|
(ਸੰਨ 1995 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗਦਰ ਲਹਿਰ ਦੀਆਂ ਕਵਿਤਾਵਾਂ ਦਾ
ਸੰਗ੍ਰਹਿ ‘ਗਦਰ ਲਹਿਰ ਦੀ ਕਵਿਤਾ’ ਦੇ ਨਾਂ ਹੇਠ ਛਾਪਿਆ ਸੀ। ਇਸ ਸੰਗ੍ਰਹਿ ਦੀਆਂ ਕਵਿਤਾਵਾਂ
ਨੂੰ ਇਕੱਤਰ ਕਰਨ ਦਾ ਕੰਮ ਗਿਆਨੀ ਕੇਸਰ ਸਿੰਘ ਨਾਵਲਿਸਟ ਨੇ ਕੀਤਾ ਸੀ। ਇਸ ਕਿਤਾਬ ਦੀ 72
ਸਫੇ ਲੰਮੀ ਭੂਮਿਕਾ ਕੇਸਰ ਸਿੰਘ ਕੇਸਰ ਨੇ ਲਿਖੀ ਸੀ। ਇਸ ਭੂਮਿਕਾ ਵਿੱਚ ਉਹਨਾਂ ਨੇ ਗਦਰ
ਲਹਿਰ ਦੀ ਕਵਿਤਾ ਦੇ ਵੱਖ ਵੱਖ ਪੱਖਾਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ
ਸੀ। ਇਸ ਵਿਚਾਰ ਨਾਲ ਕਿ ਇਹ ਭੂਮਿਕਾ ਆਨਲਾਈਨ ਵੱਧ ਤੋਂ ਵੱਧ ਪਾਠਕਾਂ ਨੂੰ ਪ੍ਰਾਪਤ ਹੋ ਸਕੇ,
ਅਸੀਂ ਇਸ ਨੂੰ ਵਤਨ ਦੇ ਸਾਈਟ ‘ਤੇ ਛਾਪ ਰਹੇ ਹਾਂ।-ਸੰਪਾਦਕ)
1857 ਦੇ ਗ਼ਦਰ, ਗ਼ਦਰ ਪਾਰਟੀ ਤੇ ਸਮੁੱਚੀ ਗ਼ਦਰ ਲਹਿਰ ਨੇ ਬਰਤਾਨਵੀ ਗੁਲਾਮੀ ਦੇ ਵਿਰੁੱਧ
ਹਿੰਦੋਸਤਾਨ ਦੀ ਆਜ਼ਾਦੀ ਲਈ ਲਗਭਗ ਇਕ ਸਦੀ ਜੋ ਜਦੋਜਹਿਦ ਕੀਤੀ ਉਸ ਨੂੰ ਸੁਤੰਤਰ ਭਾਰਤ ਦੀ
ਸਰਕਾਰ, ਮੋਹਰੀ ਪਾਰਟੀਆਂ ਤੇ ਅਕਾਦਮਿਕ ਅਦਾਰਿਆਂ ਨੇ ਜੇ ਅਣਗੌਲਿਆ ਨਹੀਂ ਰੱਖਿਆ ਤਾਂ ਘਟਾ
ਕੇ ਜ਼ਰੂਰ ਦੇਖਿਆ ਹੈ।
ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਨੇ 1857 ਦੇ ਗ਼ਦਰ ਦਾ ਜਿ਼ਕਰ ਕਰਦਿਆਂ ਮਾਰਚ 1928 ਦੇ
ਕਿਰਤੀ ਵਿੱਚ ਲਿਖਿਆ ਸੀ:
ਇਸ ਜੰਗ (1857) ਦੇ ਨਾਕਾਮਯਾਬ ਹੋਣ ‘ਤੇ ਜਿਹੜਾ ਜ਼ੁਲਮ ਅਤੇ ਅਤਿਆਚਾਰ ਬੇਗੁਨਾਹ
ਹਿੰਦੋਸਤਾਨੀਆਂ ‘ਤੇ ਢਾਹਿਆ ਗਿਆ ਉਸ ਦੇ ਲਿਖਣ ਲਈ ਨਾ ਤਾਂ ਸਾਡੇ ਵਿੱਚ ਹੌਂਸਲਾ ਹੈ ਅਤ ਨਾ
ਕਿਸੇ ਹੋਰ ਵਿੱਚ ਹੀ। ਇਹ ਸਭ ਕੁਝ ਹਿੰਦੋਸਤਾਨ ਦੇ ਆਜ਼ਾਦ ਹੋਣ ‘ਤੇ ਲਿਖਿਆ ਜਾਵੇਗਾ।
ਪਰ ਹੈਰਾਨੀ ਹੁੰਦੀ ਹੈ ਕਿ ਜਿਸ ਨੂੰ ਕਾਰਲ ਮਾਰਕਸ, ਵੀਰ ਸਾਵਰਕਰ ਤੇ ਭਗਤ ਸਿੰਘ ਨੇ
ਹਿੰਦੋਸਤਾਨ ਦੀ ਪਹਿਲੀ ਜੰਗੇ-ਆਜ਼ਾਦੀ ਕਿਹਾ ਉਸ ਦੇ ਸਾਰੇ ਤੱਥਾਂ ਤੇ ਪਹਿਲੂਆਂ ਦੀ ਖੋਜ ਤੇ
ਪਰਖ ਕਰਕੇ ਉਸ ਦੇ ਇਤਿਹਾਸਕ-ਰਾਜਨੀਤਕ ਮਹੱਤਵ ਨੂੰ ਉਘਾੜਨ ਵਿੱਚ ਸਾਡੀ ਇਤਿਹਾਸਕਾਰੀ
(ਇੱਕੇ-ਦੁੱਕੇ ਯਤਨਾਂ ਨੂੰ ਛੱਡ ਕੇ) ਸਮੁੱਚੇ ਤੌਰ ‘ਤੇ ਅਸਫਲ ਰਹੀ ਹੈ।
1928 ਵਿੱਚ ਹੀ ਹਿੰਦੀ ਪਤ੍ਰਕਾ, ਚਾਂਦ ਦੇ ਫਾਂਸੀ ਅੰਕ ਵਿੱਚ ਨਵੀਂ ਗ਼ਦਰ ਲਹਿਰ ਦੇ ਇਕ
ਸ਼ਹੀਦ, ਬਲਵੰਤ ਸਿੰਘ ਖੁਰਦਪੁਰ ਬਾਰੇ ਆਪਣੇ ਫਰਜ਼ੀ ਨਾਂ ‘ਮੁਕੁੰਦ’ ਵਲੋਂ ਲਿਖਦਿਆਂ ਕਿਸੇ
ਇਨਕਲਾਬੀ ਨੇ ਪੂਰੇ ਯਕੀਨ ਨਾਲ ਕਿਹਾ ਸੀ:
ਸੁਤੰਤਰ ਭਾਰਤ ਆਪਣੇ ਸੁਤੰਤਰਤਾ ਸੰਗਰਾਮ ਦੀਆਂ ਇਨ੍ਹਾਂ ਅਦੁੱਤੀ ਘਟਨਾਵਾਂ ਨੂੰ ਯਾਦ ਕਰਿਆ
ਕਰੇਗਾ। ਉਸ ਸਮੇਂ ਦੇ ਇਤਿਹਾਸਕਾਰ ਨੂੰ ਹੀ ਇਨ੍ਹਾਂ ਸਭ ਗੱਲਾਂ ਦਾ ਖੂਬ ਵਿਸਥਾਰ ਨਾਲ ਅਤੇ
ਵਾਸਤਵਿਕ ਰੂਪ ਵਿੱਚ ਲਿਖ ਸਕਣ ਦਾ ਸੁਅਵਸਰ ਮਿਲੇਗਾ।
ਪਰ ਅਸੀਂ ਦੇਖ ਹੀ ਰਹੇ ਹਾਂ ਕਿ ਸੁਤੰਤਰਤਾ ਪ੍ਰਾਪਤੀ ਦੀ ਅੱਧੀ ਸਦੀ ਬਾਅਦ ਵੀ ਇਸ ਲਹਿਰ
ਦੀਆਂ ਸਿਆਸੀ ਕੁਰਬਾਨੀਆਂ, ਇਤਿਹਾਸਕ ਰੋਲ ਤੇ ਸਭਿਆਚਾਰ ਦੇਣ ਵੱਲ ਉਹ ਤਵੱਜੋ ਨਹੀਂ ਦਿੱਤੀ
ਗਈ ਜੋ ਦੇਣੀ ਚਾਹੀਦੀ ਸੀ। ਹਾਂ, ਕੁਝ ਗ਼ੈਰ-ਸਰਕਾਰੀ ਤੇ ਵਿਅਕਤੀਗਤ ਯਤਨਾਂ ਨਾਲ ਇਨ੍ਹਾਂ
ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਹੋਈਆਂ ਹਨ (ਜਿਨ੍ਹਾਂ ਨੂੰ ਪਿੱਛੋਂ ਸਰਕਾਰਾਂ ਨੇ ਵੀ
ਮਾਨਤਾ ਦਿੱਤੀ ਹੈ), ਇਤਿਹਾਸ ਲਿਖੇ ਗਏ ਹਨ ਤੇ ਇਸ ਲਹਿਰ ਨਾਲ ਸੰਬੰਧਤ ਸਾਹਿਤ (ਵਿਸ਼ੇਸ਼
ਕਰਕੇ ਕੇਸਰ ਸਿੰਘ ਦੇ ਨਾਵਲ) ਰਚਿਆ ਗਿਆ ਹੈ।
ਸਮੇਂ ਤੇ ਸਥਾਨ ਦੀ ਦ੍ਰਿਸ਼ਟੀ ਤੋਂ ਗ਼ਦਰ ਪਾਰਟੀ ਤੇ ਗ਼ਦਰ-ਲਹਿਰ ਦਾ ਘੇਰਾ ਬਹੁਤ ਵਿਸ਼ਾਲ
ਸੀ। ਸਮੇਂ ਵਿੱਚ ਇਹ 1857- ਤੋਂ 1950-51 ਤੱਕ ਤੇ ਸਥਾਨ ਵਿੱਚ ਪੰਜਾਬ ਤੋਂ ਲੈ
ਅੰਤਰਰਾਸ਼ਟਰੀ ਦਿਸਹੱਦਿਆਂ ਤੱਕ ਫੈਲੀ ਹੋਈ ਸੀ।
ਹਥਲੀ ਪੁਸਤਕ ਵਿੱਚ ਗ਼ਦਰ ਲਹਿਰ ਦੀ ਕਵਿਤਾ ਨੂੰ ਇਕ ਥਾਂ ਇਕੱਤਰ ਕਰਕੇ ਇਸ ਲਹਿਰ ਦੇ
ਸਭਿਆਚਾਰਕ ਤੇ ਸਾਹਿਤਕ ਮਹੱਤਵ ਵੱਲ ਧਿਆਨ ਦੁਆਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਸੰਗ੍ਰਹਿ
ਤੋਂ ਪਹਿਲਾਂ ਗਦਰੀ-ਕਾਵਿ ਦੇ ਹੇਠ ਲਿਖੇ ਸੰਕਲਨ ਪ੍ਰਕਾਸ਼ਤ ਹੋ ਚੁੱਕੇ ਹਨ:
(1) ਗ਼ਦਰ ਦੀ ਗੂੰਜ (ਲੜੀ ਨੰ. 1 ਤੋਂ 7): ਅਮਰੀਕਾ ਸਥਿਤ ਗ਼ਦਰ ਪਾਰਟੀ ਨੇ ਸਪਤਾਹਿਕ ਤੇ
ਮਾਹਵਾਰੀ ਪੱਤਰਾਂ ਦੇ ਨਾਲ ਨਾਲ ਕੁਝ ਕਿਤਾਬਚੇ ਛਾਪ ਕੇ ਵੰਡਣ ਦਾ ਜੋ ਪ੍ਰੋਗਰਾਮ ਬਣਾਇਆ ਸੀ
ਉਸ ਦੇ ਤਹਿਤ ਗ਼ਦਰ ਦੀ ਗੂੰਜ ਨਾਂ ਦੀਆਂ ਸੱਤ ਪੁਸਤਕਾਂ ਵੀ ਛਾਪ ਕੇ ਵੰਡੀਆਂ ਗਈਆਂ ਸਨ। ਲੜੀ
ਨੰ: 6 ਦੀ ਦੂਜੀ ਐਡੀਸ਼ਨ (1933) ਦੇ ਸਫਾ 15 ਉੱਤੇ ਪੁਸਤਕਾਂ ਦੇ ਇਸ਼ਤਿਹਾਰ ਵਿੱਚ ਲਿਖਿਆ
ਮਿਲਦਾ ਹੈ: “... ‘ਗ਼ਦਰ ਗੂੰਜਾਂ’ ਜੋ ਸੱਤ ਨੰਬਰ ਤੱਕ ਛੱਪ ਚੁੱਕੀਆਂ ਹਨ ਤੇ ਪੈਹਲਾ,
ਦੂਸਰਾ ਤੇ ਚੌਥਾ ਨੰਬਰ ਉਰਦੂ ਵਿੱਚ ਭੀ ਮਿਲ ਸਕਦੀਆਂ ਹਨ।” ਦੁਨੀਆ ਦੇ ਸਭ ਦੇਸ਼ਾਂ ਵਿੱਚ,
ਜਿੱਥੇ ਵੀ ਪੰਜਾਬੀ ਵਸਦੇ ਸਨ, ਇਹ ਮੁਫਤ ਵੰਡੀਆਂ ਜਾਂਦੀਆਂ ਸਨ। ਇਸ ਗੱਲ ਦੀ ਗਵਾਹੀ ਪ੍ਰਾਪਤ
ਗੂੰਜਾਂ ਦੇ ਉੱਤੇ ਲਿਖੀ ਗਿਣਤੀ ਤੋਂ ਮਿਲਦੀ ਹੈ:
ਗੂੰਜ ਨੰ. 1 (1914): ਦਸ ਹਜ਼ਾਰ
ਗੂੰਜ ਨੰ. 2 (1916): ਗਿਆਰਾਂ ਹਜ਼ਾਰ
ਗੂੰਜ ਨੰ. 3 (1918): ਦਸ ਹਜ਼ਾਰ
ਗੂੰਜ ਨੰ. 6 (ਦੂਜੀਵਾਰ, ਸੋਧ ਕੇ, 1913): ਪੰਦਰਾਂ ਹਜ਼ਾਰ
ਗੂੰਜ ਨੰ. 7 (1931): ਪੰਝੀ ਹਜ਼ਾਰ
ਇਹ ਸੱਤੇ ਸੰਗ੍ਰਹਿ ਦੇਸ-ਪਰਦੇਸ ਵਿੱਚ ਰਹਿੰਦੇ ਪੰਜਾਬੀਆਂ ਲਈ ਦੇਸ਼-ਪਿਆਰ ਤੇ ਲੋਕ ਹਿੱਤਾਂ
ਦੇ ਪ੍ਰੇਰਕ ਬਣੇ, ਪਰ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਇਨ੍ਹਾਂ ਦਾ ਅਵੱਲ ਤਾਂ ਕੋਈ
ਜਿ਼ਕਰ ਹੈ ਨਹੀਂ, ਜੇ ਹੈ ਤਾਂ ਮਾਮੂਲੀ। ਇਸ ਦਾ ਵੱਡਾ ਕਾਰਨ ਤਾਂ ਇਹੋ ਹੈ ਕਿ ਗ਼ਦਰ-ਕਾਵਿ
ਦਾ ਪਰਸਾਰ ਤੇ ਪਰਚਾਰ ਭੁਮੀਗਤ ਹੀ ਹੁੰਦਾ ਰਿਹਾ, ਬਾਹਰ ਇਸ ਨੂੰ ਸਰਕਾਰ ਜ਼ਬਤ ਕਰ ਲੈਂਦੀ
ਸੀ। ਸ਼ਾਇਦ ਇਸੇ ਲਈ ਹੁਣ ਵੀ ਚੌਥੀ ਤੇ ਪੰਜਵੀਂ ਗੂੰਜ ਦੁਰਲੱਭ ਹੈ। ਇਹ ਦੋਵੇਂ ਗੂੰਜਾਂ,
ਕੇਸਰ ਸਿੰਘ (‘ਗ਼ਦਰ ਲਹਿਰ ਦੀ ਕਵਿਤਾ’ ਦੇ ਸੰਗ੍ਰਹਿਕਾਰ) ਨੂੰ ਵੀ ਪ੍ਰਾਪਤ ਨਹੀਂ ਹੋ
ਸਕੀਆਂ। ਇਸ ਤੋਂ ਪਹਿਲਾਂ ਗਿਆਨੀ ਹੀਰਾ ਸਿੰਘ ਦਰਦ ਵੀ ਆਪਣੀ ਤਲਾਸ਼ ਤੋਂ ਬਾਅਦ ਇਸੇ ਨਤੀਜੇ
‘ਤੇ ਪਹੁੰਚੇ ਸਨ:
ਗ਼ਦਰ ਗੂੰਜ ਨੰ. 4 ਤੇ 5 ਦੀ ਕੋਈ ਕਾਪੀ ਹਾਲਾਂ ਤੱਕ ਪ੍ਰਾਪਤ ਨਹੀਂ ਹੋ ਸਕੀ। ਇਹ 1920 ਤੇ
1930 ਦੇ ਦਰਮਿਆਨ ਪ੍ਰਕਾਸ਼ਤ ਹੋਈਆਂ ਸਨ। (ਪੰਜਾਬੀ ਦੁਨੀਆ, ਜੁਲਾਈ 1960, ਪੰ. 8)
ਇਨ੍ਹਾਂ ਗੂੰਜਾਂ ਵਿੱਚ ਗ਼ਦਰ ਪਾਰਟੀ ਦੇ ਅਖਬਾਰਾਂ ਵਿੱਚ ਛਪੀਆਂ ਕਵਿਤਾਵਾਂ ਵਿੱਚੋਂ
ਚੋਣਵੀਆਂ ਕਵਿਤਾਵਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਸਨ। ਪ੍ਰਾਪਤ ਗੂੰਜਾਂ ਵਿੱਚ 126
ਕਵਿਤਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਥਲੇ ਸੰਗ੍ਰਹਿ ਵਿੱਚ ਉਹ ਹੀ ਕਵਿਤਾਵਾਂ ਸ਼ਾਮਲ
ਕੀਤੀਆਂ ਗਈਆਂ ਹਨ ਜੋ ਪਾਰਟੀ-ਪੱਤਰਾਂ ਵਿੱਚੋਂ ਨਹੀਂ ਮਿਲੀਆਂ। ਗੂੰਜ ਨੰ. 6 ਤੇ 7 ਦੀਆਂ
ਸਾਰੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ।
ਗਦਰ ਦੀ ਗੂੰਜ ਦੇ ਸਰਵਰਕ ਉੱਤੇ, ਆਮ ਕਰਕੇ, ਪਾਰਟੀ ਦਾ ਕੌਮੀ ਜੈਕਾਰਾ (ਬੰਦੇ ਮਾਤ੍ਰਮ) ਤੇ
ਪਾਰਟੀ ਦਾ ਨਿਸ਼ਾਨ (ਹਿੰਦੋਸਤਾਨ ਦੇ ਸ਼ੇਰਮੂੰਹੇ ਨਕਸ਼ੇ ਉੱਤੇ ਤਲਵਾਰ ਧੂਹੀ ਖਲੋਤੀ ਭਾਰਤ
ਮਾਤਾ) ਛਪਿਆ ਹੁੰਦਾ ਸੀ। ਗੂੰਜ ਨੰ. 6 ਦੇ ਦੂਜੇ ਐਡੀਸ਼ਨ ਦੇ ਟਾਈਟਲ ਸਫੇ ਉੱਤੇ ਭਾਈ ਭਗਵਾਨ
ਸਿੰਘ ‘ਪ੍ਰੀਤਮ’ ਦੀ ਤਸਵੀਰ ਛਪੀ ਹੋਈ ਹੈ। ਇਸ ਵਿੱਚ ਇਕੋ ਲੰਮੀ ਕਵਿਤਾ ਹੈ। ਸ਼ਾਇਦ ਇਹ
ਪੂਰੀ ਕਵਿਤਾ ਹੀ ਭਾਈ ਭਗਵਾਨ ਸਿੰਘ ਦੀ ਰਚਨਾ ਹੋਵੇ, ਪਰ ਅੱਧ ਤੱਕ ਉਪਨਾਮ ‘ਪ੍ਰੀਤਮ’ ਆਉਂਦਾ
ਹੈ ਅਤੇ ਅੱਧ ਤੋਂ ਬਾਅਦ ‘ਇਕਬਾਲ’। ‘ਇਕਬਾਲ’ ਤਖ਼ੱਲਸ ਡਾ. ਭਾਗ ਸਿੰਘ ਦਾ ਸੀ। ਇਸ ਤੋਂ ਇਹ
ਵੀ ਸਿੱਟਾ ਨਿਕਲਦਾ ਹੈ ਕਿ ਇਹ ਇਨ੍ਹਾਂ ਦੋਹਾਂ ਦੀ ਸਾਂਝੀ ਰਚਨਾ ਹੈ। ਸੱਤਵੀਂ ਗੂੰਜ ਦੇ
ਸਰਵਰਕ ਉੱਤੇ ਕੌਮੀ ਝੰਡਾ ਤੇ ਝੰਡੇ ਦੇ ਵਿਚਕਾਰ ਭਾਰਤ ਦਾ ਨਕਸ਼ਾ ਹੈ। (ਦੇਖੋ ਅੰਤਕਾ ਨੰ.
2)
(2) ਬੱਬਰ ਗੂੰਜ: ਇਹ ਗੱਲ ਇਤਿਹਾਸਕ ਤੌਰ ‘ਤੇ ਸਿੱਧ ਹੋ ਚੁੱਕੀ ਹੈ ਕਿ ਪੰਜਾਬ ਦੀ ਬੱਬਰ
ਅਕਾਲੀ ਲਹਿਰ ਦੇ ਪਿੱਛੇ ਮੂਲ ਪ੍ਰੇਰਨਾ ਗ਼ਦਰੀਆਂ ਤੇ ਗ਼ਦਰ ਪਾਰਟੀ ਦੀ ਸੀ। ਇਸ ਲਹਿਰ ਦੇ
ਮੋਢੀਆਂ ਵਿੱਚ ਕਈ ਪੁਰਾਣੇ ਗਦਰੀ ਸਨ। ਉਂਜ ਵੀ, “1920 ਤੋਂ ਬਾਅਦ ਆਜ਼ਾਦੀ ਦੀਆਂ ਬਲਵਾਨ
ਲਹਿਰਾਂ ਵਿੱਚ ‘ਗ਼ਦਰ ਗੂੰਜਾਂ’ ਦੀਆਂ ਇਨਕਲਾਬੀ ਕਵਿਤਾਵਾਂ ਗੂੰਜਦੀਆਂ ਨਜ਼ਰ ਆ ਰਹੀਆਂ ਹਨ।”
(ਹੀਰਾ ਸਿੰਘ ਦਰਦ)
ਗ਼ਦਰ ਲਹਿਰ ਤੇ ਬੱਬਰ ਲਹਿਰ ਦੀ ਸਾਂਝ ਦਾ ਇੱਥੋਂ ਵੀ ਪਤਾ ਲਗਦਾ ਹੈ ਕਿ ਜਦੋਂ ਬੱਬਰ ਲਹਿਰ
ਮੱਠੀ ਪੈ ਗਈ ਤਾਂ ਅਮਰੀਕਾ ਵਿੱਚ ਰਹਿੰਦੇ ਗ਼ਦਰੀਆਂ ਨੇ ਸੰਨ 1925 ਵਿੱਚ ਗ਼ਦਰ ਦੇ ਦਫਤਰ,
5, ਵੁੱਡ ਸਟਰੀਟ, ਸਾਨਫਰਾਂਸਿਸਕੋ ਤੋਂ ਹੀ ਬੱਬਰਾਂ ਦੀਆਂ ਕਵਿਤਾਵਾਂ ਬੱਬਰ ਗੂੰਜ ਦੇ ਨਾਂ
ਹੇਠ ਪ੍ਰਕਾਸ਼ਤ ਕੀਤੀਆਂ ਤੇ ਇਸ ਦੀ ਭੂਮਿਕਾ ਵਿੱਚ ਲਿਖਿਆ: “ਬੱਬਰਾਂ ਦੀ ਯਾਦ ਨੂੰ ਤਾਜ਼ਾ
ਰੱਖਣ ਵਾਸਤੇ ਇਹ ਗੂੰਜ ਲਿਖੀ ਜਾਂਦੀ ਹੈ। ਅਸੀਂ ਅਮੈਦ ਕਰਦੇ ਹਾਂ ਕਿ ਸਭ ਭਾਈ ਏਸ ਨੂੰ
ਪ੍ਰੇਮ ਨਾਲ ਪੜ੍ਹਨਗੇ ਤੇ ਉਹਨਾਂ ਦੀ ਸਪਿਰਟ ਨੂੰ ਰ੍ਹੈਂਦੇ ਦਿਨਾਂ ਤੱਕ ਚੇਤੇ ਰੱਖਣਗੇ।”
ਇਸ ਬੱਬਰ ਗੂੰਜ ਦੀਆਂ ਸਾਰੀਆਂ ਕਵਿਤਾਵਾਂ ਹੱਥਲੇ ਸੰਗ੍ਰਹਿ ਵਿੱਚ ਮੁੜ ਦੂਜੀ ਵਾਰ ਪ੍ਰਕਾਸ਼ਤ
ਹੋ ਰਹੀਆਂ ਹਨ।
(3) ਗ਼ਦਰੀ ਤੇ ਕਾਮਾ (ਸੰਪ. ਕੇਸਰ ਸਿੰਘ, ਅਵਾਮੀ ਪ੍ਰਿੰਟਿੰਗ ਪ੍ਰੈਸ ਜਲੰਧਰ): ਇਸ ਪੁਸਤਕ
ਵਿਚ ਦੋ ਗ਼ਦਰੀ ਜਾਂ ਗ਼ਦਰ ਹਿਤੈਸ਼ੀ ਪਿਓ-ਪੁੱਤਰਾਂ, ਬਾਬਾ ਨਿਰੰਜਨ ਸਿੰਘ ਢਿੱਲੋਂ (ਉਪਨਾਮ
‘ਹਿੰਦ ਸੇਵਕ’) ਤੇ ਗੁਰਦੇਵ ਸਿੰਘ ਢਿਲੋਂ (ਉਪਨਾਮ ‘ਯਕਦਮ’) ਦੀਆਂ ਕਵਿਤਾਵਾਂ ਨੂੰ ਇਕੱਤਰ
ਕਰਕੇ ਛਾਪਿਆ ਗਿਆ ਹੈ। ਇਹ ਗ਼ਦਰ ਲਹਿਰ ਦੇ ਦੂਜੇ ਦੌਰ ਦੇ ਕਵੀ ਹਨ ਤੇ ਇਨ੍ਹਾਂ ਦੀਆਂ ਕੁਝ
ਕਵਿਤਾਵਾਂ ਮਾਸਕ ਹਿੰਦੋਸਤਾਨ ਗ਼ਦਰ ਤੇ ਗ਼ਦਰ ਦੀ ਗੂੰਜ ਨੰ. 7 ਵਿੱਚ ਪ੍ਰਕਾਸ਼ਤ ਹੋਈਆਂ ਸਨ।
(4) ਬੱਬਰ-ਕਾਵਿ-ਸੰਗ੍ਰਹਿ (ਸੰਪ. ਡਾ. ਗੁਰਚਰਨ ਸਿੰਘ, ਸਰਕਾਰੀ ਕਾਲਜ, ਜ਼ੀਰਾ): ਇਹ ਨਿੱਕੀ
ਜਿਹੀ ਪੁਸਤਕ ‘ਆਜ਼ਾਦੀ ਭਾਵਨਾ ਕਾਵਿ-ਲੜੀ’ ਦੀ ਯੋਜਨਾ ਤਹਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਲੋਂ 1988 ਵਿੱਚ ਪ੍ਰਕਾਸ਼ਤ ਹੋਈ। ਇਸ ਵਿੱਚ ਅਰਜਨ ਸਿੰਘ ਗੜਗੱਜ, ਸੁੰਦਰ ਸਿੰਘ
ਮਖ਼ਸੂਸਪੁਰੀ, ਕਿਸ਼ਨ ਸਿੰਘ ਗੜਗੱਜ ਉਰਫ ‘ਚੱਕਰਵਰਤੀ’, ਕਰਮ ਸਿੰਘ ਬੱਬਰ, ਨੰਦ ਸਿੰਘ
ਘੜਿਆਲ, ਧੰਨਾ ਸਿੰਘ ਬਹਿਬਲਪੁਰ, ਬੰਤਾ ਸਿੰਘ ਸੇਵਕ (ਧਾਮੀਆਂ), ਬਾਬੂ ਸੰਤਾ ਸਿੰਘ ਨਿਧੜਕ,
ਹਰਬੰਸ ਸਿੰਘ ਸਿਰਹਾਲਾ ਤੇ ਹਰੀ ਸਿੰਘ ਖੰਡਾ ਉਰਫ ਚੇਲਾ ਦੀਆਂ ਕਵਿਤਾਵਾਂ ਦਰਜ ਹਨ।
(5)ਮੁਨਸ਼ਾ ਸਿੰਘ ਦੁਖੀ (ਜੀਵਨ ਤੇ ਰਚਨਾ): ਸਵਰਨ ਸਿੰਘ ਸਨੇਹੀ ਦੀ ਲਿਖੀ ਇਹ ਪੁਸਤਕ ਵੀ
1990 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਤ ਹੋਈ ਹੈ। ਇਸ ਦੇ ਸੱਤਵੇਂ
ਅਧਿਆਇ ਵਿੱਚ ‘ਦੁਖੀ’ ਦੀਆਂ ਕੁਝ ਚੋਣਵੀਆਂ ਕਵਿਤਾਵਾਂ ਦਰਜ ਹਨ।
(6) ਡਾਇਰੀ ਬਾਬਾ ਹਰੀ ਸਿੰਘ ਉਸਮਾਨ (ਸੰਪ. ਪ੍ਰੋ. ਮਲਵਿੰਦਰਜੀਤ ਸਿੰਘ): ‘ਫਕੀਰ’ ਤਖੱਲਸ
ਹੇਠ ਲਿਖੀਆਂ ਬਾਬਾ ਜੀ ਦੀਆਂ ਕੁਝ ਕਵਿਤਾਵਾਂ ਇਸ ਵਿੱਚ ਦਿੱਤੀਆਂ ਗਈਆਂ ਹਨ।
(7) ਦੇਸ਼ ਭਗਤਾਂ ਦੀ ਬਾਣੀ: ਬਾਬਾ ਭਗਤ ਸਿੰਘ ਬਿਲਗਾ ਦੇ ਜਤਨਾਂ ਨਾਲ, ਇਹ ਪੁਸਤਕ ਦੇਸ਼
ਭਗਤ ਯਾਦਗਾਰ ਕਮੇਟੀ, ਜਲੰਧਰ, ਵਲੋਂ ਛਾਪੀ ਗਈ ਹੈ। ਇਸ ਵਿੱਚ ਪਹਿਲੀਆਂ ਤਿੰਨ ਗੂੰਜਾਂ ਦੀਆਂ
ਸਾਰੀਆਂ ਕਵਿਤਾਵਾਂ, ਬਿਨਾਂ ਕਿਸੇ ਵਿਸ਼ਲੇਸ਼ਣ ਦੇ, ਦੁਬਾਰਾ ਇਕ ਜਿਲਦ ਵਿੱਚ ਛਾਪ ਦਿੱਤੀਆਂ
ਹਨ। ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿਭਾਗ ਦੇ ਸਕੱਤਰ, ਗੁਰਮੀਤ, ਨੇ ਕਮੇਟੀ ਦੀਆਂ
ਯੋਜਨਾਵਾਂ ਦਾ ਵੇਰਵਾ ਦਿੰਦੇ ਹੋਏ, ਨੇੜ ਭਵਿੱਖ ਵਿੱਚ ‘ਆਜ਼ਾਦੀ ਗੂੰਜ’ ਦੇ ਅੰਕ ਪ੍ਰਕਾਸ਼ਤ
ਕਰਨ ਦਾ ਸੰਕੇਤ ਵੀ ਦਿੱਤਾ ਹੈ। (ਇਕ ਕਨਸੋ ਇਹ ਵੀ ਹੈ ਕਿ ‘ਗ਼ਦਰ ਦੀ ਗੂੰਜ’ ਦੀ ਚੌਥੀ ਤੇ
ਪੰਜਵੀਂ ਲੜੀ ਦਾ ਨਾ ਹੀ ‘ਆਜ਼ਾਦੀ ਦੀ ਗੂੰਜ ਰੱਖਿਆ ਗਿਆ ਸੀ)। ਇਨ੍ਹਾਂ ਕਵਿਤਾਵਾਂ ਦਾ
ਵਿਸਥਾਰ-ਪੂਰਬਕ ਵਿਸ਼ਲੇਸ਼ਣ ਕਰਨ ਲਈ ਇਨ੍ਹਾਂ ਨੂੰ ਹੱਥਲੇ ਸੰਗ੍ਰਹਿ ਵਿੱਚ ਸ਼ਾਮਲ ਕੀਤਾ ਗਿਆ
ਹੈ।
ਗ਼ਦਰ ਲਹਿਰ ਦੀ ਸਮੁੱਚੀ ਕਵਿਤਾ ਦੇ ਪ੍ਰਕਾਸ਼ਨ ਤੇ ਵਿਸ਼ਲੇਸ਼ਣ ਵਿੱਚ ਇੰਨੀ ਦੇਰ ਹੋ ਜਾਣ ਦਾ
ਵੱਡਾ ਕਾਰਨ ਤਾਂ ਇਸ ਲਹਿਰ ਦਾ ਭੂਮੀਗਤ ਹੋਣਾ ਹੀ ਹੈ। ਗਿਆਨੀ ਹੀਰਾ ਸਿੰਘ ਦਰਦ ਦੇ ਕਥਨ
ਅਨੁਸਾਰ, 1914 ਵਿੱਚ ਜਦੋਂ ਗ਼ਦਰੀ ਗ਼ਦਰ ਮਚਾਉਣ ਲਈ ਭਾਰਤ ਆ ਰਹੇ ਸਨ ਤਾਂ ਉਹ ਗ਼ਦਰ-ਸਾਹਿਤ
ਦੇ ਸੰਦੂਕ ਭਰ ਕੇ ਨਾਲ ਲਿਆ ਰਹੇ ਸਨ, ਪਰ ਪੁਲਿਸ ਤਲਾਸ਼ੀਆਂ ਦੇ ਡਰੋਂ “ਇਨਕਲਾਬੀ ਲਿਟਰੇਚਰ
ਦੇ ਭਰੇ ਹੋਏ ਸੰਦੂਕ ਸਮੁੰਦਰ ਦੀ ਭੇਂਟ ਕਰ ਦਿੱਤੇ ਗਏ।” (ਪੰਜਾਬੀ ਦੁਨੀਆ, ਫਰਵਰੀ 1960,
ਪੰ. 13)। ਦੂਜਾ ਕਾਰਨ ‘ਅਹਿੰਸਾ ਪੂਜਕ’ ਸਰਕਾਰਾਂ ਦੇ ਬੇਰੁਖ਼ੀ ਤੇ ਵਿਦਿਅਕ ਅਦਾਰਿਆਂ ਦਾ
ਆਲਸ ਵੀ ਹੋ ਸਕਦਾ ਹੈ। ਭਗਤ ਸਿੰਘ ਬਿਲਗਾ ਦਾ ਇਹ ਸਿ਼ਕਵਾ ਜਾਇਜ਼ ਹੈ ਕਿ “ਰਾਜ ਭਾਗ ਤੇ
ਯੂਨੀਵਰਸਿਟੀਆਂ ਦੇ ਵਤੀਰੇ ਨੂੰ ਤਾਂ ਅਸਲੋਂ ਮੁਜਰਮਾਨਾ ਅਣਦੇਖੀ ਕਿਹਾ ਜਾ ਸਕਦਾ ਹੈ।” ਤੇ
ਮੈਨੂੰ ਯਕੀਨ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੱਥਲੇ ਕਾਵਿ-ਸੰਗ੍ਰਹਿ ਨੂੰ ਛਾਪ ਕੇ
ਯੂਨੀਵਰਸਿਟੀ ਦੇ ਦਾਮਨ ਤੋਂ ਇਹ ਦਾਗ ਧੋ ਸੁੱਟੇਗੀ।
ਇਸ ਸੰਗ੍ਰਹਿ ਦੀ ਕਵਿਤਾ ਨੂੰ ਇਕੱਤਰ ਕਰਨ ਦਾ ਬੀੜਾ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ, ਕੇਸਰ
ਸਿੰਘ (ਕਨੇਡਾ) ਉਰਫ਼ ਗਿਆਨੀ ਕੇਸਰ ਸਿੰਘ ਨੇ ਇਕ ਦਹਾਕਾ ਪਹਿਲਾਂ ਚੁੱਕਿਆ ਸੀ। ਸੁਦੇਸ਼
ਸੇਵਕ, ਸਨਸਾਰ, ਗ਼ਦਰ, ਹਿੰਦੋਸਤਾਨ ਗ਼ਦਰ, ਹਿੰਦੋਸਤਾਨ, ਇੰਡੀਆ ਐਂਡ ਕੈਨੇਡਾ, ਸੋਸ਼ਲ
ਸੁਧਾਰ, ਬੱਬਰ ਗੂੰਜ, ਗ਼ਦਰ ਦੀ ਗੂੰਜ, ਆਦਿ ਵਿੱਚੋਂ ਇਹ ਕਵਿਤਾਵਾਂ ਉਸ ਨੇ ਆਪਣੇ ਪੱਲਿਓਂ
ਹਜ਼ਾਰਾਂ ਡਾਲਰ ਖਰਚ ਕਰਕੇ ਫੋਟੋ ਕਾਪੀ ਕਰਵਾਈਆਂ ਤੇ ਜਦੋਂ ਇਨ੍ਹਾਂ ਨੂੰ ਪ੍ਰਕਾਸ਼ਤ ਕਰਨ ਦਾ
ਕਿਸੇ ਪ੍ਰਕਾਸ਼ਕ ਨੇ ਹੌਂਸਲਾ ਨਾ ਕੀਤਾ ਤਾਂ ਉਹ ਕਦੇ ਭਵਿੱਖ ਵਿੱਚ ਪ੍ਰਕਾਸ਼ਤ ਕਰਨ ਦੇ
ਵਿਚਾਰ ਨਾਲ ਇਹ ਸਾਰੀ ਸਮੱਗਰੀ ਮੈਨੂੰ ਸੰਭਾਲ ਗਿਆ। ਫੇਰ ਉਸ ਨੇ ਇਸ ਨੂੰ ਛਾਪਣ ਲਈ ਆਪ ਹੀ
ਪੰਜਾਬੀ ਯੂਨੀਵਰਸਿਟੀ ਨਾਲ ਗੱਲ ਕੀਤੀ ਤੇ ਯੂਨੀਵਰਸਿਟੀ ਵੱਲੋਂ ਇਸ ਨੂੰ ਸੰਪਾਦਿਤ ਕਰਕੇ
ਛਪਣ-ਯੋਗ ਬਣਾਉਣ ਦੀ ਜਿ਼ੰਮੇਵਾਰੀ ਮੈਨੂੰ ਸੌਂਪੀ ਗਈ। ਅੱਡ-ਅੱਡ ਥਾਂਵਾਂ ਤੋਂ
ਮਾਈਕਰੋ-ਜ਼ੀਰਾਕਸ ਕਰਵਾਈਆਂ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨ ਵਿੱਚ ਮੁਸ਼ਕਿਲ ਆਉਂਦੀ ਸੀ।
ਮੈਂ ਇਨ੍ਹਾਂ ਨੂੰ ਟਾਇਪ ਕਰਵਾ ਕੇ ਤੇ ਕਾਲ-ਕ੍ਰਮ ਵਿੱਚ ਤਰਤੀਬਵਾਰ ਕਰਕੇ, ਮੂਲ ਖਰੜੇ ਨਾਲ
ਮਿਲਾ ਕੇ ਸੋਧਿਆ ਹੈ। ਜਿਹੜੀਆਂ ਕਵਿਤਾਵਾਂ ਕਿਸੇ ਕਾਰਨ ਦੂਹਰੀ ਵਾਰ ਦਰਜ ਹੋ ਗਈਆਂ ਸਨ,
ਉਨ੍ਹਾਂ ਨੂੰ ਛਾਂਟਿਆ ਤੇ ਹਰ ਕਵਿਤਾ ਦੇ ਹੇਠਾਂ ਕਵੀ ਦਾ ਨਾ (ਜਾਂ ਫਰਜ਼ੀ ਨਾਂ) ਤੇ ਅਖਬਾਰ
ਵਿੱਚ ਛਪਣ ਦੀ ਮਿਤੀ ਦਿੱਤੀ ਹੈ। ਕਵਿਤਾਵਾਂ ਵਿੱਚ ਆਏ ਕੁਝ ਔਖੇ ਸ਼ਬਦਾਂ ਦੇ ਅਰਥ ਵੀ
ਪੈਰ-ਟਿੱਪਣੀਆਂ ਵਿੱਚ ਦਿੱਤੇ ਗਏ ਹਨ। ਵਿਸਥਾਰ-ਮਈ ਭੂਮਿਕਾ ਲਿਖ ਕੇ ਇਸ ਕਵਿਤਾ ਦੇ ਇਤਿਹਾਸਕ
ਪਰਿਪੇਖ, ਰਾਜਨੀਤਕ ਸੰਦਰਭ, ਸਭਿਆਚਾਰਕ ਸਰੋਕਾਰ ਤੇ ਸਾਹਿਤਕ ਮੁੱਲ ਦਾ ਨਿਰਣਾ ਕਰਨ ਦਾ ਯਤਨ
ਵੀ ਕੀਤਾ ਗਿਆ ਹੈ। ਅੰਤਕਾ ਵਿੱਚ ਕੁਝ ਕਵੀਆਂ ਦੀ ਸੰਖੇਪ ਜਾਣ-ਪਛਾਣ, ਪ੍ਰਮੱਖ
ਸਾਹਿਤਕ/ਪੱਤਰਕਾਰਕ ਕਾਮਿਆਂ ਦੀਆਂ ਤਸਵੀਰਾਂ, ਪੱਤਰਾਂ ਦੇ ਸਰਵਰਕਾਂ ਦੀਆਂ ਫੋਟੋਆਂ, ਕੁਝ
ਹੱਥ ਲਿਖਤਾਂ ਦੀਆਂ ਫੋਟੋਆਂ, ਕਵਿਤਾਵਾਂ ਦਾ ਤਤਕਰਾ ਤੇ ਅਨੁਕ੍ਰਮਣੀ ਦਿੱਤੇ ਗਏ ਹਨ। ਬਤੌਰ
ਸੰਪਾਦਕ ਮੇਰੇ ਵੱਲੋਂ ਕੀਤਾ ਇਹ ਸਾਰਾ ਕੰਮ ਪਾਠਕ ਦੀ ਸੁਵਿਧਾ ਲਈ ਤੇ ਇਸ ਕਵਿਤਾ ਦੇ
ਨੈਣ-ਨਕਸ਼ਾਂ ਨੂੰ ਲਿਸ਼ਕਾਉਣ ਲਈ ਕੀਤੀ ਬਾਹਰਲੀ ਪੋਚਾ-ਪਾਚੀ ਹੈ, ਅਸਲ ਤੇ ਬੁਨਿਆਦੀ ਕੰਮ ਇਸ
ਸੰਗ੍ਰਹਿਕਾਰ, ਗਿਆਨੀ ਕੇਸਰ ਸਿੰਘ ਦਾ ਹੈ। (ਮੈਂ ਆਪਣੇ ਵੱਲੋਂ ਇਸ ਵਿੱਚ ਕੋਈ ਕਵਿਤਾ ਸ਼ਾਮਲ
ਨਹੀਂ ਕੀਤੀ। ਬੇਸ਼ੱਕ ਮੈਨੂੰ ਪਤਾ ਹੈ ਕਿ ਪੰਜਾਬ ਦੀ ਕਿਰਤੀ-ਕਿਸਾਨ ਲਹਿਰ ਦੀ ਪੱਤਰਕਾਰੀ ਦੇ
ਪਿੱਛੇ ਵੀ ਗ਼ਦਰੀਆਂ ਦੀ ਰਾਜਨੀਤੀ ਤੇ ਮਾਇਕ ਸਹਾਇਤਾ ਦਾ ਹੱਥ ਸੀ ਤੇ ਕਿਰਤੀ ਲਹਿਰ ਦੀ
ਕਵਿਤਾ ਵੀ ਗ਼ਦਰ ਲਹਿਰ ਦੀ ਕਵਿਤਾ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਆਜ਼ਾਦੀ ਦੇ ਸੰਗਰਾਮ
ਨਾਲ ਸੰਬੰਧਤ ਦੇਸੀ-ਪਰਦੇਸੀ ਪੰਜਾਬੀ ਪੱਤਰਕਾਰੀ ਤੇ ਬਹੁਤ ਸਾਰੀ ਪੰਜਾਬੀ ਕਵਿਤਾ ਅਜੇ ਵੀ
ਕੇਸਰ ਸਿੰਘ ਵਰਗੇ ਸਿਰੜੀ ਖੋਜੀਆਂ ਦੀ ਉਡੀਕ ਵਿੱਚ ਹੈ।)
ਕੇਸਰ ਸਿੰਘ ਇਕ ਵਿਅਕਤੀ ਨਹੀਂ, ਇਕ ਸੰਸਥਾ ਦਾ ਨਾਂ ਹੈ। ਪਿੰਡ ਮੁਗਲ ਖਾਲਸਾ, ਜਿ਼ਲ੍ਹਾ
ਰਾਵਲਪਿੰਡੀ, ਵਿੱਚ ਅੰਦਾਜ਼ਨ ਇਕ ਜਨਵਰੀ 1912 ਨੂੰ ਜੰਮਿਆ, ਯਤੀਮੀ ਦੀ ਹਾਲਤ ਵਿੱਚ ਭੂਆ ਤੇ
ਭੈਣ ਕੋਲ ਰਹਿੰਦਿਆਂ ਨੌਵੀਂ ਜਮਾਤ ਤੱਕ ਵਿਦਿਆ ਹਾਸਲ ਕਰਕੇ, ਘਰੋਂ ਭੱਜ ਕੇ ਅੰਮ੍ਰਿਤਸਰ ਦੇ
ਯਤੀਮਖਾਨੇ ਵਿੱਚ ਪਲਿਆ ਕੇਸਰ ਸਿੰਘ ਆਪਣੇ ਜੀਵਨ-ਨਿਰਬਾਹ ਲਈ ਕਈ ਪਾਪੜ ਵੇਲ ਕੇ 1938 ਵਿੱਚ
ਪੀਨਾਂਗ ਦੇ ਗੁਰਦਵਾਰੇ ਦਾ ਸਕੱਤਰ ਬਣਿਆ ਤੇ ਗ਼ਦਰ ਪਾਰਟੀ ਲਹਿਰ ਦੇ ਦੂਜੇ ਪੜਾਅ ਦੇ
ਗ਼ਦਰੀਆਂ ਦੇ ਸੰਪਰਕ ਵਿੱਚ ਆਇਆ। ਪਿੱਛੋਂ ਜਾ ਕੇ ਜਦੋਂ ‘ਆਜ਼ਾਦ ਹਿੰਦ ਫੌਜ’ ਵਿੱਚ ਸਰਗਰਮ
ਹੋਇਆ ਤਾਂ ਆਜ਼ਾਦ ਹਿੰਦ ਫੌਜ ਦੀ ਸਿਵਲ ਸਰਕਾਰ ਕਾਇਮ ਕਰਨ ਦੀ ਤਜਵੀਜ਼ ਅਧੀਨ ਸੁਭਾਸ਼ ਚੰਦਰ
ਬੋਸ ਵੱਲੋਂ ਉਸ ਨੂੰ ਸਿਵਲ ਐਡਮਿਨਸਟਰੇਟਰ ਥਾਪਿਆ ਗਿਆ। ਪਰ ਜਾਪਾਨ ਦੀ ਹਾਰ ਤੇ ਆਜ਼ਾਦ ਹਿੰਦ
ਫੌਜ ਦੇ ਫੇਲ੍ਹ ਹੋਣ ਮਗਰੋਂ ਉਹ ਦੇਸ਼ ਆ ਕੇ ਕੁਝ ਸਾਲਾਂ ਲਈ ਸਿ਼ਰੋਮਣੀ ਅਕਾਲੀ ਦਲ ਦੀ
ਸਕੱਤਰੀ ਤੇ ਸਕੂਲ ਅਧਿਆਪਕੀ ਕਰਦਾ ਰਿਹਾ। ਪ੍ਰਾਈਵੇਟ ਤੌਰ ਤੇ ਐਮ. ਏ. ਬੀ. ਟੀ. ਤੱਕ ਤਾਲੀਮ
ਹਾਸਲ ਕਰਕੇ, 1957 ਵਿੱਚ ਇੰਗਲੈਂਡ ਤੇ 1963 ਵਿੱਚ ਕੈਨੇਡਾ ਚਲਾ ਗਿਆ। 1978 ਵਿੱਚ ਉਹ
ਡਾਇਰੈਕਟਰ ਆਫ ਗਾਈਡੈਂਸ ਐਂਡ ਕਾਉਂਸਲਿੰਗ ਦੇ ਅਹੁਦੇ ਤੋਂ ਰੀਟਾਇਰ ਹੋਇਆ ਤੇ ਕੈਨੇਡਾ ਵਿੱਚ
ਪੱਕੇ ਤੌਰ ‘ਤੇ ਰਹਿ ਕੇ ਗਲਪ ਸਿਰਜਣਾ ਤੇ ਗ਼ਦਰ-ਇਤਿਹਾਸ ਦੀ ਖੋਜ ਵਿੱਚ ਪੂਰੀ ਤਨਦੇਹੀ ਨਾਲ
ਜੁੱਟ ਗਿਆ। ਹੁਣ ਤੱਕ ਉਹ ਮਦਨ ਲਾਲ ਢੀਂਗਰਾ ਦੀ ਸ਼ਹੀਦੀ (1909-10) ਤੋਂ ਲੈ ਕੇ ਆਜ਼ਾਦ
ਹਿੰਦ ਫੌਜ ਦੇ ਫੇਲ੍ਹ ਹੋਣ ‘ਤੇ ਭਾਰਤ ਦੇ ਆਜ਼ਾਦ ਹੋਣ ਤੱਕ, ਭਾਰਤ ਤੋਂ ਬਾਹਰ ਲੜੀ ਗਈ
ਆਜ਼ਾਦੀ ਦੀ ਲੜਾਈ ਨੂੰ ਦਰਜਨ ਤੋਂ ਉੱਪਰ ਪੁਸਤਕਾਂ ਵਿੱਚ ਕਲਮ-ਬੱਧ ਕਰ ਚੁੱਕਾ ਹੈ, ਜਿਨ੍ਹਾਂ
ਵਿੱਚ ਵਧੇਰੇ ਗਿਣਤੀ ਨਾਵਲਾਂ ਦੀ ਹੈ। (ਕੇਸਰ ਸਿੰਘ ਬਾਰੇ ਹੋਰ ਵਿਸਥਾਰ ਵਿੱਚ ਜਾਣਨ ਲਈ ਡਾ:
ਜਸਬੀਰ ‘ਕੇਸਰ’ ਦੀ ਪੁਸਤਕ ਨਾਵਲਕਾਰ ਕੇਸਰ ਸਿੰਘ ਦਾ ਜੁਝਾਰ ਮਾਨਵਵਾਦ)।
ਸਕੱਤਰੀ, ਅਧਿਆਪਕੀ ਤੇ ਕਾਉਂਸਲਿੰਗ ਦੇ ਨਾਲ ਨਾਲ ਕੇਸਰ ਸਿੰਘ ਨੇ ਗ਼ਦਰ ਪਾਰਟੀ ਲਹਿਰ ਦੇ
ਇਤਿਹਾਸ ਤੇ ਸਾਹਿਤ ਦੀ ਖੋਜ ਨਿਰੰਤਰ ਜਾਰੀ ਰੱਖੀ। ਉਹ ਇਸ ਲੋਕ-ਲਹਿਰ ਨਾਲ ਵਚਨਬੱਧ ਲੇਖਕ
ਹੈ। ਗ਼ਦਰ ਲਹਿਰ ਦੀ ਕਵਿਤਾ ਦਾ ਸੰਗ੍ਰਹਿ ਇਸੇ ਵਚਨਬੱਧਤਾ ਦਾ ਇਕ ਹੋਰ ਨਿੱਗਰ ਸਬੂਤ ਹੈ। ਇਸ
ਸਮੱਗਰੀ ਨੂੰ ਇਕੱਤਰ ਕਰਨ ਤੋਂ ਬਾਅਦ, ਕੇਸਰ ਸਿੰਘ ਨੇ ਮੈਨੂੰ ਇਕ ਨਿੱਜੀ ਚਿੱਠੀ
(10-11-1987) ਵਿੱਚ ਲਿਖਿਆ ਸੀ:
ਇਹ ਮਸਾਲਾ ਇਕੱਠਾ ਕਰਦਿਆਂ 20 ਸਾਲ ਲੱਗ ਗਏ ਹਨ। ਖਰਚੇ ਦਾ ਤਾਂ ਕੋਈ ਹਿਸਾਬ ਹੀ ਨਹੀਂ। ਇਕ
ਲੱਤ ਨਿਊਯਾਰਕ ਤੇ ਦੂਜੀ ਸਾਨਫਰਾਂਸਿਸਕੋ। ਘਰ ਘਰ ਫਿਰ ਕੇ ਕਾਗਜ਼ ਇਕੱਠੇ ਕਰਦਾ ਰਿਹਾ ਹਾਂ।
ਗਿਆਨੀ ਕੇਸਰ ਸਿੰਘ ਨੇ ਸ਼ਾਇਦ ਇਸ ਨੂੰ ਇਕ ਇਤਿਹਾਸਕ ਦਸਤਾਵੇਜ਼ ਸਮਝ ਕੇ ਇਕੱਤਰ ਕੀਤਾ ਹੈ,
ਪਰ ਮੈਨੂੰ ਇਸ ਕਵਿਤਾ ਦਾ ਮਹੱਤਵ ਦਸਤਾਵੇਜ਼ ਤੇ ਰੁਮਾਂਟਿਕ ਮਨੋਰੰਜਨ ਤੋਂ ਵੱਡਾ ਜਾਪਦਾ ਹੈ।
ਜਿੱਥੇ ਇਸ ਕਵਿਤਾ ਦਾ ਸੰਬੰਧ ਪੰਜਾਬੀਆਂ ਦੇ ਪਰਵਾਸੀ ਅਨੁਭਵਾਂ ਤੇ ਸੁਤੰਤਰਤਾ ਸੰਗਰਾਮ ਨਾਲ
ਹੈ, ਉੱਥੇ ਇਹ ਭਾਰਤ ਦੇ ਭਵਿੱਖ ਦੀ ਚਿੰਤਾ ਤੇ ਚੇਤਨਾ ਨੂੰ ਵੀ ਸਮਰਪਿਤ ਹੈ। ਵਿਸ਼ਵੀਕਰਨ ਦੇ
ਨਾਂ ਹੇਠ ਅੱਜ ਦੀ ਸਰਕਾਰ ਦੀ ਬਹੁਕੌਮੀ ਕੰਪਨੀਆਂ ਨੂੰ ਬਦੇਸ਼ੀ ਮੁਦਰਾ ਦੇ ਨਿਵੇਸ਼ ਦੀ
ਖੁਲ੍ਹ ਦੇਣ ਦੀ ਨੀਤੀ, ਅੰਤਰ-ਰਾਸ਼ਟਰੀ ਮੁਦਰਾ ਕੋਸ਼ ਤੇ ਜਗਤ ਬੈਂਕ ਤੋਂ ਕਰਜ਼ੇ ਲੈਣ ਦੀ
ਪ੍ਰਸੰਨਤਾ ਅਤੇ ਮਹਾਂਭੋਗੀ ਸੰਸਕ੍ਰਿਤੀ ਦੇ ਹਮਲਿਆਂ ਨੇ ਭਾਰਤ ਦਾ ਪੁਨਰ-ਨਿਵੇਸ਼ੀਕਰਨ ਕਰਕੇ
ਇਸ ਨੂੰ ਇਕ ਨਵੇਂ ਉਪਨਿਵੇਸ਼ ਵਿੱਚ ਬਦਲ ਦਿੱਤਾ ਹੈ। “ਜਾਪਦਾ ਹੈ ਕਿ ਇਸੇ ਸਦੀ ਦੇ ਅਖੀਰ
ਵਿੱਚ ਇਤਿਹਾਸ ਇਕ ਵਾਰ ਫੇਰ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਪੰਜਾਬ ਇਕ ਵਾਰ ਫਿਰ ਆਰਥਿਕ
ਸੰਕਟ ਵਿੱਚ ਹੈ। ਰੋਟੀ ਰੋਜ਼ੀ ਦੀ ਭਾਲ ਵਿੱਚ ਪੰਜਾਬ ਦੇ ਨੌਜਵਾਨ ਹਰ ਜਾਇਜ਼-ਨਜਾਇਜ਼ ਢੰਗ
ਨਾਲ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਜਾਣ ਲਈ ਮਜ਼ਬੂਰ ਹਨ।”
(ਸੰਪਾਦਕੀ, ਅਜੀਤ, 26-9-1993)। ਜੇ ਇਸ ਰੁਝਾਨ ਨੂੰ ਮੋੜਾ ਨਾ ਪਿਆ ਤਾਂ ਮੇਰਾ ਵਿਸ਼ਵਾਸ
ਹੈ ਕਿ ਗ਼ਦਰ ਪਾਰਟੀ ਦੀ ਪਹਿਲੀ ਜਨਮ-ਸ਼ਤਾਬਦੀ (2013) ਇਕ ਨਵੀਂ ਗ਼ਦਰ ਪਾਰਟੀ ਦੀ ਸਥਾਪਨਾ
ਨਾਲ ਮਨਾਈ ਜਾਵੇਗੀ। ਉਸ ਸਮੇਂ ਇਸ ਕਵਿਤਾ ਦੀ ਰਾਜਸੀ-ਸਭਿਆਚਾਰਕ ਕੀਮਤ ਦੀ ਅਸਲੀਅਤ ਹੋਰ ਵੀ
ਚੰਗੀ ਤਰ੍ਹਾਂ ਉੱਘੜ ਕੇ ਸਾਹਮਣੇ ਆ ਜਾਵੇਗੀ।
ਆਜ਼ਾਦੀ ਤੋਂ ਬਾਅਦ ਵੀ ਭਾਰਤ ਤੇ ਪੰਜਾਬ ਦੇ ਕਿਸਾਨ-ਮਜ਼ਦੂਰ ਦੇ ਜੀਵਨ ਵਿੱਚ ਉਹ ਖੁਸ਼ਹਾਲੀ
ਨਹੀਂ ਆਈ ਜਿਸ ਦੀ ਕਲਪਨਾ ਇਸ ਕਵਿਤਾ ਵਿੱਚ ਕੀਤੀ ਗਈ ਸੀ। ਜਾਤ-ਪਾਤ ਦੇ ਭੇਦ, ਸੰਪਰਦਾਇਕ
ਝਗੜੇ, ਊਚਨੀਚ, ਭ੍ਰਿਸ਼ਟਾਚਾਰ ਤੇ ਸਰਕਾਰੀ ਦਮਨ ਵਿੱਚ ਦਿਨੋ ਦਿਨ ਵਾਧਾ ਹੀ ਹੋਇਆ ਹੈ।
ਸ਼ਾਇਦ ਇਸੇ ਲਈ ਸਰਕਾਰਾਂ ਇਨਕਲਾਬੀ ਲਹਿਰਾਂ ਦੇ ਕਾਰਨਾਮਿਆਂ ਤੇ ਵਿਚਾਰਾਂ ਨੂੰ ਲੋਕਾ ਵਿੱਚ
ਪ੍ਰਚਾਰਨ ਤੋਂ ਹਾਲੇ ਵੀ ਡਰਦੀਆਂ ਹਨ, ਪਰ ਲੋਕ-ਤੰਤਰ ਦੇ ਜੁੱਗ ਵਿੱਚ ਇਨ੍ਹਾਂ ਨੂੰ ਦੇਰ ਤੱਕ
ਦਬਾਅ ਕੇ ਵੀ ਰੱਖਿਆ ਨਹੀਂ ਜਾ ਸਕਦਾ।
ਅਗਿਆਤ, ਫਰਜ਼ੀ ਨਾਵਾਂ ਤੇ ਉਪਨਾਵਾਂ ਹੇਠ ਛਪੀਆਂ ਇਹ ਕਵਿਤਾਵਾਂ ਉਨ੍ਹਾਂ ਇਨਕਲਾਬੀਆਂ ਦੀਆਂ
ਰਚਨਾਵਾਂ ਹਨ ਜਿਹੜੇ ਜੰਗੇ-ਆਜ਼ਾਦੀ ਵਿੱਚ ਖੁਦ ਸ਼ਾਮਲ ਸਨ, ਦੂਰ ਖੜ੍ਹੇ ਦਰਸ਼ਕ ਨਹੀਂ ਸਨ।
ਇਨ੍ਹਾਂ ਵਿੱਚੋਂ ਬਹੁਗਿਣਤੀ ਉਨ੍ਹਾਂ ਗਰੀਬ, ਨਾਮਕਟੇ ਫੌਜੀ ਕਿਸਾਨਾਂ ਦੀ ਸੀ ਜੋ ਆਪਣੇ
ਟੱਬਰਾਂ ਦੀ ਨਿਰਧਨਤਾ ਨੂੰ ਦੂਰ ਕਰਨ ਲਈ ਦੂਰ ਪੂਰਬ, ਅਮਰੀਕਾ, ਤੇ ਕੈਨੇਡਾ ਨੂੰ ਤੁਰ ਗਏ
ਸਨ। ਜਿਹੜੇ ਦੇਸ਼ ਵਿੱਚ ਕਿਸਾਨ ਸਨ ਉਹ ਪਰਦੇਸ ਵਿੱਚ ਜਾ ਕੇ ਮਜ਼ਦੂਰ ਬਣੇ। ਇਸ ਲਈ ਦੋਹਾਂ
ਵਰਗਾਂ ਦਾ ਸਾਂਝਾ ਅਨੁਭਵ ਇਨ੍ਹਾਂ ਕਵਿਤਾਵਾਂ ਦੀ ਮੂਲ ਵੱਥ ਹੈ। ਇਨ੍ਹਾਂ ਵਿੱਚ
ਕਿਸਾਨ-ਮਜ਼ਦੂਰ-ਗ਼ਦਰੀ ਦੇ ਪਰਦੇਸੀ ਜੀਵਨ ਦੇ ਪਰਿਵੇਸ਼ ਦਾ ਪਰਤੌ ਵੀ ਹੈ ਅਤੇ ਗ਼ਦਰੀ
‘ਬਾਬਿਆਂ’ ਦੀ ਸੂਰਬੀਰਤਾ ਦਾ ਜੱਸ ਵੀ। ਇਹ ਇਕ ਲੋਕਮਹਾਂਕਾਵਿ ਹੈ ਕਿਉਂਕਿ ਇਹ ਵਿਅਕਤੀਆਂ ਦੀ
ਰਚਨਾ ਹੁੰਦਿਆਂ ਹੋਇਆਂ ਵੀ ਸਮੂਹ ਦੀ ਅਭਿਵਿਅਕਤੀ ਹੈ। ਇਕ ਤਰ੍ਹਾਂ ਇਹ ਇਕੋ ਹੀ ਲੰਮੀ ਕਵਿਤਾ
ਹੈ। ਲਹਿਰ ਦੀ ਸਾਂਝ ਕਾਰਨ ਇਕੋ ਜੋਤ ਤੇ ਇਕੋ ਜੋਸ਼ ਸਾਰੀ ਕਵਿਤਾਂ ਵਿੱਚ ਠਾਠਾਂ ਮਾਰਦਾ ਹੈ।
ਮੈਨੂੰ ਉਮੀਦ ਹੈ ਕਿ ਲੋਕ ਰਾਜਨੀਤੀ ਨਾਲ ਜੁੜੇ ਪਾਠਕ ਇਸ ਪੁਸਤਕ ਨੂੰ ਗ਼ਦਰ ਲਹਿਰ ਦੇ
ਮਹਾਂਕਾਵਿ ਦੇ ਰੂਪ ਵਿੱਚ ਜੀ ਆਇਆਂ ਨੂੰ ਕਹਿਣਗੇ ਤੇ ਲੋਕ-ਕਾਵਿ ਵਾਂਗ ਹੀ ਇਸ ਦਾ ਆਨੰਦ
ਮਾਣਨਗੇ।
***
ਇਸ ਸੰਗ੍ਰਹਿ ਵਿੱਚ ਸਮੁੱਚੀ ਗ਼ਦਰ ਲਹਿਰ ਦੀ ਕਵਿਤਾ ਸ਼ਾਮਲ ਨਹੀਂ, ਕੇਵਲ ਉਹ ਕਵਿਤਾ ਹੀ
ਸ਼ਾਮਲ ਹੈ ਜੋ ਕੈਨੇਡਾ ਤੇ ਅਮਰੀਕਾ ਸਥਿਤ ਗ਼ਦਰ ਪਾਰਟੀ ਦੀ ਸਥਾਪਨਾ ਲਈ ਪ੍ਰੇਰਨਾ ਬਣੀ,
ਪਾਰਟੀ ਦੀ ਸਥਾਪਨਾ ਤੋਂ ਬਾਅਦ ਉਸ ਦੇ ਪਰਚਾਰ ਦਾ ਮਾਧਿਅਮ ਰਹੀ ਤੇ ਗ਼ਦਰ ਦੀ ਅਸਫਲਤਾ ਤੋਂ
ਬਾਅਦ ਵੀ ਇਸ ਦੇ ਪ੍ਰਭਾਵ ਅਧੀਨ ਲਿਖੀ ਜਾਂਦੀ ਰਹੀ। ਚੰਦ ਕਵਿਤਾਵਾਂ ਨੂੰ ਛੱਡ ਕੇ, ਇਹ
ਕੈਨੇਡਾ-ਅਮਰੀਕਾ ਵਿੱਚ ਸਥਿੱਤ ਤੇ ਸਰਗਰਮ ਪੰਜਾਬੀਆਂ ਦੀ ਰਚਨਾ ਹੈ, ਜੋ ਗਿਆਨੀ ਕੇਸਰ ਸਿੰਘ
ਨੇ ਕੈਨੇਡਾ-ਅਮਰੀਕਾ ਵਿੱਚ ਪ੍ਰਕਾਸ਼ਤ ਹੋਏ ਪੰਜਾਬੀ ਪੱਤਰਾਂ, ਪੈਂਫਲਿਟਾਂ ਤੇ ਹੋਰ ਸੋਮਿਆਂ
ਤੋਂ ਇਕੱਤਰ ਕੀਤੀ ਹੈ। ਕੇਸਰ ਸਿੰਘ ਦੇ ਇਸ ਉੱਦਮ ਨੂੰ ਆਜ਼ਾਦੀ ਤੋਂ ਪਹਿਲਾਂ ਦੀ ਪਰਵਾਸੀ
ਪੰਜਾਬੀ ਪੱਤਰਕਾਰੀ ਦੇ ਜਨਮ ਤੇ ਵਿਕਾਸ ਨੂੰ ਵੀ ਸਾਡੇ ਸਾਹਮਣੇ ਲਿਆਂਦਾ ਹੈ, ਜਿਸ ਦਾ ਸੰਖੇਪ
ਵੇਰਵਾ ਦੇਣਾ ਕੁਥਾਂ ਨਹੀਂ ਹੋਵੇਗਾ।
(1) ਸੁਦੇਸ਼ ਸੇਵਕ: ਬਕੌਲ ਨਾਵਲਕਾਰ ਕੇਸਰ ਸਿੰਘ, ਕੈਨੇਡਾ ਦੀ ਧਰਤੀ ਉੱਤੇ ਪੰਜਾਬੀ
ਬੋਲੀ ਤੇ ਗੁਰਮੁਖੀ ਲਿੱਪੀ ਵਿੱਚ ਇਹ ਪਹਿਲਾ ਮਾਸਕ ਪੱਤਰ ਸੀ ਜੋ 1909 ਦੇ ਅਖੀਰ ਜਾਂ 1910
ਦੇ ਸ਼ੁਰੂ ਵਿੱਚ, ਅਮਰ ਸ਼ਹੀਦ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ (ਉਹ ਪਿੰਡ ਸਾਹਰੀ, ਜਿ਼ਲਾ
ਹੁਸਿ਼ਆਰਪੁਰ ਦੇ ਜੰਪਪਲ ਸਨ) ਨੇ ਜਾਰੀ ਕੀਤਾ। ਭਾਈ ਸੰਤੋਖ ਸਿੰਘ (ਸੰਪਾਦਕ ਕਿਰਤੀ) ਵਰਗੀ
ਸ਼ਖਸੀਅਤ ਦੇ ਸੁਆਮੀ, ਤਾਰਕਨਾਥ ਦਾਸ ਤੇ ਪੰਡਿਤ ਗੁਰੂਦੱਤ ਕੁਮਾਰ ਦੇ ਸਹਿਕਰਮੀ ਤੇ
ਅੰਗਰੇਜ਼ੀ ਪੜ੍ਹੇ ਲਿਖੇ (ਸ਼ਾਇਦ ਐਮ ਏ) ਬਾਬੂ ਜੀ ਇਸ ਪਰਚੇ ਦੇ ਸਰਪਰਸਤ ਵੀ ਸਨ ਤੇ ਸੰਪਾਦਕ
ਵੀ। ਪਰਚੇ ਨੂੰ ਚਲਾਉਣ ਵਿੱਚ ਉਨ੍ਹਾਂ ਨੂੰ ਪੰਡਿਤ ਗੁਰੂਦੱਤ (ਜੀ. ਡੀ.) ਕੁਮਾਰ ਦਾ
ਵਿਸ਼ੇਸ਼ ਸਹਿਯੋਗ ਪ੍ਰਾਪਤ ਰਿਹਾ। ਇਹ ਪਰਚਾ 1632-ਸੈਕੰਡ ਐਵੇਨਿਊ, ਵੈਸਟ ਫੇਅਰਵੀਊ,
ਵੈਨਕੂਵਰ ਤੋਂ ਹੱਥ ਲਿਖਤ ਰੂਪ ਵਿੱਚ ਸਾਈਕਲੋ ਹੁੰਦਾ ਸੀ। ਇਸ ਦੇ ਅੱਠ ਸਫੇ, ਕੀਮਤ ਦਸ ਸੈਂਟ
ਤੇ ਸਾਲ ਦਾ ਚੰਦਾ ਇਕ ਡਾਲਰ ਸੀ। ਇਸ ਦੇ ਪਹਿਲੇ ਸਫੇ (ਜਾਂ ਟਾਇਟਲ ਪੰਨੇ) ਉੱਤੇ ਇਕ
ਉਰਦੂ-ਨੁਮਾ ਸ਼ੇਅਰ ਗੁਰਮੁਖੀ ਲਿੱਪੀ ਵਿੱਚ ਅੰਕਿਤ ਹੁੰਦਾ ਸੀ:
ਮਰਨ ਭਲਾ ਉਸਕਾ ਜੋ ਅਪਨੇ ਲੀਏ ਜੀਏ
ਜੀਤਾ ਹੈ ਵੋਹ ਜੋ ਮਰ ਚੁਕਾ ਹੈ ਇਨਸਾਨ ਕੇ ਲੀਏ।
ਪਹਿਲੇ ਸਫੇ ‘ਤੇ ਇਸ ਤੋਂ ਬਾਅਦ ਲਿਖਿਆ ਹੁੰਦਾ ਸੀ: “ਇਸ ਦੇਸ ਸੇਵਕ ਪਰਚੇ ਕੀ ਮਾਰਫਤ ਅਸੀਂ
ਆਪਣੇ ਦੇਸ ਭਾਈਓਂ ਕੀ ਸੇਵਾ ਕਰਨੀ ਚਾਹਤੇ ਹੈਂ।” ਉਸ ਤੋਂ ਹੇਠਾਂ: ੧ਓ ਸਤਿਗੁਰ ਸਹਾਇ। ਫੇਰ
ਮੋਟੇ ਅੱਖਰਾਂ ਵਿੱਚ ਪਰਚੇ ਦਾ ਨਾਂ: ਸੁਦੇਸ਼ ਸੇਵਕ, ਤੇ ਹੇਠਾਂ ਅੰਕ ਦਾ ਨੰਬਰ ਤੇ ਤਾਰੀਖ।
ਮੁੱਖ ਪੰਨੇ ਦੇ ਇਸ ਨਿੱਕੇ ਜਿਹੇ ਵੇਰਵੇ ਤੋਂ ਹੀ ਪਰਚੇ ਦੀ ਮਿਸ਼ਰਤ ਭਾਸ਼ਾ, ਧਾਰਮਿਕ ਜਿਹੀ
ਦਿੱਖ ਤੇ ਦੇਸ਼ ਸੇਵਾ ਦੇ ਉਦੇਸ਼ ਦਾ ਪਤਾ ਲੱਗ ਜਾਂਦਾ ਹੈ।
ਬਾਬੂ ਹਰਨਾਮ ਸਿੰਘ ਸੁਦੇਸ਼ ਸੇਵਕ ਦੀ ਐਡੀਟਰੀ ਵੀ ਕਰਦੇ ਸਨ ਤੇ ਰਾਤ ਸਮੇਂ ਪੰਜਾਬੀਆਂ ਨੂੰ
ਅੰਗਰੇਜ਼ੀ ਵੀ ਪੜ੍ਹਾਉਂਦੇ ਸਨ। ਨਾਲ ਹੀ ਉਹ ਪ੍ਰੋ: ਤੇਜਾ ਸਿੰਘ (ਸੰਤ ਮਸਤੂਆਣਾ) ਦੀ ਸਥਾਪਤ
ਕੀਤੀ ‘ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਲਿਮਟਿਡ’ ਦੇ ਮੈਨੇਜਰ ਸਨ ਤੇ ਇਸ ਕੰਪਨੀ
ਦੇ ਡਾਇਰੈਕਟਰਾਂ ਵਿੱਚੋਂ ਇਕ ਡਾਇਰੈਕਟਰ ਵੀ ਸਨ। (ਇਸ ਕੰਪਨੀ ਦੇ ਪ੍ਰਧਾਨ ਭਾਈ ਭਾਗ ਸਿੰਘ
ਭਿਖੀਵਿੰਡ (ਅੰਮ੍ਰਿਤਸਰ) ਤੇ ਸਕੱਤਰ ਭਾਈ ਨਿਰੰਜਨ ਸਿੰਘ ਸਨ)। ਲੋੜ ਪੈਣ ‘ਤੇ, ਬਾਬੂ ਹਰਨਾਮ
ਸਿੰਘ ਆਪਣੇ ਲੋਕਾਂ ਦੀ ਦੁਭਾਸ਼ੀਏ ਵਜੋਂ ਮੁਫਤ ਸੇਵਾ ਵੀ ਕਰਦੇ ਸਨ। ਉਸ ਸਮੇਂ ਦਾ
ਇੰਮੀਗ੍ਰੇਸ਼ਨ ਅਫਸਰ, ਵਿਲੀਅਮ ਹਾਪਕਿਨਸਨ, ਵੀ ਦੁਭਾਸ਼ੀਏ ਦਾ ਕੰਮ ਕਰਦਾ ਸੀ ਕਿਉਂਕਿ ਉਹ
ਪੰਜਾਬੀ ਤੇ ਹਿੰਦੋਸਤਾਨੀ ਦੋਵੇਂ ਬੋਲ ਲੈਂਦਾ ਸੀ। (ਗਿਆਨੀ ਕੇਸਰ ਸਿੰਘ ਅਨੁਸਾਰ ਉਹ ਪੰਜਾਬ
ਦਾ ਜੰਮਪਲ ਸੀ ਤੇ ਉਸ ਦੀ ਮਾਂ ਜਲੰਧਰ ਛਾਉਣੀ ਦੀ ਪੰਜਾਬਣ ਸੀ।) ਉਹ ਦੁਭਾਸ਼ੀਏ ਦਾ ਕੰਮ
ਪਰਦੇਸੀ ਪੰਜਾਬੀਆਂ ਤੋਂ ਪੈਸੇ ਲੈ ਕੇ ਕਰਦਾ ਸੀ ਤੇ ਆਪਣਾ ਏਕਾਧਿਕਾਰ ਸਮਝਦਾ ਹੋਇਆ ਨਹੀਂ ਸੀ
ਚਾਹੁੰਦਾ ਕਿ ਬਾਬੂ ਹਰਨਾਮ ਸਿੰਘ ਮੁਫਤ ਇਹ ਕੰਮ ਕਰੇ। ਇਸ ਕਿੜ ਵਿੱਚ ਉਸ ਨੇ ਹਰਨਾਮ ਸਿੰਘ
ਨੂੰ ਕੈਨੇਡਾ ਵਿੱਚੋਂ ਕਢਵਾ ਦਿੱਤਾ ਤੇ ਉਹ ਸਿਆਟਲ (ਅਮਰੀਕਾ) ਚਲੇ ਗਏ। ਉਨ੍ਹਾਂ ਦੀ
ਗੈਰਹਾਜ਼ਰੀ ਵਿੱਚ ਕੁਝ ਅੰਕ ਛਪੇ ਤੇ ਫਿਰ ਪਰਚਾ ਬੰਦ ਹੋ ਗਿਆ। ਉਨ੍ਹਾਂ ਦੀਆਂ
ਦੇਸ਼-ਹਿਤੈਸ਼ੀ ਸਰਗਰਮੀਆਂ ਕਾਰਨ 1910-1911 ਵਿੱਚ ਉਨ੍ਹਾਂ ਨੂੰ ਅਮਰੀਕਾ ਤੋਂ ਵੀ ਜਲਾਵਤਨ
ਕਰ ਦਿੱਤਾ ਗਿਆ ਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੀਆਂ ਗ਼ਦਰ ਸਰਗਰਮੀਆਂ ਕਾਰਨ ‘ਮਾਂਡਲੇ
(ਬਰਮਾ) ਸਾਜਿਸ਼ ਕੇਸ’ ਵਿੱਚ ਫਾਂਸੀ ਚੜ੍ਹ ਕੇ ਸ਼ਹਾਦਤ ਦਾ ਜਾਮ ਪੀਤਾ (ਹੋਰ ਵਿਸਥਾਰ ਲਈ
ਦੇਖੋ ਕੇਸਰ ਸਿੰਘ ਦਾ ਨਾਵਲ ਜੰਝ ਲਾੜਿਆਂ ਦੀ।)
ਸੁਦੇਸ਼ ਸੇਵਕ ਦਾ ਵਿਸ਼ਾ ਤੇ ਭਾਸ਼ਾ-ਸ਼ੈਲੀ ਕੈਨੇਡਾ ਦੀ ਧਰਤੀ ‘ਤੇ ਔਕੜਾਂ ਵਿੱਚ ਫਸੇ
ਵੀਹਵੀਂ ਸਦੀ ਦੇ ਸ਼ੁਰੂ ਦੇ ਪਰਦੇਸੀ ਹਿੰਦੀ (ਯਾਨੀ ਪੰਜਾਬੀ) ਮਜ਼ਦੂਰਾਂ ਦੀ ਆਤਮਾ ਦਾ
ਸ਼ੀਸ਼ਾ ਹੈ। ਇਸ ਦੀ ਬੋਲੀ ਪੰਜਾਬੀ ਤੇ ਹਿੰਦੋਸਤਾਨੀ (ਯਾਨੀ ਉਰਦੂ) ਦਾ ਰਲਿਆ-ਮਿਲਿਆ ਰੂਪ
ਹੈ ਤੇ ਲਿੱਪੀ ਗੁਰਮੁਖੀ ਹੈ। ਹਥਲੇ ਸੰਗ੍ਰਹਿ ਵਿੱਚ ਇਸ ਪਰਚੇ ਵਿੱਚੋਂ ਕੇਵਲ ਤਿੰਨ
ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਤੇ ਇਹ ਤਿੰਨੇ ਭਾਈ ਬਿਸ਼ਨ ਸਿੰਘ ਦੀਆਂ ਰਚਨਾਵਾਂ ਹਨ।
ਇਨ੍ਹਾਂ ਵਿੱਚ ਅਖਬਾਰ ਦੀ ਮਹੱਤਤਾ, ਮੁਲਕ ਦੀ ਬਰਬਾਦੀ ਦੇ ਕਾਰਨ, ਨਵੇਂ ਯੁੱਗ ਵਿੱਚ
ਮਸ਼ੀਨਾਂ ਦੀ ਮਹੱਤਤਾ ਅਤੇ ਅੰਗਰੇਜ਼ ਦੀ ਅਕਲ ਆਦਿ ਥੀਮ ਲਏ ਗਏ ਹਨ।
(2) ਸਨਸਾਰ/ਸੰਸਾਰ: ਇਹ ਪਹਿਲਾ ਪਰਚਾ ਸੀ ਜੋ ਹਿੰਦੁਸਤਾਨ ਤੋਂ ਬਾਹਰ, ਕੈਨੇਡਾ ਦੀ
ਧਰਤ ‘ਤੇ ਗੁਰਮੁਖੀ ਟਾਇਪ ਵਿੱਚ ਛਪਿਆ। ਇਸ ਦਾ ਪਹਿਲਾ ਅੰਕ 1912 ਵਿੱਚ ਨਿਕਲਿਆ। ਜ਼ਾਹਿਰ
ਹੈ ਕਿ ਇਹ ਅੰਮ੍ਰਿਤਸਰੋਂ ਛਪਦੇ ਖਾਲਸਾ ਸਮਾਚਾਰ ਦਾ ਸਮਕਾਲੀ ਪੱਤਰ ਹੈ, ਪੰਜਾਬੀ ਪੱਤਰਕਾਰੀ
ਦੇ ਇਤਿਹਾਸ ਵਿੱਚ ਇਹ ਅਣਗੌਲਿਆ ਹੀ ਰਿਹਾ ਹੈ। ਇਸ ਦੇ ਸਰਵਰਕ ਉੱਤੇ ਸੱਜੇ ਪਾਸੇ ਲਿਖਿਆ
ਹੁੰਦਾ ਸੀ: “ਸੰਸਾਰ ਕਨੇਡਾ, ਯੁਨਾਇਟਡ ਸਟੇਟਸ, ਅਰਜਨਟੀਨਾ, ਪੈਨਾਮਾ, ਫਿਜੀ ਤੇ ਚੀਨ ਆਦਕ
ਕੁਲ ਟਾਪੂਆਂ ਦੇ ਹਿੰਦੋਸਤਾਨੀਆਂ ਦਾ ਇਕੱਲਾ ਕੌਮੀ ਅਖਬਾਰ ਹਰ ਮਹੀਨੇ ਦੀ 5 ਤੇ 20 ਤਰੀਕ
ਨੂੰ ਪ੍ਰਕਾਸ਼ਤ ਹੁੰਦਾ ਹੈ।” ਤੇ ਖੱਬੇ ਪਾਸੇ ਲਿਖਿਆ ਹੁੰਦਾ ਸੀ: “ਸੰਸਾਰ ਦੀ ਮਦਦ ਲਈ ਹਰ
ਜਗ੍ਹਾ ਉਦਮ ਕਰੋ, ਚੰਦੇ ਭੇਜੋ, ਸਹਾਇਤਾ ਘੱਲੋ। ਹੋਰ ਭਰਾਵਾਂ ਨੂੰ ਇਸ ਦੇ ਸਹਾਇਕ ਬਣਾਉ।
ਅਪਨੇ ਭਰਾਵਾਂ ਦੀਆਂ ਹਰ ਟਾਪੂ ਤੋਂ ਖਬਰਾਂ ਘੱਲੋ।” ਤੇ ਇਨ੍ਹਾਂ ਦੇ ਵਿਚਕਾਰ ਗੁਰਬਾਣੀ ਦੀ
ਇਕ ਤੁਕ ਤੇ ਗੁਰ ਮੰਤਰ ਅੰਕਤ ਹੁੰਦਾ ਸੀ:
ਸਚ ਸਭਨਾਂ ਹੋਇ ਦਾਰੂ ਪਾਪ ਕੱਢੇ ਧੋਇ
੧ਓ ਸਤਿ ਗੁਰ ਪ੍ਰਸਾਦ
ਖੱਬੇ ਪਾਸੇ ਦੇ ਨੋਟ ਤੋਂ ਇਸ ਪਰਚੇ ਦੀ ਕੌਮੀ ਤੇ ਕੌਮਾਂਤਰੀ ਅਹਿਮੀਅਤ ਤੇ ਇਸ ਦੇ ਅਰਧ-ਮਾਸਕ
(ਪੰਦਰਵਾੜਾ) ਹੋਣ ਦਾ ਪਤਾ ਲੱਗਦਾ ਹੈ। ਗੁਰਬਾਣੀ ਦੀ ਤੁਕ ਤੋਂ ਇਸ ਦੇ ਧਾਰਮਿਕ ਨਿਸ਼ਚੇ ਤੇ
ਇਸ ਦੇ ਮਨੋਰਥ ਦਾ ਪਤਾ ਲੱਗਦਾ ਹੈ: ਪਰਦੇਸੀ ਪੰਜਾਬੀਆਂ ਦੇ ਜੀਵਨ-ਸੱਚ ਨੂੰ ਪਰਸਾਰਤ ਕਰਨਾ।
ਟਾਪੂ ਸ਼ਬਦ ਇਥੇ ਮਲਾਇਆ, ਹਾਂਗਕਾਂਗ ਆਦਿ ਲਈ ਵਰਤਿਆ ਗਿਆ ਹੈ।
ਇਹ ਪਰਚਾ ਵਿਕਟੋਰੀਆ (ਕੈਨੇਡਾ) ਤੋਂ ਨਿਕਲਦਾ ਸੀ ਤੇ ਇਸ ਦੇ ਸੰਚਾਲਕ-ਸੰਪਾਦਕ ਸਨ ਭਾਈ
ਕਰਤਾਰ ਸਿੰਘ ਹੁੰਦਲ, ਜਿਹੜੇ ਇਸ ਪਰਚੇ ਵਿੱਚ ਪ੍ਰਕਾਸ਼ਤ ਕਵਿਤਾਵਾਂ ਵੀ ‘ਅਕਾਲੀ’ ਉਪਨਾਮ
ਹੇਠ ਆਪ ਲਿਖਦੇ ਸਨ। ਹੁੰਦਲ ਨੇ ‘ਅਕਾਲੀ’ ਉਪਨਾਮ ਉਦੋਂ ਵਰਤਿਆ ਜਦੋਂ ਅਕਾਲੀ ਲਹਿਰ ਕਿਧਰੇ
ਨੇੜੇ ਤੇੜੇ ਵੀ ਨਹੀਂ ਸੀ। ਜਾਪਦਾ ਹੈ ਕਿ ਇਹ ਤਖੱਲਸ ਅਕਾਲੀ ਫੁਲਾ ਸਿੰਘ ਦੀ ਸ਼ਖਸੀਅਤ ਦੇ
ਪ੍ਰਭਾਵ ਹੇਠ ਅਪਣਾਇਆ ਗਿਆ। ਹੁੰਦਲ ਪਿੱਛੋਂ ਜਾ ਕੇ ਇਕ ਹੋਰ ਪੱਤਰ ਇੰਡਿਆ ਐਂਡ ਕਨੇਡਾ ਦੇ
ਸੰਚਾਲਕ ਤੇ ਸੰਪਾਦਕ ਵੀ ਰਹੇ।
ਹੁੰਦਲ ਦਾ ਪਿੰਡ ਬੰਡਾਲਾ (ਅੰਮ੍ਰਿਤਸਰ) ਸੀ। 1909 ਵਿੱਚ ਉਨ੍ਹਾਂ ਨੇ ਖਾਲਸਾ ਕਾਲਜ ਸਕੂਲ,
ਅੰਮ੍ਰਿਤਸਰ ਤੋਂ ਮੈਟਰਿਕ ਪਾਸ ਕੀਤੀ ਤੇ ਉਚੇਰੀ ਪੜ੍ਹਾਈ ਲਈ ਕੈਨੇਡਾ ਜਾ ਪੁੱਜੇ, ਪਰ
ਕੈਨੇਡਾ ਵਿੱਚ ਰਹਿੰਦੇ ਹਿੰਦੀਆਂ ਦੇ ਦੁੱਖ ਦੇਖ ਕੇ, ਪੜ੍ਹਾਈ ਦਾ ਖਿਆਲ ਛੱਡ ਕੇ, ਉਨ੍ਹਾਂ
ਦੀ ਸੇਵਾ ਹਿੱਤ ਸਨਸਾਰ (ਜਾਂ ਸੰਸਾਰ) ਚਾਲੂ ਕੀਤਾ। ਇਸ ਕੰਮ ਵਿੱਚ ਡਾ. ਸੁੰਦਰ ਸਿੰਘ ਤੇ
ਭਾਈ ਪਿਆਰਾ ਸਿੰਘ ਲੰਗੇਰੀ ਉਨ੍ਹਾਂ ਦੇ ਸਹਿਯੋਗੀ ਸਨ। ਡਾ. ਸੁੰਦਰ ਸਿੰਘ ਬੜੇ ਵਿਦਵਾਨ
ਪੁਰਸ਼ ਸਨ ਤੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੰਗਰੇਜ਼ੀ ਪੜ੍ਹੇ ਲੋਕਾਂ ਤੱਕ ਲਿਜਾਣ
ਲਈ ਪਹਿਲਾਂ ਹੀ ਅੰਗਰੇਜ਼ੀ ਵਿੱਚ ਏਰੀਅਨ ਨਾਂ ਦਾ ਇਕ ਪਰਚਾ ਕੱਢ ਰਹੇ ਸਨ। (ਆਪਣੇ ਲੋਕਾਂ ਦੀ
ਆਵਾਜ਼ ਕੈਨੇਡਾ ਨਿਵਾਸੀਆਂ ਤੱਕ ਪਹੁੰਚਾਣ ਲਈ ਸੰਸਾਰ ਦੇ ਦੋ ਸਫੇ ਵੀ ਅੰਗਰੇਜ਼ੀ ਵਿੱਚ ਛਾਪੇ
ਜਾਂਦੇ ਸਨ)।
ਸੰਸਾਰ ਹਿੰਦੀ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਕਠਨਾਈਆਂ ਦੇ ਕਾਰਨਾਂ ਤੋਂ ਸੁਚੇਤ ਕਰਕੇ,
ਵਿਦਿਆ ਪ੍ਰਾਪਤੀ ਲਈ ਪ੍ਰੇਰ ਕੇ, ਦੇਸ ਦੀ ਗੁਲਾਮੀ ਦਾ ਅਹਿਸਾਸ ਕਰਵਾਉਂਦਾ ਸੀ। ਪਰ ਜਿਹੜੇ
ਨਵੀਂ ਸੋਚ ਵਾਲੇ ਬੰਦੇ ਇਹ ਸਮਝਦੇ ਸਨ ਕਿ ਆਜ਼ਾਦੀ ਗ਼ੁਲਾਮੀ ਕੇਵਲ ‘ਸੱਚ’ ਦੇ ਗਿਆਨ ਨਾਲ
ਸੁਲਝਣ ਵਾਲਾ ਮਸਲਾ ਨਹੀਂ ਤੇ ਇਸ ਦੇ ਲਈ ਰਾਜਸੀ ਸੰਗਰਾਮ ਦੀ ਲੋੜ ਹੈ, ਉਹ ਸੰਸਾਰ ਦੀ ਨੀਤੀ
ਨੂੰ ਨਰਮ ਸਮਝਣ ਲਗ ਪਏ ਤੇ ਕੁਝ ਹੋਰ ਕਾਰਨਾਂ ਕਰਕੇ ਵੀ ਸੰਸਾਰ ਦਾ ਵਿਰੋਧ ਹੋਇਆ। ਉਦਾਹਰਨ
ਲਈ, ਭਾਈ ਭਗਵਾਨ ਸਿੰਘ (ਪਿੰਡ ਵਿਣਗ, ਜਿ਼ਲਾ ਅੰਮ੍ਰਿਤਸਰ) ਜਦੋਂ ਹਾਂਗਕਾਂਗ ਤੋਂ ਨਵੇਂ
ਨਵੇਂ ਕੈਨੇਡਾ ਗਏ ਤਾਂ ਉਨ੍ਹਾਂ ਨੇ ਇਹ ਗੱਲ ਤੋਰ ਦਿੱਤੀ ਕਿ ਸੰਸਾਰ ਸਾਰੀ ਕੌਮ ਦੀ ਮਲਕੀਅਤ
ਹੋਣਾ ਚਾਹੀਦਾ ਹੈ ਕਿਉਂਕਿ ਇਹ ਹਿੰਦੀ ਮਜ਼ਦੂਰਾਂ ਦੇ ਚੰਦੇ ਨਾਲ ਚੱਲਦਾ ਹੈ; ਇਕ ਇਕ ਦੋ
ਵਿਅਕਤੀਆਂ ਦੀ ਜਾਇਦਾਦ ਨਹੀਂ ਬਣਨਾ ਚਾਹੀਦਾ। ‘ਖਾਲਸਾ ਦੀਵਾਨ ਸੁਸਾਇਟੀ ਵੈਨਕੋਵਰ’ ਨੇ ਇਸ
ਸੰਬੰਧ ਵਿੱਚ ਇਕ ਮਤਾ ਵੀ ਪਾਸ ਕਰ ਦਿੱਤਾ ਤੇ ਝਗੜਾ ਵਧ ਗਿਆ। ਇਸ ਝਗੜੇ ਦੇ ਦੌਰਾਨ ਹੀ
ਬਦਨਾਮ ਗੱਦਾਰ ਬੇਲਾ ਸਿੰਘ ਜਿਆਣ (ਹੁਸਿ਼ਆਰਪੁਰ) ਨੇ ਹਾਪਕਿਨਸਨ ਦੇ ਕੰਨ ਭਰ ਕੇ, ਭਗਵਾਨ
ਸਿੰਘ ਨੂੰ ਮੁਸ਼ਕਾ ਬੰਨਵਾ ਕੇ ਕੈਨੇਡਾ ਵਿੱਚੋਂ ਕਢਵਾ ਦਿੱਤਾ। ਇਸ ਘਟਨਾ ਦੇ ਪਿੱਛੇ ਵੀ
ਸੰਸਾਰ ਦੇ ਚਾਲਕ ਦਾ ਹੱਥ ਸਮਝਿਆ ਗਿਆ। ਇਸੇ ਅਰਸੇ ਵਿੱਚ (21 ਮਈ ਤੋਂ 21 ਜੁਲਾਈ 1914)
ਕਾਮਾ-ਗਾਟਾ ਮਾਰੂ ਵੈਨਕੋਵਰ ਪਹੁੰਚ ਕੇ ਵਾਪਸ ਹੋ ਚੁੱਕਾ ਸੀ ਅਤੇ ਸਰਕਾਰ ਕੈਨੇਡਾ, ਇਸ ਦੇ
ਹਮਾਇਤੀਆਂ ਤੇ ਹਿੰਦੀ ਨਰਮਦਲੀਆਂ ਦੇ ਉਲਟ ਇਕ ਮੁਹਾਜ਼ ਬਣ ਗਿਆ ਸੀ। ਸੰਸਾਰ ਦੇ ਚਾਲਕਾਂ ਨੂੰ
ਨਰਮਦਲੀਏ ਸਮਝ ਕੇ ਆਪ ਪਾਠਕਾਂ ਨੇ ਮਿਲਵਰਤਣ ਦੇਣੀ ਬੰਦ ਕਰ ਦਿੱਤੀ ਤੇ ਅਗਸਤ 1914 ਦਾ ਪਰਚਾ
ਛਾਪ ਕੇ ਹੁੰਦਲ ਨੇ ਪਰਚਾ ਬੰਦ ਕਰ ਦਿੱਤਾ ਅਤੇ ਆਪ ਟੋਰਾਂਟੋ ਚਲੇ ਗਏ।
ਹਥਲੇ ਕਾਵਿ-ਸੰਗ੍ਰਹਿ ਵਿੱਚ ਸੰਸਾਰ ਵਿਚੋਂ ਲਈਆਂ ਸੱਤੇ ਕਵਿਤਾਵਾਂ ਕਰਤਾਰ ਸਿੰਘ ਹੁੰਦਲ
ਉਰਫ਼ ‘ਅਕਾਲੀ’ ਦੀਆਂ ਹਨ, ਇਸ ਲਈ ਇਨ੍ਹਾਂ ਵਿੱਚ ਅਖਬਾਰ ਤੇ ਐਡੀਟਰ ਨੂੰ ਪੇਸ਼ ਆਏ ਉਕਤ
ਸੰਕਟਾਂ ਦੇ ਸੰਕੇਤ ਮਿਲਦੇ ਹਨ। ਅਖਬਾਰ ਨੂੰ ਮਸ਼ੀਨੀ ਟਾਇਪ ਉੱਤੇ ਛਾਪਣ ਦੀ ਗੱਲ, ਇਸ ਦੀਆਂ
ਕਠਿਨਾਈਆਂ, ਪਾਠਕਾਂ ਦੀ ਬੇਰੁਖੀ ਤੇ ‘ਅਕਾਲੀ’ ਦੇ ਟੋਰਾਂਟੋ ਵੱਲ ਤੁਰ ਜਾਣ ਦਾ ਜਿ਼ਕਰ ਇਉਂ
ਕੀਤਾ ਗਿਆ ਹੈ:
-ਪੂਰਾ ਸਾਲ ਹੈ ਹੋਨ ਦੇ ਨੇੜ ਆਇਆ
ਜਦੋਂ ਕੰਮ ਅਖਬਾਰ ਦਾ ਛੇੜਿਆ ਸੀ।
ਸੇਵਾ ਕਠਨ ਸੀ ਬਹੁਤ ਪਰ ਲੋੜਵੰਦੀ
ਇਸੇ ਲਈ ਇਹ ਮੋਰਚਾ ਰੇੜ੍ਹਿਆ ਸੀ।
ਅੰਤ ਕਢ ਅਖਬਾਰ ਮਸ਼ੀਨ ਵਿੱਚੋਂ
ਜਗ੍ਹਾ ਜਗ੍ਹਾ ਨੂੰ ਡਾਕ ਨੇ ਫੇਰਿਆ ਸੀ।
- ਮਿਰਕਣ ਅਤੇ ਕਨੇਡੇ ਦੇ ਵੀਰ ਮੇਰੇ
ਤੁਸੀਂ ਏਸ ਅਪਣਤ ਨੂੰ ਮਾਰਿਆ ਕਿਉਂ?
ਸਾਡੀ ਕੌਮ ਦਾ ਇਹੋ ਅਖਬਾਰ ਕੱਲਾ,
ਤੁਸਾਂ ਫੇਰ ਸਨਸਾਰ ਵਿਸਾਰਿਆ ਕਿਉਂ?
- ਚਲੋ ਚਲੀਏ ਗਾਂਹਾਂ ਕਨੇਡੜੇ ਨੂੰ,
ਕੰਮ ਕਾਰ ਨੂੰ ਜਾਇ ਦੇ ਮੱਲੀਏ ਜੀ।
ਏਸ ਮੁਲਕ ਨੂੰ ਦੇਖੀਏ ਖੂਬ ਫਿਰ ਕੇ
ਬੈਠੇ ਚਿਰਾਂ ਦੇ ਜਰਾ ਹੁਣ ਹੱਲੀਏ ਜੀ।
(3) ਗ਼ਦਰ/ਹਿੰਦੋਸਤਾਨੀ ਗ਼ਦਰ (ਹਫਤਾਵਾਰੀ):
ਗ਼ਦਰ ਅਖਬਾਰ ਬਾਰੇ ਬਹੁਤ ਸਮੇਂ ਤੱਕ ਸਾਡੀ ਜਾਣਕਾਰੀ ਅਧੂਰੀ ਹੀ ਰਹੀ। ਆਜ਼ਾਦੀ ਤੋਂ ਪਹਿਲਾਂ
ਇਹ ਭੂਮੀਗਤ ਰਿਹਾ ਤੇ ਆਜ਼ਾਦੀ ਤੋਂ ਬਾਅਦ ਅਣਗੌਲਿਆ। ਕੁਝ ਪੜ੍ਹੇ-ਲਿਖੇ ਸਿਆਸੀ ਸੱਜਨ ਵੀ ਇਸ
ਨੂੰ ‘ਗ਼ਦਰ ਗੂੰਜਾਂ’ ਹੀ ਕਹਿੰਦੇ ਰਹੇ। ਇਸ ਭੁਲੇਖੇ ਵੱਸ ਜਗਜੀਤ ਸਿੰਘ ਅਨੰਦ ਵਰਗੇ ਸੁਲਝੇ
ਹੋਏ ਨੇਤਾ ਤੇ ਪੱਤਰਕਾਰ ਨੇ ਵੀ ਇਕ ਥਾਂ ਇਸ ਨੂੰ ਗ਼ਦਰ ਗੂੰਜ ਹੀ ਲਿਖ ਦਿੱਤਾ:
ਸਾਡੀ ਸਦੀ ਦੇ ਦੂਜੇ ਦਹਾਕੇ ਦੇ ਪਹਿਲੇ ਅੱਧ ਵਿੱਚ ਹੀ ਗ਼ਦਰ ਪਾਰਟੀ ਪ੍ਰਦੇਸਾਂ ਵਿੱਚ ਕਾਇਮ
ਹੋ ਗਈ ਤੇ ਉਸ ਦੇ ਆਜ਼ਾਦੀ ਲਈ ਮਰ ਮਿਟਣ ਦੇ ਉਦੇਸ਼ਾਂ-ਵਿਚਾਰਾਂ ਦਾ ਪ੍ਰਤੀਨਿਧ ‘ਗ਼ਦਰ
ਗੂੰਜਾਂ’ ਉਸ ਦੇ ਨਾਲ ਹੀ ਹੋਂਦ ਵਿੱਚ ਆਇਆ। (ਦੇਖੋ: ਸੰਪ. ਗਿਆਨੀ ਭਜਨ ਸਿੰਘ, ਪੰਜਾਬੀ
ਪੱਤਰਕਾਰੀ-ਇਕ ਸਰਵੇਖਣ, ਪੰ. 14)
ਇਸੇ ਤਰ੍ਹਾਂ ਇਹ ਵੀ ਭੁਲੇਖਾ ਹੈ ਕਿ ਗ਼ਦਰ ਤੇ ਹਿੰਦੋਸਤਾਨ ਗ਼ਦਰ ਦੋ ਅੱਡ ਅੱਡ ਪਰਚੇ ਸਨ।
ਪਰ ਅਸਲ ਵਿੱਚ ਇਹ ਇਕੋ ਪਰਚੇ ਦੇ ਦੋ ਨਾਂ ਹਨ: ਸ਼ੁਰੂ ਸ਼ੁਰੂ ਵਿੱਚ ਇਸ ਦਾ ਨਾਂ ਗ਼ਦਰ ਤੇ
ਅਪ੍ਰੈਲ 1914 ਤੋਂ ਬਾਅਦ ਹਿੰਦੋਸਤਾਨ ਗ਼ਦਰ (ਹਫਤਾਵਾਰੀ) ਹੀ ਰਿਹਾ। ਪਹਿਲਾ ਪਰਚਾ ਉਰਦੂ
ਵਿੱਚ ਯੁਗਾਂਤਰ ਆਸ਼ਰਮ, ਸਾਨਫਰਾਂਸਿਸਕੋ ਤੋਂ ਇਕ ਨਵੰਬਰ 1913 ਨੂੰ ਨਿਕਲਿਆ। ਪੰਜਾਬੀ ਵਿੱਚ
ਇਹ ਦਸੰਬਰ 1913 ਵਿੱਚ ਸ਼ੁਰੂ ਹੋਇਆ ਤੇ ਪਿੱਛੋਂ ਹੋਰ ਭਾਰਤੀ ਜ਼ੁਬਾਨਾਂ (ਹਿੰਦੀ,
ਗੁਜਰਾਤੀ, ਬੰਗਾਲੀ, ਪਸ਼ਤੋ, ਨਿਪਾਲੀ ਆਦਿ) ਵਿੱਚ ਵੀ ਖਾਸ ਨੰਬਰ ਛਪਣ ਲੱਗੇ। ਯੁਗਾਂਤਰ
ਆਸ਼ਰਮ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਦਾ ਦਫਤਰ ਸੀ। ਪਰ ਗ਼ਦਰ ਅਖਬਾਰ ਦੀ
ਹਰਦਿਲ-ਅਜੀਜ਼ੀ ਦਾ ਇੱਥੋਂ ਪਤਾ ਲੱਗਦਾ ਹੈ ਕਿ ਇਸ ਅਖਬਾਰ ਦੇ ਨਾਂ ਉੱਤੇ ‘ਹਿੰਦੀ
ਐਸੋਸੀਏਸ਼ਨ’ ਦਾ ਨਾਂ ‘ਗਦਰ ਪਾਰਟੀ’ ਤੇ ਇਸ ਦੇ ਦਫਤਰ ਦਾ ਨਾਂ ‘ਗਦਰ ਆਸ਼ਰਮ’ ਪੈ ਗਿਆ।
ਗ਼ਦਰ ਜਾਂ ਹਿੰਦੋਸਤਾਨ ਗ਼ਦਰ ਦੇ ਸਰਵਰਕਾਂ ਦੇ ਜਿਹੜੇ ਨਮੂਨੇ ਉਪਲਭਧ ਹਨ (ਦੇਖੋ ਅੰਤਕਾ 2)
ਉਨ੍ਹਾਂ ਦੇ ਡਿਜ਼ਾਇਨਾਂ ਦਾ ਅਧਿਐਨ ਆਪਣੇ ਆਪ ਵਿੱਚ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ।
ਡਿਜ਼ਾਇਨ ਤੋਂ ਹੀ ਪਾਰਟੀ ਦੀ ਰਾਜਨੀਤੀ, ਯੁੱਧਨੀਤੀ ਤੇ ਨਿਸ਼ਾਨਿਆਂ ਦਾ ਪਤਾ ਲੱਗ ਜਾਂਦਾ
ਹੈ। ਭਾਵੇਂ ਇਹ ਨਹੀਂ ਪਤਾ ਕਿ ਇਹ ਡਿਜ਼ਾਇਨ ਬਣਾਉਂਦਾ ਕੌਣ ਸੀ, ਪਰ ਉਹ ਜ਼ਰੂਰੀ ਕੋਈ ਸਿਆਸੀ
ਤੌਰ ‘ਤੇ ਸੁਲਝਿਆ ਹੋਇਆ ਕਲਾਕਾਰ ਹੋਵੇਗਾ। ਅਸੀਂ ਦੇਖਦੇ ਹਾਂ ਕਿ ਸਰਵਰਕ ਦੀਆਂ ਦੋਹਾਂ
ਨੁੱਕਰਾਂ ਉੱਤੇ ਬੰਦੇ ਮਾਤਰਮ ਤੇ ਵਿਚਕਾਰ ਗੁਰਬਾਣੀ ਦੀਆਂ ਤੁਕਾਂ, ਥੋੜ੍ਹੀਆਂ ਜਿਹੀਆਂ
ਲੋਕ-ਮੁਹਾਵਰੇ ਅਨੁਸਾਰ ਬਦਲ ਕੇ, ਲਿਖੀਆਂ ਗਈਆਂ ਹਨ:
ਜੇ ਚਿਤ ਪ੍ਰੇਮ ਖੇਲਣ ਦਾ ਚਾਉ
ਸਿਰ ਧਰ ਤਲੀ ਗਲੀ ਮੇਰੀ ਆਉ।
ਪਰਚੇ ਦੇ ਨਾਂ ਦੇ ਅੱਖਰਾਂ ਦੇ ਡਿਜ਼ਾਇਨ ਪਹਿਲਾਂ ਪਹਿਲ ਸਾਦੇ ਸਨ, ਫੇਰ ‘ਦ’ ਤਲਵਾਰ ਵਰਗਾ
ਤੇ ਦਾਤੀ ਵਰਗਾ ਹੋ ਗਿਆ। ਫੇਰ ਅੱਖਰਾਂ ਦੇ ਉਪਰਲੀ ਲਕੀਰ ਦਾ ਆਰੰਭ ਤੇ ਅੰਤ ਦੋ ਤਲਵਾਰਾਂ
ਵਰਗਾ ਤੇ ‘ਮ’ ‘ਰ’ ਤ੍ਰਿਸ਼ੂਲਾਂ ਵਿੱਚ ਬਦਲ ਗਏ, ਫੇਰ ਇਨ੍ਹਾਂ ਵਿੱਚ ਤੀਰ-ਕਮਾਨ ਵੀ ਸ਼ਾਮਲ
ਕਰ ਦਿੱਤਾ ਗਿਆ, ਪਰ 23 ਅਗਸਤ 1919 ਦੇ ਪਰਚੇ ਦੇ ਨਾਂ ਦਾ ਜੋ ਡਿਜ਼ਾਇਨ ਪ੍ਰਾਪਤ ਹੋਇਆ ਹੈ
ਉਸ ਵਿੱਚ ਫੁੱਲ ਤੇ ਤਲਵਾਰ ਦੇ ਚਿੰਨ ਜਾਣੋਂ ਸਰਸਵਤੀ ਤੇ ਦੁਰਗਾ (ਸਤਯੰ, ਸਿ਼ਵੰ, ਸੁੰਦਰਮ)
ਦੇ ਪ੍ਰਤੀਕ ਬਣ ਕੇ ਉੱਘੜੇ ਹਨ। ਇਨ੍ਹਾਂ ਡਿਜ਼ਾਇਨਾਂ ਵਿੱਚੋਂ ਸਾਂਝੀ ਪੰਜਾਬੀ ਕੌਮੀਅਤ,
ਹਥਿਆਰਬੰਦ ਇਨਕਲਾਬ ਦੀ ਲੋੜ ਤੇ ਇਨਕਲਾਬ ਲਈ ਸਾਹਿਤ ਕਲਾ ਦੀ ਅਹਿਮੀਅਤ ਦੀ ਸੁਚੇਤਨਾ ਸਾਫ਼
ਨਜ਼ਰ ਆਉਂਦੀ ਹੈ। ਪ੍ਰਾਪਤ ਸਰਵਰਕਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਚੇ ਦੇ ਨਾਂ ਦੇ
ਅੱਖਰਾਂ ਦੀ ਬਣਤਰ ਵਿੱਚ ਆਈਆਂ ਤਬਦੀਲੀਆਂ ਦੇ ਨਾਲ ਨਾਲ ਗੁਰਬਾਣੀ ਦੀ ਤੁੱਕ ਦੀ ਥਾਂ
ਹਿੰਦੋਸਤਾਨੀ ਭਾਸ਼ਾ ਦੀ ਇਕ ਹੋਰ ਸਤਰ ਨੇ ਲੈ ਲਈ ਸੀ:
ਐ ਮਰਦਾਨੋ ਹਿੰਦੀ ਜਵਾਨੋਂ ਜਲਦੀ ਲੋ ਹਥਿਆਰ
ਤੇ ਹੇਠਾਂ ਲਿਖਿਆ ਜਾਣ ਲੱਗਾ ਸੀ: “ਅੰਗ੍ਰੇਜ਼ੀ ਰਾਜ ਦਾ ਪੱਕਾ ਦੁਸ਼ਮੁਣ ਗੁਰਮੁਖੀ, ਉਰਦੂ,
ਹਿੰਦੀ ਅਖਬਾਰ।” ਇਹ ਤਬਦੀਲੀਆਂ ਪੰਡਰ ਰਾਮ ਚੰਦਰ ਦੇ ਸਮੇਂ ਹੋਈਆਂ ਜਾਪਦੀਆਂ ਹਨ।
ਗ਼ਦਰ ਉਰਫ ਹਿੰਦੋਸਤਾਨ ਗ਼ਦਰ ਪੱਥਰ ਦੇ ਛਾਪੇ ਉੱਤੇ ਛਪਦਾ ਸੀ ਤੇ ਇਸ ਦੇ ਵੱਡੇ ਸਾਈਜ਼ ਦੇ
ਅੱਠ ਸਫੇ ਹੁੰਦੇ ਸਨ। ਇਸ ਦੇ ਪਹਿਲੇ ਸਫੇ ਉੱਤੇ ਹਮੇਸ਼ਾਂ ‘ਅੰਗ੍ਰੇਜ਼ੀ ਰਾਜ ਦਾ ਕੱਚਾ
ਚਿੱਠਾ’ ਦੀ ਸੁਰਖੀ ਹੇਠ ਬਰਤਾਨਵੀ ਸਾਮਰਾਜ ਵਲੋਂ ਹਿੰਦ ਦੀ ਲੁੱਟ-ਖਸੁੱਟ, ਇਸ ਰਾਜ ਦੀ
ਬਦੌਲਤ ਪੈ ਰਹੇ ਕਾਲ, ਪਲੇਗ, ਆਦਿ ਦਾ ਨੁਕਤੇਵਾਰ ਵੇਰਵਾ ਹੁੰਦਾ ਸੀ। ਉਨ੍ਹਾਂ ਵਿੱਚੋਂ ਇਕ
ਨੁਕਤਾ ਇਹ ਹੁੰਦਾ ਸੀ ਕਿ 1857 ਦੇ ਗ਼ਦਰ ਨੂੰ 57 ਸਾਲ ਹੋ ਗਏ ਹਨ, ਹੁਣ ਦੂਜੇ ਗ਼ਦਰ ਦੀ
ਲੋੜ ਹੈ। ਇਸ ਤੋਂ ‘ਗ਼ਦਰ’ ਦੀ ਨਿਰੰਤਰਤਾ ਯਾਨੀ ਇਸ ਦੇ ਲਹਿਰ ਸਰੂਪ ਹੋਣ ਦਾ ਤੇ ਗ਼ਦਰ
ਪਾਰਟੀ ਦੇ ਮਨੋਰਥਾਂ ਦਾ ਪਤਾ ਲੱਗਦਾ ਹੈ ਤੇ ਇਹ ਵੀ ਸੰਕੇਤ ਮਿਲਦਾ ਹੈ ਕਿ ਗ਼ਦਰ ਪਾਰਟੀ ਦੇ
ਸਾਹਮਣੇ ਸੰਘਰਸ਼ ਦਾ ਮਾਡਲ 1857 ਦੀ ਹਥਿਆਰਬੰਦ ਜੰਗ ਸੀ।
ਗ਼ਦਰ ਪਾਰਟੀ ਦੀ ਚੜ੍ਹਤ ਸਮੇਂ ਇਸ ਪਰਚੇ ਦੀ ਖਪਤ ਵਧੀ। 1916 ਵਿੱਚ ਇਹ ਇਕ ਹਫਤੇ ਦਾ ਦਸ
ਲੱਖ ਛਪਣ ਲੱਗ ਪਿਆ ਸੀ। ਇਸ ਪਰਚੇ ਦੁਆਰਾ ਸਾਰੇ ਗੁਰਦੁਆਰਿਆਂ ਵਿੱਚ ਇਹ ਪ੍ਰਚਾਰ ਕੀਤਾ ਗਿਆ
ਸੀ ਕਿ ਸਭ ‘ਪੰਜਾਬੀ’ ਗ਼ਦਰ ਪੜ੍ਹਨ। ਇਸ ਦੇ ਲਈ ਤੇ ਹੋਰ ਗ਼ਦਰੀ ਸਾਹਿਤ ਪੜ੍ਹਨ ਲਈ ਹਿੰਦੂਆਂ
ਤੇ ਮੁਸਲਮਾਨਾਂ ਨੇ ਵੀ ਪੰਜਾਬੀ ਸਿੱਖੀ। ਇਸ ਦਾ ਮੁੱਖ ਨਿਸ਼ਾਨਾ ਭਾਵੇਂ ਹਿੰਦੋਸਤਾਨ ਦੀ
ਆਜ਼ਾਦੀ ਸੀ, ਪਰ ਇਹ ਪਰਚਾ ਸਭ ਗੁਲਾਮ ਦੇਸ਼ਾਂ ਦੀ ਆਜ਼ਾਦੀ ਤੇ ਮਨੁੱਖੀ ਹੱਕਾਂ ਦਾ
ਅਲੰਬਰਦਾਰ ਬਣਿਆ। ਆਪਣੀ ਗੁਲਾਮੀ ਵਿਰੁੱਧ ਜੂਝਦੇ ਸਭ ਦੇਸ਼ਾਂ ਦੇ ਹੱਕ ਵਿੱਚ ਇਸ ਨੇ ਆਵਾਜ਼
ਉਠਾਈ। ਇਸ ਵਿੱਚ ਮੈਕਸੀਕੋ ਗ਼ਦਰ ਦੀ ਹਮਾਇਤ, ਚੀਨ ਦੇ ਡਾ. ਸਨਯੁਤ ਸੇਨ ਦੀ ਤਾਰੀਫ, ਰੂਸੀ
ਦੁਖਿਆਰਿਆਂ ਦੀ ਹਮਦਰਦੀ ਤੇ ਆਇਰਸ਼ ਸੰਘਰਸ਼ ਦੇ ਹੱਕ ਵਿੱਚ ਲੇਖ ਲਿਖੇ ਜਾਂਦੇ ਸਨ। ਗ਼ਦਰ
ਲੇਖਕ ਇਹ ਸਮਝਦਾ ਸੀ ਕਿ ਜਦ ਤੱਕ ਸਭ ਬਸਤੀਆਂ ਆਜ਼ਾਦ ਨਹੀਂ ਹੁੰਦੀਆਂ ਉਦੋਂ ਤੱਕ ਹਿੰਦੋਸਤਾਨ
ਆਜ਼ਾਦ ਨਹੀਂ ਹੋ ਸਕਦਾ। ਅਮਰੀਕਾ, ਕੈਨੇਡਾ, ਪਾਨਾਮਾ, ਬਰਾਜ਼ੀਲ, ਫਿਲਪਾਇਨਜ਼, ਮਲਾਇਆ,
ਸਿਆਮ, ਬਰ੍ਹਮਾ, ਅਰਜਨਟਾਈਨਾਂ, ਹਿੰਦੋਸਤਾਨ ਆਦਿ ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਸਨ
ਉਨ੍ਹਾਂ ਨੂੰ ਇਹ ਮੁਫਤ ਭੇਜਿਆ ਜਾਂਦਾ ਸੀ। ਇਸ ਦੀ ਹਰਮਨ-ਪਿਆਰਤਾ ਬਾਰੇ ਜਗਜੀਤ ਸਿੰਘ
(ਤਰਨਤਾਰ) ਨੇ ਆਪਣੀ ਪੁਸਤਕ ਵਿੱਚ ਇਕ ਮਿਸਾਲ ਦਿੱਤੀ ਹੈ ਕਿ “ਇਕ ਬੀਬੀ ਗ਼ਦਰ ਦੇ ਪਰਚਿਆਂ
ਨੂੰ ਰੇਸ਼ਮੀ ਰੁਮਾਲਾਂ ਵਿੱਚ ਵਲ੍ਹੇਟ ਕੇ ਸਾਂਭਦੀ ਰਹੀ।” (ਪੰ. 59)
1916-17 ਵਿੱਚ ਪਾਰਟੀ ਦੀ ਧੜੇਬੰਦੀ ਕਾਰਨ ਹਿੰਦੋਸਤਾਨ ਗ਼ਦਰ ਨਾਂ ਦੇ ਦੋ ਪਰਚੇ ਦੋਹਾਂ
ਧੜਿਆਂ ਵਲੋਂ ਸਮਾਨਾਂਤਰ ਨਿਕਲਦੇ ਰਹੇ। ਪਹਿਲਾ ਭਾਈ ਭਗਵਾਨ ਸਿੰਘ ‘ਪ੍ਰੀਤਮ’, ਭਾਈ ਸੰਤੋਖ
ਸਿੰਘ ਤੇ ਰਾਮ ਸਿੰਘ ਧੁਲੇਤਾ ਦੇ ਧੜੇ ਵਲੋਂ ਤੇ ਦੂਜਾ ਰਾਮ ਚੰਦਰ ਪਸ਼ੌਰੀਏ ਦੇ ਧੜੇ ਵਲੋਂ।
1917 ਦੇ ਅਖ਼ੀਰ ਵਿੱਚ ਇਹ ਹਫਤਾਵਾਰੀ ਪਰਚਾ ਬੰਦ ਹੋ ਗਿਆ ਤੇ ਇਸ ਦੇ ਜੁਲਾਈ 1917 ਤੱਕ ਦੇ
ਅੰਕਾਂ ਵਿਚੋਂ ਕਵਿਤਾਵਾਂ, ਹੱਥਲੇ ਸੰਗ੍ਰਹਿ ਵਿੱਚ ਦਿੱਤੀਆਂ ਗਈਆਂ ਹਨ, ਪਰ ਸਾਨੂੰ ਇਸ ਪਰਚੇ
ਦਾ 23 ਅਗਸਤ 1919 ਦਾ ਇਕ ਟਾਈਟਲ ਸਫਾ ਵੀ ਪ੍ਰਾਪਤ ਹੈ (ਦੇਖੋ ਅੰਤਕਾ 2)।
ਕਈ ਸਾਲ ਬਾਅਦ ਇਹ ਪਰਚਾ ਮੁੜ ਮਾਹਵਾਰੀ ਰੂਪ ਵਿੱਚ ਪ੍ਰਚਲਤ ਹੋਇਆ ਅਤੇ ਗ਼ਦਰ-ਪੱਤਰਕਾਰੀ ਕਈ
ਹੋਰ ਨਾਵਾਂ ਹੇਠ 1949 ਤੱਕ ਜਾਰੀ ਰਹੀ। ਪ੍ਰਸਿੱਧ ਖੋਜੀ, ਸ਼ਮਸ਼ੇਰ ਸਿੰਘ ਅਸ਼ੋਕ ਨੇ ਸ਼ਾਇਦ
ਇਸੇ ਲਈ ਟਿੱਪਣੀ ਕੀਤੀ ਹੈ:
ਸੰਨ 1949 ਵਿੱਚ ਇਸ ਪੱਤ੍ਰ ਦੀ ਥਾਂਵੇਂ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਦੀ ਐਡੀਟਰੀ ਹੇਠ
‘ਨਵਾਂ ਜੁਗ’ ਨਾਮੀ ਮਾਸਕ ਪੱਤ੍ਰ ਲਾਸ ਐਂਜਲਸ (ਕੈਲੀਫੋਰਨੀਆ) ਤੋਂ ਸ਼ੁਰੂ ਹੋਇਆ, ਜੋ ਥੋੜਾ
ਚਿਰ ਚੱਲ ਕੇ ਬੰਦ ਹੋ ਗਿਆ। (ਪੰਜਾਬੀ ਸਾਹਿਤ ਕੋਸ਼, ਭਾਗ ਤੀਜਾ, ਪੰ.86)।
ਇਸ ਪਰਚੇ ਲਈ ਲਿਖਣ, ਸੰਪਾਦਨ, ਕਿਤਾਬਤ, ਛਪਾਈ ਤੇ ਹੋਰ ਪ੍ਰਬੰਧ ਵਿੱਚ ਜਿਹੜੇ ਵਿਅਕਤੀ ਗ਼ਦਰ
ਆਸ਼ਰਮ ਵਿੱਚ ਸਮੇਂ ਸਮੇਂ ਕੁਲਵਕਤੀ ਕਾਮੇ ਰਹੇ ਉਨ੍ਹਾਂ ਵਿੱਚ ਲਾਲਾ ਹਰਦਿਆਲ, ਕਰਤਾਰ ਸਿੰਘ
ਸਰਾਭਾ, ਹਰਨਾਮ ਸਿੰਘ (ਕੋਟਲਾ ਨੌਧ ਸਿੰਘ) ਉਰਫ਼ ਟੁੰਡੀਲਾਟ, ਕਰਤਾਰ ਸਿੰਘ ਲਤਾੜਾ, ਭਾਈ
ਬਸੰਤ ਸਿੰਘ ਚੋਂਦਾ (ਪਟਿਆਲਾ), ਪਿਰਥੀ ਸਿੰਘ ਆਜ਼ਾਦ, ਭਾਈ ਭਗਵਾਨ ਸਿੰਘ ‘ਪ੍ਰੀਤਮ’, ਭਾਈ
ਸੰਤੋਖ ਸਿੰਘ, ਖੇਮ ਚੰਦ ਦਾਸ, ਪੰਡਤ ਜਗਤ ਰਾਮ, ਮੋਹਨ ਲਾਲਾ, ਮੁਨਸ਼ੀ ਰਾਮ, ਮਹਿਬੂਬ ਅਲੀ
ਤੇ ਇਨਾਇਤ ਖਾਨ ਦੇ ਨਾਂ ਉੱਘੇ ਹਨ। ਗ਼ਦਰ ਦੇ ਇਤਿਹਾਸਾਂ ਵਿੱਚੋਂ ਇਹ ਵੀ ਸੰਕੇਤ ਮਿਲਦਾ ਹੈ
ਕਿ ਨਿਧਾਨ ਸਿੰਘ ਮਹੇਸ਼ਰੀ (ਫਿਰੋਜ਼ਪੁਰ) ਤੇ ਬਿਸ਼ਨ ਸਿੰਘ ਹਿੰਦੀ (ਸਦਾ ਸਿੰਘ ਵਾਲਾ) 1915
ਵਿੱਚ ਗ਼ਦਰ ਆਸ਼ਰਮ ਵਿੱਚ ਆ ਕੇ ਅਖਬਾਰ ਦੇ ਸਟਾਫ ਮੈਂਬਰਾਂ ਵਿੱਚ ਸ਼ਾਮਲ ਹੋਏ ਸਨ।
ਸੰਪਾਦਕਾਂ ਵਿੱਚ ਤਿੰਨ ਨਾਂ ਵਧੇਰੇ ਪ੍ਰਸਿੱਧ ਰਹੇ ਹਨ: ਲਾਲਾ ਹਰਦਿਆਲ, ਰਾਮ ਚੰਦਰ ਪਸ਼ੌਰੀਆ
ਤੇ ਭਾਈ ਭਗਵਾਨ ਸਿੰਘ ਪ੍ਰੀਤਮ। ਆਮ ਕਰਕੇ ਅਖਬਾਰ ਉੱਤੇ ਕਿਸੇ ਸੰਪਾਦਕ ਦਾ ਨਾਂ ਨਹੀਂ ਸੀ
ਛਪਦਾ, ਪਰ ਜਦੋਂ ਪਾਰਟੀ-ਦਫ਼ਤਰ ਛੱਡ ਕੇ ਅਲਹਿਦਾ ਹੋ ਕੇ ਪੰਡਤ ਰਾਮ ਚੰਦਰ ਨੇ ਸਮਾਨਾਂਤਰ
ਪਰਚਾ ਕੱਢ ਲਿਆ ਤਾਂ ਉਸ ਨੇ ਪਹਿਲੇ ਸਫੇ ਦੇ ਹੇਠਾਂ ਆਪਣਾ ਸਿਰਨਾਵਾਂ ਤੇ ਐਡੀਟਰ ਵਜੋਂ ਆਪਣਾ
ਨਾਂ ਛਾਪਣਾ ਸ਼ੁਰੂ ਕਰ ਦਿੱਤਾ:
ਰਾਮ ਚੰਦਰ, ਐਡੀਟਰ ਹਿੰਦੋਸਤਾਨ ਗ਼ਦਰ
ਪੋਸਟ ਬਾਕਸ ਨੰ. 16, ਸਾਨਫਰਾਂਸਿਸਕੋ।
ਉਦੋਂ ਹਰ ਹਫਤੇ ਪਰਚੇ ਭਾਵੇਂ ਦੋ ਨਿਕਲਦੇ ਸਨ, ਪਰ ਇਨ੍ਹਾਂ ਦੀ ਨੀਤੀ ਤੇ ਸਾਹਿਤਕ ਮਿਆਰ
ਵਿੱਚ ਕੋਈ ਖਾਸ ਫਰਕ ਨਹੀਂ ਸੀ।
ਲਾਲਾ ਹਰਦਿਆਲ ਪਰਚੇ ਦੇ ਸੰਚਾਲਕ ਤੇ ਪਹਿਲੇ ਸੰਪਾਦਕ ਸਨ। ਉਹ ਉਰਦੂ ਵਿਚ ਲਿਖਦੇ ਸਨ ਤੇ
ਉਨ੍ਹਾਂ ਦੀਆਂ ਲਿਖਤਾਂ ਤਰਜਮਾ ਹੋ ਕੇ ਪੰਜਾਬੀ ਵਿੱਚ ਵੀ ਛਪਦੀਆਂ ਸਨ। ਉਹ ਦਿੱਲੀ (ਉਸ ਵੇਲੇ
ਪੰਜਾਬ) ਦੇ ਜੰਮਪਲ ਸਨ; ਬੀ. ਏ. ਦਿੱਲੀ ਤੋਂ ਤੇ ਐਮ. ਏ. ਗੌਰਮਿੰਟ ਕਾਲਜ ਲਾਹੌਰ ਤੋਂ ਕੀਤੀ
ਸੀ। ਉੱਥੋਂ ਸਰਕਾਰੀ ਵਜ਼ੀਫਾ ਲੈ ਕੇ, ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਆਕਸਫੋਰਡ (ਇੰਗਲੈਂਡ)
ਪਹੁੰਚੇ ਸਨ। ਉੱਥੇ ਸਾਵਰਕਰ ਦੇ ਸੰਪਰਕ ਤੇ ਵਿਦਿਆਰਥੀ ਜੀਵਨ ਦੀਆਂ ਔਕੜਾਂ ਦੇ ਅਨੁਭਵਾਂ ਨੇ
ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨ ਲਈ ਪ੍ਰੇਰਿਆ ਤੇ ਉਹ ਸਰਕਾਰੀ ਵਜ਼ੀਫੇ ਦਾ
ਤਿਆਗ ਕਰਕੇ ਅਮਰੀਕਾ ਪਹੁੰਚ ਗਏ। ਕੈਲੇਫੋਰਨੀਆ, ਔਰਗੇਨ ਤੇ ਵਸਿ਼ੰਗਟਨ ਵਿੱਚ ਉਨ੍ਹਾਂ ਨੇ
ਹਿੰਦੀ ਮਜ਼ਦੂਰਾਂ ਦੇ ਡੇਰਿਆਂ ਵਿੱਚ ਜਾ ਕੇ ਆਜ਼ਾਦੀ ਦੀ ਜੰਗ ਛੇੜਨ ਲਈ ਵੱਡੇ ਵੱਡੇ ਇਕੱਠਾਂ
ਵਿੱਚ ਲੈਕਚਰ ਦਿੱਤੇ। ਬਾਬਾ ਸੋਹਣ ਸਿੰਘ ਭਕਨਾ, ਪੰਡਤ ਕਾਂਸ਼ੀ ਰਾਮ, ਕੇਸਰ ਸਿੰਘ ਠੱਠਗੜ੍ਹ,
ਆਦਿ ਪਹਿਲਾਂ ਹੀ ਇਕ ਸੰਗਠਨ ਬਣਾਉਣ ਦੀ ਵਿਉਂਤ ਬਣਾ ਚੁੱਕੇ ਸਨ। ਹਰਦਿਆਲ ਦੇ ਜਾਣ ‘ਤੇ ਇਸ
ਵਿਉਂਤ ਨੂੰ ਅਮਲੀ ਰੂਪ ਦੇ ਕੇ, ਮਈ 1913 ਤੱਕ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’
ਨਾਂ ਦੀ ਜਥੇਬੰਦੀ ਖੜ੍ਹੀ ਕਰ ਲਈ ਗਈ। ਇਹੋ ਬਾਅਦ ਵਿੱਚ ‘ਗ਼ਦਰ ਪਾਰਟੀ’ ਦੇ ਨਾਂ ਨਾਲ
ਮਸ਼ਹੂਰ ਹੋਈ।
ਗ਼ਦਰ ਅਥਵਾ ਹਿੰਦੋਸਤਾਨ ਗ਼ਦਰ ਦੇ ਚੱਲ ਨਿਕਲਣ ਤੋਂ ਬਾਅਦ, (ਪਹਿਲੇ ਮਹਾਂਯੁੱਧ ਵਿੱਚ
ਅਮਰੀਕਾ ਦੇ ਸ਼ਾਮਲ ਹੋ ਜਾਣ ਕਰਕੇ), ਬਰਤਾਨੀਆ ਸਰਕਾਰ ਦੇ ਜ਼ੋਰ ਪਾਉਣ ‘ਤੇ ਅਮਰੀਕਾ ਸਰਕਾਰ
ਨੇ ਲਾਲਾ ਜੀ ਦੇ ਵਰੰਟ ਕੱਢ ਦਿੱਤੇ ਤੇ ਉਨ੍ਹਾਂ ਨੂੰ ਸਤੰਬਰ 1914 ਵਿੱਚ ਅਮਰੀਕਾ ਵਿੱਚੋਂ
ਨਿਕਲ ਕੇ, ਯੂਰਪ ਵਿੱਚ ਲੁਕ ਛਿਪ ਕੇ ਗ਼ਦਰ ਦਾ ਪਰਚਾਰ ਕਰਨਾ ਪਿਆ।
ਦੂਜੀ ਵੱਡੀ ਸੰਸਾਰ-ਜੰਗ ਛਿੜਨ ਤੋਂ ਪਹਿਲਾਂ ਉਹ ਮੁੜ ਅਮਰੀਕਾ ਚਲੇ ਗਏ ਸਨ। ਭਾਵੇਂ ਪਾਰਟੀ
ਨਾਲ ਹੁਣ ਉਨ੍ਹਾਂ ਦਾ ਰਾਬਤਾ ਨਹੀਂ ਸੀ ਰਿਹਾ, ਪਰ ਜੰਗ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ
ਉਨ੍ਹਾਂ ਨੂੰ ਭੇਤ ਭਰੇ ਢੰਗ ਨਾਲ ਫਿਲਡੈਲਫੀਆ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ
ਉਨ੍ਹਾਂ ਦੀ ਉਮਰ 55 ਸਾਲ 4 ਮਹੀਨੇ ਸੀ। (ਵਿਸਥਾਰ ਲਈ ਦੇਖੋ: ਧਰਮਵੀਰ, ਹਰਦਿਆਲ ਐਂਡ ਦੀ
ਰੈਵੋਲਿਊਸ਼ਨਰੀ ਮੂਵਮੈਂਟਸ ਆਫ਼ ਇਟਸ ਟਾਈਮ)।
ਲਾਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਬਾਅਦ ਥੋੜ੍ਹੇ ਚਿਰ ਲਈ ਅਖਬਾਰ ਦਾ ਕੰਮ ਹਰਨਾਮ
ਸਿੰਘ ਕੋਟਲਾ ਨੌਧ ਸਿੰਘ (ਟੁੰਡੀਲਾਟ) ਦੇ ਜਿ਼ੰਮੇ ਲੱਗਾ ਪਰ 1914-15 ਵਿੱਚ, ਜੰਗ ਦੇ
ਦੌਰਾਨ ਗ਼ਦਰ ਕਰਨ ਦੀ ਸਕੀਮ ਅਧੀਨ ਬਹੁਤ ਸਾਰੇ ਸਿਰਕੱਢ ਗ਼ਦਰੀ ਭਾਰਤ ਆ ਗਏ; ਭਗਵਾਨ ਸਿੰਘ
ਤੇ ਸੰਤੋਖ ਸਿੰਘ ਮਨੀਲਾ, ਚੀਨ, ਜਾਪਾਨ, ਸਿਆਮ ਤੇ ਬਰ੍ਹਮਾ ਵਿੱਚ ਸਰਗਰਮ ਰਹੇ। ਗ਼ਦਰ ਆਸ਼ਰਮ
ਤੇ ਅਖਬਾਰ ਦਾ ਕਾਰੋਬਾਰ ਪੰਡਤ ਰਾਮ ਚੰਦਰ ਪਸ਼ੌਰੀਏ ਦੇ ਹਵਾਲੇ ਹੋ ਗਿਆ।
ਪੰਡਤ ਰਾਮ ਚੰਦਰ ਪਿਸ਼ੌਰ ਦਾ ਰਹਿਣ ਵਾਲਾ ਸੀ ਤੇ ਕੈਨੇਡਾ ਵਿੱਚ ਪੜ੍ਹਨ ਲਈ ਗਿਆ ਸੀ। ਇਕ
ਵਾਰ ਭਾਰਤ ਆਇਆ ਤਾਂ ਕੈਨੇਡਾ ਸਰਕਾਰ ਨੇ ਉਸ ਨੂੰ ਮੁੜ ਕੇ ਕੈਨੇਡਾ ਨਹੀਂ ਸੀ ਵੜਨ ਦਿੱਤਾ।
ਤੇ ਉਹ ਸੀਆਟਲ (ਅਮਰੀਕਾ) ਚਲਾ ਗਿਆ ਸੀ ਤੇ ਪਿੱਛੋਂ ਜਾ ਕੇ ਉਹ ਗ਼ਦਰ ਆਸ਼ਰਮ ਤੇ ਗ਼ਦਰ
ਅਖਬਾਰ ਦਾ ਕਰਤਾ ਧਰਤਾ ਬਣ ਗਿਆ ਸੀ। ਗ਼ਦਰ ਇਤਿਹਾਸਕਾਰਾਂ ਵਿੱਚੋਂ ਕੁਝ ਇਕ ਦਾ ਮਤ ਹੈ ਕਿ
ਉਹ ਉਹ ਪਾਰਟੀ ਦੇ ਨਾਂ ‘ਤੇ ਜਰਮਨੀ ਤੋਂ ਪੈਸੇ ਲੈ ਕੇ ਖਾਂਦਾ ਰਿਹਾ, ਵਹੀ ਖਾਤਿਆਂ ਵਿੱਚ
ਘਪਲਾ ਕਰਦਾ ਰਿਹਾ ਤੇ ਇਸੇ ਪੈਸੇ ਵਿਚੋਂ ਉਸ ਨੇ ਆਪਣੇ ਇਕ ਅਮਰੀਕਨ ਮਿੱਤਰ ਲਿਊਸ ਤੇ ਉਸ ਦੀ
ਸ਼੍ਰੀ ਮਤੀ ਨੂੰ ਇਕ ਮਕਾਨ ਬਣਾ ਕੇ ਦਿੱਤਾ। ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਹੀ ਭਗਤ ਸਿੰਘ
ਬਿਲਗਾ ਨੇ ਉਸ ਨੂੰ ‘ਬੇਈਮਾਨ’ ਕਿਹਾ ਹੈ। (ਗ਼ਦਰ ਲਹਿਰ ਦੇ ਅਣਫੋਲੇ ਵਰਕੇ, ਪੰ. 111-112)।
ਗ਼ਦਰ ਦੇ ਫੇਲ੍ਹ ਹੋਣ ‘ਤੇ ਬਹੁਤ ਸਾਰੇ ਆਗੂ ਸ਼ਹੀਦ ਹੋ ਚੁੱਕੇ ਸਨ ਤੇ ਕਈਆਂ ਨੂੰ ਉਮਰ
ਕੈਦਾਂ ਤੇ ਲੰਮੀਆਂ ਸਜ਼ਾਵਾਂ ਦੇ ਕੇ ਕਾਲੇਪਾਣੀ ਭੇਜ ਦਿੱਤਾ ਗਿਆ ਸੀ। ਪਾਰਟੀ ਦੇ ਪ੍ਰਧਾਨ
ਭਾਈ ਭਗਵਾਨ ਸਿੰਘ ਪੂਰਬੀ ਦੇਸ਼ਾਂ ਵਿੱਚ ਸਰਗਰਮ ਸਨ। ਪਰ ਉਨ੍ਹਾਂ 1916 ਵਿੱਚ ਭਾਈ ਸੰਤੋਖ
ਸਿੰਘ ਤੇ ਰਾਮ ਸਿੰਘ ਧੁਲੇਤਾ ਆਦਿ ਨਾਲ ਸਾਨਫਰਾਂਸਿਸਕੋ ਪਹੁੰਚ ਕੇ ਦੇਖਿਆ ਕਿ ਰਾਮ ਚੰਦਰ ਨੇ
ਆਪਣਾ ਇਕ ਅੱਡ ਧੜਾ ਬਣਾ ਕੇ ਗ਼ਦਰ ਆਸ਼ਰਮ ਤੇ ਅਖਬਾਰ ‘ਤੇ ਕਬਜ਼ਾ ਕਰ ਲਿਆ ਹੈ। ਜਦੋਂ
ਉਨ੍ਹਾਂ ਨੇ ਵੀ ਜਰਮਨ ਸਰਕਾਰ ਨਾਲ ਤਾਲਮੇਲ ਕਰ ਲਿਆ (ਕਿਉਂਕਿ ਪਾਰਟੀ ਦੀ ਨੀਤੀ ਬਰਤਾਨੀਆ ਦੇ
ਦੁਸ਼ਮਣ, ਜਰਮਨੀ ਤੋਂ ਸਹਾਇਤਾ ਪ੍ਰਾਪਤ ਕਰਨ ਦੀ ਸੀ) ਤਾਂ ਰਾਮ ਚੰਦਰ ਦੀ ਪੋਲ ਚੰਗੀ ਤਰ੍ਹਾਂ
ਖੁਲ੍ਹ ਗਈ। ਪੈਸੇ ਦੇ ਹਿਸਾਬ ਕਿਤਾਬ ਤੋਂ ਝਗੜਾ ਹੋਇਆ ਤੇ ਰਾਮ ਚੰਦਰ ਨੂੰ ਪਾਰਟੀ ਵਿੱਚੋਂ
ਕੱਢ ਦਿੱਤਾ ਗਿਆ। ਦੂਜੇ ਪਾਸੇ ਰਾਮ ਚੰਦਰ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਉਨ੍ਹਾਂ ਤਿੰਨਾਂ
ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਪਰ ਭਾਈ ਭਗਵਾਨ ਸਿੰਘ ਦਾ ਧੜਾ ਗ਼ਦਰ ਆਸ਼ਰਮ ਉੱਤੇ ਕਾਬਜ਼
ਹੋ ਗਿਆ। ਰਾਮ ਚੰਦਰ ‘ਵੱਖਰੀ ਗ਼ਦਰ ਪਾਰਟੀ’ ਦਾ ਜਨਰਲ ਸਕੱਤਰ ਬਣਿਆ ਰਿਹਾ ਤੇ ਵੱਖਰੇ
ਹਿੰਦੋਸਤਾਨ ਗ਼ਦਰ ਦਾ ਸੰਪਾਦਕ ਵੀ। ਪਰਚਾ ਉਸ ਨੇ ਆਪਣੇ ਨਾਂ ਰਜਿਸਟਰ ਵੀ ਕਰਵਾ ਲਿਆ ਸੀ। ਪਰ
ਅਮਰੀਕਾ ਸਰਕਾਰ ਨੇ ਜਰਮਨੀ ਨਾਲ ਗੱਠਜੋੜ ਤੇ ਬਰਤਾਨਵੀ ਰਾਜ ਵਿਰੁੱਧ ਬਗਾਵਤੀ ਸਾਜਸ਼ ਰਚਣ ਦੇ
ਦੋਸ਼ ਵਿੱਚ ਦੋਹਾਂ ਧਿਰਾਂ ਦੇ ਗ਼ਦਰੀਆਂ ਉੱਤੇ ਮੁਕੱਦਮਾ ਚਲਾ ਦਿੱਤਾ। ਇਸ ਨੂੰ ਇਤਿਹਾਸ
ਵਿੱਚ ‘ਸਾਨਫਰਾਂਸਿਸਕੋ ਸਾਜਸ਼ ਕੇਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਡਤ ਰਾਮ ਚੰਦਰ
ਜ਼ਮਾਨਤ ਉੱਤੇ ਸੀ, ਪਰ ਜਦੋਂ 23 ਅਪ੍ਰੈਲ 1918 ਨੂੰ ਉਹ ਪੇਸ਼ੀ ਭੁਗਤਣ ਗਿਆ ਤਾਂ
ਸਾਨਫਰਾਂਸਿਸਕੋ ਦੀ ਕਚਹਿਰੀ ਵਿੱਚ ਉਸ ਨੂੰ ਰਾਮ ਸਿੰਘ ਧੁਲੇਤਾ ਨੇ ਗੋਲੀ ਮਾਰ ਕੇ ਮਾਰ
ਦਿੱਤਾ ਤੇ ਰਾਮ ਸਿੰਘ ਨੂੰ ਅਮਰੀਕਨ ਮਾਰਸ਼ਲ ਨੇ ਗੋਲੀ ਮਾਰ ਦਿੱਤੀ।
ਹਿੰਦੁਸਤਾਨ ਦੇ ਗ਼ਦਰ ਦੇ ਤੀਜੇ ਉਘੇ ਸੰਪਾਦਕ ਭਾਈ ਭਗਵਾਨ ਸਿੰਘ ਪ੍ਰੀਤਮ ਗ਼ਦਰ ਕਾਵਿ ਦੇ ਸਭ
ਤੋਂ ਵਧੀਆ ਤੇ ਮਸ਼ਹੂਰ ਕਵੀ ਹੋਏ ਹਨ। ਉਨ੍ਹਾਂ ਬਾਰੇ ਗ਼ਦਰੀ ਕਵੀਆਂ ਦੀ ਜਾਣ-ਪਛਾਣ
(ਅੰਤਕਾ-1) ਵਿੱਚ ਪੜ੍ਹੋ।
(4) ਯੁਗਾਂਤਰ (ਮਾਸਕ): ਸਾਨੂੰ ਇਸ ਦੇ ਜੂਨ, ਜੁਲਾਈ ਤੇ ਅਕਤੂਬਰ 1917 ਦੇ ਤਿੰਨ
ਅੰਕ ਪ੍ਰਾਪਤ ਹੋਏ ਹਨ। ਅਕਤੂਬਰ ਅੰਕ ਦੇ ਟਾਈਟਲ ਉੱਤੇ ਲਿਖਿਆ ਹੈ: ਜਿਲਦ ਨੰ. 1, ਪ੍ਰਚਾ
ਨੰ. 6, ਜਿਸ ਤੋਂ ਜ਼ਾਹਿਰ ਹੈ ਕਿ ਇਹ ਪੱਤਰ ਮਈ 1917 ਵਿੱਚ ਸ਼ੁਰੂ ਹੋਇਆ ਹੋਵੇਗਾ। ਕਿਸੇ
ਸਮੇਂ ਬੰਗਾਲ ਵਿੱਚ ਇਕ ਇਨਕਲਾਬੀ ਅਖਬਾਰ ਨਿਕਲਦਾ ਸੀ: ਯੁਗਾਂਤਰ, ਜਿਸ ਦਾ ਲਫਜ਼ੀ ਅਰਥ ਹੈ
ਯੁੱਗ ਦਾ ਅੰਤਰ ਜਾਂ ਯੁੱਗ –ਪਰਿਵਰਤਨ। ਸ਼ਾਇਦ ਇਸ ਪ੍ਰਭਾਵ ਅਧੀਨ ਪਾਰਟੀ ਦੇ ਦਫਤਰ ਦਾ ਨਾਂ
ਯੁਗਾਂਤਰ ਆਸ਼ਰਮ ਤੇ ਇਸ ਪਰਚੇ ਦਾ ਨਾਂ ਵੀ ਯੁਗਾਂਤਰ ਰੱਖਿਆ ਗਿਆ ਹੋਵੇਗਾ। ‘ਯੁਗਾਂਤਰ’
ਸ਼ਬਦ ਨੂੰ ‘ਯੁਗੰਤਰ’ ਤੇ ‘ਯੂਗਾਂਤ੍ਰ’ਵੀ ਲਿਖਿਆ ਜਾਂਦਾ ਰਿਹਾ ਹੈ। ਇਹ ਪਰਚਾ ਵੀ
ਹਿੰਦੁਸਤਾਨ ਗ਼ਦਰ ਪ੍ਰੈਸ ਵਿੱਚ ਹੀ ਛਪਦਾ ਸੀ ਤੇ ਇਸ ਦੇ ਸਰਵਰਕ ਉੱਤੇ ਭਾਰਤ ਦੇ ਨਕਸ਼ੇ
ਉੱਤੇ, ਸੱਜੇ ਹੱਥ ਵਿੱਚ ਤਲਵਾਰ ਧੂਹ ਕੇ ਖੜ੍ਹੀ ਭਾਰਤ ਮਾਂ ਤੇ ਉਸ ਦੇ ਉੱਪਰ ਬਿਗਲ ਵਜਾਉਂਦੇ
ਉੱਡਦੇ ਦੇਵਤਿਆਂ ਦਾ ਚਿਤ੍ਰ ਹੁੰਦਾ ਸੀ। ਵਿਚਕਾਰ ਦੇਵਨਗਰੀ ਲਿੱਪੀ ਵਿੱਚ ‘ਬੰਦੇ ਮਾਤ੍ਰਮ’
ਲਿਖਿਆ ਹੁੰਦਾ ਸੀ ਤੇ ਹੇਠਾਂ ਮਿਲਣ ਦਾ ਪਤਾ (ਦੇਖੋ: ਅੰਤਕਾ-2)
ਹਫਤਾਵਾਰ ਹਿੰਦੁਸਤਾਨ ਗ਼ਦਰ ਦੇ ਨਾਲ ਨਾਲ ਹੀ ਮਾਹਵਾਰੀ ਯੁਗਾਂਤਰ ਪ੍ਰਕਾਸ਼ਤ ਹੁੰਦਾ ਸੀ।
ਫਰਕ ਇਹ ਹੈ ਕਿ ਇਸ ਵਿੱਚ ਵਧੇਰੇ ਵਾਰਤਕ ਤੇ ਨਵੇਂ ਵਾਰਤਕ ਰੂਪਾਂ (ਮੌਲਿਕ ਜਾਂ ਅਨੁਵਾਦਤ
ਨਾਵਲੀ ਅੰਸ਼) ਨੂੰ ਥਾਂ ਦਿੱਤੀ ਜਾਂਦੀ ਸੀ। ਸੱਤਿਆ ਐੱਮ. ਰਾਏ ਅਨੁਸਾਰ ਜਦੋਂ ਪਾਰਟੀ ਦਾ
ਪੁਨਰ ਗਠਨ ਹੋਇਆ ਤੇ ਭਾਈ ਰਤਨ ਸਿੰਘ ਪਰਧਾਨ, ਭਾਈ ਸੰਤੋਖ ਸਿੰਘ ਜਨਰਲ ਸਕੱਤਰ ਤੇ ਭਾਈ ਸੰਤਾ
ਸਿੰਘ ਇਸ ਦੇ ਖਜ਼ਾਨਚੀ ਬਣੇ ਤਾਂ ਹਿੰਦੁਸਤਾਨ ਗ਼ਦਰ (ਸਪਤਾਹਕ) ਦੇ ਨਾਲ ਨਾਲ ਦੋ ਮਾਸਕ ਪੱਤਰ
ਵੀ ਆਰੰਭ ਕੀਤੇ ਗਏ: ਅੰਗਰੇਜ਼ੀ ਵਿੱਚ ਇੰਡੀਪੈਂਡੈਂਟ ਹਿੰਦੁਸਤਾਨ ਤੇ ਪੰਜਾਬੀ ਵਿੱਚ
ਯੁਗਾਂਤਰ। ਉਹ ਇਹ ਵੀ ਲਿਖਦੀ ਹੈ ਕਿ ਹਿੰਦੁਸਤਾਨ ਗ਼ਦਰ ਤੇ ਯੁਗਾਂਤਰ ਦੀਆਂ ਭਾਰਤ ਤੇ ਹੋਰ
ਦੇਸ਼ਾਂ ਨੂੰ ਪੰਝੀ-ਪੰਝੀ ਹਜ਼ਾਰ ਕਾਪੀਆਂ ਮੁਫਤ ਭੇਜੀਆਂ ਜਾਂਦੀਆਂ ਸਨ (ਦੋਖੋ: ਪੰਜਾਬੀ
ਹੀਰੋਇਕ ਟ੍ਰੈਡੀਸ਼ਨ)
ਯੁਗਾਂਤਰ ਵਿੱਚ ਟਰਕੀ, ਚੀਨ ਤੇ ਰੂਸ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਤਬਦੀਲੀਆਂ ਸੰਬੰਧੀ
ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਜਾਂਦਾ ਸੀ।
ਸੰਪਾਦਕ ਵਲੋਂ ਆਜ਼ਾਦ ਭਾਰਤ ਦੇ ਰਾਜ-ਪ੍ਰਬੰਧ ਤੇ ਗ਼ਦਰ ਪਾਰਟੀ ਦੇ ਅੰਤਮ ਨਿਸ਼ਾਨੇ, ਪਰਜਾ
ਰਾਜ ਸੰਬੰਧੀ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਸੰਪਾਦਕ ਸ਼ਾਇਦ ਭਗਵਾਨ ਸਿੰਘ ਪ੍ਰੀਤਮ ਸਨ।
ਇਸ ਪਰਚੇ ਦੀ ਕਿਤਾਬਤ ਉਨ੍ਹਾਂ ਦੀ ਹੀ ਹਥ-ਲਿਖਤ ਵਿੱਚ ਹੈ ਤੇ ‘ਪ੍ਰੀਤਮ’ ਦੀ ਉਸ ਲੰਮੀ
ਕਵਿਤਾ ਦਾ ਇਕ ਅੰਸ਼ ਵੀ ਯੁਗਾਂਤਰ ਦੇ ਅਕਤੂਬਰ ਅੰਕ ਵਿੱਚ ਪ੍ਰਕਾਸ਼ਤ ਹੈ ਜਿਹੜੀ ਪਿੱਛੋਂ
ਗ਼ਦਰ ਦੀ ਗੂੰਜ ਨੰ. 6 ਵਿੱਚ ਛਾਪੀ ਗਈ।
(5) ਹਿੰਦੁਸਤਾਨ ਗ਼ਦਰ (ਮਾਸਕ): ਗ਼ਦਰ ਪਾਰਟੀ, ਜੋ ਇਕ ਵਾਰ ਖਿੰਡ ਗਈ ਸੀ, ਦਾ
ਪੁਨਰ-ਸੰਗਠਨ 1927-28 ਵਿੱਚ ਹੋਇਆ, ਜਿਸ ਦਾ ਇਕ ਬਾਕਾਇਦਾ ਸੰਵਿਧਾਨ ਤਿਆਰ ਕੀਤਾ ਗਿਆ ਤੇ
ਸੋਵੀਅਤ ਯੂਨੀਅਨ ਦੇ ਸਮਾਜਵਾਦੀ ਇਨਕਲਾਬ ਨਾਲ ਵਾਪਰੀਆਂ ਤਬਦੀਲੀਆਂ ਦੀ ਰੌਸ਼ਨੀ ਵਿੱਚ
ਨਵੀਂਆਂ ਨੀਤੀਆਂ ਤਹਿ ਕੀਤੀਆਂ ਗਈਆਂ। ਗ਼ਦਰੀ ਕਵੀ ਨੇ ਰੂਸੀ ਇਨਕਲਾਬ ਨੂੰ ਵੀ ‘ਗ਼ਦਰ’ ਦਾ
ਹੀ ਨਾਂ ਦਿੱਤਾ ਤੇ ਹੁਣ ਉਹ ਭਾਰਤ ਵਿੱਚ ਉਸੇ ਤਰ੍ਹਾਂ ਦੇ ‘ਗ਼ਦਰ’ ਲਈ ਸੰਘਰਸ਼ਸ਼ੀਲ ਸੀ।
1917 ਤੋਂ ਪਹਿਲਾਂ ਵੀ ‘ਗ਼ਦਰੀ’ ‘ਰੂਸੀ ਦੇਸ਼ ਭਗਤਾਂ’ ਤੋਂ ਪ੍ਰਭਾਵਿਤ ਸਨ, ਪਰ ਰੂਸੀ
ਕ੍ਰਾਂਤੀ ਪਿੱਛੋਂ ਤਾਂ ਭਾਈ ਰਤਨ ਸਿੰਘ, ਭਾਈ ਸੰਤੋਖ ਸਿੰਘ ਤੇ ਹੋਰ ਕਈ ਆਗੂ ਰੂਸ ਜਾ ਕੇ
ਕਮਿਊਨਿਸਟ ਨੇਤਾਵਾਂ ਤੋਂ ਅਗਵਾਈ ਪ੍ਰਾਪਤ ਕਰ ਚੁੱਕੇ ਸਨ। ਭਾਈ ਸੰਤੋਖ ਸਿੰਘ ਤੇ ਹੋਰ
ਗ਼ਦਰੀਆਂ ਦੇ ਯਤਨਾਂ ਨਾਲ ਪੰਜਾਬ ਵਿੱਚ ਕਿਰਤੀ ਪਾਰਟੀ ਹੋਂਦ ਵਿੱਚ ਆ ਚੁੱਕੀ ਸੀ ਤੇ 1926
ਵਿੱਚ ਇਸ ਪਾਰਟੀ ਵਲੋਂ ਕਿਰਤੀ ਸਪਤਾਹਿਕ ਵੀ ਆਰੰਭ ਹੋ ਚੁੱਕਾ ਸੀ। ਅਸਲ ਵਿੱਚ ਮੈਡਮ ਕਾਹਮਾ
ਜਿਹੀਆਂ ਗ਼ਦਰ-ਪ੍ਰੇਰਕ ਹਸਤੀਆਂ ਦਾ 1906-7 ਤੋਂ ਹੀ ਕਮਿਊਨਿਸਟ ਇੰਟਰਨੈਸ਼ਨਲ ਨਾਲ ਸੰਪਰਕ
ਸੀ, ਪਰ ਭਾਈ ਸੰਤੋਖ ਸਿੰਘ ਤਾਂ ਲੈਨਿਨ ਨਾਲ ਵਿਚਾਰ ਵਟਾਂਦਰਾ ਕਰਕੇ ਕਮਿਊਨਿਸਟ ਇੰਟਰਨੈਸ਼ਨਲ
ਤੋਂ ਸਿੱਧੀ ਸਿਆਸੀ ਅਗਵਾਈ ਲੈ ਰਹੇ ਸਨ। ਬਰਕਤੁੱਲਾ (ਜਿਨ੍ਹਾਂ ਨੇ ਰਾਜਾ ਮਹਿੰਦਰ ਪ੍ਰਤਾਪ
ਨਾਲ ਮਿਲ ਕੇ ਕਾਬਲ (ਅਫਗਾਨਿਸਤਾਨ) ਵਿੱਚ ਆਰਜ਼ੀ ਆਜ਼ਾਦ ਹਿੰਦ ਸਰਕਾਰ ਕਾਇਮ ਕਰਕੇ ਕਾਫੀ
ਦੇਰ ਚਲਾਈ ਸੀ) ਵੀ ਇਨ੍ਹਾਂ ਦੇ ਨਾਲ ਸਨ। ਕਿਰਤੀ-ਕਿਸਾਨ ਪਾਰਟੀ ਦੀ ਨੀਤੀ ਬਰਤਾਨਵੀ ਸਾਮਰਾਜ
ਤੋਂ ਆਜ਼ਾਦ ਹੋ ਕੇ, ਭਾਰਤ ਵਿੱਚ ਸਮਾਜਵਾਦੀ ਸਮਾਜ ਪ੍ਰਬੰਧ ਸਥਾਪਿਤ ਕਰਨ ਦੀ ਸੀ। ਇਸੇ
ਉਦੇਸ਼ ਨਾਲ ਭਾਰਤੀ ਕਮਿਊਨਿਸਟ ਪਾਰਟੀ ਵੀ ਬਣ ਚੁੱਕੀ ਸੀ।
ਸੋਵੀਅਤ ਯੂਨੀਅਨ ਤੋਂ ਇਹ ਨਵੀਂ ਸਿਧਾਂਤਕ ਚੇਤਨਾ ਲੈ ਕੇ ਬਾਬਾ ਗੁਰਮੁਖ ਸਿੰਘ ਲਲਤੋਂ, ਤੇਜਾ
ਸਿੰਘ ਸੁਤੰਤਰ, ਅੱਛਰ ਸਿੰਘ ਛੀਨਾ, ਰਤਨ ਸਿੰਘ ਆਦਿ ਆਗੂ ਸਮਾਜਵਾਦੀ ਇਨਕਲਾਬ ਦੇ ਹਾਮੀ ਬਣ
ਕੇ ਸਾਨਫਰਾਂਸਿਸਕੋ ਪਹੁੰਚ ਗਏ ਸਨ ਅਤੇ ਇਨ੍ਹਾਂ ਨੇ ਹੀ ਗ਼ਦਰ ਪਾਰਟੀ ਨੂੰ ਉੱਥੇ ਜਾ ਕੇ ਮੁੜ
ਜਥੇਬੰਦ ਕੀਤਾ ਸੀ। ਇਸ ਨਵੀਂ ਜਥੇਬੰਦੀ ਨੇ ਹਿੰਦੁਸਤਾਨ ਗ਼ਦਰ ਮੁੜ ਚਾਲੂ ਕੀਤਾ, ਪਰ ਹੁਣ ਇਸ
ਨੂੰ ਸਪਤਾਹਕ ਦੀ ਥਾਂ ਮਾਸਕ ਕਰ ਦਿੱਤਾ ਗਿਆ। ਹੁਣ ਇਹ ਹੱਥ ਨਾਲ ਨਹੀਂ ਸੀ ਲਿਖਿਆ ਜਾਂਦਾ,
ਸਗੋਂ ਨਵੇਂ ਗੁਰਮੁਖੀ ਟਾਈਪ (ਅੱਖਰਾਂ) ਵਿੱਚ ਕੰਪੋਜ ਹੋ ਕੇ ਛਪਦਾ ਸੀ। ਇਹ ਟਾਇਪ ਜਰਮਨੀ
ਤੋਂ ਮੰਗਵਾਇਆ ਗਿਆ ਸੀ (ਦੇਖੋ ਬਾਬਾ ਬਿਲਗਾ ਦੀ ਪੁਸਤਕ, ਪੰ. 160)। ਬਕੌਲ ਨਾਵਲਕਾਰ ਕੇਸਰ
ਸਿੰਘ, ਇਸ ਦਾ ਪਹਿਲਾ ਅੰਕ ਮਾਰਚ 1929 ਵਿੱਚ ਨਿਕਲਿਆ, ਪਰ ਉਸੇ ਸਾਲ ਬਹੁਤ ਸਾਰੇ ਉਕਤ
ਗ਼ਦਰੀ ਵਿਚਾਰਧਾਰਕ ਤੇ ਫੌਜੀ ਸਿਖਲਾਈ ਲੈਣ ਲਈ ਸੋਵੀਅਤ ਰੂਸ ਨੂੰ ਚਲੇ ਗਏ ਤੇ ਅਗਸਤ 1930
ਦਾ ਅੰਕ ਛਾਪ ਕੇ ਇਹ ਪਰਚਾ ਬੰਦ ਹੋ ਗਿਆ।
ਸਪਤਾਹਕ ਹਿੰਦੋਸਤਾਨ ਗ਼ਦਰ ਦੀਆਂ ਰਵਾਇਤਾਂ ਅਨੁਸਾਰ ਇਸ ਉੱਤੇ ਵੀ ਕਿਸੇ ਸੰਪਾਦਕ ਦਾ ਨਾਂ
ਨਹੀਂ ਸੀ ਹੁੰਦਾ ਤੇ ਕਿਸੇ ਕਵੀ ਦੀ ਕਵਿਤਾ ਉਸ ਦੇ ਅਸਲੀ ਨਾਂ ਥੱਲੇ ਨਹੀਂ ਸੀ ਛਾਪੀ ਜਾਂਦੀ
(ਦੇਖੋ ਅੰਤਕਾ-2 ਵਿੱਚ ਅਕਤੂਬਰ 1929 ਦਾ ਟਾਈਟਲ)
(6) ਹਿੰਦੋਸਤਾਨ ਸਾਨਫਰਾਂਸਿਸਕੋ (ਮਾਸਕ): ਇਹ ਪਰਚਾ ਇਕ ਤਰ੍ਹਾਂ ਹਿੰਦੋਸਤਾਨ ਗ਼ਦਰ
ਦੇ ਬਰਾਬਰ ਤੇ ਵਿਰੋਧ ਵਿੱਚ ਕੱਢਿਆ ਗਿਆ। ਇਸ ਦਾ ਕਾਰਨ ਇਹ ਸੀ ਕਿ ਗ਼ਦਰ ਪਾਰਟੀ, ਬੱਬਰ
ਅਕਾਲੀ, ਕਿਰਤੀ-ਕਿਸਾਨ ਤੇ ਹਿੰਦੋਸਤਾਨ ਰਿਪਬਲਿਕਿਨ ਸੋਸ਼ਲਿਸਟ ਐਸੋਸੀਏਸ਼ਨ, ਆਦਿ ਖਾੜਕੂ
ਜਥੇਬੰਦੀਆਂ ਦੇ ਦਬਾਅ ਹੇਠ ਕਾਂਗਰਸ ਪਾਰਟੀ ਨੂੰ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕਰਕੇ
ਲੋਕਾਂ ਦੇ ਵਧੇਰੇ ਨੇੜੇ ਜਾਣ ਤੇ ਲੋਕ ਲਹਿਰਾਂ ਨੂੰ ਆਪਣੀ ਸਰਦਾਰੀ ਹੇਠ ਚਲਾਉਣ ਦੀ ਲੋੜ ਪੈ
ਗਈ ਸੀ। ਇਸ ਨੇ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਂਪਦੇ ਹੋਏ ਬਰਤਾਨਵੀ ਰਾਜ ਦਾ ਤਿੱਖਾ
ਵਿਰੋਧ ਕਰਨਾ ਆਰੰਭ ਦਿੱਤਾ ਤੇ ‘ਪੂਰਨ ਸਵਰਾਜ’ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ। ਇਸ ਬਦਲੀ
ਹੋਈ ਸਥਿਤੀ ਵਿੱਚ ਪੰਜਾਬ ਦੇ ਅੰਦਰ ਤੇ ਬਾਹਰ ਦੇ ਗ਼ਦਰੀਆਂ ਵਿੱਚ ਵੀ ਪੁਨਰ-ਵਿਚਾਰ ਸ਼ੁਰੂ
ਹੋ ਗਈ। ਜਿਵੇਂ ਕਾਂਗਰਸ ਲੋਕ-ਲਹਿਰਾਂ ਵੱਲ ਆਈ, ਗ਼ਦਰੀਆਂ ਵਿੱਚੋਂ ਵੀ ਕੁਝ ਵਿਅਕਤੀ ਕਾਂਗਰਸ
ਵੱਲ ਖਿਸਕਣੇ ਸ਼ੁਰੂ ਹੋ ਗਏ। ਇਸ ਦਾ ਅਸਰ ਅਮਰੀਕਾ ਵਿਚਲੇ ਗ਼ਦਰੀਆਂ ਉੱਤੇ ਵੀ ਹੋਇਆ। ਉੱਥੇ
ਵੀ ਇਕ ਅਜਿਹਾ ਧੜਾ ਪੈਦਾ ਹੋ ਗਿਆ ਜਿਹੜਾ ਆਲ ਇੰਡਿਆ ਕਾਂਗਰਸ ਦੀਆਂ ਨਵੀਂਆਂ ਨੀਤੀਆਂ ਦਾ
ਸਮਰਥਨ ਕਰਦਾ ਸੀ। ਤੇ ਉਸ ਨੇ ‘ਹਿੰਦੋਸਤਾਨ ਨੈਸ਼ਨਲ ਪਾਰਟੀ’ ਬਣਾ ਕੇ ਉੱਥੋਂ ਹੀ ਹਿੰਦੋਸਤਾਨ
ਨਾਂ ਦਾ ਸਮਾਨਾਂਤਰ ਪਰਚਾ ਕੱਢਿਆ, ਜਿਸ ਵਿੱਚ ਬਰਤਾਨੀਆ ਸਰਕਾਰ ਤੋਂ ਆਜ਼ਾਦ ਹੋਣ ਲਈ ਅਹਿੰਸਕ
ਯੁੱਧ-ਨੀਤੀ ਤੇ ਜ਼ੋਰ ਦਿੱਤਾ ਜਾਂਦਾ ਸੀ, ਜਦ ਕਿ ਹਿੰਦੋਸਤਾਨ ਗ਼ਦਰ ਦੇ ਕਵੀਆਂ ਵੱਲੋਂ
ਅਹਿੰਸਾ, ਸ਼ਾਂਤੀ ਤੇ ਗਾਂਧੀਵਾਦ ਦੀ ਨਿਖੇਧੀ ਕੀਤੀ ਜਾਂਦੀ ਸੀ। ਤਾਂ ਵੀ ਹਿੰਦੋਸਤਾਨ
ਵਿੱਚੋਂ ਕੁੱਝ ਅਜਿਹੀਆਂ ਕਵਿਤਾਵਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚ ਦੇਸ਼ ਭਗਤੀ ਤੇ
ਗ਼ਦਰੀਆਂ ਦੀ ਸਿਫਤ ਤੇ ਕਾਂਗਰਸ ਦੀਆਂ ਕਮਜ਼ੋਰੀਆਂ ਦੀ ਨਿੰਦਾ ਮਿਲਦੀ ਹੈ। ਭਾਵੇਂ ਇਨ੍ਹਾਂ
ਵਿੱਚ ਗਦਰੀਆਂ ਦੀ ਜੰਗੀ ਨੀਤੀ ਦੀ ਮੁਖਾਲਫਤ ਹੈ, ਪਰ ਗ਼ਦਰੀ ਸ਼ਹੀਦਾਂ ਨੂੰ ਅਕੀਦਤ ਪੇਸ਼
ਕਰਦਿਆਂ ਇਨ੍ਹਾਂ ਕਵੀਆਂ ਨੇ ਆਪਣੇ ਆਪ ਨੂੰ ਗ਼ਦਰੀ ਕਿਹਾ ਹੈ। ਇਸ ਦੇ ਸੰਪਾਦਕ ਅਤੇ ਪਰਚੇ ਦੀ
ਦਿੱਖ ਬਾਰੇ ਕੋਈ ਵੇਰਵਾ ਪ੍ਰਾਪਤ ਨਹੀਂ।
(7) ਇੰਡਿਆ ਐਂਡ ਕੈਨੇਡਾ (ਹਫਤਾਵਾਰੀ): ਕਰਤਾਰ ਸਿੰਘ ਹੁੰਦਲ ‘ਅਕਾਲੀ’ ਨੇ ਪਾਰਟੀ
ਰਾਜਨੀਤੀ ਤੋਂ ਵਿੱਥ ‘ਤੇ ਰਹਿ ਕੇ ਵੀ ਦੇਸ਼ ਦੀ ਆਜ਼ਾਦੀ ਤੇ ਨਵੇਂ ਸਮਾਜ ਦੀ ਉਸਾਰੀ ਲਈ
ਪੱਤਰਕਾਰ ਦੇ ਮੋਰਚੇ ਉੱਤੇ ਸਲਾਹੁਣਯੋਗ ਕੰਮ ਕੀਤਾ ਹੈ। ਗ਼ਦਰ ਪਾਰਟੀ ਦੀ ਸਥਾਪਨਾ ਤੋਂ ਵੀ
ਪਹਿਲਾਂ ਉਸ ਨੇ ਗੁਰਮੁਖੀ ਟਾਈਪ ਵਿੱਚ ਸਨਸਾਰ (ਜਾਂ ਸੰਸਾਰ) ਪ੍ਰਕਾਸ਼ਤ ਕੀਤਾ ਸੀ। 1930
ਵਿੱਚ ਉਸ ਨੇ ਵੈਨਕੂਵਰ ਤੋਂ ਨਵਾਂ ਹਫਤਾਵਾਰੀ ਇੰਡੀਆ ਐਂਡ ਕੈਨੇਡਾ ਆਰੰਭ ਕੀਤਾ। ਇਹ ਪਰਚਾ
ਵੀ ਖੂਬਸੂਰਤ ਗੁਰਮੁਖੀ ਟਾਈਪ ਵਿੱਚ ਛਪਦਾ ਸੀ। ਸਾਨੂੰ ਪ੍ਰਾਪਤ ਅੰਕ ਜਿਲਦ ਪਹਿਲੀ, ਨੰਬਰ
10, ਵੀਰਵਾਰ ਜੁਲਾਈ 1930 ਦਾ ਹੈ। ਇਸ ਦਾ ਮਤਲਬ ਹੈ ਕਿ ਇਹ ਪਰਚਾ ਦਸ ਹਫਤੇ ਪਹਿਲਾਂ, ਮਈ
1930 ਦੇ ਸ਼ੁਰੂ ਵਿੱਚ ਆਰੰਭ ਹੋਇਆ ਹੋਵੇਗਾ।
ਇਸ ਦੇ ਸਰਵਰਕ ਉੱਥੇ ਗੁਰਬਾਣੀ ਦੀ ਉਹੋ ਤੁਕ ਛਾਪੀ ਜਾਂਦੀ ਸੀ ਜੋ ਸੰਸਾਰ ਉੱਤੇ ਸੀ: ‘ਸਚ
ਸਭਨਾ ਹੋਇ ਦਾਰੂ ਪਾਪ ਕਡੈ ਧੋਇ’। ਪਰ ਉਸ ਤੋਂ ਹੇਠਾਂ ‘੧ਓ ਸਤਿਗੁਰ ਪ੍ਰਸਾਦ’ ਦੀ ਥਾਂ ਹੁਣ
‘੧ਓ ਵਾਹਿਗੁਰੂ ਜੀ ਕੀ ਫਤਹ’ ਲਿਖਿਆ ਜਾਣ ਲੱਗਾ ਸੀ। ਪੰਜ ਡਾਲਰ ਸਲਾਨਾ ਇਸ ਦਾ ਚੰਦਾ ਸੀ।
ਇਹ ਪਰਚਾ ਦੋ ਭਾਸ਼ਾਵਾਂ ਵਿੱਚ ਛਪਦਾ ਸੀ: ਅੱਧਾ ਪੰਜਾਬੀ ਵਿੱਚ ਤੇ ਅੱਧਾ ਅੰਗਰੇਜ਼ੀ ਵਿੱਚ।
ਪਰ ਸਾਨੂੰ ਪ੍ਰਾਪਤ ਅੰਕ ਦੇ ਸਰਵਰਕ ਉੱਤੇ ਦੋ ਨੋਟਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ
ਪਰਚੇ ਦੀ ਅੰਗਰੇਜ਼ੀ ਐਡੀਸ਼ਨ ਮਾਸਕ ਪੱਤਰ ਦੇ ਰੂਪ ਵਿੱਚ ਵੱਖਰੀ ਛਾਪੀ ਜਾਂਦੀ ਹੋਵੇਗੀ।
ਖੱਬੇ ਪਾਸੇ ਦਾ ਨੋਟ ਹੈ: ‘ਗੁਰਮੁਖੀ ਏਡੀਸ਼ਨ – ਇਹ ਅਖਵਾਰ ਹਰ ਵੀਰਵਾਰ ਨੂੰ ਪ੍ਰਦੇਸੀ
ਹਿੰਦੀ ਭਰਾਵਾਂ ਨੂੰ ਹਰ ਥਾਂ ਭਾਰਤ ਮਾਤਾ ਦੇ ਕੁਲ ਦੁਨੀਆਾਂ ਦੀਆਂ ਖਬਰਾਂ ਪੁਚੌਣ ਤੇ
ਉਨ੍ਹਾਂ ਨੂੰ ਖਬਰ-ਦਾਰ ਤੇ ਜਥੇਬੰਦ ਕਰਨ ਲਈ ਗੁਰਮੁਖੀ ਵਿੱਚ ਪ੍ਰਕਾਸ਼ਤ ਹੁੰਦਾ ਹੈ।” ਤੇ
ਸੱਜੇ ਪਾਸੇ ਲਿਖਿਆ ਹੈ: “ਅੰਗਰੇਜ਼ੀ ਏਡੀਸ਼ਨ – ਕੈਨੇਡਾ ਤੇ ਅਮਰੀਕਾ ਦੇ ਗੋਰਿਆਂ ਵਿਚ ਹਿੰਦ
ਤੇ ਹਿੰਦੀਆਂ ਦਾ ਕੌਮੀ ਤੇ ਮੁਲਕੀ ਪ੍ਰਚਾਰ ਫੇਲੌਣ ਲਈ ਹਰ ਮਹੀਨੇ ਅੰਗਰੇਜ਼ੀ ਵਿੱਚ ਛਪਦਾ
ਹੈ। ਉਸ ਦਾ ਸਾਲਾਨਾ ਚੰਦਾ ਸਿਰਫ ਦੋ ਡਾਲਰ ਹੈ।” (ਦੇਖੋ ਅੰਤਕਾ-2)
ਇਸ ਪਰਚੇ ਦੇ ਨੀਤੀ ਆਜ਼ਾਦ ਸੀ, ਪਰ ਉਪਰੋਕਤ ਨੋਟ ਵਿਚਲੇ ਉਦੇਸ਼ ਵਿੱਚ ਪਰਦੇਸੀ ਹਿੰਦੀਆਂ
ਨੂੰ ਜਥੇਬੰਦ ਕਰਨ ਵਾਲੀ ਗੱਲ ਤੋਂ ਦੇਸ਼ ਭਗਤਾਂ ਤੇ ਗਦਰ ਲਹਿਰ ਨਾਲ ਇਸ ਦੀਆਂ ਹਮਦਰਦੀਆਂ ਦਾ
ਸੰਕੇਤ ਮਿਲਦਾ ਹੈ। ਇਸੇ ਲਈ ਇਸ ਵਿੱਚ ਪ੍ਰਕਾਸ਼ਤ ਕਵਿਤਾਵਾਂ ਨੂੰ ਗ਼ਦਰ ਲਹਿਰ ਦੀ ਕਵਿਤਾ
ਵਿੱਚ ਸ਼ਾਮਲ ਕੀਤਾ ਗਿਆ ਹੈ।
(8) ਸੋਸ਼ਲ ਸੁਧਾਰ: ਖਾਲਸਾ ਦੀਵਾਨ ਸੁਸਾਇਟੀ (ਗੁਰਦੁਆਰਾ ਵੈਨਕੋਵਰ) ਵਲੋਂ 1942
ਵਿੱਚ ਸੋਸ਼ਲ ਸੁਧਾਰ ਨਾਂ ਦਾ ਪਰਚਾ ਜਾਰੀ ਕੀਤਾ ਗਿਆ। ਇਸ ਪਰਚੇ ਵਿੱਚ ਕਵਿਤਾਵਾਂ ਹੱਥ ਨਾਲ
ਲਿਖੀਆਂ ਜਾਂਦੀਆਂ ਸਨ ਤੇ ਉਹ ਗੁਰਦੁਆਰਿਆਂ ਵਿੱਚ ਪੜ੍ਹੀਆਂ ਜਾਂਦੀਆਂ ਸਨ ਤੇ ਜੋ ਕਵਿਤਾਵਾਂ
ਗੁਰਦੁਆਰਿਆਂ ਵਿੱਚ ਪੜ੍ਹੀਆਂ ਜਾਂਦੀਆਂ ਸਨ, ਉਹ ਇਸ ਵਿੱਚ ਲਿਖ ਕੇ ਵੰਡੀਆਂ ਜਾਂਦੀਆਂ ਸਨ।
ਇਹ ਪਰਚਾ ਸਿੱਖ ਫਿਰਕੇ ਨਾਲ ਤੇ ਸਿੱਖ ਸੰਸਥਾ ਨਾਲ ਸੰਬੰਧਤ ਸੀ, ਪਰ ਇਸ ਵਿੱਚ ਛਪੀਆਂ
ਕਵਿਤਾਵਾਂ ਦੀ ਸੁਰ ਦੇਸ਼ ਭਗਤੀ ਵਾਲੀ ਸੀ। ਇਹੋ ਕਾਰਨ ਹੈ ਕਿ ਕੁਝ ਕਵਿਤਾਵਾਂ ਇਸ ਵਿੱਚੋਂ
ਹੱਥਲੇ ਸੰਗ੍ਰਹਿ ਵਿੱਚ ਦਿੱਤੀਆਂ ਗਈਆਂ ਹਨ।
ਉਪਰੋਕਤ ਅਖਬਾਰਾਂ ਤੇ ਪੱਤਰਾਂ ਤੋਂ ਇਲਾਵਾ, ਸਾਨਫਰਾਂਸਿਸਕੋ ‘ਗ਼ਦਰ ਆਸ਼ਰਮ’ ਤੋਂ
ਕਿਤਾਬਚਿਆਂ ਦੇ ਰੂਪ ਵਿੱਚ ਹੋਰ ਵੀ ਬਹੁਤ ਕੁਝ ਛਾਪਿਆ ਜਾਂਦਾ ਰਿਹਾ ਹੈ, ਜਿਸ ਨੂੰ ‘ਗ਼ਦਰੀ
ਸਾਹਿਤ’ ਦਾ ਨਾਂ ਦਿੱਤਾ ਗਿਆ। ਇਸ ਗ਼ਦਰੀ ਸਾਹਿਤ ਦੇ ਪਰਚਾਰ ਲਈ ਗ਼ਦਰ ਦੀ ਗੂੰਜ ਨੰ. 6 ਦੀ
ਦੂਜੀ ਛਾਪ (1933) ਵਿੱਚ ਇਕ ਅਪੀਲ ਛਪੀ ਹੈ: ‘ਗ਼ਦਰੀ ਸਾਹਿਤ ਪੜ੍ਹੋ। ਇਸ ਤੋਂ ਗ਼ਦਰੀ
ਸਾਹਿਤ ਦੀ ਲੋੜ, ਸਾਰਥਿਕਤਾ ਤੇ ਇਸ ਦੀਆਂ ਸਿਆਸੀ ਔਕੜਾਂ ਦਾ ਪਤਾ ਲੱਗਦਾ ਹੈ:
ਗੁਲਾਮ ਹਿੰਦੁਸਤਾਨ ਦੇ ਬੰਧਨ ਕੱਟਣ ਵਾਸਤੇ ਤੜਪ ਰਹੇ ਕੌਮ ਪਰਸਤਾਂ ਨੂੰ ਇਨਕਲਾਬੀ ਰਸਤੇ ਪੁਰ
ਲਿਔਣਾ ਬੜਾ ਜ਼ਰੂਰੀ ਹੈ। ‘ਗ਼ਦਰ ਪ੍ਰੈਸ’ ਇਨਕਲਾਬੀ ਸਾਹਿਤ ਪੈਦਾ ਕਰਨ ਵਾਸਤੇ ਰਾਤ ਦਿਨ ਇਕ
ਕਰ ਰਿਹਾ ਹੈ ਤੇ ਅਣਖੀ ਹਿੰਦੁਸਤਾਨੀਆਂ ਨੂੰ ਦੁਸ਼ਮਣ ਪੁਰ ਕਰਾਰੀ ਸੱਟ ਮਾਰਨ ਵਾਸਤੇ ਵੰਗਾਰ
ਰਿਹਾ ਹੈ। ਬਦੇਸ਼ੀ ਹਕੂਮਤ ਵਾਸਤੇ ਮੌਤ ਦਾ ਸੁਨੇਹਾ ਲਜਾਣ ਵਾਲਾ ਏਹ ਗ਼ਦਰੀ ਸਾਹਿਤ ਸਿੱਧਾ
ਦੇਸ਼ ਨਹੀਂ ਭੇਜਿਆ ਜਾ ਸਕਦਾ, ਪਰ ਜੋ ਸੱਜਣ ਜੇਲ ਰੂਪੀ ਦੇਸ ਤੋਂ ਬਾਹਰ ਹਨ ਓਹ ਖੁਸ਼ਕਿਸਮਤ
ਹਨ ਕਿਉਂਕਿ ਉਹ ਹਰ ਤਰ੍ਹਾਂ ਦਾ ਇਨਕਲਾਬੀ ਸਾਹਿਤ ਸੁਖੈਨ ਹੀ ਹਾਸਲ ਕਰ ਸਕਦੇ ਹਨ ਤੇ ਕਈਆਂ
ਢੰਗਾਂ ਨਾਲ ਦੇਸ ਵਿੱਚ ਭੀ ਘੱਲ ਸਕਦੇ ਹਨ।
ਗ਼ਦਰੀ ਪੱਤਰਕਾਰੀ ਤੋਂ ਪ੍ਰਾਪਤ ਕਵਿਤਾ ਤੋਂ ਇਲਾਵਾ ਇਥੇ ਇਕ ਕਵਿਤਾ ਭਾਈ ਦਯਾ ਸਿੰਘ ਕਵੀਸ਼ਰ
ਦੀ ਦਿੱਤੀ ਜਾ ਰਹੀ ਹੈ, ਜੋ ਉਸ ਨੇ 1945-46 ਦੀ ਗੁਰਦੁਆਰਾ ਰਿਪੋਰਟ ਦੇ ਰੂਪ ਵਿੱਚ ਛਾਪ ਕੇ
ਸੰਗਤਾਂ ਨੂੰ ਭੇਂਟ ਕੀਤੀ। ਇਸ ਕਵਿਤਾ ਇਥੇ ਕੁਥਾਂ ਲਗਦੀ ਹੈ, ਪਰ ਇਸ ਦੀ ਦਸਤਾਵੇਜ਼ੀ
ਮਹੱਤਤਾ ਕਾਰਨ ਇਥੇ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇਕ ਕਵਿਤਾ ਬਾਬਾ ਹਰੀ ਸਿੰਘ
ਉਸਮਾਨ ਦੀ ਗਿਆਨੀ ਕੇਸਰ ਸਿੰਘ ਨੂੰ ਲਿਖੀ ਚਿੱਠੀ ਦੇ ਰੂਪ ਵਿੱਚ ਹੈ। ਇਕ-ਅੱਧ ਹੋਰ
ਵਿਕੋਲਿਤਰੀ ਕਵਿਤਾ ਵੀ ਇਸ ਸੰਗ੍ਰਹਿ ਵਿੱਚ ਸ਼ਾਮਲ ਕਰ ਲਈ ਗਈ ਹੈ।
ਗ਼ਦਰ ਲਹਿਰ ਦੀ ਇਹ ਸਾਰੀ ਕਵਿਤਾ ਪੰਜਾਬੀਆਂ ਦੇ ਪਰਦੇਸੀ ਜੀਵਨ, ਇਤਿਹਾਸ, ਰਾਜਨੀਤੀ,
ਸਭਿਆਚਾਰਕ ਸਰੋਕਾਰ, ਪੰਜਾਬੀ ਬੋਲੀ ਤੇ ਕਾਵਿ-ਸਿ਼ਲਪ ਦੀ ਸਹਿਜ ਯੋਗਤਾ ਦੇ ਕਈ ਪੱਖਾਂ ਤੋਂ
ਬਹੁਤ ਮਹੱਤਵਪੂਰਨ ਹੈ। ਗ਼ਦਰੀ ਸਾਹਿਤ ਦੀ ਸੰਪੂਰਨ ਖੋਜ ਤੇ ਪ੍ਰਕਾਸ਼ਨ ਤੋਂ ਬਾਅਦ ਵੀਹਵੀਂ
ਸਦੀ ਦੇ ਪੰਜਾਬੀ ਸਾਹਿਤ, ਬੋਲੀ ਤੇ ਪੰਜਾਬ ਦੀ ਸਿਆਸੀ ਸਭਿਆਚਾਰਕ ਚੇਤਨਾ ਦੇ ਵਿਕਾਸ ਦੀ
ਕਹਾਣੀ ਨਵੇਂ ਸਿਰਿਓਂ ਲਿਖੀ ਜਾਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ। ਹਥਲੇ ਕਾਵਿ-ਸੰਗ੍ਰਹਿ ਦੇ
ਅਜਿਹੇ ਮਹੱਤਵ ਦੀ ਚਰਚਾ ਹੇਠ ਲਿਖੇ ਸਿਰਲੇਖਾਂ ਵਿੱਚ ਵੰਡ ਕੇ ਕੀਤੀ ਜਾ ਸਕਦੀ ਹੈ।
(1) ਪਰਦੇਸ ਦੇ ਮਾਮਲੇ
(2) ਇਤਿਹਾਸਕ ਸੰਦਰਭ
(3) ਸਿਆਸੀ ਪਰਿਵੇਸ਼, ਪਰਿਪੇਖ ਤੇ ਪ੍ਰਤੀਬੱਧਤਾ
(4) ਸਭਿਆਚਾਰਕ ਤੇ ਭਾਸ਼ਾਈ ਸਰੋਕਾਰ
(5) ਕਾਵਿ-ਚੇਤਨਾ ਤੇ ਕਾਵਿ ਸਿ਼ਲਪ
(1)
ਪਰਦੇਸ ਦੇ ਮਾਮਲੇ
ਗ਼ਦਰੀ ਕਾਵਿ ਪਰਦੇਸੀਂ ਗਏ ਪੰਜਾਬੀਆਂ ਦੀ ਰਚਨਾ ਹੈ। ਉਨ੍ਹਾਂ ਲਈ ਸਭ ਤੋਂ ਪਹਿਲਾਂ ਤੇ ਵੱਡਾ
ਮਾਮਲਾ ਤਾਂ ਘਰੋਂ ਬੇਘਰ ਹੋ ਕੇ ਪਰਦੇਸਾਂ ਵਿੱਚ ਜਾ ਵਸਣ ਲਈ ਮਜ਼ਬੂਰ ਹੋਣਾ ਹੀ ਸੀ, ਜਿਸ ਦਾ
ਮੂਲ ਕਾਰਨ ਦੀ ਦੇਸ਼ ਦੀ ਗੁਲਾਮੀ:
ਅਸੀਂ ਵਤਨ ਵਾਲੇ ਪਰਦੇਸ ਰੁਲਦੇ
ਇਹ ਫਰੰਗ ਸਾਡਾ ਦੇਸ ਮੱਲ ਗਿਆ ਜੇ।
ਉਨ੍ਹੀਵੀਂ ਸਦੀ ਦੇ ਅੰਤ ਵਿੱਚ, ਬਰਤਾਨੀਆ ਸਰਕਾਰ ਵਲੋਂ ਨਵੇਂ ਸੁਧਾਰਾਂ ਦੀ ਆੜ ਵਿੱਚ
ਪੰਜਾਬੀ ਕਿਸਾਨੀ ਉੱਤੇ ਠੋਸੇ ਨਵੇਂ ਮਾਮਲਿਆਂ, ਆਬਿਆਨਿਆਂ ਤੇ ਕਰਜਿ਼ਆਂ ਨੇ ਤਿੰਨ ਲਾਇਲਾਜ
ਬਿਮਾਰੀਆਂ ਦਿੱਤੀਆਂ: ‘ਕਾਲ ਪਲੇਗ ਤੇ ਗਰੀਬੀ’। ਕਿਸਾਨੀ ਦੇ ਸਾਹਮਣੇ ਇਨ੍ਹਾਂ ਤੋਂ ਛੁਟਕਾਰੇ
ਦੇ ਰਾਹ ਵੀ ਤਿੰਨ ਹੀ ਸਨ: ਫੌਜ ਦੀ ਨੌਕਰੀ, ਹੋਰ ਛੋਟੀਆਂ ਨੌਕਰੀਆਂ ਤੇ ਪਰਦੇਸ। “ਵੀਹਵੀਂ
ਸਦੀ ਦੇ ਆਰੰਭ ਵਿੱਚ ਪੰਜਾਬ ਦੇ ਰਾਜਸੀ ਤੇ ਆਰਥਿਕ ਕਾਰਨਾਂ ਨੇ ਹਜ਼ਾਰਾਂ ਪੰਜਾਬੀ ਕਿਸਾਨਾਂ
ਨੂੰ ਮਜਬੂਰੀਆਂ {ਮਜ਼ਦੂਰੀਆਂ?} ਕਰਕੇ ਆਪਣਾ ਪੇਟ ਪਾਲਣ, ਕਰਜ਼ੇ ਉਤਾਰਨ ਤੇ ਜੀਵਨ ਨੂੰ
ਖੁਸ਼ਹਾਲ ਬਨਾਣ ਲਈ ਪ੍ਰਦੇਸਾਂ ਵੱਲ ਧੱਕ ਕੇ ਬਾਹਰ ਕੱਢਿਆ। ਇਨ੍ਹੀ ਦਿਨੀਂ ਅਮਰੀਕਾ ਤੇ
ਕੈਨੇਡਾ ਵਿੱਚ ਸਰਮਾਏਦਾਰੀ ਢੰਗ ਉੱਤੇ ਨਵੀਂਆਂ ਜ਼ਮੀਨਾਂ ਆਬਾਦ ਹੋ ਰਹੀਆਂ ਸਨ। ਸਰਮਾਏਦਾਰਾਂ
ਲਈ ਸਸਤੇ, ਮਜ਼ਬੂਤ ਤੇ ਚੰਗੇ ਕਾਮੇ ਮਜੂਰਾਂ ਦੀ ਬਹੁਤ ਲੋੜ ਸੀ। ਪੰਜਾਬੀ ਕਿਸਾਨਾਂ ਨੂੰ
ਜਦੋਂ ਕੈਨੇਡਾ ਤੇ ਅਮਰੀਕਾ ਵਿੱਚ ਮਜੂਰਾਂ ਦੀ ਲੋੜ ਤੇ ਉਥੇ ਪੰਜ ਛੇ ਛੇ ਰੁਪਏ ਰੋਜ਼ਾਨਾ ਦੀ
ਮਜੂਰੀ ਦੀ ਸੂਹ ਲੱਗੀ, ਤਾਂ ਉਨ੍ਹਾਂ ਨੇ ਉਧਰ ਨੂੰ ਵਹੀਰਾਂ ਘੱਤ ਦਿੱਤੀਆਂ। 1906-1913 ਤੱਕ
ਲਗਭਗ ਪੰਜ ਹਜ਼ਾਰ ਪੰਜਾਬੀ ਕਿਸਾਨ ਕੈਨੇਡਾ ਵਿੱਚ, ਇਤਨੇ ਕੁ ਹੀ ਅਮਰੀਕਾ ਵਿੱਚ ਪਹੁੰਚ ਗਏ
ਸਨ। ਕੈਨੇਡਾ ਤੇ ਅਮਰੀਕਾ ਵਿੱਚ ਭਾਰਤ ਦੇ ਹੋਰ ਪ੍ਰਾਂਤਾਂ ਦ ਕੁਝ ਲੋਕ ਵੀ ਗਏ ਪਰ ਉਨ੍ਹਾਂ
ਦੀ ਗਿਣਤੀ ਪੰਜਾਬੀ ਕਿਸਾਨਾਂ ਵਿੱਚ ਮਸਾਂ ਪੰਜ ਫੀ ਸਦੀ ਹੋਵੇਗੀ। ਪੰਜਾਬੀ ਕਿਸਾਨ ਮਜੂਰਾਂ
ਤੋਂ ਬਿਨਾਂ ਇਨ੍ਹਾਂ ਵਿੱਚ ਕੁਝ ਹਿੰਦੀ ਪਰਚਾਰਕ, ਵਿਦਿਆਰਥੀ ਤੇ ਵਪਾਰੀ ਵੀ ਸਨ।” (ਹੀਰਾ
ਸਿੰਘ ਦਰਦ, ਪੰਜਾਬੀ ਦੁਨੀਆਂ, ਫਰਵਰੀ 1960, ਪੰ. 14-15)
ਗਿਆਨੀ ਹੀਰਾ ਸਿੰਘ ਦਰਦ ਦਾ ਉਪਰੋਕਤ ਕਥਨ ਗ਼ਦਰ-ਲਹਿਰ ਤੇ ਗ਼ਦਰੀ ਕਾਵਿ ਦੇ ਜਮਾਤੀ ਕਿਰਦਾਰ
ਦਾ ਨਿਰਣਾ ਕਰਨ ਲਈ ਬਹੁਤ ਧਿਆਨਯੋਗ ਹੈ, ਪਰ ਇਥੇ ਅਸੀਂ ਪਰਵਾਸੀ ਜੀਵਨ ਦੇ ਕਠਨ ਅਨੁਭਵਾਂ ਦੇ
ਕਾਵਿ-ਪ੍ਰਗਟਾਵੇ ਦੀ ਹੀ ਗੱਲ ਕਰ ਰਹੇ ਹਾਂ। 1908 ਤੋਂ ਹੀ ਕੈਨੇਡਾ ਸਰਕਾਰ ਵਲੋਂ ਹਿੰਦੀਆਂ
ਦੀ ਆਮਦ ਉੱਤੇ ਲਗ ਰਹੀਆਂ ਰੋਕਾਂ ਨੇ ਪੰਜਾਬੀਆਂ ਨੂੰ ਆਪਣੇ ਘਰ, ਆਪਣੇ ‘ਦੇਸ਼’ ਦੀ ਹੋਂਦ
ਤੋਂ ਸੁਚੇਤ ਕੀਤਾ, ਬੇਵਤਨੀ ਨੇ ਇਨ੍ਹਾਂ ਨੂੰ ਵਤਨ-ਪ੍ਰਸਤੀ ਦਾ ਜਜ਼ਬਾ, ਨਵੀਂ ਗੁਲਾਮੀ ਨੇ
ਆਜ਼ਾਦੀ ਦਾ ਅਹਿਸਾਸ ਤੇ ਬੇਗਾਨਗੀ ਦੀ ਸਥਿਤੀ ਨੇ ਸਵੈ-ਪਛਾਣ ਦੀ ਸੋਝੀ ਦਿੱਤੀ:
ਘਰ ਤੋਂ ਬਗੈਰ ਅਸੀਂ ਨਹੀਂ ਸਜਦੇ
ਕੁਲੀ ਕੁਲੀ ਅਸੀਂ ਸਾਰੇ ਜਗ ਵਜਦੇ।
“ਜਦ ਇਨ੍ਹਾਂ ਪੰਜਾਬੀ ਕਿਸਾਨਾਂ ਨੇ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿੱਚ ਪੈਰ ਧਰਿਆ, ਵੱਖ ਵੱਖ
ਆਜ਼ਾਦ ਕੌਮਾਂ ਦੇ ਲੋਕਾਂ ਨਾਲ ਸੰਪਰਕ ਬਣਿਆ, ਨਵੀਂ ਦੁਨੀਆਂ ਦੀ ਆਜ਼ਾਦੀ ਦੀ ਹਵਾ ਲੱਗੀ ਅਤੇ
ਕਈ ਆਜ਼ਾਦ ਲੋਕਾਂ ਵਲੋਂ ‘ਕੁਲੀ, ਕੁਲੀ’, ‘ਗੁਲਾਮ ਹਿੰਦੀ’ ‘ਤੀਹ ਕਰੋੜ ਭੇਡਾਂ’ ਆਦਿ ਦੇ
ਦਿਲ ਵਿੰਨਵੇਂ ਤੀਰ ਵੱਜਣ ਲੱਗੇ, ਤਾਂ ਇਨ੍ਹਾਂ ਦੇ ਸੀਨੇ ਵਿੰਨੇ ਗਏ।” (ਦਰਦ) ਤੇ ਇਸ ਕਠੋਰ
ਸੱਚ ਨੂੰ ਇਉਂ ਸ਼ਬਦ-ਬੱਧ ਕੀਤਾ ਗਿਆ:
- ਘਰ ਸੌਹਰਿਆਂ ਦੇ ਨਹੀਂ ਢੋਈ ਮਿਲਦੀ,
ਨਹੀਂ ਪੇਕਿਆਂ ਦੇ ਸਾਨ ਥਾਨ ਕਿਧਰੇ।
- ਦੇਸੋਂ ਪੈਣ ਧੱਕੇ ਬਾਹਰ ਮਿਲੇ ਢੋਈ ਨਾ,
ਸਾਡੇ ਪਰਦੇਸੀਆਂ ਦਾ ਦੇਸ ਕੋਈ ਨਾ।
ਇਨ੍ਹਾਂ ਸਤਰਾਂ ਵਿੱਚ ਪਰਦੇਸੀ ਹਿੰਦੀ ਅਥਵਾ ਪੰਜਾਬੀ ਦੀ ਉਹ ਸੰਕਟਮਈ ਦਾਸਤਾਨ ਹੈ ਜਿਸ ਦੀ
ਜਾਣਕਾਰੀ ਤੋਂ ਬਿਨਾਂ ਇਨ੍ਹਾਂ ਦੇ ਭਾਵ-ਬੋਧ ਦੀ ਅਹਿਮੀਅਤ ਨੂੰ ਸਮਝਿਆ ਨਹੀਂ ਜਾ ਸਕਦਾ।
ਗ਼ਦਰ ਲਹਿਰ ਦੀ ਕਵਿਤਾ ਦਾ ਪਹਿਲਾ ਸਰੋਕਾਰ ਇਕ ਪਛੜੇ ਹੋਏ ਤੇ ਲੁੱਟੇ ਪੁੱਟੇ ਦੇਸ ਵਿੱਚੋਂ
ਗਈ ਪਰਦੇਸੀ ਕਿਸਾਨੀ ਦੀ ਉਸ ਮਨੋਦਸ਼ਾ ਨੂੰ ਪ੍ਰਗਟਾਵਾ ਦੇਣਾ ਸੀ ਜੋ ਪਰਦੇਸ ਦੇ ਸਮਾਜਕ
ਰਾਜਨੀਤਕ ਮਾਹੌਲ ਦੇ ਦਬਾਵਾਂ ਹੇਠ ਬਰੜਾ ਬਰੜਾ ਕੇ ਉੱਠਦੀ ਹੈ। ਇਹ ਕਵਿਤਾ ਰੁਦਨ ਨਹੀਂ,
ਬੜਬੜਾਹਟ ਹੈ। ਬਾਹਰੀ ਆਰਥਿਕ ਪ੍ਰਬੰਧ ਵਿੱਚ ਜਕੜੇ ਲੋਕਾਂ ਦੇ ਅੰਤਰਮੁਖੀ ਅਨੁਭਵਾਂ ਦੇ ਤਣਾਓ
ਨੂੰ ਪੇਸ਼ ਕਰਕੇ ਇਹ ਕਵਿਤਾ ਗੁਲਾਮੀ-ਆਜ਼ਾਦੀ ਦੇ ਥੀਮਕ ਤਣਾਉ ਨੂੰ ਸਿਰਜਦੀ ਹੈ। ਇਸ ਵਿੱਚ
ਜਿੱਥੇ ਆਪਣੀ ਤਤਕਲੀਨ ਸਥਿਤੀ ਤੋਂ ਪ੍ਰਾਪਤ ਅਹਿਸਾਸ-ਕਮਤਰੀ ਹੈ ਉੱਥੇ ਆਪਣੀ ਜੁਝਾਰ ਵਿਰਾਸਤ,
ਸਭਿਆਚਾਰ ਸਵੱਛ ਆਦਤਾਂ ਤੇ ਅਣਖ ਨਾਲ ਜੀਉਣ ਦੇ ਸਿਦਕ ਦਾ ਗੌਰਵ ਵੀ ਹੈ।
ਹਿੰਦ ਵਿੱਚ ਪਹਿਲਾਂ ਕੰਪਨੀ ਰਾਜ ਤੇ ਫਿਰ ਬਰਤਨਾਵੀ ਰਾਜ ਨੇ ਪੇਂਡੂ ਸਵੈ-ਨਿਰਭਰ ਆਰਥਿਕਤਾ
ਨੂੰ ਖਤਮ ਕਰਕੇ ਜ਼ਮੀਨੀ ਸੁਧਾਰਾਂ, ਰੇਲਾਂ, ਖਾਣਾਂ ਤੇ ਨਹਿਰਾਂ ਆਦਿ ਦੇ ਵਿਕਾਸ ਨਾਲ ਆਪਣੀ
ਇਜਾਰੇਦਾਰੀ ਅਧੀਨ, ਵਪਾਰੀ ਪੂੰਜੀ ਤੇ ਸ਼ਾਹੂਕਾਰੇ ਨੂੰ ਉਤਸ਼ਾਹਿਤ ਕੀਤਾ। ਪਰ 1857 ਦੇ
ਗ਼ਦਰ ਤੋਂ ਡਰ ਕੇ ਅਰਧ-ਜਗੀਰੂ, ਭੂਮੀਪਤੀ ਵਰਗ ਤੇ ਰਜਵਾੜਿਆਂ ਨੂੰ ਰਿਆਇਤਾਂ ਦੇ ਕੇ, ਤੇ
ਉਨ੍ਹਾਂ ਨਾਲ ਗੱਠਜੋੜ ਕਰਕੇ ਹਿੰਦ ਨੂੰ ਸਿਰਫ ਕੱਚੇ (ਅਥਵਾ ਮੰਡੀ ਦੇ) ਮਾਲ (ਨੀਲ, ਕਪਾਹ,
ਤੇ ਹੋਰ ਜਿਨਸਾਂ) ਦੀ ਖਾਣ ਤੇ ਬਰਤਾਨੀਆਂ ਦੇ ਕਾਰਖਾਨਿਆਂ ਵਿੱਚ ਬਣੇ ਮਾਲ ਦੀ ਖਪਤ-ਗਾਹ ਬਣਾ
ਕੇ ਰੱਖ ਦਿੱਤਾ। ਇਸ ਨਾਲ ਦੇਸ਼ ਦੇ ਸਨਅਤੀ ਤੇ ਤਕਨੀਕੀ ਵਿਕਾਸ ਵਿੱਚ ਖੜੋਤ ਪੈਦਾ ਹੋਈ;
ਨਵੇਂ ਪ੍ਰਬੰਧਕੀ ਸੁਧਾਰਾਂ ਕਾਰਨ ਕਿਸਾਨ ਕਰਜ਼ਈ ਹੋਇਆ ਤੇ ਗਰੀਬ ਵਰਗਾਂ ਵਿੱਚ ਵਾਧਾ ਹੋਇਆ।
ਅਮੀਰ ਗਰੀਬ ਦੇ ਹਿੱਤਾਂ ਦੀ ਟੱਕਰ ਦੇ ਤਿੱਖਾ ਹੋਣ ਨਾਲ ਆਮ ਆਦਮੀ ਲਈ ਆਧੁਨਿਕ
ਸਿੱਖਿਆ-ਸਾਧਨਾਂ ਦੇ ਵਿਕਾਸ, ਧਰਮ ਨਿਰਪੇਖ ਜੀਵਨ ਮੁੱਲਾਂ ਦੇ ਪਸਾਰੇ ਤੇ ਜਮਹੂਰੀ ਅਮਲ ਦੀ
ਰਫਤਾਰ ਵਿੱਚ ਅੜਿੱਕੇ ਪੈਦਾ ਹੋਏ। ਇਨ੍ਹਾਂ ਹਾਲਤਾਂ ਨੇ ਪੰਜਾਬ ਦੇ ਸਿੱਖ-ਹਿੰਦੂ-ਮੁਸਲਮਾਨ
ਕਿਸਾਨਾਂ, ਮਜ਼ਦੂਰਾਂ, ਨਾਮਕਟੇ ਫੌਜੀਆਂ, ਵਿਦਿਆਰਥੀਆਂ ਆਦਿ ਨੂੰ ਪਰਦੇਸਾਂ ਵੱਲ ਧੱਕਿਆ ਤੇ
ਉਹ ਇਕ ਹੋਰ ਗੁਲਾਮੀ ਵਿੱਚ ਪਹੁੰਚ ਗਏ। ਪੰਜਾਬ ਦੇ ਪੇਂਡੂ ਕਿਸਾਨ = ਫੌਜੀ ਅਮਰੀਕਾ ਕੈਨੇਡਾ
ਜਾ ਕੇ ਸ਼ਹਿਰੀ ਮਜ਼ਦੂਰ ਬਣੇ, ਖੇਤਾਂ, ਆਰਾ ਮਿੱਲਾਂ, ਤੇ ਰੇਲ ਪਟੜੀਆਂ ‘ਤੇ ਕੰਮ ਕੀਤਾ ਤੇ
ਨਵੇਂ ਸ਼ੋਸ਼ਣ ਦਾ ਸਿ਼ਕਾਰ ਹੋਏ। ਨਵੇਂ ਕੰਮਾਂ ਵਿੱਚ ਮਾਹਰ ਨਾ ਹੋਣ ਕਾਰਨ ਘੱਟ ਉਜਰਤ ਉੱਤੇ
ਮਜ਼ਦੂਰੀ, ਖਾਨਾਬਦੋਸ਼ੀ, ਅਸੰਗਠਨ, ਆਦਿ ਦੇ ਕਾਰਨ ਉਨ੍ਹਾਂ ਦਾ ਉਹੀ ਹਾਲ ਹੋਇਆ ਜੋ 1845-57
ਵਿੱਚ ਉਨ੍ਹਾਂ ਆਇਰਸ਼ ਕਿਸਾਨਾਂ ਦਾ ਹੋਇਆ ਸੀ ਜੋ ਅੰਗਰੇਜ਼ਾਂ ਦੀ ਕੀਤੀ ਤਬਾਹੀ ਦੇ ਫਲਸਰੂਪ
ਲਿਵਰਪੂਲ ਤੇ ਗਲਾਸਗੋ ਆ ਗਏ ਸਨ। ਪਿੱਛੇ ਦੇਸ਼ ਵਿੱਚ ਰਹਿ ਗਏ ਪਰਿਵਾਰਾਂ ਦਾ ਵਿਛੋੜਾ,
ਖੇਮੇ-ਝੁੱਗੀਆਂ-ਡੇਰਿਆਂ ਦੀ ਰਿਹਾਇਸ਼, ਘੱਟ ਖੁਰਾਕ, ਨਸਲੀ ਵਿਤਕਰੇ, ਨਫਰਤਾਂ ਤੇ ਹਿੰਸਕ
ਹਮਲਿਆਂ ਦਾ ਟਾਕਰਾ ਪਰਦੇਸੀ ਪੰਜਾਬੀ ਦੀਆਂ ਮੁਢਲੀਆਂ ਸੰਵੇਦਨਾਵਾਂ ਦਾ ਆਧਾਰ ਹਨ। ਨਸਲੀ
ਨਫਰਤ ਦਾ ਹਲਾ ਇਹ ਸੀ ਕਿ ਪੰਜਾਬੀ ਜਿਨ੍ਹਾਂ ਡੇਰਿਆਂ ਵਿੱਚ ਰਹਿੰਦੇ ਸਨ ਉੱਥੇ ਨਹਾਉਣ-ਧੋਣ
ਤੇ ਸ਼ੌਚ ਦਾ ਕੋਈ ਮਾਕੂਲ ਪ੍ਰਬੰਧ ਨਹੀਂ ਸੀ ਤੇ ਜਦੋਂ ਉਹ ਖੇਤਾਂ ਵਿੱਚ ਜਾਂਦੇ ਸਨ ਗੋਰੇ
ਲੋਕ ਉਨ੍ਹਾਂ ਉੱਤੇ ਹਮਲੇ ਕਰਦੇ ਸਨ। ਇੱਥੋਂ ਤੱਕ ਕਿ ਹਿੰਦੀਆਂ ਕੋਲ ਆਪਣੇ ਮੁਰਦੇ ਫੁਕਣ ਲਈ
ਥਾਂ ਨਹੀਂ ਸੀ। ਕੈਨੇਡਾ ਦੀ ਧਰਤੀ ‘ਤੇ ਪਹਿਲੀ ਮੌਤ 1907 ਵਿੱਚ ਅਰਜਨ ਸਿੰਘ ਨਾਂ ਦੇ
ਵਿਅਕਤੀ ਦੀ ਹੋਈ, ਜਿਸ ਦਾ ਸਸਕਾਰ ਲੁਕ-ਛਿਪ ਕੇ ਜੰਗਲ ਵਿੱਚ ਕੀਤਾ ਗਿਆ ਸੀ। (ਦੇਖੋ ਕੇਸਰ
ਸਿੰਘ, ਕੈਨੇਡੀਅਨ ਸਿੱਖਸ)। ਪਰ ਇਸੇ ਸੰਕਟਮਈ ਸਥਿਤੀ ਨੇ ਪੰਜਾਬੀਆਂ ਨੂੰ ਆਪਣੀ ਕਲਚਰ ਦਾ
ਗੌਰਵ, ਅਣਖ ਦੀ ਭਾਵਨਾ, ਏਕਤਾ ਦੀ ਮਹੱਤਤਾ ਤੇ ਹਥਿਆਰ-ਬੰਦ ਟੱਕਰ ਦੀ ਸੋਝ ਿਕਰਵਾਈ:
- ਅਜ ਰਹਿ ਗਏ ਅਸੀਂ ਬੇਅਣਖ ਕਾਇਰ
ਗਏ ਸੂਰਮੇ ਹਿੰਦ ਦੀ ਜਾਨ ਕਿੱਥੇ।
ਕਾਲਾ ਲੋਕ ਡਰਟੀ ਅਜ ਕੈਹਣ ਸਾਨੂੰ,
ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ।
- ਹਿੰਦੀ ਰਹਿਣਗੇ ਵਿੱਚ ਕਨੇਡੜੇ ਦੇ,
ਆਓ ਗਜ ਕੇ ਪਕ ਵਖਾ ਦੇਈਏ।
ਆਓ ਬੀਜ ਪੈਲੀ ਝੁੱਗੀ ਪਾ ਲਈਏ,
ਕਰਕੇ ਟਾਕਰੇ ਸੱਚ ਸੁਣਾ ਦੇਈਏ।
ਸੰਸਾਰ ਵਿੱਚ ਛਪੀ ਇਕ ਟਿੱਪਣੀ ਤੋਂ ਕਲਚਰ ਦੇ ਫਰਕਾਂ ਤੋਂ ਉਤਪੰਨ ਹੋਈਆਂ ਮੁਸ਼ਕਲਾਂ ਦੇ
ਤਿੱਖੇ ਪ੍ਰਤੀਕਰਮ ਦਾ ਸੰਕੇਤ ਮਿਲਦਾ ਹੈ:
2 ਅਕਤੂਬਰ ਵੈਨਕੂਵਰ ਸੈਂਟਰਲ ਸਕੂਲ ਦੇ ਪ੍ਰਿਨਸੀਪਲ ਨੇ 3 ਸਿੱਖ ਬਾਲਕਾਂ ਲਈ ਜੋ ਕਿ ਉੱਥੇ
ਦਾਖਲ ਹੋਣ ਲਈ ਗਏ ਸਨ ਹੁਕਮ ਦਿੱਤਾ ਹੈ ਕਿ ਜੇ ਉਹ ਪੜ੍ਹਨਾ ਚਾਹੁੰਦੇ ਹਨ ਤਾਂ ਸਕੂਲ ਵਿੱਚ
ਦਸਤਾਰਾਂ ਉਤਾਰ ਕੇ ਔਣ। ... ਉਮੈਦ ਹੈ ਕਿ ਸਿੱਖ ਕੌਮ ਜੇ ਜਿਉਂਦੀ ਹੈ ਤਾਂ ਇਸ ਆਪਣੀ ਕੌਮੀ
ਬੇਇਜ਼ਤੀ ਨੂੰ ਸੁਣ ਕੇ ਬਿਆਕਲ ਹੋਵੇਗੀ ਤੇ ਇਸ ਹੁਕਮ ਦੇ ਵਿਰੁੱਧ ਰੌਲਾ ਪੌਣ ਲਈ ਦੇਰ ਨਹੀਂ
ਲਾਵੇਗੀ।
ਕੈਨੇਡਾ ਦੀ ਧਰਤੀ ‘ਤੇ ਪੰਜਾਬੀਆਂ ਦਾ ਬਾਹਰਲੇ ਸਭਿਆਚਾਰਾਂ ਨਾਲ ਜੋ ਸੰਪਰਕ ਹੋਇਆ ਉਸ ਤੋਂ
ਉਨ੍ਹਾਂ ਨੂੰ ਇਲਮ ਦੀ ਅਹਿਮੀਅਤ, ਤਕਨੀਕੀ ਉੱਨਤੀ ਦਾ ਗਿਆਨ ਤੇ ਅਖਬਾਰਾਂ ਦੀ ਲੋੜ ਦਾ
ਅਹਿਸਾਸ ਹੋਇਆ। ਦੂਜੇ ਸਭਿਆਚਾਰਾਂ ਦੇ ਚੰਗੇ ਗੁਣ ਗ੍ਰਹਿਣ ਕਰਨ, ਵਪਾਰ ਤੇ ਹੋਰ ਧੰਦਿਆਂ
ਵਿੱਚ ਉੱਦਮ ਕਰਨ ਦੀ ਰੀਸ ਪੈਦਾ ਹੋਈ। ਕਈ ਕਵਿਤਾਵਾਂ ਵਿੱਚ ਨਵੇਂ ਯੁੱਗ ਦੀ ਨੁਹਾਰ ਦੀ ਝਲਕ
ਦੇ ਕੇ ਤੇ ਮਿੱਲਾਂ ਫੇਕਟਰੀਆਂ ਦੇ ਨਾਂ ਗਿਣਾ ਕੇ ਪੰਜਾਬੀਆਂ ਨੂੰ ਮਸ਼ੀਨੀ ਯੁੱਗ ਨਾਲ ਸਾਂਝ
ਪਾਉਣ ਲਈ ਪ੍ਰੇਰਤ ਕੀਤਾ ਗਿਆ। ਪਰ ਇਹ ਨਵੀਂ ਚੇਤਨਾ ਉਦੋਂ ਸਿਆਸੀ ਸੂਝ ਵਿੱਚ ਬਦਲਦੀ ਹੈ
ਜਦੋਂ ਕੈਨੇਡਾ ਸਰਕਾਰ ਹਿੰਦੀਆਂ ਨੂੰ ਉੱਥੋਂ ਕੱਢਣ ਦੀਆਂ ਗੋਦਾਂ ਗੁੰਦਦੀ ਤੇ ਨਵੇਂ ਕਾਨੂੰਨ
ਬਣਾਉਂਦੀ ਹੈ। ਨਵੇਂ ਕਾਨੂੰਨਾਂ ਵਿੱਚ ਪ੍ਰਮੁੱਖ ਸਨ: (1) ਹਿੰਦੀ ਆਪਣੇ ਪਰਿਵਾਰਾਂ ਨੂੰ
ਨਹੀਂ ਲਿਆ ਸਕਦੇ, (2) ਟੁੱਟਵੇਂ ਜਹਾਜ਼ ‘ਤੇ ਸਫਰ ਕਰਕੇ ਕੈਨੇਡਾ ਨਹੀਂ ਉਤਰ ਸਕਦੇ, ਤੇ (3)
ਕੈਨੇਡਾ ਪਹੁੰਚਣ ਲਈ ਹਰ ਕਿਸੇ ਕੋਲ 200 ਡਾਲਰ ਹੋਣੇ ਜ਼ਰੂਰੀ ਹਨ। 1908 ਵਿੱਚ, ਕੈਨੇਡਾ ਦੇ
ਸਭ ਹਿੰਦੀਆਂ ਨੂੰ ਗੁਲਾਮਾਂ ਵਾਂਗ ਹਾਂਡੂਰਸ ਟਾਪੂ ਵਿੱਚ ਭੇਜਣ ਦੀ ਸਕੀਮ ਬਣਾਈ ਗਈ, ਜੋ
ਸਿਰੇ ਨਾ ਚੜ੍ਹ ਸਕੀ। 5 ਅਗਸਤ 1913 ਦੇ ਸੰਸਾਰ ਵਿੱਚ ਲਿਖਿਆ ਹੈ: “ਦੋ ਹਫਤੇ ਤੋਂ
ਵਿਕਟੋਰੀਆਂ ਵਿਚ ਏਛੀਆ {ਏਸ਼ੀਆ} ਦੇ ਲੋਕਾਂ ਨੂੰ ਇਸ ਦੇਸ਼ ਵਿਚੋਂ ਕੱਢ ਦੇਣ ਲਈ ਤੁਫਾਨ ਮਚ
ਰਿਹਾ ਹੈ। ਗੋਰਿਆਂ ਨੇ ਬੜੇ ਬੜੇ ਕਠ ਕਰਕੇ ਇਸ ਕੁਮੇਟੀ ਏਛੀਐਟਿਕ ਐਕਸਕੁਲੀਉਯਨ ਲੀਗ ਬਨਾਈ
ਹੈ ਜਿਸ ਦਾ ਮਤਲਬ ਏਛੀਆ ਦੇ ਲੋਕਾਂ ਨੂੰ ਕਨੇਡਾ ਵਿੱਚੋਂ ਕੱਢਣਾ ਹੈ।”
ਦੋ ਸੋ ਡਾਲਰ ਦਿਖਾਉਣ ਦੀ ਸ਼ਰਤ ਪੂਰੀ ਕਰਨ ਦੇ ਤਾਂ ਪੰਜਾਬੀ ਯੋਗ ਸਨ, ਪਰ ਭਾਰਤ ਤੋਂ
ਕੈਨੇਡਾ ਸਿੱਧੇ ਜਹਾਜ਼ ਦੀ ਸ਼ਰਤ ਬੜੀ ਸਖਤ ਸੀ। ਇਸ ਕਾਨੂੰਨ ਦੇ ਵਿਰੁੱਧ ਕੈਨੇਡਾ ਵਾਸੀ
ਪੰਜਾਬੀਆਂ ਨੇ 1908 ਤੋਂ 1914 ਤੱਕ ਓਟਵਾ, ਲੰਡਨ ਤੇ ਇੰਡਿਆ ਨੂੰ ਡੈਪੂਟੇਸ਼ਨ ਭੇਜ ਭੇਜ ਕੇ
ਆਪਣੇ ਜਾਇਜ਼ ਅਧਿਕਾਰ ਪ੍ਰਾਪਤ ਕਰਨ ਲਈ ਵਿਧਾਨਕ ਲੜਾਈ ਲੜੀ। ਜਦੋਂ ਕੋਈ ਵਾਹ ਨਾ ਚੱਲੀ ਤਾਂ
ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਦਾ ਪ੍ਰਬੰਧ ਕੀਤਾ। ਇਹ ਜਹਾਜ਼ 21 ਮਈ ਤੋਂ 21
ਜੁਲਾਈ 1914 ਤੱਕ ਸਮੁੰਦਰ ਵਿੱਚ ਖੜ੍ਹਾ ਨਵੇਂ ਕਾਨੂੰਨ ਦਾ ਮੂੰਹ ਚਿੜਾਉਂਦਾ ਰਿਹਾ, ਲੜਦਾ
ਰਿਹਾ, ਪਰ ਮੁਸਾਫਰਾਂ ਨੂੰ ਕੈਨੇਡਾ ਉਤਰਨ ਦੀ ਇਜਾਜ਼ਤ ਨਾ ਦਿੱਤੀ ਗਈ। ਹਾਰ ਕੇ ਵਾਪਸ ਪਰਤਿਆ
ਤੇ ਬਜ ਬਜ ਘਾਟ ਦੇ ਸਾਕੇ ਨਾਲ ਇਹ ਮੁਹਿੰਮ ਸਮਾਪਤ ਹੋਈ। ਇਸ ਤੋਂ ਬਾਅਦ ਪਰਦੇਸ ਦੇ ਮਾਮਲੇ
ਕੇਵਲ ਪਰਦੇਸੀ ਸਮਾਜਕ ਜੀਵਨ ਦੇ ਸੰਕਟ ਨਾ ਰਹੇ, ਸਗੋਂ ਰਾਜਸੀ ਸੰਕਟਾਂ ਵਿੱਚ ਬਦਲ ਗਏ।
ਕਾਮਾਗਾਟਾਮਾਰੂ ਦੀ ਘਟਨਾ ਨੇ ਹਿੰਦੀਆਂ ਨੂੰ ਹਿੰਸਾ ਤੇ ਦਹਿਸ਼ਤ ਦਾ ਸਬਕ ਸਿਖਾਇਆ। ਨਿਹੱਥੇ
ਮੁਸਾਫਰਾਂ ਨੇ ਹਥਿਆਰ-ਬੱਧ ਕੈਨੇਡੀ ਪੁਲਿਸ ਦਾ ਟਾਕਰਾ ਜਹਾਜ਼ ਲੱਦੇ ਪੱਥਰ ਦੇ ਕੋਲਿਆਂ ਨਾਲ
ਕੀਤਾ। ਇਸ ਘਟਨਾ ਦਾ ਵਰਣਨ ਕਈ ਕਵਿਤਾਵਾਂ ਵਿੱਚ ਮਿਲਦਾ ਹੈ।
ਗ਼ਦਰੀ ਕਵਿਤਾ ਵਿੱਚ ਸੁੱਤੇ ਹਿੰਦੀਆਂ ਨੂੰ ਜਗਾਉਣ ਦਾ ਉਪਰਾਲਾ ਵੀ ਹੈ ਤੇ ਉਨ੍ਹਾਂ ਸੁਪਨਿਆਂ
ਦਾ ਵਰਣਨ ਵੀ। ਸਾਬਕਾਂ ਫੌਜੀਆਂ ਤੇ ਕਿਸਾਨਾਂ ਤੋਂ ਮਜ਼ਦੂਰ ਬਣੇ ਪਰਦੇਸੀ ਪੰਜਾਬੀਆਂ ਨੂੰ
ਅਨੁਭਵ ਹੋਇਆ ਕਿ ਉਹ ਜਿ਼ੰਦਗੀ ਜੀਊਣ ਲਈ ਜਿ਼ੰਦਗੀ ਵੇਚ ਰਹੇ ਹਨ। ਇਹ ਅਨੁਭਵ ਇਕ ਤਰ੍ਹਾਂ
ਨਵੇਂ ਜਨਮ ਦੇ ਗਿਆਨ ਵਰਗਾ ਸੀ, ਜਿਸ ਦੀ ਬਦੌਲਤ ਉਹ ਮਸ਼ੀਨ ਤੋਂ ਮੁੜ ਮਨੁੱਖ ਬਣੇ ਤੇ ਆਪਣੇ
ਟੱਬਰਾਂ ਨੂੰ ਆਪਣੇ ਕਲ ਰੱਖ ਕੇ ਇਨਸਾਨ ਬਣ ਕੇ ਜੀਊਣ ਦੀ ਲੋਚਾ ਕਰਨ ਲੱਗੇ। ਇਸ ਤੋਂ ਵੀ
ਅੱਗੇ ਉਨ੍ਹਾਂ ਨੇ ਆਜ਼ਾਦ ਸ਼ਹਿਰੀ ਬਣ ਕੇ ਆਪਣੇ ਹੀ ਦੇਸ਼ ਵਿੱਚ ਵੱਸਣਾ ਚਾਹਿਆ। ਇਸੇ ਇੱਛਾ
ਤੋਂ ਦੇਸ਼ ਭਗਤੀ ਦਾ ਜਜ਼ਬਾ ਤੇ ‘ਬੰਦੇ ਮਾਤ੍ਰਮ’ ਦਾ ਨਾਹਰਾ ਜਨਮ ਲੈਂਦਾ ਹੈ।
ਪਰਦੇਸੀ ਕਾਮੇ ਨੂੰ ਗੁਲਾਮ ਕਿਰਤ ਮਸ਼ੀਨ ਬਣਾਉਂਦੀ ਹੈ, ਪਰ ਕਾਵਿ-ਕਰਮ ਮੁੜ ਉਸ ਨੂੰ ਆਪਣੀ
ਇਨਸਾਨੀਅਤ ਨਾਲ ਜੋੜਦਾ ਹੈ। ਨਿੱਤ ਦੀ ਹੱਡ ਭੰਨਵੀਂ ਮਿਹਨਤ, ਨਸਲੀ ਵਿਤਕਰਿਆਂ ਦਾ ਸੰਤਾਪ,
ਕਾਲਾ ਹੋਣ ਦਾ ਤਾਹਨਾ ਤੇ ਗੁਲਾਮ ਹੋਣ ਦੀ ਨਮੋਸ਼ੀ ਤੋਂ ਪਲਾਂ ਛਿਣਾਂ ਲਈ ਆਜ਼ਾਦ ਹੋ ਕੇ
ਜਦੋਂ ਉਹ ਆਪ ਮੁਹਾਰੇ ਕਵਿਤਾ ਘੜਦਾ ਹੈ ਤਾਂ ਇਕ ਅਸਧਾਰਨ ਇਨਸਾਨ ਹੋ ਨਿਬੜਦਾ ਹੈ। ਨਿੱਤ
ਜੀਵਨ ਦੀ ਸਧਾਰਨਤਾ ਦੀ ਗਰਦ ਲਾਹ ਕੇ ਉਸ ਨੂੰ ਆਪਣਾ ਆਪ ਅਨੋਖੇ ਜਲੌਅ ਵਿੱਚ ਲਿਸ਼ਕਦਾ
ਪ੍ਰਤੀਤ ਹੁੰਦਾ ਹੈ ਤੇ ਉਹ ਨਵੇਂ ਇਨਕਲਾਬੀ, ਅਤਿਵਾਦੀ, ਦੇਸ਼ਭਗਤਕ, ਅਸਧਾਰਨ ਤੇ ਹਿੰਸਕ
ਕਾਰਨਾਮਿਆਂ ਲਈ ਕਮਰਕੱਸਾ ਕਰਦਾ ਨਜ਼ਰ ਆਉਂਦਾ ਹੈ। ਪਰਦੇਸ ਵਿੱਚ ਕਵਿਤਾ ਨਿੱਤ-ਜੀਵਨ ਦੀ
ਜਿ਼ੱਲਤ ਤੋਂ ਛੁਟਕਾਰੇ ਦਾ ਰਾਹ ਵੀ ਹੈ ਤੇ ਉਸ ਦੇ ਸਵੈ-ਪ੍ਰਗਟਾਵੇ ਦਾ ਸਾਧਨ ਵੀ:
ਆਲੂ ਪੁਟਿਆਂ ਤੋਂ ਪੈਸਾ ਜੁੜੇ ਨਾਹੀਂ,
ਗੋਡੀ ਕਰਦਿਆਂ ਦੇ ਗੋਡੇ ਲਾਲ ਹੋ ਗਏ।
ਪੈਸਾ ਜੁੜੇ ਨਾ ਨਾਲ ਮਜ਼ਦੂਰੀਆਂ ਦੇ।
ਝਿੜਕਾਂ ਸੈਂਹਦਿਆਂ ਨੂੰ ਕਈ ਸਾਲ ਹੋ ਗਏ।
ਕੀ ਕੁਝ ਖਟਿਆ ਜੇ ਮਿਰਕਣ ਵਿੱਚ ਆ ਕੇ,
ਦੇਸ ਛੱਡਿਆਂ ਨੂੰ ਕਈ ਸਾਲ ਹੋ ਗਏ।
ਕੁਲੀ ਕੁਲੀ ਕਹਿ ਕੇ ਦੁਨੀਆਂ ਨੱਕ ਚਾਹੜੇ,
ਵੀਰੋ ਅਸੀਂ ਬੇਸ਼ਰਮ ਕੁਮਾਲ ਹੋ ਗਏ।
ਹੋਵੇ ਅਣਖ ਤੇ ਸਮਝੀਏ ਝਟ ਸੈਨਤ,
ਡੰਡੇ ਖਾਦਿਆਂ ਦੇ ਢੁਡਰ ਲਾਲ ਹੋ ਗਏ।
ਇਹੋ ਜਿਹੀ ਕਵਿਤਾ ਥੱਕੇ-ਟੁੱਟੇ ਤਨ-ਮਨ ਦਾ ਆਸਰਾ ਤੇ ਜੂਝਣ ਲਈ ਪ੍ਰੇਰਨਾ ਬਣਦੀ ਹੈ। ਇਸੇ
ਵਿੱਚ ਇਸ ਦੀ ਸਾਹਿਤਕ ਸਾਰਥਿਕਤਾ ਹੈ। ਕਾਵਿ-ਨਾਇਕ ਦਾ ਸੁਪਨਾ ਤੇ ਸਵੈ-ਸੋਝੀ ਵਰਤਮਾਨ ਤੋਂ
ਆਰ-ਪਾਰ ਪੂਰੇ ਇਤਿਹਾਸ ਵਿੱਚ ਫੈਲਦੀ ਹੈ ਤੇ ਨਾਇਕ-ਮਨ ਦੀ ਇਨਕਲਾਬੀ ਤਬਦੀਲੀ ਉਸ ਦੇ
ਪ੍ਰਤੀਰੋਧ ਤੇ ਵਿਦਰੋਹ ਦਾ ਬਿੰਬ ਬਣ ਕੇ ਦ੍ਰਿਸ਼ਮਾਨ ਹੁੰਦੀ ਹੈ। ਇਹ ਠੀਕ ਹੈ ਕਿ ਪਰਦੇਸੀ
ਜੀਵਨ ਦੀ ਤ੍ਰਾਸਦੀ ਹਰ ਪ੍ਰਕਾਰ ਦੇ ਕਿਤਾਬੀ ਗਿਆਨ ਤੋਂ ਵਧੇਰੇ ਸੱਚੀ ਤੇ ਸਿੱਖਿਆ –ਭਰਪੂਰ
ਹੈ। ਆਪਣੇ ਧਰਮ ਤੇ ਸਭਿਆਚਾਰ ਦਾ ਇਤਿਹਾਸ ਜੋ ਪਹਿਲਾਂ ਹੀ ਉਸ ਦੇ ਅਨੁਭਵ ਦਾ ਹਿੱਸਾ ਸੀ,
ਹੁਣ ਉਸ ਦੀ ਚੇਤਨਾ ਦਾ ਅੰਗ ਬਣਦਾ ਹੈ। ਇਹੋ ਗ਼ਦਰੀ ਕਵਿਤਾ ਦਾ ਗਿਆਨ-ਮੂਲਕ ਰੋਲ ਹੈ। ਇਹ
ਕਵਿਤਾ ਉਸ ਨੂੰ ਵਾਰ ਵਾਰ ਅਹਿਸਾਸ ਕਰਵਾਉਂਦੀ ਹੈ ਕਿ ਜੇ ਵਰਤਮਾਨ ਤੇਰਾ ਨਹੀਂ ਤਾਂ ਨਾ ਸਹੀ,
ਅਤੀਤ ਤਾਂ ਤੇਰਾ ਸੀ, ਭਵਿੱਖ ਤਾਂ ਤੇਰਾ ਹੋ ਸਕਦਾ ਹੈ। ਜੇ ਤੂੰ ਅੱਜ ਕੈਦ ਵਿੱਚ ਹੈਂ ਤਾਂ
ਕਦੇ ਨਾ ਕਦੇ ਮੁਕਤੀ ਵੀ ਮਿਲੇਗੀ। ਇਕ ਪ੍ਰਕਾਰ ਦੇ ਬੰਦੀ ਜੀਵਨ ਦੇ ਅਨੁਭਵ ਨੂੰ ਪ੍ਰਗਟ ਕਰਦੀ
ਹੋਈ ਵੀ ਇਹ ਕਵਿਤਾ ਉਸ ਨੂੰ ਦ੍ਰਿੜ ਕਰਵਾਉਂਦੀ ਹੈ ਕਿ ਜੇ ਸਮੇਂ ਦੀ ਰੌਂ ਉਸ ਦੀ ਇੱਛਾ ਤੋਂ
ਵੱਧ ਸ਼ਕਤੀਸ਼ਾਲੀ ਹੈ ਤਾਂ ਵੀ ਉਸ ਨੂੰ ਉਦਾਸ ਤੇ ਉਦਾਸੀਨ ਹੋ ਕੇ ਸਭ ਕੁਝ ਨੂੰ ‘ਹੋਣੀ’
{ਇਵੇਂ ਹੋਣਾ ਸੀ} ਉੱਤੇ ਨਹੀਂ ਛੱਡ ਦੇਣਾ ਚਾਹੀਦਾ। ਇਹੋ ਦ੍ਰਿੜਤਾ ਉਸ ਵਿੱਚ ਨਵਾਂ ਜੇਰਾ ਤੇ
ਹੌਂਸਲਾ ਪੈਦਾ ਕਰਦੀ ਹੈ।
(2)
ਇਤਿਹਾਸਕ ਸੰਦਰਭ
ਗ਼ਦਰ ਦੀ ਕਵਿਤਾ ਅਮੂਰਤ ਵਿਚਾਰਾਂ ਤੇ ਕਲਪਨਾਵਾਂ ਦੀ ਕਵਿਤਾ ਨਹੀਂ, ਇਸ ਵਿੱਚ ਇਤਿਹਾਸ-ਮੂਲਕ
ਸਮੂਰਤ ਹਵਾਲੇ ਥਾਂ ਥਾਂ ਖਿਲਰੇ ਪਏ ਹਨ। ਇਤਿਹਾਸ ਦੇ ਗਿਆਨ ਤੋਂ ਬਿਨਾਂ ਇਸ ਦਾ ਠੀਕ ਅਧਿਐਨ
ਸੰਭਵ ਨਹੀਂ ਤੇ ਇਤਿਹਾਸ ਦਾ ਗਿਆਨ ਦੇਣਾ ਇਸ ਦਾ ਇਕ ਸੁਚੇਤ ਮਨੋਰਥ ਵੀ ਹੈ। ਇਹ ਕਵਿਤਾ ਗ਼ਦਰ
ਲਹਿਰ ਦੇ ਇਤਿਹਾਸ ਨੂੰ ਪੰਜਾਬ ਦੇ, ਭਾਰਤ ਦੇ ਤੇ ਫਿਰ ਵਿਸ਼ਵ ਦੇ ਅਤੀਤ ਤੇ ਭਾਵੀ ਪਰਿਪੇਖ
ਵਿੱਚ ਸਥਿਤ ਕਰਕੇ, ਅੰਕਿਤ ਕਰਦੀ ਹੈ।
ਇਹ ਪੰਜਾਬੀਆਂ ਦੀ ਰਚਨਾ ਹੈ, ਇਸ ਲਈ ਸਭ ਤੋਂ ਵੱਧ ਹਵਾਲੇ ਇਸ ਵਿੱਚ ਪੰਜਾਬ ਦੇ ਇਤਿਹਾਸ
ਵਿੱਚੋਂ ਹਨ। ਇਨ੍ਹਾਂ ਹਵਾਲਿਆਂ ਦੀ ਸੇਧ ਵਿੱਚ ਸਭ ਤੋਂ ਪਹਿਲਾਂ ਇਸ ਕਵਿਤਾ ਦੇ ਅਵਚੇਤਨ ਨੂੰ
ਫਰੋਲਣ ਦੀ ਲੋੜ ਹੈ। ਇਸ ਦੇ ਅਵਚੇਤਨ ਵਿੱਚੋਂ ਪੰਜਾਬ ਦੇ ਹਿੰਦੂ-ਸਿੱਖ ਵਿਰਸੇ ਦੀਆਂ
ਰਵਾਇਤਾਂ, ਪੰਜਾਬੀ ਚਿੰਤਨ-ਧਾਰਾ ਦੇ ਪ੍ਰਤੀਮਾਨ ਤੇ ਇਸ ਦੇ ਜੰਗਜੂ ਵਿਰਸੇ ਦੇ ਨਰੋਏ ਅੰਸ਼
ਵੀ ਮਿਲਦੇ ਹਨ ਤੇ ਸਿੱਖ ਪੰਜਾਬੀਆਂ ਦੀ ਅਪਰਾਧ-ਚੇਤਨਾ ਤੇ ਦੋਸ਼-ਗੰਢ ਦਾ ਵੀ ਪਤਾ ਲੱਗਦਾ
ਹੈ। ਇਸ ਕਵਿਤਾ ਦੇ ਰੋਮ ਰੋਮ ਵਿੱਚ ਪੰਜਾਬ ਦਾ ਲੜਾਕੂ, ਅਣਖੀਲਾ ਤੇ ਆਜ਼ਾਦੀ-ਪਸੰਦ
ਕਿਸਾਨ-ਕਬਾਇਲੀ ਚਰਿਤ੍ਰ ਸਮਾਇਆ ਹੋਇਆ ਹੈ। ਇਸ ਦੇ ਚੇਤੇ ਵਿੱਚ ਸਿੱਖ ਇਤਿਹਾਸ ਵਿੱਚ
ਵਾਪਰੀਆਂ ਕੁਝ ਅਜਿਹੀਆਂ ਕੁਤਾਹੀਆਂ, ਗਲਤੀਆਂ, ਜਾਂ ਦੋਸ਼ ਪਏ ਹਨ ਜਿਨ੍ਹਾਂ ਤੋਂ ਮੁਕਤ ਹੋ
ਕੇ ਇਹ ਮੁੜ ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਦੀਆਂ ਮਾਨਵੀ ਕੀਮਤਾਂ ਤੇ ਰਵਾਇਤਾਂ ਨਾਲ ਜੁੜਨ
ਲਈ ਜੂਝ ਰਹੀ ਹੈ। ਗੁਰਾਂ ਨੇ ਪੰਥ ਸਾਜਿਆ ਸੀ ਸਰਬੱਤ ਮਾਨਵਤਾ ਦੇ ਭਲੇ ਲਈ ਤੇ ਹਿੰਦ ਦੀ
ਚਾਦਰ ਬਣਨ ਲਈ, ਪਰ ਉਹ ਕੰਮ ਅਸੀਂ ਭੁਲਾ ਦਿੱਤਾ ਹੈ; ਹੌਲੀ ਹੌਲੀ ਅਸੀਂ ‘ਬਗਲੇ ਭਗਤ’,
ਪਾਖੰਡੀ ਤੇ ਬੇਅਮਲ ਆਲਮ ਬਣ ਗਏ ਹਾਂ; ਹਿੰਦ ਦੀ ਆਜ਼ਾਦੀ ਲਈ ਜੂਝ ਮਰਨ ਦੀ ਜਾਚ ਸਾਨੂੰ ਯਾਦ
ਨਹੀਂ ਰਹੀ। ਇਹੋ ਹਾਲ ਬਾਕੀ ਧਰਮਾਂ ਦਾ ਵੀ ਹੈ, ਪਰ ਸਿੱਖਾਂ ਦਾ ਆਪਣੇ ‘ਖਾਲਸਾ ਧਰਮ’ ਤੋਂ
ਪਰ੍ਹਾਂ ਚਲੇ ਜਾਣਾ ਕਵੀ ਨੂੰ ਵਿਸ਼ੇਸ਼ ਤੌਰ ‘ਤੇ ਚੁਭਦਾ ਹੈ। ਅੱਜ ਦੇ ਸਮੇਂ ਵਿੱਚ, ‘ਹਿੰਦ
ਦੀ ਆਜ਼ਾਦੀ’ ਲਈ ਮਰ-ਮਿਟਣਾ ਹੀ ਅਸਲੀ ‘ਖਾਲਸਾ ਧਰਮ’ ਹੈ:
ਕਾਜ਼ੀ ਪੰਡਤਾਂ ਅਤੇ ਗਿਆਨੀਆਂ ਨੇ
ਯੁਧ ਕਰਨ ਦਾ ਬਚਨ ਸੁਨਾਵਣਾ ਨਾ।
ਭੌਂਕਣ ਰਾਤ ਦਿਨੇ ਭੁਖੇ ਟੁਕੜਿਆਂ ਦੇ
ਖਾਲੀ ਰਹਿਣਗੇ ਢਿਡ ਭਰਾਵਣਾ ਨਾ।
ਹੱਡੀ ਪੂੰ ਪੈ ਜੂ ਥੋਡੇ ਖਾਲਸਾ ਜੀ,
ਮਾੜਾ ਧਨ ਪੂਜਾ ਵਾਲਾ ਖਾਵਣਾ ਨਾ।
ਵਜਾ ਮੋਮਨਾ ਦੀ ਕੰਮ ਲੁਚਿਆਂ ਦੇ
ਡੀਲ ਡੌਲ ਨੂੰ ਦੇਖ ਭੁਲ ਜਾਵਨਾ ਨਾ।
ਸਾਨੂੰ ਲੋੜ ਨਾ ਐਮਿਆਂ ਐਫਿ਼ਆਂ ਦੀ,
ਇਲਮ ਰਗੜ ਫੋੜੇ ਉੱਤੇ ਲਾਵਨਾ ਨਾ।
ਇਸ ਉਪਦੇਸ਼-ਆਦੇਸ਼ ਦੀ ਤਹਿ ਵਿੱਚ ਤੇ ਇਸ ਕਵਿਤਾ ਦੇ ਅਵਚੇਤਨ ਵਿੱਚ ਸਿੱਖੀ ਦੀ ਸੀਸ ਤਲੀ
‘ਤੇ ਰੱਖਣ ਦੀ ਰਵਾਇਤ ਪਈ ਹੈ:
- ਸਾਡੇ ਵੀਰਨੋਂ ਤੁਸਾਂ ਬੇਖ਼ਤਰ (ਬੇਖ਼ਬਰ) ਰਹਿਣਾ
ਅਸੀਂ ਆਪਣੇ ਹੱਥ ਦਿਖਾ ਦਿਆਂਗੇ।
ਅਸੀਂ ਤਲੀ ਪੁਰ ਰੱਖਿਆ ਸੀਸ ਆਪਣਾ
ਕੇਰਾ ਹਿੰਦ ਵਿਚ ਗ਼ਦਰ ਮਚਾ ਦਿਆਂਗੇ।
- ਦੋ ਦੋ ਮੀਲ ਜੋਧੇ ਸਿਰੋਂ ਬਾਝ ਲੜ ਗਏ
ਸਾਨੂੰ ਦੁਖ ਜਤਲਾਉਣ ਦੀ ਲੋੜ ਕੀਏ।
ਦੂਜੀ ਟੂਕ ਵਿੱਚ ‘ਦੁੱਖ’ ਸ਼ਬਦ ਗੁਲਾਮੀ ਦੇ ਸੰਕਟਾਂ ਤੇ ਸਿੱਖੀ ਰਵਾਇਤਾਂ ਤੋਂ ਪਰ੍ਹਾਂ ਹਟ
ਜਾਣ ਦੇ ਦੁੱਖ ਵੱਲ ਸੰਕੇਤ ਕਰਦਾ ਹੈ: ਦੁੱਖ ਤਾਂ ਹੈ ਪਰ ਦੁੱਖ ਦਾ ਇਲਾਜ ਰੋਣਾ-ਧੋਣਾ ਨਹੀਂ,
ਇਸ ਵਿਰੁੱਧ ਜੂਝਣਾ ਹੈ।
ਬਰਤਾਨਵੀ ਰਾਜ ਦੇ ਹਮਾਇਤੀ ਤੇ ਚਾਪਲੂਸ ਇਤਿਹਾਸਕਾਰਾਂ ਤੇ ਸਿੱਧੇ ਸਾਦੇ ਲੋਕਾਂ ਦੀਆਂ
ਫੈਲਾਈਆਂ ਅਫਵਾਹਾਂ ਕਾਰਨ ਸਿੱਖ-ਸਮੂਹ ਇਕ ਅਜਿਹੇ ‘ਗੁਨਾਹ ਦੇ ਅਹਿਸਾਸ’ ਦਾ ਸਿ਼ਕਾਰ ਹੋਇਆ,
ਜੋ ਸਮੁੱਚੀ ਗ਼ਦਰ ਲਹਿਰ ਤੇ ਗ਼ਦਰੀ ਕਵਿਤਾ ਦੇ ਅਚੇਤ ਵਿੱਚ ਕੰਮ ਕਰਦਾ ਰਿਹਾ ਹੈ। ਦੋ
ਗੁਨਾਹਾਂ ਦਾ ਖ਼ਾਸ ਤੌਰ ‘ਤੇ ਕਵੀ-ਮਨ ਉੱਤੇ ਬੋਝ ਹੈ। ਪਹਿਲਾ ਗੁਨਾਹ ਸੀ ਸਿੱਖਾਂ ਤੇ
ਫਰੰਗੀਆਂ ਦੀ ਪਹਿਲੀ ਜੰਗ ਵੇਲੇ ਮਹਾਰਾਣੀ ਜਿੰਦਾਂ ਵਲੋਂ ਬਾਰੂਦ ਦੀ ਥਾਂ ਸਰ੍ਹੋਂ ਭੇਜਣਾ:
ਸਰ੍ਹੋਂ ਜਗਾ ਬਾਰੂਦ ਦੀ ਭੇਜ ਦਿੱਤੀ
ਏਸ ਨਾਰ ਰਾਣੀ ਜਿੰਦ ਕੌਰ ਬੇਲੀ।
ਦੂਜਾ ‘ਕਲੰਕ’ ਸੀ 1857 ਦੇ ਗ਼ਦਰ ਵਿੱਚ ਸਿੱਖਾਂ ਵਲੋਂ ਅੰਗਰੇਜ਼ੀ ਰਾਜ ਦੇ ਖਿਲਾਫ ਬਗਾਵਤ
ਦੀ ਥਾਂ, ਸਗੋਂ ਉਸ ਦੀ ਸਹਾਇਤਾ ਕਰਨਾ। ਜਿੱਥੇ ਵੀ ਇਹ ਕਵਿਤਾ ਸਿੱਖ-ਸਮੂਹ ਨੂੰ ਸੰਬੋਧਿਤ
ਹੁੰਦੀ ਹੈ ਉੱਥੇ ਇਸ ਕਲੰਕ ਵੱਲ ਸੰਕੇਤ ਜ਼ਰੂਰ ਕਰਦੀ ਹੈ:
- ਵੇਖੋ ਵਾਂਗ ਸਤਵੰਜੇ ਨਾ ਭੁੱਲ ਜਾਣਾ,
ਖੂਬ ਰਖਣਾ ਵਕਤ ਨੂੰ ਯਾਦ ਸਿੰਘੋ।
ਉਠੋ ਜਲਦੀ ਕਲੰਕੀ ਦੀ ਦਾਗ਼ ਧੋਈਏ
ਵਾਕ ਗੁਰੂ ਦੇ ਜੇ ਤੁਸਾਂ ਯਾਦ ਸਿੰਘੋ।
- ਜਦੋਂ ਸੰਨ ਸਤਵੰਜਾ ਵਿਚ ਗ਼ਦਰ ਹੋਇਆ,
ਆਇਆ ਪੰਥ ਨੂੰ ਬਹੁਤ ਜਵਾਲ ਸਿੰਘੋ।
ਅੱਜ ਮੁਲਕ ਅਜ਼ਾਦੀ ਵਿਚ ਖੇਡਣਾ ਸੀ,
ਕਰਦੇ ਪਿਆਰ ਜੇ ਗ਼ਦਰ ਦੇ ਨਾਲ ਸਿੰਘੋ।
ਜੱਟਾਂ ਸਿਧਿਆਂ ਨੂੰ ਕੋਈ ਦੋਸ਼ ਨਾਹੀ,
ਸਾਡੇ ਲੀਡਰਾਂ ਦਾ ਮੰਦਾ ਹਾਲ ਸਿੰਘੋ।
ਇਸ ‘ਕਲੰਕੀ ਦੇ ਦਾਗ਼’ ਤੇ ‘ਦੋਸ਼’ ਦਾ ਅਹਿਸਾਸ ਵੀ ਇਕ ਕਾਰਨ ਸੀ ਕਿ ਪੰਜਾਬ ਦਾ ਸਿੱਖ ਇਸ
ਲਹਿਰ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਿਆ। ਸਿੱਖ ਰਾਜ ਦੀ ਹਾਰ ਦੀ ਨਮੋਸ਼ੀ ਤੇ ਸਤਵੰਜਾ ਦੇ
ਗ਼ਦਰ ਦਾ ਦੋਸ਼ ਗ਼ਦਰੀ ਨਾਇਕ ਵਰਤਮਾਨ ਤੇ ਭਵਿੱਖ ਵਿਚਾਲੇ ਕੰਧ ਵਾਂਗ ਖੜ੍ਹੇ ਭੂਤਕਾਲ ਦੀ
ਨਿਆਈਂ ਹੈ, ਪਰ ਆਪਣੇ ਭੂਤਕਾਲ ਨੂੰ ਜਦੋਂ ਉਹ ਸੁਚੇਤਨਾ ਦੀ ਪੱਧਰ ‘ਤੇ ਚਿਤਵਦਾ ਹੈ ਤਾਂ,
‘ਪ੍ਰੇਮ ਖੇਲਨ ਕਾ ਚਾਉ’ ‘ਪੰਥ ਦੀ ਸਾਜਨਾ’ ‘ਅਠਾਰਵੀਂ ਸਦੀ ਦਾ ਸਿੰਘ-ਅੰਦੋਲਨ’ ‘ਕੂਕਾ
ਵਿਦਰੋਹ’ ਤੇ 1907 ਦੀ ‘ਪੱਗੜੀ ਸੰਭਾਲ’ ਲਹਿਰ ਦੀ ਪੁਨਰ-ਸਿਰਜਣਾ ਕਰਕੇ ਤੇ ਉਨ੍ਹਾਂ ਨੂੰ
ਆਪਣੇ ਵਰਤਮਾਨ ਅਮਲੀ ਜੀਵਨ ਤੇ ਕਵਿਤਾ ਦਾ ਪ੍ਰਾਣਧਾਰੀ ਅੰਗ ਬਣਾ ਕੇ ਅਤੀਤ ਦੀ ਕੁਤਾਹੀ ਤੇ
ਦੋਸ਼ ਦੀ ਕੰਧ ਨੂੰ ਢਾਹ ਕੇ ਅੱਗੇ ਵਧਣਾ ਚਾਹੁੰਦਾ ਹੈ:
ਪਿਛਲੀ ਕਲੰਕੀ ਸਾਰੀ ਚੁੱਕੀ ਜਾਊਗੀ।
ਹੋਊਗੀ ਆਜ਼ਾਦੀ ਨਸਲ ਸੁਖ ਪਾਊਗੀ।
ਇਸੇ ਅਮਲ ਦੁਆਰਾ ਗ਼ਦਰੀ ਕਵੀ ਇਤਿਹਾਸ ਦੇ ਸੁਚੇਤ ਕਾਵਿ-ਕਰਣ ਦੇ ਕਾਰਜ ਵਿੱਚ ਪ੍ਰਵੇਸ਼ ਕਰਦਾ
ਹੈ। ਉਹ ਅੰਗਰੇਜ਼ ਦੀਆਂ ਨੀਤੀਆਂ ਤੋਂ ਸੁਚੇਤ ਹੋ ਕੇ ਉਸ ਦੀਆਂ ਸਿਰਜੀਆਂ ਇਤਿਹਾਸਕ ਮਿੱਥਾਂ
ਦੇ ਓਹਲੇ ਹੋ ਰਹੀ ਭਾਰਤ ਦੀ ਲੁੱਟ ਤੋਂ ਪਰਦਾ ਚੁੱਕਦਾ ਹੈ:
ਹਿੰਦ ਦਾ ਬਪਾਰ ਕਾਰ ਰੋੜ੍ਹਿਆ ਜਹਾਨ ਉੱਤੋਂ,
ਆਪਣਾ ਬਪਾਰ ਅਸਮਾਨ ‘ਤੇ ਚੜ੍ਹਾ ਲਿਆ।
ਘੱਟ ਨਾ ਗੁਜ਼ਾਰੀ ਮਾਰ ਧਾੜ ਕੀਤੀ ਹਿੰਦ ਵਿਚ,
ਓਹਲੇ ਓਹਲੇ ਧਨ ਇੰਗਲੈਂਡ ਨੂੰ ਪੁਚਾ ਲਿਆ।
ਕੀਤੀ ਬੰਦ ਵਿਦਿਆ ਸਕੂਲ ਅਖਬਾਰ ਚੰਗੇ
ਹਿੰਦ ਦੇ ਨਵਾਸੀਆਂ ਨੂੰ ਮੂਰਖ ਬਨਾ ਲਿਆ।
ਗ਼ਦਰੀ ਕਵਿਤਾ ਵਿੱਚ ਹਿੰਦ ਦੇ ਇਤਿਹਾਸ ਦਾ ਸੁਚੇਤ ਸਿਮਰਣ ਤੇ ਵਰਣਨ ਤਿੰਨ ਮਨੋਰਥਾਂ ਅਧੀਨ
ਹੋਇਆ ਹੈ:
(i) ਇਤਿਹਾਸ ਦੇ ਪ੍ਰਾਣਧਾਰੀ ਤੱਤਾਂ ਤੇ ਮਾਨਵੀ ਵਿਰਸੇ ਨੂੰ ਆਤਮਸਾਤ ਕਰਕੇ ਨਵਾਂ ਇਤਿਹਾਸ
ਸਿਰਜਣ ਲਈ
(ii) ਤਤਕਲੀਨ ਘਟਨਾਵਾਂ ਦੇ ਵਿਵੇਕ ਨੂੰ ਸਮਝਣ-ਸਮਝਾਉਣ ਲਈ
(iii) ਗ਼ਦਰ ਦੀ ਹਾਰ ਦੀ ਨਿਰਾਸ਼ਾ ਤੇ ਵਿਸ਼ਾਦ ਤੋਂ ਬਚਣ ਲਈ
ਹੁਣ ਤੱਕ ਜੋ ਇਤਿਹਾਸ ਬਰਤਾਨੀਆ ਰਾਜ ਨੇ ਸਿਰਜਿਆ ਤੇ ਲਿਖਿਆ ਸੀ ਉਹ ਹਿੰਦ ਦਾ ਨਹੀਂ, ਹਿੰਦ
ਦੀ ਲੁੱਟ ਦਾ ਇਤਿਹਾਸ ਸੀ। ਜਦੋਂ ਇਤਿਹਾਸ ਦੀ ਵਾਗਡੋਰ ਗ਼ਦਰੀ ਸੰਭਾਲਦਾ ਹੈ ਤਾਂ ਸਾਮਰਾਜ ਦੀ
ਲੁੱਟ ਦਾ ਇਤਿਹਾਸ ਖਤਮ ਕਰਨ ਲਈ ਆਪਣੇ ਲੋਕਾਂ ਨੂੰ ਵੰਗਾਰਦਾ ਹੈ ਤੇ ਆਪਣੇ ਇਤਿਹਾਸ ਦੀਆਂ
ਕ੍ਰਾਂਤੀਕਾਰੀ ਘਟਨਾਵਾਂ ਦਾ ਚੇਤਾ ਕਰਵਾਉਂਦਾ ਹੈ। ਗ਼ਦਰ-ਕਾਵਿ ਦੀ ਪੂਰਬਕਾਲੀ (19ਵੀਂ ਸਦੀ)
ਤੇ ਸਮਕਾਲੀ ਪੰਜਾਬੀ ਕਵਿਤਾ ਵਿੱਚ ਵੀ ਵਿਰਸੇ ਦੇ ਪੁਨਰ-ਉਥਾਨ ਤੇ ਨਵੇਂ ਸੁਧਾਰਾਂ ਦੀ ਗੱਲ
ਹੋਈ ਹੈ, ਪਰ ਉਹ ਕਵਿਤਾ ਇਤਿਹਾਸ ਨੂੰ ਆਪਣੇ ਬਚਾਓ ਹਿੱਤ ਅਤੀਤ ਦੇ ਪੁਨਰ-ਨਿਰਮਾਣ ਤੇ ਨਵੇਂ
ਸਮਝੌਤਿਆਂ ਦੀ ਦ੍ਰਿਸ਼ਟੀ ਤੋਂ ਯਾਦ ਕਰਦੀ ਹੈ, ਜਦ ਕਿ ਗ਼ਦਰੀ ਕਵਿਤਾ ਆਪਣੇ ਵਿਰਸੇ ਦੇ ਨਰੋਏ
ਥੰਮਾਂ ਉੱਤੇ ਆਪਣੇ ਭਵਿੱਖ ਦੇ ਸੁਪਨੇ ਦੇ ਮਹੱਲ ਉਸਾਰਨ ਤੇ ਅੰਗਰੇਜ਼ੀ ਸਾਮਰਾਜ ਨੂੰ
ਤਹਿਸ-ਨਹਿਸ ਕਰਨ ਲਈ ਇਤਿਹਾਸ ਨੂੰ ਚੇਤੇ ਕਰਵਾਉਂਦੀ ਹੈ। ਇਹ ਸੁਪਨੇ ਦੀ, ਭਵਿੱਖ ਦੀ, ਹਮਲੇ
ਦੀ, ਗੁੱਸੇ-ਰੋਹ-ਵਿਦਰੋਹ ਤੇ ਹਿੰਸਾ ਦੀ ਕਵਿਤਾ ਹੈ। ਇਸ ਵਿੱਚ ਹਿੰਸਾ ਦੇ ਵਿਵੇਕ ਨੂੰ ਠੀਕ
ਸਿੱਧ ਕਰਨ ਲਈ ਆਪਣੇ ਜੁਝਾਰ ਵਿਰਸੇ ਦੇ ਹਾਂ-ਵਾਚੀ ਅਰਥਾਂ ਨੂੰ ਉਜਾਗਰ ਕੀਤਾ ਗਿਆ ਹੈ।
ਇਤਿਹਾਸਕ ਘਟਨਾਵਾਂ ਦੇ ਵਰਣਨ ਰਾਹੀਂ ਅੰਗਰੇਜ਼ ਦੀ ਹਿੰਸਕ ਤੇ ਲੋਟੂ ਰਾਜਨੀਤੀ ਨੂੰ ਨੰਗਿਆਂ
ਕਰਕੇ ਆਪਣੀ ਹਿੰਸਾਵਾਦੀ ਯੁੱਧ-ਨੀਤੀ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਸਾਮਰਾਜੀ
ਇਤਿਹਾਸਕਾਰਾਂ ਨੇ ਸਾਡੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਸੀ। ਉਹਨਾਂ ਦੀ ਰੀਸੇ ਕੁਝ
ਭਾਰਤੀ ਇਤਿਹਾਸਕਾਰਾਂ ਨੇ ਵੀ ਭਾਰਤੀ ਸਮਾਜ ਦੀ ਆਧੁਨਿਕੀਕਰਣ ਦੀ ਪ੍ਰਕਿਰਿਆ ਨੂੰ ਬਰਤਾਨਵੀ
ਰਾਜ ਦੀਆਂ ਨੀਤੀਆਂ ਅਧੀਨ ਹੋਈ ਤਕਨੀਕੀ ਉੱਨਤੀ ਨਾਲ ਜੋੜ ਕੇ ਇਸ ਦੀ ਪ੍ਰਸੰਸਾ ਕੀਤੀ। ਪਰ
ਗ਼ਦਰੀ ਕਵੀ ਤਕਨੀਕੀ ਉੱਨਤੀ ਦੀ ਸਿਫਤ ਕਰਦਾ ਹੋਇਆ ਵੀ ਅੰਗਰੇਜ਼ ਸਰਕਾਰ, ਰਾਜਿਆਂ ਤੇ ਰਾਏ
ਬਹਾਦਰਾਂ ਨੂੰ ਹਿੰਦ ਦੀ ਗੁਲਾਮੀ ਤੇ ਅਧੋਗਤੀ ਦੇ ਜਿ਼ੰਮੇਵਾਰ ਠਹਿਰਾਉਂਦਾ ਹੈ ਅਤੇ ਨਫਰਤ
ਨਾਲ ਉਨ੍ਹਾਂ ਲਈ ‘ਬਾਂਦਰ’ ਸ਼ਬਦ ਦੀ ਵਰਤੋਂ ਕਰਦਾ ਹੈ:
ਰਾਏ ਬਾਂਦਰਾਂ ਮੁਲਕ ਵੈਰਾਨ ਕੀਤਾ
ਪਿਆਰ ਰਖਦੇ ਬਾਂਦਰਾਂ ਨਾਲ ਸਿੰਘੋ।
ਸਾਨੂੰ ਪਾਸ ਅੰਗਰੇਜ਼ ਦੇ ਵੇਚਿਆ ਹੈ,
ਆਪ ਮੁਲਕ ਦੇ ਬਣੇ ਦਲਾਲ ਸਿੰਘੋ।
ਜਿੱਥੇ ਸਾਮਰਾਜੀ ਇਤਿਹਾਸਕਾਰਾਂ ਨੇ 1857 ਦੇ ਜਨ-ਵਿਦਰੋਹ (ਜਿਸ ਵਿੱਚ ਦੇਸੀ ਰਾਜੇ, ਸੈਨਿਕ
ਤੇ ਆਮ ਲੋਕ ਸ਼ਾਮਲ ਸਨ) ਨੂੰ ਗ਼ਦਰ ਕਹਿ ਕੇ ਭੰਡਣ ਦੀ ਕੋਸਿ਼ਸ਼ ਕੀਤੀ ਤੇ ਕਈਆਂ ਨੇ ਇਸ ਨੂੰ
ਸਾਮੰਤਵਾਦੀ ਰਜਵਾੜਿਆਂ ਦੇ ਖ਼ੁਦ-ਪ੍ਰਸਤੀ ਨਾਲ ਜੋੜ ਕੇ ਦੇਖਿਆ ਉੱਥੇ ਕਾਰਲ ਮਾਰਕਸ,
ਫਰੈਡਰਿਕ ਏਂਗਲਜ਼ ਤੇ ਸਾਵਰਕਰ ਨੇ ਇਸ ਨੂੰ ਹਿੰਦ ਦੀ ਆਜ਼ਾਦੀ ਦੀ ਪਹਿਲੀ ਜੰਗ ਕਿਹਾ।
ਇੰਗਲੈਂਡ ਵਿੱਚ ਚੱਲ ਰਹੇ ਚਾਰਟਿਸਟ (ਮਜ਼ਦੂਰ) ਅੰਦੋਲਨ ਦੇ ਕਵੀਆਂ ਨੇ ਇਸ ਨੂੰ ਹਿੰਦੀ
ਸਿਪਾਹੀ ਦੀ ਦੇਸ਼ ਭਗਤੀ ਤੇ ਮਾਤ-ਭੁਮੀ ਦੀ ਚੇਤਨਾ ਨਾਲ ਸੰਬੰਧਤ ਕਰ ਕੇ ਦੇਖਿਆ। ਉਸ ਅੰਦੋਲਨ
ਦੀ ਇਕ ਕਵਿਤਾ ਵਿੱਚੋਂ ਕੁਝ ਸਤਰਾਂ ਹਨ:
ਜਥਿਆਂ ਦੇ ਜਥੇ
ਸਿਪਾਹੀ ਸੈਨਿਕ ਜਾਗੇ
ਆਖ਼ਰ ਆ ਹੀ ਗਿਆ ਯਾਦ
ਉਨ੍ਹਾਂ ਨੂੰ ਇਕ ਉਨ੍ਹਾਂ ਦੀ ਵੀ
ਕੋਈ ਮਾਤਭੂਮੀ ਹੈ।
And Sepoy soldiers,
waking band by band
At last remember they
have a fatherland. (See Rebellion, 1857)
ਗ਼ਦਰ ਪਾਰਟੀ ਦੇ ਨੇਤਾਵਾਂ ਨੇ ਤੇ ਗ਼ਦਰ ਲਹਿਰ ਦੇ ਕਵਿਆਂ ਨੇ ਅੰਗ੍ਰੇਜ਼ ਸਰਕਾਰ ਦੇ ਚਲਾਕੀ
ਨਾਲ ਦਿੱਤੇ ਸ਼ਬਦ ‘ਗ਼ਦਰ’ ਨੂੰ ਸਾਵਰਕਰ ਦੇ ਹਾਂ-ਵਾਚੀ ਅਰਥਾਂ ਵਿੱਚ ਲਿਆ ਤੇ ਇਸ ਨੂੰ
‘ਇਨਕਲਾਬ’ ਦਾ ਸਮਾਨਅਰਥਕ ਸਮਝ ਕੇ ਇਕ ਜੰਗੀ ਨਾਹਰੇ ਦੇ ਰੂਪ ਵਿੱਚ ਅਪਣਾਇਆ। ਹਾਂ-ਮੁੱਖ
ਦ੍ਰਿਸ਼ਟੀ ਤੋਂ ਸਤਵੰਜਾ ਦਾ ਗ਼ਦਰ ਇਕ ਇਨਕਲਾਬੀ ਕਾਰਨਾਮਾ ਸੀ, ਨਾ ਕਿ ਕੇਵਲ ਇਸ ਲਈ ਕਿ ਇਸ
ਵਿੱਚ ਰਾਜੇ, ਫੌਜੀ ਤੇ ਕਿਸਾਨ ਇਕ ਜੁੱਟ ਹੋ ਕੇ ਹਿੰਦ ਦੀ ਆਜ਼ਾਦੀ ਲਈ ਲੜੇ, ਸਗੋਂ ਇਸ ਲਈ
ਵੀ ਕਿ ਇਸ ਨੇ ਹਿੰਦੀਆਂ ਦੀ ਚੇਤਨਾ ਤੇ ਰਾਜਨੀਤੀ ਵਿੱਚ ਕੁਝ ਬੁਨਿਆਦੀ ਤਬਦੀਲੀਆਂ ਪੈਦਾ
ਕੀਤੀਆਂ। ਮਿਸਾਲ ਦੇ ਤੌਰ ‘ਤੇ ਲੁੱਟ ਤੇ ਗੁਲਾਮੀ ਦਾ ਓਹਲਾ ਚੁੱਕਿਆ ਗਿਆ ਤੇ ਇਹ ਸੱਚ ਨੰਗਾ
ਹੋ ਗਿਆ ਕਿ ਹਿੰਦੁਸਤਾਨ ਸਰਮਾਏਦਾਰੀ ਦੇ ਅਧੀਨ ਹੈ। ਇਸ ਅੰਦੋਲਨ ਨੇ ਹਿੰਦੂ-ਮੁਸਲਮਾਨ ਦੀ
ਏਕਤਾ ਕਾਇਮ ਕਰਕੇ ਤੇ ਸਿੱਖਾਂ ਵਿੱਚ ਵੀ ਰਾਸ਼ਟਰੀ ਭਾਵਨਾ (ਕੂਕੇ) ਪੈਦਾ ਕਰਕੇ, ਕੁੱਲ ਹਿੰਦ
ਦੀ ਪੱਧਰ ‘ਤੇ ਕੌਮੀ ਚੇਤਨਾ, ਵਤਨ ਦੇ ਪਿਆਰ ਤੇ ਭਾਰਤੀ ਰਾਸ਼ਟਰਵਾਦ ਦਾ ਮੁੱਢ ਬੰਨਿਆਂ; ਆਮ
ਲੋਕਾਂ ਵਿੱਚ ਸਿਆਸੀ ਸੂਝ, ਆਜ਼ਾਦੀ ਦੀ ਚਾਹ ਤੇ ਬੁੱਧੀਜੀਵੀਆਂ ਵਿੱਚ ਸਵੈਮਾਣ ਤੇ ਨਵੀਂ
ਰੌਸ਼ਨੀ ਦਾ ਸੰਚਾਰ ਕੀਤਾ, ਜਿਸ ਦੇ ਫਲਸਰੂਪ ਕਾਂਗਰਸ ਪਾਰਟੀ, ਸਿੰਘ ਸਭਾ, ਆਦਿ ਨਰਮਦਲੀ
ਮੱਧਵਰਗ ਵੀ ਡੈਪੂਟੇਸ਼ਨਾਂ, ਮਤਿਆਂ ਤੇ ਅਪੀਲਾਂ ਰਾਹੀਂ ਸੁਤੰਤਰਤਾ ਸੰਗਰਾਮ ਦੀ ਸੜਕੇ
ਚੜ੍ਹਿਆ। ਇਕ ਅਹਿਮ ਤਬਦੀਲੀ ਇਹ ਵਾਪਰੀ ਕਿ ਇਸ ਗ਼ਦਰ ਨੇ ਆਉਣ ਵਾਲੇ ਇਨਕਲਾਬਾਂ ਲਈ ਫੌਜ ਦੀ
ਹਾਂ-ਮੁੱਖ ਭੂਮਿਕਾ ਨੂੰ ਨਿਤਾਰ ਕੇ ਸਾਹਮਣੇ ਲਿਆਂਦਾ। ਇਹੋ ਕਾਰਨ ਹੈ ਕਿ ਗ਼ਦਰ ਪਾਰਟੀ,
ਗ਼ਦਰ ਅਖਬਾਰ ਤੇ ਗ਼ਦਰ ਦੀ ਕਵਿਤਾ ਦੀ ਮੂਲ ਪ੍ਰੇਰਨਾ ਸਤਵੰਜਾ ਦਾ ਗ਼ਦਰ ਬਣਿਆ। ਪ੍ਰੇਰਨਾ ਹੀ
ਨਹੀਂ, ਗ਼ਦਰ ਲਹਿਰ ਦੀ ਰਣਨੀਤੀ ਲਈ ਮਾਡਲ ਦਾ ਕੰਮ ਇਸੇ ਗ਼ਦਰ ਨੇ ਕੀਤਾ। ਗ਼ਦਰ ਪਾਰਟੀ ਦੇ
ਸਥਾਪਿਤ ਹੋਣ ਤੋਂ ਪਹਿਲਾਂ ਵੀ ਪੰਜਾਬ ਵਿੱਚ ਕੂਕਾ ਲਹਿਰ ਤੇ ‘ਪਗੜੀ ਸੰਭਾਲ’ ਅੰਦੋਲਨ ਨੇ
ਸਤਵੰਜਾ ਦੇ ਗ਼ਦਰ ਤੋਂ ਹੀ ਉਤਸ਼ਾਹ ਪ੍ਰਾਪਤ ਕੀਤਾ ਸੀ। ਜਿੱਥੇ ਬਰਤਾਨਵੀ ਸਾਮਰਾਜ ਨੇ ਗ਼ਦਰ
ਦੀ ਪਜਾਹਵੀਂ ਵਰ੍ਹੇਗੰਢ ਹਿੰਦੀਆਂ ਨੂੰ ਬਦਨਾਮ ਕਰਨ ਲਈ ਇੰਗਲੈਂਡ ਵਿੱਚ ਮਨਾਈ, ਉੱਥੇ ਦੇਸ਼
ਦੇ ਬਾਹਰ ‘ਤੇ ਅੰਦਰ ਦੇ ਇਨਕਲਾਬੀਆਂ (ਤਿਲਕ, ਬਰਕਤੁੱਲਾ, ਕਰਿਸ਼ਨ ਜੀ ਵਰਮਾ, ਮੈਡਮ ਕਾਮਾ,
ਸਾਵਰਕਰ, ਅਰਵਿੰਦੋ ਘੋਸ਼, ਸੂਫੀ ਅੰਬਾ ਪ੍ਰਸਾਦ ਤੇ ਅਜੀਤ ਸਿੰਘ ਆਦਿ) ਨੇ ਇਹ ਵਰ੍ਹੇ-ਗੰਢ
ਗ਼ਦਰ ਦੀ ਇਨਕਲਾਬੀ ਸਪਿਰਟ ਨੂੰ ਮੁੜ ਕਾਇਮ ਕਰਨ ਲਈ ਮਨਾਈ। 1907 ਵਿੱਚ ਸ਼ਹੀਦ ਭਗਤ ਸਿੰਘ
ਦੇ ਚਾਚੇ (ਅਜੀਤ ਸਿੰਘ) ਤੇ ਪਿਤਾ ਕਿਸ਼ਨ ਸਿੰਘ ਦੀ ਅਗਵਾਈ ਹੇਠ ਪੰਜਾਬੀ ਦੀ ਕਿਸਾਨੀ ਨੇ
ਕਾਲੋਨੀਅਲ ਬਿਲ ਦਾ ਵਿਰੋਧ ਕਰਨ ਲਈ ‘ਪੱਗੜੀ ਸੰਭਾਲ ਜੱਟਾ’ ਦੀ ਲਹਿਰ ਚਲਾਈ।
ਹਿੰਦੂ-ਸਿੱਖ-ਮੁਸਲਿਮ ਦੀ ਏਕਤਾ, ਬਸਤੀ-ਬਿਲ ਦੀ ਵਾਪਸੀ, ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ
ਦੀ ਜਲਾਵਤਨੀ ਦਾ ਖ਼ਾਤਮਾ, ਆਦਿ ਇਸ ਲਹਿਰ ਦੀਆਂ ਇਨਕਲਾਬੀ ਪ੍ਰਾਪਤੀਆਂ ਸਨ। ਹਿੰਦ ਤੋਂ ਬਾਹਰ
ਮੈਡਮ ਕਾਮਾ ਉਹ ਔਰਤ ਸੀ ਜਿਸ ਨੇ ਗ਼ਦਰ ਦੀ ਸਪਿਰਟ ਨੂੰ ਕੌਮਾਂਤਰੀ ਰੂਪ ਦੇਣ ਲਈ ਪੈਰਿਸ
ਵਿੱਚ ਰਹਿੰਦਿਆਂ ਦੂਜੀ ਕਮਿਊਨਿਸਟ ਇੰਟਰਨੈਸ਼ਨਲ ਨਾਲ ਤਾਲਮੇਲ ਪੈਦਾ ਕੀਤਾ ਤੇ 1907 ਵਿੱਚ
ਇਸ ਦੀ ਸਟੁੱਟਗਾਰਟ ਵਾਲੀ ਕਾਨਫਰੰਸ ਵਿੱਚ ‘ਪੂਰਨ ਸਵਰਾਜ’ ਦਾ ਨਾਹਰਾ ਦੇ ਕੇ ਭਾਰਤੀ ਤਿਰੰਗਾ
(ਲਾਲ, ਕੇਸਰੀ ਤੇ ਨੀਲਾ) ਝੁਲਾਇਆ। ਇਸ ਝੰਡੇ ਦੇ ਰੰਗ-ਪ੍ਰਤੀਕਵਾਦ ਬਾਰੇ ਕਈ ਅਨੁਮਾਨ ਹਨ,
ਪਰ ਜਾਪਦਾ ਹੈ ਕਿ ਇਹ ਕਿਸੇ ਕਲਾਕਾਰ ਨੇ ਭਾਰਤੀ ਮਿਥਿਹਾਸ ਤੋਂ ਪ੍ਰਭਾਵਿਤ ਹੋ ਕੇ ਬਣਾਇਆ
ਹੋਵੇਗਾ:
ਲਾਲ ਬ੍ਰਹਮਾ = ਰਚਨਾ
ਕੇਸਰੀ (ਪੀਲਾ) = ਵਿਸ਼ਨੂ- ਪਾਲਕ (ਕਿਰਤੀ ਸਮਾਜ)
ਨੀਲਾ = ਸਿ਼ਵ= ਨਾਸ਼ਕ = ਇਨਕਲਾਬ
ਗ਼ਦਰ ਲਹਿਰ ਦੀ ਕਵਿਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੰਘ-ਅੰਦੋਲਨ ਤੋਂ ਲੈ ਕੇ
ਆਪਣੀਆਂ ਸਮਕਾਲੀ ਇਤਿਹਾਸਕ ਘਟਨਾਵਾਂ ਤੇ ਵਿਅਕਤੀਆਂ ਤੱਕ ਬਿਨਾਂ ਕਿਸੇ ਧਰਮ, ਜਾਤ, ਇਲਾਕੇ
ਤੇ ਦੇਸ਼ ਦੇ ਭਿੰਨਭੇਦ ਦੇ ਉਨ੍ਹਾਂ ਦੇ ਨਰੋਏ ਤੇ ਇਨਕਲਾਬੀ ਤੱਤਾਂ ਨੂੰ ਅੰਕਿਤ ਕੀਤਾ ਹੈ।
ਰੂਸ, ਚੀਨ, ਆਇਰਲੈਂਡ, ਸਿੰਘਾਪੁਰ, ਭਾਰਤ, ਜਿੱਥੇ ਜਿੱਥੇ ਵੀ ਕੋਈ ਆਜ਼ਾਦੀ ਅੰਦੋਲਨ ਛਿੜਿਆ,
ਉਸ ਨੂੰ ਗ਼ਦਰੀ ਕਵੀ ਨੇ ਗ਼ਦਰ ਕਹਿ ਕੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਇਸੇ ਦ੍ਰਿਸ਼ਟੀ ਤੋਂ
ਉਸ ਨੇ ਆਪਣੀਆਂ ਸਮਕਾਲੀ ਘਟਨਾਵਾਂ (ਕਾਮਾਗਾਟਾਮਾਰੂ ਦਾ ਸਾਕਾ, ਬੱਬਰ ਲਹਿਰ, ਸ਼ਹੀਦ ਭਗਤ
ਸਿੰਘ ਤੇ ਸਾਥੀਆਂ ਦੀਆਂ ਸਰਗਰਮੀਆਂ, ਆਦਿ) ਨੂੰ ਕਾਵਿ-ਬੱਧ ਕੀਤਾ। ਇਸ ਕਵਿਤਾ ਨੇ ਗ਼ਦਰ ਦੇ
ਇਨਕਲਾਬੀਆਂ (ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ ਤੇ ਕਰਤਾਰ ਸਿੰਘ ਸਰਾਭਾ, ਆਦਿ) ਦੀਆਂ
ਕੁਰਬਾਨੀਆਂ, ਸ਼ਹੀਦੀਆਂ, ਜੇਲ੍ਹਾਂ, ਤੇ ਭੁੱਖ ਹੜਤਾਲਾਂ ਨੂੰ ਵੀ ਨਾਲੋ ਨਾਲ ਅੰਕਿਤ ਕੀਤਾ
ਹੈ। ਜਿੱਥੇ ਇਨਕਲਾਬੀ ਸੂਰਮਿਆਂ ਦੀ ਵਡਿਆਈ ਹੋਈ ਹੈ, ਉੱਥੇ ਗ਼ਦਾਰਾਂ ਤੇ ਮੁਖਬਰਾਂ (ਨਵਾਬ
ਖਾਨ, ਅਮਰ ਸਿੰਘ ਤੇ ਮੂਲਾ ਸਿੰਘ ਆਦਿ) ਦੀ ਰੱਜ ਕੇ ਨਿੰਦਾ ਵੀ ਕੀਤੀ ਗਈ ਹੈ। ਵਰਤਮਾਨ-ਕਾਲੀ
ਘਟਨਾਵਾਂ ਦੇ ਵਿਵੇਕ ਨੂੰ ਸਪਸ਼ਟ ਕਰਨ ਲਈ, ਹਰ ਘਟਨਾ ਨੂੰ ਇਨਕਲਾਬੀ ਇਤਿਹਾਸ ਦੇ ਪਰਿਪੇਖ ਤੇ
ਪ੍ਰਤੀਮਾਨਾਂ ਦੇ ਪ੍ਰਸੰਗ ਵਿੱਚ ਬਿਆਨ ਕੀਤਾ ਗਿਆ ਹੈ।
ਲਹਿਰ ਦੀ ਨਿਰਾਸ਼ਾ ਤੇ ਵਿਸ਼ਾਦ ਦੇ ਦੌਰ ਵਿੱਚ ਇਸ ਕਵਿਤਾ ਵਿੱਚ ਇਤਿਹਾਸ ਦੇ ਰੋਮਾਂਸ ਦਾ
ਸਹਾਰਾ ਵੀ ਲਿਆ ਗਿਆ ਹੈ:
- ਜੇੜ੍ਹੇ ਅਜ ਗੁਲਾਮ ਨਕਾਰ ਹੋਏ,
ਕਦੇ ਨਾਮ ਬਲਵਾਨ ਸਦਾਂਵਦੇ ਸੀ।
ਮੁਰਦਾ ਕੌਮ ਪੁਕਾਰਦਾ ਜਗ ਜਿਨ੍ਹਾਂ,
ਭੂਪਤ ਹੋਇ ਕੇ ਰਾਜ ਕਮਾਂਵਦੇ ਸੀ।
(ਇੱਥੇ ‘ਭੂਪਤ’ ਤੇ ‘ਰਾਜ’ ਸ਼ਬਦ ਦਾ ਸੰਕੇਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੱਲ ਜਾਪਦਾ
ਹੈ।)
ਇਸ ਬਚਾਓ ਵਿਧੀ ਅਧੀਨ ਨਵੇਂ ਇਨਕਲਾਬੀਆਂ ਦੀਆਂ ਸ਼ਹੀਦੀਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ
ਪੁਰਾਣੇ ਸ਼ਹੀਦਾਂ ਦਾ ਗੁਣਗਾਣ ਕੀਤਾ ਗਿਆ। ਖਿੰਡਾਓ ਤੋਂ ਬਚਣ ਲਈ ਵਿਰਸੇ ਦੀਆਂ ਕੁਰਬਾਨੀਆਂ
ਦੀ ਸ਼ਾਨ ਨੂੰ ਅਤਕਥਿਤ ਰੂਪ ਵਿੱਚ ਉਭਾਰਿਆ ਗਿਆ:
ਜੇਕਰ ਜੀਵੀਏ ਜੀਵੀਏ ਮਰਦ ਹੋ ਕੇ,
ਐਵੇਂ ਡੰਗ ਟਪਾਉਣ ਦੀ ਲੋੜ ਕੀ ਏ।
ਲੱਖਾਂ ਨਾਲ ਕੱਲੇ ਕੱਲੇ ਲੜੇ ਸੂਰੇ,
ਸਾਨੂੰ ਦਿਲ ਦੈਹਲੌਣ ਦੀ ਲੋੜ ਕੀ ਏ।
ਦਿਲ ਦੇ ਦਹਿਲ ਨੂੰ ਘੱਟ ਕਰਨ ਲਈ ਅਤੀਤ ਤੇ ਭਵਿੱਖ ਦੇ ਰੋਮਾਂਸ ਦੀ ਸਿਰਜਣਾ ਇਸ ਕਵਿਤਾ ਵਿੱਚ
ਹੋਈ ਹੈ:
ਅਤੀਤ: ਕਦੋਂ ਅਸੀਂ ਵੀ ਸਹਿਨਸ਼ਾਹ ਮੁਲਕ ਦੇ ਸਾਂ
ਤਾਜ ਤਖਤ ਸੀ ਰਾਜ ਦਰਬਾਰ ਸਾਡਾ।
ਭਵਿੱਖ: ਅਸੀਂ ਲੜਾਂਗੇ ਕਰਾਂਗੇ ਗਦਰ ਜਲਦੀ,
ਖ਼ਬਰਦਾਰ ਹੋ ਚਿਤ ਡੁਲਾਵਨਾ ਕੀ।
ਕਿਲਾ ਦੇਸ਼ ਪ੍ਰੇਮ ਦਾ ਬਹੁਤ ਪੱਕਾ,
ਨਹੀਂ ਟੁੱਟਣਾ ਦਿਲ ਦੈਹਲਾਵਣਾ ਕੀ।
ਉਪਰੋਕਤ ਤਿੰਨਾਂ ਮਨੋਰਥਾਂ ਅਧੀਨ ਗ਼ਦਰੀ ਕਵੀ ਨੇ ਜੋ ਇਤਿਹਾਸ ਦਾ ਕਾਵਿ-ਕਰਣ ਜਾਂ ਕਵਿਤਾ ਦਾ
ਇਤਿਹਾਸ-ਕਰਣ ਕੀਤਾ ਹੈ ਉਸ ਤੋਂ ਇਕ ਗੱਲ ਸਾਫ ਹੈ ਕਿ ਗ਼ਦਰੀ ਕਵੀ ਕੋਲ ਸਮਾਜਕ ਇਤਿਹਾਸ ਦਾ
ਇਕ ਤ੍ਰੈਕਾਲੀ ਚੌਖ਼ਟਾ (ਪੈਰਾਡਾਈਮ) ਤੇ ਦੂਰ ਦੀ ਦ੍ਰਿਸ਼ਟੀ (ਵਿਜ਼ਨ) ਮੌਜੂਦ ਸੀ। ਉਹ ਇਥੋਂ
ਤੱਕ ਬੇਗਰਜ਼ ਤੇ ਯਥਾਰਥਵਾਦੀ ਸੀ ਕਿ ਉਸ ਨੂੰ ਪਤਾ ਸੀ ਕਿ ਗ਼ਦਰੀ ਤਾਂ ਗ਼ਦਰ ਦੇ ਲੇਖੇ ਲੱਗ
ਜਾਣਗੇ, ਪਰ ਆਉਣ ਵਾਲੀਆਂ ਪੁਸ਼ਤਾਂ ਰਾਜ ਕਰਨਗਨੀਆਂ:
ਰਾਜ ਕਰੇਗੀ ਅਸਾਂ ਦੀ ਨਸਲ ਪਿਆਰੀ
ਸਾਨੂੰ ਰਾਜ ਕਮਾਵਣਾਂ ਖਰਾ ਔਖਾ।
ਪਰ ਇਕ ਆਦਰਸ਼-ਸਮਾਜ ਦੀ ਸਿਰਜਣਾ ਦਾ ਸੁਪਨਾ ਉਸ ਦੀਆਂ ਅੱਖਾਂ ਵਿਚ ਜ਼ਰੂਰ ਸੀ, ਜਿਸ ਨੂੰ
ਪਰਜਾ-ਰਾਜ ਜਾਂ ਪੰਚਾਇਤੀ ਰਾਜ ਕਹਿੰਦਾ ਹੈ:
ਹਿੰਦੋਸਤਾਨ ‘ਚੋਂ ਕਢ ਫਰੰਗੀਆਂ ਨੂੰ,
ਪਰਜਾ-ਰਾਜ ਦੀ ਜੜ੍ਹ ਲਗਾਵਨੇ ਨੂੰ।
ਇਸ ਵਿੱਚ ਸਾਵੀਂ ਆਰਥਿਕ ਵੰਡ, ਸਭ ਲਈ ਵਿਦਿਆ ਤੇ ਧਰਮ-ਨਿਰਪੇਖ ਮਿਹਨਤੀ ਸਮਾਜ ਹੋਵੇਗਾ। ਇਹ
ਨਕਸ਼ਾ ਉਸ ਵੇਲੇ ਦੇ ਸੋਵੀਅਤ ਸਮਾਜ ਦੇ ਸੰਕਲਪ ਤੋਂ ਪ੍ਰਭਾਵਿਤ ਤੇ ਉਸ ਨਾਲ ਮਿਲਦਾ-ਜੁਲਦਾ
ਹੈ:
- ਪਿੱਛੋਂ ਗ਼ਦਰ ਦੇ ਮਾਮਲਾ ਮਾਫ ਸਭ ਨੂੰ,
ਖੇਤੀ ਕਰਾਂਗੇ ਮੌਜ ਬਹਾਰ ਵਾਲੀ।
- ਵਿੱਦਿਯਾ ਬਥੇਰੀ ਵਧ ਜਾਏਗੀ ਆਜ਼ਾਦੀ ਹੋਇਆਂ,
ਕਿਸੇ ਨਾ ਮਜਾਲ ਫੇਰ ਸਾਨੂੰ ਅਟਕਾਨ ਦੀ।
ਬਸੇ ਰਸੇ ਹਸੇਗਾ ਤਾਂ ਸਾਰਾ ਹੀ ਆਜ਼ਾਦ ਹਿੰਦ,
ਹੌਲੀ ਜਦੋਂ ਹੋਈ ਪੰਡ ਟੈਕਸ ਲਗਾਨ ਦੀ।
ਹੋਵੇਗੀ ਤਰੱਕੀ ਪਿੱਛੋਂ ਬਹੁਤ ਹੀ ਸੁਖਾਲੀ ਸਾਡੀ,
ਕਰ ਲੌ ਤਿਯਾਰੀ ਪੈਹਿਲਾਂ ਗ਼ਦਰ ਮਚਾਣ ਦੀ।
ਮੂਰਖ ਨਾ ਕੋਈ ਹੋਵੇ, ਸਭੇ ਵਿਦਵਾਨ ਹੋਣ
ਸਭੇ ਧਨਵਾਨ ਲੋੜ ਕਿਸੇ ਨਾ ਚੁਰਾਨ ਦੀ।
- ਮੁਲਾਂ ਪਾਂਧੇ ਭਾਈਆਂ ਦੀ ਕਿਤੇ ਵੀ ਲੋੜ ਨਾ।
ਦਸੋ ਅਸੀਂ ਏਹਨਾਂ ਕੇਹੜੇ ਹਲ ਜੋੜਨਾ।
ਮੇਹਨਤੀ ਮੁਸ਼ੱਕਤੀ ਜਿਨ੍ਹਾਂ ਦੇ ਸਾਥੀ ਨੇ,
ਉਹਨਾਂ ਕਾਹਨੂੰ ਬੰਨਣੇ ਸਫ਼ੈਦ ਹਾਥੀ ਨੇ।
(3)
ਰਾਜਨੀਤਿਕ ਪਰਿਵੇਸ਼, ਪਰਿਪੇਖ ਤੇ ਪ੍ਰਤੀਬੱਧਤਾ
ਪਰਦੇਸ ਦੇ ਮਾਮਲਿਆਂ ਤੇ ਇਤਿਹਾਸ ਦੇ ਸਹਿਜ ਗਿਆਨ ਨੇ ਪਰਦੇਸੀ ਪੰਜਾਬੀਆਂ ਤੇ ਗ਼ਦਰੀ ਕਵੀਆਂ
ਨੂੰ ਸਿਧਾਂਤਕ ਸਿਆਸੀ ਸੂਝ ਤੇ ਸੰਗਠਨ ਦੀ ਅਹਿਮੀਅਤ ਤੋਂ ਸੁਚੇਤ ਕੀਤਾ:
-ਪਾਣੀ ਪੱਤਿਆਂ ਨੂੰ ਕਿਸੇ ਕੰਮ ਨਾਹੀਂ,
ਵੇਲਾ ਆ ਗਿਆ ਜੜ੍ਹਾਂ ਨੂੰ ਪਾਵਣੇ ਦਾ।
ਰਾਜਨੀਤੀ ਦੀ ਰੀਤ ਨੂੰ ਫੜੋ ਯਾਰ,
ਜੇਕਰ ਸ਼ੌਕ ਹੈ ਚੈਨ ਮਨਾਵਣੇ ਦਾ।
- ਤੁਸੀਂ ਪਾਂਵਦੇ ਹੋ ਪਾਣੀ ਪੱਤਿਆਂ ਨੂੰ,
ਜੜ੍ਹਾਂ ਵਲ ਨਾ ਦੋਸਤੋ ਖਿਆਲ ਹੋ ਗਏ।
ਖੇਲ ਰਾਜਨੀਤੀ ਵਾਲੀ ਭੁੱਲ ਬੈਠੇ,
ਤਾਂ ਹੀ ਦੋਸਤੋ ਹਾਲ ਬੇਹਾਲ ਹੋ ਗਏ।
ਨਵੀਂ ਰਾਜਨੀਤੀ ਦੀ ਖੇਡ ਨੂੰ ਸਮਝਾਉਣ ਵਾਲੀ ਗ਼ਦਰੀ ਕਵਿਤਾ ਨੇ ਜੋ ਸਿਆਸੀ ਭੂਮਿਕਾ ਨਿਭਾਈ
ਹੈ ਉਸ ਦੇ ਆਧਾਰ ‘ਤੇ ਇਸ ਨੂੰ ‘ਪੋਲੀਟੀਕਲ ਕਵਿਤਾ’ ਜਾਂ ਸਿਆਸੀ ਕਵਿਤਾ ਕਹਿਣਾ ਵਧੇਰੇ ਯੋਗ
ਹੈ। ਅਸਲ ਵਿੱਚ ਇਹ ਸਧਾਰਨ ਕਵਿਤਾ ਨਹੀਂ, ਇਹ ਵਿਸ਼ੇਸ਼ ਰਾਜਨੀਤਕ ਪਰਿਵੇਸ਼ ਵਿੱਚ ਰਾਜਸੀ
ਇਨਕਲਾਬ ਦੇ ਪਰਿਪੇਖ ਤੋਂ ਲਿਖੀ, ਪਾਰਟੀ ਪ੍ਰਤੀਬੱਧਤਾ ਦੀ ਕਵਿਤਾ ਹੈ। ਇਸ ਨੂੰ ਉਸ ਪਾਰਟੀ
ਦੇ ਦਾਇਰੇ ਦੀ ਰਚਨਾ ਸਮਝ ਕੇ ਹੀ ਇਸ ਦਾ ਸਹੀ ਮੁੱਲ ਪਾਇਆ ਜਾ ਸਕਦਾ ਹੈ। ਰਾਜਨੀਤਕ ਪਰਚਾਰ
ਇਸ ਦੀ ਕਾਵਿਕਤਾ ਦਾ ਜੀਵੰਤ ਅੰਗ ਹੈ। ਇਸ ਕਵਿਤਾ ਦੀ ਸ਼ਕਤੀ ਹੀ ਇਸ ਗੱਲ ਵਿੱਚ ਹੈ ਕਿ ਇਹ
ਗ਼ਦਰ ਲਹਿਰ ਦੀ ਮੁੱਖ ਨੀਤੀ, ਯੁੱਧ ਨੀਤੀ ਤੇ ਕਾਰਜ ਵਿਧੀ ਦਾ ਸਿੱਧਾ ਪਰਚਾਰ ਕਰਦੀ ਹੈ।
ਨੀਤੀ ਦੇ ਤਹਿਤ ਇਹ ਸੰਗਠਨ (ਪਾਰਟੀ) ਦੀ ਲੋੜ ਤੇ ਸਥਾਪਨਾ, ਪਾਰਟੀ ਦੀ ਵਿਚਾਰਧਾਰਾ (ਏਕਤਾ,
ਬੰਦੇ ਮਾਤ੍ਰਮ ਤੇ ਗ਼ਦਰ), ਗ਼ਦਰੀ ਕਿਰਦਾਰ (ਸਾਂਝੀਵਾਲ, ਪਰਸੁਆਰਥੀ, ਸਦਾਚਾਰੀ, ਜੋਸ਼ੀਲਾ,
ਹੋਸ਼ਮੰਦ, ਕੁਰਬਾਨੀ ਦਾ ਪੁਤਲਾ, ਸਿਦਕਵਾਨ, ਸ਼ਹੀਦ) ਤੇ ਹਿੰਦ ਦੇ ਆਪਣੇ ਝੰਡੇ ਦਾ ਪਰਚਾਰ
ਕਰਦੀ ਹੈ। ਯੁੱਧ ਨੀਤੀ ਵਿੱਚ ਅਖਬਾਰ ਤੇ ਪਰਚਾਰ ਦੀ ਮਹੱਤਤਾ, ਗੁਰੀਲਾ ਬਗਾਵਤ ਤੇ ਹਥਿਆਰਬੰਦ
ਇਨਕਲਾਬ ਉੱਤੇ ਜ਼ੋਰ ਦਿੱਤਾ ਗਿਆ ਹੈ ਅਤੇ ਕਾਰਜ-ਵਿਧੀ (ਦਾਅਪੇਚ) ਵਿੱਚ ਗੁਪਤਵਾਸ,
ਗੁਪਤਸਾਹਿਤ, ਗੁਪਤ ਹਥਿਆਰ, ਯੂਰਪੀ ਜੰਗ ਤੋਂ ਲਾਭ ਉਠਾਉਣ, ਭਾਰਤੀ ਫੌਜ ਨੂੰ ਨਾਬਰੀ ਲਈ
ਪ੍ਰੇਰਨ, ਮੁਖਬਰਾਂ ਤੇ ਸਰਕਾਰੀ ਏਜੰਟਾਂ ਨੂੰ ਸੋਧ ਕੇ ਦਹਿਸ਼ਤ ਪਾਉਣ, ਹਥਿਆਰਾਂ ਤੇ ਮਾਇਆ
ਲਈ ਡਾਕੇ ਮਾਰਨ ਤੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ‘ਤੇ ਦੂਜੀਆਂ ਪਾਰਟੀਆਂ ਨਾਲ ਲੋੜੀਂਦੇ
ਗੱਠਜੋੜ ਕਰਨ ਦੀਆਂ ਤਰਕੀਬਾਂ ਦੇ ਮਹੱਤਵ ਵੱਲ ਧਿਆਨ ਖਿੱਚਿਆ ਗਿਆ ਹੈ। ਇਨ੍ਹਾਂ ਸਿਆਸੀ
ਪਹਿਲੂਆਂ ਨੂੰ ਅੱਡ ਅੱਡ ਕਰਕੇ ਇਸ ਕਵਿਤਾ ਵਿੱਚ ਦ੍ਰਿਸ਼ਟੀਗੋਚਰ ਕੀਤਾ ਜਾ ਸਕਦਾ ਹੈ।
(ੳ) ਨੀਤੀ: ਪੱਤਿਆਂ (ਯਾਨੀ ਸੁਧਾਰਵਾਦ) ਦੀ ਜੜ੍ਹਾਂ (ਯਾਨੀ ਬਰਤਾਨਵੀ ਰਾਜ ਵਲੋਂ
ਸਿਰਜਿਆ ਲੋਟੂ ਅਰਥ-ਤੰਤਰ ਤੇ ਰਾਜ-ਤੰਤਰ) ਨੂੰ ਸਮਝ ਕੇ, ਦੇਸ਼ ਦੀ ਆਜ਼ਾਦੀ ਲਈ ਜੂਝਣ ਦੀ ਜੋ
ਨੀਤੀ ਧਾਰਨ ਕੀਤੀ ਗਈ ਉਸ ਦੀ ਪਹਿਲੀ ਲੋੜ ਸੀ ਪਾਰਟੀ, ਸੰਗਠਨ ਜਾਂ ਜਥੇਬੰਦੀ:
ਲੀੜੇ ਲਾਹ ਫਰੰਗ ਨੇ ਨੰਗ ਕੀਤਾ,
ਸਾਨੂੰ ਮਿਲੇ ਕਿਧਰੇ ਢੋਈ ਪਿਆਰ ਨਾਹੀਂ।
ਕੇੜ੍ਹੀ ਗਲ ਜਿਸ ਤੇ ਦੁਰੇ ਦੁਰੇ ਹੋਵੇ,
ਜਥੇਬੰਦੀ ਤੇ ਅਣਖ ਤਲਵਾਰ ਨਾਹੀਂ।
ਇਸੇ ਲੋੜ ਅਧੀਨ, ਗ਼ਦਰ ਲਹਿਰ ਆਪਣੇ ਇਤਿਹਾਸਕ ਸਫਰ ਵਿੱਚ ਅਨੇਕਾਂ ਜਥੇਬੰਦਕ ਰੂਪਾਂ ਵਿੱਚੋਂ
ਲੰਘੀ। ਸਭ ਤੋਂ ਪਹਿਲੀ ਪਰਦੇਸੀ ਹਿੰਦੀਆਂ ਨੇ ਆਪਣੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ
ਗੁਰਦੁਆਰੇ ਤੇ ਛੋਟੇ ਛੋਟੇ ਇਕੱਠ ਕਾਇਮ ਕੀਤੇ। ਸਿੱਖਾਂ ਦੀ ਬਹੁਗਿਣਤੀ ਕਾਰਨ ਵੈਨਕੂਵਰ ਦੇ
ਗੁਰਦੁਆਰੇ ਦੀ ਉਸਾਰੀ ਹੋਈ ਤੇ ‘ਖਾਲਸਾ ਦੀਵਾਨ ਸੋਸਾਇਟੀ’ ਨਾਂ ਦੀ ਸਭ ਹੋਂਦ ਵਿੱਚ ਆਈ।
ਹਿੰਦੂ-ਸਿੱਖ-ਮੁਸਲਮਾਨ ਹਿੰਦੀਆਂ ਦੇ ਰਾਜਸੀ ਇਕੱਠਾਂ ਦਾ ਸਾਂਝਾ ਕੇਂਦਰ ਗੁਰਦੁਆਰਾ ਹੁੰਦਾ
ਸੀ। ‘ਯੂਨਾਈਟਿਡ ਇੰਡੀਆ ਲੀਗ’ ਤੇ ‘ਖਾਲਸਾ ਦੀਵਾਨ ਸੋਸਾਇਟੀ’ ਦਾ ਦਫਤਰ ਗੁਰਦੁਆਰੇ ਵਿੱਚ ਹੀ
ਸੀ। ਸਿਆਟਲ (ਅਮਰੀਕਾ) ਵਿੱਚ ਇਕ ਇਨਕਲਾਬੀ ਕੇਂਦਰ 1906 ਤੋਂ ਹੀ ਕੰਮ ਕਰ ਰਿਹਾ ਸੀ। ਬਾਅਦ
ਵਿੱਚ ਬਾਬੂ ਹਰਨਾਮ ਸਿੰਘ ਸਾਹਰੀ ਤੇ ਉਨ੍ਹਾਂ ਦੇ ਸਹਿਯੋਗੀਆਂ (ਰਾਮ ਨਾਥ ਪੁਰੀ ਤੇ
ਜੀ.ਡੀ.ਕੁਮਾਰ) ਨੇ ਕੈਨੇਡਾ ਤੋਂ ਸਿਆਟਲ ਜਾ ਕੇ “ਯੂਨਾਈਟਿਡ ਇੰਡੀਆ ਹਾਊਸ’ ਨਾਂ ਦਾ
ਇਨਕਲਾਬੀ ਕੇਂਦਰ ਸਥਾਪਤ ਕੀਤਾ। ਪੈਰਿਸ ਤੇ ਲੰਡਨ ਵਿੱਚ ਵੀ ਅਜਿਹੇ ਕੇਂਦਰ ਹੋਂਦ ਵਿੱਚ ਆ
ਚੁੱਕੇ ਸਨ।
ਏਧਰ ਦਿੱਲੀ ਵਿੱਚ ਵੀ ਮਾਸਟਰ ਅਮੀਰ ਚੰਦ, ਭਾਈ ਲਾਲ ਮੁਕੰਦ, ਅਵਧ ਬਿਹਾਰੀ ਬੋਸ ਤੇ ਲਾਲਾ
ਹਰਦਿਆਲ ਦੇ ਉਦਮ ਨਾਲ ‘ਕਰਾਂਤੀਕਾਰੀ ਦਲ’ ਦਾ ਸੰਗਠਨ ਹੋ ਚੁੱਕਾ ਸੀ (ਇਸੇ ਦਲ ਵਲੋਂ 23
ਦਸੰਬਰ, 1912 ਨੂੰ ਦਿੱਲੀ ਵਿੱਚ ਲਾਰਡ ਹਾਰਡਿੰਗ ਉੱਤੇ ਬੰਬ ਸੁਟਿਆ ਗਿਆ ਸੀ)।
ਜਦੋਂ ਅਪ੍ਰੈਲ 1911 ਵਿੱਚ ਹਰਦਿਆਲ ਨੇ ਅਮਰੀਕਾ ਪਹੁੰਚ ਕੇ ‘ਇੰਡੀਆ ਸਟੂਡੈਂਟ ਕਲੱਬ’ ਬਣਾਇਆ
ਉਦੋਂ ਤੱਕ ਉੱਥੇ ਹਥਿਆਰਬੰਦ ਸੰਘਰਸ਼ ਦੇ ਉਦੇਸ਼ ਨੂੰ ਲੈ ਕੇ ਤਿੰਨ ਹੋਰ ਅੱਡੇ ਹੋਂਦ ਵਿੱਚ ਆ
ਚੁੱਕੇ ਸਨ:
ਬਾਬਾ ਜੁਆਲਾ ਸਿੰਘ ਦਾ ਫਾਰਮ
ਸਟਾਕਟਨ ਦਾ ਗੁਰਦੁਆਰਾ
ਹਿੰਦੀ ਵਿਦਿਆਰਥੀਆਂ ਦਾ ਹੋਸਟਲ (ਬਰਕਲੇ)
ਮਈ 1913 ਵਿੱਚ ਬਾਬਾ ਸੋਹਨ ਸਿੰਘ ਭਕਨਾ ਤੇ ਸਾਥੀਆਂ ਦੇ ਯਤਨਾਂ ਨਾਲ ਜੋ ‘ਹਿੰਦੀ
ਐਸੋਸੀਏਸ਼ਨ’ ਬਣੀ ਸੀ, ਹਰਦਿਆਲ ਦੇ ਸੰਪਰਕ ਨਾਲ ਉਸੇ ਦਾ ਨਾਂ ‘ਹਿੰਦੀ ਐਸੋਸਈਏਸ਼ਨ ਆਫ
ਪੈਸੇਫਿਕ ਕੋਸਟ’ ਰੱਖਿਆ ਗਿਆ, ਤੇ ਗ਼ਦਰ ਅਖਬਾਰ ਦੇ ਪ੍ਰਚਲਨ ਤੋਂ ਪਿੱਛੋਂ ਇਹੋ ਸੰਸਥਾ
‘ਗ਼ਦਰ ਪਾਰਟੀ’ ਕਰਕੇ ਪ੍ਰਸਿੱਧ ਹੋਈ। ਇਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ,
ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਤ ਕਾਂਸ਼ੀਰਾਮ ਸਨ। (ਇਹਨਾਂ ਨਾਵਾਂ ਤੋਂ ਪਤਾ
ਲਗਦਾ ਹੈ ਕਿ ਇਸ ਪਾਰਟੀ ਦਾ ਚਰਿਤ੍ਰ ਸ਼ੁਰੂ ਤੋਂ ਹੀ ਧਰਮ-ਨਿਰਪੱਖ ਸੀ)। ਇਸ ਦਾ ਦਫਤਰ
ਯੁਗਾਂਤਰ ਆਸ਼ਰਮ, ਸਾਨਫਰਾਂਸਿਸਕੋ (ਕੈਲੇਫੋਰਨੀਆ, ਯੂ. ਐੱਸ. ਏ.) ਵਿੱਚ ਸੀ। ਗ਼ਦਰ ਅਖਬਾਰ,
ਗ਼ਦਰ ਆਸ਼ਰਮ ਤੇ ਗ਼ਦਰ ਪਾਰਟੀ, ਯਾਨੀ ‘ਗ਼ਦਰ’ ਸ਼ਬਦ ਦੀ ਮਸ਼ਹੂਰੀ ਕਾਰਨ 1920 ਵਿੱਚ ਪਾਰਟੀ
ਦਾ ਜਨਮ ਦਿਨ ਵੀ ਪਹਿਲੀ ਨਵੰਬਰ ਨੂੰ ਮਨਾਇਆ ਗਿਆ ਸੀ ਅਤੇ 1928 ਵਿੱਚ ਇਸ ਦਾ ਪੁਨਰਗਠਨ
ਕਰਕੇ, ਇਸ ਦੇ ਸੰਵਿਧਾਨ ਵਿੱਚ ਇਸ ਦਾ ਬਾਕਾਇਦਾ ਨਾਂ ‘ਗ਼ਦਰ ਪਾਰਟੀ’ ਹੀ ਰੱਖਿਆ ਗਿਆ। ਉਂਜ
1928 ਤੱਕ ਗ਼ਦਰ ਲਹਿਰ ਦੀਆਂ ਸ਼ਾਖਾਵਾਂ ਕੌਮਾਂਤਰੀ ਪੱਧਰ ਉੱਤੇ ਬਹੁਤ ਦੂਰ ਦੂਰ ਤੱਕ ਫੈਲ
ਗਈਆਂ ਸਨ ਤੇ ਸਮੇਂ ਨਾਲ ਇਸ ਦੇ ਹੋਰ ਕਿੰਨੇ ਹੀ ਰੂਪ ਹੋਂਦ ਵਿੱਚ ਆ ਚੁੱਕੇ ਸਨ, ਜਿਵੇਂ:
(i) ਪੈਰਸਿ ਦਾ ਇਨਕਲਾਬੀ ਕੇਂਦਰ (ਮੈਡਮ ਕਾਮਾ, ਚੱਟੋਪਾਧਿਆਏ)
(ii) ਪੂਰਬੀ ਫਰੰਟ (ਚੀਨ, ਜਪਾਨ, ਫਿਲਪੀਨ, ਬਰ੍ਹਮਾ, ਮਲਾਇਆ, ਸਿੰਘਾਪੁਰ)
(iii) ਬਰ੍ਹਮਾ ਦਾ ਗ਼ਦਰੀ ਮੋਰਚਾ (ਸੋਹਨ ਲਾਲ ਪਾਠਕ)
(iv) ਕਾਬਲ ਦੀ ਆਰਜ਼ੀ ਸਰਕਾਰ (ਮਹਿੰਦ੍ਰੋਪ੍ਰਤਾਪ, ਬਰਕਤੁੱਲਾ)
(v) ਬਰਲਿਨ ਕਮੇਟੀ (ਹਰਦਿਆਲ, ਤਾਰਕ ਨਾਥ ਦਾਸ, ਬਰਕਤੁੱਲਾ)
(vi) ਮਾਸਕੋ ਸੈਂਟਰ
(vii) ਬੱਬਰ ਅਕਾਲੀ (ਪੰਜਾਬ)
(viii) ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਹਿੰਦ)
(ix) ਕਿਰਤੀ ਕਿਸਾਨ ਪਾਰਟੀ (ਪੰਜਾਬ)
1920-34 ਦੇ ਸਮੇਂ ਨੂੰ ਇਸ ਲਹਿਰ ਦੀ ਵਿਚਾਰਧਾਰਾ ਦਾ ਸੰਕ੍ਰਾਂਤੀ ਕਾਲ ਕਿਹਾ ਜਾ ਸਕਦਾ ਹੈ।
ਰੂਸ ਦੇ ਅਕਤੂਬਰ ਇਨਕਲਾਬ ਦੇ ਅਸਰ, ਤੀਜੀ ਕਮਿਊਨਿਸਟ ਇੰਟਰਨੈਸ਼ਨਲ ਦੀ ਅਗਵਾਈ, ਪੂਰਬੀ
ਏਸ਼ੀਆ ਵਿੱਚ ਆਜ਼ਾਦੀ ਦੇ ਅੰਦੋਲਨਾਂ ਦਾ ਜ਼ੋਰ ਤੇ ਚੀਨ ਦੇ ਲਾਂਗ ਮਾਰਚ ਦੀ ਘਟਨਾ ਨੇ ਇਸ
ਲਹਿਰ ਦੀ ਕਵਿਤਾ ਵਿੱਚ ਨਵੇਂ ਨਵੇਂ ਵਿਚਾਰਾਂ ਦਾ ਵਾਧਾ ਕੀਤਾ ਤੇ ਇਸ ਵਿੱਚ ਦੇਸ਼ ਭਗਤੀ ਤੇ
ਦੇਸ਼ ਦੀ ਆਜ਼ਾਦੀ ਦੀ ਚੇਤਨਾ ਦੇ ਨਾਲ ਨਾਲ ਕਿਰਤੀ-ਕਿਸਾਨ ਦੇ ਹਿਤਾਂ ਤੇ ਸਮਾਜਵਾਦੀ ਇਨਕਲਾਬ
ਦੀ ਚੇਤਨਾ ਵੀ ਪੈਦਾ ਹੋਈ।
1934 ਤੋਂ ਪਿੱਛੋਂ ਗ਼ਦਰ ਲਹਿਰ ਦੇ ਹਿੰਦੋਸਤਾਨ ਵਿੱਚ ਰਹਿੰਦੇ ਅੰਸਰ ਕਿਰਤੀ ਕਿਸਾਨ ਪਾਰਟੀ,
ਕਮਿਊਨਿਸਟ ਪਾਰਟੀ ਤੇ ਸਮਾਜਵਾਦੀ ਕਾਂਗਰਸ ਦੇ ਨੇੜੇ ਚਲੇ ਗਏ, ਜਿਨ੍ਹਾਂ ਦਾ ਇਤਿਹਾਸ ਤੇਜਾ
ਸਿੰਘ ਸੁਤੰਤਰ ਦੀ ਲਾਲ ਪਾਰਟੀ ਤੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਤੱਕ ਆਉਂਦਾ ਹੈ।
ਭਾਰਤ ਤੋਂ ਬਾਹਰ ਵੀ ਈਰਾਨ-ਬਲੋਚਸਤਾਨ ਵਿੱਚ ਖਾਨਖੋਜੇ; ਇੰਡੋਨੇਸ਼ੀਆ ਤੇ ਸ਼ੰਘਾਈ ਵਿੱਚ ਹਰੀ
ਸਿੰਘ ਉਸਮਾਨ; ਬੈਂਕੋਕ ਵਿੱਚ ਸਵਾਮੀ ਸਤਿਆਨੰਦ ਪੁਰੀ, ਸਰਦਾਰ ਅਮਰ ਸਿੰਘ ਤੇ ਗਿਆਨੀ ਪ੍ਰੀਤਮ
ਸਿੰਘ; ਤੇ ਦੱਖਣੀ ਥਾਈਲੈਂਡ ਵਿੱਚ ਬਾਬਾ ਚੰਦਾ ਸਿੰਘ ਨੇ ਗ਼ਦਰ ਦੇ ਚੰਗਿਆੜੇ ਮਘਾਈ ਰੱਖੇ ਸਨ
ਤੇ ਇਨ੍ਹਾਂ ਚੰਗਿਆੜਿਆਂ ਨੇ ਹੀ ਜਨਰਲ ਮੋਹਨ ਸਿੰਘ, ਰਾਸ ਬਿਹਾਰੀ ਬੋਸ ਤੇ ਸੁਭਾਸ਼ ਚੰਦਰ
ਬੋਸ ਦੀ ਅਗਵਾਈ ਹੇਠ ‘ਆਜ਼ਾਦ ਹਿੰਦ ਫੌਜ’ ਦਾ ਰੂਪ ਧਾਰਿਆ ਸੀ। ਗਿਆਨੀ ਕੇਸਰ ਸਿੰਘ ਦੇ ਕਹਿਣ
ਅਨੁਸਾਰ ‘ਆਜ਼ਾਦ ਹਿੰਦ ਫੌਜ’ ਗ਼ਦਰ ਲਹਿਰ ਦਾ ਤੀਜਾ ਪੜਾਅ ਹੈ। ਸਤਵੰਜਾ ਦੇ ਗ਼ਦਰ ਨੂੰ ਉਹ
ਇਸ ਦਾ ਆਰੰਭ ਤੇ ਗ਼ਦਰ ਪਾਰਟੀ ਦੀ ਸਥਾਪਨਾ ਨੂੰ ਦੂਜਾ ਪੜਾਅ ਮੰਨਦੇ ਹਨ। ਸਾਨੂੰ ਪ੍ਰਾਪਤ
ਗ਼ਦਰ ਲਹਿਰ ਦੀ ਕਵਿਤਾ ਦਾ ਸਿੱਧਾ ਸੰਬੰਧ ਵੀ ਦੂਜੇ ਪੜਾਅ ਨਾਲ ਹੀ ਹੈ, ਇਸ ਲਈ ਇਸ ਕਵਿਤਾ
ਦੇ ਸਿਆਸੀ ਪਰਿਵੇਸ਼ ਤੇ ਪਰਿਪੇਖ ਨੂੰ ਸਮਝਣ ਲਈ 1913 ਤੋਂ 1934 ਤੱਕ ਲਹਿਰ ਦੇ ਜਥੇਬੰਦਕ
ਕਾਲਕ ਪਾਸਾਰ ਤੇ ਕੌਮਾਂਤਰੀ ਫੇਲਾਓ ਦਾ ਉਪਰੋਕਤ ਗਿਆਨ ਜ਼ਰੂਰੀ ਹੈ।
ਪਾਰਟੀ ਸਿਰਫ ਬਾਹਰੀ ਸੰਗਠਨ ਹੁੰਦਾ ਹੈ, ਇਸ ਦਾ ਅੰਦਰੂਨੀ ਸੰਗਠਨਕਾਰੀ ਤੱਤ ਹੁੰਦਾ ਹੈ
ਵਿਚਾਰਧਾਰਾ। ਗ਼ਦਰੀ ਵਿਚਾਰਧਾਰਾ ਤਿੰਨ ਵਿਚਾਰਾਂ ਅਥਵਾ ਤਿੰਨ ਪ੍ਰਮੁੱਖ ਸਿਧਾਂਤਕ ਸੰਕਲਪਾਂ
ਉੱਤੇ ਟਿੱਕੀ ਹੋਈ ਹੈ: ਏਕਤਾ, ਬੰਦੇ ਮਾਤ੍ਰਮ ਤੇ ਗ਼ਦਰ।
1857 ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਇਖ਼ਤਿਆਰ ਕੀਤੀ।
ਬਰਤਾਨਵੀ ਬੁਰਜੁਆਜ਼ੀ ਨੇ ਭਾਰਤ ਦੀਆਂ ਸਾਮਤੀ ਸ਼ਕਤੀਆਂ ਪ੍ਰਤੀ ਸੁਲ੍ਹਾਕੁਲ ਰਵੱਈਆ ਧਾਰਨ
ਕਰਕੇ, ਨਵੀਂ ਜਗੀਰੂ ਜਮਾਤ ਨੂੰ ਉਤਸਾਹਿਤ ਕੀਤਾ ਤੇ ਨਵੀਂ ਪੜ੍ਹੀ ਲਿਖੀ ਮਧ-ਸ਼੍ਰੇਣੀ ਨੂੰ
ਨੌਕਰੀਆਂ ਦੇ ਕੇ ਤੇ ਉਸ ਨੂੰ ਵਤਨ-ਪ੍ਰਸਤੀ ਤੋਂ ਦੂਰ ਕਰਕੇ ਇਕ ਸੁਯੋਗ, ਸਵਾਰਥੀ ਤੇ ਸਸਤਾ
ਤਬਕਾ ਹੋਂਦ ਵਿੱਚ ਲੈ ਆਂਦਾ। ਜਵਾਹਰ ਲਾਲ ਨਹਿਰੂ ਦੇ ਸ਼ਬਦਾਂ ਵਿੱਚ, “ਬਰਤਾਨੀਆ ਸਰਕਾਰ ਨੇ
ਭਾਰਤ ਦੀਆਂ ਪ੍ਰਤੀਗਾਮੀ ਸ਼ਕਤੀਆਂ ਨਾਲ ਰਲ ਕੇ ਮੱਧ-ਕਾਲੀਨਤਾ ਦੀ ਰਖਵਾਲੀ ਸ਼ੁਰੂ ਕਰ
ਦਿੱਤੀ।” ਤੇ ਰਿਆਸਤੀ ਰਾਜਿਆਂ ਤੇ ਸੁਧਾਰਵਾਦੀ ਬੁੱਧੀਜੀਵੀਆਂ ਨੂੰ ਆਪਣੇ ਨਾਲ ਲਾ ਕੇ ਸਾਰੇ
ਧਰਮਾਂ ਦੀ ਰੱਖਿਆ ਦੇ ਨਾਂ ਹੇਠ ਫਿਰਕਾ-ਪ੍ਰਸਤੀ ਫੇਲਾਉਣੀ ਆਰੰਭ ਕਰ ਦਿੱਤੀ। ਪਰ ਇਸ ਦੇ ਨਾਲ
ਹੀ ਗਰੀਬ ਕਿਸਾਨੀ, ਸਨਅਤੀ ਮਜ਼ਦੂਰ ਸ਼੍ਰੇਣੀ ਤੇ ਸਿਆਣੇ ਵਤਨ-ਪ੍ਰਸਤ ਬੁੱਧੀਜੀਵੀਆਂ ਵੱਲੋਂ,
‘ਵੰਡੋ ਤੇ ਰਾਜ ਕਰੋ’ ਦੀ ਚਾਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। 1857 ਦੇ ਸੰਗਠਿਤ ਤੇ
ਹਮਲਾਵਰ ਪ੍ਰਤੀਰੋਧ ਨੇ ਹੀ ਰਾਸ਼ਟਰੀ ਏਕਤਾ ਦਾ ਬੀਜ ਬੀਜ ਦਿੱਤਾ ਸੀ, ਜੋ ਸਮੇਂ ਨਾਲ
ਛੂਤ-ਛਾਤ, ਜਾਤ-ਪਾਤ, ਇਲਾਕਾ-ਗੋਤ ਤੇ ਧਰਮ-ਫਿਰਕੇ ਦੇ ਅੰਤਰਾਂ ਤੋਂ ਉੱਪਰ ਉੱਠ ਕੇ, ਪਹਿਲਾ
ਰਾਸ਼ਟਰਵਾਦੀ ਤੇ ਫਿਰ ਅੰਤਰ-ਰਾਸ਼ਟਰਵਾਦੀ ਏਕਤਾ ਦੇ ਸਿਧਾਂਤ-ਸੰਕਲਪ ਦਾ ਰੂਪ ਧਾਰਨ ਕਰ ਗਿਆ।
ਗ਼ਦਰ ਦੀ ਕਵਿਤਾ ਦੇ ਵੱਡੇ ਹਿੱਸੇ ਵਿੱਚ ਇਸ ਏਕੇ ਦੇ ਸਿਧਾਂਤ ਉੱਤੇ ਬਲ ਦਿੱਤਾ ਗਿਆ ਹੈ:
ਜੇ ਕਰ ਬਚੇ ਤਾਂ ਬਚਾਂਗੇ ਇਕ ਹੋ ਕੇ
ਕਲੇ ਕਲੇ ਦਾ ਨਹੀਂ ਜੇ ਤਾਣ ਰਹਿਣਾ।
ਰਹੀ ਕੌਮ ਤਾਂ ਰਹੇਗੀ ਹਿੰਦੀਆਂ ਦੀ
ਵਤਨ ਰਿਹਾ ਤਾਂ ਹਿੰਦੋਸਤਾਨ ਰਹਿਣਾ।
ਇਨ੍ਹਾਂ ਸਤਰਾਂ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਥੇ ‘ਕੌਮ’ ਸ਼ਬਦ ਦਾ ਪ੍ਰਯੋਗ ਸਿੱਖ,
ਹਿੰਦੂ ਜਾਂ ਪੰਜਾਬੀ ਦੇ ਅਰਥਾਂ ਵਿੱਚ ਨਹੀਂ, ਸਗੋਂ ਸਾਰੇ ਹਿੰਦੀਆਂ ਦੇ ਅਰਥਾਂ ਵਿੱਚ ਕੀਤਾ
ਗਿਆ ਹੈ। ਜਿੱਥੇ ਹਿੰਦੂ ਸ਼ਾਵਨਵਾਦੀ ਤਾਕਤਾਂ ਜਾਤ-ਪਾਤ ਤੇ ਛੂਤ-ਛਾਤ ਦੀਆਂ ਦੀਵਾਰਾਂ ਨੂੰ
ਪੱਕਿਆਂ ਕਰਕੇ ਹਿੰਦੀਆਂ ਦੀ ਇਕ-ਮੁੱਠਤਾ ਵਿੱਚ ਅੜਿੱਕਾ ਬਣ ਰਹੀਆਂ ਸਨ, ਉੱਥੇ ਗ਼ਦਰੀ ਕਵੀ
ਇਨ੍ਹਾਂ ਦੀਵਾਰਾਂ ਨੂੰ ਢਾਹ ਕੇ, ਭਾਈ ਭਾਈ ਬਣ ਕੇ, ਇਕ ਹੋਣ ਦੀ ਅਪੀਲ ਕਰ ਰਿਹਾ ਸੀ:
ਮਿਲ ਕੇ ਸਭ ਗਰੀਬਾਂ ਨੇ ਗ਼ਦਰ ਕਰਨਾ,
ਆਸ ਰੱਖਣੀ ਨਾ ਸ਼ਾਹੂਕਾਰ ਵਾਲੀ।
ਛੂਤ-ਛਾਤ ਦਾ ਕੋਈ ਖਿਆਲ ਨਾਹੀਂ
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ।
ਹਿੰਦੋਸਤਾਨ ਵਾਲੇ ਸਾਰੇ ਹੈਨ ਭਾਈ,
ਰੀਤ ਰੱਖਣੀ ਨਹੀਂ ਮਕਾਰ ਵਾਲੀ।
ਇੱਥੇ ਏਕਤਾ ਦੇ ਵਿਚਾਰ ਦੇ ਨਾਲ ਨਾਲ ਕਵੀ ਦੀ ਜਮਾਤੀ ਸੂਝ ਵੀ ਧਿਆਨ-ਯੋਗ ਹੈ। ਬਰਤਾਨਵੀ
ਸਾਮਰਾਜ ਤੇ ਦੇਸੀ ਦਲਾਲ ਸਰਮਾਏਦਾਰੀ ਦੁਸ਼ਮਣ ਹੈ, ਉਨ੍ਹਾਂ ਨਾਲ ਟੱਕਰ ਲੈਣ ਲਈ ਬਾਕੀ ਸਭ
ਜਮਾਤਾਂ ਦਾ ਏਕਾ ਜ਼ਰੂਰੀ ਹੈ। ਇਸੇ ਜ਼ਰੂਰਤ ਨੂੰ ਮੁੱਖ ਰੱਖ ਕੇ ਕਵਿਤਾ ਵਿੱਚ ਮਜ਼੍ਹਬ ਤੇ
ਫਿਰਕਾ-ਪ੍ਰਸਤੀ ਤੋਂ ਉੱਪਰ ਉੱਠ ਕੇ ਵਤਨ-ਪ੍ਰਸਤੀ ਦੀਆਂ ਬੁਲੰਦੀਆਂ ਨੂੰ ਪਹੁੰਚਣ ਦੀ
ਪ੍ਰੇਰਨਾ ਦਿੱਤੀ ਗਈ ਹੈ। ਵਤਨ-ਪ੍ਰਸਤੀ ਨੂੰ ਸਭ ਧਰਮਾਂ ਤੋਂ ਉੱਚਾ-ਸੁੱਚਾ ਧਰਮ ਕਿਹਾ ਗਿਆ
ਹੈ:
- ਸਾਰੀ ਕੌਮ ਦਿਸੇ ਯਾਰੋ ਮੁਰਦਿਆਂ ਦੀ,
ਇਹਦੇ ਵਿਚ ਆਜ਼ਾਦੀ ਦੀ ਰੂਹ ਹੈ ਨਾ।
ਖੂਨ ਨਾਇਤਫਾਕੀਆਂ ਨਾਲ ਭਰਿਆ,
ਕਿਸੇ ਵਿਚ ਮਿਲਾਪ ਦੀ ਬੂ ਹੈ ਨਾ।
ਕਦਰ ਮੂਲ ਨਾ ਹਿੰਦ ਦੀ ਹਿੰਦੀਆਂ ਨੂੰ
ਮੁਸਲਮਾਨ ਅੰਦਰ ਅੱਲਾ-ਹੂ ਹੈ ਨਾ।
ਝੂਠੇ ਮਜ਼ਹਬਾਂ ਤੋਂ ਮਰਨ ਦਿਨ ਰਾਤ ਲੜ ਲੜ,
ਸਚੇ ਦੀਨ ਦੀ ਕਿਸੇ ਨੂੰ ਸੂਹ ਹੈ ਨਾ।
-ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ,
ਭੈੜਾ ਕੰਮ ਫੜਿਆ ਧੜੇਬੰਦੀਆਂ ਦਾ।
ਗਿਆ ਦੇਸ ਦਾ ਭੁੱਲ ਪਿਆਰ ਸਾਨੂੰ
ਰਿਹਾ ਨਹੀਂ ਖਿਆਲ ਬੁਲੰਦੀਆਂ ਦਾ।
ਜ਼ਾਲਮ ਵਾਲ ਨਾ ਛਡਿਆ ਇਕ ਸਿਰ ‘ਤੇ
ਝਗੜਾ ਛੇੜਿਆ ਅਸਾਂ ਨੇ ਕੰਘੀਆਂ ਦਾ।
ਗ਼ਦਰ ਦਾ ਧਰਮ ਸੀ ਹਥਿਆਰਬੰਦ ਇਨਕਲਾਬ, ਜੋ ਸਮੇਂ ਦੀ ਲੋੜ ਤੇ ਸਭ ਧਰਮਾਂ ਤੋਂ ਪਿਆਰਾ ਸੀ:
ਸਾਨੂੰ ਲੋੜ ਨਾ ਪੰਡਤਾਂ ਕਾਜੀਆਂ ਦੀ,
ਨਹੀਂ ਸ਼ੌਕ ਹੈ ਬੇੜਾ ਡੁਬਾਵਨੇ ਦਾ।
ਜਪ ਤਪ ਦਾ ਵਕਤ ਬਤੀਤ ਹੋਇਆ,
ਵੇਲਾ ਆ ਗਿਆ ਤੇਗ ਉਠਾਵਨੇ ਦਾ।
ਹਰ ਪ੍ਰਕਾਰ ਦੀ ਬੇਇਤਫ਼ਾਕੀ, ਮਜ਼੍ਹਬੀ ਬਖੇੜੇ, ਖਾਨਾ ਜੰਗੀ ਤੇ ਖਾਣ ਪੀਣ ਦੀਆਂ ਮਨਾਹੀਆਂ
ਜਾਂ ਫੋਕੀ ਸ਼ੁੱਧਤਾ ਉੱਨੀ ਦੇਰ ਬੇਮਾਹਨੀ ਹੈ ਜਿੰਨੀ ਦੇਰ ਦੇਸ਼ ਆਜ਼ਾਦ ਨਹੀਂ ਹੁੰਦਾ। ਇਸ
ਫੁੱਟ ਕਾਰਨ ਹੀ ਦੁਸ਼ਮਣ ਨਾਲ ਲੜਨੋਂ ਹਿੰਦੀਆਂ ਨੂੰ ਡਰ ਲੱਗਦਾ ਹੈ ਤੇ ਦੁਸ਼ਮਣ ਨਾਲ ਟੱਕਰ
ਲੈਣ ਤੋਂ ਡਰਦਿਆਂ ਹੀ ਆਪੋ ਵਿੱਚ ਝਗੜ ਰਹੇ ਹਨ। ਕਵੀ ਅਜਿਹੇ ਭਾਜਵਾਦੀ ਰੁਝਾਨ ਨੂੰ ਸੰਬੋਧਿਤ
ਹੈ:
ਤੁਸੀਂ ਦੀਨ ਇਮਾਨ ਦੇ ਪਏ ਪਿੱਛੇ,
ਫਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ।
ਹੀਰਾ ਹਿੰਦ, ਹੀਰਾ ਖਾ ਰੋਲ ਦਿੱਤਾ,
ਰੌਲੇ ਘਤ ਕੇ ਵੇਦ ਕੁਰਾਨ ਵਾਲੇ।
ਗਾਈਂ ਸੂਰ ਝਟਕਾ ਜੇਕਰ ਦੁੱਖ ਦਿੰਦਾ,
ਗੋਰੇ ਹੈਨ ਤਿੰਨੇ ਚੀਜ਼ਾਂ ਖਾਣ ਵਾਲੇ।
ਗ਼ਦਰੀ ਸ਼ਹੀਦ, ਮੇਵਾ ਸਿੰਘ ਲੋਪੋਕੇ ਨੇ ਫਾਂਸੀ ਦੀ ਕੋਠੜੀ ਵਿੱਚੋਂ ਭਾਈ ਮਿੱਤ ਸਿੰਘ
(ਗ੍ਰੰਥੀ) ਨੂੰ ਹਿੰਦੀਆਂ ਦੇ ਨਾਂ ਜਿਹੜਾ ਸੁਨੇਹਾ ਦਿੱਤਾ ਸੀ ਉਸ ਵਿੱਚ ਏਕਤਾ ਦੇ ਸਿਧਾਂਤ
ਦਾ ਨਿਚੋੜ ਆ ਜਾਂਦਾ ਹੈ:
ਇਸ ਗੁਲਾਮੀ ਦੇ ਸਰਾਪ ਤੋਂ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ। ਪਰ ਇਹ ਕੰਮ ਤਾਂ
ਹੀ ਹੋ ਸਕੇਗਾ ਜੇ ਇਸ ਵਿੱਚ ਇਲਾਕਾਬੰਦੀ ਤੇ ਮਜ਼੍ਹਬੀ ਅਸਹਿਨਸ਼ੀਲਤਾ ਬਿਲਕੁਲ ਨਾ ਰਹੇ। ਨਾ
ਮਾਝੇ ਮਾਲਵੇ ਤੇ ਦੁਆਬੇ ਦੇ ਸਵਾਲ ਉੱਠਣ, ਨਾ ਹੀ ਹਿੰਦੂ, ਮੁਸਲਿਮ ਤੇ ਸਿੱਖ ਮਜ਼੍ਹਬਾਂ ਦੇ
ਸਵਾਲ ਉੱਠਣ (ਦੇਖੋ ਚਾਂਦ ਫਾਂਸੀ ਅੰਕ)
ਜਿੱਥੇ ਇਹ ਕਵਿਤਾ ਸਿੱਖ-ਸਮੂਹ ਨੂੰ ਵੀ ਸੰਬੋਧਿਤ ਹੈ, ਉੱਥੇ ਵੀ ਧਰਮ ਦੀਆਂ ਫੋਕੀਆਂ ਰਸਮਾਂ,
ਕਰਮਕਾਂਡੀ ਫਰਕਾਂ ਤੇ ਇਲਾਕੇ-ਬੰਦੀਆਂ ਤੋਂ ਮੁਕਤ ਹੋ ਕੇ, ਸਿੱਖ ਧਰਮ ਦੀ ਆਦਿ ਕਲੀਨ ਰੀਤ
(ਸਰਬੱਤ ਦਾ ਭਲਾ) ਨੂੰ ਪਾਲਣ ਉੱਤੇ ਬਲ ਦਿੱਤਾ ਗਿਆ ਹੈ:
ਮਿਲ ਕੇ ਨਾਲ ਮਰਹੱਟੇ ਬੰਗਾਲੀਆਂ ਦੇ,
ਮੁਸਲਮਾਨ ਹਿੰਦੂ ਹੋਈਏ ਸ਼ਾਦ ਸਿੰਘੋ।
ਆਓ ਸਿੱਖ ਭਾਈਓ ਸੱਚੇ ਸਿੰਘ ਬਣੀਏ,
ਕਾਹਨੂੰ ਭੁਲ ਬੈਠੇ ਰਸਮ ਆਦ ਸਿੰਘੋ।
ਏਕਤਾ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਗ਼ਦਰ-ਲਹਿਰ ਨੇ ਆਪੋ ਆਪਣੇ ਧਰਮ ਦੇ ਦਾਇਰੇ ਵਿੱਚ
ਰਹਿ ਕੇ ਵੀ ਇਕ ਧਰਮ-ਨਿਰਪੱਖ ਭਗਤੀ ਦਾ ਸੰਕਲਪ ਦਿੱਤਾ, ਦੇਸ਼-ਭਗਤੀ ਦਾ ਸੰਕਲਪ। ਦੇਸ਼
ਪ੍ਰੇਮ ਨੂੰ ਨਿੱਤ-ਜੀਵਨ ਵਿੱਚ ਦ੍ਰਿੜ ਕਰਾਉਣ ਲਈ ਵੱਖ ਵੱਖ ਧਰਮਾਂ ਦੇ ਸੰਬੋਧਨਾਂ (ਨਮਸਤੇ,
ਸਲਾਮ, ਸਤਿ ਸ੍ਰੀ ਅਕਾਲ) ਦੀ ਥਾਂ ਇਕ ਸਾਂਝਾ ਸੰਬੋਧਨ ਪ੍ਰਚਲਤ ਕੀਤਾ: ਬੰਦੇ ਮਾਤ੍ਰਮ।
ਬੰਗਾਲੀ ਨਾਵਲਕਾਰ ਬੰਕਿਮ ਚੰਦਰ ਦੇ ਨਾਵਲ ਆਨੰਦ ਮੱਠ ਵਿੱਚੋਂ ਲਏ ਗਏ ਇਨ੍ਹਾਂ ਸ਼ਬਦਾਂ ਨੂੰ
ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਇੰਨੀ ਪ੍ਰਸਿੱਧੀ ਪ੍ਰਾਪਤ ਹੋਈ ਕਿ ਆਜ਼ਾਦੀ ਤੋਂ ਬਾਅਦ
ਇਹ ਰਾਸ਼ਟਰੀ ਧੁਨੀ ਦੀ ਪਦਵੀ ਗ੍ਰਹਿਣ ਕਰ ਗਏ।
ਬੰਦੇ-ਮਾਤ੍ਰਮ, ਦੇਸ਼ ਭਗਤੀ ਤੇ ਦੇਸ਼ ਦੀ ਆਜ਼ਾਦੀ ਦਾ ਆਦਰਸ਼ ਗ਼ਦਰ-ਵਿਚਾਰਧਾਰਾ ਦਾ ਪਹਿਲਾ
ਪੜਾਅ ਹੈ। ਪਹਿਲੇ ਪੜਾਅ ਉੱਤੇ ‘ਗ਼ਦਰ’ ਦਾ ਅਰਥ ਸੀ: ਦੇਸ਼ ਦੀ ਆਜ਼ਾਦੀ ਲਈ ਹਥਿਆਰ-ਬੰਦ ਹੋ
ਕੇ ਜੂਝਣਾ, ਪਰ ਇਸ ਲਹਿਰ ਦੇ ਅਗਲੇ ਪੜਾਵਾਂ ‘ਤੇ ‘ਗ਼ਦਰ’ ਅਜਿਹੇ ਸਮਾਜੀ-ਰਾਜਨਤੀਤਕ ਇਨਕਲਾਬ
ਦਾ ਪਰਿਆਵਾਚੀ ਹੋ ਨਿਬੜਿਆ ਜਿਸ ਦਾ ਅੰਤਮ ਨਿਸ਼ਾਨਾ ਸਮਾਜਵਾਦੀ ਤੇ ਸਾਮਵਾਦੀ ਸਮਾਜਕ ਵਿਵਸਥਾ
ਦੀ ਸਥਾਪਤੀ ਸੀ। ਅਮਰੀਕਾ ਵਿਚਲੇ ਗ਼ਦਰੀਆਂ ਨੇ ਰੂਸੀ ਸਮਾਜਵਾਦੀਆਂ ਨਾਲ ਆਪਣੇ ਸੰਬੰਧ ਕਾਇਮ
ਕਰ ਲਏ ਸਨ। ਉਸ ਤੋਂ ਵੀ ਪਹਿਲਾਂ 1916 ਵਿੱਚ ਰੂਸੀ ਇਨਕਲਾਬੀਆਂ ਦੀ ਹਮਦਰਦੀ ਵਿੱਚ ਗ਼ਦਰ
ਆਸ਼ਰਮ ਦੁਆਰਾ ਅੰਗਰੇਜ਼ੀ-ਪੰਜਾਬੀ ਵਿੱਚ ਰੂਸੀ ਗ਼ਦਰ ਦੀਆਂ ਕਹਾਣੀਆਂ ਨਾਂ ਦਾ ਕਿਤਾਬਚਾ
ਛਾਪਿਆ ਗਿਆ ਸੀ। ਰੂਸ ਤੋਂ ਦੇਸ ਪਰਤ ਕੇ ਭਾਈ ਸੰਤੋਖ ਸਿੰਘ ਨੇ ਕਿਰਤੀ ਪਰਚਾ ਕੱਢਿਆ, ਜਿਸ
ਵਿੱਚ ਸਮਾਜਵਾਦੀ ਵਿਚਾਰਾਂ ਦਾ ਪਰਚਾਰ ਹੁੰਦਾ ਸੀ। ਕਿਰਤੀ ਕਿਸਾਨ ਪਾਰਟੀ, ਨੌਜਵਾਨ ਭਾਰਤ
ਸਭਾ, ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਪਾਰਟੀ ਐਸੋਸੀਏਸ਼ਨ, ਆਦਿ ਰਾਹੀਂ ‘ਬੰਦੇ ਮਾਤ੍ਰਮ’
ਤੋਂ ‘ਇਨਕਲਾਬ ਜਿ਼ੰਦਾਬਾਦ’ ਤੱਕ ਦਾ ਸਿਧਾਂਤਕ ਸਫਰ ਤਹਿ ਹੋ ਚੁੱਕਾ ਸੀ ਅਤੇ 1931-32 ਤੱਕ
ਗ਼ਦਰ ਲਹਿਰ ਕੌਮਾਂਤਰੀ ਸਮਾਜਵਾਦੀ ਲਹਿਰ ਨਾਲ ਇਕਸੁਰ ਹੋ ਗਈ ਸੀ। ਹੁਣ ਇਸ ਦਾ ਉਦੇਸ਼ ਦੇਸ਼
ਦੀ ਸੁਤੰਤਰਤਾ ਤੱਕ ਸੀਮਤ ਨਹੀਂ ਸੀ ਰਿਹਾ, ਸਗੋਂ ਸੁਤੰਤਰਤਾ ਦੇ ਨਾਲ ਹੀ ਸਮਾਜਵਾਦੀ
‘ਪੰਚੈਤੀ’ ਰਾਜ, ਕਿਰਤੀ-ਕਿਸਾਨ ਰਾਜ ਤੇ ਹਿੰਦੇ ਦੇ ‘ਸਮਾਜ’ ਦਾ ਨਵਾਂ ਰੂਪ ਸਿਰਜਣ ਦਾ ਬਣ
ਗਿਆ ਸੀ। ਇਸ ਬਦਲੀ ਹੋਈ ਵਿਚਾਰਧਾਰਾ ਦਾ ਪਰਤੌ ਕਵਿਤਾ ਵਿੱਚ ਵੀ ਦੇਖਿਆ ਜਾ ਸਕਦਾ ਹੈ:
- ਰਾਜ ਪੰਚੈਤੀ ਕਾਇਮ ਕਰੀਏ,
ਬਾਦਸ਼ਾਹਾਂ ਦੀ ਅਲਖ ਮੁਕਾ ਦੇਈਏ।
- ਨਵਾਂ ਰੂਪ ਰਚਾ ਹਿੰਦ ਦੇ ਸਮਾਜ ਦਾ
ਤੁਖ਼ਮ ਉਡਾਣਾ ਜ਼ਾਲਮਾਂ ਦੇ ਰਾਜ ਦਾ।
ਹੁਣ ਦੁਸ਼ਮਣੀ ਕੇਵਲ ਕੌਮੀ ਨਹੀਂ, ਜਮਾਤੀ ਵੀ ਸੀ। ਕਿਰਤੀ-ਕਿਸਾਨ ਕੇਵਲ ਬਰਤਾਨਵੀ ਸਾਮਰਾਜ
ਨੂੰ ਹੀ ਨਹੀਂ, ਬਲਕਿ ਅੰਦਰਲੀਆਂ ਜੋਕਾਂ (ਰਾਜੇ, ਸਰਮਾਏਦਾਰ ਤੇ ਸ਼ਾਹੂਕਾਰ) ਨੂੰ ਵੀ ਆਪਣੇ
ਤੇ ਆਪਣੇ ਦੇਸ਼ ਦੇ ਦੁਸ਼ਮਣ ਸਮਝਦੇ ਸਨ। ਨਵਾਂ ਕਿਰਤੀ-ਸਮਾਜ ਸਿਰਜਣ ਦੀ ਮੂਲ ਪ੍ਰੇਰਨਾ
ਨਿਸ਼ਚੇ ਹੀ ਅਕਤੂਬਰ ਇਨਕਲਾਬ ਤੇ ਸੋਵੀਅਤ ਯੂਨੀਅਨ ਦੀ ਸਥਾਪਨਾ ਤੋਂ ਪ੍ਰਾਪਤ ਹੋਈ ਸੀ।
ਉਪਰੋਕਤ ਵਿਚਾਰ-ਚਰਚਾ ਤੋਂ ਗ਼ਦਰੀ ਕਵਿਤਾ ਦੀ ਵਿਚਾਰਧਾਰਾ ਦੇ ਤਿੰਨ ਪੱਖ ਸਮੱਸ਼ਟ ਹੁੰਦੇ
ਹਨ:
()ਿ ਪਾਰਟੀ, ਪਾਰਟੀ ਅਨੁਸ਼ਾਸਨ ਤੇ ਪਾਰਟੀ ਪ੍ਰੋਗਰਾਮ ਉੱਤੇ ਜ਼ੋਰ।
()ਿ ਕੌਮੀ ਏਕਤਾ ਤੇ ਜਮਾਤੀ ਏਕਤਾ ਕਾਇਮ ਕਰਕੇ ਇਕ ਜਨਤਕ ਲਹਿਰ ਉਸਾਰਨ ਦਾ ਪ੍ਰੋਗਰਾਮ।
()ਿ ‘ਬੰਦੇ ਮਾਤ੍ਰਮ’ ਤੋਂ ‘ਇਨਕਲਾਬ’, ਜਾਂ ਭਾਰਤ ਦੀ ਆਜ਼ਾਦੀ ਤੋਂ ਸਮਾਜਵਾਦ ਤੱਕ ਦੀ
ਸਿਆਸੀ ਸਮਾਜ-ਦ੍ਰਿਸ਼ਟੀ ਦਾ ਵਿਕਾਸ।
ਗ਼ਦਰ ਲਹਿਰ ਦੀ ਕਵਿਤਾ ਪਾਰਟੀ ਤੇ ਵਿਚਾਰਧਾਰਾ ਦੇ ਮਿਕਾਨਕੀ ਤੇ ਸਿਧਾਂਤਕ ਰੂਪਾਂ ਨਾਲੋਂ ਵੀ
ਵੱਧ ਇਨ੍ਹਾਂ ਦੇ ਅਮਲੀ ਰੂਪਾਂ ਉੱਤੇ ਜ਼ੋਰ ਦਿੰਦੀ ਹੈ। ਇਨ੍ਹਾਂ ਦਾ ਅਮਲੀ ਰੂਪ ਹੈ ਗ਼ਦਰੀ
ਦਾ ਕਿਰਦਾਰ। ਕਵੀ ਦੇ ਸਾਹਮਣੇ ਗ਼ਦਰੀ-ਕਿਰਦਾਰ ਦੇ ਦੋ ਪ੍ਰਤੀਮਾਨ ਉਘੜਵੇਂ ਰੂਪ ਵਿੱਚ ਮੌਜੂਦ
ਸਨ: ਪਹਿਲਾ ਗੁਰੂ ਗੋਬਿੰਦ ਸਿੰਘ ਦਾ ਤੇ ਦੂਜਾ ਕਾਰਲ ਮਾਰਕਸ ਦਾ। ਲਾਲਾ ਹਰਦਿਆਲ ਨੇ ਕਾਰਲ
ਮਾਰਕਸ ਨੂੰ ‘ਰਿਸ਼ੀ’ ਕਿਹਾ ਸੀ ਤੇ ਗ਼ਦਰ ਦੀ ਕਵਿਤਾ ਵਿੱਚ ‘ਸੰਤ ਸਿਪਾਹੀ’ ਦੀ ਪਰੰਪਰਾ
ਅਨੁਸਾਰ ਗ਼ਦਰੀ ਨੂੰ ਸਿਪਾਹੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ
ਗ਼ਦਰੀ ਹੋਣਾ ਉੱਚ ਕੋਟੀ ਦਾ ‘ਜੋਗੀ’ ਹੋਣ ਸਮਾਨ ਹੈ ਤੇ ਗ਼ਦਰ ਦੀ ਫਿਲਾਸਫੀ ਨੂੰ ਆਪਣੇ ਅਮਲ
ਵਿੱਚ ਢਾਲਣ ਦੀ ਜ਼ਰੂਰਤ ਤੇ ਕਠਨਾਈ ਦਾ ਜਿ਼ਕਰ ਕਈ ਵਾਰ ਆਇਆ ਹੈ:
- ਬਾਲ ਬੱਚਾ ਸਰਬੰਸ ਤਿਆਗ ਦੇਣਾ,
ਸੱਚਾ ਜੋਗ ਕਮਾਵਣਾ ਖ਼ਰਾ ਔਖਾ।
- ਸੇਵਾ ਦੇਸ਼ ਦੀ ਜਿ਼ੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁੱਖਲੀਆਂ ਨੇ।
ਜਿਨ੍ਹਾਂ ਦੇਸ ਸੇਵਾ ਵਿੱਚ ਪੈਰ ਪਾਇਆ,
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
- ਮੂੰਹੋਂ ਗ਼ਦਰੀ ਕਹਿਣਾ ਸੌਖਾ
ਔਖਾ ਕਰਮ ਕਮਾਉਣਾ ਹੈ।
ਪਰ ਗ਼ਦਰ-ਲਹਿਰ ਵਿੱਚ ਅਨੇਕ ਅਜਿਹੇ ਸੂਰਮੇ ਹੋਏ ਜਿਨ੍ਹਾਂ ਨੇ ਇਸ ਔਖੇ ਕੰਮ ਨੂੰ ਕਰਕੇ
ਦਿਖਾਇਆ। ਇਸ ਲਹਿਰ ਵਿੱਚ ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਬਾਬੂ ਹਰਨਾਮ
ਸਿੰਘ, ਸੋਹਨ ਲਾਲ ਪਾਠਕ, ਮੇਵਾ ਸਿੰਘ ਲੋਪੋਕੇ, ਹਰੀ ਸਿੰਘ ਉਸਮਾਨ, ਤੇਜਾ ਸਿੰਘ ਸੁਤੰਤਰ ਤੇ
ਹੋਰ ਕਿੰਨੇ ਹੀ ਅਜਿਹੇ ਕਿਰਦਾਰ ਮਿਲਦੇ ਹਨ ਜਿਹੜੇ ਦਾਰਸ਼ਨਿਕ ਸੋਚ, ਦੀਦਾ ਦਲੇਰੀ,
ਪਰਸੁਆਰਥ, ਭਾਈਚਾਰਕ ਸਾਂਝ, ਤਿਆਗ, ਸੱਚੇ-ਸੁੱਚੇ ਚਰਿਤ੍ਰ, ਕੁਰਬਾਨੀ ਤੇ ਸਿਦਕ ਦੇ ਪੁੱਤਲੇ
ਸਨ। ਇਨ੍ਹਾਂ ਵਿਚੋਂ ਬਹੁ-ਗਿਣਤੀ ਪੰਜਾਬ ਦੀ ਕਿਸਾਨੀ ਵਿੱਚੋਂ ਸੀ ਤੇ ਇਹ ਸਾਰੇ ਹੀ ਪਰਦੇਸੀ
ਮਜ਼ਦੂਰ ਸਨ। ਕਿਸਾਨ ਲਈ ਧਰਤੀ ਮਾਤਾ ਤੇ ਪਰਦੇਸੀ ਲਈ ਭਾਰਤ ਮਾਤਾ ਸਭ ਤੋਂ ਪਿਆਰੀਆਂ ਵਸਤਾਂ
ਸਨ। ਇਨ੍ਹਾਂ ਦੇ ਪਿਆਰ ਅਤੇ ਗ਼ਦਰ ਆਸ਼ਰਮ ਦੇ ਸਾਂਝੇ ਕੰਮ ਤੇ ਸਾਂਝੇ ਲੰਗਰ ਨੇ ਉਨ੍ਹਾਂ ਦੇ
ਕਿਰਦਾਰ ਨੂੰ ਇਕ ਨਵੀਂ ਕਿਸਮ ਦੇ ਇਨਸਾਨ ਦੇ ਰੂਪ ਵਿੱਚ ਡੌਲਿਆ। ਕੌਮੀ ਭਾਵਨਾ, ਅਨੁਸ਼ਾਸਨ,
ਸਿਦਕ ਤੇ ਸਦਾਚਾਰ ਦਾ ਪੱਲਾ ਉਨ੍ਹਾਂ ਨੇ ਡਕੈਤੀਆਂ ਦੌਰਾਨ ਵੀ ਨਹੀਂ ਛੱਡਿਆ। ਉਨ੍ਹਾਂ ਦੇ
ਅਨੁਸ਼ਾਸਨ ਤੇ ਸਿਦਕ ਦੀ ਇਕ ਇਤਿਹਾਸਕ ਮਿਸਾਲ ਇਹ ਹੈ ਕਿ ਜਦੋਂ ਸੋਹਨ ਲਾਲ ਪਾਠਕ ਤੇ ਬਾਬੂ
ਹਰਨਾਮ ਸਿੰਘ ਨੂੰ ਬਰ੍ਹਮਾ ਜਾ ਕੇ ਗ਼ਦਰ ਲਈ ਕੰਮ ਕਰਨ ਲਈ ਭੇਜਿਆ ਗਿਆ ਤਾਂ ਉਨ੍ਹਾਂ ਨੇ
ਰੰਗੂਨ ਪਹੁੰਚ ਕੇ ਬਹਾਦਰ ਸ਼ਾਹ ‘ਜ਼ਫਰ’ ਦੀ ਕਬਰ ਲੱਭੀ ਤੇ ਉਸ ‘ਤੇ ਖੜ੍ਹ ਕੇ ਸਹੁੰ ਖਾਧੀ
ਕਿ ਆਪਣੇ ਲਹੂ ਦੇ ਆਖ਼ਰੀ ਤੁਬਕੇ ਤੱਕ ਉਹ ਭਾਰਤੀ ਦੀ ਆਜ਼ਾਦੀ ਲਈ ਜੂਝਣਗੇ। ਬਾਅਦ ਵਿੱਚ
ਦੋਵੇਂ ਗ੍ਰਿਫਤਾਰ ਹੋਏ ਤੇ ਹੋਰਾਂ ਸਾਥੀਆਂ ਸਮੇਤ ਫਾਂਸੀ ਚੜ੍ਹੇ। (ਦੇਖੋ ਕੇਸਰ ਸਿੰਘ ਦਾ
ਨਾਵਲ ਜੰਝ ਲਾੜਿਆਂ ਦੀ)। ਗ਼ਦਰ ਦੇ ਫੇਲ੍ਹ ਹੋਣ ਤੇ ਉਨ੍ਹਾਂ ਨੇ ਤਸੀਹੇ, ਜੇਲ੍ਹਾਂ,
ਕਾਲੇਪਾਣੀ ਦੀਆਂ ਕੈਦਾਂ ਕੱਟੀਆਂ ਪਰ ਆਪਣਾ ਚਰਿਤ੍ਰ ਬੁਲੰਦ ਰੱਖਿਆ। ਗੁਲਾਮਾਂ ਤੇ ਪਸ਼ੂਆਂ
ਵਰਗਾ ਜੀਵਨ ਜੀਉਂ ਰਹੇ ਵਿਅਕਤੀ ਹੀ ਕਠਿਨ ਸੰਘਰਸ਼ ਵਿੱਚ ਪੈ ਕੇ ਬੰਦੇ ਬਣੇ। ਨਵੀਂ ਜਾਗ੍ਰਤੀ
ਤੇ ਕਰੜੇ ਅਨੁਸ਼ਾਸਨ ਨੇ ਸਧਾਰਨ ਬੰਦਿਆਂ ਨੂੰ ਵੀ ਨਾਇਕ ਬਣਾ ਦਿੱਤਾ। ਗ਼ਦਰ ਦੀ ਲਹਿਰ ਨੇ
ਇਨ੍ਹਾਂ ਮਨੁੱਖਾਂ ਨੂੰ ਨਵੀਂ ਮਨੁੱਖਤਾ, ਨਵੀਂ ਕਵਿਤਾ, ਨਵੀਂ ਜੀਵਨ ਲੈਅ ਤੇ ਨਵੀਂ ਭਾਸ਼ਾ
ਪ੍ਰਦਾਨ ਕੀਤੀ। ਇਹੋ ਗ਼ਦਰੀ ਕਿਰਦਾਰ ਗ਼ਦਰ ਦੀ ਕਵਿਤਾ ਦਾ ਨਾਇਕ ਵੀ ਬਣਿਆ ਤੇ ਕਵੀ ਵੀ। ਇਹੋ
ਕਾਰਨ ਹੈ ਕਿ ਜਿਹੜੇ ਵਿਅਕਤੀ ਗ਼ਦਰ ਦੇ ਸੰਗਠਨ ਤੇ ਸਿਧਾਂਤ ਤੋਂ ਬਾਗੀ ਹੋ ਕੇ ਖੁਦਗਰਜ਼,
ਮੁਖਬਰ, ਗੱਦਾਰ (ਏਜੰਟ) ਤੇ ਮੌਕਾਪ੍ਰਸਤ ਹੋ ਗਏ, ਜਿ਼ੰਦਗੀ ਤੇ ਕਵਿਤਾ ਦੋਹਾਂ ਵਿੱਚ ਉਨ੍ਹਾਂ
ਦਾ ਨਾਮੋ ਨਿਸ਼ਾਨ ਮਿਟਾਉਣ ਦੀ ਇਸ ਲਹਿਰ ਨੇ ਕਸਰ ਨਹੀਂ ਛੱਡੀ।
ਗ਼ਦਰ ਲਹਿਰ ਦੀ ਨੀਤੀ ਦਾ ਚੌਥਾ ਅਹਿਮ ਅੰਗ ਹੈ ਝੰਡਾ। ‘ਝੰਡਾ’ ਨਿਸ਼ਾਨ ਹੈ ਪਾਰਟੀ,
ਵਿਚਾਰਧਾਰਾ ਤੇ ਕਿਰਦਾਰ ਦਾ। ਗ਼ਦਰੀਆ ਦਾ ਨਿਸ਼ਾਨਾ ਸੀ ਗੁਲਾਮ ਸਮਾਜ ਤੇ ਰਾਜ ਦਾ ਖਾਤਮਾ
ਕਰਕੇ ਨਵੇਂ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਨਾ। ਇਸ ਨਿਸ਼ਾਨੇ ਦੇ ਪ੍ਰਤੀਕ ਤਿੰਨ ਰੰਗੇ ਝੰਡੇ
ਦੀ ਰੂਪ-ਰਚਨਾ ਮੈਡਮ ਕਾਮਾ ਤੇ ਹੋਰ ਇਨਕਲਾਬੀ ਦੇਸ਼ ਭਗਤ ਕਾਫੀ ਪਹਿਲਾਂ ਤੋਂ ਕਰ ਚੁੱਕੇ ਸਨ।
ਉਸੇ ਨੂੰ ਥੋੜ੍ਹਾ ਜਿਹਾ ਬਦਲ ਕੇ ਗ਼ਦਰ ਪਾਰਟੀ ਨੇ ਵੀ ਆਪਣੇ ਝੰਡੇ ਨੂੰ ਤਿਰੰਗੇ ਦੀ ਹੀ
ਸ਼ਕਲ ਦਿੱਤੀ। ਇਸ ਝੰਡੇ ਦੀਆਂ ਵੀ ਤਿੰਨ ਪੱਟੀਆਂ ਸਨ: ਉਤਲੀ ਲਾਲ, ਵਿਚਕਾਰਲੀ ਕੇਸਰੀ ਤੇ
ਹੇਠਲੀ ਹਰੀ। ਸਾਰੇ ਝੰਡੇ ਦੇ ਵਿਚਕਾਰ ਦੋ ਤਲਵਾਰਾਂ ਸਨ (ਦੇਖੋ ਅੰਤਕਾ-2)। ਲਾਲ ਰੰਗ
ਇਨਕਲਾਬ ਦਾ, ਕੇਸਰੀ ਕੁਰਬਾਨੀ ਦਾ ਤੇ ਹਰਾ ਖੁਸ਼ਹਾਲੀ ਦਾ ਚਿੰਨ ਸੀ। ਤਲਵਾਰਾਂ ਹਥਿਆਰ-ਬੱਧ
ਯੁੱਧ ਨੂੰ ਦਰਸਾਉਂਦੀਆਂ ਸਨ। ਗ਼ਦਰੀ ਕਵੀ ਦੀ ਪ੍ਰਬਲ ਇੱਛਾ ਸੀ ਕਿ ਕਿਸੇ ਦਿਨ ਇਹ ਤਰੰਗਾ
ਝੰਡਾ ਉਸ ਨੂੰ ਆਪਣੇ ਆਜ਼ਾਦ ਮੁਲਕ ਵਿੱਚ ਚਾੜ੍ਹਨ ਦਾ ਮੌਕਾ ਮਿਲੇ:
ਕੁੱਟ ਫਰੰਗੀ ਇੰਗਲੈਂਡ ਵਾੜਨਾ।
ਤਿੰਨ ਰੰਗਾ ਝੰਡਾ ਇੰਡੀਆ ਦਾ ਚਾੜ੍ਹਨਾ।
(ਅ) ਯੁੱਧ ਨੀਤੀ: ਗ਼ਦਰੀ ਯੁੱਧ ਦੇ ਦੋ ਮੁਹਾਜ਼ ਸਨ: ਪਹਿਲਾ ਰਾਸ਼ਟਰਵਾਦੀ ਦ੍ਰਿਸ਼ਟੀਕੋਣ
ਤੋਂ ਬਰਤਾਨਵੀ ਸਾਮਰਾਜ ਦੇ ਵਿਰੁੱਧ ਤੇ ਦੂਜਾ ਸਮਾਜਵਾਦ ਦ੍ਰਿਸ਼ਟੀਕੋਣ ਤੋਂ ਰਾਏ ਬਹਾਦਰਾਂ,
ਦੇਸੀ ਸਰਮਾਏਦਾਰਾਂ-ਰਜਵਾੜਿਆਂ ਤੇ ਪਿੱਠੂਆਂ ਵਿਰੁੱਧ। ਪਾਰਟੀ ਦਾ ਅੰਤਮ ਨਿਸ਼ਾਨਾ
ਹਿੰਦੁਸਤਾਨ ਵਿੱਚ ਹਥਿਆਰ-ਬੰਦ ਇਨਕਲਾਬ ਕਰਕੇ ਜਮੂਹਰੀ ਰੀਪਬਲਿਕ ਕਾਇਮ ਕਰਨਾ ਸੀ। ਇਸ ਅੰਤਮ
ਨਿਸ਼ਾਨੇ ਦੀ ਪ੍ਰਾਪਤੀ ਲਈ ਬਰਤਾਨਵੀ ਰਾਜ ਦੇ ਖਿਲਾਫ ਤਾਂ ਯੁੱਧ ਛੇੜਿਆ ਹੀ ਹੋਇਆ ਸੀ; ਪਰ
ਇਸ ਸਿੱਧੀ ਟੱਕਰ ਵਿੱਚ ਅੰਗਰੇਜ਼ ਦੀ ਢਾਲ ਬਣਨ ਵਾਲੀਆਂ ਤਾਕਤਾਂ ਨੂੰ ਬੇਅਸਰ ਜਾਂ ਅਲੱਗ
ਥਲੱਗ ਕਰਨਾ ਵੀ ਜ਼ਰੂਰੀ ਸੀ:
-ਪਹਿਲਾਂ ਖ਼ਬਰ ਲੈ ਕੇ ਦੇਸ਼ ਘਾਤੀਆਂ ਦੀ,
ਛਾਤੀ ਦੁਸ਼ਮਣਾਂ ਦੀ ਅਸਬਾਰ ਹੋ ਜਾਓ।
- ਮਜ਼ਹਬੀ ਝਗੜਿਆਂ ਨੇ ਸਾਡਾ ਨਾਸ ਕੀਤਾ
ਜ਼ਰਾ ਏਨ੍ਹਾਂ ਨੂੰ ਪਰੇ ਹਟਾ ਲਈਏ।
ਕਈ ਦੇਸ਼ ਘਾਤੀ ਫਿਰਨ ਇਲ ਵਾਂਗੂੰ,
ਬਾਜ਼ ਗ਼ਦਰ ਨੂੰ ਅਸੀਂ ਉੜਾ ਲਈਏ।
ਦੋਹਾਂ ਤਰ੍ਹਾਂ ਦੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਜੋ ਰਣਨੀਤੀ ਤਿਆਰ ਕੀਤੀ ਗਈ ਉਸ ਦੀਆਂ ਦੋ
ਮੁੱਖ ਪਰਤਾਂ ਸਨ: ਜਨਤਕ ਲਹਿਰ ਦੀ ਉਸਾਰੀ ਤੇ ਹਥਿਆਰ-ਬੰਦ ਲੜਾਈ। ਜਨਤਕ ਲਹਿਰ ਦੀ ਉਸਾਰੀ ਲਈ
ਜਨਤਾ ਨੂੰ ਸੁਚੇਤ ਕਰਨਾ ਜ਼ਰੂਰੀ ਸੀ ਤੇ ਇਸ ਦੇ ਲਈ ਅਖ਼ਬਾਰ ਤੇ ਹੋਰ ਪਾਰਟੀ-ਸਾਹਿਤ ਛਾਪ ਕੇ
ਮੁਫਤ ਵੰਡਿਆ ਜਾਂਦਾ ਸੀ। ਲੜਾਕੂ ਗ਼ਦਰੀਆਂ ਤੇ ਹਿੰਦੀ ਫੌਜੀਆਂ ਨੂੰ ਜੋਸ਼ ਦੇ ਨਾਲ ਨਾਲ
ਹੋਸ਼ ਪ੍ਰਦਾਨ ਕਰਨ ਲਈ ਵੀ ਅਖਬਾਰ ਦੀ ਲੋੜ ਸੀ। ਅਖਬਾਰ ਤੇ ਹੋਰ ਗ਼ਦਰੀ ਸਾਹਿਤ ਗ਼ਦਰ ਦੀ
ਰਣਨੀਤੀ ਦਾ ਇਕ ਜ਼ਰੂਰੀ ਤੇ ਪ੍ਰਮੱਖ ਅੰਗ ਸੀ, ਜਿਸ ਦਾ ਜਿ਼ਕਰ ਹਥਲੇ ਕਾਵਿ ਸੰਗ੍ਰਹਿ ਵਿੱਚ
ਵਾਰ ਵਾਰ ਆਇਆ ਹੈ:
- ਭਾਈਓ ਧਨਬਾਦ ਕਰੋ ਗ਼ਦਰ ਅਖਬਾਰ ਦਾ,
ਪਰਚੇ ਛੇਵਾਂ ਜ਼ਬਾਨ ਵਿੱਚ ਔਣ ਲੱਗ।
- ਕਿਵੇਂ ਗ਼ਦਰ ਅਖਬਾਰ ਦੀ ਸਿਫਤ ਕਰੀਏ
ਪਤਾ ਆਣ ਦਿੱਤਾ ਗੱਲਾਂ ਚੰਗੀਆਂ ਦਾ।
- ਪਹਿਲਾਂ ਗ਼ਦਰ ਪਾਰਟੀ ਸਾਰੇ ਦੇਸ਼ ਵਿਚ ਪ੍ਰਚਾਰ ਕਰੇ।
ਖੁਲ੍ਹਮ ਖੁਲ੍ਹਾ ਪਰਜਾ ਤਾਈਂ ਚੋਰਾਂ ਥੀਂ ਹੁਸਿ਼ਆਰ ਕਰੇ।
ਕਢ ਰਸਾਲਾ ‘ਨਿਆ ਜ਼ਮਾਨਾ’ ਸਭ ਦੇ ਹਥ ਫੜਾ ਦੇਈਏ।
‘ਗ਼ਦਰ ਗੂੰਜ’ ਕਰ ਹਿਫਜ਼ ਜ਼ਬਾਨੀ ਸਭ ਕੇ ਛੇਰ ਸੁਣਾ ਦੇਈਏ।
ਲਿਖ ਅਖਬਾਰਾਂ ਖੁਫੀਆ ਤੌਰ ਤੇ ਫੋਜਾਂ ਵਿਚ ਪੌਂਚਾ ਦੇਈਏ।
ਗ਼ਦਰ ਲਹਿਰ ਮੂਲ ਰੂਪ ਵਿੱਚ ਪੰਜਾਬੀ ਕਿਸਾਨ ਤੇ ਨਾਮ-ਕਟੇ ਫੌਜੀਆਂ ਦੀ ਲਹਿਰ ਸੀ। ਇਸੇ ਲਈ
ਪੰਜਾਬ ਦਾ ਕਬਾਇਲੀ-ਕਿਸਾਨ ਵਿਰਸਾ ਤੇ ਸੈਨਿਕ ਦੀ ਲੜਾਕੂ ਮਾਨਸਿਕਤਾ ਇਸ ਦੀ ਯੁੱਧ ਨੀਤੀ
ਵਿੱਚ ਪ੍ਰਮੁੱਖਤਾ ਹਾਸਲ ਕਰ ਗਈ। ਦੇਖਿਆ ਜਾਵੇ ਤਾਂ ਕੂਕਾ ਲਹਿਰ ਤੋਂ ਲੈ ਕੇ ਵਰਤਮਾਨ ਖਾੜਕੂ
ਲਹਿਰਾਂ ਤੱਕ ਪੰਜਾਬ ਦੀਆਂ ਜੁਝਾਰੂ ਲਹਿਰਾਂ ਵਿੱਚ ਕਿਸਾਨ ਤੇ ਸੈਨਿਕ ਦਾ ਰੋਲ ਹੀ ਪ੍ਰਮੁੱਖ
ਰਿਹਾ ਹੈ। ਅਣਖ ਤੇ ਬਦਲੇ ਦੀ ਭਾਵਨਾ ਗ਼ਦਰੀ ਨੂੰ ਵਿਰਸੇ ਵਿੱਚ ਮਿਲੀ ਸੀ; ਛਿੱਤਰ ਨਾਲ
ਘੁੱਗੀ ਕੁੱਟਣ ਦਾ ਮੁਹਾਵਰਾ ਉਸ ਦੇ ਜੀਵਨ ਦੇ ਵਿੱਚ ਸੀ। ਪਰਦੇਸ ਦੇ ਮਾਹੌਲ ਤੇ ਦੇਸ ਦੀ
ਗੁਲਾਮੀ ਦੋਵੇਂ ਉਸ ਦੇ ਲਈ ਹਿੰਸਕ ਸਨ, ਇਸ ਲਈ ਉਹ ਸਮਝਦਾ ਸੀ ਕਿ ਹਿੰਸਾ ਦਾ ਮੁਕਾਬਲਾ
ਹਿੰਸਾ ਨਾਲ ਹੀ ਕੀਤਾ ਜਾ ਸਕਦਾ ਹੈ:
-ਕਰੋ ਨਾ ਮਿਨਤ ਐਵੇਂ ਬਣੋ ਕਾਇਰ ਨਾ।
ਫੜੋ ਤਲਵਾਰ ਇਨ੍ਹਾਂ ਨਹੀਂ ਠਹਿਰਨਾ।
ਅਗੇ ਵੀਰੋ ਅਰਜੀਆਂ ਨੇ ਕੀ ਬਣਾ ਲਿਆ
ਜ਼ਾਲਮ ਫਰੰਗੀਆਂ ਨੇ ਦੇਸ਼ ਖਾ ਲਿਆ।
ਅਮਰ ਸ਼ਹੀਦ ਮਦਨ ਲਾਲ ਢੀਂਗਰਾ ਨੇ 1909 ਵਿੱਚ ਆਪਣੇ ਅਦਾਲਤੀ ਬਿਆਨ ਵਿੱਚ ਕਿਹਾ ਸੀ: “ਮੇਰਾ
ਵਿਸ਼ਵਾਸ ਹੈ ਕਿ ਜਿਹੜੀ ਕੌਮ ਸੰਗੀਨ ਦੇ ਜ਼ੋਰ ਨਾਲ ਗੁਲਾਮ ਰੱਖੀ ਜਾਂਦੀ ਹੈ, ਉਹ ਲਗਾਤਾਰ
ਯੁੱਧ ਦੀ ਸਥਿਤੀ ਵਿੱਚ ਰਹਿੰਦੀ ਹੈ।” (ਦੋਖੋ: ਚਾਂਦ, ਫਾਂਸੀ ਅੰਕ)। ਇੱਥੇ ਵੀ ਯੁੱਧ ਦਾ
ਭਾਵ ਹਥਿਆਰ-ਬੰਦ ਯੁੱਧ ਸੀ ਤੇ ਗ਼ਦਰ ਲਹਿਰ ਨੇ ਇਸੇ ਤਰਕ ਅਨੁਸਾਰ ਆਪਣੀ ਹਿੰਸਕ ਯੁੱਧ-ਨੀਤੀ
ਨੂੰ ਹਿੰਦ ਦੇ ਆਜ਼ਾਦੀ-ਅੰਦੋਲਨ ਦੀਆਂ ਅਹਿੰਸਕ, ਸੁਧਾਰਕ ਤੇ ਪੁਨਰ-ਉਥਾਨਵਾਦੀ ਨੀਤੀਆਂ ਦੇ
ਮੁਕਾਬਲੇ ਵਿੱਚ ਸਹੀ ਠਹਿਰਾਇਆ ਹੈ:
- ਕਦੇ ਮੰਗਿਆਂ ਮਿਲਣ ਆਜ਼ਾਦੀਆਂ ਨਾ,
ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ।
ਇਸ ਨੀਤੀ ਦੇ ਵਿਰੋਧ ਵਿੱਚ ਭਾਈ ਪਰਮਾਨੰਦ ਨੇ ਕਿਹਾ ਸੀ, “ਗਦਰ ਪਾਰਟੀ ਨੂੰ ਚਲਾਉਣ ਵਾਲੇ
ਅੰਨ੍ਹੇ ਜਜ਼ਬੇ ਦੇ ਅਸਰ ਹੇਠ ਕੰਮ ਕਰ ਰਹੇ ਹਨ।” ਪਰ ਇਹ ਕਥਨ ਗ਼ਦਰ ਲਹਿਰ ਦੇ ਸਾਰੇ ਪੜਾਵਾਂ
ਬਾਰੇ ਸੱਚ ਨਹੀਂ। 1914-15 ਦੇ ਗ਼ਦਰ ਦੀ ਅਸਫਲਤਾ ਤੋਂ ਬਾਅਦ ਆਤਮ-ਸ਼ਕਤੀ, ਹਥਿਆਰ ਸ਼ਕਤੀ
ਤੇ ਲੋਕ ਸ਼ਕਤੀ ਦੇ ਸੁਮੇਲ ਦੀ ਸਮਝ ਪੈਦਾ ਹੋਈ ਤੇ ਇਸ ਗੱਲ ‘ਤੇ ਵਧੇਰੇ ਜ਼ੋਰ ਦਿੱਤਾ ਗਿਆ
ਕਿ ਇਨਕਲਾਬ ਦੀ ਅਸਲ ਸ਼ਕਤੀ ਮਿਹਨਤੀ ਲੋਕ ਹੁੰਦੇ ਹਨ, ਜਿਨ੍ਹਾਂ ਦੀਆਂ ਨਿੱਤ ਦੀਆਂ
ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਨੂੰ ਸੰਗਠਿਤ ਕਰਨਾ ਤੇ ਉਨ੍ਹਾਂ ਵਿੱਚ ਸਿਆਸੀ ਸੂਝ ਪੈਦਾ
ਕਰਨੀ ਨਿਹਾਇਤ ਜ਼ਰੂਰੀ ਹੈ ਅਤੇ ਯਰਕਾਊ ਅਤਿਵਾਦ ਦੀ ਥਾਂ ਇਕ ਸਾਰਥਕ ਜੁਝਾਰੂ ਰਣਨੀਤੀ ਉਸਾਰਨ
ਦੀ ਲੋੜ ਹੈ। ਦੂਜੇ ਪਾਸੇ ਆਦਰਸ਼ਵਾਦੀ ਸੁਧਾਰਵਾਦ ਦੀ ਇਸ ਸੀਮਾ ਨੂੰ ਵੀ ਨਜ਼ਰ ਅੰਦਾਜ਼ ਨਹੀਂ
ਕੀਤਾ ਗਿਆ ਕਿ ਇਹ ਕਿਸੇ ਸਿਸਟਮ ਦਾ ਵਿਰੋਧ ਤਾਂ ਕਰਦਾ ਹੈ, ਪਰ ਉਸ ਨੂੰ ਮੁੱਢੋਂ-ਸੁੱਢੋਂ
ਬਦਲਣ ਦੀ ਰੁਚੀ ਤੇ ਸ਼ਕਤੀ ਨਿਰੇ ਸਮਝੌਤਿਆਂ ਵਿੱਚ ਨਸ਼ਟ ਹੋ ਜਾਂਦੀ ਹੈ। ਗਾਂਧੀਵਾਦ
ਕਾਂਗਰਸੀ ਨੀਤੀਆਂ ਗ਼ਦਰੀ ਯੁੱਧ-ਨੀਤੀ ਦਾ ਇਹੋ ਮੁੱਖ ਵਿਰੋਧ ਸੀ। ਫਰਵਰੀ 1930 ਦੀ ਇਕ
ਕਵਿਤਾ: ‘ਗ਼ਦਰ ਪਾਰਟੀ ਦੀਆਂ ਕਾਂਗਰਸ ਨਾਲ ਦੋ ਗੱਲਾਂ।” ਇਸ ਕਵਿਤਾ ਵਿੱਚ ਦੋਹਾਂ ਦੀ
ਯੁੱਧ-ਨੀਤੀ ਦਾ ਸਪਸ਼ਟ ਨਿਖੇੜਾ ਕੀਤਾ ਗਿਆ ਹੈ। ਇੱਥੋਂ ਤੱਕ ਕਿ ਗਾਂਧੀ ਸ਼ਾਂਤੀਵਾਦ ਦੀ
ਅਸਫਲਤਾ ਦਾ ਮਖੌਲ ਵੀ ਉਡਾਇਆ ਗਿਆ ਹੈ: “ਪਾਣੀ ਫਿਰ ਗਿਆ ਸਾਰੀਆਂ ਨੀਤੀਆਂ ਤੇ, ਇਰਵਨ ਕੱਢ
ਜਦ ਠੁੱਠ ਵਿਖਾ ਦਿੱਤਾ।” ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਅਹਿੰਸਾ ਦੀ ਨੀਤੀ ਦਾ
ਖੰਡਨ ਉਪਰਲੀ ਤਰਕ ‘ਤੇ ਆਧਾਰਿਤ ਹੈ:
- ਗੈਰਤ ਅਣਖ ਵਾਲਾ ਜੇਕਰ ਖੂਨ ਹੁੰਦਾ,
ਦੇਹਲੀ ਤਖਤ ਜ਼ਾਲਮ ਸਾਥੋਂ ਖੱਸਦੇ ਨਾ।
ਬੈਨਿਰ, ਬਿਪਿਨ, ਗਾਂਧੀ, ਮਦਨਮੋਹਨ ਵਰਗੇ,
ਇਹ ਫਰੰਗੀਆਂ ਦੇ ਬੂਟ ਝੱਸਦੇ ਨਾ।
- ਡੈਪੋਟੇਸ਼ਨਾਂ ਤੇ ਰੈਜੋਲੇਸ਼ਨਾਂ ਤੇ
ਮੁਫਤ ਧਨ ਖਰਾਬ ਕਰਾਇਆ ਕਿਉਂ
ਨਰਮ ਦਿਲ ਕਾਂਗਰਸੀ ਲੀਡਰਾਂ ਨੂੰ,
ਤੁਸੀਂ ਸੁੱਤਿਓ ਲੀਡਰ ਬਣਾਇਆ ਕਿਉਂ।
ਪਾਰਟੀ ਦੀ ਇਸੇ ਯੁੱਧ-ਨੀਤੀ ਕਾਰਨ ਗ਼ਦਰ ਲਹਿਰ ਦੀ ਕਵਿਤਾ ਦਾ ਕੇਂਦਰੀ ਥੀਮ ਹੈ: ਹਿੰਸਾ।
(ੲ) ਕਾਰਜ-ਵਿਧੀ (ਦਾਅ-ਪੇਚ): ਗ਼ਦਰ ਦੀ ਨੀਤੀ, ਯੁੱਧ ਨੀਤੀ ਤੇ ਦੁਨੀਆ ਭਰ ਦੇ
ਜੁਝਾਰੂ ਅੰਦੋਲਨਾਂ ਦੇ ਤਜਰਬਿਆਂ ਤੋਂ ਜੋ ਕਾਰਜ-ਵਿਧੀ ਤਿਆਰ ਹੋਈ ਉਸ ਵਿੱਚ ਅੱਠ ਗੱਲਾਂ
ਪ੍ਰਮੁੱਖ ਸਨ:
(1) ਖੁਫੀਆ ਸਭਾ ਸੁਸਾਇਟੀਆਂ ਬਣਾਓ ਤੇ ਖੁਫੀਆ ਕੰਮ ਕਰੋ।
(2) ਪਹਿਲੇ ਮਹਾਂ ਯੁੱਧ ਦੇ ਮੌਕੇ ਤੋਂ ਲਾਭ ਉਠਾਉ।
(3) ਹਿੰਦੀ ਫੌਜੀਆਂ ਨੂੰ ਨਾਬਰੀ ਲਈ ਪ੍ਰੇਰ ਕੇ ਫੌਜਾਂ ਵਿੱਚ ਬਗਾਵਤ ਫੈਲਾਓ।
(4) ਦੁਸ਼ਮਣ ਦਾ ਦੁਸ਼ਮਣ ਦੋਸਤ ਦੇ ਦਾਅ-ਪੇਚ ਅਨੁਸਾਰ ਬਰਤਾਨਵੀ ਸਾਮਰਾਜ ਦੇ ਦੁਸ਼ਮਣਾਂ
(ਜਰਮਨੀ ਆਦਿ) ਤੇ ਆਪਣੀ ਕੌਮੀ ਆਜ਼ਾਦੀ ਲਈ ਲੜ ਰਹੇ ਸਾਰੇ ਸੰਗਠਨਾਂ ਨਾਲ ਗੱਠਜੋੜ ਕਰੋ।
(5) ਗੁਰੀਲਾ ਯੁੱਧ ਦੀ ਵਿਧੀ ਨਾਲ ਦੁਸ਼ਮਣ ਉੱਤੇ ਸਿੱਧਾ ਹਮਲਾ ਕਰੋ।
(6) ਸਰਕਾਰ ਨੂੰ ਲਗਾਨ/ਮਾਮਲਾ ਦੇਣਾ ਬੰਦ ਕਰੋ।
(7) ਸਰਕਾਰੀ ਏਜੰਟਾਂ (ਗੱਦਾਰਾਂ) ਤੇ ਮੁਖਬਰਾਂ ਨੂੰ ਸੋਧੋ।
(8) ਸੰਗਠਨ ਤੇ ਹਥਿਆਰਾਂ ਲਈ ਮਾਇਆ ਇਕੱਤਰ ਕਰਨ ਲਈ ਡਾਕੇ ਮਾਰੋ।
ਗ਼ਦਰ ਪਾਰਟੀ ਤੇ ਗ਼ਦਰ ਲਹਿਰ ਦੇ ਇਤਿਹਾਸਾਂ ਵਿੱਚ ਇਸ ਕਾਰਜ-ਵਿਧੀ ਤੇ ਇਨ੍ਹਾਂ ਆਦੇਸ਼ਾਂ ਦੀ
ਚਰਚਾ ਖਾਸੇ ਵਿਸਥਾਰ ਵਿੱਚ ਮਿਲਦੀ ਹੈ, ਇਸ ਲਈ ਇੱਥੇ ਇਨ੍ਹਾਂ ਦੀ ਵਿਆਖਿਆ ਦੀ ਲੋੜ ਨਹੀਂ।
ਗ਼ਦਰ ਲਹਿਰ ਦੀ ਕਵਿਤਾ ਵਿੱਚ ਇਨ੍ਹਾਂ ਦਾਅ-ਪੇਚਾਂ ਦਾ ਪਰਚਾਰ ਭਰਪੂਰ ਮਾਤਰਾ ਵਿੱਚ ਹੋਇਆ ਹੈ
ਜਿਸ ਵਿੱਚੋਂ ਹਰ ਇਕ ਦਾਅਪੇਚ ਨਾਲ ਸੰਬੰਧਤ ਇਕ-ਇਕ ਟੂਕ ਨਮੂਨੇ-ਮਾਤਰ ਦੇਣੀ ਹੀ ਕਾਫੀ
ਹੋਵੇਗੀ:
(1) ਘਰ ਘਰ ਗੁਪਤੀ ਸਭਾ ਬਣਾਓ
ਲੋਗਨ ਕੋ ਮੰਤਰ ਸਖਲਾਓ
ਹਰ ਇਕ ਦਿਲ ਮੇਂ ਜੋਤ ਜਗਾਓ
ਬਿਨਾਂ ਜੂਤ ਇਹ ਭੂਤ ਨਾ ਜਾਈ
ਜਲਦੀ ਗ਼ਦਰ ਮਚਾ ਦਿਓ ਭਾਈ।
(ਅੰਗਰੇਜ਼ ਲੇਖਕ, ਪੈਟਰੀ ‘ਗ਼ਦਰ’ ਨੂੰ ਤਾਹੀਓਂ ਇਕ ਇਨਕਲਾਬੀ ‘ਸਾਜ਼ਸ਼’ ਕਹਿੰਦਾ ਹੈ।
ਖੁਫੀਆ ਕਾਰਜ-ਵਿਧੀ ਕਾਰਨ ਹੀ ਅਦਾਲਤਾਂ ਵਿੱਚ ਗ਼ਦਰੀ ਮੁਕੱਦਮਿਆਂ ਨੂੰ ‘ਸਾਜ਼ਸ-ਕੇਸ’ ਕਿਹਾ
ਗਿਆ।)
(2) ਸੋਹਣੇ ਇਸ ਚਾਂਸ ਤੋਂ ਲਵੋ ਕੰਮ ਜੀ।
ਕਰ ਦੇਵੋ ਸਾਰੇ ਹੁਣ ਦੂਰ ਤਮ ਜੀ।
(ਅਗਸਤ 1914 ਵਿੱਚ ਜਦੋਂ ਬਰਤਾਨੀਆ ਜੰਗ ਵਿੱਚ ਜਰਮਨੀ ਨਾਲ ਉਲਝ ਗਿਆ ਤਾਂ ਗ਼ਦਰੀਆਂ ਨੇ
ਬਹੁਤ ਚਾਂਘੀਆਂ ਮਾਰੀਆਂ ਤੇ ‘ਮੌਕਾ ਸੰਭਾਲੋ’ ਦਾ ਨਾਹਰਾ ਦਿੱਤਾ।)
(3) ਫੌਜਾਂ ਵਾਲਿਓ ਤੁਸਾਂ ਦੀ ਮੱਤ ਮਾਰੀ
ਲੋਕਾਂ ਵਾਸਤੇ ਕਰੋ ਲੜਾਈਆਂ ਕਿਉਂ।
ਵੈਰੀ ਤੁਸਾਂ ਦਾ ਘੇਰਿਆ ਵਿੱਚ ਯੂਰਪ,
ਵੇਲਾ ਸਾਂਭ ਲਓ ਢੇਰੀਆਂ ਢਾਈਆਂ ਕਿਉਂ।
(ਇੱਥੇ ‘ਲੋਕਾਂ ਵਾਸਤੇ’ ਤੋਂ ਭਾਵ ਹੈ ਗੈਰਾਂ-ਵਾਸਤੇ। ਇਸ ਦਾਅਪੇਚ ਅਨੁਸਾਰ ਪਹਿਲੀ ਸੰਸਾਰ
ਜੰਗ ਸਮੇਂ ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਲੀਡਰਾਂ ਨੇ ਹਿੰਦ ਵਿੱਚ ਆ ਕੇ ਫੌਜੀ
ਛਾਉਣੀਆਂ ਵਿੱਚ ਬਗਾਵਤ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਤੇ ਇਸੇ ਦੇ ਆਧਾਰ ‘ਤੇ ਦੂਜੇ
ਮਹਾਂ ਯੁੱਧ ਵੇਲੇ ਜਪਾਨ ਦੇ ਕੈਦੀ ਸਿਪਾਹੀਆਂ ਤੋਂ ਬਗਾਵਤ ਕਰਵਾ ਕੇ ‘ਆਜ਼ਾਦ ਹਿੰਦ ਫੌਜ’
ਤਿਆਰ ਕੀਤੀ ਗਈ ਸੀ।)
(4) ਬੜਾ ਬਿਲਜੀਅਮ ਸਰਵੀਆ ਕਰ ਅੱਗੇ ਧਰਿਆ।
ਦਿਤੀ ਉਂਗਲ ਰੂਸ ਨੂੰ ਮੂਰਖ ਜਾ ਮਰਿਆ।
ਇਟਲੀ ਉੱਲੂ ਫਸ ਗਿਆ ਵਿਚ ਫਾਹੀ ਆ ਕੇ।
ਓੜਕ ਪਿੱਛੇ ਮੁੜੇਗਾ ਪਰ ਦੰਦ ਤੁੜਾ ਕੇ।
ਫੜਾ ਫਰਾਂਸ ਵਿਚਾਰੜਾ ਪੈਰਾਂ ਵਿਚ ਦਲਿਆ।
ਸ਼ੇਰ ਬਹਾਦਰ ਜਰਮਨਾਂ ਮੱਖੀ ਜਿਉਂ ਮਲਿਆ।
(ਇਨ੍ਹਾਂ ਸਤਰਾਂ ਵਿੱਚ ‘ਦੁਸ਼ਮਣ ਦਾ ਦੋਸਤ ਦੁਸ਼ਮਣ’ ਤੇ ‘ਦੁਸ਼ਮਣ ਦਾ ਦੁਸ਼ਮਣ-ਦੋਸਤ’ ਦੇ
ਨੇਮ ਮੁਤਾਬਕ ਪਹਿਲੇ ਮਹਾਂ-ਯੁੱਧ ਵਿੱਚ ਅੰਗ੍ਰੇਜ਼-ਪੱਖੀ ਮੁਲਕਾਂ ਦੀ ਨਿੰਦਿਆ ਤੇ ਅੰਗ੍ਰੇਜ਼
ਵਿਰੋਧੀ ਜਰਮਨੀ ਦੀ ਪ੍ਰਸੰਸਾ ਹੈ।)
(5) ਕਿਤੇ ਖੂਬ ਗਰੀਬੜੇ ਵਾਰ ਕਰੀਏ।
ਜਿਵੇਂ ਦਾਓ ਲੱਗੇ ਤਿਵੇਂ ਲਾ ਲਈਏ।
(ਆਤਮ-ਘਾਤੀ ਦਸਤੇ ਤਿਆਰ ਕਰਨੇ ਤੇ ‘ਮਾਰੋ ਜਾਂ ਮਰੋ’ ਦੇ ਅਸੂਲ ਨੂੰ ਮੁੱਖ ਰੱਖ ਕੇ ਲੜਨਾ
ਗੁਰੀਲਾ ਜੰਗ ਦਾ ਹੀ ਦਾਅ ਹੈ। ਜਗਜੀਤ ਸਿੰਘ ਲਿਖਦਾ ਹੈ: “ਗ਼ਦਰ ਪਾਰਟੀ ਲਹਿਰ ਦੁਸ਼ਮਨ ਉੱਤੇ
ਸਿੱਧਾ ਕਾਰੀ ਵਾਰ ਕਰਕੇ ਹੰਨੇ ਬੰਨੇ ਕਰਨ ਵਾਲੀ ਹਥਿਆਰਬੰਦ ਲਹਿਰ ਸੀ ਨਾ ਕਿ ਨਿਯਮਕ,
ਸੁਧਾਰਕ ਤੇ ਸਮਝੌਤਾ ਢੂੰਡੂ ਲਹਿਰ” (ਪੰ. 63)।
(6) ਪਿੰਡਾਂ ਵਾਲਿਓ ਮਾਮਲੇ ਬੰਦ ਕਰ ਲੋ,
ਕਰੋ ਤਿਆਰੀਆਂ ਲੁਟ ਮਚਾਨ ਵਾਲੇ।
(ਕਿਸਾਨੀ ਵਿੱਚ ਪ੍ਰਚਾਰ ਕੀਤਾ ਗਿਆ ਸੀ ਕਿ ਲਗਾਨ ਤੇ ਮਾਮਲੇ ਦਾ ਬਾਈਕਾਟ ਕੀਤਾ ਜਾਵੇ)।
(7) ਯਾਰੋ ਮਰਨ ਅਜੰਟ ਫਰੰਗੀਆਂ ਦੇ,
ਜਿਹੜੇ ਗ਼ਦਰ ਨੂੰ ਰੋਕਣਾ ਚਾਹੁੰਦੇ ਹਨ।
(ਇਹ ਕੇਵਲ ਬਦ-ਦੁਆ ਨਹੀਂ, ਪਾਰਟੀ ਨੇ ਏਜੰਟਾਂ ਤੇ ਮੁਖ਼ਬਰਾਂ ਨੂੰ ਸੋਧਣ ਦੀ ਬਾਕਾਇਦਾ ਸਕੀਮ
ਬਣਾਈ ਸੀ, ਜਿਸ ਦੇ ਤਹਿਤ ਬਦਨਾਮ ਗ਼ੱਦਾਰ ਤੇ ਮੁਖ਼ਬਰ ਬੇਲਾ ਸਿੰਘ ਜਿਆਣ ਤੇ ਹੋਰ ਕਈਆਂ ਦੇ
ਕਤਲ ਹੋਏ।)
(8) ਡਾਕੇ ਮਾਰ ਡਾਕੂਆਂ ਉਤੇ ਕੱਠੇ ਭੀ ਹਥਿਆਰ ਕਰੇ।
ਜੈਸਾ ਜੈਸਾ ਮੌਕਾ ਦੇਖੇ ਸਾਰਾ ਕਾਰ ਵਿਹਾਰ ਕਰੇ।
(ਜਦੋਂ ਹਥਿਆਰ ਤੇ ਪੈਸਾ ਬਾਹਰੋਂ ਨਾ ਆਉਣ ਦਿੱਤਾ ਗਿਆ ਤਾਂ ਡਾਕੇ ਮਾਰਨ ਦਾ ਫੈਸਲਾ ਕੀਤਾ
ਗਿਆ, ਮੁਢਲੀ ਸਕੀਮ ਇਹੋ ਸੀ ਕਿ ਸਰਕਾਰੀ ਬੈਂਕਾਂ ਤੇ ਸ਼ਾਹੂਕਾਰਾਂ ਨੂੰ ਲੁੱਟਿਆ ਜਾਵੇ। ਜੇ
ਅਣਸਰਦੇ ਕਿਸੇ ਦੇ ਘਰ ਡਾਕਾ ਮਾਰਿਆ ਤਾਂ ਵੀ ਮਨੁੱਖੀ ਸਦਾਚਾਰ ਦਾ ਪੱਲਾ ਛੱਡ ਕੇ ਲੁਟੇਰੇ
ਨਹੀਂ ਬਣੇ)।
ਗ਼ਦਰ ਦੀ ਯੁੱਧ ਨੀਤੀ ਤੇ ਕਾਰਜ-ਵਿਧੀ ਵਿੱਚ ਕੁਝ ਅਜਿਹੀਆਂ ਤਰੁੱਟੀਆਂ ਰਹਿ ਗਈਆਂ ਕਿ
ਗ਼ਦਰੀਆਂ ਨੂੰ ਸਫਲਤਾ ਪ੍ਰਾਪਤ ਨਾ ਹੋਈ। ਪਹਿਲਾ ਮਹਾਂ-ਯੁੱਧ ਗ਼ਦਰੀਆਂ ਦੇ ਅਨੁਮਾਨ ਤੋਂ
ਪਹਿਲਾਂ ਹੋ ਗਿਆ। ਅਨੁਮਾਨ ਇਹ ਸੀ ਕਿ ਯੁੱਧ 1917 ਵਿੱਚ ਛਿੜੇਗਾ। ਸ਼ਾਇਦ ਇਸੇ ਲਈ ਕਵੀ
ਭਾਰਤ ਮਾਤਾ ਦੇ ਮੂੰਹੋਂ ਅਖਵਾਉਂਦਾ ਹੈ;
ਵੀਰੋ ਆਇਆ ਸਤਾਰਾਂ ਨਾ ਜਾਏ ਖਾਲੀ,
ਮਾਤਾ ਆਖਰੀ ਵਾਸਤਾ ਪਾਇਆ ਮੈਂ।
ਗ਼ਦਰੀ ਪੂਰੀ ਤਿਆਰੀ ਨਾ ਕਰ ਸਕੇ। ਦੂਜੀ ਤਰੁੱਟੀ ਇਹ ਸੀ ਕਿ ਸੋਹਨ ਸਿੰਘ ਭਕਨੇ ਵਰਗੇ
ਸਿਰਕੱਢ ਆਗੂ ਰਾਹ ਵਿੱਚ ਹੀ ਫੜੇ ਗਏ। ਖੁਫੀਆ ਸਕੀਮਾਂ ਬਹੁਤ ਖੁਫੀਆ ਨਾ ਰਹਿ ਸਕੀਆਂ, ਸਗੋਂ
ਖੁਫੀਆ ਪੁਲਿਸ ਪਾਰਟੀ ਦੀਆਂ ਸਫਾਂ ਵਿੱਚ ਧਸ ਗਈ ਅਤੇ ਫੌਜੀਆਂ ਅਤੇ ਰਿਆਸਤੀ ਰਾਜਿਆਂ ਨੇ
ਲੋੜੀਂਦਾ ਸਹਿਯੋਗ ਨਾ ਦਿੱਤਾ। ਅਮਰੀਕਾ-ਕੈਨੇਡਾ ਤੋਂ ਹਥਿਆਰ ਤੇ ਪੈਸਾ ਦੋਵੇਂ ਨਾ ਪਹੁੰਚ
ਸਕੇ। ਗ਼ਦਰੀਆਂ ਦਾ ਇਹ ਅੰਦਾਜ਼ਾ ਵੀ ਗਲਤ ਨਿਕਲਿਆ ਕਿ ਭਾਰਤ ਅਥਵਾ ਪੰਜਾਬ ਦੇ ਲੋਕ ਕਿਸੇ
ਵੱਡੇ ਇਨਕਲਾਬ ਲਈ ਤਿਆਰ ਸਨ। 1914-15 ਦੀ ਹਾਰ ਤੋਂ ਬਾਅਦ ਵੀ ਲੱਗਭਗ ਇਹੋ ਜਿਹੇ ਹੀ
ਕਾਰਨਾਂ ਕਰਕੇ ਬੱਬਰ ਅਕਾਲੀ ਲਹਿਰ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਕਿਨ ਆਰਮੀ (ਭਗਤ ਸਿੰਘ
ਆਦਿ) ਦੀ ਹੋਰ ਹੋਈ ਤੇ ਗ਼ਦਰ ਲਹਿਰ ਵਿੱਚ ਇਕ ਨਿਰਾਸ਼ਾ ਫੈਲ ਗਈ। ਇਨ੍ਹਾਂ ਹਾਰਾਂ ਤੋਂ
ਉਪਰੰਤ ਜਿਹੜੀ ਕਵਿਤਾ ਲਿਖੀ ਗਈ ਉਸ ਵਿੱਚ ਰੁਦਨ, ਫਰਿਆਦ, ਬੇਨਤੀ ਤੇ ਤਰਸ-ਭਾਵਨਾ ਦੀ ਸੁਰ
ਉੱਚੀ ਹੈ। ਉਦਾਹਰਣ ਲਈ ‘ਪਰਿਵਾਰ ਸਹਾਇਤਾ ਕਮੇਟੀ’ ਵਲੋਂ ਅਪੀਲ ਦੇ ਰੂਪ ਵਿੱਚ ਜੋ ਕਵਿਤਾਵਾਂ
ਲਿਖੀਆਂ ਗਈਆਂ ਉਨ੍ਹਾਂ ਵਿੱਚ ਗ਼ਦਰੀਆਂ ਦੀ ਤਰਸ-ਯੋਗ ਹਾਲਤ ਦਾ ਵਰਣਨ ਹੈ:
ਵਾਂਗ ਪੁੱਤਰਾਂ ਜਾਣ ਕੇ ਤਰਸ ਖਾਵੋ।
ਮਾਇਆ ਭੇਜਣੀ ਲਾਵੋ ਨਾ ਵਾਰ ਵੀਰੋ।
ਪਰ ਹਾਰ ਨੇ ਨਿਰਾਸ਼ਾ ਨਹੀਂ ਦਿੱਤੀ, ਨਵੀਂ ਸਿਆਸੀ ਚੇਤਨਾ ਵੀ ਪੈਦਾ ਕੀਤੀ। ਗ਼ਦਰ ਪਾਰਟੀ ਦੀ
ਸਭ ਤੋਂ ਵੱਡੀ ਦੇਣ ਇਹੋ ਹੈ ਕਿ ਇਸ ਨੇ ਸੁੱਤੇ ਲੋਕਾਂ ਨੂੰ ਜਗਾਇਆ:
ਗ਼ਦਰ ਪਾਰਟੀ ਪੂਰਾ ਕੀਤਾ ਆਪਣਾ ਫਰਜ਼ ਅਦਾ ਲੋਕੋ।
ਸੁਤੀ ਬਹੁਤ ਚਿਰਾਂ ਤੋਂ ਗਾਫਲ ਦਿਤੀ ਕੌਮ ਜਗਾ ਲੋਕੋ।
ਪਾਰਟੀ ਦੇ ਅੰਦਰ ਵੀ ਰਾਜਨੀਤਕ ਪੁਨਰ-ਚਿੰਤਨ ਹੋਇਆ, ਜਿਸ ਦੀ ਗ਼ਦਰ-ਕਾਵਿ ਵਿੱਚ ਇਕ
ਪ੍ਰਮਾਣਿਕ ਮਿਸਾਲ ਹੈ: ‘ਚਰਚਾ ਗ਼ੁਲਾਮ ਹਿੰਦੀ ਤੇ ਗ਼ਦਰੀ ਹਿੰਦੀ’ (ਗ਼ਦਰ ਦੀ ਗੂਜ ਨੰ। 6)।
ਇਹ ਕਵਿਤਾ ਗ਼ਦਰੀ ਰਾਜਨੀਤੀ ਦੇ ਸਾਰੇ ਪੱਖਾਂ ਦਾ ਨਾਟਕੀ ਤੇ ਨਿੱਗਰ ਰੂਪਾਂਤਰਣ ਹੈ।
(4)
ਸਭਿਆਚਾਰਕ ਤੇ ਭਾਸ਼ਾਈ ਸਰੋਕਾਰ
ਰਾਸ਼ਟਰੀ ਆਜ਼ਾਦੀ ਲਈ ਲੜਨ ਦਾ ਇਕ ਅਰਥ ਆਪਣੇ ਕੌਮੀ ਸਭਿਆਚਾਰ ਦੀ ਆਜ਼ਾਦੀ ਲਈ ਲੜਨਾ ਵੀ ਸੀ।
ਪੁਨਰ-ਉਥਾਨਵਾਦੀ ਤੇ ਸੁਧਾਰਵਾਦੀ ਵਿਅਕਤੀ ਤੇ ਸੰਸਥਾਂਵਾਂ ਆਪਣੇ ਸਭਿਆਚਾਰ ਦੀ ਸੰਭਾਲ ਤੇ
ਨਵੇਂ ਮਾਨਵੀ ਮੁੱਲਾਂ ਦੀ ਸਿਰਜਣਾ ਕੇਵਲ ਪਰੰਪਰਕ ਸਭਿਆਚਾਰਕ ਕੀਮਤਾਂ ਦੀ ਰਾਖੀ ਤੇ ਬਦੇਸ਼ੀ
ਸਭਿਆਚਾਰ ਦੇ ‘ਗੁਣਾਂ ਦੀ ਸਾਂਝ’ ਦੇ ਨੇਮ ਅਨੁਸਾਰ ਕਰ ਰਹੀਆਂ ਸਨ, ਪਰ ਗ਼ਦਰ ਲਹਿਰ ਨੇ
ਇਨ੍ਹਾਂ ਦੇ ਸਮਾਨਾਂਤਰ ਆਮ ਲੋਕਾਂ ਦੀ ਨਿੱਤ ਦੀ ਜਦੋ-ਜਹਿਦ ਦੀ ਸਚਾਈ ਨੂੰ ਮਹੱਤਵ ਦੇ ਕੇ ਤੇ
ਉਸ ਦੀ ਸਿਫਤ-ਸਲਾਹ ਕਰਕੇ ਇਕ ਨਵੇਂ ਚਿੰਤਨ-ਮੰਡਲ ਵਿੱਚ ਵਿਚਰਦਿਆਂ, ਨਵੀਂ ‘ਜਨਤਕ ਕੌਮੀ
ਕਲਚਰ’ ਦੀ ਸਿਰਜਣਾ ਕੀਤੀ, ਜਿਸ ਵਿੱਚ ਭਗਤੀ, ਪ੍ਰੇਮ ਤੇ ਸਾਂਝੀਵਾਲਤਾ ਦੇ ਧਰਮ-ਨਿਰਪੱਖ ਤੇ
ਫਿਰ ਧਰਮ-ਨਿਰਪੇਖ ਮੁੱਲਾਂ ਨੂੰ ਮੂਹਰੇ ਲਿਆਂਦਾ ਗਿਆ। ਰਾਸ਼ਟਰਵਾਦੀ ਤੇ ਮਾਨਵਵਾਦੀ ਚਿੰਤਕਾਂ
ਨੇ ਇਸ ਦ੍ਰਿਸ਼ਟੀ ਤੋਂ ਗ਼ਦਰ-ਲਹਿਰ ਦੇ ਸਾਹਿਤਕ, ਭਾਸ਼ਾਈ ਤੇ ਸਭਿਆਚਾਰਕ ਸਰੋਕਾਰਾਂ ਨੂੰ
ਕੋਈ ਮਹੱਤਵ ਨਹੀਂ ਦਿੱਤਾ, ਜਿਸ ਕਰਕੇ ਅਸੀਂ ਪੰਜਾਬੀ ਚਿੰਤਨ-ਧਾਰਾ ਦੇ ਵਿਕਾਸ ਨੂੰ ਸਹੀ
ਸਿਧਾਂਤਕ ਪਰਿਪੇਖ ਵਿੱਚ ਸਮਝਣੋਂ ਅਸਮਰੱਥ ਰਹੇ ਹਾਂ। ਅਸੀਂ ਇਹ ਗੱਲ ਘੱਟ ਹੀ ਗੌਲੀ ਹੈ ਕਿ
ਗ਼ਦਰੀ ਸਭਿਆਚਾਰ ਦਾ ਮੁੱਢਲਾ ਸਿਰਾ ਭਗਤਾਂ-ਸੰਤਾਂ ਦੀ ਬਾਣੀ, ਗੁਰੂਆਂ ਦੀ ਬਾਣੀ ਤੇ ਭਾਈ
ਗੁਰਦਾਸ ਦੀਆਂ ਵਾਰਾਂ ਨਾਲ ਜਾ ਜੁੜਦਾ ਹੈ ਤੇ ਆਖਰੀ ਸਿਰਾ ਪ੍ਰਗਤੀਵਾਦੀ, ਜੁਝਾਰਵਾਦੀ ਕਵਿਤਾ
ਤੇ ਨਵੀਨ ਗਲਪ-ਸਾਹਿਤ ਵਿੱਚ ਵਿਲੀਨ ਹੋ ਜਾਂਦਾ ਹੈ। ਇਸ ਲਈ ਗ਼ਦਰੀ ਸਭਿਆਚਾਰ ਨੂੰ ਇਕ ਨਵੀਂ
ਲੋਕ-ਧਾਰਾ ਦੀ ਸਿਰਜਣਾ ਨਹੀਂ ਸਮਝਣਾ ਚਾਹੀਦਾ, ਨਾ ਹੀ ਇਸ ਨੂੰ ਇਕ ਅਮੂਰਤ ਲੋਕਵਾਦ
(ਪਾਪੂਲਿਜ਼ਮ) ਸਮਝਣ ਦੀ ਭੁੱਲ ਕਰਨੀ ਚਾਹੀਦੀ ਹੈ। ਇਹ ਇਕ ਅੰਤਰਰਾਸ਼ਟਰੀ ਪੱਧਰ ਦੀ ਕੌਮੀ
ਜਦੋ-ਜਹਿਦ ਵਿੱਚੋਂ ਸਿਰਜਿਆ ਗਿਆ ਸਭਿਆਚਾਰ ਹੈ, ਜਿਸ ਨੂੰ ਲੋਕਧਾਰਾ ਤੇ ਲੋਕ-ਵਾਦ ਤੋਂ
ਅੱਡਰੀ ਕਿਸਮ ਦੇ ਕੌਮੀ ਸਭਿਆਚਾਰ ਦੇ ਰੂਪ ਵਿੱਚ ਹੀ ਸਮਝਿਆ ਜਾ ਸਕਦਾ ਹੈ। ਗ਼ਦਰੀ ਦੇ
ਵਿਹਾਰ, ਉਸ ਦੇ ਭਾਵ-ਮੰਡਲ, ਚੇਤਨਾ ਤੇ ਚੇਤਨਤਾ ਤੇ ਸੰਘਰਸ਼, ਸਭ ਨੇ ਰਲ ਕੇ ਇਸ ਨਵੀਂ ਕਲਚਰ
ਦੀ ਉਸਾਰੀ ਕੀਤੀ। ਭਗਤੀ ਲਹਿਰ ਤੋਂ ਸਿੱਖ ਲਹਿਰ ਦੀ ਕਲਚਰ ਨਾਲ ਇਸ ਦੀ ਸਾਂਝ ਇਹ ਹੈ ਕਿ ਇਹ
ਫਿਰਕਾ-ਪ੍ਰਸਤੀ ਤੋਂ ਉੱਪਰ ਕੁਲੀਨ ਦੇ ਵਿਰੁੱਧ ਆਮ ਲੋਕਾਂ ਦੀ ਕਲਚਰ ਹੈ ਤੇ ਗੁਣਾਤਮਕ ਫਰਕ
ਇਹ ਕਿ ਹਮਲਾਵਰ ਬਸਤੀਵਾਦ ਦੇ ਖਿਲਾਫ ਇਹ ਇਕ ਕੌਮੀ ਕਲਚਰ ਹੈ। ਅਜਿਹੀ ਕੌਮੀ ਕਲਚਰ ਨੂੰ
ਫਰਾਂਜ਼ ਫੈਨਨ ਦੇ ਸ਼ਬਦਾਂ ਵਿੱਚ ਇਉਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ:
ਕੌਮੀ ਕਲਚਰ ਕੋਈ ਲੋਕ-ਧਾਰਾ ਨਹੀਂ ਹੁੰਦੀ ਤੇ ਨਾ ਹੀ ਇਹ ਅਜਿਹਾ ਅਮੂਰਤ ਲੋਕਵਾਦ ਹੁੰਦੀ ਹੈ,
ਜਿਸ ਨੂੰ ਵਹਿਮ ਹੈ ਕਿ ਇਹ ਲੋਕਾਂ ਦੇ ਸਹੀ ਸੁਭਾਅ ਨੂੰ ਖੋਜ ਸਕਦਾ ਹੈ। (ਦੇਖੋ: ਦੀ ਰੈਚੱਡ
ਆਫ ਦੀ ਅਰਥ)
ਇਹ ਨਵੀਂ ‘ਕੌਮੀ ਕਲਚਰ’ ਇਕ ਬੰਨੇ ਗ਼ਦਰੀ ਦੀ ਕੌਮੀ ਚੇਤਨਾ ਦਾ ਆਧਾਰ ਸੀ ਤੇ ਦੂਜੇ ਬੰਨੇ
ਨਵੀਂ ਕੌਮੀ ਚੇਤਨਾ ਦਾ ਪ੍ਰਗਟਾਵਾ। ਇਹ ਦੁਵੱਲੀ ਪ੍ਰਕਿਰਿਆ ਸੀ, ਜਿਸ ਵਿੱਚ ਕਲਚਰ ਤੇ ਸਿਆਸਤ
ਅਭਿੰਨ ਰੂਪ ਵਿੱਚ ਜੁੜੀਆਂ ਹੋਈਆਂ ਸਨ ਤੇ ਇਨ੍ਹਾਂ ਦੋਹਾਂ ਦਾ ਨਿਤਾਰਾ ਇਕੱਲਿਆਂ ਇਕੱਲਿਆਂ
ਸੰਭਵ ਨਹੀਂ ਸੀ। ਲਾਲਾ ਹਰਦਿਆਲ ਦੇ ਉਸ ਸਮੇਂ ਦੇ ਇਕ ਲੇਖ, ‘ਗੁਲਾਮੀ ਦਾ ਜ਼ਹਿਰ’ ਵਿੱਚ ਇਸ
ਨਵੀਂ ਕਲਚਰ ਦੀ ਉਸਾਰੀ ਦੇ ਮਹੱਤਵ ਨੂੰ ਵਿਸਥਾਰ ਵਿੱਚ ਸਮਝਾਇਆ ਗਿਆ ਸੀ, ਜਿਸ ਦੀਆਂ ਆਖਰੀ
ਸਤਰਾਂ ਵਿੱਚ ਇਸ ਦੁਵੱਲੀ ਪ੍ਰਕਿਰਿਆ ਦਾ ਸਾਰ-ਅੰਸ਼ ਇਉਂ ਦਿੱਤਾ ਗਿਆ ਹੈ:
ਗੁਲਾਮੀ ਵਿਚ ਆਤਮਾ ਡਰ ਅਤੇ ਝੂਠ ਦੇ ਹੇਠਾਂ ਦੱਬੀ ਰਹਿੰਦੀ ਹੈ। ਗੁਲਾਮ ਦੇ ਲਈ ਆਤਮਕ
ਆਜ਼ਾਦੀ ਅਤੀ ਕਠਿਨ ਹੈ। ਗੁਲਾਮੀ ਦੇ ਨਾਲ ਆਤਮਾ ਘੋਲ ਘੁਲ ਕੇ ਮਰ ਜਾਂਦੀ ਹੈ। ਜੇ
ਹਿੰਦੁਸਤਾਨ ਵਿੱਚ ਆਦਮੀ ਪੈਦਾ ਕਰਨੇ ਹਨ ਤਾਂ ਗੁਲਾਮੀ ਨੂੰ ਦੂਰ ਕਰੋ ਅਤੇ ਜੇ ਗੁਲਾਮੀ ਨੂੰ
ਦੂਰ ਕਰਨਾ ਹੈ ਤਾਂ ਆਦਮੀ ਪੈਦਾ ਕਰੋ।
ਆਜ਼ਾਦ ਇਨਸਾਨ ਨਵੇਂ ਆਜ਼ਾਦ ਸਭਿਆਚਾਰਕ ਮਾਹੌਲ ਵਿੱਚ ਪੈਦਾ ਹੋ ਸਕਦਾ ਹੈ, ਪਰ ਆਜ਼ਾਦ
ਸਭਿਆਚਾਰਕ ਮਾਹੌਲ ਦੀ ਸਿਰਜਣਾ ਆਜ਼ਾਦਾ ਇਨਸਾਨ ਹੀ ਕਰ ਸਕਦੇ ਹਨ। ਇਨ੍ਹਾਂ ਦੋਹਾਂ ਵਿੱਚੋਂ
ਪਹਿਲ ਕਿਸ ਦੀ ਹੈ; ਇਹ ਦੱਸਣਾ ਮੁਸ਼ਕਿਲ ਹੈ। ਦੋਵੇਂ ਨਾਲੋ-ਨਾਲ ਵਿਕਸਤ ਹੁੰਦੇ ਹਨ।
ਗ਼ਦਰੀ ਕਵਿਤਾ ਦੇ ਸਭਿਆਚਾਰਕ ਸਰੋਕਾਰਾਂ ਦੇ ਸੰਬੰਧ ਵਿੱਚ ਇਕ ਗੱਲ ਇਹ ਵੀ ਚੇਤੇ ਰੱਖਣ ਯੋਗ
ਹੈ ਕਿ ਗ਼ਦਰੀ ਕਵਿਤਾ ਦੀ ਸਭਿਆਚਾਰਕ ਸੀਮਾ ਭਾਰਤੀ ਸੁਤੰਤਰਤਾ ਸੰਗਰਾਮ ਦੀ ਰਾਸ਼ਟਰਵਾਦੀ ਜਾਂ
ਕੌਮਵਾਦੀ ਸੰਸਕ੍ਰਿਤੀ ਤੋਂ ਪਾਰ ਜਨਤਕ ਕੌਮਾਂਤਰੀ ਦਿਸਹੱਦਿਆਂ ਤੱਕ ਹੈ। ਇਹ ‘ਕੌਮਵਾਦੀ’
ਕਲਚਰ ਨਹੀਂ, ‘ਕੌਮੀ ਤੇ ਕੌਮਾਂਤਰੀ’ ਜਨਤਕ ਕਲਚਰ ਹੈ। ਕੌਮੀ ਆਜ਼ਾਦੀ ਦੀ ਜੱਦੋ-ਜਹਿਦ ਨੇ
ਗ਼ਦਰ ਲਹਿਰ ਨੂੰ ਦੁਨੀਆ ਦੀਆਂ ਹੋਰ ਕੌਮਾਂ ਦੇ ਸੁਤੰਤਰਤਾ ਸੰਗਰਾਮਾਂ ਨਾਲ ਜੋੜਿਆ ਤੇ ਇਸ ਦੀ
ਕੌਮੀ-ਕਲਚਰ ਦੇ ਅੰਦਰੋਂ ਕੌਮਾਂਤਰੀ ਚੇਤਨਾ ਤੇ ਵਿਸ਼ਵ-ਸਭਿਆਚਾਰ ਦਾ ਅੰਕੁਰ ਫੁੱਟਿਆ। ਇਹ
ਅੰਕੁਰ ਵਿਕਸਿਤ ਹੋ ਕੇ ਕਿਸੇ ਦਿਨ ਨਰੋਏ ਵਿਸ਼ਵ-ਸਭਿਆਚਾਰ ਦਾ ਰੂਪ ਧਾਰ ਸਕਦਾ ਸੀ। ਗ਼ਦਰੀ
ਕਵੀ ਆਪਣੀ ਕਲਪਨਾ ਸ਼ਕਤੀ ਨਾਲ ਇਸ ਨਵੇਂ ਸਭਿਆਚਾਰਕ ਮੰਡਲ ਵਿੱਚ ਪਹੁੰਚ ਕੇ ਹੀ ਆਪਣੇ ਆਪ
ਨੂੰ ਤੇ ਆਪਣੇ ਸਰੋਤੇ/ਪਾਠਕ ਨੂੰ ਆਤਮ-ਪਛਾਣ ਲਈ ਵੰਗਾਰਦਾ ਹੈ:
ਤੁਮ ਕਿਸ ਕੇ ਪੂਤ ਕਹਾਤੇ ਹੋ?
ਕਿਸ ਨਾਮ ਸੇ ਜਾਨੇ ਜਾਤੇ ਹੋ?
ਜੋ ਅੰਨਦਾਤਾ ਕਹਿਲਾਤੇ ਹੈਂ।
ਵੋਹ ਅੰਨ ਤੁਮ੍ਹਾਰਾ ਖਾਤੇ ਹੈਂ।
ਵੋਹ ਦੇਸ਼ ਤੁਮ੍ਹਾਰਾ ਲੂਟੇ ਹੈਂ।
ਜੋ ਦੁਨੀਆ ਭਰ ਕੇ ਝੂਟੇ ਹੈਂ।
ਕਵੀ ਦੀ ਕਲਪਨਾ ਵਿੱਚ ਹਿੰਦੀ ਕਿਰਤੀ-ਕਿਸਾਨ ਦੀ ਸਮਾਜਕ ਸਥਿਤੀ ਉਹ ਨਹੀਂ ਜੋ ਉਹ ਹੁਣ ਤੱਕ
ਸਮਝਦਾ ਆਇਆ ਹੈ, ਸਗੋਂ ਉਸ ਤੋਂ ਉਲਟ ਹੈ। ਇਹ ਇਕ ਨਵੇਂ ਸੱਚ ਤੇ ਨਵੀਂ ਸਭਿਆਚਾਰਕ ਚੇਤਨਾ ਦਾ
ਆਵੇਸ਼ਕਾਰ ਹੈ, ਜਿਸ ਅਨੁਸਾਰ ‘ਅੰਨਦਾਤਾ’ ਉਹ ਨਹੀਂ ਜੋ ਸੱਤਾ ‘ਤੇ ਕਾਬਜ਼ ਹੈ, ਸਗੋਂ
‘ਅੰਨਦਾਤਾ’ ਉਹ ਹੈ ਜੋ ਅੰਨ ਪੈਦਾ ਕਰਦਾ ਹੈ। ਸੱਤਾਧਾਰੀ ਕਿਰਤ ਦੀ ਲੁੱਟ ਕਰ ਰਿਹਾ ਹੈ।
ਨਵੀਂ ਚੇਤਨਾ ਦੀ ਰੌਸ਼ਨੀ ਵਿੱਚ ਗ਼ਦਰੀ ਕਵੀ ਆਪਣੇ ਆਪ ਨੂੰ ਕੇਵਲ ਭਾਰਤ ਮਾਤਾ ਦਾ ਨਹੀਂ,
ਸਾਰੀ ਦੁਨੀਆ ਦਾ ‘ਸਪੂਤ’ ਸਮਝਦਾ ਹੈ। ਭਾਰਤੀ ਲੋਕ-ਕਲਚਰ ਦੇ ਨਰੋਏ ਤੱਤਾਂ ਨੂੰ ਇਕੱਠੇ ਕਰਕੇ
ਉਹ ਇਕ ਵਿਸ਼ਵ-ਕਲਚਰ ਦੀ ਸਿਰਜਣਾ ਕਰ ਰਿਹਾ ਹੈ। ਆਪਣੇ ਦੇਸ਼ ਦੀ ਕਿਸਮਤ ਨੂੰ ‘ਕੁੱਲ ਜਹਾਨ’
ਨਾਲ ਜੋੜ ਕੇ ਦੇਖਦਾ ਹੈ ਤੇ ਤੁਲਨਾ ਵਿਧੀ ਨਾਲ ਨਵੀਂ ਸਭਿਆਚਾਰਕ ਸੋਝੀ ਉਜਾਗਰ ਕਰਦਾ ਹੈ:
ਕਿਸਮਤ ਕੁਲ ਜਹਾਨ ਦੀ ਤੇਜ਼ ਹੋਈ,
ਭਾਗ ਗਿਰ ਗਏ ਕਿਉਂ ਹਿੰਦੋਸਤਾਨ ਤੇਰੇ।
ਬਿਜਲੀ ਬੱਤੀਆਂ ਜਗ ਵਿੱਚ ਸ਼ੋਰ ਪਾਇਆ,
ਘਰ ਵਿਚ ਚਮਕਦੇ ਨਹੀਂ ਸ਼ਮ੍ਹਾਦਾਨ ਤੇਰੇ।
ਲੋਕਾਂ ਕੁੱਲੀਆਂ ਤੋਂ ਸੁੰਦਰ ਮਹਿਲ ਪਾ ਲਏ,
ਵਸਦੇ ਹੋ ਗਏ ਸ਼ਹਿਰ ਵੈਰਾਨ ਤੇਰੇ।
ਦੁਨੀਆ ਏਰੋਪਲੇਨ ਤਿਆਰ ਕੀਤੇ,
ਕਿੱਥੇ ਹੈਨ ਉਹ ਤੇਜ਼ ਵਿਵਾਨ ਤੇਰੇ।
ਕਦਰ ਆਲਮਾਂ ਦੀ ਹਰ ਇਕ ਮੁਲਕ ਅੰਦਰ,
ਜਲਾਵਤਨ ਬੈਠੇ ਵਿਦਵਾਨ ਤੇਰੇ।
ਸਤਯੁੱਗ ਵਿਚ ਸਾਰੇ ਯੂਰਪ ਬੀਤਦਾ ਹੈ,
ਕਲਯੁੱਗ ਪੇਸ਼ ਪੈ ਗਿਆ ਬੇਈਮਾਨ ਤੇਰੇ।
ਕਿਸੇ ਦੇਸ-ਕੌਮ ਦਾ ਰਹਿਣ-ਸਹਿਣ ਉਸ ਦੇ ਸਭਿਆਚਾਰ ਦਾ ਮਿਆਰ ਹੁੰਦਾ ਹੈ। ਉਪਰੋਕਤ ਸਤਰਾਂ
ਵਿੱਚ ਹਿੰਦੁਸਤਾਨ ਦੇ ਰਹਿਣ-ਸਹਿਣ ਦੀ ਤੁਲਨਾ ਯੂਰਪ ਨਾਲ ਕਰਕੇ ਇਹ ਸਿੱਧ ਕੀਤਾ ਗਿਆ ਹੈ ਕਿ
ਅੰਗਰੇਜ਼ੀ ਰਾਜ ਨੇ ਸਾਡੇ ਪੁਰਾਣੇ ਸਭਿਆਚਾਰ ਨੂੰ ਛਿੰਨ ਭਿੰਨ ਕਰਕੇ ਸਾਨੂੰ ਇਕ ਕਲਜੁੱਗੀ
ਸਥਿਤੀ ਵਿੱਚ ਸੁੱਟ ਦਿੱਤਾ ਹੈ। ਅਜਿਹੀਆਂ ਕਈ ਹੋਰ ਕਵਿਤਾਵਾਂ ਵਿੱਚ ਵੀ ਫਰੰਗੀ ਰਾਜ ਦੇ
ਜ਼ੁਲਮਾਂ ਤੇ ਭਾਰਤ ਨੂੰ ਪੱਛੜਿਆਂ ਰੱਖਣ ਦੀਆਂ ਨੀਤੀਆਂ ਕਾਰਨ ਦੇਸ਼ ਦੇ ਸਭਿਆਚਾਰਕ ਪਤਨ ਵੱਲ
ਧਿਆਨ ਕੇਂਦਰਿਤ ਕੀਤਾ ਗਿਆ ਹੈ ਤੇ ਅੰਗ੍ਰੇਜ਼ ਦੀਆਂ ਘੜੀਆਂ ਵਿਕਾਸ ਦੀਆਂ ਮਿੱਥਾਂ ਨੂੰ
ਤੋੜਿਆ ਗਿਆ ਹੈ। ਜਨਤਾ ਨੂੰ ਲੁੱਟਣ ਲਈ ਨਸਲਾਂ, ਜਾਤਾਂ, ਫਿਰਕਿਆਂ, ਧਰਮਾਂ, ਤੇ ਛੂਆ-ਛਾਤ
ਦੇ ਉਹਲਿਆਂ ਤੋਂ ਪਰਦਾ ਚੁੱਕਣ ਲਈ ਗ਼ਦਰੀ ਕਵਿਤਾ ਵਿੱਚ ‘ਨਫਰਤ’ ਤੇ ‘ਹਿੰਸਾ’ ਸ਼ਬਦ ਦੀ
ਵਰਤੋਂ ਸਾਰਥਕ ਸਭਿਆਚਾਰਕ ਮੁੱਲਾਂ ਵਜੋਂ ਕੀਤੀ ਗਈ ਹੈ।
ਧਾਰਮਿਕ ਪਾਖੰਡ, ਵਹਿਮ-ਪ੍ਰਸਤੀ ਤੇ ਫਿਰਕਾ-ਪ੍ਰਸਤੀ ਦੇ ਖੰਡਨ, ਗ਼ਦਾਰਾਂ ਦੀ ਭੰਡੀ, ਇਸਾਈ
ਧਰਮ ਦੇ ਦਬਦਬੇ ਹੇਠ ਭਾਰਤ ਦੀ ਮਜ਼੍ਹਬੀ ਫੁੱਟ ਦੇ ਨਿਸ਼ੇਧ ਤੇ ਆਰਥਿਕ ਲੁੱਟ ਤੋਂ ਉਤਪੰਨ
ਹੋਈ ਕੰਗਾਲੀ ਦੀ ਚਿੰਤਾ ਦੁਆਰਾ ਇਸ ਕਵਿਤਾ ਵਿੱਚ ਸਾਕਾਰਕ ਸਭਿਆਚਾਰਕ ਮੁੱਲਾਂ ਦੀ ਲੋੜ ‘ਤੇ
ਵਾਰ ਵਾਰ ਜ਼ੋਰ ਦਿੱਤਾ ਗਿਆ ਹੈ:
ਜ਼ਾਲਮ ਲੁੱਟ ਲੈ ਗਏ ਫਰੰਗ ਮੈਨੂੰ,
ਦੇਗਾਂ ਹੋ ਗਈਆਂ ਕੁੱਲ ਮਸਤਾਨੀਆਂ ਵੇ।
ਨਹੀਂ ਸੋਚਦੇ ਅਕਲ ਦੀ ਗੱਲ ਕੋਈ,
ਬੈਠੇ ਗਾਂਵਦੇ ਗੀਤ ਰੁਹਾਨੀਆਂ ਵੇ।
ਭੇਦ ਦਸ ਕੇ ਕੌਮ ਦਾ, ਦੁਸ਼ਮਣਾਂ ਤੋਂ,
ਜਾ ਕੇ ਖਾਵਦੇ ਰੋਜ਼ ਮਹਿਮਾਨੀਆਂ ਵੇ।
ਝੂਠੇ ਵੈਹਿਮ ਦਾ ਤੁਸੀਂ ਸਿ਼ਕਾਰ ਹੋਏ,
ਪਏ ਲੜਦੇ ਹੋ ਵਾਂਗ ਜ਼ਨਾਨੀਆਂ ਵੇ।
ਜੁੱਤੀ ਖੜਕਦੀ ਹਿੰਦੂਆਂ ਮੁਸਲਮਾਨਾਂ
ਮੁਲਕ ਮੱਲਿਆ ਆਣ ਕਰਾਨੀਆਂ ਵੇ।
ਬੰਦੇ ਦੀ ਕਦਰ ਕਰਨਾ ਹੀ ਧਾਰਮਿਕ ਗਿਆਨ ਹੈ; ਆਪਣੇ ਸਿਦਕ-ਈਮਾਨ ਤੇ ਕਾਇਮ ਰਹਿਣਾ ਹੀ
ਮੁਸਲਮਾਨ ਲਈ ਰਮਜ਼ਾਨ ਹੈ; ਧਰਮ ਹੇਤ ਕੁਰਬਾਨੀ ਹੀ ਸਿੱਖ ਲਈ ਸੰਗਤ ਹੈ; ਹਿੰਦੁਸਤਾਨ ਦੀ
ਇੱਜ਼ਤ ਲਈ ਲੜਨਾ ਹੀ ਹਿੰਦੂ ਲਈ ਵੇਦ-ਪੁਰਾਣਾਂ ਦੇ ਪਾਠ ਦੇ ਤੁੱਲ ਹੈ। ਇਸ ਕਵਿਤਾ ਵਿੱਚ
ਕਹੀਆਂ ਇਹ ਗੱਲਾਂ ਇਨਸਾਨੀ ਕੀਮਤਾਂ ਦੀਆਂ ਸੂਚਕ ਹਨ। ਧਰਮ ਦੇ ਨਵੇਂ ਲੋਕ-ਭਾਵੀ ਤੇ ਕੌਮ
ਭਾਵੀ ਅਰਥਾਂ ਵਿੱਚ ਖਾੜਕੂ ਸਭਿਆਚਾਰ ਦੀ ਸੁਚੇਤਨਾ ਦੇਣਾ ਇਸ ਕਵਿਤਾ ਦੇ ਸਭਿਆਚਾਰਕ ਮਨੋਰਥਾਂ
ਦਾ ਇਕ ਉਘੜਵਾਂ ਪਹਿਲੂ ਹੈ:
ਗਰੰਥ ਤੇ ਕੁਰਾਨ ਵਿਚ ਐਣ ਲਿਖਿਆ।
ਜਿਥੋਂ ਸਾਨੂੰ ਮਿਲੀ ਹੈ ਅਮੋਲ ਸਿਖਿਆ।
ਦੇਸ ਹੇਤ ਲੜੇ ਸੂਰਾ ਸੋਈ ਜਾਣੀਏ।
ਖੇਤ ਕੋ ਨਾ ਛੋਡ ਆਪ ਕੋ ਰੰਵਾਣੀਏ।
ਗ਼ਦਰ ਲਹਿਰ ਨੇ ਧਰਮ, ਸਾਹਿਤ ਤੇ ਭਾਸ਼ਾ ਨੂੰ ਸਾਮਰਾਜੀ ਸਭਿਆਚਾਰ ਦੇ ਖਿਲਾਫ ਹਥਿਆਰ ਵਾਂਗ
ਵਰਤਿਆ। ਹੁਕਮਰਾਨਾਂ ਦੀ ਕੋਸਿ਼ਸ਼ ਸਾਹਿਤ ਨੂੰ ਰਾਜਨੀਤੀ ਤੋਂ ਦੂਰ ਦੱਸ ਕੇ ਆਪਣੇ ਹੱਕ ਵਿੱਚ
ਭੁਗਤਾਉਣ ਦੀ ਹੁੰਦੀ ਹੈ, ਪਰ ਜਦੋਂ ਇਹੋ ਸਾਹਿਤ ਰਾਜ-ਸ਼ਕਤੀ ਤੋਂ ਵਿਰਵੀ ਪਰਜਾ ਨੂੰ ਚੇਤੰਨ
ਕਰਦਾ ਹੈ ਤਾਂ ਇਹ ਇਕ ਹਥਿਆਰ ਹੋ ਨਿਬੜਦਾ ਹੈ। ਇਨ੍ਹਾਂ ਅਰਥਾਂ ਵਿੱਚ ਵੀ ਗ਼ਦਰੀ ਕਵਿਤਾ
ਰਾਜਨੀਤਕ ਕਵਿਤਾ ਹੈ ਤੇ ਇਸੇ ਲਈ ਇਹ ਨਵੇਂ ਸਭਿਆਚਾਰ ਦੀ ਉਸਾਰੀ ਲਈ ਦੇਸ਼ ਦੇ ਲੋਕਾਂ ਨੂੰ
ਰਾਜ-ਸੱਤਾ ਉੱਤੇ ਕਾਬਜ਼ ਹੋਣ ਲਈ ਪ੍ਰੇਰਦੀ ਤੇ ਇਹ ਦੱਸਦੀ ਹੈ ਕਿ ਰਾਜ ਸੱਤਾ ਨੂੰ ਗੁਆ
ਬਹਿਣਾ ਹੀ ਆਪਣੀ ਕਲਚਰ ਦੀ ਪ੍ਰਗਤੀ ਤੋਂ ਹੱਥ ਧੋਣਾ ਹੈ:
ਦੇ ਕੇ ਹੱਥੋਂ ਰਾਜ ਅਜ ਹੋ ਗਏ ਕੰਗਲੇ।
ਗੋਰਿਆਂ ਨੇ ਲੁੱਟ ਕੇ ਬਣਾ ਲਏ ਬੰਗਲੇ।
‘ਬੰਗਲਾ’ ਇੱਥੇ ਚੰਗੇ ਰਹਿਣ-ਸਹਿਣ ਤੇ ਉਚੇਰੇ ਸਭਿਆਚਾਰ ਦਾ ਪ੍ਰਤੀਕ ਹੈ। ਇਸੇ ਪ੍ਰਸੰਗ ਵਿੱਚ
ਸਿੱਖਿਆ ਦੇ ਪਾਸਾਰ ਤੇ ਵਿਗਿਆਨਕ ਵਿਦਿਆ ਦੀ ਘਾਟ ਸੰਬੰਧੀ ਚਿੰਤਾ ਪ੍ਰਗਟ ਕੀਤੀ ਗਈ ਹੈ:
ਨਾ ਉਹ ਇਲਮ ਇਖਲਾਕ ਦੀ ਧਨ ਦੌਲਤ
ਰਾਜ ਯੋਗ ਤੇ ਬ੍ਰਹਮ ਦਾ ਗਯਾਨ ਕਿਉਂ ਨਹੀਂ।
ਬੱਚੇ ਤੜਫਦੇ ਵਿਦਿਆ ਬਾਝ ਸਾਡੇ,
ਕਾਲਜ ਖੁਲ੍ਹਦੇ ਸਦਾ ਵਗਯਾਨ ਕਿਉਂ ਨਹੀਂ।
ਸਾਂਝੇ ਕੌਮੀ ਤੇ ਕੌਮਾਂਤਰੀ ਜਨਤਕ ਸਭਿਆਚਾਰ ਦੀ ਉਸਾਰੀ ਲਈ ਇਹ ਕਵਿਤਾ ਜਿੱਥੇ ਧਰਮ, ਸਾਹਿਤ,
ਵਿਦਿਆ, ਵਿਗਿਆਨ ਤੇ ਉੱਨਤ ਕਿਸਮ ਦੇ ਰਹਿਣ-ਸਹਿਣ ਨੂੰ ਆਮ ਲੋਕਾਈ ਦੇ ਜੀਵਨ ਦਾ ਅੰਗ ਬਣਾਉਣ
‘ਤੇ ਬਲ ਦਿੰਦੀ ਹੈ ਉੱਥੇ ਲੋਕ-ਪ੍ਰਚੱਲਤ, ਆਮ ਫਹਿਮ ਸ਼ਬਦਾਵਲੀ ਤੇ ਉਪਭਾਖਾਈ ਭਾਸ਼ਾ ਰੂਪਾਂ
ਦੇ ਪ੍ਰਯੋਗ ਨੂੰ ਵੀ ਕਾਵਿ-ਰਚਨਾ ਦਾ ਨਿਰਉਚੇਚ ਵਿਹਾਰ ਬਣਾ ਕੇ ਪ੍ਰਚੱਲਤ ਕਰ ਦਿੰਦੀ ਹੈ।
ਉਪਰੋਕਤ ਟੂਕਾਂ ਤੋਂ ਸਿੱਧ ਹੈ ਕਿ ਗ਼ਦਰੀ ਕਵੀ ਭਾਸ਼ਾ ਦੀ ਪੰਡਤਾਊ ਸ਼ੁੱਧਤਾ ਵੱਲ ਕੋਈ ਧਿਆਨ
ਨਹੀਂ ਦਿੰਦਾ। ਸੰਤਾਂ, ਭਗਤਾਂ ਤੇ ਸਿੱਖ ਗੁਰੂਆਂ ਵਾਂਗ ਉਹ ਮਿਸ਼ਰਤ ਭਾਸ਼ਾ ਦਾ ਹੀ ਸਹਿਜ
ਪ੍ਰਯੋਗ ਕਰਦਾ ਹੈ। ਕਈ ਕਵਿਤਾਵਾਂ ਵਿੱਚ ਉਰਦੂ ਹਿੰਦੀ ਦੇ ਕ੍ਰਿਆ-ਰੂਪਾਂ ਦੇ ਪ੍ਰਯੋਗ ਦਾ
ਕਾਰਨ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਕਵੀਆਂ ਨੇ ਸਕੂਲੀ ਸਿੱਖਿਆ ਉਰਦੂ ਵਿੱਚ
ਪ੍ਰਾਪਤ ਕੀਤੀ ਸੀ ਤੇ ਕਈ ਹਿੰਦੂ ਸਭਿਆਚਾਰਕ ਪਿਛੋਕੜ ਵਾਲੇ (ਰਾਮ ਚੰਦਰ ਵਰਗੇ) ਸੱਜਨ ਵੀ ਇਸ
ਲਹਿਰ ਵਿੱਚ ਸਰਗਰਮ ਸਨ।
ਗ਼ਦਰੀ ਕਵੀ ਪੰਜਾਬੀ ਕਿਸਾਨ ਦੇ ਬਾਗੀ ਪੁੱਤ ਤੇ ਪਰਦੇਸ ਦੀ ਧਰਤੀ ਦੇ ਸਤਾਏ ਹੋਏ ਮਜ਼ਦੂਰ
ਸਨ। ਇਹੋ ਕਾਰਨ ਹੈ ਕਿ ਇਸ ਕਵਿਤਾ ਦੀ ਭਾਸ਼ਾ ਵਿੱਚ ਵਿਦਰੋਹੀ ਕਿਸਾਨ-ਕਲਚਰ ਤੇ ਦੁਸ਼ਮਣ
ਪ੍ਰਤੀ ਨਫਰਤ ਬੋਲਦੀ ਹੈ। ਪਰਦੇਸ ਨੇ ਉਨ੍ਹਾਂ ਨੂੰ ਘਿਰਨਾ ਦੀ ਅੱਖ ਨਾਲ ਦੇਖਿਆ ਤੇ ਕੁਲੀ
ਕੁਲੀ ਕਹਿ ਕੇ ਪੁਕਾਰਿਆ ਤੇ ਉਪਨਿਵੇਸ਼ੀ ਰਾਜ ਸੱਤਾ ਨੇ ਜ਼ਾਲਮਾਨਾ ਲੁਟ ਕਰਕੇ, ਉਨ੍ਹਾਂ ਨੂੰ
ਆਪਣੇ ਮਾਨਵੀ ਆਪੇ ਤੋਂ ਦੂਰ ਕੀਤਾ ਤੇ ਬੇਜ਼ੁਬਾਨ, ਬੇਪਛਾਣ ਪਸ਼ੂਆਂ ਹਾਰ ਬਣਾ ਦਿੱਤਾ। ਗ਼ਦਰ
ਦੀ ਕਵਿਤਾ ਨੇ ਉਨ੍ਹਾਂ ਨੂੰ ਆਪਣੀ ਆਪਣੀ ਗੁਆਚੀ ਮਾਨਵੀ ਪਛਾਣ ਤੇ ਜ਼ੁਬਾਨ ਦੇ ਕੇ ਪਰਵਾਸੀ
ਮਾਹੌਲ ਤੇ ਬਦੇਸ਼ੀ ਰਾਜ-ਸੱਤਾ ਨਾਲ ਟੱਕਰ ਲੈਣ ਲਈ ਤਿਆਰ ਕੀਤਾ। ਅੰਗਰੇਜ਼ ਹਾਕਮਾਂ, ਉਨ੍ਹਾਂ
ਦੇ ਪਿੱਠੂਆਂ ਤੇ ਸਰਕਾਰੀ ਮੁਖਬਰਾਂ ਲਈ ਇਸ ਕਵਿਤਾ ਵਿੱਚ ਪਹਿਲੀ ਵਾਰ ‘ਗਾਲ੍ਹ’ ਦੀ ਭਾਸ਼ਾ
ਦੀ ਸਿਰਜਣਾ ਹੋਈ: ਸਾਲੇ, ਹਰਾਮ ਦੇ ਤੁਖਮ, ਝੁਡੂ, ਪਾਮਰ ਆਦਿ। ਅਜਿਹੀ ਕੌੜੀ ਭਾਸ਼ਾ ਕਬੀਰ
ਤੇ ਨਾਨਕ ਦੀ ਬਾਣੀ ਵਿੱਚ ਮਿਲਦੀ ਭਾਸ਼ਾ ਦੀ ਯਾਦ ਤਾਜਾ ਕਰਦੀ ਹੈ ਤੇ ਇਉਂ ਇਸ ਕਵਿਤਾ ਦੀ
ਭਾਸ਼ਾ ਦੀ ਮੂੰਹੀ ਭਗਤੀ ਲਹਿਰ ਦੀ ਭਾਸ਼ਾ ਨਾਲ ਜਾ ਮਿਲਦੀ ਹੈ। ਅੰਗਰੇਜ਼ ਦੀ ਦਰਿੰਦਗੀ ਨੇ
ਗ਼ਦਰੀ ਕਵੀਆਂ ਨੂੰ ਪਾਸ਼ਵੀ ਜਗਤ ਲਈ ਰਾਖਵੀਂ ਭਾਸ਼ਾ ਦਾ ਪ੍ਰਯੋਗ ਕਰਨ ‘ਤੇ ਮਜ਼ਬੂਰ ਕੀਤਾ,
ਤਾਂ ਕਿ ਹਕੂਮਤ ਦੇ ਪਾਸ਼ਵੀ ਵਿਹਾਰ ਨੂੰ ਨੰਗਾ ਕੀਤਾ ਜਾ ਸਕੇ। ਇਸੇ ਲਈ ਅੰਗਰੇਜ਼ ਸਰਕਾਰ ਲਈ
ਕਾਂ, ਬਾਂਦਰ, ਭੂਰਾ ਰਿੱਛ, ਸੱਪ, ਸਿਉਂਕ ਤੇ (ਜਦੋਂ ਜਰਮਨੀ ਤੋਂ ਹਾਰ ਗਈ ਤਾਂ) ਚਿੜੀ ਆਦਿ
ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਈਸਾ ਦੇ ਜਨਮ ਦੀ ਮਿੱਥ ਦਾ ਹਵਾਲਾ ਦੇ ਕੇ ਅੰਗਰੇਜ਼
ਹਾਕਮਾਂ ਨੂੰ ‘ਹਰਾਮਜ਼ਾਦੇ’ ਤਕ ਕਿਹਾ ਗਿਆ ਹੈ:
ਬੜਾ ਜ਼ੁਲਮ ਕਰਦੈ ਨਹੀਂ ਖੌਫ ਖਾਂਦੈ,
ਜ਼ਾਲਮ ਜਾਪਦੇ ਪੁਤ ਕੁਮਾਰੀਆਂ ਦੇ।
ਦੇਸੀ ਰਾਜਿਆਂ, ਰਾਏ ਬਹਾਦਰਾਂ, ਸਰਦਾਰ ਬਹਾਦਰਾਂ ਤੇ ਮੁਖਬਰਾਂ ਨੂੰ ਦੇਸ ਘਾਤੀ, ਬਾਂਦਰ ਤੇ
ਕੁੱਤੇ ਲਿਖਿਆ ਗਿਆ ਹੈ:
- ਦੇਸੀ ਕੁੱਤਿਆਂ ਨੂੰ ਜਰਾ ਸਰਮ ਚਾਹੀਏ
ਕਾਹਨੂੰ ਜੰਮ ਪਏ ਹਿੰਦੁਸਤਾਨ ਅੰਦਰ।
- ਦੁਨੀਆ ਰਹੀ ਹੈਰਾਨ ਹੈ ਦੇਖ ਧੋਬੀ ਕੁੱਤੇ।
ਨਾ ਘਰ ਦੇ ਨਾ ਘਾਟ ਦੇ ਚੁਰਾਹੇ ਸੁੱਤੇ।
ਇਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੇ ਖਿਤਾਬਾਂ ਦਾ ਵੀ ਮਖੌਲ ਉਡਾਇਆ ਗਿਆ ਹੈ। ਜਿਵੇਂ
‘ਔਨਰੇਬਲ’ ਨੂੰ ਲਿਖਿਆ ਹੈ ਔਨਰ-ਬੈਲ। ਭਾਰਤੀ ਜਨਤਾ ਦੀ ਏਕਤਾ ਦੇ ਮੁਕਾਬਲੇ ਵਿੱਚ ਫਿਰੰਗੀ
ਨੂੰ ਕਮਜ਼ੋਰ ‘ਚਿੜੀ’ ਤੇ ਭਾਰਤ ਨੂੰ ‘ਬਾਜ’ ਆਖਿਆ ਗਿਆ ਹੈ (ਚਿੜੀ ਫਰੰਗ ਭਾਰਤ ਬਾਜ)।
ਪਰਦੇਸੀ ਜੀਵਨ ਦੇ ਕਰੜੇ ਜੀਵਨ ਯਥਾਰਥ ਦੇ ਪ੍ਰਗਟਾਵੇ, ਤੇ ਜ਼ਾਲਮ ਸਰਕਾਰ ਦੇ ਟਾਕਰੇ ਤੇ ਆਮ
ਲੋਕਾਂ ਦੀ ਸੁਚੇਤਨਾ ਜਗਾਉਣ ਲਈ ਗ਼ਦਰੀ ਕਵੀਆਂ ਨੇ ਆਪਣੇ ਸਮਕਾਲੀ ਅੰਗਰੇਜ਼ੀ ਪੜ੍ਹੇ,
ਮਧਵਰਗੀ ਕਵੀਆਂ ਨਾਲੋਂ ਅੱਡਰੀ ਕਿਸਮ ਦੀ ਪੇਂਡੂ ਪੰਜਾਬੀ ਬੋਲੀ ਤੇ ਸਿੱਧੀ, ਸਪਾਟ,
ਵਕ੍ਰੋਕਤੀ-ਰਹਿਤ, ਪੱਥਰ ਵਰਗੀ ਨਿੱਗਰ ਸ਼ਬਦਾਵਲੀ ਦਾ ਪ੍ਰਯੋਗ ਕੀਤਾ:
-ਗਰੇਪ ਤੋੜਦੇ ਸੇਲਰੀ ਲਾਉਂਦਿਆਂ ਦੇ,
ਸੀਡ ਗੁਡਦਿਆਂ ਦੇ ਗੋਡੇ ਲਾਲ ਹੋ ਗਏ।
ਨਾਲ ਫੱਟਿਆਂ ਪਾਟ ਗਏ ਹੱਥ ਸਾਡੇ,
ਦਿਨ ਕੱਟਣੇ ਬੜੇ ਖੁਸ਼ਹਾਲ ਹੋ ਗਏ।
- ਜੀਹਨੂੰ ਆਪ ਸ੍ਰਕਾਰ ਸ੍ਰਕਾਰ ਕੈਹਿੰਦੇ,
ਬਾਝੋਂ ਲੁੱਟ ਦੇ ਇਸ ਦੀ ਕਾਰ ਨਾਹੀਂ।
ਦੀਵਾ ਦਿਨੇ ਹੀ ਬਾਲ ਕੇ ਲੁੱਟਦੀ ਹੈ,
ਹੁੰਦੇ ਹਿੰਦ ਵਾਸੀ ਖ਼ਬਰਦਾਰ ਨਾਹੀਂ।
- ਜ਼ਾਲਮ ਫਰੰਗੀਆਂ ਦੇ ਚਿਤੜਾਂ ‘ਤੇ ਲੌਣ ਹਿਤ
ਕਰੇ ਸੀਖ ਲਾਲ ਕਹੋ ਉਮਰੇ ਲੁਹਾਰ ਨੂੰ।
ਅਜਿਹੀਆਂ ਕਵਿਤਾਵਾਂ ਸੁਣ ਕੇ ਹੀ ਅੰਗਰੇਜ਼ ਜੱਜਾਂ ਨੇ ਆਪਣੇ ਅਦਾਲਤੀ ਫੈਸਲਿਆਂ ਵਿੱਚ ਗ਼ਦਰੀ
ਭਾਸ਼ਾ ਨੂੰ ‘ਖੂਨੀ’ ਭਾਸ਼ਾ ਕਿਹਾ ਹੈ। ‘ਗਦਰ’ ਅਖਬਾਰ ਦੀ ਬੋਲੀ ਸੰਬੰਧੀ ਕਿੰਨੀਆਂ ਹੀ
ਅਦਾਲਤੀ ਟਿੱਪਣੀਆਂ ਮਿਲਦੀਆਂ ਹਨ: “ਸਲਤਨਤ ਦੇ ਦੁਸ਼ਮਣਾਂ ਨਾਲ ਮਿਲ ਕੇ ਬਗਾਵਤ ਖੜ੍ਹੀ ਕਰਨ
ਦੇ ਇਰਾਦੇ ਨਾਲ ਹਿੰਦ ਜਾਣ, ਸਾਰੇ ਯੂਰਪੀਨ ਅਤੇ ਵਫ਼ਾਦਾਰ ਹਿੰਦੁਸਤਾਨੀਆਂ ਨੂੰ ਮਾਰ ਮੁਕਾਣ,
ਅਤੇ ਹੁਣ ਵਾਲੀ ਹਕੂਮਤ ਦਾ ਤਖਤਾ ਉਲਟਾ ਕੇ ਪੰਚਾਇਤੀ ਰਾਜ ਕਾਇਮ ਕਰਨ ਦਾ ਇਹ (ਗ਼ਦਰ)
ਪ੍ਰਚਾਰ ਕਰਦਾ ਸੀ। ਇਸ ਦੀ ਬੋਲੀ ਇਕਸਾਰ ਖੂਨੀ ਅਤੇ ਦੁਬਧਾ ਤੋਂ ਰਹਿਤ ਸੀ।” (ਜਗਜੀਤ ਸਿੰਘ,
ਗ਼ਦਰ ਪਾਰਟੀ ਲਹਿਰ, ਪੰ. 61), ਮਾਂਡਲੇ ਕੇਸ ਦੇ ਫੈਸਲੇ ਵਿੱਚ ‘ਗ਼ਦਰ ਅਖਬਾਰ’ ਦੀ ਭਾਸ਼ਾ
ਬਾਰੇ ਇਹ ਟਿੱਪਣੀ ਹੈ:
- ਇਹ (ਗ਼ਦਰ) ਐਨ ਓਸੇ ਤਰ੍ਹਾਂ ਹੈ ਜਿਸ ਤਰ੍ਹਾਂ ਇਸ ਦਾ ਨਾਮ ਹੈ। ... ਸਾਜ਼ਸ਼ ਅਮੂਮਨ
ਆਪਣੇ ਭਾਵ ਲੁਕਵੇਂ ਤਰੀਕੇ ਨਾਲ ਦੋਹਰੇ ਅਰਥ ਰਖਣ ਵਾਲੇ ਲਫਜ਼ਾਂ ਦੀ ਓਟ ਲੈ ਕੇ ਜ਼ਾਹਿਰ
ਕਰਦੀ ਹੈ, ਪਰ ਗ਼ਦਰ ਲੁਕੋ ਨਹੀਂ ਰਖਦਾ ਅਤੇ ਸਿੱਧੀ ਗੱਲ ਕਰਦਾ ਹੈ। (ਉਹੀ)
ਇਹ ਹੋਰ ਕੇਸ ਦੇ ਫੈਸਲੇ ਵਿੱਚ ਲਿਖਿਆ ਹੈ: “ਗ਼ਦਰ ਨੇ ਪੰਜਾਬੀ ਕਿਸਾਨ ਦੇ ਦਿਲ ਦੀ ਆਪਣੀ
ਬੋਲੀ ਬੋਲੀ, ਜੋ ਉਸ ਦੇ ਸੁਭਾਓ ਦੇ ਐਨ ਮੁਤਾਬਕ ਸੀ।” (ਉਹੀ)
ਗ਼ਦਰੀ ਕਵੀਆਂ ਨੇ ਆਪਣੀ ਮਾਂ-ਬੋਲੀ, ਪੰਜਾਬੀ ਨੂੰ ਪਹਿਲ ਦਿੱਤੀ। ਇਸ ਦਾ ਕਾਰਨ ਉਨ੍ਹਾਂ ਦਾ
ਘੱਟ ਪੜ੍ਹੇ ਹੋਣਾ ਜਾਂ ਅੰਗਰੇਜ਼ੀ ਤੋਂ ਨਾਵਾਕਿਫ ਹੋਣਾ ਨਹੀਂ ਸੀ; ਕਾਰਨ ਇਹ ਸੀ ਕਿ ਉਹ
ਆਪਣੇ ਦੁੱਖਾਂ ਦੀ ਤੇ ਇਨਕਲਾਬੀ ਸਿਆਸਤ ਦੀ ਸੋਝੀ ਆਪਣੇ ਦੇਸ ਦੀ ਆਮ ਜਨਤਾ ਨੂੰ ਦੇਣੀ
ਚਾਹੁੰਦੇ ਸਨ। ਇਸੇ ਲਈ ਇਸ ਕਵਿਤਾ ਵਿੱਚ ਨਿੱਤ ਦੀ ਬੋਲਚਾਲ ਤੇ ਪੰਜਾਬੀ ਦੇ ਉਪਭਾਖਾਈ ਰੂਪਾਂ
ਦੀ ਵਰਤੋਂ ਭਰਪੂਰ ਮਾਤਰਾ ਵਿੱਚ ਹੋਈ ਹੈ। ਕੁੱਝ ਸ਼ਬਦਾਂ ਦੇ ਲਿਖਤੀ ਰੂਪ ਇੰਨ-ਬਿੰਨ ਉਵੇਂ
ਰੱਖੇ ਗਏ ਹਨ ਜਿਵੇਂ ਉਹ ਅੱਡ ਅੱਡ ਇਲਾਕਿਆਂ (ਮਾਝਾ, ਮਾਲਵਾ ਤੇ ਦੁਆਬਾ) ਤੇ ਸਥਾਨਾਂ ਵਿੱਚ
ਬੋਲੇ ਜਾਂਦੇ ਹਨ। ਜਿਵੇਂ ਬੁਪਾਰ, ਖੁਲਾਵੇਂ, ਛੌਂਕ (ਸ਼ੌਕ), ਖੁਛੀ, ਛੇਰ, ਜਾਲੀ (ਅਯਾਲੀ),
ਭਾਮਾ (ਭਾਵੇਂ) ਆਦਿ। ਇਕ ਥਾਂ ‘ਕ੍ਰਿਤਘਣ’ ਸ਼ਬਦ ਨੂੰ ‘ਕੀਤੇ ਨੂੰ ਨਾ ਭੁੱਲਣ ਵਲਾ’ ਦੇ ਅਰਥ
ਵਿੱਚ ਵਰਤਿਆ ਗਿਆ ਹੈ ਕਿਉਂਕਿ ਆਮ ਬੋਲਚਾਲ ਵਿੱਚ ਕੀਤੇ ਨੂੰ ਭੁੱਲ ਜਾਣ ਵਾਲੇ ਨੂੰ
‘ਅਕ੍ਰਿਤਘਣ’ ਕਿਹਾ ਜਾਂਦਾ ਹੈ। ਕਵੀ ਸਮਝਦਾ ਹੈ ਇਸ ਨਾਲੋਂ ‘ਅ’ ਕੱਟ ਦੇਣ ਨਾਲ ਇਹ
ਨਾਂਹ-ਵਾਚੀ ਅਰਥ ਦੇ ਸਕਦਾ ਹੈ, ਜਦ ਕਿ ‘ਕ੍ਰਿਤਘਣ’ ਤੇ ‘ਅਕ੍ਰਿਤਘਣ’ ਦੇ ਅਰਥ ਇਕੋ ਹਨ:
ਪਹਿਲਾ ਤਤਸਮ ਹੈ, ਦੂਜਾ ਤਦਭਵ। ਅਜਿਹੀਆਂ ਨਿੱਕੀਆਂ ਨਿੱਕੀਆਂ ਤਰੁੱਟੀਆਂ ਸ਼ਬਦ-ਜੋੜਾਂ ਵਿੱਚ
ਵੀ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਸਹਿਜੇ ਹੀ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ। ਗ਼ਦਰੀ
ਕਵਿਤਾ ਨੂੰ ਲਿਖਦਿਆਂ ਦੋ ਹੀ ਵਿਸ਼ਰਾਮ ਚਿੰਨ ਵਰਤੇ ਗਏ ਹਨ: ਡੰਡੀ ਤੇ ਦੂਹਰੀ ਡੰਡੀ। ਕਿਤੇ
ਕਿਤੇ ਕੌਮੇ ਦੀ ਵਰਤੋਂ ਹੋਈ ਹੈ। ਨਹੀਂ ਤਾਂ ਮੱਧਕਾਲੀ ਕਵੀਆਂ ਵਾਂਗ ਗ਼ਦਰੀ ਕਵੀ ਵੀ ਅਰਧ
ਵਿਰਾਮ ਲਈ ਡੰਡੀ ਤੇ ਪੂਰਨ ਵਿਰਾਮ ਲਈ ਦੂਹਰੀ ਡੰਡੀ ਵਰਤਦਾ ਹੈ। (ਹਥਲੇ ਕਾਵਿ-ਸੰਗ੍ਰਹਿ
ਦੀਆਂ ਕਵਿਤਾਵਾਂ ਵਿੱਚ ਟਾਇਪਿਸਟ ਨੇ ਅਜੋਕੇ ਪ੍ਰਚਲਨ ਅਨੁਸਾਰ ਅਰਧ-ਵਿਰਾਮ ਦੀ ਥਾਂ ਕੌਮਾ ਲਾ
ਦਿੱਤਾ ਹੈ ਤੇ ਅਸੀਂ ਉਵੇਂ ਰਹਿਣ ਦਿੱਤਾ ਹੈ। ਇਸ ਤਰ੍ਹਾਂ ਸੁੱਤੇ-ਸਿੱਧ ਸ਼ਬਦ-ਜੋੜਾਂ ਤੇ
ਵਿਸ਼ਰਾਮ ਚਿੰਨ੍ਹਾਂ ਸਾਥੋਂ ਕੁਝ ਹੋਰ ਤਬਦੀਲੀਆਂ ਵੀ ਹੋ ਗਈਆਂ ਹਨ।)
ਅੰਤ ਵਿੱਚ, ਗ਼ਦਰੀ ਕਾਵਿ ਦੇ ਭਾਸ਼ਾਈ ਸਰੋਕਾਰਾਂ ਬਾਰੇ ਦੋ ਹੋਰ ਬੜੀਆਂ ਮਹੱਤਵਪੂਰਨ ਗੱਲਾਂ
ਨੋਟ ਕਰਨ ਵਾਲੀਆਂ ਹਨ। ਪਹਿਲੀ ਇਹ ਹੈ ਕਿ ਇਸ ਕਵਿਤਾ ਨੇ ਪੰਜਾਬੀ ਸਰੋਤਿਆਂ/ਪਾਠਕਾਂ ਨੂੰ
ਰਾਜਨੀਤੀ ਨਾਲ ਸੰਬੰਧਤ ਅਜਿਹੀ ਸੰਕਲਪਕ/ਸਿਧਾਂਤਕ ਸ਼ਬਦਾਵਲੀ ਦਿੱਤੀ, ਜਿਸ ਤੋਂ ਆਮ ਪੰਜਾਬੀ
ਇਸ ਤੋਂ ਪਹਿਲਾਂ ਜਾਣੂ ਨਹੀਂ ਸੀ (ਜਿਵੇਂ, ਗ਼ਦਰ, ਗ਼ਦਰੀ, ਗੁਰੀਲਾ-ਜੰਗ, ਕੌਮ,
ਡੈਪੂਟੇਸ਼ਨ, ਆਦਿ)। ਦੂਜੀ, ਵਪਾਰ ਤੇ ਤਕਨੀਕੀ ਉੱਨਤੀ ਨਾਲ ਸੰਬੰਧਤ ਬਹੁਤ ਸਾਰੇ ਸ਼ਬਦ ਇਸ
ਕਵਿਤਾ ਨੇ ਆਮ ਵਰਤੋਂ ਵਿੱਚ ਲਿਆਂਦੇ (ਜਿਵੇਂ ਕੰਪਨੀ, ਕਲਾਵਾਂ, ਡਾਲਰ, ਮਿਲ-ਸਾਈਡੋਂ ਮਿਲਕਣ
ਜਾਂ ਮਿਰਕਣ (ਅਮਰੀਕਨ), ਏਰੋਪਲੇਨ, ਵਾਇਰਲੈਸ, ਬਿਜਲੀ ਬੱਤੀਆਂ (ਬਿਜਲੀ ਦੇ ਬਲਬ), ਆਦਿ।)
ਗ਼ਦਰੀ ਕਾਵਿ ਦੀ ਕਾਵਿਕ ਸਮਰੱਥਾ ਦਾ ਨਿਰਣਾ ਇਸ ਦੇ ਸਿਆਸੀ, ਸਭਿਆਚਾਰਕ, ਲੋਕਧਾਰਾਈ ਤੇ
ਭਾਸ਼ਾਈ ਸਰੋਕਾਰਾਂ ਨੂੰ ਅਣਡਿੱਠ ਕਰਕੇ ਸੰਭਵ ਨਹੀਂ ਹੋਵੇਗਾ, ਭਾਵੇਂ ਕਾਵਿ-ਸਿ਼ਲਪ ਦੀ
ਦ੍ਰਿਸ਼ਟੀ ਤੋਂ ਵੀ ਇਸ ਕਵਿਤਾ ਦਾ ਅਧਿਐਨ ਘੱਟ ਮਹੱਤਵਪੂਰਨ ਨਹੀਂ।
(5)
ਕਾਵਿ-ਚੇਤਨਾ ਤੇ ਕਾਵਿ-ਸਿ਼ਲਪ
ਹੁਣ ਤੱਕ ਅਸੀਂ ਗ਼ਦਰ ਲਹਿਰ ਦੀ ਕਵਿਤਾ ਨੂੰ ਪੰਜਾਬੀ ਸਾਹਿਤ ਦੇ ਇਤਿਹਾਸਾਂ ਤੇ ਖੋਜ-ਸਮੀਖਿਆ
ਦੇ ਖੇਤਰ ਤੋਂ ਉਸ ਤਰ੍ਹਾਂ ਛੇਕੀ ਰੱਖਿਆ ਹੈ ਜਿਵੇਂ ਭਾਰਤ ਦੀ ਆਜ਼ਾਦੀ ਦੀ ਤਾਰੀਖ਼ ਵਿੱਚੋਂ
ਗ਼ਦਰ ਪਾਰਟੀ ਤੇ ਸਮੁੱਚੀ ਗ਼ਦਰ ਲਹਿਰ ਨੂੰ। ਜੇ ਕਿਧਰੇ ਇਸ ਕਵਿਤਾ ਦੀ ਗੱਲ ਹੋਈ ਵੀ ਹੈ ਤਾਂ
ਵੀ ਇਸ ਨੂੰ ਘੱਟ ਪੜ੍ਹੇ ਕਿਸਾਨ-ਮਜ਼ਦੂਰਾਂ ਤੇ ਨਾਮ-ਕਟੇ ਫੌਜੀਆਂ ਦੀ ਰਚਨਾ ਸਮਝ ਕੇ ਨਿਰੀ
ਤੁਕਬੰਦੀ ਕਹਿ ਕੇ ਗੱਲ ਮੁਕਾ ਦਿੱਤੀ ਜਾਂਦੀ ਰਹੀ ਹੈ। ਪਰਵਾਸੀ ਜੀਵਨ ਤੇ ਇਤਿਹਾਸਕ-ਸਿਆਸੀ
ਪਰਿਪੇਖ, ਸਭਿਆਚਾਰਕ ਪ੍ਰਕਾਰਜ, ਕਾਵਿ-ਚੇਤਨਾ ਤੇ ਕਾਵਿ-ਸਿ਼ਲਪ ਦੇ ਪ੍ਰਸੰਗਾਂ ਵਿੱਚ ਇਸ ਦਾ
ਕਦੇ ਵਿਸ਼ਲੇਸ਼ਣ ਨਹੀਂ ਹੋਇਆ।
ਪਰਦੇਸੀ ਜੀਵਨ-ਯਥਾਰਥ, ਇਤਿਹਾਸ, ਸਿਆਸ ਤੇ ਸਭਿਆਚਾਰ ਦੇ ਨੁਕਤੇ ਤੋਂ ਪਿੱਛੇ ਗੱਲ ਹੋ ਚੁੱਕੀ
ਹੈ। ਇਸ ਦੇ ਕਾਵਿਕ ਮਹੱਤਵ ਨੂੰ ਉਜਾਗਰ ਕਰਨ ਲਈ ਸਾਹਿਤਕ ਨੁਕਤੇ ਤੋਂ ਜਿਨ੍ਹਾਂ ਪੱਖਾਂ ਵੱਲ
ਸੰਕੇਤ ਕਰਨਾ ਲਾਜ਼ਮੀ ਹੈ, ਉਹ ਹਨ ਇਸ ਕਵਿਤਾ ਦੀ:
(i) ਕਾਵਿ-ਕਲਚਰ
(ii) ਕਾਵਿ-ਚੇਤਨਾ
(iii) ਕਾਵਿ-ਸੱਚ ਤੇ ਸੁਹਜ
(iv) ਕਾਵਿ-ਰੂਪ
(v) ਕਾਵਿ-ਸ਼ੈਲੀ
(vi) ਕਾਵਿ-ਜੁਗਤਾਂ
(vii) ਕਾਵਿ-ਸਿ਼ਲਪ (ਛੰਦ, ਬਿੰਬ, ਪ੍ਰਤੀਕ, ਅਲੰਕਾਰ ਆਦਿ)
(i) ਕਾਵਿ-ਕਲਚਰ: ਗ਼ਦਰੀ ਕਵੀ ਦਾ ਜੀਵਨ ਭਾਵੇਂ ਇਕ ਪਰਦੇਸੀ ਦਾ ਜੀਵਨ ਸੀ, ਪਰ ਉਹ
ਜਿਸ ਸਾਹਿਤਕ ਕਲਚਰ ਤੇ ਕਾਵਿ-ਰੀਤ ਨਾਲ ਜੁੜਿਆ ਹੋਇਆ ਸੀ, ਪੰਜਾਬੀ ਕਵਿਤਾ ਵਿੱਚ ਉਸ ਦਾ
ਆਰੰਭ ਬਾਬਾ ਫਰੀਦ ਦੇ ਇਸ ਸ਼ਲੋਕ ਨਾਲ ਹੋ ਚੁੱਕਾ ਸੀ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ।।
ਜੇ ਤੂੰ ਏਵੇਂ ਰਖਸੀ ਜੀਉ ਸਰੀਰਹੁ ਲੇਇ।। 42।।
ਕਬੀਰ ਜੀ ਦੇ ‘ਸੂਰਾ ਸੋ ਪਹਿਚਾਨੀਐ’ ਅਤੇ ਗੁਰੂ ਨਾਨਕ ਸਾਹਿਬ ਦੇ ‘ਸੱਚ ਸਭਨਾ ਹੋਇ ਦਾਰੂ’
ਤੇ ‘ਜੇ ਤਉ ਪ੍ਰੇਮ ਖੇਲਨ ਕਾ ਚਾਉ’, ਆਦਿ ਸ਼ਬਦਾਂ ਦੀ ਪ੍ਰੇਰਨਾ ਅਤੇ ਪੁਰਾਤਨ ਵਾਰਾਂ, ਜੰਗ
ਨਾਮਿਆਂ ਤੇ ਕਿੱਸਾ-ਕਾਵਿ ਧਾਰਾ ਦੀਆਂ ਸਿ਼ਲਪੀ ਰਵਾਇਤਾਂ ਗ਼ਦਰੀ ਕਵਿਤਾ ਦੇ ਅਵਚੇਤਨ ਦਾ ਅੰਗ
ਬਣ ਗਈਆਂ ਸਨ। ਇਸੇ ਕਰਕੇ ਗਿਆਨੀ ਹੀਰਾ ਸਿੰਘ ਦਰਦ ਨੇ ਗ਼ਦਰੀ ਕਵਿਤਾ ਨੂੰ ‘ਦੇਸ਼ ਪਿਆਰਾ
ਧਾਰਾ ਦੀ ਸਿਖਰ’ ਕਿਹਾ ਹੈ। (ਪੰਜਾਬੀ ਦੁਨੀਆਂ, ਫਰਵਰੀ 1960, ਪੰ. 12)। ਪਰ ਮੈਂ ਇਸ ਨੂੰ
ਸਿਆਸੀ ਇਨਕਲਾਬੀ ਕਵਿਤਾ ਸਮਝਦਾ ਹਾਂ ਕਿਉਂਕਿ ਗੁਰੂ ਨਾਨਕ ਦੇ ਬਾਬਰ ਵਾਣੀ ਵਾਲੇ ਸ਼ਬਦਾਂ
ਤੋਂ ਲੈ ਕੇ ਉੱਨੀਵੀਂ ਸਦੀ ਦੇ ਅੰਤ ਤਕ ਦੇਸ਼-ਭਗਤੀ ਦੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਜਿਹੜੀ
ਕਵਿਤਾ ਰਚੀ ਗਈ ਉਸ ਵਿੱਚੋਂ ਵਧੇਰੇ ਮਾਤਰਾ ਉਸ ਕਵਿਤਾ ਦੀ ਸੀ ਜੋ ਪੁਰਾਣੇ ਨੂੰ ਹੀ ਮੁੜ
ਸਥਾਪਿਤ ਕਰਨ ਦੇ ਆਹਰ ਵਿੱਚ ਸੀ ਤੇ, ਇਸ ਲਈ ਉਹ ਇਕ ਤਰ੍ਹਾਂ ਦੀ ਭੂਤਮੁਖੀ ਚੇਤਨਾ ਵਾਲੀ
ਕਵਿਤਾ ਸੀ। ਗ਼ਦਰੀ ਕਵੀ ਸ਼ਾਇਦ ਸਮੁੱਚੇ ਭਾਰਤ ਵਿੱਚ ਪਹਿਲੇ ਕਵੀ ਸਨ (ਪੰਜਾਬ ਵਿੱਚ ਤਾਂ ਸਨ
ਹੀ) ਜਿਨ੍ਹਾਂ ਨੇ ਭਵਿੱਖ-ਮੁਖੀ ਚੇਤਨਾ ਵਾਲੀ ਇਨਕਲਾਬੀ ਕਵਿਤਾ ਦੀ ਰਚਨਾ ਕੀਤੀ। ਇਸ ਕਵਿਤਾ
ਨੇ ਰਾਸ਼ਟਰੀ ਚੇਤਨਾ ਤੋਂ ਪਹਿਲਾਂ ਦੀ (ਪ੍ਰੀ-ਨੈਸ਼ਨਲਿਸਟ) ਲੋਕ-ਮੁਖ ਤੇ ਧਰਮ-ਸਾਪੇਖ
ਰਾਸ਼ਟਰਵਾਦੀ ਪੰਜਾਬੀ ਕਵਿਤਾ ਨੂੰ ਨਾ-ਕੇਵਲ ਧਰਮ-ਨਿਰਪੇਖ ਆਧੁਨਿਕ ਰਾਸ਼ਟਰਵਾਦੀ ਕਵਿਤਾ ਤੱਕ
ਲਿਆਂਦਾ, ਸਗੋਂ ਪੰਜਾਬੀ ਕਵਿਤਾ ਨੂੰ ਨਵੀਂ ਅੰਤਰ-ਰਾਸ਼ਟਰੀ ਨੁਹਾਰ ਵੀ ਪ੍ਰਦਾਨ ਕੀਤੀ।
ਸੋਵੀਅਤ ਰੂਸੀ ਚਿੰਤਕ, ਆਈ ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਚੇਤਨਾ ਦੇ
ਵਿਕਾਸ ਦੇ ਪੱਖੋਂ ਤਿੰਨ ਪੜਾਵਾਂ ਵਿੱਚ ਵੰਡਿਆ ਹੈ: ਪੂਰਵ ਰਾਸ਼ਟਰੀ, ਰਾਸ਼ਟਰੀ ਤੇ
ਅੰਤਰ-ਰਾਸ਼ਟਰੀ। ਅੰਤਰ-ਰਾਸ਼ਟਰੀ ਚੇਤਨਾ ਦੇ ਪੜਾਅ ਦਾ ਆਰੰਭ ਉਹ 1935-36 ਦੀ ਪ੍ਰਗਤੀਵਾਦੀ
ਸਾਹਿਤਕ ਲਹਿਰ ਤੋਂ ਮੰਨਦਾ ਹੈ, ਪਰ ਗ਼ਦਰ-ਕਾਵਿ ਦੇ ਅਧਿਐਨ ਤੋਂ ਇਸ ਧਾਰਨਾ ਵਿੱਚ ਸੋਧ ਕਰ
ਕੇ ਇਹ ਮੰਨਣਾ ਪਵੇਗਾ ਕਿ ਪੰਜਾਬੀ ਕਾਵਿ-ਕਲਚਰ ਵਿੱਚ ਅੰਤਰ-ਰਾਸ਼ਟਰੀ ਚੇਤਨਾ ਦਾ ਆਰੰਭ ਗ਼ਦਰ
ਦੀ ਕਵਿਤਾ ਨਾਲ, 1930 ਤੋਂ ਪਹਿਲਾਂ ਹੀ ਹੋ ਗਿਆ ਸੀ। ਗ਼ਦਰੀ ਕਵੀ ਖੁਦ ਅੰਤਰ-ਰਾਸ਼ਟਰੀ
ਸਿਆਸੀ ਸੰਗਠਨਾਂ ਵਿੱਚ ਸ਼ਾਮਲ ਸੀ ਤੇ ਉਸ ਦੀ ਸ਼ਖਸੀਅਤ ਵਿੱਚ ਕਿਸਾਨ, ਕ੍ਰਾਂਤੀਕਾਰੀ,
ਕੌਮਾਂਤਰੀਵਾਦੀ ਤੇ ਕਵੀ ਦਾ ਅਨੂਠਾ ਸਮੇੁਲ ਹੈ।
ਬਾਵਾ ਬੁੱਧ ਸਿੰਘ ਨੇ ਅਜਿਹੀ ਕਵਿਤਾ ਨੂੰ ਸਭ ਰਵਾਇਤੀ ਕਾਵਿ-ਧਾਰਾਵਾਂ ਤੋਂ ਨਿਖੇੜਨ ਲਈ,
ਕੋਇਲ ਕੂ (1916) ਵਿੱਚ ਅਜਿਹੀ ਕਵਿਤਾ ਦਾ ਨਾਮਕਰਣ ਕਰਦਿਆਂ, ਇਸ ਨੂੰ ‘ਪੁਲੀਟੀਕਲ ਕਵਿਤਾ’
ਕਿਹਾ ਸੀ। ਇਸ ਨਵੀਂ ਕਾਵਿ-ਧਾਰਾ ਦਾ ਆਰੰਭ ਉਹ ‘ਪਗੜੀ ਸੰਭਾਲ ਜੱਟਾ’ (ਲਾਲਾ ਬਾਂਕੇ ਦਿਆਲ
ਦੇ) ਗੀਤ ਤੋਂ ਮੰਨਦਾ ਹੈ:
ਜਦ ਕਾਨੂੰਨ ਨਵੀਂ ਆਬਾਦੀ ਪਾਸ ਹੋਨ ਨੂੰ ਸੀ, ਅਰ ਲਾਇਲਪੁਰ ਆਦਿ ਥਾਂਵਾਂ ਦੇ ਜੱਟਾਂ ਨੇ
ਸ਼ੋਰ ਪਾਯਾ, ਅਜੀਤ ਸਿੰਘ ਨੇ ਮੂੰਹ ਤੋੜ ਵਿਖਯਾਨ ਦਿੱਤੇ, ਉਸ ਵੇਲੇ ਪੰਜਾਬੀ ਦੀ ਕਵਿਤਾ ਦਾ
ਹੋਰ ਰੰਗ ਹੋਇਆ। ਪੁਲੀਟੀਕਲ ਕਵਿਤਾ ਲਿਖੀ ਜਾਨ ਲੱਗੀ, ਜਿਸ ਦਾ ਸਭ ਤੋਂ ਮਸ਼ਹੂਰ ਨਮੂਨਾ
‘ਪਗੜੀ ਸਮਾਲ ਜੱਟਾ ਪਗੜੀ ਸਮਾਲ ਓ’ ਹੈ (ਬਾਵਾ ਬੁੱਧ ਸਿੰਘ ਰਚਨਾਵਲੀ, ਜਿਲਦ ਪਹਿਲੀ, ਪੰ
71)
ਉਸੇ ਪੁਲੀਟੀਕਲ ਕਾਵਿਧਾਰਾ ਦੇ ਵਿਕਾਸ ਦਾ ਅਗਲਾ ਪੜਾਅ ਗ਼ਦਰ ਲਹਿਰ ਦੀ ਕਵਿਤਾ ਹੈ।
(ii) ਕਾਵਿ-ਚੇਤਨਾ: ਸਰਕਾਰੀ ਦਮਨ-ਚੱਕਰ ਤੇ ਪਾਰਟੀ ਦੀ ਖੁਫੀਆ ਨੀਤੀ ਕਾਰਨ ਗ਼ਦਰ
ਦੀ ਕਵਿਤਾ ਅਗਿਆਤ ਕਵੀਆਂ ਦੀ ਰਚਨਾ ਤਾਂ ਹੈ, ਪਰ ਅਚੇਤ ਕਵੀਆਂ ਦੀ ਰਚਨਾ ਨਹੀਂ। ਇਸ ਕਵਿਤਾ
ਦਾ ਕੁੱਝ ਹਿੱਸਾ ਸਹਿਜ ਸੁਭਾਵਕ ਜਾਂ ਭਾਵ-ਵਿਰੇਚਨ ਦੀ ਮਜ਼ਬੂਰੀ ਵੱਸ ਕੀਤੀ ਤੱਟਫੱਟ
ਤੁਕਬੰਦੀ ਹੋ ਸਕਦਾ ਹੈ, ਪਰ ਇਸ ਦਾ ਬਹੁਤ ਹਿੱਸਾ ਸੁਚੇਤ ਕਾਵਿ-ਰਚਨਾ ਦੇ ਘੇਰੇ ਦੀ ਚੀਜ਼
ਹੈ, ਜਿਸ ਵਿੱਚ ਆਪਣੇ ਸਮੇਂ ਦੀ ਸਰਬ ਸਧਾਰਨ ਸਹਿਜ ਚੇਤਨਾ ਤੋਂ ਉੱਪਰ ਉੱਠ ਕੇ ਤੇ ਬਾਕਾਇਦਾ
ਸਿਧਾਂਤ-ਬੱਧ ਹੋ ਕੇ, ਭਾਰਤ ਵਿੱਚੋਂ ਬਰਤਾਨਵੀ ਸਾਮਰਾਜ ਦਾ ਤਲਾਮੂਲ ਚੁੱਕਣ ਤੇ ਨਾ-ਬਰਾਬਰੀ
ਤੇ ਗਰੀਬੀ ਨੂੰ ਮਲੀਆ-ਮੇਟ ਕਰਨ ਦਾ ਪ੍ਰਣ ਲਿਆ ਗਿਆ ਹੈ। ਇਸ ਕਵਿਤਾ ਦੇ ਇਨਕਲਾਬੀ ਕਵੀ ਅਥਵਾ
ਕਾਵਿ-ਨਾਇਕ ਦੀ ਆਪਣੇ ਕਾਜ ਪ੍ਰਤੀ ਨਿਸ਼ਠਾ ਬੇਜੋੜ ਹੈ ਤੇ ਉਸ ਦੀਆਂ ਸੰਵੇਦਨਾਵਾਂ ਦੇ ਤਣਾਓ
ਵਿੱਚੋਂ ਇਕ ਤਰਕ ਦਾ ਜਨਮ ਹੁੰਦਾ ਹੈ। ਦੇਸ਼-ਪ੍ਰੇਮ ਤੇ ਕ੍ਰਾਂਤੀ ਪ੍ਰੇਮ ਦੇ ਤਣਾਓ ਵਿੱਚੋਂ
ਉਸ ਨੂੰ ਆਪਣੇ ਭੂਤ ਤੇ ਭਵਿੱਖ ਦੇ ਇਤਿਹਾਸ ਦੇ ਵਿਵੇਕ ਦੀ ਸਮਝ ਆਉਂਦੀ ਹੈ; ਲੋਕਾਈ ਦੇ ਰੋਹ
ਤੇ ਜਾਬਰ ਸਰਕਾਰ ਦੀ ਟੱਕਰ ਵਿੱਚੋਂ ਉਸ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਸ਼ਾਂਤਮਈ ਸੰਗਠਿਤ
ਸੰਘਰਸ਼ਾਂ ਨੂੰ ਦੁਸ਼ਮਣ ਕਿਸ ਤਰ੍ਹਾਂ ਹਿੰਸਾ ਤੇ ਅਰਾਜਕਤਾ ਵਿੱਚ ਬਦਲ ਕੇ ਫੇਲ੍ਹ ਕਰ ਦਿੰਦਾ
ਹੈ।
ਗ਼ਦਰੀ ਕਵੀ ਅਜਿਹੇ ਦੀਵੇ-ਲੋਕ ਸਨ, ਜਿਨ੍ਹਾਂ ਨੇ ਗੁਲਾਮੀ ਦੀ ਹਨੇਰੀ ਰਾਤ ਵਿੱਚ ਵੀ ਆਜ਼ਾਦ
ਕਵਿਤਾ ਦੀ ਸ਼ਮ੍ਹਾਂ ਰੌਸ਼ਨ ਕੀਤੀ, ਪਰ ਆਪ ਗੁਮਨਾਮ ਹੀ ਰਹੇ। ਉਨ੍ਹਾਂ ਉੱਤੇ ਉਹ ਸ਼ੇਅਰ ਐਨ
ਢੁਕਦਾ ਹੈ ਜਿਹੜਾ ਸ਼ਹੀਦ ਭਗਤ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਬੰਧ ਵਿੱਚ
ਲਿਖਿਆ ਸੀ:
ਨਹੀਂ ਹੋਤਾ ਹੈ ਮੁਹਤਾਜੇ ਨੁਮਾਇਸ਼ ਫੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
ਉਹ ਪੰਜਾਬੀ ਕਵਿਤਾ ਦੀਆਂ ਰਵਾਇਤਾਂ ਤੇ ਰੂੜ੍ਹੀਆਂ ਤੋਂ ਪ੍ਰਭਾਵਿਤ ਸਨ, ਪਰ ਆਪਣੇ ਵਿਸ਼ੇਸ਼
ਸਿਆਸੀ ਮਨੋਰਥਾਂ ਅਧੀਨ ਉਨ੍ਹਾਂ ਰਵਾਇਤਾਂ ਦੀ ਸੀਮਾ-ਰੇਖਾ ਨੂੰ ਉਲੰਘ ਜਾਣ ਬਾਰੇ ਸੁਚੇਤ ਵੀ
ਸਨ। ਮਿਸਾਲ ਦੇ ਤੌਰ ‘ਤੇ 27 ਜਨਵਰੀ 1914 ਦੇ ‘ਗ਼ਦਰ’ ਵਿੱਚ ਸੰਪਾਦਕ ਵਲੋਂ ਇਕ ਨੋਟ ਦਿੱਤਾ
ਗਿਆ ਹੈ:
ਕਵਤਾ ਭੇਜਣ ਵਾਲੇ ਭਾਈਆਂ ਦੇ ਵਾਸਤੇ ਜ਼ਰੂਰੀ ਹੈ ਕਿ ਸੁੰਦਰ ਤੇ ਜੋਸ਼ ਦੇਣ ਵਾਲੀ ਕਵਤਾ
ਭੇਜਿਆ ਕਰਨ। ਬੈਂਤ ਲਿਖੋ ਤੋ ਐਸੀ ਜੈਸੇ ਕਾਲੀਦਾਸ ਤੇ ਵਾਰੇਸ਼ਾਹ ਦੀਆਂ ਬੈਂਤਾਂ ਦੀ ਚਾਲ
ਹੈ। ਕੋਰੜਾ ਛੰਦ ਐਸਾ ਹੋਵੇ ਜੈਸੇ ਗੁਰਦਿਤ ਸਿੰਘ ਦਾ ਰੂਹ ਬੁੱਤ ਦਾ ਕਿੱਸਾ। ਝੋਕ ਐਸ ਤਰੀਕੇ
ਪਰ ਲਿਖੋ, “ਵਗਦੀ ਸੀ ਰਾਵੀ ਵਿਚ ਬੂਟਾ ਕਰੀਰ ਦਾ/ਦਰਸ਼ਨ ਕਰਨਾ ਅਸੀਂ ਆਪਣੇ ਪੀਰ ਦਾ।” ਜੋ
ਠੀਕ ਕਵਤਾ ਹੋਵੇਗੀ ਉਸ ਕੋ ਅਖਬਾਰ ਵਿਚ ਛਾਪਾ ਜਾਏਗਾ। ਜੋ ਬੇਸੁਰੀ ਕਵਤਾ ਹੋਵੇਗੀ ਓਸ ਕੋ
ਨਹੀਂ ਛਾਪ ਸਕਦੇ। ਕਵਤਾ ਵਿਚ ਬੋਲੀ ਸਾਫ ਹੋਣੀ ਚਾਹੀਏ।
ਇਸ ਨੋਟ ਤੋਂ ਇਹ ਸਪਸ਼ਟ ਹੈ ਕਿ ਗ਼ਦਰ ਦਾ ਕਵੀ-ਸੰਪਾਦਕ ਆਪਣੀ ਪਾਰਟੀ ਦੀਆਂ ਵਿਸ਼ੇਸ਼
ਨੀਤੀਆਂ ਤੇ ਕਵਿਤਾ ਤੇ ਕਾਵਿਕ ਤਕਾਜਿ਼ਆਂ ਨੂੰ ਮੁੱਖ ਰੱਖ ਕੇ, ‘ਠੀਕ ਕਵਿਤਾ’ ਤੋਂ ਪੰਜ
ਗੱਲਾਂ ਦੀ ਮੰਗ ਕਰਦਾ ਹੈ:
(1) ਸਿ਼ਲਪਕਾਰੀ ਲਈ ਲੋਕ-ਕਵਿਤਾ (ਝੋਕ) ਜਾਂ ਲੋਕ-ਪ੍ਰਸਿੱਧ ਕਵਿਤਾ (ਵਾਰਸ ਸ਼ਾਹ, ਮਾਨ
ਸਿੰਘ ਕਾਲੀਦਾਸ ਗੁੱਜਰਾਂਵਾਲੀਆ ਤੇ ਉਸ ਸਮੇਂ ਦਾ ਇਕ ਹੋਰ ਕਵੀ, ਗੁਰਦਿੱਤ ਸਿੰਘ ਖੜਗ, ਜਿਸ
ਦੀ ਰੂਹ ਬੁੱਤ ਦਾ ਵਿਛੋੜਾ ਰਚਨਾ ਕਾਫੀ ਪ੍ਰਸਿੱਧ ਹੋਈ) ਦੀਆਂ ਤਰਜ਼ਾਂ ਤੇ ਛੰਦਾਂ ਨੂੰ ਮਾਡਲ
ਬਣਾਇਆ ਜਾਵੇ।
(2) ਕਵਿਤਾ ਸੁਰ-ਸੰਗੀਤ ਲੈਅ ਵਿੱਚ ਹੋਵੇ (ਤਾਂ ਕਿ ਸਰੋਤਿਆਂ ਨੂੰ ਕੰਨ-ਰਸ ਪ੍ਰਦਾਨ ਕਰ
ਸਕੇ)।
(3) ਕਵਿਤਾ ਸੁੰਦਰ ਹੋਵੇ (ਯਾਨੀ ਸੁਹਜ ਦੇ ਨਿਯਮਾਂ ਅਨੁਸਾਰ ਹੋਵੇ)।
(4) ਕਵਿਤਾ ਜੋਸ਼ੀਲੀ ਹੋਵੇ (ਯਾਨੀ ਭਾਵੁਕ ਹੋਵੇ)।
(5) ਕਵਿਤਾ ਦੀ ਭਾਸ਼ਾ ਸਾਫ ਸਪੱਸ਼ਟ ਹੋਵੇ (ਤਾਂ ਕਿ ਆਮ ਆਦਮੀ ਦੀ ਸਮਝ ਵਿਚ ਆ ਸਕੇ)।
ਇਨ੍ਹਾਂ ਹਦਾਇਤਾਂ ਤੋਂ ਇਹ ਭੁਲੇਖਾ ਲੱਗ ਸਕਦਾ ਹੈ ਕਿ ਗ਼ਦਰੀ ਕਵਿਤਾ ਆਮ ਪ੍ਰਸਿੱਧ ਲੋਕ
ਕਵਿਤਾ ਜਾਂ ਲੋਕਭਾਵੀ ਕਵਿਤਾ ਦਾ ਹੀ ਵਿਸਥਾਰ ਹੈ। ਪਰ ਅਜਿਹਾ ਹੈ ਨਹੀਂ ਕਿਉਂਕਿ ਲੋਕ-ਕਵਿਤਾ
ਤੇ ਲੋਕ-ਭਾਵੀ ਕਵਿਤਾ ਦੀ ਕਾਵਿ-ਸੀਮਾ ਆਪਣੇ ਸਰੋਤੇ ਦੀ ਮਾਨਸਿਕਤਾ ਨੂੰ ਸਮਾਜ-ਸਭਿਆਚਾਰ ਦੇ
ਘੇਰੇ ਵਿੱਚ ਰੱਖ ਕੇ, ਵਾਪਰ ਚੁੱਕੇ ਸਿਆਸੀ-ਸਮਾਜਕ ਪਰਿਵਰਤਨਾਂ ਦੇ ਅਨੁਕੂਲ ਢਾਲਨ ਤੱਕ
ਹੁੰਦੀ ਹੈ, ਜਦ ਕਿ ਗ਼ਦਰੀ ਕਵਿਤਾ ਪੁਰਾਣੀ ਸਾਮੰਤੀ ਵਿਵਸਥਾ ਤੇ ਨਵੀਂ ਸਥਾਪਿਤ ਬਸਤੀਵਾਦੀ
ਰਾਜ-ਸੱਤਾ ਨੂੰ ਉਲਟਾ ਕੇ ਲੋਕ-ਹਿਤਾਂ ਦੇ ਅਨੁਕੂਲ ਢਾਲਣ ਦੇ ਯਤਨ ਵਿੱਚ ਸੀ। ਗ਼ਦਰ ਲਹਿਰ ਇਕ
ਯੁੱਗ ਪਲਟਾਊ ਅੰਦੋਲਨ ਸੀ, ਇਸ ਦੀ ਕਵਿਤਾ ਵੀ ਯੁੱਗ-ਪਲਟਾਊ ਸੀ। ਇਹ ਗੱਲ ਵੱਖਰੀ ਹੈ ਕਿ
ਯੁੱਗ ਕੇਵਲ ਕਵਿਤਾ ਨਾਲ ਨਹੀਂ ਪਲਟਦੇ ਤੇ ਗ਼ਦਰੀ ਕਵੀ ਆਪਣੀ ਇਸ ਸੀਮਾ ਤੋਂ ਵੀ ਸੁਚੇਤ ਹੈ:
ਕਲਮ ਦੁਸ਼ਮਣ ਦਾ ਸੀਸ ਜੇ ਕਲਮ ਕਰਦੀ,
ਕੋਈ ਲਵੇ ਤਲਵਾਰ ਦਾ ਨਾਮ ਕਾਹਨੂੰ।
ਪਰ ਕਵਿਤਾ ਦੀ ਇਸ ਸੀਮਾ ਤੋਂ ਸੁਚੇਤ ਹੋ ਕੇ ਵੀ ਗ਼ਦਰੀ ਕਵੀ ਨੂੰ ਉਦੋਂ ਆਪਣੀ ਕਲਮ ਦੀ
ਹਥਿਆਰ ਵਰਗੀ ਸ਼ਕਤੀ ਦਾ ਅਹਿਸਾਸ ਹੋਇਆ ਜਦੋਂ ਗ਼ਦਰ ਅਖਬਾਰ ਤੇ ਗ਼ਦਰ ਸਾਹਿਤ ਨੂੰ ਸਰਕਾਰ
ਵਲੋਂ ਜ਼ਬਤ ਕੀਤਾ ਜਾਣ ਲੱਗਾ:
ਕੀਤਾ ਕਲਮ ਨੇ ਕੰਮ ਹੈ ਤੋਪ ਵਾਲਾ,
ਜ਼ਾਲਮ ਰਾਜ ਦੀ ਨਿਓ ਹਿਲਾ ਦਿਤੀ।
- ਕਲਮ ਸਯਾਹੀ ਦੇ ਗ਼ਦਰ ਤੋਂ ਡਰਨ ਗੋਰੇ
ਨਹੀਂ ਨਿਕਲੀ ਤੇਗ ਮਿਯਾਨ ਵਿਚੋਂ।
ਜੇ ਹਥਿਆਰ ਨਹੀਂ ਤਾਂ ਆਪਣੀ ਕਵਿਤਾ ਦੇ ਪਰਚਾਰ (ਉਪਦੇਸ਼) ਤੇ ਔਸ਼ਧੀ ਹੋਣ ਬਾਰੇ ਤਾਂ ਉਸ
ਨੂੰ ਭੋਰਾ ਵੀ
ਸ਼ਕ ਨਹੀਂ:
- ਹੁੰਦਾ ਹੈ ਜ਼ੁਲਮ ਹਿੰਦ ਹੋਈ ਹੈ ਗਰਕ ਵੀਰੋ,
ਕਰ ਉਪਦੇਸ ਸੁੱਤੇ ਦਿਲਾਂ ਨੂੰ ਉਭਾਰੀਏ।
- ਪਿਆ ਜਾਪਦਾ ਕਰੇਗਾ ਤੁਰਤ ਰਾਜ਼ੀ,
ਫੜੀ ਗ਼ਦਰ ਹਕੀਮ ਨੇ ਨਾੜ ਸਾਡੀ।
ਹਿੰਦੋਸਤਾਨ ਗ਼ਦਰ ਵਿੱਚ ਛਪੇ ਇਕ ਨੋਟ ਵਿੱਚ ਉੱਚ ਕੋਟੀ ਦੇ ਪਰਚਾਰ ਤੇ ਸੁਖੈਨ ਸੰਚਾਰ ਦੀ
ਮੰਗ ਵੀ ਕੀਤੀ ਗਈ ਹੈ। ਲਿਖਿਆ ਹੈ ਕਿ ਇਸ ਵਿੱਚ ਛਪਣ ਵਾਲੀਆਂ ਰਚਨਾਵਾਂ, ਜਿੱਥੋਂ ਤਕ ਹੋ
ਸਕੇ ਆਮ ਲੋਕਾਂ ਦੇ ਸਮਝ ਸਕਣ ਕਾਬਲ ਅਤੇ ਸਾਦੀ ਜ਼ੁਬਾਨ ਵਿਚ ਹੋਣ, ਆਈਡੀਆ ਉੱਚੇ ਤੋਂ ਉੱਚਾ
ਹੋ ਸਕਦਾ ਹੈ।
‘ਉੱਚੇ ਖਿਆਲ ਤੇ ਸਾਦਾ ਜ਼ੁਬਾਨ’। ਹੈਰਾਨੀ ਹੁੰਦੀ ਹੈ ਕਿ ਇਹੋ ਸਾਹਿਤ-ਪ੍ਰਤੀਮਾਨ ਲੈਨਿਲ ਤੇ
ਮਾਓ ਜਿਹੇ ਯੋਧੇ-ਚਿੰਤਕਾਂ ਨੇ ਆਪੋ-ਆਪਣੇ ਸਮੇਂ ਵਿੱਚ ਸਾਹਿਤਕਾਰਾਂ ਦੇ ਸਾਹਮਣੇ ਰੱਖੇ ਸਨ।
ਇਹ ਗੱਲ ਗ਼ਦਰੀਆਂ ਦੀ ਲੈਨਿਨ ਤੇ ਮਾਓ ਦੀਆਂ ਸਿਆਸੀ ਨੀਤੀਆਂ ਨਾਲ ਸਾਂਝ ਦੀ ਵੀ ਸੂਚਕ ਹੈ।
ਗ਼ਦਰੀ ਕਵੀਆਂ ਦੀ ਕਾਵਿ-ਚੇਤਨਾ ਨੂੰ ਸਮਝਣ ਲਈ ਮਾਰਚ 1930 ਦੇ ਹਿੰਦੋਸਤਾਨ ਗ਼ਦਰ (ਮਾਸਕ)
ਵਿੱਚ ਇਕ ਨਿੱਕਾ ਜਿਹਾ ਨੋਟ ਹੋਰ ਮਿਲਦਾ ਹੈ, ਜਿਸ ਦਾ ਸਿਰਲੇਖ ਹੈ, ‘ਗ਼ਦਰੀਆਂ ਨੂੰ
ਸੁਣਵਾਈ’:
ਸਾਰੇ ਗ਼ਦਰੀਆਂ ਨੂੰ ਅਸੀਂ ਇਹ ਜ਼ੋਰ ਨਾਲ ਕਹਾਂਗੇ ਕਿ ਆਪਣੇ ਖਿਆਲ ਕਵਿਤਾ ਯਾ ਮਜ਼ਮੂਨ
ਦੁਆਰਾ ਜ਼ਰੂਰ ਦਸਦੇ ਰਿਹਾ ਕਰਨ, ਤਾਂ ਕਿ ਪਤਾ ਲਗਦਾ ਰਹੇ ਕਿ ਸਾਡੇ ਅੰਦਰੋਂ ਦਿਨੋ ਦਿਨ
ਕਿੰਨੀ ਕੁ ਆਜ਼ਾਦੀ ਦੀ ਅੱਗ ਭੜਕ ਰਹੀ ਹੈ। ਗ਼ਦਰ ਅਖਬਾਰ ਹੀ ਇਕ ਐਸਾ ਵਸੀਲਾ ਹੈ ਜਿਸ ਦੁਆਰਾ
ਕਿ ਅਸੀਂ ਆਪਣੇ ਦਿਲ ਦੀ ਭੜਾਸ ਬਾਕੀ ਗ਼ਦਰੀਆਂ ਦੇ ਕੰਨਾਂ ਤਕ ਪਹੁੰਚਾ ਸਕਦੇ ਹਾਂ।
ਇਹ ਨੋਟ ਜਿੱਥੇ ਗ਼ਦਰ ਦੀ ਅਸਫਲਤਾ ਤੇ ਗ਼ਦਰੀਆਂ ਦੇ ਤਸੀਹਿਆਂ ਵਿੱਚੋਂ ਗੁਜ਼ਰਨ ਤੋਂ ਬਾਅਦ
ਦੀ ਬਦਲੀ ਹੋਈ ਸਿਆਸੀ ਸਥਿਤੀ ਵੱਲ ਸੰਕੇਤ ਕਰਦਾ ਹੈ, ਉੱਥੇ ‘ਕੰਨਾਂ’ ਸ਼ਬਦ ਸਰੋਤਾ-ਮੁੱਖ
ਕਾਵਿ-ਚੇਤਨਾ ਦੀ ਸੂਚਨਾ ਵੀ ਦਿੰਦੀ ਹੈ। ‘ਆਜ਼ਾਦੀ ਦੀ ਅੱਗ’ ਤੇ ‘ਦਿਲ ਦੀ ਭੜਾਸ’ ਗ਼ਦਰ ਦੀ
ਹਾਰ ਦਾ ਪਤਾ ਵੀ ਦਿੰਦੇ ਹਨ ਤੇ ਕਵੀ ਸੰਪਾਦਕ ਦੀ ਭਾਵੁਕ-ਵਿਚਾਰਮਈ ਰਚਨਾਵਾਂ ਦੀ ਮੰਗ ਦਾ
ਵੀ। ਗ਼ਦਰ ਦੇ ਸੰਪਾਦਕ ਖੁਦ ਕਵੀ-ਲੇਖਕ ਸਨ ਤੇ ਰਾਹਬਰ-ਆਲੋਚਕ ਵੀ। ਉਨ੍ਹਾਂ ਲਈ ਕਵਿਤਾ
ਜ਼ਜਬੇ-ਗੁੱਧੇ ਖਿਆਲਾਂ ਦਾ ਛੰਦਮਈ ਪ੍ਰਗਟਾਵਾ ਸੀ। ‘ਅੱਗ’ ਤੇ ‘ਭੜਾਸ’ ਸ਼ਬਦ ਕਵੀ ਦੇ
ਭਾਵ-ਵਿਰੇਚਕ ਕਾਵਿ-ਕਰਮ ਦੇ ਪ੍ਰਤੀਕ ਵੀ ਹਨ ਤੇ ਭਾਵ-ਪ੍ਰਗਟਾਵੇ ਦੇ ਜੋਸ਼ੀਲੇ ਜਾਂ ਪ੍ਰਚੰਡ
ਹੋਣ ਦੇ ਵੀ।
ਗ਼ਦਰ ਦੀ ਕਵਿਤਾ ਦੀ ਸਿਰਜਣ ਪ੍ਰਕਿਰਿਆ, ਲੋਕਧਾਰਕ ਕਾਵਿ-ਸਿਰਜਣ ਨਾਲ ਮਿਲਦੀ-ਜੁਲਦੀ ਹੈ, ਪਰ
ਇਸ ਨੂੰ ਲੋਕ-ਕਾਵਿ (ਫੋਕ ਪੋਇਟਰੀ) ਕਹਿਣ ਉੱਚਿਤ ਨਹੀਂ; ਇਹ ਜਨ-ਕਾਵਿ (ਪੀਪਲਜ਼ ਪੋਇਟਰੀ)
ਦੇ ਘੇਰੇ ਦੀ ਰਚਨਾ ਹੈ। ਇਹ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਦੁਆਰਾ ਰਚੀ ਅਸਲੀ
ਲੋਕਤਾਂਤਰਿਕ ਕਵਿਤਾ ਹੈ।
ਲੋਕਧਾਰਾਈ ਕਾਵਿ ਵਾਂਗ ਇਹ ਅਗਿਆਤ ਕਵਿਆਂ ਦੁਆਰਾ ਸਿਰਜੀ ਤੇ ਸਮੂਹ ਵੱਲੋਂ ਪ੍ਰਵਾਨਤ ਸਾਂਝੀ
ਸਿਰਜਣਾ ਹੈ। ਇਸ ਦਾ ਰਚਨਹਾਰ ਇਕੋ ਕਵੀ ਜਾਪਦਾ ਹੈ: ਇਕੋ ਜੋਤ, ਇਕੋ ਭਾਵ-ਵਿਚਾਰ ਤੇ ਇਕੋ
ਜਿਹੀਆਂ ਕਾਵਿ-ਵਿਧੀਆਂ। ਪਰ ਇਸ ਦੇ ਰਚਨਹਾਰਾਂ ਦਾ ਗੁਮਨਾਮ ਰਹਿਣਾ ਉਨ੍ਹਾਂ ਦੀ ਵਕਤੀ
ਮਜ਼ਬੂਰੀ ਸੀ ਤੇ ਇਸ ਕਵਿਤਾ ਦੇ ਸਮੂਹਕ ਤੇ ਭਾਈਚਾਰਕ ਹੋਣ ਦੇ ਦੋ ਕਾਰਨ ਸਨ: ਇਕ ਤਾਂ
ਸੰਘਰਸ਼ ਦੇ ਸਮੂਹਕ ਉਦੇਸ਼ ਨੇ ਵਿਅਕਤੀਵਾਦ ਦਾ ਖਾਤਮਾ ਕਰਕੇ ਸਮੂਹਕ ਚੇਤਨਾ ਨੂੰ ਜਨਮ ਦੇ
ਦਿੱਤਾ ਤੇ ਦੂਜੇ ਇਸ ਵਿੱਚ ਨਿੱਜੀ ਦੀ ਥਾਂ ਸਾਂਝੇ ਸੰਗਠਨਕਾਰੀ ਸੰਬੋਧਨਾਂ (ਸਿੰਘੋ, ਭਾਈ,
ਸਾਥੀ) ਦੀ ਵਰਤੋਂ ਹੋਈ।
ਲੋਕ-ਕਾਵਿ ਵਾਂਗ ਇਹ ਵੀ ਕਿਸਾਨੀ-ਕਲਚਰ ਤੇ ਕਿਸਾਨੀ ਦੇ ਕ੍ਰਿਆਸ਼ੀਲ ਰੋਮਾਂਸ ਦੀ ਕਵਿਤਾ ਹੈ।
ਇਸ ਵਿੱਚ ਅਨੇਕਾਂ ਬਿੰਬ, ਅਖਾਣ, ਮੁਹਾਵਰੇ ਤੇ ਲੋਕ-ਧਰਮੀ ਸੰਕੇਤ ਹਨ, ਜਿਨ੍ਹਾਂ ਦਾ ਸੰਬੰਧ
ਪੰਜਾਬ ਦੀ ਕਿਸਾਨੀ ਜੀਵਨ-ਚਰੀਆ ਨਾਲ ਹੈ। ਇਸ ਨੂੰ ਲੋਕ-ਧਾਰਾ ਦੇ ਨੇੜੇ ਦੀ ਰਚਨਾ ਸਿੱਧ ਕਰਨ
ਲਈ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਇਕ ਵਿਸ਼ੇਸ਼ ਦਾਇਰੇ ਦੇ ਲੋਕਾਂ (ਪਰਦੇਸੀ ਹਿੰਦੀਆਂ)
ਦੀ ਰਚਨਾ ਹੈ; ਉਨ੍ਹਾਂ ਦੇ ਦੁੱਖ ਸੁੱਖ ਆਪ-ਮੁਹਾਰੇ, ਤਟਫਟ ਤੇ ਫਿਲਬਦੀ ਰੂਪ ਵਿੱਚ ਪ੍ਰਗਟ
ਹੋਏ ਹਨ; ਇਹ ਵਿਸ਼ੇਸ਼ ਮੌਕਿਆਂ ਮੁਤਾਬਕ ਲੋਕ ਪ੍ਰਚੱਲਤ ਧਾਰਨਾਂਵਾਂ, ਛੰਦਾਂ ਤੇ
ਕਾਵਿ-ਰੂਪਾਂ ਵਿੱਚ ਰਚੀ ਗਈ ਹੈ; ਇਸ ਵਿੱਚ ਉਪਭਾਖਾਈ ਤੇ ਰਲੀ ਮਿਲੀ ਗੱਲਬਾਤੀ ਭਾਸ਼ਾ ਦੀ
ਵਰਤੋਂ ਹੋਈ ਹੈ; ਇਸ ਵਿੱਚ ਥੀਮਕ ਦੁਹਰਾਓ ਹੈ ਤੇ ਇਹ ਗ਼ਦਰੀ ਇਕੱਠਾਂ ਵਿੱਚ ਜ਼ੁਬਾਨੀ
ਪੜ੍ਹੀ/ਗਾਈ ਜਾਂਦੀ ਰਹੀ ਹੈ ਆਦਿ। ਪਰ ਇਨ੍ਹਾਂ ਸਮਾਨਤਾਵਾਂ ਦੇ ਬਾਵਜੂਦ ਗ਼ਦਰ-ਕਾਵਿ ਦੀ
ਰਚਨਾ ਫੋਕਲੋਰਿਕ ਕਾਵਿ-ਰਚਨਾ ਤੋਂ ਅੱਡਰੀ ਕਿਸਮ ਦੀ ਹੈ। ਇਹ ਲੋਕ-ਕਾਵਿ ਨਹੀਂ ਜਨ-ਕਾਵਿ ਹੈ
ਤੇ ਇਨ੍ਹਾਂ ਦੋਹਾਂ ਦਾ ਨਿਖੇੜਾ ਪਿਛਾਂਹ-ਖਿਚੂ ਤੇ ਅਗਾਂਹਵਧੂ ਵਿਚਾਰਧਾਰਾ ਦੇ ਫਰਕ ‘ਤੇ
ਨਿਰਭਰ ਕਰਦਾ ਹੈ। ਗ਼ਦਰੀ ਕਵਿਤਾ ਵਿੱਚ ਕਿਸਾਨੀ ਦੀਆਂ ਸਾਮੰਤਵਾਦੀ ਰਵਾਇਤਾਂ ਨੂੰ ਤੋੜ ਕੇ
ਨਵੀਂਆਂ ਲੋਕ-ਰਾਜੀ ਤੇ ਜਨਵਾਦੀ ਰਵਾਇਤਾਂ ਸਿਰਜਣ ਦਾ ਆਗ੍ਰਹਿ ਹੈ। ਇਸ ਵਿੱਚ
ਧਰਮ-ਨਿਰਪੱਖ/ਨਿਰਪੇਖ, ਗੈਰ-ਫਿਰਕੂ, ਆਧੁਨਿਕ ਤੇ ਆਜ਼ਾਦ ਸਮਾਜ ਦਾ ਸੰਕਲਪ, ਤਾਰਕਿਕ ਚਿੰਤਨ
ਤੇ ਵਿਅਕਤੀਗਤ ਸਿਆਸੀ ਚੇਤਨਾ ਉੱਤੇ ਬਲ ਇਸ ਨੂੰ ਲੋਕਧਾਰਾਈ ਕਾਵਿ ਤੋਂ ਵੱਖਰੀ ਪਛਾਣ ਪ੍ਰਦਾਨ
ਕਰਦੇ ਹਨ।
ਉਪਨਿਵੇਸ਼ੀ ਪੰਜਾਬ ਵਿੱਚ ਪੰਜਾਬੀ ਕਵਿਤਾ ਦਾ ਪਹਿਲਾ ਰੁਝਾਨ ਨਵੀਂ ਅੰਗਰੇਜ਼ੀ ਕਲਚਰ ਦੇ
‘ਗੁਣਾਂ’ ਨਾਲ ਸਾਂਝ ਪਾ ਕੇ, ਉਨ੍ਹਾਂ ਦਾ ਗੁਣਗਾਨ ਕਰਨ ਤੇ ਆਪਣੀ ਕਲਚਰ ਨੂੰ ਸੁਧਾਰਨ ਦੀ
ਸਿੱਖਿਆ ਦੇਣ ਦਾ ਸੀ ਤੇ ਜਾਂ ਫਿਰ ਆਪਣੇ ਧਰਮ-ਸਭਿਆਚਾਰ ਨੂੰ ਨਵੇਂ ਦੇ ਪ੍ਰਭਾਵ ਤੋਂ ਬਚਾ ਕੇ
ਸ਼ੁੱਧ ਰੱਖਣ ਦਾ ਉਪਦੇਸ਼ ਦੇਣ ਦਾ; ਦੂਜਾ ਰੁਝਾਨ ਸੀ ਬੇਚੈਨੀ, ਤਣਾਓ ਤੇ ਸਵੈ-ਪਛਾਣ ਦਾ ਤੇ
ਤੀਜਾ ਰੁਝਾਨ ਸੀ ਸਿੱਧਾ ਹਮਲਾ ਕਰਨ ਤੇ ਆਜ਼ਾਦ ਕਲਚਰ ਦੀ ਉਸਾਰੀ ਕਰਨ ਲਈ ਵੰਗਾਰਨ ਦਾ।
ਇਨ੍ਹਾਂ ਤਿੰਨਾਂ ਰੁਝਾਨਾਂ ਦੇ ਅਧੀਨ ਮਿਲਦੀ ਕਵਿਤਾ ਲੋਕ-ਮੁਹਾਵਰੇ ਦਾ ਪ੍ਰਯੋਗ ਤਾਂ ਕਰਦੀ
ਹੀ ਹੈ, ਪਰ ਜਦੋਂ ਕੌਮ ਬਸਤੀਵਾਦ ਦੇ ਵਿਰੁੱਧ ਸਿਆਸੀ, ਸ਼ਸਤਰ-ਬੱਧ ਸੰਗਰਾਮ ਲਈ ਮੈਦਾਨ ਵਿੱਚ
ਉਤਰਦੀ ਹੈ ਤਾਂ ਉਸ ਦੇ ਲਈ ਆਪਣੀ ਸਾਰੀ ਪਰੰਪਰਾ ਦੇ ਅਰਥ ਬਦਲ ਜਾਂਦੇ ਹਨ। ਫਰਾਂਜ਼ ਫੈਨਨ ਨੇ
ਆਪਣੀ ਪੁਸਤਕ ਦੀ ਰੈਚਡ ਆਫ ਦੀ ਅਰਥ ਦੇ ਚੌਥੇ ਅਧਿਆਇ ਦੇ ਸ਼ੁਰੂ ਵਿੱਚ ਇਨਕਲਾਬੀ ਚਿੰਤਕ
ਸੈਕੋ ਤੂਰੇ ਦੇ ਕਿਸੇ ਭਾਸ਼ਨ ਵਿੱਚੋਂ ਦੀ ਇਕ ਟੂਕ ਦਿੱਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ
ਹੈ ਕਿ “ਅਫਰੀਕਨ ਕ੍ਰਾਂਤੀ ਵਿੱਚ ਭਾਗ ਲੈਣ ਲਈ ਇਨਕਲਾਬੀ ਗੀਤ ਲਿਖਣਾ ਹੀ ਕਾਫੀ ਨਹੀਂ; ਸਗੋਂ
ਇਨਕਲਾਬ ਦਾ ਰਾਬਤਾ ਲੋਕਾਂ ਨਾਲ ਕਾਇਮ ਕਰਨਾ ਜ਼ਰੂਰੀ ਹੈ। ਜੇ ਤੁਸੀਂ ਇਹ ਰਾਬਤਾ ਕਾਇਮ ਕਰ
ਦਿਓ ਤਾਂ ਫਿਰ ਗੀਤ ਉਨ੍ਹਾਂ ਵਲੋਂ ਮੁਹਾਰੇ ਰਚੇ ਜਾਣਗੇ।” ਗ਼ਦਰ ਲਹਿਰ ਨੇ ਜਦੋਂ ਗ਼ਦਰ ਦਾ
ਰਾਬਤਾ ਲੋਕਾਂ ਨਾਲ ਜੋੜਿਆ ਤਾਂ ਆਪ-ਮੁਹਾਰੇ ਜੋ ਕਾਵਿ-ਰਚਨਾ ਹੋਈ ਉਸ ਨੂੰ ਵੀ ਸੁਚੇਤ
ਕਾਵਿ-ਰਚਨਾ ਹੀ ਕਹਿਣਾ ਪਵੇਗਾ। ਇਹ ਯੁੱਧ ਤੇ ਹਮਲੇ ਦੀ ਕੌਮਾਂਤਰੀ ਜਨ-ਕਵਿਤਾ ਹੈ। ਇਸ ਦੀ
ਰਚਨਾ ਲੋਕ-ਕਾਵਿ ਵਿਧੀਆਂ ਤੇ ਗ਼ਦਰੀ ਕਵੀ ਦੀ ਵਿਚਾਰਧਾਰਕ ਪ੍ਰਤੀਬੱਧਤਾ ਦੇ ਤਣਾਓ ਵਿੱਚੋਂ
ਹੋਈ ਹੈ।
ਜਗਜਤੀ ਸਿੰਘ (ਤਰਨ-ਤਾਰਨੀ) ਦੀ ਪੁਸਤਕ, ਗ਼ਦਰ ਪਾਰਟੀ ਲਹਿਰ ਦੀ ਪਹਿਲੀ ਐਡੀਸ਼ਨ ਦਾ ਰੀਵੀਉ
ਕਰਦਿਆਂ, ਦੀ ਹਿੰਦੁਸਤਾਨ ਟਾਈਮਜ਼ ਦੇ ਰੀਵੀਉਕਾਰ ਨੇ ਟਿੱਪਣੀ ਕੀਤੀ ਸੀ ਕਿ “ਗ਼ਦਰ ਲਹਿਰ ਦੀ
ਕਹਾਣੀ ਇੰਨੀ ਆਤਮਾ ਨੂੰ ਹਲੂਣਨ ਵਾਲੀ ਹੈ ਕਿ ਇਕ ਵੱਡੇ ਮਹਾਂਕਾਵਿ ਦੀ ਸ਼ਕਲ ਵਿੱਚ, ਇਸ ਦਾ
ਬਿਆਨ ਕਿਸੇ ਕਵੀ ਨੂੰ ਕਰਨਾ ਚਾਹੀਦਾ ਹੈ।” ਟਿੱਪਣੀਕਾਰ ਨੂੰ ਉਦੋਂ ਸ਼ਾਇਦ ਪਤਾ ਨਹੀਂ ਸੀ ਕਿ
ਇਸ ਲਹਿਰ ਦੀ ਆਤਮਾ-ਹਲੂਣਨ ਵਾਲੀ ਕਹਾਣੀ ਦਾ ਇਕ ਮਹਾਂਕਾਵਿਕ ਰੂਪ ਖੁਦ ਗ਼ਦਰੀ ਕਵੀਆਂ ਵਲੋਂ
ਰਚਿਆ ਜਾ ਚੁੱਕਾ ਹੈ ਤੇ ਉਹ ਹੈ ਗ਼ਦਰ ਲਹਿਰ ਦੀ ਕਵਿਤਾ। ਬੇਸ਼ੱਕ ਇਹ ਮਹਾਂ-ਕਾਵਿ ਨਹੀਂ, ਪਰ
ਮਹਾਂਕਾਵਿਕ ਜ਼ਰੂਰ ਹੈ।
ਇਸ ਮਹਾਂਕਾਵਿਕ ਰਚਨਾ ਦੇ ਬਹੁਤ ਟੋਟੇ ਗ਼ਦਰੀ ਯੋਧਿਆਂ ਨੂੰ ਮੂੰਹ-ਜ਼ਬਾਨੀ ਯਾਦ ਸਨ,
ਲੋਕ-ਕਾਵਿ ਵਾਂਗ। ਇਸ ਦੇ ਭਾਵਾਂ-ਵਿਚਾਰਾਂ ਨੂੰ ਆਤਮ-ਸਾਤ ਕਰਨ ਲਈ ਗ਼ਦਰੀ ਉਵੇਂ ਇਸ ਦਾ
ਜ਼ੁਬਾਨੀ ਪਾਠ ਕਰਦੇ ਸਨ ਜਿਵੇਂ ਗੁਰਬਾਣੀ ਦੇ ਪਾਠ ਦੀ ਪ੍ਰਥਾ ਚੱਲੀ ਆ ਰਹੀ ਸੀ ਤੇ ਫਾਂਸੀ
ਚੜ੍ਹਨ ਸਮੇਂ ਵੀ ਇਸ ਨੂੰ ਗੁਰਬਾਣੀ ਵਾਂਗ ਪੜ੍ਹਦੇ ਸਨ। ਪਰ ਜਿਵੇਂ ਗੁਰਬਾਣੀ ਵਿੱਚ
ਲੋਕ-ਕਾਵਿ ਵਿਧੀਆਂ ਦੇ ਪ੍ਰਯੋਗ ਦੇ ਬਾਵਜੂਦ ਉਸ ਨੂੰ ਲੋਕਧਾਰਾਈ ਕਵਿਤਾ ਨਹੀਂ ਮੰਨਿਆ ਜਾ
ਸਕਦਾ ਉਵੇਂ ਗ਼ਦਰੀ ਕਵਿਤਾ ਵੀ ਫੋਕਲੋਰ ਨਹੀਂ ਹੈ। ਹਾਂ, ਗ਼ਦਰੀ ਪਾਠਕ ਇਹ ਕਵਿਤਾਵਾਂ,
“ਇਨਕਲਾਬੀ ਦਿਲਾਂ ਦੀਆਂ ਡੂੰਘਾਈਆਂ ਵਿੱਚੋਂ ਨਿਕਲਦੀਆਂ ਹੋਣ ਕਰਕੇ ਮੁਰਦਾ ਦਿਲਾਂ ਵਿੱਚ
ਆਜ਼ਾਦੀ ਦਾ ਜੋਸ਼ ਭਰ ਦਿੰਦੀਆਂ ਸਨ।” (ਸੋਹਣ ਸਿੰਘ ਭਕਨਾ, ਜੀਵਨ ਸੰਗਰਾਮ, ਪੰ. 45)। ਇਸ
ਪ੍ਰਭਾਵ ਦੀ ਇਕ ਇਤਿਹਾਸਕ ਮਿਸਾਲ ਵੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਹਰਨਾਮ ਸਿੰਘ
(ਟੁੰਡੀਲਾਟ), ਜਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ, ਗ਼ਦਰ ਦੀ ਅਸਫਲਤਾ ਤੋਂ ਬਾਅਦ, ਜਦੋਂ
ਅੰਗਰੇਜ਼ੀ ਸਰਕਾਰ ਦੇ ਪੰਜੇ ਤੋਂ ਬਚਣ ਲਈ ਸਰਹੱਦ ਟੱਪ ਕੇ ਬਾਹਰ ਜਾਣ ਲੱਗੇ ਤਾਂ ਇਕ ਥਾਂ
ਬੈਠਿਆਂ ਸਰਾਭੇ ਨੇ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ’ ਗਾਉਣੀ ਸ਼ੁਰੂ ਕਰ ਦਿੱਤੀ।
ਕਵਿਤਾ ਸੁਣ ਕੇ ਤਿੰਨੇ ਸਰਹੱਦ ਤੋਂ ਵਾਪਸ ਪਰਤ ਆਏ।
ਇਹ ਵੀ ਕਿਹਾ ਜਾਂਦਾ ਹੈ ਕਿ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੀ ਫੋਟੋ
ਆਪਣੀ ਜੇਬ ਵਿੱਚ ਰੱਖਦੇ ਸਨ ਤੇ ਸਰਾਭੇ ਦੀਆਂ ਪਸੰਦੀਦਾ ਸਤਰਾਂ ਗੁਣਗੁਣਾਉਂਦੇ ਰਹਿੰਦੇ ਸਨ:
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਭਗਤ ਸਿੰਘ ਆਪਣੀਆਂ ਲਿਖਤਾਂ ਵਿੱਚ ਗ਼ਦਰੀ ਕਵਿਤਾ ਵਿੱਚੋਂ ਟੂਕਾਂ ਵੀ ਦਿੰਦੇ ਸਨ। ਉਨ੍ਹਾਂ
ਦੀ ਇਕ ਲਿਖਤ ਹੈ: ਦਸ ਮਈ ਦਾ ਸ਼ੁਭ ਦਿਨ: ਉਸ ਵਿੱਚ ਹੇਠ ਲਿਖੀ ਕਾਵਿ-ਟੁਕੜੀ ਦਾ ਹਵਾਲਾ
ਦਿੱਤਾ ਗਿਆ ਹੈ:
ਦਿਲਾ ਦਰਦੀਆਂ ਦਰਦ ਹਜ਼ਾਰ ਭਾਵੇਂ,
ਦਸ ਮਈ ਦਾ ਦਿਲ ਭੁਲਾਵਣਾ ਨਹੀਂ।
ਏਸੇ ਰੋਜ਼ ‘ਆਜ਼ਾਦੀ’ ਦਾ ਜੰਗ ਛਿੜਿਆ,
ਵਕਤ ਖੁਸ਼ੀ ਦਾ ਗਮੀ ਲਿਆਵਣਾ ਨਹੀਂ।
ਇਸ ਕਵਿਤਾ ਵਿਚਲੇ ਜੋਸ਼, ਇਸ ਦੀ ਗਾਉਣ-ਯੋਗਤਾ ਤੇ ਲੋਕ ਪ੍ਰਿਯਤਾ ਦੇ ਪ੍ਰਮਾਣ ਵਜੋਂ ਹੀਰਾ
ਸਿੰਘ ਦਰਦ ਨੇ ਲਿਖਿਆ ਹੈ: “ਮੈਨੂੰ ਯਾਦ ਹੈ ਕਿ ਜਦ ਮੈਂ 1922 ਵਿੱਚ ਮਿੰਟਗੁਮਰੀ ਕੈਂਪ
ਜੇਹਲ ਵਿੱਚ ਸਾਂ ਤਾਂ ਇਕ ਗ਼ਦਰੀ ਬਾਬੇ ਨੂੰ ਉਸ ਵੇਲੇ ਤੱਕ ਛਪੀਆਂ ਸਭ ਗ਼ਦਰ ਗੂੰਜਾਂ
ਜ਼ਬਾਨੀ ਯਾਦ ਸਨ। ਉਹ ਡਾਢੇ ਜੋਸ਼ ਤੇ ਰਸਭਰੀ ਆਵਾਜ਼ ਨਾਲ ਦਿਨ-ਰਾਤ ਇਨ੍ਹਾਂ ਨੂੰ ਗਾਉਂਦਾ
ਰਹਿੰਦਾ ਸੀ। ਉਸ ਬਾਬੇ ਦਾ ਨਾਂ ਹੀ ‘ਬਾਬਾ ਗ਼ਦਰ ਗੂੰਜ’ ਪ੍ਰਸਿੱਧ ਸੀ।” (ਪੰਜਾਬੀ ਕਵਿਤਾ
ਤੇ ਚੋਣਵੇਂ ਕਵੀ, ਪੰ. 194)। (ਇੱਥੇ ‘ਬਾਬਾ’ ਸ਼ਬਦ ਦਾ ਅਰਥ ਬਿਰਧ ਨਹੀਂ; ਗ਼ਦਰੀਆਂ ਨੂੰ
ਸਤਿਕਾਰ ਨਾਲ ਬਾਬੇ ਕਿਹਾ ਜਾਂਦਾ ਰਿਹਾ ਹੈ।)
ਉਪਰੋਕਤ ਗੁਣ-ਲੱਛਣਾਂ ਕਾਰਨ ਹੀ ਇਸ ਕਵਿਤਾ ਦਾ ਦੂਰ ਦੂਰ ਤੱਕ ਅਸਰ ਹੋਇਆ ਤੇ ਇਸ ਨੇ
ਹਿੰਦੀਆਂ ਵਿੱਚ ਅਣਖ, ਸਵੈਮਾਣ, ਆਤਮ-ਗੌਰਵ, ਕੌਮੀ ਤੇ ਕੌਮਾਂਤਰੀ ਏਕਤਾ ਦੀ ਭਾਵਨਾ ਤੇ
ਕੁਰਬਾਨੀ ਦੇ ਜਜ਼ਬੇ ਦਾ ਸੰਚਾਰ ਕੀਤਾ। ਇੱਥੋਂ ਤੱਕ ਇਹ ਲੋਕਧਾਰਾ ਦੇ ਘੇਰੇ ਦੀ ਵਸਤ ਹੈ, ਪਰ
ਆਧੁਨਿਕ ਸਿਆਸੀ ਤੇ ਇਨਕਲਾਬੀ ਚੇਤਨਾ ਪ੍ਰਦਾਨ ਕਰਨ ਦਾ ਜੋ ਪ੍ਰਕਾਰਜ ਇਸ ਨੇ ਨਿਭਾਇਆ ਉਸ
ਕਾਰਨ ਇਸ ਨੂੰ ਪੁਲੀਟੀਕਲ ਜਨ-ਕਾਵਿ ਕਹਿਣਾ ਹੀ ਵਧੇਰੇ ਯੋਗ ਹੈ।
(iii) ਕਾਵਿ-ਸੱਚ ਤੇ ਸੁਹਜ: ਇਸ ਕਵਿਤਾ ਦਾ ਸੱਚ ਗ਼ਦਰੀ ਦਾ ਸੱਚ ਹੈ। ਗ਼ਦਰੀ ਕਵੀ
ਦਾ ਅੱਖੀਂ ਦੇਖਿਆ, ਮਹਿਸੂਸਿਆ ਤੇ ਸੋਚਿਆ ਆਪਣੀ ਜਿ਼ੰਦਗੀ ਦਾ ਸੱਚ, ਅਰਥਾਤ ਕਿਰਤੀ, ਕਿਸਾਨ
ਲੋਕਾਂ ਦੇ ਆਪਣੇ ਨਜ਼ਰੀਏ ਤੋਂ ਗ੍ਰਹਿਣ ਕੀਤਾ ਆਪਣੇ ਹੀ ਜੀਵਨ ਦਾ ਸੱਚ ਹੈ ਇਹ। ਪਰ ਇਸ ਦਾ
ਵਿਧਾਨ ਨਾ ਇਤਿਹਾਸ ਵਰਗਾ ਹੈ ਤੇ ਨਾ ਹੀ ਵਿਗਿਆਨ ਵਰਗਾ, ਸਗੋਂ ਇਹ ਉਸ ਦਾ ਕਾਵਿਕ ਤੇ
ਸੁਹਜਾਤਮਕ ਸੱਚ ਹੈ। ਇਸ ਇਕ ਵਿਸ਼ੇਸ਼ ਦੇਸ਼-ਕਾਲ ਦੇ ਪ੍ਰਸੰਗ ਵਿੱਚ ਅਜਿਹੇ ਸੰਵੇਦਨਸ਼ੀਲ ਤੇ
ਜਾਗ੍ਰਤ ਨਾਇਕ ਦੀ ਸਿਰਜਣਾ ਹੈ ਜੋ ਇਤਿਹਾਸ ਦਾ ਵੀ ਕਰਤਾ ਹੈ ਤੇ ਕਵਿਤਾ ਦਾ ਵੀ।
ਇਹ ਕਵਿਤਾ ਸੱਚ-ਝੂਠ, ਚੰਗਿਆਈ-ਬੁਰਾਈ, ਵਫ਼ਾ-ਫਰੇਬ ਤੇ ਸੁਹਜ-ਕੁਹਜ ਬਾਰੇ ਦਾਰਸ਼ਨਿਕ ਨਿਰਣੇ
ਦਿੰਦੀ ਹੈ, ਪਰ ਹੈ ਇਹ ਕਵਿਤਾ, ਦਰਸ਼ਨ ਨਹੀਂ। ਜਦੋਂ ਅਸੀਂ ਇਸ ਨੂੰ ਦਰਸ਼ਨ ਵਾਂਗ ਪੜ੍ਹਦੇ
ਹਾਂ ਤਾਂ ਸਾਡੇ ਪੱਲੇ ਕਾਵਿ-ਸੱਚ ਪੈਂਦਾ ਹੈ ਤੇ ਜਦੋਂ ਕਵਿਤਾ ਵਾਂਗ ਤਾਂ ਸਾਨੂੰ ਕਾਵਿ-ਸੁਹਜ
ਪ੍ਰਾਪਤ ਹੁੰਦਾ ਹੈ।
ਇਸ ਦੇ ਕਾਵਿ-ਨਾਇਕ ਦਾ ਸੱਚ ਉਸ ਯੁੱਗ ਦੇ ਵਰਤਾਰੇ ਦਾ, ਆਪਣੀ ਗੁਲਾਮੀ ਦੇ ਵਿਰੁੱਧ ਲੜ ਰਹੇ
ਪੂਰਬ ਦਾ ਸੱਚ ਹੈ। ਇਹ ਕਵਿਤਾ ਭਾਰਤ ਦੀ ਆਜ਼ਾਦੀ ਨੂੰ ਪੂਰਬੀ ਉਪਨਿਵੇਸ਼ਾਂ ਦੀ ਆਜ਼ਾਦੀ ਤੇ
ਫਿਰ ਸਮੂਹ ਸ਼ੋਸਿ਼ਤ ਲੋਕਾਈ ਦੀ ਸੁੰਤਤਰਤਾ ਦੇ ਸੰਕਲਪਾਂ ਨਾਲ ਇਕਸੁਰ ਕਰਕੇ ਪੇਸ਼ ਕਰਦੀ ਹੈ।
ਇਹ ਆਜ਼ਾਦੀ ਪ੍ਰਾਪਤ ਕਰਨ ਦੀ ਵਿਧੀ ਵੀ ਦੱਸਦੀ ਹੈ ਤੇ ਉਸ ਨੂੰ ਪ੍ਰਾਪਤ ਕਰਨ ਦੀ ਵੀ
ਪ੍ਰੇਰਨਾ ਵੀ ਦਿੰਦੀ ਹੈ। ਵਿਧੀ ਇਸ ਦਾ ਸੱਚ ਹੈ ਤੇ ਪ੍ਰੇਰਨਾ, ਸੁਹਜ। ਤੱਥਾਂ ਦੀ ਚੋਣ
ਕਰਕੇ, ਮਨ-ਇਛਿਤ ਮਨੋਰਥ ਹਿਤ ਸੱਚ ਦੇ ਪ੍ਰਗਟਾਵੇ ਵਿੱਚ ਹੀ ਇਸ ਦਾ ਸੁਹਜ-ਨਿਹਿਤ ਹੈ।
ਸਮੁੱਚੇ ਤੌਰ ‘ਤੇ ਇਹ ਜੋਸ਼ੀਲੀ ਕਵਿਤਾ ਹੈ ਤੇ ਇਸ ਦਾ ਜੋਸ਼ ਹੀ ਇਸ ਦੀ ਸੁੰਦਰਤਾ ਹੈ। ਇਹ
ਸੰਕਟ, ਸੰਘਰਸ਼ ਤੇ ਸ਼ਹੀਦੀ ਦੇ ਭਾਵੁਕ ਸੱਚ ਦਾ ਸੁਹਜ ਹੈ। ਸੰਕਟ (ਅੰਗਰੇਜ਼ ਦੀ ਗੁਲਾਮੀ),
ਸੰਘਰਸ਼ (ਇਕਮੁੱਠ ਹੋ ਕੇ, ਹਥਿਆਰ ਚੁੱਕ ਕੇ, ਤਨ-ਮਨ-ਧਨ ਨਾਲ ਲੜਨਾ, ਮਰਨਾ ਤੇ ਮਾਰਨਾ) ਅਤੇ
ਸ਼ਹੀਦਾਂ ਦੀ ਕੁਰਬਾਨੀ ਤੇ ਕਾਰਨਾਮਿਆਂ ਦਾ ਬਿਆਨ ਇਸ ਦੇ ਤ੍ਰਾਸਦਿਕ ਸੁਹਜ ਨੂੰ ਜਨਮ ਦਿੰਦਾ
ਹੈ।)
ਕਾਵਿ-ਨਾਇਕ ਦੇ ਕਿਰਦਾਰ ਦਾ ਸਭ ਤੋਂ ਖੂਬਸੂਰਤ ਪ੍ਰਗਟਾਵਾ ਉੱਥੇ ਹੋਇਆ ਹੈ ਜਿੱਥੇ ਉਹ ਆਪਣੇ
ਨਿੱਜੀ ਸੁੱਖ, ਐਸ਼-ਆਰਾਮ ਤੇ ਆਲਸ ਨੂੰ ਤਿਆਗ ਕੇ ਯੁੱਧ ਦੇ ਮੈਦਾਨ, ਜੇਲ੍ਹ ਜਾਂ ਫਾਂਸੀ ਨੂੰ
ਚੁਣਦਾ ਹੈ। ਕਈ ਕਵਿਤਾਵਾਂ ਵਿੱਚ ਗ਼ਦਰ, ਭਾਰਤਮਾਤਾ ਜਾਂ ਭਾਰਤ ਦੀ ਕੁੱਲ ਲੋਕਾਈ ਨੂੰ ਹੀ
ਨਾਇਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਤੇ ਲੋਕਾਈ ਹੀ ਲੋਕਾਈ ਨੂੰ ਸੰਬੋਧਿਤ ਹੈ।
ਗ਼ਦਰੀ ਕਵੀ ਆਪਣੀ ਕਵਿਤਾ ਦੇ ਪਰਚਾਰਵਾਦੀ ਪ੍ਰਕਾਰਜ ਤੋਂ ਅਨਜਾਣ ਨਹੀਂ (ਪਹਿਲਾਂ ਗ਼ਦਰ
ਪਾਰਟੀ ਸਾਰੇ ਦੇਸ਼ ਪ੍ਰਚਾਰ ਕਰੇ), ਪਰ ਇਹ ‘ਪ੍ਰਚਾਰ’ ਵੀ ਉਦੋਂ ਕਾਵਿ-ਸੁਹਜ ਬਣ ਜਾਂਦਾ ਹੈ,
ਜਦੋਂ ਕਿਸੇ ਨਵੇਂ ਸੱਚ ਦਾ ਅਵਿਸ਼ਕਾਰ ਹੁੰਦਾ ਹੈੂ, ਜਦੋਂ ਇਹ ਗ਼ਦਰੀ ਨੂੰ ਤੇ ਲੋਕਾਂ ਨੂੰ
ਉਨ੍ਹਾਂ ਦੇ ਆਪੇ ਦੀ ਨਵੀਂ ਪਛਾਣ ਦਿੰਦਾ ਹੈ।
ਅਤੀਤ ਦੀ ਸਿਮਰਤੀ, ਭਵਿੱਖ ਦੇ ਸੁਪਨੇ, ਉਰਦੂ ਰਲੀ ਪੰਜਾਬੀ ਬੋਲੀ ਤੇ ਆਮ ਬੋਲ-ਚਾਲ ਦੀ
ਸ਼ਬਦਾਵਲੀ ਦੇ ਪ੍ਰਯੋਗ ਵੀ ਇਕ ਸੁਹਜਵਾਦੀ ਰੋਮਾਂਸ ਪੈਦਾ ਕਰਦੇ ਹਨ।
ਇਹ ਕਵਿਤਾ ਪੰਜਾਬ ਦੇ ਪਰਵਾਸੀ ਤੇ ਆਦਰਸ਼ਵਾਦੀ ਨੌਜਵਾਨ ‘ਬਾਬਿਆਂ’ ਦੇ ਪਵਿੱਤਰ ਲਹੂ ਨਾਲ
ਲਿਖੀ ਹੋਈ ਹੈ। ਇਸ ਵਿੱਚ ਗੁਲਾਮ ਕੌਮ ਦੇ ਜੀਵਨ ਦਾ ਇਕ ਸਮੇਂ ਦਾ ਸੰਪੂਰਨ ਸੱਚ, ਗ਼ਦਰ ਦੇ
ਸਿਪਾਹੀ ਦੀ ਆਸ਼ਾਵਾਦੀ ਜਦੋ-ਜਹਿਦ ਅਤੇ ਉਸ ਦੇ ਮਰ ਮਿਟਣ ਦੀ ਕਹਾਣੀ ਹੈ। ਇਹ ਉਸ ਕੌਮੀ
ਕਹਿਰ, ਗੁੱਸੇ ਤੇ ਰੋਹ ਦੀ ਕਵਿਤਾ ਹੈ ਜੋ ਕੌਮਾਂ ਨੂੰ ਕਦੇ ਕਦੇ ਹੀ ਚੜ੍ਹਦਾ ਹੈ। ਦੁਨੀਆ ਭਰ
ਦੀ ਸਰਮਾਏਦਾਰੀ ਦੇ ਜ਼ੁਲਮ, ਲੁੱਟ, ਭੈ ਤੇ ਝੂਠ ਦੇ ਅਧਿਕਾਰ ਵਿੱਚ ਇਹ ਕਵਿਤਾ ਗਾਲ੍ਹ,
ਹਥਿਆਰ, ਨਿੱਡਰਤਾ ਤੇ ਸੱਚ ਦੇ ਨਵੇਂ ਸੂਰਜ ਦੀ ਕਿਰਨ ਵਾਂਗ ਫੁੱਟਦੀ ਹੈ। ਗ਼ਦਰੀਆਂ ਲਈ ਇਹ
ਕਵਿਤਾ ਮੌਕੇ ਦਾ ਹਥਿਆਰ ਸੀ, ਪਰ ਇਸ ਦੇ ਨਾਇਕ ਦੀ, ਮਾਨਵ ਦੀ ਸਦੀਵੀ ਮੁਕਤੀ ਲਈ ਜੰਗ ਇਸ ਦਾ
ਸਦੀਵੀ ਸੱਚ ਤੇ ਸੁਹਜ ਹੈ।
(iv) ਕਾਵਿ-ਰੂਪ: ਗ਼ਦਰੀ ਕਵੀ ਆਪਣੇ ਜੀਵਨ-ਸੱਚ ਤੇ ਸਿਧਾਂਤ ਨੂੰ ਕਾਵਿਕ ਸੁਹਜ
ਵਿੱਚ ਰੁਪਾਂਤਰਤ ਕਰਨ ਲਈ ਪ੍ਰਮੁੱਖ ਪੰਜਾਬੀ ਕਾਵਿ-ਧਾਰਾਵਾਂ ਵਿੱਚੋਂ ਕਾਵਿ-ਰੂਪਾਂ ਦੀ ਚੋਣ
ਕਰਦਾ ਹੈ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਜਿਨ੍ਹਾਂ ਕਾਵਿ-ਰੂਪਾਂ ਦਾ ਪ੍ਰਚਲਨ ਆਮ ਹੋ
ਚੁੱਕਾ ਸੀ ਉਹ ਸਾਰੇ ਹੀ ਛੰਦ-ਬੱਧ ਰੂਪ ਸਨ ਤੇ ਉਨ੍ਹਾਂ ਵਿੱਚੋਂ ਗ਼ਦਰੀ ਨੇ ਸੀਹਰਫੀ, ਕਾਫੀ,
ਗ਼ਜ਼ਲ, ਗੀਤ, ਪੈਂਤੀਸ ਅੱਖਰੀ, ਬਾਰਾਂਮਾਹ, ਭਜਨ, ਲੰਮੀ ਨਜ਼ਮ ਤੇ ਨਿੱਕੀ ਕਵਿਤਾ ਦੁਆਰਾ ਹੀ
ਆਪਣੇ ਭਾਵਾਂ ਵਿਚਾਰਾਂ ਨੂੰ ਵਿਅਕਤ ਕੀਤਾ ਹੈ। ਗ਼ਜ਼ਲ, ਲੰਮੀ ਨਜ਼ਮ, ਨਿੱਕੀ ਕਵਿਤਾ ਤੇ
ਕਵੀਸ਼ਰੀ ਦਾ ਰਿਵਾਜ ਹਾਲੇ ਨਵਾਂ ਨਵਾਂ ਹੀ ਪਿਆ ਸੀ, ਪਰ ਗ਼ਦਰ-ਕਾਵਿ ਦੇ ਆਖਰੀ ਚਰਣ ਤੱਕ ਇਹ
ਵੀ ਪੂਰੀ ਤਰ੍ਹਾਂ ਪ੍ਰਚੱਲਤ ਹੋ ਚੁੱਕੇ ਸਨ। ਗ਼ਦਰੀ ਕਵਿਤਾ ਵਿੱਚ ਪ੍ਰਯੋਗ ਵਿੱਚ ਆਏ ਇਨ੍ਹਾਂ
ਕਾਵਿ-ਰੂਪਾਂ ਦਾ ਸੰਖੇਪ ਜਿਹਾ ਵੇਰਵਾ ਇੱਥੇ ਕੁਥਾਂ ਨਹੀਂ ਹੋਵੇਗਾ।
ਸੀਹਰਫੀ: ਇਹ ਤੀਹ-ਹਰਫੀ ਅਰਬੀ ਵਰਣਮਾਲਾ ਅਨੁਸਾਰ ਲਿਖੀ ਉਪਦੇਸ਼ਾਤਮਕ ਕਵਿਤਾ ਦਾ ਇਕ ਰੂਪ
ਹੈ। ਹਿੰਦੀ-ਪੰਜਾਬੀ ਵਿੱਚ ਬਾਵਨ ਅੱਖਰੀ ਤੋਂ ਪੈਂਤੀਸ-ਅੱਖਰਾਂ ਦੀ ਰੀਤ ਵਾਂਗ ਸੂਫੀਆਂ,
ਕਿੱਸਾਕਾਰਾਂ ਤੇ ਬੈਂਤਬਾਜ਼ਾਂ ਨੇ ਸੀਹਰਫੀ ਦਾ ਰਿਵਾਜ ਪਾਇਆ। ਹਥਲੇ ਕਾਵਿ-ਸੰਗ੍ਰਹਿ ਵਿੱਚ
ਕੇਵਲ ਇਕ ਅਧੂਰੀ ਸੀਹਰਫੀ ਹੈ, ਜੋ ਕਿਸੇ ਰਾਮਚੰਦ-ਪੱਖੀ ਤੇ ਕਾਦਰਯਾਰ ਦੇ ‘ਪੂਰਨ ਭਗਤ’ ਤੋਂ
ਪ੍ਰਭਾਵਿਤ ਗ਼ਦਰੀ ਦੀ ਲਿਖੀ ਜਾਪਦੀ ਹੈ। ਉਦਾਹਰਣ ਲਈ ਇਸ ਸੀਹਰਫੀ ਦੀ ਪੰਗਤੀ ਹੈ:
ਸੀਨ-ਸਬਕ ਸਿਖੋ ਉਨ੍ਹਾਂ ਸੂਰਿਆਂ ਥੋਂ,
ਜਿਨ੍ਹਾਂ ਹਿੰਦ ਦੇ ਨਾਮ ਥੋਂ ਜਾਨ ਵਾਰੀ।
ਇਹ ਕਾਦਰਯਾਰ ਦੀ ਹੇਠ ਲਿਖੀ ਸਤਰ ਨੂੰ ਹੀ ਰਤਾ ਬਦਲ ਕੇ ਘੜੀ ਗਈ ਹੈ:
ਸੀਨ-ਸੁਣੋ ਲੋਕੋ ਕਿੱਸੇ ਆਸ਼ਕਾਂ ਦੇ,
ਜਿਨ੍ਹਾਂ ਰੱਬ ਦੇ ਨਾਮ ਤੋਂ ਜਾਨ ਵਾਰੀ।
ਕਾਫ਼ੀ: ਕਾਫੀ ਨੂੰ ਰਾਗਣੀ ਵੀ ਮੰਨਿਆ ਗਿਆ ਹੈ ਤੇ ਕਾਵਿ-ਰੂਪ ਵੀ। ਉਨੀਵੀਂ ਸਦੀ ਵਿੱਚ ਸਾਧੂ
ਈਸ਼ਰਦਾਸ ਨੇ ਕਾਫੀ ਨੂੰ ਇਕ ਖਾਸ ਛੰਦ ਵਾਂਗ ਵੀ ਵਰਤਿਆ ਹੈ ਤੇ ਜਾਪਦਾ ਹੈ ਕਿ ਗ਼ਦਰੀ ਕਵੀਆਂ
ਨੇ ਕਈ ਕਾਫੀਆਂ ਈਸ਼ਰਦਾਸ ਦੇ ਕਾਫੀ-ਛੰਦ ਦੇ ਹੀ ਨਮੂਨੇ ‘ਤੇ ਲਿਖੀਆਂ ਹਨ। ਪਰੰਪਰਕ ਕਾਫੀ
ਰੂਪ ਦੀ ਬਣਤਰ, ਆਮ ਕਰਕੇ, ਇਕ ਸਥਾਈ ਤੇ ਬਾਕੀ ਅੰਤਰਿਆਂ ਦੇ ਪਰਸਪਰ ਤਣਾਓ ਦੁਆਰਾ ਬਣਦੀ ਹੈ।
ਹਥਲੇ ਸੰਗ੍ਰਹਿ ਵਿੱਚ ਅੱਠ ਕਾਫੀਆਂ ਹਨ ਜੋ ਇਨ੍ਹਾਂ ਕਵੀਆਂ ਦੀ ਸਿ਼ਲਮ-ਗਤ ਪਕਿਆਈ ਦਾ
ਪ੍ਰਮਾਣ ਹਨ।
ਗ਼ਜ਼ਲ: ਗ਼ਦਰੀ ਕਵਆਂਿ ਤੋਂ ਪਹਿਲਾਂ ਮੀਆਂ ਮੁਹੰਮਦ ਬਖਸ਼ ਤੇ ਮੌਲਾ ਬਖਸ਼ ਕੁਸ਼ਤਾ ਪੰਜਾਬੀ
ਵਿੱਚ ਭਾਵੇਂ ਕਾਫੀ ਗਿਣਤੀ ਵਿੱਚ ਗ਼ਜ਼ਲਾਂ ਲਿਖ ਚੁੱਕੇ ਸਨ, ਪਰ ਆਮ ਕਰਕੇ ਇਸ ਨੂੰ ਉਰਦੂ ਦਾ
ਕਾਵਿ-ਰੂਪ ਹੀ ਮੰਨਿਆ ਜਾਂਦਾ ਸੀ। ਇਸ ਸੰਗ੍ਰਹਿ ਵਿੱਚ ਸ਼ਾਮਲ ਕਰਤਾਰ ਸਿੰਘ ਹੁੰਦਲ (ਅਕਾਲੀ)
ਦੀ ਲਿਖੀ ਇਕ ਕਵਿਤਾ ਨੂੰ ਮੁਸਲਸਲ ਗ਼ਜ਼ਲ ਕਿਹਾ ਜਾ ਸਕਦਾ ਹੈ, ਭਾਵੇਂ ਕਵੀ ਨੇ ਇਸ ਨੂੰ
ਗ਼ਜ਼ਲ ਦਾ ਨਾਂ ਨਹੀਂ ਦਿੱਤਾ। ਕਵਿਤਾ ਹੈ: ਜੈ ਅੰਧਕਾਰ ਪਾਪੀ।
ਗੀਤ: ਗੀਤ ਪੰਜਾਬੀ ਦੀ ਹਰਮਨ-ਪਿਆਰੀ ਕਾਵਿ-ਵਿਧਾ ਹੈ। ਇਸ ਦੀਆਂ ਜੜ੍ਹਾਂ ਲੋਕ-ਗੀਤਾਂ ਵਿੱਚ
ਹਨ, ਪਰ ਗੁਰਬਾਣੀ ਤੇ ਸੂਫੀ ਕਵਿਤਾ ਦਾ ਬਹੁਤਾ ਭਾਗ ਵੀ ਗੀਤ-ਸ਼ੈਲੀ ਵਿੱਚ ਹੀ ਰਚਿਆ ਗਿਆ
ਹੈ। ਇਸ ਸੰਗ੍ਰਹਿ ਵਿੱਚ ਵੈਸੇ ਤਾਂ ਸਾਰੀ ਕਵਿਤਾ ਹੀ ਗਾਉਣ ਲਈ ਲਿਖੀ ਗਈ ਹੈ, ਪਰ ਦੋ
ਕਵਿਤਾਵਾਂ ਨੂੰ ਗੀਤ ਵਿਸ਼ੇਸ਼ ਵਿਧਾ ਦਾ ਨਾਂ ਦਿੱਤਾ ਜਾ ਸਕਦਾ ਹੈ। ਉਹ ਹਨ ‘ਸੁੱਤਿਆ ਤੂੰ
ਜਾਗ ਸ਼ੇਰਾ’ ਤੇ ‘ਫਰੇਬੀ ਕਸਾਈ’। ਕਵੀਸ਼ਰੀ ਦੇ ਪ੍ਰਚੱਲਤ ਹੋਣ ਨਾਲ ਜੋ ਨਵੀਂਆਂ ਨਵੀਂਆਂ
ਤਰਜ਼ਾਂ ਚੱਲੀਆਂ, ਗ਼ਦਰੀਆਂ ਨੇ ਕੁਝ ਗੀਤ ਉਨ੍ਹਾਂ ਤਰਜ਼ਾਂ ਉੱਤੇ ਵੀ ਲਿਖੇ ਹਨ: ਜਿਵੇਂ
‘ਫਰੰਗੀ ਫਸ ਗਿਆ’ ਤੇ ‘ਝੂਠਾ ਫਰੰਗੀ’।
ਪੈਂਤੀ (ਪੈਂਤੀਸ) ਅੱਖਰੀ: ਇਹ ਕਾਵਿ-ਰੂਪ ਵੀ ਪੁਰਾਣਾ ਹੈ। ਇਸ ਦੀ ਰਚਨਾ ਗੁਰਮੁਖੀ ਵਰਣਮਾਲਾ
ਦੇ ਪੈਂਤੀ ਅੱਖਰਾਂ ਅਨੁਸਾਰ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਰਚਨਾ
‘ਪੱਟੀ’ ਪੈਂਤੀ ਅੱਖਰੀ ਦਾ ਪ੍ਰਮਾਣਿਕ ਨਮੂਨਾ ਹੈ। ਗ਼ਦਰ ਦੀ ਕਵਿਤਾ ਵਿੱਚ ਦੋ ਕਵਿਤਾਵਾਂ
‘ਭਾਰਤ ਮਾਤਾ ਦੀ ਪੁਕਾਰ’ ਤੇ ‘ਯਾਦ-ਵਤਨ’ ਇਸੇ ਕਾਵਿ-ਰੂਪ ਵਿੱਚ ਲਿਖੀਆਂ ਗਈਆਂ ਹਨ।
ਬਾਰਾਂਮਾਂਹ: ਲਿਖਤੀ ਪੰਜਾਬੀ ਕਵਿਤਾ ਵਿੱਚ ਬਾਰਾਂਮਾਂਹ ਦਾ ਆਰੰਭ ਵੀ ਗੁਰੂ ਨਾਨਕ ਦੇਵ ਜੀ
ਦੇ ‘ਬਾਰਾਂਮਾਂਹ ਤੁਖਾਰੀ’ ਤੋਂ ਮੰਨਿਆ ਜਾਂਦਾ ਹੈ। ਇਹ ਵਿਗੋਚੇ ਦਾ ਕਾਵਿ-ਰੂਪ ਹੈ। ਇਸ ਦੀ
ਥੀਮਕ ਯਾਤਰਾ ਵਿਛੋੜੇ ਤੋਂ ਮਿਲਾਪ ਵੱਲ ਤੇ ਗੁਆਚੇ ਤੋਂ ਤਲਾਸ਼ ਵੱਲ ਹੁੰਦੀ ਹੈ ਅਤੇ ਇਸ ਦਾ
ਬਾਹਰੀ ਰੂਪ ਸਾਲ ਦੇ ਦੇਸੀ ਬਾਰਾਂ ਮਹੀਨਿਆਂ ਦੇ ਨਾਵਾਂ ਅਨੁਸਾਰ ਘੜਿਆ ਜਾਂਦਾ ਹੈ। ਹਰੇਕ
ਮਹੀਨੇ ਦੀ ਪ੍ਰਕਿਰਤੀ ਅਨੁਸਾਰ ਬ੍ਰਿਹਨ ਦੀ ਮਨੋਸਥਿਤੀ ਜਾਂ ਉਸ ਦੀ ਵਿਜੋਗੀ ਮਨੋਸਥਿਤੀ
ਅਨੁਸਾਰ ਪ੍ਰਕਿਰਤੀ ਦਾ ਚਿਤਰਣ ਕੀਤਾ ਜਾਂਦਾ ਹੈ। ਗ਼ਦਰ-ਕਾਵਿ-ਸਗ੍ਰਹਿ ਵਿੱਚ ਦਰਜ
ਬਾਰਾਂਮਾਂਹ ਗ਼ਦਰ ਦੀ ਅਸਫਲਤਾ ਤੋਂ ਬਾਅਦ ਦੇ ਹਨ। ਇਹ ਅਸਫਲਤਾ ਗ਼ਦਰੀ ਕਵੀ ਲਈ ਇਉਂ ਹੀ ਸੀ,
ਜਿਵੇਂ ਹੱਥ ਆਈ ਆਜ਼ਾਦੀ ਮੁੜ ਗੁਆਚ ਗਈ ਹੋਵੇ। ਦੋ ਬਾਰਾਂਮਾਂਹਿਆਂ ਵਿੱਚ ਤਾਂ ਅਪ੍ਰਾਪਤੀ ਦਾ
ਅਹਿਸਾਸ ਇੰਨਾ ਪ੍ਰਬਲ ਹੈ ਕਿ ਕਾਵਿ-ਪਾਤਰ (ਇਕ ਵਿੱਚ ਗ਼ਦਰੀ ਤੇ ਦੂਜੇ ਵਿੱਚ ਭਾਰਤਮਾਤਾ)
ਬਹੁਤ ਨਿਰਾਸ਼ ਤੇ ਆਪਣੇ ਆਪ ਨੂੰ ਬਿਲਕੁਲ ਅਲੱਗ-ਥਲੱਗ ਮਹਿਸੂਸ ਕਰਦੇ ਹਨ। ਪਰ ਇਹ ਗੁਆਚੇ
ਨੂੰ ਪ੍ਰਾਪਤ ਕਰਨ ਦਾ ਕਾਵਿ-ਰੂਪ ਵੀ ਹੈ। ਇਸ ਵਿੱਚ ਸਿਮਰਤੀ ਦੇ ਸਹਾਰੇ ਵਰਤਮਾਨ ਸੰਕਟ ਨੂੰ
ਝੱਲਣ ਦਾ ਬਿਰਤਾਂਤ ਸਿਰਜਿਆ ਜਾਂਦਾ ਹੈ। ਪਾਤਰ ਦੇ ਮਨ ਦੀਆਂ ਤਿੰਨ ਅਵਸਥਾਵਾਂ (ਪ੍ਰਾਪਤੀ ਦਾ
ਚਾਉ, ਯਤਨ ਤੇ ਅਸਫਲਤਾ) ਨੂੰ ਯਾਦ ਦਾ ਸਹਾਰਾ ਹੁੰਦਾ ਹੈ ਤੇ ਚੌਥੀ (ਉਮੀਦ) ਨੂੰ ਉਡੀਕ ਜਾਂ
ਸੁਪਨੇ ਦਾ। ਇਸੇ ਵਿਧੀ ਨਾਲ ‘ਨਵੇਂ ਗ਼ਦਰ ਦੇ ਨਵੇਂ ਸ਼ਹੀਦਾਂ ਦੀ ਯਾਦ ਵਿੱਚ’ ਬਾਰਾਂਮਾਂਹਾ
ਵਿੱਚ ਲਗਭਗ ਸਾਰੇ ਸਿਰਕੱਢ ਗ਼ਦਰੀਆਂ ਨੂੰ ਯਾਦ ਕੀਤਾ ਗਿਆ ਹੈ ਤੇ ਭਵਿੱਖ ਵਿੱਚ ਗ਼ਦਰ ਦੀ
ਉਮੀਦ ਲੁਪਤ ਰੂਪ ਵਿੱਚ ਮੌਜੂਦ ਹੈ।
ਭਜਨ: ਇਹ ਹਿੰਦੀ-ਪੰਜਾਬੀ ਦਾ ਆਮ ਪ੍ਰਚੱਲਤ ਧਾਰਮਿਕ ਕਾਵਿ-ਰੂਪ ਹੈ। ਇਸ ਸੰਗ੍ਰਹਿ ਵਿੱਚ ਇਕ
‘ਗ਼ਦਰੀ ਭਜਨ’ ਹੈ, ਜਿਸ ਦੀ ਭਾਸ਼ਾ ਹਿੰਦੁਸਤਾਨੀ ਹੈ।
ਲੰਮੀ ਨਜ਼ਮ: ਲੰਮੀ, ਸਿਰਲੇਖ ਵਾਲੀ ਨਜ਼ਮ ਦਾ ਰਿਵਾਜ ਉੱਨ੍ਹੀਵੀਂ ਸਦੀ ਦੇ ਅੰਤ ਅਤੇ ਵੀਹਵੀਂ
ਸਦੀ ਦੇ ਆਰੰਭ ਵਿੱਚ ਪਿਆ। ਇਹ ਕਿਸੇ ਇਕ ਥੀਮ ਨੂੰ ਲੈ ਕੇ ਤੇ ਵਿਸ਼ਾ-ਸਿਰਲੇਖ (ਜਾਂ
ਅਨੁਵਾਨ) ਦੇ ਕੇ ਲਿਖੀ ਜਾਂਦੀ ਸੀ। ਇਸ ਸੰਗ੍ਰਹਿ ਵਿੱਚ ਅਜਿਹੀ ਇਕ ਨਜ਼ਮ ਹੈ: ‘ਬੇਕਾਰੀ’ ਜੋ
1929-30 ਦੇ ਲਾਗੇ ਚਾਗੇ ਦੀ ਹੈ ਤੇ ਉਸ ਸਮੇਂ ਦੇ ਮੰਦਵਾੜੇ ਦੇ ਪ੍ਰਸੰਗ ਵਿੱਚ ਇਕ ਬੀ. ਏ.
ਪਾਸ ਨੌਜਵਾਨ ਦੀ ਦੁਰਦਸ਼ਾ ਦੇ ਥੀਮ ਉੱਤੇ ਲਿਖੀ ਗਈ ਹੈ। ਇਹ ਮਨਬਚਨੀ ਦੀ ਵਿਧੀ ਵਿੱਚ ਲਿਖੀ
ਇਕ-ਪਾਤਰੀ ਕਵਿਤਾ ਹੈ। ਇਹ ਕਵਿਤਾ ਗਾਉਣ ਲਈ ਨਹੀਂ, ਕਵੀ-ਦਰਬਾਰਾਂ ਦੇ ਮੰਚਾਂ ਤੋਂ ਉਚਾਰਨ
ਲਈ ਹੈ। ਇਸ ਕਵਿਤਾ ਨਾਲ ਗ਼ਦਰੀ-ਕਾਵਿ ਵਿੱਚ ਨਾਟਕੀ ਪੜਨਾਂਵ (ਮੈਂ, ਤੂੰ, ਤੁਸੀਂ, ਅਸੀਂ,
ਆਦਿ) ਪਰਵੇਸ਼ ਕਰਦਾ ਹੈ। ਇਹ ਕਵਿਤਾ ਨਿਬੰਧ ਤੇ ਗੀਤ ਦੀ ਸੰਬੋਧਨ ਵਿਧੀ ਤੋਂ ਵੱਖਰੀ ਨਾਟਕੀ
ਸੰਬੋਧਨ-ਵਿਧੀ ਵਿੱਚ ਰਚੀ ਗਈ ਹੈ। ਕਵੀ ਜਾਂ ਪਾਤਰ, ਸਰੋਤੇ ਨੂੰ ਸੰਬੋਧਿਤ ਹੋਣ ਦੀ ਥਾਂ
ਆਪਣੇ ਆਪ ਨੂੰ ਸੰਬੋਧਿਤ ਹੈ।
ਨਿੱਕੀ ਕਵਿਤਾ: ਲੰਮੀ ਨਜ਼ਮ ਵਾਂਗ ਇਕਹਰੇ ਥੀਮ ਤੇ ਸਿਰਲੇਖ (ਅਨੁਵਾਨ) ਵਾਲੀ ਨਾਟਕੀ
ਪੜਨਾਂਵ-ਕੇਂਦਰਿਤ ਨਿੱਕੀ ਕਵਿਤਾ ਦਾ ਰਿਵਾਜ ਵੀ ਕਾਫੀ ਪੁਰਾਣਾ ਸੀ, ਪਰ ਗ਼ਦਰੀ ਕਵਿਤਾ ਵਿੱਚ
ਇਸ ਦਾ ਪ੍ਰਵੇਸ਼ ਵੀ 1930 ਦੇ ਆਸ ਪਾਸ ਹੋਇਆ। ਇਸ ਸੰਗ੍ਰਹਿ ਵਿੱਚ ਡਾਕਟਰ ਦੀਵਾਨ ਸਿੰਘ
ਕਾਲੇਪਾਣੀ ਦੀ ਕਵਿਤਾ ‘ਅਸੀਂ ਤੇ ਤੁਸੀਂ’ ਅਜਿਹੀ ਨਿੱਕੀ ਕਵਿਤਾ ਦਾ ਇਕ ਸੁੰਦਰ ਨਮੂਨਾ ਹੈ।
ਗ਼ਦਰ ਦੀ ਕਵਿਤਾ ਵਿੱਚ ਪ੍ਰਯੋਗ ਕੀਤੇ ਗਏ ਕਾਵਿ-ਰੂਪਾਂ ਦਾ ਇੱਥੇ ਵਿਸ਼ਲੇਸ਼ਣ ਨਹੀਂ ਕੀਤਾ
ਗਿਆ, ਸਿਰਫ ਵੇਰਵਾ ਦਿੱਤਾ ਗਿਆ ਹੈ, ਇਹ ਦੱਸਣ ਲਈ ਕਿ ਗ਼ਦਰੀ ਕਵੀ ਨਿਪੱਟ ਅਨਪੜ੍ਹ ਤੇ
ਆਪਣੀਆਂ ਸਾਹਿਤਕ ਰਵਾਇਤਾਂ ਤੋਂ ਟੁੱਟੇ ਹੋਏ ਤੁਕਬੰਦ ਨਹੀਂ ਸਨ, ਸਗੋਂ ਉਹ ਆਪਣੇ ਕਾਵਿ-ਕਰਮ
ਤੋਂ ਉਸ ਤਰ੍ਹਾਂ ਚਿੰਤਨ ਤੇ ਵਿਰਸੇ ਨਾਲ ਜੁੜੇ ਹੋਏ ਸਨ, ਜਿਸ ਤਰ੍ਹਾਂ (1857) ਦੇ ਰੂਪ ਨੂੰ
ਨਵੇਂ ਗ਼ਦਰ ਲਈ ਮਾਡਲ ਵਜੋਂ ਚਿਤਵਿਆ ਉਵੇਂ ਪੁਰਾਣੇ ਕਾਵਿ-ਰੂਪਾਂ ਵਿੱਚ ਨਵੀਂ ਗੱਲ ਕਹੀ।
ਅਸਲ ਵਿੱਚ ਇਨ੍ਹਾਂ ਸਾਰੇ ਕਾਵਿ-ਰੂਪਾਂ ਦਾ ਪ੍ਰਯੋਗ ਇਕ ਨਵੀਂ ਕਾਵਿ-ਵਿਧਾ ਦੀਆਂ ਜੰਮਣ
ਪੀੜਾਂ ਵੱਲ ਸੰਕੇਤ ਹੈ। ਉਹ ਨਵੀਂ ਵਿਧਾ ਸੀ: ਮਹਾਂਕਾਵਿ। ਇਹ ਕਵਿਤਾ ਸਾਰੇ ਕਾਵਿ-ਰੂਪਾਂ ਦੇ
ਪ੍ਰਯੋਗ ਦੁਆਰਾ ਇਸ ਨਵੀਂ ਵਿਧਾ ਵਲ ਅਹੁਲ ਰਹੀ ਸੀ, ਪਰ ਇਸ ਨੂੰ ਪ੍ਰਗਟ ਹੋਣ ਦਾ ਮੌਕਾ ਨਹੀਂ
ਮਿਲਿਆ। ਜੇ ਗ਼ਦਰ ਸਫਲ ਹੋ ਜਾਂਦਾ ਤਾਂ ਅਵੱਸ਼ ਹੀ ਗ਼ਦਰ ਦਾ ਮਹਾਂ-ਕਾਵਿ ਰਚਿਆ ਜਾਂਦਾ।
(v) ਕਾਵਿ-ਸ਼ੈਲੀ: ਮਹਾਂਕਾਵਿਕ ਪਾਸਾਰ ਵਾਲੀ ਹੋਣ ਕਰਕੇ, ਇਸ ਕਵਿਤਾ ਵਿੱਚ ਚਹੁੰਆਂ
ਕਾਵਿ-ਸ਼ੈਲੀਆਂ (ਪ੍ਰਗੀਤਕ, ਬਿਰਤਾਂਤਕ, ਵਰਣਨੀ, ਤੇ ਨਾਟਕੀ) ਦੀ ਸਿਰਜਣਾ ਹੋਈ ਹੈ।
ਇਹ ਕਵਿਤਾ ਸਰੋਤਾ ਮੁੱਖ ਹੈ ਤੇ ਗਾਏ ਜਾਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਇਸ ਵਿੱਚ ਪੰਜਾਬੀ
ਕਿੱਸਿਆਂ ਦੇ ਸੁਰ-ਸੰਗੀਤ ਤੇ ਪ੍ਰਗੀਤਕ ਰੂੜ੍ਹੀਆਂ ਦਾ ਅਨੁਸਰਣ ਹੋਇਆ ਹੈ। ਪਰ ਫਰਕ ਇਹ ਹੈ
ਕਿ ਪੁਰਾਣੀਆਂ ਰੂੜ੍ਹੀਆਂ ਨੂੰ ਇਸ ਵਿੱਚ ਨਵੀਂ ਸਿਆਸੀ ਵੱਥ ਦੇ ਅਨੁਰੂਪ ਢਾਲਿਆ ਗਿਆ ਹੈ। ਇਸ
ਵਿੱਚ ਪ੍ਰਗੀਤ ਦੇ ਤਿੰਨ ਰੂਪ ਮਿਲਦੇ ਹਨ: ਰੁਦਨ, ਦੋਸ਼-ਆਰੋਪਣ ਤੇ ਅਪੀਲ। ਜਿੱਥੇ ਗ਼ਦਰੀ
ਕਵੀ ਪਰਦੇਸ ਦੇ ਮਾਮਲਿਆਂ ਦੇ ਦੁੱਖ ਰੋਂਦਾ ਹੈ, ਉੱਥੇ ਪ੍ਰਗੀਤਕ ਸ਼ੈਲੀ ਰੁਦਨ ਦਾ ਰੂਪ ਧਾਰ
ਜਾਂਦੀ ਹੈ। ਜਿੱਥੇ ਉਹ ਸਾਰੀ ਕੌਮ ਨੂੰ ਸੁੱਤੀ ਹੋਣ ਜਾਂ ਸਿੱਖਾਂ ਨੂੰ ਸਤਵੰਜਾ ਦੇ ਗ਼ਦਰ
ਵਿੱਚ ਹਿੱਸਾ ਨਾ ਲੈਣ ਲਈ ਦੋਸ਼ੀ ਠਹਿਰਾਉਂਦਾ ਹੈ ਉੱਥੇ ਇਸ ਦਾ ਰੂਪ ਦੋਸ਼-ਆਰੋਪਣ ਦਾ ਹੈ।
ਪਰ ਬਹੁਤੀ ਕਵਿਤਾ ਵਿੱਚ ਅਪੀਲ, ਐਲਾਨ, ਵੰਗਾਰ, ਪੁਕਾਰ, ਉਪਦੇਸ਼ ਤੇ ਫਰਿਆਦ ਦੀ ਪ੍ਰਗਤੀਕਤਾ
ਦੀ ਸਿਰਜਣਾ ਹੋਈ ਹੈ।
ਭੁਤਕਾਲੀ ਤੇ ਸਮਕਾਲੀ ਘਟਨਾਵਾਂ, ਅੰਦੋਲਨਾਂ ਤੇ ਯੁੱਧਾਂ ਦਾ ਬਿਰਤਾਂਤ ਸਿਰਜ ਕੇ ਇਸ ਕਵਿਤਾ
ਨੂੰ ਇਕ ਮਹਾਂਕਾਵਿਕ ਪਾਸਾਰ (ਐਪੀਕਲ ਡਾਇਮੈਨਸ਼ਨ) ਦਿੱਤਾ ਗਿਆ ਹੈ। ਸਤਾਰ੍ਹਵੀਂ-ਅਠ੍ਹਾਰਵੀਂ
ਸਦੀ ਦਾ ਸਿੰਘ ਅੰਦੋਲਨ, ਸਤਵੰਜਾ ਦਾ ਗ਼ਦਰ, ਕੂਕਿਆਂ ਦੀ ਵਿਥਿਆ, ਸਾਵਰਕਰ, ਤਿਲਕ, ਅਜੀਤ
ਸਿੰਘ, ਮੈਡਮ ਕਾਮਾ, ਆਦਿ ਗਰਮ-ਖਿਆਲੀ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ,
ਕਾਮਾਗਾਟਾਮਾਰੂ ਦਾ ਸਾਕਾ, ਹਰਦਿਆਲ ਦੀ ਗ੍ਰਿਫਤਾਰੀ ਦੇ ਵਾਰੰਟਾਂ ਵਾਲੀ ਘਟਨਾ ਆਦਿ ਨੂੰ
ਬਿਰਤਾਂਤਕ ਸ਼ੈਲੀ ਵਿੱਚ ਹੀ ਵਿਅਕਤ ਕੀਤਾ ਗਿਆ ਹੈ।
ਜਿਨ੍ਹਾਂ ਕਵਿਤਾਵਾਂ ਵਿੱਚ, ਖਾਸ ਕਰਕੇ ਗ਼ਦਰ ਦੀ ਅਸਫਲਤਾ ਤੋਂ ਬਾਅਦ, ਵਾਪਰੀਆਂ ਘਟਨਾਵਾਂ
ਦਾ ਵਿਸ਼ਲੇਸ਼ਣ ਤੇ ਚਰਚਾ ਹੋਇਆ ਹੈ, ਉਨ੍ਹਾਂ ਦੀ ਸ਼ੈਲੀ ਵਰਣਨੀ ਤੇ ਨਿਬੰਧ ਵਾਂਗ ਭਾਸ਼ਣੀ
ਹੈ।
ਇਸ ਕਵਿਤਾ ਦੀ ਮੂਲ ਵਸਤੂ ਕਿਉਂਕਿ ਵਿਦਰੋਹ, ਟੱਕਰ ਤੇ ਹਿੰਸਾ ਦੀ ਹੈ ਇਸ ਲਈ ਨਾਟਕੀ ਸ਼ੈਲੀ
ਇਸ ਦੇ ਰੋਮ ਰੋਮ ਵਿੱਚ ਰਮੀ ਹੋਈ ਹੈ। ਬਾਹਰਵਰਤੀ ਘਟਨਾਵਾਂ ਦੇ ਟਕਰਾਓ ਤੇ ਗ਼ਦਰੀ ਨਾਇਕ ਦੇ
ਮਨ ਵਿੱਚ ਵਿਆਪਦੇ ਦਵੰਦਾਂ ਨੂੰ ਇਸ ਕਵਿਤਾ ਨੇ ਨਾਟਕੀ ਅੰਦਾਜ਼ ਵਿੱਚ ਬਿਆਨ ਕੀਤਾ ਹੈ।
ਨਾਟਕੀ ਸ਼ੈਲੀ ਦੀ ਸਰਬੋਤਮ ਮਿਸਾਲ ਹੈ: ‘ਚਰਚਾ ਗੁਲਾਮ ਹਿੰਦੀ ਤੇ ਗ਼ਦਰੀ ਹਿੰਦੀ’। ਇਸ ਲੰਮੀ
ਕਵਿਤਾ ਵਿੱਚ ਜੋ ਸੰਬਾਦ ਸਿਰਜਿਆ ਗਿਆ ਹੈ ਸਮਝੋ ਉਹ ਸਾਰੀ ਗ਼ਦਰ ਲਹਿਰ ਤੇ ਹਰ ਗ਼ਦਰੀ ਦੇ ਮਨ
ਵਿਚਲੀ ਦੁਬਿਧਾ ਦੀ ਨਾਟਕੀ ਅਭਿਵਿਅਕਤੀ ਹੈ। ਚੇਤੇ ਰਹੇ ਕਿ ਇਹ ਨਾਟਕੀਅਤਾ ਤ੍ਰਾਸਦੀ ਦੀ
ਨਾਟਕੀਅਤਾ ਹੈ, ਕਾਮ ਦੀ ਜਾਂ ਪ੍ਰਹਸਨ ਦੀ ਨਹੀਂ ਕਿਉਂਕਿ ਗ਼ਦਰੀ ਕਵੀ ਖੁਦ ਕਾਵਿ-ਪਾਤਰ,
ਯੋਧਾ ਤੇ ਚਿੰਤਕ ਹੈ। ਬਾਹਰ ਉਹ ਬਰਤਾਨਵੀ ਰਾਜ ਦੀ ਗੁਲਾਮੀ ਨਾਲ ਜੂਝਦਾ ਹੈ ਤੇ ਅੰਦਰ ਆਪਣੀ
ਗੁਲਾਮ ਜ਼ਹਿਨੀਅਤ ਨਾਲ। ਯੁੱਧ ਉਸ ਦੇ ਅੰਦਰ-ਬਾਹਰ ਵਿਆਪ ਰਿਹਾ ਹੈ।
(vi) ਕਾਵਿ-ਜੁਗਤਾਂ: ਗ਼ਦਰੀ ਕਵੀ ਆਪਣੇ ਗਿਆਨ, ਫਿਲਾਸਫੀ, ਵਿਵੇਕ, ਸੁਪਨੇ ਤੇ
ਭਾਸ਼ਾ ਨੂੰ ਤਿੰਨ ਮੁੱਖ ਕਾਵਿ-ਜੁਗਤਾਂ ਰਾਹੀਂ ਇਕਸੁਰ ਕਰਦਾ ਹੈ:
- ਯਥਾਰਥ ਤੇ ਆਦਰਸ਼ ਦੀ ਵਿੱਥ-ਸਿਰਜਣਾ
- ਠੋਸ ਇਤਿਹਾਸਕ ਵੇਰਵੇ ਤੇ ਹਵਾਲੇ ਦੇ ਕੇ ਦਸਤਾਵੇਜ਼ੀ ਸਿਰਜਣਾ
- ਨਿੱਜੀ ਜਾਣਕਾਰੀ ਤੇ ਅਨੁਭਵ ਦਾ ਸਧਾਰਨੀਕਰਨ
ਯਥਾਰਥ ਤੇ ਆਦਰਸ਼ ਦੀ ਵਿੱਥ (ਜਿਹੜੀ ਕਿ ਜਿ਼ੰਦਗੀ ਵਿੱਚ ਮੌਜੂਦ ਸੀ) ਦਾ ਕਾਵਿ-ਸਿਰਜਣਾ
ਵਿੱਚ ਇਕ ਤਣਾਓ ਤੇ ਪ੍ਰਮੁੱਖ ਜੁਗਤ ਦੇ ਰੂਪ ਵਿੱਚ ਆਉਣਾ ਲਾਜ਼ਮੀ ਸੀ। ਜੋ ਹੈ ਉਸ ਨਾਲ
ਸੰਤੁਸ਼ਟੀ ਨਹੀਂ, ਜੋ ਸੰਤੁਸ਼ਟ ਹੈ ਉਹ ਸੁੱਤਾ ਪਿਆ ਹੈ; ਇਸ ਕਵਿਤਾ ਵਿੱਚ ਇਹ ਵਿੱਥ-ਸਿਰਜਣਾ
ਆਮ ਮਿਲੇਗੀ। ਇਹੋ ਗੁਲਾਮੀ ਤੇ ਆਜ਼ਾਦੀ ਦਾ ਫਾਸਲਾ ਹੈ। ‘ਗੁਲਾਮੀ’ ਹਿੰਦੀ ਦੇ ਜੀਵਨ ਦਾ
ਯਥਾਰਥ ਹੈ ਤੇ ‘ਆਜ਼ਾਦੀ’ ਉਸ ਦਾ ਆਦਰਸ਼। ਗੁਲਾਮੀ ਨੀਂਦ ਹੈ ਤੇ ਆਜ਼ਾਦੀ ਸੁਪਨਾ।
ਦੂਜੀ ਮੁੱਖ ਜੁਗਤ ਇਤਿਹਾਸਕ ਵੇਰਵਿਆਂ ਤੇ ਹਵਾਲਿਆਂ ਨਾਲ ਦਸਤਾਵੇਜ਼ ਸਿਰਜਣ ਦੀ ਹੈ।
ਅਜਿਹੀਆਂ ਕਵਿਤਾਵਾਂ ਦਾ ਰੂਪ ਗਵਾਹੀ ਜਾਂ ਸਾਖੀ ਵਰਗਾ ਹੈ। ਜਿਵੇਂ ਕਾਮਾਗਾਟਾਮਾਰੂ ਦੀ ਘਟਨਾ
ਸੰਬੰਧੀ ਲਿਖੀ ਕਵਿਤਾ ਵਿੱਚ ਸਿਮਰਤੀ, ਅਖਬਾਰੀ ਰਿਪੋਰਟ ਤੇ ਨਿੱਜੀ ਅਨੁਭਵ ਤਿੰਨੇ ਮਿਲ ਕੇ
ਇਕ ਦਸਤਾਵੇਜ਼ ਦਾ ਜਾਂ ਸਾਖੀ ਦਾ ਰੂਪ ਧਾਰਨ ਕਰ ਗਏ ਹਨ। ਅਜਿਹੀਆਂ ਕਵਿਤਾਵਾਂ ਨੂੰ
ਪੜ੍ਹਦਿਆਂ ਇਉਂ ਜਾਪਦਾ ਹੈ ਜਿਵੇਂ ‘ਇਤਿਹਾਸ’ ਖੁਦ ਇਨ੍ਹਾਂ ਦਾ ਨਾਇਕ ਹੈ, ਜੋ ਆਪਣੀ ਆਜ਼ਾਦੀ
ਦੇ ਅੰਤਮ ਪੜਾਅ ਵੱਲ ਵਾਹੋ-ਦਾਹੀ ਭੱਜਾ ਜਾ ਰਿਹਾ ਹੈ। ਗ਼ਦਰੀ ਕੋਲ ਠਰ੍ਹੱਮੇ ਤੇ ਵੇਰਵੇ
ਸਹਿਤ ਇਸ ‘ਇਤਿਹਾਸ’ ਦਾ ਬਿਰਤਾਂਤ ਸਿਰਜਣ ਦੀ ਵਿਹਲ ਨਹੀਂ। ਸਾਰੀ ਕਵਿਤਾ ਤੀਰ ਵਾਂਗ ਇਕ
ਨਿਸ਼ਾਨੇ ਵੱਲ ਸੇਧੀ ਰਹਿੰਦੀ ਹੈ: ਆਜ਼ਾਦੀ ਤੇ ਸਮਾਜਵਾਦ। ਮਾਨਵੀ ਦਲੇਰੀ ਤੇ ਸੰਘਰਸ਼ ਦੇ
ਰੋਮਾਂਸ ਦੇ ਨਾਲ ਗੜੁੱਚ ਅਜਿਹੀਆਂ ਕਵਿਤਾਵਾਂ ਨੂੰ ਲੋਕ-ਸੂਰਬੀਰਤਾ ਦੇ ਕਾਵਿ-ਕਰਨ ਦਾ ਨਾਂ
ਦਿੱਤਾ ਜਾ ਸਕਦਾ ਹੈ।
ਆਪਣੀਆਂ ਸਮਕਾਲੀ ਘਟਨਾਵਾਂ ਤੇ ਨਿੱਜੀ ਅਨੁਭਵਾਂ ਨੂੰ ਆਮ ਪਾਠਕ/ਸਰੋਤੇ ਤੱਕ ਸੰਚਾਰਨ ਅਤੇ
ਸਰਬਗ੍ਰਾਹੀ ਤੇ ਵਿਆਪਕ ਰੂਪ ਦੇਣ ਲਈ ਗ਼ਦਰੀ ਕਵੀ ਸਧਾਰਨੀਕਰਨ ਦੀ ਚਿਰ-ਪਛਾਣੀ ਜੁਗਤ ਦਾ
ਪ੍ਰਯੋਗ ਕਰਦਾ ਹੈ। ਇਸ ਦੇ ਲਈ ਉਹ ਇਕ ਤਰਕੀਬ ਇਹ ਵਰਤਦਾ ਹੈ ਕਿ ਇਤਿਹਾਸ ਨੂੰ ਕੇਂਦਰੀ ਪਾਤਰ
ਦੀ ਸਿਮਰਤੀ ਦਾ ਅੰਗ ਬਣਾ ਕੇ ਆਪਣੇ ਨਿੱਜੀ ਸੰਕਟ/ਸੰਗਰਾਮ ਨੂੰ ਉਹ ਇਤਿਹਾਸ ਵਿੱਚ ਫੇਲਾਉਂਦਾ
ਹੈ: ਮੇਰੇ ਜਿਹੇ ਹੋਰ ਵੀ ਬਹੁਤ ਹੋਏ ਹਨ। ਇਉਂ ਕਾਵਿ-ਨਾਇਕ ਵਿਰਲਾ-ਵਿਸ਼ੇਸ਼ ਹੁੰਦਾ ਹੋਇਆ
ਵੀ ਆਮ ਜਾਪਦਾ ਹੈ ਤੇ ਇਕ ਹੁੰਦਿਆਂ ਵੀ ਸਰਬ-ਸਾਧਾਰਨ ਦਾ ਰੂਪ ਧਾਰ ਲੈਂਦਾ ਹੈ।
ਸਧਾਰਨੀਕਰਨ ਦੀ ਦੂਜੀ ਤਰਕੀਬ ਹੈ ਮੁਹਾਵਰੇ, ਅਖਾਣਾਂ ਜਾਂ ਲਕੋਕਤੀਆਂ ਦੀ ਵਰਤੋਂ। ਕਵੀ ਆਪਣੇ
ਸੱਚ ਨੂੰ ਲੋਕਾਂ ਦੀ ਆਮ ਸਿਆਣਪ ਨਾਲ ਇਕਸੁਰ ਤੇ ਸੂਤਰਬੱਧ ਕਰਕੇ ਮੁੜ ਉਨ੍ਹਾਂ ਹੀ ਲੋਕਾਂ
ਨੂੰ ਮੋੜ ਦਿੰਦਾ ਹੈ। ਅਖਾਣ-ਮੁਹਾਵਰੇ ਇਕ ਤਰ੍ਹਾਂ ਸਹਿਜ-ਸੁਭਾ ਰਚੀ ਲੋਕ-ਕਵਿਤਾ ਹੀ ਹੁੰਦੀ
ਹੈ। ਉਸ ਵਿੱਚ ਜੀਵਨ-ਅਨੁਭਵਾਂ ਦਾ ਸਧਾਰਨੀਕਰਨ ਤਾਂ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ। ਇਸ
ਲਈ ਵਿਸ਼ੇਸ਼ ਕਵੀ ਦੀਆਂ ਤੁਕਾਂ ਵਿੱਚ ਫਿੱਟ ਹੋ ਕੇ ਉਹ ਖਾਸ ਅਨੁਭਵਾਂ ਨੂੰ ਆਮ ਬਣਾ ਦਿੰਦਾ
ਹੈ। ਇਸ ਕਵਿਤਾ ਵਿੱਚੋਂ ਅਖਾਣ-ਮੁਹਾਵਰੇ ਦੀ ਵਰਤੋਂ ਦੀਆਂ ਅਨੇਕਾਂ ਹੀ ਉਦਾਹਰਨਾਂ ਮਿਲ
ਜਾਂਦੀਆਂ ਹਨ।
ਉਪਰੋਕਤ ਮੁੱਖ ਜੁਗਤਾਂ ਤੋਂ ਇਲਾਵਾ ਇਸ ਕਵਿਤਾ ਵਿੱਚ ਕਈ ਥਾਈਂ ਤੁਲਨਾ ਵਿਅੰਗ (ਵਿਡੰਬਨਾ),
ਕਟਾਖਸ਼, ਮਖੌਲ ਜਾਂ ਮਸ਼ਕਰੀ ਦੀ ਜੁਗਤ ਵੀ ਵਰਤੀ ਗਈ ਹੈ। ਅੰਗਰੇਜ਼ੀ ਰਾਜ ਧੋਖੇ-ਧੜੀ ਨਾਲ
ਸਾਰੇ ਭਾਰਤ ਵਿੱਚ ਫੈਲਿਆ ਸੀ ਤੇ ਇਸ ਦੀ ਸਥਾਪਤੀ ਲਈ ਕਈ ਮਿੱਥਾਂ ਸਿਰਜੀਆਂ ਗਈਆਂ ਸਨ। ਇਸ
ਵਰਤਾਰੇ ਦੇ ਬਾਹਰੀ ਦਿਖਾਵੇ ਤੇ ਅੰਦਰੂਨੀ ਧੋਖੇ ਦੀ ਵਾਸਤਵਿਕਤਾ, ਯਾਨੀ ਬਾਹਰੀ ਮਿੱਥ ਦੇ
ਅੰਦਰਲੇ ਸੱਚ ਦੇ ਟਕਰਾਓ ਨੂੰ ਸਾਕਾਰ ਕਰਕੇ ਹੀ ਇਸ ਦੀ ਠੀਕ ਸਮਝ ਦਿੱਤੀ ਜਾ ਸਕਦੀ ਸੀ। ਇਸ
ਕਾਰਜ ਨੂੰ ਗ਼ਦਰੀ ਕਵਿਤਾ ਵਿੱਚ ਵਿਡੰਬਨਾ ਦੀ ਜੁਗਤ ਨਾਲ ਸੰਪੂਰਨ ਕੀਤਾ ਗਿਆ ਹੈ:
ਬਚੋ ਹਿੰਦੀਓ ਨਾ ਕਿਤੇ ਡਸ ਜਾਵੇ,
ਰੱਸੀ ਨਜ਼ਰ ਆਵੇ ਕਿਤੇ ਮਾਰ ਤਾਂ ਨਹੀਂ।
ਗੋਰਾ ਰੰਗ ਨਾ ਦੇਖਣਾ, ਖੂਬਸੂਰਤ,
ਪਹਿਲੇ ਤਾੜਨਾ ਕਿਤੇ ਅਯਾਰ ਤਾਂ ਨਹੀਂ।
ਸਾਹਿਬ ਸਾਹਿਬ ਕਰਦੇ ਭੱਜੇ ਜਾਂਦੇ ਹੋ,
ਪਤਾ ਲਵੋ ਹਰਾਮ ਦੀ ਮਾਰ ਤਾਂ ਨਹੀਂ।
(ਇਥੇ ‘ਹਰਾਮ ਦੀ ਮਾਰ’ ਕੇਵਲ ਗਾਲ੍ਹ ਨਹੀਂ, ਬਲਕਿ ਈਸਾ ਦੇ ਜਨਮ ਦੀ ਮਿੱਥ ਵੱਲ ਵੀ ਸੰਕੇਤ
ਹੈ)। ਗ਼ਦਰ ਦੀ ਹਾਰ ਤੋਂ ਬਾਅਦ ਦੇਸ਼-ਧ੍ਰੋਹੀਆਂ ਤੇ ਸਰਕਾਰ ਦੇ ਵਫਾਦਾਰ ਸੈਨਿਕਾਂ ਉੱਤੇ ਜੋ
ਕਟਾਖਸ਼ ਕੀਤਾ ਗਿਆ ਹੈ ਉਹ ਮਖੌਲ ਤੇ ਮਸ਼ਕਰੀ ਦੀ ਹੱਦ ਤੱਕ ਪਹੁੰਚ ਗਿਆ ਹੈ:
-ਮੌਜ ਕੁਲ ਜਹਾਨ ਦੀ ਲੈਣ ਗੋਰੇ,
ਹਿੰਦੀ ਫੋਕੇ ਹੀ ਸੰਖ ਬਜਾਣ ਵੀਰੋ।
- ਫੌਜਾਂ ਵਾਲਿਓ ਕਮਰ ਨੂੰ ਬੰਨ ਚਿਮਟੇ,
ਪੈਰ ਧਰਤ ਨਾ ਤੁਸੀਂ ਟਿਕਾਂਵਦੇ ਹੋ।
ਮਾਲਕ ਕਿਰਚ ਦੇ ਆਪਣੇ ਆਪ ਸਮਝੋ
ਐਪਰ ਜੱਗ ‘ਤੇ ਕੁਲੀ ਕਹਾਂਵਦੇ ਹੋ।
ਪੁਲਸ ਵਾਲਿਓ ਸਤ ਰੁਪਏ ਖਾਤਰ
ਵਤਨ ਸੇਵਕਾ ਨੂੰ ਫੜਨ ਜਾਂਵਦੇ ਹੋ।
- ਰੂਸ ਫਰਾਂਸ ਫਰੰਗੜੇ ਫਸ ਗਏ ਕਸੂਤੇ।
ਗਏ ਗੁਲਾਮ ਹਮੈਤ ਨੂੰ ਇਹ ਹਿੰਦੀ ਧੂਤੇ।
ਬੰਨ ਦਸੂਸੇ ਜਾਂਵਦੇ ਦੁਨੀਆਂ ਪਈ ਹੱਸੇ।
ਆਪਣਾ ਮੁਲਕ ਗੁਲਾਮ ਹੈ ਇਹ ਫਿਰਦੇ ਨੱਸੇ।
- ਸ- ਸੰਤ ਰਹਿ ਗਏ ਜਾਂ ਫਕੀਰ ਰਹਿ ਗਏ,
ਮੁਰਦਾ ਦਿਲਾਂ ਵਾਲੇ ਬਾਝੋਂ ਜੋਸ਼ ਰਹਿ ਗਏ।
ਬੇਵਕੂਫ ਰਹਿ ਗਏ ਜਾਂ ਗੁਲਾਮ ਰਹਿ ਗਏ,
ਡਰਪੋਕ ਰਹਿ ਗਏ, ਮਾਰੀ ਹੋਸ਼ ਰਹਿ ਗਏ।
ਪਿਆਰੇ ‘ਪ੍ਰੀਤਮਾ’ ਲੱਦ ਗਏ ਰਤਨ ਸਾਰੇ,
ਬਾਕੀ ਬਚੇ ਬਿਲਕੁਲ ਖਾਮੋਸ਼ ਰਹਿ ਗਏ।
(vii) ਕਾਵਿ-ਸਿ਼ਲਪ (ਛੰਦ, ਬਿੰਬ, ਪ੍ਰਤੀਕ, ਅਲੰਕਾਰ): ਜਿਵੇਂ ਪਹਿਲਾਂ ਵੀ ਸੰਕੇਤ
ਕੀਤਾ ਗਿਆ ਹੈ, ਗ਼ਦਰੀ ਕਵੀ ਆਪਣੇ ਕਾਵਿ-ਕਰਮ ਤੋਂ ਸੁਚੇਤ ਹੈ ਤੇ ਉਹ ਕਵਿਤਾ ਨੂੰ ਆਵੇਸ਼
ਜਾਂ ਆਪਮੁਹਾਰਾ ਸਵੈ-ਪ੍ਰਗਟਾਵਾ ਨਹੀਂ ਸਮਝਦਾ, ਸਗੋਂ ਇਕ ਸਿ਼ਲਪੀ ਵਾਂਗ ਇਸ ਨੂੰ ਆਪਣੀ
ਕਾਰੀਗਰੀ ਸਮਝਦਾ ਹੈ। ਉਸ ਦੇ ਛੰਦ-ਪ੍ਰਯੋਗ, ਬਿੰਬ-ਰਚਨਾ, ਪ੍ਰਤੀਕ ਸਿਰਜਣ ਤੇ
ਅਲੰਕਾਰ-ਵਿਧਾਨ ਨੂੰ ਇਸ ਕਾਰੀਗਰੀ ਦਾ ਅੰਗ ਮੰਨ ਕੇ ਅਸੀਂ ਹੇਠ ਲਿਖੇ ਸਿਰਲੇਖਾਂ ਅਧੀਨ
ਵਿਚਾਰ ਸਕਦੇ ਹਾਂ:
(ੳ) ਛੰਦ ਪ੍ਰਯੋਗ
(ਅ) ਬਿੰਬ-ਰਚਨਾ
(ੲ) ਪ੍ਰਤੀਕ-ਸਿਰਜਣਾ
(ਸ) ਅਲੰਕਾਰ ਵਿਧਾਨ
(ੳ) ਛੰਦ ਪ੍ਰਯੋਗ: ਗ਼ਦਰ ਦੇ ਕਵੀਆਂ ਵਿੱਚ ਭਾਵੇਂ ਪਿੰਗਲ ਦੇ ਅਧਿਐਨ ਤੇ ਉਸਤਾਦੀ-ਸ਼ਗਿਰਦੀ
ਦੀ ਪ੍ਰਥਾ ਦਾ ਕੋਈ ਸਬੂਤ ਨਹੀਂ ਮਿਲਦਾ, ਪਰ ਉਨ੍ਹਾਂ ਦੇ ਛੰਦ-ਪ੍ਰਯੋਗ ਤੋਂ ਜਾਪਦਾ ਹੈ ਕਿ
ਸੂਫੀ ਕਵਿਤਾ ਤੇ ਕਿੱਸਾ-ਕਾਵਿ ਵਿੱਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਸੀ ਤੇ ਆਪਣੀ ਕਾਵਿ-ਰਚਨਾ
ਲਈ ਉਨ੍ਹਾਂ ਨੇ ਇਨ੍ਹਾਂ ਹੀ ਕਾਵਿ-ਧਾਰਾਵਾਂ ਵਿੱਚੋਂ ਛੰਦ-ਚੋਣ ਕੀਤੀ ਹੈ। ਛੰਦ ਪ੍ਰਯੋਗ ਲਈ,
ਖਾਸ ਕਰਕੇ, ਵਾਰਸ-ਸ਼ਾਹ ਤੇ ਉਨੀਵੀਂ ਸਦੀ ਦੇ ਮਸ਼ਹੂਰ ਕਵੀਆਂ (ਮਾਨ ਸਿੰਘ ਕਾਲੀਦਾਸ,
ਗੁਰਦਿੱਤ ਸਿੰਘ ਖੜਗ, ਸਾਧੂ ਈਸ਼ਰਦਾਸ ਤੇ ਭਗਵਾਨ ਸਿੰਘ) ਦੀ ਛੰਦ-ਰਚਨਾ ਨੂੰ ਆਪਣਾ ਮਾਡਲ
ਬਣਾਇਆ ਹੈ। ਗ਼ਦਰੀ ਕਾਵਿ ਵਿੱਚ ਜਿਨ੍ਹਾਂ ਜਾਣੇ ਪਛਾਣੇ 13 ਛੰਦਾਂ ਦਾ ਪ੍ਰਯੋਗ ਹੋਇਆ ਹੈ,
ਉਹ ਹਨ: ਸਵੱਯਾ, ਕਬਿੱਤ, ਕਾਫੀ, ਕੋਰੜਾ, ਝੋਕ, ਡਿਉਢ, ਦਵੱਯਾ, ਦੋਹਰਾ, ਦੋ ਤੁਕਾਂ, ਬਿਰਹਾ
ਛੰਦ, ਬੈਂਤ, ਮਨਰੰਚਕ, ਛੰਦ ਤੇ ਮਿਲਾਪ ਛੰਦ।
ਸਵੱਯਾ: ਇਸ ਸੰਗ੍ਰਹਿ ਵਿੱਚ ‘ਸੇਵਲ’ ਨਾਂ ਦੇ ਕਵੀ ਦੇ ਕੁਝ ਸਵੱਯੇ ਦਰਜ ਹਨ, ਜਿਨ੍ਹਾਂ ਵਿੱਚ
ਸਵੱਯੇ ਦੇ ਤੀਹ ਕੁ ਰੂਪਾਂ ਵਿੱਚੋਂ ਕੇਵਲ ਇਕ ਰੂਪ ਦੀ ਵਰਤੋਂ ਕੀਤੀ ਗਈ ਹੈ:
ਯੁੱਧ ਮੇਂ ਕੁਦ ਪਵੋ ਸਮ ਬੀਰ,
ਨਾ ਲੋਭ ਕੀ ਖੁਧ ਮੇ ਸੁਧ ਭੁਲਾਈਏ।
(ਬ੍ਰਜਭਾਸ਼ਾ ਤੇ ਛੰਦ-ਚਾਲ ਤੋਂ ਇਨ੍ਹਾਂ ਸਵੱਯਾਂ ਉੱਤੇ ਗੁਰੂ ਗੋਬਿੰਦ ਸਿੰਘ ਦੀ
ਸਵੱਯਾ-ਰਚਨਾ ਦਾ ਅਸਰ ਪ੍ਰਤੱਖ ਹੈ।)
ਕਬਿੱਤ: ਕਬਿੱਤ ਦਾ ਲਫਜ਼ੀ ਅਰਥ ਤਾਂ ਕਵਿਤਾ ਹੀ ਹੈ, ਪਰ ਇਹ ਬ੍ਰਜਭਾਸ਼ਾ ਤੋਂ ਆਇਆ ਇਕ ਵਰਣਕ
ਛੰਦ ਹੈ ਤੇ ਇਸ ਦੇ ਕਈ ਰੂਪ ਹੁੰਦੇ ਹਨ। ਕਬਿੱਤ ਦਾ ਪ੍ਰਯੋਗ ਜਣਾ-ਖਣਾ ਨਹੀਂ ਕਰ ਸਕਦਾ, ਪਰ
ਗ਼ਦਰੀ ਕਵਿਤਾ ਵਿੱਚ ਜਿੰਨੀਆਂ ਵੀ ਕਵਿਤਾਵਾਂ ਕਬਿੱਤ ਵਿੱਚ ਮਿਲਦੀਆਂ ਹਨ ਉਹਨਾਂ ਵਿੱਚ
ਭਾਵ-ਜੁਗਤ ਤੇ ਸਿ਼ਲਪਕਾਰੀ ਦਾ ਸਲਾਹੁਣਯੋਗ ਸੁਮੇਲ ਹੈ। ਇਨ੍ਹਾਂ ਦੀ ਸ਼ਬਦ-ਜੜਤ ਤੋਂ ਪਤਾ
ਲੱਗਦਾ ਹੈ ਕਿ ਕਵੀ ਆਪਣੀ ਰੂਪ-ਰਚਨਾ ਤੋਂ ਅਤਿੰਅੰਤ ਸੁਚੇਤ ਹੈ:
- ਰੰਗ ਵਿੱਚ ਭੰਗ ਪਾ ਕੇ ਕੀਤਾ ਬਦਰੰਗ ਸਾਨੂੰ,
ਲਗ ਗਿਆ ਜੰਗ ਕਿਥੋਂ ਸਾਡੀ ਤਲਵਾਰ ਨੂੰ।
- ਕੀਤਾ ਦੇਸ ਨੰਗ ਚਿਟੇ ਰੰਗ ਉਠ ਕਰੋ ਜੰਗ,
ਨੰਗ ਏਹ ਫਰੰਗ ਨੇ ਨਸ਼ੰਗ ਹਿੰਦ ਖਾ ਲਿਆ।
ਕਾਫੀ: ਕਾਫੀ ਨੂੰ ਆਮ ਕਰਕੇ ਇਕ ਕਾਵਿ-ਰੂਪ ਮੰਨਿਆ ਜਾਂਦਾ ਹੈ, ਪਰ ਜਾਪਦਾ ਹੈ ਕਿ ਉਨ੍ਹੀਵੀਂ
ਸਦੀ ਦੇ ਇਕ ਹਰਮਨ-ਪਿਆਰੇ ਕਵੀ ਸਾਧੂ ਈਸ਼ਰ ਦਾਸ ਨੇ ਇਕੋ ਤਰਜ਼ ਦੀਆਂ ਕਾਫੀਆਂ ਲਿਖ ਲਿਖ ਕੇ
ਇਸ ਨੂੰ ਇਕ ਛੰਦ ਵਜੋਂ ਵੀ ਪ੍ਰਚੱਲਤ ਕਰ ਦਿੱਤਾ ਸੀ। ਗ਼ਦਰੀ ਕਵੀਆਂ ਨੇ ਇਸ ਨੂੰ ਇਕ ਛੰਦ
ਵਜੋਂ ਹੀ ਵਰਤਿਆ ਹੈ ਤੇ ਕਈ ਥਾਈਂ ਲਿਖਿਆ ਹੈ: ਕਾਫੀ ਛੰਦ। ਗ਼ਦਰ ਕਾਵਿ ਦੀ ਸਭ ਤੋਂ
ਪ੍ਰਸਿੱਧ ਕਾਫੀ ਹੈ:
ਗ਼ਦਰ ਪਾਰਟੀ ਬੀੜਾ ਚੁੱਕਿਆ
ਹਿੰਦ ਆਜ਼ਾਦਾ ਕਰਾਵਨ ਦਾ।
ਬ੍ਰਜਭਾਸ਼ਾ ਦੀ ਵਰਤੋਂ ਤੇ ਚਾਰ+ਦੋ=ਛੇ ਤੁਕਾਂ ਦਾ ਬੰਦ ਤੇ ਹਰ ਬੰਦ ਤੋਂ ਬਾਅਦ ਸਥਾਈ ਤੋਂ
ਇਹ ਕਾਫੀ ਈਸ਼ਰਦਾਸ ਦੇ ਗੀਤ ਵਾਂਗ ਲਿਖੀ ਸਿੱਧ ਹੁੰਦੀ ਹੈ। ਫਰਕ ਇਹ ਹੈ ਕਿ ਗ਼ਦਰੀ ਕਵੀ ਨੇ
ਈਸ਼ਰਦਾਸ ਦੀ ਭਾਵ-ਜੁਗਤ ਨੂੰ ਉਲਟਾ ਕੇ ਗ਼ਦਰੀ ਸਿਆਸਤ ਦੀ ਵਿਆਖਿਆ ਕਰਦਿਆਂ ਗ਼ਦਰ ਦਾ ਹੋਕਾ
ਦਿੱਤਾ ਹੈ।
ਕੋਰੜਾ: ਕਬਿੱਤ ਵਾਂਗ ਕੋਰੜਾ ਵੀ ਵਰਣਕ ਛੰਦ ਹੈ। ਇਸ ਦੀ ਹਰ ਸਤਰ ਵਿੱਚ 13 ਵਰਣ ਹੁੰਦੇ ਹਨ।
ਕੋਰੜੇ ਦਾ ਲਫਜ਼ੀ ਅਰਥ ਹੈ ਚਾਬੁਕ। ਗ਼ਦਰੀ ਕਵੀ ਨੇ ਇਸ ਨੂੰ ਚਾਬੁਕ ਵਾਂਗ ਵਰਤਿਆ ਹੈ। ਇਸ
ਕਾਵਿ-ਸੰਗ੍ਰਹਿ ਵਿੱਚ ਕੋਰੜੇ ਛੰਦ ਵਿੱਚ ਲਿਖੀਆਂ ਕਵਿਤਾਵਾਂ ਭਾਵ ਦੀ ਤੇਜ਼ ਗਤੀ ਤੇ ਸਿਖਰ
ਨੂੰ ਦਰਸਾਉਂਦੀਆਂ ਹਨ ਤੇ ਪੜ੍ਹਨ-ਸੁਣਨ ਵਾਲੇ ਨੂੰ ‘ਕੋਰੜੇ’ ਵਾਂਗ ਵੱਜਦੀਆਂ ਹਨ:
- ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।
ਝੋਕ: ਝੋਕ ਲੋਕ-ਗੀਤ ਦੀ ਇਕ ਤਰਜ਼ ਹੈ, ਪਰ ਗ਼ਦਰੀ ਕਵੀਆਂ ਨੇ ਇਸ ਨੂੰ ਇਕ ਛੰਦ ਹੀ ਮੰਨਿਆ
ਹੈ। ਇਸ ਸੰਗ੍ਰਹਿ ਵਿੱਚ ਭਾਵੇਂ ਇਕ ਝੋਕ ਹੈ, ਪਰ ਇਸ ਦੀ ਹਰਦਿਲ-ਅਜ਼ੀਜ਼ੀ ਦਾ ਪਤਾ ਉਸ ਨੋਟ
ਤੋਂ ਲਗਦਾ ਹੈ ਜਿਹੜਾ 9 ਦਸੰਬਰ 1913 ਦੇ ਗ਼ਦਰ ਵਿੱਚ ਛਪਿਆ ਹੈ:
ਇਹ ਗੀਤ ਝੋਕ ਤੇ ਭਾ ਉੱਤੇ ਗਾਉਣੇ ਹਨ। ਉਮੈਦ ਹੈ ਕਿ ਸਭ ਭਾਈ ਏਸ ਨੂੰ ਲਛੀ ਤੇ ਬੰਤੋ ਦੇ
ਗੀਤਾਂ ਨਾਲੋਂ ਅੱਛੀ ਨਿਗਾਹ ਨਾਲ ਦੇਖਣਗੇ ਕਿਉਂਕਿ ਇਹ ਆਜ਼ਾਦੀ ਦਾ ਖਿਆਲ ਦਿੰਦੇ ਹਨ ਤੇ ਉਹ
ਬਰਬਾਦੀ ਦਾ।
ਇਸ ਟਿੱਪਣੀ ਤੋਂ ਲੋਕ-ਧਾਰਾਈ ਕਵਿਤਾ ਤੇ ਗ਼ਦਰੀ ਕਵਿਤਾ ਦਾ ਅੰਤਰ ਵੀ ਸਪਸ਼ਟ ਹੋ ਜਾਂਦਾ ਹੈ।
ਝੋਕ ਦੀ ਪ੍ਰਸਿੱਧੀ ਦਾ ਇਕ ਕਾਰਨ ‘ਪਗੜੀ ਸੰਭਾਲ ਜੱਟਾ’ ਦੀ ਹਰਮਨ ਪਿਆਰਤਾ ਵੀ ਹੋਵੇਗਾ
ਕਿਉਂਕਿ ਲਾਲਾ ਬਾਂਕੇ ਦਿਆਲ ਦੇ ਇਸ ਗੀਤ ਦੀ ਸਥਾਈ ਵੀ ਝੋਕ ਦੀ ਤਰਜ਼ ਉੱਤੇ ਹੈ। ਗ਼ਦਰੀ ਝੋਕ
ਵੀ ਇਸੇ ਤਰਜ਼ ‘ਤੇ ਹੈ:
ਸੁਤਿਆ ਤੂੰ ਜਾਗ ਸ਼ੇਰਾ, ਸੁਤਿਆ ਤੂੰ ਜਾਗ ਓ।
ਡਿਉਢ (ਡੇਉਢ): ਇਸ ਛੰਦ ਦਾ ਨਾਂ ਦੁਭੰਗੀ ਤੇ ਮਦਨਹਰ ਵੀ ਹੈ। ਇਸ ਦੀ ਹਰ ਸਤਰ ਦਵੱਯੇ ਵਾਂਗ
28 ਮਾਤਰਾਂ ਦੀ ਤੇ ਨਾਲ ਅੱਧੀ ਸਤਰ ਹੋਰ ਹੁੰਦੀ ਹੈ:
ਸਖਤ ਗਿਰ ਗਿਆ ਜੀਵਨ ਸਾਡਾ, ਇਸ ਤੋਂ ਚੰਗਾ ਮਰਨਾ,
ਦੁਖ ਨਹੀਂ ਭਰਨਾ।
ਦਵੱਯਾ: ਇਹ 28 ਮਾਤਰਾਂ ਦਾ ਛੰਦ ਹੈ, ਜੋ ਦਮੋਦਰ ਦੀ ਹੀਰ ਤੋਂ ਲੈ ਕੇ ਬਹੁਤ ਸਾਰੇ ਕਿੱਸਿਆਂ
ਵਿੱਚ ਵਰਤਿਆ ਜਾ ਚੁੱਕਾ ਸੀ। ਇਹ ਦਾਰਸ਼ਨਿਕ ਵਿਚਾਰਾਂ ਨੂੰ ਵਿਅਕਤ ਕਰਨ ਵਾਲਾ ਦੋ-ਤੁਕੀਆ
ਜਾਂ ਚਹੁੰ-ਤੁਕੀਆ ਛੰਦ ਹੈ। ਗ਼ਦਰੀ ਕਵੀਆਂ ਨੇ ਦੋ-ਤੁਕੇ ਦਵੱਯੇ ਲਿਖੇ ਹਨ:
ਹਰ ਹਾਲ ਵਿਚ ਮਰਨਾ ਯਾਰੋ ਅਗੋਂ ਪਿਛੋਂ ਮਰਨਾ।
ਮੁਲਕ ਮਰੇ ਫਿਰ ਅਸੀਂ ਨਾ ਮਰੀਏ ਜਗ ਰਹਿ ਕੇ ਕੀ ਕਰਨਾ।
ਦੋਹਰਾ: ਦੋਹਰਾ ਵੀ ਪੰਜਾਬੀ ਦਾ ਪੁਰਾਣਾ ਛੰਦ ਹੈ। ਸਭ ਤੋਂ ਪਹਿਲਾਂ ਇਸ ਦੀ ਵਰਤੋਂ ਬਾਬਾ
ਫਰੀਦ ਨੇ ਕੀਤੀ। ਇਸ ਵਿੱਚ ਇਕੋ ਭਾਵ-ਵਿਚਾਰ ਨੂੰ 24-24 ਮਾਤਰਾਂ ਦੀਆਂ ਦੋ ਸਤਰਾਂ ਵਿੱਚ
ਪ੍ਰਗਟ ਕਰਨਾ ਹੁੰਦਾ ਹੈ। ਗ਼ਦਰ-ਕਵਿ ਵਿੱਚ ਸਿਰਫ 15 ਦੋਹਰੇ ਮਿਲਦੇ ਹਨ, ਜੋ ਬਿਸ਼ਨ ਸਿੰਘ
ਦੀ ਰਚਨਾ ਹਨ ਤੇ ਸੁਦੇਸ਼ ਸੇਵਕ ਵਿੱਚ ਪ੍ਰਕਾਸ਼ਤ ਹੋਏ ਸਨ।
ਦੋਤੁਕਾ: ਨਵੀਂ ਕਵੀਸ਼ਰੀ ਦੀਆਂ ਤਰਜ਼ਾਂ ‘ਤੇ ਦੋ ਕਵਿਤਾਵਾਂ (‘ਫਰੰਗੀ ਫਸ ਗਿਆ’ ਤੇ ‘ਝੂਠਾ
ਫਰੰਗੀ’) ਦੋ ਤੁਕਿਆਂ ਵਿੱਚ ਲਿਖੀਆਂ ਮਿਲਦੀਆਂ ਹਨ।
ਬਿਰਹਾ ਛੰਦ: ਇਹ ਲੰਮੀ ਤਰਜ਼ ਦਾ ਇਕ ਸ਼ੋਕਮਈ ਗੀਤ ਹੈ। ਇਸ ਵਿੱਚ ਗ਼ਦਰ ਦੀ ਹਾਰ ਦਾ ਅਹਿਸਾਸ
ਪਹਿਲੀ ਵਾਰ ਵਿਅਕਤ ਹੋਇਆ ਹੈ। ਸਿਰਲੇਖ ਹੈ: ‘ਭਾਰਤ ਮਾਤਾ ਬੁਲੌਂਦੀ ਹੈ ਆਪਨੇ ਹਿੰਦੀ
ਪੁਤਰਾਂ ਨੂੰ’।
ਬੈਂਤ: ਗ਼ਦਰ-ਕਾਵਿ ਦਾ ਬਹੁਤਾ ਭਾਗ ਇਸੇ ਮਾਤ੍ਰਕ ਛੰਦ ਵਿੱਚ ਹੈ। ਇਹ ਪੰਜਾਬ ਵਿੱਚ ਇੰਨਾ
ਪ੍ਰਚੱਲਤ ਰਿਹਾ ਹੈ ਕਿ ਕਈ ਅਨਪੜ੍ਹ ਪੰਜਾਬੀ ਵੀ ਬੈਂਤਾਂ ਜੋੜ ਲੈਂਦੇ ਸਨ। ਮੁਕਬਲ ਤੇ ਵਾਰਸ
ਤੋਂ ਲੈ ਕੇ ਗ਼ਦਰੀਆਂ ਤੱਕ ਚਹੁੰ ਕਲੀਆਂ ਤੇ ‘ਖੁੱਲ੍ਹਾ ਬੈਂਤ’ ਹੀ ਵਧੇਰੇ ਪ੍ਰਚੱਲਤ ਸੀ।
ਵੀਹਵੀਂ ਸਦੀ ਵਿੱਚ 4+2 ਸਤਰਾਂ ਦੇ ਛੇ ਕਲੀਏ ਬੈਂਤ ਦਾ ਵੀ ਰਿਵਾਜ ਪਿਆ। ਗ਼ਦਰ-ਕਾਵਿ ਵਿੱਚ
ਜਿ਼ਆਦਾ ਵਰਤੋਂ ਖੁੱਲ੍ਹੇ ਬੈਂਤ ਦੀ ਹੋਈ ਹੈ, ਪਰ 1929 ਦੇ ਹਿੰਦੋਸਤਾਨ ਗ਼ਦਰ (ਮਾਸਕ) ਵਿੱਚ
ਛੇ ਕਲੀਏ ਬੈਂਤ ਦਾ ਪ੍ਰਯੋਗ ਵੀ ਮਿਲਦਾ ਹੈ। ਸੀਹਰਫੀ ਤੇ ਪੈਂਤੀ ਅੱਖਰੀ ਵੀ ਬੈਂਤ ਵਿੱਚ ਹਨ।
ਮਨੋਰੰਚਕ: ਇਸ ਛੰਦ ਵਿੱਚ ਇਕੋ ਕਵਿਤਾ ਹੈ, ਜਿਸ ਵਿੱਚ ਕੌਮੀ ਅਣਖ ਲਈ ਮਰ ਮਿਟਣ ਲਈ ਵੰਗਾਰਿਆ
ਗਿਆ ਹੈ।
ਹੱਥਾਂ ਬਾਝ ਕਰਾਰਿਆਂ ਯਾਰੋ ਦੁਸ਼ਮਣ ਹੋਵੇ ਮਿਤ ਨਹੀਂ।
ਵਾਂਗ ਨਾਮਰਦਾਂ ਮੇਹਣੇ ਝਲੀਏ, ਮੁੜ ਕੇ ਜੰਮਣਾ ਨਿਤ ਨਹੀਂ।
ਮਿਲਾਪ: ਇਹ ਕੋਰੜੇ ਦਾ ਹੀ ਥੋੜ੍ਹਾ ਬਦਲਿਆ ਹੋਇਆ ਰੂਪ ਹੈ:
ਸਿਆਣਿਓ ਮਿਲਾਪ ਸਿਖੋ ਗਲ ਛਡੋ ਫੁਟ ਦੀ।
ਵਟੀ ਹੋਈ ਰਸੀ ਲਾਇਆਂ ਜ਼ੋਰ ਨਹੀਂ ਟੁੱਟਦੀ।
(ਅ) ਬਿੰਬ-ਰਚਨਾ: ਗ਼ਦਰੀ ਕਵਿਤਾ ਵਧੇਰੇ ਕਰਕੇ ਕਥਨ ਦੀ ਵਿਧੀ ਦੁਆਰਾ ਰਚੀ ਗਈ ਹੈ, ਪਰ
ਕਿਧਰੇ ਕਿਧਰੇ ਬਿੰਬ-ਰਚਨਾ ਦੀਆਂ ਉਦਾਹਰਨਾਂ ਵੀ ਮਿਲਦੀਆਂ ਹਨ। ਇਨ੍ਹਾਂ ਬਿੰਬਾਂ ਦਾ ਆਧਾਰ
ਪੰਜਾਬ ਦੀ ਪੇਂਡੂ ਪ੍ਰਕਿਰਤੀ ਤੇ ਸੰਸਕ੍ਰਿਤੀ ਹੈ। ਇਨ੍ਹਾਂ ਵਿੱਚੋਂ ਵੀ ਉਜੜੇ ਖੇਤ, ਬਾਗ ਤੇ
ਘਰ ਅਤੇ ਕੰਗਾਲ ਆਦਮੀ ਦੇ ਬਿੰਬ ਹੀ ਪ੍ਰਮੁੱਖ ਹਨ:
-ਢਾਈ ਟੋਟਰੂ ਖਾ ਗਏ ਖੇਤ ਸਾਡਾ....
- ਗਿੱਦੜ ਖਾ ਗਏ ਖੇਤ ਚਰੁੰਡ ਮੇਰਾ....
- ਕੈਂਚੀ ਪਕੜ ਜ਼ਾਲਮ ਸ਼ਾਖਾਂ ਕਤਰਦਾ ਹੈ,
ਤੁਸੀਂ ਵੀਰਨੋਂ ਨਹੀਂ ਹਟਾਇਆ ਕਿਉਂ।
- ਹਿੰਦੋਸਤਾਨੀਓ ਕਿਉਂ ਨੀਵੀਂ ਧੋਣ ਸੁੱਟੀ,
ਮਾਰੋ ਨਜ਼ਰ ਘਰ ਦੇ ਕੇਹੜੇ ਹਾਲ ਹੋ ਗਏ।
- ਪਾਟੇ ਕਪੜੇ ਜਿਸਮ ਕਮਜ਼ੋਰ ਹੋਇਆ,
ਜੁਸੇ ਜੋਸ਼ ਤੇ ਜਿਗਰ ਦਾ ਤਾਨ ਕਿਉਂ ਨਹੀਂ।
(ੲ) ਪ੍ਰਤੀਕ ਸਿਰਜਣਾ: ਪ੍ਰਤੀਕਾਂ ਪੱਖੋਂ ਇਸ ਕਵਿਤਾ ਵਿੱਚ ਨੋਟ ਕਰਨ ਵਾਲੀ ਗੱਲ ਹੈ ਕੁਝ
ਅਸਲੋਂ ਨਵੇਂ ਪ੍ਰਤੀਕਾਂ ਦੀ ਸਿਰਜਣਾ। ਜਿਵੇਂ ਹੇਠਲੀਆਂ ਸਤਰਾਂ ਵਿੱਚ ਸਿਉਂਕ, ਕੁੱਤੀ, ਛੇਲੀ
ਤੇ ਟੋਟਰੂ ਆਦਿ।
- ਜੜੀਂ ਅਸਾਂ ਦੀ ਸਿਉਂਕ ਦਾ ਬਾਸ ਹੋਇਆ
ਕਦੇ ਪਟ ਕੇ ਓਸ ਨੂੰ ਢਾਓਗੇ ਨਾ?
ਕੁੱਤੀ ਲੱਤ ਨੂੰ ਆਨ ਕੇ ਪਕੜਦੀ ਹੈ,
ਡੰਡਾ ਪਕੜ ਕੇ ਪਿਛੇ ਹਟਾਓਗੇ ਨਾ?
- ਪਾਪੀ ਮਾਰਦਾ ਦੇਵੇ ਨਾ ਰੋਣ ਬਿਲਕੁਲ,
ਛੇਲੀ ਵਸ ਬਘਿਆੜ ਦੇ ਆਈ ਹੈ ਵੇ।
- ਵਾਰ ਗੁਰੀਲਾ ਖੂਬ ਚਲਾਵੋ,
ਮਾਰੋ ਜਲਦ ਟੋਟਰੂ ਢਾਈ।
(ਸ) ਅਲੰਕਾਰ ਵਿਧਾਨ: ਇਸ ਕਵਿਤਾ ਵਿੱਚ ਸ਼ਬਦ-ਅਲੰਕਾਰਾਂ ਵਿੱਚੋਂ ਅਨੁਪ੍ਰਾਸ ਤੇ ਅਰਥ
ਅਲੰਕਾਰਾਂ ਵਿੱਚੋਂ ਉਪਮਾ, ਰੂਪਕ ਤੇ ਦ੍ਰਿਸ਼ਟਾਂਤ ਦੀ ਵਰਤੋਂ ਵਧੇਰੇ ਹੋਈ ਹੈ, ਪਰ ਕਿਧਰੇ
ਕਿਧਰੇ ਯਮਕ, ਅਤਕਥਨੀ, ਪ੍ਰਸ਼ਨੋਤਰੀ ਤੇ ਵਿਰੋਧ ਅਲੰਕਾਰ ਵੀ ਮਿਲਦਾ ਹੈ।
ਲੋਕ ਜੀਵਨ ਵਿੱਚੋਂ ਲਏ ਦ੍ਰਿਸ਼ਟਾਂਤਾਂ ਵਿੱਚੋਂ ਇਕ ਦ੍ਰਿਸ਼ਟਾਂਤ ਪਿੰਡਾਂ ਵਿੱਚ ਭੂਤ ਕੱਢਣ
ਵਾਲੇ ਸੈਰੀਆਂ (ਸਿਆਣਿਆਂ) ਦਾ ਹੈ। ਭੂਤ ਕੱਢਣ ਦੀ ਕ੍ਰਿਆ ਦਾ ਦ੍ਰਿਸ਼ਟਾਂਤ ਦੇ ਕੇ ਦੱਸਿਆ
ਗਿਆ ਹੈ ਕਿ ਅੰਗਰੇਜ਼ ਦਾ ਭੂਤ ਵੀ ਭਾਰਤ ਵਿੱਚੋਂ ਜੁੱਤੀ ਨਾਲ ਹੀ ਕੱਢਿਆ ਜਾਵੇਗਾ:
ਦਾਰੂ ਯਾਦ ਆਇਆ ਕੱਚੇ ਭੂਤਨੇ ਦਾ,
ਆਓ ਤੁਸਾਂ ਭੀ ਅਜ ਸਖਲਾ ਲਈਏ।
ਰਖੋ ਧਯਾਨ ਦੱਸਾਂ ਪੈਹਲਾ ਕੰਮ ਵੀਰੋ,
ਵਿਸ਼ਟੇ ਸੰਦੜੀ ਧੂਫ ਧੁਖਾ ਲਈਏ।
ਧੁਣੀ ਦਿੰਦਿਆਂ ਸਾਰ ਤੜੱਕ ਬੋਲੇ,
ਕੱਚੇ ਚੰਮ ਦਾ ਬੂਟ ਮੰਗਵਾ ਲਈਏ।
ਤਾੜ ਤਾੜ ਪੁੱਠੇ ਮਗਜ਼ ਵਿਚ ਮਾਰੋ,
ਇਕੇ ਜਗਾ, ਨਾ ਹੱਥ ਹਲਾ ਲਈਏ।
ਮਾਰ ਮਾਰ ਛਿੱਤਰ ਘਰੋਂ ਬਾਹਰ ਕਢੋ,
ਸਿਰਫ ਘਰੋਂ ਨਾ, ਜੂਹ ਟਪਾ ਲਈਏ।
ਗ਼ਦਰ ਲਹਿਰ ਦੇ ਕਵੀਆਂ ਦੀ ਕਾਵਿ-ਚੇਤਨਾ ਤੇ ਸਿ਼ਲਪਕਾਰੀ ਸੰਬੰਧੀ ਉਪਰੋਕਤ ਚਰਚਾ ਦਾ ਮਨੋਰਥ
ਇਸ ਕਵਿਤਾ ਦੇ ਪ੍ਰਮੁੱਖ ਗੁਣਾਂ-ਲੱਛਣਾਂ ਦੀ ਨਿਸ਼ਾਨਦੇਹੀ ਕਰਕੇ ਕੇਵਲ ਇਹ ਨਿਵੇਦਨ ਕਰਨਾ ਸੀ
ਕਿ ਇਸ ਕਵਿਤਾ ਨੂੰ ਗ਼ਦਰੀ ਕਵੀਆਂ ਦੀ ਸ਼ਖਸੀਅਤ, ਪਰਦੇਸ ਦੇ ਸੰਦਰਭ, ਉਨ੍ਹਾਂ ਦੀਆਂ
ਇਤਿਹਾਸਕ-ਸਿਆਸੀ ਪਰਿਸਥਿਤੀਆਂ ਤੇ ਉਨ੍ਹਾਂ ਦੇ ਸਾਹਿਤਕ ਸਭਿਆਚਾਰ ਦੇ ਪ੍ਰਸੰਗ ਵਿੱਚ ਸਮਝ ਕੇ
ਹੀ ਇਸ ਦਾ ਸਹੀ ਮੁਲੰਕਣ ਕੀਤਾ ਜਾ ਸਕਦਾ ਹੈ ਤੇ ਇਸੇ ਉਮੀਦ ਨਾਲ ਅਸੀਂ ਇਹ ਸੰਗ੍ਰਹਿ
ਪਾਠਕਾਂ, ਖੋਜੀਆਂ, ਵਿਦਵਾਨ ਸਮੀਖਿਆਕਾਰਾਂ ਨੂੰ ਸੌਂਪਦੇ ਹਾਂ ਕਿ ਉਹ ਇਸ ਕਵਿਤਾ ਦਾ ਵੱਖ
ਵੱਖ ਪੱਖਾਂ ਤੋਂ ਵਧੇਰੇ ਡੂੰਘਾ, ਅਧਿਐਨ-ਵਿਸ਼ਲੇਸ਼ਣ ਕਰਨਗੇ।
**** |