Welcome to WatanPunjabi.ca
ਲੇਖ / ਵਿਕੀਪੀਡੀਆ ਇਨਕਲਾਬ ਬਨਾਮ ਪੰਜਾਬੀ ਵਿਕੀਪੀਡੀਆ
 

- ਸੁਖਵੰਤ ਹੁੰਦਲ

ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ
 

- ਸੁਖਵੰਤ ਹੁੰਦਲ

ਕਵਿਤਾ / ਨਾਸਤਕ ਹੋਣ ਤੋਂ ਬਾਅਦ
 

- ਸਾਧੂ ਬਿਨਿੰਗ

ਲੇਖ / ਕਲਪਨਾ ਕਰੋ ਕਿ ਕੋਈ ਧਰਮ ਨਹੀਂ
 

- ਫਿੱਲ ਜ਼ੁਕਰਮੈਨ

ਨਸੀਬ ਕੌਰ ਉਦਾਸੀ ਨਾਲ ਮੁਲਾਕਾਤ
 

- ਅਜਮੇਰ ਸਿੱਧੂ

ਲੇਖ / ਚਿਤਵਿਉ ਅਰਦਾਸ ਕਵੀਸਰ
 

- ਸੁਖਦੇਵ ਸਿੱਧੂ

ਡਾਕੂਮੈਂਟਰੀ ਰਿਵੀਊ / ਹਵਾ ਵਿੱਚ ਮੋਮਬੱਤੀਆਂ
 

- ਅਮਲੋਕ ਸਿੰਘ

ਨਾਵਲ / ਨਰਕਕੁੰਡ ‘ਚ ਵਾਸਾ
 

- ਜਗਦੀਸ਼ ਚੰਦਰ

ਨਾਵਲ / ਮਲੂਕਾ
 

- ਸਾਧੂ ਸਿੰਘ ਧਾਮੀ

 


ਲੇਖ
ਕਲਪਨਾ ਕਰੋ ਕੋਈ ਧਰਮ ਨਹੀਂ: ਕੀ ਇਹਦੇ ਬਿਨਾਂ ਕੋਈ ਸਮਾਜ ਕਾਮਯਾਬ ਹੋ ਸਕਦਾ ਹੈ?
ਫਿੱਲ ਜ਼ੁਕਰਮੈਨ
ਅੰਗਰੇਜ਼ੀ ਤੋਂ ਅਨੁਵਾਦ - ਸਾਧੂ ਬਿਨਿੰਗ
sadhu.binning@gmail.com
 

 

(ਫਿੱਲ ਜ਼ੁਕਰਮੈਨ ਕਲੇਅਰਮੌਂਟ, ਕੈਲੇਫੋਰਨੀਆ ਵਿਚ ਪਿਟਜ਼ਰ ਕਾਲਜ ਵਿਚ ਸਮਾਜਕ ਵਿਗਿਆਨ ਅਤੇ ਅਸੰਪ੍ਰਦਾਇਕ (ਸੈਕੂਲਰ) ਅਧਿਅਨ ਦਾ ਪੌਫੈਸਰ ਹੈ। ਇਹ ਸ਼ਾਇਦ ਇਕੋ ਇਕ ਥਾਂ ਹੈ ਜਿੱਥੇ ਅਸੰਪ੍ਰਦਾਇਕ ਅਧਿਅਨ ਵਿਚ ਡਿਗਰੀ ਤੱਕ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ। ਜ਼ੁਕਰਮੈਨ ਆਪਣੇ ਖਿੱਤੇ ਸਮਾਜ-ਵਿਗਿਆਨ ਦਾ ਇਕ ਬਹੁ-ਚਰਚਿਤ ਚਿੰਤਕ ਤੇ ਲੇਖਕ ਹੈ। ਇਹ ਲੇਖ ਉਸ ਨੇ ਅਮਰੀਕਾ ਦੇ ਇਸਾਈ ਮੱਤ ਦੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਹੈ।)


ਕਿਸੇ ਅਜਿਹੇ ਥਾਂ ਦੀ ਕਲਪਨਾ ਕਰੋ ਜਿੱਥੇ ਤਕਰੀਬਨ ਕੋਈ ਵੀ ਚਰਚ ਨਾ ਜਾਂਦਾ ਹੋਵੇ, ਲੋਕਾਂ ਦੀ ਬਹੁ-ਗਿਣਤੀ ਰੱਬ ਵਿਚ ਯਕੀਨ ਨਾ ਕਰਦੀ ਹੋਵੇ, ਅਤੇ ਜਿਹੜੇ ਕੁਝ ਲੋਕ ਕਰਦੇ ਵੀ ਹੋਣ ਉਨ੍ਹਾਂ ਦਾ ਯਕੀਨ ਵੀ ਬੜਾ ਪੇਤਲਾ ਜਿਹਾ ਹੋਵੇ। ਇਹੋ ਜਿਹੇ ਸਮਾਜ ਦਾ ਕਿਆਸ ਕਰੋ ਜਿੱਥੇ ਲੋਕ ਈਸਾ ਨੂੰ ਸ਼ਾਇਦ ਇਕ ਚੰਗੇ ਇਨਸਾਨ ਵਜੋਂ ਭਾਵੇਂ ਦੇਖਦੇ ਹੋਣ, ਜਿਹਨੇ ਕਈ ਚੰਗੀਆਂ ਗੱਲਾਂ ਦੀ ਸਿੱਖਿਆ ਦਿੱਤੀ ਹੋਵੇ, ਪਰ ਉਹ ਇਸ ਗੱਲ ਨੂੰ ਭਲੀਭਾਂਤ ਸਮਝਦੇ ਹੋਣ ਕਿ ਉਹ ਕਰਾਮਾਤਾਂ ਕਰਨ ਵਾਲਾ ਰੱਬ ਦਾ ਪੁੱਤਰ ਨਹੀਂ ਸੀ। ਅਜੋਕੀ ਦੁਨੀਆ ਦੇ ਕਿਸੇ ਅਜਿਹੇ ਕੋਨੇ ਬਾਰੇ ਸੋਚਣ ਦੀ ਕੋਸ਼ਸ਼ ਕਰੋ ਜਿੱਥੇ ਧਰਮ ਦਾ ਸਿਆਸਤ ਵਿਚ ਕੋਈ ਸਥਾਨ ਨਾ ਹੋਵੇ, ਤਕਰੀਬਨ ਹਰ ਕੋਈ ਉਤਪਤੀ ਦੇ ਸਿਧਾਂਤ (ਐਵੋਲਿਊਸ਼ਨ) ਨੂੰ ਸਿੱਧ ਕਰਨ ਵਾਲੇ ਸਬੂਤਾਂ ਨੂੰ ਮੰਨਦਾ ਹੋਵੇ, ਤਕਰੀਬਨ ਹਰ ਕਿਸੇ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਬਾਈਬਲ ਮਨੁੱਖਾਂ ਦੁਆਰਾ ਲਿਖੀ ਗਈ ਸੀ ਨਾ ਕਿ ਕਿਸੇ ਇਲਾਹੀ ਵਲੋਂ, ਅਤੇ ਤਕਰੀਬਨ ਹਰ ਕੋਈ ਇਸ ਗੱਲ ਦੀ ਸਮਝ ਰੱਖਦਾ ਹੋਵੇ ਕਿ ਸਦਾਚਾਰ ਅਤੇ ਨੈਤਿਕ ਕੀਮਤਾਂ ਧਰਮ ਤੋਂ ਆਜ਼ਾਦ ਵਿਚਰਦੀਆਂ ਹਨ। ਇਸ ਕਿਸਮ ਦੇ ਸੱਭਿਆਚਾਰ ਵਿਚ, ਧਰਮ ਬੇਹੱਦ ਕਮਜ਼ੋਰ ਹੁੰਦਾ ਹੈ, ਹਾਸ਼ੀਏ ’ਤੇ ਹੁੰਦਾ ਹੈ, ਅਤੇ ਉਂਝ ਹੀ ਏਨੀ ਵਿਚਿੱਤਰ ਜਿਹੀ ਸਥਿਤੀ ਵਿਚ ਹੁੰਦਾ ਹੈ ਕਿ ਲੋਕੀਂ ਧਰਮ ਦੇ ਵਿਰੋਧੀ ਵੀ ਨਹੀਂ ਹੁੰਦੇ। ਉਹ ਪਰਵਾਹ ਹੀ ਨਹੀਂ ਕਰਦੇ ਅਤੇ ਸ਼ਾਇਦ ਇਸ ਵਿਚ ਕੋਈ ਦਿਲਚਸਪੀ ਵੀ ਨਾ ਰੱਖਦੇ ਹੋਣ।


ਪਰ ਤੁਹਾਨੂੰ ਅਸਲ ਵਿਚ ਇਸ ਬਾਰੇ ਬਹੁਤੇ ਕਿਆਸ ਲਾਉਣ ਦੀ ਲੋੜ ਨਹੀਂ ਹੈ - ਚੁੱਪ ਕਰਕੇ ਡੈੱਨਮਾਰਕ ਜਾਣ ਲਈ ਜਹਾਜ਼ ’ਤੇ ਜਾ ਚੜ੍ਹੋ। ਇਸ ਕਿਸਮ ਦਾ ਅਸੰਪ੍ਰਦਾਇਕ (ਸੈਕੂਲਰ) ਸਵਰਗ ਅਸਲ ਵਿਚ ਹੈ, ਏਥੇ ਅਤੇ ਇਸ ਵਕਤ। ਅਜੋਕਾ ਡੈੱਨਮਾਰਕ ਇਸ ਵੇਲੇ ਦੁਨੀਆ ਭਰ ਵਿਚੋਂ ਸਭ ਤੋਂ ਘੱਟ ਧਾਰਮਿਕ ਬਿਰਤੀ ਵਾਲਾ ਮੁਲਕ ਹੈ, ਤੇ ਸੰਭਵ ਹੈ ਕਿ ਦੁਨੀਆ ਭਰ ਦੇ ਇਤਿਹਾਸ ਵਿਚ ਇਹ ਪਹਿਲਾ ਹੋਵੇ।


ਮੈਂ ਹੁਣ ਮੁੜ ਕੇ ਏਥੇ ਆਇਆ ਹਾਂ, ਇਕ ਸਾਲ ਹੋਰ ਆਰਹੱਸ, ਡੈੱਨਮਾਰਕ ਦੇ ਦੂਜੇ ਵੱਡੇ ਸ਼ਹਿਰ ਵਿਚ ਰਹਾਂਗਾ। ਇਹ ਮੇਰੀ ਏਥੇ ਸਕੈਂਡੇਨੇਵੀਆ ਵਿਚ ਦੂਜੀ ਲੰਮੀ ਰਿਹਾਇਸ਼ ਹੋਵੇਗੀ, ਪਿਛਲੀ ਵਾਰ ਦੀ ਤਰ੍ਹਾਂ ਹੀ ਹੁਣ ਵੀ ਇਹ ਦੇਖ ਕੇ ਮੇਰਾ ਦਿਮਾਗ ਘੁੰਮਦਾ ਹੈ ਕਿ ਏਥੇ ਸਭ ਕੁਝ ਕਿੰਨਾ ਤਰਕਪੂਰਣ, ਉਦਾਰ, ਸਿਸ਼ਟਾਚਾਰੀ, ਸੁਰੱਖਿਅਤ ਅਤੇ ਸ਼ਾਂਤੀ ਵਾਲਾ ਹੈ। ਮੈਨੂੰ ਇਸ ਦੀਆਂ ਕੁਝ ਉਦਾਹਰਣਾਂ ਦੇਣ ਦਿਓ:


ਮੇਰੀ ਵੱਡੀ ਬੇਟੀ ਨੂੰ ਕੁਝ ਦੇਰ ਪਹਿਲਾਂ ਖੰਘ ਹੋ ਗਈ, ਇਸ ਲਈ ਮੈਂ ਉਹਨੂੰ ਡਾਕਟਰ ਕੋਲ ਲੈ ਗਿਆ। ਉੱਥੇ ਕੋਈ ਉਡੀਕ ਨਾ ਕਰਨੀ ਪਈ, ਡਾਕਟਰ ਦਾ ਮਰੀਜ਼ਾਂ ਨੂੰ ਦੇਖਣ ਵਾਲਾ ਥਾਂ ਸਾਫ ਸੁਥਰਾ ਤੇ ਦੇਖਣ ਨੂੰ ਸੁੰਦਰ ਸੀ, ਡਾਕਟਰ ਪੂਰੀ ਤਰ੍ਹਾਂ ਪੇਸ਼ਾਵਰ ਸੀ ਪਰ ਫੇਰ ਵੀ ਬੜਾ ਮਿਲਣਸਾਰ, ਅਤੇ ਇਹ ਸਭ ਕੁਝ ਬਿਲਕੁਲ ਬਿਨਾਂ ਕਿਸੇ ਕਿਸਮ ਦੀ ਫੀਸ ਵਗੈਰਾ ਦੇ। ਸਿਹਤ-ਸੰਭਾਲ ਏਥੇ ਸਭ ਲਈ ਮੁਫਤ ਹੈ, ਟੈਕਸ ਦੇ ਪੈਸੇ ਨਾਲ ਸਰਕਾਰ ਦੁਆਰਾ ਚਲਾਈ ਜਾਂਦੀ ਹੈ, ਇਹਦੇ ਨਾਲੋਂ ਕੁਝ ਵੀ ਬੇਹਤਰ ਹੋ ਹੀ ਨਹੀਂ ਸੀ ਸਕਦਾ(ਤੇ ਮੀਲਾਂ ਤੱਕ ਕਿਸੇ ਪਾਸੇ ਮੌਤ ਵਰਗੀ ਸ਼ੈਅ ਦੀ ਕੋਈ ਨਿਸ਼ਾਨੀ ਨਹੀਂ ਦਿਸਦੀ)


ਮੇਰੀ ਛੋਟੀ ਬੇਟੀ ਬੋਲੀ ਸਿੱਖਣ ਵਾਲੇ ਸਕੂਲ ਜਾਂਦੀ ਹੈ ਜੋ ਸ਼ਹਿਰ ਦੇ ਦੂਜੇ ਪਾਸੇ ਪੈਂਦਾ ਹੈ। ਮਾੜੀ ਕਿਸਮਤ ਨੂੰ ਸਾਡੇ ਕੋਲ ਕਾਰ ਨਹੀਂ ਹੈ। ਕੋਈ ਸਮੱਸਿਆ ਨਹੀਂ: ਇਹ ਮੁਲਕ ਮੇਰੀ ਬੇਟੀ ਵਾਸਤੇ ਬਿਲਕੁਲ ਮੁਫਤ ਟੈਕਸੀ ਦੀ ਸੇਵਾ ਦਾ ਪ੍ਰਬੰਧ ਕਰਦਾ ਹੈ। ਅਤੇ ਟੈਕਸੀ ਚਾਲਕ ਸਾਰੇ ਯੂਨੀਅਨ ਦੇ ਮੈਂਬਰ ਹਨ ਇਸ ਲਈ ਉਨ੍ਹਾਂ ਨੂੰ ਚੰਗੀ ਚੋਖੀ ਤਨਖਾਹ ਮਿਲਦੀ ਹੈ, ਨਾਲ ਬਹੁਤ ਵਧੀਆ ਭੱਤੇ (ਬੈਨਿਫਿਟਸ) ਮਿਲਦੇ ਹਨ, ਕਾਫੀ ਸਾਰੀਆਂ ਛੁੱਟੀਆਂ ਵੀ, ਇਸ ਕਰਕੇ ਉਹ ਮੁਕਾਬਲਤਨ ਹਮੇਸ਼ਾ ਚੰਗੇ ਸੁਹਾਣੇ ਰੌਅ ਵਿਚ ਹੁੰਦੇ ਹਨ। (ਉਨ੍ਹਾਂ ਦੇ ਕੱਪੜੇ ਵੀ ਵਧੀਆ ਪਾਏ ਹੁੰਦੇ ਹਨ ਤੇ ਉਨ੍ਹਾਂ ਦੀਆਂ ਟੈਕਸੀਆਂ ਤਾਂ ਇਸ ਤੋਂ ਵਾਧੂ ਸਾਫ ਹੋ ਹੀ ਨਹੀਂ ਸਕਦੀਆਂ।)


ਏਥੇ ਅਸੰਪ੍ਰਦਾਇਕ ਸਕੈਂਡੇਨੇਵੀਆ ਵਿਚ ਸਾਈਕਲਾਂ ਦੇ ਰਾਹ ਚੋੜੇ ਤੇ ਸੁਰੱਖਿਅਤ ਹਨ ਅਤੇ ਮੈਂ ਜਦੋਂ ਹਰ ਰੋਜ਼ ਸਾਈਕਲ ’ਤੇ ਕੰਮ ’ਤੇ ਜਾਂਦਾ ਹਾਂ ਇਹ ਦੇਖ ਕੇ ਰੋਜ਼ਾਨਾ ਹੀ ਹੈਰਾਨ ਹੁੰਦਾ ਹਾਂ ਕਿ ਕਿਸ ਤਰ੍ਹਾਂ ਕਾਰਾਂ ਵਾਲੇ ਸਾਈਕਲਾਂ ਵਾਲਿਆਂ ਨੂੰ ਗਾਲ੍ਹਾਂ ਕੱਢਣ ਦੀ ਥਾਂ ਉਸੇ ਵੇਲੇ ਰਾਹ ਦੇ ਦਿੰਦੇ ਹਨ। ਏਥੇ ਕੋਈ ਬੇਘਰੇ ਲੋਕ ਨਹੀਂ, ਕੋਈ ਮੰਗਤਾ ਨਹੀਂ। ਰੋਟੀ (ਬਰੈੱਡ) ਏਥੇ ਤਬਾਹੀ ਦੀ ਹੱਦ ਤੱਕ ਵਧੀਆ ਹੈ ਤੇ ਉੱਤੇ ਲਾਉਣ ਵਾਲੇ ਮੁਰੱਬੇ (ਜੈਮ) ਵੀ ਘੱਟ ਨਹੀਂ। ਤੇ ਦਹੀਂ (ਯੋਗਰਟ), ਗੱਲਾਂ ਈ ਛੱਡ ਦਿਓ। ਮੈਂ ਤਾਂ ਇਸ ਕਿਸਮ ਦੇ ਗੁਣ ਲੰਮਾ ਸਮਾਂ ਗਾ ਸਕਦਾ ਹਾਂ।


ਮੇਰੇ ਆਪਣੇ ਜਾਤੀ ਤਜਰਬੇ ਪਾਸੇ ਰੱਖ ਤੁਸੀਂ ਸਿਰਫ ਸਮਾਜਿਕ ਤੱਤਾਂ ਵੱਲ ਦੇਖ ਸਕਦੇ ਹੋ: ਤਕਰੀਬਨ ਹਰ ਪ੍ਰਮਾਣਿਕ ਮਾਪਦੰਡ ਅਤੇ ਤਕਰੀਬਨ ਹਰ ਅੰਤਰਰਾਸ਼ਟਰੀ ਸੂਚੀ ’ਤੇ, ਆਰਥਿਕ ਬਿਹਤਰੀ ਤੋਂ ਪੜ੍ਹਾਈ ਦੀ ਪ੍ਰਾਪਤੀ ਤੱਕ, ਜ਼ੁਰਮਾਂ ਦੀ ਘੱਟ ਦਰ ਤੋਂ ਘੱਟ ਬੇਰੁਜ਼ਗਾਰੀ ਤੱਕ, ਜੀਵਨ ਦੀ ਖੂਬੀ ਤੋਂ ਖੁਸ਼ੀ ਤੱਕ ਅਤੇ ਤਸੱਲੀਬਖਸ਼ ਜੀਵਨ ਤੱਕ, ਇਹ ਧਰਮ ਸਬੰਧੀ ਹਲਕੀ ਧਰਤੀ ਦੁਨੀਆ ਵਿਚਲੇ ਸਭ ਤੋਂ ਵਧੀਆ ਥਾਵਾਂ ਵਿਚੋਂ ਹੈ।


ਕੀ ਇੱਥੇ ਕੋਈ ਸਮੱਸਿਆਵਾਂ ਵੀ ਹਨ? ਹਾਂ ਬਿਲਕੁਲ ਹਨ। ਕੋਈ ਵੀ ਸਮਾਜ ਆਪਣੀਆਂ ਮੁਸ਼ਕਿਲਾਂ ਤੇ ਵੰਗਾਰਾਂ ਬਿਨਾਂ ਨਹੀਂ ਹੁੰਦਾ। ਪਰ ਤੁਸੀਂ ਇਸ ਗੱਲ ਦਾ ਪੱਕ ਰੱਖਿਓ ਕਿ ਏਥੇ ਡੈੱਨਮਾਰਕ ਵਿਚ, ਮੁਸ਼ਕਿਲਾਂ ਤੇ ਵੰਗਾਰਾਂ ਨੂੰ ਮਨੁੱਖੀ ਕਾਰਨਾਂ, ਤਰਕ, ਸੰਵਾਦ, ਬਹਿਸ, ਸਮਾਨ-ਅਨੁਭੂਤੀ (ਐਮਪਥੀ), ਨਿਰੀਖਣ, ਅਤੇ ਤਰਕਵਾਦੀ ਸਮੱਸਿਆਵਾਂ ਹੱਲ ਕਰਨ ਦੇ ਤਰੀਕੇ ਨਾਲ ਨਜਿੱਠਿਆ ਜਾਂਦਾ ਹੈ - ਨਾ ਕਿ ਅਰਦਾਸ ਜਾਂ ਵਿਸ਼ਵਾਸ ਨਾਲ।


ਡੈੱਨਮਾਰਕ ਦੀ ਹੋਂਦ (ਅਤੇ ਏਸੇ ਤਰ੍ਹਾਂ ਦੂਜੇ ਅਸੰਪ੍ਰਦਾਇਕ, ਕਾਮਯਾਬ ਸਮਾਜਾਂ ਵਾਂਗ ਜਿਵੇਂ ਕਿ ਸਵੀਡਨ, ਜਪਾਨ ਆਦਿ) ਕਈ ਕਾਰਨਾਂ ਕਰਕੇ ਧਿਆਨ ਦੀ ਮੰਗ ਕਰਦੀ ਹੈ।


ਪਹਿਲਾ, ਗਲੈੱਨ ਬੈੱਕ, ਕ੍ਰਿਸਟੀਨ ਓ’ਡੌਨਿਲ, ਅਤੇ ਉਨ੍ਹਾਂ ਦੀਆਂ ਰੂੜ੍ਹੀਵਾਦੀ (ਕੰਜ਼ਰਵੇਟਿਵ) ਭੇਡਾਂ ਗਲਤ ਹਨ: ਕਿਸੇ ਸਮਾਜ ਲਈ ਕਾਮਯਾਬ ਅਤੇ ਵਧੀਆ ਵਰਤਾਰੇ ਵਾਲਾ ਬਣਨ ਲਈ ਧਾਰਮਿਕ ਵਿਸ਼ਵਾਸ ਜ਼ਰੂਰੀ ਨਹੀਂ ਹੈ। ਰੱਬ ਵਿਚ ਯਕੀਨ, ਈਸਾ ਨਾਲ ਪਿਆਰ, ਅਰਦਾਸ, ਅਤੇ ਬਾਈਬਲ ਦੀ ਪੜ੍ਹਾਈ - ਕਿਸੇ ਮੁਲਕ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਇਨ੍ਹਾਂ ਚੀਜ਼ਾਂ ਦੀ ਸਾਫ ਤੌਰ ’ਤੇ ਕੋਈ ਲੋੜ ਨਹੀਂ ਹੈ। ਇਹ ਤਾਂ ਸਗੋਂ ਸ਼ਾਇਦ ਵਿਘਨ ਪਾਉਣ ਵਾਲੀਆਂ ਬੇਲੋੜੀਆਂ ਚੀਜ਼ਾਂ ਹੋਣ।


ਦੂਜਾ, ਇਹ ਗੱਲ ਵੀ ਸਾਫ ਹੈ ਕਿ ਲੋਕ ਧਾਰਮਿਕ ਚੱਕਰ ਤੋਂ ਬਾਹਰ ਵੀ ਆਪਣੇ ਜੀਵਨ ਦੇ ਅਰਥ ਭਾਲ ਸਕਦੇ ਹਨ। ਬੰਦੇ ਅਤੇ ਔਰਤਾਂ ਆਪਣੇ ਰਿਸ਼ਤਿਆਂ ਵਿਚ, ਪਰਿਵਾਰਾਂ ਅਤੇ ਦੋਸਤਾਂ ਦਰਮਿਆਨ, ਆਪਣੇ ਕੰਮਾਂ ਕਾਰਾਂ ’ਤੇ, ਬਾਹਰਲੇ ਸੈਰ ਸਪਾਟੇ ਦੇ ਪਿਆਰ ਵਿੱਚੋਂ, ਆਪਣੇ ਸ਼ੌਕਾਂ ਅਤੇ ਜਾਤੀ ਤਲਾਸ਼ਾਂ ਵਿੱਚੋਂ ਜੀਵਨ ਦੇ ਅਰਥ ਭਾਲ ਸਕਦੇ ਹਨ। ਇਸ ਗ੍ਰਹਿ ’ਤੇ ਸਿਰਫ ਧਰਮ ਹੀ ਇਕੋ ਇਕ ਸ਼ੈਅ ਨਹੀਂ ਹੈ ਜਿਹੜੀ ਲੋਕਾਂ ਨੂੰ ਜੀਵਨ ਵਿਚ ਕਿਸੇ ਮਕਸਦ ਦਾ ਅਹਿਸਾਸ ਦਿਵਾ ਸਕਦਾ ਹੈ।


ਤੀਜਾ, ਅਤੇ ਸ਼ਾਇਦ ਸੱਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਲੋਕ ਧਾਰਮਿਕ ਵਿਸ਼ਵਾਸ ਤੋਂ ਬਿਨਾਂ ਵੀ ਸੱਚੇ-ਸੁੱਚੇ, ਸਾਊ, ਅਤੇ ਇਨਸਾਫ ਪਸੰਦ ਹੋ ਸਕਦੇ ਹਨ। ਅਜੋਕੇ ਸੰਸਾਰ ਵਿਚ ਡੈੱਨਮਾਰਕ ਧਰਤੀ ’ਤੇ ਵਸਿਆ ਸਿਰਫ ਇਕ ਬੇਹੱਦ ਸੁਰੱਖਿਅਤ ਮੁਲਕ ਹੀ ਨਹੀਂ ਸਗੋਂ ਇਹ ਸਭ ਤੋਂ ਵੱਧ ਸਦਾਚਾਰਕ ਅਤੇ ਨੈਤਿਕਤਾ ਪੱਖੋਂ ਚੇਤੰਨ ਸੱਭਿਆਚਾਰ ਵੀ ਹੈ। ਬੱਚਿਆ ਦੀ ਵਧੀਆ ਪਰਵਰਿਸ਼ ਹੁੰਦੀ ਹੈ, ਬਜ਼ੁਰਗਾਂ ਦੀ ਸੋਹਣੀ ਦੇਖਭਾਲ, ਜਿਸਮਾਨੀ ਤੇ ਦਿਮਾਗੀ ਪੱਖੋਂ ਵੰਗਾਰ ਵਾਲੇ ਲੋਕਾਂ ਦੀ ਦੇਖਭਾਲ, ਯਤੀਮਾਂ, ਬਿਮਾਰਾਂ ਅਤੇ ਦੁਖੀਆਂ ਦੀ ਹਰ ਪੱਖੋਂ ਸਹਾਇਤਾ। ਬਰਾਬਤਾ, ਆਜ਼ਾਦੀ ਅਤੇ ਲੋਕਤੰਰਤਾ - ਇਨ੍ਹਾਂ ਚੀਜ਼ਾਂ ਨੂੰ ਸਿਰਫ ਬੇਹੱਦ ਕੀਮਤੀ ਹੀ ਨਹੀਂ ਸਮਝਿਆ ਜਾਂਦਾ ਸਗੋਂ ਪੂਰੀ ਕਾਮਯਾਬੀ ਨਾਲ ਹਾਸਿਲ ਵੀ ਕੀਤਾ ਜਾਂਦਾ ਹੈ। ਅਤੇ ਇਹ ਸੱਭ ਕੁਝ ਸਵਰਗਾਂ ਵਿਚ ਵਸੇਵੇ ਦੀ ਆਸ ਜਾਂ ਤਸੀਹਿਆਂ ਵਾਲੇ ਨਰਕ ਦੇ ਡਰ ਬਾਰੇ ਬਹੁਤਾ ਫਿਕਰ ਕੀਤਿਆਂ ਬਿਨਾਂ ਹੀ ਕੀਤਾ ਜਾਂਦਾ ਹੈ।


ਜੌਹਨ ਲੈਨਿਨ ਨੇ ਸਾਨੂੰ ਕਿਹਾ ਸੀ ਕਿ ਜ਼ਰਾ ਕਲਪਨਾ ਕਰੋ ਕਿ ਕੋਈ ਧਰਮ ਨਾ ਹੋਵੇ, ਮੈਂ ਸਿਰਫ ਇਹਦੀ ਕਲਪਨਾ ਹੀ ਨਹੀਂ ਕਰ ਰਿਹਾ, ਮੈਂ ਤਾਂ ਇਹ ਜੀਅ ਰਿਹਾ ਹਾਂ। ਅਤੇ ਮੈਂ ਇਹਦਾ ਪੂਰਾ ਆਨੰਦ ਲੈ ਰਿਹਾ ਹਾਂ।



ਸਾਧੂ ਬਿਨਿੰਗ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ:

ਚੀਨ ਵਿੱਚ ਸਤਾਰਾਂ ਦਿਨ:
http://www.watanpunjabi.ca/march2009/article02.php

ਪੰਜਾਬੀ ਭਾਈਚਾਰਾ ਅਤੇ ਧਰਮ:
http://www.watanpunjabi.ca/august2011/article08.php

ਗੁਰਬਖਸ਼ ਸਿੰਘ ਦੇ ਨਾਵਲ ਅਣਵਿਆਹੀ ਮਾਂ ਬਾਰੇ ਟਿੱਪਣੀ:
http://www.watanpunjabi.ca/sept2010/article09.php

ਸ਼ਹੀਦ ਭਗਤ ਸਿੰਘ:
http://www.watanpunjabi.ca/june2010/article11.php

ਰਿਚਰਡ ਡਾਕਿੰਨਜ਼-ਰੱਬ ਦਾ ਭੁਲੇਖਾ - ਰਿਵੀਊ:
http://www.watanpunjabi.ca/dec2009/article10.php

****

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346