Welcome to WatanPunjabi.ca
ਲੇਖ / ਵਿਕੀਪੀਡੀਆ ਇਨਕਲਾਬ ਬਨਾਮ ਪੰਜਾਬੀ ਵਿਕੀਪੀਡੀਆ
 

- ਸੁਖਵੰਤ ਹੁੰਦਲ

ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ
 

- ਸੁਖਵੰਤ ਹੁੰਦਲ

ਕਵਿਤਾ / ਨਾਸਤਕ ਹੋਣ ਤੋਂ ਬਾਅਦ
 

- ਸਾਧੂ ਬਿਨਿੰਗ

ਲੇਖ / ਕਲਪਨਾ ਕਰੋ ਕਿ ਕੋਈ ਧਰਮ ਨਹੀਂ
 

- ਫਿੱਲ ਜ਼ੁਕਰਮੈਨ

ਨਸੀਬ ਕੌਰ ਉਦਾਸੀ ਨਾਲ ਮੁਲਾਕਾਤ
 

- ਅਜਮੇਰ ਸਿੱਧੂ

ਲੇਖ / ਚਿਤਵਿਉ ਅਰਦਾਸ ਕਵੀਸਰ
 

- ਸੁਖਦੇਵ ਸਿੱਧੂ

ਡਾਕੂਮੈਂਟਰੀ ਰਿਵੀਊ / ਹਵਾ ਵਿੱਚ ਮੋਮਬੱਤੀਆਂ
 

- ਅਮਲੋਕ ਸਿੰਘ

ਨਾਵਲ / ਨਰਕਕੁੰਡ ਚ ਵਾਸਾ
 

- ਜਗਦੀਸ਼ ਚੰਦਰ

ਨਾਵਲ / ਮਲੂਕਾ
 

- ਸਾਧੂ ਸਿੰਘ ਧਾਮੀ

 


ਨਾਵਲ
ਮਲੂਕਾ
ਸਾਧੂ ਸਿੰਘ ਧਾਮੀ
ਅੰਗਰੇਜ਼ੀ ਤੋਂ ਅਨੁਵਾਦ: ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ

 

 

(ਨਾਵਲ ਮਲੂਕਾ ਕੈਨੇਡਾ ਵਿੱਚ ਆਏ ਪਹਿਲੇ ਪੰਜਾਬੀਆਂ ਦੇ ਜੀਵਨ ਬਾਰੇ ਉਹਨਾਂ ਵਿਚੋਂ ਹੀ ਇਕ ਵਿਅਕਤੀ ਰਾਹੀਂ ਲਿਖੀ ਗਈ ਸ਼ਾਇਦ ਇਕੋ ਇਕ ਸਾਹਿਤਕ ਕਿਰਤ ਹੈ। ਇਸ ਨਾਵਲ ਦਾ ਲੇਖਕ ਨਾਵਲ ਦੇ ਮੁੱਖ ਪਾਤਰ ਮਲੂਕੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੀਆਂ ਲੱਕੜ ਮਿੱਲਾਂ ਵਿਚ ਕੰਮ ਕਰਦੇ, ਕੁੱਕ-ਹਾਉਸਾਂ ਵਿਚ ਰਹਿੰਦੇ, ਗੁਰਦਵਾਰਿਆਂ ਵਿਚ ਰਲ ਬਹਿੰਦੇ, ਦੇਸ਼ ਦੀ ਅਜ਼ਾਦੀ ਬਾਰੇ ਫਿਕਰਮੰਦ, ਅਤੇ ਰੋਜ਼ਾਨਾ ਜਿ਼ੰਦਗੀ ਨਾਲ ਦੋ ਚਾਰ ਹੁੰਦੇ ਪੰਜਾਬੀਆਂ ਦੇ ਜੀਵਨ ਨੂੰ ਪਾਠਕਾਂ ਸਾਹਵੇਂ ਰੂਪਮਾਨ ਕਰਦਾ ਹੈ। ਉਸ ਸਮੇਂ ਪੰਜਾਬੀਆਂ ਨੂੰ ਇਥੇ ਕੋਈ ਮਨੁੱਖੀ ਤੇ ਸਿਆਸੀ ਅਧਿਕਾਰ ਨਹੀਂ ਸਨ, ਉਹਨਾਂ ਨਾਲ ਨਸਲੀ ਗੋਰਿਆਂ ਵਲੋਂ ਗੁਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ। ਇਕ ਬਿਗਾਨੇ ਮੁਲਕ ਦੇ ਉਪਰੇ ਸਭਿਆਚਾਰ ਅਤੇ ਬੋਲੀ ਤੋਂ ਅਨਜਾਣਤਾ ਉਹਨਾਂ ਦੇ ਜੀਵਨ ਨੂੰ ਹੋਰ ਵੀ ਕਠਿਨਾਈਆਂ ਭਰਿਆ ਬਣਾਉਂਦੀ। ਇਸ ਸਭ ਕਾਸੇ ਦਾ ਉਹ ਬੜੇ ਹੌਸਲੇ ਅਤੇ ਸਿਰੜ ਨਾਲ ਸਾਹਮਣਾ ਕਰਦੇ। ਉਹ ਪੰਜਾਬ ਦੇ ਪਿੰਡਾਂ ਵਰਗਾ ਹੀ ਖੁੱਲਾ-ਡੁੱਲਾ, ਹਾਸੇ ਮਖੌਲਾਂ ਭਰਿਆ, ਰੋਸਿਆਂ, ਮਨਾਉਂਤਾਂ, ਦੋਸਤੀਆਂ, ਈਰਖਾਵਾਂ ਵਾਲਾ ਜੀਵਨ ਬਤੀਤ ਕਰਨ ਦੀ ਕੋਸਿ਼ਸ਼ ਕਰਦੇ। ਮਲੂਕਾ ਉਹਨਾਂ ਦੇ ਇਸ ਜੀਵਨ ਦੀ ਕਹਾਣੀ ਹੈ।ਸਾਧੂ ਸਿੰਘ ਧਾਮੀ ਦਾ ਇਹ ਨਾਵਲ ਸਭ ਤੋਂ ਪਹਿਲਾਂ ਅੰਗਰੇਜ਼ੀ ਵਿੱਚ 1978 ਵਿੱਚ ਛਪਿਆ। ਸੰਨ 1988 ਵਿੱਚ ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਵੈਨਕੂਵਰ ਸੱਥ ਦੇ ਉੱਦਮ ਨਾਲ ਭਾਜੀ ਗੁਰਸ਼ਰਨ ਸਿੰਘ ਦੀ ਪ੍ਰਕਾਸ਼ਨਾ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਨੇ ਇਸ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਛਾਪਿਆ। ਇਸ ਹੀ ਸਾਲ ਵੈਨਕੂਵਰ ਸੱਥ ਨੇ ਧਾਮੀ ਨੂੰ ਜਨੇਵਾ ਤੋਂ ਕੈਨੇਡਾ ਸੱਦਿਆ ਅਤੇ ਨਾਵਲ ਨੂੰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਰਿਲੀਜ਼ ਕੀਤਾ। ਪੰਜਾਬੀ ਸਾਹਿਤਕ ਜਗਤ ਵਿੱਚ ਨਾਵਲ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਡਾ: ਸਾਧੂ ਸਿੰਘ ਧਾਮੀ ਨੇ ਮਲੂਕਾ ਨਾਵਲ ਦਾ ਦੂਸਰਾ ਹਿੱਸਾ ਲਿਖਿਆ। ਇਸ ਹਿੱਸੇ ਦਾ ਪੰਜਾਬੀ ਅਨੁਵਾਦ ਡਾ: ਸਾਧੂ ਸਿੰਘ ਨੇ ਕੀਤਾ ਅਤੇ ਸੰਨ 1993 ਵਿੱਚ ਨਾਵਲ ਮਲੂਕਾ ਦਾ ਪਹਿਲਾ ਅਤੇ ਦੂਸਰਾ ਹਿੱਸਾ ਇਕੱਠਾ ਪੰਜਾਬੀ ਵਿੱਚ ਛਪਿਆ।

ਵਤਨ ਦੇ ਪਾਠਕਾਂ ਲਈ ਨਾਵਲ ਮਲੂਕਾ ਵਿੱਚੋਂ ਕੁੱਝ ਹਿੱਸੇ ਪੇਸ਼ ਹਨ। ਇਸ ਹਿੱਸੇ ਦੇ ਅਖੀਰ ਤੇ ਅਸੀਂ ਮਲੂਕਾ ਨਾਵਲ ਦੇ ਪਹਿਲੇ ਹਿੱਸੇ ਦੀ ਪੂਰੀ ਪੀ ਡੀ ਐਫ ਫਾਇਲ ਦਾ ਲਿੰਕ ਦੇ ਰਹੇ ਹਾਂ। ਪਹਿਲੇ ਹਿੱਸੇ ਦਾ ਸੰਪੂਰਨ ਪਾਠ ਕਰਨ ਦੇ ਚਾਹਵਾਨ ਇਸ ਲਿੰਕ ਤੋਂ ਇਸ ਦੀ ਪੀ ਡੀ ਐੱਫ ਡਾਉਨਲੋਡ ਕਰ ਸਕਦੇ ਹਨ। ਅਸੀਂ ਨੇੜ ਭਵਿੱਖ ਵਿੱਚ ਨਾਵਲ ਦਾ ਦੂਜਾ ਹਿੱਸਾ ਵੀ ਡਿਜੀਟਲ ਰੂਪ ਵਿੱਚ ਪਾਠਕਾਂ ਨਾਲ ਸਾਂਝਾ ਕਰਾਂਗੇ।- ਸੰਪਾਦਕ)

 

***

ਲੱਕੜ ਦੀ ਮਿੱਲ

ਦਰਿਆ ਦੇ ਅਰੁੱਕ ਵਹਾਅ ਨੇ ਮਲੂਕੇ ਉੱਪਰ ਜਾਦੂ ਧੂੜ ਦਿੱਤਾ ਸੀ। ਪਾਣੀ ਦੀ ਸ਼ਾਂਤ ਅਤੇ ਧੀਮੀ ਤੋਰ ਨੇ ਉਹਨੂੰ ਅਪਣੱਤ ਨਾਲ ਭਰ ਦਿੱਤਾ ਸੀ ਕਿਉਂਕਿ ਫਰੇਜ਼ਰ ਦਰਿਆ ਪੰਜਾਬ ਦੇ ਮੈਦਾਨਾਂ ਵਿਚਦੀ ਸਰਕਦੇ ਸਤਲੁਜ ਵਰਗਾ ਹੀ ਸੀ। ਉਂਝ ਵੀ ਉਹਨੂੰ ਜਾਪਿਆ ਕਿ ਬਿਗਾਨੇ ਮੁਲਕ ਵਿਚ ਅਨਜਾਣ ਲੋਕਾਂ ਨਾਲੋਂ ਇਕ ਦਰਿਆ ਨਾਲ ਸਾਂਝ ਪਾਉਣੀ ਸੌਖੀ ਸੀ। ਮਾਹੌਲ ਦੀ ਖੁਲ੍ਹਦਿਲੀ ਖਿੱਚ ਪਾਉਣ ਵਾਲੀ ਸੀ। ਆਪਣੇ ਖੰਭਾਂ ਨੂੰ ਸੁਹਜਮਈ ਫੁਰਤੀ ਨਾਲ ਫੜਫੜਾਉਂਦੇ ਸੀਗਲ ਦਰਿਆ ਉੱਪਰ ਨੀਵੇਂ ਨੀਵੇਂ ਉੱਡਦੇ, ਤੇ ਇਕ ਦਮ ਝਪਟਾ ਮਾਰ ਪਾਣੀ ਦੇ ਤੱਲ ਤੇ ਚੁਹਲ ਕਰਦੇ ਤਰਨ ਲਗਦੇ। ਜਦੋਂ ਪਾਣੀ ਚੜ੍ਹਿਆ ਹੁੰਦਾ ਤਾਂ ਕੰਢੇ ਤੇ ਉੱਗੀਆਂ ਸੰਘਣੀਆਂ ਝਾੜੀਆਂ ਦੀਆਂ ਟਾਹਣੀਆਂ ਉਸ ਨਾਲ ਕਲੋਲਾਂ ਕਰਦੀਆਂ। ਜੰਗਲੀ ਗੁਲਾਬ ਦੀਆਂ ਅੱਧ-ਖਿੜੀਆਂ ਡੋਡੀਆਂ ਵਿਚ ਪੀਲੇ ਪੁੰਕੇਸਰ ਝਾਤੀਆਂ ਮਾਰਦੇ ਤੇ ਮਖੀਲ ਦੀਆਂ ਮੱਖੀਆਂ ਗੁਲਾਬੀ ਫੁੱਲਪੱਤੀਆਂ ਦੀਆਂ ਛੋਟੀਆਂ ਛੋਟੀਆਂ ਪਿਆਲੀਆਂ ਦੁਆਲੇ ਚੱਕਰ ਕੱਢਦੀਆਂ।

ਪਰ ਅੱਜ ਗੱਲ ਹੋਰ ਸੀ। ਡੁਮੀਨੀਅਨ ਲੰਬਰ ਮਿੱਲ ਵਿਚ ਗਰੀਨ-ਚੇਨ ਤੇ ਮਲੂਕੇ ਦੇ ਕੰਮ ਦਾ ਅੱਜ ਤੀਜਾ ਦਿਨ ਸੀ। ਦੁਪਹਿਰ ਤੋਂ ਪਹਿਲੇ ਪੰਜ ਘੰਟੇ ਬਹੁਤ ਹੌਲੀ ਹੌਲੀ ਬੀਤੇ ਸਨ ਅਤੇ ਅਜੇ ਓਵਰਟਾਈਮ ਸਮੇਤ ਪੰਜ ਜਾਂ ਸੱਤ ਘੰਟੇ ਹੋਰ ਬਚਦੇ ਸਨ। ਪੱਗ ਬੰਨ੍ਹੀ ਮਲੂਕਾ ਆਪਣੀ ਗਭਰੇਟ ਉਮਰ ਨਾਲੋਂ ਵੱਡਾ ਅਤੇ ਤਕੜਾ ਜਾਪਦਾ ਸੀ। ਸਵੇਰ ਤੋਂ ਮਿੱਲ ਵਿਚ ਹੈਮਲੌਕ ਦਾ ਸਪੈਸ਼ਲ ਆਰਡਰ ਕੱਟਿਆ ਜਾ ਰਿਹਾ ਸੀ। ਇਹ ਇਮਾਰਤੀ ਗਿੱਲੀ ਲੱਕੜੀ ਕਾਫੀ ਭਾਰੀ ਸੀ। ਛੇਤੀ ਛੇਤੀ ਘਿਉ ਚੋਪੜੀਆਂ ਰੋਟੀਆਂ ਦਾਲ ਨਾਲ ਖਾ, ਉਹ ਝਾਲ ਫੇਰੀ ਵਾਲੇ ਲੋਹੇ ਦੇ ਕੱਪ ਵਿਚ ਅੱਧ-ਸੁੱਧ ਦੁੱਧ ਅਤੇ ਗਾਹੜੇ ਮਿੱਠੇ ਵਾਲੀ ਚਾਹ ਪਾ, ਦਰਿਆ ਕੰਢੇ, ਹਿੰਦੂ ਕੁੱਕ-ਹਾਊਸ ਸਾਹਮਣੇ ਪਏ ਮੌਸਮਾਂ ਮਾਰੇ ਬੈਂਚ ਉੱਪਰ ਆ ਬੈਠਾ।

ਮੱਠੀ ਮੱਠੀ ਹਵਾ ਕਾਰਨ ਫਰੇਜ਼ਰ ਦਰਿਆ ਵਿਚ ਲਹਿਰਾਂ ਉੱਠ ਰਹੀਆਂ ਸਨ ਅਤੇ ਦੁਪਹਿਰ ਦੀ ਧੁੱਪ ਕਾਰਨ ਫਰੇਜ਼ਰ ਸਤਲੁਜ ਵਾਂਗ ਹੀ ਚਮਕਾਂ ਮਾਰ ਰਿਹਾ ਸੀ। ਪਰ ਇਸ ਵਿਚਲੀ ਆਵਾਜਾਈ ਨੇ ਇਸ ਨੂੰ ਕਿਸੇ ਦੁਰੇਡੀ ਨਵੀਂ ਤੇ ਅਜੀਬ ਦੁਨੀਆਂ ਦਾ ਅੰਗ ਬਣਾ ਦਿਤਾ ਸੀ। ਜਹਾਜ਼ ਖਿੱਚਣ ਵਾਲੀਆਂ ਬਦਸੂਰਤ ਅਗਨ-ਕਿਸ਼ਤੀਆਂ ਆਪਣੀਆਂ ਕਾਲੀਆਂ ਚਿਮਨੀਆਂ ਰਾਹੀਂ ਧੂੰਆਂ ਉਗਲੱਛਦੀਆਂ ਇਕ ਖਿਝਾਊ ਨੀਰਸਤਾ ਪੈਦਾ ਕਰਦੀਆਂ ਇਧਰ ਉਧਰ ਜਾ ਰਹੀਆਂ ਸਨ। ਕਦੇ ਕਦੇ ਇਹ ਨੀਰਸਤਾ ਉਹਨਾਂ ਦੀ ਸੀਟੀ ਦੀ ਤਿੱਖੀ ਅਵਾਜ਼ ਨਾਲ ਟੁੱਟਦੀ। ਉਹ ਆਪਣੇ ਵੱਡੇ ਵੱਡੇ ਸਕਾਓਜ਼ ਨੂੰ ਖਿੱਚੀ ਲਿਜਾ ਰਹੀਆਂ ਸਨ। ਪਾਣੀ ਦੇ ਵਹਾ ਵਲ ਨੂੰ ਜਾਂਦਿਆਂ ਵੱਡੀ ਮਾਤਰਾ ਵਿਚ ਲੱਕੜ ਨਾਲ ਲੱਦੇ ਹੋਣ ਕਾਰਨ ਇਹਨਾਂ ਸਕਾਓਜ਼ ਦਾ ਬਹੁਤ ਥੋੜ੍ਹਾ ਹਿੱਸਾ ਦਿਖਾਈ ਦਿੰਦਾ ਸੀ। ਵਹਾ ਦੇ ਉਲਟ ਜਾਂਦਿਆਂ ਇਹਨਾਂ ਦਾ ਖਾਲੀਪਨ ਅਤੇ ਜੰਗਾਲ ਲੱਗਾ ਹੇਠਲਾ ਹਿੱਸਾ ਬੜਾ ਬੇਢੱਬਾ ਲਗਦਾ ਸੀ। ਕੁਝ ਅਗਨ-ਕਿਸ਼ਤੀਆਂ ਜੰਗਲ ਚੋਂ ਕੱਟ ਕੇ ਲਿਆਂਦੀਆਂ ਤਾਜ਼ਾ ਲਾਲ-ਭੂਰੀਆਂ ਗੇਲੀਆਂ ਜਿਹੜੀਆਂ ਲੋਹੇ ਦੇ ਸੰਗਲਾਂ ਨਾਲ ਇਕੱਠੀਆਂ ਕਰਕੇ ਬੰਨ੍ਹੀਆਂ ਹੋਈਆਂ ਸਨ, ਨੂੰ ਖਿੱਚੀ ਲਿਜਾ ਰਹੀਆਂ ਸਨ। ਲੱਥੇ ਹੋਏ ਰੰਗ ਵਾਲਾ ਜਲਰੇਖਾ ਤੱਕ ਲੱਦਿਆ ਇਕ ਛੋਟਾ ਸਮੁੰਦਰੀ ਜਹਾਜ਼ ਆਪਣਾ ਪੂਰਾ ਜ਼ੋਰ ਲਾਉਂਦਾ ਲੰਘਿਆ।

ਥਕਾਵਟ ਕਾਰਨ ਦੁਖਦੇ ਸਰੀਰ ਨਾਲ ਮਲੂਕੇ ਨੂੰ ਪੁਰਾਣੀ ਆਰਾਮਦਾਇਕ ਦੁਨੀਆ ਦੀ ਯਾਦ ਆਈ ਜਿਹਨੂੰ ਉਹ ਬਹੁਤ ਪਿੱਛੇ ਛੱਡ ਆਇਆ ਸੀ। ਏਡੀ ਦੂਰ ਹੁੰਦਿਆਂ ਵੀ ਬੀਤਿਆ ਸਭ ਕੁਝ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ - ਕਪਾਹ ਅਤੇ ਮੱਕੀ ਦੇ ਲਹਿਲਹਾਉਂਦੇ ਖੇਤ, ਹਰੇ ਭਰੇ ਅੰਬਾਂ ਦੇ ਬਾਗ, ਲੰਬੇ ਲੰਬੇ ਸਿੰਗਾਂ ਅਤੇ ਖੂਬਸੂਰਤ ਪਿੰਡਿਆਂ ਵਾਲੀਆਂ ਮੱਝਾਂ ਅਤੇ ਬਿਨਾਂ ਧੂੜ ਉਡਾਇਆਂ ਚੀਂ ਚੀਂ ਕਰਦੇ ਧੀਮੀ ਚਾਲ ਚੱਲਦੇ ਗੱਡੇ। ਤੀਰ ਦੀ ਤੇਜ਼ੀ ਵਾਂਗ ਇਹ ਮਨੋਹਰ ਦ੍ਰਿਸ਼ ਉਸ ਦੇ ਦਿਮਾਗ ਵਿਚ ਉਜਾਗਰ ਹੋਏ। ਭੀੜ ਭਰੇ ਬਾਜ਼ਾਰਾਂ ਵਿਚ ਰੰਗਦਾਰ ਕਪੜੇ ਪਾਈ ਮਰਦਾਂ ਅਤੇ ਔਰਤਾਂ ਦਾ ਤੁਰਨਾ ਅਤੇ ਉੱਚੀ ਉੱਚੀ ਗੱਲਾਂ ਕਰਨਾ; ਸੜਕ ਕੰਢੇ ਛਾਂ-ਦਾਰ ਦਰੱਖਤਾਂ ਹੇਠਾਂ ਬਹਿ ਮੁਸਾਫਰਾਂ ਦਾ ਆਰਾਮ ਕਰਨਾ ਤੇ ਗੱਪਾਂ ਛੱਪਾਂ ਮਾਰਨਾ। ਲਿਸ਼ਕਦੀਆਂ ਕਾਲੀਆਂ ਅੱਖਾਂ ਅਤੇ ਚਮਕਦੇ ਚਿੱਟੇ ਦੰਦਾਂ ਵਾਲੀਆਂ ਮੁਟਿਆਰਾਂ ਦਾ ਚਰਖਾ ਕੱਤਦੀਆਂ ਦਾ ਗਾਉਣਾ, ਚੰਨ ਚਾਨਣੀ ਵਿਚ ਲਚਕਦਾਰ ਅਤੇ ਭੁਰੇ ਪਿੰਡਿਆਂ ਵਾਲੇ ਮੁੰਡਿਆਂ ਦਾ ਕਬੱਡੀ ਖੇਡਣਾ, ਅਤੇ ਸਾਰੇ ਟੱਬਰ ਦਾ ਧੀਮੀ ਲੋਅ ਵਿਚ ਚੁੱਲ੍ਹੇ ਮੁਹਰੇ ਬੈਠ ਰੋਟੀ ਖਾਣਾ। ਇਹ ਸਭ ਖੁਸ਼ੀਆਂ ਭਰੇ ਦ੍ਰਿਸ਼ ਉਹਦੀ ਯਾਦ ਵਿਚ ਕਿੰਨੇ ਸਾਫ ਅਤੇ ਸਪੱਸ਼ਟ ਸਨ ਪਰ ਕਿੰਨੇ ਦੂਰ ਸਨ। ਇਸ ਦੂਰੀ ਨੇ ਉਹਦਾ ਮਨ ਉਦਾਸ ਕਰ ਦਿੱਤਾ।

ਮਿੱਲ ਵਿਚ ਕੰਮ ਕਰਨ ਵਾਲਿਆਂ ਲਈ ਇਹ ਆਰਾਮ ਕਰਨ ਦਾ ਸਮਾਂ ਸੀ ਅਤੇ ਸਾਰਿਆਂ ਨਾਲੋਂ ਜਿ਼ਆਦਾ ਮਲੂਕੇ ਨੂੰ ਇਸ ਦੀ ਲੋੜ ਸੀ। ਸੀਗਲ ਹੁਣ ਫਿੱਕੇ ਪੈ ਚੁੱਕੇ ਭੂਰੇ ਰੰਗ ਦੀਆਂ ਇਮਾਰਤਾਂ ਦੀਆਂ ਗੋਲਾਈਦਾਰ ਅਤੇ ਚਪਟੀਆਂ ਟੀਸੀਆਂ ਤੇ ਆ ਬੈਠੇ ਸਨ ਜੋ ਉਹਨਾਂ ਦੀਆਂ ਬਿੱਠਾਂ ਨਾਲ ਭਰੀਆਂ ਪਈਆਂ ਸਨ। ਪਰ ਉਹਨਾਂ ਚੋਂ ਬਹੁਤੇ ਰੱਦ ਕੀਤੇ ਲੋਹੇ ਦੇ ਪਿੰਜਰੇ ਦੀਆਂ ਜੰਗਾਲ ਖਾਧੀਆਂ ਸਲਾਖਾਂ ਤੇ ਛੋਟੀਆਂ ਛੋਟੀਆਂ ਕਤਾਰਾਂ ਵਿਚ ਬੈਠੇ ਸਨ। ਇਹ ਲੋਹੇ ਦਾ ਪਿੰਜਰਾ ਕਦੇ ਲੱਕੜ ਦੀਆਂ ਇੱਟਾਂ ਉੱਪਰ ਜਰਮਨਾਸ਼ਕ ਦਵਾਈ ਛਿੜਕਣ ਲਈ ਵਰਤਿਆ ਜਾਂਦਾ ਸੀ। ਇਹਨਾਂ ਇੱਟਾਂ ਸਦਕਾ ਵੈਨਕੂਵਰ ਦੀਆਂ ਗਲੀਆਂ ਜਲ ਅਤੇ ਥਲ ਵਿਚ ਰਹਿਣ ਵਾਲੇ ਇਕ ਅਜੀਬ ਜਾਨਵਰ ਦੀ ਪੇਪੜੀਦਾਰ ਪਿੱਠ ਵਾਂਗ ਲਗਦੀਆਂ ਸਨ। ਸਬਜ਼ੀਆਂ ਵੇਚਣ ਵਾਲਾ ਚੀਨਾ ਚਾਰਲੀ, ਆਪਣੀ ਖਾਲੀ ਬੇੜੀ ਦਰਿਆ ਦੇ ਘਸਮੈਲੇ ਪਾਣੀਆਂ ਵਿਚਕਾਰ ਹਰਿਆਲੀ ਭਰਪੂਰ ਧਰਤੀ, ਲੂਲੂ ਆਈਲੈਂਡ ਨੂੰ ਲਿਜਾ ਰਿਹਾ ਸੀ। ਉਸ ਦੀ ਰਫਤਾਰ ਤੋਂ ਲਗਦਾ ਸੀ ਕਿ ਘਰ ਪਹੁੰਚਣ ਲਈ ਉਸ ਕੋਲ ਸਾਰਾ ਲੌਢਾ ਵੇਲਾ ਬਾਕੀ ਹੈ। ਜੰਗਲੀ ਗੁਲਾਬ ਦੇ ਦੁਆਲੇ ਮੱਖੀਆਂ ਦੀ ਭਿੰਨ ਭਿੰਨ ਮਲੂਕੇ ਨੂੰ ਸੁਣਾਈ ਨਹੀਂ ਦਿੱਤੀ ਅਤੇ ਪਾਪਲਰ ਦੇ ਗੋਲ ਮੋਟੇ ਪੱਤੇ ਹੌਲੀ ਹੌਲੀ ਹਿੱਲ ਰਹੇ ਸਨ। ਉਸ ਨੂੰ ਇੰਜ ਜਾਪਿਆ ਕਿ ਕੌਨਫਰ ਦੀਆਂ ਨੁਕੀਲੀਆਂ ਪੱਤੀਆਂ ਨੇ ਅਕਾਸ਼ ਵਲ ਵਧਣਾ ਬੰਦ ਕਰ ਦਿੱਤਾ ਸੀ। ਅਤੇ ਫਰੇਜ਼ਰ ਦਰਿਆ ਇਕ ਥਕੇਵੇਂ ਭਰੇ ਵਹਾ ਨਾਲ ਵਗ ਰਿਹਾ ਸੀ।

ਪੰਜ ਮਿੰਟ ਰਹਿੰਦਿਆਂ ਵਾਲੀ ਤਿੱਖੀ ਤੇ ਨਿੱਕੀ ਵਿਸਲ ਨੇ ਮਲੂਕੇ ਦਾ ਸੁਪਨ-ਸੰਸਾਰ ਭੰਗ ਕਰ ਦਿੱਤਾ। ਇਸ ਵਿਸਲ ਤੇ ਸਿੱਖ ਮਜ਼ਦੂਰ ਇਸ ਤਰ੍ਹਾਂ ਉੱਠੇ ਜਿਵੇਂ ਫੌਜੀ ਵਿਗਲ ਬੱਜੇ ਤੇ ਉੱਠਦੇ ਹਨ ਕਿਉਂਕਿ ਉਹਨਾਂ ਵਿਚੋਂ ਬਹੁਤੇ ਕੈਨੇਡਾ ਆਉਣ ਤੋਂ ਪਹਿਲਾਂ ਅੰਗਰੇਜ਼ ਫੌਜ ਵਿਚ ਰਹਿ ਚੁੱਕੇ ਸਨ। ਕੁਝ ਪਲਾਂ ਵਿਚ ਹੀ ਉਹ ਖੜੇ ਹੋ ਗਏ ਸਨ ਅਤੇ ਆਪਣੇ ਦਸਤਾਨਿਆਂ ਅਤੇ ਚਮੜੇ ਦੇ ਭਾਰੀ ਐਪਰਨਾਂ ਨੂੰ ਲੱਕ ਦੁਆਲੇ ਬੰਨ੍ਹਣ ਲੱਗ ਪਏ ਸਨ।

ਪਾਰਨਰ! ਜਾਣ ਦਾ ਟੈਮ ਹੋ ਗਿਆ, ਨੱਥਾ ਸਿੰਘ ਨੇ ਸੂਬੇਦਾਰਾਂ ਵਾਲੇ ਹੁਕਮੀ ਲਹਿਜੇ ਨਾਲ ਮਲੂਕੇ ਨੂੰ ਕਿਹਾ। ਉਹ ਜਾਣਦਾ ਸੀ ਕਿ ਪੰਜਾਬ ਦੇ ਇਕ ਪਿੰਡ ਦੀ ਸੁਸਤ ਜਿ਼ੰਦਗੀ ਚੋਂ ਇਸ ਨਵੀਂ ਦੁਨੀਆ ਦੀ ਇਕ ਮਿੱਲ ਦੀ ਭਾਜੜ ਭਰੀ ਜਿ਼ੰਦਗੀ ਵਿਚ ਆ ਮਲੂਕਾ ਇਕੱਲਾ ਇਕੱਲਾ ਅਤੇ ਬੌਂਦਲਿਆ ਹੋਇਆ ਮਹਿਸੂਸ ਕਰਦਾ ਸੀ। ਉਹ ਕੁੱਕ ਹਾਊਸ ਦੀ ਤਾਕੀ ਥਾਣੀ ਮਲੂਕੇ ਨੂੰ ਦਰਿਆ ਵਲ ਇਕ ਖਾਲੀ ਨਿਗਾਹ ਨਾਲ ਝਾਕਦੇ ਨੂੰ ਦੇਖਦਾ ਰਿਹਾ ਸੀ।

ਨੱਥਾ ਸਿੰਘ ਨੇ ਬਜ਼ੁਰਗਾਨਾ ਸਰੋਕਾਰ ਨਾਲ ਮਲੂਕੇ ਨੂੰ ਕਿਹਾ, ਮਲੂਕਿਆ ਤੂੰ ਜਵਾਨ ਆ ਤੇ ਜਵਾਨੀ ਇਕ ਦਰਿਆ ਵਾਂਗ ਹੁੰਦੀ ਹੈ ਜੋ ਹਮੇਸ਼ਾਂ ਅੱਗੇ ਵਲ ਹੀ ਵਹਿੰਦਾ ਹੈ।

ਪਰ ਦਰਿਆ ਕੋਲ ਯਾਦਾਂ ਨਹੀਂ ਹੁੰਦੀਆਂ, ਮਲੂਕੇ ਨੇ ਉਦਾਸੀ ਨਾਲ ਕਿਹਾ।

ਇਸ ਕੋਲ ਯਾਦਾਂ ਹਨ, ਨੱਥਾ ਸਿੰਘ ਨੇ ਜ਼ੋਰ ਦੇ ਕੇ ਕਿਹਾ, ਪਰ ਇਹ ਉਹਨਾਂ ਦੇ ਵਹਿਣਾ ਵਿਚ ਨਹੀਂ ਵਹਿੰਦਾ। ਇਹ ਉਹਨਾਂ ਨੂੰ ਚੁੱਪਚਾਪ ਆਪਣੇ ਵਹਾ ਵਿਚ ਸਮੇਟੀ ਵਗਦਾ ਹੈ। ਭਾਵੇਂ ਇਹ ਯਾਦਾਂ ਕਿੰਨੀਆਂ ਵੀ ਤਿੱਖੀਆਂ ਅਤੇ ਤਾਜ਼ਾ ਹੋਣ ਇਹ ਪਹਾੜ ਵਲ ਵਾਪਸ ਨਹੀਂ ਜਾ ਸਕਦਾ। ਇਸ ਲਈ ਇਹ ਗੀਤ ਗਾਉਂਦਾ ਸਮੁੰਦਰ ਵਿਚ ਜਾ ਡਿੱਗਦਾ ਹੈ।

ਮਲੂਕਾ ਭਰੇ ਹੋਏ ਮਨ ਨਾਲ ਉੱਠਿਆ।

ਮੇਰੇ ਵਲ ਦੇਖ, ਨੱਥਾ ਸਿੰਘ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ, ਮੈਂ ਦਿਨੋਂ ਦਿਨ ਬੁੱਢਾ ਹੋਈ ਜਾਂਦਾ ਹਾਂ ਫਿਰ ਵੀ ਮੈਂ ਭਵਿੱਖ ਵਲ ਦੇਖਦਾ ਹਾਂ। ਹਰ ਇਕ ਵਾਂਗ ਮੈਂ ਆਪਣਾ ਭੂਤ ਆਪਣੇ ਅੰਦਰ ਸਮੇਟੀ ਫਿਰਦਾ ਹਾਂ, ਅਤੇ ਕਦੇ ਕਦੇ ਇਸ ਦਾ ਭਾਰ ਬਹੁਤ ਭਾਰਾ ਲੱਗਣ ਲੱਗਦਾ ਹੈ ਪਰ ਮੈਂ ਉਸ ਬਾਰੇ ਬਾਹਲੀ ਚਿੰਤਾ ਨਹੀਂ ਕਰਦਾ।

ਉਹ ਵੱਡੀ ਡੀਲ ਡੌਲ ਵਾਲਾ ਮਜ਼ਬੂਤ ਆਦਮੀ ਸੀ ਜਿਸ ਦੀ ਸਫਾਈ ਨਾਲ ਬੰਨ੍ਹੀ ਕਾਲੀ ਦਾਹੜੀ ਉਸ ਨੂੰ ਧੋਖਾ ਨਹੀਂ ਸੀ ਦਿੰਦੀ। ਦਾਹੜੀ ਉਹਨੇ ਮਾਲਕਾਂ ਨੂੰ ਬੇਵਕੂਫ ਬਨਾਉਣ ਲਈ ਰੰਗੀ ਹੋਈ ਸੀ ਕਿਉਂਕਿ ਉਹ ਇਕ ਬੁੱਢੇ ਆਦਮੀ ਨੂੰ ਕੰਮ ਤੇ ਨਹੀਂ ਸੀ ਰੱਖਦੇ।

ਮਲੂਕੇ ਨੂੰ ਉਸ ਦੀਆਂ ਗੱਲਾਂ ਸੁਣ ਹੌਸਲਾ ਅਤੇ ਬੱਲ ਮਿਲਿਆ।

ਯੰਗ ਮੈਨ, ਸਿਰਫ ਪੰਜ ਘੰਟੇ ਹੋਰ ਰਹਿੰਦੇ ਆ ਨੱਥਾ ਸਿੰਘ ਨੇ ਭਰਵੀਂ ਮੁਸਕਰਾਹਟ ਨਾਲ ਮਲੂਕੇ ਨੂੰ ਹੌਂਸਲਾ ਦਿੱਤਾ। ਅੱਜ ਓਵਰਟਾਇਮ ਹੈ ਨਹੀਂ।

ਛੇਤੀ ਹੀ ਉਹ ਕਾਲੀਆਂ ਪੱਗਾਂ ਅਤੇ ਦਾਹੜੀਆਂ ਅਤੇ ਨੀਲੀਆਂ ਡਾਂਗਰੀਆਂ ਪਾਈ ਲੰਬਰ ਯਾਰਡ ਵਿਚ ਦੀ ਮਿੱਲ ਦੇ ਅੰਦਰ ਜਾਂ ਬਾਹਰ ਆਪਣੇ ਕੰਮਾਂ ਵਾਲੀ ਥਾਂ ਨੂੰ ਕਾਹਲੀ ਕਾਹਲੀ ਤੁਰੇ ਜਾਂਦੇ ਲੋਕਾਂ ਨਾਲ ਜਾ ਮਿਲੇ। ਯਾਰਡ ਦੇ ਦੂਜੇ ਪਾਸਿਓਂ ਚੀਨਿਆਂ ਦੇ ਕੁਕ-ਹਾਊਸ ਵਿਚੋਂ ਕੰਮ ਕਰਨ ਵਾਲੇ ਚੀਨੇ (ਜਿਹਨੂੰ ਗੋਰੇ ਚਿੰਕਸ ਕਹਿੰਦੇ ਸਨ) ਆਉਂਦੇ ਦਿਖਾਈ ਦਿੱਤੇ ਅਤੇ ਗੋਰੇ ਕਾਮੇ ਗੋਰਿਆਂ ਦੇ ਬੰਕ ਹਾਊਸ ਚੋਂ, ਜੋ ਥੋੜ੍ਹੀ ਦੂਰ ਦਰਿਆ ਦੇ ਨੇੜੇ ਸੀ, ਵਿਚੋਂ ਨਿਕਲਦੇ ਦਿਖਾਈ ਦਿੱਤੇ।

ਦੋ ਮਿੰਟਾਂ ਵਿਚ ਮਿੱਲ ਦੇ ਸਾਰੇ ਦੇ ਸਾਰੇ ਆਰੇ, ਹੈੱਡ ਸਾਅ, ਐਜਰ ਦੇ ਛੋਟੇ ਅਤੇ ਤਾਕਤਵਰ ਆਰੇ, ਬੈਂਡ ਸਾਅ, ਰੀ-ਸਾਅ ਅਤੇ ਟਰਿੱਮ ਸਾਅ, ਆਰਿਆਂ ਦੀ ਲੰਬੀ ਕਤਾਰ ਜਿਹੜੀ ਗੇਲੀ ਦੇ ਸਿਰਿਆਂ ਦੀ ਮਾੜੀ ਲੱਕੜ ਨੂੰ ਅੱਗ ਬਾਲਣ ਲਈ ਛੋਟੇ ਛੋਟੇ ਹਿੱਸਿਆਂ ਵਿਚ ਕੱਟਦੀ ਸੀ, ਸਭ ਆਪਣੀ ਪੂਰੀ ਰਫਤਾਰ ਨਾਲ ਘੁੰਮਣ ਅਤੇ ਘੁੂਕਣ ਲੱਗੇ। ਵੱਖਰੀਆਂ ਚੇਨਾਂ ਦੀ ਚੀਂ ਚੀਂ ਅਤੇ ਟੁਣਕਾਰ ਨਾਲ ਅਤੇ ਰੋਲਰਾਂ ਦੀ ਘੂਕਰ ਨਾਲ ਮਿੱਲ ਅੰਦਰ ਏਨਾ ਰੌਲਾ ਵੱਧ ਗਿਆ ਕਿ ਦੁਪਹਿਰ ਬਾਦ ਦਾ ਕੰਮ ਸ਼ੁਰੂ ਕਰਨ ਦੀ ਲੰਮੀ ਸੀਟੀ ਮਸਾਂ ਹੀ ਸੁਣੀ।

ਫਰ ਦੇ ਸੋਹਣੇ ਦਰੱਖਤ ਜਿਹੜੇ ਕਦੇ ਜੰਗਲ ਵਿਚ ਭਗਤਾਂ ਵਾਂਗ ਸਿੱਧੇ ਖੜੋਤੇ ਸਨ ਹੁਣ ਰੁੰਡ ਮਰੁੰਡ ਹੋਏ ਲਾਸ਼ਾਂ ਵਾਂਗ ਗੇਲੀਆਂ ਵਾਲੇ ਅੱਡੇ ਤੇ ਪਏ ਸਨ। ਸਾਅਇਰ (ਲੱਕੜੀ ਚੀਰਨ ਵਾਲਾ) ਇਕ ਲੀਵਰ ਨੂੰ ਹਿਲਾਉਣ ਨਾਲ ਵਾਰੋ ਵਾਰੀ ਹਰ ਗੇਲੀ ਨੂੰ ਕੈਰਿਜ ਤੇ ਚਾੜ੍ਹਦਾ, ਤੇ ਭਾਫ ਨਾਲ ਚਲਣ ਵਾਲੇ ਨਿੱਗਰ ਦੀ ਮੱਦਦ ਨਾਲ ਰੁੱਖਸਿਰ ਕਰਦਾ ਅਤੇ ਡੌਗਰ ਦੀ ਮਦਦ ਨਾਲ ਉਹਨੂੰ ਉੱਥੇ ਥਾਂ ਸਿਰ ਰੱਖਦਾ ਹੋਇਆ ਗੇਲੀ ਨੂੰ ਤੇਜ਼ੀ ਨਾਲ ਹੈੱਡ ਸਾਅ ਵਲ ਚੀਰਨ ਲਈ ਲੈ ਜਾਂਦਾ। ਹੈੱਡ ਸਾਅ ਗੇਲੀ ਨੂੰ ਸਲੈਬਾਂ, ਮੋਟੇ ਮੋਟੇ ਅਤੇ ਚੌੜੇ ਸ਼ਤੀਰਾਂ, ਅਤੇ ਰੇਤ ਵਾਂਗ ਉਡਦੇ ਬੂਰੇ ਵਿਚ ਕੱਟੀ ਜਾਂਦਾ। ਸਿਰਫ ਗੇਲੀ ਦਾ ਲਾਲ ਭੂਰਾ ਵਿਚਲਾ ਹਿੱਸਾ ਹੀ ਅਗਾਂਹ ਦੀ ਕੱਟ ਵੱਢ ਤੋਂ ਬਚਦਾ, ਰੋਲਰਾਂ ਦੀ ਲੰਬੀ ਕਤਾਰ ਉਤੋਂ ਦੀ ਹੁੰਦਾ ਹੋਇਆ ਸ਼ਾਨ ਨਾਲ ਮਿੱਲ ਦੇ ਬਾਹਰ ਚਲਾ ਜਾਂਦਾ। ਬਾਕੀ ਹਿੱਸੇ ਵੱਖ ਵੱਖ ਮਸ਼ੀਨਾਂ ਵਿਚ ਦੀ ਹੁੰਦੇ ਹੋਏ ਉਸ ਦਿਨ ਦੇ ਆਰਡਰ ਮੁਤਾਬਕ ਆਪਣਾ ਰੂਪ ਬਦਲਦੇ ਆਖਿਰ ਨੂੰ ਚੇਨ ਤੇ ਆ ਡਿੱਗਦੇ। ਖੁਰਦਰੇ ਸਿਰਿਆਂ ਦੇ ਵੱਢ ਹੋਣ ਤੋਂ ਬਾਅਦ ਫੱਟੇ, ਗੰਜੇ ਸਿਰ ਅਤੇ ਸਟੀਲ ਦੇ ਫਰੇਮ ਵਾਲੀਆਂ ਐਨਕਾਂ ਵਾਲੇ ਗਰੀਕੀ ਗਰੇਡਰ, ਗੱਸ ਕੋਲ ਆ ਪਹੁੰਚਦੇ, ਜਿਹੜਾ ਆਪਣੇ ਕਾਲੇ ਚਾਕ ਨਾਲ ਉਹਨਾਂ ਉੱਪਰ ਵੱਖ-ਵੱਖ ਨਿਸ਼ਾਨ ਲਾਉਂਦਾ। ਇਹਨਾਂ ਨਿਸ਼ਾਨ ਲੱਗਿਆਂ ਫੱਟਿਆ ਨੂੰ ਸਿੱਖ ਮਜ਼ਦੂਰ ਗਰੀਨ ਚੇਨ ਦੇ ਦੋਵੇਂ ਪਾਸੇ ਖੜ੍ਹੀਆਂ ਪਹੀਆਂ ਵਾਲੀਆਂ ਰੇੜ੍ਹੀਆਂ ਵਿਚ ਖਿੱਚ ਕੇ ਰੱਖਦੇ।

ਮਲੂਕੇ ਦਾ ਕੰਮ ਚੇਨ ਤੋਂ ਪਾਣੀ ਨਾਲ ਗੜੁੱਚ ਅਤੇ ਅੱਧ ਗਲੀ ਨਖਿੱਧ ਲੱਕੜ ਨੂੰ ਖਿੱਚਣ ਦਾ ਸੀ। ਜਦੋਂ ਗੇਲੀਆਂ ਮਾੜੀਆਂ ਹੁੰਦੀਆਂ ਤਾਂ ਇਹ ਨਖਿੱਧ ਲੱਕੜ ਜਿ਼ਆਦਾ ਮਾਤਰਾ ਵਿਚ ਚੇਨ ਤੇ ਆਉਂਦੀ।

ਗਰੀਕੀ ਨੂੰ ਚੱਜ ਨਾਲ ਦਿਸਦਾ ਨਹੀਂ, ਮਲੂਕੇ ਦੀ ਮਦਦ ਕਰਨ ਆਏ ਨੱਥਾ ਸਿੰਘ ਨੇ ਦੱਸਿਆ। ਉਹ ਨਖਿੱਧ ਲੱਕੜੀ ਤੇ ਛ ਦਾ ਨਿਸ਼ਾਨ ਲਾਈ ਜਾਂਦਾ ਏ ਜਦ ਕਿ ਉਹਨੂੰ ੍ਰ ਦਾ ਨਿਸ਼ਾਨ ਲਾਉਣਾ ਚਾਹੀਦਾ।

ਹਾਂ ਇਸ ਵਿਚ ਕੁੱਝ ਚੰਗੀਆਂ ਲੱਕੜਾਂ ਵੀ ਹਨ, ਮਲੂਕੇ ਨੇ ਸਹਿਮਤ ਹੁੰਦਿਆਂ ਕਿਹਾ। ਅਸੀਂ ਕਈ ਜਿਹੜੇ ਅੱਠਾਂ-ਅੱਠਾਂ, ਦਸਾਂ-ਦਸਾਂ ਸਾਲਾਂ ਦੇ ਗਰੀਨ ਚੇਨ ਤੇ ਕੰਮ ਕਰਦੇ ਆਂ, ਗੱਸ ਨਾਲੋਂ ਵਧੀਆ ਗਰੇਡਿੰਗ ਕਰ ਸਕਦੇ ਆਂ, ਰੇੜ੍ਹੀ ਤੇ ਫੱਟੇ ਠੀਕ ਕਰਦਿਆਂ ਨੱਥਾ ਸਿੰਘ ਨੇ ਗੱਲ ਅੱਗੇ ਤੋਰੀ। ਪਰ ਸਾਨੂੰ ਜਾਂ ਕਿਸੇ ਹੋਰ ਏਸ਼ੀਅਨ ਨੂੰ ਇਹ ਕਦੇ ਵੀ ਗਰੇਡਰ ਜਾਂ ਯਾਰਡ ਵਿਚ ਟਾਲੀ ਮੈਨ ਨਹੀਂ ਰੱਖਣਗੇ ਭਾਵੇਂ ਉਹ ਕਿੰਨਾ ਵੀ ਵਧੀਆ ਕੰਮ ਜਾਣਦਾ ਹੋਵੇ। ਨਾ ਹੀ ਉਹਨਾਂ ਨੂੰ ਮਸ਼ੀਨ ਚਲਾਉਣ ਦੀ ਆਗਿਆ ਹੈ, ਉਹ ਥੋੜ੍ਹਾ ਚਿਰ ਰੁਕ ਕੇ ਬੜੀ ਉਦਾਸੀ ਨਾਲ ਬੋਲਿਆ ਜਿਵੇਂ ਕਿਸੇ ਪਹੁੰਚ ਤੋਂ ਬਾਹਰ ਵਾਲੀ ਚੀਜ਼ ਬਾਰੇ ਗੱਲਬਾਤ ਕਰ ਰਿਹਾ ਹੋਵੇ।

ਮਲੂਕੇ ਨੂੰ ਇਹ ਗੱਲ ਬੜੀ ਓਪਰੀ ਲੱਗੀ ਪਰ ਉਹ ਚੁੱਪ ਰਿਹਾ। ਉਹ ਤੇਜ਼ ਚਲਦੀ ਚੇਨ ਤੋਂ ਆਪਣੇ ਨਿਸ਼ਾਨ ਵਾਲੇ ਫੱਟੇ ਖਿੱਚਣ ਵਿਚ ਹੀ ਰੁੱਝਿਆ ਹੋਇਆ ਸੀ ਅਤੇ ਚੇਨ ਕਿਸਮਤ ਵਾਂਗ ਅਟੱਲ ਅਤੇ ਅਮੋੜ ਚੱਲੀ ਜਾ ਰਹੀ ਸੀ। ਜੇ ਕੋਈ ਫੱਟਾ ਉਸਦੇ ਕੋਲੋਂ ਲੰਘ ਕੇ ਚੇਨ ਦੇ ਸਿਰੇ ਤੋਂ ਹੇਠਾਂ ਡਿੱਗ ਪੈਂਦਾ ਸੀ ਤਾਂ ਉਸ ਨੂੰ ਬੜੀ ਸ਼ਰਮ ਮਹਿਸੂਸ ਹੁੰਦੀ। ਸ਼ਰਮ ਦੇ ਨਾਲ ਨਾਲ, ਫੱਟੇ ਨੂੰ ਚੇਨ ਦੇ ਸਿਰੇ ਤੋਂ ਚੁੱਕ ਸਹੀ ਰੇੜ੍ਹੀ ਤੇ ਰੱਖਣਾ ਪੈਂਦਾ ਸੀ ਜਿਸ ਨਾਲ ਕੰਮ ਵੱਧ ਜਾਂਦਾ ਸੀ।

ਨੱਥਾ ਸਿੰਘ ਦੀ ਗੱਲਬਾਤ ਵਿਚ ਗੁੱਸਾ ਜਾਂ ਈਰਖਾ ਨਹੀਂ ਸੀ। ਕੰਮਾਂ ਤੇ ਹੁੰਦੇ ਏਡੇ ਵਿਤਕਰੇ ਬਾਰੇ ਉਸ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਮੌਸਮ ਬਾਰੇ ਗੱਲ ਕਰ ਰਿਹਾ ਹੋਵੇ। ਉਸਦੀ ਅਵਾਜ਼ ਵਿਚ ਰੋਸੇ ਦਾ ਨਿਸ਼ਾਨ ਤੱਕ ਨਹੀਂ ਸੀ। ਉਹ ਖੁਸ਼ ਸੀ ਕਿ ਉਸ ਦਾ ਕੰਮ ਛੱਤ ਥੱਲੇ ਹੈ ਭਾਵੇਂ ਕਿ ਇਹ ਕੰਮ ਉਸ ਦੀ ਉਮਰ ਦੇ ਆਦਮੀ ਲਈ ਕਾਫੀ ਸਖਤ ਸੀ। ਇਸ ਇਲਾਕੇ ਵਿਚ ਮੀਂਹ ਕਾਫੀ ਪੈਂਦੇ ਸਨ ਜਿਸ ਕਰਕੇ ਕਦੇ ਕਦੇ ਹਵਾ ਵਿਚ ਸਿੱਲ੍ਹ ਦੀ ਮਾਤਰਾ ਕਾਫੀ ਵੱਧ ਜਾਂਦੀ। ਇਹ ਸਿੱਲ੍ਹ ਉਸਦੇ ਗਠੀਏ ਦੇ ਰੋਗ ਲਈ ਮਾੜੀ ਸੀ ਇਸੇ ਕਰਕੇ ਉਹ ਬਾਹਰ ਖੁਲ੍ਹੇ ਅਸਮਾਨ ਹੇਠ ਕੰਮ, ਜਿਹੜਾ ਗਰੀਨ ਚੇਨ ਦੇ ਕੰਮ ਤੋਂ ਸੌਖਾ ਸੀ, ਨਹੀਂ ਸੀ ਕਰ ਸਕਦਾ। ਉਸ ਨੂੰ ਘੰਟੇ ਦੇ ਪੱਚੀ ਸੈਂਟ ਮਿਲਦੇ ਸਨ ਜਿਹੜੇ ਬਾਹਰ ਯਾਰਡ ਵਿਚ ਕੰਮ ਕਰਨ ਵਾਲਿਆਂ ਨਾਲੋਂ ਤਿੰਨ ਸੈਂਟ ਅਤੇ ਮਲੂਕੇ ਨਾਲੋਂ ਸੱਤ ਸੈਂਟ ਜਿ਼ਆਦਾ ਸਨ। ਗੋਰਿਆਂ ਨੂੰ ਇਸ ਹੀ ਕੰਮ ਦੇ ਪੰਜ ਤੋਂ ਅੱਠ ਸੈਂਟ ਤਕ ਵੱਧ ਮਿਲਦੇ ਸਨ। ਉਸ ਨੂੰ ਮਿਲਦੀ ਮਹੀਨੇ ਦੀ ਤਨਖਾਹ, ਭਾਰਤੀ ਅੰਗਰੇਜ਼ ਫੌਜ ਵਿਚ ਇਕ ਸੂਬੇਦਾਰ ਨੂੰ ਮਿਲਦੀ ਤਨਖਾਹ ਨਾਲੋਂ ਬਹੁਤੀ ਜਿ਼ਆਦਾ ਨਹੀਂ ਸੀ। ਪਰ ਜਿਸ ਗੱਲ ਦੀ ਉਸ ਨੂੰ ਖੁਸ਼ੀ ਸੀ ਉਹ ਇਹ ਸੀ ਕਿ ਦਿਨ ਦੇ ਅਖੀਰ ਤੇ ਨਹਾਉਣ ਲਈ ਗਰਮ ਪਾਣੀ ਅਤੇ ਵਿਸਕੀ ਦੀ ਬੋਤਲ ਥਕਾਵਟ ਲਾਹੁਣ ਲਈ ਉਸ ਦੀ ਉਡੀਕ ਕਰਦੀ ਸੀ। ਇਸ ਦੇ ਨਾਲ ਹੀ ਬੰਕ ਹਾਊਸ ਵਿਚ ਖੁਸ਼ ਮਿਜਾਜ਼ ਮਾਹੌਲ ਸੀ। ਲੋਕੀਂ ਇਕ ਦੂਜੇ ਨਾਲ ਅਪਣਤ ਨਾਲ ਗੱਲਬਾਤ ਕਰਦੇ ਅਤੇ ਇਕ ਦੂਜੇ ਦੇ ਰੌਂਅ ਅਤੇ ਭਾਵਨਾਵਾਂ ਦਾ ਖਿਆਲ ਰੱਖਦੇ। ਮਾੜੇ-ਮੋਟੇ ਲੜਾਈ ਝਗੜਿਆਂ ਦੇ ਬਾਵਜੂਦ ਉਹ ਹਮੇਸ਼ਾਂ ਇਕ ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ।

ਉਹ ਮਲੂਕੇ ਨੂੰ ਸੰਤੁਸ਼ਟਤਾ ਨਾਲ ਦੱਸਦਾ, ਕੋਈ ਸ਼ਕਾਇਤ ਨਹੀਂ। ਜਿ਼ੰਦਗੀ ਬੜੀ ਵੱਧੀਐ।

ਗੇਲੀਆਂ ਮੁਤਾਬਕ ਕਦੀ ਇਕ ਕਦੀ ਦੂਜੇ ਨਿਸ਼ਾਨ ਵਾਲੇ ਫੱਟਿਆਂ ਦੇ ਪੂਰਾਂ ਦੇ ਪੂਰ ਆਉਂਦੇ ਪਰ ਸਾਰੇ ਸਿੱਖ ਮਜ਼ਦੂਰ ਇਕ ਦੂਜੇ ਦਾ ਕੰਮ ਰਲ ਮਿਲਕੇ ਕਰਦੇ। ਕੰਮ ਕਰਦੇ ਉੱਚੀ ਉੱਚੀ ਗੱਲਾਂ ਕਰਦੇ ਜਿਵੇਂ ਉਹ ਪਿੰਡ ਗੋਡੀ ਕਰਦੇ ਕਰਿਆ ਕਰਦੇ ਸਨ ਜਾਂ ਹਲ ਦਾ ਮੁੰਨਾ ਫੜੀ ਬਲਦਾਂ ਨੂੰ ਹੱਕਦੇ ਸਨ। ਇਕੱਠੇ ਹੋ ਕੇ ਕੰਮ ਕਰਨ ਨੂੰ ਉਹ ਰਲ ਕੇ ਦੁਸ਼ਮਣਾਂ ਤੇ ਹੱਲਾ ਬੋਲਣ ਵਾਂਗ ਮਾਣਦੇ, ਤਣਾਅ ਭਰਪੂਰ ਸਮੇਂ ਲਲਕਾਰਾ ਮਾਰਦੇ ਜਿਵੇਂ ਉਹ ਆਖਰੀ ਚੋਟ ਸਮੇਂ ਇਕ ਦੂਜੇ ਤੋਂ ਵਿਤੋਂ ਵੱਧ ਆਸ ਕਰ ਰਹੇ ਹੋਣ। ਸਾਅਇਰ ਅਤੇ ਬੈਂਡ ਸਾਅ ਵਾਲਾ ਆਰੇ ਬਦਲਣ ਲਈ ਕੁਝ ਚਿਰ ਰੁਕੇ ਤਾਂ ਕੁਝ ਚਿਰ ਬਾਅਦ ਚੇਨ ਤੇ ਆਉਂਦੇ ਫੱਟੇ ਘਟ ਗਏ। ਸੌਖ ਨਾਲ ਗੱਲਾਂ ਕਰਨ ਲਈ ਸਾਰੇ ਇਕ ਦੂਜੇ ਦੇ ਨੇੜੇ ਆ ਗਏ।

ਨੱਥਿਆ, ਬੜਾ ਸੁਨੱਖਾ ਹਿੰਦੂ ਮੁੰਡਾ ਬਈ ਗਰੇਡਰ ਨੇ ਕਾਮੀ ਅਵਾਜ਼ ਵਿਚ ਕਿਹਾ। ਉਸ ਦੀਆਂ ਚੁੰਨ੍ਹੀਆਂ ਅੱਖਾਂ ਐਨਕ ਦੇ ਸ਼ੀਸਿ਼ਆਂ ਪਿਛੋਂ ਮਸਾਂ ਹੀ ਦਿਖਾਈ ਦਿੰਦੀਆਂ ਸਨ। ਕਾਸ਼ ਮੇਰੇ ਨਾਲ ਕੰਮ ਕਰਨ ਵਾਲਾ ਵੀ ਇਹੋ ਜਿਹਾ ਹੁੰਦਾ, ਚੇਹਰੇ ਤੇ ਕਾਮੀ ਮੁਸਕਰਾਹਟ ਲਿਆਉਂਦਾ ਉਹ ਬੋਲਿਆ।

ਸਾਲਾ ਲੁੱਚਾ ਗਰੀਕ, ਦੋ ਇੰਚ ਮੋਟੇ ਤੇ ਬਾਰਾਂ ਇੰਚ ਚੌੜੇ ਸਾਫ ਅਤੇ ਫਰ ਦੀ ਤਾਜ਼ੀ ਮਹਿਕ ਵਾਲੇ ਫੱਟੇ ਨੂੰ ਖਿਚਣ ਜਾਂਦਾ ਨੱਥਾ ਸਿੰਘ ਬੁੜਬੁੜਾਇਆ। ਛੇਤੀ ਹੀ ਉਗੜ ਦੁਗੜ ਫੱਟਿਆਂ ਦੇ ਢੇਰ ਚੇਨ ਤੇ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਨੂੰ ਖਿੱਚਣ ਲਈ ਪੂਰੇ ਤਾਣ ਦੀ ਜ਼ਰੂਰਤ ਸੀ। ਹਰ ਇਕ ਆਪਣੇ ਨਿਸ਼ਾਨ ਵਾਲੇ ਫੱਟੇ ਖਿੱਚਣ ਲਈ ਸਿਰ ਤੋੜ ਯਤਨ ਕਰ ਰਿਹਾ ਸੀ।

ਆਹ ਗਰੀਕ ਨੂੰ ਕਹੀਂ ਇਕ ਮਿੰਟ ਚੇਨ ਖੜੀ ਕਰੇ, ਚੇਨ ਦੇ ਅਖੀਰ ਤੇ ਫਸੇ ਦੋ ਬੰਦੇ ਚੀਕੇ। ਉਹਨਾਂ ਦੇ ਨਿਸ਼ਾਨ ਵਾਲੇ ਫੱਟੇ ਦੂਜੇ ਫੱਟਿਆਂ ਦੇ ਢੇਰ ਹੇਠਾਂ ਪਏ ਦਿਖਾਈ ਦੇ ਰਹੇ ਸਨ।

ਕੋਈ ਫਰਕ ਨਹੀਂ ਪੈਣਾ। ਪਿੱਛੇ ਇਸ ਤੋਂ ਵੀ ਬੁਰਾ ਹਾਲ ਹੈ। ਮਗਰਲੀ ਚੇਨ ਤੇ ਇਸ ਤੋਂ ਵੀ ਉੱਚੇ ਢੇਰ ਪਏ ਹਨ। ਉਹ ਵੀ ਛੇਤੀ ਗਰੀਨ ਚੇਨ ਤੇ ਆ ਢੇਰੀ ਹੋਣੇ ਹਨ, ਗੱਸ ਨੇ ਜੁਆਬ ਦਿਤਾ।

2

ਮਲੂਕਾ ਜਿੰਨਾ ਗਰੀਨ ਚੇਨ ਤੇ ਕੰਮ ਦੀਆਂ ਔਖੀਆਂ ਹਾਲਤਾਂ ਦੇਖ ਕੇ ਹੈਰਾਨ ਹੋਇਆ ਸੀ ਉਹ ਪੰਜਾਬੀਆਂ ਦੀਆਂ ਰਹਿਣ ਦੀਆਂ ਹਾਲਤਾਂ ਦੇਖ ਕੇ ਉਸ ਤੋਂ ਵੀ ਵੱਧ ਹੈਰਾਨ ਹੋਇਆ। ਉਸ ਨੇ ਸੋਚਿਆ ਸੀ ਕਿ ਭਾਰਤੀ ਪਿੰਡਾਂ ਦੇ ਮੁਕਾਬਲੇ ਕੈਨੇਡਾ ਦੀ ਜਿ਼ੰਦਗੀ ਬਹੁਤ ਆਰਾਮਦਹੇ ਅਤੇ ਸੌਖੀ ਹੋਵੇਗੀ।

ਉਹਨੇ ਦੇਸ ਹੁਸਿ਼ਆਰਪੁਰ ਤੇ ਜਲੰਧਰ ਦੇ ਬਜ਼ਾਰਾਂ ਵਿਚ ਸਿਆਲ ਦੇ ਦਿਨੀਂ ਇਸ ਨਵੀਂ ਦੁਨੀਆਂ ਤੋਂ ਪਰਤੇ ਸਿੱਖਾਂ ਨੂੰ ਆਰਾਮ ਨਾਲ ਟਹਿਲਦਿਆਂ ਵੇਖਿਆ ਸੀ। ਲੰਮੇ-ਸਲੰਮੇ, ਚੌੜੇ ਮੋਢਿਆਂ ਵਾਲੇ, ਗੂਹੜੇ ਅਮਰੀਕਨ ਸੂਟਾਂ ਅਤੇ ਜਾਪਾਨੀ ਰੇਸ਼ਮੀ ਰੰਗਦਾਰ ਪੱਗਾਂ ਵਿਚ ਉਹ ਬੜੇ ਪ੍ਰਭਾਵਸ਼ਾਲੀ ਦਿਸਦੇ ਸਨ। ਸਾਰੇ ਲੋਕ ਤੇ ਖਾਸ ਕਰ ਵਿਦਿਆਰਥੀ ਉਹਨਾਂ ਦੀ ਬਹੁਤ ਸ਼ਲਾਘਾ ਕਰਦੇ ਸਨ। ਇਸ ਦਾ ਸਭ ਤੋਂ ਵੱਡਾ ਕਾਰਨ ਗਦਰ ਲਹਿਰ ਦੇ ਸ਼ਹੀਦਾਂ ਦੀ ਗੌਰਵਮਈ ਕਹਾਣੀ ਸੀ। ਸੰਨ 1914 ਵਿਚ ਇਸ ਨਵੀਂ ਦੁਨੀਆਂ ਵਿਚ ਆਏ ਭਾਰਤੀਆਂ ਨੇ ਦੇਸ਼ ਨੂੰ ਹਥਿਆਰਬੰਦ ਬਗਾਵਤ ਨਾਲ ਆਜ਼ਾਦ ਕਰਾਉਣ ਲਈ ਗਦਰ ਲਹਿਰ ਚਲਾਈ ਸੀ। ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਖੁਲ੍ਹੇ ਨਵੇਂ ਸਕੂਲ, ਕੁੜੀਆਂ ਦੇ ਕੁਝ ਸਕੂਲਾਂ ਸਮੇਤ, ਉਹਨਾਂ ਦੀ ਦੂਰ ਅੰਦੇਸ਼ੀ ਅਤੇ ਦੇਸ਼ ਭਗਤੀ ਦੀ ਹਾਮੀ ਭਰਦੇ ਸਨ। ਉਹਨਾਂ ਦੀ ਮਾਇਕ ਸਹਾਇਤਾ ਕਰਕੇ ਹੀ ਜਲੰਧਰ ਅਤੇ ਅੰਮ੍ਰਿਤਸਰ ਤੋਂ ਪੰਜਾਬੀ ਦੇ ਕਈ ਹਫਤਾਵਾਰੀ ਅਖਬਾਰ ਅਤੇ ਦਿੱਲੀ ਤੋਂ ਇਕ ਅੰਗਰੇਜ਼ੀ ਦੇ ਅਖਬਾਰ ਦਾ ਛਪਣਾ ਸੰਭਵ ਹੋਇਆ ਸੀ। ਇਨ੍ਹਾਂ ਸਭ ਅਖਬਾਰਾਂ ਵਿਚ ਭਾਰਤ ਵਾਸੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਉੱਠਣ ਲਈ ਵੰਗਾਰਿਆ ਜਾਂਦਾ ਸੀ। ਲੋਕੀਂ ਇਹਨਾਂ ਦੀ ਅਤੇ ਇਸ ਦੁਨੀਆਂ ਦੀ ਇੱਜ਼ਤ ਕਰਦੇ ਸਨ ਕਿਉਂਕਿ ਇਸ ਨਵੀਂ ਦੁਨੀਆਂ ਨੇ ਹੀ ਉਹਨਾਂ ਵਿਚ ਦੇਸ਼ ਵਿਚਲੇ ਆਪਣੇ ਲੋਕਾਂ ਦੀ ਭਲਾਈ ਕਰਨ ਦਾ ਜੋਸ਼ ਭਰਿਆ ਸੀ। ਨੌਜਵਾਨ ਇਨ੍ਹਾਂ ਨਾਲ ਮਾਣਭਰੀ ਈਰਖਾ ਕਰਦੇ ਅਤੇ ਉਨ੍ਹਾਂ ਦੇ ਕਦਮਾਂ ਤੇ ਚੱਲਣ ਦੀ ਖਾਹਿਸ਼ ਰਖਦੇ ਸਨ।

ਆਓ, ਆਓ ਸਰਦਾਰ ਜੀ। ਅੰਦਰ ਲੰਘ ਆਓ ਤੇ ਸਾਡੀ ਹੱਟੀ ਨੂੰ ਵੀ ਭਾਗ ਲਾਓ, ਕੱਪੜੇ ਦੀਆਂ ਦੁਕਾਨਾਂ ਵਾਲੇ ਉਹਨਾਂ ਅੱਗੇ ਲੇਲ੍ਹੜੀਆਂ ਕੱਢਦੇ। ਫੇਰ ਉਹ ਉਹਨਾਂ ਦੇ ਅੱਗੇ ਥਾਨਾਂ ਦੇ ਥਾਨ ਖੋਲ੍ਹ ਦਿੰਦੇ ਅਤੇ ਕਹਿੰਦੇ; ਇਹ ਚਮਕਦਾਰ ਸ਼ਨੀਲ ਦਾ ਸੂਟ ਸਰਦਾਰਨੀ ਲਈ, ਆਹ ਹੰਢਣਸਾਰ ਛੀਂਟ ਦਾ ਕੱਪੜਾ ਬੱਚਿਆਂ ਲਈ, ਤੇ ਆਹ ਮੱਖਣ ਵਰਗਾ ਮੁਲਾਇਮ ਕਮੀਜ਼ਾਂ ਦਾ ਕਪੜਾ ਸਰਦਾਰ ਹੋਰਾਂ ਲਈ। ਜਦੋਂ ਇਹ ਸਰਦਾਰ ਹਲਵਾਈ ਦੀ ਹੱਟੀ ਤੋਂ ਕਿੰਨੀ ਸਾਰੀ ਇਕੱਠੀ ਮਠਿਆਈ ਖ੍ਰੀਦਦੇ ਤਾਂ ਥਾਲਾਂ ਵਿੱਚ ਸਲੀਕੇ ਨਾਲ ਟਿਕਾਈ ਮਠਿਆਈ ਦੁਆਲੇ ਭਿੰਨਭਨਾਉਂਦੀਆਂ ਮੱਖੀਆਂ ਬਾਰੇ ਸਿ਼ਕਾਇਤ ਕਰਦੇ। ਹਲਵਾਈ ਇੰਨੀ ਵੱਡੀ ਵਿਕਰੀ ਤੇ ਖੁਸ਼ ਹੋਇਆ ਮਸਕੀਨਾਂ ਵਾਂਗ ਮੁਸਕਰਾਉਂਦਾ ਅਤੇ ਮੱਖੀਮਾਰ ਨਾਲ ਮੱਖੀਆਂ ਨੂੰ ਉਡਾ ਦਿੰਦਾ। ਜੇ ਕੋਈ ਗਰੀਬ ਪੇਂਡੂ ਕਿਤੇ ਦੁੱਧ ਵਿਚ ਮਰੀ ਪਈ ਮੱਖੀ ਦੀ ਸਿ਼ਕਾਇਤ ਕਰਦਾ ਤਾਂ ਹਲਵਾਈ ਉਹਨੂੰ ਗੁਸਤਾਖ ਲਹਿਜੇ ਵਿਚ ਕਹਿੰਦਾ, ਦੋ ਪੈਸਿਆਂ ਦੇ ਦੁੱਧ ਵਿਚ ਹੋਰ ਤੂੰ ਮਰਿਆ ਹਾਥੀ ਭਾਲਦਾਂ ਪਰ ਇਹਨਾਂ ਸਰਦਾਰਾਂ ਨੂੰ ਉਹ ਕਸੂਰ ਮੰਨਣ ਦੇ ਲਹਿਜ਼ੇ ਵਿਚ ਕਹਿੰਦਾ, ਕੀ ਕਰਾਂ ਸਰਦਾਰ ਜੀ ਇਹ ਗਰੀਬ ਮੱਖੀਆਂ ਵੀ ਅਮਰੀਕਾ ਦੇ ਅਮੀਰ ਖਾਲਸਿਆਂ ਵਾਂਗ ਮੇਰੀਆਂ ਜਲੇਬੀਆਂ ਨੂੰ ਬਹੁਤ ਪਸੰਦ ਕਰਦੀਆਂ ਹਨ। ਉਸ ਦੀ ਇਸ ਗੱਲ ਤੇ ਸਰਦਾਰ ਆਪਣੇ ਅਮਰੀਕਨ ਸੂਟਾਂ ਵਿਚ ਖੁਲ੍ਹ ਕੇ ਹੱਸਦੇ। ਜਦੋਂ ਮੱਖੀਆਂ ਮੁੜ ਆ ਕੇ ਮਠਿਆਈ ਤੇ ਬਹਿੰਦੀਆਂ ਤਾਂ ਉਹ ਕਹਿੰਦੇ, ਮੱਖੀਆਂ ਵੀ ਉਨੀਆਂ ਹੀ ਢੀਠ ਹਨ ਜਿੰਨਾ ਇਹ ਹਲਵਾਈ ਸ਼ਰਾਰਤੀ ਹੈ। ਹਲਵਾਈ ਸੰਤੁਸ਼ਟੀ ਨਾਲ ਕਹਿੰਦਾ, ਸਰਦਾਰ ਜੀ ਹਰ ਇਕ ਨੂੰ ਮੌਜ ਕਰਨ ਦਿਓ। ਮੇਰੀ ਮਠਿਆਈ ਦੇਖ ਕੇ ਤਾਂ ਰੱਬ ਵੀ ਨਾ ਰਹਿ ਸਕੇ।

ਪਰ ਇਥੇ ਇਸ ਸਾਫ-ਸੁਥਰੀ ਤੇ ਖੁਸ਼ਹਾਲ ਨਵੀਂ ਦੁਨੀਆਂ ਵਿਚ ਵੀਕ ਐਂਡ ਤੋਂ ਬਿਨਾ ਪੰਜਾਬੀ ਕੰਮ ਵਾਲੇ ਮੈਲੇ ਨੀਲੇ ਕੱਪੜੇ ਪਾਉਂਦੇ। ਚੀਨਿਆਂ ਵਾਂਗ ਵੈਨਕੂਵਰ ਵਿਚ ਖੋਖਿਆਂ ਵਰਗੇ ਟੁੱਟੇ ਘਰਾਂ ਵਾਲੀਆਂ ਬਸਤੀਆਂ ਵਿਚ ਜਾਂ ਕੰਮਾਂ ਤੇ ਮਿਲੀਆਂ ਡਿਗੂੰ ਡਿਗੂੰ ਕਰਦੀਆਂ ਸ਼ੈੱਡਾਂ ਵਿਚ ਰਹਿੰਦੇ। ਇਥੋਂ ਦੇ ਅਸਲੀ ਬਸਿ਼ੰਦਿਆਂ, ਜੋ ਇਹਨਾਂ ਨੂੰ ਘਟੀਆ ਨਜ਼ਰ ਨਾਲ ਦੇਖਦੇ, ਨਾਲ ਇਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਸੀ। ਡੁਮੀਨੀਅਨ ਮਿੱਲ ਵਿਚ ਉਹ ਬੰਕ-ਹਾਊਸਾਂ ਵਿਚ ਰਹਿੰਦੇ ਸਨ। ਇਕ ਦੂਜੇ ਦੇ ਸਮਾਨਅੰਤਰ ਛੇ ਲੰਬੀਆਂ ਸ਼ੈੱਡਾਂ ਸਨਾਂ ਅਤੇ ਹਰ ਇਕ ਸ਼ੈੱਡ ਛੋਟੇ ਛੋਟੇ ਕਮਰਿਆਂ ਵਿਚ ਵੰਡੀ ਹੋਈ ਸੀ ਅਤੇ ਹਰੇਕ ਕਮਰੇ ਵਿਚ ਦੋ ਬੰਕ-ਬੈੱਡ ਸਨ। ਇਹ ਸ਼ੈੱਡਾਂ ਫਰੇਜ਼ਰ ਦਰਿਆ ਦੇ ਕੰਢੇ ਮਿੱਲ ਦੀ ਰਹਿੰਦ ਖੂੰਹਦ ਅਤੇ ਸਿੱਲ੍ਹੇ ਬੂਰੇ ਨਾਲ ਪੂਰੀ ਹੋਈ ਦਲਦਲ ਉੱਪਰ ਬਣੀਆਂ ਹੋਈਆਂ ਸਨ। ਸਮਾਂ ਪੈਣ ਨਾਲ ਉਹਨਾਂ ਦਾ ਰੰਗ ਗਾਹੜਾ ਸਲੇਟੀ ਹੋ ਗਿਆ ਸੀ ਤੇ ਉਹ ਫੁੱਟ ਫੁੱਟ ਭਰ ਬੂਰੇ ਵਿਚ ਖੁੱਭੀਆਂ ਹੋਈਆਂ ਸਨ। ਇਹਨਾਂ ਸ਼ੈੱਡਾਂ ਦੇ ਲਾਂਘੇ ਵਿਚ ਦੋਵੇਂ ਪਾਸੀਂ ਕੰਮ ਵਾਲੇ ਮੇਲੈ ਕਪੜੇ ਟੰਗੇ ਹੋਏ ਸਨ ਜਿਹੜੇ ਹੇਠਾਂ ਪਏ ਭਾਰ ਕੰਮ ਦੇ ਬੂਟਾਂ ਅਤੇ ਰਬੜ ਦੇ ਲੰਬੇ ਬੂਟਾਂ ਨੂੰ ਲਗ ਭਗ ਛੁਹ ਰਹੇ ਸਨ। ਤੇ ਲਕੱੜ ਦੇ ਫਰਸ਼ ਤੇ ਮੇਖਾਂ ਦੇ ਨੰਗੇ ਸਿਰੇ ਚਮਕਾਂ ਮਾਰਦੇ ਸਨ।

ਬੂਰੇ ਕਰਕੇ ਕੀੜਿਆਂ ਨੂੰ ਖਤਮ ਕਰਨਾ ਮੁਸ਼ਕਲ ਹੈ ਕਿਉਂਕਿ ਬੂਰੇ ਵਿਚ ਇਹ ਬਹੁਤ ਜਲਦੀ ਵੱਧਦੇ ਹਨ। ਜਿੰਨੇ ਆਪਾਂ ਮਾਰ ਸਕਦੇ ਹਾਂ ਉਸ ਨਾਲੋਂ ਵੀ ਜਿ਼ਆਦਾ। ਨੱਥਾਂ ਸਿੰਘ ਨੇ ਕਿਹਾ।

ਨਾਲੇ ਤੁਸੀਂ ਸ਼ਕਾਇਤ ਵੀ ਨਹੀਂ ਕਰ ਸਕਦੇ। ਮਾਲਕਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਦਿਨ ਵੇਲੇ ਪੂਰਾ ਤਾਣ ਲਾ ਕੇ ਕੰਮ ਕੀਤਾ ਹੋਵੇ ਤਾਂ ਤੁਹਾਨੂੰ ਰਾਤ ਨੂੰ ਸੌਣ ਦੀ ਤਕਲੀਫ ਨਹੀਂ ਹੋ ਸਕਦੀ, ਨੱਥਾ ਸਿੰਘ ਨੇ ਤਨਜ਼ ਅਤੇ ਦਿਲ ਪਰਚਾਵੇ ਵਾਲੇ ਰਲਦੇ ਮਿਲਦੇ ਅੰਦਾਜ਼ ਨਾਲ ਕਿਹਾ।

ਵੈਨਕੂਵਰ ਤੋਂ ਨਿਊਵੈਸਟਮਿਨਸਟਰ ਨੂੰ ਜਾਂਦੀ ਗੱਡੀ ਦੀ ਲਾਈਨ ਦੇ ਨਾਲ ਨਾਲ ਦਰਜਨ ਕੁ ਦੇ ਕਰੀਬ ਆਰਾਮਦਾਇਕ ਘਰ ਬਣੇ ਹੋਏ ਸਨ। ਇਹਨਾਂ ਘਰਾਂ ਦੇ ਚਿੱਟੇ ਰੋਗਨ ਕੀਤੇ ਦਰਵਾਜ਼ੇ ਅਤੇ ਬਾਰੀਆਂ, ਘਰ ਦੇ ਪਾਸਿਆਂ ਤੇ ਲੱਗੀਆਂ ਗੂਹੜੀਆਂ ਭੁਰੀਆਂ ਸਿ਼ੰਗਲ ਸਾਈਡਿੰਗ ਦੇ ਮੁਕਾਬਲੇ ਬਹੁਤ ਉੱਠਦੇ ਸਨ। ਮਿੱਲ ਦੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਅਤੇ ਤਕਨੀਕੀ ਕਾਮੇ ਜਿਵੇਂ: ਸਾਅਰ, ਫਾਈਲਰ, ਇੰਜੀਨੀਅਰ ਅਤੇ ਮਿੱਲਰਾਈਟ ਆਦਿ ਆਪਣੇ ਪਰਿਵਾਰਾਂ ਸਮੇਤ ਇਹਨਾਂ ਘਰਾਂ ਵਿਚ ਰਹਿੰਦੇ ਸਨ। ਐਤਵਾਰ ਤੋਂ ਬਿਨਾਂ ਹਰ ਸਵੇਰ ਨੂੰ ਹੱਥਾਂ ਵਿਚ ਕਾਲੇ ਲੰਚ-ਬਾਕਸ ਫੜੀ ਚਿੱਟੇ ਕਾਮੇ ਪਹਾੜੀ ਦੇ ਨਾਲ ਮੈਰੀਨ ਡਰਾਈਵ ਤੋਂ ਉੱਤੇ ਬਣੀ ਪੱਥਰਾਂ ਦੀ ਅਤੇ ਮਿੱਟੀ ਦੀ ਉੱਚੀ ਨੀਵੀਂ ਸੜਕ ਉੱਪਰ ਤੁਰਦੇ ਦਿਖਾਈ ਦਿੰਦੇ। ਉਹ ਜੰਗਲ ਸਾਫ ਕਰਕੇ ਬਣਾਏ ਸ਼ੈਕਾਂ ਵਰਗੇ ਛੋਟੇ ਛੋਟੇ ਘਰਾਂ ਵਿਚ ਰਹਿੰਦੇ ਸਨ। ਇਹ ਘਰ ਦੁਹਰੀ ਵਾਰੀ ਉੱਗ ਆਏ ਫਰ ਦੇ ਦਰੱਖਤਾਂ ਅਤੇ ਝਾੜੀਆਂ ਉਹਲੇ ਅੱਧਾ ਕੁ ਲੁਕੇ ਹੋਏ ਸਨ।

ਹਿੰਦੂ ਬੁਆਏ, ਜਿਵੇਂ ਕਿ ਭਾਰਤੀ ਕਾਮਿਆਂ (ਪੰਜਾਬ ਤੋਂ ਆਏ ਸਿੱਖ ਕਿਸਾਨਾਂ) ਨੂੰ ਸੱਦਿਆ ਜਾਂਦਾ ਸੀ, ਆਪਣਾ ਸਾਂਝਾ ਲੰਗਰ ਚਲਾਉਂਦੇ ਸਨ। ਹਰ ਇਕ ਰਾਸ਼ਨ ਲਈ ਹਿੱਸੇ ਆਉਂਦੀ ਰਕਮ ਦਿੰਦਾ ਸੀ ਅਤੇ ਆਪਣੀ ਇਕ ਦਿਨ ਦੀ ਤਨਖਾਹ ਰਸੋਈਏ ਨੂੰ ਉਹਦੀ ਤਨਖਾਹ ਵਜੋਂ ਦਿੰਦਾ ਸੀ। ਸੌ ਦੇ ਲਗਭਗ ਭਾਰਤੀ ਕਾਮੇ ਉੱਥੇ ਕੰਮ ਕਰਦੇ ਸਨ। ਉਹ ਸਾਰੇ ਧਾਰਮਿਕ ਸਿੱਖਾਂ ਸਮੇਤ, ਆਪਣੇ ਆਪ ਨੂੰ ਹਿੰਦੂ ਕਹਾਉਂਦੇ ਸਨ। ਇਸ ਦਾ ਇਕ ਕਾਰਨ ਤਾਂ ਆਪਣੇ ਆਪ ਨੂੰ ਰੈੱਡ ਇੰਡੀਅਨਾਂ ਜਿਹਨਾਂ ਨੂੰ ਜੇਤੂ ਗੋਰਿਆਂ ਵਲੋਂ ਮਰ ਰਹੀ ਨਸਲ ਬਣਾ ਦਿਤਾ ਸੀ, ਤੋਂ ਵੱਖ ਕਰਨਾ ਸੀ। ਦੂਸਰਾ ਕਾਰਨ ਸੀ ਕਿ ਨਸਲੀ ਚਿੱਟਿਆਂ ਨੂੰ ਉਹਨਾਂ ਦੇ ਧਰਮ ਬਾਰੇ ਕੋਈ ਪਰਵਾਹ ਨਹੀਂ ਸੀ ਉਹਨਾਂ ਲਈ ਤਾਂ ਹਿੰਦੁਸਤਾਨ ਵਿਚੋਂ ਆਇਆ ਹਰ ਇਕ ਹਿੰਦੂ ਸੀ।

3

ਰਸੋਈਖਾਨਾ ਇਕ ਲੰਬੀ ਸ਼ੈੱਡ ਵਿਚ ਸੀ। ਇਹ ਸ਼ੈੱਡ ਬੰਕ-ਹਾਊਸ ਤੋਂ ਨੱਬੇ ਦਰਜੇ ਤੇ ਸਥਿੱਤ ਸੀ। ਇਸ ਵਿਚ ਇਕ ਖੂੰਜੇ ਵਿਚ ਵੱਡਾ ਸਟੋਵ ਅਤੇ ਵਿਚਕਾਰ ਇਕ ਆਇਤਕਾਰ ਹੀਟਰ ਪਿਆ ਸੀ। ਤਿੰਨ ਪਾਸੀਂ ਥੰਦਿਆਏ ਕੱਪੜਿਆਂ ਨਾਲ ਢਕੇ ਲੰਬੇ ਮੇਜ਼ ਅਤੇ ਉਹਨਾਂ ਨਾਲ ਲੱਕੜ ਦੇ ਬੈਂਚ ਪਏ ਸਨ। ਰਸੋਈ ਦੇ ਚੌਥੇ ਪਾਸਿਓਂ ਦੀ ਦਰਿਆ ਦੇ ਕੰਢੇ ਸਥਿੱਤ ਗੁਸਲਖਾਨੇ ਲਈ ਲਾਂਘਾ ਸੀ। ਪੱਥਰ ਦੀਆਂ ਕੰਧਾਂ ਵਾਲੇ ਬਲਦੇ ਚੁਲ੍ਹੇ ਉੱਪਰ ਤੇਲ ਵਾਲਾ ਪੁਰਾਣਾ ਡਰੱਮ ਗਰਮ ਪਾਣੀ ਲਈ ਵਰਤਿਆ ਜਾਂਦਾ ਸੀ। ਛੱਤ ਨੂੰ ਸਹਾਰਾ ਦੇਣ ਵਾਲੀਆਂ ਚਾਰ ਇੰਚ ਮੋਟੀਆਂ ਅਤੇ ਚਾਰ ਇੰਚ ਚੌੜੀਆਂ ਥੰਮੀਆਂ ਨਾਲ ਮੇਖਾਂ ਲਾ ਕੇ ਗੱਠਾਂ ਵਾਲੇ ਲੱਕੜ ਨਾਲ ਬਣਾਈਆਂ ਕੰਧਾਂ, ਪੁਰਾਣੇ ਕੈਲੰਡਰਾਂ ਨਾਲ ਸਜਾਈਆਂ ਹੋਈਆਂ ਸਨ। ਕੁਝ ਕੈਲੰਡਰਾਂ ਉੱਤੇ ਭਾਰਤ ਦੇ ਕੌਮੀ ਲੀਡਰਾਂ - ਜਿਵੇਂ ਗਾਂਧੀ, ਤਿਲਕ, ਆਜ਼ਾਦ, ਲਾਜਪਤ ਰਾਏ ਆਦਿ ਦੀਆਂ ਇਕੱਲੇ ਇਕੱਲੇ ਦੀਆਂ ਜਾਂ ਇਕੱਠਿਆਂ ਦੀਆਂ ਫਿੱਕੀ ਨੀਲੀ ਸਿਆਹੀ ਨਾਲ ਬਣੀਆਂ ਤਸਵੀਰਾਂ ਸਨ। ਬਾਕੀ ਦੇ ਕੈਲੰਡਰਾਂ ਉੱਤੇ ਸਿੱਖ ਗੁਰੂਆਂ - ਗੁਰੂ ਨਾਨਕ, ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ ਦੀਆਂ ਚਮਕੀਲੇ ਸ਼ੋਖ ਰੰਗਾਂ ਵਿਚ ਤਸਵੀਰਾਂ ਸਨ।

ਰਸੋਈਖਾਨਾ, ਜਿਸ ਦੇ ਪਿਛੇ ਰਸਦ ਖਾਨਾ ਅਤੇ ਰਸੋਈਏ ਦਾ ਕਮਰਾ ਬਣਿਆ ਹੋਇਆ ਸੀ, ਰੋਟੀ ਪਕਾਉਣ ਵਾਲੇ, ਖਾਣ ਵਾਲੇ ਕਮਰੇ ਅਤੇ ਕਲੱਬ ਦੇ ਤੌਰ ਤੇ ਵਰਤੋਂ ਵਿਚ ਆਉਂਦਾ ਸੀ। ਬਸਤੀ ਦੀ ਭਾਈਚਾਰਕ ਜਿ਼ੰਦਗੀ ਦਾ ਬਹੁਤ ਹਿੱਸਾ ਏਥੇ ਗੁਜ਼ਰਦਾ ਸੀ। ਗਰਮ ਗਰਮ ਚਾਹ ਇਥੇ ਹਮੇਸ਼ਾਂ ਤਿਆਰ ਮਿਲਦੀ। ਬੰਦੇ ਸੁਸਤਾਉਣ, ਗੱਪਾਂ ਮਾਰਨ, ਬਹਿਸ ਕਰਨ, ਲੜਨ ਜਾਂ ਬਹੁਤੀ ਵਾਰ ਉਂਝ ਹੀ ਆਪਣਾ ਅਕੇਵਾਂ ਦੂਰ ਕਰਨ ਲਈ ਏਥੇ ਆ ਬਹਿੰਦੇ। ਏਥੇ ਹੀ ਉਹ ਕਮਿਉਨਿਟੀ ਦੇ ਉਨ੍ਹਾਂ ਲੀਡਰਾਂ ਨੂੰ ਸੁਣਨ ਲਈ ਇਕੱਠੇ ਹੁੰਦੇ, ਜਿਹੜੇ ਵੈਨਕੂਵਰ, ਵਿਕਟੋਰੀਆ ਜਾਂ ਬਾਕੀ ਦੇ ਵੈਨਕੂਵਰ ਆਈਲੈਂਡ ਵਿਚ ਸਥਿੱਤ ਹੋਰ ਮਿੱਲ-ਬਸਤੀਆਂ ਤੋਂ ਸਕੂਲ ਜਾਂ ਗੁਰਦੁਆਰੇ ਲਈ ਜਾਂ ਹਿੰਦੁਸਤਾਨ ਵਿਚ ਚੱਲ ਰਹੀ ਕਿਸੇ ਧਾਰਮਿਕ ਜਾਂ ਸਿਆਸੀ ਲਹਿਰ ਲਈ ਪੈਸੇ ਇਕੱਠੇ ਕਰਨ ਲਈ ਆਉਂਦੇ। ਇਥੇ ਹੀ ਜਿਹੜੇ ਪੜ੍ਹੇ ਹੋਏ ਸਨ ਉੱਚੀ ਉੱਚੀ ਪੰਜਾਬੀ ਦਾ ਟਕਸਾਲੀ ਸਹਿਤ (ਪੰਜਾਬੀ ਕਲਾਸਿਕਸ) ਪੜ੍ਹਦੇ ਜਾਂ ਕਵਿਤਾ ਅਤੇ ਲੋਕ ਗੀਤ ਗਾਉਂਦੇ। ਇਹ ਸਭ ਲੋਕਾਂ ਦੇ ਜਜ਼ਬਾਤਾਂ ਨੂੰ ਛੇੜਦਾ, ਅਤੇ ਬੀਤੇ ਦੀਆਂ ਭੁੱਲੀਆਂ ਖੁਸ਼ੀਆਂ ਦੀ ਯਾਦ ਕਰਾਉਂਦਾ।

ਰਸੋਈਖਾਨੇ ਵਿਚ ਉੱਚੀ ਉੱਚੀ ਅਖਬਾਰ ਪੜ੍ਹਨਾ, ਮਨੋਰੰਜਨ ਦਾ ਬਾਕਾਇਦਾ ਅਤੇ ਹਰਮਨ ਪਿਆਰਾ ਸਾਧਨ ਸੀ। ਬਸਤੀ ਵਿਚ ਜਿੱਥੇ ਬਹੁਤੇ ਲੋਕ ਅਨਪੜ੍ਹ ਸਨ, ਉੱਥੇ ਅਖਬਾਰ ਪੜ੍ਹਨ ਵਾਲੇ ਦੀ ਮਾਣ ਵਾਲੀ ਥਾਂ ਸੀ। ਜਿਹਦੇ ਕਰਕੇ ਕਈ ਵਾਰੀ ਇਕ ਤੋਂ ਵੱਧ ਅਖਬਾਰ ਪੜ੍ਹਨ ਵਾਲਿਆਂ ਵਿਚ ਸ਼ਰੀਕੇ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਸੀ। ਅਖਬਾਰ ਪੜ੍ਹਨ ਵਾਲੇ ਤੋਂ ਸਿਰਫ ਅਖਬਾਰ ਪੜ੍ਹਨ ਦੀ ਹੀ ਆਸ ਨਹੀਂ ਸੀ ਕੀਤੀ ਜਾਂਦੀ, ਸਗੋਂ ਉਸ ਤੋਂ ਇਹ ਵੀ ਆਸ ਕੀਤੀ ਜਾਂਦੀ ਸੀ ਕਿ ਉਹ ਖਬਰ ਬਾਰੇ ਲੋੜੀਂਦੀ ਪਿਛੋਕੜ ਦੀ ਜਾਣਕਾਰੀ ਦੇ ਕੇ ਖਬਰ ਨੂੰ ਹੋਰ ਅਰਥ ਭਰਪੂਰ ਬਣਾਏ। ਅਤੇ ਉਸ ਦੀ ਮਹੱਤਤਾ ਬਾਰੇ ਜਾਣਕਾਰੀ ਦੇਵੇ। ਅਸਲ ਵਿਚ ਅਖਬਾਰ ਪੜ੍ਹਨ ਵਾਲੇ ਨਾਲੋਂ ਉਹ ਇਕ ਟਿੱਪਣੀਕਾਰ ਜਿ਼ਆਦਾ ਸੀ ਜੋ ਸੂਝ ਭਰੀਆਂ ਟਿੱਪਣੀਆਂ ਨਾਲ ਖਬਰ ਨੂੰ ਦਿਲਚਸਪ ਬਣਾਉਂਦਾ। ਸਰੋਤੇ ਸਦਾ ਹੀ ਕਾਟਵੇਂ ਸਵਾਲਾਂ ਅਤੇ ਡੂੰਘੀ ਨਜ਼ਰ ਨਾਲ ਗੱਲਬਾਤ ਵਿੱਚ ਹਿੱਸਾ ਲੈਣ ਲਈ ਤਿਆਰ ਰਹਿੰਦੇ। ਬਹੁਤੀ ਵਾਰੀ ਇਹ ਗੱਲਬਾਤ ਇਕ ਭਖਵੀਂ ਬਹਿਸ ਤੇ ਕਈ ਵਾਰੀ ਗਰਮਾ ਗਰਮੀ ਦਲੀਲਬਾਜ਼ੀ ਦਾ ਰੂਪ ਲੈ ਲੈਂਦੀ। ਜਿਸ ਵਿਚ ਹਰ ਜਣਾ ਸਮਝ ਨਾਲੋਂ ਵੱਧ ਜੋਸ਼ ਨਾਲ ਹਿੱਸਾ ਲੈਂਦਾ ਅਤੇ ਅਸਲੀ ਗੱਲ ਰੌਲੇ ਗੌਲੇ ਵਿਚ ਹੀ ਗੁਆਚ ਜਾਂਦੀ। ਜੇ ਧਾਰਮਕ ਅਤੇ ਸਿਆਸੀ ਗੱਲਬਾਤ ਗਰਮਾ ਗਰਮੀ ਅਤੇ ਬਹੁਤ ਵਾਰੀ ਸਰੋਤਿਆਂ ਵਿੱਚਕਾਰ ਗੁੱਸੇ ਦਾ ਕਾਰਨ ਬਣਦੀ ਤਾਂ ਕੋਈ ਸਾਧਾਰਣ ਲੋਕਾਂ ਬਾਰੇ ਪਿਆਰ ਜਾਂ ਮੂਰਖਤਾ ਭਰੀ ਗੱਲਬਾਤ ਉਹਨਾਂ ਤੋ ਪੰਜਾਬੀ ਮੁਹਾਵਰੇ ਵਿਚ ਰੰਗੀਲੀ ਅਤੇ ਚਟਪਟੀ ਟੀਕਾ ਟਿਪਣੀ ਦਾ ਕਾਰਨ ਬਣਦੀ।

ਨੱਥਾ ਸਿੰਘ ਅਨੁਸਾਰ ਜੇ ਕਿਤੇ ਵਾਰਸ ਸ਼ਾਹ ਨੇ ਉਹਨਾਂ ਦੀ ਇਹ ਗੱਲਬਾਤ ਸੁਣੀ ਹੁੰਦੀ ਤਾਂ ਹੀਰ ਰਾਂਝੇ ਦੇ ਕਈ ਬੇਵਾਕ ਪੈਰ੍ਹਿਆਂ ਵਿਚ ਰਸੀਲੀ ਗੱਲਬਾਤ, ਡੂੰਘੀ ਮਸ਼ਕਰੀ ਅਤੇ ਤਰਸੇਵੇਂ ਭਰੇ ਬੋਲਾਂ ਕਾਰਨ ਕਾਫੀ ਸੁਧਾਰ ਆਉਂਦਾ। ਗੰਡਾ ਸਿੰਘ, ਜਿਹਨੇ ਆਪਣੀ ਪੱਗ ਲਾਹ ਦਿਤੀ ਸੀ ਅਤੇ ਦਾਹੜੀ ਮੁੱਛ ਸਫਾ ਚੱਟ ਕਰ ਲਏ ਸਨ, ਸੈਨਫਰਾਂਸਿਸਕੋ ਤੋਂ ਗਦਰ ਪਾਰਟੀ ਦੇ ਹੈੱਡਕੁਆਟਰ ਵਿਚੋਂ ਨਿਕਲਦਾ ਗਦਰ ਅਖਬਾਰ ਬਾਕਾਇਦਗੀ ਨਾਲ ਪੜ੍ਹਦਾ। ਜਿੰਨੀ ਵਾਰੀ ਵੀ ਕੋਈ ਸੁਣਨ ਵਾਲਾ ਮਿਲਦਾ ਉਹ ਉਨੀ ਵਾਰੀ ਗਦਰ ਅਖਬਾਰ ਪੜ੍ਹਕੇ ਸੁਣਾਉਂਦਾ। ਉਹ ਅਕਸਰ ਬਹੁਤ ਵਾਰੀ ਪ੍ਰਸੰਗ ਤੋਂ ਬਾਹਰ ਗਾਂਧੀ, ਧਰਮ ਜਾਂ ਪੁਰਾਣੇ ਸੰਸਕਾਰਾਂ, ਜਿਹਨੂੰ ਉਹ ਉਲਟ ਇਨਕਲਾਬੀ ਸਮਝਦਾ ਸੀ, ਬਾਰੇ ਕੋਈ ਨਾ ਕੋਈ ਤਨਜ ਭਰਪੂਰ ਅਤੇ ਭੜਕਾਊ ਗੱਲਬਾਤ ਵਿਚ ਲੈ ਆਉਂਦਾ।

ਗੰਡਾ ਸਿਹਾਂ ਅਖਬਾਰ ਪੜ੍ਹਨ ਤੱਕ ਹੀ ਰਹਿ, ਸੰਸਕਾਰੀ ਸਿੱਖ ਰਸੋਈਆ ਜਿਹੜਾ ਇਹਨਾਂ ਮੀਟਿੰਗਾਂ ਵਿਚ ਆਪ ਸਜੇ ਸਾਲਸੀ ਦਾ ਕੰਮ ਕਰਦਾ ਸੀ, ਗੰਡਾ ਸਿੰਘ ਨੂੰ ਖਿਝ ਕੇ ਟੋਕਦਾ। ਅਸੀਂ ਤੇਰੀਆਂ ਇਹ ਗੱਲਾਂ ਐਨੀ ਵਾਰ ਸੁਣ ਚੁੱਕੇ ਹਾਂ ਕਿ ਰਸੋਈਖਾਨੇ ਦੀਆਂ ਕੰਧਾਂ ਵੀ ਇਹਨਾਂ ਨੂੰ ਬਿਨਾਂ ਗਲਤੀ ਇੰਨਬਿੰਨ ਦੁਹਰਾ ਸਕਦੀਆਂ ਹਨ।

ਦੂਜੇ ਪਾਸੇ ਧਾਰਮਿਕ, ਰੱਬ ਅੱਗੇ ਅਰਦਾਸ ਕਰਨ ਵਾਲਾ ਪੱਕਾ ਸਿੱਖ ਭਾਈ ਤਾਰਾ ਸਿੰਘ, ਰੋਜ਼ਾਨਾ ਅਕਾਲੀ ਦਾ ਸ਼ਰਧਾਲੂ ਪਾਠਕ ਸੀ। ਰੋਜ਼ਾਨਾ ਅਕਾਲੀ ਅੰਮ੍ਰਿਤਸਰ ਤੋਂ ਵੱਡੇ ਬੰਡਲਾਂ ਵਿਚ ਸਮੁੰਦਰੀ ਡਾਕ ਰਾਹੀਂ ਉਸ ਕੋਲ ਪਹੁੰਚਦਾ ਸੀ। ਤਾਰਾ ਸਿੰਘ ਨੂੰ ਪਕਿਆਈ ਨਾਲ ਸਿੱਖ ਧਰਮ (ਪੰਜਾਂ ਕਕਾਰਾਂ ਸਮੇਤ) ਦੀ ਪਾਲਣਾ ਕਰਨ ਕਾਰਨ ਸਾਰੇ ਇੱਜ਼ਤ ਨਾਲ ਭਾਈ ਕਹਿੰਦੇ ਸਨ। ਉਹ ਗੁਰਦੁਆਰੇ ਦੇ ਭਾਈ ਵਾਂਗ ਗਹਿਰ ਗੰਭੀਰ ਅਤੇ ਜ਼ਬਤ ਭਰੀ ਅਵਾਜ਼ ਵਿਚ ਅਖਬਾਰ ਪੜ੍ਹਦਾ। ਬਹੁਤੀ ਵਾਰੀ ਉਸ ਦੀਆਂ ਟਿੱਪਣੀਆਂ ਅਕਾਊ ਅਤੇ ਅਵਾਜ਼ ਦਾ ਸੁਰ ਕੱਟੜਪੰਥੀ ਹੁੰਦਾ। ਪਰ ਇਹ ਸਰੋਤਿਆਂ ਦਾ ਪ੍ਰਤੀਕਰਮ ਸੀ ਜਿਹੜਾ ਉਸ ਦੀ ਗੱਲਬਾਤ ਨੂੰ ਦਿਲਚਸਪ ਬਣਾਉਂਦਾ ਸੀ।

ਵੈਨਕੂਵਰ ਸੰਨ ਪੜ੍ਹਨ ਦਾ ਕੰਮ ਮਲੂਕੇ ਨੂੰ ਸੌਂਪਿਆ ਗਿਆ ਸੀ। ਉਸ ਤੋਂ ਪਹਿਲਾਂ ਵੈਨਕੂਵਰ ਸੰਨ ਗਿਆਨ ਚੰਦ ਪੜ੍ਹਿਆ ਕਰਦਾ ਸੀ। ਗਿਆਨ ਚੰਦ ਇਕ ਸੁਲਝਿਆ ਹੋਇਆ ਆਦਮੀ ਸੀ ਅਤੇ ਉਸ ਨੇ ਉਰਦੂ ਅਤੇ ਫਾਰਸੀ ਦਾ ਸਾਹਿਤ ਚੰਗਾ ਪੜ੍ਹਿਆ ਸੀ ਪਰ ਅੰਗਰੇਜ਼ੀ ਉਹਨੇ ਬ੍ਰਿਟਿਸ਼ ਕੋਲੰਬੀਆ ਵਿਚ ਆਉਣ ਤੋਂ ਬਾਅਦ ਹੀ ਥੋੜ੍ਹੀ ਬਹੁਤ ਸਿੱਖੀ ਸੀ। ਬੋਈ ਮੇਰੇ ਨਾਲੋਂ ਚੰਗੀ ਤਰ੍ਹਾਂ ਪੜ੍ਹਿਆ ਕਰੂ ਉਹਨੇ ਆਪਣਾ ਕੰਮ ਮਲੂਕੇ ਦੇ ਹਵਾਲੇ ਕਰਦਿਆਂ ਨਿਮਰਤਾ ਨਾਲ ਕਿਹਾ, ਅਸੀਂ ਤਾਂ ਬੁੱਢੇ ਵਾਰੇ ਹੀ ਅੰਗਰੇਜ਼ੀ ਸਿੱਖਣੀ ਸੁੰਰੂ ਕੀਤੀ ਸੀ।

ਭਾਈ ਤਾਰਾ ਸਿੰਘ, ਅਕਾਲੀ ਅਖਬਾਰ ਵਿਚ ਬਾਹਰ ਰਹਿੰਦੇ ਸਿੱਖਾਂ ਨੂੰ ਆਪਣੇ ਧਰਮ ਵਿਚ ਯਕੀਨ ਰੱਖਣ, ਪੰਜ ਕਕਾਰਾਂ ਦਾ ਸਤਿਕਾਰ ਕਰਨ ਅਤੇ ਗੁਰੂਆਂ ਦੇ ਰਾਹ ਤੇ ਚੱਲਣ ਲਈ ਛਪੀ ਅਪੀਲ ਜੋਸ਼ੀਲੀ ਅਵਾਜ਼ ਵਿਚ ਪੜ੍ਹ ਕੇ ਹਟਿਆ ਸੀ। ਉਹ ਅਪੀਲ ਉੱਪਰ ਟਿੱਪਣੀ ਕਰਨ ਲਈ ਗਰਮ ਹੋ ਰਿਹਾ ਸੀ। ਦੂਜੇ ਪਾਸੇ ਬੈਂਚ ਤੇ ਬੈਠਾ ਗੰਡਾ ਸਿੰਘ ਤਰਲੋ ਮੱਛੀ ਹੋ ਰਿਹਾ ਸੀ।

ਧਰਮ ਤੋਂ ਬਿਨਾਂ, ਰੱਬ ਤੋਂ ਬਿਨਾਂ, ਇਨਸਾਨ ਹੈ ਕੀ? ਭਾਈ ਨੂੰ ਬਹਿਸ ਕਰਨ ਦੇ ਅੰਦਾਜ਼ ਵਿਚ ਪੁੱਛਿਆ। ਉਹ ਬਿਨਾਂ ਪਿਉ ਦੀ ਔਲਾਦ ਹੈ, ਉਹਨੇ ਮੁਸਕਰਾਉਦਿਆਂ ਅਤੇ ਸੰਤੁਸ਼ਟ ਲਹਿਜੇ ਵਿਚ ਆਪੇ ਹੀ ਜਵਾਬ ਦਿਤਾ। ਉਹ ਲੋਕ ਜਿਹੜੇ ਕੇਸ ਕਟਾਉਂਦੇ ਹਨ, ਗੁਰੂਆਂ ਵਲੋਂ ਬਣਾਏ ਨਿਯਮਾਂ ਨੂੰ ਹੀ ਨਹੀਂ ਮੰਨਦੇ ਅਤੇ ਉਸ ਵਲੋਂ ਦੱਸੇ ਸ਼ਾਨਾਮੱਤੇ ਰਾਹ ਤੇ ਨਹੀਂ ਚਲਦੇ, ਉਹਨਾਂ ਨੇ ਹਰਾਮ ਦੀ ਔਲਾਦ ਬਣਨਾ ਸਵਿਕਾਰਿਆ ਹੈ, ਉਸ ਜ਼ੋਰ ਦਿੰਦਿਆਂ ਕਿਹਾ, ਅਤੇ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ।

ਕਾਲੇ ਖੋਪਿਆਂ ਵਾਲਾ ਮੂਰਖ ਧਾਰਮਿਕ ਗਧਾ ਬਣਨ ਦੀ ਥਾਂ ਮੈਂ ਅਕਲਮੰਦ ਹਰਾਮਜ਼ਾਦਾ ਬਣਨਾ ਜਿ਼ਆਦਾ ਪਸੰਦ ਕਰਾਂਗਾ, ਗੰਡਾ ਸਿੰਘ ਨੇ ਦਖਲ ਦਿਤਾ।

ਤੂੰ ਆਪਣੀ ਅਗਵਾਈ ਨਾਸਤਿਕਾਂ ਅਤੇ ਕਮਿਊਨਿਸਟਾਂ ਤੋਂ ਲੈਂਦਾ ਹੈਂ। ਇਹਨਾਂ ਕਮਿਊਨਿਸਟਾਂ ਨੂੰ ਬੰਦੇ ਦੇ ਸੁਭਾਅ ਅਤੇ ਸੰਪੂਰਨ ਸੰਸਾਰ ਦੇ ਸੁਪਨੇ ਬਾਰੇ ਕੁੱਛ ਨਹੀਂ ਪਤਾ, ਭਾਈ ਬੋਲਿਆ। ਉਹਦੀਆਂ ਵੱਡੀਆਂ ਵੱਡੀਆਂ ਅੱਖਾਂ ਅੱਗ ਵਰਸਾ ਰਹੀਆਂ ਸਨ।

ਮੈਂ ਆਪਣੀ ਅਗਵਾਈ ਸਮਝ ਤੋਂ ਲੈਂਦਾ, ਜਿਹਨੂੰ ਮੈਂ ਕਿਸੇ ਗੁਰਦੁਆਰੇ ਦੇ ਤੰਗ ਨਜ਼ਰ ਭਾਈ ਕੋਲ ਗਹਿਣੇ ਨਹੀਂ, ਰੱਖਿਆ ਹੋਇਆ, ਗੰਡਾ ਸਿੰਘ ਨੇ ਜੁਆਬ ਦਿਤਾ।

ਠਰੰਮੇ ਨਾਲ ਗੰਡਾ ਸਿਹਾਂ, ਠਰੰਮੇ ਨਾਲ, ਨੱਥਾ ਸਿੰਘ ਉਹਨੂੰ ਠੰਡਾ ਕਰਨ ਦੇ ਲਹਿਜੇ ਵਿਚ ਬੋਲਿਆ। ਨੱਥਾ ਸਿੰਘ ਲਈ ਧਰਮ ਕੋਈ ਬਹਿਸ ਜਾਂ ਦਲੀਲਬਾਜ਼ੀ ਦੀ ਗੱਲ ਨਹੀਂ ਸਗੋਂ ਮਨ ਅੰਦਰਲੀ ਗੱਲ ਸੀ।

ਹਰ ਕੋਈ ਆਪਣੀ ਸਮਝ ਵਰਤਦਾ ਹੈ, ਪਰ ਜਿ਼ੰਦਗੀ ਬਾਰੇ ਸਰਵ ਉੱਚੀ ਸਚਾਈ ਬੰਦੇ ਦੇ ਵੱਸੋਂ ਬਾਹਰ ਆ, ਭਾਈ ਨੇ ਜਵਾਬ ਦਿਤਾ।

ਪਰ ਤੂੰ ਤਾਂ ਇਹ ਜਾਨਣ ਲਈ ਕਿ ਕੀ ਤੂੰ ਵੈਨਕੂਵਰ ਵਿਚ ਹਲਾਲ ਦਾ ਮੀਟ ਬਣਾਉਂਦੇ ਹੋਟਲ ਵਿਚ ਖਾ ਸਕਦਾ ਹੈਂ ਕਿ ਨਹੀਂ, ਅੰਬਰਸਰ ਨੂੰ ਖੱਤ ਲਿਖਦਾਂ। ਤੂੰ ਸੱਤ ਸਮੁੰਦਰ ਪਾਰ ਆ ਕੇ ਵੀ ਅੰਬਰਸਰ ਪਵਿੱਤਰ ਤਲਾਅ ਦੇ ਕੰਢੇ ਧੁੱਪ ਸੇਕਦੇ ਡੱਡੂਆਂ ਕੋਲੋਂ ਖਾਣ ਬਾਰੇ ਸਲਾਹਾਂ ਪੁੱਛਦਾਂ, ਗੰਡਾ ਸਿੰਘ ਆਪਣੀ ਗੱਲ ਤੇ ਜ਼ੋਰ ਪਾਉਂਦਿਆਂ ਬੋਲਿਆ, ਭਾਈ ਜੀ ਇਕ ਸਮਝਦਾਰ ਆਦਮੀ ਉੱਥੇ ਖਾਊਗਾ, ਜਿਥੇ ਹੋਰ ਲੋਕੀਂ ਖਾਂਦੇ ਹਨ ਅਤੇ ਇਕ ਗਧਾ ਜਾਂ ਘੋੜਾ ਉਥੇ ਚਰੂਗਾ ਜਿਥੇ ਉਹਦੇ ਵਰਗੇ ਹੋਰ ਚਰਦੇ ਹਨ।

ਮੈਂ ਆਪਣੇ ਧਰਮ ਦੇ ਨੇਮਾਂ ਉੱਤੇ, ਗੁਰੂ ਗੋਬਿੰਦ ਸਿੰਘ ਦੇ ਰਾਹ ਉੱਤੇ ਚਲਦਾਂ, ਭਾਈ ਤਾਰਾ ਸਿੰਘ ਬੋਲਿਆ। ਉਸ ਗੁਰੂ ਦੇ ਰਾਹ ਤੇ ਜਿਸ ਨੇ ਸਾਰੇ ਸਮਾਜ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਅਤੇ ਭੈਭੀਤ ਲੋਕਾਂ ਨੂੰ ਚਿੜੀਆਂ ਤੋਂ ਬਾਜ ਬਣਾ ਦਿਤਾ।

ਤੇ ਗੁਰੂ ਨੇ ਆਪਣੇ ਗੁਰੀਲੇ ਸਿੰਘਾਂ ਤੇ ਖਾਣ ਪੀਣ ਦੀਆਂ ਕਿਹੜੀਆਂ ਬੰਦਸ਼ਾਂ ਲਾਈਆਂ ਸਨ। ਕੀ ਉਹਨੇ ਇਹ ਨਹੀਂ ਸੀ ਦਸਿਆ ਕਿ ਜਦੋਂ ਖਾਣ ਪੀਣ ਦੀ ਕਿਸੇ ਚੀਜ਼ ਬਾਰੇ ਸ਼ੱਕ ਹੋਵੇ, ਤਾਂ ਆਪਣਾ ਕੜਾ ਉਸ ਨਾਲ ਛੁਹਾਓ, ਸਤਿ ਸ੍ਰੀ ਅਕਾਲ ਬੋਲੋ ਤੇ ਛੱਕ ਲਓ? ਗੰਡਾ ਸਿੰਘ ਨੇ ਪੁੱਛਿਆ।

ਇਹ ਠੀਕ ਆ, ਇਹ ਬਿਲਕੁਲ ਸੱਚ ਆ, ਕਿੰਨੀਆਂ ਹੀ ਹੋਰ ਅਵਾਜ਼ਾਂ ਨੇ ਉਸ ਦਾ ਸਾਥ ਦਿੱਤਾ।

ਤੇ ਕੜਾ ਏਨੇ ਕੰਮ ਦੀ ਚੀਜ਼ ਸੀ ਕਿ ਖਾਣਾ ਸ਼ੁੱਧ ਕਰਨ ਲਈ ਕੋਈ ਸਮਾਂ ਨਹੀਂ ਸੀ ਲੱਗਦਾ, ਨੱਥਾ ਸਿੰਘ ਨੇ ਗੱਲ ਵਿਚ ਗੱਲ ਰਲਾਈ।

ਪਰ ਇਸ ਵੇਲੇ ਅਸੀਂ ਗੁਰੀਲਾ ਯੁੱਧ ਨਹੀਂ ਲੜ ਰਹੇ, ਤਾਰਾ ਸਿੰਘ ਨੇ ਹੋਰ ਆਵਾਜ਼ਾਂ ਕਾਰਨ ਥੋੜਾ ਝੇਂਪਦਿਆਂ ਕਿਹਾ।

ਰਸੋਈਆ ਅਰਜਨ ਸਿੰਘ ਜਿਹੜਾ ਦਲੀਲਬਾਜ਼ੀ ਪਸੰਦ ਨਹੀਂ ਕਰਦਾ ਸੀ, ਬੋਲਿਆ, ਸਾਰੀ ਜਿ਼ੰਦਗੀ ਹੀ ਇਕ ਯੁੱਧ ਹੈ। ਅਤੇ ਸੌ ਭੁੱਖੇ ਸਿੰਘਾਂ ਨੂੰ ਝਟਕਾ ਜਾਂ ਹਲਾਲ ਖਲਾਉਣਾ ਮੇਰੇ ਲਈ ਇਕ ਯੁੱਧ ਬਰਾਬਰ ਹੀ ਆ।

ਗੰਡਾ ਸਿੰਘ ਚੁਸਤ ਅਤੇ ਨਿੱਕੇ ਨਿੱਕੇ ਵਾਕਾਂ ਨਾਲ ਜੇਤੂ ਅੰਦਾਜ਼ ਵਿਚ ਬੋਲਿਆ, ਭਾਈ ਜੀ ਗੁਰੂ ਗੋਬਿੰਦ ਸਿੰਘ ਇਕ ਮਹਾਨ ਇਨਕਲਾਬੀ ਸੀ। ਉਹਨੇ ਮਰੇ ਹੋਏ ਸਮਾਜ ਵਿਚ ਜਿ਼ੰਦਗੀ ਪੈਦਾ ਕੀਤੀ। ਉਹਨੇ ਪਿੰਜਰਾਂ ਵਿਚ ਨਵਾਂ ਜੀਵਨ ਫੂਕਿਆ। ਉਹਨੇ ਖੁਲ੍ਹੇ ਮਨ ਅਤੇ ਬਹਾਦਰ ਦਿਲ ਵਾਲਾ ਨਵਾਂ ਇਨਸਾਨ ਪੈਦਾ ਕੀਤਾ। ਇਕ ਪੱਕੇ ਯਕੀਨ ਵਾਲਾ ਪਰ ਆਜ਼ਾਦ ਇਨਸਾਨ - ਵਹਿਮਾਂ, ਭਰਮਾਂ, ਜ਼ਾਤਪਾਤ ਅਤੇ ਪਰੋਹਤਾਈ ਤੋਂ ਮੁਕਤ ਇਨਸਾਨ। ਇਸ ਸਮੇਂ ਗੰਡਾ ਸਿੰਘ ਨੇ ਆਪਣੇ ਆਲੇ ਦੁਆਲੇ ਬੈਠੇ ਲੋਕਾਂ ਵਲ ਖੁਸ਼ੀ ਅਤੇ ਚਾਅ ਨਾਲ ਦੇਖਿਆ ਕਿਉਂਕਿ ਉਹ ਉਸ ਦੀਆਂ ਗੱਲਾਂ ਪ੍ਰਸ਼ੰਸਾਤਮਕ ਢੰਗ ਨਾਲ ਸੁਣ ਰਹੇ ਸੀ। ਫਿਰ ਉਸ ਨੇ ਆਪਣੀ ਗੱਲ ਜਾਰੀ ਰੱਖੀ, ਪਰ ਜੇ ਗੁਰੂ ਅੱਜ ਇਥੇ ਆਵੇ ਤਾਂ ਉਸ ਨੂੰ ਬੜਾ ਅਚੰਭਾ ਹੋਵੇ। ਉਹ ਹੈਰਾਨੀ ਨਾਲ ਕਹੇ, ਮੇਰੇ ਸਮੇਂ ਤੋਂ ਹੁਣ ਤੱਕ ਦੁਨੀਆਂ ਨੇ ਕਿੰਨੀ ਹੈਰਾਨਕੁਨ ਤਰੱਕੀ ਕੀਤੀ ਹੈ, ਪਰ ਤੁਸੀਂ ਮੇਰੇ ਬਹਾਦਰ ਸਿੱਖੋ, ਉਸ ਜਗਾਹ ਤੋਂ ਜਿਥੇ ਮੈਂ ਤੁਹਾਨੂੰ ਛੱਡ ਕੇ ਗਿਆ ਸੀ, ਇਕ ਇੰਚ ਵੀ ਨਹੀਂ ਹਿੱਲੇ।

ਸਰੋਤਿਆਂ ਵਿਚ ਹਾਸਾ ਮੱਚ ਗਿਆ। ਭਾਈ ਤਾਰਾ ਸਿੰਘ ਸ਼ਰਮਿੰਦਾ ਜਿਹਾ ਹੋ ਗਿਆ। ਉਹ ਇਕ ਚੰਗਾ ਆਦਮੀ ਸੀ ਅਤੇ ਧਰਮ ਦਾ ਪੱਕਾ ਸੀ ਪਰ ਕਈ ਵਾਰੀ ਉਹ ਆਪਣੀ ਤੰਗ ਨਜ਼ਰ ਅਤੇ ਕੱਟੜਤਾ ਕਾਰਨ ਲੋਕਾਂ ਨੂੰ ਨਾਰਾਜ਼ ਕਰ ਲੈਂਦਾ ਸੀ।

ਧਰਮ ਦੀਆਂ ਗੱਲਾਂ ਛੱਡੋ। ਇਹ ਆਪਾਂ ਗੁਰਦੁਆਰੇ ਵਿਚ ਬਥੇਰੀਆਂ ਕਰ ਲਈਦੀਆਂ। ਮਲੂਕਿਆ ਤੂੰ ਸਾਨੂੰ ਅੰਗਰੇਜ਼ੀ ਅਖਬਾਰ ਵਿਚੋਂ ਕੋਈ ਖਬਰ ਪੜ੍ਹਕੇ ਸੁਣਾ। ਰਸੋਈਆ ਅਰਜਨ ਸਿੰਘ ਬੋਲਿਆ।

ਮਲੂਕੇ ਨੇ ਪਹਿਲਾਂ ਹੀ ਉਹਨਾਂ ਨੂੰ ਦਿਲਚਸਪ ਲੱਗਣ ਵਾਲੀਆਂ ਕੁਛ ਖਬਰਾਂ ਚੁਣ ਰੱਖੀਆਂ ਸਨ। ਉਹ ਉਹਨਾਂ ਦਾ ਖੁਲਾਸਾ ਸੁਨਾਉਣ ਲੱਗਾ।

ਭਾਵੇਂ ਕਿ ਗਾਂਧੀ ਵਲੋਂ ਪਹਿਲੀ ਜੰਗ ਤੋਂ ਬਾਅਦ ਚਲਾਈ ਨਾ-ਮਿਲਵਰਤਣ ਲਹਿਰ 1922 ਤੱਕ ਫੇਲ੍ਹ ਹੋ ਚੁੱਕੀ ਸੀ ਤੇ ਮਹਾਤਮਾ ਆਪ ਹਿਜ਼ ਮੈਜੇਸਟੀਜ਼ ਦੇ ਰੈਸਟ ਹਾਊਸ ਵਿਚ ਆਰਾਮ ਫਰਮਾ ਰਿਹਾ ਸੀ ਫਿਰ ਵੀ ਕੈਨੇਡੀਅਨ ਪਰੈਸ ਵਿਚ ਭਾਰਤ ਬਾਰੇ ਬੇਤੁਕੀਆਂ, ਦਿਲਫਰੇਬ ਜਾਂ ਕਾਲਪਨਿਕ ਖਬਰਾਂ ਛਪਦੀਆਂ ਰਹਿੰਦੀਆਂ ਸਨ। ਅਖਬਾਰਾਂ ਦੇ ਸੰਪਾਦਕੀ, ਨਾਂਹ-ਪੱਖੀ ਪਹਿਲੂਆਂ ਜਿਵੇਂ-ਸੰਪਰਦਾਇਕ ਦੰਗਿਆਂ, ਵਹਿਮਾਂ ਭਰਮਾਂ ਨੂੰ ਉਤਸ਼ਾਹ ਦੇਣ ਵਾਲੇ ਦੇਵੀ ਦੇਵਤਿਆਂ ਅਤੇ ਸਮਾਜ ਦੇ ਗਲਤ ਰਸਮਾਂ ਰਿਵਾਜ਼ਾਂ ਜਿਵੇਂ ਬਾਲ ਵਿਆਹ, ਜ਼ਾਤਪਾਤ ਅਤੇ ਛੂਤ-ਛਾਤ, ਬਾਰੇ ਟਿੱਪਣੀਆਂ ਨਾਲ ਭਰਪੂਰ ਹੁੰਦੇ ਸਨ। ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਭਾਰਤ ਦੀ ਆਜ਼ਾਦੀ ਦੀ ਲੜਾਈ ਬਾਰੇ ਕੈਨੇਡੀਅਨ ਪਰੈੱਸ ਦੇ ਇਕ ਪਾਸੜ ਰਵੱਈਏ ਕਾਰਨ ਸਿੱਖ ਬਹੁਤ ਦੁਖੀ ਸਨ। ਪਰੈੱਸ ਵਲੋਂ ਭਾਰਤੀ ਸਮਾਜ ਵਿਚਲੀਆਂ ਬੁਰਾਈਆਂ ਉੱਪਰ ਜ਼ੋਰ ਦੇਣ ਕਾਰਨ ਉਹ ਜਿ਼ਆਦਾ ਦੁਖੀ ਸਨ ਕਿਉਂਕਿ ਸਿੱਖ ਸਮਾਜ ਇਹਨਾਂ ਵਿਚੋਂ ਬਹੁਤੀਆਂ ਬੁਰਾਈਆਂ ਤੋਂ ਮੁਕਤ ਸੀ। ਕਈ ਸੰਪਾਦਕੀਆਂ ਵਿਚ ਲਿਖਿਆ ਹੁੰਦਾ ਸੀ ਕਿ ਭਾਰਤ ਜਿਹੇ ਗੰਵਾਰ ਅਤੇ ਪੱਛੜੇ ਮੁਲਕਾਂ ਤੇ ਕਿਸੇ ਯੂਰਪੀਨ ਕੌਮ ਨੂੰ ਰਾਜ ਕਰਨਾ ਪੈਣਾ ਹੈ। ਅਤੇ ਇਹ ਭਾਰਤ ਦੀ ਖੁਸ਼ਕਿਸਮਤੀ ਸੀ ਕਿ ਰੱਬ ਨੇ ਇਹ ਕੰਮ ਕਰਨ ਲਈ ਬਰਤਾਨੀਆ ਦੇ ਅੰਗਰੇਜ਼ਾਂ ਨੂੰ ਚੁਣਿਆ ਹੈ ਅਤੇ ਇਹ ਸਭ ਕੁਝ ਕੁਦਰਤ ਦੇ ਅਸੂਲਾਂ ਵਾਂਗ ਮੰਨ ਬੜੀ ਖੁਦਪ੍ਰਸਤੀ ਨਾਲ ਕੀਤਾ ਜਾਂਦਾ ਸੀ। ਇਹੋ ਜਿਹੇ ਸੰਪਾਦਕੀ ਉਹਨਾਂ ਨੂੰ ਸਭ ਤੋਂ ਦੁਖੀ ਕਰਦੇ ਸਨ।

ਸਿਆਟਲ ਵਿਚ ਇਕ ਅਮਰੀਕਨ ਔਰਤ ਮਿਸ ਕੈਥਰੀਨ ਮੇਨਾਰਡ ਨੇ ਹਿੰਦੂਆਂ ਦੇ ਖਿਲਾਫ ਇਕ ਭਾਸ਼ਨ ਦਿਤਾ। ਮਲੂਕੇ ਨੇ ਕਿਹਾ।

ਕੁੱਤੀ ਕੀ ਭੌਂਕਦੀ ਆ?, ਤੱਤੇ ਰਾਸ਼ਟਰਵਾਦੀ ਬੰਤਾ ਸਿੰਘ ਨੇ ਬੇਸਬਰੀ ਨਾਲ ਪੁੱਛਿਆ।

ਮਲੂਕੇ ਨੇ ਗੱਲ ਜਾਰੀ ਰੱਖਦਿਆਂ ਕਿਹਾ, ਉਹ ਕਹਿੰਦੀ ਆ ਕਿ ਹਿੰਦੂਆਂ ਦੇ ਸਮਾਜਕ ਰਿਵਾਜ਼ ਬੜੇ ਖੌਫਨਾਕ ਨੇ। ਇਹ ਛੋਟੀ ਉਮਰ ਦੀਆਂ ਔਰਤਾਂ ਨਾਲ ਵਿਆਹ ਕਰਦੇ ਨੇ ਕਿਉਂਕਿ ਇਹ ਕੱਚੇ ਫੱਲ ਖਾਣਾ ਪਸੰਦ ਕਰਦੇ ਹਨ। ਇਹ ਅੰਨ ਘੱਟ ਪੈਦਾ ਕਰਦੇ ਹਨ ਅਤੇ ਬੱਚੇ ਜਿ਼ਆਦਾ। ਛੋਟੀ ਉਮਰ ਵਿਚ ਕੀਤਾ ਜਿ਼ਆਦਾ ਭੋਗ ਇਨ੍ਹਾਂ ਨੂੰ ਉੱਨਤੀ ਸਾਲ ਤੋਂ ਬਾਅਦ ਨਾਮਰਦ ਬਣਾ ਦਿੰਦਾ ਹੈ।

ਇਸ ਖਬਰ ਨੇ ਸਰੋਤਿਆਂ ਵਿਚ ਇਕ ਤਨਾਅ ਪੈਦਾ ਕਰ ਦਿਤਾ। ਇਸ ਬਾਰੇ ਉਨ੍ਹਾਂ ਦੀਆਂ ਮਿਲੀਆਂ ਜੁਲੀਆਂ ਭਾਵਨਾਵਾਂ ਸਨ। ਕਈਆਂ ਨੂੰ ਕੱਚੇ ਫੱਲ ਦਾ ਹਵਾਲਾ ਬੜਾ ਦਿਲਚਸਪ ਲੱਗਾ ਸੀ। ਕਈਆਂ ਦਾ ਖਿਆਲ ਸੀ ਕਿ ਇਸ ਨਵੀਂ ਦੁਨੀਆਂ ਵਿਚ ਉਹਨਾਂ ਨੂੰ ਏਥੋਂ ਦਾ ਪੱਕਿਆ ਲੱਜ਼ਤਦਾਰ ਅਤੇ ਖੁਸ਼ਬੂ ਵਾਲਾ ਫਲ ਲੋੜ ਮੁਤਾਬਕ ਨਹੀਂ ਮਿਲ ਰਿਹਾ। ਪਰ ਉਹਨਾਂ ਸਭ ਬਲਵਾਨ ਜੱਟਾਂ ਨੂੰ ਜਿਹਨਾਂ ਨੇ ਪੰਜਾ ਦਰਿਆਵਾਂ ਦੀ ਧਰਤੀ ਨੂੰ ਫੱਲਦਾਰ ਬਨਾਉਣ ਲਈ ਡਾਢੀ ਮਿਹਨਤ ਕੀਤੀ ਸੀ, ਮਿਸ ਕੈਥਰੀਨ ਮੇਨਾਰਡ ਵਲੋਂ ਮਾਰੇ ਗਏ ਤਾਹਨੇ ਉਨੱਤੀ ਸਾਲਾਂ ਬਾਅਦ ਨਾਮਰਦ ਹੋ ਜਾਣ ਦੇ ਖਿਆਲ ਨੇ ਬਹੁਤ ਤੰਗ ਕੀਤਾ।

ਇਸ ਬਾਰੇ ਉਹਨਾਂ ਦੀਆਂ ਟਿੱਪਣੀਆਂ ਰੰਗੀਨ ਪੰਜਾਬੀ ਮੁਹਾਵਰੇ ਨਾਲ ਭਰਪੂਰ, ਸੰਖੇਪ ਤੇ ਤਿੱਖੀਆਂ ਸਨ।

ਉਸ ਕੁਆਰੀ ਮਿਸ ਨੂੰ ਇਸ ਬਾਰੇ ਕਿਸ ਤਰ੍ਹਾਂ ਪਤਾ ਲੱਗਾ, ਇਕ ਬੋਲਿਆ।

ਉਸ ਦਾ ਕਿਸੇ ਚੌਲ ਖਾਣੇ ਮਦਰਾਸੀ ਨਾਲ ਵਾਹ ਪਿਆ ਹੋਣਾ, ਦੂਜੇ ਨੇ ਜੁਆਬ ਦਿਤਾ।

ਮੈਂ ਉਨੱਤੀਆਂ ਸਾਲਾਂ ਤੱਕ ਕਿਸੇ ਜਨਾਨੀ ਦੀਆਂ ਨੰਗੀਆਂ ਲੱਤਾਂ ਤੱਕ ਨਹੀਂ ਸੀ ਦੇਖੀਆਂ, ਜੱਗੇ ਨੇ ਸਿ਼ਕਾਇਤ ਕੀਤੀ। ਜੱਗੇ ਨੂੰ ਸਾਰੇ ਜਣੇ ਉਸ ਦੇ ਵਾਲ ਕਟਾਉਣ ਅਤੇ ਔਰਤ ਅਤੇ ਸ਼ਰਾਬ ਦਾ ਸੌ਼ਕੀਨ ਹੋਣ ਕਰਕੇ ਜੈਕ ਸੱਦਦੇ ਸਨ।

ਹੁਣ ਤਾਂ ਤੂੰ ਪਹਿਲੀ ਉਮਰ ਦਾ ਕਾਫੀ ਘਾਪਾ ਪੂਰਾ ਕਰ ਲਿਆ, ਜੈਕਾ ਰਸੋਈਏ ਨੇ ਉਹਨੂੰ ਛੇੜਿਆ।

ਦੇਖਣ ਨੂੰ ਕਿੱਦਾਂ ਦੀ ਲਗਦੀ ਆ? ਰੇਗਸਤਾਨ ਦੀ ਸੁੱਕੀ ਹੋਈ ਬੱਕਰੀ ਵਰਗੀ ਜਾਂ ਮੈਦਾਨਾਂ ਦੀ ਅਲ੍ਹੜ ਬਛੇਰੀ ਵਰਗੀ?

ਫੋਟੋ ਨਹੀਂ ਦਿਤੀ ਉਸਦੀ ਜ਼ਬਾਨ ਦੀ ਅਮੀਰੀ ਤੋਂ ਪ੍ਰਭਾਵਿਤ ਅਤੇ ਥੋੜੀ ਥੋੜੀ ਸ਼ਰਮ ਮਹਿਸੂਸਰ ਕਰਦਿਆਂ ਮਲੂਕੇ ਨੇ ਜਵਾਬ ਦਿਤਾ।

ਸ਼ਕਲ ਸੂਰਤ ਤੋਂ ਕੀ ਲੈਣਾ, ਏਨਾ ਈ ਬਹੁਤ ਆ ਕਿ ਉਹ ਕੁਆਰੀ ਤੇ ਅਨਛੋਹ ਆ ਖੂੰਜੇ ਵਿਚੋਂ ਇਕ ਅਵਾਜ਼ ਆਈ।

ਇਦਾਂ ਦੀਆਂ ਕਈ ਕੁਆਰੀਆਂ ਦੇ ਬਾਲ-ਬੈਰਿੰਗ ਜਿ਼ਆਦਾ ਹੰਢੇ ਹੋਏ ਰੋਲਰਾਂ ਵਰਗੇ ਹੁੰਦੇ ਆ, ਜਿਹੜੇ ਹੱਥ ਲਾਏ ਤੋਂ ਬਿਨਾਂ ਹੀ ਚੀਕਦੇ ਆ ਜੈਕ ਨੇ ਜਵਾਬ ਦਿਤਾ।

ਸੁੱਕੀ ਹੋਵੇ ਜਾਂ ਰਸਭਰੀ, ਬੁੱਢੀ ਹੋਵੇ ਜਾਂ ਮੁਟਿਆਰ, ਸਾਨੂੰ ਭਾਰਤ ਮਾਂ ਲਈ ਆਪਣਾ ਫਰਜ਼ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ, ਦਾਨਾ ਗਿਆਨ ਚੰਦ ਬੋਲਿਆ। ਉਸ ਦੀ ਇਸ ਟਿੱਪਣੀ ਤੇ ਹਰ ਬੰਦਾ ਹੈਰਾਨ ਹੋਇਆ।

ਫਤਹਿ ਸਿੰਘ ਨੇ ਹੁਕਮੀ ਲਹਿਜੇ ਵਿਚ ਕਿਹਾ,: ਮਲੂਕਿਆ ਮਿਸ ਨੂੰ ਖੱਤ ਲਿਖ ਕੇ ਇਥੇ ਸੱਦ ਸਾਡੇ ਵਿਚੋਂ ਬਹੁਤੇ ਸੱਠਾਂ ਦੇ ਗੇੜ ਆ, ਫਿਰ ਵੀ ਅਸੀਂ ਭਾਰਤ ਦੀ ਤਾਕਤ ਦਾ ਪ੍ਰਮਾਣ ਦੇਣਾ ਚਾਹੁੰਦੇ ਹਾਂ।
ਹਾਂ ਮਲੂਕਿਆ ਹਾਂ। ਜੇ ਕਿਤੇ ਉਹ ਫਤਹਿ ਸਿੰਘ ਨਾਲ ਇਕ ਰਾਤ ਗੁਜ਼ਾਰ ਲਵੇ ਤਾਂ ਉਹ ਆਪਣੇ ਅਗਲੇ ਲੈਕਚਰ ਵਿਚ ਹਿੰਦੁਸਤਾਨ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੀ ਫਿਰੂ। ਰਸੋਈਏ ਨੇ ਫਤਹਿ ਸਿੰਘ ਦੀ ਹਾਂ ਵਿਚ ਹਾਂ ਰਲਾਈ।

ਅਸੀਂ ਉਸ ਦੇ ਅਨਾਰਾਂ ਨੂੰ ਬੜੀ ਨਰਮੀ ਨਾਲ ਤੋੜਾਂਗੇ। ਉਸ ਦੀਆਂ ਗੋਲਾਈਆਂ ਨਾਲ ਇੰਨਾ ਪਿਆਰ ਕਰਾਂਗੇ ਕਿ ਉਹ ਪਿਘਲ ਜਾਣ। ਅਤੇ ਉਹਨੂੰ ਘੁੱਟ ਕੇ ਉਦੋਂ ਤਕ ਪਿਆਰ ਕਰਾਂਗੇ ਜਦੋਂ ਤੱਕ ਉਸਦੀ ਆਤਮਾ ਅੱਖਾਂ ਥਾਣੀ ਚਮਕਾ ਨਾ ਮਾਰਨ ਲੱਗ ਪਵੇ, ਫਤਹਿ ਸਿੰਘ ਨੇ ਕਾਲਪਨਿਕ ਸੁਆਦ ਲੈਂਦਿਆ ਕਿਹਾ।

4

ਮਲੂਕੇ ਦੀ ਜਿ਼ੰਦਗੀ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਉਹ ਔਰਤਾਂ ਤੋਂ ਬਿਨਾਂ ਇਕੱਲੇ ਆਦਮੀਆਂ ਦੀ ਇਸ ਛੋਟੀ ਜਿਹੀ ਦੁਨੀਆਂ ਵਿਚ ਰਹਿ ਰਿਹਾ ਸੀ। ਉਸ ਲਈ ਇਹ ਇਕ ਵਿਲੱਖਣ ਤਜਰਬਾ ਸੀ। ਪਹਿਲਾਂ ਪਹਿਲ ਉਸ ਦਾ ਮਨ ਇਸ ਮਾਹੌਲ ਵਿਚ ਅਸ਼ਾਂਤ ਹੋ ਜਾਂਦਾ ਤੇ ਕਦੇ ਕਦੇ ਉਹ ਸ਼ਰਮ ਮਹਿਸੂਸ ਕਰਦਾ ਪਰ ਛੇਤੀ ਹੀ ਉਹ ਇਸ ਦਾ ਆਦੀ ਹੋ ਗਿਆ। ਉਹ ਸਗੋਂ ਔਰਤਾਂ ਦੀ ਗੈਰ-ਹਾਜ਼ਰੀ ਕਾਰਨ ਪੰਜਾਬੀਆਂ ਦੀ ਅਵਰਜਿਤ ਬੋਲੀ ਅਤੇ ਖੁਲ੍ਹੇ ਡੁਲ੍ਹੇ ਵਰਤ ਵਿਹਾਰ ਦਾ ਅਨੰਦ ਲੈਣਾ ਸਿੱਖ ਗਿਆ ਸੀ। ਪਿੰਡਾਂ ਵਿਚ ਇਹ ਜੱਟ ਲੋਕ ਜੱਟਕੇ ਮੁਹਾਵਰੇ ਵਿਚ ਲੱਛੇਦਾਰ ਗਾਲ੍ਹਾਂ ਅਤੇ ਲੁੱਚੇ ਵਿਸ਼ੇਸ਼ਨਾਂ ਨਾਲ ਭਰਪੂਰ ਬੋਲੀ ਵਿਚ ਗੱਲਬਾਤ ਕਰਦੇ ਸਨ। ਉਹਨਾਂ ਦੀ ਇਸ ਤਰ੍ਹਾਂ ਦੀ ਗੱਲਬਾਤ ਸੁਣ ਪੇਂਡੂ ਔਰਤਾਂ ਸ਼ਰਮਾਉਣ ਦੀ ਥਾਂ ਮੁਸਕੜੀਆਂ ਹੱਸ ਛਡਦੀਆਂ ਸਨ। ਪਰ ਉਥੇ ਮਾਂ ਜਾਂ ਭੈਣ ਦੀ ਹਾਜ਼ਰੀ ਵਿਚ ਜਿਹੜੀ ਥੋੜ੍ਹੀ ਬਹੁਤ ਸ਼ਰਮ ਤੇ ਬੰਦਸ਼ ਹੁੰਦੀ ਸੀ ਉਹ ਇਥੇ ਬ੍ਰਿਟਿਸ਼ ਕੋਲੰਬੀਆਂ ਵਿਚ ਆ ਕੇ ਬਿਲਕੁਲ ਅਲੋਪ ਹੋ ਗਈ ਸੀ। ਪੰਜਾਬ ਵਿਚ ਪੜ੍ਹੇ ਲਿਖੇ ਲੋਕ ਆਪਣੀ ਵਿਦਵਤਾ ਦਾ ਰੋਅਬ ਪਾਉਣ ਲਈ ਜਾਣ ਬੁਝ ਕੇ ਪੰਜਾਬੀ ਵਿਚ ਸ਼ਹਿਰੀ ਉਰਦੂ, ਹਿੰਦੀ ਜਾਂ ਅੰਗਰੇਜ਼ੀ ਦੇ ਬੇਜਾਨ ਸ਼ਬਦ ਘੁਸੇੜ ਦਿੰਦੇ ਸਨ। ਇਸ ਨਾਲ ਜੱਟਕੀ ਪੰਜਾਬੀ ਦੀ ਸੁੱਚਤਾ ਅਤੇ ਸ਼ਕਤੀ ਭ੍ਰਿਸ਼ਟੀ ਜਾਂਦੀ ਸੀ। ਪਰ ਕੈਨੇਡਾ ਆਕੇ ਇਹਨਾਂ ਜੱਟਾਂ, ਜੋ ਏਥੇ ਲੱਕੜ ਮਿੱਲਾਂ ਅਤੇ ਲਾਗਿੰਗ ਕੈਂਪਾਂ ਵਿਚ ਕੰਮ ਕਰਦੇ ਸਨ, ਨੇ ਬੋਲੀ ਦੀ ਖੇਤਾਂ ਵਾਲੀ ਤਾਜ਼ਗੀ ਨੂੰ ਮੁੜ ਕਾਇਮ ਹੀ ਨਹੀਂ ਸੀ ਕੀਤਾ ਸਗੋਂ ਇਸ ਵਿਚ ਕੈਨੇਡਾ ਦੇ ਜੰਗਲਾਂ ਦੀ ਸੰਜੀਵਤਾ ਨੂੰ ਵੀ ਸ਼ਾਮਲ ਕਰ ਦਿੱਤਾ ਸੀ। ਤੇ ਕਈ ਵਾਰ ਇਹ ਸੰਜੋਗ ਕਰਾਮਾਤਾਂ ਕਰ ਜਾਂਦਾ ਸੀ। ਇਹਨਾਂ ਦੇ ਇਥੇ ਰਹਿਣ ਸਹਿਣ ਦੇ ਵੀ ਇਸੇ ਤਰ੍ਹਾਂ ਦੇ ਸੰਕੇਤ ਸਨ।

ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚ, ਜਿਹਦੇ ਵਿਚੋਂ ਆਦਮ ਦੀ ਹਵਾ ਗਾਇਬ ਸੀ, ਅਦਨ ਦਾ ਇਹ ਛੋਟਾ ਜਿਹਾ ਬਾਗ ਬਣਾਉਣ ਦਾ ਸਿਹਰਾ ਕੈਨੇਡਾ ਦੀ ਸਰਕਾਰ ਦੇ ਸਿਰ ਸੀ।

ਸ਼ਾਂਤ ਮਹਾਂ ਸਾਗਰ ਦੇ ਕੰਢੇ ਤੇ ਵਸੇ ਸ਼ਹਿਰਾਂ ਸਿੰਘਾਪੁਰ, ਹਾਂਗਕਾਂਗ ਤੇ ਸ਼ੰਘਾਈ ਵਿਚ ਰਹਿੰਦੇ ਇਹ ਪੰਜਾਬੀ ਚੌਂਕੀਦਾਰੇ ਦਾ ਕੰਮ ਕਰਦੇ ਸਨ ਜਾਂ ਅੰਗਰੇਜ਼ੀ ਪੁਲੀਸ ਵਿਚ ਕੰਮ ਕਰਦੇ ਸਨ ਅਤੇ ਬਹੁਤ ਅੰਗਰੇਜ਼ਾਂ ਦੀ ਫੌਜ ਵਿਚ ਭਰਤੀ ਹੋ ਕੇ ਉਥੇ ਗਏ ਸਨ। ਇਹਨਾਂ ਸ਼ਹਿਰਾਂ ਵਿਚ ਉਹਨਾਂ ਨੂੰ ਚੀਨਿਆਂ (ਜਿਹੜੇ ਵੱਡੀ ਗਿਣਤੀ ਅਮਰੀਕਾ ਅਤੇ ਕੈਨੇਡਾ ਆਏ ਸਨ) ਤੋਂ ਇਸ ਨਵੀਂ ਦੁਨੀਆਂ ਵਿਚ ਮਿਹਨਤੀ ਲੋਕਾਂ ਵਲੋਂ ਦੌਲਤ ਕਮਾਉਣ ਦੇ ਮੌਕਿਆਂ ਬਾਰੇ ਪਤਾ ਲੱਗਾ। ਇਹਨਾਂ ਵਿਚ ਹਿੰਮਤੀ ਕਿਸਮ ਦੇ ਲੋਕ ਵੀਹਵੀਂ ਸਦੀ ਦੇ ਸ਼ੁਰੂ ਵਿਚ ਬ੍ਰਿਟਿਸ਼ ਕੋਲੰਬੀਆ ਵਲ ਆਉਣੇ ਸ਼ੁਰੂ ਹੋ ਗਏ। ਬਾਅਦ ਵਿਚ ਬੀ। ਸੀ। ਵਿਚ ਆਏ ਇਹਨਾਂ ਲੋਕਾਂ ਚੋਂ ਕੁੱਛ ਕੈਲੇਫੋਰਨੀਆਂ ਵੀ ਚਲੇ ਗਏ। ਇਹਨਾਂ ਲੋਕਾਂ ਵਲੋਂ ਭੇਜੀ ਚੰਗੀ ਖਬਰ ਕਾਰਨ ਸਿੰਘਾਪੁਰ, ਹਾਂਗਕਾਂਗ ਤੇ ਸ਼ੰਘਾਈ ਵਿਚੋਂ ਹੋਰ ਲੋਕ ਏਥੇ ਆਉਣੇ ਸ਼ੁਰੂ ਹੋ ਗਏ। ਕਿਉਂਕਿ ਹਿੰਦੁਸਤਾਨ ਵਿਚੋਂ ਕੋਈ ਵੀ ਸਮੁੰਦਰੀ ਜਹਾਜ਼ ਸਿੱਧਾ ਇਸ ਨਵੀਂ ਦੁਨੀਆਂ ਵਲ ਨਹੀਂ ਸੀ ਆਉਂਦਾ ਇਸ ਲਈ ਹਿੰਦੁਸਤਾਨ ਤੋਂ ਆਉਣ ਵਾਲੇ ਪਹਿਲਾਂ ਉਥੋਂ ਜਹਾਜ਼ ਚੜ੍ਹ ਕੇ ਹਾਂਗਕਾਂਗ ਜਾਂ ਸ਼ੰਘਾਈ ਆਉਂਦੇ ਸਨ ਅਤੇ ਫਿਰ ਉਥੋਂ ਇਸ ਨਵੀਂ ਦੁਨੀਆ ਤੱਕ ਪਹੁੰਚਦੇ ਸਨ। ਅੰਗਰੇਜ਼ੀ ਨਾ ਆਉਣ ਕਾਰਨ ਅਤੇ ਆਪਣੇ ਵੱਖਰੇ ਪਹਿਰਾਵੇ ਤੇ ਰਹਿਣ ਸਹਿਣ ਦੇ ਢੰਗਾਂ ਕਾਰਨ ਉਹ ਏਥੇ ਵਸਦੇ ਲੋਕਾਂ ਦਾ ਧਿਆਨ ਆਪਣੀ ਵਲ ਖਿਚਣੋ ਨਾ ਰਹਿ ਸਕੇ। ਉਹਨਾਂ ਦੇ ਇਥੇ ਆਉਣ ਕਾਰਨ ਏਥੇ ਸ਼ਾਂਤ ਮਹਾ ਸਾਗਰ ਦੇ ਕੰਢੇ ਤੇ ਰਹਿੰਦੇ ਚਿੱਟੇ ਲੋਕਾਂ ਵਿਚ ਤੌਖਲਾ ਪੈਦਾ ਹੋਣਾ ਸ਼ੁਰੂ ਹੋ ਗਿਆ। ਸੰਨ 1907 ਵਿਚ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਆਏ। ਇਸ ਤੋਂ ਬਾਅਦ ਨਾਪਸੰਦਗੀ ਅਤੇ ਡਰ ਦੀ ਓਪਰੀ ਜਿਹੀ ਭਾਵਨਾ ਡੂੰਘੇ ਸਾੜੇ ਵਿਚ ਬਦਲਣ ਲੱਗੀ। ਤੇ ਛੇਤੀ ਹੀ ਇਹ ਸਾੜੇ ਦੀ ਭਾਵਨਾ ਜਥੇਬੰਦਕ ਵਿਰੋਧ ਅਤੇ ਖੁਲ੍ਹਮਖੁੱਲੀ ਦੁਸ਼ਮਨੀ ਵਿਚ ਬਦਲ ਗਈ। ਇਸ ਦੇ ਪਿਛੇ ਸਥਾਨਕ ਸਿਆਸੀ ਨੀਤੀਵਾਨਾਂ ਦਾ ਹੱਥ ਸੀ ਜਿਹਨਾਂ ਨੇ ਆਪਣੀ ਲੀਡਰੀ ਚਮਕਾਉਣ ਲਈ ਬੀ। ਸੀ। ਸਿਰਫ ਚਿੱਟਿਆਂ ਲਈ, ਦਾ ਨਾਹਰਾ ਦਵੱਲ ਕੇ ਵਰਤਿਆ। ਉਹਨਾਂ ਨੇ ਓਟਵਾ ਉੱਪਰ ਰੋਕ ਲਾਉਣ ਲਈ ਦਬਾਅ ਪਾਇਆ। ਨਤੀਜੇ ਦੇ ਤੌਰ ਤੇ ਹਿੰਦੁਸਤਾਨ ਤੋਂ ਆਉਂਦੇ ਲੋਕਾਂ ਨੂੰ ਉਪਰੋਂ ਠੀਕ ਦਿਸਦੇ ਪਰ ਅਸਲ ਵਿਚ ਇਕ ਸ਼ੈਤਾਨੀ ਭਰੇ ਢੰਗ ਨਾਲ ਰੋਕਿਆ ਗਿਆ। ਹਿੰਦੁਸਤਾਨ ਤੋਂ ਆਉਣ ਵਾਲਿਆਂ ਉੱਪਰ ਇਕ ਸ਼ਰਤ ਇਹ ਲਾਈ ਗਈ ਕਿ ਉਹਨਾਂ ਕੋਲ ਇਥੇ ਆਰਥਿਕ ਤੌਰ ਤੇ ਰਹਿਣ ਦੀ ਤਵੱਜੋ ਹੋਵੇ ਅਤੇ ਉਹ ਕਿਸੇ ਕਿੱਤੇ ਦੇ ਮਾਹਿਰ ਹੋਣ। ਇਸ ਦੇ ਨਾਲ ਹੀ ਇਹ ਵੀ ਸ਼ਰਤ ਲਾਈ ਗਈ ਕਿ ਉਹ ਹਿੰਦੁਸਤਾਨ ਤੋਂ ਸਿੱਧੇ ਇਕ ਹੀ ਜਹਾਜ਼ ਵਿਚ ਸਫਰ ਕਰਕੇ ਇਥੇ ਅਪੜਨ। ਜੋ ਭਾਰਤੀ ਪਹਿਲਾਂ ਕੈਨੇਡਾ ਵਿਚ ਆ ਚੁੱਕੇ ਸਨ ਇਹ ਸ਼ਰਤ ਉਹਨਾਂ ਦੇ ਬੱਚਿਆਂ ਤੇ ਪਤਨੀਆਂ ਉੱਪਰ ਵੀ ਲਾਗੂ ਸੀ ਅਤੇ ਪਹਿਲੀ ਸੰਸਾਰ ਜੰਗ ਦੇ ਖਾਤਮੇ ਤਕ ਇਹ ਲਾਗੂ ਰਹੀ। ਇਸ ਲਈ 1922 ਵਿਚ ਮਲੂਕੇ ਦਾ ਕਿਤੇ ਹੀ ਉਸ ਦੀ ਹਮਉਮਰ ਦੇ ਪੰਜਾਬੀ ਮੁੰਡੇ ਨਾਲ ਮੇਲ ਹੁੰਦਾ। ਅਤੇ ਉਸ ਸਮੇਂ ਐਤਵਾਰ ਗੁਰਦੁਆਰੇ ਵਿਚ ਮਸਾਂ ਤਿੰਨ ਚਾਰ ਪੰਜਾਬੀ ਔਰਤਾਂ ਦਿਖਾਈ ਦਿੰਦੀਆਂ ਸਨ।

ਹਾਕਮ ਮੁਗਲਾਂ ਅਤੇ ਖੈਬਰ ਦੱਰੇ ਥਾਣੀ ਆਉਣ ਵਾਲੇ ਧਾੜਵੀਆਂ ਨਾਲ ਗੁਰੀਲਾ ਜੰਗਾਂ ਵਿਚ ਸਖਤੀ ਭਰਿਆ ਜੀਵਨ ਬਤੀਤ ਕਰ ਰਹੇ ਸਿੱਖ ਸਿਪਾਹੀਆਂ ਨੇ ਬੀਰ ਰੱਸ ਭਰਪੂਰ ਆਪਣੀ ਵੱਖਰੀ ਬੋਲੀ ਸਿਰਜੀ ਸੀ। ਉਸ ਸਮੇਂ ਉਹਨਾਂ ਦੀ ਜਾਇਦਾਦ ਘੋੜੇ, ਤਲਵਾਰ ਅਤੇ ਹੌਂਸਲੇ ਤੋਂ ਬਿਨਾਂ ਕੁਛ ਨਹੀਂ ਸੀ ਹੁੰਦੀ। ਸਾਧਾਰਣ ਖਾਣ ਪੀਣ ਦੀਆਂ ਵਸਤਾਂ ਦੇ ਵੱਡੇ ਵੱਡੇ ਨਾਂ ਰੱਖੇ ਹੋਏ ਸਨ। ਮੰਦਹਾਲੀ ਹਲਕੀਆਂ ਫੁਲਕੀਆਂ ਗੱਲਾਂ ਹੇਠ ਦੱਬ ਦਿਤੀ ਜਾਂਦੀ ਸੀ। ਉਦਾਹਰਨ ਲਈ ਜੇ ਕੋਈ ਵਿਅਕਤੀ ਛੋਟੇ ਮੋਟੇ ਸਫਰ ਤੇ ਜਾ ਰਿਹਾ ਹੁੰਦਾ ਤਾਂ ਉਹਨੂੰ ਪੁੱਛਦੇ ਫੋਜਾਂ ਨੇ ਕਿੱਧਰ ਨੂੰ ਚੜ੍ਹਾਈ ਕੀਤੀ ਆ। ਇਕ ਨੂੰ ਸਵਾ ਲੱਖ ਸੱਦਦੇ। ਬੀ। ਸੀ। ਵਿਚ ਸਿੱਖਾਂ ਦਾ ਜਦੋਂ ਔਖੇ ਕੰਮਾਂ ਨਾਲ ਵਾਹ ਪਿਆ ਤਾਂ ਇਥੇ ਵੀ ਉਹਨਾਂ ਵੱਖਰੇ ਵਿਲੱਖਣ ਮੁਹਾਵਰੇ ਵਾਲੀ ਪੰਜਾਬੀ ਬੋਲੀ ਘੜ ਲਈ। ਇਹ ਬੋਲੀ ਪੁਰਾਣੀ ਮੁਗਲਾਂ ਵਿਰੱਧ ਗੁਰੀਲਾ ਜੰਗ ਦੌਰਾਨ ਸਿਰਜੀ ਬੋਲੀ ਦਾ ਵਿਗੜਿਆ ਰੂਪ ਸੀ।

ਦੇਸ ਇਹਨਾਂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਬੜਾ ਸਖਤ ਕੰਮ ਕੀਤਾ ਸੀ। ਪਰ ਇਹ ਕੰਮ ਆਜ਼ਾਦੀ ਨਾਲ ਬਿਨਾਂ ਕਿਸੇ ਦੀ ਚੌਧਰ ਦੇ ਹੁੰਦਾ ਸੀ। ਪਰ ਏਥੇ ਜਦੋਂ ਉਹਨਾਂ ਨੂੰ ਆਧੁਨਿਕ ਸਨਅਤ ਵਿਚ ਕੰਮ ਕਰਨਾ ਪਿਆ ਤਾਂ ਉਹਨਾਂ ਨੂੰ ਪੱਥਰ ਦਿਲ ਮਸ਼ੀਨਾਂ ਜਾਂ ਮਾਲਕਾਂ ਦੀ ਸਰਦਾਰੀ ਹੇਠ ਕੰਮ ਕਰਨਾ ਪੈਂਦਾ ਸੀ ਜੋ ਉਹਨਾਂ ਨੂੰ ਬੜਾ ਭੈੜਾ ਲਗਦਾ। ਇਹਨਾਂ ਕੰਮਾਂ ਦੀ ਵਿਆਖਿਆ ਕਰਨ ਸਮੇਂ ਉਹ ਜਿਹੜੇ ਵਿਸ਼ੇਸ਼ਨ ਵਰਤਦੇ ਸਨ ਉਹਨਾਂ ਤੋਂ ਉਹਨਾਂ ਦਾ ਕੰਮ ਬਾਰੇ ਹੀ ਨਹੀਂ ਸਗੋਂ ਉਹਨਾਂ ਕੰਮਾਂ ਬਾਰੇ ਪੰਜਾਬੀਆਂ ਦੇ ਰਵੱਈਏ ਦਾ ਵੀ ਪਤਾ ਲੱਗਦਾ ਸੀ।

ਉਂਗਲ ਤੇ ਨੱਚਣ ਦਾ ਮਤਲਬ ਸੀ ਮਾਲਕ ਦੇ ਇਸ਼ਾਰੇ ਤੇ ਇਕ ਕੰਮ ਤੋਂ ਦੂਜੇ ਕੰਮ ਤੱਕ ਭੱਜੇ ਫਿਰਨਾ। ਹਵਾ ਰਿੜਕਨ ਦਾ ਮਤਲਬ ਸੀ ਲੱਕੜ ਦੇ ਢੇਰ ਦੇ ਸਿਖਰ ਤੇ ਕੰਮ ਕਰਨਾ। ਲੱਕੜਾਂ ਦੀ ਗੱਡੀ ਲੱਦਣਾ - ਕਾਲੀ ਤੀਵੀਂ ਨਾਲ ਘੁਲਣ ਬਰਾਬਰ ਗਿਣਿਆ ਜਾਂਦਾ ਸੀ। ਪਲੇਨਰ ਸ਼ੈੱਡ ਵਿਚ ਰੰਦੇ ਹੋਏ ਫੱਟੇ ਖਿੱਚਣਾ ਗੋਰੀ ਦੀ ਮਾਲਿਸ਼ ਕਰਨ ਬਰਾਬਰ ਸੀ। ਭਾਫ ਦੇ ਰੋਲਰਾਂ ਨੂੰ ਚਲਾਉਣਾ ਸਰਕਸ ਦੇ ਘੋੜਿਆਂ ਵਾਂਗ ਸੀ। ਟੇਲ ਸਾਅ ਮੈਨ ਹਾਥੀ ਦੇ ਨਾਲ ਬੰਨ੍ਹਿਆਂ ਗਿਣਿਆ ਜਾਂਦਾ ਸੀ। ਬੈਂਡ ਸਾਅ ਨੂੰ ਫੀਡ ਕਰਨਾ ਖੋਤੇ ਦੀ ਪੂਛ ਫੜਨਾ ਸੀ। ਕਬੂਤਰਾਂ ਨੂੰ ਚੋਗ ਚਗਾਉਣਾ ਦਾ ਮਤਲਬ ਸੀ ਕਿ ਬੰਦੇ ਦਾ ਕੰਮ ਸੌਖਾ ਸੀ। ਕੁੱਤੇ ਖੱਸੀ ਕਰਨ ਦਾ ਅਰਥ ਬਿਨਾਂ ਕੰਮ ਤੋਂ ਏਧਰ ਉਧਰ ਤੁਰੇ ਫਿਰਨਾ ਸੀ।

ਕੰਮ ਤੋਂ ਛੁੱਟੀ ਹੋਣ ਵੇਲੇ ਡੱਕੀ ਹੋਈ ਇਹ ਅਸ਼ਲੀਲਤਾ ਸਾਰੇ ਹੱਦਾਂ ਬੰਨੇ ਤੋੜ ਦਿੰਦੀ ਸੀ। ਹਰ ਇਕ ਕਾਮਾ ਰਸੋਈ ਦੇ ਸਟੋਵ ਅਤੇ ਪਾਣੀ ਤੱਤਾ ਕਰਨ ਲਈ ਬਣਾਏ ਚੁੱਲ੍ਹੇ ਲਈ ਲੱਕੜ ਦਾ ਮੁੱਢ ਜਾਂ ਨਖਿੱਧ ਲੱਕੜ ਦਾ ਲੰਮਾ ਟੋਟਾ ਚੁੱਕੀ ਮਿੱਲ ਚੋਂ ਬਾਹਰ ਨਿਕਲਦਾ। ਰਸੋਈ ਖਾਨੇ ਵਿਚ ਜਦੋਂ ਉਹ ਆਪਣਾ ਲੱਕੜ ਦਾ ਟੋਟਾ ਸੁੱਟ ਹੱਥਾਂ ਨਾਲ ਕਪੜਿਆਂ ਤੋਂ ਬੂਰਾ ਝਾੜਦੇ ਤਾਂ ਲੁੱਚੇ ਬੋਲ ਹਵਾ ਵਿਚ ਇੰਝ ਤੈਰਦੇ ਜਿਵੇਂ ਕ੍ਰਿਸਮਿਸ ਗਰੀਟਿੰਗਜ਼। ਤੇ ਇਹਨਾਂ ਲੁੱਚੀਆਂ ਗਾਲ੍ਹਾਂ ਨੂੰ ਹਰ ਕੋਈ ਬੜੇ ਲਾਡ ਨਾਲ ਕਬੂਲਦਾ।

ਹੱਟ ਉਏ ਪਾਸੇ ਹਰਾਮੀਆਂ। ਤੂੰ ਤਾਂ ਏਦਾਂ ਤੁਰਦਾ ਜਿਵੇਂ ਖੇਵੇ ਆਈ ਮੱਝ ਨਵੇਂ ਦੁੱਧ ਹੋਣ ਬਾਅਦ ਤੁਰਦੀ ਹੁੰਦੀ ਆ, ਇਕ ਬੋਲਦਾ।

ਤੈਥੋਂ ਹੰਭੇ ਹੋਏ ਬੋਕ ਆਂਗੂ ਮੁਸ਼ਕ ਆਉਂਦਾ। ਜਾਹ ਪਹਿਲਾਂ ਜਾ ਕੇ ਨਾਹ, ਦੂਜਾ ਜੁਆਬ ਦਿੰਦਾ।

ਅੱਜ ਗਰੀਨ ਚੇਨ ਤੇ ਫੱਟਿਆਂ ਦਾ ਬੜਾ ਜ਼ੋਰ ਰਿਹਾ, ਕੋਈ ਸਿ਼ਕਾਇਤ ਕਰਦਾ।

ਫੱਟੇ ਤੇਰੇ ਹੱਥਾਂ ਵਿਚਦੀ ਨੰਘੇ ਆ। ਪਰ ਜਿਦਾਂ ਤੂੰ ਤੁਰਦਾਂ ਉਹਨੂੰ ਦੇਖ ਕਿਸੇ ਨੇ ਸੋਚਣਾ ਜਿਦਾਂ ਤੇਰੇ ਚਿੱਤੜਾਂ ਵਿਚ ਦੀ ਨੰਘੇ ਹੋਣ ਉਹਨੂੰ ਜਵਾਬ ਮਿਲਦਾ।

ਚੱਲ ਤੁਰ ਓਏ ਸਨਵਰਬਿਚ (ਕੁੱਤੀ ਦਿਆ ਪੁੱਤਾ) ਤੈਨੂੰ ਪੰਦਰਾਂ ਸਾਲ ਹੋ ਗਏ ਕੈਨੇਡਾ ਆਏ ਨੂੰ ਪਰ ਹਾਲੇ ਤੱਕ ਤੂੰ ਅੰਗਰੇਜ਼ੀ ਵਿਚ ਫੱਕ ਨਹੀਂ ਕਹਿ ਸਕਦਾ ਜੱਗਾ ਬੋਲਦਾ।

ਜੱਗਿਆ ਜਿਹੜਾ ਸੁਆਦ ਇਹ ਪੰਜਾਬੀ ਵਿਚ ਕਹਿ ਕੇ ਆਉਂਦਾ ਉਹ ਅੰਗਰੇਜ਼ੀ ਵਿਚ ਕਿੱਥੇ ਜੱਗੇ ਤੋਂ ਪਿਛੋਂ ਕੋਈ ਬੋਲਦਾ।

ਆਹ ਮੋਰਨੀ ਕਾਹਦੇ ਲਈ ਹੂਕਦੀ ਆ ਇਕ ਹੋਰ ਪੁੱਛਦਾ। ਸਾਨੂੰ ਹਮੇਸ਼ਾਂ ਸ਼ੱਕ ਸੀ ਕਿ ਤੂੰ ਜਨਾਨੀ ਆਂ, ਤੇ ਹੁਣ ਤੂੰ ਬਿਲਕੁਲ ਇਕ ਜਨਾਨੀ ਵਾਂਗ ਲਗਦਾਂ। ਜਾਕੇ ਰੰਡੀਆਂ ਤੋਂ ਮੂੰਹ ਤੇ ਪਾਉਡਰ ਲਾਉਣਾ ਸਿੱਖ ਲਾ ਫੇਰ ਤੈਨੂੰ ਮਿੱਲ ਵਿਚ ਪਸੀਨਾ ਵਗਾਉਣ ਦੀ ਲੋੜ ਨਹੀਂ।

ਬੁੱਢੇ ਨਾਗਾਂ ਤੋਂ ਆਪਣੀ ਕੁੰਜ ਉਤਾਰ ਨਹੀਂ ਹੁੰਦੀ ਤੇ ਜਿਹੜੇ ਜਵਾਨ ਸੱਪ ਕੁੰਜ ਲਾਹੁੰਦੇ ਆ ਉਹਨਾਂ ਨੂੰ ਉਹ ਨੰਗੇ ਤੇ ਬੇਸ਼ਰਮ ਸੱਦਦੇ ਆ, ਜੱਗਾ ਬੋਲਦਾ।

ਪ੍ਰੇਮ ਸਿੰਘ ਨਾਜ਼ਕ ਮਿਜਾਜ਼ ਵਾਲਾ ਵਿਅਕਤੀ ਸੀ। ਕੁੱਛ ਪੈਸੇ ਬਚਾ ਉਹ ਦੇਸ ਫੇਰਾ ਮਾਰ ਆਇਆ ਸੀ। ਉਥੇ ਉਹਨੇ ਇਕ ਪੰਜਾਬਣ ਮੁਟਿਆਰ ਨਾਲ ਵਿਆਹ ਕਰਾ ਲਿਆ ਸੀ। ਪਰ ਕੈਨੇਡਾ ਮੁੜਕੇ ਆਉਣ ਸਮੇਂ ਉਹ ਉਹਨੂੰ ਦੇਸ ਛੱਡ ਆਇਆ ਸੀ। ਇਥੇ ਜਨਾਨੀਆਂ ਬਿਨਾਂ ਰਹਿ ਰਹੇ ਆਦਮੀਆਂ ਦੀ ਛੇੜ-ਛਾੜ ਦਾ ਉਹ ਮਨਭਾਉਂਦਾ ਨਿਸ਼ਾਨਾ ਸੀ।

ਪ੍ਰੇਮ ਸਿੰਹਾਂ ਮੂਰਖ ਘਰ ਬਣਾਉਂਦੇ ਆ ਤੇ ਸਿਆਣੇ ਉਹਨਾਂ ਵਿਚ ਰਹਿੰਦੇ ਆ, ਇਕ ਜਣਾ ਕਹਿੰਦਾ।

ਇਥੇ ਸਿਆਣੀ ਉਮਰ ਦੇ ਜੱਟ ਘੋੜਿਆਂ ਵਾਂਗ ਕੰਮ ਕਰਦੇ ਆ। ਫੇਰ ਪੈਸੇ ਬਚਾ ਕੇ ਦੇਸ ਫੇਰਾ ਮਾਰਦੇ ਆ ਤੇ ਕਿਸੇ ਜਵਾਨ ਮੁਟਿਆਰ ਨਾਲ ਵਿਆਹ ਕਰਾਉਂਦੇ ਆ ਤੇ ਫੇਰ ਉਹਨੂੰ ਉਥੇ ਛੱਡ ਕੇ ਆਪ ਇਧਰ ਆ ਜਾਂਦੇ ਆ। ਕਾਹਦੇ ਲਈ ਦੂਸਰਾ ਸਵਾਲ ਪੁੱਛਦਾ।

ਪਰ ਅਜਕਲ ਬਹੁਤ ਏਦਾਂ ਕਰਦੇ ਆ, ਨੱਥਾਂ ਸਿੰਘ ਗੱਲ ਦਾ ਰੁਖ ਬਦਲਣ ਦੀ ਕੋਸਿ਼ਸ਼ ਕਰਦਾ ਕਿਉਂਕਿ ਉਹ ਦੇਖਦਾ ਕਿ ਪ੍ਰੇਮ ਸਿੰਘ ਲਈ ਉਹਨਾਂ ਦੀਆਂ ਟਿੱਚਰਾਂ ਸਹਿਣੀਆਂ ਔਖੀਆਂ ਜੋ ਜਾਂਦੀਆਂ ਸਨ।

ਤੇ ਰਾਤ ਨੂੰ ਜਦੋਂ ਉਹਨਾਂ ਦੀਆਂ ਰਸਭਰੀਆਂ ਤੀਵੀਆਂ ਪੱਟਾਂ ਅਤੇ ਬਾਹਾਂ ਵਿਚ ਸਰਾਹਣਾ ਘੁੱਟ ਕੇ ਸੌਂਦੀਆਂ ਹਨ ਉਦੋਂ ਉਹ ਇਥੇ ਗਰਮੀਆਂ ਵਿਚ ਥੱਕੇ ਹੋਏ ਰਿੱਛਾਂ ਵਾਂਗ ਘੁਰਾੜੇ ਮਾਰਦੇ ਹਨ, ਜੱਗਾ ਆਪਣਾ ਸੁਆਦ ਲੈਂਦਾ।

5

ਮਲੂਕਾ ਖੁਦ ਇਕ ਪਿੰਡੋਂ ਆਇਆ ਹੋਣ ਕਰਕੇ ਛੇਤੀ ਹੀ ਇਹਨਾਂ ਸਾਧਾਰਣ ਬੜਬੋਲੇ ਪੰਜਾਬੀਆਂ ਦੇ ਜੀਵਨ ਅਤੇ ਮੁਸ਼ਕਲਾਂ ਬਾਰੇ ਬਹੁਤ ਕੁੱਝ ਜਾਣ ਗਿਆ। ਇਹ ਲੋਕ ਆਪਣੇ ਘਰ ਬਾਰ ਛੱਡ ਚੰਗੀ ਜਿ਼ੰਦਗੀ ਦੀ ਭਾਲ ਵਿਚ ਏਡੀ ਦੂਰ ਆਏ ਸਨ। ਏਥੇ ਉਹਨਾਂ ਦੀ ਸਭ ਤੋਂ ਵੱਡੀ ਮੁਸ਼ਕਲ ਨਸਲੀ ਵਿਤਕਰਾ ਸੀ ਜਿਸ ਨੂੰ ਸਹਿਣਾ ਇਹਨਾਂ ਅਣਖੀ ਲੋਕਾਂ ਲਈ ਬਹੁਤ ਔਖਾ ਸੀ। ਨਸਲੀ ਵਿਤਕਰੇ ਅਤੇ ਹੋਰ ਮੁਸ਼ਕਲਾਂ ਨੇ ਉਹਨਾਂ ਨੂੰ ਆਪਣੀ ਹੀ ਇਕ ਛੋਟੀ ਜਿਹੀ ਵੱਖਰੀ ਦੁਨੀਆਂ ਵਿਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਦੁਨੀਆਂ ਵਿਚ ਉਹ ਇਕ ਦੂਜੇ ਦੇ ਸਾਥ ਅਤੇ ਭਾਵਨਾਵਾਂ ਦਾ ਨਿੱਘ ਮਾਣ ਸਕਦੇ ਸਨ, ਜਿਸ ਦੀ ਉਹਨਾਂ ਨੂੰ ਇਥੇ ਪਿੰਡਾਂ ਵਰਗਾ ਨਿਰਛੱਲ, ਤੇ ਇਕ ਦੂਜੇ ਦੇ ਕੰਮ ਆਉਣ ਵਾਲਾ ਜੀਵਨ ਜੀਉਣ ਲਈ ਬਹੁਤ ਲੋੜ ਸੀ।

ਮਲੂਕਾ ਉਹਨਾਂ ਦੇ ਆਏ ਖਤ ਪੜ੍ਹਦਾ ਸੀ ਅਤੇ ਉਹਨਾਂ ਵਲੋਂ ਇਹਨਾਂ ਖਤਾਂ ਦੇ ਜੁਆਬ ਲਿਖਦਾ ਸੀ, ਜਦੋਂ ਵੀ ਕਦੇ ਉਹਨਾਂ ਨੇ ਆਪਣੇ ਮਾਲਕ ਨਾਲ ਕੋਈ ਗੱਲ ਕਰਨੀ ਹੁੰਦੀ, ਜਾਂ ਡਾਕਟਰ ਕੋਲ ਜਾਂ ਬੈਂਕ ਜਾਣਾ ਹੁੰਦਾ, ਜਾਂ ਕੋਈ ਸੌਦਾ ਪੱਤਾ ਹੀ ਲਿਆਉਣਾ ਹੁੰਦਾ, ਮਲੂਕਾ ਉਹਨਾਂ ਦੇ ਦੁਭਾਸ਼ੀਏ ਦਾ ਕੰਮ ਕਰਦਾ। ਇਸ ਲਈ ਛੇਤੀ ਹੀ ਉਹ ਉਹਨਾਂ ਸਾਰਿਆਂ ਨੂੰ ਏਨਾਂ ਜਾਨਣ ਲੱਗ ਪਿਆ ਸੀ, ਜਿੰਨਾਂ ਉਹ ਆਪ ਵੀ ਇਕ ਦੂਜੇ ਨੂੰ ਨਾ ਜਾਣਦੇ ਹੋਣ।

ਉਹਨਾਂ ਦੇ ਘਰਾਂ ਤੋਂ ਆਉਣ ਵਾਲੇ ਖਤ ਬੜੇ ਸੰਖੇਪ ਅਤੇ ਸਪੱਸ਼ਟ ਹੁੰਦੇ ਸਨ। ਪਰ ਬਹੁਤੀ ਵਾਰੀ ਇਨ੍ਹਾਂ ਖਤਾਂ ਦੀ ਲਿਖਾਈ ਪੜ੍ਹਨੀ ਬੜੀ ਔਖੀ ਹੁੰਦੀ ਸੀ। ਇਸ ਲਈ ਕਈ ਵਾਰੀ ਉਹਨਾਂ ਵਿਚੋਂ ਕਿਸੇ ਅਧਪੜ੍ਹ ਵਲੋਂ ਪੜ੍ਹੇ ਇਕ-ਅੱਧੇ ਗਲਤ ਅੱਖਰ ਨਾਲ ਅਰਥਾਂ ਦੇ ਅਨਰਥ ਹੋ ਜਾਂਦੇ ਸਨ।

ਇਕ ਸ਼ਾਮ ਮੌਜੀ ਸੁਭਾਅ ਵਾਲਾ ਤੇਜਾ ਸਿੰਘ ਨਦੀ ਕੰਢੇ ਇਕ ਬੈਂਚ ਉੱਪਰ ਉਦਾਸੀ ਦੀ ਮੂਰਤ ਬਣਿਆਂ ਬੈਠਾ ਸੀ।

ਕੀ ਗੱਲ ਆ ਬੜਾ ਉਦਾਸ ਬੈਠਾਂ, ਮਲੂਕੇ ਨੇ ਤੇਜਾ ਸਿੰਘ ਨੂੰ ਪੁੱਛਿਆ।

ਮਾਂ ਮਰ ਗਈ, ਤੇਜਾ ਸਿੰਘ ਨੇ ਰੁਆਂਸੀ ਆਵਾਜ਼ ਵਿਚ ਜੁਆਬ ਦਿੱਤਾ।

ਬੀਮਾਰ ਸੀ? ਮਲੂਕੇ ਨੇ ਅਗਾਂਹ ਪੁੱਛਿਆ।

ਚਿੱਠੀ ਵਿਚ ਤਾਂ ਇਸ ਬਾਰੇ ਕੁਝ ਨਹੀਂ ਲਿਖਿਆ। ਆਹ ਲੈ ਪੜ੍ਹ ਲੈ, ਉਹਨੇ ਖੱਤ ਕੱਢ ਕੇ ਮਲੂਕੇ ਨੂੰ ਫੜਾ ਦਿੱਤਾ।

ਮਲੂਕੇ ਨੇ ਕਾਹਲੀ ਕਾਹਲੀ ਖੱਤ ਉੱਪਰ ਝਾਤ ਮਾਰੀ। ਫਿਰ ਮੁਸਕਰਾਉਂਦਿਆਂ ਤੇਜਾ ਸਿੰਘ ਨੂੰ ਦੱਸਿਆ, ਮਾਂ ਨਹੀਂ ਮਰੀ ਤੁਹਾਡੀ ਮਹਿੰ ਮਰੀ ਆ।

ਇਹ ਸੁਣ ਤੇਜਾ ਸਿੰਘ ਨੇ ਸੁੱਖ ਦਾ ਸਾਹ ਲਿਆ। ਪਰ ਦੁੱਖ ਅਤੇ ਹਾਸੇ ਦੀ ਰਲੀ ਮਿਲੀ ਘਟਨਾ ਨੇ ਰਸੋਈ ਖਾਨੇ ਵਿਚ ਬੜਾ ਰੰਗ ਬੰਨ੍ਹਿਆਂ। ਸਾਰਿਆਂ ਨੇ ਮਿਲ ਕੇ ਗਲਤ ਚਿੱਠੀ ਪੜ੍ਹਨ ਵਾਲੇ, (ਜਿਹਨੇ ਪਿੰਡ ਝਿਉਰ ਤੋਂ ਗੁਰਮੁੱਖੀ ਉਹਦੀ ਬੱਕਰੀ ਲਈ ਪੱਠਿਆਂ ਦੇ ਬਦਲੇ ਸਿੱਖੀ ਸੀ) ਦਾ ਬੜਾ ਮੌਜੂ ਬਣਾਇਆ। ਉਸ ਉੱਪਰ ਪਹਿਲਾਂ ਵੀ ਅਜਿਹੀਆਂ ਗਲਤੀਆਂ ਕਰਨ ਦਾ ਦੋਸ਼ ਲਾਇਆ ਗਿਆ। ਇਨ੍ਹਾਂ ਵਿਚੋਂ ਕੁਝ ਸੱਚੀਆਂ ਸਨ ਤੇ ਕੁਝ ਲੋਕਾਂ ਨੇ ਆਪਣੇ ਮਨੋਂ ਬਣਾਈਆਂ ਹੋਈਆਂ ਸਨ।

ਇਕ ਨੇ ਕਿਹਾ ਇਕ ਵਾਰੀ ਇਹ ਹਵੇਲ (ਚਾਂਦੀ ਦੇ ਰੁਪਈਆਂ ਦਾ ਲੰਬਾ ਹਾਰ) ਨੂੰ ਹਵੇਲੀ ਪੜ੍ਹ ਗਿਆ ਸੀ। ਸਗਾਈ ਨੂੰ ਸਫਾਈ ਪੜ੍ਹ ਦਿਤਾ ਸੀ ਦੂਜੇ ਨੇ ਹੋਰ ਗੱਲ ਅੱਗੇ ਵਧਾਈ। ਅਸਲ ਵਿਚ ਅੱਧਪੜ੍ਹ ਚਿੱਠੀ ਪੜ੍ਹਨ ਵਾਲੇ ਦੀ ਨੀਮ ਹਕੀਮ ਖਤਰਾ ਜਾਨ ਵਾਲੀ ਗੱਲ ਆ ਨੱਥਾ ਸਿੰਘ ਬੋਲਿਆ।

ਪਰ ਗਲਤ ਚਿੱਠੀ ਪੜ੍ਹਨ ਵਾਲਾ ਉਹਨਾਂ ਵਿਚ ਬੈਠਾ ਇਹ ਸਭ ਕੁਝ ਬੜੇ ਧੀਰਜ ਨਾਲ ਸੁਣ ਰਿਹਾ ਸੀ। ਉਸ ਨੂੰ ਤਸੱਲੀ ਸੀ ਕਿ ਉਹ ਏਡੀ ਦੂਰ ਕੈਨੇਡਾ ਦਿਆਂ ਜੰਗਲਾਂ ਵਿਚ ਬੈਠੇ ਆਪਣੇ ਅਨਪੜ੍ਹ ਦੇਸ਼ਵਾਸੀਆਂ ਦੀ ਮੁਫਤ ਸੇਵਾ ਕਰ ਰਿਹਾ ਸੀ।

ਖਤ ਲਿਖਣਾ ਇਕ ਸਿੱਧਾ ਤੇ ਨਿਸ਼ਚਿਤ ਕੰਮ ਸੀ। ਖਤ ਲਿਖਾਉਣ ਵਾਲਾ ਦੋ ਤਿੰਨ ਖਾਸ ਖਾਸ ਖਬਰਾਂ (ਜਾਂ ਗੱਲਾਂ) ਮਲੂਕੇ ਨੂੰ ਦੱਸਦਾ, ਜਿਹੜੀਆਂ ਉਹ ਆਪਣੇ ਘਰਦਿਆਂ ਤਕ ਪਹੁੰਚਾਣੀਆਂ ਚਾਹੁੰਦਾ। ਬਾਕੀ ਦਾ ਖਤ ਭਰਨ ਦਾ ਕੰਮ ਉਹ ਮਲੂਕੇ ਤੇ ਛੱਡ ਦਿੰਦਾ ਜਿਸ ਨੂੰ ਮਲੂਕਾ ਫਸਲਾ ਅਤੇ ਡੰਗਰਾਂ ਦੇ ਹਾਲ ਚਾਲ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਹਾਲ ਚਾਲ ਅਤੇ ਘਰਦਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ, ਅਤੇ ਘਰ ਸਦਾ ਲਵੇਰੀ ਮੱਝ ਰੱਖਣ ਵਰਗੀਆਂ ਗੱਲਾਂ ਨਾਲ ਭਰ ਦਿੰਦਾ। ਜਦੋਂ ਮਲੂਕਾ ਇਨ੍ਹਾਂ ਗੱਲਾਂ ਨੂੰ ਲਿਖਾਉਣ ਵਾਲੇ ਵਲੋਂ ਦੱਸੀਆਂ ਖਬਰਾਂ ਨਾਲ ਰਲਾ ਖਤ ਪੂਰਾ ਕਰਦਾ ਤੇ ਫਿਰ ਪੜ੍ਹ ਕੇ ਸੁਣਾਉਂਦਾ ਤਾਂ ਖਤ ਲਿਖਾਉਣ ਵਾਲ ਵਾਹਵਾ ਵਾਹਵਾ ਕਰ ਉੱਠਦਾ। ਇਨ੍ਹਾਂ ਸਿੱਧੇ ਸਾਦੇ ਲੋਕਾਂ ਵਿਚੋਂ ਕਈਆਂ ਦਾ ਖਿਆਲ ਸੀ ਕਿ ਮਲੂਕੇ ਵਲੋਂ ਲਿਖੇ ਖਤ ਦਾ ਜੁਆਬ ਛੇਤੀ ਆਉਂਦਾ ਸੀ।

ਪਰ ਪ੍ਰੇਮ ਸਿੰਘ ਨੂੰ ਖੁਸ਼ ਕਰਨਾ ਮਲੂਕੇ ਲਈ ਇਕ ਔਖਾ ਕੰਮ ਸੀ। ਪ੍ਰੇਮ ਸਿੰਘ ਚਾਹੁੰਦਾ ਸੀ ਕਿ ਮਲੂਕਾ ਉਹਦਾ ਖਤ ਕਵਿਤਾ ਵਿਚ ਲਿਖੇ। ਉਹ ਆਪਣੀ ਨੌਜਵਾਨ ਵਹੁਟੀ ਦੇ ਪਿਆਰ ਵਿਚ ਦੀਵਾਨਾ ਸੀ, ਜਿਹਨੂੰ ਵਿਆਹ ਤੋਂ ਬਾਅਦ ਉਹ ਪਿੰਡ ਛੱਡ ਆਇਆ ਸੀ। ਉਹ ਉਹਦੇ ਖਿਆਲਾਂ ਕਾਰਨ ਉਪਰਾਮ ਰਹਿੰਦਾ ਅਤੇ ਸਦਾ ਉਸ ਦਿਨ ਬਾਰੇ ਗਿਣਤੀਆਂ ਮਿਣਤੀਆਂ ਕਰਦਾ ਰਹਿੰਦਾ ਜਦੋਂ ਉਹ ਉਸ ਨੂੰ ਦੋਬਾਰਾ ਮਿਲ ਸਕੇਗਾ।

ਸਿਰਫ ਕਵਿਤਾ ਵਿਚ ਹੀ ਉਹਨੂੰ ਮੇਰੇ ਪਿਆਰ ਦੀ ਗੱਲ ਦੱਸੀ ਜਾ ਸਕਦੀ ਹੈ, ਪ੍ਰੇਮ ਸਿੰਘ ਮਲੂਕੇ ਨੂੰ ਕਹਿੰਦਾ। ਇਸ ਸਮੇਂ ਉਸ ਦੀਆਂ ਵੱਡੀਆਂ ਕਾਲੀਆਂ ਅੱਖਾਂ ਉਸ ਸਮੁੰਦਰ ਵਾਂਗ ਹੁੰਦੀਆਂ ਜਿਸ ਵਿਚ ਜਜ਼ਬਾਤਾਂ ਦਾ ਹੜ ਆਇਆ ਹੋਇਆ ਹੋਵੇ। ਸਿਰਫ ਕਵਿਤਾ ਹੀ ਉਹਦੇ ਮਨ ਵਿਚ ਖੁਸ਼ੀ ਦੀ ਤਰੰਗ ਲਹਿਰਾ ਸਕਦੀ ਹੈ।

ਪਰ ਮੈਂ ਕਵਿਤਾ ਨਹੀਂ ਲਿਖ ਸਕਦਾ, ਮਲੂਕਾ ਆਪਣੀ ਬੇਬਸੀ ਜ਼ਾਹਿਰ ਕਰਦਾ।

ਤੂੰ ਲਿਖ ਸਕਦਾਂ ਮਲੂਕਿਆ, ਪ੍ਰੇਮ ਸਿੰਘ ਭਰੀ ਆਵਾਜ਼ ਵਿੱਚ ਉਸ ਤੇ ਜ਼ੋਰ ਪਾਉਂਦਾ।

ਮੇਰੇ ਵਾਂਗ ਮਹਿਸੂਸ ਕਰਨ ਦੀ ਕੋਸਿ਼ਸ਼ ਕਰ। ਖੂਬਸੂਰਤ ਸ਼ਬਦ ਆਪਣੇ ਆਪ ਤੇਰੇ ਜਿ਼ਹਨ ਵਿਚ ਆ ਪਹੁੰਚਣਗੇ - ਨਿੱਘੇ ਅਤੇ ਮੱਘਦੇ ਸ਼ਬਦ, ਜਿ਼ੰਦਗੀ ਅਤੇ ਪਿਆਰ ਨਾਲ ਭਰਪੂਰ ਸ਼ਬਦ, ਖੁਸ਼ੀ ਨਾਲ ਗਾਉਂਦੇ ਸ਼ਬਦ।

ਉਸ ਦੇ ਪਿਆਰ ਦੇ ਸੇਕ ਤੋਂ ਬਚਣਾ ਅਸੰਭਵ ਸੀ। ਇਸ ਦੇ ਨਾਲ ਮਲੂਕਾ ਪ੍ਰੇਮ ਦੇ ਕਾਵਿਕ ਅੰਦਾਜ਼ ਉੱਪਰ ਰਸ਼ਕ ਕਰਨੋ ਨਾ ਰਹਿ ਸਕਦਾ।

ਫਿਰ ਪ੍ਰੇਮ ਸਿੰਘ ਆਪਣੀ ਗੱਲ ਨੂੰ ਅੱਗੇ ਤੋਰਦਾ ਕਹਿੰਦਾ, ਗੱਲ ਨੂੰ ਸੰਗੀਤ ਵਾਂਗ ਥਰਕਦੇ ਵਾਕਾਂ ਵਿਚ ਲਿਖ। ਲਿਖ ਕਿ ਮੇਰਾ ਦਿਲ ਤੈਨੂੰ ਮਿਲਣ ਲਈ ਇਸ ਤਰ੍ਹਾਂ ਲੋਚਦਾ ਜਿਵੇਂ ਨਦੀ ਸਮੁੰਦਰ ਨੂੰ ਮਿਲਣ ਲਈ ਲੋਚਦੀ ਹੈ। ਲਿਖ ਕਿ ਮੈਨੂੰ ਉਦੋਂ ਤੇਰਾ ਸਦਾ ਹੀ ਖਿਆਲ ਆਉਂਦਾ ਹੈ ਜਦੋਂ ਚੰਨ ਅਸਮਾਨ ਵਿਚ ਡਲਕਦਾ ਹੋਵੇ, ਕਿਉਂਕਿ ਮੈਨੂੰ ਪਤਾ ਹੁੰਦਾ ਏ ਕਿ ਉਸ ਦੀਆਂ ਕੂਲੀਆਂ ਰਿਸ਼ਮਾਂ ਤੇਰੇ ਲੰਮੇ ਘਣੇ ਵਾਲਾਂ ਨੂੰ ਪਲੋਸ ਰਹੀਆਂ ਹੋਣਗੀਆਂ, ਭਾਵੇਂ ਕਿ ਉਨੇ ਲਾਡ ਨਾਲ ਨਹੀਂ ਜਿੰਨੇ ਨਾਲ ਮੇਰੀਆਂ ਉਂਗਲਾਂ ਪਲੋਸਿਆ ਕਰਦੀਆਂ ਸਨ। ਲਿਖ ਕਿ ਮੈਂ ਤੇਰੇ ਬਾਰੇ ਸਰਘੀ ਦੀ ਤਾਜ਼ਗੀ ਵਿਚ ਸੋਚਦਾ ਹਾਂ, ਜਦੋਂ ਉਸ ਦੇ ਸਵਰਗੀ ਸਾਹ ਤੇਰੀਆਂ ਕੰਵਲ ਵਰਗੀਆਂ ਅੱਖਾਂ ਨੂੰ ਚੁੰਮ ਰਹੇ ਹੁੰਦੇ ਹਨ, ਭਾਵੇਂ ਕਿ ਉਸ ਚੁੰਮਣ ਵਿਚ ਮੇਰੇ ਹੋਠਾਂ ਵਰਗਾ ਨਿੱਘ ਨਹੀਂ ਹੁੰਦਾ।

ਪ੍ਰੇਮ ਸਿੰਘ ਉਸ ਨੂੰ ਉਤਸ਼ਾਹ ਦਿੰਦਾ ਕਹਿੰਦਾ, ਮਲੂਕਿਆ ਇਸ ਤਰ੍ਹਾਂ ਦੀਆਂ ਗੱਲਾਂ ਲਿਖ। ਮੈਨੂੰ ਪਤਾ ਏ ਤੂੰ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਗੱਲਾਂ ਲਿਖ ਸਕਦਾ ਏਂ - ਤੇ ਮੇਰੇ ਨਾਲੋਂ ਚੰਗੀਆਂ ਲਿਖ ਸਕਦਾ ਏਂ।

ਪਰ ਮੈਂ ਇਕ ਕਵੀ ਵਾਂਗ ਨਹੀਂ ਲਿਖ ਸਕਦਾ, ਮਲੂਕਾ ਅੱਗਿਓਂ ਕਹਿੰਦਾ।

ਮੇਰੀਆਂ ਭਾਵਨਾਵਾਂ ਦੀ ਗਹਿਰਾਈ ਨਾਲ ਲਿਖੇ ਤਾਂ ਤੇਰੇ ਸ਼ਬਦਾਂ ਵਿਚ ਮੇਰੇ ਪਿਆਰ ਦਾ ਨਿੱਘ ਹੋਵੇਗਾ। ਕਾਲੀਆਂ ਰਾਤਾਂ ਅਤੇ ਚੁੱਪਚਾਪ ਤਾਰਿਆਂ ਅੱਗੇ ਅਰਦਾਸ ਕਰ ਮਲੂਕਿਆ ਕਿ ਉਹ ਤੈਨੂੰ ਕਵੀ ਬਣਾ ਦੇਣ। ਉਹ ਤੈਨੂੰ ਕਵਿਤਾ ਦੀ ਦਾਤ ਬਖਸ਼ ਦੇਣ।

ਪ੍ਰੇਮ ਸਿੰਘ ਦੇ ਵਾਰ ਵਾਰ ਕੀਤੇ ਤਰਲਿਆਂ ਕਾਰਨ ਝੇਂਪ ਮਹਿਸੂਸ ਕਰਦਾ ਮਲੂਕਾ ਉਹਦਾ ਖਤ ਲਿਖਣ ਦਾ ਵਾਅਦਾ ਕਰਦਾ। ਉਸ ਦੇ ਇਸ ਵਾਅਦੇ ਸਦਕਾ ਹੀ ਪ੍ਰੇਮ ਸਿੰਘ ਖੁਸ਼ ਹੋ ਜਾਂਦਾ।

ਪ੍ਰੇਮ ਦੀਆਂ ਭਾਵਨਾਵਾਂ ਨੂੰ ਬੇਢੰਗੇ ਅਤੇ ਉਪਭਾਵਕ ਵਾਕਾਂ ਵਿਚ ਲਿਖਣ ਦੀ ਮਲੂਕੇ ਦੀ ਕੱਚਘਰੜ ਕੋਸਿ਼ਸ਼ ਦੀ ਪ੍ਰੇਮ ਸਿੰਘ ਨੇ ਬਹੁਤ ਸਲਾਹੁਤਾ ਕੀਤੀ। ਪ੍ਰੇਮ ਦਾ ਕਹਿਣਾ ਸੀ ਕਿ ਮਲੂਕੇ ਦੇ ਖਤ ਨੇ ਉਸ ਨੂੰ ਆਪਣੀ ਵਹੁਟੀ ਦੇ ਨੇੜੇ ਲੈ ਆਂਦਾ ਸੀ। ਅਤੇ ਉਹ ਦੋ ਤੋਂ ਇਕ ਹੋ ਗਏ ਸਨ। ਅਸਲ ਗੱਲ ਇਹ ਸੀ ਕਿ ਪ੍ਰੇਮ ਇਕ ਕਵੀ ਸੀ ਜਿਸ ਨੂੰ ਇਕ ਅੱਖਰ ਵੀ ਨਹੀਂ ਸੀ ਲਿਖਣਾ ਆਉਂਦਾ ਅਤੇ ਮਲੂਕਾ ਇਕ ਨਿਤਾਪ੍ਰਤੀ ਖਤ ਲਿਖਣ ਵਾਲਾ ਸੀ ਜਿਸ ਨੂੰ ਪ੍ਰੇਮ ਦੇ ਜ਼ੋਰ ਪਾਉਣ ਕਾਰਨ ਕਵੀ ਬਣਨਾ ਪਿਆ ਸੀ।

6

ਸਿਆਣੀ ਉਮਰ ਵਾਲੇ ਬੰਦੇ ਜਿਹੜੇ 1907-8 ਦੁਆਲੇ ਆਏ ਸਨ ਸ਼ਾਮ ਨੂੰ ਬੈਠ ਕੇ ਬ੍ਰਿਟਿਸ਼ ਕੋਲੰਬੀਆ ਅਤੇ ਕੈਲੇਫੋਰਨੀਆਂ ਵਿਚ ਬਿਤਾਏ ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਬੜੇ ਸ਼ੌਕ ਨਾਲ ਦਸਦੇ। ਉਹਨਾਂ ਵਿਚੋਂ ਕਈ ਪ੍ਰਾਚੀਨ ਬਾਤਾਂ ਸੁਨਾਣ ਵਾਲਿਆਂ ਵਾਂਗ ਕਹਾਣੀ ਦੱਸਣ ਦੇ ਉਸਤਾਦ ਸਨ। ਅਜੀਬੋਗਰੀਬ, ਦਿਲਚਸਪ ਤੇ ਬਹੁਤ ਵਾਰੀ ਸਖਤ ਸੰਘਰਸ਼ ਅਤੇ ਗਲਤ ਫਹਿਮੀਆਂ ਭਰਪੂਰ ਤਜਰਬਿਆਂ ਬਾਰੇ ਗੱਲਾਂ ਦਸਦੇ ਉਹ ਉਹਨਾਂ ਵਿਚ ਏਨਾਂ ਗੁਆਚ ਜਾਂਦੇ ਜਿਵੇਂ ਉਹ ਇਹ ਸਭ ਕੁਝ ਦੁਹਰੀ ਵਾਰ ਜੀ ਰਹੇ ਹੋਣ।

ਉਹ ਕੈਨੇਡੀਅਨ ਲੋਕਾਂ ਖਾਸ ਕਰਕੇ ਕਈ ਔਰਤਾਂ ਦੀ ਫਿਰਾਕ ਦਿਲੀ ਦਾ ਜਿ਼ਕਰ ਕਰਦੇ ਜਿਹਨਾਂ ਉਹਨਾਂ ਨੂੰ ਠੰਡ ਤੋਂ ਬਚਣ ਲਈ ਗਰਮ ਕੱਪੜੇ ਦਿਤੇ ਸਨ ਜਾਂ ਉਨ੍ਹਾਂ ਲੋਕਾਂ ਦਾ ਜਿ਼ਕਰ ਕਰਦੇ ਜਿਨ੍ਹਾਂ ਨੇ ਉਹਨਾਂ ਵਲ ਅਲਗਰਜੀ ਅਤੇ ਵੈਰਭਾਵ ਦਾ ਵਿਖਾਵਾ ਕੀਤਾ ਸੀ। ਉਹ ਯਾਦ ਕਰਦੇ ਕਿ ਕਿੱਦਾਂ ਕੈਨੇਡੀਅਨ ਲੋਕ ਉਹਨਾਂ ਦੀ ਵੱਖਰੀ ਦਿੱਖ ਅਤੇ ਪਹਿਰਾਵੇ ਨੂੰ ਹੈਰਾਨੀ ਨਾਲ ਦੇਖਦੇ ਸਨ। ਉਹ ਦਸਦੇ ਕਿ ਛੋਟੇ ਛੋਟੇ ਨਿਆਣੇ ਉਹਨਾਂ ਦੇ ਕੱਪੜੇ, ਜੁੱਤੀਆਂ, ਬਾਜੇ ਢੋਲਕੀਆਂ ਤੇ ਖਾਸ ਕਰਕੇ ਹੁੱਕੇ (ਜਿਹੜੇ ਕਈ ਗੈਰ-ਸਿੱਖ ਦੇਸੋਂ ਲੈ ਕੇ ਆਏ ਸਨ) ਨੂੰ ਦੇਖ ਕੇ ਕਿਦਾਂ ਹੈਰਾਨ ਹੁੰਦੇ ਸਨ। ਜਦੋਂ ਕੋਈ ਪੱਗ ਵਾਲਾ ਹੁੱਕਾ ਪੀਂਦਾ ਤਾਂ ਹੁੱਕੇ ਦੀ ਗੁੜ ਗੁੜ ਸੁਣ ਨਿਆਣੇ ਹੁੱਕੇ ਨੂੰ: ਗੱਲਾਂ ਕਰਨ ਵਾਲੀ ਭਾਰਤੀ ਮਸ਼ੀਨ ਸੱਦਦੇ। ਘੱਟੋ ਘੱਟ ਭਾਰਤ ਦੀ ਬਣੀ ਇਕ ਮਸ਼ੀਨ ਦਾ ਤਾਂ ਨਿਆਣਿਆਂ ਉੱਪਰ ਰੋਅਬ ਸੀ, ਨੱਥਾ ਸਿੰਘ ਹੱਸ ਕੇ ਕਹਿੰਦਾ।

ਉਹ ਅੰਗਰੇਜ਼ੀ ਨਾ ਆਉਂਦਿਆਂ ਵੀ ਗੱਲਬਾਤ ਕਰਨ ਦੇ ਢੰਗ, ਕੰਮ ਲੱਭਣ ਲਈ ਆਉਂਦੀਆਂ ਮੁਸ਼ਕਲਾਂ ਅਤੇ ਨਸਲਵਾਦੀ ਗੋਰਿਆਂ ਵਲੋਂ ਕੱਢੀਆਂ ਗਾਲ੍ਹਾਂ ਅਤੇ ਖਾਹਮਖਾਹ ਸਹੇੜੀਆਂ ਲੜਾਈਆਂ ਬਾਰੇ ਗੱਲਾਂ ਕਰਦੇ। ਉਹ ਦਮਗਜੇ ਮਾਰਦੇ ਕਿ ਭਾਵੇਂ ਇਨ੍ਹਾਂ ਲੜਾਈਆਂ ਵਿਚ ਸਦਾ ਉਹਨਾਂ ਦੀ ਜਿੱਤ ਨਹੀਂ ਸੀ ਹੁੰਦੀ ਪਰ ਉਹ ਅਗਲੇ ਦੀ ਇੰਨੀ ਕਸਰ ਜ਼ਰੂਰ ਕੱਢ ਦਿੰਦੇ ਸੀ ਕਿ ਉਹ ਮੁੜਕੇ ਲੜਨ ਦਾ ਹੀਆ ਨਾ ਕਰੇ।

ਕਾਮਾਗਾਟਾ ਮਾਰੂ ਬਾਰੇ ਗੱਲਾਂ ਕਰਦਿਆਂ ਉਹਨਾਂ ਦੀਆਂ ਗੱਲਾਂ ਵਿਚ ਦੱਬੇ ਹੋਏ ਗੁੱਸੇ ਅਤੇ ਇਕ ਹਾਰ ਦੀ ਭਾਵਨਾ ਸਾਫ ਦਿਸਦੀ। ਉਹਨਾਂ ਵਿਚੋਂ ਬਹੁਤਿਆਂ ਨੇ 376 ਪੰਜਾਬੀ ਸਿੱਖ ਮੁਸਾਫਰਾਂ ਨਾਲ ਭਰੇ ਇਸ ਜਪਾਨੀ ਜਹਾਜ਼ ਨੂੰ ਦੋ ਮਹੀਨੇ ਤੱਕ ਬੁਰਾਰਡ ਇੱਨ ਲੈੱਟ ਵਿਚ ਖੜੇ ਦੇਖਿਆ ਸੀ। ਦੋ ਮਹੀਨਿਆਂ ਬਾਅਦ ਇਸ ਜਹਾਜ਼ ਨੂੰ ਆਪਣੇ ਅਣਚਾਹੇ ਮੁਸਾਫਰਾਂ ਸਮੇਤ ਇੰਡੀਆ ਨੂੰ ਮੁੜਨਾ ਪਿਆ ਸੀ।

ਜੋ ਕੁਝ ਸਾਡੇ ਬੱਸ ਸੀ ਅਸੀਂ ਉਹ ਕੀਤਾ। ਅਸੀਂ ਰੋਸ ਵਿਚ ਮੀਟਿੰਗਾਂ ਕੀਤੀਆਂ, ਪੈਸੇ ਇਕੱਠੇ ਕੀਤੇ, ਅਦਾਲਤਾਂ ਵਿਚ ਲੜੇ, ਕੈਨੇਡਾ ਦੇ ਲੋਕਾਂ ਅਤੇ ਸਰਕਾਰ ਅੱਗੇ ਅਪੀਲਾਂ ਕੀਤੀਆਂ। ਇਥੋਂ ਤਕ ਕਿ ਹਿੰਦੁਸਤਾਨ ਅਤੇ ਇੰਗਲੈਂਡ ਦੇ ਵਾਇਸਰਾਏ ਮੂਹਰੇ ਬੇਨਤੀ ਕੀਤੀ। ਪਰ ਸਭ ਕੁਝ ਵਿਅਰਥ ਗਿਆ। ਕਿਸੇ ਦਾ ਕੋਈ ਫਾਇਦਾ ਨਾ ਹੋਇਆ। ਯੂਰਪ ਵਿਚੋਂ ਹਰ ਤਰ੍ਹਾਂ ਦੇ ਇੰਮੀਗਰੈਟਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਸੀ ਪਰ ਰਾਜੇ ਦੀ ਆਪਣੀ ਪਰਜਾ ਵਿਚੋਂ ਸ਼ਾਨਦਾਰ ਸੁਨੱਖੇ ਅਤੇ ਬਹਾਦਰ ਲੋਕਾਂ ਨੂੰ ਇਸ ਧਰਤੀ ਤੇ ਪੈਰ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ, ਨੱਥਾ ਸਿੰਘ ਉਦਾਸ ਸੁਰ ਵਿਚ ਬੋਲਦਾ।

ਬੰਤਾ ਸਿੰਘ ਇਕੱਲੇ ਇਕੱਲੇ ਸ਼ਬਦ ਤੇ ਜੋ਼ਰ ਦਿੰਦਾ ਕਹਿੰਦਾ, ਜਦੋਂ ਤੇਈ ਜੁਲਾਈ 1914 ਨੂੰ ਪੂਰੇ ਦੋ ਮਹੀਨੇ ਸਮੁੰਦਰ ਵਿਚ ਖੜਾ ਰਹਿ ਕਾਮਾਗਾਟਾ ਮਾਰੂ ਵਾਪਿਸ ਜਾਣ ਲਈ ਤੁਰਿਆ ਬੱਸ ਉਹਦੇ ਨਾਲ ਹੀ ਅੰਗਰੇਜ਼ ਪ੍ਰਤੀ ਸਾਡੀ ਵਫਾਦਾਰੀ ਵੀ ਸਮੁੰਦਰ ਵਿਚ ਰੁੜ੍ਹ ਗਈ।

ਗਿਆਨ ਚੰਦ ਨੇ ਦਸਿਆ, ਉਹ ਸਾਡੇ ਵਿਚੋਂ ਉਹਨਾਂ ਲੋਕਾਂ ਨੂੰ ਵੀ ਕੱਢਣਾ ਚਾਹੁੰਦੇ ਸਨ, ਜਿਹੜੇ ਕਈ ਸਾਲਾਂ ਤੋਂ ਬੀ। ਸੀ। ਵਿਚ ਰਹਿ ਰਹੇ ਸਨ। 1908 ਵਿਚ ਉਹਨਾਂ ਨੇ ਸਾਨੂੰ ਮੱਛਰ ਤੇ ਮਲੇਰੀਏ ਮਾਰੇ ਇਲਾਕੇ ਬ੍ਰਿਟਿਸ਼ ਹਾਂਡੂਰਸ ਵਿਚ ਘੱਲਣ ਦੀ ਕੋਸਿ਼ਸ਼ ਕੀਤੀ। ਉਹਨਾਂ ਨੇ ਸਿੱਖਾਂ ਦੇ ਡੈਪੂਟੇਸ਼ਨ, ਜਿਹੜਾ ਪਹਿਲਾਂ ਹਾਂਡੂਰਸ ਵਿਚ ਹਾਲਤ ਦੇਖਣ ਗਿਆ ਸੀ, ਨੂੰ ਰਿਸ਼ਵਤ ਦੇ ਕੇ ਮਨਾਉਣ ਦੀ ਕੋਸਿ਼ਸ਼ ਕੀਤੀ। ਪਰ ਡੈਪੂਟੇਸ਼ਨ ਨੇ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਸਗੋਂ ਉਹਨਾਂ ਨੇ ਇਥੇ ਆ ਕੇ ਰੀਪੋਰਟ ਦਿੱਤੀ ਕਿ ਹਾਂਡੂਰਸ ਰਹਿਣ ਵਾਲਾ ਇਲਾਕਾ ਨਹੀਂ। ਸਾਨੂੰ ਉਥੇ ਜਾਣ ਲਈ ਮੰਨਣਾ ਨਹੀਂ ਚਾਹੀਦਾ।

ਨੱਥਾ ਸਿੰਘ ਨੇ ਅੱਗੇ ਦੱਸਿਆ, ਕਾਮਾਗਾਟਾ ਮਾਰੂ ਦੀ ਕਹਾਣੀ ਇਥੇ ਹੀ ਖਤਮ ਨਹੀਂ ਹੋਈ। ਇਸ ਪਿਛੋਂ ਬੀ। ਸੀ। ਅਤੇ ਪੰਜਾਬ ਵਿਚ ਕਤਲਾਂ ਦਾ ਇਕ ਲੰਬਾ ਸਿਲਸਲਾ ਜਾਰੀ ਰਿਹਾ। ਮੁੜਕੇ ਗਏ ਇਹਨਾਂ ਮੁਸਾਫਰਾਂ ਵਿਚੋਂ ਕਈ ਹਿੰਦੁਸਤਾਨ ਦੀ ਆਜ਼ਾਦੀ ਦੇ ਸਰਗਰਮ ਘੁਲਾਟੀਏ ਬਣੇ।

ਸਾਨੂੰ ਉਹਨਾਂ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ, ਜੋ ਸਾਡੇ ਹੱਕਾਂ ਲਈ ਲੜੇ ਅਤੇ ਖੜ੍ਹੇ ਹੋਏ, ਗੰਡਾ ਸਿੰਘ ਨੇ ਚਿਤਾਵਨੀ ਦੇ ਤੌਰ ਤੇ ਕਿਹਾ। ਲੋਕਾਂ ਨਾਲ ਭਰੇ ਡੁਮੀਨੀਅਨ ਹਾਲ ਵਿਚ ਇਕ ਸੋਸ਼ਲਿਸਟ ਨੇਤਾ ਫਿਟਜ਼ਰਾਲਡ ਨੇ ਆਪਣੀ ਜੋਸ਼ੀਲੀ ਅਵਾਜ਼ ਵਿਚ ਉਪਦੇਸ਼ ਦਿੰਦਿਆਂ ਕਿਹਾ ਸੀ: ਉੱਠੋ ਆਪਣੇ ਆਪ ਨੂੰ ਹਥਿਆਰਾਂ ਨਾਲ ਲੈਸ ਕਰੋ ਅਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜੋ। ਆਪਣੇ ਦੇਸ਼ਵਾਸੀਆਂ ਨੂੰ ਵਾਪਿਸ ਮੁੜਨ ਲਈ ਪ੍ਰੇਰੋ। ਅਤੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢ ਦੇਵੋ।

ਇਸ ਤਰ੍ਹਾਂ ਕਾਮਾਗਾਟਾ ਮਾਰੂ ਬਾਰੇ ਉਹ ਦੁੱਖ ਅਤੇ ਗਮ ਨਾਲ ਗੱਲਾਂ ਕਰਦੇ। ਪਰ ਗਦਰ ਬਾਰੇ ਗੱਲ ਕਰਨ ਲੱਗਿਆਂ ਉਹਨਾਂ ਦੀਆਂ ਅੱਖਾਂ ਵਿਚ ਇਕ ਵੱਖਰੀ ਹੀ ਚਮਕ ਹੁੰਦੀ।

ਬੰਤਾ ਸਿੰਘ ਦਸਦਾ ਕਿ ਸੰਨ 1913 ਵਿਚ ਕੈਨੇਡਾ ਅਤੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਸਟਾਕਟਨ ਵਿਚ ਇਕੱਠੇ ਹੋਏ ਅਤੇ ਇਕ ਜਥੇਬੰਦੀ ਦੀ ਨੀਂਹ ਰੱਖੀ। ਇਸ ਜਥੇਬੰਦੀ ਦਾ ਨਾਂ ਹਿੰਦੁਸਤਾਨ ਵਰਕਰਜ਼ ਆਫ ਦੀ ਪੈਸੇਫਿਕ ਕੋਸਟ ਰੱਖਿਆ ਜਿਹੜੀ ਬਾਅਦ ਵਿਚ ਆਪਣੇ ਅਖਬਾਰ ਗਦਰ ਕਾਰਨ ਗਦਰ ਪਾਰਟੀ ਦੇ ਨਾਂ ਨਾਲ ਮਸ਼ਹੂਰੀ ਹੋਈ।

ਲਾਲਾ ਹਰਦਿਆਲ ਦੀ ਗੱਲ ਕਰਦਿਆਂ ਗੰਡਾ ਸਿੰਘ ਦਾ ਚਿਹਰਾ ਖੁਸ਼ੀ ਨਾਲ ਚਮਕਣ ਲੱਗ ਪੈਂਦਾ, ਮਲੂਕਿਆ ਗਦਰ ਅਖਬਾਰ ਦੇ ਸੰਪਾਦਕ ਲਾਲਾ ਹਰਦਿਆਲ ਦਾ ਭਾਸ਼ਣ ਸੁਣ ਹਰ ਆਦਮੀ ਦੇ ਲੂੰ ਕੰਡੇ ਖੜੇ ਹੋ ਜਾਂਦੇ ਸਨ। ਉਹ ਕਿਹਾ ਕਰਦੇ ਸੀ, ਪਟੀਸ਼ਨਾਂ ਲੈ ਕੇ ਭੱਜੇ ਫਿਰਦੇ ਚਪੜਾਸੀਆਂ ਵਰਗੇ ਅਤੇ ਲੰਡਨ ਦੀ ਧੁੰਦ ਵਿਚ ਅੰਨ੍ਹੀਆਂ ਚਾਮਚੜਿਕਾਂ ਵਾਂਗ ਠੋਕਰਾਂ ਖਾਂਦੇ ਅਤੇ ਆਜ਼ਾਦੀ ਦੀ ਭਿੱਖਿਆ ਮੰਗਦੇ ਫਿਰਦੇ ਲੀਡਰਾਂ ਤੋਂ ਖਹਿੜਾ ਛੁਡਾਓ। ਚਾਪਲੂਸ ਸਰਕਾਰੀ ਅਫਸਰਾਂ ਜੋ ਕੁਝ ਸਿੱਕਿਆਂ ਬਦਲੇ ਸਾਡੇ ਹੱਕ ਅੰਗਰੇਜ਼ਾਂ ਕੋਲ ਵੇਚ ਦਿੰਦੇ ਹਨ, ਤੋਂ ਖਹਿੜਾ ਛੁਡਾਓ। ਠਾਠਬਾਠ ਅਤੇ ਸ਼ਾਨੋ ਸ਼ੌਕਤ ਨਾਲ ਰਹਿ ਰਹੇ ਰਾਜਿਆਂ ਮਹਾਰਾਜਿਆਂ ਉਤੇ ਲਾਹਣਤ ਪਾਓ ਜੋ ਅੰਗਰੇਜ਼ ਮਾਲਕਾਂ ਮੂਹਰੇ ਇਸ ਤਰ੍ਹਾਂ ਨੱਚਦੇ ਹਨ ਜਿਵੇਂ ਮੰਦਰ ਵਿਚ ਕੋਈ ਲੱਚਰ ਦੇਵਦਾਸੀ। ਗੁਲਾਮਾਂ ਵਰਗੀ ਸੋਚ ਤੋਂ ਪਿੱਛਾ ਛੁਡਾਓ ਅਤੇ ਆਪਣੇ ਮੰਗਤਿਆਂ ਵਾਲੇ ਠੂਠੇ ਭੰਨ ਸੁਟੋ। ਡਰੋ ਨਾ ਅਤੇ ਆਪਣੀ ਕਮਜ਼ੋਰੀ ਉਤੇ ਕਾਬੂ ਪਾਓ। ਜੰਗ ਵਿਚ ਜਿੱਤ ਸੂਰਮਿਆਂ ਅਤੇ ਬਹਾਦਰਾਂ ਦੀ ਹੁੰਦੀ ਹੈ। ਅੰਗਰੇਜ਼ ਦੀਆਂ ਸੰਗੀਨਾਂ ਦੇ ਡਰ ਕਾਰਨ ਛਾਈ ਮੁਰਦਾ ਘਾਟ ਵਰਗੀ ਸ਼ਾਂਤੀ ਨਾਲੋਂ ਅਸ਼ਾਂਤੀ ਚੰਗੀ ਹੈ ਜੋ ਗੁਰੂ ਗੋਬਿੰਦ ਸਿੰਘ ਅਤੇ ਸਿ਼ਵਾਜੀ ਵਰਗੇ ਸੂਰਮੇ ਪੈਦਾ ਕਰਦੀ ਹੈ।

ਸਿਰਫ ਤੁਸੀਂ ਅੱਟਣਾਂ ਭਰੇ ਤੇ ਵੱਡੇ ਜਿਗਰੇ ਵਾਲੇ ਮਜ਼ਦੂਰ ਲੋਕ ਤੇ ਧਰਤੀ ਮਾਂ ਦੇ ਪੁੱਤਰ - ਕਿਸਾਨ - ਹੀ ਭਾਰਤ ਮਾਂ ਦੇ ਬੱਝੀਆਂ ਜੰਜ਼ੀਰਾਂ ਤੋੜ ਸਕਦੇ ਹੋ। ਇਸ ਲਈ ਆਪਣੇ ਅੰਦਰ ਖੌਲ੍ਹਦੇ ਖੂਨ ਅਤੇ ਹੱਥਾਂ ਵਿਚ ਬੰਦੂਕਾਂ ਫੜੀ ਉਠੋ। ਮਜ਼੍ਹਬਾਂ ਦੀਆਂ ਦੀਵਾਰਾਂ ਨੂੰ ਤੋੜ ਦਿਉ। ਜਾਤਪਾਤ ਦੇ ਵਿਤਕਰਿਆਂ ਨੂੰ ਖਤਮ ਕਰੋ। ਜੇ ਤੁਸੀਂ ਇਕੱਠੇ ਹੋ ਕੇ ਹਥਿਆਰ ਚੁੱਕੋ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਗੁਲਾਮ ਨਹੀਂ ਰੱਖ ਸਕਦੀ।

ਜੋਸ਼ ਅਤੇ ਥੋੜ੍ਹੀ ਉਦਾਸੀ ਭਰੇ ਮਨਾਂ ਨਾਲ ਉਹ ਗਦਰੀਆਂ ਦੀਆਂ ਗੱਲਾਂ ਕਰਦੇ। ਉਹ ਫਾਰਮਰ ਜੁਆਲਾ ਸਿੰਘ, ਸੋਹਣ ਸਿੰਘ ਭਕਨਾ, ਨੌਜਵਾਨ ਕਰਤਾਰ ਸਿੰਘ ਸਰਾਭਾ, ਭਗਵਾਨ ਸਿੰਘ, ਬਰਕਤੁੱਲਾ, ਸੰਤੋਖ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਗੱਲਾਂ ਕਰਦੇ।

ਗਦਰ ਲਹਿਰ ਪਿੱਛੇ ਕੰਮ ਕਰਦੀ ਪ੍ਰੇਰਨਾ ਨੂੰ ਸਮਝਣਾ ਬਹੁਤ ਸੌਖਾ ਸੀ। ਇਸ ਪਿੱਛੇ ਕੰਮ ਕਰਦੀ ਵਿਚਾਰਧਾਰਾ ਬਹੁਤ ਸਧਾਰਣ ਸੀ। ਇਸ ਨਵੀਂ ਦੁਨੀਆਂ ਵਿਚ ਇਹ ਸਵੈਮਾਨ ਨਾਲ ਭਰੇ ਪੰਜਾਬੀ ਜਦੋਂ ਆਪਣੇ ਨਾਲ ਹੁੰਦੇ ਵਿਤਕਰੇ ਬਾਰੇ ਇਨਸਾਫ ਨਾ ਹਾਸਲ ਕਰ ਸਕਦੇ ਤਾਂ ਉਹ ਆਪਣੇ ਆਪ ਤੋਂ ਸਵਾਲ ਪੁਛਦੇ - ਉਹ ਲੋਕ ਜਿਨ੍ਹਾਂ ਨੂੰ ਆਪਣੇ ਮੁਲਕ ਵਿਚ ਕੋਈ ਅਧਿਕਾਰ ਪ੍ਰਾਪਤ ਨਹੀਂ ਉਹ ਕਿਸੇ ਬਾਹਰਲੇ ਮੁਲਕ ਵਿਚ ਕਿਸ ਤਰ੍ਹਾਂ ਦੇ ਅਧਿਕਾਰਾਂ ਦੀ ਆਸ ਰੱਖ ਸਕਦੇ ਹਨ? ਫਿਰ ਇਸ ਸਵਾਲ ਦਾ ਆਪ ਹੀ ਜੁਆਬ ਦਿੰਦੇ ਕਿ ਜਿੰਨਾ ਚਿਰ ਹਿੰਦੁਸਤਾਨ ਗੁਲਾਮ ਰਹੇਗਾ ਉਨਾਂ ਚਿਰ ਉਹਨਾਂ ਨਾਲ ਬਾਹਰ ਇਸ ਹੀ ਤਰ੍ਹਾਂ ਦਾ ਕੁਲੀਆਂ ਵਰਗਾ ਵਰਤਾਅ ਹੁੰਦਾ ਰਹੇਗਾ। ਇਸ ਲਈ ਹਿੰਦੁਸਤਾਨ ਦੀ ਆਜ਼ਾਦੀ ਉਹਨਾਂ ਲਈ ਮੁਢਲਾ ਮਸਲਾ ਸੀ। ਇਹ ਅਜਿਹਾ ਕੰਮ ਸੀ ਜਿਹਨੂੰ ਸਭ ਤੋਂ ਪਹਿਲਾਂ ਕਰਨ ਦੀ ਲੋੜ ਸੀ। ਪਰ ਆਜ਼ਾਦੀ ਹਾਸਲ ਕਿਵੇਂ ਕੀਤੀ ਜਾਵੇ? ਬਿਨਾਂ ਸ਼ੱਕ ਤਾਕਤ ਨਾਲ। ਬਹੁਤ ਚਿਰ ਪਹਿਲਾਂ ਜਦੋਂ ਅੰਗਰੇਜ਼ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਕੋਹਿਨੂਰ ਦਾ ਭਾਅ ਪੁੱਛਿਆ ਸੀ ਤਾਂ ਉਸ ਨੇ ਜਵਾਬ ਦਿਤਾ ਸੀ, ਮੈਂ ਇਸ ਨੂੰ ਤਲਵਾਰ ਦੇ ਜ਼ੋਰ ਨਾਲ ਪ੍ਰਾਪਤ ਕੀਤਾ ਹੈ, ਜੇ ਤੁਹਾਨੂੰ ਚਾਹੀਦਾ ਹੈ ਤੁਹਾਨੂੰ ਵੀ ਇਸ ਤਰ੍ਹਾਂ ਹੀ ਕਰਨਾ ਪਵੇਗਾ।

ਉਹਨਾਂ ਲੋਕਾਂ ਕੋਲੋ ਤਾਜ਼ਾ ਨਿੱਘ ਭਰਿਆ ਇਤਿਹਾਸ, ਜਿਸ ਨੂੰ ਬਣਾਉਣ ਵਿਚ ਉਹ ਖੁਦ ਵੀ ਸ਼ਾਮਲ ਸਨ, ਸੁਣਨਾ ਮਲੂਕੇ ਨੂੰ ਬਹੁਤ ਦਿਲਚਸਪ ਲਗਦਾ। ਉਹ ਸੋਚਦਾ ਕਿ ਇਹ ਇਤਿਹਾਸ ਸਕੂਲੀ ਕਿਤਾਬਾਂ ਵਿਚ ਬੰਦ ਇਤਿਹਾਸ, ਜਿਹੜਾ ਕੁਝ ਖੁਸ਼ਕ ਜਿਹੇ ਇਕੱਠੇ ਕੀਤੇ ਅੰਕੜਿਆਂ ਤੋਂ ਵਾਧੂ ਨਹੀਂ ਹੁੰਦਾ, ਨਾਲੋਂ ਕਿੰਨਾ ਵੱਖਰਾ ਹੈ।

ਉਹ ਮਲੂਕੇ ਨੂੰ ਕਹਿੰਦੇ, ਮਲੂਕਿਆ ਤੂੰ ਅਗਾਂਹ ਪੜ੍ਹਾਈ ਕਰੀਂ। ਸਾਡੇ ਵਾਂਗ ਮਿੱਲਾਂ ਵਿਚ ਹੀ ਨਾ ਫਸਿਆ ਰਹੀਂ। ਏਥੇ ਜਿਹੜਾ ਬੂਰਾ ਤੁਹਾਡੀਆਂ ਪੱਗਾਂ ਤੇ ਡਿੱਗਦਾ ਆ ਉਹ ਬਹੁਤ ਛੇਤੀ ਤੁਹਾਡੇ ਸਿਰ ਅੰਦਰ ਦਿਮਾਗ ਵਿਚ ਵੀ ਭਰ ਜਾਂਦਾ ਹੈ।

ਤੂੰ ਪੜ੍ਹ ਕੇ ਲਿਖਣਾ ਸਿੱਖੀਂ ਤੇ ਫੇਰ ਸਾਡੀ ਕਹਾਣੀ ਲਿਖੀਂ।

ਜਿਸ ਤਰ੍ਹਾਂ ਦਾ ਤੂੰ ਏਥੇ ਆਪਣੀ ਅੱਖੀਂ ਦੇਖਿਆ ਹੈ ਬਿਲਕੁਲ ਉਸ ਤਰ੍ਹਾਂ ਦਾ ਲਿਖੀਂ। ਸਾਡੀ ਕਹਾਣੀ ਇਸ ਤਰ੍ਹਾਂ ਕਹੀਂ ਜਿਸ ਤਰ੍ਹਾਂ ਤੂੰ ਸਾਨੂੰ ਗੱਲਾਂ ਕਰਦੇ ਸੁਣਿਆ ਹੈ।

ਕੋਈ ਹੋਰ ਕਹਿੰਦਾ, ਲਿਖੀਂ, ਅਸੀਂ ਕੋਈ ਅਜਿਹਾ ਵਾਰ ਨਹੀਂ ਸਹਿਆ ਜਿਸ ਦਾ ਅਸੀਂ ਮੋੜਵਾਂ ਜਵਾਬ ਨਾ ਦਿੱਤਾ ਹੋਵੇ ਭਾਵੇਂ ਉਸ ਲਈ ਸਾਨੂੰ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪਈ ਹੋਵੇ। ਲਿਖੀਂ ਕਿ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਲਈ ਗੱਲਾਂ-ਬਾਤਾਂ ਨਾਲ ਨਹੀਂ ਸਗੋਂ ਹੱਥਾਂ ਵਿਚ ਹਥਿਆਰ ਫੜਕੇ ਖੜ੍ਹੇ ਹੋਏ। ਅਸੀਂ ਉਸ ਸਮੇਂ ਆਜ਼ਾਦੀ ਲਈ ਲੜੇ ਜਦੋਂ ਸਾਰਾ ਹਿੰਦੁਸਤਾਨ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਛਾਤੀ ਨਾਲ ਲਾਈ ਬੈਠਾ ਸੀ ਅਤੇ ਉਸ ਦੇ ਨੇਤਾ ਛੋਟੇ ਛੋਟੇ ਸੁਧਾਰਾਂ ਲਈ ਭੀਖ ਮੰਗਦੇ ਸਨ। ਅਸੀਂ ਹਿੰਦੁਸਤਾਨ ਦੀ ਜਾਗਰਤੀ ਲਈ ਯਕੀਨ ਨਾਲ ਅਤੇ ਨਿਰਭੈ ਹੋ ਕੇ ਕੰਮ ਕੀਤਾ। ਹਨੇਰੇ ਵਿਚ ਵੀ ਸਾਨੂੰ ਰੋਸ਼ਨੀ ਦਾ ਯਕੀਨ ਸੀ।

ਮਲੂਕਿਆ ਇਹ ਸਭ ਲਿਖੀਂ ਅਤੇ ਆਪਣੇ ਖੋਲ੍ਹਦੇ ਖੂਨ ਨਾਲ ਲਿਖੀਂ। ਅਸੀਂ ਤਾਂ ਉਦੋਂ ਪਰ ਮਿਟ ਗਏ ਹੋਵਾਂਗੇ ਪਰ ਸਾਡੇ ਬੱਚੇ ਇਹ ਕਹਾਣੀ ਮਾਣ ਨਾਲ ਪੜ੍ਹਨਗੇ। ਸਾਰਾ ਭਾਰਤ ਵਰਸ਼ ਇਸ ਨੂੰ ਪੜ੍ਹੇਗਾ ਤੇ ਯਾਦ ਰਖੇਗਾ।

ਜੋ ਕੁਝ ਮਲੂਕੇ ਨੇ ਹੌਲੀ ਹੌਲੀ ਸਿੱਖਿਆ ਉਸ ਨਾਲ ਉਹ ਧੁਰ ਅੰਦਰ ਤੱਕ ਪ੍ਰਭਾਵਿਤ ਹੋਇਆ ਸੀ। ਉਹ ਪੰਜਾਬ ਦੇ ਪਿੰਡਾਂ ਤੋਂ ਆਏ ਇਨ੍ਹਾਂ ਸਾਧਾਰਣ ਬੰਦਿਆਂ ਦੀ ਸਖਤ ਮੁਸ਼ਕਲਾਂ ਨਾਲ ਦੋ ਹੱਥ ਕਰਨ ਦੀ ਕਾਬਲੀਅਤ ਅਤੇ ਹੈਰਾਨੀ ਭਰੇ ਸਵੈ ਵਿਸ਼ਵਾਸ ਦੀ ਸਿਫਤ ਕਰਨੋਂ ਨਾ ਰਹਿ ਸਕਦਾ। ਇਸ ਤੋਂ ਵੀ ਵੱਧ ਉਹ ਉਹਨਾਂ ਦੀ ਸਿਆਸੀ ਸੂਝ ਬੂਝ ਤੇ ਹੈਰਾਨ ਹੁੰਦਾ। ਉਹਨਾਂ ਲਈ ਵਿਸ਼ਵਾਸ ਦਾ ਅਰਥ ਸੀ ਕਰਮ ਕਰਨਾ। ਟੀਚੇ ਤੇ ਪਹੁੰਚਣ ਲਈ ਉਨ੍ਹਾਂ ਵਿਚ ਗਿਆਨ ਤੇ ਤਜਰਬੇ ਦੀ ਜੋ ਥੋੜ੍ਹੀ ਬਹੁਤ ਕਮੀ ਸੀ ਉਸਨੂੰ ਉਹਨਾਂ ਦਾ ਜਿਗਰਾ ਅਤੇ ਦ੍ਰਿੜ ਇਰਾਦਾ ਪੂਰੀ ਕਰ ਦਿੰਦਾ ਸੀ।

ਮਲੂਕਿਆ ਤੂੰ ਜ਼ਰੂਰ ਪੜ੍ਹਨਾ ਅਤੇ ਲਿਖਣਾ ਸਿੱਖੀਂ।

ਤੂੰ ਸਾਡੀ ਕਹਾਣੀ ਜ਼ਰੂਰ ਲਿਖੀਂ ਮਲੂਕਿਆ।

ਤੂੰ ਜ਼ਰੂਰ ਪੜ੍ਹੀਂ।

ਕਈ ਵਾਰੀ ਹੌਲੀ ਹੌਲੀ ਬੋਲੀਆਂ ਇਹ ਆਵਾਜ਼ਾਂ ਰਾਤ ਦੀ ਚੁੱਪ ਚਾਂ ਵਿਚ ਅੱਧ ਸੁੱਤੇ ਮਲੂਕੇ ਨੂੰ ਸੁਣਾਈ ਦਿੰਦੀਆਂ। ਕਈ ਵਾਰ ਕੰਮ ਉਤੇ ਜਦੋਂ ਮਲੂਕਾ ਪਸੀਨੋ-ਪਸੀਨਾ ਹੋਇਆ ਹੁੰਦਾ ਤਾਂ ਮਿੱਲ ਦੇ ਸ਼ੋਰ ਵਿਚ ਇਹ ਅਵਾਜ਼ਾਂ ਉਸ ਨੂੰ ਕੰਮ ਸ਼ੁਰੂ ਕਰਨ ਲਈ ਵੱਜੀ ਘੰਟੀ ਵਾਂਗ ਸੁਣਾਈ ਦਿੰਦੀਆਂ। ਕਦੇ ਕਦੇ ਜਦੋਂ ਉਹ ਫਰੇਜ਼ਰ ਦਰਿਆ ਦੇ ਕੰਢੇ ਬੈਠਾ ਇਸ ਦੇ ਵਹਾਅ ਦਾ ਸੰਗੀਤ ਸੁਣ ਰਿਹਾ ਹੁੰਦਾ ਤਾਂ ਉਹ ਇਹਨਾਂ ਅਵਾਜ਼ਾਂ ਬਾਰੇ ਸੋਚਦਾ। 


(ਪੂਰਾ ਨਾਵਲ ਪੜ੍ਹਨ ਲਈ ਕਲਿਕ ਕਰੋ)

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346