Welcome to WatanPunjabi.ca
ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ: ਦਰਸ਼ਨ ਗਿੱਲ ਦਾ ਨਾਂ ਹਮੇਸ਼ਾਂ ਯਾਦ ਰਹੇਗਾ
ਸੋਹਣ ਕਾਦਰੀ ਰਵਾਇਤ ਸਿ਼ਕਨ ਕਲਾਕਾਰ
 

ਬਲਰਾਜ ਚੀਮਾ

ਕਹਾਣੀ / ਪਾਲੀ
 

ਰਣਬੀਰ ਜੌਹਲ

ਤਿੰਨ ਕਵਿਤਾਵਾਂ
 

ਮੰਗੇ ਸਪਰਾਏ

ਤਿੜਕਦੇ ਰਿਸ਼ਤੇ
 

ਨਾਹਰ ਔਜਲਾ

ਹਿੰਦੀ ਨਾਵਲ ਦਾ ਅਨੁਵਾਦ / ਧਰਤੀ ਧਨ ਨਾ ਆਪਣਾ
 

ਜਗਦੀਸ਼ ਚੰਦਰ

ਸਥਾਈ ਕਾਲਮ / ਪਰਦਾ ਜੋ ਉੱਠ ਗਿਆ
ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
 

ਸੁਖਵੰਤ ਹੁੰਦਲ

ਪੰਜਾਬੀ ਭਾਈਚਾਰਾ ਤੇ ਧਰਮ
 

ਸਾਧੂ ਬਿਨਿੰਗ

ਸਕੀਨਾ
 

ਫ਼ੌਜ਼ੀਆ ਰਫੀਕ

ਕਾਫ਼ਲੇ ਵਲੋਂ ਜ਼ੰਗਾਲਿਆ ਕਿੱਲ ਅਤੇ ਤੜਪਦੇ ਅਹਿਸਾਸ ਦੀ ਮਹਿਕ ਤੇ ਭਰਵੀਂ ਗੋਸ਼ਟੀ
 

ਉਂਕਾਰਪ੍ਰੀਤ

ਇਕ ਤਰਕਸ਼ੀਲ ਵਿਆਹ
 

ਪ੍ਰਮਿੰਦਰ ਕੌਰ ਸਵੈਚ

ਹਿੰਦੀ ਕਹਾਣੀ / ਯੁੱਧ ਅਤੇ ਬੁੱਧ
 

ਮਧੂ ਕਾਂਕਰੀਆ

ਅਸਲ ਲੋਕ ਕਵੀ / ਸੰਤ ਰਾਮ ਉਦਾਸੀ
 

ਸੁਖਦੇਵ ਸਿੱਧੂ

   
 


ਹਿੰਦੀ ਕਹਾਣੀ
ਯੁੱਧ ਅਤੇ ਬੁੱਧ
ਮਧੂ ਕਾਂਕਰੀਆ
 

 


ਉਹ ਅੱਖਾਂ ਕਦੀ ਵੀ ਨਹੀਂ ਭੁੱਲਣਗੀਆਂ।
ਨਾ ਉਹ ਦਿਨ।
ਨਾ ਉਹ ਤਾਰੀਖ।
ਵਿਹਲ ਮਿਲਦਿਆਂ ਹੀ ਡੂਨੇ 'ਚ ਧਰੇ ਦੀਵੇ ਦੀ ਤਰ੍ਹਾਂ ਯਾਦਾਂ ਦੀ ਨਦੀ ਮੈਨੂੰ ਉੱਥੇ ਵਹਾ ਲੈ ਜਾਂਦੀ ਹੈ ਜਿੱਥੇ ਉਮਰ ਦੇ ਇਸ ਟਿੱਲੇ ਤੇ ਖੜ੍ਹੇ ਹੋ ਕੇ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਲਗਦਾ ਹੈ ਕਿ ਮੇਰਾ ਅਸਲੀ 'ਮੈਂ' ਮੇਰਾ ਅਸਲੀ ਚਿਹਰਾ ਪਿੱਛੇ ਕਿਤੇ ਬਹੁਤ ਦੂਰ ਰਹਿ ਗਿਆ ਹੈ ਅਤੇ ਮੈਂ ਆਪਣੇ ਆਪ ਤੋਂ ਬਹੁਤ ਦੂਰ ਨਿਕਲ ਆਇਆ ਹਾਂ - ਮੈਂ ਕਦੋਂ ਦਾ ਲੱਭ ਰਿਹਾ ਹਾਂ, ਉਹ ਚਿਹਰਾ ਜੋ ਕਦੇ ਮੇਰਾ ਸੀ।
ਇਹ ਸਾਰਾ ਅਫਸਾਨਾ ਉਸ ਗਵਾਚੇ ਹੋਏ ਚਿਹਰੇ ਦਾ ਹੈ ਕਿਉਂਕਿ ਮੇਰੇ ਨਾਲ ਦਿਕੱਤ ਇਹੋ ਸੀ ਕਿ ਮੈਂ ਮੇਜਰ ਵਿਸ਼ਾਲ ਰਾਣਾਵਤ ਸਿਰਫ ਇਕ ਸਮਰਪਤ ਅਤੇ ਨਿਸ਼ਠਾਵਾਨ ਫੌਜੀ ਹੀ ਨਹੀਂ ਸਾਂ, ਫੌਜੀ ਦੇ ਇਲਾਵਾ ਕੁਝ ਹੋਰ ਵੀ ਸਾਂ।
ਪਹਿਲੀ ਤਾਰੀਖ ਤਾਂ ਮੈਨੂੰ ਯਾਦ ਨਹੀਂ, ਬਸ ਐਨਾ ਕੁ ਯਾਦ ਹੈ ਕਿ ਉਹਨੀਂ ਦਿਨੀਂ ਮੈਂ ਮਿੰਨਾ-ਮਿੰਨਾ ਮੁਸਕਰਾਉਂਦਾ ਰਹਿੰਦਾ ਸਾਂ ਅਤੇ ਸੋਚਦਾ ਰਹਿੰਦਾ ਸਾਂ ਕਿ ਕਦੋਂ ਫੋਜੀ ਬਣਾਂਗਾ। ਕਿਉਂਕਿ ਉਹਨੀਂ ਦਿਨੀਂ ਜਾਦੂ ਅਤੇ ਰੁਮਾਂਸ ਭਰਿਆ ਫੌਜੀ ਸ਼ਬਦ ਮੈਨੂੰ ਰੱਬ ਦੀ ਸਭ ਤੋਂ ਵੱਡੀ ਨਿਆਮਤ ਲਗਦਾ ਸੀ। ਅਠਾਰਾਂ ਸਾਲ ਦੀ ਉਮਰ। ਅਬੋਧ ਅਣਜਾਨ ਦੁਨੀਆਂ ਅਤੇ ਆਰਮੀ ਦਾ ਜਾਦੂ। ਮੇਰੀ ਦੂਰ ਦੀ ਭੈਣ ਦਾ ਘਰਵਾਲਾ ਫੌਜ 'ਚ ਕਰਨਲ ਸੀ। ਜਦੋਂ ਵੀ ਉਹ ਮੈਨੂੰ ਮਿਲਦਾ, ਉਹਨਾਂ ਦੇ ਇਕ-ਇਕ ਠਹਾਕੇ 'ਤੇ ਮੈਂ ਨਸਿ਼ਆ-ਨਸਿ਼ਆ ਜਾਂਦਾ। ਪਚਵੰਜਾ ਦੀ ਉਮਰ ਵਿਚ ਵੀ ਉਹ ਐਨੇ ਜੋਸ਼ੀਲੇ ਅਤੇ ਕੁਰਕਰੇ ਸਨ ਜਿੰਨਾ ਸ਼ਾਇਦ ਮੈਂ ਆਪਣੇ ਬਚਪਨ ਵਿਚ ਵੀ ਨਹੀਂ ਸਾਂ ਅਤੇ ਮੇਰਾ ਪਿਤਾ ਲਾਹੋਲ ਬਿਲਾਕੂਵਤ। ਪੰਜਤਾਲੀ ਵਰ੍ਹਿਆਂ ਦਾ ਮੇਰਾ ਪਿਤਾ ਉਹਨਾਂ ਦੇ ਸਾਹਮਣੇ ਐਨਾ ਥੁਲਥੁਲ, ਬਿਮਾਰ ਅਤੇ ਝੁਰੜੀਆਂ ਭਰਿਆ ਲਗਦਾ ਸੀ ਕਿ ਮੈਂ ਉਦਾਸੀ ਨਾਲ ਭਰ ਜਾਂਦਾ ਅਤੇ ਸੋਚਦਾ ਕਿ ਮੈਂ ਕਦੋਂ ਫੌਜੀ ਬਣਾਂਗਾ? ਪਿਤਾ ਦੇ ਮੱਥੇ ਤੇ ਹਮੇਸ਼ਾਂ ਤਿਊੜੀਆਂ ਪਈਆਂ ਰਹਿੰਦੀਆਂ, ਉਹਨਾਂ ਦਾ ਚਿਹਰਾ ਹਮੇਸ਼ਾਂ ਝੁੰਜਲਾਇਆ ਰਹਿੰਦਾ ਅਤੇ ਉਹਨਾਂ ਦੀ ਬਾਣੀਆ ਖੋਪੜੀ 'ਚ ਹਮੇਸ਼ਾਂ ਨਫੇ ਨੁਕਸਾਨ ਦਾ ਹਿਸਾਬ-ਕਿਤਾਬ ਚਲਦਾ ਰਹਿੰਦਾ। ਵਿੱਤੀ ਸੱਚ ਹੀ ਉਹਨਾਂ ਦੇ ਜੀਵਨ ਦਾ ਸੱਚ ਸੀ ਅਤੇ ਉਹ ਕਾਰੋਬਾਰ ਨੂੰ ਹੀ ਸਮਰਪਤ ਸਨ। ਉਹਨਾਂ ਦੀ ਸਟਿਲ ਲਾਈਫ ਮੈਨੂੰ ਬਹੁਤ ਬੋਰ ਕਰਦੀ। ਉਹਨਾਂ ਦਾ ਅਤੇ ਉਹਨਾਂ ਦੇ ਮੱਥੇ ਤੇ ਪਈਆਂ ਤਿਊੜੀਆਂ ਵਿਚਕਾਰ ਉਹੀ ਰਿਸ਼ਤਾ ਸੀ ਜੋ ਇਕ ਫੌਜੀ ਅਤੇ ਉਹਦੀ ਬੰਦੂਕ ਵਿਚਕਾਰ ਹੁੰਦਾ ਹੈ। ਉਹਨੀਂ ਦਿਨੀਂ ਮੇਰੇ ਜਿ਼ਹਨ, ਦਿਲ ਦਿਮਾਗ, ਸੁਪਨਿਆਂ ਅਤੇ ਚੇਤਨਾ ਸਭ 'ਤੇ ਫੌਜ ਹੀ ਛਾਈ ਹੋਈ ਸੀ ਅਤੇ ਮੈਂ ਸੋਚਦਾ ਕਿ ਮੈਂ ਕੀ ਕਰਾਂ ਕਿ ਮੈਂ ਫੌਜੀ ਹੋ ਜਾਵਾਂ। ਬਹੁਤ ਯਤਨ ਨਾਲ ਪਾਲੀ ਆਪਣੀ ਫੌਜੀ ਬਣਨ ਦੀ ਇੱਛਾ ਨੂੰ ਮੈਂ ਹਰ ਸਮੇਂ ਪਾਣੀ ਪਾਉਂਦਾ ਰਹਿੰਦਾ ਕਿ ਇਹ ਕਿਤੇ ਕੁਮਲਾ ਨਾ ਜਾਵੇ ਅਤੇ ਮੈਂ ਅਕਸਰ ਆਪਣੇ ਉਸ ਫੌਜੀ ਜੀਜੇ ਦੀ ਨਕਲ ਕਰਦਾ, ਉਹਨਾਂ ਵਾਂਗ ਹੀ ਠਹਾਕਾ ਮਾਰਕੇ ਹਸਦਾ। ਉਹਨਾਂ ਵਾਂਗ ਹੀ ਤਣ ਕੇ ਤੁਰਦਾ। ਤੁਰਦਿਆਂ ਹੋਇਆਂ ਇਹ ਖਾਸ ਖਿਆਲ ਰੱਖਦਾ ਕਿ ਮੇਰੇ ਬੂਟਾਂ 'ਚੋਂ ਵੀ ਉਹੀ ਚੀਂਕੂ-ਚੀਂਕੂ ਦੀ ਆਵਾਜ ਆਵੇ ਜਿਹੜੀ ਫੌਜੀ ਜੀਜੇ ਦੇ ਬੂਟਾਂ 'ਚੋਂ ਨਿਕਲਦੀ ਹੈ। ਮੈਂ ਖੂੁਬ ਫਲ ਖਾਂਦਾ, ਦੁੱਧ ਪੀਂਦਾ ਤਾਂ ਜੋ ਮੇਰੀ ਹਿੱਕ ਚੌੜੀ ਹੋ ਜਾਵੇ ਅਤੇ ਮੈਂ ਫਿਜੀਕਲ ਟੈਸਟ 'ਚੋਂ ਪਾਸ ਹੋ ਜਾਵਾਂ।
ਮੈਂ ਜੇਕਰ ਵਿਸ਼ਾਲ ਰਾਣਾਵਤ ਉਸ ਦੌਰ ਦੀ ਪਟ ਕਥਾ ਲਿਖ ਰਿਹਾ ਹਾਂ ਜਿਹਨੀਂ ਦਿਨੀਂ ਮੈਨੂੰ ਰਾਸ਼ਟਰੀ ਰਾਈਫਲਜ਼ 24 ਵਿਚ ਭਾਰਤ ਦੇ ਸਭ ਤੋਂ ਸੰਵੇਦਨਸ਼ੀਲ ਇਲਾਕੇ ਗੁੰਡ ਵਿਚ ਕੰਪਨੀ ਕਮਾਂਡਰ ਬਣਾ ਕੇ ਭੇਜ ਦਿੱਤਾ ਗਿਆ ਸੀ। 2002 ਦਾ ਉਹ ਸਮਾਂ ਜਦੋਂ ਲਾਲ ਕਿਲ੍ਹੇ ਤੋਂ ਸ਼ਾਂਤੀ ਦੇ ਪ੍ਰਤੀਕ ਕਬੂਤਰਾਂ ਨੂੰ ਉਡਾਇਆ ਜਾ ਰਿਹਾ ਸੀ ਅਤੇ ਮੈਂ ਕਸ਼ਮੀਰ 'ਚ ਗੋਲੇ ਵਰ੍ਹਾ ਰਿਹਾ ਸਾਂ। ਹਾਲਾਂਕਿ ਹਿੰਸਾ, ਖੂਨ-ਖਰਾਬੇ ਅਤੇ ਬੰਬਾਰੀ ਦਾ ਗ੍ਰਾਫ ਸਿਖਰ ਤੇ ਪਹੁੰਚ ਕੇ ਹੁਣ ਵਾਪਸ ਮੁੜਨ ਲੱਗਾ ਸੀ। ਇਸ ਵਾਪਸੀ ਲਈ ਆਰਮੀ ਨੇ ਕਿੰਨਾ ਮੱਥਾ ਮਾਰਿਆ, ਕਿੰਨਾ ਇਨਸਾਨੀ ਖੂਨ ਵਹਾਇਆ ਅਤੇ ਮਨੁੱਖੀ ਜਿੰਦਗੀਆਂ ਦਾ ਕਿੰਨਾ ਘਾਣ ਹੋਇਆ, ਇਸ ਦਾ ਹਿਸਾਬ ਤਾਂ ਸ਼ਾਇਦ ਕੋਈ ਚੰਦ੍ਰਮੁਖ ਵੀ ਨਾ ਰੱਖ ਸਕੇ। ਬਹਰਹਾਲ ਇਹ ਸਾਡਾ ਮਿਸ਼ਨ ਸੀ ਇਸ ਵਾਪਸੀ ਨੂੰ ਬਰਕਰਾਰ ਰਖਦੇ ਹੋਏ ਕਸ਼ਮੀਰ ਦੀ ਹਾਲਤ ਨੂੰ ਹੋਰ ਨਾਰਮਲ ਕਰਨਾ ਅਤੇ ਇਸ ਨਾਰਮਲ ਕਰਨ ਦਾ ਮਤਲਬ ਸੀ ਬਹੁਤ ਸੁੰਦਰ ਮਾਨਵਤਾ ਦਾ ਸਫਾਇਆ।
'ਮਿਲਟਰੀ' ਅਤੇ 'ਮਿਲੀਟੈਂਟ' ਇਹ ਦੋ ਸ਼ਬਦ ਐਸੇ ਸਨ ਜੋ ਇਹਨੀਂ ਦਿਨੀਂ ਧੁੱਪ ਅਤੇ ਹਵਾ ਦੀ ਤਰ੍ਹਾਂ ਕਸ਼ਮੀਰ ਦੀ ਫਿਜ਼ਾ 'ਚ ਰਸ ਵੱਸ ਗਏ ਸਨ। ਹਰ ਨੁੱਕਰ ਤੇ ਫੌਜੀ। ਹਰ ਫੌਜੀ ਦੀ ਅੱਖ ਵਿਚ ਇਕ ਸੁਪਨਾ ਅਤੇ ਹਰ ਸੁਪਨੇ ਵਿਚ ਮਿਲੀਟੈਂਟ ਦਾ ਸਫਾਇਆ।
ਮੈਂ ਵੀ ਸੁਪਨਿਆਂ ਦੇ ਕੁਝ ਗੁੱਛਿਆਂ ਨਾਲ ਕਸ਼ਮੀਰ ਦੀਆਂ ਖੁਬਸੂਰਤ ਵਾਦੀਆਂ 'ਚ ਕਦਮ ਰਖਿਆ ਸੀ। ਉਹ ਸੁਪਨੇ ਸਨ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਮਹਿਮਾ ਦੀ ਰਾਖੀ ਕਰਦਿਆਂ ਕਸ਼ਮੀਰ ਦੀ ਵਾਦੀ ਤੋਂ ਵਾਪਸੀ ਤੇ ਮੇਰੀਆਂ ਅੱਖਾਂ ਸੁੰਨੀਆਂ ਸਨ, ਮੇਰੇ ਕੋਲ ਕੋਈ ਸੁਪਨਾ ਨਹੀਂ ਸੀ। ਇਸ ਲਈ ਨਹੀਂ ਕਿ ਮੈਂ ਇਹ ਸਭ ਚਾਹੁੰਦਾ ਸਾਂ ਕਿ ਆਪਣੇ ਸਾਰੇ ਸੁਪਨੇ ਲੁਟਾ ਕੇ ਇੱਥੋਂ ਵਾਪਸੀ ਕਰਾਂ। ਨਹੀਂ, ਪਰ ਇਸ ਲਈ ਕਿ ਵਾਪਸੀ ਤੇ ਮੇਰੀਆਂ ਅੱਖਾਂ ਇਨਸਾਨੀਅਤ ਦੇ ਧੂੰਏਂ ਨਾਲ ਭਰੀਆਂ ਹੋਈਆਂ ਸਨ ਕਿਉਂਕਿ ਜਦੋਂ ਪੀੜ੍ਹਤ ਇਨਸਾਨੀਅਤ ਮੇਰੇ ਸਾਹਮਣੇ ਗੋਡੇ ਟੇਕ ਕੇ ਮੇਰੇ ਕੋਲੋਂ ਮਦਦ ਦੀ ਪੁਕਾਰ ਕਰ ਰਹੀ ਸੀ, ਮੈਨੂੰ ਉਸ ਨੂੰ ਦਰੜਦਿਆਂ ਹੋਇਆਂ ਅੱਗੇ ਲੰਘ ਜਾਣਾ ਪੈਂਦਾ ਸੀ ਕਿਉਂਕਿ ਇਥੇ ਆਤਮਾ, ਇਨਸਾਨੀਅਤ, ਵਿਸ਼ਵ ਚੇਤਨਾ, ਮਾਨਵ ਪ੍ਰੇਮ, ਹਮਦਰਦੀ, ਕਰੂਣਾ, ਪ੍ਰੇਮ ਵਰਗੀਆਂ ਮਾਨਵੀ ਸੰਵੇਦਨਾਵਾਂ ਜਿਸ ਇਕ ਜੰਜ਼ੀਰ ਨਾਲ ਲਹੂਲੁਹਾਨ ਸਨ ਉਸ ਦਾ ਨਾਂ ਸੀ ਆਰਡਰ। ਸਾਨੂੰ ਏਦਾਂ ਕਰਨ ਦਾ ਆਰਡਰ ਨਹੀਂ ਸੀ ਅਤੇ ਇਹ 'ਨਹੀਂ' ਮੇਰੇ ਅਤੇ ਮੇਰੀ ਇਨਸਾਨੀਅਤ ਵਿਚਕਾਰ, ਮੇਰੇ ਅਤੇ ਮੇਰੀ ਮੁਕਤ ਆਤਮਾ ਵਿਚਕਾਰ, ਮੇਰੇ ਅਤੇ ਮੇਰੀ ਅੰਤਰ-ਆਤਮਾ ਵਿਚਕਾਰ ਹਰ ਪਲ ਟਕਰਾਉਂਦਾ ਅਤੇ ਹਰ ਵੇਲੇ ਮੈਨੂੰ ਇਸ ਪੀੜ ਭਰੇ ਅਹਿਸਾਸ ਨਾਲ ਭਰ ਦਿੰਦਾ ਕਿ ਮੇਰੇ ਨਾਲੋਂ ਜਿ਼ਆਦਾ ਮੁਕਤ ਆਤਮਾ ਇਹਨਾਂ ਖੁਬਸੂਰਤ ਵਾਦੀਆਂ 'ਚ ਮੱਝਾਂ, ਸੂਰਾਂ ਅਤੇ ਬੱਕਰੀਆਂ ਦੀ ਸੀ ਜੋ ਆਪਣੀ ਮਨ-ਮਰਜ਼ੀ ਮੁਤਾਬਿਕ ਹਿਲਜੁਲ ਸਕਦੀਆਂ ਸਨ। ਕਿਤੇ ਵੀ ਨਿਕਲ ਸਕਦੀਆਂ ਸਨ।
ਨਹੀਂ, ਇਹ ਸਾਡੇ ਨਾਲ ਧੋਖਾ ਨਹੀਂ ਸੀ। ਫੌਜੀ ਹੋਣ ਦਾ ਮਤਲਬ ਅਸੀਂ ਹੀ ਨਹੀਂ ਸਮਝ ਸਕੇ ਸਾਂ। ਆਪਣੀ ਉਸ ਸੌਂਹ ਨੂੰ ਅਸਾਂ ਪਾਸਿੰਗ ਆਊਟ ਪਰੇਡ ਵੇਲੇ ਟੋਪੀਆਂ ਹਵਾ 'ਚ ਉਛਾਲਣ ਦੇ ਬਾਅਦ ਫੋਜੀ ਜੀਵਨ 'ਚ ਸਾਰੀ ਦਿਖਾਵੇਦਾਰੀ ਦੇ ਨਾਲ ਦਾਖਲੇ ਸਮੇਂ ਲਈ ਸੀ। ਉਹ ਕਿੰਨੀ ਬਹੁਪੱਖੀ, ਵਿਆਪਕ, ਦਮਘੋਟੂ ਅਤੇ ਬਹੁਅਰਥੀ ਸ਼ਰਤ ਸੀ। ਮੈਂ 'ਸੌਂਹ' ਖਾਧੀ ਸੀ ਜਿਸ ਦਾ ਭਾਵ ਸੀ, ਮੇਰਾ ਪੂਰਾ ਜੀਵਨ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਸਮਰਪਤ ਰਹੇਗਾ। ਮੈਨੂੰ ਜਿੱਥੇ ਭੇਜਿਆ ਜਾਵੇਗਾ ਮੈਂ ਜਾਵਾਂਗਾ, ਜੋ ਕਿਹਾ ਜਾਵੇਗਾ ਕਰਾਂਗਾ।
ਕਿ ਭਾਰਤ ਅਤੇ ਉਸਦੇ ਸੰਵਿਧਾਨ ਦੇ ਪ੍ਰਤੀ ਪੂਰੀ ਨਿਸ਼ਠਾ ਨਾਲ ਕੰਮ ਕਰਾਂਗਾ।
ਕਿ ਮੈਂ ਆਪਣਾ ਹਿੱਤ ਸਭ ਤੋਂ ਅੰਤ 'ਚ ਸੋਚਾਂਗਾ।
ਅਤੇ ਆਪਣੀ ਅੰਤਰ-ਆਤਮਾ ਦੀ ਅਵਾਜ਼ ਸੁਣਨਾ ਵੀ ਤਾਂ ਆਪਣੇ ਹਿੱਤ ਦੇ ਘੇਰੇ 'ਚ ਹੀ ਆਉਂਦਾ ਹੈ। ਇਸ ਲਈ ਏਥੇ ਅੰਤਰ-ਆਤਮਾ ਦੀ ਅਵਾਜ਼, ਅੰਦਰੂਨੀ ਸੁਹੱਪਣ-ਸੰਵੇਦਨਾ ਦੀ ਰੋਸ਼ਨੀ ਅਤੇ ਮਨੁੱਖੀ ਕਦਰਾਂ ਵਰਗੇ ਸਾਰੇ ਉਚੇਰੇ ਅਹਿਸਾਸਾਂ ਨੂੰ ਦੇਸ਼ ਨਿਕਾਲਾ ਮਿਲ ਜਾਂਦਾ ਸੀ। ਜੇ ਕਿਤੇ ਕਿਸੇ ਨੁੱਕਰੇ ਅਟਕੇ ਇਹ ਮਿਲ ਵੀ ਜਾਂਦੇ ਤਾਂ ਇਹ ਬੜੇ ਨਕਲੀ ਜਿਹੇ ਲਗਦੇ।
ਇੱਥੇ ਸਿਰਫ ਆਰਡਰ ਸੁਭਾਵਿਕ ਲਗਦਾ ਸੀ। ਆਦੇਸ਼ ਜਿਵੇਂ ਕਈ ਆਦਿ ਜਨਜਾਤੀਆਂ ਇਹ ਮੰਨਦੀਆਂ ਹਨ ਕਿ ਆਤਮਾ ਸਰੀਰ ਤੋਂ ਬਾਹਰ ਰੱਖੀ ਜਾ ਸਕਦੀ ਹੈ, ਇਸ ਲਈ ਉਹਨਾਂ ਦੇ ਯੋਧੇ ਜਦੋਂ ਜੰਗ ਦੇ ਮੈਦਾਨ ਵਿਚ ਜਾਂਦੇ ਹਨ ਤਾਂ ਆਪਣੀ ਆਤਮਾ ਨੂੰ ਘਰ ਸੁਰੱਖਿਅਤ ਰੱਖ ਕੇ ਜਾਂਦੇ ਹਨ।
ਇੱਥੇ ਗੁੰਡ ਵਿਚ ਆ ਕੇ ਮੈਨੂੰ ਇਸ ਦਾ ਅਰਥ ਸਮਝ ਆਇਆ ਕਿਉਂਕਿ ਇਥੇ ਆਤਮਾ ਨੂੰ ਲੈ ਕੇ ਤੁਰਨਾ ਅਸੰਭਵ ਸੀ। ਜੋ ਆਤਮਾ ਤੋਂ ਜਿੰਨਾ ਦੂਰ ਰਹਿੰਦਾ ਸੀ ਉਹ ਓਨਾ ਹੀ ਕਾਮਯਾਬ ਅਫਸਰ ਸਮਝਿਆ ਜਾਂਦਾ ਸੀ।
ਸ੍ਰੀਨਗਰ ਤੋਂ 40 ਕਿਲੋਮੀਟਰ ਦੂਰ, ਸੋਨਮਰਗ ਦੇ ਰਸਤੇ ਕਿਸੇ ਆਦਿਮ ਪਿੰਡ ਵਾਂਗ ਪਸਰਿਆ ਗੁੰਡ। ਅਣਪੜ੍ਹਤਾ, ਗਰੀਬੀ, ਬੇਕਾਰੀ ਤੇ ਮਜ਼ਹਬੀ ਕੱਟੜਤਾ ਦੀ ਧੁੰਦ 'ਚ ਘਿਰਿਆ ਇਕ ਐਸਾ ਪਿੰਡ, ਜਿੱਥੋਂ ਦੀਆਂ ਮਾਈਆਂ ਤਾਂ ਮਾਈਆਂ, ਨਵੇਂ ਜ਼ਮਾਨੇ ਦੀਆਂ ਨੱਢੀਆਂ ਵੀ ਗੱਲ ਗੱਲ 'ਚ ਅੱਲ੍ਹਾ ਨੂੰ ਘਸੀਟ ਲਿਆਉਂਦੀਆਂ। ਬੱਚਾ ਹੋਵੇ ਭਾਵੇਂ ਜਵਾਨ, ਬੁੱਢਾ ਹੋਵੇ ਭਾਵੇਂ ਬੁੱਢੀ, ਅੱਲ੍ਹਾ ਨਾਲ ਸਭ ਦੀ ਹਾਟਲਾਈਨ ਜੁੜੀ ਹੋਈ ਸੀ। ਇੱਥੇ ਅਨਾਜ ਦੀ ਪੈਦਾਵਾਰ ਘੱਟ ਤੇ ਬੱਚਿਆਂ ਦੀ ਪੈਦਾਵਾਰ ਜਿ਼ਆਦਾ ਸੀ। ਹਰ ਘਰ 'ਚ ਢੇਰ ਸਾਰੇ ਬੱਚੇ ਸਨ।
ਵੈਸੇ ਪਿੰਡ ਖੁਬਸੂਰਤ ਸੀ, ਪਰ ਇੱਥੋਂ ਦੀਆਂ ਹਵਾਵਾਂ, ਪਹਾੜੀਆਂ ਤੇ ਸੋਹਣੀਆਂ ਵਾਦੀਆਂ, ਚਸ਼ਮੇ, ਗੁਣਗੁਣੀ ਧੁੱਪ, ਦੂਧੀਆ ਤਲਿਸਮੀ ਬੱਦਲ ਕੁਝ ਵੀ ਲੋਕਾਂ ਨੂੰ ਸਕੂਨ ਨਹੀਂ ਸਨ ਦਿੰਦੇ ਕਿਉਂਕਿ ਲੋਕਾਂ ਦੀ ਮਜ਼ਾਜ 'ਚ ਖੁਬਸੂਰਤੀ ਨਹੀਂ ਸੀ। ਉਹ ਹਾਲ ਵਿਚ ਘੱਟ ਮਿੱਥਕੀ ਅੱਧਕਚਰੇ ਇਤਿਹਾਸ ਅਤੇ ਕੁਰਾਨ 'ਚ ਜਿ਼ਆਦਾ ਜਿਊਂਦੇ ਸਨ। ਜ਼ਾਹਿਰ ਹੈ ਇਹੋ ਜਿਹੀ ਮਿੱਟੀ 'ਚ ਅੱਤਵਾਦ ਦੇ ਕੀਟਾਣੂ ਜਿ਼ਆਦਾ ਵਧਦੇ ਫੁਲਦੇ ਹਨ। ਦਿਨੇਂ ਇਹ ਪਿੰਡ ਆਦਿਵਾਸੀ ਪਿੰਡਾਂ ਵਾਂਗ ਊਂਘਦਾ ਉਬਾਸੀਆਂ ਲੈਂਦਾ ਪਰ ਹਨ੍ਹੇਰਾ ਪੈਂਦੇ ਹੀ ਪਿੰਡ ਦੀ ਸਰਹੱਦ ਤੇ ਬੇਚੈਨ ਆਤਮਾਵਾਂ ਭਟਟਕਣ ਲਗਦੀਆਂ। ਆਤੰਕਵਾਦ ਗੰਡੋਏ ਦੀ ਤਰ੍ਹਾਂ ਰੀਂਘਣ ਲਗਦਾ। ਕਦੀ ਇਸ ਪਾਰੋਂ ਤੇ ਕਦੀ ਉਸ ਪਾਰੋਂ, ਕਦੀ ਘਰ ਤੋਂ ਬਾਹਰ ਤੇ ਕਦੀ ਬਾਹਰ ਤੋਂ ਅੰਦਰ।
ਇਹੋ ਜਿਹੇ ਪਿੰਡ ਦਾ ਹੀ ਮੈਂ ਏਰੀਆ ਕਮਾਂਡਰ ਸੀ, ਜਿੱਥੇ ਵੀਹਵੀਂ ਸਦੀ ਨੇ ਅਜੇ ਪੈਰ ਨਹੀਂ ਸਨ ਪਾਏ। ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਹਾਲਾਤ ਕਾਫੀ ਕਾਬੂ ਵਿਚ ਸਨ ਕਿਉਂਕਿ ਹੁਣ ਖੁਲ੍ਹੇ ਆਮ 'ਹਿੰਦੋਸਤਾਨੀ ਕੁੱਤਿਓ ਵਾਪਸ ਜਾਵੋ' ਜਾਂ 'ਕਸ਼ਮੀਰ ਦੀ ਮੰਡੀ ਰਾਵਲਪਿੰਡੀ' ਵਰਗੇ ਉਤੇਜਕ ਨਾਅਰੇ ਸ਼ਰੇਆਮ ਤਾਂ ਨਹੀਂ ਸਨ ਲਗਦੇ, ਪਰ ਦਬਿਆ-ਦਬਿਆ ਵਿਰੋਧ ਤੇ ਢੱਕਿਆ-ਢੱਕਿਆ ਜਵਾਲਾਮੁਖੀ ਗੁੰਡ, ਕੰਗਨ, ਪੁੰਛ, ਰਾਜੌਰੀ, ਸੋਪੋਰ ਅਤੇ ਅਨੰਤਨਾਗ ਵਰਗੇ ਅਤਿ ਸੰਵੇਦਨਸ਼ੀਲ ਇਲਾਕਿਆਂ ਵਿਚ ਚੱਪੇ-ਚੱਪੇ ਤੇ ਸੀ। ਮੇਰੇ ਕੋਲ ਕੰਮ ਕਰਦਾ ਲਾਂਸ ਨਾਇਕ ਪ੍ਰਤਾਪ ਸਿੰਘ ਇਕ ਵਾਰ ਰੋ ਪਿਆ, ਸਰ ਜੀ, ਕਦੀ ਮੇਰੀ ਬੰਦੂਕ ਚਲ ਜਾਵੇ ਤਾਂ ਮੇਰਾ ਕਸੂਰ ਨਹੀਂ, ਮੈਂ ਅੱਜ ਚੁੱਪਚਾਪ ਡਿਉਟੀ ਤੇ ਖੜ੍ਹਾ ਸਾਂ, ਪਤਾ ਨਹੀਂ ਕਿੱਥੋਂ ਤਿੰਨ ਮੁਸਲੇ ਆਏ ਤੇ ਮੈਨੂੰ ਵੇਖ ਕੇ ਜ਼ਮੀਨ ਤੇ ਥੁੱਕਣ ਲੱਗੇ। ਉਹਨਾਂ ਦੀਆਂ ਅੱਖਾਂ 'ਚ ਨਫਰਤ ਦੀਆਂ ਚੰਗਿਆੜੀਆਂ ਫੁੱਟ ਰਹੀਆਂ ਸਨ। ਕਾਨੂੰਨ ਦਾ ਡਰ ਨਾ ਹੁੰਦਾ ਤਾਂ ਮੈਨੂੰ ਉਹ ਪਾੜ ਹੀ ਖਾਂਦੇ।
ਮੇਰੇ ਜਿ਼ਹਨ ਵਿਚ ਇਕਦਮ ਕੈਪਟਨ ਅਜੈ ਵਰਮਾ ਦੀ ਲਾਸ਼ ਵਾਲਾ ਵਾਕਿਆ ਆ ਗਿਆ, ਜੋ ਇਕ ਅਪਰੇਸ਼ਨ ਦੌਰਾਨ ਜਿਊਂਦਾ ਉਹਨਾਂ ਦੇ ਹੱਥ ਲੱਗ ਗਿਆ ਸੀ ਅਤੇ ਜਿਸ ਨੂੰ ਉਹਨਾਂ ਸਲਾਦ ਵਾਂਗ ਕੱਟ ਕੇ ਸੁੱਟਿਆ ਸੀ।
ਬਹਰਹਾਲ ਇਹਨਾਂ ਹੀ ਹਾਲਤਾਂ ਵਿਚ ਮੇਰਾ ਕੰਮ ਸੀ ਆਪਣੇ ਇਲਾਕੇ ਵਿਚੋਂ ਮਿਲੀਟੈਂਸੀ ਦਾ ਸਫਾਇਆ ਕਰਨਾ। ਲੋਕਾਂ ਦੇ ਮਨਾਂ ਵਿਚ ਭਾਰਤੀ ਫੋਜ ਅਤੇ ਭਾਰਤ ਸਰਕਾਰ ਪ੍ਰਤੀ ਸਦਭਾਵਨਾ ਪੈਦਾ ਕਰਨਾ। ਕਸ਼ਮੀਰੀਆਂ ਦਾ ਮਨ ਜਿੱਤਣਾ। ਜ਼ਾਹਿਰ ਹੈ ਕਿ ਹਿੰਦੂ ਅਤੇ ਮੁਸਲਮਾਨ ਵਿਰੋਧੀ ਮਾਹੌਲ ਵਿਚ ਇਹ ਕੰਮ ਆਪਣੀ ਹਿੰਦੂ ਪਛਾਣ ਬਰਕਰਾਰ ਰੱਖ ਕੇ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਮੈਨੂੰ ਆਰਮੀ ਨੇ ਇਕ ਮੁਸਲਮ ਨਾਂ ਦਿੱਤਾ ਹਕੀਮ ਅਲੀ ਕਬੀਰ। ਮੈਂ ਉਰਦੂ ਜ਼ੁਬਾਨ ਸਿੱਖੀ, ਮੁਸਲਮ ਅਦਬ-ਅਦਾਬ ਸਿੱਖਿਆ ਅਤੇ ਆਪਣੀ ਪੁਰਾਣੀ ਪਛਾਣ ਅਤੇ ਸੰਸਕਾਰ ਮਿਟਾ ਕੇ ਇਕ ਨਵਾਂ ਅਵਤਾਰ ਧਾਰਿਆ ਮੀਏ ਦਾ ਅਵਤਾਰ। ਹੁਣ ਮੈਂ ਗੁੰਡ ਦੇ ਚੱਪੇ-ਚੱਪੇ, ਬੱਚੇ-ਬੱਚੇ, ਪੱਤੇ-ਪੱਤੇ ਨਾਲ ਪਾਣੀ ਦੀ ਮੱਛੀ ਵਾਂਗ ਘੁਲਣ-ਮਿਲਣ ਲੱਗਾ। ਹੌਲੀ-ਹੌਲੀ ਮੈਂ ਉਸ ਇਲਾਕੇ ਦਾ ਇਨਸਾਈਕਲੋਪੀਡੀਆ ਬਣ ਗਿਆ ਕਿਸ ਘਰ ਦੀ ਤਾਰ ਆਤੰਕਵਾਦ ਨਾਲ ਜੁੜੀ ਹੋਈ ਹੈ, ਜਾਂ ਪਹਿਲਾਂ ਕਦੀ ਜੁੜੀ ਹੋਈ ਸੀ। ਕਿਸ ਘਰ ਦੇ ਕਿੰਨੇ ਜਵਾਨ ਮੁੰਡੇ ਹਨ, ਕਿਹਨਾਂ ਨਾਲ ਉਹ ਉੱਠਦੇ-ਬੈਠਦੇ ਹਨ, ਕਿਸ ਘਰ 'ਚ ਆਤੰਕਵਾਦੀ ਨਿਕਲ ਚੁੱਕੇ ਹਨ, ਕਿਸ ਘਰ ਦਾ ਲੜਕਾ ਇਨਕਾਉਂਟਰ 'ਚ ਮਾਰਿਆ ਜਾ ਚੁਕਾ ਹੈ। ਪਿੰਡ 'ਚ ਰਸੂਖ ਵਾਲੇ ਲੋਕ ਕੌਣ ਹਨ? ਕਿਹੜਾ ਬਾਹਰੋਂ ਆਇਆ ਹੈ? ਕੌਣ ਬਾਹਰ ਗਿਆ ਹੈ? ਗੱਲ ਇਹ ਹੈ ਕਿ ਹੁਣ ਅਸੀਂ ਫੋਜੀ ਅਫਸਰ ਤੋਂ ਸਥਾਨਕ ਪੁਲੀਸ ਵਿਚ ਰਿਡਿਊਸ ਹੋ ਚੁਕੇ ਸਾਂ। ਪਿੰਡ ਵਿਚ ਜੇ ਬੱਚਾ ਵੀ ਜੰਮਦਾ ਤਾਂ ਉਸ ਦੀ ਗੂੰਜ ਸਾਡੇ ਹੈੱਡਕਵਾਟਰ ਤਕ ਪਹੁੰਚ ਜਾਂਦੀ।
ਜਿਵੇਂ ਮਿਲੀਟੈਂਟ ਸਾਡੀ ਗੋਲੀ ਦਾ ਸਿ਼ਕਾਰ ਹੋ ਸਕਦਾ ਸੀ ਉਸੇ ਤਰ੍ਹਾਂ ਅਸੀਂ ਵੀ, ਕਦੀ ਵੀ, ਕਿਤੇ ਵੀ ਮਿਲੀਟੈਂਟਾ ਦੀ ਗੋਲੀ ਦਾ ਸਿ਼ਕਾਰ ਹੋ ਸਕਦੇ ਸਾਂ। ਇਸ ਲਈ ਮਿਲੀਟੈਂਟ ਸਾਡੇ ਦਿਮਾਗ ਵਿਚ, ਸਾਡੇ ਸੁਪਨਿਆਂ 'ਚ, ਸਾਡੀ ਕਲਪਨਾ ਇੱਥੋਂ ਤਕ ਕਿ ਸਾਡੀ ਨੀਂਦ ਵਿਚ ਵੀ ਸਾਉਣ ਦੇ ਬੱਦਲਾਂ ਵਾਂਗ ਛਾਏ ਰਹਿੰਦੇ ਸਨ। ਲਗਦਾ ਜਿਵੇਂ ਉਹਨਾਂ ਦੀ ਹੋਂਦ ਨਾਲ ਹੀ ਸਾਡੇ ਹੋਣ ਦਾ ਕੋਈ ਅਰਥ ਹੈ। ਉਹਨਾਂ ਦੇ ਹੋਣ ਨਾਲ ਹੀ ਅਸੀਂ ਆਪਣੀ ਜਿੰ਼ਦਗੀ ਨੂੰ ਸਿ਼ੱਦਤ ਨਾਲ ਮਹਿਸੂਸ ਕਰਦੇ ਸਾਂ ਕਿਉਂਕਿ ਕਈ ਵਾਰ ਮੈਂ ਉਹਨਾਂ ਦੇ ਹੱਥੋਂ ਮਰਦਾ-ਮਰਦਾ ਬਚਿਆ ਸਾਂ ਅਤੇ ਜਿ਼ੰਦਗੀ ਦੀ ਸ਼ਾਨ ਦਾ ਅਰਥ ਸਮਝ ਚੁੱਕਾ ਸਾਂ।
ਇਕ ਵਾਰ ਕੜਕਦੀ ਠੰਢ ਅਤੇ ਜੋ਼ਰਦਾਰ ਬਾਰਸ਼ ਵਿਚ ਮੈਂ ਨਾਰਾਇਣ ਨਾਗ 'ਚੋਂ ਲੰਘ ਰਿਹਾ ਸਾਂ। ਮੈਂ ਸਿਵਲ ਡ੍ਰੈਸ 'ਚ ਆਪਣੇ ਕਿਸੇ ਮਿੱਤਰ ਨੂੰ ਮਿਲ ਕੇ ਆ ਰਿਹਾ ਸਾਂ। ਰਾਹ 'ਚ ਮੈਂ ਕਾਲੇ ਬੁਰਕੇ ਅੰਦਰ ਠੰਢ ਨਾਲ ਕੰਬਦੀ ਇਕ ਮੁਟਿਆਰ ਨੂੰ ਵੇਖਿਆ। ਮੈਂ ਗੱਡੀ ਹੌਲੀ ਕੀਤੀ ਤੇ ਸੋਚਣ ਲੱਗਾ ਕਿ ਮੈਂ ਕਿਵੇਂ ਉਸ ਦੀ ਮਦਦ ਕਰ ਸਕਦਾਂ ਹਾਂ। ਮੇਰੇ ਨਾਲ ਅੱਖਾਂ ਮਿਲਦੇ ਹੀ ਉਸ ਲੜਕੀ ਨੇ ਮੇਰੇ ਕੋਲੋਂ ਲਿਫਟ ਮੰਗੀ। ਮੈਂ ਖੁਸ਼ੀ-ਖੁਸ਼ੀ ਉਸ ਨੂੰ ਬਿਠਾ ਲਿਆ। ਉਹ ਬੰਦ ਗੱਡੀ 'ਚ ਵੀ ਕੰਬ ਰਹੀ ਸੀ। ਮੈਂ ਹੀਟਰ ਲਾ ਲਿਆ। ਕਰੀਬ ਪੰਜ ਕਿਲੋਮੀਟਰ ਬਾਅਦ ਜਿਉਂ ਹੀ ਢਲਾਨ ਸੁ਼ਰੂ ਹੋਈ, ਕੁੜੀ ਉਤਰ ਗਈ। ਮੈਂ ਬਸ ਅੱਧਾ ਕਿਲੋਮੀਟਰ ਹੀ ਅੱਗੇ ਗਿਆ ਹੋਵਾਂਗਾ ਕਿ ਸੀ. ਆਰ. ਪੀ. ਐਫ. ਦੇ ਜਵਾਨਾਂ ਨੇ ਮੈਨੂੰ ਘੇਰ ਲਿਆ। ਬਾਅਦ 'ਚ ਜਦ ਮੈਂ ਆਪਣ ਆਈ ਕਾਰਡ ਵਿਖਾਇਆ ਤਾਂ ਉਹ ਸਕਤੇ 'ਚ ਆ ਗਏ। ਉਹਨਾਂ ਕਿਹਾ, ਸ਼ਹਿਨਸ਼ਾਹੋ ਨਸੀਬਾਂ ਵਾਲੇ ਹੋ ਕਿ ਤੁਸੀਂ ਬਚ ਗਏ, ਜਿਸ ਮੁਟਿਆਰ ਨੂੰ ਤੁਸਾਂ ਲਿਫਟ ਦਿੱਤੀ ਸੀ ਉਹ ਇਕ ਖਤਰਨਾਕ ਮਿਲੀਟੈਂਟ ਸੀ।
ਇਸ ਘਟਨਾ ਨੇ ਮੇਰੀ ਦ੍ਰਿਸ਼ਟੀ ਅਤੇ ਮੇਰੇ ਨਜ਼ਰੀਏ ਦੋਵਾਂ ਨੂੰ ਇਕਦਮ ਬਦਲ ਦਿੱਤਾ। ਮੈਂ ਦੁਨੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗਾ। ਮਨੁੱਖੀ ਸੰਬੰਧਾਂ ਤੋਂ ਜਿ਼ਆਦਾ ਮੈਂ ਆਪਣੀ ਨਿੱਜੀ ਸੁਰੱਖਿਆ ਦੀ ਚਿੰਤਾ ਕਰਨ ਲੱਗਾ। ਵੈਸੇ ਵੀ ਸਾਨੂੰ ਆਪਣੇ ਵੱਡੇ ਅਫਸਰਾਂ ਵੱਲੋਂ ਚੌਵੀ ਘੰਟੇ ਹੁਸਿ਼ਆਰ, ਅਲਰਟ ਤੇ ਚੌਕੰਨਾ ਰਹਿਣ ਦੀ ਹਦਾਇਤ ਦਿੱਤੀ ਜਾਂਦੀ ਸੀ। ਚੌਕੰਨਾ ਰਹਿੰਦਾ-ਰਹਿੰਦਾ ਮੈਂ ਐਨਾ ਚੌਕੰਨਾ ਰਹਿਣ ਲੱਗਾ ਕਿ ਇਕ ਵਾਰ ਸ੍ਰੀਨਗਰ ਤੋਂ 50 ਕਿਲੋਮੀਟਰ ਦੂਰ ਬੂਸ਼ਨ ਕੈਂਪ 'ਚ ਆਇਆ ਮੇਰਾ ਛੋਟਾ ਭਰਾ ਗੈਸਟ ਹਾਊਸ 'ਚ ਮੇਰੇ ਨਾਲ ਸੁੱਤਾ ਸੀ। ਰਾਤ ਉਸ ਨੂੰ ਆਇਓਡੈਕਸ ਕ੍ਰੀਮ ਦੀ ਲੋੜ ਪਈ ਤਾਂ ਉਸ ਨੇ ਨੀਂਦ 'ਚ ਮੈਨੂੰ ਕੂਹਨੀ ਮਾਰੀ। ਮੇਰਾ ਹੱਥ ਸਿੱਧਾ ਮੇਰੀ ਏ.ਕੇ.-47 ਨੂੰ ਪਿਆ। ਭਰਾ ਹੈਰਾਨ। ਮੇਰੇ ਤੇ ਨਜ਼ਰ ਪੈਂਦਿਆਂ ਹੀ ਉਸ ਕਿਹਾ, ਰਿਲੈਕਸ। ਕੀ ਨੀਂਦ ਵਿਚ ਵੀ ਤੁਹਾਨੂੰ ਮਿਲੀਟੈਂਟ ਹੀ ਦਿਸਦੇ ਹਨ। ਮੈਂ ਹੱਸ ਪਿਆ ਕਿਉਂਕਿ ਜਿਸ ਚੀਤੇ ਦੀ ਫੁਰਤੀ ਨਾਲ ਮੇਰਾ ਹੱਥ ਏ. ਕੇ.-47 ਤੇ ਗਿਆ ਸੀ, ਵੇਖ ਕੇ ਉਹ ਸਹਿਮ ਗਿਆ ਸੀ। ਹੁਣ ਮੈਂ ਉਹਨੂੰ ਕੀ ਦਸਦਾ ਕਿ ਚਾਰੇ ਪਾਸੇ ਤੋਂ ਅਤਿ-ਸੁਰੱਖਿਅਤ ਇਸ ਬੇਸ ਕੈਂਪ 'ਤੇ ਵੀ ਫਿਦਾਈਨ ਹਮਲਾ ਹੋ ਚੁਕਾ ਸੀ ਅਤੇ ਤਦ ਤੋਂ ਸਾਡੇ ਬੇਸ ਕੈਂਪ 'ਚ ਵੀ ਸ਼ਾਮ ਢਲਦੇ ਹੀ ਬਲੈਕ ਆਊਟ ਹੋ ਜਾਂਦਾ ਹੈ ਅਤੇ ਇਹ ਬਲੈਕ ਆਊਟ ਰਾਤ ਨੂੰ ਵੀ ਇਹ ਭੁੱਲਣ ਨਹੀਂ ਦਿੰਦਾ ਕਿ ਅਸੀਂ ਮਿਲੀਟੈਂਟਾਂ ਦੇ ਨਿਸ਼ਾਨੇ 'ਤੇ ਹਾਂ।
ਦਿਨ ਬੀਤਦੇ ਰਹੇ। ਕੈਂਸਰ ਵਾਲੇ ਰੋਗੀ ਦੀ ਤਰ੍ਹਾਂ ਜਿ਼ੰਦਗੀ ਦਾ ਦਬਾਅ ਵਧਦਾ ਰਿਹਾ। ਹਰ ਪਲ ਦੀ ਚੌਕਸੀ। ਹਰ ਪਲ ਦੀ ਮਲ੍ਹਮ-ਪੱਟੀ। ਹਰ ਪਲ ਮੌਤ ਦੀ ਆਹਟ। ਇਹ ਸ਼ਹੀਦ... ਉਹ ਢੇਰ। ਇਥੇ ਵਿਸਫੋਟ ਉੱਥੇ ਮੁੱਠਭੇੜ। ਏਥੇ ਅਪਰੇਸ਼ਨ, ਉੱਥੇ ਘੇਰਾਬੰਦੀ, ਹਰ ਪਲ ਦੀ ਖਬਰ। ਮੈਂ ਤਰਸ ਰਿਹਾ ਸਾਂ, ਉਸ ਜਿੰ਼ਦਗੀ ਲਈ ਜੋ ਕਿਤੇ ਹੋਰ ਸੀ। ਮੇਰੇ ਆਉਣ ਤੋਂ ਬਾਅਦ ਕੁਦਰਤ ਨੇ ਵੀ ਰੰਗ ਬਦਲ ਲਿਆ ਸੀ। ਹਰਿਆਲੀ ਦਾ ਰੰਗ ਵੀ ਬੁਝ ਗਿਆ ਸੀ। ਮੌਸਮ ਬਦਲ ਚੁੱਕਾ ਸੀ, ਪਰ ਸਾਡੇ ਜੀਵਨ ਦਾ ਤਾਪ ਅਤੇ ਮੌਸਮ ਉਹੀ ਦਾ ਉਹੀ ਸੀ। ਹਿੰਸਾ ਅਤੇ ਮਿਲੀਟੈਂਸੀ ਸਦਾ ਸੁਹਾਗਣਾਂ ਦੀ ਤਰ੍ਹਾਂ ਬਦਲਦੇ ਮੌਸਮ ਵਿਚ ਵੀ ਜੇਹਲਮ ਦੀ ਤਰ੍ਹਾਂ ਮਸਤੀ 'ਚ ਵਹਿ ਰਹੀਆਂ ਸੀ ਕਿ ਤਦ ਹੀ ਸਾਨੂੰ ਗੁੰਡ ਵਿਚ ਇਕ ਐਸੇ ਪਰਿਵਾਰ ਦੀ ਖਬਰ ਮਿਲੀ ਜਿਸ ਦਾ ਸਭ ਤੋਂ ਵੱਡਾ ਮੁੰਡਾ ਜਮੀਲ ਸਾਲ ਭਰ ਤੋਂ ਮਿਲੀਟੈਂਟਾਂ ਨਾਲ ਜਾ ਰਲਿਆ ਸੀ। ਮੇਰਾ ਫੌਰੀ ਫੈਸਲਾ ਸੀ ਉਸ ਮਿਲੀਟੈਂਟ ਦਾ ਸਫਾਇਆ, ਇਸ ਤੋਂ ਪਹਿਲਾਂ ਕਿ ਉਹ ਕੋਈ ਵਾਰਦਾਤ ਕਰੇ। ਸਾਰਾ ਵੇਰਵਾ ਮੇਰੇ ਕੋਲ ਆ ਚੁੱਕਾ ਸੀ, ਪਰਿਵਾਰ ਦੀ ਹਿਸਟਰੀ, ਭੂਗੋਲ, ਜਮੀਲ ਦੀ ਤਸਵੀਰ... ਸਭ ਕੁਝ। ਜਮੀਲ ਦੇ ਦੋ ਛੋਟੇ ਭਰਾ ਸਨ, ਇਕ ਮੁਟਿਆਰ ਹੁੰਦੀ ਛੋਟੀ ਭੈਣ। ਬੇਹੱਦ ਗਰੀਬ (ਗਰੀਬੀ ਰੇਖਾ ਤੋਂ ਹੇਠਲਾ) ਪਰਿਵਾਰ। ਮਾਂ ਰੁਖਸਾਨਾ। ਭੈਣ-ਰੁਬੀਨਾ। ਇਕ ਛੋਟਾ ਭਰਾ-ਹਮੀਦ। ਦੂਸਰੇ ਦਾ ਨਾਂ ਹਸਨ, ਗੁਜ਼ਾਰੇ ਲਈ ਦੋ ਬੁੱਢੇ ਘੋੜੇ ਸਨ ਜੋ ਨਰਾਇਣ ਨਾਗ ਵਿਚ ਸੈਲਾਨੀਆਂ ਦੀ ਸਵਾਰੀ ਦੇ ਲਈ ਸੀਜਨ 'ਚ ਨਿਕਲਦੇ ਸਨ ਤੇ ਟੱਬਰ ਨੂੰ ਭੁੱਖਮਰੀ ਤੋਂ ਬਚਾਉਂਦੇ ਸਨ। ਘਰ ਦੇ ਅੱਗੇ ਥੋੜ੍ਹੀ ਜ਼ਮੀਨ ਸੀ ਜਿੱਥੇ ਕੁਝ ਮੁਰਗੇ ਕੁੜ-ਕੁੜ ਕਰਦੇ ਰਹਿੰਦੇ ਸਨ।
ਇੰਡਕਸ਼ਨ (ਕਸ਼ਮੀਰ-ਨਿਯੁਕਤੀ ਦੇ ਸਮੇਂ ਦਿੱਤੀ ਜਾਣ ਵਾਲੀ ਮਹੀਨੇ ਭਰ ਦੀ ਮਹੱਤਵਪੂਰਨ ਟਰੇਨਿੰਗ) ਕੋਰਸ ਦੌਰਾਨ ਸਾਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਕਿ ਆਤੰਕਵਾਦੀ ਦੇ ਪਤੇ ਟਿਕਾਣੇ ਦਾ ਪਤਾ ਲਾਉਣ ਲਈ ਉਸ ਦੇ ਪਰਿਵਾਰ ਦੇ 'ਵੀਕ-ਲਿੰਕ' ਦਾ ਪਤਾ ਲਾਉਣਾ ਜ਼ਰੂਰੀ ਹੈ। 'ਵੀਕ-ਲਿੰਕ' ਯਾਨੀ ਮਿਲੀਟੈਂਟ ਦੇ ਪਰਿਵਾਰ ਜਾਂ ਨਜ਼ਦੀਕੀ ਪਰਿਵਾਰ ਵਿਚੋਂ ਕਿਸੇ ਐਸੇ ਕਮਜ਼ੋਰ ਰਿਸ਼ਤੇਦਾਰ ਨੂੰ ਆਪਣੇ ਨਾਲ ਮਿਲਾ ਕੇ ਉਸ ਤੋਂ ਮਿਲੀਟੈਂਟ ਦਾ ਭੇਤ ਲੈਣਾ ਤੇ ਉਸ ਨੂੰ ਕਿਸੇ ਵੀ ਲਾਲਚ ਨਾਲ ਖਰੀਦਣਾ, ਜਿਹੜਾ ਆਰਥਕ ਜਾਂ ਕਾਨੂੰਨੀ ਰੂਪ ਵਿਚ ਕਰਜੇ਼ ਵਗੈਰਾ ਜਾਂ ਮੁਕੱਦਮੇ ਤੋਂ ਪਰੇਸ਼ਾਨ ਹੋਵੇ। ਜਮੀਲ ਦੇ ਬਾਰੇ ਸਾਡੇ ਹੱਥ ਕੋਈ ਵੀ ਵੀਕ-ਲਿੰਕ ਨਹੀਂ ਸੀ ਲੱਗ ਰਿਹਾ ਜਿਸ ਰਾਹੀਂ ਅਸੀਂ ਜਮੀਲ ਤਕ ਪਹੁੰਚ ਸਕੀਏ। ਪਿੰਡ ਵਿਚ ਛੱਡੇ ਸਾਡੇ ਮੁਖਬਰ ਨੇ ਸਾਨੂੰ ਪੱਕੀ ਖਬਰ ਦਿੱਤੀ ਸੀ ਕਿ ਜਮੀਲ ਦੇ ਮਿਲੀਟੈਂਟ ਬਨਣ ਤੋਂ ਬਾਅਦ ਉਸ ਦੇ ਘਰ 'ਚ ਥੋੜ੍ਹੀ ਖੁਸ਼ਹਾਲੀ ਦੀ ਚਮਕ ਆਉਣ ਲੱਗੀ ਹੈ। ਘਰ ਦੀ ਟੁੱਟੀ ਛੱਤ ਫਿਰ ਤੋਂ ਬਣਨ ਲੱਗੀ ਹੈ। ਮੁਖਬਰ ਦਾ ਅਨੁਮਾਨ ਸੀ ਕਿ ਸ਼ਾਇਦ ਜਾਨਲੇਵਾ ਗਰੀਬੀ ਤੋਂ ਛੁਟਕਾਰਾ ਪਾਉਣ ਲਈ ਹੀ ਜਮੀਲ ਨੇ ਇਹ ਰਾਹ ਫੜਿਆ ਹੈ।
ਅਸੀਂ ਜਦੋਂ ਜੀਅ ਕਰਦਾ ਉਸ ਪਿੰਡ ਦੀ ਗਸ਼ਤ ਕਰਦੇ। ਉਜੜਿਆ ਅਤੇ ਵੀਰਾਨ ਪਿੰਡ ਸੀ ਜਿਸ 'ਚ ਜਿ਼ਆਦਾਤਰ ਗੱਭਰੂ ਜਾਂ ਤਾਂ ਮਾਰੇ ਜਾ ਚੁਕੇ ਸਨ ਜਾਂ ਏ.ਕੇ.-47 ਫੜ ਪਿੰਡੋਂ ਬਾਹਰ ਸਨ- ਬਚੀਆਂ ਰਹਿ ਗਈਆਂ ਸਨ ਵਿਧਵਾਵਾਂ ਜਾਂ ਬੁੱਢੇ।
ਮੈਂ ਕੜਕਦੀ ਅਵਾਜ਼ ਨਾਲ ਜਮੀਲ ਦੇ ਅੱਬੂ ਨੂੰ ਪੁੱਛਦਾ, ਵਨਸੇ ਕਛੀ ਛੁਈ ਨੇਦੂ (ਦਸ ਤੇਰਾ ਬੇਟਾ ਕਿੱਥੇ ਹੈ)। ਉਹ ਥਰਥਰ ਕੰਬਦਾ। ਸਾਰਾ ਘਰ ਕੰਬਦਾ। ਹਿਚਕੀਆਂ ਲੈਂਦਾ, ਹਟਕੋਰੇ ਭਰਦਾ ਉਹ ਕਹਿੰਦਾ, ਮੈਂ ਛੁਪ ਪਤਾ (ਮੈਨੂੰ ਨਹੀਂ ਪਤਾ)।
ਮੈਂ ਬੰਦੂਕ ਤੇ ਹੱਥ ਰੱਖ ਸਿੱਧਾ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਉਸ ਨੂੰ ਘੂਰਨ ਲਗਦਾ ਤਾਂ ਉਹ ਪਤਾ ਨਹੀਂ ਕੀ-ਕੀ ਕਹਿੰਦਾ, ਜੋ ਮੈਨੂੰ ਸਮਝ ਨਹੀਂ ਆਉਂਦਾ। ਦੋ-ਭਾਸ਼ੀਆ ਮੈਨੂੰ ਹਿੰਦੀ 'ਚ ਦਸਦਾ ਕਸਮ ਲੈ ਲਓ, ਛੇ ਮਹੀਨੇ ਤੋਂ ਨੰਨ੍ਹੇ ਮੀਆਂ ਦੀ ਸ਼ਕਲ ਵੀ ਨਹੀਂ ਵੇਖੀ।
ਤਾਂ ਫਿਰ ਘਰ 'ਚ ਪੈਸੇ ਕਿੱਥੋਂ ਆਏ? ਵਿਖਾ, ਮਨੀਆਰਡਰ ਦੀ ਰਸੀਦ? ਬੋਲਦਿਆਂ-ਬੋਲਦਿਆਂ ਮੇਰੀ ਅਵਾਜ਼ ਦੇ ਕੋਨੇ ਹੋਰ ਵੀ ਨੁਕੀਲੇ ਹੋ ਜਾਂਦੇ। ਉਸ ਦੇ ਡਰ ਦਾ ਰੰਗ ਹੋਰ ਵੀ ਗੂੜ੍ਹਾ ਹੋ ਜਾਂਦਾ। ਆਪਣੇ ਮਟਮੈਲੇ ਫਿਰਨ ਨਾਲ ਆਪਣੇ ਹੰਝੂ ਪੂੰਝਦਾ ਅਤੇ ਸਾਹਮਣੇ ਦੋ ਟੁੱਟੇ ਦੰਦ ਵਿਖਾਉਂਦਾ ਹੋਇਆ ਉਹ ਫਿਰ ਕਹਿੰਦਾ, ਸਾਹਿਬ ਜੀ, ਪੈਸੇ ਤਾਂ ਬੇਟੇ ਨੇ ਕਿਸੇ ਆਦਮੀ ਰਾਹੀਂ ਭੇਜੇ ਸਨ। ਬੋਲਦਾ-ਬੋਲਦਾ ਕਿਸੇ ਡਰ ਨਾਲ ਫਿਰ ਕੰਬਣ ਲਗ ਜਾਂਦਾ। ਉਸ ਦੇ ਕੰਬਦੇ ਬੁਲ੍ਹ, ਲੜਖੜਾਉਂਦੇ ਪੈਰ, ਝਰਝਰ ਵਗਦੀਆਂ ਅੱਖਾਂ 'ਚੋਂ ਦੁੱਖ ਦੀ ਮਹਾਗਾਥਾ ਫੁਟਦੀ। ਉਹ ਮੈਨੂੰ ਇਸ ਸਦੀ ਦਾ ਸਭ ਤੋਂ ਸਰਾਪਿਆ ਬਾਪ ਲਗਦਾ।
ਮੇਰੇ ਅੰਦਰੋਂ ਅਵਾਜ਼ ਆਉਂਦੀ ਦੁੱਖੀ ਨਾ ਹੋ ਬਾਬਾ, ਉਹ ਆ ਜਾਵੇਗਾ। ਪਰ ਮੈਂ ਕਹਿੰਦਾ ਸੱਚ-ਸੱਚ ਦਸ, ਤੂੰ ਉਸ ਨੂੰ ਕਦੋਂ ਮਿਲਿਆ ਸੀ ਤੇ ਕਿੱਥੇ? ਉਹ ਫਿਰ ਕਲਪਦਾ ਤੇ ਆਪਣੇ ਛੋਟੇ ਪੁੱਤਰ ਦੇ ਸਿਰ 'ਤੇ ਹੱਥ ਰੱਖ ਕੇ ਰੋਂਦਾ ਹੋਇਆ ਕਹਿੰਦਾ, ਸਾਹਿਬ ਜੀ, ਛੇ ਮਹੀਨੇ ਹੋ ਗਏ ਉਸ ਦੀ ਸ਼ਕਲ ਵੇਖਿਆਂ।
ਮੈਂ ਜਾਣਦਾ ਸਾਂ, ਜਮੀਲ ਦਾ ਅੱਬਾ ਠੀਕ ਕਹਿ ਰਿਹਾ ਹੈ ਕਿ ਛੇ ਮਹੀਨੇ ਤੋਂ ਉਸ ਨੇ ਜਮੀਲ ਦੀ ਸ਼ਕਲ ਵੀ ਨਹੀਂ ਵੇਖੀ ਕਿਉਂਕਿ ਮਿਲੀਟੈਂਸੀ ਦੇ ਵੀ ਆਪਣੇ ਸਖਤ ਅਸੂਲ ਹੁੰਦੇ ਹਨ ਜਿਸ ਦੇ ਤਹਿਤ ਮਿਲੀਟੈਂਟ ਦਾ ਏਰੀਆ ਅਤੇ ਅਪਰੇਸ਼ਨ ਉਸ ਦੇ ਘਰ ਤੋਂ ਖਾਸੀ ਦੂਰ ਰਖਿਆ ਜਾਂਦਾ ਹੈ ਤਾਂ ਕਿ ਜੋ ਉਸ ਵਿਚ ਕੋਈ ਭਾਵਨਾਤਮਿਕ ਕਮਜੋ਼ਰੀ ਨਾ ਆ ਜਾਵੇ। ਪਰ ਉਹ ਇਸ ਵੇਲੇ ਕਿੱਥੇ ਹੈ? ਉਸ ਦੀ ਥੋੜ੍ਹੀ ਬਹੁਤ ਖਬਰ ਤਾਂ ਉਸ ਦੇ ਘਰ ਵਾਲਿਆਂ ਨੂੰ ਜ਼ਰੂਰ ਹੋਵੇਗੀ, ਇਹ ਮੈਂ ਜਾਣਦਾ ਸਾਂ। ਫਿਰ ਵੀ ਉਸ ਦਿਨ ਮੈਂ ਬਹੁਤ ਸ਼ਰਾਫਤ ਨਾਲ ਪੇਸ਼ ਆਇਆ।
ਪਰ ਮੇਰੇ ਦਿਮਾਗ ਦੀ ਲਾਲ ਬੱਤੀ ਜਗ ਗਈ। ਛੇ ਮਹੀਨੇ ਤੋਂ ਜੇ ਜਮੀਲ ਆਪਣੇ ਘਰ ਨਹੀਂ ਆਇਆ ਤਾਂ ਜ਼ਰੂਰ ਉਹ ਆਉਣ ਵਾਲੇ ਦਿਨਾਂ ਵਿਚ ਘਰ ਆਉਣ ਦੀ ਯੋਜਨਾ ਬਣਾ ਰਿਹਾ ਹੋਵੇਗਾ। ਭਾਵੇਂ ਆਦਮੀ ਕਿੰਨਾ ਵੀ ਕਠੋਰ ਕਿਉਂ ਨਾ ਹੋਵੇ, ਪੂਰੀ ਤਰ੍ਹਾਂ ਪੱਥਰ ਤਾਂ ਬਣ ਨਹੀਂ ਸਕਦਾ ਤੇ ਜੇ ਬਣਦਾ ਵੀ ਹੈ ਤਾਂ ਬਣਦੇ-ਬਣਦੇ ਬਣਦਾ ਹੈ ਪਰ ਜਮੀਲ ਅਜੇ ਸਿਰਫ ਵੀਹ ਸਾਲ ਦਾ ਹੈ। ਕਰੂੰਬਲ ਜਿਹਾ।
ਜਮੀਲ ਦੇ ਅੱਬੂ ਨਾਲ ਮੈਂ ਗੱਲ ਕਰ ਹੁਣ ਉਸ ਦੀ ਅੰਮੀ ਨੂੰ ਮੁਖਾਤਬ ਹੋਇਆ। ਉਹ ਮਰਦੇ ਹੋਏ ਕਬੁਤਰ ਵਾਂਗ ਫੜਫੜਾ ਉੱਠੀ। ਉਸ ਦੀਆਂ ਅੱਖਾਂ ਡਰ ਦੇ ਮਾਰੇ ਫਟੀਆਂ ਜਾ ਰਹੀਆਂ ਸਨ। ਇਕ ਵਾਰ ਤਾਂ ਉਹ ਸਮਝ ਹੀ ਨਹੀਂ ਸਕੀ ਕਿ ਮਾਜਰਾ ਕੀ ਹੈ? ਨਾ ਕਿਸੇ ਨਾਲ ਦੁਸ਼ਮਣੀ ਨਾ ਝਗੜਾ। ਨਾ ਜ਼ਮੀਨ ਨਾ ਜਾਇਦਾਦ। ਕਿਸੇ ਨਾਲ ਧੱਤ ਤੇਰੇ ਦੀ ਵੀ ਨਹੀਂ... ਫਿਰ ਉਹਨਾਂ ਦੇ ਆਰਮੀ ਦਾ ਕੀ ਕੰਮ?
ਕੀ ਘਰ ਵਿਚ ਜਵਾਨ ਬੇਟੇ ਦੇ ਹੋਣ ਦਾ ਮਤਲਬ ਹੈ ਆਰਮੀ ਦਾ ਆਉਣਾ-ਜਾਣਾ? ਉਸ ਨੇ ਅਕਸਰ ਉਹਨਾਂ ਘਰਾਂ 'ਚ ਆਰਮੀ ਤੇ ਪੁਲੀਸ ਨੂੰ ਆਉਂਦੇ ਜਾਂਦੇ ਵੇਖਿਆ ਸੀ ਜਿੱਥੇ ਮੁੰਡੇ ਜਵਾਨ ਸਨ ਤੇ ਜਿਹਾਦੀ ਹੋ ਗਏ ਸਨ। ਤਾਂ ਉਹਨਾਂ ਦੇ ਘਰ ਵਿਚ ਵੀ ਕੋਈ ਜਿਹਾਦੀ ਹੈ?
ਕੀ ਜਮੀਲ? ਉਸ ਦਾ ਆਪਾ ਕੰਬ ਗਿਆ।
ਤੇ ਜਦ ਉਸ ਦੀ ਅਠਾਰਾਂ ਸਾਲਾ ਧੀ ਰੁਬੀਨਾ ਨੇ ਉਸ ਨੂੰ ਕਸ਼ਮੀਰੀ 'ਚ ਕਿਹਾ, ਭਾਈ ਜਾਨ ਜਿਹਾਦੀ ਹੋ ਗਿਆ ਹੈ ਤਾਂ ਉਹ ਕਿਸ ਤਰ੍ਹਾਂ ਚੀਕੀ ਜਿਵੇਂ ਅਸਮਾਨ ਹਿਲ ਗਿਆ ਹੋਵੇ। ਉਸ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਜਿਸ ਨੂੰ ਉਹ ਕੱਲ੍ਹ ਤਕ ਉਂਗਲੀ ਫੜ ਕੇ ਸਕੂਲ ਛੱਡ ਕੇ ਆਉਂਦੀ ਸੀ ਉਸ ਨੇ ਪਤਾ ਨਹੀਂ ਕਦੋਂ ਗੰਨ ਚੁੱਕ ਲਈ ਤੇ ਬਣ ਗਿਆ ਜਿਹਾਦੀ।
ਅਤੇ ਇਸ ਦੇ ਬਾਅਦ ਤਸ਼ੱਦਦ ਦੀ ਅੰਨ੍ਹੀ ਸੁਰੰਗ ਵਿਚ ਡਿੱਗੇ ਇਸ ਪਰਿਵਾਰ ਦਾ ਜਿਉਂਣਾ ਮੌਤ ਤੋਂ ਵੀ ਬਦਤਰ ਹੋ ਗਿਆ। ਖੁਸ਼ੀਆਂ ਤਾਂ ਉਸ ਘਰ ਵਿਚ ਸ਼ਾਇਦ ਹੀ ਕਦੀ ਉਤਰੀਆਂ ਹੋਣ ਪਰ ਥੋੜ੍ਹਾ ਬਹੁਤ ਜੋ ਅਮਨ ਚੈਨ ਸੀ ਉਹ ਵੀ ਖੰਭ ਲਾ ਕੇ ਉੱਡ ਗਿਆ ਅਤੇ ਹੁਣ ਏਥੇ ਸੀ ਤਾਂ ਠੰਢਾ ਅੰਤਹੀਨ ਹਨ੍ਹੇਰਾ ਜਿਸ ਵਿਚ ਜਿ਼ੰਦਗੀ ਤੋਂ ਡਰੇ ਪੰਜ ਜੀਵ ਦੜੇ ਬੈਠੇ ਸਨ। ਹੁਣ ਹਰ ਗੇੜੇ ਅਸੀਂ ਉਸ ਘਰ ਜਾ ਵੜਦੇ, ਉਹਨਾਂ ਨੂੰ ਡਰਾਉਂਦੇ-ਧਮਕਾਉਂਦੇ ਉਸ ਦੇ ਛੋਟੇ ਭਰਾਵਾਂ ਨੂੰ ਆਪਣੇ ਫੌਲਾਦੀ ਹੱਥਾਂ ਨਾਲ ਥੱਪੜ ਮਾਰਦੇ ਤੇ ਪੁੱਛਦੇ, ਵਨਸੇ ਕੈਟਿ ਛੁਈ (ਬਤਾ ਤੇਰਾ ਜਮੀਲ ਕਿੱਥੇ ਹੈ?) ਉਸ ਦੇ ਦੋਵੇਂ ਭਰਾ ਥੱਪੜ ਖਾ ਜ਼ਮੀਨ ਤੇ ਡਿੱਗ ਪੈਂਦੇ, ਚੀਕਦੇ ਪਰ ਮੂੰਹ ਨਾ ਖੋਲ੍ਹਦੇ।
ਉਸ ਦੀ ਅੰਮੀ ਕਫਨ ਦੀ ਤਰ੍ਹਾਂ ਪਾਏ ਆਪਣੇ ਪਾਟੇ ਬੁਰਕੇ 'ਚੋਂ ਥੋੜ੍ਹੀ ਦੇਰ ਲਈ ਬਾਹਰ ਨਿਕਲਦੀ, ਛਾਤੀ ਪਿੱਟਦੀ, ਬੱਚਿਆਂ ਨੂੰ ਖਿੱਚਦੀ ਫਿਰ ਉਸੇ ਕਫਨ 'ਚ ਪਰਤ ਜਾਂਦੀ।
ਇਥੋਂ ਤਕ ਤਾਂ ਫਿਰ ਵੀ ਗਨੀਮਤ ਸੀ ਕਿਉਂਕਿ ਅਸੀਂ ਆਰਮੀ ਵਾਲੇ ਸਾਂ। ਕਲਫ ਲੱਗੀ ਆਕੜੀ ਚਮਚਮ ਕਰਦੀ ਵਰਦੀ ਵਾਲੇ, ਸ਼ਰੀਫ ਸਾਂ। ਅਸੀਂ ਮਾਰਦੇ ਵੀ ਤਾਂ ਸਲੀਕੇ ਨਾਲ, ਸ਼ਰਾਫਤ ਨਾਲ। ਪਰ ਬਹੁਤ ਛੇਤੀ ਹੀ ਇਸ ਕੇਸ ਵਿਚ ਪੁਲੀਸ ਵੀ ਆ ਗਈ ਅਤੇ ਹੁਣ ਇਹ ਸਾਡਾ ਤੇ ਪੁਲੀਸ ਦਾ 'ਜਵਾਇੰਟ ਵੈਂਚਰ' ਸੀ। ਵੈਸੇ ਵੀ ਅਸੀਂ ਪੁਲੀਸ ਨੂੰ ਨਾਲ ਲੈ ਕੇ ਤੁਰਦੈ ਸਾਂ ਤਾਂ ਜੋ ਸਾਡੀ ਕਿਸੇ ਕਾਰਵਾਈ ਤੇ ਪੁਲਿਸ ਐਕਸ਼ਨ ਨਾ ਲੈ ਸਕੇ ਤੇ ਸਾਨੂੰ ਕੋਰਟ 'ਚ ਨਾ ਘਸੀਟ ਸਕੇ।
ਪੁਲੀਸ ਦੇ ਆਪਣੇ ਤੌਰ-ਤਰੀਕੇ, ਆਪਣੀ ਭਾਸ਼ਾ ਅਤੇ ਆਪਣਾ ਵਰਤਾਰਾ। ਪੁਲੀਸ ਨੇ ਬਹੁਤ ਜਲਦੀ ਉਸ ਪਰਿਵਾਰ ਦਾ 'ਵੀਕ ਲਿੰਕ' ਲੱਭ ਲਿਆ। ਰੁਬੀਨਾ ਦੀ ਜਵਾਨੀ ਅਤੇ ਜਵਾਨੀ ਵੱਲ ਵੱਧਦੇ ਜਮੀਲ ਦੇ ਛੋਟੇ ਭਰਾ ਦਾ ਕੱਚਾ ਮਨ।
ਪੁਲੀਸ ਨੇ ਆਪਣੇ ਟਾਰਚਰ, ਹਿੰਸਾ, ਖੌਫ ਅਤੇ ਜਿੱਲਤ ਦਾ ਐਸਾ ਸਿਲਸਿਲਾ ਸ਼ੁਰੂ ਕੀਤਾ ਕਿ ਘਰ ਦੀ ਹਰ ਇਕ ਇੱਟ ਤ੍ਰਾਹ ਤ੍ਰਾਹ ਕਰ ਉੱਠੀ। ਉਹ ਹਰ ਹਫਤੇ ਹਮੀਦ ਨੂੰ ਥਾਣੇ ਬੁਲਾਉਂਦੇ, ਤੇ ਉਸ ਨੂੰ ਮਾਰ-ਮਾਰ ਕੇ ਨੀਲਾ ਕਰ ਦੇਂਦੇ। ਉਸ ਦੇ ਪਿੰਡੇ ਤੇ ਨੀਲਾਂ ਦੇ ਨਿਸ਼ਾਨ ਨਾ ਉਭਰਨ, ਇਸ ਲਈ ਪੁਲੀਸ ਉਸ ਨੂੰ ਗਿੱਲੇ ਕੰਬਲ 'ਚ ਲਪੇਟ ਕੇ ਕੁੱਟਦੀ, ਜਿਸ ਵਿਚ ਕਿਸੇ ਵੀ ਸੂਰਤ ਵਿਚ ਮਨੁੱਖੀ ਅਧਿਕਾਰ ਕਮੀਸ਼ਨ ਇੰਟਰਫਿਅਰ ਨਾ ਕਰ ਸਕੇ। ਵੈਸੇ ਵੀ ਉਹ ਬੇਹੱਦ ਗਰੀਬ ਪਰਿਵਾਰ ਸੀ, ਵਿਰੋਧ ਅਤੇ ਸਮਰੱਥਾ ਤੋਂ ਕੋਹਾਂ ਦੂਰ। ਜਦ ਹਮੀਦ ਮਾਰ ਖਾਂਦਾ ਰਹਿੰਦਾ ਪਰ ਮੂੰਹ ਨਾ ਖੋਲ੍ਹਦਾ ਤਾਂ ਪੁਲੀਸ ਦਾ ਕਹਿਰ ਹੋਰ ਵੱਧ ਜਾਂਦਾ। ਉਹ ਉਹਦੇ ਘਰ ਆ ਧਮਕਦੀ ਤੇ ਉੱਥੇ ਅੱਡਾ ਜਮਾ ਬਹਿੰਦੀ। ਸਿਗਰਟ ਦੇ ਛੱਲੇ ਉਡਾਉਂਦੀ, ਉਹਨਾਂ ਦੀ ਜਵਾਨ ਭੈਣ ਰੁਬੀਨਾ ਨੂੰ ਘੂਰਦੀ, ਗੰਦੇ ਮਜ਼ਾਕ ਕਰਦੀ, ਭੱਦੇ ਇਸ਼ਾਰੇ ਕਰਦੀ। ਉਸ ਦੇ ਸਾਹਮਣੇ ਮਾਵਾਂ-ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੀ ਕਿ ਉਸ ਦੇ ਅੱਬਾ ਰੋਣ ਲੱਗ ਪੈਂਦੇ, ਵਾਲ ਪੁੱਟਦੇ ਤੇ ਸਿਰ ਪਿੱਟਦੇ। ਪੁਲੀਸ ਦੇ ਜਵਾਨ ਉਸ ਦੀ ਮਾਂ ਨੂੰ ਸਮਝਾਉਂਦੇ ਕਿ ਜੇ ਉਹ ਆਪਣੇ ਟੱਬਰ, ਆਪਣੀ ਧੀ ਤੇ ਬਾਕੀ ਜੀਆਂ ਦੀ ਖੈਰ ਚਾਹੁੰਦੀ ਹੈ ਤਾਂ ਦਸ ਦੇਵੇ ਜਮੀਲ ਕਿੱਥੇ ਹੈ ਜਾਂ ਕਦੋਂ ਆਉਣ ਵਾਲਾ ਹੈ? ਜਮੀਲ ਦੀ ਮਾਂ ਮਿੱਟੀ ਹੋਈ ਘਰ ਦੀ ਨੁੱਕਰ 'ਚ ਪਈ ਰਹਿੰਦੀ ਅਤੇ ਪੱਥਰਾਈਆਂ ਅੱਖਾ ਨਾਲ ਵੇਖਦੀ ਰਹਿੰਦੀ।
ਇਹ ਸਿਲਸਿਲਾ ਚਲਦਾ ਰਿਹਾ। ਪਰਿਵਾਰ ਸੁਪਨੇ ਵਿਹੂਣਾ ਤੇ ਭਵਿੱਖਹੀਣ ਹੋ ਗਿਆ। ਤਸ਼ੱਦਦ ਤੇ ਉਤਪੀੜਨ ਦਾ ਹਨ੍ਹੇਰਾ ਮੱਸਿਆ ਦੀ ਰਾਤ ਵਾਂਗ ਵੱਧਦਾ ਗਿਆ। ਹਰ ਨਵੇਂ ਦਿਨ ਨਾਲ ਹੋਰ ਡੂੰਘਾ ਹੁੰਦਾ ਗਿਆ।
ਅਚਾਨਕ ਇਹਨੀਂ ਦਿਨੀਂ ਆਤੰਕਵਾਦੀ ਵਾਰਦਾਤਾਂ 'ਚ ਵਾਧਾ ਹੋ ਗਿਆ। ਰਾਜੌਰੀ ਦੇ ਇਨਕਾਉਂਟਰ 'ਚ ਸਾਡੇ ਦੋ ਮੇਜਰ ਸ਼ਹੀਦ ਹੋ ਗਏ। ਇਸ ਘਟਨਾ ਨਾਲ ਸਾਡੇ ਤੇ ਦਬਾਅ ਵੱਧਦਾ ਜਾ ਰਿਹਾ ਸੀ।
ਸਾਡਾ ਗੁੱਸਾ ਵੱਧਦਾ ਜਾ ਰਿਹਾ ਸੀ।
ਉਸ ਪਰਿਵਾਰ ਦੀ ਚੁੱਪ ਨੇ ਸਾਡੇ ਅੰਦਰ ਲੁਕੇ ਬੈਠੇ ਪਸ਼ੂ ਨੂੰ ਹਿੰਸਕ ਬਣਾ ਦਿੱਤਾ ਤੇ ਸਾਡਾ ਟਾਰਚਰ ਐਨਾ ਵਧਿਆ ਕਿ ਪਰਿਵਾਰ ਮੁਰਦਾ ਹੋ ਗਿਆ। ਜੀਵਨ ਦੇ ਚਿੰਨ੍ਹ ਦਿਨ ਪ੍ਰਤਿ ਦਿਨ ਮਿਟਦੇ ਗਏ।
ਜੇਲ੍ਹਮ ਵਾਂਗ ਅਠਖੇਲੀਆਂ ਕਰਦੀ ਰੁਬੀਨਾ ਸੁੱਕਦੀ ਜਾ ਰਹੀ ਸੀ। ਉਸ ਦੇ ਚਿਹਰੇ ਤੇ ਬਦਸੂਰਤ ਲਕੀਰਾਂ ਪੈਂਦੀਆਂ ਜਾ ਰਹੀਆਂ ਸਨ। ਹਮੀਦ ਦੀ ਪੜ੍ਹਾਈ ਛੁੱਟ ਗਈ ਸੀ। ਉਹ ਵੀ ਗੁੰਮਸੁੰਮ ਹੁੰਦਾ ਜਾ ਰਿਹਾ ਸੀ। ਦੋਵੇਂ ਬੁੱਢੇ ਘੋੜੇ ਸੈਲਾਨੀਆਂ ਨੂੰ ਘੁੰਮਾਉਣ ਦੀ ਬਜਾਏ-ਬਾਹਰ ਬੰਨ੍ਹੇ ਮਿਲਦੇ ਸਨ। ਉਸ ਦਾ ਅੱਬੂ ਘਰ ਦੀ ਇਕ ਨੁੱਕਰੇ ਕੰਬਲ ਲਈ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ। ਮੈਂ ਜਦ ਵੀ ਉਹਨਾਂ ਦੇ ਘਰ ਵੜਦਾ, ਮੈਨੂੰ ਮਰੀ ਹੋਈ ਸਭਿਅਤਾ ਦੀ ਬਦਬੂ ਆਉਂਦੀ। ਮੇਰਾ ਦਮ ਘੁੱਟਦਾ ਕਿਉਂਕਿ ਉੱਥੇ ਹਵਾ ਰੁਕੀ ਹੋਈ ਸੀ ਅਤੇ ਜਿ਼ੰਦਗੀ ਨੁੱਕਰ 'ਚ ਮੂੰਹ ਲੁਕਾਈ ਸੁਬਕ ਰਹੀ ਸੀ।
ਇਕ ਵਾਰ ਤਾਂ ਅਖੀਰ ਹੀ ਹੋ ਗਈ। ਜਿਵੇਂ ਹੀ ਅਸੀਂ ਪੁਲੀਸ ਨਾਲ ਉਹਨਾਂ ਦੇ ਘਰ 'ਚ ਵੜੇ, ਸਾਨੂੰ ਵੇਖਦਿਆਂ ਹੀ ਹਮੀਦ ਦਾ ਪੇਸ਼ਾਬ ਨਿਕਲ ਗਿਆ। ਮੈਨੂੰ ਲੱਗਾ, ਇਹ ਉਸਦਾ ਪੇਸ਼ਾਬ ਨਹੀਂ ਨਿਕਲਿਆ ਸਗੋਂ ਆਦਮੀ ਹੋਣ ਦੀ ਸ਼ੁਰੂਆਤ ਜੋ ਮੈ ਕਦੀ ਕੀਤੀ ਸੀ ਉਸ ਦੀ ਡੋਰ ਪੂਰੀ ਤਰ੍ਹਾਂ ਮੇਰੇ ਹੱਥੋਂ ਨਿਕਲ ਚੁੱਕੀ ਹੈ। ਉਸੇ ਸ਼ਾਮ ਮੈਂ ਆਪਣੇ ਕਮਾਂਡਿੰਗ ਅਫਸਰ ਨੂੰ ਮਮਿਆਉਂਦੇ ਹੋਏ ਕਿਹਾ, ਸਰ, ਮੈਨੂੰ ਲੱਗਦਾ ਹੈ ਕਿ ਅਸੀਂ ਉਸ ਪਰਿਵਾਰ ਤੇ ਕੁਝ ਜਿ਼ਆਦਾ ਹੀ ਜ਼ੁਲਮ ਢਾਹ ਰਹੇ ਹਾਂ।
ਕਮਾਂਡਿੰਗ ਅਫਸਰ ਕਰਨਲ ਭਿਸੇ਼ਕ ਪਾਂਡੇ ਨੇ ਗੁੱਸੇ 'ਚ ਸੜ੍ਹਦੇ-ਬਲਦੇ ਨੇ ਕਿਹਾ, ਭੁੱਲ ਗਿਆਂ ਉਹਨਾਂ ਦਰਿੰਦਿਆਂ ਨੇ ਕਿਵੇਂ ਮਾਰਿਆ ਸੀ ਕੈਪਟਨ ਅਨੁਜ ਨੂੰ। ਕਿਵੇਂ ਕੱਢੀਆਂ ਸਨ ਉਹਦੀਆਂ ਅੱਖਾਂ ਤੇ ਕਿਵੇਂ ਸਲਾਦ ਵਾਂਗ ਕੱਟਿਆ ਸੀ ਉਸ ਦੇ ਅੰਗ-ਅੰਗ ਨੂੰ। ਯਾਦ ਰਖ, ਸਾਨੂੰ ਇੱਥੇ ਸਭਿਅਤਾ ਅਤੇ ਉੱਚ ਕੋਟੀ ਦੇ ਸਮਾਜ ਨਿਰਮਾਣ ਦੇ ਲਈ ਨਹੀਂ ਸਗੋਂ ਮਿਲੀਟੈਂਸੀ ਦਾ ਸਫਾਇਆ ਕਰਨ ਲਈ ਭੇਜਿਆ ਗਿਆ ਹੈ। ਅਸੀਂ ਜੇ ਇਕ ਮਿਲੀਟੈਂਟ ਨੂੰ ਬਖਸ਼ ਦਿੰਦੇ ਹਾਂ ਤਾਂ ਉਹ ਸਾਨੂੰ ਮਾਰ ਮੁਕਾਏਗਾ ਅਤੇ ਭਵਿੱਖ ਵਿਚ ਵੀ ਪਤਾ ਨਹੀਂ ਕਿੰਨੀਆਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਵੇਗਾ। ਇਸ ਲਈ ਸੋਚੋ ਨਾ ਅਤੇ ਸੋਚਣਾ ਹੀ ਹੈ ਤਾਂ ਇਹ ਸੋਚੋ ਕਿ ਸਾਡਾ ਕੰਮ ਦੇਸ਼ ਨੂੰ ਇਕ ਉਜਵੱਲ ਭਵਿੱਖ ਦੇਣਾ ਹੈ।
ਪਰ ਸਰ, ਅਸੀਂ ਕਿਸੇ ਦੀ ਸਜ਼ਾ ਕਿਸੇ ਹੋਰ ਨੂੰ ਦੇ ਰਹੇ ਹਾਂ। ਨਾ ਚਾਹੁੰਦੇ ਹੋਏ ਵੀ ਮੇਰੇ ਮੂੰਹੋਂ ਨਿਕਲ ਗਿਆ ਸੀ। ਜਦੋਂ ਕਿ ਆਰ. ਆਰ. ਪੋਸਟਿੰਗ 'ਚ ਇਸ ਤਰ੍ਹਾਂ ਦਾ ਤਰਕ ਕਰਨਾ ਵੀ ਅਨੁਸ਼ਾਸਨ ਦੇ ਖਿਲਾਫ ਸੀ ਪਰ ਸ਼ਾਇਦ ਉਹਨਾਂ ਨੇ ਮੇਰੇ ਅੰਦਰ ਹੋਣ ਵਾਲੇ ਖੂਨ-ਖਰਾਬੇ ਨੂੰ ਵੇਖ ਲਿਆ ਸੀ, ਇਸ ਲਈ ਮੈਨੂੰ ਸਮਝਾਉਂਦੇ ਹੋਏ ਉਹਨਾਂ ਨੇ ਫਿਰ ਕਿਹਾ, ਵੇਖੋ, ਅਸੀਂ ਉਸ ਪਿੰਡ ਵਿਚ ਇਕ ਮਿਸਾਲ ਕਾਇਮ ਕਰਨੀ ਚਾਹੁੰਦੇ ਹਾਂ, ਉਸ ਧਰਤੀ 'ਤੇ ਐਨਾ ਡਰ ਬੀਜ਼ ਦੇਵੋ ਕਿ ਆਉਣ ਵਾਲੇ ਵਰ੍ਹਿਆਂ 'ਚ ਉੱਥੇ ਇਨਸਾਨ ਤਾਂ ਕੀ ਪਰਿੰਦਾ ਵੀ ਮਿਲੀਟੈਂਟ ਬਣਨ ਦੀ ਨਾ ਸੋਚੇ। ਮੇਰੀ ਇਕ ਗੱਲ ਯਾਦ ਰੱਖੀਂ ਕਿ ਯੁੱਧ ਅਤੇ ਬੁੱਧ ਨਾਲ ਨਾਲ ਨਹੀਂ ਤੁਰ ਸਕਦੇ। ਅਜਿਹਾ ਕਰਕੇ ਹੀ ਤੂੰ ਇਕ ਕਾਮਯਾਬ ਫੌਜੀ ਅਫਸਰ ਬਣ ਸਕਦਾ ਹੈਂ।
'ਯੁੱਧ ਅਤੇ ਬੁੱਧ ਨਾਲ-ਨਾਲ ਨਹੀਂ ਤੁਰ ਸਕਦੇ।' ਇਹ ਉਹਨਾਂ ਦਿਨਾਂ ਦਾ ਮੇਰਾ ਮੂਲ-ਮੰਤਰ ਸੀ ਜਿਸ ਦਾ ਜਾਪ ਕਰਕੇ ਮੈਂ ਉਹਨੀਂ ਦਿਨੀਂ ਆਪਣੀ ਜ਼ਖਮੀ ਆਤਮਾ ਅਤੇ ਲਹੂ-ਲੁਹਾਨ ਵਿਸ਼ਵ ਚੇਤਨਾ ਦੀ ਮਲ੍ਹਮ ਪੱਟੀ ਕਰਦਾ ਹੁੰਦਾ ਸੀ। ਮੈਂ ਅਤੇ ਮੇਜਰ ਰਾਣਾਂ ਅਜੇ ਤਕ ਇਕ ਵੀ ਮਿਲੀਟੈਂਟ ਨੂੰ ਢੇਰ ਨਹੀਂ ਸੀ ਕਰ ਸਕੇ। ਇਕ ਵੀ ਅਪਰੇਸ਼ਨ ਨੂੰ ਸਫਲਤਾ ਨਾਲ ਅੰਜ਼ਾਮ ਨਹੀਂ ਸੀ ਦੇ ਸਕੇ ਜਦਕਿ ਮੇਰੇ ਹੀ ਇਕ ਕੁਲੀਗ ਮੇਜਰ ਵਿਕਰਮ ਪਾਲੀਵਾਲ ਨੂੰ ਚੌਦਾਂ ਅੱਤਵਾਦੀਆਂ ਨੂੰ ਇਕੱਲਿਆਂ ਮਾਰ-ਮੁਕਾਉਣ ਬਦਲੇ ਸੌ਼ਰਿਆ ਚੱਕਰ ਮਿਲ ਚੁੱਕਾ ਸੀ।
ਬਹਰਹਾਲ, ਰੋਜ਼ ਰੋਜ਼ ਮੇਰੇ ਤੇ ਵੀ ਯੁਨਿਟ ਦਾ ਦਬਾਅ ਵਧਦਾ ਜਾ ਰਿਹਾ ਸੀ। ਹਿੰਦੁਸਤਾਨ ਦੀ ਸੁਰੱਖਿਆ ਮੇਰਾ ਪਹਿਲਾ ਫਰਜ਼ ਸੀ ਅਤੇ ਅਨੰਤਨਾਗ ਵਰਗੇ ਸੰਵੇਦਨਸ਼ੀਲ ਇਲਾਕੇ ਮੈਨੂੰ ਪਲ ਭਰ ਲਈ ਵੀ ਭੁੱਲਣ ਨਹੀਂ ਸਨ ਦਿੰਦੇ ਕਿ ਮੈਂ ਸਭ ਤੋਂ ਪਹਿਲਾਂ ਇਕ ਚੰਗਾ ਇਨਸਾਨ ਨਹੀਂ ਹਿੰਦੁਸਤਾਨੀ ਹਾਂ। ਮੇਰਾ ਨਾ ਕੋਈ ਆਪਣਾ ਵਜੂਦ ਹੈ ਨਾ ਆਤਮਾ, ਮੈਂ ਇਕ ਸਮੂਹਿਕ ਹੋਣੀ ਅਤੇ ਭਵਿੱਖ ਨਾਲ ਬੱਝਾ ਹਾਂ ਜਿੱਥੇ ਸੁਤੰਤਰ ਵਿਅਕਤੀ ਅਤੇ ਵਿਅਕਤੀ ਮਨ ਲਈ ਕੋਈ ਸਪੇਸ ਨਹੀਂ ਹੈ। ਮੈਨੂੰ ਹਰ ਵੇਲੇ ਲੱਗਦਾ ਕਿ ਮੈਂ ਗਲਤ ਜਗ੍ਹਾ ਆ ਗਿਆ ਹਾਂ। ਇਹ ਦੁਨੀਆਂ ਮੇਰੀ ਨਹੀਂ ਹੈ ਪਰ ਜਿਹੜੇ ਸੌਂਹ-ਪੱਤਰ ਤੇ 20 ਸਾਲ ਦੀ ਉਮਰ 'ਚ ਜੀਵਨ ਦੇ ਸੀਮਤ ਅਨੁਭਵ ਦੇ ਆਧਾਰ ਤੇ ਦਸਤਖਤ ਕਰ ਚੁੱਕਾ ਸਾਂ, ਉਸ ਅਨੁਸਾਰ ਵੀਹ ਵਰ੍ਹਿਆਂ ਦੀ ਸੇਵਾ ਤੋਂ ਪਹਿਲਾਂ ਮੈਂ ਇੱਥੋਂ ਨਿਕਲ ਵੀ ਨਹੀਂ ਸਾਂ ਸਕਦਾ।
ਇਸ ਵੇਲੇ ਮੇਰਾ ਫੌਰੀ ਕੰਮ ਸੀ ਜਮੀਲ ਦਾ ਸਫਾਇਆ। ਇਸ ਕਰਕੇ ਉਸ ਪਰਿਵਾਰ ਤੇ ਸਾਡਾ ਸਿ਼ਕੰਜਾ ਕੱਸਦਾ ਜਾ ਰਿਹਾ ਸੀ। ਜਿ਼ਆਦਤੀਆਂ, ਮਾਰਕੁੱਟ, ਬਦਸਲੂਕੀਆਂ, ਤਸੀਹੇ ਵਧਦੇ ਗਏ। ਇਹ ਸਭ ਸਾਡੀ ਰਣਨੀਤੀ ਦੇ ਤਹਿਤ ਅਦ੍ਰਿਸ਼ ਗੋਲਾਬਾਰੀ ਸੀ ਜੋ ਹਰ ਦਿਨ ਜਮੀਲ ਦੇ ਘਰ ਵਾਲਿਆਂ ਦਾ ਭੋਰਾ-ਭੋਰਾ ਕਰਕੇ ਹੌਂਸਲਾ ਤੋੜ ਰਹੀ ਸੀ। ਉਸ ਘਰ ਦੀ ਹਰੇਕ ਇੱਟ 'ਤੇ ਇਕ ਹੀ ਇਬਾਰਤ ਸਾਫ-ਸਾਫ ਲਿਖੀ ਜਾ ਰਹੀ ਸੀ ਕਿ ਉਸ ਪਰਿਵਾਰ ਦੇ ਕੋਲ ਹੁਣ ਇਕੋ ਹੀ ਰਾਹ ਬਚਿਆ ਹੈ, ਜਮੀਲ ਦੀ ਮੌਤ ਜਾਂ ਸਾਰੇ ਪਰਿਵਾਰ ਦੀ ਤਬਾਹੀ।
ਠੰਢੀ ਕਰੂਰਤਾ ਅਤੇ ਅਸਭਿਆ ਸ਼ਾਲੀਨਤਾ ਨਾਲ ਮੈਂ ਇਕ ਦਿਨ ਜਮੀਲ ਦੀ ਅੰਮਾ ਨੂੰ ਇਕ ਧੂੜ ਭਰੀ ਦੁਪਹਿਰੇ ਸਮਝਾਇਆ ਸੀ, ਵੇਖ! ਜਮੀਲ ਨੇ ਤਾਂ ਦੇਰ ਸਵੇਰ ਇਕ ਦਿਨ ਮਰਨਾ ਹੀ ਹੈ, ਪਰ ਤੂੰ ਚਾਹੇਂ ਤਾਂ ਬਾਕੀ ਤਿੰਨ ਬੱਚਿਆਂ ਦੀ ਤਬਾਹੀ ਬਚਾ ਸਕਦੀ ਏਂ। ਹਮੀਦ ਲਗਪਗ ਪਾਗਲ ਹੋ ਚੁੱਕਾ ਹੈ। ਹਸਨ (ਜਮੀਲ ਦਾ ਛੋਟਾ ਭਰਾ) ਦੀ ਛਾਤੀ ਦੀਆਂ ਹੱਡੀਆਂ ਨਿਕਲ ਆਈਆਂ ਹਨ ਅਤੇ ਰੁਬੀਨਾ ਨੂੰ ਵੇਖ ਕੇ ਤਾਂ ਲੱਗਦਾ ਹੈ ਜਿਵੇਂ ਵਰ੍ਹਿਆਂ ਤੋਂ ਬਿਮਾਰ ਹੋਵੇ। ਕਿਤੇ ਇੰਝ ਨਾ ਹੋਵੇ ਕਿ ਜਮੀਲ ਵੀ ਨਾ ਬਚੇ ਅਤੇ ਬਾਕੀ ਬੱਚੇ ਵੀ ਜਿਊਣ ਦੇ ਕਾਬਲ ਨਾ ਰਹਿਣ।
ਨਹੀਂ, ਖੁਦਾ ਰਹਿਮ ਕਰੇ, ਉਸ ਨੇ ਆਪਣੇ ਕੰਨਾਂ ਨੂੰ ਹਥੇਲੀਆਂ ਨਾਲ ਢੱਕ ਲਿਆ ਤੇ ਕਮਜੋ਼ਰ ਜੜ੍ਹਾਂ ਵਾਲੇ ਬੂਟੇ ਵਾਂਗ ਕੰਬਣ ਲੱਗੀ। ਜੇ ਰੁਬੀਨਾ ਨੇ ਉਸ ਨੂੰ ਆਸਰਾ ਨਾ ਦਿੱਤਾ ਹੁੰਦਾ ਤਾਂ ਡਿੱਗ ਪੈਂਦੀ।
ਬਹਰਹਾਲ ਮੇਰਾ ਨਿਸ਼ਾਨਾ ਟਿਕਾਣੇ ਤੇ ਲੱਗਾ ਸੀ। ਪਰਿਵਾਰ ਹਰ ਪਲ ਟੁੱਟ ਰਿਹਾ ਸੀ। ਬੁੱਢੇ ਹਰ ਪਲ ਢਹਿ ਰਹੇ ਸਨ। ਮਾਨਵੀ ਹਲਚਲ ਹਰ ਪਲ ਕਮਜੋ਼ਰ ਹੋ ਰਹੀ ਸੀ। ਬੱਚੇ ਤੇਜ਼ੀ ਨਾਲ ਜਿ਼ੰਦਗੀ ਤੋਂ ਡਰੇ ਚੂਹੇ 'ਚ ਤਬਦੀਲ ਹੋਈ ਜਾ ਰਹੇ ਸਨ। ਜਮੀਲ ਦੀ ਮਾਂ ਟੁੱਟ ਕੇ ਟੁੱਕੜੇ-ਟੁੱਕੜੇ ਹੋਈ ਜਾ ਰਹੀ ਸੀ। ਇਕ ਟੁੱਕੜਾ ਜਮੀਲ ਦੇ ਬਾਰੇ ਸੋਚਦਾ ਤਾਂ ਦੂਸਰਾ ਬਚੇ ਹੋਏ ਪਰਿਵਾਰ ਦੇ ਲਈ।
ਅਤੇ ਇਕ ਦੁਪਹਿਰ ਕਮਾਲ ਹੀ ਹੋ ਗਈ। ਸਾਲ ਬੀਤਦੇ ਬੀਤਦੇ ਸਰੋਵਰ ਦਾ ਸਾਰਾ ਪਾਣੀ ਸੁੱਕ ਗਿਆ। ਹਵਾਵਾਂ ਰੁਕ ਗਈਆਂ। ਸਾਰੇ ਅਹਿਸਾਸ ਮਰ ਗਏ। ਜਿ਼ੱਲਤ, ਡਰ, ਸਤਾ, ਤਸੀਹਿਆਂ ਦੀ ਨੋਕ ਤੇ ਟੰਗਿਆ ਉਹ ਪਰਿਵਾਰ ਪੂਰੀ ਤਰ੍ਹਾਂ ਢਹਿ ਗਿਆ।
ਸ਼ਾਇਦ ਧਰਤੀ ਵੀ ਆਪਣੇ ਧੁਰੇ ਤੇ ਘੁੰਮਦੀ ਹੋਈ ਕੁਝ ਪਲਾਂ ਲਈ ਆਹਤ ਅਚੰਭੇ 'ਚ ਠਹਿਰੀ ਹੋਵੇਗੀ, ਸ਼ਾਇਦ ਘੁਮਿਆਰ ਦਾ ਚੱਕ ਵੀ ਉਸ ਪਲ ਘੁੰਮਦਾ-ਘੁੰਮਦਾ ਰੁਕ ਗਿਆ ਹੋਵੇਗਾ। ਜਦ ਜਿਊਣ ਦੀ ਲਲਕ 'ਚ, ਜਿਊਣ ਦੀ ਆਖਰੀ ਕੋਸਿ਼ਸ਼ ਦੇ ਰੂਪ ਵਿਚ ਇਕ ਰਚਨਹਾਰੇ ਨੂੰ ਆਪਣੀ ਮਮਤਾ ਦੇ ਕਣ-ਕਣ 'ਚ ਸੰਵਾਰੀ ਆਪਣੀ ਹੀ ਰਚਨਾ ਦਾ ਗਲਾ ਘੁੱਟ ਦੇਣ ਦਾ ਨਿਰਣਾ ਲੈਣਾ ਪਿਆ ਹੋਵੇਗਾ। ਜਦ ਇਕ ਕਾਮਯਾਬ ਸ਼ਾਮ ਨੂੰ ਜਮੀਲ ਦੀ ਅੰਮਾਂ ਨੇ ਅੱਖਾਂ 'ਚ ਜਲ ਅਤੇ ਹਿਰਦੇ 'ਚ ਅਸਹਿ ਅੱਗ ਲਈ ਸਾਨੂੰ ਦਸਿਆ ਕਿ ਜਮੀਲ ਕਲ੍ਹ ਸਾਨੂੰ ਮਿਲਣ ਆ ਰਿਹਾ ਹੈ।
ਕੀ? ਕੌਣ? ਜਮੀਲ? ਗੈਰ ਯਕੀਨਨ?
ਮੰੈਂ ਹੈਰਾਨ? ਗਦਗਦ? ਮੇਰੇ ਨਾਲ ਆਏ ਚਾਰੇ ਲਾਂਸਨਾਇਕਾਂ ਅਤੇ ਨਾਇਕਾਂ ਦੀ ਅੱਖਾਂ ਸਰਚਲਾਈਟ ਵਾਂਗ ਚਮਕੀਆਂ। ਚਿਹਰੇ ਤੇ ਸੌ-ਸੌ ਗੁਲਾਬ ਖਿੜ ਗਏ।
ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਨੂੰ ਇਸ ਇਤਲਾਹ ਬਦਲੇ ਕੀ ਕਹਾਂ। ਮੈਂ ਇਨਸਾਨੀਅਤ ਦੀ ਸਭ ਤੋਂ ਹੇਠਲੀ ਪੌੜੀ ਤੇ ਖੜਾ ਸਾਂ। ਉਹ ਬੇਬਸੀ ਅਤੇ ਤਸੀਹਿਆਂ ਦੀ ਟੀਸੀ ਤੇ ਖੜੀ ਆਪਣੇ ਬਾਕੀ ਤਿੰਨਾਂ ਬੱਚਿਆਂ ਨੂੰ ਬਚਾਉਣ ਦੀ ਸਿਰਤੋੜ ਮੁਹਿੰਮ 'ਚ ਆਪਣੇ ਹੀ ਹੱਥੀਂ ਆਪਣੀ ਮਮਤਾ ਦਾ ਗਲ੍ਹ ਘੁੱਟ ਰਹੀ ਸੀ।
ਤਾਂ ਜਮੀਲ ਕਲ੍ਹ ਆ ਰਿਹਾ ਹੈ ਤੈਨੂੰ ਮਿਲਣ? ਮੈਂ ਜਿਵੇਂ ਪੂਰੀ ਤਰ੍ਹਾਂ ਬੇਫਿਕਰ ਹੋ ਜਾਣਾ ਚਾਹੁੰਦਾ ਸਾਂ।
ਉਸ ਨੇ ਧੋਣ ਹਿਲਾਈ ਤੇ ਗੋਡਿਆਂ 'ਚ ਦੇ ਕੇ ਰੋਣ ਲੱਗੀ। ਉਸ ਦੇ ਤਿੰਨੇ ਬੱਚੇ ਉਸ ਨੂੰ ਚਿੰਬੜ ਕੇ ਸੁਬਕਣ ਲੱਗੇ। ਜਮੀਲ ਦਾ ਅੱਬੂ ਦੁੱਖ ਦੇ ਆਵੇਗ ਨੂੰ ਨਾ ਸਹਿੰਦਾ ਹੋਇਆ ਸਾਹ ਫੁੱਲ ਜਾਣ ਕਰਕੇ ਆਪਣੀ ਛਾਤੀ ਮਲਣ ਲੱਗਾ। ਘਰ ਵਿਚ ਹਵਾ ਜਿਵੇਂ ਰੁਕ ਗਈ ਹੋਵੇ। ਘਰ 'ਚ ਮੌਤ ਦੀ ਬਦਬੂ ਭਰ ਗਈ ਸੀ ਪਰ ਅਸੀਂ ਸਾਰੇ ਚਹਿਕ ਰਹੇ ਸਾਂ।
ਪੂਰੇ ਸਾਲ ਭਰ ਦੀ ਮੁਸ਼ੱਕਤ ਦੇ ਬਾਅਦ ਸਾਨੂੰ ਸਫਲਤਾ ਮਿਲੀ ਸੀ। ਇਕ ਸਫਲ ਅਪਰੇਸ਼ਨ ਸਾਡੇ ਖਾਤੇ 'ਚ ਆਉਣ ਵਾਲਾ ਸੀ।
ਬਾਈ ਘੰਟੇ। ਪੂਰੇ ਬਾਈ ਘੰਟੇ ਸਨ ਸਾਡੇ ਕੋਲ ਮੌਤ ਦੀ ਉਡੀਕ ਵਿਚ। ਰਾਤ ਦੇ ਡਰਾਉਣੇ ਸੰਨਾਟੇ ਵਿਚ ਅਸਾਂ ਉਸ ਦੇ ਘਰ ਦੇ ਆਸਪਾਸ ਪੂਰੀ ਘੇਰਾਬੰਦੀ ਕਰ ਲਈ। ਅਸੀਂ ਜਾਣਦੇ ਸਾਂ ਕਿ ਜਮੀਲ ਰਾਤ ਦੇ ਹਨੇਰੇ ਵਿਚ ਹੀ ਆਵੇਗਾ। ਦੋ ਸੌ ਮੀਟਰ ਦੀ ਦੂਰੀ ਤੇ ਅਸੀਂ ਐੱਚ. ਐੱਚ. ਟੀ. ਆਈ. (ਇਕ ਕੀਮਤੀ ਕੈਮਰਾ ਜੋ ਰਾਤ ਦੇ ਹਨੇਰੇ ਵਿਚ ਵੀ ਇਕ ਕਿਲੋਮੀਟਰ ਤਕ ਵੇਖ ਸਕਦਾ ਸੀ। ਪੀ. ਐਨ. ਵੀ. ਜੀ. (ਹਨੇਰੀ ਰਾਤ ਵਿਚ ਤਿੰਨ ਕਿਲੋਮੀਟਰ ਤਕ ਵੇਖਣ ਵਾਲੀ ਐਨਕ), ਹੈਂਡ ਗਰਨੇਡ, ਰਾਕਟ ਲਾਂਚਰ, ਏ. ਕੇ.-47, ਨਾਲ ਅਸੀਂ ਆਪਣੀ ਪੁਜੀਸ਼ਨ ਲਈ ਹਨੇਰੇ 'ਚ ਲੁਕੇ ਰਹੇ ਅਤੇ ਉਸ ਦੇ ਘਰ ਤੇ ਫੋਕਸ ਕਰੀ ਬੈਠੇ ਰਹੇ।
ਠੀਕ ਠੰਢੀ ਰਾਤ ਤੇ ਕੰਬਦੇ ਹਨੇਰੇ ਵਿਚ ਘਰ ਦਾ ਸ਼ਹਿਜਾਦਾ ਲੁਕਦਾ-ਛੁਪਦਾ ਘਰ 'ਚ ਵੜਿਆ।
ਅਸਾਂ ਉਸ ਨੂੰ ਜਾਣ ਦਿੱਤਾ।
ਪੂਰੀ ਰਾਤ ਅਸੀਂ ਘੇਰਾ ਪਾਈ ਬੈਠੇ ਰਹੇ। ਐਚ. ਐਚ. ਟੀ. ਆਈ. ਨਾਲ ਉਸ ਦੀ ਨਿਗਰਾਨੀ ਕਰਦੇ ਰਹੇ। ਅਸੀਂ ਚਾਹੁੰਦੇ ਸਾਂ ਕਿ 'ਕੋਲੇਟਰਲ ਡੈਮੇਜ' ਘੱਟ ਤੋਂ ਘੱਟ ਹੋਵੇ, ਯਾਨੀ ਸਿਰਫ ਜਮੀਲ ਹੀ ਗੋਲੀ ਦਾ ਨਿਸ਼ਾਨਾ ਬਣੇ, ਇਕ ਵੀ ਸਿਵਲੀਅਨ ਸਾਡੇ ਘੇਰੇ 'ਚ ਨਾ ਆਵੇ ਅਤੇ ਜਿੱਥੋਂ ਤਕ ਸੰਭਵ ਹੋਵੇ ਉਹਨਾਂ ਦੇ ਘਰ ਨੂੰ ਨਾ ਢਾਹਿਆ ਜਾਵੇ। ਪਿੱਛਲੇ ਇਕ ਅਪਰੇਸ਼ਨ ਦੌਰਾਨ ਅਸਾਂ ਥੋੜ੍ਹੀ ਜਲਦਬਾਜ਼ੀ ਕੀਤੀ ਸੀ। ਅਸਾਂ ਆਸੇ ਪਾਸੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਸੀ ਅਤੇ ਜਿਸ ਘਰ ਵਿਚ ਮਿਲੀਟੈਂਟ ਲੁਕਿਆ ਸੀ ਉਸ ਨੂੰ ਰਾਕੇਟ ਲਾਂਚਰ ਨਾਲ ਉਡਾ ਦਿੱਤਾ ਸੀ। ਬਾਅਦ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਡੇ ਤੇ ਕੇਸ ਠੋਕ ਦਿੱਤਾ ਕਿ ਜਦ ਅਸੀਂ ਉਸ ਘਰ ਨੂੰ ਢਾਹੁਣ ਤੋਂ ਬਚਾ ਸਕਦੇ ਸਾਂ ਤਾਂ ਅਸੀਂ ਉਸ ਨੂੰ ਢਹਿਣ ਤੋਂ ਕਿਉਂ ਨਹੀਂ ਬਚਾਇਆ?
ਇਸ ਵਾਰ ਅਸੀਂ ਜਲਦਬਾਜ਼ੀ ਨਹੀਂ ਕਰਨੀ ਚਾਹੁੰਦੇ ਸਾਂ।
ਅਸਾਂ ਪੂਰੇ ਧੀਰਜ ਤੋਂ ਕੰਮ ਲਿਆ।
ਦੂਸਰੇ ਦਿਨ ਵੀ ਅਸੀਂ ਡੇਰਾ ਲਾਈ ਬੈਠੇ ਰਹੇ। ਉਸ ਤੇ ਨਜ਼ਰਾਂ ਗੱਡੀ। ਦੂਜੀ ਰਾਤ ਵੀ ਨਿਕਲ ਗਈ।
ਤੀਸਰੇ ਦਿਨ ਦੁਪਹਿਰ ਨੂੰ ਸਾਡੀ ਆਸ ਤੋਂ ਉਲਟ ਜਮੀਲ ਨੇ ਮੂਰਖਤਾ ਕੀਤੀ। ਮਰਦ ਕਲੰਦਰ ਦੀ ਤਰ੍ਹਾਂ ਖਤਰੇ ਨੂੰ ਜਾਚਣ ਲਈ ਉਹ ਮਿੰਟ ਭਰ ਲਈ ਬਾਹਰ ਨਿਕਲਿਆ। ਅਸਾਂ ਪਹਿਲਾ ਫਾਇਰ ਕੀਤਾ, ਉਹ ਤੁਰੰਤ ਅੰਦਰ ਜਾ ਵੜਿਆ।
ਬਸ ਉਸ ਦੇ ਬਾਅਦ ਫੋਜੀ ਭਾਸ਼ਾ ਵਿਚ ਉਸ ਨਾਲ ਸਾਡਾ 'ਡੂਏਲ ਕਾਂਟੇਕਟ' ਹੋ ਗਿਆ ਯਾਨੀ ਹੁਣ ਉਹ ਤੇ ਅਸੀ ਆਹਮਣੇ-ਸਾਹਮਣੇ ਸਾਂ। ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਹੁਣ ਘਿਰ ਗਿਆ ਹੈ।
ਹੁਣ ਮੌਤ ਦੀ ਉਡੀਕ ਬੜੀ ਸ਼ਾਂਤੀ ਅਤੇ ਠੀਕ ਢੰਗ ਨਾਲ ਹੋਈ। ਆਸਪਾਸ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ। ਇਕ-ਇਕ ਕਰਕੇ ਘਰ ਦੇ ਲੋਕਾਂ ਦੀ ਸ਼ਨਾਖਤ ਕਰਵਾ ਕੇ ਉਹਨਾਂ ਨੂੰ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ। ਜਮੀਲ ਦੀ ਤਸਵੀਰ ਸਾਡੇ ਕੋਲ ਸੀ ਇਸ ਲਈ ਉਸ ਦੀ ਸੰਭਾਵਨਾ ਘੱਟ ਸੀ ਕਿ ਉਹ ਆਪਣੇ ਹਥਿਆਰ ਲੁਕਾ ਕੇ ਲੋਕਾਂ ਦੇ ਨਾਲ ਬਾਹਰ ਨਿਕਲ ਆਵੇ।
ਹੁਣ ਆਸੇ-ਪਾਸੇ ਸਭ ਕੁਝ ਖਾਲੀ ਸੀ ਸੁਪਨੇ-ਵਿਹੁਣਾ।
ਤਿਕੋਨੇ ਝੌਂਪੜੀਨੁਮਾ ਘਰ ਵਿਚ ਜਮੀਲ ਸੀ ਅਤੇ ਉਸ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਅਸੀਂ। ਉਹ ਘਰ 'ਚ ਵੜਿਆ ਰਿਹਾ ਤੇ ਅਸੀਂ ਬਾਹਰ ਡਟੇ ਰਹੇ।
ਉਹ ਇਕੱਲਾ ਸੀ ਤੇ ਅਸੀਂ ਪੂਰੀ ਯੁਨਿਟ ਦੇ ਨਾਲ। ਫਿਰ ਇਕ ਰਾਤ ਬੀਤੀ, ਸਫੇਦ ਰਾਤ ਅਤੇ ਪੂਰੇ ਚੌਦਾਂ ਘੰਟੇ, ਚੌਵੀ ਮਿੰਟ ਦੇ ਬਾਅਦ ਉਹ ਫਿਰ ਬਾਹਰ ਝਾਕਿਆ। ਉਹਦੇ ਸੰਭਲਦਿਆਂ ਸੰਭਲਦਿਆਂ ਛੱਤ ਤੇ ਬੈਠੇ ਸਾਡੇ ਜਵਾਨਾਂ ਨੇ ਫਾਇਰ ਕੀਤਾ। ਗੋਲੀ ਮੱਥੇ ਤੇ ਲੱਗੀ ਤੇ ਵੇਖਦਿਆਂ ਹੀ ਵੇਖਦਿਆਂ ਕੁਲਦੀਪਕ ਬੁੱਝ ਗਿਆ।
ਛਾਲਾਂ ਮਾਰਦਾ ਸਮੁੰਦਰ ਜ਼ਮੀਨ ਤੇ ਲੇਟ ਗਿਆ।
ਇਕ ਹਿੰਮਤੀ ਜੀਵਨ ਦਾ ਦੁੱਖ ਭਰਿਆ ਬੇਵਕਤੀ ਅੰਤ। ਸਾਡੀ ਸਾਰੀ ਯੁਨਿਟ ਖੁਸ਼ ਸੀ ਕਿ ਬਿਨਾਂ 'ਕੋਲੇਟਰਲ ਡੈਮੇਜ' ਦੇ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਗਏ ਹਾਂ।
ਬੜੀ ਸ਼ਰਾਫਤ ਅਤੇ ਆਦਰ ਨਾਲ ਅਸਾਂ ਜਮੀਲ ਦੀ ਮ੍ਰਿਤਕ ਦੇਹ ਨੂੰ ਨੌਂ ਫੁੱਟ ਲੰਮੇ ਲੋਹੇ ਦੀ ਹੁਕ ਵਾਲੇ ਇਕ ਸਰੀਏ ਨਾਲ ਖਿੱਚਿਆ। ਕਈ ਵਾਰ ਅੱਤਵਾਦੀ ਆਪਣੇ ਸਰੀਰ ਤੇ ਗਰਨੇਡ ਵਗੈਰਾ ਬੰਨ੍ਹ ਲੈਂਦੇ ਹਨ ਜਿਵੇਂ ਹੀ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਗਰਨੇਡ ਫਟ ਕੇ ਜਵਾਨ ਨੂੰ ਉਡਾ ਦੇਂਦਾ ਹੈ। ਜਿ਼ੰਦਗੀ ਖਤਮ ਹੋ ਜਾਂਦੀ ਹੈ ਪਰ ਮਿਲਟਰੀ ਤੇ ਮਿਲੀਟੈਂਟ ਦੀ ਨਫਰਤ ਜਿਊਂਦੀ ਰਹਿੰਦੀ ਹੈ।
ਬਾਸੀ ਚੌਲਾਂ ਵਰਗੇ ਸਫੇਦ ਚਿਹਰੇ ਤੇ ਥਾਂ-ਥਾਂ ਤਾਜੇ਼ ਖੁਨ ਦੀਆਂ ਧਾਰੀਆਂ ਪਈਆਂ ਸਨ। ਬੜੀ ਸ਼ਰਾਫਤ ਅਤੇ ਤਰੀਕੇ ਦੇ ਨਾਲ ਅਸਾਂ ਲਾਸ਼ ਨੂੰ ਸਫੇਦ ਚਾਦਰ 'ਚ ਲਪੇਟ ਪੁਲੀਸ ਦੇ ਹਵਾਲੇ ਕਰ ਦਿੱਤਾ ਜਿਸ ਨੂੰ ਬਾਅਦ ਵਿਚ ਕਾਨੂੰਨੀ ਖਾਨਾਪੂਰੀ ਕਰ ਪੁਲੀਸ ਨੇ ਉਸ ਦੇ ਪਰਿਵਾਰ ਦੇ ਸਪੁਰਦ ਕਰ ਦਿੱਤਾ।
ਪਤਾ ਨਹੀਂ ਜਮੀਲ ਨੂੰ ਮਾਰ ਕੇ ਮੈਂ ਭਾਰਤ ਦੇ ਭਵਿੱਖ ਨੂੰ ਕਿੰਨਾ ਕੁ ਸੁਰੱਖਿਅਤ ਕੀਤਾ, ਪਰ ਇਸ ਅਪਰੇਸ਼ਨ ਨੇ ਮੈਨੂੰ ਕੁਝ ਦਿਨਾਂ ਲਈ ਆਪਣੀ ਯੁਨਿਟ 'ਚ ਹੀਰੋ ਬਣਾ ਦਿੱਤਾ ਸੀ। ਜਿਸ ਸਮੇਂ ਮੇਰੇ ਸਾਰੇ ਸੀਨੀਅਰ ਅਫਸਰ ਅਤੇ ਕੁਲੀਗ ਮੈਨੂੰ ਵਧਾਈਆਂ ਦੇ ਰਹੇ ਸਨ ਮੈਂ ਸੋਚ ਰਿਹਾ ਸਾਂ ਕਿ ਸਮੇਂ ਦੇ ਬੀਤਣ ਨਾਲ ਮੈਂ ਪਰਦੇ ਪਿੱਛੇ ਚਲੇ ਜਾਵਾਂਗਾ ਪਰ ਬਚੀਆਂ ਰਹਿ ਜਾਣਗੀਆਂ ਇਕ ਬੇਵਸ ਮਾਂ ਦੀਆਂ ਸਿਸਕੀਆਂ ਅਤੇ ਮੇਰੇ ਮਨ ਦੀ ਅਸ਼ਾਂਤੀ। ਅਤੇ ਸੱਚਮੁੱਚ, ਦਿਨ ਤਾਂ ਮੇਰਾ ਭੱਜਦੌੜ ਅਤੇ ਆਪਾਧਾਪੀ ਵਿਚ ਨਿਕਲ ਜਾਂਦਾ, ਰਾਤ ਦੀ ਖਾਮੋਸ਼ੀ 'ਚ ਉਦਾਸੀਆਂ ਮੈਨੂੰ ਬੋਚ ਲੈਂਦੀਆਂ ਅਤੇ ਮੇਰਾ ਮਨ ਇਕ ਅਸ਼ਾਂਤ ਸਮੁੰਦਰ ਬਣ ਜਾਂਦਾ। ਜਿੱਥੇ ਰਹਿ-ਰਹਿ ਕੇ ਮੇਰੀ ਮਾਨਸਿਕ ਸ਼ਾਂਤੀ ਅਤੇ ਸਕੂਨ ਨੂੰ ਤਾਰ-ਤਾਰ ਕਰਨ ਵਾਲੀਆਂ ਲਹਿਰਾਂ ਉੱਠਦੀਆਂ, ਜੋ ਮੈਨੂੰ ਅਤੀਤ ਅਤੇ ਯਾਦਾਂ ਦੇ ਘਾਟ ਤੇ ਲਿਜਾ ਸੁੱਟਦੀਆਂ। ਮੈਨੂੰ ਯਾਦ ਆਉਂਦਾ, ਜਦ ਮੈਂ ਪਹਿਲੀ ਵਾਰ ਕਸ਼ਮੀਰ ਦੀ ਹੱਦ 'ਚ ਪੈਰ ਪਾਇਆ ਸੀ ਤਾਂ ਧਰਤ ਦਾ ਇਹ ਟੁੱਕੜਾ ਮੈਨੂੰ ਐਨਾ ਸੋਹਣਾ, ਕੋਮਲ ਅਤੇ ਸੁਪਨਿਆਂ ਦਾ ਸਵਰਗ ਲੱਗਾ ਸੀ ਕਿ ਮੇਰੀਆਂ ਸਾਰੀਆਂ ਇੰਦਰੀਆਂ ਸੁਹੱਪਣ ਨਾਲ ਭਰ ਗਈਆਂ ਸਨ। ਪਰ ਢਾਈ ਸਾਲਾਂ ਵਿਚ ਹੀ ਇਸ ਸ਼ਹਿਰ ਨੇ ਮੈਨੂੰ ਹੱਤਿਆਰਾ ਬਣਾ ਕੇ ਮੇਰੀ ਅੰਤਰ-ਆਤਮਾ ਮੇਰੇ ਕੋਲੋਂ ਖੋਹ ਕੇ ਮੈਨੂੰ ਕੰਗਾਲ ਬਣਾ ਦਿੱਤਾ ਸੀ। ਹੁਣ ਮੇਰੀਆਂ ਇੰਦਰੀਆਂ ਵਿਚ ਸੁਹੱਪਣ ਨਹੀਂ, ਕਰੂਪਤਾ ਭਰ ਗਈ ਸੀ। ਮੇਰੀਆਂ ਗਿਆਨ ਇੰਦਰੀਆਂ ਨੂੰ ਹੁਣ ਪੱਤਿਆਂ ਦੀ ਸਰਸਰਾਹਟ, ਬੱਦਲਾਂ ਦੀ ਗੜਗੜਾਹਟ ਅਤੇ ਮੇਰੇ ਅੰਦਰ ਦੀ ਅਵਾਜ਼ ਨਹੀਂ ਸੁਣਦੀ, ਸੁਣਦੀ ਹੈ ਤਾਂ ਗੋਲੀਆਂ ਦੀ, ਚੀਕਾਂ ਦੀ, ਬੰਬਾਂ ਦੀ, ਦਿਲਾਂ ਦੇ ਟੁੱਟਣ ਦੀ, ਭਰੋਸਿਆਂ ਦੇ ਮਰਨ ਦੀ ਅਤੇ ਮਾਵਾਂ ਦੇ ਉਜੜਨ ਦੀਆਂ ਅਵਾਜ਼। ਮੇਰੀਆਂ ਅੱਖਾਂ ਹੁਣ ਪਹਾੜੀਆਂ, ਪਾਣੀਆਂ, ਕਸ਼ਮੀਰ ਦੇ ਗੁਲਾਬਾਂ ਅਤੇ ਦੂਧੀਆ ਬੱਦਲਾ ਦੇ ਸੁਹੱਪਣ ਨੂੰ ਨਹੀਂ ਵੇਖਦੀਆਂ ਕਿਉਂਕਿ ਉਹਨਾਂ ਅੱਖਾਂ ਵਿਚ ਰਹਿ ਰਹਿ ਕੇ ਕੁਝ ਹੋਰ ਹੀ ਸੀਨ ਆਉਂਦੇ ਹਨ, ਖੂਨ ਨਾਲ ਲਹੂ-ਲੁਹਾਨ ਜਮੀਲ ਦਾ ਚਿਹਰਾ, ਮਰੀ ਕੋਹੜ ਕਿਰਲੀ ਦੀ ਤਰ੍ਹਾਂ ਡਰ ਤੋਂ ਬਾਹਰ ਨਿਕਲੀ ਜਮੀਲ ਦੀ ਮਾਂ ਦੀਆਂ ਅੱਖਾਂ ਅਤੇ ਘਰਾਂ ਦੇ ਪਿੱਛੇ ਬਣੀਆਂ ਕਬਰਾਂ।
ਮੇਰੀਆਂ ਸੁੰਘਣ ਇੰਦ੍ਰੀਆਂ ਨੂੰ ਹੁਣ ਗੁਲਾਬਾਂ ਅਤੇ ਕੇਸਰ ਦੀ ਸੁਗੰਧ ਨਹੀਂ ਸਗੋਂ ਗੰਧਕ, ਬਰੂਦ ਅਤੇ ਸੜ੍ਹਦੇ ਹੋਏ ਇਨਸਾਨੀ ਮਾਸ ਦੀ ਗੰਦ ਦੀ ਆਦਤ ਪੈ ਗਈ ਸੀ। ਜੋ ਸ਼ਹਿਰ ਕਦੀ ਮੈਨੂੰ ਲਲਚਾਉਂਦਾ ਸੀ, ਸੁਪਨੇ ਜਗਾਉਂਦਾ ਸੀ, ਉਹੀ ਸ਼ਹਿਰ ਹੁਣ ਮੈਨੂੰ ਡਰਾਉਂਦਾ ਹੈ। ਮੇਰੀ ਮਾਨਸਿਕ ਹਾਲਤ ਦਿਨ ਪ੍ਰਤੀਦਿਨ ਕਿਰਦੀ ਜਾ ਰਹੀ ਸੀ। ਰਾਤ ਪੈਂਦੇ ਹੀ ਜਮੀਲ ਦੀ ਮੌਤ ਆਪਣੀਆਂ ਉਂਗਲੀਆਂ ਦੇ ਪੋਟਿਆਂ ਨਾਲ ਮੈਨੂੰ ਛੋਹਣ ਲੱਗਦੀ, ਮੇਰੀ ਨੀਂਦ ਖੁਲ੍ਹ ਜਾਂਦੀ। ਜ਼ਬਰਦਸਤੀ ਨੀਂਦ ਨੂੰ ਰਿਝਾਉਣ ਦੀ ਕੋਸਿ਼ਸ਼ ਕਰਦਾ ਤਾਂ ਬੁਰੇ ਸੁਪਨੇ ਪਿੱਛਾ ਨਾ ਛੱਡਦੇ। ਇਕ ਰਾਤ ਸੁਪਨਾ ਵੇਖਿਆ ਕਿ ਜਮੀਲ ਦੀ ਮਾਂ ਮੈਨੂੰ ਕਹਿ ਰਹੀ ਹੈ, ਘਰ ਆਏ ਤੇ ਗੋਦ 'ਚ ਬੈਠੇ ਮੇਰੇ ਪੁੱਤ ਨੂੰ ਮਾਰ ਕੇ ਤੂੰ ਕਿਹੜੀ ਬਹਾਦਰੀ ਕੀਤੀ ਹੈ? ਸੱਚ, ਅਸਾਂ ਜਮੀਲ ਨੂੰ ਬਹਾਦਰੀ ਨਾਲ ਨਹੀਂ, ਉਸ ਪਰਿਵਾਰ ਤੇ ਗੈਰ-ਮਨੁੱਖੀ ਤਸ਼ੱਦਦ ਢਾਅ ਕੇ ਮਾਰਿਆ ਸੀ। ਸਾਡੀ ਬਹਾਦਰੀ ਸਿਰਫ ਐਨੀ ਸੀ ਕਿ ਅਸਾਂ ਮਾਂ ਤੋਂ ਉਸ ਦੀ ਮਮਤਾ ਨੂੰ ਖੋਹ ਲਿਆ ਸੀ।
ਹਫਤੇ ਭਰ ਬਾਅਦ ਹੀ ਗੁੰਡ 'ਚ ਗਸ਼ਤ ਕਰਦੇ ਹੋਏ ਮੈਂ ਫਿਰ ਉਹਨਾਂ ਦੇ ਘਰ ਗਿਆ, ਸ਼ਾਇਦ ਇਹ ਵੇਖਣ ਲਈ ਕਿ ਜਿ਼ੰਦਗੀ ਉੱਠ ਕੇ ਖੜੀ ਹੋਈ ਸੀ ਜਾਂ ਨਹੀਂ; ਜਾਂ ਸ਼ਾਇਦ ਇਹ ਜਾਣਨ ਲਈ ਕਿ ਉਸ ਘਰ ਵਿਚ ਹੁਣ ਕੀ ਬਚਿਆ ਸੀ।
ਉਸ ਦਿਨ ਵੀ ਉਹ ਇਕੱਲੀ ਸੀ। ਮਨ ਤੋਂ, ਦੇਹ ਤੋਂ, ਆਤਮਾ ਤੋਂ ਤੇ ਆਲੇ ਦੁਆਲੇ ਜਿਵੇਂ ਪਛਤਾਵਾ, ਆਤਮ-ਗਿਲਾਨੀ, ਹਤਾਸ਼ਾ, ਦੁੱਖ ਅਤੇ ਬੇਚੈਨੀਆਂ, ਵਣਜਾਰਿਆਂ ਦੀ ਤਰ੍ਹਾਂ ਭਟਕ ਰਹੀਆਂ ਸਨ। ਮੈਨੂੰ ਵੇਖ ਸ਼ਾਇਦ ਉਹਦਾ ਚਿਹਰਾ ਪਲ ਭਰ ਲਈ ਤਮਤਮਾਇਆ, ਪਰ ਮੈਂ ਅੱਖਾਂ ਝੁਕਾ ਲਈਆਂ। ਥੋੜ੍ਹੀ ਦੇਰ ਬਾਅਦ ਲੱਗਾ ਉਹ ਕੁਝ ਬੁੜਬੁੜਾ ਰਹੀ ਹੈ, ਮੈਂ ਧਿਆਨ ਨਾਲ ਸੁਣਿਆ। ਉਹ ਸ਼ਾਇਦ ਮੈਨੂੰ ਹੀ ਪੁੱਛ ਰਹੀ ਸੀ, ਵਾਰੇ ਛੁਕ? (ਕਿਵੇਂ ਹੋ?) ਮੈਂ ਚੁੱਪ ਰਿਹਾ, ਕੀ ਜਵਾਬ ਦੇਂਦਾ। ਸਾਂ-ਸਾਂ ਕਰਦੇ ਖੰਡਰਾਂ 'ਚ ਖੰਡਰ ਬਣੀ ਉਸ ਬੇਚੈਨ ਆਤਮਾ ਨੂੰ ਵੇਖਦਾ ਰਿਹਾ। ਪਤਾ ਨਹੀਂ ਕਿੱਥੋਂ-ਕਿੱਥੋਂ ਦੇ ਦੁੱਖ ਇਤਿਹਾਸ 'ਚੋਂ ਨਿਕਲ ਕੇ ਮੇਰੇ ਅੰਦਰ ਇਕੱਠੇ ਹੋਣ ਲੱਗੇ। ਮਾਨਵੀ ਸਭਿਅਤਾ ਦਾ ਉਹ ਕਾਲਾ ਸਫਾ ਹੁਣ ਸਦੀਆਂ ਤੋਂ ਗੁਲਾਬ ਬਣੀਆਂ ਨੀਗਰੋ ਮਾਵਾਂ ਨੇ ਆਪੇ ਹੀ ਆਪਣੇ ਨਵਜੰਮੇ ਬੱਚਿਆਂ ਨੂੰ ਮਾਰ ਸੁੱਟਿਆ ਕਿ ਉਹਨਾਂ ਨੂੰ ਗੁਲਾਮੀ ਦੀ ਜਿ਼ੰਦਗੀ ਨਾ ਜਿਊਣੀ ਪਵੇ। ਸਮਾਂ ਬਦਲਿਆ ਪਰ ਮਨੁੱਖੀ ਹੋਣੀ, ਮਨੁੱਖੀ ਤਰਾਸਦੀ ਅਜੇ ਵੀ ਉੱਥੇ ਦੀ ਉੱਥੇ ਹੈ। ਵਿਚਾਰਾਂ ਦੇ ਵਹਿਣ ਵਿਚ ਨੂੰ ਵਹਿੰਦਾ ਜਾ ਰਿਹਾ ਸਾਂ ਕਿ ਲੱਗਾ ਕਿ ਉਹ ਫਿਰ ਕੁਝ ਕਹਿ ਰਹੀ ਹੈ। ਹਫਦੀ, ਹਫਦੀ ਉਹ ਜੋ ਕੁਝ ਬੋਲੀ ਉਸ ਦਾ ਭਾਵ ਸੀ ਕਿ ਹੁਣ ਤਾਂ ਤੂੰ ਖੁਸ਼ ਹੋਵੇਂਗਾ, ਕਸ਼ਮੀਰ 'ਚ ਵੀ ਖੁਸ਼ਹਾਲੀ ਹੋਵੇਗੀ ਕਿਉਂਕਿ ਹੁਣ ਮੇਰਾ ਜਮੀਲ ਜੁ ਮਰ ਗਿਆ ਹੈ। ਬੋਲਦੀ ਬੋਲਦੀ ਉਹ ਫਿਰ ਰੁਕ ਗਈ। ਧੋਣ ਹਿਲਾ-ਹਿਲਾ ਕੇ ਕਹਿਣ ਲੱਗੀ, ਨਹੀਂ, ਮਰਿਆ ਨਹੀਂ, ਮੈਂ ਉਸ ਨੂੰ ਮਰਵਾ ਦਿੱਤਾ ਹੈ। ਉਹ ਤਾਂ ਆਪਣੇ ਘਰ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ ਮੈਂ... ਬੋਲਦਿਆਂ-ਬੋਲਦਿਆਂ ਉਸ ਨੂੰ ਦੌਰਾ ਪੈ ਗਿਆ ਤੇ ਉਹ ਬੇਸੁਰਤੀ 'ਚ ਚੀਕ-ਚੀਕ ਕੇ ਰੋਣ ਲੱਗੀ। ਕਲੇਜਾ ਪਾੜ ਕੇ ਨਿਕਲਿਆ ਸੀ ਉਸ ਦਾ ਰੋਣ। ਉਹਨੂੰ ਸ਼ਾਂਤ ਹੋਣ 'ਚ ਕਾਫੀ ਸਮਾਂ ਲੱਗਾ। ਫਿਰ ਉਸ ਨੇ ਇਕ ਡੂੰਘਾ ਹਉਕਾ ਲਿਆ।
ਮੈਂ ਅੰਦਰ ਤਕ ਹਿਲ ਗਿਆ। ਉਸ ਦੇ ਅੰਦਰੋਂ ਜਿਵੇਂ ਸਦੀਆਂ ਦਾ ਦੁੱਖ ਬੋਲ ਰਿਹਾ ਸੀ। ਯਾਦ ਆਇਆ ਕਿ ਮੈਂ ਹੀ ਉਸ ਨੂੰ ਵਾਰ-ਵਾਰ ਕਿਹਾ ਸੀ ਕਿ ਜਮੀਲ ਕਸ਼ਮੀਰ ਦੀ ਸ਼ਾਂਤੀ ਲਈ ਬੜਾ ਵੱਡਾ ਖਤਰਾ ਹੈ।
ਕਾਫੀ ਦੇਰ ਤਕ ਇਕ ਚੁੱਪ ਸਾਡੇ ਵਿਚਕਾਰ ਪਸਰੀ ਰਹੀ। ਮੈਂ ਚਾਹੁੰਦਾ ਹੋਇਆ ਵੀ ਬੋਲ ਨਹੀਂ ਸਕਿਆ। ਸ਼ਬਦ ਘੁੱਟਦੇ ਰਹੇ, ਮਰਦੇ ਰਹੇ। ਆਪਣੇ ਸਮੇਂ ਦੇ ਯਥਾਰਥ ਤੋਂ ਹਾਰੇ ਅਸੀਂ ਦੋਵੇਂ ਖਾਮੋਸ਼ੀ 'ਚ ਲਿਪਟੇ ਆਪਣੇ ਜਿਊਣ ਅਤੇ ਹੋਣ ਦਾ ਤਰਕ ਲੱਭ ਰਹੇ ਸਾਂ।
ਮੈਂ ਤਿਰਛੀ ਨਜ਼ਰੇ ਉਹਦੇ ਵਲ ਵੇਖਿਆ, ਹਫਤੇ ਭਰ 'ਚ ਹੀ ਉਹ ਬਹੁਤ ਬੁੱਢੀ ਲੱਗਣ ਲੱਗੀ ਸੀ। ਉਹਦੀ ਉਮਰ ਚਾਲੀ ਦੀ ਸੀ ਪਰ ਉਸ ਦੇ ਅੱਧੇ ਤੋਂ ਜਿ਼ਆਦਾ ਬਾਲ ਸਫੇਦ ਹੋ ਗਏ ਸਨ। ਕੋਹੜ ਕਿਰਲੀ ਦੇ ਪੇਟ ਦੀ ਤਰ੍ਹਾਂ ਸਫੇਦ ਚਿਹਰੇ ਤੇ ਆਤਮਗਿਲਾਨੀ, ਪਛਤਾਵੇ ਅਤੇ ਉਦਾਸੀ ਦੀਆਂ ਛਾਹੀਆਂ ਉਸ ਦੇ ਚਿਹਰੇ ਤੇ ਉਗ ਆਈਆਂ ਸਨ।
ਮੈਂ ਇਕਦਮ ਚੌਂਕ ਗਿਆ। ਮੈਨੂੰ ਉੱਥੇ ਹੀ ਛੱਡ ਉਹ ਉੱਠੀ ਅਤੇ ਹੌਲੀ-ਹੌਲੀ ਘਰ ਦੇ ਕੋਨੇ 'ਚ ਪਈ ਮੰਜੀ ਤਕ ਗਈ। ਮੰਜੀ ਤੇ ਕੱਚ ਦਾ ਭਾਂਡਾ ਰੱਖਿਆ ਹੋਇਆ ਸੀ ਤੇ ਭਾਂਡੇ ਦੇ ਅੰਦਰ ਕੁਝ ਚਾਕਲੇਟ ਰੱਖੇ ਹੋਏ ਸਨ। ਉਹ ਉਹਨਾਂ ਨੂੰ ਵਾਰ-ਵਾਰ ਕੱਢਦੀ, ਉਹਨਾਂ ਤੇ ਹੱਥ ਫੇਰਦੀ, ਗਿਣਦੀ ਅਤੇ ਫਿਰ ਉਸੇ ਵਿਚ ਰੱਖ ਦੇਂਦੀ।
ਮੈਨੂੰ ਅਜੀਬ ਜਿਹਾ ਲੱਗਾ। ਇਸ ਮੁਰਦੇ ਘਰ ਵਿਚ ਚਾਕਲੇਟ?
ਨਿਹਾਇਤ ਮੁਲਾਇਮ ਲਹਿਜੇ ਨਾਲ ਮੈਂ ਪੁੱਛਿਆ, ਵਾਰ-ਵਾਰ ਕੀ ਗਿਣ ਰਹੀ ਏਂ।
ਗਿਣ ਨਹੀਂ ਰਹੀ, ਇਹਨਾਂ ਨੂੰ ਛੋਹ ਰਹੀ ਹਾਂ। ਲੱਗਾ ਜਿਵੇਂ ਅਵਾਜ਼ ਉਹਦੇ ਮੂੰਹ 'ਚੋਂ ਨਹੀਂ, ਕਿਸੇ ਡੂੰਘੀ ਹਨੇਰੀ ਬਾਉਲੀ 'ਚ ਆਈ ਹੋਵੇ।
ਕਿਉਂ?
ਇਹਨਾਂ ਨੂੰ ਜਮੀਲ ਨੇ ਛੋਹਿਆ ਹੈ। ਉਸ ਨੂੰ ਬਹੁਤ ਪਸੰਦ ਸਨ। ਪੂਰੇ ਦਸ ਸਨ ਤੈਨੂੰ ਉਸ ਦੇ ਆਉਣ ਦੀ ਖਬਰ ਦੇਣ ਦੇ ਬਾਅਦ ਹੀ ਮੈਂ ਇਹ ਚਾਕਲੇਟ ਬਾਜ਼ਾਰੋਂ ਉਧਾਰ ਲਿਆਈ ਸੀ। ਉਸ ਦੀਆਂ ਅੱਖਾਂ ਵਿਚ ਯਾਦਾਂ ਦੇ ਚਿਰਾਗ ਬਲ ਉੱਠੇ। ਬੁਲ੍ਹ ਕੰਬੇ। ਅੱਖਾਂ ਕਿਸੇ ਅਦ੍ਰਿਸ਼ ਨੂੰ ਵੇਖਣ ਲੱਗੀਆਂ। ਇਕ ਬੋਝਲ ਚੁੱਪ, ਮੇਰੀਆਂ ਅੱਖਾਂ ਵਿਚ ਫਿਰ ਉਹ ਦ੍ਰਿਸ਼ ਆ ਗਿਆ... ਚਾਦਰ 'ਚ ਲਪੇਟਿਆ ਮਾਂ ਦਾ ਲਾਡਲਾ ਜਮੀਲ।
ਕੀ ਜਮੀਲ ਨੇ ਖਾਧੇ? ਖੰਭ ਕੱਟੀ ਚਿੜੀ ਵਾਂਗ ਉਹ ਫੜਫੜਾਈ।
ਹਾਂ ਦੋ ਖਾਧੇ, ਪੂਰੇ ਦਸ ਸਨ, ਹੁਣ ਅੱਠ ਹਨ।
ਬਾਰੀ 'ਚ ਦਿੱਸਦੇ ਟੁੱਕੜੇ ਭਰ ਅਸਮਾਨ ਤੇ ਨਜ਼ਰ ਗੱਡੀ ਉਹ ਬੋਲਦੀ ਜਾ ਰਹੀ ਸੀ। ਉਹਦੀ ਅਵਾਜ਼ ਦਾ ਕਾਂਬਾ ਮੈਨੂੰ ਛੋਹ ਰਿਹਾ ਸੀ। ਲੱਗ ਰਿਹਾ ਸੀ ਜਿਵੇਂ ਉਸ ਮਰਦੇ ਹੋਏ ਘਰ ਵਿਚ ਬਸ ਇਕ ਹੀ ਚੀਜ਼ ਜਿੰਦਾ ਸੀ ਜਿਹੜੀ ਚਾਰੇ ਪਾਸੇ, ਫੜਫੜਾ ਰਹੀ ਹੈ, ਤਪਦੀ ਰੇਤ ਤੇ ਪਈ ਮੱਛੀ ਦੀ ਤਰ੍ਹਾਂ ਜਮੀਲ ਦੀ ਮੌਤ।
ਤੈਨੂੰ ਕਿਵੇਂ ਪਤਾ ਕਿ ਜਮੀਲ ਨੇ ਹੀ ਖਾਧੇ। ਹਮੀਦ ਅਤੇ ਰੁਬੀਨਾ ਵੀ ਤਾਂ ਖਾ ਸਕਦੇ ਹਨ। ਪਤਾ ਨਹੀਂ ਕਿਹੜੀ ਗੈਬੀ ਤਾਕਤ ਮੈਨੂੰ ਉਸ ਨੂੰ ਬੁਲਵਾ ਰਹੀ ਸੀ।
ਨਹੀਂ, ਅਤੇ ਉਹ ਇਕਦਮ ਹਿਚਕੀਆਂ ਲੈ ਕੇ ਰੋਣ ਲੱਗੀ। ਆਤਮਾ ਨੂੰ ਦਾਗਣ ਵਾਲਾ ਸੀ ਉਸ ਦਾ ਇਹ ਰੋਣ। ਉਹ ਕੰਬ ਰਹੀ ਸੀ ਅਤੇ ਲਾਹਨਤ ਉਸ ਦੀਆਂ ਅੱਖਾਂ 'ਚੋਂ ਨਮੂਦਾਰ ਹੋ ਉੱਠੀ। ਕਾਫੀ ਦੇਰ ਤਕ ਉਹ ਕੰਬਦੀ ਰਹੀ। ਸੁਬਕਦੀ ਰਹੀ। ਸ਼ਾਂਤ ਹੋਣ ਤੇ ਉਸ ਨੇ ਫਿਰ ਬੋਲਣ ਦੀ ਕੋਸਿ਼ਸ਼ ਕੀਤੀ। ਬਹੁਤ ਹੌਲੀ-ਹੌਲੀ, ਹਫਦੇ-ਹਫਦੇ ਸ਼ਬਦਾਂ ਨੂੰ ਜ਼ਬਰਦਸਤੀ ਬਾਹਰ ਕੱਢ ਰਹੀ ਸੀ ਜਿਵੇਂ ਬੋਲਣ 'ਚ ਬਹੁਤ ਤਕਲੀਫ ਹੋ ਰਹੀ ਹੋਵੇ।
ਨਹੀਂ ਹਮੀਦ, ਰੁਬੀਨਾ, ਹਸਨ ਕਿਸੇ ਨੇ ਵੀ ਨਹੀਂ ਖਾਧੇ। ਸਭ ਨੂੰ ਪਤਾ ਸੀ ਨਾ ਕਿ ਭਾਈ ਜਾਨ ਹੁਣ ਮਰੇ... ਬਾਅਦ ਦੇ ਸ਼ਬਦ ਉਹ ਬੋਲ ਨਹੀਂ ਸਕੀ। ਉਸ ਦੀ ਅਵਾਜ਼ ਕੰਬਦੀਆਂ ਸਿਸਕੀਆਂ 'ਚ ਗਵਾਚ ਗਈ ਸੀ।
ਮੁੜਦੇ ਸਮੇਂ ਵਕਤ ਵੇਖਿਆ, ਤੇਜ਼ ਹਵਾ ਨਾਲ ਰੁੱਖਾਂ ਦੇ ਪੱਤੇ ਝੜ ਕੇ ਚਿੜੀਆਂ ਦੀ ਤਰ੍ਹਾਂ ਹੇਠਾਂ ਡਿੱਗ ਰਹੇ ਸਨ। ਮਨ ਫੇਰ ਅਸ਼ੰਕਿਤ ਹੋ ੳੁੱਠਿਆ ਕਿਤੇ ਸਾਰੀਆਂ ਚਿੜੀਆਂ ਮਰ ਹੀ ਨਾ ਜਾਣ। ਸਾਨੂੰ ਜਲਦੀ ਹੀ ਕੁਝ ਕਰਨਾ ਹੋਵੇਗਾ। . ਅਜੋਕੇ ਸਿ਼ਲਾਲੇਖ ਦੇ ਅਪ੍ਰੈਲ-ਜੂਨ 2011 ਦੇ ਅੰਕ ਚੋਂ ਧੰਨਵਾਦ ਸਹਿਤ। ਸੰਪਰਕ: ਜੋਗਿੰਦਰ ਕੈਰੋਂ (js_kairon@yahoo.co.in)

 (ਅਨੁਵਾਦ: ਰਾਬਿੰਦਰ ਸਿੰਘ ਬਾਠ)

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346