|
(ਕਨੇਡਾ ਵਿੱਚ ਪੰਜਾਬੀਆਂ/ਦੱਖਣੀ ਏਸ਼ੀਆਈ ਲੋਕਾਂ ਦੇ ਤਜਰਬਿਆਂ ਬਾਰੇ ਲਿਖੇ ਸਾਹਿਤ ਵਿੱਚ
ਪੰਜਾਬੀ ਔਰਤਾਂ ਦੇ ਤਜਰਬਿਆਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਲਈ ਜਦੋਂ ਕੋਈ ਚੀਜ਼
ਪੰਜਾਬੀ ਔਰਤਾਂ ਦੇ ਤਜਰਬੇ ਬਾਰੇ ਲਿਖੀ ਮਿਲਦੀ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਪਿੱਛੇ
ਜਿਹੇ ਇਸ ਤਰ੍ਹਾਂ ਦੀ ਹੀ ਇਕ ਲਿਖਤ 'ਪਰਦੇਸ ਦਾ ਕੰਮ' ਪੜ੍ਹਨ ਦਾ ਮੌਕਾ ਮਿਲਿਆ। ਇਹ ਲਿਖਤ
ਅਮਰਜੀਤ ਕੌਰ ਪੰਨੂੰ ਵਲੋਂ ਯੂਨਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਸੰਨ 1994 ਵਿੱਚ
ਐਂਥਰੋਪੌਲੌਜੀ (ਮਾਨਵ ਵਿਗਿਆਨ) ਦੇ ਖੇਤਰ ਵਿੱਚ ਐੱਮ ਏ ਦੀ ਡਿਗਰੀ ਲੈਣ ਲਈ ਲਿਖਿਆ ਗਿਆ
ਥੀਸਿਸ ਹੈ। ਆਪਣੇ ਇਸ ਥੀਸਿਸ ਵਿੱਚ ਅਮਰਜੀਤ ਕੌਰ ਪੰਨੂ ਨੇ ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ
ਸਕੀਨਾ ਵੈਲੀ (ਕਿੱਟੀਮੈਟ, ਟੈਰਸ, ਪ੍ਰਿੰਸ ਰੂਪਰਟ ਦੇ ਸ਼ਹਿਰਾਂ) ਵਿੱਚ ਰਹਿੰਦੀਆਂ ਪੰਜਾਬੀ
ਔਰਤਾਂ ਦੇ ਪ੍ਰਿੰਸ ਰੂਪਰਟ ਦੀ ਫਿੱਸ਼ ਕੈਨਰੀ ਵਿੱਚ ਕੰਮ ਕਰਨ ਦੇ ਤਜਰਬੇ ਨੂੰ ਰਿਕਾਰਡ ਕੀਤਾ
ਹੈ। ਸਾਡੇ ਖਿਆਲ ਵਿੱਚ ਕਨੇਡਾ ਵਿੱਚ ਪੰਜਾਬੀ ਔਰਤਾਂ ਦੇ ਤਜਰਬੇ ਨੂੰ ਸਮਝਣ ਵਿੱਚ ਇਹ ਥੀਸਿਸ
ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਲਈ ਅਸੀਂ ਇਸ ਥੀਸਿਸ ਨੂੰ ਪੰਜਾਬੀ ਵਿੱਚ
ਅਨੁਵਾਦ ਕਰਕੇ ਪੰਜਾਬੀ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। ਅਨੁਵਾਦ ਕਰਦੇ ਵਕਤ ਅਸੀਂ ਥੀਸਿਸ
ਦੇ ਸ਼ੁਰੂ ਦੇ ਕੁਝ ਸਫੇ ਛੱਡ ਦਿੱਤੇ ਹਨ। ਸਾਡੇ ਖਿਆਲ ਵਿੱਚ ਉਹ ਸਫੇ ਥੀਸਿਸ ਲਿਖਣ ਦੇ
ਅਕਾਦਮਿਕ ਕਾਰਜ ਦੀ ਵਿਆਖਿਆ ਸਨ ਅਤੇ ਪੰਜਾਬੀ ਪਾਠਕਾਂ ਲਈ ਜਿ਼ਆਦਾ ਪ੍ਰਸੰਗਕ ਨਹੀਂ ਸਨ। ਇਸ
ਦੇ ਉਲਟ ਉਹ ਪਾਠਕਾਂ ਲਈ ਇਹ ਲਿਖਤ ਪੜ੍ਹਨ ਲਈ ਰੁਕਾਵਟ ਬਣ ਸਕਦੇ ਸਨ।-ਅਨੁਵਾਦਕ)
ਕੈਨਰੀ ਦੀ ਫੇਰੀ
ਐਤਵਾਰ ਦਾ ਲੌਢਾ ਵੇਲਾ ਹੈ
ਅਤੇ ਮੈਂ ਅਤੇ ਮੇਰੇ ਮਾਪੇ ਬੈਠੇ ਚਾਹ ਪੀ ਰਹੇ ਹਾਂ। ਚਾਰ ਵੱਜ ਕੇ ਪੰਦਰਾਂ ਮਿੰਟ ਤੇ ਫੋਨ
ਦੀ ਘੰਟੀ ਖੜਕਦੀ ਹੈ। ਮੇਰੀ ਮਾਂ, ਜਿਹਨੂੰ ਮੈਂ ਬੀਬੀ ਕਹਿੰਦੀ ਹਾਂ, ਕੈਨਰੀ ਤੋਂ ਫੋਨ ਦੀ
ਉਡੀਕ ਕਰ ਰਹੀ ਸੀ, ਇਸ ਲਈ ਉਹ ਸਾਨੂੰ ਕਹਿੰਦੀ ਹੈ ਕਿ ਉਹ ਫੋਨ ਚੁੱਕ ਲਏਗੀ। ਉਹ ਰਿਸੀਵਰ
ਚੁੱਕ ਕੇ ਕੁਝ ਸਕਿੰਟਾਂ ਲਈ ਸੁਣਦੀ ਹੈ ਅਤੇ ਫਿਰ ਫੋਨ ਰੱਖ ਦਿੰਦੀ ਹੈ। ਮੈਂ ਪੁੱਛਦੀ ਹਾਂ
ਕਿ ਕਿਹਦਾ ਫੋਨ ਸੀ। ਉਹ ਨਰਿੰਦਰ ਆਂਟੀ ਦੇ ਘਰ ਫੋਨ ਕਰਨ ਵਿੱਚ ਰੁੱਝੀ ਹੋਈ ਮੈਨੂੰ ਦੱਸਦੀ
ਹੈ ਕਿ ਫੋਨ ਕੈਨਰੀ ਤੋਂ ਆਇਆ ਸੀ। ਉਹ ਆਂਟੀ ਨੂੰ ਦਸਦੀ ਹੈ ਕਿ ਕੈਨਰੀ ਤੋਂ ਹੁਣੇ ਫੋਨ ਆਇਆ
ਸੀ ਅਤੇ ਪੁੱਛਦੀ ਹੈ ਕਿ ਕੀ ਰਮਿੰਦਰ ਆਂਟੀ ਜਾਂ ਕਸ਼ਮੀਰ ਆਂਟੀ ਕਾਰ ਲੈ ਕੇ ਜਾਣਗੀਆਂ। ਇਹ
ਪੱਕਾ ਕਰਕੇ ਕਿ ਰਮਿੰਦਰ ਆਂਟੀ ਕਾਰ ਲੈ ਕੇ ਜਾਏਗੀ, ਬੀਬੀ ਫੋਨ ਰੱਖ ਦਿੰਦੀ ਹੈ। ਫਿਰ ਉਹ
ਕੈਨਰੀ ਦਾ ਨੰਬਰ ਘੁਮਾ ਕੇ ਫੋਨ ਮੈਨੂੰ ਫੜਾ ਦਿੰਦੀ ਹੈ। ਉਹ ਮੈਨੂੰ ਕਹਿੰਦੀ ਹੈ ਕਿ ਮੈਂ
ਕਾਮਿਆਂ ਦੀ ਇੰਚਾਰਜ ਔਰਤ ਨਾਲ ਗੱਲ ਕਰਾਂ ਅਤੇ ਪੁੱਛਾਂ ਕਿ ਉਨ੍ਹਾਂ ਨੇ ਕੰਮ ਕਦੋਂ ਸ਼ੁਰੂ
ਕਰਨਾ ਹੈ ਅਤੇ ਇਹ ਵੀ ਪੁੱਛਾਂ ਕਿ 105 ਨੰਬਰ, ਸੰਤੋਖ ਆਂਟੀ ਦੇ ਨੰਬਰ, ਨੂੰ ਵੀ ਫੋਨ ਕੀਤਾ
ਗਿਆ ਹੈ ਕਿ ਨਹੀਂ। ਮੈਂ ਫੋਨ ਦੇ ਦੂਜੇ ਸਿਰੇ ਤੇ ਗੱਲ ਕਰਨ ਵਾਲੀ ਔਰਤ ਨਾਲ ਗੱਲ ਕਰਦੀ ਹਾਂ
ਅਤੇ ਉਹ ਮੈਨੂੰ ਦੱਸਦੀ ਹੈ ਕਿ ਬੀਬੀ ਨੇ ਸੋਮਵਾਰ ਨੂੰ ਸਵੇਰ ਦੇ 7:30 ਵਜੇ ਕੰਮ ਤੇ ਆਉਣਾ
ਹੈ। ਫੋਨ ਤੇ ਗੱਲ ਕਰ ਰਹੀ ਔਰਤ ਮੈਨੂੰ ਦੱਸਦੀ ਹੈ ਕਿ ਅਜੇ ਉਨ੍ਹਾਂ ਨੇ 105 ਨੰਬਰ ਨੂੰ
ਫੋਨ ਨਹੀਂ ਕੀਤਾ, ਅਤੇ ਕੰਮ ਕਾਫੀ ਤੋਂ ਜਿ਼ਆਦਾ ਹੈ। ਕਾਮਿਆਂ ਦੀ ਇੰਚਾਰਜ ਔਰਤ ਮੈਨੂੰ
ਦੱਸਦੀ ਹੈ ਕਿ ਕਿਉਂਕਿ ਕਾਫੀ ਵੱਡੀ ਮਾਤਰਾ ਵਿੱਚ ਮੱਛੀਆਂ ਆਈਆਂ ਹਨ ਅਤੇ ਹੋਰ ਮੱਛੀਆਂ ਆਉਣ
ਦੀ ਉਮੀਦ ਹੈ, ਪਲਾਂਟ ਵਿੱਚ ਰਾਤ ਦੀ ਸਿ਼ਫਟ ਵੀ ਸ਼ੁਰੂ ਹੋ ਰਹੀ ਹੈ। ਫੋਨ ਰੱਖ ਕੇ ਮੈਂ
ਬੀਬੀ ਨੂੰ ਪੁੱਛਦੀ ਹਾਂ ਕਿ ਉਸ ਨੇ ਪਹਿਲਾਂ ਕੈਨਰੀ ਦੀ ਕਾਲ ਕਿਉਂ ਨਹੀਂ ਲਈ। ਉਹ ਦੱਸਦੀ ਹੈ
ਕਿ ਕੁਲੈਕਟ ਕਾਲ ਲੈਣ ਦੀ ਥਾਂ ਆਪ ਵਾਪਸ ਫੋਨ ਕਰਨਾ ਸਸਤਾ ਪੈਂਦਾ ਹੈ। ਜੇ ਉਹ ਕੁਲੈਕਟ
ਕਾਲਾਂ ਲੈਣ ਲੱਗ ਪਵੇ ਤਾਂ ਸਮਾਂ ਪਾ ਕੇ ਉਨ੍ਹਾਂ ਦਾ ਖਰਚਾ ਕਾਫੀ ਬਣ ਜਾਂਦਾ ਹੈ।
ਬਾਅਦ ਵਿੱਚ ਉਸ ਰਾਤ ਨੂੰ ਮੈਂ ਅਤੇ ਬੀਬੀ ਆਪਣੇ ਕੱਪੜੇ ਪੈਕ ਕਰਦੀਆਂ ਹਾਂ ਅਤੇ ਮੈਂ ਆਪਣੀ
ਖੋਜ ਦੀ ਸਮੱਗਰੀ ਵੀ ਨਾਲ ਪੈਕ ਕਰ ਲੈਂਦੀ ਹਾਂ। ਅਸੀਂ ਡਿਨਰ ਵਿੱਚੋਂ ਬਚੇ ਖਾਣੇ ਨੂੰ ਦੂਜੇ
ਦਿਨ ਲੰਚ ਵੇਲੇ ਖਾਣ ਲਈ ਪਲਾਸਟਿਕ ਦੇ ਭਾਡਿਆਂ ਵਿੱਚ ਪਾ ਲੈਂਦੀਆਂ ਹਾਂ।
ਬੀਬੀ ਮੈਨੂੰ ਅਗਲੀ ਸਵੇਰੇ 4:30 ਵਜੇ ਜਗਾ ਦਿੰਦੀ ਹੈ, ਅਤੇ ਅਸੀਂ ਦੋਵੇਂ ਤਿਆਰ ਹੋ ਕੇ
ਆਪਣੀ ਚਾਹ ਪੀਂਦੀਆਂ ਹਾਂ। ਮੇਰੇ ਪਿਤਾ ਜੀ ਵੀ ਉੱਠ ਪੈਂਦੇ ਹਨ ਤਾਂ ਕਿ ਉਹ ਉਨਾ ਚਿਰ ਸਾਡੇ
ਕੋਲ ਬੈਠ ਸਕਣ ਜਿੰਨਾ ਚਿਰ ਲਈ ਅਸੀਂ ਰਮਿੰਦਰ ਆਂਟੀ ਦੇ ਆਉਣ ਦੀ ਉਡੀਕ ਕਰਨੀ ਹੈ। ਬੀਬੀ ਨੂੰ
ਹਮੇਸ਼ਾਂ ਅਖੀਰ ਤੇ ਲਿਆ ਜਾਂਦਾ ਹੈ ਕਿਉਂਕਿ ਸਾਡਾ ਘਰ ਸ਼ਹਿਰ ਦੇ ਬਾਹਰਲੇ ਪਾਸੇ ਹੈ। ਬੀਬੀ
ਨਾਲ ਕੰਮ ਕਰਨ ਵਾਲੀਆਂ ਬਹੁਤੀਆਂ ਔਰਤਾਂ ਸ਼ਹਿਰ ਦੇ ਕੇਂਦਰ ਵਿੱਚ ਰਹਿੰਦੀਆਂ ਹਨ। ਸਾਡੀ
ਰਾਈਡ ਪਹੁੰਚ ਜਾਂਦੀ ਹੈ। ਸਾਰੀਆਂ ਔਰਤਾਂ ਨੇ ਸਵੈੱਟ ਸੂਟ ਪਾਏ ਹੋਏ ਹਨ ਅਤੇ ਆਪਣੇ ਸਿਰ
ਕੰਪਨੀ ਵਲੋਂ ਦਿੱਤੇ ਸੰਤਰੀ ਅਤੇ ਹਰੇ ਸਕਾਰਫਾਂ ਨਾਲ ਢਕੇ ਹੋਏ ਹਨ। ਅਜੇ ਬਾਹਰ ਹਨ੍ਹੇਰਾ ਹੀ
ਹੈ ਅਤੇ ਅਸੀਂ ਸਾਰੀਆਂ ਕਾਰ ਵਿੱਚ ਸਵਾਰ ਹੋ ਕੇ ਪ੍ਰਿੰਸ ਰੂਪਰਟ ਨੂੰ ਜਾਣ ਵਾਲੇ ਹਾਈਵੇਅ
ਵੱਲ ਨੂੰ ਚਾਲੇ ਪਾ ਲੈਂਦੀਆਂ ਹਾਂ। ਕਸ਼ਮੀਰ ਆਂਟੀ ਸਾਨੂੰ ਸਾਰਿਆਂ ਨੂੰ ਦੱਸਦੀ ਹੈ ਕਿ ਉਹ
ਇਕ ਹਫਤਾ ਪਹਿਲਾਂ ਗੁਰਦਵਾਰੇ ਵਿੱਚ ਸੰਗਰਾਦ ਸਮੇਂ ਬਚੀ ਹੋਈ ਫਰੀਜ਼ਰ ਚ ਰੱਖੀ ਹੋਈ ਦਾਲ
ਅਤੇ ਸਬਜ਼ੀ ਲੈ ਕੇ ਆਈ ਹੈ, ਇਸ ਲਈ ਸਾਨੂੰ ਹਫਤੇ ਲਈ ਖਾਣੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ।
ਕਾਰ ਵਿੱਚ ਜਿ਼ਆਦਾ ਗੱਲਬਾਤ ਨਰਿੰਦਰ ਆਂਟੀ ਦੇ ਮੁੰਡੇ ਦੇ ਵਿਆਹ ਦੁਆਲੇ ਘੁੰਮਦੀ ਹੈ। ਉਹਨੇ
ਇਕ ਗੋਰੀ ਕੁੜੀ ਨਾਲ ਵਿਆਹ ਕਰਵਾਇਆ ਹੈ ਜਿਹੜੀ ਉਸ ਨਾਲ ਸਕੂਲ ਵਿੱਚ ਪੜ੍ਹਦੀ ਹੁੰਦੀ ਸੀ। ਇਕ
ਆਮ ਅਫਵਾਹ ਹੈ ਕਿ ਉਸ ਦਾ ਪਹਿਲਾਂ ਸ਼ਹਿਰ ਦੀ ਇਕ ਹੋਰ ਗੋਰੀ ਔਰਤ ਨਾਲ ਰਿਸ਼ਤਾ ਸੀ। ਉਹ
ਗਰਭਵਤੀ ਹੋ ਗਈ ਤਾਂ ਉਸ ਨੇ ਉਹਨੂੰ ਛੱਡ ਦਿੱਤਾ ਅਤੇ ਉਸ ਨੂੰ ਅਬੋਰਸ਼ਨ ਕਰਵਾਉਣ ਲਈ ਮਨਾ
ਲਿਆ। ਮੈਂ ਗੁਰਦਵਾਰੇ ਵਿੱਚ ਕੁੱਝ ਔਰਤਾਂ ਨੂੰ ਨਰਿੰਦਰ ਆਂਟੀ ਦੇ ਮੁੰਡੇ ਬਾਰੇ ਗੱਲ ਕਰਦਿਆਂ
ਸੁਣਿਆ ਸੀ। ਜੋ ਕੁਝ ਉਸ ਨੇ ਇਸ ਜਵਾਨ ਔਰਤ ਨਾਲ ਕੀਤਾ ਸੀ, ਉਸ ਕਰਕੇ ਉਹ ਔਰਤਾਂ ਉਸ ਨੂੰ
ਚੰਗਾ ਨਹੀਂ ਸਮਝਦੀਆਂ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਤੁਹਾਡਾ ਕਿਸੇ ਪੰਜਾਬੀ ਜਾਂ
ਗੋਰੀ ਔਰਤ- ਨਾਲ ਰਿਸ਼ਤਾ ਹੈ ਤਾਂ ਇੱਜ਼ਤਦਾਰਾਂ ਵਾਲੀ ਗੱਲ ਕਰੋ ਅਤੇ ਉਸ ਨਾਲ ਵਿਆਹ ਕਰਵਾ
ਕੇ ਇਕੱਠੇ ਰਹੋ। ਉਹ ਮਹਿਸੂਸ ਕਰਦੀਆਂ ਸਨ ਕਿ ਇਸ ਸਭ ਕਾਸੇ ਵਿੱਚ ਉਸ ਨੌਜਵਾਨ ਔਰਤ ਨਾਲ
ਵਧੀਕੀ ਹੋਈ ਸੀ ਅਤੇ ਉਹ ਵੀ ਕਿਸੇ ਦੀ ਧੀ ਸੀ।
ਹਰ ਕੋਈ ਨਰਿੰਦਰ ਆਂਟੀ ਨੂੰ ਪੁੱਛ ਰਿਹਾ ਸੀ ਕਿ ਉਸ ਦੀ ਨੂੰਹ ਕਿਸ ਤਰ੍ਹਾਂ ਦੀ ਹੈ। ਅਸੀਂ
ਸਾਰਿਆਂ ਨੇ ਪੁੱਛਿਆ ਕਿ ਉਨ੍ਹਾਂ ਨੇ ਬਰੀ ਵਿੱਚ ਕੀ ਖ੍ਰੀਦਿਆ ਸੀ, ਰਿਸੈਪਸ਼ਨ ਵਿੱਚ ਕਿਸ
ਤਰ੍ਹਾਂ ਦਾ ਖਾਣਾ ਦਿੱਤਾ ਸੀ, ਅਤੇ ਉਨ੍ਹਾਂ ਨੇ ਕੁੜੀ ਦੇ ਘਰ ਵਾਲਿਆਂ ਲਈ ਕਿਸ ਕਿਸਮ ਦੇ
ਤੋਹਫੇ ਖ੍ਰੀਦੇ ਸਨ। ਫਿਰ ਗੱਲਬਾਤ ਦਾ ਵਿਸ਼ਾ ਬਦਲ ਗਿਆ ਅਤੇ ਗੱਲਬਾਤ ਸ਼ਹਿਰ ਦੀ ਇਕ ਹੋਰ
ਔਰਤ ਅਤੇ ਉਸ ਦੇ ਨਵਜੰਮੇ ਜੌੜੇ ਪੋਤਿਆਂ ਬਾਰੇ ਹੋਣ ਲੱਗੀ। ਸਾਫ ਸੀ ਕਿ ਇਹ ਔਰਤ ਆਪਣੇ
ਪੋਤਿਆਂ ਦੇ ਜੰਮਣ ਦੀ ਖੁਸ਼ੀ ਵਿੱਚ ਸਾਰੇ ਸ਼ਹਿਰ ਲਈ ਪਾਰਟੀ ਕਰਨ ਵਾਲੀ ਸੀ। ਉਸ ਦੀ ਸਿਹਤ
ਕਾਫੀ ਬਿਹਤਰ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਕੈਂਸਰ ਦੇ ਇਲਾਜ ਤੋਂ ਠੀਕ ਹੋ ਗਈ ਹੈ,
ਰਮਿੰਦਰ ਆਂਟੀ ਨੇ ਟੋਕ ਕੇ ਕਿਹਾ। ਗੱਲਬਾਤ ਦਾ ਕੇਂਦਰ ਇਹ ਔਰਤ ਉਸ ਦੀ ਨਨਾਣ ਸੀ।
ਪ੍ਰਿਸ ਰੂਪਰਟ ਨੂੰ ਜਾਣ ਵਾਲਾ ਰਾਹ ਬਹੁਤ ਸੁਹਣਾ ਹੈ। ਹਾਈਵੇਅ ਸਕੀਨਾ ਦਰਿਆ ਦੇ ਨਾਲ ਨਾਲ
ਉੱਥੋਂ ਤੱਕ ਜਾਂਦਾ ਹੈ ਜਿੱਥੇ ਇਹ ਸਮੁੰਦਰ ਵਿੱਚ ਜਾ ਕੇ ਡਿੱਗਦਾ ਹੈ। ਸਾਡੇ ਦੋਵੇਂ ਪਾਸੇ
ਪਹਾੜਾਂ ਦੀਆਂ ਉੱਚੀਆਂ ਟੀਸੀਆਂ ਹਨ ਅਤੇ ਦਰਿਆ ਸਾਡੇ ਸੱਜੇ ਹੱਥ ਹੈ। ਦਿਨ ਸ਼ੁਰੂ ਕਰਨ ਦਾ
ਇਹ ਇਕ ਖੂਬਸੂਰਤ ਢੰਗ ਹੈ।
ਮੈਨੂੰ ਗੁਰਵਿੰਦਰ ਦੇ ਘਰ ਲਾਹ ਦਿੱਤਾ ਜਾਂਦਾ ਹੈ ਜਿੱਥੇ ਮੇਰੀ ਬੀਬੀ ਅਤੇ ਉਸ ਦੀਆਂ
ਸਹੇਲੀਆਂ ਨੇ ਕਿਰਾਏ ਤੇ ਕਮਰਾ ਲਿਆ ਹੋਇਆ ਹੈ ਅਤੇ ਕਿਚਨ ਅਤੇ ਬਾਥਰੂਪ ਪਰਿਵਾਰ ਨਾਲ ਸਾਂਝਾ
ਹੈ। ਅਸੀਂ ਫੈਸਲਾ ਕਰਦੇ ਹਾਂ ਕਿ ਮੈਂ ਉਨ੍ਹਾਂ ਨੂੰ ਲੰਚ ਸਮੇਂ ਕੈਨਰੀ ਵਿੱਚ ਮਿਲਾਂਗੀ।
ਮੈਂ ਵੱਡੇ ਅਤੇ ਕੱਚੇ ਪਾਰਕਿੰਗ ਲਾਟ ਵਿੱਚੋਂ ਦੀ ਲੰਘਦੀ ਹੋਈ ਕੈਨਰੀ ਤੱਕ ਪਹੁੰਚਦੀ ਹਾਂ।
ਮੈਂ ਪਲਾਂਟ ਦੇ ਖੱਬੇ ਹੱਥ ਬਣੇ ਪਰਸਨਲ (ਕਾਮਿਆਂ ਦੇ ਇੰਚਾਰਜ) ਦੇ ਬਣੇ ਚੁੱਕਵੇਂ
(ਪੋਰਟੇਬਲ) ਦਫਤਰ ਵਿੱਚ ਜਾਂਦੀ ਹਾਂ ਅਤੇ ਸਟਾਫ ਦੇ ਇਕ ਜਣੇ ਨੂੰ ਦੱਸਦੀ ਹਾਂ ਕਿ ਮੈਂ ਆਪਣੀ
ਮਾਂ ਨੂੰ ਮਿਲਣ ਆਈ ਹਾਂ ਅਤੇ ਫਿਰ ਕੈਨਰੀ ਵੱਲ ਤੁਰ ਪੈਂਦੀ ਹਾਂ।
ਹਰ ਪਾਸੇ ਮੱਛੀਆਂ ਅਤੇ ਸਮੁੰਦਰ ਦੇ ਖੜ੍ਹੇ ਲੂਣੇ ਪਾਣੀ ਦੀ ਬਦਬੂ ਆ ਰਹੀ ਹੈ। ਫਿਸ਼ ਪਲਾਂਟ
ਸ਼ਹਿਰ ਦੇ ਇਕ ਪਾਸੇ ਪਾਣੀ ਦੇ ਕੰਢੇ ਬਣੀ ਲੱਕੜ ਦੀ ਇਕ ਵੱਡੀ ਦੋ ਮੰਜ਼ਲਾ ਇਮਾਰਤ ਹੈ।
ਪਲਾਂਟ ਵਿੱਚ ਵੜਦਿਆਂ ਹੀ ਮੱਛੀਆਂ ਦੀ ਜ਼ੋਰਦਾਰ ਬੋਅ ਮੇਰਾ ਸਵਾਗਤ ਕਰਦੀ ਹੈ ਅਤੇ ਫਿਰ
ਮਸ਼ੀਨਾਂ ਦੀਆਂ ਕੰਨ ਬੋਲੇ ਕਰ ਦੇਣ ਵਾਲੀਆਂ ਅਵਾਜ਼ਾਂ- ਮੱਛੀਆਂ ਨੂੰ ਇਕੱਤਰ ਕਰਨ ਵਾਲੀਆਂ
ਟ੍ਰੇਆਂ ਉੱਤੇ ਮੱਛੀਆਂ ਢੇਰੀ ਕਰਨ ਲਈ ਹੇਠਾਂ ਉੱਤੇ ਰੱਖੀਆਂ ਜਾ ਰਹੀਆਂ ਟ੍ਰੇਆਂ ਦੀਆਂ
ਉੱਚੀਆਂ ਖੜਕਵੀਆਂ ਅਵਾਜ਼ਾਂ, ਪਲਾਂਟ ਅੰਦਰ ਵੱਖ ਵੱਖ ਥਾਂਵਾਂ ਤੇ ਟ੍ਰੇਆਂ ਲੈ ਕੇ ਜਾਣ
ਵਾਲੇ ਫੋਰਕ ਲਿਫਟਾਂ ਨੂੰ ਤੇਜ਼ ਕਰਨ ਲਈ ਐਕਸਲੇਟਰ ਦਬਾਏ ਜਾਣ ਅਤੇ ਹੌਲੀ ਕਰਨ ਲਈ ਬ੍ਰੇਕਾਂ
ਲਾਏ ਜਾਣ ਦੀਆਂ ਅਵਾਜ਼ਾਂ, ਵੱਖ ਵੱਖ ਥਾਂਵਾਂ ਨੂੰ ਮੱਛੀਆਂ ਅਤੇ ਕੈਨ ਲਿਜਾ ਰਹੀਆਂ ਕਨਵੇਅਰ
ਬੈਲਟਾਂ ਦੀਆਂ ਅਵਾਜ਼ਾਂ, ਮੱਛੀਆਂ ਸਾਫ ਕਰਨ ਵਾਲੀਆਂ ਮਸ਼ੀਨਾਂ ਦੀਆਂ ਅਵਾਜ਼ਾਂ ਜਿੱਥੇ
ਮੱਛੀਆਂ ਦੀਆਂ ਸਿਰੀਆਂ ਵੱਢ ਕੇ ਅਤੇ ਆਂਦਰਾਂ ਕੱਢ ਕੇ ਉਨ੍ਹਾਂ ਔਰਤਾਂ ਅੱਗੇ ਭੇਜਿਆ ਜਾਂਦਾ
ਹੈ ਜਿਹੜੀਆਂ ਲਾਈਨਾਂ ਵਿੱਚ ਲੱਗੀਆਂ ਉਨ੍ਹਾਂ ਦੀ ਜਾਂਚ ਕਰਦੀਆਂ ਹਨ ਅਤੇ ਬਾਕੀ ਰਹਿੰਦਾ ਖੂਨ
ਅਤੇ ਆਂਦਰਾਂ ਸਾਫ ਕਰਦੀਆਂ ਹਨ, ਵੱਡੇ ਵੱਡੇ ਫਰੀਜ਼ਰਾਂ ਨੂੰ ਬੰਦ ਕਰਨ ਅਤੇ ਖੋਲ੍ਹਣ ਦੀਆਂ
ਅਵਾਜ਼ਾਂ ਅਤੇ ਲਗਾਤਾਰ ਅੱਗੇ ਵੱਧ ਰਹੇ ਅਤੇ ਸੈਮਨ ਮੱਛੀ ਨਾਲ ਭਰ ਕੇ ਅਤੇ ਜਾਂਚ ਕਰਕੇ ਅਤੇ
ਬੰਦ ਕੀਤੇ ਜਾ ਰਹੇ ਕੈਨਾਂ ਦੀਆਂ ਖੜ-ਖੜ ਦੀਆਂ ਅਵਾਜ਼ਾਂ।
ਸਾਫ ਕੀਤੀਆਂ ਮੱਛੀਆਂ ਅਤੇ ਲਾਈਨਾਂ ਤੋਂ ਰਹਿੰਦ ਖੂਹੰਦ ਨੂੰ ਸਾਫ ਕਰਨ ਲਈ ਲਗਾਤਾਰ ਵਰਤੇ ਜਾ
ਰਹੇ ਠੰਢੇ ਪਾਣੀ ਕਾਰਨ ਆਲਾ ਦੁਆਲਾ ਠੰਢਾ ਅਤੇ ਗਿੱਲਾ ਹੈ। ਫਰਸ਼ ਨੂੰ ਥੋੜ੍ਹੇ ਥੋੜ੍ਹੇ
ਵਕਫੇ ਬਾਅਦ ਸਾਫ ਕਰਨ ਲਈ ਪਾਣੀ ਦੀਆਂ ਪਾਈਪਾਂ ਨੂੰ ਤਿਆਰ ਰੱਖਿਆ ਜਾਂਦਾ ਹੈ। ਫਰੀਜ਼ਰਾਂ
ਨੂੰ ਵਾਰ ਵਾਰ ਖੋਲ੍ਹਿਆ ਅਤੇ ਬੰਦ ਕੀਤੇ ਜਾਣਾ ਅਤੇ 4 ਯ 4 ਫੁੱਟ ਦੀਆਂ ਅਲਮੀਨੀਅਮ ਦੀਆਂ
ਟ੍ਰੇਆਂ ਤੇ ਪੈਕ ਅਤੇ ਅਨਪੈਕ ਕੀਤੀਆਂ ਜਾ ਰਹੀਆਂ ਮੱਛੀਆਂ ਤੋਂ ਪਿਘਲਦੀ ਬਰਫ ਆਲੇ ਦੁਆਲੇ
ਦੇ ਮਾਹੌਲ ਨੂੰ ਨੀਰਸ ਬਣਾ ਰਹੀ ਹੈ।
ਬਹੁਤ ਬੋਅ ਦਾ ਭਾਰ ਪੈਣ ਕਾਰਨ ਮੇਰੀ ਸੁੰਘਣ ਵਾਲੀ ਨਸ ਦੀ ਸੁੰਘਣ-ਸ਼ਕਤੀ ਖਤਮ ਹੋ ਜਾਂਦੀ ਹੈ
ਅਤੇ ਮੱਛੀਆਂ ਤੋਂ ਆਉਣ ਵਾਲੀ ਬੋਅ 10-15 ਸਕਿੰਟਾਂ ਵਿੱਚ ਆਉਣੋਂ ਹੱਟ ਜਾਂਦੀ ਹੈ। ਜਿਉਂ ਹੀ
ਮੈਂ ਹੌਲੀ ਹੌਲੀ ਸ਼ੋਰ ਸ਼ਰਾਬੇ ਨਾਲ ਅਡਜਸਟ ਹੁੰਦੀ ਹਾਂ ਤਾਂ ਲੰਚ ਦਾ ਘੁੱਗੂ ਬੋਲ ਪੈਂਦਾ
ਹੈ। ਅਚਾਨਕ ਸ਼ੋਰ ਸ਼ਰਾਬਾ ਬੰਦ ਹੋਣ ਕਾਰਨ ਉੱਥੇ ਬੋਲ਼ਾ ਕਰ ਦੇਣ ਵਾਲੀ ਚੁੱਪ ਪਸਰ ਜਾਂਦੀ
ਹੈ। ਸਭ ਕੁਝ ਇਕ ਦਮ ਰੁਕ ਜਾਂਦਾ ਹੈ। ਕਾਮਿਆਂ ਨੂੰ ਇਸ ਧਮੱਚੜ ਤੋਂ ਛੁਟਕਾਰਾ ਕੌਫੀ ਅਤੇ
ਲੰਚ ਦੀ ਛੁੱਟੀ ਸਮੇਂ ਮਿਲਦਾ ਹੈ ਜਦੋਂ ਸਾਰੀ ਮਸ਼ੀਨਰੀ ਅਤੇ ਕੰਮ ਕੁਝ ਸਮੇਂ ਲਈ ਰੁਕ ਜਾਂਦਾ
ਹੈ। ਕਾਮੇ ਆਪਣੀਆਂ ਆਰਾਮ ਕਰਨ ਵਾਲੀਆਂ ਥਾਂਵਾਂ ਵੱਲ ਜਾਂਦੇ ਹਨ। ਕਾਮਿਆਂ ਦਾ ਇਕ ਹਿੱਸਾ
ਪਲਾਂਟ ਤੋਂ ਬਾਹਰ ਚਲੇ ਜਾਂਦਾ ਹੈ, ਕੁੱਝ ਸਿਗਰਟ ਪੀਣ ਲਈ ਅਤੇ ਕੁਝ ਤਾਜ਼ੀ ਹਵਾ ਵਿੱਚ ਸਾਹ
ਲੈਣ ਲਈ ਅਤੇ ਖਾਣਾ ਵੇਚਣ ਆਈਆਂ ਗੱਡੀਆਂ ਤੋਂ ਖਾਣਾ ਖ੍ਰੀਦਣ ਲਈ। ਹੋਰ ਕਾਮੇ ਪੌੜੀਆਂ ਚੱੜ੍ਹ
ਕੇ ਲੰਚ ਰੂਮਾਂ ਵਿੱਚ ਪਹੁੰਚ ਜਾਂਦੇ ਹਨ।
ਪਿਛਲੇ ਦਸ ਸਾਲਾਂ ਤੋਂ ਬਿਲਡਿੰਗ ਦੇ ਪਿਛਲੇ ਪਾਸੇ ਤਮਾਕੂ ਨਾ ਪੀਣ ਵਾਲਿਆਂ ਲਈ ਇਕ ਲੰਚ ਰੂਮ
ਬਣਿਆ ਹੋਇਆ ਹੈ। ਸਹੂਲਤ ਕਰਕੇ ਅਤੇ ਆਪਣੇ ਛੁੱਟੀ ਦੇ ਸਮੇਂ ਦੀ ਵੱਧ ਤੋਂ ਵੱਧ ਵਰਤੋਂ ਕਰਨ
ਵਾਸਤੇ, ਪੰਜਾਬੀ ਔਰਤਾਂ ਪੌੜੀਆਂ ਦੇ ਸਿਰੇ ਤੇ ਬਣੇ ਮੁੱਖ ਲੰਚ ਰੂਮ ਦੀ ਹੀ ਵਰਤੋਂ ਕਰਦੀਆਂ
ਆ ਰਹੀਆਂ ਹਨ ਭਾਵੇਂ ਕਿ ਉਹ ਸਾਰੀਆਂ ਤਮਾਕੂ ਨਹੀਂ ਪੀਂਦੀਆਂ। ਸਿਰਫ ਪਿਛਲੇ ਪੰਜ ਕੁ ਸਾਲਾਂ
ਤੋਂ ਕੁੱਝ ਔਰਤਾਂ ਉਸ ਸਮੇਂ ਪਿਛਲੇ ਲੰਚ ਰੂਮ ਵਿੱਚ ਜਾਣ ਲੱਗੀਆਂ ਹਨ ਜਦੋਂ ਮੁੱਖ ਲੰਚ ਰੂਮ
ਵਿੱਚ ਧੂੰਆਂ ਬਹੁਤ ਹੀ ਜਿ਼ਆਦਾ ਵੱਧ ਜਾਂਦਾ ਹੈ।
ਲੰਚ ਰੂਮ ਅਤੇ ਹਾਲਾਂ ਵਿੱਚ ਕਾਮੇ/ਕਾਮੀਆਂ ਕੌਫੀ ਮਸ਼ੀਨਾਂ, ਮਾਈਕਰੋਵੇਵ ਓਵਨਾਂ ਅਤੇ
ਟੇਬਲਾਂ ਵੱਲ ਆ ਜਾ ਰਹੇ ਹਨ ਅਤੇ ਆਪਸ ਵਿੱਚ ਲਗਾਤਾਰ ਗੱਲਾਂ ਕਰ ਰਹੇ ਹਨ ਅਤੇ ਕਈ ਕੇਸਾਂ
ਵਿੱਚ ਇਕ ਸਿਰੇ ਤੇ ਬੈਠੇ ਦੂਜੇ ਸਿਰੇ ਤੇ ਬੈਠੇ ਲੋਕਾਂ ਨਾਲ। ਇਸ ਲਈ ਉੱਥੋਂ ਦਾ ਮਾਹੌਲ
ਖਰੂਦੀ, ਰੌਲ਼ਾ ਰੱਪੇ ਨਾਲ ਭਰਪੂਰ ਹੈ। ਮੈਂ ਦੇਖਦੀ ਹਾਂ ਕਿ ਟੈਰੇਸ, ਕਿਟੀਮੈੱਟ ਅਤੇ
ਪ੍ਰਿੰਸ ਰੂਪਰਟ ਤੋਂ ਆਈਆਂ ਪੰਜਾਬੀ ਔਰਤਾਂ ਦਾ ਇਕ ਗਰੁੱਪ ਮੁੱਖ ਕੈਫੇਟੇਰੀਆ ਦੇ ਬੈਠਣ ਵਾਲੀ
ਥਾਂ ਦੇ ਕੇਂਦਰ ਵਿੱਚ ਸਥਿਤ ਇਕ ਮੇਜ਼ ਵੱਲ ਵਧਦਾ ਹੈ। ਉਨ੍ਹਾਂ ਵਿੱਚੋਂ ਕੁਝ ਮੈਨੂੰ ਪਛਾਣ
ਲੈਂਦੀਆਂ ਹਨ ਕਿ ਮੈਂ ਮਹਿੰਦਰ ਦੀ ਧੀ ਹਾਂ ਅਤੇ ਮੇਰੇ ਵੱਲ ਦੇਖ ਕੇ ਹੱਥ ਹਿਲਾਉਂਦੀਆਂ ਹਨ।
ਮੈਂ ਉਨ੍ਹਾਂ ਦੇ ਕੋਲ ਨਹੀਂ ਜਾਂਦੀ ਕਿਉਂ ਜੱਸੀ ਆਂਟੀ ਨੇ ਮੈਨੂੰ ਪੌੜੀਆਂ ਉੱਤੇ ਆਉਂਦੀ ਨੂੰ
ਦੇਖ ਲਿਆ ਸੀ ਅਤੇ ਉਹ ਮੈਨੂੰ ਬੀਬੀ ਅਤੇ ਉਸ ਦੀਆਂ ਸਹੇਲੀਆਂ ਦੇ ਮੇਜ਼ ਵੱਲ ਲੈ ਕੇ ਜਾਣ ਨੂੰ
ਆ ਜਾਂਦੀ ਹੈ। ਨਹੀਂ ਅਸੀਂ ਟੇਬਲ ਰਿਜ਼ਰਵ ਨਹੀਂ ਕੀਤੇ ਹੋਏ, ਪਰ ਸਮਾਂ ਪਾ ਕੇ ਲੋਕਾਂ ਨੂੰ
ਪਤਾ ਲੱਗ ਜਾਂਦਾ ਹੈ ਕਿ ਕਿਹੜਾ ਕਿਹੜੇ ਟੇਬਲ ਤੇ ਬੈਠਦਾ ਹੈ ਅਤੇ ਉਹ ਇਕ ਆਦਤ ਵਜੋਂ ਮੁੜ
ਮੁੜ ਉਸ ਟੇਗਲ ਤੇ ਹੀ ਬੈਠਦੇ ਰਹਿੰਦੇ ਹਨ। ਇਹ ਗੱਲ ਬਾਅਦ ਵਿੱਚ ਮੈਨੂੰ ਸਰਿੰਦਰ ਨੇ ਦੱਸੀ
ਜਦੋਂ ਮੈਂ ਉਸ ਨੂੰ ਪੁੱਛਿਆ ਸੀ ਕਿ ਲੰਚ ਰੂਮ ਵਿੱਚ ਲੋਕਾਂ ਦੇ ਬੈਠਣ ਦੀਆਂ ਥਾਂਵਾਂ ਕਿੱਦਾਂ
ਨਿਸ਼ਚਿਤ ਹੁੰਦੀਆਂ ਹਨ।
ਮੈਂ ਜੱਸੀ ਆਂਟੀ ਦੇ ਨਾਲ ਸਿਗਰਟਾਂ ਨਾ ਪੀਣ ਵਾਲਿਆਂ ਦੇ ਲੰਚਰੂਮ ਵੱਲ ਜਾਂਦੀ ਹਾਂ। ਉਹ
ਸਾਡੇ ਪਰਿਵਾਰ ਦੀ ਪੁਰਾਣੀ ਦੋਸਤ ਹੈ। ਮੈਨੂੰ ਉਹ ਵਕਤ ਯਾਦ ਨਹੀਂ ਜਦੋਂ ਅਸੀਂ ਉਸ ਨੂੰ ਅਤੇ
ਉਸ ਦੇ ਪਰਿਵਾਰ ਨੂੰ ਨਹੀਂ ਜਾਣਦੇ ਸੀ। ਅਸੀਂ ਇਕ ਦੂਜੀ ਨੂੰ ਅੱਠਾਂ ਸਾਲਾਂ ਬਾਅਦ ਮਿਲੀਆਂ
ਹਾਂ, ਅਤੇ ਬਿਲਡਿੰਗ ਦੇ ਪਿਛਲੇ ਪਾਸੇ ਵੱਲ ਤੁਰੀਆਂ ਜਾ ਰਹੀਆਂ ਅਸੀਂ ਉਸ ਦੇ ਬੱਚਿਆਂ ਬਾਰੇ
ਗੱਲਬਾਤ ਕਰਦੀਆਂ ਹਾਂ। ਉਸ ਦੇ ਤਿੰਨ ਬੱਚੇ ਹਨ ਅਤੇ ਉਹ ਸਾਰੇ ਹੁਣ ਵੱਡੇ ਹੋ ਗਏ ਹਨ। ਪਰ
ਮੇਰੇ ਲਈ ਉਨ੍ਹਾਂ ਵੱਡਿਆਂ ਹੋਇਆਂ ਦਾ ਖਿਆਲ ਕਰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਉਨ੍ਹਾਂ
ਦੀਆਂ ਛੋਟੇ ਹੁੰਦਿਆਂ ਦੀਆਂ ਤਸਵੀਰਾਂ ਹੀ ਮੇਰੇ ਸਾਹਮਣੇ ਆ ਰਹੀਆਂ ਹਨ ਜਦੋਂ ਅਸੀਂ ਉਨ੍ਹਾਂ
ਨਾਲ ਖੇਡਦੇ ਹੁੰਦੇ ਸੀ। ਉਹਨੂੰ ਆਪਣੀ ਧੀ ਨਾਲ ਕੁਝ ਸਮੱਸਿਆਵਾਂ ਆ ਰਹੀਆਂ ਹਨ, ਜਿਹੜੀ ਹੁਣੇ
ਹੀ ਹਾਈ ਸਕੂਲ ਤੋਂ ਗ੍ਰੈਜੂਏਟ ਹੋਈ ਹੈ। ਉਹ ਮੇਰੀ ਗੱਲ ਨਹੀਂ ਸੁਣਦੀ, ਅਤੇ ਭਾਵੇਂ ਦਿਨ
ਹੋਵੇ ਜਾਂ ਰਾਤ ਉਹਦਾ ਜਦੋਂ ਵੀ ਜੀਅ ਕਰਦਾ ਹੈ ਉਹ ਘਰੋਂ ਅੰਦਰ/ਬਾਹਰ ਆਉਂਦੀ ਜਾਂਦੀ ਰਹਿੰਦੀ
ਹੈ, ਜੱਸੀ ਆਂਟੀ ਮੈਨੂੰ ਦੱਸਦੀ ਹੈ। ਮੈਂ ਉਹਨੂੰ ਕਹਿੰਦੀ ਹਾਂ ਕਿ ਜੇ ਉਨ੍ਹਾਂ ਨੂੰ
ਵੀਕਇੰਡ ਤੇ ਛੁੱਟੀ ਹੋਈ ਤਾਂ ਮੈਂ ਉਸ ਨੂੰ ਇੰਟਰਵਿਊ ਕਰਨ ਲਈ ਉਨ੍ਹਾਂ ਦੇ ਘਰ ਕਿਟੀਮੈਟ
ਵਿੱਚ ਆਉਣਾ ਚਾਹੁੰਦੀ ਹਾਂ। ਉਹ ਮੈਨੂੰ ਕਹਿੰਦੀ ਹੈ ਕਿ ਜੇ ਮੈਂ ਆਈ ਤਾਂ ਮੈਂ ਉਸ ਦੀ ਧੀ
ਨਾਲ ਵੀ ਗੱਲ ਕਰ ਸਕਦੀ ਹਾਂ ਅਤੇ ਉਸ ਨੂੰ ਕੁੱਝ ਮੱਤ ਦੇ ਸਕਦੀ ਹਾਂ ਸ਼ਾਇਦ ਉਸ ਨੂੰ
ਅਗਾਂਹ ਪੜ੍ਹਨ ਲਈ ਕਹਿ ਸਕਦੀ ਹਾਂ। ਮੈਂ ਉਸ ਦੀ ਧੀ ਨਾਲ ਗੱਲ ਕਰਨਾ ਮੰਨ ਲੈਂਦੀ ਹਾਂ ਅਤੇ
ਉਸ ਵਲੋਂ ਮੇਰੀ ਰਿਸਰਚ ਵਿੱਚ ਸ਼ਾਮਲ ਹੋਣ ਲਈ ਉਸ ਦਾ ਧੰਨਵਾਦ ਕਰਦੀ ਹਾਂ।
ਸਿਗਰਟਾਂ ਨਾ ਪੀਣ ਵਾਲਿਆਂ ਦੇ ਲੰਚਰੂਮ ਨੂੰ ਜਾਂਦੇ ਹਾਲ ਵਿੱਚਲੇ ਬਹੁਤ ਸਾਰੇ ਦਰਵਾਜਿ਼ਆਂ
ਕਾਰਨ ਬੰਦਾ ਸੌਖਿਆਂ ਹੀ ਰਾਹ ਭੁੱਲ ਸਕਦਾ ਹੈ। ਕਮਰੇ ਵਿੱਚ ਵੜਦਿਆਂ ਹੀ ਤਰੀ ਵਾਲੇ ਖਾਣੇ ਦੀ
ਮਹਿਕ ਅਤੇ ਪੰਜਾਬੀ ਗੱਲਬਾਤ ਅਤੇ ਹਾਸੇ ਦੀ ਟੁਣਕਾਰ ਮੇਰਾ ਸਵਾਗਤ ਕਰਦੀ ਹੈ। ਕਮਰੇ ਵਿੱਚਲੇ
ਪੰਜ ਮੇਜ਼ਾਂ ਵਿੱਚੋਂ ਤਿੰਨਾਂ ਉੱਤੇ ਪੰਜਾਬੀ ਔਰਤਾਂ ਬੈਠੀਆਂ ਹਨ। ਜਦੋਂ ਸੀਜ਼ਨ ਆਪਣੇ ਪੂਰੇ
ਜੋਬਨ ਤੇ ਹੁੰਦਾ ਹੈ ਤਾਂ ਪੰਜਾਬੀ ਔਰਤਾਂ ਦੀ ਗਿਣਤੀ 120 ਤੋਂ ਜਿ਼ਆਦਾ ਹੋ ਜਾਂਦੀ ਹੈ,
ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚੋਂ ਹਰ ਇਕ ਸ਼ਹਿਰ ਤੋਂ ਤਕਰੀਬਨ ਤਕਰੀਬਨ 40 ਕੁ ਔਰਤਾਂ।
ਕੈਨਰੀ ਵਿੱਚ ਆਉਣ ਵਾਲੀਆਂ ਮੱਛੀਆਂ ਦੇ ਹਿੱਸਾਬ ਨਾਲ ਇਹ ਗਿਣਤੀ ਘੱਟਦੀ ਵੱਧਦੀ ਰਹਿੰਦੀ ਹੈ।
ਹਰੇਕ ਗਰਮੀਆਂ ਵਿੱਚ ਕੁਝ ਹਫਤਿਆਂ ਲਈ ਰਾਤ ਦੀ ਸਿ਼ਫਟ ਚਲਾਈ ਜਾਂਦੀ ਹੈ, ਜਿਸ ਕਾਰਨ ਕੰਮ
ਕਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਜਾਂਦੀ ਹੈ।
ਮਾਹੌਲ ਮੇਲੇ ਵਾਲਾ ਹੈ। ਇਹ ਬੱਸ ਜਿ਼ਆਦਾ ਰੌਣਕ ਮੇਲਾ ਹੀ ਹੈ। ਬਹੁਤ ਸਾਰੀਆਂ ਗੱਲਾਂ ਅਤੇ
ਹਾਸਾ। ਸੱਚੀਂ ਹੀ ਸਾਡੇ ਸਾਰਿਆਂ ਲਈ ਕੰਮ ਇਕ ਦੂਜੇ ਨੂੰ ਮਿਲਣ ਗਿਲਣ ਅਤੇ ਗੱਲਾਂਬਾਤਾਂ ਕਰਨ
ਦਾ ਮੌਕਾ ਹੁੰਦਾ ਹੈ। ਕੰਮ ਬਾਰੇ ਮਨਜੀਤ ਆਂਟੀ ਦਾ ਇਹ ਵਿਚਾਰ ਹੈ। ਜਿੰਨੀਆਂ ਵੀ ਔਰਤਾਂ
ਨਾਲ ਮੈਂ ਗੱਲ ਕੀਤੀ ਉਨ੍ਹਾਂ ਨੇ ਕੰਮ ਤੇ ਬ੍ਰੇਕਾਂ (ਛੁੱਟੀਆਂ) ਅਤੇ ਕੰਮ ਤੋਂ ਬਾਅਦ
ਇਕੱਠੇ ਹੋਣ ਦੇ ਮੌਕਿਆਂ ਬਾਰੇ ਖਾਸ ਜਿ਼ਕਰ ਕੀਤਾ। ਕੰਮ ਕਰਦੇ ਵਕਤ ਮਸ਼ੀਨਾਂ ਦੀ ਖੜਖੜ ਵਿੱਚ
ਉਨ੍ਹਾਂ ਲਈ ਗੱਲ ਕਰਨੀ ਮੁਸ਼ਕਿਲ ਹੁੰਦੀ ਹੈ, ਇਸ ਲਈ ਉਹ ਕੰਮ ਤੇ ਬ੍ਰੇਕ (ਛੁੱਟੀ) ਸਮੇਂ
ਹੀ ਗੱਲ ਕਰ ਸਕਦੀਆਂ ਹਨ। ਗੱਲਾਂ ਨਾਨ-ਸਟਾਪ ਚੱਲਦੀਆਂ ਰਹਿੰਦੀਆਂ ਹਨ। ਸਾਡੇ ਕੋਲੋਂ ਗੱਲਾਂ
ਦੇ ਵਿਸ਼ੇ ਨਹੀਂ ਮੁੱਕਦੇ, ਜੱਸੀ ਆਂਟੀ ਮੈਨੂੰ ਦੱਸਦੀ ਹੈ। ਹਰ ਚੀਜ਼ ਗੱਲਬਾਤ ਦਾ ਵਿਸ਼ਾ
ਬਣ ਸਕਦੀ ਹੈ, ਉਨ੍ਹਾਂ ਦੀ ਆਪਣੀ ਜਿ਼ੰਦਗੀ, ਦੂਜਿਆਂ ਦੀ ਜਿ਼ੰਦਗੀ ਅਤੇ ਇਕੱਠੀਆਂ ਹੋਈਆਂ
ਉਨ੍ਹਾਂ ਅਫਵਾਹਾਂ ਦੇ ਸਮੇਤ ਜਿਹਨਾਂ ਬਾਰੇ ਉਨ੍ਹਾਂ ਦੇ ਆਪਣੇ ਆਪਣੇ ਸ਼ਹਿਰਾਂ ਵਿੱਚ ਉਸ
ਸਮੇਂ ਤੋਂ ਗੱਲਾਂ ਹੋ ਰਹੀਆਂ ਹੁੰਦੀਆਂ ਹਨ, ਜਦੋਂ ਉਹ ਪਿੱਛਲੀ ਵਾਰੀ ਮਿਲੀਆਂ ਸਨ।
ਇਨ੍ਹਾਂ ਔਰਤਾਂ ਲਈ ਇਹ ਇਕ ਲੰਬੀ ਸਵੇਰ ਸੀ। ਦਸ ਵਜੇ ਇਕ ਪੰਦਰਾਂ ਮਿੰਟਾਂ ਦੀ ਕੌਫੀ ਬ੍ਰੇਕ
ਹੋਈ ਸੀ ਅਤੇ ਇਕ ਹੋਰ ਕੌਫੀ ਬ੍ਰੇਕ ਲੌਢੇ ਵੇਲੇ ਹੋਵੇਗੀ। ਉਨ੍ਹਾਂ ਨੂੰ ਸ਼ਾਮ ਦੇ 7 ਵਜੇ
ਤੱਕ ਕੰਮ ਕਰਨਾ ਪੈਣਾ ਹੈ ਅਤੇ ਫਿਰ ਮਸ਼ੀਨਰੀ ਅਤੇ ਫਰਸ਼ਾਂ ਨੂੰ ਧੋ ਕੇ ਸਾਫ ਸਫਾਈ ਕਰਨ
ਵਾਲੇ ਲੋਕ ਨਾਈਟ ਸਿ਼ਫਟ ਲਈ ਆ ਜਾਣਗੇ। ਕਿਉਂਕਿ ਉਨ੍ਹਾਂ ਨੇ 7 ਵਜੇ ਤੱਕ ਕੰਮ ਕਰਨਾ ਹੈ ਇਸ
ਲਈ ਪੰਜ ਵਜੇ ਇਕ ਹੋਰ ਅੱਧੇ ਘੰਟੇ ਦੀ ਬ੍ਰੇਕ ਹੋਵੇਗੀ।
ਮੈਂ ਸਾਰਿਆਂ ਨੂੰ ਮਿਲਦੀ ਹਾਂ ਅਤੇ ਦੱਸਦੀ ਹਾਂ ਕਿ ਘਰ ਤੋਂ ਦੂਰ ਮੇਰੇ ਪਿਛਲੇ ਕੁਝ ਸਾਲ
ਕਿਸ ਤਰ੍ਹਾਂ ਲੰਘੇ। ਉਹ ਮੈਨੂੰ ਪੁੱਛਦੀਆਂ ਹਨ ਕਿ ਮੈਂ ਕੀ ਪੜ੍ਹਦੀ ਹਾਂ ਅਤੇ ਇਸ ਨਾਲ
ਮੈਨੂੰ ਉਨ੍ਹਾਂ ਨੂੰ ਆਪਣੀ ਰਿਸਰਚ ਬਾਰੇ ਅਤੇ ਕੈਨਰੀ ਵਿੱਚ ਆਉਣ ਦੇ ਆਪਣੇ ਮਕਸਦ ਬਾਰੇ ਦੱਸਣ
ਦਾ ਮੌਕਾ ਮਿਲਦਾ ਹੈ। ਉਹ ਸਾਰੀਆਂ ਚੁਕੰਨੀਆਂ ਹੋ ਜਾਂਦੀਆਂ ਹਨ ਕਿ ਮੈਂ ਕਿਸ ਤਰ੍ਹਾਂ ਦੀ
ਜਾਣਕਾਰੀ ਲੈਣੀ ਚਾਹਾਂਗੀ, ਪਰ ਫਿਰ ਵੀ ਜਾਣਪਛਾਣ ਕਰਕੇ ਉਨ੍ਹਾਂ ਵਿੱਚੋਂ ਕੁਝ ਮੇਰੇ ਨਾਲ
ਗੱਲ ਕਰਨ ਲਈ ਸਹਿਮਤ ਹੋ ਜਾਂਦੀਆਂ ਹਨ। ਜਿ਼ਆਦਾ ਔਰਤਾਂ ਇਹ ਕਹਿੰਦੀਆਂ ਹਨ ਕਿ ਉਹ ਨਹੀਂ
ਸਮਝਦੀਆਂ ਕਿ ਉਨ੍ਹਾਂ ਕੋਲ ਕੋਈ ਦੱਸਣਯੋਗ ਗੱਲ ਹੈ। ਨਾਲ ਹੀ ਉਹ ਮੈਨੂੰ ਕਹਿੰਦੀਆਂ ਹਨ ਕਿ
ਮੈਂ ਇੱਥੇ ਉਨ੍ਹਾਂ ਨਾਲ ਪਹਿਲਾਂ ਕੰਮ ਕੀਤਾ ਸੀ, ਦਸ ਸਾਲ ਪਹਿਲਾਂ ਇਕ ਸੀਜ਼ਨ ਦੌਰਾਨ, ਇਸ
ਲਈ ਮੈਂ ਜੋ ਕੁਝ ਲਿਖਣਾ ਚਾਹੁੰਦੀ ਹਾਂ ਉਹ ਉਸ ਜਾਣਕਾਰੀ ਦੇ ਆਧਾਰ ਤੇ ਕਿਉਂ ਨਹੀਂ ਲਿਖ
ਲੈਂਦੀ ਜਿਹੜੀ ਮੇਰੇ ਕੋਲ ਪਹਿਲਾਂ ਹੀ ਹੈ। ਸਾਡੇ ਗੱਲਾਂ ਕਰਦਿਆਂ ਕਰਦਿਆਂ ਬ੍ਰੇਕ ਖਤਮ ਹੋਣ
ਦਾ ਘੁੱਗੂ ਬੋਲ ਪੈਂਦਾ ਹੈ। ਉਹ ਆਪਣੀਆਂ ਚੀਜ਼ਾਂ, ਭਾਂਡੇ ਅਤੇ ਬਚਦਾ ਖਾਣਾ, ਚੁੱਕ ਲੈਂਦੀਆਂ
ਹਨ ਅਤੇ ਆਪਣੇ ਲਾਕਰਾਂ ਵਿੱਚ ਰੱਖ ਦਿੰਦੀਆਂ ਹਨ। ਮੈਂ ਲਾਕਰ ਰੂਮ ਵਿੱਚਦੀ ਬੀਬੀ ਦੇ ਨਾਲ
ਨਾਲ ਜਾਂਦੀ ਹਾਂ। ਉਹ ਸ਼ਾਰਟ ਕੱਟ ਰਸਤੇ ਜਾਂਦੀ ਜਾਂਦੀ ਆਪਣੀ ਕੁੜਤੀ ਅਤੇ ਸਕਾਰਫ ਨੂੰ ਠੀਕ
ਕਰਦੀ ਹੈ ਅਤੇ ਆਪਣੇ ਦਸਤਾਨੇ ਪਾਉਂਦੀ ਹੈ। ਕੰਮ ਕਰਨ ਵਾਲੇ ਪਲਾਂਟ ਦੀ ਫਰਸ਼ ਤੇ ਹੇਠਾਂ
ਉਤਰ ਜਾਂਦੇ ਹਨ। ਹਫੜਾ ਦਫੜੀ ਅਤੇ ਮਸ਼ੀਨਰੀ ਦਾ ਸ਼ੋਰਗੁੱਲ ਪਲ ਭਰ ਪਹਿਲਾਂ ਦੀ ਸ਼ਾਂਤੀ ਨੂੰ
ਭੰਗ ਕਰ ਦਿੰਦਾ ਹੈ। ਕੰਮ ਕਰਨ ਵਾਲੀਆਂ ਆਪਣੀਆਂ ਆਪਣੀਆਂ ਥਾਂਵਾਂ ਨੂੰ ਚਲੇ ਜਾਂਦੀਆਂ ਹਨ
ਅਤੇ ਮੈਂ ਹੌਲੀ ਹੌਲੀ ਪਲਾਂਟ ਤੋਂ ਬਾਹਰ ਆ ਜਾਂਦੀ ਹਾਂ।
ਨਸਲ ਅਤੇ ਫਰਕ ਬਾਰੇ
ਕਨੇਡਾ ਦੇ ਸੰਦਰਭ ਵਿੱਚ
ਸਾਊਥ ਏਸ਼ੀਅਨ ਨਸਲੀ ਪਛਾਣ ਦਾ ਅਮਲ ਅਤੇ ਤਜਰਬਾ ਵੱਖਰਾ ਹੈ ਕਿਉਂਕਿ ਉਹ ਨਸਲ, ਲਿੰਗ ਅਤੇ
ਜਮਾਤ ਦੇ ਫਰਕਾਂ ਦੇ ਨਾਲ ਨਾਲ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਫਰਕਾਂ ਕਾਰਨ ਗੁੰਝਲਦਾਰ ਬਣ
ਜਾਂਦਾ ਹੈ। ਇਹਨਾਂ ਵਾਧੂ ਫਰਕਾਂ ਵਿੱਚ ਸ਼ਾਮਲ ਹਨ, ਦੱਖਣੀ ਏਸ਼ੀਆ ਦੇ ਖਿੱਤੇ ਤੋਂ ਸ਼ੁਰੂ
ਹੋਣ ਵਾਲੇ ਇਲਾਕੇ, ਫਿਰਕੂ, ਧਾਰਮਿਕ, ਜਾਤ, ਉਮਰ ਅਤੇ ਜਮਾਤ ਆਧਾਰਤਿ ਫਰਕ। ਐਂਥ੍ਰੋਪੌਲੌਜੀ
(ਮਾਨਵ ਵਿਗਿਆਨ) ਦੇ ਸਾਹਿਤ ਵਿੱਚ ਦੱਖਣੀ ਏਸ਼ੀਆਈ ਲੋਕਾਂ ਨਾਲ ਸੰਬੰਧਤ ਨਸਲੀ ਪਛਾਣ ਨਾਲ
ਸੰਬੰਧਤ ਧਾਰਨਾਵਾਂ ਇਹਨਾਂ ਫਰਕਾਂ ਦੇ ਪੱਧਰ ਤੇ ਇਸ ਸਮੂਹ ਦੇ ਅੰਦਰਲੀ ਵਿਭਿੰਨਤਾ ਨਾਲ
ਨਿਪਟਣ ਲਈ ਕਾਫੀ ਨਹੀਂ ਹਨ। ਇਸ ਹੀ ਕਾਰਨ ਦੱਖਣੀ ਏਸ਼ੀਆਈ ਔਰਤਾਂ ਨਾਲ ਸੰਬੰਧਤ ਸਾਹਿਤ ਵਿੱਚ
ਵੀ ਮੁਸ਼ਕਿਲਾਂ ਹਨ।
ਇਨ੍ਹਾਂ ਦੱਖਣੀ ਏਸ਼ੀਆਈ ਔਰਤਾਂ ਦੀ ਬੋਲਚਾਲ ਵਿੱਚ ਸ਼ਬਦ ਫਰਕ ਉਨਾ ਹੀ ਪ੍ਰਚੱਲਤ ਹੈ ਜਿੰਨਾ
ਇਹ ਤੀਜੀ ਦੁਨੀਆ ਦੇ ਨਾਰੀਵਾਦੀ ਸਿਧਾਂਤ (Mohanty 1991, Spivak 1987, Trinh 1989),
ਕਾਲਿਆਂ ਦੇ ਨਾਰੀਵਾਦ ਸਿਧਾਂਤ (Collins 1990, Davis 1981, Hooks 1990), ਅਤੇ ਕਲਚਰਲ
ਸਟੱਡੀਜ਼ (Appadurai 1991, Clifford 1988) ਵਿੱਚ ਪ੍ਰਚੱਲਤ ਹੈ। ਇਹ ਔਰਤਾਂ ਕੰਮ ਉੱਤੇ
ਆਪਣੇ ਨਾਲ ਹੁੰਦੇ ਵੱਖਰੇ ਸਲੂਕ ਅਤੇ ਕਨੇਡਾ ਵਿੱਚ ਆਪਣੀ ਸਥਿਤੀ ਦਾ ਬਿਆਨ ਕਰਨ ਲਈ ਫਰਕ
ਸ਼ਬਦ ਦੀ ਵਰਤੋਂ ਕਰਦੀਆਂ ਹਨ। ਮੇਰੇ ਇਸ ਸਵਾਲ ਦਾ ਜੁਆਬ ਦਿੰਦਿਆਂ ਕਿ ਗੈਰ ਪੰਜਾਬੀ ਕਾਮੇ
ਅਤੇ ਸਟਾਫ ਤੁਹਾਡੇ ਨਾਲ ਕਿਸ ਤਰ੍ਹਾਂ ਸਲੂਕ ਕਰਦੇ ਹਨ? ਜਗਦੀਸ਼ ਆਂਟੀ ਨੇ ਕਿਹਾ ਸਾਡੇ
ਨਾਲ ਫਰਕ ਕਰਦੇ ਹਨ। ਉਹ ਔਰਤਾਂ ਆਪਣੇ ਅਤੇ ਗਾਲਬ ਭਾਈਚਾਰੇ ਵਿਚਕਾਰ ਵੱਖਰੇਵਾਂ ਕਰਨ ਲਈ ਇਸ
ਸ਼ਬਦ ਦੀ ਵਰਤੋਂ ਕਰਦੀਆਂ ਹਨ। ਤੀਰਥ ਆਂਟੀ ਨੇ ਮੇਰੇ ਸਵਾਲ, ਕੀ ਤੁਸੀਂ ਕਨੇਡੀਅਨ ਹੋ? ਦਾ
ਜੁਆਬ ਦਿੰਦਿਆਂ ਕਿਹਾ ਸੀ, ਸਾਡੇ ਵਿੱਚ ਫਰਕ ਹੈ।
ਇਸ ਖੋਜ ਵਿੱਚ ਹਿੱਸਾ ਲੈ ਰਹੇ ਲੋਕਾਂ ਦੀ ਜਿ਼ੰਦਗੀ ਬਾਰੇ ਗੱਲ ਕਰਦਿਆਂ, ਇਨ੍ਹਾਂ ਔਰਤਾਂ ਦੇ
ਛੋਟੇ ਜਿਹੇ ਗਰੁੱਪ ਦੇ ਅਨੇਕ ਤਰ੍ਹਾਂ ਦੇ ਤਜਰਬਿਆਂ ਤੇ ਰੌਸ਼ਨੀ ਪਾਉਣ ਲਈ ਮੈਂ ਫਰਕ ਦੀ
ਸ਼੍ਰੇਣੀ ਵਿੱਚ ਨਸਲ, ਲਿੰਗ ਅਤੇ ਜਮਾਤ ਦੇ ਫਰਕ ਦੇ ਨਾਲ ਨਾਲ ਇਲਾਕੇ, ਨਸਲ, ਜਾਤ, ਧਰਮ ਅਤੇ
ਉਮਰ ਦੇ ਆਧਾਰ ਦੇ ਫਰਕਾਂ ਨੂੰ ਵੀ ਸ਼ਾਮਲ ਕੀਤਾ ਹੈ। ਮੈਂ ਇਸ ਪੇਪਰ ਵਿੱਚ ਦੱਖਣੀ ਏਸ਼ੀਆਈ
ਔਰਤਾਂ ਦੀ ਖਾਸ ਸਥਿਤੀ ਨੂੰ ਦਰਸਾਉਣ ਲਈ ਫਰਕ ਦੀ ਖਾਸ ਤੌਰ ਤੇ ਵਰਤੋਂ ਕਰ ਰਹੀ ਹਾਂ। ਮੈਂ
ਇਹ ਦਿਖਾਉਣ ਦਾ ਯਤਨ ਕੀਤਾ ਹੈ ਕਿ ਆਪਣੀ ਰੋਜ਼ਾਨਾ ਜਿ਼ੰਦਗੀ ਨਾਲ ਨਿਪਟਦਿਆਂ ਹੋਇਆਂ ਇਹ
ਦੱਖਣੀ ਏਸ਼ੀਆਈ ਔਰਤਾਂ ਫਰਕ ਦੀ ਕਿਸ ਤਰ੍ਹਾਂ ਵਰਤੋਂ ਕਰਦੀਆਂ ਹਨ।
ਕੈਨਰੀ ਦੇ ਮਾਹੌਲ ਵਿੱਚ ਫਰਕ ਇਕ ਪ੍ਰਤੱਖ ਵਰਤਾਰਾ ਹੈ। ਇਹ ਦੱਖਣੀ ਏਸ਼ੀਆਈ ਔਰਤਾਂ ਦੇ
ਕੈਨਿੰਗ ਲਾਈਨਜ਼ (ਮੱਛੀਆਂ ਨੂੰ ਡੱਬਾਬੰਦ ਕਰਨ ਦੇ ਕੰਮ) ਦੀ ਥਾਂ ਕਲੀਨਿੰਗ ਲਾਈਨਜ਼
(ਮੱਛੀਆਂ ਸਾਫ ਕਰਨ ਵਾਲੇ ਕੰਮ) ਵਿੱਚ ਕੇਂਦਰਿਤ ਹੋਣ ਦੇ ਵਰਤਾਰੇ ਵਿੱਚ ਪ੍ਰਗਟ ਹੁੰਦਾ ਹੈ
ਅਤੇ ਲੰਚ ਰੂਮ ਵਿੱਚ ਦੱਖਣੀ ਏਸ਼ੀਆਈ, ਯੂਰਪੀਅਨ ਮੂਲ ਦੇ ਕਨੇਡੀਅਨਾਂ ਅਤੇ ਨੇਟਿਵ
ਕਨੇਡੀਅਨਾਂ ਦੇ ਵੱਖ ਵੱਖ ਮੇਜ਼ਾਂ ਰਾਹੀਂ ਪ੍ਰਗਟ ਹੁੰਦਾ ਹੈ। ਇਹਨਾਂ ਔਰਤਾਂ, ਜਿਨ੍ਹਾਂ ਨਾਲ
ਮੈਂ ਕੰਮ ਕੀਤਾ ਹੈ, ਨੇ ਆਪਣੇ ਆਪ ਲਈ ਸਪਸ਼ਟ ਥਾਂ ਨਿਰਧਾਰਤ ਕੀਤੀ ਹੈ। ਉਹ ਆਪਣੇ ਸਾਹਮਣੇ
ਮੌਜੂਦ ਹਰ ਢੰਗ ਰਾਹੀਂ ਇਹ ਪ੍ਰਗਟ ਕਰਦੀਆਂ ਹਨ ਕਿ ਕੈਨਰੀ ਵਿੱਚਲੇ ਦੂਸਰੇ ਲੋਕਾਂ ਵਾਂਗ
ਕੈਨਰੀ ਵਿੱਚ ਉਨ੍ਹਾਂ ਦੀ ਇਕ ਥਾਂ ਹੈ। ਜਦੋਂ ਉਹ ਆਪਸ ਵਿੱਚ ਪੰਜਾਬੀ ਵਿੱਚ ਗੱਲ ਕਰਦੀਆਂ ਹਨ
ਅਤੇ ਆਪਣੇ ਗੈਰ-ਪੰਜਾਬੀ ਸਾਥੀ ਕਾਮਿਆਂ ਨੂੰ ਰਸਮੀ ਤੌਰ ਤੇ ਹਾਇ, ਕਹਿੰਦੀਆਂ ਹਨ ਅਤੇ
ਕੀ ਹਾਲ ਚਾਲ ਹੈ ਪੁੱਛਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਹੁੰਦਾ
ਹੈ। ਹਾਲਾਂ ਵਿੱਚ ਜਾਂ ਲੰਚਰੂਮ ਨੂੰ ਜਾਂਦੇ ਵਕਤ ਉਹ ਕੰਪਨੀ ਵਲੋਂ ਦਿੱਤੀਆਂ ਹਰੀਆਂ
ਕਮੀਜ਼ਾਂ, ਸਕਾਰਫ ਅਤੇ ਕਾਲੇ ਬੂਟ ਪਾ ਕੇ ਵਿਸ਼ਵਾਸ ਨਾਲ ਤੁਰਦੀਆਂ ਹਨ। ਲੰਚ ਲਈ ਪੰਜਾਬੀ
ਖਾਣਾ ਲਿਆ ਕੇ ਅਤੇ ਆਪਣੇ ਨੱਕ ਵਿਨ੍ਹਾ ਕੇ ਉਹ ਆਪਣੇ ਫਰਕ ਨੂੰ ਹੋਰ ਵਿਸਥਾਰ ਦਿੰਦੀਆਂ ਹਨ।
ਵੀਹ ਸਾਲਾਂ ਦੇ ਸਮੇਂ ਦੇ ਕਰੀਬ ਅਲੋਪ ਰਹਿਣ ਬਾਅਦ ਨੱਥਾਂ ਦਾ ਪੰਜਾਬ ਵਿੱਚ ਦੁਬਾਰਾ ਫੈਸ਼ਨ
ਆ ਗਿਆ ਹੈ। ਇਹ ਰੁਝਾਣ ਕਨੇਡਾ ਵਿੱਚ ਵੀ ਪਹੁੰਚ ਗਿਆ ਹੈ। ਨਤੀਜੇ ਵਜੋਂ, ਕੁੱਝ ਔਰਤਾਂ ਨੇ
ਹੁਣੇ ਜਿਹੇ ਆਪਣੇ ਨੱਕ ਵਿਨ੍ਹਾਏ ਹਨ। ਹੈਲਥ ਐਂਡ ਸੇਫਟੀ (ਸਿਹਤ ਅਤੇ ਸੁਰੱਖਿਆ) ਦੇ ਨਿਯਮਾਂ
ਦੇ ਅਧੀਨ ਕੰਪਨੀ ਦੀ ਗਹਿਣਿਆਂ ਬਾਰੇ ਇਕ ਨੀਤੀ ਹੈ, ਅਤੇ ਇਸ ਮੁੱਦੇ ਨਾਲ ਨਿਪਟਣ ਲਈ ਕੰਪਨੀ
ਨੂੰ ਇਹਨ੍ਹਾਂ ਨਿਯਮਾਂ ਵਿੱਚ ਨੱਥਾਂ ਬਾਰੇ ਇਕ ਧਾਰਾ ਪਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ
ਧਾਰਾ ਦੇ ਲਾਗੂ ਹੋਣ ਬਾਅਦ ਨੱਥਾਂ ਵਾਲੀਆਂ ਔਰਤਾਂ ਨੂੰ ਕੰਮ ਤੇ ਜਾਂ ਤਾਂ ਆਪਣੀਆਂ ਨੱਥਾਂ
ਲਾਹੁਣੀਆਂ ਪੈਂਦੀਆਂ ਹਨ ਜਾਂ ਆਪਣੀਆਂ ਨੱਥਾਂ ਨੂੰ ਮੈਡੀਕਲ ਟੇਪ ਨਾਲ ਢਕਣਾ ਪੈਂਦਾ ਹੈ।
ਇਨ੍ਹਾਂ ਅਤੇ ਗੈਰ-ਪੰਜਾਬੀ ਔਰਤਾਂ ਵਿੱਚ ਕਾਫੀ ਫਰਕ ਹਨ। ਪਰ ਆਪਣੇ ਆਪ ਨੂੰ ਕਿਸੇ ਤਰ੍ਹਾਂ
ਦੇ ਹਾਸ਼ੀਏ ਤੇ ਸਮਝਣ ਦੀ ਥਾਂ ਉਹ ਪੰਜਾਬੀ-ਸਿੱਖ ਕੈਨੇਡੀਅਨ ਔਰਤਾਂ ਹੋਣ ਤੇ ਮਾਣ ਮਹਿਸੂਸ
ਕਰਦੀਆਂ ਹਨ। ਇਸ ਦਾ ਪ੍ਰਗਟਾਅ ਕਈ ਤਰ੍ਹਾਂ ਹੁੰਦਾ ਹੈ ਜਿਵੇਂ ਆਪਣੀ ਕਮਾਈ ਨਾਲ ਸੋਹਣੀ
ਰੇਸ਼ਮੀ ਸਲਵਾਰ ਕਮੀਜ਼ ਖ੍ਰੀਦਣ ਵਿੱਚ ਜਾਂ 22-23 ਕੈਰਟ ਦੇ ਸੋਨੇ ਦਾ ਕੋਈ ਗਹਿਣਾ ਖ੍ਰੀਦਣ
ਵਿੱਚ। ਸੋਹਜ ਭਾਰਤੀ ਹੈ, ਪੰਜਾਬੀ ਹੈ। ਸੋਹਜ ਕਨੇਡੀਅਨ ਹੈ। ਉਦਾਹਰਨ ਲਈ ਨਰਿੰਦਰ ਆਂਟੀ
ਵਲੋਂ ਬਣਾਏ ਜਾ ਰਹੇ ਨਵੇਂ ਘਰ ਵਿੱਚ ਇਕ ਵੱਖਰਾ ਲਿਵਿੰਗ ਰੂਮ ਅਤੇ ਡਾਇਨਿੰਗ ਰੂਮ ਹੋਵੇਗਾ
ਅਤੇ ਸਰਿੰਦਰ ਆਂਟੀ ਨੇ ਹੁਣੇ ਹੁਣੇ ਰੋਟੀਆਂ ਬਣਾਉਣ ਲਈ ਆਟਾ ਗੁੰਨਣ ਵਾਲੀ ਮਸ਼ੀਨ ਖ੍ਰੀਦੀ
ਹੈ।(1)
ਫਰਕ ਉਨ੍ਹਾਂ ਵਿਚਕਾਰ ਵੀ ਪ੍ਰਤੱਖ ਦਿਖਾਈ ਦਿੰਦਾ ਹੈ, ਜਿਵੇਂ ਕਿ ਉਨ੍ਹਾਂ ਦੀਆਂ ਜਿ਼ੰਦਗੀਆ
ਵੱਖਰੇ ਵੱਖਰੇ ਰਾਹਾਂ ਤੇ ਜਾ ਰਹੀਆਂ ਹਨ। ਉਦਾਹਰਨ ਲਈ, ਹਰੇਕ ਔਰਤ ਦੇ ਬੱਚਿਆਂ ਦੀ ਗਿਣਤੀ
ਵੱਖ ਵੱਖ ਹੈ; ਉਨ੍ਹਾਂ ਦੀਆਂ ਉਮਰਾਂ ਅਤੇ ਲਿੰਗ (2) ਵੱਖ ਵੱਖ ਹਨ; ਉਨ੍ਹਾਂ ਦੇ ਵਿਆਹ
ਭਾਈਚਾਰੇ ਵਿੱਚ ਹੋਏ ਹਨ ਜਾਂ ਭਾਈਚਾਰੇ ਤੋਂ ਬਾਹਰ, ਇਸ ਵਿੱਚ ਵੀ ਵੱਖਰੇਵਾਂ ਹੈ; ਅਤੇ ਇਸ
ਸਮੇਂ ਇਹ ਔਰਤਾਂ ਕਿੱਥੇ ਰਹਿੰਦੀਆਂ ਹਨ, ਇਸ ਗੱਲ ਵਿੱਚ ਵੀ ਫਰਕ ਹੈ। ਇਸ ਸਮੇਂ ਟੈਰੇਸ ਦੀਆਂ
ਅੱਧੀ ਕੁ ਦਰਜਨ ਔਰਤਾਂ ਵੈਨਕੂਵਰ ਵਿੱਚ ਰਹਿੰਦੀਆਂ ਹਨ, ਜਿੱਥੇ ਉਨ੍ਹਾਂ ਦੇ ਬੱਚੇ ਵਿਆਹ
ਕਰਵਾ ਕੇ ਜਾਂ ਕੰਮ ਕਰਨ ਲਈ ਸਕੀਨਾ ਵੈਲੀ ਛੱਡ ਕੇ ਚਲੇ ਗਏ ਹਨ।
ਭਾਵੇਂ ਕਈ ਪੱਖਾਂ ਤੋਂ ਇਕੋ ਜਿਹੀਆਂ ਦਿਸਦੀਆਂ ਉਨ੍ਹਾਂ ਦੀਆਂ ਜਿ਼ੰਦਗੀਆਂ ਵੱਖ ਵੱਖ ਢੰਗਾਂ
ਨਾਲ ਬੀਤੀਆਂ ਹਨ। ਇਕੋ ਜਾਤ ਦੀਆਂ ਔਰਤਾਂ ਆਪਸ ਵਿੱਚ ਦੂਜੀ ਜਾਤ ਦੀਆਂ ਔਰਤਾਂ ਬਾਰੇ
ਨਾਂਹ-ਪੱਖੀ ਗੱਲਾਂ ਕਰਦੀਆਂ ਹਨ। ਉਦਾਹਰਨ ਲਈ ਜੱਟ ਔਰਤਾਂ ਰਾਜਪੂਤ ਔਰਤਾਂ ਨੂੰ ਵਿਸ਼ਵਾਸਯੋਗ
ਨਹੀਂ ਸਮਝਦੀਆਂ। ਭਾਰਤ ਵਿੱਚ ਵੱਖਰੇ ਇਲਾਕੇ ਅਤੇ ਜਾਤ ਦੇ ਵੱਖਰੇਵੇਂ ਲੜਾਈ ਝਗੜਿਆਂ ਅਤੇ
ਵਿਆਹ ਨਿਸ਼ਚਿਤ ਕਰਨ ਸਮੇਂ ਵੀ ਉਜਾਗਰ ਹੁੰਦੇ ਹਨ। ਇਸ ਲਈ ਕਨੇਡਾ ਵਿੱਚ ਦੱਖਣੀ ਏਸ਼ੀਆਈ ਹੋਣ
ਦੇ ਫਰਕ ਨੂੰ ਕਈ ਤਰ੍ਹਾਂ ਦੇ ਫਰਕਾਂ ਅਨੁਸਾਰ ਦੇਖਣਾ ਜ਼ਰੂਰੀ ਹੈ, ਇਹ ਫਰਕ ਕਈ ਤਰ੍ਹਾਂ
ਦੇ ਹਨ ਅਤੇ ਇਕ ਦੂਸਰੇ ਨਾਲ ਗੁੰਝਲਦਾਰ ਢੰਗ ਨਾਲ ਜੁੜੇ ਹੋਏ ਹਨ।
ਇਹ ਦਰਸਾਉਣ ਲਈ ਕਿ ਪਰਿਵਾਰਾਂ ਦੀਆਂ ਆਰਥਿਕ ਹਾਲਤਾਂ ਨੇ ਔਰਤਾਂ ਦੇ ਸਥਾਨ ਅਤੇ ਔਰਤਾਂ ਦੇ
ਕੰਮ ਅਤੇ ਪਤੀਆਂ ਅਤੇ ਬੱਚਿਆਂ ਵਲੋਂ ਘਰ ਦੇ ਕੰਮ ਕਰਨ ਬਾਰੇ ਸੋਚ ਵਿੱਚ ਕਿਸ ਤਰ੍ਹਾਂ
ਤਬਦੀਲੀ ਲਿਆਂਦੀ, ਲਿੰਗ ਦੇ ਮਸਲੇ ਨੂੰ ਖੋਲ੍ਹ ਕੇ ਦੇਖਿਆ ਜਾ ਸਕਦਾ ਹੈ। ਇੱਥੇ ਇਹ ਗੱਲ ਨੋਟ
ਕਰਨੀ ਵੀ ਜ਼ਰੂਰੀ ਹੈ ਕਿ ਸਿੱਖ ਧਰਮ ਦੇ ਮੈਂਬਰ ਹੋਣ ਨਾਤੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ
ਦੋਵੇਂ ਲਿੰਗ ਬਰਾਬਰ ਹਨ ਅਤੇ ਹਰ ਇਕ ਆਪਣੀ ਭਲਾਈ ਲਈ ਜਿ਼ੰਮੇਵਾਰ ਹੈ। ਅਸਲ ਵਿੱਚ ਇਹ
ਵਿਸ਼ੇਸ਼ਤਾ ਘਰ ਤੇ ਵੀ ਲਾਗੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਜਪੁਜੀ ਸਾਹਿਬ
ਵਿੱਚ ਆਪਣੇ ਮੈਲ਼ੇ ਕੱਪੜੇ ਆਪ ਧੋਣ ਅਤੇ ਆਪਣੇ ਖਾਣੇ ਅਤੇ ਰਿਹਾਇਸ਼ ਲਈ ਖੁਦ ਕੰਮ ਕਰਨ ਬਾਰੇ
ਸਿੱਧੇ ਹਵਾਲੇ ਦਿੱਤੇ ਹੋਏ ਹਨ। ਸਿੱਖ ਧਰਮ ਵਿੱਚ ਜਿੰਨਾ ਜ਼ੋਰ ਸੇਵਾ ਭਾਵ ਦੂਜਿਆਂ ਦੀ
ਮਦਦ ਕਰਨ, ਤੇ ਦਿੱਤਾ ਗਿਆ ਹੈ ਉਨਾ ਹੀ ਜ਼ੋਰ ਆਪਣੀ ਮਦਦ ਆਪ ਕਰਨ ਤੇ ਦਿੱਤਾ ਗਿਆ ਹੈ।
ਸ਼ਾਇਦ ਸੁਤੰਤਰਤਾ ਵਾਲੀ ਇਹ ਵਿਚਾਰਧਾਰਾ ਇਹ ਦੱਸਣ ਵਿੱਚ ਸਹਾਈ ਹੋਵੇ ਕਿ ਕਿਉਂ ਪੰਜਾਬੀ
ਔਰਤਾਂ ਆਪਣੇ ਆਪ ਨੂੰ ਅਕਾਦਮਿਕ ਸਾਹਿਤ ਅਤੇ ਮੁੱਖ ਧਾਰਾ ਦੇ ਮੀਡੀਏ ਵਿੱਚ ਦਿਖਾਈ ਜਾਂਦੀ
ਰੂੜੀਬੱਧ ਭਾਰਤੀ (Dubois 1993, Nadoo 1984) ਔਰਤ ਵਾਂਗ ਮਸਕੀਨ ਸਮਝਣ ਦੀ ਥਾਂ ਸਮਰੱਥ
ਅਤੇ ਸ਼ਕਤੀਮਾਨ ਸਮਝਦੀਆਂ ਹਨ।
ਜਮਾਤ ਦਾ ਮੁੱਦਾ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ। ਕਿਉਂਕਿ ਇਹ ਔਰਤਾਂ ਕੈਨਰੀ ਵਿੱਚ
ਕੰਮ ਕਰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਮਜ਼ਦੂਰ ਜਮਾਤ ਦੀਆਂ ਔਰਤਾਂ ਕਿਹਾ ਜਾ ਸਕਦਾ ਹੈ।
ਪਰ, ਉਨ੍ਹਾਂ ਦੇ ਖਰਚੇ ਉਨ੍ਹਾਂ ਦੀ ਇਸ ਸ਼੍ਰੇਣੀ ਨਾਲ ਮੇਲ ਨਹੀਂ ਖਾਂਦੇ, ਬਹੁਤੇ ਕੇਸਾਂ
ਵਿੱਚ ਉਨ੍ਹਾਂ ਦੇ ਪਰਿਵਾਰਾਂ ਦੀ ਸਾਂਝੀ ਆਮਦਨ ਉਨ੍ਹਾਂ ਨੂੰ ਮੱਧ-ਵਰਗ ਵਿੱਚ ਸ਼ਾਮਲ ਕਰ
ਦਿੰਦੀ ਹੈ। ਇਹ ਆਰਥਿਕ ਸਥਿਤੀ ਜਮਾਤ ਤੋਂ ਪਾਰ ਜਾ ਕੇ ਵਿਆਹਾਂ ਦੇ ਰਿਸ਼ਤੇ ਕਰਨ ਦੀ ਆਗਿਆ
ਦਿੰਦੀ ਹੈ। ਮਾਪੇ ਆਪਣੇ ਬੱਚਿਆਂ ਦੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਵੀ ਮਦਦ ਕਰਨ ਦੇ
ਕਾਬਲ ਹਨ, ਅਤੇ ਨਤੀਜੇ ਵਜੋਂ ਮਜ਼ਦੂਰ ਜਮਾਤ ਤੋਂ ਬਾਹਰ ਜਾਣ ਦੇ ਯੋਗ।
ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੀਆਂ ਇਨ੍ਹਾਂ ਪੰਜਾਬੀ-ਸਿੱਖ ਦਖਣੀ ਏਸ਼ੀਆਈ ਮਜ਼ਦੂਰ
ਔਰਤਾਂ ਦੀਆਂ ਸਚਾਈਆਂ ਦੀਆਂ ਬਹੁਪਰਤਾਂ ਪੇਸ਼ ਕਰਨ ਲਈ ਮੈਂ ਅਜਿਹੀਆਂ ਕਹਾਣੀਆਂ ਪੇਸ਼ ਕਰਨ
ਦਾ ਯਤਨ ਕੀਤਾ ਹੈ ਜਿਹੜੀਆਂ ਸਾਡੀਆਂ ਉਨ੍ਹਾਂ ਹਾਇਫਨ-ਨੇਟਿਡ ਪਛਾਣਾਂ ਤੋਂ ਪਾਰ ਜਾਂਦੀਆਂ ਹਨ
ਜਿਹੜੀਆਂ ਪਛਾਣਾਂ ਆਪਣੀ ਜੰਮਣ ਭੋਂ ਤੋਂ ਦੂਰ ਇਸ ਧਰਤੀ ਤੇ ਰਹਿਣ ਕਰਕੇ ਸਾਡੇ ਉੱਤ ਠੋਸ
ਦਿੱਤੀਆਂ ਗਈਆਂ ਹਨ। (Thobani 1991, Jiwani 1992)। ਅਸਲ ਵਿੱਚ ਇਨ੍ਹਾਂ ਔਰਤਾਂ ਨੇ
ਆਪਣੇ ਆਪ ਆਪਣੀਆਂ ਸ਼ਰਤਾਂ ਤੇ ਗਾਲਬ ਸਮਾਜ ਨਾਲ ਵਿਚਰਨ ਦਾ ਢੰਗ ਲੱਭ ਲਿਆ ਹੈ। ਕਈ ਕੇਸਾਂ
ਵਿੱਚ ਉਨ੍ਹਾਂ ਦੀਆਂ ਜਿ਼ੰਦਗੀਆਂ ਵਿੱਚ ਗਾਲਬ ਸਮਾਜ ਦੀ ਹੋਂਦ ਬਹੁਤ ਮਾਮੂਲੀ ਹੀ ਹੈ।
ਉਦਾਹਰਨ ਲਈ, ਜਦੋਂ ਉਹ ਗਰੋਸਰੀ ਲੈਣ ਜਾਂਦੀਆਂ ਹਨ ਤਾਂ ਉਹ ਸਿੱਧਾ ਹੀ ਸੁਪਰਮਾਰਕੀਟ ਦੇ
ਇੰਡੀਅਨ ਸੈਕਸ਼ਨ ਵਿੱਚ ਜਾ ਸਕਦੀਆਂ ਹਨ। ਉਹ ਅਜਿਹੇ ਫਲ਼ ਅਤੇ ਸਬਜ਼ੀਆਂ ਖ੍ਰੀਦ ਸਕਦੀਆਂ ਹਨ,
ਜਿਨ੍ਹਾਂ ਤੋਂ ਉਹ ਜਾਣੂ ਹਨ ਅਤੇ ਜਿਨ੍ਹਾਂ ਲਈ ਉਨ੍ਹਾਂ ਨੇ ਉੱਤਰ-ਪੱਛਮ ਵਿੱਚ ਮਾਰਕੀਟ ਪੈਦਾ
ਕੀਤੀ ਹੈ। ਟੈਲੀਵਿਯਨ ਦੇਖਦੇ ਵਕਤ ਉਹ ਸਨਿਚਰਵਾਰ ਨੂੰ ਵਿਜ਼ਨ ਟੈਲੀਵਿਯਨ ਤੇ ਸਾਰਾ ਦਿਨ
ਆਉਂਦੇ ਦੱਖਣੀ ਏਸ਼ੀਆਈ ਪ੍ਰੋਗਰਾਮਾਂ ਨੂੰ ਤਰਜੀਹ ਦਿੰਦੀਆਂ ਹਨ ਜਾਂ ਸਥਾਨਕ ਪੰਜਾਬੀ ਸਟੋਰਾਂ
ਤੋਂ ਕਿਰਾਏ ਤੇ ਲਿਆਂਦੀਆਂ ਹਿੰਦੀ ਫਿਲਮਾਂ ਦੇਖਦੀਆਂ ਹਨ। ਇਸ ਦੇ ਨਾਲ ਹੀ ਉਹ ਇੱਥੇ ਕਨੇਡਾ
ਵਿੱਚ ਆਪਣੇ ਘਰ ਹੋਣ ਵਾਂਗ ਹੀ ਮਹਿਸੂਸ ਕਰਦੀਆਂ ਹਨ। ਉਹ ਆਪਣੇ ਸਾਥੀ ਕਾਮਿਆਂ ਅਤੇ
ਗਵਾਂਢੀਆਂ ਮੇਲ ਜੋਲ ਰੱਖਦੀਆਂ ਹਨ ਭਾਵੇਂ ਉਹ ਪੰਜਾਬੀ ਹੋਣ ਜਾਂ ਗੈਰ ਪੰਜਾਬੀ।
ਗਿਆਨ ਦਾ ਪ੍ਰਸੰਗ
ਸਕੀਨਾ ਵੈਲੀ ਵਿੱਚ ਵੱਡੇ
ਹੋਣ ਅਤੇ ਟੈਰਸ, ਕਿਟੀਮੈਟ ਅਤੇ ਪ੍ਰਿੰਸ ਰੂਪਰਟ ਦੇ ਸ਼ਹਿਰਾਂ ਵਿੱਚ ਆਉਣਾ ਜਾਣਾ ਇਕ ਈਸਟ
ਇੰਡੀਅਨ (ਜਿਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਈਸਟ ਇੰਡੀਆ ਨਾਂ ਦੀ ਕੋਈ ਥਾਂ ਹੀ ਨਹੀਂ ਹੈ
ਅਤੇ ਜਿਸ ਦਾ ਆਧਾਰ ਈਸਟ ਇੰਡੀਆ ਕੰਪਨੀ ਤੋਂ ਹੈ), ਪੰਜਾਬੀ ਸਿੱਖ, ਇੰਡੋਕਨੇਡੀਅਨ (ਇਸ
ਨਾਂ ਨੂੰ ਮੈਂ ਕਦੇ ਵੀ ਪਸੰਦ ਨਹੀਂ ਕੀਤਾ ਅਤੇ ਹਮੇਸ਼ਾਂ ਇਸ ਨੂੰ ਵਰਤਣ ਤੋਂ ਗੁਰੇਜ ਕੀਤਾ
ਹੈ), ਅਤੇ ਅਖੀਰ ਵਿੱਚ ਸਭ ਕੁਝ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੀ ਪਛਾਣ ਦੱਖਣੀ ਏਸ਼ੀਆਈ
ਵਜੋਂ ਮੇਰੀ ਜਿ਼ੰਦਗੀ ਦੀ ਬੁਨਿਆਦ ਹੈ। ਮੈਨੂੰ ਕਦੇ ਵੀ ਕਨੇਡੀਅਨ ਕਹਿ ਕੇ ਨਹੀਂ ਪੁਕਾਰਿਆ
ਗਿਆ ਸਿਵਾਏ ਕਨੇਡਾ ਤੋਂ ਬਾਹਰ ਸਫਰ ਦੇ ਦੌਰਾਨ, ਨਸਲਵਾਦੀਆਂ, ਨਵ-ਨਾਜ਼ੀਆਂ ਆਦਿ ਤੋਂ ਆਪਣਾ
ਬਚਾਅ ਕਰਦੇ ਵਕਤ, ਜਾਂ ਚੋਣਾਂ ਵਿੱਚ ਵੋਟ ਪਾਉਣ ਦੌਰਾਨ।
ਭਾਵੇਂ ਕਿ ਜਿਨ੍ਹਾਂ ਔਰਤਾਂ ਨਾਲ ਮੈਂ ਕੰਮ ਕੀਤਾ ਹੈ, ਉਨ੍ਹਾਂ ਅਤੇ ਮੇਰੇ ਵਿਚਕਾਰ ਪੀੜੀ ਦਾ
ਪਾੜਾ ਹੈ, ਪਰ ਮੇਰਾ ਭੂਤ ਉਨ੍ਹਾਂ ਨਾਲ ਸਾਂਝਾ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਵਾਂਗ ਮੈਂ
ਵੀ ਬਾਈ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਇਸ ਦੇਸ਼ ਵਿੱਚ ਆਈ ਸੀ। ਮੇਰਾ ਪਿਤਾ ਦੋ ਸਾਲ
ਪਹਿਲਾਂ ਤੋਂ ਇਸ ਦੇਸ਼ ਵਿੱਚ ਸੀ, ਅਤੇ ਅਸੀਂ ਦੋ ਸਾਲ ਬਾਅਦ ਉਸ ਦੇ ਪਿੱਛੇ ਪਿੱਛੇ ਟੂਰਿਸਟ
ਵੀਜ਼ੇ ਤੇ ਸਕੀਨਾ ਵੈਲੀ ਨੂੰ ਆਏ। ਉਸ ਨੂੰ ਲੱਕੜ ਦੀ ਮਿੱਲ ਵਿੱਚ ਮਕੈਨਿਕ ਵਜੋਂ ਕੰਮ ਮਿਲ
ਗਿਆ। ਲਾਈਨਾਂ ਤੋਂ ਪਰਲੇ ਪਾਸੇ ਇਕ ਨਵਾਂ ਘਰ ਲੈਣ, ਫਰਨੀਚਰ ਅਤੇ ਘਰ ਵਿੱਚ ਵਰਤੀਆਂ ਜਾਣ
ਵਾਲੀਆਂ ਹੋਰ ਮਸ਼ੀਨਾਂ ਦੀਆਂ ਕਿਸ਼ਤਾਂ ਦਾ ਭਾਰ ਚੁੱਕਣ ਅਤੇ ਚਾਰ ਛੋਟੇ ਬੱਚਿਆਂ ਦੇ ਢਿੱਡ
ਭਰਨ ਲਈ ਬੀਬੀ ਛੇਤੀ ਹੀ ਕੰਮ ਕਰਨ ਲੱਗ ਪਈ।
ਕੈਨਰੀ ਵਿੱਚ ਕੰਮ ਬਾਰੇ ਉਸ ਨੂੰ ਇਕ ਗਵਾਂਢਣ ਤੋਂ ਪਤਾ ਲੱਗਾ। ਅਤੇ 1974 ਦੀਆਂ ਗਰਮੀਆਂ
ਵਿੱਚ ਜੁਲਾਈ ਦੇ ਇਕ ਦਿਨ ਉਹ ਪ੍ਰਿੰਸ ਰੂਪਰਟ ਨੂੰ ਗਈ ਅਤੇ ਉਸ ਨੂੰ ਮੱਛੀਆਂ ਨੂੰ ਸਾਫ ਕਰਨ
ਵਾਲੀ ਲਾਈਨ ਤੇ ਅਗਲੇ ਦਿਨ ਤੋਂ ਕੰਮ ਕਰਨ ਲਈ ਰੱਖ ਲਿਆ ਗਿਆ। ਅਸੀਂ ਬੀਬੀ ਵਲੋਂ ਹਰ ਸਾਲ
3-4 ਮਹੀਨੇ ਘਰੋਂ ਬਾਹਰ ਰਹਿਣ ਦੀ ਹਾਲਤ ਵਿੱਚ ਵੱਡੇ ਹੋਏ। ਉਹ ਵੀਕਇੰਡ ਤੇ ਕੰਮ ਤੋਂ
ਛੁੱਟੀ ਹੋਣ ਸਮੇਂ ਘਰ ਆਉਂਦੀ। ਸਾਡੇ ਪਰਿਵਾਰ ਦੇ ਨੇੜਲੇ ਪਰਿਵਾਰਾਂ ਵਿੱਚੋਂ ਅੱਧੇ
ਪਰਿਵਾਰਾਂ ਦੀਆਂ ਔਰਤਾਂ ਇਹ ਕੰਮ ਕਰਦੀਆਂ ਸਨ।
ਜਿਨ੍ਹਾਂ ਔਰਤਾਂ ਨੂੰ ਮੈਂ ਇੰਟਰਵਿਊ ਕੀਤਾ ਹੈ, ਜਿਨ੍ਹਾਂ ਨਾਲ ਮੈਂ ਸਮਾਂ ਬਿਤਾਇਆ ਹੈ,
ਉਨ੍ਹਾਂ ਦੇ ਘੇਰੇ ਦੀ ਇਕ ਔਰਤ ਦੀ ਬੇਟੀ ਹੋਣ ਕਰਕੇ ਉਨ੍ਹਾਂ ਦੇ ਭਾਈਚਾਰੇ ਦੀ ਮੈਂਬਰ ਹੋਣ
ਦੇ ਨਾਤੇ ਅਤੇ ਟੈਰਸ ਵਿੱਚ ਰਹੀ ਹੋਈ ਹੋਣ ਨਾਤੇ ਮੈਨੂੰ ਉਨ੍ਹਾਂ ਦੀਆਂ ਜਿ਼ੰਦਗੀਆਂ ਅਤੇ
ਇਤਿਹਾਸਾਂ ਬਾਰੇ ਬਹੁਤ ਨੇੜਿਓਂ ਹੋ ਕੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਮੇਰਾ
ਉਨ੍ਹਾਂ ਨਾਲ ਰਿਸ਼ਤਾ ਇਕ ਭਾਣਜੀ ਵਾਲਾ ਹੈ। ਇਕ ਤਰ੍ਹਾਂ ਨਾਲ ਉਹ ਸਾਰੀਆਂ ਮੇਰੀਆਂ ਆਂਟੀਆਂ
ਹਨ ਅਤੇ ਮੈਂ ਉਨ੍ਹਾਂ ਨੂੰ ਹਰ ਰੋਜ਼ ਦੀ ਗੱਲਬਾਤ ਦੌਰਾਨ ਆਂਟੀ ਜੀ ਕਹਿ ਕੇ ਸੱਦਦੀ ਹਾਂ ਅਤੇ
ਆਪਣੇ ਰਿਸ਼ਤੇ ਦੀ ਇੱਜ਼ਤ ਕਰਨ ਲਈ ਇਸ ਲਿਖਤ ਵਿੱਚ ਵੀ ਮੈਂ ਉਨ੍ਹਾਂ ਨੂੰ ਆਂਟੀ ਜੀ ਨਾਲ
ਸੰਬੋਧਨ ਕੀਤਾ ਹੈ।
ਉਨ੍ਹਾਂ ਦੇ ਭਾਈਚਾਰੇ ਦੀ ਮੈਂਬਰ ਹੋਣ ਨਾਤੇ ਮੈਨੂੰ ਜਾਣਕਾਰੀ ਹਾਸਲ ਕਰਨ ਵਿੱਚ ਕੁਝ
ਮੁਸ਼ਕਿਲਾਂ ਵੀ ਆਈਆਂ। ਵਿਸ਼ਵਾਸ ਇਕ ਸਮੱਸਿਆ ਬਣ ਜਾਂਦਾ ਹੈ। ਮੈਨੂੰ ਇੰਟਰਵਿਊ ਦੇਣ ਵਾਲੀਆਂ
ਔਰਤਾਂ ਜਾਣਨਾ ਚਾਹੁੰਦੀਆਂ ਸਨ ਕਿ ਜਿਹੜੀ ਜਾਣਕਾਰੀ ਮੈਂ ਇਕੱਤਰ ਕਰ ਰਹੀ ਹਾਂ, ਉਸ ਨੂੰ ਕੌਣ
ਕੌਣ ਦੇਖ ਸਕੇਗਾ, ਮੇਰੀ ਖੋਜ ਲਈ ਪੈਸੇ ਕੌਣ ਦੇ ਰਿਹਾ ਹੈ ਅਤੇ ਮੈਂ ਖਾਸ ਕਰਕੇ ਉਨ੍ਹਾਂ ਨਾਲ
ਗੱਲ ਕਿਉਂ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਮੈਨੂੰ ਕਈ ਵਾਰ ਕਿਹਾ ਕਿ ਮੈਂ ਜਾਣਕਾਰੀ ਲੈਣ
ਲਈ ਕੈਨਰੀ ਦੀ ਮੈਨੇਜਮੈਂਟ ਨਾਲ ਗੱਲ ਕਿਉਂ ਨਹੀਂ ਕਰ ਲੈਂਦੀ ਜਾਂ ਮੈਂ ਕੈਨਰੀ ਵਿੱਚ ਆਪਣੇ
ਤਜਰਬੇ ਦੇ ਆਧਾਰ ਤੇ ਕਿਉਂ ਨਹੀਂ ਲਿਖ ਲੈਂਦੀ। ਮੈਨੂੰ ਇਨ੍ਹਾਂ ਔਰਤਾਂ ਨੂੰ ਇਹ ਗੱਲ ਮਨਾਉਣ
ਵਿੱਚ ਵੀ ਮੁਸ਼ਕਿਲ ਆਈ ਕਿ ਜੋ ਕੁਝ ਉਹ ਆਪਣੀਆਂ ਜਿ਼ੰਦਗੀਆਂ ਬਾਰੇ ਦੱਸਣਗੀਆਂ ਉਹ
ਮਹੱਤਵਪੂਰਨ ਹੋਵੇਗਾ। ਉਹ ਨਹੀਂ ਸਮਝਦੀਆਂ ਸਨ ਕਿ ਉਨ੍ਹਾਂ ਦੇ ਤਜਰਬੇ ਦੀ ਕੋਈ ਮਹੱਤਤਾ ਹੈ।
ਅਖੀਰ ਵਿੱਚ ਉਨ੍ਹਾਂ ਨੇ ਮੇਰੇ ਨਾਲ ਇਸ ਲਈ ਗੱਲ ਕੀਤੀ ਕਿਉਂਕਿ ਉਹ ਮੈਨੂੰ ਜਾਣਦੀਆਂ ਸਨ ਅਤੇ
ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿ ਸਾਡੀ ਗੱਲਬਾਤ ਆਪਣਾ ਥੀਸਿਸ ਲਿਖਣ ਵਿੱਚ ਮੇਰੀ ਮਦਦ
ਕਰੇਗੀ। ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਗੈਰ-ਪੰਜਾਬੀ ਖੋਜੀ ਹਮੇਸ਼ਾਂ ਸਾਡੇ ਵਿੱਚ ਕੰਮ
ਕਰਦੇ ਹਨ ਅਤੇ ਇਕ ਪੰਜਾਬੀ ਹੁੰਦਿਆਂ ਮੈਂ ਉਸ ਸਾਹਿਤ (ਖੋਜ) ਵਿੱਚ ਆਪਣਾ ਹਿੱਸਾ ਪਾਉਣਾ
ਚਾਹੁੰਦੀ ਹਾਂ।
ਇਕ ਬਾਹਰਲੇ ਵਿਅਕਤੀ ਦੀ ਅੰਦਰਲੇ ਵਿਅਕਤੀ ਦੇ ਮੁਕਾਬਲੇ ਵੱਖਰੀ ਕਿਸਮ ਦੀ ਜਾਣਕਾਰੀ ਤੱਕ
ਪਹੁੰਚ ਹੋ ਸਕਦੀ ਹੈ। (Zavella 1991, 1997) ਇਸ ਕੇਸ ਵਿੱਚ ਬਾਹਰਲਾ ਵਿਅਕਤੀ ਉਨ੍ਹਾਂ
ਮਸਲਿਆਂ ਬਾਰੇ ਹੋਰ ਜਿ਼ਆਦਾ ਜਾਣਕਾਰੀ ਪ੍ਰਾਪਤ ਕਰ ਸਕਦਾ ਸੀ ਜਿਹਨਾਂ ਮਸਲਿਆਂ ਬਾਰੇ ਪੰਜਾਬੀ
ਕਮਿਊਨਿਟੀ ਵਿੱਚ ਖੁੱਲ੍ਹੀ ਗੱਲਬਾਤ ਨਹੀਂ ਕੀਤੀ ਜਾਂਦੀ। ਅੰਤਰ ਜਾਤੀ ਵਿਆਹਾਂ, ਵਿਆਹੁਤਾ
ਜਿ਼ੰਦਗੀ ਵਿੱਚਲੀਆਂ ਮੁਸ਼ਕਿਲਾਂ ਅਤੇ ਬੱਚਿਆਂ ਦੇ ਵਤੀਰਿਆਂ ਵਰਗੇ ਮਸਲਿਆਂ ਬਾਰੇ ਜਿਨ੍ਹਾਂ
ਬਾਰੇ ਵੱਡੇ ਭਾਈਚਾਰੇ ਵਿੱਚ ਆਮ ਗੱਲ ਕੀਤੀ ਜਾਂਦੀ ਹੈ। ਪੰਜਾਬੀ ਭਾਈਚਾਰੇ ਵਿੱਚ ਲੋਕ ਇਕ
ਦੂਸਰੇ ਨਾਲ ਇਨ੍ਹਾਂ ਮਸਲਿਆਂ ਬਾਰੇ ਬਹੁਤ ਘੱਟ ਗੱਲ ਕਰਦੇ ਹਨ ਕਿਉਂਕਿ ਉਹ ਡਰਦੇ ਹਨ ਕਿ ਇਸ
ਬਾਰੇ ਲੋਕ ਕੀ ਕਹਿਣਗੇ? ਇਸ ਦੇ ਨਾਲ ਇਹ ਗੱਲ ਵੀ ਸੀ ਕਿ ਸ਼ਾਇਦ ਯੂਰਪੀਅਨ ਮੂਲ ਦੀ
ਕਨੇਡੀਅਨ ਮੇਰੇ ਨਾਲੋਂ ਮਹੱਤਵਪੂਰਨ ਸ੍ਰੋਤਾ ਹੋ ਸਕਦੀ।
ਦੂਜੇ ਪਾਸੇ ਮੈਂ ਸਿਰਫ ਇਸ ਕਰਕੇ ਉਹ ਜਾਣਕਾਰੀ ਲੈਣ ਵਿੱਚ ਕਾਮਯਾਬ ਹੋ ਗਈ ਜਿਹੜੀ ਜਾਣਕਾਰੀ
ਇਕ ਬਾਹਰਲਾ ਵਿਅਕਤੀ ਨਹੀਂ ਲੈ ਸਕਦਾ ਸੀ ਕਿਉਂਕਿ ਮੈਂ ਉਨ੍ਹਾਂ ਦੀ ਆਪਣੀ ਸੀ। ਇਸ ਦੇ ਨਾਲ
ਹੀ ਮੈਨੂੰ ਇਸ ਗੱਲ ਦਾ ਵੀ ਫਾਇਦਾ ਸੀ ਕਿ ਮੈਂ ਪੰਜਾਬੀ ਜਾਣਦੀ ਸੀ। ਇਸ ਦੇ ਨਾਲ ਹੀ ਮੇਰੇ
ਭਾਈਚਾਰੇ ਵਿੱਚੋਂ ਹੋਣ ਕਰਕੇ ਕੁਝ ਜਾਣਕਾਰੀ ਜਿਹੜੀ ਮੈਨੂੰ ਪ੍ਰਾਪਤ ਹੋਈ, ਉਹ ਅੰਦਰ ਹੀ
ਰਹਿ ਗਈ ਕਿਉਂਕਿ ਮੈਂ ਸਦਾ ਭਾਈਚਾਰੇ ਦੀ ਮੈਂਬਰ ਰਹਿਣਾ ਹੈ।
ਮੇਰੇ ਲਈ ਸੋਚਣ ਵਾਲੀ ਇਕ ਹੋਰ ਗੱਲ ਇਹ ਹੈ ਕਿ ਮੁੱਖ ਧਾਰਾ ਮੀਡੀਏ ਵਿੱਚ ਦੱਖਣੀ ਏਸ਼ੀਆਈ
ਲੋਕਾਂ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਆਮ ਤੌਰ ਤੇ ਦੱਖਣੀ ਏਸ਼ੀਆਈ ਰਵਾਇਤਾਂ ਨੂੰ
ਓਪਰੇ ਰਿਵਾਜ਼ ਸਮਝਿਆ ਜਾਂਦਾ ਹੈ ਜਿਵੇਂ ਦਾਜ, ਮਾਪਿਆਂ ਵਲੋਂ ਬੱਚਿਆਂ ਦੇ ਤਹਿ ਕੀਤੇ
ਜਾਂਦੇ ਵਿਆਹ (ਅਰੇਂਜਡ ਮੈਰਿਜਜ਼), ਲਿੰਗ ਚੋਣ ਆਦਿ (Dubois 1993, Thobani 1991)।
ਸਿੱਖਾਂ ਵਜੋਂ, ਖਾਲਿਸਤਾਨ ਦੀ ਲਹਿਰ ਦੇ ਉੱਠਣ (Oberoi, 1994), ਅਤੇ ਫੌਜ ਅਤੇ ਰੌਇਲ
ਕੈਨੇਡੀਅਨ ਮਾਊਂਟਡ ਪੁਲੀਸ ਵਿੱਚ ਪੱਗ ਨਾਲ ਸੰਬੰਧਤ ਮਸਲੇ ਕਰਕੇ ਸਾਡੇ ਵਿੱਚ ਨਾਂਹਪੱਖੀ
ਸਿਫਤਾਂ ਹੋਣ ਨੂੰ ਉਭਾਰਿਆ ਜਾਂਦਾ ਹੈ।
ਭਾਵੇਂ ਕਿ ਸਾਡੇ ਵਿੱਚੋਂ ਬਹੁਤੇ ਕਨੇਡੀਅਨ ਸਿਟੀਜ਼ਨ ਹਨ, ਫਿਰ ਵੀ ਸਾਨੂੰ ਲਗਾਤਾਰ ਨਸਲਵਾਦ
ਨਾਲ ਦੋ ਚਾਰ ਹੋਣਾ ਪੈਂਦਾ ਹੈ। ਨਸਲੀ ਪਛਾਣ ਦੇ ਮਸਲੇ ਸਾਡੇ ਲਈ ਤਿਲਕਵੇਂ ਮਸਲੇ ਹਨ। ਮੇਰੇ
ਵਲੋਂ ਇਹ ਪੁੱਛੇ ਜਾਣ ਤੇ ਕਿ ਕੀ ਤੁਸੀਂ ਆਪਣੇ ਆਪ ਨੂੰ ਕਨੇਡੀਅਨ ਸਮਝਦੇ ਹੋ? ਤਾਂ ਇਕ
ਔਰਤ ਨੇ ਇਸ ਤਰ੍ਹਾਂ ਜੁਆਬ ਦਿੱਤਾ:
ਹਾਂ ਮੈਂ ਕਨੇਡੀਅਨ ਹਾਂ। ਮੇਰੇ ਕੋਲ ਕਨੇਡੀਅਨ ਪਾਸਪੋਰਟ ਹੈ। ਮੇਰਾ ਨਹੀਂ ਖਿਆਲ ਮੈਂ
ਵਾਪਸ ਇੰਡੀਆ ਜਾ ਸਕਦੀ ਹਾਂ, ਜੇ ਮੈਂ ਜਾਣਾ ਵੀ ਚਾਹਵਾਂ, ਕਿਉਂਕਿ ਮੈਂ ਆਪਣਾ ਇੰਡੀਅਨ
ਪਾਸਪੋਰਟ ਮੋੜ ਦਿੱਤਾ ਹੈ। ਇਸ ਦੇ ਨਾਲ ਹੀ ਮੈਂ ਇੱਥੇ ਰਹਿਣਾ ਪਸੰਦ ਕਰਦੀ ਹਾਂ। ਮੇਰੀ
ਜਿ਼ੰਦਗੀ ਇੱਥੇ ਹੈ। ਮੇਰੇ ਸਾਰੇ ਬੱਚਿਆਂ ਦੇ ਵਿਆਹ ਇੱਥੇ ਹੋਏ ਹਨ। ਦੋ ਬੇਟਿਆਂ ਦੀਆਂ
ਵਹੁਟੀਆਂ ਇੰਡੀਆ ਤੋਂ ਆਈਆਂ ਹਨ। ਮੈਂ ਪੈਂਟ ਪਾ ਕੇ ਵੀ ਉਨੀ ਹੀ ਆਰਾਮਦੇਹ ਮਹਿਸੂਸ ਕਰਦੀ
ਹਾਂ, ਜਿੰਨੀ ਸਲਵਾਰ ਕਮੀਜ਼ ਪਾ ਕੇ। ਪਰ ਮੈਂ ਪੰਜਾਬੀ ਵੀ ਹਾਂ, ਮੈਂ ਸਿੱਖ ਹਾਂ। ਮੈਂ ਆਪਣੇ
ਸਾਰੇ ਬੱਚਿਆਂ ਦੇ ਵਿਆਹ ਆਪਣੀ ਜਾਤ ਵਿੱਚ ਕੀਤੇ ਹਨ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਵੀ ਛੱਡ
ਨਹੀਂ ਸਕਦੇ। ਮੈਂ ਇਹ ਨਹੀਂ ਸੋਚਦੀ ਕਿ ਮੈਂ ਪਹਿਲਾਂ ਕੀ ਹਾਂ ... ਪੰਜਾਬੀ, ਕਨੇਡੀਅਨ। ਮੈਂ
ਇਹ ਸਭ ਕੁਝ ਹਾਂ। ਅਸੀਂ ਆਪਣੀਆਂ ਜੜ੍ਹਾਂ ਨਹੀਂ ਛੱਡ ਸਕਦੇ। ਅਤੇ ਉਹ (ਯੂਰਪੀਨ ਮੂਲ ਦੇ
ਕਨੇਡੀਅਨ) ਸਾਨੂੰ ਪੂਰੀ ਤਰ੍ਹਾਂ ਤਾਂ ਹੀ ਅਪਨਾਉਣਗੇ ਜੇ ਅਸੀਂ ਆਪਣਿਆਂ ਮੂੰਹਾਂ ਤੇ ਚਿੱਟਾ
ਰੰਗ ਫੇਰ ਲਈਏ, ਅਤੇ ਅਸੀਂ ਇਹ ਨਹੀਂ ਕਰ ਸਕਦੇ। ਮੈਨੂੰ ਨਹੀਂ ਪਤਾ ਇਹ ਸਭ ਕੁਝ ਕਿਸ ਤਰ੍ਹਾਂ
ਕੰਮ ਕਰਦਾ ਹੈ। ਮੈਂ ਆਪਣੀ ਜਿ਼ੰਦਗੀ ਚੰਗੀ ਤਰ੍ਹਾਂ ਜੀ ਸਕਦੀ ਹਾਂ, ਉਨੀ ਚੰਗੀ ਤਰ੍ਹਾਂ
ਜਿਉਂਦੀ ਹਾਂ।
ਇਨ੍ਹਾਂ ਸਾਰੀਆਂ ਗੱਲਾਂ ਕਰਕੇ ਇਕ ਖੋਜੀ ਵਜੋਂ ਮੇਰੀ ਭੂਮਿਕਾ ਬਹੁਤ ਸੂਖਮ ਬਣ ਜਾਂਦੀ ਹੈ।
ਮੈਨੂੰ ਕਈ ਤਰ੍ਹਾਂ ਦੇ ਪਾਠਕਾਂ ਬਾਰੇ ਸੋਚਣ ਦੀ ਲੋੜ ਹੈ, ਇਹ ਜਾਣਦੇ ਹੋਏ ਕਿ ਇਸ ਥੀਸਿਸ ਦੇ
ਬਹੁਤ ਘੱਟ ਪਾਠਕ ਦੱਖਣੀ ਏਸ਼ੀਆਈ ਮੂਲ ਦੇ ਹੋਣਗੇ। ਅਕਾਦਮਿਕ ਪਾਠਕਾਂ ਦੇ ਨਾਲ ਨਾਲ ਮੇਰੇ ਲਈ
ਦੱਖਣੀ ਏਸ਼ੀਆਈ ਸਮੂਹ ਦੇ ਪਾਠਕ ਮਹੱਤਵਪੂਰਨ ਹਨ। ਇਸ ਲਈ ਜਿ਼ੰਮੇਵਾਰ ਰਿਪੋਰਟਿੰਗ ਕੀ ਹੈ?
ਇਹਨਾਂ ਕਹਾਣੀਆਂ ਨੂੰ ਸਤਿਕਾਰ ਭਰੇ ਢੰਗ ਨਾਲ ਕਿਵੇਂ ਪੇਸ਼ ਕਰਾਂ ਤਾਂ ਕਿ ਪੜ੍ਹਨ ਵਾਲਾ
ਪਾਠਕ ਇਹਨਾਂ ਨੂੰ ਸਤਿਕਾਰ ਨਾਲ ਸਮਝ ਸਕੇ? ਕਿਉਂਕਿ ਇਹ ਥੀਸਿਸ ਇਕ ਜਨਤਕ ਲਿਖਤ ਹੈ, ਇਸ ਲਈ
ਸਾਰੇ ਸੰਭਾਵੀ ਪਾਠਕਾਂ ਬਾਰੇ ਸੋਚਣ ਦੀ ਲੋੜ ਹੈ। ਮੇਰਾ ਕੰਮ ਇਸ ਵਿੱਚ ਸ਼ਾਮਲ ਲੋਕਾਂ ਦੀ
ਭਲਾਈ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ ਅਤੇ ਨਾ ਹੀ ਉਸ ਭਾਈਚਾਰੇ ਦੀ ਭਲਾਈ ਨੂੰ ਜਿਸ ਦੀ
ਮੈਂ ਮੈਂਬਰ ਹਾਂ ਅਤੇ ਜਿਸ ਦਾ ਮੈਂ ਸਤਿਕਾਰ ਕਰਦੀ ਹਾਂ। ਇਹ ਭਾਈਚਾਰਾ ਆਰਥਿਕ, ਸਿਆਸੀ ਅਤੇ
ਸਮਾਜਕ ਰੁਤਬੇ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਜਾਣਕਾਰੀ ਬਾਰੇ ਅਜ਼ਾਦੀ ਨਾਲ ਸੋਚਣ ਦਾ
ਮਤਲਬ ਅਜਿਹੇ ਸਮਾਜ ਦੀ ਹੋਂਦ ਨੂੰ ਮੰਨਣਾ ਪਵੇਗਾ, ਜਿਹੜਾ ਸਮਾਜ ਬਰਾਬਰੀ ਵਾਲਾ ਹੈ ਅਤੇ
ਜਿੱਥੇ ਹਰ ਇਕ ਨੂੰ ਆਪਣੀ ਤਰ੍ਹਾਂ ਦਾ ਬਿਆਨ ਜਾਂ ਤਸਵੀਰ ਪੇਸ਼ ਕਰਨ ਦਾ ਹੱਕ ਹੈ, ਜਿਸ
ਤਰ੍ਹਾਂ ਦਾ ਬਿਆਨ ਜਾਂ ਤਸਵੀਰ ਉਹ ਵਾਹੁਣਾ ਚਾਹੁੰਦਾ/ਚਾਹੁੰਦੀ ਹੈ। (Jiwani 1992:12)।
ਪੂਰਵਧਾਰਨਾ ਇਹ ਹੁੰਦੀ
ਹੈ ਕਿ ਕੋਈ ਵੀ ਢਾਂਚਾਗਤ ਤਰਜੀਹਾਂ ਨਹੀਂ ਹਨ ਜਿੱਥੇ ਕਿ ਚਮੜੀ ਦੇ ਇਕ ਰੰਗ ਨੂੰ ਚਮੜੀ ਦੇ
ਦੂਜੇ ਰੰਗਾਂ ਤੋਂ ਬਿਹਤਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੀ ਕਾਲਪਨਿਕ ਥਾਂ ਵਿੱਚ ਫਰਕ
ਸਿਰਫ ਉਹ ਫਰਕ ਹੀ ਬਣ ਜਾਂਦਾ ਹੈ। ਅਤੇ ਸਮਾਜ ਮੰਡੀ ਵਿੱਚ ਇਕ ਦੂਜੇ ਦੇ ਮੁਕਾਬਲਾ ਕਰਦੀਆਂ
ਅਤੇ ਸਾਰਿਆਂ ਦੀ ਪਹੁੰਚ ਵਿਚਲੀਆਂ ਅਵਾਜ਼ਾਂ ਅਤੇ ਦ੍ਰਿਸ਼ਟੀਆਂ ਦੀ ਕਾਂਵਾਂ ਰੌਲੀ ਬਣ ਜਾਂਦਾ
ਹੈ। ਇਹ ਤਸਵੀਰ ਇਸ ਦੇਸ਼ ਦੀ ਇਕ ਰੰਗਬਰੰਗੀ ਤਸਵੀਰ ਵਜੋਂ ਧਾਰਨਾ ਨਾਲ ਮੇਲ ਖਾਂਦੀ ਹੈ
ਜਿੱਥੇ ਹਰ ਇਕ ਹਿੱਸੇ ਦੀ ਹਰ ਇਕ ਦੂਸਰੇ ਹਿੱਸੇ ਦੇ ਬਰਾਬਰ ਦੀ ਮਾਨਤਾ ਹੈ। ਪਰ ਸਚਾਈ,
ਜਿਵੇਂ ਕਿ ਅਸੀਂ ਜਾਣਦੇ ਹਾਂ, ਕਾਫੀ ਵੱਖਰੀ ਹੈ। ਸੱਤਾ ਦੇ ਨਾਬਰਾਬਰ ਰਿਸਤਿਆਂ ਦਾ ਹੋਣਾ ਆਮ
ਵਰਤਾਰਾ ਹੈ। (Jiwani 1992:12)।
ਇਸ ਗੱਲ ਦਾ ਧਿਆਨ ਰੱਖਦਿਆਂ ਕਿ ਦੱਖਣੀ ਏਸ਼ੀਆਈ ਲੋਕਾਂ ਨਾਲ ਬਹੁਤ ਘੱਟ ਹਮਦਰਦੀ ਰੱਖਣ ਵਾਲੇ
ਜਨਤਕ ਖੇਤਰ ਵਿੱਚ ਕਿਤੇ ਮੈਂ ਆਪਣੇ ਹਮਵਤਨੀਆਂ ਦੀ ਬੇਇਜ਼ਤੀ ਨਾ ਕਰ ਦੇਵਾਂ ਮੇਰੇ ਲਈ ਇਹ
ਖਿਆਲ ਰੱਖਣਾ ਜ਼ਰੂਰੀ ਹੈ ਕਿ ਮੈਂ ਕਿਹੜੀ ਜਾਣਕਾਰੀ ਸਾਂਝੀ ਕਰਾਂ (Indra 1981, Thobani
1991, Dubois 1993)। ਮੈਂ ਮੇਰੇ ਨਾਲ ਗੱਲ ਕਰਨ ਵਾਲੀਆਂ ਔਰਤਾਂ ਵਲੋਂ ਗੁਮਨਾਮ ਰਹਿਣ ਦੀ
ਇੱਛਾ ਦਾ ਸਤਿਕਾਰ ਕੀਤਾ ਹੈ। ਮੈਂ ਵਿਆਹੁਤਾ ਜਿ਼ੰਦਗੀ ਵਿੱਚ ਤਣਾਅ ਅਤੇ ਵਿਆਹੁਤਾ ਸਥਿਤੀ
ਬਾਰੇ ਉਪਰੀ ਜਿਹੀ ਗੱਲ ਹੀ ਕੀਤੀ ਹੈ ਕਿਉਂਕਿ ਕਈ ਔਰਤਾਂ ਦੀ ਜਿ਼ੰਦਗੀ ਵਿੱਚ ਇਹ ਮੁੱਦੇ
ਨਾਜ਼ਕ ਮੁੱਦੇ ਹਨ ਅਤੇ ਉਨ੍ਹਾਂ ਦਾ ਯਕੀਨ ਸੀ ਕਿ ਫਰਜ਼ੀ ਨਾਂ ਵਰਤਣੇ ਜਾਣਕਾਰੀ ਗੁਪਤ ਰੱਖਣ
ਲਈ ਕਾਫੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਮੈਂ ਜਿਸ ਢੰਗ ਨਾਲ ਮਰਜ਼ੀ ਲਿਖਾਂ, ਉਨ੍ਹਾਂ
ਦੀ ਪਛਾਣ ਗੁਪਤ ਨਹੀਂ ਰਹੇਗੀ। ਨਤੀਜੇ ਵਜੋਂ ਉਨ੍ਹਾਂ ਦੇ ਭੇਤ (ਪ੍ਰਾਈਵੇਸੀ) ਨੂੰ ਸੁਰੱਖਿਅਤ
ਰੱਖਣ ਲਈ ਮੈਨੂੰ ਕੁਝ ਜਾਣਕਾਰੀ ਵਿੱਚ ਤਬਦੀਲੀ ਕਰਨੀ ਪਈ ਹੈ।
ਮੈਂ ਕੁੱਲ ਅੱਠ ਔਰਤਾਂ ਨੂੰ ਇੰਟਰਵਿਊ ਕੀਤਾ ਹੈ। ਇਹ ਸਾਰੀਆਂ ਔਰਤਾਂ ਉੱਤਰੀ ਬ੍ਰਿਟਿਸ਼
ਕੋਲੰਬੀਆ ਵਿੱਚ 1970ਵਿਆਂ ਤੋਂ ਰਹਿ ਰਹੀਆਂ ਹਨ। ਛੇ ਔਰਤਾਂ ਉਸ ਗਰੁੱਪ ਦਾ ਹਿੱਸਾ ਸਨ ਜਿਸ
ਵਿੱਚ ਮੇਰੀ ਬੀਬੀ ਪਿਛਲੇ ਸੋਲਾਂ ਸਾਲਾਂ ਤੋਂ ਸ਼ਾਮਲ ਸੀ। ਇਹ ਔਰਤਾਂ ਇਕੱਠੀਆਂ ਕੰਮ ਕਰਦੀਆਂ
ਰਹੀਆਂ ਹਨ, ਇਕੱਠੀਆਂ ਕੰਮ ਤੇ ਜਾਂਦੀਆਂ ਰਹੀਆਂ ਹਨ ਅਤੇ ਹਰ ਸਾਲ ਪ੍ਰਿੰਸ ਰੂਪਰਟ ਵਿੱਚ
ਆਪਣੀ ਰਿਹਾਇਸ਼ ਦੌਰਾਨ ਇਕੱਠੀਆਂ ਰਹਿੰਦੀਆਂ ਆ ਰਹੀਆਂ ਹਨ। ਮੈਂ ਇਨ੍ਹਾਂ ਛੇ ਔਰਤਾਂ ਨਾਲ
ਵਿਸਥਾਰ ਵਿੱਚ ਗਰੁੱਪ-ਇੰਟਰਵਿਊਆਂ ਕੀਤੀਆਂ। ਇਸ ਬਾਰੇ ਉਨ੍ਹਾਂ ਦਾ ਡਰ ਘਟਾਉਣ ਲਈ ਕਿ ਮੈਂ
ਸਰਕਾਰ ਦੇ ਕਿਸੇ ਜਾਸੂਸੀ ਮਿਸ਼ਨ ਦਾ ਹਿੱਸਾ ਨਹੀਂ ਹਾਂ, ਮੈਂ ਬੀਬੀ ਨੂੰ ਇਨ੍ਹਾਂ ਸਾਰੀਆਂ
ਗਰੁੱਪ ਇੰਟਰਵਿਊਆਂ ਵਿੱਚ ਸ਼ਾਮਲ ਰਹਿਣ ਲਈ ਕਿਹਾ। ਬੀਬੀ ਦੀ ਹਾਜ਼ਰੀ ਅਤੇ ਉਸ ਵਲੋਂ
ਜਾਣਕਾਰੀ ਸਾਂਝੀ ਕਰਨ ਕਾਰਨ ਉਨ੍ਹਾਂ ਦੇ ਡਰ ਘੱਟ ਗਏ। ਮੈਂ ਇਨ੍ਹਾਂ ਸਾਰੀਆਂ ਇੰਟਰਵਿਊਆਂ
ਨੂੰ ਟੇਪ ਤੇ ਰਿਕਾਰਡ ਕੀਤਾ ਤਾਂ ਕਿ ਮੈਂ ਵੱਧ ਤੋਂ ਵੱਧ ਉਨ੍ਹਾਂ ਵਲੋਂ ਕਹੇ ਸ਼ਬਦਾਂ ਦਾ
ਇਸਤੇਮਾਲ ਕਰ ਸਕਾਂ। ਇਸ ਲਿਖਤ ਵਿੱਚ ਦਿੱਤੇ ਗਏ ਸਿੱਧੇ ਹਵਾਲੇ ਇੰਟਰਵਿਊ ਵਿੱਚ ਕਹੀਆਂ
ਗੱਲਾਂ ਦੇ ਸਿੱਧੇ ਅਨੁਵਾਦ ਹਨ। ਇਨ੍ਹਾਂ ਵਿੱਚੋਂ ਦੋ ਔਰਤਾਂ, ਤੀਰਥ ਆਂਟੀ ਅਤੇ ਜਗਦੀਸ਼
ਆਂਟੀ, ਨੂੰ ਮੈਂ ਕੈਨਰੀ ਵਿੱਚ ਪੰਜਾਬੀ ਔਰਤਾਂ ਦੀ ਜਿ਼ੰਦਗੀ ਬਾਰੇ ਵੱਧ ਤੋਂ ਵੱਧ ਵਿਸਥਾਰ
ਵਿੱਚ ਦੱਸਣ ਲਈ ਕਿਹਾ। ਪਰ ਮੈਂ ਇੱਥੇ ਉਨ੍ਹਾਂ ਦੇ ਫਰਜ਼ੀ ਨਾਂ ਹੀ ਵਰਤੇ ਹਨ ਕਿਉਂਕਿ
ਉਨ੍ਹਾਂ ਨੇ ਗੁਮਨਾਮ ਰਹਿਣ ਦੀ ਬੇਨਤੀ ਕੀਤੀ ਸੀ।
ਮੈਂ ਇਨ੍ਹਾਂ ਔਰਤਾਂ ਨਾਲ ਪ੍ਰਿਸ ਰੂਪਰਟ ਵਿੱਚ ਦੋ ਹਫਤੇ ਰਹੀ। ਮੈਂ ਉਨ੍ਹਾਂ ਦੇ ਛੁੱਟੀ
ਵਾਲੇ ਸਮੇਂ ਵਿੱਚ ਗੱਲ ਕਰਨ ਲਈ ਕੈਨਰੀ ਵਿੱਚ ਗਈ, ਉਨ੍ਹਾਂ ਨੂੰ ਦੇਖਿਆ ਅਤੇ ਉਨ੍ਹਾਂ ਦੀਆਂ
ਗੱਲਾਂ ਸੁਣੀਆਂ। ਪਲਾਂਟ ਦੇ ਕੰਮ ਕਰਨ ਦੇ ਢੰਗ ਨੂੰ ਸਮਝਣ ਲਈ ਮੈਂ ਕੈਨਰੀ ਵਲੋਂ ਗਾਈਡਾਂ ਦੀ
ਨਿਗਰਾਨੀ ਵਿੱਚ ਦਿੱਤੇ ਜਾਂਦੇ ਦੋ ਟੂਰਾਂ ਵਿੱਚ ਸ਼ਾਮਲ ਹੋਈ। ਇਹ ਸਭ ਕੁਝ ਜਾਣਕਾਰੀ ਭਰਪੂਰ
ਸੀ ਪਰ ਫਿਰ ਵੀ ਔਰਤਾਂ ਨੂੰ ਆਪਣੀ ਜਿ਼ੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਕਾਇਲ ਕਰਨਾ
ਮੁਸ਼ਕਿਲ ਸੀ, ਕਿਉਂਕਿ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਨ ਕਿ ਉਨ੍ਹਾਂ ਵਲੋਂ ਆਪਣੀ
ਜਿ਼ੰਦਗੀ ਬਾਰੇ ਦੱਸੀਆਂ ਜਾਣ ਵਾਲੀਆਂ ਗੱਲਾਂ ਵੀ ਕੀਮਤੀ ਹੋ ਸਕਦੀਆਂ ਹਨ।
ਕਹਾਣੀਆਂ
ਅੱਗੇ ਦਿੱਤੀਆਂ ਕਹਾਣੀਆਂ
ਤੀਰਥ ਅਤੇ ਜਗਦੀਸ਼ ਆਂਟੀ ਜੀ ਵਲੋਂ ਦੱਸੀਆਂ ਗਈਆਂ ਹਨ। ਪਹਿਲੀ ਕਹਾਣੀ ਤੀਰਥ ਆਂਟੀ ਜੀ ਦੀ
ਜਿ਼ੰਦਗੀ ਦਾ ਬਿਰਤਾਂਤ ਹੈ। ਉਹ ਪੰਜਾਬੀ-ਸਿੱਖ ਔਰਤ ਹੈ। ਉਹ ਜਲੰਧਰ ਜਿਲ੍ਹੇ ਦੇ ਇਕ ਗਰੀਬ
ਜੱਟ ਪਰਿਵਾਰ ਵਿੱਚ ਪੈਦਾ ਹੋਈ, ਉਹ ਪੰਜ ਕੁੜੀਆਂ ਅਤੇ ਦੋ ਮੁੰਡਿਆਂ ਵਿੱਚੋਂ ਸਭ ਤੋਂ ਛੋਟੀ
ਸੀ। ਉਸ ਦਾ ਰਿਸ਼ਤਾ ਉਸ ਦੀ ਇਕ ਆਂਟੀ ਨੇ ਕਰਵਾਇਆ ਸੀ ਅਤੇ ਇੱਕੀ ਸਾਲ ਦੀ ਉਮਰ ਵਿੱਚ
ਹੁਸਿ਼ਆਰਪੁਰ ਜਿ਼ਲ੍ਹੇ ਦੇ ਇਕ ਆਦਮੀ ਨਾਲ ਵਿਆਹੀ ਗਈ। ਉਸ ਦੇ ਤਿੰਨ ਕੁੜੀਆਂ ਅਤੇ ਇਕ ਮੁੰਡਾ
ਹੈ। ਉਹਨੇ ਮੈਨੂੰ ਦੱਸਿਆ ਕਿ ਉਸ ਦੀ ਉਮਰ 56 ਸਾਲ ਹੈ ਪਰ ਉਸ ਨੂੰ ਆਪਣੇ ਜਨਮ ਦਿਨ ਦਾ ਪਤਾ
ਨਹੀਂ ਕਿਉਂਕਿ ਇਸ ਦਾ ਪਿੰਡ ਵਿੱਚ ਕੋਈ ਰਿਕਾਰਡ ਨਹੀਂ ਸੀ। ਪਰ ਉਹ ਇਹ ਜਾਣਦੀ ਹੈ ਕਿ ਉਸ ਦਾ
ਜਨਮ ਮਾਰਚ ਮਹੀਨੇ ਵਿੱਚ ਹੋਇਆ ਸੀ। ਆਂਟੀ ਜੀ ਨੇ ਆਪਣੀ ਮੁਢਲੀ ਸਿੱਖਿਆ ਆਪਣੇ ਪਿੰਡ ਦੇ
ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ, ਪਰ ਉਸ ਤੋਂ ਅੱਗੇ ਨਹੀਂ ਪੜ੍ਹੀ ਕਿਉਂਕਿ ਨੇੜੇ ਦਾ
ਹਾਈ ਸਕੂਲ ਉਨ੍ਹਾਂ ਦੇ ਪਿੰਡ ਤੋਂ 15 ਮੀਲ ਦੂਰ ਸੀ ਅਤੇ ਇਸ ਦਾ ਮਤਲਬ ਸੀ ਕਿ ਆਉਣ ਜਾਣ ਲਈ
ਬਹੁਤ ਜਿ਼ਆਦਾ ਸਮਾਂ ਲੱਗਣਾ। ਅਸਲ ਵਿੱਚ ਜਿੰਨੀਆਂ ਵੀ ਔਰਤਾਂ ਨਾਲ ਮੈਂ ਕੰਮ ਕੀਤਾ ਹੈ,
ਉਨ੍ਹਾਂ ਵਿੱਚੋਂ ਜਿਹੜੀਆਂ ਪੇਂਡੂ ਇਲਾਕਿਆਂ ਤੋਂ ਹਨ, ਉਨ੍ਹਾਂ ਸਾਰੀਆਂ ਨੂੰ ਇਸ ਤਰ੍ਹਾਂ
ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੇ ਪਰਿਵਾਰ ਸਦੀਆਂ ਤੋਂ ਖੇਤੀਬਾੜੀ ਦਾ
ਕੰਮ ਕਰਦੇ ਆਏ ਸਨ। ਪਿੰਡ ਵਿੱਚ ਹਾਈ ਸਕੂਲ ਨਾ ਹੋਣ ਕਾਰਨ ਇਹ ਔਰਤਾਂ ਹਾਈ ਸਕੂਲ ਦੀ ਪੜ੍ਹਾਈ
ਨਹੀਂ ਕਰ ਸਕੀਆਂ ਕਿਉਂਕਿ ਉਨ੍ਹਾਂ ਦੀ ਘਰ ਅਤੇ ਖੇਤੀ ਦੇ ਕੰਮਾਂ ਵਿੱਚ ਲੋੜ ਸੀ। ਇਸ ਦੇ ਨਾਲ
ਹੀ ਜਵਾਨ ਔਰਤਾਂ ਨੂੰ ਪੜ੍ਹਾਈ ਲਈ ਦੂਰ ਭੇਜਣ ਨੂੰ ਉਤਸ਼ਾਹ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ
ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ ਸੀ। ਆਪਣੀਆਂ ਧੀਆਂ ਨੂੰ
ਹਾਈ ਸਕੂਲ ਦੀ ਵਿਦਿਆ ਲੈਣ ਲਈ ਸਕੂਲ ਨਾ ਭੇਜਣ ਪਿੱਛੇ ਇਕ ਹੋਰ ਗੱਲ ਇਹ ਸੀ ਕਿ ਮਾਪੇ ਨਹੀਂ
ਸਮਝਦੇ ਸੀ ਕਿ ਪੜ੍ਹਾਈ ਤੋਂ ਬਾਅਦ ਉਨ੍ਹਾਂ ਦੀਆਂ ਕੁੜੀਆਂ ਨੂੰ ਕੋਈ ਨੌਕਰੀ ਮਿਲ ਸਕੇਗੀ
ਕਿਉਂਕਿ ਇਸ ਤਰ੍ਹਾਂ ਦੇ ਮੌਕੇ ਬਹੁਤ ਘੱਟ ਸਨ।
ਬੇਸ਼ੱਕ ਅੱਜ ਪੇਂਡੂ ਕੁੜੀਆਂ ਵੀ ਸਾਈਕਲ ਜਾਂ ਬੱਸ ਰਾਹੀਂ ਸ਼ਹਿਰਾਂ/ਕਸਬਿਆਂ ਵਿੱਚ ਜਾ ਕੇ
ਹਾਈ ਸਕੂਲ ਦੀ ਪੜ੍ਹਾਈ ਕਰ ਸਕਦੀਆਂ ਹਨ। ਅਤੇ ਅੱਜ ਕੱਲ੍ਹ ਸ਼ਹਿਰੀ ਸੈਂਟਰਾਂ ਵਿੱਚ
ਅੰਗ੍ਰੇਜ਼ੀ ਮਾਧਿਅਮ ਦੇ ਸਕੂਲ ਆਮ ਹਨ। ਮੇਰੇ ਵਲੋਂ ਇੰਟਰਵਿਊ ਕੀਤੀਆਂ ਔਰਤਾਂ ਵਿੱਚੋਂ ਕੁਝ
ਔਰਤਾਂ ਨੇ ਸੈਕੰਡਰੀ ਅਤੇ ਸੈਕੰਡਰੀ ਸਕੂਲ ਤੋਂ ਬਾਅਦ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਹੈ
ਕਿਉਂਕਿ ਉਨ੍ਹਾਂ ਦੇ ਮਾਪੇ ਜਾਂ ਹੋਰ ਰਿਸ਼ਤੇਦਾਰ ਸ਼ਹਿਰਾਂ ਵਿੱਚ ਰਹਿੰਦੇ ਸਨ। ਨਤੀਜੇ ਵਜੋਂ
ਉਹ ਕੁਝ ਅੰਗਰੇਜ਼ੀ ਜਾਣਦੀਆਂ ਹਨ ਕਿਉਂਕਿ ਅੰਗਰੇਜ਼ੀ ਛੇਵੀਂ ਤੋਂ ਬਾਅਦ ਆਮ ਪਾਠਕ੍ਰਮ ਦਾ
ਹਿੱਸਾ ਹੈ। ਤੀਰਥ ਆਂਟੀ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਸੀ। ਐਨੇ ਸਾਲ ਕਨੇਡਾ ਵਿੱਚ ਰਹਿਣ
ਕਰਕੇ ਉਹ ਹੁਣ ਅੰਗਰੇਜ਼ੀ ਸਮਝ ਲੈਂਦੀ ਹੈ, ਪਰ ਉਹ ਬੋਲਦੀ ਰੁਕ ਰੁਕ ਕੇ ਹੈ ਅਤੇ ਉਹਨੇ
ਮੈਨੂੰ ਦੱਸਿਆ ਕਿ ਉਸ ਨੂੰ ਐਨੀ ਅੰਗਰੇਜ਼ੀ ਨਹੀਂ ਆਉਂਦੀ ਕਿ ਉਹ ਇਸ ਵਿੱਚ ਕੋਈ ਡੂੰਘੀ
ਗੱਲਬਾਤ ਕਰ ਸਕੇ। ਫਿਰ ਵੀ ਉਹ ਐਨੀ ਕੁ ਅੰਗਰੇਜ਼ੀ ਪੜ੍ਹ ਲਿਖ ਸਕਦੀ ਹੈ ਕਿ ਉਹ ਫੋਨ ਤੇ
ਸੁਨੇਹਾ ਲੈ ਸਕੇ, ਗੁਆਂਢੀਆਂ ਨਾਲ ਗੱਲਬਾਤ ਕਰ ਸਕੇ ਅਤੇ ਆਪਣੀ ਖ੍ਰੀਦਦਾਰੀ ਆਪ ਕਰ ਸਕੇ।
ਤੀਰਥ ਆਂਟੀ ਜੀ
ਮੇਰੀ ਨਨਾਣ ਨੇ ਮੈਨੂੰ
ਕਿਹਾ, "ਤੇਰੀਆਂ ਤਿੰਨ ਧੀਆਂ ਹਨ। ਤੂੰ ਹੋਰ ਕੀ ਕਰ ਸਕਦੀ ਏਂ? ਤੈਨੂੰ ਜਾਣਾ ਹੀ ਪੈਣਾ ਹੈ
(ਕਨੇਡਾ ਨੂੰ)।" ਇਸ ਲਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਸਾਨੂੰ ਇਹ ਕੋਸ਼ਸ਼ ਕਰਨੀ ਹੀ
ਪਵੇਗੀ। ਅਸੀਂ ਆਪਣੇ ਨਿਆਣਿਆਂ ਨੂੰ ਉੱਥੇ (ਪੰਜਾਬ ਵਿਚ) ਕਿਸੇ ਕਿਸਮ ਦਾ ਵੀ ਵਧੀਆ ਜੀਵਨ
ਨਹੀਂ ਸੀ ਦੇ ਸਕਦੇ ... ਅਸੀਂ ਪੈਸੇ ਉਧਾਰ ਲਏ ... ਸਾਰੇ ਜਮ੍ਹਾਂ ਕੀਤੇ ਪੈਸੇ ਚੁੱਕੇ ...
ਅਤੇ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਸੱਸ ਸਹੁਰੇ ਨੂੰ ਅਤੇ ਨਿਆਣਿਆਂ ਨੂੰ ਆਪੇ ਸੰਭਾਲ
ਲਵਾਂਗੀ ... ਸਾਨੂੰ ਇਹ ਕਰਨਾ ਹੀ ਪੈਣਾ ਹੈ।"
ਆਂਟੀ ਜੀ ਦੇ ਸਹੁਰੇ ਦੇ ਮਾਪੇ ਪਲੇਗ ਪਈ ਤੇ ਮਰ ਗਏ ਸੀ ਜਦੋਂ ਉਹ ਤੇ ਉਹਦਾ ਭਰਾ ਅਜੇ ਬਹੁਤ
ਛੋਟੇ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਮਾਸੀ ਨੇ ਪਾਲਿ਼ਆ ਸੀ। ਮੇਰਾ ਸਹੁਰਾ ਅਜੇ ਜਵਾਨ ਹੀ ਸੀ
ਜਦੋਂ ਉਹ ਅੰਮ੍ਰਿਤਸਰ ਜਿ਼ਲੇ ਤੋਂ ਹੁਸਿ਼ਆਰਪੁਰ ਜਿ਼ਲੇ ਵਿਚ ਮਾਸਟਰ ਆ ਲੱਗਾ ਸੀ। ਉਹਨੇ
ਲਾਗਲੇ ਇਕ ਪਿੰਡ ਵਿਚ ਆਪਣਾ ਘਰ ਵਸਾ ਲਿਆ। ਇਕ ਘਰ ਅਤੇ ਥੋਹੜੀ ਜਿਹੀ ਜ਼ਮੀਨ ਖ੍ਰੀਦ ਲਈ ਸੀ।
ਬਾਅਦ ਵਿਚ ਉਹਦੇ ਪੁੱਤਾਂ ਨੇ ਜ਼ਮੀਨ ਜਾਇਦਾਦ ਵਿਚ ਹੋਰ ਵਾਧਾ ਕਰ ਲਿਆ। ਪਰ ਇਹ ਫੇਰ ਵੀ
ਚੰਗੇ ਖੁਸ਼ਹਾਲ ਜੀਵਨ ਲਈ ਕਾਫੀ ਨਹੀਂ ਸੀ। ਇਸ ਦੇ ਨਾਲ ਹੀ ਕਿਉਂਕਿ ਆਂਟੀ ਜੀ ਦੀਆਂ ਤਿੰਨ
ਧੀਆਂ ਸਨ ਉਨ੍ਹਾਂ ਦੇ ਵਿਆਹਾਂ ਅਤੇ ਦਾਜ ਵਗੈਰਾ ਵਾਸਤੇ ਹੋਣ ਵਾਲਾ ਖਰਚਾ ਵੀ ਸਮੱਸਿਆ ਬਣਿਆ
ਹੋਇਆ ਸੀ: ਚੰਗੇ ਚੋਖੇ ਦਾਜ ਬਿਨਾਂ ਕੁੜੀਆਂ ਲਈ ਚੰਗੇ ਪੜ੍ਹੇ ਲਿਖੇ ਤੇ ਸੋਹਣੇ ਕਾਰੋਬਾਰ
ਵਾਲੇ ਮੁੰਡੇ ਲੱਭਣੇ ਮੁਸ਼ਕਲ ਸਨ।
ਮੈਂ ਤਾਂ ਸਾਰੀ ਉਮਰ
ਨੰਗੇ ਪੈਰੀਂ ਕੱਢ ਲਈ ਸੀ ਤਾਂ ਕਿ ਮੇਰੇ ਨਿਆਣਿਆਂ ਦੇ ਪੈਰੀਂ ਜੁੱਤੀਆਂ ਹੋਣ। ਸਾਡੀ ਥੋੜ੍ਹੀ
ਜਿਹੀ ਜ਼ਮੀਨ ਪਿੰਡ ਤੋਂ ਕਾਫੀ ਦੂਰ ਪੈਂਦੀ ਸੀ ਜਿੱਥੋਂ ਮੈਂ ਪੱਠੇ ਲੈ ਕੇ ਆਉਂਦੀ ਹੁੰਦੀ
ਸੀ। ਮੈਨੂੰ ਪਤਾ ਹੈ ਗਰੀਬੀ ਕੀ ਹੁੰਦੀ ਹੈ ... ਮੈਂ ਇਹ ਖੁਦ ਝੱਲੀ ਹੈ। ਮੇਰੇ ਨਿਆਣੇ ਇਹ
ਗੱਲ ਨਹੀਂ ਸਮਝਦੇ ਕਿਉਂਕਿ ਅਸੀਂ ਉਨ੍ਹਾਂ ਨੂੰ ਸਾਰੇ ਸੁੱਖ ਆਰਾਮ ਦਿੱਤੇ ਹਨ, ਪਰ ਮੈਂ
ਉਨ੍ਹਾਂ ਦਿਨਾਂ ਨੂੰ ਨਹੀਂ ਭੁਲਾ ਸਕਦੀ। ਹੁਣ ਵੀ ਜਦੋਂ ਕਦੇ ਮੈਂ ਇੰਡੀਆ ਨੂੰ ਜਾਂਦੀ ਹਾਂ
ਤਾਂ ਮੇਰਾ ਪੈਸਾ ਖਰਚਣ ਨੂੰ ਹੌਸਲਾ ਨਹੀਂ ਪੈਂਦਾ, ਡਾਲਰਾਂ ਤੋਂ ਬਣੇ ਪੈਸਿਆਂ ਨਾਲ ਵੀ
ਕਿਉਂਕਿ ਮੈਂ ਏਨੇ ਥੋਹੜੇ ਨਾਲ ਗੁਜ਼ਾਰਾ ਕੀਤਾ ਹੋਇਆ ਹੈ।
ਤੀਰਥ ਆਪਣੇ ਘਰ ਵਾਲੇ ਦੇ ਮਗਰ 1972 ਵਿਚ ਕਨੇਡਾ ਨੂੰ ਇਕ ਵਿਜਿ਼ਟਰ ਵਜੋਂ ਆਈ ਸੀ। ਉਹ
ਕਨੇਡੀਅਨਾਂ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਬਾਰੇ ਬੜੀ ਖੁਸ਼ ਹੋ ਕੇ ਤੇ ਮਾਣ ਨਾਲ ਦੱਸਦੀ
ਹੈ।
ਇਮੀਗਰੇਸ਼ਨ ਵਾਲਿਆਂ ਨੇ ਮੈਨੂੰ ਤੇ ਮੇਰੇ ਨਿਆਣਿਆਂ ਨੂੰ ਇਕ ਪਾਸੇ ਕਰ ਲਿਆ ਤੇ ਮੈਨੂੰ
ਸਵਾਲ ਪੁੱਛਣ ਲੱਗੇ ਕਿ ਮੈਂ ਏਥੇ ਕੀ ਕਰਨ ਆਈ ਸੀ। ਉਨ੍ਹਾਂ ਨੇ ਇਕ ਆਪਣੀ ਕੁੜੀ ਨੂੰ ਲੈ
ਆਂਦਾ ਕਿਉਂਕਿ ਮੈਂ ਅੰਗ੍ਰੇਜ਼ੀ ਨਹੀਂ ਸੀ ਬੋਲਦੀ। ਉਹ ਮੈਨੂੰ ਮੁੜ ਮੁੜ ਏਹੋ ਪੁੱਛੀ ਜਾਵੇ
ਪਈ ਮੇਰਾ ਅਸਲੀ ਇਰਾਦਾ ਕੀ ਹੈ ਕਿਉਂਕਿ ਮੇਰੇ ਕੋਲ ਸਿਰਫ ਵਿਜਿ਼ਟਰ ਵੀਜ਼ਾ ਹੀ ਸੀ। ਮੈਂ
ਉਹਨੂੰ ਸਿਰਫ ਏਹੀ ਦੱਸਿਆ ਕਿ ਮੈਂ ਤਾਂ ਏਥੇ ਆਪਣੇ ਆਦਮੀ ਨੂੰ ਮਿਲਣ ਆਈ ਸੀ। ਉਹਨੇ ਵੀ ਏਹੀ
ਨੰਨਾ ਫੜੀ ਰੱਖਿਆ ਕਿ ਉਹਨੂੰ ਮੇਰੇ ਤੇ ਯਕੀਨ ਨਹੀਂ ਸੀ। ਉਹ ਕਹਿ ਰਹੀ ਸੀ ਕਿ ਇਹ ਸੰਭਵ
ਨਹੀਂ ਸੀ ਕਿ ਮੈਂ ਚਾਰ ਨਿਆਣੇ ਲੈ ਕੇ ਆਪਣੇ ਪਤੀ ਨੂੰ ਮਿਲਣ ਤੁਰ ਪਵਾਂ। ਮੈਂ ਉਹਨੂੰ ਇਹ
ਸਾਫ ਸਾਫ ਕਹਿ ਦਿੱਤਾ ਕਿ ਪਿੱਛੇ ਮੇਰੇ ਬੁੱਢੇ ਸੱਸ ਸਹੁਰਾ ਹਨ ਜਿਨ੍ਹਾਂ ਦੀ ਸੰਭਾਲ ਦੀ
ਜੁੰਮੇਵਾਰੀ ਮੇਰੀ ਹੈ ਅਤੇ ਮੈਂ ਤਾਂ ਮੁੜਦੇ ਪੈਰੀਂ ਏਅਰਪੋਰਟ ਤੇ ਆ ਜਾਣਾ ਹੈ ਉਹਨੂੰ
ਜਾਂਦੀ ਹੋਈ ਸਤ ਸ੍ਰੀ ਅਕਾਲ ਕਹਿਣ ਲਈ ਜਦੋਂ ਮੈਂ ਮੁੜ ਕੇ ਇੰਡੀਆ ਨੂੰ ਗਈ ... ਉਹ ਵਿਚਾਰੀ
ਖਬਰੇ ਅਜੇ ਵੀ ਮੇਰੀ ਉਡੀਕ ਕਰੀ ਜਾਂਦੀ ਹੋਣੀ ਆਂ।
ਏਰਪੋਰਟ ਤੇ ਹੋਈ ਪੁੱਛਗਿੱਛ ਬਾਅਦ ਮੈਂ ਮੁਸ਼ਕਲ ਨਾਲ ਟੈਰੇਸ ਨੂੰ ਜਾਣ ਵਾਲੀ ਫਲਾਈਟ ਫੜ
ਸਕੀ। ਕਿਉਂਕਿ ਸਾਨੂੰ ਅੰਗ੍ਰੇਜ਼ੀ ਨਹੀਂ ਸੀ ਆਉਂਦੀ ਇਸ ਕਰਕੇ ਲੋੜ ਪੈਣ ਤੇ ਸਾਡੀ ਮਦਦ ਕਰਨ
ਲਈ ਉਨ੍ਹਾਂ ਨੇ ਫਲਾਈਟ ਦੀ ਉਡੀਕ ਕਰ ਰਹੇ ਲੋਕਾਂ ਵਿਚੋਂ ਇਕ ਪੰਜਾਬੀ ਬੰਦਾ ਟੋਲ ਲਿਆ ਜਿਹੜਾ
ਟੈਰੇਸ ਨੂੰ ਜਾ ਰਿਹਾ ਸੀ ਤੇ ਉਹ ਮੇਰੇ ਘਰ ਵਾਲੇ ਨੂੰ ਵੀ ਜਾਣਦਾ ਸੀ। ਜਦੋਂ ਅਸੀਂ ਉੱਥੇ
ਪਹੁੰਚੇ ਤਾਂ ਮੇਰਾ ਆਦਮੀ ਸਾਡੀ ਪਹਿਲਾਂ ਹੀ ਉਡੀਕ ਕਰ ਰਿਹਾ ਸੀ। ਦੋ ਸਾਲਾਂ ਬਾਅਦ ਦੇਖਣ
ਕਰਕੇ ਛੋਟੇ ਦੋ ਨਿਆਣਿਆਂ ਨੇ ਤਾਂ ਉਹਨੂੰ ਪਛਾਣਿਆਂ ਹੀ ਨਾ ਤੇ ਉਹ ਤਾਂ ਉਹਦੇ ਕੋਲੋਂ ਡਰੀ
ਜਾਣ। ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦੀ ਵੀ ਸਮਝ ਨਹੀ ਸੀ ਲੱਗੀ ਕਿ ਅਸੀਂ ਕਿੰਨੀ ਦੂਰ ਆ ਗਏ
ਸਾਂ। ਉਨ੍ਹਾਂ ਦੇ ਮਨ ਵਿਚ ਤਾਂ ਇਹੀ ਸੀ ਕਿ ਅਸੀਂ ਮੇਰੇ ਪੇਕਿਆਂ ਦੇ ਪਿੰਡ ਨੂੰ ਮਿਲਣ ਗਿਲਣ
ਗਏ ਸੀ। ਪਹਿਲੇ ਸਾਲ ਦੌਰਾਨ ਕਈ ਵਾਰ ਉਨ੍ਹਾਂ ਦੋਵਾਂ ਵਿਚੋਂ ਕੋਈ ਜਦ ਕਦੇ ਤੇਰੇ ਅੰਕਲ ਨਾਲ
ਗੁੱਸੇ ਹੋ ਜਾਂਦਾਂ ਤਾਂ ਕਹਿੰਦਾ 'ਚਲੋ ਮੁੜ ਕੇ ਆਪਣੇ ਘਰ ਨੂੰ ਚਲੀਏ।'
ਤੀਰਥ ਦੇ ਪਤੀ, ਮੇਰੇ ਲਈ ਅੰਕਲ ਜੀ, ਨੇ ਆਪਣੇ ਟੱਬਰ ਦੇ ਆਉਣ ਤੋਂ ਮਹੀਨਾ ਪਹਿਲਾਂ ਇਕ ਨਵੀਂ
ਬਣੀ ਸਬਡਿਵੀਜ਼ਨ ਵਿਚ ਘਰ ਖ੍ਰੀਦ ਲਿਆ ਸੀ। ਆਂਟੀ ਨੂੰ ਬੜੀ ਛੇਤੀ ਕਿਸ਼ਤਾਂ ਦੀ ਅਤੇ ਚੀਜ਼ਾਂ
ਨੂੰ ਉਧਾਰ ਖ੍ਰੀਦਣ ਦੀ ਸਮਝ ਆ ਗਈ। ਉਹ ਚਾਹੁੰਦਾ ਸੀ ਕਿ ਸਾਡੇ ਕੋਲ ਸਭ ਕੁਝ ਵਧੀਆ ਹੋਵੇ -
ਸਾਡੇ ਕੋਲ ਨਵਾਂ ਘਰ ਸੀ। ਇਹ ਬਹੁਤ ਸੋਹਣਾ ਘਰ ਸੀ, ਟੈਲੀਵਿਯਨ ਤੇ ਸਾਰਾ ਨਵਾਂ ਫਰਨੀਚਰ।
ਉਹ ਗੁਆਂਢ ਸਾਲ ਭਰ ਵਿਚ ਪੂਰੀ ਤਰ੍ਹਾਂ ਵਸ ਗਿਆ ਜਿਵੇਂ ਜਿਵੇਂ ਘਰ ਪੈਂਦੇ ਗਏ ਤੇ ਹੋਰ
ਪੰਜਾਬੀ ਪਰਿਵਾਰ ਉੱਥੇ ਆ ਕੇ ਰਹਿਣ ਲੱਗੇ। ਇਹ ਇਕ ਪੂਰੀ ਤਰ੍ਹਾਂ ਰਲਿ਼ਆ ਮਿਲਿ਼ਆ ਗੁਆਂਢ
ਸੀ। ਪਰ ਪਹਿਲਾਂ ਸਿਰਫ ਸਾਡਾ ਹੀ ਘਰ ਸੀ ਤੇ ਜਾਂ ਸਾਡੇ ਬਿਲਕੁਲ ਨਾਲ ਲਗਦੇ ਆਲੇ ਦੁਆਲੇ
ਵਾਲੇ ਘਰ ... ਪਹਿਲੇ ਸਾਲ ਦੌਰਾਨ ... ਉੱਥੇ ਗੋਰਿਆਂ ਦੇ ਹੀ ਟੱਬਰ ਸੀ ਜਿਹੜੀ ਕਿ ਨਿਆਣਿਆਂ
ਲਈ ਚੰਗੀ ਗੱਲ ਸੀ ... ਉਨ੍ਹਾਂ ਨਿਆਣਿਆਂ ਨਾਲ ਮਿਲਣ ਜੁਲਣ ਕਰਕੇ ਉਹ ਅੰਗ੍ਰੇਜ਼ੀ ਬਹੁਤ
ਛੇਤੀ ਸਿੱਖ ਗਏ ... ਅਤੇ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਾ ਕਿ ਗੋਰੇ ਲੋਕ ਕਿਸ ਤਰ੍ਹਾਂ
ਰਹਿੰਦੇ ਹਨ। ਤੀਰਥ ਇਸ ਗੱਲ ਨੂੰ ਚੇਤੇ ਕਰਦੀ ਹੈ ਕਿ ਜਿੱਦਾਂ ਜਿੱਦਾਂ ਘਰ ਬਣੇ ਤਾਂ
ਉਨ੍ਹਾਂ ਦੀ ਸਟਰੀਟ ਤੇ ਕਈ ਪੰਜਾਬੀ ਪਰਿਵਾਰ ਵੀ ਆ ਕੇ ਰਹਿਣ ਲੱਗੇ। ਨਾਲ ਹੀ ਉਨ੍ਹਾਂ ਦੇ
ਗੁਆਂਢ ਵਿਚ ਇਕ ਗਰੀਕ ਤੇ ਇਕ ਚੀਨੀ ਪਰਿਵਾਰ ਵੀ ਸੀ।
ਗੁਰਦਵਾਰਾ 1977 ਵਿਚ ਬਣਿਆਂ ਸੀ। ਇਹ ਇਕ ਧਾਰਮਿਕ ਅਤੇ ਭਾਈਚਾਰੇ ਦੇ ਕੇਂਦਰ ਵਜੋਂ ਅਜੇ ਵੀ
ਕੰਮ ਕਰਦਾ ਹੈ। ਇਹ ਥਾਂ ਹੈ ਜਿੱਥੇ ਲੋਕ ਇਕ ਦੂਜੇ ਨੂੰ ਅਤੇ ਨਵੇਂ ਆਏ ਆਵਾਸੀਆਂ ਨੂੰ ਮਿਲਦੇ
ਸਨ। ਪਹਿਲਾਂ ਅਸੀਂ ਉਨ੍ਹਾਂ ਦੋ ਕੁ ਬੰਦਿਆਂ ਨੂੰ ਜਾਨਣ ਲੱਗੇ ਜਿਨ੍ਹਾਂ ਨਾਲ ਤੇਰਾ ਅੰਕਲ
ਮਿਲ ਕੇ ਕਿਰਾਏ ਤੇ ਰਹਿੰਦਾ ਸੀ ਜਦੋਂ ਅਸੀਂ ਅਜੇ ਨਹੀਂ ਸੀ ਆਏ। ਫੇਰ ਉਨ੍ਹਾਂ ਦੇ ਟੱਬਰ ਵੀ
ਆ ਗਏ। ਉਸ ਇਲਾਕੇ ਵਿਚ ਪੰਜਾਬੀਆਂ ਦੇ ਦੋ ਘਰ ਹੋਰ ਸੀ ਜਿਨ੍ਹਾਂ ਨਾਲ ਸਾਡਾ ਭਾਈਚਾਰਾ ਪਿਆ।
ਉਨ੍ਹਾਂ ਦੇ ਬੰਦੇ ਵੀ ਮਿੱਲ ਵਿਚ ਹੀ ਕੰਮ ਕਰਦੇ ਸਨ।
ਤੀਰਥ ਨੂੰ ਕੈਨਰੀ ਦੇ ਕੰਮ ਬਾਰੇ ਇਨ੍ਹਾਂ ਵਿਚੋਂ ਇਕ ਪਰਿਵਾਰ ਕੋਲੋਂ ਪਤਾ ਲੱਗਾ ...
ਮੈਨੂੰ ਸੁੱਚਾ ਸਿੰਘ ਦੀ ਪਤਨੀ ਕੋਲੋਂ ਕੈਨਰੀ ਦੇ ਕੰਮ ਬਾਰੇ ਪਤਾ ਲੱਗਾ ... ਮੇਰਾ ਪਤੀ
1974 ਦੀਆਂ ਗਰਮੀਆਂ ਵਿਚ ਮੈਨੂੰ ਪ੍ਰਿੰਸ ਰੂਪਰਟ ਨੂੰ ਲੈ ਕੇ ਗਿਆ ਤੇ ਮੈਂ ਕੰਮ ਲਈ ਅਰਜ਼ੀ
ਦੇ ਦਿੱਤੀ। ਮੈਨੂੰ ਉਨ੍ਹਾਂ ਗਰਮੀਆਂ ਵਿਚ ਹੀ ਕੰਮ ਮਿਲ ਗਿਆ ਅਤੇ ਮੇਰੇ ਅਰਜ਼ੀ ਦੇਣ ਦੇ ਦੋ
ਦਿਨ ਬਾਅਦ ਹੀ ਮੈਨੂੰ ਕੰਮ ਤੇ ਸੱਦ ਲਿਆ ਗਿਆ।
ਜਦੋਂ 1974 ਵਿਚ ਤੀਰਥ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਹਦੇ ਬੱਚੇ ਅਜੇ ਕਾਫੀ ਛੋਟੇ
ਸਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਫਿਕਰ ਉਹਨੂੰ ਵੀ ਤੇ ਉਹਦੇ ਪਤੀ, ਦੋਵਾਂ ਨੂੰ ਹੀ ਸੀ
। ਬੱਚੇ ਸੰਭਾਲਣ ਵਾਲੀ (ਬੇਬੀ ਸਿੱਟਰ) ਜਾਂ ਡੇ-ਕੇਅਰ ਤੋਂ ਉਹ ਵਾਕਿਫ ਨਹੀਂ ਸਨ ਕਿਉਂਕਿ ਇਸ
ਕਿਸਮ ਦਾ ਕੁਝ ਵੀ ਭਾਰਤੀ ਜੀਵਨ ਦਾ ਹਿੱਸਾ ਨਹੀਂ ਸੀ। ਭਾਰਤ ਵਿਚ ਬੱਚਿਆਂ ਦੀ ਦੇਖਭਾਲ ਦਾ
ਕੰਮ ਪਰਿਵਾਰ ਦੇ ਕਿਸੇ ਮੈਂਬਰ ਵਲੋਂ ਹੀ ਕੀਤਾ ਜਾਂਦਾ ਹੈ। ਆਰਥਿਕ ਪੱਖੋਂ ਵੀ ਡੇਅਕੇਅਰ
ਉਨ੍ਹਾਂ ਲਈ ਸੰਭਵ ਨਹੀਂ ਸੀ ਕਿਉਂਕਿ ਆਂਟੀ ਬਹੁਤੀ ਵਾਰੀ ਪੰਜਾਂ ਦਿਨਾਂ ਤੋਂ ਲੈ ਕੇ ਤੇਰਾਂ
ਦਿਨਾਂ ਤੱਕ ਲਗਾਤਾਰ ਕੰਮ ਤੇ ਹੁੰਦੀ ਸੀ। ਬਾਕੀ ਦੇ ਪੰਜਾਬੀ ਬੱਚੇ ਵੀ ਆਂਟੀ ਦੇ ਬੱਚਿਆਂ
ਦੀ ਉਮਰ ਦੇ ਹੀ ਸਨ ਇਸ ਲਈ ਉਹ ਉਨ੍ਹਾਂ ਨਾਲ ਖੇਡ ਸਕਦੇ ਸਨ ਅਤੇ ਉਨ੍ਹਾਂ ਦੀਆਂ ਮਾਵਾਂ
ਉਨ੍ਹਾਂ ਦਾ ਧਿਆਨ ਰੱਖ ਸਕਦੀਆਂ ਸਨ। ਮੁੱਖ ਤੌਰ ਤੇ ਉਨ੍ਹਾਂ ਨੂੰ ਇਸ ਗੱਲ ਦੀ ਸੌਖ ਸੀ ਕਿ
ਅੰਕਲ ਦਾ ਕੰਮ ਘਰ ਦੇ ਨੇੜੇ ਸੀ ਅਤੇ ਉਹਦੀ ਸਿ਼ਫਟ ਨਾਲ ਵੀ ਕੰਮ ਠੀਕ ਠਾਕ ਚੱਲ ਜਾਂਦਾ ਸੀ।
ਜਦੋਂ ਮੈਂ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਨਿਆਣੇ ਅਜੇ ਬਹੁਤ ਛੋਟੇ ਸਨ ਪਰ
ਮੈਂ ਸੋਚਿਆ ਕਿ ਮੇਰੀ ਵੱਡੀ ਕੁੜੀ ਛੋਟਿਆ ਦਾ ਖਿਆਲ ਰੱਖ ਸਕਦੀ ਸੀ। ਮੇਰਾ ਪਤੀ ਮਿੱਲ ਵਿਚ
ਸਿ਼ਫਟਾਂ ਤੇ ਕੰਮ ਕਰਦਾ ਸੀ - ਮਿੱਲ ਵਿਚ ਤਿੰਨ ਸਿ਼ਫਟਾਂ ਸਨ। ਉਨ੍ਹਾਂ ਦਿਨਾਂ ਵਿਚ ਮੈਨੂੰ
ਘਰ ਦਾ ਬਹੁਤ ਫਿਕਰ ਰਹਿੰਦਾ ਕਿ ਕਿਤੇ ਘਰ ਵਿਚ ਅੱਗ ਹੀ ਨਾ ਲੱਗ ਜਾਵੇ ਕਿਉਂਕਿ ਘਰ ਲੱਕੜੀ
ਦਾ ਬਣਿਆਂ ਹੋਇਆ ਸੀ। ਨਾਲ ਹੀ ਹਰ ਵੇਲੇ ਡਰ ਰਹਿੰਦਾ ਸੀ ਕਿ ਬੱਚਿਆਂ ਨੂੰ ਕਿਸੇ ਹੋਰ ਗੱਲੋਂ
ਕੋਈ ਨੁਕਸਾਨ ਨਾ ਹੋ ਜਾਵੇ। ਤੇਰਾ ਅੰਕਲ ਮਿੱਲ ਤੋਂ ਲੰਚ ਵੇਲੇ ਘਰ ਆ ਜਾਂਦਾ ਤੇ ਦੇਖ ਜਾਂਦਾ
ਕਿ ਨਿਆਣੇ ਠੀਕ ਠਾਕ ਹਨ। ਉਹ ਮਿੱਲ ਵਿਚੋਂ ਨਿਆਣਿਆਂ ਨੂੰ ਫੋਨ ਵੀ ਕਰ ਲੈਂਦਾ। ਜਦੋਂ ਮੈਂ
ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੇਰੀ ਵੱਡੀ ਧੀ ਉਦੋਂ ਦਸਾਂ ਸਾਲਾਂ ਦੀ ਸੀ। ਸ਼ੁਰੂ ਵਿਚ
ਨਿਆਣੇ ਕੱਲੇ ਛੱਡਣ ਦੇ ਫਿਕਰ ਬਾਅਦ ਜਦੋਂ ਮੈਨੂੰ ਲੱਗਾ ਕਿ ਉਹ ਆਪਣਾ ਆਪ ਸਾਂਭ ਸਕਦੇ ਸਨ
ਤਾਂ ਮੈਂ ਕੰਮ ਤੇ ਖੁਸ਼ੀ ਖੁਸ਼ੀ ਜਾਂਦੀ।
ਸਾਰਿਆਂ ਪਰਿਵਾਰਾਂ ਵਾਸਤੇ ਸਭ ਤੋਂ ਔਖਾ ਸਮਾਂ ਮਾਰਚ ਤੇ ਅਪਰੈਲ ਦੌਰਾਨ ਹੈਰਿੰਗ ਮੱਛੀ ਵੇਲੇ
ਹੁੰਦਾ। ਇਸ ਸਮੇਂ ਦੌਰਾਨ ਬੱਚੇ ਸਕੂਲ ਵਿਚ ਹੁੰਦੇ ਸਨ ਤੇ ਉਨ੍ਹਾਂ ਨੂੰ ਘਰ ਦਾ ਤੇ ਸਕੂਲ ਦਾ
ਦੋਵੇਂ ਕੰਮ ਕਰਨੇ ਪੈਂਦੇ ਸਨ। ਜੁਲਾਈ ਤੇ ਅਗਸਤ ਦੌਰਾਨ ਸੈਮਨ ਮੱਛੀ ਸਮੇਂ ਕਾਫੀ ਸੌਖ ਹੁੰਦੀ
ਸੀ ਕਿਉਂਕਿ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ। ਕਦੇ ਕਦੇ ਔਰਤਾਂ ਨੂੰ
ਸਤੰਬਰ ਦੇ ਪਹਿਲੇ ਦੋ ਹਫਤਿਆਂ ਦੌਰਾਨ ਵੀ ਕੰਮ ਤੇ ਸੱਦ ਲਿਆ ਜਾਂਦਾ ਪਰ ਇਹ ਗੱਲ ਆਮ ਨਹੀਂ
ਸੀ ਵਾਪਰਦੀ।
ਪਹਿਲਾਂ ਪਹਿਲਾਂ ਪ੍ਰਿੰਸ ਰੂਪਰਟ ਨੂੰ ਅਤੇ ਕੈਨਰੀ ਨੂੰ ਜਾਣ ਆਉਣ ਲਈ ਰਾਈਡਾਂ ਦਾ ਪ੍ਰਬੰਧ
ਕਰਨ ਵਿਚ ਸਮੱਸਿਆਵਾਂ ਆਈਆਂ ਸਨ ਕਿਉਂਕਿ ਔਰਤਾਂ ਇਕ ਦੂਜੀ ਦੀਆਂ ਪੂਰੀ ਤਰ੍ਹਾਂ ਵਾਕਿਫ ਨਹੀਂ
ਸਨ। ਜਦੋਂ ਇਕ ਵਾਰੀ ਰਾਈਡਾਂ ਦਾ ਫੈਸਲਾ ਹੋ ਗਿਆ ਅਤੇ ਕੈਨਰੀ ਵਿਚ ਕੰਮ ਕਰਦੀਆਂ
ਗੈਰ-ਪੰਜਾਬੀ ਔਰਤਾਂ ਦਰਮਿਆਨ ਉਨ੍ਹਾਂ ਨੇ ਆਪਣਾ ਵੱਖਰਾ ਸਥਾਨ ਕਾਇਮ ਕਰ ਲਿਆ ਫੇਰ ਤਿੰਨਾਂ
ਹੀ ਸ਼ਹਿਰਾਂ ਵਿਚੋਂ ਕੰਮ ਕਰਨ ਆਉਂਦੀਆਂ ਪੰਜਾਬੀ ਔਰਤਾਂ ਲਈ ਕੰਮ ਇਕ ਮਿਲਣ ਗਿਲਣ ਵਾਲੀ ਥਾਂ
ਬਣ ਗਿਆ। ਕੰਮ ਤੋਂ ਬਾਹਰ ਵੀ ਇਕ ਦੂਜੀ ਨਾਲ ਨੇੜਤਾ ਵਾਲੇ ਰਿਸ਼ਤੇ ਕਾਇਮ ਕਰਨ ਦੇ ਮੌਕੇ
ਪੈਦਾ ਹੋਏ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰਾਂ ਵਾਸਤੇ ਸਮਾਜੀ ਨੇੜਤਾ ਪੈਦਾ ਹੋਈ।
ਉੱਥੇ (ਪ੍ਰਿੰਸ ਰੂਪਰਟ ਵਿਚ) ਸਾਨੂੰ ਕੋਈ ਬਹੁਤੀਆਂ ਮੁਸ਼ਕਿਲਾਂ ਪੇਸ਼ ਨਹੀਂ ਆਈਆਂ, ਅਸੀਂ
ਪੰਜ-ਛੇ-ਸੱਤ ਜਣੀਆਂ ਇਕੱਠੀਆਂ ਰਹਿੰਦੀਆਂ ... ਰੌਣਕ ਮੇਲੇ ਦਾ ਮਾਹੌਲ ਹੁੰਦਾ ਸੀ, ਹਰ ਵੇਲੇ
ਹਾਸਾ ਮਖੌਲ, ਸ਼ੁਗਲ ਮੇਲਾ। ਇਹ ਸਮਾਂ ਹੁੰਦਾ ਸੀ ਇਨ੍ਹਾਂ ਦੂਜੀਆਂ ਔਰਤਾਂ ਨਾਲ ਮਿਲਣ ਗਿਲਣ
ਦਾ - ਉੱਥੇ ਕੈਨਰੀ ਵਿਚ ਕੰਮ ਕਰਨ ਆਈਆਂ ਤਿੰਨਾਂ ਹੀ ਸ਼ਹਿਰਾਂ ਵਿਚੋਂ ਔਰਤਾਂ ਹੁੰਦੀਆਂ ਸਨ।
ਮੈਂ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਔਰਤਾਂ ਨੂੰ ਚੰਗੀ ਤਰ੍ਹਾਂ ਜਾਨਣ ਲੱਗ ਪਈ ਸੀ। ਪਹਿਲਾਂ
ਭਾਵੇਂ ਰਾਈਡਾਂ ਦਾ ਪ੍ਰਬੰਧ ਕਰਨ ਲਈ ਜਾਂ ਇਕੋ ਘਰ ਵਿਚ ਇਕੱਠੇ ਰਹਿਣ ਲਈ ਸਾਡੇ ਸਬੰਧ ਏਨੇ
ਨੇੜੇ ਦੇ ਨਹੀਂ ਸਨ ਜਿੱਦਾਂ ਦੇ ਪਹਿਲੇ ਜਾਂ ਦੂਜੇ ਸਾਲਾਂ ਬਾਅਦ ਬਣੇ। ਜੇ ਮੈਨੂੰ ਕੰਮ ਤੋਂ
ਸੱਦਾ ਆ ਗਿਆ, ਭਾਵੇਂ ਕੰਮ ਸਿਰਫ ਚਾਰ ਘੰਟੇ ਲਈ ਹੀ ਹੋਵੇ, ਮੈਂ ਕਦੇ ਨਾਂਹ ਨਹੀਂ ਸੀ ਕਰਦੀ
ਤੇ ਲੋੜ ਪੈਣ ਤੇ ਗਰੇਹਾਊਂਡ ਬੱਸ ਲੈ ਕੇ ਵੀ ਕੰਮ ਤੇ ਚਲੇ ਜਾਂਦੀ। ਕਦੇ ਕਦੇ ਮੇਰਾ ਪਤੀ
ਮੈਨੂੰ ਛੱਡ ਆਉਂਦਾ ਜੇ ਉਹਨੇ ਬਾਅਦ ਦੀ ਸਿ਼ਫਟ ਤੇ ਕੰਮ ਤੇ ਜਾਣਾ ਹੁੰਦਾ। ਮੈਂ ਕੰਮ ਤੋਂ
ਨਾਂਹ ਨਹੀਂ ਸੀ ਕਰ ਸਕਦੀ ਕਿਉਂਕਿ ਮੈਂ ਕੰਮ ਤੇ ਨਵੀਂ ਸੀ, ਮੇਰੀ ਕੋਈ ਸਨਿਉਰਟੀ ਨਹੀਂ ਸੀ।
ਨਾਲੇ ਜਿੰਨੇ ਵੀ ਪੈਸੇ ਬਣਦੇ ਚੰਗੀ ਗੱਲ ਹੀ ਸੀ। ਪਰ ਬੱਸ ਵਿਚ ਜਾਣਾ ਮੁਸ਼ਕਲ ਹੁੰਦਾ ਸੀ ਤੇ
ਫੇਰ ਬਰਫ ਵਿਚ ਦੀ ਲੰਘ ਕੇ ਜਾਣਾ। ਸਿਆਲ ਵਿਚ ਇਹ ਸੜਕ ਕਾਫੀ ਖਤਰੇ ਵਾਲੀ ਹੁੰਦੀ ਹੈ ...
ਭਾਵੇਂ ਹੁਣ ਇਸ ਹਾਈਵੇਅ ਨੂੰ ਪਹਿਲਾਂ ਨਾਲੋਂ ਕਾਫੀ ਬਿਹਤਰ ਬਣਾ ਦਿੱਤਾ ਗਿਆ ਹੈ। ਹੈਰਿੰਗ
ਦੇ ਸੀਜ਼ਨ ਦੌਰਾਨ ਬੱਚੇ ਅਜੇ ਸਕੂਲ ਵਿਚ ਹੀ ਹੁੰਦੇ ਸਨ ਤੇ ਉਨ੍ਹਾਂ ਨੂੰ ਇਕੱਲਿਆ ਛੱਡ ਕੇ
ਜਾਣਾ ਬੜਾ ਔਖਾ ਹੁੰਦਾ ਸੀ। ਸੱਚੀਂ ਉਦੋਂ ਬਹੁਤ ਔਖਿਆਈ ਹੁੰਦੀ ਸੀ।"
ਪਹਿਲਾਂ, ਸਾਰੇ ਪਰਿਵਾਰ ਲਈ ਵੀ ਨਵੇਂ ਥਾਂ ਪੈਰ ਜਮਾਉਣਾ ਕਾਫੀ ਔਖਾ ਸੀ। ਇਕ ਕੰਮ ਕਰਨ ਵਾਲੀ
ਮਾਂ ਪ੍ਰਤੀ ਬੱਚਿਆਂ ਅਤੇ ਪਤੀ ਦੇ ਪ੍ਰਤੀਕਰਮ ਦੀ ਵਿਆਖਿਆ ਪਰਿਵਾਰਾਂ ਦੇ ਨਮੂਨਿਆਂ ਵਜੋਂ
ਕੀਤੀ ਗਈ ਹੈ। ਸਬੰਧਤ ਪਰਿਵਾਰ ਦੇ ਨਮੂਨੇ ਅਨੁਸਾਰ ਪਰਿਵਾਰ ਦੇ ਹਰ ਮੈਂਬਰ ਨੇ ਆਪਣਾ ਮਨ
ਬਣਾਇਆ ਹੁੰਦਾ ਹੈ, ਇਹ ਇਕ ਸੁਖਦ ਬਦਲਾਵ ਵੀ ਹੋ ਸਕਦਾ ਹੈ ਜਾਂ ਖਿਚਾਅ ਤੇ ਲੜਾਈ ਝਗੜੇ ਵਾਲੀ
ਸਥਿਤੀ ਵੀ ਹੋ ਸਕਦੀ ਹੈ (Zavella 1991; Lamphere 1987, 1985)। ਦੋਹਰੀ ਸਿ਼ਫਟ ਬਾਰੇ
ਵੀ ਕਾਫੀ ਸਾਰਾ ਲਿਖਤੀ ਵੇਰਵਾ ਮਿਲਦਾ ਹੈ ਜਿਹੜਾ ਔਰਤਾਂ ਉੱਪਰ ਪਏ ਦੋਹਰੇ ਭਾਰ ਦੀ ਗੱਲ
ਕਰਦਾ ਹੈ ਜਦੋਂ ਔਰਤ ਨੂੰ ਕਮਾਈ ਕਰਨ ਵਾਸਤੇ ਬਾਹਰ ਕੰਮ ਕਰਨਾ ਪੈਂਦਾ ਹੈ ਤੇ ਨਾਲ ਹੀ ਘਰ ਦਾ
ਕੰਮ ਵੀ ਕਰਨਾ ਪੈਂਦਾ ਹੈ ਜਦੋਂ ਪਤੀ ਘਰ ਦੇ ਕੰਮ ਵਿਚ ਆਪਣੇ ਹਿੱਸੇ ਦੀ ਜਿ਼ੰਮੇਵਾਰੀ
ਨਿਭਾਉਣ ਤੋਂ ਇਨਕਾਰੀ ਹੁੰਦੇ ਹਨ (Hartman 1981, Hochschild 1989, Hoffman 1974)।
ਪਰ ਇਹ ਖੋਜ ਉਨ੍ਹਾਂ ਅਸਰਾਂ ਦਾ ਲੇਖਾ ਜੋਖਾ ਨਹੀਂ ਕਰਦੀ ਜਿਹੜਾ ਅਰਜ਼ੀ ਤੌਰ ਤੇ ਆਵਾਸ ਕਰਨ
ਵਾਲੀਆਂ ਕਾਮੀ ਔਰਤਾਂ ਦੇ ਕੰਮ ਦੇ ਜੀਵਨ ਤੇ ਪੈਂਦਾ ਹੈ ਜਿਸ ਤਰ੍ਹਾਂ ਇਹ ਔਰਤਾਂ ਹਨ। ਉਹ
ਕੰਮ ਵਾਸਤੇ ਖੁਦ ਨੂੰ ਆਪਣੇ ਘਰ ਅਤੇ ਸ਼ਹਿਰ ਤੋਂ ਵੱਖ ਕਰਦੀਆਂ ਹਨ। ਉਹ ਸੀਜ਼ਨ ਦੇ ਸ਼ੁਰੂ
ਵਿਚ ਇਕ ਦਿਨ ਵੀ ਬਾਹਰ ਰਹਿ ਸਕਦੀਆਂ ਹਨ ਤੇ ਜਦੋਂ ਮੱਛੀ ਵੱਡੀ ਤਾਦਾਦ ਵਿਚ ਆਉਂਦੀ ਹੋਵੇ
ਤਾਂ ਉਹ ਲਗਾਤਾਰ 13 ਤੋਂ 14 ਦਿਨ ਤੱਕ ਘਰੋਂ ਬਾਹਰ ਰਹਿ ਸਕਦੀਆਂ ਹਨ। ਇਸ ਸਥਿਤੀ ਵਿਚ
ਪਰਿਵਾਰ ਵਾਸਤੇ ਇਹ ਸੰਭਵ ਨਹੀਂ ਹੈ ਕਿ ਉਹ "ਪਤਨੀ ਅਤੇ ਮਾਂ" ਦੀ ਘਰ ਆਉਣ ਦੀ ਉਡੀਕ ਕਰੇ ਕਿ
ਉਹ ਆ ਕੇ ਖਾਣਾ ਬਣਾਏਗੀ ਜਾਂ ਘਰ ਦੀ ਸਫਾਈ ਕਰੇਗੀ। ਸ਼ੁਰੂ ਤੋਂ ਹੀ ਇਨ੍ਹਾਂ ਪਰਿਵਾਰਾਂ ਨੂੰ
ਸਭ ਕੁਝ ਖੁਦ ਹੀ ਕਰਨਾ ਪਿਆ।
ਤੀਰਥ ਦੇ ਸਬੰਧ ਵਿਚ, ਕੰਮ ਕਰਨਾ ਉਹਦੀ ਅਰਥਿਕ ਲੋੜ ਸੀ, ਅਤੇ ਉਹਦੇ ਪਤੀ ਤੇ ਬੱਚਿਆਂ ਵਾਸਤੇ
ਨਵੀਂ ਸਥਿਤੀ ਵਿਚ ਢੱਲਣਾ ਇਸ ਲਈ ਮੁਸ਼ਕਿਲ ਸੀ ਕਿਉਂਕਿ ਉਹਦੇ ਬੱਚੇ ਅਜੇ ਕਾਫੀ ਛੋਟੇ ਸਨ।
ਪਰ ਤਬਦੀਲੀ ਫੇਰ ਵੀ ਵਾਪਰੀ। ਇਹਦੇ ਨਾਲ ਹੀ ਇਕ ਹੋਰ ਵਾਧੂ ਤੱਥ ਇਹ ਸੀ ਕਿ ਪੰਜਾਬੀ ਕੁੜੀਆਂ
ਨੂੰ ਬਹੁਤ ਛੋਟੀ ਉਮਰ ਵਿਚ ਹੀ ਘਰ ਦੀਆਂ ਜਿ਼ੰਮੇਵਾਰੀਆਂ ਸਿੱਖਣੀਆਂ ਪੈਂਦੀਆਂ ਸਨ। ਇਸ
ਤਰ੍ਹਾਂ ਤੀਰਥ ਆਂਟੀ ਦੀ ਵੱਡੀ ਲੜਕੀ ਇਸ ਕੰਮ ਲਈ ਅੱਗੇ ਆਈ।
ਮਰਦ ਅਤੇ ਔਰਤ ਵਿਚਕਾਰ ਲੜਾਈ ਤੇ ਖਿਚਾਅ ਉਦੋਂ ਪੈਦਾ ਹੁੰਦਾ ਸੀ ਜਦੋਂ ਘਰ ਵਿਚ ਬੱਚਿਆਂ ਦੇ
ਸਬੰਧ ਵਿਚ ਕੋਈ ਸਮੱਸਿਆਵਾਂ ਆਉਂਦੀਆਂ ਸਨ ... ਕੀ ਬੱਚਿਆਂ ਦਾ ਪਾਲਣ ਪੋਸਣ ਸਹੀ ਢੰਗ ਨਾਲ
ਕੀਤਾ ਜਾ ਰਿਹਾ ਸੀ, ਬੱਚੇ ਵੱਡਿਆਂ ਪ੍ਰਤੀ ਸਤਿਕਾਰ ਤਾਂ ਨਹੀਂ ਸੀ ਗੁਆ ਰਹੇ, ਉਨ੍ਹਾਂ ਦੇ
ਧਰਮ ਤੇ ਸਭਿਆਚਾਰ ਲਈ ਸਤਿਕਾਰ ਵੀ ਇਸ ਵਿਚ ਸ਼ਾਮਲ ਸੀ। ਜੇ ਬੱਚੇ ਕਿਸੇ ਕਿਸਮ ਦਾ ਬੁਰਾ
ਵਰਤਾਉ ਕਰਦੇ ਸਨ ਤਾਂ ਜੋੜਿਆਂ ਵਿਚ ਬਹਿਸ ਛਿੜ ਜਾਂਦੀ ਸੀ। ਪਰ, ਸਾਰੀਆਂ ਔਰਤਾਂ ਇਸ ਗੱਲ
ਨਾਲ ਸਹਿਮਤ ਸਨ ਕਿ ਉਨ੍ਹਾਂ ਨੂੰ ਕਨੇਡਾ ਆਉਣ ਤੋਂ ਪਹਿਲਾਂ ਇਹ ਪਤਾ ਸੀ ਕਿ ਏਥੇ ਸਾਰੇ ਹੀ
ਕੰਮ ਕਰਦੇ ਹਨ ਅਤੇ ਉਨ੍ਹਾਂ ਤੋਂ ਵੀ ਅਜਿਹਾ ਕਰਨ ਦੀ ਆਸ ਹੋਵੇਗੀ। ਇਸ ਬਾਰੇ ਸਵਾਲ ਹੀ ਪੈਦਾ
ਨਹੀਂ ਸੀ ਹੁੰਦਾ ਕਿ ਉਹ ਹਰ ਸੀਜ਼ਨ ਦੌਰਾਨ ਕੰਮ ਤੇ ਨਾ ਜਾਣਗੀਆਂ।
ਮੇਰੇ ਪਤੀ ਨੂੰ ਮੇਰੇ ਕੰਮ ਕਰਨ ਨਾਲ ਕੋਈ ਸਮੱਸਿਆ ਨਹੀਂ ਸੀ। ਸਾਡੇ ਕੋਲ ਕੰਮ ਨਾ ਕਰਨ
ਦੀ ਗੁੰਜਾਇਸ਼ ਵੀ ਨਹੀਂ ਸੀ। ਅਸੀਂ ਘਰ ਦਾ ਕਰਜ਼ਾ ਲਾਹੁਣਾ ਸੀ, ਲੋੜ ਦੀਆਂ ਚੀਜ਼ਾਂ ਜਿੱਦਾਂ
ਫਰਿੱਜ ਸਟੋਵ ਵਗੈਰਾ ਖ੍ਰੀਦਣੇ ਸਨ। ਜੇ ਬੱਚੇ ਕੁਝ ਗਲਤ ਮਲਤ ਕਰਨ ਲਗਦੇ, ਜਿਹੜਾ ਕਿ ਆਮ
ਨਹੀਂ ਸੀ, ਉਦੋਂ ਉਹ ਜ਼ਰੂਰ ਸਿ਼ਕਾਇਤ ਲਾਉਂਦਾ ਸੀ ਕਿ ਇਹ ਗੱਲ ਮੇਰੇ ਕੰਮ ਕਰਦੀ ਹੋਣ ਕਰਕੇ
ਹੁੰਦੀ ਹੈ। ਅਜਿਹੇ ਮੌਕੇ ਉਹ ਕਹਿੰਦਾ ਕਿ ਮੈਨੂੰ ਕੰਮ ਛੱਡ ਕੇ ਘਰ ਰਹਿਣਾ ਚਾਹੀਦਾ ਹੈ
ਤਾਂਕਿ ਬੱਚਿਆਂ ਨੂੰ ਜ਼ਬਤ ਵਿਚ ਰੱਖਿਆ ਜਾ ਸਕੇ ਪਰ ਸਾਨੂੰ ਦੋਵਾਂ ਨੂੰ ਹੀ ਇਸ ਗੱਲ ਦਾ ਪਤਾ
ਸੀ ਕਿ ਮੈਨੂੰ ਕੰਮ ਕਰਨਾ ਹੀ ਪੈਣਾ ਸੀ। ਪਹਿਲੇ ਸਾਲ ਮੈਂ ਕਦੇ ਕਦੇ ਜਦੋਂ ਵੀਕਇੰਡ ਤੇ ਘਰ
ਹੁੰਦੀ ਸੀ ਤਾਂ ਕਾਫੀ ਸਾਰਾ ਖਾਣਾ ਬਣਾ ਕੇ ਰੱਖ ਦਿੰਦੀ ਜਿਹਦੇ ਨਾਲ ਬੱਚਿਆਂ ਦੇ ਦੋ ਕੁ ਦਿਨ
ਨਿਕਲ ਜਾਂਦੇ। ਪਰ ਮੇਰਾ ਪਤੀ ਤੇ ਨਿਆਣੇ ਬੇਹਾ ਖਾਣਾ ਪਸੰਦ ਨਹੀਂ ਸਨ ਕਰਦੇ ਤੇ ਫੇਰ ਮੇਰੀ
ਵੱਡੀ ਕੁੜੀ ਨੇ ਰੋਟੀ ਬਣਾਉਣੀ ਸਿੱਖ ਲਈ। ਮੇਰੇ ਘਰ ਵਾਲਾ ਦਾਲ਼ ਤੇ ਸਬਜੀ ਬਣਾ ਲੈਂਦਾ ਤੇ
ਅਮਨ ਸਾਰਿਆਂ ਲਈ ਰੋਟੀ ਬਣਾ ਲੈਂਦੀ ਏਦਾਂ ਬੜਾ ਸੁਹਣਾ ਸਰੀ ਗਿਆ। ਉਹ ਜਿੰਨੀ ਕੁ ਵੀ ਚੰਗੀ
ਤਰ੍ਹਾਂ ਸਾਂਭ ਸਕਦੇ ਸਨ ਉਨ੍ਹਾਂ ਨੇ ਘਰ ਨੂੰ ਸਾਂਭਿਆ। ਤੇ ਕੁੜੀਆਂ ਹੋਣ ਦਾ ਤਾਂ ਅਰਥ ਹੀ
ਇਹ ਹੈ ਕਿ ਉਨ੍ਹਾਂ ਨੂੰ ਘਰ ਸਾਂਭਣਾ ਸਿੱਖਣਾ ਹੀ ਪੈਣਾ ਹੈ ਤੇ ਮੇਰੀਆਂ ਕੁੜੀਆਂ ਨੇ ਇਹ ਸਭ
ਕੁਝ ਉਦੋਂ ਸਿੱਖ ਲਿਆ ਜਦੋਂ ਉਹ ਅਜੇ ਬਹੁਤ ਛੋਟੀਆਂ ਸਨ।
ਸਾਲਾਂ ਦੌਰਾਨ ਕੰਮ ਦਾ ਚੁਗਿਰਦਾ ਕਾਫੀ ਦੋਸਤਾਨਾ ਤੇ ਸੁਖਾਵਾਂ ਹੋ ਗਿਆ ਹੈ, ਆਂਟੀ ਜੀ
ਮੈਨੂੰ ਦੱਸਦੀ ਹੈ। ਤੇ ਉਹ ਅਸਲ ਕਰਨ ਵਲੇ ਕੰਮ ਨੂੰ ਕੋਈ ਏਨੀ ਅਹਿਮੀਅਤ ਨਹੀਂ ਦਿੰਦੀ,
ਜਿਵੇਂ ਸਾਰੀਆਂ ਹੀ ਔਰਤਾਂ ਨੇ ਇਹ ਭਾਵ ਪ੍ਰਗਟਾਏ, ਉਹ ਕੰਮ ਨੂੰ ਆਪਣੇ ਮਕਸਦ ਵਾਸਤੇ ਇਕ
ਜ਼ਰੀਏ ਦੇ ਤੌਰ ਤੇ ਦੇਖਦੀਆਂ ਸਨ। ਇਨ੍ਹਾਂ ਸਾਰੀਆਂ ਔਰਤਾਂ ਲਈ ਕੰਮ ਦਾ ਸਮਾਜੀ ਖਾਸਾ
ਵਿਸ਼ੇਸ਼ ਸਥਾਨ ਰੱਖਦਾ ਹੈ। ਭਾਵੇਂ ਆਂਟੀ ਕੰਮ ਦੀ ਅਹਿਮੀਅਤ ਤੋਂ ਇਨਕਾਰੀ ਹੈ ਪਰ ਇਸ ਨੇ
ਇਨ੍ਹਾਂ ਸਾਲਾਂ ਦੌਰਾਨ ਉਸ ਦੇ ਸਰੀਰ ਤੇ ਡੂੰਘਾ ਅਸਰ ਪਾਇਆ ਹੈ। ਉਹ ਤੇ ਉਹਦੀਆਂ ਸਹੇਲੀਆਂ
ਦੀਆਂ ਅਨੇਕਾਂ ਸਿਹਤ ਸਬੰਧੀ ਸਮੱਸਿਆਵਾਂ ਹਨ ਜਿਹੜੀਆਂ ਕੰਮ ਦੇ ਲੰਮੇ ਘੰਟਿਆਂ ਕਾਰਨ, ਕੰਮ
ਵਾਲੀ ਥਾਂ ਤੇ ਤਾਜ਼ਾ ਹਵਾਦਾਰੀ ਦੀ ਘਾਟ ਕਾਰਨ ਜਾਂ ਉਨ੍ਹਾਂ ਦੇ ਸਾਹ ਲੈਣ ਵਾਲੀ ਹਵਾ
ਵਿਚਲੇ ਜੀਵਤ ਕੀਟਾਣੂਆਂ ਤੋਂ ਹੁੰਦੇ ਅਲਰਜੀ ਦੇ ਪ੍ਰਤੀਕਰਮ ਕਾਰਨ ਪੈਦਾ ਹੋਈਆਂ ਹਨ।
ਜਿਹੜਾ ਮੈਂ ਕੰਮ ਕਰਦੀ ਹਾਂ ਉਹ ਬਹੁਤ ਤੇਜ਼ੀ ਵਾਲਾ ਹੈ ਪਰ ਉਹਦੇ ਲਈ ਜ਼ੋਰ ਦੀ ਲੋੜ
ਨਹੀਂ ਪੈਂਦੀ। ਨਿਗਰਾਨੀ ਕਰਨ ਵਾਲੀਆਂ ਔਰਤਾਂ (ਫਲੋਰ ਲੇਡੀਜ਼) ਸਾਡੀ ਇਕ ਦੂਜੀ ਨਾਲ ਗੱਲਬਾਤ
ਨੂੰ ਪਸੰਦ ਨਹੀਂ ਕਰਦੀਆਂ ਤੇ ਊਹ ਹਰ ਵੇਲੇ ਸਾਡੇ ਸਿਰ ਤੇ ਸਵਾਰ ਰਹਿੰਦੀਆਂ ਹਨ: "ਕਾਹਲੀ
ਕਾਹਲੀ ਕੰਮ ਕਰੋ ਉਹ ਕਹਿੰਦੀਆਂ ਰਹਿੰਦੀਆਂ ਹਨ। ਕੰਮ ਕੋਈ ਔਖਾ ਨਹੀਂ ਹੈ, ਸੋ ਇਸ ਗੱਲੋਂ
ਤਾਂ ਅਸੀਂ ਕਿਸਮਤ ਵਾਲੀਆਂ ਹਾਂ। ਹਾਂ ਰੌਲਾ ਕਾਫੀ ਪੈਂਦਾ ਹੈ ਤੇ ਕੈਨਰੀ ਦੀ ਬੋਅ ਵੀ ਕਾਫੀ
ਹੈ ਪਰ ਹੁਣ ਸਾਨੂੰ ਇਹ ਐਨਾ ਮਹਿਸੂਸ ਨਹੀਂ ਹੁੰਦਾ। ਜਦੋਂ ਇਕ ਦਿਨ ਪਹਿਲਾਂ ਜਾਂ ਸਵੇਰ ਨੂੰ
ਕੰਮ ਦਾ ਸੱਦਾ ਆਉਂਦਾ ਹੈ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਕਿਸ ਨੇ ਕਾਰ ਲਿਜਾਣੀ ਹੈ ਤੇ
ਸਾਨੂੰ ਇਕ ਦੂਜੇ ਦੇ ਕੰਮ ਵਾਲੇ ਨੰਬਰਾਂ ਦਾ ਵੀ ਪਤਾ ਹੁੰਦਾ ਹੈ ਇਸ ਕਰਕੇ ਪਤਾ ਲੱਗ ਜਾਂਦਾ
ਹੈ ਕਿ ਕੌਣ ਕੌਣ ਕੰਮ ਤੇ ਜਾ ਰਹੀਆਂ ਹਨ। ਸਾਡਾ ਇਕ ਗੁੱਟ ਹੈ ਜਿ਼ਆਦਾ ਦੇਰ ਤੋਂ ਕੰਮ ਕਰਨ
ਵਾਲੀਆਂ ਭਾਵ ਸੀਨਿਉਰਟੀ ਵਾਲੀਆਂ ਦਾ ਜਿਨ੍ਹਾਂ ਨੂੰ ਕੰਮ ਤੇ ਇਕੱਠਿਆਂ ਹੀ ਸੱਦਿਆ ਜਾਂਦਾ
ਹੈ। ਅਸੀਂ ਕਾਰ ਵਾਲੀ ਨੂੰ ਪੁੱਛ ਲੈਂਦੀਆਂ ਹਾਂ ਕਿ ਉਹ ਜਾ ਰਹੀ ਹੈ ਜਾਂ ਨਹੀਂ ਅਤੇ ਜਦੋਂ
ਡਰਾਈਵਰ ਨੂੰ ਕੰਮ ਦਾ ਸੱਦਾ ਨਾ ਆਇਆ ਹੋਵੇ ਜਾਂ ਸਿਰਫ ਉਸ ਦਿਨ ਹੀ ਕੰਮ ਦੇ ਥੋੜੇ ਜਿਹੇ
ਘੰਟੇ ਹੋਣ ਤਾਂ ਫੇਰ ਸਾਡੇ ਲਈ ਇਹ ਗੱਲ ਵਾਰਾ ਨਹੀਂ ਖਾਂਦੀ ਕਿ ਅਸੀਂ ਰਾਈਡ ਦਾ ਤੇ ਕਾਰ
ਕਿਰਾਏ ਤੇ ਲੈਣ ਦਾ ਖਰਚਾ ਦਈਏ ਤੇ ਸਾਡਾ ਖਰਚਾ ਵੀ ਪੂਰਾ ਨਾ ਹੋਵੇ ... ਨਾਲ ਹੀ ਇੰਤਜ਼ਾਮ
ਕਰਨ ਦੀ ਸਾਰੀ ਸਿਰਦਰਦੀ। ਮੇਰੀ ਸੀਨਿਉਰਟੀ ਕਰਕੇ ਹੁਣ ਮੈਂ ਪੂਰੇ ਭਰੋਸੇ ਨਾਲ ਕੰਮ ਤੋਂ
ਜਵਾਬ ਦੇ ਦਿੰਦੀ ਹਾਂ ਜੇ ਘੰਟੇ ਕਾਫੀ ਨਾ ਹੋਣ ਜਾਂ ਵਕਤ ਕਸੂਤਾ ਹੋਵੇ।
ਇਸ ਕੰਮ ਦੇ ਸੀਜ਼ਨ ਦੌਰਾਨ ਅਸੀਂ ਇਕ ਦਿਨ ਕੰਮ ਤੇ ਗਈਆਂ ਅਤੇ ਚਾਰ ਘੰਟੇ ਕੰਮ ਕੀਤਾ ਅਤੇ
ਕੰਮ ਦੇਣ ਵਾਲੇ (ਪਰਸਨਲ) ਨੂੰ ਪਤਾ ਨਹੀਂ ਸੀ ਕਿ ਅਗਲਾ ਸੱਦਾ ਕਦੋਂ ਹੋਵੇਗਾ ਇਸ ਲਈ ਅਸੀਂ
ਘਰ ਨੂੰ ਆ ਗਈਆਂ। ਉਸ ਤੋਂ ਬਾਅਦ ਵੀ ਮੈਂ ਕੈਨਰੀ ਦੇ ਸੱਦੇ ਤੋਂ ਦੋ ਕੁ ਵਾਰ ਨਾਂਹ ਕੀਤੀ ਹੈ
ਕਿਉਂਕਿ ਉਹ ਉਸ ਦਿਨ ਤੋਂ ਵਾਧੂ ਹੋਰ ਕੰਮ ਦੀ ਕੋਈ ਗਰੰਟੀ ਨਹੀਂ ਸੀ ਦੇ ਸਕਦੇ। ਕਿਉਂਕਿ
ਅਸੀਂ ਮੌਸਮੀ (ਸੀਜ਼ਨਲ) ਕਾਮੇ ਹਾਂ ਮੇਰਾ ਮੁੱਖ ਫਿਕਰ ਉਨੀਆਂ ਕੁ ਸਟੈਂਪਾਂ (ਬੇਰੁਜ਼ਗਾਰੀ
ਭੱਤਾ ਲੈਣ ਲਈ ਲੋੜੀਂਦੇ ਹਫਤੇ) ਬਣਾਉਣਾ ਹੁੰਦਾ ਹੈ ਜਿਸ ਨਾਲ ਯੂ ਆਈ (ਅਨਇੰਪਲਾਏਮੈਂਟ
ਇੰਸ਼ੁਰੈਂਸ) ਮਿਲ ਸਕੇ ਭਾਵੇਂ ਮੇਰੇ ਕੋਲ ਹੁਣ ਏਨੀ ਕੁ ਸੀਨਿਉਰਟੀ ਹੈ ਕਿ ਮੈਨੂੰ ਹਰ ਵਾਰ
ਕਾਫੀ ਸਟੈਂਪਾਂ ਮਿਲ ਹੀ ਜਾਂਦੀਆਂ ਹਨ। ਇਸ ਵਾਰ ਦਾ ਹੈਰਿੰਗ ਸੀਜ਼ਨ ਗਿਆਰਾਂ ਹਫਤੇ ਤੱਕ
ਚਲਦਾ ਰਿਹਾ। ਇਹ ਲੋੜ ਜਿੰਨਾ ਲੰਮਾ ਸਮਾਂ ਸੀ ਤੇ ਮੈਂ ਆਪਣੀਆਂ ਬਹੁਤੀਆਂ ਸਟੈਂਪਾਂ ਉੱਥੇ ਹੀ
ਬਣਾ ਲਈਆਂ। ਤੇ ਇਸ ਆਉਣ ਵਾਲੇ ਸੈਮਨ ਸੀਜ਼ਨ ਦੌਰਾਨ ਗੱਲਬਾਤ ਚੱਲ ਰਹੀ ਹੈ ਕਿ ਫਿਸ਼ਰਮੈੱਨ
ਹੜਤਾਲ ਕਰਨਗੇ। ਸੀਜ਼ਨ ਅਜੇ ਸ਼ੁਰੂ ਵੀ ਨਹੀਂ ਹੋਇਆ ਅਤੇ ਜੁਲਾਈ ਦਾ ਅੰਤ ਆਉਣ ਵਾਲਾ ਹੈ।
ਮੈਂ ਇਹ ਕੰਮ ਪੂਰੇ ਸਮੇਂ ਲਈ (ਫੁੱਲ ਟਾਈਮ) ਕਦੇ ਵੀ ਨਾ ਕਰਾਂ। ਸਾਰਾ ਦਿਨ ਪੈਰਾਂ ਤੇ
ਖੜ੍ਹੇ ਰਹਿਣਾ ਬਹੁਤ ਔਖਾ ਹੈ। ਮੈਨੂੰ ਕੰਮ ਦੇ ਹਰ ਸੀਜ਼ਨ ਦੌਰਾਨ ਸਾਹ ਦੀ ਕਸਰ ਹੋ ਜਾਂਦੀ
ਹੈ ... ਸਾਰੇ ਸੀਜ਼ਨ ਦੌਰਾਨ ਮੈਨੂੰ ਦਵਾ (ਐਂਟੀਬਅਇਔਟਿਕਸ) ਖਾਣੀ ਪੈਂਦੀ ਹੈ। ਮੈਨੂੰ ਕੰਮ
ਕਰਨ ਦਾ ਕੋਈ ਮਜ਼ਾ ਨਹੀਂ ਆਉਂਦਾ, ਪਰ ਮੈਂ ਕੰਮ ਕਰਨਾ ਪਸੰਦ ਕਰਦੀ ਹਾਂ ਕਿਉਂਕਿ ਫੇਰ ਮੈਂ
ਘਰ ਵਾਸਤੇ, ਆਪਣੇ ਲਈ, ਆਪਣੇ ਪਰਿਵਾਰ ਲਈ ਚੀਜ਼ਾਂ ਖ੍ਰੀਦ ਸਕਦੀ ਹਾਂ ... ਇੰਡੀਆਂ ਨੂੰ ਜਾਣ
ਲਈ ਖਰਚ ਕਰ ਸਕਦੀ ਹਾਂ ... ਵਿਆਹਾਂ ਦੇ ਖਰਚ ਕਰ ਸਕਦੀ ਹਾਂ। ਅਸੀਂ ਏਥੇ ਆਏ ਸੀ ਕੰਮ ਕਰਕੇ
ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ, ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਲਈ। ਅਸੀਂ
ਜਿੰਨਾ ਕਰ ਸਕਦੇ ਸੀ ਉਹ ਕਰਨ ਦੀ ਪੂਰੀ ਵਾਹ ਲਾਈ ਹੈ, ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡੇ
ਬੱਚੇ ਵੀ ਖੁਸ਼ਹਾਲ ਹੋਣ ਅਤੇ ਖੁਸ਼ ਰਹਿਣ।
ਆਂਟੀ ਜੀ ਯੂਨਾਈਟਿਡ ਫਿਸ਼ਰਮੈੱਨ ਐਂਡ ਐਲਾਈਡ ਵਰਕਰਜ਼ ਯੂਨੀਅਨ ਦੀ ਮੈਂਬਰ ਹੋਣ ਤੇ ਮਾਣ
ਮਹਿਸੂਸ ਕਰਦੀ ਹੈ ਅਤੇ ਜਦ ਕਦੇ ਕੰਮ ਤੇ ਕੋਈ ਸਮੱਸਿਆ ਆਈ ਹੈ ਉਹਨੇ ਯੂਨੀਅਨ ਦੀ ਮਦਦ ਲਈ
ਹੈ। ਆਂਟੀ ਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਹਨ ਉਹ ਕੰਮ ਦੇ ਰੀਕਾਰਡਾਂ ਬਾਰੇ ਸਨ ਜਿਨ੍ਹਾਂ
ਕਰਕੇ ਫੇਰ ਉਹਨੂੰ ਬੇਰੁਜ਼ਗਾਰੀ ਭੱਤਾ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨੇ
ਚੇਤਾ ਕੀਤਾ ਕਿ ਕਿੰਨੀ ਵਾਰੀ ਉਹਨੇ ਆਪਣੀ ਤਸਵੀਰ ਅਖਬਾਰਾਂ ਦੇ ਲੇਖਾਂ ਵਿਚ ਲੱਗੀ ਦੇਖੀ ਸੀ
ਅਤੇ ਟੈਲੀਵਿਯਨ ਉੱਪਰ ਵੀ ਆਪਣੇ ਆਪ ਨੂੰ ਦੇਖਿਆ ਸੀ ਜਦੋਂ ਉਹ ਪਿਕਟ ਲਾਈਨ ਤੇ ਸ਼ਾਮਲ ਹੋਈ।
ਦੱਖਣੀ ਏਸ਼ੀਆ ਦੀਆਂ ਔਰਤਾਂ ਵਲੋਂ ਆਪਣੇ ਕੰਮਾਂ ਵਾਲੇ ਥਾਵਾਂ ਉੱਪਰ ਸਿਆਸੀ ਸਰਗਰਮੀਆਂ ਦਾ
ਇਤਿਹਾਸ ਹੈ (Westwood 1984, Aggarwal 1987), ਅਤੇ ਇਹ ਇਤਿਹਾਸ ਦਾ ਪਿਛੋਕੜ ਇੰਡੀਆ
ਵਿਚ ਵੀ ਦੇਖਿਆ ਜਾ ਸਕਦਾ ਹੈ (Guha 1989; Sanghera 1990a, 1990b)।
ਜਦੋਂ ਵੀ ਯੂਨੀਅਨ ਨੇ ਪਿਛਲੇ ਸਮੇਂ ਦੌਰਾਨ ਕਿਸੇ ਹੜਤਾਲ ਦਾ ਸੱਦਾ ਦਿੱਤਾ ਤਾਂ ਮੈਂ ਕੰਮ
ਛੱਡ ਕੇ ਉਨ੍ਹਾਂ ਨਾਲ ਹੜਤਾਲ ਵਿੱਚ ਸ਼ਾਮਲ ਹੁੰਦੀ ਰਹੀ ਹਾਂ ਪਰ ਆਮ ਤੌਰ ਤੇ ਇਸ ਦਾ ਸਬੰਧ
ਸਾਡੇ ਕੈਨਰੀ ਦੇ ਕੰਮ ਨਾਲ ਨਹੀਂ ਹੁੰਦਾ। ਬਹੁਤੀ ਵਾਰੀ ਹੜਤਾਲਾਂ ਹੁੰਦੀਆਂ ਹਨ
ਫਿਸ਼ਰਮੈੱਨਾਂ ਦੀਆਂ ਮੁਸ਼ਕਲਾਂ ਬਾਰੇ, ਪਰ ਜਦੋਂ ਵੀ ਯੂਨੀਅਨ ਵਾਲੇ ਸਾਨੂੰ ਜਾਣ ਲਈ ਕਹਿਣ
ਅਸੀਂ ਪਿਕਟ ਲਾਈਨ ਤੇ ਜਾਂਦੀਆਂ ਹਾਂ। ਯੂਨੀਅਨ ਬਹੁਤ ਚੰਗੀ ਚੀਜ਼ ਹੈ। ਸਾਨੂੰ ਚੰਗੀਆਂ
ਤਨਖਾਹਾਂ ਮਿਲਦੀਆਂ ਹਨ ਤੇ ਜਦੋਂ ਕੋਈ ਕਿਸੇ ਕਿਸਮ ਦੀ ਸਮੱਸਿਆ ਹੋਵੇ, ਅਸੀਂ ਆਪਣੇ ਸ਼ਾਪ
ਸਟੂੱਰਡ ਕੋਲ ਜਾਂਦੀਆਂ ਹਾਂ। ਦੋ ਕੁ ਵਾਰ ਆਪਣੀਆਂ ਔਰਤਾਂ ਵੀ ਸ਼ਾਪ ਸਟੂਅਰਡ ਬਣੀਆਂ ਹਨ। ਪਰ
ਸ਼ਾਪ ਸਟੂਅਰਡ ਕੋਈ ਵੀ ਹੋਵੇ, ਕੰਪਨੀ ਤੇ ਯੂਨੀਅਨ ਵਾਲੇ ਹਮੇਸ਼ਾ ਲੋੜ ਪੈਣ ਤੇ ਦੋਭਾਸ਼ੀਏ
ਦੀ ਵਰਤੋਂ ਕਰਦੇ ਹਨ। ਪਰ ਕੰਪਨੀ ਵੀ ਚੰਗੀ ਹੈ। ਕੰਮ ਦੇਣ ਵਾਲੇ ਅਮਲੇ ਦੇ ਸਾਰੇ ਲੋਕ ਸਾਨੂੰ
ਸਾਡੇ ਪਹਿਲੇ ਨਾਵਾਂ ਤਾਂਈ ਜਾਣਦੇ ਹਨ। ਅਸੀਂ ਹੁਣ ਉੱਥੇ ਵੀਹਾਂ ਸਾਲਾਂ ਤੋਂ ਕੰਮ ਕਰ ਰਹੀਆਂ
ਹਾਂ ਤੇ ਉਹ ਸਾਡੇ ਨਾਲ ਚੰਗਾ ਵਰਤਾਓ ਕਰਦੇ ਹਨ।
ਉਹਨੇ ਮੈਨੂੰ ਯਕੀਨ ਦੁਆਇਆ ਕਿ ਦੂਜੀਆਂ ਕਾਮੀਆਂ ਔਰਤਾਂ ਨਾਲ ਵੀ ਸਬੰਧ ਸਦਾ ਚੰਗੇ ਹੀ ਰਹੇ
ਹਨ, ਉਹਨੂੰ ਕਈ ਵਾਰ ਇਸ ਗੱਲ ਨਾਲ ਨਿਰਾਸ਼ਾ ਹੁੰਦੀ ਹੈ ਕਿ ਉਹ ਲੋੜ ਜੋਗੀ ਅੰਗ੍ਰੇਜ਼ੀ ਨਹੀਂ
ਜਾਣਦੀ ਤੇ ਦੂਜੀਆਂ ਗੈਰ-ਪੰਜਾਬੀ ਔਰਤਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਦੀ, ਖਾਸ ਕਰ
ਉਨ੍ਹਾਂ ਔਰਤਾਂ ਨਾਲ ਜਿਨ੍ਹਾਂ ਨਾਲ ਉਹਨੇ ਦੋ ਦਹਾਕੇ ਕੰਮ ਕੀਤਾ ਹੈ। ਨਸਲਵਾਦ ਜਾਂ ਵਿਤਕਰੇ
ਸਬੰਧੀ ਉਹ ਸਿਰਫ ਨਿਗਰਾਨੀ ਰੱਖਣ ਵਾਲੀਆਂ ਔਰਤਾਂ ਵਲੋਂ ਕੀਤੇ ਵਿਹਾਰ ਬਾਰੇ ਹੀ ਗੱਲਬਾਤ
ਕਰਨਾ ਚਾਹੁੰਦੀਆਂ ਸਨ। ਉਹਨੇ, ਦੂਜੀਆਂ ਔਰਤਾਂ ਵਾਂਗ ਹੀ ਇਨ੍ਹਾਂ ਔਰਤਾਂ ਦਾ ਮਖੌਲ ਉਡਾਇਆ।
ਉਨ੍ਹਾਂ ਸਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਨਿਗਰਾਨੀ ਰੱਖਣ ਵਾਲੀਆਂ ਔਰਤਾਂ ਨਾਲ
ਸਿੱਝਣ ਦੇ ਤਰੀਕੇ ਸਿੱਖ ਲਏ ਸਨ।
ਕਈ ਵਾਰੀ ਕੰਮ ਦੀ ਜਗ੍ਹਾ ਤੇ ਸਮੱਸਿਆਵਾਂ ਆਉਂਦੀਆਂ ਰਹੀਆਂ ਹਨ ... ਨਿਗਰਾਨੀ ਵਾਲੀਆਂ
ਔਰਤਾਂ ਸਾਨੂੰ ਬਾਥਰੂਮ ਜਾਣ ਲਈ ਲਾਏ ਵਾਧੂ ਸਮੇਂ ਬਾਰੇ ਕਈ ਵਾਰੀ ਤੰਗ ਕਰਦੀਆਂ ਰਹਿੰਦੀਆਂ
ਸਨ। ਉਹ ਔਰਤਾਂ ਸਾਨੂੰ ਦੱਸਦੀਆਂ ਹਨ ਕਿ ਅਸੀਂ ਬਾਥਰੂਮ ਵਿਚ ਸੱਤ ਮਿੰਟ ਜਾਂ ਗਿਆਰਾਂ ਮਿੰਟ
ਲਾ ਕੇ ਆਈਆਂ ਹਾਂ। ਸਾਡੀਆਂ ਗਈਆਂ ਤੇ ਲਗਦਾ ਸੀ ਕਿ ਉਹ ਸਦਾ ਹੀ ਘੜੀ ਦੇਖਦੀਆਂ ਰਹਿੰਦੀਆਂ
ਸਨ ਪਰ ਦੂਜੀਆਂ (ਗੈਰ-ਪੰਜਾਬੀ/ਭਾਰਤੀ) ਔਰਤਾਂ ਭਾਵੇਂ ਜਿੰਨੀ ਵਾਰੀ ਮਰਜ਼ੀ ਜਾਣ ਤੇ ਉੱਥੇ
ਭਾਵੇਂ ਜਿੰਨਾ ਚਿਰ ਮਰਜ਼ੀ ਲਾ ਆਉਣ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਔਰਤਾਂ ਬਾਥਰੂਮ ਵਿਚ ਜਾ
ਕੇ ਸਿਗਰਟਾਂ ਪੀਂਦੀਆਂ ਸਨ ... ਸੋ ਹੁਣ ਸਾਨੂੰ ਪਤਾ ਹੈ ਕਿ ਅਸੀਂ ਵੀ ਜਿੰਨੇ ਦੀ ਲੋੜ ਹੋਵੇ
ਬਾਥਰੂਮ ਵਿਚ ਓਨਾ ਚਿਰ ਲਾ ਸਕਦੀਆਂ ਹਾਂ ਤੇ ਅਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ।
ਉਹ ਕੀ ਕਰ ਸਕਦੀਆਂ ਹਨ? ਉਹ ਸਿਰਫ ਸਾਨੂੰ ਇਸ ਤਰੀਕੇ ਨਾਲ ਹੀ ਤੰਗ ਕਰ ਸਕਦੀਆਂ ਹਨ। ਸਾਡੇ
ਕੋਲ ਸੀਨੀਊਰਟੀ ਹੈ ... ਅਸੀਂ ਸਖਤ ਕੰਮ ਕਰਦੀਆਂ ਹਾਂ। ਅਸੀਂ ਯੂਨੀਅਨ ਵਾਲਿਆਂ ਕੋਲ ਇਸ
ਕਿਸਮ ਦੇ ਵਿਤਕਰੇ ਬਾਰੇ ਸਿ਼ਕਾਇਤ ਨਹੀਂ ਲਾਉਂਦੀਆਂ ਕਿਉਂਕਿ ਉਹ ਵੀ ਕੀ ਕਰ ਸਕਦੇ ਹਨ? ...
ਕੁਛ ਨਹੀਂ ਕਰ ਸਕਦੇ ਉਹ ਵੀ।
ਮੈਂ ਜਿਹੜੀਆਂ ਔਰਤਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਪੂਰਾ ਖੁੱਲ੍ਹ ਕੇ
ਦੱਸਣ ਕਿ ਉਨ੍ਹਾਂ ਨਾਲ ਗੈਰ-ਪੰਜਾਬੀਆਂ ਨਾਲੋਂ ਕਿਸ ਤਰ੍ਹਾਂ ਵੱਖਰਾ ਵਰਤਾਉ ਕੀਤਾ ਜਾਂਦਾ
ਰਿਹਾ ਹੈ। ਭਾਵੇਂ ਉਨ੍ਹਾਂ ਦੀਆਂ ਰਾਵਾਂ ਵਿਚ ਕੋਈ ਸਾਂਝੀ ਇਕ ਗੱਲ ਨਹੀਂ ਸੀ ਪਰ ਫੇਰ ਵੀ
ਜਿਸ ਤਰ੍ਹਾਂ ਸਾਰਾ ਕੰਮਕਾਰ ਕੀਤਾ ਜਾਂਦਾ ਸੀ ਉਹਦੇ ਵਿਚੋਂ ਸਾਫ ਦਿਸਦਾ ਸੀ ਕਿ ਉਨ੍ਹਾਂ ਨਾਲ
ਵੱਖਰਾ ਵਰਤਾਉ ਹੁੰਦਾ ਸੀ। ਉਨ੍ਹਾਂ ਨੇ ਬਾਥਰੂਮ ਲਈ ਲਾਏ ਵਕਤ ਬਾਰੇ ਫੇਰ ਗੱਲਾਂ ਕੀਤੀਆਂ
ਜਾਂ ਕਿਸ ਤਰ੍ਹਾਂ ਉਨ੍ਹਾਂ ਨੂੰ ਦੂਜਿਆਂ ਦੇ ਮੁਕਾਬਲੇ ਕੰਮ ਦੇ ਇਕ ਥਾਂ ਤੋਂ ਦੂਜੀ ਥਾਂ ਤੇ
ਤਬਦੀਲ ਕਰ ਦਿੱਤਾ ਜਾਂਦਾ ਸੀ।
ਅਸੀਂ ਸਾਲਾਂ ਬੱਧੀ ਮੱਛੀਆਂ ਸਾਫ ਕਰਨ ਵਾਲੀਆਂ ਲਾਈਨਾਂ ਤੇ ਕੰਮ ਕਰਦੀਆਂ ਰਹੀਆਂ ਹਾਂ।
ਸਾਨੂੰ ਉਹ ਕਦੇ ਕਦੇ ਹੀ ਮੱਛੀ ਡੱਬਿਆਂ ਵਿਚ ਬੰਦ ਕਰਨ ਵਲਾਂ ਲੈ ਕੇ ਜਾਂਦੇ ਜਿੱਥੇ ਕੰਮ
ਥੋੜ੍ਹਾ ਸੁਖਾਲਾ ਹੁੰਦਾ ਹੈ ਤੇ ਪੈਸੇ ਜਿ਼ਆਦਾ ਹੁੰਦੇ ਹਨ ਭਾਵੇਂ ਜਦੋਂ ਸਾਡੀ ਸੀਨੀਰਉਰਟੀ
ਵੀ ਵੱਧ ਹੁੰਦੀ ਸੀ। ਜੇ ਉਨ੍ਹਾਂ ਨੂੰ ਲੋੜ ਹੋਵੇ ਤਾਂ ਉਹ ਸਾਨੂੰ ਉੱਥੇ ਲੈ ਜਾਂਦੇ ਸਨ। ਪਰ,
ਜਦੋਂ ਉਹ ਸਾਡੀ ਜਗ੍ਹਾ ਦੂਜੀਆਂ (ਗੈਰ-ਪੰਜਾਬੀ ਕਾਮੀਆਂ) ਨੂੰ ਲਾਉਣਾ ਚਾਹੁੰਦੀਆਂ ਹੋਣ ਤਾਂ
ਸਾਨੂੰ ਦੱਸਣਗੀਆਂ ਕਿ ਅਸੀਂ ਕੰਮ ਬਹੁਤ ਹੌਲੀ ਕਰਦੀਆਂ ਹਾਂ। ਅਸੀਂ ਉਦੋਂ ਹੌਲੀ ਨਹੀਂ
ਹੁੰਦੀਆਂ ਜਦੋਂ ਉਨ੍ਹਾਂ ਕੋਲ ਉਨ੍ਹਾਂ ਦੀ ਆਪਣੀ ਕੋਈ ਕੰਮ ਕਰਨ ਵਾਲੀ ਨਾ ਹੋਵੇ ਜਾਂ ਜਦੋਂ
ਕੰਮ ਜਿ਼ਆਦਾ ਹੋਵੇ।
ਪਿਛਲੇ ਸਾਲਾਂ ਦੌਰਾਨ ਪਹਿਲਾਂ ਨਾਲੋਂ ਕਾਫੀ ਕੁਛ ਸੁਧਰਿਆ ਹੈ। ਮੈਂ ਹੁਣ ਪਿਛਲੇ ਕਈ ਸਾਲਾਂ
ਤੋਂ ਪੈਚਿੰਗ (3) ਕਰ ਰਹੀ ਹਾਂ। ਉਹ ਇਹ ਗੱਲ ਵੀ ਜਾਣਦੀਆਂ ਹਨ ਕਿ ਇਨ੍ਹਾਂ ਨੂੰ ਭਾਵੇਂ
ਅੰਗ੍ਰੇਜ਼ੀ ਨਹੀਂ ਆਉਂਦੀ ਪਰ ਇਸ ਗੱਲ ਦੀ ਵੀ ਸਮਝ ਹੈ ਕਿ ਕੀ ਹੋ ਰਿਹਾ ਹੈ। ਪਰ ਉਹ ਫੇਰ ਵੀ
ਲਗਾਤਾਰ ਸਾਡੇ ਨਾਲ ਵਿਤਕਰਾ ਕਰਦੀਆਂ ਹਨ ਸਾਡੇ ਨਾਲ ਵੱਖਰਾ ਵਰਤਾਉ ਕਰਦੀਆਂ ਹਨ, ਪਰ ਸਦਾ
ਏਦਾਂ ਹੀ ਹੁੰਦੀ ਰਹੀ ਹੈ।
ਮੈਂ ਤੀਰਥ ਆਂਟੀ ਨੂੰ ਪੁੱਛਿਆ ਕਿ ਕੀ ਉਹਨੂੰ ਪਤਾ ਸੀ ਕਿ ਉਨ੍ਹਾਂ ਦੇ ਕੰਮ ਤੇ ਔਰਤਾਂ
ਵਾਲੇ ਬਾਥਰੂਮ ਦੀਆਂ ਕੰਧਾਂ ਉੱਪਰ ਨਸਲਵਾਦੀ ਕੁੜਾ ਕਰਕਟ ਲਿਖਿਆ ਹੋਇਆ ਹੈ? ਉਹਨੇ ਮੈਨੂੰ
ਦੱਸਿਆ ਕਿ ਇਹ ਗੱਲ ਪਹਿਲਾਂ ਵੀ ਉਹਨੂੰ ਇਕ ਨੌਜਵਾਨ ਪੰਜਾਬੀ ਕੁੜੀ ਨੇ ਦੱਸੀ ਹੈ।
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹਨੇ ਸਾਨੂੰ ਦੱਸਿਆ ਸੀ ਕਿ ਕੰਧਾਂ ਤੇ ਹਿੰਦੂਆਂ ਬਾਰੇ
... ਕੋਈ ਚੰਗੀਆਂ ਗੱਲਾਂ ਨਹੀਂ ... ਲਿਖੀਆਂ ਹੋਈਆਂ ਸਨ ... ਉਹ ਤਾਂ ਬਹੁਤ ਗੁੱਸੇ ਵਿਚ ਸੀ
ਤੇ ਸਾਨੂੰ ਪੁੱਛਦੀ ਸੀ ਕਿ ਕੀ ਅਸੀਂ ਇਸ ਬਾਰੇ ਕੋਈ ਪਰਵਾਹ ਨਹੀਂ ਕਰਦੀਆਂ? ਪਹਿਲੀ ਗੱਲ ਤਾਂ
ਇਹ ਹੈ ਕਿ ਮੈਂ ਪੜ੍ਹ ਨਹੀਂ ਸਕਦੀ ਦੂਜਾ ਇਹ ਕਿ ਮੈਂ ਸਾਲ ਦੇ ਤਿੰਨ ਤੋਂ ਚਾਰ ਮਹੀਨੇ ਡਟ ਕੇ
ਕੰਮ ਕਰਦੀ ਹਾਂ। ਅਖੀਰ ਵਿਚ ਮੈਂ ਆਪਣੇ ਪਰਿਵਾਰ ਨਾਲ ਆਪਣੇ ਜੀਵਨ ਦਾ ਆਨੰਦ ਮਾਣਦੀ ਹਾਂ,
ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹਾਂ, ਆਪਣੇ ਘਰ ਦੀ ਦੇਖ ਭਾਲ ਕਰਦੀ ਹਾਂ। ਜੇ ਅਸੀਂ
ਇੰਡੀਆ ਹੁੰਦੇ ਤਾਂ ਮੈਨੂੰ ਘਰ ਤੋਂ ਬਾਹਰ ਕੰਮ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਣਾ। ਕੈਨਰੀ
ਵਿਚ ਕੰਮ ਕਰਨ ਵਾਲੀਆਂ ਕੁਝ ਔਰਤਾਂ ਕਾਫੀ ਪੜ੍ਹੀਆਂ ਲਿਖੀਆਂ ਵੀ ਹਨ ਅਤੇ ਹੋ ਸਕਦਾ ਹੈ ਉਹ
ਕੋਈ ਸਰਵਿਸ ਵੀ ਕਰਦੀਆਂ ਆਈਆਂ ਹੋਣ। ਮੇਰੇ ਕੋਲ ਇਸ ਕਿਸਮ ਦਾ ਕਦੇ ਵੀ ਮੌਕਾ ਨਹੀਂ ਸੀ
ਹੋਣਾ, ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਉਹ ਕੰਧਾਂ ਤੇ ਕੀ ਲਿਖਦੇ
ਹਨ।
ਮੈਂ ਤੀਰਥ ਆਂਟੀ ਨਾਲ ਦੋ ਵਾਰੀ ਕਾਫੀ ਵਿਸਥਾਰ ਵਿਚ ਗੱਲਬਾਤ ਕੀਤੀ। ਉਹ ਉਨ੍ਹਾਂ ਔਰਤਾਂ
ਵਿਚੋਂ ਵੀ ਸੀ ਜਿਨ੍ਹਾਂ ਨਾਲ ਮੈਂ ਗਰੁੱਪਾਂ ਵਿਚ ਗੱਲਬਾਤ ਕਰਨ ਦੀ ਚੋਣ ਕੀਤੀ ਸੀ। ਉਸ
ਗੱਲਬਾਤ ਵਿਚ ਇਕ ਵਿਸ਼ਾ ਜਿਹੜਾ ਵਾਰ ਵਾਰ ਆਉਂਦਾ ਰਿਹਾ ਉਹ ਸੀ ਬੱਚਿਆ ਦਾ ਵਤੀਰਾ ਜਾਂ
ਰਵੱਈਆ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਬੱਚਿਆ ਦਾ ਵਤੀਰਾ ਭਾਈਚਾਰੇ ਲਈ ਹਮੇਸ਼ਾ ਚਿੰਤਾ ਦਾ
ਹਿੱਸਾ ਰਿਹਾ ਹੈ। ਇਸ ਲਈ, ਮੈਂ ਇਸ ਇਰਾਦੇ ਨਾਲ ਇਹ ਗੱਲ ਪੁੱਛੀ ਸੀ ਕਿ ਉਨ੍ਹਾਂ ਦੇ ਖਿਆਲ
ਵਿਚ ਉਨ੍ਹਾਂ ਦੇ ਕੰਮ ਕਰਨ ਦਾ ਉਨ੍ਹਾਂ ਦੇ ਆਪਣੇ ਬੱਚਿਆਂ ਉੱਪਰ ਕਿਸ ਕਿਸਮ ਦਾ ਪ੍ਰਭਾਵ ਪਿਆ
ਹੈ? ਮੈਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਸਮਝਦੀਆਂ ਹਨ ਕਿ ਊਨ੍ਹਾਂ ਦੇ ਬੱਚੇ
ਉਨ੍ਹਾਂ ਔਰਤਾਂ ਦੇ ਬੱਚਿਆਂ ਨਾਲੋਂ ਵੱਖਰੇ ਹਨ ਜੋ ਪੂਰਾ ਸਮਾਂ ਘਰ ਦੀ ਦੇਖਭਾਲ ਕਰਦੀਆਂ ਹਨ
ਜਾਂ ਜੋ ਸ਼ਹਿਰ ਵਿਚ ਕੰਮ ਕਰਦੀਆਂ ਹਨ? ਸਾਰੀਆਂ ਹੀ ਔਰਤਾਂ ਜਿਨ੍ਹਾਂ ਨਾਲ ਮੈਂ ਗੱਲਬਾਤ
ਕੀਤੀ ਉਨ੍ਹਾਂ ਦਾ ਸਿੱਧਾ ਜਵਾਬ ਇਹੀ ਸੀ ਕਿ ਉਨ੍ਹਾਂ ਦੇ ਬੱਚੇ 'ਚੰਗੇ' ਸਨ: ਉਨ੍ਹਾਂ ਨੂੰ
ਬੱਚਿਆਂ ਬਾਰੇ ਕੋਈ ਸਿ਼ਕਾਇਤ ਨਹੀਂ। ਮੈਂ ਉਨ੍ਹਾਂ ਦਾ ਇਸ ਗੱਲ ਵੱਲ ਧਿਆਨ ਦੁਆਇਆ ਕਿ ਇਕ
ਕੰਮ ਕਰਨ ਵਾਲੀ ਮਾਂ ਦਾ ਬੱਚਿਆਂ ਉੱਪਰ ਹਾਂ-ਪੱਖੀ ਅਸਰ ਵੀ ਹੋ ਸਕਦਾ ਹੈ ਕਿਉਂਕਿ ਮੈਂ ਖੁਦ
ਆਪਣੀ ਪਰਵਰਿਸ਼ ਨੂੰ ਏਸੇ ਤਰ੍ਹਾਂ ਹੀ ਦੇਖਦੀ ਹਾਂ। ਮੇਰੇ ਵਿਚਾਰ ਵਿਚ, ਅਸੀਂ ਖੁਦ-ਮੁਖਤਾਰ
ਹੋਣਾ, ਜਿੰਮੇਵਾਰ ਹੋਣਾ, ਅਤੇ ਆਜ਼ਾਦ ਹੋਣਾ ਇਸੇ ਕਰਕੇ ਸਿੱਖ ਸਕੇ ਕਿਉਂਕਿ ਜਦੋਂ ਮੇਰੀ ਮਾਂ
ਕੰਮ ਕਰਦੀ ਸੀ ਤਾਂ ਸਾਰੀ ਜਿੰਮੇਵਾਰੀ ਸਾਡੇ ਸਿਰ ਤੇ ਸੀ। ਪਰ, ਉਨ੍ਹਾਂ ਦੇ ਜਵਾਬ ਕੈਨਰੀ
ਵਿਚ ਵਿਹਲੇ ਸਮੇਂ ਵਾਲੀ ਗੱਲਬਾਤ ਵਰਗੇ ਸਨ।
ਇਸ ਕਿਸਮ ਦੀ ਬਹੁਤੀ ਗੱਲਬਾਤ ਜਿਹੜੀ ਲੰਚ ਸਮੇਂ ਚਲਦੀ ਸੀ ਉਹ ਦੂਜੇ ਲੋਕਾਂ ਦੇ ਬੱਚਿਆਂ
ਬਾਰੇ ਚੁਗਲੀਆਂ ਜਾਂ ਭਾਈਚਾਰੇ ਵਿਚਲੇ ਬੱਚਿਆਂ ਦੇ ਮਾੜੇ ਵਰਤਾਉ ਬਾਰੇ ਹੁੰਦੀ। ਕਈ ਵਾਰੀ
ਔਰਤਾਂ ਅਸਿੱਧੇ ਤੌਰ ਤੇ ਉਨ੍ਹਾਂ ਔਰਤਾਂ ਦੀ ਆਲੋਚਨਾ ਵਾਲੀਆਂ ਗੱਲਾਂ ਕਰਦੀਆਂ ਜਿਨ੍ਹਾਂ ਦੇ
ਬੱਚਿਆਂ ਨੂੰ ਭਾਈਚਾਰੇ ਦੇ ਮਿਆਰ ਅਨੁਸਾਰ 'ਚੰਗੇ' ਨਹੀਂ ਸੀ ਸਮਝਿਆ ਜਾਂਦਾ - ਜਿਨ੍ਹਾਂ ਨੂੰ
ਮਾੜੀਆਂ ਆਦਤਾਂ ਵਾਲੇ, ਵਿਆਹ ਕਰਾਉਣ ਦੇ ਇਰਾਦੇ ਬਿਨਾਂ ਡੇਟਿੰਗ ਕਰਨ ਵਾਲੇ, ਬਹੁਤੇ ਕੇਸਾਂ
ਵਿਚ 'ਬਾਹਰ ਭੱਜੇ ਫਿਰਨ (ਰਨਿੰਗ ਅਰਾਊਂਡ) ਵਾਲੇ ਸਮਝਿਆ ਜਾਂਦਾ ਸੀ। ਇਨ੍ਹਾਂ ਕਿੰਤੂਆਂ ਅਤੇ
ਲੰਚ ਵਿਚਲੀਆਂ ਚੁਗਲੀਆਂ ਦੇ ਸੈਸ਼ਨਾਂ ਵਿਚੋਂ ਜਿਹੜੀ ਇਕ ਚੀਜ਼ ਸਾਹਮਣੇ ਆਉਂਦੀ ਸੀ ਉਹ ਸੀ
'ਚੰਗੇ' ਬੱਚੇ ਦੀਆਂ ਕੀ ਸਿਫਤਾਂ ਸਨ। ਮਾਪੇ ਜਿਨ੍ਹਾਂ ਦੇ ਬੱਚੇ 'ਚੰਗੇ' ਨਹੀਂ ਸਨ ਉਹ ਆਪਣੇ
ਆਪ ਨੂੰ ਪੰਜਾਬੀ ਭਾਈਚਾਰੇ ਤੋਂ ਬਾਹਰ ਮਹਿਸੂਸ ਕਰਦੇ ਜਾਂ ਖੁਦ ਹੀ ਆਪਣੇ ਬੱਚਿਆਂ ਕਰਕੇ
ਏਥੋਂ ਤੱਕ ਘਟੀਆ ਮਹਿਸੂਸ ਕਰਦੇ ਕਿ ਕਈ ਵਾਰੀ ਆਪਣੇ ਆਪ ਨੂੰ ਭਾਈਚਾਰੇ ਤੋਂ ਵੱਖ ਕਰ ਲੈਂਦੇ।
ਚੁਗਲੀਆਂ ਔਰਤਾਂ ਦਰਮਿਆਨ ਖਿਚਾਅ ਅਤੇ ਬੇਭਰੋਸਗੀ ਦਾ ਕਾਰਨ ਬਣਦੀਆਂ। ਉਹ ਔਰਤਾਂ ਜਿਨ੍ਹਾਂ
ਦੇ ਬੱਚੇ 'ਚੰਗੇ' ਸਨ ਉਹ ਖੁਦ ਨੂੰ ਖਿੱਚ ਦਾ ਕੇਂਦਰ ਸਮਝਦੀਆਂ: ਉਹ ਆਪਣੇ ਬੱਚਿਆਂ ਬਾਰੇ
ਖੁੱਲ੍ਹ ਕੇ ਗੱਲਾਂ ਕਰਦੀਆਂ। ਇਹ ਗੱਲਾਂ ਭਾਈਚਾਰੇ ਵਿਚ ਆਪਣੀ ਸ਼ਾਖ ਬਣਾਈ ਰੱਖਣ ਦੇ ਹੀ ਯਤਨ
ਸਨ ਕਿ ਕਿਤੇ ਉਹ ਵੀ ਆਪਣੀ ਭੱਲ ਨਾ ਗੁਆ ਬਹਿਣ। ਭਾਈਚਾਰੇ ਵਿਚ ਕੇਂਦਰ ਦਾ ਸਥਾਨ ਕਾਇਮ ਰੱਖਣ
ਲਈ ਭਾਈਚਾਰੇ ਵਲੋਂ ਸਤਿਕਾਰੇ ਜਾਂਦੇ ਪੰਜਾਬੀ ਰਸਮਾਂ ਰੀਤਾਂ ਨੂੰ ਵੱਧ ਚੜ੍ਹ ਕੇ ਮੰਨਣਾ
ਜ਼ਰੂਰੀ ਸਮਝਿਆ ਜਾਂਦਾ। ਭਾਈਚਾਰੇ ਦੇ ਮਿਆਰ ਇਸ ਗੱਲ ਦੀ ਹਿਦਾਇਤ ਕਰਦੇ ਸਨ ਕਿ ਇਕ ਕਾਮਯਾਬ
ਪੰਜਾਬੀ ਸਿੱਖ ਕਨੇਡੀਅਨ ਹੋਣ ਲਈ ਤੁਹਾਡੇ ਲਈ ਇਕ ਚੰਗੀ ਚੋਖੀ ਤਨਖਾਹ ਵਾਲੀ ਨੌਕਰੀ ਹੋਣਾ,
ਕਿਸੇ ਚੰਗੇ ਪੰਜਾਬੀ ਬੰਦੇ ਜਾਂ ਔਰਤ ਨਾਲ ਵਿਆਹ ਹੋਣਾ ਇਕ ਚੰਗਾ ਘਰ ਹੋਣਾ ਤੇ ਬੱਚਿਆਂ ਦਾ
ਚੰਗਾ ਵਰਤਾਉ ਹੋਣਾ ਜ਼ਰੂਰੀ ਸਮਝੇ ਜਾਂਦੇ ਸਨ। ਔਰਤਾਂ ਲਈ ਇਹ ਤੱਤ ਇਕ ਉਹ ਨਮੂਨਾ ਜਾਂ ਖਾਕਾ
ਹੈ ਜਿਹਦੇ ਨਾਲ ਉਹ ਖੁਦ ਆਪਣਾ ਵਰਤਾਉ ਅਤੇ ਆਪਣੇ ਬੱਚਿਆਂ ਦਾ ਵਰਤਾਉ ਮਿਣਦੀਆਂ ਘੋਖਦੀਆਂ
ਹਨ। ਸਿਰਫ ਜਦੋਂ ਸਥਾਪਤ ਵਰਤਾਉ ਤੋਂ ਕਿਸੇ ਕਿਸਮ ਦੀ ਕੁਤਾਹੀ ਭਾਈਚਾਰੇ ਦੇ ਲੋਕਾਂ ਵਲੋਂ
ਕਿਸੇ ਵਿਚ ਸਮਝੀ ਜਾਂ ਦੇਖੀ ਜਾਂਦੀ ਸੀ ਤਾਂ ਉਹ ਵਿਅਕਤੀ ਜਾਂ ਪਰਿਵਾਰ ਭਾਈਚਾਰੇ ਵਿਚੋਂ
ਬਾਹਰ ਸਮਝੇ ਜਾਂਦੇ ਸਨ।
ਅਸੀਂ ਘਰ ਵਿਚ ਪੰਜਾਬੀ ਬੋਲਦੇ ਸਾਂ ਇਸ ਲਈ ਮੇਰੇ ਬੱਚੇ ਅਜੇ ਵੀ ਪੂਰੀ ਪੰਜਾਬੀ ਬੋਲਦੇ
ਹਨ। ਅਸੀਂ ਉਨ੍ਹਾਂ ਨੂੰ ਸਭ ਕੁਝ ਦਿੱਤਾ - ਚੰਗਾ ਖਾਣਾ, ਇਕ ਵਧੀਆ ਘਰ - ਇਸ ਤੋਂ ਵੱਧ ਹੋਰ
ਪਿਆਰ ਕੀ ਹੁੰਦਾ ਹੈ? ਸਾਡੇ ਬੱਚੇ ਹਮੇਸ਼ਾਂ ਚੰਗੇ ਸਨ। ਮੇਰੀਆਂ ਧੀਆਂ ਨੇ ਸਾਡੇ ਨਾਂ ਨੂੰ
ਕੋਈ ਵੱਟਾ ਨਹੀਂ ਲਾਇਆ। ਹੋਰ ਬੱਚਿਆਂ ਬਾਰੇ ਅਕਸਰ ਆਲੇ ਦੁਆਲੇ ਗੱਲਾਂ ਚਲਦੀਆਂ ਰਹਿੰਦੀਆਂ
ਸਨ ਪਰ ਕਦੇ ਵੀ ਸਾਡੇ ਬੱਚਿਆਂ ਬਾਰੇ ਨਹੀਂ। ਜੇ ਕਦੇ ਵੀ ਕਿਸੇ ਨੇ ਵੀ ਸਾਡੇ ਬੱਚਿਆਂ ਬਾਰੇ
ਕੋਈ ਗੱਲ ਕੀਤੀ ਹੋਵੇ ਤਾਂ ਅਸੀਂ ਉਹ ਗੱਲ ਆਪਣੇ ਬੱਚਿਆਂ ਨਾਲ ਵਿਚਾਰਦੇ ਸੀ। ਪਰ ਉਨ੍ਹਾਂ
ਨੂੰ ਪਹਿਲਾਂ ਹੀ ਬਿਹਤਰ ਪਤਾ ਸੀ ਕਿ ਲੋਕਾਂ ਦੀਆਂ ਚੁਗਲੀਆਂ ਤੋਂ ਬਚਣਾ ਹੈ।
ਤੀਰਥ ਆਂਟੀ ਨੇ ਆਪਣੇ ਬੱਚਿਆਂ ਨੂੰ ਯੁਨੀਵਰਸਿਟੀ ਭੇਜਿਆ। ਉਸ ਵੇਲੇ ਉਹਨੇ ਇਹਨੂੰ ਕੁਝ ਕੁਝ
ਖਤਰੇ ਵਾਲੀ ਗੱਲ ਸਮਝਿਆ ਸੀ ਕਿਉਂਕਿ ਕਈ ਦੂਜੇ ਮਾਪੇ ਇਸ ਗੱਲ ਨਾਲ ਸਹਿਮਤ ਨਹੀਂ ਸਨ ਕਿ
ਬੱਚਿਆਂ ਨੂੰ ਬਹੁਤੀ ਆਜ਼ਾਦੀ ਦਿੱਤੀ ਜਾਵੇ।
ਅਸੀਂ ਉਨ੍ਹਾਂ ਤੇ ਇਸ ਗੱਲ ਦਾ ਯਕੀਨ ਕੀਤਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਚੰਗੀਆਂ ਗੱਲਾਂ
ਕੀ ਹਨ। ਮੇਰਾ ਪਤੀ ਸ਼ਹਿਰ ਦੇ ਉਨ੍ਹਾਂ ਮਾਪਿਆਂ ਵਾਂਗ ਨਹੀਂ ਸੀ ਬਣਨਾ ਚਾਹੁੰਦਾ ਜਿਨ੍ਹਾਂ
ਨੇ ਆਪਣੀਆਂ ਧੀਆਂ ਦੇ ਉਸੇ ਵੇਲੇ ਕਾਹਲੀ ਨਾਲ ਵਿਆਹ ਕਰ ਦਿੱਤੇ ਜਦੋਂ ਉਨ੍ਹਾਂ ਨੇ ਹਾਈ ਸਕੂਲ
ਖਤਮ ਕੀਤੇ ਸਨ। ਇਹ ਮੇਰੀ ਇੱਛਾ ਤਾਂ ਨਹੀਂ ਸੀ ਪਰ ਮੈਂ ਚਾਹੁੰਦੀ ਸੀ ਕਿ ਉਹ ਚੰਗੀਆਂ
ਨੌਕਰੀਆਂ ਲੈਣ ਜੋਗੀਆਂ ਹੋ ਜਾਣ - ਕਿਸੇ ਬੈਂਕ ਵਿਚ ਕੰਮ ਜਾਂ ਕਿਸੇ ਹੋਰ ਦਫਤਰ ਵਗੈਰਾ ਵਿਚ।
ਪਰ ਮੈਨੂੰ ਪਤਾ ਹੈ ਕਿ ਜੇ ਉਹ ਲੰਮਾ ਸਮਾਂ ਕੁਆਰੀਆਂ ਹੀ ਰਹਿਣ ਤਾਂ ਉਨ੍ਹਾਂ ਦੇ ਆਪਣੇ ਹੀ
ਖਿਆਲ ਬਣ ਜਾਂਦੇ ਹਨ।
ਮੇਰੀਆਂ ਧੀਆਂ ਦੇ ਵਿਆਹ ਇਥੋਂ ਦੇ (ਕਨੇਡਾ ਦੇ) ਮੁੰਡਿਆਂ ਨਾਲ ਹੀ ਹੋਏ ਹਨ ਜਿਨ੍ਹਾਂ ਦੇ
ਚੰਗੇ ਕਾਰੋਬਾਰ ਹਨ, ਦੋ ਵੱਡੀਆਂ ਧੀਆਂ ਦੇ। ਆਪਣੇ ਮੁੰਡੇ ਬਾਰੇ ਮੈਨੂੰ ਫਿਕਰ ਰਹਿੰਦਾ ਹੈ
ਕਿਉਂਕਿ ਉਹਨੇ ਅਜੇ ਵਿਆਹ ਨਹੀਂ ਕਰਵਾਇਆ ਅਤੇ ਨਾ ਹੀ ਅਜੇ ਉਹਦਾ ਇਰਾਦਾ ਲਗਦਾ ਹੈ ਵਿਆਹ
ਕਰਵਾਉਣ ਦਾ ਅਤੇ ਮੇਰੀ ਛੋਟੀ ਧੀ ਕੰਮ ਕਰਦੀ ਹੈ। ਅਸੀਂ ਉਨ੍ਹਾਂ ਦੋਵਾਂ ਨੂੰ ਹੀ ਕਹਿ ਦਿੱਤਾ
ਹੈ ਕਿ ਜੇ ਉਨ੍ਹਾਂ ਨੂੰ ਕੋਈ ਚੰਗਾ ਵਿਅਕਤੀ ਲੱਭਦਾ ਹੈ ਤਾਂ ਉਹ ਸਾਨੂੰ ਦੱਸ ਦੇਣ। ਮੇਰੀਆਂ
ਦੂਜੀਆਂ ਧੀਆਂ ਨੇ ਜਿਹੜੇ ਮੁੰਡਿਆਂ ਨਾਲ ਵਿਆਹ ਕਰਵਾਏ ਹਨ ਉਨ੍ਹਾਂ ਨਾਲ ਵਿਆਹ ਕਰਵਾਉਣ ਦਾ
ਫੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਮੁੰਡੇ ਦਿਖਾਏ/ਮਿਲਾਏ ਸਨ। ਮੇਰੀ ਭੈਣ ਨੇ
ਟਰਾਂਟੋ ਤੋਂ ਫੋਨ ਕੀਤਾ ਕਿ ਉਨ੍ਹਾਂ ਦੇ ਇਕ ਜਾਣਕਾਰ ਪਰਿਵਾਰ ਵਾਲੇ ਆਪਣੇ ਮੁੰਡੇ ਵਾਸਤੇ
ਕੁੜੀ ਭਾਲ ਰਹੇ ਸਨ। ਮੇਰਾ ਪਤੀ ਦਾਜ ਵਗੈਰਾ ਵਿਚ ਯਕੀਨ ਨਹੀਂ ਕਰਦਾ ਅਤੇ ਉਹ ਪਰਿਵਾਰ ਦਾਜ
ਚਾਹੁੰਦਾ ਵੀ ਨਹੀਂ ਸੀ। ਅਸੀਂ ਸਾਰੇ ਬੜੇ ਖੁਸ਼ ਹਾਂ। ਸ਼ਮੀ ਵੈਨਕੂਵਰ ਰਹਿੰਦੇ ਮੁੰਡੇ ਨਾਲ
ਵਿਆਹੀ ਹੋਈ ਹੈ ਤੇ ਉਹਦੇ ਅੱਗੇ ਇਕ ਮੁੰਡਾ ਤੇ ਕੁੜੀ ਹਨ। ਸਾਨੂੰ ਇਸ ਮੁੰਡੇ ਬਾਰੇ ਅਜੀਤ
ਅਖਬਾਰ ਵਿਚ ਵਿਆਹਾਂ ਵਾਲੇ ਇਸ਼ਤਿਹਾਰ ਤੋਂ ਪਤਾ ਲੱਗਾ। ਹੁਣ ਮੈਂ ਦੋਵਾਂ ਛੋਟਿਆਂ ਨੂੰ
ਮਨਾਉਣ ਦੀ ਕੋਸ਼ਸ਼ ਕਰ ਰਹੀ ਹਾਂ ਕਿ ਉਹ ਵੀ ਆਪਣੇ ਘਰ ਵਸਾ ਲੈਣ। ਅਣਵਿਆਹੇ ਬੱਚਿਆਂ ਦਾ
ਮਾਪਿਆਂ ਨੂੰ ਹਰ ਵੇਲੇ ਫਿਕਰ ਰਹਿੰਦਾ ਹੈ। ਬਹੁਤ ਚਿੰਤਾ ਹੁੰਦੀ ਹੈ। ਇਕ ਵਾਰੀ ਉਨ੍ਹਾਂ ਦਾ
ਵਿਆਹ ਹੋ ਜਾਵੇ ਤੇ ਉਹ ਘਰ ਵਸਾ ਲੈਣ ਫੇਰ ਸਾਡੇ ਮੋਢਿਆਂ ਤੋਂ ਭਾਰ ਲਹਿ ਜਾਂਦਾ ਹੈ।
ਮੈਨੂੰ ਦੂਜੀ ਕੌਮ ਜਾਂ ਨਸਲਾਂ ਨਾਲ ਵਿਆਹ ਹੋਣ ਦਾ ਕੋਈ ਡਰ ਨਹੀਂ ਕਿਉਂਕਿ ਮੈਨੂੰ ਪਤਾ ਹੈ
ਕਿ ਮੇਰੇ ਬੱਚੇ ਏਦਾਂ ਨਹੀਂ ਕਰਨਗੇ ਭਾਵੇਂ ਇਹ ਗੱਲਾਂ ਹੁਣ ਰੋਜ਼ ਰੋਜ਼ ਵਾਪਰ ਰਹੀਆਂ ਹਨ।
ਸੰਤੋਖ ਸਿੰਘ ਦੀ ਬੇਸਮਿੰਟ ਵਿਚ ਇਕ ਆਪਣੀ ਕੁੜੀ ਗੋਰੇ ਨਾਲ ਰਹਿ ਰਹੀ ਹੈ। ਉਨ੍ਹਾਂ ਨੂੰ ਏਨੀ
ਵੀ ਸ਼ਰਮ ਨਹੀਂ ਕਿ ਵਿਆਹ ਹੀ ਕਰਾ ਲੈਣ। ਉਹਦੀ ਮਾਂ ਦੂਜਿਆਂ ਲੋਕਾਂ ਦੇ ਨਿਆਣਿਆਂ ਦੀਆਂ ਲਾ
ਲਾ ਕੇ ਗੱਲਾਂ ਕਰਦੀ ਹੁੰਦੀ ਸੀ ਪਰ ਉਹਦੀ ਆਪਣੀ ਧੀ ਨਾਲ ਹੋਈ ਇਸ ਗੱਲ ਨੇ ਉਹਦਾ ਮੂੰਹ ਬੰਦ
ਕਰ ਦਿੱਤਾ ਹੈ। ਉਹ ਏਨੀ ਸ਼ਰਮ ਮੰਨਦੀ ਹੈ ਕਿ ਮੈਨੂੰ ਉਹ ਕਦੀ ਕਿਸੇ ਪਾਸੇ ਦਿਸੀ ਹੀ ਨਹੀਂ।
ਕਈ ਵਾਰੀ ਇਨ੍ਹਾਂ ਨਿਆਣਿਆਂ ਨੂੰ ਆਪਣੇ ਪਰਿਵਾਰਾਂ ਦੀ ਨਾ ਕੋਈ ਸ਼ਰਮ ਹੈ ਤੇ ਨਾ ਹੀ ਉਨ੍ਹਾਂ
ਵਲ ਕਿਸੇ ਜ਼ੁੰਮੇਵਾਰੀ ਦਾ ਅਹਿਸਾਸ। ਅਤੇ ਉਹ ਕੁੜੀ ਮੁੜ ਕੇ ਗਰਭਵਤੀ ਹੈ। ਉਹਦੇ ਬੱਚੇ ਕਿਸ
ਕਿਸਮ ਦਾ ਜੀਵਨ ਜੀਣਗੇ? ਤੂੰ ਦੇਖਦੀ ਹੀ ਏਂ ਗੋਰੇ ਕਿੱਦਾਂ ਰਹਿੰਦੇ ਹਨ। ਉਹ ਉਹਨੂੰ ਭਾਵੇਂ
ਕਿਸੇ ਵੇਲੇ ਵੀ ਛੱਡ ਕੇ ਔਹ ਜਾਵੇ ਤੇ ਉਨ੍ਹਾਂ ਦਾ ਅਜੇ ਵਿਆਹ ਵੀ ਨਹੀਂ ਹੋਇਆ।
ਮੇਰੇ ਪਤੀ ਨੇ ਅਤੇ ਮੈਂ ਵੈਨਕੂਵਰ ਵਿਚ ਇਕ ਘਰ ਖ੍ਰੀਦਿਆ ਹੈ ਅਤੇ ਅਸੀਂ ਦੋ ਕੁ ਸਾਲਾਂ ਨੂੰ
ਉੱਥੇ ਮੂਵ ਹੋ ਜਾਂਵਾਂਗੇ। ਟੈਰੇਸ ਤੋਂ ਬਹੁਤ ਲੋਕ ਮੂਵ ਹੋ ਗਏ ਹਨ ਸੋ ਅਸੀਂ ਉਨ੍ਹਾਂ ਨਾਲ
ਮਿਲ ਗਿਲ ਸਕਦੇ ਹਾਂ ਅਤੇ ਨਾਲੇ ਆਪਣੇ ਬੱਚਿਆਂ ਕੋਲ ਹੋਵਾਂਗੇ। ਮੇਰੀ ਭਤੀਜੀ ਤੇ ਭਤੀਜਾ ਵੀ
ਆਪਣੇ ਟੱਬਰਾਂ ਨਾਲ ਉੱਥੇ ਹੀ ਰਹਿੰਦੇ ਹਨ। ਹਰ ਕੋਈ ਹਰ ਵੇਲੇ ਇਹ ਸਿ਼ਕਾਇਤ ਲਾਉਂਦਾ ਰਹਿੰਦਾ
ਹੈ ਕਿ ਉਹ ਵੈਨਕੂਵਰ ਨੂੰ ਜਾਂ ਸ਼ਹਿਰ ਵਿਚ ਰਹਿਣ ਨੂੰ ਪਸੰਦ ਨਹੀਂ ਕਰਦੇ ਪਰ ਮੈਂ ਤਾਂ ਪਸੰਦ
ਕਰਦੀ ਹਾਂ। ਮੈਨੂੰ ਤਾਂ ਸ਼ਹਿਰ ਦੀ ਰੌਣਕ ਪਸੰਦ ਹੈ। ਮੈਨੂੰ ਤਾਂ ਏਥੇ ਰਹਿਣਾ ਵੀ ਚੰਗਾ
ਲਗਦਾ ਹੈ। ਮੈਂ ਆਪਣੇ ਸਾਰੇ ਗੁਆਂਢੀਆਂ ਨੂੰ ਜਾਣਦੀ ਹਾਂ ਤੇ ਉਨ੍ਹਾਂ ਦੇ ਬੱਚੇ ਆ ਕੇ ਮੇਰੀ
ਯਾਰਡ ਵਿਚ ਖੇਡਦੇ ਰਹਿੰਦੇ ਹਨ। ਅਸੀਂ ਜਿੱਥੇ ਵੀ ਜਾਂਦੇ ਹਾਂ ਲੋਕ ਮੈਨੂੰ ਤੇ ਮੇਰੇ ਪਤੀ
ਨੂੰ ਜਾਣਦੇ ਹੁੰਦੇ ਹਨ। ਸੇਫਵੇਅ ਵਿਚ ਵੀ ਉਹ ਸਾਨੂੰ ਨਾਂ ਲੈ ਕੇ ਬੁਲਾਉਂਦੇ ਹਨ। ਇਹ ਠੀਕ
ਹੈ ਕਿ ਛੋਟੇ ਸ਼ਹਿਰ ਵਿਚ ਕੰਮ ਕਰਨੇ ਸੁਖਾਲੇ ਹੁੰਦੇ ਹਨ, ਜਿੱਦਾਂ ਡਾਕਟਰ ਕੋਲ ਜਾਣਾ ਜਾਂ
ਬੈਂਕ ਨੂੰ ਜਾਣਾ। ਵੈਨਕੂਵਰ ਨਾਲੋਂ ਸਭ ਕੁਝ ਘੱਟ ਸਮੇਂ ਵਿਚ ਕੀਤਾ ਜਾ ਸਕਦਾ ਹੈ। ਪਰ ਮੈਂ
ਤਾਂ ਹੁਣ ਮੂਵ ਹੋਣ ਲਈ ਤਿਆਰ ਹਾਂ। ਮੇਰਾ ਪਤੀ ਨਹੀਂ ਏਥੋਂ ਜਾਣਾ ਚਾਹੁੰਦਾ ਕਿਉਂਕਿ ਉਹਨੂੰ
ਏਥੇ ਰਹਿਣਾ ਬਹੁਤ ਪਸੰਦ ਹੈ। ਪਰ ਅਸੀਂ ਆਪਣੇ ਨਿਆਣਿਆਂ ਦੇ ਕੋਲ ਵੀ ਰਹਿਣਾ ਚਾਹੁੰਦੇ ਹਾਂ।
ਮੈਂ ਤਾਂ ਚਾਅ ਨਾਲ ਰੀਟਾਇਰ ਹੋਣ ਦੀ ਉਡੀਕ ਕਰ ਰਹੀ ਹਾਂ ਤਾਂ ਕਿ ਮੈਂ ਉਹ ਸਮਾਂ ਆਪਣੇ
ਦੋਹਤੇ ਦੋਹਤੀਆਂ ਨਾਲ ਗੁਜ਼ਾਰ ਸਕਾਂ। ਮੈਂ ਇਨ੍ਹਾਂ ਗੋਰਿਆਂ ਵਾਂਗ ਨਹੀਂ ਜਿਹੜੇ ਹਰ ਵੇਲੇ
ਕੰਮ ਹੀ ਕਰਨਾ ਚਾਹੁੰਦੇ ਹਨ। ਮੈਂ ਤਾਂ ਜਿੰਨੀ ਛੇਤੀ ਹੋ ਸਕਿਆ ਹੀ ਰੀਟਾਇਰ ਹੋ ਜਾਵਾਂਗੀ ਤੇ
ਜਿੰਦਗੀ ਦਾ ਆਨੰਦ ਲਵਾਂਗੀ।
ਹੁਣ ਅਸੀਂ ਸਾਰੇ ਬੁੱਢੇ ਹੋ ਰਹੇ ਹਾਂ। ਠੀਕ ਹੈ ਕਿ ਮੈਂ ਕੰਮ ਬਿਨਾਂ ਉਦਾਸ ਹੋਵਾਂਗੀ ਪਰ
ਮੈਂ ਤਾਂ ਜਿੰਨੀ ਛੇਤੀ ਹੋ ਸਕਿਆ ਰੀਟਾਇਰ ਹੋਵਾਂਗੀ। ਅਸੀਂ ਕੈਨਰੀ ਵਿਚ ਕੰਮ ਕਰਨ ਵਾਲੀਆਂ
ਸਹੇਲੀਆਂ ਰੀਟਾਇਰ ਹੋਣ ਬਾਅਦ ਮਿਲਦੀਆਂ ਗਿਲਦੀਆਂ ਰਹਾਂਗੀਆਂ। ਅਤੇ ਜੇ ਸਾਡੇ ਬੱਚਿਆਂ ਨੇ
ਸਾਡੀ ਮਦਦ ਕਰਨ ਦਾ ਫੈਸਲਾ ਕੀਤਾ ਤਾਂ ਮੈਂ ਤਾਂ ਉਹ ਮਦਦ ਖੁਸ਼ੀ ਖੁਸ਼ੀ ਲੈ ਲਵਾਂਗੀ ਤੇ
ਆਪਣੇ ਦੋਹਤਿਆਂ/ਦੋਹਤੀਆਂ ਤੇ ਪੋਤਿਆਂ/ਪੋਤੀਆਂ ਨਾਲ ਖੇਡਾਂਗੀ।
ਜਗਦੀਸ਼ ਆਂਟੀ ਜੀ
ਜਗਦੀਸ਼ ਆਂਟੀ ਤੀਰਥ ਆਂਟੀ
ਤੋਂ ਪੰਦਰਾਂ ਵਰ੍ਹੇ ਛੋਟੀ ਹੈ। ਉਸ ਦੇ ਦੋਵੇਂ ਮਾਪੇ ਅਧਿਆਪਕ ਸਨ ਤੇ ਉਨ੍ਹਾਂ ਨੇ ਉਸ ਨੂੰ
ਅਤੇ ਆਪਣੇ ਹੋਰ ਤਿੰਨਾਂ ਬੱਚਿਆਂ ਨੂੰ ਕਾਲਜ ਦੀ ਪੜ੍ਹਾਈ ਕਰਨ ਲਈ ਪ੍ਰੇਰਿਆ। ਉਹਨੇ ਔਰਤਾਂ
ਦੇ ਕਾਲਜ ਵਿਚ ਵਿਦਿਆ ਪ੍ਰਾਪਤ ਕੀਤੀ ਅਤੇ ਬੀ ਏ ਦੀ ਡਿਗਰੀ ਹਾਸਲ ਕੀਤੀ। ਉਹ ਕਨੇਡਾ ਆਉਣ
ਤੋਂ ਪਹਿਲਾਂ ਚੰਗੀ ਤਰ੍ਹਾਂ ਅੰਗ੍ਰੇਜ਼ੀ ਜਾਣਦੀ ਸੀ ਤੇ ਹੁਣ ਬਾਈ ਵਰ੍ਹੇ ਏਥੇ ਰਹਿਣ ਬਾਅਦ
ਉਹ ਪੂਰੀ ਰਵਾਨੀ ਨਾਲ ਅੰਗ੍ਰੇਜ਼ੀ ਬੋਲਦੀ ਹੈ। ਉਹ ਤਿੰਨ ਬੱਚਿਆਂ ਦੀ ਮਾਂ ਹੈ, ਦੋ ਕੁੜੀਆਂ
ਅਤੇ ਇਕ ਮੁੰਡਾ। ਉਹ ਕਨੇਡਾ ਬੀ ਸੀ ਦੇ ਉੱਤਰੀ ਪੱਛਮੀ ਇਲਾਕੇ ਵਿਚ ਰਹਿਣਾ ਬਹੁਤ ਪਸੰਦ ਕਰਦੀ
ਹੈ। ਉਹ ਆਪਣੇ ਭਾਈਚਾਰੇ ਵਿਚ, ਪੰਜਾਬੀ ਅਤੇ ਗੈਰ-ਪੰਜਾਬੀ ਸਹੇਲੀਆਂ ਨਾਲ ਇਕ ਪੂਰੀ ਸਰਗਰਮੀ
ਵਾਲਾ ਜੀਵਨ ਬਤੀਤ ਕਰਦੀ ਹੈ। ਪਰ, ਉਹ ਵੀ ਦਸ ਜਾਂ ਪੰਦਰਾਂ ਸਾਲਾਂ ਨੂੰ ਆਪਣੇ ਬੱਚਿਆਂ ਦੇ
ਮਗਰ ਹੀ ਲੋਅਰ ਮੇਨਲੈਂਡ ਦੇ ਇਲਾਕੇ ਵਿਚ ਜਾ ਕੇ ਰਹੇਗੀ ਕਿਉਂਕਿ ਉਦੋਂ ਨੂੰ ਹੀ ਅੰਕਲ (ਉਸ
ਦਾ ਪਤੀ) ਅਗੇਤੀ ਰੀਟਾਇਰਮੈਂਟ ਲੈਣ ਯੋਗ ਹੋਵੇਗਾ। ਉਨ੍ਹਾਂ ਨੇ ਆਪਣੇ ਭਵਿੱਖ ਦੀਆਂ
ਯੋਜਨਾਵਾਂ ਅਨੁਸਾਰ ਪਹਿਲਾਂ ਹੀ ਸਰੀ ਵਿਚ ਇਕ ਘਰ ਖ੍ਰੀਦ ਲਿਆ ਹੈ।
ਆਂਟੀ ਨੇ ਭਾਰਤ ਰਹਿੰਦਿਆਂ ਹੀ ਗੁਆਂਢੀਆਂ ਅਤੇ ਸਹੇਲੀਆਂ ਕੋਲੋਂ ਕਨੇਡਾ ਬਾਰੇ ਸੁਣਿਆਂ ਸੀ
ਤੇ ਉਹਦੇ ਮਨ ਵਿਚ ਕਨੇਡਾ ਆਉਣ ਦਾ ਸੁਫਨਾ ਸੀ। ਜਦੋਂ ਉਹਦੇ ਪਰਿਵਾਰ ਨੇ ਕਨੇਡਾ ਗਏ ਹੋਏ ਇਕ
ਨੌਜਵਾਨ ਮੁੰਡੇ ਦੇ ਪਰਿਵਾਰ ਨਾਲ ਉਹਨੂੰ ਮਿਲਾਉਣ ਦਾ ਪ੍ਰਬੰਧ ਕੀਤਾ ਤਾਂ ਉਹਨੂੰ ਬਾਹਰ ਜਾਣ
ਦੇ ਮਿਲੇ ਇਸ ਮੌਕੇ ਕਾਰਨ।
ਮੇਰੇ ਪਤੀ ਦਾ ਪਰਿਵਾਰ ਇੰਡੀਆਂ ਨੂੰ ਗਿਆ ਤੇ ਉਨ੍ਹਾਂ ਨੇ ਮੇਰੀ ਇਕ ਆਂਟੀ ਰਾਹੀਂ ਮੇਰੇ ਨਾਲ
ਮੁਲਾਕਾਤ ਕੀਤੀ। ਮੈਂ ਆਪਣੀ ਬੀ ਏ ਖਤਮ ਕਰ ਲਈ ਸੀ ਪਰ ਅਜੇ ਕੋਈ ਕੰਮ ਕਰਨਾ ਨਹੀਂ ਸੀ ਸ਼ੁਰੂ
ਕੀਤਾ। ਮੇਰੇ ਮਨ ਵਿਚ ਹਮੇਸ਼ਾਂ ਤੋਂ ਹੀ ਬਾਹਰ ਜਾਣ ਦੀ ਖਾਹਿਸ਼ ਸੀ ਕਿਉਂਕਿ ਮੇਰੀਆਂ
ਸਹੇਲੀਆਂ, ਅਤੇ ਜਮਾਤਣਾਂ ਦੂਜੇ ਮੁਲਕਾਂ ਵਿਚ ਰਹਿ ਰਹੀਆਂ ਸਨ। ਅਸੀਂ ਇਕ ਦੂਜੀ ਨੂੰ ਖਤ
ਲਿਖਦੀਆਂ ਹੁੰਦੀਆਂ ਸੀ ਤੇ ਮੈਂ ਕਨੇਡਾ ਵਿਚ ਉਨ੍ਹਾਂ ਦੇ ਜੀਵਨ ਬਾਰੇ ਜਾਣਦੀ ਸੀ।
ਜਦ ਕਨੇਡਾ ਆਉਣ ਦਾ ਮੌਕਾ ਮਿਲਿਆ ਤਾਂ ਮੈਂ ਆ ਗਈ। ਮੈਂ 1972 ਵਿਚ ਆਈ ਸੀ ਤੇ ਮੇਰਾ ਵਿਆਹ
ਏਥੇ ਹੀ ਹੋਇਆ ਸੀ। ਤੇਰਾ ਅੰਕਲ ਏਥੇ ਪਹਿਲਾਂ ਹੀ ਦੋ ਸਾਲਾਂ ਦਾ ਕੰਮ ਕਰਦਾ ਸੀ ਅਤੇ ਉਹਦੀ
ਭੈਣ ਵੀ ਏਥੇ ਹੀ ਸੀ। ਉਹਨੇ ਵੀ ਇਕ ਉਸ ਆਦਮੀ ਨਾਲ ਵਿਆਹ ਕਰਾਇਆ ਸੀ ਜੋ ਕਨੇਡਾ ਹੀ ਰਹਿੰਦਾ
ਸੀ ਤੇ ਉਹਨੇ ਕਨੇਡਾ ਆਉਣ ਬਾਅਦ ਤੇਰੇ ਅੰਕਲ ਨੂੰ ਸਪਾਂਸਰ ਕੀਤਾ ਸੀ। ਜਦੋਂ ਇਕ ਵਾਰ ਅਸੀਂ
ਏਥੇ ਆਪਣੇ ਆਪ ਨੂੰ ਸਥਾਪਤ ਕਰ ਲਿਆ ਤਾਂ ਮੈਂ ਵੀ ਆਪਣੇ ਮਾਪਿਆਂ ਅਤੇ ਆਪਣੇ ਭਰਾ ਨੂੰ ਕਨੇਡਾ
ਆਉਣ ਲਈ ਸਪਾਂਸਰ ਕਰ ਦਿੱਤਾ। ਉਹ ਫਰੇਜ਼ਰ ਵੈਲੀ ਵਿਚ ਰਹਿੰਦੇ ਹਨ।
ਤੀਰਥ ਆਂਟੀ ਦੀ ਕਹਾਣੀ ਵਾਂਗ ਹੀ ਜਗਦੀਸ਼ ਆਂਟੀ ਨੇ ਵੀ ਮਜਬੂਰੀ ਵੱਸ ਕੈਨਰੀ ਵਿਚ ਕੰਮ ਕਰਨਾ
ਸ਼ੁਰੂ ਕੀਤਾ। ਉਹਨੇ ਅਜਿਹੇ ਕਿਸੇ ਕੰਮ ਲਈ ਕੋਸ਼ਸ਼ ਨਹੀਂ ਕੀਤੀ ਜਿੱਥੇ ਉਹ ਆਪਣੀ ਪੜ੍ਹਾਈ
ਦਾ ਇਸਤੇਮਾਲ ਕਰ ਸਕੇ ਕਿਉਂਕਿ ਕਿਸੇ ਨੇ ਵੀ ਉਹਦੀ ਇੰਡੀਆ ਵਿਚ ਪ੍ਰਾਪਤ ਕੀਤੀ ਡਿਗਰੀ ਨੂੰ
ਏਥੇ ਮਾਨਤਾ ਨਹੀਂ ਸੀ ਦੇਣੀ। ਦੱਖਣੀ ਏਸ਼ੀਆ ਦੇ ਆਵਾਸੀਆਂ ਲਈ ਇਹ ਇਕ ਸਾਂਝੀ ਸਮੱਸਿਆ ਹੈ ਕਿ
ਉਨ੍ਹਾਂ ਦੀਆਂ ਡਿਗਰੀਆਂ ਨੂੰ ਏਥੇ ਮਾਨਤਾ ਨਹੀਂ ਦਿੰਦੀ ਜਾਂਦੀ (Buchignani 1985)।
ਮੈਂ ਆਪਣੇ ਵਿਆਹ ਤੋਂ ਇਕ ਸਾਲ ਬਾਅਦ ਕੈਨਰੀ ਵਿਚ ਕੰਮ ਕਰਨ ਲੱਗ ਪਈ ਸੀ। ਅਸੀਂ ਕਾਰ ਵੀ
ਲੈਣੀ ਚਾਹੁੰਦੇ ਸੀ ਤੇ ਨਾਲ ਹੀ ਮੋਰਗੇਜ ਦੀਆਂ ਕਿਸ਼ਤਾਂ ਸਨ। ਮੇਰੀ ਨਨਾਣ ਉੱਥੇ ਕੰਮ ਕਰਦੀ
ਸੀ ਤੇ ਮੈਂ ਵੀ ਉਹਦੇ ਨਾਲ ਲੱਗ ਪਈ। ਕੰਮ ਸੀਜ਼ਨਲ ਹੋਣ ਕਰਕੇ ਮੇਰੇ ਲਈ ਬੱਚਿਆਂ ਦੀ ਦੇਖ
ਭਾਲ ਕਰਨੀ ਸੁਖਾਲੀ ਸੀ ਕਿਉਂਕਿ ਉਹ ਅਜੇ ਸਕੂਲ ਨਹੀਂ ਸੀ ਜਾਣ ਲੱਗੇ। ਜਦੋਂ ਮੇਰਾ ਪਹਿਲਾ
ਬੱਚਾ ਪੈਦਾ ਹੋਇਆ ਸੀ ਉਸ ਤੋਂ ਛੇਤੀ ਬਾਅਦ ਮੇਰੇ ਪਤੀ ਨੇ ਆਪਣੀ ਛੋਟੀ ਭੈਣ ਨੂੰ ਸਪਾਂਸਰ ਕਰ
ਕੇ ਮੰਗਵਾ ਲਿਆ ਅਤੇ ਉਹ ਵੀ ਮੇਰੇ ਸੱਸ ਸਹੁਰੇ ਸਣੇ ਸਾਡੇ ਨਾਲ ਹੀ ਰਹਿਣ ਲੱਗੀ।
ਕਿਉਂਕਿ ਜਗਦੀਸ਼ ਆਂਟੀ ਅੰਗ੍ਰੇਜ਼ੀ ਵਧੀਆ ਬੋਲਦੀ ਸੀ ਇਸ ਨਾਲ ਉਹਨੇ ਕਿਟੀਮੈਟ ਅਤੇ ਪ੍ਰਿੰਸ
ਰੂਪਰਟ ਵਿਚ ਪੰਜਾਬੀਆਂ ਅਤੇ ਗੈਰ-ਪੰਜਾਬੀਆਂ ਨਾਲ ਸਹੇਲਪੁਣੇ ਦਾ ਕਾਫੀ ਲੰਮਾ ਚੌੜਾ ਘੇਰਾ
ਪੈਦਾ ਕਰ ਲਿਆ। ਉਹ ਅੰਗ੍ਰੇਜ਼ੀ ਅਤੇ ਪੰਜਾਬੀ ਦੇ ਮੈਗਜ਼ੀਨ ਅਤੇ ਕਿਤਾਬਾਂ ਪੜ੍ਹਨ ਦਾ ਵੀ
ਕਾਫੀ ਸ਼ੌਕ ਰੱਖਦੀ ਸੀ। ਉਹ ਦਿਨ ਵੇਲੇ ਟੀ ਵੀ ਤੇ ਆਉਣ ਵਾਲੇ ਇਕ ਨਾਟਕ 'ਡੇਅਜ਼ ਆਫ ਅਵਰ
ਲਾਈਵਜ਼' ਨੂੰ ਰੋਜ਼ਾਨਾ ਦੇਖਦੀ ਸੀ। ਬਹੁਤੇ ਦਿਨ ਉਹ ਆਪਣਾ ਮਨਪਸੰਦ ਟੀ ਵੀ ਡਰਾਮਾ ਦੇਖਣ
ਬਾਅਦ ਆਪਣੀ ਦੋ ਘੰਟੇ ਦੀ ਸੈਰ ਤੇ ਚਲੇ ਜਾਂਦੀ ਸੀ।
ਮੈਂ ਜੇ ਕੈਨਰੀ ਵਿਚ ਕੰਮ ਨਾ ਕਰਦੀ ਹੁੰਦੀ ਤਾਂ ਮੈਂ ਤਾਂ ਬਹੁਤ ਉਕਤਾਹਟ ਮਹਿਸੂਸ ਕਰਨ
ਲੱਗਦੀ। ਇਸ ਸਾਲ ਕੰਮ ਦਾ ਸੀਜ਼ਨ ਕਾਫੀ ਸੁਸਤ ਹੈ ਨਹੀਂ ਤਾਂ ਹੁਣ ਤੱਕ ਕੰਮ ਪੂਰਾ ਭੱਖਿਆ
ਹੋਇਆ ਹੋਣਾ ਚਾਹੀਦਾ ਸੀ। ਮੈਂ ਉਸੇ ਗਰੁੱਪ ਨਾਲ ਬਾਈ ਸਾਲ ਕੰਮ ਕੀਤਾ ਹੈ। ਮੈਂ ਸੀਨਿਉਰਟੀ
ਵਾਲੀਆਂ ਸਾਰੀਆਂ ਕਾਮੀਆਂ ਨਾਲ ਘੁਲ਼ ਮਿਲ਼ ਕੇ ਰਹਿੰਦੀ ਹਾਂ ਭਾਵੇਂ ਉਹ ਇੰਡੀਅਨ, ਆਦਿ ਵਾਸੀ
ਜਾਂ ਗੋਰੀਆਂ ਹੋਣ। ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਦਾ। ਮੈਂ ਹਰ ਕਿਸੇ ਨਾਲ ਗੱਲਬਾਤ
ਕਰ ਲੈਂਦੀ ਹਾਂ ਤੇ ਮੈਨੂੰ ਲੰਚ ਵੇਲੇ ਵੱਖਰੀਆਂ ਵੱਖਰੀਆਂ ਔਰਤਾਂ ਨਾਲ ਬੈਠਣਾ ਚੰਗਾ ਲਗਦਾ
ਹੈ। ਸਿਰਫ ਪੰਜਾਬੀ ਔਰਤਾਂ ਵਿਚ ਬੈਠ ਕੇ ਮੈਂ ਬੋਰ ਹੋ ਜਾਂਦੀ ਹਾਂ ਕਿਉਂਕਿ ਉਹ ਚੁਗਲੀਆਂ
ਬਹੁਤ ਕਰਦੀਆਂ ਹਨ। ਕਿਸੇ ਨਾ ਕਿਸੇ ਕੋਲ ਕਿਸੇ ਨਾ ਕਿਸੇ ਹੋਰ ਪਰਿਵਾਰ ਬਾਰੇ ਜਾਣਕਾਰੀ
ਹੁੰਦੀ ਹੈ ਜਿਨ੍ਹਾਂ ਨੂੰ ਸਮੱਸਿਆਵਾਂ ਆ ਰਹੀਆਂ ਹੋਣ: ਕੌਣ ਕਿਹਨੂੰ ਛੱਡ ਗਿਆ ਹੈ, ਕਿਹੜੀ
ਸੱਸ ਆਪਣੀ ਨੌਂਹ ਨੂੰ ਤੰਗ ਕਰ ਰਹੀ ਹੈ। ਨਾਲ ਹੀ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਦੂਜੀਆਂ
ਔਰਤਾਂ (ਗੈਰ-ਪੰਜਾਬੀ) ਇਹ ਸਮਝਣ ਕਿ ਅਸੀਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੀਆਂ ਜਾਂ ਵਿਤਕਰਾ
ਕਰਦੀਆਂ ਹਾਂ। ਮੇਰਾ ਤਾਂ ਘਰ ਵੀ ਕਈ ਕੁਝ ਕਰਨ ਵਾਲਾ ਹੁੰਦਾ ਹੈ ਪਰ ਮੈਂ ਸੈਰ ਤੇ ਜਾਣਾ
ਬਹੁਤ ਪਸੰਦ ਕਰਦੀ ਹਾਂ।
ਜਗਦੀਸ਼ ਨੇ ਮੈਨੂੰ ਦੱਸਿਆ ਕਿ ਬਹੁਤੀਆਂ ਪੰਜਾਬੀ ਔਰਤਾਂ ਇਸ ਕਰਕੇ ਇਕੱਠੀਆਂ ਬੈਠਦੀਆਂ ਹਨ
ਕਿਉਂਕਿ ਉਨ੍ਹਾਂ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਇਸ ਕਰਕੇ ਉਨ੍ਹਾਂ ਲਈ ਆਦਿਵਾਸੀ ਔਰਤਾਂ ਜਾਂ
ਯੂਰਪੀਅਨ ਪਿਛੋਕੜ ਦੀਆਂ ਔਰਤਾਂ ਨਾਲ ਗੱਲਬਾਤ ਕਰਨੀ ਮੁਸ਼ਕਲ ਹੁੰਦੀ ਹੈ। ਇਸ ਤਰ੍ਹਾਂ ਉਹ
ਆਪਣਾ ਪੰਜਾਬੀ ਖਾਣਾ ਬੇਫਿਕਰ ਹੋ ਕੇ ਖਾ ਸਕਦੀਆਂ ਹਨ। ਮੇਰੇ ਖਿਆਲ ਵਿਚ ਉਨ੍ਹਾਂ ਵਿਚੋਂ ਕਈ
ਇਸ ਗੱਲ ਦੀ ਸ਼ਰਮ ਮੰਨਦੀਆਂ ਹਨ ਕਿ ਦੂਜੇ ਉਨ੍ਹਾਂ ਦੇ ਖਾਣੇ ਬਾਰੇ ਕੀ ਸੋਚਣਗੇ ਜਾਂ ਉਹ
ਕਿਸੇ ਹੋਰ ਕਿਸਮ ਦਾ ਵਿਤਕਰਾ ਮਹਿਸੂਸ ਕਰਦੀਆਂ ਹਨ।
ਜਦੋਂ ਅਸੀਂ ਲੇ-ਆਫ ਹੋਈਆਂ ਹੁੰਦੀਆਂ ਹਾਂ ਤਾਂ ਮੈਂ ਆਪਣੇ ਕੰਮ ਦੀਆਂ ਸਹੇਲੀਆਂ ਅਤੇ ਕੰਮ
ਦੇ ਨਿੱਤਨੇਮ ਤੋਂ ਬਿਨਾਂ ਉਦਾਸ ਹੁੰਦੀ ਹਾਂ, ਖਾਸ ਕਰ ਹੁਣ ਜਦ ਕਿ ਮੇਰੇ ਬੱਚਿਆਂ ਨੂੰ ਮੇਰੀ
ਏਨੀ ਲੋੜ ਨਹੀਂ ਹੁੰਦੀ। ਮੈਂ ਬਹੁਤ ਛੇਤੀ ਬੋਰ ਹੋ ਜਾਂਦੀ ਹਾਂ। ਜਦੋਂ ਤੋਂ ਮੈਂ ਕੰਮ ਕਰਨ
ਲੱਗੀ ਹਾਂ ਮੇਰਾ ਨਜ਼ਰੀਆਂ ਕਾਫੀ ਵਿਸ਼ਾਲ ਹੋਇਆ ਹੈ। ਮੈਂ ਨਵੀਂਆਂ ਚੀਜ਼ਾਂ ਬਾਰੇ ਸਿੱਖਦੀ
ਹਾਂ ਅਤੇ ਪਤਾ ਲਾਉਂਦੀ ਹਾਂ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ ਅਤੇ ਕਦੀ ਕਦੀ ਇਹ ਜਾਣਕਾਰੀ
ਕਈ ਕੰਮ ਕਰਨ ਵਿਚ ਅਤੇ ਜੀਵਨ ਦੇ ਕਈ ਫੈਸਲੇ ਕਰਨ ਵਿਚ ਬੜੀ ਸਹਾਈ ਹੁੰਦੀ ਹੈ। ਮੈਂ ਆਪਣੇ
ਬੱਚਿਆਂ ਦੇ ਸਬੰਧ ਵਿਚ, ਉਨ੍ਹਾਂ ਦੇ ਸਕੂਲ ਬਾਰੇ ਜਾਂ ਉਨ੍ਹਾਂ ਲਈ ਕੰਮਾਂ ਕਾਰਾਂ ਬਾਰੇ ਬੜਾ
ਕੁਝ ਸਿੱਖਿਆ ਹੈ।
ਜਗਦੀਸ਼ ਆਂਟੀ ਦਾ ਮੰਨਣਾ ਹੈ ਕਿ ਉਹ ਤੇ ਉਹਦਾ ਪਤੀ ਆਪਣੀਆਂ ਦੋਵਾਂ ਤਨਖਾਹਾਂ ਨਾਲ ਆਪਣੇ
ਬੱਚਿਆਂ ਵਾਸਤੇ ਜਿ਼ਆਦਾ ਖਰਚ ਕਰ ਸਕਦੇ ਹਨ ਆਪਣੀਆਂ ਉਨ੍ਹਾਂ ਸਹੇਲੀਆਂ ਦੇ ਮੁਕਾਬਲੇ
ਜਿਹੜੀਆਂ ਕੰਮ ਨਹੀਂ ਕਰਦੀਆਂ। ਉਹ ਆਪਣੇ ਬੱਚਿਆਂ ਨੂੰ ਵੱਖਰੀਆਂ ਵੱਖਰੀਆਂ ਖੇਡਾਂ ਅਤੇ
ਟੀਮਾਂ ਵਿਚ ਦਾਖਲ ਕਰਵਾ ਸਕੇ ਹਨ ਅਤੇ ਉਹ ਆਪਣੇ ਬੱਚਿਆਂ ਦੀਆਂ ਟੀਮਾਂ ਨਾਲ ਬੀ ਸੀ ਦੇ ਬਹੁਤ
ਸਾਰੇ ਇਲਾਕਿਆਂ ਵਿਚ ਹੁੰਦੇ ਖੇਡ ਮੁਕਾਬਲਿਆਂ (ਟੂਰਨਾਮੈਂਟਾਂ) ਵਿਚ ਗਏ ਹਨ। ਨਾਲ ਹੀ ਉਸ
ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਉਹਦੀ ਕਮਾਈ ਕਰਕੇ ਉਹਦਾ ਪਰਿਵਾਰ ਏਥੇ ਚੰਗੀ ਤਰ੍ਹਾਂ
ਸਥਾਪਤ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦਿੱਤਾ ਹੈ।
ਮੇਰੇ ਕੰਮ ਤੋਂ ਮੇਰੇ ਪਰਿਵਾਰ ਨੂੰ ਕਾਫੀ ਫਾਇਦਾ ਹੋਇਆ ਹੈ। ਕਿਉਂਕਿ ਮੈਂ ਕੰਮ ਕਰਦੀ ਸੀ
ਇਸ ਕਰਕੇ ਅਸੀਂ ਇਹ ਘਰ ਖ੍ਰੀਦ ਸਕੇ ਤੇ ਫੇਰ ਇਹਦਾ ਕਰਜ਼ਾ ਲਾਹ ਸਕੇ। ਮੇਰੇ ਪਤੀ ਨੂੰ
ਕੱਲਿਆਂ ਪਰਿਵਾਰ ਦੀ ਸਾਂਭ ਸੰਭਾਲ ਕਰਨੀ ਮੁਸ਼ਕਲ ਹੋਣੀ ਸੀ। ਮੇਰੇ ਕੰਮ ਕਰਨ ਦਾ ਅਰਥ ਸੀ
ਕਿ ਅਸੀਂ ਹਰ ਸਾਲ ਛੁੱਟੀਆਂ ਤੇ ਜਾ ਸਕਦੇ ਸੀ ਅਤੇ ਅਸੀਂ ਬੱਚਿਆਂ ਦੀ ਹਰ ਲੋੜ ਪੂਰੀ ਕਰ
ਸਕਦੇ ਸੀ।
ਜਦੋਂ ਮੈਂ ਉਹਨੂੰ ਪੁੱਛਿਆ ਕਿ ਕੀ ਉਹ ਮਹਿਸੂਸ ਕਰਦੀ ਹੈ ਕਿ ਉਹਦੇ ਨਾਲ ਦੂਜੀਆਂ
ਗੈਰ-ਪੰਜਾਬੀ ਕੰਮ ਕਰਨ ਵਾਲੀਆਂ ਅਤੇ ਦਫਤਰ ਵਿਚ ਕੰਮ ਕਰਨ ਵਾਲਿਆਂ ਵਲੋਂ ਕਿਸੇ ਕਿਸਮ ਦਾ
ਵੱਖਰਾ ਵਰਤਾਉ ਹੁੰਦਾ ਹੈ, ਤਾਂ ਉਹਨੇ ਮੈਨੂੰ ਬਿਨਾਂ ਕਿਸੇ ਹਿਚਕਚਾਹਟ ਦੇ ਦੱਸਿਆ ਕਿ
ਵੱਖਰਾਪਨ ਤਾਂ ਹਰ ਵੇਲੇ ਮੌਜੂਦ ਹੁੰਦਾ ਹੈ। ਤੁਸੀਂ ਕਦੇ ਵੀ ਉਸ ਤੋਂ (ਵੱਖਰੇਪਨ ਤੋਂ)
ਬਚ ਨਹੀਂ ਸਕਦੇ। ਪਰ ਅਸੀਂ ਜਿਹੜੇ ਤਿੰਨ - ਚਾਰ ਮਹੀਨੇ ਕੰਮ ਕਰਦੀਆਂ ਹਾਂ ਇਸ ਨਾਲ ਸੌਖਿਆਂ
ਹੀ ਸਿਝਿਆ ਜਾ ਸਕਦਾ ਹੈ। ਜਿਹੜੀ ਇਕ ਗੱਲ ਸਾਨੂੰ ਆਪਣੇ ਨਾਲ ਹੁੰਦੇ ਵਿਤਕਰੇ ਅਤੇ ਉਹਦੇ
ਸਾਹਮਣੇ ਖੜ੍ਹਨ ਅਤੇ ਮਨ ਦੀ ਗੱਲ ਕਹਿਣ ਤੋਂ ਰੋਕਦੀ ਹੈ ਉਹ ਬੋਲੀ ਦੀ ਸਮੱਸਿਆ ਹੈ। ਜੇ ਅਸੀਂ
ਕੋਸਿ਼ਸ਼ ਕਰੀਏ ਤਾਂ ਹਮੇਸ਼ਾਂ ਸਾਡੀ ਗੱਲ ਦੇ ਗਲਤ ਅਰਥ ਕੱਢਣ ਦਾ ਫਿਕਰ ਲੱਗਾ ਰਹਿੰਦਾ ਹੈ।
ਮੈਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਉਹ (ਗੈਰ-ਪੰਜਾਬੀ) ਮੇਰੇ ਵਲੋਂ ਆਪਣੇ ਪੱਖ ਵਿਚ
ਕੀਤੀ ਹੋਈ ਗੱਲ ਦੇ ਅਸਲੀ ਅਰਥਾਂ ਦੇ ਉਲਟ ਕੋਈ ਅਰਥ ਕੱਢ ਲੈਣਗੇ। ਫਰਕ ਤਾਂ ਜੀਵਨ ਦਾ ਹਿੱਸਾ
ਹੀ ਹੈ। ਮੈਨੂੰ ਪਤਾ ਹੈ ਕਿ ਅਸੀਂ ਭਾਰਤੀ ਕਨੇਡੀਅਨ ਅਰਥਿਕਤਾ ਵਿਚ ਬੇਹੱਦ ਯੋਗਦਾਨ ਪਾਉਂਦੇ
ਹਾਂ। ਉਹ ਇਸ ਤੋਂ ਇਨਕਾਰੀ ਨਹੀਂ ਹੋ ਸਕਦੇ। ਇਹਦਾ ਉਨ੍ਹਾਂ ਨੂੰ ਪਤਾ ਹੈ। ਅਸੀਂ ਗੋਰਿਆਂ
ਵਾਂਗ ਆਪਣੇ ਪੈਸੇ ਖਰਾਬ ਵੀ ਨਹੀਂ ਕਰਦੇ। ਅਸੀਂ ਸ਼ੁਗਲ ਮੇਲੇ ਤੇ ਬਹੁਤ ਖਰਚ ਨਹੀਂ ਕਰਦੇ।
ਸਗੋਂ, ਅਸੀਂ ਬਚਤ ਕਰਦੇ ਹਾਂ ਤਾਂਕਿ ਅਸੀਂ ਉਹ ਵਸਤਾਂ ਲੈ ਸਕੀਏ ਜੋ ਅਸੀਂ ਆਪਣੇ ਪਰਿਵਾਰ
ਵਾਸਤੇ ਲੈਣੀਆਂ ਚਾਹੁੰਦੇ ਹੋਈਏ।
ਪਰਿਵਾਰ ਦੀ ਸਾਂਝੀ ਰੱਖੀ ਹੋਈ ਆਮਦਨ ਨਾਲ ਉਹ ਆਂਟੀ ਜੀ ਦੇ ਸੱਸ ਸਹੁਰੇ ਦੀ ਇੰਡੀਆ ਵਿਚ
ਚਲਾਣਾ ਕਰਨ ਤੋਂ ਪਹਿਲਾਂ ਮਦਦ ਕਰ ਸਕੇ ਸਨ। ਉਹਦੇ ਸਹੁਰੇ ਪਹਿਲਾਂ ਏਥੇ ਉਨ੍ਹਾਂ ਕੋਲ ਕਨੇਡਾ
ਰਹਿੰਦੇ ਸਨ ਪਰ ਫੇਰ ਉਨ੍ਹਾਂ ਨੇ ਮੁੜ ਇੰਡੀਆ ਜਾ ਕੇ ਬਾਕੀ ਦੇ ਪਰਿਵਾਰ ਨਾਲ ਰਹਿਣ ਦਾ
ਫੈਸਲਾ ਕਰ ਲਿਆ। ਮੇਰੀ ਤਨਖਾਹ ਨੇ ਉਨ੍ਹਾਂ ਦੀ ਮਦਦ ਕੀਤੀ। ਮੈਂ ਹਮੇਸ਼ਾਂ ਆਪਣੇ ਪਤੀ ਦੇ
ਪਰਿਵਾਰ ਦੀ ਮਦਦ ਕਰਨ ਵਾਸਤੇ ਆਪਣਾ ਹਿੱਸਾ ਪਾਇਆ ਹੈ। ਉਹਦੀ ਭੈਣ ਸਾਡੇ ਨਾਲ ਕਈ ਸਾਲ
ਰਹਿੰਦੀ ਰਹੀ ਸੀ। ਅਸੀਂ ਉਹਦੇ ਵਿਆਹ ਦਾ ਇੰਤਜ਼ਾਮ ਕੀਤਾ ਅਤੇ ਉਹਦੇ ਵਿਆਹ ਦਾ ਸਾਰਾ ਖਰਚਾ
ਕੀਤਾ।
ਜਗਦੀਸ਼ ਆਂਟੀ ਨੇ ਕੈਨਰੀ ਵਿਚ ਕਈ ਵੱਖਰੀ ਵੱਖਰੀ ਥਾਹੀਂ ਕੰਮ ਕੀਤਾ ਹੈ ਕਿਉਂਕਿ ਊਹਨੂੰ
ਸਿਹਤ ਪੱਖੋਂ ਮੁਸ਼ਕਲਾਂ ਆਉਣ ਲੱਗੀਆਂ ਸਨ। ਪਹਿਲੇ ਸਾਲ ਹੇਰਿੰਗ ਰੋਅ ਦੇ ਸੀਜ਼ਨ ਦੇ ਕੰਮ
ਦੌਰਾਨ ਉਹਨੂੰ ਉਸ ਮੱਛੀ ਨਾਲ ਬਹੁਤ ਸਖਤ ਅਲਰਜੀ ਹੋਣ ਲੱਗ ਪਈ। ਫੇਰ ਉਹ ਕਲੀਨਿੰਗ ਲਾਈਨ ਤੇ
ਕੰਮ ਕਰਨ ਲੱਗ ਪਈ ਪਰ ਉੱਥੇ ਵੀ ਮੱਛੀ ਤੋਂ ਉਸ ਨੂੰ ਅਲਰਜੀ ਹੋਣ ਲੱਗੀ। ਉਹਨੇ ਆਪਣੀ
ਸੁਪਰਵਾਈਜ਼ਰ, ਜਿਹਦੇ ਨਾਲ ਉਹਦੀ ਕਾਫੀ ਬਣਦੀ ਸੀ, ਨਾਲ ਗੱਲ ਕੀਤੀ ਅਤੇ ਉਹਨੂੰ ਕਿਹਾ ਕਿ
ਉਹਨੂੰ ਕੈਨਰੀ ਵਿਚ ਮੱਛੀਆਂ ਤੋਂ ਦੂਰ ਕੋਈ ਕੰਮ ਦਵਾ ਦੇਵੇ। ਜਗਦੀਸ਼ ਆਂਟੀ ਨੇ ਲੰਚਰੂਮਾਂ
ਦੀ ਸਫਾਈ ਦਾ ਕੰਮ ਕੀਤਾ ਅਤੇ ਦੂਜੀ ਮੰਜ਼ਲ ਤੇ ਕੱਪੜੇ ਧੋਣ ਦਾ ਕੰਮ ਵੀ ਕੀਤਾ। ਉਹਨੇ
ਮਹਿਸੂਸ ਕੀਤਾ ਕਿ ਉਹਦੀ ਸੁਪਰਵਾਈਜ਼ਰ ਔਰਤ ਨਾਲ ਜਾਣ ਪਛਾਣ ਅਤੇ ਉਹਦੀ ਅੰਗ੍ਰੇਜ਼ੀ ਬੋਲਣ ਦੀ
ਯੋਗਤਾ ਨੇ ਉਹਨੂੰ ਕੈਨਰੀ ਵਿਚ ਉਹਦੀਆਂ ਲੋੜਾਂ ਅਨੁਸਾਰ ਕੰਮ ਭਾਲਣ ਵਿਚ ਮੱਦਦ ਕੀਤੀ।
ਮੈਂ ਮੱਛੀ ਸਾਫ ਕਰਨ ਵਾਲੀ ਲਾਈਨ ਤੇ ਦੋ ਸਾਲ ਹੀ ਕੰਮ ਕੀਤਾ ਪਰ ਫੇਰ ਮੈਨੂੰ ਬਹੁਤ
ਜਿ਼ਆਦਾ ਅਲਰਜੀ ਹੋਣ ਲੱਗੀ ਸੀ ਇਸ ਕਰਕੇ ਮੈਨੂੰ ਸਫਾਈ ਦੇ ਕੰਮ ਤੇ ਲਾ ਦਿੱਤਾ ਗਿਆ। ਮੈਂ
ਲਾਂਡਰੀ ਤੇ ਲੰਚਰੂਮਾਂ ਵਿਚ ਸਫਾਈ ਕਰਦੀ ਸੀ। ਸਤਾਰਾਂ ਸਾਲਾਂ ਬਾਅਦ, ਹਾਲਤ ਬਦਲੀ ਤੇ ਮੈਨੂੰ
ਡੱਬਿਆਂ ਵਿਚ ਮੱਛੀ ਬੰਦ ਕਰਨ ਦੇ ਕੰਮ ਤੇ ਵੇਅਰਹਾਊਸ ਵਿਚ ਤਬਦੀਲ ਕਰ ਦਿੱਤਾ ਗਿਆ। ਹੁਣ
ਮੈਂ ਉੱਤੇ ਕੰਮ ਕਰਦੀ ਹਾਂ ਜਿੱਥੇ ਮੱਛੀਆਂ ਕੱਟਣ ਵਾਲੀਆਂ ਛੁਰੀਆਂ ਤਿੱਖੀਆਂ ਕੀਤੀਆਂ
ਜਾਂਦੀਆਂ ਹਨ।
ਜਿੱਦਾਂ ਜਿੱਦਾਂ ਉਹਦੇ ਬੱਚੇ ਵੱਡੇ ਹੁੰਦੇ ਗਏ, ਜਗਦੀਸ਼ ਆਂਟੀ ਦੇ ਬੱਚੇ ਚਾਹੁੰਦੇ ਸੀ ਕਿ
ਉਹ ਗਰਮੀਆਂ ਦੀਆਂ ਛੁੱਟੀਆਂ ਸਮੇਂ ਉਨ੍ਹਾਂ ਕੋਲ ਘਰ ਹੋਇਆ ਕਰੇ ਨਾ ਕਿ ਏਨਾ ਲੰਮਾ ਸਮਾਂ
ਘਰੋਂ ਬਾਹਰ ਰਿਹਾ ਕਰੇ। ਉਹ ਵਿਸ਼ੇਸ਼ ਕਰਕੇ ਬਹਾਰ (ਸਪਰਿੰਗ) ਦੇ ਮਹੀਨਿਆਂ ਦੌਰਾਨ ਉਹਦੀ
ਕਮੀ ਮਹਿਸੂਸ ਕਰਦੇ ਸਨ। ਬੱਚਿਆਂ ਨੇ ਆਂਟੀ ਨੂੰ ਕਿਹਾ ਕਿ ਉਹ ਸ਼ਹਿਰ ਵਿਚ ਹੀ ਕੋਈ ਨੌਕਰੀ
ਭਾਲ ਲਵੇ।
ਮੇਰੇ ਬੱਚੇ ਜਦੋਂ ਉਹ ਵੱਡੇ ਹੋਏ ਤਾਂ ਮੈਨੂੰ ਕਹਿੰਦੇ ਹੁੰਦੇ ਸਨ ਕਿ ਮੈਂ ਕੋਈ ਵੱਖਰਾ
ਕੰਮ ਭਾਲ ਲਵਾਂ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਮੈਂ ਕੈਨਰੀ ਵਿਚ ਕੰਮ ਕਰਾਂ, ਖਾਸ ਕਰ
ਜਦੋਂ ਸਾਡੀਆਂ 12 ਤੋਂ ਲੈ ਕੇ 14 ਘੰਟੇ ਤੱਕ ਲੰਮੀਆਂ ਸਿ਼ਫਟਾਂ ਹੁੰਦੀਆਂ ਸਨ। ਪਰ ਕੈਨਰੀ
ਦੇ ਕੰਮ ਕਰਕੇ ਮੈਂ ਸਾਲ ਦਾ ਬਹੁਤਾ ਸਮਾਂ ਘਰ ਰਹਿ ਸਕਦੀ ਸਾਂ ਤੇ ਮੇਰੀ ਆਮਦਨ ਵੀ ਹੁੰਦੀ ਸੀ
ਕਿਉਂਕਿ ਜਦੋਂ ਮੈਂ ਕੈਨਰੀ ਵਿਚ ਕੰਮ ਨਹੀਂ ਸੀ ਕਰਦੀ ਹੁੰਦੀ ਤਾਂ ਉਸ ਵੇਲੇ ਮੈਂ
ਬੇਰੁਜ਼ਗਾਰੀ ਭੱਤੇ ਤੇ ਹੁੰਦੀ ਸੀ। ਇਹ ਕੰਮ ਕਿਸੇ ਵੀ ਹੋਰ ਕੰਮ ਨਾਲੋਂ ਜਿ਼ਆਦਾ ਤਨਖਾਹ
ਵਾਲਾ ਸੀ ਕਿਉਂਕਿ ਏਥੇ ਯੂਨੀਅਨ ਬਣੀ ਹੋਈ ਸੀ। ਤੇ ਹੁਣ ਤਾਂ ਮੈਂ ਉੱਥੇ ਏਨੀ ਦੇਰ ਦੀ ਕੰਮ
ਕਰਦੀ ਹਾਂ ਤੇ ਉੱਥੇ ਮੇਰੀਆਂ ਏਨੀਆਂ ਸਹੇਲੀਆਂ ਹਨ ਕਿ ਮੈਂ ਕਦੇ ਵੀ ਕੰਮ ਨਾ ਛੱਡਾਂ।
ਦੋ ਕੁ ਪੰਜਾਬੀ ਔਰਤਾਂ ਜਿਨ੍ਹਾਂ ਨਾਲ ਆਂਟੀ ਕੰਮ ਕਰਦੀ ਰਹੀ ਸੀ ਉਹਦੀਆਂ ਗੂਹੜੀਆਂ ਸਹੇਲੀਆਂ
ਬਣ ਗਈਆਂ। ਇਕ ਔਰਤ ਟੈਰੇਸ ਤੋਂ ਸੀ ਤੇ ਦੂਜੀ ਪ੍ਰਿੰਸ ਰੂਪਰਟ ਤੋਂ। ਨਾਲ ਹੀ ਦੋ ਪਰਿਵਾਰ
ਉਹਦੇ ਪਤੀ ਦੇ ਟੱਬਰ ਵਲੋਂ ਵੀ ਉਸੇ ਸ਼ਹਿਰ ਵਿਚ ਰਹਿੰਦੇ ਸਨ। ਉਹ ਅਕਸਰ ਹੀ ਆਪਣੇ
ਰਿਸ਼ਤੇਦਾਰਾਂ ਦੇ ਅਤੇ ਸਹੇਲੀਆਂ ਦੇ ਵੀ ਆਉਂਦੀ ਜਾਂਦੀ ਰਹਿੰਦੀ। ਜਿਹੜੇ ਦੋ ਗੁਆਂਢੀ
ਸ਼ਹਿਰਾਂ ਦੀਆਂ ਔਰਤਾਂ ਨਾਲ ਉਹਦਾ ਕੰਮ ਤੇ ਸਹੇਲਪੁਣਾ ਪਿਆ ਉਨ੍ਹਾਂ ਕਰਕੇ ਉਹਦੇ ਸਾਰੇ
ਪਰਿਵਾਰ ਲਈ ਉੱਥੇ ਆਉਣ ਜਾਣ ਦਾ ਮੌਕਾ ਬਣਦਾ ਰਹਿੰਦਾ।
ਅਸੀਂ ਟੈਰੇਸ ਚਲੇ ਜਾਂਦੇ ਤੇ ਉਹ ਕਿਟੀਮੈਟ ਆ ਜਾਂਦੇ ਤੇ ਵੀਕਇੰਡ ਸਾਡੇ ਕੋਲ ਰਹਿ
ਜਾਂਦੇ। ਮੇਰੇ ਬੱਚੇ ਉਹਦੇ ਬੱਚਿਆਂ ਨਾਲੋਂ ਛੋਟੇ ਹਨ। ਮੇਰਾ ਸਭ ਤੋਂ ਵੱਡਾ ਬੱਚਾ ਉਹਦੇ ਸਭ
ਤੋਂ ਛੋਟੇ ਬੱਚੇ ਤੋਂ ਤਿੰਨ ਸਾਲ ਛੋਟਾ ਹੈ ਤੇ ਇਹ ਸਾਡੇ ਲਈ ਵਧੀਆ ਗੱਲ ਰਹੀ ਹੈ। ਉਹਦਾ
ਬੇਟਾ ਇਸ ਪਤਝੜ ਦੇ ਮੌਸਮ ਦੌਰਾਨ ਵਿਆਹ ਕਰਵਾ ਰਿਹਾ ਹੈ। ਉਹ ਮੇਰੇ ਬੇਟੇ ਦਾ ਚੰਗਾ ਦੋਸਤ
ਹੈ। ਉਹ ਦੋਵੇ ਵੈਨਕੂਵਰ ਰਹਿੰਦੇ ਹਨ ਤੇ ਅਕਸਰ ਇਕੱਠੇ ਹੁੰਦੇ ਰਹਿੰਦੇ ਹਨ। ਉਹਦਾ ਮੁੰਡਾ
ਮੇਰੇ ਮੁੰਡੇ ਲਈ ਇਕ ਚੰਗੀ ਮਿਸਾਲ ਹੈ ਤੇ ਉਹਦੇ ਸਾਰੇ ਬੱਚੇ ਮੇਰਿਆਂ ਲਈ ਚੰਗੀਆਂ ਮਿਸਾਲਾਂ
ਹਨ। ਉਹ ਮਨਜੀਤ ਦੇ ਬੱਚਿਆਂ ਵਲਾਂ ਸਤਿਕਾਰ ਰੱਖਦੇ ਹਨ। ਉਹਦੀਆਂ ਧੀਆਂ ਵੀ ਵੈਨਕੂਵਰ ਹੀ
ਰਹਿੰਦੀਆਂ ਹਨ। ਉਹ ਆਪਣੇ ਮਾਪਿਆਂ ਨੂੰ ਮਿਲਣ ਆਉਂਦੀਆਂ ਰਹਿੰਦੀਆਂ ਹਨ ਤੇ ਜਦੋਂ ਉਹ ਆਉਣ
ਅਸੀਂ ਵੀ ਉਨ੍ਹਾਂ ਨੂੰ ਮਿਲਣ ਚਲੇ ਜਾਂਦੇ ਹਾਂ। ਮੈਨੂੰ ਇਹ ਗੱਲ ਚੰਗੀ ਲਗਦੀ ਹੈ ਕਿ ਮੇਰੀਆਂ
ਧੀਆਂ ਮਨਜੀਤ ਦੀਆਂ ਧੀਆਂ ਨਾਲ ਗੱਲਬਾਤ ਕਰਦੀਆਂ ਰਹਿੰਦੀਆਂ ਹਨ। ਉਹਦੀਆਂ ਧੀਆਂ ਚੰਗੀਆਂ
ਪੜ੍ਹੀਆਂ ਲਿਖੀਆਂ ਹਨ ਤੇ ਉਨ੍ਹਾਂ ਕੋਲ ਚੰਗੀਆਂ ਨੌਕਰੀਆਂ ਹਨ। ਉਹ ਆਪਣੇ ਮਾਪਿਆਂ ਦਾ
ਸਤਿਕਾਰ ਕਰਦੀਆਂ ਹਨ ਤੇ ਉਨ੍ਹਾਂ ਨੇ ਏਦਾਂ ਦੀ ਕੋਈ ਗੱਲ ਨਹੀਂ ਕੀਤੀ ਜਿਹਦੇ ਨਾਲ ਉਨ੍ਹਾਂ
ਦੇ ਮਾਪਿਆਂ ਦੇ ਨਾਂ ਨੂੰ ਦਾਗ ਲੱਗੇ। ਉਹ ਅਜੇ ਸਾਰੀਆਂ ਅਣਵਿਆਹੀਆਂ ਹਨ ਪਰ ਉਨ੍ਹਾਂ ਦੇ
ਵਿਚਾਰ ਤੇ ਕਦਰਾਂ ਕੀਮਤਾਂ ਚੰਗੀਆਂ ਹਨ। ਮੇਰੀਆਂ ਕੁੜੀਆਂ ਉਨ੍ਹਾਂ ਦਾ ਸਤਿਕਾਰ ਕਰਦੀਆਂ ਹਨ
ਤੇ ਆਸ ਹੈ ਕਿ ਉਹ ਉਨ੍ਹਾਂ ਦੇ ਕਦਮਾਂ ਤੇ ਚੱਲਣਗੀਆਂ ਅਤੇ ਚੰਗਾ ਪੜ੍ਹ ਲਿਖ ਜਾਣਗੀਆਂ। ਮੈਂ
ਚਾਹੁੰਦੀ ਹਾਂ ਕਿ ਉਹ ਬਾਈਆਂ ਸਾਲਾਂ ਦੀ ਉਮਰ ਤੱਕ ਵਿਆਹ ਕਰਵਾ ਲੈਣ। ਇਸ ਵੇਲੇ ਮੇਰੀ ਇਕ ਧੀ
ਚੌਦਾਂ ਸਾਲਾਂ ਦੀ ਹੈ ਤੇ ਦੂਜੀ ਸਤਾਰਾਂ ਦੀ। ਜੇ ਨੋਨੀ ਨੇ ਹੋਰ ਪੜ੍ਹਾਈ ਵੱਲ ਕੋਈ ਬਹੁਤੀ
ਤਵੱਜੋਂ ਨਾ ਦਿੱਤੀ ਤਾਂ ਮੈਂ ਹਾਈ ਸਕੂਲ ਤੋਂ ਬਾਅਦ ਹੀ ਉਹਦਾ ਵਿਆਹ ਕਰਵਾ ਦੇਣਾ ਹੈ। ਮੈਂ
ਹੋਰਨਾਂ ਵਾਂਗ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ ਜਿਨ੍ਹਾਂ ਨੇ ਆਪਣੀਆਂ ਧੀਆਂ
ਨੂੰ ਵੈਨਕੂਵਰ ਜਾ ਲੈਣ ਦਿੱਤਾ ਜਾਂ ਉਨ੍ਹਾਂ ਨਾਲ ਲੋੜੀਂਦੀ ਸਖਤੀ ਨਹੀਂ ਵਰਤੀ। ਭਾਵੇਂ ਇਹ
ਗੱਲ ਵੀ ਸਹੀ ਕਿ ਤੁਹਾਨੂੰ ਪਤਾ ਨਹੀਂ ਲਗਦਾ ਕਿ ਬੱਚਿਆਂ ਨੇ ਕੀ ਕਰਨਾ ਹੈ। ਮੈਂ ਕਿਸਮਤ
ਵਾਲੀ ਹਾਂ ਕਿ ਮੇਰੇ ਬੱਚੇ ਮੇਰੇ ਵਾਸਤੇ ਸੋਚਦੇ ਹਨ ਪਰ ਅੱਜ ਕੱਲ ਬਹੁਤੇ ਏਦਾਂ ਨਹੀਂ ਕਰਦੇ।
ਆਂਟੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਬਹੁਤ ਫਿਕਰਮੰਦ ਸੀ। ਉਹਨੂੰ ਚਿੰਤਾ ਸੀ ਕਿ ਉਹ
ਪੰਜਾਬੀ ਕਦਰਾਂ ਕੀਮਤਾਂ ਲਈ ਸਤਿਕਾਰ ਗੁਆ ਦੇਣਗੇ, ਭਾਈਚਾਰੇ ਤੋਂ ਬਾਹਰ ਵਿਆਹ ਕਰਵਾ ਲੈਣਗੇ,
ਜਾਂ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਵਾ ਲੈਣਗੇ ਜਿਹਦੇ ਨਾਲ ਉਹ ਤੇ ਉਹਦਾ ਪਤੀ ਘੁਲ਼
ਮਿਲ਼ ਨਹੀਂ ਸਕਣਗੇ। ਇਹ ਚਿੰਤਾ ਉਹਦੀ ਭਤੀਜੀ ਦੇ ਵਰਤਾਉ ਕਾਰਨ ਵਧ ਗਈ ਸੀ।
ਮੇਰੀ ਭਤੀਜੀ ਇਕ ਗੋਰੇ ਨਾਲ ਰਹਿੰਦੀ ਹੈ। ਮੇਰਾ ਖਿਆਲ ਹੈ ਕਿ ਮੇਰੀ ਨਨਾਣ ਨੂੰ ਚਾਹੀਦਾ ਸੀ
ਕਿ ਉਹ ਉਨ੍ਹਾਂ ਨੂੰ ਇੱਛਾ ਅਨੁਸਾਰ ਵਿਆਹ ਕਰਵਾ ਲੈਣ ਦਿੰਦੀ। ਇਸ ਦੇ ਉਲਟ ਉਹਨੇ ਆਪਣੀ ਧੀ
ਨੂੰ ਕਿਹਾ ਕਿ ਉਹ ਗੋਰੇ ਮੁੰਡੇ ਨਾਲੋਂ ਆਪਣੇ ਸਬੰਧ ਤੋੜ ਲਵੇ। ਘੱਟੋ ਘੱਟ ਜੇ ਉਨ੍ਹਾਂ ਨੂੰ
ਵਿਆਹ ਕਰਵਾ ਲੈਣ ਦਿੱਤਾ ਜਾਂਦਾ ਤਾਂ ਇਹ ਉਨੀ ਸ਼ਰਮ ਵਾਲੀ ਗੱਲ ਨਹੀਂ ਸੀ ਹੋਣੀ ਕਿਉਂਕਿ ਹੁਣ
ਬਹੁਤ ਨਿਆਣੇ ਗੋਰਿਆਂ ਨਾਲ ਵਿਆਹ ਕਰਵਾ ਰਹੇ ਹਨ। ਪਿਛਲੀ ਵੀਕੇ ਹੀ ਅਜੇ ਨਰਿੰਦਰ ਦੇ ਮੁੰਡੇ
ਦਾ ਵਿਆਹ ਨਹੀਂ ਹੋ ਕੇ ਹਟਿਆ? ਉਹਨੇ ਗੋਰੀ ਨਾਲ ਵਿਆਹ ਕਰਵਾਇਆ ਹੈ। ਅਤੇ ਜਦੋਂ ਉਹ ਕਿਸੇ
ਨਾਲ ਪਿਆਰ ਕਰਨ ਲੱਗ ਪੈਣ ਤਾਂ ਬੱਚਿਆਂ ਨੂੰ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਲਈ
ਮਜਬੂਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵਿਆਹ ਤੋਂ ਬਾਅਦ ਵੀ ਆਪਣੇ ਦੋਸਤ ਮੁੰਡੇ ਜਾਂ ਕੁੜੀ
ਨਾਲ ਭੱਜ ਕੇ ਜਾ ਸਕਦੇ ਹਨ ਤੇ ਘਰ ਲਈ ਸ਼ਰਮ ਦਾ ਕਾਰਨ ਬਣ ਸਕਦੇ ਹਨ। ਏਦਾਂ ਦੀਆਂ ਗੱਲਾਂ
ਅਕਸਰ ਸੁਣਨ ਵਿਚ ਆਉਂਦੀਆਂ ਰਹਿੰਦੀਆਂ ਹਨ ਜਾਂ ਉਹ ਕਿਸੇ ਬਹੁਤ ਹੀ ਵਧੀਆ ਵਿਅਕਤੀ ਨਾਲ ਵਿਆਹ
ਤੋਂ ਬਾਅਦ ਵੀ ਆਪਣੇ ਦੋਸਤ ਮੁੰਡੇ ਜਾਂ ਕੁੜੀ ਨਾਲ ਨੱਸ ਜਾਂਦੇ ਹਨ। ਇਸ ਤਰ੍ਹਾਂ ਉਹ ਦੋ
ਪਰਿਵਾਰਾਂ ਦਾ ਜੀਵਨ ਤਬਾਹ ਕਰਦੇ ਹਨ ... ਆਪਣੇ ਪਤੀ ਜਾਂ ਪਤਨੀ ਦੇ ਪਰਿਵਾਰ ਦਾ ਤੇ ਖੁਦ
ਆਪਣੇ ਪਰਿਵਾਰ ਦਾ।
ਮੇਰਾ ਨਣਦੋਈਆ ਆਪਣੀ ਧੀ ਨਾਲ ਗੱਲ ਤੱਕ ਨਹੀਂ ਕਰਦਾ ਅਤੇ ਉਹ ਉਹਦੇ ਨਾਲ ਕਿਸੇ ਕਿਸਮ ਦਾ ਕੋਈ
ਸਬੰਧ ਨਹੀਂ ਰੱਖਣਾ ਚਾਹੁੰਦਾ ਭਾਵੇਂ ਮੇਰੀ ਨਨਾਣ ਅਜੇ ਵੀ ਉਹਦੇ ਨਾਲ ਗੱਲਬਾਤ ਕਰਦੀ ਰਹਿੰਦੀ
ਹੈ। ਜਿੱਥੇ ਤੱਕ ਉਹਦਾ (ਨਣਦੋਈਏ ਦਾ) ਵਾਸਤਾ ਹੈ ਉਹਦੇ ਲਈ ਤਾਂ ਉਹ ਭਾਵੇਂ ਅੱਜ ਮਰ ਜਾਵੇ।
ਪਰ ਕੁੜੀ ਨੇ ਖੁਦ ਵੀ ਆਪਣੇ ਪਰਿਵਾਰ ਤੋਂ ਨਾਤਾ ਤੋੜ ਲਿਆ ਹੈ। ਉਹ ਹੁਣ ਇਸਾਈ ਬਣ ਗਈ ਹੈ ਤੇ
ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦੀ। ਉਹਨੇ ਮੇਰੀਆਂ ਧੀਆਂ ਕੋਲ ਭਾਰਤੀਆਂ ਬਾਰੇ ਹਰ ਕਿਸਮ
ਦੀਆਂ ਮਾੜੀਆਂ ਗੱਲਾਂ ਕੀਤੀਆਂ ਹਨ ਜਦ ਕਦੇ ਵੀ ਉਹ ਉਨ੍ਹਾਂ ਨੂੰ ਮਿਲੀ ਹੈ। ਉਹ ਕਦੇ ਕਦੇ
ਉਨ੍ਹਾਂ ਨੂੰ ਸ਼ਹਿਰ ਵਿਚ ਮਿਲ ਪੈਂਦੀ ਹੈ। ਮੇਰੀ ਨਨਾਣ ਦੇ ਮੁੰਡੇ ਨੇ ਆਪਣੀ ਭੈਣ ਦੇ ਵਤੀਰੇ
ਨੂੰ ਬਹੁਤ ਮਨ ਤੇ ਲਾਇਆ ਹੈ। ਉਹ ਵੀ ਉਹਦੇ ਨਾਲ ਗੱਲ ਨਹੀਂ ਕਰਦਾ। ਉਹ ਇਸ ਸਾਲ ਦੇ ਸ਼ੁਰੂ
ਵਿਚ ਇੰਡੀਆ ਨੂੰ ਗਿਆ ਸੀ ਤੇ ਉੱਥੇ ਵਿਆਹ ਕਰਾ ਕੇ ਆਇਆ ਹੈ ਤੇ ਉਹਦੀ ਵਹੁਟੀ ਛੇਤੀ ਹੀ ਆ
ਰਹੀ ਹੈ। ਇਸ ਨਾਲ ਮੇਰੀ ਨਨਾਣ ਦੀ ਕੁੜੀ ਵਲੋਂ ਆਪਣੇ ਪਰਿਵਾਰ ਲਈ ਪੈਦਾ ਕੀਤੀ ਨਮੋਸ਼ੀ ਵਿਚ
ਬਹੁਤਾ ਫਰਕ ਨਹੀਂ ਪਿਆ।
ਆਂਟੀ ਨੇ ਇਹ ਗੱਲ ਵਾਰ ਵਾਰ ਕਹੀ ਕਿ ਉਹ ਲਗਾਤਾਰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ
ਵਿਚ ਹੈ ਖਾਸ ਕਰ ਜਦ ਤੋਂ ਉਹਦੀ ਨਨਾਣ ਦੀ ਕੁੜੀ ਨੇ ਘਰੋਂ ਬਾਹਰ ਜਾ ਕੇ ਰਹਿਣ ਦਾ ਫੈਸਲਾ
ਕੀਤਾ ਹੈ। ਉਹਦੀ ਹਾਲ ਹੀ ਵਿਚ ਇਕ ਹੋਰ ਔਰਤ ਨਾਲ ਜਾਣ ਪਛਾਣ ਹੋਈ ਹੈ ਜਿਸ ਦੀਆਂ ਦੋ ਧੀਆਂ
ਨੇ ਵੀ ਏਦਾਂ ਹੀ ਕੀਤਾ ਹੈ ਇਸ ਨਾਲ ਆਂਟੀ ਦੇ ਫਿਕਰ ਵਿਚ ਸਗੋਂ ਹੋਰ ਵਾਧਾ ਹੋਇਆ ਹੈ।
ਜਿੰਨਾ ਚਿਰ ਮੇਰੇ ਬੱਚੇ ਠੀਕ ਠਾਕ ਵਿਆਹ ਨਹੀਂ ਹੋ ਜਾਂਦੇ ਤੇ ਆਪਣੇ ਘਰ ਨਹੀਂ ਵਸਾ ਲੈਂਦੇ,
ਉਨ੍ਹਾਂ ਦੇ ਵਿਆਹਾਂ ਦਾ ਮੈਨੂੰ ਅਤੇ ਤੇਰੇ ਅੰਕਲ ਨੂੰ ਵੀ ਹਰ ਵੇਲੇ ਫਿਕਰ ਰਹਿੰਦਾ ਹੈ ਐਨ
ਜਿਵੇਂ ਤੇਰੇ ਬਾਰੇ ਤੇਰੇ ਘਰਦਿਆਂ ਨੂੰ ਫਿਕਰ ਹੈ। ਰਤਨ ਦੀਆਂ ਦੋਵੇਂ ਕੁੜੀਆਂ ਗੋਰਿਆਂ ਨਾਲ
ਚਲੇ ਗਈਆਂ ਹਨ। ਉਹਨੂੰ ਇਕ ਨਾਲ ਮਾੜੀ ਜਿਹੀ ਸ਼ਾਂਤੀ ਹੈ ਜਿਹਨੇ ਵਿਆਹ ਕਰਾ ਲਿਆ ਹੈ ਅਤੇ ਘਰ
ਵਸਾਇਆ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ ਪਰ ਜਿਹੜੀ ਦੂਜੀ ਹੈ ਉਹ ਤਾਂ ਪਹਿਲੇ ਬੰਦੇ ਨਾਲ ਵੀ
ਨਹੀਂ ਰਹਿੰਦੀ ਜਿਹਦੇ ਨਾਲ ਉਹ ਘਰੋਂ ਗਈ ਸੀ। ਉਹ ਹੁਣ ਆਪਣੇ ਪਿਓ ਦੀ ਉਮਰ ਦੇ ਕਿਸੇ ਬੰਦੇ
ਨਾਲ ਰਹਿੰਦੀ ਹੈ। ਰਤਨ ਕੌਰ ਇਹਦੇ ਬਾਰੇ ਕੀ ਕਰ ਸਕਦੀ ਹੈ? ਮੈਂ ਊਹਨੂੰ ਅਕਸਰ ਮਿਲਦੀ
ਰਹਿੰਦੀ ਹਾਂ ਕਿਉਂਕਿ ਉਹਦੀ ਨਨਾਣ ਸਾਡੇ ਘਰ ਦੀ ਬੇਸਮਿੰਟ ਵਿਚ ਰਹਿੰਦੀ ਹੁੰਦੀ ਸੀ। ਉਹਨੇ
ਹੁਣ ਸਾਡੇ ਘਰ ਤੋਂ ਦੋ ਕੁ ਘਰ ਪਰ੍ਹਾਂ ਮਕਾਨ ਖ੍ਰੀਦ ਲਿਆ ਹੈ। ਮੈਂ ਉਦੋਂ ਉਨ੍ਹਾਂ ਸਾਰਿਆਂ
ਨਾਲ ਚੰਗੀ ਘੁਲ ਮਿਲ ਗਈ ਸੀ ਅਤੇ ਅਸੀਂ ਅਜੇ ਵੀ ਇਕ ਦੂਜੇ ਦੇ ਕਾਫੀ ਨੇੜੇ ਹਾਂ। ਉਹ ਤਾਂ
ਹੁਣ ਪਹਿਲਾਂ ਵਰਗੀ ਰਹੀ ਹੀ ਨਹੀਂ। ਉਹਦਾ ਭਾਰ ਕਾਫੀ ਘਟ ਗਿਆ ਹੈ ਤੇ ਹਰ ਵੇਲੇ ਘਾਬਰੀ
ਘਾਬਰੀ ਜਹੀ ਰਹਿੰਦੀ ਹੈ। ਮੈਨੂੰ ਚੇਤਾ ਹੈ ਕਿ ਉਹ ਬਹੁਤ ਖੁਸ਼ ਮਿਜਾਜ਼ ਸੀ ਤੇ ਚੰਗੇ ਬਣਦੇ
ਫਬਦੇ ਕੱਪੜੇ ਪਾਉਂਦੀ ਹੁੰਦੀ ਸੀ। ਉਹਨੇ ਹਮੇਸ਼ਾਂ ਚੰਗਾ ਪਹਿਨਣ ਤੇ ਫੈਸ਼ਨ ਦਾ ਖਿਆਲ ਰੱਖਿਆ
ਸੀ। ਉਹ ਮੇਰੇ ਨਾਲ ਆਪਣੀਆਂ ਕੁੜੀਆਂ ਦੀ ਗੱਲ ਨਹੀਂ ਕਰਦੀ। ਕਹਿ ਵੀ ਕੀ ਸਕਦੀ ਹੈ? ਇਸ
ਸਭਿਆਚਾਰ ਨੇ ਉਹਦੀਆਂ ਧੀਆਂ ਉਸ ਤੋਂ ਖੋਹ ਲਈਆਂ ਹਨ। ਉਹਨੂੰ ਉਸ ਕਿਸਮ ਦੀ ਖੁਸ਼ੀ ਨਹੀਂ ਮਿਲ
ਸਕਦੀ ਜਿਸ ਕਿਸਮ ਦੀ ਤੁਸੀਂ ਆਪਣੇ ਪੋਤੇ/ਪੋਤੀਆਂ ਜਾਂ ਦੋਹਤੇ/ਦੋਹਤੀਆਂ ਦੇ ਆਉਣ ਸਮੇਂ
ਮਹਿਸੂਸ ਕਰਦੇ ਹੋ। ਉਹ ਆਪਣੀਆਂ ਧੀਆਂ ਦੇ ਨਵੇਂ ਪਰਿਵਾਰਾਂ ਨਾਲ ਮਿਲ਼ ਗਿਲ਼ ਨਹੀਂ ਸਕਦੀ।
ਉਹ ਉਨ੍ਹਾਂ ਨਾਲ ਕੀ ਗੱਲਾਂ ਕਰੇਗੀ। ਸਾਡੇ ਤੇ ਗੋਰਿਆਂ ਵਿਚਕਾਰ ਕੋਈ ਬਹੁਤੀਆਂ ਸਾਂਝੀਆਂ
ਗੱਲਾਂ ਨਹੀਂ ਹਨ। ਹੁਣ ਉਹਦੇ ਕੋਲ ਮਾਨਣ ਵਾਸਤ ਸਿਰਫ ਉਹਦੇ ਪੁੱਤ ਦਾ ਟੱਬਰ ਹੀ ਹੈ। ਉਹਦੀ
ਵਹੁਟੀ ਇੰਡੀਆ ਤੋਂ ਆਈ ਹੈ ਤੇ ਉਹਦਾ ਪਰਿਵਾਰ ਵੀ ਹੁਣ ਆ ਗਿਆ ਹੈ ਤੇ ਰਤਨ ਕੌਰ ਦੇ ਦੁਆਲੇ
ਹੁਣ ਉਹਦੀ ਨੂੰਹ ਦਾ ਪਰਿਵਾਰ ਹੈ।
ਜਗਦੀਸ਼ ਆਂਟੀ ਆਪਣੇ ਪੁੱਤ ਦੇ ਵਿਆਹ ਬਾਰੇ ਸੋਚਾਂ ਤੇ ਯੋਜਨਾਵਾਂ ਵਿਚ ਰੁੱਝੀ ਹੋਈ ਸੀ।
ਉਹਨੇ ਆਪਣੀਆਂ ਸਹੇਲੀਆਂ ਤੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀ ਕਿ ਉਹ ਕਿਸੇ ਚੰਗੀ ਕੁੜੀ
ਲਈ ਆਲੇ ਦੁਆਲੇ ਖਿਆਲ ਰੱਖਣ। ਉਹਨੂੰ ਪਹਿਲਾਂ ਹੀ ਇਕ ਕਾਲਜ ਵੇਲੇ ਦੀ ਸਹੇਲੀ ਜੋ ਹੁਣ
ਟਰਾਂਟੋ ਰਹਿੰਦੀ ਸੀ, ਵਲੋਂ ਪੇਸ਼ਕਸ਼ ਆਈ ਹੋਈ ਸੀ। ਪਰ, ਆਂਟੀ ਸੋਚਦੀ ਕਿ ਉਹਦੀ ਸਹੇਲੀ ਦੀ
ਧੀ ਉਹਦੇ ਮੁੰਡੇ ਨਾਲੋਂ ਕੱਦ ਵਿਚ ਮੱਧਰੀ ਤੇ ਸਰੀਰ ਦੀ ਨਿੱਕੀ ਜਿਹੀ ਸੀ। ਆਂਟੀ ਦੀ ਰਾਏ
ਵਿਚ ਉਹ ਕੋਈ ਏਨਾ ਸੋਹਣਾ ਜੋੜਾ ਨਹੀਂ ਸੀ ਬਣਦਾ ਪਰ ਫੇਰ ਵੀ ਉਹਨੇ ਆਪਣੀ ਸਹੇਲੀ ਨੂੰ ਲਿਖ
ਭੇਜਿਆ ਸੀ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਪਤਝੜ ਦੌਰਾਨ ਉਨ੍ਹਾਂ ਨੂੰ ਮਿਲਣ ਆਉਣ ਅਤੇ ਇਹ
ਸੁਝਾਅ ਦਿੱਤਾ ਸੀ ਕਿ ਉਹਦਾ ਪੁੱਤ ਤੇ ਸਹੇਲੀ ਦੀ ਧੀ ਇਕ ਦੂਜੇ ਨੂੰ ਆਹਮੋ ਸਾਹਮਣੇ ਮਿਲ ਦੇਖ
ਲੈਣ। ਉਹ ਇਸ ਗੱਲ ਲਈ ਤਿਆਰ ਸੀ ਕਿ ਸ਼ਾਇਦ ਉਹਦਾ ਪੁੱਤ ਤੇ ਸਹੇਲੀ ਦੀ ਧੀ ਇਕ ਦੂਜੇ ਨੂੰ
ਪਸੰਦ ਕਰ ਲੈਣ।
ਅਸੀਂ ਕਈ ਵਾਰ ਆਂਟੀ ਦੀ ਪੜ੍ਹਾਈ ਬਾਰੇ ਗੱਲ ਕੀਤੀ। ਉਹਦੇ ਦੋਵੇਂ ਮਾਪੇ ਅਧਿਆਪਕ ਸਨ ਤੇ ਉਹ
ਇਕ ਪੜ੍ਹੇ ਲਿਖੇ ਤੇ ਅਸਰ ਰਸੂਖ ਵਾਲੇ ਪਰਿਵਾਰ ਵਿਚੋਂ ਸੀ। ਉਹਨੇ ਮੈਨੂੰ ਦੱਸਿਆ ਸੀ ਕਿ ਉਹ
ਨਰਸ ਬਣਨ ਬਾਰੇ ਪੜ੍ਹਨਾ ਚਾਹੁੰਦੀ ਸੀ ਪਰ ਉਹਦੇ ਮਾਪਿਆਂ ਦਾ ਖਿਆਲ ਸੀ ਕਿ ਨਰਸ ਇਕ ਔਖਾ
ਪੇਸ਼ਾ ਸੀ ਇਸ ਕਰਕੇ ਉਹਨੇ ਸਮਾਜਿਕ ਵਿਗਿਆਨ ਵਿਚ ਪੜ੍ਹਾਈ ਕੀਤੀ। ਉਹ ਅਕਸਰ, ਆਪਣੀਆਂ
ਸਹੇਲੀਆਂ ਤੇ ਕਜ਼ਨਾਂ ਬਾਰੇ ਗੱਲਾਂ ਕਰਦੀ ਜੋ ਇੰਡੀਆ ਵਿਚ ਲੈਕਚਰਾਰ ਤੇ ਵਿਗਿਆਨੀ ਸਨ। ਮੈਂ
ਉਹਨੂੰ ਪੁੱਛਿਆ ਕਿ ਕੀ ਕਦੇ ਉਹਨੂੰ ਆਪਣੇ ਕਨੇਡਾ ਆਉਣ ਦੇ ਫੈਸਲੇ ਬਾਰੇ ਪਛਤਾਵਾ ਵੀ ਹੋਇਆ
ਹੈ ਕਿਉਂਕਿ ਉਹਨੂੰ ਇੰਡੀਆ ਰਹਿੰਦਿਆਂ ਉਹਦੇ ਆਪਣੇ ਖੇਤਰ ਵਿਚ ਕੰਮ ਕਰਨ ਦਾ ਮੌਕਾ ਮਿਲ ਸਕਦਾ
ਸੀ।
ਭਾਰਤੀ ਮਿਆਰ ਅਨੁਸਾਰ ਜਿਹੜਾ ਕੰਮ ਮੈਂ ਕਰਦੀ ਹਾਂ ਉਹ ਕਾਫੀ ਔਖਾ ਤੇ ਨਫਰਤ ਭਰਿਆ ਹੈ।
ਇੰਡੀਆ ਵਿਚਲੀਆਂ ਮੇਰੀਆਂ ਸਹੇਲੀਆਂ ਦੀਆਂ ਨਜ਼ਰਾਂ ਵਿਚ ਇਹ ਕੰਮ ਬਹੁਤ ਘਟੀਆ ਗਿਣਿਆ ਜਾਂਦਾ
ਹੈ। ਮੇਰੀਆਂ ਸਹੇਲੀਆਂ ਅਤੇ ਕਜ਼ਨਾਂ ਦੇ ਕੰਮ ਚੰਗੇ ਹਨ। ਮੇਰੀ ਇਕ ਦੋਸਤ ਲੁਧਿਆਣਾ
ਯੂਨੀਵਰਸਿਟੀ ਵਿਚ ਲੈਕਚਰਾਰ ਹੈ ਤੇ ਇਕ ਕਜ਼ਨ ਦਿੱਲੀ ਵਿਚ ਵਿਗਿਆਨੀ ਵਜੋਂ ਸਰਕਾਰ ਲਈ ਕੰਮ
ਕਰਦੀ ਹੈ। ਜਿਹੜੀਆਂ ਕੰਮ ਨਹੀਂ ਕਰਦੀਆਂ ਉਨ੍ਹਾਂ ਨੇ ਚੰਗੇ ਘਰਾਂ ਵਿਚ ਵਿਆਹ ਕਰਵਾਏ ਹੋਏ
ਹਨ।
ਮੇਰੀ ਨੌਕਰੀ ਭਾਵੇਂ ਕੋਈ ਉੱਚੇ ਰੁਤਬੇ ਵਾਲੀ ਨਹੀਂ ਪਰ ਮੈਂ ਇੰਡੀਆ ਨਾਲੋਂ ਏਥੇ ਬਿਹਤਰ
ਹਾਂ। ਏਥੇ ਆਉਣਾ ਮੇਰਾ ਸੁਫਨਾ ਸੀ। ਏਥੇ ਮੇਰੇ ਬੱਚਿਆਂ ਕੋਲ ਹਰ ਕਿਸਮ ਦੇ ਮੌਕੇ ਹਨ ਉਹ ਜੋ
ਵੀ ਜਿ਼ੰਦਗੀ ਵਿਚ ਕਰਨਾ ਚਾਹੁਣ ਕਰ ਸਕਦੇ ਹਨ। ਇਹ ਠੀਕ ਹੈ ਕਿ ਜਿ਼ੰਦਗੀ ਦਾ ਅਸਲੀ ਮਜ਼ਾ
ਤਾਂ ਇੰਡੀਆ ਰਹਿ ਕੇ ਹੀ ਆਉਣਾ ਸੀ। ਉਹ ਭਾਈਚਾਰਾ ਹੈ ਜਿਸ ਨੂੰ ਮੈਂ ਆਪਣੇ ਸਾਹਾਂ ਵਾਂਗ
ਜਾਣਦੀ ਹਾਂ ਅਤੇ ਮੈਂ ਹਰ ਜਗ੍ਹਾ ਆਪਣੀ ਜ਼ਬਾਨ ਬੋਲੀ ਜਾਂਦੀ ਸੁਣਨ ਦੀ ਵੀ ਘਾਟ ਮਹਿਸੂਸ
ਕਰਦੀ ਹਾਂ। ਪਰ ਮੈਂ ਏਥੇ ਵੀ ਆਪਣੇ ਹਰ ਕਿਸਮ ਦੇ ਨਾਤੇ ਜੋੜ ਲਏ ਹਨ ਅਤੇ ਮੇਰੇ ਬੱਚੇ ਏਥੇ
ਹਨ ਇਸ ਲਈ ਮੇਰਾ ਜੀਵਨ ਹੁਣ ਏਥੇ ਹੈ।
ਮੈਂ ਹੋਰ ਅੰਗ੍ਰੇਜ਼ੀ ਸਿੱਖ ਕੇ ਇਸ ਨੂੰ ਬਿਹਤਰ ਕਰ ਸਕਦੀ ਸੀ ਕਿਉਂਕਿ ਮੈਂ ਇੰਡੀਆ ਵਿਚ
ਅੰਗ੍ਰੇਜ਼ੀ ਪੜ੍ਹੀ ਸੀ। ਪਰ ਜਦੋਂ ਮੈਂ ਪਹਿਲਾਂ ਏਥੇ ਆਈ ਸੀ ਤਾਂ ਅਸੀਂ ਇਕ ਵੱਡੇ ਪਰਿਵਾਰ
ਵਿਚ ਰਹਿੰਦੇ ਸੀ। ਪਰਿਵਾਰ ਦੇ ਲੋਕ, ਤੁਸੀਂ ਕਹਿ ਸਕਦੇ ਹੋ ਕਿ ਪੜ੍ਹੇ ਲਿਖੇ ਨਹੀਂ ਸਨ ਇਸ
ਕਰਕੇ ਉਨ੍ਹਾਂ ਨਾਲ ਰਹਿੰਦਿਆਂ ਮੈਂ ਆਪਣੀ ਅੰਗ੍ਰੇਜ਼ੀ ਦੀ ਯੋਗਤਾ ਨੂੰ ਸੁਧਾਰ ਨਾ ਸਕੀ। ਮੈਂ
ਕਦੇ ਪੂਰੇ ਧਿਆਨ ਨਾਲ ਟੀ ਵੀ ਵੀ ਨਹੀਂ ਸੀ ਦੇਖ ਸਕਦੀ ਕਿਉਂਕਿ ਉਨ੍ਹਾਂ ਨੂੰ ਅੰਗ੍ਰੇਜ਼ੀ ਨਾ
ਆਉਂਦੀ ਹੋਣ ਕਰਕੇ ਉਹ ਗੱਲਾਂ ਕਰਦੇ ਰਹਿੰਦੇ ਸਨ। ਮੈਨੂੰ ਲਗਦਾ ਹੈ ਕਿ ਮੈਂ ਟੀ ਵੀ ਦੇਖ ਕੇ
ਮੈਂ ਆਪਣੀ ਅੰਗ੍ਰੇਜ਼ੀ ਬਹੁਤ ਸੁਧਾਰ ਸਕਦੀ ਹਾਂ। ਕੈਨਰੀ ਵਿਚ ਵੀ, ਮੈਂ ਪਹਿਲਾਂ ਸਿਰਫ
ਆਪਣੀਆਂ ਪੰਜਾਬੀ ਔਰਤਾਂ ਨਾਲ ਹੀ ਬੈਠਦੀ ਹੁੰਦੀ ਸੀ ਤੇ ਅਸੀਂ ਆਪਣੀ ਬੋਲੀ ਵਿਚ ਹੀ ਗੱਲਬਾਤ
ਕਰਦੀਆਂ ਹੁੰਦੀਆਂ ਸੀ ਜਿਸ ਨੇ ਮੈਨੂੰ ਅੰਗ੍ਰੇਜ਼ੀ ਸਿੱਖਣ ਤੋਂ ਰੋਕੀ ਰੱਖਿਆ।
ਹੁਣ ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਗੋਰੀਆਂ ਔਰਤਾਂ ਵੀ ਹਨ ਅਤੇ ਅਸੀਂ ਅਕਸਰ ਇਕੱਠੀਆਂ
ਹੁੰਦੀਆਂ ਰਹਿੰਦੀਆਂ ਹਾਂ। ਉਨ੍ਹਾਂ ਵਿਚੋਂ ਕੁਝ ਗੁਆਂਢ ਵਿਚ ਹੀ ਰਹਿੰਦੀਆਂ ਹਨ ਇਸ ਲਈ
ਮਿਲਣਾ ਗਿਲਣਾ ਸੁਖਾਲਾ ਹੈ। ਉਹ ਵੀ ਮੇਰੇ ਕੋਲ ਆਉਂਦੀਆਂ ਰਹਿੰਦੀਆਂ ਹਨ। ਅਤੇ ਕੰਮ ਤੇ ਮੈਂ
ਹੁਣ ਸਿਰਫ ਆਪਣੀਆਂ ਨਾਲ ਹੀ ਸਮਾਂ ਨਹੀਂ ਬਿਤਾਉਂਦੀ। ਮੈਂ ਸਾਰੀਆਂ ਨਾਲ ਮਿਲਦੀ ਬੈਠਦੀ ਹਾਂ।
ਮੈਂ ਕੰਮ ਲੋੜ ਅਤੇ ਘਰ ਦੀਆਂ ਤੰਗੀਆਂ ਕਰਕੇ ਸ਼ੁਰੂ ਕੀਤਾ ਸੀ ਕਿਉਂਕਿ ਸਾਡੇ ਕੋਲ ਕੁਝ ਨਹੀਂ
ਸੀ। ਹੁਣ ਵੀ ਕਾਰਨ ਉਹੀ ਹਨ, ਪਰ ਫੇਰ ਵੀ ਕਈ ਕੁਝ ਬਦਲ ਗਿਆ ਹੈ ਤੇ ਹੁਣ ਮੈਨੂੰ ਪਹਿਲਾਂ
ਜਿੰਨਾ ਓਵਟਾਈਮ ਨਹੀਂ ਕਰਨਾ ਪੈਂਦਾ। ਮੈਂ ਹੁਣ ਸੀਜ਼ਨ ਦੌਰਾਨ ਛੁੱਟੀਆਂ ਲੈ ਸਕਦੀ ਹਾਂ
ਕਿਉਂਕਿ ਹੁਣ ਸਾਡੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਮੈਂ ਬਹੁਤ ਓਵਰਟਾਈਮ ਕੰਮ ਕੀਤਾ
ਕਿਉਂਕਿ ਸਾਡੇ ਕੋਲ ਘਰ ਅਤੇ ਕਾਰ ਨਹੀਂ ਸੀ। ਹੁਣ ਮੇਰੇ ਕੋਲ ਪਹਿਲਾਂ ਨਾਲੋਂ ਮਰਜ਼ੀ ਕਰਨ ਦੇ
ਮੌਕੇ ਜਿ਼ਆਦਾ ਹਨ ਤੇ ਮੈਂ ਚੁਣ ਕੇ ਹੀ ਕੰਮ ਕਰਦੀ ਹਾਂ। ਕੰਮ ਕਰਨਾ ਮੈਂ ਪਸੰਦ ਕਰਦੀ ਹਾਂ।
ਇਹ ਮੇਰੇ ਲਈ ਸਾਰੀ ਦਿਹਾੜੀ ਟੀ ਵੀ ਮੂਹਰੇ ਬੈਠੇ ਰਹਿਣ ਦੀ ਥਾਂ ਇਕ ਰੁਝੇਂਵਾ ਪੈਦਾ ਕਰਦਾ
ਹੈ। ਸਾਰੀ ਦਿਹਾੜੀ ਟੀ ਵੀ ਦੇਖੀ ਜਾਣੀ ਤਾਂ ਕੋਈ ਵਧੀਆ ਗੱਲ ਨਹੀਂ। ਤੇਰੇ ਅੰਕਲ ਵਾਂਗ
ਨਹੀਂ, ਜਿਹੜਾ ਪੱਚਵੰਜਾ ਸਾਲ ਦੀ ਉਮਰੇ ਹੀ ਰੀਟਾਇਰ ਹੋਣਾ ਚਾਹੁੰਦਾ ਹੈ, ਮੈਂ ਤਾਂ ਜਿੰਨਾ
ਚਿਰ ਮੇਰੀ ਸਿਹਤ ਠੀਕ ਰਹੀ ਕੰਮ ਕਰਦੀ ਰਹਾਂਗੀ।
ਟਿੱਪਣੀਆਂ
ਪਹਿਲਾਂ ਪਹਿਲਾਂ ਇੰਡੀਆ
ਤੋਂ ਟੈਰਸ ਆਉਣ ਸਮੇਂ, ਇਹ ਔਰਤਾਂ ਸਮਾਜ ਦੇ ਉਨ੍ਹਾਂ ਦਾਇਰਿਆਂ ਵਿੱਚ ਹੀ ਵਿਚਰੀਆਂ ਜਿਹੜੇ
ਇਨ੍ਹਾਂ ਦੇ ਪਤੀਆਂ ਵਲੋਂ ਬਣਾਏ ਗਏ ਸਨ ਕਿਉਂਕਿ ਉਹ ਉਨ੍ਹਾਂ ਤੋਂ ਪਹਿਲਾਂ ਆਏ ਸਨ। ਇਹ
ਦਾਇਰੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਮਰਦਾਂ ਵਲੋਂ ਕਿਰਾਏ ਦੇ ਮਕਾਨ ਲੈ ਕੇ ਇਕੱਠੇ ਰਹਿਣ
ਕਰਕੇ ਬਣੇ ਸਨ ਜਾਂ ਮਿੱਲ ਵਿੱਚ ਇਕੱਠੇ ਕੰਮ ਕਰਨ ਕਰਕੇ। ਜਿਵੇਂ ਜਿਵੇਂ ਉਨ੍ਹਾਂ ਦੇ ਪਰਿਵਾਰ
ਆਉਂਦੇ ਗਏ, ਪੰਜਾਬੀਆਂ ਦੀ ਵਸੋਂ ਵੱਧਦੀ ਗਈ ਅਤੇ ਉਸ ਦੇ ਨਾਲ ਹੀ ਸਮਾਜਕ ਮੇਲ ਜੋਲ ਦਾ
ਤਾਣਾ-ਬਾਣਾ ਵੀ। ਮੇਰੇ ਵਲੋਂ ਇੰਟਰਵਿਊ ਕੀਤੀਆਂ ਗਈਆਂ ਸਾਰੀਆਂ ਔਰਤਾਂ ਦੀ ਯਾਦ ਮੁਤਾਬਕ
ਉਨ੍ਹਾਂ ਨੂੰ ਕੈਨਰੀ ਦੇ ਕੰਮ ਬਾਰੇ ਆਪਣੀ ਕਿਸੇ ਔਰਤ ਰਿਸ਼ਤੇਦਾਰ ਤੋਂ ਪਤਾ ਲੱਗਿਆ ਸੀ ਜੋ
ਉੱਥੇ ਪਹਿਲਾਂ ਹੀ ਕੰਮ ਕਰਦੀ ਸੀ ਜਾਂ ਇਨ੍ਹਾਂ ਵੱਧ ਰਹੇ ਸਮਾਜਕ ਮੇਲ ਜੋਲ ਦੇ
ਤਾਣਿਆਂ-ਬਾਣਿਆਂ ਤੋਂ।
ਮੈਂ ਜਿੰਨੀਆਂ ਵੀ ਔਰਤਾਂ ਨਾਲ ਗੱਲ ਕੀਤੀ ਹੈ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕਨੇਡਾ ਆਉਣ
ਤੋਂ ਪਹਿਲਾਂ ਘਰ ਤੋਂ ਬਾਹਰ ਕੰਮ ਨਹੀਂ ਕੀਤਾ ਸੀ। ਪਰ ਇੱਥੇ ਆ ਕੇ ਕੰਮ ਕਰਨ ਲਈ ਪੂਰੀ
ਤਰ੍ਹਾਂ ਤਿਆਰ ਹੋ ਕੇ ਆਈਆਂ ਸਨ ਕਿਉਂਕਿ ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ
ਕਨੇਡਾ ਵਿੱਚ ਔਰਤਾਂ ਕੰਮ ਕਰਦੀਆਂ ਹਨ। ਬੇਸ਼ੱਕ ਇੰਡੀਆ ਵਿੱਚ ਸਾਰੇ ਸੈਕਟਰਾਂ ਵਿੱਚ ਔਰਤਾਂ
ਨੌਕਰੀ ਕਰਦੀਆਂ ਹਨ, ਪਰ ਸਕੀਨਾ ਵੈਲੀ ਵਿੱਚ ਆਉਣ ਵਾਲੀਆਂ ਬਹੁਗਿਣਤੀ ਔਰਤਾਂ ਪੰਜਾਬ ਵਿੱਚ
ਆਪਣੀਆਂ ਸਮਾਜਕ ਅਤੇ ਭੂਗੋਲਿਕ ਸਥਿਤੀਆਂ ਕਾਰਨ ਅਜਿਹਾ ਕਰਨ ਦੇ ਕਾਬਲ ਨਹੀਂ ਸਨ। ਬਹੁਤੇ
ਕੇਸਾਂ ਵਿੱਚ ਕਿਸਾਨਾਂ ਦੀਆਂ ਧੀਆਂ ਹੁੰਦੀਆਂ ਹੋਇਆਂ, ਉਹ ਪਿੰਡਾਂ ਵਿੱਚ ਰਹਿੰਦੀਆਂ ਸਨ ਅਤੇ
ਆਪਣੇ ਪਰਿਵਾਰਾਂ ਦੀ ਖੇਤੀ ਦੇ ਕੰਮ ਵਿੱਚ ਮਦਦ ਕਰਦੀਆਂ ਸਨ। ਪਰ ਹੁਣ ਕਨੇਡਾ ਵਿੱਚ ਆਪਣੀ
ਜਿ਼ੰਦਗੀ ਦਾ ਵੱਡਾ ਹਿੱਸਾ ਕੰਮ ਕਰਕੇ ਉਹ ਆਪਣੇ ਕੰਮ ਬਾਰੇ ਅਤੇ ਇਸ ਤੋਂ ਮਿਲਣ ਵਾਲੇ ਮਾਇਕ,
ਸਮਾਜਕ, ਮਾਨਸਿਕ ਫਾਇਦਿਆਂ ਬਾਰੇ ਚੰਗਾ ਮਹਿਸੂਸ ਕਰਦੀਆਂ ਹਨ।
ਕੈਨਰੀ ਦਾ ਕੰਮ ਪਰਵਾਸ ਦੇ ਕਾਰਜ ਦਾ ਇਕ ਵਿਲੱਖਣ ਵਿਰਸਾ ਹੈ। ਇਹ ਖਾਸ ਪੱਖ ਉਨ੍ਹਾਂ ਮਰਦਾਂ
ਅਤੇ ਔਰਤਾਂ ਉੱਪਰ ਲਾਗੂ ਨਹੀਂ ਹੁੰਦਾ ਜੋ ਪ੍ਰਿੰਸ ਰੂਪਰਟ ਵਿੱਚ ਰਹਿੰਦੇ ਹੋਏ ਕੈਨਰੀ ਵਿੱਚ
ਕੰਮ ਕਰਦੇ ਸਨ। ਪਰ ਲਾਗੇ ਦੇ ਸ਼ਹਿਰਾਂ ਵਿੱਚ ਰਹਿੰਦੇ ਅਤੇ ਕੈਨਰੀ ਵਿੱਚ ਕੰਮ ਕਰਦੇ ਲੋਕ ਹਰ
ਸਾਲ ਦੋ ਵਾਰ ਕੁੱਲ ਚਾਰ ਮਹੀਨਿਆਂ ਲਈ ਬਸੰਤ ਰੁੱਤ ਵਿੱਚ ਡੇਢ ਤੋਂ ਦੋ ਮਹੀਨਿਆਂ ਲਈ
ਹੈਰਿੰਗ ਮੱਛੀ ਦੇ ਸੀਜ਼ਨ ਦੌਰਾਨ ਜਦੋਂ ਉਨ੍ਹਾਂ ਦੇ ਆਂਡਿਆਂ ਨੂੰ ਇਕੱਤਰ ਕੀਤਾ ਜਾਂਦਾ ਹੈ
ਅਤੇ ਗਰਮੀਆਂ ਦੀ ਰੁੱਤ ਵਿੱਚ ਦੋ ਜਾਂ ਜਿ਼ਆਦਾ ਮਹੀਨਿਆਂ ਲਈ ਸੈਮਨ ਮੱਛੀ ਦੇ ਸੀਜ਼ਨ ਦੌਰਾਨ
ਜਦੋਂ ਤਾਜ਼ਾ ਮੱਛੀਆਂ ਨੂੰ ਫੜਿਆ ਜਾਂਦਾ ਹੈ ਅਤੇ ਡੱਬਾ-ਬੰਦ ਕੀਤਾ ਜਾਂਦਾ ਹੈ- ਪ੍ਰਿੰਸ
ਰੂਪਰਟ ਆਉਂਦੇ ਹਨ ਅਤੇ ਉੱਥੇ ਆਰਜ਼ੀ ਰਿਹਾਇਸ਼ ਰੱਖਦੇ ਹਨ। ਪੰਜ-ਸੱਤ ਔਰਤਾਂ ਕਿਸੇ ਪੰਜਾਬੀ
ਦੇ ਘਰ ਵਿੱਚ ਕਮਰਾ ਕਿਰਾਏ ਤੇ ਲੈਂਦੀਆਂ ਹਨ ਅਤੇ ਵਾਸ਼ਰੂਮ ਅਤੇ ਰਸੋਈ ਦੀ ਵਰਤੋਂ ਪਰਿਵਾਰ
ਨਾਲ ਸਾਂਝੇ ਤੌਰ ਤੇ ਕਰਦੀਆਂ ਹਨ। ਉਹ ਛੁੱਟੀ ਵਾਲੇ ਦਿਨ ਵਾਪਸ ਘਰ ਨੂੰ ਜਾਂਦੀਆਂ ਹਨ।
ਸੀਜ਼ਨ ਦੇ ਸਿਖਰ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਛੁੱਟੀ ਦੇ 13 - 14 ਦਿਨਾਂ ਤੱਕ ਲਗਾਤਾਰ
ਕੰਮ ਕਰਨਾ ਪੈ ਸਕਦਾ ਹੈ।
ਕੈਨਰੀ ਦਾ ਕੰਮ ਪੰਜਾਬੀ ਔਰਤਾਂ ਨੂੰ ਆਪਣੇ ਬੱਚਿਆਂ, ਪਤੀਆਂ ਅਤੇ ਘਰਾਂ ਦੀ ਜਿ਼ੰਮੇਵਾਰੀ
ਤੋਂ ਬਿਨਾਂ ਇਕ ਦੂਸਰੇ ਨਾਲ ਇਕੱਠਾ ਸਮਾਂ ਬਿਤਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਉਨ੍ਹਾਂ
ਨੂੰ ਕੁੱਝ ਹੱਦ ਤੱਕ ਮਾਇਕ ਅਜ਼ਾਦੀ ਵੀ ਬਖਸ਼ਦਾ ਹੈ। ਕੰਮ ਦਾ ਮਾਹੌਲ ਔਰਤਾਂ ਵਿੱਚਕਾਰ ਸਾਂਝ
ਅਤੇ ਉਦਾਰਤਾ ਵੀ ਪੈਦਾ ਕਰਦਾ ਹੈ ਕਿਉਂਕਿ ਉਹ ਸਾਰੀਆਂ ਆਪਣੇ ਘਰਾਂ ਤੋਂ ਦੂਰ ਹੁੰਦੀਆਂ ਹਨ।
ਮਨਜੀਤ ਨੇ ਮੈਨੂੰ ਦੱਸਿਆ ਕਿ ਜੇ ਕਿਸੇ ਨੂੰ ਇਕਦਮ ਕੰਮ ਤੇ ਰੱਖ ਲਿਆਂ ਜਾਂਦਾ ਸੀ ਤਾਂ ਉਹ
ਉਸ ਦੀ ਜਿੰਨੀ ਜਿ਼ਆਦਾ ਹੋ ਸਕੇ ਉਨੀ ਮਦਦ ਕਰਦੀਆਂ ਸਨ:
ਅਸੀਂ ਕੰਮ ਤੇ ਲੱਗੀ ਨਵੀਂ ਔਰਤ ਨੂੰ ਬੂਟ ਦਿੰਦੀਆਂ, ਜੇ ਉਸ ਨੂੰ ਇਕਦਮ ਕੰਮ ਤੇ ਰੱਖ
ਲਿਆ ਜਾਵੇ। ਇੱਥੇ ਕੰਮ ਤੇ ਅਸੀਂ ਇਕ ਦੂਜੇ ਦੀ ਮਦਦ ਕਰਦੀਆਂ ਹਾਂ, ਹਰ ਕੋਈ ਕਰਦਾ ਹੈ...
ਖਾਣਾ ਸਾਂਝਾ ਕਰਦੀਆਂ ਹਾਂ... ਸ਼ਹਿਰ ਵਿੱਚ ਇਹ ਜ਼ਰੂਰੀ ਨਹੀਂ ਹੈ, ਪਰ ਉੱਥੇ ਮਾਹੌਲ ਨਿੱਘਾ
ਹੁੰਦਾ ਹੈ ਅਤੇ ਹਰ ਕੋਈ ਚੰਗੇ ਰੌਂਅ ਵਿੱਚ ਹੁੰਦਾ ਹੈ।
ਪੰਜਾਬੀ ਭਾਈਚਾਰੇ ਵਿੱਚ, ਕੈਨਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਮੱਛੀਆਂ ਵਾਲੀਆਂ ਕਹਿ
ਕੇ ਸੱਦਿਆ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਭਾਈਚਾਰੇ ਵਿੱਚ ਇਹ ਅੱਲ ਮਖੌਲ ਵਜੋਂ ਵਰਤੀ
ਜਾਂਦੀ ਸੀ, ਪਰ ਹੁਣ ਇਹ ਇਕ ਸੌਖਾ ਨਾਂ ਬਣ ਗਿਆ ਹੈ। ਮੈਂ ਇਸ ਗਰੁੱਪ ਦੀ ਰੋਜ਼ਾਨਾ ਗੱਲਬਾਤ
ਵਿੱਚ ਅਤੇ ਘਰ ਵਿੱਚ ਇਹ ਸ਼ਬਦ ਬਹੁਤ ਵਾਰ ਸੁਣਿਆ ਹੈ। ਪਰ ਇਕ ਵਾਰ ਗੁਰਦਵਾਰੇ ਇਕ ਵਿਆਹ
ਦੌਰਾਨ ਜਦੋਂ ਕੈਨਰੀ ਵਿੱਚ ਨਾ ਕੰਮ ਕਰਨ ਵਾਲੀ ਇਕ ਔਰਤ ਨੇ ਮਨਜੀਤ ਨੂੰ ਕਿਹਾ ਮੱਛੀਆਂ
ਵਾਲੀਆਂ ਤਾਂ ਬਹੁਤ ਰੁੱਝੀਆਂ ਹੋਣ ਕਰਕੇ ਕੈਂਪ (ਹਰ ਸਾਲ ਟੈਰਸ ਵਿੱਚ ਗਰਮੀਆਂ ਵਿੱਚ ਬੱਚਿਆਂ
ਲਈ ਲਾਏ ਜਾਂਦੇ ਸਿੱਖ ਕੈਂਪ) ਵਿੱਚ ਮਦਦ ਨਹੀਂ ਕਰ ਸਕਣਗੀਆਂ ਤਾਂ ਮਨਜੀਤ ਨੇ ਇਸ ਦਾ ਬਹੁਤ
ਗੁੱਸਾ ਕੀਤਾ। ਕਹਿਣ ਵਾਲੀ ਔਰਤ ਨੂੰ ਕੋਈ ਜੁਆਬ ਦਿੱਤੇ ਬਿਨਾਂ ਅਸੀਂ ਉੱਥੋਂ ਪਰ੍ਹੇ ਚਲੇ
ਗਈਆਂ ਅਤੇ ਲੰਗਰ ਹਾਲ ਵਿੱਚ ਜਾ ਕੇ ਬਹਿ ਗਈਆਂ। ਜਦੋਂ ਮੈਂ ਮਨਜੀਤ ਨੂੰ ਪੁੱਛਿਆ ਕਿ ਉਹ ਏਨੀ
ਗੁੱਸੇ ਕਿਉਂ ਹੋਈ ਸੀ, ਤਾਂ ਉਸ ਨੇ ਜੋ ਜੁਆਬ ਦਿੱਤਾ ਉਹ ਕਨੇਡੀਅਨ ਸਮਾਜ ਵਿੱਚ ਇਕ ਦੱਖਣੀ
ਏਸ਼ੀਆਈ ਔਰਤ ਦੇ ਸਮਾਜਕ ਰੁਤਬੇ ਦਾ ਗਿਆਨ ਕਰਵਾਉਂਦਾ ਹੈ। ਜਿਹੜਾ ਕੰਮ (ਇਕ ਰੈਸਟੋਰੈਂਟ
ਵਿੱਚ ਭਾਂਡੇ ਧੋਣ ਦਾ ਕੰਮ) ਉਹ ਕਰਦੀ ਹੈ, ਉਹ ਕੰਮ ਝਿਉਰਾਂ ਵਜੋਂ ਕੀਤਾ ਜਾਂਦਾ ਹੈ। ਜਦੋਂ
ਉਹ ਸਾਨੂੰ ਮੱਛੀਆਂਵਾਲੀਆਂ ਕਹਿੰਦੀਆਂ ਹਨ ਤਾਂ ਉਹ ਵੀ ਸਾਨੂੰ ਛੋਟੀ ਜਾਤ ਵਾਲੀਆਂ ਕਹਿੰਦੀਆਂ
ਹਨ। (ਭਾਰਤੀ ਜਾਤ-ਵਿਵਸਥਾ ਵਿੱਚ ਮਛੇਰਿਆਂ/ਮਛੇਰਨਾਂ ਨੂੰ ਸ਼ੂਦਰਾਂ ਦੀ ਇਕ ਉੱਪ ਜਾਤ ਦਾ
ਹੋਣ ਦਾ ਦਰਜਾ ਦਿੱਤਾ ਜਾਂਦਾ ਹੈ।)
ਜਦੋਂ ਮੈਂ ਤੀਰਥ ਅਤੇ ਜਗਦੀਸ਼ ਆਂਟੀ ਨੂੰ ਉਨ੍ਹਾਂ ਦੇ ਇੰਡੀਆਂ ਵਿਚਲੇ ਰਿਸ਼ਤੇਦਾਰਾਂ ਨਾਲ
ਕਨੇਡਾ ਵਿੱਚ ਉਨ੍ਹਾਂ ਦੀ ਜਿ਼ੰਦਗੀ ਅਤੇ ਕੰਮ ਬਾਰੇ ਕੀਤੀ ਜਾਂਦੀ ਗੱਲਬਾਤ ਬਾਰੇ ਪੁੱਛਿਆ
ਤਾਂ ਉਨ੍ਹਾਂ ਨੇ ਆਪਣੇ ਆਪ ਦਾ ਮੁਕਾਬਲਾ ਬਿਹਾਰ ਤੋਂ ਆਏ ਗਰੀਬ ਪਰਵਾਸੀਆਂ ਨਾਲ ਕੀਤਾ,
ਜਿਹੜਾ ਕਨੇਡੀਅਨ ਸਮਾਜ ਵਿੱਚ ਹਾਸ਼ੀਏ ਤੇ ਹੋਣ ਵਾਲੇ ਉਨ੍ਹਾਂ ਦੇ ਦਰਜੇ ਬਾਰੇ ਉਨ੍ਹਾਂ ਦੀ
ਆਪਣੀ ਸੋਝੀ ਨੂੰ ਦਰਸਾਉਂਦਾ ਹੈ। ਅਸੀਂ ਕਨੇਡਾ ਦੇ ਭਈਏ ਹਾਂ, ਮਨਜੀਤ ਨੇ ਕਿਹਾ। ਉਸ ਨੇ
ਅਗਾਂਹ ਇਹ ਵੀ ਕਿਹਾ, ਅਸੀਂ ਸਖਤ ਕੰਮ ਕਰਦੇ ਹਾਂ ਤਾਂ ਕਿ ਸਾਡੇ ਬੱਚੇ ਅਗਾਂਹ ਵੱਧ ਸਕਣ।
ਇਹ ਔਰਤਾਂ ਕਨੇਡਾ ਵਿੱਚ ਅਜਿਹੇ ਕੰਮ ਕਰਦੀਆਂ ਸਨ ਜਿਹੜੇ ਕੰਮ ਉਹ ਇੰਡੀਆ ਵਿੱਚ ਕਰਨ ਬਾਰੇ
ਸੋਚ ਵੀ ਨਹੀਂ ਸਕਦੀਆਂ ਸਨ ਸਫਾਈ ਦਾ ਕੰਮ, ਰੈਸਟੋਰੈਂਟਾਂ ਦਾ ਕੰਮ ਅਤੇ ਕੈਨਰੀ ਵਿੱਚ
ਮੱਛੀਆਂ ਦਾ ਕੰਮ। ਅਸਲ ਵਿੱਚ ਇੰਡੀਆ ਇਸ ਤਰ੍ਹਾਂ ਦਾ ਬਹੁਤਾ ਕੰਮ ਜਾਤ ਦੇ ਆਧਾਰ ਤੇ ਕੀਤਾ
ਜਾਂਦਾ ਹੈ ਅਤੇ ਜੱਟ ਅਤੇ ਰਾਜਪੂਤ ਜਾਤ (ਉੱਚੀ ਕਸ਼ਤਰੀਆ ਜਾਤ ਦੀਆਂ ਉੱਪ ਜਾਤਾਂ) ਨਾਲ
ਸੰਬੰਧਤ ਹੋਣ ਕਾਰਨ ਉੱਥੇ ਇਹਨਾਂ ਔਰਤਾਂ ਨੇ ਸਮਾਜਕ ਤੌਰ ਤੇ ਛੋਟੇ ਸਮਝੇ ਜਾਂਦੇ ਇਹਨਾਂ
ਕੰਮਾਂ ਨੂੰ ਨਹੀਂ ਕਰਨਾ ਸੀ ਕਿਉਂਕਿ ਇਹ ਕੰਮ ਉਨ੍ਹਾਂ ਤੋਂ ਨੀਵੇਂ ਸਮਝੇ ਜਾਣੇ ਸਨ।
ਆਪਣੇ ਆਪ ਨੂੰ ਇਸ ਸ਼੍ਰੇਣੀ ਵਿੱਚ ਸਮਝਣ ਦੇ ਬਾਵਜੂਦ, ਕਨੇਡਾ ਨਾਲ ਆਪਣਾ ਰਿਸ਼ਤਾ ਬਣਾਉਣ
ਅਤੇ ਇੱਥੇ ਮਿਲੇ ਮੌਕਿਆਂ ਦੇ ਕਾਰਨ ਸਮੁੱਚੇ ਰੂਪ ਵਿੱਚ ਕਨੇਡਾ ਵਿੱਚ ਆਪਣੀ ਜਿ਼ੰਦਗੀ ਨੂੰ
ਚੰਗਾ ਸਮਝਦੀਆਂ ਸਨ ਅਤੇ ਕਨੇਡਾ ਨੂੰ ਆਪਣਾ ਘਰ ਸਮਝਦੀਆਂ ਸਨ:
ਹਰਬੰਸ: ਸਾਨੂੰ ਇੱਥੇ ਆਪਣੀ ਸਥਿਤੀ ਪਸੰਦ ਹੈ।
ਸੰਤੋਖ: ਮੈਂ ਇੱਥੇ ਰਹਿਣਾ ਪਸੰਦ ਕਰਦੀ ਹਾਂ। ਤੁਸੀਂ ਇੱਥੇ ਭੁੱਖੇ ਨਹੀਂ ਮਰ ਸਕਦੇ।
ਹਰਬੰਸ: ਤੁਸੀਂ ਕੰਮ ਕਰ ਸਕਦੇ ਹੋ ਅਤੇ ਆਪਣਾ ਗੁਜ਼ਾਰਾ ਚਲਾ ਸਕਦੇ ਹੋ।
ਨਰਿੰਦਰ: ਉੱਥੇ ਬਹੁਤੀਆਂ ਔਰਤਾਂ ਘਰ ਵਿੱਚ ਹੀ ਕੰਮ ਕਰਦੀਆਂ ਹਨ। ਸਾਡੇ ਮੁਲਕ ਵਿੱਚ ਬਹਤ
ਸਾਰੇ ਰੀਤੀ ਰਿਵਾਜ਼ਾਂ ਦਾ ਫਿਕਰ ਕਰਨਾ ਪੈਂਦਾ ਹੈ ਉਹਨੇ ਕਿਸ ਤਰ੍ਹਾਂ ਦਾ ਦੁਪੱਟਾ ਲਿਆ
ਹੋਇਆ ਹੈ (ਵਿਧਵਾ ਔਰਤਾਂ ਦੇ ਸੰਬੰਧ ਵਿੱਚ ਇਹ ਸਖਤ ਰਿਵਾਜ਼ ਹੈ ਕਿ ਉਨ੍ਹਾਂ ਨੂੰ ਚਿੱਟਾ
ਜਾਂ ਹਲਕੇ ਰੰਗ ਦਾ ਦੁਪੱਟਾ ਲੈਣਾ ਚਾਹੀਦਾ ਹੈ ਜੇ ਉਹ ਸਮਾਜ ਵਿੱਚ ਇੱਜ਼ਤਦਾਰ ਰੁਤਬਾ ਰੱਖਣ
ਲਈ ਦੁਬਾਰਾ ਵਿਆਹ ਨਹੀਂ ਕਰਵਾ ਲੈਂਦੀਆਂ।) ਕੀ ਇਹ ਚਿੱਟਾ ਹੈ? ਤੁਹਾਡੇ ਆਪਣੇ ਮੁਲਕ ਵਿੱਚ
ਬਹੁਤ ਸਾਰੀਆਂ ਗੱਲਾਂ ਦਾ ਫਿਕਰ ਕਰਨ ਦੀ ਲੋੜ ਹੈ। ਇੱਥੇ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਕੋਈ
ਬਹੁਤਾ ਧਿਆਨ ਨਹੀਂ ਦਿੰਦਾ। ਮੇਰੇ ਕੇਸ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਸੀ, ਅਤੇ ਮੈਂ
ਇੱਥੇ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ। ਤੇਰੇ ਅੰਕਲ ਦੀ ਮੌਤ ਹੋਣ ਵੇਲੇ ਸਿ਼ੰਦਾ
(ਉਹਦਾ ਛੋਟਾ ਪੁੱਤ) ਚਾਰ ਸਾਲਾਂ ਦਾ ਸੀ। ਇੰਡੀਆ ਵਿੱਚ ਮੈਂ ਆਪਣੇ ਬੱਚੇ ਨਹੀਂ ਪਾਲ ਸਕਦੀ
ਸੀ। ਅਸਲ ਵਿੱਚ ਮੈਨੂੰ ਪਤਾ ਨਹੀਂ ਮੈਂ ਇਸ ਸਮੇਂ ਕਿਸ ਹਾਲਤ ਵਿੱਚ ਹੁੰਦੀ ਜੇ ਮੈਂ ਉੱਥੇ
ਹੁੰਦੀ ਤਾਂ। ਹੁਣ ਉਨ੍ਹਾਂ ਸਾਰਿਆਂ (ਉਹਦੀਆਂ ਧੀਆਂ) ਦੇ ਵਿਆਹ ਹੋ ਗਏ ਹਨ ਅਤੇ ਆਪਣੇ ਘਰਾਂ
ਵਿੱਚ ਸੁੱਖ ਨਾਲ ਵਸਦੀਆਂ ਹਨ। ਨਾਲ ਹੀ ਕਿਉਂਕਿ ਮੈਂ ਕੰਮ ਕਰਦੀ ਹਾਂ, ਇਸ ਲਈ ਮੈਂ ਆਪਣੇ
ਪੁੱਤਰ ਦੀ ਪੜ੍ਹਾਈ ਦਾ ਖਰਚਾ ਦੇਣ ਵਿੱਚ ਉਸ ਦੀ ਮਦਦ ਕਰ ਸਕਦੀ ਹਾਂ, ਉਸ ਦੇ ਵਿਆਹ ਦਾ ਖਰਚਾ
ਕਰ ਸਕਦੀ ਹਾਂ ਅਤੇ ਆਪਣਾ ਭਾਰ ਆਪ ਚੁੱਕ ਸਕਦੀ ਹਾਂ ਜੇ ਭਵਿੱਖ ਵਿੱਚ ਮੇਰਾ ਪੁੱਤ ਮੈਨੂੰ ਨਾ
ਸੰਭਾਲੇ ਤਾਂ।
ਪ੍ਰਿਸ ਰੂਪਰਟ ਵਿੱਚ ਆਪਣੀ ਮਾਂ ਦੇ ਗਰੁੱਪ ਅਤੇ ਦਰਜਨ ਦੇ ਕਰੀਬ ਕੈਨਰੀ ਵਿੱਚ ਮਿਲੀਆਂ
ਪੰਜਾਬੀ ਔਰਤਾਂ ਦਰਮਿਆਨ ਗੁਜ਼ਾਰੇ ਦੋ ਹਫਤਿਆਂ ਦੌਰਾਨ ਮੈਨੂੰ ਇਹਨਾਂ ਔਰਤਾਂ ਵਿੱਚ ਸਾਂਝਾਂ
ਬਣਨ ਅਤੇ ਮੱਤਭੇਦ ਖੜ੍ਹੇ ਹੋਣ ਦੀ ਸਿ਼ੱਦਤ ਦਿਖਾਈ ਦੇਣ ਲੱਗੀ। ਗਰੁੱਪ ਅਤੇ ਇਕੱਲੀਆਂ
ਇਕੱਲੀਆਂ ਇੰਟਰਵਿਊਆਂ ਦੌਰਾਨ ਉਹ ਹੀ ਤਣਾਅ ਅਤੇ ਵਿਰੋਧਤਾਈਆਂ ਸਾਹਮਣੇ ਆ ਗਈਆਂ। ਉਦਾਹਰਨ ਲਈ
ਇਕ ਗਰੁੱਪ ਇੰਟਰਵਿਊ ਦੌਰਾਨ ਮੈਂ ਪੁੱਛਿਆ ਕਿ ਉਨ੍ਹਾਂ ਦੇ ਆਪਣੇ ਦਰਮਿਆਨ ਹਮਖਿਆਲੀ ਅਤੇ
ਸਹੇਲਪੁਣੇ ਦੇ ਹਿੱਸਾਬ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਹਨ। ਤਿੰਨੋ ਔਰਤਾਂ ਨੇ ਜੋਸ਼ ਵਿੱਚ
ਬੋਲਦਿਆਂ ਮੈਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦਾ ਰਿਸ਼ਤਾ ਭੈਣਾਂ ਵਰਗਾ ਹੈ। ਅਸੀਂ ਅਠਾਰਾਂ
ਸਾਲਾਂ ਤੋਂ ਇਕੱਠੀਆਂ ਹਾਂ। ਅਸੀਂ ਭੈਣਾਂ ਵਾਂਗ ਇਕੱਠੀਆਂ ਰਹਿੰਦੀਆਂ ਹਾਂ ਅਤੇ ਕੰਮ ਕਰਦੀਆਂ
ਹਾਂ, ਸਰਿੰਦਰ ਨੇ ਜੁਆਬ ਦਿੱਤਾ। ਮਨਜੀਤ ਨੇ ਨਾਲ ਗੱਲ ਜੋੜੀ, ਅਖੀਰ ਨੂੰ ਵੀਹ ਸਾਲਾਂ ਦਾ
ਸਮਾਂ ਲੰਘ ਜਾਣ ਬਾਅਦ ਵੀ ਅਸੀਂ ਇਸ ਤਰ੍ਹਾਂ ਇਕੱਠੀਆਂ ਕਿਵੇਂ ਰਹਿ ਸਕਦੀਆਂ ਹਾਂ, ਜੇ ਸਾਡੇ
ਵਿੱਚ ਭੈਣਾਂ ਵਾਲਾ ਰਿਸ਼ਤਾ ਨਾ ਹੋਵੇ ਤਾਂ? ਇਕੱਲੀਆਂ ਹੋਣ ਵਕਤ ਉਨ੍ਹਾਂ ਨੇ ਆਪਣੇ ਰਿਸ਼ਤੇ
ਬਾਰੇ ਅਤੇ ਇਕ ਦੂਜੇ ਦੇ ਵਤੀਰੇ ਬਾਰੇ ਜਿ਼ਆਦਾ ਸ਼ੱਕ ਅਤੇ ਬੇਵਿਸ਼ਵਾਸੀ ਜ਼ਾਹਰ ਕੀਤੀ।
ਉਨ੍ਹਾਂ ਵਿੱਚੋਂ ਇਕ ਔਰਤ ਨੇ ਜ਼ੋਰ ਦੇ ਕੇ ਕਿਹਾ,
ਇਸ ਮੁਲਕ ਵਿੱਚ ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਵਾਸਤੇ
ਆਏ ਹਾਂ। ਸਾਡੇ ਪਰਿਵਾਰ ਦੇ ਜਿ਼ਆਦਾ ਮੈਂਬਰ ਇੱਥੇ ਨਹੀਂ ਹਨ, ਪਰ ਪਰਿਵਾਰ ਵਿੱਚ ਵੀ ਤੁਸੀਂ
ਵਫਾਦਾਰੀ ਅਤੇ ਹਿਮਾਇਤ ਹੋਣ ਦਾ ਭਰੋਸਾ ਨਹੀਂ ਕਰ ਸਕਦੇ। ਮੇਰੇ ਆਪਣੇ ਪਰਿਵਾਰ ਦੇ ਮੈਂਬਰਾਂ
ਨੇ ਮੇਰੇ ਬੱਚਿਆਂ ਬਾਰੇ ਅਫਵਾਹਾਂ ਫੈਲਾਈਆਂ ਹਨ। ਅਤੇ ਅਸੀਂ ਜਾਣਦੀਆਂ ਹਾਂ ਕਿ ਆਪਣੇ ਨਾਲ
ਕੰਮ ਕਰਨ ਵਾਲੀਆਂ ਤੋਂ ਵਫਾਦਾਰੀ ਅਤੇ ਭਰੋਸੇ ਦੀ ਆਸ ਨਹੀਂ ਕਰਨੀ ਚਾਹੀਦੀ। ਇੱਥੇ ਹਰ ਕੋਈ
ਆਪਣੀ ਰੋਟੀ ਕਮਾਉਣ ਆਇਆ ਹੈ। ਅਸੀਂ ਭੈੜੇ ਕੱਪੜਿਆਂ, ਅਸੁਵਿਧਾਵਾਂ, ਮਾੜੀ ਸਿਹਤ, ਨਸਲਵਾਦ
ਨੂੰ ਸਹਿੰਦੀਆਂ ਹਾਂ, ਕਿਉਂਕਿ ਅਸੀਂ ਗੁਜ਼ਾਰੇਯੋਗ ਪੈਸੇ ਕਮਾ ਲੈਂਦੀਆਂ ਹਾਂ। ਕੋਈ ਵੀ ਨਹੀਂ
ਚਾਹੁੰਦਾ ਕਿ ਦੂਸਰਾ ਉਸ ਤੋਂ ਅੱਗੇ ਵਧੇ। ਸਾਰੇ ਹਿੰਦੁਸਤਾਨੀ ਇਸ ਤਰ੍ਹਾਂ ਦੇ ਹੀ ਹਨ।
ਪਰ ਇਕੱਠੀਆਂ ਹੋਣ ਸਮੇਂ ਸਾਰੀਆਂ ਨੇ ਸਰਿੰਦਰ ਦੇ ਵਿਚਾਰਾਂ ਦੀ ਹਾਮੀ ਭਰੀ,
ਅਸੀਂ ਸਾਰੀਆਂ ਵੱਖ ਵੱਖ ਥਾਂਵਾਂ, ਵੱਖ ਬਰਾਦਰੀਆਂ ਵਿੱਚੋਂ ਆਈਆਂ ਹਾਂ, ਪਰ ਇੱਥੇ ਅਸੀਂ
ਆਪਣੇ ਵਿਚਕਾਰ ਕੋਈ ਫਰਕ ਨਹੀਂ ਕਰਦੀਆਂ। ਇੱਥੋਂ ਤੱਕ ਕਿ ਇੰਡੀਆ ਵਿੱਚ ਵੀ ਕੰਮ ਕਰਨ ਵਾਲੇ
ਲੋਕ ਬਰਾਦਰੀਆਂ ਵਿੱਚ ਫਰਕ ਨਹੀਂ ਕਰਦੇ, ਭਾਵੇਂ ਕੋਈ ਸਿੱਖ ਹੋਵੇ ਜਾਂ ਹਿੰਦੂ। ਸਾਡੇ ਵਿੱਚ
ਕੋਈ ਫਰਕ ਨਹੀਂ ਹੈ... ਇਸ ਦੇ ਨਾਲ ਹੀ ਇੰਡੀਆ ਵਿੱਚ ਤਬਦੀਲੀ ਆ ਰਹੀ ਹੈ...
ਰਿਵਾਜ਼...ਪਹਿਲਾਂ ਵਿਆਹ ਕਰਨ ਸਮੇਂ ਤੁਹਾਨੂੰ ਚਾਰ ਗੋਤਾਂ ਤੋਂ ਪਾਰ ਜਾਣਾ ਪੈਂਦਾ ਸੀ...
ਤੁਹਾਡੇ ਦਾਦਕਿਆਂ ਦੇ, ਨਾਨਕਿਆਂ ਦੇ, ਦਾਦੀ ਦੇ ਪੇਕਿਆਂ ਦੇ ਅਤੇ ਨਾਨੀ ਦੇ ਪੇਕਿਆਂ ਦੇ ਤੋਂ
ਪਾਰ। ਅਨਪੜ੍ਹ ਲੋਕ ਗੋਤਾਂ, ਜਾਤਾਂ ਬਾਰੇ ਫਜ਼ੂਲ ਦੀਆਂ ਗੱਲਾਂ ਵਿੱਚ ਪਏ ਰਹਿੰਦੇ ਹਨ... ਪਰ
ਹਰ ਥਾਂ ਸਮਾਂ ਬਦਲ ਰਿਹਾ ਹੈ।
ਕੰਮ ਦੇ ਸੰਬੰਧ ਵਿੱਚ ਇਕੱਠੇ ਰਹਿਣ ਅਤੇ ਇਕੱਠੇ ਆਉਣ ਜਾਣ ਕਾਰਨ ਕੁੱਝ ਔਰਤਾਂ ਵਿੱਚ ਦੋਸਤੀ
ਪੈਦਾ ਹੋ ਗਈ ਸੀ। ਮੇਰੇ ਵਲੋਂ ਇੰਟਰਵਿਊ ਕੀਤੀਆਂ ਗਈਆਂ ਤਿੰਨ ਔਰਤਾਂ ਦੀ ਪ੍ਰਿੰਸ ਰੂਪਰਟ
ਵਿੱਚ ਆਪਣੀਆਂ ਮਕਾਨ ਮਾਲਕਣਾਂ ਅਤੇ ਨਾਲ ਕੰਮ ਕਰਨ ਵਾਲੀਆਂ ਨਾਲ ਉਮਰ ਭਰ ਦੀ ਦੋਸਤੀ ਪੈ ਗਈ
ਸੀ। ਇਹ ਦੋਸਤੀਆਂ ਪਰਿਵਾਰਾਂ ਦੇ ਸਾਰੇ ਮੈਂਬਰਾਂ ਵਿਚਕਾਰ ਪਈਆਂ ਸਨ। ਕਿਸੇ ਵੀ ਹੋਰ ਰਿਸ਼ਤੇ
ਵਾਂਗ, ਘੱਟ ਨੇੜਲੇ ਰਿਸ਼ਤੇ ਸਮੇਤ ਜਿੱਥੇ ਔਰਤਾਂ ਆਫ-ਸੀਜ਼ਨ (ਸੀਜ਼ਨ ਤੋਂ ਬਾਹਰਲੇ ਸਮੇਂ)
ਦੌਰਾਨ ਫੋਨਾਂ ਤੇ ਜਾਂ ਇਕੱਠੀਆਂ ਸਮਾਂ ਗੁਜ਼ਾਰਦੀਆਂ ਸਨ, ਇਨ੍ਹਾਂ ਦੋਸਤੀਆਂ ਵਿੱਚ ਵੀ
ਫਰਜ਼ਾਂ ਜਾਂ ਸ਼ਰਤਾਂ ਦੇ ਬੰਧਨ ਮੌਜੂਦ ਸਨ। ਕੰਮ ਤੋਂ ਬਾਅਦ ਰੱਖੀਆਂ ਜਾਣ ਵਾਲੀਆਂ ਉਮੀਦਾਂ
ਵਿੱਚ ਭੇਤ ਰੱਖਣ ਦੀ ਉਮੀਦ ਤੋਂ ਲੈ ਕੇ ਵਿਆਹਾਂ ਅਤੇ ਅਖੰਡ ਪਾਠਾਂ ਵਰਗੇ ਸਭਿਆਚਾਰਕ ਅਤੇ
ਧਾਰਮਿਕ ਸਮਾਗਮਾਂ ਵਿੱਚ ਇਕ ਦੂਸਰੇ ਦੀ ਮਦਦ ਕਰਨ ਦੀਆਂ ਉਮੀਦਾਂ ਸ਼ਾਮਲ ਸਨ।
ਆਫ ਸੀਜ਼ਨ ਵਿੱਚ ਪਰਿਵਾਰ ਵਿਆਹ ਅਤੇ ਧਾਰਮਿਕ ਸਮਾਗਮ ਕਰਦੇ ਸਨ। ਸਾਰਾ ਖਾਣਾ ਅਤੇ ਮਠਿਆਈ
ਸਹੇਲੀਆਂ ਅਤੇ ਪਰਿਵਾਰ ਦੇ ਮੈਂਬਰਾਂ ਵਲੋਂ ਮਿਲ ਕੇ ਬਣਾਈ ਜਾਂਦੀ ਸੀ। ਵਿਆਹ ਨਾਲ ਸੰਬੰਧਤ
ਰਸਮਾਂ ਸਮੇਤ ਪਰਿਵਾਰ ਨੂੰ ਚਾਹੀਦੀ ਕੋਈ ਵੀ ਮਦਦ ਸਹੇਲੀਆਂ ਵਲੋਂ ਕੀਤੀ ਜਾਂਦੀ ਸੀ।
ਹਰ ਇਕ ਤੋਂ ਇਹ ਆਸ ਰੱਖੀ ਜਾਂਦੀ ਸੀ ਕਿ ਉਹ ਕੰਮ ਤੇ ਆਪਣਾ ਭਾਰ ਆਪ ਚੁੱਕੇ ਅਤੇ ਕੰਮ ਤੋਂ
ਬਾਅਦ ਕਿਰਾਏ ਤੇ ਲਈ ਹੋਈ ਥਾਂ ਤੇ ਖ੍ਰੀਦਦਾਰੀ ਕਰਨ, ਖਾਣਾ ਬਣਾਉਣ ਅਤੇ ਗਰੌਸਰੀ ਲਿਆਉਣ
ਦੇ ਕੰਮਾਂ ਵਿੱਚ ਆਪਣੀ ਜਿ਼ੰਮੇਵਾਰੀ ਨਿਭਾਵੇ। ਆਪਣਾ ਭਾਰ ਆਪ ਨਾ ਚੁੱਕਣ ਦੇ ਕਾਰਨ ਵਿਅਕਤੀ
ਨੂੰ ਗਰੁੱਪ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਸੀ। ਇਹ ਗੱਲ ਤਿੰਨ ਔਰਤਾਂ ਨਾਲ ਕੀਤੀ ਗੱਲਬਾਤ
ਦੇ ਅਗਲੇ ਹਿੱਸੇ ਵਿੱਚ ਸਾਫ ਦਿਖਾਈ ਦਿੰਦੀ ਹੈ, ਜਿਸ ਵਿੱਚ ਉਹ ਉਸ ਔਰਤ ਬਾਰੇ ਗੱਲ ਕਰ
ਰਹੀਆਂ ਹਨ ਜੋ ਆਪਣੀਆਂ ਜਿ਼ੰਮੇਵਾਰੀਆਂ ਨਹੀਂ ਨਿਭਾ ਰਹੀ ਸੀ:
ਮਨਜੀਤ: ਸਾਨੂੰ ਉੱਥੋਂ ਮੂਵ ਹੋਣਾ ਪੈਣਾ ਕਿਉਂਕਿ ਇਹ ਗੁਰਮਿੰਦਰ ਦੇ ਘਰ ਤੋਂ ਤੁਰ ਕੇ ਜਾਣ
ਲਈ ਕਾਫੀ ਦੂਰ ਹੈ... ਇਹ ਇਕ ਪਾਸੇ ਨੂੰ ਤਕਰੀਬਨ 45 ਮਿੰਟਾਂ ਦਾ ਰਸਤਾ ਹੈ ਅਤੇ ਮੇਰੇ ਗੋਡੇ
ਪਹਿਲਾਂ ਹੀ ਤੰਗ ਕਰਨ ਲੱਗ ਪਏ ਹਨ... ਮੈਂ ਕਿਰਨ ਨੂੰ ਪੁੱਛਾਂਗੀ ਜੇ ਉਹਦੇ ਘਰ ਵਿੱਚ ਕਿਰਾਏ
ਤੇ ਦੇਣ ਲਈ ਕੋਈ ਕਮਰਾ ਖਾਲੀ ਹੋਵੇ।
ਸੰਤੋਖ: ਮੇਰਾ ਨਹੀਂ ਖਿਆਲ ਉਹਦੇ ਘਰ ਵਿੱਚ ਕੋਈ ਕਮਰਾ ਖਾਲੀ ਹੈ। ਉਹ ਕਿਟੀਮੈੱਟ ਵਾਲੀਆਂ
ਔਰਤਾਂ ਉੱਥੇ ਨਹੀਂ ਰਹਿ ਰਹੀਆਂ।
ਮਨਜੀਤ: ਇਸ ਵੇਲੇ ਨਹੀਂ। ਮੈਂ ਪੁੱਛਾਂਗੀ।
ਨਰਿੰਦਰ: ਜ਼ਰੂਰ ਪੁੱਛੀਂ, ਕਿਉਂਕਿ ਮੇਰੇ ਲਈ ਵੀ ਏਨਾ ਤੁਰਨਾ ਔਖਾ ਹੈ।
ਮਨਜੀਤ: ਕੀ ਅਸੀਂ ਸੁਰਜੀਤ ਨੂੰ ਵੀ ਪੁੱਛ ਲਈਏ ਜੇ ਉਹ ਵੀ ਨਾਲ ਮੂਵ ਹੋਣਾ ਚਾਹੁੰਦੀ ਹੋਵੇ।
ਸੰਤੋਖ: ਨਹੀਂ!
ਮਨਜੀਤ: ਨਿੱਜੀ ਤੌਰ ਤੇ ਮੈਨੂੰ ਕੋਈ ਪਰਵਾਹ ਨਹੀਂ ਕਿ ਉਹ ਕਿੱਥੇ ਜਾਂਦੀ ਹੈ।
ਨਰਿੰਦਰ: ਉਹਨੂੰ ਹੋਇਆ ਕੀ ਹੈ? ਜਦੋਂ ਦੀ ਉਹ ਵੈਨਕੂਵਰ ਮੂਵ ਹੋਈ ਹੈ, ਉਹ ਸਾਡੇ ਨਾਲ ਚੱਜ
ਨਾਲ ਗੱਲ ਹੀ ਨਹੀਂ ਕਰਦੀ।
ਮਨਜੀਤ: ਤੇ ਹੈਰਿੰਗ ਦੇ ਸੀਜ਼ਨ ਵਿੱਚ ਉਹਦਾ ਵਿਹਾਰ ਕਿਸ ਤਰ੍ਹਾਂ ਦਾ ਸੀ... ਉਹ ਕੋਈ ਵੀ
ਕੰਮ ਨਹੀਂ ਕਰਦੀ ਸੀ ਅਤੇ ਸਾਰਿਆਂ ਦਾ ਖਾਣਾ ਖਾ ਲੈਂਦੀ ਸੀ।
ਸੰਤੋਖ: ਜਿਵੇਂ ਨਾਨਕਿਆਂ ਦੇ ਘਰ ਆਈ ਹੋਵੇ?
ਇਕ ਬਹੁਤ ਨੇੜਲੇ ਗਰੁੱਪ ਵਿੱਚ ਮੈਂ ਮੈਂਬਰਾਂ ਵਿਚਕਾਰ ਗੁੱਸੇ ਅਤੇ ਘਿਰਨਾ ਦਾ ਪੇਰਸ਼ਾਨ ਕਰਨ
ਵਾਲਾ ਵਿਹਾਰ ਵੀ ਦੇਖਿਆ। ਇਹ ਔਰਤਾਂ ਅਠਾਰਾਂ ਸਾਲਾਂ ਤੋਂ ਇਕੱਠੀਆਂ ਚੱਲੀਆਂ ਆ ਰਹੀਆਂ ਸਨ।
ਪਰ ਛੇ ਜਣੀਆਂ ਦੇ ਇਸ ਗਰੁੱਪ ਵਿੱਚ ਦੋ ਮੈਂਬਰਾਂ ਵਿਚਕਾਰ ਮੱਤਭੇਦ ਪੈਦਾ ਹੋ ਗਏ ਜਦੋਂ
ਉਨ੍ਹਾਂ ਵਿੱਚੋਂ ਇਕ ਨੇ ਦੂਜੀ ਦੇ ਅਖੰਡ ਪਾਠ ਤੇ ਮਦਦ ਕਰਨ ਦਾ ਕੀਤਾ ਹੋਇਆ ਵਾਅਦਾ ਨਾ
ਪੁਗਾਇਆ। ਮੇਰੇ ਫੀਲਡ ਵਰਕ ਦੌਰਾਨ ਇਨ੍ਹਾਂ ਦੋ ਮੈਂਬਰਾਂ ਵਿਚਕਾਰ ਗੁੱਸੇ ਭਰੀ ਬੋਲਚਾਲ ਕਾਰਨ
ਕੰਮ ਤੇ ਜਾਣ ਸਮੇਂ ਉਨ੍ਹਾਂ ਨੂੰ ਨਾਲ ਨਹੀਂ ਲਿਜਾਇਆ ਗਿਆ ਜਦੋਂ ਕਿ ਬਾਕੀ ਦੀਆਂ ਔਰਤਾਂ
ਪ੍ਰਿੰਸ ਰੂਪਰਟ ਨੂੰ ਕੰਮ ਤੇ ਚਲੇ ਗਈਆਂ। ਇਹ ਘਟਨਾ ਦੋ ਵਾਰੀ ਵਾਪਰੀ ਅਤੇ ਦੂਜੀ ਵਾਰੀ ਇਕ
ਅਨਭੋਲ ਮੈਂਬਰ ਵੀ ਉਨ੍ਹਾਂ ਦੇ ਨਾਲ ਹੀ ਰਹਿ ਗਈ। ਦੂਜੀਆਂ ਮੈਂਬਰਾਂ ਨਾਲ ਬੋਲਚਾਲ ਨਾ ਰਹਿਣ
ਕਾਰਨ ਵੱਖ ਵੱਖ ਸਮੇਂ ਪਿੱਛੇ ਛੱਡ ਦਿੱਤੀਆਂ ਗਈਆਂ ਔਰਤਾਂ ਨੂੰ ਦਿਹਾੜੀ ਦੇ ਪੈਸੇ ਗਵਾਉਣੇ
ਪਏ। ਭਾਵੇਂ ਕਿ ਜਦੋਂ ਮੈਂ ਆਪਣਾ ਕੰਮ ਮੁਕਾਇਆ ਤਾਂ ਉਹ ਛੇ ਜਣੀਆਂ ਇਕ ਵਾਰ ਫਿਰ ਇਕ ਦੂਸਰੇ
ਨਾਲ ਦੋਸਤੀ ਦੇ ਪੱਧਰ ਤੇ ਵਿਚਰਨ ਲੱਗੀਆਂ ਸਨ, ਪਰ ਝਗੜੇ ਦਾ ਕੋਈ ਹੱਲ ਨਹੀਂ ਹੋਇਆ ਸੀ
ਕਿਉਂਕਿ ਉਹ ਮੁਢਲੀ ਸਮੱਸਿਆ ਦੇ ਕਾਰਨ ਬਾਰੇ ਗੱਲ ਨਹੀਂ ਕਰਨਾ ਚਾਹੁੰਦੀਆਂ ਸਨ।
ਅੰਤ
ਦੱਖਣੀ ਏਸ਼ੀਅਨ ਲੋਕਾਂ
ਬਾਰੇ ਲਿਖੀਆਂ ਲਿਖਤਾਂ ਵਿੱਚ ਭਾਈਚਾਰੇ ਵਿੱਚਲੀ ਮੌਜੂਦ ਵਿਭਿੰਨਤਾ ਦਾ ਬਹੁਤ ਘੱਟ ਜਿ਼ਕਰ
ਹੁੰਦਾ ਹੈ। ਮੈਂ ਆਸ ਕਰਦੀ ਹਾਂ ਕਿ ਸਕੀਨਾ ਵੈਲੀ ਦੇ ਦੇ ਦੋ ਵੱਖ ਵੱਖ ਸ਼ਹਿਰਾਂ ਵਿੱਚ
ਰਹਿੰਦੀਆਂ ਦੋ ਪੰਜਾਬੀ ਔਰਤਾਂ ਦੀਆਂ ਕਹਾਣੀਆਂ ਵਿੱਚ ਵਖਰੇਵਿਆਂ ਅਤੇ ਸਮਾਨਤਾਵਾਂ ਦਾ ਜਿ਼ਕਰ
ਕਰਕੇ ਮੈਂ ਇਹ ਦਿਖਾਉਣ ਵਿੱਚ ਕਾਮਯਾਬ ਹੋਈ ਹੋਵਾਂਗੀ ਕਿ ਇਹ ਸਮਝਣ ਲਈ ਕਿ ਕਿਹੜੀ ਚੀਜ਼
ਸਾਨੂੰ ਗਾਲਬ ਭਾਈਚਾਰੇ ਤੋਂ ਵੱਖ ਕਰਦੀ ਹੈ ਵਖਰੇਵਿਆਂ ਨੂੰ ਸਮਝਣਾ ਮਹੱਤਵਪੂਰਨ ਹੈ। ਇਹ
ਵਖਰੇਂਵੇਂ ਇਹ ਵੀ ਦਿਖਾਉਂਦੇ ਹਨ ਕਿ ਅਸੀਂ ਇਕ ਦੂਸਰੇ ਤੋਂ ਕਿਸ ਤਰ੍ਹਾਂ ਵੱਖਰੀਆਂ ਹਨ।
ਮੇਰਾ ਇਹ ਵਿਚਾਰ ਹੈ ਕਿ ਦੱਖਣੀ ਏਸ਼ੀਅਨਾਂ ਅਤੇ ਦੱਖਣੀ ਏਸ਼ੀਅਨ ਕਨੇਡੀਅਨਾਂ ਦੇ ਸਾਡੇ
ਤਜਰਬੇ ਨੂੰ ਸਮਝਣ ਲਈ ਲਿੰਗ, ਨਸਲ, ਅਤੇ ਜਮਾਤ ਦੇ ਫਰਕਾਂ ਦੇ ਨਾਲ ਨਾਲ ਦੱਖਣੀ ਏਸ਼ੀਆਈ
ਭਾਈਚਾਰੇ ਵਿੱਚ ਮੌਜੂਦ ਇਲਾਕੇ, ਫਿਰਕੇ, ਉਮਰ, ਅਤੇ ਜਾਤ ਦੇ ਫਰਕਾਂ ਨੂੰ ਵੀ ਸਮਝਣਾ ਜ਼ਰੂਰੀ
ਹੈ।
ਨੋਟ:
1. ਕੁੱਝ ਔਰਤਾਂ ਨੇ ਮੈਨੂੰ ਉਸ ਔਖੇ ਕੰਮ ਬਾਰੇ ਦੱਸਿਆ ਜਿਹੜਾ ਉਨ੍ਹਾਂ ਨੂੰ ਇੱਥੇ ਆਉਣ ਤੋਂ
ਪਹਿਲਾਂ ਇੰਡੀਆ ਵਿੱਚ ਕਰਨਾ ਪੈਂਦਾ ਸੀ। ਹੁਣ ਜਦੋਂ ਉਹ ਪੰਜਾਬ ਨੂੰ ਵਾਪਸ ਫਿਰਨ ਤੁਰਨ
ਜਾਂਦੀਆਂ ਹਨ ਤਾਂ ਉਹ ਉੱਥੇ ਘਰ ਦਾ ਕੰਮ ਕਰਨ ਵਾਲੀਆਂ ਮਸ਼ੀਨਾਂ ਨੂੰ ਦੇਖ ਕੇ ਹੈਰਾਨ ਰਹਿ
ਜਾਂਦੀਆਂ ਹਨ। ਅਸਲ ਵਿੱਚ ਉਹ ਸਭ ਤੋਂ ਵੱਧ ਮੱਖਣ ਕੱਢਣ ਲਈ ਵਰਤੀ ਜਾਂਦੀ ਮਧਾਣੀ ਨੂੰ ਯਾਦ
ਕਰਦੀਆਂ ਹਨ। ਹੁਣ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਬਹੁਤੇ ਘਰਾਂ ਨੇ ਮੱਖਣ ਕੱਢਣ ਲਈ
ਬਿਜਲੀ ਦੀਆਂ ਮਧਾਣੀਆਂ ਖ੍ਰੀਦ ਲਈਆਂ ਹਨ।
2. ਅਜੇ ਵੀ ਮੁੰਡਿਆਂ ਵਾਲੇ ਪਰਿਵਾਰਾਂ ਨੂੰ ਜਿ਼ਆਦਾ ਇੱਜ਼ਤ ਦਿੱਤੀ ਜਾਂਦੀ ਹੈ। ਕੁੜੀਆਂ ਦੇ
ਮੁਕਾਬਲੇ ਜਿ਼ਆਦਾ ਮੁੰਡਿਆਂ ਵਾਲੇ ਪਰਿਵਾਰਾਂ ਨੂੰ ਖੁਸ਼ਕਿਸਮਤ ਸਮਝਿਆ ਜਾਂਦਾ ਹੈ ਕਿਉਂਕਿ
ਪੰਜਾਬੀ ਸਮਾਜ ਪਿੱਤਰਸੱਤਾ ਵਾਲਾ ਸਮਾਜ ਹੈ ਅਤੇ ਵੰਸ਼ ਅਗਾਂਹ ਮੁੰਡਿਆਂ ਨਾਲ ਹੀ ਵੱਧਦਾ ਹੈ।
ਇਸ ਦੇ ਨਾਲ ਹੀ ਕੁੜੀਆਂ ਦੀ ਪਵਿਤਰਤਾ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਰਕੇ
ਉਨ੍ਹਾਂ ਨੂੰ ਬਦਕਿਸਮਤੀ ਸਮਝਿਆ ਜਾਂਦਾ ਹੈ: ਜੇ ਕੁੜੀਆਂ ਵਿਆਹ ਤੋਂ ਬਾਹਰ ਗਰਭਵਤੀ ਹੋ ਜਾਣ
ਤਾਂ ਉਸ ਨਾਲ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਹੈ। ਇਸ ਦੇ ਨਾਲ ਹੀ ਕੁੜੀਆਂ ਦੇ ਵਿਆਹਾਂ ਵਿੱਚ
ਦਾਜ ਦੇਣ ਦਾ ਖਰਚਾ ਕਰਨਾ ਪੈਂਦਾ ਹੈ।
3. ਪੈਚਿੰਗ ਮੱਛੀਆਂ ਨੂੰ ਡੱਬਿਆਂ ਵਿੱਚ ਪਾਉਣ ਵਾਲੀ ਲਾਈਨ (ਕੈਨਿੰਗ ਲਾਈਨ) ਵਿਖੇ ਔਰਤਾਂ
ਦੇ ਕੰਮ ਨੂੰ ਕਿਹਾ ਜਾਂਦਾ ਹੈ, ਜਿੱਥੇ ਕੰਮ ਕਰਨ ਵਾਲੇ ਕਨਵੇਅਰ ਬੈਲਟ ਤੇ ਆਉਂਦੇ ਕੈਨਾਂ
ਵਿੱਚ ਮੱਛੀ ਦੇ ਟੁੱਕੜਿਆਂ ਨੂੰ ਕੱਟਦੇ ਹਨ। ਇਸ ਕੰਮ ਵਿੱਚ ਮੱਛੀ ਦੇ ਟੁਕੜੇ ਨੂੰ ਸਾਫ ਕਰਨਾ
ਹੁੰਦਾ ਹੈ ਤਾਂ ਟੁਕੜਾ ਕੈਨ ਵਿੱਚ ਚੰਗੀ ਤਰ੍ਹਾਂ ਫਿਟੱ ਹੋ ਜਾਵੇ। ਫਿਰ ਡੱਬਿਆਂ ਨੂੰ ਬੰਦ
ਕਰਨ ਲਈ ਅਗਾਂਹ ਭੇਜ ਦਿੱਤਾ ਜਾਂਦਾ ਹੈ।
ਹਵਾਲੇ:
AGGARWAL, Pramila
1987 Business As Usual in the Factory. Resources for
Feminist Research 16(1):42-43.
APPADURAI, Arjan
1990 Disjuncture and Difference in the Global Cultural
Economy. Public Culture 2:1-24.
CLIFFORD, James
1988 The Predicament of Culture: Twentieth-Century
Ethnography, Literature and Art. Cambridge, MA: Harvard University Press.
COLLINS, Patricia
1990 Black Feminist Thought: Knowledge, Consciousness,
and the Politics of Empowerment. Boston MA: Unmin Hyman.
DAVIS, Angela Y.
1981 Women, Race and Class. New York: Vintage Books.
DUBOIS, Marie-France
1993 South Asian Woomen in Canada and Media Discourse:
A Feminist Collaborative Analysis. MA Thesis, The University of British
Columbia.
GUHA, Ramachandra
1989 The Unquiet Woods: Ecological Change and Peasant
Resistance in the Himalaya. Berkeley: University of California Press.
HARTMAN, Heidi I.
1981 The Family as the Locus of Gender, Class, and
Political Struggle: The Example of Housework. Signs 6(31):366-394.
HOCHSCHILD, Arlie, with Anne Machung
1989 The Second Shift: Working Parents and the
Revolution at Home. New York: Viking.
HOFFMAN, Lois, and F. Ivan Nyes (eds)
1974 Working Mothers. San Francisco: Jossey-Bass.
HOOKS, Bell
1990 Yearning: Race, Gender and Cultural Politics.
Boston: South End Press.
INDRA, Doreen 1981
The Invisible Mosaic: Ethnicity and the Vancouver Press, 1905-1976.
Canadian Ethnic Studies 13(1):63-74.
JIWANI, Yasmin
1992 Masala-Take One: The Audience that Didnt Count.
Rungh 1(3):10-13.
LAMPHERE, Louise
1987 From Working Daughters to Working Mothers:
Immigrant Women in a New England Industrial Community. Ithaca: Cornell
Unitversity Press.
1985 Bringing the Family to Work: Womens Culture on the Shop Floor.
Feminist Studies 11(3):519-540.
MOHANTY, Chandra Talpade
1991 Introduction: Cartographies of Struggle: Third
World Women and the Politics of Feminism. In Third World Women and the
Politics of Feminism, Mohanty, Chandra Talpade; Russo, Ann and Lourdes
Torres (eds) pp.1-47. Bloomington, IN: Indiana University Press.
NAIDOO, Josephine C.
1984 South Asian Women in Canada: Self-Perceptions,
Socialization, Achievement,Aspirations. In South Asians in the Canadian
Mosaic, Rabindra N. Kanungo (ed) pp. 123-142. Montreal: Kala Bharati.
OBEROI, Harjot
1994 The Construction of Religious Boundaries: Culture,
Identity and Diversity in the Sikh Tradition. Chicago: University of
Chicago Press.
SANGHERA, Jyoti
1990 Whorls of Memory, Part I. Diva 2(2): 7-17.
1990 Whorls of Memory, Part II. Diva 2(3):35-40.
SPIVAK, Gayatri C.
1987 In Other Worlds: Essays in Cultural Politics. New
York: Routledge.
THOBANI, Sunera
1991 News in Black and White. Diva 2(3):6-11..
TRINH, Minh-ha T.
1991 When the Moon Waxes Red: Representation, Gender
and Cultural Politics. New York: Routledge.
1989 Woman, Native, Other: Writing Postcoloniality and
Feminism. Bloomington, IN: Indiana University Press.
WESTWOOD, Sallie
1984 All Day, Every Day: Factory and Family in the
Making of Womens Lives. London: Pluto Press.
ZAVELLA, Patricia
1991 Mujeres in the Factories: Race and Class
Perspectives on Women, Work and the Family. In Gender at the Crossroads of
Knowledge: Feminist Anthropology in the Postmodern Era, Micaela di
Leonardo (ed) pp.312-333. Berkeley: University of California Press. |