Welcome to WatanPunjabi.ca
ਲੇਖ / ਸਤਿਆਜੀਤ ਰੇਅ ਦਾ ਸਿਨਮਾ
 

- ਸੁਖਵੰਤ ਹੁੰਦਲ

ਹੱਡਬੀਤੀ / ਬੇਇੱਜ਼ਤ
 

- ਸਰਬਜੀਤ ਕੌਰ ਅਠਵਾਲ,
ਜੈੱਫ ਹਡਸਨ

'ਕਿਲੇ ਦੇ ਮੋਤੀ' ਦਾ ਇਕ ਕਾਂਡ / ਓਂਟੇਰੀਓ ਵਿੱਚ ਸ਼ਰਨ
 

- ਹਿਊ ਜਾਹਨਸਨ

ਲੇਖ / ਗਦਰ ਲਹਿਰ ਦੀ ਕਵਿਤਾ
 

- ਕੇਸਰ ਸਿੰਘ ਕੇਸਰ

ਨਾਵਲ / ਕਭੀ ਨਾ ਛੋੜ੍ਹੇ ਖੇਤ
 

- ਜਗਦੀਸ਼ ਚੰਦਰ

ਲੇਖ / ਪੰਜਾਬੀ ਦਲਿਤ ਖੇਤ ਮਜ਼ਦੂਰ ਔਰਤ
 

- ਨਵਸ਼ਰਨ

ਲੇਖ / ਆਪਣੇ ਬਾਰੇ ਲਿਖਣਾ
 

- ਗੁਰਬਚਨ

ਲੇਖ / ਯੁਵਕ ਲੇਖਕਾਂ ਦੇ ਨਾਂ: ਕੋਈ ਤੁਹਾਨੂੰ ਕਿਉਂ ਪੜ੍ਹੇ?
 

- ਰਾਜੇਸ਼ ਸ਼ਰਮਾ

ਕਹਾਣੀ / ਪੈਂਗੂਇਨ
 

- ਹਰਪ੍ਰੀਤ ਸੇਖਾ

 


ਕਹਾਣੀ
ਪੈਂਗੂਇਨ
ਹਰਪ੍ਰੀਤ ਸੇਖਾ
 

 

ਮੈਨੂੰ ਲੱਗਾ ਕਿ ਸਨੋਅ-ਬੋਰਡਿੰਗ ਕਰਦਾ ਮੁੰਡਾ ਜੋਵਨ ਤੇ ਕੀਥ ਦੇ ਉੱਪਰ ਆ ਚੜ੍ਹੇਗਾ। ਉਹ ਬਰਫ਼ ਦਾ ਘਰ ਬਣਾ ਰਹੇ ਸਨ।
ਅਸੀਂ ਬਰਫ਼ ਨਾਲ ਖੇਡਣ ਗ੍ਰਾਊਸ-ਮਾਊਂਨਟੇਨ ਗਏ ਹੋਏ ਸੀ। ਕੀਥ ਤੇ ਜੋਵਨ ਖੇਡਣ ਲੱਗੇ ਸਨ। ਮੈਂ ਉਨ੍ਹਾਂ ਦੇ ਕਿਹਾਂ ਨਾਲ ਤਾਂ ਆ ਗਈ ਸੀ ਪਰ ਮੇਰਾ ਮਨ ਕੁਝ ਵੀ ਕਰਨ ਨੂੰ ਨਹੀਂ ਸੀ ਕਰਦਾ। ਮੈਂ ਇਮਾਰਤ ਦੇ ਅੰਦਰ ਜਾ ਕੇ ਖਿੜਕੀ ਕੋਲ ਬੈਠ ਗਈ ਸੀ। ਕਦੇ ਕਦੇ ਮੇਰੀ ਨਿਗ੍ਹਾ ਬਾਹਰ ਉਨ੍ਹਾਂ ਵੱਲ ਚਲੀ ਜਾਂਦੀ। ਖਿੜਕੀ ਦੇ ਨਜਦੀਕ ਹੀ ਛੋਟੇ ਬੱਚਿਆਂ ਦੇ ਖੇਡਣ ਲਈ ਥਾਂ ਸੀ, ਜਿੱਥੇ ਉਹ ਬਰਫ਼ ਨਾਲ ਖੇਡ ਰਹੇ ਸਨ। ਕਈ ਬਰਫ਼ ਦੇ ਬੰਦੇ ਤੇ ਘਰ ਬਣਾ ਰਹੇ ਸਨ ਤੇ ਕੁਝ ਬਰਫ਼ ਦੇ ਗੋਲੇ ਬਣਾ ਕੇ ਇਕ ਦੂਜੇ ਵੱਲ ਸੁੱਟ ਰਹੇ ਸਨ। ਸਨੋਅ-ਬੋਰਡਿੰਗ ਕਰਨ ਲਈ ਹੋਰ ਪਾਸੇ ਅਲੱਗ ਜਗ੍ਹਾ ਸੀ। ਪਰ ਇੱਕ ਮੁੰਡਾ ਸਨੋਅ-ਬੋਰਡਿੰਗ ਕਰਦਾ ਇੱਧਰ ਆ ਨਿਕਲਿਆ ਸੀ। ਕੀਥ ਇਕਦਮ ਖੜ੍ਹਾ ਹੋ ਗਿਆ। ਮੈਂ ਵੀ ਅੰਦਰ ਬੈਠੀ ਆਪ ਮੁਹਾਰੇ ਹੀ ਸਿੱਧੀ ਹੋ ਗਈ। ਸਨੋਅ-ਬੋਰਡਿੰਗ ਕਰਨ ਵਾਲੇ ਨੇ ਇਕਦਮ ਰੁਕ ਕੇ ਆਪਣੀ ਦਿਸ਼ਾ ਬਦਲ ਲਈ ਤੇ ਪੱਤਰਾ ਵਾਚ ਗਿਆ। ਉਸਦੇ ਇਸ ਤਰ੍ਹਾਂ ਕਰਨ ਨਾਲ ਕੁਝ ਬਰਫ਼ ਉੱਡੀ ਸੀ। ਬਰਫ਼ ਕੀਥ ਦੇ ਕੱਪੜਿਆਂ `ਤੇ ਪੈ ਗਈ ਸੀ। ਜੋਵਨ ਆਪਣੀ ਖੇਡ ਵਿਚ ਮਸਤ ਸੀ। ਕੀਥ ਉਸਦੇ ਪਿੱਛੇ ਆਣ ਖੜ੍ਹਾ ਹੋਇਆ ਸੀ। ਕੀਥ ਨੇ ਕੱਪੜਿਆਂ ਤੋਂ ਬਰਫ਼ ਝਾੜੀ ਤੇ ਮੁੜ ਜੋਵਨ ਨਾਲ ਖੇਡਣ ਲੱਗ ਪਿਆ। ਪਰ ਮੇਰਾ ਅੰਦਰ ਮੁੜ ਤਪਣ ਲੱਗਾ। ਮੇਰੀਆਂ ਮੁੱਠੀਆਂ ਮਿਚ ਗਈਆਂ ਤੇ ਮੇਰੇ ਮੂੰਹੋਂ ਗਾਲ੍ਹ ਨਿਕਲੀ।
ਇਸੇ ਤਰ੍ਹਾਂ ਹੀ ਇਕ ਦਿਨ ਪਹਿਲਾਂ ਹੋਇਆ ਸੀ, ਜਦ ਮੇਰੀ ਫੇਸਬੁੱਕ ਦੇ 'ਇਨ ਬੌਕਸ' ਵਿਚ ਸ਼ਮਸ਼ੇਰ ਦਾ ਸੁਨੇਹਾ ਮਿਲਿਆ ਸੀ। ਉਹ ਜੋਵਨ ਨੂੰ ਮਿਲਣਾ ਚਾਹੁੰਦਾ ਸੀ। ਪਹਿਲਾਂ ਤਾਂ ਮੈਨੂੰ ਲੱਗਾ ਕਿ 'ਜੰਕ ਮੇਲ' ਹੈ । ਮੈਂ ਭਮੱਤਰ ਹੀ ਗਈ ਸੀ। ਜਦੋਂ ਕੁਝ ਸਮਝ ਲੱਗੀ ਤਾਂ ਮੇਰਾ ਮਨ-ਤਨ ਤਪਣ ਲੱਗਾ। ਮਿਲਣ ਦੀ ਗੱਲ ਤਾਂ ਇਕ ਪਾਸੇ, ਉਸਦੀ ਮੈਨੂੰ ਸੁਨੇਹਾ ਭੇਜਣ ਦੀ ਹੀ ਜੁਅਰਤ ਕਿਵੇਂ ਹੋਈ!' ਇਸ ਵਿਚਾਰ ਨੇ ਮੇਰੇ ਅੰਦਰ ਤਰਥੱਲੀ ਮਚਾ ਦਿੱਤੀ। ਐਨੇ ਸਾਲ ਲੱਗੇ ਸਨ ਮੇਰੇ ਅੰਦਰਲੀ ਧੁੱਖਦੀ ਅੱਗ ਨੂੰ ਸ਼ਾਂਤ ਹੋਣ ਵਿਚ! ਹੁਣ ਤਾਂ ਲੱਗਦਾ ਸੀ ਕਿ ਸਵਾਹ ਹੀ ਬਚੀ ਹੈ ਪਰ ਇਹ ਮੇਰਾ ਭੁਲੇਖਾ ਹੀ ਸੀ। ਜੇ ਸਵਾਹ ਹੀ ਬਚੀ ਹੁੰਦੀ ਤਾਂ ਇਕ ਸੁਨੇਹੇ ਨਾਲ ਹੀ ਭਾਂਬੜ ਕਿਓਂ ਉੱਠ ਖਲੋਂਦਾ! ਮੈਂ ਮੁੜ ਕੰਪਿਊਟਰ ਸਕਰੀਨ ਵੱਲ ਦੇਖਿਆ। ਸੁਨੇਹੇ ਦੇ ਨਾਲ ਸ਼ਮਸ਼ੇਰ ਦੀ ਫੋਟੋ ਸੀ। ਮੇਰਾ ਜੀਅ ਕੀਤਾ ਕਿ ਉਸਦੇ ਮੂੰਹ `ਤੇ ਥੁੱਕ ਦੇਵਾਂ। ਮੈਨੂੰ ਕੁਝ ਵੀ ਸਮਝ ਨਾ ਆਵੇ ਕਿ ਕੀ ਕਰਾਂ। ਇਹ ਕੀ ਹੋ ਗਿਆ ਸੀ। ਕੁਝ ਦੇਰ ਮੈਂ ਉਵੇਂ ਹੀ ਬੈਠੀ ਰਹੀ ਫਿਰ ਉਸ ਨੂੰ ਲਿਖ ਦਿੱਤਾ:
'ਤੇਰੀ ਹਿੰਮਤ ਕਿਵੇਂ ਪਈ ਮੈਨੂੰ ਸੁਨੇਹਾ ਭੇਜਣ ਦੀ! ਮੈਂ ਆਪਣੇ ਬੱਚੇ ਨੂੰ ਅਨਜਾਣ ਲੋਕਾਂ ਨਾਲ ਮਿਲਣ ਨਹੀਂ ਦਿੰਦੀ।'
ਉਸਦਾ ਸੁਨੇਹਾ ਉਸੇ ਵੇਲੇ ਹੀ ਆ ਗਿਆ, ' ਮੈਂ ਉਸ ਲਈ ਅਣਜਾਣ ਨਹੀਂ ਹਾਂ। ਤੇਰੀ ਪ੍ਰੋਫਾਈਲ ਵਿਚਲੇ ਬੱਚੇ ਦੀ ਫੋਟੋ ਮੇਰੇ ਬਚਪਨ ਦੀ ਫੋਟੋ ਦੀ ਕਾਰਬਨ ਕਾਪੀ ਹੈ। ਉਹ ਮੇਰਾ ਹੀ ਬੇਟਾ ਹੈ। ਇਹ ਮੈਂ ਡੀ ਐਨ ਏ ਟੈਸਟ ਰਾਹੀਂ ਸਿੱਧ ਕਰ ਸਕਦਾਂ।'
ਮੇਰੀਆਂ ਲੱਤਾਂ-ਬਾਹਾਂ ਵਿਚੋਂ ਸੇਕ ਨਿਕਲਣ ਲੱਗਾ। ਜੀਅ ਕਰੇ ਕਿ ਜੇ ਉਹ ਮੇਰੇ ਸਾਹਮਣੇ ਹੋਵੇ ਤਾਂ ਉਸ ਨੂੰ ਕੱਚੇ ਨੂੰ ਚੱਬ ਜਾਵਾਂ। ਪਤਾ ਨਹੀਂ ਕਿਵੇਂ ਤੇ ਕਿੰਨੀ ਛੇਤੀ ਮੇਰੀਆਂ ਉਂਗਲਾਂ ਨੇ ਟਾਈਪ ਕੀਤਾ: " ਤੇਰੀ ਸ਼ਕਲ ਤੇਰੇ ਪਿਓ ਨਾਲ ਤਾਂ ਮਿਲਦੀ ਨੀ। ਕੀ ਉਹ ਵੀ ਡੀ ਐਨ ਏ ਨਾਲ ਸਿੱਧ ਕੀਤਾ ਕਦੇ?
'ਸੁਣ ਮੈਡਮ, ਗਾਲ੍ਹਾਂ ਕੱਢਣ ਦੀ ਲੋੜ ਨੀ। ਕਾਨੂੰਨਨ ਮੈਂ ਇਹ ਕਰਵਾ ਸਕਦਾਂ। ਦਸ ਸਾਲ ਪਹਿਲਾਂ ਕੀਤੀ ਭੁੱਲ ਦਾ ਅਹਿਸਾਸ ਮੈਨੂੰ ਹੋ ਰਿਹਾ ਹੈ। ਮੈਂ ਸੁਲਾਹ ਸਫਾਈ ਨਾਲ ਉਸ ਨੂੰ ਮਿਲਣਾ ਚਾਹੁੰਨਾਂ।'
ਮੇਰਾ ਸਰੀਰ ਕੰਬਣ ਲੱਗਾ। ਸੰਘ ਖੁਸ਼ਕ ਹੋਣ ਲੱਗਾ। ਜਿਵੇਂ ਗਲੇ ਵਿਚ ਕੁਝ ਅੜ ਗਿਆ ਹੋਵੇ।
ਪਹਿਲਾਂ ਇਹ ਸਿੱਧ ਕਰਨ ਵਿਚ ਲੱਗਾ ਸੀ ਕਿ ਇਹ ਮੇਰਾ ਨਹੀਂ ਤੇ ਹੁਣ -----ਕਿਵੇਂ ਇਹ ਕਨੂੰਨਨ ਕਰਵਾ ਸਕਦੈ? ਐਡੀ ਕੀ ਹਨੇਰ ਗਰਦੀ ਫੈਲੀ ਹੈ! ਜਦੋਂ ਜੀਅ ਕਰੇ ਮੇਰਾ, ਜਦੋਂ ਜੀਅ ਕਰੇ ਨਹੀਂ ਮੇਰਾ-- ਮੇਰਾ ਚੀਕਾਂ ਮਾਰਨ ਨੂੰ ਜੀਅ ਕਰੇ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਅਚਾਨਕ ਕੀ ਹੋ ਗਿਆ ਸੀ। ਮੈਂ ਕੁਰਸੀ ਤੋਂ ਝਟਕੇ ਨਾਲ ਉਠੀ ਤੇ ਕੀਥ ਨੂੰ ਕੰਮ `ਤੇ ਫੋਨ ਕਰ ਦਿੱਤਾ,"ਕੀਥ, ਜਿੰਨੀ ਛੇਤੀ ਹੋ ਸਕਦਾ ਹੈ, ਘਰ ਆ ਜਾ।"
"ਹੋਇਆ ਕੀ?"
"ਬੱਸ ਤੂੰ ਆ ਜਾ। ਕੋਈ ਵੀ ਬਹਾਨਾ ਮਾਰ ਕੰਮ `ਤੇ ਪਰ ਆ ਜਾ। ਮੈਨੂੰ ਤੇਰੀ ਜ਼ਰੂਰਤ ਹੈ। ਆਪਣੇ ਜੋਵਨ ਨੂੰ-----" ਇਹ ਆਖਦੀ ਦੀ ਮੇਰੀ ਆਵਾਜ਼ ਭਰੜਾ ਗਈ।
"ਕੀ ਹੋਇਆ ਜੋਵਨ ਨੂੰ?"
"ਜੋਵਨ ਨੂੰ ਕੁਝ ਨੀ ਹੋਇਆ। ਸ਼ਮਸ਼ੇਰ ਦਾ ਮੈਸੇਜ ਆਇਆ -----।"ਮੇਰਾ ਰੋਣ ਨਿਕਲ ਗਿਆ। ਮੇਰੇ ਤੋਂ ਕੁਝ ਵੀ ਦੱਸ ਨਾ ਹੋਇਆ।
ਪਤਾ ਨੀ ਇਹ ਡਰ ਸੀ, ਬੇਇਜ਼ਤੀ ਸੀ ਜਾਂ ਗੁੱਸਾ। ਮੈਨੂੰ ਲੱਗਾ ਜਿਵੇਂ ਕੁਝ ਬਹੁਤ ਭਿਅੰਕਰ ਹੋਣ ਵਾਲਾ ਸੀ। ਜਦੋਂ ਕੀਥ ਨੇ ਬਾਹਰਲਾ ਬੂਹਾ ਖੋਲ੍ਹਿਆ ਮੈਂ ਧਾਅ ਕੇ ਉਸ ਨੂੰ ਚਿੰਬੜ ਗਈ "ਕੀਥ-----ਮੇਰੀ ਲੇਰ ਨਿਕਲ ਗਈ। "ਪਤਾ ਨੀ ਕੀ ਹੋਣ ਵਾਲਾ------।"
ਕੀਥ ਨੇ ਮੈਨੂੰ ਆਪਣੇ ਨਾਲ ਘੁੱਟ ਲਿਆ। ਕੁਝ ਦੇਰ ਮੇਰੇ ਵਾਲਾਂ ਤੇ ਪਿੱਠ ਨੂੰ ਪਲੋਸਦਾ ਰਿਹਾ। ਪਾਣੀ ਦੀ ਘੁੱਟ ਭਰ ਕੇ ਜਦੋਂ ਮੈਂ ਕੁਝ ਸੁਰਤ ਵਿਚ ਆਈ ਤਾਂ ਉਸ ਨੂੰ ਕੰਪਿਊਟਰ ਕੋਲ ਲੈ ਗਈ। "ਪੜ੍ਹ ਇਹ ਕੀਥ। ਉਹ ਹਰਾਮਜ਼ਾਦਾ, ਹੁਣ ਕਹਿੰਦਾ ਹੈ ਕਿ ਉਹ ਆਪਣੇ ਜੋਵਨ ਦਾ ਪਿਓ ਐ। ਉਸ ਨੂੰ ਕੋਈ ਦੱਸੇ ਕਿ ਕਿਸੇ ਨਾਲ ਕੁਝ ਰਾਤਾਂ ਸੌਣ ਨਾਲ ਅਗ਼ਲੇ ਦੇ ਬੱਚੇ ਦਾ ਪਿਓ ਨੀ ਬਣਿਆ ਜਾਂਦਾ। ਕੀਥ, ਦੱਸ ਓਹਨੂੰ ਕਿ ਰਾਤਾਂ ਨੂੰ ਜਾਗ ਜਾਗ ਕੇ ਡਾਇਪਰ ਬਦਲ ਬਦਲ ਕੇ ਬੱਚੇ ਦੇ ਸਾਹਾਂ ਚ ਸਾਹ ਲੈ ਕੇ ਪਿਓ ਬਣਿਆ ਜਾਂਦਾ। ਦੱਸ ਕੀਥ ਓਹਨੂੰ। ਉਹ ਕਹਿੰਦਾ ਕਾਨੂੰਨਨ ਉਹ ਆਪਣੇ ਆਪ ਨੂੰ ਜੋਵਨ ਦਾ ਪਿਓ ਸਿੱਧ ਕਰ ਸਕਦਾ। ਦੱਸ ਉਹ ਕਰ ਸਕਦਾ ਕੀਥ? ਹੈਂ ਕੀਥ? ਉਹ ਸੱਚੀਂ ਇਹ ਕਰ ਸਕਦਾ? ਐਡੀ ਹਨੇਰ ਗਰਦੀ ਮੱਚੀ ਹੋਈ ਐ ਕੀਥ?-----" ਕੀਥ ਨੇ ਕੁਰਸੀ ਤੋਂ ਉਠ ਕੇ ਫਿਰ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ। "ਕੋਈ ਨੀ ਲਿਜਾ ਸਕਦਾ ਜੋਵਨ ਨੂੰ। ਉਹ ਆਪਣਾ ਬੇਟਾ ਹੈ। ਸ਼ਾਂਤ ਹੋ ਜਾ।" ਤੇ ਫੇਰ ਕੁਝ ਦੇਰ ਬਾਅਦ ਮੇਰੇ ਸੁਰਤ ਫੜਣ `ਤੇ ਕੀਥ ਨੇ ਕੰਪਿਊਟਰ ਸਕਰੀਨ ਤੋਂ ਸਾਰੀ ਵਾਰਤਾਲਾਪ ਮੁੜ ਪੜ੍ਹੀ। ਉਹ ਕੁਝ ਦੇਰ ਸੋਚਦਾ ਰਿਹਾ। ਮੈਂ ਉਸ ਨੂੰ ਝੰਜੋੜਿਆ, "ਕੀ ਸੋਚਦਾਂ ਕੀਥ?"
"ਵਿਚਾਰਾ।"
ਮੇਰੇ ਅੰਦਰ ਡਰ ਦੀ ਇਕ ਤਾਰ ਫਿਰ ਗਈ। "ਕੌਣ? ਜੋਵਨ?"
"ਨਹੀਂ, ਨਹੀਂ। ਸ਼ਮਸ਼ੇਰ।" ਆਖ ਕੇ ਕੀਥ ਨੇ ਮੈਨੂੰ ਆਪਣੇ ਨਾਲ ਘੁੱਟ ਲਿਆ। ਬੋਲਿਆ, " ਹਾਂ, ਉਹ ਡੀ ਐਨ ਏ ਦੀ ਮੰਗ ਰੱਖ ਸਕਦਾ। ਪਰ ਮੈਨੂੰ ਚਿੰਤਾ ਇਹ ਨਹੀਂ ਕਿ ਉਹ ਜੋਵਨ ਦਾ ਪਿਓ ਸਿੱਧ ਹੋ ਕੇ ਜੋਵਨ ਨੂੰ ਲੈ ਜਾਵੇਗਾ------
ਮੇਰੇ ਚਿੱਤ ਵਿਚ ਪਤਾ ਨੀ ਕਿੱਧਰੋਂ ਇਕ ਦਮ ਆਈ ਕਿ ਜੇ ਕੀਥ ਅਸਲੀ ਬਾਪ ਹੁੰਦਾ ਤਾਂ ਵੀ ਇਸ ਨੂੰ ਇਹ ਚਿੰਤਾ ਨਹੀਂ ਸੀ ਹੋਣੀ? ਮੈਂ ਬੋਲੀ, "ਸੱਚੀ ਤੇਰੇ ਲਈ ਇਹ ਚਿੰਤਾ ਦੀ ਗੱਲ ਨੀ?"
"ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜੋਵਨ ਤੇ ਇਸਦਾ ਕੀ ਅਸਰ ਪਵੇਗਾ। ਆਪਾਂ ਉਸ ਨਾਲ ਇਸ ਬਾਰੇ ਕਦੇ ਵੀ ਗੱਲ ਨੀ ਕੀਤੀ। ਹਾਲੇ ਉਹ ਬਹੁਤ ਛੋਟਾ ਹੈ। ਸੋਚਦੇ ਆਂ ਕਿ ਕੀ ਕਰੀਏ।" ਮੇਰੇ ਦਿਮਾਗ ਵਿਚ ਇਹ ਗੱਲ ਅੜ ਗਈ ਕਿ ਕੀਥ ਨੂੰ ਇਸਦਾ ਫਿਕਰ ਹੀ ਨਹੀਂ ਕਿ ਜੋਵਨ ਤੇ ਕੋਈ ਹੋਰ ਅਧਿਕਾਰ ਜਮਾ ਰਿਹਾ ਹੈ। ਮੈਨੂੰ ਤਾਂ ਲਗਦਾ ਸੀ ਕਿ ਕੀਥ ਨੂੰ ਹੱਥਾਂ-ਪੈਰਾਂ ਦੀ ਪੈ ਜਾਵੇਗੀ ਇਹ ਸੁਣਕੇ। ਮੈਂ ਤਾਂ ਸੋਚਦੀ ਸੀ ਕਿ ਕਿਵੇਂ ਬਰਦਾਸ਼ਤ ਕਰੇਗਾ ਕੀਥ ਇਹ ਸਦਮਾ। ਉਸ ਦੇ ਭਾਹਅਦੀ ਤਾਂ ਬਣ ਹੀ ਜਾਂਦੀ ਹੈ ਜਦੋਂ ਜੋਵਨ ਦੇ ਕੋਈ ਸੱਟ ਫੇਟ ਵੱਜ ਜਾਂਦੀ ਹੈ। ਹਾਲੇ ਕੁਝ ਮਹੀਨੇ ਪਹਿਲਾਂ ਹੀ, ਜਦੋਂ ਜੋਵਨ ਦੇ ਆਈਸ ਹਾਕੀ ਖੇਡਦਿਆਂ ਗਿੱਟੇ ਵਿਚ ਮੋਚ ਆਈ ਸੀ ਇਹ ਜੋਵਨ ਨੂੰ ਥੱਲੇ ਪੈਰ ਨਹੀਂ ਸੀ ਲਾਉਣ ਦਿੰਦਾ। ਕੰਧੇੜੀ ਚੁੱਕੀ ਫਿਰਦਾ ਸੀ।
ਕੀਥ ਬੋਲਿਆ, "ਆਪਾਂ ਸ਼ਮਸ਼ੇਰ ਨੂੰ ਸੱਚ ਦੱਸ ਦਿੰਨੇ ਆਂ। ਨਾਲ ਇਹ ਵੀ ਲਿਖ ਦਿੰਨੇ ਆਂ ਕਿ ਹਾਲੇ ਬੱਚੇ ਨੂੰ ਦੱਸਣ ਦਾ ਸਮਾਂ ਨਹੀਂ ਹੈ। ਉਹ ਨਿਆਣਾ ਹੈ। ਉਸ ਤੇ ਪੁੱਠਾ ਅਸਰ ਪੈ ਸਕਦਾ ਹੈ। ਜਦੋਂ ਅਠਾਰਾਂ ਵੀਹ ਸਾਲ ਦਾ ਹੋਇਆ। ਉਹ ਇਸ ਸੱਚ ਨੂੰ ਜਰ ਲਵੇਗਾ। ਓਨ੍ਹੀ ਦੇਰ ਉਹ ਸਬਰ ਰੱਖੇ।"
"ਮੇਰੇ ਨਾਲ ਕੀ ਵੈਰ ਐ ਉਸਦਾ ਕੀਥ? ਕਿਓਂ ਉਹ ਮੇਰੀ ਜਿੰਦਗੀ ਵਿਚ ਵਾਰ ਵਾਰ ਜ਼ਹਿਰ ਘੋਲਦੈ?"
ਕੀਥ ਨੇ ਮੇਰਾ ਹੱਥ ਘੁੱਟ ਲਿਆ। ਮੇਰੇ ਤਾਂ ਕਦੇ ਚਿੱਤ ਵਿਚ ਹੀ ਨਹੀਂ ਸੀ ਆਈ ਕਿ ਕਦੇ ਇਸ ਤਰ੍ਹਾਂ ਵੀ ਹੋ ਸਕਦਾ। ਮੈਂ ਤਾਂ ਸੋਚਦੀ ਸੀ ਕਿ ਉਹ ਇਕ ਡਰਾਉਣੇ ਸੁਪਨੇ ਵਾਂਗ ਮੇਰੀ ਜਿੰਦਗੀ ਵਿਚ ਆਇਆ ਸੀ। ਪਰ ਹੁਣ ਅਚਾਨਕ ਕਿਓਂ? ਫਿਰ ਮੇਰੇ ਦਿਮਾਗ ਵਿਚ ਆਇਆ ਕਿ ਕਿਤੇ ਜੋਵਨ ਦੇ ਸਕੂਲ ਤਾਂ ਨਹੀਂ ਪਹੁੰਚ ਗਿਆ ਉਹ। ਇਸ ਖਿਆਲ ਨਾਲ ਮੈਂ ਘਬਰਾ ਗਈ। ਕੀਥ ਬੋਲਿਆ, "ਤੂੰ ਐਵੇਂ ਡਰੀ ਜਾਨੀਂ ਐਂ। ਉਹ ਤਾਂ ਵੈਨਕੂਵਰ ਤੋਂ ਤਿੰਨ ਹਜ਼ਾਰ ਕਿਲੋਮੀਟਰ ਦੂਰ ਬੈਠਾ।"
"ਕੀ ਪਤਾ ਐਥੇ ਆਇਆ ਹੋਵੇ। ਚੱਲ ਕੀਥ ਛੇਤੀਂ----।" ਮੈਂ ਕੀਥ ਨੂੰ ਬਾਂਹ ਤੋਂ ਫੜ ਖਿੱਚਿਆ।
"ਕੀ ਹੋ ਗਿਆ ਤੈਨੂੰ, ਸਿਮ। ਮੈਂ ਹੈਗਾਂ ਕੋਈ ਫਿਕਰ ਨਾ ਕਰ। ਤੂੰ ਆਪਣਾ ਮੂੰਹ -ਹੱਥ ਧੋ। ਵੇਖ ਰੋ ਰੋ ਕੇ ਕੀ ਹਾਲ ਕੀਤਾ। ਮੈਂ ਜੋਵਨ ਨੂੰ ਸਕੂਲੋਂ ਲੈ ਆਉਨਾ। ਉਸਦਾ ਸਕੂਲੋਂ ਮੁੜਨ ਦਾ ਵੀ ਵੇਲਾ ਹੈ।"
ਮੈਨੂੰ ਦਿਲਾਸੇ ਦੇ ਕੇ ਕੀਥ ਜੋਵਨ ਨੂੰ ਸਕੂਲੋਂ ਲੈਣ ਚਲਾ ਗਿਆ।
ਜਦੋਂ ਜੋਵਨ ਤੇ ਕੀਥ ਸਕੂਲੋਂ ਮੁੜੇ, ਮੈਂ ਜੋਵਨ ਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ। ਉਦੋਂ ਕੱਸ ਢਿੱਲੀ ਛੱਡੀ, ਜਦੋਂ ਉਹ ਬੋਲਿਆ, "ਮੰਮ, ਤੂੰ ਮੇਰੀਆਂ ਹੱਡੀਆਂ ਤੋੜ ਦੇਣੀਆਂ।"
ਕੀਥ ਨੇ ਸੈਲਰੀ, ਗਾਜਰਾਂ ਤੇ ਬਰੋਕਲੀ ਕੱਟ ਕੇ ਜੋਵਨ ਦੇ ਅੱਗੇ ਰੱਖ ਦਿੱਤੀ ਤੇ ਬੋਲਿਆ, "ਜਦੋਂ ਇਹ ਖਾ ਲਏ ਫੇਰ ਆਪਾਂ ਹੋਮ ਵਰਕ ਕਰਾਂਗੇ।" ਫਿਰ ਉਹ ਜੋਵਨ ਦੇ ਲੰਚ ਬੈਗ ਵਿੱਚੋਂ ਡੱਬੀਆਂ ਕੱਢ ਕੇ ਧੋਣ ਲੱਗਾ। ਮੇਰੇ ਚਿੱਤ ਵਿਚ ਆਈ ਕਿ ਜੋਵਨ ਕਦੇ ਵੀ ਸ਼ਮਸ਼ੇਰ ਕੋਲ ਜਾਣਾ ਨਹੀਂ ਮੰਨੇਗਾ। ਫੇਰ ਅਚਾਨਕ ਹੀ ਗ੍ਰੈੱਗ ਤੇ ਲੈਸਲੀ ਦੇ ਬੱਚਿਆ ਦਾ ਖਿਆਲ ਆ ਗਿਆ।
ਲੈਸਲੀ ਵੀ ਮੇਰੇ ਤੇ ਕੀਥ ਵਾਂਗ ਹਸਪਤਾਲ ਦੇ ਐਕਸਟੈਂਡਿਡ ਕੇਅਰ ਯੁਨਿਟ ਵਿਚ ਨਰਸ ਹੈ। ਉਸ ਦਿਨ ਲੈਸਲੀ ਦੇ ਘਰ ਪਾਟਲੱਕ ਸੀ। ਗੱਲਾਂ ਦੀ ਗਲਾਧੜ ਲੈਸਲੀ ਗੱਲੀਂ ਲੱਗੀ ਹੋਈ ਸੀ, ਜਿਵੇਂ ਪਾਟਲੱਕ ਕਿਸੇ ਹੋਰ ਦੇ ਘਰ ਹੋ ਰਹੀ ਹੋਵੇ। ਲੈਸਲੀ ਦਾ ਘਰਵਾਲਾ, ਗ੍ਰੈੱਗ ਬੱਚਿਆਂ ਨੂੰ ਹਾਟ ਡੌਗ ਬਣਾ ਕੇ ਦੇ ਰਿਹਾ ਸੀ। ਨਾਲ ਨਾਲ ਉਹ ਬੱਚਿਆ ਦੇ ਮੂੰਹ ਵੀ ਸਾਫ਼ ਕਰ ਰਿਹਾ ਸੀ। ਵਿਚੋਂ ਹੀ ਕਿਸੇ ਮਹਿਮਾਨ ਨੂੰ ਕੁਝ ਪੁੱਛਣ ਚਲਾ ਜਾਂਦਾ। ਕੀਥ ਉਸ ਕੋਲ ਜਾ ਖੜ੍ਹਾ। ਮਗਰ ਹੀ ਮੈਂ ਚਲੀ ਗਈ। ਕੀਥ ਆਖ ਰਿਹਾ ਸੀ, "ਗ੍ਰੈੱਗ, ਮੈਨੂੰ ਮੱਦਦ ਕਰਨ ਦੇ।"
"ਬੱਚਿਆਂ ਦੀ ਦੇਖ ਭਾਲ ਕਰਨ ਦਾ ਆਪਣਾ ਹੀ ਮਜਾ ਹੈ," ਗ੍ਰੈੱਗ ਨੇ ਜਵਾਬ ਦਿੱਤਾ। ਉਹ ਮੁੜ ਬੋਲਿਆ, "ਤੁਹਾਡਾ ਬੱਚਾ ਬਹੁਤ ਸਾਊ ਐ।"
"ਹਾਂ, ਇਹ ਤਾਂ ਹੈ। ਬਿਲਕੁਲ ਆਪਣੇ ਡੈਡੀ ਵਰਗਾ," ਮੈਂ ਕੀਥ ਵੱਲ ਹੱਥ ਕਰਕੇ ਕਿਹਾ। ਵਿਚੋਂ ਹੀ ਇੱਕ ਬੱਚਾ ਗ੍ਰੈੱਗ ਕੋਲ ਆ ਕੇ ਬੋਲਿਆ, "ਡੈਡ, ਮੈਂ ਹੋਰ ਕੋਕ ਲੈ ਸਕਦਾਂ?"
"ਨਹੀਂ, ਪੁੱਤਰ ਤੂੰ ਪਹਿਲਾਂ ਹੀ ਬਹੁਤ ਪੀ ਚੁੱਕੈਂ। ਤੂੰ ਹੁਣ ਖੇਡ," ਗ੍ਰੈੱਗ ਬੋਲਿਆ। ਬੱਚੇ ਨੂੰ ਤੋਰ ਕੇ ਉਸ ਨੇ ਕਿਹਾ, "ਇਹ ਆਪਣੀ ਮਾਂ ਕੋਲ ਰਹਿੰਦਾ। ਸ਼ਨਿਚੱਰ-ਐਤਵਾਰ ਮੇਰੇ ਕੋਲ ਆਉਂਦਾ। ਇਸ ਨੂੰ ਲਗਦਾ ਕਿ ਇਥੇ ਆ ਕੇ ਕੋਕ-ਸ਼ੋਕ ਪੀਣ ਦੀ ਖੁਲ੍ਹ ਮਿਲ ਜਾਊ। ਇਸਦੀ ਮਾਂ ਖਾਣ-ਪੀਣ ਦੇ ਮਾਮਲੇ ਚ ਬਹੁਤ ਸਖਤ ਐ। ਏਸ ਤਰ੍ਹਾਂ ਦਾ ਅਬਲਾ-ਸਬਲਾ ਨੀ ਖਾਣ ਨੂੰ ਦਿੰਦੀ," ਆਖ ਕੇ ਗ੍ਰੈੱਗ ਨੇ ਹੱਥ ਵਿਚਲਾ ਹਾਟ ਡੌਗ ਆਪਣੇ ਬੱਚੇ ਵੱਲ ਵਧਾ ਕੇ ਕਿਹਾ, " ਲੈ, ਇਕ ਹੋਰ ਬੁਰਕੀ ਲੈ।"
ਬੱਚਾ ਬੋਲਿਆ, "ਗਰੈੱਅਅਗ਼, ਮੈਂ ਕੋਕ ਲੈ ਸਕਦਾਂ?"
"ਨਹੀਂ, ਪਹਿਲਾਂ ਇਸਦੀ ਬੁਰਕੀ ਵੱਢ, ਫੇਰ ਆਪਣਾ ਦੁੱਧ ਪੀ।"
"ਮੈਂ ਤੇਰੇ ਨਾਲ ਗੁੱਸੇ ਆਂ ਗ੍ਰੈੱਗ," ਆਖ ਕੇ ਬੱਚੇ ਨੇ ਐਵੇਂ ਮੁੱਚੀ ਦੀ ਘੂਰੀ ਵੱਟੀ। ਹਾਸਾ ਉਸਦਾ ਕੱਛਾਂ ਵਿਚ ਦੀ ਨਿਕਲ ਰਿਹਾ ਸੀ।
ਮੈਂ ਲਾਡ ਨਾਲ ਬੱਚੇ ਦੇ ਗੱਲ `ਤੇ ਚੁੰਢੀ ਭਰੀ ਤੇ ਕਿਹਾ, "ਸ਼ਰਾਰਤੀ ਬੱਚੇ, ਡੈਡ ਨੂੰ ਨਾਂ ਲੈ ਕੇ ਨਹੀਂ ਬੁਲਾਈਦਾ।"
ਬੱਚਾ ਬੋਲਿਆ, "ਗ੍ਰੈੱਗ ਮੇਰਾ ਡੈਡ ਨਹੀਂ। ਮੇਰਾ ਆਪਣਾ ਡੈਡ ਹੈ।"
ਮੈਂ ਹੈਰਾਨ ਰਹਿ ਗਈ। ਮੈਨੂੰ ਇਸ ਗੱਲ ਦਾ ਤਾਂ ਪਤਾ ਸੀ ਕਿ ਉਹ ਬੱਚਾ ਲੈਸਲੀ ਦੇ ਪਹਿਲੇ ਪਤੀ ਤੋਂ ਹੈ ਪਰ ਬੱਚੇ ਦਾ ਗ੍ਰੈੱਗ ਨੂੰ ਨਾਂ ਲੈ ਕੇ ਬੁਲਾਉਣਾ ਮੈਨੂੰ ਬੜਾ ਓਪਰਾ ਲੱਗਾ ਸੀ। ਲੈਸਲੀ ਆਪ ਵੀ ਦੱਸਦੀ ਰਹਿੰਦੀ ਕਿ ਗ੍ਰੈੱਗ ਬੱਚੇ ਦਾ ਬਹੁਤ ਖਿਆਲ ਰੱਖਦਾ ਹੈ। ਤੇ ਫੇਰ ਇਕ ਦਿਨ ਕੰਮ `ਤੇ ਮੈਂ ਲੈਸਲੀ ਨੂੰ ਪੁੱਛ ਹੀ ਲਿਆ, "ਤੈਨੂੰ ਇਹ ਠੀਕ ਲਗਦਾ ਹੈ ਕਿ ਬੱਚਾ ਗ੍ਰੈੱਗ ਨੂੰ ਨਾਂ ਲੈ ਕੇ ਬੁਲਾਵੇ। ਉਨ੍ਹਾਂ ਦੀ ਆਪਸੀ ਸਾਂਝ ਕਿਵੇਂ ਬਣੇਗੀ?"
"ਬੱਚਾ ਦੋ ਨੂੰ ਤਾਂ ਡੈਡ ਨਹੀਂ ਨਾ ਆਖ ਸਕਦਾ। ਉਸਦਾ ਆਪਣਾ ਡੈਡ ਹੈ ਫੇਰ ਗ੍ਰੈੱਗ ਨੂੰ ਕਿਓਂ ਕਹੇ? ਉਸਦਾ ਡੈਡ ਹਰ ਹਫ਼ਤੇ ਬੱਚੇ ਨੂੰ ਮਿਲਦਾ ਹੈ। ਚਾਈਲਡ ਸਪੋਰਟ ਦੇ ਪੈਸੈ ਵੀ ਦਿੰਦਾ ਹੈ।"
ਮੈਂ ਇਹ ਕਦੇ ਚਿਤਵ ਹੀ ਨਹੀਂ ਸੀ ਸਕੀ ਕਿ ਜੋਵਨ ਇਸ ਤਰ੍ਹਾਂ ਕੀਥ ਨੂੰ ਨਾਂ ਲੈ ਕੇ ਬੁਲਾਵੇ। ਉਸ ਦਿਨ ਜੋਵਨ ਨੇ ਲੈਸਲੀ ਦੇ ਘਰੋਂ ਮੁੜਦੇ ਨੇ ਕਿਹਾ ਸੀ, "ਉਹ ਬੱਚਾ ਕਿੰਨਾਂ ਮੂਰਖ ਸੀ, ਆਪਣੇ ਡੈਡ ਨੂੰ ਨਾਂ ਲੈ ਕੇ ਬੁਲਾਉਂਦਾ ਸੀ।"
"ਗ੍ਰੈੱਗ ਉਸਦਾ ਮਤਰੇਆ ਡੈਡ ਹੈ," ਮੇਰੇ ਮੂੰਹੋਂ ਨਿਕਲ ਗਿਆ।
"ਫੇਰ ਵੀ, ਡੈਡ ਤਾਂ ਡੈਡ ਹੀ ਹੁੰਦਾ।" ਜੋਵਨ ਦਾ ਇਹ ਕਿਹਾ ਸੁਣ ਕੇ ਮੈਂ ਉਸ ਨੂੰ ਆਪਣੇ ਨਾਲ ਘੁੱਟ ਲਿਆ ਸੀ।
ਜੋਵਨ ਦੀ ਇਹ ਗੱਲ ਮੇਰੇ ਦਿਮਾਗ ਵਿਚ ਨਹੀਂ ਸੀ ਆਈ। ਹੋ ਸਕਦਾ ਹੈ ਕਿ ਜੇ ਆ ਜਾਂਦੀ ਤਾਂ ਮੈਨੂੰ ਪਲ ਦੀ ਪਲ ਕੁਝ ਹੌਸਲਾ ਹੋ ਜਾਂਦਾ। ਮੇਰੇ ਦਿਮਾਗ ਵਿਚ ਤਾਂ ਇਹ ਗੱਲ ਅੜ ਗਈ ਸੀ ਕਿ ਜੇ ਸ਼ਮਸ਼ੇਰ ਨਾ ਮੰਨਿਆਂ ਤਾਂ-----ਕੀ ਹੋਵੇਗਾ?----- ਜੋਵਨ ਹਫ਼ਤੇ `ਚ ਕੁਝ ਦਿਨ ਸ਼ਮਸ਼ੇਰ ਕੋਲ ਜਾਣ ਲੱਗੇਗਾ? ਇਸ ਸੋਚ ਨਾਲ ਮੇਰੀਆਂ ਅੱਖਾਂ ਫੇਰ ਤਰ-ਬਤਰ ਹੋ ਗਈਆਂ। "ਕੀਅਅਥ, ਕਿੱਥੇ ਆਂ ਤੁਸੀਂ? ਏਧਰ ਆ ਜੋ ਪਲੀਜ਼।"
"ਇਥੇ ਤੇਰੇ ਕੋਲ ਤਾਂ ਹਾਂ।"
"ਨਹੀਂ ਏਥੇ ਮੇਰੇ ਸਾਹਮਣੇ ਆਜੋ।"
ਜੋਵਨ ਖਾਣੇ ਵਾਲੇ ਮੇਜ਼ ਮੂਹਰੇ ਬੈਠਾ ਸਕੂਲ ਦਾ ਕੰਮ ਕਰ ਰਿਹਾ ਸੀ। ਕੀਥ ਉਸ ਦੇ ਕੋਲ ਬੈਠਾ ਸੀ। ਕੀਥ ਝੱਟ ਮੇਰੇ ਕੋਲ ਫੈਮਲੀ ਰੂਮ ਵਿਚ ਆ ਗਿਆ।
"ਮੰਮ, ਕੀ ਗੱਲ ਐ?" ਜੋਵਨ ਵੀ ਨਾਲ ਹੀ ਆ ਗਿਆ।
"ਤੇਰੀ ਮੰਮ ਠੀਕ ਨੀ ਮਹਿਸੂਸ ਕਰਦੀ। ਤੂੰ ਆਪਣਾ ਕੰਮ ਨਬੇੜ ਲੈ। ਫੇਰ ਖੇਡ ਲਵੀਂ," ਕੀਥ ਬੋਲਿਆ।
"ਪਰ ਗੱਲ ਕੀ ਹੈ? ਕੀ ਦੁਖਦਾ ਮੰਮ?"
ਮੈਂ ਉਸ ਨੂੰ ਉਠ ਕੇ ਆਪਣੇ ਨਾਲ ਘੁੱਟ ਲਿਆ। ਮੈਂ ਕੀ ਦੱਸਦੀ ਕਿ ਕੀ ਦੁਖਦਾ ਹੈ! ਕੀਥ ਬੋਲਿਆ, " ਸਿਰ ਪੀੜ ਐ। ਠੀਕ ਹੋ ਜਾਊ। ਐਡਵਿਲ ਦੀ ਗੋਲੀ ਦੇ ਦਿੰਨੈ ਆਂ। ਜਾਹ ਜੋਵਨ, ਮੰਮ ਵਾਸਤੇ ਪਾਣੀ ਲੈ ਕੇ ਆ।"
ਜੋਵਨ ਦੇ ਜਾਂਦਿਆ ਹੀ ਕੀਥ ਬੋਲਿਆ, " ਸਿਮ, ਸੰਭਾਲ ਆਪਣੇ ਆਪ ਨੂੰ। ਕੁਝ ਨਹੀਂ ਵਾਪਰੇਗਾ। ਜੋਵਨ ਦੇ ਸਾਹਮਣੇ ਗੱਲ ਨੀ ਕਰਨੀ। ਜੇ ਕਹੇਂ ਤਾਂ ਐਟਵੈਨ ਦੀ ਗੋਲੀ ਲੈ ਆਉਨੈ। ਨੀਂਦ ਆਉਣ ਨਾਲ ਠੀਕ ਹੋ ਜਾਵੇਂਗੀ।"
ਪਰ ਮੈਂ ਨਾਂਹ ਕਰ ਦਿੱਤੀ।
ਜੋਵਨ ਚੁੱਪ ਚਾਪ ਆਪਣਾ ਕੰਮ ਕਰਨ ਲੱਗਾ। ਮੈਨੂੰ ਚਾਰੇ ਪਾਸੇ ਸੁੰਨ ਪਸਰੀ ਲੱਗੀ। ਜੇ ਕਿਤੇ ਜੋਵਨ ਵੱਡਾ ਹੋ ਕੇ ਸ਼ਮਸ਼ੇਰ ਕੋਲ ਚਲਾ ਗਿਆ? ਕੀ ਰਹੂ ਸਾਡੇ ਕੋਲ? ਸਾਡੇ ਕੋਲ ਤਾਂ ਕੋਈ ਹੋਰ ਬੱਚਾ ਵੀ ਨਹੀਂ....ਇਹੋ ਜਿਹੇ ਖਿਆਲ ਮੈਨੂੰ ਆਈ ਜਾਣ।
ਕਈ ਵਾਰ ਅਸੀਂ ਹੋਰ ਬੱਚਾ ਲਿਆਉਣ ਦੀ ਗੱਲ ਵੀ ਕਰਦੇ ਪਰ ਕੀਥ ਹਰ ਵਾਰ ਗੋਦ ਲੈਣ ਦੀ ਸਲਾਹ ਦਿੰਦਾ। ਇਕ ਵਾਰ ਮੈਂ ਉਸ ਨੂੰ ਕਿਹਾ ਵੀ ਕਿ ਆਪਣੇ ਦੋਹਾਂ ਦਾ ਬੱਚਾ ਹੋਵੇ।
ਉਹ ਝੱਟ ਬੋਲਿਆ, "ਜੋਵਨ ਆਪਣੇ ਦੋਨਾਂ ਦਾ ਨਹੀਂ?"
ਮੈਂ ਇਕ ਦਮ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ , "ਇਹ ਤਾਂ ਤੇਰਾ ਇਕੱਲੇ ਦਾ ਹੈ। ਮੇਰੀ ਤਾਂ ਰਾਤ ਦੀ ਸ਼ਿਫ਼ਟ ਹੁੰਦੀ ਐ। ਤੂੰ ਹੀ ਰਾਤਾਂ ਨੂੰ ਸੰਭਾਲਦੈਂ। ਡਾਇਪਰ ਬਦਲਦਾ ਰਿਹੈਂ।"
"ਮੈਂ ਤੇਰਾ ਮਤਲਬ ਸਮਝਦਾਂ ਸਿਮ। ਤੇਰਾ ਮਤਲਬ ਮੇਰੇ ਸਪਰਮ ਤੋਂ ਹੈ। ਪਰ ਸਿਮ ਮੈਨੂੰ ਲਗਦਾ ਕਿ ਖੂਨ ਨਾਲੋਂ ਪਿਆਰ ਦੀ ਸਾਂਝ ਵਧੇਰੇ ਮਜਬੂਤ ਹੁੰਦੀ ਹੈ।" ਮੈਨੂੰ ਕੀਥ ਦੀ ਇਹ ਗੱਲ ਕਿਤਾਬੀ ਜਿਹੀ ਲੱਗੀ। ਮੈਂ ਸੋਚੀਂ ਪੈ ਗਈ। ਮੇਰੇ ਦਿਮਾਗ ਵਿਚ ਡਰ ਉਪਜਿਆ ਕਿ ਜੇ ਮਤਬੰਨੇ ਲਏ ਬੱਚੇ ਨੇ ਕੀਥ ਦਾ ਧਿਆਨ ਜ਼ਿਆਦਾ ਖਿੱਚ ਲਿਆ? ਹੋ ਸਕਦਾ ਹੈ ਕਿ ਕੀਥ ਆਪਣੇ ਸਪਰਮ ਤੋਂ ਹੋਏ ਬੱਚੇ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਵੇ। ਇਸ ਤਰ੍ਹਾਂ ਜੋਵਨ ਦਾ ਪਿਆਰ ਵੰਡਿਆ ਜਾਵੇਗਾ-----ਤੇ ਮੈਂ ਸੋਚਿਆ ਕਿ ਜੋਵਨ ਦੇ ਹੁੰਦਿਆਂ ਹੋਰ ਬੱਚੇ ਤੋਂ ਕੀ ਕਰਾਉਣਾ ਹੈ। ਇਹ ਸੋਚ ਕੇ ਮੈਂ ਆਪਣੀ ਲੱਤ ਕੀਥ ਉਪਰ ਵਲ ਲਈ ਸੀ। ਕੁਝ ਪਲਾਂ ਬਾਅਦ ਹੀ ਜੋਵਨ ਦੀ ਆਵਾਜ ਆ ਗਈ। ਉਹ ਬੋਲਿਆ, "ਡੈਅਡ, ਮੈਨੂੰ ਨੀਂਦ ਨੀ ਆਉਂਦੀ।"
ਮੈਂ ਆਪਣਾ ਸਿਰ ਸਿਰਾਹਣੇ ਤੋਂ ਉੱਪਰ ਚੁੱਕ ਕੇ ਹਾਲੇ ,"ਆਉਨੀ ਹਾਂ ਬੱਚੇ," ਆਖਣ ਹੀ ਲੱਗੀ ਸੀ ਕਿ ਕੀਥ ਨੇ ਉੱਠ ਕੇ ਦਰਵਾਜ਼ਾ ਵੀ ਖੋਲ੍ਹ ਦਿੱਤਾ। ਉਸ ਨੇ ਜੋਵਨ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ। ਆਪਣੀ ਹਿੱਕ ਨਾਲ ਲਾ ਕੇ ਉਸਦੀ ਪਿੱਠ ਪਲੋਸਣ ਲੱਗਾ। ਮੈਂ ਨਾਈਟੀ ਠੀਕ ਕਰਦੀ ਦਰਵਾਜ਼ੇ ਕੋਲ ਪਹੁੰਚ ਗਈ। "ਕੀ ਗੱਲ ਬੱਚੇ?" ਕੀਥ ਨੇ ਪੁੱਛਿਆ।
"ਨੀਂਦ ਨੀ ਆਈ।"
"ਮੈਂ ਤੈਨੂੰ ਸੰਵਾ ਕੇ ਤਾਂ ਆਇਆ ਸੀ।"
"ਪਹਿਲਾਂ ਆਈ ਸੀ ਫੇਰ ਚਲੀ ਗਈ।"
"ਚੱਲ, ਮੈਂ ਤੇਰੇ ਨਾਲ ਸੌਂਵਾਂ," ਮੈਂ ਕਿਹਾ।
"ਨਹੀਂ ਡੈਡਾ।"
ਮੈਂ ਪਿਆਰ ਨਾਲ ਕੀਥ ਦੇ ਧੱਫਾ ਮਾਰਿਆ। ਉਹ ਮੇਰੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਬੋਲਿਆ, "ਸਾਡੀ ਖੂਨ ਦੀ ਸਾਂਝ ਹੈ ਨਾ।"
"ਚੰਗਾ-ਚੰਗਾ," ਆਖ ਕੇ ਮੈਂ ਇਕ ਹੋਰ ਧੱਫਾ ਕੀਥ ਦੇ ਜੜ ਦਿੱਤਾ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ," ਪੈਂਗੂਇਨ।"
ਉਸ ਰਾਤ ਅਸੀਂ ਪੈਂਗੂਇਨ ਬਾਰੇ ਦਸਤਾਵੇਜੀ ਫਿਲਮ ਦੇਖ ਕੇ ਬਿਸਤਰਿਆਂ ਵਿਚ ਵੜੇ ਸੀ। ਫਿਲਮ ਵਿਚ ਦਿਖਾਇਆ ਸੀ ਕਿ ਮਾਦਾ ਪੈਂਗੂਇਨ ਆਂਡਾ ਨਰ ਦੇ ਹਵਾਲੇ ਕਰਕੇ ਭੋਜਨ ਦੀ ਤਲਾਸ਼ ਵਿਚ ਸਮੁੰਦਰ ਵੱਲ ਚਲੀ ਜਾਂਦੀ ਹੈ ਤੇ ਨਰ ਪੈਂਗੂਇਨ ਆਂਡੇ ਨੂੰ ਆਪਣੇ ਢਿੱਡ ਨਾਲ ਲਾਈ 22-23 ਦਿਨ ਇੱਕੋ ਥਾਂ ਤੇਜ਼ ਤੇ ਠੰਡੀਆਂ ਯੱਖ ਹਵਾਵਾਂ ਵਿਚ ਟਿਕਿਆ ਰਹਿੰਦਾ ਹੈ। ਜਦੋਂ ਬੱਚਾ ਨਿਕਲਦਾ ਹੈ ਤਾਂ ਮਾਦਾ ਦੇ ਹਵਾਲੇ ਕਰਕੇ ਭੋਜਨ ਦੀ ਤਲਾਸ਼ ਵਿਚ ਨਿਕਲ ਜਾਂਦਾ ਹੈ। ਕਈ ਵਿਚਾਰੇ ਤਾਂ ਭੁੱਖ ਨਾਲ ਐਨੇ ਕਮਜੋਰ ਹੋ ਜਾਂਦੇ ਹਨ ਕਿ ਸਮੁੰਦਰ ਤਕ ਪਹੁੰਚ ਹੀ ਨਹੀਂ ਸਕਦੇ।
ਉਸ ਰਾਤ ਕੀਥ ਨੂੰ ਪੈਂਗੂਇਨ ਆਖਣ ਤੋਂ ਬਾਅਦ ਮੈਂ ਸੋਚਦੀ ਰਹੀ ਕਿ ਕੀਥ ਤਾਂ ਕੀਥ ਹੀ ਹੈ। ਪੈਂਗੂਇਨ ਤਾਂ ਆਪਣਾ ਖੂਨ ਹੋਣ ਕਰਕੇ ਆਂਡਾ ਹਿੱਕ ਨਾਲ ਲਾ ਕੇ ਖੜ੍ਹਾ ਰਹਿੰਦਾ ਹੈ ਪਰ ਕੀਥ ਦੀ ਤਾਂ ਖੂਨ ਦੀ ਵੀ ਸਾਂਝ ਨਹੀਂ ਹੈ। ਮੈਨੂੰ ਲੱਗਾ ਸੀ ਕਿ ਪੈਂਗੂਇਨ ਸੰਬੋਧਨ ਕੀਥ ਦੇ ਮੇਚ ਦਾ ਨਹੀਂ।
ਇਸ ਗੱਲ ਤੋਂ ਕੁਝ ਦਿਨਾਂ ਬਾਅਦ ਹੀ ਕੀਥ ਫਿਰ ਮੈਨੂੰ ਪੈਂਗੂਇਨ ਵਰਗਾ ਹੀ ਲੱਗਾ। ਉਸ ਦਿਨ ਇਸ ਤਰ੍ਹਾਂ ਲੱਗਣ ਦਾ ਕਾਰਣ ਸੁਭਾਅ ਦੇ ਨਾਲ-ਨਾਲ ਪਹਿਰਾਵਾ ਵੀ ਸੀ। ਅਸੀਂ ਪਾਰਟੀ `ਤੇ ਜਾਣ ਲਈ ਤਿਆਰ ਹੋ ਰਹੇ ਸੀ। ਕੀਥ ਨੇ ਆਪਣੇ ਅਤੇ ਜੋਵਨ ਦੇ ਕਾਲੇ ਸੂਟ ਅਤੇ ਚਿੱਟੀਆਂ ਕਮੀਜਾਂ ਪਾਈਆਂ ਹੋਈਆਂ ਸਨ। ਮੈਂ ਤਾਂ ਤਿਆਰ ਹੋਣ ਵਿਚ ਰੁੱਝੀ ਹੋਈ ਸੀ। ਉਹ ਦੋਨੋਂ ਪਿਓ ਪੁੱਤ ਮੇਰੀ ਉਡੀਕ ਕਰ ਰਹੇ ਸਨ। ਕੀਥ ਜੋਵਨ ਨੂੰ ਤਿਆਰ ਕਰਕੇ ਆਪ ਵੀ ਤਿਆਰ ਹੋ ਗਿਆ ਸੀ ਤੇ ਉਹ ਟੀ ਵੀ ਮੂਹਰੇ ਬੈਠੇ 'ਦਾ ਪਿੰਗੂ' ਸ਼ੋਅ ਦੇਖ ਰਹੇ ਸਨ। ਮੈਨੂੰ ਕੀਥ ਤੇ ਜੋਵਨ ਵੀ ਪੈਂਗੂਇਨ ਹੀ ਲੱਗੇ। ਮੈਂ ਮਖੌਲ ਨਾਲ ਕਿਹਾ, "ਜੇ ਤੁਸੀਂ ਸੰਤਰੀ ਰੰਗ ਦੀਆਂ ਬੋ-ਟਾਈਆਂ ਲਾ ਲੈਂਦੇ ਤਾਂ ਜਵਾਂ ਪੈਂਗੂਇਨ ਲੱਗਣੇ ਸੀ।" ਇਹ ਆਖਦਿਆਂ ਮੈਨੂੰ ਕੀਥ `ਤੇ ਬਹੁਤ ਹੀ ਪਿਆਰ ਆਇਆ ਸੀ। ਮੇਰਾ ਜੀਅ ਤਾਂ ਕੀਥ ਨੂੰ ਘੁੱਟ ਕੇ ਜੱਫੀ ਪਾਉਣ ਨੂੰ ਕੀਤਾ ਪਰ ਮੈਂ ਜੋਵਨ ਨੂੰ ਆਪਣੇ ਨਾਲ ਘੁੱਟ ਲਿਆ। ਉਹ ਰੁੱਸਣ ਦੀ ਨਕਲ ਕਰਦਾ ਬੋਲਿਆ, "ਤੂੰ ਸਾਨੂੰ ਪੈਂਗੂਇਨ ਆਖਦੀ ਐਂ।" "ਨਹੀਂ ਬੱਚੇ, ਤੈਨੂੰ ਨੀ, ਡੈਡੀ ਨੂੰ ਆਖਦੀ ਆਂ," ਆਖ ਕੇ ਮੈਂ ਕੀਥ ਵੱਲ ਦੇਖਿਆ। ਉਸ ਨੇ ਮੇਰੀਆਂ ਅੱਖਾਂ ਚੋਂ ਉਮਡਦੇ ਪਿਆਰ ਨੂੰ ਪਛਾਣ ਲਿਆ। ਉਹ ਮੁਸਕਰਾ ਪਿਆ।
"ਜੇ ਡੈਡ ਪੈਂਗੂਇਨ ਆ ਤਾਂ ਮੈਂ ਵੀ ਪੈਂਗੂਇਨ ਆਂ," ਜੋਵਨ ਬੋਲਿਆ।
"ਮੇਰਾ ਡੈਡ ਵੀ ਪੈਂਗੂਇਨ ਸੀ," ਕੀਥ ਨੇ ਕਿਹਾ। ਮੈਨੂੰ ਉਸਦੀ ਗੱਲ ਦੀ ਸਮਝ ਨਾ ਪਈ। ਮੈਂ ਉਸ ਵੱਲ ਪ੍ਰਸ਼ਨ ਸੂਚਕ ਦੇਖਿਆ। ਉਹ ਬੋਲਿਆ, "ਮੇਰੇ ਡੈਡ ਦੀ ਮਨਭਾਉਂਦੀ ਆਈਸ ਹਾਕੀ ਟੀਮ ਪਿਟਸਬਰਗ ਪੈਂਗੂਇਨ ਐ। ਤੇ ਮੇਰੀ ਵੀ।"
"ਤੇ ਮੇਰੀ ਵੀ," ਜੋਵਨ ਬੋਲਿਆ।
ਤੇ ਜੋਵਨ ਦੇ ਦਸਵੇਂ ਜਨਮ ਦਿਨ `ਤੇ ਅਸੀਂ ਸਾਰੇ ਹੀ ਪੈਂਗੂਇਨ ਬਣ ਗਏ ਸੀ। ਕੀਥ ਦੇ ਡੈਡ, ਪੀਟਰ ਤੇ ਮਾਂ ਟੈਰਾ ਵੀ ਸਾਡੇ ਕੋਲ ਆਈਲੈਂਡ ਤੋਂ ਆ ਗਏ ਸੀ। ਅਸਲ ਵਿਚ ਸਾਰੀ ਪਾਰਟੀ ਦਾ ਬੰਦੋਬਸਤ ਹੀ ਉਨ੍ਹਾ ਨੇ ਕੀਤਾ ਸੀ। ਉਨ੍ਹਾਂ ਨੇ ਆਈਸ ਰਿੰਕ ਵਿਚ ਪ੍ਰਬੰਧ ਕੀਤਾ ਸੀ। ਸਾਡੇ ਸਾਰਿਆਂ ਦੇ ਪਿਟਸਬਰਗ ਪੈਂਗੂਇਨ ਦੀਆਂ ਜਰਸੀਆਂ ਪਾਈਆਂ ਸਨ। ਕੇਕ ਉੱਪਰ ਵੀ ਉਨ੍ਹਾਂ ਦਾ ਹੀ ਲੋਗੋ ਸੀ। ਨੈਪਕਿਨ, ਪੇਪਰ ਦੇ ਭਾਂਡੇ ਸਭ ਕੁਝ ਉੱਪਰ ਹੀ ਪੈਂਗੂਇਨ ਦੀ ਫੋਟੋ ਸੀ। ਕੇਕ ਕੱਟਣ ਤੋਂ ਪਹਿਲਾਂ ਸਾਰੇ ਸਕੇਟਿੰਗ ਕਰਨ ਲੱਗੇ ਸਨ। ਫੇਰ ਉਹ ਹਾਕੀ ਖੇਡਣ ਲੱਗੇ। ਇਕ ਪਾਸੇ ਮੰਮ, ਡੈਡ, ਕੀਥ ਤੇ ਜੋਵਨ ਸਨ ਤੇ ਦੂਜੇ ਪਾਸੇ ਜੋਵਨ ਦੇ ਪੰਜ ਦੋਸਤ ਸਨ। ਮੰਮ ਗੋਲ ਕੀਪਰ ਬਣੀ ਹੋਈ ਸੀ। ਡੈਡ ਰੱਖਿਅਕ , ਕੀਥ ਤੇ ਜੋਵਨ ਹਮਲਾਵਰ। ਮੈਂ ਕਦੇ ਵੀ ਸਕੇਟਿੰਗ ਨਹੀਂ ਸੀ ਸਿੱਖੀ। ਮੈਂ ਬਾਹਰ ਖੜ੍ਹੀ ਹੀ ਉਨ੍ਹਾਂ ਨੂੰ ਖੇਡਦਿਆਂ ਦੇਖਦੀ ਰਹੀ।
ਜੋਵਨ ਦੀ ਸਕੇਟਿੰਗ ਕਲਾਸ ਵੇਲੇ ਵੀ ਇਸੇ ਤਰ੍ਹਾਂ ਬਾਹਰ ਖੜ੍ਹੀ ਰਹਿੰਦੀ। ਪਰ ਕੀਥ ਜੋਵਨ ਦੇ ਨਾਲ ਨਾਲ ਆਪਣੇ ਵੀ ਸਕੇਟ ਕਸ ਲੈਂਦਾ। ਜੋਵਨ ਨੇ ਸਕੇਟਿੰਗ ਸਿੱਖਣ ਤੋਂ ਬਾਅਦ ਹਾਕੀ ਖੇਡਣੀ ਸੁਰੂ ਕਰ ਦਿੱਤੀ ਸੀ। ਬਹੁਤਾ ਕਰਕੇ ਕੀਥ ਹੀ ਉਸ ਨੂੰ ਪ੍ਰੈਕਟਿਸ ਜਾਂ ਗੇਮ `ਤੇ ਲੈ ਕੇ ਜਾਂਦਾ। ਜੇ ਮੈਨੂੰ ਕੰਮ ਤੋਂ ਛੁੱਟੀ ਹੁੰਦੀ ਤੇ ਕੀਥ ਕੰਮ `ਤੇ ਗਿਆ ਹੁੰਦਾ ਤਾਂ ਜੋਵਨ ਨੂੰ ਮੈਂ ਲੈ ਜਾਂਦੀ। ਮੈਨੂੰ ਠੰਢ ਲਗਦੀ। ਮੈਂ ਉੱਪਰ ਉਡੀਕ-ਕਮਰੇ ਵਿਚ ਜਾ ਬੈਠਦੀ ਤੇ ਸ਼ੀਸ਼ੇ ਰਾਹੀਂ ਜੋਵਨ ਨੂੰ ਖੇਡਦਿਆਂ ਦੇਖਦੀ ਪਰ ਕੀਥ ਸਾਰਾ ਸਮਾਂ ਆਈਸ ਦੇ ਦੁਆਲੇ ਗੇੜੇ ਕੱਢਦਾ ਜੋਵਨ ਨੂੰ ਹੱਲਾਸੇਰੀ ਦਿੰਦਾ ਰਹਿੰਦਾ।
ਗੇਮ ਖੇਡਦਿਆਂ ਡੈਡ ਕੀਥ ਨੂੰ ਪਾਸ ਦਿੰਦੇ ਤੇ ਕੀਥ ਅੱਗੇ ਜੋਵਨ ਨੂੰ ਪਾਸ ਦੇ ਕੇ ਗੋਲ ਕਰਨ ਲਈ ਉਕਸਾਉਂਦਾ। ਤੇ ਜਦੋਂ ਜੋਵਨ ਨੇ ਦੂਜੇ ਪਾਸੇ ਦੇ ਗੋਲੀ ਦੀਆਂ ਲੱਤਾ ਦੇ ਵਿਚਕਾਰ ਦੀ ਪੱਕ ਸੁੱਟ ਕੇ ਗੋਲ ਦਾਗ ਦਿੱਤਾ ਸੀ ਤਾਂ ਉਹ ਇਸੇ ਖੁਸ਼ੀ ਵਿਚ ਨੱਚਣ ਲੱਗਾ ਸੀ। ਇਸ ਤਰ੍ਹਾਂ ਕਰਦੇ ਦਾ ਉਸਦਾ ਗਿੱਟਾ ਮਚਕੋੜਿਆ ਗਿਆ ਸੀ। ਡੈਡ ਨੇ ਜੋਵਨ ਨੂੰ ਬੁੱਕਲ ਵਿਚ ਚੁੱਕ ਕੇ ਬਾਹਰ ਲਿਆਂਦਾ ਸੀ ਤੇ ਦੋ ਦਿਨ ਜੋਵਨ ਦੇ ਸਿਰਾਹਣੇ ਬੈਠੇ ਰਹੇ ਸੀ। ਜਿਸ ਦਿਨ ਉਨ੍ਹਾਂ ਨੇ ਵਾਪਸ ਆਈਲੈਂਡ ਮੁੜਣਾ ਸੀ, ਜੋਵਨ ਦੀਆਂ ਅੱਖਾਂ ਤਰ ਸਨ। ਉਹ ਬੋਲਿਆ, "ਗਰੈਂਡਪਾ, ਸਾਡੇ ਨਾਲ ਰਹੋ, ਇੱਥੇ।"
ਉਨ੍ਹਾਂ ਦੇ ਜਾਣ ਦੇ ਕੁਝ ਦਿਨਾਂ ਬਾਅਦ ਜੋਵਨ ਕਹਿਣ ਲੱਗਾ, "ਮੰਮ, ਮੇਰੇ ਦੋਸਤ ਨਿਰਾਲੇ ਈ ਆ। ਪਤਾ ਕੀ ਪੁੱਛਦੇ ਆ? ਕਹਿੰਦੇ, ਕੀ ਤੇਰੇ ਦਾਦਾ-ਦਾਦੀ ਅਸਲੀ ਹਨ?" ਉਹ ਫਿਰ ਬੋਲਿਆ, " ਕਹਿੰਦੇ ਤੁਹਾਡਾ ਪਰਿਵਾਰ ਅਨੋਖਾ ਈ ਲੱਗਦਾ। ਦਾਦਾ-ਦਾਦੀ ਤੇ ਡੈਡ ਗੋਰੇ ਆ ਤੇ ਆਪਾਂ ਦੋਨੋਂ ਭੂਰੇ?"
"ਏਹਦੇ `ਚ ਅਨੋਖੇ ਦੀ ਕਿਹੜੀ ਗੱਲ ਐ। ਤੇਰੇ ਨਾਨਾ-ਨਾਨੀ ਵੀ ਤਾਂ ਭੂਰੇ ਹੀ ਹਨ,"ਮੈਂ ਕਿਹਾ।
"ਹਾਂ, ਏਸੇ ਕਰਕੇ ਮੈਂ ਕਿਹਾ ਸੀ ਕਿ ਮੇਰੇ ਦੋਸਤ ਨਿਰਾਲੇ ਈ ਆ," ਜੋਵਨ ਬੋਲਿਆ।
ਕੁਝ ਰੁਕ ਕੇ ਉਹ ਫਿਰ ਬੋਲਿਆ, "ਮੰਮ, ਵੱਡੀ ਗੱਲ ਪਤਾ ਕੀ ਐ? ਅਸੀਂ ' ਪੈਂਗੂਇਨ ਪਰਿਵਾਰ' ਹਾਂ। ਸਾਰੇ ਇਕ-ਦੂਜੇ ਦੀ ਪ੍ਰਵਾਹ ਕਰਦੇ ਆਂ। ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾਂ।"
ਜੋਵਨ ਦੀ ਇਹ ਗੱਲ ਵੀ ਮੇਰੇ ਦਿਮਾਗ ਵਿਚ ਨਹੀਂ ਸੀ ਆਈ। ਹੋ ਸਕਦਾ ਇਹ ਗੱਲ ਹੀ ਢਹਿੰਦੇ ਮਨ ਨੂੰ ਕੋਈ ਠੁੰਮ੍ਹਣਾ ਦੇ ਦਿੰਦੀ। ਮੇਰੇ ਦਿਮਾਗ ਵਿਚ ਤਾਂ ਡਰਾਉਣ ਵਾਲੇ ਵਿਚਾਰ ਆਈ ਜਾਂਦੇ। ਮੇਰੇ ਚਿੱਤ ਵਿਚ ਆਈ ਕਿ ਜੇ ਜੋਵਨ ਨੂੰ ਪਤਾ ਲੱਗ ਗਿਆ ਕਿ ਉਸਦਾ 'ਅਸਲੀ' ਬਾਪ ਕੋਈ ਹੋਰ ਹੈ ਤਾਂ ਕੀ ਬਣੂੰ? ਬੱਚਿਆਂ ਨੂੰ ਤਾਂ ਲਾਲਚ ਦੇ ਕੇ ਕਦੇ ਵੀ ਆਪਣੇ ਵੱਲ ਕੀਤਾ ਜਾ ਸਕਦਾ ਹੈ,' ਇਹ ਮੇਰੇ ਦਿਮਾਗ ਵਿਚ ਘੁੰਮਣ ਲੱਗਾ। ਮੈਂ ਕੀਥ ਦਾ ਹੱਥ ਫੜ ਲਿਆ। ਉਸ ਨੇ ਮੇਰਾ ਹੱਥ ਘੁੱਟ ਕੇ ਕਿਹਾ, "ਘਬਰਾ ਨਾ" ਪਰ ਮੇਰੀ ਘਬਰਾਹਟ ਵਧ ਰਹੀ ਸੀ। ਮੈਂ ਕੀਥ ਨੂੰ ਪੁੱਛਣਾ ਚਾਹੁੰਦੀ ਸੀ ਕਿ ਜੇ ਸ਼ਮਸ਼ੇਰ ਨਾ ਮੰਨਿਆਂ ਤਾਂ ਕੀ ਕਰਾਂਗੇ ਪਰ ਜੋਵਨ ਉਥੇ ਸੀ। ਉਸਦੇ ਸਾਹਮਣੇ ਇਹ ਨਹੀਂ ਸੀ ਪੁੱਛਿਆ ਜਾ ਸਕਦਾ। ਮੈਂ ਉਸ ਨੂੰ ਕਿਹਾ, "ਜਾਹ ਜੋਵਨ, ਆਪਣੇ ਐਕਸਬੌਕਸ ਨਾਲ ਖੇਡ ਲੈ।"
" ਖੇਡਣ ਲਈ ਸਾਥੀ ਹੋਣਾ ਚਾਹੀਦਾ ਹੈ।"
"ਤੂੰ ਫਰੂਟ ਨੈਨਿਜਾ ਗੇਮ ਖੇਡ ਲੈ,ਬਾਅਦ ਵਿਚ ਮੈਂ ਆਉਨਾ। ਮੰਮ ਠੀਕ ਨੀ।"
"ਠੀਕ ਐ, ਮੈਂ ਵੀ ਏਥੇ ਤੁਹਾਡੇ ਕੋਲ ਬੈਠਦਾਂ।"
"ਸਾਰਾ ਦਿਨ ਡੈਡ ਦੇ ਉੱਪਰ ਚੜ੍ਹਿਆ ਰਿਹਾ ਕਰ। ਕਦੇ ਇਸ ਨੂੰ ਇਕੱਲੇ ਵੀ ਛੱਡ ਦਿਆ ਕਰ, " ਮੇਰੇ ਮੂੰਹੋਂ ਨਿਕਲ ਗਿਆ।
ਕੀਥ ਨੇ ਫੇਰ ਮੇਰਾ ਹੱਥ ਘੁੱਟਿਆ। ਬੋਲਿਆ, "ਸ਼ਾਂਤ,"
ਜੋਵਨ ਮੂੰਹ ਲਟਕਾ ਕੇ ਉੱਥੋਂ ਤੁਰ ਗਿਆ। ਮੇਰਾ ਰੋਣ ਫਿਰ ਨਿਕਲ ਗਿਆ। "ਕੀ ਬਣੂੰ ਕੀਥ ? ਸ਼ਮਸ਼ੇਰ ਨੂੰ ਹੁਣ ਕਿਵੇਂ ਪਿਆਰ ਜਾਗ ਪਿਆ?"
"ਕੀ ਆਖ ਸਕਦੇ ਆਂ? ਉਸਦੀ ਪ੍ਰੋਫਾਈਲ ਵਿਚ ਉਸਦੇ ਪਰਿਵਾਰ ਵਿਚ ਤਿੰਨ ਬੇਟੀਆਂ ਹੀ ਹਨ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਪਛਤਾਵਾ ਹੀ ਹੋਵੇ।"
"ਦੂਜਿਆਂ ਦੇ ਘਰ ਉਜਾੜ ਕੇ ਪਛਤਾਵਾ ਕਰਨਾ?"
"ਕੁਝ ਨੀ ਹੁੰਦਾ। ਤੂੰ ਐਵੇਂ ਹੀ ਘਬਰਾਈ ਜਾਨੀ ਐਂ। ਪਹਿਲੀ ਗੱਲ ਕਿ ਉਹ ਸਮਝ ਜਾਵੇਗਾ। ਦੂਜਾ ਕਨੂੰਨੀ ਪ੍ਰਬੰਧ ਐਨਾ ਨਿਰਦਈ ਨੀ। ਉਹ ਸਾਰਾ ਅੱਗਾ-ਪਿੱਛਾ ਦੇਖਣਗੇ। ਬੱਚੇ ਦੇ ਭਲੇ ਵਿਚ ਜੋ ਹੋਇਆ, ਉਹ ਕਰਨਗੇ।"
"ਜੇ ਸ਼ਮਸ਼ੇਰ ਮੰਨ ਗਿਆ ਤਾਂ ਤੈਨੂੰ ਕੋਈ ਇਤਰਾਜ਼ ਨਹੀਂ ਹੋਣਾ? ਜੋਵਨ ਨੂੰ ਪਾਲ-ਪੋਸ ਕੇ ਸ਼ਮਸ਼ੇਰ ਦੇ ਹਵਾਲੇ ਕਰ ਦੇਵਾਂਗੇ?"
"ਆਪਾਂ ਕਦੋਂ ਉਸ ਨੂੰ ਦੇਵਾਂਗੇ। ਬੱਸ ਜੋਵਨ ਦੀ ਠੀਕ ਉਮਰ ਹੋਈ ਤੋਂ ਸਾਰੀ ਸਚਾਈ ਦੱਸਾਂਗੇ।"
"ਜੇ ਜੋਵਨ ਫੇਰ ਵੀ ਉਸ ਕੋਲ ਚਲਾ ਗਿਆ?"
"ਫੇਰ ਕਿਤੇ ਆਪਣੇ ਪਾਲਣ ਪੋਸਣ ਵਿਚ ਕਮੀ ਰਹੀ ਹੋਵੇਗੀ।"
ਮੇਰੇ ਅੰਦਰ ਤਿੱਖਾ ਪ੍ਰਸ਼ਨ ਉੱਠਿਆ ਕਿ ਜੇ ਜੋਵਨ ਕੀਥ ਦਾ ਹੀ ਬੱਚਾ ਹੁੰਦਾ ਤਾਂ ਕੀ ਕੀਥ ਦਾ ਪ੍ਰਤੀਕਰਮ ਫੇਰ ਵੀ ਏਸ ਤਰ੍ਹਾਂ ਹੀ ਹੋਣਾ ਸੀ? ਪਰ ਇਹ ਮੈਂ ਆਪਣੇ ਬੁੱਲਾਂ ਤੇ ਨਾ ਲਿਆਦਾਂ। ਮੈਂ ਚੁੱਪ ਵੱਟ ਲਈ। ਜਿਵੇਂ ਮੇਰੇ ਅੰਦਰ ਤਰਥਲੀ ਮੱਚੀ ਸੀ, ਉਵੇਂ ਕੀਥ ਅੰਦਰ ਕਿਓਂ ਨਹੀਂ ਸੀ ਮੱਚੀ। ਮੇਰਾ ਜੀਅ ਕਰਦਾ ਸੀ ਕਿ ਮੇਰਾ ਦਿਮਾਗ ਸੁੰਨ ਹੋ ਜਾਵੇ ਤੇ ਕੁਝ ਵੀ ਦਿਮਾਗ ਵਿਚ ਨਾ ਆਵੇ। ਮੈਨੂੰ ਲਗਦਾ ਸੀ ਕਿ ਜਿਵੇਂ ਮੇਰਾ ਸਭ ਕੁਝ ਉਜੜਣ ਵਾਲਾ ਹੋਵੇ। ਜੋਵਨ ਨੂੰ ਉੱਥੇ ਨਾ ਦੇਖ ਕੇ ਮੈਨੂੰ ਘਬਰਾਹਟ ਹੋਣ ਲੱਗੀ। ਮੈਂ ਉੱਠ ਕੇ ਉਸਦੇ ਕਮਰੇ ਵਲ ਚਲੀ ਗਈ। ਉਹ ਐਕਸਬੌਕਸ ਨਾਲ ਖੇਡਣ ਦੀ ਥਾਂ ਆਪਣੇ ਕਮਰੇ ਵਿਚ ਚਲਾ ਗਿਆ ਸੀ। ਉਹ ਬੋਲਿਆ,"ਮੰਮ, ਤੁਸੀਂ ਆਪਣੇ ਬਿਸਤਰੇ `ਚ ਆਰਾਮ ਕਰ ਲੈਂਦੇ।" ਪਰ ਮੈਨੂੰ ਚੈਨ ਕਿੱਥੇ ਸੀ! ਜੋਵਨ ਨੂੰ ਅੱਖਾਂ ਮੂਹਰੇ ਨਾ ਦੇਖ ਕੇ ਮੇਰਾ ਦਿਲ ਡੁਬਦਾ ਸੀ। ਰਾਤ ਨੂੰ ਵੀ ਮੈਂ ਉਸ ਨਾਲ ਪੈਣਾ ਚਾਹੁੰਦੀ ਸੀ ਪਰ ਉਹ ਨਹੀਂ ਸੀ ਮੰਨਦਾ। ਜਦ ਕੀਥ ਨੇ ਇਕੱਠੇ ਫੈਮਲੀ-ਰੂਮ ਵਿਚ ਪੈਣ ਦੀ ਗੱਲ ਕੀਤੀ, ਉਹ ਝੱਟ ਮੰਨ ਗਿਆ। ਉਸ ਨੂੰ ਮੈਂ ਆਪਣੇ ਤੇ ਕੀਥ ਦੇ ਵਿਚਕਾਰ ਪਾ ਲਿਆ। ਮੇਰਾ ਜੀਅ ਕਰਦਾ ਸੀ ਕਿ ਉਸ ਨੂੰ ਆਪਣੇ ਨਾਲ ਘੁੱਟ ਕੇ ਪਵਾਂ ਪਰ ਉਹ ਦੂਰ ਖਿਸਕ ਰਿਹਾ ਸੀ। "ਮੈਂ ਕੋਈ ਬੇਬੀ ਆਂ," ਉਹ ਵਾਰ ਵਾਰ ਆਖਦਾ। ਮੇਰੀ ਬੇਚੈਨੀ ਦੂਰ ਨਹੀਂ ਸੀ ਹੋ ਰਹੀ। ਕੀਥ ਨੇ ਮੈਨੂੰ ਨੀਂਦ ਦੀ ਗੋਲੀ ਲਿਆ ਦਿੱਤੀ। ਫੇਰ ਪਤਾ ਨੀ ਕਦ ਨੀਂਦ ਆ ਗਈ। ਸਵੇਰੇ ਜਦ ਅੱਖ ਖੁੱਲ੍ਹੀ ਤਾਂ ਮੇਰੀਆਂ ਅੱਖਾਂ ਦੇ ਕੋਏ ਨਮ ਸਨ। ਘਰਾਲਾਂ ਵਗੀਆਂ ਹੋਈਆਂ ਸਨ। ਮੈਂ ਸੁੰਨ ਹੋਈ ਪਈ ਸਾਂ।
ਕੋਈ ਦਸ ਗਿਆਰਾਂ ਸਾਲ ਪਹਿਲਾਂ ਵੀ ਮੈਂ ਜਿਵੇਂ ਸੁੰਨ ਹੋ ਗਈ ਸੀ। ਅਚਾਨਕ ਹੀ ਸ਼ਮਸ਼ੇਰ ਦੀ ਇਕ ਚਿੱਠੀ ਨੇ ਮੇਰੇ ਅੰਦਰ-ਬਾਹਰ, ਆਸੇ-ਪਾਸੇ ਅੱਗ ਦੀਆਂ ਲਾਟਾਂ ਬਾਲ ਦਿੱਤੀਆਂ ਸਨ। ਉਦੋਂ ਤਾਂ ਸਾਰਾ ਪਰਿਵਾਰ ਹੀ ਉਸ ਅੱਗ ਵਿਚ ਬਲਣ ਲੱਗਾ ਸੀ। ਤੇ ਮੈਂ ਜਿਵੇਂ ਸੁੰਨ ਹੋ ਗਈ ਹੋਵਾਂ।
ਅਸੀਂ ਸਾਰਾ ਪਰਿਵਾਰ ਸ਼ਮਸ਼ੇਰ ਨੂੰ ਲੈਣ ਏਅਰਪੋਰਟ ਤੇ ਜਾਣ ਦੀ ਤਿਆਰੀ ਵਿਚ ਸੀ। ਮੇਰਾ ਜੀਅ ਕਰਦਾ ਸੀ ਕਿ ਬਾਕੀ ਘਰਦਿਆਂ ਨੂੰ ਅਚਾਨਕ ਕੋਈ ਅੜਿੱਕਾ ਲੱਗ ਜਾਵੇ ਤੇ ਮੈਂ ਇਕੱਲੀ ਜਾਵਾਂ ਉਸ ਨੂੰ ਏਅਰਪੋਰਟ ਤੋਂ ਲੈਣ। ਮੇਰੀ ਇਹ ਖਾਹਿਸ਼ ਸੀ ਕਿ ਉਹ ਏਅਰਪੋਰਟ `ਤੇ ਹੀ ਮੈਨੂੰ ਘੁੱਟ ਕੇ ਆਪਣੇ ਨਾਲ ਲਾ ਲਵੇ। ਘਰ ਆਉਂਦਿਆਂ ਉਹ ਕਾਰ ਵਿਚ ਮੇਰੇ ਨਾਲ ਵਾਲੀ ਸੀਟ `ਤੇ ਬੈਠਾ ਹੋਵੇ। ਕਾਰ ਦੇ ਸਾਰੇ ਸ਼ੀਸ਼ੇ ਖੁੱਲ੍ਹੇ ਹੋਣ। ਹਵਾ ਵਿਚ ਮੇਰੇ ਕੇਸ ਉੱਡ ਉੱਡ ਮੇਰੇ ਮੂਹਰੇ ਆ ਰਹੇ ਹੋਣ। ਸ਼ਮਸ਼ੇਰ ਬੱਸ ਮੇਰੇ ਵੱਲ ਦੇਖੀ ਜਾਵੇ। ਸ਼ਮਸ਼ੇਰ ਦਾ ਵੈਨਕੂਵਰ ਵਿਚ ਪਹਿਲਾ ਦਿਨ ਮੈਂ ਇਸੇ ਤਰ੍ਹਾਂ ਹੀ ਚਿਤਵਦੀ ਸੀ। ਇਹ ਸੁਪਨਾ ਮੈਂ ਪਿਛਲੇ ਪੰਜ ਮਹੀਨੇ ਤੋਂ ਦੇਖ ਰਹੀ ਸੀ। ਤੇ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੈਂ ਗਰਭਵਤੀ ਹਾਂ, ਇਸ ਸੁਪਨੇ ਵਿਚ ਇਕ ਹੋਰ ਵਾਧਾ ਹੋ ਗਿਆ ਸੀ। ਮੇਰੇ ਵੱਲ ਦੇਖਣ ਦੇ ਨਾਲ ਨਾਲ ਸ਼ਮਸ਼ੇਰ ਮੇਰੇ ਪੇਟ `ਤੇ ਆਪਣਾ ਹੱਥ ਰੱਖੀ ਰਖਦਾ। ਮੈਂ ਸੋਚਦੀ ਕਿ ਉਸ ਦਿਨ ਕਿਹੜਾ ਸੂਟ ਪਾਵਾਂਗੀ। ਸੂਟ ਦੇ ਰੰਗ ਨਾਲ ਕਿਹੜੇ ਰੰਗ ਦੀ ਨੌਂਹ ਪਾਲਿਸ਼, ਕਿਹੜੇ ਰੰਗ ਦੀ ਲਿਪਸਟਿਕ ਤੇ ਹੋਰ ਬਹੁਤ ਕੁਝ ਮੈਂ ਸੋਚਦੀ ਕਲਪਦੀ ਰਹਿੰਦੀ। ਉਹ ਦਿਨ ਆ ਗਿਆ ਸੀ। ਇਕ ਫੋਨ ਨੇ ਮੇਰੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ। ਪਾਪਾ ਨੂੰ ਕਿਸੇ ਨੇ ਦੱਸਿਆ ਕਿ ਸ਼ਮਸ਼ੇਰ ਵੈਨਕੂਵਰ ਦੀ ਥਾਂ ਟਰਾਂਟੋ ਪਹੁੰਚ ਗਿਆ ਸੀ। ਬਾਕੀ ਗੱਲ ਇਕ ਅੱਧੇ ਦਿਨ ਵਿਚ ਮਿਲਣ ਵਾਲੀ ਚਿੱਠੀ ਵਿਚ ਪਤਾ ਚੱਲ ਜਾਵੇਗੀ।
ਤੇ ਅਗਲੇ ਦਿਨ ਮਿਲਣ ਵਾਲੀ ਚਿੱਠੀ ਵਿਚ ਇਕ ਫੋਟੋ ਵੀ ਸੀ। ਮੇਰੀ ਤੇ ਜੀਜੇ ਦੀ ਭੂਆ ਦੇ ਮੁੰਡੇ ਦੀ। ਮੈਂ ਉਸ ਨੂੰ ਕਦੇ ਵੀ ਨਹੀਂ ਸੀ ਮਿਲੀ। ਚਿੱਠੀ ਵਿਚ ਲਿਖਿਆ ਸੀ: ਤੁਹਾਨੂੰ ਲਗਦਾ ਹੋਵੇਗਾ ਕਿ ਮੈਂ ਤੁਹਾਡੇ ਨਾਲ ਧੋਖਾ ਕੀਤਾ ਹੈ। ਪਰ ਤੁਹਾਡੇ ਵੱਲੋਂ ਕੀਤੇ ਧੋਖੇ ਨਾਲ ਜਿਹੜੇ ਪੰਜ ਮਹੀਨੇ ਅਸੀਂ ਸੂਲੀ ਟੰਗੇ ਰਹੇ ਹਾਂ ਉਸਦਾ ਤੁਹਾਨੂੰ ਅੰਦਾਜ਼ਾ ਨਹੀਂ। ਵਿਆਹ ਵਾਲੇ ਦਿਨ ਇਹ ਫੋਟੋ ਵਾਲਾ ਬੰਦਾ ਆਪਣੇ ਨਾਲ ਚਾਰ ਹੋਰ ਮਸ਼ਟੰਡਿਆਂ ਨਾਲ ਸਾਡੇ ਘਰ ਆਇਆ ਸੀ। ਉਸਦਾ ਦਾਅਵਾ ਸੀ ਕਿ ਸਿਮਰਨ ਉਸ ਨੂੰ ਹੀ ਪਿਆਰ ਕਰਦੀ ਹੈ। ਇਹ ਜ਼ਬਰਦਸਤੀ ਦੀ ਸ਼ਾਦੀ ਹੈ। ਸਬੂਤ ਵਜੋਂ ਇਹ ਫੋਟੋ ਉਸ ਨੇ ਸਾਨੂੰ ਦਿਖਾਈ। ਤੁਸੀਂ ਅੰਦਾਜ਼ਾ ਨੀ ਲਾ ਸਕਦੇ ਕਿ ਉਸ ਵਕਤ ਸਾਡਾ ਕੀ ਹਾਲ ਹੋਵੇਗਾ। ਘਰ ਵਿਚ ਪ੍ਰਾਹੁਣੇ ਸੀ। ਜੇ ਉਨ੍ਹਾਂ ਨੂੰ ਦਸਦੇ ਤਾਂ ਬਦਨਾਮੀ ਹੋਣੀ ਸੀ। ਕਿਵੇਂ ਨਾ ਕਿਵੇਂ ਅਸੀਂ ਉਨ੍ਹਾਂ ਨੂੰ ਘਰੋਂ ਕੱਢਿਆ। ਸਿਮਰਨ ਨੂੰ ਕਬੂਲਣ ਲਈ ਮੈਂ ਆਪਣੇ ਆਪ ਨਾਲ ਘੁਲਦਾ ਰਿਹਾ। ਮੈਨੂੰ ਲਗਦਾ ਸੀ ਕਿ ਮੈਂ ਆਪਣੇ ਆਪ `ਤੇ ਕੰਟਰੋਲ ਕਰ ਲਵਾਂਗਾ। ਪਰ ਜਿਸ ਦਿਨ ਸਿਮਰਨ ਦੇ ਪ੍ਰੈਗਨੈਂਟ ਹੋਣ ਦੀ ਵਧਾਈ ਉਸ ਆਦਮੀ ਨੇ ਫੋਨ ਕਰਕੇ ਦਿੱਤੀ, ਮੈਨੂੰ ਲੱਗਾ ਕਿ ਉਹ ਸੱਚ ਹੀ ਆਖ ਰਿਹਾ ਸੀ। ਨਹੀਂ ਤਾਂ ਉਸ ਨੂੰ ਇਹ ਖਬਰ ਮੇਰੇ ਤੋਂ ਵੀ ਪਹਿਲਾਂ ਕਿਵੇਂ ਪਤਾ ਲੱਗ ਜਾਂਦੀ। ਉਹ ਆਖਦਾ ਸੀ ਕਿ ਇਹ ਬੱਚਾ ਉਸੇ ਦਾ ਹੈ। ਅਸੀਂ ਵੀ ਲੋਕਾਂ ਨੂੰ ਮੂੰਹ ਦਿਖਾਉਣਾ ਸੀ। ਮੇਰਾ ਇਸ ਨਾਲ ਹੁਣ ਕੋਈ ਵਾਸਤਾ ਨੀ। ਆਪਣੀ ਕੁੜੀ ਨੂੰ ਪੁੱਛ ਕੇ ਉਸਦੀ ਮਰਜੀ ਦੇ ਮੁੰਡੇ ਨਾਲ ਵਿਆਹ ਕਰ ਦਿਓ।
ਘਰ ਵਿਚ ਮੁਰਦੇਹਾਣੀ ਛਾ ਗਈ। ਵਾਰੀ ਵਾਰੀ ਸਾਰੇ ਇਹ ਚਿੱਠੀ ਪੜ੍ਹ ਕੇ ਅੱਗੇ ਕਰਦੇ ਗਏ। ਜਦ ਮੈਂ ਪੜ੍ਹੀ, ਮੈਂ ਤਾਂ ਸੁੰਨ ਹੀ ਹੋ ਗਈ। ਮੈਨੂੰ ਨੀ ਸੁਰਤ ਕਿ ਬਾਕੀਆਂ ਨੇ ਉਦੋਂ ਕੀ ਕਿਹਾ। ਅਗ਼ਲੇ ਦਿਨ ਪਾਪਾ ਤੇ ਬੀ ਜੀ ਦੀਆਂ ਸੁਣੀਆਂ ਗੱਲਾਂ ਯਾਦ ਹਨ। ਪਾਪਾ ਆਖ ਰਹੇ ਸੀ, "ਐਡੀ ਕੀ ਹਨੇਰ ਗਰਦੀ ਐ। ਏਦਾਂ ਕਿਵੇਂ ਕਰ ਜਾਣਗੇ। ਐਡਾ ਧੋਖਾ?" ਫੇਰ ਉਹ ਕੁਝ ਦੇਰ ਬਾਅਦ ਬੋਲੇ, "ਸਾਡੇ ਨਾਲ ਗੱਲ ਤਾਂ ਕਰਦੇ। ਅਸੀਂ ਦੱਸਦੇ ਕਿ ਅਸਲੀ ਗੱਲ ਕੀ ਹੈ।"
"ਹੁਣ ਵੀ ਕੀ ਵਿਗੜਿਆ। ਦੱਸੋ ਸਾਰਾ ਕੁਛ। ਜੇ ਮੰਨ ਜਾਣ। ਹੁਣ ਤਾਂ ਬਥੇਰੇ ਟੈਸਟ ਹੁੰਦੇ ਆ। ਸ਼ੱਕ ਕਢਾ ਲੈਣ ਆਵਦੀ, " ਬੀ ਜੀ ਬੋਲੇ।
ਬੀ ਜੀ ਦੇ ਏਹ ਬੋਲ ਸੁਣ ਕੇ ਮੈਂ ਅੰਦਰੇ ਅੰਦਰ ਬਹੁਤ ਤੜਫੀ।
ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਸਾਰਾ ਕੁਝ ਵੱਡੇ ਜੀਜੇ ਦੀ ਚਾਲ ਸੀ। ਜੀਜਾ ਆਪਣੀ ਭੂਆ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਵਾਉਣਾ ਚਾਹੁੰਦਾ ਸੀ। ਪਰ ਉਸਦਾ ਕਿਸੇ ਤਰ੍ਹਾਂ ਵੀ ਮੇਰੇ ਨਾਲ ਜੋੜ ਨਹੀਂ ਸੀ। ਉਹ ਨਸ਼ੇੜੀ ਸੀ। ਘਰ ਵਿਚ ਕੋਈ ਵੀ ਇਸ ਰਿਸ਼ਤੇ ਦੇ ਹੱਕ ਵਿਚ ਨਹੀਂ ਸੀ। ਜੀਜਾ ਰੁੱਸ ਗਿਆ ਸੀ। ਮੇਰੇ ਗਰਭਵਤੀ ਹੋਣ ਦੀ ਖਬਰ ਵੀ ਉਸ ਨੂੰ ਭੈਣ ਰਾਹੀਂ ਪਤਾ ਲੱਗ ਗਈ ਹੋਵੇਗੀ।
ਜੀਜੇ ਨਾਲੋਂ ਜ਼ਿਆਦਾ ਗੁੱਸਾ ਮੈਨੂੰ ਸ਼ਮਸ਼ੇਰ ਉਪਰ ਸੀ। ਮੈਨੂੰ ਧੱਕਾ ਇਸ ਗੱਲ ਦਾ ਲੱਗਾ ਸੀ ਕਿ ਸ਼ਮਸ਼ੇਰ ਚਾਰ-ਪੰਜ ਮਹੀਨੇ ਪਿਆਰ ਦਾ ਨਾਟਕ ਹੀ ਕਰਦਾ ਰਿਹਾ ਸੀ। ਕਿਓਂ ਉਸ ਨੇ ਆਪਣਾ ਸ਼ੱਕ ਮੇਰੇ ਨਾਲ ਸਾਂਝਾ ਨਹੀਂ ਸੀ ਕੀਤਾ? ਕਿਓਂ ਮੇਰੀ ਜ਼ਿੰਦਗੀ ਨਾਲ ਖੇਡਿਆ ਸੀ ਉਹ? ਘੱਟੋ-ਘੱਟ ਮੈਨੂੰ ਗਰਭਵਤੀ ਤਾਂ ਨਾ ਕਰਦਾ। ਇਕ ਰਾਤ ਉਸ ਨਾਲ ਸੁਪਨੇ ਬੁਣਦੀ ਨੇ ਮੈਂ ਉਸ ਨੂੰ ਕਿਹਾ ਸੀ ਕਿ ਆਪਣਾ ਘਰ ਬੰਨ੍ਹ ਕੇ ਹੀ ਮਾਂ-ਬਾਪ ਬਣਾਂਗੇ। ਉਹ ਕਹਿੰਦਾ, "ਘਰ ਤਾਂ ਵਿਆਹ ਹੁੰਦਿਆਂ ਹੀ ਬੱਝ ਜਾਂਦੈ। ਬੱਚਾ ਹੋਣ ਨਾਲ ਇੰਮੀਗ੍ਰੇਸ਼ਨ ਵਿਚ ਰੁਕਾਵਟ ਨਹੀਂ ਪੈਂਦੀ। ਮੇਰਾ ਤਾਂ ਜੀਅ ਕਰਦੈ ਕਿ ਤੂੰ ਉੱਨਾਂ ਚਿਰ ਉੱਥੇ ਜਾਹ ਹੀ ਨਾ ਜਿੰਨਾਂ ਚਿਰ ਮੈਨੂੰ ਵੀਜਾ ਨੀ ਮਿਲਦਾ। ਤੇਰੇ ਬਿਨਾਂ ਰਹਿਣ ਬਾਰੇ ਸੋਚ ਕੇ ਹੀ ਦਿਲ ਡੁੱਬਣ ਲੱਗਦੈ।" ਮੈਂ ਉਸਦੇ ਪਿਆਰ ਨਾਲ ਗੜੁੱਚ ਸ਼ਬਦਾਂ ਮੂਹਰੇ ਹਾਮੀ ਭਰ ਦਿੱਤੀ ਸੀ। ਤੇ ਉਸਦੇ ਆਖੇ ਪਿਆਰ ਭਰੇ ਬੋਲਾਂ ਨੂੰ ਯਾਦ ਕਰ ਕਰ ਕੇ ਮਸਤ ਹੋਈ ਰਹਿੰਦੀ। ਕਨੇਡਾ ਪਹੁੰਚੀ ਤੋਂ ਵੀ ਉਹ ਮੈਨੂੰ ਫੋਨ ਰਾਹੀਂ ਆਪਣੇ ਪਿਆਰ ਵਿਚ ਰੰਗੀ ਰੱਖਦਾ।
ਉਸਦੇ ਧੋਖਾ ਦੇਣ ਤੋਂ ਬਾਅਦ ਉਹੀ ਬੋਲ ਯਾਦ ਆਉਂਦਿਆਂ ਹੀ ਮੇਰਾ ਅੰਦਰ ਧੁਖਣ ਲੱਗਦਾ। ਮੈਨੂੰ ਆਪਣਾ ਆਪ ਲੁੱਟ ਗਿਆ ਮਹਿਸੂਸ ਹੁੰਦਾ। ਅਸੀਂ ਸਾਰਾ ਪਰਿਵਾਰ ਹੀ ਇਸ ਤਰ੍ਹਾਂ ਸੋਚਦੇ। ਪਾਪਾ ਆਪਣੇ ਮਨ ਦੀ ਭੜਾਸ ਕੱਢਦਿਆਂ ਆਖਦੇ," ਐਡਾ ਧੋਖਾ! ਕਨੇਡਾ `ਚੋਂ ਕਢਾ ਕੇ ਸਾਹ ਲਊਂ ਹਰਾਮੀ ਨੂੰ।"
ਬੀ ਜੀ ਆਖਦੇ, "ਫੇਰ ਕੀ ਹੋ ਜੂ। ਸਾਡੀ ਕੁੜੀ ਤਾਂ ਇਕ ਵਾਰੀ ਦਾਗੀ ਕਰ ਗਿਆ ਨਾ।"
'ਦਾਗੀ ਕਰਨ' ਵਾਲੀ ਗੱਲ ਸੁਣ ਕੇ ਮੇਰੇ ਅੰਦਰ ਚੀਸ ਉਠਦੀ। ਮੈਨੂੰ ਚਾਰੇ ਪਾਸੇ ਹਨੇਰਾ ਹੀ ਦਿਸਦਾ। ਕੀ ਕਰੂੰਗੀ ਮੈਂ?ਕਿਵੇਂ ਇਕੱਲੀ ਨਿਆਣੇ ਨੂੰ ਪਾਲੂੰਗੀ? ਤੇ ਮੇਰਾ ਜੀਅ ਕਰਦਾ ਕਿ ਮੈਂ ਗਰਭਪਾਤ ਕਰਵਾ ਦਿਆਂ। ਫਿਰ ਦਿਮਾਗ ਵਿਚ ਖਿਆਲ ਆਉਂਦਾ ਕਿ ਬੱਚੇ ਨੂੰ ਜਨਮ ਦੇ ਕੇ ਹਸਪਤਾਲ ਹੀ ਛੱਡ ਆਵਾਂ। ਇਹ ਸਾਰੇ ਖਿਆਲ ਮੇਰੇ ਅੰਦਰ ਹੋਰ ਸੁੰਨ ਵਰਤਾ ਜਾਂਦੇ। ਕਦੇ ਮੈਨੂੰ ਲਗਦਾ ਜਿਵੇਂ ਸ਼ਮਸ਼ੇਰ ਦੇ ਹੱਥਕੜੀਆਂ ਲੱਗੀਆਂ ਹੋਣ `ਤੇ ਉਹ ਜਹਾਜ਼ ਦੇ ਮਗਰ ਲਟਕਿਆ ਹੋਵੇ। ਇਸ ਖਿਆਲ ਨਾਲ ਮੇਰੇ ਅੰਦਰ ਠੰਡ ਜਿਹੀ ਪੈਂਦੀ। ਪਰ ਇਹ ਬਹੁਤ ਥੋੜ -ਚਿਰੀ ਹੁੰਦੀ। ਸ਼ਮਸ਼ੇਰ ਦੀ ਥਾਂ ਮੈਨੂੰ ਆਪਣਾ ਆਪ ਹਵਾ ਵਿਚ ਲਟਕਦਾ ਮਹਿਸੂਸ ਹੋਣ ਲੱਗਦਾ। ਮੇਰੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਕਿਰਨ ਲੱਗਦੇ। ਤੇ ਏਨ੍ਹਾਂ ਵਗਦੇ ਅੱਥਰੂਆਂ ਨੂੰ ਕੀਥ ਨੇ ਠੁੰਮ੍ਹਣਾ ਦਿੱਤਾ ਸੀ। ਉਸ ਕਿਹਾ ਸੀ, "ਤੂੰ ਸਗੋਂ ਖੁਸ਼ ਹੋ ਕਿ ਐਹੋ-ਜਿਹੇ ਬੰਦੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਵਿਚ ਹੀ ਖਹਿੜਾ ਛੁੱਟ ਗਿਆ।"
ਮੈਨੂੰ ਲੱਗਾ ਸੀ ਕਿ ਇਹ ਐਵੇਂ ਧਰਵਾਸਾ ਕਰਵਾਉਣ ਵਾਲੇ ਬੋਲ ਹਨ। ਪਰ ਨਹੀਂ, ਇਹ ਕੀਥ ਦੇ ਅੰਦਰੋਂ ਨਿਕਲੇ ਸਨ। ਇਸ ਬਾਰੇ ਮੈਨੂੰ ਹੌਲੀ-ਹੌਲੀ ਸੱਚ ਆਇਆ ਸੀ।
ਮੇਰੀ ਤੇ ਕੀਥ ਦੀ ਕੰਮ ਦੀ ਸ਼ਿਫ਼ਟ ਤਕਰੀਬਨ ਇਕੱਠੀ ਹੀ ਹੁੰਦੀ। ਇਹ ਤਾਂ ਬਾਅਦ ਵਿਚ, ਜਦੋਂ ਅਸੀਂ ਇਕੱਠੇ ਰਹਿਣ ਲੱਗੇ ਜੋਵਨ ਦੀ ਦੇਖ-ਭਾਲ ਲਈ ਸ਼ਿਫਟਾ ਬਦਲ ਲਈਆਂ ਸਨ। ਉਸ ਨਾਲ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਨਾ ਮੈਨੂੰ ਸਦਾ ਹੀ ਚੰਗਾ ਲੱਗਦਾ ਰਿਹਾ ਸੀ। ਉਹ ਕਈ ਵਾਰ ਬਾਹਰ ਕੌਫੀ ਪੀਣ ਜਾਣ ਲਈ ਵੀ ਆਖ ਚੁੱਕਾ ਸੀ। ਪਰ ਮੈਂ ਜ਼ਬਤ ਵਿਚ ਰਹਿੰਦੀ। ਮੈਨੂੰ ਪਤਾ ਸੀ ਕਿ ਪਾਪਾ ਹੋਰੀਂ ਕੀਥ ਵਰਗੇ ਹੋਰ ਨਸਲ ਦੇ ਬੰਦੇ ਨਾਲ ਮੇਰੇ ਰਿਸ਼ਤੇ ਨੂੰ ਕਦੀ ਵੀ ਨਹੀਂ ਕਬੂਲਣਗੇ। ਤੇ ਜਿਸ ਦਿਨ ਮੈਂ ਉਸ ਨੂੰ ਦੱਸਿਆ ਸੀ ਕਿ ਮੈਂ ਇੰਡੀਆਂ ਵਿਆਹ ਕਰਵਾਉਣ ਜਾ ਰਹੀ ਹਾਂ, ਉਸ ਦਿਨ ਉਸ ਨੇ ਕਿਹਾ ਸੀ, "ਜ਼ਰੂਰ ਹੀ ਕੋਈ ਚੰਗੀ ਕਿਸਮਤ ਵਾਲਾ ਹੋਵੇਗਾ।"
ਤੇ ਉਸ 'ਚੰਗੀ ਕਿਸਮਤ' ਵਾਲੇ ਹੱਥੋਂ ਖੱਜਲ ਹੋ ਕੇ ਜਦ ਮੈਨੂੰ ਚਾਰੇ ਪਾਸੇ ਹਨੇਰਾ ਹੀ ਦਿਸਦਾ ਸੀ, ਕੀਥ ਨੇ ਕਿਹਾ ਸੀ, "ਤੂੰ ਸਾਰਾ ਕੁਝ ਭੁੱਲ ਕੇ ਸਿਰਫ਼ ਬੱਚੇ ਵੱਲ ਧਿਆਨ ਦੇ। ਖੁਸ਼ ਰਹਿਣ ਦੀ ਕੋਸ਼ਿਸ਼ ਕਰ।"
"ਕਿਸ ਗੱਲ `ਤੇ ਖੁਸ਼ ਹੋਵਾਂ? ਮੈਨੂੰ ਤਾਂ ਚਾਰੇ ਪਾਸੇ ਹਨੇਰਾ ਹੀ ਲੱਗਦਾ। ਇਸ ਬੱਚੇ ਦਾ ਕੀ ਕਰੂੰਗੀ? ਕਦੇ ਕਦੇ ਤਾਂ ਮੇਰਾ ਜੀਅ ਕਰਦਾ------।" ਤੇ ਮੇਰੇ ਮੂੰਹੋਂ ਅੰਦਰਲੀ ਗੱਲ ਨਿਕਲ ਗਈ ਸੀ, ਜਿਹੜੀ ਮੈਂ ਬੀ ਜੀ ਮੂਹਰੇ ਵੀ ਨਹੀਂ ਸੀ ਆਖ ਸਕੀ। ਕੀਥ ਤੜਫ਼ ਉਠਿਆ ਸੀ। ਬੋਲਿਆ, "ਤੇਰਾ ਦਿਮਾਗ ਖਰਾਬ ਐ? ਕੋਈ ਵੀ ਐਸੀ ਬੇਵਕੂਫੀ ਵਾਲੀ ਗੱਲ ਨਾ ਕਰੀਂ।" ਫਿਰ ਮੇਰਾ ਹੱਥ ਘੁੱਟ ਕੇ ਬੋਲਿਆ, " ਮੁਆਫ਼ ਕਰੀਂ। ਇਸ ਤਰ੍ਹਾਂ ਕਹਿਣ ਤੋਂ ਪਹਿਲਾਂ ਮੈਨੂੰ ਸਮਝਣਾ ਚਾਹੀਦਾ ਸੀ ਕਿ ਤੂੰ ਕਿੱਡੇ ਸਦਮੇ ਚੋਂ ਗੁਜ਼ਰੀ ਹੈਂ। ਪਰ ਬੱਚੇ ਬਾਰੇ ਇਸ ਤਰ੍ਹਾਂ ਨਾ ਸੋਚ। ਮੈਂ ਇਸ ਨੂੰ ਗੋਦ ਲੈ ਕੇ ਪਾਲਾਂਗਾ।"
ਫੇਰ ਉਹ ਹੋਰ ਵੀ ਦਿਲਾਸੇ ਦਿੰਦਾ ਰਿਹਾ। ਮੇਰੇ ਉੱਠਣ ਵੇਲੇ ਫਿਰ ਬੋਲਿਆ, "ਮੇਰੇ ਬੱਚੇ ਦਾ ਖਿਆਲ ਰੱਖੀਂ।"
ਬੱਚੇ ਦੇ ਨਾਲ-ਨਾਲ ਹੌਲੀ ਹੌਲੀ ਮੈਂ ਵੀ ਕੀਥ ਦੀ ਹੋ ਗਈ ਸੀ। ਮੇਰੇ ਘਰਦਿਆਂ ਲਈ ਵੀ ਕੀਥ ਮੇਰੀ ਪੱਤ ਦਾ ਰਾਖਾ ਬਣਕੇ ਬਹੁੜਿਆ ਸੀ। ਇਸੇ ਕੀਥ ਨਾਲ ਮੇਰਾ ਕੁਆਰੀ ਹੁੰਦੀ ਦਾ ਡੋਲਾ ਤੋਰਨ ਨਾਲ ਪਾਪਾ ਦੀ ਪੱਗ ਨੇ ਦਾਗੀ ਹੋਣਾ ਸੀ। ਪਰ ਹੁਣ ਤਾਂ ਮੈਂ ਛੁੱਟੜ ਤੇ ਗਰਭਵਤੀ ਸੀ। ਉਸ ਨੇ ਉਂਗਲ ਫੜ ਕੇ ਮੈਨੂੰ ਖਾਈ `ਚੋਂ ਕੱਢ ਲਿਆ ਸੀ। ਮੈਨੂੰ ਲੱਗਦਾ ਸੀ ਕਿ ਹੁਣ ਫਿਰ ਸ਼ਮਸ਼ੇਰ ਸਾਨੂੰ ਕਿਸੇ ਟੋਏ ਵਿਚ ਸੁੱਟਣ ਲਈ ਤਿਆਰੀ ਕਰ ਰਿਹਾ ਸੀ। ਇਸੇ ਕਰਕੇ ਉਸ ਨੇ ਫੇਸਬੁੱਕ ਰਾਹੀਂ ਜੋਵਨ ਨੂੰ ਮਿਲਣ ਦੀ ਗੱਲ ਕੀਤੀ ਸੀ। ਉਸਦੇ ਸੁਨੇਹੇਂ ਨਾਲ ਸਾਡੀ ਜਿੰਦਗੀ ਵਿਚ ਮੱਚੀ ਹਲਚਲ ਨੂੰ ਸਾਵਾਂ ਕਰਨ ਲਈ ਹੀ ਅਗਲੇ ਦਿਨ ਕੀਥ ਨੇ ਦੂਰ ਗ੍ਰਾਊਸ ਮਾਊਂਟੇਨ ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ। ਸਰਦੀਆਂ ਵਿਚ ਉਥੇ ਜਾ ਕੇ ਅਸੀਂ ਸਾਰਾ ਦਿਨ ਬਰਫ਼ ਨਾਲ ਖੇਡਦੇ ਰਹਿੰਦੇ। ਤਿੰਨੋ ਰਲ ਕੇ ਬਰਫ਼ ਦਾ ਘਰ ਬਣਾਉਂਦੇ। ਪਰ ਉਸ ਦਿਨ ਮੇਰਾ ਸਿਰ ਹਾਲੇ ਵੀ ਭਾਰੀ ਭਾਰੀ ਸੀ। ਮੇਰਾ ਕੁਝ ਵੀ ਕਰਨ ਨੂੰ ਮਨ ਨਹੀਂ ਸੀ। ਕੀਥ ਤੇ ਜੋਵਨ ਬਥੇਰਾ ਆਖ ਰਹੇ ਕਿ ਉਹ ਮੇਰੀਆਂ ਬਾਹਾਂ ਫੜ ਕੇ ਆਪਣੇ ਨਾਲ ਸਕੇਟ ਕਰਵਾਉਣਗੇ। ਪਰ ਮੈਂ ਨਾਂਹ ਕਰਕੇ ਅੰਦਰ ਜਾ ਬੈਠੀ ਸੀ। ਉਹ ਦੋਨੋਂ ਹੀ ਬਰਫ਼ ਦਾ ਘਰ ਬਨਾਉਣ ਲੱਗੇ ਸਨ। ਫੇਰ ਅਚਾਨਕ ਹੀ ਸਨੋਅ-ਬੋਰਡਿੰਗ ਕਰਦਾ ਮੁੰਡਾ ਉੱਧਰ ਆ ਗਿਆ ਸੀ। ਉਹ ਤਾਂ ਆ ਕੇ ਚਲਾ ਵੀ ਗਿਆ ਸੀ ਪਰ ਮੇਰੇ ਅੰਦਰ ਮੁੜ ਖਲਬਲੀ ਮਚਾ ਗਿਆ ਸੀ। ਮੇਰਾ ਜੀਅ ਕਰਦਾ ਸੀ ਕਿ ਜੋਵਨ ਤੇ ਕੀਥ ਅੰਦਰ ਆ ਜਾਣ। ਬਥੇਰਾ ਖੇਡ ਲਿਆ ਐਵੇਂ ਸੱਟ ਫੇਟ ਮਰਵਾ ਲੈਣਗੇ।
ਮੈਂ ਆਵਾਜ਼ ਮਾਰੀ, " ਹੁਣ ਆ ਜੋ।" ਮੇਰੀ ਆਵਾਜ਼ ਵਿਚਲੀ ਕੰਬਣੀ ਨੂੰ ਸ਼ਾਇਦ ਕੀਥ ਨੇ ਪਹਿਚਾਣ ਲਿਆ। ਉਹ ਝੱਟ ਅੰਦਰ ਆ ਗਿਆ। ਉਸਦੇ ਆਉਣ ਸਾਰ ਹੀ ਮੈਂ ਕਿਹਾ, "ਮੈਂ ਤਾਂ ਡਰ ਹੀ ਗਈ ਸੀ ਕਿਤੇ ਉਹ ਮੁੰਡਾ ਤੁਹਾਡੇ `ਤੇ ਨਾ ਆ ਚੜ੍ਹੇ। ਨਾਲੇ ਤੁਹਾਡਾ ਐਨੀ ਮੇਹਨਤ ਨਾਲ ਬਣਾਇਆ ਘਰ ਢਾਹ ਦੇਵੇ।"
" ਐਸੀ-ਤੈਸੀ, ਜਿਹੜਾ ਸਾਡੇ ਉੱਤੇ ਆ ਚੜੂ! ਸਾਡਾ ਇਹ ਘਰ ਐਡੀ ਛੇਤੀਂ ਨੀ ਢਹਿਣ ਵਾਲਾ। ਬਹੁਤ ਮਜ਼ਬੂਤ ਨੀਹਾਂ ਬਣਾਈਐ ਅਸੀਂ ਏਹਦੀਆਂ।"
ਕੀਥ ਦੇ ਬੋਲਾਂ ਨੇ ਮੈਨੂੰ ਕੁਝ ਧਰਵਾਸਾ ਦਿੱਤਾ। ਮੈਂ ਪੁੱਛਿਆ, "ਤੂੰ ਰਾਤ ਕਹਿੰਦਾ ਸੀ ਕਿ ਜੋਵਨ ਨਹੀਂ ਜਾਵੇਗਾ ਸ਼ਮਸ਼ੇਰ ਕੋਲ। ਐਨੇ ਵਿਸ਼ਵਾਸ਼ ਨਾਲ ਕਿਵੇਂ ਆਖ ਸਕਦੈਂ ਤੂੰ।"
"ਮੈਂ ਕਿਤੇ ਗੱਲ ਕੀਤੀ ਐ ਆਪਣੇ ਜਨਮ-ਦਾਤਿਆ ਦੀ? ਮੇਰੀ ਮਿਸਾਲ ਤੇਰੇ ਸਾਹਮਣੇ ਐ।"
ਮੈ ਕੁਝ ਦੇਰ ਉਸ ਵੱਲ ਦੇਖਦੀ ਰਹੀ। ਫੇਰ ਪੁੱਛਿਆ, "ਤੇਰਾ ਕਦੇ ਵੀ ਜੀਅ ਨੀ ਕੀਤਾ ਕਿ ਲੱਭੇਂ ਉਨ੍ਹਾਂ ਨੂੰ?"
"ਮੇਰੇ ਪਾਲਣ ਹਾਰਿਆਂ ਨੇ ਮੇਰੇ ਅੰਦਰ ਇਸ ਜਗਿਆਸਾ ਲਈ ਕੋਈ ਥਾਂ ਹੀ ਨਹੀਂ ਛੱਡੀ," ਆਖ ਕੇ ਕੀਥ ਨੇ ਮੇਰੀ ਉਂਗਲ ਫੜ ਲਈ ਤੇ ਬੋਲਿਆ, "ਆ, ਜੋਵਨ ਦੀ ਮੱਦਦ ਕਰੀਏ ਘਰ ਬਨਾਉਣ ਵਿਚ।"
ਮੈਂ ਉਸਦੇ ਨਾਲ ਤੁਰ ਪਈ।


*****

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346