Welcome to WatanPunjabi.ca
ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ: ਦਰਸ਼ਨ ਗਿੱਲ ਦਾ ਨਾਂ ਹਮੇਸ਼ਾਂ ਯਾਦ ਰਹੇਗਾ
ਸੋਹਣ ਕਾਦਰੀ ਰਵਾਇਤ ਸਿ਼ਕਨ ਕਲਾਕਾਰ
 

ਬਲਰਾਜ ਚੀਮਾ

ਕਹਾਣੀ / ਪਾਲੀ
 

ਰਣਬੀਰ ਜੌਹਲ

ਤਿੰਨ ਕਵਿਤਾਵਾਂ
 

ਮੰਗੇ ਸਪਰਾਏ

ਤਿੜਕਦੇ ਰਿਸ਼ਤੇ
 

ਨਾਹਰ ਔਜਲਾ

ਹਿੰਦੀ ਨਾਵਲ ਦਾ ਅਨੁਵਾਦ / ਧਰਤੀ ਧਨ ਨਾ ਆਪਣਾ
 

ਜਗਦੀਸ਼ ਚੰਦਰ

ਸਥਾਈ ਕਾਲਮ / ਪਰਦਾ ਜੋ ਉੱਠ ਗਿਆ
ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
 

ਸੁਖਵੰਤ ਹੁੰਦਲ

ਪੰਜਾਬੀ ਭਾਈਚਾਰਾ ਤੇ ਧਰਮ
 

ਸਾਧੂ ਬਿਨਿੰਗ

ਸਕੀਨਾ
 

ਫ਼ੌਜ਼ੀਆ ਰਫੀਕ

ਕਾਫ਼ਲੇ ਵਲੋਂ ਜ਼ੰਗਾਲਿਆ ਕਿੱਲ ਅਤੇ ਤੜਪਦੇ ਅਹਿਸਾਸ ਦੀ ਮਹਿਕ ਤੇ ਭਰਵੀਂ ਗੋਸ਼ਟੀ
 

ਉਂਕਾਰਪ੍ਰੀਤ

ਇਕ ਤਰਕਸ਼ੀਲ ਵਿਆਹ
 

ਪ੍ਰਮਿੰਦਰ ਕੌਰ ਸਵੈਚ

ਹਿੰਦੀ ਕਹਾਣੀ / ਯੁੱਧ ਅਤੇ ਬੁੱਧ
 

ਮਧੂ ਕਾਂਕਰੀਆ

ਅਸਲ ਲੋਕ ਕਵੀ / ਸੰਤ ਰਾਮ ਉਦਾਸੀ
 

ਸੁਖਦੇਵ ਸਿੱਧੂ

   
 


ਤਿੜਕਦੇ ਰਿਸ਼ਤੇ
ਨਾਹਰ ਔਜਲਾ
 

 

(ਉਨਟੇਰੀਓ ਵਿੱਚ ਰਹਿੰਦੇ ਪੰਜਾਬੀ ਲੇਖਕ ਨਾਹਰ ਔਜਲਾ ਦੇ ਨਾਟਕਾਂ ਦੀ ਪਲੇਠੀ ਪੁਸਤਕ ਡਾਲਰਾਂ ਦੀ ਦੌੜ ਹੁਣੇ ਜਿਹੀ ਛਪੀ ਹੈ। ਅਸੀਂ ਇਸ ਪੁਸਤਕ ਨੂੰ ਜੀ ਆਇਆਂ ਕਹਿਣ ਲਈ ਇਸ ਵਿੱਚੋਂ ਇਕ ਨਾਟਕ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ - ਸੰਪਾਦਕ)


ਪਾਤਰ:

ਨਰਿੰਦਰ ਸਿੰਘ: ਇਕ ਅਧਖੜ ਉਮਰ ਦਾ ਆਦਮੀ
ਬਲਵੰਤ ਕੌਰ : ਨਰਿੰਦਰ ਦੀ ਪਤਨੀ
ਨਵੀ : ਨਰਿੰਦਰ ਦੀ ਬੇਟੀ
ਗੈਰੀ : ਨਰਿੰਦਰ ਦਾ ਬੇਟਾ
ਕਰਮੋ : ਨਰਿੰਦਰ ਦੀ ਮਾਤਾ
ਭਜਨ ਸਿੰਘ : ਨਰਿੰਦਰ ਦਾ ਰਿਸ਼ਤੇਦਾਰ
ਹਰਮੇਲ ਸਿੰਘ : ਨਰਿੰਦਰ ਦਾ ਛੋਟਾ ਭਰਾ

(ਪਰਦਾ ਉੱਠਦਾ ਹੈ, ਲਿਵਿੰਗ ਰੂਮ ਦਾ ਦ੍ਰਿਸ਼ ਹੈ। ਸੋਫਾ, ਲਵਸੀਟ ਤੇ ਚੇਅਰ ਪਏ ਹਨ। ਕਰਮੋ ਤੇ ਬਲਵੰਤ ਲਿਵਿੰਗ ਰੂਮ ਚ ਬੈਠੀਆ ਹਨ।)

ਕਰਮੋ : ਲੈ ਫੜ ਪਾਣੀ ਪੀ ਲੈ, ਰੋਣੇ ਧੋਣੇ ਨਾਲ ਹੁਣ ਬਹੂ ਨੇ ਵਾਪਸ ਥੋੜੋ ਆ ਜਾਣੈ।
ਬਲਵੰਤ: ਬੇਬੇ ਜੀ ਮੈਨੂੰ ਤਾ ਅਜੇ ਵੀ ਇਹ ਸਭ ਕੁਝ ਇਕ ਸੁਪਨਾ ਹੀ ਲੱਗ ਰਿਹਾ, ਸੱਚ ਹੀ ਨਹੀਂ ਆਉਂਦਾ।
ਕਰਮੋ: ਬੁਰੇ ਵਕਤ ਕਿਹੜਾ ਪੁੱਛ ਕੇ ਆਉਂਦੇ ਨੇ।
ਬਲਵੰਤ: ਮੈ ਤਾ ਵਿਆਹ ਤੋਂ ਪਹਿਲਾ ਦੋਹਾ ਦੀਆ ਕੁੰਡਲੀਆ ਵੀ ਮਿਲਵਾਈਆ ਸੀ, ਬਨਭੌਰੇ ਵਾਲਾ ਬਾਬਾ ਤਾ ਕਹਿੰਦਾ ਸੀ, ਵਿਆਹ ਚ ਕੋਈ ਅੜਚਣ ਨਹੀ, ਮਹੂਰਤ ਬੜਾ ਚੰਗਾ ਹੈ।
ਕਰਮੋ : ਹੁਣ ਪੁੱਛਣਾ ਸੀ ਬਾਬੇ ਨੂੰ ਬਈ ਆਹ ਸੁਨਾਮੀ ਕਿਥੋਂ ਆਗੀ।
ਬਲਵੰਤ : ਅੱਜ ਕੀਤੀ ਸੀ ਫੋਨ ਤੇ ਗੱਲ, ਮੈ ਦੱਸਿਆ ਬਈ ਸਾਡੀ ਬਹੂ ਤਾ ਕੈਨੇਡਾ ਵੜਦਿਆ ਹੀ ਵਿਗੜ ਗਈ।
ਕਰਮੋ : ਫੇਰ ਦਿੱਤਾ ਕੋਈ ਜਵਾਬ?
ਬਲਵੰਤ : ਕਹਿੰਦਾ ਵਿਆਹ ਤੱਕ ਤਾ ਸਮਾ ਠੀਕ ਸੀ, ਵਿਆਹ ਤੋਂ ਬਾਅਦ ਦਾਨ ਪੁੰਨ ਕਰਨ ਚ ਕਿਤੇ ਕਮੀ ਰਹਿ ਗਈ, ਰਾਹੂ ਤੇ ਕੇਤੂ ਆਪਣੀ ਦਿਸ਼ਾ ਬਦਲ ਗਏ।
ਕਰਮੋ : ਬਲਵੰਤ, ਮੈ ਤਾ ਧੀਏ ਤੈਨੂੰ ਕਦੇ ਟੋਕਿਆ ਨਹੀਂ , ਪਰ ਇਹ ਪੁੱਛਿਆ ਦੇਣ ਵਾਲੇ ਹੁੰਦੇ ਠੱਗ ਹੀ ਨੇ।
ਬਲਵੰਤ : ਬੇਬੇ ਜੀ ਮੁਸੀਬਤਾ ਕਿਹੜਾ ਬੰਦੇ ਦਾ ਖਹਿੜਾ ਛੱਡਦੀਆ ਨੇ, ਔਖੇ ਵੇਲੇ ਬੰਦਾ ਕੋਈ ਨਾ ਕੋਈ ਸਹਾਰਾ ਭਾਲਦੈ।
ਕਰਮੋ : ਇਹ ਲੋਕ ਸ਼ਿਕਾਰ ਵੀ ਤਾ ਭੋਲ਼ੇ ਭਾਲ਼ੇ ਦੁਖੀ ਬੰਦਿਆ ਦਾ ਈ ਕਰਦੈ ਨੇ, ਮੇਰੇ ਨਾਲ ਤਾ ਹੱਡੀ ਬੀਤੀ ਹੋਈ ਐ।
ਬਲਵੰਤ : ਨਾਹ ਤੁਹਾਨੂੰ ਕੀ ਹੋ ਗਿਆ ਸੀ।
ਕਰਮੋ : ਉਦੋਂ ਮੈ ਅਜੇ ਕੁਆਰੀ ਸੀ, ਮੈਨੂੰ ਰਾਤ ਨੂੰ ਪਈ ਪਈ ਨੂੰ ਦਬਾਅ ਜਿਹਾ ਪੈ ਜਾਦਾ ਸੀ, ਮੈ ਉੱਚੀ ਉੱਚੀ ਬੋਲਣ ਲੱਗ ਪੈਦੀ ਸੀ। ਮੇਰੀ ਮਾ ਨੂੰ ਲੱਗਦਾ ਸੀ ਮੈਨੂੰ ਬੰਤੋ ਦੀ ਕਸਰ ਹੋ ਜਾਦੀ ਐ।
ਬਲਵੰਤ : ਇਹ ਬੰਤੋ ਕੌਣ ਸੀ?
ਕਰਮੋ : ਸਾਡੀ ਗੁਆਢਣ ਸੀ, ਗਰੀਬ ਘਰ ਦੀ ਜਨਾਨੀ ਸੀ, ਜੱਟਾ ਦੇ ਖੇਤਾ ਚੋਂ ਪੱਠੇ ਲੈ ਕੇ ਆਉਣਾ ਤਾ ਉਸਦੀ ਮਜ਼ਬੂਰੀ ਸੀ। ਪਰ ਘਰ ਵਾਲਾ ਹਮੇਸ਼ਾ ਸ਼ੱਕ ਕਰਦਾ ਰਹਿੰਦਾ ਸੀ, ਮਾੜੀ ਮਾੜੀ ਗੱਲ ਤੇ ਲੜਾਈ ਕਰਕੇ ਉਸਨੂੰ ਕੁੱਟ ਧਰਦਾ ਸੀ। ਦੁਖੀ ਹੋਈ ਨੇ ਇਕ ਦਿਨ ਖੂਹ ਚ ਛਾਲ ਮਾਰ ਦਿੱਤੀ ਸੀ। ਲੋਕਾ ਨੂੰ ਸ਼ੱਕ ਸੀ ਕਿ ਉਹਦੀ ਭਟਕਦੀ ਰੂਹ ਕਿਸੇ ਨਾ ਕਿਸੇ ਚ ਆਉਂਦੀ ਹੀ ਰਹਿੰਦੀ ਹੈ। ਮਾ ਇਹ ਭੂਤ ਕਢਵਾਉਣ ਲਈ ਮੈਨੂੰ ਇਕ ਸਾਧ ਦੇ ਡੇਰੇ ਲੈ ਗਈ।
ਬਲਵੰਤ : ਫੇਰ ਨਿਕਲ ਗਏ ਭੂਤ?
ਕਰਮੋ : ਉਥੋਂ ਤਾ ਸਗੋਂ ਮੈਨੂੰ ਇਕ ਹੋਰ ਭੂਤ ਚਿੰਬੜ ਗਿਆ, ਬਾਬੇ ਦਾ ਇਕ ਚੇਲਾ ਮਾ ਨੂੰ ਬਾਹਰ ਹੀ ਬਿਠਾ ਕੇ ਮੈਨੂੰ ਸਾਧ ਕੋਲ ਲੈ ਗਿਆ। ਸਾਧ ਤਾ ਇਹੋ ਜਿਹੀਆ ਹਰਕਤਾ ਨੇ ਉੱਤਰ ਆਇਆ, ਮੈ ਤੈਨੂੰ ਦੱਸ ਨਹੀਂ ਸਕਦੀ। ਮੈ ਤਾ ਘਬਰਾਈ ਹੋਈ ਨੇ ਸਾਧ ਨੂੰ ਧੱਕਾ ਈ ਮਾਰ ਦਿੱਤਾ ਤੇ ਚੀਕਾ ਮਾਰਦੀ ਭੱਜ ਕੇ ਕੁਟੀਆ ਚੋਂ ਬਾਹਰ ਆਗੀ।
ਬਲਵੰਤ : ਫੇਰ?
ਕਰਮੋ : ਬਾਬੇ ਦੇ ਚੇਲੇ ਕਹਿਣ ਕੁੜੀ ਨੂੰ ਜਿੰਨ ਚਿੰਬੜ ਗਿਆ, ਮਾ ਵੀ ਘਬਰਾ ਗਈ। ਮੁੜ ਕੇ ਮੈ ਤਾ ਅੱਜ ਤੱਕ ਕਿਸੇ ਪੁਛਿਆ ਦੇਣ ਵਾਲੇ ਦੇ ਮੂੰਹ ਨੀ ਲੱਗੀ।
ਕਰਮੋ : ਤੁਹਾਡੀ ਬਿਮਾਰੀ ਦਾ ਕੀ ਬਣਿਆ?
ਬਲਵੰਤ : ਇਕ ਡਾਕਟਰ ਤੋਂ ਦਵਾਈ ਖਾਧੀ ਤੇ ਮੈ ਠੀਕ ਹੋ ਗਈ, ਲੈ ਦਵਾਈ ਤੋਂ ਯਾਦ ਆ ਗਿਆ, ਮੈ ਤਾ ਅੱਜ ਗੋਲੀਆ ਲੈਣੀਆ ਹੀ ਭੁੱਲ ਗਈ (ਉੱਠਦੀ ਹੋਈ) ਲੈ ਬਲਵੰਤ ਵੀ ਆ ਗਿਆ (ਬਲਵੰਤ ਅੰਦਰ ਆ ਕੇ ਸੋਫੇ ਤੇ ਬੈਠਦਾ ਹੈ)
ਬਲਵੰਤ : ਗੈਰੀ ਦਾ ਲੱਗਿਆ ਕੁਝ ਪਤਾ।
ਨਰਿੰਦਰ : ਫੋਨ ਤਾ ਉਸਦਾ ਬੰਦ ਸੀ, ਮੈ ਉਸਦੇ ਦੋਸਤਾ ਨੂੰ ਫੋਨ ਕੀਤਾ ਸੀ, ਉਹ ਅੱਗਿਉ ਕਹਿਣ ਲੱਗ ਪਏ, ਏਅਰਪੋਰਟ ਤੇ ਹੋਵੇਗਾ, ਅੱਜ ਉਸਦੀ ਵਾਈਫ ਨੇ ਆਉਣਾ ਸੀ, ਮੈ ਤਾ ਗੱਲ ਨੂੰ ਟਾਲ ਹੀ ਦਿੱਤਾ।
ਬਲਵੰਤ : ਆਪਣਾ ਗੈਰੀ ਤਾ ਇਸ ਗੱਲ ਦੀ ਬਹੁਤੀ ਹੱਤਕ ਮੰਨ ਗਿਆ।
ਨਰਿੰਦਰ : ਆਪਾ ਕਿਹੜਾ ਕਦੇ ਸੋਚਿਆ ਸੀ ਕਿ ਸਾਡੇ ਨਾਲ ਵੀ ਕੋਈ ਏਨੀ ਮਾੜੀ ਕਰ ਸਕਦੈ।
ਬਲਵੰਤ : ਪਤਾ ਨੀ ਚੰਦਰੀ ਨੇ ਸਾਡੇ ਨਾਲ ਕਿਹੜੇ ਜਨਮਾ ਦਾ ਬਦਲਾ ਲਿਐ। (ਨਵੀ ਅੰਦਰ ਆਉਂਦੀ ਹੈ)
ਨਵੀ : ਮੰਮੀ ... (ਥੋੜੀ ਦੇਰ ਬਾਅਦ ਇਧਰ ਉਧਰ ਦੇਖ ਕੇ) ਡੈਡੀ, ਭਾਬੀ ਜੀ ਕਿਥੇ ਨੇ? ਭਾਬੀ ਜੀ ਆਏ ਨੀ? ਤੁਸੀਂ ਕੁਝ ਬੋਲਦੇ ਕਿਉਂ ਨਹੀ?
ਨਰਿੰਦਰ : ਨਵੀ, ਕੋਈ ਜ਼ਰੂਰੀ ਨਹੀਂ ਕਿ ਘਰ ਦੀ ਹਰ ਇਕ ਗੱਲ ਤੈਨੂੰ ਦੱਸੀ ਜਾਵੇ।
ਨਵੀ : ਡੈਡ ਕਿਉਂ ਨਹੀ, ਆਈ ਐਮ ਏ ਫੈਮਿਲੀ ਮੈਬਰ, ਮੈ ਹੁਣ ਕੋਈ ਬੱਚੀ ਨਹੀਂ ਹਾ।
ਬਲਵੰਤ : ਨਵੀ ਤੂੰ ਆਪਣੇ ਕਮਰੇ ਚ ਜਾ, ਪੜ੍ਹਾਈ ਕਰ, ਨਹੀਂ ਜਾ ਕੇ ਟੀ. ਵੀ. ਦੇਖ ਲੈ।
ਨਵੀ : ਉਹ ਮਾਮ! ਵਾਟਜ਼ ਗੋਇੰਗ ਔਨ, ਤੁਸੀਂ ਮੈਨੂੰ ਗੱਲ ਕਿਉਂ ਨਹੀਂ ਦੱਸਦੇ, ਅੱਜ ਭਾਬੀ ਨੇ ਆਉਣਾ ਸੀ, ਆਈ ਕਿ ਨਹੀਂ।
ਨਰਿੰਦਰ : ਆਗੀ, ਆਗੀ, ਆਗੀ। (ਗੁੱਸੇ ਚ ਬੋਲਦਾ ਹੈ)
ਨਵੀ : ਵੇਅਰ ਇਜ਼ ਸ਼ੀ?
ਬਲਵੰਤ : ਉਹ ਕਿਸੇ ਹੋਰ ਦੇ ਘਰੇ ਚਲੀ ਗਈ।
ਨਵੀ : ਕਿਸੇ ਹੋਰ ਦੇ, ਉਨ੍ਹਾ ਦੇ ਘਰ ਬਾਅਦ ਚ ਚਲੀ ਜਾਦੀ।
ਨਰਿੰਦਰ : ਇਹ ਤੂੰ ਉਸਦੇ ਕੋਲੋਂ ਹੀ ਪੁੱਛ ਲਵੀ, ਚੱਲ ਉੱਠ ਹੁਣ, ਬਹੁਤਾ ਦਿਮਾਗ ਨਾ ਖਾ।
ਬਲਵੰਤ : ਤੁਸੀਂ ਬਹੂ ਵਾਲਾ ਗੁੱਸਾ ਹੁਣ ਕੁੜੀ ਤੇ ਹੀ ਕਿਉਂ ਕੱਢੀ ਜਾਨੇ ਓ।
ਨਰਿੰਦਰ : ਸਵਾਲ ਤੇ ਸਵਾਲ ਪੁੱਛੀ ਜਾ ਰਹੀ ਹੈ, ਦੇਖਦੀ ਹੀ ਨਹੀਂ ਕਿ ਬੰਦੇ ਦਾ ਮੂਡ ਕਿਵੇ ਐ।
ਨਵੀ : ਆਈ ਨੋ ਡੈਡ, ਦੇਅਰ ਇਜ਼ ਸਮਥਿੰਗ ਰੌਗ, ਮੈ ਤੁਹਾਡੇ ਨਾਲ ਪਰਾਬਲਮ ਨੂੰ ਸ਼ੇਅਰ ਕਰਨਾ ਚਾਹੁੰਦੀ ਹਾ, ਤੁਸੀਂ ਨਹੀਂ ਦੱਸਣਾ ਚਾਹੁੰਦੇ ਇਟਸ ਅੱਪ-ਟੂ ਯੂ (ਉੱਠ ਕੇ ਚਲੀ ਜਾਦੀ ਹੈ ਅਤੇ ਫੋਨ ਦੀ ਘੰਟੀ ਵੱਜਦੀ ਹੈ)
ਬਲਵੰਤ : ਉੱਠ ਕੇ ਦੇਖੋ ਤਾ ਕੀਹਦਾ ਫੋਨ ਐ।
ਨਰਿੰਦਰ : ਹੁਣ ਤਾ ਫੋਨ ਚੁੱਕਣ ਨੂੰ ਵੀ ਦਿਲ ਨਹੀਂ ਕਰਦਾ (ਫੋਨ ਸੁਣਨ ਲਈ ਉੱਠਦੀ ਹੈ, ਉਧਰੋਂ ਭਜਨ ਸਿੰਘ ਆ ਜਾਦਾ ਹੈ)
ਭਜਨ : ਬਈ ਅੱਜ ਤਾ ਨਵੀ ਬਹੂ ਦੇ ਚਾਅ ਚ ਡੋਰ ਵੀ ਬੰਦ ਨੀ ਕੀਤਾ, ਮੈ ਵੀ ਸੋਚਿਆ, ਚੱਲ ਘਰਦੇ ਹੀ ਨੇ, ਬੈੱਲ ਮਾਰਨ ਦੀ ਕੀ ਲੋੜ ਐ। (ਨਰਿੰਦਰ ਆ ਕੇ ਭਜਨ ਨਾਲ ਹੱਥ ਮਿਲਾਉਂਦਾ ਹੈ। ਫੋਨ ਦੀ ਘੰਟੀ ਬੰਦ ਹੋ ਜਾਦੀ ਹੈ)
ਭਜਨ : ਸੁੱਖ ਐ ਭਾਬੀ ਜੀ ਬੜੇ ਚੁੱਪ ਚੁੱਪ ਲਗਦੇ ਓ? ਲਗਦੈ ਬਹੂ ਨੇ ਆਉਂਦੀ ਨੇ ਅੱਖਾ ਦਿਖਾ ਦਿੱਤੀਆ, ਅਜੇ ਤਾ ਅੱਗੇ ਅੱਗੇ ਦੇਖਿਉ ਕੀ ਬਣਦੈ, ਬਹੂ ਵੀ ਤੁਸੀਂ ਡਾਕਟਰਨੀ ਲੱਭੀ ਐ।
ਨਰਿੰਦਰ : ਤਾਹੀਉਂ ਤਾ ਸਾਰੇ ਟੱਬਰ ਨੂੰ ਜ਼ਹਿਰ ਦੇ ਟੀਕੇ ਲਾਗੀ।
ਭਜਨ : ਬਈ ਕੀ ਬੁਝਾਰਤਾ ਜਿਹੀਆ ਪਾਉਣ ਲੱਗ ਪਏ, ਸਭ ਠੀਕ ਤਾ ਹੈ।
ਨਰਿੰਦਰ : ਭਜਨ ਸਿਆ, ਗੱਲ ਦੱਸਦਿਆ ਨੂੰ ਵੀ ਸ਼ਰਮ ਆਉਂਦੀ ਹੈ, ਪਰ ਹੁਣ ਤੇਰੇ ਤੋਂ ਕੀ ਲੁਕੋ, ਸਤਿੰਦਰ ਏਅਰਪੋਰਟ ਤੋਂ ਹੀ ਸਾਡੇ ਨਾਲ ਨਹੀਂ ਆਈ।
ਭਜਨ : ਤੁਹਾਡੇ ਨਾਲ ਨੀ ਆਈ, ਫੇਰ ਕਿੱਥੇ ਚਲੀ ਗਈ?
ਨਰਿੰਦਰ : ਅਮਰੀਕ ਸੱਗੂ ਹੋਰੀਂ ਨੇ ਨਾ, ਜਿਹੜੇ ਮਾਲਟਨ ਚ ਰਹਿੰਦੇ ਨੇ, ਸਤਿੰਦਰ ਦੇ ਮਾਮੇ ਦੇ ਦੋਸਤ ਨੇ।
ਭਜਨ : ਹਾ, ਹਾ ਮੈ ਜਾਣਦਾ।
ਨਰਿੰਦਰ : ਉਹ ਆਏ ਸੀ ਏਅਰਪੋਰਟ ਤੇ ਸਤਿੰਦਰ ਉਨ੍ਹਾ ਦੀ ਕਾਰ ਚ ਬੈਠ ਕੇ ਉਨ੍ਹਾ ਦੇ ਨਾਲ ਹੀ ਚਲੀ ਗਈ।
ਬਲਵੰਤ : ਮੈ ਤੇ ਗੈਰੀ ਤਾ ਉਹਦੇ ਮਗਰ ਵੀ ਭੱਜੇ, ਸਾਨੂੰ ਲੱਗਿਆ ਸ਼ਾਇਦ ਸਤਿੰਦਰ ਨੂੰ ਭੁਲੇਖਾ ਪੈ ਗਿਆ, ਪਰ ਉਹ ਤਾ ਸਾਡੇ ਵੱਲ ਝਾਕੀ ਤੱਕ ਨਹੀ।
ਭਜਨ : ਬਈ ਆਹ ਤਾ ਜੱਗੋ ਤੇਰ੍ਹਵੀਂ ਕਰਗੀ, ਨਹੀਂ ਤਾ ਭੱਜਣ ਵਾਲੇ ਮੁੰਡੇ ਕੁੜੀਆ ਪਹਿਲਾ ਘਰ ਜ਼ਰੂਰ ਆਉਂਦੇ ਨੇ, ਫੇਰ ਭਾਵੇ ਬਣੀ ਬਣਾਈ ਸਕੀਮ ਮੁਤਾਬਕ ਹਫਤੇ ਬਾਅਦ ਹੀ ਸਤ ਸ੍ਰੀ ਅਕਾਲ ਬੁਲਾ ਜਾਣ। (ਫੋਨ ਦੀ ਬੈੱਲ ਫਿਰ ਵੱਜਦੀ ਹੈ ਤੇ ਬਲਵੰਤ ਉੱਠ ਕੇ ਚਲੀ ਜਾਦੀ ਹੈ।)
ਨਰਿੰਦਰ : ਪਰ ਇਹ ਤਾ ਪਤੰਦਰ ਦੀ ਬਹੁਤੀ ਤੇਜ਼ ਨਿਕਲੀ।
ਭਜਨ : ਡਾਕਟਰ ਮਰੀਜ਼ਾ ਨੂੰ ਬਚਾਉਣ ਲਈ ਹਮੇਸ਼ਾ ਹੀ ਜਲਦੀ ਕਰਦੇ ਨੇ, ਬਸ ਆਦਤ ਮੁਤਾਬਕ ਉਹਨੇ ਇਹ ਕੰਮ ਵੀ ਜਲਦੀ ਚ ਹੀ ਕਰ ਲਿਐ।
ਨਰਿੰਦਰ : ਮੈਨੂੰ ਤਾ ਇਹ ਨੀ ਸਮਝ ਲੱਗਦੀ ਬਈ ਇਹ ਲੋਕ ਮਨ ਚ ਮੈਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾ ਹੀ ਕਿਉਂ ਲੈਦੇ ਨੇ?
ਭਜਨ : ਅੱਜਕੱਲ੍ਹ ਤਾ ਲੋਕਾ ਨੇ ਰੱਬ ਦਾ ਵੀ ਭੇਤ ਜਿਹਾ ਹੀ ਪਾ ਲਿਆ, ਬਈ ਕੰਮ ਕੱਢੋ ਤੇ ਬਾਅਦ ਚ ਭੁੱਲ ਬਖਸ਼ਾਲੋ, ਨਾਲੇ ਸਿੱਧੀ ਉਂਗਲੀ ਘਿਉ ਨਿਕਲਦਾ ਵੀ ਕਿਥੇ ਐ?
ਬਲਵੰਤ : (ਆ ਕੇ ਬੈਠਦੀ ਹੋਈ) ਏਧਰ ਆਹ ਰਿਸ਼ਤੇਦਾਰ ਫੋਨ ਕਰਨੋ ਨੀ ਹੱਟਦੇ।
ਨਰਿੰਦਰ : ਜਿਹੜਾ ਪੁੱਛਦੈ, ਉਹਨੂੰ ਕਹਿ ਦੇ ਫਲਾਈਟ ਲੇਟ ਹੋ ਗਈ, ਨਾਲੇ ਅੰਬਰਸਰ ਵਾਲੀ ਫਲਾਈਟ ਅੱਗੇ ਕਿਹੜਾ ਕਦੇ ਟਾਈਮ ਨਾਲ ਆਈ ਐ।
ਭਜਨ : ਮੈ ਤਾ ਕਹਿਨਾ ਬਾਰ ਬਾਰ ਪੁੱਛਣ ਪਛਾਉਣ ਵਾਲਾ ਕੰਮ ਹੀ ਮੁਕਾ ਦਿਉ।
ਨਰਿੰਦਰ : ਉਹ ਕਿਵੇ?
ਅਮਰ : ਕਹਿ ਦਿਉ, ਜਹਾਜ ਹਾਈਜੈਕ ਕਰ ਲਿਆ ਅੱਤਵਾਦੀਆ ਨੇ।
ਨਰਿੰਦਰ : ਲੋਕ ਤਾ ਬੁਰੇ ਦੇ ਘਰ ਤੱਕ ਜਾਦੇ ਨੇ, ਕੀਹਨੇ ਸੱਚ ਮੰਨਣਾ
ਭਜਨ : ਅਮਰੀਕਾ ਵਾਲੇ ਹਰ ਮਾੜੀ ਘਟਨਾ ਅਲ-ਕਾਇਦਾ ਦੇ ਸਿਰ ਮੜ ਦਿੰਦੇ ਨੇ, ਲੋਕ ਸੱਚ ਮੰਨਣ, ਨਾ ਮੰਨਣ ਇਹ ਉਹਨਾ ਦੀ ਸਿਰਦਰਦੀ ਹੁੰਦੀ ਐ
ਨਵੀ : ਮੰਮੀ ਸਰੀ ਵਾਲੀ ਮਾਸੀ ਦਾ ਫੋਨ ਐ, ਪੁੱਛਦੀ ਐ ਪਾਰਟੀ ਕਦੋਂ ਰੱਖੀ ਐ?
ਬਲਵੰਤ : ਉਹਨੂੰ ਕਹਿਦੇ ਮੰਮੀ ਘਰ ਨੀ
ਭਜਨ : ਮੇਰਾ ਤਾ ਖਿਆਲ ਐ ਹੁਣ ਨਵੀ ਨੂੰ ਦੱਸਣ ਦੀ ਲੋੜ ਨੀ, ਉਹਦੀ ਮਾਸੀ ਨੇ ਸੁਣ ਹੀ ਲਿਆ ਹੋਣਾ।
ਨਰਿੰਦਰ : ਆਪਾ ਤਾ ਅਗਲੇ ਹਫ਼ਤੇ ਪਾਰਟੀ ਵੀ ਰੱਖੀ ਹੋਈ ਐ, ਭਜਨ ਤੂੰ ਹੀ ਹਾਲ ਬੁੱਕ ਕੀਤਾ ਸੀ, ਫੋਨ ਕਰਕੇ ਕੈਸਲ ਕਰਵਾ ਦੇਵੀਂ।
ਭਜਨ : ਲਗਦੈ ਹਾਲ ਵਾਲੇ ਦੀ ਕਿਸਮਤ ਆਪਾ ਤੋਂ ਵੀ ਮਾੜੀ ਐ। ਮੈ ਤਾ ਕਹਿਨਾ ਦੋ ਦਿਨ ਦੇਖ ਲੈਨੇ ਐ।
ਨਰਿੰਦਰ : ਉਹਦੀ ਕੀ ਉਡੀਕ ਕਰੀਏ ਜਿਹੜੀ ਸਾਡੇ ਏਅਰਪੋਰਟ ਤੇ ਖੜਿਆ ਦੇ ਮੂੰਹ ਤੇ ਚਪੇੜ ਮਾਰ ਕੇ ਚਲੀ ਗਈ।
ਭਜਨ : ਪਤਾ ਨੀ ਕਿੰਨੀਆ ਕੁ ਦੀਆ ਚਪੇੜਾ ਮਾਰ ਗਈਆ।
ਬਲਵੰਤ : ਕਿਸੇ ਬਾਰੇ ਕਦੇ ਚੰਗਾ ਵੀ ਸੋਚਿਆ ਕਰ।
ਭਜਨ : ਆਇਆ ਤਾ ਮੈ ਵੀ ਚੰਗਾ ਹੀ ਸੋਚ ਕੇ ਸੀ ਬਈ ਖੁਸ਼ੀ ਦਾ ਦਿਨ ਐ, ਦੋ ਚਾਰ ਪੈੱਗ ਲਾਵਾਗੇ, ਪਰ ਹੁਣ ਤਾ ਗਮ ਚ ਹੀ ਪੀਣੀ ਪੈਣੀ ਐ (ਉੱਠ ਕੇ ਕਿਚਨ ਵੱਲ ਜਾਦਾ ਹੈ) ਬੋਤਲ ਵੀ ਕਿਚਨ ਚ ਹੀ ਰੱਖੀ ਪਈ ਐ।
ਬਲਵੰਤ : (ਥੋੜਾ ਜਿਹਾ ਨਰਿੰਦਰ ਵਲ ਨੂੰ ਨੇੜੇ ਹੁੰਦੀ ਹੋਈ) ਸਾਡੇ ਤੇ ਕੀ ਬਿਪਤਾ ਬਣੀ ਹੋਈ ਐ, ਇਹਨੂੰ ਪੈਗ ਲਾਉਣ ਦੀ ਪਈ ਹੋਈ ਐ।
ਨਰਿੰਦਰ : ਭਲੀਏ ਕੀਹਦੇ ਕੋਲ ਟਾਇਮ ਹੈ, ਕਿਸੇ ਦਾ ਦੁੱਖ ਵੰਡਾਉਣ ਲਈ, ਅੱਜ ਕੱਲ ਹਰ ਬੰਦਾ ਬਿਜ਼ਨਿਸ ਦੇ ਹਿਸਾਬ ਕਿਤਾਬ ਨਾਲ ਹੀ ਸੋਚਦੇ।
ਭਜਨ : ਬਈ ਆਪਾ ਤਾ ਆਪਣੇ ਦੋ ਲੰਡੂ ਜਿਹੇ ਪੈੱਗ ਲਾ ਲਏ, ਹੁਣ ਮੈ ਚਲਦਾ (ਥੋੜਾ ਜਿਹਾ ਰੁੱਕ ਕੇ) ਪਾਰਟੀ ਤਾ ਫਿਰ ਹੁਣ ਕੈਸਲ ਹੀ ਹੈ ਨਾ।
ਨਰਿੰਦਰ : ਤੈਨੂੰ ਕੀ ਲਗਦੈ ਹੁਣ ਬਹੂ ਭੱਜਣ ਦੀ ਖੁਸ਼ੀ ਚ ਪਾਰਟੀ ਰੱਖੀਏ
ਭਜਨ : ਆਪਣੀ ਕਮਿਉਨਟੀ ਚ ਚਲਦੈ, ਕਈ ਤਾ ਬਹੂ ਨੂੰ ਕੁੱਟ-ਕੁੱਟ ਕੇ ਭਜਾਉਦੇ ਨੇ, ਬਈ ਪਹਿਲੀ ਭੱਜੇ, ਫੇਰ ਚੰਗਾ ਦਾਜ ਲੈ ਕੇ ਦੂਜੀ ਲਿਆਈਏ।
ਬਲਵੰਤ : ਤੇਰੇ ਨਾਲ ਕਦੇ ਇਹੋ ਜਿਹੀ ਹੋਈ ਨੀ, ਤੈਨੂੰ ਤਾਹੀਓ ਗੱਲਾ ਆਉਂਦੀਆ ਨੇ। ਸਿਆਣੇ ਠੀਕ ਹੀ ਕਹਿੰਦੇ ਨੇ,
ਜਿਸ ਤਨ ਲਾਗੇ ਸੋ ਤਨ ਜਾਣੇ
ਭਜਨ : ਬਈ ਮੈ ਹੁਣ ਚੱਲਿਆਂ।(ਬਾਹਰ ਨੂੰ ਤੁਰਦਾ ਹੋਇਆ ਜਾਦਾ ਹੈ)
ਬਲਵੰਤ : ਹੋਰ ਪਤਾ ਨੀ ਅਜੇ ਕੀਹਦੀਆ-ਕੀਹਦੀਆ ਸੁਣਨੀਆ ਪੈਣੀਆ ਨੇ।
ਨਰਿੰਦਰ : ਦੇਖ ਕਿਵੇ ਦੂਜਿਆ ਦਾ ਮਜ਼ਾਕ ਉਡਾਉਂਦਾ। ਇਹ ਬੜਾ ਬੇਸ਼ਰਮਾ ਦਾ ਟੱਬਰ ਐ, ਇਹਦਾ ਛੋਟਾ ਭਰਾ ਆਪਣੀ ਹੀ ਘਰਵਾਲੀ ਨੂੰ, ਪੁਛਿਆ ਦੇਣ ਵਾਲੇ ਬਾਬੇ ਦੇ ਹੀ ਸਿਰ ਧਰਨ ਨੂੰ ਫਿਰਦਾ ਸੀ। ਅਖੇ ਪਿਛਲੇ ਜਨਮ ਚ ਇਹ ਬਾਬੇ ਦੀ ਹੀ ਘਰਵਾਲੀ ਸੀ। ਉਹਨਾ ਦਿਨਾ ਚ ਭਜਨ ਦਾ ਮੂੰਹ ਦੇਖਣ ਵਾਲਾ ਸੀ।
ਬਲਵੰਤ : ਲੋਕਾ ਨੇ ਬਥੇਰੀ ਤੋਏ-ਤੋਏ ਕੀਤੀ ਸੀ। ਬਾਬੇ ਦੀ ਤੇ ਇਹਨਾ ਦੇ ਟੱਬਰ ਦੀ।
(ਬੈੱਲ ਵੱਜਦੀ ਹੈ, ਨਰਿੰਦਰ ਉੱਠ ਕੇ ਦੇਖਣ ਲਗਦਾ ਹੈ, ਹਰਮੇਲ ਦਾਖਲ ਹੁੰਦਾ ਹੈ)
ਹਰਮੇਲ : (ਸੋਫ਼ੇ ਤੇ ਬੈਠਦਾ) ਇਹ ਤਾ ਮਾੜਾ ਹੀ ਹੋਇਆ।
ਨਰਿੰਦਰ : ਚਲੋ, ਜਹਾਜ਼ ਤਾ ਲੇਟ ਹੋ ਹੀ ਜਾਦੈ। (ਨਰਿੰਦਰ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ)
ਹਰਮੇਲ : ਜਹਾਜ਼ ਲੇਟ? ਮੈ ਕੁਝ ਸਮਝਿਆ ਨੀ।
ਬਲਵੰਤ : ਏਦਾ ਹੀ ਕੁਝ ਹੋ ਗਿਆ, ਸਮਝ ਤਾ ਸਾਨੂੰ ਵੀ ਨਹੀਂ ਲੱਗੀ।
ਹਰਮੇਲ : ਪਰ ਆਹ ਭਜਨ ਮੈਨੂੰ ਹੁਣੇ ਦੱਸਦਾ ਸੀ, ਬਹੂ ਏਅਰਪੋਰਟ ਤੋਂ ਹੀ ਚਲੀ ਗਈ।
ਨਰਿੰਦਰ : ਬੜਾ ਚਬਲ ਬੰਦਾ ਭਜਨ ਵੀ, ਸਾਨੂੰ ਕੁਝ ਹੋਰ ਕਹਿ ਗਿਐ, ਤੇ ਤੈਨੂੰ ਕੁਝ ਹੋਰ।
ਹਰਮੇਲ : ਅਮਰੀਕ ਸੱਗੂ ਹੋਰਾ ਨਾਲ ਤਾ ਆਪਣੀ ਕੋਈ ਦੁਸ਼ਮਣੀ ਨਹੀਂ ਸੀ, ਉਹਨਾ ਨੇ ਇਹ ਚੰਗਾ ਨੀ ਕੀਤਾ।
ਬਲਵੰਤ : ਉਹਨਾ ਨੂੰ ਕਿਸੇ ਨਾਲ ਕੀ, ਉਹਨਾ ਨੂੰ ਤਾ ਲੱਭੀ ਲਭਾਈ ਸੋਨੇ ਦੀ ਖਾਣ ਮਿਲਗੀ।
ਨਰਿੰਦਰ : ਪਰ ਸਤਿੰਦਰ ਹੁਣ ਸਾਰੀ ਉਮਰ ਪਛਤਾਉ, ਇਹਨਾ ਠੱਗਾ ਦੇ ਚੁੰਗਲ ਚੋਂ ਹੁਣ ਸੌਖੀ ਨੀ ਨਿਕਲ ਸਕਦੀ, ਉਹਦੀ ਹਾਲਤ ਤਾ ਹੁਣ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਵਾਲੀ ਹੋਵੇਗੀ। ਦੇਖ ਲਿਉ। ਤੁਹਾਡੇ ਸਾਹਮਣੇ ਹੀ ਐ।
ਹਰਮੇਲ : ਬਾਈ, ਬੰਦਾ ਜਨਾਨੀ ਨੂੰ ਛੱਡ ਦੇਵੇ, ਆਪਣੀ ਕਮਿਉਨਟੀ ਚ ਚਲਦੈ, ਪਰ ਜੇ ਜਨਾਨੀ ਆਪਣੇ ਘਰ ਵਾਲੇ ਦੇ ਏਦਾ ਮੂੰਹ ਤੇ ਥੁੱਕ ਕੇ ਚਲੀ ਜਾਵੇ ਫੇਰ ਤਾ ਬੰਦੇ ਦਾ ਮਰਨ ਹੀ ਹੋ ਜਾਦੇ।
ਬਲਵੰਤ : ਵੇ ਹਰਮੇਲ ਤੇਰੇ ਮੂੰਹੋਂ, ਇਹ ਗੱਲ ਸੋਭਦੀ ਨੀ, ਤੂੰ ਕੈਨੇਡਾ ਪਹੁੰਚ ਕੇ ਮਹੀਨੇ ਬਾਅਦ ਹੀ ਆਪਣੀ ਘਰਵਾਲੀ ਨੂੰ ਛੱਡ ਦਿੱਤਾ ਸੀ, ਤੈਨੂੰ ਕੀ ਲਗਦੈ ਉਹਨੂੰ ਵਿਚਾਰੀ ਨੂੰ ਕੋਈ ਦੁੱਖ ਨੀ ਹੋਇਆ ਹੋਊ।
ਨਰਿੰਦਰ : ਬਲਵੰਤ, ਇਹਦੇ ਵਿਚ ਹਰਮੇਲ ਦਾ ਇੰਨਾ ਕਸੂਰ ਨਹੀ, ਮੈ ਹੀ ਇਹਨੂੰ ਫੋਨ ਕਰਕੇ ਮਨਾਇਆ ਸੀ, ਬਈ ਹੁਣ ਵਿਆਹ ਕਰਵਾ ਲੈ, ਬਾਅਦ ਚ ਨਾ ਚੰਗੀ ਲੱਗੀ ਤਾ ਇਥੇ ਆ ਕੇ ਛੱਡ ਦੇਵੀ।
ਬਲਵੰਤ : ਨਾ ਤੁਸੀਂ ਤਾ ਕਹਿੰਦੇ ਸੀ, ਆਪਾ ਉਸ ਵਿਚਾਰੀ ਦੀ ਮੱਦਦ ਕਰਨੀ ਐ।
ਨਰਿੰਦਰ : ਉਹਦੇ ਘਰ ਵਾਲਾ ਸ਼ਰਾਬੀ-ਕਬਾਬੀ ਸੀ, ਕੁੱਟਦਾ-ਮਾਰਦਾ ਸੀ, ਹਮਦਰਦੀ ਕਰਕੇ ਹੀ ਮੈ ਉਸਨੂੰ ਆਪਣੇ ਘਰ ਲੈ ਕੇ ਆਇਆ ਸੀ।
ਬਲਵੰਤ : ਆਹ ਹਮਦਰਦੀ ਐ, ਬਈ ਉਹਦੇ ਨਾਲ ਤੁਸੀਂ ਆਪਣੇ ਭਰਾ ਨੂੰ ਕਨੇਡਾ ਕੱਢਿਆ ਤੇ ਬਾਅਦ ਚ ਉਹਨੂੰ ਵਿਚਾਰੀ ਨੂੰ ਦੇ ਦਿੱਤਾ ਤਲਾਕ, ਇਸ ਤੋਂ ਵੀ ਵੱਧ ਕੋਈ ਇਨਸਾਨ ਗਿਰ ਸਕਦੈ।
ਹਰਮੇਲ : ਕਮਾਲ ਐ... ਤੁਸੀਂ ਤਾ ਆਪਣੀ ਬਹੂ ਵਾਲਾ ਸਾਰਾ ਗੁੱਸਾ ਮੇਰੇ ਤੇ ਹੀ ਕੱਢ ਰਹੇ ਹੋ (ਉੱਠ ਕੇ ਤੁਰਦਾ ਹੋਇਆ) ਕਿਸੇ ਨਾਲ ਹਮਦਰਦੀ ਕਰਨ ਦਾ ਵੀ ਵਕਤ ਨੀ ਰਿਹਾ।
ਨਰਿੰਦਰ : ਬਲਵੰਤ, ਹੁਣ ਪੁਰਾਣੇ ਜਖ਼ਮਾ ਨੂੰ ਉਧੇੜਨ ਦਾ ਕੋਈ ਫਾਇਦਾ ਨੀ, ਸੱਚ ਤਾ ਇਹ ਹੈ ਕਿ ਹਰਮੇਲ ਨੂੰ ਐੱਮ ਏ ਕਰਨ ਤੋਂ ਬਾਅਦ ਵੀ ਕੋਈ ਨੌਕਰੀ ਨਹੀਂ ਸੀ ਮਿਲੀ। ਜ਼ਮੀਨ ਥੋੜ੍ਹੀ ਸੀ, ਉੱਥੇ ਉਹ ਕੰਮ ਕਰਕੇ ਰਾਜ਼ੀ ਨਹੀਂ ਸੀ। ਹਰ ਕਿਸਮ ਦਾ ਨਸ਼ਾ ਕਰਨ ਲੱਗ ਪਿਆ ਸੀ। ਇਸ ਨੂੰ ਏਧਰ ਕੱਢਣ ਲਈ ਹੀ ਇਹ ਸਭ ਕੁਝ ਕੀਤਾ ਸੀ।
ਬਲਵੰਤ : ਪਰ ਜਦੋਂ ਹਰਮੇਲ ਨੇ ਡਿੰਪੀ ਨੂੰ ਤਲਾਕ ਦਿੱਤਾ, ਉਦੋਂ ਉਹ ਇਸਦੇ ਬੱਚੇ ਦੀ ਮਾ ਬਣਨ ਵਾਲੀ ਸੀ, ਤਲਾਕ ਬਾਰੇ ਸੁਣ ਕੇ ਤਾ ਡਿਪਰੈਸ਼ਨ ਵਿਚ ਆ ਗਈ ਸੀ। ਤੁਸੀਂ ਆਪਣੇ ਭਰਾ ਨੂੰ ਸਮਝਾਉਣ ਦੀ ਬਜਾਏ ਪੁਲੀਸ ਬੁਲਾ ਕੇ ਉਹਨੂੰ ਮੈਟਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਜੇ ਮੈਨੂੰ ਪਹਿਲਾ ਪਤਾ ਹੁੰਦਾ ਕਿ ਤੁਸੀਂ ਡਿੰਪੀ ਨਾਲ ਇਹ ਧੋਖਾ ਕਰਨੈ, ਤਾ ਮੈ ਉਸ ਨੂੰ ਕਦੇ ਵੀ ਤੁਹਾਡੀ ਇਸ ਚਾਲ ਵਿਚ ਨਾ ਫਸਣ ਦਿੰਦੀ।
ਨਰਿੰਦਰ : ਭੁੱਲ ਵੀ ਜਾ ਹੁਣ ਇਸ ਗੱਲ ਨੂੰ। (ਗੈਰੀ ਅੰਦਰ ਆਉਦਾ ਹੈ)
ਨਰਿੰਦਰ : ਗੈਰੀ ਕਿਥੇ ਚਲਿਆ ਗਿਆ ਸੀ ਤੂੰ? ਅਸੀ ਤੈਨੂੰ ਥਾ-ਥਾ ਲਭਦੇ ਰਹੇ।
ਗੈਰੀ : ਡੈਡੀ ਮੈ ਸੱਗੂ ਹੋਰਾ ਦੇ ਘਰ ਗਿਆ ਸੀ, ਸਤਿੰਦਰ ਤੋਂ ਇਹ ਪੁੱਛਣ ਲਈ ਕਿ ਉਹਨੇ ਇਹ ਸਭ ਕਿਉਂ ਕੀਤੈ।
ਨਰਿੰਦਰ : ਜਿਸ ਜਨਾਨੀ ਨੇ ਏਡਾ ਵੱਡਾ ਕਦਮ ਚੁੱਕ ਲਿਆ, ਹੁਣ ਉਸਦੇ ਪਿੱਛੇ-ਪਿੱਛੇ ਫਿਰਨ ਦਾ ਕੋਈ ਫਾਇਦਾ ਨਹੀ।
ਗੈਰੀ : ਤੁਸੀਂ ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ
ਨਰਿੰਦਰ : ਸਾਡੇ ਤੇ ਗੁੱਸਾ ਕਿਉਂ ਕਰ ਰਿਹੈ?
ਗੈਰੀ : ਮੈ ਇੱਥੇ, ਜਿਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਉਸ ਕੁੜੀ ਨਾਲ ਤੁਹਾਨੂੰ ਇਹ ਤਕਲੀਫ ਸੀ ਕਿ ਉਹ ਕੁੜੀ ਜੱਟ ਨਹੀਂ, ਉਹ ਸੈਣੀਆ ਦੀ ਕੁੜੀ ਹੈ। ਵੈਸੇ ਉਹ ਪੰਜਾਬੀ ਨੇ, ਸਿੱਖ ਧਰਮ ਚ ਵਿਸ਼ਵਾਸ ਰੱਖਦੇ ਨੇ। ਪਰ ਤੁਹਾਨੂੰ ਖੁਸ਼ ਕਰਨ ਲਈ, ਮੈਨੂੰ ਪੰਜਾਬ ਚ ਜਾ ਕੇ ਵਿਆਹ ਕਰਵਾਉਣਾ ਪਿਆ।
ਬਲਵੰਤ : ਅਸੀ ਤਾ ਤੇਰੇ ਲਈ ਜੱਟਾ ਦੀ ਕੁੜੀ, ਉਹ ਵੀ ਡਾਕਟਰਨੀ ਲੱਭੀ ਸੀ, ਵਿਆਹ ਵੀ ਚੰਗਾ ਕੀਤਾ ਸੀ, ਪਰ ਜੇ ਹੁਣ ਕੁੜੀ ਹੀ ਧੋਖਾ ਦੇਗੀ, ਇਹਦੇ ਚ ਸਾਡਾ ਕੀ ਕਸੂਰ?
ਗੈਰੀ : ਮੈਨੂੰ ਤਾ ਅੱਜ ਹੀ ਪਤਾ ਲੱਗਿਆ, ਸਤਿੰਦਰ ਮੇਰੇ ਨਾਲ ਵਿਆਹ ਕਰਵਾਉਣ ਚ ਇੰਟਰਸਟਡ ਹੀ ਨਹੀਂ ਸੀ, ਇਹ ਉਸਨੇ ਆਪਣੀ ਮਾ ਨੂੰ ਵੀ ਦੱਸ ਦਿੱਤਾ ਸੀ।
ਨਰਿੰਦਰ : ਫੇਰ ਉਸ ਦੇ ਮਾ ਪਿਉ ਨੇ, ਸਾਨੂੰ ਧੋਖੇ ਚ ਕਿਉਂ ਰੱਖਿਐ?
ਗੈਰੀ : ਉਹਨਾ ਨੂੰ ਆਪ ਕੈਨੇਡਾ ਪਹੁੰਚਣ ਦਾ ਲਾਲਚ ਸੀ, ਮੈਨੂੰ ਤਾ ਸਮਝ ਨਹੀਂ ਆਉਂਦੀ ਕਿ ਮਾ ਪਿਉ ਆਪਣੇ ਮਤਲਬ ਕੱਢਣ ਲਈ ਆਪਣੀ ਹੀ ਔਲਾਦ ਦੇ ਸੌਦੇ ਕਿਉਂ ਕਰਦੇ ਨੇ।
ਬਲਵੰਤ : ਪੁੱਤ ਤੂੰ ਅੱਪ-ਸੈੱਟ ਨਾ ਹੋ, ਮੈ ਹੀ ਸਤਿੰਦਰ ਦੀ ਮਿੰਨਤ ਕਰਕੇ ਦੇਖ ਲੈਨੀ ਆਂ।
ਗੈਰੀ : ਮਾ ਤੁਹਾਨੂੰ ਹੁਣ ਕੁਝ ਵੀ ਕਰਨ ਦੀ ਲੋੜ ਨਹੀ, ਸਤਿੰਦਰ ਮੇਰੇ ਨਾਲ ਰਹਿਣਾ ਨਹੀਂ ਚਾਹੁੰਦੀ, ਤੇ ਮੈ ਜ਼ਬਰਦਸਤੀ ਕਿਸੇ ਨੂੰ ਰੱਖਣਾ ਨਹੀਂ ਚਾਹੁੰਦਾ ਸੋ ਅਸੀ ਦੋਹਾ ਨੇ ਤਲਾਕ ਕਰਨ ਦਾ ਫੈਸਲਾ ਕਰ ਲਿਆ (ਉੱਠ ਕੇ ਤੁਰ ਜਾਦਾ ਹੈ)
ਨਰਿੰਦਰ : ਕੀ ਕਿਹੈ ਤਲਾਕ
ਬਲਵੰਤ : ਆਹ ਦੇਖ ਲਵੋ, ਜਿਹੜਾ ਟੋਆ ਤੁਸੀਂ ਕਿਸੇ ਲਈ ਪੁੱਟਿਆ ਸੀ, ਅੱਜ ਅਸੀਂ ਉਸ ਟੋਏ ਵਿਚ ਡਿੱਗ ਪਏ ਆ, ਬਾਬੇ ਨਾਨਕ ਨੇ ਠੀਕ ਹੀ ਕਿਹੈ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ
ਨਰਿੰਦਰ : ਬਲਵੰਤ ਤੂੰ ਠੀਕ ਹੀ ਕਹਿਨੀ ਐ, ਆਪਦੇ ਭਰਾ ਨੂੰ ਏਧਰ ਕੱਢਣ ਸਮੇ, ਤਲਾਕ ਨੂੰ ਮੈ ਸਿਰਫ ਇਕ ਲਫਜ਼ ਹੀ ਸਮਝਦਾ ਸੀ। ਪਰ ਤਲਾਕ ਦੀ ਚੀਸ ਇੰਨੀ ਦਰਦਨਾਕ ਹੁੰਦੀ ਏ ਉਸਦਾ ਪਤਾ ਤਾ ਮੈਨੂੰ ਅੱਜ ਹੀ ਲੱਗਿਐ, ਤਲਾਕ ਦਾ ਅਸਲ ਮਤਲਬ ਤਾ ਮੈ ਅੱਜ ਹੀ ਜਾਣ ਸਕਿਆ। ਅਸੀ ਆਪਣੇ ਰਿਸ਼ਤੇਦਾਰਾ ਨੂੰ ਕੈਨੇਡਾ ਮੰਗਵਾਉਣ ਦੇ ਚੱਕਰ ਚ ਇੰਨੇ ਭ੍ਰਿਸ਼ਟ ਹੋ ਗਏ ਹਾ ਕਿ ਅਸੀ ਸਾਡੀਆ ਸਮਾਜਿਕ ਜ਼ੁੰਮੇਵਾਰੀਆ ਨੂੰ ਹੀ ਭੁੱਲ ਬੈਠੇ ਹਾ, ਵਿਆਹ ਵਰਗੇ ਪਵਿੱਤਰ ਰਿਸ਼ਤਿਆ ਲਈ ਵੀ ਕਿਸੇ ਤੇ ਵਿਸ਼ਵਾਸ਼ ਕਰਨਾ ਬੜਾ ਮੁਸ਼ਕਲ ਹੋ ਗਿਆ।
ਬਲਵੰਤ : ਗੈਰੀ ਪੁੱਤ, ਤੂੰ ਹੁਣ ਆਪਣੀ ਮਰਜ਼ੀ ਨਾਲ ਵਿਆਹ ਕਰੀਂ। ਤੇਰੇ ਪਿਉ ਨੇ ਬਥੇਰਾ ਧੱਕਾ ਕਰ ਲਿਆ।
ਨਰਿੰਦਰ : ਬੱਸ ਹੁਣ ਬਹੁਤ ਹੋ ਗਿਆ, ਇਹ ਕੁਦਰਤ ਵੱਲੋਂ ਮੈਨੂੰ ਦਿੱਤਾ ਸਬਕ ਹੈ। ਬੱਚਿਆ, ਛੋਟੇ ਭਰਾਵਾ ਦੀ ਜ਼ਿੰਦਗੀ ਦੀਆ ਲਗਾਮਾ ਆਪਣੇ ਹੱਥ ਚ ਫੜਨ ਦੀ ਕੋਸ਼ਿਸ਼ ਕਰਦਾ ਮੈ ਵਕਤ ਦੇ ਘੋੜੇ ਤੋਂ ਮੂਧੇ ਮੂੰਹ ਡਿੱਗਿਆ ਹਾ। ਸੌਰੀ ਬੇਟੇ ਸੌਰੀ।
(ਨਰਿੰਦਰ ਦੀਆ ਅੱਖਾ ਭਰ ਆਉਂਦੀਆ ਹਨ, ਪਿੱਠ ਭੂਮੀ ਤੋਂ ਗੀਤ ਦੀਆ ਸਤਰਾ ਗੂੰਜਦੀਆ ਹਨ)

ਰਿਸ਼ਤੇ ਤਾ ਹੋ ਗਏ ਖੋਖਲੇ,
ਡਾਲਰ ਟਿਕਾਊ ਹੋ ਗਿਆ,
ਮੰਡੀ ਦੀ ਵਸਤੂ ਹੈ ਵਿਆਹ,
ਬੰਦਾ ਵਿਕਾਊ ਹੋ ਗਿਆ।

(ਹੌਲੀ ਹੌਲੀ ਪਰਦਾ ਡਿੱਗਦਾ ਹੈ)

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346

 
Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346