Welcome to WatanPunjabi.ca
ਲੇਖ / ਸਤਿਆਜੀਤ ਰੇਅ ਦਾ ਸਿਨਮਾ
 

- ਸੁਖਵੰਤ ਹੁੰਦਲ

ਹੱਡਬੀਤੀ / ਬੇਇੱਜ਼ਤ
 

- ਸਰਬਜੀਤ ਕੌਰ ਅਠਵਾਲ,
ਜੈੱਫ ਹਡਸਨ

'ਕਿਲੇ ਦੇ ਮੋਤੀ' ਦਾ ਇਕ ਕਾਂਡ / ਓਂਟੇਰੀਓ ਵਿੱਚ ਸ਼ਰਨ
 

- ਹਿਊ ਜਾਹਨਸਨ

ਲੇਖ / ਗਦਰ ਲਹਿਰ ਦੀ ਕਵਿਤਾ
 

- ਕੇਸਰ ਸਿੰਘ ਕੇਸਰ

ਨਾਵਲ / ਕਭੀ ਨਾ ਛੋੜ੍ਹੇ ਖੇਤ
 

- ਜਗਦੀਸ਼ ਚੰਦਰ

ਲੇਖ / ਪੰਜਾਬੀ ਦਲਿਤ ਖੇਤ ਮਜ਼ਦੂਰ ਔਰਤ
 

- ਨਵਸ਼ਰਨ

ਲੇਖ / ਆਪਣੇ ਬਾਰੇ ਲਿਖਣਾ
 

- ਗੁਰਬਚਨ

ਲੇਖ / ਯੁਵਕ ਲੇਖਕਾਂ ਦੇ ਨਾਂ: ਕੋਈ ਤੁਹਾਨੂੰ ਕਿਉਂ ਪੜ੍ਹੇ?
 

- ਰਾਜੇਸ਼ ਸ਼ਰਮਾ

ਕਹਾਣੀ / ਪੈਂਗੂਇਨ
 

- ਹਰਪ੍ਰੀਤ ਸੇਖਾ

 


ਲੇਖ

ਯੁਵਕ ਲੇਖਕਾਂ ਦੇ ਨਾਂ: ਕੋਈ ਤੁਹਾਨੂੰ ਕਿਉਂ ਪੜ੍ਹੇ?
ਰਾਜੇਸ਼ ਸ਼ਰਮਾ
 

 

(30-31 ਮਾਰਚ 2016 ਨੂੰ ਅੰਮ੍ਰਿਤਸਰ ਵਿੱਚ ਹੋਏ ਯੁਵਾ ਸਾਹਿਤ ਸਮਾਰੋਹ ਵਿੱਚ ਪੜ੍ਹਿਆ ਗਿਆ ਉਦਘਾਟਨੀ ਭਾਸ਼ਣ)


ਸਾਹਿਤ ਦੇ ਅਣਗਿਣਤ ਪਾਠਕ ਹਨ। ਪਾਠਕਾਂ ਦੇ ਚਿਹਰੇ ਨਹੀਂ ਹੁੰਦੇ। ਸਾਹਿਤ-ਚਿੰਤਕ, ਲੇਖਕ ਦੇ ਫ਼ਨਾ ਹੋਣ ਦੀ ਗੱਲ ਤਾਂ ਕਰ ਸਕਦੇ ਹਨ, ਕਿਤਾਬ ਦਾ ਅੰਤ ਹੋ ਜਾਣ ਦੀ ਗੱਲ ਵੀ ਕਰ ਸਕਦੇ ਹਨ – ਪਰ ਕੀ ਪਾਠਕ ਦੀ ਮੌਤ ਜਾਂ ਉਸ ਦੀ ਅਣਹੋਂਦ ਦੀ ਗੱਲ ਕੀਤੀ ਜਾ ਸਕਦੀ ਹੈ? ਇਟਾਲੋ ਕੈਲਵੀਨੋ ਲਿਖਦਾ ਹੈ ਕਿ ਸਾਹਿਤ ਅਜਿਹੇ ਪਾਠਕ ਨੂੰ ਸੰਬੋਧਨ ਹੋ ਕੇ ਲਿਖਿਆ ਜਾਂਦਾ ਹੈ ਜਿਸ ਨੇ ਦੁਨੀਆ ਦੀ ਹਰ ਵਧੀਆ ਰਚਨਾ ਪੜ੍ਹੀ ਹੋਈ ਹੈ, ਤੇ ਇਹ ਪਾਠਕ ਕੁਝ ਵੀ ਸਮਝਣ ਤੇ ਉਸ ਦਾ ਪੂਰਾ ਸੁਆਦ ਮਾਣਨ ਦੀ ਕਾਬਲੀਅਤ ਰੱਖਦਾ ਹੈ। ਕੈਲਵੀਨੋ ਅੱਗੋ ਕਹਿੰਦਾ ਹੈ – ਅਜਿਹੇ ਪਾਠਕ ਦਾ ਸੱਚਮੁੱਚ ਹੋਣਾ ਲੇਖਕ ਲਈ ਮਾਇਨੇ ਨਹੀਂ ਰੱਖਦਾ।


ਨੌਜਵਾਨ ਲੇਖਕਾਂ ਨੂੰ ਇੱਕ ਸੁਆਲ ਪੁੱਛਣਾ ਬਣਦਾ ਹੈ। ਮੈਂ ਸਾਹਿਤ ਦਾ ਪਾਠਕ, ਤੁਹਾਡੀ ਲਿਖਤ ਕਿਉਂ ਪੜ੍ਹਾਂ? ਛੋਟੀ ਜਿਹੀ ਜਿ਼ੰਦਗੀ ਵਿੱਚ ਕੋਈ ਕੀ-ਕੀ ਪੜ੍ਹੇ? ਵਿਆਸ, ਹੋਮਰ, ਵਾਲਮੀਕ, ਰੈਬੇਲੇ, ਸ਼ੇਕਸਪਿਅਰ, ਪ੍ਰੇਮ ਚੰਦ, ਸਿ਼ਵ, ਕੀਟਸ, ਯੋਸ਼ਾ, ਫ਼ਾਕਨਰ, ਬ੍ਰਾਡਸਕੀ, ਮੀਲੌਸ਼ – ਇਨ੍ਹਾਂ ਦੀਆਂ ਅਤੇ ਇਨ੍ਹਾਂ ਜਿਹੇ ਕਈ ਹੋਰਨਾਂ ਦੀਆਂ ਰਚਨਾਵਾਂ ਪਾਸੇ ਰੱਖ ਕੇ ਕੋਈ ਤੁਹਾਡੀ ਲਿਖਤ ਕਿਉਂ ਪੜ੍ਹੇ? ਪਾਠਕ ਦੇ ਸਮੇਂ, ਉਸ ਦੇ ਵਿਚਾਰ ਤੇ ਉਸ ਦੀ ਕਲਪਨਾ ਉੱਪਰ ਤੁਸੀਂ ਬਤੌਰ ਲੇਖਕ ਆਪਣਾ ਹੱਕ ਕਿਵੇਂ ਸਥਾਪਤ ਕਰਦੇ ਹੋ?


ਹਰ ਰਚਨਾਕਾਰ ਆਪਣਾ ਪਾਠਕ ਖੁਦ ਵੀ ਹੁੰਦਾ ਹੈ। ਜੇ ਤੁਸੀਂ ਆਪਣੀ ਸਾਹਿਤਕ ਹੋਣੀ ਬਾਰੇ ਗੰਭੀਰ ਹੋ, ਤਾਂ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਵੀ ਪੁੱਛਦੇ ਹੋਵੋਗੇ, “ਤੇਰੀ ਲਿਖਤ ਨੂੰ ਮੈਂ ਕਿਉਂ ਪੜ੍ਹਾਂ?” ਤੁਹਾਡੀ ਲਿਖਤ ਦੇ ਮਿਆਰ ਦੀਆਂ ਸੰਭਾਵਨਾਵਾਂ ਇਹ ਸਵਾਲ ਪੁੱਛਣ ਦੀ ਸੰਜੀਦਗੀ ਵਿੱਚ ਮੌਜੂਦ ਹਨ। ਆਪਣੇ ਖੇਤਰੀ ਸਾਹਿਤ ਦੀਆਂ ਹੱਦਾਂ ਵਿੱਚ ਵਿਚਰਨ ਵਾਲੇ ਲੇਖਕ ਇੱਕ ਦੂਜੇ ਨਾਲ ਕੁਝ ਇਸ ਤਰ੍ਹਾਂ ਮੁਖ਼ਾਤਿਬ ਹੁੰਦੇ ਹਨ ਕਿ ਉਨ੍ਹਾਂ ਦਾ ਸਾਹਿਤਕ ਕਲਪ ਸੰਸਾਰ (ਇਮੇਜਨਰੀ) ਅਤੇ ਭੂਗੋਲ (ਅਤੇ ਉਸ ਵਿਚਲੀ ਵਸੋਂ) ਉਨ੍ਹਾਂ ਲੇਖਕਾਂ ਦੇ ਸੁੰਘੜੇ ਸੰਸਾਰ ਦਾ ਨਿਰੰਤਰ ਕਾਇਮ ਰਹਿਣ ਵਾਲਾ ਸਰਾਪ ਬਣ ਜਾਂਦੇ ਹਨ।


“ਤੂੰ ਮੈਨੂੰ ਤਾਂ ਹੀ ਪੜ੍ਹੇਂਗਾ ਜੇ ਮੈਂ ਤੈਨੂੰ ਪੜ੍ਹਿਆ ਹੋਵੇਗਾ।” ਜਿ਼ੰਦਗੀ ਅਜਿਹੇ ਨਿੱਜ-ਮੁਫ਼ਾਦੀ ਅਦਾਨ ਪ੍ਰਦਾਨ ਵਿੱਚ ਹੀ ਗੁਜ਼ਰ ਜਾਂਦੀ ਹੈ।


ਸ਼ਾਇਦ ਇਸੇ ਲਈ ਮਰ ਚੁੱਕੇ, ਜਾਂ ਸਾਡੇ ਤੋਂ ਦੂਰ ਵਸਦੇ, ਲੇਖਕਾਂ ਨਾਲ ਅਦਾਨ ਪ੍ਰਦਾਨ ਫ਼ਾਇਦੇਮੰਦ ਹੁੰਦਾ ਹੈ। ਮੈਂ ਜਿਸ ਨੂੰ ਮਰਜ਼ੀ, ਜਦੋਂ ਮਰਜ਼ੀ, ਜਿੰਨਾ ਮਰਜ਼ੀ ਪੜ੍ਹਾਂ ਜਾਂ ਨਾ ਪੜ੍ਹਾਂ। ਕੋਈ ਮੇਰੇ ਮਨ ਦੀ ਮੌਜ ਤੇ ਮੇਰੇ ਸਮੇਂ ਦਾ ਸੌਦਾ ਨਹੀਂ ਕਰ ਸਕਦਾ।

ਬੇਸ਼ੱਕ ਮਹਾਨ ਲੇਖਕਾਂ ਤੇ ਸਾਹਿਤਕ ਕਿਰਤਾਂ ਦੀ ਸੰਸਥਾ ਨੂੰ ਚੁਣੌਤੀ ਦੇਣਾ, ਉਸ ਨੂੰ ਠੋਕ ਵਜਾ ਕੇ ਜਾਚਣਾ ਜਾਂ ਬਦਲਣ ਦੀ ਇੱਛਾ ਰੱਖਣਾ ਸਹੀ ਹੈ। ਕਈ ਹਾਲਤਾਂ ਵਿੱਚ ਇਹ ਜ਼ਰੂਰੀ ਵੀ ਹੁੰਦਾ ਹੈ। ਪਰ ਵਾਪਰਦਾ ਅਕਸਰ ਇਹ ਹੈ ਕਿ ਮਿਆਰੀ ਰਚਨਾਕਾਰੀ ਦੀ ਕਸਵੱਟੀ (ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਕੈਨਨ ਆਖਦੇ ਹਾਂ) ਨੂੰ ਦਰਕਿਨਾਰ ਕਰਨ ਦੇ ਬਹਾਨੇ ਬੇਮਿਆਰੀ ਰਚਨਾ ਨੂੰ ਮਹਾਨ ਸਾਹਿਤ ਦੇ ਬਰਾਬਰ ਰੱਖਣ ਦੀਆਂ ਕੋਸਿ਼ਸ਼ਾਂ ਕੀਤੀਆਂ ਗਈਆਂ ਹਨ। ਰਾਜਨੀਤਕ ਅਤੇ ਆਰਥਿਕ ਕਾਰਨਾਂ ਵਜੋਂ ਥਿਰ ਮਾਪਦੰਡ ਉੱਪਰ ਸਵਾਲੀਆ ਚਿੰਨ ਲਗਾਉਣਾ ਇੱਕ ਗੱਲ ਹੈ, ਕਲਾ ਵਜੋਂ ਸਾਹਿਤਕ ਕਿਰਤ ਤੋਂ ਮਿਆਰ ਦੀ – ਜਿਸ ਨੂੰ ਸਾਹਿਤ ਕਿਰਤੀ ਸਿਰਫ਼ ਅਤੇ ਸਿਰਫ਼ ਆਪਣੀ ਮਿਹਨਤ ਨਾਲ ਹਾਸਿਲ ਕਰਦਾ ਹੈ – ਉਮੀਦ ਨਾ ਰੱਖਣਾ ਸਾਹਿਤ ਨਾਲ ਧ੍ਰੋਹ ਹੈ।


ਸਾਡੀ ਲਿਖਤ ਨੂੰ ਕੋਈ ਕਿਉਂ ਪੜ੍ਹੇ? ਇਹ ਪ੍ਰਸ਼ਨ ਅਜੋਕੇ ਪੰਜਾਬੀ ਸਾਹਿਤ ਦੇ ਸਥਾਨ ਅਤੇ ਇਸ ਦੀ ਇਤਿਹਾਸਕਤਾ ਨਾਲ ਜੁੜਿਆ ਹੋਇਆ ਹੈ।


ਇਹ ਸੋਚਣਾ ਬਣਦਾ ਹੈ ਕਿ ਪੰਜਾਬ ਵਿੱਚ ਸਿਰਜੇ ਜਾ ਰਹੇ ਸਾਹਿਤ ਦੀ ਭਾਰਤੀ ਮਹਾਂਦੀਪ ਦੇ ਖਿੱਤੇ ਜਾਂ ਏਸ਼ੀਆ ਦੀ ਕੁੱਲ ਸਾਹਿਤਕ ਸਪੇਸ ਵਿੱਚ ਕੀ ਥਾਂ ਹੈ? ਜਾਂ ਵਿਸ਼ਵ ਸਾਹਿਤਕ ਸਪੇਸ ਵਿੱਚ ਇਹਦਾ ਕੀ ਮੁੱਲ ਹੈ? ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਅਜਿਹੀ ਵਿਰਾਟ ਸਪੇਸ ਵਿੱਚ ਦਾਖ਼ਲ ਹੋਣ ਜਾਂ ਨਾ ਦਾਖ਼ਲ ਹੋਣ ਦਾ ਸਵਾਲ ਬੇਮਾਇਨਾ ਹੋ ਚੁੱਕਾ ਹੈ, ਕਿਉਂਕਿ ਇਹ ਸਪੇਸ ਆਪ ਹੀ ਸਾਡੇ ਵਿੱਚ ਘੁਸਪੈਠ ਕਰ ਚੁੱਕੀ ਹੈ। ਤਦ ਪੁੱਛਣਾ ਬਣਦਾ ਹੈ ਕਿ ਸਾਡਾ ਆਪਣੇ ਨਿੱਕੇ ਜਿਹੇ ਘੁਰਣੇ (ਅੰਦਰੋਂ ਭਾਵੇਂ ਇਹ ਘੁਰਣਾ ਕਿੰਨਾ ਹੀ ਵਸੀਹ ਕਿਉਂ ਨਾ ਲੱਗੇ) ਬੈਠੇ ਰਹਿਣਾ ਠੀਕ ਹੈ?


ਹਰ ਖੇਤਰ ਦੀਆਂ ਹੱਦਾਂ ਹੁੰਦੀਆਂ ਹਨ। ਆਪਣੇ ਸੀਮਤ ਸਾਹਿਤਕ ਘੇਰੇ ਵਿੱਚ ਅਸੀਂ ਬੇਸ਼ੱਕ ਆਪਣੀਆਂ ਪ੍ਰਾਪਤੀਆਂ ਦਾ ਗੁਣ ਗਾਉਂਦੇ ਰਹੀਏ, ਇੱਕ ਵਾਰ ਤਾਂ ਸਾਨੂੰ ਆਪਣੇ ਆਪ ਨੂੰ ਪੁੱਛ ਹੀ ਲੈਣਾ ਚਾਹੀਦਾ ਹੈ ਕਿ ਦੁਨੀਆ ਦੀ ਸਾਹਿਤ ਸਪੇਸ ਵਿੱਚ ਸਾਡਾ ਕੀ ਮੁਕਾਮ ਹੈ? ਜੇ ਇੰਡੋਨੇਸ਼ੀਆ ਦੇ ਸਾਹਿਤ ਦਾ ਮੁਕਾਮ ਦਿਖਦਾ ਹੈ, ਜਾਂ ਨਾਈਜੀਰੀਆ ਦਾ, ਤਾਂ ਕੀ ਸਾਡਾ ਵੀ ਅਜਿਹਾ ਕੋਈ ਮੁਕਾਮ ਦਿਖਾਈ ਦਿੰਦਾ ਹੈ? ਜਾਂ ਕੀ ਇਹ ਵੀ ਪੱਛਮੀ ਸਾਮਰਾਜਵਾਦ ਦੀ ਸ਼ੈਤਾਨੀ ਖੇਡ ਹੈ? ਸ਼ਾਇਦ ਅਸੀਂ ਹੁਣ ਤੱਕ ਆਪਣੇ ਆਪ ਨੂੰ ਝੂਠੇ ਦਿਲਾਸੇ ਦਿੰਦੇ ਆ ਰਹੇ ਹਾਂ। ਜਾਂ ਅਣਗੌਲੇ ਰਹਿਣ ਦਾ ਲੁਤਫ਼ ਲੈਣਾ ਚਾਹੁੰਦੇ ਹਾਂ।


ਜੇ ਅਜੋਕੇ ਪੰਜਾਬੀ ਸਾਹਿਤ ਅਤੇ ਦੁਨੀਆ ਦੇ ਸਾਹਿਤ ਵਿੱਚ ਸੰਵਾਦ ਦਾ ਤਸੱਵਰ ਮਨਾਂ ਵਿੱਚ ਉਭਰੇ ਤਾਂ ਕੀ ਇਸ ਦਾ ਕੋਈ ਦ੍ਰਿਸ਼ ਸਾਹਮਣੇ ਆਉਂਦਾ ਹੈ? ਸੰਵਾਦ ਦੀ ਗਿਣਾਤਮਿਕ ਨਕਸ਼ੇਬੰਦੀ ਹੀ ਉਤਸ਼ਾਹਿਤ ਕਰਨ ਵਾਲੀ ਨਹੀਂ ਲਗਦੀ, ਗੁਣਾਤਮਿਕ ਦੀ ਤਾਂ ਗੱਲ ਕਰਨੀ ਹੀ ਦੂਰ ਜਾਪਦੀ ਹੈ।


ਅਜਿਹੇ ਸੰਵਾਦ ਦੇ ਪ੍ਰਸਾਰ ਅਤੇ ਸੁਭਾਅ ਦਾ ਮਹੱਤਵਪੂਰਨ ਸੂਚਕ ਹੋ ਸਕਦਾ ਹੈ ਸਾਹਿਤਕ ਅਨੁਵਾਦ ਪ੍ਰਤੀ ਸਾਡਾ ਰਵੱਈਆ। ਅਨੁਵਾਦ ਦੀ ਮੌਜੂਦਾ ਸਥਿਤੀ ਬਾਰੇ ਗੱਲ ਨਾ ਕਰੀਏ। ਇਸ ਬਾਰੇ ਆਮ ਸਮਝ ਕੀ ਹੈ ਇਸੇ ਤੋਂ ਦੂਸਰੇ ਸਾਹਿਤਕ ਸਪੇਸਾਂ ਨਾਲ ਅਦਾਨ ਪ੍ਰਦਾਨ ਦੀਆਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ। ਵਾਲਟਰ ਬੈਂਜਾਮਿਨ ਦਾ ਅਨੁਵਾਦ ਬਾਰੇ ਲੇਖ ਹੁਣ ਤੱਕ ਸਭ ਤੋਂ ਮਹੱਤਵਪੂਰਨ ਲੇਖ ਹੈ। ਉਹ ਲਿਖਦਾ ਹੈ ਕਿ ਸਭ ਤੋਂ ਮਾੜਾ ਅਨੁਵਾਦ ਉਹ ਹੁੰਦਾ ਹੈ ਜਿਸ ਬਾਰੇ ਕਿਹਾ ਜਾ ਸਕਦਾ ਹੋਵੇ ਕਿ ਇਹ ਤਾਂ ਅਸਲ ਲਿਖਤ ਹੀ ਲੱਗਦਾ ਹੈ। ਜਿਸ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਂਦਾ ਹੈ, ਜੇ ਦੂਸਰੀ ਭਾਸ਼ਾ ਦੀ “ਜਾਗ ਲੱਗਣ” ਨਾਲ ਉਸ ਵਿੱਚ “ਅਜਨਬੀਕਰਨ” ਪੈਦਾ ਨਹੀਂ ਹੁੰਦਾ, ਤੇ ਉਹ ਨਵੇਂ ਜੀਵਨ ਨਾਲ ਸੰਚਾਰਿਤ ਨਹੀਂ ਹੁੰਦੀ, ਤਾਂ ਉਹ ਅਨੁਵਾਦ ਅਸਫਲ ਹੁੰਦਾ ਹੈ।


ਕੀ ਲੋੜ ਹੈ ਅਨੁਵਾਦ ਕਰਨ ਦੀ ਜੇ ਇਸ ਨਾਲ ਮੇਰੀ ਭਾਸ਼ਾ ਵਿੱਚ ਨਵੀਂਆਂ ਸੰਭਾਵਨਾਵਾਂ ਪ੍ਰਗਟ ਨਹੀਂ ਹੁੰਦੀਆਂ – ਜੇ ਮੇਰੀ ਭਾਸ਼ਾ ‘ਜੈਸੀ ਥੀ” ਵੈਸੀ ਹੀ ਰਹਿੰਦੀ ਹੈ? ਤੇ ਜੇ ਮੇਰੀ ਸੰਵੇਦਨਾ ‘ਚ ਕੋਈ ਨਵਾਂ ਸੰਚਾਰ ਨਹੀਂ ਹੁੰਦਾ?

ਬੈਂਜਾਮਿਨ ਦਾ ਲੇਖ ਉਸ ਭਾਸ਼ਾਈ ਅਤੇ ਖੇਤਰੀ ਮੂਲਵਾਦ (ਅਸੈਂਸ਼ਲਿਜ਼ਮ) ਤੇ ਰੂੜੀਵਾਦ (ਫੰਡਾਮੈਂਟਲਿਜ਼ਮ) ਪ੍ਰਤੀ ਨੌਜਵਾਨ ਲੇਖਕਾਂ ਨੂੰ ਖ਼ਬਰਦਾਰ ਕਰਦਾ ਹੈ ਜੋ ਸਿਰਜਣਾ ਅਤੇ ਆਜ਼ਾਦੀ ਵੱਲ ਨਹੀਂ, ਸਿਰਫ਼ ਮੌਤ ਅਤੇ ਫ਼ਾਸ਼ੀਵਾਦ ਵੱਲ ਲੈ ਜਾਣ ਦਾ ਇਕਰਾਰ ਕਰਦੇ ਹਨ।


ਜੇ ਅਸੀਂ ਵਿਸ਼ਵ ਸਾਹਿਤ ਸਪੇਸ ਵਿੱਚ ਆਪਣੀ ਕੋਈ ਥਾਂ ਬਨਾਉਣੀ ਹੈ ਤਾਂ ਜੜ੍ਹਾਂ ਦੇ ਮੈਟਾਫ਼ਰ ਉੱਪਰ ਜ਼ਰਾ ਗੌਰ ਨਾਲ ਵਿਚਾਰ ਕਰ ਲਈਏ। ਰੁੱਖ ਆਪਣੀਆਂ ਜੜ੍ਹਾਂ ਦਾ ਪ੍ਰਦਰਸ਼ਨ ਨਹੀਂ ਕਰਦੇ। ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਨੂੰ ਜੜ੍ਹਾਂ ਉੱਪਰ ਭਰੋਸਾ ਹੁੰਦਾ ਹੈ। ਰੁੱਖ ਆਪਣੀ ਹੋਂਦ ਦਾ ਐਲਾਨ ਫਿ਼ਜ਼ਾ ਨੂੰ ਆਪਣੇ ਪਸਾਰ ਨਾਲ ਦਿੰਦੇ ਹਨ, ਜੜ੍ਹਾਂ ਦਾ ਨਾਂ ਰੱਟ ਕੇ ਨਹੀਂ – ਜੜ੍ਹਾਂ ਤਾਂ ਹੁੰਦੀਆਂ ਹੀ ਹਨ।


ਬਹੁਤ ਸਾਰੇ ਪਾਠਕਾਂ ਨੂੰ (ਅੰਗਰੇਜ਼ੀ ਸਮੇਤ) ਦੂਜੀਆਂ ਭਾਸ਼ਾਵਾਂ ਵਿੱਚ ਸਾਹਿਤ ਪੜ੍ਹਨ ਤੋਂ ਝਿਜਕ ਇਸ ਲਈ ਹੁੰਦੀ ਹੈ ਕਿ ਪੜ੍ਹਨਾ ਔਖਾ ਲਗਦਾ ਹੈ। ਪਰ ਸਾਹਿਤ ਨੂੰ ਪੜ੍ਹਨਾ ਸੌਖਾ ਕਿਉਂ ਹੋਵੇ? ਜੇ ਆਰਾਮ/ਸੌਖ ਦੇ ਦਾਇਰੇ ਵਿੱਚ ਰਹਿ ਕੇ ਸਾਹਿਤ ਦਾ ਪਾਠ ਕਰਨਾ ਹੈ ਤਾਂ ਚੰਗਾ ਹੈ ਕਿ ਇਹ ਕੰਮ ਨਾ ਕਰੀਏ – ਕਿਉਂ ਜੋ ਫੇਰ ਅਸੀਂ ਉਸ ਨੂੰ ਸਾਹਿਤ ਦੇ ਸੰਜੀਦਾ ਪਾਠਕ ਵਾਂਗ ਨਹੀਂ ਪੜ੍ਹ ਰਹੇ ਹੁੰਦੇ।


“ਮੈਂ ਆਪਣੀ ਮਾਤ ਭਾਸ਼ਾ ਵਿੱਚ ਲਿਖਣਾ ਤੇ ਪੜ੍ਹਨਾ ਪਸੰਦਾ ਕਰਦਾ ਹਾਂ।” ਜੇ ਸਾਹਿਤ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਸਿਰਫ਼ ਇਸ ਲਈ ਪੜ੍ਹਨਾ ਤੇ ਲਿਖਣਾ ਬਿਹਤਰ ਸਮਝਦੇ ਹਾਂ ਕਿ ਸੌਖਾ ਲਗਦਾ ਹੈ ਤਾਂ ਸਾਹਿਤ ਨਾਲ ਸਾਡਾ ਸਹੀ ਰਿਸ਼ਤਾ ਅਜੇ ਬਣਿਆ ਹੀ ਨਹੀਂ। ਉਹ ਰਿਸ਼ਤਾ ਸਿਰਫ਼ ਬੇਗਾਨਗੀ (ਏਲੀਅਨੇਸ਼ਨ) ਦਾ ਹੋ ਸਕਦਾ ਹੈ। ਆਪਣੀ ਸਾਹਿਤਕ ਲਿਖਤ ਦੀ ਭਾਸ਼ਾ (ਬੇਸ਼ੱਕ ਉਹ ਮਾਤ ਭਾਸ਼ਾ ਹੀ ਹੋਵੇ) ਵਿੱਚ ਬੇਘਰੀ ਦੇ ਅਹਿਸਾਸ ਨੂੰ ਜਿ਼ੰਦਾ ਰੱਖਣਾ, ਉਸ ਭਾਸ਼ਾ ਵਿਚਲੇ ਹਰ ਸ਼ਬਦ, ਹਰ ਅੱਖਰ, ਹਰ ਆਵਾਜ਼ ਨੂੰ ਅਜਨਬੀ ਵਾਂਗ ਮਿਲਣਾ ਹੀ ਉਸ ਭਾਸ਼ਾ ਨਾਲ ਜੀਵੰਤ ਤੇ ਫਲਦਾਇਕ ਸੰਬੰਧ ਪੈਦਾ ਕਰਨ ਦੀ ਇਹ ਪਹਿਲੀ ਸ਼ਰਤ ਹੈ।


ਹੈਰਾਨ ਹੋਣ ਵਾਲੀ ਗੱਲ ਨਹੀਂ, ਸਮਝਣ ਦੀ ਗੱਲ ਹੈ ਕਿ ਕਿੰਨੇ ਲੇਖਕਾਂ ਨੇ ਸਾਹਿਤ ਲਿਖਣ ਲਈ ਮਾਤ ਭਾਸ਼ਾ ਨਹੀਂ ਚੁਣੀ ਜਾਂ ਕਿਸੇ ਪੜਾਅ ‘ਤੇ ਪਹੁੰਚ ਕੇ ਹੋਰ ਭਾਸ਼ਾ ਵਿੱਚ ਆਪਣਾ ਘਰ ਵਸਾ ਲਿਆ। ਰਿਲਕੇ ਦਾ ਨਾਂ ਵੀ ਉਨ੍ਹਾਂ ਵਿੱਚੋਂ ਇਕ ਹੈ। ਜੇ ਅਸੀਂ ਸਾਹਿਤ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਤਾਂ ਭਾਸ਼ਾ ਨੂੰ (ਉਹ ਭਾਸ਼ਾ ਭਾਵੇਂ ਮਾਤ-ਭਾਸ਼ਾ ਹੀ ਹੋਵੇ) ਇੰਝ ਨਹੀਂ ਲਿਆ ਜਾ ਸਕਦਾ ਕਿ ਇਹ ਤਾਂ ਬਸ ਹੈ। ਜੇ ਬੇਗਾਨਗੀ ਜਾਂ ਰਚਨਾਤਮਿਕ ਏਲੀਅਨੇਸ਼ਨ ਨੂੰ ਹਾਸਲ ਕਰਨਾ ਹੈ ਤਾਂ ਮਾਤ-ਭਾਸ਼ਾ ਤੋਂ ਹਟ ਕੇ ਉਸ ਭਾਸ਼ਾ ਵਿੱਚ ਪ੍ਰਾਪਤ ਕਰਨੀ ਏਨੀ ਔਖੀ ਨਹੀਂ ਹੁੰਦੀ ਜਿਸ ਵਿੱਚ ਸਿਰਜਣ ਆਜ਼ਾਦੀ ਦੀਆਂ ਸੰਭਾਵਨਾਵਾਂ ਵਧੀਕ ਖੁਲ੍ਹਦੀਆਂ ਹਨ।


ਸਿਰਜਣਾ ਦੀ ਅਤੇ ਅਭਿਵਿਅਕਤੀ ਦੀ ਆਜ਼ਾਦੀ ਵਿੱਚ ਅਨੋਖਾ ਰਿਸ਼ਤਾ ਹੈ। ਸੰਵਿਧਾਨ ਵੱਲੋਂ ਦਿੱਤੀ ਗਈ ਆਜ਼ਾਦੀ ਉੱਪਰ ਪਹਿਰੇਦਾਰੀ ਕਰਨਾ ਹਰ ਇਕ ਨਾਗਰਿਕ ਦਾ ਫਰਜ਼ ਹੈ, ਤੇ ਕਲਾਕਾਰ ਇਕ ਨਾਗਰਿਕ ਵੀ ਹੈ। ਪਰ ਉਹ ਮਹਿਜ਼ ਨਾਗਰਿਕ ਹੀ ਹੈ, ਅਜਿਹਾ ਵੀ ਨਹੀਂ ਹੈ। ਹੋ ਸਕਦਾ ਹੈ ਕਿ ਕੋਈ ਲੇਖਕ ਕਿਸੇ ਸਵਿੰਧਾਨਕ ਆਜ਼ਾਦੀ ਦਾ ਇਸ ਕਦਰ ਗੁਲਾਮ ਹੋ ਜਾਏ ਕਿ ਉਹ ਕਲਾ ਦੀ ਆਜ਼ਾਦੀ ਤੋਂ ਭੈਭੀਤ ਹੋ ਜਾਵੇ। ਕਲਾ ਦੀ ਆਜ਼ਾਦੀ ਜੋ ਉਸ ਤੋਂ ਕੁਝ ਮੰਗਦੀ ਹੈ ਲੇਖਕ ਉਸ ਤੋਂ ਧੁਰ ਤੱਕ ਡਰਿਆ ਰਹੇ ਅਤੇ ਸਵਿੰਧਾਨਕ ਆਜ਼ਾਦੀ ਦੀ ਬੁੱਕਲ ਵਿੱਚ ਲੁਕਣ ਲੱਗ ਜਾਵੇ। ਜਦੋਂ ਕਾਨੂੰਨ ਦੀ ਸਪਸ਼ਟ ਭਾਸ਼ਾ ਵਿੱਚ ਪਰਿਭਾਸ਼ਤ ਆਜ਼ਾਦੀ ਖਬਦ (ਫਟਿਸ਼) ਬਣਦੀ ਹੈ, ਤਾਂ ਹੋ ਸਕਦਾ ਹੈ ਕਲਾਕਾਰ ਕਲਾ ਦੀਆਂ ਨਵੀਂਆਂ ਸੰਭਾਵਨਾਵਾਂ ਵੱਲ ਪਿੱਠ ਕਰਨ ਦੇ ਬਹਾਨੇ ਲੱਭ ਰਿਹਾ ਹੋਵੇ। ਗੱਲ ਬਹੁਤ ਸੂਖਮ ਨਹੀਂ ਪਰ ਗੰਭੀਰ ਹੈ – ਕਈ ਵਾਰ ਇਕ ਜ਼ਾਹਿਰ ਕਿਸਮ ਦੀ ਆਜ਼ਾਦੀ (ਖਾਸ ਤੌਰ ‘ਤੇ, ਜਿਸ ਉੱਪਰ ਆਮ ਸਹਿਮਤੀ ਹੈ) ਕਿਸੇ ਨਾ – ਜ਼ਾਹਿਰ ਜਾਂ ਘੱਟ ਜ਼ਾਹਿਰ ਆਜ਼ਾਦੀ (ਸਮੇਤ ਸਿਰਜਣਾ ਦੀ ਆਜ਼ਾਦੀ ਦੇ) ਦੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨ ਦਾ ਬਾਈਸ ਹੋ ਨਿਬੜਦੀ ਹੈ।


ਇਸੇ ਲਈ ਭਾਰੂ ਰਾਜਨੀਤਕ ਪ੍ਰਵਚਨਾਂ ਤੋਂ, ਭਾਵੇਂ ਉਹ ਵਿਰੋਧੀ ਸੁਰਾਂ ਵਾਲੇ ਹੋਣ, ਇਕ ਅੰਦਰੂਨੀ ਦੂਰੀ ਰੱਖਣਾ, ਆਪਣੇ ਅੰਦਰ ਦੇ ਰਚਨਾਕਾਰ ਨੂੰ ਉਹਨਾਂ ਦੀ ਰੋਗ-ਛੋਹ ਤੋਂ ਬਚਾਉਣਾ, ਕਲਾਕਾਰ ਦਾ ਪਹਿਲਾ ਫਰਜ਼ ਹੈ।


ਰਾਜਨੀਤਕ-ਆਰਥਿਕ ਨਿਜ਼ਾਮਾਂ ਨੂੰ ਸਭ ਤੋਂ ਵੱਡੀ ਚੁਣੌਤੀ ਕਲਾ ਉਦੋਂ ਹੀ ਦੇ ਸਕਦੀ ਹੈ ਜਦੋਂ ਉਹ ਕਲਾ ਹੋਵੇ। ਸੰਜੀਦਾ ਅਤੇ ਸੁਚੇਤ ਲੇਖਕ ਹੋਣ ਦੇ ਰਾਜਨੀਤਕ ਤੇ ਨੈਤਿਕ ਅਰਥ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੇ ਫ਼ਾਸ਼ੀਵਾਦ ਜਾਂ ਤਾਨਾਸ਼ਾਹੀ ਪ੍ਰਤੀ ਅਸਰਦਾਰ ਪ੍ਰਤਿ-ਹੋਂਦ (ਐਂਟੀਡੋਟ) ਸਾਬਤ ਹੁੰਦੇ ਹਨ।


ਅਜਿਹਾ ਇਸ ਲਈ ਹੈ ਕਿ ਕਲਾ ਬ੍ਰਹਿਮੰਡ ਵਾਂਗ ਧੁੰਧੂਕਾਰੇ (ਕੇਆਸ) ਵਿੱਚੋਂ ਉਪਜਦੀ ਹੈ। ਇਹ ਧੁੰਧੂਕਾਰੇ ਵਿੱਚੋਂ ਪੈਟਰਨ ਲੱਭਦੀ ਹੈ, ਉਹਦਾ ਸਿਰਜਣ ਕਰਦੀ ਹੈ। ਇਹ ਵਿਚਾਰਧਾਰਾਵਾਂ ਵਾਂਗ ਧੁੰਧੂਕਾਰੇ ਦਾ ਹੂੰਝ-ਪੂੰਝ ਨਹੀਂ ਕਰਦੀ। ਹੂੰਝ-ਪੂੰਝ ਦਾ ਅਗਲਾ ਕਦਮ ਪਸਤ ਕਰਨ ਵਲ ਵਧਦਾ ਹੈ।


ਕਲਾ ਸਾਨੂੰ ਅੱਖਾਂ ਦਿੰਦੀ ਹੈ, ਸਾਡਾ ਆਪਾ ਦਿੰਦੀ ਹੈ। ਵਿਅਕਤੀ ਦੇ ਹਨਨ (ਇਲੀਮੀਨੇਸ਼ਨ), ਉਸ ਦੀ ਬੇਗਾਨਗੀ ਦਾ ਵਿਰੋਧ ਕਰਦੀ ਹੈ। ਕਲਾ ਦੀ ਸੂਖ਼ਮ ਤੇ ਵੱਡੀ ਰਾਜਨੀਤੀ ਇਸੇ ‘ਚ ਨਿਹਤ ਹੈ। ਇਸੇ ਲਈ ਹਰ ਨਿਜ਼ਾਮ ਸਿੱਖਿਆ ਵਿਵਸਥਾ ਦੇ ਨਾਂ ਉੱਪਰ ਸਾਹਿਤ ਦੇ ਪਾਠ ਨੂੰ ‘ਵਿਵਸਥਿਤ’ ਕਰਨ ਦੀਆਂ ਕੋਸਿ਼ਸ਼ਾਂ ਕਰਦਾ ਹੈ।


ਸਾਹਿਤਕ ਲਿਖਤ ਵਿੱਚੋਂ ਥੀਮ, ਪਲਾਟ, ਕੈਰੇਕਟਰ ਆਦਿ ਕੱਢ ਕੇ ਸਜਾਉਣ ਦਾ ਅਰਥ ਲਿਖਤ ਦੀ ਸਮੁੱਚਤਾ ਨੂੰ ਰੱਦ ਕਰਨਾ ਹੈ, ਉਸ ਦੇ ਅੰਗਾਂ ਨੂੰ ਪੁਰਜ਼ੇ ਵੱਜੋਂ ਵਰਤਣਾ ਹੈ। ਲਿਖਤ ਨੂੰ ਉਸ ਦੀ ਸਮੁੱਚਤਾ ਤੋਂ ਦੂਰ ਕਰਕੇ ਇਕ ਡੱਬਾ-ਜੜਤ ਵਿੱਚ ਰੂਪਾਂਤਰਿਤ ਕਰਨਾ ਹੈ।


ਸਾਹਿਤ ਕਿਵੇਂ ਪੜ੍ਹਿਆ ਤੇ ਪੜ੍ਹਾਇਆ ਜਾਵੇ? ਇਹ ਸਭਿਆਚਾਰਾਂ ਦੀ ਰਾਜਨੀਤੀ ਦਾ ਕੇਂਦਰੀ ਮੁੱਦਾ ਹੈ। ਕਿਸੇ ਸਾਹਿਤਕ ਕਿਰਤ ਨੂੰ ਲੇਖਕ ਵਾਂਗ ਅੰਦਰੋਂ ਕਿਵੇਂ ਪੜ੍ਹਿਆ ਜਾਵੇ? ਸੀਤੇ ਹੋਏ ਕੱਪੜੇ ਦੇ ਪੁੱਠੇ ਪਾਸਿਓਂ, ਤਾਂ ਜੋ ਉਸ ਕਿਰਤ ਦਾ ਅੱਖਰ-ਅੱਖਰ ਜੁੜ ਕੇ ਬਣਨਾ, ਇੱਟ-ਇੱਟ ਜੁੜਕੇ ਉਸ ਦੀ ਇਮਾਰਤ ਦਾ ਖੜ੍ਹਾ ਹੋਣਾ – ਇੰਝ ਪੜ੍ਹਾਉਣਾ ਬਣਦਾ ਹੈ। ਤੁਸੀਂ ਲੇਖਕ ਲਿਖਤ ਨੂੰ ਇੰਝ ਪੜ੍ਹਨਾ ਸਿਖਾਉ ਤਾਂ ਜੋ ਪੰਜਾਬ ਦੇ ਸਾਹਿਤਕ ਸਭਿਆਚਾਰ ਵਿੱਚ ਨਵੀਂ ਜਾਗ੍ਰਤੀ ਪੈਦਾ ਹੋ ਸਕਦੀ ਹੈ। ਉਸ ਤੋਂ ਬਾਅਦ ਕਿਤਾਬਾਂ ਹੀ ਆਪਣਾ ਕੰਮ ਆਪ ਕਰਨਗੀਆਂ। ਪੜ੍ਹਾਉਣ ਵਾਲੀਆਂ ਆਖਰਕਾਰ ਤਾਂ ਕਿਤਾਬਾਂ ਹੀ ਹੁੰਦੀਆਂ ਹਨ।


ਯੂਨੀਵਰਸਿਟੀ ਵਿੱਚ ਸਥਾਪਤ ‘ਪਾਠਕ’ ਸਾਹਿਤ ਦੇ ਕੰਮ ਨੂੰ ਕਲਾਕਾਰ ਦੀ ਕਿਰਤ ਦੇ ਤੌਰ ‘ਤੇ ਦੇਖਣਾ, ਸਮਝਣਾ ਤੇ ਮਹਿਸੂਸ ਕਰਨਾ ਛੱਡ ਬੈਠੇ ਹਨ। ਕੰਮ ਤਾਂ ਕੰਮ ਹੈ। ਇਸ ਲਈ ਔਖਾ ਹੈ। ਖੂਨ ਪਸੀਨਾ ਮੰਗਦਾ ਹੈ। ਇਸ ਦੀ ਗਵਾਹੀ ਭਰਨ ਲਈ ਸਾਹਿਤਕ ਕਿਰਤੀਆਂ ਦੀ ਲੰਬੀ ਪੰਕਤੀ ਖੜ੍ਹੀ ਹੈ, ਜਿਨ੍ਹਾਂ ਵਿੱਚ ਫਲਾਬੇਅਰ ਅਤੇ ਮਾਇਆਕਾਵਸਕੀ ਤੋਂ ਲੈ ਕੇ ਆਦਿਲ ਜੱਸਾਵਾਲਾ ਤੇ ਅਰਵਿੰਦ ਕ੍ਰਿਸ਼ਨ ਮਲਹੋਤਰਾ ਤੱਕ ਕਈ ਨਾਮ ਸ਼ਾਮਲ ਹਨ।


ਸਾਹਿਤ ਲਿਖਣਾ ਕੀ ਕੀਮਤ ਮੰਗਦਾ ਹੈ, ਇਕ ਚਿੱਠੀ ਵਿੱਚ ਫਲਾਬੇਅਰ ਇਸ ਵੱਲ ਇਸ਼ਾਰਾ ਕਰਦਾ ਹੈ – “ਸਟਾਇਲ ਕਿਸੇ ਗਹਿਰੇ ਜ਼ਖਮ ਵਿੱਚੋਂ ਰਿਸਦਾ ਡਿਸਚਾਰਜ ਹੈ।”


ਆਪਣੀ ਸਮੁੱਚਤਾ ਵਿੱਚ ਵੱਢ ਮਾਰੇ ਬਿਨਾਂ ਲੇਖਕ ਨੂੰ ਆਪਾ ਨਹੀਂ ਮਿਲਦਾ, ਆਪਣੀ ਆਵਾਜ਼ ਨਹੀਂ ਮਿਲਦੀ, ਜਿਸ ਨੂੰ ਪਰੂਸਤ ਬ੍ਰਹਿਮੰਡ ਦਾ ਨਿੱਜੀ ਦਰਸ਼ਨ, ਯਾਨੀ ਸਟਾਇਲ, ਦਸਦਾ ਹੈ।


ਇਹ ਕਿਸ਼ੋਰ ਅਵਸਥਾ ਦੇ ਪ੍ਰਗੀਤ ਤੋਂ ਬਾਹਰ ਆ ਕੇ ਹੀ ਸੰਭਵ ਹੈ। ਮਿਲਾਨ ਕੁੰਡੇਰਾ ਦਾ ਇਹ ਮੰਨਣਾ ਹੈ ਕਿ ਆਧੁਨਿਕ ਸਾਹਿਤ (ਭਾਵੇਂ ਉਹ ਨਾਵਲ ਦੇ ਪ੍ਰਸੰਗ ਵਿੱਚ ਕਹਿ ਰਿਹਾ ਹੈ) ਪੈਦਾ ਹੀ ਉਦੋਂ ਹੁੰਦਾ ਹੈ ਜਦੋਂ ਕਲਾਕਾਰ ਮਿੱਥ, ਲੈਜੰਡ ਤੇ ਪ੍ਰਗੀਤ ਦਾ ਪਰਦਾ ਫਾੜ ਕੇ ਹਕੀਕਤ ਨਾਲ ਮੁਖ਼ਾਤਿਬ ਹੁੰਦਾ ਹੈ।


ਸਭਿਆਚਾਰ ਤੇ ਸਾਹਿਤ ਦੇ ਮੇਲੇ ਗਲੋਬਲੀ ਪੂੰਜੀ ਦੇ ਤਮਾਸ਼ੇ ਹੋ ਨਿਬੜਦੇ ਹਨ। ਕਦੇ-ਕਦੇ ਕਿੱਟੀ ਪਾਰਟੀਆਂ ਦੇ ਪੱਧਰ ਤੱਕ ਰਹਿ ਜਾਂਦੇ ਹਨ। ਉਮੀਦ ਹੈ ਕਿ ਇਹ ਯੁਵਾ ਸਾਹਿਤ ਸਮਾਰੋਹ ਪੰਜਾਬੀ ਸਭਿਆਚਾਰ ਵਿੱਚ ਕੋਈ ਅਜਿਹਾ “ਰੂਹ ਅੰਦਰਲਾ ਤੂਫ਼ਾਨ” ਪੈਦਾ ਕਰੇਗਾ ਜਿਸ ਦੀ ਬਾਤ ਕਿਸੇ ਵੇਲੇ ਰਿਲਕੇ ਨੇ ਪਾਈ ਸੀ।  (ਫਿਲਹਾਲ 26/27 ‘ਚੋਂ ਧੰਨਵਾਦ ਸਹਿਤ)
 

ਪ੍ਰੋਫੈਸਰ ਅਤੇ ਮੁਖੀ, ਅੰਗਰੇਜ਼ੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346