Welcome to WatanPunjabi.ca
ਲੇਖ / ਵਿਕੀਪੀਡੀਆ ਇਨਕਲਾਬ ਬਨਾਮ ਪੰਜਾਬੀ ਵਿਕੀਪੀਡੀਆ
 

- ਸੁਖਵੰਤ ਹੁੰਦਲ

ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ
 

- ਸੁਖਵੰਤ ਹੁੰਦਲ

ਕਵਿਤਾ / ਨਾਸਤਕ ਹੋਣ ਤੋਂ ਬਾਅਦ
 

- ਸਾਧੂ ਬਿਨਿੰਗ

ਲੇਖ / ਕਲਪਨਾ ਕਰੋ ਕਿ ਕੋਈ ਧਰਮ ਨਹੀਂ
 

- ਫਿੱਲ ਜ਼ੁਕਰਮੈਨ

ਨਸੀਬ ਕੌਰ ਉਦਾਸੀ ਨਾਲ ਮੁਲਾਕਾਤ
 

- ਅਜਮੇਰ ਸਿੱਧੂ

ਲੇਖ / ਚਿਤਵਿਉ ਅਰਦਾਸ ਕਵੀਸਰ
 

- ਸੁਖਦੇਵ ਸਿੱਧੂ

ਡਾਕੂਮੈਂਟਰੀ ਰਿਵੀਊ / ਹਵਾ ਵਿੱਚ ਮੋਮਬੱਤੀਆਂ
 

- ਅਮਲੋਕ ਸਿੰਘ

ਨਾਵਲ / ਨਰਕਕੁੰਡ ‘ਚ ਵਾਸਾ
 

- ਜਗਦੀਸ਼ ਚੰਦਰ

ਨਾਵਲ / ਮਲੂਕਾ
 

- ਸਾਧੂ ਸਿੰਘ ਧਾਮੀ

 


ਸੰਤ ਰਾਮ ਉਦਾਸੀ ਕਿਰਤੀ ਲੋਕਾਂ ਦਾ ਸ਼ਾਇਰ ਸੀ
ਬੀਬੀ ਨਸੀਬ ਕੌਰ ਨਾਲ ਮੁਲਕਾਤ
ਮੁਲਾਕਤੀ: ਅਜਮੇਰ ਸਿੱਧੂ
 


 

ਸਵਾਲ : ਸਭ ਤੋਂ ਪਹਿਲਾਂ ਉਦਾਸੀ ਜੀ ਦੇ ਜਨਮ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਦੱਸੋ?
ਨਸੀਬ ਕੌਰ : ਸੰਤ ਰਾਮ ਉਦਾਸੀ ਜੀ ਦਾ ਜਨਮ ਇਸੇ ਪਿੰਡ ਰਾਏਸਰ ਵਿਖੇ 20 ਅਪ੍ਰੈਲ 1939 ਨੂੰ ਹੋਇਆ ਸੀ। ਮੇਰੀ ਸੱਸ ਦਾ ਨਾਂ ਧੰਨ ਕੌਰ ਸੀ ਤੇ ਸਹੁਰੇ ਦਾ ਨਾਂ ਮੇਹਰ ਸਿੰਘ। ਮੇਰੇ ਸੱਸ-ਸਹੁਰੇ ਦੇ ਪੰਜ ਮੁੰਡੇ ਗੁਰਦਾਸ ਸਿੰਘ ਘਾਰੂ, ਭੂਰਾ ਸਿੰਘ (ਮਰਹੂਮ), ਪ੍ਰਕਾਸ਼ ਸਿੰਘ, ਸੰਤ ਰਾਮ ਤੇ ਗੁਰਦੇਵ ਕੋਇਲ ਸਨ। ਕਾਕੀ, ਹਰਬੰਸ ਤੇ ਸੁਖਦੇਵ ਤਿੰਨ ਧੀਆਂ ਸਨ।


ਸਵਾਲ: ਅਪਣੇ ਵਿਆਹ ਬਾਰੇ ਵੀ ਦੱਸ ਦਿਓ?
ਨਸੀਬ ਕੌਰ : ਮੇਰਾ ਪੇਕਾ ਪਿੰਡ ਜ਼ਿਲ੍ਹਾ ਫ਼ਰੀਦਕੋਟ ਵਿਚ ਬਾਘਾ ਪੁਰਾਣਾ ਦੇ ਨੇੜੇ ਉਗੋਕੀ ਹੈ। ਮੇਰੇ ਪਿਤਾ ਮੱਘਰ ਸਿੰਘ ਤੇ ਮਾਤਾ ਦਾ ਨਾਂ ਨਿਹਾਲ ਕੌਰ ਸੀ। ਮੇਰੇ ਪਿੰਡ ਵਾਲੇ ਸਰਪੰਚ ਦੀ ਭੈਣ ਇਧਰ ਵਿਆਹੀ ਹੋਈ ਸੀ। ਮੇਰਾ ਜੇਠ ਪ੍ਰਕਾਸ਼ ਸਰਪੰਚ ਦੀ ਭੈਣ ਦੇ ਘਰ ਆਉਂਦਾ ਜਾਂਦਾ ਸੀ। ਸਰਪੰਚ ਦੀ ਭੈਣ ਨੇ ਮੇਰੇ ਬਾਰੇ ਦੱਸ ਪਾਈ ਸੀ। ਫਿਰ ਉਨ੍ਹਾਂ ਭੈਣ-ਭਰਾ ਨੇ ਹੀ ਸਾਡਾ ਰਿਸ਼ਤਾ ਕਰਵਾ ਦਿੱਤਾ ਸੀ। ਮੈਂ ਕੋਰੀ ਅਨਪੜ੍ਹ ਸੀ ਜਦਕਿ ਉਦਾਸੀ ਸਾਹਿਬ ਉਦੋਂ ਪ੍ਰਾਇਮਰੀ ਸਕੂਲ ਵਿਚ ਮਾਸਟਰ ਲੱਗੇ ਹੋਏ ਸਨ। ਮੈਨੂੰ ਪੱਕਾ ਤਾਂ ਯਾਦ ਨਹੀਂ ਸ਼ਾਇਦ 1961 ਵਿਚ ਸਾਡਾ ਵਿਆਹ ਹੋਇਆ ਸੀ। ਸਾਡੇ ਘਰ ਇਕਬਾਲ ਸਿੰਘ ਬੱਲੀ (ਮਰਹੂਮ), ਇਕਬਾਲ ਕੌਰ, ਪ੍ਰਿਤਪਾਲ ਕੌਰ, ਕੀਰਤਨ ਕੌਰ ਤੇ ਮੋਹਕਮ ਸਿੰਘ ਪੰਜ ਬੱਚਿਆਂ ਨੇ ਜਨਮ ਲਿਆ।



ਸਵਾਲ: ਵਿਆਹੀਆਂ ਆਈਆਂ ਲੜਕੀਆਂ ਨੂੰ ਸਹੁਰੇ ਘਰ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਤੁਹਾਨੂੰ ਵੀ ਮੁਸ਼ਕਲਾਂ ਆਈਆਂ?
ਨਸੀਬ ਕੌਰ : ਮੈਂ ਇਥੇ ਰਾਏਸਰ ਵਿਆਹੀ ਆਈ। ਇਕ ਤੇ ਮੇਰਾ ਪੇਕਾ ਪਿੰਡ ਬਹੁਤ ਦੂਰ ਸੀ। ਨੇੜੇ ਕੋਈ ਰਿਸ਼ਤੇਦਾਰੀ ਵੀ ਨਹੀਂ ਸੀ। ਮੈਂ ਇਕੱਲੀ ਮਹਿਸੂਸ ਕਰਦੀ ਸੀ। ਦੂਜੀ ਮੇਰੀ ਉਮਰ ਬਹੁਤ ਛੋਟੀ ਸੀ। ਸਾਡਾ ਦੋਵਾਂ ਦਾ ਛੇ ਸਾਲ ਦਾ ਉਮਰ ਵਿਚ ਫ਼ਰਕ ਸੀ। ਮੈਂ ਅਨਪੜ੍ਹ ਹੋਣ ਕਰ ਕੇ ਅਪਣੇ-ਆਪ ਨੂੰ ਨੀਵੀਂ-ਨੀਵੀਂ ਸਮਝਦੀ ਸੀ। ਪਰ ਉਸ ਮਰਦ ਨੇ ਕਦੇ ਮੈਨੂੰ ਇਹ ਗੱਲ ਜਚਾਈ ਨਹੀਂ ਕਿ ਮੈਂ ਅਨਪੜ੍ਹ ਹਾਂ। ਸਗੋਂ ਮੇਰੀ ਮਦਦ ਕੀਤੀ। ਹਰ ਵੇਲੇ ਮੈਨੂੰ ਹੌਸਲਾ ਦੇਈ ਜਾਣਾ। ਉਦਾਸੀ ਸਾਹਿਬ ਸਕੂਲ ਤੋਂ ਆ ਕੇ ਅਪਣਾ ਸਾਈਕਲ ਪਿਛਲੇ ਕਮਰੇ ਵਿਚ ਖੜ੍ਹਾ ਕਰਦੇ ਸਨ। ਕਮਰੇ ਦੀ ਦੇਹਲੀ ਉਚੀ ਸੀ। ਮੇਰੀ ਸੱਸ ਕਹਿਣ ਲੱਗੀ, ‘ਸੁਣ ਨੀਂ ਵਹੁਟੀਏ। ਮੁੰਡਾ ਸਾਰਾ ਦਿਨ ਸਕੂਲ ਵਿਚ ਸਿਰ ਖਪਾਉਂਦਾ। ਇਹਦਾ ਸਾਈਕਲ ਬਾਹਰ ਕੱਢਿਆ ਕਰ।‘‘ ਮੈਂ ਸੱਸ ਦਾ ਹੁਕਮ ਮੰਨਿਆ। ਮੈਂ ਬਹੁਤ ਔਖੀ ਹੋ ਕੇ ਸਾਈਕਲ ਕੱਢਦੀ ਸੀ। ਮੈਨੂੰ ਔਖੀ ਹੁੰਦੀ ਨੂੰ ਦੇਖ ਕੇ ਕਹਿਣ ਲੱਗੇ, ‘‘ਮੈਂ ਮਾਂ ਜੀ ਤੋਂ ਅੱਖ ਬਚਾ ਕੇ ਬਰਾਂਡੇ ਵਿਚ ਕੱਢ ਦਿਆਂ ਕਰਾਂਗਾ। ਤੂੁੰ ਬਾਹਰ ਖੜ੍ਹਾ ਕਰ ਦਿਆ ਕਰੀਂ। ਮਾਂ ਨੂੰ ਵੀ ਖ਼ੁਸ਼ ਰੱਖਣਾ ਹੋਇਆ।‘‘ ਮੇਰੇ ਪੇਕੀ ਤਾਂ ਚੁੱਲ੍ਹੇ ‘ਤੇ ਅੱਗ ਬਲਦੀ ਸੀ। ਉਦਾਸੀ ਨੇ ਮਾਸਟਰ ਲੱਗ ਕੇ ਸਟੋਵ ਲੈ ਲਿਆ ਸੀ। ਕਹਿੰਦਾ, ‘‘ਐਵੇਂ ਜੱਟਾਂ ਦੇ ਖੇਤਾਂ ਵਿਚ ਖੋਰੀ ਲੈਣ ਤੁਰੇ ਰਵ੍ਹੋ ਜਾਂ ਬਾਲਣ ਦੀ ਖ਼ਾਤਰ ਉਨ੍ਹਾਂ ਦੀਆਂ ਗੱਲਾਂ ਸੁਣੋ।‘‘ ਬੇਟੇ, ਮੈਨੂੰ ਸਟੋਵ ਚਲਾਉਣਾ ਨਾ ਆਵੇ। ਪਰ ਮੈਂ ਦੱਸਾਂ ਵੀ ਨਾ। ਕਹਿੰਦੇ, ‘‘ਸੜ ਜਾਏਂਗੀ। ਤੇਰੇ ਘਰਦਿਆਂ ਨੇ ਕਹਿਣਾ ਦਾਜ ਘੱਟ ਲਿਆਉਣ ‘ਤੇ ਮਾਰ ਦਿੱਤੀ ਉਦਾਸੀ ਨੇ।‘‘ ਉਨ੍ਹਾਂ ਫਿਰ ਮੈਨੂੰ ਸਟੋਵ ਚਲਾਉਣਾ ਸਿਖਾਇਆ। ਮੈਨੂੰ ਕੱਪੜੇ ਪ੍ਰੈਸ ਕਰਨੇ ਵੀ ਉਨ੍ਹਾਂ ਹੀ ਸਿਖਾਏ। ਮੇਰੀ ਸੱਸ ਬਹੁਤ ਹੋਰੇ ਤਰ੍ਹਾਂ ਦੀ ਜ਼ਨਾਨੀ ਸੀ। ਉਹ ਮੇਰੇ ‘ਤੇ ਹਕੂਮਤ ਕਰਦੀ। ਮੈਨੂੰ ਹਦਾਇਤਾਂ ਦਿੰਦੀ ਰਹਿੰਦੀ। ਕਈ ਵਾਰ ਮੈਂ ਉਹਦਾ ਕੰਮ ਕਰਦੀ, ਕਈ ਵਾਰ ਨਹੀਂ ਵੀ। ਉਦਾਸੀ ਨੇ ਕਹਿਣਾ, ‘‘ਮਾਂ ਜੀ ਦਾ ਕਹਿਣਾ ਮੰਨਣਾ ਈ ਪੈਣਾ। ਤੂੰ ਉਹਦੇ ਸਾਹਮਣੇ ਨਾ ਬਹੁਤਾ ਜਾਇਆ ਕਰ।‘‘ ਜਾਣੀ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਮੇਰੀ ਬਹੁਤ ਮਦਦ ਕੀਤੀ।


ਸਵਾਲ: ਤੁਹਾਨੂੰ ਕਿਸੇ ਗੱਲ ਤੋਂ ਰੋਕਦੇ ਵੀ ਸਨ?
ਨਸੀਬ ਕੌਰ : ਹਾਂ, ਪੰਡਤਾਂ ਨੂੰ, ਸਾਧੂ ਸੰਤਾਂ ਨੂੰ ਪੂਜਣ ਤੋਂ ਰੋਕਦੇ ਸਨ। ਉਹ ਕਹਿੰਦੇ ਸਨ, ‘‘ਇਹ ਵਿਹਲੜ ਵੱਗ ਨੇ। ਸਾਨੂੰ ਮਿਹਨਤਕਸ਼ਾਂ ਨੂੰ ਲੁੱਟਦੇ ਨੇ।‘‘ ਸਾਡੇ ਘਰਾਂ ਦੇ ਤਾਂ ਕਹਿੰਦੇ ਸੀ, ‘ਚੋਲੇ ਨੂੰ ਸਲਾਮ ਕਰੋ।‘ ਪਰ ਇਹ ਪੂਜਾ ਪਾਠਾਂ ਦੇ ਵਿਰੁੱਧ ਸਨ। ਮੈਨੂੰ ਇਕ ਘਟਨਾ ਯਾਦ ਹੈ। ਸਾਡੇ ਘਰਾਂ ਵਿਚ ਬੁੜ੍ਹੀਆਂ ਗੁੱਗੇ ਦੀ ਪੂਜਾ ਕਰਦੀਆਂ ਸਨ। ਬਾਛੜੀਆਂ ਪੂਜਦੀਆਂ ਸਨ। ਗੋਗਲੇ ਕੱਢ ਕੇ ਵੰਡਦੀਆਂ। ਟਾਈਫ਼ਾਈਡ, ਖਸਰੇ ਦੇ ਇਲਾਜ ਹੁੰਦੇ ਨਹੀਂ ਸਨ। ਬੱਚਿਆਂ ਦੀ ਤੰਦਰੁਸਤੀ ਲਈ ਮੜ੍ਹੀਆਂ ਪੂਜਣ ਜਾਂਦੀਆਂ ਸਨ। ਮੇਰੇ ਬੱਚਿਆਂ ਨੂੰ ਵੀ ਖਸਰਾ ਹੋ ਗਿਆ ਸੀ। ਉਨ੍ਹਾਂ ਦੀਆਂ ਅੱਖਾਂ ਨਹੀਂ ਖੁਲ੍ਹਦੀਆਂ ਸਨ। ਸੱਸ ਦੇ ਕਹਿਣ ‘ਤੇ ਮੈਂ ਵੀ ਸੁੱਖ ਸੁੱਖ ਲਈ। ਮੈਂ ਚੰਨਣਵਾਲ ਮੱਥਾ ਟੇਕਣ ਗਈ। ਗੋਗਲੇ ਤੇ ਚੌਲ ਬਣਾ ਕੇ ਲੈ ਗਈ। ਅਜੇ ਮਟੀ ‘ਤੇ ਜਾ ਕੇ ਖੜ੍ਹੀ ਹੀ ਸੀ; ਉਧਰੋਂ ਇਹ ਆ ਗਏ। ਗੁੱਸਾ ਸੱਤ ਅਸਮਾਨੀ ਚੜ੍ਹਿਆ ਹੋਇਆ ਸੀ। ਗੋਗਲੇ ਤੇ ਚੌਲ ਚੁੱਕ ਕੇ ਕੁੱਤਿਆਂ ਨੂੰ ਪਾ ਦਿੱਤੇ। ਘਰ ਬਣਾ ਕੇ ਰੱਖਿਆ ਸਾਮਾਨ ਬੱਚਿਆਂ ਨੂੰ ਖੁਆ ਦਿੱਤਾ।


ਸਵਾਲ: ਉਹ ਗੀਤ ਕਿਵੇਂ ਲਿਖਦੇ ਸਨ?
ਨਸੀਬ ਕੌਰ : ਪੈੱਨ ਤੇ ਡਾਇਰੀ 24 ਘੰਟੇ ਉਨ੍ਹਾਂ ਦੇ ਕੋਲ ਹੁੰਦੀ ਸੀ। ਉਹ ਸਾਈਕਲ ‘ਤੇ ਤੁਰੇ ਹੁੰਦੇ। ਸਾਈਕਲ ਰੋਕ ਕੇ ਖੇਤ ਦੇ ਬੰਨ੍ਹੇ ‘ਤੇ ਬੈਠ ਜਾਂਦੇ। ਡਾਇਰੀ ਕੱਢ ਕੇ ਗੀਤ ਲਿਖ ਲੈਂਦੇ। ਬੱਸ ਵਿਚ ਸਫ਼ਰ ਕਰ ਰਹੇ ਹੁੰਦੇ ਤਾਂ ਟਿਕਟਾਂ ਉਤੇ ਗੀਤ ਲਿਖਣ ਲੱਗ ਪੈਂਦੇ। ਉਨ੍ਹਾਂ ਕੋਲ ਟਿਕਟਾਂ ਜਾਂ ਚਿੱਠੀਆਂ ਹੁੰਦੀਆਂ। ਪਹਿਲਾਂ ਉਨ੍ਹਾਂ ਉਤੇ ਲਿਖਦੇ। ਫਿਰ ਡਾਇਰੀ ‘ਤੇ ਲਿਖਦੇ। ਘਰ ਇਕ ਡਾਇਰੀ ਰੱਖੀ ਹੁੰਦੀ ਸੀ। ਉਸ ‘ਤੇ ਪੱਕਾ ਕਰ ਕੇ ਲਿਖਦੇ। ਉਨ੍ਹਾਂ ਦੀਆਂ ਟਿਕਟਾਂ, ਚਿੱਠੀਆਂ ਮੈਂ ਸਾਂਭ-ਸਾਂਭ ਕੇ ਰਖਦੀ। ਉਨ੍ਹਾਂ ‘ਤੇ ਦੋ-ਚਾਰ ਲਾਈਨਾਂ ਝਰੀਟੀਆਂ ਹੁੰਦੀਆਂ। ਉਹ ਹੱਸ ਕੇ ਕਹਿੰਦੇ, ‘‘ਇਹ ਤਾਂ ਗੀਤ ਮੈਂ ਪੂਰਾ ਕਰ ਕੇ ਡਾਇਰੀ ‘ਤੇ ਲਿਖ ਲਿਆ,‘‘ ਮੈਂ ਅਨਪੜ੍ਹ ਹੋਣ ਕਰ ਕੇ ਡਰਦੀ ਸੀ ਕਿਤੇ ਕੰਮ ਦੀ ਚੀਜ਼ ਸੁੱਟ ਨਾ ਹੋ ਜਾਵੇ। ਜੇ ਮੈਂ ਪੜ੍ਹੀ ਵੀ ਹੁੰਦੀ ਤਾਂ ਵੀ ਸਾਂਭ ਕੇ ਰਖਣੇ ਸਨ। ਕਿਉਂਕਿ ਲੇਖਕਾਂ ਦੀ ਅਪਣੀ ਦੁਨੀਆ ਹੁੰਦੀ ਹੈ। ਉਨ੍ਹਾਂ ਨੂੰ ਅਪਣੀ ਰਚਨਾ ਧੀਆਂ-ਪੁੱਤਾਂ ਨਾਲੋਂ ਵੀ ਪਿਆਰੀ ਹੁੰਦੀ ਹੈ। ਨਾਲੇ ਕੀ ਪਤਾ ਕਿਹੜੀ ਲਾਈਨ ਦੀ ਕਿੰਨੀ ਮਹੱਤਤਾ ਹੈ। ਇਹ ਲੇਖਕ ਨੂੰ ਪਤਾ ਹੁੰਦਾ ਹੈ। ਮੇਰੇ ਵਰਗੀ ਕੰਮ ਕਾਜ ਵਾਲੀ ਜਨਾਨੀ ਤਾਂ ਊਈਂ ਖਪੀ ਰਹਿੰਦੀ ਹੈ। ਉਨ੍ਹਾਂ ਦੀ ਇਕ ਸਿਫ਼ਤ ਸੀ, ਉਹ ਕਿਸੇ ਵੀ ਜਗ੍ਹਾ, ਕਿਸੇ ਵੀ ਹਾਲਤ ਵਿਚ ਲਿਖ ਸਕਦੇ ਸਨ। ਉਨ੍ਹਾਂ ਨੂੰ ਕਿਸੇ ਮੂਡ ਦੀ ਲੋੜ ਨਹੀਂ ਸੀ। ਇਕ ਵਾਰ ਮੈਂ ਸਾਗ ਲੈ ਕੇ ਆਈ। ਗੰਦਲਾਂ ਦੇਖ ਕੇ ਉਨ੍ਹਾਂ ਨੇ ਗੀਤ ਲਿਖ ਦਿੱਤਾ।


ਸਵਾਲ : ਜਦੋਂ ਤੁਹਾਡਾ ਵਿਆਹ ਹੋਇਆ, ਉਸ ਵੇਲੇ ਉਦਾਸੀ ਜੀ ਦਾ ਧਾਰਮਕ ਤੇ ਰਾਜਨੀਤਕ ਜੀਵਨ ਕੀ ਸੀ? ਸਿੱਖ ਧਰਮ ਵਿਚ ਉਹ ਕਿਥੋਂ ਤਕ ਪੱਕੇ ਸਨ?
ਨਸੀਬ ਕੌਰ : ਉਦਾਸੀ ਜੀ ਸਮੇਤ ਮੇਰਾ ਸਹੁਰਾ ਪਰਿਵਾਰ ਨਾਮਧਾਰੀ ਸੰਪਰਦਾ ਦੇ ਪੈਰੋਕਾਰ ਸਨ। ਉਹ ਚਿੱਟੇ ਬਸਤਰ ਪਹਿਨਦੇ ਸਨ। ਸਿਰ ‘ਤੇ ਚਿੱਟੀਆਂ ਪੱਗਾਂ ਹੀ ਬੰਨ੍ਹਦੇ ਸਨ। ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਿਚ ਸਰਗਰਮ ਸਨ। ਅਸੀਂ ਮਜ਼੍ਹਬੀ ਸਿੱਖ ਹਾਂ। ਸਾਡੇ ਬਜ਼ੁਰਗ ਸਤਿਗੁਰੂ ਰਾਮ ਸਿੰਘ ਜੀ ਵਲੋਂ ਚਲਾਈ ਆਜ਼ਾਦੀ ਦੀ ਲਹਿਰ ਦੇ ਹਮਾਇਤੀ ਸਨ। ਸਤਿਗੁਰੂ ਜੀ ਸਮਾਜ ਸੁਧਾਰ ਦੇ ਕੰਮ ਵੀ ਕਰਦੇ ਸਨ। ਜਿਵੇਂ ਇਕ ਰੁਪਏ ਵਿਚ ਲੜਕੀਆਂ ਦਾ ਵਿਆਹ ਕਰਨਾ। ਸਾਡੀਆਂ ਛੋਟੀਆਂ ਜਾਤਾਂ ਨੂੰ ਜਾਤ ਦੇ ਨਾਂ ‘ਤੇ ਜ਼ਲੀਲ ਕੀਤਾ ਜਾਂਦਾ ਹੈ। ਹੋ ਸਕਦਾ ਇਸੇ ਕਾਰਨ ਸਾਡੇ ਬਜ਼ੁਰਗ ਨਾਮਧਾਰੀ ਸੰਪਰਦਾ ਵਿਚ ਗਏ ਹੋਣ। ਪਰ ਉਦਾਸੀ ਜੀ ਨੂੰ ਲਗਦਾ ਸੀ ਕਿ ਉਥੇ ਵੀ ਇਸ ਬਿਮਾਰੀ ਤੋਂ ਛੁਟਕਾਰਾ ਨਹੀਂ ਸੀ। ਉਨ੍ਹਾਂ ਚਿੱਟੇ ਬਸਤਰ ਪਹਿਨਣੇ ਬੰਦ ਕਰ ਦਿੱਤੇ ਸਨ। ਮੇਰੇ ਸਹੁਰੇ ਕਹਿੰਦੇ ਸੀ, ‘‘ਉਦਾਸੀ ਪੈਂਟ ਕਮੀਜ਼ ਨਾ ਪਾਵੇ। ਚਿੱਟੇ ਬਸਤਰ ਹੀ ਪਹਿਨੇ। ਸਿਰ ‘ਤੇ ਪੱਗ ਵੀ ਗੋਲ ਈ ਬੰਨ੍ਹੇ।‘‘ ਇਹ ਨਹੀਂ ਮੰਨੇ। ਮੇਰੇ ਦਿਉਰ-ਜੇਠ ਉਦਾਸੀ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਵਿਰੁੱਧ ਸਨ। ਸੱਸ ਸਹੁਰੇ ਦਾ ਵੀ ਬਹੁਤਾ ਜ਼ੋਰ ਨਾਮਧਾਰੀ ਸੰਸਥਾ ਵੱਲ ਹੀ ਸੀ ਪਰ ਇਹ ਤਾਂ ਨਵੀਂ ਉਠ ਰਹੀ ਨਕਸਲੀ ਲਹਿਰ ਵਿਚ ਦਿਲਚਸਪੀ ਲੈ ਰਹੇ ਸਨ।


ਸਵਾਲ : ਉਦਾਸੀ ਜੀ ਦਾ ਸੀ.ਪੀ.ਆਈ. (ਐਮ.ਐਲ.) ਨਾਲ ਜੁੜਨ ਬਾਰੇ ਕਿਵੇਂ ਪਤਾ ਲੱਗਾ?
ਨਸੀਬ ਕੌਰ : ਦੇਖੋ ਬੇਟਾ ਜੀ, ਸਾਲ ਡੇਢ ਸਾਲ ਤਾਂ ਉਨ੍ਹਾਂ ਮੈਤੋਂ ਲੁਕਾਅ ਰੱਖਿਆ। ਮੈਨੂੰ ਨਹੀਂ ਪਤਾ ਲੱਗØਣ ਦਿੱਤਾ। ਉਹ ਕਿਥੇ ਜਾਂਦੇ ਹਨ? ਉਥੇ ਜਾ ਕੇ ਕੀ ਕਰਦੇ ਹਨ? ਉਹ ਕਈ-ਕਈ ਦਿਨ ਘਰ ਨਾ ਆਉਂਦੇ। ਰਾਤ ਨੂੰ ਬਾਹਰੋਂ ਕੁੰਡਾ ਲਾ ਕੇ ਚਲੇ ਜਾਂਦੇ। ਤੜਕੇ ਬਾਬੇ ਦੇ ਬੋਲਣ ਤੋਂ ਪਹਿਲਾਂ ਘਰ ਆ ਕੇ ਸੌਂ ਜਾਣਾ। ਮੈਂ ਪੁੱਛਣਾ ਤਾਂ ਕਹਿਣਾ, ‘‘ਬੱਸ ਐਵੇਂ ਸ਼ੁਗਲ ਮੇਲਾ ਕਰਨ ਜਾਈਦਾ। ਦੋਸਤ-ਮਿੱਤਰ ਇਕੱਠੇ ਹੋ ਜਾਂਦੇ ਹਨ। ਦੋ-ਚਾਰ ਪੈਗ ਲਾ ਲਈਦੇ ਆ।‘‘ ਉਨ੍ਹਾਂ ਕੋਲੋਂ ਦਾਰੂ ਦਾ ਮੁਸ਼ਕ ਨਹੀਂ ਸੀ ਆਉਂਦਾ ਹੁੰਦਾ। ਫਿਰ ਇਕ ਦਿਨ ਮੈਂ ਮਗਰ ਪੈ ਗਈ। ਨਿਆਣੇ ਛੋਟੇ-ਛੋਟੇ ਸਨ। ਜਦੋਂ ਤੁਰਨ ਲੱਗੇ, ਮੈਂ ਵੀ ਨਾਲ ਤੁਰ ਪਈ। ਬੈਠ ਗਏ ਤੇ ਮੈਨੂੰ ਸਮਝਾਉਣ ਲੱਗੇ। 3-4 ਦਿਨ ਸਮਝਾਉਂਦੇ ਰਹੇ। ਮੈਂ ਅੜੀ ਰਹੀ ਕਿ ਦੱਸੋ ਜ਼ਰੂਰ ਮੈਂ ਤੁਹਾਡੇ ਰਾਹ ਦਾ ਰੋੜਾ ਨਹੀਂ ਬਣਾਂਗੀ। ਤੁਸੀਂ ਸੱਚੀ-ਸੱਚੀ ਗੱਲ ਦੱਸ ਦੇਵੋ। ਫਿਰ ਗੱਲ ਗੁਪਤ ਰੱਖਣ ਦਾ ਵਾਅਦਾ ਲੈ ਕੇ ਮੈਨੂੰ ਦੱਸਿਆ ਕਿ ਉਹ ਨਵੀਂ ਨਕਸਲੀ ਪਾਰਟੀ ਵਿਚ ਰਲ ਗਏ ਹਨ। ਭੋਤਨਿਆਂ ਦੀ ਮੋਟਰ ‘ਤੇ ਮੀਟਿੰਗ ਹੁੰਦੀ ਹੈ। ਉਹ ਉਥੇ ਜਾਂਦਾ ਹੈ।


ਸਵਾਲ: ਉਦਾਸੀ ਦੀ ਨਜ਼ਰ ਵਿਚ ਨਕਸਲਵਾੜੀ ਦੀ ਲਹਿਰ ਕੀ ਸੀ?
ਨਸੀਬ ਕੌਰ : ਉਹ ਦੱਸਦੇ ਰਹਿੰਦੇ, ‘‘ਵੱਡੇ-ਵੱਡੇ ਸਰਦਾਰ ਗ਼ਰੀਬਾਂ ਦਾ ਖ਼ੂਨ ਚੂਸਦੇ ਹਨ। ਉਨ੍ਹਾਂ ਤੋਂ ਸਾਰਾ ਦਿਨ ਮਜ਼ਦੂਰੀ ਕਰਵਾਉਂਦੇ ਹਨ। ਮਿਹਨਤ ਦਿੰਦੇ ਨਹੀਂ। ਗ਼ਰੀਬਾਂ ਦੀਆਂ ਧੀਆਂ-ਭੈਣਾਂ ‘ਤੇ ਮੈਲ਼ੀ ਨਜ਼ਰ ਰੱਖਦੇ ਹਨ। ਖੇਤਾਂ ਵਿਚ ਉਨ੍ਹਾਂ ਨਾਲ ਖੇਹ- ਖਰਾਬੀ ਕਰਦੇ ਹਨ। ਸ਼ਾਹੂਕਾਰ ਵੱਧ ਵਿਆਜ਼ ‘ਤੇ ਕਰਜ਼ਾ ਦਿੰਦੇ ਹਨ। ਥਾਣੇ ਕਚਹਿਰੀਆਂ ਦੇ ਅਫ਼ਸਰ ਵੀ ਗ਼ਰੀਬਾਂ ਨੂੰ ਦਬਾਉਣ ਦਾ ਕੰਮ ਕਰਦੇ ਹਨ। ਸਾਡੀ ਪਾਰਟੀ ਨੇ ਵੱਡੇ-ਵੱਡੇ ਸਰਦਾਰ (ਮਾਲਵੇ ਵਿਚ ਜਾਗੀਰਦਾਰਾਂ ਨੂੰ ਸਰਦਾਰ ਕਹਿੰਦੇ ਹਨ), ਸ਼ਾਹੂਕਾਰ, ਲੋਕਾਂ ਦਾ ਖ਼ੂਨ ਚੂਸਣ ਵਾਲੇ, ਵੱਡੇ-ਵੱਡੇ ਅਫ਼ਸਰ ਅਤੇ ਕਰੋੜਪਤੀ ਸੋਧਣੇ ਹਨ, ਜਿਨ੍ਹਾਂ ਕਰ ਕੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਸਾਡੀ ਪਾਰਟੀ ਨੇ ਡਾਕੇ ਨਹੀਂ ਮਾਰਨੇ ਤੇ ਨਾ ਹੀ ਕੋਈ ਬੈਂਕ ਲੁੱਟਣੀ ਹੈ ਪਰ ਪਾਰਟੀ ਚਾਹੁੰਦੀ ਹੈ ਗ਼ਰੀਬ ਬੰਦਾ ਵੀ ਅਣਖ ਨਾਲ ਜੀਵੇ। ਗ਼ਰੀਬ ਸਾਰਾ ਦਿਨ ਜੱਟ ਦੇ ਖੇਤਾਂ ਵਿਚ ਕੰਮ ਕਰਦਾ ਹੈ ਪਰ ਭੁੱਖਾ ਮਰਦਾ ਹੈ। ਆਪ ਵੀ ਜ਼ਲੀਲ ਹੁੰਦਾ ਹੈ ਤੇ ਧੀਆਂ-ਭੈਣਾਂ ਨੂੰ ਵੀ ਜ਼ਲੀਲ ਹੁੰਦੀਆਂ ਦੇਖਦਾ ਹੈ। ਅਸੀਂ ਚਾਹੁੰਦੇ ਹਾਂ ਜੇ ਉਹ ਮਿਹਨਤ-ਮੁਸ਼ੱਕਤ ਕਰਦਾ ਹੈ, ਤਾਂ ਉਹਦੀ ਮਿਹਨਤ ਦਾ ਮੁੱਲ ਮਿਲੇ। ਖਰਾ ਕਾਮਾ ਹੋਣ ਦਾ ਇੱਜ਼ਤ ਮਾਣ ਵੀ ਮਿਲੇ। ਸਾਨੂੰ ਛੋਟੀਆਂ ਜਾਤਾਂ ਵਾਲਿਆਂ ਨੂੰ ਕੋਈ ਇਨਸਾਨ ਨਹੀਂ ਸਮਝਦਾ। ਸਭ ਧਰਮਾਂ ਵਾਲੇ, ਸਭ ਉਪਰਲੀਆਂ ਜਾਤਾਂ ਵਾਲੇ ਨਫ਼ਰਤ ਕਰਦੇ ਹਨ। ਸਾਡੀ ਪਾਰਟੀ ਕਹਿੰਦੀ ਹੈ ਸਭ ਇਨਸਾਨ ਬਰਾਬਰ ਹਨ। ਉਨ੍ਹਾਂ ਨੂੰ ਰਹਿਣ-ਸਹਿਣ, ਖਾਣ ਪੀਣ, ਪੜ੍ਹਨ ਅਤੇ ਨੌਕਰੀਆਂ ਵਿਚ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਸਾਡੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਛੋਟੀਆਂ ਬਰਾਦਰੀਆਂ ਨੂੰ ਰਾਜ ਭਾਗ ਵਿਚ, ਰੁਜ਼ਗਾਰ ਵਿਚ ਬਰਾਬਰ ਦੀ ਹਿੱਸੇਦਾਰੀ ਬਣਾਏਗੀ। ਸਾਡੀ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਵੱਡੇ ਜ਼ਿੰਮੀਦਾਰਾਂ, ਸਰਕਾਰਾਂ ਕੋਲੋਂ ਆਉਣ ਵਾਲੇ ਦਿਨਾਂ ਵਿਚ ਜ਼ਮੀਨਾਂ ਖੋਹ ਲੈਣਗੇ। ਬੇਜ਼ਮੀਨਿਆਂ ਅਤੇ ਛੋਟੀਆਂ ਬਰਾਦਰੀਆਂ ਵਿਚ ਵੰਡ ਦੇਣਗੇ। ਅਸਲ ਵਿਚ ਇਹ ਗ਼ਰੀਬ ਲੋਕਾਂ ਦੀ ਪਾਰਟੀ ਹੈ। ਜੇ ਸਾਰੇ ਗ਼ਰੀਬ ਲੋਕ ਪਾਰਟੀ ਨਾਲ ਤੁਰ ਪੈਣ ਤਾਂ ਤਕੜਿਆਂ ਨੂੰ ਢਾਹ ਲੈਣਗੇ। ਜੇ ਨਾ ਤੁਰੇ ਅਗਲਿਆਂ ਨੇ ਚੱਬ ਕੇ ਖਾ ਜਾਣੇ ਹਨ। ਪਾਰਟੀ ਨੇ ਸਭ ਲੁੱਟੇ-ਪੁੱਟਿਆਂ ਨੂੰ ਨਾਲ ਲੈ ਕੇ ਚਲਣਾ ਹੈ।‘‘


ਸਵਾਲ : ਲਹਿਰ ਵਿਚ ਔਰਤਾਂ ਦੇ ਯੋਗਦਾਨ ਬਾਰੇ ਕੀ ਬੋਲੇ?
ਨਸੀਬ ਕੌਰ : ਕਹਿਣ ਲੱਗੇ, ‘‘ਇਹ ਲਹਿਰ ਔਰਤਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਚਲ ਸਕਦੀ। ਔਰਤ ਤਾਂ ਲਹਿਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਔਰਤਾਂ ਨੇ ਘਰ ਆਏ ਬੰਦਿਆਂ ਦੀ ਚਾਹ-ਰੋਟੀ ਦੀ ਸੇਵਾ ਵੀ ਕਰਨੀ ਹੈ। ਖਾੜਕੂ ਜਥੇ ਦੇ ਮੈਂਬਰਾਂ ਨੂੰ ਅੰਦਰ-ਬਾਹਰ ਰੱਖਣ/ ਕੱਢਣ ਵਿਚ ਵੀ ਮਦਦ ਕਰਨੀ ਹੁੰਦੀ ਹੈ। ਹਥਿਆਰ ਇਧਰ-ਉਧਰ ਲਿਜਾਉਣ ਵਿਚ ਵੀ ਮਦਦ ਕਰਨੀ ਹੈ। ਪਾਰਟੀ ਨੂੰ ਪੜ੍ਹੀਆਂ-ਲਿਖੀਆਂ ਔਰਤਾਂ ਦੀ ਵੀ ਲੋੜ ਹੈ। ਉਨ੍ਹਾਂ ਪਾਰਟੀ ਦੀਆਂ ਮੋਹਰਲੀਆਂ ਸਫ਼ਾਂ ਵਿਚ ਵੀ ਕੰਮ ਕਰਨਾ ਹੈ। ਮੈਨੂੰ ਕਹਿੰਦੇ, ਤੂੰ ਵੀ ਪਾਰਟੀ ਦੀ ਮਦਦ ਕਰ। ਜੇ ਤੂੰ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ ਤਾਂ ਘਰ ਜ਼ਰੂਰ ਸਹਿਯੋਗ ਦੇ। ਪਹਿਲੀ ਗੱਲ ਮੈਨੂੰ ਰੋਕ ਨਾ। ਮੈਨੂੰ ਕੰਮ ਕਰਨ ਦੇ। ਬੱਚਿਆਂ ਦੀ, ਘਰ ਦੀ ਦੇਖਭਾਲ ਕਰ। ਡੋਲੀਂ ਨਾ। ਜਬਰ ਵੀ ਬਹੁਤ ਹੋਏਗਾ। ਕਿਸੇ ਤੋਂ ਭੀਖ ਨਾ ਮੰਗੀ। ਮਾਤਾ ਗੁਜਰੀ ਵਾਂਗ ਅਡੋਲ ਰਹੀਂ। ਕੁਰਬਾਨੀ ਦਿੱਤਿਆਂ ਹੀ ਕੁਝ ਬਣਨੈਂ। ਕੁਰਬਾਨੀ ਲਈ ਤਿਆਰ ਰਹੀਂ। ਨਾਲੇ ਗ਼ਰੀਬ ਕੁਰਬਾਨੀ ਤੋਂ ਬਿਨਾਂ ਹੋਰ ਦੇ ਵੀ ਕੀ ਸਕਦਾ ਹੈ? ਮੇਰੀਆਂ ਬੱਚੀਆਂ ਨੂੰ ਰਾਣੀ ਝਾਂਸੀ ਬਣਾਉਣਾ ਹੈ।


ਸਵਾਲ: ਜੋ ਉਦਾਸੀ ਜੀ ਨਕਸਲਾਈਟਾਂ ਵਲੋਂ ਦਾਅਵਾ ਕਰਦੇ ਸਨ, ਉਹ ਉਨ੍ਹਾਂ ਕੀਤਾ?
ਨਸੀਬ ਕੌਰ : ਹਾਂ, ਕੀਤਾ। ਇਹ ਵੀ ਉਨ੍ਹਾਂ ਦੇ ਨਾਲ ਹੀ ਸਨ। ਮੈਂ ਤਾਂ ਆਪਣੇ ਘਰਵਾਲੇ ਦੀ ਹਮਾਇਤ ਕਰਨ ਲੱਗ ਪਈ। ਹਰ ਤਰ੍ਹਾਂ ਦਾ, ਉਨ੍ਹਾਂ ਦਾ ਤੇ ਸਾਥੀਆਂ ਦਾ ਖ਼ਿਆਲ ਰੱਖਦੀ, ਜਿਵੇਂ ਉਨ੍ਹਾਂ ਦੇ ਕੱਪੜੇ ਧੋਣੇ, ਖਾਣਾ ਖੁਆਉਣਾ ਤੇ ਉਨ੍ਹਾਂ ਦੇ ਆਇਆਂ ‘ਤੇ ਪੁਲੀਸ ਦੀ ਬਿੜਕ ਰੱਖਣੀ। ਬਾਬਾ ਬੂਝਾ ਸਿੰਘ ਵਰਗੇ ਦਰਵੇਸ਼ ਦੇਸ਼ ਭਗਤ ਉਨ੍ਹਾਂ ਕੋਲ ਆਉਂਦੇ। ਹਾਕਮ ਸਮਾਓ, ਦਰਸ਼ਨ ਖਟਕੜ, ਬਲਦੇਵ ਸਿੰਘ ਸੰਘੋਲ..... ਕਿੰਨੇ ਹੀ ਆਗੂ ਸਨ ਜੋ ਉਨ੍ਹਾਂ ਨੂੰ ਮਿਲਦੇ। ਪਿਆਰਾ ਸਿੰਘ ਦੱਧਾਹੂਰ, ਮੁਹੰਮਦ ਸ਼ਰੀਫ਼ ਅਤੇ ਬੇਅੰਤ ਸਿੰਘ ਮੂਮ ਤਾਂ ਉਨ੍ਹਾਂ ਦੇ ਨਾਲ ਹੀ ਹੁੰਦੇ। ਮੈਂ ਤਾਂ ਉਦਾਸੀ ਨਾਲ ਸਹਿਮਤ ਹੋ ਗਈ ਸੀ। ਪਰ ਮੇਰੇ ਦਿਉਰ-ਜੇਠ, ਸੱਸ-ਸਹੁਰਾ ਵਿਰੋਧ ਕਰਨ ਲੱਗੇ। ਉਹ ਨਾਮਧਾਰੀਆਂ ਵੱਲ ਖਿੱਚਣ। ਉਹ ਕਹਿਣ ਰੱਬ ਦਾ ਨਾਂ ਲੈਣਾ ਚਾਹੀਦਾ ਹੈ। ਧਰਮ ਨਾਲੋਂ ਵੱਡਾ ਕੋਈ ਨਹੀਂ ਹੈ ਪਰ ਉਦਾਸੀ ਜੀ ਕਹਿਣ, ‘‘ਇਨਕਲਾਬ ਦੀ ਲੜਾਈ ਹੀ ਅਸਲ ਵਿਚ ਧਰਮ ਦਾ ਕੰਮ ਹੈ। ਬਾਕੀ ਧਰਮ-ਕਰਮ ਤਾਂ ਸਭ ਝੂਠ ਹਨ। ਦਿਖਾਵੇ ਹਨ।‘‘ ਉਹ ਕਹਿਣ, ‘‘ਸਰਕਾਰ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਪਰ ਨਕਸਲੀਆਂ ਦੀ ਤਾਂ ਸ਼ੁਰੂਆਤ ਹੀ ਸਰਕਾਰ ਦੇ ਵਿਰੋਧ ਨਾਲ ਹੋਈ। ਜਿਵੇਂ ਸਾਡੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਕਿਲਾ ਹਕੀਮਾਂ ਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੀਖੀ ਸਮਾਓ ਵਿਖੇ ਵੱਡੇ ਸਰਦਾਰਾਂ ਦੀਆਂ ਜ਼ਮੀਨਾਂ ਉਤੇ ਕਬਜ਼ੇ ਕਰ ਲਏ ਅਤੇ ਸਾਡੇ ਵਰਗੇ ਗ਼ਰੀਬ ਤੇ ਛੋਟੀਆਂ ਜਾਤਾਂ ਵਾਲਿਆਂ ਵਿਚ ਵੰਡ ਦਿੱਤੇ। ਸਰਕਾਰਾਂ ਤੋਂ ਇਹ ਸਹਾਰ ਨਹੀਂ ਹੋਇਆ ਕਿ ਉਨ੍ਹਾਂ ਦੇ ਕੰਮੀ-ਕਮੀਣ ਜ਼ਮੀਨ ਦੇ ਮਾਲਕ ਬਣ ਜਾਣ। ਸਰਕਾਰ ਉਨ੍ਹਾਂ ਦੀ ਸੀ। ਪੁਲੀਸ ਉਨ੍ਹਾਂ ਦੀ ਸੀ। ਮੁੜ ਜ਼ਮੀਨਾਂ ਖੋਹ ਲਈਆਂ। ਮੁੰਡਿਆਂ ਨੂੰ ਕੁੱਟ-ਕੁੱਟ ਕੇ ਪਾਗਲ ਕਰ ਦਿੱਤਾ। ਦਿਨ-ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤੇ। ਜਿਹੜੇ ਸ਼ਾਹੂਕਾਰ ਸਾਡੇ ਗ਼ਰੀਬਾਂ ਤੋਂ ਸੂਦ ਲੈਂਦੇ ਸਨ, ਉਹ ਮੁੰਡਿਆਂ ਨੇ ਸੋਧੇ। ਜਿਹੜੇ ਪੁਲੀਸ ਅਫ਼ਸਰ ਵੱਡਿਆਂ ਦੀ ਰਾਖੀ ਕਰਦੇ ਸਨ। ਸਾਡੇ ਕਿਰਤੀ ਮਜ਼ਦੂਰਾਂ ਦੇ ਮੁੰਡੇ ਮਾਰਦੇ ਸਨ, ਤਸੀਹਾ ਕੇਂਦਰਾਂ ਵਿਚ ਉਨ੍ਹਾਂ ‘ਤੇ ਜ਼ੁਲਮ ਢਾਹੁੰਦੇ ਸਨ, ਉਨ੍ਹਾਂ ਨੂੰ ਵੀ ਮਾਰਿਆ। ਬਾਕੀ ਜੇ ਉਹ ਕਾਮਯਾਬ ਹੋ ਜਾਂਦੇ, ਉਨ੍ਹਾਂ ਦੇ ਦਾਅਵੇ ਸੱਚ ਹੋਣੇ ਸਨ।


ਸਵਾਲ : ਉਦਾਸੀ ਨੇ ਪੁਲੀਸ ਦਾ ਕਿੰਨਾ ਕੁ ਜਬਰ ਸਹਿਆ? ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਤੇ ਜੇਲ੍ਹ ਯਾਤਰਾ ਬਾਰੇ ਦੱਸੋ।
ਨਸੀਬ ਕੌਰ : ਉਹ ਸੰਗਰੂਰ, ਨਾਭਾ, ਪਟਿਆਲਾ ਜੇਲ੍ਹਾਂ ਵਿਚ ਰਹੇ। ਖਨੌਰੀ, ਸ਼ਹਿਣਾ ... ਪਤਾ ਨਹੀਂ ਕਿੰਨੇ ਥਾਣਿਆਂ ਵਿਚ ਤਸ਼ੱਦਦ ਸਹਿਆ। ਥਾਣਿਆਂ ਵਾਲੇ ਤਾਂ ਜਦੋਂ ਚਿੱਤ ਕਰਦਾ ਸੀ, ਉਦਾਸੀ ਜੀ ਨੂੰ ਲੈ ਜਾਂਦੇ ਸਨ। ਮੇਰੇ ਮੁੰਡੇ ਬੱਲੀ, ਮੇਰੇ ਭਰਾਵਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਸੰਤ ਰਾਮ ‘ਤੇ ਸਭ ਤੋਂ ਵੱਧ ਜ਼ੁਲਮ ਲੱਧਾ ਕੋਠੀ ਦੇ ਤਸ਼ੱਦਦ ਕੇਂਦਰ ਵਿਚ ਹੋਇਆ। ਮੇਰੀ ਸੱਸ ਲੱਧਾ ਕੋਠੀ ਗਈ ਸੀ। ਉਹਤੋਂ ਆਪਣਾ ਪੁੱਤ ਪਛਾਣ ਨਹੀਂ ਸੀ ਹੋਇਆ। ਕੁੱਟ-ਕੁੱਟ ਕੇ ਬੇਪਛਾਣ ਕੀਤਾ ਹੋਇਆ ਸੀ। ਉਦਾਸੀ ਆਪ ਦਸਦਾ ਹੁੰਦਾ ਸੀ, ਸਿਰ ਪਾਣੀ ਵਾਲੇ ਟੱਬ ਵਿਚ ਡੋਬ ਕੇ ਪਾਣੀ ਵਿਚ ਕਰੰਟ ਛੱਡ ਦੇਣਾ। ਕੇਸਾਂ ਨਾਲ ਬੰਨ੍ਹ ਕੇ ਪੁੱਠਾ ਲਟਕਾ ਦੇਣਾ। ਸਾਰੀ-ਸਾਰੀ ਰਾਤ ਸੌਣ ਨਾ ਦੇਣਾ। 1000 ਵਾਟ ਦਾ ਬਲੱਬ ਅੱਖਾਂ ਅੱਗੇ ਜਗਾਈ ਰੱਖਣਾ। ਜਾਗਾ ਕਟਾਉਂਦੇ ਸਨ। ਬੇਟਾ ਜੀ, ਬਥੇਰਾ ਜ਼ਬਰ ਢਾਹਿਆ, ਤੁਹਾਡੇ ਅੰਕਲ ‘ਤੇ। ਦਸਦੀ ਆਂ ਤਾਂ ਅੰਦਰੋਂ ਲਾਟ ਨਿਕਲਦੀ ਆ। ਜਦੋਂ ਉਥੋਂ ਰਿਹਾਅ ਕਰਵਾਇਆ, ਡੇਢ ਮਹੀਨਾ ਮੰਜੇ ਤੋਂ ਉਠ ਕੇ ਨਹੀਂ ਦੇਖਿਆ। ਸਿਰ ਵਿਚ ਡੰਡੇ ਮਾਰ-ਮਾਰ ਕੇ ਪਾਗ਼ਲ ਕਰ ਦਿੱਤਾ ਸੀ। ਅੱਖਾਂ ਦੀ ਨਿਗ੍ਹਾ ਜਾਂਦੀ ਲੱਗੀ ਸੀ।


ਸਵਾਲ: ਕੋਈ ਮਦਦ ਨੂੰ ਨਹੀਂ ਬਹੁੜਿਆ?
ਨਸੀਬ ਕੌਰ : ਬੇਟਾ ਜੀ, ਦਿਨ ਮਾੜੇ ਸਨ ਪਰ ਬੰਦੇ ਭਲੇ ਹੁੰਦੇ ਸਨ। ਇਨ੍ਹਾਂ ਦੇ ਕਾਮਰੇਡ ਦੋਸਤ ਆਉਂਦੇ। ਘਿਓ ਦੇ ਕੇ ਗਏ। ਮੀਟ ਲਿਆ ਕੇ ਦਿੰਦੇ। ਖਰੌੜੇ ਖੁਆਉਂਦੇ ਰਹੇ। ਜਦੋਂ ਇਹ ਲੱਧਾ ਕੋਠੀ ਤੋਂ ਆਏ, ਸਾਰੇ ਸਰੀਰ ‘ਤੇ ਧੱਬੇ ਪਏ ਹੋਏ ਸਨ। ਹਿੱਲਿਆ ਨਹੀਂ ਸੀ ਜਾਂਦਾ। ਅੰਦਰ-ਬਾਹਰ ਲਿਜਾਣ ਲਈ ਦੋ ਬੰਦਿਆਂ ਦੀ ਲੋੜ ਪੈਂਦੀ ਸੀ। ਕੋਈ ਨਾ ਕੋਈ ਮਦਦ ‘ਤੇ ਆਇਆ ਹੀ ਰਹਿੰਦਾ। ਜਦੋਂ ਹਵਾ ਚੱਲਦੀ ਸੀ ਤਾਂ ਉਨ੍ਹਾਂ ਦੇ ਬਹੁਤ ਦਰਦ ਹੁੰਦਾ ਸੀ। ਠੰਢ ਦੇ ਦਿਨਾਂ ਵਿਚ ਤਾਂ ਅਸਹਿ ਦਰਦ ਹੁੰਦਾ ਸੀ। ਮਾੜੇ ਜਿਹੇ ਤੁਰਨ-ਫਿਰਨ ਜੋਗੇ ਹੋਏ ਤਾਂ ਘਰੋਂ ਪਾਸੇ ਹੋ ਗਏ। ਅਸੀਂ ਰੋਕਿਆ ਵੀ। ਪਰ ਉਹ ਮੰਨੇ ਨਹੀਂ। ਕਹਿੰਦੇ ਪੁਲੀਸ ਨੇ ਮੈਨੂੰ ਮਾਰ ਦੇਣਾ ਹੈ। ਮੈਨੂੰ ਲੱਗਿਆ-ਪਾਰਟੀ ਕੰਮਾਂ ਵਿਚ ਫਿਰ ਤੁਰ ਪਏ ਸਨ।


ਸਵਾਲ: ਅਜਿਹੀ ਹਾਲਤ ਵਿਚ ਪਰਿਵਾਰ ‘ਤੇ ਕੀ ਬੀਤੀ?
ਨਸੀਬ ਕੌਰ : ਉਹ ਘਰ ਤੋਂ ਦੋ ਸਾਲ ਭਗੌੜੇ ਰਹੇ। ਪਤਾ ਨਹੀਂ ਕਿਥੇ ਲੁਕ-ਛਿਪ ਕੇ ਰਹੇ। ਜਦੋਂ ਮੂੰਮਾਂ ਵਾਲੇ ਬੇਅੰਤ ਨੂੰ ਝੂਠੇ ਪੁਲੀਸ ਮੁਕਾਬਲੇ ਵਿਚ ਮਾਰਿਆ, ਅਸਲ ਵਿਚ ਉਦੋਂ ਉਦਾਸੀ ਨੂੰ ਮਾਰਨਾ ਚਾਹੁੰਦੇ ਸਨ। ਇਹ ਹੱਥ ਨਾ ਆਏ। ਉਹ ਵਿਚਾਰਾ ਅੜਿੱਕੇ ਆ ਗਿਆ। ਪਾਰ ਬੁਲਾ ਦਿੱਤਾ। ਇਹ ਤਾਂ ਰੂਪੋਸ਼ ਹੋ ਗਏ। ਪਤਾ ਨਹੀਂ ਪੰਜਾਬ ਤੋਂ ਬਾਹਰ ਚਲੇ ਗਏ ਹੋਣ। ਪਿੱਛੇ ਮੇਰਾ ਤੇ ਬੱਚਿਆਂ ਦਾ ਬੁਰਾ ਹਾਲ ਸੀ। ਇਹ ਅਪਣੇ ਵੱਡੇ ਭਾਈ ਗੁਰਦਾਸ ਕੋਲ ਗਏ। ਉਨ੍ਹਾਂ ਦਾ ਮਿੰਨਤ ਤਰਲਾ ਕੀਤਾ, ‘‘ਭਾਈ ਮੇਰਾ ਪਰਿਵਾਰ ਸਾਂਭ ਲਓ। ਮੈਂ ਪਾਸੇ ਹੋ ਜਾਨਾਂ।‘‘ ਉਹ ਨਹੀਂ ਮੰਨੇ। ਉਹ ਕੀ ਕਰਦੇ? ਪੁਲੀਸ ਦੀ ਦਹਿਸ਼ਤ ਬੜੀ ਸੀ। ਫਿਰ ਮੇਰੇ ਭਰਾਵਾਂ ਸੁਰਜੀਤ ਤੇ ਹਰਨੇਕ ਨਾਲ ਉਦਾਸੀ ਨੇ ਗੱਲ ਕੀਤੀ। ਭਰਾ ਬੋਲੇ, ‘‘ਭਾਈ ਸਾਡੀ ਤਾਂ ਭੈਣ ਆ, ਉਹਦੇ ਅਗਾਂਹ ਬੱਚੇ ਹਨ। ਅਸੀਂ ਇਨ੍ਹਾਂ ਨੂੰ ਕਿਥੇ ਧੱਕਾ ਦੇ ਦੇਈਏ? ਤੂੰ ਲੁਕ-ਛਿਪ ਕੇ ਅਪਣੀ ਜਾਨ ਬਚਾਅ ਲੈ। ਅਪਣੀ ਭੈਣ ਤੇ ਤੇਰੇ ਜੁਆਕਾਂ ਨੂੰ ਸਾਂਭ ਲਵਾਂਗੇ।‘ ਫਿਰ ਮੈਂ ਬੱਚਿਆਂ ਨੂੰ ਲੈ ਕੇ ਦੋ ਸਾਲ ਉਗੋਕੀ ਅਪਣੇ ਪੇਕੇ ਘਰ ਰਹੀ। ਬੇਟਾ, ਇਕੱਲੀ ਕਹਿਰੀ ਔਰਤ ਲਈ ਬੱਚੇ ਪਾਲਣੇ ਤੇ ਪੜ੍ਹਾਉਣੇ ਬਹੁਤ ਔਖੇ ਹਨ। ਇਹ ਤਾਂ ਜੇਕਰ ਮੇਰੇ ਮਾਪੇ ਨਾ ਹੁੰਦੇ ਜਾਂ ਕਾਮਰੇਡ ਨਾ ਮਦਦ ਕਰਦੇ, ਫਿਰ ਪਤਾ ਨਹੀਂ ਸਾਡੇ ਨਾਲ ਕੀ ਬੀਤਣੀ ਸੀ।


ਸਵਾਲ: ਤੁਹਾਡੀ ਬੇਟੀ ਇਕਬਾਲ ਦਸਦੀ ਸੀ, ਤੁਸੀਂ ਉਗੋਕੀ ਬੜੇ ਮਾੜੇ ਦਿਨ ਕੱਟੇ। ਤੁਹਾਡੇ ਤੇ ਬੱਚਿਆਂ ਤੋਂ ਤੁਹਾਡੀਆਂ ਭਰਜਾਈਆਂ ਅੱਕ ਗਈਆਂ ਸਨ। ਲੜਾਈ ਹੋਈ ਸੀ। ਤੁਸੀਂ ਫ਼ੈਸਲਾ ਕੀਤਾ ਕਿ ਪਿੰਡ ਦੇ ਕੋਲ ਨਹਿਰ ਵਿਚ ਛਾਲ ਮਾਰ ਕੇ ਮਰ ਜਾਣਾ ਹੈ ਤੇ ਬੱਚਿਆਂ ਨੂੰ ਮਾਰ ਦੇਣਾ ਹੈ। ਇਕਬਾਲ ਨੇ ਦਸਿਆ ਕਿ ਜਦੋਂ ਸਾਡੀ ਮਾਂ ਸਾਨੂੰ ਨਹਿਰ ਵੱਲ ਲਿਜਾ ਰਹੀ ਸੀ ਤਾਂ ਅਚਾਨਕ ਕੋਈ ਕਾਮਰੇਡ ਆ ਗਿਆ ਸੀ। ਉਹਨੇ ਤੁਹਾਨੂੰ ਸਮਝਾਇਆ ਸੀ ਤੇ ਮੋੜ ਕੇ ਲਿਆਂਦਾ ਸੀ। ਏਹੋ ਜਿਹੀਆਂ ਹੋਰ ਘਟਨਾਵਾਂ ਦੱਸੋ, ਜਿਹੜੀਆਂ ਤੁਹਾਡੇ ਨਾਲ ਉਸ ਵਕਤ ਬੀਤੀਆਂ?
ਨਸੀਬ ਕੌਰ : ਇੱਦਾਂ ਦੀ ਕੋਈ ਘਟਨਾ ਨਹੀਂ ਵਾਪਰੀ। ਉਦੋਂ ਗ਼ਰੀਬੀ ਬਹੁਤ ਸੀ। ਦਿਨ ਕੱਟਣੇ ਤੇ ਕਟਾਉਣੇ ਬਹੁਤ ਔਖੇ ਸਨ। ਫਿਰ ਵੀ ਇੱਦਾਂ ਦੇ ਮਾੜੇ ਸਮੇਂ ਮੇਰੇ ਭਰਾ ਭਰਜਾਈਆਂ ਹੀ ਮੇਰੇ ਨਾਲ ਖੜ੍ਹੇ। ਉਨ੍ਹਾਂ ਇਕ ਵੀ ਦਿਨ ਸਾਡੇ ਨਾਲ ਮਾੜੀ ਨਹੀਂ ਕੀਤੀ। ਉਹਨ੍ਹਾਂ ਸਾਨੂੰ ਪੂਰੇ ਟੱਬਰ ਨੂੰ ਦੋ ਸਾਲ ਰੱਖਿਆ। ਉਹ ਵੀ ਉਦੋਂ ਜਦੋਂ ਪੁਲੀਸ ਦੇ ਭੈਅ ਤੋਂ ਸਭ ਮੁੱਕਰ ਗਏ ਸਨ। ਇਹ ਤਾਂ ਫਿਰ ਜਦੋਂ ਮਾਰ ਧਾੜ ਦਾ ਕੰਮ ਘਟਿਆ। ਪਾਰਟੀ ਵਾਲੇ ਜਨਤਕ ਜਥੇਬੰਦੀਆਂ ਬਣਾ ਕੇ ਕੰਮ ਕਰਨ ਲੱਗੇ, ਉਦੋਂ ਉਦਾਸੀ ਮੁੜ ਪਿੰਡ ਰਾਏਸਰ ਆ ਗਿਆ। ਸਾਨੂੰ ਵੀ ਲੈ ਗਿਆ। ਫਿਰ ਉਹ ਖੁਲ੍ਹੇਆਮ ਸਟੇਜਾਂ ‘ਤੇ ਗਾਉਣ ਲੱਗਾ। ਫਿਰ ਕਈ ਵਾਰ ਕੁੱਟਾਂ ਪਈਆਂ। ਗ੍ਰਿਫ਼ਤਾਰੀਆਂ ਹੋਈਆਂ। ਅੰਮ੍ਰਿਤਸਰ ਵਾਲੇ ਡਾਕਟਰ ਦਲਜੀਤ ਸਿੰਘ ਕੋਲੋਂ ਅੱਖਾਂ ਦਾ ਇਲਾਜ ਕਰਵਾਇਆ। ਸਰੀਰ ਕਾਇਮ ਨਹੀਂ ਸੀ ਰਹਿੰਦਾ। ਪੁਲੀਸ ਦੀ ਕੁੱਟ ਨੇ ਛੱਤੀ ਤਾਂ ਰੋਗ ਲਾ ਦਿੱਤੇ ਸਨ। ਡੇਢ ਸਾਲ ਕਲਕੱਤੇ ਹਰਦੇਵ ਸਿੰਘ ਗਰੇਵਾਲ ਕੋਲ ਰਹੇ। ਉੱਥੇ ਅੱਖਾਂ ਤੇ ਸਰੀਰ ਦਾ ਇਲਾਜ ਕਰਵਾਉਂਦੇ ਰਹੇ। ਪਿਛੇ ਪੁਲੀਸ ਇਨ੍ਹਾਂ ਨੂੰ ਲੱਭਦੀ ਫਿਰਦੀ ਹੁੰਦੀ ਸੀ। ਜੁਆਕਾਂ ਨੂੰ, ਮੈਨੂੰ ਗਾਲ੍ਹਾਂ ਕੱਢ ਕੇ ਜਾਂਦੇ। ਅਸੀਂ ਤਾਂ ਚਾਹੁੰਦੇ ਸੀ ਇਹ ਪਾਸੇ ਰਹਿਣ। ਅਪਣਾ ਇਲਾਜ ਕਰਵਾਉਣ। ਉਦੋਂ ਪਤਾ ਥੋੜ੍ਹਾ ਸੀ, ਕਦੋਂ ਪੁਲੀਸ ਨੇ ਗੋਲੀ ਮਾਰ ਦੇਣੀ ਹੈ। ਇਹ ਡਰ ਤਾਂ 1980 ਤਕ ਲੱਗਿਆ ਰਿਹਾ।


ਸਵਾਲ : ਆਮ ਤੌਰ ‘ਤੇ ਲੇਖਕਾਂ ਦੀਆਂ ਪਤਨੀਆਂ ਸ਼ੱਕੀ ਬਹੁਤ ਹੁੰਦੀਆਂ ਹਨ। ਲੇਖਕਾਂ ਨੂੰ ਬਾਹਰ ਲੇਖਕ ਔਰਤਾਂ ਵੀ ਮਿਲਦੀਆਂ ਹਨ। ਕਾਮਰੇਡਾਂ ਦੀਆਂ ਭੈਣਾਂ-ਪਤਨੀਆਂ ਨਾਲ ਵੀ ਮਿਲਣਾ ਪੈਂਦਾ। ਤੁਹਾਡੀ ਨਜ਼ਰ ਵਿਚ ਉਦਾਸੀ ਦੇ ਪਰਾਈਆਂ ਔਰਤਾਂ ਨਾਲ ਕਿਹੋ ਜਹੇ ਸਬੰਧ ਸਨ?
ਨਸੀਬ ਕੌਰ : ਜਦੋਂ ਉਦਾਸੀ ਸਾਹਿਬ ਅਪਣੇ ਘਰ ਤੋਂ ਬਾਹਰ ਦੀਆਂ ਔਰਤਾਂ ਨਾਲ ਵਿਚਰਦੇ ਸਨ; ਹਰ ਕਿਸਮ ਦਾ ਕੰਟਰੋਲ ਰੱਖਦੇ ਸਨ। ਬਾਬਾ ਬੂਝਾ ਸਿੰਘ ਦੀ ਗੱਲ ਸੁਣਾਉਂਦੇ ਹੁੰਦੇ ਸਨ। ਉਨ੍ਹਾਂ ਨੇ ਸਭ ਕਾਮਰੇਡਾਂ ਨੂੰ ਹਦਾਇਤ ਕੀਤੀ ਹੁੰਦੀ ਸੀ, ‘‘ਜਿਨ੍ਹਾਂ ਘਰਾਂ ਵਿਚ ਜਾਂਦੇ ਹੋ, ਰਹਿੰਦੇ ਹੋ, ਉਨ੍ਹਾਂ ਘਰਾਂ ਦੀਆਂ ਧੀਆਂ-ਭੈਣਾਂ, ਸੁਆਣੀਆਂ ਨੂੰ ਅਪਣੀਆਂ ਧੀਆਂ-ਭੈਣਾਂ, ਮਾਵਾਂ ਸਮਝਣਾ।‘ ਉਦਾਸੀ ਜਿਨ੍ਹਾਂ ਘਰਾਂ ਵਿਚ ਜਾਂਦੇ ਸਨ, ਉਨ੍ਹਾਂ ਘਰਾਂ ਦੀਆਂ ਔਰਤਾਂ ਉਦਾਸੀ ਤੋਂ ਹਿਚਕਚਾਹਟ ਮਹਿਸੂਸ ਨਾ ਕਰਦੀਆਂ। ਘਰ ਵਿਚ ਉਨ੍ਹਾਂ ਦਾ ਬੰਦਾ ਹੋਵੇ ਜਾਂ ਨਾ ਹੋਵੇ, ਇਹ ਉਨ੍ਹਾਂ ਕੋਲ ਚਲੇ ਜਾਂਦੇ। ਖਾ ਪੀ ਕੇ, ਬੈਠ ਕੇ ਆਉਂਦੇ। ਉਨ੍ਹਾਂ ਨਾਲ ਦੁੱਖ-ਸੁੱਖ ਸਾਂਝਾ ਕਰਕੇ ਆਉਂਦੇ। ਕਿਉਂਕਿ ਇਨ੍ਹਾਂ ਅਪਣੀ ਇਸ ਕਿਸਮ ਦੀ ਦਿੱਖ ਬਣਾਈ ਹੋਈ ਸੀ। ਬਹੁਤੇ ਘਰਾਂ ਵਿਚ ਤਾਂ ਇਹ ਬੰਦਿਆਂ ਨਾਲ ਬੈਠ ਕੇ ਸ਼ਰਾਬ ਪੀ ਆਉਂਦੇ। ਆਮ ਤੌਰ ‘ਤੇ ਔਰਤਾਂ ਸ਼ਰਾਬੀਆਂ ਤੋਂ ਡਰਦੀਆਂ ਹੁੰਦੀਆਂ ਹਨ। ਪਰ ਉਦਾਸੀ ਤੋਂ ਔਰਤਾਂ ਨਾ ਡਰਦੀਆਂ। ਦਾਰੂ ਪੀ ਕੇ ਹੋਸ਼ ਵਿਚ ਰਹਿੰਦਾ ਸੀ। ਮਤਲਬ ਅਗਲੀ ਨੂੰ ਧੀ-ਭੈਣ ਸਮਝਦਾ ਸੀ।


ਸਵਾਲ: ਆਮ ਤੌਰ ‘ਤੇ ਲੇਖਕਾਂ ਦਾ ਟਾਈਮ ਪੜ੍ਹਨ-ਲਿਖਣ ਅਤੇ ਬਾਹਰ ਦੇ ਤੋਰੇ ਫੇਰੇ ‘ਤੇ ਲੱਗ ਜਾਂਦਾ ਹੈ। ਉਹ ਘਰ ਪਰਿਵਾਰ ਨੂੰ ਟਾਈਮ ਨਹੀਂ ਦੇ ਪਾਉਂਦੇ। ਕਾਮਰੇਡ ਅਪਣਾ ਸਾਰਾ ਸਮਾਂ ਲੋਕਾਂ ਦੇ ਲੇਖੇ ਲਾ ਦਿੰਦੇ ਹਨ। ਉਨ੍ਹਾਂ ਦੀਆਂ ਪਤਨੀਆਂ ਤੇ ਬੱਚੇ ਰੁਲਦੇ-ਫਿਰਦੇ ਹਨ। ਉਦਾਸੀ ਜੀ ਘਰ ਪ੍ਰਤੀ ਕਿੰਨੇ ਕੁ ਜ਼ੁੰਮੇਵਾਰ ਸੀ? ਜਾਂ ਆਮ ਲੇਖਕਾਂ ਤੇ ਕਾਮਰੇਡਾਂ ਵਰਗੇ ਸਨ?
ਨਸੀਬ ਕੌਰ : ਉਹ ਪਰਿਵਾਰ ਪ੍ਰਤੀ ਵੀ ਸੁਹਿਰਦ ਬੰਦਾ ਸੀ। ਉਸ ਨੇ ਪੱਠੇ ਵੱਢਣ ਤੋਂ ਲੈ ਕੇ ਕਿਆਰੀਆਂ ਸਾਫ਼ ਕਰਨ ਤਕ ਸਭ ਕੰਮ ਆਪ ਕਰਨੇ। ਨੌਕਰੀ ਵੀ ਕਰਨੀ। ਘਰ ਦੇ ਕੰਮ ਵੀ ਕਰਨੇ। ਰਾਸ਼ਨ ਆਪ ਲੈ ਕੇ ਆਉਣਾ। ਰਸੋਈ ਦਾ ਸਮਾਨ ਮੁੱਕਣ ਤੋਂ ਪਹਿਲਾਂ ਹੀ ਕਰਿਆਨਾ ਲੈ ਆਉਣਾ। ਉਹ ਉਧਾਰ ਮੰਗਣ ਦੇ ਹੱਕ ਵਿਚ ਨਹੀਂ ਸੀ। ਉਹ ਘਰ ਦੀਆਂ ਔਰਤਾਂ ਨੂੰ ਜੱਟਾਂ ਦੇ ਖੇਤਾਂ ਵਿਚ ਭੇਜ ਕੇ ਰਾਜ਼ੀ ਨਹੀਂ ਸੀ। ਮੈਨੂੰ ਜਾਂ ਕੁੜੀਆਂ ਨੂੰ ਬਿਗਾਨੇ ਖੇਤਾਂ ਵਿਚ ਨਹੀਂ ਸੀ ਭੇਜਦਾ। ਮੈਨੂੰ ਕਹਿਣਾ, ‘‘ਤੂੰ ਬੱਚੇ ਪੜ੍ਹਨ ਲਈ ਭੇਜਿਆ ਕਰ। ਆਏ ਗਏ ਕਾਮਰੇਡਾਂ ਨੂੰ ਸਾਂਭਿਆ ਕਰ। ਹਰ ਕਾਮਰੇਡ ਦਾ ਖਿੜੇ ਮੱਥੇ ਸਵਾਗਤ ਕਰਿਆ ਕਰ। ਸਾਡੇ ਘਰੋਂ ਕੋਈ ਰੋਟੀ ਪਾਣੀ ਤੋਂ ਬਿਨਾਂ ਨਾ ਜਾਵੇ।‘‘ ਘਿਓ ਦੁੱਧ ਲੱਸੀ ਲਈ ਦੋ ਮੱਝਾਂ ਰੱਖੀਆਂ ਹੁੰਦੀਆਂ ਸਨ। ਉਨ੍ਹਾਂ ਦੇ ਚਾਰੇ ਲਈ ਬਰਸੀਮ ਜਾਂ ਚਰ੍ਹੀ ਮੁੱਲ ਲੈ ਲੈਂਦੇ। ਪਹਿਲਾਂ ਆਪ ਵੱਢਣ ਜਾਂਦਾ ਹੁੰਦਾ ਸੀ। ਫਿਰ ਬੱਲੀ (ਵੱਡਾ ਬੇਟਾ) ਤਕੜਾ ਹੋਇਆ, ਉਹ ਪੱਠੇ ਲਿਆਉਣ ਲੱਗ ਪਿਆ। ਉਦੋਂ ਪਰਿਵਾਰ ਵੱਡੇ ਹੁੰਦੇ ਸਨ। ਰਿਸ਼ਤੇਦਾਰ ਆਏ ਰਹਿੰਦੇ। ਕਾਮਰੇਡਾਂ ਦੇ ਹੜ੍ਹ ਆਏ ਰਹਿੰਦੇ। ਰੋਟੀਆਂ ਪਕਾਉਂਦੀ ਨੇ ਥੱਕ ਜਾਣਾ। ਉਦੋਂ ਉਦਾਸੀ ਨੇ ਕੰਮ ਵਿਚ ਮੇਰੀ ਮਦਦ ਕਰਵਾਉਣੀ। ਨਾਲ ਰੋਟੀ ਵਰਤਾਅ ਦੇਣੀ। ਮੇਰਾ ਉਦਾਸੀ ਨੇ ਬੜਾ ਸਾਥ ਦਿੱਤਾ। ਉਹਨੇ ਮੈਨੂੰ ਸਮਝਾਇਆ ਕਿ ਜਿਉਣਾ ਕਿਵੇਂ ਐ ਅਣਖ ਨਾਲ। ਕਿਸੇ ਵੱਡੇ ਖੱਬੀ ਖ਼ਾਨ ਦੀ ਟੈਂਅ ਨਹੀਂ ਮੰਨਣੀ। ਮੈਂ ਤੇਰੇ ਨਾਲ ਖੜਾਂ।


ਸਵਾਲ: ਉਦਾਸੀ ਜੀ ਦਾ ਦਿੱਲੀ ਦੇ ਲਾਲ ਕਿਲ੍ਹੇ ਤੋਂ ਗੀਤ ਬੋਲਣ ਜਾਣਾ, ਪ੍ਰੋ. ਮੋਹਨ ਸਿੰਘ ਦੇ ਮੇਲੇ ‘ਤੇ ਸਿੱਕਿਆਂ ਨਾਲ ਤੋਲੇ ਜਾਣਾ ਅਤੇ ਗੁਰਦੁਆਰਿਆਂ ਵਿਚ ਗਾਉਣ ਜਾਣਾ ਆਦਿ ਬਾਰੇ ਬੜਾ ਵਾਵੇਲਾ ਖੜਾ ਹੋਇਆ। ਉਦਾਸੀ ਜੀ ਇਸ ਸਾਰੇ ਵਾਵੇਲੇ ਨੂੰ ਕਿਵੇਂ ਲੈਂਦੇ ਸਨ?
ਨਸੀਬ ਕੌਰ : ਪਹਿਲੀ ਗੱਲ ਹੁਣ ਜਿੰਨਾ ਰੌਲਾ ਪਾਇਆ ਜਾ ਰਿਹਾ, ਉਦੋਂ ਇੰਨਾ ਨਹੀਂ ਸੀ। ਹੁਣ ਤੇ ਇਹਨੂੰ ਜਾਣ ਕੇ ਮੁੱਦਾ ਬਣਾਇਆ ਜਾ ਰਿਹਾ ਹੈ। ਉਪਰੋਂ-ਉਪਰੋਂ ਤਾਂ ਦੇਖਣ ਨੂੰ ਲਗਦਾ ਬਈ ਉਦਾਸੀ ਨਾਲ ਹਮਦਰਦੀ ਕੀਤੀ ਜਾ ਰਹੀ ਹੈ ਪਰ ਮੈਨੂੰ ਲਗਦਾ ਇਹ ਕਾਮਰੇਡਾਂ ਦੇ ਖ਼ਿਲਾਫ਼ ਹੀ ਭੜਾਸ ਨਹੀਂ ਕੱਢੀ ਜਾ ਰਹੀ ਸਗੋਂ ਉਦਾਸੀ ਦੀ ਦਿੱਖ ਵਿਗਾੜਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਇਕ ਪਾਸੇ ਸਿੱਕਿਆਂ ਨਾਲ ਤੋਲਣ ਵਾਲੀ ਘਟਨਾ ਬਿਆਨ ਕੇ ਕਾਮਰੇਡਾਂ ਨੂੰ ਭੰਡਿਆ ਜਾ ਰਿਹਾ ਹੈ। ਫਿਰ ਉਦਾਸੀ ਦਾ ਇਹ ਪੁਰਸਕਾਰ ਲੈਣ ਨੂੰ ਵੀ ਭੰਡਿਆ ਜਾ ਰਿਹਾ ਹੈ। ਜਦੋਂ ਉਦਾਸੀ ਜੀ ਦਿੱਲੀ ਦੇ ਲਾਲ ਕਿਲੇ ‘ਤੇ ਗਏ, ਉਹ ਉਥੇ ਇਨਕਲਾਬੀ ਗੀਤ ਹੀ ਪੇਸ਼ ਕਰ ਕੇ ਆਏ। ਜਿਹੜਾ ਉਦਾਸੀ ਜੀ ਦਾ ਗਰੁੱਪ (ਕਾਮਰੇਡ ਬੰਤ ਮਾਣੂਕੇ ਹੁਰੀਂ) ਸੀ, ਉਨ੍ਹਾਂ ਉਦਾਸੀ ਜੀ ਨੂੰ ਸਮਝਾਇਆ ਕਿ ਸਾਡੀ ਸਰਕਾਰ ਨਾਲ ਲੜਾਈ ਚੱਲ ਰਹੀ ਹੈ, ਅਜਿਹੀਆਂ ਥਾਵਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਪਰ ਹੋਰ ਸ਼ਰੀਕ ਗਰੁੱਪ ਵਿਰੋਧ ਕਰਨ ਲੱਗੇ। ਸਿੱਕਿਆਂ ਨਾਲ ਤੋਲਣ ਵੇਲੇ ਵੀ ਅਜਿਹਾ ਹੋਇਆ। ਦੋ ਗਰੁੱਪਾਂ ਨੇ ਲਿਖ ਕੇ ਵਿਰੋਧ ਕੀਤਾ ਸੀ। ਉਹ ਦੋਸ਼ ਲਾਉਂਦੇ ਸੀ ਕਿ ਉਦਾਸੀ ਕਾਂਗਰਸੀ ਹੋ ਗਿਆ ਹੈ। ਜਿਹੜੇ ਇਨ੍ਹਾਂ ਦੇ ਅਪਣੇ ਦੋਸਤ ਲੇਖਕ ਸਨ ਜਾਂ ਪਾਰਟੀ ਵਾਲੇ ਸਨ, ਉਨ੍ਹਾਂ ਚਿੱਠੀਆਂ ਪਾ ਕੇ ਇਤਰਾਜ਼ ਕੀਤਾ ਸੀ। ਉਦਾਸੀ ਕਹਿੰਦਾ ਸੀ, ‘‘ਮੈਂ ਅਪਣੀ ਵਿਚਾਰਧਾਰਾ ਤਾਂ ਨਹੀਂ ਬਦਲੀ। ਕੋਈ ਮੇਰੀਆਂ ਇਨਕਲਾਬੀ ਕਵਿਤਾਵਾਂ/ਗੀਤਾਂ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹੈ ਜਾਂ ਮੈਨੂੰ ਪੁਰਸਕਾਰ ਦੇਣਾ ਚਾਹੁੰਦਾ ਹੈ; ਉਸ ਵਿਚ ਮੇਰਾ ਕੀ ਕਸੂਰ? ਮੈਂ ਥੋੜ੍ਹਾ ਬਦਲਿਆਂ? ਉਹ ਬਦਲ ਰਹੇ ਹਨ। ਮੇਰੀਆਂ ਕਵਿਤਾਵਾਂ/ਗੀਤਾਂ ਨੂੰ ਮਾਨਤਾ ਦੇ ਰਹੇ ਹਨ।‘‘ ਦਰਅਸਲ ਇਹ ਤਾਂ ਗਰੁੱਪਾਂ ਦਾ ਆਪਸੀ ਭੇੜ ਸੀ। ਹੁਣ ਨਕਸਲੀ ਲਹਿਰ ਦੇ ਵਿਰੋਧੀ ਇਨ੍ਹਾਂ ਗੱਲਾਂ ਨੂੰ ਤੂਲ ਦੇ ਰਹੇ ਹਨ। ਬਾਕੀ ਉਦਾਸੀ ਨੇ ਅਪਣਾ ਪਰਿਵਾਰ ਨਹੀਂ ਸੀ ਪਾਲਣਾ? ਬੱਚੇ ਵੱਡੇ ਹੋ ਗਏ ਸਨ। ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚ, ਅਗਾਂਹ ਕੁੜੀਆਂ ਦੇ ਵਿਆਹਾਂ ਦੇ ਖ਼ਰਚ ਸਿਰ ‘ਤੇ ਖੜ੍ਹੇ ਸਨ। ਉਹ ਗਾਉਣ ਜਾਂਦੇ ਸਨ। ਗੁਰਦੁਆਰਿਆਂ ਵਾਲੇ ਚਾਰ ਛਿੱਲੜ ਹੱਥ ‘ਤੇ ਰੱਖ ਦਿੰਦੇ ਸਨ। ਅਪਣੀ ਮਿਹਨਤ ਲੈਣਾ ਕਿਹੜਾ ਗੁਨਾਹ ਹੋ ਗਿਆ? ਕੀ ਉਸ ਮਰਦ ਨੇ ਮਰਨ ਤਕ ਅਪਣੀ ਵਿਚਾਰਧਾਰਾ ਛੱਡੀ? ਬਿਲਕੁਲ ਨਹੀਂ। ਉਹ ਕਹਿੰਦਾ ਸੀ, ‘‘ਚਾਹੇ ਮੈਂ ਅਕਾਲੀਆਂ ਦੀ ਸਟੇਜ ‘ਤੇ ਜਾਵਾਂ, ਚਾਹੇ ਕਿਸੇ ਸਰਕਾਰੀ ਸਟੇਜ ‘ਤੇ, ਚਾਹੇ ਗੁਰਦੁਆਰਿਆਂ ਵਿਚ ਜਾਵਾਂ, ਹਮੇਸ਼ਾ ਅਪਣੀਆਂ ਨਕਸਲੀ ਲਹਿਰ ਦੀਆਂ ਕਵਿਤਾਵਾਂ ਪੜ੍ਹੀਆਂ। ਮੈਂ ਕਿਸੇ ਸਰਕਾਰੀ ਪਾਰਟੀ ਦਾ ਪ੍ਰਚਾਰ ਨਹੀਂ ਕਰਦਾ। ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰਦਾ। ਮੈਂ ਤਾਂ ਅਪਣੀ ਲਹਿਰ ਦੇ, ਅਪਣੇ ਕਿਰਤੀ ਲੋਕਾਂ ਦੇ ਦੁੱਖਾਂ ਦੇ ਗੀਤ ਗਾਉਂਦਾ ਹਾਂ।‘‘ ਉਨ੍ਹਾਂ ਦਾ ਇਕ ਵੀ ਗੀਤ ਜਾਂ ਕੋਈ ਭਾਸ਼ਣ ਦਿਖਾਓ, ਜਿਹੜਾ ਸਰਕਾਰੀ ਕਿਸਮ ਦਾ ਹੋਵੇ, ਲੋਕ ਵਿਰੋਧੀ ਹੋਵੇ ਜਾਂ ਧਾਰਮਕ ਕੱਟੜਤਾ ਤੇ ਅੰਧ ਵਿਸ਼ਵਾਸ ਵਾਲਾ। ਜੱਸੋਵਾਲ ਨਾਲ ਉਨ੍ਹਾਂ ਦੇ ਦੋਸਤਾਂ ਵਾਲੇ ਸਬੰਧ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਜੱਸੋਵਾਲ ਨੇ ਸਭ ਤੋਂ ਵੱਧ ਪਰਿਵਾਰ ਨੂੰ ਸਹਿਯੋਗ ਦਿੱਤਾ। ਪਰ ਜੱਸੋਵਾਲ ਨਾਲ ਰਲ ਕੇ ਉਦਾਸੀ ਕਾਂਗਰਸੀਆ ਥੋੜ੍ਹਾ ਹੋ ਗਿਆ?


ਸਵਾਲ: ਇਹ ਧਰਮ ਯੁੱਧ ਮੋਰਚੇ ਜਾਂ ਖ਼ਾਲਿਸਤਾਨੀ ਲਹਿਰ ਨਾਲ ਕਿੰਨੇ ਕੁ ਜੁੜੇ? ਇਨ੍ਹਾਂ ਉਨ੍ਹਾਂ ਵਿਚ ਸ਼ਮੂਲੀਅਤ ਕੀਤੀ ਜਾਂ ਸਿਰਫ਼ ਹਮਦਰਦ ਹੀ ਸਨ?
ਨਸੀਬ ਕੌਰ : ਮੇਰੇ ਸਹੁਰਾ ਪਰਿਵਾਰ ਦਾ ਪੁਰਾਣਾ ਪਿਛੋਕੜ ਸਿੱਖੀ ਵਾਲਾ ਸੀ। ਫਿਰ ਇਹ ਨਾਮਧਾਰੀ ਹੋ ਗਏ। ਮੈਂ ਤਾਂ ਇਨ੍ਹਾਂ ਨੂੰ ਨਾਮਧਾਰੀ ਹੀ ਦੇਖਿਆ। ਸਾਰਾ ਪਰਿਵਾਰ ਅੱਜ ਵੀ ਨਾਮਧਾਰੀ ਸੰਪਰਦਾ ਨਾਲ ਜੁੜਿਆ ਹੋਇਆ ਹੈ। ਸਿਰਫ਼ ਉਦਾਸੀ ਨੇ ਇਹ ਸੰਪਰਦਾ ਛੱਡੀ। ਉਹ ਕਮਿਊਨਿਸਟ ਸੀ। ਨਕਸਲੀ ਲਹਿਰ ਵਿਚ ਸਰਗਰਮ ਰਹੇ। ਉਹ ਧਾਰਮਕ ਵਿਅਕਤੀ ਨਹੀਂ ਸਨ। ਹਰ ਵੇਲੇ ਸ਼ਰਾਬ ਪੀਣ ਤੇ ਮੀਟ ਖਾਣ ਵਾਲੇ ਸਨ। ਜਦੋਂ ਪਟਿਆਲਾ ਜੇਲ੍ਹ ਵਿਚ ਸਨ। ਉਦੋਂ ਐਮਰਜੈਂਸੀ ਲੱਗੀ ਹੋਈ ਸੀ। ਨਕਸਲੀਏ, ਅਕਾਲੀ ਅਤੇ ਜਨਸੰਘੀ ਇਕੱਠੇ ਹੀ ਜੇਲ੍ਹ ਵਿਚ ਸਨ। ਅਕਾਲੀ ਤੇ ਜਨਸੰਘੀਏ ਕਹਿਣ, ‘‘ਨਕਸਲੀ ਭਰਾਓ ਆਪਾਂ ਇਕ ਹਾਂ। ਇੰਦਰਾ ਗਾਂਧੀ ਦੇ ਖ਼ਿਲਾਫ਼ ਮੋਰਚਾ ਬਣਾਉਣਾ ਹੈ।‘‘ ਉਦੋਂ ਅਕਾਲੀ ਲੀਡਰ ਉਦਾਸੀ ਜੀ ਦੇ ਨੇੜੇ ਹੋ ਗਏ। ਇਨ੍ਹਾਂ ਨੂੰ ਅਪਣੇ ਵੱਲ ਖਿੱਚਣ। ਪਰ ਇਨ੍ਹਾਂ ਨੂੰ ਅਸਲੀਅਤ ਦਾ ਪਤਾ ਹੀ ਸੀ। ਇਹ ਉਹੀ ਸਨ, ਜਿਨ੍ਹਾਂ ਉਦਾਸੀ ਦੇ ਸਾਥੀਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰਿਆ ਸੀ। 82 ਸਾਲ ਦੇ ਬਾਬਾ ਬੂਝਾ ਸਿੰਘ ਨੂੰ ਵੀ ਬਖ਼ਸ਼ਿਆ ਨਹੀਂ ਸੀ। ਲੰਮਾਂ ਸਮਾਂ ਜੇਲ੍ਹ ਵਿਚ ਇਕੱਠੇ ਰਹੇ ਹੋਣ ਕਰ ਕੇ ਇਕ-ਦੂਜੇ ਨਾਲ ਦੋਸਤਾਂ ਵਾਲੇ ਸਬੰਧ ਬਣ ਗਏ। ਪਿਛੋਂ ਜਾ ਕੇ ਵੱਡੇ-ਵੱਡੇ ਅਕਾਲੀ ਲੀਡਰ ਘਰ ਆਉਂਦੇ ਰਹੇ। ਉਦਾਸੀ ਨੂੰ ਅਪਣੇ ਕੋਲ ਸੱਦ ਲੈਂਦੇ ਸਨ। ਇਹ ਵਿਅਕਤੀਗਤ ਮਿੱਤਰਚਾਰੇ ਸਨ, ਪਰ ਉਨ੍ਹਾਂ ਕਦੇ ਸੋਚ ਨਹੀਂ ਬਦਲੀ। ਉਹ ਕਦੇ ਵੀ ਧਰਮ ਯੁੱਧ ਮੋਰਚੇ ਦੇ ਹੱਕ ਵਿਚ ਨਹੀਂ ਹੋਏ। ਜਿਹੜਾ ਉਸ ਵੇਲੇ ਪੰਜਾਬੀਆਂ ‘ਤੇ ਜ਼ੁਲਮ ਹੁੰਦਾ ਸੀ। ਉਹ ਉਹਦੇ ਖ਼ਿਲਾਫ਼ ਜ਼ਰੂਰ ਸਨ। ਰਹੀ ਗੱਲ ਖ਼ਾਲਿਸਤਾਨੀ ਬਣਨ ਦੀ। ਉਹ ਤਾਂ ਨਾਮਧਾਰੀ ਸੰਪਰਦਾ ਵਿਚ ਨਹੀਂ ਫਿਟ ਹੋਏ, ਜਿਹੜਾ ਕਿ ਇਨ੍ਹਾਂ ਦਾ ਮੁੱਢ ਸੀ। ਇਹ ਖ਼ਾਲਿਸਤਾਨੀ ਕਿਵੇਂ ਬਣ ਜਾਂਦੇ? ਇਹ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੁੱਧ ਸਨ। ਚੌਰਾਸੀ ਦੇ ਦਿੱਲੀ ਦੰਗਿਆਂ ਦੇ ਵਿਰੁੱਧ ਸਨ। ਬੇਕਸੂਰਾਂ ‘ਤੇ ਹੁੰਦੇ ਜ਼ਬਰ ਦੇ ਖ਼ਿਲਾਫ਼ ਸਨ। ਇਕੱਲਾ ਉਦਾਸੀ ਥੋੜ੍ਹਾ ਵਿਰੁੱਧ ਸੀ। ਉਦਾਸੀ ਦੀ ਪਾਰਟੀ ਇਨ੍ਹਾਂ ਗੱਲਾਂ ਦੇ ਵਿਰੁੱਧ ਸੀ। ਕਾਮਰੇਡ ਬੰਤ ਮਾਣੂਕੇ ਹੁਰੀਂ ਮੇਰੇ ਭਰਾ ਲਗਦੇ ਸਨ। ਉਹ ਜਾਂ ਹੋਰ ਕਾਮਰੇਡ ਵੀ ਘਰ ਆਉਂਦੇ ਤਾਂ ਅਕਸਰ ਪੰਜਾਬ ਦੇ ਹਲਾਤਾਂ ਬਾਰੇ ਗੱਲਾਂ ਹੁੰਦੀਆਂ। ਇਹ ਸਾਰੇ ਰਲ ਕੇ ਸਰਕਾਰ ਦੇ ਇਨ੍ਹਾਂ ਕੰਮਾਂ ਨੂੰ ਨਿੰਦਦੇ।
ਬੇਟਾ ਜੀ, ਮੇਰੇ ਪਤੀ ਜੀ ਤਾਂ ਇਨਕਲਾਬੀ ਸਨ। ਉਹ ਜਾਤ-ਪਾਤ ਵੀ ਖ਼ਤਮ ਕਰਨਾ ਚਾਹੁੰਦੇ ਸਨ। ਉਹ ਗ਼ਰੀਬਾਂ ਨੂੰ ਉਪਰ ਉਠਾਉਣਾ ਚਾਹੁੰਦੇ ਸਨ। ਗੁਰਬਾਣੀ, ਮਹਾਂਭਾਰਤ ਤੇ ਰਮਾਇਣ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਕੰਠ ਸੀ। ਉਹ ਹਰ ਰਾਤ ਅਪਣੇ ਜੁਆਕਾਂ ਨੂੰ ਮਹਾਂਭਾਰਤ ਸੁਣਾਉਂਦੇ। ਰਮਾਇਣ ਤਾਂ ਉਹ ਇੱਦਾਂ ਖੁਭ ਕੇ ਸੁਣਾਉਂਦੇ ਸਨ ਜਿਵੇਂ ਉਹ ਆਪ ਉਸ ਵਿਚ ਸ਼ਾਮਲ ਹੋ ਗਏ ਹੁੰਦੇ। ਇਕ ਤੇ ਵਾਲਮੀਕ ਜੀ ਸਾਡੇ ਅਪਣੇ ਭਗਵਾਨ ਹਨ, ਉਨ੍ਹਾਂ ਨੇ ਰਮਾਇਣ ਲਿਖੀ ਸੀ। ਫਿਰ ਰਮਾਇਣ ਤਾਂ ਸਾਡੀ ਜ਼ਿੰਦਗੀ ਦਾ ਵੈਸੇ ਹੀ ਹਿੱਸਾ ਹੈ। ਉਨ੍ਹਾਂ ਕੋਲ ਬਹੁਤ ਸਾਰੇ ਇਨਕਲਾਬੀ ਮੈਗਜ਼ੀਨ ਆਉਂਦੇ ਸਨ। ਉਹ, ਉਹ ਵੀ ਬੱਚਿਆਂ ਨੂੰ ਪੜ੍ਹ ਕੇ ਸੁਣਾਉਂਦੇ ਸਨ। ਉਹ ਮਹਾਂਭਾਰਤ, ਰਮਾਇਣ, ਵੀਅਤਨਾਮ ਜੰਗ ਦੇ ਯੋਧੇ, ਡਾ. ਅੰਬੇਦਕਰ ਅਤੇ ਸਿੱਖ ਇਤਿਹਾਸ ਦੇ ਖਾੜਕੂ ਨਾਇਕਾਂ ਨੂੰ ਅਪਣੇ ਗੀਤਾਂ ਵਿਚ ਵਰਤ ਲੈਂਦੇ ਸਨ। ਬਾਕੀ ਭਾਈ ਉਨ੍ਹਾਂ ਦੀ ਕਲਮ ਵਿਚ ਦਮ ਸੀ, ਆਵਾਜ਼ ਵਿਚ ਜ਼ੋਰ ਸੀ। ਇਨ੍ਹਾਂ ਕਰ ਕੇ ਉਨ੍ਹਾਂ ਨੂੰ ਸੰਤ (ਸੰਤ ਹਰਚੰਦ ਸਿੰਘ ਲੌਂਗੋਵਾਲ) ਵੀ ਸੱਦ ਲੈਂਦੇ। ਸ਼੍ਰੋਮਣੀ ਕਮੇਟੀ ਵਾਲੇ ਵੀ ਪ੍ਰੋਗਰਾਮਾਂ ‘ਤੇ ਬੁਲਾ ਲੈਂਦੇ। ਪਾਉਂਟਾ ਸਾਹਿਬ ਵਾਲੇ ਤੇ ਕਲਕੱਤੇ ਦੀ ਸਾਧ ਸੰਗਤ ਵੀ ਉਨ੍ਹਾਂ ਦੀ ਹਾਜ਼ਰੀ ਭਰਾਉਂਦੀ। ਉਹ ਜਿਹੜੀ ਵੀ ਜਗ੍ਹਾ ਜਾਂਦੇ, ਗੱਲ ਇਨਕਲਾਬ ਦੀ ਕਰ ਕੇ ਆਉਂਦੇ। ਉਹ ਕਹਿੰਦੇ, ‘‘ਮੈਂ ਲੋਕਾਂ ਦਾ ਕਵੀ ਹਾਂ।‘‘ ਉਨ੍ਹਾਂ ਦੇ ਅੰਦਰ ਲੋਕਾਂ ਦੀ ਪੀੜ ਸੀ। ਫ਼ੰਕਸ਼ਨ ਜਿਹੜਾ ਮਰਜ਼ੀ ਹੋਵੇ, ਉਹ ਗੱਲ ਅਪਣੀ ਕਰ ਕੇ ਆਉਂਦੇ। ਇਥੋਂ ਤਕ ਵਿਆਹਾਂ ਸ਼ਾਦੀਆਂ ‘ਤੇ ਵੀ ਕਾਮਰੇਡਾਂ ਵਾਲੇ ਗੀਤ ਗਾ ਕੇ ਆਉਂਦੇ।


ਸਵਾਲ: ਇਨਕਲਾਬੀਆਂ ਦੀਆਂ ਸਟੇਜਾਂ ਤੋਂ ਬਿਨਾਂ ਜਿਹੜੀਆਂ ਹੋਰ ਸਟੇਜਾਂ ‘ਤੇ ਉਹ ਜਾਂਦੇ ਸਨ। ਉਥੇ ਪੈਸਿਆਂ ਖ਼ਾਤਰ ਜਾਂਦੇ ਸਨ?
ਨਸੀਬ ਕੌਰ : ਦੇਖੋ ਘਰਾਂ ਦੀਆਂ ਲੋੜਾਂ ਤਾਂ ਹੁੰਦੀਆਂ ਹੀ ਹਨ। ਨਾਲੇ ਸਾਡੇ ਗ਼ਰੀਬ ਘਰਾਂ ਦੇ ਖ਼ਰਚਿਆਂ ਦਾ ਮਸਲਾ ਹਮੇਸ਼ਾ ਖੜ੍ਹਾ ਹੀ ਰਹਿੰਦਾ ਹੈ। ਬਾਕੀ ਉਦਾਸੀ ਸਾਰਾ ਕੁਝ ਪੈਸੇ ਲਈ ਵੀ ਨਹੀਂ ਸੀ ਕਰਦਾ। ਜਿਥੇ-ਜਿਥੇ ਉਹਦੇ ਮਿੱਤਰ ਬੈਠੇ ਸਨ, ਉਹ ਬੁਲਾ ਲੈਂਦੇ। ਉਹ ਕਦੇ ਮਿੱਤਰਾਂ ਨੂੰ ਮੁੱਕਰਦਾ ਨਹੀਂ ਸੀ। ਬਾਕੀ ਜੇ ਉਦਾਸੀ ਨੇ ਧਨ ਕਮਾਉਣਾ ਹੁੰਦਾ ਜਾਂ ਜਾਇਦਾਦਾਂ ਬਣਾਉਣੀਆਂ ਹੁੰਦੀਆਂ ਤਾਂ ਉਹ ਸੋਨੇ ਦੀਆਂ ਕੰਧਾਂ ਖੜ੍ਹੀਆਂ ਕਰ ਲੈਂਦਾ। ਪਰ ਉਹਨੇ ਅਪਣੀ ਪਾਰਟੀ ਨੂੰ ਪਿੱਠ ਨਹੀਂ ਦਿਖਾਈ।


ਸਵਾਲ : ਸ਼ਰਾਬ ਪੀਣੀ ਉਦਾਸੀ ਦੀ ਕਮਜ਼ੋਰੀ ਸੀ?
ਨਸੀਬ ਕੌਰ : ਦੇਖੋ ਜਦੋਂ ਵਿਆਹ ਹੋਇਆ, ਉਦੋਂ ਤਾਂ ਕਿਤੇ ਵਿਆਹ ਸ਼ਾਦੀ ਜਾਂ ਖ਼ੁਸ਼ੀ ਸਮੇਂ ਪੀ ਲੈਂਦੇ ਸਨ। ਪਿਛੋਂ ਜਾ ਕੇ ਵੀ ਕਿਤੇ ਮਿੱਤਰਾਂ ਨਾਲ ਪੈਗ ਲਾ ਲੈਂਦੇ ਸਨ। ਪਰ ਜਦੋਂ ਪੁਲੀਸ ਨੇ ਉਨ੍ਹਾਂ ‘ਤੇ ਬਹੁਤ ਜ਼ਿਆਦਾ ਜਬਰ ਕੀਤਾ। ਉਨ੍ਹਾਂ ਦੇ ਦਰਦਾਂ ਹੁੰਦੀਆਂ ਰਹਿੰਦੀਆਂ ਸਨ। ਨੀਂਦ ਨਹੀਂ ਸੀ ਆਉਂਦੀ ਹੁੰਦੀ। ਫਿਰ ਉਹ ਸ਼ਰਾਬ ਦਾ ਸਹਾਰਾ ਲੈਣ ਲੱਗ ਪਏ। ਹੌਲੀ-ਹੌਲੀ ਇਹ ਉਨ੍ਹਾਂ ਦੀ ਰੁਟੀਨ ਬਣ ਗਈ। ਬਾਅਦ ਵਿਚ ਤਾਂ ਜ਼ਿਆਦਾ ਹੀ ਪੀਣ ਲੱਗ ਪਏ ਸਨ। ਘਰ ਬਹੁਤ ਜ਼ਿਆਦਾ ਨਹੀਂ ਸੀ ਪੀਂਦੇ। ਇਹ ਤੇ ਬਾਹਰ ਕਵੀ ਦਰਬਾਰਾਂ ਤੋਂ ਪੀ ਆਉਂਦੇ। ਘਰ ਤਾਂ ਹਿਸਾਬ ਨਾਲ ਪੀਂਦੇ ਸਨ। ਸਿੱਧੀ ਗੱਲ ਦਾਰੂ ਉਨ੍ਹਾਂ ਦੀ ਖੁਰਾਕ ਦਾ ਹਿੱਸਾ ਸੀ।


ਸਵਾਲ: ਉਦਾਸੀ ਜੀ ਪੱਗ ਕਿਹੜੇ-ਕਿਹੜੇ ਰੰਗ ਦੀ ਬੰਨ੍ਹਦੇ ਸਨ?
ਨਸੀਬ ਕੌਰ : (ਹੱਸ ਕੇ) .... ਲਗਦੈ ਬੇਟਾ ਜੀ, ਤੁਸੀਂ ਉਦਾਸੀ ਜੀ ਦੀ ਯਾਦ ਵਿਚ ਬਣਿਆ ਗੇਟ ਵੇਖ ਕੇ ਆਏ ਓ। ਉਹਦੇ ਇਕ ਥਮੜੇ ‘ਤੇ ਪੀਲੇ ਰੰਗ ਦੀ ਪੱਗ ਵਾਲੀ ਫ਼ੋਟੋ ਲਾਈ ਹੋਈ ਹੈ ਤੇ ਦੂਜੇ ਪਾਸੇ ਨੀਲੇ ਰੰਗ ਵਾਲੀ ਫ਼ੋਟੋ ਹੈ। ਬੇਟਾ ਜੀ ਉਦਾਸੀ ਨੇ ਕਦੇ ਵੀ ਇਨ੍ਹਾਂ ਦੋਹਾਂ ਰੰਗਾਂ ਵਾਲੀਆਂ ਪੱਗਾਂ ਨਹੀਂ ਬੰਨ੍ਹੀਆਂ। ਉਹ ਸਰਦਈ, ਕਾਲੀ ਤੇ ਬਿਸਕੁਟੀ ਰੰਗਾਂ ਦੀਆਂ ਪੱਗਾਂ ਬੰਨ੍ਹਦੇ ਸਨ। ਜ਼ਿਆਦਾ ਕਾਲੇ ਰੰਗ ਦੀ ਹੀ ਬੰਨ੍ਹਦੇ ਸਨ। ਜਿੱਦਣ ਉਹ ਹਜ਼ੂਰ ਸਾਹਿਬ ਨੂੰ ਗਏ, ਉੱਦਣ ਉਨ੍ਹਾਂ ਕਾਲੀ ਫਿਫਟੀ ਬੰਨ੍ਹੀ ਤੇ ਪੱਗ ਬਿਸਕੁਟੀ।


ਸਵਾਲ: ਉਦਾਸੀ ਜੀ ਦਾ ਸੁਭਾਅ ਕਿਸ ਕਿਸਮ ਦਾ ਸੀ? ਉਹ ਬਹੁਤ ਸਖ਼ਤ ਸਨ ਜਾਂ ਭਾਵੁਕ ਕਿਸਮ ਦੇ ਇਨਸਾਨ ਸਨ?
ਨਸੀਬ ਕੌਰ : ਮੈਂ ਤਿੰਨ ਉਦਾਹਰਣਾ ਦਿੰਦੀ ਹਾਂ। ਬੇਟਾ ਜੀ, ਤੁਸੀਂ ਉਸ ਵਿਚੋਂ ਉਦਾਸੀ ਜੀ ਦੇ ਸੁਭਾਅ ਦਾ ਅੰਦਾਜ਼ਾ ਲਾ ਲੈਣਾ। ਜੈਤੋਂ ਕੋਲ ਨਿਆਮੀ ਵਾਲਾ ਦਾ ਪਾਰਟੀ ਦਾ ਕਾਮਰੇਡ ਗੁਰਮੇਲ ਸਿੰਘ ਨਿਆਮੀ ਵਾਲਾ (ਬਰਾੜ) ਹੁੰਦਾ ਸੀ। ਜਦੋਂ ਉਦਾਸੀ ਜੀ ਜੇਲ੍ਹਾਂ ਵਿਚ ਰਹੇ ਜਾਂ ਰੁੂਪੋਸ਼ ਰਹੇ ਜਾਂ ਘਰ ਵਿਚ ਤੰਗੀ ਰਹੀ, ਤਦ ਕਾਮਰੇਡ ਗੁਰਮੇਲ ਹੀ ਘਰ ਦਾ ਖ਼ਿਆਲ ਰੱਖਦਾ ਸੀ। ਘਰ ਦਾਣੇ ਸੁੱਟ ਕੇ ਜਾਣੇ, ਰਾਸ਼ਨ ਲਿਆ ਕੇ ਦੇਣਾ, ਇਹ ਉਹ ਅਪਣੀ ਡਿਊਟੀ ਸਮਝਦਾ ਸੀ। ਪਰਿਵਾਰਕ ਝਗੜੇ ਕਾਰਨ ਉਹਦੀ ਵਿਚਾਰੇ ਦੀ ਮੌਤ ਹੋ ਗਈ। ਉਦਾਸੀ ਉਹਦੀ ਮੌਤ ਦਾ ਸੁਣ ਕੇ ਬਹੁਤ ਰੋਇਆ। ਰਾਤ ਨੂੰ ਉਠ ਕੇ ਬੈਠ ਜਾਇਆ ਕਰੇ। ਜਦੋਂ ਉਦਾਸੀ ਜੀ ਦੀ ਮੌਤ ਹੋਈ, ਉਹਤੋਂ ਇਕ ਮਹੀਨਾ ਦਸ ਦਿਨ ਪਹਿਲਾਂ (26 ਸਤੰਬਰ 1986) ਕਾਮਰੇਡ ਬਲਦੇਵ ਮਾਨ ਨੂੰ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਜਦੋਂ ਇਨ੍ਹਾਂ ਰੇਡੀਓ ਤੋਂ ਮਾਨ ਦੇ ਕਤਲ ਦੀ ਖ਼ਬਰ ਸੁਣੀ, ਇਹ ਤਾਂ ਭਾਈ ਰੋਣ ਲੱਗ ਪਏ। ਕੋਠੇ ਚੜ੍ਹ ਜਾਇਆ ਕਰਨ। ਥੱਲੇ ਆ ਜਾਇਆ ਕਰਨ। ਮੰਜੇ ‘ਤੇ ਪੈ ਗਏ। ਇਨ੍ਹਾਂ ਤੋਂ ਉਠ ਨਾ ਹੋਵੇ। ਬੁੜ੍ਹ-ਬੁੜ੍ਹ ਕਰੀ ਜਾਣ, ‘‘ਮੈਂ ਵੀ ਹੁਣ ਰਹਿ ਕੇ ਕੀ ਕਰਨਾ? ਜਦੋਂ ਮੇਰੇ ਪਾਰਟੀ ਕਾਮਰੇਡ ਨੂੰ ਹੀ ਮਾਰ ਦਿੱਤਾ ਦੁਸ਼ਟਾਂ ਨੇ। ਮੂਰਖੋ, ਮੇਰੇ ਚੰਗੇ ਮਿੱਤਰ ਦਾ ਕਤਲ ਕਰ ਦਿੱਤਾ। ਉਹ ਤਾਂ ਲੋਕਾਂ ਦਾ ਹੀਰਾ ਆਗੂ ਸੀ। ਕੀ ਖੱਟਿਆ, ਐਡੇ ਵੱਡੇ ਯੋਧੇ ਨੂੰ ਧੋਖੇ ਨਾਲ ਮਾਰ ਕੇ? ... ਕਾਮਰੇਡਣੀਏ, ਮੇਰਾ ਪੱਖ ਘੱਟ ਗਿਆ। ਮੇਰਾ ਅੰਗ ਮਾਰਿਆ ਗਿਆ।‘‘ ਉਹ ਕਈ ਦਿਨ ਅਪਸੈੱਟ ਰਹੇ। ਇਸੇ ਪ੍ਰੇਸ਼ਾਨੀ ਵਿਚ ਉਹ ਹਜ਼ੂਰ ਸਾਹਿਬ ਗਏ। ਜਿਥੋਂ ਮੁੜ ਕੇ ਨਹੀਂ ਆਏ। (ਅੱਖਾਂ ਭਰ ਕੇ) ਸਗੋਂ ਅਪਣੇ ਪਾਰਟੀ ਆਗੂ ਮਾਨ ਕੋਲ ਹੀ ਚਲੇ ਗਏ। (ਲੰਮੀ ਚੁੱਪ ਤੋਂ ਬਾਅਦ) ... ਜਦੋਂ ਦੋ ਸਾਲ ਪਹਿਲਾਂ (1984 ਵਿਚ) ਦਿੱਲੀ ਵਿਚ ਦੰਗੇ ਹੋਏ। ਬੇਕਸੂਰ ਸਿੱਖਾਂ ਨੂੰ ਸਾੜਿਆ ਗਿਆ। ਉਨ੍ਹਾਂ ਨੂੰ ਲੁੱਟਿਆ-ਕੁੱਟਿਆ ਗਿਆ, ਉਦੋਂ ਵੀ ਉਨ੍ਹਾਂ ਦੀ ਏਹੀ ਹਾਲਤ ਹੋਈ ਸੀ।


ਸਵਾਲ: ਦਿੱਲੀ ਜਾਂ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦੇ ਕਤਲੇਆਮ ਵੇਲੇ ਇਨ੍ਹਾਂ ਦੀ ਕੀ ਹਾਲਤ ਹੋਈ ਸੀ?
ਨਸੀਬ ਕੌਰ : ਕਹਿਣ, ‘‘ਮੇਰੇ ਦੋਸਤ ਮਾਰੇ ਗਏ ਹਨ। ਸਾਡੇ ਸਿੱਖ ਮਾਰੇ ਗਏ ਹਨ।‘‘ ਇਹ ਬਹੁਤ ਅਪਸੈੱਟ ਹੋਏ। ਜਿੱਦਾਂ ਬੰਦਾ ਪਾਗਲ ਹੋ ਜਾਂਦਾ, ਉਦਾਂ ਕਰਨ। ਉਨ੍ਹਾਂ ਦਿਨਾਂ ਵਿਚ ਇਨ੍ਹਾਂ ਦੇ ਵੱਡੇ ਭਾਈ ਗੁਰਦਾਸ ਸਿੰਘ ਘਾਰੂ ਨਾਗਪੁਰ ਗਏ ਹੋਏ ਸਨ ਪਰ ਉਹ ਕਿਸੇ ਤਰ੍ਹਾਂ ਬਚ ਕੇ ਘਰ ਪੁੱਜ ਗਏ। ਇਹ ਕਹਿਣ, ‘‘ਮੇਰਾ ਭਾਈ ਬਚ ਕੇ ਆ ਗਿਆ। ਉਹ ਵੀ ਮਾਰਿਆ ਜਾਣਾ ਸੀ। ਜਿਹੜੇ ਹੋਰ ਮਾਰੇ ਗਏ ਆ, ਉਹ ਵੀ ਕਿਸੇ ਦੇ ਭਾਈ ਸਨ। ਸੈਂਟਰ ਨੇ ਪੰਜਾਬ ਨੂੰ ਉਜਾੜ ਕੇ ਦਮ ਲੈਣਾ। ਪੰਜਾਬ ਦੇ ਸੋਨੇ ਵਰਗੇ ਬੰਦੇ, ਅਪਣੇ ਬੰਦਿਆਂ ਤੋਂ ਮਰਵਾਈ ਜਾਂਦਾ ਆ। ਅਸਲ ਵਿਚ ਸੈਂਟਰ ਸਾਨੂੰ ਖ਼ਤਮ ਕਰਨਾ ਚਾਹੁੰਦਾ।‘‘ ਦਿੱਲੀ ਤੋਂ ਉਜੜ ਕੇ ਇਕ ਸਿੱਖ ਟੱਬਰ ਸਾਡੇ ਪਿੰਡ ਆ ਗਿਆ। ਇਨ੍ਹਾਂ ਨੇ ਉਸ ਸਿੱਖ ਪਰਿਵਾਰ ਨੂੰ ਸਾਂਭਿਆ। ਹੋਕਾ ਦੇ ਕੇ ਪਿੰਡ ਦੇ ਲੋਕ ਇਕੱਠੇ ਕੀਤੇ। ਉਨ੍ਹਾਂ ਨੂੰ ਕਿਹਾ ਕਿ ਇਨ੍ਹਾਂ ਦੀ ਮਦਦ ਕਰੋ। ਘਰ-ਘਰ ਜਾ ਕੇ ਸਮਾਨ ਇਕੱਠਾ ਕਰ ਕੇ ਉਨ੍ਹਾਂ ਨੂੰ ਦਿੱਤਾ। ਫਿਰ ਕਹਿਣ, ‘‘ਜੇ ਸਿੱਖ ਵਿਰੋਧੀ ਦੰਗਿਆਂ ਦਾ ਕੋਈ ਬੱਚਾ ਯਤੀਮ ਹੋ ਗਿਆ ਹੋਵੇ, ਉਹ ਸਾਨੂੰ ਲਿਆ ਦਿਓ। ਪਾਲ ਲਵਾਂਗੇ।‘‘ ਇਹ ਤਿੰਨ ਤਾਂ ਬਹੁਤ ਵੱਡੀਆਂ ਘਟਨਾਵਾਂ ਸਨ ਉਨ੍ਹਾਂ ਲਈ। ਉਹ ਤਾਂ ਮਾੜੀ ਜਿਹੜੀ ਗੱਲ ਦਿਲ ਦਿਮਾਗ ‘ਤੇ ਬਿਠਾ ਲੈਂਦੇ ਸਨ।


ਸਵਾਲ : ਗੁਰਦੁਆਰਾ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ‘ਤੇ ਜਾਣ ਵੇਲੇ ਉਦਾਸੀ ਜੀ ਦੇ ਮਨ ਦੀ ਕੀ ਹਾਲਤ ਸੀ?
ਨਸੀਬ ਕੌਰ : ਉਨ੍ਹਾਂ ਨੂੰ ਅਕਤੂਬਰ 1986 ਵਿਚ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਚਿੱਠੀ ਆਈ ਸੀ ਕਿ ਉਹ ਸ਼ਹੀਦੀ ਪੁਰਬ ‘ਤੇ ਅਪਣੇ ਗੀਤ ਪੇਸ਼ ਕਰਨ। ਉਨ੍ਹਾਂ ਦਿਨਾਂ ਵਿਚ ਉਹ ਉਲਝਣ ਵਿਚ ਸਨ। ਉਨ੍ਹਾਂ ਦਾ ਮਨ ਨਹੀਂ ਸੀ ਟਿਕਦਾ। ਉਹ ਮੌਤ ਦੀਆਂ ਗੱਲਾ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਨਾ ਜਾਣ ਦਾ ਫ਼ੈਸਲਾ ਕੀਤਾ ਸੀ। ਫਿਰ ਪਤਾ ਨਹੀਂ, ਕੀ ਮਨ ਵਿਚ ਆਇਆ। ਉਨ੍ਹਾਂ ਨੂੰ ਪੁੱਜਣ ਦੀ ਸਹਿਮਤੀ ਵਾਲੀ ਚਿੱਠੀ ਲਿਖ ਦਿੱਤੀ। ਇਸ ਪਿਛੋਂ ਵੀ ਉਹ ਦੁਬਿਧਾ ਦੇ ਸ਼ਿਕਾਰ ਰਹੇ। ਅਸੀਂ ਬਥੇਰਾ ਕਿਹਾ, ‘‘ਭਾਈ ਨਾ ਜਾਹ। ਜੁਆਕਾ ਵੱਲ ਦੇਖ।‘‘ ਜਦੋਂ ਹਜ਼ੂਰ ਸਾਹਿਬ ਤੋਂ ਇਕ ਇਸ਼ਤਿਹਾਰ ਆ ਗਿਆ, ਜਿਸ ਵਿਚ ਇਨ੍ਹਾਂ ਦਾ ਨਾਂ ਸ਼ਾਮਲ ਸੀ, ਫਿਰ ਇਨ੍ਹਾਂ ਜਾਣ ਦਾ ਫ਼ੈਸਲਾ ਕਰ ਲਿਆ। ਇਕ ਨਵੰਬਰ ਨੂੰ ਘਰੋਂ ਜਾਣਾ ਸੀ। ਇਕਬਾਲ ਕੋਲੋਂ ਕੇਸ ਧੁਆਏ। ਉਹ ਨਿਖਰੇ ਨਾ। ਫਿਰ ਮੈਂ ਧੋਤੇ ਤਾਂ ਕਹਿਣ ਲੱਗੇ, ‘‘ਹੁਣ ਸਿਰ ਹੌਲਾ ਲਗਦੈ।... ਚੱਲ ਆਖ਼ਰੀ ਵਾਰ ਧੋ ਲਏ।‘‘ ਇਹ ਗੱਲ ਸੁਣ ਕੇ ਮੈਂ ਤੇ ਇਕਬਾਲ ਰੋਣ ਲੱਗ ਪਈਆਂ। ਮੈਂ ਕਿਹਾ, ‘‘ਤੁਸੀਂ ਮੌਤ ਦੀਆਂ ਗੱਲਾਂ ਕਿਉਂ ਕਰਦੇ ਹੋ?‘‘ ਪਹਿਲਾਂ ਤਾਂ ਬੋਲੇ ਨਾ ਫਿਰ ਕਹਿਣ ਲੱਗੇ, ‘‘ਮੈਂ ਸਫ਼ਰ ‘ਤੇ ਚੱਲਿਆਂ ਕੀ ਪਤਾ ਰਾਹ ਵਿਚ...। ਅੱਜਕਲ੍ਹ ਬੰਦੇ ਦਾ ਕੁਝ ਪਤਾ ਲਗਦੈ।‘‘ ਪਹਿਲਾਂ ਜਦੋਂ ਉਹ ਜਾਂਦੇ ਸਨ, ਅਸੀਂ ਤਿਆਰ ਕਰਵਾਉਂਦੀਆਂ ਸਾਂ ਪਰ ਉਨ੍ਹਾਂ ਕਦੇ ਇਹੋ ਜਿਹੀ ਗੱਲ ਨਹੀਂ ਸੀ ਕੀਤੀ। ਚੰਗੀਆਂ ਗੱਲਾਂ ਕਰਦੇ ਹੁੰਦੇ ਸਨ- ਹੌਸਲੇ ਭਰੀਆਂ। ਇਨਕਲਾਬ ਦੀਆਂ, ਯੋਧਿਆਂ ਦੀਆਂ, ਪਾਰਟੀ ਦੀਆਂ...। ਜਾਣ ਵੇਲੇ ਬਹੁਤ ਦਸਦੇ ਵੀ ਨਹੀਂ ਸਨ। ਗੁਪਤ ਰਖਦੇ ਸਨ। ਕਨੇਡਾ ਨੂੰ ਜਾਣ ਵੇਲੇ ਲਾਲ ਕਿਲੇ ਦਾ ਦਸ ਕੇ ਦਿੱਲੀ ਗਏ ਸਨ। ਕਨੇਡਾ-ਇੰਗਲੈਂਡ ਦੀਆਂ ਚਿੱਠੀਆਂ ਤੋਂ ਪਤਾ ਲੱਗਾ ਕਿ ਸਾਹਿਬ ਹੁਰੀਂ ਤਾਂ ਵਿਦੇਸ਼ੀ ਟੂਰ ‘ਤੇ ਹਨ। ਇਸ ਵਾਰ ਸਾਰੀਆਂ ਗੱਲਾਂ ਮੌਤ ਦੀਆਂ ਕਰਨ। ਮੈਨੂੰ ਕਹਿੰਦੇ, ‘‘ਮੇਰਾ ਚਿੱਤ ਕਰਦਾ, ਤੈਨੂੰ ਤੇ ਮੋਹਕਮ ਨੂੰ ਵੀ ਨਾਲ ਹਜ਼ੂਰ ਸਾਹਿਬ ਲੈ ਜਾਵਾਂ।‘‘ ਉਹ ਜੱਕੋ-ਤੱਕੀ ਵਿਚ ਸਨ। ਮੇਰਾ ਦਿਲ ਘਟੀ ਜਾਂਦਾ। ਆਖ਼ਰ ਉਨ੍ਹਾਂ ਤਿਆਰੀ ਕਰ ਹੀ ਲਈ। ਇਕਬਾਲ ਨੂੰ ਕਹਿੰਦੇ, ‘‘ਕੁੜੀਏ ਤੂੰ ਰੋਟੀ ਨਾ ਲਾਹੀਂ। ਤੇਰੀ ਮਾਂ ਪਕਾਵੇ। ਕੋਲਿਆਂ ਉਤੇ ਫੁੱਲੀਆਂ ਰੋਟੀਆਂ ਲਾਹ ਕੇ ਦੇ।‘‘ ਮਾਹਾਂ ਦੀ ਰਿੱਝੀ ਦਾਲ ਦੇ ਸ਼ੌਕੀਨ ਸਨ। ਹੋਟਲ ਦੀ ਰੋਟੀ ਉਨ੍ਹਾਂ ਦੇ ਅੰਦਰ ਨਹੀਂ ਸੀ ਲੰਘਦੀ। ਇਕਬਾਲ ਨੇ ਕੱਪੜੇ, ਚੱਪਲਾਂ, ਬੁਰਸ਼ ਤੇ ਉਬਲੇ ਹੋਏ ਪਾਣੀ ਦੀ ਬੋਤਲ ਪੈਕ ਕਰ ਦਿੱਤੀ। ਮੂੰਗਫਲੀ ਭੁੰਨ ਕੇ ਪਾਈ। ਵਾਧੂ ਲੂਣ ਦਿੱਤਾ। ਅਸੀਂ ਸਾਰਿਆਂ ਨੇ ਮੀਟ ਖਾਧਾ। ਇਕਬਾਲ ਨੇ ਉਨ੍ਹਾਂ ਲਈ ਕੁਝ ਫੁਲਕੇ ਤੇ ਮੀਟ ਡੱਬੇ ਵਿਚ ਪੈਕ ਕਰ ਕੇ ਬੈਗ ਵਿਚ ਪਾ ਦਿੱਤਾ। ਅੱਗੇ ਵੀ ਹਰ ਸਾਲ ਜਾਂਦੇ ਸਨ। ਇਸੇ ਤਰ੍ਹਾਂ ਜਾਂਦੇ ਸਨ। ਗੁਰਦੁਆਰਾ ਸਾਹਿਬ ਵਿਚ ਜਾਂ ਰਾਹ ਵਿਚ ਉਨ੍ਹਾਂ ਨਾਲ ਕੀ ਵਾਪਰਿਆ, ਪਤਾ ਨਹੀਂ। ਸਭ ਸੁਣੀਆਂ-ਸੁਣਾਈਆਂ ਗੱਲਾਂ ਹਨ। 7 ਨਵੰਬਰ ਸ਼ਾਮ ਨੂੰ ਇਕ ਤਾਰ ਆਈ। ਜਿਸ ਵਿਚ ਲਿਖਿਆ ਹੋਇਆ ਸੀ, ‘‘ਸੰਤ ਰਾਮ ਉਦਾਸੀ ਮਾਨਵਾੜਾ (ਮਹਾਂਰਾਸ਼ਟਰ) ਦੇ ਰੇਲਵੇ ਸਟੇਸ਼ਨ ‘ਤੇ ਚਲ ਵਸੇ ਹਨ।‘‘ ਡਾ. ਬਲਕਾਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੋਫ਼ੈਸਰ ਹਜ਼ੂਰ ਸਾਹਿਬ ਤੋਂ ਉਨ੍ਹਾਂ ਦੇ ਨਾਲ ਹੀ ਸੀ। ਉਹ ਲਾਸ਼ ਛੱਡ ਕੇ ਅਪਣੇ ਘਰ ਆ ਗਏ। ਉਨ੍ਹਾਂ ਸਾਨੂੰ ਨਹੀਂ ਦੱਸਿਆ। 8 ਨਵੰਬਰ ਨੂੰ ਲਿਖਾਰੀ ਸਭਾ ਬਰਨਾਲਾ ਦੀ ਮੀਟਿੰਗ ਵਿਚ ਦਸ ਕੇ ਵਾਪਸ ਚਲੇ ਗਏ। ਘੱਟੋ-ਘੱਟ ਸਾਨੂੰ ਸਾਰੀ ਵਿਥਿਆ ਤਾਂ ਸੁਣਾ ਜਾਂਦੇ। ਉਨ੍ਹਾਂ ਦੀ ਲਾਸ਼ ਨੂੰ ‘ਲਾਵਾਰਸ‘ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਗਿਆ। ਮੇਰਾ ਭਰਾ ਤੇ ਜੇਠ (ਗੁਰਦਾਸ ਸਿੰਘ ਘਾਰੂ) ਹਜ਼ੂਰ ਸਾਹਿਬ ਤੇ ਮਾਨਵਾੜਾ ਗਏ ਸਨ। ਉਹ ਉਥੋਂ ਲਾਸ਼ ਦੀਆਂ ਫ਼ੋਟੋ ਅਤੇ ਬੈਗ ਵਾਲਾ ਸਾਮਾਨ ਲੈ ਕੇ ਆਏ।


ਸਵਾਲ : ਐਡੇ ਵੱਡੇ ਸ਼ਾਇਰ ਦਾ 47 ਸਾਲ ਦੀ ਉਮਰ ਵਿਚ ਹੀ ਇਸ ਧਰਤੀ ਤੋਂ ਤੁਰ ਜਾਣਾ, ਹੌਲਨਾਕ ਘਟਨਾ ਹੈ। ਇਸ ਮੌਤ ਦੇ ਕੀ ਕਾਰਨ ਹੋ ਸਕਦੇ ਹਨ?
ਨਸੀਬ ਕੌਰ : ਮੈਂ ਕੀ ਕਹਿ ਸਕਦੀ ਹਾਂ? ਉਂਝ ਉਨ੍ਹਾਂ ਨੂੰ ਮੌਤ ਬਾਰੇ ਪਤਾ ਲੱਗ ਗਿਆ ਸੀ। ਉਹ ਮੌਤ ਦੀਆਂ ਗੱਲਾਂ ਕਰਦੇ ਸਨ। ਉਂਝ ਪੁਲੀਸ ਤਸ਼ੱਦਦ ਨੇ ਉਨ੍ਹਾਂ ਦੇ ਸਰੀਰ ਵਿਚ ਜਾਨ ਨਹੀਂ ਸੀ ਰਹਿਣ ਦਿੱਤੀ। ਸਰੀਰ ਵਿਚੋਂ ਖੋਖਲਾ ਸੀ।


ਸਵਾਲ : ਅੰਨ੍ਹੇਵਾਹ ਸ਼ਰਾਬ ਦਾ ਸੇਵਨ ਕਰਨਾ, ਕਬੀਲਦਾਰੀ ਦੀਆਂ ਸਮੱਸਿਆਵਾਂ ਤੇ ਤੁਹਾਡੇ ਵੱਡੇ ਬੇਟੇ ਬੱਲੀ (ਇਕਬਾਲ) ਕਾਰਨ ਤਾਂ ਉਹ ਅਪਸੈੱਟ ਨਹੀਂ ਹੋ ਗਏ ਸਨ? ਆਖ਼ਰ ਪੰਜਾਬ ਦੇ ਲੋਕਾਂ ਵਿਚ ਉਨ੍ਹਾਂ ਦਾ ਵੱਡਾ ਨਾਂ ਸੀ। ਬੱਲੀ ਜੋ ਸਮਾਲਸਰ ਵਿਚ ਕਰ ਰਿਹਾ ਸੀ ਉਹਦੇ ਕਾਰਨ....?
ਨਸੀਬ ਕੌਰ : ਨਹੀਂ! ਇੱਦਾਂ ਦੀ ਕੋਈ ਵੱਡੀ ਗੱਲ ਨਹੀਂ ਸੀ। ਮੇਰਾ ਬੇਟਾ ਬੱਲੀ ਮਾੜਾ ਮੁੰਡਾ ਨਹੀਂ ਸੀ। ਉਹ ਸਾਡੇ ਕਹਿਣੇ ਵਿਚ ਸੀ। ਪਹਿਲਾਂ ਮੇਰੇ ਭਰਾ ਨਾਲ ਕੰਮ ਕਰਦਾ ਸੀ। ਉਥੇ ਉਗੋਕੀ ਰਹਿੰਦਾ ਸੀ। ਫਿਰ ਉਹ ਸਮਾਲਸਰ ਰਹਿਣ ਲੱਗ ਪਿਆ ਸੀ। ਉਹਦੇ ਵਲੋਂ ਕਿਹੜੀ ਪ੍ਰੇਸ਼ਾਨੀ ਹੋਣੀ ਸੀ। ਮੇਰੇ ਮੁਤਾਬਕ ਉਦਾਸੀ ਨੂੰ ਬੱਲੀ ਦੀ ਕੋਈ ਮਾਨਸਿਕ ਪ੍ਰੇਸ਼ਾਨੀ ਨਹੀਂ ਸੀ। ਉਹਨੇ ਵਿਆਹ ਕਰਵਾਉਣ ਦੀ ਚਿੱਠੀ ਪਾ ਦਿੱਤੀ ਸੀ। ਇਸ ਗੱਲ ਨੇ ਜ਼ਰੂਰ ਉਦਾਸੀ ਦੇ ਮਨ ‘ਤੇ ਬੋਝ ਪਾਇਆ। ਉਹ ਤਾਂ ਮਾੜੀ ਜਿਹੀ ਗੱਲ ਮਨ ‘ਤੇ ਲਾ ਲੈਂਦਾ ਸੀ।


ਸਵਾਲ: ਉਦਾਸੀ ਜੀ ਦੀ ਮੌਤ ਪਿਛੋਂ ਘਰ ਦੀ ਹਾਲਤ ਕੀ ਹੋ ਗਈ ਸੀ? ਫਿਰ ਕਿਵੇਂ ਸੈੱਟ ਹੋਏ?
ਬੇਟਾ ਜੀ, ਬੰਦਿਆਂ ਤੋਂ ਬਿਨਾਂ ਘਰ ਨਹੀਂ ਚਲਦੇ ਪਰ ਮੈਂ ਚਲਾਇਆ। ਮੁਸੀਬਤਾਂ ਬੜੀਆਂ ਆਈਆਂ। ਸਭ ਕੱਟੀਆਂ। ਉਨ੍ਹਾਂ ਦੀ ਮੌਤ ਤੋਂ ਬਾਅਦ ਕੁੜੀਆਂ ਨੂੰ ਪੜ੍ਹਾਉਣ ਅਤੇ ਘਰ ਚਲਾਉਣ ਦਾ ਮੁੱਦਾ ਉਭਰਿਆ ਸੀ। ਪਾਰਟੀ ਵਾਲਿਆਂ ਨੇ ਇਕ ਕਮੇਟੀ ਬਣਾਈ ਸੀ। ਸਾਡੇ ਰਿਸ਼ਤੇਦਾਰ ਕਮੇਟੀ ਦਾ ਵਿਰੋਧ ਕਰਦੇ ਸਨ ਪਰ ਮੈਂ ਕਮੇਟੀ ਦੇ ਹੱਕ ਵਿਚ ਸੀ। ਉਨ੍ਹਾਂ ਨੇ ਮੈਨੂੰ ਉਦਾਸੀ ਵਾਲੀ ਪੈਨਸ਼ਨ ਲੁਆਈ। ਉਨ੍ਹਾਂ ਦੀ ਜਗ੍ਹਾ ਮੈਨੂੰ ਚਪੜਾਸੀ ਦੀ ਨੌਕਰੀ ਦੁਆਈ। ਬੱਲੀ ਮਾਸਟਰ ਲੱਗ ਗਿਆ ਸੀ। ਬੜੀਆਂ ਔਕੜਾਂ ਆਈਆਂ ਪਰ ਪਾਰਟੀ ਵਾਲਿਆਂ ਤੇ ਉਦਾਸੀ ਦੇ ਮਿੱਤਰਾਂ ਦੀ ਮਦਦ ਨਾਲ ਹੱਲ ਕਰ ਲਈਆਂ। ਬੇਟੇ ਇਕਬਾਲ ਦੀ ਮੌਤ ਨੇ ਕਾਫ਼ੀ ਨਿਰਾਸ਼ ਕੀਤਾ। ਚਲੋ ਮਾੜੇ ਦਿਨ ਵੀ ਲੰਘ ਗਏ। ਵੱਡੀ ਬੇਟੀ ਇਕਬਾਲ ਅਧਿਆਪਕ ਲੱਗ ਗਈ (ਅੱਜ ਕਲ੍ਹ ਮੁੱਖ ਅਧਿਆਪਕਾ ਵਜੋਂ ਸੇਵਾ ਨਿਭਾਅ ਰਹੀ ਹੈ)। ਪ੍ਰਿਤਪਾਲ ਤੇ ਕੀਰਤਨ ਫ਼ਾਰਮਾਸਿਸਟ ਤੇ ਨਰਸ ਲੱਗ ਗਈਆਂ ਸਨ। ਫਿਰ ਕੁੜੀਆਂ ਵਿਆਹ ਵੀ ਦਿੱਤੀਆਂ। ਅਪਣੇ ਘਰ ਸੁੱਖੀ ਵਸਦੀਆਂ ਹਨ। ਛੋਟੀ ਕੀਰਤਨ ਨੂੰ ਪੜ੍ਹਾਉਣ ਤੇ ਨੌਕਰੀ ਲਗਾਉਣ ਵਿਚ ਜੱਸੋਵਾਲ ਸਾਹਿਬ ਦਾ ਵੱਡਾ ਹੱਥ ਹੈ। ਛੋਟਾ ਮੋਹਕਮ ਨੌਕਰੀ ਤੋਂ ਰਹਿ ਗਿਆ। ਉਹ ਅਜੇ ਤਕ ਭਟਕਿਆ ਫਿਰਦੈ। ਹੁਣ ਮੈਂ ਰਿਟਾਇਰ ਹੋ ਚੁੱਕੀ ਹਾਂ। ਬਿਮਾਰੀਆਂ ਨੇ ਵੱਡੇ ਹਮਲੇ ਵਿਢੇ ਹੋਏ ਹਨ। ਦਵਾਈ ਬਹੁਤ ਮਹਿੰਗੀ ਆਉਂਦੀ ਹੈ। ਹੁਣ ਪੈਸਿਆਂ ਦੀ ਥੁੜ੍ਹ ਮਹਿਸੂਸ ਹੁੰਦੀ ਹੈ। ਮੇਰੇ ਘਰ ਦੀ ਕੰਧ ਢਹਿ ਗਈ ਹੈ। ਉਹ ਬਣਾ ਨਹੀਂ ਹੋ ਰਹੀ। ਘਰ ਦਾ ਸਮਾਨ ਚੋਰੀ ਹੋ ਗਿਆ ਉਹ ਵੀ ਲੈਣਾ।


ਸਵਾਲ: ਉਦਾਸੀ ਜੀ ਦੀ ਮੌਤ ਵੇਲੇ (6 ਨਵੰਬਰ 1986) ਉਹ ਕਿਹੜੀ ਪਾਰਟੀ ਵਿਚ ਸਨ? ਜਾਂ ਉਨ੍ਹਾਂ ਦਿਨਾਂ ਵਿਚ ਉਹ ਕਿਹੜੀ ਵਿਚਾਰਧਾਰਾ ਨੂੰ ਮੰਨਣ ਲੱਗ ਪਏ ਸਨ?
ਨਸੀਬ ਕੌਰ : ਉਹ ਨਾ ਅਕਾਲੀ ਬਣੇ, ਨਾ ਖ਼ਾਲਿਸਤਾਨੀ ਤੇ ਨਾ ਕਾਂਗਰਸੀ। ਉਨ੍ਹਾਂ ਨੂੰ ਇਕ ਸਾਜ਼ਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਗ਼ਰੀਬ ਘਰ ਜੰਮੇ ਹੋਣ ਕਾਰਨ ਉਨ੍ਹਾਂ ਨੂੰ ਵਰਤਿਆ ਜਾ ਰਿਹਾ ਹੈ। ਅੰਤ ਤਕ ਉਹ ਨਕਸਲੀ ਵਿਚਾਰਧਾਰਾ ਨਾਲ ਹੀ ਰਹੇ। 1986 ਵਿਚ ਜਦੋਂ ਉਨ੍ਹਾਂ ਦੀ ਮੌਤ ਹੁੰਦੀ ਹੈ, ਉਦੋਂ ਪਾਰਟੀ ਦੇ ਲੋਕ ਅੱਗੇ ਆਉਂਦੇ ਹਨ। ਘਰ ਦੀਆਂ ਜ਼ੁੰਮੇਵਾਰੀਆਂ ਸੰਭਾਲਦੇ ਹਨ। ਜੇ ਉਦਾਸੀ ਥਿੜਕਿਆ ਹੁੰਦਾ, ਕਾਮਰੇਡ ਕਦੇ ਵੀ ਉਹਨੂੰ ਮੂੰਹ ਨਾ ਲਾਉਂਦੇ। ਕਾਮਰੇਡਾਂ ਨੇ ਸਾਡੀ ਵੀ ਮਦਦ ਕੀਤੀ। ਉਨ੍ਹਾਂ ਦਾ ਜਨਮ ਦਿਨ ਤੇ ਬਰਸੀਆਂ ਵੀ ਮਨਾਈਆਂ। ਮੈਂ ਤੈਨੂੰ ਇਕ ਦਿਲਚਸਪ ਗੱਲ ਦਸਦੀ ਹਾਂ। ਉਨ੍ਹਾਂ ਦਿਨਾਂ ਵਿਚ ਪਾਰਟੀ ਵਿਚ ਫੁੱਟਾਂ ਪਈਆਂ। ਕਈ ਕਾਮਰੇਡ ਨਿਰਾਸ਼ ਹੋ ਕੇ ਦੂਜੀਆਂ ਪਾਰਟੀਆਂ ਵੱਲ ਚਲੇ ਗਏ ਜਿਵੇਂ ਕੋਈ ਅਕਾਲੀ ਦਲ ਵੱਲ ਤੁਰ ਗਿਆ, ਕੋਈ ਖ਼ਾਲਿਸਤਾਨੀਆਂ ਨਾਲ ਹਮਦਰਦੀ ਰੱਖਣ ਲੱਗ ਗਿਆ ਜਾਂ ਉਨ੍ਹਾਂ ਦਾ ਸਲਾਹਕਾਰ ਬਣ ਗਿਆ। ਸਾਡੇ ਘਰ ਮੀਟਿੰਗਾਂ ਹੁੰਦੀਆਂ। ਅਜਿਹੇ ਕਾਮਰੇਡਾਂ ਨੂੰ ਉਦਾਸੀ ਬਹੁਤ ਭੰਡਦਾ। ਉਨ੍ਹਾਂ ਬਾਰੇ ਬਹਿਸ ਹੁੰਦੀ। ਉਨ੍ਹਾਂ ਨੂੰ ਖ਼ੂਬ ਨਿੰਦਿਆ ਜਾਂਦਾ। ਉਦਾਸੀ ਆਪਣੇ ਸਾਥੀਆਂ ਨੂੰ ਇਕੋ ਗੱਲ ਕਹਿੰਦੇ, ‘‘ਇਕੱਠੇ ਰਵੋ। ਖਿਲਰੋ ਨਾ। ਅਪਣੀ ਲਹਿਰ ਨੂੰ ਤਕੜਾ ਕਰੋ। ਦਿੱਲੀ ਵਿਰੁੱਧ ਜਹਾਦ ਛੇੜੋ। ਨਹੀਂ ਤਾਂ ਤੁਹਾਨੂੰ ਸੈਂਟਰ ਨੇ ਨਿਗਲ ਜਾਣਾ।‘‘ ਉਹ ਪਾਰਟੀ ਵਿਚ ਪਈ ਫੁੱਟ ਤੋਂ ਜ਼ਰੂਰ ਨਿਰਾਸ਼ ਸਨ।


ਸਵਾਲ : ਮੈਂ ਤੁਹਾਡੇ ਪਰਿਵਾਰ ‘ਚੋਂ ਤੁਹਾਡੀ ਬੇਟੀ ਇਕਬਾਲ ਨੂੰ ਜਾਣਦਾਂ। ਉਹ ਉਦਾਸੀ ਵਾਲੀ ਸੋਚ ‘ਤੇ ਖੜ੍ਹੀ ਹੈ। ਇਨਕਲਾਬੀਆਂ ਦੀਆਂ ਜਨਤਕ ਜਥੇਬੰਦੀਆਂ ਵਿਚ ਕੰਮ ਵੀ ਕਰਦੀ ਹੈ। ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਅੱਜ ਕਿਥੇ ਖੜ੍ਹੇ ਹਨ?
ਨਸੀਬ ਕੌਰ : ਦੇਖੋ ਬੇਟਾ ਜੀ, ਬੱਚੇ ਅਪਣੇ ਕੰਮ ਲੱਗੇ ਹੋਏ ਨੇ। ਬੇਟੀਆਂ ਅਪਣੇ ਘਰੀਂ ਵਸਦੀਆਂ ਹਨ। ਬੇਟਾ ਮੋਹਕਮ ਪ੍ਰਾਈਵੇਟ ਨੌਕਰੀ ਕਰਦਾ। ਮੈਂ ਤਾਂ ਘਰੋਂ ਬਾਹਰ ਜਾਣ ਜੋਗੀ ਨਹੀਂ ਰਹੀ। ਅਸੀਂ ਉਦਾਸੀ ਦੀ ਵਿਚਾਰਧਾਰਾ ਤੋਂ ਅੱਡ ਥੋੜ੍ਹਾ ਆਂ? ਉਹ ਮਿਹਨਤੀ ਲੋਕਾਂ ਦਾ ਸ਼ਾਇਰ ਸੀ। ਅਸੀਂ ਅੱਜ ਵੀ ਮਿਹਨਤੀ ਲੋਕਾਂ ਨਾਲ ਖੜ੍ਹੇ ਹਾਂ। ਬਾਕੀ ਉਦਾਸੀ ਦੀ ਪਾਰਟੀ ਨੂੰ ਸਾਡੇ ਮਾਲਵੇ ਵਿਚ ਬਹੁਤ ਵੱਡਾ ਘਾਟਾ ਪਿਆ ਹੈ। ਉਹਦੇ ਸਾਥੀ ਵੀ ਇਸ ਜਹਾਨ ਤੋਂ ਤੁਰ ਗਏ।

***

ਸੰਤ ਰਾਮ ਉਦਾਸੀ ਬਾਰੇ ਹੋਰ ਲਿਖਤਾਂ:

ਸੰਤ ਰਾਮ ਉਦਾਸੀ ਦੀ ਲਾਇਵ ਵੀਡੀਓ ਦੇਖਣ ਲਈ ਜਾਉ:
https://www.youtube.com/watch?v=3iOBXayBO1Q

ਕੈਨੇਡਾ ਦੀ ਫੇਰੀ ਦੌਰਾਨ ਸੰਤ ਰਾਮ ਉਦਾਸੀ ਨਾਲ ਕੀਤੀ ਇੰਟਰਵਿਊ ਪੜ੍ਹਨ ਲਈ ਜਾਉ:
http://www.watanpunjabi.ca/feb2012/article10.php

ਇਹ ਇੰਟਰਵਿਊ ਆਡਿਓ ਰੂਪ ਵਿੱਚ ਸੁਣਨ ਲਈ ਜਾਉ:
 https://www.youtube.com/watch?v=FCdvu4gkRss ਜਾਂ

ਇਹ ਇੰਟਰਵਿਊ ਆਡਿਓ ਰੂਪ ਵਿੱਚ ਸੁਣਨ ਲਈ ਜਾਉ:
http://www.watanpunjabi.ca/feb2012/audio2.php

ਸੰਤ ਰਾਮ ਉਦਾਸੀ ਦੇ ਗੀਤ:
http://www.watanpunjabi.ca/vishesh/music01.php

ਲੇਖ ਅਸਲ ਲੋਕ ਕਵੀ ਸੰਤ ਰਾਮ ਉਦਾਸੀ ਸੁਣਨ ਲਈ ਜਾਉ:
http://www.watanpunjabi.ca/august2011/article13.php

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346

 
Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346