ਇੱਕ
ਨੰਬਰਦਾਰਾਂ ਦਾ ਕਰਤਾਰ ਘੋੜੀ ਨੂੰ ਸਰਪਟ ਦੁੜਾਉਂਦਾ ਪਿੰਡ ਨੂੰ ਮੁੜ ਕੇ ਆ ਰਿਹਾ ਸੀ।
ਉਸ ਨੇ ਘਰ ਛੇਤੀ ਪਹੁੰਚਣ ਲਈ ਘੋੜੀ ਦਾ ਮੂੰਹ ਸ਼ਾਮਲਾਟ ਵੱਲ ਮੋੜ ਦਿੱਤਾ ਜਿੱਥੇ
ਨੀਲੋਵਾਲੀਏ ਨੱਥਾ ਸਿੰਘ ਦੀ ਬਹੂ ਅਤੇ ਠਾਕਰ ਦੀ ਘਰ ਵਾਲੀ ਸੀਤਲ ਕੌਰ ਪਾਥੀਆਂ ਪੱਥ ਰਹੀ
ਸੀ।
ਹਵਾ ਨਾਲ਼ ਗੱਲਾਂ ਕਰਦੀ ਘੋੜੀ ਨੂੰ ਆਪਣੀ ਵੱਲ ਆਉਂਦੀ ਦੇਖ ਕੇ ਸੀਤਲ ਕੌਰ ਘਬਰਾ ਗਈ।
ਕਾਹਲ਼ੀ ਨਾਲ਼ ਸਲਵਾਰ ਦਾ ਪਹੁੰਚਾ ਪੈਰ ਵਿਚ ਫਸ ਗਿਆ ਤੇ ਉਹ ਡਿੱਗ ਪਈ। ਉਹਦੇ ਮੂੰਹੋਂ
ਚੀਕ ਨਿਕਲ ਗਈ। ਸੱਜਰੇ ਗੋਹੇ ਦੇ ਛਿੱਟੇ ਉਸ ਦੇ ਕੱਪੜਿਆਂ ਅਤੇ ਮੂੰਹ ’ਤੇ ਪੈ ਗਏ।
ਸੀਤਲ ਕੌਰ ਦਾ ਛੋਟਾ ਦਿਉਰ ਰਾਜੂ ਚਾਰੇ ਦੀ ਪੰਡ ਸੁੱਟ ਕੇ ਥੋੜ੍ਹੀ ਦੂਰ ਆਪਣੇ ਤਬੇਲੇ
ਦੇ ਫਾਟਕ ਕੋਲ਼ ਖੜ੍ਹਾ ਦਮ ਲੈ ਰਿਹਾ ਸੀ। ਉਸ ਨੇ ਆਪਣੀ ਭਾਬੀ ਨੂੰ ਡਿੱਗਦਿਆਂ ਦੇਖਿਆ
ਅਤੇ ਉਸ ਦੀ ਚੀਕ ਵੀ ਸੁਣੀ। ਉਸ ਨੇ ਘੋੜੇ ਵਾਲੇ ਨੂੰ ਉੱਚੀ ਅਵਾਜ਼ ’ਚ ਗਾਲ਼ ਕੱਢੀ ਅਤੇ
ਫੌੜ੍ਹਾ ਚੁੱਕ ਕੇ ਉਧਰ ਨੂੰ ਦੌੜਿਆ ਜਿਧਰ ਨੂੰ ਘੋੜੀ ਗਈ ਸੀ।
ਕਰਤਾਰ ਨੇ ਗਾਲ਼ ਸੁਣੀ ਤਾਂ ਘੋੜੀ ਦੀ ਲਗਾਮ ਖਿੱਚ ਕੇ ਉਸ ਨੂੰ ਮੋੜਦਾ ਹੋਇਆ ਬੋਲਿਆ,
“ਉਏ ਕੌਣ ਹੈ ਮਾਂ ਆਪਣੀ ਦਾ ਖਸਮ ਸੂਰਮਾ, ਜਿਹਨੇ ਕਰਤਾਰ ਨੂੰ ਗਾਲ਼ ਕੱਢੀ ਆ! ਸਾਹਮਣੇ
ਆ, ਤੇਰੀ ਸ਼ਕਲ ਤਾਂ ਦੇਖਾਂ?”
ਰਾਜੂ ਗਾਲ਼ਾਂ ਕੱਢਦਾ ਉਸ ਥਾਂ ਆ ਗਿਆ ਜਿਥੇ ਕਰਤਾਰ ਨੇ ਘੋੜੀ ਰੋਕੀ ਸੀ। ਕਰਤਾਰ ਨੂੰ
ਦੇਖ ਕੇ ਰਾਜੂ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਅਤੇ ਆਪਣੀ ਦਾਦੀ, ਬਾਪੂ ਤੇ ਮਾਂ ਦਾ
ਨੰਬਰਦਾਰਾਂ ਨਾਲ਼ ਪੁਰਾਣੇ ਝਗੜੇ ਦਾ ਸਾਰਾ ਕਿੱਸਾ ਅਚਾਨਕ ਯਾਦ ਆ ਗਿਆ। ਉਸ ਨੇ ਕਰਤਾਰ
ਨੂੰ ਮੋਟੀ ਸਾਰੀ ਗਾਲ਼ ਕੱਢ ਕੇ ਕਿਹਾ, “ਖੜ੍ਹਾ ਹੋ, ਤੇਰੇ ਘੋੜ੍ਹਸਵਾਰ ਦੀ ਮਾਂ ਨੂੰ
ਮੈਂ.......”
ਰਾਜੂ ਨੂੰ ਦੇਖ ਕੇ ਕਰਤਾਰ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਨਾਲ਼ ਹੀ ਉਸ ਦੇ ਹੋਸ਼ ਵੀ
ਉੱਡ ਗਏ। ਇਕ ਪੱਲ ਲਈ ਉਹ ਸੋਚਦਾ ਹੀ ਰਹਿ ਗਿਆ। ਫਿਰ ਦੌੜਨ ਦੀ ਕੋਸ਼ਿਸ਼ ਵਿਚ ਘੋੜੀ ਨੂੰ
ਅੱਡੀ ਲਾਈ। ਪਰ ਰਾਜੂ ਨੇ ਕਾਹਲ਼ੀ ਨਾਲ਼ ਮੋਹਰੇ ਹੋ ਕੇ ਘੋੜੀ ਦੀ ਲਗਾਮ ਫੜ ਲਈ, “ਥੱਲੇ
ਉੱਤਰ ਕੁੱਤੇ ਦਿਆ ਪੁੱਤਾ, ਬੜਾ ਸਾਨ੍ਹ ਬਣਿਆਂ ਫਿਰਦਾਂ।”
“ਘੋੜੀ ਦੀ ਲਗਾਮ ਛੱਡ ਦੇ, ਨਹੀਂ ਤਾਂ ਕੱਚੇ ਨੂੰ ਖਾ ਜਾਊਂਗਾ। ਜੇ ਲੜਾਈ ਦਾ ਐਨਾ ਹੀ
ਸ਼ੌਕ ਹੈ ਤਾਂ ਮੈਨੂੰ ਇਕ ਵਾਰ ਘਰ ਜਾ ਕੇ ਮੁੜ ਲੈਣ ਦੇ।” ਕਰਤਾਰ ਨੇ ਘੋੜੀ ’ਤੇ ਬੈਠੇ
ਬੈਠੇ ਨੇ ਪੈਰ ਨਾਲ਼ ਰਾਜੂ ਨੂੰ ਪਰੇ ਧੱਕ ਕੇ ਲਗਾਮ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।
ਰਾਜੂ ਲਗਾਮ ਨੂੰ ਆਪਣੇ ਗੁੱਟ ਦੁਆਲੇ ਲਪੇਟਦਾ ਬੋਲਿਆ, “ਘਰ ਕੀ ਮਾਂ ਦਾ ਦੁੱਧ ਚੁੰਘਣ
ਜਾਣਾ? ਕਹੇਂ ਤਾਂ ਉਸ ਕੰਜਰੀ ਨੂੰ ਇਥੇ ਹੀ ਸੱਦ ਲਿਆਵਾਂ?”
ਰਾਜੂ ਦੇ ਸਭ ਤੋਂ ਛੋਟੇ ਭਰਾ ਬੀਰ ਨੇ ਉਹਨਾਂ ਨੂੰ ਲੜਦਿਆਂ ਦੇਖਿਆ ਤਾਂ ਆਪਣੇ ਪਿਉ ਨੂੰ
ਉੱਚੀ ਉੱਚੀ ਹਾਕਾਂ ਮਾਰਨ ਲੱਗਾ, “ਬਾਪੂ... ਓ ਬਾਪੂ... ਓ ਬਾਪੂ... ਰਾਜੂ ਦਾ
ਨੰਬਰਦਾਰਾਂ ਦੇ ਕਰਤਾਰੇ ਨਾਲ਼ ਝਗੜਾ ਹੋ ਗਿਆ।”
ਆਪਣੇ ਪੁਰਾਣੇ ਖਾਨਦਾਨੀ ਵੈਰੀਆਂ ਨਾਲ਼ ਆਪਣੇ ਪੁੱਤ ਦੇ ਝਗੜੇ ਦੀ ਗੱਲ ਸੁਣ ਕੇ ਨੱਥਾ
ਸਿੰਘ ਨੰਗੇ ਪੈਰੀਂ ਸ਼ਾਮਲਾਟ ਵੱਲ ਨੂੰ ਦੌੜਿਆ। ਠਾਕਰ ਖੂਹ ’ਤੇ ਨਹਾ ਰਿਹਾ ਸੀ। ਉਹਨੇ
ਬਾਲਟੀ ਉਥੇ ਹੀ ਸਿੱਟ ਦਿੱਤੀ ਅਤੇ ਲੱਕ ਦੁਆਲੇ ਗਿੱਲਾ ਸਾਫਾ ਲਪੇਟਦਾ ਸ਼ਾਮਲਾਟ ਵੱਲ ਨੂੰ
ਦੌੜ ਪਿਆ। ਤਬੇਲੇ ਵੱਲ ਨੂੰ ਆਉਂਦੇ ਪਿਆਰੂ ਨੇ ਉਹਨਾਂ ਦੇ ਲੜਨ ਦੀਆਂ ਅਵਾਜ਼ਾਂ ਸੁਣੀਆਂ
ਤਾਂ ਤਬੇਲੇ ਵਿਚੋਂ ਲਾਠੀ ਚੁੱਕ ਕੇ ਸ਼ਾਮਲਾਟ ਵੱਲ ਨੂੰ ਤੁਰ ਪਿਆ।
ਸੀਤਲ ਕੌਰ ਆਪਣੇ ਸਹੁਰੇ ਨੱਥਾ ਸਿੰਘ ਨੂੰ ਦੇਖਦਿਆਂ ਹੀ ਉੱਚੀ ਉੱਚੀ ਰੋਣ ਲੱਗ ਪਈ। ਉਸ
ਦੀਆਂ ਅੱਖਾਂ ਵਿਚ ਹੰਝੂ ਦੇਖ ਕੇ ਨੱਥਾ ਸਿੰਘ ਗੁੱਸੇ ਨਾਲ਼ ਫਰਾਟੇ ਮਾਰਨ ਲੱਗਾ। ਸੀਤਲ
ਕੌਰ ਚੇਹਰੇ ਤੋਂ ਗੋਹੇ ਦੇ ਛਿੱਟੇ ਪੂੰਝਦੀ ਹੋਈ ਬੋਲੀ, “ਮੋਏ ਕਰਤਾਰੇ ਨੂੰ ਕੀ ਕੋਈ
ਨਵੀਂ ਜਵਾਨੀ ਆਈ ਹੈ?”
ਪਿਆਰੂ ਨੇ ਆਪਣੀ ਭਾਬੀ ਵੱਲ ਦੇਖਿਆ ਅਤੇ ਫਿਰ ਕਰਤਾਰ ਵੱਲ ਨਿਗਾਹ ਮਾਰੀ। ਪਿਛਲੇ ਸਾਲ
ਆਪਣੇ ਪਿੜ੍ਹ ਵਿਚ ਕਣਕ ਦੀਆਂ ਪੰਜ ਸੌ ਭਰੀਆਂ ਨੂੰ ਲੱਗੀ ਅੱਗ ਦੀਆਂ ਅਸਮਾਨ ਨੂੰ
ਛੂੰਹਦੀਆਂ ਲਪਟਾਂ ਉਸ ਦੀਆਂ ਅੱਖਾਂ ਸਾਹਮਣੇ ਨੱਚਣ ਲੱਗੀਆਂ ਅਤੇ ਫਿਰ ਅੱਗ ਦੇ ਭਾਂਬੜ
ਉਹਦੀਆਂ ਅੱਖਾਂ ਵਿਚ ਬਲ਼ਨ ਲੱਗੇ।
“ਦੇਖ ਕੀ ਰਹੇ ਆਂ? ਮਾਰ ਦਿਓ ਸਾਲ਼ੇ ਨੂੰ”, ਪਿਆਰੂ ਨੇ ਕਰਤਾਰ ਦੀ ਲੱਤ ਖਿੱਚ ਕੇ ਉਸ
ਨੂੰ ਘੋੜੀ ਤੋਂ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦਿਆਂ ਕਿਹਾ।
ਕਰਤਾਰ ਨੇ ਪੈਰ ਜ਼ੋਰ ਨਾਲ਼ ਝਟਕ ਕੇ ਪਿਆਰੂ ਨੂੰ ਪਿੱਛੇ ਨੂੰ ਸਿੱਟ ਦਿੱਤਾ, ਅਤੇ ਬਹੁਤ
ਉੱਚੀ ਅਵਾਜ਼ ਵਿਚ ਗਾਲ਼ ਕੱਢ ਕੇ ਬੋਲਿਆ, “ਉਏ ਕੁੱਤਿਉ, ਦੱਲਿਓ....ਇਕੱਲਾ ਦੇਖ ਕੇ
ਮੈਨੂੰ ਘੇਰਦੇ ਆਂ? ਮੈਂ ਇਕ ਇਕ ਦਾ ਖੂਨ ਪੀ ਜਾਊਂਗਾ।” ਕਰਤਾਰ ਨੇ ਦੋਨੋਂ ਪੈਰ ਨਕਾਬ
’ਚੋਂ ਬਾਹਰ ਕੱਢ ਲਏ ਅਤੇ ਉਹਨਾਂ ਨੂੰ ਦੂਰ ਰੱਖਣ ਲਈ ਜ਼ੋਰ ਜ਼ੋਰ ਦੀ ਪੈਰ ਮਾਰਨ ਲੱਗਾ।
ਰਾਜੂ ਨੇ ਘੋੜੀ ਦੀ ਲਗਾਮ ਨੂੰ ਪੂਰੇ ਜ਼ੋਰ ਨਾਲ਼ ਖਿੱਚਿਆ ਤਾਂ ਉਹ ਥਿੜ੍ਹਕ ਗਈ। ਕਰਤਾਰ
ਲੜਖੜ੍ਹਾਉਂਦਾ ਥੱਲੇ ਡਿੱਗ ਪਿਆ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਪਿਆਰੂ ਨੇ ਲਾਠੀ
ਉਸ ਦੇ ਸਿਰ ਵਿਚ ਮਾਰੀ। ਉਹ ਫਿਰ ਉੱਠਣ ਲਈ ਹੱਥ ਪੈਰ ਮਾਰਨ ਲੱਗਾ ਤਾਂ ਠਾਕਰ ਦਾ
ਫੌੜ੍ਹਾ ਐਨੀ ਜ਼ੋਰ ਨਾਲ਼ ਉਸ ਦੇ ਮੌਰਾਂ ਵਿਚ ਵੱਜਾ ਕਿ ਫੌੜ੍ਹੇ ਦੇ ਦੋ ਟੋਟੇ ਹੋ ਗਏ।
ਕਰਤਾਰ ਬਹੁੜੀਆਂ ਪਾਉਣ ਲੱਗਾ। “ਹਾਏ ਓ ਮਾਂ, ਮੈਨੂੰ ਨੀਲੋਵਾਲ਼ਿਆਂ ਨੇ ਮਾਰ ਦਿੱਤਾ।”
ਕਰਤਾਰ ਦਾ ਵਿਰਲਾਪ ਸੁਣਕੇ, ਪਿਆਰੂ ਉਸ ਦੇ ਸਿਰ ਵਿਚ ਜ਼ੋਰ ਨਾਲ਼ ਲਾਠੀ ਮਾਰਦਾ ਹੋਇਆ
ਬੋਲਿਆ, “ਹੁਣ ਮਾਂ ਨੂੰ ਕਿਉ ਹਾਕਾਂ ਮਾਰਦਾਂ? ਉਹ ਕੰਜਰੀ ਹੱਥ ਆ ਜਾਵੇ ਤਾਂ ਉਸ ਨੂੰ
ਲੱਤਾਂ ਤੋਂ ਪਾੜ ਕੇ ਦੋ ਟੋਟੇ ਕਰ ਦੇਵਾਂ।”
ਕਰਤਾਰ ਦਾ ਵਿਰਲਾਪ ਛੇਤੀ ਹੀ ਹਾਏ ਹਾਏ ਵਿਚ ਬਦਲ ਗਿਆ ਤੇ ਫਿਰ ਉਹ ਬੇਹੋਸ਼ ਹੋ ਗਿਆ। ਉਸ
ਦੇ ਸਿਰ ’ਚੋਂ ਖੂਨ ਵਹਿ ਵਹਿ ਕੇ ਉਥੇ ਛੱਪੜੀ ਬਣ ਗਈ। ਕਰਤਾਰ ਨੂੰ ਮਰਿਆ ਸਮਝ ਕੇ,
ਨੱਥਾ ਸਿੰਘ, ਠਾਕਰ, ਪਿਆਰੂ ਅਤੇ ਰਾਜੂ ਆਪਣੇ ਤਬੇਲੇ ਨੂੰ ਮੁੜ ਗਏ।
ਗਾਲ਼ਾਂ ਸੁਣ ਕੇ ਕਈ ਲੋਕ ਘਰਾਂ ਅਤੇ ਤਬੇਲਿਆਂ ’ਚੋਂ ਬਾਹਰ ਨਿਕਲ ਆਏ ਸਨ। ਪਰ ਲੜਾਈ
ਨੂੰ ਵੱਧਦੀ ਦੇਖ ਕੇ ਜਿਥੇ ਸਨ ਉਥੇ ਹੀ ਉਰੇ ਪਰੇ ਹੋ ਗਏ ਅਤੇ ਚੋਰੀ ਛਿਪੇ ਦੇਖਣ ਲੱਗੇ।
ਦਿਲਦਾਰ ਨੇ ਸਵੇਰੇ ਹੀ ਸ਼ਰਾਬ ਪੀ ਲਈ ਸੀ। ਉਸ ਨੇ ਕਰਤਾਰ ਨੂੰ ਜਮੀਨ ’ਤੇ ਡਿੱਗਿਆ
ਦੇਖਿਆ ਤਾਂ ਆਪਣੇ ਹੱਥ ਵਿਚ ਛੋਟੀ ਜਿਹੀ ਸੋਟੀ ਘੁਮਾਉਂਦਿਆਂ ਲਲਕਾਰਿਆ, “ਮਾਰ ਦਿਓ
ਸਾਲ਼ੇ ਨੂੰ। ਮੇਰੀ ਜਮੀਨ ’ਚੋਂ ਖਾ ਖਾ ਕੇ ਕਿਵੇਂ ਮੋਟਾ ਹੋ ਗਿਆ ਹੈ।”
ਦਿਲਦਾਰ ਲੜਖੜਾਉਂਦਾ ਕਰਤਾਰ ਵੱਲ ਨੂੰ ਵਧਿਆ ਤਾਂ ਉਸ ਦੇ ਚਾਚੇ ਫੁੰਮਣ ਸਿੰਘ ਨੇ ਉਸ
ਨੂੰ ਫੜ ਲਿਆ, “ਉਏ, ਤੂੰ ਪਾਗਲ ਹੋ ਗਿਆਂ? ਨੀਲੋਵਾਲ਼ਿਆਂ ਤੇ ਨੰਬਰਦਾਰਾਂ ਦੀ ਲੜਾਈ ਆ।
ਤੂੰ ਜਬਰਦਸਤੀ ਤੀਸਰਾ ਸ਼ਰੀਕ ਕਿਉਂ ਬਣਨਾ ਚਾਹੁੰਦਾ ਆਂ?”
“ਚਾਚਾ, ਇਹ ਸਾਲ਼ਾ ਮੇਰੀ ਜਮੀਨ ਦਾ ਅੰਨ ਖਾ ਖਾ ਕੇ ਮੋਟਾ ਹੋਇਆ ਪਿਆ। ਏਸੇ ਮਾਂ ਦੇ
ਖਸਮ, ਦੇ ਪਿਉ ਨੇ ਪੁਲੀਸ ਕੋਲ਼ ਮੇਰੀ ਸ਼ਿਕਾਇਤ ਕੀਤੀ ਸੀ ਕਿ ਮੈਂ ਨਜਾਇਜ਼ ਸ਼ਰਾਬ ਕੱਢਦਾ
ਹਾਂ। ਦਿਲਦਾਰ ਆਪਣੇ ਆਪ ਨੂੰ ਫੁੰਮਣ ਸਿੰਘ ਦੇ ਜੱਫੇ ’ਚੋਂ ਛੁਡਾਉਣ ਦੀ ਕੋਸ਼ਿਸ਼ ਕਰਦਾ
ਬੋਲਿਆ। ਪਰ ਫੁੰਮਣ ਸਿੰਘ ਨੇ ਉਸ ਦੀ ਬਾਂਹ ਹੋਰ ਵੀ ਘੁੱਟ ਕੇ ਫੜ ਲਈ। ਉਹ ਉਸ ਨੂੰ
ਘਸੀਟ ਕੇ ਸ਼ਾਮਲਾਟ ਤੋਂ ਪਰੇ ਲਿਜਾਣ ਲੱਗਾ ਤਾਂ ਦਿਲਦਾਰ ਨੇ ਉੱਚੀ ਅਵਾਜ਼ ਵਿਚ ਕਿਹਾ,
“ਉਏ ਨੀਲੋਵਾਲ਼ਿਓ, ਕਰਤਾਰ, ਮਾਂ ਦੇ ਖਸਮ ਨੂੰ ਜੀਂਦਾ ਨਹੀਂ ਛੱਡਣਾ। ਇਹਦੀ ਨਬਜ਼ ਦੇਖ
ਲਉ। ਜੇ ਸਾਹ ਬਾਕੀ ਹੈ ਤਾਂ ਬਰਛੇ ਨਾਲ਼ ਇਹਦਾ ਦਿਲ ਚੀਰ ਦੇਵੋ।”
ਘੋੜੀ, ਬਿਨਾਂ ਸਵਾਰ ਦੇ ਦਨਦਨਾਉਂਦੀ ਤਬੇਲੇ ਵਿਚ ਆ ਪਹੁੰਚੀ। ਡਰ ਦੀ ਮਾਰੀ ਘੋੜੀ ਇਕ
ਥਾਂ ਟਿਕ ਨਹੀਂ ਸੀ ਰਹੀ। ਪਿਛਲੀਆਂ ਲੱਤਾਂ ਪਟਕਦੀ ਚਾਰੇ ਪਾਸੇ ਦੌੜੀ ਫਿਰਦੀ ਸੀ।
ਉਹਨੂੰ ਇਸ ਤਰ੍ਹਾਂ ਹਿਣਕਦੀ ਤੇ ਪੈਰ ਮਾਰਦੀ ਦੇਖ ਕੇ ਕਰਤਾਰ ਦਾ ਤਾਇਆ ਬਚਿੰਤ ਸਿੰਘ
ਬਾਹਰ ਨਿਕਲ ਆਇਆ।
“ਕਰਤਾਰ ਕਿੱਥੇ ਆ?” ਉਹਨੇ ਉੱਚੀ ਅਵਾਜ਼ ਵਿਚ ਪੁੱਛਿਆ। ਕੁੱਝ ਹੀ ਪਲਾਂ ਬਾਅਦ ਉਹਨਾਂ
ਦਾ ਕਾਮਾ ਛਿੱਬੂ ਦੌੜਦਾ ਹੋਇਆ ਆਇਆ।
“ਸਰਦਾਰ ਜੀ, ਘੋੜੀ ਖਾਲੀ ਆਈ ਹੈ, ਸ਼ਾਮਲਾਟ ਵਲੋਂ। ਬਹੁਤ ਡਰੀ ਹੋਈ ਹੈ। ਜਿੱਦਾਂ ਕਿਸੇ
ਨੇ ਬਹੁਤ ਕੁੱਟਿਆ ਹੋਵੇ।”
ਬਚਿੰਤ ਸਿੰਘ ਦਾ ਮੱਥਾ ਠਣਕਿਆ। ਉਸ ਦੇ ਮਨ ਨੇ ਕਿਹਾ ਕਿ ਅੱਜ ਫਿਰ ਜ਼ਰੂਰ ਕੁੱਝ ਨਾ
ਕੁੱਝ ਹੋ ਗਿਆ ਹੈ ਜਿਹੜੀ ਘੋੜੀ ਖਾਲੀ ਮੁੜੀ ਹੈ।
ਉਹਨੇ ਕਈ ਆਦਮੀਆਂ ਨੂੰ ਹਾਕਾਂ ਮਾਰੀਆਂ। ਕਈਆਂ ਪਾਸਿਆਂ ਤੋਂ ਕੁੱਝ ਲੋਕ ਉਸ ਕੋਲ਼ ਨੱਠੇ
ਆਏ। ਬਚਿੰਤ ਸਿੰਘ ਘਬਰਾਇਆ ਹੋਇਆ ਬੋਲਿਆ, ਛੇਤੀ ਤਿਆਰ ਹੋ ਜਾਉ। ਸ਼ਾਮਲਾਟ ’ਚੋਂ ਘੋੜੀ
ਖਾਲੀ ਆਈ ਹੈ। ਕਰਤਾਰ ਘੋੜੀ ਲੈ ਕੇ ਗਿਆ ਸੀ।
ਬਚਿੰਤ ਸਿੰਘ ਨੇ ਕਿੱਲੀ ਨਾਲ਼ ਲਟਕਦੀ ਆਪਣੀ ਕਿਰਪਾਨ ਲਾਹ ਲਈ। ਮਿਆਨ ’ਚੋਂ ਕੱਢ ਕੇ
ਉਂਗਲੀ ’ਤੇ ਉਸ ਦੀ ਧਾਰ ਦੇਖੀ। ਕੁੱਝ ਪਲ ਉਹ ਕਿਰਪਾਨ ਨੂੰ ਹਵਾ ਵਿਚ ਲਹਿਰਾਉਂਦਾ ਉਹਦੀ
ਛਾਂ-ਛਾਂ ਕਰਦੀ ਅਵਾਜ਼ ਨੂੰ ਸੁਣਦਾ ਰਿਹਾ। ਉਹਦਾ ਛੋਟਾ ਭਰਾ, ਕਰਤਾਰ ਦਾ ਪਿਉ ਜਗਤ
ਸਿੰਘ ਅਤੇ ਉਹਨਾਂ ਦੇ ਦੋ ਕਾਮੇ, ਜੱਗੂ ਤੇ ਜਾਗਰ ਵੀ ਬਰਛੇ ਅਤੇ ਗੰਡਾਸੀਆਂ ਲੈ ਕੇ ਆ
ਗਏ। ਬਚਿੰਤ ਸਿੰਘ ਨੇ ਉਹਨਾਂ ਨੂੰ ਦੱਸਿਆ “ਘੋੜੀ ਸ਼ਾਮਲਾਟ ’ਚੋਂ ਖਾਲੀ ਆਈ ਹੈ।”
ਅਜੇ ਬਚਿੰਤ ਸਿੰਘ ਨੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਇਕ ਮੁੰਡਾ ਦੌੜਦਾ ਹੋਇਆ
ਆਇਆ ਤੇ ਘਬਰਾਉਂਦੀ ਅਵਾਜ਼ ਵਿਚ ਬੋਲਿਆ, “ਨੀਲੋਵਾਲ਼ੀਆਂ ਦੇ ਠਾਕਰ ਅਤੇ ਪਿਆਰੂ ਨੇ
ਕਰਤਾਰ ਨੂੰ ਸ਼ਾਮਲਾਟ ਵਿਚ ਮਾਰ ਦਿੱਤਾ ਹੈ।”
ਉਸ ਦੀ ਗੱਲ ਸੁਣਦਿਆਂ ਹੀ ਜਗਤ ਸਿੰਘ ਉੱਚੀ ਉੱਚੀ ਗਾਲ਼ਾਂ ਕੱਢਣ ਲੱਗਾ। “ਉਏ
ਨੀਲੋਵਾਲ਼ਿਓ, ਤੁਹਾਡੀ ਮਾਂ ਨੂੰ...ਮੈਂ ਇਕ ਇਕ ਦਾ ਖੂਨ ਪੀ ਜਾਊਂਗਾ...।”
ਉਹ ਗਾਲ਼ਾਂ ਕੱਢਦਾ, ਗੰਡਾਸੀ ਚੱਕ ਕੇ ਮਕਾਨ ਦੀਆਂ ਪੌੜੀਆਂ ਉਤਰਨ ਦੀ ਬਜਾਏ, ਛਾਲ ਮਾਰ
ਕੇ ਬੜੇ ਦਰਵਾਜ਼ੇ ਵੱਲ ਨੂੰ ਦੌੜਿਆ। ਬਚਿੰਤ ਸਿੰਘ ਦੇ ਦੋ ਕਾਮੇ ਜੱਗੂ ਅਤੇ ਜਾਗਰ ਵੀ
ਉਹਦੇ ਮਗਰ ਦੌੜੇ। ਬਚਿੰਤ ਸਿੰਘ ਦੇ ਸ਼ਰੀਕੇ ’ਚੋਂ ਦੋ ਹੋਰ ਜਵਾਨ, ਸਰਦਾਰਾ ਤੇ ਬਚਨ ਵੀ
ਆ ਗਏ। ਉਹਨੇ ਆਪਣੀ ਕਿਰਪਾਨ ਬਚਨ ਨੂੰ ਫੜਾਉਦਿਆਂ ਕਿਹਾ, “ਤੂੰ ਫੜ ਲੈ, ਜ਼ਰੂਰਤ ਪਈ
ਤਾਂ ਮੈਨੂੰ ਦੇ ਦੇਈਂ। ਸਰਦਾਰੇ, ਤੂੰ ਉਸ ਕੋਨੇ ’ਚੋਂ ਬਰਛਾ ਚੁੱਕ ਲਿਆ,” ਬਚਿੰਤ ਸਿੰਘ
ਨੇ ਇਸ਼ਾਰਾ ਕਰਦਿਆਂ ਕਿਹਾ। ਫਿਰ ਉਹਨਾਂ ਦੋਨਾਂ ਨੂੰ ਪੁੱਛਿਆ, “ਜਗਤ ਸਿੰਘ ਕਿੱਥੇ ਹੈ?”
“ਉਹ ਜੱਗੂ ਅਤੇ ਜਾਗਰ ਨਾਲ਼ ਪਹਿਲਾਂ ਹੀ ਚਲੇ ਗਿਆ ਹੈ।” ਬਚਿੰਤ ਸਿੰਘ ਦੀਆਂ ਅੱਖਾਂ
ਵਿਚੋਂ ਅੰਗਿਆਰ ਨਿਕਲ ਰਹੇ ਸਨ। ਉਸ ਨੇ ਸਰਦਾਰੇ ਤੇ ਬਚਨ ਨੂੰ ਕਿਹਾ, “ਚਾਦਰਾਂ ਲੈ ਕੇ
ਸਿਰਾਂ ਤੇ ਮੜਾਸੇ ਬੰਨ ਲਉ। ਪਤਾ ਨਹੀਂ ਅੱਜ ਸ਼ਾਮਲਾਟ ਵਿਚ ਕੀ ਹੋ ਜਾਵੇ।” ਅਤੇ ਉਹ
ਉਹਨਾਂ ਦੋਨਾਂ ਨਾਲ਼ ਸ਼ਾਮਲਾਟ ਵੱਲ ਨੂੰ ਦੌੜ ਗਿਆ।
ਨੱਥਾ ਸਿੰਘ ਦੇ ਤਬੇਲੇ ਦੇ ਸਾਹਮਣੇ ਖੜ੍ਹਾ ਜਗਤ ਸਿੰਘ ਉਹਨਾਂ ਨੂੰ ਮੋਟੀਆਂ ਮੋਟੀਆਂ
ਗਾਲ਼ਾਂ ਕੱਢਦਾ ਲਲਕਾਰ ਰਿਹਾ ਸੀ। ਕਈ ਬੰਦੇ ਉਸ ਨੂੰ ਸ਼ਾਂਤ ਕਰਨ ਅਤੇ ਕਾਬੂ ਵਿਚ ਰੱਖਣ
ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਹੱਥ ਪੈਰ ਮਾਰਦਾ ਉਹਨਾਂ ਦੇ ਜੱਫੇ ਵਿਚੋਂ ਨਿਕਲਣ ਲਈ
ਬੇਤਾਬ ਹੋ ਰਿਹਾ ਸੀ। ਬਚਿੰਤ ਸਿੰਘ ਉਹਦੇ ਕੋਲ਼ ਜਾ ਕੇ ਬੋਲਿਆ, “ਜਗਤ ਸਿੰਹਾਂ, ਕਰਤਾਰ
ਨੂੰ ਵੀ ਦੇਖੋ। ਇਹਨਾਂ ਨਾਲ਼ ਤਾਂ ਬਾਅਦ ਵਿਚ ਵੀ ਨਿਪਟ ਲਵਾਂਗੇ। ਪਹਿਲਾਂ ਉਸ ਨੂੰ
ਸੰਭਾਲੋ।”
ਬਚਿੰਤ ਸਿੰਘ ਉਸ ਦਾ ਹੱਥ ਫੜੀ ਨੱਥਾ ਸਿੰਘ ਦੇ ਤਬੇਲੇ ਦੇ ਉੱਪਰ ਦੀਂ ਹੋ ਕੇ ਸ਼ਾਮਲਾਟ
ਵੱਲ ਨੂੰ ਆ ਗਿਆ। ਸਰਦਾਰਾ, ਜੱਗੂ, ਜਾਗਰ ਅਤੇ ਬਚਨ ਵੀ ਉਹਨਾਂ ਦੇ ਪਿੱਛੇ ਪਿੱਛੇ ਆ
ਗਏ। ਜਗਤ ਸਿੰਘ ਅਜੇ ਵੀ ਚੀਕ ਰਿਹਾ ਸੀ, “ਚੂਹੇ ਵਾਂਗ ਅੰਦਰ ਕਿਉਂ ਡਰੇ ਬੈਠੇ ਹੋ? ਮਰਦ
ਆਂ ਤਾਂ ਬਾਹਰ ਆਵੋ।”
ਬਚਿੰਤ ਸਿੰਘ ਕਾਹਲ਼ੀ ਕਾਹਲ਼ੀ ਤੁਰਦਾ, ਜਗਤ ਸਿੰਘ ਨੂੰ ਨਾਲ਼ ਲਈ ਗੋਹੇ ਦੇ ਢੇਰਾਂ ਨੂੰ
ਮਿੱਧਦਾ ਹੋਇਆ ਸ਼ਾਮਲਾਟ ਵਿਚ ਪਹੁੰਚ ਗਿਆ। ਉਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਭੀੜ ਵਿਚ
ਕੁਛ ਹਲਚਲ ਹੋਈ। ਬਚਿੰਤ ਸਿੰਘ ਅਤੇ ਜਗਤ ਸਿੰਘ ਦੌੜ ਕੇ ਗਾਹਾਂ ਲੰਘ ਗਏ।
ਬਚਿੰਤ ਸਿੰਘ ਨੇ ਕਰਤਾਰ ਦਾ ਸਿਰ ਚੁੱਕ ਕੇ ਆਪਣੇ ਪੱਟਾਂ ’ਤੇ ਰੱਖ ਲਿਆ। ਉਸ ਦੇ ਕੰਨ,
ਗੱਲ੍ਹਾਂ ਮੂੰਹ ਅਤੇ ਠੋਡੀ ਲਹੂ ਨਾਲ਼ ਲੱਥ ਪੱਥ ਹੋਏ ਪਏ ਸਨ। ਬਚਿੰਤ ਸਿੰਘ ਨੇ ਉਸ ਨੂੰ
ਬੁਲਾਇਆ ਤਾਂ ਕਰਤਾਰ ਨੇ ਜ਼ੋਰ ਲਾ ਕੇ ਆਪਣੀਆਂ ਅੱਖਾਂ ਖੋਹਲੀਆਂ ਅਤੇ ਡੌਰ ਭੌਰ ਹੋਏ ਨੇ
ਉਨ੍ਹਾਂ ਦੋਵਾਂ ਵੱਲ ਦੇਖਿਆ। ਬਚਿੰਤ ਸਿੰਘ ਦੇ ਅੰਦਰ ਉਬਾਲ ਜਿਹਾ ਉਠਿਆ। ਜਗਤ ਸਿੰਘ
ਤਾਂ ਜਿਵੇਂ ਆਪਣੇ ਆਪ ਨੂੰ ਭੁੱਲ ਹੀ ਗਿਆ। ਕਰਤਾਰ ਨੇ ਦੋਨਾਂ ਵੱਲ ਦੇਖਦਿਆਂ ਬਹੁਤ
ਕਮਜ਼ੋਰ ਅਵਾਜ਼ ਵਿਚ ਕਿਹਾ, “ਪਿਆਰੂ ਅਤੇ ਠਾਕਰ ਨੇ ਘੇਰ ਕੇ ਮਾਰਿਆ ਹੈ।” ਫਿਰ ਉਹ
ਸਖ਼ਤ ਅਵਾਜ਼ ਵਿਚ ਬੋਲਿਆ, “ਜੇ ਮੈਂ ਬਚ ਗਿਆ ਤਾਂ ਇਕ ਇਕ ਦੀ ਛਾਤੀ ਤੇ ਬੈਠ ਕੇ ਬਦਲਾ
ਲਊਂਗਾ। ਜੇ ਮਰ ਗਿਆ...”
ਕਰਤਾਰ ਦੇ ਇਹ ਲਫ਼ਜ ਸੁਣ ਕੇ ਬਚਿੰਤ ਸਿੰਘ ਦਾ ਬੜੀ ਮੁਸ਼ਕਲ ਨਾਲ਼ ਬਣਾ ਕੇ ਰੱਖਿਆ
ਹੌਸਲਾ ਟੁੱਟ ਗਿਆ। ਲਹੂ ਲੁਹਾਨ ਹੋਇਆ ਕਰਤਾਰ ਜਿਵੇਂ ਆਖਰੀ ਵਸੀਅਤ ਬਣਾ ਰਿਹਾ ਹੋਵੇ।
“ਅੱਜ ਇਥੋਂ ਜਾਂ ਸਾਡੀਆਂ ਲਾਸ਼ਾਂ ਉੱਠਣਗੀਆਂ ਜਾਂ ਉਹਨਾਂ ਦੀਆਂ।” ਬਚਿੰਤ ਸਿੰਘ ਨੇ ਬਚਨ
ਤੋਂ ਕਿਰਪਾਨ ਲੈ ਲਈ। ਜਗਤ ਸਿੰਘ, ਨੱਥਾ ਸਿੰਘ ਕੇ ਤਬੇਲੇ ਵੱਲ ਨੂੰ ਦੌੜ ਗਿਆ ਅਤੇ ਕੰਧ
ਉੱਪਰ ਚੜ੍ਹਨ ਲੱਗਾ। ਬਚਿੰਤ ਸਿੰਘ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ ਥੱਲੇ ਘਸੀਟ ਲਿਆ।
ਉਹ ਤਬੇਲੇ ਦੇ ਫਾਟਕ ਮੋਹਰੇ ਖੜ੍ਹੇ ਹੋ ਕੇ ਉਹਨਾਂ ਨੂੰ ਲਲਕਾਰਨ ਲੱਗੇ।
ਨੱਥਾ ਸਿੰਘ ਦੀ ਮਾਂ ਅਤੇ ਠਾਕਰ, ਪਿਆਰੂ, ਰਾਜੂ ਅਤੇ ਬੀਰ ਦੀ ਦਾਦੀ ਠਾਕਰੀ ਨੂੰ ਜਦ
ਲੜਾਈ ਦਾ ਪਤਾ ਲੱਗਾ ਤਾਂ ਉਹ ਖੁੰਡੀ ਫੜੀ ’ਤੇ ਵਿਰਲਾਪ ਕਰਦੀ ਤਬੇਲੇ ਨੂੰ ਆ ਗਈ। ਉਸ
ਦਾ ਸਾਰਾ ਸਰੀਰ ਕੰਬ ਰਿਹਾ ਸੀ। ਚੇਹਰੇ ਦੀਆਂ ਝੁਰੜੀਆਂ ਰੋ ਰੋ ਕੇ ਗਿੱਲੀਆਂ ਹੋ ਗਈਆਂ
ਸਨ। ਜਗਤ ਸਿੰਘ ਨੇ ਉਸ ਨੂੰ ਦੇਖਿਆ, ਪਰ ਉਸ ਨੂੰ ਕੁੱਝ ਕਹਿਣ ਦੀ ਬਜਾਏ ਉਸ ਦੇ ਰਾਹ
’ਚੋਂ ਪਰੇ ਹੁੰਦਾ ਬੋਲਿਆ, “ਜਾ ਮਾਈ, ਅੰਦਰ ਚਲੀ ਜਾ! ਤੇਰੇ ਪੁੱਤਾਂ ਤੇ ਪੋਤਿਆਂ ਨੇ
ਕਰਤਾਰ ਦਾ ਖੂਨ ਕੀਤਾ ਹੈ। ਉਹਨਾਂ ਨੂੰ ਇਹ ਕਹਿ ਦੇ ਕਿ ਜੇ ਜੱਟ ਦੀ ਔਲਾਦ ਹਨ ਤਾਂ
ਬਾਹਰ ਆ ਕੇ ਮਰਦਾਂ ਵਾਂਗ ਲੜਨ। ਜੇ ਕਿਸੇ ਕੰਮੀ ਦੀ ਔਲਾਦ ਹਨ ਤਾਂ ਮੈਂ ਉਹਨਾਂ ਨੂੰ
ਕੁੱਤੇ ਦੀ ਮੌਤ ਮਾਰੂੰਗਾ।”
“ਉਹ ਰੋਂਦੀ ਹੋਈ ਬੋਲੀ, ਪੁੱਤੋ, ਲੜੋ ਨਾ। ਮੈਨੂੰ ਬੁੜੀ ਨੂੰ ਮਾਰ ਕੇ ਆਪਣਾ ਗੁੱਸਾ
ਠੰਡਾ ਕਰ ਲਉ।” ਉਹ ਬਚਿੰਤ ਸਿੰਘ ਦੇ ਪੈਰਾਂ ਵੱਲ ਨੂੰ ਝੁੱਕ ਗਈ।
“ਨਾ ਮਾਈ, ਤੂੰ ਇਹ ਕੀ ਕਰ ਰਹੀ ਆਂ? ਤੂੰ ਸਾਡੀ ਮਾਂ ਦੇ ਬਰਾਬਰ ਹੈਂ। ਜਾ, ਅੰਦਰ ਜਾ
ਕੇ ਆਪਣੇ ਪੁੱਤਾਂ ਤੇ ਪੋਤਿਆਂ ਨੂੰ ਬਾਹਰ ਭੇਜ।”
ਮਾਈ ਤਬੇਲੇ ਦੇ ਬੰਦ ਫਾਟਕ ਦੇ ਬਾਹਰ ਬੈਠ ਕੇ ਹਾਕਾਂ ਮਾਰਨ ਲੱਗੀ, “ਵੇ ਪੁੱਤਰੋ, ਬਾਹਰ
ਨਾ ਨਿਕਲਿਓ। ਬੂਹਾ ਨਾ ਖੋਲਿਓ।” ਉਹ ਬੂਹੇ ਨਾਲ਼ ਪਿੱਠ ਲਾ ਕੇ ਬੈਠ ਗਈ। ਡਰ ਦੇ ਮਾਰੇ
ਉਸ ਦੀ ਘਿੱਗੀ ਬੱਝ ਗਈ ਸੀ।
ਇਕੱਠੇ ਹੋਏ ਲੋਕ ਕਾਫੀ ਦੂਰ ਹੱਟ ਕੇ ਖੜ੍ਹੇ ਸਨ। ਕਿਸੇ ਵਿਚ ਐਨਾ ਹੌਸਲਾ ਨਹੀਂ ਸੀ ਕਿ
ਨੇੜੇ ਜਾ ਕੇ ਉਹਨਾਂ ਨੂੰ ਸਮਝਾ ਸਕਣ।
ਬਚਿੰਤ ਸਿੰਘ ਨੇ ਗੁੱਸੇ ਵਿਚ ਵੀ ਹੋਸ਼ ਨਹੀਂ ਗੁਆਏ ਸਨ। ਉਹ ਆਪਣੇ ਹੱਥ ਵਿਚ ਕਿਰਪਾਨ
ਦੇਖ ਕੇ ਸੋਚਣ ਲੱਗਾ ਕਿ ਜੇ ਉਹ ਵੀ ਲੜਾਈ ਵਿਚ ਫਸ ਗਿਆ ਤਾਂ ਮੁਕੱਦਮਾ ਕੌਣ ਲੜੇਗਾ।
ਇਹਨਾਂ ਤੋਂ ਬਾਅਦ ਵਿਚ ਬਦਲਾ ਕੌਣ ਲਵੇਗਾ! ਉਸ ਨੂੰ ਆਪਣੇ ਗੁੱਸੇ ਤੇ ਨਫ਼ਰਤ ਨੂੰ ਪੱਥਰ
ਬਣਾ ਕੇ ਸੀਨੇ ਵਿਚ ਛੁਪਾ ਲੈਣਾ ਚਾਹੀਦਾ, ਤਾਂ ਕਿ ਉਸ ਨੂੰ ਹਮੇਸ਼ਾਂ ਯਾਦ ਰਹੇ ਕਿ
ਉਹਨਾਂ ਤੋਂ ਬਦਲਾ ਲੈਣਾ ਹੈ। ਬਚਿੰਤ ਸਿੰਘ ਨੇ ਆਪਣੀ ਕਿਰਪਾਨ ਬਚਨ ਨੂੰ ਦੇ ਦਿੱਤੀ,
ਤਹਿਮਤ ਨੂੰ ਢਿੱਲਾ ਛੱਡ ਅਤੇ ਕੁੜਤੇ ਦੀਆਂ ਬਾਹਾਂ ਥੱਲੇ ਨੂੰ ਕਰਕੇ, ਜ਼ਰਾ ਪਿੱਛੇ ਹੋ
ਕੇ ਖੜ੍ਹ ਗਿਆ ਜਿਵੇਂ ਇਸ ਝਗੜੇ ਨਾਲ਼ ਉਸ ਦਾ ਕੋਈ ਸਬੰਧ ਨਾ ਹੋਵੇ।
ਜਗਤ ਸਿੰਘ ਦੀਆਂ ਗਾਲ਼ਾਂ, ਠਾਕਰ, ਰਾਜੂ ਅਤੇ ਪਿਆਰੂ ਦੇ ਆਤਮ-ਸਨਮਾਨ ’ਤੇ ਹਥੌੜੇ ਦਾ
ਕੰਮ ਕਰ ਰਹੀਆਂ ਸਨ।
“ਜਦ ਗਿਆਰਾਂ ਸਾਲ ਪਹਿਲਾਂ ਝਗੜਾ ਹੋਇਆ ਸੀ, ਜੇ ਉਸ ਸਮੇਂ ਆਖਰੀ ਫੈਸਲਾ ਕਰ ਲਿਆ ਹੁੰਦਾ
ਤਾਂ ਪਿਛਲੇ ਸਾਲ ਸਾਡੀ ਫਸਲ ਨੂੰ ਅੱਗ ਨਾ ਲੱਗਦੀ। ਅੱਜ ਸ਼ਾਮਲਾਟ ਵਿਚ ਕਰਤਾਰ ਇਸ
ਤਰ੍ਹਾਂ ਨਾ ਆਉਂਦਾ। ਅੱਜ ਫੈਸਲਾ ਹੋ ਹੀ ਜਾਏ। ਚਲੋ ਪਿਆਰੂ ਤੇ ਰਾਜੂ, ਤਿਆਰ ਹੋ ਜਾਉ!
ਮੜ੍ਹਾਸਾ ਬੰਨ੍ਹ ਲਉ।” ਠਾਕਰ ਨੇ ਆਪਣੇ ਹੱਥ ਦੇ ਬਰਛੇ ਨੂੰ ਦੇਖਦੇ ਹੋਏ ਕਿਹਾ। ਉਹਨਾਂ
ਦਾ ਪਿਉ ਨੱਥਾ ਸਿੰਘ ਉਨ੍ਹਾਂ ਨੂੰ ਰੋਕ ਰਿਹਾ ਸੀ। ਉਹ ਉਸ ਅਵਸਥਾ ਵਿਚ ਪਹੁੰਚ ਚੁੱਕਾ
ਸੀ, ਜਿੱਥੇ ਇਸ ਸੰਸਾਰ ਦੀ ਹਰ ਚੀਜ਼ ਨਾਲ਼ ਬਹੁਤ ਮੋਹ ਹੋ ਜਾਂਦਾ ਹੈ। ਹਾਦਸੇ,
ਖੁਰਦਰੀਆਂ ਅਤੇ ਅੱਖੜ ਤਬੀਅਤਾਂ ਨੂੰ ਵੀ ਨਰਮ ਕਰ ਦਿੰਦੇ ਹਨ।
“ਇੱਜ਼ਤ ਗਈ ਤਾਂ ਸਭ ਕੁੱਝ ਗਿਆ। ਇਸ ਦੇਹ ਨੇ ਆਖਰ ਇਕ ਦਿਨ ਮਿੱਟੀ ਵਿਚ ਰਲਣਾ ਹੀ ਹੈ।”
ਪਿਆਰੂ ਨੇ ਕਿਰਪਾਨ ਦੀ ਧਾਰ ਨੂੰ ਦੇਖਦੇ ਹੋਏ ਕਿਹਾ।
ਬਾਹਰ ਜਗਤ ਸਿੰਘ ਨੇ ਉਹਨਾਂ ਨੂੰ ਗਾਲ਼ ਕੱਢੀ। “ਤੁਹਾਨੂੰ ਜੰਮਣ ਵਾਲੀ ਨੂੰ ਸੱਥ ਵਿਚ
ਕੰਮੀਆਂ ਦੇ ਸਾਹਮਣੇ ਨੰਗੀ ਨਚਵਾਊਂਗਾ।”
“ਕੀ ਤੂੰ ਅਜੇ ਵੀ ਨਹੀਂ ਜਾਣ ਦੇਵੇਂਗਾ?” ਠਾਕਰ ਅਤੇ ਪਿਆਰੂ ਨੇ ਆਪਣੇ ਪਿਉ ਨੂੰ ਕਿਹਾ।
ਉਹ ਦੌੜ ਕੇ ਖਿੜਕੀ ਵੱਲ ਨੂੰ ਹੋਏ, ਤਾਂ ਕਿ ਇਹ ਦੇਖ ਸਕਣ ਕਿ ਜਗਤ ਸਿੰਘ ਦੇ ਨਾਲ਼ ਹੋਰ
ਕੌਣ-ਕੌਣ ਹੈ।
ਉਹਨਾਂ ਨੇ ਦੂਰ, ਬੜੇ ਰਾਹ ’ਤੇ ਆਪਣੇ ਛੋਟੇ ਭਰਾ ਦਰਸ਼ਨ ਨੂੰ ਸਿਰ ’ਤੇ ਚਾਰੇ ਦੀ ਪੰਡ
ਚੁੱਕੀ ਆਉਂਦਾ ਦੇਖਿਆ। ਹੁਣ ਤੱਕ ਉਨ੍ਹਾਂ ਨੂੰ ਦਰਸ਼ਨ ਦਾ ਖਿਆਲ ਹੀ ਨਹੀਂ ਸੀ ਆਇਆ।
ਦਰਸ਼ਨ ਪੰਦਰਾਂ-ਸੋਲ਼ਾਂ ਸਾਲਾਂ ਦਾ ਅਜੇ ਚੜ੍ਹਦੀ ਜੁਆਨੀ ਵਿਚ ਸੀ। ਉਸ ਦੇ ਮੁੱਛ ਫੁੱਟ
ਰਹੀ ਸੀ ਅਤੇ ਉਸ ’ਤੇ ਦਿਨੋਂ ਦਿਨ ਨਿਖਾਰ ਆ ਰਿਹਾ ਸੀ।
“ਬਾਪੂ, ਉਹਨਾਂ ਨੇ ਦਰਸ਼ਨ ਨੂੰ ਘੇਰ ਲੈਣਾ ਹੈ। ਉਹ ਚਾਰੇ ਦੀ ਪੰਡ ਲਈ ਤਬੇਲੇ ਵੱਲ ਨੂੰ
ਆ ਰਿਹਾ ਹੈ।”
ਦਰਸ਼ਨ ਨੂੰ ਸ਼ਾਮਲਾਟ ਵੱਲ ਨੂੰ ਮੁੜਦਾ ਦੇਖ ਕੇ ਠਾਕਰ ਫਾਟਕ ਵੱਲ ਨੂੰ ਵਧਿਆ। ਪਿਆਰੂ ਤੇ
ਰਾਜੂ ਉਸ ਦੇ ਪਿੱਛੇ ਦੌੜੇ। ਨੱਥਾ ਸਿੰਘ ਵੀ ਆਪਣੀ ਉਮਰ ਭੁੱਲ ਗਿਆ ਅਤੇ ਗੰਡਾਸੀ ਚੁੱਕ
ਕੇ ਉਹਨਾਂ ਦੇ ਪਿੱਛੇ ਦੌੜਿਆ। ਜਗਤ ਸਿੰਘ ਉਹਨਾਂ ਨੂੰ ਬਾਹਰ ਨਿਕਲਦਾ ਦੇਖ ਕੇ ਜੱਗੂ
ਅਤੇ ਜਾਗਰ ਨੂੰ ਹਾਕਾਂ ਮਾਰਨ ਲੱਗਾ। ਦੂਰ ਖੜ੍ਹੇ ਲੋਕ ਹੋਰ ਵੀ ਪਿੱਛੇ ਹੱਟ ਗਏ।
ਸੱਤਾਂ ਆਦਮੀਆਂ ਦੀਆਂ ਅਵਾਜ਼ਾਂ ਇਸ ਤਰ੍ਹਾਂ ਗੂੰਜੀਆਂ ਜਿਵੇਂ ਮੌਤ ਨੇ ਆਪ ਹਾਕਾਂ
ਮਾਰੀਆਂ ਹੋਣ। ਅੱਖ ਝਮਕਦਿਆਂ ਹੀ ਕਿਰਪਾਨਾਂ ਵੱਜਣ ਲੱਗੀਆਂ। ਗੰਡਾਸੀਆਂ ਅਤੇ ਬਰਛੇ
ਵਰ੍ਹਣ ਲੱਗੇ। ਉਹ ਇਕ ਦੂਸਰੇ ਤੇ ਇਸ ਤਰ੍ਹਾਂ ਵਾਰ ਕਰਨ ਲੱਗੇ ਜਿਵੇਂ ਮੱਕੀ ਕੁੱਟ ਰਹੇ
ਹੋਣ। ਜਗਤ ਸਿੰਘ ਦੀ ਗੰਡਾਸੀ ਠਾਕਰ ਦੇ ਬਰਛੇ ਵਿਚ ਵੱਜ ਕੇ ਟੁੱਟੀ ਤਾਂ ਇਸ ਤਰ੍ਹਾਂ
ਅਵਾਜ਼ ਆਈ ਜਿਵੇਂ ਪਾਣੀ ਵਿਚ ਝੀਂਗਰ ਬੋਲਿਆ ਹੋਵੇ। ਬਚਿੰਤ ਸਿੰਘ ਉਸ ਵੱਲ ਨੂੰ ਵਧਿਆ
ਪਰ ਫਿਰ ਰੁਕ ਗਿਆ। ਜਗਤ ਸਿੰਘ ਨੇ ਦੌੜ ਕੇ ਟੁੱਟੀ ਹੋਈ ਗੰਡਾਸੀ ਚੁੱਕਣੀ ਚਾਹੀ, ਪਰ ਇਸ
ਤੋਂ ਪਹਿਲਾਂ ਹੀ ਪਿਆਰੂ ਦੀ ਗੰਡਾਸੀ ਉਸ ਦੇ ਸਿਰ ਵਿਚ ਆ ਵੱਜੀ ਅਤੇ ਚਾਦਰ ਦੇ ਮੜ੍ਹਾਸੇ
ਨੂੰ ਚੀਰਦੀ ਹੋਈ ਉਸ ਦੇ ਸਿਰ ਤੱਕ ਜਾ ਪਹੁੰਚੀ।
ਕੁੱਝ ਪਲਾਂ ’ਚ ਹੀ ਜਗਤ ਸਿੰਘ ਦੇ ਸਿਰ ਦੇ ਪਿਛਲੇ ਵਾਲ਼ ਲਾਲ ਹੋ ਗਏ। ਜਾਗਰ ਨੇ ਪਿਆਰੂ
ਦੇ ਪਿੱਛਿਓਂ ਬਰਛਾ ਮਾਰ ਕੇ ਉਸ ਨੂੰ ਜਮੀਨ ’ਤੇ ਵਿਛਾ ਦਿੱਤਾ। ਦੂਜੇ ਹੀ ਪੱਲ ਠਾਕਰ ਦਾ
ਬਰਛਾ ਜਾਗਰ ਦੇ ਮੋਢਿਆਂ ’ਤੇ ਵੱਜਾ ਤੇ ਨਾਲ਼ ਹੀ ਰਾਜੂ ਨੇ ਬਰਛਾ ਉਸ ਦੇ ਸਿਰ ਵਿਚ
ਮਾਰਿਆ। ਉਹ ਚੀਕਾਂ ਮਾਰਦਾ ਥੱਲੇ ਡਿੱਗ ਪਿਆ। ਜਗਤ ਸਿੰਘ ਜ਼ੋਰ ਲਾ ਕੇ ਉੱਠਿਆ। ਉਸ ਨੇ
ਜੱਗੂ ਤੋਂ ਗੰਡਾਸੀ ਫੜੀ ਅਤੇ ਠਾਕਰ ਦਾ ਸਿਰ ਚੀਰ ਕੇ ਉਸ ਨੂੰ ਢੇਰੀ ਕਰ ਦਿੱਤਾ।
ਗੰਡਾਸੀ ਨੂੰ ਲਾਲ ਹੋਈ ਦੇਖ ਕੇ ਉਸ ਨੂੰ ਬੜਾ ਸੰਤੋਖ ਮਹਿਸੂਸ ਹੋਇਆ। ਉਸ ਨੇ ਠਾਕਰ ’ਤੇ
ਇਕ ਵਾਰ ਹੋਰ ਕੀਤਾ, ਪਰ ਰਾਜੂ ਨੇ ਉਹਨੂੰ ਆਪਣੇ ਬਰਛੇ ਨਾਲ਼ ਰੋਕ ਲਿਆ ਅਤੇ ਗੰਡਾਸੀ ਦੇ
ਹੱਥੇ ਦੇ ਦੋ ਟੁੱਕੜੇ ਹੋ ਗਏ। ਜਗਤ ਸਿੰਘ ਜਾਗਰ ਦੇ ਬਰਛੇ ਨੂੰ ਚੁੱਕਣ ਲਈ ਝੁੱਕਿਆ ਤਾਂ
ਰਾਜੂ ਨੇ ਬਰਛਾ ਪੂਰੇ ਜ਼ੋਰ ਨਾਲ਼ ਘੁਮਾ ਕੇ ਜਗਤ ਸਿੰਘ ’ਤੇ ਵਾਰ ਕਰ ਦਿੱਤਾ। ਜਗਤ
ਸਿੰਘ ਜ਼ਮੀਨ ’ਤੇ ਢਹਿ ਢੇਰੀ ਹੋ ਗਿਆ ਤੇ ਦਰਦ ਨਾਲ਼ ਤੜਫ਼ਣ ਲੱਗਾ। ਉਸ ਨੇ ਹੱਥ ਵਧਾ
ਕੇ ਟੁੱਟਾ ਹੋਇਆ ਬਰਛਾ ਚੁੱਕਿਆ ਤੇ ਪੂਰੇ ਜ਼ੋਰ ਨਾਲ਼ ਘੁਮਾ ਕੇ ਰਾਜੂ ਵੱਲ ਨੂੰ ਸਿੱਟ
ਦਿੱਤਾ। ਬਰਛਾ ਸਿੱਧਾ ਜਾ ਕੇ ਰਾਜੂ ਦੇ ਪੱਟ ਵਿਚ ਵੱਜਾ ਤੇ ਉਹ ਥਾਂ ਹੀ ਡਿੱਗ ਪਿਆ।
ਛੇ ਜਣਿਆਂ ਨੂੰ ਖੂਨ ਵਿਚ ਲੱਥ ਪੱਥ ਦੇਖ ਕੇ ਲੋਕਾਂ ਦੇ ਹੌਸਲੇ ਢਹਿ ਗਏ। ਗੁੱਸੇ ਦੀ
ਥਾਂ ਹੁਣ ਡਰ ਨੇ ਲੈ ਲਈ ਸੀ। ਲੜਾਈ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਮੁੱਕ ਗਈ
ਸੀ। ਪਰ ਇਸ ਨੇ ਸਭ ਦੇ ਸਾਹ ਸੂਤ ਲਏ ਸਨ। ਜਗਤ ਸਿੰਘ ਇਕ ਪਾਸੇ ਪਿਆ ਮਰ ਰਹੇ ਝੋਟੇ
ਵਾਂਗ ਅੱਡੀਆਂ ਰਗੜ ਰਿਹਾ ਸੀ। ਜਾਗਰ, ਪਿਆਰੂ ਅਤੇ ਠਾਕਰ ਦੇ ਅਧਖੁੱਲੇ ਮੂੰਹ ਜਿਵੇਂ
ਧਰਤੀ ਨੂੰ ਚੁੰਮ ਰਹੇ ਹੋਣ। ਉਹਨਾਂ ਦੇ ਸਰੀਰਾਂ ’ਚੋਂ ਗਰਮ ਖੂਨ ਵਹਿ ਕੇ ਜ਼ਮੀਨ ਨੂੰ
ਸਿੰਜ ਰਿਹਾ ਸੀ। ਸ਼ਾਮਲਾਟ ਵਿਚ ਅੱਧਮਰੇ ਲੋਕ, ਚੀਕਾਂ, ਖੂਨ ਨਾਲ਼ ਲਿਬੜੇ ਹਥਿਆਰ ਅਤੇ
ਮੱਖੀਆਂ ਦਾ ਬਹੁਤ ਬੜਾ ਹਜੂਮ ਸੀ ਜੋ ਗੋਹੇ ਦੇ ਢੇਰ ਤੋਂ ਉੱਠ ਕੇ ਉਥੇ ਇਕੱਠੀਆਂ ਹੋ
ਗਈਆਂ ਸਨ।
“ਪਾਈਂ!” ਜਗਤ ਸਿੰਘ ਦੀ ਕਮਜ਼ੋਰ ਅਵਾਜ਼ ਆਈ।
“ਪਾਈਂ!” ਠਾਕਰ ਤੜਫ਼ਦਾ ਹੋਇਆ ਤਰਲੇ ਕਰਨ ਲੱਗਾ।
ਕੁੱਝ ਮਿੰਟ ਪਹਿਲਾਂ ਉਹ ਨਗਾਰੇ ਵਾਂਗੂ ਗਰਜ ਰਹੇ ਸਨ ਪਰ ਹੁਣ ਪਾਣੀ ਵੀ ਠੀਕ ਤਰ੍ਹਾਂ
ਨਹੀਂ ਮੰਗ ਸਕਦੇ ਸਨ। ਜਗਤ ਸਿੰਘ ਨੇ ਖਰਰ-ਖਰਰ ਦੀ ਅਵਾਜ਼ ਕਰਦਿਆਂ, ਪਾਣੀ, ਮਸੀਂ ਸੰਘ
ਤੋਂ ਥੱਲੇ ਉਤਾਰਿਆ।
ਥੋੜ੍ਹੀ ਦੇਰ ਬਾਅਦ ਹੀ ਦੋਨਾਂ ਘਰਾਂ ਦੀਆਂ ਔਰਤਾਂ ਰੋਂਦੀਆਂ, ਪਿੱਟਦੀਆਂ ਅਤੇ ਵਿਰਲਾਪ
ਕਰਦੀਆਂ ਉਥੇ ਆ ਗਈਆਂ। ਦੁੱਖ ਦੀ ਸ਼ਿਦਤ ਨੇ ਉਹਨਾਂ ਦੇ ਅੰਦਰ ਦੀ ਨਫ਼ਰਤ ਨੂੰ ਦਬਾ
ਦਿੱਤਾ ਸੀ ਅਤੇ ਉਹ ਇਕ ਦੂਸਰੇ ਨੂੰ ਗਾਲ਼ਾਂ ਕੱਢਣ ਦੀ ਬਜਾਏ ਆਪੋ ਆਪਣਿਆਂ ਨੂੰ ਰੋ
ਰਹੀਆਂ ਸਨ।
ਜਗਤ ਸਿੰਘ ਦੀ ਪਤਨੀ ਅਤੇ ਕਰਤਾਰ ਦੀ ਮਾਂ ਜਸਵੰਤ ਕੌਰ ਦੂਰ ਤੋਂ ਹੀ ਛਾਤੀ ਪਿੱਟਦੀ ਆਈ।
ਆਪਣੇ ਪਤੀ ਅਤੇ ਪੁੱਤਰ ਨੂੰ ਲਹੂ ਨਾਲ਼ ਲੱਥ ਪੱਥ ਦੇਖ ਕੇ ਵਿਰਲਾਪ ਕਰਦੀ ਹੋਈ, ਜ਼ੋਰ
ਜ਼ੋਰ ਨਾਲ਼ ਆਪਣੇ ਵਾਲ਼ ਪੱਟਣ ਲੱਗੀ। ਉਹਨੂੰ ਦੇਖ ਕੇ, ਆਪਣੇ ਜ਼ਖ਼ਮੀ ਪੁੱਤਾਂ ਦੇ
ਮੂੰਹ ਵਿਚ ਪਾਣੀ ਪਾਉਂਦਾ ਹੋਇਆ ਨੱਥਾ ਸਿੰਘ ਸਿੱਧਾ ਖੜ੍ਹਾ ਹੋ ਗਿਆ।
“ਇਹੀ ਕਮਜ਼ਾਤ ਇਸ ਸਾਰੇ ਫ਼ਸਾਦ ਦੀ ਜੜ੍ਹ ਆ। ਇਹਦੇ ਕਰਕੇ ਹੀ ਅੱਜ ਦੂਜੀ ਵਾਰ ਖੂਨ ਹੋਏ
ਹਨ।” ਸੋਚਦਾ ਸੋਚਦਾ ਨੱਥਾ ਸਿੰਘ ਗੁੱਸੇ ਨਾਲ਼ ਪਾਗਲ ਹੋ ਗਿਆ। ਉਹ ਆਪਣੀ ਕਿਰਪਾਨ ਚੁੱਕ
ਕੇ ਜਸਵੰਤ ਕੌਰ ਨੂੰ ਬਹੁਤ ਗੰਦੀਆਂ ਗਾਲ਼ਾਂ ਕੱਢਦਾ, ਉਹਦੀ ਵੱਲ ਨੂੰ ਦੌੜਿਆ, “ਏਸ
ਕੰਜਰੀ ਨੂੰ ਮੈਂ ਲੱਤਾਂ ਤੋਂ ਚੀਰ ਕੇ ਦੋ ਟੋਟੇ ਕਰ ਦੇਣੇ ਹਨ। ਇਹਦੀ ਬੋਟੀ ਬੋਟੀ ਕਰ
ਕੇ ਕੁੱਤਿਆਂ ਤੇ ਕਾਵਾਂ ਨੂੰ ਖਲਾਊਂਗਾ।”
“ਪਾਗਲ ਹੋ ਗਿਆਂ?” ਨੱਥਾ ਸਿੰਘ ਦੇ ਚਾਚੇ ਦੇ ਮੁੰਡੇ ਭਗਵਾਨ ਸਿੰਘ ਨੇ ਉਸ ਨੂੰ ਕਲਾਵੇ
ਵਿਚ ਲੈਂਦਿਆਂ ਰੋਕਿਆ।
“ਛੱਡ ਦੇ ਮੈਨੂੰ, ਭਗਵਾਨ ਸਿੰਹਾ। ਅੱਜ ਮੈਨੂੰ ਇਸ ਦੋ-ਮੂੰਹੀ ਸੱਪਣੀ ਦਾ ਖੂਨ ਕਰਨ
ਦੇ।” ਨੱਥਾ ਸਿੰਘ ਆਪਣੇ ਆਪ ਨੂੰ ਛੁਡਾਉਣ ਲਈ ਹੱਥ ਪੈਰ ਮਾਰਦਾ ਬੋਲਿਆ।
ਭਗਵਾਨ ਸਿੰਘ ਅਤੇ ਕੁੱਝ ਹੋਰ ਬੰਦਿਆਂ ਨੇ ਨੱਥਾ ਸਿੰਘ ਤੋਂ ਕਿਰਪਾਨ ਖੋਹ ਲਈ ਤੇ ਉਸ
ਨੂੰ ਘਸੀਟ ਕੇ ਦੂਰ ਲੈ ਗਏ।
ਨੱਥਾ ਸਿੰਘ ਦੀਆਂ ਗਾਲ਼ਾਂ ਸੁਣ ਕੇ ਬਚਿੰਤ ਸਿੰਘ ਵੀ ਭੜਕ ਉਠਿਆ। ਉਸ ਨੇ ਬਚਨ ਦੇ
ਹੱਥੋਂ ਤਲਵਾਰ ਫੜ ਲਈ ਅਤੇ ਉਸ ਨੂੰ ਹਵਾ ’ਚ ਘੁਮਾਉਂਦਾ ਨੱਥਾ ਸਿੰਘ ਵੱਲ ਨੂੰ ਦੌੜਿਆ।
ਮੇਲਾ ਸਿੰਘ ਅਤੇ ਸਰਦਾਰਾ ਸਿੰਘ ਨੇ ਉਸ ਨੂੰ ਫੜ ਲਿਆ ਤੇ ਮੋੜ ਕੇ ਪਿੱਛੇ ਨੂੰ ਲੈ ਗਏ।
ਮੇਲਾ ਸਿੰਘ ਹਫਿਆ ਹੋਇਆ ਬੋਲਿਆ, “ਬਚਿੰਤ ਸਿੰਹਾ, ਤੂੰ ਪਾਗਲ ਤਾਂ ਨਹੀਂ ਹੋ ਗਿਆ?
ਬਹੁਤ ਲੜ ਲਿਆ। ਹੁਣ ਜ਼ਖ਼ਮੀਆਂ ਦੀ ਸੁੱਧ ਲੈ। ਉਹਨਾਂ ਨੂੰ ਹਸਪਤਾਲ ਵੀ ਪਹੁੰਚਾਉਣਾ
ਹੈ।”
ਕੁੱਝ ਪਲਾਂ ਬਾਅਦ ਤਨਾਅ ਘੱਟ ਗਿਆ ਅਤੇ ਇਕ ਵਾਰ ਫਿਰ ਜ਼ਖ਼ਮੀਆਂ ਦੀ ਕੁਰਲਾਹਟ ਵਾਤਾਵਰਣ
’ਤੇ ਛਾ ਗਈ। ਦੋਨਾਂ ਧਿਰਾਂ ਦਾ ਧਿਆਨ ਆਪਣੇ ਆਪਣੇ ਜ਼ਖ਼ਮੀਆਂ ਵੱਲ ਹੋ ਗਿਆ। ਗੁੱਸੇ
ਅਤੇ ਲੜਾਈ ਦੀ ਗਰਮੀ ਦੀ ਥਾਂ ਹੁਣ ਡਰ ਨੇ ਲੈ ਲਈ ਸੀ।
ਉਹ ਆਪਣੇ ਆਪਣੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਦੀਆਂ ਤਿਆਰੀਆਂ ਕਰਨ ਲੱਗੇ। ਉਹਨਾਂ ਦੇ
ਜ਼ਖਮਾਂ ’ਤੇ ਸ਼ਰਾਬ ਵਿਚ ਭਿਉਂ ਕੇ ਲੋਗੜ ਬੰਨ੍ਹ ਦਿੱਤਾ ਗਿਆ ਤਾਂ ਕਿ ਖੂਨ ਜ਼ਿਆਦਾ ਨਾ
ਵਗੇ।
ਛੇਤੀ ਹੀ ਬਚਿੰਤ ਸਿੰਘ ਦਾ ਗੱਡਾ ਆ ਗਿਆ। ਗੱਡੇ ’ਤੇ ਖੇਸ ਤਾਣ ਕੇ ਛੱਤ ਬਣਾ ਲਈ ਗਈ
ਸੀ। ਥੱਲੇ ਪੁਰਾਣੀਆਂ ਰਜਾਈਆਂ, ਉਪਰ ਪਰਾਲੀ ਅਤੇ ਖੇਸ ਵਿਛਾਏ ਹੋਏ ਸਨ। ਗੱਡੇ ਦੇ ਇਕ
ਪਾਸੇ ਪਾਣੀ ਦਾ ਘੜਾ ਪਿਆ ਸੀ। ਬਚਿੰਤ ਸਿੰਘ ਨੇ ਦੋ ਆਦਮੀਆਂ ਦੀ ਮਦਦ ਨਾਲ਼ ਕਰਤਾਰ,
ਜਗਤ ਸਿੰਘ ਅਤੇ ਜਾਗਰ ਨੂੰ ਗੱਡੇ ’ਤੇ ਪਾਇਆ। ਜਸਵੰਤ ਕੌਰ ਵੀ ਗੱਡੇ ’ਤੇ ਬੈਠ ਗਈ। ਬਚਨ
ਗੱਡਾ ਹੱਕਣ ਲੱਗਾ। ਬਚਿੰਤ ਸਿੰਘ ਨੇ ਮੋਹਰੇ ਹੋ ਕੇ ਬਲਦਾਂ ਦੀ ਜੋੜੀ ਦੇ ਗਲਾਂ ’ਚੋਂ
ਘੁੰਗਰੂਆਂ ਦੇ ਪਟੇ ਲਾਹ ਲਏ। ਉਹਨਾਂ ਨਾਲ਼ ਮੁਹੱਲੇ ਦੇ ਪੰਜ-ਛੇ ਆਦਮੀ ਗੱਡੇ ਦੇ
ਪਿੱਛੇ-ਪਿੱਛੇ ਸ਼ਹਿਰ ਦੇ ਹਸਪਤਾਲ ਨੂੰ ਤੁਰ ਪਏ।
ਥੋੜੇ ਚਿਰ ਬਾਅਦ ਨੱਥਾ ਸਿੰਘ ਕਾ ਗੱਡਾ ਵੀ ਤਬੇਲੇ ਦੇ ਬਾਹਰ ਆ ਗਿਆ। ਪਿਆਰੂ, ਰਾਜੂ
ਅਤੇ ਠਾਕਰ ਨੂੰ ਗੱਡੇ ’ਤੇ ਪਾ ਕੇ ਬਚਿੰਤ ਸਿੰਘ ਹੋਰਾਂ ਦੇ ਗੱਡੇ ਦੇ ਪਿੱਛੇ ਪਿੱਛੇ
ਹੱਕ ਦਿੱਤਾ। ਦੋਹਾਂ ਗੱਡਿਆਂ ਦੇ ਥੱਲੇ ਲਹੂ ਤੇ ਪਾਣੀ ਦੀਆਂ ਮਿਲ਼ੀਆਂ ਜੁਲ਼ੀਆਂ
ਬੂੰਦਾਂ ਡਿੱਗ ਰਹੀਆਂ ਸਨ। ਕਰੀਹ-ਕਰੀਹ ਕਰਦੇ ਦੋਨੋ ਗੱਡੇ ਹੌਲੀ ਹੌਲੀ ਤੁਰੇ ਜਾ ਰਹੇ
ਸਨ।
ਦੋ
ਪਿੰਡ ਵਿਚ ਅਚਾਨਕ ਹੋਏ ਇਸ ਫਸਾਦ ਨੇ ਲੋਕਾਂ ਦੇ ਦਿਮਾਗ ਸੁੰਨ ਕਰ ਦਿੱਤੇ। ਸਾਰੇ
ਗੁੰਮਸੁੰਮ, ਘਬਰਾਏ ਤੇ ਸਹਿਮੇ ਹੋਏ ਸਨ। ਪਿੰਡ ਦਾ ਨਿਰੰਤਰ ਜੀਵਨ ਇਕ ਦਮ ਖੜ੍ਹ ਗਿਆ
ਸੀ। ਗਲੀਆਂ ’ਚ ਸੁੰਨ ਪਈ ਹੋਈ ਸੀ। ਸਿਰਫ਼ ਕੁੱਝ ਕੁੱਤੇ ਇਕ ਦੂਸਰੇ ਦੇ ਪਿੱਛੇ ਸੁੰਘਦੇ
ਹੋਏ ਲੰਘਦੇ, ਕਿਸੇ ਉੱਚੇ ਥਾਂ ਦੇ ਨੇੜੇ ਖੜ੍ਹੇ ਹੋ ਕੇ ਪਿਸ਼ਾਬ ਕਰਦੇ ਤੇ ਅੱਗੇ ਤੁਰ
ਪੈਂਦੇ।
ਪਰ ਜਿਉਂ ਜਿਉਂ ਜ਼ਖ਼ਮੀਆਂ ਨਾਲ਼ ਲੱਦੇ ਗੱਡੇ ਪਿੰਡ ਤੋਂ ਦੂਰ ਹੋ ਰਹੇ ਸਨ, ਲੋਕਾਂ ਦੀ
ਚੇਤਨਾ ਮੁੜ ਰਹੀ ਸੀ। ਲੜਾਈ ਦੀਆਂ ਕੜ੍ਹੀਆਂ ਉਹਨਾਂ ਦੀ ਸਮਝ ਵਿਚ ਆ ਰਹੀਆਂ ਸਨ। ਕਈ
ਤਸਵੀਰਾਂ ਜਿਹਨ ਵਿਚ ਉੱਭਰ ਰਹੀਆਂ ਸਨ।
ਪਿੰਡ ਦੀਆਂ ਬੁੜੀਆਂ ਗਲ਼ੀਆਂ ਦੇ ਖੂੰਜਿਆਂ ਜਾਂ ਘਰਾਂ ਦੇ ਬੂਹਿਆਂ ਮੋਹਰੇ ਖੜ੍ਹੀਆਂ
ਲੜਾਈ ਦੀਆਂ ਟੁੱਟੀਆਂ ਕੜੀਆਂ ਨੂੰ ਜੋੜਨ ਦੀ ਕੋਸ਼ਿਸ਼ ਵਿਚ ਟਿੱਪਣੀਆਂ ਕਰ ਰਹੀਆਂ ਸਨ।
ਦੋਹਾਂ ਘਰਾਂ ਤੋਂ ਰੋਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਇਹ ਅਵਾਜ਼ਾਂ ਸੁਣ ਕੇ ਉਹਨਾਂ ਦੇ
ਦਿਲ ਵਿਚ ਹੌਲ ਜਿਹੇ ਪੈਂਦੇ। ਦਿਨ ਦਿਹਾੜੇ ਮੌਤ ਦੇ ਪਰਛਾਵੇਂ ਅੱਖਾਂ ਅੱਗੇ ਮੰਡਰਾਉਂਦੇ
ਦਿਸਦੇ। ਉਹ ਜ਼ਖ਼ਮੀਆਂ ਦੇ ਗੁਣ-ਦੋਸ਼ ਇਸ ਤਰ੍ਹਾਂ ਬਿਆਨ ਕਰ ਰਹੀਆਂ ਸਨ, ਜਿਵੇਂ ਉਨ੍ਹਾਂ
ਦੇ ਜਿਉਂਦੇ-ਜੀਅ ਮੁੜ ਕੇ ਆਉਣ ਦੀ ਬਹੁਤੀ ਆਸ ਨਾ ਹੋਵੇ।
ਪਿੰਡ ਦੀਆਂ ਬਹੁਤੀਆਂ ਦੁਕਾਨਾਂ ਬੰਦ ਸਨ। ਜਿਹੜੀਆਂ ਖੁਲ੍ਹੀਆਂ ਸਨ ਉਥੇ ਵੀ ਸੁੰਨ-ਮਸਾਣ
ਸੀ। ਸਿਰਫ਼ ਮੁਨਸ਼ੀ ਬਾਬੂਰਾਮ ਦੀ ਦੁਕਾਨ ’ਤੇ ਕੁਛ ਲੋਕ ਡੂੰਘੀ ਸੋਚ ਵਿਚ ਡੁੱਬੇ ਉਦਾਸ
ਬੈਠੇ ਸਨ। ਉਨ੍ਹਾਂ ਨੂੰ ਗੱਲ ਗੱਲ ’ਤੇ ਰੱਬ ਦਾ ਚੇਤਾ ਆ ਰਿਹਾ ਸੀ। ਉਹ ਐਨੇ ਡਰੇ ਹੋਏ
ਸਨ ਕਿ ਥੋੜ੍ਹੇ ਜਿਹੇ ਖੜਕੇ ਨਾਲ਼ ਵੀ ਚੌਂਕ ਜਾਂਦੇ।
ਮੁਨਸ਼ੀ ਨੇ ਹੁੱਕਾ ਛੱਡ ਕੇ ਜੇਬ ’ਚੋਂ ਐਨਕ ਕੱਢੀ। ਉਸ ’ਤੇ ਜ਼ੋਰ ਨਾਲ਼ ਫੂਕ ਮਾਰੀ ਤੇ
ਧੋਤੀ ਦੇ ਲੜ੍ਹ ਨਾਲ਼ ਸਾਫ਼ ਕੀਤੀ। ਅੱਖਾਂ ਨੂੰ ਦੋਨਾਂ ਹੱਥਾਂ ਨਾਲ਼ ਮਲ਼ਕੇ ਐਨਕ ਲਾਈ
ਅਤੇ ਰੱਬ ਨੂੰ ਚੇਤੇ ਕਰਦਾ ਹੋਇਆ ਬੋਲਿਆ, “ਕੱਲ ਰਾਤ ਦੀ ਗੱਲ ਆ। ਮੈਂ ਖੇਤਾਂ ਵੱਲ ਗਿਆ
ਸੀ.......ਮੈਨੂੰ ਕਰਤਾਰ ਮਿਲ ਪਿਆ। ਘੋੜੀ ’ਤੇ ਆਉਂਦਾ ਸੀ। ਮੈਂ ਕਿਹਾ...ਕਰਤਾਰ
...ਹੁਣ ਘੋੜੀ ਛੱਡ ਦੇ..ਮੋਟਰ ਸਾਈਕਲ ਲੈ ਲਾ...ਜੈਲਦਾਰ ਦੇ ਬੜੇ ਮੁੰਡੇ ਮਿੰਦਰ ਨੇ ਲੈ
ਲਿਆ ਹੈ...ਉਡਦਾ ਫਿਰਦਾ ਹੈ।”
ਮੁਨਸ਼ੀ ਨੇ ਇਕ ਵਾਰ ਫਿਰ ਰੱਬ ਨੂੰ ਚੇਤੇ ਕੀਤਾ ਅਤੇ ਅਵਾਜ਼ ਨੂੰ ਹੌਲੀ ਕਰਦਾ ਬੋਲਿਆ,
“ਮੈਨੂੰ ਕਹਿਣ ਲੱਗਾ, ......ਚਾਚਾ, ਮੈਂ ਤਾਂ ਹੁਣ ਲੈ ਆਵਾਂ.......ਤਾਇਆ ਨਹੀਂ
ਮੰਨਦਾ.......ਪਰ ਜਿਸ ਦਿਨ ਕਮਾਦ ਦੀ ਫਸਲ ਚੱਕ ਹੋ ਗਈ.......ਤਾਇਆ ਮੰਨੇ ਜਾਂ ਨਾ
ਮੰਨੇ.......ਮੈਂ ਮੋਟਰ ਸਾਈਕਲ ਲੈ ਆਉਣਾ।” ਕਹਿਕੇ ਮੁਨਸ਼ੀ ਬਾਬੂਰਾਮ ਇਕਦਮ ਚੁੱਪ ਹੋ
ਗਿਆ। ਫਿਰ ਉਦਾਸ ਜਿਹਾ ਹੋ ਕੇ ਕਹਿਣ ਲੱਗਾ, “ਪਰ.....ਹੁਣ ਰੱਬ ਹੀ ਮਾਲਕ ਹੈ। ਹੈ ਕੋਈ
ਭਰੋਸਾ ਜ਼ਿੰਦਗੀ ਦਾ?”
ਫੇਰੂਮਲ ਜ਼ੋਰ ਨਾਲ਼ ਉਬਾਸੀ ਲੈਂਦਾ ਬੋਲਿਆ, “ਕੱਲ ਦਿਨੇ ਨੱਥਾ ਸਿੰਘ ਮੇਰੇ ਕੋਲ਼ ਆਇਆ
ਸੀ----ਘਰ ਬਾਰ ਦੀ ਗੱਲ ਚੱਲੀ ਤਾਂ ਕਹਿਣ ਲੱਗਾ ਕਿ ਪਿਆਰੂ ਨੂੰ ਵਲੈਤ ਭੇਜ ਰਿਹਾ ਹਾਂ।
ਦੋ ਘੁਮਾ ਜਮੀਨ ਵੇਚ ਦੇਣੀ ਹੈ, ਮੁੰਡਾ ਜ਼ਿਦ ਕਰ ਰਿਹਾ ਹੈ...ਪਰ ਹੋਣੀ ਦੇ ਅੱਗੇ
ਕਿਹਦੀ ਪੇਸ਼ ਚਲਦੀ ਹੈ? ਜਿਹੜਾ ਪਿਆਰੂ ਵਲੈਤ ਜਾਣ ਦੀ ਤਿਆਰੀ ਕਰ ਰਿਹਾ
ਸੀ...ਹੁਣ...ਫੇਰੂਮਲ ਅੱਗੇ ਕੁਛ ਨਾ ਕਹਿ ਸਕਿਆ ਅਤੇ ਚਿਹਰੇ ਨੂੰ ਦੋਨਾਂ ਹੱਥਾਂ ਨਾਲ਼
ਢੱਕ ਕੇ ਰੱਬ ਨੂੰ ਚੇਤੇ ਕਰਨ ਲੱਗਾ।
ਉਥੇ ਇਕ ਵਾਰ ਫਿਰ ਉਦਾਸੀ ਛਾ ਗਈ। ਸਾਰੇ ਚੁੱਪ ਕਰਕੇ ਬੈਠੇ ਰਹੇ। ਗਲ਼ੀ ਵਿਚ ਮਿਲਖਾ
ਸਿੰਘ ਦੀ ਅਵਾਜ਼ ਸੁਣ ਕੇ ਸਾਰੇ ਹੈਰਾਨ ਹੋ ਗਏ। ਮੁਨਸ਼ੀ ਬਹੁਤ ਧਿਆਨ ਨਾਲ਼ ਉਸ ਵੱਲ
ਦੇਖਣ ਲੱਗਾ। ਜਦ ਉਹ ਨੇੜੇ ਆ ਗਿਆ ਤਾਂ ਮੁਨਸ਼ੀ ਨੇ ਉਤਸੁਕਤਾ ਨਾਲ਼ ਪੁੱਛਿਆ, “ਚੌਧਰੀ,
ਤੂੰ ਸਵੇਰੇ ਹੀ ਕਿਥੇ ਚਲਾ ਗਿਆ ਸੀ?”
“ਇਥੇ ਹੀ ਸੀ.....ਖਰਲਾਂ ਤੱਕ ਗਿਆ ਸੀ।” ਮਿਲਖਾ ਸਿੰਘ ਨੇ ਥੜ੍ਹੇ ਕੋਲ਼ ਜੁੱਤੀ
ਝਾੜਦਿਆਂ ਕਿਹਾ।
“ਚੌਧਰੀ, ਅੱਜ ਤਾਂ ਸਵੇਰੇ ਸਵੇਰੇ ਹੀ ਕਹਿਰ ਆ ਗਿਆ। ਨੰਬਰਦਾਰਾਂ ਅਤੇ ਨੀਲੋਵਾਲੀਆਂ
ਵਿਚ.......
“ਮੈਨੂੰ ਪਤਾ ਹੈ।” ਕਹਿ ਕੇ ਮਿਲਖਾ ਸਿੰਘ ਨੇ ਉਹਦੀ ਗੱਲ ਵਿਚ ਹੀ ਕੱਟ ਦਿੱਤੀ, ਫਿਰ
ਹੈਰਾਨ ਹੁੰਦਾ ਬੋਲਿਆ, “ਇਕ ਗੱਲ ਦੀ ਸਮਝ ਨਹੀਂ ਆਈ......ਬੋਲ - ਵਰਾਲਾ ਤਾਂ
ਜਗੀਰਦਾਰਾਂ ਅਤੇ ਮਾਘੇ ਕੇ ਟੱਬਰਾਂ ਵਿਚ ਹੋ ਰਿਹਾ ਸੀ, ਪਰ ਇਹ ਪਟਾਕਾ ਇਧਰ ਕਿਵੇਂ ਫੱਟ
ਗਿਆ?”
“ਕਿੰਨੀ ਬੜੀ ਮੂਰਖਤਾ ਹੈ ......ਦਸਾਂ ਪਾਥੀਆਂ ਦੀ ਖਾਤਰ ਛੇ ਬੰਦੇ ਖੂਨ ਦੀ ਹੋਲੀ ਖੇਡ
ਗਏ।” ਫੇਰੂਮਲ ਨੇ ਦੁੱਖ ਅਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ।
ਫੇਰੂਮਲ ਦੀ ਗੱਲ ਸਭ ਨੇ ਸੁਣੀ ਪਰ ਚੁੱਪ ਰਹੇ। ਸਭ ਜਾਣਦੇ ਸਨ ਕਿ ਗੱਲ ਦਸਾਂ ਪਾਥੀਆਂ
ਦੇ ਢਹਿਣ ਦੀ ਨਹੀਂ ਸੀ। ਪਰ ਫਿਰ ਵੀ ਕਿਸੇ ਨੇ ਗੱਲ ਨੂੰ ਵਿਸਥਾਰ ਨਾਲ਼ ਦੱਸਣ ਦੀ
ਜ਼ਰੂਰਤ ਨਹੀਂ ਸਮਝੀ। ਸਗੋਂ ਡਰੇ ਹੋਏ ਚੇਹਰੇ ਉਸੇ ਤਰ੍ਹਾਂ ਇਕ ਦੂਜੇ ਨੂੰ ਘੂਰਦੇ ਰਹੇ।
ਮਿਲਖਾ ਸਿੰਘ ਨੇ ਸਾਰਿਆਂ ਵੱਲ ਦੇਖਿਆ ਅਤੇ ਨਫ਼ਰਤ ਭਰੀ ਅਵਾਜ਼ ਨਾਲ਼ ਉਹਨਾਂ ਦੀ
ਅਗਿਆਨਤਾ ਤੇ ਹੈਰਾਨੀ ਜ਼ਾਹਿਰ ਕਰਦਾ ਹੋਇਆ ਬੋਲਿਆ, “ਤੁਸੀਂ ਸਾਰੇ ਪਿੰਡ ਵਿਚ ਅੱਖਾਂ
ਤੇ ਕੰਨ ਬੰਦ ਕਰਕੇ ਅਤੇ ਆਪਣੀ ਸਮਝ ਨੂੰ ਜਿੰਦਾ ਲਾ ਕੇ ਰਹਿੰਦੇ ਆਂ।” ਫਿਰ ਉਸ ਨੇ
ਫੇਰੂਮਲ ਵੱਲ ਤਿੱਖੀਆਂ ਨਜ਼ਰਾਂ ਨਾਲ਼ ਦੇਖਦਿਆਂ ਕਿਹਾ, “ਲਾਲਾ, ਦਸ ਪਾਥੀਆਂ ਦੇ ਲਈ
ਕੋਈ ਕਮੀਣ ਵੀ ਲੜਾਈ ਤਾਂ ਕੀ ਗਾਲ਼ ਵੀ ਨਹੀਂ ਕੱਢਦਾ। ਫਿਰ ਜੱਟ ਦਾ ਦਿਲ ਤਾਂ ਧਰਤੀ
ਜਿੱਡਾ ਵੱਡਾ ਹੁੰਦਾ ਹੈ। ਜੋ ਆਦਮੀ ਜਮੀਨ ਨੂੰ ਘੁਮਾਵਾਂ ਦੇ ਹਿਸਾਬ ਮਿਣਦਾ ਹੈ, ਅਨਾਜ
ਨੂੰ ਮਣਾਂ ਦੇ ਹਿਸਾਬ ਤੋਲਦਾ ਹੈ, ਉਹ ਪਾਥੀਆਂ ਲਈ ਖੂਨ ਨਹੀਂ ਵਹਾਉਣ ਲੱਗਾ। ਇਸ ਲੜਾਈ
ਦੀ ਅਸਲੀਅਤ ਕੁਛ ਹੋਰ ਹੀ ਹੈ।”
ਮਿਲਖਾ ਸਿੰਘ ਨੇ ਵਾਰੀ ਵਾਰੀ ਸਾਰਿਆਂ ਵੱਲ ਦੇਖਿਆ। ਫੇਰ ਉਸ ਨੇ ਫੇਰੂਮਲ ਨੂੰ ਗੁੱਸੇ
ਨਾਲ਼ ਕਿਹਾ, “ਤੂੰ ਸ਼ੱਕਰ ਦੀ ਬੋਰੀ ਵਿਚ ਵੜੇ ਡੈਮੂਹ ਵਾਂਗ ਸਾਰਾ ਦਿਨ ਅੰਦਰ ਹੁਬੜਿਆ
ਰਹਿੰਦਾ। ਜਦ ਕੋਈ ਗਾਹਕ ਆ ਜਾਂਦਾ, ਤਾਂ ਉਹਨੂੰ ਡੰਗ ਮਾਰ ਕੇ ਸਾਰਾ ਜ਼ਹਿਰ ਕੱਢ ਲੈਂਦਾ
ਹੈਂ। ਪਰ ਜੱਟਾਂ ਦਾ ਜ਼ਹਿਰ ਇਸ ਤਰ੍ਹਾਂ ਨਹੀਂ ਨਿਕਲਦਾ, ਉਨ੍ਹਾਂ ਨੂੰ ਜ਼ਹਿਰ ਕੱਢਣ ਲਈ
ਖੂਨ ਵਹਾਉਣਾ ਪੈਂਦਾ ਹੈ।”
ਤਣਾਅ ਭਰੇ ਮਹੌਲ ਦੇ ਬਾਵਜੂਦ ਲੋਕ ਹੱਸ ਪਏ ਤਾਂ ਮਿਲਖਾ ਸਿੰਘ ਖੁਸ਼ ਹੋ ਗਿਆ। ਮੁਨਸ਼ੀ ਨੇ
ਉਸ ਨੂੰ ਸ਼ਰਾਰਤੀ ਲਹਿਜੇ ਵਿਚ ਪੁੱਛਿਆ, “ਚੌਧਰੀ, ਕਿਤੇ ਜਸਵੰਤ ਕੌਰ ਵਾਲਾ ਮਸਲਾ ਤਾਂ
ਨਹੀਂ?”
ਮਿਲਖਾ ਸਿੰਘ ਖਿੜ੍ਹ ਉਠਿਆ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਨਾਲ਼ ਨਾਲ਼ ਉਸ ਦੇ
ਬੁੱਲ ਵੀ ਫੈਲ ਗਏ। “ਆਖਰ ਮੁਨਸ਼ੀ ਹੈਂ। ਪੁਰਾਣੀਆਂ ਚਾਰ ਜਮਾਤਾਂ ਪੜ੍ਹਿਆ ਹੋਇਆ। ਗੱਲ
ਦੀ ਤਹਿ ਤੱਕ ਪਹੁੰਚਦਾ ਹੈਂ।” ਫਿਰ ਉਹ ਅੱਖਾਂ ਘੁਮਾਉਂਦਾ ਬੋਲਿਆ, ਅੱਜ ਤੋਂ ਵੀਹ ਸਾਲ
ਪਹਿਲਾਂ ਜਦ ਮਹੰਤ ਨੇ ਪਿੱਪਲ ਵਾਲਾ ਖੂਹ ਬਣਵਾਇਆ ਸੀ, ਉਨੀ ਦਿਨੀ ਜਸਵੰਤ ਕੌਰ ਦਾ ਨੱਥਾ
ਸਿੰਘ ਦੇ ਛੋਟੇ ਭਰਾ ਊਧਮ ਸਿੰਘ ਨਾਲ਼ ਵਿਆਹ ਹੋਇਆ ਸੀ। ਜਸਵੰਤ ਕੌਰ ਬਹਰਾਪੁਰੀਏ
ਸਰਦਾਰਾਂ ਦੀ ਧੀ ਹੈ। ਹੁਣ ਤਾਂ ਉਸ ਖਾਨਦਾਨ ਦੀ ਉਹ ਗੱਲ ਨਹੀਂ ਰਹੀ ਪਰ ਉਨਾਂ ਦਿਨਾਂ
ਵਿਚ ਬਹੁਤ ਚੜ੍ਹਤ ਹੁੰਦੀ ਸੀ। ਇਹਦਾ ਪਿਉ ਕੁਰਸੀਨਸ਼ੀਨ ਸੀ। ਲਾਟ ਸਾਹਬ ਦੇ ਦਫ਼ਤਰ ਵਿਚ
ਵੀ ਉਸ ਨੂੰ ਕੁਰਸੀ ਮਿਲਦੀ ਸੀ। ਉਹਨਾਂ ਦੇ ਹਮੇਸ਼ਾਂ ਇਕ-ਦੋ ਮੁਕੱਦਮੇ ਕਚਿਹਰੀ ਵਿਚ
ਚਲਦੇ ਰਹਿੰਦੇ ਸਨ। ਬੜੇ ਧੜੱਲੇ ਵਾਲੇ ਸਰਦਾਰ ਸਨ।”
ਮਿਲਖਾ ਸਿੰਘ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਨੱਥਾ ਸਿੰਘ ਦੇ ਬਾਪ ਸਰਦਾਰੀ ਦਾ ਨਾਂ
ਵੀ ਉਨੀਂ ਦਿਨੀਂ ਚੌਂਹ ਕੂੰਟਾਂ ਵਿਚ ਗੂੰਜਦਾ ਸੀ। ਉਹ ਛੇ ਭਰਾ ਸਨ। ਡੱਚਾਂ ਵਾਂਗ ਸਾਰੇ
ਦਰਸ਼ਨੀ ਜਵਾਨ, ਜਦ ਬਾਹਰ ਨਿਕਲਦੇ ਸੀ ਤਾਂ ਦੇਖ ਕੇ ਰੂਹ ਖੁਸ਼ ਹੋ ਜਾਂਦੀ ਸੀ। ਸਾਰਾ
ਇਲਾਕਾ ਉਹਨਾਂ ਤੋਂ ਡਰਦਾ ਸੀ। ਇਕ ਵਾਰ ਚੁਧੈੜਾਂ ਦੇ ਲੋਕਾਂ ਨੇ ਉਨ੍ਹਾਂ ਦੀ ਫਸਲ ਵੱਢ
ਲਈ। ਦਰਬਾਰੀ ਨੇ ਆਪਣੇ ਭਰਾਵਾਂ ਨੂੰ ਸੱਦ ਕੇ ਕਿਹਾ ਕਿ ਅੱਜ ਚੁਧੈੜਾਂ ਵਾਲ਼ਿਆਂ ਨੇ
ਫਸਲ ਵੱਢੀ ਹੈ। ਜੇ ਅਸੀਂ ਚੁੱਪ ਰਹੇ ਤਾਂ ਕੱਲ ਨੂੰ ਸਾਡੇ ਖੇਤ ਦਾ ਬੰਨਾ ਵੱਢਣਗੇ। ਜੇ
ਫੇਰ ਵੀ ਕੁਛ ਨਾ ਕੀਤਾ ਤਾਂ ਸਾਡਾ ਖੇਤ ਹੀ ਦੱਬ ਜਾਣਗੇ, ਅਤੇ ਇਕ ਦਿਨ ਸਾਡੀਆਂ
ਧੀਆਂ-ਭੈਣਾਂ ਨੂੰ ਚੱਕਣ ਆ ਜਾਣਗੇ। ਜਿਹੜਾ ਸਾਹਮਣਾ ਉਦੋਂ ਕਰਨਾ ਹੈ, ਉਹ ਅੱਜ ਹੀ ਕਿਉਂ
ਨਾ ਕੀਤਾ ਜਾਵੇ। ਸਪੋਲੀਏ ਨੂੰ ਸੱਪ ਕਿਉਂ ਬਣਨ ਦਿੱਤਾ ਜਾਵੇ!” ਕਹਿ ਕੇ ਮਿਲਖਾ ਸਿੰਘ
ਚੁੱਪ ਹੋ ਗਿਆ। ਫਿਰ ਪੂਰੇ ਯਕੀਨ ਨਾਲ਼ ਬੋਲਿਆ, “ਦਰਬਾਰੀ ਬਹੁਤ ਸਿਆਣਾ ਆਦਮੀ ਸੀ।
ਬਹੁਤ ਦੂਰ ਦੀ ਸੋਚਦਾ ਸੀ। ਉਸ ਨੇ ਅਗਲੇ ਹੀ ਦਿਨ ਬਦਲਾ ਲੈ ਲਿਆ। ਦਿਨ ਦਿਹਾੜੇ ਉਹਨਾਂ
ਦੀ ਫਸਲ ਵੱਢਣ ਲਈ ਕਾਮੇ ਲਾ ਦਿੱਤੇ ਅਤੇ ਆਪ ਲਾਠੀਆਂ ਲੈ ਕੇ ਖੜ੍ਹੇ ਹੋ ਗਏ। ਸਾਰੇ
ਚੂਧੈੜ ਦੂਰ ਖੜ੍ਹੇ ਦੇਖਦੇ ਰਹੇ ਪਰ ਕਿਸੇ ਦੀ ਇੰਨੀ ਹਿੰਮਤ ਨਾ ਹੋਈ ਕਿ ਉਹਨਾਂ ਨੂੰ
ਪੁੱਛ ਸਕੇ ਕਿ ਉਹ ਫਸਲ ਕਿਉਂ ਵੱਢ ਰਹੇ ਹਨ।” ਕਹਿ ਕੇ ਮਿਲਖਾ ਸਿੰਘ ਚੁੱਪ ਹੋ ਗਿਆ।
“ਹਾਂ ਚੌਧਰੀ, ਫਿਰ ਕੀ ਹੋਇਆ?” ਮੁਨਸ਼ੀ ਬਾਬੂਰਾਮ ਨੇ ਪੁੱਛਿਆ।
“ਚਾਚਾ, ਐਨਾ ਕੁਛ ਤਾਂ ਨੈਣ ਨੂੰ ਵੀ ਯਾਦ ਨਹੀਂ ਹੁੰਦਾ ਜਿੰਨਾ ਤੈਨੂੰ ਯਾਦ ਹੈ।”
ਦਿਲਦਾਰ ਨੇ ਕਿਹਾ।
“ਦਿਲਦਾਰਾ ਤੂੰ ਚੁੱਪ ਰਹਿ।” ਮੁਨਸ਼ੀ ਨੇ ਝਿੜਕਦਿਆਂ ਕਿਹਾ। ਫਿਰ ਪੁੱਛਿਆ, ਹਾਂ ਚੌਧਰੀ,
ਫਿਰ ਕੀ ਹੋਇਆ?”
ਮਿਲਖਾ ਸਿੰਘ ਕੁੱਝ ਪੱਲ ਚੁੱਪ ਰਹਿ ਕੇ ਬੋਲਿਆ, ਜਦ ਊਧੇ ਦਾ ਵਿਆਹ ਹੋਇਆ ਸੀ ਤਾਂ ਤਿੰਨ
ਦਿਨ ਤੱਕ ਪਿੰਡ ਵਿਚ ਮਹਿਫਲ ਲੱਗੀ ਰਹੀ। ਨਕਲਾਂ ਅਤੇ ਤਮਾਸ਼ਾ ਹੁੰਦਾ ਰਿਹਾ। ਬਜਨੌਰ ਦੀ
ਕੰਜਰੀ ਦਾ ਨਾਚ ਹੋਇਆ ਸੀ। ਤਿੰਨੇ ਦਿਨ ਸਾਰਾ ਇਲਾਕਾ ਸਾਡੇ ਪਿੰਡ ’ਚ ਡੇਰੇ ਲਾ ਕੇ
ਬੈਠਾ ਰਿਹਾ ਸੀ ......ਉਨ੍ਹੀ ਦਿਨੀਂ ਨੰਬਰਦਾਰਾਂ ਦਾ ਕੰਮ ਹਲਕਾ ਸੀ। ਬਚਿੰਤ ਸਿੰਘ ਦਾ
ਬਾਪ ਬਸਾਵਾ ਸਿੰਘ ਸਿਆਣਾ ਅਤੇ ਪੰਚਾਇਤੀ ਆਦਮੀ ਸੀ। ਉਹਦੀ ਦਰਬਾਰੀ ਨਾਲ਼ ਖੂਬ ਬਣਦੀ
ਸੀ। ਦੋਨਾਂ ਦੀ ਦੰਦ ਟੁੱਕਵੀਂ ਸੀ। ਦਰਬਾਰੀ ਦੀ ਕੁੜੀ ਦੇ ਵਿਆਹ ’ਤੇ ਉਸ ਨੇ ਬਰਾਤ ਨੂੰ
ਇਕ ਦਿਨ ਦਾ ਖਾਣਾ ਵੀ ਕੀਤਾ ਸੀ। ......ਜਸਵੰਤ ਕੌਰ ਦਾ ਉਤਾਰਾ ਵੀ ਉਹਦੇ ਘਰ ਹੀ ਹੋਇਆ
ਸੀ।”
“ਜਸਵੰਤ ਕੌਰ ਵੀ ਮੱਖਣ-ਮਲਾਈ ਖਾ ਕੇ ਪਲੀ ਹੋਈ ਜੱਟੀ ਸੀ। ਅਨਾਰ ਦੇ ਫੁੱਲਾਂ ਵਰਗਾ
ਰੰਗ, ਸਰੂ ਵਰਗਾ ਕੱਦ ਅਤੇ ਸੱਪਨੀ ਵਰਗੀ ਲਚਕੀਲੀ ਦੇਹ। ਜਦ ਉਹ ਕਾਲਾ ਸੂਫ ਦਾ ਘੱਗਰਾ
ਪਾ ਕੇ ਖੇਤਾਂ ਨੂੰ ਜਾਂਦੀ ਤਾਂ ਰਾਹੀ ਖੜ੍ਹ ਜਾਂਦੇ, ਖੇਤਾਂ ਵਿਚ ਕੰਮ ਕਰਦੇ ਲੋਕ
ਹੱਲ-ਪੰਜਾਲੀ, ਦਾਤੀ-ਰੰਬਾ ਭੁੱਲ ਕੇ ਉਹਨੂੰ ਦੇਖਣ ਲੱਗ ਪੈਂਦੇ। ਉਹ ਸਿਰ ਮਟਕਾਉਂਦੀ,
ਛਣ-ਛਣ ਕਰਦੀ ਲੰਘ ਜਾਂਦੀ।” ਕਹਿ ਕੇ ਮਿਲਖਾ ਸਿੰਘ ਮੂੰਹ ’ਤੇ ਜੀਭ ਫੇਰਨ ਲੱਗਾ, ਜਿਵੇਂ
ਰਸ ਚੂਸ ਰਿਹਾ ਹੋਵੇ।
“ਚਾਚਾ ਐਦਾਂ ਗੱਲ ਕਰਦਾ ਜਿਵੇਂ ਇਹਨੇ ਵੀ ਜਸਵੰਤ ਕੌਰ ਦਾ ਅੰਗ-ਅੰਗ ਟੋਹ ਕੇ ਦੇਖਿਆ
ਹੋਵੇ।” ਦਿਲਦਾਰ ਨੇ ਹੱਸਦਿਆਂ ਕਿਹਾ।
“ਪਹਿਲਾਂ ਘਰ ਜਾ ਕੇ ਆਪਣੀ ਬੇਬੇ ਨੂੰ ਪੁੱਛੀਂ, ਕਿ ਉਹਦੀ ਛਾਤੀ ’ਤੇ ਤਿਲ ਹੈ ਕਿ
ਨਹੀਂ, ਫਿਰ ਤੈਨੂੰ ਜਸਵੰਤ ਕੌਰ ਬਾਰੇ ਵੀ ਦੱਸੂਗਾ।” ਮਿਲਖਾ ਸਿੰਘ ਨੇ ਤਿੱਖੀ ਅਵਾਜ਼
ਵਿਚ ਕਿਹਾ।
“ਚਾਚਾ ਆਪਣੀ ਜ਼ਬਾਨ ਸੰਭਾਲ ......ਮੇਰੇ ਘਰ ਵਾਲ਼ਿਆਂ ਤੱਕ ਕਿਉ ਜਾਂਦਾ?” ਦਿਲਦਾਰ ਨੇ
ਗੁੱਸੇ ਨਾਲ਼ ਪੁੱਛਿਆ।
“ਕਿਉਂ......ਜਸਵੰਤ ਕੌਰ ਕਿਸੇ ਦੀ ਮਾਂ ਭੈਣ ਨਹੀਂ? ਜਾਂ ਤੇਰੀ ਬੇਬੇ ਨੂੰ ਬਾਕੀ
ਦੁਨੀਆਂ ਤੋਂ ਨਿਆਰੇ ਫੂੰਦੇ ਲੱਗੇ ਹੋਏ ਹਨ?” ਮਿਲਖਾ ਸਿੰਘ ਉੱਚੀ ਅਵਾਜ਼ ਵਿਚ ਬੋਲਿਆ।
“ਦਿਲਦਾਰਾ, ਕਿਉਂ ਬਾਰ-ਬਾਰ ਟੋਕ ਰਿਹਾਂ......ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।
ਚੁੱਪ ਚਾਪ ਬੈਠ ਜਾਂ ਚਲਾ ਜਾ।” ਮੁਨਸ਼ੀ ਨੇ ਦਿਲਦਾਰ ਨੂੰ ਡਾਂਟਦਿਆਂ ਕਿਹਾ। ਫਿਰ ਉਸ ਨੇ
ਬਹੁਤ ਉਤਸੁਕਤਾ ਨਾਲ਼ ਪੁੱਛਿਆ, “ਹਾਂ ਚੌਧਰੀ, ਫਿਰ ਕੀ ਹੋਇਆ ਸੀ?”
ਮਿਲਖਾ ਸਿੰਘ ਨੇ ਘੂਰ ਕੇ ਦਿਲਦਾਰ ਵੱਲ ਦੇਖਿਆ ਅਤੇ ਉਸ ਨੂੰ ਚਿਤਾਵਨੀ ਦਿੰਦਾ ਬੋਲਿਆ,
“ਦਿਲਦਾਰਾ ਜੇ ਹੁਣ ਵਿਚ ਦਖ਼ਲ ਦਿੱਤਾ ਤਾਂ ਸਿਰ ਭੰਨ ਦੇਊਂਗਾ।” ਫਿਰ ਹੈਰਾਨ ਜਿਹਾ
ਬੋਲਿਆ, “ਪਤਾ ਨਹੀਂ, ਇਹਨੇ ਮਾਂ ਦੇ ਢਿੱਡ ’ਚ ਨੌ ਮਹੀਨੇ ਕਿਵੇਂ ਕੱਢੇ ਸਨ?”
“ਚੰਗਾ ਚਾਚਾ, ਮੈਂ ਨਹੀਂ ਬੋਲਦਾ। ਕਹੇਂ ਤਾਂ ਮੂੰਹ ਨੂੰ ਛਿਕਲੀ ਬੰਨ ਲਵਾਂ।” ਦਿਲਦਾਰ
ਖਸਿਆਨਾ ਜਿਹਾ ਹੱਸਦਾ ਬੋਲਿਆ।
“ਸ਼ਾਬਾਸ਼ .....ਆਹ ਤਾਂ ਬਰਖੁਰਦਾਰੀ ਹੋਈ ਨਾ।” ਮੁਨਸ਼ੀ ਨੇ ਖੁਸ਼ ਹੁੰਦਿਆਂ ਕਿਹਾ ਅਤੇ
ਫਿਰ ਮਿਲਖਾ ਸਿੰਘ ਵੱਲ ਨੂੰ ਮੁੜਦਾ ਹੋਇਆ ਬੋਲਿਆ, “ਹਾਂ ਚੌਧਰੀ, ਫਿਰ ਕੀ ਹੋਇਆ ਸੀ?”
ਮਿਲਖਾ ਸਿੰਘ ਨੇ ਅਵਾਜ਼ ਹੌਲੀ ਕਰਦਿਆਂ ਕਹਿਣਾ ਸ਼ੁਰੂ ਕੀਤਾ, “ਪਰ ਊਧੇ ਨੂੰ ਹੈਜੇ ਨੇ
ਖਾ ਲਿਆ। ਐਸੇ ਮਰੋੜ ਸ਼ੁਰੂ ਹੋਏ.....ਗੁਮਸੁਮ .......ਵਿਚਾਰਾ ਇਕ ਘੰਟੇ ’ਚ ਹੀ ਮਰ
ਗਿਆ।”
“ਚੌਧਰੀ ਉਸ ਸਾਲ ਤਾਂ ਬਹੁਤ ਲੋਕ ਮਰੇ ਸਨ। ਘਰਾਂ ਦੇ ਘਰ ਖਾਲੀ ਹੋ ਗਏ ਸਨ। ਬਸ ਪਹਿਲੀ
ਲੜਾਈ ਦੇ ਬਾਅਦ ਜੋ ਚੇਚਕ ਫੈਲੀ ਸੀ...ਉੁਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਲਗਦਾ ਸੀ ਕਿ
ਬਾਰਾਂ ਬਾਰਾਂ ਕੋਹ ਤੱਕ ਦੀਵਾ ਨਹੀਂ ਬਲੇਗਾ।” ਮੁਨਸ਼ੀ ਵਿਚੇ ਹੀ ਬੋਲ ਪਿਆ।
“ਮੁਨਸ਼ੀ, ਦਿਲਦਾਰ ਨੂੰ ਮਸੀਂ ਸਮਝਾਇਆ ਸੀ, ਹੁਣ ਤੇਰੀ ਅਕਲ ਖਰਾਬ ਹੋ ਗਈ ਹੈ। ਮੈਂ ਊਧੇ
ਦੀ ਗੱਲ ਕਰ ਰਿਹਾ ਸੀ, ਤੂੰ ਵਿਚੇ ਮਾਹਮਾਰੀ ਲੈ ਆਇਆਂ।” ਮਿਲਖਾ ਸਿੰਘ ਨੇ ਤਲ਼ਖ
ਹੁੰਦਿਆਂ ਕਿਹਾ। ਫਿ਼ਰ ਮੁੱਛਾਂ ਉੱਪਰ ਨੂੰ ਚੜ੍ਹਾਉਦਾ ਬੋਲਿਆ, “ਸਾਲ ਭਰ ਦੇ ਸੁਹਾਗ ਦੇ
ਬਾਅਦ ਹੀ ਰੰਡੇਪੇ ਕਰਕੇ ਹੋਈ ਪਰੇਸ਼ਾਨ ਜਸਵੰਤ ਕੌਰ ਵਾਰ-ਵਾਰ ਊਧੇ ਸਿੰਘ ਦੀ ਚਿਤਾ ਵੱਲ
ਨੂੰ ਦੌੜਦੀ ਸੀ। ਬਹੁਤ ਥੋੜ੍ਹੀਆਂ ਤੀਵੀਆਂ ਆਪਣੇ ਆਦਮੀ ਨਾਲ਼ ਐਨਾ ਡੂੰਘਾ ਪਿਆਰ
ਦਿਖਾਉਂਦੀਆਂ ਹਨ। ਇਕ ਸਾਲ ਤਾਂ ਉਹ ਘਰੋਂ ਬਾਹਰ ਨਹੀਂ ਨਿਕਲੀ। ਫਿਰ ਉਸ ਨੇ ਗੁਰਦੁਆਰੇ
ਜਾਣਾ ਸ਼ੁਰੂ ਕਰ ਦਿੱਤਾ। ਗਰੰਥ ਸਾਹਬ ਦੇ ਮੋਹਰੇ ਬੈਠ ਕੇ ਸਾਰਾ ਸਾਰਾ ਦਿਨ ਪਾਠ ਵਿਚ
ਮਗਨ ਰਹਿੰਦੀ। ਲੋਕ ਉਹਦੀ ਭਗਤੀ ਦੇਖ ਕੇ ਉਹਦੀ ਪੂਜਾ ਕਰਨ ਲਈ ਤਿਆਰ ਹੋ ਰਹੇ ਸਨ ਕਿ ਉਸ
ਨੇ ਇਕ ਦਿਨ ਪਿੰਡ ਕੀ, ਸਾਰੇ ਇਲਾਕੇ ਨੂੰ ਜਬਰਦਸਤ ਧੱਕਾ ਮਾਰਿਆ। ਉਹ ਗੁਰਦੁਆਰੇ ਤੋਂ
ਸਿੱਧੀ ਨੰਬਰਦਾਰਾਂ ਦੇ ਘਰ ਚਲੇ ਗਈ। ਲੋਕਾਂ ਨੂੰ ਉਸ ਵਕਤ ਪਤਾ ਲੱਗਾ, ਜਦ ਉਸ ਨੇ ਜਗਤ
ਸਿੰਘ ਨਾਲ਼ ਕਰੇਵਾ ਕਰ ਕੇ ਰਹਿਣ ਦਾ ਫੈਸਲਾ ਕਰ ਲਿਆ।”
ਮਿਲਖਾ ਸਿੰਘ ਸਾਰਿਆਂ ਦੇ ਅੱਧਖੁੱਲ੍ਹੇ ਮੂੰਹ ਦੇਖ ਕੇ ਖੁਸ਼ ਹੋ ਗਿਆ। ਉਹ ਇਧਰ ਉਧਰ ਇਸ
ਤਰ੍ਹਾਂ ਸਾਵਧਾਨੀ ਨਾਲ਼ ਦੇਖਣ ਲੱਗਾ, ਜਿਵੇਂ ਬਹੁਤ ਭੇਦ ਭਰੀ ਗੱਲ ਦੱਸਣ ਲੱਗਾ ਹੋਵੇ।
ਹੱਥ ਦੇ ਇਸ਼ਾਰੇ ਨਾਲ਼ ਸਾਰਿਆਂ ਨੂੰ ਆਪਣੇ ਨੇੜੇ ਸੱਦਦਾ ਹੋਇਆ ਬੋਲਿਆ, “ਉਨ੍ਹੀਂ ਦਿਨੀਂ
ਬਚਿੰਤ ਸਿੰਘ ਵੀ ਦੋ ਵੇਲੇ ਗੁਰਦੁਆਰੇ ਜਾਂਦਾ ਹੁੰਦਾ ਸੀ। ਉਥੇ ਹੀ ਇਹਨਾਂ ਦੀ ਗੱਲ-ਬਾਤ
ਹੋ ਗਈ ਸੀ। ਬਚਿੰਤ ਸਿੰਘ, ਜਸਵੰਤ ਕੌਰ ਤੇ ਚਾਦਰ ਪਾਉਣੀ ਚਾਹੁੰਦਾ ਸੀ ਤਾਂ ਕਿ ਉਸ ਨੂੰ
ਆਪਣੇ ਮਾਲਕ ਊਧੇ ਦੀ ਜਾਇਦਾਦ ਦਾ ਹਿੱਸਾ ਮਿਲ ਜਾਵੇ। ਪਰ ਗੱਲ ਬਣੀ ਨਾ। ਇਸ ਲਈ ਬਚਿੰਤ
ਸਿੰਘ ਨੇ ਆਪ ਜਸਵੰਤ ਕੌਰ ਨਾਲ਼ ਕਰੇਵਾ ਨਹੀਂ ਕੀਤਾ, ਬਲਕਿ ਉਸ ਨੂੰ ਆਪਣੇ ਛੋਟੇ ਭਰਾ
ਨਾਲ਼ ਕਰਾਉਣ ਲਈ ਰਾਜ਼ੀ ਕਰ ਲਿਆ। ਕਹਿੰਦੇ ਹਨ ਕਿ ਜਸਵੰਤ ਕੌਰ ਪਹਿਲਾਂ ਤਾਂ ਮੰਨਦੀ
ਨਹੀਂ ਸੀ ਪਰ ਜਦ ਬਚਿੰਤ ਸਿੰਘ ਨੇ ਕਿਹਾ ਕਿ ਉਹ ਫ਼ਿਕਰ ਨਾ ਕਰੇ, ਕਿਉਕਿ ਜਿਹੜੇ ਘਰਾਂ
ਦੀ ਜਮੀਨ ਬਹੁਤੀ ਹੁੰਦੀ ਹੈ, ਉਥੇ ਸਭ ਕੁੱਝ ਸਾਂਝਾ ਹੁੰਦਾ ਹੈ, ਤਾਂ ਜਸਵੰਤ ਕੌਰ ਮੰਨ
ਗਈ ਸੀ।”
ਇਥੇ ਬੈਠੇ ਸਾਰੇ ਬੰਦਿਆਂ ਨੂੰ ਇਸ ਲੜਾਈ ਦੇ ਅਸਲੀ ਕਾਰਨ ਦਾ ਪਤਾ ਸੀ, ਪਰ ਇਸਦੇ
ਬਾਵਜੂਦ ਵੀ ਉਹ ਸਾਰੇ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਇਹ ਸਾਰੀ ਗੱਲ ਬਾਤ ਉਨ੍ਹਾਂ ਲਈ
ਨਵੀਂ ਅਤੇ ਅਨੋਖੀ ਹੋਵੇ। ਉਨਾਂ ਦੇ ਚੇਹਰਿਆਂ ’ਤੇ ਇਕ ਅਜੀਬ-ਜਿਹੀ ਸ਼ਾਂਤੀ ਦਿਖਾਈ ਦੇਣ
ਲੱਗੀ ਜਿਵੇਂ ਮਿਲਖਾ ਸਿੰਘ ਦਾ ਵਖਿਆਨ ਸੁਣਕੇ ਸਭ ਨੂੰ ਯਕੀਨ ਹੋ ਗਿਆ ਸੀ ਕਿ ਇਹ ਲੜਾਈ
ਹੋਣੀ ਹੀ ਚਾਹੀਦੀ ਸੀ। ਮਿਲਖਾ ਸਿੰਘ ਫਿਰ ਕਹਿਣ ਲੱਗਾ, “ਔਰਤ ਤੇ ਜਮੀਨ ਜੱਟ ਕੌਮ ਦੀ
ਸਭ ਤੋਂ ਬੜੀ ਦੌਲਤ ਹੁੰਦੀ ਹੈ। ਇਕ ਉਹਦੇ ਲਈ ਔਲਾਦ ਜੰਮਦੀ ਹੈ ਤੇ ਦੂਸਰੀ ਅਨਾਜ।
ਇਨ੍ਹਾਂ ਦੋਨਾਂ ਦੇ ਪਿੱਛੇ ਉਹ ਜਾਨ ਦੇ ਦਿੰਦੇ ਹਨ। ਪਿਉ ਮਰਨ ਵੇਲੇ ਆਪਣੀ ਔਲਾਦ ਲਈ
ਜਿਥੇ ਜੱਦੀ-ਜਾਇਦਾਦ ਛੱਡ ਕੇ ਜਾਂਦਾ ਹੈ ਉਥੇ ਆਪਣੀ ਨਫ਼ਰਤ ਤੇ ਦੁਸ਼ਮਣੀ ਵੀ ਦੇ ਜਾਂਦਾ
ਹੈ। ਫਿਰ ਨੀਲੋਵਾਲ਼ਿਆਂ ਲਈ ਤਾਂ ਇਹ ਜ਼ਖ਼ਮ ਬਿਲਕੁਲ ਤਾਜ਼ਾ ਹੈ। ਪਿਛਲੇ ਸਾਲ ਹੀ
ਉਹਨਾਂ ਦੀ ਕਣਕ ਦੀ ਫ਼ਸਲ ਨੂੰ ਪਿੜ੍ਹ ਵਿਚ ਹੀ ਅੱਗ ਲਾ ਦਿੱਤੀ ਗਈ ਸੀ।”
“ਚੌਧਰੀ, ਉਹ ਦੂਸਰਾ ਮਾਮਲਾ ਹੈ। ਅੱਗ ਆਪਣੇ ਆਪ ਲੱਗੀ ਸੀ ਜਾਂ ਲਾਈ ਗਈ ਸੀ, ਇਸ ਦਾ
ਕੋਈ ਸਬੂਤ ਨਹੀਂ ਹੈ।” ਫੇਰੂਮਲ ਨੇ ਕਿਹਾ।
“ਲਾਲਾ ਅੱਗ ਲਵਾਈ ਗਈ ਸੀ ਅਤੇ ਨੰਬਰਦਾਰਾਂ ਨੇ ਹੀ ਲਵਾਈ ਸੀ। ਇਹ ਗੱਲ ਸਾਰੀ ਦੁਨੀਆ
ਜਾਣਦੀ ਹੈ।” ਮਿਲਖਾ ਸਿੰਘ ਨੇ ਤਲਖ਼ ਅਵਾਜ਼ ਵਿਚ ਕਿਹਾ।
“ਚੌਧਰੀ, ਤੂੰ ਇੰਨੀਆਂ ਚੰਗੀਆਂ ਗੱਲਾਂ ਕਰਦਾ-ਕਰਦਾ ਕਿਹੜੀ ਬਹਿਸ ਵਿਚ ਪੈ ਗਿਆ!
ਹਾਂ......ਤਾਂ ਫਿਰ ਕੀ ਹੋਇਆ ਸੀ?” ਮੁਨਸ਼ੀ ਨੇ ਫੇਰੂਮਲ ਨੂੰ ਚੁੱਪ ਰਹਿਣ ਦਾ ਇਸ਼ਾਰਾ
ਕਰਦਿਆਂ ਪੁੱਛਿਆ।
ਮਿਲਖਾ ਸਿੰਘ ਕੁਛ ਦੇਰ ਆਪਣੇ ਨੱਕ ਨੂੰ ਖੁਰਕਦਾ ਰਿਹਾ। ਫੇਰ ਫੇਰੂਮਲ ਵੱਲ ਘੂਰ ਕੇ
ਦੇਖਦਾ ਹੋਇਆ ਬੋਲਿਆ, “ਲਾਲਾ, ਤੂੰ ਕੀ ਮੇਰੇ ਤੋਂ ਜ਼ਿਆਦਾ ਕਨੂੰਨ ਜਾਣਦਾ ਹੈਂ? ਬਚਿੰਤ
ਸਿੰਘ ਬਹੁਤ ਹੁਸ਼ਿਆਰ ਆਦਮੀ ਹੈ। ਤੈਨੂੰ ਯਾਦ ਹੈ, ਗਿਆਰਾਂ ਸਾਲ ਪਹਿਲਾਂ ਨੰਬਰਦਾਰਾਂ
ਅਤੇ ਨੀਲੋਵਾਲੀਆਂ ਵਿਚ ਲੜਾਈ ਹੋਈ ਸੀ। ਉਨ੍ਹਾਂ ਨੂੰ ਖੁੰਦਕ ਬਚਿੰਤ ਸਿੰਘ ਨੇ ਮਾਣੇ
ਮਜ੍ਹਬੀ ਰਾਹੀਂ ਦੁਆਈ ਸੀ। ਨੀਲੋਵਾਲੀਆਂ ਦੇ ਤਿੰਨ ਆਦਮੀ ਨੱਥਾ ਸਿੰਘ ਸਮੇਤ ਪੰਜ-ਪੰਜ
ਸਾਲ ਲਈ ਅੰਦਰ ਹੋ ਗਏ ਸੀ ਅਤੇ ਨੰਬਰਦਾਰ ਚੈਨ ਦੀ ਨੀਂਦ ਸੁੱਤੇ ਰਹੇ ਸਨ। ਮਾਣੇ ਨੂੰ ਵੀ
ਸੱਤ ਸਾਲ ਦੀ ਕੈਦ ਹੋਈ ਸੀ। ਪਰ ਸ਼ਾਬਾਸ਼ੇ ਨੰਬਰਦਾਰਾਂ ਦੇ, ਉਸ ਦਾ ਨੁਕਸਾਨ ਨਹੀਂ ਹੋਣ
ਦਿੱਤਾ ਸੀ।”
ਮਿਲਖਾ ਸਿੰਘ ਥੋੜ੍ਹੀ ਦੇਰ ਚੁੱਪ ਰਹਿ ਕੇ ਫੇਰ ਬੋਲਿਆ, “ਨੰਬਰਦਾਰ ਉਸ ਦਾ ਟੱਬਰ ਪਾਲਦੇ
ਰਹੇ। ਇਥੋਂ ਤੱਕ ਕਿ ਉਸ ਦੇ ਘਰ ਨਿਆਣੇ ਵੀ ਪੈਦਾ ਕਰਦੇ ਰਹੇ।”
ਮਿਲਖਾ ਸਿੰਘ ਖੀਂ-ਖੀਂ ਕਰਦਾ ਕਹਿਣ ਲੱਗਾ, “ਜਦ ਮਾਣੇ ਦੀ ਘਰਵਾਲੀ ਗਰਭਵਤੀ ਹੋ ਜਾਂਦੀ
ਤਾਂ ਸਾਰੀ ਗਲ਼ੀ ਗੁਆਂਢ ਦੱਸਦੀ ਫਿਰਦੀ ਕਿ ਬੜੇ ਸਰਦਾਰ (ਬਚਿੰਤ ਸਿੰਘ) ਨੇ ਉਹਨੂੰ
ਆਪਣੇ ਘਰ ਵਾਲੇ ਨਾਲ਼ ਰਹਿਣ ਦੀ ਇਜਾਜ਼ਤ ਲੈ ਦਿੱਤੀ ਹੈ ਅਤੇ ਉਹ ਉਹਦੇ ਕੋਲ਼ ਜਾ ਰਹੀ
ਹੈ। ਪਰ ਉਹ ਪੰਜ-ਛੇ ਦਿਨ ਕਿਸੇ ਦੂਰ ਪਾਰ ਦੇ ਰਿਸ਼ਤੇਦਾਰ ਕੋਲ਼ ਰਹਿ ਕੇ ਮੁੜ ਆਉਦੀ।
ਬਚਿੰਤ ਸਿੰਘ ਵੀ ਉਹ ਦਿਨ ਪਿੰਡੋਂ ਬਾਹਰ ਰਹਿੰਦਾ ਸੀ। ਮਾਣੇ ਦੀ ਘਰ ਵਾਲੀ ਲੀੜੇ-ਲੱਤੇ
ਨਾਲ਼ ਲੱਦੀ ਮੁੜ ਕੇ ਘਰ ਆਉਂਦੀ ਅਤੇ ਆਂਢ-ਗੁਆਂਢ ਨੂੰ ਕੱਪੜੇ ਦਿਖਾਉਂਦੀ ਇਦਾਂ ਗੱਲਾਂ
ਕਰਦੀ, ਜਿਵੇਂ ਉਸਦਾ ਖਸਮ ਜੇਲ੍ਹ ਵਿਚ ਕੈਦੀ ਨਹੀਂ, ਬਲਕਿ ਦਰੋਗਾ ਲੱਗਾ ਹੋਵੇ।”
ਮਿਲਖਾ ਸਿੰਘ ਦੀ ਗੱਲ ਸੁਣ ਕੇ ਕਈ ਲੋਕ ਹੱਸ ਪਏ ਤਾਂ ਉਹ ਚਹਿਕਦਾ ਹੋਇਆ ਬੋਲਿਆ,
“ਤੂਹਾਨੂੰ ਸ਼ਾਇਦ ਚੇਤਾ ਨਹੀਂ ਕਿ ਦਰਬਾਰੀ ਨੇ ਵੀ ਦੋ ਵਿਆਹ ਕਰਾਏ ਸਨ। ਉਸ ਨੇ ਰਾਮਪੁਰ
ਦੀ ਵਿਧਵਾ ਜੱਟੀ ਵਿਆਹੀ ਸੀ ਜਿਹਦੇ ਨਾਂ ਦਸ ਘੁਮਾ ਜਮੀਨ ਸੀ। ਅਸਲ ਵਿਚ ਵਿਆਹ ਤਾਂ
ਉਹਨੇ ਜਮੀਨ ਨਾਲ਼ ਹੀ ਕਰਾਇਆ ਸੀ। ਜਮੀਨ ਆਪਣੇ ਨਾਂ ਕਰਾ ਕੇ ਉਸ ਨੇ ਜੱਟੀ ਨੂੰ ਮਰਵਾ
ਦਿੱਤਾ ਸੀ। ਪਰ ਉਹ ਹਰਾਮ ਦੀ ਕਮਾਈ ਪਿਛਲੇ ਫੌਜਦਾਰੀ ਦੇ ਮੁਕੱਦਮੇ ’ਤੇ ਲੱਗ ਗਈ ਸੀ।”
ਮਿਲਖਾ ਸਿੰਘ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਦਿਲਾਂ ’ਚੋਂ ਡਰ ਕਾਫ਼ੀ ਹੱਦ ਤੱਕ ਦੂਰ
ਹੋ ਗਿਆ। ਮਿਲਖਾ ਸਿੰਘ ਸੋਚਦਾ ਹੋਇਆ ਬੋਲਿਆ, “ਮੁਨਸ਼ੀ ਇਸ ਵਾਰ ਲੜਾਈ ਨੰਬਰਦਾਰਾਂ ਦੇ
ਹੱਕ ਵਿਚ ਠੀਕ ਨਹੀਂ ਰਹੀ। ਇਸ ਵਾਰ ਬਚਿੰਤ ਸਿੰਘ ਮਾਰ ਖਾ ਗਿਆ। ਜੇ ਨੀਲੋਵਾਲੀਆਂ ਨੇ
ਬਚਿੰਤ ਸਿੰਘ ਦਾ ਨਾਂ ਵੀ ਫਸਾਦੀਆਂ ਵਿਚ ਲਿਖਵਾ ਦਿੱਤਾ ਅਤੇ ਪੁਲੀਸ ਨੇ ਉਹਨੂੰ ਵੀ ਫੜ
ਲਿਆ ਤਾਂ ਉਹਨਾਂ ਦੇ ਘਰ ਮੁਕੱਦਮਾ ਲੜਨ ਵਾਲਾ ਵੀ ਕੋਈ ਨਹੀਂ ਰਹੇਗਾ। ਜਸਵੰਤ ਕੌਰ
ਵਿਚਾਰੀ ਕਿਥੇ ਥਾਣੇ-ਕਚਹਿਰੀ ਘੱਗਰੀ ਘੁਮਾਉਂਦੀ ਫਿਰੇਗੀ!”
“ਹਾਂ ਚੌਧਰੀ, ਘਰ ਵਿਚ ਆਦਮੀ ਨਾ ਹੋਵੇ ਫੇਰ ਔਖਾ ਤਾਂ ਹੁੰਦਾ ਹੀ ਹੈ।” ਮੁਨਸ਼ੀ ਨੇ
ਕਿਹਾ।
“ਕਿੰਨਾ ਮਾੜ੍ਹਾ ਹੋਇਆ ਹੈ.......ਘਰ ਦੇ ਆਦਮੀ ਜ਼ਖ਼ਮੀ ਹੋ ਗਏ, ਖੇਤੀ ਅਲੱਗ ਬਰਬਾਦ
ਹੋ ਗਈ, ਢੇਰਾਂ ਦੇ ਢੇਰ ਪੈਸੇ ਲੱਗਣਗੇ। ਇਹ ਤਾਂ ਘਰ ਉਜਾੜ ਕੇ ਤਮਾਸ਼ਾ ਦੇਖਣ ਵਾਲੀ ਗੱਲ
ਹੈ। ਕੀ ਕਲਯੁਗ ਆ ਗਿਆ ਹੈ।” ਫੇਰੂਮਲ ਨੇ ਉਦਾਸ ਹੁੰਦਿਆਂ ਕਿਹਾ। ਮਿਲਖਾ ਸਿੰਘ ਸੂਰਜ
ਵੱਲ ਦੇਖਦਾ ਹੋਇਆ ਬੋਲਿਆ, “ਮੁਨਸ਼ੀ, ਤੂੰ ਥਾਣੇ ਨਹੀਂ ਜਾਣਾ?”
“ਨਹੀਂ ਚੌਧਰੀ, ਮੈਂ ਉਥੇ ਜਾ ਕੇ ਕੀ ਕਰੂੰਗਾ?” ਮੁਨਸ਼ੀ ਨੇ ਕਿਹਾ।
“ਹਾਂ, ਤੂੰ ਤਾਂ ਅਜੇ ਪਲੜਾ ਦੇਖੇਂਗਾ ਕਿ ਕਿਧਰ ਭਾਰਾ ਹੈ। ਖੱਤਰੀ ਦਾ ਪੁੱਤ
ਆਂ.....ਜਿਧਰ ਦੋ ਪੈਸਿਆਂ ਦਾ ਫਾਇਦਾ ਹੋਵੇਗਾ, ਉਧਰ ਨੂੰ ਹੀ ਜਾਵੇਂਗਾ।” ਮਿਲਖਾ ਸਿੰਘ
ਨੇ ਉਠਦਿਆਂ ਕਿਹਾ, “ਮੈਂ ਤਾਂ ਜਾਊਂਗਾ ......ਪਤਾ ਕਰਦਾਂ ਰਪਟ ਦਰਜ ਹੋਈ ਹੈ ਕਿ
ਨਹੀਂ?”
“ਤਾਇਆ, ਹੁਣ ਤੇਰਾ ਕੰਮ ਸ਼ੁਰੂ ਹੋਇਆ ਹੈ .......ਕਿਤੇ ਲਾਵੇਂਗਾ ਕਿਤੇ ਬੁਝਾਵੇਂਗਾ।”
ਦਿਲਦਾਰ ਨੇ ਹੱਸਦਿਆਂ ਕਿਹਾ।
“ਤੂੰ ਫਿਰ ਬੋਲ ਪਿਆਂ .....ਕੁੱਤੇ ਦੀ ਔਲਾਦ।” ਮਿਲਖਾ ਸਿੰਘ ਨੇ ਬੈਠੇ ਬੈਠੇ ਨੇ ਹੀ
ਛੇਤੀ ਨਾਲ਼ ਜੁੱਤੀ ਚੁੱਕ ਲਈ। ਦਿਲਦਾਰ ਦੌੜ ਗਿਆ।
“ਖੜ੍ਹਾ ਹੋ,” ਮਿਲਖਾ ਸਿੰਘ ਨੇ ਉਸ ਨੂੰ ਲਲਕਾਰਿਆ ਅਤੇ ਫਿਰ ਮੁਨਸ਼ੀ ਵੱਲ ਨੂੰ ਝੁਕਦਾ
ਹੋਇਆ ਬੋਲਿਆ, “ਮੁਨਸ਼ੀ ਰੁਪਈਏ ਦਸ ਕੱਢ, ਸ਼ਹਿਰ ਨੂੰ ਜਾਣਾ ਹੈ। ਠੇਕੇ ਤੋਂ ਮਿਲ ਗਈ ਤਾਂ
ਲੈ ਆਊਂਗਾ।”
“ਚੌਧਰੀ, ਸਵੇਰੇ-ਸਵੇਰੇ ਪੈਸੇ ਕਿੱਥੋਂ ਦੇਵਾਂ। ਮੈਂ ਤਾਂ ਅਜੇ ਬੋਹਣੀ ਵੀ ਨਹੀਂ ਕੀਤੀ
........ਫੇਰੂਮਲ ਤੋਂ ਲੈ ਲਾ।” ਮੁਨਸ਼ੀ ਨੇ ਕਿਹਾ।
“ਕਿਉ? ਮੇਰੇ ਇਥੇ ਟਕਸਾਲ ਲੱਗੀ ਹੋਈ ਆ?” ਫੇਰੂਮਲ ਨੇ ਸਖਤ ਅਵਾਜ਼ ਵਿਚ ਕਿਹਾ।
“ਮੁਨਸ਼ੀ ਇਹਦੇ ਕੋਲੋਂ ਮੈਂ ਪਹਿਲਾਂ ਹੀ ਲੈ ਚੁੱਕਾਂ.......ਦੋ-ਚਾਰ ਦਿਨਾਂ ’ਚ ਮੋੜ
ਦੇਊਂਗਾ......ਹੁਣ ਪੈਸਿਆਂ ਦਾ ਕੋਈ ਘਾਟਾ ਨਹੀਂ ਰਹਿਣਾ” ਮਿਲਖਾ ਸਿੰਘ ਨੇ ਮੁਨਸ਼ੀ ਵੱਲ
ਅਰਥਪੂਰਣ ਨਜ਼ਰਾਂ ਨਾਲ਼ ਦੇਖਦਿਆਂ ਕਿਹਾ।
“ਹੁਣ ਤਾਂ ਤਾਏ ਦੀ ਵਿਆਹ ਵਾਲੇ ਘਰ ’ਚ ਨੈਣ ਜਿੰਨੀ ਇਜ਼ਤ ਹੋਣੀ ਹੈ। ਤਾਏ ਨੂੰ ਤਾਂ
ਆਪਣੇ ਲਾਗ ਨਾਲ਼ ਗਰਜ ਹੈ......ਵਿਆਂਦੜ ਭਾਵੇਂ ਸਹੁਰੇ ਜਾਂਦੀ ਰੰਡੀ ਹੋ ਜਾਵੇ।”
ਦਿਲਦਾਰ ਨੇ ਕੰਧ ਉਹਲਿਓ ਨਿਕਲ ਕੇ ਸਾਹਮਣੇ ਆਉਂਦਿਆਂ ਕਿਹਾ।
“ਉਏ ਤੂੰ ਫੇਰ ਆ ਗਿਆ?” ਮਿਲਖਾ ਸਿੰਘ ਨੇ ਖਿੱਝ ਕੇ ਕਿਹਾ।
"ਹਾਂ ਤਾਇਆ...।” ਦਿਲਦਾਰ ਨੇ ਹੱਸਦਿਆਂ ਕਿਹਾ।
“ਜਾ ਬੱਲਿਆ ਇਥੋਂ......ਕੰਮ ਦੀ ਗੱਲ ਕਰਨ ਦੇ।” ਮਿਲਖਾ ਸਿੰਘ ਨੇ ਪੁਚਕਾਰ ਕੇ
ਸਮਝਾਉਦਿਆਂ ਕਿਹਾ। ਫਿਰ ਮੁਨਸ਼ੀ ਵੱਲ ਝੁੱਕ ਗਿਆ, “ਮੁਨਸ਼ੀ ਛੇਤੀ ਜੇਬ ਢਿੱਲੀ ਕਰ।”
ਮੁਨਸ਼ੀ ਨੇ ਥੋੜੀ ਜਿਹੀ ਹੀਲ-ਹੁੱਜਤ ਕੀਤੀ, ਪਰ ਅਖੀਰ ਕੋਈ ਪੇਸ਼ ਨਾ ਜਾਂਦੀ ਦੇਖ ਕੇ,
ਬੜੇ ਅਹਿਸਾਨ ਜਿਹੇ ਨਾਲ਼ ਪੰਜ ਰੁਪਏ ਦੇ ਹੀ ਦਿੱਤੇ।
ਮਿਲਖਾ ਸਿੰਘ ਦੇ ਜਾਣ ਪਿਛੋਂ ਬਾਕੀ ਲੋਕ ਵੀ ਉਠ ਖੜ੍ਹੇ ਹੋਏ। ਦੁਕਾਨ ’ਤੇ ਸਿਰਫ਼
ਮੁਨਸ਼ੀ ਤੇ ਫੇਰੂਮਲ ਰਹਿ ਗਏ। ਕੁੱਝ ਦੇਰ ਦੋਨੋਂ ਚੁੱਪ ਕਰਕੇ ਬੈਠੇ ਰਹੇ। ਫੇਰੂਮਲ ਇਕਦਮ
ਸਿੱਧਾ ਹੋ ਕੇ ਬੈਠਦਾ ਹੋਇਆ ਬੋਲਿਆ, “ਇਹਦੇ ਵਿਚ ਕੋਈ ਸ਼ੱਕ ਨਹੀਂ, ਕਿ ਲੜਾਈ-ਝਗੜਾ,
ਦੰਗਾ-ਫਸਾਦ, ਮਾਰ-ਕੁਟਾਈ ਬਹੁਤ ਮਾੜੀ ਗੱਲ ਹੈ। ਆਦਮੀ ਦਾ ਬੇਮਤਲਬ ਖੂਨ ਵਹੇ, ਇਹ ਕਿਸੇ
ਨੂੰ ਚੰਗਾ ਨਹੀਂ ਲਗਦਾ।”
ਫਿਰ ਉਸ ਨੇ ਕਾਹਲ਼ੀ ਨਾਲ਼ ਗਰਦਣ ਮੋਹਰ ਨੂੰ ਕਰਕੇ ਗਲ਼ੀ ਦੇ ਦੋਨੀਂ ਪਾਸੀਂ ਨਿਗ੍ਹਾ
ਮਾਰ ਕੇ ਮੁਨਸ਼ੀ ਵੱਲ ਨੂੰ ਮੂਧਾ ਹੋ ਕੇ ਅਤੇ ਮਖੌਲੀਆ ਅਵਾਜ਼ ਵਿਚ ਕਿਹਾ, “ ਇਥੇ ਕੋਈ
ਪਰਾਇਆ ਤਾਂ ਬੈਠਾ ਨਹੀਂ। ਇਨ੍ਹਾਂ ਦਾ ਕਦੀਂ ਕਦਾਈਂ ਦਾ ਲੜਾਈ-ਝਗੜਾ ਸਾਡੇ ਹੱਕ ਲਈ
ਚੰਗੀ ਗੱਲ ਹੀ ਹੈ।”
“ਤੇਰੀ ਗੱਲ ਸੋਲ੍ਹਾਂ ਆਨੇ ਠੀਕ ਹੈ।.....ਜੇ ਇਹ ਆਪਸ ਵਿਚ ਇਕ ਹੋ ਜਾਣ ਤਾਂ ਪਿੰਡ ਵਿਚ
ਇੱਜ਼ਤ ਨਾਲ਼ ਰਹਿਣਾ ਮੁਸ਼ਕਲ ਹੋ ਜਾਵੇ। ਇਹਨਾਂ ਦੀ ਕਹੀ ਜਿੰਨੀ ਛੇਤੀ ਜਮੀਨ ’ਤੇ
ਉੱਠਦੀ ਹੈ, ਉਨੀ ਛੇਤੀ ਸਾਡੇ ’ਤੇ ਵੀ ਉੱਠ ਸਕਦੀ ਹੈ। ....ਸਾਨੂੰ ਜਮੀਨ ਵਿਚ ਜੀਂਦਾ
ਵੀ ਗੱਡ ਦੇਣ ਤਾਂ ਕਿਸੇ ਨੂੰ ਖ਼ਬਰ ਨਹੀਂ ਹੋਣੀ।” ਮੁਨਸ਼ੀ ਨੇ ਕਿਹਾ। ਫਿਰ ਲੂੰਬੜੀ
ਵਾਂਗ ਚਾਰੇ ਪਾਸੇ ਅੱਖਾਂ ਘੁਮਾ ਕੇ ਬੋਲਿਆ, “ਜੇ ਜੱਟ ਨੂੰ ਆਪਣੀ ਕਮਾਈ ਸੰਭਾਲਣੀ ਆ
ਜਾਏ ਤਾਂ ਸਾਰੀ ਖੁਦਾਈ ਇਕੱਠੀ ਕਰਕੇ ਘਰ ਭਰ ਲਵੇ।” ਕਹਿ ਕੇ ਮੁਨਸ਼ੀ ਬਾਬੂਰਾਮ ਉੱਠ ਕੇ
ਤੁਰ ਪਿਆ। “ਮੈਂ ਮੱਝ ਨੂੰ ਪਾਣੀ ਪਿਲਾ ਦੇਵਾਂ, ਕੀ ਪਤਾ, ਕਿਹੜੀ ਘੜੀ ਕੀ ਖ਼ਬਰ ਆ
ਜਾਏ!”
ਤਿੰਨ
ਦਿਨ ਢਲੇ ਪਿੰਡ ਵਿਚ ਕੁਛ ਸਮੇਂ ਲਈ ਫਿਰ ਹਰਕਤ ਹੋਈ। ਲੋਕਾਂ ਨੇ ਸੂਰਜ ਛਿਪਣ ਤੋਂ
ਪਹਿਲਾਂ ਹੀ ਸਾਰੇ ਕੰਮ ਮੁਕਾ ਲਏ। ਦੁਪਹਿਰ ਨੂੰ ਡਰ ਕੁੱਝ ਘੱਟ ਗਿਆ ਸੀ। ਪਰ ਹਨੇਰਾ
ਹੋਣ ਦੇ ਨਾਲ਼-ਨਾਲ਼ ਡਰ ਵੀ ਇਕ ਵਾਰ ਫਿਰ ਵੱਧ ਗਿਆ।
ਰਾਤ ਪਈ ਤਾਂ ਪਿੰਡ ’ਤੇ ਧੂੰਏ ਦੀ ਚਾਦਰ ਵੀ ਡੂੰਘੀ ਹੋਣ ਲੱਗੀ। ਜੌੜੀਆਂ ਢਾਬਾਂ ਵਾਲੇ
ਮਹੰਤ ਨੇ ਡੇਰੇ ਵਿਚ ਸੰਖ ਪੂਰਿਆ ਤਾਂ ਕਈ ਕੁੱਤੇ ਉਹਦੀ ਅਵਾਜ਼ ਨਾਲ਼ ਅਵਾਜ਼ ਮਿਲਾ ਕੇ
ਰੋਣ ਲੱਗੇ। ਸੰਖ ਦੀ ਅਵਾਜ਼ ਤਾਂ ਬੰਦ ਹੋ ਗਈ ਪਰ ਕੁੱਤੇ ਫਿਰ ਵੀ ਰੋਂਦੇ ਰਹੇ। ਫੇਰੂਮਲ
ਨੇ ਹੌਲੀ ਜਿਹੇ ਕੁੱਤਿਆਂ ਨੂੰ ਗਾਲ਼ ਕੱਢੀ। ਫਿਰ ਉੱਚੀ ਅਵਾਜ਼ ਵਿਚ ਕਿਹਾ, “ਸਤਿਆਨਾਸ
ਹੋਵੇ ਮਰਦੂਦਾਂ ਪਾਪੀਆਂ ਦਾ।”
ਕਈਆਂ ਨੇ ਕੁੱਤਿਆਂ ਨੂੰ ਦਬਕਾ ਮਾਰਿਆ ਪਰ ਇਕ ਦੋ ਕੁੱਤੇ ਫਿਰ ਵੀ ਰੋਂਦੇ ਰਹੇ ਤਾਂ
ਫੇਰੂਮਲ ਘਬਰਾਇਆ ਹੋਇਆ ਬੋਲਿਆ, “ਸ਼ਾਮ ਨੂੰ ਕੁੱਤੇ ਰੋਣ ਤਾਂ ਸਮਝੋ, ਪਿੰਡ ’ਤੇ ਕੋਈ
ਮੁਸੀਬਤ ਆਉਣ ਵਾਲੀ ਹੈ।”
ਫੇਰੂਮਲ ਦੀ ਗੱਲ ਸੁਣ ਕੇ ਸਾਰਿਆਂ ਦਾ ਧਿਆਨ ਆਪਣੇ-ਆਪਣੇ ਜ਼ਖ਼ਮੀਆਂ ਵੱਲ ਚਲੇ ਗਿਆ।
ਮੌਤ ਦੇ ਬਾਰੇ ਸਿਰਫ਼ ਸੋਚ ਕੇ ਹੀ ਉਹਨਾਂ ਦੇ ਦਿਲ ਡੁੱਬਣ ਲੱਗੇ। ਹਨੇਰੇ ਦੀ ਲਪੇਟ ਵਿਚ
ਆਇਆ, ਪਿੰਡ ਉਂਝ ਹੀ ਬੜਾ ਡਰਾਉਣਾ ਲੱਗ ਰਿਹਾ ਸੀ। ਪਰ ਖੁੱਲ੍ਹੇ ਬੂਹਿਆਂ ਵਿਚੋਂ ਗਲ਼ੀ
’ਚ ਆ ਰੌਸ਼ਨੀ ਨਾਲ਼ ਬਣੇ ਮੈਲੇ ਜਿਹੇ ਧੱਬਿਆਂ ਨੇ ਵਾਤਾਵਰਣ ਨੂੰ ਹੋਰ ਵੀ ਜ਼ਿਆਦਾ
ਖੌਫ਼ਨਾਕ ਬਣਾ ਦਿੱਤਾ ਸੀ।
ਪਿੰਡ ਦੇ ਦੱਬੇ-ਘੁੱਟੇ ਜਿਹੇ ਰੌਲੇ ’ਤੇ ਅਚਾਨਕ ਹੀ ਇਕ ਔਰਤ ਦੀ ਚੀਕ ਛਾ ਗਈ।
“ਕੀ ਹੋਇਆ, ਕੌਣ ਰੋ ਰਿਹਾ ਹੈ?’ ਬਹੁਤ ਸਾਰੇ ਲੋਕਾਂ ਨੇ ਡਰ ਕੇ ਇਕੋ ਵਾਰੀ ਪੁੱਛਿਆ।
ਚੀਕ ਬਚਿੰਤ ਸਿੰਘ ਦੇ ਘਰ ਵਲੋਂ ਆਈ ਸੀ। ਸਾਰਿਆਂ ਦੇ ਦਿਮਾਗ ਵਿਚ ਇਹ ਹੀ ਖਿਆਲ ਆਇਆ ਕਿ
ਉਹਨਾਂ ਦੇ ਜ਼ਖ਼ਮੀਆਂ ’ਚੋਂ ਕੋਈ ਨਾ ਕੋਈ ਚੱਲ ਵੱਸਿਆ ਹੈ।
ਲੋਕ ਅਜੇ ਅੰਦਾਜ਼ੇ ਹੀ ਲਾ ਰਹੇ ਸਨ ਕਿ ਮੰਗਲੂ ਚੌਂਕੀਦਾਰ, ਫੇਰੂਮਲ ਦੀ ਦੁਕਾਨ ’ਤੇ ਆ
ਗਿਆ। ਸਾਰਿਆਂ ਨੇ ਉਸ ਨੂੰ ਘੇਰ ਲਿਆ, “ਕੌਣ ਰੋ ਰਿਹਾ? ਕੀ ਹੋਇਆ?”
“ਸਰਦਾਰਨੀ ਜਸਵੰਤ ਕੌਰ ਰੋ ਰਹੀ ਹੈ।” ਮੰਗਲੂ ਨੇ ਦੱਸਿਆ।
“ਕਰਤਾਰ ਅਤੇ ਜਗਤ ਸਿੰਘ ਰਾਜ਼ੀ ਬਾਜ਼ੀ ਹਨ?” ਫੇਰ ਇਕੋ ਵਾਰ ਕਈ ਅਵਾਜ਼ਾਂ ਆਈਆਂ।
“ਜਦੋਂ ਮੈਂ ਤੁਰਿਆਂ, ਉਦੋਂ ਤਾਂ ਠੀਕ ਹੀ ਸਨ।” ਮੰਗਲੂ ਨੇ ਦੱਸਿਆ।
“ਫਿਰ ਸਰਦਾਰਨੀ ਕਿਉਂ ਰੋ ਰਹੀ ਹੈ?”
“ਸਰਦਾਰਨੀ ਮੇਰੇ ਨਾਲ਼ ਹੀ ਹਸਪਤਾਲੋਂ ਮੁੜ ਕੇ ਆਈ ਹੈ। ਉਸ ਨੇ ਸਵੇਰੇ ਕਰਤਾਰ ਲਈ ਮਖਣੀ
ਅਤੇ ਲੱਸੀ ਰੱਖੀ ਸੀ। ਰਸੋਈ ਵਿਚ ਢੱਕੀ ਗੜਵੀ ਦੇਖ ਕੇ ਸਰਦਾਰਨੀ ਦੀ ਚੀਕ ਨਿਕਲ ਗਈ।”
ਕਹਿ ਕੇ ਮੰਗਲੂ ਅੱਗੇ ਤੁਰ ਪਿਆ। ਲੋਕਾਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ
ਉਹ ਇਹ ਕਹਿੰਦਾ ਹੋਇਆ ਦੌੜ ਗਿਆ, “ਘਰ ਹੋ ਆਵਾਂ। ਮੇਰੇ ਪਸ਼ੂ ਸਵੇਰ ਦੇ ਭੁੱਖੇ-ਤਿਹਾਏ
ਖੜ੍ਹੇ ਰੱਸੇ ਤੁੜਾ ਰਹੇ ਹੋਣੇ ਆਂ।”
ਮੰਗਲੂ ਦੇ ਜਾਣ ਪਿੱਛੋਂ ਕੁੱਝ ਸਮੇਂ ਲਈ ਲੋਕ ਸਿਰ ਜੋੜ ਕੇ ਜ਼ਖ਼ਮੀਆਂ ਦੀ ਹਾਲਤ ਬਾਰੇ
ਘੁਸਰ-ਮੁਸਰ ਕਰਦੇ ਰਹੇ। ਕਈ ਔੇਰਤਾਂ ਅਤੇ ਬੱਚੇ ਜਸਵੰਤ ਕੌਰ ਨੂੰ ਦੇਖਣ ਬਚਿੰਤ ਸਿੰਘ
ਦੇ ਘਰ ਵੱਲ ਨੂੰ ਦੌੜ ਗਏ।
ਜਸਵੰਤ ਕੌਰ ਆਪਣੇ ਵਿਹੜੇ ਵਿਚ ਨੀਵੀਂ ਪਾਈ ਬੈਠੀ ਸੀ। ਮੇਲਾ ਸਿੰਘ ਦੀ ਘਰ ਵਾਲੀ ਬੇਬੇ
ਰਤਨ ਕੌਰ ਅਤੇ ਸਰਦਾਰਾ ਸਿੰਘ ਦੀ ਘਰ ਵਾਲੀ ਜੋਗਿੰਦਰ ਕੌਰ ਆਈਆਂ ਤਾਂ ਜਸਵੰਤ ਕੌਰ
ਫੁੱਟ-ਫੁੱਟ ਕੇ ਰੋਣ ਲੱਗੀ।
“ਨਾ ਰੋ ਪੁੱਤ, ਵਾਹਿਗੁਰੂ ਦਾ ਨਾਂ ਲੈ।” ਬੇਬੇ ਰਤਨ ਕੌਰ ਨੇ ਜਸਵੰਤ ਕੌਰ ਦੇ ਸਿਰ ’ਤੇ
ਹੱਥ ਫੇਰਦਿਆਂ ਕਿਹਾ, “ਜੋ ਵਾਹਿਗੁਰੂ ਦਾ ਭਾਣਾ ਹੈ ਵਰਤ ਕੇ ਰਹੇਗਾ।”
ਜਦੋਂ ਜਸਵੰਤ ਕੌਰ ਚੁੱਪ ਹੋ ਗਈ ਤਾਂ ਬੇਬੇ ਨੇ ਪੁੱਛਿਆ, “ਜਸਵੰਤ ਕੋਰੇ, ਤੂੰ ਜਗਤ
ਸਿੰਘ ਅਤੇ ਕਰਤਾਰ ਦਾ ਹਾਲ ਦੱਸ। ਉਹ ਦੋਨੋਂ ਠੀਕ ਠਾਕ ਤਾਂ ਹਨ?”
“ਬੇਬੇ, ਹਾਲ ਕੀ ਹੋਣਾ ਹੈ। ਉਹਨਾਂ ਦੇ ਸਰੀਰ ਰੂੰ ਵਾਂਗ ਪਿੰਜੇ ਪਏ ਹਨ। ਹੋਸ਼ ਆਉਂਦਾ
ਹੈ ਤਾਂ ਹਾਏ-ਹਾਏ ਕਰਨ ਲੱਗ ਪੈਂਦੇ ਹਨ।” ਜਸਵੰਤ ਕੌਰ ਨੇ ਬੁਝੀ ਹੋਈ ਅਵਾਜ਼ ਵਿਚ
ਕਿਹਾ। ਉਹ ਕੁੱਝ ਪਲ ਚੁੱਪ ਰਹਿ ਕੇ ਭਾਵੁਕ ਹੁੰਦਿਆਂ ਬੋਲੀ, “ਕਰਤਾਰ ਦੇ ਬਾਪੂ ਨੂੰ
ਹੋਸ਼ ਆਇਆ ਤਾਂ ਮੈਨੂੰ ਕੋਲ਼ ਸੱਦ ਕੇ ਕਹਿਣ ਲੱਗਾ ਕਿ ਕਰਤਾਰ ਨੂੰ ਬਚਾ ਲਈਂ। ਮੈਂ ਮਰ
ਵੀ ਗਿਆ ਤਾਂ ਕੋਈ ਫ਼ਰਕ ਨਹੀਂ ਪੈਂਦਾ। ਉਹ ਜੀਂਦਾ ਰਿਹਾ ਤਾਂ ਖਾਨਦਾਨ ਦਾ ਬੂਟਾ ਵੱਧਦਾ
ਰਹੇਗਾ।” ਕਹਿ ਕੇ ਜਸਵੰਤ ਕੌਰ ਫਿਰ ਫੁੱਟ-ਫੁੱਟ ਕੇ ਰੋਣ ਲੱਗ ਪਈ।
ਬੇਬੇ ਰਤਨ ਕੌਰ ਉਹਦੇ ਸਿਰ ’ਤੇ ਹੱਥ ਫੇਰਦੀ ਹੋਈ ਦਿਲਾਸਾ ਦੇਣ ਲੱਗੀ, “ਵਾਹਿਗੁਰੂ ’ਤੇ
ਭਰੋਸਾ ਰੱਖ। ਉਹ ਹੀ ਸਭ ਦਾ ਰੱਖਣਹਾਰ ਹੈ। ਉਹਦੀ ਨਜਰ ਸਵੱਲੀ ਰਹਿਣੀ ਚਾਹੀਦੀ ਹੈ।”
ਕਹਿ ਕੇ ਬੇਬੇ ਰਤਨ ਕੌਰ ਨੇ ਚਾਰੇ ਪਾਸੇ ਦੇਖਿਆ ਅਤੇ ਹਨੇਰਾ ਦੇਖ ਕੇ ਤਲਖ਼ ਹੁੰਦੀ
ਬੋਲੀ, “ਜੋਗਿੰਦਰੋ, ਘਰ ਨੂੰ ਫ਼ਕੀਰਾਂ ਦੇ ਡੇਰੇ ਵਰਗਾ ਕਿਉਂ ਬਣਾਇਆ ਹੋਇਆ ਹੈ? ਸੁੱਖ
ਮੰਗੋ ਅਤੇ ਵਾਹਿਗੁਰੂ ਦਾ ਨਾਂ ਲੈ ਕੇ ਲਾਲਟੈਣ ਜਗਾ ਦੇ।”
ਜੋਗਿੰਦਰ ਕੌਰ ਨੇ ਲਾਲਟੈਣ ਜਗਾ ਕੇ ਬਰਾਂਡੇ ਦੀ ਕਿੱਲੀ ਨਾਲ਼ ਟੰਗ ਦਿੱਤੀ। ਬੇਬੇ ਰਤਨ
ਕੌਰ ਨੇ ਜਸਵੰਤ ਕੌਰ ਨੂੰ ਫ਼ਰਸ਼ ਤੇ ਹੀ ਬੈਠੀ ਦੇਖਿਆ, ਤਾਂ ਪਰੇ ਪਈ ਪੀੜ੍ਹੀ ਖਿੱਚ ਲਈ
ਤੇ ਉਹਦੇ ਵੱਲ ਨੂੰ ਕਰਦੀ ਹੋਈ ਬੋਲੀ, “ਜਸਵੰਤ ਕੋਰੇ, ਪੀੜ੍ਹੀ ਤੇ ਬੈਠ। ਤੇਰੇ ਸਿਰ ਦਾ
ਸਾਂਈ ਜੀਵੇ, ਤੂੰ ਜਮੀਨ ’ਤੇ ਕਿਉਂ ਬੈਠੀ ਹੈਂ?”
ਜਸਵੰਤ ਕੌਰ ਨੇ ਪੀੜ੍ਹੀ ਲੈ ਲਈ। ਉਹਦੇ ਦੁਆਲੇ ਪਿੰਡ ਦੀਆਂ ਔਰਤਾਂ ਦਾ ਘੇਰਾ ਹਰ ਪੱਲ
ਵੱਧ ਰਿਹਾ ਸੀ। ਨਿਆਣੇ, ਔਰਤਾਂ ਦੇ ਪਿੱਛੇ ਖੜ੍ਹੇ ਸਭ ਨੂੰ, ਖਾਸ ਕਰਕੇ ਜਸਵੰਤ ਕੌਰ
ਨੂੰ ਬਹੁਤ ਧਿਆਨ ਨਾਲ਼ ਦੇਖ ਰਹੇ ਸਨ। ਬਾਹਰੋਂ ਆਉਣ ਵਾਲੀ ਹਰ ਔਰਤ, ਕਰਤਾਰ ਅਤੇ ਜਗਤ
ਸਿੰਘ ਦਾ ਹਾਲ ਪੁੱਛਦੀ। ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਬੇਬੇ ਰਤਨ ਕੌਰ ਹੀ
ਦਿੰਦੀ।
ਮੁਨਸ਼ੀ ਬਾਬੂਰਾਮ ਦੀ ਘਰ ਵਾਲੀ ਦੁਰਗੋ ਅਤੇ ਫੇਰੂਮਲ ਦੀ ਘਰ ਵਾਲੀ ਲੱਛਮੀ ਇਕੱਠੀਆਂ
ਆਈਆਂ। ਕਰਤਾਰ ਅਤੇ ਜਗਤ ਸਿੰਘ ਦਾ ਹਾਲ ਪੁੱਛ ਕੇ ਦੁਰਗੋ ਬੋਲੀ, “ਕੱਲ ਸਵੇਰੇ ਮੈਂ,
ਹਰਬੰਸੇ ਦੀ ਮਾਂ ਲਾਜੋ, ਦਲੀਪੇ ਦੀ ਮਾਂ ਸੀਤਲ ਕੌਰ ਅਤੇ ਗਲ਼ੀ ਦੀਆਂ ਕੁੱਝ ਹੋਰ
ਤੀਵੀਆਂ ਮੂੰਹ-ਹਨੇਰੇ ਖੇਤਾਂ ਨੂੰ ਜਾ ਰਹੀਆਂ ਸੀ। ਉਦੋਂ ਕਰਤਾਰ ਬੜੇ ਰਾਹ ਘੋੜੀ ਲੈ ਕੇ
ਨਿਕਲਿਆ ਸੀ। ਹੌਲੀ-ਹੌਲੀ ਤੁਰੀ ਜਾਂਦੀ ਘੋੜੀ ’ਤੇ ਬੈਠਾ ਉਹ ਰਾਜਾ ਲੱਗ ਰਿਹਾ ਸੀ।
ਸਾਡੇ ਪਿੱਛੇ-ਪਿੱਛੇ ਦੋ ਰਾਹਗੀਰ ਵੀ ਜਾਂਦੇ ਸਨ। ਉਹਨਾਂ ਨੇ ਵੀ ਕਰਤਾਰ ਨੂੰ ਦੇਖਿਆ।
ਇਕ ਬੋਲਿਆ ਕਿ ਸਵਾਰ ਅਤੇ ਘੋੜੀ ਦੋਨੋ ਇੰਨੇ ਸੁਹਣੇ ਹਨ ਕਿ ਦੇਖ ਕੇ ਭੁੱਖ ਲਹਿੰਦੀ
ਹੈ।”
“ਹਾਂ, ਵਾਹਿਗੁਰੂ ਸਾਰਿਆਂ ਦੇ ਨਿਆਣਿਆਂ ਨੂੰ ਰਾਜੀ ਰੱਖੇ। ਸਭ ਵੱਧਣ-ਫੁੱਲਣ। ਪਰ
ਕਰਤਾਰ ਲੱਖਾਂ ਵਿਚੋਂ ਇਕ ਹੈ। ਐਸੇ ਸੋਹਣੇ-ਸੁਣੱਖੇ ਗੱਭਰੂ ਵਿਰਲੇ ਹੀ ਹੁੰਦੇ ਹਨ। ਉਹ
ਤਾਂ ਇਸ ਘਰ ਅਤੇ ਪਿੰਡ ਕੀ, ਸਾਰੇ ਇਲਾਕੇ ਦਾ ਸ਼ਿੰਗਾਰ ਹੈ।” ਬੇਬੇ ਰਤਨ ਕੌਰ ਨੇ ਕਿਹਾ।
ਜਸਵੰਤ ਕੌਰ ਚੁੱਪ ਕੀਤੀ ਸਾਰੀਆਂ ਗੱਲਾਂ ਸੁਣ ਰਹੀ ਸੀ। ਦੁਰਗੋ ਫਿਰ ਬੋਲੀ, “ਛਾਹ ਵੇਲੇ
ਪਤਾ ਲੱਗਾ ਕਿ ਨੀਲੋਵਾਲੀਏ ਨੱਥਾ ਸਿੰਘ ਦੇ ਟੱਬਰ ਨੇ ਕਰਤਾਰ ਨੂੰ ਛੱਲੀਆਂ ਵਾਂਗ
ਕੁੱਟਿਆ ਹੈ। ਪਰ ਮੈਨੂੰ ਯਕੀਨ ਨਹੀਂ ਆਇਆ। ਫਿਰ ਰਮੇਸ਼ ਦਾ ਭਾਈਆ ਘਬਰਾਇਆ ਹੋਇਆ ਘਰ ਆਇਆ
ਤਾਂ ਕਹਿਣ ਲੱਗਾ ਕਿ ਬਹੁਤ ਜ਼ੁਲਮ ਹੋ ਗਿਆ ਹੈ।” ਕਹਿ ਕੇ ਉਸ ਨੇ ਸੋਚ ਵਿਚ ਡੁੱਬੀ
ਅਵਾਜ਼ ਵਿਚ ਪੁੱਛਿਆ, “ਕੀ ਨੀਲੋਵਾਲੀਆਂ ਨੇ ਪਹਿਲਾਂ ਹੀ ਮਤਾ ਪਕਾਇਆ ਹੋਇਆ ਸੀ।”
“ਇਹ ਤਾਂ ਵਾਹਿਗੁਰੂ ਹੀ ਜਾਣੇ! ਕਰਤਾਰ ਦੇ ਕੋਲ਼ ਤਾਂ ਸੋਟੀ ਵੀ ਨਹੀਂ ਸੀ। ਮੈਂ ਗੋਹਾ
ਸਿੱਟਣ ਜਾ ਰਹੀ ਸੀ, ਜਦ ਉਹ ਘੋੜੀ ਲੈ ਕੇ ਨਿਕਲਿਆ ਸੀ।” ਬੇਬੇ ਰਤਨ ਕੌਰ ਦੇ ਜਵਾਨ
ਪੋਤੇ ਨੌਨਿਹਾਲ ਦੀ ਵਹੁਟੀ ਕੁਲਦੀਪ ਕੌਰ ਨੇ ਕਿਹਾ। ਫਿਰ ਉਹ ਹੱਸਦੀ ਹੋਈ ਬੋਲੀ, ਮੈਂ
ਕਰਤਾਰ ਨੂੰ ਮਖੌਲ ਵਿਚ ਕਿਹਾ ਵੀ - ਦਿਉਰਾ ਇਕ ਦਿਨ ਮੈਨੂੰ ਵੀ ਘੋੜੀ ਦੀ ਸਵਾਰੀ ਕਰਾ
ਦੇ। ...ਉਹਨੇ ਹੱਸ ਕੇ ਕਿਹਾ, ਕਿ ਭਾਈ ਤੋਂ ਪੁੱਛ ਲੈ .....ਮੈਂ ਤੈਨੂੰ ਵਿਸਾਖੀ ਦਾ
ਮੇਲਾ ਦਿਖਾਉਣ ਘੋੜੀ ’ਤੇ ਲੈ ਜਾਊਂ।”
ਜਸਵੰਤ ਕੌਰ ਨੇ ਬਹੁਤ ਜ਼ੋਰ ਨਾਲ਼ ਸਾਹ ਲਿਆ ਅਤੇ ਹੌਲੀ ਜਿਹੇ ਬੋਲੀ, “ਮੈਂ ਕਰਤਾਰ ਲਈ
ਅਧਰੇੜਕਾ (ਮੱਖਣ ਵਾਲੀ ਲੱਸੀ) ਲੈ ਕੇ ਬਾਹਰ ਆਈ ਤਾਂ ਉਹ ਘੋੜੀ ਲੈ ਕੇ ਤਿਆਰ ਹੋ ਰਿਹਾ
ਸੀ। ਮੈਂ ਲੱਸੀ ਪੀਣ ਲਈ ਕਿਹਾ ਤਾਂ ਬੋਲਿਆ ਕਿ ਖਜੂਰ ਵਾਲੇ ਖੇਤ ਤੱਕ ਹੋ ਆਵਾਂ। ਘੋੜੀ
ਦੀ ਹਵਾਖੋਰੀ ਹੋ ਜਾਵੇਗੀ ਨਾਲੇ ਲੱਤਾਂ ਮੋਕਲੀਆਂ ਹੋ ਜਾਣਗੀਆਂ।” ਕਹਿ ਕੇ ਜਸਵੰਤ ਕੌਰ
ਚੁੱਪ ਹੋ ਗਈ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਉਹ ਭਰੀ ਹੋਈ ਅਵਾਜ਼ ਵਿਚ ਬੋਲੀ,
“ਮੈਨੂੰ ਕੀ ਪਤਾ ਸੀ, ਵੈਰੀ ਉਸ ਨੂੰ ਮਾਰਨ ਦਾ ਮਤਾ ਪਕਾਈ ਬੈਠੇ ਹਨ। ਨਹੀਂ ਤਾਂ ਮੈਂ
ਉਹਨੂੰ ਰੋਕ ਲੈਂਦੀ।”
ਜਸਵੰਤ ਕੌਰ ਦੀਆਂ ਗੱਲਾਂ ਸੁਣ ਕੇ ਔਰਤਾਂ ਉੱਚੀ ਅਵਾਜ਼ ਵਿਚ ਆਪਣੇ-ਆਪਣੇ ਭਗਵਾਨ ਨੂੰ
ਯਾਦ ਕਰਨ ਲੱਗੀਆਂ।
“ਕਰਤਾਰ ਦਾ ਬਾਪੂ ਵੀ ਨਾਲ਼ ਸੀ?” ਇਕ ਔਰਤ ਨੇ ਪੁੱਛਿਆ।
“ਨਾ-ਨਾ,” ਬੇਬੇ ਰਤਨ ਕੌਰ ਨੇ ਕਿਹਾ, “ਉਹ ਵਿਚਾਰਾ ਤਾਂ ਖੇਤਾਂ ਨੂੰ ਗਿਆ ਹੋਇਆ ਸੀ।”
“ਕਰਤਾਰ ਦੇ ਬਾਪੂ ਨੇ ਪਹਿਲਾਂ ਮੱਝ ਨੂੰ ਕਾਹੜਾ ਪਿਲਾਇਆ। ਮੱਝ ਦੋ-ਤਿੰਨ ਦਿਨਾਂ ਦੀ
ਢਿੱਲੀ ਸੀ। ਉਹ ਲੱਸੀ ਪੀਣ ਲਈ ਬੈਠਾ ਹੀ ਸੀ। ਹੱਥ ਵਿਚ ਰੋਟੀ ਫੜੀ ਹੀ ਸੀ ਕਿ ਖਾਲੀ
ਘੋੜੀ ਦਣਦਣਾਉਂਦੀ ਤਬੇਲੇ ਵਿਚ ਆ ਵੜ੍ਹੀ।” ਜਸਵੰਤ ਕੌਰ ਕਹਿ ਕੇ ਫਿਰ ਰੋ ਪਈ, “ਉਹ ਹੱਥ
ਦੀ ਰੋਟੀ ਥਾਲੀ ’ਚ ਹੀ ਸਿੱਟ ਕੇ ਬਾਹਰ ਨਿਕਲ ਗਿਆ ਅਤੇ ਫਿਰ ... ”, ਜਸਵੰਤ ਕੌਰ
ਫੁੱਟ-ਫੁੱਟ ਕੇ ਰੋਣ ਲੱਗ ਪਈ।
“ਨਾ ਰੋ ਬੱਚਾ। ਵਾਹਿਗੁਰੂ ਅੱਗੇ ਇਹ ਬੇਨਤੀ ਕਰ ਕਿ ਤੇਰੇ ਸਿਰ ਦਾ ਸਾਂਈਂ ਰਹਿੰਦੀ
ਦੁਨੀਆਂ ਤੱਕ ਜੀਂਦਾ-ਜਾਗਦਾ ਰਹੇ। ਤੇਰਾ ਸੁਹਾਗ ਸਦਾ ਬਣਿਆ ਰਹੇ।” ਬੇਬੇ ਰਤਨ ਕੌਰ ਨੇ
ਸਮਝਾਇਆ।
ਫੇਰੂਮਲ ਦੀ ਘਰ ਵਾਲੀ ਲੱਛਮੀ ਜੋ ਹੁਣ ਤੱਕ ਚੁੱਪ ਬੈਠੀ ਸੀ। ਉਸ ਨੇ ਗਰਦਣ ਨੂੰ ਅੱਗੇ
ਕਰਦਿਆਂ ਕਿਹਾ, “ਕਰਤਾਰ ਦਾ ਤਾਇਆ ਤਾਂ ਸਵੇਰੇ ਸਾਡੇ ਮੁਹੱਲੇ ਆਇਆ ਹੋਇਆ ਸੀ। ਰਾਤੀਂ
ਹਾਕਮ ਸਿੰਘ ਕੇ ਘਰ ਬੋਲ-ਬੁਲਾਰਾ ਹੋ ਗਿਆ ਸੀ। ਸ਼ਾਇਦ ਉਸ ਦਾ ਹੀ ਫੈਸਲਾ ਕਰਾਉਣ ਆਇਆ
ਸੀ।”
“ਲੱਛਮੀਏ, ਉਹਨਾਂ ਵਿਚ ਕਿਸ ਗੱਲ ਤੋਂ ਝਗੜਾ ਹੋਇਆ ਸੀ?” ਬੇਬੇ ਰਤਨ ਕੌਰ ਨੇ ਪੁੱਛਿਆ।
“ਬੇਬੇ ਹੋਣਾ ਕੀ ਸੀ। ਪੁੱਤ ਡਰਾਵੇ ਮਰਨੋਂ, ਰੰਡੀ ਖਸਮ ਕਰਨੋਂ।” ਲੱਛਮੀ ਨੇ ਆਕੜ ਕੇ
ਕਿਹਾ। ਫਿਰ ਬੋਲੀ, “ਹਾਕਮ ਸਿੰਘ ਦਾ ਬੜਾ ਮੁੰਡਾ ਮਿੰਦਰ ਹੈ ਨਾ! ਉਸ ਨੇ ਪਿਉ ਦੇ ਗਲ਼
’ਚ ਅਗੂੰਠਾ ਦਿੱਤਾ ਹੋਇਆ ਕਿ ਉਸ ਨੂੰ ਸਾਈਕਲ ਲੈ ਕੇ ਦੇਵੇ, ਨਹੀਂ ਤਾਂ ਉਹ ਪੜ੍ਹਾਈ
ਛੱਡ ਦੇਵੇਗਾ। ਇਸੇ ਗੱਲ ਨੂੰ ਲੈ ਕੇ ਪਿਉ-ਪੁੱਤ ਵਿਚ ਝਗੜਾ ਹੋ ਗਿਆ ਸੀ।”
“ਅੱਜ ਕੱਲ ਦੇ ਨਿਆਣਿਆਂ ਤੋਂ ਤਾਂ ਰੱਬ ਹੀ ਬਚਾਵੇ! ਚਾਹੁੰਦੇ ਹਨ ਕਿ ਇਧਰ ਗੱਲ ਮੂੰਹੋਂ
ਨਿਕਲੇ ਤੇ ਉਧਰ ਪੂਰੀ ਹੋ ਜਾਵੇ। ਮੇਰਾ ਤਾਂ ਆਪਣਾ ਮੁੰਡਾ ਬਹੁਤ ਦੁੱਖੀ ਕਰਦਾ ਹੈ। ਇਸ
ਤਰ੍ਹਾਂ ਖਰਚ ਕਰਦਾ ਹੈ ਜਿਵੇਂ ਘਰ ਕਾਰੂੰ ਦੇ ਖਜਾਨੇ ਦੱਬੇ ਹੋਏ ਹੋਣ।” ਬੇਬੇ ਰਤਨ ਕੌਰ
ਨੇ ਕਿਹਾ।
ਔਰਤਾਂ ਕਰਤਾਰ ਅਤੇ ਜਗਤ ਸਿੰਘ ਨੂੰ ਭੁੱਲ ਕੇ ਪਿੰਡ ਵਿਚ ਹੋਈਆਂ ਛੋਟੀਆਂ ਮੋਟੀਆਂ
ਘਟਨਾਵਾਂ ਦੀਆਂ ਗੱਲਾਂ ਕਰਨ ਲੱਗੀਆਂ। ਜਸਵੰਤ ਕੌਰ ਆਪਣੇ ਹੀ ਖਿਆਲਾਂ ਵਿਚ ਡੁੱਬੀ ਚੁੱਪ
ਬੈਠੀ ਸੀ। ਉਸ ਨੇ ਜਾਗਰ ਦੀ ਮਾਂ ਰਾਮਰੱਤੀ ਨੂੰ ਉਸ ਵਕਤ ਦੇਖਿਆ ਜਦ ਉਹ, ਉਸ ਦੇ ਮੋਹਰੇ
ਆ ਕੇ ਫੁੱਟ-ਫੁੱਟ ਕੇ ਰੋਣ ਲੱਗੀ। ਸਾਰੀਆਂ ਤੀਵੀਆਂ ਇਕ ਦਮ ਚੁੱਪ ਹੋ ਗਈਆਂ। ਜਸਵੰਤ
ਕੌਰ ਦੀਆਂ ਅੱਖਾਂ ਵਿਚ ਇਕ ਵਾਰ ਫਿਰ ਹੰਝੂ ਉਮਡ ਆਏ। ਜਦ ਉਹ ਦੋਨੋ ਰੋ-ਰੋ ਕੇ ਥੱਕ
ਗਈਆਂ ਤਾਂ ਰਾਮਰੱਤੀ ਨੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਜਸਵੰਤ ਕੌਰ ਹਿਚਕੀਆਂ ਲੈਂਦੀ
ਬੋਲੀ, “ਜਾਗਰ ਠੀਕ ਹੈ। ਪੂਰੀ ਤਰ੍ਹਾਂ ਹੋਸ਼ ਵਿਚ ਹੈ। ਕਹਿੰਦਾ ਸੀ ਕਿ ਮਾਂ ਨੂੰ ਹੌਸਲਾ
ਦਿਉ। ਉਸ ਦਾ ਬਾਪੂ ਬੜੇ ਸਰਦਾਰ ਨਾਲ਼ ਹਸਪਤਾਲ ਹੀ ਰਹਿ ਪਿਆ ਹੈ।”
ਰਾਮਰੱਤੀ ਕੁੱਛ ਦੇਰ ਖਮੋਸ਼ ਬੈਠੀ ਰਹੀ। ਫਿਰ ਬੋਲੀ, “ਜਾਗਰ ਦੇ ਜ਼ਿਆਦਾ ਸੱਟ ਤਾਂ ਨਹੀ
ਲੱਗੀ?”
ਜਸਵੰਤ ਕੌਰ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਰਤਨ ਕੌਰ ਬੋਲ ਉੱਠੀ। “ਰਾਮਰੱਤੀਏ, ਲੋਹੇ
ਨਾਲ਼ ਲੋਹਾ ਟਕਰਾਇਆ, ਸੱਟ ਤਾਂ ਲੱਗਣੀ ਹੀ ਸੀ।”
ਇਹ ਸੁਣ ਕੇ ਰਾਮਰੱਤੀ ਫਿਰ ਰੋਣ ਲੱਗੀ ਤਾਂ ਜਸਵੰਤ ਕੌਰ ਉਸ ਨੂੰ ਦਿਲਾਸਾ ਦਿੰਦੀ ਹੋਈ
ਬੋਲੀ, “ਉਹਨੂੰ ਤਾਂ ਡਾਕਟਰ ਪੱਟੀ ਕਰਕੇ ਛੁੱਟੀ ਦੇ ਦਿੰਦਾ ਪਰ ਫ਼ੌਜਦਾਰੀ ਦਾ ਮਾਮਲਾ
ਹੈ। ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ। ਬੜੇ ਸਰਦਾਰ ਨੇ ਪਹਿਲਾਂ ਉਸ ਦੀ ਪੱਟੀ ਕਰਵਾਈ,
ਫਿਰ ਕਰਤਾਰ ਅਤੇ ਉਸ ਦੇ ਬਾਪੂ ਦੀ। ਸਾਡੇ ਲਈ ਤਾਂ ਜਿਹੋ ਜਿਹਾ ਕਰਤਾਰ, ਉਹੋ ਜਿਹਾ ਹੀ
ਜਾਗਰ ਹੈ।”
ਰਾਮਰੱਤੀ ਕੁਛ ਦੇਰ ਬੈਠੀ ਰਹੀ। ਜਦ ਜਾਣ ਲਈ ਉੱਠੀ ਤਾਂ ਜਸਵੰਤ ਕੌਰ ਨੇ ਉਹਨੂੰ ਰੁਕਣ
ਦਾ ਇਸ਼ਾਰਾ ਕੀਤਾ ਅਤੇ ਜੋਗਿੰਦਰ ਕੌਰ ਨੂੰ ਬੋਲੀ, “ਛਾਬੇ ਵਿਚ ਰੋਟੀਆਂ ਪਈਆਂ ਹਨ।
ਰਾਮਰੱਤੀ ਨੂੰ ਦੇ ਦੇ। ਬਾਕੀ ਟੱਬਰ ਦੇ ਨਾਲ਼-ਨਾਲ਼ ਜਾਗਰ ਅਤੇ ਬਚਨੇ ਲਈ ਵੀ ਰੋਟੀਆਂ
ਬਣਾਈਆਂ ਸਨ। ਪਰ ਕਿਸੇ ਨੇ ਬੁਰਕੀ ਵੀ ਤੋੜ ਕੇ ਨਹੀਂ ਦੇਖੀ ਸੀ।”
“ਉਹਨਾਂ ਦੀ ਕਿਸਮਤ ਵਿਚ ਨਹੀਂ ਲਿਖੀ ਸੀ। ਇਨ੍ਹਾਂ ਦਾਣਿਆਂ ਤੇ ਉਹਨਾਂ ਦੇ ਨਾਂ ਦੀ
ਮੋਹਰ ਨਹੀਂ ਲੱਗੀ ਸੀ।” ਬੇਬੇ ਰਤਨ ਕੌਰ ਨੇ ਕਿਹਾ।
ਰਾਮਰੱਤੀ ਦੇ ਜਾਣ ਬਾਅਦ ਹੋਰ ਔਰਤਾਂ ਵੀ ਇਕੋ ਵਾਰ ਉੱਠ ਕੇ ਤੁਰ ਪਈਆਂ। ਉਹ ਕਰਤਾਰ ਅਤੇ
ਜਗਤ ਸਿੰਘ ਦੇ ਛੇਤੀ ਠੀਕ ਹੋਣ ਦੀਆਂ ਅਸੀਸਾਂ ਦਿੰਦੀਆਂ ਬਾਹਰ ਨਿਕਲ ਗਈਆਂ।
ਉਹਨਾਂ ਦੇ ਜਾਣ ਬਾਅਦ ਘਰ ਵਿਚ ਸਨਾਟਾ ਛਾ ਗਿਆ। ਜੋਗਿੰਦਰ ਕੌਰ ਨੇ ਜਸਵੰਤ ਕੌਰ ਦੇ
ਨੇੜੇ ਬੈਠਦਿਆਂ ਕਿਹਾ, “ਭਾਬੀ ਤੂੰ ਖਾਣਾ ਖਾ ਲੈ।”
“ਰਹਿਣ ਦੇ ਜੋਗਿੰਦਰੋ, ਭੁੱਖ ਨਹੀਂ ਹੈ।” ਜਸਵੰਤ ਕੌਰ ਨੇ ਬਹੁਤ ਹੀ ਬੁਝੀ ਹੋਈ ਅਵਾਜ਼
ਵਿਚ ਕਿਹਾ।
“ਨਾ ਪੁੱਤ, ਤੂੰ ਸਵੇਰ ਦੀ ਭੁੱਖੀ ਹੈਂ। ਭਾਵੇਂ ਦੋ ਹੀ ਬੁਰਕੀਆਂ ਖਾ ਕੇ ਪਾਣੀ ਦਾ
ਘੁੱਟ ਪੀ ਲੈ।” ਬੇਬੇ ਰਤਨ ਕੌਰ ਨੇ ਕਿਹਾ।
“ਬੇਬੇ, ਮੈਂ ਰੋਟੀ ਲੈ ਕੇ ਆਉਂਦੀ ਹਾਂ, ਤਿਆਰ ਹੈ।” ਜਗਿੰਦਰ ਕੌਰ ਨੇ ਕਿਹਾ।
“ਨਹੀਂ ਜੋਗਿੰਦਰੋ, ਸੁੱਖ ਮੰਗ। ਇਥੇ ਹੀ ਚੁੱਲੇ ਅੱਗ ਬਾਲ਼। ਇਹ ਹੀ ਤਾਂ ਵੱਸਦੇ-ਰੱਸਦੇ
ਘਰਾਂ ਦੀ ਸਭ ਤੋਂ ਬੜੀ ਨਿਸ਼ਾਨੀ ਹੁੰਦੀ ਹੈ।” ਬੇਬੇ ਰਤਨ ਕੌਰ ਨੇ ਸਮਝਾਉਂਦਿਆਂ ਕਿਹਾ।
“ਦੁੱਧ ਦਾ ਕੀ ਕੀਤਾ?” ਜਸਵੰਤ ਕੌਰ ਨੇ ਦਧੂਨੇ ਵਾਲੀ ਭੜੋਲੀ ਵੱਲ ਦੇਖਦਿਆਂ ਪੁੱਛਿਆ।
“ਬੜੀ ਗੜਵੀ ਦੁੱਧ ਦੀ ਰੱਖ ਕੇ ਬਾਕੀ ਨੂੰ ਜਾਗ ਲਾ ਦੇ।” ਜੋਗਿੰਦਰ ਕੌਰ ਨੇ ਚੁੱਲੇ ਵਿਚ
ਕਪਾਹ ਦੀਆਂ ਛਿਟੀਆਂ ਅਤੇ ਪਾਥੀਆਂ ਬਾਲਦਿਆਂ ਕਿਹਾ।
ਇਕ ਮੱਝ ਦਾ ਦੁੱਧ ਤਿੰਨੇ ਪੀ ਲੈਂਦੇ ਸਨ।” ਜਸਵੰਤ ਕੌਰ ਨੇ ਕਿਹਾ, “ਅੱਜ ਘਰ ’ਚ ਦੁੱਧ
ਪੀਣ ਵਾਲਾ ਕੋਈ ਵੀ ਨਹੀਂ ਹੈ।” ਕਹਿ ਕੇ ਜਸਵੰਤ ਕੌਰ ਫਿਰ ਰੋ ਪਈ।
“ਆ ਜਾਣਗੇ। ਇਹੀ ਸਮਝੋ, ਪ੍ਰਾਹੁਣੇ ਗਏ ਹੋਏ ਹਨ।” ਬੇਬੇ ਰਤਨ ਕੌਰ ਨੇ ਸਮਝਾਇਆ।
ਜਸਵੰਤ ਕੌਰ ਨੇ ਕੋਈ ਜਵਾਬ ਨਾ ਦਿੱਤਾ। ਸੁੰਨੇ ਘਰ ਬਾਰੇ ਸੋਚ ਕੇ ਉਸ ਦੇ ਦਿਲ ਵਿਚ ਹੌਲ
ਪੈ ਰਹੇ ਸਨ। ਉਹ ਗੋਡਿਆਂ ਤੇ ਹੱਥ ਰੱਖ ਕੇ ਉਠਦੀ ਹੋਈ ਬੁੜਬੜਾਈ, “ਇਸ ਵਿਹੜੇ ਵਿਚ
ਅੱਧੀ ਰਾਤ ਤੱਕ ਰੌਣਕ ਰਹਿੰਦੀ ਸੀ, ਅੱਜ ਕੋਈ ਹਾਕ ਮਾਰਨ ਵਾਲਾ ਵੀ ਨਹੀਂ।”
ਜਸਵੰਤ ਕੌਰ ਘਰ ਵਿਚ ਖਿਲਰੇ ਸਮਾਨ ਨੂੰ ਸਮੇਟਣ ਲੱਗੀ। ਜੋਗਿੰਦਰ ਕੌਰ ਅੱਗ ਬਾਲ ਕੇ
ਰੋਟੀਆਂ ਪਕਾ ਰਹੀ ਸੀ। ਦੋਨਾਂ ਨੂੰ ਕੰਮ ਵਿਚ ਰੁਝੀਆਂ ਦੇਖ ਕੇ ਬੇਬੇ ਰਤਨ ਕੌਰ ਨੇ
ਅੱਖਾਂ ਬੰਦ ਕਰ ਲਈਆਂ ਅਤੇ ਪਾਠ ਕਰਨ ਲੱਗੀ:
ਤੱਤੀ ਵਾਅ ਨਾ ਲੱਗੇ, ਪਾਰ ਬਰੱਮਾ ਸਰਨਾਈ
ਚੌਗਿਰਦੇ ਹਮਾਰੇ ਨਾਨਕਾ, ਦੁੱਖ ਲੱਗੇ ਨਾ ਕਾਈ
ਸਤਗੁਰੂ ਪੂਰਾ ਪੇਟਿਆ, ਰਾਹ ਬਣਤ ਬਣਾਈ
ਰਾਮ ਰਾਮ ਆਖਦਿਆਂ, ਇਕੀ ਲਿਵ ਲਾਈ
ਰੱਖਣਹਾਰਾ ਰੱਖਿਆ, ਸਭ ਬਿਆਧ ਮਿਟਾਈ
ਕਹੋ ਨਾਨਕ ਕਿਰਪਾ ਭਈ, ਸਭ ਭੈਅ ਸਹਾਈ।
ਔਰਤਾਂ ਕਿਤੇ ਆਪਣੇ ਕੋਠਿਆਂ ਦੇ ਬਨੇਰਿਆਂ ’ਤੇ ਝੁਕੀਆਂ ਅਤੇ ਕਿਤੇ ਗਲ਼ੀਆਂ ਵਿਚ
ਖੜ੍ਹੀਆਂ ਜਖ਼ਮੀਆਂ ਦੀ ਹਾਲਤ ਬਾਰੇ ਘੁਸਰ-ਮੁਸਰ ਕਰ ਰਹੀਆਂ ਸਨ। ਦੁਰਗੋ ਨੇ ਦੁੱਖੀ
ਜਿਹੀ ਅਵਾਜ਼ ਵਿਚ ਕਿਹਾ, “ਜਸਵੰਤ ਕੌਰ ਵਿਚਾਰੀ ਇਕ ਦਿਨ ਵਿਚ ਹੀ ਬੁੜ੍ਹੀ ਹੋ ਗਈ ਹੈ।
ਗੋਰਾ ਚਿੱਟਾ ਰੰਗ ਕਣਕ ਦੇ ਸੁੱਕੇ ਸਿੱਟੇ ਵਰਗਾ ਹੋ ਗਿਆ ਹੈ। ਉਹਨੂੰ ਰੋਂਦੀ ਦੇਖ ਕੇ
ਕਲੇਜਾ ਪਾਟਦਾ ਹੈ।” ਫਿਰ ਉਹ ਬਹੁਤ ਹੀ ਹੌਲੀ ਜਿਹੇ ਬੋਲੀ, “ਰਮੇਸ਼ ਦਾ ਭਾਈਆ ਕਹਿੰਦਾ
ਸੀ ਕਿ ਜਗਤ ਸਿੰਘ ਦੀ ਹਾਲਤ ਬਹੁਤ ਖਰਾਬ ਹੈ।”
“ਅੱਛਾ?” ਕਈਆਂ ਔਰਤਾਂ ਨੇ ਇਕੋ ਵਾਰੀ ਕਿਹਾ। ਦੁਰਗੋ ਫਿਰ ਬੋਲੀ, “ਰੰਡੀ ਔਰਤ ਅਤੇ
ਫੰਡਰ ਗਾਂ-ਮੱਝ ਦਾ ਕੋਈ ਬਾਲੀ-ਵਾਰਸ ਨਹੀਂ ਬਣਦਾ। ਇਹਨਾਂ ਦਾ ਜੀਣਾ-ਮਰਨਾ ਦੋਨੋ ਖਰਾਬ
ਹੁੰਦੇ ਹਨ।”
“ਵਾਹਿਗੁਰੂ ਨਾ ਕਰੇ.......ਜਗਤ ਸਿੰਘ ਮਰ ਵੀ ਗਿਆ ਤਾਂ ਜਸਵੰਤ ਕੌਰ ਨੂੰ ਕੀ ਫ਼ਰਕ
ਪੈਣਾ ਹੈ। ਉਹ ਕਿਸੇ ਹੋਰ ਦੇ ਘਰ ਜਾ ਬੈਠੂਗੀ। ਜਿਹੜੀ ਔਰਤ ਨੇ ਇਕ ਵਾਰ ਪਰਾਏ ਮਰਦ ਦੀ
ਚਾਦਰ ਲੈ ਲਈ ਉਹਦੇ ਲਈ ਤਾਂ ਸੌ ਘਰ ਖੁਲ੍ਹੇ ਹਨ।” ਲੱਖਾ ਸਿੰਘ ਦੀ ਘਰ ਵਾਲੀ ਧੰਨ ਕੌਰ
ਨੇ ਕਿਹਾ।
“ਮੈਂ ਤਾਂ ਸੁਣਿਆ ਹੈ ਕਿ ਭਾਈਏ ਚੰਨਣ ਸਿੰਘ ਨੇ ਗੁਰਦੁਵਾਰੇ ਜਾ ਕੇ ਸੁੱਖ ਮੰਗੀ ਹੈ।”
ਹਰਬੰਸੋ ਨੇ ਘੁੱਟਵੀਂ ਅਵਾਜ਼ ’ਚ ਹੱਸਦਿਆਂ ਕਿਹਾ।
“ਚੱਲ ਨੀ, ਜਸਵੰਤ ਕੌਰ ਦਾ ਆਪਣਾ ਜੇਠ ਅਜੇ ਕੁਆਰਾ ਬੈਠਾ ਹੈ।”
ਔਰਤਾਂ ਹੌਲੀ ਹੌਲੀ ਹੱਸ ਰਹੀਆਂ ਸਨ ਕਿ ਗਲ਼ੀ ਵਿਚੋਂ ਕਿਸੇ ਦੇ ਖੰਘਣ ਦੀ ਅਵਾਜ਼ ਆਈ।
ਔਰਤਾਂ ਇਕ ਦਮ ਚੁੱਪ ਹੋ ਗਈਆਂ।
“ਕੌਣ, ਬੂਟਾ ਸਿੰਘ ਹੈ?” ਦੁਰਗੋ ਨੇ ਪੁੱਛਿਆ।
“ਨਹੀਂ ਚਾਚੀ, ਮੈਂ ਮੰਗਲੂ ਹਾਂ। ਮੁਨਸ਼ੀ ਜੀ ਕਿੱਥੇ ਹਨ?”
“ਉਧਰ ਦੁਕਾਨਾਂ ਵੱਲ ਨੂੰ ਗਿਆ ਹੈ। ਕੀ ਕੋਈ ਕੰਮ ਸੀ?”
“ਹਾਂ, ਉਸ ਨੂੰ ਦੱਸਣਾ ਸੀ ਕਿ ਕੱਲ ਨੂੰ ਤਫ਼ਤੀਸ਼ ਲਈ ਥਾਣੇਦਾਰ ਪਿੰਡ ਆ ਰਿਹਾ ਹੈ।”
ਕਹਿ ਕੇ ਮੰਗਲੂ ਅਗਾਂਹ ਤੁਰ ਪਿਆ।
ਇਹ ਸੁਣ ਕੇ ਕੱਲ ਥਾਣੇਦਾਰ ਪਿੰਡ ਆ ਰਿਹਾ ਹੈ, ਪਿੰਡ ਦੀ ਹੌਲੀ ਹੌਲੀ ਤੇ ਘੁੱਟਵੀਂ
ਜਿਹੀ ਹੋ ਰਹੀ ਗੱਲ ਬਾਤ ਵੀ ਬੰਦ ਹੋ ਗਈ। ਸਭ ਲੋਕ ਕਾਹਲ਼ੀ-ਕਾਹਲ਼ੀ ਆਪਣੇ ਘਰਾਂ ਨੂੰ
ਚਲੇ ਗਏ। ਲੋਕਾਂ ਨੇ ਡਰ ਤੋਂ ਬਚਣ ਲਈ ਅਰਦਾਸ ਕੀਤੀ ਕਿ ਛੇਤੀ-ਛੇਤੀ ਰਾਤ ਹੋ ਜਾਵੇ ਤਾਂ
ਜੋ ਨੀਂਦ ਵਿਚ ਉਹ ਆਪਣੇ ਡਰ ਨੂੰ ਭੁੱਲ ਸਕਣ। ਪਰ ਜਦ ਰਾਤ ਹੋ ਗਈ ਤਾਂ ਸਾਰੇ ਲੋਕ ਇਹੀ
ਅਰਦਾਸ ਕਰਨ ਲੱਗੇ ਕਿ ਛੇਤੀ ਦਿਨ ਚੜ੍ਹ ਜਾਵੇ, ਕਿਉਂਕਿ ਦਿਨ ਦੀ ਰੌਸ਼ਨੀ ਵਿਚ ਭੂਤ-ਪਰੇਤ
ਨਹੀਂ ਆਉਂਦੇ।
ਸਾਰੇ ਪਿੰਡ ਨੇ ਹਨੇਰੇ ਵਿਚ ਭੂਤਾਂ ਦੇ ਡਰੋਂ, ਤਾਰੇ ਗਿਣ-ਗਿਣ ਕੇ ਰਾਤ ਗੁਜ਼ਾਰੀ।
ਚਾਰ
ਰਾਤ ਨੂੰ ਸ਼ਾਇਦ ਪਿੰਡ ਵਿਚ ਕੋਈ ਵੀ ਬੰਦਾ ਚੰਗੀ ਤਰ੍ਹਾਂ ਨਹੀਂ ਸੁੱਤਾ ਸੀ। ਛੱਤਾਂ ਤੇ
ਘੁਸਰ-ਫੁਸਰ ਦੀਆਂ ਅਵਾਜ਼ਾਂ ਲਗਾਤਾਰ ਆਉਂਦੀਆਂ ਰਹੀਆਂ ਸਨ। ਲੋਕ ਇਕ ਦੂਸਰੇ ਦਾ ਹੌਸਲਾ
ਵਧਾ ਰਹੇ ਸਨ। ਮੰਗਲੂ ਚੌਂਕੀਦਾਰ ਦੀ ਕੁਰੱਖਤ ਅਵਾਜ਼ ਰਾਤ ਦੀ ਸੁੰਨਤਾ ਨੂੰ ਚੀਰਦੀ ਹੋਈ
ਗੂੰਜ ਜਾਂਦੀ ਤਾਂ ਲੋਕਾਂ ਨੂੰ ਯਕੀਨ ਹੋ ਜਾਂਦਾ ਕਿ ਪਿੰਡ ਅਜੇ ਅਬਾਦ ਹੈ।
ਇਸ ਦੁਰਘਟਨਾ ਤੋਂ ਪਹਿਲਾਂ, ਮੁਰਗੇ ਦੀ ਪਹਿਲੀ ਬਾਂਗ ਦੇ ਨਾਲ਼ ਹੀ ਪਿੰਡ ਸੁਚੇਤ ਹੋ
ਜਾਂਦਾ ਸੀ ਪਰ ਅੱਜ ਮੁਰਗੇ ਤਿੰਨ ਬਾਂਗਾਂ ਦੇ ਚੁੱਕੇ ਸਨ। ਤਕੀਏ ਦੇ ਦਰੱਖਤਾਂ ਤੋਂ
ਪੰਛੀ, ਡਾਰਾਂ ਦੀਆਂ ਡਾਰਾਂ ਰੌਲਾ ਪਾਉਂਦੇ ਉੱਡ ਗਏ ਸਨ। ਡੰਗਰ-ਪਸ਼ੂ ਆਪਣੇ ਗਿੱਲੇ
ਥਾਵਾਂ ਤੋਂ ਬਾਹਰ ਨਿਕਲਣ ਲਈ ਬੇਚੈਨੀ ਨਾਲ਼ ਗਲ਼ਾਂ ਦੇ ਰੱਸੇ ਖਿੱਚਦੇ ਅੜ੍ਹਿੰਗ ਰਹੇ
ਸਨ। ਪਰ ਪਿੰਡ ਦੇ ਸਭ ਬੂਹੇ ਅਜੇ ਤੱਕ ਬੰਦ ਸਨ।
ਜਦ ਅਸਮਾਨ ਤੇ ਸਿਰਫ਼ ਇਕ ਹੀ ਤਾਰਾ ਰਹਿ ਗਿਆ ਅਤੇ ਪੂਰਬ ਵਿਚ ਲਾਲੀ ਫੈਲਣ ਲੱਗੀ ਤਾਂ
ਲੋਕਾਂ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ। ਹਰ ਬੰਦਾ ਛੇਤੀ ਤੋਂ ਛੇਤੀ ਕੰਮ ਮੁਕਾਉਣ ਵਿਚ
ਲੱਗਾ ਹੋਇਆ ਸੀ। ਲੋਕ ਖੇਤਾਂ ਨੂੰ ਜਾਂਦੇ ਤੇ ਉਹਨੀਂ ਪੈਰੀਂ ਮੁੜ ਕੇ ਆਉਂਦੇ ਦਿਖਾਈ
ਦਿੰਦੇ। ਸ਼ਾਮਲਾਟ ਵੱਲ ਜਾਣ ਦੀ ਤਾਂ ਦੂਰ ਦੀ ਗੱਲ ਸੀ, ਲੋਕ ਉਸ ਪਾਸੇ ਦੇਖਦੇ ਵੀ ਨਹੀਂ
ਸਨ।
ਫੇਰੂਮਲ ਮੂੰਹ ਹਨੇਰੇ ਹੀ ਆਪਣੀ ਦੁਕਾਨ ’ਤੇ ਆ ਗਿਆ ਸੀ। ਬੂਹਾ ਅੰਦਰੋਂ ਬੰਦ ਕਰਕੇ
ਹਨੇਰੀ ਕੋਠੜੀ ਵਿਚ ਬੈਠਾ ਉਹ ਬਹੁਤ ਸਾਵਧਾਨੀ ਨਾਲ਼ ਰੁਪਏ ਗਿਣ-ਗਿਣ ਕੇ ਅਲੱਗ-ਅਲੱਗ
ਕੱਪੜਿਆਂ ਵਿਚ ਬੰਨ੍ਹਣ ਲੱਗਾ। ਉਸ ਨੇ ਅਸਲ ਅਤੇ ਵਿਆਜ ਦੋਨਾਂ ਦਾ ਹਿਸਾਬ ਲਾ ਲਿਆ ਸੀ।
ਰੁਪਇਆਂ-ਪੈਸਿਆਂ ਦਾ ਹਿਸਾਬ ਕਰਕੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਣ ਤੋਂ ਬਾਅਦ
ਉਹ ਦੁਕਾਨ ਬੰਦ ਕਰਕੇ ਗਲ਼ੀ ਵਿਚ ਆ ਗਿਆ।
ਬਾਕੀ ਲੋਕਾਂ ਵਾਂਗ ਕੋਈ ਨਵੀਂ ਖਬਰ ਸੁਣਨ ਲਈ, ਜ਼ਮੀਨ ਸੁੰਘਦਾ ਹੋਇਆ, ਉਹ ਵੀ ਮੁਨਸ਼ੀ
ਬਾਬੂ ਰਾਮ ਦੀ ਦੁਕਾਨ ’ਤੇ ਆ ਗਿਆ। ਮਿਲਖਾ ਸਿੰਘ ਦੁਕਾਨ ਦੇ ਥੜ੍ਹੇ ਕੋਲ਼ ਲਾਠੀ ਦੇ
ਸਹਾਰੇ ਖੜ੍ਹਾ ਬੇਚੈਨੀ ਨਾਲ਼ ਆਪਣਾ ਨੱਕ ਖੁਰਕ ਰਿਹਾ ਸੀ। ਫੇਰੂਮਲ ਨੇ ਉਥੇ ਪਹੁੰਚਦਿਆਂ
ਹੀ ਮਿਲਖਾ ਸਿੰਘ ਨੂੰ ਪੁੱਛਿਆ, “ਚੌਧਰੀ, ਸੁਣਾਓ, ਕੋਈ ਨਵੀਂ ਖਬਰ ਲਿਆਏ ਹੋ?”
ਅਜੇ ਮਿਲਖਾ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਕਿ ਦਿਲਦਾਰ ਝੂਲਦਾ ਹੋਇਆ ਉਥੇ ਆਇਆ
ਅਤੇ ਬਾਂਹ ਮਾਰਦਾ ਹੋਇਆ ਬੋਲਿਆ, “ਮੁਨਸ਼ੀ, ਮਰ ਗਿਆ। ਬਹੁਤ ਚੰਗਾ ਹੋਇਆ, ਸਾਲ਼ਾ ਮਰ
ਗਿਆ!”
ਮੁਨਸ਼ੀ ਨੇ ਘੁੱਟਵੀਂ ਅਵਾਜ਼ ਵਿਚ ਗਾਲ਼ ਕੱਢ ਕੇ ਕਿਹਾ, “ਦੁਰ ਫਿੱਟੇ ਮੂੰਹ। ਕਾਲੀ
ਜੁਬਾਨ ਵਾਲਾ ਜਦ ਬੋਲੂ, ਕੁਫ਼ਰ ਹੀ ਤੋਲੂ।”
ਮਿਲਖਾ ਸਿੰਘ ਨੇ ਜ਼ੋਰ ਨਾਲ਼ ਠਹਾਕਾ ਮਾਰਿਆ ਅਤੇ ਦਿਲਦਾਰ ਨੂੰ ਝੰਜੋੜਦਾ ਬੋਲਿਆ,
“ਮੁਨਸ਼ੀ ਤਾਂ ਤੇਰੇ ਸਾਹਮਣੇ ਬੈਠਾ ਹੈ। ਕੌਣ ਮਰ ਗਿਆ ਹੈ?”
“ਉਹ ਮਰ ਗਿਆ ਸਾਲ਼ਾ। ਬਹੁਤ ਚੰਗਾ ਹੋਇਆ, ਮਰ ਗਿਆ।” ਦਿਲਦਾਰ ਮੂੰਹ ’ਤੇ ਪੁੱਠਾ ਹੱਥ
ਰੱਖਕੇ ਬੱਕਰਾ ਬੁਲਾਉਣ ਲੱਗਾ। ਉਸ ਦੀਆਂ ਅੱਖਾਂ ਵਿਚ ਲਾਲ ਡੋਰੇ ਹੋਰ ਵੀ ਉੁੱਭਰ ਆਏ।
ਫੇਰੂਮਲ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਹ ਦਿਲਦਾਰ ਦੇ ਮੋਢੇ ’ਤੇ
ਹੱਥ ਰੱਖ ਕੇ ਬੋਲਿਆ, “ਸਰਦਾਰ ਦਿਲਦਾਰ ਸਿਆਂ, ਕੌਣ ਮਰ ਗਿਆ ਹੈ?”
“ਉਹੀ ਸਾਲ਼ਾ, ਜਿਸ ਨੇ ਮੇਰੀ ਜਮੀਨ ਆਪਣੀ ਮਾਂ..........”
“ਸ਼ਾਇਦ ਕਰਤਾਰ ਦੇ ਬਾਰੇ ਕਹਿ ਰਿਹਾ ਹੈ। ਉਹਦੇ ਜ਼ਖਮ ਡੂੰਘੇ ਸਨ।” ਫੇਰੂਮਲ ਨੇ ਦੱਬਵੀਂ
ਅਵਾਜ਼ ਵਿਚ ਕਿਹਾ।
ਉਹਨਾਂ ਸਭ ਦੀਆਂ ਅੱਖਾਂ ਸਾਹਮਣੇ ਕਰਤਾਰ ਦੀ ਕੁੰਦਨ ਵਰਗੀ ਦੇਹ ਅਤੇ ਸੰਵਾਰੀਆਂ ਹੋਈਆਂ
ਭੂਰੀਆਂ ਮੁੱਛਾਂ ਤੇ ਦਾੜ੍ਹੀ ਘੁੰਮ ਗਈ। ਦਿਲਦਾਰ ਨੇ ਸਾਰਿਆਂ ਨੂੰ ਹੌਲੀ-ਹੌਲੀ ਗੱਲਾਂ
ਕਰਦੇ ਸੁਣਿਆਂ ਤਾਂ ਉੱਚੀ ਅਵਾਜ਼ ਵਿਚ ਬੋਲਿਆ, “ਜਾਉ, ਜਾ ਕੇ ਜਸਵੰਤ ਕੌਰ ਨੂੰ ਕਹਿ
ਦਿਉ ਕਿ ਜਗਤ ਸਿੰਘ ਤਾਂ ਆਪਣੀ ਮਾਂ ਦੇ........ਵਿਚ ਚਲਾ ਗਿਆ ਹੈ। ਹੁਣ ਉਹ ਮੇਰੇ ਤੇ
ਚਾਦਰ ਪਾ ਲਵੇ ਅਤੇ ਮੇਰੀ ਜਿਹੜੀ ਜਮੀਨ ਹੜੱਪ ਕੀਤੀ ਹੈ ਉਹ ਦਾਜ ਵਿਚ ਨਾਲ਼ ਲੈ ਆਵੇ।”
ਇੰਨੇ ਚਿਰ ਵਿਚ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਦਿਲਦਾਰ ਨੇ ਜਗਤ ਸਿੰਘ ਦਾ ਨਾਂ
ਲਿਆ ਤਾਂ ਸਾਰੇ ਅਫ਼ਸੋਸ ਨਾਲ਼ ‘ਤੁਤ-ਤੁਤ’ ਕਰਦੇ ਹੋਏ ਗਲ਼ੀ ਵਿਚ ਦੋਨਾਂ ਪਾਸਿਆਂ ਨੂੰ
ਦੌੜ ਗਏ ਤਾਂ ਕਿ ਹੋਰ ਲੋਕਾਂ ਨੂੰ ਵੀ ਇਹ ਖ਼ਬਰ ਦੇ ਦੇਣ। ਇਕ ਔਰਤ ਨੇ ਆਪਣੇ ਕੋਠੇ
ਚੜ੍ਹ ਕੇ ਇਹ ਗੱਲ ਗੁਆਂਢ ਦੀਆਂ ਦੂਜੀਆਂ ਔਰਤਾਂ ਨੂੰ ਦੱਸੀ। ਥੋੜ੍ਹੀ ਦੇਰ ਬਾਅਦ ਇਹ
ਖ਼ਬਰ ਬਚਿੰਤ ਸਿੰਘ ਕੇ ਘਰ ਵੀ ਪਹੁੰਚ ਗਈ ਅਤੇ ਉਥੇ ਰੋਣ-ਪਿੱਟਣ ਸ਼ੁਰੂ ਹੋ ਗਿਆ। ਜਸਵੰਤ
ਕੌਰ ਦੀਆਂ ਚੀਕਾਂ ਸਾਰੇ ਪਿੰਡ ਵਿਚ ਸੁਣਾਈ ਦੇ ਰਹੀਆਂ ਸਨ। ਕੁੱਝ ਔਰਤਾਂ ਤਮਾਸ਼ਬੀਨਾਂ
ਵਾਂਗ ਅਤੇ ਕੁੱਝ ਹਮਦਰਦੀ ਕਰਕੇ ਸਰਦਾਰਨੀ ਕੋਲ਼ ਪਹੁੰਚ ਗਈਆਂ।
ਥੋੜ੍ਹੀ ਹੀ ਦੇਰ ਬਾਅਦ ਕਿਸੇ ਨੇ ਆ ਕੇ ਦੱਸਿਆ ਕਿ ਜਗਤ ਸਿੰਘ ਤਾਂ ਅਜੇ ਜੀਂਦਾ ਹੈ ਪਰ
ਪਿਆਰੂ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੈ। ਕੁੱਝ ਮਿੰਟਾਂ ਵਿਚ ਹੀ ਬਚਿੰਤ ਸਿੰਘ ਦੇ
ਘਰ ਰੋਣਾ ਬੰਦ ਹੋ ਗਿਆ ਅਤੇ ਨੱਥਾ ਸਿੰਘ ਦੇ ਘਰੋਂ ਸਿਆਪੇ ਦੀਆਂ ਚੀਕਾਂ ਆਉਣ ਲੱਗੀਆਂ।
ਫਿਰ ਕਿਸੇ ਨੇ ਆ ਕੇ ਕਿਹਾ ਕਿ ਅਜੇ ਤੱਕ ਤਾਂ ਸਾਰੇ ਜੀਂਦੇ ਹਨ। ਲੋਕਾਂ ਨੇ ਇਸ ਖ਼ਬਰ
’ਤੇ ਵੀ ਯਕੀਨ ਕਰ ਲਿਆ ਅਤੇ ਪਿੰਡ ਦਾ ਮਾਹੌਲ ਇਕ ਵਾਰ ਫਿਰ ਸ਼ਾਂਤ ਹੋ ਗਿਆ।
ਇਹਨਾਂ ਅਫ਼ਵਾਹਾਂ ਕਰਕੇ ਸਾਰਾ ਪਿੰਡ ਮੁਨਸ਼ੀ ਬਾਬੂਰਾਮ ਦੀ ਦੁਕਾਨ ’ਤੇ ਇਕੱਠਾ ਹੋ ਗਿਆ।
ਮਿਲਖਾ ਸਿੰਘ ਲਾਠੀ ਫੜੀ ਸਾਰਿਆਂ ਲੋਕਾਂ ਵਿਚ ਆਕੜ੍ਹਿਆ ਬੈਠਾ ਸੀ। ਉਸ ਦੇ ਵਾਲ਼ਾਂ ਅਤੇ
ਦਾੜ੍ਹੀ ’ਤੇ ਤਾਜ਼ੀ ਲਾਈ ਮਹਿੰਦੀ ਖੂਬ ਚਮਕ ਰਹੀ ਸੀ। ਮੁਨਸ਼ੀ ਨੇ ਭਗਵਾਨ ਨੂੰ ਯਾਦ
ਕਰਦਿਆਂ ਕਿਹਾ, “ਪਰਮਾਤਮਾ ਸਾਰਿਆਂ ਨੂੰ ਹੱਥ ਦੇ ਕੇ ਬਚਾਵੇ।”
“ਮੁਨਸ਼ੀ, ਅਜੇ ਕੀ ਕਿਹਾ ਜਾ ਸਕਦਾ ਹੈ। ਜ਼ਖਮ ਤਾਂ ਪਿਆਰੂ ਅਤੇ ਕਰਤਾਰ ਦੋਨਾਂ ਦੇ ਹੀ
ਡੂੰਘੇ ਹਨ। ਡਾਕਟਰੀ ਰੀਪੋਰਟ ਹੋ ਜਾਵੇ ਤਾਂ ਪਤਾ ਲੱਗੇਗਾ ਕਿ ਦੋਨਾਂ ਧੜਿਆਂ ਤੇ ਕਿਹੜੀ
ਕਿਹੜੀ ਦਫ਼ਾ ਲਗਦੀ ਹੈ।” ਮਿਲਖਾ ਸਿੰਘ ਨੇ ਕਿਹਾ। ਫਿਰ ਉਹ ਖੰਘਦਾ ਹੋਇਆ ਬੋਲਿਆ,
“ਫੌਜਦਾਰੀ ਦੇ ਲਈ ਲਾਲਚੰਦ ਵਰਗਾ ਵਕੀਲ ਨਹੀਂ ਮਿਲ ਸਕਦਾ। ਉਹ ਤਾਂ ਫਾਂਸੀ 'ਤੇ ਚੜ੍ਹੇ
ਆਦਮੀ ਨੂੰ ਵੀ ਲਾਹ ਲੈਂਦਾ ਹੈ। ਪਰ ਫੀਸ ਬਹੁਤ ਲੈਂਦਾ ਹੈ। ਉਹਦਾ ਮੁਨਸ਼ੀ ਵੀ ਪੂਰਾ
ਵਕੀਲ ਹੈ। ਮੇਰੀ ਬਹੁਤ ਇਜ਼ਤ ਕਰਦਾ ਹੈ। ਕਹਿੰਦਾ ਹੈ--ਚੌਧਰੀ, ਜਿਸ ਧੜੇ ਦਾ ਤੂੰ ਗਵਾਹ
ਹੋਵੇਂਗਾ, ਉਹ ਜ਼ਰੂਰ ਮੁਕੱਦਮਾ ਜਿੱਤੇਗਾ।”
ਮਿਲਖਾ ਸਿੰਘ ਨੇ ਮੁਨਸ਼ੀ ਨੂੰ ਹੱਸਦਾ ਦੇਖਿਆ ਤਾਂ ਖਿੱਝ ਕੇ ਬੋਲਿਆ, “ਮੁਨਸ਼ੀ, ਕਚਹਿਰੀ
ਦਾ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ ਹੈ। ਗਵਾਹ ਚੁਸਤ ਹੋਵੇ ਤਾਂ ਝੂਠਾ ਮੁਕੱਦਮਾ ਵੀ
ਸੱਚਾ ਬਣ ਜਾਂਦਾ ਹੈ। ਪੱਟੀ ਵਿਚ ਮੇਰੀ ਮਾਸੀ ਦੇ ਪੁੱਤ ਨੇ ਪਿਛਲੇ ਸਾਲ ਦਿਨ ਦਿਹਾੜੇ
ਕਤਲ ਕਰ ਦਿੱਤਾ ਸੀ। ਮੈਂ ਵੀ ਉਸ ਦਾ ਗਵਾਹ ਸੀ। ਦੂਸਰੇ ਧੜੇ ਦਾ ਵਕੀਲ ਲਾਲਚੰਦ ਸੀ।
ਅਸੀਂ ਹਾਈਕੋਰਟ ਦੇ ਵਕੀਲ ਰਾਏ ਸਾਹਬ ਦੌਲਤਰਾਮ ਨੂੰ ਖੜ੍ਹਾ ਕੀਤਾ ਸੀ। ਮੈਂ ਰਾਏ ਸਾਹਬ
ਨੂੰ ਐਸੀ ਸਕੀਮ ਦੱਸੀ ਕਿ ਫ਼ਾਂਸੀ ਦਾ ਹੱਕਦਾਰ ਮੁਲਜ਼ਮ ਸਾਫ਼ ਬਰੀ ਹੋ ਗਿਆ। ਉਹਨਾਂ ਦੀ
ਬਹਿਸ ਸੁਣਨ ਵਾਲੀ ਸੀ। ਐਨਾ ਮਜ਼ਾ ਤਾਂ ਕੁੱਕੜਾਂ ਦੀ ਲੜਾਈ ਦੇਖ ਕੇ ਵੀ ਨਹੀਂ ਆਉਂਦਾ।
ਮੇਰੀ ਗਵਾਹੀ ਹੋਈ ਤਾਂ ਲਾਲਚੰਦ ਨੇ ਮੇਰੇ ਨਾਲ਼ ਬਹੁਤ ਸਖ਼ਤ ਬਹਿਸ ਕੀਤੀ ਪਰ ਮੈਂ ਉਹਦੀ
ਇਕ ਨਾ ਚੱਲਣ ਦਿੱਤੀ। ਉਸ ਨੇ ਬਹੁਤ ਘੁਮਾ-ਫਿਰਾ ਕੇ ਸਵਾਲ ਪੁੱਛੇ ਪਰ ਮੈਂ ਪੱਕੇ ਪੈਰੀਂ
ਸੀ। ਉਹ ਸ਼ਹਿ ਦਿੰਦਾ ਤਾਂ ਮੈਂ ਪੈਂਤੜਾ ਬਦਲ ਲੈਂਦਾ। ਜੱਜ ਸਾਹਬ ਵੀ ਸਾਡੀ ਬਹਿਸ ਸੁਣ
ਕੇ ਮੁਸਕਰਾ ਰਿਹਾ ਸੀ। ਜਦ ਲਾਲਚੰਦ ਨੇ ਬਹਿਸ ਖਤਮ ਕਰਕੇ ਜੱਜ ਸਾਹਬ ਨੂੰ ਝੁੱਕ ਕੇ
ਬੰਦਗੀ ਕੀਤੀ ਤਾਂ ਜੱਜ ਸਾਹਬ ਨੇ ਉਸ ਨੂੰ ਅੰਗਰੇਜ਼ੀ ਵਿਚ ਕੁਛ ਕਿਹਾ। ਸਾਡੇ ਵਕੀਲ ਨੇ
ਮੈਨੂੰ ਕਚਹਿਰੀ ਵਿਚ ਹੀ ਆਪਣੀ ਛਾਤੀ ਨਾਲ਼ ਲਾ ਲਿਆ। ਲਾਲਚੰਦ ਨੇ ਕਚਹਿਰੀ ’ਚੋਂ ਬਾਹਰ
ਆ ਕੇ ਮੈਨੂੰ ਕਿਹਾ ਕਿ ਚੌਧਰੀ, ਜੇ ਤੂੰ ਗਵਾਹ ਨਾ ਹੁੰਦਾ ਤਾਂ ਮੈਂ ਮੁਲਜ਼ਮ ਨੂੰ
ਸਿੱਧਾ ਸੂਲੀ ਤੇ ਚੜ੍ਹਾ ਦਿੰਦਾ।”
ਜਦ ਮੰਗਲੂ ਚੌਂਕੀਦਾਰ ਮੁਨਸ਼ੀ ਦੀ ਦੁਕਾਨ ਵੱਲ ਨੂੰ ਮੁੜਿਆ ਤਾਂ ਉਥੇ ਬੈਠੇ ਲੋਕਾਂ ਵਿਚ
ਇਕ ਦਮ ਹਲ-ਚਲ ਮੱਚ ਗਈ। ਸਾਰੇ ਮਿਲਖਾ ਸਿੰਘ ਨੂੰ ਭੁੱਲ ਗਏ। ਫੇਰੂਮਲ ਨੇ ਅੱਗੇ ਹੋ ਕੇ
ਮੰਗਲੂ ਨੂੰ ਘੇਰ ਲਿਆ ਅਤੇ ਸ਼ਿਕਾਇਤ ਕਰਦਾ ਬੋਲਿਆ, “ਰਾਤੀਂ ਤੂੰ ਏਦਾਂ ਦੌੜਿਆ ਕਿ ਫੇਰ
ਦਿਸਿਆ ਹੀ ਨਹੀਂ। ਪਹਿਰਾ ਦੇਣ ਵੀ ਅੱਧੀ ਰਾਤ ਦੇ ਬਾਅਦ ਹੀ ਨਿਕਲਿਆ ਸੀ।”
“ਹਾਂ, ਥੋੜਾ ਚਿਰ ਸੌਂ ਗਿਆ ਸੀ।”
ਮੰਗਲੂ ਥੜ੍ਹੇ ’ਤੇ ਚੜ੍ਹ ਆਇਆ ਤਾਂ ਮਿਲਖਾ ਸਿੰਘ ਨੇ ਪੇਸ਼ਾਵਰ ਅੰਦਾਜ਼ ਵਿਚ ਪੁੱਛਿਆ,
“ਕੀ ਡਾਕਟਰ ਨੇ ਪਰਚਾ ਕੱਟ ਦਿੱਤਾ ਹੈ?”
“ਸੁਣਿਆ ਹੈ, ਕੱਟ ਦਿੱਤਾ ਹੈ।”
“ਕੀ ਲਿਖਿਆ ਉਸ ਨੇ?”
“ਇਹ ਤਾਂ ਮੈਨੂੰ ਪਤਾ ਨਹੀਂ। ਦੋਏ ਸਰਦਾਰ ਡਾਕਟਰ ਨੂੰ ਅਲੱਗ-ਅਲੱਗ ਮਿਲੇ ਸਨ। ਉਹਨਾਂ
ਨੇ ਹੀ ਦੱਸਿਆ ਕਿ ਡਾਕਟਰ ਨੇ ਪਰਚਾ ਦਿੱਤਾ ਹੈ।”
“ਮਿਲਣਾ ਹੀ ਚਾਹੀਦਾ ਸੀ। ਇਹੀ ਮੌਕਾ ਹੈ ਜਦ ਫੌਜਦਾਰੀ ਦੇ ਮੁਕੱਦਮੇ ਦਾ ਫੈਸਲਾ ਹੋ
ਜਾਂਦਾ ਹੈ। ਡਾਕਟਰ ਚਾਹੇ ਤਾਂ ਇਰਾਦੇ-ਕਤਲ ਦੇ ਕੇਸ ਨੂੰ ਮਾਮੂਲੀ ਝਗੜਾ ਅਤੇ ਮਾਮੂਲੀ
ਝਗੜੇ ਨੂੰ ਬੜਾ ਜੁਰਮ ਬਣਾ ਸਕਦਾ ਹੈ।” ਮਿਲਖਾ ਸਿੰਘ ਨੇ ਕਿਹਾ। ਫਿਰ ਸਾਰਿਆਂ ਵੱਲ
ਦੇਖਦਾ ਹੋਇਆ ਬੋਲਿਆ, ਤਾਂ ਇਸ ਦਾ ਮਤਲਬ ਹੈ ਪੁਲੀਸ ਵਾਰਦਾਤ ਦੀ, ਮੌਕੇ ਦੀ ਤਫ਼ਤੀਸ਼
ਕਰਨ ਆਊਗੀ।”
“ਬੜਾ ਥਾਣੇਦਾਰ ਤਾਂ ਅੱਜ ਹੀ ਆ ਰਿਹਾ ਹੈ। ਨਾਲ਼ ਸਿਪਾਹੀ ਵੀ ਹੋਣਗੇ। ਹਸਪਤਾਲ ਵਿਚ ਵੀ
ਬੰਦੂਕ ਵਾਲਾ ਸਿਪਾਹੀ ਪਹਿਰਾ ਦੇ ਰਿਹਾ ਹੈ।” ਮੰਗਲੂ ਨੇ ਦੱਸਿਆ। ਫਿਰ ਬਾਬੂਰਾਮ ਵੱਲ
ਦੇਖਦਿਆਂ ਪੁੱਛਿਆ, “ਮੁਨਸ਼ੀ ਜੀ, ਰਾਤੀਂ ਸੁਨੇਹਾ ਮਿਲ ਗਿਆ ਸੀ?”
“ਹਾਂ ਮਿਲ ਗਿਆ ਸੀ।”
“ਅੱਛਾ ਮੈਂ ਚਲਦਾ ਹਾਂ। ਬੋਹੜ ਥੱਲੇ ਥਾਣੇਦਾਰ ਅਤੇ ਪੁਲੀਸ ਦੇ ਬੈਠਣ ਦਾ ਇੰਤਜ਼ਾਮ
ਕਰਨਾ ਹੈ। ਸਾਰੇ ਪਿੰਡ ਨੂੰ ਪੇਸ਼ ਹੋਣ ਦਾ ਹੁਕਮ ਹੈ।” ਕਹਿ ਕੇ ਮੰਗਲੂ ਥੜ੍ਹੇ ਤੋਂ
ਥੱਲੇ ਉਤਰਿਆ ਤਾਂ ਮੁਨਸ਼ੀ ਵੀ ਉਹਦੇ ਨਾਲ਼ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਉਹਦੇ ਕੰਨ
ਵਿਚ ਕਹਿਣ ਲੱਗਾ, “ਬਚਿੰਤ ਸਿੰਘ ਆਇਆ ਤਾਂ ਉਹਨੂੰ ਕਹਿ ਦੇਈਂ ਕਿ ਥਾਣੇਦਾਰ ਤੇ ਪੁਲੀਸ
ਦਾ ਖਾਣਾ ਮੇਰੇ ਘਰ ਹੀ ਬਣੂਗਾ। ਉਹਦੇ ਘਰ ਤਾਂ ਪਹਿਲਾਂ ਹੀ ਬਥੇਰੀ ਮੁਸੀਬਤ ਹੈ। ਕੋਈ
ਹੋਰ ਪੁੱਛੇ ਤਾਂ ਕਹਿ ਦੇਈਂ ਕਿ ਬੰਦੋਬਸਤ ਹੋ ਗਿਆ ਹੈ।”
ਫੇਰੂਮਲ ਝੱਟ ਤਾੜ ਗਿਆ ਕਿ ਮੁਨਸ਼ੀ ਬਾਬੂਰਾਮ ਮੰਗਲੂ ਦੇ ਪਿੱਛੇ ਕਿਉਂ ਗਿਆ ਹੈ। ਇਰਾਦਾ
ਉਹਦਾ ਵੀ ਸੀ, ਪਰ ਉਹ ਇਸ ਲਈ ਠਹਿਰ ਗਿਆ ਕਿਉਂਕਿ ਪਹਿਲ ਮੁਨਸ਼ੀ ਨੇ ਕਰ ਲਈ ਸੀ। ਫੇਰੂਮਲ
ਨੂੰ ਥੋੜ੍ਹਾ ਅਫ਼ਸੋਸ ਹੋਇਆ ਕਿ ਥਾਣੇਦਾਰ ਨਾਲ਼ ਮੂੰਹ-ਮੁਲਾਹਜ਼ਾ ਵਧਾਉਣ ਦਾ ਮੌਕਾ
ਹੱਥੋਂ ਨਿਕਲ ਗਿਆ। ਫਿਰ ਉਸ ਨੇ ਇਹ ਸੋਚ ਕੇ ਆਪਣੇ-ਆਪ ਨੂੰ ਤਸੱਲੀ ਦੇ ਲਈ ਕਿ ਮੁਨਸ਼ੀ
ਤਾਂ ਬਹੁਤ ਗਿਰਿਆ ਹੋਇਆ ਆਦਮੀ ਹੈ। ਹਰ ਇਕ ਦੇ ਪੈਰ ਚੱਟਦਾ ਰਹਿੰਦਾ ਹੈ। ਹੁਣ ਸਾਰਾ
ਦਿਨ ਥਾਣੇਦਾਰ ਦੀ ਅਰਦਲੀ ਵਿਚ ਖੜ੍ਹਾ ਰਹੇਗਾ।
ਮੁਨਸ਼ੀ ਮੁੜ ਕੇ ਆ ਗਿਆ ਤਾਂ ਮਿਲਖਾ ਸਿੰਘ ਨੇ ਸ਼ਰਾਰਤ ਨਾਲ਼ ਪੁੱਛਿਆ, “ਮੁਨਸ਼ੀ, ਮੰਗਲੂ
ਦੇ ਕੰਨ ਵਿਚ ਕੀ ਫੂਕ ਮਾਰ ਆਇਆਂ?”
“ਕੋਈ ਖਾਸ ਗੱਲ ਨਹੀਂ ਹੋਣੀ। ਇਹ ਹੀ ਕਿਹਾ ਹੋਣਾ ਕਿ ਥਾਣੇਦਾਰ ਦੇ ਖਾਣੇ-ਪੀਣੇ ਦਾ
ਇੰਤਜ਼ਾਮ ਮੇਰੇ ਘਰ ਹੋਵੇਗਾ।” ਫੇਰੂਮਲ ਨੇ ਲਾ-ਪ੍ਰਵਾਹੀ ਨਾਲ਼ ਕਿਹਾ। “ਮੁਨਸ਼ੀ ਬੜਾ
ਚਲਾਕ ਹੈ। ਮੁਨਸ਼ਆਣੀ ਉਂਝ ਤਾਂ ਘਰ ਵਿਚ ਪਿਆਜ ਵੀ ਨਹੀਂ ਵੜਨ ਦਿੰਦੀ, ਪਰ ਅੱਜ ਤਾਂ
ਮੁਰਗਾ ਬਣੂਗਾ........ਭਾਂਤ ਭਾਂਤ ਦੇ ਪਕਵਾਨ ਬਣਨਗੇ।” ਮਿਲਖਾ ਸਿੰਘ ਨੇ ਮੁਨਸ਼ੀ ਦੇ
ਕੰਨ ਵਿਚ ਹੌਲੀ ਜਿਹੇ ਕਿਹਾ, “ਸ਼ਰਾਬ ਲਿਆਉਣ ਲਈ ਹੁਣੇ ਆਦਮੀ ਠੇਕੇ ਨੂੰ ਭੇਜ ਦੇ।”
“ਚੌਧਰੀ, ਥਾਣੇਦਾਰ ਸਾਡੇ ਘਰ ਦਾ ਖਾਣਾ ਖਾਵੇ, ਇਹ ਸਾਡੇ ਭਾਗਾਂ ’ਚ ਕਿੱਥੇ?” ਮੁਨਸ਼ੀ
ਨੇ ਹੀਣ-ਭਾਵਨਾ ਨਾਲ਼ ਕਿਹਾ।
ਫੇਰੂਮਲ ਦੌੜ ਕੇ ਆਪਣੀ ਦੁਕਾਨ ’ਤੇ ਆ ਗਿਆ। ਉਸ ਨੇ ਕੁੜਤੀ ਦੇ ਉਤੋਂ ਦੀ ਕੁੜਤਾ ਪਾ
ਲਿਆ। ਨਵੀਂ ਪੱਗ ਕੱਢ ਕੇ ਬੰਨ੍ਹ ਲਈ। ਅਲਮਾਰੀ ਦੇ ਥੱਲੇ ਪਈ ਨਵੀਂ ਜੁੱਤੀ ਕੱਢੀ ਅਤੇ
ਉਸ ਨੂੰ ਚੰਗੀ ਤਰ੍ਹਾਂ ਝਾੜ੍ਹ ਪੂੰਝ ਕੇ ਇਕ ਪਾਸੇ ਰੱਖ ਲਿਆ। ਫੇਰੂਮਲ ਨੇ ਦੁਕਾਨ ਦਾ
ਇਕ ਬੂਹਾ ਬੰਦ ਕਰਕੇ ਪੰਜ ਸੌ ਦੇ ਨੋਟ ਦੋ-ਤਿੰਨ ਵਾਰ ਗਿਣੇ, ਫਿਰ ਉਹਨਾਂ ਨੂੰ ਇਕ
ਕੱਪੜੇ ਵਿਚ ਬੰਨ੍ਹ ਕੇ ਕੁੜਤੀ ਦੀ ਅੰਦਰਲੀ ਜੇਬ ਵਿਚ ਪਾ ਲਿਆ ਅਤੇ ਬਾਹਰ ਥੜ੍ਹੇ ’ਤੇ ਆ
ਬੈਠਾ।
ਮੁਨਸ਼ੀ ਦੁਕਾਨ ਬੰਦ ਕਰਕੇ ਸਿੱਧਾ ਘਰ ਗਿਆ ਅਤੇ ਆਪਣੀ ਘਰ ਵਾਲੀ ਨੂੰ ਘਰ ਨਾ ਦੇਖ ਕੇ
ਉੱਚੀ-ਉੱਚੀ ਹਾਕਾਂ ਮਾਰਨ ਲੱਗਾ, “ਰਮੇਸ਼ ਦੀ ਮਾਂ, ਤੂੰ ਕਿੱਥੇ ਆਂ?”
ਇਕ ਗੁਆਂਢਣ ਨੇ ਬਾਹਰ ਨਿਕਲ ਕੇ ਮੁਨਸ਼ੀ ਨੂੰ ਦੇਖਿਆ ਅਤੇ ਜਾ ਕੇ ਕਿਸੇ ਦੂਜੇ ਘਰੋਂ ਉਸ
ਦੀ ਘਰ ਵਾਲੀ ਨੂੰ ਸੱਦ ਲਿਆਈ। ਉਸ ਨੂੰ ਦੇਖ ਕੇ ਮੁਨਸ਼ੀ ਖਿੱਝ ਕੇ ਬੋਲਿਆ, “ਕਿੱਥੇ ਚਲੇ
ਗਈ ਸੀ? ਤੂੰ ਇਸ ਤਰ੍ਹਾਂ ਘਰ ਖੁੱਲ੍ਹਾ ਛੱਡ ਕੇ ਨਾ ਜਾਇਆ ਕਰ। ਪਿੱਛੇ ਚਾਹੇ ਕੁੱਤੇ
ਭਾਂਡੇ ਚੱਟਦੇ ਰਹਿਣ?” ਫਿਰ ਉਸ ਸਰਗੋਸ਼ੀ ਨਾਲ਼ ਕਿਹਾ, “ਥਾਣੇਦਾਰ ਪਿੰਡ ਵਿਚ ਮੌਕਾ
ਦੇਖਣ ਆ ਰਿਹਾ ਹੈ।”
ਆਪਣੇ ਪਤੀ ਦੀ ਗੱਲ ਅਣਸੁਣੀ ਕਰਦੀ ਹੋਈ ਉਹ ਬੋਲੀ, “ਹਾਂ, ਸੁਣਿਆ ਹੈ, ਬੰਦੂਕ ਵਾਲੇ
ਸਿਪਾਹੀ ਵੀ ਨਾਲ਼ ਹੋਣਗੇ। ਮੈਨੂੰ ਤਾਂ ਡਰ ਲਗਦਾ। ਰਮੇਸ਼ ਦੇ ਭਾਈਆ, ਤੂੰ ਮੋਹਰੇ ਨਾ
ਹੋਈਂ।”
“ਮੈਨੂੰ ਸਾਰਾ ਪਤਾ ਹੈ। ਥਾਣੇਦਾਰ ਸਾਹਬ ਦਾ ਖਾਣਾ ਇਥੇ ਬਣਾਉਣਾ ਹੈ। ਪੰਜ-ਸੱਤ ਹੋਰ
ਆਦਮੀ ਨਾਲ਼ ਹੋਣਗੇ।”
“ਹੈਂਅ? ਪਹਿਲਾਂ ਕਿਉਂ ਨਹੀਂ ਦੱਸਿਆ?” ਰਮੇਸ਼ ਦੀ ਮਾਂ ਨੇ ਟਣਕਦੀ ਅਵਾਜ਼ ਕਿਹਾ।
ਗੁਆਂਢਣ ਵੀ ਅੰਦਰ ਆ ਗਈ ਤਾਂ ਮੁਨਸ਼ੀ ਦੀ ਘਰ ਵਾਲੀ ਨੇ ਉਸ ਨੂੰ ਦੇਖਦਿਆਂ ਕਿਹਾ,
“ਕਹਿੰਦੇ ਹਨ ਕਿ ਪੁਲੀਸ ਦਾ ਖਾਣਾ ਸਾਡੇ ਘਰ ਬਣੇਗਾ। ਅੱਠ ਆਦਮੀ ਹੋਣਗੇ।”
ਮੁਨਸ਼ੀ ਨੇ ਉਹਦੀ ਗੱਲ ਵੱਲ ਧਿਆਨ ਨਾ ਦਿੰਦਿਆਂ ਕਿਹਾ, “ਮੈਂ ਆਲੂ ਲਿਆ ਦਿੰਦਾ ਹਾਂ।
ਨਾਲ਼ ਧੋਤੇ ਮਾਹਾਂ ਦੀ ਦਾਲ ਬਣਾ ਲਈਂ। ਥਾਣੇਦਾਰ ਨੂੰ ਕੱਲੀ ਮਾਹਾਂ ਦੀ ਦਾਲ ਨਾਲ਼
ਰੋਟੀ ਖੁਆਉਂਦਿਆਂ ਚੰਗਾ ਨਹੀਂ ਲੱਗਣਾ। ਬਾਕੀ ਬੰਦੋਬਸਤ ਮੈਂ ਬਾਹਰ ਹੀ ਕਰ ਲਵਾਂਗਾ।”
ਮੁਨਸ਼ੀ ਦੀ ਘਰ ਵਾਲੀ ਸਮਝ ਗਈ ਅਤੇ ਖਿੱਝ ਕੇ ਬੋਲੀ, “ਆਪਣੇ ਮੂੰਹ-ਮੁਲਾਹਜ਼ੇ ਬਾਹਰ ਹੀ
ਰੱਖਿਆ ਕਰੋ। ਭਾਂਡੇ ਵੀ ਕਿਸੇ ਹੋਰ ਤੋਂ ਮੰਗ ਲਈਂ। ਮੈਂ ਆਪਣੇ ਭਾਂਡਿਆਂ ਨੂੰ ਹੱਥ
ਨਹੀਂ ਲਾਉਣ ਦੇਣਾ। ਭਰੱਸ਼ਟ ਹੋ ਗਏ ਤਾਂ ਕੌਣ ਉਹਨਾਂ ਨੂੰ ਦਹਿਕਦੀ ਅੱਗ ਵਿਚ ਮਾਂਜੂਗਾ।”
“ਅੱਛਾ, ਹੁਣ ਮੇਰੇ ਕੱਪੜੇ ਕੱਢ ਦੇ।” ਮੁਨਸ਼ੀ ਨੇ ਆਪਣੇ ਕੱਪੜਿਆਂ ਵੱਲ ਦੇਖਦਿਆਂ ਕਿਹਾ।
ਉਸ ਨੇ ਬਰੀਕ ਕਿਨਾਰੀ ਵਾਲੀ ਧੋਤੀ, ਚਿੱਟੀ ਪਾਪਲੀਨ ਦਾ ਕੁੜਤਾ ਅਤੇ ਕਲਫ਼ ਲੱਗੀ ਪੱਗ
ਕੱਢ ਦਿੱਤੇ। ਮੁਨਸ਼ੀ ਬਾਬੂਰਾਮ ਇਹ ਕੱਪੜੇ ਖਾਸ-ਖਾਸ ਮੌਕਿਆਂ ਤੇ ਹੀ ਪਾਉਂਦਾ ਸੀ। ਉਸ
ਨੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਪੱਗ ਬੰਨੀ ਅਤੇ ਪਿਛਲਾ ਲੜ ਕੱਸ ਕੇ ਪਿੱਛੇ ਟੰਗ ਦਿੱਤਾ।
ਕੱਪੜੇ ਪਾਏ ਅਤੇ ਨਵੀਂ ਗੁਰਗਾਬੀ ਪਾ ਕੇ ਦੁਕਾਨ ’ਤੇ ਆ ਗਿਆ। ਮਿਲਖਾ ਸਿੰਘ ਸਾਫ਼
ਕੱਪੜੇ ਪਾਈ ਪਹਿਲਾਂ ਹੀ ਉਥੇ ਬੈਠਾ ਸੀ। ਉਸ ਨੇ ਸਰੋਂ ਦੇ ਤੇਲ ਨਾਲ਼ ਆਪਣਾ ਚੇਹਰਾ
ਚਮਕਾਇਆ ਹੋਇਆ ਸੀ। ਉਹਦੇ ਅੰਦਰ ਇਕ ਅੱਗ ਭੜਕ ਰਹੀ ਸੀ, ਪਰ ਉਸ ਕੋਲੋਂ ਇਹ ਸ਼ਬਦਾਂ ਵਿਚ
ਬਿਆਨ ਨਹੀਂ ਹੋ ਰਿਹਾ ਸੀ। ਮੁਨਸ਼ੀ ਦੇ ਕੱਪੜੇ ਦੇਖ ਕੇ ਉਹ ਬੋਲਿਆ, “ਤੂੰ ਤਾਂ ਥਾਣੇਦਾਰ
ਨੂੰ ਮਿਲਣ ਜਾਵੇਂਗਾ।”
“ਹਾਂ ਜਾਣਾ ਹੀ ਪੈਣਾ ਹੈ। ਹਾਕਮ ਪਿੰਡ ਆਵੇ ਤਾਂ ਜਾਣਾ ਹੀ ਪੈਂਦਾ ਹੈ। ਫਿਰ ਮੈਂ ਤਾਂ
ਸਫ਼ੈਦਪੋਸ਼ ਵੀ ਹਾਂ। ਪੁਲੀਸ ਨੂੰ ਖਾਣਾ ਵੀ ਖੁਆਉਣਾ ਹੈ।” ਮੁਨਸ਼ੀ ਹੁੱਕੇ ਦੀ ਚਿਲਮ ਨੂੰ
ਟਟੋਲਦਾ ਬੋਲਿਆ। ਮਿਲਖਾ ਸਿੰਘ ਚੁੱਪ ਹੋ ਗਿਆ ਅਤੇ ਜ਼ਮੀਨ ’ਤੇ ਬੈਠਾ-ਬੈਠਾ ਹੀ ਇਕ ਪੈਰ
ਨੂੰ ਹਿਲਾਉਣ ਲੱਗਾ। ਉਹ ਥਾਣੇਦਾਰ ਲਈ ਤਿਆਰ ਹੋਣ ਵਾਲੇ ਪਕਵਾਨਾਂ ਬਾਰੇ ਸੋਚਣ ਲੱਗਾ
ਅਤੇ ਉਸ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਮੁਨਸ਼ੀ ਦੇ ਕੰਨ ਵਿਚ ਬੋਲਿਆ, “ਪੀਣ-ਪਿਲਾਉਣ
ਦਾ ਬੰਦੋਬਸਤ ਵੀ ਕਰ ਲਿਆ ਹੈ ਜਾਂ ਨਹੀਂ?”
“ਹਾਂ, ਚਰਨੇ ਘੇਵਰ ਨੂੰ ਠੇਕੇ ਭੇਜਣਾ ਹੈ।” ਮੁਨਸ਼ੀ ਨੇ ਸਾਹਮਣੇ ਗਲ਼ੀ ਵਿਚ ਖੜ੍ਹੇ
ਨੌਜਵਾਨ ਵੱਲ ਇਸ਼ਾਰਾ ਕਰਦਿਆਂ ਕਿਹਾ।
“ਠੀਕ ਹੈ, ਉਹ ਸਾਈਕਲ ’ਤੇ ਚਲਾ ਜਾਊਗਾ। ਅੰਗਰੇਜ਼ੀ ਸ਼ਰਾਬ ਮੰਗਵਾਈਂ। ਹੁਣ ਪੁਰਾਣੇ
ਜ਼ਮਾਨੇ ਦੇ ਠਾਣੇਦਾਰ ਨਹੀਂ ਹਨ ਜੋ ਦੇਸੀ ਨਾਲ਼ ਮੰਨ ਜਾਂਦੇ ਸੀ।”
“ਜੋ ਕਹੋਂ, ਮੰਗਵਾ ਦਿੰਦਾ ਹਾਂ। ਮੈਂ ਤਾਂ ਕਦੇ ਮੂੰਹ ਨਹੀਂ ਲਾਈ। ਮੈਨੂੰ ਤਾਂ
ਚੰਗੀ-ਮਾੜੀ ਦਾ ਪਤਾ ਨਹੀਂ। ਤੂੰ ਚਰਨੇ ਨੂੰ ਸਮਝਾ ਦੇਈਂ।”
“ਚਰਨੇ, ਨਾਂ ਤਾਂ ਮੈਨੂੰ ਯਾਦ ਨਹੀਂ। ਉਹ ਬੋਤਲ ਲੈ ਕੇ ਆਈਂ ਜਿਹਦੇ ਉਤੇ ਬੱਗੇ ਘੋੜੇ
ਦੀ ਤਸਵੀਰ ਹੁੰਦੀ ਹੈ। ਸਾਰੇ ਲੋਕ ਇਹ ਹੀ ਪੀਂਦੇ ਹਨ।” ਮਿਲਖਾ ਸਿੰਘ ਨੇ ਕਿਹਾ।
ਚਰਨਾ ਚਲਾ ਗਿਆ ਤਾਂ ਮਿਲਖਾ ਸਿੰਘ ਆਪਣੇ ਚਾਰੇ ਪਾਸੇ ਦੇਖ ਕੇ ਮੁਨਸ਼ੀ ਦੀ ਵੱਖੀ ਕੋਲ਼ ਆ
ਬੈਠਾ ਅਤੇ ਸ਼ਰਾਰਤੀ ਅੰਦਾਜ਼ ਵਿਚ ਬੋਲਿਆ, “ਨੰਬਰਦਾਰ ਨੂੰ ਵੀ ਮਿਲਿਆ ਜਾਂ ਨਹੀਂ? ਹੁਣ
ਤਾਂ ਉਸ ਨੂੰ ਤੇਰੀ ਜ਼ਰੂਰਤ ਹੈ। ਫੌਜਦਾਰੀ ਦਾ ਮੁਕੱਦਮਾ, ਪੈਸੇ ਤਾਂ ਏਦਾਂ ਪੀਂਦਾ
ਜਿਵੇਂ ਰੇਤਾ ਪਾਣੀ ਨੂੰ। ਮੁਨਸ਼ੀ, ਮੌਕਾ ਹੈ, ਇਸ ਨੂੰ ਹੱਥੋਂ ਨਾ ਜਾਣ ਦੇਈਂ।”
ਮੁਨਸ਼ੀ ਬਾਬੂਰਾਮ ਨੇ ਅਜੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਕਿ ਰੇਸ਼ੋ ਦੌੜਦਾ
ਹੋਇਆ ਆਇਆ। “ਸਰਦਾਰ ਜੀ ਆ ਗਿਆ ਹੈ। ਕਹਿੰਦਾ ਸੀ ਕਿ ਤੈਨੂੰ ਦੱਸ ਆਵਾਂ।”
ਮੁਨਸ਼ੀ ਨੇ ਛੇਤੀ-ਛੇਤੀ ਦੁਕਾਨ ਬੰਦ ਕੀਤੀ, ਮੋਢੇ ’ਤੇ ਸਾਫਾ ਰੱਖਿਆ ਅਤੇ ਬਚਿੰਤ ਸਿੰਘ
ਦੇ ਘਰ ਜਾਣ ਲਈ ਤਿਆਰ ਹੋ ਗਿਆ।
“ਮੁਨਸ਼ੀ, ਮੁੱਛਾਂ ਹੁਣੇ ਨੀਵੀਆਂ ਕਰ ਲੈ। ਸੁਣਿਆ ਹੈ ਕਿ ਠਾਣੇਦਾਰ ਰਾਜਪੂਤ ਹੈ। ਉੱਚੀ
ਮੁੱਛ ਦੇਖ ਕੇ ਖੁੰਦਕ ਖਾ ਜਾਂਦਾ ਹੈ।” ਮਿਲਖਾ ਸਿੰਘ ਗਲ਼ੀ ਵਿਚ ਦੂਜੇ ਪਾਸੇ ਨੂੰ
ਜਾਂਦਾ ਹੋਇਆ ਬੋਲਿਆ।
ਫੇਰੂਮਲ ਨੂੰ ਬਚਿੰਤ ਸਿੰਘ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਵੀ ਦੁਕਾਨ ਬੰਦ ਕਰਕੇ
ਸਿੱਧਾ ਉਹਦੇ ਘਰ ਵੱਲ ਨੂੰ ਤੁਰ ਪਿਆ। ਉਹਦੇ ਕੋਲੋਂ ਇਹ ਗਲਤੀ ਹੋ ਗਈ ਕਿ ਉਹ ਬੜੇ ਰਾਹ
ਪੈ ਕੇ ਗਿਆ। ਮੁਨਸ਼ੀ ਪਿਛਵਾੜੇ ਤੋਂ ਤਬੇਲੇ ਵੱਲ ਦੀ ਜਾਣ ਦੀ ਬਜਾਏ ਸਿੱਧਾ ਉਹਨਾਂ ਦੇ
ਘਰ ਚਲੇ ਗਿਆ।
ਬਚਿੰਤ ਸਿੰਘ ਮੂਹੜੇ ’ਤੇ ਬੈਠਾ ਸੀ। ਜਸਵੰਤ ਕੌਰ ਛੋਟਾ ਜਿਹਾ ਘੁੰਡ ਕੱਢੀ ਉਸ ਦੇ
ਸਾਹਮਣੇ ਜ਼ਮੀਨ ’ਤੇ ਬੈਠੀ ਰੋ ਰਹੀ ਸੀ। ਮੁਨਸ਼ੀ ਨੇ ਖੰਘ ਕੇ ਆਪਣੇ ਆਉਣ ਦੀ ਖ਼ਬਰ ਕੀਤੀ
ਤਾਂ ਬਚਿੰਤ ਸਿੰਘ ਅੱਖਾਂ ਪੂੰਝਦਾ ਹੋਇਆ ਬੋਲਿਆ, “ਆਉ, ਮੁਨਸ਼ੀ ਜੀ!”
“ਜਗਤ ਸਿੰਘ ਅਤੇ ਕਰਤਾਰ ਦਾ ਕੀ ਹਾਲ ਹੈ?” ਮੁਨਸ਼ੀ ਨੇ ਘਬਰਾਈ ਹੋਈ ਅਵਾਜ਼ ਵਿਚ
ਪੁੱਛਿਆ।
“ਠੀਕ ਨਹੀਂ। ਕਰਤਾਰ ਨੂੰ ਕਦੀ-ਕਦੀ ਹੋਸ਼ ਆਉਂਦਾ ਹੈ, ਪਰ ਕਿਸੇ ਨੂੰ ਪਛਾਣਦਾ ਨਹੀਂ।
ਜਗਤ ਸਿੰਘ ਦੀ ਹਾਲਤ ਵੀ ਬਸ ਇਹੋ ਜਿਹੀ ਹੀ ਹੈ। ਪਿਉ-ਪੁੱਤ ਦੇ ਮੰਜੇ ਨਾਲ਼ ਨਾਲ਼ ਡਾਹੇ
ਹੋਏ ਹਨ। ਪੱਟੀਆਂ ਬੰਨੀਆਂ ਹੋਈਆਂ ਹਨ। ਦੇਖ ਕੇ ਰੋਣਾ ਆਉਂਦਾ ਹੈ। ਬਚਿੰਤ ਸਿੰਘ ਨੇ
ਭਰੀ ਹੋਈ ਅਵਾਜ਼ ਵਿਚ ਕਿਹਾ।
ਮੁਨਸ਼ੀ ਨੀਵੀਂ ਪਾਈ ਬੈਠਾ ਰਿਹਾ। ਕੁਛ ਦੇਰ ਬਾਅਦ ਲੰਮਾ ਸਾਹ ਲੈਂਦਾ ਬੋਲਿਆ,
“ਪ੍ਰਮਾਤਮਾ ਛੇਤੀ ਅਰਾਮ ਦੇਵੇ।”
ਕੁੱਝ ਪੱਲ ਚੁੱਪ ਰਹਿ ਕੇ ਉਹ ਫਿਰ ਬੋਲਿਆ, “ਡਾਕਟਰ ਨੇ ਪਰਚਾ ਕੀ ਦਿੱਤਾ ਹੈ?”
“ਦੋਨਾਂ ਧਿਰਾਂ ਨੂੰ ਇਕੋ ਜਿਹਾ ਹੀ ਦਿੱਤਾ ਹੈ। ਕਿਸੇ ਕੋਲੋਂ ਪਤਾ ਕੀਤਾ ਸੀ। ਉਸ ਨੇ
ਕਿਹਾ ਕਿ ਦੋਨੋ ਪਾਸੇ ਹਾਲਤ ਇਕੋ ਜਿਹੀ ਹੀ ਹੈ। ਕੋਈ ਮਦਦ ਨਹੀਂ ਕਰ ਸਕਦਾ। ਇਸ ਲਈ ਗੱਲ
ਅਗਾਂਹ ਵਧਾਉਣ ਦਾ ਕੋਈ ਫਾਇਦਾ ਨਹੀਂ ਸੀ। ਉਂਝ ਨਜ਼ਰ-ਨਿਆਜ ਦੇ ਦਿੱਤੀ ਸੀ।”
“ਥਾਣੇਦਾਰ ਸਾਹਬ ਨਾਲ਼ ਗੱਲ ਕਰ ਲਈ ਹੈ?” ਮੁਨਸ਼ੀ ਨੇ ਪੁੱਛਿਆ।
“ਹਾਂ.....ਦਸੌਂਧਾ ਸਿੰਘ ਨੂੰ ਕਿਹਾ ਤਾਂ ਹੈ......ਉਹਦੀ ਥਾਣੇਦਾਰ ਨਾਲ਼
ਥੋੜ੍ਹੀ-ਬਹੁਤੀ ਜਾਣ ਪਹਿਚਾਣ ਹੈ। ਨਵਾਂ ਆਇਆ ਹੈ ਇਸ ਲਈ ਜ਼ਿਆਦਾ ਪਤਾ ਨਹੀਂ ਕਿਹੋ
ਜਿਹਾ ਆਦਮੀ ਹੈ। ਸੁਣਿਆ ਹੈ ਕਿ ਕਾਫ਼ੀ ਸਖਤ ਤਬੀਅਤ ਦਾ ਹੈ ਪਰ ਪੈਸਾ ਖਾਂਦਾ ਹੈ। ਅੱਜ
ਉਹਨੇ ਇਥੇ ਆਉਣਾ ਹੈ। ਹੌਲਦਾਰ ਨਾਲ਼ ਮਿਲ ਕੇ ਪਤਾ ਕਰ ਲਈਂ।”
“ਪੈਸੇ ਹੈ ਜਾਂ .....?” ਮੁਨਸ਼ੀ ਚੁੱਪ ਹੋ ਗਿਆ।
“ਦੋ-ਚਾਰ ਸੌ ਹੈਗਾ, ਬਾਕੀ ਸੱਠ-ਸੱਤਰ ਬੋਰੀਆਂ ਕਣਕ ਦੀਆਂ ਪਈਆਂ, ਉਹ ਵੇਚ ਲਵਾਂਗੇ।”
ਬਚਿੰਤ ਸਿੰਘ ਨੇ ਦੱਸਿਆ।
“ਉਹ ਤਾਂ ਬਾਅਦ ਵਿਚ ਦੇਖਿਆ ਜਾਊ।” ਮੁਨਸ਼ੀ ਨੇ ਝੱਟ-ਪੱਟ ਹੀ ਕਣਕ ਦੀ ਕੀਮਤ ਦਾ
ਹਿਸਾਬ-ਕਿਤਾਬ ਲਾ ਲਿਆ। ਜੇਬ ਵਿਚੋਂ ਇਕ ਹਜ਼ਾਰ ਰੁਪਏ ਕੱਢੇ ਅਤੇ ਬਚਿੰਤ ਸਿੰਘ ਨੂੰ
ਫ਼ੜ੍ਹਾਉਂਦਾ ਬੋਲਿਆ, “ਮੁਕੱਦਮੇ ਤੇ ਤਾਂ ਵਿਆਹ-ਸ਼ਾਦੀ ਤੋਂ ਵੀ ਜ਼ਿਆਦਾ ਖਰਚ ਹੁੰਦਾ
ਹੈ। ਆਹ ਥੋੜ੍ਹੇ ਜਿਹੇ ਪੈਸੇ ਮੈਂ ਨਾਲ਼ ਲੈ ਆਇਆ ਸੀ। ਸੋਚਿਆ, ਸ਼ਾਇਦ ਜ਼ਰੂਰਤ ਪੈ
ਜਾਵੇ।”
“ਪੈਸੇ ਆਪਣੇ ਕੋਲ਼ ਹੀ ਰੱਖ। ਜੇ ਥਾਣੇਦਾਰ ਮੰਨ ਗਿਆ ਤਾਂ ਉਹਨੂੰ ਦੇਣੇ ਪੈਣਗੇ। ਮੇਰਾ
ਖਿਆਲ ਹੈ ਇਕ ਹਜ਼ਾਰ ਵਿਚ ਮੰਨ ਜਾਊਗਾ।” ਕਹਿ ਕੇ ਬਚਿੰਤ ਸਿੰਘ ਫ਼ਿਕਰਮੰਦ ਹੁੰਦਾ
ਬੋਲਿਆ, “ਸੁਣਿਆ ਹੈ ਨੱਥਾ ਸਿੰਘ ਦੇ ਸਾਂਢੂ ਦਾ ਭਤੀਜਾ ਇਸ ਥਾਣੇਦਾਰ ਦਾ ਦੋਸਤ ਹੈ। ਪਰ
ਤੂੰ ਤਾਂ ਜਾਣਦਾ ਹੈਂ ਕਿ ਪੁਲੀਸ ਵਾਲੇ ਸਕੇ ਪਿਉ ਦੇ ਵੀ ਯਾਰ ਨਹੀਂ ਹੁੰਦੇ।” ਫਿਰ ਇਕ
ਪੱਲ ਰੁਕ ਕੇ ਬੋਲਿਆ, “ਹਾਂ, ਦੁਪਹਿਰ ਤੋਂ ਪਹਿਲਾਂ ਪੁਲੀਸ ਪਹੁੰਚ ਜਾਊਗੀ। ਬੜਾ
ਥਾਣੇਦਾਰ, ਇਕ ਹੌਲਦਾਰ ਅਤੇ ਤਿੰਨ-ਚਾਰ ਸਿਪਾਹੀ ਨਾਲ਼ ਹੋਣਗੇ। ਪੰਜਾਂ-ਸੱਤਾਂ ਆਦਮੀਆਂ
ਦੇ ਖਾਣੇ ਦਾ ਬੰਦੋਬਸਤ ਕਰ ਲੈਣਾ। ਸਮਾਨ (ਰਸਦ) ਮੈਂ ਭਿਜਵਾ ਦਿੰਦਾ ਹਾਂ। ਮੰਗਲੂ ਨੂੰ
ਮੈਂ ਕਿਹਾ ਸੀ। ਉਹਨੇ ਦੱਸ ਹੀ ਦਿੱਤਾ ਹੋਣਾ। ਉਹਨੂੰ ਕਾਬੂ ਕਰਨਾ ਚਾਹੀਦਾ।” ਬਚਿੰਤ
ਸਿੰਘ ਨੇ ਕਿਹਾ।
“ਮੈਂ ਪਹਿਲਾਂ ਹੀ ਬੰਦੋਬਸਤ ਕਰ ਲਿਆ ਹੈ। ਪਰ ਸਾਡੇ ਦੇਸੀ ਘਿਉ ਮੁੱਕਿਆ ਹੋਇਆ ਹੈ। ਉਹ
ਤੁਸੀਂ ਭੇਜ ਦਿਉ। ਮੁਰਗਾ ਬਣਾਉਣ ਨੂੰ ਹਰੀਕਿਸ਼ਨ ਨੂੰ ਕਹਿ ਦਿੱਤਾ ਹੈ। ਪੁਰਾਣਾ ਸ਼ਿਕਾਰੀ
ਹੈ। ਚਰਨੇ ਨੂੰ ਸਾਈਕਲ ’ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਨੂੰ ਭੇਜ ਦਿੱਤਾ ਹੈ।”
ਬਚਿੰਤ ਸਿੰਘ ਉਠ ਕੇ ਤਬੇਲੇ ਦੇ ਨਾਲ਼ ਲਗਦੇ ਬੜੇ ਦਲਾਨ ਵੱਲ ਨੂੰ ਚਲੇ ਗਿਆ। ਜਦ ਉਹ
ਉਥੇ ਪਹੁੰਚਾ ਤਾਂ ਬਹੁਤ ਸਾਰੇ ਲੋਕ ਬੈਠੇ ਸਨ। ਫੇਰੂਮਲ ਨੇ ਮੁਨਸ਼ੀ ਨੂੰ ਬਚਿੰਤ ਸਿੰਘ
ਦੇ ਨਾਲ਼ ਦੇਖਿਆ ਤਾਂ ਉਸ ਦਾ ਮੱਥਾ ਠਣਕਿਆ ਅਤੇ ਉਸ ਨੂੰ ਲੱਗਾ ਕਿ ਬਚਿੰਤ ਸਿੰਘ ਨੂੰ
ਸ਼ਾਇਦ ਹੁਣ ਉਸ ਦੀ ਜ਼ਰੂਰਤ ਨਹੀਂ ਹੋਵੇਗੀ। ਉਸ ਨੂੰ ਮੁਨਸ਼ੀ ’ਤੇ ਗੁੱਸਾ ਤਾਂ ਬਹੁਤ
ਆਇਆ, ਪਰ ਅੰਦਰੋ-ਅੰਦਰ ਪੀ ਗਿਆ। ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦੇ ਲਈ ਕਿ ਚਲੋ
ਚੰਗਾ ਹੀ ਹੋਇਆ ਕਿਉਕਿ ਬਚਿੰਤ ਸਿੰਘ ਚਾਲਬਾਜ਼ ਤੇ ਅੜ੍ਹਬ ਸਰਦਾਰ ਹੈ। ਉਸ ਕੋਲੋਂ ਵਿਆਜ
ਵੀ ਬਹੁਤਾ ਨਹੀਂ ਮਿਲਣਾ। ਸਾਰਿਆਂ ਨੇ ਕਰਤਾਰ ਅਤੇ ਜਗਤ ਸਿੰਘ ਬਾਰੇ ਪੁੱਛਿਆ। ਬਚਿੰਤ
ਸਿੰਘ ਬਹੁਤ ਸੰਖੇਪ ਜਿਹਾ ਉਹਨਾਂ ਦਾ ਹਾਲ-ਚਾਲ ਦੱਸ ਕੇ ਚੁੱਪ ਹੋ ਗਿਆ। ਲੋਕ ਕੁੱਝ ਚਿਰ
ਖਮੋਸ਼ ਬੈਠੇ ਰਹੇ। ਫਿਰ ਉਹਨਾਂ ਦੇ ਛੇਤੀ ਠੀਕ ਹੋ ਜਾਣ ਦੀਆਂ ਅਰਦਾਸਾਂ ਕਰਦੇ ਹੋਏ
ਇਕ-ਇਕ ਕਰਕੇ ਚਲੇ ਗਏ।
ਮੁਨਸ਼ੀ ਅਤੇ ਮਿਲਖਾ ਸਿੰਘ ਬੈਠਕ ਵਿਚੋਂ ਇਕੱਠੇ ਹੀ ਨਿਕਲੇ। ਫੇਰੂਮਲ ਨੇ ਮੌਕਾ ਦੇਖ ਕੇ
ਬਚਿੰਤ ਸਿੰਘ ਨੂੰ ਕਿਹਾ, “ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸ ਦੇਣਾ। ਇਹ ਮੁਸੀਬਤ
ਤੁਹਾਡੀ ਹੀ ਨਹੀਂ ਮੇਰੀ ਵੀ ਉਨੀ ਹੀ ਹੈ।”
“ਸ਼ਾਹ ਜੀ, ਤੁਹਾਡੇ ਸਹਾਰੇ ਹੀ ਤਾਂ ਸਾਰਾ ਕੰਮ ਹੋਵੇਗਾ। ਪਤਾ ਨਹੀਂ, ਕਿੰਨੇ ਟੋਕਰੇ
ਰੁਪਇਆਂ ਦੇ ਲੱਗਣਗੇ।”
“ਕੱਲ, ਜਦੋਂ ਤੋਂ ਇਹ ਝਗੜਾ ਹੋਇਆ ਹੈ, ਮੈਨੂੰ ਇਕ ਪੱਲ ਵੀ ਚੈਨ ਨਹੀਂ ਆਈ। ਹਰ ਵਕਤ
ਅੱਖਾਂ ਦੇ ਸਾਹਮਣੇ ਕਰਤਾਰ ਅਤੇ ਜਗਤ ਸਿੰਘ ਦੀਆਂ ਹੀ ਸ਼ਕਲਾਂ ਘੁੰਮਦੀਆਂ ਰਹੀਆਂ ਹਨ।
ਪ੍ਰਮਾਤਮਾ ਛੇਤੀ ਅਰਾਮ ਦੇਵੇਗਾ।” ਫੇਰੂਮਲ ਨੇ ਉੱਠਦਿਆਂ ਇਕ ਵਾਰ ਫਿਰ ਬਚਿੰਤ ਸਿੰਘ
ਨੂੰ ਕਿਹਾ, “ਤੁਹਾਡੇ ਕੋਲੋਂ ਕੋਈ ਪਰਦਾ ਤਾਂ ਹੈ ਨਹੀਂ। ਜਿੰਨੀ ਜ਼ਰੂਰਤ ਹੋਈ, ਬਿਨਾਂ
ਸੰਕੋਚ ਦੱਸ ਦਿਉ।”
ਮੁਨਸ਼ੀ ਅਤੇ ਮਿਲਖਾ ਸਿੰਘ ਜਦ ਕਾਫ਼ੀ ਦੂਰ ਆ ਗਏੇ ਤਾਂ ਮੁਨਸ਼ੀ ਨੇ ਕਿਹਾ, “ਬਚਿੰਤ ਸਿੰਘ
ਇਕ ਹੀ ਦਿਨ ਵਿਚ ਬੁੱਢਾ ਹੋ ਗਿਆ ਹੈ। ਉਸ ਨੂੰ ਸੱਟ ਵੀ ਡੂੰਘੀ ਲੱਗੀ ਹੈ। ਕੰਮ ਕਰਨ
ਵਾਲੇ ਦੋਨੋ ਪਿਉ-ਪੁੱਤ ਹਸਪਤਾਲ ਪਏ ਹਨ। ਬਚਿੰਤ ਸਿੰਘ ਨੇ ਤਾਂ ਸਾਰੀ ਉਮਰ ਚੌਧਰ ਹੀ
ਕੀਤੀ ਹੈ। ਹਲ ਨੂੰ ਹੱਥ ਲਾ ਕੇ ਨਹੀਂ ਦੇਖਿਆ।”
“ਨੱਥਾ ਸਿੰਘ ਕੇ ਘਰ ਵੀ ਦਰਸ਼ਨ ਅਤੇ ਬੀਰ ਹੀ ਰਹਿ ਗਏ ਹਨ। ਉਹ ਵੀ ਅਜੇ ਛੋਟੇ ਹਨ। ਨੱਥਾ
ਸਿੰਘ ਆਪ ਤਾਂ ਹੁਣ ਖੇਤੀ ਦਾ ਬੋਝ ਚੁੱਕ ਨਹੀਂ ਸਕਦਾ।” ਮਿਲਖਾ ਸਿੰਘ ਨੇ ਕਿਹਾ। ਫਿਰ
ਮੁਨਸ਼ੀ ਵੱਲ ਨੂੰ ਮੂਧਾ ਹੁੰਦਾ ਬੋਲਿਆ, “ਬਚਿੰਤ ਸਿੰਘ ਨੂੰ ਜਗਤ ਸਿੰਘ ਦਾ ਐਨਾ ਫ਼ਿਕਰ
ਨਹੀਂ ਹੈ ਜਿੰਨਾ ਕਰਤਾਰ ਦਾ ਹੈ। ਉਹਦਾ ਨਾਂ ਸੁਣਦਿਆਂ ਹੀ ਉਸ ਦੀਆਂ ਅੱਖਾਂ ਭਰ
ਆਉਂਦੀਆਂ ਹਨ।” ਫਿਰ ਅੱਖ ਦੱਬਦਾ ਸ਼ਰਾਰਤ-ਭਰੀ ਮੁਸਕਰਾਹਟ ਨਾਲ਼ ਬੋਲਿਆ, “ਹੋਵੇ ਕਿਉਂ
ਨਾ, ਉਹਦਾ ਆਪਣਾ ਖੂਨ ਹੈ। ਕਰਤਾਰ ਦਾ ਦੁੱਖ ਉਹਨੂੰ ਨਾ ਹੋਵੇਗਾ ਤਾਂ ਹੋਰ ਕਿਸ ਨੂੰ
ਹੋਵੇਗਾ?”
ਜਦ ਮੁਨਸ਼ੀ ਨੇ ਮਿਲਖਾ ਸਿੰਘ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤਾਂ ਉਹ ਫਿਰ ਬੋਲਿਆ,
“ਮੁਨਸ਼ੀ, ਪੁੱਤ ਦਾ ਦੁੱਖ ਪਿਉ ਨੂੰ ਨਹੀਂ ਹੋਵੇਗਾ ਤਾਂ ਕੀ ਤੈਨੂੰ-ਮੈਨੂੰ ਹੋਵੇਗਾ?”
“ਪਿਉ ਤਾਂ ਪੁੱਤ ਦੇ ਨਾਲ਼ ਹਸਪਤਾਲ ਪਿਆ ਹੈ।” ਮੁਨਸ਼ੀ ਨੇ ਮਿਲਖਾ ਸਿੰਘ ਵੱਲ ਦੇਖਦਿਆਂ
ਕਿਹਾ।
ਉਹ ਜ਼ੋਰ ਨਾਲ਼ ਠਹਾਕਾ ਮਾਰ ਕੇ ਹੱਸਿਆ, “ਮੁਨਸ਼ੀ ਤੂੰ ਸਭ-ਕੁੱਝ ਜਾਣਦਾ ਪਰ ਮੂੰਹੋਂ
ਨਹੀਂ ਕਹਿੰਦਾ। ਜਗਤ ਸਿੰਘ ਨੇ ਤਾਂ ਸਿਰਫ਼ ਕਰੇਵਾ ਕੀਤਾ ਹੈ ਜਸਵੰਤ ਕੌਰ ਨਾਲ਼। ਉਹ
ਤਾਂ ਸਿਰਫ਼ ਕਾਗਜ਼ਾਂ ਵਿਚ ਜਸਵੰਤ ਕੌਰ ਦਾ ਖਾਵੰਦ ਅਤੇ ਕਰਤਾਰ ਦਾ ਪਿਉ ਹੈ। ਤੂੰ ਕੀ
ਸਮਝਦਾ ਹੈ ਕਿ ਬਚਿੰਤ ਸਿੰਘ ਕੰਮੀਆਂ ਦੀਆਂ ਔਰਤਾਂ ਦੇ ਸਹਾਰੇ ਸਾਰੀ ਉਮਰ ਛੜਾ ਰਿਹਾ
ਹੈ?”
“ਚੌਧਰੀ, ਕਦੇ ਕੋਈ ਐਸੀ ਗੱਲ ਸੁਣੀ ਤਾਂ ਨਹੀਂ ਹੈ। ਪਰ ਜੇ ਤੂੰ ਕਹਿੰਦਾ ਹੈਂ ਤਾਂ ਠੀਕ
ਹੀ ਹੋਣੀ ਹੈ। ....ਅੱਛਾ, ਹੁਣ ਇਹ ਦੱਸ, ਤੂੰ ਕਿਹੜੇ ਪਾਸੇ ਗਵਾਹੀ ਦੇਵੇਂਗਾ?”
“ਮੈਂ ਤਾਂ ਕਿਸੇ ਪਾਸੇ ਵੀ ਗਵਾਹੀ ਨਹੀਂ ਦੇਊਂਗਾ। ਨੱਥਾ ਸਿੰਘ ਦੂਰੋਂ-ਨੇੜਿਉਂ ਮੇਰਾ
ਸ਼ਰੀਕੇਦਾਰ ਹੈ। ਸਾਡੇ ਪੜਦਾਦੇ ਸਕੇ ਭਰਾ ਸਨ। ਹੁਣੇ ਉਹਦੇ ਘਰ ਹੋ ਕੇ ਆਇਆਂ ਹਾਂ। ਉਹਨੇ
ਵੀ ਗਵਾਹੀ ਲਈ ਕਿਹਾ ਸੀ ਪਰ ਮੈਂ ਉਹਨੂੰ ਵੀ ਜਵਾਬ ਦੇ ਦਿੱਤਾ ਹੈ।”
“ਚੌਧਰੀ, ਭਲਾ ਤੇਰੇ ਕੋਲੋਂ ਰਹਿ ਹੋਣਾ ਹੈ? ਵਕੀਲ-ਮੁਨਸ਼ੀ ਸਭ ਤੇਰੀ ਸਲਾਹ ਨਾਲ਼ ਹੀ
ਹੋਣਗੇ। ਬਚਿੰਤ ਸਿੰਘ ਤੇਰੇ ਨਾਲ਼ ਸ਼ਾਇਦ ਆਪ ਗੱਲ ਕਰੂਗਾ। .....ਫਿਰ ਤੇਰਾ ਹਰਜ ਵੀ ਕੀ
ਹੈ। ਕੁਛ ਵੀ ਕਹਿ, ਇਸ ਵਕਤ ਬਚਿੰਤ ਸਿੰਘ ਦਾ ਸਿਤਾਰਾ ਬੁਲੰਦ ਹੈ। ਅੱਜ ਤੂੰ ਉਸ ਦੀ
ਮਦਦ ਕਰੇਂਗਾ, ਤਾਂ ਕੱਲ ਨੂੰ ਉਹ ਤੇਰੇ ਕੰਮ ਆਵੇਗਾ।”
ਮਿਲਖਾ ਸਿੰਘ ਚੁੱਪ ਰਿਹਾ। ਮੁਨਸ਼ੀ ਨੇ ਉਸ ਦੀ ਖਮੋਸ਼ੀ ਨੂੰ ਰਜ਼ਾਮੰਦੀ ਸਮਝਦਿਆਂ ਉਸ ਨੂੰ
ਹੋਰ ਵੀ ਪੱਕਾ ਕਰਨੇ ਲਈ ਕਿਹਾ, “ਅੱਜ ਤੂੰ ਖਾਣਾ ਇਧਰ ਹੀ ਖਾਈਂ। ਨਸ਼ੇਪਾਣੀ ਦਾ
ਬੰਦੋਬਸਤ ਤਾਂ ਹੈ ਹੀ।”
“ਮੁਨਸ਼ੀ, ਤੂੰ ਕਲਮ-ਚੋਰ ਮੁਨਸ਼ੀ ਆਂ। ਮੈਂ ਠੀਕ ਕਹਿੰਦਾ ਹਾਂ ਤੂੰ ਕਲਮ-ਚੋਰ ਮੁਨਸ਼ੀ ਆਂ।
ਜੇ ਤੂੰ ਸੱਪ ਹੁੰਦਾ ਤਾਂ ਤੇਰੇ ਲੜੇ ਨੇ ਤਾਂ ਪਾਣੀ ਵੀ ਨਹੀਂ ਸੀ ਮੰਗਣਾ।” ਮਿਲਖਾ
ਸਿੰਘ ਨੇ ਜ਼ੋਰ ਨਾਲ਼ ਹੱਸਦਿਆਂ ਕਿਹਾ।
ਪੂਰਾ ਨਾਵਲ ਪੜ੍ਹਨ ਲਈ
ਕਭੀ ਨਾ ਛੋੜੇ ਖੇਤ 'ਤੇ ਕਲਿੱਕ ਕਰੋ
ਜਗਦੀਸ਼ ਚੰਦਰ ਦੇ ਹੋਰ ਨਾਵਲ ਪੜ੍ਹਨ ਲਈ ਹੇਠ ਲਿਖੇ ਲਿੰਕਾਂ 'ਤੇ ਕਲਿੱਕ ਕਰੋ
ਧਰਤੀ ਧਨ ਨਾ ਆਪਣਾ
ਨਰਕਕੁੰਡ 'ਚ ਵਾਸਾ
|