|
(ਨਰਕਕੁੰਡ ‘ਚ ਵਾਸਾ, ਜਗਦੀਸ਼ ਚੰਦਰ ਵਲੋਂ ਪੰਜਾਬ ਦੇ ਦਲਿਤ ਜੀਵਨ ਬਾਰੇ ਲਿਖੀ ਨਾਵਲਾਂ
ਦੀ ਤ੍ਰੈ-ਲੜੀ ਦਾ ਦੂਸਰਾ ਨਾਵਲ ਹੈ। ਇਸ ਦਾ ਕੁਝ ਹਿੱਸਾ ਵਤਨ ਦੇ ਪਾਠਕਾਂ ਲਈ ਹਾਜ਼ਰ ਹੈ।
ਇਹ ਨਾਵਲ ਪੰਜਾਬ ਦੇ ਦਲਿਤ ਲੋਕਾਂ ਦੇ ਜੀਵਨ ਦੇ ਅਜਿਹੇ ਪੱਖ ਬਾਰੇ ਹੈ ਜਿਸ ਬਾਰੇ ਬਹੁਤ ਘੱਟ
ਲੋਕਾਂ ਨੂੰ ਜਾਣਕਾਰੀ ਹੈ। ਇਸ ਪੱਧਰ ਦੀ ਪੰਜਾਬੀ ਵਿਚ ਸ਼ਇਦ ਹੀ ਕੋਈ ਹੋਰ ਰਚਨਾ ਹੋਵੇ ਜੋ
ਜਲੰਧਰ ਸ਼ਹਿਰ ਵਰਗੇ ਥਾਂ ਵਿੱਚ 1960ਵਿਆਂ ਦੌਰਾਨ ਦਲਿਤ ਲੋਕਾਂ ਦੇ ਕਠਨਾਈਆਂ ਭਰੇ ਜੀਵਨ
ਨੂੰ ਦਰਸਾਉਂਦੀ ਹੋਵੇ। ਇਹ ਹੈਰਾਨੀ ਤੇ ਨਿਰਾਸ਼ਾ ਵਾਲੀ ਗੱਲ ਹੈ ਕਿ ਇਨ੍ਹਾਂ ਨਾਵਲਾਂ ਬਾਰੇ
ਪੰਜਾਬੀ ਵਿਚ ਬਹੁਤ ਘੱਟ ਚਰਚਾ ਹੋਈ ਹੈ। ਇਸ ਸੰਬੰਧੀ ਸਾਨੂੰ ਪਾਠਕਾਂ ਦੇ ਹੁੰਗਾਰੇ ਦੀ ਆਸ
ਰਹੇਗੀ। ਇਸ ਨਾਵਲ ਨੂੰ ਪੂਰਾ ਪੜ੍ਹਨ ਲਈ ਇਸ ਹਿੱਸੇ ਦੇ ਹੇਠਾਂ ਜਾ ਕੇ ਦਿੱਤੇ ਲਿੰਕ ਤੋਂ
ਤੁਸੀਂ ਇਸ ਨਾਵਲ ਦੀ ਪੀ ਡੀ ਐੱਫ ਫਾਈਲ ਡਾਉਨਲੋਡ ਕਰ ਸਕਦੇ ਹੋ। ਇਸ ਤੋਂ ਪਹਿਲਾਂ ਅਸੀਂ ਇਸ
ਤ੍ਰੈ-ਲੜੀ ਦਾ ਪਹਿਲਾ ਨਾਵਲ ‘ਧਰਤੀ ਧਨ ਨਾ ਆਪਣਾ’ (ਅਨੁਵਾਦਕ ਸੁਖਵੰਤ ਹੁੰਦਲ) ਵੀ ਵਤਨ
ਵਿੱਚ ਕਿਸ਼ਤਾਂ ਵਿਚ ਛਾਪ ਚੁੱਕੇ ਹਾਂ। ਉਸ ਨਾਵਲ ਦੀ ਪੂਰੀ ਪੀ ਡੀ ਐੱਫ ਫਾਈਲ ਵੀ ਇਸ ਲਿਖਤ
ਦੇ ਅਖੀਰ ‘ਤੇ ਦਿੱਤੇ ਲਿੰਕ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ।- ਸੰਪਾਦਕ)
ਤਿੰਨ
ਤਾਂਗੇ, ਰੇੜੇ, ਰੇੜ੍ਹੀਆਂ, ਸਾਈਕਲਾਂ ਤੇ ਇੱਕਾ-ਦੁੱਕਾ ਮੋਟਰਸਾਈਕਲਾਂ ਵਗੈਰਾ ਤੋਂ
ਬਚਦਾ-ਬਚਾਂਦਾ ਕਾਲੀ ਪੁਰਾਣੀ ਰੇਲਵੇ ਰੋਡ ਦੇ ਨੇੜੇ ਬਰਫਖਾਨੇ ਦੀ ਬਗਲ ਵਾਲ਼ੇ ਮੈਦਾਨ ਵਿੱਚ
ਪਹੁੰਚ ਗਿਆ। ਉਹਨੇ ਚਾਰੇ ਪਾਸੇ ਨਜ਼ਰ ਘੁਮਾ ਕੇ ਸਾਰੇ ਆਲ਼ੇ ਦੁਆਲ਼ੇ ਦਾ ਮੁਆਇਨਾਂ ਕਰਨ ਦੀ
ਕੋਸਿ਼ਸ਼ ਕੀਤੀ।
ਫਿਰ ਉਹ ਬਰਫ ਕਾਰਖਾਨੇ ਦੇ ਇੱਕ ਪਾਸੇ ਪਏ ਪਾਇਪਾਂ ਦੇ ਢੇਰ ਉੱਤੇ ਲਗਾਤਾਰ ਡਿੱਗਦੇ ਪਾਣੀ
ਨੂੰ ਧਿਆਨ ਨਾਲ਼ ਦੇਖਣ ਲੱਗਾ। ਇਸ ਨਜ਼ਾਰੇ ਤੋਂ ਰੋਮਾਂਚਿਕ ਹੋ ਕੇ ਕਾਲੀ ਕਾਰਖਾਨੇ ਦੀ
ਬਾਹਰਲੀ ਕੰਧ ਦੇ ਹੋਰ ਵੀ ਨੇੜੇ ਚਲਾ ਗਿਆ। ਉੱਥੇ ਇੱਕ ਅਜੀਬ ਜਿਹਾ ਮੁਸ਼ਕ ਫੈਲਿਆ ਹੋਇਆ ਸੀ।
ਉਹਨੂੰ ਲੱਗਾ ਕਿ ਇਸ ਮੁਸ਼ਕ ਨਾਲ਼ ਉਸ ਦੀਆਂ ਨਾਸਾਂ ਬਿਲਕੁੱਲ ਖੁੱਲ੍ਹ ਗਈਆਂ ਹਨ। ਫਿਰ
ਉਹਨੂੰ ਇੱਕ ਜ਼ੋਰ ਦੀ ਛਿੱਕ ਆਈ ਤੇ ਉਹ ਉਸ ਮੁਸ਼ਕ ਤੋਂ ਬਚਣ ਲਈ ਛੇਤੀ-ਛੇਤੀ ਤੁਰਦਾ ਹੋਇਆ
ਮਾਲਗੁਦਾਮਾਂ ਵੱਲ ਨੂੰ ਚਲਾ ਗਿਆ।
ਗੁਦਾਮਾਂ ਦੇ ਨੇੜੇ ਬਰਫ ਕਾਰਖਾਨੇ ਦਾ ਮੁਸ਼ਕ ਤਾਂ ਘੱਟ ਗਿਆ ਪਰ ਉਹਦੀ ਥਾਂ ਇੱਕ ਹੋਰ ਮੁਸ਼ਕ
ਨੇ ਲੈ ਲਈ ਜਿਸਦੀ ਪਹਿਚਾਣ ਕਰਨੀ ਕਾਲੀ ਦੇ ਵੱਸ ਦੀ ਗੱਲ ਨਹੀਂ ਸੀ। ਕਾਲੀ ਨੂੰ ਲੱਗਾ ਕਿ ਇਹ
ਇੱਕ ਮੁਸ਼ਕ ਦੀ ਥਾਂ ਕਈ ਤਰ੍ਹਾਂ ਦੇ ਮੁਸ਼ਕਾਂ ਦਾ ਮਿਸ਼ਰਣ ਜਿਹਾ ਹੈ। ਗੁਦਾਮਾਂ ਵਿੱਚ ਕਿਸੇ
’ਚ ਸਿਰਫ ਹਲਦੀ ਦੀਆ ਬੋਰੀਆਂ ਹੀ ਸਨ ਤੇ ਕਿਸੇ ਵਿੱਚ ਲਾਲ ਮਿਰਚ ਦੀਆ ਬੋਰੀਆਂ ਸਨ। ਕਿਤੇ
ਕੱਪੜੇ ਧੋਣ ਵਾਲ਼ੇ ਸਾਬਣ ਦੀਆਂ ਪੇਟੀਆਂ ਰੱਖੀਆਂ ਸਨ ਤੇ ਕਿਸੇ ਗੁਦਾਮ ਵਿੱਚ ਨਸਵਾਰ ਦਾ
ਭੰਡਾਰ ਭਰਿਆ ਪਿਆ ਸੀ। ਕੁੱਝ ਗੁਦਾਮਾਂ ਵਿੱਚੋਂ ਮਾਲ ਕੱਢ ਕੇ ਰੇੜ੍ਹੇ ਤੇ ਰੇੜ੍ਹੀਆਂ ਉੱਤੇ
ਲੱਦਿਆ ਜਾ ਰਿਹਾ ਸੀ ਤਾਂ ਦੂਜਿਆਂ ’ਚ ਮਾਲ ਭਰਨ ਲਈ ਟਰੱਕ ਤੇ ਰੇੜ੍ਹੇ ਖਾਲੀ ਕੀਤੇ ਜਾ ਰਹੇ
ਸਨ। ਸਿਰ ‘ਤੇ ਕੱਪੜਾ ਬੰਨ੍ਹੀਂ ਅਤੇ ਪਿੱਠ ਤੇ ਬੋਰੀਆਂ ਲਪੇਟੀ ਕਈ ਮਜ਼ਦੂਰ ਢੋਆ-ਢੁਆਈ ਵਿੱਚ
ਰੁੱਝੇ ਹੋਏ ਸਨ।
ਕਾਲੀ ਸਾਰੀ ਕਾਰਵਾਈ ਨੂੰ ਬੜੇ ਧਿਆਨ ਨਾਲ਼ ਦੇਖ ਰਿਹਾ ਸੀ ਤਾਂ ਕਿ ਉਹ ਇਸ ਕੰਮ ਬਾਰੇ ਵੱਧ
ਤੋਂ ਵੱਧ ਜਾਣਕਾਰੀ ਹਾਸਿਲ ਕਰ ਸਕੇ। ਉਹ ਕਾਫੀ ਦੇਰ ਤੱਕ ਗੁਦਾਮਾਂ ਦੇ ਨੇੜੇ ਇਸ ਆਸ ਵਿੱਚ
ਘੁੰਮਦਾ ਰਿਹਾ ਕਿ ਸ਼ਾਇਦ ਉਹਨੂੰ ਵੀ ਅਵਾਜ਼ ਮਾਰ ਕੇ ਕੰਮ ਲਈ ਬੁਲਾ ਲਿਆ ਜਾਵੇ। ਪਰ ਜਦ
ਉਹਦੀ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਨਾ ਦੇਖਿਆ ਤਾਂ ਉਹ ਨਿਰਾਸ਼ ਹੋ ਕੇ ਪਿੱਛੇ ਹਟ ਗਿਆ
ਤੇ ਕਾਰਖਾਨੇ ਦੇ ਨੇੜਿਉਂ ਹੁੰਦਾ ਹੋਇਆ ਪੁਰਾਣੀ ਰੇਲਵੇ ਰੋਡ ’ਤੇ ਪਹੁੰਚ ਗਿਆ।
ਸੜਕ ਦੇ ਕੰਢੇ ਖੜ੍ਹਾ ਉਹ ਕੁੱਝ ਸਮੇਂ ਲਈ ਆਉਂਦੇ ਜਾਂਦੇ ਵਾਹਣਾਂ ਤੇ ਲੋਕਾਂ ਨੂੰ ਨਿਹਾਰਦਾ
ਰਿਹਾ। ਜਦ ਸ਼ਹਿਰੀ ਮੁੰਡਿਆਂ ਦਾ ਇੱਕ ਟੋਲਾ ਹੱਸਦਾ-ਖੇਲਦਾ ਆਪਸ ਵਿੱਚ ਟਕਰਾਂਦਾ ਤੇ
ਠੱਠਾ-ਮਜ਼ਾਕ ਕਰਦਾ ਉਹਦੇ ਕੋਲ਼ ਦੀ ਲੰਘਿਆ ਤਾਂ ਉਹ ਵੀ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ।
ਪੁਰਾਣੀ ਰੇਲਵੇ ਰੋਡ ਤੇ ਥੋੜ੍ਹਾ ਅੱਗੇ ਜਾ ਕੇ ਖੱਬੇ ਪਾਸੇ ਇੱਕ ਬਹੁਤ ਵੱਡਾ ਛੱਪੜ ਸੀ।
ਉਹਦੇ ਤਿੰਨੀਂ ਪਾਸੀਂ ਉਚਾਈ ਤੇ ਚੁਬਾਰੇ ਵਾਲ਼ੇ ਮਕਾਨ ਸਨ। ਦੂਰ ਤੋਂ ਇਦਾਂ ਲਗਦਾ ਸੀ ਜਿਵੇਂ
ਇਹ ਮਕਾਨ ਇੱਕ ਦੂਸਰੇ ’ਚ ਫਸੇ ਹੋਏ ਖੜ੍ਹੇ ਹੋਣ।
ਮਕਾਨਾਂ ਤੋਂ ਹਟ ਕੇ ਕਾਲੀ ਦਾ ਧਿਆਨ ਵੱਡੀਆਂ ਵੱਡੀਆਂ ਆਰਾ ਮਸ਼ੀਨਾਂ ਵੱਲ ਗਿਆ ਜਿਹੜੀਆਂ
ਲੱਕੜੀ ਦੀਆਂ ਵੱਡੀਆਂ ਵੱਡੀਆਂ ਤੇ ਮੋਟੀਆਂ-ਮੋਟੀਆਂ ਗੇਲੀਆਂ ਨੂੰ ਇੰਝ ਚੀਰ ਰਹੀਆਂ ਸਨ
ਜਿਵੇਂ ਛੁਰੀ ਉਬਲੇ ਹੋਏ ਆਲੂ ਜਾਂ ਸ਼ਕਰਕੰਦੀ ਨੂੰ ਕੱਟ ਰਹੀ ਹੋਵੇ। ਕਾਲੀ ਡਰਦਾ ਮਾਰਿਆ ਆਰਾ
ਮਸ਼ੀਨਾਂ ਦੀ ਚਾਲ ਤੋਂ ਵੀ ਤੇਜ਼ ਸੜਕ ਦੇ ਦੂਜੇ ਪਾਸੇ ਚਲਾ ਗਿਆ। ਆਰਿਆਂ ਦੀ ਸ਼ਾਂ-ਸ਼ਾਂ ਦੀ
ਤਿੱਖੀ ਅਵਾਜ਼ ਤੋਂ ਡਰ ਕੇ ਉਹ ਹੋਰ ਵੀ ਪਿੱਛੇ ਹਟ ਗਿਆ। ਆਰੇ ਤੇ ਕੰਮ ਕਰ ਰਹੇ ਲੋਕਾਂ ਦੇ
ਚਿਹਰੇ, ਸਿਰ ਦੇ ਵਾਲ਼ ਤੇ ਸਰੀਰ ਲੱਕੜ ਦੇ ਬੂਰੇ ਨਾਲ਼ ਪੂਰੀ ਤਰ੍ਹਾਂ ਭਰੇ ਪਏ ਸਨ। ਆਰੇ
’ਤੇ ਬਹੁਤ ਫੁਰਤੀ ਨਾਲ਼ ਕੰਮ ਕਰਦੇ ਲੋਕਾਂ ਨੂੰ ਦੇਖ ਕੇ ਕਾਲੀ ਸੋਚਣ ਲੱਗਾ ਕਿ ਉਹ ਕਿੰਨੇ
ਸੁਲਝੇ ਹੋਏ ਕਾਰੀਗਰ ਹਨ। ਥੋੜ੍ਹੀ ਜਿਹੀ ਗਲਤੀ ਹੋਣ ਨਾਲ਼ ਹੀ ਉਹ ਵੀ ਲਕੜੀ ਵਾਂਗ ਚੀਰੇ ਜਾ
ਸਕਦੇ ਹਨ।
ਆਰਾ ਮਸ਼ੀਨਾਂ ਤੇ ਇਮਾਰਤੀ ਲੱਕੜੀ ਦੀਆਂ ਦੁਕਾਨਾਂ ਤੇ ਟਾਲਾਂ ਵਲ ਝਾਕਦਾ ਹੋਇਆ ਕਾਲੀ ਅੱਡਾ
ਹੁਸਿ਼ਆਰਪੁਰ ਪਹੁੰਚ ਗਿਆ। ਇਸ ਇਲਾਕੇ ਵਿੱਚ ਬਹੁਤ ਰੌਣਕ ਸੀ। ਇਨ੍ਹਾਂ ਵਿੱਚ ਜਿ਼ਆਦਾ
ਦੁਕਾਨਾਂ ਕਿਤਾਬਾਂ ਦੀਆਂ ਸਨ।
ਕਾਲੀ ਅੱਡੇ ਵਿੱਚ ਜਾ ਵੜਿਆ। ਇਹ ਲੁਧਿਆਣਾ-ਨਵਾਂਸ਼ਹਿਰ ਦੇ ਅੱਡੇ ਤੋਂ ਛੋਟਾ ਸੀ ਤੇ ਇੱਥੇ
ਬੱਸਾਂ ਵੀ ਥੋੜ੍ਹੀਆਂ ਸਨ। ਲਾਰੀ ’ਤੇ ਸਮਾਨ ਲੱਦਣ ਜਾਂ ਉੱਤਾਰਣ ਲਈ ਦੋ ਹੀ ਮਜ਼ਦੂਰ ਸਨ। ਪਰ
ਅੱਡੇ ਦੇ ਆਲ਼ੇ ਦੁਆਲ਼ੇ ਦੁਕਾਨਾਂ ਤੇ ਬਹੁਤ ਰੌਣਕ ਸੀ।
ਹੁਸਿ਼ਆਰਪੁਰ ਅੱਡੇ ਦਾ ਚੱਕਰ ਲਾ ਕੇ ਕਾਲੀ ਬਾਹਰ ਆ ਗਿਆ। ਉਹ ਚਾਰੇ ਪਾਸੇ ਦੇਖਦਾ ਹੋਇਆ
ਵਾਪਸ ਆਉਣ ਲਈ ਪਹਿਲਾਂ ਵਾਲ਼ੇ ਰਾਹ ਹੀ ਪੈ ਗਿਆ। ਹੁਣ ਉਸ ਨੂੰ ਯਕੀਨ ਜਿਹਾ ਹੋ ਗਿਆ ਸੀ
ਕਿਉਂਕਿ ਇਹ ਰਾਹ ਉਸ ਦਾ ਦੇਖਿਆ ਹੋਇਆ ਸੀ।
ਛੱਪੜ ਦੇ ਕਿਨਾਰੇ ਪਹੁੰਚ ਕੇ ਕਾਲੀ ਰੁਕ ਗਿਆ। ਫੇਰ ਹੌਲ਼ੀ-ਹੌਲ਼ੀ ਪੈਰ ਚੁੱਕਦਾ ਉਹ ਉਸ ਦੇ
ਕੰਢੇ ਜਾ ਪਹੁੰਚਾ। ਸੂਰਜ ਦੀਆਂ ਕਿਰਨਾਂ ਦੇ ਪ੍ਰਛਾਵੇਂ ਨਾਲ਼ ਪਾਣੀ ਵਿੱਚ ਵੀ ਇੱਕ ਸੂਰਜ
ਚਮਕ ਰਿਹਾ ਸੀ। ਕਾਲੀ ਛੱਪੜ ਵਿੱਚ ਬਣ ਰਹੇ ਬੜੇ ਬੜੇ ਦਾਇਰਿਆਂ ਨੂੰ ਦੇਖਦਾ ਰਿਹਾ। ਉਸ ਨੇ
ਇਸ ਛੱਪੜ ਦਾ ਆਪਣੇ ਪਿੰਡ ਦੇ ਛੱਪੜ ਨਾਲ਼ ਮੁਕਾਬਲਾ ਕੀਤਾ ਤਾਂ ਉਹ ਹੈਰਾਨ ਰਹਿ ਗਿਆ। ਪਿੰਡ
ਦੇ ਛੱਪੜ ਦੇ ਮੁਕਾਬਲੇ ’ਚ ਤਾਂ ਇਹ ਛੱਪੜ ਕਈ ਗੁਣਾ ਵੱਡਾ ਹੈ। ਕਾਲੀ ਨੇ ਸੋਚਿਆ ਕਿ ਉਸ ਦੇ
ਪਿੰਡ ਦਾ ਛੱਪੜ ’ਚ ਜਿ਼ਆਦਾ ਤੋਂ ਜਿ਼ਆਦਾ ਇੱਕ ਮੱਝ ਜਿੰਨਾਂ ਡੂੰਘਾ ਪਾਣੀ ਹੋਊਗਾ। ਪਰ ਇਸ
ਛੱਪੜ ਵਿੱਚ ਜਿ਼ਆਦਾ ਨਹੀਂ ਤਾਂ ਦੋ ਹਾਥੀਆਂ ਜਿੰਨਾ ਡੂੰਘਾ ਪਾਣੀ ਤਾਂ ਜ਼ਰੂਰ ਹੋਵੇਗਾ।
ਕਾਲੀ ਛੱਪੜ ਦੇ ਤਿੰਨੀ ਪਾਸੀਂ ਫੈਲੀ ਹੋਈ ਅਬਾਦੀ ਨੂੰ ਦੇਖਣ ਲੱਗਾ। ਇਹਨਾਂ ਮੁਹੱਲਿਆਂ ਤੋਂ
ਕਈ ਨਾਲ਼ੀਆਂ ਇਸ ਛੱਪੜ ਵਿੱਚ ਆ ਕੇ ਪੈ ਰਹੀਆਂ ਸਨ। ਅਤੇ ਕਈ ਤੰਗ ਜਿਹੀਆਂ ਗਲੀਆਂ ਆ ਕੇ
ਛੱਪੜ ਦੇ ਕੰਢਿਆਂ ਨਾਲ਼ ਮਿਲਦੀਆਂ ਸਨ। ਛੱਪੜ ਦੇ ਪਾਣੀ ਵਿੱਚ ਉੱਚੀਆਂ ਇਮਾਰਤਾਂ ਦੇ
ਪ੍ਰਛਾਵੇਂ ਦੇਖ ਕੇ ਕਾਲੀ ਨੂੰ ਮਹਿਸੂਸ ਹੋਇਆ ਕਿ ਪਾਣੀ ਦੇ ਅੰਦਰ ਵੀ ਇੱਕ ਸ਼ਹਿਰ ਵੱਸਿਆ
ਹੋਇਆ ਹੈ। ਉੱਚੇ ਟਿੱਬਿਆਂ ਤੇ ਵਸੀਆਂ ਅਬਾਦੀਆਂ ਨੂੰ ਦੇਖ ਕੇ ਕਾਲੀ ਨੂੰ ਆਪਣੇ ਪਿੰਡ ਤੋਂ
ਦਿੱਸਣ ਵਾਲ਼ੀਆਂ ਸਿ਼ਵਾਲਿਕ ਦੀਆਂ ਪਹਾੜੀਆਂ ਦੀ ਯਾਦ ਆ ਗਈ ਜੋ ਬਹੁਤ ਹੀ ਉੱਚੀਆਂ ਤੇ ਦੂਰ
ਤੱਕ ਫੈਲੀਆਂ ਹੋਈਆਂ ਸਨ। ਉਹਨੇ ਸੋਚਿਆ ਪਿੰਡ ਦੇ ਮੁਕਾਬਲੇ ਸ਼ਹਿਰ ਕਿੰਨਾ ਵੱਡਾ ਹੈ, ਇੱਥੇ
ਕੰਮ ਧੰਦੇ ਵੀ ਕਿੰਨੇ ਜਿ਼ਆਦਾ ਹਨ। ਪਰ ਇੱਥੇ ਜ਼ਮੀਨ ਪਿੰਡ ਦੇ ਮੁਕਾਬਲੇ ਕਿੰਨੀ ਤੰਗ ਹੈ।
ਬਰਫ ਕਾਰਖਾਨੇ ਤੇ ਗੁਦਾਮਾਂ ਦੇ ਸਾਹਮਣੇ ਇੱਕ ਵਾਰ ਫਿਰ ਕਾਲੀ ਕਾਫੀ ਦੇਰ ਤੱਕ ਖੜ੍ਹਾ ਰਿਹਾ
ਜਿਵੇਂ ਉਨ੍ਹਾਂ ਵਿੱਚ ਆਪਣਾ ਭਵਿੱਖ ਤਲਾਸ਼ ਕਰ ਰਿਹਾ ਹੋਵੇ। ਇਨ੍ਹਾਂ ਨੂੰ ਦੇਖ ਕੇ ਉਹ ਆਉਣ
ਵਾਲ਼ੇ ਕੱਲ ਦੀ ਕਲਪਣਾ ਕਰਨ ਲੱਗਾ ਅਤੇ ਇਹ ਸੋਚ ਕੇ ਖੁਸ਼ ਹੋ ਗਿਆ ਕਿ ਰੱਬ ਦਾ ਦੂਤ ਇੱਕ
ਦਿਆਲੂ ਤੇ ਕਿਰਪਾਲੂ ਵਿਅਕਤੀ ਦੇ ਰੂਪ ਵਿੱਚ ਕੱਲ ਸਵੇਰੇ ਉੱਥੇ ਆਵੇਗਾ ਅਤੇ ਉਹਨੂੰ ਪਛਾਣ ਕੇ
ਆਪਣੇ ਨਾਲ਼ ਲੈ ਜਾਵੇਗਾ ਤੇ ਉਸ ਦੇ ਸਭ ਫਿਕਰ ਤੇ ਔਕੜਾਂ ਨੂੰ ਦੂਰ ਕਰ ਦੇਵੇਗਾ। ਪਰ ਅਗਲੇ
ਹੀ ਪਲ ਇਹ ਖਿਆਲ ਆਉਂਦੇ ਹੀ ਕਾਲੀ ਦਾ ਦਿਲ ਡੁੱਬਣ ਲੱਗਾ ਕਿ ਹੋ ਸਕਦਾ ਹੈ ਇਸ ਅਣਜਾਣ ਸ਼ਹਿਰ
’ਚ ਭੀੜ ਵਿੱਚ ਖੜਾ ਹੋ ਕੇ ਵੀ ਅੰਤ ਨੂੰ ਉਹ ਆਪਣੇ ਆਪ ਨੂੰ ਇਕੱਲਾ ਹੀ ਪਾਵੇ।
ਇਸ ਖਿਆਲ ਤੋਂ ਭੈ-ਭੀਤ ਹੋ ਕੇ ਕਾਲੀ ਰੇਲਵੇ ਸਟੇਸ਼ਨ ਵੱਲ ਨੂੰ ਤੁਰ ਪਿਆ। ਉਹ ਨਵੀਂ ਰੇਲਵੇ
ਰੋਡ ’ਤੇ ਪੁਰਾਣੀ ਰੇਲਵੇ ਰੋਡ ਦੇ ਤਿਕੋਨੇ ਚੌਕ ’ਤੇ ਰੁਕ ਗਿਆ। ਸੂਰਜ ਵੱਲ ਦੇਖ ਕੇ ਉਸ ਨੇ
ਸਮੇਂ ਦਾ ਅੰਦਾਜ਼ਾ ਲਾਇਆ ਅਤੇ ਨਵੀਂ ਰੇਲਵੇ ਰੋਡ ਵੱਲ ਨੂੰ ਤੁਰਨ ਲੱਗਾ ਤਾਂ ਕਿ ਇਸ ਬਜ਼ਾਰ
ਨੂੰ ਵੀ ਅੱਜ ਹੀ ਦੇਖ ਲਵੇ ਤੇ ਸ਼ਹਿਰ ਦੀ ਥੋੜ੍ਹੀ ਬਹੁਤੀ ਜਾਣ ਪਹਿਚਾਣ ਕਰ ਸਕੇ।
ਕਾਲੀ ਨੇ ਮੋੜ ਮੁੜਿਆ ਤਾਂ ਉਹਦੇ ਕੰਨਾਂ ਵਿੱਚ ਇੱਕ ਤੇਜ਼ ਪਰ ਸੁਰੀਲੀ ਅਵਾਜ਼ ਘੁਲਣ ਲੱਗੀ।
ਨੇੜੇ ਹੀ ਦੋ ਥਾਵਾਂ ’ਤੇ ਲੋਕਾਂ ਦੀ ਭੀੜ ਨੂੰ ਦੇਖ ਕੇ ਉਹ ਘਬਰਾ ਗਿਆ ਕਿ ਸ਼ਾਇਦ ਉੱਥੇ
ਲੜਾਈ ਹੋ ਰਹੀ ਹੋਵੇ। ਉਹ ਜਿਥੇ ਸੀ ਉੱਥੇ ਹੀ ਖੜ੍ਹ ਗਿਆ। ਪਰ ਫਿਰ ਇਹ ਸੋਚ ਕੇ ਉਧਰ ਨੂੰ
ਤੁਰ ਪਿਆ ਕਿ ਮਧੁਰ ਸੰਗੀਤ ਤੇ ਲੜਾਈ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ।
ਪਹਿਲੀ ਭੀੜ ਕੋਲ਼ ਪਹੁੰਚ ਕੇ ਕਾਲੀ ਨੇ ਦੇਖਿਆ ਕਿ ਲੋਕ ਛੋਟੀ ਜਿਹੀ ਖਿੜਕੀ ਕੋਲ਼ ਪਹੁੰਚਣ
ਲਈ ਧੱਕਮ-ਧੱਕਾ ਹੋ ਰਹੇ ਹਨ। ਉਹਨੂੰ ਯਾਦ ਆਇਆ ਕਿ ਇਹ ਸਿਨੇਮਾ ਘਰ ਹੈ। ਜਦ ਉਹ ਕਾਨਪੁਰ
ਵਿੱਚ ਸੀ ਤਾਂ ਉਹਨੇ ਵੀ ਦੋ ਵਾਰ ਸਿਨੇਮਾ ਦੇਖਿਆ ਸੀ। ਉਸ ਨੇ ਦਿਮਾਗ ’ਤੇ ਜ਼ੋਰ ਦੇ ਕੇ
ਸੋਚਿਆ ਕਿ ਇੱਕ ਫਿਲਮ ਦਾ ਨਾਂ ‘ਆਸਮਾਨ ਕਾ ਚਾਂਦ’ ਸੀ ਤੇ ਦੂਸਰੀ ਦਾ ਨਾਂ ‘ਛਿੰਨ ਬੰਨਾਕੀ
ਬਬਲਾ ਬੂ’ ਸੀ ਅਤੇ ਇਸ ਫਿਲਮ ਦੇ ਹੀਰੋ ਦੇ ਬੁੱਲ ਹੱਥ ਦੇ ਅਗੂੰਠੇ ਜਿੰਨੇ ਮੋਟੇ ਸਨ।
ਕਾਲੀ ਸੜਕ ਦੇ ਦੂਜੇ ਕੰਢੇ ਜਾ ਖੜ੍ਹਾ ਹੋਇਆ। ਉੱਥੇ ਲਾਉਡਸਪੀਕਰ ਤੋਂ ਗੀਤ ਤੇ ਸੰਗੀਤ ਦੀ
ਅਵਾਜ਼ ਸਿੱਧੀ ਉਸ ਦੇ ਕੰਨਾਂ ਨਾਲ਼ ਟਕਰਾ ਰਹੀ ਸੀ। ਅਵਾਜ਼ ਇੰਨੀ ਉੱਚੀ ਸੀ ਕਿ ਉਸ ਨੂੰ
ਲੱਗਾ ਕਿ ਜੇ ਉਹ ਉੱਥੇ ਥੋੜ੍ਹੀ ਦੇਰ ਹੋਰ ਖੜ੍ਹਾ ਰਿਹਾ ਤਾ ਉਹਦੇ ਕੰਨਾਂ ਦੇ ਪਰਦੇ ਪਾਟ
ਜਾਣਗੇ। ਉਸ ਨੇ ਇੱਕ ਪਲ ਸਿਨੇਮਾ ਘਰ ਦੇ ਮੋਹਰੇ ਲੱਗੇ ਵੱਡੇ-ਵੱਡੇ ਪੋਸਟਰਾਂ ਵੱਲ ਦੇਖਿਆ।
ਪੋਸਟਰਾਂ ਤੇ ਬਣੀ ਕੁੜੀ ਦੀ ਤਸਵੀਰ ਦੇਖ ਕੇ ਉਸ ਨੂੰ ਗਿਆਨੋ ਦੀ ਯਾਦ ਆ ਗਈ। ਉਹ ਇੱਕ ਦਮ
ਘਬਰਾ ਗਿਆ ਅਤੇ ਉਸ ਯਾਦ ਨੂੰ ਦਿਮਾਗ ਵਿੱਚੋਂ ਝਟਕਦਾ ਹੋਇਆ ਅਗਾਂਹ ਤੁਰ ਪਿਆ।
ਅਗਲੇ ਸਿਨੇਮਾ ਘਰ ਮੋਹਰੇ ਲੱਗੀ ਭੀੜ ਵਿੱਚ ਉਹਨੇ ਕੋਈ ਦਿਲਚਸਪੀ ਨਾ ਲਈ ਤੇ ਉਹ ਲੋਕਾਂ ਤੋਂ
ਬਚਦਾ ਹੋਇਆ ਚੌਂਕ ਵਿੱਚ ਜਾ ਖੜ੍ਹਾ ਹੋਇਆ। ਇੱਥੇ ਅੰਗ੍ਰੇਜ਼ੀ ਸ਼ਰਾਬ ਦਾ ਠੇਕਾ ਸੀ। ਉੱਥੇ
ਖੁੱਲ੍ਹੀਆਂ ਅਲਮਾਰੀਆਂ ਵਿੱਚ ਬਹੁਤ ਸਾਰੀਆ ਵੱਖਰੀ ਵੱਖਰੀ ਕਿਸਮ ਦੀਆਂ ਖੂਬਸੂਰਤ ਬੋਤਲਾਂ
ਰੱਖੀਆਂ ਹੋਈਆਂ ਸਨ। ਉਹ ਹੈਰਾਨੀ ਵਿੱਚ ਡੁੱਬਾ ਬੋਤਲਾਂ ਵੱਲ ਦੇਖਦਾ ਹੋਇਆ ਉਹਨਾਂ ਲੋਕਾਂ
ਬਾਰੇ ਸੋਚਣ ਲੱਗਾ ਜੋ ਇਨ੍ਹਾਂ ਨੂੰ ਪੀਂਦੇ ਹੋਣਗੇ। ਉਹਦਾ ਮੂੰਹ ਕੜਵਾਹਟ ਨਾਲ਼ ਭਰ ਗਿਆ ਅਤੇ
ਉੁਸ ਨੇ ਸ਼ਰਾਬ ਦੀ ਦੁਕਾਨ ਤੋਂ ਅੱਖਾਂ ਫੇਰ ਲਈਆਂ। ਉਹ ਆਪਣੇ ਸੱਜੇ ਪਾਸੇ ਦੇਖਣ ਲੱਗਾ ਜਿਥੇ
ਦੁਕਾਨਾਂ ਦੇ ਸਾਹਮਣੇ ਲੋਹੇ ਦੀ ਚਾਦਰ ਦੀਆਂ ਛੋਟੀਆਂ-ਵੱਡੀਆ ਪੇਟੀਆਂ, ਕਈ ਪ੍ਰਕਾਰ ਦੇ ਟਰੰਕ
ਤੇ ਕਨੱਸਤਰ ਵਗੈਰਾ ਪਏ ਸਨ। ਕਾਲੀ ਨੇ ਇਸ ਬਜ਼ਾਰ ਵਿੱਚ ਦੂਰ ਤੱਕ ਦੇਖਿਆ। ਬਜ਼ਾਰ ਕਾਫੀ
ਲੰਬਾ ਸੀ ਅਤੇ ਦੂਰ ਇੱਕ ਤੰਗ ਗਲੀ ਵਿੱਚ ਖਤਮ ਹੋ ਜਾਂਦਾ ਸੀ।
ਚੌਂਕ ਪਾਰ ਕਰਕੇ ਉਹ ਅੱਗੇ ਤੁਰ ਪਿਆ। ਇੱਕ ਬਿਲਡਿੰਗ ਦੇ ਸਾਹਮਣੇ ਰਾਈਫਲ ਫੜੀ ਇੱਕ ਸਿਪਾਹੀ
ਨੂੰ ਖੜ੍ਹਾ ਦੇਖ ਕੇ ਉਹ ਘਬਰਾ ਗਿਆ ਤੇ ਕੁੱਤੇ ਵਾਂਗ ਕੰਨ ਦਬਾ ਕੇ ਤੇ ਸਰੀਰ ਨੂੰ ‘ਕੱਠਾ
ਕਰਕੇ ਦੱਬੇ ਪੈਰੀਂ ਚੁੱਪ ਕਰਕੇ ਅੱਗੇ ਲੰਘ ਗਿਆ। ਕੁੱਝ ਦੂਰ ਜਾ ਕੇ ਉਹਨੇ ਪਿੱਛੇ ਮੁੜ ਕੇ
ਦੇਖਿਆ। ਸਿਹਾਹੀ ਮੋੜ ਦੇ ਉਹਲੇ ਹੋਣ ਕਰਕੇ ਦਿਖਾਈ ਨਹੀਂ ਦੇ ਰਿਹਾ ਸੀ। ਕਾਲੀ ਨੇ ਸੁੱਖ ਦਾ
ਸਾਹ ਲਿਆ। ਇਹ ਸੋਚ ਕੇ ਉਹ ਫਿਰ ਡਰ ਗਿਆ ਕਿ ਪੁਲੀਸ ਤਾਂ ਆਦਮੀ ਨੂੰ ਪਤਾਲ ‘ਚ ਵੀ ਲੱਭ
ਲੈਂਦੀ ਹੈ।
ਕਾਹਲ਼ੀ-ਕਾਹਲ਼ੀ ਸਾਹ ਲੈਂਦਾ ਉਹ ਤੰਗ ਬਜ਼ਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਮੁਸ਼ਕਾਂ ਤੋਂ ਨੱਕ
ਘੁੱਟਦਾ ਹੋਇਆ ਦੂਜੇ ਚੌਂਕ ਵਿੱਚ ਪਹੁੰਚ ਗਿਆ। ਉੱਥੇ ਨੇੜੇ ਹੀ ਇੱਕ ਛਾਪਾਖਾਨਾ ਸੀ।
ਛਾਪੇਖਾਨੇ ਦੀਆਂ ਮਸ਼ੀਨਾਂ ਦੀ ਗਰੜ-ਗਰੜ ਕਰਦੀ ਅਵਾਜ਼ ਉਸ ਨੂੰ ਸਾਫ ਸੁਣਾਈ ਦੇ ਰਹੀ ਸੀ।
ਉਹਨੂੰ ਯਾਦ ਆਇਆ ਕਿ ਕਾਨਪੁਰ ਵਿੱਚ ਵੀ ਇੱਕ ਬਹੁਤ ਬੜਾ ਛਾਪਾਖਾਨਾ ਦਿਨ ਰਾਤ ਚਲਦਾ ਰਹਿੰਦਾ
ਸੀ। ਕਾਲੀ ਨੂੰ ਖਿਆਲ ਆਇਆ ਕਿ ਉਸ ਨੂੰ ਛਾਪਖਾਨੇ ਵਿੱਚ ਵੀ ਨੌਕਰੀ ਮਿਲ ਸਕਦੀ ਹੈ।
ਹੱਥ-ਮੂੰਹ ਜ਼ਰੂਰ ਕਾਲ਼ੇ ਹੋ ਜਾਂਦੇ ਹਨ ਪਰ ਕੰਮ ਮਾੜਾ ਨਹੀਂ।
ਛਾਪੇਖਾਨੇ ਦੇ ਦਫਤਰ ਤੋਂ ਸਾਈਕਲ ਤੇ ਆਉਂਦੇ ਇੱਕ ਸਿਪਾਹੀ ਨੂੰ ਦੇਖ ਕੇ ਕਾਲੀ ਉੱਥੋਂ ਵੀ
ਤੁਰ ਪਿਆ ਤੇ ਇੱਕ ਚੌੜੀ ਸੜਕ ’ਤੇ ਪਹੁੰਚਦਿਆਂ ਹੀ ਕਾਹਲ਼ੀ ਕਾਹਲ਼ੀ ਤੁਰਨ ਲੱਗਾ।
ਉਹ ਇੱਕ ਹੋਰ ਚੌਂਕ ਵਿੱਚ ਪਹੁੰਚਿਆ। ਉੱਥੇ ਸੜਕਾਂ ਬਹੁਤ ਚੌੜੀਆਂ ਸਨ। ਚੌਂਕ ਦੇ ਸੱਜੇ ਪਾਸੇ
ਜਾਣ ਵਾਲ਼ੀ ਸੜਕ ਦੇ ਇੱਕ ਪਾਸੇ ਵੱਡੀਆਂ ਵੱਡੀਆਂ ਦੁਕਾਨਾਂ ਸਨ ਤੇ ਦੂਜੇ ਪਾਸੇ ਲਾਲ ਰੰਗ ਦੀ
ਕੰਧ ਸੀ। ਇਹ ਕੰਧ ਦੂਜੀ ਸੜਕ ਦੇ ਵੀ ਇੱਕ ਪਾਸੇ ਤੱਕ ਘੁੰਮੀ ਹੋਈ ਸੀ ਤੇ ਉਹਦੇ ਸਾਹਮਣੇ ਇੱਕ
ਬਾਗ ਸੀ। ਲਾਲ ਕੰਧ ਦੇ ਪਿੱਛੇ ਕਾਫੀ ਦੂਰੀ ‘ਤੇ ਇੱਕ ਬਹੁਤ ਵੱਡੀ ਕੋਠੀ ਸੀ। ਜਿਸ ਦੇ ਬਹੁਤ
ਹੀ ਵੱਡੇ ਸਾਰੇ ਵਿਹੜੇ ਵਿੱਚ ਬਾਰਾਂਦਰੀ ਸੀ ਅਤੇ ਕੋਠੀ ਦੇ ਖੁੱਲੇ ਬਰਾਂਡੇ ਵਿੱਚ ਸਦਰ
ਦਰਵਾਜ਼ੇ ਦੇ ਬਿਲਕੁਲ ਸਾਮ੍ਹਣੇ ਬਹੁਤ ਬੜੇ ਗੋਲ਼ ਹੌਜ਼ ਵਿੱਚ ਉੱਚਾ ਸਾਰਾ ਫੁਆਰਾ ਬਣਾਇਆ
ਹੋਇਆ ਸੀ।
ਕੋਠੀ ਦੇ ਏਡੇ ਆਕਾਰ ਤੋਂ ਡਰ ਕੇ ਕਾਲੀ ਹੈਰਾਨ ਹੋ ਗਿਆ। ਉਹ ਅੰਦਾਜ਼ਾ ਲਾਉਣ ਲੱਗਾ ਕਿ ਇਸ
ਕੋਠੀ ਵਿੱਚ ਕਿੰਨੇ ਆਦਮੀ ਰਹਿੰਦੇ ਹੋਣਗੇ। ਪਰ ਕੋਠੀ ਤੋਂ ਅਗਾਂਹ ਪੀਲੇ ਰੰਗ ਦੇ ਮਹੱਲ ਨੂੰ
ਦੇਖ ਕੇ ਜਿਵੇਂ ਉਸ ਦਾ ਸਾਹ ਰੁਕ ਗਿਆ ਹੋਵੇ। ਉਸ ਮਹੱਲ ਦੀਆਂ ਖਿੜਕੀਆਂ ਪਿੰਡ ਦੇ ਬੜੇ ਤੋਂ
ਬੜੇ ਦਰਵਾਜ਼ੇ ਤੋਂ ਵੀ ਲੰਬੀਆਂ ਤੇ ਚੌੜੀਆਂ ਸਨ। ਆਪਣੀ ਕੱਚੀ-ਪੱਕੀ ਜਿਹੀ ਕੋਠੜੀ ਦਾ ਚੇਤਾ
ਆਉਣ ‘ਤੇ ਕਾਲੀ ਦੇ ਦਿਲ ਨੂੰ ਗੁਦਗੁਦੀ ਹੋਣ ਲੱਗੀ ਤੇ ਉਸ ਦਾ ਕਲੇਜਾ ਮੂੰਹ ਨੂੰ ਆਉਣ ਲੱਗਾ।
ਉਹ ਇਕਦਮ ਉਦਾਸ ਹੋ ਗਿਆ। ਉਦਾਸੀ ਤੋਂ ਬਚਣ ਲਈ ਉਹ ਇੱਕ ਵਾਰ ਫਿਰ ਲਾਲ ਕੋਠੀ ਤੇ ਮਹੱਲ ਵਰਗੀ
ਇਮਾਰਤ ਵੱਲ ਦੇਖਣ ਲੱਗਾ। ਉਹਨੂੰ ਲੱਗਾ ਕਿ ਸ਼ਾਇਦ ਇਹ ਉਹ ਹੀ ਸਵਰਗ ਹੈ ਜਿਸ ਬਾਰੇ ਇੱਕ ਵਾਰ
ਉਸਨੇ ਪੰਡਤ ਸੰਤਰਾਮ ਨੂੰ ਕੁੱਝ ਔਰਤਾਂ ਨੂੰ ਦੱਸਦਿਆਂ ਸੁਣਿਆ ਸੀ। ਕੋਠੀ ਦੇ ਬਾਗ ਵਿੱਚ ਜਦ
ਦੋ ਮੁਟਿਆਰਾਂ ਸੈਰ ਕਰਨ ਲਈ ਨਿਕਲੀਆਂ ਤਾਂ ਕਾਲੀ ਨੂੰ ਯਕੀਨ ਹੋ ਗਿਆ ਕਿ ਸ਼ਾਇਦ ਇਹ ਹੀ
ਜਗ੍ਹਾ ਇਸ ਧਰਤੀ ਦਾ ਸਵਰਗ ਹੈ। ਉਹ ਇੱਕ ਵਾਰ ਫਿਰ ਕੋਠੀ ਅਤੇ ਮਹੱਲ ਵਿੱਚ ਰਹਿਣ ਵਾਲਿਆਂ
ਬਾਰੇ ਸੋਚਣ ਲੱਗਾ। ਪਰ ਜਦ ਅੰਦਾਜ਼ਾ ਉਸ ਦੀ ਸੋਚ ਦੇ ਘੇਰੇ ਵਿੱਚ ਨਾ ਆਇਆ ਤਾਂ ਕਾਲੀ ਨੇ
ਕੋਠੀ ਤੇ ਮਹੱਲ ਵੱਲ ਪਿੱਠ ਕਰ ਲਈ ਅਤੇ ਸਾਮ੍ਹਣੇ ਕੰਪਨੀ ਬਾਗ ਦੇ ਬੜੇ ਦਰਵਾਜ਼ੇ ਵੱਲ ਨੂੰ
ਚਲੇ ਗਿਆ।
ਬਾਗ ਦੇ ਅੰਦਰ ਸੜਕ ਦੇ ਦੋਨੋਂ ਪਾਸੀਂ ਚਾਟ, ਕੁਲਫੀ ਅਤੇ ਖਾਣ-ਪੀਣ ਦੀਆਂ ਕਈ ਰੇੜ੍ਹੀਆਂ
ਖੜ੍ਹੀਆਂ ਸਨ। ਉਹਨਾਂ ਦੇ ਸਾਹਮਣੇ ਕੁੱਝ ਔਰਤਾਂ, ਬੱਚੇ ਤੇ ਮਰਦ ਚਾਟ ਤੇ ਕੁਲਫੀ ਖਾ ਰਹੇ
ਸਨ। ਕਾਲੀ ਮੁੜ ਕੇ ਫੇਰ ਬਾਗ ਵਿੱਚ ਜਾ ਵੜਿਆ।
ਬਾਗ ਕਾਫੀ ਖੁੱਲਾ ਸੀ ਅਤੇ ਇਸ ਨੂੰ ਛੋਟੇ ਬੂਟਿਆਂ ਦੀ ਵਾੜ ਕਰਕੇ ਕਈ ਹਿੱਸਿਆਂ ਵਿੱਚ ਵੰਡਿਆ
ਹੋਇਆ ਸੀ। ਇੱਕ ਹਿੱਸੇ ਵਿੱਚ ਕੁੱਝ ਨਿਆਣੇ ਫੁੱਟਬਾਲ ਤੇ ਕੁੱਝ ਗੁੱਲੀਡੰਡਾ ਖੇਲ ਰਹੇ ਸਨ,
ਜਦੋਂ ਕਿ ਕੋਨਿਆਂ ਵਿੱਚ ਕਈ ਨਿਆਣੇ ਇਕੱਠੇ ਬੈਠੇ ਬੰਟੇ ਖੇਲ੍ਹਣ ਵਿੱਚ ਮਸਤ ਸਨ। ਦੂਜੇ ਪਾਰਕ
ਵਿੱਚ ਕਈ ਲੋਕ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਤਾਸ਼ ਦਾ ਅਨੰਦ ਮਾਣ ਰਹੇ ਸਨ। ਉਹਨਾਂ ਤੋਂ
ਅਗਾਂਹ ਕਈ ਬੁੜ੍ਹੇ ਬੈਠੇ ਜਾਂ ਲੰਮੇ ਪਏ ਹੋਏ ਉੱਚੀ ਅਵਾਜ਼ ‘ਚ ਚੁਗਲੀਆਂ ਕਰਦੇ ਹੋਏ ਦੁਨੀਆ
ਤੇ ਸਰਕਾਰ ਨੂੰ ਨਿੰਦਦੇ ਆਪਸ ਵਿੱਚ ਲੜ ਪੈਂਦੇ ਸਨ।
ਕਾਲੀ ਨੂੰ ਬਾਗ ਦਾ ਮਾਹੋਲ ਚੰਗਾ ਲੱਗਾ। ਉਹਨੂੰ ਲੱਗਾ ਕਿ ਸ਼ਹਿਰ ਵਿੱਚ ਘੱਟ ਤੋਂ ਘੱਟ ਇੱਕ
ਥਾਂ ਤਾਂ ਅਜਿਹਾ ਹੈ ਜਿਥੇ ਸਾਰੇ ਲੋਕ ਅਜ਼ਾਦੀ ਨਾਲ਼ ਫਿਰ ਤੁਰ ਤੇ ਮੌਜ-ਮੇਲਾ ਕਰ ਸਕਦੇ ਹਨ।
ਉਹ ਵੱਖਰੇ-ਵੱਖਰੇ ਪਾਰਕਾਂ ਵਿੱਚ ਘੁੰਮਦਾ ਹੋਇਆ ਬਾਗ ਦੇ ਵਿੱਚੋਂ-ਵਿਚੀਂ ਬੋਹੜ ਦੇ ਵੱਡੇ
ਸਾਰੇ ਦਰੱਖਤ ਦੇ ਥੱਲੇ ਆ ਗਿਆ। ਇਹਦੀਆਂ ਜੜ੍ਹਾਂ ਦੇ ਦੁਆਲ਼ੇ ਬੜ੍ਹਾ ਸਾਰਾ ਗੋਲ਼ ਪੱਕਾ
ਥੜ੍ਹਾ ਬਣਾਇਆ ਹੋਇਆ ਸੀ। ਸੁੱਖ ਦਾ ਸਾਹ ਲੈਦਾਂ ਹੋਇਆ ਉਹ ਥੜ੍ਹੇ ਤੇ ਬੈਠ ਗਿਆ ਪਰ ਦਰੱਖਤ
ਦੇ ਤਣੇ ਅਤੇ ਕਿਤੇ-ਕਿਤੇ ਥੜ੍ਹੇ ਉੱਥੇ ਕਾਲ਼ੇ ਤੇ ਲਾਲ ਰੰਗ ਦੇ ਕੀੜਿਆਂ ਨੂੰ ਦੇਖ ਕੇ ਉਹ
ਉੱਥੋਂ ਉੱਠ ਗਿਆ।
ਪਾਰਕ ਵਿੱਚ ਹੌਲ਼ੀ ਹੌਲ਼ੀ ਟਹਿਲਦਿਆਂ ਕਾਲੀ ਇੱਕ ਸੁੰਨੇ ਥਾਂ ਪਹੁੰਚ ਗਿਆ। ਉਹਨੂੰ ਥੋੜ੍ਹਾ
ਥਕੇਵਾਂ ਮਹਿਸੂਸ ਹੋਣ ਲੱਗਾ। ਉਹ ਥੋੜ੍ਹਾ ਟੇਡਾ ਹੋ ਕੇ ਲੱਤਾਂ ਦੀਆਂ ਪਿੰਨੀਆਂ ਘੁੱਟਣ
ਲੱਗਾ। ਉਹਨੂੰ ਅਰਾਮ ਮਹਿਸੂਸ ਹੋਇਆ। ਉਹਨੇ ਚਾਦਰ ਸਿਰ ਦੇ ਥੱਲੇ ਰੱਖ ਕੇ ਸਿਰਹਾਣਾ ਬਣਾ
ਲਿਆ। ਫੇਰ ਉਹ ਥਕੇਵਾਂ ਦੁਰ ਕਰਨ ਲਈ ਸੌਂ ਗਿਆ।
ਕਾਲੀ ਦੀ ਅੱਖ ਖੁੱਲ੍ਹੀ ਤਾਂ ਸੂਰਜ ਸਾਹਮਣੀ ਵੱਡੀ ਸਾਰੀ ਇਮਾਰਤ ਦੀ ਛੱਤ ਦੇ ਜੰਗਲਿਆਂ ਦੇ
ਝਰੋਖਿਆਂ ਵਿਚੀਂ ਝਾਕ ਰਿਹਾ ਸੀ। ਧੁੱਪ ਕਾਫੀ ਫਿੱਕੀ ਜਿਹੀ ਹੋ ਗਈ ਸੀ ਅਤੇ ਬਾਗ ਦੇ ਬੜੇ
ਹਿੱਸਿਆਂ ਵਿੱਚ ਲਾਲ ਕੋਠੀ ਤੇ ਮਹੱਲ ਜਿੰਨੇ ਵੱਡੇ ਪਰਛਾਵੇਂ ਆ ਗਏ ਸਨ।
ਕਾਲੀ ਨੇ ਚਾਦਰ ਨੂੰ ਚੰਗੀ ਤਰ੍ਹਾਂ ਝਾੜਿਆ। ਫੇਰ ਉਹਦੀ ਤਹਿ ਲਾਕੇ ਮੋਢੇ ਉੱਥੇ ਰੱਖਦਾ ਹੋਇਆ
ਵੱਡੇ ਗੇਟ ਵੱਲ ਨੂੰ ਤੁਰ ਪਿਆ। ਭੀੜੀਆਂ ਤੇ ਹਨੇਰੀਆਂ ਗਲੀਆਂ ਵਿੱਚ ਰਹਿਣ ਵਾਲ਼ੇ ਕਈ ਲੋਕ
ਖੁੱਲ੍ਹੀ ਹਵਾ ਵਿੱਚ ਸਾਹ ਲੈਣ ਲਈ ਆਪਣੇ ਪਰਿਵਾਰਾਂ ਦੇ ਨਾਲ਼ ਬਾਗ ਵਿੱਚ ਇਕੱਠੇ ਹੋ ਰਹੇ
ਸਨ। ਚਾਟ ਤੇ ਖਾਣ-ਪੀਣ ਵਾਲ਼ੀਆਂ ਰੇੜ੍ਹੀਆਂ ਦੇ ਦੁਆਲ਼ੇ ਭੀੜ ਪਹਿਲਾਂ ਹੀ ਇੰਨੀ ਸੀ ਜਿਵੇਂ
ਪਾਰਕ ਵਿੱਚ ਲੋਕਾਂ ਦਾ ਟਿੱਡੀ-ਦੱਲ ਉੱਤਰ ਆਇਆ ਹੋਵੇ।
ਬਜ਼ਾਰਾਂ ਵਿੱਚ ਵੀ ਭੀੜ ਵੱਧ ਗਈ ਸੀ। ਸਿਨਮੇ ਵਿੱਚ ਇੱਕ ਸ਼ੋਅ ਖਤਮ ਹੋਣ ਤੇ ਨਵਾਂ ਸ਼ੋਅ
ਸ਼ੁਰੂ ਹੋਣ ਕਰਕੇ ਨਵੀਂ ਰੇਲਵੇ ਰੋਡ ਲੋਕਾਂ ਨਾਲ਼ ਭਰੀ ਪਈ ਸੀ ਤੇ ਸਾਰੀ ਸੜਕ ’ਤੇ ਮੇਲਾ
ਜਿਹਾ ਲੱਗਾ ਹੋਇਆ ਸੀ। ਸਾਈਕਲਾਂ ਦੀਆਂ ਘੰਟੀਆਂ ਦੀ ਟਰਨ-ਟਰਨ, ਤਾਂਗਿਆਂ ਦੀ ਟੱਪ-ਟੱਪ ਅਤੇ
ਇੱਕਾ-ਦੁੱਕਾ ਮੋਟਰਾਂ ਦੀ ਪੌਂ-ਪੌਂ ਆਲ਼ੇ ਦੁਆਲ਼ੇ ਨੂੰ ਖਰੋਚ ਰਹੀ ਸੀ। ਕਾਲੀ ਭੀੜ ਤੋਂ
ਬਚਦਾ ਕਾਹਲ਼ੀ-ਕਾਹਲ਼ੀ ਲੁਧਿਆਣੇ ਦੇ ਬੱਸ ਅੱਡੇ ਵੱਲ ਨੂੰ ਦੌੜਿਆ ਜਾ ਰਿਹਾ ਸੀ ਜਿਵੇਂ ਉਸ
ਨੇ ਆਖਰੀ ਬੱਸ ਫੜਨੀ ਹੋਵੇ।
ਉਹ ਅੱਡੇ ‘ਤੇ ਪਹੁੰਚਿਆ ਤਾਂ ਲੁਧਿਆਣੇ ਨੂੰ ਜਾਣ ਵਾਲ਼ੀ ਆਖਰੀ ਬੱਸ ਤੁਰ ਪਈ ਸੀ ਤੇ ਨਵੇਂ
ਸ਼ਹਿਰ ਨੂੰ ਜਾਣ ਵਾਲ਼ੀ ਲਾਰੀ ਵੀ ਤਿਆਰ ਸੀ। ਸਿ਼ੰਗਾਰਾ ਸੜਕ ‘ਤੇ ਖੜ੍ਹਾ ਰੇਲਵੇ ਸਟੇਸ਼ਨ
ਵੱਲ ਮੂੰਹ ਕਰਕੇ ਉੱਚੀ ਉੱਚੀ ਹੋਕਾ ਦੇ ਰਿਹਾ ਸੀ, “ਆ ਜਾਓ…ਆ ਜਾਓ…ਨਵਾਂ ਸ਼ਹਿਰ, ਬੰਗੇ ਤੇ
ਫਗਵਾੜੇ ਜਾਣ ਵਾਲ਼ੇ। ਲਾਰੀ ਤਿਆਰ ਹੈ।”
ਬੱਸ ਦਾ ਡਰਾਈਵਰ ਵੀ ਵਾਰ-ਵਾਰ ਹਾਰਨ ਵਜਾਉਂਦਾ ਤੇ ਗੱਡੀ ਨਿਊਟਰਲ ਵਿੱਚ ਰੱਖ ਕੇ ਕਿੱਲੀ ਦਬਾ
ਦਿੰਦਾ। ਬੱਸ ਦਾ ਇੰਜ਼ਣ ਬਹੁਤ ਜ਼ੋਰ ਨਾਲ਼ ਧੂੰਆਂ ਛੱਡਦਾ ਹੋਇਆ ਰੌਲ਼ਾ ਪਾਉਂਦਾ ਜੋ ਕਿ ਦੂਰ
ਦੂਰ ਤੱਕ ਸੁਣਾਈ ਦਿੰਦਾ।
ਸਿ਼ੰਗਾਰਾ ਸੜਕ ਤੋਂ ਡਰਾਈਵਰ ਦੀ ਖਿੜਕੀ ਕੋਲ਼ ਆ ਗਿਆ। “ਉਸਤਾਦ, ਬੱਸ ਪਹਿਲੇ ਟੇਸ਼ਣ ‘ਤੇ
ਲੈ ਚਲੋ, ਉਹਤੋਂ ਬਾਅਦ ਕਚਹਿਰੀ ਦੇ ਬਾਹਰ…ਰਾਹ ਵਿੱਚ ਸਵਾਰੀ ਹੱਥ ਦੇਵੇ ਤਾਂ ਚੁੱਕ ਲਵਾਂਗੇ।
ਹੁਣ ਇੱਥੇ ਰੁਕਣ ਦਾ ਤਾਂ ਕੋਈ ਫਾਇਦਾ ਨਹੀਂ।”
“ਠੀਕ ਹੈ। ਬਹਿ ਜਾ ਬੱਸ ’ਚ।” ਡਰਾਈਵਰ ਨੇ ਗੇਅਰ ਬਦਲਦਿਆਂ ਕਿਹਾ।
“ਮੈਂ ਮੋਹਰਲੇ ਪਾਸੇ ਡੰਡੇ ‘ਤੇ ਖੜ੍ਹਾ ਹੋ ਕੇ ਹੋਕਾ ਦਿੰਦਾ ਹਾਂ।” ਸਿ਼ੰਗਾਰਾ ਬੱਸ ਦੇ
ਮੋਹਰਲੇ ਦਰਵਾਜੇ ਵੱਲ ਨੂੰ ਦੌੜ ਪਿਆ।
ਬੱਸ ਹੌਲ਼ੀ ਹੌਲ਼ੀ ਅੱਡੇ ਤੋਂ ਬਾਹਰ ਨਿਕਲੀ। ਬੱਸ ਦੇ ਦਰਵਾਜੇ ’ਚ ਖੜਾ ਸਿ਼ੰਗਾਰਾ ਲਗਾਤਾਰ
ਹੋਕਾ ਲਾ ਰਿਹਾ ਸੀ, “ਨਵਾਂ ਸ਼ਹਿਰ-ਬੰਗਾ…ਫਗਵਾੜਾ…ਆਖਰੀ ਬੱਸ ਜਾ ਰਹੀ ਹੈ। ਜੋ ਰਹਿ ਗਿਆ ਉਹ
ਰਾਤ ਪੁਲਸ ਹਵਾਲ਼ਾਤ ਵਿੱਚ ਕੱਢੂ, ਜੋ ਬਹਿ ਗਿਆ ਉਹ ਆਪਣੀ ਮਾਂ, ਭੈਣ ਜਾਂ ਘਰਵਾਲੀ ਦਾ ਬਣਿਆ
ਹੋਇਆ ਖਾਣਾ ਖਾਏਗਾ।”
ਨਵੇਂ ਸ਼ਹਿਰ ਦੀ ਬੱਸ ਜਾਣ ਬਾਅਦ ਅੱਡਾ ਬਿਲਕੁਲ ਖਾਲੀ ਹੋ ਗਿਆ ਸੀ। ਕਾਲੀ ਨੇ ਚਾਰੇ ਪਾਸੇ
ਦੇਖਿਆ ਪਰ ਉਸ ਨੂੰ ਕੋਈ ਵੀ ਨਾ ਦਿਸਿਆ। ਉਹਨੂੰ ਫਿਕਰ ਹੋਣ ਲੱਗਿਆ ਕਿਉਂਕਿ ਇਸ ਸ਼ਹਿਰ ਵਿੱਚ
ਉਹ ਕੇਵਲ ਚਾਰ ਆਦਮੀਆਂ ਨੂੰ ਹੀ ਪਹਿਚਾਣਦਾ ਸੀ ਅਤੇ ਉਹਨਾਂ ਦੇ ਥੋੜ੍ਹੇ ਜਿਹੇ ਸਹਾਰੇ ਕਰਕੇ
ਉਹਦੇ ਮਨ ਵਿੱਚ ਆਤਮ-ਵਿਸ਼ਵਾਸ ਪੈਦਾ ਹੋਇਆ ਸੀ। ਭਵਿੱਖ ਦੇ ਬਾਰੇ ਕੁੱਝ ਆਸ ਬੱਝੀ ਸੀ।
ਉਹ ਬੇਚੈਨ ਹੋ ਕੇ ਚਾਰੇ ਪਾਸੇ ਦੇਖ ਰਿਹਾ ਸੀ ਕਿ ਉਸ ਨੂੰ ਪਿਛਿਉਂ ਕਿਸੇ ਦੀ ਅਵਾਜ਼ ਸੁਣਾਈ
ਦਿੱਤੀ, “ਸੁਣਾ ਸੱਜਣਾ, ਘੁੰਮ ਫਿਰ ਆਇਆਂ। ਕਰ ਲਈ ਸ਼ਹਿਰ ਦੀ ਸੈਰ?”
ਕਾਲੀ ਨੇ ਚੌਂਕ ਕੇ ਇਕਦਮ ਪਿੱਛੇ ਮੁੜ ਕੇ ਦੇਖਿਆ। ਮਨਸੁੱਖ ਨੂੰ ਦੇਖ ਕੇ ਕਾਲੀ ਨੇ ਸੁਖ ਦਾ
ਸਾਹ ਲਿਆ। “ਅੱਡਾ ਖਾਲੀ ਦੇਖ ਕੇ ਮੈਂ ਤਾਂ ਘਬਰਾ ਹੀ ਗਿਆ ਸੀ।”
“ਰਾਤ ਨੂੰ ਅੱਡੇ ਦੀ ਰੌਣਕ ਛੱਤ ’ਤੇ ਚਲੇ ਜਾਂਦੀ ਹੈ। ਅੱਡਾ ਇੰਨਚਾਰਜ ਤੇ ਕੁੱਝ ਰਿਸ਼ਤੇਦਾਰ
ਡਰਾਈਵਰ-ਕਲੀਨਰ ਦਿਨ ਭਰ ਦੀ ਕਮਾਈ ਸਾਂਝੀ ਕਰਦੇ ਹਨ।” ਮਨਸੁੱਖ ਸੱਜੇ ਹੱਥ ਦਾ ਅਗੂੰਠਾ ਮੂੰਹ
ਨਾਲ਼ ਲਾ ਕੇ ਹੱਸਿਆ, “ਉੱਥੇ ਬੋਤਲਾਂ ਖੋਲ ਕੇ ਬੈਠੇ ਆ। ਉਨ੍ਹਾਂ ਨੂੰ ਪਾਣੀ ਦੇਣ ਗਿਆ ਸੀ।”
ਜਵਾਬ ਵਿੱਚ ਕਾਲੀ ਵੀ ਹੱਸ ਪਿਆ, “ਬਾਕੀ ਸੱਜਣ ਕਿੱਥੇ ਗਏ ਹਨ?”
“ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ। ਬਰਕਤ ਦਾ ਪਿੰਡ ਛਾਉਣੀ ਤੋਂ ਗਾਹਾਂ ਹੈ। ਆਹ
ਜਿਹੜੀ ਬੱਸ ਹੁਣੇ ਗਈ ਆ, ਉਸ ਵਿੱਚ ਗਿਆ ਹੈ। ਬੱਸ ਤੋਂ ਉੱਤਰ ਕੇ ਅੱਧਾ ਕੋਹ ਤੁਰਨਾ ਪੈਂਦਾ
ਹੈ। …ਤੋਖਾ ਤੇ ਸੋਮਾ ਇਹਤੋਂ ਪਹਿਲਾਂ ਲੁਧਿਆਣੇ ਵਾਲ਼ੀ ਬੱਸ ਵਿੱਚ ਗਏ ਹਨ। ਉਨ੍ਹਾਂ ਦੇ
ਪਿੰਡ ਫਗਵਾੜੇ ਤੋਂ ਥੋੜ੍ਹਾ ਅੱਗੇ ਹਨ।” ਮਨਸੁੱਖ ਨੇ ਗੱਲ ਤੋਰੀ ਰੱਖੀ, “ਮੇਰਾ ਪਿੰਡ
ਫਗਵਾੜੇ ਦੇ ਕੋਲ਼ ਹੈ। ਕੱਲ ਨੂੰ ਮੈਂ ਵੀ ਨਵੇਂ ਸ਼ਹਿਰ ਵਾਲ਼ੀ ਆਖਰੀ ਬੱਸ ਲੈ ਕੇ ਜਾਉਂਗਾ।
ਤੂੰ ਕਿੱਥੇ ਕਿੱਥੇ ਘੁੰਮ ਆਇਆਂ ਹੈਂ?”
“ਮੈਂ ਇੱਥੋਂ ਸਿੱਧਾ ਪਹਿਲਾਂ ਬਰਫਖਾਨਾ, ਮਾਲਗੁਦਾਮ, ਫਿਰ ਆਰਾ ਮਸ਼ੀਨਾਂ ਦੇ ਬਜ਼ਾਰ ਤੋਂ
ਪਰੇ ਦੂਜੇ ਬੱਸ ਅੱਡੇ ‘ਤੇ ਚਲੇ ਗਿਆ ਸੀ,” ਕਾਲੀ ਨੇ ਦੱਸਿਆ। “ਉੱਥੇ ਹੁਸਿ਼ਆਰਪੁਰ ਦਾ ਅੱਡਾ
ਹੈ …। ਹੋਰ ਅੱਗੇ ਜਾਂਦਾ ਤਾਂ ਟਾਂਡਾ ਰੋੜ੍ਹ ‘ਤੇ ਪਹੁੰਚ ਜਾਣਾ ਸੀ।”
ਟਾਂਡੇ ਦਾ ਨਾਂ ਸੁਣ ਕੇ ਕਾਲੀ ਦਾ ਮੂੰਹ ਉੱਤਰ ਗਿਆ ਤੇ ਉਹ ਘਬਰਾ ਗਿਆ। ਉਹਨੂੰ ਲੱਗਾ ਕਿ
ਹੁਣ ਮਨਸੁੱਖ ਉਹਦੇ ਪਿੰਡ ਦਾ ਜਿ਼ਕਰ ਕਰੇਗਾ ਤੇ ਫਿਰ ਉਹਦੀ ਰਾਮ ਕਹਾਣੀ ਉਹਨੂੰ ਹੀ
ਸੁਣਾਏਗਾ।”
“ਹੋਰ ਕਿੱਥੇ-ਕਿੱਥੇ ਗਿਆ?” ਮਨਸੁੱਖ ਨੇ ਦਿਲਚਸਪੀ ਲੈਂਦਿਆਂ ਪੁੱਛਿਆ।
ਇਹ ਸੁਣ ਕੇ ਕਾਲੀ ਦੀ ਘਬਰਾਹਟ ਦੂਰ ਹੋ ਗਈ ਤੇ ਉਸ ਤੇ ਪੂਰੀ ਸਹਿਜ ਹੋਣ ਲਈ ਉਹ ਸੋਚਾਂ ਵਿੱਚ
ਡੁੱਬ ਗਿਆ। ਫਿਰ ਸਿਰ ਹਿਲਾਉਂਦਾ ਹੋਇਆ ਹੌਲ਼ੀ ਜਿਹੇ ਬੋਲਿਆ, “ਉਸ ਬਜ਼ਾਰ ਵਿੱਚ ਵੀ ਗਿਆ
ਜਿਥੇ ਦੋ ਸਿਨਮਾ ਘਰ ਹਨ।”
“ਅੱਛਾ, ਨਵੀਂ ਰੇਲਵੇ ਰੋੜ੍ਹ …ਉੱਥੇ ਰਾਇਲ ਟਾਕੀ ਤੇ ਹਰੀ ਪੈਲੇਸ ਸਿਨੇਮਾ ਹੈ।” ਮਨਸੁੱਖ ਨੇ
ਦੱਸਿਆ।
“ਨਾਂ ਦਾ ਤਾਂ ਮੈਨੂੰ ਪਤਾ ਨਹੀਂ …। ਕਾਲੀ ਬੋਲਿਆ, “ਉੱਥੋਂ ਮੈਂ ਅੱਗੇ ਚਲੇ ਗਿਆ। …ਇੱਕ
ਚੌਂਕ ਵਿੱਚ ਪਹੁੰਚ ਗਿਆ। ਫਿਰ ਹੋਰ ਅੱਗੇ …ਤੰਗ ਜਿਹੇ ਬਜ਼ਾਰ ਵਿੱਚ।”
“ਉਹਦਾ ਨਾਂ ਫਗਵਾੜਾ ਗੇਟ ਹੈ।” ਮਨਸੁੱਖ ਸ਼ਹਿਰ ਬਾਰੇ ਆਪਣੀ ਜਾਣਕਾਰੀ ’ਤੇ ਬਹੁਤ ਖੁਸ਼ ਸੀ।
“ਇਸ ਚੌਂਕ ਤੋਂ ਅੱਗੇ ਜਾ ਕੇ ਇੱਕ ਪਾਸੇ ਬਹੁਤ ਹੀ ਬੜੀ ਲਾਲ ਰੰਗ ਦੀ ਕੋਠੀ ਤੇ ਉਹਦੇ ਬਗਲ
ਵਿੱਚ ਇੱਕ ਮਹੱਲ ਵਰਗੀ ਵੱਡੀ ਸਾਰੀ ਇਮਾਰਤ ਸੀ।” ਕਾਲੀ ਇਨ੍ਹਾਂ ਇਮਾਰਤਾਂ ਦੇ ਅਕਾਰ ਤੋਂ
ਅਜੇ ਤੱਕ ਡਰਿਆ ਹੋਇਆ ਸੀ।
“ਦੁਨੀਆਂ ਵਿੱਚ ਬੜੇ ਤੋਂ ਬੜੇ ਲੋਕ ਹਨ।” ਮਨਸੁੱਖ ਨੇ ਬੜੇ ਸੁਚੱਜੇ ਤਰੀਕੇ ਨਾਲ਼ ਕਿਹਾ।
“ਕੰਪਨੀ ਬਾਗ ਵੀ ਦੇਖਿਆ ਕਿ ਨਹੀਂ?”
“ਦੇਖਿਆ। ਲਾਲ ਕੋਠੀ ਦੇ ਸਾਮ੍ਹਣੇ ਜਿਹੜਾ ਬਾਗ ਹੈ।” ਖੁਸ਼ੀ ਨਾਲ਼ ਕਾਲੀ ਚਹਿਕ ਪਿਆ।
“ਹਾਂ, ਉਹੀ। ਜਦ ਕਦੀ ਮੋਕਾ ਮਿਲੇ ਤਾਂ ਮੈਂ ਵੀ ਥਕਾਵਟ ਲਾਹੁਣ ਲਈ ਉੱਥੇ ਹੀ ਜਾਂਦਾ ਹਾਂ।
…”
ਰੇਲਵੇ ਰੋਡ ਤੋਂ ਅੱਡੇ ਵੱਲ ਮੁੜਦੀ ਹੋਈ ਬੱਸ ਨੂੰ ਦੇਖ ਕੇ ਮਨਸੁੱਖ ਨੇ ਆਪਣੀ ਗੱਲਬਾਤ ਵਿਚੇ
ਛੱਡ ਦਿੱਤੀ ਤੇ ਕਾਹਲ਼ੀ ਨਾਲ਼ ਬੱਸ ਵੱਲ ਨੂੰ ਚਲੇ ਗਿਆ। ਸਭ ਤੋਂ ਪਹਿਲਾਂ ਬੱਸ ਵਿੱਚੋਂ ਦੋ
ਮੁੰਡੇ ਉੱਤਰੇ। ਉਹਨਾਂ ਨੇ ਬਹੁਤ ਸੁਹਣੇ ਕੱਪੜੇ ਪਾਏ ਹੋਏ ਸਨ। ਉਹ ਬਹੁਤ ਖੁਸ਼ ਤੇ ਚਾਅ ਸਨ।
ਇੱਕ ਨੇ ਚਾਰੇ ਪਾਸੇ ਦੇਖ ਕੇ ਉੱਚੀ ਅਵਾਜ਼ ਵਿੱਚ ਹਾਕ ਮਾਰੀ, “ਕੁਲੀ।”
ਮਨਸੁੱਖ ਦੌੜ ਕੇ ਉਨ੍ਹਾਂ ਮੁੰਡਿਆਂ ਦੇ ਕੋਲ਼ ਚਲਾ ਗਿਆ, “ਹਾਂ, ਬਾਬੂ ਜੀ।”
“ਉਪਰੋਂ ਸਮਾਨ ਲਾਹ…।” ਫਿਰ ਉਸ ਨੂੰ ਇਕੱਲਾ ਦੇਖ ਕੇ ਉਹ ਦੁਚਿੱਤੀ ਵਿੱਚ ਪੈ ਗਿਆ, “ਤੇਰੇ
ਨਾਲ਼ ਕੋਈ ਹੋਰ ਆਦਮੀ ਨਹੀਂ ਹੈ?”
“ਆਦਮੀਆਂ ਦਾ ਕੋਈ ਘਾਟਾ ਨਹੀਂ ਹੈ?” ਮਨਸੁੱਖ ਨੇ ਕਾਲੀ ਨੂੰ ਇਸ਼ਾਰਾ ਕੀਤਾ।
“ਪਰਵੇਸ਼, ਤੂੰ ਦੌੜ ਕੇ ਤਾਂਗਾ ਲੈ ਆ। ਉਦੋਂ ਤੱਕ ਮੈਂ ਸਮਾਨ ਲਹਾਉਂਦਾ ਹਾਂ।” ਇੰਦਰਜੀਤ ਨੇ
ਕਿਹਾ। ਫਿਰ ਉਹ ਮਨਸੁੱਖ ਵੱਲ ਨੂੰ ਮੁੜ ਪਿਆ, “ਦੇਖਦੇ ਕੀ ਆਂ? ਛੇਤੀ ਸਮਾਨ ਲਾਹੋ।”
“ਕਿਹੜਾ ਕਿਹੜਾ ਸਮਾਨ ਹੈ?”
“ਸਾਰਾ ਸਮਾਨ ਆਪਣਾ ਹੀ ਹੈ।” ਇੰਦਰਜੀਤ ਨੇ ਛੱਤ ਵੱਲ ਇਸ਼ਾਰਾ ਕੀਤਾ।
ਮਨਸੁੱਖ ਬੱਸ ਦੀ ਛੱਤ ਉੱਪਰ ਜਾ ਚੜ੍ਹਿਆ ਅਤੇ ਇੱਕ ਇੱਕ ਕਰਕੇ ਟਰੰਕ ਥੱਲੇ ਲਟਕਾਉਂਦਾ ਰਿਹਾ।
ਕਾਲੀ ਫੜ-ਫੜ ਕੇ ਥੱਲੇ ਥੋੜ੍ਹੇ ਫਾਸਲੇ ਤੇ ਟਿਕਾਉਂਦਾ ਰਿਹਾ। ਪੂਰਾ ਸਮਾਨ ਉੱਤਾਰ ਕੇ
ਮਨਸੁੱਖ ਥੱਲੇ ਆ ਗਿਆ, “ਕੁੱਲ ਕਿੰਨੇ ਨਗ ਹਨ?”
“ਮੈਂ ਤਾਂ ਗਿਣੇ ਹੀ ਨਹੀਂ।” ਕਾਲੀ ਨੇ ਥੋੜ੍ਹਾ ਪ੍ਰੇਸ਼ਾਨ ਹੋ ਕੇ ਕਿਹਾ, ਜਿਵੇਂ ਉਹਦੇ
ਕੋਲ਼ੋਂ ਕੋਈ ਬਹੁਤ ਬੜੀ ਗਲਤੀ ਹੋ ਗਈ ਹੋਵੇ।
“ਕੋਈ ਗੱਲ ਨਹੀਂ।” ਮਨਸੁੱਖ ਨੇ ਛੇਤੀ-ਛੇਤੀ ਨਗ ਗਿਣੇ ਤੇ ਇੰਦਰਜੀਤ ਦੇ ਕੋਲ਼ ਆ ਗਿਆ,
“ਕੁੱਲ ਸੋਲਾਂ ਨਗ ਹਨ। ਤੁਸੀਂ ਆਪ ਗਿਣ ਲਉ।”
“ਠੀਕ ਹੈ। ਐਨੇ ਹੀ ਹੋਣਗੇ।” ਇੰਦਰਜੀਤ ਨੇ ਉਹਦੇ ਵੱਲ ਕੋਈ ਖਾਸ ਧਿਆਨ ਦਿੱਤੇ ਬਿਨਾਂ ਕਿਹਾ,
“ਸਮਾਨ ਤਾਂਗਿਆਂ ਤੇ ਲੱਦਣਾ ਹੈ।”
“ਇਸ ਕੰਮ ਦੇ ਪੈਸੇ ਵੱਖਰੇ ਲਵਾਂਗੇ। ਸਾਡਾ ਕੰਮ ਤਾਂ ਸਮਾਨ ਬੱਸ ਦੀ ਛੱਤ ਤੋਂ ਥੱਲੇ ਲਾਹੁਣਾ
ਹੀ ਹੈ। ਮਨਸੁੱਖ ਨੇ ਗੱਲ ਸਪਸ਼ਟ ਕੀਤੀ।
“ਘਬਰਾਉਂਦਾ ਕਿਉਂ ਆਂ। ਤੇਰਾ ਦਿਲ ਖੁਸ਼ ਕਰਕੇ ਜਾਵਾਂਗੇ। ਮੁੰਡੇ ਦਾ ਵਿਆਹ ਕਰਕੇ ਆ ਰਹੇ
ਹਾਂ ਕੋਈ ਮਜ਼ਾਕ ਨਹੀਂ ਹੈ।”
“ਜਨਾਬ, ਕੋਈ ਗੱਲ ਨਹੀਂ। ਖੁਸ਼ੀ ਦਾ ਮੌਕਾ ਹੈ। ਤੁਹਾਡੀ ਹੀ ਮੇਹਰਬਾਨੀ ਹੈ।” ਮਨਸੁੱਖ ਨੇ
ਹੱਥ ਜੋੜ ਦਿੱਤੇ।
ਤਾਂਗੇ ਆ ਗਏ ਤਾਂ ਕਾਲੀ ਤੇ ਮਨਸੁੱਖ ਨੇ ਰਲ ਕੇ ਸਮਾਨ ਉਨ੍ਹਾਂ ‘ਤੇ ਚੜ੍ਹਾ ਦਿੱਤਾ।
“ਸਾਬ, ਆਪਣਾ ਸਮਾਨ ਦੇਖ ਲਓ।” ਮਨਸੁੱਖ ਨੇ ਤਾਂਗਿਆਂ ਵਿੱਚ ਲੱਦੇ ਸਮਾਨ ਵੱਲ ਇਸ਼ਾਰਾ ਕੀਤਾ।
ਇੰਦਰਜੀਤ ਨੇ ਸਮਾਨ ਚੈੱਕ ਕੀਤਾ ਤੇ ਜੇਬ ਵਿੱਚੋਂ ਬਟੂਆ ਕੱਢਿਆ। ਬੋਲ, “ਕਿੰਨੇ ਪੈਸੇ
ਹੋਏ”?”
“ਸਾਬ ਜੀ, ਹਿਸਾਬ ਦੇ ਮੁਤਾਬਿਕ ਤਾਂ ਤਿੰਨ ਰੁਪਏ ਬਣਦੇ ਹਨ ਪਰ ਖੁਸ਼ੀ ਦਾ ਮੌਕਾ ਹੈ, ਆਪ ਜੋ
ਮਰਜ਼ੀ ਦੇ ਦਿਉ।” ਮਨਸੁੱਖ ਨੇ ਖੁਸ਼ਾਮਦ ਕੀਤੀ।
ਮਨਸੁੱਖ ਜਾਣ-ਬੁੱਝ ਕੇ ਇੰਦਰਜੀਤ ਨੂੰ ਪਰੇ ਲੈ ਗਿਆ ਤਾਂ ਕਿ ਕਾਲੀ ਨੂੰ ਪਤਾ ਨਾ ਲੱਗੇ ਕਿ
ਉਹਨੇ ਕਿੰਨੇ ਪੈਸੇ ਲਏ ਹਨ। ਇੰਦਰਜੀਤ ਨੇ ਆਪਣੇ ਬਟੂਏ ਵਿੱਚੋਂ ਇੱਕ-ਇੱਕ ਰੁਪਏ ਦੇ ਚਾਰ ਨੋਟ
ਕੱਢ ਕੇ ਮਨਸੁੱਖ ਦੇ ਹੱਥ ਤੇ ਰੱਖ ਦਿੱਤੇ, “ਕਿਉਂ ਠੀਕ ਹੈ?”
“ਜਨਾਬ, ਤੁਸੀਂ ਮਾਲਿਕ ਹੋ।” ਮਨਸੁੱਖ ਨੇ ਜ਼ੋਰ ਨਾਲ਼ ਮੁੱਠੀ ਘੁੱਟਦਿਆਂ ਬੇਨਤੀ ਕੀਤੀ।
ਮਨਸੁੱਖ ਨੇ ਬੱਸ ਦਾ ਚੱਕਰ ਲਾਇਆ ਪਰ ਡਰਾਈਵਰ ਤੇ ਕਲੀਨਰ ਦੋਵਾਂ ਵਿੱਚੋਂ ਉਹਨੂੰ ਕੋਈ ਵੀ ਨਾ
ਮਿਲਿਆ। ਫਿਰ ਪਰਗਟ ਸਿੰਘ ਡਰਾਈਵਰ ਨੂੰ ਨਲਕੇ ਵੱਲ ਆਉਂਦਾ ਦੇਖ ਕੇ ਉਹ ਖੁਸ਼ ਹੋ ਗਿਆ,
“ਕਿਉਂ ਉਸਤਾਦ ਜੀ, ਆਖਰੀ ਟੈਮ ਤਾਂ ਹੁਣੇ ਜਾਊਗਾ?”
“ਕਿਉਂ ਜਾਊਗਾ?” ਪਰਗਟ ਸਿੰਘ ਖਿੱਝ ਗਿਆ।
“ਸਾਰੇ ਬਾਬੇ ਉੱਪਰ ਬੈਠੇ ਹਨ।” ਮਨਸੁੱਖ ਛੱਤ ਵੱਲ ਇਸ਼ਾਰਾ ਕਰਕੇ ਸ਼ਰਾਰਤ ਨਾਲ਼ ਹੱਸਿਆ।
“ਕੌਣ …ਕੌਣ ਹਨ?”
“ਸਾਰੇ ਉੱਪਰ ਹੀ ਹਨ। ਅੱਗੇ ਤੁਸੀਂ ਅੰਦਾਜ਼ਾ ਲਾ ਲਓ।”
“ਚੰਗਾ ਆ, ਅਸੀਂ ਵੀ ਬੱਸ ਪਿੰਡ ਲੈ ਜਾਵਾਂਗੇ ਤੇ ਰਾਤ ਅਰਾਮ ਨਾਲ਼ ਕੱਟਾਂਗੇ।” ਪਰਗਟ ਸਿੰਘ
ਨੇ ਸਿਰ ਝਟਕਿਆ ਤੇ ਕਲੀਨਰ ਨੂੰ ਹਾਕਾਂ ਮਾਰਦਾ ਮੁਕੰਦੇ ਦੀ ਦੁਕਾਨ ਵੱਲ ਨੂੰ ਚਲੇ ਗਿਆ।
“ਓਏ ਮਨਸੁੱਖੇ …ਮਨਸੁੱਖੇ ਓਏ,” ਛੱਤ ਤੋਂ ਅਵਾਜ਼ ਆਈ।
ਮਨਸੁੱਖ ਪੌੜ੍ਹੀਆਂ ਵੱਲ ਨੂੰ ਦੌੜ੍ਹਿਆ ਤੇ ਪਹਿਲੇ ਡੰਡੇ ‘ਤੇ ਹੀ ਖੜ੍ਹਾ ਹੋ ਕੇ ਉੱਚੀ
ਅਵਾਜ਼ ਵਿੱਚ ਪੁੱਛਿਆ, “ਹਾਂ ਜੀ। ਉਸਤਾਦ ਜੀ।”
“ਨਵੇਂ ਸ਼ਹਿਰ ਦਾ ਆਖਰੀ ਟੈਮ ਆ ਗਿਆ?”
“ਆ ਗਿਆ, ਉਸਤਾਦ ਜੀ।”
“ਡਰਾਈਵਰ ਕੌਣ ਹੈ?”
“ਪਰਗਟ ਸਿੰਘ ਹੈ। ਉਸਤਾਦ ਜੀ।”
“ਉਹਨੂੰ ਕਹਿ ਦੇ ਕਿ ਫਗਵਾੜੇ ਤੇ ਬੰਗਿਆਂ ਦਾ ਆਖਰੀ ਟੈਮ ਚੁੱਕ ਲਵੇ।”
“ਉਸਤਾਦ ਜੀ, ਪਹਿਲਾਂ ਹੀ ਕਹਿ ਦਿੱਤਾ ਹੈ। ਉਹ ਮੁਕੰਦੇ ਦੀ ਦੁਕਾਨ ਤੇ ਚਾਹ ਪੀਣ ਗਿਆ ਹੈ।”
ਮਨਸੁੱਖ ਨੇ ਦੱਸਿਆ।
“ਠੀਕ ਹੈ। ਤੂੰ ੳੁੱਪਰ ਆ ਕੇ ਗਲਾਸ, ਬਾਲਟੀ ਤੇ ਨਿੱਕਾ-ਮੋਟਾ ਸਮਾਨ ਚੁੱਕ ਲਾ। ਹੁਣ ਕੰਮ
ਮੁੱਕਣ ਹੀ ਵਾਲ਼ਾ ਹੈ।”
“ਉਸਤਾਦ ਜੀ, ਤੁਹਾਡੇ ਥੱਲੇ ਉੱਤਰਦਿਆਂ ਹੀ ਸਭ ਕੁਛ ਚੁੱਕ ਲਵਾਂਗਾ। ਮੈਂ ਰਾਤ ਇੱਥੇ ਅੱਡੇ
’ਤੇ ਹੀ ਰਹਿਣਾ ਹੈ। ਸਾਰੇ ਆਖਰੀ ਟੈਮ ਦੇਖਣ ਦੀ ਮੇਰੀ ਹੀ ਵਾਰੀ ਹੈ ਅੱਜ।” ਮਨਸੁੱਖ ਜੇਬ
ਵਿੱਚ ਪਾਏ ਰੁਪਏ-ਰੁਪਏ ਦੇ ਚਾਰ ਨੋਟਾਂ ਕਰਕੇ ਖੁਸ਼ ਹੋਇਆ ਪਿਆ ਸੀ।
ਥੋੜ੍ਹੇ ਚਿਰ ਬਾਅਦ ਪਰਗਟ ਸਿੰਘ ਤੇ ਕੁਲਦੀਪ ਚਾਹ ਪੀ ਕੇ ਆ ਗਏ। “ਉਏ ਮਨਸੁੱਖੇ, ਸਿ਼ੰਗਾਰਾ
ਤਾਂ ਨਵੇਂ ਸ਼ਹਿਰ ਵਾਲ਼ੀ ਬੱਸ ਨਾਲ਼ ਹੀ ਚਲੇ ਗਿਆ ਹੋਣਾ?” ਪਰਗਟ ਸਿੰਘ ਨੇ ਪੁੱਛਿਆ।
“ਹਾਂ ਉਸਤਾਦ।”
“ਫਿਰ ਤੂੰ ਹੀ ਹੋਕਾ ਦੇ ਦੇ …ਫਗਵਾੜੇ, ਬਹਿਰਾਮ ਤੇ ਬੰਗਿਆਂ ਦਾ।”
“ਉਸਤਾਦ, ਅੱਡਾ ਇੰਨਚਾਰਜ ਤੋਂ ਪੁੱਛ ਲਉ। ਆਖਰੀ ਟੈਮ ਕਿੱਥੋਂ ਦਾ ਬਣਾਉਣਾ ਹੈ?” ਮਨਸੁੱਖ ਨੇ
ਸਲਾਹ ਦਿੱਤੀ।
“ਉਏ ਤੂੰ ਚੁੱਪ ਰਹਿ। ਮੈਂ ਤੇ ਕੁਲਦੀਪ ਵੀ ਤਾਂ ਕੰਪਨੀ ਦੇ ਹਿੱਸੇਦਾਰ ਹਾਂ। ਜਾ, ਤੂੰ ਹੋਕਾ
ਦੇ …ਸੜਕ ਉਪਰ।” ਪਰਗਟ ਨੇ ਜ਼ੋਰ ਨਾਲ਼ ਕਿਹਾ।
ਫਗਵਾੜਾ, ਬਹਿਰਾਮ ਤੇ ਬੰਗਿਆ ਦਾ ਹੋਕਾ ਦਿੰਦਾ ਮਨਸੁੱਖ ਸੜਕ ‘ਤੇ ਆ ਗਿਆ। ਉਹ ਵਾਰੀ-ਵਾਰੀ
ਸੱਜੇ ਤੇ ਖੱਬੇ ਮੂੰਹ ਘੁਮਾ ਕੇ ਹੋਕਾ ਦਿੰਦਾ ਰਿਹਾ।
“ਤੈਨੂੰ ਪੱਕਾ ਪਤਾ ਕਿ ਲਾਰੀ ਜਾ ਰਹੀ ਹੈ ਫਗਵਾੜੇ ਨੂੰ? ਆਖਰੀ ਟੈਮ ਦੀ ਲਾਰੀ ਤਾਂ ਬਹੁਤ
ਪਹਿਲਾਂ ਨਿਕਲ ਜਾਂਦੀ ਹੈ।” ਸਮਾਨ ਨਾਲ਼ ਲੱਦੀ ਇੱਕ ਸਵਾਰੀ ਨੇ ਆਪਣੀ ਗੱਲ ਦੀ ਪੁਸ਼ਟੀ ਕਰਨੀ
ਚਾਹੀ।
“ਲਾਲਾ ਜੀ, ਪੱਕੀ ਜਾ ਰਹੀ ਹੈ। ਤੁਸੀਂ ਬੈਠੋ ਬੱਸ ਵਿੱਚ।” ਮਨਸੁੱਖ ਨੇ ਵਿਸ਼ਵਾਸ ਦੁਆਇਆ
ਅਤੇ ਜਲਦੀ ਨਾਲ਼ ਇੱਕ ਵਾਰ ਹੋਰ ਹੋਕਾ ਲਾ ਕੇ ਸਮਾਨ ਨਾਲ਼ ਭਰੇ ਤਾਂਗੇ ਦੇ ਨਾਲ਼ ਹੀ ਬੱਸ
ਕੋਲ਼ ਆ ਗਿਆ।
ਮਨਸੁੱਖ ਨੇ ਕਾਲੀ ਦੀ ਮਦਦ ਨਾਲ਼ ਸਮਾਨ ਬੱਸ ਦੀ ਛੱਤ ‘ਤੇ ਚੜ੍ਹਾ ਦਿੱਤਾ ਤੇ ਅੱਠ ਆਨੇ ਹੋਰ
ਕਮਾ ਲਏ। ਉਹ ਅਜੇ ਹੋਕਾ ਦੇ ਹੀ ਰਿਹਾ ਸੀ ਕਿ ਅੱਡਾ ਇੰਨਚਾਰਜ ਅਤੇ ਕੰਪਨੀ ਦੇ ਚਾਰ ਹੋਰ
ਹਿੱਸੇਦਾਰ ਛੱਤ ਤੋਂ ਥੱਲੇ ਆ ਗਏ। ਉਹ ਸਾਰੇ ਕੰਪਨੀ ਦੇ ਡਰਾਈਵਰ, ਮਕੈਨਿਕ, ਇੰਨਸਪੈਕਟਰ
ਵਗੈਰਾ ਸਨ। ਉਹ ਬੱਸ ਦੇ ਕੋਲ਼ ਆ ਖੜ੍ਹੇ ਹੋਏ। ਪਰਗਟ ਸਿੰਘ ਨੂੰ ਦੇਖ ਕੇ ਮੀਤ ਸਿੰਘ ਨੇ
ਪੁੱਛਿਆ, “ਸੁਣਾ ਬੱਲਿਆ, ਕੀ ਹਾਲ ਹੈ ਤੇਰਾ?”
“ਠੀਕ ਹਾਂ ਉਸਤਾਦ ਜੀ। ਜਿਹੜੀ ਦਿਹਾੜੀ ਨਿਕਲ ਜਾਵੇ, ਉਹੀ ਭਲੀ।” ਪਰਗਟ ਸਿੰਘ ਨੇ ਹੱਥ
ਅਕਾਸ਼ ਵੱਲ ਚੁੱਕ ਲਏ।
“ਕੀ ਗੱਲ ਆ? ਇੰਨੀ ਛੋਟੀ ਉਮਰ ਵਿੱਚ ਹੀ ਬੁੜਿਆਂ ਵਰਗੀਆਂ ਗੱਲਾਂ ਕਰਨ ਲੱਗ ਗਿਆਂ। ਤੇਰੇ
ਤਾਂ ਖੇਲਣ ਮਲਣੇ ਦੇ ਦਿਨ ਨੇ ਅਜੇ।” ਮੀਤ ਸਿੰਘ ਹੱਸ ਪਿਆ।
“ਇਹਦੇ ਮੋਢਿਆਂ ‘ਤੇ ਤਾਂ ਬਹੁਤ ਭਾਰ ਹੈ। ਸਿਰ ‘ਤੇ ਬਾਪ ਦਾ ਸਾਇਆ ਨਹੀਂ ਰਿਹਾ। ਛੋਟੇ ਛੋਟੇ
ਨਿਆਣੇ ਛੱਡ ਕੇ ਆਪ ਰੱਬ ਨੂੰ ਪਿਆਰਾ ਹੋ ਗਿਆ। ਘਰ ਵਿੱਚ ਇਹ ਹੀ ਸਾਰਿਆਂ ਤੋਂ ਬੜਾ ਹੈ। ਦੋ
ਭੈਣਾਂ ਦਾ ਵਿਆਹ ਕੀਤਾ ਇਹਨੇ। ਤਿੰਨ ਅਜੇ ਘਰ ਕੁਆਰੀਆਂ ਬੈਠੀਆਂ ਹਨ।” ਹੁਣ ਤੂੰ ਆਪ ਹੀ
ਅੰਦਾਜ਼ਾ ਲਾ ਲੈ। ਚੈਕਰ ਨਸੀਬ ਸਿੰਘ ਨੇ ਮੀਤ ਸਿੰਘ ਨੂੰ ਦੱਸਿਆ।
ਬਹੁਤੇ ਲੋਕ ਖਮੋਸ਼ ਸਨ ਪਰ ਮੀਤ ਸਿੰਘ ਦਾ ਨਸ਼ਾ ਖਿੜ ਗਿਆ ਸੀ। ਉਹ ਲਗਾਤਾਰ ਬੋਲੀ ਜਾ ਰਿਹਾ
ਸੀ। ਕੁਲਦੀਪ ਨੂੰ ਦੇਖ ਕੇ ਉਹ ਚਹਿਕ ਪਿਆ, “ਸੁਣਾ ਬੱਲਿਆ, ਕੀ ਹਾਲ ਹੈ ਤੇਰਾ?”
“ਠੀਕ ਹੈ।” ਕੁਲਦੀਪ ਨੇ ਨਿਮਰਤਾ ਨਾਲ਼ ਹੱਥ ਜੋੜੇ।
“ਟਿਕਟ ਕੱਟਣਾ ਸਿੱਖ ਲਿਆ ਹੈ ਜਾਂ ਕਿ ਨਹੀਂ? ਬਿੱਲ ਬਣਾ ਲੈਂਦਾ ਆਂ?” ਮੀਤ ਸਿੰਘ ਨੇ
ਪੁੱਛਿਆ।
“ਹਾਂ ਉਸਤਾਦ ਜੀ, ਸਾਰੇ ਕੰਮ ਕਰ ਲੈਂਦਾ ਹਾਂ।”
“ਇਹ ਮੁੰਡਾ ਕੌਣ ਹੈ। ਕਦੋਂ ਰੱਖਿਆ ਇਹਨੂੰ?” ਨਸੀਬ ਸਿੰਘ ਨੇ ਕੁਲਦੀਪ ਵੱਲ ਇਸ਼ਾਰਾ ਕੀਤਾ।
“ਇਹ ਪੰਡਤ ਜੀ ਦਾ ਭਤੀਜਾ ਹੈ, ਭਾਈ ਦਾ ਮੁੰਡਾ। ਦਸ ਜਮਾਤਾਂ ਪਾਸ ਹੈ। ਕੰਮ ਸਿੱਖ ਰਿਹਾ ਹੈ।
ਦੋ-ਤਿੰਨ ਮਹੀਨਿਆਂ ਵਿੱਚ ਇੰਨਸਪੈਕਟਰ ਤੇ ਫਿਰ ਡੀਪੋ ਮੈਨੇਜਰ ਬਣ ਜਾਵੇਗਾ।” ਮੀਤ ਸਿੰਘ ਨੇ
ਸਿਰ ਹਿਲਾਇਆ।
“ਪੰਡਤ ਜੀ ਦਾ ਭਤੀਜਾ ਹੈ ਤਾਂ ਜ਼ਰੂਰ ਮੈਨੇਜਰ ਬਣੇਗਾ।” ਨਸੀਬ ਸਿੰਘ ਨੇ ਅੱਖ ਦਬਾਈ।
“ਪਰਗਟ ਸਿੰਘਾ। ਬੈਠੀਏ ਬੱਸ ਵਿੱਚ?” ਮੀਤ ਸਿੰਘ ਨੇ ਪੁੱਛਿਆ।
“ਬੈਠੋ ਉਸਤਾਦ ਜੀ। ਹੁਣੇ ਚਲਦੇ ਹਾਂ। ਬਸ, ਜ਼ਰਾ ਸੜਕ ‘ਤੇ ਸਵਾਰੀ ਦੇਖ ਲਈਏ।” ਪਰਗਟ ਸਿੰਘ,
ਕੁਲਦੀਪ ਤੇ ਮਨਸੁੱਖ ਸੜਕ ਦੇ ਕੰਢੇ ਖੜ੍ਹ ਕੇ ਅਵਾਜ਼ਾਂ ਦੇਣ ਲੱਗੇ।
“ਓਹ ਬੱਲਿਓ, ਆ ਜਾਓ। ਕਿਉਂ ਸੰਘ ਪਾੜ ਰਹੇ ਹੋ। ਰਾਹ ਵਿੱਚ ਸਵਾਰੀ ਮਿਲ ਜਾਉਗੀ। ਇੱਥੋਂ
ਸਟੇਸ਼ਨ ਨੂੰ ਚਲੋ। ਉੱਥੋਂ ਕਚਹਿਰੀ …ਰਾਹ ਵਿੱਚ ਰਾਮਾਮੰਡੀ ਵੀ ਹੈ। ਕੋਈ ਨਾ ਕੋਈ ਤਾਂ ਮਿਲ
ਹੀ ਜਾਵੇਗਾ। ਤੇਲ ਦਾ ਖਰਚ ਤਾਂ ਨਿਕਲੂਗਾ ਹੀ,” ਮੀਤ ਸਿੰਘ ਬੱਸ ਵੱਲ ਨੂੰ ਤੁਰ ਪਿਆ।
ਦੋ-ਤਿੰਨ ਸਵਾਰੀਆਂ ਹੋਰ ਬੈਠ ਗਈਆਂ ਤਾਂ ਪਰਗਟ ਸਿੰਘ ਨੇ ਬੱਸ ਤੋਰ ਲਈ। ਇੰਜਣ ਨੇ ਥੋੜ੍ਹੀ
ਦੇਰ ਸ਼ੂੰ-ਸ਼ੂੰ ਦੀ ਅਵਾਜ਼ ਕੱਢੀ, ਫਿਰ ਗੁਰਰ-ਗੁਰਰ ਦੀ ਬਹੁਤ ਹੀ ਉੱਚੀ ਅਵਾਜ਼ ਕੱਢੀ ਜਿਸ
ਨਾਲ਼ ਅੱਡਾ ਕਾਲ਼ੇ ਤੇ ਕੌੜੇ ਧੂੰਏਂ ਨਾਲ਼ ਭਰ ਗਿਆ।
“ਮਨਸੁੱਖ, ਛੱਤ ‘ਤੇ ਪਿਆ ਸਮਾਨ ਮੁਕੰਦੇ ਦੀ ਦੁਕਾਨ ’ਤੇ ਪਹੁੰਚਦਾ ਕਰ ਦਈਂ।” ਮੀਤ ਸਿੰਘ ਨੇ
ਸਿਰ ਖਿੜਕੀ ਤੋਂ ਬਾਹਰ ਕੱਢਣ ਦੀ ਕੋਸਿ਼ਸ਼ ਕਰਦੇ ਹੋਏ ਨੇ ਤਾਗੀਦ ਕੀਤੀ।
“ਉਸਤਾਦ ਜੀ, ਚਿੰਤਾ ਨਾ ਕਰੋ।” ਮਨਸੁੱਖ ਨੇ ਉੱਚੀ ਅਵਾਜ਼ ਵਿੱਚ ਕਿਹਾ।
ਬੱਸ ਦੇ ਜਾਣ ਤੋਂ ਬਾਅਦ ਮਨਸੁੱਖ ਤੇ ਕਾਲੀ ਛੱਤ ‘ਤੇ ਚਲੇ ਗਏ। ਉਨ੍ਹਾਂ ਨੇ ਦੋ ਡਾਹੀਆਂ
ਹੋਈਆਂ ਮੰਜੀਆਂ ਇਕੱਠੀਆਂ ਕਰਕੇ ਕੰਧ ਨਾਲ਼ ਟਿਕਾ ਦਿੱਤੀਆਂ। ਖਾਲੀ ਗਲਾਸ, ਦੋ ਖਾਲੀ
ਬੋਤਲਾਂ, ਪਾਣੀ ਦੀ ਛੋਟੀ ਬਾਲਟੀ ਤੇ ਅਲਮੀਨੀਅਮ ਦੀਆਂ ਦੋ ਖਾਲੀ ਪਲੇਟਾਂ ਚੁੱਕ ਕੇ ਉਹ ਥੱਲੇ
ਆ ਗਏ। ਮਨਸੁੱਖ ਨੇ ਸ਼ਰਾਬ ਦੀਆਂ ਖਾਲੀ ਬੋਤਲਾਂ ਝਰੋਖੇ ਵਿੱਚ ਟਿਕਾ ਦਿੱਤੀਆਂ ਤੇ ਬਾਕੀ
ਸਮਾਨ ਮੁਕੰਦੇ ਦੀ ਦੁਕਾਨ ’ਤੇ ਛੱਡ ਆਇਆ।
ਉਹ ਨਾਲ਼ ਦੀ ਦੁਕਾਨ ਦੇ ਸਾਮ੍ਹਣੇ ਬੈਂਚ ’ਤੇ ਆ ਬੈਠੇ, “ਰੱਖਾ ਸੇਠ, ਦੋ ਗਲਾਸ ਚਾਹ ਦੇ
ਬਣਾ। ਉੱਥੇ ਮਲਾਈ ਜ਼ਰੂਰ ਪਾ ਦੇਈਂ। ਛੋਟੀ ਤੇ ਵੱਡੀ ਇਲਾਚੀ ਵੀ ਪਾ ਦੇਈਂ। ਸਪੈਸ਼ਲ ਚਾਹ
ਹੋਵੇ।” ਜੇਬ ਵਿੱਚ ਪਾਏ ਪੈਸਿਆਂ ਦੀ ਗਰਮੀ ਮਹਿਸੂਸ ਕਰਦਿਆਂ ਮਨਸੁੱਖ ਦੀ ਅਵਾਜ਼ ਟਣਕ ਰਹੀ
ਸੀ
“ਕਿਉਂ, ਕੋਈ ਖਾਸ ਗੱਲ ਹੈ? ਲਗਦਾ ਹੈ ਕਿਸੇ ਪਾਸਿਉਂ ਮਾਲ ਹੱਥ ਲੱਗ ਗਿਆ। ਕੀ ਕਿਸੇ ਸਵਾਰੀ
ਦਾ ਬਟੂਆ ਡਿੱਗਿਆ ਹੋਇਆ ਮਿਲ ਗਿਆ?” ਰੱਖਾ ਆਪਣੀ ਬੇਰੰਗ ਹੋਈ ਕਮੀਜ਼ ਦੇ ਅੰਦਰ ਹੱਥ ਪਾ ਕੇ
ਛਾਤੀ ਨੂੰ ਖੁਰਕਦਿਆਂ ਸ਼ਰਾਰਤ ਨਾਲ਼ ਮੁਸਕਰਾਇਆ। ਫਿਰ ਉਹ ਕੱਛੇ ਵਿੱਚ ਹੱਥ ਪਾਕੇ
ਵਾਰੀ-ਵਾਰੀ ਸੱਜੀ ਤੇ ਖੱਬੀ ਜਾਂਘ ਨੂੰ ਖੁਰਕਣ ਲੱਗਾ।
“ਹੁਣ ਹੱਥ ਧੋ ਲਈਂ। ਸਾਰੇ ਸਰੀਰ ਦੀ ਮੈਲ਼ ਪੱਤੀ ਦੀ ਥਾਂ ਤੇ ਮੁਸ਼ਕ ਇਲਾਚੀ ਦੀ ਥਾਂ ਸਾਡੀ
ਚਾਹ ਵਿੱਚ ਨਾ ਪਾ ਦੇਈਂ।” ਮਨਸੁੱਖ ਨੇ ਹੱਸਦਿਆਂ ਹੋਇਆਂ ਮੇਹਣਾ ਦਿੱਤਾ।
“ਚਾਹ ਇੱਕ ਥਾਂ ਜਾਂ ਦੋ …।?” ਰੱਖੇ ਨੇ ਕਾਲੀ ਵੱਲ ਦੇਖਿਆ।
“ਦੋ ਥਾਂਈਂ।” ਮਨਸੁੱਖ ਨੇ ਸੱਜੇ ਹੱਥ ਦੀਆਂ ਦੋ ਉਂਗਲਾਂ ਉੱਪਰ ਚੁੱਕੀਆਂ।
ਬੈਂਚ ਤੇ ਬੈਠਾ ਕਾਲੀ ਰੇਲਵੇ ਸਟੇਸ਼ਨ ਦੇ ਅੰਦਰ ਇੱਕ ਉੱਚੀ ਸਾਰੀ ਕੰਧ ’ਤੇ ਲੱਗੀਆਂ ਲਾਇਟਾਂ
ਨੂੰ ਦੇਖਣ ਲੱਗਾ। ਇਹਨਾਂ ਦੇ ਕਾਰਨ ਸਟੇਸ਼ਨ ਦਾ ਬਹੁਤ ਸਾਰਾ ਹਿੱਸਾ ਜਗਮਗਾ ਰਿਹਾ ਸੀ। ਸੜਕ
’ਤੇ ਵੀ ਰੌਣਕ ਕੁੱਝ ਜਿ਼ਆਦਾ ਸੀ।
ਚਾਹ ਮੁਕਾ ਕੇ ਮਨਸੁੱਖ ਕਾਲੀ ਨੂੰ ਸਟੇਸ਼ਨ ਵੱਲ ਲੈ ਆਇਆ। “ਅੱਜ ਕਮਾਈ ਚੰਗੀ ਹੋਈ ਆ। ਆ ਜਾ
ਥੋੜ੍ਹੀ ਐਸ਼ ਕਰਦੇ ਆਂ।” ਮਨਸੁੱਖ ਮੁਸਕਰਾਇਆ। ਉਹ ਸਟੇਸ਼ਨ ਦੇ ਸਾਹਮਣੇ ਤੋਂ ਹੀ ਮੰਡੀ
ਫੈਂਟਨਗੰਜ ਵੱਲ ਚਲੇ ਗਏ।
“ਮੰਡੀ ਦੇ ਬਾਹਰ ਹਲਵਾਈਆਂ ਦੀਆਂ ਦੁਕਾਨਾਂ ਹਨ। …ਇਹਨਾਂ ਹਲਵਾਈਆਂ ਦੇ ਗਾਹਕ ਧਨਾਢ, ਲੱਖਪਤੀ
ਲਾਲੇ ਹਨ ਜਦ ਕਿ ਅੱਡੇ ਦੇ ਹਲਵਾਈਆਂ ਕੋਲ਼ ਡਰਾਈਵਰ, ਕਲੀਨਰ, ਕੁਲੀ ਤੇ ਪੂਛ ਨੂੰ ਅੱਗ ਲੱਗੇ
ਹਨੂੰਮਾਨ ਦੀ ਤਰ੍ਹਾਂ ਕਾਹਲ਼ੀ ਦੀ ਮਾਰ ਵਿੱਚ ਫਸੀਆਂ ਸਵਾਰੀਆਂ ਹੀ ਆਉਂਦੀਆਂ ਹਨ।” ਮਨਸੁੱਖ
ਨੇ ਜਾਣਕਾਰੀ ਦਿੱਤੀ।
ਹੌਲ਼ੀ ਹੌਲ਼ੀ ਤੁਰਦੇ ਉਹ ਦੁਕਾਨਾਂ ਦੇ ਸਾਹਮਣੇ ਜਾ ਖੜ੍ਹੇ ਹੋਏ। ਦੁਕਾਨਾਂ ਸੱਚੀਂ ਬਹੁਤ
ਖੁੱਲ੍ਹੀਆਂ ਸਨ। ਮਠਿਆਈਆਂ ਲੱਕੜੀ ਦੇ ਚੌੜੇ-ਚੌੜੇ ਤੇ ਸ਼ੀਸਿ਼ਆਂ ਵਾਲ਼ੇ ਬਕਸਿਆਂ ਵਿੱਚ
ਸਜਾਈਆਂ ਹੋਈਆਂ ਸਨ।
“ਦੁੱਧ ਜਲੇਬੀ ਖਾਂਦੇ ਹਾਂ। ਰਾਤ ਨੂੰ ਰੋਟੀ ਦੀ ਜ਼ਰੂਰਤ ਨਹੀਂ ਰਹੇਗੀ।”
ਮਨਸੁੱਖ ਦੀ ਗੱਲ ਸੁਣ ਕੇ ਕਾਲੀ ਦੇ ਮੂੰਹ ਵਿੱਚ ਪਾਣੀ ਆ ਗਿਆ ਤੇ ਉਹ ਘੁੱਟ ਭਰਦਾ ਉਸ ਨੂੰ
ਰੋਕਣ ਦਾ ਯਤਨ ਕਰਨ ਲੱਗਾ।
ਉਹ ਇੱਕ ਦੁਕਾਨ ਦੇ ਅੰਦਰ ਵੜ੍ਹ ਗਏ। ਉੱਥੇ ਇੱਕ ਪਾਸੇ ਗੋਲ਼ ਕਾਲ਼ੀ ਟੋਪੀ, ਸੋਨੇ ਦੇ ਬਟਨਾਂ
ਵਾਲ਼ੀ ਕਮੀਜ਼ ਵਾਲ਼ਾ ਤੇ ਇੱਕ ਪੱਗੜੀ-ਕੁੜਤੇ ਵਾਲ਼ਾ ਲਾਲਾ ਬੈਠੇ ਆਪਸ ਵਿੱਚ ਹੱਸ-ਹੱਸ
ਗੱਲਾਂ ਕਰਦੇ ਹੋਏ ਬਰਫੀ ਤੇ ਪਨੀਰ ਦੇ ਪਕੌੜੇ ਖਾ ਰਹੇ ਸਨ।
ਚਾਰੇ ਪਾਸੇ ਚੰਗੀ ਤਰ੍ਹਾਂ ਦੇਖ ਕੇ ਮਨਸੁੱਖ ਤੇ ਕਾਲੀ ਵੀ ਇੱਕ ਕੋਨੇ ਵਿੱਚ ਚੁੱਪ ਕਰਕੇ ਜਾ
ਬੈਠੇ। ਆਪਣੇ ਗੰਦੇ ਤੇ ਮਾਮੂਲੀ ਕਪੜਿਆਂ ਕਰਕੇ ਕਾਲੀ ਪਰੇਸ਼ਾਨ ਸੀ। ਮਨਸੁੱਖ ਨੇ ਉਹਦੀ
ਪਰੇਸ਼ਾਨੀ ਨੂੰ ਤਾੜ ਲਿਆ, “ਇੱਥੇ ਪਿੰਡ ਵਾਲ਼ਾ ਮੱਤਭੇਦ ਨਹੀਂ ਹੈ। ਤੂੰ ਅਰਾਮ ਨਾਲ਼ ਬੈਠ।
ਦੁਕਾਨਦਾਰ ਨੂੰ ਆਪਣੇ ਪੈਸਿਆਂ ਨਾਲ਼ ਮਤਲਬ ਹੈ। ਪਹਿਲਾਂ ਸ਼ਹਿਰ ਵਿੱਚ ਵੀ ਮੱਤਭੇਦ ਹੁੰਦਾ
ਸੀ ਪਰ ਹੁਣ ਕੋਈ ਨਹੀਂ ਪੁੱਛਦਾ।”
ਮਨਸੁੱਖ ਦੀ ਗੱਲ ਸੁਣ ਕੇ ਕਾਲੀ ਹੱਸ ਪਿਆ ਤੇ ਚੰਗੀ ਤਰ੍ਹਾਂ ਹੋ ਕੇ ਕੁਰਸੀ ਵਿੱਚ ਬੈਠ ਗਿਆ,
“ਮੈਂ ਸੋਚਿਆ ਇੱਥੇ ਵੀ ਪਿੰਡ ਵਾਲ਼ਾ ਹੀ ਰਿਵਾਜ ਨਾ ਹੋਵੇ।”
ਮਨਸੁੱਖ ਨੇ ਗਰਦਨ ਘੁਮਾ ਕੇ ਮੁੰਡੇ ਨੂੰ ਇਸ਼ਾਰਾ ਕੀਤਾ। ਉਸ ਨੇ ਕਾਹਲ਼ੀ ਨਾਲ਼ ਮੇਜ਼ ਤੇ
ਕੱਪੜਾ ਮਾਰਿਆ ਤੇ ਫੇਰ ਉਹਨਾਂ ਵੱਲ ਅੱਖਾਂ ਚੁੱਕੀਆਂ।
“ਗਰਮ ਜਲੇਬੀਆਂ ਹੈਗੀਆਂ?”
“ਹੈਗੀਆਂ।”
“ਅੱਧੇ ਸੇਰ ਦੁੱਧ ਵਿੱਚ ਇੱਕ ਪਾਈਆ ਜਲੇਬੀਆਂ। …ਦੋ ਥਾਂਈਂ। ਦੁੱਧ ਵੀ ਬਹੁਤ ਗਰਮ ਹੋਵੇ।”
ਮਨਸੁੱਖ ਨੇ ਤਾਗੀਦ ਕੀਤੀ।
ਕਾਲੀ ਦੇ ਮਨ ਵਿੱਚ ਆਇਆ ਕਿ ਉਹ ਮਨਸੁੱਖ ਤੋਂ ਦੁੱਧ ਤੇ ਜਲੇਬੀਆਂ ਦੇ ਪੈਸੇ ਨਕਦ ਹੀ ਲੈ ਲਵੇ
ਤਾਂ ਕਿ ਉਸ ਦੀ ਦੋ ਦਿਨ ਦੀ ਰੋਟੀ ਦਾ ਖਰਚ ਨਿਕਲ ਆਵੇ। ਪਰ ਉਹਦਾ ਹੌਸਲਾ ਨਹੀਂ ਪਿਆ ਤੇ
ਸ਼ਰਮਾ ਕੇ ਅੱਖਾਂ ਨੀਵੀਆਂ ਪਾ ਲਈਆਂ।
ਮੇਜ਼ ‘ਤੇ ਪਏ ਖਾਲੀ ਭਾਂਡਿਆਂ ਨੂੰ ਸਮੇਟਦਿਆਂ ਮੁੰਡੇ ਨੇ ਗੱਦੀ ਤੇ ਬੈਠੇ ਦੁਕਾਨ-ਮਾਲਕ ਦੇ
ਕੋਲ਼ ਜਾ ਕੇ ਮਨਸੁੱਖ ਦਾ ਆਰਡਰ ਦੇ ਦਿੱਤਾ। ਉਹਨੇ ਗਰਦਨ ਘੁਮਾ ਕੇ ਮਨਸੁੱਖ ਤੇ ਕਾਲੀ ਵੱਲ
ਦੇਖਿਆ ਜਿਵੇਂ ਉਨ੍ਹਾਂ ਦੀ ਹੈਸੀਅਤ ਦਾ ਅੰਦਾਜ਼ਾ ਲਾਉਂਦਾ ਹੋਵੇ। ਫਿਰ ਉਸ ਨੇ ਮੁੰਡੇ ਦੇ
ਕੰਨ ਵਿੱਚ ਕੁੱਝ ਕਿਹਾ। ਜਵਾਬ ਵਿੱਚ ਸਿਰ ਹਿਲਾ ਕੇ ਮੁੰਡਾ ਮਨਸੁੱਖ ਦੇ ਕੋਲ਼ ਆ ਗਿਆ,
“ਅੱਧੇ ਸੇਰ ਦੁੱਧ ਤੇ ਪਾਈਆ ਜਲੇਬੀਆਂ ਦੋ ਥਾਈਂ ਦੇ ਚੌਦਾਂ ਆਨੇ ਲੱਗਣਗੇ।”
“ਚੌਦਾਂ ਆਨੇ ਲੈ ਲਈਂ।” ਮਨਸੁੱਖ ਨੇ ਜੇਬ ਵਿੱਚੋਂ ਨੋਟ ਕੱਢ ਕੇ ਦੁਕਾਨ-ਮਾਲਕ ਵੱਲ ਲਹਿਰਾ
ਦਿੱਤੇ, “ਤੂੰ ਕੀ ਸਾਨੂੰ ਭੁੱਖੇ ਨੰਗੇ ਮੰਗਤੇ ਸਮਝਦਾ। ਸ਼ੱਕ ਹੈ ਤਾਂ ਪੈਸੇ ਪੇਸ਼ਗੀ ਭੇਜ
ਦੇਵਾਂ।”
ਦੁਕਾਨ-ਮਾਲਕ ਦਾ ਇਸ਼ਾਰਾ ਦੇਖ ਕੇ ਮੁੰਡਾ ਮੁੜ ਗਿਆ। ਮਨਸੁੱਖ ਖੁਸ਼ ਹੋ ਗਿਆ, “ਸਾਲ਼ੇ ਆਦਮੀ
ਦੀ ਹੈਸੀਅਤ ਦਾ ਅੰਦਾਜ਼ਾ ਉਹਦੇ ਕੱਪੜਿਆਂ ਤੋਂ ਲਾਉਂਦੇ ਆ।”
ਆਪਣਾ ਗੁੱਸਾ ਠੰਡਾ ਕਰਨ ਲਈ ਮਨਸੁੱਖ ਕਦੇ ਮੇਜ਼ ਨੂੰ ਥਪਥਪਾਉਂਦਾ ਕਦੇ ਗਰਦਨ ਚੁੱਕ ਕੇ ਸੜਕ
‘ਤੇ ਆ-ਜਾ ਰਹੇ ਲੋਕਾਂ ਨੂੰ ਨਿਹਾਰਦਾ। ਫਿਰ ਉਹ ਕਾਲੀ ਵੱਲ ਨੂੰ ਝੁਕ ਗਿਆ, “ਇਸ ਬਜ਼ਾਰ
ਵਿੱਚ ਹਲਵਾਈ ਦੀ ਇਹ ਸਭ ਤੋਂ ਵਧੀਆ ਦੁਕਾਨ ਹੈ। ਇੱਥੇ ਮਠਿਆਈਆਂ ਦੇਸੀ ਘਿਓ ਵਿੱਚ ਬਣਾਈਆਂ
ਜਾਂਦੀਆ ਹਨ। ਹਲਵਾਈ ਨੇ ਗਲਤ ਸਾਬਤ ਕਰਨ ਵਾਲ਼ੇ ਬੰਦੇ ਨੂੰ ਇੱਕ ਹਜ਼ਾਰ ਰੁਪਇਆ ਨਕਦ ਇਨਾਮ
ਦੇਣ ਦਾ ਐਲਾਨ ਕੀਤਾ ਹੋਇਆ ਹੈ। ਦੁਕਾਨ ਦੇ ਮੋਹਰੇ ਵੀ ਇਸ ਐਲਾਨ ਦਾ ਫੱਟਾ ਲੱਗਾ ਹੋਇਆ ਹੈ।”
ਕਾਲੀ ਦੀਆਂ ਅੱਖਾਂ ਹੈਰਾਨੀ ਨਾਲ਼ ਫੈਲ ਗਈਆਂ। ਮਨਸੁੱਖ ਜਿਵੇਂ ਮਨਚਲਾ ਹੋ ਗਿਆ, ਮੈਂ ਇੱਥੇ
ਦੁੱਧ ਵਾਲ਼ੀਆਂ ਜਲੇਬੀਆਂ ਖਾਣ ਤਿੰਨਾਂ ਮਹੀਨਿਆਂ ਬਾਅਦ ਆਇਆਂ ਹਾਂ। ਉਦੋਂ ਵੀ ਇਸੇ ਤਰ੍ਹਾਂ
ਆਖਰੀ ਟੈਮ ’ਤੇ ਜਿ਼ਆਦਾ ਤੇ ਭਾਰੀ ਸਮਾਨ ਵਾਲ਼ੀ ਸਵਾਰੀ ਮਿਲੀ ਸੀ। …ਸ਼ਾਇਦ ਚੌਦਾਂ ਆਨੇ
ਮਿਲੇ ਸੀ। ਜਿਹਨੂੰ ਵੀ ਆਖਰੀ ਟੈਮ ਵਿੱਚ ਚੰਗੀ ਸਵਾਰੀ ਮਿਲ ਜਾਂਦੀ ਹੈ ਉਹ ਉਸ ਰਾਤ ਨੂੰ
ਜ਼ਰੂਰ ਐਸ਼ ਕਰਦਾ ਹੈ। ਸਾਰੇ ਦਿਨ ਦੀ ਕਮਾਈ ਵਿੱਚੋਂ ਅੱਡਾ ਇੰਨਚਾਰਜ ਦੀ ਫੀਸ ਕੱਢ ਕੇ ਬਾਕੀ
ਰਕਮ ਅਸੀਂ ਚਾਰ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ। ਆਖਰੀ ਟੈਮ ਦੀ ਕਮਾਈ ਉਹਦੀ ਆਪਣੀ ਹੁੰਦੀ
ਹੈ। ਕਈ ਵਾਰ ਤਾਂ ਰੋਟੀ ਦੇ ਪੈਸੇ ਵੀ ਨਹੀਂ ਨਿਕਲਦੇ ਤੇ ਕਦੀ-ਕਦਾਈਂ ਪੂਰੀ ਐਸ਼ ਕਰਨ ਦਾ
ਮੌਕਾ ਮਿਲ ਜਾਂਦਾ ਹੈ।”
ਮਨਸੁੱਖ ਦੀਆਂ ਗੱਲਾਂ ਨੂੰ ਕਾਲੀ ਬਹੁਤ ਧਿਆਨ ਤੇ ਦਿਲਚਸਪੀ ਨਾਲ਼ ਸੁਣ ਰਿਹਾ ਸੀ। ਉਹਨੇ
ਡਰਦੇ ਡਰਦੇ ਨੇ ਪੁੱਛਿਆ, “ਕਿੰਨੇ ਪੈਸੇ ਬਣ ਜਾਂਦੇ ਹਨ ਰੋਜ਼ ਦੇ?”
“ਕੋਈ ਬੱਧੀ ਆਮਦਨ ਨਹੀਂ ਹੈ। ਸਵਾਰੀ ਮਿਲੀ ’ਤੇ ਹੀ ਹੈ। ਭਾਰੇ ਸਮਾਨ ਵਾਲ਼ੀ ਸਵਾਰੀ ਆ ਜਾਵੇ
ਤਾਂ ਆਮਦਨ ਵੱਧ ਜਾਂਦੀ ਹੈ। ਸਵਾਰੀ ਘੱਟ ਮਿਲੇ ਤਾਂ ਆਮਦਨ ਘੱਟ ਜਾਂਦੀ ਹੈ। ਮੇਲਾ ਵਗੈਰਾ
ਹੋਵੇ ਤਾਂ ਕੰਮ ਚੰਗਾ ਰਹਿੰਦਾ ਹੈ।” ਮਨਸੁੱਖ ਨੇ ਸਿਰ ਹਿਲਾਇਆ, ਕੰਮ ਤਾਂ ਹੋਰ ਵੀ ਬਹੁਤ ਹੈ
ਪਰ ਉੱਥੇ ਮਿਹਨਤ ਬਹੁਤ ਕਰਨੀ ਪੈਂਦੀ ਹੈ। ਇਸ ਕੰਮ ਵਿੱਚ ਬਹੁਤਾ ਖੱਜਲ-ਖੁਆਰੀ ਤੇ ਮੁਸ਼ੱਕਤ
ਨਹੀਂ ਹੈ ਪਰ ਕੰਮ ਕਿਸਮਤ ਗੋਚਰੇ ਹੀ ਰਹਿੰਦਾ ਹੈ।”
“ਮਿਹਨਤ-ਮੁਸ਼ੱਕਤ ਵਾਲ਼ੇ ਕੰਮ ਵਿੱਚ ਕਿੰਨੀ ਕੁ ਦਿਹਾੜੀ ਮਿਲ ਜਾਂਦੀ ਹੈ?” ਕਾਲੀ ਨੇ
ਪੁੱਛਿਆ।
“ਸਵਾ-ਡੇਢ ਰੁਪਇਆ ਤਾਂ ਮਿਲ ਹੀ ਜਾਂਦਾ ਹੈ। ਪਰ ਗੱਲ ਉੱਥੇ ਹੀ ਆ ਪੈਂਦੀ ਹੈ।
ਮਿਹਨਤ-ਮੁਸ਼ੱਕਤ ਦਾ ਕੰਮ ਕਰਕੇ ਸੇਰ-ਅੱਧ ਸੇਰ ਦੁੱਧ ਵੀ ਪੀਣਾ ਪੈਂਦਾ। ਖੁਰਾਕ ਵੀ ਚੰਗੀ
ਖਾਣੀ ਪੈਂਦੀ ਹੈ। ਨਹੀਂ ਤਾਂ ਦਿਨਾਂ ਵਿੱਚ ਹੀ ਸਰੀਰ ਟੁੱਟਣ ਲੱਗ ਪੈਂਦਾ।”
ਮੁੰਡਾ ਉਨ੍ਹਾਂ ਦੇ ਸਾਮ੍ਹਣੇ ਦੋ ਕਟੋਰੇ ਰੱਖ ਗਿਆ। ਉਨ੍ਹਾਂ ਵਿੱਚ ਦੁੱਧ ਤੇ ਜਲੇਬੀਆਂ ਸਨ
ਤੇ ਵਿੱਚ ਇੱਕ ਬੜਾ ਸਾਰਾ ਚਮਚਾ ਰੱਖਿਆ ਹੋਇਆ ਸੀ। ਮਨਸੁੱਖ ਨੇ ਸਿਰ ਥੱਲੇ ਕਰਕੇ ਕਟੋਰੇ
ਵਿੱਚੋਂ ਭਾਫ ਨੂੰ ਜ਼ੋਰ ਨਾਲ਼ ਸੁੰਘਿਆ, “ਭਾਫ ਵਿੱਚੋਂ ਵੀ ਦੇਸੀ ਘਿਓ ਦੀ ਖੁਸ਼ਬੂ ਆ ਰਹੀ
ਹੈ।”
ਮਨਸੁੱਖ ਦੀ ਰੀਸੇ ਕਾਲੀ ਵੀ ਭਾਫ ਸੁੰਘਣ ਲੱਗਾ। ਉਸ ਨੂੰ ਖੁਸ਼ਬੂ ਤਾਂ ਆਈ ਪਰ ਇਹ ਯਕੀਨ
ਨਹੀਂ ਸੀ ਕਿ ਇਹ ਦੇਸੀ ਘਿਓ ਦੀ ਹੈ। ਲੇਕਿਨ ਆਪਣੀ ਅਗਿਆਨਤਾ ਤੇ ਪਰਦਾ ਪਾਉਣ ਲਈ ਉਹ ਬੋਲਿਆ,
“ਬਿਲਕੁਲ ਸ਼ੁੱਧ ਦੇਸੀ ਘਿਓ ਦੀ ਖੁਸ਼ਬੂ ਹੈ।”
“ਹੁਣ ਤਾਂ ਦੇਸੀ ਘਿਓ ਵਿੱਚ ਵੀ ਬਹੁਤ ਹੇਰਾਫੇਰੀ ਤੇ ਮਿਲਾਵਟ ਹੋਣ ਲੱਗ ਪਈ ਹੈ। ਚਾਲਬਾਜ਼
ਲੋਕ ਵਿਲਾਇਤੀ ਘਿਓ ਵਿੱਚ ਸੈਂਟ ਰਲਾ ਕੇ ਉਹਨੂੰ ਦੇਸੀ ਘਿਓ ਕਹਿ ਕੇ ਵੇਚੀ ਜਾਂਦੇ ਹਨ।”
ਮਨਸੁੱਖ ਨੇ ਚਮਚੇ ਨਾਲ਼ ਜਲੇਬੀਆਂ ਨੂੰ ਦੁੱਧ ਵਿੱਚ ਹਿਲਾਉਂਦਿਆਂ ਕਿਹਾ।
ਮਨਸੁੱਖ ਦੀ ਰੀਸੇ ਕਾਲੀ ਵੀ ਆਪਣੇ ਸਾਮ੍ਹਣੇ ਪਈਆਂ ਜਲੇਬੀਆਂ ਚਮਚੇ ਨਾਲ਼ ਹਿਲਾ ਰਿਹਾ ਸੀ।
ਜਲੇਬੀਆਂ ਦੇ ਕਾਰਨ ਦੁੱਧ ਦਾ ਰੰਗ ਗੁਲਾਬੀ ਤੇ ਜਲੇਬੀਆਂ ਦਾ ਰੰਗ ਦੂਧੀਆ ਜਿਹਾ ਹੋ ਰਿਹਾ
ਸੀ।
ਮਨਸੁੱਖ ਤੇ ਕਾਲੀ ਚਮਚੇ ਨਾਲ਼ ਦੁੱਧ ਵਿੱਚੋਂ ਜਲੇਬੀਆ ਕੱਢ ਕੇ ਖਾਣ ਲੱਗੇ। ਜਲੇਬੀ ਦਾ ਪੂਰਾ
ਸੁਆਦ ਲੈਣ ਲਈ ਮਨਸੁੱਖ ਉਹਨੂੰ ਚੱਬਦਾ ਰਹਿੰਦਾ ਜਦ ਕਿ ਕਾਲੀ ਜਲੇਬੀ ਦਾ ਸੁਆਦ ਤੇ ਖੁਸ਼ਬੂ
ਮਾਨਣ ਲਈ ਇਕਦਮ ਸੰਘ ਤੋਂ ਥੱਲੇ ਉੱਤਾਰ ਲੈਂਦਾ। ਜਲੇਬੀਆਂ ਖਾ ਕੇ ਉਨ੍ਹਾਂ ਨੇ ਹੌਲ਼ੀ ਹੌਲ਼ੀ
ਦੁੱਧ ਪੀਤਾ। ਉਸ ਵਿੱਚ ਜਲੇਬੀਆਂ ਨਾਲ਼ ਬਹੁਤ ਹੀ ਮਿੱਠਾ ਘੁਲਿਆ ਹੋਇਆ ਸੀ।
ਦੁੱਧ-ਜਲੇਬੀ ਖਾ ਕੇ ਮਨਸੁੱਖ ਨੇ ਪੈਸੇ ਦਿੱਤੇ ਤੇ ਬਾਕੀ ਬਚੇ ਪੈਸਿਆਂ ਨੂੰ ਗਿਣ ਕੇ ਉਹ
ਸੰਤੁਸ਼ਟ ਹੋ ਗਿਆ।
ਉਹ ਰੇਲਵੇ ਸਟੇਸ਼ਨ ਦੇ ਸਾਮ੍ਹਣੇ ਖੜ੍ਹ ਗਏ। ਦਿੱਲੀ ਨੂੰ ਜਾਣ ਵਾਲ਼ੀ ਗੱਡੀ ਦੀਆਂ ਸਵਾਰੀਆਂ
ਤਾਂਗਿਆਂ, ਬੱਸਾਂ ਰਾਹੀਂ ਜਾਂ ਕੁੱਝ ਪੈਦਲ ਹੀ ਸਟੇਸ਼ਨ ‘ਤੇ ਪਹੁੰਚ ਰਹੀਆਂ ਸਨ। ਉਹਨਾਂ ਦੇ
ਕੋਲ਼ ਆ ਕੇ ਇੱਕ ਤਾਂਗਾ ਰੁਕਿਆ ਤੇ ਉਸ ਤੋਂ ਚਾਰ ਸਵਾਰੀਆਂ ਉੱਤਰੀਆਂ। ਉਨ੍ਹਾਂ ਵਿੱਚ ਇੱਕ
ਬਹੁਤ ਹੀ ਸੁਹਣੀ ਮੁਟਿਆਰ ਕੁੜੀ ਸੀ। ਉਹਨੂੰ ਦੇਖ ਕੇ ਮਨਸੁੱਖ ਦੰਗ ਰਹਿ ਗਿਆ ਤੇ ਅੱਖ ਚੁਰਾ
ਕੇ ਉਸ ਵੱਲ ਉਨ੍ਹਾਂ ਚਿਰ ਦੇਖਦਾ ਰਿਹਾ ਜਿੰਨਾ ਚਿਰ ਉਹ ਪਲੇਟਫਾਰਮ ਦੀ ਭੀੜ ਵਿੱਚ ਰਲ਼ ਕੇ
ਉਹਲੇ ਨਾ ਹੋ ਗਈ।
ਮਨਸੁੱਖ ਬੁੱਲਾਂ ਤੇ ਜੀਭ ਫੇਰਨ ਲੱਗਾ ਜਿਵੇਂ ਦੁੱਧ-ਜਲੇਬੀ ਦੇ ਸੁਆਦ ਨੂੰ ਚੰਗੀ ਤਰ੍ਹਾਂ
ਸਾਂਭ ਲੈਣਾ ਚਾਹੁੰਦਾ ਹੋਵੇ। ਫਿਰ ਉਹ ਉਸ ਲੜਕੀ ਦੀ ਭਾਲ ਵਿੱਚ ਪਲੇਟਫਾਰਮ ਵੱਲ ਦੇਖਣ ਲੱਗਾ,
“ਨੌਕਰੀ ਰੇਲਵੇ ਸਟੇਸ਼ਨ ਦੀ ਵੀ ਬਹੁਤ ਚੰਗੀ ਹੈ। ਚਾਹੇ ਕੁਲੀ ਦੀ ਹੀ ਹੋਵੇ। ਪਰ ਮਿਲਦੀ
ਬਹੁਤ ਔਖੀ ਹੈ।”
“ਔਖੀ ਕਿਉਂ ਮਿਲਦੀ ਹੈ?” ਕਾਲੀ ਦੇ ਮਨ ਵਿੱਚ ਜਗਿਆਸਾ ਜਾਗ ਉੱਠੀ, ਜਿਵੇਂ ਵਧੀਆ ਭਵਿੱਖ ਦਾ
ਇੱਕ ਹੋਰ ਰਾਹ ਨਿਕਲ ਰਿਹਾ ਹੋਵੇ। “ਬਹੁਤ ਲੰਮਾ ਚੱਕਰ ਹੈ। ਸਰਕਾਰੀ ਮਾਮਲਾ ਹੈ ਨਾ। ਬਹੁਤ
ਪਹੁੰਚ ਚਾਹੀਦੀ ਹੈ।” ਮਨਸੁੱਖ ਉਦਾਸ ਹੋ ਗਿਆ। ਫਿਰ ਉਹ ਇਕਦਮ ਖਿੜ੍ਹ ਗਿਆ, “ਇੱਕ ਵਾਰ ਮਿਲ
ਜਾਵੇ ਤਾਂ ਵਾਰੇ-ਨਿਹਾਰੇ ਹੋ ਜਾਂਦੇ ਹਨ। ਲਾਲ ਜਾਂ ਨੀਲੀ ਕੁੜਤੀ ਪਾਉਣੀ ਪੈਂਦੀ ਹੈ। ਬਾਂਹ
ਤੇ ਪਿੱਤਲ ਦਾ ਨੰਬਰ ਲਾਉਣਾ ਪੈਂਦਾ ਹੈ। ਇਸ ਤਰ੍ਹਾਂ ਪੱਕੀ ਪਛਾਣ ਬਣ ਜਾਂਦੀ ਹੈ।”
ਮਨਸੁੱਖ ਪਲੇਟਫਾਰਮ ‘ਤੇ ਖੜ੍ਹੀਆਂ ਸਵਾਰੀਆਂ ਵੱਲ ਦੇਖ ਰਿਹਾ ਸੀ ਕਿ ਇੱਕ ਮੰਗਤੀ ਜਿਹਨੇ ਇੱਕ
ਛੋਟਾ ਜਿਹਾ ਬੱਚਾ ਚੁੱਕਿਆ ਹੋਇਆ ਸੀ ਉਹਦੇ ਸਾਮ੍ਹਣੇ ਆ ਖੜ੍ਹੀ ਹੋਈ ਤੇ ਹੱਥ ਫੈਲਾ ਕੇ
ਮਿੰਨਤਾਂ ਕਰਨ ਲੱਗੀ। ਮਨਸੁੱਖ ਨੇ ਬਹੁਤ ਧਿਆਨ ਨਾਲ਼ ਉਸ ਵੱਲ ਦੇਖਿਆ। ਖੁੱਲੇ ਤੇ
ਪਾਟੇ-ਪੁਰਾਣੇ ਕਪੜਿਆਂ ਵਿੱਚ ਉਸ ਦੀ ਜਵਾਨੀ ਫੁੱਟ ਰਹੀ ਸੀ।
“ਬਾਬੂ, ਕੁੱਝ ਦੇਵੇਂਗਾ ਵੀ ਜਾਂ ਅੱਖਾਂ ਪਾੜ ਕੇ ਦੇਖੀ ਹੀ ਜਾਵੇਂਗਾ?” ਮੰਗਤੀ ਨੇ ਮਨਸੁੱਖ
ਵੱਲ ਹੱਥ ਹਿਲਾਇਆ।
ਉਹਦੇ ਤੋਂ ਪਿੱਛਾ ਛੁਡਾਉਣ ਲਈ ਮਨਸੁੱਖ ਨੇ ਉਹਦੀ ਤਲੀ ਤੇ ਇੱਕ ਪੈਸਾ ਰੱਖ ਦਿੱਤਾ ਤੇ ਉਹ ਜਾ
ਕੇ ਕਾਲੀ ਦੀਆਂ ਮਿੰਨਤਾਂ ਕਰਨ ਲੱਗੀ। ਮਨਸੁੱਖ ਖਿਝ ਗਿਆ, “ਦਫਾ ਹੋ ਇਥੋਂ। ਕੀ ਹੁਣ ਅਸੀਂ
ਆਪਣੇ ਕੱਪੜੇ ਲਾਹ ਕੇ ਤੇਰੀ ਝੋਲੀ ਵਿੱਚ ਪਾ ਦੇਈਏ?”
ਮੰਗਤੀ ਇੱਕ ਤਾਂਗੇ ਨੂੰ ਖੜ੍ਹਾ ਹੁੰਦਾ ਦੇਖ ਕੇ ਉਧਰ ਨੂੰ ਚਲੇ ਗਈ। ਪਲੇਟਫਾਰਮ ‘ਤੇ ਸੁਹਣੀ
ਤੇ ਮੁਟਿਆਰ ਕੁੜੀ ‘ਤੇ ਨਿਗਾਹ ਪੈਂਦਿਆ ਹੀ ਮਨਸੁੱਖ ਕਾਹਲਾ ਪੈ ਗਿਆ।
“ਆ, ਆਪਾਂ ਟੇਸ਼ਨ ਦੇ ਅੰਦਰ ਚੱਕਰ ਲਾ ਆਈਏ। ਗੱਡੀ ਆਉਣ ਤੋਂ ਪਹਿਲਾਂ ਕੋਈ ਰੋਕ-ਟੋਕ ਨਹੀਂ
ਹੁੰਦੀ।” ਮਨਸੁੱਖ ਨੇ ਜ਼ੋਰ ਪਾ ਕੇ ਕਿਹਾ।
ਮਨਸੁੱਖ ਦੀ ਗੱਲ ਸੁਣ ਕੇ ਕਾਲੀ ਸਹਿਮ ਗਿਆ। ਇਹ ਦੇਖ ਕੇ ਮਨਸੁੱਖ ਨੇ ਕਾਲੀ ਦਾ ਹੱਥ ਫੜ
ਲਿਆ, “ਤੂੰ ਇੰਨਾ ਡਰਦਾ ਕਿਉਂ ਹੈਂ? ਕੀ ਤੇਰੇ ਪਿੱਛੇ ਪੁਲੀਸ ਲੱਗੀ ਹੋਈ ਹੈ? …ਆ ਜਾ। ਹੁਣ
ਦਿੱਲੀ ਵਾਲ਼ੀ ਗੱਡੀ ਦੇ ਪਲੇਟਫਾਰਮ ’ਤੇ ਬਹੁਤ ਰੌਣਕ ਹੋਣੀ ਹੈ। ਦਰਸ਼ਨ-ਪਰਸ਼ਨ ਕਰਨ ਦਾ
ਬਹੁਤ ਵਧੀਆ ਮੌਕਾ ਹੈ।” ਮਨਸੁੱਖ ਸ਼ਰਾਰਤ ਨਾਲ਼ ਹੱਸਿਆ।
ਕਾਲੀ ਕੰਬ ਗਿਆ ਤੇ ਉਸ ਨੇ ਝੁਣਝੁਣੀ ਜਿਹੀ ਲਈ, “ਤੁਸੀਂ ਜਾ ਆਓ। ਮੈਂ ਇੱਥੇ ਤੁਹਾਡੀ ਉਡੀਕ
ਕਰਦਾ ਹਾਂ।”
ਪੰਦਰਾਂ-ਵੀਹਾਂ ਮਿੰਟਾਂ ਬਾਅਦ ਮਨਸੁੱਖ ਮੁੜ ਕੇ ਆਇਆ ਤਾਂ ਕਾਲੀ ਇੱਕ ਕੋਨੇ ਵਿੱਚ ਲੁਕਿਆ
ਖੜ੍ਹਾ ਸੀ। ਮਨਸੁੱਖ ਨੂੰ ਦੇਖ ਕੇ ਉਹ ਉਹਦੀ ਵੱਲ ਨੂੰ ਤੁਰ ਪਿਆ।
“ਬਹੁਤ ਰੌਣਕ ਸੀ ਪਲੇਟਫਾਰਮ ’ਤੇ। ਲਗਦਾ ਸੀ ਸਾਰੀ ਦੁਨੀਆਂ ਦਾ ਸੁਹੱਪਣ ਉੱਥੇ ਹੀ ਆ ਗਿਆ।
ਇੱਕ-ਤੋਂ-ਇੱਕ ਵੱਧ ਕੇ।” ਮਨਸੁੱਖ ਮਸਤੀ ਵਿੱਚ ਝੂਮਣ ਲੱਗਾ।
ਹੌਲ਼ੀ ਹੌਲ਼ੀ ਤੁਰਦੇ ਉਹ ਬੱਸ ਅੱਡੇ ’ਤੇ ਆ ਗਏ। ਉੱਥੇ ਵੀਰਾਨੀ ਛਾਈ ਹੋਈ ਸੀ। ਅੱਡੇ ਦੇ
ਪਿੱਛੇ ਵਰਕਸ਼ਾਪ ਵਿੱਚ ਇੱਕ ਬਲਬ ਜਗ ਰਿਹਾ ਸੀ ਤੇ ਉੱਥੇ ਕਦੀ-ਕਦੀ ਹਥੋੜ੍ਹੇ ਦੀ ਜਾਂ ਗੱਲਾਂ
ਦੀ ਅਵਾਜ਼ ਆਉਂਦੀ ਸੀ।
ਛੱਤ ’ਤੇ ਦੋ ਮੰਜੀਆਂ ਡਾਹ ਕੇ ਉਹ ਪੈ ਗਏ। ਮਨਸੁੱਖ ਹੌਲ਼ੀ ਹੌਲ਼ੀ ਗੁਣਗੁਣਾਉਣ ਲੱਗਾ-
ਮੇਰੀ ਲਗਦੀ ਕਿਸੇ ਨਾ ਦੇਖੀ
ਟੁੱਟਦੀ ਨੂੰ ਰੱਬ ਜਾਣਦਾ।
ਫਿਰ ਉਹ ਮੰਜੀ ਤੋਂ ਉੱਠ ਪਿਆ ਅਤੇ ਛੱਤ ’ਤੇ ਘੁੰਮਦਾ ਹੋਇਆ ਉੱਚੀ-ਉੱਚੀ ਗਾਉਣ ਲੱਗਾ।
ਸੜਕ ’ਤੇ ਇਕਦਮ ਭੀੜ ਦੇਖ ਕੇ ਤੇ ਰੌਲ਼ਾ ਸੁਣ ਕੇ ਮਨਸੁੱਖ ਨੂੰ ਚੇਤਾ ਆਇਆ ਕਿ ਸਿਨੇਮਾ ਘਰ
ਵਿੱਚ ਸ਼ੋਅ ਖਤਮ ਹੋਇਆ ਹੈ ਤੇ ਆਖਰੀ ਸ਼ੋਅ ਸ਼ੁਰੂ ਹੋਣ ਵਾਲ਼ਾ ਹੈ। ਉਹ ਕਾਹਲ਼ੀ ਨਾਲ਼ ਆਪਣੀ
ਮੰਜੀ ਕੋਲ਼ ਗਿਆ। ਸਾਫਾ ਚੁੱਕ ਕੇ ਮੋਢੇ ‘ਤੇ ਰੱਖਿਆ ਤੇ ਕਾਲੀ ਨੂੰ ਕਹਿੰਦਾ, “ਮੈਂ ਆਖਰੀ
ਸ਼ੋਅ ਦੇਖਣ ਚੱਲਿਆਂ। ਪੌੜੀਆਂ ਦਾ ਬੂਹਾ ਬਾਹਰੋਂ ਬੰਦ ਕਰ ਦਿੰਦਾ ਹਾਂ ਤੇ ਅੱਧੀ ਰਾਤ ਤੱਕ
ਮੁੜ ਆਵਾਂਗਾ। ਬਹੁਤ ਦਿਨਾਂ ਬਾਅਦ ਸਿਨੇਮਾ ਦੇਖਣ ਦਾ ਮੌਕਾ ਮਿਲਿਆ ਹੈ।
ਕਾਲੀ ਦਾ ਜਵਾਬ ਉਡੀਕੇ ਬਿਨਾਂ ਹੀ ਮਨਸੁੱਖ ਗਾਉਂਦਾ ਹੋਇਆ ਪੌੜੀਆਂ ੳੁੱਤਰ ਗਿਆ।
ਕਾਲੀ ਬਨੇਰੇ ਦੇ ਨਾਲ਼ ਖੜ੍ਹਾ ਮਨਸੁੱਖ ਨੂੰ ਟਪੂਸੀਆਂ ਮਾਰ ਕੇ ਜਾਂਦੇ ਨੂੰ ਦੇਖਦਾ ਰਿਹਾ।
ਜਦ ਉਹ ਲੋਕਾਂ ਦੇ ਮੇਲੇ ਵਿੱਚ ਜਾ ਕੇ ਕਾਲੀ ਦੀਆਂ ਅੱਖਾਂ ਤੋਂ ਉਹਲੇ ਹੋ ਗਿਆ ਤਾਂ ਉਹ ਆਪਣੀ
ਮੰਜੀ ਦੇ ਕੋਲ਼ ਆ ਖੜ੍ਹਾ ਹੋਇਆ।
ਪਿਛਵਾੜੇ, ਵਰਕਸ਼ਾਪ ਵਿੱਚ ਖੜਕਾ ਸੁਣ ਕੇ ਕਾਲੀ ਛੱਤ ਦੇ ਉਸ ਪਾਸੇ ਵੱਲ ਚਲਾ ਗਿਆ ਜਿਥੋਂ
ਵਰਕਸ਼ਾਪ ਦਿਖਾਈ ਦਿੰਦੀ ਸੀ। ਪਰ ਇਸ ਡਰ ਨਾਲ਼ ਉਹ ਉਦੋਂ ਹੀ ਮੁੜ ਆਇਆ ਕਿ ਕੋਈ ਉਹਨੂੰ ਦੇਖ
ਕੇ ਪੁੱਛ ਨਾ ਲਵੇ ਕਿ ਉਹ ਕੌਣ ਹੈ ਤੇ ਇੰਨੀ ਰਾਤ ਗਏ ਉੱਥੇ ਕੀ ਕਰ ਰਿਹਾ ਹੈ।
ਕਾਲੀ ਮੰਜੇ ’ਤੇ ਪਿਆ ਰੇਲਵੇ ਯਾਰਡ ਦੇ ਉੱਚੇ ਖੰਭਿਆਂ ’ਤੇ ਲੱਗੀਆਂ ਤੇਜ਼ ਰੌਸ਼ਨੀਆਂ ਨੂੰ
ਦੇਖਦਾ ਰਿਹਾ। ਰੌਸ਼ਨੀ ਉਹਦੀਆਂ ਅੱਖਾਂ ਨੂੰ ਚੁੱਭਣ ਲੱਗੀ ਤਾਂ ਉਸ ਨੇ ਪਾਸਾ ਵੱਟ ਕੇ ਅੱਖਾਂ
ਬੰਦ ਕਰ ਲਈਆਂ ਤੇ ਉਨ੍ਹਾਂ ਫਿਲਮਾਂ ਦੇ ਕਲਾਕਾਰਾਂ ਤੇ ਦ੍ਰਿਸ਼ਾਂ ਨੂੰ ਯਾਦ ਕਰਨ ਲੱਗਾ ਜੋ
ਉਹਨੇ ਕਾਨਪੁਰ ਵਿੱਚ ਕਈ ਵਰ੍ਹੇ ਪਹਿਲਾਂ ਦੇਖੀਆਂ ਸਨ।
ਚਾਰ
ਮਨਸੁੱਖ ਅੱਧੀ ਰਾਤ ਦੇ ਬਾਅਦ ਥਪ-ਥਪ ਕਰਦਾ ਪੌੜ੍ਹੀਆਂ ਚੜ੍ਹਿਆ ਜਿਵੇਂ ਉਹ ਬਹੁਤ ਕਾਹਲ਼ੀ
ਵਿੱਚ ਹੋਵੇ। ਉਹ ਘੜੀ-ਘੜੀ ਫਿਲਮ ਦਾ ਇੱਕ ਹੀ ਬੋਲ ਗੁਣਗੁਣਾ ਰਿਹਾ ਸੀ ਜਿਵੇਂ ਉਹ ਸ਼ਬਦ ਉਸ
ਦੀ ਆਤਮਾ ਨੂੰ ਛੂਹ ਗਏ ਹੋਣ।
ਮਨਸੁੱਖ ਆਪਣੀ ਮੰਜੀ ‘ਤੇ ਪੈ ਗਿਆ ਤੇ ਇੱਕ ਵਾਰ ਫਿਰ ਫਿਲਮੀ ਗੀਤ ਗੁਣ-ਗੁਣਾਉਣ ਲੱਗਾ। ਉਹ
ਵਾਰ-ਵਾਰ ਪਾਸੇ ਬਦਲਦਾ ਜਿਵੇਂ ਉਸ ਨੂੰ ਨੀਂਦ ਨਾ ਆ ਰਹੀ ਹੋਵੇ।
ਮਨਸੁੱਖ ਦੇ ਲਗਾਤਾਰ ਗੁਣ-ਗੁਣਾਉਣ ਤੇ ਪਾਸੇ ਬਦਲਣ ਨਾਲ਼ ਮੰਜੀ ਚੀਕਦੀ, ਜਿਸ ਕਾਰਨ ਕਾਲੀ ਦੀ
ਵੀ ਅੱਖ ਖੁੱਲ੍ਹ ਗਈ। ਪਰ ਉਹ ਅੱਖਾਂ ਬੰਦ ਕਰਕੇ ਪਿਆ ਰਿਹਾ।
ਹੌਲ਼ੀ-ਹੌਲ਼ੀ ਮਨਸੁੱਖ ਦੀ ਗੁਣ-ਗੁਣਾਹਟ ਬੰਦ ਹੋ ਗਈ ਅਤੇ ਉਸ ਦੇ ਮੂੰਹ ਤੇ ਨੱਕ ਰਾਹੀਂ
ਹਲਕੇ-ਹਲਕੇ ਘੁਰਾੜਿਆਂ ਦੀ ਅਵਾਜ਼ ਆਉਣ ਲੱਗੀ।
ਕਾਲੀ ਵੀ ਸੌਣ ਦੀ ਕੋਸਿ਼ਸ਼ ਕਰਨ ਲੱਗਾ ਪਰ ਰੇਲਵੇ ਸਟੇਸ਼ਨ ’ਤੇ ਸੰ਼ਟਿੰਗ ਕਰ ਰਹੇ ਇੰਜਣ ਦੀ
ਲਗਾਤਾਰ ਆ ਰਹੀ ਸ਼ਾਂ-ਸ਼ਾਂ ਦੀ ਅਵਾਜ਼ ਤੇ ਤਿੱਖੀਆਂ ਸੀਟੀਆਂ ਦੇ ਕਾਰਨ ਉਹਦੀ ਨੀਂਦ
ਮੁੜ-ਮੁੜ ਕੇ ਉੱਖੜ ਜਾਂਦੀ ਸੀ। ਜਦ ਕਾਲੀ ਨੂੰ ਖਿਆਲ ਆਇਆ ਕਿ ਸਵੇਰੇ ਉਹਨੇ ਬਰਫ ਕਾਰਖਾਨੇ
ਦੇ ਸਾਹਮਣੇ ਮਜ਼ਦੂਰ ਮੰਡੀ ਪਹੁੰਚਣਾ ਹੈ ਤਾਂ ਉਹਦੀ ਰਹਿੰਦੀ ਖੂੰਹਦੀ ਨੀਂਦ ਵੀ ਉੱਡ ਗਈ ਤੇ
ਉਹ ਪੂਰੀ ਤਰ੍ਹਾਂ ਸੁਚੇਤ ਹੋ ਗਿਆ।
ਉਹਨੇ ਤਾਰਿਆਂ ਨੂੰ ਦੇਖ ਕੇ ਸਮੇਂ ਦਾ ਅੰਦਾਜ਼ਾ ਲਾਉਣ ਦੀ ਕੋਸਿ਼ਸ਼ ਕੀਤੀ ਪਰ ਉਹਨੂੰ ਕੁਸ਼
ਪਤਾ ਨਾ ਲੱਗਾ ਕਿਉਂਕਿ ਉਸ ਨੂੰ ਤਾਰਿਆਂ ਦੀ ਕੋਈ ਜਾਣਕਾਰੀ ਨਹੀਂ ਸੀ। ਨਾ ਹੀ ਸ਼ਹਿਰ ਵਿੱਚ
ਕੁੱਕੜ ਸਨ ਜੋ ਆਪਣੀ ਪਹਿਲੀ ਬਾਂਗ ਨਾਲ਼ ਪੌਹ ਫੱਟਣ ਦਾ ਐਲਾਨ ਕਰ ਦਿੰਦੇ।
ਜਦ ਸਟੇਸ਼ਨ ਨੂੰ ਜਾਣ ਵਾਲ਼ੀ ਸੜਕ ‘ਤੇ ਤਾਂਗਿਆਂ ਦੀ ਟਾਪ ਸੁਣਾਈ ਦੇਣ ਲੱਗੀ ਤਾਂ ਕਾਲੀ ਨੇ
ਅੰਦਾਜ਼ਾ ਲਾਇਆ ਕਿ ਸਵੇਰ ਹੋਣ ਵਿੱਚ ਬਹੁਤਾ ਚਿਰ ਨਹੀਂ ਸੀ। ਅੱਡੇ ਦੇ ਬਾਹਰ ਦੁਕਾਨ ਦੀ ਛੱਤ
’ਤੇ ਸੁੱਤਾ ਪਿਆ ਮੁੰਡਾ ਜਦ ਮਾਲਕ ਦੀਆਂ ਹਾਕਾਂ ਸੁਣ ਕੇ ਭਾਂ-ਭਾਂ ਕਰਦਾ ਅੰਗੜਾਈਆਂ ਲੈਣ
ਲੱਗਾ ਤਾਂ ਕਾਲੀ ਵੀ ਉੱਠ ਖੜ੍ਹਾ ਹੋਇਆ।
ਉਹਨੇ ਮਨਸੁੱਖ ਵੱਲ ਦੇਖਿਆ। ਉਹ ਗੂਹੜੀ ਨੀਂਦ ਸੁੱਤਾ ਘੁਰਾੜੇ ਮਾਰ ਰਿਹਾ ਸੀ ਜਿਵੇਂ ਕਿਸੇ
ਨੂੰ ਲਲਕਾਰ ਰਿਹਾ ਹੋਵੇ। ਮਨਸੁੱਖ ਵੱਲ ਦੇਖ ਕੇ ਕਾਲੀ ਨੂੰ ਈਰਖਾ ਹੋਈ ਕਿ ਉਹ ਕਿੰਨੀ
ਬੇਫਿਕਰੀ ਨਾਲ਼ ਸੁੱਤਾ ਪਿਆ ਸੀ।
ਕਾਲੀ ਕੋਠੇ ਤੋਂ ਥੱਲੇ ਉੱਤਰ ਆਇਆ। ਉਹਨੇ ਇੱਕ ਖਾਲੀ ਬੋਤਲ ਚੁੱਕੀ ਤੇ ਨਲਕੇ ਤੋਂ ਪਾਣੀ ਦੀ
ਭਰ ਕੇ ਰੇਲਵੇ ਪਟੜੀ ਵੱਲ ਆ ਗਿਆ ਤੇ ਉਹਦੇ ਨਾਲ਼ ਨਾਲ਼ ਤੁਰਦਾ ਢਲਾਨ ਵਿੱਚ ਉੱਤਰ ਗਿਆ।
ਜਦ ਉਹ ਮੁੜ ਕੇ ਆਇਆ ਤਾਂ ਰੇਲਵੇ ਰੋਡ ’ਤੇ ਰੌਣਕ ਵੱਧ ਗਈ ਸੀ। ਦੁਕਾਨਾਂ ਖੁੱਲ ਗਈਆਂ ਸਨ ਤੇ
ਉਹਨਾਂ ਦੀ ਸਫਾਈ ਧੁਆਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਿਹਾ ਸੀ ਅਤੇ ਅੰਗੀਠੀਆਂ
ਮਗਾਹੀਆਂ ਜਾ ਰਹੀਆਂ ਸਨ। ਪਰ ਅੱਡੇ ’ਤੇ ਅਜੇ ਵੀ ਸਨਾਟਾ ਛਾਇਆ ਹੋਇਆ ਸੀ ਤੇ ਖੁੱਲ੍ਹੇ
ਵਿਹੜੇ ਵਿੱਚ ਕਾਲੀ ਦੇ ਬਿਨਾਂ ਹੋਰ ਕੋਈ ਨਹੀਂ ਸੀ।
ਉਹਨੇ ਹਨੇਰੇ ਤੇ ਸਨਾਟੇ ਦਾ ਫਾਇਦਾ ਲੈਂਦੇ ਹੋਏ ਨਹਾਉਣ ਬਾਰੇ ਸੋਚਿਆ। ਪਰ ਉਹਦੇ ਕੋਲ਼ ਕੋਈ
ਲੰਗੋਟ ਜਾਂ ਕਛਹਿਰਾ ਨਾ ਹੋਣ ਕਰਕੇ ਦੁਚਿੱਤੀ ਵਿੱਚ ਪੈ ਗਿਆ। ਇੱਕ ਵਾਰ ਫੇਰ ਉਹਨੂੰ ਆਪਣੇ
ਆਪ ‘ਤੇ ਤਰਸ ਆਉਣ ਲੱਗਾ। ਉਹਨੂੰ ਨਹਾਤੇ ਹੋਏ ਚਾਰ ਦਿਨ ਹੋ ਗਏ ਸਨ। ਉਹਨੂੰ ਆਪਣੇ ਆਪ ਤੋਂ
ਮੁਸ਼ਕ ਆਉਂਦਾ ਸੀ। ਉਹਨੇ ਹੌਸਲਾ ਕਰਕੇ ਸਾਰੇ ਕੱਪੜੇ ਲਾਹ ਦਿੱਤੇ ਤੇ ਇੱਕ ਹੱਥ ਨਾਲ਼ ਨਲਕਾ
ਗੇੜਦਾ ਹੋਇਆ ਨਾਉਣ ਲੱਗਾ। ਉਹਨੇ ਸਰੀਰ ਨੂੰ ਕਾਹਲ਼ੀ-ਕਾਹਲ਼ੀ ਮਲ-ਮਲ ਕੇ ਧੋਤਾ ਤੇ ਫੇਰ
ਗਿੱਲੇ ਸਰੀਰ ’ਤੇ ਹੀ ਕੱਪੜੇ ਪਾ ਲਏ।
ਹਵਾ ਚੱਲਦੀ ਹੋਣ ਕਰਕੇ ਉਹਨੂੰ ਗਿੱਲੇ ਕਪੜਿਆਂ ਵਿੱਚ ਠੰਡ ਲੱਗਣ ਲੱਗੀ ਤੇ ਉਹ ਬਰਾਂਡੇ ਵਿੱਚ
ਚਲੇ ਗਿਆ। ਜਦ ਠੰਡ ਕਰਕੇ ਕੰਬਣੀ ਛਿੜ ਪਈ ਤਾਂ ਉਹ ਫੇਰ ਮੁੜ ਕੇ ਬਾਹਰ ਆ ਗਿਆ। ਉਹ ਦੁਕਾਨ
ਦੇ ਸਾਮ੍ਹਣੇ ਬਲ ਰਹੀ ਭੱਠੀ ਦੇ ਕੋਲ਼ ਖੜ੍ਹ ਗਿਆ ਤਾਂ ਕਿ ਸਰੀਰ ਕੁੱਝ ਗਰਮ ਹੋਵੇ ਤੇ ਕੰਬਣੀ
ਤੋਂ ਛੁਟਕਾਰਾ ਮਿਲੇ। ਉਹ ਕਾਫੀ ਦੇਰ ਤੱਕ ਭੱਠੀ ਦੇ ਕੋਲ਼ ਖੜ੍ਹਾ ਅੱਗ ਸੇਕਦਾ ਰਿਹਾ। ਜਦ
ਅੱਗ ਦੇ ਧੂੰਏਂ ਕਰਕੇ ਅੱਖਾਂ ‘ਚੋਂ ਪਾਣੀ ਵੱਗਣ ਲੱਗਾ ਤਾਂ ਉਹ ਪਿੱਛੇ ਹਟ ਗਿਆ। ਕੱਪੜੇ ਸੇਕ
ਨਾਲ਼ ਥੋੜ੍ਹੇ ਸੁੱਕ ਜਾਣ ਕਰਕੇ ਉਹਦੀ ਹੁਣ ਠੰਡ ਵੀ ਘੱਟ ਗਈ ਸੀ।
ਕਾਲੀ ਪੁਰਾਣੀ ਰੇਲਵੇ ਰੋਡ ’ਤੇ ਤੁਰਦਾ ਹੋਇਆ ਬਰਫ ਕਾਰਖਾਨੇ ਦੇ ਕੋਲ਼ ਪਹੁੰਚ ਗਿਆ।
ਕਾਰਖਾਨੇ ਦੀ ਇਮਾਰਤ ਉੱਤੇ ਬਿਜਲੀ ਦਾ ਮੱਧਮ ਜਿਹਾ ਲਾਟੂ ਜਗਮਗਾ ਰਿਹਾ ਸੀ ਤੇ ਇਹੋ ਜਿਹਾ ਹੀ
ਇੱਕ ਬਲਬ ਉੱਚੀ ਸਾਰੀ ਕੰਧ ਤੇ ਲੱਗਾ ਮਾਲਗੁਦਾਮਾਂ ਨੂੰ ਜਾਣ ਵਾਲ਼ੀ ਕੱਚੀ-ਪੱਕੀ ਸੜਕ ’ਤੇ
ਰੌਸ਼ਨੀ ਮਾਰ ਰਿਹਾ ਸੀ। ਉੱਥੇ ਮਜ਼ਦੂਰਾਂ ਦਾ ਸ਼ੋਰ ਜਾਂ ਹੰਗਾਮਾ ਤਾਂ ਇੱਕ ਪਾਸੇ, ਆਦਮੀ ਦਾ
ਕਿਤੇ ਨਾਂ ਨਿਸ਼ਾਨ ਵੀ ਨਹੀਂ ਸੀ। ਗੁਦਾਮਾਂ ਦੇ ਨੇੜੇ ਕੰਧ ’ਤੇ ਲਾਠੀ ਮਾਰ ਕੇ ਆਪਣੀ ਹੋਂਦ
ਦੀ ਸੂਚਨਾ ਦਿੰਦੇ ਹੋਏ ਕੁੱਝ ਚੌਕੀਦਾਰ ਜ਼ਰੂਰ ਸਨ। ਕਾਲੀ ਲਾਠੀਆਂ ਦੀ ਅਵਾਜ਼ ਤੋਂ ਡਰ ਕੇ
ਅੱਡੇ ਵੱਲ ਨੂੰ ਮੁੜ ਆਇਆ।
ਹਨੇਰਾ ਘਟਣਾ ਸ਼ੁਰੂ ਹੋ ਗਿਆ ਸੀ। ਅੱਡੇ ਤੇ ਹੋਰ ਇਮਾਰਤਾਂ ਦੇ ਆਕਾਰ ਸਾਫ ਦਿੱਸਣ ਲੱਗ ਪਏ
ਸਨ। ਕਾਲੀ ਕੋਠੇ ’ਤੇ ਚਲੇ ਗਿਆ। ਮਨਸੁੱਖ ਅਜੇ ਵੀ ਅਰਾਮ ਨਾਲ਼ ਸੌਂ ਰਿਹਾ ਸੀ। ਉਹ ਵੀ ਮੰਜੇ
ਤੇ ਸਿੱਧਾ ਪੈ ਗਿਆ ਤੇ ਅਕਾਸ਼ ’ਤੇ ਫਿੱਕੇ ਪੈ ਰਹੇ ਤਾਰਿਆਂ ਨੂੰ ਦੇਖਣ ਲੱਗਾ। ਜਦ ਉਹਨੂੰ
ਆਪਣੇ ਪਿੰਡ ਦਾ ਤਾਰਿਆਂ ਭਰਿਆ ਅਕਾਸ਼ ਤੇ ਮਿੱਟੀ ਦੀ ਸੁਗੰਧ ਭਰੀ ਸਵੇਰ ਯਾਦ ਆਉਣ ਲੱਗੀ ਤਾਂ
ਉਹ ਉੱਠ ਕੇ ਬੈਠ ਗਿਆ ਤੇ ਹੌਲ਼ੀ ਹੌਲ਼ੀ ਤੁਰਦਾ ਕੋਠੇ ‘ਤੇ ਟਹਿਲਣ ਲੱਗਾ।
ਵਰਕਸ਼ਾਪ ਵਿੱਚ ਰੌਣਕ ਵੱਧ ਗਈ ਸੀ। ਇਕੋ ਸਮੇਂ ਕਈ ਆਦਮੀ ਬੋਲ ਰਹੇ ਸਨ। ਕਾਲੀ ਕੋਠੇ ਦੇ ਉਸ
ਹਿੱਸੇ ਵਿੱਚ ਚਲਾ ਗਿਆ ਜਿਥੋਂ ਵਰਕਸ਼ਾਪ ਪੂਰੀ ਤਰ੍ਹਾਂ ਦਿਖਾਈ ਦਿੰਦੀ ਸੀ। ਦੋ ਬੱਸਾਂ ਦੀ
ਸਫਾਈ ਹੋ ਰਹੀ ਸੀ ਤੇ ਉਹਨਾਂ ਦੇ ਡਰਾਈਵਰ ਤੇ ਕਲੀਨਰ ਵਰਕਸ਼ਾਪ ਦੇ ਨਲਕੇ ’ਤੇ ਹੱਥ-ਮੂੰਹ ਧੋ
ਰਹੇ ਸਨ। ਮਕੈਨਿਕ ਲਾਰੀ ਦੇ ਇੰਜ਼ਣ ਦਾ ਬੋਨਟ ਉੱਪਰ ਚੁੱਕ ਕੇ ਠੋਕਾ-ਠਾਕੀ ਕਰ ਰਿਹਾ ਸੀ।
ਫਿਰ ਬੋਨਟ ਬੰਦ ਕਰਕੇ ਉਸ ਨੇ ਇੰਜ਼ਣ ਚਾਲੂ ਕਰ ਦਿੱਤਾ ਤੇ ਹੌਲ਼ੀ ਹੌਲ਼ੀ ਪੂਰੀ ਕੀਲੀ ਦੱਬ
ਦਿੱਤੀ। ਬੱਸ ਦਾ ਪਿਛਲਾ ਹਿੱਸਾ ਧੂੰਏ ਨਾਲ਼ ਭਰ ਗਿਆ ਤੇ ਬਹੁਤ ਉੱਚਾ ਤੇ ਕੁਰੱਖਤ ਜਿਹਾ
ਰੌਲ਼ਾ ਪਾਉਣ ਲੱਗਾ। ਮਿਸਤਰੀ ਨੇ ਲਾਰੀ ਦੀ ਕੀਲੀ ਦਾ ਦਬਾਅ ਥੋੜ੍ਹਾ ਘੱਟ ਕਰ ਦਿੱਤਾ ਤਾਂ
ਗੱਡੀ ਚੋਂ ਗੁਰਰ-ਗੁਰਰ ਦੀ ਸਮਤਲ ਜਿਹੀ ਅਵਾਜ਼ ਆਉਣ ਲੱਗੀ। ਉਹਨੇ ਦੂਜੀ ਬੱਸ ਦਾ ਵੀ ਬੋਨਟ
ਚੁੱਕ ਕੇ ਇੰਜ਼ਣ ਚੈੱਕ ਕੀਤਾ। ਉਹਨੂੰ ਚਲਾਇਆ ਤੇ ਗੁਰਰ-ਗੁਰਰ ਦੀ ਅਵਾਜ਼ ਕੱਢਦੇ ਨੂੰ ਛੱਡ
ਕੇ ਖਿੜਕੀ ਵਿੱਚੋਂ ਛਾਲ ਮਾਰ ਕੇ ਬਾਹਰ ਆ ਗਿਆ।
“ਗੱਡੀਆਂ ਟੈਸਟ ਕਰ ਦਿੱਤੀਆਂ ਹਨ। ਹਵਾ, ਤੇਲ, ਪਾਣੀ ਸਭ ਠੀਕ ਹੈ। ਬੈਟਰੀ ਵੀ ਠੀਕ ਹੈ। ਲੈ
ਜਾਓ ਅੱਡੇ ਨੂੰ।” ਉਸ ਨੇ ਮੈਲ਼ੇ ਕੱਪੜੇ ਨਾਲ਼ ਹੱਥ ਪੂੰਝਦਿਆਂ ਡਰਾਈਵਰਾਂ ਨੂੰ ਇਸ਼ਾਰਾ
ਕੀਤਾ।
ਕਾਲੀ ਜਦ ਮੁੜ ਕੇ ਆਇਆ ਤਾਂ ਮਨਸੁੱਖ ਮੰਜੀ ‘ਤੇ ਪਿਆ ਪਾਸੇ ਮਾਰ ਰਿਹਾ ਸੀ। ਉਹਨੇ ਅੱਖਾਂ
ਖੋਲ੍ਹ ਕੇ ਕਾਲੀ ਵੱਲ ਦੇਖਿਆ। “ਤੂੰ ਕਦੋਂ ਉਠਿਆ?”
“ਬਹੁਤ ਟੈਮ ਹੋ ਗਿਆ। ਮੈਂ ਤਾਂ ਜੰਗਲ-ਪਾਣੀ ਜਾ ਕੇ ਨਹਾ ਵੀ ਲਿਆ। ਬਰਫ ਕਾਰਖਾਨੇ ਦਾ ਵੀ
ਇੱਕ ਚੱਕਰ ਲਾ ਆਇਆਂ। ਉੱਥੇ ਗੁਦਾਮਾਂ ਦੇ ਪਹਿਰੇਦਾਰਾਂ ਦੇ ਸਿਵਾ ਅਜੇ ਹੋਰ ਕੋਈ ਨਹੀਂ ਸੀ।”
ਕਾਲੀ ਨੇ ਦੱਸਿਆ।
“ਅੱਛਾ। ਤੂੰ ਤਾਂ ਬੜਾ ਹਿੰਮਤੀ ਆਂ। …ਮੈਂ ਇੱਕ ਤਾਂ ਅੱਧੀ ਰਾਤ ਤੋਂ ਬਾਅਦ ਸੁੱਤਾ। ਫੇਰ
ਸਾਲ਼ੀ ਫਿਲਮ ਦੇ ਸੀਨ ਯਾਦ ਆਉਂਦੇ ਰਹੇ। ਦਿੱਲੀ ਜਾਣ ਵਾਲ਼ੀ ਪੈਸੰਜਰ ਗੱਡੀ ਦੇ ਚਲੇ ਜਾਣ
ਤੋਂ ਬਾਅਦ ਜਾ ਕੇ ਕਿਤੇ ਨੀਂਦ ਆਈ। ਬਹੁਤ ਮਿੱਠੀ ਨੀਂਦ ਆਈ। ਬੱਸ ਨੇ ਜਗਾ ਦਿੱਤਾ।” ਮਨਸੁੱਖ
ਨੇ ਮੰਜੀ ‘ਤੇ ਬੈਠਦੇ ਹੋਏ ਅੰਗੜਾਈ ਲਈ ਅਤੇ ਮੋਢਿਆਂ ਤੇ ਬਾਹਾਂ ਨੂੰ ਝਟਕਣ ਲੱਗਾ। ਫਿਰ ਉਹ
ਮੰਜੀ ਤੋਂ ਉੱਠ ਖੜ੍ਹਾ ਹੋਇਆ।
ਦੋਨੋਂ ਮੰਜੀਆਂ ਕੰਧ ਨਾਲ਼ ਖੜ੍ਹੀਆ ਕਰਕੇ ਕਾਲੀ ਵੀ ਮਨਸੁੱਖ ਦੇ ਪਿੱਛੇ-ਪਿੱਛੇ ਪੌੜੀਆਂ
ਉੱਤਰ ਆਇਆ। ਮਨਸੁੱਖ ਬੋਤਲ ਚੁੱਕ ਕੇ ਨਲਕੇ ਵੱਲ ਚਲਾ ਗਿਆ ਤੇ ਕੰਧ ਵੱਲ ਜਾਂਦਾ ਹੋਇਆ
ਬੋਲਿਆ, “ਅੱਜ ਜੰਗਲ-ਪਾਣੀ ਦੇ ਲਈ ਦੂਰ ਜਾਣਾ ਪਊਗਾ। …ਦਿਨ ਚੜ੍ਹ ਆਇਆ ਨਾ। ਨ੍ਹੇਰਾ ਹੋਵੇ
ਤਾਂ ਨੇੜੇ ਹੀ ਇੱਕ ਜਗ੍ਹਾ ਹੈ। ਇਧਰ ਸੱਜੀ ਕੰਧ ਦੇ ਦੂਜੇ ਪਾਸੇ। ਉੱਥੇ ਜ਼ਮੀਨ ਦੇ ਥੱਲੇ
ਇੱਕ ਛੋਟਾ ਜਿਹਾ ਨਾਲ਼ਾ ਵਹਿੰਦਾ ਹੈ। ਇੱਕ-ਦੋ ਥਾਂ ਤੋਂ ਉਸ ਦੀ ਛੱਤ ਟੁੱਟੀ ਹੋਈ ਹੈ। ਉੱਥੇ
ਬੈਠ ਜਾਈਦਾ ਹੈ।”
“ਮੈਂ ਬਰਫ ਕਾਰਖਾਨੇ ਜਾ ਕੇ ਆਉਂਦਾ ਹਾਂ।” ਕਾਲੀ ਨੇ ਕਿਹਾ।
“ਉੱਥੇ ਕੋਈ ਨਹੀਂ ਹੋਣਾ ਇਸ ਸਮੇਂ। ਉਦਾਂ ਤੇਰੀ ਮਰਜ਼ੀ ਹੈ।” ਮਨਸੁੱਖ ਕੰਧ ਟੱਪ ਕੇ ਪਾਰ
ਚਲੇ ਗਿਆ।
ਮਨਸੁੱਖ ਦੀ ਉਡੀਕ ਕਰਦਾ ਕਾਲੀ ਖੁੱਲੇ ਵਿਹੜੇ ਵਿੱਚ ਘੁੰਮਦਾ ਰਿਹਾ। ਡਰਾਈਵਰ ਦੋਵਾਂ ਬੱਸਾਂ
ਨੂੰ ਅੱਡੇ ਦੇ ਅੰਦਰ ਲੈ ਆਏ ਤੇ ਉਨ੍ਹਾਂ ਦੇ ਮੂੰਹ ਸੜਕ ਵੱਲ ਕਰਕੇ ਬਰਾਬਰ ਖੜ੍ਹੀਆਂ ਕਰ
ਦਿੱਤੀਆਂ ਤੇ ਆਪ ਮੁਕੰਦੇ ਹਲਵਾਈ ਦੀ ਦੁਕਾਨ ’ਤੇ ਜਾ ਬੈਠੇ।
ਮਨਸੁੱਖ ਛੇਤੀ ਹੀ ਮੁੜ ਆਇਆ। ਬੱਸਾਂ ਨੂੰ ਅੱਡੇ ਦੇ ਅੰਦਰ ਖੜ੍ਹਾ ਦੇਖ ਕੇ ਉਸ ਨੇ ਕਾਲੀ ਨੂੰ
ਪੁੱਛਿਆ, “ਬੱਸਾਂ ਕਦੋਂ ਅੰਦਰ ਆਈਆਂ?”
“ਬਸ ਹੁਣੇ, ਥੋੜ੍ਹੀ ਦੇਰ ਪਹਿਲਾਂ।”
“ਡਰਾਈਵਰ-ਕਲੀਨਰ ਕਿੱਥੇ ਹਨ?”
“ਹਲਵਾਈ ਦੀ ਦੁਕਾਨ ਨੂੰ ਗਏ ਆ।” ਕਾਲੀ ਨੇ ਸੜਕ ਤੇ ਮੁਕੰਦੇ ਦੀ ਦੁਕਾਨ ਵੱਲ ਇਸ਼ਾਰਾ ਕੀਤਾ।
“ਠੀਕ ਹੈ। ਫਿਰ ਕੋਈ ਚਿੰਤਾ ਨਹੀਂ।” ਮਨਸੁੱਖ ਨੇ ਸੁਖ ਦਾ ਸਾਹ ਲਿਆ ਤੇ ਕਮੀਜ਼, ਪਜਾਮਾ
ਲਾਹੁੰਦਾ ਹੋਇਆ ਬੋਲਿਆ, “ਯਾਰ, ਆ ਨਲਕਾ ਗੇੜ ਦੇ। ਕਾਹਲ਼ੀ-ਕਾਹਲ਼ੀ ਇੱਕ ਚੁੱਬੀ ਲਾ ਹੀ
ਲੈਂਦਾ ਹਾਂ।”
ਕਾਲੀ ਨਲਕਾ ਗੇੜਣ ਲੱਗਾ ਤੇ ਮਨਸੁੱਖ ਮੋਟੀ ਧਾਰ ਦੇ ਥੱਲੇ ਬੈਠਾ ਸੁਸਤੀ ਦੂਰ ਕਰਦਾ ਰਿਹਾ।
ਡਰਾਈਵਰਾਂ ਦੇ ਆਉਣ ਤੋਂ ਪਹਿਲਾਂ ਹੀ ਮਨਸੁੱਖ ਤਿਆਰ ਹੋ ਕੇ ਬੱਸਾਂ ਦੇ ਕੋਲ਼ ਆ ਖੜ੍ਹਾ
ਹੋਇਆ। “ਉਸਤਾਦ ਜੀ, ਬੰਦਗੀ।” ਮਨਸੁੱਖ ਨੇ ਖੁਸ਼ ਹੁੰਦਿਆਂ ਮੱਥੇ ਨੂੰ ਛੂਹਿਆ। “ਬੰਦਗੀ
ਭਾਈ,” ਡਰਾਈਵਰ ਸੁਰਜਨ ਲਾਲ ਨੇ ਕਿਹਾ, “ਨਵੇਂ ਸ਼ਹਿਰ ਦਾ ਹੋਕਾ ਦੇ ਦੇ। ਹੁਸਿ਼ਆਰਪੁਰ ਤੋਂ
ਪਹਿਲੀ ਗੱਡੀ ਸਟੇਸ਼ਨ ’ਤੇ ਆ ਗਈ ਹੈ।”
“ਬਹੁਤ ਬੇਹਤਰ, ਉਸਤਾਦ ਜੀ”, ਮਨਸੁੱਖ ਸੜਕ ਵੱਲ ਨੂੰ ਚਲੇ ਗਿਆ। ਕਾਲੀ ਵੀ ਉਹਦੇ ਮਗਰ-ਮਗਰ
ਤੁਰ ਪਿਆ ਤੇ ਸੜਕ ਦੇ ਕੰਢੇ ਉਹਦੇ ਬਰਾਬਰ ਆ ਖੜ੍ਹਾ ਹੋਇਆ, “ਮੈਂ ਚਲਦਾ ਹਾਂ, ਬਰਫ ਕਾਰਖਾਨੇ
ਨੂੰ।”
“ਹਾਂ ਚਲਾ ਜਾ। ਮਜ਼ਦੂਰ ਮੰਡੀ ਵਿੱਚ ਖੜ੍ਹੇ ਦਾ ਖਾਲਸਾ ਹੀ ਹੁੰਦਾ ਹੈ। ਜਿਸ ਨੂੰ ਮਜ਼ਦੂਰੀ
ਦੀ ਲੋੜ ਹੁੰਦੀ ਹੈ, ਉਹ ਆਉਂਦਾ ਹੈ ਤੇ ਆਦਮੀ ਛਾਂਟ ਕੇ ਆਪਣੇ ਨਾਲ਼ ਹੀ ਲੈ ਜਾਂਦਾ ਹੈ। ਇਸ
ਤਰ੍ਹਾਂ ਉਹ ਟੈਮ ਬਚਾ ਕੇ ਉਨੇ ਹੀ ਪੈਸਿਆਂ ਵਿੱਚ ਜਿ਼ਆਦਾ ਕੰਮ ਕਰਵਾ ਲੈਂਦਾ ਹੈ।” ਮਨਸੁੱਖ
ਨੇ ਕਾਲੀ ਨੂੰ ਸਮਝਾਇਆ ਤੇ ਆਪ ਹੋਕਾ ਦੇਣ ਲੱਗਾ, “ਆ ਜਾਓ ਫਗਵਾੜਾ, ਬਹਿਰਾਮ, ਬੰਗੇ, ਨਵਾਂ
ਸ਼ਹਿਰ, ਗੋਰਾਇਆਂ, ਫਿਲੌਰ ਤੇ ਲੁਧਿਆਣੇ ਜਾਣ ਵਾਲ਼ੇ।”
ਮਨਸੁੱਖ ਦੇ ਹੋਕੇ ਨੂੰ ਪਿੱਛੇ ਛੱਡਦਾ ਹੋਇਆ ਕਾਲੀ ਕਾਹਲ਼ੀ-ਕਾਹਲ਼ੀ ਬਰਫ ਕਾਰਖਾਨੇ ਵੱਲ ਨੂੰ
ਤੁਰਦਾ ਰਿਹਾ। ਉਹਨੂੰ ਡਰ ਸੀ ਕਿ ਕਿਤੇ ਉਹ ਲੇਟ ਨਾ ਹੋ ਗਿਆ ਹੋਵੇ। ਸੜਕ ਤੇ ਕਾਫੀ ਰੌਣਕ
ਸੀ। ਬਹੁਤ ਸਾਰੇ ਗਵਾਲ਼ੇ ਸਾਈਕਲਾਂ ਦੇ ਪਿੱਛੇ ਦੋਨੀਂ ਪਾਸੀਂ ਦੁੱਧ ਨਾਲ਼ ਭਰੀਆਂ ਗਾਗਰਾਂ
ਤੇ ਡਰੰਮ ਬੰਨ੍ਹੀ ਅਤੇ ਹੈਂਡਲਾਂ ਨਾਲ਼ ਛੋਟੇ ਡੱਬੇ ਲਟਕਾਈ ਹਲਵਾਈਆਂ ਦੀਆਂ ਦੁਕਾਨਾਂ ਤੇ
ਮੁਹੱਲਿਆਂ ਨੂੰ ਦੌੜੇ ਜਾ ਰਹੇ ਸਨ।
ਕਾਲੀ ਬਰਫ ਕਾਰਖਾਨੇ ਦੇ ਸਾਹਮਣੇ ਪਹੁੰਚ ਗਿਆ। ਵਿਹੜੇ ਵਿੱਚ ਕਈ ਰੇੜ੍ਹੇ ਤੇ ਰੇੜ੍ਹੀਆਂ
ਖੜ੍ਹੀਆ ਸਨ ਤੇ ਉਹਨਾਂ ਉੱਪਰ ਬਰਫ ਦੇ ਬੜੇ ਬੜੇ ਡਲੇ ਲੱਦੇ ਜਾ ਰਹੇ ਸਨ। ਜਿਹੜਾ ਰੇੜ੍ਹਾ
ਜਾਂ ਰੇੜ੍ਹੀ ਲੱਦ ਹੋ ਜਾਂਦੇ ਉਹ ਉੱਥੋਂ ਗੇਟ ‘ਤੇ ਆ ਜਾਂਦੇ ਤੇ ਰੇੜ੍ਹੇ ਜਾਂ ਰੇੜ੍ਹੀ
ਵਾਲ਼ਾ ਰਾਹਦਾਰੀ ਦਾ ਪਰਚਾ ਗੇਟ ‘ਤੇ ਬੈਠੇ ਆਦਮੀ ਨੂੰ ਫੜਾ ਕੇ ਅੱਗੇ ਲੰਘ ਜਾਂਦਾ।
ਰੇੜ੍ਹੇ ਤੇ ਰੇੜ੍ਹੀਆਂ ਲਈ ਜਦ ਅੰਦਰ ਥਾਂ ਨਾ ਰਹੀ ਤਾਂ ਉਹ ਕਤਾਰ ਬਣਾ ਕੇ ਗੇਟ ਦੇ ਇੱਕ
ਪਾਸੇ ਖੜੇ ਹੋ ਗਏ। ਕਾਲੀ ਧਿਆਨ ਨਾਲ਼ ਸਭ ਕੁੱਝ ਦੇਖਦਾ ਰਿਹਾ। ਫਿਰ ਗੇਟ ਲੰਘ ਕੇ ਗੁਦਾਮਾਂ
ਵੱਲ ਦੇਖਣ ਲੱਗਾ ਪਰ ਉੱਥੇ ਬਿਲਕੁੱਲ ਸੁੰਨਸਾਨ ਸੀ।
ਮੈਲ਼ੇ ਕੁਚੈਲ਼ੇ ਕਪੜਿਆਂ ਵਾਲ਼ਾ ਇੱਕ ਆਦਮੀ ਕਾਲੀ ਦੇ ਕੋਲ਼ ਦੀ ਲੰਘਿਆ ਤਾਂ ਕਾਲੀ ਵੀ ਉਹਦੇ
ਮਗਰ-ਮਗਰ ਤੁਰ ਪਿਆ। ਜਦ ਉਹ ਗੁਦਾਮਾਂ ਵੱਲ ਨੂੰ ਤੁਰਿਆ ਹੀ ਗਿਆ ਤਾਂ ਕਾਲੀ ਨੇ ਉਹਨੂੰ ਹਾਕ
ਮਾਰ ਕੇ ਰੋਕ ਲਿਆ, “ਭਾਈ ਜੀ!”
ਕਾਹਲ਼ੀ ਨਾਲ਼ ਉਹਦੇ ਕੋਲ਼ ਜਾ ਕੇ ਕਾਲੀ ਨੇ ਸਹਿਜ ਨਾਲ਼ ਪੁੱਛਿਆ, ਇੱਥੇ ਮਜ਼ਦੂਰਾਂ ਦੀ
ਮੰਡੀ ਕਿੱਥੇ ਲਗਦੀ ਹੈ?”
“ਦੋ ਥਾਈਂ ਹੈ।” ਉਸ ਨੇ ਗੁਦਾਮਾਂ ਦੇ ਨੇੜੇ ਇੱਕ ਦਰੱਖਤ ਵੱਲ ਇਸ਼ਾਰਾ ਕੀਤਾ, “ਪਾਂਡੀਆਂ ਦੀ
ਮੰਡੀ ਤਾਂ ਉਸ ਦਰੱਖਤ ਦੇ ਥੱਲੇ ਲਗਦੀ ਹੈ। ਰਾਜ, ਕਾਰੀਗਰ ਤੇ ਦੂਜੇ ਮਜ਼ਦੂਰ ਰੇੜ੍ਹਿਆਂ ਦੇ
ਨੇੜੇ ਇਕੱਠੇ ਹੁੰਦੇ ਹਨ।”
“ਕਿੰਨਾ ਚਿਰ ਹੈ ਅਜੇ ਮੰਡੀ ਲੱਗਣ ਵਿੱਚ?” ਕਾਲੀ ਨੇ ਡਰਦੇ ਡਰਦੇ ਪੁੱਛਿਆ।
“ਬਸ ਲੱਗਣ ਹੀ ਵਾਲ਼ੀ ਹੈ। ਜ਼ਰੂਰਤ ਮੰਦ ਆਉਣੇ ਸ਼ੂਰੁ ਹੋ ਜਾਣਗੇ।” ਉਸ ਆਦਮੀ ਨੇ ਦੱਸਿਆ।
ਫਿਰ ਪੁੱਛਿਆ, “ਕੀ ਤੂੰ ਕਿਸੇ ਨੂੰ ਮਿਲਣਾ ਹੈ?”
“ਨਹੀਂ, ਮੈਨੂੰ ਵੀ ਕੰਮ ਚਾਹੀਦਾ ਹੈ।” ਕਾਲੀ ਨੇ ਹੱਥ ਜੋੜੇ।
“ਕੋਸਿ਼ਸ਼ ਕਰ ਕੇ ਦੇਖ ਲਓ। ਪਰ ਹੈ ਮੁਸ਼ਕਲ। …ਇੱਥੇ ਜਿ਼ਆਦਾਤਰ ਪੱਕੇ ਮਜ਼ਦੂਰ ਹਨ। ਕੱਚੀ
ਮਜ਼ਦੂਰੀ ਵੀ ਨਿਕਲਦੀ ਰਹਿੰਦੀ ਹੈ। ਸ਼ਾਇਦ ਕੋਈ ਜ਼ਰੂਰਤਮੰਦ ਆ ਹੀ ਜਾਵੇ।”
“ਕੀ ਮਾਲਗੁਦਾਮਾਂ ਵਿੱਚ ਗੁੰਜਾਇਸ਼ ਹੋ ਸਕਦੀ ਹੈ?”
“ਬਹੁਤ ਮੁਸ਼ਕਲ ਹੈ। ਹਰ ਗੁਦਾਮ ਦੇ ਆਪਣੇ ਪੱਕੇ ਪਾਂਡੀ ਰੱਖੇ ਹੋਏ ਹਨ। ਜਿਸ ਦਿਨ ਕੰਮ ਨਹੀਂ
ਹੁੰਦਾ, ਉਹ ਵੀ ਬੇਕਾਰ ਬੈਠੇ ਰਹਿੰਦੇ ਹਨ। ਵੈਸੇ ਖੜ੍ਹੇ ਹੋਣ ਵਿੱਚ ਕੋਈ ਹਰਜ ਨਹੀਂ ਹੈ।”
ਉਸ ਨੇ ਹੌਸਲਾ ਦਿੱਤਾ, “ਇੱਥੇ ਕੰਮ ਵੀ ਬਹੁਤ ਹੈ ਤੇ ਬੰਦੇ ਵੀ ਅਣਗਿਣਤ ਹਨ। ਹਾਲਤ ਇੰਨੀ
ਮਾੜੀ ਹੈ ਕਿ ਝੋਟੇ ਜਾਂ ਬਲਦ ਦੇ ਥਾਂ ਵੀ ਆਦਮੀ ਰੇੜ੍ਹੇ ਖਿੱਚਣ ਲਈ ਤਿਆਰ ਹਨ।”
ਕਾਲੀ ਬਰਫ ਕਾਰਖਾਨੇ ਦੀ ਕੰਧ ਨਾਲ਼ ਲੱਗ ਕੇ ਬੈਠ ਗਿਆ। ਗੇਟ ਦੇ ਸਾਹਮਣੇ ਰੇੜ੍ਹੇ-ਰੇੜ੍ਹੀਆਂ
ਦੀ ਲਾਈਨ ਖਤਮ ਹੋ ਗਈ ਸੀ। ਅੰਦਰੋਂ ਵੀ ਹੁਣ ਰੇੜ੍ਹੇ-ਰੇੜ੍ਹੀਆਂ ਪਹਿਲਾਂ ਨਾਲ਼ੋਂ ਘੱਟ ਨਿਕਲ
ਰਹੇ ਸਨ ਤੇ ਵਿਹੜੇ ਦਾ ਰੌਲ਼ਾ ਬਹੁਤ ਹੱਦ ਤੱਕ ਠੰਡਾ ਪੈ ਗਿਆ ਸੀ।
ਇਹ ਦੇਖ ਕੇ ਕਾਲੀ ਦੀ ਨਿਰਾਸ਼ਾ ਵੱਧਣ ਲੱਗੀ ਤੇ ਉਸ ਨੂੰ ਆਪਣੀ ਬੇਬਸੀ ਦਾ ਅਹਿਸਾਸ ਹੋਣ
ਲੱਗਾ। ਬੀਤੇ ਹੋਏ ਸਮੇਂ ਬਾਰੇ ਸੋਚਿਆ ਤਾਂ ਉਹ ਉਸ ਨੂੰ ਬਹੁਤ ਵਧੀਆ ਲੱਗਾ। ਬਰਕਤ ਤੇ ਉਹਦੇ
ਸਾਥੀ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਮੂੰਹ ਵਿੱਚ ਦੁੱਧ-ਜਲੇਬੀ ਦਾ ਸਵਾਦ ਯਾਦ ਕਰਕੇ
ਕਾਲੀ ਗੱਦਗੱਦ ਹੋ ਗਿਆ ਕਿ ਜੇ ਸਾਰੇ ਲੋਕ ਬਰਕਤ ਤੇ ਮਨਸੁੱਖ ਵਰਗੇ ਹੋ ਜਾਣ ਤਾਂ ਸਵਰਗ ਇਸੇ
ਧਰਤੀ ’ਤੇ ਉੱਤਰ ਆਵੇਗਾ।
ਕਾਲੀ ਆਸ਼ਾ-ਨਿਰਾਸ਼ਾ ਵਿੱਚ ਲਟਕਿਆ ਹੋਇਆ ਵਿਚਾਰਾਂ ਵਿੱਚ ਭਟਕ ਰਿਹਾ ਸੀ ਕਿ ਉੱਥੇ ਸਾਈਕਲ
ਤੇ ਦੋ ਆਦਮੀ ਆਏ। ਇੱਕ ਗੱਭਰੂ ਮੁੰਡਾ ਸਾਈਕਲ ਚਲਾ ਰਿਹਾ ਸੀ ਤੇ ਪੈਂਤੀ-ਪੰਜਾਹ ਦੇ ਵਿਚਾਲੇ
ਉਮਰ ਦਾ ਦੂਜਾ ਆਦਮੀ ਪਿਛਲੀ ਸੀਟ ’ਤੇ ਬੈਠਾ ਸੀ। ਕਾਲੀ ਦੇ ਬਰਾਬਰ ਆ ਕੇ ਗੱਭਰੂ ਮੁੰਡੇ ਨੇ
ਸਾਈਕਲ ਖੜ੍ਹਾ ਕਰ ਲਿਆ। ਪਿੱਛੇ ਸੀਟ ਤੇ ਬੈਠਾ ਆਦਮੀ ਵੀ ਉੱਤਰ ਗਿਆ।
“ਕਿੱਥੇ ਆ ਤੇਰਾ ਮਿਸਤਰੀ ਤੇ ਮਜ਼ਦੂਰ?” ਕੁੰਦਨ ਲਾਲ ਨੇ ਪ੍ਰਦੀਪ ਨੂੰ ਪੁੱਛਿਆ।
“ਤਾਇਆ ਜੀ, ਇੱਥੋਂ ਹੀ ਲੈ ਕੇ ਗਿਆ ਸੀ। ਉਹ ਇੱਥੇ ਜ਼ਰੂਰ ਆਉਂਦਾ ਹੈ।” ਪ੍ਰਦੀਪ ਨੇ ਭਰੋਸਾ
ਦੁਆਇਆ।
ਉਹ ਦੋਨੋਂ ਉੱਥੇ ਅਲਸਾਏ ਜਿਹੇ ਖੜ੍ਹੇ ਇਧਰ ਉਧਰ ਦੇਖਦੇ ਰਹੇ। ਫਿਰ ਉਹ ਸਾਈਕਲ ਦੇ
ਨਾਲ਼-ਨਾਲ਼ ਤੁਰਦੇ ਸੜਕ ਵੱਲ ਨੂੰ ਚਲੇ ਗਏ। ਰਾਹ ਵਿੱਚ ਇੱਕ ਆਦਮੀ ਨੂੰ ਆਉਂਦਾ ਦੇਖ ਕੇ
ਪ੍ਰਦੀਪ ਨੇ ਖੁਸ਼ ਹੁੰਦਿਆਂ ਕਿਹਾ, “ਤਾਇਆ ਜੀ, ਮੈਂ ਦੱਸਿਆ ਸੀ ਕਿ ਉਹ ਇੱਥੇ ਜ਼ਰੂਰ ਆਊਗਾ।
ਇਹ ਇਸ ਦਾ ਰੋਜ਼ ਦਾ ਕੰਮ ਹੈ। ਇੱਥੇ ਗੇੜਾ ਲਾਏ ਬਿਨਾਂ ਨਾ ਇਹਨੂੰ ਰੋਟੀ ਪੱਚਦੀ ਹੈ ਤੇ ਨਾ
ਹੀ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਆਉਂਦੀ ਹੈ।”
“ਇਹ ਤਾਂ ਕੱਲਾ ਹੀ ਹੈ। ਗਾਰਾ, ਮਿੱਟੀ ਤੇ ਇੱਟਾਂ ਫੜਾਉਣ ਲਈ ਵੀ ਤਾਂ ਇੱਕ ਆਦਮੀ ਚਾਹੀਦਾ।”
ਕੁੰਦਨ ਲਾਲ ਨੇ ਫਿਕਰ ਜ਼ਾਹਿਰ ਕੀਤਾ।
“ਉਹ ਵੀ ਆਉਂਦਾ ਹੋਣਾ। ਇਹ ਸਵੇਰ ਨੂੰ ਇੱਥੇ ਇਕੱਠੇ ਹੁੰਦੇ ਆ ਤੇ ਫੇਰ ਆਪਣੇ ਆਪਣੇ ਕੰਮਾਂ
ਨੂੰ ਜਾਂਦੇ ਹਨ।” ਪ੍ਰਦੀਪ ਇਸ ਤਰ੍ਹਾਂ ਦੱਸ ਰਿਹਾ ਸੀ ਜਿਵੇਂ ਉਹ ਇਨ੍ਹਾਂ ਲੋਕਾਂ ਬਾਰੇ ਸਭ
ਕੁੱਝ ਜਾਣਦਾ ਹੋਵੇ।
ਮਿਸਤਰੀ ਧਿਆਨ ਸਿੰਘ ਉਹਨਾਂ ਦੇ ਕੋਲ਼ ਆ ਗਿਆ। ਪ੍ਰਦੀਪ ਨੂੰ ਦੇਖ ਕੇ ਉਹਦੀਆਂ ਵੜਾਛਾਂ
ਖਿੜ੍ਹ ਗਈਆਂ। ਉਹਨੇ ਆਪਣੀ ਖੁਸ਼ੀ ਦੱਸਣ ਲਈ ਤਿੰਨ ਚਾਰ ਵਾਰੀ ਆਪਣੀ ਸੰਦਾਂ ਦੀ ਬੋਰੀ ਨੂੰ
ਵਾਰੀ-ਵਾਰੀ ਮੋਢਿਆਂ ’ਤੇ ਬਦਲਿਆ।
“ਮਿਸਤਰੀ, ਮੈਂ ਤਾਂ ਤੁਹਾਡੀ ਤਾਇਆ ਜੀ ਦੀ ਦੁਕਾਨ ਤੇ ਉਡੀਕ ਕਰ ਰਿਹਾ ਸੀ।” ਪ੍ਰਦੀਪ ਨੇ
ਕਿਹਾ।
“ਇੱਥੋਂ ਹੋ ਕੇ ਮੈਂ ਉੱਥੇ ਹੀ ਆਉਣਾ ਸੀ।” ਧਿਆਨ ਸਿੰਘ ਨੇ ਮੁਸਕਰਾਉਂਦਿਆਂ ਕਿਹਾ।
“ਹਰ ਆਦਮੀ ਨੂੰ ਆਪਣੇ ਆਪਣੇ ਧੰਦੇ ਦਾ ਧਿਆਨ ਰੱਖਣਾ ਪੈਂਦਾ ਹੈ। ਬਾਕੀ ਲੋਕਾਂ ਵਾਂਗ ਅਸੀਂ
ਵੀ ਆਪਣੀ ਮਾਰਕਿਟ ‘ਤੇ ਨਜ਼ਰ ਦੱਖਦੇ ਹਾਂ। ਕੌਣ ਕਿੱਥੇ ਲੱਗਾ ਹੈ। ਨਵਾਂ ਆਦਮੀ ਕੌਣ ਆਇਆ
ਹੈ। ਕੀ ਕੰਮ ਜਾਣਦਾ ਹੈ। ਮਿਲ ਕੇ ਕੰਮ ਕਰਨ ਦਾ ਆਦੀ ਹੈ ਜਾਂ ਦੂਜੇ ਦੇ ਕੰਮ ਵਿੱਚ ਅੜਿੱਕਾ
ਡਾਹੁੰਣ ਵਾਲ਼ਾ ਹੈ।”
“ਚੰਗਾ ਚੰਗਾ। ਗੱਲਾਂ ਤਾਂ ਇਦਾਂ ਕਰਦਾ ਜਿਵੇਂ ਹੀਰਿਆਂ ਦਾ ਵਿਉਪਾਰੀ ਹੋਵੇ।” ਕੁੰਦਨ ਲਾਲ
ਨੇ ਨਿਹੋਰਾ ਮਾਰਿਆ,
“ਮਿਸਤਰੀ ਤੇਰਾ ਸਾਥੀ ਕਿੱਥੇ ਹੈ। ਇੱਟਾਂ-ਗਾਰਾ ਫੜਾਉਣ ਵਾਲ਼ਾ?”
“ਉਹਨੇ ਸਿੱਧਾ ਉੱਥੇ ਪਹੁੰਚ ਜਾਣਾ। ਸਗੋਂ ਪਹੁੰਚ ਹੀ ਗਿਆ ਹੋਣਾ।” ਮਿਸਤਰੀ ਧਿਆਨ ਸਿੰਘ
ਕਾਰੋਬਾਰੀ ਤਰੀਕੇ ਨਾਲ਼ ਦੱਸਿਆ। “ਤੁਸੀਂ ਚਲੋ, ਮੈਂ ਆਉਂਦਾ ਹਾਂ;”
“ਹੁਣੇ ਚਲੋ।” ਪ੍ਰਦੀਪ ਨੇ ਜ਼ੋਰ ਪਾਇਆ।
“ਤੁਸੀਂ ਤਾਂ ਪਹੁੰਚੋ। ਤੁਸੀਂ ਤਾਂ ਸਾਈਕਲ ਤੇ ਸੜਕੇ-ਸੜਕੇ ਜਾਣਾ ਹੈ। ਮੈਂ ਤਾਂ ਗਲੀਆਂ
ਵਿੱਚੋਂ ਦੀ ਹੋ ਕੇ ਬਹੁਤ ਛੇਤੀ ਪਹੁੰਚ ਜਾਣਾ ਹੈ।” ਮਿਸਤਰੀ ਧਿਆਨ ਸਿੰਘ ਨੇ ਭਰੋਸਾ ਦੁਆਇਆ।
“ਹੁਣੇ ਕਿਉ ਨਹੀਂ ਆਉਂਦਾ?” ਕੁੰਦਨ ਲਾਲ ਨੇ ਖਿੱਝ ਕੇ ਸਿਰ ਝਟਕਿਆ, “ਟੈਮ ਖਰਾਬ ਕਰਨ ਨਾਲ਼
ਕੀ ਫਾਇਦਾ ਹੋਊਗਾ?”
“ਟੈਮ ਖਰਾਬ ਨਹੀਂ ਕਰ ਰਿਹਾ।” ਮਿਸਤਰੀ ਧਿਆਨ ਸਿੰਘ ਨੇ ਸਮਝਾਇਆ। “ਲਾਲਾ ਜੀ ਖੋਟੇ ਕੰਮ ਦੇ
ਕੋਈ ਵੀ ਖਰੇ ਪੈਸੇ ਨਹੀਂ ਦਿੰਦਾ। ਪੂਰਾ ਕੰਮ ਕਰਕੇ ਹੀ ਖਰੇ ਪੈਸੇ ਲਊਂਗਾ।”
ਉਹ ਥੋੜ੍ਹੀ ਦੇਰ ਆਪਸ ਵਿੱਚ ਬਹਿਸ ਕਰਦੇ ਰਹੇ। ਫਿਰ ਪੱਕੀ ਤਾਗੀਦ ਕਰਕੇ ਕੁੰਦਨ ਲਾਲ ਤੇ
ਪ੍ਰਦੀਪ ਚਲੇ ਗਏ। ਮਿਸਤਰੀ ਧਿਆਨ ਸਿੰਘ ਕਾਲੀ ਦੇ ਕੋਲ਼ੋਂ ਲੰਘਿਆ ਤਾਂ ਉਸ ਨੇ ਬਹੁਤ ਹੀ
ਨਿਮਰਤਾ ਨਾਲ਼ ਬੰਦਗੀ ਕੀਤੀ। ਧਿਆਨ ਸਿੰਘ ਖੜ੍ਹ ਗਿਆ ਤਾਂ ਉਹਨੇ ਹੱਥ ਜੋੜ ਦਿੱਤੇ, “ਮਿਸਤਰੀ
ਜੀ, ਇੱਕ ਬੇਨਤੀ ਕਰਨੀ ਸੀ।”
“ਬੋਲੋ।” ਧਿਆਨ ਸਿੰਘ ਨੇ ਕਾਲੀ ਵੱਲ ਧਿਆਨ ਨਾਲ਼ ਦੇਖਿਆ। ਮੋਢੇ ਦਾ ਭਾਰ ਹਲਕਾ ਕਰਨ ਲਈ
ਬੋਰੀ ਥੱਲੇ ਪੈਰਾਂ ਕੋਲ਼ ਰੱਖ ਲਈ।
“ਮੈਨੂੰ ਕੰਮ ਚਾਹੀਦਾ। ਕਿਸੇ ਤਰ੍ਹਾਂ ਦਾ ਵੀ ਹੋਵੇ। ਭੁੱਖ ਦੀ ਮਾਰ ਝੱਲ ਰਿਹਾ ਹਾਂ। ਕਾਲੀ
ਨੇ ਆਪਣੀ ਹਾਲਤ ਜਿ਼ਆਦਾ ਤੋਂ ਜਿ਼ਆਦਾ ਮਾੜੀ ਕਰਕੇ ਦੱਸਣ ਦੀ ਕੋਸਿ਼ਸ਼ ਕੀਤੀ ਤਾਂ ਕਿ
ਮਿਸਤਰੀ ਦੇ ਮਨ ਵਿੱਚ ਦਯਾ ਆ ਜਾਏ।
ਮਿਸਤਰੀ ਧਿਆਨ ਸਿੰਘ ਨੇ ਇੱਕ ਵਾਰ ਫਿਰ ਕਾਲੀ ਤੇ ਚੰਗੀ ਤਰ੍ਹਾਂ ਨਜ਼ਰ ਮਾਰੀ ਜਿਵੇਂ ਉਹਦੇ
ਅੰਦਰ ਝਾਕਣਾ ਚਾਹੁੰਦਾ ਹੋਵੇ। “ਕਿੰਨੇ ਦਿਨ ਹੋਏ ਸ਼ਹਿਰ ਆਏ ਹੋਏ ਨੂੰ?”
“ਪਰਸੋਂ ਰਾਤ ਨੂੰ ਆਇਆ ਸੀ। ਮਾਂ-ਬਾਪ, ਤਾਇਆ-ਚਾਚਾ, ਭੂਆ-ਫੁੱਫੜ, ਭੈਣ-ਭਾਈ ਕੋਈ ਨਹੀਂ ਹੈ।
ਮੈਂ ਇਸ ਦੁਨੀਆਂ ਵਿੱਚ ਇਕੱਲਾ ਹੀ ਹਾਂ। ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਪਿੰਡੋਂ ਕੱਢ
ਦਿੱਤਾ।” ਕਾਲੀ ਗਿੜਗਿੜਾਇਆ।
“ਕਿਸੇ ਦੀ ਧੀ-ਭੈਣ ਨੂੰ ਛੇੜਿਆ ਹੋਵੇਗਾ। ਤਾਂ ਹੀ ਕੱਢਿਆ ਹੋਊ ਪਿੰਡ ‘ਚੋ।” ਮਿਸਤਰੀ ਧਿਆਨ
ਸਿੰਘ ਨੇ ਸੱ਼ਕ ਨਾਲ਼ ਕਾਲੀ ਵੱਲ ਦੇਖਿਆ। “ਭੀਖ ਮੰਗਣ ਦਾ ਧੰਦਾ ਕਰਨਾ ਹੈ ਤਾਂ ਰੇਲਵੇ ਲਾਈਨ
ਦੇ ਦੂਜੇ ਪਾਸੇ ਚਲੇ ਜਾ। ਮੰਗਤਿਆਂ ਦੀ ਦੁਨੀਆਂ ਦੂਰ ਤੋਂ ਹੀ ਦਿਸ ਪਵੇਗੀ। …ਬਾਕੀ ਜੇ ਕੰਮ
ਕਰਨਾ ਹੈ ਤਾਂ ਸਬਰ ਕਰੋ। ਸ਼ਹਿਰ ਨੂੰ ਦੇਖੋ-ਭਾਲੋ। …ਸ਼ਹਿਰ ਵਿੱਚ ਹਰ ਪਰਦੇਸੀ ਨੂੰ
ਚੋਰ-ਉਚੱਕਾ ਸਮਝਿਆ ਜਾਂਦਾ ਹੈ। ਕੰਮ ਉਹਨੂੰ ਮਿਲਦਾ ਹੈ ਜਿਸ ਦਾ ਕੋਈ ਆਪਣਾ ਸਿਰਨਾਵਾਂ
ਹੋਵੇ, ਕੋਈ ਅਤਾ-ਪਤਾ ਹੋਵੇ, ਕੋਈ ਬਾਲੀ-ਵਾਰਿਸ ਹੋਵੇ। ਇੱਥੇ ਤਾਂ ਲੋਕ ਗਲ਼ੀ ਦੇ ਕੁੱਤੇ
ਨੂੰ ਵੀ ਰੋਟੀ ਦਾ ਟੁੱਕ ਨਹੀਂ ਪਾਉਂਦੇ, ਪਰਦੇਸੀ ਨੂੰ ਕੰਮ ਲਈ ਘਰ ਵਿੱਚ ਕਿਵੇਂ ਵੜ੍ਹ ਲੈਣ
ਦੇਣਗੇ।”
“ਮੈਂ ਤਾਂ ਇਸ ਸ਼ਹਿਰ ਵਿੱਚ ਪਹਿਲੀ ਵਾਰ ਆਇਆਂ ਹਾਂ। ਇੱਥੇ ਕਿਸੇ ਨੂੰ ਨਹੀਂ ਜਾਣਦਾ।” ਕਾਲੀ
ਨੇ ਬੇਬਸੀ ਵਿੱਚ ਸਿਰ ਹਿਲਾਇਆ।
“ਤਾਂ ਫਿਰ ਪਿੰਡ ਨੂੰ ਮੁੜ ਕੇ ਚਲਾ ਜਾ। ਜਿਸ ਦੀ ਧੀ-ਭੈਣ ਨੂੰ ਛੇੜਿਆ ਹੈ, ਉਹਦੇ ਪੈਰਾਂ ਤੇ
ਡਿੱਗ ਕੇ ਮਾਫੀ ਮੰਗ ਲੈ ਤੇ ਟੁੱਟੇ ਰਿਸ਼ਤਿਆਂ ਨੂੰ ਦੁਆਰਾ ਜੋੜ ਲੈ।” ਧਿਆਨ ਸਿੰਘ ਨੇ ਸਲਾਹ
ਦਿੱਤੀ।
“ਇਹ ਨਹੀਂ ਹੋ ਸਕਦਾ।” ਕਾਲੀ ਨੇ ਬਹੁਤ ਨਿਰਾਸ਼ ਹੋ ਕੇ ਇਨਕਾਰ ਵਿੱਚ ਸਿਰ ਹਿਲਾਇਆ।
ਮਿਸਤਰੀ ਧਿਆਨ ਸਿੰਘ ਸੜਕ ਵੱਲ ਨੂੰ ਮੁੜ ਗਿਆ ਤੇ ਇੱਕ ਆਦਮੀ ਨੂੰ ਦੂਰੋਂ ਦੇਖ ਕੇ ਹਾਕਾਂ
ਮਾਰਦਾ ਹੋਇਆ ਉਧਰ ਨੂੰ ਤੁਰ ਪਿਆ, “ਓ ਕਸ਼ਮੀਰਿਆ … ਕਸ਼ਮੀਰਿਆ ਉਏ।”
ਕਾਲੀ ਕਾਰਖਾਨੇ ਦੀ ਕੰਧ ਨਾਲ਼ ਪਿੱਠ ਲਾ ਕੇ ਤੇ ਸਿਰ ਗੋਡਿਆਂ ’ਤੇ ਰੱਖ ਕੇ ਬੈਠ ਗਿਆ। ਉਹ
ਐਨਾ ਨਿਰਾਸ਼ ਸੀ ਕਿ ਉਸ ਨੂੰ ਰੋਣਾ ਵੀ ਨਹੀਂ ਸੀ ਆ ਰਿਹਾ। ਕੰਧ ਦੀ ਨੀਂਹ ਨੇੜਿਉਂ ਇੱਕ
ਖੁੱਡ ਵਿੱਚੋਂ ਇੱਕ ਚੂਹੀ ਨਿਕਲਦੀ ਤੇ ਚਾਰੇ ਪਾਸੇ ਟਪੂਸੀਆਂ ਮਾਰਦੀ ਫਿਰਦੀ। ਪਿਛਲੇ ਪੈਰਾਂ
ਤੇ ਖੜ੍ਹੀ ਹੋ ਇਧਰ ਉਧਰ ਝਾਕਦੀ ਤੇ ਫਿਰ ਦੌੜ ਕੇ ਖੁੱਡ ਵਿੱਚ ਜਾ ਵੜਦੀ। ਹੌਲ਼ੀ-ਹੌਲ਼ੀ
ਕਾਲੀ ਆਪਣੀ ਨਿਰਾਸ਼ਾ ਨੂੰ ਭੁੱਲ ਕੇ ਚੂਹੀ ਦਾ ਖੇਲ ਦੇਖਣ ਵਿੱਚ ਰੁੱਝ ਗਿਆ। ਉਹਨੂੰ ਟੱਪਦੀ
ਦੇਖ ਕੇ ਕਾਲੀ ਦੇ ਬੁੱਲਾਂ ਤੇ ਮੁਸਕਾਣ ਆ ਗਈ ਤੇ ਜਦੋਂ ਉਹ ਆਪਣੀ ਖੁੱਡ ਵਿੱਚ ਵੜ੍ਹ ਗਈ ਤਾਂ
ਉਸ ਦੀਆਂ ਅੱਖਾਂ ਨਮ ਹੋ ਗਈਆਂ। ਉਹਨੂੰ ਚੂਹੀ ਨਾਲ਼ ਈਰਖਾ ਹੋਣ ਲੱਗੀ ਕਿ ਸ਼ਹਿਰ ਵਿੱਚ ਉਹਦੀ
ਆਪਣੀ ਖੁੱਡ ਹੈ ਤੇ ਪਹਿਚਾਣ ਹੈ। ਉਹ ਗੋਡਿਆਂ ਤੇ ਹੱਥ ਰੱਖ ਕੇ ਇਸ ਤਰ੍ਹਾਂ ਉਠਿਆ ਜਿਵੇਂ
ਬਹੁਤ ਥੱਕ ਗਿਆ ਹੋਵੇ। ਫਿਰ ਉਹ ਹੌਲ਼ੀ ਹੌਲ਼ੀ ਤੁਰਦਾ ਬਰਫ ਕਾਰਖਾਨੇ ਦੇ ਸਾਹਮਣੇ ਆ ਖੜ੍ਹਾ
ਹੋਇਆ।
ਸੂਰਜ ਚੜ੍ਹਣ ਤੋਂ ਬਾਅਦ ਮਾਲ-ਗੁਦਾਮਾਂ ਤੇ ਸੜਕ ਦੇ ਦੋਨੋ ਪਾਸੀਂ ਲੋਕ ਬਰਫ ਕਾਰਖਾਨੇ ਦੇ
ਕੋਲ਼ ਇਕੱਠੇ ਹੋਣ ਲੱਗੇ। ਉਨ੍ਹਾਂ ਵਿੱਚ ਜਿ਼ਆਦਾਤਰ ਲੋਕ ਇੱਕ ਦੂਜੇ ਨੂੰ ਜਾਣਦੇ ਸਨ। ਉਹ
ਆਪਸ ਵਿੱਚ ਹੱਸ-ਹੱਸ ਕੇ ਗੱਲਾਂ ਕਰ ਰਹੇ ਸਨ। ਕੁੱਝ ਛੋਟੇ-ਛੋਟੇ ਟੋਲਿਆਂ ਵਿੱਚ ਬੀੜੀ-ਸਿਗਰਟ
ਪੀ ਰਹੇ ਸਨ। ਉਨ੍ਹਾਂ ਵਿੱਚ ਜਿ਼ਆਦਾ ਆਦਮੀ ਪੱਚੀ ਤੋਂ ਪੈਂਤੀ ਸਾਲ ਦੀ ਉਮਰ ਦੇ ਸਨ। ਕੁੱਝ
ਨੌਜਵਾਨ ਵੀ ਸਨ ਤੇ ਥੋੜ੍ਹੇ ਦਾੜ੍ਹੀ-ਮੁੱਛਾਂ ਵਾਲ਼ੇ ਬਜ਼ੁਰਗ ਵੀ।
ਉਹ ਸਾਰੇ ਵੱਖ-ਵੱਖ ਟੋਲਿਆਂ ਵਿੱਚ ਖੜ੍ਹ ਗਏ। ਰਾਜਗੀਰ ਅਲੱਗ ਸਨ। ਸਫੇਦੀ ਜਾਂ ਰੰਗ ਕਰਨ
ਵਾਲਿਆਂ ਦੀ ਆਪਣੀ ਟੋਲੀ ਸੀ। ਕਾਰੀਗਰ ਆਪਣੀ-ਆਪਣੀ ਬੋਰੀ ਲੈ ਕੇ ਥੋੜ੍ਹਾ ਪਰੇ ਹਟ ਕੇ ਬੈਠੇ
ਸਨ ਤੇ ਬੇਹੁਨਰ ਮਜ਼ਦੂਰ ਇੱਕ ਪਾਸੇ ਖਿਲਰੇ ਹੋਏ ਸਨ। ਉਹ ਸਾਰਿਆ ਤੋਂ ਅਲੱਗ ਤੇ ਨਿਰਾਸ਼
ਦਿਖਾਈ ਦੇ ਰਹੇ ਸਨ ਜਿਵੇਂ ਉਹਨਾਂ ਨੂੰ ਕਈ ਦਿਨਾਂ ਤੋਂ ਢਿੱਡ ਭਰ ਕੇ ਖਾਣਾ ਨਾ ਮਿਲਿਆ ਹੋਵੇ
ਜਾਂ ਫਿਰ ਜਿ਼ਆਦਾ ਮਿਹਨਤ- ਮੁਸ਼ੱਕਤ ਕਰਕੇ ਉਨ੍ਹਾਂ ਦੇ ਸਰੀਰ ਸੁੱਕ ਗਏ ਹੋਣ।
ਹੌਲ਼ੀ-ਹੌਲ਼ੀ ਉੱਥੇ ਲੋਕ ਆਉਣੇ ਸ਼ੁਰੂ ਹੋ ਗਏ। ਉਹ ਘੁੰਮਦੇ ਹੋਏ ਸਾਰਿਆਂ ‘ਤੇ ਸਰਸਰੀ ਨਜ਼ਰ
ਮਾਰਦੇ ਤੇ ਕਿਸੇ ਜਾਣ-ਪਹਿਚਾਣ ਵਾਲ਼ੇ ਵਿਅਕਤੀ ਦੀ ਭਾਲ ਵਿੱਚ ਅਗਾਂਹ ਚਲੇ ਜਾਂਦੇ। ਜਾਂ ਫਿਰ
ਉਹ ਗੱਲਬਾਤ ਵਿੱਚ ਉਸ ਦਾ ਪਤਾ ਤੇ ਤਜਰਬੇ ਦੀ ਜਾਣਕਾਰੀ ਲੈਣ ਬਾਅਦ ਆਪਣੇ ਕੰਮ ਦਾ ਕਾਰੀਗਰ
ਚੁਣ ਲੈਂਦੇ। ਕਾਰੀਗਰ ਵੀ ਆਪਣੀ ਧਾਂਕ ਜਮਾਉਣ ਲਈ ਉਸ ਆਦਮੀ ਦੇ ਬਜ਼ਾਰ ਜਾਂ ਮੁਹੱਲੇ ਦੇ
ਮੋਹਤਬਰ ਆਦਮੀਆਂ ਦਾ ਪੂਰਾ ਵਰਣਨ, ਘਰ ਦਾ ਨੰਬਰ, ਗਲੀ ਦਾ ਨਾਂ ਆਦਿ ਦੱਸਦੇ।
ਮਜ਼ਦੂਰਾਂ ਦੇ ਮਾਮਲੇ ਵਿੱਚ ਜਾਣਕਾਰੀ ਹੋਰ ਵੀ ਸਖਤ ਸੀ। ਉਹਨਾਂ ਦੀਆਂ ਬਾਕੀ ਗੱਲਾਂ ਠੀਕ
ਹੋਣਦੇ ਬਾਵਜੂਦ ਤੰਦਰੁਸਤੀ ਨੂੰ ਪਹਿਲ ਦਿੱਤੀ ਜਾਂਦੀ ਸੀ।
ਮਜ਼ਦੂਰ ਲੈਣ ਦੇ ਚਾਹਵਾਨ ਇੱਕ-ਦੋ ਵਿਅਕਤੀਆਂ ਨੇ ਕਾਲੀ ਵੱਲ ਵੀ ਧਿਆਨ ਨਾਲ਼ ਦੇਖਿਆ ਤਾਂ ਉਸ
ਨੂੰ ਆਸ ਹੋਈ, ਤੇ ਅਚਨਚੇਤ ਹੀ ਉਸ ਦੀ ਛਾਤੀ ਹੋਰ ਵੀ ਚੌੜੀ ਹੋ ਗਈ ਅਤੇ ਬਾਹਾਂ ਦੀਆਂ
ਮੱਛਲੀਆਂ ਫਰਕਣ ਲੱਗੀਆਂ, ਪਰ ਉਹ ਅਜ਼ਨਬੀ ਬਿਲਕੁਲ ਨਵਾਂ ਪੇਂਡੂ ਚੇਹਰਾ ਦੇਖ ਕੇ ਅਗਾਂਹ ਲੰਘ
ਗਏ।
ਕੋਈ ਅੱਧੇ ਘੰਟੇ ਵਿੱਚ ਮੰਡੀ ਖਤਮ ਹੋ ਗਈ। ਬਹੁਤ ਸਾਰੇ ਕਾਰੀਗਰਾਂ ਤੇ ਉਹਨਾਂ ਦੇ ਸਾਥੀਆਂ
ਨੂੰ ਕੰਮ ਮਿਲ ਗਿਆ। ਬਾਕੀ ਨਿਰਾਸ਼ ਹੋ ਕੇ ਇਧਰ ਉਧਰ ਖਿਲਰ ਗਏ। ਕੁੱਝ ਲੋਕ ਮਾਲਗੁਦਾਮਾਂ
ਵੱਲ ਨੂੰ ਚਲੇ ਗਏ ਪਰ ਉਹ ਅਜੇ ਦੂਰ ਹੀ ਸਨ ਕਿ ਉੱਥੋਂ ਕਿਸੇ ਨੇ ੳੁੱਚੀ ਅਵਾਜ਼ ਵਿੱਚ ਸੂਚਨਾ
ਦਿੱਤੀ, “ਇੱਥੇ ਹਾਜ਼ਰੀ ਪੂਰੀ ਹੈ। ਇਧਰ ਨੂੰ ਆਉਣ ਦੀ ਲੋੜ ਨਹੀ।”
ਸਾਰੇ ਉਨ੍ਹੀ ਪੈਰੀਂ ਬਰਫ ਕਾਰਖਾਨੇ ਵੱਲ ਨੂੰ ਮੁੜ ਆਏ ਤੇ ਗੇਟ ਦੇ ਅੰਦਰ ਵੜ ਗਏ। ਕਾਲੀ ਵੀ
ਉਨ੍ਹਾਂ ਦੇ ਪਿੱਛੇ ਪਿੱਛੇ ਚਲਾ ਗਿਆ। ਉਹ ਗੇਟ ਦੇ ਅੰਦਰ ਖੜ੍ਹੇ ਉੱਤਸੁਕਤਾ ਨਾਲ਼ ਦਫਤਰ ਵੱਲ
ਦੇਖਣ ਲੱਗੇ। ਜਦੋਂ ਉੱਥੋਂ ਕੋਈ ਬਾਹਰ ਨਾ ਆਇਆ ਤਾਂ ਕੁੱਝ ਲੋਕ ਜ਼ਮੀਨ ਤੇ ਹੀ ਬੈਠ ਗਏ ਤੇ
ਕੁੱਝ ਕੰਧ ਦਾ ਸਹਾਰਾ ਲੈ ਕੇ ਖੜ੍ਹੇ ਰਹੇ।
ਕਾਰਖਾਨੇ ਦੇ ਅੰਦਰੋਂ ਅਵਾਜ਼ਾਂ ਆ ਰਹੀਆਂ ਸਨ ਪਰ ਬਾਹਰ ਕੋਈ ਨਹੀਂ ਸੀ ਆ ਰਿਹਾ। ਜਦ ਇੱਕ
ਮੋਟਰਕਾਰ ਹਾਰਨ ਵਜਾਉਂਦੀ ਗੇਟ ਦੇ ਅੰਦਰ ਆਈ ਤਾਂ ਕਈ ਆਦਮੀ ਕਾਰਖਾਨੇ ਦੇ ਅੰਦਰੋਂ ਦੌੜ ਕੇ
ਬਾਹਰ ਆ ਗਏ। ਅਧੇੜ ਉਮਰ ਦਾ ਇੱਕ ਵਿਅਕਤੀ ਜੋ ਬਰਫ ਕਾਰਖਾਨੇ ਦਾ ਮੈਨੇਜਰ ਸੀ, ਕਾਰ ਦੇ ਕੋਲ਼
ਗਿਆ ਤੇ ਉਸ ਨੇ ਕਾਰ ਦੇ ਅੰਦਰ ਬੈਠੇ ਆਦਮੀ ਨੂੰ ਬਹੁਤ ਹੀ ਝੁਕ ਕੇ ਬੰਦਗੀ ਕੀਤੀ ਤੇ ਫਿਰ ਉਸ
ਦੀ ਹਰ ਗੱਲ ਦੇ ਜਵਾਬ ਵਿੱਚ ਹੱਥ ਜੋੜ ਕੇ ਬਹੁਤ ਹੀ ਨਿਮਰ ਅਵਾਜ਼ ਵਿੱਚ …ਜੀ ਸਰ…ਹਾਂ
ਜਨਾਬ…ਜੀ ਬਹੁਤ ਬੇਹਤਰ…ਕਹਿੰਦਾ ਰਿਹਾ।
ਮੋਟਰ ਹਾਰਨ ਵਜਾਉਂਦੀ ਗੇਟ ਦੇ ਬਾਹਰ ਚਲੇ ਗਈ ਤਾਂ ਉਹ ਹੀ ਵਿਅਕਤੀ ਕੁੱਝ ਲੋਕਾਂ ਦੇ ਨਾਂ
ਬਹੁਤ ਹੀ ਰੋਹਬ ਨਾਲ਼ ਲੈਣ ਲੱਗਾ। ਗੇਟ ਦੇ ਨੇੜੇ ਬੈਠੇ ਤੇ ਕੰਧ ਨਾਲ਼ ਖੜ੍ਹੇ ਲੋਕਾਂ ਨੂੰ
ਦੇਖ ਕੇ ਉਹ ਭੜਕ ਉਠਿਆ। “ਇੱਥੇ ਕਿਉਂ ਭੀੜ ਕੀਤੀ ਹੋਈ ਹੈ? ਸਾਨੂੰ ਮਜ਼ਦੂਰਾਂ ਦੀ ਜਦੋਂ ਵੀ
ਲੋੜ ਹੋਈ, ਬੋਰਡ ਤੇ ਨੋਟਿਸ ਲਾ ਦਿੱਤਾ ਜਾਵੇਗਾ। ਦੌੜੋ ਇਥੋਂ। ਕਿਵੇਂ ਲਾਮਬੰਦ ਹੋ ਕੇ
ਖੜ੍ਹੇ ਹਨ।”
ਮੈਨੇਜਰ ਦੀ ਕੁਰੱਖਤ ਅਵਾਜ਼ ਸੁਣ ਕੇ ਕਾਰਖਾਨੇ ਦੇ ਕੁੱਝ ਕਰਮਚਾਰੀ ਗੇਟ ਦੇ ਕੋਲ਼ ਖੜ੍ਹੇ
ਲੋਕਾਂ ਵੱਲ ਨੂੰ ਆਏ ਪਰ ਉਹ ਲੋਕ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਬਾਹਰ ਨਿਕਲ
ਗਏ। ਸਿਰਫ ਇੱਕ ਆਦਮੀ ਬਹੁਤ ਹੀ ਅਰਾਮ ਨਾਲ਼ ਆਪਣੀ ਜਗ੍ਹਾ ਤੇ ਖੜ੍ਹਾ ਰਿਹਾ। ਇੱਕ ਕਰਮਚਾਰੀ
ਉਹਦੇ ਕੋਲ਼ ਬਾਹਾਂ ਮਾਰਦਾ ਆਇਆ, “ਤੈਨੂੰ ਮੈਨੇਜਰ ਸਾਹਿਬ ਦਾ ਹੁਕਮ ਸੁਣਾਈ ਨਹੀਂ ਦਿੱਤਾ ਜੋ
ਅਜੇ ਤੱਕ ਸਮਾਧੀ ਲਾਈ ਬੈਠਾਂ?”
“ਚਲਾ ਜਾਂਦਾ ਹਾਂ। ਢਿੱਡ ਭੁੱਖਾ ਹੋਵੇ ਤਾਂ ਲੱਤਾਂ ਵਿੱਚ ਵੀ ਤਾਕਤ ਨਹੀਂ ਹੁੰਦੀ।” ਉਸ
ਆਦਮੀ ਦੀ ਅਵਾਜ਼ ਬਹੁਤ ਤਲਖ਼ ਸੀ।
“ਲੱਤਾਂ ਖੜ੍ਹੀਆਂ ਨਹੀਂ ਹੁੰਦੀਆਂ ਤਾਂ ਸੜਕ ‘ਤੇ ਜਾ ਕੇ ਲੰਮਾ ਪੈ ਜਾ।” ਕਰਮਚਾਰੀ ਨੇ
ਵਿਅੰਗ ਨਾਲ਼ ਕਿਹਾ। “ਸਾਰੀ ਉਮਰ ਲਈ ਤਾਕਤ ਆ ਜਾਊਗੀ।”
“ਬੰਦਿਆਂ ਵਾਂਗ ਗੱਲ ਕਰ। ਮੈਂ ਤੇਰਾ ਕੁਸ਼ ਚੋਰੀ ਤਾਂ ਨਹੀਂ ਕੀਤਾ।” ਉਹ ਆਦਮੀ ਆਕੜ ਗਿਆ।
“ਭੁੱਖਾ ਮਰ ਰਿਹਾ ਹੈ ਪਰ ਆਕੜ ਦੇਖ ਕਿੰਨੀ ਹੈ।” ਕਰਮਚਾਰੀ ਨੇ ਦੰਦ ਪੀਂਹਦਿਆਂ ਉਹਨੂੰ ਗੇਟ
ਵੱਲ ਧੱਕ ਦਿੱਤਾ।
ਕਾਲੀ ਬੇਹੱਦ ਨਿਰਾਸ਼ ਸੀ। ਸਭ ਲੋਕ ਇਧਰ ਉਧਰ ਖਿਲਰ ਗਏ ਸਨ। ਉਹ ਸੜਕ ਤੋਂ ਥੋੜ੍ਹਾ ਪਿੱਛੇ
ਹਟ ਕੇ ਇਸ ਦੁਬਿਧਾ ਵਿੱਚ ਫਸਿਆ ਰਿਹਾ ਕਿ ਉਹ ਕਿੱਥੇ ਜਾਵੇ। ਮਜ਼ਦੂਰ ਮੰਡੀ ਵਿੱਚ ਤਾਂ ਉਸ
ਦਾ ਮੁੱਲ ਨਹੀਂ ਪਿਆ। ਉਹ ਇੱਕ ਵਾਰ ਫਿਰ ਮਾਲਗੁਦਾਮਾਂ ਵੱਲ ਚਲਾ ਗਿਆ ਤੇ ਇੱਕ ਦਰੱਖਤ ਦੇ
ਥੱਲੇ ਬੈਠ ਗਿਆ। ਸਾਮ੍ਹਣੇ ਵਾਲ਼ੇ ਗੁਦਾਮ ਵਿੱਚੋਂ ਦੋ ਮਜ਼ਦੂਰ ਇੱਕ ਰੇੜ੍ਹੇ ਤੇ
ਛੋਟੀਆਂ-ਵੱਡੀਆਂ ਬੋਰੀਆਂ ਲੱਦ ਰਹੇ ਸਨ।
ਥੋੜ੍ਹੀ ਹੋਰ ਦੂਰ ਇੱਕ ਦਰੱਖਤ ਥੱਲੇ ਦੋ ਢੇਰੀਆਂ ਬਣੀਆਂ ਹੋਈਆਂ ਸਨ।
ਪੱਲੇਦਾਰ ਦੋਨੋ ਢੇਰੀਆਂ ਤੋਂ ਇੱਕੋ ਜਿਹਾ ਮਾਲ ਚੁੱਕ ਕੇ ਤੇ ਉਹਨੂੰ ਚੰਗੀ ਤਰ੍ਹਾਂ ਰਲ਼ਾ ਕੇ
ਇੱਕ ਹੋਰ ਤੀਸਰੀ ਢੇਰੀ ‘ਤੇ ਸਿੱਟ ਰਹੇ ਸੀ।
“ਕੀ ਹੇਰਾਫੇਰੀ ਹੋ ਰਹੀ ਹੈ?” ਪਿੱਠ ਤੇ ਇੱਕ ਛੋਟੀ ਬੋਰੀ ਟਿਕਾਏ ਹੋਏ ਇੱਕ ਪਾਂਡੀ ਨੇ
ਪੁੱਛਿਆ।
“ਗਰਮ ਮਸਾਲ਼ੇ ਦੀ ਤੇਜ਼ੀ ਨੂੰ ਘਟਾ ਰਿਹਾ ਹਾਂ।” ਪੱਲੇਦਾਰ ਮੁਸਕਰਾਇਆ।
“ਗਰਮ ਮਸਾਲ਼ੇ ਵਿੱਚ ਕੀ ਰਲਾ ਰਿਹਾ?”
“ਪੱਕਾ ਤਾਂ ਰੱਬ ਜਾਣੇ ਜਾਂ ਲਾਲਾ। ਮੈਨੂੰ ਤਾਂ ਘੋੜੇ ਦੀ ਲਿੱਦ ਲੱਗਦੀ ਹੈ।”
“ਕਿਉਂ ਲੋਕਾਂ ਦੀ ਜਾਨ ਲੈਣੀ ਹੈ? ... ਬਹੇੜਾ ਪੀਹ ਕੇ ਰਲਾ ਦਿਆ ਕਰੋ। ਸਸਤਾ ਮਿਲ ਜਾਂਦਾ।”
ਪਾਂਡੀ ਨੇ ਸਲਾਹ ਦਿੱਤੀ।
“ਬਦਾਮ ਦੀ ਗਿਰੀ ਵਿੱਚ ਤੂੰ ਕੀ ਰਲਾਉਂਦਾ?” ਪੱਲੇਦਾਰ ਨੇ ਪੁੱਛਿਆ।
“ਖੁਰਮਾਨੀ ਦੀ ਗਿਰੀ।” ਪਾਂਡੀ ਮੁਸਕਰਾਇਆ, “ਦੋਵਾਂ ਦੀ ਸ਼ਕਲ ਮਿਲਦੀ ਹੈ।”
ਗੁਦਾਮ ਵਿੱਚੋਂ ਗੋਲ਼ ਟੋਪੀ, ਕਮੀਜ਼ ਤੇ ਪਜਾਮਾ ਪਾਈ ਇੱਕ ਲਾਲਾ ਬਾਹਰ ਨਿਕਲਿਆ ਤਾਂ
ਪੱਲੇਦਾਰ ਆਪਣੀ ਗੱਲਬਾਤ ਵਿਚੇ ਛੱਡ ਕੇ ਕੰਮ ਵਿੱਚ ਰੁੱਝ ਗਏ। ਹੱਥ ਵਿੱਚ ਫੜੇ ਕਾਗਜ਼ਾਂ ਦੇ
ਥੱਬੇ ਤੇ ਸਰਸਰੀ ਨਜ਼ਰ ਮਾਰ ਕੇ ਉਹ ਇਧਰ ਉਧਰ ਝਾਕਣ ਲੱਗਾ।
ਦਰੱਖਤ ਦੇ ਥੱਲੇ ਕਾਲੀ ਨੂੰ ਸਿ਼ਕਾਰੀ ਕੁੱਤੇ ਵਾਂਗ ਪੰਜਿਆਂ ਭਾਰ ਬੈਠਾ ਦੇਖ ਕੇ ਉਹ ਘਬਰਾ
ਗਿਆ। ਉਹਨੇ ਦੋਵਾਂ ਮਜ਼ਦੂਰਾਂ ਨੂੰ ਆਪਣੇ ਕੋਲ਼ ਸੱਦਿਆ। ਕਾਲੀ ਵੱਲ ਇਸ਼ਾਰਾ ਕਰਕੇ ਉਹਨੇ
ਰੋਅਬ ਨਾਲ਼ ਪੁੱਛਿਆ, “ਇਹ ਕੌਣ ਆਦਮੀ ਹੈ। ਇੱਥੇ ਕਿਉਂ ਬੈਠਾ ਹੈ?”
ਉਹਨਾਂ ਨੇ ਸਿਰ ਹਿਲਾ ਕੇ ਲਾਇਲਮੀ ਜ਼ਾਹਿਰ ਕੀਤੀ ਤਾਂ ਲਾਲਾ ਭੜਕ ਉੱਠਿਆ, “ਬਦਾਮਾਂ ਦੀ ਇੱਕ
ਬੋਰੀ ਘੱਟੋ-ਘੱਟ ਚਾਰ ਸਾਢੇ ਚਾਰ ਸੌ ਰੁਪਏ ਦੀ ਹੈ। ਜੇ ਮਾਲ ਚੋਰੀ ਜਾਂ ਖੁਰਦ-ਬੁਰਦ ਹੋ ਗਿਆ
ਤਾਂ ਮੈਂ ਤੁਹਾਨੂੰ ਨਹੀਂ ਛੱਡਣਾ। ਤੁਸੀਂ ਸਾਰੀ ਉਮਰ ਹਰਜਾਨਾ ਨਹੀਂ ਭਰ ਸਕੋਗੇ। ਮੈਂ ਤਾਂ
ਅੱਜ ਸਧਾਰਣ ਹੀ ਗੁਦਾਮ ਦੇਖਣ ਆ ਗਿਆ। ਓਪਰੇ ਬੰਦੇ ਦਾ ਇੱਥੇ ਕੀ ਕੰਮ?”
ਫਿਰ ਉਹ ਗਰਮ ਮਸਾਲ਼ੇ ਦੀ ਢੇਰੀਆਂ ਦੇਖ ਕੇ ਕੜਕਿਆ, “ਵਿਉਪਾਰ ਵਿੱਚ ਸੌ ਪਰਦੇ ਹੁੰਦੇ ਹਨ ਤੇ
ਤੁਸੀਂ ਬਾਹਰ ਦੇ ਆਦਮੀ ਨੂੰ ਇੱਥੇ ਬੇਰੋਕ-ਟੋਕ ਆਉਣ ਦਿੰਦੇ ਹੋ।”
ਦੋਨੋ ਮਜ਼ਦੂਰ ਹੱਥ ਝਾੜਦੇ ਹੋਏ ਕਾਲੀ ਵੱਲ ਨੂੰ ਇਸ ਤਰ੍ਹਾਂ ਗਏ ਜਿਵੇਂ ਉਸ ਤੇ ਹਮਲਾ ਕਰਨਾ
ਹੋਵੇ। ਉਹਨਾਂ ਨੂੰ ਦੇਖ ਕੇ ਕਾਲੀ ਘਬਰਾ ਗਿਆ ਤੇ ਉਸ ਨੇ ਆਪਣੀਆਂ ਬਾਹਾਂ ਇਸ ਤਰ੍ਹਾਂ ਫੈਲਾ
ਲਈਆਂ ਜਿਵੇਂ ਉਹਨਾਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੋਵੇ।
“ਕੌਣ ਹੈਂ ਤੂੰ। ਇੱਥੇ ਕਿਉਂ ਬੈਠਾ ਹੈਂ?” ਇੱਕ ਮਜ਼ਦੂਰ ਨੇ ਰੋਅਬ ਨਾਲ਼ ਪੁੱਛਿਆ।
“ਮੇਰਾ ਨਾਂ ਕਾਲੀ ਹੈ। ਮੈਂ ਮਜ਼ਦੂਰੀ ਦੀ ਭਾਲ ਵਿੱਚ ਇੱਥੇ ਆਇਆ ਸੀ।”
“ਬੈਠਾ ਤਾਂ ਇਸ ਤਰ੍ਹਾਂ ਸੀ ਜਿਵੇਂ ਤੇਰੇ ਮੂੰਹ ਨੂੰ ਛੁਆਰਾ ਲਾਉਣ ਲਈ ਕੋਈ ਥਾਲ ਲੈ ਕੇ ਆਉਣ
ਵਾਲ਼ਾ ਹੈ। ਬਾਹਰ ਦੇ ਆਦਮੀ ਦਾ ਗੁਦਾਮਾਂ ਦੇ ਨੇੜੇ ਆਉਣਾ ਮਨ੍ਹਾਂ ਹੈ। ਦੌੜ ਜਾ ਇੱਥੋਂ
ਨਹੀਂ ਤਾਂ ਲੱਤਾਂ ਤੋੜ ਕੇ ਸੜਕ ਤੇ ਸੁੱਟ ਦਿਆਂਗੇ।” ਦੂਸਰੇ ਮਜ਼ਦੂਰ ਨੇ ਧਮਕੀ ਦਿੱਤੀ।
ਕਾਲੀ ਚਾਦਰ ਨੂੰ ਮੋਢਿਆਂ ਦੁਆਲ਼ੇ ਲਪੇਟ ਕੇ ਗਰਦਨ ਝੁਕਾਈ ਉੱਥੋਂ ਤੁਰ ਪਿਆ।
“ਹੂੰ! ਦੌੜ ਆਉਂਦੇ ਨੇ ਪਿੰਡਾਂ ਵਿੱਚੋਂ ਸ਼ਹਿਰ ਨੂੰ ਜਿਵੇਂ ਸ਼ਹਿਰ ਵਿੱਚ ਨੋਟ ਦਰੱਖਤਾਂ
ਨੂੰ ਲਗਦੇ ਹੋਣ।” ਇੱਕ ਮਜ਼ਦੂਰ ਨੇ ਫਿਕਰਾ ਕੱਸਿਆ।
ਹੌਲ਼ੀ ਹੌਲ਼ੀ ਤੁਰਦਾ ਕਾਲੀ ਸੜਕ ਦੇ ਕੰਢੇ ਆ ਖੜ੍ਹਾ ਹੋਇਆ। ਸੂਰਜ ਕਾਫੀ ਉੱਪਰ ਆ ਗਿਆ ਸੀ।
ਧੁੱਪ ਵਿੱਚ ਸਟੇਸ਼ਨ ਦੇ ਦੂਜੇ ਪਾਸੇ ਤੇਲ ਦੇ ਵੱਡੇ ਵੱਡੇ ਤੇ ੳੁੱਚੇ ਚਿੱਟੇ ਜਖੀਰੇ ਬਹੁਤ
ਰੌਸ਼ਨ ਹੋਣ ਕਰਕੇ ਅੱਖਾਂ ਨੂੰ ਚੁੰਧਿਆ ਰਹੇ ਸਨ ਤੇ ਇਸ ਤਰ੍ਹਾਂ ਜਾਪਦਾ ਸੀ ਕਿ ਉੱਥੇ ਨੂਰ
ਫਟ ਗਿਆ ਹੋਵੇ।
ਸੜਕ ਦੇ ਕਿਨਾਰੇ ਖੜ੍ਹਾ-ਖੜ੍ਹਾ ਕਾਲੀ ਥੱਕ ਗਿਆ ਤਾਂ ਉਹ ਪੁਰਾਣੀ ਰੇਲਵੇ ਰੋਡ ਤੇ ਤੁਰ ਪਿਆ।
ਆਰਾ ਮਸ਼ੀਨਾਂ ਤੇ ਇਮਾਰਤੀ ਲਕੜੀ ਦੀਆਂ ਦੁਕਾਨਾਂ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਉਹਨੂੰ
ਤੰਦੂਰ ਦਿਖਾਈ ਦਿੱਤਾ। ਉਹ ਉੱਥੇ ਚਲਾ ਗਿਆ। ਤੰਦੂਰ ਦੇ ਨਾਲ਼ ਦੋ ਵੱਡੇ ਚੁੱਲਿਆਂ ’ਤੇ
ਅਲਮੀਨੀਅਮ ਦੇ ਪਤੀਲੇ ਪਏ ਸਨ। ਥੋੜ੍ਹਾ ਹਟ ਕੇ ਪਾਣੀ ਦਾ ਘੜਾ ਤੇ ਅਲਮੀਨੀਅਮ ਦੇ ਚਾਰ ਪੰਜ
ਗਲਾਸ ਰੱਖੇ ਹੋਏ ਸਨ। ਕੱਛਾ ਤੇ ਪਾਟੀ ਹੋਈ ਮੈਲ਼ੀ ਬੁਨੈਣ ਪਾਈ ਇੱਕ ਆਦਮੀ ਆਪ ਹੀ ਤੰਦੂਰ ਤੇ
ਰੋਟੀ ਲਾ ਰਿਹਾ ਸੀ ਤੇ ਨਾਲ਼ ਹੀ ਵਰਤਾ ਰਿਹਾ ਸੀ। ਉਹਦੇ ਸਾਹਮਣੇ ਆਰਾ ਮਸ਼ੀਨਾਂ ਤੇ ਕੰਮ
ਕਰਨ ਵਾਲ਼ੇ ਚਾਰ ਆਦਮੀ ਲਾਈਨ ਵਿੱਚ ਬੈਠੇ ਸਨ। ਉਨ੍ਹਾਂ ਦੇ ਸਾਮ੍ਹਣੇ ਕੌਲੀਆਂ ਵਿੱਚ ਦਾਲ਼
ਪਈ ਸੀ ਤੇ ਤੰਦੂਰ ਵਾਲ਼ਾ ਰੋਟੀਆਂ ਸੇਕ ਕੇ ਲੋਹੇ ਦੀ ਸੀਖ ਨਾਲ਼ ਰੋਟੀਆ ਕੱਢ ਕੇ ਉਨ੍ਹਾਂ
ਵੱਲ ਵਧਾ ਦਿੰਦਾ। ਉਹ ਚਾਰੇ ਰੋਟੀ ਖਾ ਕੇ ਉੱਠ ਪਏ। ਤੰਦੂਰ ਵਾਲ਼ੇ ਨੇ ਹਿਸਾਬ ਲਾ ਕੇ ਪੈਸੇ
ਲਏ ਪੈਰਾਂ ਦੇ ਥੱਲੇ ਪਈ ਬੋਰੀ ਦੀ ਤਹਿ ਵਿੱਚ ਰੱਖ ਦਿੱਤੇ।
ਕਾਲੀ ਨੇ ਅੰਦਾਜਾ਼ ਲਾਇਆ ਕਿ ਇਸ ਤੰਦੂਰ ਤੇ ਢਾਬੇ ਵਾਂਗ ਖਾਣਾ ਸਸਤਾ ਹੋਣਾ ਚਾਹੀਦਾ ਹੈ। ਇਹ
ਸੋਚ ਕੇ ਉਹਦੀ ਭੁੱਖ ਚਮਕ ਪਈ। ਉਹ ਜ਼ਮੀਨ ’ਤੇ ਚਾਦਰ ਰੱਖ ਕੇ ਉਸ ਉੱਪਰ ਹੀ ਬੈਠ ਗਿਆ।
ਤੰਦੂਰ ਵਾਲ਼ੇ ਨੂੰ ਆਪਣੀ ਵੱਲ ਦੇਖਦਾ ਦੇਖ ਕੇ ਕਾਲੀ ਨੇ ਪੁੱਛਿਆ, “ਕੀ ਭਾਅ ਲਾਇਆ ਹੈ?”
“ਸਪੈਸ਼ਲ ਸਬਜ਼ੀ ਆਲੂ-ਟਮਾਟਰ-ਬੜੀ ਪਲੇਟ ਇੱਕ ਆਨੇ ਦੀ। ਦੇਸੀ ਘਿਉ ਦੇ ਤੁੜਕੇ ਵਾਲ਼ੀ ਦਾਲ਼
ਇੱਕ ਆਨੇ ਦੀ। …ਰੋਟੀ ਇੱਕ ਪੈਸਾ। ਨਾਲ਼ ਛੋਲਿਆਂ ਦੀ ਦਾਲ਼ ਮੁਫਤ। ਬੋਲੋ, ਕੀ ਦੇਵਾਂ?”
“ਥੋੜ੍ਹਾ ਠਹਿਰੋ …। ਵਿਚਾਰ ਕਰ ਲਵਾਂ।” ਕਾਲੀ ਨੇ ਉਹਨੂੰ ਠਹਿਰਨ ਦਾ ਇਸ਼ਾਰਾ ਕੀਤਾ।
“ਕਿਹਦੇ ਨਾਲ਼ ਵਿਚਾਰ ਕਰਨੀ ਹੈ?” ਤੰਦੂਰੀਏ ਨੇ ਕਾਲੀ ਨੂੰ ਇਕੱਲਾ ਦੇਖ ਕੇ ਹੈਰਾਨੀ ਨਾਲ਼
ਪੁੱਛਿਆ।
“ਆਪਣੇ ਆਪ ਨਾਲ਼ …। ਤੇ ਫਿਰ ਜੇਬ ਨਾਲ਼।” ਜੇਬ ਵਿੱਚ ਹੱਥ ਪਾ ਕੇ ਕਾਲੀ ਕੱਪੜੇ ਵਿੱਚ
ਬੰਨ੍ਹੇ ਪੈਸਿਆਂ ਦੀ ਗੋਲ਼ਾਈ-ਚੌੜਾਈ ਮਹਿਸੂਸ ਕਰਨ ਲੱਗਾ। ਅਚਾਨਕ ਉਹਦੇ ਜਿਹਨ ਵਿੱਚ
ਦੁੱਧ-ਜਲੇਬੀ ਦਾ ਸੁਆਦ ਆ ਗਿਆ। ਉਹ ਸੋਚਣ ਲੱਗਾ ਦਾਲ਼ ਨੂੰ ਦੇਸੀ ਘਿਉ ਦਾ ਤੁੜਕਾ ਲੁਆ ਲਵੇ।
ਪਰ ਸੋਚ ਕੇ ਇਰਾਦਾ ਛੱਡ ਦਿੱਤਾ ਕਿ ਉਸ ਨੇ ਰਾਤੀਂ ਵੀ ਖਾਣਾ ਨਹੀਂ ਖਾਧਾ ਸੀ। ਦੇਸੀ ਘਿਉ ਦੇ
ਤੁੜਕੇ ਵਾਲ਼ੀ ਦਾਲ਼ ਨਾਲ਼ ਰੋਟੀ ਖਾਣ ਨਾਲ਼ ਤੰਦੂਰ ਵਾਲ਼ੇ ਦੀ ਆਟੇ ਦੀ ਪਰਾਤ ਤੇ ਮੇਰੀ ਜੇਬ
ਖਾਲੀ ਹੋ ਜਾਣੀ ਹੈ।
ਕਾਲੀ ਨੇ ਤੰਦੂਰੀਏ ਵੱਲ ਦੇਖਿਆ। “ਦਾਲ਼-ਫੁਲਕਾ ਹੀ ਦੇ ਦਿਓ।”
“ਕਹੇਂ ਤਾਂ ਅੱਧਾ ਤੁੜਕਾ ਲਾ ਦਿਆਂ।” ਤੰਦੂਰੀਏ ਨੇ ਕਾਲੀ ਨੂੰ ਸੁਝਾਅ ਦਿੱਤਾ। “ਸਿਰਫ ਇੱਕ
ਟਕਾ ਲੱਗੇਗਾ।”
“ਨਹੀਂ, ਸਾਦਾ ਦਾਲ਼-ਰੋਟੀ ਹੀ ਦੇ ਦਿਓ। ਸਮਾਂ ਆਇਆ ਤਾਂ ਦੋਹਰੇ ਤੁੜਕੇ ਵਾਲ਼ੀ ਦਾਲ਼ ਵੀ
ਖਾਉਂਗਾ।” ਕਾਲੀ ਮੁਸਕਰਾ ਪਿਆ ਤੇ ਰੋਟੀ ਦੀ ਉਡੀਕ ਵਿੱਚ ਹੱਥ ਮਲਣ ਲੱਗਾ।
ਰਾਮੂ ਨੇ ਇੱਕ ਪਤੀਲੇ ਵਿੱਚੋਂ ਕੌਲੀ ਵਿੱਚ ਦਾਲ਼ ਪਾਈ ਤੇ ਛਾਬੇ ਵਿੱਚ ਪਈਆਂ ਦੋ ਰੋਟੀਆਂ ਤੇ
ਕੱਚਾ ਪਿਆਜ਼ ਰੱਖ ਕੇ ਕਾਲੀ ਦੇ ਹੱਥ ’ਤੇ ਰੱਖ ਦਿੱਤੀਆਂ। ਕਾਲੀ ਨੇ ਪਿਆਜ਼ ਨੂੰ ਗੋਡੇ ਤੇ
ਰੱਖ ਕੇ ਜ਼ੋਰ ਨਾਲ਼ ਮੁੱਕਾ ਮਾਰਿਆ ਤੇ ਪਿਆਜ਼ ਟੁੱਟ ਕੇ ਫੁੱਲ ਵਾਂਗ ਖਿਲਰ ਗਿਆ।
“ਕਿੰਨੀਆਂ ਰੋਟੀਆਂ ਖਾਉਂਗਾ?” ਤੰਦੂਰੀਏ ਨੇ ਪੁੱਛਿਆ।
ਕਾਲੀ ਨੇ ਰੋਟੀ ਦੀ ਇੱਕ ਬੜੀ ਸਾਰੀ ਬੁਰਕੀ ਥੋੜ੍ਹੀ ਤੇ ਦਾਲ਼ ਵਿੱਚ ਡੋਬ ਕੇ ਮੂੰਹ ਵਿੱਚ ਪਾ
ਲਈ ਤੇ ਫਿਰ ਪਿਆਜ਼ ਦਾ ਇੱਕ ਟੁਕੜਾ ਮੂੰਹ ‘ਚ ਪਾ ਕੇ ਚੱਬਣ ਲੱਗ ਪਿਆ।
ਰੋਟੀ ਦਾ ਸਵਾਦ ਲੈ ਕੇ ਕਾਲੀ ਬੋਲਿਆ, “ਚਾਰ ਰੋਟੀਆਂ ਤਾਂ ਲਾ ਹੀ ਲੈ।”
“ਚਾਰ ਹੋਰ ਜਾਂ ਦੋ ਹੋਰ? ਦੋ ਰੋਟੀਆਂ ਤਾਂ ਤੇਰੇ ਹੱਥ ਵਿੱਚ ਹੁਣ ਹੈਗੀਆਂ।” ਤੰਦੂਰੀਏ ਨੇ
ਇਸ਼ਾਰਾ ਕੀਤਾ।
ਕਾਲੀ ਇੱਕ ਪਲ ਸੋਚ ਵਿੱਚ ਪੈ ਗਿਆ। ਉਹ ਇੱਕ ਵਾਰ ਫਿਰ ਢਿੱਡ ਦੀ ਭੁੱਖ ਤੇ ਜੇਬ ਦੇ ਪੈਸਿਆਂ
ਦੀ ਮੁਸ਼ਕਲ ਵਿੱਚ ਫਸ ਗਿਆ। ਇੱਕ ਪਲ ਉਸ ਨੇ ਹਿਸਾਬ-ਕਿਤਾਬ ਲਾਇਆ ਤੇ ਰੋਅਬ ਨਾਲ਼ ਸਿਰ
ਝਟਕਿਆ “ਚਲੋ, ਚਾਰ ਹੋਰ ਲਾ ਲਉ।”
ਤੰਦੂਰੀਏ ਨੇ ਪਰਾਤ ਵਿੱਚ ਪਏ ਆਟੇ ਦੇ ਚਾਰ ਪੇੜੇ ਬਣਾਏ ਤੇ ਟਪ-ਟਪ ਕਰਕੇ ਉਹਨਾਂ ਨੂੰ ਗੱਦੀ
’ਤੇ ਟਿਕਾ ਤੰਦੂਰ ਦੀ ਦਹਿਕਦੀ ਕੰਧ ਨਾਲ਼ ਚਿਪਕਾ ਦਿੱਤਾ। ਗੱਦੀ ਨੂੰ ਪੈਰ ਕੋਲ਼ ਰੱਖ ਕੇ
ਇੱਕ ਲੋਹੇ ਦੀ ਸਲਾਖ ਚੁੱਕ ਲਈ। ਰੋਟੀਆਂ ਰੜ੍ਹ ਗਈਆਂ ਤਾਂ ਉਸ ਨੇ ਲੋਹੇ ਦੀ ਸਲਾਖ ਨਾਲ਼
ਉਹਨਾਂ ਨੂੰ ਤੰਦੂਰ ਦੀ ਕੰਧ ਨਾਲ਼ੋਂ ਲਾਹਿਆ ਤੇ ਥੱਲੇ ਪਏ ਕੋਲਿਆਂ ਤੇ ਰੱਖ ਦਿੱਤਾ। “ਨਰਮ
ਲੈਣੀ ਹੈ ਜਾਂ ਕੜਕ।”
“ਕੜਕ।” ਕਾਲੀ ਨੇ ਇੱਕ ਬੜੀ ਸਾਰੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਕਿਹਾ।
ਤੰਦੂਰੀਏ ਨੇ ਰੋਟੀਆਂ ਨੂੰ ਕੁੱਝ ਪਲਾਂ ਲਈ ਮਘਦੇ ਕੋਲਿਆਂ ’ਤੇ ਰਾੜ ਦਿੱਤਾ। ਫਿਰ ਉਹਨੇ
ਵਾਰੀ-ਵਾਰੀ ਉਹਨਾਂ ਨੂੰ ਚੁੱਕਿਆ। ਰੋਟੀਆਂ ਦਾ ਉਪਰਲਾ ਹਿੱਸਾ ਜਲ ਕੇ ਕਾਲ਼ਾ ਹੋ ਗਿਆ ਸੀ।
ਉਸ ਨੇ ਰੋਟੀਆਂ ਨੂੰ ਝਾੜ ਕੇ ਕਾਲਖ ਲਾਹ ਦਿੱਤੀ ਤੇ ਇੱਕ-ਇੱਕ ਕਰਕੇ ਕਾਲੀ ਨੂੰ ਫੜਾਉਂਦਾ
ਹੋਇਆ ਬੋਲਿਆ “ਲੈ ਇੱਕ ਦਮ ਕੜਕ ਹੈ।”
“ਇਹ ਤਾਂ ਜਲ ਗਈਆਂ ਹਨ।” ਕਾਲੀ ਨੇ ਰੋਟੀਆਂ ਵੱਲ ਇਸ਼ਾਰਾ ਕੀਤਾ।
“ਜੇ ਜਲੀ ਹੁੰਦੀ ਤਾਂ ਇਨ੍ਹਾਂ ਦਾ ਧੂੰਆਂ ਨਿਕਲ ਜਾਣਾ ਸੀ। ਇੰਨੀ ਕੜਕ ਰੋਟੀ ਹੋਰ ਕਿਸੇ
ਤੰਦੂਰ ’ਤੇ ਨਹੀਂ ਮਿਲਣੀ।” ਤੰਦੂਰੀਏ ਨੇ ਭਰੋਸਗੀ ਨਾਲ਼ ਕਿਹਾ।
ਕਾਲੀ ਨੇ ਅੱਠ ਰੋਟੀਆਂ ਖਾਧੀਆਂ ਅਤੇ ਦੋ ਗਲਾਸ ਪਾਣੀ ਦੇ ਪੀਤੇ ਤੇ ਫਿਰ ਦੋ ਆਨੇ ਦੇ ਕੇ
ਜ਼ੋਰ ਨਾਲ਼ ਡਕਾਰ ਲਿਆ। ਉਹਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਸ਼ਹਿਰ ਇੰਨੀ ਖਤਰਨਾਕ ਜਗ੍ਹਾ
ਨਹੀਂ ਹੈ ਜਿਵੇਂ ਉਹਨੂੰ ਪਿਛਲੇ ਤਿੰਨਾਂ ਦਿਨਾਂ ਤੋਂ ਲੱਗ ਰਿਹਾ ਸੀ। ਜੇ ਇੱਥੇ ਬਰਫ
ਕਾਰਖਾਨੇ ਦਾ ਮੈਨੇਜਰ ਤੇ ਮਾਲ-ਗੁਦਾਮ ਦਾ ਲਾਲਾ ਹੈ ਤਾਂ ਇੱਥੇ ਹੀ ਬਰਕਤ, ਮਨਸੁੱਖ ਤੇ
ਤੰਦੂਰੀਆ ਵੀ ਹੈ। ਕਾਲੀ ਨੂੰ ਯਕੀਨ ਹੋ ਗਿਆ ਕਿ ਇਸ ਸ਼ਹਿਰ ਵਿੱਚ ਵੀ ਗਰੀਬ ਆਦਮੀ ਕਿਸੇ ਨਾ
ਕਿਸੇ ਤਰ੍ਹਾਂ ਸਮਾਅ ਸਕਦਾ ਹੈ, ਨਿਰਬਾਹ ਕਰ ਸਕਦਾ ਹੈ।
ਉਸ ਸਮੇਂ ਤੰਦੂਰ ਤੇ ਹੋਰ ਕੋਈ ਗਾਹਕ ਨਹੀਂ ਸੀ। ਇਹ ਦੇਖ ਕੇ ਕਾਲੀ ਡੱਟਿਆ ਰਿਹਾ। ਤੰਦੂਰੀਏ
ਨੇ ਵੀ ਕੋਈ ਇਤਰਾਜ਼ ਨਾ ਕੀਤਾ। ਕਾਲੀ ਨੇ ਡਰਦੇ-ਡਰਦੇ ਪੁੱਛਿਆ, “ਤੁਸੀਂ ਕਿੱਥੇ ਰਹਿੰਦੇ
ਓ?”
“ਗਰਮੀਆਂ ਵਿੱਚ ਤਾਂ ਇੱਥੇ ਸੌਂ ਜਾਂਦਾ ਹਾਂ। ਬਰਸਾਤ ਤੇ ਸਰਦੀਆਂ ਨੂੰ ਅੱਡਾ ਹੁਸਿ਼ਆਰਪੁਰ
ਦੇ ਨੇੜੇ ਸਮਾਜ ਦਾ ਮੰਦਰ ਹੈ ਉੱਥੇ ਚਲਾ ਜਾਂਦਾ ਹਾਂ।”
“ਉੱਥੇ ਹੋਰ ਜਗ੍ਹਾ ਹੈ। ਮਤਲਬ ਰਾਤ ਰਹਿਣ ਲਈ?” ਕਾਲੀ ਨੇ ਪੁੱਛਿਆ।
“ਉੱਥੇ ਕੋਈ ਸਰਾਂ ਜਾਂ ਧਰਮਸ਼ਾਲਾ ਨਹੀਂ ਹੈ। ਸਮਾਜ ਮੰਦਰ ਹੈ। ਉੱਥੇ ਕੁੱਝ ਕੋਠੜੀਆਂ ਤੇ
ਇੱਕ ਦਲਾਨ ਹੈ। ਜ਼ਮੀਨ ਤੇ ਸੌਂ ਜਾਈਦਾ ਹੈ। ਚੌਂਕੀਦਾਰ ਬਿਸਤਰਾ ਆਪਣੀ ਕੋਠੜੀ ਵਿੱਚ ਰੱਖ
ਲੈਂਦਾ ਹੈ। …ਉਹ ਦੋ ਪੈਸੇ ਰੋਜ਼ ਦੇ ਲੈਂਦਾ ਹੈ।”
“ਮੇਰੇ ਕੋਲ਼ ਵੀ ਰਹਿਣ ਲਈ ਕੋਈ ਥਾਂ ਨਹੀਂ ਹੈ। ਮੇਰਾ ਵੀ ਉੱਥੇ ਬੰਦੋਬਸਤ ਕਰਾ ਦੇ।” ਕਾਲੀ
ਨੇ ਹੱਥ ਜੋੜੇ।
“ਤੈਨੂੰ ਦੱਸਿਆ ਤਾਂ ਹੈ ਕਿ ਉਹ ਸਰਾਂ ਜਾਂ ਧਰਮਸ਼ਾਲਾ ਨਹੀਂ ਹੈ। ਸਮਾਜ ਮੰਦਰ ਹੈ। ਅੱਜ ਕੱਲ
ਤਾਂ ਮੈਂ ਵੀ ਉੱਥੇ ਨਹੀਂ ਜਾਂਦਾ। ਸੁਹਣਾ ਮੌਸਮ ਹੈ। ਇੱਥੇ ਹੀ ਸੌਂ ਜਾਂਦਾ ਹਾਂ। ਵੈਸੇ ਵੀ
ਉਹਨੇ ਮੰਨਣਾ ਨਹੀਂ। ਮੈਨੂੰ ਤਾਂ ਉਹ ਰੱਖ ਲੈਂਦਾ ਹੈ ਕਿਉਂਕਿ ਉਹ ਮੇਰੇ ਇਲਾਕੇ ਦਾ ਹੈ।
ਸਾਡੀ ਬਰਾਦਰੀ ਵੀ ਇੱਕ ਹੀ ਹੈ।” ਤੰਦੂਰੀਏ ਨੇ ਵਿਸਥਾਰ ਨਾਲ਼ ਦੱਸਿਆ।
ਕਾਲੀ ਖਾਮੋਸ਼ ਹੋ ਗਿਆ ਤੇ ਡੂੰਘੀ ਸੋਚ ਵਿੱਚ ਡੁੱਬਿਆ ਥੋੜ੍ਹੀ ਦੇਰ ਬਾਅਦ ਬੋਲਿਆ, “ਜੇ
ਤੁਸੀਂ ਕਹੋਂ ਤਾਂ ਮੈਂ ਵੀ ਰਾਤ ਇੱਥੇ ਤੁਹਾਡੇ ਕੋਲ਼ ਹੀ ਕੱਟ ਲਿਆ ਕਰਾਂਗਾ। ਦੋ ਆਦਮੀ
ਹੋਣਗੇ ਤਾ ਦਿਲ ਵੀ ਲੱਗਾ ਰਹੇਗਾ।”
ਤੰਦੂਰੀਏ ਨੇ ਕਾਲੀ ਵੱਲ ਧਿਆਨ ਨਾਲ਼ ਦੇਖਿਆ। ਫਿਰ ਉਹਨੇ ਲੋਹੇ ਦੀ ਲਾਠੀ ਚੁੱਕ ਲਈ, “ਜਾਣ
ਨਾ ਪਹਿਚਾਣ, ਮੈਂ ਤੇਰਾ ਮਹਿਮਾਨ। ਦੋ ਆਨੇ ਦਾ ਖਾਣਾ ਖਾ ਕੇ ਤੂੰ ਮੇਰੇ ਨਾਲ਼ ਰਿਸ਼ਤੇਦਾਰੀ
ਜੋੜ ਰਿਹਾ ਹੈਂ। ਰਾਤ ਨੂੰ ਮੇਰੇ ਨਾਲ਼ ਚਾਰ ਆਦਮੀ ਹੋਰ ਵੀ ਹੁੰਦੇ ਹਨ। ਮੇਰੇ ਹੀ ਪਿੰਡ ਤੇ
ਬਰਾਦਰੀ ਦੇ। ਜਾ ਭਾਈ, ਆਪਣਾ ਕੰਮ ਕਰ।” ਤੰਦੂਰੀਏ ਨੇ ਦੋ ਵਿਅਕਤੀਆਂ ਨੂੰ ਆਉਂਦੇ ਦੇਖ ਕੇ
ਸਖਤ ਲਹਿਜੇ ਵਿੱਚ ਕਿਹਾ। “ਸਰਨਾਮੇ ਤੋਂ ਬਿਨਾਂ ਤੈਨੂੰ ਸ਼ਹਿਰ ਵਿੱਚ ਕੋਈ ਆਪਣੇ ਕੋਲ਼ ਫਟਕਣ
ਵੀ ਨਹੀਂ ਦੇਵੇਗਾ। ਸਰਨਾਮਾ ਬਣਦਾ ਹੈ ਘਰ-ਘਾਟ ਨਾਲ਼, ਰਿਸ਼ਤੇਦਾਰਾਂ-ਸਬੰਧੀਆਂ ਨਾਲ਼,
ਦੋਸਤਾਂ ਮਿੱਤਰਾਂ ਨਾਲ਼। ਪਹਿਲਾਂ ਆਪਣਾ ਸਰਨਾਵਾਂ ਦੱਸ। ਫੇਰ ਗੱਲ ਕਰ।”
ਕਾਲੀ ਨਿਰਾਸ਼ ਹੋ ਕੇ ਉੱਥੋਂ ਤੁਰ ਪਿਆ ਤੇ ਕਾਹਲ਼ੀ ਕਾਹਲ਼ੀ ਸੜਕ ਦੇ ਦੂਜੇ ਪਾਸੇ ਆ ਗਿਆ।
ਉਹਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ। ਢਿੱਡ ਭਰ ਕੇ ਖਾਣਾ ਖਾਣ ਦੇ ਬਾਵਜੂਦ ਲੱਤਾਂ ਉਸ ਦਾ
ਭਾਰ ਨਹੀਂ ਸੀ ਚੁੱਕ ਰਹੀਆਂ। ਉਹ ਪੈਰ ਘਸੀਟਦਾ ਰੇਲਵੇ ਸਟੇਸ਼ਨ ਦੇ ਕੋਲ਼ ਲੁਧਿਆਣੇ ਦੇ ਬੱਸ
ਅੱਡੇ ਨੂੰ ਤੁਰ ਪਿਆ। ਅੱਡੇ ਦੇ ਸਾਹਮਣੇ ਪਹੁੰਚ ਕੇ ਉਹ ਰੁਕ ਗਿਆ ਤੇ ਦੂਰ ਖੜ੍ਹਾ ਬਰਕਤ ਤੇ
ਉਹਦੇ ਸਾਥੀਆਂ ਦੀਆਂ ਅਵਾਜ਼ਾਂ ਪਹਿਚਾਨਣ ਦੀ ਕੋਸਿ਼ਸ਼ ਕਰਨ ਲੱਗਾ। ਫਿਰ ਬਰਕਤ ‘ਤੇ ਨਜ਼ਰ
ਪੈਂਦਿਆਂ ਹੀ ਉਸ ਦੇ ਸੁਸਤ ਸਰੀਰ ਵਿੱਚ ਇੱਕ ਦਮ ਫੁਰਤੀ ਆ ਗਈ। ਉਹਨੂੰ ਦਿਨ ਪਹਿਲਾਂ ਨਾਲ਼ੋਂ
ਵੀ ਸੁਹਣਾ ਦਿਸਣ ਲੱਗਾ ਤੇ ਉਹ ਕਾਹਲ਼ੀ ਨਾਲ਼ ਬਰਕਤ ਵੱਲ ਨੂੰ ਤੁਰ ਪਿਆ।
ਬਰਕਤ ਨੇ ਇੱਕ ਨਜ਼ਰ ਕਾਲੀ ਵੱਲ ਦੇਖਿਆ ਤੇ ਫਿਰ ਪਿੱਠ ਘੁਮਾ ਕੇ ਡਰਾਈਵਰ ਨਾਲ਼ ਗੱਲਾਂ ਕਰਦਾ
ਰਿਹਾ। ਕਾਲੀ ਕਾਫੀ ਦੇਰ ਖੜ੍ਹਾ ਉਸ ਦੀ ਉਡੀਕ ਕਰਦਾ ਰਿਹਾ ਪਰ ਜਦ ਉਹਨਾਂ ਦੀਆਂ ਗੱਲਾਂ ਖਤਮ
ਹੋਣ ਵਿੱਚ ਨਾ ਆਈਆਂ ਤਾਂ ਉਹ ਮਨਸੁੱਖ ਨੂੰ ਨਲਕੇ ਕੋਲ਼ ਖੜ੍ਹਾ ਦੇਖ ਕੇ ਉੱਥੇ ਚਲਾ ਗਿਆ।
ਮਨਸੁੱਖ ਨੇ ਉਹਦੀ ਵੱਲ ਦੇਖ ਕੇ ਕਿਹਾ, “ਕੋਈ ਕੰਮ ਮਿਲਿਆ?”
“ਨਹੀਂ।” ਕਾਲੀ ਨੇ ਨਿਰਾਸ਼ਤਾ ’ਚ ਸਿਰ ਹਿਲਾ ਦਿੱਤਾ।
“ਇੰਨੀ ਛੇਤੀ ਤਾਂ ਬਹੁਤ ਚੰਗੀ ਕਿਸਮਤ ਵਾਲ਼ੇ ਨੂੰ ਹੀ ਕੰਮ ਮਿਲਦਾ ਹੈ। ਹਿੰਮਤ ਰੱਖ। ਇੱਕ
ਨਾ ਇੱਕ ਦਿਨ ਕੰਮ ਜ਼ਰੂਰ ਮਿਲੂਗਾ।” ਮਨਸੁੱਖ ਨੇ ਕਾਲੀ ਨੂੰ ਹੌਸਲਾ ਦਿੱਤਾ ਤੇ ਫਿਰ ਗੇਟ ਦੇ
ਕੋਲ਼ ਖੜ੍ਹੀ ਖਾਲੀ ਬੱਸ ਵੱਲ ਨੂੰ ਤੁਰ ਪਿਆ।
ਬਰਕਤ ਨੇ ਮਨਸੁੱਖ ਨੂੰ ਕਾਲੀ ਨਾਲ਼ ਗੱਲਾਂ ਕਰਦਾ ਦੇਖ ਲਿਆ ਸੀ। ਉਸ ਨੇ ਮਨਸੁੱਖ ਨੂੰ ਆਪਣੇ
ਕੋਲ਼ ਸੱਦਿਆ ਤੇ ਥੋੜ੍ਹਾ ਸਖਤ ਲਹਿਜੇ ਵਿੱਚ ਬੋਲਿਆ, “ਇਹਨੂੰ ਐਨਾ ਮੂੰਹ ਨਾ ਲਾ। ਪਤਾ ਨਹੀਂ
ਕੌਣ ਹੈ। ਕਿਹੜੀ ਗੱਲ ਕਰਕੇ ਘਰ ਤੇ ਪਿੰਡ ਛੱਡ ਕੇ ਆਇਆ ਹੈ।”
“ਕੱਲ ਤਾਂ ਤੂੰ ਉਹਦੇ ਨਾਲ਼ ਇਦਾਂ ਪਿਆਰ ਜਤਾ ਰਿਹਾ ਸੀ ਜਿਵੇਂ ਅਚਾਨਕ ਹੀ ਕੋਈ ਵਿਛੜਿਆ
ਹੋਇਆ ਸਕਾ-ਸਬੰਧੀ ਮਿਲ ਗਿਆ ਹੋਵੇ।” ਮਨਸੁੱਖ ਨੇ ਨਿਹੋਰਾ ਮਾਰਿਆ।
ਬਰਕਤ ਨੇ ਮਨਸੁੱਖ ਦੀ ਕਹੀ ਗੱਲ ਨੂੰ ਮਹਿਸੂਸ ਕੀਤਾ। ਉਹ ਥੋੜ੍ਹੀ ਦੇਰ ਖਮੋਸ਼ ਰਿਹਾ ਤੇ ਉਸ
ਵੱਲ ਤਿੱਖੀ ਨਜ਼ਰ ਨਾਲ਼ ਦੇਖਣ ਲੱਗਾ, “ਮੈਂ ਤਾਂ ਗਰੀਬ ਤੇ ਅਨਜਾਣ ਜਾਣ ਕੇ ਉਹਨੂੰ ਰੋਟੀ
ਖੁਆਈ ਸੀ। ਤੂੰ ਕੀ ਸਮਝ ਕੇ ਉਹਦੀ ਦੁੱਧ-ਜਲੇਬੀ ਨਾਲ਼ ਸੇਵਾ ਕੀਤੀ? ਮੇਰੇ ਮੂੰਹ ਤੋਂ ਕੁੱਝ
ਹੋਰ ਨਿਕਲ ਗਿਆ ਤਾਂ ਤੂੰ ਅੱਗ-ਭਬੂਕਾ ਹੋਵੇਂਗਾ।”
ਆਪਣੇ ਦੰਦਾਂ ਨੂੰ ਗੁੱਸੇ ਵਿੱਚ ਪੀਂਹਦਾ ਬਰਕਤ ਫੇਰ ਬੋਲਿਆ, “ਇਹਨੂੰ ਹੁਣੇ ਗਲੋਂ ਲਾਹ ਦੇ।
ਪਤਾ ਨਹੀਂ ਕੌਣ ਹੈ, ਕਿੱਥੇ ਦਾ ਹੈ? ਅੱਜ ਕੱਲ ਤਾਂ ਘਰ ਦੇ ਆਦਮੀ ਦਾ ਕੋਈ ਭਰੋਸਾ ਨਹੀਂ
ਕੀਤਾ ਜਾ ਸਕਦਾ। …ਉਸਤਾਦ ਜੀ ਨੂੰ ਪਤਾ ਲੱਗ ਗਿਆ ਕਿ ਅਸੀਂ ਅੱਡੇ ਨੂੰ ਸਰਾਂ ਬਣਾਇਆ ਹੋਇਆ
ਤਾਂ ਉਹ ਆਪਾਂ ਸਾਰਿਆਾਂ ਨੂੰ ਧੱਕੇ ਦੇ ਕੇ ਕੱਢ ਦੇਵੇਗਾ। ਪਹਿਲਾਂ ਹੀ ਚੋਰੀ ਦੇ ਇਲਜ਼ਾਮ
ਵਿੱਚੋਂ ਮੁਸ਼ਕਲ ਨਾਲ਼ ਬਚੇ ਹਾਂ।”
“ਕਿਹੜੀ ਚੋਰੀ? ਕਿਹਨੇ ਕੀਤੀ ਹੈ?” ਮਨਸੁੱਖ ਘਬਰਾ ਗਿਆ।
ਬਰਕਤ ਤੇ ਮਨਸੁੱਖ ਨੁੰ ਇਕੱਠੇ ਦੇਖ ਕੇ ਤੋਖਾ ਤੇ ਸੋਮਾ ਵੀ ਉੱਥੇ ਆ ਗਏ। ਉਹਨਾਂ ਦੀ ਰੀਸੇ
ਕਾਲੀ ਵੀ ਹੌਸਲਾ ਕਰਕੇ ਉਨ੍ਹਾਂ ਦੇ ਨੇੜੇ ਖਿਸਕ ਆਇਆ। ਬਰਕਤ ਨੂੰ ਬੰਦਗੀੰ ਕਰਨ ਲਈ ਕਾਲੀ ਨੇ
ਬੁੱਲਾਂ ਤੇ ਮੁਸਕਾਨ ਲਿਆ ਕੇ ਮੱਥੇ ਵੱਲ ਨੂੰ ਹੱਥ ਚੁੱਕਿਆ ਹੀ ਸੀ ਕਿ ਬਰਕਤ ਨੇ ਉਹਨੂੰ
ਝਿੜਕ ਦਿੱਤਾ, “ਕਿਉਂ ਸਾਨ੍ਹ ਦੀ ਤਰ੍ਹਾਂ ਸਾਡੇ ਉੱਤੇ ਚੜ੍ਹਿਆ ਆਉਂਦਾ। ਗੱਲ ਕਰਨ ਦੇ?”
ਕਾਲੀ ਸਹਿਮ ਗਿਆ ਤੇ ਇਕਦਮ ਇਕੱਠਾ ਹੋ ਕੇ ਪਿੱਛੇ ਹਟ ਗਿਆ। ਉਹਦੀ ਵੱਲ ਦੇਖ ਕੇ ਬਰਕਤ ਨੇ
ਕਿਹਾ, “ਕਿਸੇ ਨੂੰ ਮੋਢੇ ‘ਤੇ ਹੱਥ ਰੱਖਣ ਦਿਓ ਤਾਂ ਉਹ ਛਾਤੀ ਤੇ ਗੋਡਾ ਰੱਖਣ ਦੀ ਕੋਸਿ਼ਸ਼
ਕਰਦਾ ਹੈ।”
ਬਰਕਤ ਕੁੱਝ ਪਲ ਚੁੱਪ ਰਿਹਾ। ਫਿਰ ਸਾਰਿਆਂ ਵੱਲ ਦੇਖ ਕੇ ਚਿਤਾਵਨੀ ਦਿੱਤੀ, “ਉਸਤਾਦ ਜੀ
ਬਹੁਤ ਨਰਾਜ਼ ਸੀ। ਲਗਦਾ ਹੈ ਕਿ ਆਪਣੀ ਸਾਰਿਆਂ ਦੀ ਛੁੱਟੀ ਕਰ ਦੇਵੇਗਾ।”
“ਕੀ ਹੋਇਆ?” ਸਾਰਿਆਂ ਨੇ ਘਬਰਾ ਕੇ ਇੱਕ ਅਵਾਜ਼ ਵਿੱਚ ਪੁੱਛਿਆ।
“ਇਧਰ ਪਿੱਛੇ ਕੋਠੜੀ ਹੈ ਨਾ …ਜਿਥੇ ਮੋਬਿਲ ਤੇਲ ਦੇ ਖਾਲੀ ਡੱਬੇ, ਟੁੱਟੀਆਂ ਹੋਈਆਂ ਕੈਨੀਆਂ
ਤੇ ਬਾਕੀ ਕੂੜਾ ਪਿਆ ਰਹਿੰਦਾ ਹੈ।”
“ਹਾਂ।” ਉਹਨਾਂ ਨੇ ਸਿਰ ਹਿਲਾਇਆ।
“ਸਵੇਰੇ ਉਸਤਾਦ ਜੀ ਅੱਡੇ ਦਾ ਚੱਕਰ ਲਾ ਰਹੇ ਸੀ। ਕੋਠੜੀ ਦੀ ਕੁੰਡੀ ਡਿੱਗੀ ਹੋਈ ਸੀ ਤੇ
ਖੁੱਲ੍ਹਾ ਜਿੰਦਾ ਲਟਕ ਰਿਹਾ ਸੀ ਤੇ ਉਹਦੇ ਵਿੱਚ ਕੁੰਜੀ ਵੀ ਨਹੀਂ ਸੀ।”
“ਅੱਛਾ।” ਹੈਰਾਨੀ ਨਾਲ਼ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ।
“ਉਸਤਾਦ ਜੀ ਨੇ ਰੌਲ਼ਾ ਪਾ ਦਿੱਤਾ ਕਿ ਕੋਠੜੀ ਵਿੱਚ ਚੋਰੀ ਹੋ ਗਈ ਹੈ। ਹੁਣ ਰਾਤ ਨੂੰ ਆਪਾਂ
ਵਿੱਚੋਂ ਹੀ ਇੱਕ ਜਣਾ ਇੱਥੇ ਰਹਿੰਦਾ ਹੈ। ਡਰਾਈਵਰ-ਕਲੀਨਰ ਵਰਕਸ਼ਾਪ ਵਿੱਚ ਹੁੰਦੇ ਹਨ। ਗੱਡੀ
ਦੀ ਛੱਤ ਜਾਂ ਗੱਡੀ ਦੇ ਅੰਦਰ ਦੋ ਸੀਟਾਂ ਜੋੜ ਕੇ ਸੌਂ ਜਾਂਦੇ ਹਨ। …
“ਫੇਰ ਕੀ ਹੋਇਆ?”
“ਹੋਣਾ ਕੀ ਸੀ। ਉਸਤਾਦ ਜੀ ਗਾਲ਼ਾਂ ਕੱਢਣ ਲੱਗ ਪਏ। ਅੱਡੇ ਦੇ ਸਾਰੇ ਲੋਕ ਉੱਥੇ ਇਕੱਠੇ ਹੋ
ਗਏ। ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ। ਮਿੱਟੀ ਨਾਲ਼ ਭਰੇ ਮੋਬਿਲ ਦੇ ਖਾਲੀ ਡੱਬੇ ਤੇ
ਕੈਨੀਆਂ ਪਈਆਂ ਸਨ। …ਨੱਥਾ ਸਿੰਘ ਡਰਾਈਵਰ ਨੇ ਦੱਸਿਆ ਕਿ ਕੱਲ ਰਾਤੀਂ ਵਰਕਸ਼ਾਪ ਦਾ ਪੋਸਤੀ
ਬਲਕਾਰ ਸਿੰਘ ਕੋਠੜੀ ਦਾ ਜਿੰਦਾ ਖੋਲ੍ਹ ਰਿਹਾ ਸੀ। ਬਲਕਾਰ ਸਿੰਘ ਨੂੰ ਵਰਕਸ਼ਾਪ ਤੋਂ ਸੱਦਿਆ
ਗਿਆ। ਉਹਨੇ ਮੰਨ ਲਿਆ ਕਿ ਉਸ ਨੇ ਮੋਬਿਲ ਦਾ ਖਾਲੀ ਡੱਬਾ ਕੱਢਣ ਲਈ ਜਿੰਦਾ ਖੋਲ੍ਹਿਆ ਸੀ।
ਮੈਂ ਆਪਣੀ ਵਲੋਂ ਤਾਂ ਜਿੰਦਾ ਬੰਦ ਕੀਤਾ ਸੀ ਪਰ ਝੋਕ ਤੇ ਪੀਨਕ ਕਰਕੇ ਸ਼ਾਇਦ ਖੁੱਲ੍ਹਾ ਰਹਿ
ਗਿਆ ਹੋਵੇਗਾ। ਉਸ ਨੇ ਜੇਬਾਂ ਵਿੱਚ ਹੱਥ ਮਾਰਿਆ। ਪਤੂਹੀ ਦੀ ਛੋਟੀ ਜੇਬ ਵਿੱਚੋਂ ਕੁੰਜੀ ਮਿਲ
ਗਈ ਤੇ ਉਸਤਾਦ ਜੀ ਦਾ ਗੁੱਸਾ ਠੰਡਾ ਪੈ ਗਿਆ। ਕੁੰਜੀ ਨਾ ਮਿਲਦੀ ਜਾਂ ਜੇ ਪੋਸਤੀ ਆਪਣਾ ਕਸੂਰ
ਨਾ ਮੰਨਦਾ ਤਾਂ ਉਸਤਾਦ ਨੇ ਸਾਨੂੰ ਸੂਲੀ ਤੇ ਟੰਗ ਦੇਣਾ ਸੀ। ਸੁਣਿਆ ਹੈ ਅੱਡੇ ਵਿੱਚ ਰਾਤ
ਨੂੰ ਸੌਣਾ ਸਾਰਿਆਂ ਦਾ ਹੀ ਬੰਦ ਹੋ ਰਿਹਾ ਹੈ ਤੇ ਚੌਕੀਦਾਰੀ ਲਈ ਇੱਕ ਗੋਰਖਾ ਰੱਖਿਆ ਜਾ
ਰਿਹਾ ਹੈ। ਸੜਕ ਵੱਲ ਪੱਕੀ ਕੰਧ ਬਣੇਗੀ ਤੇ ਉਸ ਵਿੱਚ ਲੋਹੇ ਦਾ ਫਾਟਕ ਲੱਗਣਾ ਹੈ। ਆਖਰੀ ਬੱਸ
ਜਾਣ ਦੇ ਬਾਅਦ ਫਾਟਕ ਨੂੰ ਅੰਦਰੋਂ ਜਿੰਦਾ ਲਾ ਦਿੱਤਾ ਜਾਇਆ ਕਰੂਗਾ। ਬਰਕਤ ਨੇ ਸੂਚਨਾ
ਦਿੱਤੀ।
ਸਾਰੇ ਜਣੇ ਸੋਚ ਵਿੱਚ ਡੁੱਬ ਗਏ ਤਾਂ ਬਰਕਤ ਸੜਕ ਵੱਲ ਨੂੰ ਤੁਰ ਪਿਆ, “ਆਓ, ਚਾਹ ਪੀ ਲਈਏ।”
ਕਾਲੀ ਅੱਡੇ ਦੇ ਬਾਹਰ ਸੜਕ ਦੇ ਕੰਢੇ ਬਹੁਤ ਹੀ ਗੰਭੀਰਤਾ ਨਾਲ਼ ਸੱਜੇ-ਖੱਬੇ ਦੇਖ ਰਿਹਾ ਸੀ
ਜਿਵੇਂ ਆ-ਜਾ ਰਹੀ ਟਰੈਫਿਕ ਦਾ ਹਿਸਾਬ ਲਾ ਰਿਹਾ ਹੋਵੇ। ਬਰਕਤ ਤੇ ਹੋਰ ਲੋਕਾਂ ਨੂੰ ਸੜਕ ਵੱਲ
ਆਉਂਦਿਆ ਦੇਖ ਕੇ ਉਹ ਰੇਲਵੇ ਰੋਡ ਵੱਲ ਨੂੰ ਤੁਰ ਪਿਆ। ਉਹ ਕਾਹਲ਼ੀ-ਕਾਹਲ਼ੀ ਤੁਰਦਾ ਹੋਇਆ
ਨਵੀਂ ਤੇ ਪੁਰਾਣੀ ਰੇਲਵੇ ਰੋਡ ਦੇ ਚੌਂਕ ’ਤੇ ਆ ਗਿਆ ਅਤੇ ਉੱਥੇ ਬਣੇ ਛੋਟੇ ਜਿਹੇ ਚਬੂਤਰੇ
ਤੇ ਜਾ ਖੜ੍ਹਾ ਹੋਇਆ।
ਕੰਪਨੀ ਬਾਗ ਦਾ ਚੇਤਾ ਆਉਂਦਿਆਂ ਹੀ ਕਾਲੀ ਦੀ ਪਰੇਸ਼ਾਨੀ ਕੁੱਝ ਘੱਟ ਗਈ ਤੇ ਉਹਨੂੰ ਅਰਾਮ
ਜਿਹਾ ਮਹਿਸੂਸ ਹੋਇਆ। ਉਸ ਨੇ ਸੋਚਿਆ ਕਿ ਸਾਰੇ ਸ਼ਹਿਰ ਵਿੱਚ ਇੱਕ ਉਹ ਹੀ ਜਗ੍ਹਾ ਹੈ ਜਿਥੇ
ਸਾਰੇ ਲੋਕ ਅਜ਼ਾਦੀ ਨਾਲ਼ ਘੁੰਮਦੇ-ਫਿਰਦੇ ਤੇ ਉਠਦੇ-ਬੈਠਦੇ ਹਨ। ਇਸ ਜਗ੍ਹਾ ਤੇ ਹਰ ਆਦਮੀ
ਆਪਣਾ ਹੱਕ ਸਮਝਦਾ ਹੈ।
ਸੂਰਜ ਦੀ ਰੌਸ਼ਨੀ ਵਿੱਚ ਚਮਕਦੀ ਸੜਕ ਤੇ ਕਾਲੀ ਲੰਮੇ ਲੰਮੇ ਕਦਮ ਭਰਦਾ ਹੋਇਆ ਕੰਪਨੀ ਬਾਗ
ਵੱਲ ਇੰਝ ਜਾ ਰਿਹਾ ਸੀ ਜਿਵੇਂ ਆਪਣੇ ਘਰ ਨੂੰ ਜਾ ਰਿਹਾ ਹੋਵੇ।
***
ਪੂਰਾ ਨਾਵਲ ਪੜ੍ਹਨ ਲਈ
‘ਨਰਕ ਕੁੰਡ ਵਿੱਚ ਵਾਸਾ’ ‘ਤੇ ਕਲਿੱਕ ਕਰੋ।
ਇਸ ਲੜੀ ਦਾ ਪਹਿਲਾ ਨਾਵਲ ਪੜ੍ਹਨ ਲਈ “ਧਰਤੀ ਧਨ ਨਾ ਆਪਣਾ” (http://www.watanpunjabi.ca/vishesh/books.php
) ‘ਤੇ ਕਲਿੱਕ ਕਰੋ। |