪੰਜਵਾਂ ਵਿਆਹ ਸੀ, ਬਾਕੀ ਪਤਨੀਆਂ ਤਾਂ ਮਰ ਖਪ ਗਈਆਂ, ਅਸੀਂ ਅੰਤਲੀ ਮਾਂ ਦੇ ਕੁੱਖ ਵਿਚੋਂ ਜਨਮ ਲਿਆ। ਸਿਆਲਕੋਟ ਵਿਚ ਪਲੇ ਪੋਸੇ ਅਤੇ ਵਿਦਿਆ ਪ੍ਰਾਪਤ ਕੀਤੀ।



ਉਥੇ (ਸਿਆਲਕੋਟ ਵਿਚ) ਇੱਕ ਬਹੁਤ ਵੱਡੀ ਸਮਾਜੀ ਸ਼ਖ਼ਸੀਅਤ ਸੀ। ਇਹ ਵੀ ਸਾਡੇ ਪਿਤਾ ਜੀ ਦੇ ਸਮੇਂ ਦੀ ਸ਼ਖ਼ਸੀਅਤ ਹੀ ਸੀ। ਉਸ ਦਾ ਨਾਮ ਮੰਮੂ ਜੁਆਰੀਆ ਸੀ। ਅਸਲੀ ਨਾਮ ਮੁਹੰਮਦ ਬਖ਼ਸ਼ ਸੀ। ਸਾਰਾ ਸ਼ਹਿਰ ਅਤੇ ਸਾਰਾ ਇਲਾਕਾ ਉਸ ਨੂੰ ਇਸੇ ਨਾਮ ਨਾਲ ਜਾਣਦਾ ਸੀ। ਉਹ ਕੁਛ ਰਾਬਿਨ ਹੁੱਡ ਵਰਗੀ ਸ਼ੈ ਸੀ। ਜੂਆ ਉਹ ਖਿਡਾਉਂਦਾ ਸੀ, ਸਮਗਲਿੰਗ ਉਹ ਕਰਦਾ ਸੀ, ਗੱਲ ਕਾਹਦੀ ਅੰਡਰਵਰਲਡ ਦਾ ਬਾਦਸ਼ਾਹ ਸੀ। ਪਰ ਸ਼ਹਿਰ ਦੀ ਹਰ ਸੰਸਥਾ, ਬਚਾਓ ਦੀ, ਸੁਧਾਰ ਦੀ, ਹਰ ਇੱਕ ਦਾ ਮੈਂਬਰ ਸੀ, ਅਤੇ ਮਿਉਂਸਪਲ ਕਮੇਟੀ ਦਾ ਮੈਂਬਰ ਵੀ। ਬੜੇ ਵਿਸ਼ਾਲ ਦਿਲ ਨਾਲ ਚੰਦਾ ਦਿੰਦਾ ਹੁੰਦਾ ਸੀ। ਅਜੀਬ ਕਰਦਾਰ ਸੀ। ਅਤੇ ਫਿਰ ਸਾਡੇ ਮੌਲਵੀ ਇਬਰਾਹੀਮ ਆਪ ਰਈਸ ਸਨ। ਦਾਹੜੀ ਵਧਾਈ, ਮਸਜਿਦ ਦੀ ਅਮਾਮਤ ਸੰਭਾਲੀ, ਪੜ੍ਹਾਉਣ ਦਾ ਸ਼ੁਗ਼ਲ ਅਪਨਾ ਲਿਆ। ਹੁਣ ਉਹ ਸਾਨੂੰ ਪੜ੍ਹਾਉਂਦੇ ਸਨ। ਮੈਂ ਉਰਦੂ ਕਾਇਦਾ ਪੜ੍ਹਨ ਲਈ ਮਸਜਿਦ ਗਿਆ। ਉਨ੍ਹਾਂ ਦੀ ਕਲਾਸ ਵਿੱਕੋਲਿਤਰੇ ਪ੍ਰਕਾਰ ਦੀ ਸੀ। ਹੁਣ ਮੈਂ ਅਲਫ਼ ਬੇ ਪੜ੍ਹ ਰਿਹਾ ਸਾਂ। ਦੂਜਾ ਵਿਦਿਆਰਥੀ ਤੀਜੀ ਜਮਾਤ ਦਾ, ਉਸਨੂੰ ਤੀਜੀ ਜਮਾਤ ਦਾ ਸਬਕ ਦੇ ਰਹੇ ਸਨ। ਇੱਕ ਹਦੀਸ (ਧਾਰਮਕ ਪੁਸਤਕ) ਪੜ੍ਹ ਰਿਹਾ ਸੀ ਦੂਸਰਾ ਕੁਰਾਨ ਦੀਆਂ ਆਇਤਾਂ, ਗਲ ਕਾਹਦੀ ਉਹ ਇੱਕੋ ਵੇਲੇ ਸਾਰੇ ਮਜ਼ਮੂਨ ਤੇ ਸਾਰੀਆਂ ਕਲਾਸਾਂ ਪੜ੍ਹਾਉਂਦੇ ਸਨ। ਉਨ੍ਹਾਂ ਦਾ ਦਬਦਬਾ ਬਹੁਤ ਸੀ। ਦੇਖਣ ਤੇ ਉਨ੍ਹਾਂ ਤੋਂ ਡਰ ਆਉਂਦਾ ਸੀ। ਦੇਖਣ ਚਾਖਣ ਨੂੰ ਬੜੇ ਦਰਸ਼ਨੀ ਕਿਸਮ ਦੇ ਸਨ। ਉਨ੍ਹਾਂ ਦੀ ਆਪਣੀ ਕੋਈ ਉਲਾਦ ਨਹੀਂ ਸੀ। ਅੰਦਰ ਤੋਂ ਬੜੇ ਕਿਰਪਾਲੂ ਅਤੇ ਦਿਆਲੂ ਕਿਸਮ ਦੇ। ਭਈ ਅਸੀਂ ਤਾਂ ਉਨ੍ਹਾਂ ਤੋਂ ਲਗਾਤਾਰ ਸੱਤ ਸਾਲ ਕੁਰਾਨ ਸ਼ਰੀਫ਼ ਦੀ ਵਿਆਖਿਆ ਅਤੇ ਅਨੁਵਾਦ ਸਹਿਤ ਪਾਠ ਪੜ੍ਹਿਆ। ਅਤੇ ਹਾਂ, ਫਿਰ ਉਲਾਮਾ ਇਕਬਾਲ ਦੇ ਉਸਤਾਦ ਮੀਰ ਹਸਨ, ਉਨ੍ਹਾਂ ਦਾ ਮਦਰਸਾ ਸ਼ਹਿਰ ਦੇ ਦੂਸਰੇ ਇਲਾਕੇ ਵਿਚ ਸੀ। ਅਤੇ ਫਿਰ ਬਾਬਾ ਖੜਕ ਸਿੰਘ ਵੀ ਸਿਆਲਕੋਟ ਦੇ ਹੀ ਸਨ। ਬਾਬਾ ਖੜਕ ਸਿੰਘ ਖ਼ੂਬ ਆਦਮੀ ਸਨ। ਅਕਾਲੀ ਲਹਿਰ ਦੇ ਉਹ ਬਾਨੀ ਸਨ। ਉਸ ਕਾਲ ਵਿਚ ਗੁਰਦੁਆਰੇ ਅੰਗ੍ਰੇਜ਼ਾਂ ਦੇ ਕਬਜ਼ੇ ਵਿਚ ਸਨ। ਉਨ੍ਹਾਂ ਦੇ ਪ੍ਰਬੰਧ ਲਈ ਮਹੰਤ ਆਦਿ ਅੰਗ੍ਰੇਜ਼ ਬਹਾਦਰ ਆਪ ਨਿਯੁਕਤ ਕਰਦੇ ਸਨ। ਬਾਬਾ ਖੜਕ ਸਿੰਘ ਨੇ ਗੁਰਦੁਆਰਿਆਂ ਨੂੰ ਛੁਡਵਾਉਣ ਲਈ ਲਹਿਰ ਚਲਾਈ। ਗੋਲੀਆਂ ਚੱਲੀਆਂ। ਇਹ ਇੱਕ ਨਿਰੋਲ ਸਾਮਰਾਜ ਵਿਰੋਧੀ ਲਹਿਰ ਸੀ। ਕੁਝ ਸਮੇਂ ਪਿਛੋਂ ਇਨ੍ਹਾਂ ਲੋਕਾਂ ਨੇ ਖ਼ਿਲਾਫ਼ਤ ਦੀ ਲਹਿਰ ਵਾਲਿਆਂ ਨਾਲ ਮਿਲ ਕੇ ਅੰਗ੍ਰੇਜ਼ਾਂ ਵਿਰੁੱਧ ਸਾਂਝਾ ਮੁਹਾਜ਼ ਬਣਾ ਲਿਆ। ਇਸ ਵਿਚ ਕਾਂਗਰਸ ਵੀ ਸ਼ਰੀਕ ਸੀ। ਬਾਬਾ ਖੜਕ ਸਿੰਘ ਸਿੱਖ ਕੌਮਵਾਦ ਦੇ ਹੀਰੋ ਸਨ।



ਵਿਅਕਤੀਤਵ ਅਤੇ ਚਰਿਤਰ:
ਸਾਡੇ ਸਤਿਕਾਰ ਯੋਗ ਵਾਲਦ ਸਾਹਿਬ ਬੜੇ ਰੋਅਬ ਦਾਬ ਵਾਲੇ ਪੁਰਸ਼ ਸਨ। ਇੱਕ ਵਾਰ ਇੱਕ ਮਿਰਾਸੀ ਈਦ ਕੁਰਬਾਨ ਦੇ ਬੱਕਰੇ ਜਿਬਾਹ ਕਰਨ ਲਈ ਕਾਫ਼ੀ ਦੇਰ ਲਾ ਕੇ ਆਇਆ। ਵਾਲਦ ਸਾਹਿਬ ਨਾਰਾਜ਼ ਕਿ ਦੇਰ ਕਿਉਂ ਕੀਤੀ ਹੈ। ਮਿਰਾਸੀ ਇਸ ਗਰਜ ਤੋਂ ਡਰ ਕੇ ਕੰਧ ਵਿਚ ਵੱਜਾ ਅਤੇ ਬੇਹੋਸ਼ ਹੋ ਕੇ ਧੜੱਮ ਕਰਕੇ ਹੇਠਾਂ ਡਿਗ ਪਿਆ। ਉਹ ਆਪਣੀ ਸੂਝ, ਕੱਦ ਕਾਠ ਅਤੇ ਗੂੰਜਦਾਰ ਆਵਾਜ਼ ਦੇ ਬਲਬੋਤੇ ਤੇ ਸਾਰੇ ਇਕੱਠ ਤੇ ਛਾ ਜਾਂਦੇ ਸਨ।



ਉਹ ਬਹੁਤ ਸੁੰਦਰ ਜਵਾਨ ਸਨ, ਉਨ੍ਹਾਂ ਦੀ ਰੂਪ ਰੇਖਾ ਅਤੇ ਸੁੰਦਰਤਾ ਦਾ ਹਿਸਾਬ ਤੁਸੀਂ ਸਾਡੇ ਕੱਦ ਕਾਠ ਵੱਲ ਦੇਖ ਕੇ ਨਾ ਲਾਓ, ਮੈਂ ਜ਼ਰਾ ਨਾਨਕਿਆਂ ਤੇ ਗਿਆ ਹਾਂ। ਉਹ ਆਪਣੇ ਇਲਾਕੇ ਅਤੇ ਪਿੰਡ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੂੰ ਅਣਗਿਣਤ ਵਾਰ ਸਰ ਸ਼ਫ਼ੀ ਅਤੇ ਸਰ ਅਬਦੁਲ ਕਾਦਰ ਨੇ ਲਾਹੌਰ ਆ ਜਾਣ ਲਈ ਕਿਹਾ, ਪਰ ਉਹ ਨਹੀਂ ਮੰਨੇ ਅਤੇ ਅੰਤਲੇ ਸਾਹ ਤੀਕਰ ਆਪਣੇ ਇਲਾਕੇ ਦੇ ਲੋਕਾਂ ਵਿਚ ਰਹੇ।



ਉਨ੍ਹਾਂ ਨੇ ਬਹੁਤ ਜਾਇਦਾਦ ਖ਼ਰੀਦੀ, ਸਿਆਲਕੋਟ ਵਿਚ ਵੀ, ਮੋਚੀ ਦਰਵਾਜ਼ੇ ਵਿੱਚ ਵੀ। ਅਸੀਂ ਲੋਕ ਤਾਂ ਖ਼ੂਬ ਠਾਠ ਬਾਠ ਨਾਲ ਰਹਿੰਦੇ ਸਾਂ। ਅਣਹੋਂਦ ਦਾ ਸਾਡੇ ਘਰ ਵਿਚ ਕੋਈ ਲਾਂਘਾ ਨਹੀਂ ਸੀ। ਅਸੀਂ ਫ਼ਾਕਾ ਮਸਤੀ ਜਾਂ ਤੰਗ ਦਸਤੀ ਤੋਂ ਜਾਣੂੰ ਨਹੀਂ ਸਾਂ। ਵਾਲਦ ਸਾਹਿਬ ਲੱਗ ਭੱਗ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਦੇ ਪ੍ਰਧਾਨ ਸਨ। ਉਹ ਲੋਕਾਂ ਦੀ ਭਲਿਆਈ ਦੇ ਕਾਰਜਾਂ ਵਿਚ ਸੱਭ ਤੋਂ ਅੱਗੇ ਹੁੰਦੇ ਸਨ। ਸਕੂਲਾਂ, ਮਸਜਿਦਾਂ, ਆਦਿ ਲਈ ਸਭ ਤੋਂ ਪਹਿਲਾਂ ਇਹ ਚੰਦਾ ਦਿੰਦੇ ਸਨ ਅਤੇ ਦੂਸਰਿਆਂ ਤੋਂ ਵਧ ਚੜ੍ਹ ਕੇ ਮੈਨੂੰ ਬਹੁਤ ਚਾਹੁੰਦੇ ਸਨ। ਇੱਕ ਵਾਰ ਕਹਿਣ ਲੱਗੇ, ਤੂੰ ਨਜ਼ਮ ਲਿਖਣੀ ਸ਼ੁਰੂ ਕਰ ਦਿੱਤੀ ਹੈ, ਇਹ ਚੰਗਾ ਕੀਤਾ ਹੈ। ਤੂੰ ਮੇਰਾ ਨਾਮ ਵੱਡਾ ਕਰੇਂਗਾ। ਉਸ ਸਮੇ ਮੈਂ ਥਰਡ ਯੀਅਰ ਵਿਚ ਸੀ।



ਉਹ ਜੋ ਅੰਗ੍ਰੇਜ਼ ਇਸਤਰੀ ਸੀ, ਉਸ ਨੇ ਇਨ੍ਹਾਂ ਤੇ ਨਾਵਲ ਲਿਖਿਆ, ਜੋ ਛਪ ਚੁੱਕਾ ਹੈ। ਉਸਦਾ ਨਾਮ ’ ਦੀ ਵਜ਼ੀਰ’ਜ ਡਾਟਰ ’ ਹੈ। ਬੜਾ ਦਿਲਚਸਪ ਨਾਵਲ ਹੈ।



ਅੱਬਾ ਦਾ ਇੰਤਕਾਲ:
ਫਿਰ ਜਦੋਂ ਮੈਂ ਅਜੇ ਕਾਲਜ ਵਿਚ ਹੀ ਸੀ, ਵਾਲਦ ਸਾਹਿਬ ਫ਼ੌਤ ਹੋ ਗਏ। ਜਨਾਜ਼ੇ ਆਦਿ ਤੋਂ ਵਿਹਲੇ ਹੋਏ ਤਾਂ ਕਰਜ਼ਾ ਦੇਣ ਵਾਲੇ ਆਉਣੇ ਸ਼ੁਰੂ ਹੋ ਗਏ। ਸ਼ਹਿਰ ਦੇ ਸ਼ਾਹੂਕਾਰ, ਮਹਾਜਨ ਆਦਿ। ਫਿਰ ਪਤਾ ਲੱਗਾ ਕਿ ਅਸੀਂ ਲੋਕ ਉਸ ਸਮੇਂ ਵਿਚ 80 ਹਜ਼ਾਰ ਰੁਪਏ ਦੇ ਕਰਜ਼ਾਈ ਸਾਂ। ਉਨ੍ਹਾਂ ਨੇ ਸਾਨੂੰ ਕਦੀ ਨਹੀਂ ਸੀ ਦੱਸਿਆ, ਕਿ ਉਨ੍ਹਾਂ ਦੀ ਸਾਰੀ ਵਿਸ਼ਾਲ ਦਿਲੀ ਕਰਜ਼ੇ ਦੇ ਸਿਰ ਤੇ ਹੀ ਸੀ। ਸਾਨੂੰ ਇਹ ਪਤਾ ਲੱਗਣ ਤੇ ਬਹੁਤ ਹੈਰਾਨੀ ਹੋਈ। ਭਰਾ ਤੁਫ਼ੈਲ ਬਹੁਤ ਸ਼ਰੀਫ਼ ਤਬੀਅਤ ਪੁਰਸ਼ ਸਨ। ਉਨ੍ਹਾ ਨੇ ਮੈਨੂੰ ਕਿਹਾ, ਕਿ ਅਸੀਂ ਇਹ ਸਾਰਾ ਕਰਜ਼ਾ ਲਾਹ ਦੇਣਾ ਹੈ। ਸਾਡੀ ਸਮਝ ਵਿਚ ਨਾ ਆਵੇ ਕਿ ਇੰਨਾ ਕਰਜ਼ਾ ਕਿਵੇਂ ਲਾਹਵਾਂਗੇ। ਲੋਕਾਂ ਨੇ ਕਿਹਾ ਸੀ ਕਰਜ਼ਾ ਕੌਣ ਲਾਹੁੰਦਾ ਏ। ਪਰ ਭਰਾ ਤੁਫ਼ੈਲ ਨੇ ਕਿਹਾ, ਇਹ ਨਹੀਂ ਹੋ ਸਕਦਾ ਅਤੇ ਫਿਰ ਜਾਇਦਾਦ ਵਿਕਣੀ ਸ਼ੁਰੂ ਹੋ ਗਈ। ਅੰਤ ਨੂੰ ਕਰਜ਼ਾ ਲਹਿ ਗਿਆ ਅਤੇ ਅਸੀਂ ਨਿਰਧਨਤਾ ਦੇ ਕਾਲ ਵਿਚ ਦਾਖ਼ਿਲ ਹੋ ਗਏ।


ਜਨਮ:
ਜਨਮ ਤਾਂ ਮੇਰਾ (ਕਾਲਾ ਕਾਦਰ) ਸਿਆਲਕੋਟ ਦਾ ਹੈ। ਜਨਮ ਤਾਰੀਖ਼ ਮੈਨੂੰ ਆਪ ਨਹੀਂ ਪਤਾ। ਸਕੂਲ ਦੇ ਕਾਗ਼ਜ਼ਾਂ ਤੇ 7 ਜਨਵਰੀ 1911 ਅਤੇ ਕਿਤੇ 7 ਜਨਵਰੀ 1912 ਦਰਜ ਹੈ। ਮੈਂ ਸੁਣਿਆ ਹੈ, ਕਿ ਉਸ ਸਮੇਂ ਸਕੂਲ ਵਿਚ ਜੋ ਤਾਰੀਖ਼ਾਂ ਲਿਖੀਆਂ ਜਾਂਦੀਆਂ ਸਨ ਉਹ ਜਾਅਲੀ ਹੁੰਦੀਆਂ ਸਨ। ਇਸ ਲਈ ਕਿ ਉਹ ਇਸ ਹਿਸਾਬ ਨਾਲ ਲਿਖੀਆ ਜਾਂਦੀਆਂ ਸਨ ਕਿ ਅਮਕੀ ਉਮਰ ਵਿਚ ਇਹ ਦਸਵੀਂ (ਮੈਟਰਿਕ) ਪਾਸ ਕਰੇਗਾ। ਉਸ ਤੋਂ ਬਾਅਦ ਅੰਗ੍ਰੇਜ਼ੀ ਸਰਕਾਰ ਦੀ ਨੌਕਰੀ ਕਰਨ ਲਈ ਕਿੰਨੀ ਉਮਰ ਚਾਹੀਦੀ ਹੈ। ਮੈਂ ਹੁਣੇ ਜਿਹੇ ਹੀ ਆਪਣੇ ਇੱਕ ਦੋਸਤ ਨੂੰ ਫ਼ਰਮਾਇਸ਼ ਕੀਤੀ ਸੀ, ਕਿ ਉਹ ਸਿਆਲਕੋਟ ਦੇ ਨਗਰ ਪਾਲਿਕਾ ਦੇ ਦਫ਼ਤਰ ਵਿਚੋਂ ਜਨਮ ਦਰਜ ਕਰਨ ਦੇ ਰਜਿਸਟਰ ਦੇਖ ਕੇ ਸਹੀ ਤਾਰੀਖ਼ ਪਤਾ ਕਰਨ ਦਾ ਯਤਨ ਕਰੇ। ਉਸ ਦੀ ਖੋਜ ਅਨੁਸਾਰ ਨਗਰ ਪਾਲਿਕਾ ਦੇ ਕਾਗ਼ਜ਼ਾਂ ਵਿਚ 13 ਫ਼ਰਵਰੀ 1911 ਜਨਮ ਤਾਰੀਖ਼ ਦਰਜ ਹੈ।



ਸਕੂਲ ਵਿਚ ਪਹਿਲਾ ਦਿਨ
ਬਚਪਨ ਮੇਰਾ ਸਿਆਲਕੋਟ ਵਿਚ ਹੀ ਲੰਘਿਆ, ਸਕੂਲ ਮੇਰਾ ਸਕਾਚ ਮਿਸ਼ਨ ਸਕੂਲ ਸੀ। ਉਸ ਦੇ ਨਾਲ ਮੇਰੇ ਉਸਤਾਦ ਸਨ, ਸ਼ਮਸ਼ੁਲਉਲਮਾ (ਵਿਦਵਾਨਾਂ ਦੇ ਸੂਰਜ) ਮੌਲਵੀ ਮੀਰ ਹਸਨ, ਜਿਨ੍ਹਾਂ ਤੋਂ ਮੈਂ ਛੇਵੀਂ ਸਤਵੀਂ ਵਿਚ ਅਰਬੀ ਭਾਸ਼ਾ ਦਾ ਗਿਆਨ ਪਰਾਪਤ ਕੀਤਾ। ਅਤੇ ਉਨ੍ਹਾਂ ਤੋਂ ਵਧੇਰੇ ਨੇੜੇ ਸਨ ਮੌਲਵੀ ਇਬਰਾਹੀਮ ਸਿਆਲਕੋਟੀ, ਬਹੁਤ ਵੱਡੇ ਵਿਦਵਾਨ ਸਨ। ਪੈਂਤੀ ਮੈਂ ਇਨ੍ਹਾਂ ਤੋਂ ਪੜ੍ਹੀ, ਮੁਢਲੀਆਂ ਕਿਤਾਬਾਂ ਵੀ ਇਨ੍ਹਾਂ ਤੋਂ ਪੜ੍ਹੀਆਂ। ਉਸ ਤੋਂ ਪਿੱਛੋਂ ਕੁਰਾਨ ਅਤੇ ਹਦੀਸ ਦੇ ਪਾਠ ਵੀ ਇਨ੍ਹਾਂ ਤੋਂ ਲਏ, ਕਈ ਵਰ੍ਹੇ। ਬਚਪਨ ਤਾਂ ਇਥੇ ਹੀ ਲੰਘਿਆ।


ਪਹਿਲਾਂ ਸਾਨੂੰ ਸਕੂਲ ਨਹੀਂ ਭੇਜਿਆ ਗਿਆ ਸੀ। ਅੱਬਾ ਨੇ ਕਿਹਾ ਸੀ, ਪਹਿਲਾਂ ਕੁਰਾਨ ਸ਼ਰੀਫ਼ ਹਿਫ਼ਜ਼ ਕਰੋ, ਅਰਥਾਤ ਜ਼ਬਾਨੀ ਯਾਦ ਕਰੋ, ਉਸ ਤੋਂ ਬਾਅਦ ਮਸਜਿਦ ਵਿਚ ਜਾ ਕੇ ਪੜ੍ਹੋ। ਅਤੇ ਫਿਰ ਜਦੋਂ ਅਰਬੀ ਫ਼ਾਰਸੀ ਪੜ੍ਹ ਲਵੋਗੇ ਤਾਂ ਉਸ ਤੋਂ ਬਾਅਦ ਸਕੂਲ ਭੇਜਾਂਗੇ। ਤਾਂ ਅਸੀਂ ਇੱਕ ਹਾਫ਼ਿਜ਼ ਸਾਹਿਬ ਤੋਂ ਕੁਰਾਨ ਸ਼ਰੀਫ਼ ਹਿਫ਼ਜ਼ ਕਰਨਾ ਸ਼ੁਰੂ ਕੀਤਾ, ਅਰਥਾਤ ਜ਼ਬਾਨੀ ਯਾਦ ਕਰਨਾ। ਤਿੰਨ ਸਪਾਰੇ ਕੰਠ ਕੀਤੇ ਸਨ, ਕਿ ਸਾਡੀਆਂ ਅੱਖਾਂ ਆ ਗਈਆਂ। ਉਸ ਤੋਂ ਬਾਅਦ ਅਸੀਂ ਆਪਣੀ ਮਾਂ ਤੋਂ ਅਲਫ਼ ਬੇ ਪੜ੍ਹੀ। ਫਿਰ ਨੇੜੇ ਦੀ ਮਸਜਿਦ ਵਿਚੱ ਮੌਲਵੀ ਇਬਰਾਹੀਮ ਸੀ, ਉਰਦੂ ਦਾ ਪਹਿਲਾ ਕਾਇਦਾ ਉਨ੍ਹਾਂ ਤੋਂ ਖ਼ਤਮ ਕੀਤਾ। ਜਦੋਂ ਅਸੀਂ ਚੌਥੀ ਜਮਾਤ ਵਿੱਚ ਪਹੁੰਚੇ ਤਾਂ ਸਾਨੂੰ ਭੇਜਿਆ ਗਿਆ ਸਕੂਲ। ਉਸ ਦਾ ਵੀ ਕਿਸੱਾ ਸੁਣ ਲਵੋ, ਇਸ ਲਈ ਕਿ ਹੁਣ ਵੀ ਯਾਦ ਆਉਂਦੀ ਹੈ ਤਾਂ ਹੁਣ ਵੀ ਮੈਨੂੰ ਘਬਰਾਹਟ ਹੋਣ ਲਗਦੀ ਹੈ। ਹੋਇਆ ਇਹ ਕਿ ਜਦ ਪਹਿਲੇ ਦਿਨ ਅਸੀਂ ਸਕੂਲ ਜਾਣਾ ਸੀ ਤਾਂ ਸਾਡੀਆਂ ਵੱਡੀਆਂ ਭੈਣਾਂ ਨੇ ਸਾਨੂੰ ਤਿਆਰ ਕੀਤਾ ਸਕੂਲ ਜਾਣ ਲਈ। ਮਖ਼ਮਲ ਦੇ ਕੱਪੜੇ ਸਾਨੂੰ ਪਵਾਏ ਗਏ। ਲਾਲ ਰੰਗ ਦੀ ਵਾਸਕਟ ਸੀ ਅਤੇ ਵੈਸੀ ਹੀ ਨਿੱਕਰ, ਰੇਸ਼ਮੀ ਮੌਜੇ, ਬਹੁਤ ਵਧੀਆ ਕਿਸਮ ਦੀ ਜੁੱਤੀ ਅਤੇ ਕੱਢੀ ਹੋਈ ਟੋਪੀ। ਤਾਂ ਜਨਾਬ, ਇਹ ਪਵਾ ਕੇ ਸਾਨੂੰ ਭੇਜਿਆ ਗਿਆ ਸੀ ਸਕੂਲ। ਅਸੀਂ ਤਾਂ ਕਦੀ ਸਕੂਲ ਦੇਖਿਆ ਨਹੀਂ ਸੀ। ਸਾਨੂੰ ਕੀ ਪਤਾ ਕਿ ਉਥੇ ਕੀ ਸੀ। ਹੁਣ ਜਦ ਅਸੀਂ ਸਕੂਲ ਪਹੁੰਚੇ ਤਾ ਉਹ ਇਸਲਾਮੀਆ ਸਕੂਲ ਸੀ, ਪਰਾਇਮਰੀ ਤੱਕ। ਉਥੇ ਜਾ ਕੇ ਅਸੀਂ ਕੀ ਦੇਖਿਆ ਕਿ ਵਿਚਾਰੇ ਬੱਚੇ ਜੋ ਉਥੇ ਸਨ, ਕਿਸੇ ਦੇ ਕਪੜੇ ਪਾਟੇ ਹੋਏ ਹਨ, ਕਿਸੇ ਦੇ ਪੈਰਾਂ ਵਿਚ ਜੁੱਤੀ ਹੈ ਨਹੀਂ, ਕਿਸੇ ਦੇ ਸਿਰ ਤੇ ਟੋਪੀ ਨਹੀਂ। ਹੁਣ ਜਦੋਂ ਅਸੀਂ ਕਲਾਸ ਵਿਚ ਪਹੁੰਚੇ ਤਾਂ ਸਭ ਨੇ ਸਾਡੇ ਵੱਲ ਇਉਂ ਦੇਖਿਆ, ਜਿਵੇਂ ਕੋਈ ਅਜੀਬ ਕਿਸਮ ਦਾ ਜਾਨਵਰ ਆ ਗਿਆ ਹੋਵੇ ਕਲਾਸ ਵਿਚ। ਇਸ ਲਈ ਕਿ ਉਨ੍ਹਾਂ ਵਿਚਾਰਿਆਂ ਸਾਦੇ ਕੱਪੜੇ ਪਾਏ ਹੋਏ ਸਨ, ਮੈਲੇ ਕੁਚੈਲੇ ਅਤੇ ਫਟੇ ਹੋਏ, ਅਤੇ ਭੁੰਜੇ ਫ਼ਰਸ਼ ਤੇ ਬੈਠੇ ਹੋਏ ਸਨ। ਉਸ ਜ਼ਮਾਨੇ ਵਿਚ ਡੈਸਕ ਵੈਸਕ ਨਹੀਂ ਹੁੰਦੇ ਸਨ, ਛੋਟੀਆਂ ਜਮਾਤਾਂ ਵਿਚ। ਵੱਡੀਆਂ ਜਮਾਤਾਂ ਵਿਚ ਜਾ ਕੇ ਡੈਸਕ ਮਿਲਦੇ ਸਨ। ਉਸ ਵੇਲੇ ਤਾ ਫ਼ਰਸ਼ ਤੇ ਟਾਟ ਵਿਛਿਆ ਹੁੰਦਾ ਸੀ। ਉਸ ਤੇ ਬੈਠ ਕੇ ਹੀ ਲੋਕ ਪੜ੍ਹਦੇ ਸਨ। ਅਤੇ ਹੁਣ ਅਸੀਂ ਕਿਹਾ ਕਿ ਅਸੀਂ ਮੈਲੇ ਫ਼ਰਸ਼ ਤੇ ਟਾਟ ਤੇ ਕਿਵੇਂ ਬੈਠੀਏ। ਸਾਨੂੰ ਉਥੇ ਬੜੀ ਘਬਰਾਹਟ ਹੋਈ। ਅਤੇ ਬੱਿਚਆਂ ਨੇ ਸਾਨੂੰ ਇਸ ਤਰ੍ਹਾਂ ਦੇਖਿਆ, ਕੁਝ ਮਜ਼ਾਕ ਨਾਲ ਅਤੇ ਕੁਝ ਥੋੜ੍ਹੇ ਜਿਹੇ ਗੁੱਸੇ ਨਾਲ ਕਿ ਇਹ ਕੌਣ ਆ ਗਿਆ ਹੈ। ਫਿਰ ਅਗਲੇ ਦਿਨ ਉਨ੍ਹਾਂ ਵਰਗੇ ਹੀ ਕੱਪੜੇ ਪਾ ਕੇ ਗਿਆ। ਉਸ ਤੋਂ ਬਾਅਦ ਕਦੀ ਅਜਿਹੇ ਕੱਪੜੇ ਨਹੀਂ ਪਾਏ। ਜਿਵੇਂ ਲੋਕ ਰਹਿੰਦੇ ਹੋਣ, ਉਵੇਂ ਹੀ ਰਹਿਣਾ ਚਾਹੀਦਾ ਹੈ। ਉਨ੍ਹਾ ਤੋਂ ਵੱਖਰੇ ਹੋ ਕੇ ਅਮੀਰੀ ਪ੍ਰਗਟ ਕਰਨ ਲਈ ਜਾਂ ਇਹ ਦੱਸਣ ਲਈ ਕਿ ਸਾਡੇ ਕੋਲ ਬਹੁਤ ਪੈਸੇ ਹਨ, ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ, ਜਿਸ ਨੂੰ ਲੋਕ ਦੇਖ ਕੇ ਬੁਰਾ ਮਨਾਉਣ।


ਬਚਪਨ:
ਸਾਡੇ ਸ਼ਾਇਰਾ ਨੂੰ ਪੱਕੇ ਤੋਰ ਤੇ ਇਹ ਗਿਲਾ ਰਿਹਾ ਹੈ ਕਿ ਜ਼ਮਾਨੇ ਨੇ ਉਨ੍ਹਾਂ ਦੀ ਕਦਰ ਨਹੀਂ ਪਾਈ। ਦੇਸ਼ ਵਾਸੀਆਂ ਵਲੋਂ ਨਾਕਦਰੀ ਸਾਡੀ ਸ਼ਾਇਰੀ ਦਾ ਇੱਕ ਪੱਕਾ ਵਿਸ਼ਾ ਰਿਹਾ ਹੈ। ਸਾਨੂੰ ਇਸ ਤੋਂ ਉਲਟ ਸ਼ਕਾਇਤ ਹੈ, ਕਿ ਸਾਡੇ ਉਤੇ ਮਿਹਰਬਾਨੀਆਂ ਅਤੇ ਸਤਿਕਾਰ ਦਾ ਇਸ ਕਦਰ ਮੀਂਹ ਵਰਸਦਾ ਰਿਹਾ ਹੈ, ਆਪਣੇ ਦੋਸਤਾਂ ਵਲੋਂ, ਆਪਣੇ ਮਿਲਣ ਵਾਲਿਆਂ ਵਲੋਂ ਅਤੇ ਉਨ੍ਹਾਂ ਵਲੋਂ ਵੀ ਜਿਹਨਾਂ ਨੂੰ ਅਸੀਂ ਜਾਣਦੇ ਵੀ ਨਹੀਂ। ਅਕਸਰ ਸ਼ਰਮਿੰਦਗੀ ਹੁੰਦੀ ਹੈ, ਕਿ ਇੰਨੇ ਜ਼ਿਆਦਾ ਪਿਆਰ ਦਾ ਹੱਕਦਾਰ ਹੋਣ ਲਈ ਜੋ ਕੁਛ ਥੋੜ੍ਹਾ ਬਹੁਤ ਅਸੀਂ ਕੀਤਾ ਹੈ, ਉਸ ਤੋਂ ਵਧੇਰੇ ਸਾਨੂੰ ਕਰਨਾ ਚਾਹੀਦਾ ਸੀ। ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸਾਂ, ਸਕੂਲ ਵਿਚ ਪੜ੍ਹਦੇ ਸਾਂ ਤਾਂ ਸਕੂਲ ਦੇ ਮੁੰਡਿਆਂ ਨਾਲ ਵੀ ਕੁਝ ਅਜਿਹੀ ਪ੍ਰਕਾਰ ਦੇ ਸਬੰਧ ਸਥਾਪਤ ਹੋ ਗਏ ਸਨ। ਖ਼ਾਹ ਮੁਖ਼ਾਹ ਉਨ੍ਹਾਂ ਨੇ ਸਾਨੂੰ ਆਪਣਾ ਲੀਡਰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਲੀਡਰੀ ਦੀਆਂ ਸਿਫ਼ਤਾਂ ਸਾਡੇ ਵਿਚ ਨਹੀਂ ਸਨ। ਜਾਂ ਤਾਂ ਪੁਰਸ਼ ਲੱਠਬਾਜ਼ ਹੋਵੇ, ਦੂਸਰੇ ਉਸਦਾ ਰੋਅਬ ਮੰਨਣ, ਜਾਂ ਉਹ ਸਭ ਤੋਂ ਵੱਧ ਗਿਆਨਵਾਨ ਹੋਵੇ। ਅਸੀਂ ਪੜ੍ਹਨ ਲਿਖਣ ਵਿਚ ਠੀਕ ਸਾਂ, ਖੇਡ ਵੀ ਲੈਂਦੇ ਸਾਂ, ਪਰ ਪੜ੍ਹਾਈ ਵਿਚ ਅਸੀਂ ਕੋਈ ਅਜਿਹਾ ਕਮਾਲ ਤਾਂ ਨਹੀਂ ਕੀਤਾ ਸੀ,ਕਿ ਲੋਕ ਸਾਡੀ ਵੱਲ ਧਿਆਨ ਦੇਣ।



ਬਚਪਨ ਦਾ ਮੈਂ ਸੋਚਦਾ ਹਾਂ, ਤਾਂ ਇੱਕ ਇਹ ਗੱਲ ਵਿਸ਼ੇਸ਼ ਤੌਰ ਤੇ ਯਾਦ ਆਉਂਦੀ ਹੈ, ਕਿ ਸਾਡੇ ਘਰ ਵਿੱਚ ਤੀਵੀਆਂ ਦੀ ਬਹੁਤਾਤ ਸੀ। ਅਸੀਂ ਜੋ ਤਿੰਨ ਭਰਾ ਸਾਂ, ਉਨ੍ਹਾਂ ਵਿਚੋਂ ਸਭ ਤੋਂ ਛੋਟਾ ਭਰਾ (ਅਨਾਇਤ) ਅਤੇ ਵੱਡਾ ਭਰਾ (ਤੁਫ਼ੈਲ) ਤੀਵੀਆਂ ਤੋਂ ਬਾਗ਼ੀ ਹੋ ਕੇ ਖੇਡਣ ਕੁੱਦਣ ਵਿਚ ਰੁੱਝੇ ਰਹਿੰਦੇ ਸਨ। ਅਸੀਂ ਇਕੱਲੇ ਇਨ੍ਹਾਂ ਤੀਵੀਆਂ ਦੇ ਹੱਥ ਆ ਗਏ। ਉਸ ਦਾ ਕੁਝ ਨੁਕਸਾਨ ਵੀ ਹੋਇਆ ਕੁਝ ਫ਼ਾਇਦਾ ਵੀ। ਫ਼ਾਇਦਾ ਤਾਂ ਇਹ ਹੋਇਆ ਕਿ ਉਨ੍ਹਾਂ ਤੀਵੀਆਂ ਨੇ ਸਾਨੂੰ ਬਹੁਤ ਸ਼ਰੀਫ਼ਾਂ ਜਿਹੀ ਜ਼ਿੰਦਗੀ ਬਸਰ ਕਰਨ ਤੇ ਮਜਬੂਰ ਕੀਤਾ। ਨੁਕਸਾਨ ਇਹ ਹੋਇਆ ਜਿਸ ਦਾ ਅਕਸਰ ਮੈਨੂੰ ਅਫ਼ਸੋਸ ਹੁੰਦਾ ਹੈ, ਕਿ ਬਚਪਨ ਵਿਚ ਮੌਜ ਮੇਲੇ ਅਤੇ ਖੇਡਣ ਕੁੱਦਣ ਦੇ ਜੀਵਨ ਤੋਂ ਵਾਂਝੇ ਰਹੇ। ਜਿਵੇਂ ਕਿ ਉਦਾਹਰਨ ਲਈ, ਕੋਈ ਗਲੀ ਵਿਚ ਪਤੰਗ ਉੜਾ ਰਿਹਾ ਹੈ, ਕੋਈ ਗੋਲੀਆਂ ਖੇਡ ਰਿਹਾ ਹੈ, ਕੋਈ ਲਾਟੂ ਚਲਾ ਰਿਹਾ ਹੈ। ਅਸੀਂ ਤਾਂ ਬੱਸ ਇਹ ਖੇਡਣ ਕੁਦਣ ਦੇਖਦੇ ਹੀ ਰਹਿੰਦੇ ਸਾਂ, ਇਕੱਲੇ ਬੈਠ ਕੇ। “ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ ” ਦੇ ਕਥਨ ਅਨੁਸਾਰ ਅਸੀਂ ਇਨ੍ਹਾਂ ਤਮਾਸ਼ਿਆਂ ਦੇ ਕੇਵਲ ਤਮਾਸ਼ਾਈ ਹੀ ਬਣੇ ਰਹੇ ਅਤੇ ਇਨ੍ਹਾਂ ਵਿੱਚ ਭਾਗ ਲੈਣ ਦੀ ਹਿੰਮਤ ਇਸ ਲਈ ਨਾ ਹੁੰਦੀ ਕਿ ਇਸ ਨੂੰ ਸ਼ਰੀਫ਼ਾਂ ਦਾ ਸ਼ੁਗਲ ਜਾਂ ਸ਼ਰੀਫ਼ਾਂ ਵਾਲਾ ਕੰਮ ਨਹੀਂ ਸਮਝਦੇ ਸਾਂ। ਅਧਿਆਪਕ ਵੀ ਸਾਡੇ ਤੇ ਮਿਹਰਬਾਨ ਰਹੇ। ਅੱਜਕਲ ਦਾ ਮੈਂ ਨਹੀਂ ਜਾਣਦਾ, ਸ਼ਾਇਦ ਹੁੰਦਾ ਹੋਵੇ, ਸਾਡੇ ਸਮੇਂ ਵਿਚ ਸਕੂਲਾਂ ਵਿਚ ਸਖ਼ਤ ਮਾਰ ਪਿਟਾਈ ਵੀ ਹੁੰਦੀ ਸੀ। ਸਾਡੇ ਅਹਿਦ ਦੇ ਉਸਤਾਦ ਤਾ ਜਲਾਦ ਕਿਸਮ ਦੇ ਲੋਕ ਸਨ, ਪਰ ਉਨ੍ਹਾਂ ਨਾ ਕੇਵਲ ਸਾਨੂੰ ਹੱਥ ਹੀ ਨਹੀਂ ਲਾਇਆ, ਸਗੋਂ ਹਰ ਕਲਾਸ ਵਿਚ ਮਾਨੀਟਰ ਬਣਾਉਂਦੇ ਸਨ। ਸਗੋਂ ਸਾਥੀ ਮੁੰਡਿਆਂ ਨੂੰ ਸਜ਼ਾ ਦੇਣ ਦੀ ਪਦਵੀ ਵੀ ਸਾਡੇ ਹਵਾਲੇ ਕਰ ਦਿੰਦੇ ਸਨ। ਅਰਥਾਤ ਉਹਦੇ ਚੁਪੇੜਾਂ ਮਾਰ, ਉਹਦੇ ਚਾਂਟਾ ਲਗਾ। ਇਸ ਨਾਲ ਮੈਨੂੰ ਬਹੁਤ ਦੁੱਖ ਲਗਦਾ ਸੀ। ਅਤੇ ਅਸੀਂ ਯਤਨ ਕਰਦੇ ਹੁੰਦੇ ਸਾਂ, ਕਿ ਜਿੰਨਾ ਵੀ ਸੰਭਵ ਹੋਵੇ, ਇਉਂ ਸਜ਼ਾ ਦੇਈਏ ਕਿ ਸਾਡੇ ਸ਼ਿਕਾਰ ਨੂੰ ਉਹ ਸਜ਼ਾ ਮਹਿਸੂਸ ਨਾ ਹੋਵੇ। ਚੁਪੇੜ ਮਾਰਨ ਲੱਗਿਆਂ ਪੋਲਾ ਜਿਹਾ ਹੱਥ, ਕੰਨ ਹੌਲੀ ਜਿਹੀ ਪੁੱਟਣਾ। ਕਦੀ ਅਸੀਂ ਫੜੇ ਜਾਣਾ, ਤਾਂ ਉਸਤਾਦ ਨੇ ਕਹਿਣਾ ਇਹ ਕੀ ਕਰਦਾ ਏਂ, ਜ਼ੋਰ ਦੀ ਚਪੇੜ ਮਾਰ।



ਦੋ ਪ੍ਰਭਾਵ ਬੜੇ ਡੂੰਘੇ ਹਨ। ਇੱਕ ਤਾਂ ਇਹ ਕਿ ਬਚਿੱਆਂ ਦੀਆਂ ਜੋ ਦਿਲਚਸਪੀਆਂ ਹੁੰਦੀਆਂ ਹਨ, ਉਨ੍ਹਾਂ ਤੋਂ ਵਾਂਝੇ ਰਹੇ। ਦੂਜੇ ਇਹ ਕਿ ਆਪਣੇ ਦੋਸਤਾਂ, ਹਮ ਜਮਾਤੀਆਂ ਅਤੇ ਆਪਣੇ ਅਧਿਆਪਕਾਂ ਤੋਂ ਸਾਨੂੰ ਇਸ ਪਰਕਾਰ ਦੀ ਸ਼ਫ਼ਕਤ ਅਤੇ ਖ਼ਲੂਸ ਮਿਲਿਆ, ਜੋ ਬਾਅਦ ਦੇ ਸਮੇ ਦੇ ਦੋਸਤਾਂ ਅਤੇ ਸਮਕਾਲੀਆਂ ਤੋਂ ਵੀ ਮਿਲਿਆ ਅਤੇ ਅੱਜ ਵੀ ਮਿਲ ਰਿਹਾ ਹੈ।



ਸਵੇਰੇ ਅਸੀਂ ਆਪਣੇ ਅੱਬਾ ਨਾਲ ਨਮਾਜ਼ ਪੜ੍ਹਨ ਲਈ ਮਸਜਿਦ ਜਾਇਆ ਕਰਦੇ ਸਾਂ। ਇੰਝ ਹੁੰਦਾ ਸੀ ਕਿ ਬਾਂਗ ਨਾਲ ਅਸੀਂ ਉੱਠ ਬੈਠਦੇ, ਅੱਬਾ ਦੇ ਨਾਲ ਮਸਜਿਦ ਜਾਂਦੇ, ਨਮਾਜ਼ ਪੜ੍ਹਦੇ ਅਤੇ ਘੰਟਾ ਡੇੜ ਘੰਟਾ ਮੌਲਵੀ ਇਬਰਾਹੀਮ ਸਿਆਲਕੋਟੀ ਤੋਂ ਜੋ ਉਸ ਸਮੇ ਦੇ ਬੜੇ ਗਿਆਨੀ ਧਿਆਨੀ ਸਨ, ਕੁਰਾਨ ਦਾ ਪਾਠ ਪੜ੍ਹਦੇ ਅਤੇ ਫਿਰ ਅੱਬਾ ਨਾਲ ਡੇੜ ਦੋ ਘੰਟੇ ਸੈਰ ਕਰਦੇ ਅਤੇ ਫਿਰ ਸਕੂਲ। ਰਾਤ ਨੂੰ ਅੱਬਾ ਸੱਦ ਲੈਂਦੇ ਖ਼ੱਤ ਲਿਖਣ ਲਈ। ਉਸ ਜ਼ਮਾਨੇ ਵਿਚ ਉਨ੍ਹਾਂ ਨੂੰ ਖ਼ੱਤ ਲਿਖਣ ਵਿਚ ਕੁਝ ਕਠਿਨਾਈ ਹੁੰਦੀ ਸੀ। ਅਸੀਂ ਉਨ੍ਹਾਂ ਦੇ ਸੈਕ੍ਰੇਟਰੀ ਦੇ ਕੰਮ ਸਿਰੇ ਚੜ੍ਹਾਉਂਦੇ ਸਾਂ। ਉਨ੍ਹਾਂ ਨੂੰ ਅਖ਼ਬਾਰ ਵੀ ਪੜ੍ਹ ਕੇ ਸੁਣਾਉਂਦੇ ਸਾਂ। ਇਨ੍ਹਾਂ ਰੁਝੇਵਿਆਂ ਦੇ ਨਾਲ ਸਾਨੂੰ ਬਚਪਨ ਵਿਚ ਵੀ ਬਹੁਤ ਲਾਭ ਹੋਇਆ। ਉਰਦੂ, ਅੰਗ੍ਰੇਜ਼ੀ ਅਖ਼ਬਾਰ ਪੜ੍ਹਨ ਅਤੇ ਖ਼ੱਤ ਲਿਖਣ ਕਾਰਨ ਸਾਡੀ ਯੋਗਤਾ ਵਿਚ ਵਾਧਾ ਹੋਇਆ। ਇੱਕ ਹੋਰ ਯਾਦ ਤਾਜ਼ਾ ਹੋਈ ਹੈ।



ਸਾਡੇ ਘਰ ਨਾਲ ਲਗਦੀ ਇੱਕ ਦੁਕਾਨ ਸੀ। ਜਿੱਥੇ ਕਿਤਾਬਾਂ ਕਿਰਾਏ ਤੇ ਮਿਲਦੀਆਂ ਸਨ, ਇੱਕ ਕਿਤਾਬ ਦਾ ਕਿਰਾਇਆ ਦੋ ਪੈਸੇ ਹੁੰਦਾ ਸੀ। ਉੱਥੇ ਇੱਕ ਸੱਜਣ ਹੋਇਆ ਕਰਦੇ ਸਨ। ਜਿਹਨਾਂ ਨੂੰ ਸਾਰੇ ਭਾਈ ਸਾਹਿਬ ਕਿਹਾ ਕਰਦੇ ਸਨ। ਭਾਈ ਸਾਹਿਬ ਦੀ ਦੁਕਾਨ ਵਿੱਚ ਉਰਦੂ ਅਦਬ ਦਾ ਬਹੁਤ ਜ਼ਖੀਰਾ ਜਮ੍ਹਾਂ ਸੀ। ਸਾਡੇ ਛੇਵੀਂ ਸਤਵੀਂ ਦੇ ਵਿਦਿਆਰਥੀ ਹੋਣ ਸਮੇਂ ਜਿਨ੍ਹਾਂ ਕਿਤਾਬਾਂ ਦਾ ਰਿਵਾਜ਼ ਸੀ, ਅੱਜ ਕਲ ਉਹ ਲੱਗ ਭੱਗ ਨਹੀਂ ਮਿਲਦੀਆਂ। ਜਿਵੇਂ ਤਿਲਸਮੇ ਹੋਸ਼ਰਬਾ, ਅਫ਼ਸਾਨਾ ਏ ਆਜ਼ਾਦ, ਅਬਦੁਲ ਹਲੀਮ ਸ਼ਰਰ ਦੇ ਨਾਵਲ ਆਦਿ। ਇਹ ਸਾਰੀਆਂ ਕਿਤਾਬਾਂ ਪੜ੍ਹ ਮਾਰੀਆਂ, ਫਿਰ ਸ਼ਾਇਰਾਂ ਦਾ ਕਲਾਮ ਪੜ੍ਹਿਆ। ਗ਼ਾਲਿਬ, ਤਾਂ ਉਸ ਵੇਲੇ ਸਾਡੀ ਸਮਝ ਵਿਚ ਬਹੁਤਾ ਨਹੀਂ ਆਇਆ। ਦੂਸਰਿਆਂ ਦਾ ਵੀ ਅੱਧਾ ਕੁ ਸਮਝ ਵਿਚ ਆਉਂਦਾ ਸੀ ਅੱਧਾ ਕੁ ਨਹੀਂ ਵੀ ਆਉਂਦਾ ਸੀ। ਪਰ ਉਨ੍ਹਾਂ ਦਾ ਇੱਕ ਤੇ ਅਜਿਹਾ ਅਸਰ ਹੁੰਦਾ ਸੀ, ਜਿਵੇਂ ਸਾਹ ਰੁਕਣ ਲੱਗਾ ਹੈ। ਇਸ ਅਧਿਅਨ ਦੇ ਕਾਰਨ ਹੀ ਸਾਹਿਤ ਨਾਲ ਲਗਨ ਉਪਜੀ ਅਤੇ ਸਾਹਿਤ ਵਿਚ ਦਿਲਚਸਪੀ ਹੋਣ ਲੱਗੀ।



ਅਸੀਂ ਅੰਗ੍ਰੇਜ਼ੀ ਨਾਵਲ ਪੜ੍ਹਨੇ ਸ਼ੁਰੂ ਕੀਤੇ। ਡਿਕਨਜ਼ ਪੜ੍ਹਿਆ, ਹਾਰਡੀ ਪੜ੍ਹਿਆ, ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਪੜ੍ਹ ਲਿਆ। ਉਹ ਵੀ ਅੱਧਾ ਸਮਝ ਵਿਚ ਆਉਂਦਾ ਸੀ, ਅੱਧਾ ਨਹੀਂ ਵੀ ਆਉਂਦਾ ਸੀ। ਪਰ ਇਸ ਅਧਿਅਨ ਨਾਲ ਸਾਡੀ ਅੰਗ੍ਰੇਜ਼ੀ ਵਧੀਆ ਹੋ ਗਈ। ਉਤਸ਼ਾਹ ਪੈਦਾ ਹੋਣ ਲੱਗਾ। ਦਸਵੀਂ ਜਮਾਤ ਵਿਚ ਪਹੁੰਚਣ ਤੱਕ ਮਹਿਸੂਸ ਹੋਇਆ ਕਿ ਕਈ ਅਧਿਆਪਕ ਪੜ੍ਹਾਉਣ ਵਿਚ ਕੁਝ ਗ਼ਲਤੀਆਂ ਕਰ ਜਾਂਦੇ ਹਨ। ਅਸੀਂ ਉਨ੍ਹਾਂ ਦੀ ਅੰਗ੍ਰੇਜ਼ੀ ਠੀਕ ਕਰਨ ਲੱਗੇ। ਇਸ ਤੇ ਸਾਡੀ ਪਿਟਾਈ ਤਾਂ ਨਾ ਹੁੰਦੀ। ਹਾਂ ਉਹ ਅਧਿਆਪਕ ਕਦੀ ਗੁੱਸੇ ਹੋ ਜਾਂਦੇ ਤੇ ਕਹਿੰਦੇ ਜੇ ਤੈਨੂੰ ਸਾਥੋਂ ਚੰਗੀ ਅੰਗ੍ਰੇਜ਼ੀ ਆਉਂਦੀ ਹੈ ਤਾਂ ਤੂੰ ਹੀ ਪੜ੍ਹਾਇਆ ਕਰ। ਸਾਥੋਂ ਕਿਉਂ ਪੜ੍ਹਦਾ ਏਂ।



ਐਬਟਾਬਾਦ ਦੇ ਖਟਮਲ
ਐਬਟਾਬਾਦ ਦੇ ਖਟਮਲ ਬੜੇ ਪ੍ਰਸਿੱਧ ਹਨ। ਮੈਨੂੰ ਇਹ ਉਨ੍ਹਾਂ ਦਿਨਾਂ ਤੋਂ ਯਾਦ ਹਨ, ਜਦ ਮੈਂ ਛੋਟਾ ਹੁੰਦਾ ਇੱਕ ਵਾਰ ਐਬਟਾਬਾਦ ਗਿਆ ਸੀ। ਪਰ ਉਦੋਂ ਤੋਂ ਹੁਣ ਤੱਕ ਕਾਫ਼ੀ ਸਮਾ ਲੰਘ ਗਿਆ ਹੈ। ਪਰ ਅਜੇ ਕੱਲ੍ਹ ਦੀ ਗੱਲ ਲਗਦੀ ਹੈ। ਹਮੀਦ ਭਾਈ ਦੀ ਇਕਲੋਤੀ ਭੈਣ ਜੋ ਬਹੁਤ ਖ਼ੂਬਸੂਰਤ ਸੀ, ਉਸ ਦੀ ਜੁਆਨੀ ਵਿਚ ਮਿਰਤੂ ਹੋ ਗਈ ਸੀ, ਇਸ ਇਲਾਕੇ ਵਿਚ ਵਿਆਹੀ ਹੋਈ ਸੀ। ਮੈਂ ਅਤੇ ਤੁਫ਼ੈਲ ਉਨ੍ਹਾਂ ਕੋਲ ਗਰਮੀਆਂ ਦੀਆ ਛੁੱਟੀਆਂ ਕੱਟਣ ਗਏ ਸਾਂ। ਉਨ੍ਹਾਂ ਦੇ ਪਤੀ ਦੇ ਪੀਰ ਸਾਹਿਬ ਇੱਕ ਦਿਨ ਸਾਨੂੰ ਐਬਟਾਬਾਦ ਦੀ ਸੈਰ ਨੂੰ ਲੈ ਗਏ। ਉਥੇ ਖਟਮਲਾਂ ਨੇ ਏਨਾਂ ਬੁਰੀ ਤਰਾਂ ਕਟਿੱਆ, ਕਿ ਮੈਨੂੰ ਬੁਖ਼ਾਰ ਹੋ ਗਿਆ ਅਤੇ ਕਈ ਦਿਨ ਬਿਸਤਰੇ ਵਿਚ ਰਹਿਣਾ ਪਿਆ। ਮੈਂ ਇਸ ਤੋਂ ਪਹਿਲਾ ਪਹਾੜ, ਪਹਾੜੀ ਨਦੀਆਂ, ਅਤੇ ਚਸ਼ਮੇ ਕਦੀ ਨਹੀਂ ਦੇਖੇ ਸਨ। ਇਹ ਸਭ ਕੁਝ ਕਿੰਨਾ ਆਨੰਦ ਮਈ ਸੀ। ਹੁਜਰੇ ਦੇ ਵਿਹੜੇ ਵਿਚ ਮੇਰੀ ਚਾਚੇ ਦੀ ਧੀ ਭੈਣ ਦਾ ਪਤੀ ਜੋ ਸਥਾਨਕ ਖ਼ਾਨ ਸੀ, ਪਸਤੌਲ ਨਾਲ ਨਿਸ਼ਾਨਾ ਲਾਉਣ ਦੀ ਮਸ਼ਕ ਕਰ ਰਹੇ ਹਨ। ਘਰ ਦੇ ਅੰਦਰ ਲਾਨ ਵਿਚ ਕਈ ਪਰਕਾਰ ਦੀਆਂ ਤਲਵਾਰਾਂ, ਖ਼ੰਜਰ, ਅਤੇ ਛੁਰੇ ਸਜੇ ਹੋਏ ਹਨ। ਪੀਰ ਸਾਹਿਬ ਦੀ ਬੁੱਢੀ ਮਾਂ ਧਾਗੇ ਤਵੀਤ ਕਰ ਰਹੀ ਹੈ। ਅਤੇ ਜਦੋਂ ਬੰਦੇ ਇੱਧਰ ਉਧੱਰ ਹੁੰਦੇ ਹਨ ਤਾਂ ਪਿੰਡ ਦੀਆਂ ਸੁੰਦਰੀਆਂ ਨਦੀ ਵਿਚ ਨੰਗੀਆਂ ਨਹਾਉਂਦੀਆਂ ਹਨ।



ਇੱਕ ਐਡਵੈਂਚਰ:
ਗੰਨਿਆਂ ਦੇ ਖੇਤਾਂ ਦੀ ਨਸ਼ੀਲੀ ਮਹਿਕ ਨਿੰਬੂਆਂ ਅਤੇ ਸੰਤਰਿਆ ਦੇ ਨਵੇਂ ਖਿੜੇ ਫੁੱਲਾਂ ਦੀ ਯਾਦ, ਅਮਲਤਾਸ ਦੇ ਰੁੱਖਾਂ ਤੇ ਝੂਮਦੀਆਂ ਹੋਈਆਂ ਸੁਨਹਿਰੀ ਫ਼ਲੀਆਂ, ਵਾਨ ਗਾਫ਼ ਦੀਆਂ ਤਸਵੀਰਾਂ ਦੇ ਰੰਗ ਵਰਗੇ, ਕਣਕ ਅਤੇ ਸਰੋਂ ਦੇ ਖੇਤ, ਮੀਂਹ ਪਿੱਛੋਂ ਧੁੱਪ ਦਾ ਨਿੱਖਰਿਆ ਰੂਪ, ਟਾਹਲੀਆਂ ਦੇ ਰੁੱਖਾਂ ਹੇਠ ਤੱਤੀ ਵਾ ਵਿਚ ਠੰਡਕ ਦੀ ਲਹਿਰ, ਹੇਠ ਨਰਮ ਘਾਹ ਦੀ ਛੋਹ, ਉਹ ਵਲਵਲਾ ਜੋ ਰੇਲ ਦੇ ਇੰਜਣ ਦੀ ਸੀਟੀ ਅਤੇ ਛਕ ਛਕ ਤੋਂ ਜਾਂ ਪਾਣੀ ਵਿਚ ਕਾਗ਼ਜ਼ ਦੀਆਂ ਬੇੜੀਆਂ ਬਣਾ ਬਣਾ ਛੱਡਣ ਤੋਂ ਉਠਦਾ ਸੀ, ਅਜਿਹੇ ਦਿਨ ਜਿਨ੍ਹਾਂ ਵਿੱਚ ਖ਼ੁਸ਼ੀ ਨਾਲ ਸਾਹ ਰੁਕਦਾ ਸੀ, ਅਜਿਹੇ ਦਿਨ ਵੀ ਜੋ ਕਦੀ ਡਰ ਅਤੇ ਭੈ ਨਾਲ ਕਾਲੇ ਰੰਗ ਦੇ ਦਿਖਾਈ ਦਿੰਦੇ ਸਨ, ਅਤੇ ਕਦੀ ਦਰਦ ਅਤੇ ਬੀਮਾਰ ਦੀ ਤਲਵਾਰ ਵਾਂਗ ਤਿੱਖੇ ਕੱਟਣ ਵਾਲੇ।



ਮੈਂ ਆਪਣੇ ਵੱਡੇ ਭਰਾ ਹਾਜੀ ਤੁਫ਼ੈਲ ਅਹਿਮਦ ਦੇ ਨਾਲ ਪਹਿਲੀ ਵਾਰ ਇੱਕ ਅਮੀਰ ਲੜਕੇ ਦੀ ਹੈਸੀਅਤ ਵਿਚ ਪਿੰਡ ਗਿਆ। ਤੁਫ਼ੈਲ ਭਾਈ ਆਮ ਤੌਰ ਤੇ ਹਾਜੀ ਕਹਾਉਂਦੇ ਸਨ। ਕਿਉਂਕਿ ਵਾਲਦ ਸਾਹਿਬ ਉਸ ਨੂੰ ਬਚਪਨ ਵਿਚ ਹੀ ਆਪਣੇ ਨਾਲ ਹੱਜ ਨੂੰ ਲੈ ਗਏ ਸਨ। ਭਈ, ਅਸੀਂ ਤਾਂ ਖ਼ਾਨ ਸਾਹਿਬ ਦੇ ਬੱਚੇ ਸਾਂ, ਪਰ ਰਿਸ਼ਤੇਦਾਰ ਤਾਂ ਗ਼ਰੀਬ ਹੀ ਸਨ। ਪਿੰਡ ਵਿਚ ਸਾਰੇ ਖ਼ਾਨ ਬਹਾਦਰ ਥੋੜ੍ਹੇ ਹੁੰਦੇ ਹਨ। ਸਾਡੀ ਅਨੋਖੀ ਸ਼ਾਨ ਸੀ। ਸਾਰੇ ਸਾਨੂੰ ਪਿਆਰ ਅਤੇ ਈਸਾਰ ਦਾ ਨਜ਼ਰਾਨਾ ਪੇਸ਼ ਕਰ ਰਹੇ ਸਨ। ਔਰਤਾਂ ਖ਼ਾਸ ਤੇ, ਇਹ ਵੀ ਇੱਕ ਅਨੋਖਾ ਤਜ਼ਰਬਾ ਸੀ। ਅਸੀਂ ਰਈਸਾਂ ਦੀ ਔਲਾਦ ਠਹਿਰੇ। ਐਸ਼ ਇਸ਼ਰਤ ਵਿਚ ਪਲੇ ਹੋਏ। ਰਿਸ਼ਤੇਦਾਰ ਭੁੱਖਾਂ ਮਾਰੇ ਤੰਗ ਅਤੇ ਹਨ੍ਹੇਰੇ, ਨਾਮ ਅਤੇ ਹੋਂਦ ਤੋਂ ਰਹਿਤ ਮਕਾਨਾਂ ਦੇ ਵਾਸੀ, ਜਿਨ੍ਹਾਂ ਕੋਲ ਤਹਿਮਤ ਅਤੇ ਝੱਗੇ ਦੇ ਸਿਵਾ ਕੁਝ ਵੀ ਨਹੀਂ ਸੀ। ਨੰਗੇ ਪੈਰੀਂ, ਸਿਰ ਤੇ ਪੁਰਾਣੀ ਗਲੀ ਸੜੀ ਪਾਟੀ ਹੋਈ ਪੱਗ, ਜਾਂ ਲੀਰੋ ਲੀਰ ਦੁਪੱਟੇ, ਜਿਨ੍ਹਾਂ ਦੇ ਸਰੀਰਾਂ ਤੋ, ਅਸਲੀ ਬੋ ਆ ਰਹੀ ਹੋਵੇ। ਜਿਨ੍ਹਾਂ ਨੇ ਲਕਸ ਦਾ ਨਾਮ ਵੀ ਨਾ ਸੁਣਿਆ ਹੋਵੇ। ਜੋ ਚੁੱਲ੍ਹੇ ਦੀ ਸਵਾਹ ਨਾਲ ਤੌੜੀਆਂ ਅਤੇ ਭਾਡੇ ਮਾਂਜਦੇ ਹੋਣ। ਬਲਕਿ ਬਹੁਤ ਵੱਧ ਆਪਣੇ ਹੱਥ ਵੀ ਸਾਫ਼ ਕਰਦੇ ਹੋਣ। ਜੋ ਸਰਫ਼ ਦੇ ਨਾਮ ਤੋਂ ਵੀ ਅਣਜਾਣ ਹੋਣ। ਇਹ ਲੋਕ ਚਲੇ ਆ ਰਹੇ ਸਨ। ਆਪਣੇ ਦੋਨੋ ਹੱਥ ਜੋ ਮਿਹਨਤ ਨਾਲ ਖ਼ੁਰਦਰੇ ਹੋ ਚੁੱਕੇ ਸਨ, ਸਾਡੀਆਂ ਕੰਨਪਟੀਆਂ ਤੇ ਰੱਖ ਕੇ ਸਾਡੀਆਂ ਅੱਖਾਂ ਵਿਚ ਅੱਖਾਂ ਪਾ ਰਹੇ ਸਨ। ਸਾਡੀ ਉਮਰ ਦੇ ਮੁੰਡੇ ਕੁੜੀਆਂ ਪੀਲੇ ਜ਼ਰਦ, ਮੈਲੇ ਕੁਚੈਲੇ ਕਪੜਿਆਂ ਵਿਚ ਲਿਪਟੇ, ਪੈਰਾਂ ਤੋਂ ਨੰਗੇ ਸਾਨੂੰ ਦੂਰੋਂ ਹੀ ਘੂਰਦੇ ਸਨ। ਅਤੇ ਆਪਸ ਵਿੱਚ ਹਸਦੇ ਸਨ। ਪਤਾ ਨਹੀਂ ਕੀ ਕਹਿੰਦੇ ਸਨ, ਕਿਸ ਗੱਲ ਤੋਂ ਹਸਦੇ ਸਨ। ਅਸੀਂ ਹੈਰਾਨ ਹੋ ਰਹੇ ਸਾਂ। ਫਿਰ ਡਰ ਅਤੇ ਝਿਜਕ ਯਕਾਯੱਕ ਪਿਆਰ ਮੁਹੱਬਤ ਦਾ ਠਾਠਾਂ ਮਾਰਦਾ ਸਮੁੰਦਰ ਬਣ ਗਿਆ। ਇੱਕ ਔਰਤ ਨੇ ਇਸੇ ਹੀ ਖ਼ੁਸ਼ੀ ਦੇ ਆਲਮ ਅਤੇ ਪਿਆਰ ਦੇ ਜੋਸ਼ ਵਿੱਚ ਇੰਨੇ ਜ਼ੋਰ ਨਾਲ ਮੂੰਹ ਚੁੱਮਿਆਂ, ਕਿ ਉਸ ਦੀ ਆਵਾਜ਼ ਦੂਰ ਤੀਕ ਸੁਣਾਈ ਦਿੱਤੀ। ਅਤੇ ਸਾਨੂੰ ਵੀ ਪਤਾ ਲੱਗਾ, ਕਿ ਕਿਸੇ ਨੇ ਮੂੰਹ ਚੁੱਮਿਆ ਹੈ। ਕਿਸੇ ਨੇ ਕਿਹਾ, ਫ਼ੈਜ਼ ਇਹ ਸਾਡੀ ਭੂਆ ਹੈ। ਅਸੀਂ ਤਾਂ ਇਸ ਤਜ਼ਰਬੇ ਨਾਲ ਲੱਗ ਭੱਗ ਬੇਹੋਸ਼ ਹੋ ਗਏ ਸਾਂ। ਪਹਿਲੀ ਵਾਰ ਜ਼ਿੰਦਗੀ ਵਿਚ ਇਹ ਅਹਿਸਾਸ ਹੋਇਆ, ਕਿ ਬਾਦਸ਼ਾਹ ਲੋਕ ਕਿਉਂ ਬਾਦਸ਼ਾਹ ਹੁੰਦੇ ਹਨ। ਅਤੇ ਬਾਦਸ਼ਾਹ ਲੋਕ ਇਨ੍ਹਾਂ ਸਾਦੇ ਸੁਭਾ ਦੇ ਗ਼ਰੀਬ, ਮੁਹੱਬਤ ਪਿਆਰ ਦੇ ਪੁਤਲੇ ਇਨਸਾਨਾਂ ਨੂੰ ਆਖ਼ਿਰਕਾਰ ਕਿਉਂ ਅਵਾਮ ਬਣਾ ਦਿੰਦੇ ਹਨ। ਮੈਨੂੰ ਇਸ ਛੋਟੀ ਉਮਰ ਵਿਚ ਹੀ ਅਹਿਸਾਸ ਹੋਇਆ, ਕਿ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਬਣਨਾ ਕਿੰਨਾ ਸੌਖਾ ਹੈ। ਬਸ ਕਿਸੇ ਬਾਦਸ਼ਾਹ ਦੇ ਵੀਰਜ ਦੀ ਲੋੜ ਹੈ। ਪਰ ਇਹ ਮੁਹੱਬਤ ਅਤੇ ਕੁਰਬਾਨੀ ਦੇ ਪੁਤਲੇ ਬਣਨ ਲਈ ਕਿੰਨੀ ਮਿਹਨਤ, ਹਿੰਮਤ ਅਤੇ ਕੋਸ਼ਿਸ਼ ਦੀ ਲੋੜ ਹੇ। ਮੈਨੂੰ ਆਪਣੇ ਬਾਪ ਦੀ ਖਾਨ ਬਹਾਦਰੀ ਤੀਰ ਅਨੁਭਵ ਹੋਣ ਲੱਗੀ ਅਤੇ ਉਸ ਤੋਂ ਉਲਝਣ ਪੈਦਾ ਹੋਣੀ ਆਰੰਭ ਹੋ ਗਈ। ਮੈਨੂੰ ਲੋਕ ਚੰਗੇ ਲੱਗਣ ਲੱਗੇ। ਪਿੰਡ ਵਿਚ ਸਾਡੀਆਂ ਭੂਆਵਾਂ ਨੇ ਸਾਨੂੰ ਘੇਰ ਲਿਆ। ਸਾਨੂੰ ਉਹ ਬਹੁਤ ਚੰਗੀਆਂ ਲੱਗੀਆਂ। ਔਰਤਾਂ ਹਰ ਰੂਪ ਵਿਚ ਮੈਨੂੰ ਸਦਾ ਹੀ ਚੰਗੀਆਂ ਲੱਗਦੀਆਂ ਹਨ। ਔਰਤ ਬੜੀ ਵਧੀਆ ਸ਼ੈ ਹੈ। ਹਾਂ ਪਿੰਡ ਵਿਚ ਅਸੀਂ ਪਹਿਲੀ ਵਾਰ ਚੱਕੀ ਦੇਖੀ। ਅਜੀਬ ਚੀਜ਼ ਸੀ। ਜਿਸ ਵਿਚ ਬਾਜਰੇ ਅਤੇ ਕਣਕ ਦੇ ਦਾਣੇ ਪੀਸੇ ਜਾਂਦੇ ਸਨ ਅਤੇ ਉਹ ਵੀ ਔਰਤ ਦੇ ਹੱਥਾਂ ਦੀ ਤਾਕਤ ਨਾਲ।



ਇੱਕ ਰਾਤ ਅਸੀਂ ਦੋਹਾਂ ਭਰਾਵਾਂ ਨੇ ਸਲਾਹ ਬਣਾਈ ਕਿ ਅਸੀਂ ਵੀ ਚੱਕੀ ਚਲਾਈਏ। ਸਾਨੂੰ ਪਤਾ ਨਹੀਂ ਸੀ, ਕਿ ਦਾਣੇ ਕਿੱਥੇ ਪਾਉਂਦੇ ਹਨ। ਬੱਸ ਮੈਂ ਦਾਣੇ ਹੱਥਾਂ ਵਿੱਚ ਲਏ, ਵੱਡੇ ਭਰਾ ਨੇ ਚੱਕੀ ਦਾ ਉਤਲਾ ਪੁੜ ਚੱਕਿਆ। ਮੈ ਦਾਣੇ ਪਾ ਦਿੱਤੇ। ਇਸ ਤੋਂ ਪਹਿਲਾ ਕਿ ਮੈਂ ਭਰਾ ਦਾ ਹੱਥ ਵਟਾਉਂਦਾ, ਭਰਾ ਦੇ ਹੱਥੋਂ ਉਹ ਪੁੜ ਛੁੱਟ ਗਿਆ ਅਤੇ ਸਾਡੀ ਉਂਗਲੀ ਪੀਚੀ ਗਈ। ਚੱਕੀ ਦੇ ਪੁੜਾਂ ਵਿਚੋਂ ਆਟੇ ਦੀ ਥਾਂ ਮੇਰਾ ਮੇਰਾ ਲਹੂ ਵਗਣ ਲੱਗ ਪਿਆ। ਭਰਾ ਡਰ ਗਿਆ। ਸਾਨੂੰ ਵੀ ਡਰਾਇਆ। ਅਸੀਂ ਮੀਟਿੰਗ ਕਰਕੇ ਇਹ ਫ਼ੈਸਲਾ ਕੀਤਾ ਕਿ ਇਸ ਦੀ ਖ਼ਬਰ ਕਿਸੇ ਨੂੰ ਨਾ ਹੋਣ ਦਿਓ। ਖ਼ਾਸ ਕਰਕੇ ਖ਼ਾਨ ਬਹਾਦਰ ਨੂੰ।



ਅਸੀਂ ਦੋਨੋ ਚੁੱਪ ਚਾਪ ਆਪਣੇ ਬਿਸਤਰਿਆਂ ਵਿਚ ਚਲੇ ਗਏ। ਮੇਰਾ ਖ਼ਿਆਲ ਹੈ, ਕਿ ਭਰਾ ਤਾਂ ‘ਸਵੇਰੇ ਕੀ ਹੋਵੇਗਾ’ ਦਾ ਹਿਸਾਬ ਕਿਤਾਬ ਕਰਦਾ ਕਰਦਾ ਅਤੇ ਸਕੀਮਾ ਬਣਾਉਂਦਾ ਹੋਇਆ ਸੌਂ ਗਿਆ ਹੋਵੇਗਾ। ਮੈਂ ਕੋਈ ਸਕੀਮ ਨਾ ਬਣਾ ਸਕਿਆ, ਨਾ ਸੋਚ ਸਕਿਆ। ਉਂਗਲੀ ਦੇ ਜ਼ਖ਼ਮ ਦਾ ਦਰਦ ਬਹੁਤ ਜ਼ੋਰ ਦਾ ਸੀ ਅਤੇ ਸਾਰੇ ਸਰੀਰ ਵਿਚ ਪੱਸਰ ਚੁੱਕਾ ਸੀ। ਸਾਰੀ ਰਾਤ ਉਨੀਂਦਰੇ ਕੱਟੀ। ਸਵੇਰੇ ਉੱਠੇ ਤਾਂ ਦੇਖਿਆ ਕਿ ਉਹ ਸਾਫ਼ ਚਿੱਟੀ ਚਾਦਰ ਜੋ ਸਾਡੀ ਚਾਚੀ ਨੇ ਰਾਤ ਵਿਛਾਈ ਸੀ, ਲਹੂ ਨਾਲ ਲਤਪਤ ਹੋਈ ਪਈ ਸੀ। ਸਾਰੀ ਰਾਤ ਉਂਗਲੀ ਦੇ ਇਸ ਜ਼ਖ਼ਮ ਤੋਂ ਲਹੂ ਵਹਿੰਦਾ ਰਿਹਾ, ਅਤੇ ਮੈਂ ਦਰਦ ਨਾਲ ਸੀ ਕਰਨ ਤੋਂ ਬਿਨਾ ਹੀ ਸਹਿੰਦਾ ਰਿਹਾ। ਪਿਆਰ ਕਰਨ ਵਾਲੀਆਂ ਚਾਚੀਆਂ ਤੇ ਭੂਆਆਂ ਜਦ ਜਗਾਉਣ ਆਈਆਂ, ਤਾਂ ਮੈਂ ਜਾਗ ਰਿਹਾ ਸਾਂ। ਮੈਂ ਕੁਛ ਨਹੀਂ ਕਿਹਾ, ਲਹੂ ਨਾਲ ਭਿੱਜੀ ਚਾਦਰ ਦੇਖ ਕੇ ਉਨ੍ਹਾਂ ਨੂੰ ਚਿੰਤਾ ਹੋਈ, ਕਿ ਕਹਾਣੀ ਕੀ ਹੈ। ਅਸੀਂ ਫੜੇ ਗਏ, ਪੁੱਛਿਆ ਕਿ ਕੀ ਹੋਇਆ, ਅਸੀਂ ਸਭ ਕੁਝ ਸੱਚ ਸੱਚ ਦੱਸ ਦਿੱਤਾ।


ਬਚਪਨ ਦੀ ਇੱਕ ਹੋਰ ਯਾਦ:
ਈਦਗਾਹ ਵਿੱਚ ਸੰਘਣੇ ਰੁੱਖਾਂ ਹੇਠ ਮੇਰੇ ਅੱਬਾ ਖ਼ਤਬਾ (ਵਿਖਿਆਨ) ਦੇ ਰਹੇ ਸਨ। (ਈਦ ਦੀ ਨਮਾਜ਼ ਤੋਂ ਪਹਿਲਾਂ ਉਹ ਸਦਾ ਖ਼ਤਬਾ ਦਿੰਦੇ ਸਨ) ਅਤੇ ਮੈਂ ਦੇਖਿਆ, ਕਿ ਮੋਹਰਲੀ ਕਤਾਰ ਵਿਚ ਮੈਂ ਤੇ ਤੁਫ਼ੈਲ ਮਖ਼ਮਲ ਦੇ ਕੋਟ ਪਾ ਕੇ ਬੈਠੇ ਹਾਂ। ਅਤੇ ਨਮਾਜ਼ ਦੇ ਪਿੱਛੋਂ ਸਾਡੀ ਫ਼ਿਟਨ (ਬੱਘੀ) ਈਦਗਾਹ ਤੋਂ ਚੱਲੀ ਹੈ। ਘੋੜਿਆਂ ਦੇ ਗਲਾਂ ਵਿਚ ਬੱਨ੍ਹੀਆਂ ਟੱਲੀਆਂ ਵੱਜ ਰਹੀਆਂ ਹਨ। ਸਾਈਸ ਸੜਕ ਦੇ ਦੋਹੀਂ ਪਾਸੀਂ ਪੈਸੇ ਸੁੱਟ ਰਿਹਾ ਹੈ ਅਤੇ ਰੌਲਾ ਪਾਉਂਦੇ ਬੱਚੇ ਘਰ ਤੀਕ ਸਾਡੀ ਗੱਡੀ ਦੇ ਨਾਲ ਨਾਲ ਦੌੜੇ ਜਾਂਦੇ ਹਨ। ਫਿਰ ਉਹ ਘੜੀ ਯਾਦ ਆਈ, ਕਿ ਅਸੀਂ ਜ਼ਨਾਨ ਖ਼ਾਨੇ ਤੇ ਵਿਹੜੇ ਵਿੱਚ ਦਾਖ਼ਲ ਹੁੰਦੇ ਹਾਂ। ਜੋ ਬਹੁਤ ਸਾਰੀਆਂ ਔਰਤਾਂ ਨਾਲ ਖਚਾ ਖੱਚ ਭਰਿਆ ਹੋਇਆ ਹੈ। ਮੇਰੀਆਂ ਸਕੀਆਂ ਭੈਣਾਂ ਹਨ, ਉਨ੍ਹਾਂ ਦੇ ਬੱਚੇ ਹਨ, ਨੌਕਰਾਣੀਆਂ ਹਨ, ਆਪਣੇ ਪਿੰਡ ਦੀਆਂ ਗ਼ਰੀਬ ਪਰਾਹੁਣੀਆਂ ਤੀਵੀਆਂ ਹਨ।



ਸਾਡੇ ਅੱਬਾ ਦੇ ਅੰਦਰ ਵੜਦਿਆਂ ਹੀ ਯਕਾਯੱਕ ਵਿਹੜੇ ਵਿੱਚ ਚੁੱਪਚਾਪ ਸਨਾਟਾ ਛਾ ਜਾਂਦਾ ਹੈ। ਵਾਰੀ ਵਾਰੀ ਸਾਰੇ ਉਨ੍ਹਾਂ ਦਾ ਹੱਥ ਚੁੰਮਦੇ ਹਨ। ਫਿਰ ਸਾਡੀ ਦਾਦੀ ਰਸਤਾ ਲਭਦੀ ਲਭਦੀ ਆਪਣੇ ਕਮਰੇ ਵਿਚੋਂ ਨਿਕਲਦੀ ਹੈ। ਅਤੇ ਸਾਡੇ ਅੱਬਾ ਜਾਨ ਅਸੀਸ ਲਈ ਆਪਣਾ ਰੋਅਬ ਵਾਲਾ ਸਿਰ ਉਨ੍ਹਾਂ ਅੱਗੇ ਝੁਕਾ ਦਿੰਦੇ ਹਨ। ਉਹ ੳਨ੍ਹਾਂ ਦੇ ਸਿਰ ਤੇ ਹੱਥ ਫੇਰਦੀ ਹੈ, ਅਸੀਸਾਂ ਦਿੰਦੀ ਹੈ। ਅਤੇ ਫਿਰ ਅੱਬਾ ਬਾਹਰ ਮਰਦਾਨੇ ਵਿਚ ਚਲੇ ਜਾਂਦੇ ਹਨ। ਚੁੱਪ ਟੁੱਟ ਜਾਂਦੀ ਹੈ। ਅਤੇ ਵਿਹੜੇ ਵਿਚ ਸਾਰੇ ਲੋਕ ਹਾਸਾ, ਮਜ਼ਾਕ, ਅਤੇ ਰੌਲੇ ਗੌਲੇ ਨਾਲ ਆਕਾਸ਼ ਸਿਰ ਤੇ ਚੁੱਕ ਲੈਂਦੇ ਹਨ।



ਨਜ਼ਮ ਕਹਿਣ ਦਾ ਆਰੰਭ:
ਪਹਿਲੀ ਵਾਰ ਮੈਂ ਨਜ਼ਮ ਉਦੋਂ ਕਹੀ ਜਦੋਂ ਅਸੀਂ ਸਤਵੀਂ ਵਿਚ ਸਾਂ। ਉਹ ਇੰਝ ਕਿ ਸਾਡੇ ਵੱਡੇ ਭਰਾ ਸਵਰਗਵਾਸੀ ਜਿਨ੍ਹਾਂ ਦੀ ਮਿਰਤੂ ਹੋ ਚੁੱਕੀ ਹੈ। ਉਨ੍ਹਾਂ ਦੇ ਇੱਕ ਦੋਸਤ ਸਨ, ਜੋ ਬਾਅਦ ਵਿਚ ਜੱਜ ਹੋ ਗਏ ਸਨ, ਹਾਈ ਕੋਰਟ ਦੇ। ਨਜ਼ੀਰ ਅਹਿਮਦ ਮਹਿਮੂਦ ਉਨ੍ਹਾਂ ਦਾ ਨਾਮ ਸੀ। ਇਹ ਦੋਨੋ ਪੜ੍ਹਦੇ ਸਨ ਦੱਸਵੀਂ ਜਮਾਤ ਵਿੱਚ, ਅਸੀਂ ਪੜ੍ਹਦੇ ਸਾਂ ਸਤਵੀਂ ਜਮਾਤ ਵਿਚ। ਉਨ੍ਹਾਂ ਨਜ਼ੀਰ ਅਹਿਮਦ ਸਾਹਿਬ ਨੇ ਸਾਨੂੰ ਇੱਕ ਦਿਨ ਕਿਹਾ, ਭਈ ਤੈਨੂੰ ਉਰਦੂ ਤਾਂ ਬਹੁਤ ਆਉਂਦੀ ਹੈ, ਕਦੀ ਸ਼ਿਅਰ ਤਾਂ ਨਹੀਂ ਬਣਾਇਆ। ਕਹਿਣ ਲੱਗੇ, ਹੁਣ ਬਣਾ। ਮੈਂ ਕਿਹਾ ਕਿ ਕੀ ਕਰਾਂ। ਕਹਿਣ ਲੱਗੇ, ਇੱਕ ਮੁੰਡਾ ਪੜ੍ਹਦਾ ਹੈ ਸਾਡੀ ਜਮਾਤ ਵਿੱਚ, ਉਸਦਾ ਨਾਮ ਹੈ, ਛੱਜੂ ਰਾਮ। ਉਸ ਨੇ ਸਾਨੂੰ ਬਹੁਤ ਤੰਗ ਕਰ ਰਖਿਆ ਹੈ। ਤੂੰ ਉਸਦੇ ਖ਼ਿਲਾਫ਼ ਇੱਕ ਨਜ਼ਮ ਬਣਾ ਦੇ। ਜਿਸ ਵਿਚ ਕੁਛ ਇਸ ਪ੍ਰਕਾਰ ਦੇ ਸ਼ਿਅਰ ਹੋਣ। ਕਿ ਉਸਦਾ ਜੋ ਸਿਰ ਹੈ, ਉਹ ਤੌੜੀ ਵਰਗਾ ਹੈ। ਉਸਦਾ ਜੋ ਢਿਡ ਹੈ ਉਹ ਮਟਕੇ ਵਰਗਾ ਹੈ। ਇਸ ਦੀਆਂ ਜੋ ਲੱਤਾਂ ਹਨ, ਤਿਨਕਿਆਂ ਵਰਗੀਆਂ ਹਨ। ਉਸਦੇ ਜੋ ਹੱਥ ਹਨ, ਉਹ ਅਜਿਹੇ ਹਨ। ਜੋ ਅੱਖਾਂ ਹਨ ਉਹ ਅਜਿਹੀਆਂ ਹਨ। ਇਸ ਤੇ ਅਸੀਂ ਸੱਤਾਂ, ਅੱਠਾਂ, ਦਸਾਂ ਲਾਈਨਾਂ ਦੀ ਇੱਕ ਨਜ਼ਮ ਬਣਾ ਕੇ ਦੇ ਦਿੱਤੀ। ਉਨ੍ਹਾਂ ਨੇ ਉਹ ਕਲਾਸ ਵਿੱਚ ਜਾ ਕੇ ਸੁਣਾ ਦਿੱਤੀ ਅਤੇ ਉਹ ਸਾਰੇ ਸਕੂਲ ਵਿੱਚ ਪਰਸਿੱਧ ਹੋ ਗਈ। ਫਿਰ ਸਾਨੂੰ ਖ਼ਿਆਲ ਆਇਆ ਕਿ ਭਈ ਉਹ ਜੋ ਛੱਜੂ ਰਾਮ ਹੈ, ਉਸ ਨੂੰ ਬਹੁਤ ਬੁਰਾ ਲੱਗਾ ਹੋਵੇਗਾ। ਅਸੀਂ ਉਸਦੇ ਵਿਰੁੱਧ ਏਨੀਆਂ ਗੱਲਾਂ ਲਿਖੀਆਂ ਹਨ। ਅਸੀਂ ਜਾ ਕੇ ਭਰਾ ਨੂੰ ਕਿਹਾ, ਕਿ ਉਹ ਛੱਜੂ ਰਾਮ ਦਾ ਚਿਹਰਾ ਦਿਖਾਉਣ। ਅਸੀਂ ਗਏ ਉਨ੍ਹਾਂ ਕੋਲ, ਅਤੇ ਕਿਹਾ, ਦੇਖੋ ਭਈ ਸਾਨੂੰ ਮਾਫ਼ ਕਰ ਦਿਓ। ਅਸੀਂ ਤਾਂ ਤੁਹਾਨੂੰ ਜਾਣਦੇ ਤੱਕ ਨਹੀਂ ਸੀ ਅਸੀਂ ਆਪਦੇ ਵਿਰੁੱਧ ਏਨਾ ਕੁਛ ਲਿਖ ਦਿੱਤਾ। ਉਹ ਕਹਿਣ ਲੱਗੇ, ਵਾਹ ਜੀ ਵਾਹ, ਅਸੀਂ ਤਾਂ ਬਹੁਤ ਖ਼ੁਸ਼ ਹਾਂ। ਅਸੀਂ ਤਾਂ ਤੁਹਾਡੇ ਕਾਰਨ ਸਾਰੇ ਸਕੂਲ ਵਿਚ ਪ੍ਰਸਿੱਧ ਹੋ ਗਏ ਹਾਂ। ਤੂੰ ਮਾਫ਼ੀ ਕਿਉਂ ਮੰਗਦਾ ਏਂ, ਅਸੀਂ ਤਾਂ ਬਹੁਤ ਖ਼ੁਸ਼ ਹਾਂ ਤੁਹਾਥੋਂ। ਸੋ ਇੰਝ ਅਸੀਂ ਸ਼ਿਅਰ ਕਹਿਣੇ ਆਰੰਭ ਕੀਤੇ।



(ਇੰਝ ਹੀ) ਜਦੋਂ ਅਸੀਂ ਸਕੂਲ਼ ਵਿਚ ਪੜ੍ਹਦੇ ਸਾਂ ਤਾਂ ਸਾਡੇ ਹੈਡਮਾਸਟਰ ਨੂੰ ਖ਼ਿਆਲ ਆਇਆ, ਕਿ ਲੜਕਿਆਂ ਦਾ ਇੱਕ ਮੁਕਾਬਲਾ ਕਰਵਾਉਣਾ ਚਾਹੀਦਾ। ਕਵਿਤਾਵਾਂ ਦਾ ਨਹੀਂ ਕਾਵਿ-ਰਚਨਾ ਦਾ। ਕਿਹਾ ਗਿਆ, ਕਿ ਸਮੱਸਿਆ ਦੀ ਤੁਕ ਤੇ ਤੁਸੀਂ ਸਾਰੇ ਆਪਣਾ ਸ਼ੌਕ ਪੂਰਾ ਕਰੋ ਤਾਂ ਇਨਾਮ ਦਿੱਤਾ ਜਾਏਗਾ। ਇਸ ਪ੍ਰਕਾਰ ਦਾ ਜੋ ਪਹਿਲਾ ਮੁਕਾਬਲਾ ਹੋਇਆ। ਉਸ ਦੇ ਨਿਆਂਕਾਰ ਅਤੇ ਜੱਜ ਸਨ, ਮਹਾਨ ਵਿਦਵਾਨ ਸ਼ਮਸ਼ਉਲਉਲਮਾ ਮੌਲਵੀ ਮੀਰ ਹਸਨ ਸਾਹਿਬ। ਕੁਦਰਤੀਂ ਇਹ ਇਨਾਮ ਸਾਨੂੰ ਮਿਲ ਗਿਆ। ਇਨਾਮ ਤੋਂ ਵਧੇਰੇ ਉਹ ਤਮਗ਼ਾ ਸੀ ਜੋ ਅਸੀਂ ਵਧੇਰੇ ਪਸੰਦ ਕੀਤਾ ਅਤੇ ਇਨਾਮ ਮੈਨੂੰ ਯਾਦ ਹੈ ਇੱਕ ਰੁਪਈਆ ਮਿਲਿਆ ਸੀ।



ਇਸ ਨਾਲ ਸਾਨੂੰ ਥੋੜ੍ਹੀ ਜਿਹੀ ਗ਼ਲਤੀ ਲੱਗ ਗਈ, ਕਿ ਸ਼ਾਇਦ ਅਸੀਂ ਵੀ ਕੁਝ ਕਹਿ ਸਕਦੇ ਹਾਂ। ਸਾਡੇ ਘਰ ਨਾਲ ਇੱਕ ਬਹੁਤ ਵੱਡਾ ਮਕਾਨ ਸੀ, ਹਵੇਲੀ ਸੀ, ਉਸ ਪੁਰਾਣੇ ਜ਼ਮਾਨੇ ਦੀ, ਜਿੱਥੇ ਮੁਸ਼ਾਇਰੇ ਹੁੰਦੇ ਰਹਿੰਦੇ ਸਨ। ਸਾਰੇ ਸ਼ਾਹਿਰ ਵਿਚ ਮੁਣਸ਼ੀ ਰਾਜ ਨਾਰਾਇਣ ਅਰਮਾਨ ਦਹਿਲਵੀ ਰਹਿੰਦੇ ਸਨ। ਸ਼ਾਇਦ ਤੁਸੀਂ ਉਨ੍ਹਾਂ ਦਾ ਨਾਮ ਸੁਣਿਆ ਹੋਇਆ ਹੋਵੇ, ਇਸ ਲਈ ਕਿ ਉਹ ਪਿੱਛੋਂ ਜਾ ਕੇ ਲਾਹੌਰ ਆ ਗਏ ਸਨ।



ਹਾਂ, ਉਹਨਾਂ ਨੇ ਇੱਕ ਮਹਿਫ਼ਲੇ ਮੁਸ਼ਾਇਰਾ ਸਥਾਪਤ ਕੀਤੀ ਹੋਈ ਸੀ। ਸਾਡੇ ਘਰ ਦੇ ਬਿਲਕੁਲ ਨਾਲ। ਅਤੇ ਇੱਕ ਬਜ਼ੁਰਗ ਹੋਇਆ ਕਰਦੇ ਸਨ, ਮੁਣਸ਼ੀ ਸਰਾਜਦੀਨ ਮਰਹੂਮ ਜੋ ਅਲਾਮਾ ਇਕਬਾਲ ਦੇ ਦੋਸਤਾਂ ਵਿਚੋਂ ਸਨ। ਉਹਨਾਂ ਦਾ ਜ਼ਿਕਰ ਵੀ ਹੈ ਅਲਾਮਾ ਇਕਬਾਲ ਦੀਆਂ ਲਿਖਤਾਂ ਵਿਚ। ਮੁਣਸ਼ੀ ਸਾਹਿਬ ਪ੍ਰਧਾਨਗੀ ਕੀਤਾ ਕਰਦੇ ਸਨ। ਉਹ ਕਸ਼ਮੀਰ ਵਿਚ ਮੁਣਸ਼ੀ ਸਨ।



ਜਦ ਉਨ੍ਹਾਂ ਦੀ ਰੈਜ਼ੀਡੈਂਸੀ ਸਿਆਲਕੋਟ ਵਿੱਚ ਆ ਜਾਂਦੀ ਸੀ, ਤਾਂ ਉਹ ਵੀ ਸਿਆਲਕੋਟ ਵਿੱਚ ਆ ਜਾਂਦੇ ਸਨ। ਅਤੇ ਉਨ੍ਹਾਂ ਦੇ ਨਾਲ ਮੁਸ਼ਾਇਰਾ ਵੀ ਆ ਜਾਂਦਾ ਸੀ। ਪੰਜ ਛੇ ਮਹੀਨੇ ਸ਼ਿਅਰ ਓ ਸ਼ਾਇਰੀ ਦਾ ਬਾਜ਼ਾਰ ਗਰਮ ਰਹਿੰਦਾ। ਸਮੱਸਿਆ ਦੀ ਤੁਕ ਤੇ ਗ਼ਜ਼ਲਾਂ ਪੜ੍ਹੀਆਂ ਜਾਂਦੀਆਂ। ਬਹੁਤ ਦਿਨਾਂ ਤੱਕ ਤਾਂ ਸਾਨੂੰ ਖ਼ੈਰ ਹਿੱਮਤ ਹੀ ਨਾ ਹੋਈ। ਕਿਉਂਕਿ ਮੁਣਸ਼ੀ ਸਾਹਿਬ ਬੜੇ ਫ਼ਿਕਰੇਬਾਜ਼ ਆਦਮੀ ਸਨ।



ਜਦ ਕਿਸੇ ਨੇ ਸ਼ਿਅਰ ਸੁਣਾਉਣ ਲਈ ਆਉਣਾ, ਅਤੇ ਇੱਕ ਸ਼ਿਅਰ ਉਸ ਨੇ ਪੜ੍ਹਨਾ, ਤਾਂ ਮੁਣਸ਼ੀ ਸਾਹਿਬ ਨੇ ਉਸਤਾਦਾਂ ਦੇ ਦਸ ਸ਼ਿਅਰ ਉਸੇ ਮਜ਼ਮੂਨ ਤੇ ਸੁਣਾ ਦੇਣੇ।



ਤਦ ਬਹੁਤ ਦਿਨਾਂ ਦੇ ਪਿੱਛੋਂ ਸਾਨੂੰ ਹਿੰਮਤ ਹੋਈ, ਅਸੀਂ ਵੀ ਇੱਕ ਗ਼ਜ਼ਲ ਪੜ੍ਹ ਦਿੱਤੀ। ਆਸ ਦੇ ਵਿਪਰੀਤ ਮੁਣਸ਼ੀ ਸਾਹਿਬ ਨੇ ਤਾਰੀਫ਼ ਕੀਤੀ। ਕਿਹਾ, ਕਿ ਬਰਖ਼ੁਰਦਾਰ, ਇਹ ਤਾਂ ਬਹੁਤ ਅੱਛੀ ਹੈ। ਪਰ ਇਹ ਸਭ ਤੁਕਬੰਦੀ ਦਾ ਜ਼ਮਾਨਾ ਸੀ।



ਘਰ ਵਿਚ ਉਰਦੂ ਫ਼ਾਰਸੀ ਬੋਲੀ ਜਾਂਦੀ ਸੀ। ਛੋਟੀ ਉਮਰ ਸੀ ਜਦੋਂ ਮੈਂ ਇਹ ਜ਼ਿਹਨੀ ਦੁਨੀਆ ਬਣਾਈ ਅਤੇ ਸ਼ਿਅਰ ਲਿਖਣ ਲੱਗਾ। ਕੰਨਾਂ ਵਿੱਚ ਸ਼ੁਰੂ ਤੋਂ ਹੀ ਪੰਜਾਬੀ ਗੀਤਾਂ ਦੀਆਂ ਆਵਾਜ਼ਾਂ ਰਸ ਘੋਲਦੀਆਂ ਰਹੀਆਂ ਹਨ। ਪਹਿਲੀ ਸੰਸਾਰ ਜੰਗ ਦੇ ਵਿਚਕਾਰ ਲੋਕ ਗਲੀਆਂ ਵਿਚ ਗਾਇਆ ਕਰਦੇ ਸਨ। ਉਸ ਵੇਲੇ ਦੇ ਜੋ ਬੋਲ ਸੀਨੇ ਵਿਚ ਦੱਬੇ ਹੋਏ ਸਨ। ਉਹ ਹੁਣ ਮੈਂ ਆਪਣੀਆਂ ਪੰਜਾਬੀ ਕਵਿਤਾਵਾਂ ਵਿੱਚ ਉਤਾਰੇ ਹਨ। ਮੈਂ ਹਾਂ ਤਾਂ ਸਿਆਲਕੋਟੀਆ, ਪਰ ਪਿਤਾ ਦੀਆ ਜਾਗੀਰਾਂ ਸਰਗੋਧੇ ਵਿਚ ਸਨ। ਉਥੇ ਜ਼ਮੀਨਾਂ ਤੇ ਮੁਜ਼ਾਰੇ ਰਾਤ ਨੂੰ ਮਿਲ ਕੇ ਗਾਉਂਦੇ ਸਨ। ਮੈਂ ਉੱਥੇ ਜਾ ਕੇ ਹੀਰ ਸੁਣੀ ਸੀ, ਜਾਂ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਜਾਂ ਸੋਹਣੀ ਮਹੀਂਵਾਲ ਦਾ ਕਿੱਸਾ ਜਾ ਮਿਰਜ਼ਾ ਸਾਹਿਬਾਂ। ਪੰਜਾਬੀ ਲਿਖਣ ਨੂੰ ਜੀ ਕਰਦਾ ਸੀ ਪਰ ਅਹਿਸਾਸ ਹੋਇਆ ਕਿ ਇਨ੍ਹਾਂ ਉਸਤਾਦ ਕਵੀਆਂ ਦਾ ਮੈਂ ਕਿਵੇਂ ਮੁਕਾਬਲਾ ਕਰ ਸਕਦਾ ਹਾਂ। ਪਰ ਪੰਜਾਬੀ ਕਵੀਆਂ ਦਾ ਮੈਂ ਮੁਤਾਲਿਆ ਨਹੀਂ ਕੀਤਾ ਸੀ। ਜਿੰਨਾ ਕੁਛ ਸੁਣਿਆ ਸੀ, ਲਗਦਾ ਸੀ, ਵਾਰਸ ਸ਼ਾਹ ਵਾਂਗ ਨਹੀਂ ਲਿਖ ਸਕਦਾ।



ਉਸ ਸਮੇਂ ਵਿੱਚ ਕਦੀ ਕਦੀ ਮੇਰੇ ਤੇ ਇੱਕ ਖ਼ਾਸ ਕਿਸਮ ਦੀ ਹਾਲਤ ਗ਼ਲਬਾ ਪਾ ਲੈਂਦੀ ਸੀ, ਜਿਵੇਂ ਯਕਾਯੱਕ ਆਕਾਸ਼ ਦਾ ਰੰਗ ਬਦਲ ਗਿਆ ਹੈ, ਕਈ ਚੀਜ਼ਾਂ ਦੂਰ ਚਲੀਆਂ ਗਈਆਂ ਹਨ, ਧੁੱਪ ਦਾ ਰੰਗ ਮਹਿੰਦੀ ਰੰਗਾ ਹੋ ਗਿਆ ਹੈ। ਪਹਿਲਾਂ ਜੋ ਦੇਖਣ ਵਿੱਚ ਆਇਆ ਸੀ, ਉਸਦਾ ਰੂਪ ਬਿਲਕਲ ਵੱਖਰਾ ਹੋ ਗਿਆ ਹੈ। ਦੁਨੀਆ ਇੱਕ ਪ੍ਰਕਾਰ ਦੀ ਪਰਦੇ ਦੀ ਤਸਵੀਰ ਕਿਸਮ ਦੀ ਚੀਜ਼ ਅਨੁਭਵ ਹੋਣ ਲਗਦੀ ਸੀ। ਅਜਿਹੀ ਅਵਸਥਾ ਦਾ ਬਾਅਦ ਵਿਚ ਵੀ ਕਦੀ ਕਦੀ ਅਹਿਸਾਸ ਹੋਇਆ ਹੈ, ਪਰ ਹੁਣ ਨਹੀਂ ਹੁੰਦਾ।



ਇਕਬਾਲ ਨਾਲ ਮੁਲਾਕਾਤ:
ਉਨ੍ਹਾਂ ਨਾਲ ਕਈ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੂਸਰੇ ਉਹ ਮੇਰੇ ਵਾਲਦ ਸਾਹਿਬ ਦੇ ਦੋਸਤ ਵੀ ਸਨ। ਦੋਨੋ ਸਮਕਾਲੀ ਸਨ। ਇੱਥੇ ਅਤੇ ਇੰਗਲਿਸਤਾਨ ਵਿੱਚ ਵੀ ਉਹ ਇੱਕ ਦੂਜੇ ਨਾਲ ਰਹੇ ਸਨ। ਇਸ ਲਈ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਤਾਂ ਮੈਨੂੰ ਯਾਦ ਹੈ, ਬਹੁਤ ਬਚਪਨ ਵਿੱਚ ਹੋਈ ਸੀ, ਜਦ ਕਿ ਮੇਰੀ ਉਮਰ ਛਿਆਂ ਸੱਤਾਂ ਵਰ੍ਹਿਆਂ ਦੀ ਹੋਵੇਗੀ। ਮੈਨੂੰ ਚੰਗੀ ਤਰਾਂ ਯਾਦ ਹੈ, ਕਿ ਸਿਆਲਕੋਟ ਵਿਚ ਇੱਕ ਅੰਜਮਨੇ ਇਸਲਾਮੀਆ ਸੀ। ਉਸ ਦਾ ਹਰ ਸਾਲ ਜਲਸਾ ਹੋਇਆ ਕਰਦਾ ਸੀ। ਅੰਜਮਨੇ ਇਸਲਾਮੀਆ ਦਾ ਸਕੂਲ ਵੀ ਸੀ। ਦੋ ਤਿੰਨ ਹੋਰ ਸਕੂਲ ਸਨ ਅਤੇ ਉਥੇ ਕਦੀ ਕਦੀ ਅਲਾਮਾ ਇਕਬਾਲ ਉਨ੍ਹਾਂ ਦੇ ਸਾਲਾਨਾ ਸਮਾਗਮਾਂ ਤੇ ਭਾਗ ਲੈਣ ਲਈ ਆਉਂਦੇ ਹੁੰਦੇ ਸਨ। ਪਹਿਲੀ ਵਾਰ ਤਾਂ ਮੈਂ ਉਨ੍ਹਾਂ ਨੂੰ ਅੰਜਮਨੇ ਇਸਲਾਮੀਆ ਦੇ ਜਲਸੇ ਵਿੱਚ ਹੀ ਦੇਖਿਆ। ਮੈਨੂੰ ਇਸ ਜਲਸੇ ਵਿਚ ਭਾਗ ਲੈਣ ਦਾ ਅਵਸਰ ਇਸ ਲਈ ਦਿੱਤਾ ਗਿਆ ਸੀ, ਕਿ ਮੈਂ ਨਜ਼ਮ ਸੁਣਾਉਣੀ ਸੀ। ਮੈਨੂੰ ਯਾਦ ਹੈ, ਕਿ ਕਿਸੇ ਨੇ ਮੈਨੂੰ ਚੁੱਕ ਕੇ ਮੇਜ਼ ਤੇ ਖੜਾ ਕਰ ਦਿੱਤਾ ਸੀ।

 

ਫ਼ੈਜ਼ ਅਹਿਮਦ ਫੈ਼ਜ਼ ਬਾਰੇ ਹੋਰ ਪੜ੍ਹਨ ਲਈ ਦੇਖੋ ਵਤਨ ਦਾ ਫ਼ੈਜ਼ ਬਾਰੇ ਵਿਸ਼ੇਸ਼ ਅੰਕ
ਜੋਗਿੰਦਰ ਸ਼ਮਸ਼ੇਰ ਦੀਆਂ ਹੋਰ ਲਿਖਤਾਂ:
ਕਿਸਮਤ: ਬੀ ਸੀ ਦੇ ਪਿੰਡ ਪਾਲਦੀ ਬਾਰੇ ਗੁਰਮੀਤ ਕੁਬਿਸੇਕ ਦੀ ਲਿਖਤ ਦਾ ਅਨੁਵਾਦ -

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346