|
(ਦਸੰਬਰ 1998 ਵਿੱਚ ਇੰਗਲੈਂਡ ਦੀ ਰਹਿਣ ਵਾਲੀ ਸੁਰਜੀਤ ਅਠਵਾਲ ਆਪਣੀ ਸੱਸ ਨਾਲ ਭਾਰਤ
ਨੂੰ ਗਈ ਅਤੇ ਮੁੜ ਕੇ ਵਾਪਸ ਨਹੀਂ ਆਈ। ਉੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਸੁਰਜੀਤ ਨੂੰ
ਕਤਲ ਕਰਵਾਉਣ ਪਿੱਛੇ ਉਸ ਦੇ ਪਤੀ ਅਤੇ ਸੱਸ ਦਾ ਹੱਥ ਸੀ। ਅਪ੍ਰੈਲ 2007 ਵਿੱਚ ਲੰਮੀ ਜਾਂਚ
ਅਤੇ ਮੁਕੱਦਮੇ ਤੋਂ ਬਾਅਦ ਸੁਰਜੀਤ ਦੇ ਪਤੀ ਸੁਖਦੇਵ ਅਠਵਾਲ ਅਤੇ ਸੱਸ ਬਚਨ ਕੌਰ ਅਠਵਾਲ ਨੂੰ
ਇੰਗਲੈਂਡ ਦੀ ਇਕ ਅਦਾਲਤ ਨੇ ਦੋਸ਼ੀ ਪਾਇਆ ਅਤੇ ਸੁਖਦੇਵ ਨੂੰ 27 ਸਾਲ ਦੀ ਅਤੇ ਬਚਨ ਕੌਰ
ਅਠਵਾਲ ਨੂੰ 20 ਸਾਲ ਦੀ ਸਜ਼ਾ ਸੁਣਾਈ। ਬਾਅਦ ਵਿੱਚ ਦੋਸ਼ੀਆਂ ਵਲੋਂ ਅਪੀਲ ਕਰਨ ‘ਤੇ ਸੁਖਦੇਵ
ਦੀ ਸਜ਼ਾ ਘਟਾ ਕੇ 20 ਸਾਲ ਅਤੇ ਬਚਨ ਕੌਰ ਅਠਵਾਲ ਦੀ 15 ਸਾਲ ਕਰ ਦਿੱਤੀ ਗਈ। ਉਹਨਾਂ ਦੋਹਾਂ
ਨੂੰ ਇਸ ਕਤਲ ਲਈ ਦੋਸ਼ੀ ਠਹਿਰਾਉਣ ਵਿੱਚ ਸੁਰਜੀਤ ਅਠਵਾਲ ਦੀ ਦਰਾਣੀ ਸਰਬਜੀਤ ਕੌਰ ਅਠਵਾਲ
ਵਲੋਂ ਦਿੱਤੀ ਗਵਾਹੀ ਨੇ ਇਕ ਵੱਡਾ ਰੋਲ ਨਿਭਾਇਆ। ਇਹ ਗਵਾਹੀ ਦੇਣ ਲਈ ਤਿਆਰ ਹੋਣ ਲਈ ਸਰਬਜੀਤ
ਕੌਰ ਅਠਵਾਲ ਨੂੰ ਇਕ ਵੱਡੀ ਜਦੋਜਹਿਦ ਵਿੱਚ ਦੀ ਗੁਜ਼ਰਨਾ ਪਿਆ। ਇਸ ਜਦੋਜਹਿਦ ਵਿੱਚ ਉਸ ਨੂੰ
ਆਪਣੀਆਂ ਨਿੱਜੀ ਸੋਚਾਂ ਦੇ ਨਾਲ ਨਾਲ ਸਮਾਜਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨਾਲ ਦੋ ਚਾਰ
ਹੋਣਾ ਪਿਆ ਅਤੇ ਕਈ ਤਰ੍ਹਾਂ ਦੇ ਖਤਰਿਆਂ ਵਿੱਚ ਦੀ ਲੰਘਣਾ ਪਿਆ ਅਤੇ ਡਰਾਂ ਉੱਤੇ ਕਾਬੂ
ਪਾਉਣਾ ਪਿਆ। ਆਪਣੀ ਇਸ ਜਦੋਜਹਿਦ ਬਾਰੇ ਉਸ ਨੇ ਅੰਗਰੇਜ਼ੀ ਵਿੱਚ ‘ਸ਼ੇਮਡ’ ਨਾਂ ਦੀ ਇਕ
ਕਿਤਾਬ ਲਿਖੀ ਹੈ ਜੋ ਸੰਨ 2013 ਵਿੱਚ ਛਪੀ। ਉਸ ਕਿਤਾਬ ਦਾ ਸੁਖਵੰਤ ਹੁੰਦਲ, ਸਾਧੂ ਬਿਨਿੰਗ
ਅਤੇ ਗੁਰਮੇਲ ਰਾਏ ਵਲੋਂ ਕੀਤਾ ਪੰਜਾਬੀ ਅਨੁਵਾਦ ਛੇਤੀ ਹੀ “ਬੇਇੱਜ਼ਤ” ਨਾਂ ਹੇਠ ਕਿਤਾਬੀ
ਰੂਪ ਵਿੱਚ ਪੰਜਾਬੀ ਵਿੱਚ ਛਪ ਰਿਹਾ ਹੈ। ਵਤਨ ਦੇ ਪਾਠਕਾਂ ਲਈ ‘ਬੇਇੱਜ਼ਤ’ ਦਾ ਇਕ ਕਾਂਡ
ਹਾਜ਼ਰ ਹੈ।)
***
ਨਵੰਬਰ ਦੇ ਅਖੀਰ ਦੇ ਇਕ ਸ਼ੁੱਕਰਵਾਰ ਦਾ ਲੌਢਾ ਵੇਲਾ ਸੀ। ਮੈਂ ਘਰ ਦੇ ਉੱਪਰਲੇ ਕਮਰੇ ਵਿੱਚ
ਧੋਤੇ ਕੱਪੜੇ ਸਾਂਭਣ ਲੱਗੀ ਹੋਈ ਸੀ। ਹਰਦੇਵ ਵੀ ਆਲੇ ਦੁਆਲੇ ਆਵਾਗੌਣ ਤੁਰਿਆ ਫਿਰਦਾ ਸੀ ਕਦੇ
ਬੈੱਡਰੂਮ ਨੂੰ ਆ ਜਾਂਦਾ ਤੇ ਕਦੇ ਚਲੇ ਜਾਂਦਾ। ਸੁਰਜੀਤ ਰਾਤ ਦੀ ਸਿ਼ਫਟ ਕੰਮ ਕਰ ਰਹੀ ਸੀ,
ਉਹਦੇ ਦੋਵੇਂ ਬੱਚੇ ਸਾਡੇ ਘਰ ਸੁੱਤੇ ਪਏ ਸਨ – ਜਿਵੇਂ ਕਿ ਉਹ ਅਕਸਰ ਹੁੰਦੇ ਸਨ ਜਦੋਂ ਕਹਿਣ
ਨੂੰ ਮੰਮ ਉਨ੍ਹਾਂ ਦੀ ਦੇਖਭਾਲ ਕਰਦੀ ਹੁੰਦੀ ਸੀ।
ਮੈਂ ਪਿਛਲਾ ਦਰਵਾਜਾ ਜ਼ੋਰ ਨਾਲ਼ ਖੁੱਲ੍ਹਦਿਆਂ ਸੁਣਿਆਂ ਅਤੇ ਕੁਝ ਸਕਿੰਟਾਂ ਬਾਅਦ ਮੰਮ ਦੀ
ਆਵਾਜ਼ ਆਈ।
‘ਸਰਬਜੀਤ, ਥੱਲੇ ਆ ਤੇ ਆ ਕੇ ਚਾਹ ਬਣਾ।’
ਨਾ ਕੋਈ ਹੈਲੋ, ਨਾ ਕੋਈ ਪਲੀਜ਼, ਨਾ ਕੋਈ ਸਲੀਕੇ ਨਾਲ ਕਹਿਣ ਦਾ ਢੰਗ – ਪਰ ਇਹਦੇ ਵਿੱਚ
ਹੈਰਾਨੀ ਕੋਈ ਨਹੀਂ ਸੀ।
ਮੈਂ ਰਸੋਈ ਵਿੱਚ ਗਈ ਤੇ ਦੇਖਿਆ ਕਿ ਸੁਖਦੇਵ ਵੀ ਮੰਮ ਦੇ ਨਾਲ ਆਇਆ ਸੀ ਤੇ ਉਹ ਦੋਵੇਂ ਬੈਠਕ
ਵਿੱਚ ਚਲੇ ਗਏ। ਇਹ ਕੋਈ ਵੱਡੀ ਗੱਲ ਨਹੀਂ ਸੀ, ਸਿਰਫ ਮੈਨੂੰ ਪਾਣੀ ਹੋਰ ਪਾਉਣਾ ਪੈਣਾ ਸੀ।
ਮੈਂ ਇਹਦੇ ਬਾਰੇ ਕੁਝ ਨਾ ਸੋਚਿਆ ਤੇ ਪਤੀਲੀ ਵੱਲ ਦੇਖਦੀ ਅਲਮਾਰੀ ਨਾਲ ਢਾਸਣਾ ਲਾ ਕੇ ਖੜ੍ਹ
ਗਈ। ਆਪਣੀ ਆਦਤ ਅਨੁਸਾਰ ਪਾਣੀ ਨੂੰ ਉਬਲਣ ਦੀ ਕੋਈ ਕਾਹਲੀ ਨਹੀਂ ਸੀ।
ਅਚਾਨਕ ਮੇਰੀ ਸੱਸ ਦਰਵਾਜੇ ਵਿੱਚ ਆ ਪ੍ਰਗਟ ਹੋਈ।
‘ਸਰਬਜੀਤ, ਬਹਿਣ ਵਾਲੇ ਕਮਰੇ ਵਿੱਚ ਆ।’
ਹੁਣ ਕੀ ਹੋਇਆ?
‘ਮੈਂ ਚਾਹ ਬਣਾ ਰਹੀ ਹਾਂ,’ ਮੈਂ ਕਿਹਾ।
‘ਇਹਦੇ ਥੱਲੇ ਅੱਗ ਘੱਟ ਕਰ ਦੇ। ਅਟਕ ਕੇ ਬਣ ਜਾਊਗੀ।’
ਮੈਂ ਉਹਦੇ ਮਗਰ ਚਲੇ ਗਈ। ਇਹ ਮੇਰੀ ਕਲਪਨਾ ਹੀ ਸੀ ਜਾਂ ਕਮਰੇ ਵਿੱਚ ਸੱਚੀਂ ਕੁਝ ਅਜੀਬ ਜਿਹਾ
ਮਾਹੌਲ ਬਣਿਆ ਹੋਇਆ ਸੀ? ਮੰਮ ਵੱਡੇ ਸਲੇਟੀ ਸੋਫੇ ‘ਤੇ ਆਪਣਾ ਥਾਂ ਮੱਲ ਕੇ ਬੈਠ ਗਈ, ਦੋਵੀਂ
ਪਾਸੀਂ ਉਹਦੇ ਪੁੱਤ ਬੈਠੇ ਸਨ।
ਮੈਂ ਜਦੋਂ ਮੇਜ਼ ਲਾਗੇ ਕੁਰਸੀ ‘ਤੇ ਬੈਠੀ ਤਾਂ ਮੈਨੂੰ ਲੱਗਾ ਕਿ ਕੁਝ ਨਾ ਕੁਝ ਤਾਂ ਗਲਤ ਸੀ।
ਕੀ ਮੈਂ ਕੁਛ ਗਲਤ ਕੀਤਾ ਸੀ? ਕੀ ਮੈਂ ਕਿਸੇ ਨੂੰ ਕੁਝ ਵਾਧੁ ਘਾਟੂ ਕਹਿ ਦਿੱਤਾ ਸੀ? ਜਿਵੇਂ
ਬਾਕੀ ਦੇ ਵੀ ਮੈਥੋਂ ਘੁੱਟੇ ਵੱਟੇ ਜਿਹੇ ਬੈਠੇ ਸਨ, ਉਹਦੇ ਨਾਲ ਮੈਨੂੰ ਘਬਰਾਹਟ ਜਿਹੀ
ਮਹਿਸੂਸ ਹੋਈ। ਫੇਰ ਮੈਂ ਦੇਖਿਆ ਕਿ ਦੋਵਾਂ ਭਰਾਵਾਂ ਦੀਆਂ ਅੱਖਾਂ ਬਚਨ ਕੌਰ ਵਲ ਸਨ।
‘ਮੈਂ ਇੰਡੀਆ ਵਿੱਚ ਕਿਸੇ ਜਾਣ ਪਛਾਣ ਵਾਲੇ ਨਾਲ ਗੱਲ ਕੀਤੀ ਹੈ,’ ਉਹ ਕਹਿਣ ਲੱਗੀ। ‘ਇਹ
ਸਾਰਾ ਕੁਝ ਸੰਭਾਲ ਲਿਆ ਜਾਵੇਗਾ।’
ਸੁਖਦੇਵ ਨੇ ਹਾਂ ਵਿੱਚ ਸਿਰ ਹਿਲਾਇਆ। ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਾਹਦੇ ਬਾਰੇ
ਗੱਲ ਕਰ ਰਹੀ ਸੀ, ਅਤੇ ਜਿਸ ਕਿਸਮ ਦਾ ਕਮਰੇ ਵਿੱਚ ਮਾਹੌਲ ਸੀ ਮੇਰਾ ਪੁੱਛਣ ਦਾ ਹੌਸਲਾ ਹੀ
ਨਾ ਪਿਆ।
‘ਇਹ ਉਹਦਾ ਆਪਣਾ ਹੀ ਕਸੂਰ ਹੈ। ਉਹ ਤਾਂ ਹੱਥਾਂ ‘ਚੋਂ ਨਿਕਲ ਗਈ ਹੈ।’ ਬਚਨ ਕੌਰ ਨੇ ਕਹਿਣਾ
ਜਾਰੀ ਰੱਖਿਆ।
‘ਉਹ ਤਾਂ ਸਾਰੇ ਪਰਿਵਾਰ ਦੀ ਬੇਇਜ਼ਤੀ ਕਰ ਰਹੀ ਹੈ।’ ਉਹ ਬੜੀ ਉਦਾਸ ਲੱਗ ਰਹੀ ਸੀ। ‘ਸਾਡਾ
ਪਰਿਵਾਰ ਭਾਈਚਾਰੇ ਵਿੱਚ ਮਜ਼ਾਕ ਬਣ ਚੁੱਕਾ ਹੈ।’
ਹੁਣ ਮੈਨੂੰ ਪਤਾ ਸੀ ਕਿ ਉਹ ਕਿਹਦੇ ਬਾਰੇ ਗੱਲ ਕਰ ਰਹੇ ਸਨ – ਪਰ ਇਹਦਾ ਇੰਡੀਆ ਨਾਲ ਕੀ
ਸਬੰਧ ਸੀ?
ਮੈਨੂੰ ਪੁੱਛਣ ਦਾ ਮੌਕਾ ਨਾ ਮਿਲਿਆ।
‘ਇਹ ਫੈਸਲਾ ਹੋ ਗਿਆ ਫੇਰ,’ ਬਚਨ ਕੌਰ ਨੇ ਬਿਨਾਂ ਕਿਸੇ ਕਿਸਮ ਦੇ ਵਿਚਾਰ ਵਟਾਂਦਰੇ ਦੇ ਗੱਲ
ਖਤਮ ਕੀਤੀ। ‘ਸਾਨੂੰ ਉਸ ਦਾ ਫਸਤਾ ਵੱਢਣਾ ਪੈਣਾ ਹੈ।’
***
ਇਹ ਸਭ ਕੁਝ ਏਨੀ ਤੇਜ਼ੀ ਨਾਲ਼ ਵਾਪਰਿਆ ਕਿ ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਕੀ
ਸੁਣ ਰਹੀ ਸੀ, ‘ਬੇਇਜ਼ਤੀ ’, ‘ਇੰਡੀਆ’, ‘ਖਤਮ ਕਰਨਾ? ਜਿਹੜੀ ਮੈਂ ਗੱਲ ਠੀਕ ਤਰ੍ਹਾਂ ਸਮਝ
ਸਕੀ ਸੀ ਉਹ ਇਹ ਸੀ ਕਿ ਇਸ ਦਾ ਉਹ ਮਤਲਬ ਨਹੀਂ ਹੋਵੇਗਾ ਜਿਹੜਾ ਮਤਲਬ ਮੈਂ ਸਮਝ ਰਹੀ ਸੀ।
ਬਚਨ ਕੌਰ ਵੀ ਕੋਈ ਅਜਿਹੀ ਗੱਲ ਕਰਨ ਬਾਰੇ ਨਹੀਂ ਸੋਚ ਸਕਦੀ।
ਕੀ ਉਹ ਸੋਚ ਸਕਦੀ ਸੀ?
ਹਾਂ ਉਹ ਸੋਚ ਸਕਦੀ ਸੀ।
‘ਮੈਂ ਕਿਸੇ ਨਾਲ ਇੰਡੀਆ ਵਿੱਚ ਗੱਲ ਕੀਤੀ ਹੈ,’ ਉਹਨੇ ਵਿਆਖਿਆ ਕੀਤੀ। ‘ਉਹ ਕਹਿੰਦਾ ਹੈ ਕਿ
ਸੁਰਜੀਤ ਨੂੰ ਏਥੇ ਲੈ ਆਓ ਤੇ ਉਹ ਸਾਰੀ ਗੱਲ ਸੰਭਾਲ ਲਵੇਗਾ। ਸਾਨੂੰ ਉਹਦੇ ਵਲੋਂ ਮੁੜ ਕੇ
ਕੋਈ ਸਮੱਸਿਆ ਨਹੀਂ ਹੋਵੇਗੀ।’
ਜਦੋਂ ਦੀ ਮੈਂ ਕਮਰੇ ਵਿੱਚ ਆਈ ਸੀ ਹੁਣ ਮਾੜਾ ਜਿਹਾ ਚੰਗੀ ਤਰ੍ਹਾਂ ਸਾਹ ਆਇਆ ਸੀ। ਇਹਨਾਂ ਦੀ
ਇਹ ਪਾਗਲਾਂ ਵਰਗੀ ਸਕੀਮ ਕਦੇ ਕੰਮ ਨਹੀਂ ਕਰੇਗੀ। ਸੁਰਜੀਤ ਸਾਡੇ ‘ਚੋਂ ਕਿਸੇ ਨਾਲ਼ ਵੀ ਚੰਗੀ
ਤਰ੍ਹਾਂ ਗੱਲਬਾਤ ਨਹੀਂ ਸੀ ਕਰਦੀ। ਮੰਮ ਭਲਾ ਉਹਨੂੰ ਇੰਡੀਆ ਦੇ ਨੇੜੇ ਵੀ ਕਿਸ ਤਰ੍ਹਾਂ ਲੈ
ਕੇ ਜਾਵੇਗੀ?
ਪਰ ਜਦੋਂ ਬਚਨ ਕੌਰ ਨੇ ਦੱਸਿਆ ਕਿ ਅਗਲੇ ਮਹੀਨੇ ਪਰਿਵਾਰ ਵਿੱਚ ਕੁਝ ਵਿਆਹ ਸਨ ਤੇ ਉਹ
ਸੁਰਜੀਤ ਨੂੰ ਉਨ੍ਹਾਂ ਵਿਆਹਾਂ ‘ਤੇ ਨਾਲ ਜਾਣ ਲਈ ਕਹੇਗੀ। ਇਹ ਸੁਣ ਕੇ ਮੇਰਾ ਤਾਂ ਦਿਲ ਬੈਠ
ਗਿਆ।
ਉਹ ਤਾਂ ਇਸ ਲਈ ਪੂਰੀ ਗੰਭੀਰ ਹੈ। ਉਹਨੇ ਇਹਦੇ ਬਾਰੇ ਪੂਰਾ ਸੋਚ ਸਮਝ ਰੱਖਿਆ ਹੈ।
ਜਾਂ ਕੀ ਉਹਨੇ ਸੱਚੀਂ ਸੋਚਿਆ ਸੀ? ਉਸ ਵੇਲੇ ਤਾਂ ਸੁਰਜੀਤ ਘਰ ਦੇ ਬਗੀਚੇ ਦੇ ਅੰਤ ਤੱਕ ਵੀ
ਬਚਨ ਕੌਰ ਦੇ ਨਾਲ ਨਾ ਜਾਂਦੀ। ਕੋਈ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਸੀ ਕਿ ਉਹ ਇੰਡੀਆ ਨੂੰ
ਉਨ੍ਹਾਂ ਦੋ ਜਣਿਆਂ ਦੇ ਵਿਆਹ ‘ਤੇ ਜਾਵੇਗੀ ਜਿਨ੍ਹਾਂ ਨੂੰ ਉਹ ਜਾਣਦੀ ਤੱਕ ਨਹੀਂ ਤੇ ਉਸ ਔਰਤ
ਨਾਲ ਜਾਵੇਗੀ ਜਿਸ ਨੂੰ ਉਹ ਹੱਦੋਂ ਵੱਧ ਨਫਰਤ ਕਰਦੀ ਸੀ? ਫੇਰ ਇਕ ਹੋਰ ਸੋਚ ਮੇਰੇ ਮਨ ਵਿੱਚ
ਆਈ।
ਪਰ ਜੇ ਉਹ ਚਲੇ ਗਈ?
ਮੇਰਾ ਦਿਲ ਕੱਚਾ ਹੋਣ ਲੱਗਾ। ਪਰ ਮੇਰਾ ਮੂੰਹ ਸੁੱਕ ਰਿਹਾ ਸੀ। ਜੇ ਮੈਂ ਕੁਝ ਕਹਿਣ ਦਾ
ਹੌਸਲਾ ਵੀ ਕਰ ਲੈਂਦੀ ਤਾਂ ਮੇਰੇ ਕੋਲੋਂ ਇਕ ਵੀ ਸ਼ਬਦ ਨਹੀਂ ਸੀ ਬੋਲ ਹੋਣਾ। ਚੰਗੀ ਕਿਸਮਤ
ਨੂੰ, ਹਰਦੇਵ ਕਰ ਸਕਦਾ ਸੀ।
‘ਇਹ ਤਾਂ ਪਾਗਲਪਨ ਹੈ ਮੰਮ,’ ਉਹਨੇ ਕਿਹਾ। ‘ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ।’
‘ਇਸ ਗੱਲ ਦਾ ਫੈਸਲਾ ਹੋ ਚੁੱਕਾ ਹੈ,’ ਉਹਨੇ ਕਿਹਾ। ‘ਮੈਂ ਉਹਨੂੰ ਆਪਣੇ ਪਰਿਵਾਰ ਨੂੰ
ਬੇਇੱਜ਼ਤ ਕਰਨ ਦਾ ਹੱਕ ਨਹੀਂ ਦੇਵਾਂਗੀ।’
‘ਮੰਮ, ਤੂੰ ਸੁਖਦੇਵ ਦੀ ਪਤਨੀ ਬਾਰੇ ਗੱਲ ਕਰ ਰਹੀ ਹੈਂ।’
ਸਾਰੀਆਂ ਅੱਖਾਂ ਹਰਦੇਵ ਦੇ ਭਰਾ ਵੱਲ ਉੱਠੀਆਂ। ਪਰ ਉਹ ਉੱਥੇ ਚੁੱਪ ਚਾਪ ਬਿਨਾਂ ਹਿੱਲੇ
ਜੁੱਲੇ ਗੁੰਮਸੁੰਮ ਬੈਠਾ ਰਿਹਾ।
‘ਬਹੁਤ ਹੋ ਗਿਆ,’ ਬਚਨ ਕੌਰ ਨੇ ਕਿਹਾ। ‘ਅਸੀਂ ਗੱਲਬਾਤ ਕਰ ਚੁੱਕੇ ਹਾਂ।’
‘ਪਰ ਮੰਮ!’
‘ਮੈਂ ਕਿਹਾ ਬਹੁਤ ਹੋ ਗਿਆ! ਫੈਸਲਾ ਹੋ ਚੁੱਕਾ ਹੈ।’
ਮੈਂ ਪਹਿਲਾਂ ਕਦੇ ਵੀ ਆਪਣੇ ਪਤੀ ‘ਤੇ ਏਨਾ ਮਾਣ ਮਹਿਸੂਸ ਨਹੀਂ ਸੀ ਕੀਤਾ। ਅਸਲ ਵਿੱਚ ਤਾਂ
ਮੈਂ ਪਹਿਲਾਂ ਕਦੇ ਵੀ ਉਹਦੇ ‘ਤੇ ਮਾਣ ਮਹਿਸੂਸ ਕੀਤਾ ਹੀ ਨਹੀਂ ਸੀ। ਪਰ ਉਸ ਪਲ ਤਾਂ ਕਮਰੇ
ਵਿੱਚ ਉਹ ਹੀ ਇਕੱਲਾ ਹੌਸਲੇ ਵਾਲਾ ਸੀ ਜਿਹਨੇ ਆਪਣੀ ਮਾਂ ‘ਤੇ ਕਿੰਤੂ ਕੀਤਾ ਸੀ। ਮੈਂ ਵੀ
ਨਹੀਂ ਸੀ ਕਰ ਸਕੀ। ਪਰ, ਜਿਵੇਂ ਮੈਨੂੰ ਹਮੇਸ਼ਾ ਜਤਾਇਆ ਜਾਂਦਾ ਸੀ ਕਿ ਮੈਂ ਉਨ੍ਹਾਂ ਦਾ ਖੂਨ
ਨਹੀਂ ਸੀ। ਬਚਨ ਕੌਰ ਮੇਰੀ ਗੱਲ ਕਾਹਤੋਂ ਸੁਣੇਗੀ?
ਹੋਰ ਵੀ ਜ਼ਰੂਰੀ ਗੱਲ ਇਹ ਸੀ ਕਿ ਮੈਂ ਸੋਚਣੋਂ ਨਾ ਰਹਿ ਸਕੀ: ਦੇਖ ਉਹਨੇ ਕਿਸੇ ਦੂਜੀ ਨਾਲ
ਕੀ ਕਰਨ ਦੀ ਯੋਜਨਾ ਬਣਾਈ ਹੈ ਜਿਹੜੀ ਇਨ੍ਹਾਂ ਦਾ ਖੂਨ ਨਹੀਂ ...
***
ਥੋੜ੍ਹੀ ਦੇਰ ਬਾਅਦ ਬਚਨ ਕੌਰ ਨੇ ਸਾਨੂੰ ਸਾਰਿਆਂ ਨੂੰ ਉੱਠ ਲੈਣ ਦਿੱਤਾ ਅਤੇ ਮੈਂ ਨੱਠ ਕੇ
ਆਪਣੇ ਬੈੱਡਰੂਮ ਵਿੱਚ ਚਲੇ ਗਈ। ਮੇਰਾ ਸਿਰ ਘੁੰਮ ਰਿਹਾ ਸੀ। ਮੈਨੂੰ ਯਕੀਨ ਨਹੀਂ ਸੀ ਆ ਰਿਹਾ
ਕਿ ਮੈਂ ਕੀ ਸੁਣ ਕੇ ਆਈ ਸੀ। ਪਰ ਮੈਂ ਕੀ ਸੁਣ ਕੇ ਆਈ ਸੀ? ਪੰਜਾਬੀ ਬੋਲੀ ਵਿੱਚ ‘ਫਸਤਾ
ਵੱਢਣ’ ਦੇ ਕਈ ਅਰਥ ਹੋ ਸਕਦੇ ਹਨ। ਕੀ ਮੈਂ ਬਚਨ ਕੌਰ ਦੇ ਇਰਾਦੇ ਦਾ ਗਲਤ ਮਤਲਬ ਕੱਢ ਰਹੀ
ਸੀ? ਜਦੋਂ ਹਰਦੇਵ ਕਮਰੇ ਵਿੱਚ ਆਇਆ ਤਾਂ ਮੈਂ ਉਹਨੂੰ ਪੁੱਛਿਆ।
ਉਹਦੇ ਚੇਹਰੇ ਦੇ ਹਾਵਭਾਵ ਸਾਬਤ ਕਰ ਰਹੇ ਸਨ ਕਿ ਮੈਂ ਗਲਤ ਨਹੀਂ ਸਮਝੀ ਸੀ।
‘ਉਹ ਕਿਹੜੀ ਖੇਡ ਖੇਡ ਰਹੀ ਹੈ?’ ਮੈਂ ਸਦਮੇ ਵਿੱਚ ਕਿਹਾ।
ਉਹਦਾ ਵੀ ਕਾਫੀ ਬੁਰਾ ਹਾਲ ਲੱਗ ਰਿਹਾ ਸੀ। ‘ਪਤਾ ਨਹੀਂ, ਸਰਬ। ਉਹ ਤਾਂ ਕੁਛ ਸੁਣ ਹੀ ਨਹੀਂ
ਰਹੀ।’
‘ਪਰ ਉਹ ਇਸ ਤਰ੍ਹਾਂ ਸੱਚੀਂ ਥੋੜੋ ਕਰਨਗੇ, ਹੈ ਨਾ?’
‘ਲਗਦਾ ਤਾਂ ਇਸ ਤਰ੍ਹਾਂ ਹੀ ਹੈ।’
‘ਪਰ ਸਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ।’ ਮੈਂ ਪਾਗਲਾਂ ਵਾਂਗ ਬੋਲੀ ਜਾ ਰਹੀ ਸੀ। ਜੇ
ਮੈਂ ਸਾਵਧਾਨ ਨਾ ਰਹੀ ਤਾਂ ਬਚਨ ਕੌਰ ਮੇਰੀ ਆਵਾਜ਼ ਸੁਣ ਸਕਦੀ ਸੀ।
‘ਮੈਂ ਕੋਸ਼ਸ਼ ਕੀਤੀ ਹੈ,’ ਹਰਦੇਵ ਨੇ ਕਿਹਾ।
‘ਸੁਖਦੇਵ ਨਾਲ ਗੱਲ ਕਰ। ਉਹ ਨਹੀਂ ਏਦਾਂ ਕਰਨ ਬਾਰੇ ਸੋਚ ਸਕਦਾ। ਖਾਸ ਕਰ ਕੇ ਆਪਣੀ ਹੀ ਪਤਨੀ
ਨਾਲ।’
ਹਰਦੇਵ ਚੁੱਪ ਕਰ ਗਿਆ। ਉਹਨੇ ਆਪਣੇ ਭਰਾ ਨਾਲ ਹਰ ਤਰ੍ਹਾਂ ਗੱਲ ਕਰਨ ਦੀ ਕੋਸਿ਼ਸ਼ ਕੀਤੀ ਸੀ
ਪਰ ਉਹਨੂੰ ਮਨਾ ਨਹੀਂ ਸੀ ਸਕਿਆ।
‘ਤਾਂ ਫੇਰ ਆਪਾਂ ਨੂੰ ਸੁਰਜੀਤ ਨੂੰ ਦੱਸਣਾ ਚਾਹੀਦਾ ਹੈ,’ ਮੈਂ ਕਿਹਾ।
‘ਨਹੀਂ!’ ਹਰਦੇਵ ਦਾ ਚਿਹਰਾ ਬਦਲ ਗਿਆ। ਮੈਂ ਹੱਦ ਟੱਪ ਗਈ ਸੀ। ਉਹਨੂੰ ਆਪਣੀ ਮਾਂ ਤੇ ਭਰਾ
ਨਾਲ ਗੱਲ ਕਰਨ ਲਈ ਕਹਿਣਾ ਇਕ ਗੱਲ ਸੀ ਪਰ ਇਹ ਸੁਝਾਅ ਦੇਣਾ ਕਿ ਅਸੀਂ ਉਨ੍ਹਾਂ ਤੋਂ ਚੋਰੀਂ
ਕੋਈ ਗੱਲ ਕਰੀਏ, ਬਿਲਕੁਲ ਹੋਰ ਗੱਲ ਸੀ? ਇਹ ਨਹੀਂ ਸੀ ਹੋ ਸਕਦਾ। ਆਖਰ ਨੂੰ ਸੀ ਤਾਂ ਉਹ
ਅਠਵਾਲ਼ ਹੀ।
‘ਜੇ ਤੂੰ ਕੁਛ ਕਿਹਾ ਤਾਂ ਮੰਮ ਨੂੰ ਚੰਗਾ ਨਹੀਂ ਲੱਗੇਗਾ।’
ਜਿਹੜਾ ਉਹਦੇ ਲਈ ਸਤਿਕਾਰ ਮੇਰੇ ਮਨ ਵਿੱਚ ਪੈਦਾ ਹੋਇਆ ਸੀ ਉਹ ਪੱਲ ਵਿੱਚ ਹੀ ਉਡ ਗਿਆ। ਮੇਰਾ
ਅਸਲੀ ਪਤੀ ਮੁੜ ਕੇ ਆ ਗਿਆ ਸੀ, ਆਪਣੀ ਮਾਂ ਦੀਆਂ ਧਮਕੀਆਂ ਦੁਹਰਾਉਂਦਾ।
‘ਫਿਰ ਤਾਂ,’ ਮੈਂ ਕਿਹਾ, ‘ਆਪਾਂ ਇਕੋ ਆਸ ਰੱਖ ਸਕਦੇ ਹਾਂ ਕਿ ਸੁਰਜੀਤ ਜਾਣ ਤੋਂ ਨਾਂਹ ਕਰ
ਦੇਵੇ।’
***
ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਸਿਰ ਫਟ ਜਾਵੇਗਾ। ਮੈਨੂੰ ਇਹ ਸਿੱਖਿਆ ਦਿੱਤੀ ਗਈ
ਸੀ ਕਿ ਕਦੇ ਵੀ ਆਪਣੇ ਬਜ਼ੁਰਗਾਂ ਨੂੰ ਕੋਈ ਸਵਾਲ ਨਹੀਂ ਕਰਨਾ। ਮੈਨੂੰ ਵਿਆਹ ਲਈ ਹੀ ਪਾਲਿ਼ਆ
ਗਿਆ ਸੀ। ਜਿੱਥੋਂ ਤੱਕ ਮੈਨੂੰ ਚੇਤਾ ਸੀ ਛੋਟੀ ਉਮਰ ਤੋਂ ਹੀ ਇਕ ਚੰਗੀ ਪਤਨੀ ਬਣਨਾ ਸਿਖਾਇਆ
ਗਿਆ ਸੀ। ਆਗਿਆ ਦਾ ਪਾਲਣ ਕਰਨਾ ਤੇ ਇੱਜ਼ਤ ਮੇਰੀ ਰੂਹ ਵਿੱਚ ਭਰੇ ਹੋਏ ਸਨ, ਹਰ ਉਸ ਗੱਲ
ਵਿੱਚ ਜਿਹੜੀ ਮੈਂ ਕਰਦੀ ਸੀ ਜਾਂ ਸੋਚਦੀ ਸੀ। ਪਰ ਮੇਰਾ ਖਿਆਲ ਹੈ ਕਿ ਮੇਰੇ ਮਾਪਿਆਂ ਦਾ ਇਹ
ਕੋਈ ਇਰਾਦਾ ਨਹੀਂ ਹੋਣਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਵਾਪਰੇ ਤੇ ਮੈਂ ਚੁੱਪ ਰਹਾਂ?
ਕੁਝ ਦਿਨ ਤਾਂ ਮੈਂ ਆਪਣੇ ਕਮਰੇ ਵਿੱਚੋਂ ਹੀ ਨਾ ਨਿਕਲੀ ਸਿਵਾਏ ਆਪਣੇ ਨਿਆਣਿਆਂ ਦੇ ਖਾਣ ਪੀਣ
ਦਾ ਪ੍ਰਬੰਧ ਕਰਨ ਲਈ। ਇਸ ਲਈ ਵੀ ਮੈਂ ਨੱਠ ਕੇ ਰਸੋਈ ਵਿੱਚ ਜਾਂਦੀ ਸੀ ਛੇਤੀ ਦੇਣੀ ਕੋਈ ਖਾਣ
ਵਾਲੀ ਚੀਜ਼ ਚੁੱਕਦੀ ਤੇ ਮੁੜ ਕੇ ਆਪਣੇ ਕਮਰੇ ਨੂੰ ਭੱਜ ਆਉਂਦੀ ਸੀ। ਤਾਰਨ ਨੂੰ ਸਕੂਲ ਛੱਡਣ
ਜਾਣ ਜਾਂ ਉਸ ਨੂੰ ਸਕੂਲ ਤੋਂ ਵਾਪਸ ਲਿਆਉਣ ਦਾ ਕੰਮ ਇਕ ਵੱਡੀ ਰਾਹਤ ਜਾਪਦਾ। ਪੰਦਰਾਂ
ਮਿੰਟਾਂ ਦੇ ਇਸ ਟਰਿੱਪ ਨੂੰ ਮੈਂ ਘੰਟਾ ਲੰਮੀ ਕਸਰਤ ਵਿੱਚ ਬਦਲ ਦਿੱਤਾ। ਜੇ ਮੈਂ ਇਸ ਤੋਂ
ਵੱਧ ਸਮਾਂ ਲਾਉਂਦੀ ਤਾਂ ਮੇਰੀ ਸੱਸ ਨੇ ਸ਼ੱਕ ਕਰਨ ਲੱਗ ਪੈਣਾ ਸੀ। ਤੇ ਇਹ ਮੈਂ ਬਿਲਕੁਲ
ਨਹੀਂ ਸੀ ਚਾਹੁੰਦੀ ਕਿ ਉਹ ਮੇਰੇ ਨਾਲ ਗੱਲ ਕਰੇ।
ਸਬੱਬੀਂ ਇਨ੍ਹਾਂ ਦਿਨਾਂ ਦੌਰਾਨ ਬਚਨ ਕੌਰ ਨੇ ਨਾਲ ਦੇ ਘਰ ਵਿੱਚ ਹੀ ਖਾਣਾ ਖਾਣ ਦਾ ਮਨ ਬਣਾ
ਲਿਆ। ਸ਼ਾਇਦ ਉਹ ਆਪਣੇ ਫੈਸਲੇ ਬਾਰੇ ਦੋਬਾਰਾ ਸੋਚ ਰਹੀ ਸੀ, ਸੁਰਜੀਤ ਨੂੰ ਬਦਲਣ ਦਾ ਮੌਕਾ
ਦੇ ਰਹੀ ਸੀ। ਜਾਂ ਸ਼ਾਇਦ ਉਹ ਆਪਣੀ ਨੂੰਹ ਉੱਪਰ ਨਿਗਾਹ ਰੱਖਣੀ ਚਾਹੁੰਦੀ ਸੀ ਕਿ ਕਿਤੇ ਉਹ
ਫੇਰ ਨਾ ਦੌੜ ਜਾਵੇ। ਜਿਵੇਂ ਵੀ ਸੀ ਮੈਨੂੰ ਉਹਦੇ ਤੋਂ ਪਰ੍ਹੇ ਰਹਿਣ ਨਾਲ ਸੌਖਾ ਸਾਹ ਆ ਰਿਹਾ
ਸੀ।
ਮੈਂ ਸੁਰਜੀਤ ਨੂੰ ਮਿਲਣ ਤੋਂ ਵੀ ਓਨਾ ਹੀ ਡਰੀ ਹੋਈ ਸੀ। ਮੈਂ ਬਹੁਤਾ ਚਿਰ ਉਸ ਨੂੰ ਮਿਲਣ
ਤੋਂ ਬਚ ਨਾ ਸਕੀ। ਇਕ ਦਿਨ ਸੁਰਜੀਤ ਮੇਰੇ ਕੋਲ ਰਸੋਈ ਵਿੱਚ ਆ ਗਈ। ਮੈਨੂੰ ਪਤਾ ਨਾ ਲੱਗੇ
ਮੈਂ ਕਿੱਧਰ ਨੂੰ ਦੇਖਾਂ। ਮੈਂ ਚਾਹੁੰਦੀ ਸੀ ਕਿ ਉਹਨੂੰ ਕਹਾਂ ਕਿ ਦੌੜ ਜਾਵੇ, ਏਥੋਂ ਬਚ ਕੇ
ਕਿਤੇ ਚਲੀ ਜਾਵੇ, ਪੁਲੀਸ ਕੋਲ ਚਲੀ ਜਾਵੇ। ਪਰ ਮੇਰੇ ਕੋਲੋਂ ਇਕ ਵੀ ਸ਼ਬਦ ਨਾ ਬੋਲਿਆ ਗਿਆ।
ਉਹ ਬਹੁਤ ਜੋਸ਼ ਵਿੱਚ ਸੀ, ਉਹ ਮੈਨੂੰ ਕੋਈ ਖਬਰ ਦੱਸਣ ਲਈ ਬੇਹੱਦ ਕਾਹਲੀ ਸੀ।
ਮੈਂ ਸੁਰਜੀਤ ਦੇ ਖੁਸ਼ ਚਿਹਰੇ ਵੱਲ ਦੇਖਿਆ। ਉਹ ਪਹਿਲਾਂ ਵਾਲੀ ਮੂੰਹ ਸੁਜਾਈ ਤੁਰੀ ਫਿਰਨ
ਵਾਲੀ ਔਰਤ ਤੋਂ ਬਿਲਕੁਲ ਵੱਖਰੀ ਦਿਖਾਈ ਦੇ ਰਹੀ ਸੀ। ਪਿਛਲੇ ਕੁਝ ਸਾਲਾਂ ਦੌਰਾਨ ਮੈਂ ਉਹਨੂੰ
ਕਦੇ ਵੀ ਮੁਸਕਰਾਉਂਦੀ ਨਹੀਂ ਸੀ ਦੇਖਿਆ। ਉਹ ਜ਼ਰੂਰ ਕੋਈ ਖਾਸ ਗੱਲ ਹੋਵੇਗੀ, ਜਿਸ ਗੱਲ ਕਾਰਨ
ਉਹ ਇਸ ਤਰ੍ਹਾਂ ਖਿੜੀ ਦਿਖਾਈ ਦੇ ਰਹੀ ਸੀ। ਸ਼ਾਇਦ ਤਲਾਕ ਦੀ ਗੱਲ ਹੋਵੇ? ਸ਼ਾਇਦ ਉਹ ਮੈਨੂੰ
ਦੱਸਣ ਆਈ ਸੀ ਕਿ ਉਹ ਏਥੋਂ ਬਚ ਕੇ ਨਿਕਲ ਰਹੀ ਸੀ।
‘ਸਰਬ, ਬੁੱਝ ਕੀ ਹੋਇਆ?’ ਉਹਨੇ ਕਿਹਾ, ਉਹਦੀਆਂ ਕਾਲੀਆਂ ਅੱਖਾਂ ਜੋਸ਼ ਵਿੱਚ ਚਮਕ ਰਹੀਆਂ ਸਨ
ਜਿਵੇਂ ਉਹ ਪਹਿਲਾਂ ਕਦੇ ਸਮੇਂ ਚਮਕਦੀਆਂ ਹੁੰਦੀਆਂ ਸਨ।
‘ਕੀ ਗੱਲ ਹੈ?’ ਮੈਂ ਪੁੱਛਿਆ। ‘ਤੂੰ ਕਿਹੜੀ ਗੱਲੋਂ ਅੱਜ ਏਨੀ ਖੁਸ਼ ਹੈਂ?’
‘ਤੂੰ ਕਦੇ ਯਕੀਨ ਨਹੀਂ ਕਰੇਂਗੀ – ਮੈਂ ਇੰਡੀਆ ਨੂੰ ਜਾ ਰਹੀ ਹਾਂ!’
ਮੈਂ ਕਈਆਂ ਦਿਨਾਂ ਤੋਂ ਚੰਗੀ ਤਰ੍ਹਾਂ ਕੁਛ ਖਾਧਾ ਨਹੀਂ ਸੀ – ਪਰ ਉਸ ਵੇਲੇ ਮੈਨੂੰ ਉਲਟੀ ਆ
ਰਹੀ ਸੀ।
***
ਸ਼ੁਕਰਵਾਰ 4 ਦਸੰਬਰ 1998: ਉਹ ਦਿਨ ਜਿਸ ਬਾਰੇ ਮੈਂ ਆਸ ਲਾਈ ਬੈਠੀ ਸੀ ਕਿ ਕਦੇ ਨਾ ਆਵੇ
ਅਤੇ ਉਹ ਦਿਨ ਜਿਸ ਨੂੰ ਮੈਂ ਕਦੇ ਭੁਲਾ ਨਹੀਂ ਸਕਦੀ।
ਬਚਨ ਕੌਰ ਤੇ ਸੁਰਜੀਤ ਦੇ ਜਾਣ ਤੱਕ ਹੋਈ ਭੱਜ ਨੱਠ ਨਾਲ ਮੈਂ ਤਾਂ ਪਾਗਲ ਹੋਈ ਜਾ ਰਹੀ ਸੀ।
ਜੋ ਕੁਝ ਇੰਡੀਆ ਵਿੱਚ ਹੋਣਾ ਸੀ ਉਸ ਤੋਂ ਬਿਨਾਂ ਕਿਸੇ ਵੀ ਹੋਰ ਗੱਲ ਵੱਲ ਮੇਰਾ ਧਿਆਨ ਨਹੀਂ
ਸੀ ਜਾ ਰਿਹਾ। ਮੈਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ। ਗੱਲ ਬੜੀ ਅਣਹੋਣੀ ਸੀ। ਜਿੰਨਾ
ਜਿ਼ਆਦਾ ਮੈਂ ਫਿਕਰ ਕਰਦੀ ਓਨਾ ਹੀ ਘੱਟ ਖਾਂਦੀ, ਜਿੰਨਾ ਘੱਟ ਖਾਂਦੀ ਓਨਾ ਹੀ ਮੈਂ ਜਿ਼ਆਦਾ
ਬੌਂਦਲਿਆ ਮਹਿਸੂਸ ਕਰਦੀ। ਜੇ ਮੈਂ ਆਪਣੇ ਬੱਚੇ ਨਾ ਸਾਂਭਣੇ ਹੁੰਦੇ ਮੈਂ ਮੰਜੇ ‘ਤੇ ਪੈ ਜਾਣਾ
ਸੀ।
ਇਹ ਸੋਚ ਵੀ ਮੇਰਾ ਪਿੱਛਾ ਨਹੀਂ ਸੀ ਛੱਡ ਰਹੀ ਕਿ ਸੁਰਜੀਤ ਨੂੰ ਕਿੰਨੀ ਛੇਤੀ ਇੰਡੀਆ ਜਾਣ
ਵਾਸਤੇ ਰਾਜ਼ੀ ਕਰ ਲਿਆ ਗਿਆ ਸੀ। ਜਿਸ ਤਰ੍ਹਾਂ ਉਹਨੇ ਕੀਤੀ ਸੀ ਉਸ ਤੋਂ ਲਗਦਾ ਸੀ ਕਿ ਇਹ
ਮੇਰੀ ਸੱਸ ਦੇ ਆਮ ਵਰਤੇ ਜਾਣ ਵਾਲੇ ਤਰੀਕੇ ਸਨ। ਪਹਿਲਾਂ ਉਹਨੇ ਸੁਰਜੀਤ ਨੂੰ ਕਿਹਾ ਕਿ ਮੇਰੇ
ਨਾਲ਼ ਚੱਲ ਤਾਂ ਕਿ ਮੈਂ ਆਪਣੇ ਇੰਡੀਆ ਵਿੱਚਲੇ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਵਿੱਚ ਬੁਰੀ ਨਾ
ਲੱਗਾਂ।
‘ਜੇ ਮੈਂ ਇਕੱਲੀ ਗਈ ਤਾਂ ਇਹ ਮੇਰੇ ਲਈ ਬੜੀ ਸ਼ਰਮ ਦੀ ਗੱਲ ਹੋਵੇਗੀ।’
ਸੁਰਜੀਤ ਵਲੋਂ ਮੰਮ ਦੀ ਇੱਜ਼ਤ ਬਾਰੇ ਫਿਕਰ ਕਰਨ ਦੇ ਦਿਨ ਤਾਂ ਕਦੋਂ ਦੇ ਬੀਤ ਚੁੱਕੇ ਸਨ।
ਜਦੋਂ ਬਚਨ ਕੌਰ ਨੇ ਰੋ ਰੋ ਕੇ ਹਾਲ ਦੁਹਾਈ ਪਾਈ ਕਿ ਇਹ ਕਿੰਨੀ ਬੁਰੀ ਗੱਲ ਹੋਵੇਗੀ, ਸੁਰਜੀਤ
ਉਦੋਂ ਵੀ ਅੜੀ ਰਹੀ। ਸੁਰਜੀਤ ਦਾ ਮਨ ਉਦੋਂ ਜ਼ਰਾ ਬਦਲਣ ਲੱਗਾ ਜਦੋਂ ਬਚਨ ਕੌਰ ਨੇ ਕਿਹਾ ਕਿ
ਇੰਡੀਆ ਵਿੱਚ ਉਹ ਉਹਦੇ ਲਈ ਵਧੀਆ ਵਧੀਆ ਸੂਟ ਖ੍ਰੀਦੇਗੀ ਉਹ ਵੀ ਸਿਰਫ ਵਿਆਹਾਂ ਵਾਸਤੇ ਹੀ
ਨਹੀਂ ਹੋਰ ਵੀ।
‘ਸੁਰਜੀਤ ਤੇਰੇ ਤੇ ਮੇਰੇ ਵਿਚਾਲੇ ਬਹੁਤ ਝਗੜੇ ਰਹੇ ਹਨ,’ ਬੁੜੀ ਨੇ ਕਿਹਾ। ‘ਮੈਂ ਇਸ ਸਭ
ਕਾਸੇ ਬਦਲੇ ਤੇਰੇ ਲਈ ਕੁਝ ਕਰਨਾ ਚਾਹੁੰਦੀ ਹਾਂ। ਮੈਂ ਤੈਨੂੰ ਖੁਸ਼ ਕਰਨਾ ਚਾਹੁੰਦੀ ਹਾਂ।’
ਇਕ ਸਾਲ ਪਹਿਲਾਂ ਬਚਨ ਕੌਰ ਦੀ ਵੱਡੀ ਕੁੜੀ ਭਜਨ ਇੰਡੀਆ ਨੂੰ ਗਈ ਸੀ ਤੇ ਉੱਥੇ ਉਹਨੇ
ਬੇਤਹਾਸ਼ੀ ਖ੍ਰੀਦੋ-ਫਰੋਖਤ ਕੀਤੀ ਸੀ। ਉਹ ਆ ਕੇ ਸੁਰਜੀਤ ਕੋਲ ਇਸ ਬਾਰੇ ਬਹੁਤ ਗੱਲਾਂ ਮਾਰਦੀ
ਰਹੀ ਸੀ। ਮੇਰਾ ਖਿਆਲ ਹੈ ਕਿ ਸੁਰਜੀਤ ਨੇ ਵੀ ਉਹਦੇ ਵਾਂਗ ਹੀ ਸੋਚਿਆ ਕਿ ਮੈਂ ਵੀ ਹਰ ਕਿਸਮ
ਦੀਆਂ ਸੁਹਣੀਆਂ ਸੁਹਣੀਆਂ ਚੀਜ਼ਾਂ ਖ੍ਰੀਦਾਂਗੀ। ਉਹ ਇੰਡੀਆ ਜਾਣ ਵਾਸਤੇ ਏਨੀ ਕਾਹਲੀ ਸੀ ਕਿ
ਉਹਦੇ ਲਈ ਉਡੀਕ ਕਰਨੀ ਮੁਸ਼ਕਲ ਹੋ ਰਹੀ ਸੀ। ਉਹਦੀ ਕਾਹਲ ਉਹਨੂੰ ਬੜਾ ਹੰਕਾਰੀ ਜਿਹਾ ਬਣਾ
ਰਹੀ ਸੀ। ਨਾਲ ਹੀ ਸੁਖਦੇਵ ਤੋਂ ਪਰ੍ਹਾਂ ਰਹਿਣ ਲਈ ਜਿੰਨਾ ਵੀ ਸਮਾਂ ਮਿਲ ਸਕੇ ਉਹ ਉਹਦੇ ਲਈ
ਵਧੀਆ ਗੱਲ ਸੀ। ਅਤੇ ਜੇ ਉਹ ਦਿੱਲੀ ਦੀਆਂ ਮਹਿੰਗੀਆਂ ਕੱਪੜਿਆਂ ਦੀਆਂ ਦੁਕਾਨਾਂ ਵਿੱਚ
‘ਸੁਪਰਮਾਰਕੀਟ ਸਵੀਪ’ ਖੇਡ ਸਕੇ ਤਾਂ ਇਹ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਣੀ ਸੀ।
ਬਚਨ ਕੌਰ ਨੂੰ ਜ਼ਰੂਰ ਇਸ ਗੱਲ ਦਾ ਪਤਾ ਹੋਵੇਗਾ। ਉਹਨੂੰ ਸੁਰਜੀਤ ਦੇ ਹੋਰ ਲਾਲਚਾਂ ਦਾ ਵੀ
ਪਤਾ ਸੀ। ਮੈਨੂੰ ਹੁਣ ਤੱਕ ਵੀ ਇਸ ਗੱਲ ਦੀ ਸ਼ੱਕ ਹੈ ਕਿ ਬਚਨ ਕੌਰ ਨੇ ਉਹਨੂੰ ਇਹੋ ਜਿਹੇ
ਇਨਾਮ ਦੀ ਪੇਸ਼ਕਸ਼ ਕੀਤੀ ਹੋਵੇਗੀ ਜਿਹੜਾ ਪੈਸੇ ਨਾਲ਼ ਨਹੀਂ ਖ੍ਰੀਦਿਆ ਜਾ ਸਕਦਾ ਸੀ, ਇਕ
ਇਹੋ ਜਿਹਾ ਚਮਕੀਲਾ ਗਹਿਣਾ ਜਿਹੜਾ ਬਹੁਤ ਸਾਲਾਂ ਤੋਂ ਸੁਰਜੀਤ ਦੀ ਖਾਹਿਸ਼ ਸੀ: ਉਹਦੀ
ਆਜ਼ਾਦੀ। ਮੈਂ ਉਹਨਾਂ ਦਰਮਿਆਨ ਹੋਈ ਗੱਲਬਾਤ ਦੀ ਕਲਪਨਾ ਕਰਨ ਦੀ ਕੋਸ਼ਸ਼ ਕੀਤੀ: ‘ਸੁਰਜੀਤ,
ਮੇਰੇ ਲਈ ਮੇਰੇ ਪਰਿਵਾਰ ਦੇ ਸਾਹਮਣੇ ਇਹ ਕੰਮ ਕਰ ਦੇ, ਜੇ ਤੂੰ ਫੇਰ ਵੀ ਤਲਾਕ ਚਾਹੁੰਦੀ ਹੋਈ
ਤਾਂ ਜਦੋਂ ਆਪਾਂ ਮੁੜ ਕੇ ਆਏ ਤੈਨੂੰ ਤਲਾਕ ਮੇਰੀ ਸਹਿਮਤੀ ਨਾਲ਼ ਮਿਲ ਜਾਵੇਗਾ।’
ਵਾਅਦਾ ਰਿਹਾ।
ਹਾਂ ਇਹ ਗੱਲ ਏਨੀ ਸੁਖਾਲੀ ਹੋ ਸਕਦੀ ਸੀ।
ਜਦੋਂ ਉਨ੍ਹਾਂ ਦੇ ਜਾਣ ਦਾ ਦਿਨ ਨੇੜੇ ਆ ਰਿਹਾ ਸੀ ਤਾਂ ਮੈਂ ਦੇਖਿਆ ਕਿ ਬਚਨ ਕੌਰ ਬਹੁਤਾ
ਸਮਾਂ ਸਾਡੇ ਘਰ ਵਿੱਚ ਬਿਤਾ ਰਹੀ ਸੀ। ਜੇ ਕੋਈ ਵੀ ਚੀਜ਼ ਉਹਦੀ ਯੋਜਨਾ ਵਿੱਚ ਵਿਘਨ ਪਾ ਸਕਦੀ
ਸੀ ਤਾਂ ਮੈਂ ਸੋਚਿਆ ਕਿ ਉਹ ਜ਼ਰੂਰ ਅੰਦਾਜ਼ੇ ਲਾਉਂਦੀ ਹੋਵੇਗੀ ਕਿ ਇਹ ਮੈਂ ਹੀ ਹੋ ਸਕਦੀ
ਸੀ। ਮੇਰੀ ਹੀ ਸੁਰਜੀਤ ਨਾਲ ਵਧੀਆ ਬਣਦੀ ਸੀ। ਮੈਂ ਹੀ ਉਨ੍ਹਾਂ ਦੇ ਖੂਨੀ ਰਿਸ਼ਤੇ ਤੋਂ ਬਾਹਰ
ਦੀ ਸੀ ਤੇ ਮੈਂ ਹਰਦੇਵ ਨਾਲ਼ ਵਿਆਹੀ ਹੋਈ ਸੀ। ਭਾਵੇਂ ਉਹ ਇਕੱਲਾ ਹੀ ਸੀ ਜਿਹੜਾ ਯੋਜਨਾ ਦੇ
ਵਿਰੁੱਧ ਬੋਲਿਆ ਸੀ, ਮੈਨੂੰ ਇਸ ਗੱਲ ਦੀ ਕੋਈ ਸ਼ੱਕ ਨਹੀਂ ਸੀ ਕਿ ਉਹ ਮੇਰੀ ਕਹੀ ਹਰ ਗੱਲ
ਅਤੇ ਹਰ ਕ੍ਰੋਧ ਬਾਰੇ ਜ਼ਰੂਰ ਆਪਣੀ ਮਾਂ ਨੂੰ ਦੱਸਦਾ ਰਿਹਾ ਹੋਵੇਗਾ। ਲਗਦਾ ਸੀ ਕਿ ਬਚਨ ਕੌਰ
ਨੇ ਮੇਰੇ ‘ਤੇ ਕੜ੍ਹੀ ਨਜ਼ਰ ਰੱਖਣ ਦਾ ਇਰਾਦਾ ਬਣਾਇਆ ਹੋਇਆ ਸੀ।
ਉਹਨੇ ਸੁਰਜੀਤ ਨਾਲ਼ ਗੱਲਬਾਤ ਕਰਨ ਤੋਂ ਵੀ ਮੈਨੂੰ ਰੋਕਣਾ ਸੀ। ਬਹੁਤ ਵਾਰੀ ਇਸ ਤਰ੍ਹਾਂ
ਹੋਇਆ ਕਿ ਜਦੋਂ ਵੀ ਮੈਂ ਨਾਲ ਦੇ ਘਰ ਨੂੰ ਜਾਣ ਲਗਦੀ, ਕੋਈ ਚੀਜ਼ ਲੈਣ ਜਾਂ ਨਿਆਣਿਆਂ ਨੂੰ
ਲੈਣ, ਤਾਂ ਮੇਰੀ ਸੱਸ ਆ ਕੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਕਰਨ ਨੂੰ ਕਹਿ ਦਿੰਦੀ ਜਿਹੜਾ
ਉਸੇ ਵੇਲੇ ਹੋਣਾ ਚਾਹੀਦਾ ਸੀ ਤੇ ਜਿਹਨੂੰ ਮੇਰੇ ਬਿਨਾਂ ਹੋਰ ਕੋਈ ਨਹੀਂ ਸੀ ਕਰ ਸਕਦਾ। ਘਰ
ਦੇ ਅੰਦਰ ਮੈਂ ਜਿਧਰ ਨੂੰ ਵੀ ਜਾਂਦੀ ਉਹਦੀਆਂ ਘੋਖਵੀਆਂ ਨਜ਼ਰਾਂ ਮੇਰਾ ਪਿੱਛਾ ਕਰਦੀਆਂ।
ਹਰਦੇਵ ਕਿਸੇ ਕੰਮ ਦਾ ਨਹੀਂ ਸੀ। ਫੈਸਲੇ ਵਾਲੀ ਮੀਟਿੰਗ ਵਿੱਚ ਉਹਦੀ ਏਨੀ ਵਧੀਆ ਕਾਰਗੁਜ਼ਾਰੀ
ਤੋਂ ਬਾਅਦ ਬਚਨ ਕੌਰ ਨੇ ਉਹਨੂੰ ਕਾਫੀ ਦਬਕਿਆ ਲਗਦਾ ਸੀ ਤੇ ਹੁਣ ਉਹਨੇ ਉਹਦਾ ਮਨ ਬਦਲਣ ਦੀ
ਕੋਸਿ਼ਸ਼ ਕਰਨੀ ਹੀ ਛੱਡ ਦਿੱਤੀ ਸੀ। ਸੁਖਦੇਵ ਨੂੰ ਵੀ ਕੁਝ ਨਹੀਂ ਸੀ ਕਿਹਾ ਜਾ ਸਕਦਾ।
‘ਮੈਂ ਜੋ ਕਰ ਸਕਦਾ ਸੀ ਕਰ ਚੁੱਕਿਆਂ ਹਾਂ,’ ਮੇਰੇ ਪਤੀ ਨੇ ਕਿਹਾ, ‘ਹੁਣ ਤੂੰ ਇਸ ਗੱਲ ਨੂੰ
ਭੁੱਲ ਜਾਹ। ਇਹ ਸਾਡੇ ਟੱਬਰ ਦਾ ਮਾਮਲਾ ਹੈ।’
ਉਹ ਵੀ ਆਪਣੀ ਮੰਮ ਤੋਂ ਓਨਾ ਹੀ ਡਰਿਆ ਹੋਇਆ ਹੈ ਜਿੰਨੀ ਮੈਂ।
ਵੀਰਵਾਰ ਦੀ ਰਾਤ ਨੂੰ 88 ਨੰਬਰ ਵਾਲੇ ਘਰ ਵਿੱਚ ਸਫਰ ‘ਤੇ ਜਾਣ ਵਾਲਿਆਂ ਨੂੰ ਅਲਵਿਦਾ ਕਹਿਣ
ਲਈ ਸਾਰੇ ਇਕੱਠੇ ਹੋਏ ਸਨ। ਮੰਮ, ਹਰਦੇਵ, ਬੱਚੇ ਤੇ ਬਾਕੀ ਵੀ ਕਈ ਜਣੇ ਆਉਂਦੇ ਜਾਂਦੇ ਰਹੇ
ਪਰ ਮੈਨੂੰ ਨਹੀਂ ਜਾਣ ਦਿੱਤਾ ਗਿਆ। ਬਚਨ ਕੌਰ ਨਹੀਂ ਸੀ ਚਾਹੁੰਦੀ ਕਿ ਮੈਂ ਸਾਰੇ ਮਾਹੌਲ
ਵਿੱਚ ਕੋਈ ਵਿਘਨ ਪਾ ਦਿਆਂ। ਉਹ ਆਪਣੀ ਕਾਮਯਾਬੀ ਦੇ ਏਨੇ ਨੇੜੇ ਸੀ।
ਮੈਂ 90 ਨੰਬਰ ਵਾਲੇ ਘਰ ਵਿੱਚ ਇਕੱਲੀ ਸੀ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ
ਕਰਾਂ। ਇਸ ਲਈ ਮੈਂ ਉਹੋ ਕੁਝ ਹੀ ਕੀਤਾ ਜੋ ਮੈਂ ਅਕਸਰ ਕਰਦੀ ਜਦੋਂ ਵੀ ਮੈਨੂੰ ਕਿਸੇ ਅਗਵਾਈ
ਦੀ ਲੋੜ ਮਹਿਸੂਸ ਹੁੰਦੀ ਸੀ।
ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦੀਆਂ ਦਿਆਲੂ ਨਜ਼ਰਾਂ ਵੱਲ ਦੇਖਿਆ ਮੇਰੀਆਂ ਅੱਖਾਂ ਹੰਝੂਆਂ
ਨਾਲ਼ ਭਰ ਗਈਆਂ। ਉਹਨੇ ਮੈਨੂੰ ਕਦੇ ਵੀ ਨਿਰਾਸ਼ ਨਹੀਂ ਸੀ ਕੀਤਾ, ਇਸ ਲਈ ਮੈਂ ਅਰਦਾਸ ਕੀਤੀ
ਕਿ ਉਹ ਇਸ ਵਾਰ ਵੀ ਮੇਰੀ ਸਹਾਇਤਾ ਕਰੇ।
‘ਪਿਆਰੇ ਗੁਰੂ ਨਾਨਕ ਮਹਾਰਾਜ ਜੀ, ਮਿਹਰਬਾਨੀ ਕਰਕੇ ਸੁਰਜੀਤ ਨੂੰ ਬਚਾਅ ਲਓ। ਉਸ ਨੂੰ ਇੰਡੀਆ
ਜਾਣ ਤੋਂ ਰੋਕ ਲਓ। ਜੇ ਉਹਨੇ ਉਸ ਜਹਾਜ਼ ‘ਤੇ ਪੈਰ ਧਰਿਆ ਤਾਂ ਮੈਨੂੰ ਡਰ ਹੈ ਕਿ ਇਹ ਉਹਦੇ
ਲਈ ਬਹੁਤ ਹੀ ਭਿਆਨਕ ਗੱਲ ਹੋਵੇਗੀ। ਮੇਰੇ ਮਿਹਰਬਾਨ ਮੇਰੇ ‘ਤੇ ਦਇਆ ਕਰੋ, ਮੈਂ ਤੁਹਾਡੇ
ਕੋਲੋਂ ਖੈਰ ਮੰਗ ਰਹੀ ਹਾਂ।’
ਮੈਂ ਪਰੇਸ਼ਾਨ ਤੇ ਭਾਰੇ ਦਿਲ ਨਾਲ ਪਤਾ ਨਹੀਂ ਕਿੰਨਾ ਚਿਰ ਉੱਥੇ ਬੈਠੀ ਰਹੀ। ਮੈਨੂੰ ਪਤਾ ਸੀ
ਕਿ ਮੈਨੂੰ ਕੁਝ ਕਰਨਾ ਚਾਹੀਦਾ ਸੀ ਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਕੀ ਕਰਾਂ। ਮੈਨੂੰ
ਇਸ ਗੱਲ ਬਾਰੇ ਘਰ ਤੋਂ ਬਾਹਰ ਕਿਸੇ ਨਾਲ ਗੱਲ ਕਰਨ ਤੋਂ ਮਨ੍ਹਾਂ ਕੀਤਾ ਹੋਇਆ ਸੀ। ਮੇਰਾ ਪਤੀ
ਤੇ ਘਰ ਦੀ ਮੁੱਖਤਿਆਰਨ ਇਕ ਦੂਜੇ ਨਾਲ ਸਹਿਮਤ ਸਨ। ਮੈਂ ਜਿੰਨਾ ਮਰਜ਼ੀ ਸੋਚਾਂ ਕਿ ਉਹ ਬਹੁਤ
ਘਿਨਾਉਣੀ ਗੱਲ ਕਰ ਰਹੇ ਸਨ ਪਰ ਮੈਂ ਉਨ੍ਹਾਂ ਦੇ ਪਰਿਵਾਰ ਦੇ ਮਾਮਲੇ ਵਿੱਚ ਨਹੀਂ ਸੀ ਆ
ਸਕਦੀ। ਮੈਨੂੰ ਪਰਿਵਾਰ ਦੀ ਇੱਜ਼ਤ ਦੀ ਰੱਖਿਆ ਕਰਨੀ ਪੈਣੀ ਸੀ।
ਉਨ੍ਹਾਂ ਵਾਂਗ ਹੀ।
***
ਆਪਣੇ ਗੁਰੂ ਅੱਗੇ ਆਪਣੇ ਸਾਰੇ ਡਰ ਦੱਸ ਕੇ ਕੁਝ ਰਾਹਤ ਮਹਿਸੂਸ ਹੋਈ। ਗੁਰੂ ਵਿੱਚ ਮੇਰੀ
ਸ਼ਰਧਾ ਪੂਰੀ ਸੀ ਪਰ ਫਿਰ ਵੀ ਮੈਨੂੰ ਲੋੜ ਮਹਿਸੂਸ ਹੋ ਰਹੀ ਸੀ ਕਿ ਮੈਂ ਇਹ ਗੱਲ ਕਿਸੇ ਹੋਰ
ਨਾਲ ਕਰਾਂ। ਸੁਰਜੀਤ ਲਈ ਏਨਾ ਕਰਨਾ ਮੇਰਾ ਬਣਦਾ ਸੀ। ਬਾਬੇ ਨਾਨਕ ਲਈ ਏਨਾ ਕਰਨਾ ਬਣਦਾ ਸੀ।
ਮੇਰੇ ਖੁਦ ਲਈ ਮੈਨੂੰ ਏਨਾ ਕਰਨਾ ਬਣਦਾ ਸੀ। ਮੈਂ ਕਾਫੀ ਸਮਾਂ ਚੁੱਪ ਰਹੀ ਸੀ। ਪਰ ਮੈਂ
ਦੱਸਾਂ ਕਿਹਨੂੰ?
ਪੁਲੀਸ ਕੋਲ ਜਾਣ ਦੇ ਖਿਆਲ ਨੇ ਹੀ ਮੈਨੂੰ ਕੰਬਣੀ ਛੇੜ ਦਿੱਤੀ ਸੀ। ਮੈਨੂੰ ਇਹ ਸਿੱਖਿਆ ਦੇ
ਕੇ ਪਾਲਿ਼ਆ ਗਿਆ ਸੀ ਕਿ ਸਾਰੇ ਮਸਲੇ ਘਰ ਦੇ ਅੰਦਰ ਹੀ ਨਿਪਟਾਏ ਜਾ ਸਕਦੇ ਹਨ। ਮੇਰਾ ਪਿਓ
ਏਦਾਂ ਸੋਚਦਾ ਸੀ, ਮੇਰੇ ਨਾਨਾ ਨਾਨੀ ਇਸ ਤਰ੍ਹਾਂ ਸੋਚਦੇ ਸਨ, ਤੇ ਮੇਰੀ ਸੱਸ ਵੀ ਇਸ ਤਰ੍ਹਾਂ
ਹੀ ਸੋਚਦੀ ਸੀ। ਉਹ ਭਾਵੇਂ ਅਤਿ ਕਰ ਰਹੀ ਸੀ ਪਰ ਫਿਰ ਵੀ ਮੈਂ ਇਸ ਖਿਆਲ ਦਾ ਸਹਮਣਾ ਨਹੀਂ ਕਰ
ਸਕਦੀ ਸੀ ਕਿ ਹੇਅਜ਼ ਦੇ ਸਥਾਨਕ ਪੁਲੀਸ ਸਟੇਸ਼ਨ ਵਿੱਚ ਜਾ ਕੇ ਜੋ ਕੁਝ ਵੀ ਮੈਨੂੰ ਪਤਾ ਸੀ
ਸਾਰਾ ਦੱਸ ਦੇਵਾਂ। ਜੇ ਕਿਸੇ ਨੇ ਮੈਨੂੰ ਦੇਖ ਲਿਆ? ਜੇ ਬਚਨ ਕੌਰ ਜਾਂ ਸੁਖਦੇਵ ਨੂੰ ਪਤਾ
ਲੱਗ ਗਿਆ ਕਿ ਮੈਂ ਕੀ ਕੀਤਾ ਹੈ?
ਫਿਰ ਮੈਨੂੰ ਇਕ ਸਹਾਇਤਾ ਵਾਲੀ ਲਾਈਨ ਬਾਰੇ ਦੇਖੇ ਕੁਝ ਇਸ਼ਤਿਹਾਰਾਂ ਦਾ ਚੇਤਾ ਆਇਆ। ਇਹ
ਇਸ਼ਤਿਹਾਰ ਉਹਨਾਂ ਲੋਕਾਂ ਨੂੰ ਇਤਲਾਹ ਦੇਣ ਲਈ ਉਤਸ਼ਾਹਤ ਕਰਨ ਲਈ ਸਨ ਜਿਹੜੇ ਕਿਸੇ ਹੋ ਰਹੇ
ਗੈਰ-ਕਾਨੂੰਨੀ ਕੰਮ ਬਾਰੇ ਜਾਣਦੇ ਹੋਣ। ਚੰਗੀ ਗੱਲ ਇਹ ਸੀ ਕਿ ਇਤਲਾਹ ਦੇਣ ਵਾਲਾ ਗੁਪਤ ਰਹਿ
ਸਕਦਾ ਸੀ। ਪਰ ਉਸ ਲਾਈਨ ਦਾ ਨਾਂ ਕੀ ਸੀ? ਮੈਂ ਬਹੁਤ ਚਿਰ ਚੇਤਾ ਕਰਨ ਲਈ ਸਿਰ ਖਪਾਉਂਦੀ ਰਹੀ
ਤੇ ਅਖੀਰ ‘ਚ ਮੈਨੂੰ ਉਹਦਾ ਚੇਤਾ ਆ ਗਿਆ। ‘ਕਰਾਈਮਸਟੌਪਰਜ਼’। ਹੁਣ ਸਮੱਸਿਆ ਇਹ ਸੀ ਕਿ ਮੈਂ
ਉਨ੍ਹਾਂ ਨਾਲ ਕਿਸ ਤਰ੍ਹਾਂ ਸੰਪਰਕ ਕਰਾਂ ਤਾਂ ਕਿ ਕਿਸੇ ਹੋਰ ਨੂੰ ਇਸ ਬਾਰੇ ਪਤਾ ਨਾ ਲੱਗੇ।
ਉਸ ਕਿਸਮਤ ਮਾਰੇ ਸ਼ੁਕਰਵਾਰ ਦੀ ਸਵੇਰ ਨੂੰ ਜਦ ਮੈਂ ਨਾਸ਼ਤਾ ਬਣਾਉਣ ਲਈ ਥੱਲੇ ਗਈ ਤਾਂ ਮੈਂ
ਹਾਲ ਵਿੱਚ ਫੋਨ ਦੇ ਲਾਗੇ ਰੁਕੀ। ਮੇਰਾ ਜੀਅ ਕਰਦਾ ਸੀ ਕਿ ਮੈਂ ਇਸ ਨੂੰ ਚੁੱਕਾਂ ਤੇ ਆਪਣੇ
ਮਨ ਦੀਆਂ ਸਾਰੀਆਂ ਗੱਲਾਂ ਕਰਕੇ ਖੁਦ ਨੂੰ ਹੌਲਾ ਕਰ ਲਵਾਂ। ਪਰ ਇਹ ਤਾਂ ਬਹੁਤ ਖਤਰਨਾਕ ਸੀ।
ਮੈਂ ਹਰਦੇਵ ਨੂੰ ਸ਼ਾਵਰ ਲੈਂਦਿਆਂ ਸੁਣ ਸਕਦੀ ਸੀ। ਤਾਰਨ ਕਮਰੇ ਵਿੱਚ ਇੱਧਰ ਉੱਧਰ ਭੱਜੀ
ਫਿਰਦੀ ਸੀ, ਬਲਵੀਨ ਖਾਣੇ ਲਈ ਰੌਲ਼ਾ ਪਾ ਰਹੀ ਸੀ ਤੇ ਕੀ ਪਤਾ ਬਚਨ ਕੌਰ ਕਿੱਥੇ ਸੀ।
ਮੈਂ ਇੱਥੋਂ ਫੋਨ ਨਹੀਂ ਕਰ ਸਕਦੀ।
ਮੈਂ ਸੋਚਿਆ ਕਿ ਇੱਕੋ ਇੱਕ ਮੌਕਾ ਜਿਹੜਾ ਮੈਨੂੰ ਮਿਲੇਗਾ ਉਹ ਹੋਵੇਗਾ ਜਦੋਂ ਮੈਂ ਤਾਰਨ ਨੂੰ
ਸਕੂਲ ਛੱਡਣ ਜਾਵਾਂਗੀ। ਪਰ ਇਹ ਜਾਣਦੀ ਹੋਈ ਕਿ ਮੈਂ ਕੀ ਕਰਨ ਜਾ ਰਹੀ ਸੀ ਮੇਰਾ ਸਰੀਰ ਮਿੱਟੀ
ਹੋ ਗਿਆ। ਜਦੋਂ ਮੈਂ ਨਾਸ਼ਤੇ ਬਾਅਦ ਸਫਾਈ ਕਰ ਰਹੀ ਸੀ ਤਾਂ ਮੇਰੇ ਹੱਥਾਂ ‘ਚੋਂ ਭਾਂਡੇ ਡਿੱਗ
ਰਹੇ ਸਨ ਅਤੇ ਤਾਂ ਮੈਂ ਕੰਬ ਰਹੀ ਸੀ।
‘ਤੂੰ ਠੀਕ ਹੈਂ?’ ਹਰਦੇਵ ਨੇ ਪੁੱਛਿਆ।
‘ਹਾਂ ਮੈਂ ਠੀਕ ਹਾਂ।’
ਪਰ ਮੈਂ ਠੀਕ ਨਹੀਂ ਸੀ। ਮੈਂ ਆਪਣੇ ਪਰਿਵਾਰ ਦੇ ਖਿਲਾਫ ਕੁਝ ਕਰਨ ਜਾ ਰਹੀ ਸੀ ਤੇ ਇਸ ਗੱਲ
ਨੇ ਮੈਨੂੰ ਬਹੁਤ ਬੁਖਲਾ ਦਿੱਤਾ ਸੀ। ਪਰ ਇਹ ਕੀਤਾ ਜਾਣਾ ਚਾਹੀਦਾ ਸੀ। ਇਕ ਔਰਤ ਦੀ ਜਿ਼ੰਦਗੀ
ਇਸ ‘ਤੇ ਨਿਰਭਰ ਕਰ ਰਹੀ ਸੀ। ਉਹ ਮੇਰੇ ‘ਤੇ ਨਿਰਭਰ ਕਰਦੀ ਸੀ।
ਜਦੋਂ ਮੈਂ ਤੇ ਤਾਰਨ ਕਾਰ ਨੂੰ ਤੁਰ ਕੇ ਜਾ ਰਹੀਆਂ ਸੀ ਤਾਂ ਮੈਂ ਥਰ ਥਰ ਕੰਬ ਰਹੀ ਸੀ। ਜਦੋਂ
ਮੈਂ ਕਾਰ ਚਲਾਉਣ ਲਈ ਚਾਬੀ ਪਾਈ ਤਾਂ ਮੈਨੂੰ ਲੱਗਾ ਕਿ ਬਚਨ ਕੌਰ ਦੀਆਂ ਅੱਖਾਂ ਮੇਰਾ ਪਿੱਛਾ
ਕਰ ਰਹੀਆਂ ਸਨ ਅਤੇ ਮੈਂ ਅਰਦਾਸ ਕੀਤੀ ਕਿ ਉਹਨੂੰ ਕਿਤੇ ਇਹ ਨਾ ਦਿਸ ਪਵੇ ਕਿ ਮੇਰੇ ਹੱਥ
ਕਿੰਨੇ ਕੰਬ ਰਹੇ ਸਨ। ਘਰ ਤੋਂ ਕਾਰ ਤੋਰਨ ਬਾਅਦ ਵੀ ਮੇਰੇ ਕੋਲੋਂ ਸਹਿਜ ਨਹੀਂ ਸੀ ਹੋਇਆ ਜਾ
ਰਿਹਾ। ਮੈਂ ਇਸ ਤਰ੍ਹਾਂ ਖੁਦ ਨੂੰ ਕਸੂਰਵਾਰ ਕਿਉਂ ਸਮਝ ਰਹੀ ਸੀ ਜਿਵੇਂ ਮੈਂ ਕੁਝ ਗਲਤ ਕਰ
ਰਹੀ ਹੋਵਾਂ? ਜਦੋਂ ਮੈਂ ਤਾਰਨ ਨੂੰ ਸਕੂਲ ਛੱਡ ਕੇ ਇਕ ਫੋਨ ਬਾਕਸ ਦੇ ਲਾਗੇ ਕਾਰ ਖੜ੍ਹੀ
ਕੀਤੀ ਤਾਂ ਮੇਰੀ ਘਬਰਾਹਟ ਪਹਿਲਾਂ ਨਾਲੋਂ ਵੀ ਵਧ ਗਈ ਸੀ। ਮੈਂ ਡਰਦੀ ਕਾਰ ਵਿੱਚੋਂ ਨਿਕਲਣ
ਤੋਂ ਪਹਿਲਾਂ ਹੀ ਉੱਥੋਂ ਤੁਰਨ ਲੱਗੀ ਸੀ। ਪਰ ਮੈਨੂੰ ਪਤਾ ਸੀ ਕਿ ਮੈਨੂੰ ਕੋਸਿ਼ਸ਼ ਕਰਨੀ
ਚਾਹੀਦੀ ਸੀ। ਸੁਰਜੀਤ ਵੱਲ ਮੇਰੀ ਏਨੀ ਕੁ ਜਿ਼ੰਮੇਵਾਰੀ ਤਾਂ ਬਣਦੀ ਹੀ ਸੀ।
ਇਹ ਉਹ ਫੋਨ ਕਾਲ ਹੈ ਜੋ ਉਸ ਦੀ ਜਾਨ ਬਚਾਅ ਸਕਦੀ ਹੈ ...
***
ਪਹਿਲਾਂ ਮੈਂ ਡਾਇਰੈਕਟਰੀ ਤੋਂ ਜਾਣਕਾਰੀ ਲੈਣ ਲਈ ਫੋਨ ਕੀਤਾ। ਉਨ੍ਹਾਂ ਕੋਲੋਂ
ਕਰਾਈਮਸਟੌਪਰਜ਼ ਦਾ ਨੰਬਰ ਪੁੱਛਣ ਸਮੇਂ ਡਰ ਕਾਰਨ ਮੇਰਾ ਜੀਅ ਕੱਚਾ ਕੱਚਾ ਹੋਣ ਲੱਗਾ।
ਕੀ ਮੈਂ ਸੱਚ ਮੁੱਚ ਇਹ ਕਰਨ ਲੱਗੀ ਸੀ? ਕੀ ਮੈਂ ਸੱਚੀਂ ਆਪਣੇ ਪਤੀ ਦੇ ਪਰਿਵਾਰ ਨਾਲ ਧ੍ਰੋਹ
ਕਮਾਉਣ ਜਾ ਰਹੀ ਸੀ?
ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਰਿਸ਼ਤਿਆਂ ਬਾਰੇ ਜੋ ਕੁਝ ਵੀ ਸਿਖਾਇਆ ਗਿਆ ਸੀ ਉਹ ਸਭ
ਕੁਝ ਦਾਅ ‘ਤੇ ਸੀ। ਮੈਂ ਆਪਣੇ ਸਮੁੱਚੇ ਸੱਭਿਆਚਾਰ ਦੇ ਖਿਲਾਫ ਜਾ ਰਹੀ ਸੀ। ਮੈਂ ਆਪਣੇ
ਸਾਰਿਆਂ ਨੂੰ ਬੇਇੱਜ਼ਤ ਕਰਨ ਜਾ ਰਹੀ ਸੀ।
ਮੈਨੂੰ ਅਜੇ ਵੀ ਪਬਲਿਕ ਫੋਨ ਦੇ ਨੰਬਰਾਂ ਉੱਪਰ ਆਪਣੀਆਂ ਕੰਬ ਰਹੀਆਂ ਉਂਗਲਾਂ ਦਾ ਚੇਤਾ ਹੈ।
ਓੜਕ ਨੂੰ ਮੈਂ ਜਾਣ ਲਿਆ ਕਿ ਕਾਂਬਾ ਹਟਾਉਣ ਦਾ ਇਕੋ ਤਰੀਕਾ ਸੀ ਕਿ ਮੈਂ ਜੋ ਕਰਨ ਲੱਗੀ ਹਾਂ
ਉਹ ਕਰ ਦੇਵਾਂ, ਨੰਬਰ ਦਬਾਅ ਦੇਵਾਂ।
0-8-0-0-
ਮੈਂ ਕਰ ਰਹੀ ਹਾਂ ...
5-5-5-
ਤਕਰੀਬਨ ਹੋ ਚੱਲਿਆ ਹੈ...
1-1-
ਨਹੀਂ ਮੈਂ ਨਹੀਂ ਕਰ ਸਕਦੀ! ਮੈਂ ਆਪਣਾ ਸਭ ਕੁਝ ਖਤਰੇ ਵਿੱਚ ਨਹੀਂ ਪਾ ਸਕਦੀ।
ਚਾਣਚੱਕ ਜੋ ਕੁਝ ਮੈਂ ਕਰ ਰਹੀ ਸੀ ਉਸ ਸਭ ਕਾਸੇ ਦਾ ਭਾਰ ਮੇਰੇ ‘ਤੇ ਹਾਵੀ ਹੋ ਗਿਆ। ਆਪਣੇ
ਪਤੀ ਨਾਲ ਇਸ ਬਾਰੇ ਮੂੰਹ ਬੰਦ ਰੱਖਣ ਦਾ ਕੀਤਾ ਵਾਅਦਾ, ਅਤੇ ਪਰਿਵਾਰ ਦੇ ਨਾਂ ਦੇ ਖਿਲਾਫ
ਜਾਣ ਦੇ ਖਿਆਲਾਂ ਨੇ ਮੈਨੂੰ ਜਕੜ ਲਿਆ। ਉਣੱਤੀਆਂ ਸਾਲਾਂ ਦੌਰਾਨ ਮਿਲੀ ਸਿੱਖਿਆ ਮੈਨੂੰ ਇਹ
ਕਰਨ ਨਹੀਂ ਸੀ ਦੇ ਰਹੀ। ਪਰ ਫਿਰ ਮੈਨੂੰ ਸੁਰਜੀਤ ਦਾ ਹੱਸਦਾ ਚਿਹਰਾ ਦਿਸਿਆ ਜਦੋਂ ਉਹ ਮੈਨੂੰ
ਆਪਣੇ ਇੰਡੀਆ ਦੇ ਟਰਿੱਪ ਬਾਰੇ ਦੱਸ ਰਹੀ ਸੀ। ਉਹਨੂੰ ਇਸ ਦਾ ਕੋਈ ਇਲਮ ਨਹੀਂ ਸੀ ਕਿ ਉਹਦੇ
ਨਾਲ ਕੀ ਹੋਣ ਵਾਲਾ ਸੀ। ਮੈਂ ਅਖੀਰਲਾ ਨੰਬਰ ਦੱਬ ਦਿੱਤਾ।
1
‘ਹੈਲੋ ਕਰਾਈਮਸਟੌਪਰਜ਼...’
ਕੁਝ ਪਲਾਂ ਲਈ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜੀ ਇਸ ਤੋਂ ਪਹਿਲਾਂ ਕਿ ਮੈਂ ਹੁੰਗਾਰਾ ਭਰਨ
ਲਈ ਹੌਸਲਾ ਫੜਦੀ।
‘ਹੈਲੋ’, ਮੈਂ ਬਰੀਕ ਅਤੇ ਚੁੱਪ ਜਿਹੀ ਚੁੱਪ ਜਿਹੀ ਆਵਾਜ਼ ਵਿੱਚ ਕਿਹਾ। ‘ਮੈਂ ਇਕ ਕਤਲ ਬਾਰੇ
ਰੀਪੋਰਟ ਕਰਨਾ ਚਾਹੁੰਦੀ ਜੋ ਹੋਣ ਜਾ ਰਿਹਾ ਹੈ।’
ਜਦੋਂ ਮੈਂ ਇਕ ਵਾਰੀ ਸ਼ੁਰੂ ਕੀਤਾ ਫੇਰ ਤਾਂ ਨੱਕੇ ਖੁੱਲ੍ਹ ਗਏ। ਮੈਂ ਉਨ੍ਹਾਂ ਨੂੰ ਸਭ ਕੁਝ
ਦੱਸ ਦਿੱਤਾ। ਮੀਟਿੰਗ ਬਾਰੇ, ਯੋਜਨਾ ਬਾਰੇ, ਟਰਿੱਪ ਬਾਰੇ। ਬਚਨ ਕੌਰ ਤੇ ਸੁਖਦੇਵ ਬਾਰੇ।
ਮੈਂ ਉਨ੍ਹਾਂ ਨੂੰ ਦੱਸਿਆ ਕਿ ਇਹ ਅੱਜ ਹੋ ਰਿਹਾ ਸੀ। ਮੈਂ ਉਨ੍ਹਾਂ ਨੂੰ ਉਡਾਣ ਦਾ ਸਮਾਂ,
ਉਡਾਣ ਦਾ ਨੰਬਰ ਤੇ ਨਾਲ ਹੀ ਦੱਸਿਆ ਕਿ ਉਹ ਕਿੱਥੇ ਜਾ ਰਹੇ ਸਨ। ਤੇ ਉਹ ਕੀ ਕਰਨ ਜਾ ਰਹੇ
ਸਨ।
ਫਿਰ ਜਦੋਂ ਓਪਰੇਟਰ ਨੇ ਮੇਰੀ ਬਹਾਦਰੀ ਲਈ ਮੇਰਾ ਧੰਨਵਾਦ ਕੀਤਾ ਤਾਂ ਮੈਂ ਡਰ ਨਾਲ ਪੱਥਰ ਬਣੀ
ਉੱਥੇ ਖੜ੍ਹੀ ਰਹੀ।
ਬਹਾਦਰੀ? ਮੈਂ ਤਾਂ ਸਿਰਫ ਉਹ ਹੀ ਕਰ ਰਹੀ ਸੀ ਜੋ ਠੀਕ ਸੀ। ਫੇਰ ਮੈਨੂੰ ਸਮੇਂ ਦਾ ਖਿਆਲ
ਆਇਆ। ਮੈਨੂੰ ਤਾਂ ਘਰੋਂ ਆਈ ਨੂੰ ਬਹੁਤ ਚਿਰ ਹੋ ਗਿਆ ਸੀ। ਮੇਰੀ ਸੱਸ ਨੂੰ ਤਾਂ ਸ਼ੱਕ ਹੋਣ
ਲੱਗ ਪੈਣੀ ਸੀ।
ਮੈਂ ਫੋਨ ਰੱਖਿਆ, ਕਾਰ ਤੱਕ ਦੌੜ ਕੇ ਗਈ ਤੇ ਜਿੰਨੀ ਤੇਜ਼ ਹੋ ਸਕਦਾ ਸੀ ਕਾਰ ਚਲਾ ਕੇ ਘਰ
ਗਈ। ਇਹ ਮੈਂ ਕੀ ਕਰ ਆਈ ਸੀ? ਮੈਂ ਕਿਹੜੀ ਮੁਸੀਬਤ ਸਹੇੜ ਲਈ ਸੀ? ਅਚਾਨਕ ਮੈਂ ਹੋਰ ਵੀ ਡਰ
ਗਈ।
ਇਹ ਕੋਈ ਬਹਾਦਰੀ ਨਹੀਂ ਸੀ – ਇਹ ਤਾਂ ਬੇਵਕੂਫੀ ਸੀ!
***
ਜਦੋਂ ਮੈਂ ਘਰ ਪਹੁੰਚੀ ਤਾਂ 88 ਨੰਬਰ ਵਾਲੇ ਘਰ ਦੇ ਬਾਹਰ ਕਈ ਕੁਝ ਕਾਹਲੀ ਕਾਹਲੀ ਹੋ ਰਿਹਾ
ਸੀ। ਸੂਟਕੇਸ ਲਾਈਨ ਵਿੱਚ ਲਾ ਕੇ ਰੱਖੇ ਹੋਏ ਸਨ। ਮੇਰੇ ਘਰ ਵਿੱਚ ਵੀ ਕਈ ਕੁਝ ਹੋ ਰਿਹਾ ਸੀ।
ਹਰਦੇਵ ਨੇ ਮੇਰੇ ਵੱਲ ਘੂਰ ਕੇ ਨਾ ਦੇਖਿਆ ਜਦੋਂ ਮੈਂ ਆਮ ਨਾਲੋਂ ਦੇਰ ਨਾਲ ਪਹੁੰਚੀ। ਪਰ ਮੈਂ
ਉਸ ਤੋਂ ਵੀ ਅੱਗੇ ਦੀ ਗੱਲ ਕੀਤੀ ਜਦੋਂ ਉਹਨੇ ਕਿਹਾ, ‘ਮੈਂ ਸੁਰਜੀਤ ਤੇ ਮੰਮ ਨੂੰ ਹਵਾਈ
ਅੱਡੇ ਛੱਡਣ ਜਾ ਰਿਹਾ ਹਾਂ।’
‘ਤੂੰ ਸੱਚੀਂ ਇਹ ਕਹਿ ਰਿਹਾ ਹੈਂ?’ ਮੈਂ ਪੁੱਛਿਆ। ‘ਉਹਨਾਂ ਨੂੰ ਏਨਾ ਕੁਝ ਕਹਿਣ ਦੇ ਬਾਅਦ
ਵੀ? ਤੈਨੂੰ ਪਤਾ ਹੈ ਕਿ ਉਸ ਨਾਲ ਕੀ ਹੋਣ ਵਾਲਾ ਹੈ।’
‘ਤੈਨੂੰ ਕੁਛ ਨਹੀਂ ਪਤਾ,’ ਉਹਨੇ ਮੈਨੂੰ ਝਿੜਕਿਆ। ‘ਆਪਣੇ ਕੰਮ ਨਾਲ ਮਤਲਬ ਰੱਖ।’
ਮੈਂ ਉਹਦੀ ਗੱਲ ਅਣਸੁਣੀ ਕਰ ਦਿੱਤੀ। ਮੈਨੂੰ ਪਹਿਲਾਂ ਹੀ ਬਹੁਤ ਕੁਝ ਪਤਾ ਸੀ।
‘ਸੁਖਦੇਵ ਕਿਉਂ ਨਹੀਂ ਉਹਨਾਂ ਨੂੰ ਛੱਡਣ ਜਾ ਸਕਦਾ? ਉਹ ਉਹਦੀ ਪਤਨੀ ਹੈ। ਇਹ ਉਹਦੀ ਯੋਜਨਾ
ਹੈ!’
ਹਰਦੇਵ ਨੇ ਤਰਸ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ, ਜਿਵੇਂ ਉਹਨੇ ਸੋਚਿਆ ਹੋਵੇ ਕਿ ਉਹ
ਮੇਰੀ ਨਾਦਾਨਗੀ ‘ਤੇ ਯਕੀਨ ਨਹੀਂ ਸੀ ਕਰ ਸਕਦਾ।
‘ਸੁਖਦੇਵ ਨਹੀਂ ਕਰ ਸਕਦਾ, ਕੀ ਤੇਰੇ ਖਿਆਲ ‘ਚ ਕਰ ਸਕਦਾ ਹੈ? ਸੁਰਜੀਤ ਨੇ ਹੀਥਰੋ ਦੀਆਂ
ਆਪਣੀਆਂ ਸਹੇਲੀਆਂ ਨੂੰ ਉਹਦੇ ਬਾਰੇ ਹਰ ਕਿਸਮ ਦੇ ਝੂਠ ਦੱਸੇ ਹੋਏ ਹਨ। ਉਹ ਉੱਥੇ ਉਹਦੇ ਨਾਲ
ਕਿੱਦਾਂ ਜਾ ਸਕਦਾ ਹੈ?’
ਮੈਨੂੰ ਉਹਦੀ ਦਲੀਲ ਸਮਝ ਨਹੀਂ ਸੀ ਆ ਰਹੀ। ਪਰ ਅਸਲੀਅਤ ਤਾਂ ਇਹ ਸੀ ਕਿ ਮੈਨੂੰ ਕਿਸੇ ਵੀ
ਦਲੀਲ ਦੀ ਸਮਝ ਨਹੀਂ ਸੀ ਆ ਰਹੀ ਜਿਸ ਨਾਲ ਗੱਲ ਏਥੇ ਤੱਕ ਪਹੁੰਚੀ ਸੀ ਅਤੇ ਮੇਰਾ ਪਤੀ ਆਪਣੀ
ਭਰਜਾਈ ਦੇ ਸੰਭਾਵੀ ਕਤਲ ਦਾ ਭਾਗੀਦਾਰ ਬਣ ਰਿਹਾ ਸੀ।
ਪਰ ਮੈਨੂੰ ਇਹ ਵੀ ਪਤਾ ਸੀ ਕਿ ਉਹ ਵੀ ਇਸ ਦੇ ਓਨਾ ਹੀ ਖਿਲਾਫ ਸੀ ਜਿੰਨੀ ਮੈਂ। ਇਸ ਲਈ ਮੈਂ
ਫਿਰ ਕੋਸਿ਼ਸ਼ ਕਰਨ ਦੀ ਸੋਚੀ। ਮੈਂ ਅੱਖਾਂ ‘ਚੋ ਵਗਦੇ ਹੰਝੂਆਂ ਨਾਲ ਉਹਦੀਆਂ ਮਿੰਨਤਾਂ
ਕੀਤੀਆਂ, ਵਾਰ ਵਾਰ ਮਿੰਨਤਾਂ ਕੀਤੀਆਂ ਕਿ ਉਹ ਨਾ ਜਾਵੇ।
‘ਜ਼ਰਾ ਸੋਚ ਕਿ ਤੂੰ ਕੀ ਕਰ ਰਿਹਾ ਹੈਂ। ਸਾਡੇ ਬਾਰੇ ਸੋਚ। ਤਾਰਨ, ਬਲਵੀਨ ਤੇ ਮੇਰੇ ਬਾਰੇ
ਸੋਚ।’
ਫਿਰ ਗੱਲ ਮੁੱਕਣ ‘ਤੇ ਆ ਗਈ। ਉਸ ਨੇ ਅਸਲੀ ਕਾਰਨ ਦੱਸਿਆ ਜਿਸ ਕਰਕੇ ਉਹ ਮੇਰੀ ਕਿਸੇ ਵੀ ਗੱਲ
ਵੱਲ ਧਿਆਨ ਨਹੀਂ ਸੀ ਦੇ ਰਿਹਾ।
‘ਦੇਖ, ਮੈਨੂੰ ਕਰਨਾ ਪੈਣਾ ਹੈ, ਠੀਕ ਹੈ?’ ਉਹ ਮੇਰੇ ‘ਤੇ ਚੀਕਿਆ। ‘ਮੰਮ ਕਹਿੰਦੀ ਹੈ।’
ਉਸ ਵੇਲੇ ਮੈਨੂੰ ਪਤਾ ਸੀ ਕਿ ਇਹ ਲੜਾਈ ਮੈਂ ਕਦੇ ਵੀ ਨਹੀਂ ਜਿੱਤ ਸਕਾਂਗੀ। ਕਿਉਂਕਿ ਜਦੋਂ
ਵੀ ਮੰਮ ਹਰਦੇਵ ਨੂੰ ਕੁਝ ਕਰਨ ਨੂੰ ਕਹਿੰਦੀ ਸੀ, ਉਹ ਕਰਦਾ ਸੀ, ਚਾਹੇ ਉਹ ਉਸ ਗੱਲ ਨਾਲ
ਸਹਿਮਤ ਹੋਵੇ ਚਾਹੇ ਨਾ। ਬੜੀ ਤਰਸਯੋਗ ਤੇ ਘ੍ਰਿਣਾਮਈ ਸਥਿਤੀ ਸੀ, ਪਰ ਇਹ ਉਹਦੀ ਸ਼ਖਸੀਅਤ
ਨਾਲ ਮੇਲ ਖਾਂਦੀ ਸੀ।
ਮੈਨੂੰ ਉਹਦੀ ਪਤਨੀ ਹੋਣ ‘ਤੇ ਸ਼ਰਮ ਆ ਰਹੀ ਸੀ।
***
ਸਮਾਂ ਹੋ ਗਿਆ ਸੀ। ਬਚਨ ਕੌਰ ਨੇ ਸਾਡੇ ਘਰ ਵਿੱਚ ਆਪਣੇ ਨਾਲ ਲਿਜਾਣ ਵਾਸਤੇ ਲੋੜੀਂਦਾ ਸਾਰਾ
ਸਮਾਨ ਬੰਨ੍ਹ ਲਿਆ ਸੀ। ਫਿਰ ਉਹ ਬਾਹਰਲੇ ਦਰਵਾਜ਼ੇ ਵੱਲ ਗਈ। ਹਰਦੇਵ ਤੇ ਮੈਂ ਉਹਦੇ ਮਗਰ ਸੀ।
88 ਨੰਬਰ ਵਾਲੇ ਘਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ, ਉਹਨੇ ਸੁਰਜੀਤ ਨੂੰ ਉੱਚੀ
ਅਵਾਜ਼ ਮਾਰ ਕੇ ਛੇਤੀ ਕਰਨ ਲਈ ਕਿਹਾ। ਉਸ ਵੇਲੇ ਉਹਦਾ ਪੁੱਤ ਕਾਰ ਵਿੱਚ ਸਾਰਾ ਸਮਾਨ ਲੱਦ
ਰਿਹਾ ਸੀ। ਕੰਧ ਵਿੱਚੋਂ ਦੀ ਮੈਨੂੰ ਨਾਲ ਦੇ ਘਰ ਵਿੱਚ ਆਪਣੀ ਜਿ਼ੰਦਗੀ ਦੇ ਬਿਹਤਰੀਨ ਟਰਿੱਪ
‘ਤੇ ਜਾਣ ਦੇ ਚਾਅ ਵਿੱਚ ਪੌੜੀਆਂ ਉੱਤਰ ਰਹੀ ਮੁਟਿਆਰ ਦੇ ਪੈਰਾਂ ਦੀਆਂ ਟਾਪਾਂ ਸੁਣ ਰਹੀਆਂ
ਸਨ।
ਇਹ ਮੇਰੇ ਲਈ ਆਖਰੀ ਮੌਕਾ ਹੈ, ਮੈਂ ਸੋਚਿਆ। ਮੈਨੂੰ ਉਹਨੂੰ ਜ਼ਰੂਰ ਰੋਕਣਾ ਚਾਹੀਦਾ ਹੈ।
ਇਸ ਤਰ੍ਹਾਂ ਜਾਪਿਆ ਜਿਵੇਂ ਮੇਰੀ ਸੱਸ ਨੇ ਮੇਰੇ ਮਨ ਦੀ ਗੱਲ ਬੁੱਝ ਲਈ ਸੀ। ਉਹ ਅਚਾਨਕ
ਘੁੰਮੀ ਤੇ ਮੇਰੇ ਵੱਲ ਘੂਰ ਕੇ ਦੇਖਣ ਲੱਗੀ। ਮੈਂ ਉਹਦੇ ਪਿੱਛੇ ਦਰਾਂ ਵਿੱਚ ਖੜ੍ਹੀ ਸੀ।
‘ਸਰਬਜੀਤ ਅੰਦਰ ਚਲੀ ਜਾਹ,’ ਉਹਨੇ ਹੁਕਮ ਦਿੱਤਾ, ਉਹਦੀ ਆਵਾਜ਼ ਉਨੀ ਹੀ ਰੁੱਖੀ ਤੇ ਕੁਰੱਖਤ
ਸੀ ਜਿੰਨੀ ਸੁਰਜੀਤ ਖੁਸ਼ ਸੀ।
ਮੈਂ ਹਿੱਲੀ ਨਾ। ਮੇਰੀਆਂ ਅੱਖਾਂ ਆਪਣੀ ਜੇਠਾਣੀ ‘ਤੇ ਗੱਡੀਆਂ ਹੋਈਆਂ ਸਨ ਜਿਹੜੀ ਵੱਡੀਆਂ
ਵੱਡੀਆਂ ਪੁਲਾਂਘਾਂ ਭਰਦੀ ਹਰਦੇਵ ਦੀ ਕਾਰ ਵੱਲ ਜਾ ਰਹੀ ਸੀ।
‘ਸਰਬਜੀਤ ਅੰਦਰ-ਚਲੀ-ਜਾਹ!’ ਇਸ ਦੇ ਨਾਲ਼ ਹੀ ਦਰਵਾਜ਼ਾ ਮੇਰੇ ਮੂੰਹ ‘ਤੇ ਜ਼ੋਰ ਨਾਲ ਢੋਹ
ਦਿੱਤਾ ਗਿਆ।
ਮੈਂ ਦੌੜ ਕੇ ਮੂਹਰਲੇ ਕਮਰੇ ਵੱਲ ਗਈ, ਪਰਦੇ ਚੁੱਕ ਕੇ ਬਾਹਰ ਦੇਖਣ ਲੱਗੀ। ਬਚਨ ਕੌਰ ਕਾਰ ਦੀ
ਮੂਹਰਲੀ ਸੀਟ ‘ਤੇ ਆਪਣੀ ਥਾਂ ਮੱਲ ਰਹੀ ਸੀ। ਹਰਦੇਵ ਨੇ ਕਾਰ ਲੱਦ ਲਈ ਸੀ ਤੇ ਹੁਣ ਉਹ ਕਾਰ
ਨੂੰ ਸਟਾਰਟ ਕਰ ਰਿਹਾ ਸੀ। ਮੈਂ ਦੇਖਿਆ ਜਦੋਂ ਸੁਰਜੀਤ ਕਾਰ ਦੀ ਪਿਛਲੀ ਸੀਟ ਤੇ ਬੈਠਣ ਲਈ
ਕਾਰ ਅੰਦਰ ਵੜੀ ਤੇ ਉਹਨੇ ਸੁਖਦੇਵ ਵੱਲ ਤੇ ਨਿਆਣਿਆਂ ਵੱਲ ਹੱਥ ਹਿਲਾਇਆ ਜੋ ਘਰ ਦੇ ਲਾਅਨ ਦੇ
ਘਾਹ ‘ਤੇ ਖੜ੍ਹੇ ਸਨ।
ਅਤੇ ਮੈਨੂੰ ਪਤਾ ਸੀ ਕਿ ਮੈਂ ਉਹਨੂੰ ਮੁੜ ਕੇ ਕਦੇ ਨਹੀਂ ਮਿਲਾਂਗੀ।
***
ਜਦੋਂ ਤੁਸੀਂ ਆਸ ਛੱਡ ਦੇਵੋ ਫਿਰ ਤੁਸੀਂ ਸੱਭ ਕੁਝ ਛੱਡ ਦਿੰਦੇ ਹੋ।
ਜਦੋਂ ਹਰਦੇਵ ਉਸ ਸ਼ਾਮ ਨੂੰ ਮੁੜ ਕੇ ਆਇਆ, ਉਦੋਂ ਵੀ ਮੈਂ ਇਹ ਯਕੀਨ ਕਰਨਾ ਚਾਹੁੰਦੀ ਸੀ ਕਿ
ਮੈਂ ਹੀ ਗਲਤ ਸਮਝੀ ਸੀ। ਜਦੋਂ ਬਚਨ ਕੌਰ ਨੇ ਸੁਰਜੀਤ ਦਾ ਫਸਤਾ ਵੱਢਣ ਦੀ ਗੱਲ ਕਹੀ ਸੀ, ਤਾ
ਇਹਦਾ ਸਿਰਫ ਏਨਾ ਮਤਲਬ ਸੀ ਕਿ ਉਹ ਉਹਨੂੰ ਥੋੜ੍ਹੇ ਚਿਰ ਲਈ ਛੁੱਟੀਆਂ ‘ਤੇ ਲੈ ਕੇ ਜਾਵੇਗੀ,
ਉਹਨੂੰ ਮੁਲਕ ਤੋਂ ਬਾਹਰ ਲੈ ਜਾਵੇਗੀ ਤੇ ਉਹਨੂੰ ਉਹ ਸੱਭਿਆਚਾਰ ਦਿਖਾਵੇਗੀ ਜਿਸ ਦੀ ਉਸ ਨੂੰ
ਇੱਜ਼ਤ ਕਰਨੀ ਚਾਹੀਦੀ ਹੈ। ਪੰਜਾਬੀ ਦੇ ਇਸ ਵਾਕ-ਅੰਸ਼ ਦੇ ਕਈ ਮਾਇਨੇ ਹੋ ਸਕਦੇ ਸਨ।
ਮੈਨੂੰ ਯਕੀਨ ਹੈ ਕਿ ਹਰਦੇਵ ਨੂੰ ਦਿਸਦਾ ਸੀ ਕਿ ਮੈਂ ਰੋਂਦੀ ਰਹੀ ਸੀ ਪਰ ਉਹਨੇ ਇਹਦੇ ਬਾਰੇ
ਕੁਝ ਨਹੀਂ ਕਿਹਾ। ਹੋਰ ਕੁਝ ਤਾਂ ਕਹਿਣ ਨੂੰ ਹੈ ਹੀ ਨਹੀਂ ਸੀ। ਮੈਂ ਸਿਰਫ ਇਹ ਹੀ ਕਰ ਸਕਦੀ
ਸੀ ਕਿ ਆਸ ਕਰਾਂ ਕਿ ਮੈਨੂੰ ਹੀ ਗਲਤੀ ਲੱਗੀ ਸੀ – ਅਤੇ ਜੇ ਮੈਨੂੰ ਗਲਤੀ ਨਾ ਲੱਗੀ ਹੋਵੇ
ਤਾਂ ਕਰਾਈਮਸਟੌਪਰਜ਼ ਵਾਲੇ ਕੁਝ ਨਾ ਕੁਝ ਤਾਂ ਜ਼ਰੂਰ ਕਰਨਗੇ ਹੀ।
***
ਹੌਲੀ ਹੌਲੀ ਘੰਟੇ ਬੀਤਣ ਲੱਗੇ। ਮੈਨੂੰ ਨਹੀਂ ਪਤਾ ਕਿ ਮੈਂ ਕੀ ਵਾਪਰਨ ਦੀ ਆਸ ਲਾਈ ਬੈਠੀ
ਸੀ। ਇਸ ਤਰ੍ਹਾਂ ਲਗਦਾ ਸੀ ਕਿ ਲੰਘਣ ਵਾਲਾ ਇਕ ਇਕ ਮਿੰਟ ਕਦੇ ਵੀ ਖਤਮ ਨਹੀਂ ਹੋਵੇਗਾ। ਪਰ
ਮੈਂ ਕੀ ਆਸ ਕਰ ਰਹੀ ਸੀ? ਸੁਰਜੀਤ ਵਲੋਂ ਫੋਨ? ਜਿਸ ‘ਚ ਉਹ ਮੈਨੂੰ ਦੱਸੇ ਕਿ ਉਹ ਠੀਕ ਠਾਕ
ਸੀ। ਹਰਦੇਵ ਵਲੋਂ ਇਹ ਕਹਿਣ ਲਈ ਨਿੱਘੀ ਗਲਵਕੜੀ ਕਿ ਇਹ ਸਾਰੀ ਇਕ ਗਲਤਫਹਿਮੀ ਸੀ। ਮੈਨੂੰ
ਤਾਂ ਸਿਰਫ ਏਨਾ ਪਤਾ ਸੀ ਕਿ ਹਰ ਰੋਜ਼ ਸਾਰਾ ਸਾਰਾ ਦਿਨ ਮੇਰੇ ਪੇਟ ਵਿੱਚ ਵੱਟ ਪਈ ਜਾਂਦੇ
ਸਨ।
ਸ਼ਾਇਦ ਮੈਂ ਇਹ ਕਲਪਨਾ ਕਰ ਰਹੀ ਸੀ ਕਿ ਐਨ ਉਸ ਵਕਤ ਇੰਡੀਆ ਵਿੱਚ ਪੁਲੀਸ ਸੁਰਜੀਤ ਨੂੰ
ਬਚਾਉਣ ਲਈ ਬਚਨ ਕੌਰ ਨੂੰ ਗ੍ਰਿਫਤਾਰ ਕਰ ਰਹੀ ਸੀ।
ਇਹ ਉਨ੍ਹਾਂ ਦਾ ਕੰਮ ਸੀ, ਸੀ ਕਿ ਨਹੀਂ?
ਪਹਿਲੀ ਰਾਤ ਮੈਂ ਫਿਕਰ ਵਿੱਚ ਸੌਂ ਨਾ ਸਕੀ। ਜਦੋਂ ਵੀ ਮੈਂ ਅੱਖਾਂ ਮੀਟਦੀ ਮੈਨੂੰ ਬਚਨ ਕੌਰ
ਦਾ ਉਸ ਵੇਲੇ ਦਾ ਸਖਤ ਚਿਹਰਾ ਦਿਸਦਾ ਜਦੋਂ ਉਹਨੇ ਪਰਿਵਾਰ ਦੀ ਮੀਟਿੰਗ ਵਿੱਚ ਸੁਰਜੀਤ ਦੀ
ਕਿਸਮਤ ਦਾ ਫੈਸਲਾ ਸੁਣਾਇਆ ਸੀ। ਮੇਰਾ ਉੱਥੇ ਆਪ ਹੋਣਾ ਹੀ ਆਪਣੇ ਆਪ ਵਿੱਚ ਮੇਰੇ ਲਈ
ਮੰਦਭਾਗੀ ਗੱਲ ਸੀ ਹੁਣ ਮੇਰੇ ਸੁਪਨਿਆਂ ਵਿੱਚ ਵੀ ਉਹੋ ਕੁਝ ਦਿਸਦਾ ਸੀ। ਮੇਰੇ ਕੋਲੋਂ ਉਹ
ਡਰਾਉਣੀ ਯਾਦ ਤੋਂ ਪਿੱਛਾ ਨਹੀਂ ਸੀ ਛੁਡਾਇਆ ਜਾ ਰਿਹਾ।
ਅਗਲੇ ਦਿਨ ਮੈਂ ਮੰਗ ਕੀਤੀ ਕਿ ਹਰਦੇਵ ਇੰਡੀਆ ਨੂੰ ਫੋਨ ਕਰੇ।
‘ਕਾਹਦੇ ਲਈ?’ ਉਹਨੇ ਕਿਹਾ।
‘ਸਿਰਫ ਪਤਾ ਲੈਣ ਲਈ ਕਿ ਉਹ ਠੀਕ ਠਾਕ ਪਹੁੰਚ ਗਏ ਹਨ।’
‘ਮੈਨੂੰ ਯਕੀਨ ਹੈ ਕਿ ਜੇ ਉਹ ਨਾ ਪਹੁੰਚੇ ਹੁੰਦੇ ਤਾਂ ਸਾਨੂੰ ਪਤਾ ਲੱਗ ਜਾਣਾ ਸੀ।’ ਪਰ
ਉਹਨੇ ਫੋਨ ਕਰ ਲਿਆ, ਸ਼ਾਇਦ ਮੇਰਾ ਮੂੰਹ ਬੰਦ ਕਰਾਉਣ ਵਾਸਤੇ।
ਅਗਲੇ ਕੁਝ ਦਿਨ ਬੜੇ ਸੁਪਨੇ ਜਿਹੇ ਵਿੱਚ ਲੰਘੇ। ਉਹ ਚਾਰ ਦਸੰਬਰ ਨੂੰ ਗਏ ਸਨ। ਉੱਥੇ ਚਰਨ
ਸਿੰਘ ਦੀ ਧੀ ਹਰਜਿੰਦਰ ਕੌਰ ਦਾ ਵਿਆਹ ਅਗਲੇ ਦਿਨ ਸੀ ਤੇ ਫਿਰ ਛੇ ਤਰੀਕ ਨੂੰ ਉਹਦੇ ਮੁੰਡੇ
ਭੁਪਿੰਦਰ ਸਿੰਘ ਦੀ ਮੰਗਣੀ ਸੀ। ਮੈਂ ਕਲਪਨਾ ਕੀਤੀ ਕਿ ਸੁਰਜੀਤ ਇਨ੍ਹਾਂ ਜਸ਼ਨਾਂ ਵਿੱਚ ਆਪਣੇ
ਛੋਟੇ ਛੋਟੇ ਵਾਲ਼ ਖੁੱਲ੍ਹੇ ਛੱਡ ਕੇ ਨੱਚ ਰਹੀ ਸੀ। ਮੈਂ ਉਨ੍ਹਾਂ ਦੇ ਅਠਾਰਾਂ ਤਰੀਕ ਤੱਕ
ਮੁੜ ਕੇ ਆਉਣ ਵਿੱਚ ਰਹਿੰਦੇ ਦਿਨਾਂ ਦੀ ਗਿਣਤੀ ਕੀਤੀ।
ਵੀਕਇੰਡ ‘ਤੇ ਹਰਦੇਵ ਨੇ ਮੇਰੇ ਨਾਲ ਇਹਦੇ ਬਾਰੇ ਕੋਈ ਵੀ ਗੱਲ ਕਰਨ ਤੋਂ ਨਾਂਹ ਕਰ ਦਿੱਤੀ।
ਉਹਨੇ ਮੈਨੂੰ ਕਿਹਾ ਕਿ ਮੈਂ ਵਾਧੂ ਕਲਪਨਾ ਕਰਨੀ ਛੱਡ ਦੇਵਾਂ ਤੇ ਆਪਣਾ ਕੰਮ ਕਰਾਂ। ਮੇਰਾ
ਕਿੰਨਾ ਚਿੱਤ ਕਰਦਾ ਸੀ ਕਿ ਮੈਂ ਉਹਦੀ ਗੱਲ ਦਾ ਯਕੀਨ ਕਰਾਂ ਜਦੋਂ ਉਹ ਕਹਿੰਦਾ ਸੀ ਕਿ ਕੁਝ
ਵੀ ਤਾਂ ਨਹੀਂ ਸੀ ਹੋ ਰਿਹਾ। ਪਰ ਉਸ ਤੋਂ ਅਗਲੇ ਸੋਮਵਾਰ ਨੂੰ ਮੈਨੂੰ 88 ਨੰਬਰ ਵਾਲੇ ਘਰ
ਤੋਂ ਆਉਂਦੀਆਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਪਰ ਉਸ ਵੇਲੇ ਤਾਂ ਸੁਖਦੇਵ ਨੂੰ ਕੰਮ ‘ਤੇ
ਹੋਣਾ ਚਾਹੀਦਾ ਸੀ। ਉਹਨੇ ਸੁਰਜੀਤ ਦੀ ਗੈਰਹਾਜ਼ਰੀ ਵਿੱਚ ਛੋਟੇ ਮੁੰਡੇ ਨੂੰ ਸੁਰਜੀਤ ਦੇ
ਮਾਪਿਆਂ ਦੇ ਘਰ ਛੱਡ ਦਿੱਤਾ ਸੀ ਤਾਂ ਕਿ ਉਹਨੂੰ ਸੰਭਾਲਣ ਲਈ ਉਹਨੂੰ ਘਰ ਨਾ ਰਹਿਣਾ ਪਵੇ।
ਜਦੋਂ ਮੇਰਾ ਜੇਠ ਉਸ ਦਿਨ ਬਾਅਦ ਵਿੱਚ ਹਰਦੇਵ ਨੂੰ ਮਿਲਣ ਆਇਆ ਤਾਂ ਮੈਨੂੰ ਕੁਝ ਠੀਕ ਨਹੀਂ
ਸੀ ਲੱਗ ਰਿਹਾ।
‘ਤੂੰ ਅੱਜ ਕੰਮ ‘ਤੇ ਕਿਉਂ ਨਹੀਂ ਗਿਆ?’ ਮੈਂ ਪੁੱਛਿਆ।
‘ਮੈਂ ਬੀਮਾਰੀ ਦੀ ਛੁੱਟੀ ਲੈ ਲਈ ਹੈ।’
‘ਕੀ ਗੱਲ ਹੋਈ?’
ਉਹਨੇ ਕੋਈ ਜਵਾਬ ਨਾ ਦਿੱਤਾ, ਸਿਰਫ ਮੇਰੇ ਵੱਲ ਖਾਲੀ ਜਿਹਾ ਝਾਕਿਆ ਤੇ ਆਪਣੇ ਭਰਾ ਨੂੰ ਲੱਭਣ
ਤੁਰ ਗਿਆ।
***
ਉਸ ਆਦਮੀ ਦੇ ਏਨਾ ਲਾਗੇ ਰਹਿਣ ਅਤੇ ਮੇਰੇ ਸਾਰੇ ਆਲੇ ਦੁਆਲੇ ਵਿੱਚ ਉਸ ਦੀ ਮਾਂ ਦੀਆਂ
ਨਿਸ਼ਾਨੀਆਂ ਨੇ ਮੇਰਾ ਜੀਵਨ ਨਰਕ ਬਣਾ ਦਿੱਤਾ ਸੀ। ਮੇਰਾ ਦਿਮਾਗ ਬਹੁਤ ਅਸ਼ਾਂਤ ਸੀ, ਮੈਂ ਹਰ
ਵੇਲੇ ਸੋਚਦੀ ਰਹਿੰਦੀ ਕਿ ਮੈਂ ਕੀ ਕਰ ਸਕਦੀ ਸੀ। ਮੈਂ ਬਹੁਤ ਸਾਰਾ ਸਮਾਂ ਉੱਪਰਲੇ ਛੋਟੇ
ਕਮਰੇ ਵਿੱਚ ਬਿਤਾਉਂਦੀ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀਆਂ ਕਰਦੀ, ਉਹਦੇ ਕੋਲੋਂ ਅਗਵਾਈ
ਮੰਗਦੀ। ਐਤਵਾਰ ਵਾਲੇ ਦਿਨ ਮੈਂ ਗੁਰਦਵਾਰੇ ਗਈ। ਮੈਨੂੰ ਉੱਥੇ ਜਾਣ ਦੀ ਲੋੜ ਸੀ, ਆਪਣੇ
ਲੋਕਾਂ ਵਿੱਚ, ਮੈਨੂੰ ਮਹਿਸੂਸ ਹੁੰਦਾ ਸੀ ਕਿ ਮੈਨੂੰ ਆਪਣੇ ਵਲੋਂ ਹੋਈਆਂ ਗਲਤੀਆਂ ਦੀ ਮੁਆਫੀ
ਮੰਗਣ ਦੀ ਲੋੜ ਸੀ ਅਤੇ ਰੱਬ ਅੱਗੇ ਅਰਦਾਸ ਕਰਨ ਦੀ ਲੋੜ ਸੀ ਕਿ ਉਹ ਮੈਨੂੰ ਹੌਸਲਾ ਬਖਸ਼ੇ।
ਉੱਤੋਂ ਤਾਂ ਕੁਝ ਵੀ ਬਦਲਿਆ ਨਹੀਂ ਸੀ ਜਾਪਦਾ। ਕੋਈ ਵੀ ਚੀਜ਼ ਮਦਦ ਨਹੀਂ ਸੀ ਕਰਦੀ। ਇਕ
ਸਵੇਰੇ ਮੈਂ ਰੋਂਦੀ ਉੱਠੀ। ਮੈਨੂੰ ਸਾਹ ਚੜ੍ਹਿਆ ਹੋਇਆ ਸੀ ਤੇ ਮੇਰੇ ‘ਤੇ ਦਹਿਸ਼ਤ ਭਾਰੂ ਸੀ।
ਮੈਂ ਜ਼ਰੂਰ ਕੋਈ ਬਹੁਤ ਹੀ ਭਿਆਨਕ ਸੁਪਨਾ ਦੇਖਿਆ ਹੋਊ ਪਰ ਮੈਨੂੰ ਉਹਦਾ ਚੇਤਾ ਨਹੀਂ ਸੀ ਆ
ਰਿਹਾ। ਮੈਨੂੰ ਸਿਰਫ ਏਨਾ ਚੇਤਾ ਸੀ ਕਿ ਮੈਂ ਡੂੰਘੀਆਂ ਸੋਚਾਂ ਵਿੱਚ ਮੰਜੇ ‘ਤੇ ਪਈ ਸੀ,
ਬਹੁਤ ਹੀ ਉਦਾਸ, ਵਿੱਖਰੀ ਵਿੱਖਰੀ ਤੇ ਕੱਲ-ਮੁਕੱਲੀ। ਮੇਰੇ ਗੁਰੂਆਂ ਤੋਂ ਬਿਨਾਂ ਮੇਰਾ ਕੋਈ
ਨਹੀਂ ਸੀ ਜਿਹਦੇ ਨਾਲ ਮੈਂ ਗੱਲ ਕਰ ਸਕਦੀ। ਆਪਣੇ ਮਾਪਿਆਂ ਕੋਲ ਮੈਂ ਇਸ ਗੱਲ ਦੀ ਭਿਣਕ ਵੀ
ਨਹੀਂ ਪਾ ਸਕਦੀ ਸੀ।
ਜਿਹੜੀ ਮਾਨਸਿਕ ਪੀੜਾ ਵਿੱਚ ਦੀ ਮੈਂ ਲੰਘ ਰਹੀ ਸੀ, ਮੈਂ ਨਹੀਂ ਸੀ ਚਾਹੁੰਦੀ ਕਿ ਉਹ ਵੀ ਉਸ
ਵਿੱਚ ਦੀ ਲੰਘਣ, ਇਕ ਮਿੰਟ ਲਈ ਵੀ ਨਹੀਂ। ਕੋਈ ਵੀ ਮਾਪਾ ਨਹੀਂ ਚਾਹੇਗਾ ਕਿ ਉਨ੍ਹਾਂ ਦੇ
ਬੱਚੇ ਕਿਸੇ ਕਿਸਮ ਦੀ ਤਕਲੀਫ ਵਿੱਚ ਹੋਣ। ਖਾਸ ਕਰ ਕੇ ਜੇ ਉਹ ਇਹ ਮਹਿਸੂਸ ਕਰਨ ਲੱਗ ਪੈਣ ਕਿ
ਮੇਰੇ ਉੱਥੇ ਹੋਣ ਲਈ ਸਭ ਤੋਂ ਪਹਿਲਾਂ ਉਹ ਹੀ ਜਿ਼ੰਮੇਵਾਰ ਸਨ ...
ਉਨ੍ਹਾਂ ਦੀ ਗੈਰਹਾਜ਼ਰੀ ਵਿੱਚ, ਮੈਂ ਉਸ ਕੋਲ ਫਰਿਆਦ ਕੀਤੀ ਜੋ ਸੁਣ ਸਕਦਾ ਸੀ। ਪਰਮਾਤਮਾ
ਨਾਲ ਗੁਫਤਗੂ ਕਰਦੇ ਸਮੇਂ ਮੈਂ ਆਪਣੀਆਂ ਗੱਲ੍ਹਾਂ ‘ਤੇ ਹੰਝੂਆਂ ਦੀਆਂ ਘਰਾਲਾਂ ਵਗਦੀਆਂ
ਮਹਿਸੂਸ ਕੀਤੀਆਂ। ਮੈਨੂੰ ਸੱਚਮੁੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਮੈਂ ਖੁਦ ਨੂੰ
ਦੇਖ ਰਹੀ ਹੋਵਾਂ, ਆਪਣੇ ਆਪ ਨੂੰ ਦੂਰੋਂ ਸੁਣ ਰਹੀ ਹੋਵਾਂ। ਇਹ ਬੜਾ ਅਜੀਬ ਜਿਹਾ ਸੀ। ਮੈਂ
ਰੱਬ ਅੱਗੇ ਹੌਸਲਾ ਦੇਣ ਲਈ ਅਰਦਾਸ ਕਰ ਰਹੀ ਸੀ ਤਾਂ ਕਿ ਮੈਂ ਕਿਸੇ ਤਰ੍ਹਾਂ ਮਦਦ ਕਰ ਸਕਾਂ।
ਫਿਰ ਜਦੋਂ ਮੇਰੇ ਜਜ਼ਬਾਤ ਹੋਰ ਤੀਖਣ ਹੋ ਗਏ ਤਾਂ ਮੇਰੇ ਸਵਾਲ ਹੋਰ ਗਹਿਰੇ ਹੋ ਗਏ।
ਰੱਬਾ, ਇਹ ਸਭ ਕਿਉਂ ਹੋ ਰਿਹਾ ਹੈ? ਤੂੰ ਕਿਉਂ ਮੇਰੀ ਜੇਠਾਣੀ ਨੂੰ ਗਾਇਬ ਕਰ ਦਿੱਤਾ ਹੈ?
ਤੂੰ ਇਹ ਸਭ ਕੁਝ ਰੋਕ ਕਿਉਂ ਨਹੀਂ ਦਿੰਦਾ?
ਕਿਉਂ?
ਮੈਂ ਬਹੁਤ ਥੱਕੀ ਹੋਈ ਸੀ, ਗੁੰਮਸੁੰਮ। ਮੈਂ ਚਾਹੁੰਦੀ ਸੀ ਕਿ ਸਾਰਾ ਦਿਨ ਰਜਾਈ ਸਿਰ ‘ਤੇ ਲੈ
ਕੇ ਮੰਜੇ ‘ਤੇ ਪਈ ਰਹਾਂ। ਸਿਰਫ ਮੇਰੇ ਨਾਲ ਪਏ ਮੇਰੇ ਪਤੀ ਦੇ ਹਿਲਣ ਜੁਲਣ ਦੀਆਂ ਆਵਾਜ਼ਾਂ
ਹੀ ਮੈਨੂੰ ਜਗਾਉਂਦੀਆਂ।
ਮੈਂ ਉਹਦੇ ਨਾਲ ਇਕ ਮਿੰਟ ਵੀ ਰਹਿਣ ਨਾਲੋਂ ਸਾਰਾ ਦਿਨ ਚੁੱਲੇ ਮੂਹਰੇ ਖੜ੍ਹੀ ਰਹਿਣ ਨੂੰ
ਤਰਜੀਹ ਦੇਵਾਂ।
ਹਾਂ ਉਹਨੇ ਮੀਟਿੰਗ ਵਿੱਚ ਆਪਣੀ ਮਾਂ ਦੀ ਯੋਜਨਾ ‘ਤੇ ਕਿੰਤੂ ਕੀਤਾ ਸੀ। ਪਰ ਉਹ ਇਸ ਤੋਂ ਵਧ
ਕਰ ਸਕਦਾ ਸੀ। ਸਾਡੇ ਦੋਵਾਂ ਵਿੱਚੋਂ ਬਚਨ ਕੌਰ ਸਿਰਫ ਉਹਦੀ ਹੀ ਗੱਲ ਸੁਣ ਸਕਦੀ ਸੀ। ਸੋ
ਉਹਨੇ ਕਿਉਂ ਨਾ ਕਿਹਾ ਉਹਨੂੰ?
ਕੀ ਉਹ ਵੀ ਮੇਰੇ ਵਾਂਗ ਹੀ ਉਸ ਤੋਂ ਡਰਦਾ ਸੀ?
***
ਅਗਲੇ ਕੁਝ ਦਿਨਾਂ ਦੌਰਾਨ ਬਹੁਤ ਸਾਰੇ ਫੋਨ ਇੰਡੀਆ ਨੂੰ ਕੀਤੇ ਗਏ ਤੇ ਉੱਥੋਂ ਆਏ ਵੀ। ਹਰ
ਵਾਰੀ ਜਦੋਂ ਮੈਂ ਹਰਦੇਵ ਨੂੰ ਪੁੱਛਦੀ ਕਿ ਕੀ ਸੁਰਜੀਤ ਠੀਕ ਠਾਕ ਸੀ, ਤਾਂ ਉਹ ਹਰ ਵਾਰੀ
ਕਹਿੰਦਾ, ‘ਉਹ ਬਿਲਕੁਲ ਠੀਕ ਠਾਕ ਹੈ।’
ਫਿਰ ਹਫਤਾ ਜਾਂ ਅੱਠ ਦਿਨ ਬਾਅਦ ਬਚਨ ਕੌਰ ਨੂੰ ਕੀਤੇ ਜਾਣ ਵਾਲੇ ਫੋਨ ਘੱਟ ਗਏ। ਜਦੋਂ ਮੈਂ
ਮਹਿਸੂਸ ਕੀਤਾ ਕਿ ਉਹਨਾਂ ਦੀ ਕੋਈ ਖਬਰ ਸਾਰ ਆਈ ਨੂੰ ਅਠਤਾਲੀ ਘੰਟੇ ਹੋ ਗਏ ਹਨ ਤਾਂ ਮੈਂ
ਹਰਦੇਵ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਫੋਨ ਕਰੇ। ਉਹਨੇ ਨਾਂਹ ਨੁਕਰ ਕਰਦੇ ਨੇ ਫੋਨ ਕੀਤਾ।
ਜਦੋਂ ਉਹਨੇ ਫੋਨ ਰੱਖਿਆ ਤਾਂ ਉਹਨੇ ਕਿਹਾ, ‘ਮੰਮ ਨੇ ਮੈਨੂੰ ਕਿਹਾ ਹੈ ਕਿ ਅਸੀਂ ਉਹਨੂੰ ਤੰਗ
ਕਰਨੋਂ ਹੱਟ ਜਾਈਏ, ਉਹ ਤਾਂ ਛੁੱਟੀਆਂ ਮਨਾਉਣ ਗਈ ਹੈ।’
ਸੁਣ ਕੇ ਮੇਰੇ ਢਿੱਡ ਵਿੱਚ ਵੱਟ ਪੈਣ ਲੱਗੇ। ਮੈਂ ਸਿਰਫ ਇਕ ਹੀ ਅਜਿਹਾ ਕਾਰਨ ਸੋਚ ਸਕਦੀ ਸੀ
ਜਿਸ ਕਰਕੇ ਮੇਰੀ ਸੱਸ ਨਹੀਂ ਸੀ ਚਾਹੁੰਦੀ ਕਿ ਕੋਈ ਉਹਦੇ ਨਾਲ ਸੰਪਰਕ ਕਰੇ।
‘ਕੀ ਉਹਨੇ ਸੁਰਜੀਤ ਬਾਰੇ ਦੱਸਿਆ ਕਿ ਉਹ ਕਿਸ ਤਰ੍ਹਾਂ ਸੀ?’ ਮੈਂ ਪੁੱਛਿਆ, ਮੇਰੀ ਆਵਾਜ਼
ਬੜੀ ਕਮਜ਼ੋਰ ਤੇ ਕੰਬ ਰਹੀ ਸੀ।
‘ਤੇਰਾ ਕੀ ਮਤਲਬ ਹੈ?’ ਹਰਦੇਵ ਦੀਆਂ ਅੱਖਾਂ ਵਿੱਚ ਗੁੱਸਾ ਚਮਕਿਆ।
‘ਤੈਨੂੰ ਪਤਾ ਹੈ ਕਿ ਮੈਂ ਕੀ ਪੁੱਛ ਰਹੀ ਹਾਂ! ਤੂੰ ਵੀ ਤਾਂ ਮੀਟਿੰਗ ਵੇਲੇ ਉੱਥੇ ਹੀ ਸੀ।
ਤੂੰ ਹੀ ਸੀ ਜਿਹੜਾ ਉਸ ਵੇਲੇ ਉਹਦੇ ਖਿਲਾਫ ਬੋਲਿਆ ਸੀ। ਦੱਸ ਮੈਨੂੰ ਕਿ ਉਹਨੇ ਉਹ ਕੁਝ ਨਹੀਂ
ਕੀਤਾ ਜੋ ਕਰਨ ਦਾ ਦਬਕਾ ਮਾਰਿਆ ਸੀ।’
‘ਦੇਖ ਸਰਬ,’ ਉਹਨੇ ਕਿਹਾ, ਪਰ ਉਹਦੇ ਕੋਲੋਂ ਕੁਝ ਕਹਿ ਨਹੀਂ ਸੀ ਹੋ ਰਿਹਾ। ਅਖੀਰ ਵਿੱਚ,
ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜ ਕੇ ਤੇ ਪੂਰੇ ਖਿਝੇ ਹੋਏ ਨੇ ਕਿਹਾ, ‘ਇਸ ਗੱਲ ਬਾਰੇ ਬਸ
ਚੁੱਪ ਕਰ ਜਾਹ, ਚੁੱਪ ਕਰੇਂਗੀ ਕਿ ਨਹੀਂ?’
ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਉਹ ਕਿੰਨਾ ਖਿਝਿਆ ਹੋਇਆ ਸੀ। ਮੈਂ ਤਾਂ ਪਹਿਲਾਂ ਹੀ
ਅੱਥਰੂਆਂ ਦੇ ਹੜ੍ਹ ਵਿੱਚ ਸੀ।
‘ਹਰਦੇਵ ਮੈਨੂੰ ਦੱਸ ਕਿ ਕੀ ਉਹ ਠੀਕ ਠਾਕ ਹੈ? ਕੀ ਸੁਰਜੀਤ ਠੀਕ ਹੈ?’
‘ਰੱਬ ਦੇ ਵਾਸਤੇ,’ ਉਹਨੇ ਚੀਖ ਕੇ ਕਿਹਾ ਤੇ ਆਪਣਾ ਚਾਹ ਦਾ ਕੱਪ ਥੱਲੇ ਸੁੱਟ ਦਿੱਤਾ। ‘ਮੈਂ
ਤੈਨੂੰ ਮੁੜ ਕੇ ਇਹ ਗੱਲ ਕਰਨ ਤੋਂ ਮਨ੍ਹਾ ਕਰਦਾ ਹਾਂ। ਸੁਰਜੀਤ ਜਦੋਂ ਆਉਣ ਲਈ ਤਿਆਰ ਹੋਵੇਗੀ
ਆ ਜਾਵੇਗੀ।’
ਹਰਦੇਵ ਆਪਣਾ ਧੀਰਜ ਰੱਖਣ ਦੀ ਕੋਸਿ਼ਸ਼ ਕਰ ਰਿਹਾ ਸੀ। ਮੈਂ ਸੁਖਦੇਵ ਵੱਲ ਹੋਈ। ਹੁਣ ਜਦ ਕਿ
ਉਹ ਕੰਮ ‘ਤੇ ਨਹੀਂ ਸੀ ਜਾਂਦਾ ਇਸ ਲਈ ਉਹ ਰੋਜ਼ ਹੀ ਇੰਡੀਆ ਨੂੰ ਫੋਨ ਕਰ ਸਕਦਾ ਸੀ। ਉਹਨੂੰ
ਕੀ ਪਤਾ ਹੈ?
‘ਮੰਮ ਕਹਿੰਦੀ ਹੈ ਕਿ ਉਨ੍ਹਾਂ ਨੇ ਵਿਆਹ ਦਾ ਬਹੁਤ ਆਨੰਦ ਮਾਣਿਆਂ। ਉਹ ਚਾਹੁੰਦੀ ਸੀ ਕਿ
ਅਸੀਂ ਸਾਰੇ ਜਣੇ ਵੀ ਉੱਥੇ ਹੁੰਦੇ।’
ਕਿਉਂ? ਕਿਉਂਕਿ ਉਹ ਸਾਨੂੰ ਸਾਰਿਆਂ ਨੂੰ ਵੀ ਮਾਰਨਾ ਚਾਹੁੰਦੀ ਸੀ? ਮੈਂ ਏਦਾਂ ਦੇ ਖਿਆਲ
ਆਪਣੇ ਸਿਰ ‘ਚੋਂ ਕੱਢਣ ਦੀ ਵਥੇਰੀ ਕੋਸ਼ਸ਼ ਕੀਤੀ ਪਰ ਇਹ ਆਵਾਜ਼ਾਂ ਮੇਰਾ ਪਿੱਛਾ ਹੀ ਨਹੀਂ
ਸੀ ਛੱਡਦੀਆਂ। ਉਹਦੇ ਨਾਲ ਇਹ ਆਮ ਜਿਹੀ ਗੱਲ ਹੋਈ ਸੀ ਪਰ ਜਦ ਵੀ ਮੈਨੂੰ ਉਸ ਦਾ ਚੇਤਾ ਆਉਂਦਾ
ਮੇਰਾ ਸਰੀਰ ਸੁੰਨ ਹੋ ਜਾਂਦਾ। ਸੁਖਦੇਵ ਵਾਲੀ ਸਥਿਤੀ ਵਿੱਚ ਕੋਈ ਏਨਾ ਸਹਿਜ ਕਿਸ ਤਰ੍ਹਾਂ ਹੋ
ਸਕਦਾ ਸੀ, ਏਨਾ ਅਭਿੱਜ? ਕੀ ਇਹ ਸੰਭਵ ਸੀ ਕਿ ਮੈਂ ਹੀ ਗਲਤ ਹੋਵਾਂ? ਜਾਂ ਜਿਵੇਂ ਹਰਦੇਵ ਕਹਿ
ਰਿਹਾ ਸੀ ਕਿ ਇਹ ਸਭ ਕੁਝ ਮੇਰੀ ਕਲਪਨਾ ਹੀ ਸੀ?
ਨਹੀਂ। ਸੁਖਦੇਵ ਦਾ ਕੰਮ ਤੋਂ ਛੁੱਟੀ ਲੈਣਾ ਇਕ ਸੁਭਾਉਕੀ ਗੱਲ ਨਾਲੋਂ ਕਾਫੀ ਵੱਡੀ ਗੱਲ ਸੀ।
ਉਹਨੂੰ ਕੋਈ ਸਮੱਸਿਆ ਨਹੀਂ ਸੀ – ਉਹਦੇ ਪਾਗਲਪਨ ਤੋਂ ਬਿਨਾਂ। ਮੈਨੂੰ ਪਤਾ ਸੀ ਕਿ ਗਲਤ ਗੱਲ
ਹੋ ਰਹੀ ਸੀ। ਦੁਨੀਆ ਦੇ ਦੂਜੇ ਪਾਸੇ ਬਚਨ ਕੌਰ ਦੀ ਯੋਜਨਾ ‘ਤੇ ਅਮਲ ਕੀਤਾ ਜਾ ਰਿਹਾ ਸੀ।
ਮੈਨੂੰ ਕੁਝ ਹੋਰ ਕਰਨਾ ਚਾਹੀਦਾ ਹੈ।
ਹੁਣ ਜਦ ਮੇਰੀ ਸੱਸ ਦੇਸ ਤੋਂ ਬਾਹਰ ਸੀ ਮੈਂ ਥੋੜ੍ਹੀ ਜਿ਼ਆਦਾ ਆਜ਼ਾਦ ਸੀ। ਪਰ ਫੇਰ ਵੀ ਮੈਂ
ਕਿਸੇ ਤਰ੍ਹਾਂ ਵੀ ਹੇਅਜ਼ ਦੇ ਪੁਲੀਸ ਸਟੇਸ਼ਨ ਨੂੰ ਨਹੀਂ ਸੀ ਜਾ ਸਕਦੀ। ਭਾਈਚਾਰੇ ਦੇ ਲੋਕ
ਤਾਂ ਹਰ ਪਾਸੇ ਸਨ। ਮੈਨੂੰ ਪਛਾਨਣ ਲਈ ਸਿਰਫ ਇਕ ਜੋੜਾ ਅੱਖਾਂ ਦਾ ਚਾਹੀਦਾ ਸੀ ਤੇ ਇਕ ਚਲਦੀ
ਜ਼ਬਾਨ ਜਿਹੜੀ ਇਹ ਗੱਲ ਬਚਨ ਕੌਰ ਤੱਕ ਪਹੁੰਚਾ ਸਕਦੀ ਸੀ ਕਿ ਉਨ੍ਹਾਂ ਨੇ ਮੈਨੂੰ ਦੇਖਿਆ ਸੀ
ਤੇ ਮੈਂ ਮੁਸ਼ਕਿਲ ਵਿੱਚ ਫਸ ਸਕਦੀ ਸੀ। ਪਰ ਮੈਨੂੰ ਲਿਖਣ ਤੋਂ ਤਾਂ ਉਹ ਨਹੀਂ ਰੋਕ ਸਕਦੇ।
ਮੈਂ ਉਨ੍ਹਾਂ ਦਾ ਪਤਾ ਲੱਭ ਲਿਆ ਤੇ ਇਕ ਲੰਮਾ ਵਿਸਥਾਰ ਪੂਰਵਕ ਖੱਤ ਲਿਖਿਆ ਤੇ ਕੁਝ ਕਰਨ ਲਈ
ਉਨ੍ਹਾਂ ਦੀ ਮਿੰਨਤ ਕੀਤੀ। ਇਕ ਵਾਰ ਫਿਰ ਮੈਂ ਆਪਣੀ ਹਰ ਗੱਲ ‘ਤੇ ਸੁਆਲ ਉਠਾਇਆ, ਪਰ ਮੈਨੂੰ
ਪਤਾ ਸੀ ਕਿ ਇਹ ਕੁਝ ਕਰਨਾ ਹੀ ਪੈਣਾ ਸੀ। ਇਸ ਤਰ੍ਹਾਂ ਕਰਕੇ ਜਿਹੜੀ ਬੇਇੱਜ਼ਤੀ ਮੈਂ ਆਪਣੇ
ਪਰਿਵਾਰ ਦੀ ਕਰ ਰਹੀ ਸੀ ਉਹ ਉਸ ਬੇਇੱਜ਼ਤੀ ਅੱਗੇ ਕੁਝ ਵੀ ਨਹੀਂ ਸੀ ਜਿਹੜੀ ਇਸ ਗੱਲ ਨਾਲ
ਮੇਰੀ ਆਸਥਾ ‘ਤੇ ਆ ਰਹੀ ਸੀ। ਸਿੱਖ ਧਰਮ ਇਸ ਲਈ ਨਹੀਂ ਸੀ ਸਥਾਪਤ ਕੀਤਾ ਗਿਆ ਕਿ ਇਸ ਨੂੰ
ਕਤਲ ਕਰਨ ਲਈ ਵਰਤਿਆ ਜਾਵੇ। ਮੈਂ ਆਪਣੇ ਪਰਿਵਾਰ ਵਿਚਲੀ ਬੁਰਾਈ ਰਾਹੀਂ ਆਪਣੇ ਗੁਰੂਆਂ ਦਾ
ਨਾਂ ਦਾਗੀ ਨਹੀਂ ਹੋਣ ਦੇਵਾਂਗੀ।
ਮੇਰੀ ਚਿੱਠੀ ਵਿੱਚ ਮੇਰੇ ਨਾਂ ਤੋਂ ਬਿਨਾਂ ਸਾਰਾ ਵਿਸਥਾਰ ਸੀ। ਮੈਂ ਸਾਹਮਣੇ ਆਉਣ ਦਾ ਖਤਰਾ
ਨਹੀਂ ਸੀ ਸਹੇੜ ਸਕਦੀ। ਪਰ ਜਦੋਂ ਮੈਂ ਚਿੱਠੀ ਬੰਦ ਕਰ ਰਹੀ ਸੀ ਤਾਂ ਮੈਨੂੰ ਇਸ ਗੱਲ ਦੀ
ਪੂਰੀ ਸਮਝ ਆਈ ਕਿ ਮੈਂ ਆਪਣਾ ਨਾਂ ਗੁਪਤ ਰੱਖਣ ਲਈ ਕਿਉਂ ਏਨੀ ਬਜਿ਼ੱਦ ਸੀ। ਕਈ ਤਰ੍ਹਾਂ ਨਾਲ
ਇਹ ਗੱਲ ਬੜੀ ਸਾਫ ਸੀ। ਇਸ ਕਿਤਾਬ ਦੇ ਪਾਠਕਾਂ ਨੇ ਤਾਂ ਸ਼ਾਇਦ ਪਹਿਲਾਂ ਹੀ ਇਸ ਗੱਲ ਦਾ
ਅੰਦਾਜ਼ਾ ਲਾ ਲਿਆ ਹੋਵੇ। ਪਰ ਮੈਂ ਏਨੇ ਚਿਰ ਤੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਸੀ ਕਿ
ਜਦੋਂ ਅਸਲੀਅਤ ਸਾਹਮਣੇ ਆਈ ਤਾਂ ਇਕ ਹੈਰਾਨੀ ਵਜੋਂ ਆਈ। ਇਕ ਛੁਪੀ ਹੋਈ ਡਰਾਉਣੀ ਹੈਰਾਨੀ।
ਜੇ ਮੇਰੀ ਸੱਸ ਆਪਣੇ ਭਾਈਚਾਰੇ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਸੁਰਜੀਤ ਦਾ ਕਤਲ ਕਰਨ ਨੂੰ
ਤਿਆਰ ਸੀ ਤਾਂ ਉਹ ਓਨੀ ਹੀ ਖੁਸ਼ੀ ਤੇ ਆਸਾਨੀ ਨਾਲ ਮੇਰੇ ਨਾਲ ਵੀ ਉਸ ਤਰ੍ਹਾਂ ਹੀ ਕਰ ਸਕਦੀ
ਸੀ।
***
ਮੈਂ ਅੰਨੀ ਹੀ ਹੋਵਾਂਗੀ। ਮੈਂ ਕਿਉਂ ਨਹੀਂ ਦੇਖ ਸਕੀ ਇਸ ਸੰਭਾਵਨਾ ਨੂੰ? ਪਰ ਜਦੋਂ ਮੈਂ
ਚੋਰੀਂ ਕਰਾਈਮਸਟੌਪਰਜ਼ ਨੂੰ ਫੋਨ ਕੀਤਾ ਸੀ ਓਦੋਂ ਵੀ ਮੈਂ ਦੋ ਤਾਂ ਦੋ ਚਾਰ ਨਹੀਂ ਸੀ ਜੋੜ
ਸਕੀ। ਮੈਨੂੰ ਇਹ ਪਤਾ ਸੀ ਕਿ ਜੇ ਬਚਨ ਕੌਰ ਨੂੰ ਪਤਾ ਲੱਗ ਜਾਵੇ ਕਿ ਮੈਂ ਕੀ ਕਰ ਰਹੀ ਸੀ
ਤਾਂ ਉਹ ਜ਼ਰੂਰ ਗੁੱਸੇ ਹੋਵੇਗੀ – ਪਰ ਇਸ ਗੱਲ ਨੂੰ ਮੈਂ ਏਦਾਂ ਦੇਖਿਆ ਕਿ ਉਹ ਉਸ ਦੇ ਆਪਣੇ
ਪਰਿਵਾਰਕ ਮਾਣ ਦੇ ਬਚਾਅ ਅਤੇ ਸੁਰਜੀਤ ਵਲੋਂ ਕੀਤੀ ਜਾ ਰਹੀ ਸਾਹਮਣੇ ਦਿਸਦੀ ਬੇਇਜ਼ਤੀ ਵਜੋਂ
ਦੇਖਦੀ ਸੀ। ਅਤੇ ਇਸ ਸਚਾਈ ਵਜੋਂ ਨਹੀਂ ਕਿ ਉਹ ਆਪਣੇ ਰਾਹ ਵਿੱਚ ਆਉਣ ਵਾਲੇ ਕਿਸੇ ਨੂੰ ਵੀ
ਮਾਰਨ ਲਈ ਤਿਆਰ ਸੀ।
ਕਈ ਖਿਆਲ ਸੋਚਣ ਤੋਂ ਬਹੁਤ ਵੱਡੇ ਹੁੰਦੇ ਹਨ। ਮੈਂ ਛੇਤੀ ਹੀ ਇਹ ਗੱਲ ਸਮਝ ਗਈ ਕਿ ਮੈਂ
ਇਕੱਲੀ ਹੀ ਨਹੀਂ ਸੀ ਜਿਹੜੀ ਤਰਕ ਵਿੱਚ ਮੁਸ਼ਕਲ ਮਹਿਸੂਸ ਕਰ ਰਹੀ ਸਾਂ।
ਆਖਰ ਨੂੰ 18 ਦਸੰਬਰ ਦਾ ਸ਼ੁਕਰਵਾਰ ਆ ਗਿਆ ਅਤੇ ਹਰਦੇਵ ਤੇ ਸੁਖਦੇਵ ਨੇ ਫੈਸਲਾ ਕੀਤਾ ਕਿ
ਇੰਡੀਆ ਤੋਂ ਆਉਣ ਵਾਲਿਆਂ ਨੂੰ ਲੈਣ ਲਈ ਉਹ ਦੋਵੇਂ ਹੀਥਰੋ ਨੂੰ ਜਾਣਗੇ। ਮੇਰੇ ਜੀਵਨ ਦੇ ਸਭ
ਤੋਂ ਲੰਮੇ ਪੰਦਰਾਂ ਦਿਨਾਂ ਬਾਅਦ ਉਹ ਇਕੱਲੇ ਹੀ ਨਹੀਂ ਸੀ ਜਿਹੜੇ ਜਾਣਾ ਚਾਹੁੰਦੇ ਸਨ।
ਸਥਾਨਕ ਸਕੂਲਾਂ ਵਿੱਚ ਇਕ ਦਿਨ ਪਹਿਲਾਂ ਹੀ ਕ੍ਰਿਸਮਸ ਦੀਆਂ ਛੁੱਟੀਆਂ ਹੋਈਆਂ ਸਨ ਪੈਵ ਤੇ
ਤਾਰਨ ਨੇ ਵੀ ਕਿਹਾ ਕਿ ਉਹ ਨਾਲ ਜਾਣਾ ਚਾਹੁੰਦੀਆਂ ਹਨ। ਉਨ੍ਹਾਂ ਦੋਵਾਂ ਨੇ ਆਪਣੀ ‘ਮੰਮੀ’ –
ਬਚਨ ਕੌਰ ਨੂੰ ਬਹੁਤ ਮਿੱਸ ਕੀਤਾ ਸੀ, ਤੇ ਪੈਵ ਤਾਂ ਕੁਦਰਤੀ ਚਾਹੁੰਦੀ ਹੀ ਸੀ ਕਿ ਉਹ ਆਪਣੀ
ਸਕੀ ਮਾਂ ਨੂੰ ਛੇਤੀ ਮਿਲੇ।
ਸੁਖਦੇਵ ਆਪਣੀ ਬੇਟੀ ਦੀਆਂ ਗਿੜਗੜਾ ਰਹੀਆਂ ਅੱਖਾਂ ਦੀ ਝਾਲ ਨਾ ਝੱਲ ਸਕਿਆ। ‘ਠੀਕ ਹੈ,’
ਉਹਨੇ ਕਿਹਾ ‘ਬੈਠੋ ਕਾਰ ਵਿੱਚ।’
ਕੁੜੀਆਂ ਬਹੁਤ ਖੁਸ਼ ਹੋਈਆਂ ਅਤੇ ਘਰ ਵਿੱਚੋਂ ਦੇਖ ਰਹੀ ਮੈਂ ਵੀ ਬਹੁਤ ਖੁਸ਼ ਹੋਈ। ਜੇ ਉਹ
ਪੈਵ ਨੂੰ ਆਪਣੇ ਨਾਲ ਲੈ ਜਾ ਰਹੇ ਸਨ ਤਾਂ ਇਸ ਦਾ ਮਤਲਬ ਸੀ ਕਿ ਸੁਰਜੀਤ ਜ਼ਰੂਰ ਵਾਪਸ ਆ ਰਹੀ
ਹੋਵੇਗੀ। ਸੁਖਦੇਵ ਇਹ ਜਾਣਦਾ ਹੋਇਆ ਕਿ ਉਸ ਦੀ ਮਾਂ ਜਹਾਜ਼ ਵਿੱਚੋਂ ਨਹੀਂ ਉਤਰੇਗੀ ਕਦੇ ਵੀ
ਪੈਵ ਨੂੰ ਨਾਲ ਲਿਜਾ ਕੇ ਨਿਰਾਸ਼ ਨਹੀਂ ਕਰਨ ਲੱਗਾ। ਉਹ ਆਪਣੀ ਪਤਨੀ ਨੂੰ ਜਿੰਨੀ ਮਰਜ਼ੀ
ਨਫਰਤ ਕਰਦਾ ਹੋਵੇ, ਉਹ ਆਪਣੀ ਨਿੱਕੀ ਜਿਹੀ ਧੀ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਇਸ ਗੱਲ
ਦਾ ਪੂਰਾ ਯਕੀਨ ਸੀ।
ਇਸ ਅਹਿਸਾਸ ਨਾਲ਼ ਮੇਰੇ ਅਗਲੇ ਕੁਝ ਘੰਟੇ ਏਨੀ ਛੇਤੀ ਲੰਘੇ ਕਿ ਪਿਛਲੇ ਚੌਦਾਂ ਦਿਨਾਂ ਵਿੱਚ
ਕਦੇ ਸਮਾਂ ਏਨੀ ਤੇਜ਼ੀ ਨਾਲ਼ ਨਹੀਂ ਸੀ ਗੁਜ਼ਰਿਆ। ਮੈਂ ਏਨੀ ਖੁਸ਼ ਸੀ ਕਿ ਮੈਂ ਕਾਵੈਂਟਰੀ
ਤੋਂ ਇਕ ਦਿਨ ਪਹਿਲਾਂ ਵਾਪਸ ਲਿਆਂਦੇ ਅਤੇ ਹੁਣ ਮੇਰੀ ਦੇਖਭਾਲ ਵਿੱਚ ਛੱਡੇ ਗਏ ਸੁਰਜੀਤ ਦੇ
ਨਿੱਕੇ ਜਿਹੇ ਮੁੰਡੇ ਨੂੰ ਕਹਿ ਰਹੀ ਸੀ ਕਿ ‘ਮੰਮੀ ਛੇਤੀ ਹੀ ਘਰ ਆ ਜਾਵੇਗੀ।’
ਮੈਂ ਜਦੋਂ ਕਾਰ ਦੇ ਰੁਕਣ ਦੀ ਅਤੇ ਕਾਰ ਦੇ ਦਰਵਾਜਿਆਂ ਦੇ ਬੰਦ ਹੋਣ ਦੀ ਆਵਾਜ਼ ਸੁਣੀ, ਤਾਂ
ਮੈਂ ਮੁੰਡੇ ਨੂੰ ਚੁੱਕ ਕੇ ਭੱਜ ਕੇ ਬਾਰੀ ਵੱਲ ਗਈ। ਮੈਂ ਦੇਖਿਆ ਕਿ ਕਾਰ ਦਾ ਟਰੰਕ ਖੋਲ੍ਹ
ਕੇ ਸਮਾਨ ਲਾਹੁਣ ਅਤੇ ਸਾਈਡ ਵਾਕ ‘ਤੇ ਰੱਖਣ ਤੋਂ ਬਾਅਦ ਹਰਦੇਵ ਤੇ ਸੁਖਦੇਵ ਆਪਣੀ ਮਾਂ ਨਾਲ
ਗੱਲਾਂ ਕਰ ਰਹੇ ਸਨ।
ਪਰ ਸੁਰਜੀਤ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ।
***** |