Welcome to WatanPunjabi.ca
ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ: ਦਰਸ਼ਨ ਗਿੱਲ ਦਾ ਨਾਂ ਹਮੇਸ਼ਾਂ ਯਾਦ ਰਹੇਗਾ
ਸੋਹਣ ਕਾਦਰੀ ਰਵਾਇਤ ਸਿ਼ਕਨ ਕਲਾਕਾਰ
 

ਬਲਰਾਜ ਚੀਮਾ

ਕਹਾਣੀ / ਪਾਲੀ
 

ਰਣਬੀਰ ਜੌਹਲ

ਤਿੰਨ ਕਵਿਤਾਵਾਂ
 

ਮੰਗੇ ਸਪਰਾਏ

ਤਿੜਕਦੇ ਰਿਸ਼ਤੇ
 

ਨਾਹਰ ਔਜਲਾ

ਹਿੰਦੀ ਨਾਵਲ ਦਾ ਅਨੁਵਾਦ / ਧਰਤੀ ਧਨ ਨਾ ਆਪਣਾ
 

ਜਗਦੀਸ਼ ਚੰਦਰ

ਸਥਾਈ ਕਾਲਮ / ਪਰਦਾ ਜੋ ਉੱਠ ਗਿਆ
ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
 

ਸੁਖਵੰਤ ਹੁੰਦਲ

ਪੰਜਾਬੀ ਭਾਈਚਾਰਾ ਤੇ ਧਰਮ
 

ਸਾਧੂ ਬਿਨਿੰਗ

ਸਕੀਨਾ
 

ਫ਼ੌਜ਼ੀਆ ਰਫੀਕ

ਕਾਫ਼ਲੇ ਵਲੋਂ ਜ਼ੰਗਾਲਿਆ ਕਿੱਲ ਅਤੇ ਤੜਪਦੇ ਅਹਿਸਾਸ ਦੀ ਮਹਿਕ ਤੇ ਭਰਵੀਂ ਗੋਸ਼ਟੀ
 

ਉਂਕਾਰਪ੍ਰੀਤ

ਇਕ ਤਰਕਸ਼ੀਲ ਵਿਆਹ
 

ਪ੍ਰਮਿੰਦਰ ਕੌਰ ਸਵੈਚ

ਹਿੰਦੀ ਕਹਾਣੀ / ਯੁੱਧ ਅਤੇ ਬੁੱਧ
 

ਮਧੂ ਕਾਂਕਰੀਆ

ਅਸਲ ਲੋਕ ਕਵੀ / ਸੰਤ ਰਾਮ ਉਦਾਸੀ
 

ਸੁਖਦੇਵ ਸਿੱਧੂ

   
 ਪੰਜਾਬੀ ਭਾਈਚਾਰਾ ਤੇ ਧਰਮ
ਸਾਧੂ ਬਿਨਿੰਗ
 

 

ਵਿਅਕਤੀ ਦੀ ਪੱਧਰ ਤੇ ਹਰ ਇਕ ਨੂੰ ਜੀਵਨ ਨਾਲ ਸਬੰਧਤ ਕਿਸੇ ਵੀ ਚੀਜ਼ ਬਾਰੇ ਆਪਣੀ ਮਨ ਮਰਜ਼ੀ ਦੇ ਵਿਚਾਰਾਂ ਨੂੰ ਮੰਨਣ ਜਾਂ ਰੱਦ ਕਰਨ ਦੀ ਪੂਰਨ ਆਜ਼ਾਦੀ ਹੋਣੀ ਚਾਹੀਦੀ ਹੈ, ਸਣੇ ਰੱਬ ਵਿਚ ਵਿਸ਼ਵਾਸ ਜਾਂ ਅਵਿਸ਼ਵਾਸ ਦੇ। ਜਦੋਂ ਸਮਾਜਿਕ, ਸਿਆਸੀ ਜਾਂ ਆਰਥਿਕ ਤਾਕਤ ਦੀ ਵਰਤੋਂ ਨਾਲ ਕੋਈ ਵਿਚਾਰ ਦੂਜਿਆਂ ਉੱਪਰ ਠੋਸਿਆ ਜਾਵੇ ਤਾਂ ਇਹ ਵਿਅਕਤੀਗੱਤ ਆਜ਼ਾਦੀ ਉੱਪਰ ਵੀ ਹਮਲਾ ਹੁੰਦਾ ਹੈ ਅਤੇ ਇਹ ਗੱਲ ਸਮੁੱਚੇ ਸਮਾਜ ਲਈ ਵੀ ਹਾਨੀਕਾਰਕ ਹੁੰਦੀ ਹੈ। ਪਰ ਇਸ ਨੂੰ ਇਕ ਹਮਲੇ ਵਜੋਂ ਦੇਖ ਸਕਣਾ ਜਾਂ ਸਮਾਜੀ ਨੁਕਸਾਨ ਵਜੋਂ ਦੇਖ ਸਕਣਾ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਕਿਸੇ ਸਮਾਜ ਦੇ ਵਿਅਕਤੀ ਆਜ਼ਾਦੀ ਨਾਲ ਸੋਚਣ ਯੋਗ ਹੋਣ। ਬਰਤਾਨਵੀ ਸਾਮਰਾਜੀਆਂ ਦੇ ਭਾਰਤ ਛੱਡਣ ਤੋਂ ਬਾਅਦ ਭਗਤ ਸਿੰਘ ਦੀ ਸੋਚ ਰੱਖਣ ਵਾਲੇ ਅਗਾਂਹਵਧੂ ਲੋਕਾਂ ਅਤੇ ਜਵਾਹਰ ਲਾਲ ਨਹਿਰੂ ਵਰਗੇ ਕੁਝ ਚੇਤਨ ਲੋਕਾਂ ਦੀ ਇਹ ਮਨਸ਼ਾ ਜ਼ਰੂਰ ਰਹੀ ਹੋਵੇਗੀ ਕਿ ਧਰਮ ਤੇ ਸਿਆਸਤ ਨੂੰ ਵੱਖ ਵੱਖ ਰੱਖਿਆ ਜਾਵੇ। ਨਹਿਰੂ ਦਾ ਕਹਿਣਾ ਸੀ ਕਿ:


ਇਸ ਤਮਾਸ਼ੇ ਨੇ, ਜਿਹਨੂੰ ਧਰਮ ਕਿਹਾ ਜਾਂਦਾ ਹੈ, ਜਾਂ ਘੱਟੋ ਘੱਟ ਜਥੇਬੰਦ ਧਰਮ, ਭਾਰਤ ਅਤੇ ਹੋਰ ਥਾਵੀਂ, ਸਾਨੂੰ ਦਹਿਸ਼ਤ ਨਾਲ ਭਰ ਦਿੱਤਾ ਹੈ, ਅਤੇ ਮੈਂ ਇਹਨੂੰ ਅਕਸਰ ਹੀ ਨਿੰਦਿਆ ਹੈ ਅਤੇ ਇਸ ਦਾ ਮੁੱਢੋ ਸੁੱਢੋਂ ਸਫਾਇਆ ਕਰਨ ਦੀ ਇੱਛਾ ਹੈ।


ਪਰ ਆਜ਼ਾਦ ਭਾਰਤ ਵਿਚ ਧਰਮ ਦਾ ਸਫਾਇਆ ਹੋਣ ਦੀ ਥਾਂ ਇਸ ਤੋਂ ਬਿਲਕੁਲ ਉਲਟ ਵਾਪਰਿਆ ਹੈ। ਇਸ ਵੇਲੇ ਸਾਰੇ ਭਾਰਤ ਵਿਚ ਤੇ ਖਾਸ ਕਰ ਪੰਜਾਬ ਵਿਚ, ਧਰਮ ਤੇ ਸਿਆਸਤ ਵਿਚ ਵਿੱਥ ਭਾਲਣੀ ਮੁਸ਼ਕਿਲ ਹੈ। ਧਰਮ ਏਨੇ ਸ਼ਕਤੀਸ਼ਾਲੀ ਹਨ ਕਿ ਇਸ ਬਾਰੇ ਅਲੋਚਨਾਤਮਿਕ ਨਜ਼ਰੀਆ ਰੱਖਣਾ ਕਿਸੇ ਲਈ ਸੰਭਵ ਨਹੀਂ। ਨਤੀਜੇ ਵਜੋਂ, ਸਿਆਸਤ ਨੂੰ ਧਰਮ ਤੋਂ ਵੱਖ ਕਰਕੇ ਦੇਖਣ ਦੀ ਯੋਗਤਾ ਤੇ ਖਾਹਿਸ਼ ਪੰਜਾਬੀਆਂ ਵਿੱਚੋਂ ਗਾਇਬ ਹੋ ਗਈ ਲਗਦੀ ਹੈ। ਧਰਮ ਬਾਰੇ ਬਹੁਤੀ ਚਰਚਾ ਇਸ ਨੁਕਤੇ ਤੋਂ ਕੀਤੀ ਜਾਂਦੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਬੇਹਤਰ ਬਣਾਇਆ ਜਾਵੇ ਨਾ ਕਿ ਵਿਗਿਆਨਕ ਨਜ਼ਰੀਏ ਨਾਲ ਇਸ ਦੀ ਸਾਰਥਿਕਤਾ ਤੇ ਕਿੰਤੂ ਕੀਤਾ ਜਾਵੇ ਜਾਂ ਇਸ ਦੇ ਅਸਰ ਨੂੰ ਘਟਾਇਆ ਜਾਵੇ।


ਵਿਸ਼ੇਸ਼ ਕਰਕੇ ਇਹ ਗੱਲ ਕਈ ਵੱਖਰੇ ਕਾਰਨਾਂ ਵੱਸ ਪੰਜਾਬੀ ਭਾਈਚਾਰੇ ਵਿਚਲੇ ਸਿੱਖ ਧਰਮ ਨਾਲ ਸਬੰਧਤ ਲੇਖਕਾਂ ਤੇ ਬੁੱਧੀਜੀਵੀਆਂ ਵਿਚ ਜਿ਼ਆਦਾ ਦੇਖਣ ਨੂੰ ਮਿਲਦੀ ਹੈ। ਧਰਮ ਦੇ ਆਮ ਤੌਰ ਤੇ ਨਾਂਹ-ਪੱਖੀ ਰੋਲ ਨੂੰ ਮੰਨਦੇ ਹੋਏ ਉਹ ਸਿੱਖ ਧਰਮ ਬਾਰੇ ਦੂਜੇ ਧਰਮਾਂ ਨਾਲੋਂ ਵੱਖਰਾ ਮਹਿਸੂਸ ਕਰਦੇ ਹਨ। ਮੁਕਾਬਲਤਨ ਨਵਾਂ ਹੋਣ ਕਾਰਨ ਇਸ ਧਰਮ ਵਿਚ ਬਹੁਤ ਸਾਰੀ ਨਵੀਂ ਸਮਾਜਿਕ ਸੂਝ ਹੈ। ਇਸ ਦੀ ਸ਼ੁਰੂਆਤ ਸਥਾਪਤ ਧਰਮਾਂ ਇਸਲਾਮ ਅਤੇ ਹਿੰਦੂ ਧਰਮ - ਦੀ ਅਲੋਚਨਾ ਵਿੱਚੋਂ ਹੋਈ ਹੋਣ ਕਰਕੇ ਇਸ ਵਿਚ ਅੰਧ ਵਿਸ਼ਵਾਸ ਤੇ ਪ੍ਰਮਾਮਤਮਾ ਤੱਕ ਪਹੁੰਚਣ ਸਬੰਧੀ ਬਹੁਤ ਸਾਰੀਆਂ ਰਸਮਾਂ ਰੀਤਾਂ ਦਾ ਖੰਡਨ ਕੀਤਾ ਗਿਆ ਹੈ; ਜਾਤ ਪਾਤ ਨੂੰ ਨਿੰਦਿਆ ਗਿਆ ਹੈ ਅਤੇ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ ਗਈ ਹੈ। ਇਸ ਅਲੋਚਨਾ ਦੇ ਅਧਾਰ ਤੇ ਸਿੱਖ ਧਰਮ ਨਾਲ ਸਬੰਧਤ ਚਿੰਤਕ ਮਹਿਸੂਸ ਕਰਦੇ ਹਨ ਕਿ ਅਜੋਕੇ ਸਮਾਜ ਵਿਚਲੀਆਂ ਸਮਾਜਿਕ ਬਰਾਬਰੀ, ਵਿਗਿਆਨਕ ਪਹੁੰਚ ਤੇ ਲਿੰਗ ਬਰਾਬਰਤਾ ਵਰਗੀਆਂ ਚੰਗਿਆਈਆਂ ਇਸ ਧਰਮ ਵਿਚ ਪਹਿਲਾਂ ਹੀ ਮੌਜੂਦ ਹਨ ਅਤੇ ਮਸਲਾ ਸਿਰਫ ਉਨ੍ਹਾਂ ਉੱਪਰ ਨਾ ਚੱਲਣ ਦਾ ਹੈ। ਉਨ੍ਹਾਂ ਅਨੁਸਾਰ ਇਸ ਧਰਮ ਵਿਚ ਕੋਈ ਨੁਕਸ ਨਹੀਂ ਹੈ ਸਿਰਫ ਇਸ ਨੂੰ ਮੰਨਣ ਵਾਲੇ ਇਸ ਦੀ ਸਿੱਖਿਆ ਅਨੁਸਾਰ ਨਹੀਂ ਚਲਦੇ। ਵਿਗਿਆਨ ਦੀ ਕਸਵੱਟੀ ਤੇ ਉਨ੍ਹਾਂ ਦੇ ਇਹ ਵਿਚਾਰ ਕਿੰਨੇ ਕੁ ਸਹੀ ਹਨ, ਇਸ ਦਾ ਨਿਰਨਾ ਕਰਨਾ ਅਜੇ ਬਾਕੀ ਹੈ। ਉਹ ਸਧਾਰਨ ਨੁਕਤੇ ਵਲ ਵੀ ਧਿਆਨ ਨਹੀਂ ਦਿੰਦੇ ਲਗਦੇ ਕਿ ਉਨ੍ਹਾਂ ਦਾ ਧਰਮ ਮਨੁੱਖਤਾ ਦਾ ਵੀ ਤੇ ਭਾਰਤ ਜਾਂ ਕਨੇਡਾ ਵਰਗੇ ਸਮਾਜਾਂ ਦਾ ਵੀ ਇਕ ਨਿੱਕਾ ਜਿਹਾ ਹਿੱਸਾ ਹੈ ਅਤੇ ਜੇ ਉਨ੍ਹਾਂ ਦੀ ਗੱਲ ਠੀਕ ਵੀ ਹੋਵੇ ਅਤੇ ਸੌ ਪ੍ਰਤੀਸ਼ੱਤ ਲੋਕ ਗੁਰਬਾਣੀ ਦੀ ਸਿੱਖਿਆ ਅਨੁਸਾਰ ਚੱਲਣ ਲੱਗ ਵੀ ਪੈਣ, ਜੋ ਕਿ ਮੌਜੂਦਾ ਆਰਥਿਕ ਢਾਂਚੇ ਵਿਚ ਸੰਭਵ ਨਹੀਂ ਜਾਪਦਾ, ਤਾਂ ਉਹ ਸਮਾਜ ਦੇ ਬਾਕੀ ਵੱਡੇ ਹਿੱਸੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਮਨਾਉਣਗੇ? ਕੀ ਉਹ ਵੀ ਦੂਜੇ ਧਰਮਾਂ ਵਲੋਂ ਆਪਣਾ ਅਸਰ ਰਸੂਖ ਵਧਾਉਣ ਲਈ ਵਰਤੇ ਗਏ ਹਿੰਸਕ ਤੌਰ ਤਰੀਕੇ ਅਪਨਾਉਣਗੇ?


ਅਜੋਕੇ ਸਮੇਂ ਵਿਚ ਪੰਜਾਬੀ ਸਮਾਜ ਅੰਦਰ ਧਰਮ ਦਾ ਦਾਬਾ ਇਸ ਕਦਰ ਹੈ ਕਿ ਰੱਬ ਦੀ ਹੋਂਦ ਤੋਂ ਇਨਕਾਰੀ ਵਾਸਤੇ ਵਰਤਿਆ ਜਾਂਦਾ ਸ਼ਬਦ - ਨਾਸਤਿਕ (1)- ਗਾਲ਼ ਦੇ ਬਰਾਬਰ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪੰਜਾਬ ਦੇ ਪਿੰਡਾਂ ਚ ਸਵੇਰੇ ਸਵੇਰੇ ਵੱਜਦੇ ਲਾਊਡ ਸਪੀਕਰਾਂ ਤੋਂ ਲੈ ਕੇ ਸਰੀ, ਬਰੈਂਪਟਨ ਜਾਂ ਯੂਬਾ-ਸਿਟੀ ਦੀਆਂ ਸੜਕਾਂ ਤੇ ਨਿਕਲਦੇ ਨਗਰ ਕੀਰਤਨਾਂ ਤੱਕ, ਜਿੱਥੇ ਰੱਬ ਨੂੰ ਮੰਨਣ ਵਾਲੇ ਲੋਕਾਂ ਦੀਆਂ ਆਵਾਜ਼ਾਂ ਨਾਲ ਸਾਰਾ ਆਲਾ ਦੁਆਲਾ ਗੂੰਜਦਾ ਰਹਿੰਦਾ ਹੈ, ਉੱਥੇ ਰੱਬ ਦੀ ਹੋਂਦ ਤੋਂ ਇਨਕਾਰੀ ਆਵਾਜ਼ ਕਦੇ ਕਦੇ ਹੀ ਸੁਣਨ ਨੂੰ ਮਿਲਦੀ ਹੈ, ਉਹ ਵੀ ਤਰਕਸ਼ੀਲਾਂ ਵਰਗੇ ਜਥੇਬੰਦ ਸਮੂਹਾਂ ਵਲੋਂ। ਸਣੇ ਪੰਜਾਬੀ ਮੀਡੀਏ ਦੇ ਹਰ ਪਾਸੇ ਧਰਮ ਦਾ ਹੀ ਬੋਲਬਾਲਾ ਹੈ। ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ। ਭਾਰਤੀ ਸਮਾਜ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦੀ ਪ੍ਰਥਾ ਬਹੁਤ ਪੁਰਾਣੀ ਹੈ। ਦੇਬੀਪ੍ਰਸਾਦ ਚੱਟੋਪਾਧਿਆਏ ਅਨੁਸਾਰ:


ਸਾਡੇ ਸਾਰੇ ਵੱਡੇ ਦਰਸ਼ਨਾਂ ਵਿੱਚੋਂ, ਸਿਰਫ ਵੇਦਾਂਤ (ਕੁਝ ਸ਼ਰਤਾਂ ਸਮੇਤ) ਅਤੇ ਵਿਸ਼ੇਸ਼ ਕਰਕੇ ਨਇਆ-ਵੇਸਿਸੀਕਾ ਦੇ ਮਗਰਲੇ ਕਥਨ ਆਸਤਕ ਸਨ। ਇਸ ਦੇ ਮੁਕਾਬਲੇ, ਬੁੱਧ, ਜੈਨ, ਪੂਰਬ-ਮਿਮਾਸਾ, ਸਮੀਖਿਆ, ਲੋਕਾਇਤਾ ਅਤੇ ਨਇਆ-ਵੇਸਿਸੀਕਾ ਆਪਣੇ ਮੁੱਢਲੇ ਰੂਪ ਵਿਚ ਸਾਰੇ ਦਰਸ਼ਨ ਹੀ ਨਾਸਤਿਕਤਾ ਵੱਲ ਪ੍ਰਤੀਬੱਧ ਸਨ। ਇਸ ਕਰਕੇ ਭਾਰਤੀ ਸੋਚ ਵਿਚ ਨਾਸਤਿਕਤਾ ਦੀ ਇਸ ਅਥਾਹ ਮਹੱਤਤਾ ਤੇ ਕਿੰਤੂ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਇਸ ਦੀ ਪ੍ਰਤੀਨਿੱਧਤਾ ਕਰ ਰਹੇ ਵੱਡੀ ਗਿਣਤੀ ਭਾਰਤੀ ਦਾਰਸ਼ਨਿਕਾਂ ਨੂੰ ਅੱਖੋਂ ਉਹਲੇ ਕੀਤਾ ਜਾਵੇ। (2)


ਭਾਰਤੀ ਦਰਸ਼ਨ ਵਿਚਲੇ ਸੰਵਾਦ ਦੀ ਇਸ ਲੰਮੀ ਪ੍ਰੰਪਰਾ ਤੋਂ ਪੰਜਾਬੀ ਲੇਖਕ ਤੇ ਚਿੰਤਕ ਅਣਜਾਣ ਤਾਂ ਨਹੀਂ ਹੋ ਸਕਦੇ ਪਰ ਦਰਪੇਸ਼ ਸਥਿਤੀਆਂ ਵਿਚ ਇਸ ਨੂੰ ਮਹੱਤਵਪੂਰਨ ਸਮਝਣੋ ਜ਼ਰੂਰ ਹਟ ਗਏ ਜਾਪਦੇ ਹਨ। ਇਸ ਸਮੇਂ ਵੱਡੀ ਗਿਣਤੀ ਪੰਜਾਬੀਆਂ ਨੇ ਇਸ ਸਮੱਸਿਆ ਦੀ ਅਹਿਮੀਅਤ ਨੂੰ ਅੱਖੋਂ ਓਹਲੇ ਹੀ ਨਹੀਂ ਕੀਤਾ ਸਗੋਂ ਇਸ ਨੂੰ ਸਮੱਸਿਆ ਸਮਝਣਾ ਹੀ ਛੱਡ ਦਿੱਤਾ ਹੈ। ਸ਼ਾਇਦ ਪੰਜਾਬੀਆਂ ਨਾਲ ਜਪਾਨੀ ਕਹਾਵਤ ਵਰਗਾ ਕੁਝ ਵਾਪਰ ਗਿਆ ਹੈ ਕਿ ਜੇ ਤੁਸੀਂ ਉਨ੍ਹਾਂ ਨੂੰ ਜਿੱਤ ਨਹੀਂ ਸਕਦੇ ਤਾਂ ਨਾਲ ਰਲ਼ ਜਾਓ। ਏਥੇ ਇਕ ਹੋਰ ਗੱਲ ਦੀ ਸੰਭਾਵਨਾ ਜਿ਼ਆਦਾ ਨਜ਼ਰ ਆਉਂਦੀ ਹੈ ਕਿ ਕਾਫੀ ਗਿਣਤੀ ਪੰਜਾਬੀ ਲੇਖਕ ਤੇ ਬੁੱਧੀਜੀਵੀ ਨਾ ਤਾਂ ਰੱਬ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਧਰਮ ਨੂੰ ਸਮਾਜ ਲਈ ਲਾਹੇਵੰਦ ਸਮਝਦੇ ਹਨ। ਬਹੁਤ ਸਾਰੇ ਸਮਾਜਿਕ ਕਾਰਨਾਂ ਵੱਸ ਉਹ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ। ਏਥੇ ਬਰਤਾਨਵੀਂ ਦਾਰਸ਼ਨਿਕ ਤੇ ਅਰਥ ਸ਼ਾਸਤ੍ਰੀ ਜਾਹਨ ਸਟੂਰਟ ਮਿੱਲ ਦੀ ਉੱਨੀਵੀਂ ਸਦੀ ਦੇ ਬਰਤਾਨਵੀ ਸਮਾਜ ਬਾਰੇ ਕਹੀ ਗੱਲ ਸਹੀ ਮਹਿਸੂਸ ਹੁੰਦੀ ਹੈ:


ਦੁਨੀਆ ਹੈਰਾਨ ਹੋ ਜਾਵੇ ਜੇ ਇਸ ਨੂੰ ਇਹ ਪਤਾ ਚੱਲ ਜਾਵੇ ਕਿ ਇਸ ਦੇ ਸਭ ਤੋਂ ਰੌਸ਼ਨ ਨਗੀਨਿਆਂ ਵਿੱਚੋਂ, ਆਮ ਲੋਕਾਂ ਦੇ ਅੰਦਾਜ਼ੇ ਮੁਤਾਬਕ ਸਿਆਣੇ ਤੇ ਸਾਊਆਂ ਵਿੱਚੋਂ, ਕਿੰਨੀ ਵੱਡੀ ਤਾਦਾਦ ਧਰਮ ਬਾਰੇ ਪੂਰੀ ਤਰ੍ਹਾਂ ਸ਼ੱਕੀ ਹੈ।


ਇਸ ਸਬੰਧ ਵਿਚ ਭਗਤ ਸਿੰਘ ਦਾ ਫਾਂਸੀ ਲੱਗਣ ਤੋਂ ਕੁਝ ਮਹੀਨੇ ਪਹਿਲਾਂ ਅਕਤੂਬਰ 1930 ਵਿਚ ਲਿਖਿਆ ਲੇਖ ਮੈਂ ਨਾਸਤਿਕ ਕਿਉਂ ਹਾਂ ਅਜੇ ਵੀ ਪੰਜਾਬੀ ਵਿਚ ਸਭ ਤੋਂ ਵੱਧ ਜਾਣਿਆਂ ਜਾਂਦਾ ਹੈ। ਇਹ ਸੰਭਵ ਹੈ ਕਿ ਇਸ ਲੇਖ ਦੀ ਮਹੱਤਤਾ ਭਗਤ ਸਿੰਘ ਦੇ ਨਾਂ ਕਾਰਨ ਜਿ਼ਆਦਾ ਹੋਵੇ ਪਰ ਇਹ ਵੀ ਸਚਾਈ ਹੈ ਕਿ ਇਸ ਵਿਸ਼ੇ ਤੇ ਇਸ ਨਾਲੋਂ ਵੱਧ ਸਪੱਸ਼ਟ, ਸਿੱਧੀ ਤੇ ਵਿਗਿਆਨਕ ਸੋਚ ਵਾਲੀ ਸ਼ਕਤੀਸ਼ਾਲੀ ਹੋਰ ਕੋਈ ਲਿਖਤ ਨਹੀਂ ਹੈ। ਜਿਸ ਤਰ੍ਹਾਂ ਬਰਤਾਨਵੀ ਚਿੰਤਕ ਬਰਟਰੈਂਡ ਰਸਲ ਵਲੋਂ 1927 ਵਿਚ ਦਿੱਤੇ ਭਾਸ਼ਨ, ਮੈਂ ਇਸਾਈ ਕਿਉਂ ਨਹੀਂ ਜੋ ਬਾਅਦ ਵਿਚ ਲੇਖ ਦੇ ਰੂਪ ਵਿਚ ਪ੍ਰਕਾਸ਼ਤ ਹੋਇਆ, ਦੀ ਮਾਰ ਤੋਂ ਇਸਾਈ ਮੱਤ ਅਜੇ ਤੱਕ ਨਹੀਂ ਸੰਭਲ ਸਕਿਆ, ਇਸੇ ਤਰ੍ਹਾਂ ਭਗਤ ਸਿੰਘ ਦੇ ਇਸ ਇਕੱਲੇ ਲੇਖ ਨੇ ਪੰਜਾਬ ਦੇ ਧਾਰਮਿਕ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ। ਇਸ ਲਿਖਤ ਦੀ ਤਿੱਖੀ ਚੋਭ ਕਾਰਨ ਹੀ ਇਸ ਨੂੰ ਲੋਕਾਂ ਦੇ ਚੇਤੇ ਚੋ ਮਿਟਾਉਣ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾ ਰਹੀ ਹੈ।(3)


ਇਹ ਕਹਿਣਾ ਗਲਤ ਹੋਵੇਗਾ ਕਿ ਇਸ ਵਿਸ਼ੇ ਤੇ ਪੰਜਾਬੀ ਵਿਚ ਲਿਖਿਆ ਹੀ ਨਹੀਂ ਗਿਆ। ਖੱਬੀ ਧਿਰ ਨਾਲ ਸਬੰਧਤ ਚਿੰਤਕ ਤੇ ਖਾਸ ਕਰ ਤਰਕਸ਼ੀਲ ਲਹਿਰ ਤੇ ਦਲਿਤ ਲਹਿਰ ਨਾਲ ਸਬੰਧਤ ਚਿੰਤਕਾਂ ਨੇ ਬਹੁਤ ਕੁਝ ਲਿਖਿਆ ਹੈ ਤੇ ਲਿਖ ਰਹੇ ਹਨ। (4) ਪਰ ਵੱਖਰੇ ਵੱਖਰੇ ਕਾਰਨਾਂ ਵੱਸ ਇਹ ਲਿਖਤਾਂ ਰੱਬ ਤੇ ਧਰਮ ਦੇ ਮਸਲੇ ਤੇ ਸਿੱਧੀ ਚੋਟ ਕਰਨ ਤੋਂ ਅਕਸਰ ਕੰਨੀ ਹੀ ਨਹੀਂ ਕਤਰਾਉਂਦੀਆਂ ਸਗੋਂ ਇਹ ਪ੍ਰਭਾਵ ਛੱਡ ਜਾਂਦੀਆਂ ਹਨ ਕਿ ਧਰਮ ਸਮਾਜ ਲਈ ਲਾਹੇਵੰਦ ਸ਼ੈਅ ਹੈ। ਇਨ੍ਹਾਂ ਦਾ ਜਿ਼ਆਦਾ ਧਿਆਨ ਅੰਧ ਵਿਸ਼ਵਾਸ ਤੇ ਜਾਤ ਪਾਤ ਨਾਲ ਸਬੰਧਤ ਵਿਸਿ਼ਆ ਵਲ ਹੁੰਦਾ ਹੈ। ਆਸ ਇਹ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਰੱਬ ਚ ਵਿਸ਼ਵਾਸ਼ ਤੇ ਧਰਮ ਦੇ ਅਸਰ ਸਬੰਧੀ ਗੱਲ ਕੀਤੇ ਬਿਨਾਂ ਹੀ, ਅੰਧ-ਵਿਸ਼ਵਾਸ਼ ਤੇ ਜਾਤ-ਪਾਤ ਵਰਗੇ ਮਸਲਿਆਂ ਦਾ ਹੱਲ ਲੱਭ ਲਿਆ ਜਾਵੇ। ਚਾਹੇ ਜਾਂ ਅਣਚਾਹੇ ਇਨ੍ਹਾਂ ਲਿਖਤਾਂ ਅਨੁਸਾਰ ਨੁਕਸ ਲੋਕਾਂ ਵਿਚ ਹੁੰਦਾ ਹੈ ਨਾ ਕਿ ਧਰਮਾਂ ਵਲੋਂ ਪ੍ਰਚਾਰੀ ਜਾਂਦੀ ਸੋਚ ਜਾਂ ਜੀਵਨ ਸੂਝ ਵਿਚ।


ਰੋਜ਼ੀ ਰੋਟੀ ਦੀ ਭਾਲ ਵਿਚ ਬਾਹਰ ਆਏ ਪੰਜਾਬੀਆਂ ਦੇ ਤਜਰਬੇ ਚੋਂ ਨਿਕਲੀਆਂ ਗਦਰ ਲਹਿਰ ਵਰਗੀਆਂ ਸਿਆਸੀ ਸਰਗਰਮੀਆਂ ਦੇ ਅਸਰ ਵਜੋਂ ਪੰਜਾਬੀ ਸਾਹਿਤ ਵਿਚ ਵੀ ਵੀਹਵੀਂ ਸਦੀ ਦੇ ਸ਼ੁਰੂ ਤੋਂ ਸਮੁੱਚੀ ਮਨੁੱਖਤਾ ਦਾ ਫਿਕਰ ਕਰਨ ਵਾਲੀ ਅਗਾਂਹਵਧੂ ਸੁਰ ਭਾਰੂ ਰਹੀ। ਅੱਠਵੇਂ ਦਹਾਕੇ ਦੌਰਾਨ ਪੰਜਾਬੀਆਂ ਦੇ ਸੰਘਰਸ਼ਾਂ ਨੂੰ ਧਾਰਮਿਕ ਲੜਾਈ ਦਾ ਰੂਪ ਦਿੱਤੇ ਜਾਣ ਨਾਲ ਤੇ ਦੁਨੀਆ ਦੀ ਪੱਧਰ ਤੇ ਸੋਵੀਅਤ ਰੂਸ ਦੇ ਡਿੱਗਣ ਵਰਗੀਆਂ ਹੋਈਆਂ ਤਬਦੀਲੀਆਂ ਨਾਲ ਪੰਜਾਬੀ ਸਾਹਿਤ ਵਿਚ ਅਗਾਂਹਵਧੂ ਸੋਚ ਦੇ ਅਸਰ ਨੂੰ ਵੱਡੀ ਢਾਹ ਲੱਗੀ। ਨਤੀਜੇ ਵਜੋਂ, ਪੰਜਾਬੀ ਦਾ ਬਹੁਤਾ ਅਜੋਕਾ ਸਾਹਿਤ ਬਦਲ ਰਹੀਆਂ ਆਰਥਿਕ ਸਥਿਤੀਆਂ ਨੂੰ ਸਮਝਣ ਜਾਂ ਉਸ ਦੇ ਵਹਾਅ ਨੂੰ ਰੋਕਣ ਵਲ ਨਹੀਂ ਸਗੋਂ ਇਨ੍ਹਾਂ ਸਥਿਤੀਆਂ ਦੇ ਅਸਰ ਵਜੋਂ ਸਮਾਜਿਕ ਰਿਸ਼ਤਿਆਂ ਵਿਚ ਹੋ ਰਹੀ ਟੁੱਟ ਭੱਜ ਬਾਰੇ ਹੀ ਗੱਲ ਕਰਨ ਵੱਲ ਰੁਚਿਤ ਹੈ। ਇਹ ਆਪਣੇ ਆਪ ਵਿਚ ਵਧੀਆ ਗੱਲ ਹੈ ਜੋ ਇਹ ਦਰਸਾਉਂਦੀ ਹੈ ਕਿ ਪੰਜਾਬੀ ਲੇਖਕ ਆਪਣੇ ਸਮਾਜ ਨਾਲੋਂ ਟੁੱਟਾ ਹੋਇਆ ਨਹੀਂ। ਪਰ ਇਹ ਪੰਜਾਬੀ ਸਾਹਿਤ ਦੀ ਸੀਮਾ ਵੀ ਹੈ। ਸਿਰਫ ਪੰਜਾਬੀ ਸਾਹਿਤ ਪੜ੍ਹਨ ਵਾਲੇ ਪਾਠਕ ਦੀ ਮਨੁੱਖੀ ਤੇ ਸਮਾਜੀ ਵਿਕਾਸ ਬਾਰੇ ਸੂਝ ਵਧਣ ਦੇ ਘੱਟ ਮੌਕੇ ਹਨ। ਇਹ ਠੀਕ ਹੈ ਕਿ ਇਨ੍ਹਾਂ ਗੱਲਾਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਭੌਤਿਕ ਵਿਗਿਆਨ ਤੇ ਸਮਾਜਿਕ ਵਿਗਿਆਨ ਦੇ ਵਿਸਿ਼ਆਂ ਵਿਚ ਅਨੇਕਾਂ ਪੁਸਤਕਾਂ ਪੰਜਾਬੀ ਵਿਚ ਵੀ ਉਪਲੱਬਧ ਹੋਣਗੀਆਂ ਜਾਂ ਹਨ। ਪਰ ਆਮ ਪਾਠਕ ਅੰਦਰ ਮਨੁੱਖੀ ਸੂਝ ਨਾਲ ਸਬੰਧਤ ਵੱਖਰੇ ਵੱਖਰੇ ਪਹਿਲੂਆਂ ਬਾਰੇ ਜਾਨਣ ਦੀ ਖਾਹਿਸ਼ ਪੈਦਾ ਕਰਨੀ ਜਾਂ ਆਪਣੇ ਆਲੇ ਦੁਆਲੇ ਨੂੰ ਵੱਖਰੇ ਵੱਖਰੇ ਕੋਣਾਂ ਤੋਂ ਅਲੋਚਨਾਤਮਿਕ ਨਜ਼ਰੀਏ ਨਾਲ ਦੇਖਣ ਦੀ ਯੋਗਤਾ ਪੈਦਾ ਕਰਨੀ ਕਾਲਪਨਿਕ ਸਾਹਿਤ ਦੀ ਜਿ਼ੰਮੇਵਾਰੀ ਹੈ ਜਾਂ ਹੋਣੀ ਚਾਹੀਦੀ ਹੈ। ਪੰਜਾਬੀ ਸਾਹਿਤ ਨੇ ਪੰਜਾਬੀ ਪਾਠਕਾਂ ਲਈ, ਖਾਸ ਕਰ ਨੌਜਵਾਨ ਪੀੜ੍ਹੀ ਦੇ ਪਾਠਕਾਂ ਵਾਸਤੇ, ਧਰਮ, ਸਿਆਸਤ ਤੇ ਪੈਸੇ ਤੋਂ ਬਾਹਰ ਕੋਈ ਨਵੇਂ ਸੁਪਨੇ ਪੈਦਾ ਨਹੀਂ ਕੀਤੇ; ਕੋਈ ਨਾਇਕ ਪੈਦਾ ਨਹੀਂ ਕੀਤੇ। ਇਸ ਸਬੰਧ ਵਿਚ ਹੋਰ ਬਹੁਤ ਸਾਰੀਆਂ ਗੱਲਾਂ ਕੀਤੀ ਜਾ ਸਕਦੀਆਂ ਹਨ ਪਰ ਮੁੱਖ ਨੁਕਤਾ ਏਥੇ ਇਹੀ ਹੈ ਕਿ ਪੰਜਾਬੀ ਸਾਹਿਤ ਦੀ ਪਹੁੰਚ ਸਮਾਜਿਕ ਰਿਸ਼ਤਿਆਂ ਵਿਚਲੀ ਭੰਨਤੋੜ ਤੱਕ ਸੀਮਤ ਰਹਿੰਦੀ ਹੈ। ਲਗਦਾ ਹੈ ਕਿ ਆਮ ਪੰਜਾਬੀ ਬੰਦਾ ਹੀ ਨਹੀਂ ਸਗੋਂ ਪੰਜਾਬੀ ਲੇਖਕ ਵੀ ਗਿਆਨ ਵਿਗਿਆਨ ਨਾਲ ਸਬੰਧਤ ਲੋੜ ਜਿੰਨਾ ਨਹੀਂ ਪੜ੍ਹਦਾ। ਨਾ ਪੜ੍ਹਨ ਵਾਲੇ ਲੇਖਕ, ਨਾ ਪੜ੍ਹਨ ਵਾਲੇ ਆਮ ਲੋਕਾਂ ਨਾਲੋਂ, ਸਮਾਜ ਲਈ ਕਿਤੇ ਵੱਧ ਹਾਨੀਕਾਰਕ ਹਨ।


ਪੰਜਾਬੀ ਸਭਿਆਚਾਰਕ ਆਲੇ ਦੁਆਲੇ ਵਿਚ ਬਹੁਤ ਕੁਝ ਹੈ ਜਿਹੜਾ ਆਮ ਬੰਦੇ ਨੂੰ ਤੇ ਲੇਖਕ ਨੂੰ ਨਾਸਤਿਕਤਾ ਬਾਰੇ ਗੱਲ ਕਰਨ ਤੋਂ ਰੋਕਦਾ ਹੈ। ਪੰਜਾਬੀਆਂ ਦੀ ਆਮ ਸੂਝ ਇਹ ਕਹਿੰਦੀ ਹੈ ਕਿ ਦੂਜਿਆਂ ਦੇ ਕੰਮ ਵਿਚ ਦਖਲ ਨਾ ਦਿਓ - ਮੌਲਾ ਆਪਣੀ ਨਿਬੇੜ ਤੈਨੂੰ ਕਿਸੇ ਨਾਲ ਕੀ? ਇਸ ਸਮਝ ਅਨੁਸਾਰ ਦੂਜਿਆਂ ਦੇ ਧਾਰਮਿਕ ਵਿਸ਼ਵਾਸ ਵਿਚ ਕਿਸੇ ਕਿਸਮ ਦਾ ਦਖਲ ਦੇਣਾ ਠੀਕ ਨਹੀਂ ਸਮਝਿਆ ਜਾਂਦਾ। ਸਗੋਂ ਇਸ ਤੋਂ ਉਲਟ ਆਮ ਪ੍ਰਚਾਰਿਆ ਇਹ ਜਾਂਦਾ ਹੈ ਕਿ ਹਰ ਧਰਮ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਹਰ ਧਰਮ ਦਾ ਜਾਂ ਵੱਡਿਆਂ ਦਾ ਸਤਿਕਾਰ ਕਰਨਾ ਪੰਜਾਬੀ ਭਾਈਚਾਰੇ ਦਾ ਇਕ ਵਧੀਆ ਗੁਣ ਗਿਣਿਆਂ ਜਾਂਦਾ ਹੈ। ਪਰ ਇਸ ਵਿਚ ਸਮੱਸਿਆ ਵਾਲੀ ਗੱਲ ਇਹ ਹੈ ਕਿ ਇਸ ਸਤਿਕਾਰ ਵਿਚ ਕੋਈ ਸਵਾਲ ਜਾਂ ਕਿੰਤੂ ਕਰਨ ਦੀ ਸਖਤ ਮਨਾਹੀ ਸ਼ਾਮਲ ਹੈ। ਮਨੁੱਖੀ ਵਿਕਾਸ ਦਾ ਹੁਣ ਤੱਕ ਦਾ ਤਜਰਬਾ ਇਹ ਦੱਸਦਾ ਹੈ ਕਿ ਕਿੰਤੂ ਕੀਤੇ ਬਿਨਾਂ ਵਿਕਾਸ ਸੰਭਵ ਨਹੀਂ। ਪਰ ਪੰਜਾਬੀ ਸਮਾਜ ਵਿਚ ਵੱਡਿਆਂ ਤੇ ਅਤੇ ਧਰਮ ਤੇ ਕਦੇ ਕੋਈ ਕਿੰਤੂ ਨਾ ਕਰਨ ਦੀ ਸਿੱਖਿਆ ਬਚਪਨ ਤੋਂ ਹੀ ਘੋਟ ਘੋਟ ਕੇ ਬੰਦੇ ਅੰਦਰ ਬਿਠਾਈ ਜਾਂਦੀ ਹੈ।


ਇਸ ਦੇ ਨਾਲ ਹੀ ਪੰਜਾਬੀ ਮਾਨਸਿਕਤਾ ਤੇ ਪਹਿਲਾਂ 1947 ਤੇ ਫੇਰ 1980ਵੇਂ ਦਹਾਕੇ ਦੌਰਾਨ ਧਰਮ ਦੇ ਨਾਂ ਤੇ ਹੋਈ ਹਿੰਸਾ ਨੇ ਵੀ ਡੂੰਘਾ ਅਸਰ ਪਾਇਆ ਹੈ। ਪੰਜਾਬੀ ਮਨ ਇਸ ਅਸਰ ਥੱਲੇ ਅਚੇਤ ਹੀ ਧਰਮ ਤੇ ਰੱਬ ਦੇ ਮਸਲੇ ਤੇ ਬਹਿਸ ਕਰਨ ਤੋਂ ਡਰਦਾ ਹੈ। ਪਰ ਇਹ ਕੋਈ ਸਿਹਤਮੰਦ ਸਥਿਤੀ ਨਹੀਂ ਹੈ। ਜਿੱਥੇ ਹਰ ਧਰਮ ਦੂਜੇ ਧਰਮਾਂ ਦਾ ਮਾਣ ਸਤਿਕਾਰ ਕਰਨ ਦੀ ਰੱਟ ਲਾਈ ਰੱਖਦਾ ਹੈ ਉੱਥੇ ਹੀ ਮੰਨਣ ਵਾਲਿਆਂ ਦੇ ਮਨਾਂ ਅੰਦਰ ਇਹ ਚੇਤਨਾ ਵੀ ਵਸਾਈ ਜਾਂਦੀ ਹੈ ਕਿ ਉਨ੍ਹਾਂ ਦਾ ਧਰਮ ਉੱਤਮ ਹੈ ਅਤੇ ਇਸ ਦੀ ਇਸ ਵਡਿਆਈ ਕਾਰਨ ਹੀ ਇਸ ਨੂੰ ਦੂਜੇ ਧਰਮਾਂ ਤੋਂ ਨਿਰੰਤਰ ਖਤਰਾ ਹੈ। ਹਰ ਧਰਮ ਹਰ ਵੇਲੇ ਇਸ ਆਪੇ ਸਿਰਜੇ ਖਤਰੇ ਤੋਂ ਬਚਾਅ ਕਰਨ ਲਈ ਆਪਣੇ ਕਿਲੇ ਪੱਕੇ ਕਰਦਾ ਰਹਿੰਦਾ ਹੈ। ਆਜ਼ਾਦ ਸੋਚ ਵਾਲੇ ਲੋਕਾਂ ਦੀ ਆਵਾਜ਼ ਵੀ ਇਸ ਬਾਹਰੀ ਖਤਰੇ ਦਾ ਹਿੱਸਾ ਬਣਾ ਕੇ ਪੇਸ਼ ਕੀਤੀ ਜਾਂਦੀ ਹੈ। ਸਿੱਖ ਧਰਮ ਨੂੰ ਖਤਰੇ ਦਾ ਝੰਡਾ ਲਹਿਰਾਉਣ ਵਾਲੇ ਲੋਕ ਆਜ਼ਾਦ ਖਿਆਲ ਖੱਬੀ ਲਹਿਰ ਦੇ ਲੋਕਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ ਅਤੇ ਅੱਸੀਵਿਆਂ ਦੌਰਾਨ ਇਸ ਸੋਚ ਤੇ ਅਮਲ ਵੀ ਕਰਦੇ ਰਹੇ ਹਨ। ਇਸ ਸਥਿਤੀ ਦਾ ਨਤੀਜਾ ਇਹ ਹੈ ਕਿ ਆਜ਼ਾਦ ਸੋਚ ਰੱਖਣ ਵਾਲੇ ਬਹੁਤ ਘੱਟ ਚਿੰਤਕ ਤੇ ਲੇਖਕ ਲੋਕਾਂ ਦੇ ਰੱਬ ਵਿਚ ਵਿਸ਼ਵਾਸ ਜਾਂ ਧਰਮ ਤੇ ਸਿੱਧੀ ਚੋਟ ਕਰਨ ਬਾਰੇ ਸੋਚਦੇ ਹਨ।


ਸਾਹਿਤ ਤੇ ਸਿਆਸਤ ਵਾਂਗ ਹੀ ਮੀਡੀਏ ਤੇ ਲੋਕ-ਸਭਿਆਚਾਰ ਜਾਂ ਪਾਪੂਲਰ ਕਲਚਰ ਤੋਂ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਦੀ ਸੋਚ ਵਿਚ ਨਵੇਂ ਵਿਚਾਰਾਂ ਦਾ ਟੀਕਾ ਲਾਵੇ। ਪਰ ਹੋ ਇਸ ਤੋਂ ਉਲਟ ਰਿਹਾ ਹੈ। ਪੰਜਾਬੀ ਅਖਬਾਰਾਂ ਧਾਰਮਿਕ ਲੇਖਾਂ ਨਾਲ ਭਰੀਆਂ ਹੁੰਦੀਆਂ ਹਨ। ਇਹ ਲੇਖ ਮੁੱਖ ਤੌਰ ਤੇ ਧਰਮ ਅਤੇ ਧਾਰਮਿਕ ਆਗੂਆਂ ਦੇ ਗੁਣ ਗਾਉਣ ਵਾਲੇ ਹੁੰਦੇ ਹਨ। ਰੱਬ ਵਿਚ ਵਿਸ਼ਵਾਸ ਦੀ ਜਾਂ ਧਰਮ ਦੀ ਅਲੋਚਨਾ ਨਾ ਮਾਤਰ ਹੀ ਦਿਸਦੀ ਹੈ। ਪੰਜਾਬੀ ਫਿਲਮ ਤੇ ਪੰਜਾਬੀ ਗੀਤ ਸੰਗੀਤ ਵਿਚ ਵਿਸ਼ੇਸ਼ ਕਰਕੇ ਧਰਮ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਗੁਰਦਾਸ ਮਾਨ ਤੇ ਹਰਭਜਨ ਮਾਨ ਵਰਗੇ ਲੋਕਪ੍ਰੀਯ ਗਾਇਕ ਤੇ ਫਿਲਮੀ ਅਦਾਕਾਰਾਂ ਦੇ ਗੀਤ ਤੇ ਫਿਲਮਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਆਮ ਗੱਲਬਾਤ ਵੀ ਧਰਮ ਤੇ ਰੱਬ ਦੇ ਵੇਰਵਿਆਂ ਨਾਲ ਭਰੀ ਹੁੰਦੀ ਹੈ। ਸਾਰੇ ਵੱਡੇ ਵੱਡੇ ਗਾਇਕ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਗੀਤ ਗਾਉਂਦੇ ਹਨ ਤੇ ਧਾਰਮਿਕ ਲਿਬਾਸਾਂ ਵਿਚ ਤਸਵੀਰਾਂ ਵਾਲੀਆਂ ਸੀਡੀਆਂ ਤੇ ਐਲਬਮਾਂ ਕੱਢਦੇ ਹਨ। ਕਨੇਡਾ ਵਿਚ ਚਲਦੇ ਸਾਰੇ ਦੇ ਸਾਰੇ ਪੰਜਾਬੀ ਟੈਲੀਵਿਯਨ ਪ੍ਰੋਗਰਾਮ ਧਾਰਮਿਕ ਸ਼ਬਦ ਨਾਲ ਸ਼ੁਰੂ ਹੁੰਦੇ ਹਨ। ਜਿੱਥੇ ਹੋਰ ਬਹੁਤ ਸਾਰੇ ਸਮਾਜਾਂ ਵਿਚ ਗੀਤ ਸੰਗੀਤ ਕਈ ਵਾਰੀ ਵਿਦਰੋਹੀ ਲਹਿਰਾਂ ਨੂੰ ਸ਼ੁਰੂ ਕਰਨ ਤੇ ਲੋਕਾਂ ਵਿਚ ਮਸ਼ਹੂਰ ਕਰਨ ਵਿਚ ਵੱਡਾ ਯੋਗਦਾਨ ਪਾਉਂਦੇ ਹਨ ਉੱਥੇ ਅਜੋਕੇ ਸਮੇਂ ਪੰਜਾਬੀ ਗੀਤ ਸੰਗੀਤ ਸਿਰਫ ਜਾਤੀ ਮਸ਼ਹੂਰੀ ਤੇ ਪੈਸਾ ਕਮਾਉਣ ਤੱਕ ਹੀ ਸੀਮਤ ਹੈ। ਕੁਝ ਗਾਇਕ ਤੇ ਕਮੇਡੀਅਨ ਜਦੋਂ ਇਸ ਸਬੰਧ ਵਿਚ ਕੁਝ ਅਲੋਚਨਾਤਮਿਕ ਵੀ ਕਹਿੰਦੇ ਕਰਦੇ ਹਨ ਤਾਂ ਉਹ ਵੀ ਬਹੁਤੀ ਵਾਰੀ ਧਰਮ ਵਿਚ ਆਏ ਨਿਗ੍ਹਾਰ ਵੱਲ ਹੀ ਕੇਂਦਰਿਤ ਹੁੰਦਾ ਹੈ, ਖੁਦ ਧਰਮ ਦੇ ਨਾਂਹਪੱਖੀ ਕਿਰਦਾਰ ਵੱਲ ਨਹੀਂ। ਗਾਇਕਾਂ ਵਾਂਗ ਹੀ ਭੰਗੜਾ ਪਾਉਣ ਵਾਲੇ ਸਟੇਜ ਤੇ ਚੜ੍ਹਨ ਵੇਲੇ ਪਹਿਲਾਂ ਮੱਥਾ ਟੇਕਦੇ ਹਨ। ਇਸੇ ਤਰ੍ਹਾਂ ਹਰ ਕਿਸਮ ਦੇ ਖਿਡਾਰੀ ਤੇ ਖਿਡਾਰੀਆਂ ਦੀਆਂ ਟੀਮਾਂ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਂਅ ਲੈਣਾ ਜ਼ਰੂਰੀ ਸਮਝਦੇ ਹਨ। ਕਬੱਡੀ ਖਿਡਾਰੀ ਮੱਥਾ ਟੇਕ ਕੇ ਹੀ ਗਰਾਊਂਡ ਵਿਚ ਵੜਦੇ ਹਨ ਤੇ ਮੈਚ ਜਿੱਤਣ ਬਾਅਦ ਰੱਬ ਦਾ ਧੰਨਵਾਦ ਕਰਨ ਤੋਂ ਕਦੇ ਪਿੱਛੇ ਨਹੀਂ ਰਹਿੰਦੇ। ਬਹੁਤੇ ਪੰਜਾਬੀ ਤਾਂ ਗੰਭੀਰ ਜਾਂ ਗੈਰ-ਗੰਭੀਰ ਰੌਅ ਚ ਸ਼ਰਾਬ ਪੀਣ ਵੇਲੇ ਵੀ ਪਹਿਲਾਂ ਰੱਬ ਨੂੰ ਧਿਆਉਂਦੇ ਦੇਖੇ ਜਾ ਸਕਦੇ ਹਨ।


ਸਦਾਚਾਰਕ ਪੱਖੋਂ ਰੱਬ ਦਾ ਡਰ ਤੇ ਧਰਮ ਦੀ ਲੋੜ ਵੀ ਪੰਜਾਬੀ ਸਮਾਜ ਵਿਚ ਇਕ ਅਟੱਲ ਸਚਾਈ ਵਜੋਂ ਲਈ ਜਾਂਦੀ ਹੈ। ਇਹ ਵਿਸ਼ਵਾਸ ਬਹੁਤ ਪੱਕਾ ਹੈ ਕਿ ਧਰਮ ਤੇ ਰੱਬ ਦੇ ਡਰ ਬਿਨਾਂ ਕੋਈ ਵੀ ਵਿਅਕਤੀ ਚੰਗਾ ਹੋ ਹੀ ਨਹੀਂ ਸਕਦਾ। ਪਰ ਵਿਗਿਆਨਕ ਦ੍ਰਿਸ਼ਟੀ ਨਾਲ ਦੇਖਿਆਂ ਇਹ ਵਿਚਾਰ ਇਕ ਅੰਧ ਵਿਸ਼ਵਾਸ ਤੋਂ ਵਾਧੂ ਨਹੀਂ। ਪੰਜਾਬੀ ਸਮਾਜ ਵਿਚ ਹੀ ਨਹੀਂ ਪੱਛਮੀ ਸਮਾਜਾਂ ਵਿਚ ਵੀ ਇਸ ਵਿਸ਼ਵਾਸ ਦਾ ਕਾਫੀ ਅਸਰ ਹੈ। ਬਹੁਤ ਸਾਰੇ ਚਿੰਤਕਾਂ ਨੇ (ਜਿਨ੍ਹਾਂ ਵਿਚ ਆਈਨਸਟਾਈਨ, ਬਰਟਰੈਂਡ ਰਸਲ ਤੇ ਰਿਚਰਡ ਡਾਕਿੰਨਜ਼ ਅਤੇ ਹੋਰ ਬਹੁਤ ਸਾਰੇ ਲੋਕਾਂ ਦਾ ਨਾਂਅ ਲਿਆ ਜਾ ਸਕਦਾ ਹੈ) ਇਸ ਨੂੰ ਵਿਗਿਆਨਕ ਨਜ਼ਰੀਏ ਨਾਲ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਮੂਹ ਵਿਚ ਵਿਚਰਨ ਲਈ ਇਨਸਾਨ ਵਿਚ ਕੁਦਰਤੀ ਲੋੜ ਵਜੋਂ ਚੰਗਿਆਈ ਦਾ ਮਾਦਾ ਹੁੰਦਾ ਹੈ। ਧਰਮ ਜਾਂ ਰੱਬ ਇਨਸਾਨ ਨੂੰ ਚੰਗਾ ਬਣਾਉਣ ਦੀ ਥਾਂ ਸਗੋਂ ਉਸ ਦੇ ਚੰਗਾ ਬਣਨ ਦੇ ਰਾਹ ਵਿਚ ਰੋੜਾ ਬਣਦੇ ਹਨ। ਹਰ ਧਾਰਮਿਕ ਬੰਦਾ ਆਪਣੇ ਨਜ਼ਰੀਏ ਨੂੰ ਠੀਕ ਠਹਿਰਾਉਂਦਾ ਹੈ ਤੇ ਦੂਜਿਆਂ ਦੇ ਨਜ਼ਰੀਏ ਨੂੰ ਗਲਤ ਹੀ ਨਹੀਂ ਸਗੋਂ ਆਪਣੇ ਨਾਲੋਂ ਘਟੀਆ ਵੀ ਸਮਝਦਾ ਹੈ। ਇਸ ਨਾਲ ਉਹ ਮਨੁੱਖਤਾ ਦੇ ਵੱਡੇ ਹਿੱਸੇ ਨੂੰ ਆਪਣੇ ਬਰਾਬਰ ਦਾ ਨਹੀਂ ਸਮਝਦਾ। ਅਜਿਹੇ ਇਨਸਾਨ ਨੂੰ ਕਿਸੇ ਵੀ ਪੱਖੋਂ ਚੰਗਾ ਨਹੀਂ ਕਿਹਾ ਜਾ ਸਕਦਾ। ਹਰ ਧਰਮ ਵਿਚ ਮੁੱਖ ਧਾਰਾ ਦੇ ਨਾਲ ਨਾਲ ਅਨੇਕਾਂ ਵੱਖਰੇ ਵੱਖਰੇ ਨਜ਼ਰੀਏ ਰੱਖਣ ਵਾਲੇ ਸਮੂਹ ਹੁੰਦੇ ਹਨ। ਉਦਾਹਰਨ ਵਜੋਂ, ਇਕ ਅੰਦਾਜ਼ੇ ਅਨੁਸਾਰ ਇਕੱਲੇ ਇਸਾਈ ਮੱਤ ਵਿਚ ਕੋਈ 34,000 ਵੱਖਰੇ ਵੱਖਰੇ ਨਜ਼ਰੀਏ ਰੱਖਣ ਵਾਲੇ ਸਮੂਹ ਹਨ ਜਿਹੜੇ ਆਪਣੇ ਮੁਕਾਬਲੇ ਦੂਜਿਆਂ ਨੂੰ ਗਲਤ ਸਮਝਦੇ ਹਨ। ਦੂਜੇ ਧਰਮਾਂ ਦਾ ਵੀ ਇਹੀ ਹਾਲ ਹੈ। ਇਨ੍ਹਾਂ ਧਰਮਾਂ ਦੀ ਮੁੱਖ ਧਾਰਾ ਜਾਂ ਸਾਰੇ ਸਮੂਹ ਦੂਜਿਆਂ ਨੂੰ ਕੁਰਾਹੇ ਪਈ ਸੰਪਰਦਾਇ ਜਾਂ ਕਲਟ ਸਮਝਦੀ ਹੈ। ਆਮ ਪਰਿਭਾਸ਼ਾ ਅਨੁਸਾਰ ਕਲਟ ਜਾਂ ਸੰਪਰਦਾਇ ਉਹ ਧਾਰਮਿਕ ਨਜ਼ਰੀਆ ਹੁੰਦਾ ਹੈ ਜਿਸ ਕੋਲ ਸਿਆਸੀ ਤਾਕਤ ਨਾ ਹੋਵੇ। ਸਿਆਸੀ ਤਾਕਤ ਹਥਿਆਉਣ ਲਈ ਹਰ ਸੰਪਰਦਾਇ ਆਪਣੀ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਹੈ। ਇਸ ਪੱਖੋਂ ਦੇਖਿਆਂ ਧਰਮ ਇਨਸਾਨ ਨੂੰ ਚੰਗਾ ਬਣਾਉਣ ਦੀ ਥਾਂ ਸਗੋਂ ਮਾੜਾ ਬਣਾਉਣ ਦਾ ਕਾਰਜ ਕਰਦਾ ਹੈ।


ਸਦੀਆਂ ਤੋਂ ਚਲੀ ਆਉਂਦੀ ਆਰਥਿਕ ਤੇ ਸਮਾਜਿਕ ਅਸੁਰੱਖਿਆ ਤੇ ਗੁਲਾਮੀ ਦੇ ਅਸਰ ਕਾਰਨ ਬਹੁਤੇ ਭਾਰਤੀ ਤੇ ਪੰਜਾਬੀ ਲੋਕ ਜਿਸ ਤਰ੍ਹਾਂ ਵੀ ਸੰਭਵ ਹੋ ਸਕੇ ਆਪਣਾ 'ਕੰਮ ਕੱਢਣਾ ਚਾਹੁੰਦੇ ਹਨ'। ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੋ ਗਿਆ ਹੈ। ਚੇਤਨ ਲੋਕਾਂ ਨੂੰ ਵੀ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ ਦਿੱਸਦਾ ਤਾਂ ਹੈ ਪਰ ਇਹ ਇਸ ਕਦਰ ਤੰਗ ਨਹੀਂ ਕਰਦਾ ਕਿ ਇਸ ਨੂੰ ਸਹਿਣ ਨਾ ਕਰ ਸਕਣ। ਆਮ ਪੰਜਾਬੀ ਲੋਕਾਂ ਵਿਚ ਸਮਾਜਿਕ ਸੂਝ ਤੇ ਜਿ਼ੰਮੇਵਾਰੀ ਦਾ ਅਹਿਸਾਸ ਬਹੁਤ ਘੱਟ ਨਜ਼ਰ ਆਉਂਦਾ ਹੈ।


ਨਾਸਤਿਕਤਾ ਬਾਰੇ ਗਲ ਕਰਨ ਦੀ ਕਿਉਂ ਲੋੜ ਹੈ?
ਅਜੋਕੀ ਦੁਨੀਆ ਦੇ ਜਿਹੜੇ ਸਮਾਜ ਧਰਮ ਨੂੰ ਸਿਆਸਤ ਤੋਂ ਅਤੇ ਵਿਦਿਆ ਵਰਗੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆ ਤੋਂ ਦੂਰ ਰੱਖਣ ਵਿਚ ਕਾਮਯਾਬ ਹਨ, ਉਹ ਨਿਰਸੰਦੇਹ ਮਨੁੱਖ ਦੇ ਰਹਿਣ ਲਈ ਬੇਹਤਰ ਹਨ। ਉਨ੍ਹਾਂ ਦੇ ਨਾਲ ਪੰਜਾਬੀ ਜਾਂ ਭਾਰਤੀ ਸਮਾਜ ਦਾ ਮੁਕਾਬਲਾ ਕਰਨ ਤੇ ਫਰਕ ਸਾਫ ਨਜ਼ਰ ਆਉਂਦਾ ਹੈ। ਮਨੁੱਖ ਨੇ ਹੁਣ ਤੱਕ ਜੋ ਵਿਕਾਸ ਕੀਤਾ ਹੈ ਉਸ ਵਿਚ ਵਿਸ਼ੇਸ਼ ਕਰਕੇ ਵਿਗਿਆਨ ਨੇ ਪਿਛਲੇ ਤਿੰਨ ਚਾਰ ਸੌ ਸਾਲ ਵਿਚ ਵੱਡਾ ਰੋਲ ਨਿਭਾਇਆ ਹੈ, ਭਾਵੇਂ ਵੱਖਰੇ ਵੱਖਰੇ ਕਾਰਨਾਂ ਵੱਸ ਇਹ ਵਿਕਾਸ ਸਾਰੇ ਦਾ ਸਾਰਾ ਹਾਂ-ਪੱਖੀ ਨਹੀਂ ਹੈ। ਇਸ ਮਨੁੱਖੀ ਵਿਕਾਸ ਵਿਚ ਧਰਮ ਨੇ ਪੈਰ ਪੈਰ ਤੇ ਵਿਗਿਆਨ ਨਾਲ ਆਢਾ ਲਿਆ ਹੈ। ਬਰਤਾਨਵੀਂ ਚਿੰਤਕ ਬਰਟਰੈਂਡ ਰੱਸਲ ਅਨੁਸਾਰ:


ਚਾਰ ਸੌ ਸਾਲਾਂ ਵਿਚ ਵਿਗਿਆਨ ਦੇ ਵਾਧੇ ਨੇ ਹੌਲੀ ਹੌਲੀ ਮਨੁੱਖਾਂ ਨੂੰ ਦਿਖਾਇਆ ਹੈ ਕਿ ਕੁਦਰਤ ਦੇ ਵਰਤਾਰਿਆਂ ਬਾਰੇ ਕਿਸ ਤਰ੍ਹਾਂ ਗਿਆਨ ਹਾਸਿਲ ਕਰਨਾ ਹੈ ਅਤੇ ਕੁਦਰਤੀ ਸ਼ਕਤੀਆਂ ਉੱਪਰ ਕਿਸ ਤਰ੍ਹਾਂ ਸਰਦਾਰੀ ਕਾਇਮ ਕਰਨੀ ਹੈ, ਇਸ ਸਮੇਂ ਦੌਰਾਨ ਪਾਦਰੀਆਂ ਨੇ ਵਿਗਿਆਨ ਦੇ ਵੱਖਰੇ ਵੱਖਰੇ ਖੇਤਰਾਂ, ਤਾਰਾ-ਵਿਗਿਆਨ ਤੇ ਭੂ-ਵਿਗਿਆਨ ਵਿਚ, ਸਰੀਰ-ਰਚਨਾ-ਵਿਗਿਆਨ (ਅਨਾਟਮੀ) ਤੇ ਸਰੀਰ-ਕ੍ਰਿਆਵਿਗਿਆਨ (ਫਿਜ਼ੀਔਲੋਜੀ) ਵਿਚ, ਜੀਵ-ਵਿਗਿਆਨ ਤੇ ਮਨੋਵਿਗਿਆਨ ਵਿਚ ਅਤੇ ਸਮਾਜਿਕ ਵਿਗਿਆਨ ਵਿਰੁੱਧ ਹਾਰਨ ਵਾਲੀ ਲੜਾਈ ਲੜੀ ਹੈ। ਹਰ ਵਾਰੀ ਇਕ ਥਾਂ ਤੋਂ ਬਾਹਰ ਕੱਢੇ ਜਾਣ ਤੇ ਉਨ੍ਹਾਂ ਦੂਜੀ ਥਾਂ ਮੋਰਚਾ ਲਾਇਆ। ਤਾਰਾ-ਵਿਗਿਆਨ ਵਿੱਚੋਂ ਭਾਂਜ ਖਾ ਕੇ ਉਨ੍ਹਾਂ ਭੂ-ਵਿਗਿਆਨ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਈ; ਉਨ੍ਹਾਂ ਨੇ ਜੀਵ-ਵਿਗਿਆਨ ਵਿਚ ਡਾਰਵਿਨ ਵਿਰੁੱਧ ਲੜਾਈ ਕੀਤੀ ਅਤੇ ਅਜੋਕੇ ਸਮੇਂ ਉਹ ਮਨੋਵਿਗਿਆਨ ਅਤੇ ਵਿਦਿਆ ਸਬੰਧੀ ਵਿਗਿਆਨਕ ਸਿਧਾਂਤਾਂ ਵਿਰੁੱਧ ਲੜਦੇ ਹਨ। (5)


ਸੋਲਵੀਂ ਸਤਾਰਵੀਂ ਸਦੀ ਦੌਰਾਨ ਧਰਤੀ ਸੂਰਜ ਦੁਆਲੇ ਘੁੰਮਦੀ ਹੋਣ ਦਾ ਦਾਅਵਾ ਕਰਨ ਵਾਲੇ ਗਲੀਲੀਓ ਨੂੰ ਸਜ਼ਾ ਦੇਣ ਬਦਲੇ ਰੋਮਨ ਕੈਥੋਲਿਕ ਪੋਪ ਨੇ ਹੁਣ 1992 ਵਿਚ ਇਸ ਗੱਲ ਦੀ ਮੁਆਫੀ ਮੰਗੀ ਹੈ। ਭਾਵੇਂ ਧਰਮ ਤੇ ਵਿਗਿਆਨ ਦੀ ਇਹ ਲੜਾਈ ਮੁੱਖ ਤੌਰ ਤੇ ਯੂਰਪ ਵਿਚ ਹੋਈ ਪਰ ਇਸ ਦਾ ਫਾਇਦਾ ਸਾਰੀ ਦੁਨੀਆ ਨੂੰ ਹੋਇਆ ਤੇ ਹੋ ਰਿਹਾ ਹੈ; ਪੰਜਾਬੀ ਸਮਾਜ ਨੂੰ ਵੀ। ਪਰ ਪੰਜਾਬ ਵਿਚ ਜਿੱਥੇ ਵਿਗਿਆਨ ਨਾਲ ਪ੍ਰਾਪਤ ਹੋਈ ਹਰ ਸਹੂਲਤ ਨੂੰ ਤਾਂ ਵਰਤਿਆ ਜਾ ਰਿਹਾ ਹੈ ਉੱਥੇ ਆਮ ਜੀਵਨ ਵਿਚ ਵਿਗਿਆਨਕ ਵਿਚਾਰਾਂ ਜਾਂ ਤਰਕ ਨੂੰ ਅਪਨਾਉਣ ਤੋਂ ਕੰਨੀ ਕਤਰਾਈ ਜਾ ਰਹੀ ਹੈ। ਪੰਜਾਬੀ ਦੇ ਬਹੁ ਗਿਣਤੀ ਲੋਕ ਅਤੇ ਲੇਖਕ ਵੀ ਇਨ੍ਹਾਂ ਸਵਾਲਾਂ ਤੋਂ ਦੂਰ ਰਹਿੰਦੇ ਹਨ। ਉਹ ਸਮਝਦੇ ਹਨ ਕਿ ਹੋਰ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਬਾਰੇ ਲਿਖਿਆ ਵਿਚਾਰਿਆ ਜਾਣਾ ਚਾਹੀਦਾ ਹੈ। ਕਾਹਦੇ ਲਈ ਇਸ ਗੁੰਝਲਦਾਰ ਤੇ ਸ਼ਾਇਦ ਖਤਰਨਾਕ ਝਮੇਲੇ ਚ ਪਿਆ ਜਾਵੇ? ਕੀ ਇਸ ਬਿਨ੍ਹਾਂ ਸਰਦਾ ਨਹੀਂ? ਪਹਿਲਾਂ ਹੀ ਸਮਾਜ ਵਿਚ ਬੇਹੱਦ ਬੇਲੋੜੀਆਂ ਵੰਡੀਆਂ ਪਈਆਂ ਹੋਈਆਂ ਹਨ ਰੱਬ ਦੇ ਹੋਣ ਜਾਂ ਨਾ ਹੋਣ ਦੇ ਮਸਲੇ ਤੇ ਹੋਰ ਝਮੇਲੇ ਕਿਉਂ ਖੜ੍ਹੇ ਕੀਤੇ ਜਾਣ। ਉਨ੍ਹਾਂ ਦੀ ਇਹ ਗੱਲ ਕੁਝ ਹੱਦ ਤੱਕ ਸਹੀ ਹੈ। ਪਰ ਮਸਲਾ ਇਹ ਹੈ ਕਿ ਸਾਡੇ ਸਮਾਜ ਦੀਆਂ ਬਹੁਤੀਆਂ ਸਮੱਸਿਆਵਾਂ ਜੋਂ ਲੰਮੇ ਸਮੇਂ ਤੋਂ ਸੁਧਰਨ ਵਿਚ ਨਹੀਂ ਆ ਰਹੀਆਂ, ਉਨ੍ਹਾਂ ਦੀ ਜੜ੍ਹ ਇਸ ਸਵਾਲ ਨਾਲ ਜੁੜੀ ਹੋਈ ਹੈ। ਜੇ ਅਸੀਂ ਸੱਚ ਮੁੱਚ ਗੰਭੀਰਤਾ ਨਾਲ ਇਸ ਗੱਲ ਦੀ ਖਾਹਿਸ਼ ਰੱਖਦੇ ਹਾਂ ਕਿ ਸਾਡਾ ਸਮਾਜ ਵੀ ਇਕ ਸਿਹਤਮੰਦ ਤੇ ਹੱਸਦਾ ਖੇਲਦਾ ਸਮਾਜ ਹੋਵੇ ਤਾਂ ਸਾਨੂੰ ਉਨ੍ਹਾਂ ਸਮਾਜਾਂ ਦਾ ਧਿਆਨ ਨਾਲ ਅਧਿਅਨ ਕਰਨ ਦੀ ਲੋੜ ਹੈ ਜਿੱਥੇ ਧਰਮ ਨੂੰ ਸਿਆਸਤ ਤੇ ਹੋਰ ਅਦਾਰਿਆਂ ਤੋਂ ਦੂਰੀ ਤੇ ਰੱਖਿਆ ਗਿਆ ਹੈ।


ਪੰਜਾਬੀ ਭਾਈਚਾਰੇ ਨੂੰ ਭਾਵੇਂ ਇਕ ਵਿਕਾਸਸ਼ੀਲ ਅਧੁਨਿਕ ਸਨਅਤੀ ਸਮਾਜ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਦੁਨੀਆ ਦੇ ਇਸ ਸਥਿਤੀ ਵਿਚਲੇ ਹੋਰ ਬਹੁਤ ਸਾਰੇ ਸਮਾਜਾਂ ਤੋਂ ਕਈ ਪੱਖਾਂ ਤੋਂ ਵੱਖਰਾ ਹੈ। ਸਿੱਖ ਧਰਮ ਮੁਕਾਬਲਤਨ ਨਵਾਂ ਧਰਮ ਹੈ ਤੇ ਇਸ ਵਿਚ ਦੂਜੇ ਧਰਮਾਂ ਦੇ ਮੁਕਾਬਲੇ ਵਹਿਮਾਂ ਭਰਮਾਂ ਜਾਂ ਮਿੱਥਾਂ ਦਾ ਉਸ ਕਿਸਮ ਦਾ ਅਧਾਰ ਨਹੀਂ ਹੈ। ਲੋਕਾਂ ਦੇ ਮਨਾਂ ਉੱਪਰ ਧਰਮ ਦੀ ਪਕੜ ਵੀ ਦੂਜੇ ਸਮਾਜਾਂ ਜਿੰਨੀ ਪੱਕੀ ਨਹੀਂ ਹੈ। ਵੀਹਵੀਂ ਸਦੀ ਦੌਰਾਨ ਪੰਜਾਬ ਤੋਂ ਬਾਹਰ ਆਏ ਲੋਕਾਂ ਵਲੋਂ ਸਨਅਤੀ ਮੁਲਕਾਂ ਵਿਚ ਵਾਸ ਕਰਨ ਨਾਲ ਪੰਜਾਬ ਦੀ ਆਰਥਿਕਤਾ ਤੇ ਮਾਨਸਿਕਤਾ ਤੇ ਪ੍ਰਤੱਖ ਅਸਰ ਪਏ ਹਨ। ਇਨ੍ਹਾਂ ਅਸਰਾਂ ਕਾਰਨ ਪੰਜਾਬੀ ਦੇ ਅਧੁਨਿਕ ਸਾਹਿਤ ਵਿਚ ਅਗਾਂਹਵਧੂ ਸੁਰ ਭਾਰੂ ਰਹੀ ਹੈ। ਪਰ ਇਸ ਦੇ ਬਾਵਜੂਦ, ਪਹਿਲਾਂ ਵਿਚਾਰੇ ਗਏ ਕਾਰਨਾਂ ਵੱਸ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬੀਆਂ ਦੀ ਸੋਚ ਅੱਗੇ ਵਧਣ ਦੀ ਥਾਂ ਪਿਛਾਂਹ ਨੂੰ ਪਰਤਦੀ ਪ੍ਰਤੀਤ ਹੁੰਦੀ ਹੈ। ਜਿੱਥੇ ਪੰਜਾਬੀ ਭਾਈਚਾਰਾ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਵਿਚ ਦੁਨੀਆ ਦੇ ਬਾਕੀ ਭਾਈਚਾਰਿਆਂ ਦੇ ਬਰਾਬਰ ਖੜ੍ਹਦਾ ਹੈ ਉੱਥੇ ਬੌਧਿਕ ਪੱਖੋਂ ਇਸ ਦੀ ਗਰੀਬੀ ਸ਼ਰੇਆਮ ਨਜ਼ਰ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਧਰਮ ਵਲਾਂ ਬੇਲੋੜਾ ਧਿਆਨ ਜਾਪਦਾ ਹੈ। ਧਰਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਕਿਸਮ ਦੀ ਖਾਹਿਸ਼ ਜਾਂ ਕੋਸ਼ਸ਼ ਹੋਣੀ ਚਾਹੀਦੀ ਹੈ। ਮਸਲਾ ਸਮਾਜ ਵਿਚ ਸੰਤੁਲਨ ਪੈਦਾ ਕਰਨ ਦਾ ਹੈ ਜੋ ਇਸ ਵੇਲੇ ਨਜ਼ਰ ਨਹੀਂ ਆ ਰਿਹਾ।


ਵਿਗਿਆਨਕ ਸੂਝ ਤੋਂ ਪਹਿਲਾਂ ਸੰਸਾਰ ਦੀ ਉਤਪਤੀ ਤੇ ਕੁਦਰਤੀ ਵਰਤਾਰਿਆਂ, ਮੀਂਹ/ਸੋਕਾ, ਬੱਦਲਾਂ ਦੀ ਗੜਕ, ਬਿਜਲੀ ਦੀ ਚਮਕ, ਹੜ੍ਹ, ਭੁਚਾਲ, ਜਨਮ, ਮੌਤ, ਮਨੁੱਖੀ ਸਰੀਰ ਨੂੰ ਲੱਗਦੀਆਂ ਬੀਮਾਰੀਆਂ ਆਦਿ ਬਾਰੇ ਜਾਨਣ ਦੀ ਖਾਹਿਸ਼ ਵਿੱਚੋਂ ਰੱਬ ਦੇ ਸੰਕਲਪ ਨੇ ਜਨਮ ਲਿਆ। ਮਨੁੱਖੀ ਸੋਚ ਦੇ ਵਿਕਾਸ ਦੇ ਇਕ ਪੜਾਅ ਤੇ ਉਹਨੂੰ ਲੱਗਾ ਕਿ ਇਹ ਸਭ ਕੁਝ ਕੋਈ ਵੱਡੀ ਅਣਦਿਸਦੀ ਤਾਕਤ ਕਰ ਕਰਵਾ ਰਹੀ ਹੈ। ਇਸ ਤਾਕਤ ਨੂੰ ਉਹਨੇ ਰੱਬ ਦਾ ਨਾਂਅ ਦਿੱਤਾ। ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਉਹਨੇ ਇਸ ਤਾਕਤ ਨੂੰ ਖੁਸ਼ ਕਰਨ ਲਈ ਅਰਦਾਸ ਤੇ ਬਲ਼ੀ ਆਦਿ ਦੀਆਂ ਰਸਮਾਂ ਹੋਂਦ ਵਿਚ ਲਿਆਂਦੀਆਂ। ਰੱਬ ਦੀ ਖੁਸ਼ੀ ਤੇ ਕ੍ਰੋਪੀ ਦੇ ਅੰਦਾਜ਼ੇ ਲਾ ਕੇ ਉਸ ਦੀ ਮਰਜ਼ੀ ਅਨੁਸਾਰ ਚੱਲਣ ਲਈ ਕੁਝ ਨਿਯਮ ਕਾਇਮ ਕੀਤੇ। ਇਨ੍ਹਾਂ ਵਿਚਾਰਾਂ, ਰਸਮਾਂ ਤੇ ਨਿਯਮਾਂ ਦੇ ਸਮੂਹ ਨੂੰ ਧਰਮ ਦਾ ਨਾਂਅ ਦਿੱਤਾ। ਇਸ ਅਦਾਰੇ ਨੂੰ ਚਲਾਉਣ ਵਾਲੇ ਸਮਾਜ ਦੀ ਸਥਾਪਤੀ ਦਾ ਹਿੱਸਾ ਬਣੇ। ਸਥਾਪਤੀ ਸਮਾਜ ਵਿਚ ਸਦਾ ਤਾਕਤਵਰ ਲੋਕਾਂ ਦੇ ਹੱਕ ਵਿਚ ਭੁਗਤਦੀ ਹੈ ਜੋ ਗਿਣਤੀ ਵਿਚ ਥੋੜ੍ਹੇ ਹੁੰਦੇ ਹਨ ਤੇ ਬਹੁ ਗਿਣਤੀ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਸਥਾਪਤੀ ਵਿਰੁੱਧ ਜਥੇਬੰਦ ਹੋਣਾ ਪੈਂਦਾ ਹੈ। ਸਨਅਤੀ ਇਨਕਲਾਬ ਤੋਂ ਪਹਿਲਾਂ ਲੋਕਾਂ ਦੇ ਸੰਘਰਸ਼ਾਂ ਨੇ ਧਾਰਮਿਕ ਰੂਪ ਹੀ ਅਖਤਿਆਰ ਕੀਤੇ ਅਤੇ ਨਤੀਜੇ ਵਜੋਂ ਦੂਜੇ ਧਰਮ ਹੋਂਦ ਵਿਚ ਆਏ। ਇਸਾਈ ਮੱਤ ਵਿਚ ਪਰੋਟੈਸਟੈਂਟ ਲਹਿਰ ਤੇ ਭਾਰਤ ਵਿਚ ਸਿੱਖ ਲਹਿਰ ਇਸ ਦੀਆਂ ਉਦਾਹਰਨਾਂ ਕਹੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਇਹ ਅਮਲ ਚਲਦਾ ਰਿਹਾ ਹੈ ਤੇ ਹਰ ਧਰਮ ਆਪਣੀ ਸਮਾਜਿਕ ਸਥਿਤੀ ਕਾਇਮ ਰੱਖਣ ਲਈ ਸਥਾਪਤੀ ਦਾ ਹਿੱਸਾ ਬਣ ਕੇ ਨਵੇਂ ਵਿਚਾਰਾਂ ਦੀ ਵਿਰੋਧਤਾ ਵਿਚ ਡਟਦਾ ਰਿਹਾ। ਪਰ ਪਿਛਲੀਆਂ ਦੋ ਤਿੰਨ ਸਦੀਆਂ ਤੋਂ ਇਸ ਵਰਤਾਰੇ ਵਿਚ ਤਬਦੀਲੀ ਆਈ ਹੈ ਭਾਵੇਂ ਅਜੇ ਵੀ ਸਨਅਤੀ ਵਿਕਾਸ ਤੋਂ ਵਾਂਜੇ ਮੁਲਕਾਂ ਵਿਚ ਸਮਾਜਿਕ ਤਬਦੀਲੀ ਲਈ ਚਲਦੀਆਂ ਲਹਿਰਾਂ ਧਾਰਮਿਕ ਲਹਿਰਾਂ ਦਾ ਰੂਪ ਧਾਰ ਲੈਂਦੀਆਂ ਹਨ। ਇਹ ਲਹਿਰਾਂ ਕਈ ਵਾਰੀ ਨਵੇਂ ਧਰਮ ਨੂੰ ਜਨਮ ਦਿੰਦੀਆਂ ਹਨ ਅਤੇ ਕਈ ਵਾਰੀ ਪ੍ਰਚਲਤ ਧਰਮਾਂ ਦੇ ਆਪਸੀ ਟਕਰਾਅ ਦਾ ਰੂਪ ਅਖਤਿਆਰ ਕਰਦੀਆਂ ਹਨ। ਉਦਾਹਰਨ ਵਜੋਂ, ਪੰਜਾਬ ਦੇ ਜਨ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਅੱਸੀਵਿਆਂ ਦੌਰਾਨ ਧਾਰਮਿਕ ਰੰਗਤ ਚਾੜ ਦੇਣੀ ਜਾਂ ਦਲਿਤ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਰਕਵਾਦੀ ਪਹੁੰਚ ਨਾਲ ਕੋਈ ਵੱਡੀ ਲਹਿਰ ਉਸਾਰਨ ਦੀ ਥਾਂ ਦੱਬੇ ਕੁਚਲੇ ਲੋਕਾਂ ਦਾ ਵੱਖਰੇ ਵੱਖਰੇ ਧਰਮਾਂ ਵਲ ਰੁਚਿਤ ਹੋਣਾ।


ਇਸ ਸਭ ਕਾਸੇ ਦਾ ਅਸਰ ਇਹ ਹੁੰਦਾ ਹੈ ਕਿ ਧਰਮ ਦੇ ਨਾਂ ਤੇ ਸਮਾਜ ਦਾ ਸਮਾਂ ਤੇ ਸ਼ਕਤੀ ਵੱਡੀ ਪੱਧਰ ਤੇ ਨਸ਼ਟ ਹੁੰਦੇ ਹਨ ਪਰ ਪ੍ਰਾਪਤੀ ਤੇ ਨਾਂਅ ਤੇ ਪੱਲੇ ਬਹੁਤਾ ਕੁਝ ਨਹੀਂ ਪੈਂਦਾ। ਇਤਿਹਾਸ ਦੀ ਧਿਆਨ ਨਾਲ ਛਾਣ ਬੀਣ ਕੀਤਿਆਂ ਜਾਪਦਾ ਹੈ ਕਿ ਧਰਮ ਵਿਅਕਤੀ ਦੀ ਪੱਧਰ ਤੇ ਭਾਵੇਂ ਕਿਸੇ ਨੂੰ ਵਕਤੀ ਸੁੱਖ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੋਵੇ ਪਰ ਸਮਾਜਿਕ ਪੱਧਰ ਤੇ ਇਸ ਦਾ ਰੋਲ ਨਾਂਹ-ਪੱਖੀ ਰਹਿੰਦਾ ਹੈ। ਆਮ ਪ੍ਰਚਲਤ ਸੂਝ ਦੇ ਉਲਟ ਇਹ ਸਮਾਜ ਵਿਚਲੇ ਵੱਖ ਵੱਖ ਹਿੱਸਿਆਂ ਨੂੰ ਜੋੜਦਾ ਨਹੀਂ ਸਗੋਂ ਤੋੜਦਾ ਹੈ। ਧਰਮ ਤੇ ਰੱਬ ਦੀ ਆੜ ਥੱਲੇ ਜਿਸ ਤਰ੍ਹਾਂ ਅਨੇਕਾਂ ਚਾਤਰ ਆਮ ਲੋਕਾਂ ਨੂੰ ਭਰਮਾਂ, ਭੁਲੇਖਿਆਂ ਵਿਚ ਪਾ ਕੇ ਉਨ੍ਹਾਂ ਦਾ ਆਰਥਿਕ ਤੇ ਕਾਮਿਕ ਸ਼ੋਸ਼ਣ ਕਰਦੇ ਹਨ ਉਹ ਕਿਸੇ ਵੀ ਸਮਾਜ ਲਈ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ। ਪੰਜਾਬੀ ਸਮਾਜ ਲਈ ਅਜੋਕੇ ਸਮੇਂ ਇਹ ਗੱਲ ਵਿਸ਼ੇਸ਼ ਤੌਰ ਤੇ ਫਿਕਰ ਕਰਨ ਵਾਲੀ ਹੈ। ਪੰਜਾਬੀ ਅਖਬਾਰਾਂ ਦਾ ਬਹੁਤਾ ਹਿੱਸਾ ਔਲਾਦ ਬਖਸ਼ਣ ਵਾਲੇ ਜਾਂ ਹਰ ਸਮੱਸਿਆ ਦਾ ਸ਼ਰਤੀਆ ਇਲਾਜ ਕਰਨ ਵਾਲੇ ਜੋਤਸ਼ੀਆਂ, ਪੀਰਾਂ, ਗੁਰੂਆਂ ਦੇ ਇਸ਼ਤਿਹਾਰਾਂ ਨਾਲ ਭਰਿਆ ਹੁੰਦਾ ਹੈ।


ਇਕ ਖੁੱਲੀਆਂ ਅੱਖਾਂ ਵਾਲੇ ਚੇਤਨ ਵਿਅਕਤੀ ਤੇ ਖਾਸਕਰ ਲੇਖਕ ਦੀ ਕੀ ਅਜਿਹੇ ਸਮੇਂ ਕੋਈ ਜਿ਼ੰਮੇਵਾਰੀ ਹੈ? ਕੀ ਆਮ ਵਿਅਕਤੀ ਵਾਂਗ ਇਕ ਲੇਖਕ ਤੇ ਚਿੰਤਕ ਵੀ ਦੂਜੇ ਲੋਕਾਂ ਵਿਚ ਪਿਆਰੇ ਸਤਿਕਾਰੇ ਜਾਣ ਲਈ ਆਪਣੇ ਅੰਦਰ ਦੀ ਆਵਾਜ਼ ਨੂੰ ਜਾਂ ਜਾਣੀ ਜਾਂਦੀ ਸਚਾਈ ਨੂੰ ਦਬਾ ਰੱਖੇ? ਜਾਹਨ ਸਟੂਰਟ ਮਿੱਲ ਨੇ ਉੱਨੀਵੀਂ ਸਦੀ ਦੇ ਅੱਧ ਵਿਚ ਆਪਣੇ ਦੇਸਵਾਸੀਆਂ ਨੂੰ ਸੱਦਾ ਦਿੱਤਾ ਸੀ:


ਉਨ੍ਹਾਂ ਸਾਰੇ ਵਿਅਕਤੀਆਂ ਦਾ ਫਰਜ਼ ਬਣਦਾ ਹੈ ਜਿਹੜੇ ਸੂਝ ਰੱਖਦੇ ਹੋਣ, ਅਤੇ ਬਾਲਗਾਂ ਵਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਆਪਣੀ ਤਸੱਲੀ ਕਰ ਚੁੱਕੇ ਹੋਣ ਕਿ ਮੌਜੂਦਾ ਰਾਵਾਂ ਸਿਰਫ ਝੂਠੀਆਂ ਹੀ ਨਹੀਂ ਸਗੋਂ ਨੁਕਸਾਨਦੇਹ ਵੀ ਹਨ, ਖਾਸ ਕਰਕੇ ਧਰਮ ਦੇ ਸਬੰਧ ਵਿਚ, ਹੁਣ ਸਮਾਂ ਆ ਗਿਆ ਹੈ ਕਿ ਉਹ ਦੱਸ ਦੇਣ ਕਿ ਉਹ ਧਰਮ ਨੂੰ ਛੱਡ ਚੁੱਕੇ ਹਨ।


ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਪੰਜਾਬੀ ਵਿਚ ਬਹੁਤ ਸਾਰਾ ਅਜਿਹਾ ਸਾਹਿਤ ਛਪਿਆ ਹੈ, ਵਿਸ਼ੇਸ਼ ਕਰਕੇ ਤਰਕਸ਼ੀਲ ਲਹਿਰ ਵਲੋਂ, ਜਿਸ ਦੇ ਅਧਿਅਨ ਨਾਲ ਸਮਾਜ ਨੂੰ ਤਰਕਵਾਦੀ ਲੀਹਾਂ ਤੇ ਤੋਰਿਆ ਜਾ ਸਕਦਾ ਹੈ। ਧਰਮ ਤੇ ਰੱਬ ਵਿਚ ਵਿਸ਼ਵਾਸ ਨਾਲ ਸਬੰਧਤ ਬੇਸ਼ੁਮਾਰ ਮਸਲੇ ਹਨ ਜਿਹੜੇ ਵਿਚਾਰ ਅਧੀਨ ਲਿਆਂਦੇ ਜਾਣੇ ਚਾਹੀਦੇ ਹਨ: ਧਰਮ ਤੇ ਰੱਬ ਦੇ ਨਾਂਅ ਤੇ ਹੁਣ ਤੱਕ ਹੋਈ ਮਨੁੱਖੀ ਤਬਾਹੀ; ਧਰਮ ਤੇ ਸਿਆਸਤ ਦੀ ਨੇੜਤਾ ਅਤੇ ਇਸ ਤੋਂ ਪੈਦਾ ਹੋਣ ਵਾਲੇ ਮਾੜੇ ਅਸਰ; ਅਜੋਕਾ ਤਕਨੀਕੀ ਯੁੱਗ ਅਤੇ ਧਰਮ; ਧਰਮ ਤੇ ਵਿਗਿਆਨਕ ਪਹੁੰਚ; ਪੂੰਜੀਵਾਦੀ ਢਾਂਚੇ ਵਲੋਂ ਧਰਮ ਦੀ ਵਰਤੋਂ ਅਤੇ ਇਸ ਦੇ ਫੈਲਾਅ ਵਿਚ ਮੱਦਦ; ਧਾਰਮਿਕ ਗਤੀਵਿਧੀਆਂ ਵਿਚ ਨਸ਼ਟ ਹੋ ਰਿਹਾ ਸਮਾਂ ਤੇ ਸ਼ਕਤੀ; ਧਰਮ ਦੇ ਨਾਂਅ ਤੇ ਹੁੰਦੇ ਦੰਗੇ; ਧਰਮ ਤੇ ਜਾਤ ਪਾਤ; ਬੱਚੇ ਤੇ ਧਾਰਮਿਕ ਸਿੱਖਿਆ; ਪੰਜਾਬੀਆਂ ਦੀ ਬੌਧਿਕ ਗਰੀਬੀ; ਧਾਰਮਿਕ ਪ੍ਰਚਾਰ ਦੀ ਭਰਮਾਰ ਦੇ ਬਾਵਜੂਦ ਸਦਾਚਾਰਕ ਪੱਖੋਂ ਕੰਗਾਲੀ ਆਦਿ।
ਪੰਜਾਬੀ ਸਮਾਜ ਵਿਚਲੇ ਰੌਸ਼ਨ-ਦਿਮਾਗ ਲੋਕਾਂ ਕੋਲੋਂ ਵੀ ਸਮਾਂ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹ ਆਪਣੇ ਸਮਾਜ ਨੂੰ ਪਿਛਲੀਆਂ ਸਦੀਆਂ ਦੇ ਹਨੇਰਿਆਂ ਵਿੱਚੋਂ ਕੱਢ ਕੇ ਇੱਕੀਵੀਂ ਸਦੀ ਵਿਚ ਲਿਆਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ।

ਨੋਟ:
1. ਇਸ ਸ਼ਬਦ ਦਾ ਸਬੰਧ ਵੇਦਾਂ ਨਾਲ ਹੈ। ਕਿਸੇ ਸਮੇਂ ਵੇਦਾਂ ਨੂੰ ਮੰਨਣ ਵਾਲੇ ਆਸਿਤਕ ਕਹਾਉਂਦੇ ਸਨ ਤੇ ਨਾ ਮੰਨਣ ਵਾਲੇ ਨਾਸਤਿਕ। ਰੱਬ ਨੂੰ ਮੰਨਣ ਜਾਂ ਨਾ ਮੰਨਣ ਦੇ ਸਬੰਧ ਵਿਚ ਇਸ਼ਵਰਵਾਦ ਤੇ ਨਿਰਇਸ਼ਵਰਵਾਦ ਜਾਂ ਏਹੋ ਜਿਹੇ ਹੋਰ ਸ਼ਬਦ ਵੀ ਸਮੇਂ ਸਮੇਂ ਪ੍ਰਚਲਤ ਰਹੇ ਹਨ। ਅਜੋਕੇ ਸਮੇਂ ਰੱਬ ਦੀ ਹੋਂਦ ਤੋਂ ਇਨਕਾਰ ਕਰਨ ਵਾਲੇ ਵਾਸਤੇ ਨਾਸਤਿਕ ਸ਼ਬਦ ਹੀ ਸਭ ਤੋਂ ਵੱਧ ਵਰਤਿਆ ਜਾਂਦਾ ਹੈ।
2. Debiprasad Chattopadhyaya, Indian Atheism, p. 29
3. ਬਹੁਤ ਸਾਰੇ ਅਜਿਹੇ ਲੋਕ ਹਨ ਜੋ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਉਹ ਭਗਤ ਸਿੰਘ ਦੇ ਰੱਬ ਸਬੰਧੀ ਵਿਚਾਰਾਂ ਨੂੰ ਲੋਕਾਂ ਦੇ ਚੇਤੇ ਚੋਂ ਮਨਫੀ ਕਰ ਦੇਣ। ਇਸੇ ਮਕਸਦ ਨਾਲ ਉਸ ਦੇ ਇਨ੍ਹਾਂ ਵਿਚਾਰਾਂ ਬਾਰੇ ਕਈ ਕਿਸਮ ਦੇ ਭੁਲੇਖੇ ਲਗਾਤਾਰ ਪਾਏ ਜਾਂਦੇ ਹਨ। ਇਹ ਗੱਲ ਅਕਸਰ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਜਾਂ ਅਦਾਰੇ ਵਲੋਂ ਉਠਾ ਲਈ ਜਾਂਦੀ ਹੈ ਕਿ ਭਾਈ ਰਣਧੀਰ ਸਿੰਘ ਦੇ ਕਹਿਣ ਤੇ ਆਪਣੇ ਅਖੀਰਲੇ ਦਿਨਾਂ ਵਿਚ ਭਗਤ ਸਿੰਘ ਨੇ ਮੁੜ ਸਿੱਖ ਧਰਮ ਅਪਣਾ ਲਿਆ ਸੀ। ਹਿੰਦੂ ਭਾਈਚਾਰੇ ਵਿਚੋਂ ਕਦੇ ਕਦੇ ਇਹ ਆਵਾਜ਼ ਸੁਣਨ ਨੂੰ ਮਿਲਦੀ ਹੈ ਕਿ ਭਗਤ ਸਿੰਘ ਬਚਪਨ ਵਿਚ ਗੀਤਾ ਦਾ ਪਾਠ ਕਰਿਆ ਕਰਦਾ ਸੀ। ਏਥੋਂ ਤੱਕ ਕਿ ਖੱਬੀ ਸਿਆਸੀ ਸੋਚ ਵਾਲੇ ਲੋਕ ਵੀ ਭਗਤ ਸਿੰਘ ਦੇ ਨਾਸਤਿਕਤਾ ਬਾਰੇ ਨਜ਼ਰੀਏ ਨੂੰ ਸਿਆਸੀ ਪੱਖ ਤੋਂ ਖਤਰਨਾਕ ਸਮਝਦੇ ਹਨ ਅਤੇ ਵਾਹ ਲੱਗਦੀ ਨੂੰ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ।
4. ਪੰਜਾਬ ਵਿਚ ਖੱਬੀ ਧਿਰ ਨਾਲ ਸਬੰਧਤ ਲੇਖਕਾਂ ਤੇ ਖਾਸ ਕਰ ਪਿਛਲੇ ਕੁਝ ਦਹਾਕਿਆਂ ਤੋਂ ਤਰਕਸ਼ੀਲ ਲਹਿਰ ਨਾਲ ਸਬੰਧਤ ਬਹੁਤ ਸਾਰੇ ਲੋਕਾਂ ਨੇ ਰੱਬ ਤੇ ਧਰਮ ਨਾਲ ਸਬੰਧਤ ਵਿਸਿ਼ਆ ਬਾਰੇ ਬਹੁਤ ਕੁਝ ਲਿਖਿਆ ਵੀ ਹੈ ਤੇ ਲੋਕਾਂ ਵਿਚ ਇਸ ਸਬੰਧੀ ਚੇਤਨਾ ਲਿਆਉਣ ਲਈ ਸਰਗਰਮੀ ਨਾਲ ਕੰਮ ਵੀ ਕੀਤਾ ਹੈ। ਏਸੇ ਤਰ੍ਹਾਂ ਦਲਿਤ ਲਹਿਰ ਨਾਲ ਸਬਧੰਤ ਵੀ ਕੁਝ ਲੋਕ ਇਸ ਪਾਸੇ ਯਤਨਸ਼ੀਲ ਹਨ।
5. Bertrand Russel - the Portable Atheist - p.183

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346