Welcome to WatanPunjabi.ca
ਪਰਦੇਸ ਦਾ ਕੰਮ
 

- ਅਮਰਜੀਤ ਕੌਰ ਪੰਨੂ

ਨਸਲੀ ਸਫਾਈ ਦਾ ਸਿਧਾਂਤ
 

- ਇਸ਼ਤਿਹਾਕ ਅਹਿਮਦ

ਕੈਨੇਡਾ ਵਿੱਚ ਚੁਣੇ ਗਏ ਪਹਿਲੇ ਇੰਡੋ-ਕੈਨੇਡੀਅਨ ਐੱਮ ਐੱਲ ਏ ਮੋਅ ਸਹੋਤਾ ਨਾਲ ਇੰਟਰਵਿਊ
 

- ਸੁਖਵੰਤ ਹੁੰਦਲ

ਸਮਾਜਕ ਸਰੋਕਾਰਾਂ ਦਾ ਭਾਰਤੀ ਸਿਨਮਾ: ਸ਼ੁਰੂਆਤੀ ਦੌਰ
 

- ਸੁਖਵੰਤ ਹੁੰਦਲ

ਸਿਨਮੇ ਨੂੰ ਸਥਾਪਤੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਉਣ ਦਾ ਇੱਛਕ ਫਿਲਮਸਾਜ਼: ਮ੍ਰਿਣਾਲ ਸੇਨ
 

- ਸੁਖਵੰਤ ਹੁੰਦਲ

ਮੈਂ ਕਨੇਡੀਅਨ ਕਿੱਦਾਂ ਬਣਿਆਂ
 

- ਹੈਲਨ ਪੌਟਰੇਬੈਂਕੋ

ਨਾਰੀ ਦੇਹ ਕੇਹੋ ਜਿਹੀ ਹੋਵੇ
 

- ਸਵਰਾਜਬੀਰ

ਦੂਜਾ ਪਾਸਾ
 

- ਅਜਮੇਰ ਰੋਡੇ

ਗੁਰਬਖਸ਼ ਸਿੰਘ ਦੀ ਪੰਜਾਬ ਨੂੰ ਦੇਣ
 

- ਗੁਰਚਰਨ ਸਿੰਘ ਸਹਿੰਸਰਾ

ਭਾਰਤੀ ਸੋਸ਼ਲ ਮੀਡੀਆ ਦੀ ਦੱਖਣਪੰਥੀ ਉੱਤਰ-ਸੱਚ ਵਰਤੋਂ
 

- ਹਰਵਿੰਦਰ ਭੰਡਾਲ

ਪੁਸਤਕ ਰਿਵੀਊ / ਕਿਲੇ ਦੇ ਮੋਤੀ
 

- ਹਿਊ ਜੌਹਨਸਟਨ

 


ਭਾਰਤੀ ਸੋਸ਼ਲ ਮੀਡੀਆ ਦੀ ਦੱਖਣਪੰਥੀ ਉੱਤਰ-ਸੱਚ ਵਰਤੋਂ
-ਹਰਵਿੰਦਰ ਭੰਡਾਲ
 

 

ਅੱਜ ਅਸੀਂ ਬੇਹੱਦ ਤਿਲਕਵੇਂ ਸਮਾਜਕ ਦੌਰ ਵਿੱਚ ਰਹਿ ਰਹੇ ਹਾਂ। ਬੀਤੇ ਵਿੱਚ ਸਥਿਰ ਵਿਸ਼ਵਾਸਾਂ ਤੇ ਹੰਢਣਸਾਰ ਕੀਮਤਾਂ ਨੂੰ ਅਪਣਾਈ ਰੱਖਣ ਦੇ ਬਾਵਜੂਦ ਸੁਪਨਈ ਭਵਿੱਖ ਦੀਆਂ ਸੰਭਾਵਨਾਵਾਂ ਸਾਕਾਰ ਨਹੀਂ ਹੋ ਸਕੀਆਂ। ਪਿਛਲੀ ਸਦੀ ਦੇ ਆਰੰਭ ਵਿੱਚ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਉਪਜੇ ਵਿਚਾਰਾਂ ਨੇ ਲੰਬੇ ਸਮੇਂ ਤੱਕ ਅਵਾਮ ਨੂੰ ਅਗਵਾਈ ਪ੍ਰਦਾਨ ਕੀਤੀ ਹੈ। ਪ੍ਰਗਤੀਵਾਦੀ ਤਾਕਤਾਂ ਲੰਬੇ ਸਮੇਂ ਤੱਕ ਅਵਾਮ ਨੂੰ ਯੂਟੋਪੀਆਈ ਭਵਿੱਖ ਦੇ ਸੁਪਨੇ ਦਿਖਾਉਂਦੀਆਂ ਰਹੀਆਂ ਹਨ। ਅਵਾਮ ਇਹਨਾਂ ਸੁਪਨਿਆਂ ਵਿੱਚ ਵਿਸ਼ਵਾਸ ਰੱਖਦਾ ਹੋਇਆ ਆਪਣੀ ਕਰਮਸ਼ੀਲਤਾ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਅਵਾਜ਼ ਬੁਲੰਦ ਕਰਦਾ ਰਿਹਾ ਹੈ। ਇਤਿਹਾਸ ਦੇ ਇਹਨਾਂ ਰਾਹਾਂ ਉੱਤੇ ਤੁਰਦਿਆਂ ਅੱਜ ਅਸੀਂ ਜਿਹਨਾਂ ਸਮਿਆਂ ਅੰਦਰ ਪ੍ਰਵੇਸ਼ ਕਰ ਚੁੱਕੇ ਹਾ, ਉੱਥੇ ਬਹੁਤ ਸਾਰਾ ਧੁੰਧੂਕਾਰਾ ਹੈ। ਇਹਨਾਂ ਸਮਿਆਂ ਨੂੰ ਵੱਖ ਵੱਖ ਵਿਦਵਾਨਾਂ/ਚਿੰਤਕਾਂ ਨੇ ਵੱਖ ਵੱਖ ਸ਼ਬਦਾਂ/ਸੰਕਲਪਾਂ ਰਾਹੀਂ ਪ੍ਰੀਭਾਸ਼ਤ ਕਰਨ ਦਾ ਯਤਨ ਕੀਤਾ ਹੈ। ਪਿਛਲੇ ਵਰ੍ਹਿਆਂ ਵਿੱਚ ਅਸੀਂ ਬਹੁਤ ਸਾਰੇ ਅੰਤਾਂ ਤੇ ਉੱਤਰ ਸੰਕਲਪਾਂ ਬਾਰੇ ਚਰਚਾ ਸੁਣੀ ਹੈ। ਉਤਰ-ਆਧੁਨਿਕ, ਉਤਰ-ਸਰੰਚਨਾਵਾਦ, ਉਤਰ-ਪੂੰਜੀਵਾਦ, ਉਤਰ-ਉਦਯੋਗਿਕ, ਉਤਰ-ਪ੍ਰਗਤੀਵਾਦ, ਉਤਰ-ਮਾਰਕਸਵਾਦ ਆਦਿ ਆਦਿ। ਪ੍ਰੰਤੂ ਇਹਨਾਂ ਸੰਕਲਪਾਂ ਨੇ ਇਸ ਦੌਰ ਬਾਰੇ ਸਪਸ਼ਟਤਾ ਤੋਂ ਵੱਧ ਅਸਪਸ਼ਟਤਾ ਹੀ ਪੈਦਾ ਕੀਤੀ ਹੈ।
ਪਿਛਲੇ ਇੱਕ ਦੋ ਵਰ੍ਹਿਆਂ ਤੋਂ ਇੱਕ ਹੋਰ ਉੱਤਰ ਸੰਕਲਪ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ ਹਾਲਾਂਕਿ ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਪਿਛਲੀ ਸਦੀ ਵਿੱਚ ਹੀ ਹੋ ਚੁੱਕੀ ਸੀ। ਇਹ ਸ਼ਬਦ/ਸੰਕਲਪ ਹੈ: ਉਤਰ-ਸੱਚ (ਫੋਸਟ ਟਰੁਟਹ)। ਦੁਨੀਆ ਦੇ ਸਮਾਜੀ ਸਿਆਸੀ ਘਟਨਾ-ਕ੍ਰਮ , ਖਾਸ ਤੌਰ ਤੇ ਇੰਗਲੈਂਡ ਵਿਚਲੇ ਬ੍ਰੈਗਜਿ਼ਟ ਵਰਤਾਰੇ (ਸਾਂਝੀ ਯੂਰਪੀਅਨ ਯੂਨੀਅਨ ਤੋਂ ਬਾਹਰ ਆਉਣ ਦਾ ਫੈਸਲਾ) ਅਤੇ ਅਮਰੀਕਾ ਵਿੱਚ ਸਿਰੇ ਦੇ ਦੱਖਣਪੰਥੀ ਡੌਨਲਡ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਨੂੰ ਦੇਖ ਕੇ ਚਿੰਤਕਾਂ ਨੇ ਅਜੋਕੇ ਦੌਰ ਦਾ ਨਾਮਕਰਨ ਉਤਰ-ਸੱਚ ਸਮਾਂ ਕੀਤਾ ਹੈ। ਬ੍ਰੈਗਜਿ਼ਟ ਤੇ ਟਰੰਪ ਦੁਨੀਆ ਭਰ ਵਿੱਚ ਉਤਰ-ਸੱਚ ਸਿਆਸਤ ਦੇ ਪ੍ਰਤੀਕਾਂ ਵਜੋਂ ਉੱਭਰੇ ਹਨ।
ਦਰਅਸਲ ਇੰਗਲੈਂਡ ਤੇ ਅਮਰੀਕਾ ਦੇ ਮੀਡੀਆ ਦਾ ਵੱਡਾ ਹਿੱਸਾ ਇਹਨਾਂ ਨਤੀਜਿਆਂ ਨੂੰ ਦੇਖ ਕੇ ਹੈਰਾਨ-ਪ੍ਰੇਸ਼ਾਨ ਹੋਇਆ ਹੈ। ਇਸ ਮੀਡੀਆ ਵੱਲੋਂ ਵੱਡੇ ਪੱਧਰ ਉੱਤੇ, ਯੂਰਪੀਅਨ ਯੂਨੀਅਨ ਵਿੱਚ ਬਣੇ ਰਹਿਣ ਅਤੇ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਗਈ। ਆਪਣੇ ਪੱਖ ਨੂੰ ਜਾਇਜ਼ ਸਿੱਧ ਕਰਦਿਆਂ ਤੱਥ ਵੀ ਪੇਸ਼ ਕੀਤੇ ਗਏ ਤੇ ਤਰਕ ਵੀ। ਪ੍ਰੰਤੂ ਇਹਨਾਂ ਤੱਥਾਂ ਤੇ ਤਰਕਾਂ ਦੇ ਬਾਵਜੂਦ ਦੋਹਾਂ ਮੁਲਕਾਂ ਦੀ ਅਵਾਮ ਦੇ ਬਹੁ-ਗਿਣਤੀ ਹਿੱਸੇ ਨੇ ਆਸ ਦੇ ਉਲਟ ਵੋਟ ਪਾ ਕੇ ਮੰਨੇ ਜਾਂਦੇ ਪ੍ਰਗਟ ਸੱਚ ਨੂੰ ਰੱਦ ਕਰ ਦਿੱਤਾ। ਹੁਣ ਪੱਛਮੀ ਚਿੰਤਕ ਇਸੇ ਵਰਤਾਰੇ ਨੂੰ ਉਤਰ-ਸੱਚ ਵਜੋਂ ਪ੍ਰੀਭਾਸ਼ਤ ਕਰ ਰਹੇ ਹਨ, ਭਾਵ ਉਹ ਦੌਰ ਜਿਸ ਵਿੱਚ ਭਾਵਨਾਤਮਕ ਹੁੰਗਾਰੇ ਬਾਹਰਮੁਖੀ ਸੱਚਾਂ ਤੇ ਤੱਥਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹਨਾਂ ਭਾਵਨਾਤਮਕ ਹੁੰਗਾਰਿਆਂ ਨੂੰ ਵੱਡੇ ਪੱਧਰ ਉੱਤੇ ਪੇਸ਼ ਕੀਤੇ ਗਲਤ ਤੱਥਾਂ ਤੇ ਝੂਠਾਂ ਦੇ ਆਸਰੇ ਪ੍ਰਾਪਤ ਕੀਤਾ ਜਾਂਦਾ ਹੈ। ਪ੍ਰੰਤੂ ਸੱਚ ਇਹ ਵੀ ਹੋ ਸਕਦਾ ਹੈ ਕਿ ਉਪਰੋਕਤ ਨਤੀਜੇ ਪੱਛਮੀ ਅਵਾਮ ਦੇ ਪਰੰਪਰਕ ਉਦਾਰਵਾਦੀ ਪਤਵੰਤੀ ਜਮਾਤ ਪ੍ਰਤੀ ਮੋਹ ਭੰਗ ਨੂੰ ਪੇਸ਼ ਕਰ ਰਹੇ ਹੋਣ। ਇਸੇ ਜਮਾਤ ਵੱਲੋਂ ਪਿਛਲੇ ਸਮੇਂ ਦੌਰਾਨ ਪੱਛਮੀ ਖੱਬੂਆਂ ਨੂੰ ਬੇਕਿਰਕੀ ਨਾਲ਼ ਦਬਾਇਆ ਗਿਆ ਹੈ। ਖਾਸ ਤੌਰ ਤੇ ਇੱਕ ਵਿਚਾਰਧਾਰਕ ਬਦਲ ਵਜੋਂ ਇਹਨਾਂ ਨੂੰ ਖਤਮ ਕਰ ਦੇਣ ਪਿੱਛੋਂ, ਇਸ ਮੋਹ-ਭੰਗ ਦੀ ਸਥਿਤੀ ਉਪ੍ਰੰਤ ਅਵਾਮ ਦਾ ਦੱਖਣਪੰਥੀ ਵਿਚਾਰਾਂ ਵੱਲ ਝੁਕ ਜਾਣਾ ਇੱਕ ਸੁਭਾਵਕ ਸਥਿਤੀ ਬਣ ਜਾਂਦੀ ਹੈ।
ਭਾਰਤ ਦੇ ਕੁਝ ਲੇਖਕਾਂ/ਚਿੰਤਕਾਂ ਨੇ ਇਸ ਪੱਛਮੀ ਉਤਰ-ਸੱਚ ਨੂੰ ਭਾਰਤ ਉੱਤੇ ਵੀ ਲਾਗੂ ਕਰਨ ਦਾ ਯਤਨ ਕੀਤਾ ਹੈ। 2014 ਵਿੱਚ ਮੁਲਕ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਣਕਿਆਸੀ ਵੱਡੀ ਜਿੱਤ ਨੂੰ ਭਾਰਤ ਦੇ ਆਪਣੇ ਉਤਰ ਸੱਚ ਦੇ ਛਿਣ ਵਜੋਂ ਪਛਾਣਿਆਂ ਜਾ ਰਿਹਾ ਹੈ ਹਾਲਾਂਕਿ ਮੁਲਕ ਅੰਦਰਲੇ ਦੱਖਣ-ਪੰਥੀ ਝੁਕਾਵਾਂ ਵਾਲ਼ੇ ਲੋਕ ਇਸ ਤਰ੍ਹਾਂ ਦੇ ਕਿਸੇ ਭਾਰਤੀ ਉਤਰ-ਸੱਚ ਦੇ ਛਿਣ ਦੀ ਹੋਂਦ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਹਨ। ਇੰਗਲੈਂਡ-ਅਮਰੀਕਾ ਦੀ ਸਥਿਤੀ ਤੋਂ ਉਲਟ 2014 ਦੀ ਚੋਣ ਦੌਰਾਨ ਵਧੇਰੇ ਭਾਰਤੀ ਕਾਰਪੋਰੇਟੀ ਮੀਡੀਆ ਮੋਦੀ ਅਤੇ ਬੀ ਜੇ ਪੀ ਦੇ ਹੱਕ ਵਿੱਚ ਭੁਗਤਿਆ। ਭਾਰਤੀ ਉਦਾਰਵਾਦੀ ਤੇ ਖੱਬਾ ਪੱਖ ਇਹ ਇਲਜ਼ਾਮ ਲਾਉਂਦਾ ਰਿਹਾ ਹੈ ਕਿ ਚੋਣਾਂ ਵਿੱਚ ਮੀਡੀਆ ਨੂੰ ਮੈਨੇਜ ਕਰਕੇ ਮੋਦੀ ਦੇ ਹੱਕ ਵਿੱਚ ਵੱਡੀ ਲਹਿਰ ਖੜੀ ਕੀਤੀ ਗਈ ਤੇ ਇਸ ਲਈ ਵੱਡੀਆਂ ਰਕਮਾਂ ਖਰਚ ਕੀਤੀਆਂ ਗਈਆਂ। ਪ੍ਰੰਤੂ ਅਜੇ ਤੱਕ ਕੋਈ ਅਜਿਹਾ ਬਾਹਰਮੁਖੀ ਖੋਜ ਕਾਰਜ ਸਾਹਮਣੇ ਨਹੀਂ ਸੀ ਆ ਸਕਿਆ ਜੋ ਮੋਦੀ ਦੇ ਹੱਕ ਵਿੱਚ ਏਡੀ ਵੱਡੀ ਲਹਿਰ ਖੜੀ ਹੋਣ ਦੇ ਰਹੱਸ ਤੋਂ ਪਰਦਾ ਚੁੱਕ ਸਕੇ। ਸ਼ਾਇਦ ਇਹ ਰਹੱਸ ਕਿਸੇ ਇੱਕ ਕਿਤਾਬ ਜਾਂ ਖੋਜ ਕਾਰਜ ਤੋਂ ਵੱਡਾ ਵਿਸ਼ਾ ਹੈ। ਪ੍ਰੰਤੂ ਫਿਰ ਵੀ ਤੱਥਾਂ ਤੇ ਤਰਕਾਂ ਦੇ ਟੁਕੜੇ ਜੋੜਦਿਆਂ ਇਸ ਉਤਰ-ਸੱਚ ਛਿਣ ਦੇ ਸੱਚ ਨੂੰ ਕੁਝ ਸਮਝਿਆ ਜਾ ਸਕਦਾ ਹੈ। ਇਸ ਸੱਚ ਦੇ ਇੱਕ ਪੱਖ ਨੂੰ ਸਮਝਣ ਵਿੱਚ ਹੁਣੇ ਹੁਣੇ ਪ੍ਰਕਾਸ਼ਤ ਹੋਈ ਸਵਾਤੀ ਚਤੁਰਵੇਦੀ ਦੀ ਕਿਤਾਬ ੀ ੳੰ ੳ ਠ੍ਰੌ਼ (ਮੈਂ ਹਾਂ ਇੱਕ ਸ਼ਤੂੰਘੜਾ) ਮਦਦ ਕਰ ਸਕਦੀ ਹੈ। ਕਿਤਾਬ ਦੇ ਸਿਰਲੇਖ ਵਿੱਚ ਵਰਤਿਆ ਸ਼ਬਦ ਠ੍ਰੌ਼ ਜਾਂ ਸ਼ਤੂੰਘੜਾ ਪਿਛਲੇ ਕੁਝ ਸਮੇਂ ਤੋਂ ਫਿਰ ਇੱਕ ਖਾਸ ਅਰਥ ਵਿੱਚ ਵਰਤਿਆ ਜਾ ਰਿਹਾ ਹੈ। ਯੂਰਪੀਅਨ ਸਾਹਿਤ ਵਿੱਚ ਟਰੌਲ ਸ਼ਬਦ ਉਹਨਾਂ ਬਦਸੂਰਤ ਜਿੰਨਾਂ ਜਾਂ ਬੌਣਿਆਂ ਲਈ ਵਰਤਿਆ ਜਾਂਦਾ ਸੀ ਜਿਹਨਾਂ ਦਾ ਕੰਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਹੁੰਦਾ ਸੀ। ਹੁਣ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੀ ਸ਼ਬਦਾਵਲੀ ਵਿੱਚ ਟਰੌਲ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਬਿਨਾ ਸੱਦੇ ਤੋਂ ਹੋਰਨਾਂ ਦੀਆਂ ਪੋਸਟਾਂ ਉੱਤੇ ਅਜਿਹੀਆਂ ਟਿੱਪਣੀਆਂ ਕਰਦੇ ਹਨ ਜੋ ਕਿਸੇ ਵੀ ਤਰ੍ਹਾਂ ਸਿ਼ਸ਼ਟਾਚਾਰੀ ਨਹੀਂ ਹੁੰਦੀਆਂ। ਇਹਨਾਂ ਦਾ ਮਕਸਦ ਵੀ ਜਾਣ ਬੁੱਝ ਕੇ ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਨਾ ਹੀ ਹੁੰਦਾ ਹੈ। ਇਸ ਸਿਰਲੇਖ ਵਾਲ਼ੀ ਇਹ ਕਿਤਾਬ ਬੀ ਜੇ ਪੀ ਅੰਦਰਲੀ ਉਸ ਡਿਜੀਟਲ ਫੌਜ ਦੇ ਗੁਪਤ ਸੰਸਾਰ ਉੱਤੇ ਸਾਡੀ ਝਾਤ ਪੁਆਉਂਦੀ ਹੈ ਜਿਸ ਨੇ ਚੋਣਾਂ ਵਿੱਚ ਮੋਦੀ ਦੀ ਜਿੱਤ ਲਈ ਹਰਾਵਲ ਦਸਤੇ ਦੀ ਭੂਮਿਕਾ ਨਿਭਾਈ। 171 ਸਫਿ਼ਆਂ ਦੀ ਇਸ ਕਿਤਾਬ ਵਿੱਚ ਸਵਾਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀ ਜੇ ਪੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ਼ ਸੰਬੰਧਤ ਮਾਸ ਮੀਡੀਆ ਤੇ ਸੋਸਲ਼ ਮੀਡੀਆ ਉੱਤੇ ਸਰਗਰਮ ਆਗੂਆਂ ਤੇ ਕਾਰਜਕਰਤਾਵਾਂ ਨਾਲ਼ ਵਾਰਤਾਲਾਪ ਕਰ ਬਹੁਤ ਸਾਰੇ ਹੈਰਾਨ ਕਰ ਦੇਣ ਵਾਲ਼ੇ ਤੱਥ ਪੇਸ਼ ਕੀਤੇ ਹਨ। ਭਾਰਤੀ ਸਿਆਸਤ ਦੇ ਇਸ ਉਤਰ-ਸੱਚ ਮੋੜ ਨੂੰ ਸਮਝਣ ਲਈ ਸਵਾਤੀ ਦਾ ਇਹ ਰੇਖਾਂਕਣ ਮਹੱਤਵਪੂਰਨ ਹੈ।
ਬੀ ਜੇ ਪੀ ਦੇ ਮੀਡੀਆ ਸੈੱਲ ਦੇ ਇੰਚਾਰਜ ਅਰਵਿੰਦ ਗੁਪਤਾ ਨੇ ਲਾਂਸ ਪਰਾਈਸ ਦੀ ਕਿਤਾਬ ‘ਦ ਮੋਦੀ ਇਫੈਕਟ’ ਵਿੱਚ ਬਿਆਨ ਕੀਤਾ ਸੀ ਕਿ ਮੋਦੀ ਕੈਂਪ ਸਾਲ 2010 ਤੱਕ ਖੁਦ ਨੂੰ ਬੇਹੱਦ ਬੇਬੱਸ ਮਹਿਸੂਸ ਕਰਦਾ ਰਿਹਾ ਕਿਉਂਕਿ ਮੁੱਖ ਧਾਰਾਈ ਮੀਡੀਆ ਵਿੱਚ ਇਸ ਨੂੰ ਬਹੁਤਾ ਮਹੱਤਵ ਨਹੀਂ ਸੀ ਮਿਲ਼ਦਾ। ਇਹ ਸੱਚ ਹੈ ਕਿ ਮੁੱਖ ਧਾਰਾਈ ਅੰਗਰੇਜ਼ੀ ਮੀਡੀਆ ਵਿੱਚ ਹੁਣ ਤੱਕ ਖੱਬੇ ਪੱਖੀ ਝੁਕਾਅ ਰੱਖਣ ਵਾਲਿ਼ਆਂ ਜਾਂ ਉਦਾਰਵਾਦੀਆਂ ਦਾ ਹੀ ਬੋਲਬਾਲਾ ਰਿਹਾ ਹੈ। ਪ੍ਰੰਤੂ ਸੋਸ਼ਲ ਮੀਡੀਆ ਦੇ ਉਭਾਰ ਨੇ ਇਹ ਸਮੁੱਚਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਹੈ। ਹੁਣ ਲੋਕਾਂ ਤੱਕ ਪਹੁੰਚ ਬਣਾਉਣ ਲਈ ਤੁਹਾਨੂੰ ਕਿਸੇ ਮਾਧਿਅਮ ਦੀ ਲੋੜ ਨਹੀਂ ਹੈ। ਟਵਿਟਰ, ਫੇਸਬੁਕ ਤੇ ਵਟਸਅਪ ਦੀ ਵਰਤੋਂ ਕਰਕੇ ਤੁਸੀਂ ਅਵਾਮ ਨਾਲ਼ ਸਿੱਧਾ ਰਾਬਤਾ ਬਣਾ ਸਕਦੇ ਹੋ। ਅਰਵਿੰਦ ਗੁਪਤਾ ਨੇ ਸਵੀਕਾਰ ਕੀਤਾ ਹੈ ਕਿ ਸੋਸ਼ਲ ਮੀਡੀਆ ਦੇ ਉਭਾਰ ਨੇ ਹੀ ਉਹਨਾਂ ਦੀ ਪਾਰਟੀ ਦੀ ਜਨ-ਮੀਡੀਆ ਉੱਤੇ ਨਿਰਭਰਤਾ ਦੀ ਮਜਬੂਰੀ ਨੂੰ ਖਤਮ ਕਰ ਦਿੱਤਾ। ਪਰਾਈਸ ਦਾ ਲਿਖਣਾ ਹੈ ਕਿ ਨਰਿੰਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੋਣ ਸਮੇਂ ਹੀ ਸੋਸ਼ਲ ਮੀਡੀਆ ਦੀ ਲੋੜ ਨੂੰ ਸਮਝ ਲਿਆ ਸੀ। ਇਸ ਸੋਸ਼ਲ ਮੀਡੀਆ ਦੇ ਆਧੁਨਿਕ ਰਥ ਉੱਤੇ ਸਵਾਰ ਹੋ ਕੇ ਹੀ ਮੋਦੀ ਨੇ 2014 ਦੀਆਂ ਚੋਣਾਂ ਦਾ ਅਸ਼ਵਮੇਧ ਜੱਗ ਸਫਲ ਬਣਾਇਆ।
ਦਰਅਸਲ ਬੀ ਜੇ ਪੀ ਨੂੰ ਸੋਸ਼ਲ ਮੀਡੀਆ ਦੀ ਤਾਲੀਮ ਦੇਣ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਮੌਲਿਕ ਭੂਮਿਕਾ ਰਹੀ ਹੈ। ਸੰਘ ਅੰਦਰ ਸੋਸ਼ਲ ਮੀਡੀਆ ਦੀ ਸ਼ੁਰੂਆਤ ਤਾਮਿਲਨਾਡੂ ਦੇ ਸਵੈਮ ਸੇਵਕਾਂ ਦੇ ਇੱਕ ਗਰੁੱਪ ਵੱਲੋਂ ਕੀਤੀ ਗਈ। ਇਸ ਗਰੁੱਪ ਵਿੱਚ ਨਵੀਂ ਸ਼ਤਾਬਦੀ ਦੇ ਸੋਸ਼ਲ ਮੀਡੀਆ ਦੇ ਅਰੰਭਲੇ ਵਰ੍ਹਿਆਂ ਵਿੱਚ ਸਰਗਰਮ ਕੁਝ ਤਕਨੀਕਬਾਜ ਨੌਜਵਾਨ ਸਨ। ਉਹਨਾਂ ਦਾ ਆਗੂ ਆਰ ਐੱਸ ਐੱਸ ਦਾ ਸਰਗਰਮ ਪ੍ਰਚਾਰਕ ਰਾਮ ਮਾਧਵ ਸੀ ਜਿਸ ਨੇ ਆਂਧਰਾ ਯੂਨੀਵਰਸਿਟੀ ਤੋਂ ਇਲੈਕਟਰਿਕ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ। ਰਾਮ ਮਾਧਵ ਨੇ ਹੀ ਸੰਘ ਨੂੰ ਸੋਸ਼ਲ ਮੀਡੀਆ ਉੱਤੇ ਕੰਮ ਕਰਨ ਲਈ ਰਾਜ਼ੀ ਕੀਤਾ। ਖੁਦ ਰਾਮ ਮਾਧਵ ਸੰਘ ਦੀ ਇੱਕ ਸ਼ਾਖਾ ਤੋਂ ਲੈ ਕੇ ਦੂਜੀ ਸ਼ਾਖਾ ਤੱਕ ਸਿਖਲਾਈ ਦੇਣ ਲਈ ਘੁੰਮਿਆਂ ਤੇ ਆਮ ਤੌਰ ਤੇ ਪਰੰਪਰਾਵਾਦੀ ਤੇ ਨਵੀਂ ਤਕਨੀਕ ਨੂੰ ਸ਼ੰਕਾ ਦੀ ਨਜ਼ਰ ਨਾਲ਼ ਦੇਖਣ ਵਾਲ਼ੇ ਸੰਘੀ ਆਗੂਆਂ ਨੂੰ ਸੋਸ਼ਲ ਮੀਡੀਆ ਨਾਲ਼ ਜੋੜਿਆ। ਸੰਘ ਲਈ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਦੇ ‘ਕੋਰ ਗਰੁੱਪ’ ਦਾ ਅਧਾਰ ਪੂਨੇ ਸੀ ਤੇ ਹੁਣ ਵੀ ਉਹਨਾਂ ਵਿੱਚੋਂ ਵਧੇਰੇ ਉੱਥੇ ਹੀ ਹਨ। ਪ੍ਰੰਤੂ ਹੁਣ ਮੁੱਖ ਸਰਗਰਮੀ ਭਾਰਤ ਦੀ ਆਈ ਟੀ ਰਾਜਧਾਨੀ ਸਮਝੇ ਜਾਂਦੇ ਬੰਗਲੌਰ ਵਿੱਚ ਹੈ। ਸੰਘ ਦੇ ਇਹਨਾਂ ਤਕਨੀਕਬਾਜਾਂ ਨੇ ਹੀ ਬੀ ਜੇ ਪੀ ਦੇ ਸੋਸ਼ਲ ਮੀਡੀਆ ਸੈੱਲ ਦਾ ਖਾਕਾ ਤਿਆਰ ਕੀਤਾ ਸੀ। ਸੰਘ ਅੰਦਰ ਇਹ ਸਿਖਲਾਈ ਹੁਣ ਵੀ ਜਾਰੀ ਹੈ ਤੇ ਰਾਮ ਮਾਧਵ ਅਜੇ ਵੀ ਸ਼ਾਖਾਵਾਂ ਵਿੱਚ ਸਿਖਲਾਈ ਦੇਣ ਜਾਂਦਾ ਹੈ। ਸੰਘ ਦੇ ਵਿਸ਼ਾਲ ਢਾਂਚੇ ਦੁਆਰਾ ਸੋਸ਼ਲ ਮੀਡੀਆ ਉੱਤੇ ਕੀਤੇ ਗਏ ਪ੍ਰਾਪੇਗੰਡੇ ਨੇ ਹੀ ਚੋਣਾਂ ਵਿੱਚ ਬੀ ਜੇ ਪੀ ਦੇ ਕਾਂਗਰਸ ਉੱਤੇ ਹਾਵੀ ਹੋਣ ਨੂੰ ਯਕੀਨੀ ਬਣਾਇਆ। ਅੱਜ ਰਾਮ ਮਾਧਵ ਬੀ ਜੇ ਪੀ ਦੇ ਸਭ ਤੋਂ ਤਾਕਤਵਰ ਜਨਰਲ ਸਕੱਤਰਾਂ ਵਿੱਚੋਂ ਇੱਕ ਹੈ। ਹੁਣੇ ਹੁਣੇ ਚਰਚਾ ਵਿੱਚ ਆਈ ਮੋਦੀ ਐਪ ਵੀ ਉਸੇ ਦੇ ਦਿਮਾਗ ਦੀ ਕਾਢ ਹੈ।
ਬੀ ਜੇ ਪੀ ਦਾ ਸੋਸ਼ਲ ਮੀਡੀਆ ਸੈੱਲ 11, ਅਸ਼ੋਕਾ ਰੋਡ, ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਸੈੱਲ ਚੋਣਾਂ ਵਿੱਚ ਮੋਦੀ ਦੀ ਜਿੱਤ ਯਕੀਨੀ ਬਣਾਉਣ ਤੋਂ ਬਾਅਦ ਵੀ ਨਿਰੰਤਰ ਕੰਮ ਕਰ ਰਿਹਾ ਹੈ। ਇਸ ਵਿੱਚ ਪਾਰਟੀ ਦੇ ਆਈ ਟੀ ਵਲੰਟੀਅਰਾਂ ਤੋਂ ਇਲਾਵਾ ਤਨਖਾਹਦਾਰ ਕਾਮੇ ਵੀ ਹਨ। ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਨੂੰ ਮੀਡੀਆ ਵਿੱਚ ਟਰੈਂਡ ਵਜੋਂ ਪ੍ਰਚਾਰਨ-ਪ੍ਰਸਾਰਨ ਤੋਂ ਇਲਾਵਾ ਵੀ ਇਹ ਸੈੱਲ ਹੋਰ ਬਹੁਤ ਕੁਝ ਕਰਦਾ ਹੈ। ਇਸ ਸੈੱਲ ਨੂੰ ਅਰਵਿੰਦ ਗੁਪਤਾ ਵੱਲੋਂ ਮੀਡੀਆ ਵਿੱਚ ਉਛਾਲਣ ਲਈ ਹਰ ਰੋਜ਼ ਏਜੰਡਾ ਦਿੱਤਾ ਜਾਂਦਾ ਹੈ। ਇਸ ਸੈੱਲ ਵਿੱਚ ਹੀ ਨਵੇਂ ਸੰਦੇਸ਼ ਘੜੇ ਜਾਂਦੇ ਹਨ ਅਤੇ ਟਵਿਟਰ, ਫੇਸਬੁਕ ਤੇ ਵਟਸਅਪ ਜਿਹੇ ਮਾਧਿਅਮਾਂ ਉੱਤੇ ਵਾਇਰਲ ਕਰਨ ਲਈ ਛੱਡੇ ਜਾਂਦੇ ਹਨ। ਮੀਡੀਆ ਸੈੱ਼ਲ ਤੋਂ ਬਾਹਰ ਬੈਠੇ ਹਜ਼ਾਰਾਂ ਵਲੰਟੀਅਰ ਸ਼ਤੂੰਘੜੇ ਇਹਨਾਂ ਦੀ ਮਦਦ ਕਰਦੇ ਹਨ। ਮੀਡੀਆ ਸੈੱਲ ਵੱਲੋਂ ਦੱਸੇ ਵਿਅਕਤੀਆਂ ਨੂੰ ਇਹ ਲੋਕ ਯੋਜਨਾਬੱਧ ਤਰੀਕੇ ਨਾਲ਼ ਟਾਰਗਟ ਕਰਦੇ ਹਨ। ਪੱਤਰਕਾਰਾਂ ਵਿੱਚੋਂ ਖਾਸ ਤੌਰ ਤੇ ਰਾਜਦੀਪ ਸਰਦੇਸਾਈ, ਸਾਗਾਰਿਕਾ ਘੋਸ਼, ਬਰਖਾ ਦੱਤ, ਰਵੀਸ਼ ਕੁਮਾਰ ਆਦਿ ਇਹਨਾਂ ਦੇ ਨਿਸ਼ਾਨੇ ਉੱਤੇ ਰਹਿੰਦੇ ਹਨ। ਮੋਦੀ ਤੇ ਸੰਘ ਦੇ ਏਜੰਡੇ ਤੋਂ ਬਾਹਰ ਕੀਤੀ ਗਈ ਕਿਸੇ ਵੀ ਟਿੱਪਣੀ ਦਾ ਜਵਾਬ ਇਹ ਲੋਕ ਬੇਹੱਦ ਨੀਵੇਂ ਦਰਜੇ ਦੀ ਗਾਲ਼ੀ ਗਲੋਚ ਦੀ ਭਾਸਾ਼ ਵਿੱਚ ਦਿੰਦੇ ਹਨ। ਏਥੋਂ ਤੱਕ ਕਿ ਔਰਤਾਂ ਨੂੰ ਬਲਾਤਕਾਰ ਤੱਕ ਕਰਨ ਦੀਆਂ ਧਮਕੀਆਂ ਇਹਨਾਂ ਜਨੂੰਨੀਆਂ ਵੱਲੋਂ ਸ਼ਰੇਆਮ ਸੋਸ਼ਲ ਮੀਡੀਆ ਉੱਤੇ ਦਿੱਤੀਆਂ ਜਾਂਦੀਆਂ ਹਨ। ਬੀ ਜੇ ਪੀ ਦੇ ਮੁੱਖ ਆਗੂ ਆਪਣੇ ਇਹਨਾਂ ਸਮਰਥਕਾਂ ਦੀ ਭਾਸ਼ਾ ਦਾ ਜਨਤਕ ਤੌਰ ਤੇ ਸਮਰਥਨ ਨਹੀਂ ਕਰਦੇ ਪ੍ਰੰਤੂ ਇਹਨਾਂ ਮੋਦੀ ਭਗਤਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਿਸ ਹੱਦ ਤੱਕ ਹਾਸਿਲ ਹੈ, ਇਹ ਗੱਲ ਇਸ ਤੱਥ ਤੋਂ ਜ਼ਾਹਿਰ ਹੈ ਕਿ ਕਿ ਇਹਨਾਂ ਸੈਕੜੇ ਟਵਿਟਰ ਹੈਡਲਾਂ ਨੂੰ ਪ੍ਰਧਾਨ ਮੰਤਰੀ ‘ਫਾਲੋਅ’ ਕਰਦੇ ਹਨ ਤੇ ਉਹਨਾਂ ਵੱਲੋਂ ਕਈ ਵਾਰ ਇਹਨਾ ਭਗਤਾਂ ਲਈ ਭੋਜ ਦਾ ਵੀ ਆਯੋਜਨ ਕੀਤਾ ਗਿਆ ਹੈ।
ਇਸ ਸਾਰੇ ਵਰਤਾਰੇ ਦੇ ਸੱਚ ਸੰਬੰਧੀ ਬੀ ਜੇ ਪੀ ਦੀ ਸੋਸ਼ਲ ਮੀਡੀਆ ਟੀਮ ਦੀ ਮੈਂਬਰ ਰਹੀ ਸਾਧਵੀ ਖੋਸਲਾ ਦੀ ਗਵਾਹੀ ਮਹੱਤਵਪੂਰਨ ਹੈ। ਸਾਧਵੀ ਖੋਸਲਾ ਤਕਨੀਕਬਾਜ ਪ੍ਰਬੰਧਕ ਹੈ, ਜੋ ਗੁੜਗਾਉਂ ਵਿੱਚ ਆਪਣੀ ਕੰਪਨੀ ਚਲਾਉਣ ਤੋਂ ਪਹਿਲਾਂ ਛੇ ਸਾਲ ਅਮਰੀਕਾ ਵਿੱਚ ਰਹੀ ਹੈ। ਨਰਿੰਦਰ ਮੋਦੀ ਦੀ ਮਸ਼ਹੂਰ ‘ਚਾਏ ਪੇ ਚਰਚਾ’ ਦੇ ਯੋਜਨਾਕਾਰਾਂ ਵਿੱਚੋਂ ਉਹ ਵੀ ਇੱਕ ਸੀ ਤੇ ਉਸ ਨੇ ਖੁਦ ਵੀ ਕਈ ਚਰਚਾਵਾਂ ਗੁੜਗਾਉਂ ਵਿੱਚ ਆਯੋਜਿਤ ਕਰਵਾਈਆਂ ਸਨ। ਆਪਣੇ ਜਿਹੇ ਬੇਸ਼ੁਮਾਰ ਗਿਆਨ ਦੇ ਕਾਮਿਆਂ ਵਾਂਗ ਹੀ ਉਹ ਵੀ ਯੂ ਪੀ ਏ ਸਰਕਾਰ ਵਿਚਲੇ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਨਰਿੰਦਰ ਮੋਦੀ ਨੂੰ ਭਵਿੱਖੀ ਮਸੀਹਾ ਸਮਝਣ ਲੱਗੀ ਸੀ। ਇਸੇ ਕਾਰਨ ਉਹ ਅਕਸਰ ਟਵਿਟਰ ਉੱਤੇ ਤਬਦੀਲੀ ਦੀ ਲੋੜ ਸੰਬੰਧੀ ਸੁਨੇਹੇ ਪਾਉਂਦੀ ਰਹਿੰਦੀ ਸੀ। 5 ਦਸੰਬਰ 2013 ਦਾ ਦਿਨ ਉਸ ਦੀ ਜਿ਼ੰਦਗੀ ਵਿਚਲਾ ਨਾ-ਭੁੱਲਣਯੋਗ ਮੋੜ ਬਣ ਗਿਆ ਜਦੋਂ ਉਸ ਨੂੰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵੱਲੋਂ ਇੱਕ ਫੋਨ ਆਇਆ। ਇਸ ਫੋਨ ਉੱਤੇ ਉਸ ਨੂੰ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਸੈੱਲ ਦੀ ਮੈਂਬਰ ਬਣਨ ਦਾ ਨਿਓਤਾ ਦਿੱਤਾ ਗਿਆ। ਸਾਧਵੀ ਇਹ ਨਿਓਤਾ ਹਾਸਲ ਕਰਕੇ ਧੰਨ ਮਹਿਸੂਸ ਕਰ ਰਹੀ ਸੀ ਕਿਉਂਕਿ ਹੁਣ ਉਹ ਮੁਲਕ ਦੀ ਤਕਦੀਰ ਬਦਲ ਕੇ “ਅੱਛੇ ਦਿਨਾਂ” ਦੀ ਆਮਦ ਵਿੱਚ ਆਪਣਾ ਯੋਗਦਾਨ ਪਾ ਸਕਦੀ ਸੀ।
ਸਾਧਵੀ ਖੋਸਲਾ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਸ ਦੀ ਦਿਮਾਗੀ ਸਫ਼ਾਈ ਦਾ ਕੰਮ ਸ਼ੁਰੂ ਹੋਇਆ। ਉਸ ਨੂੰ ਰੋਜ਼ਾਨਾ ਸੈਂਕੜੇ ਸਫਿ਼ਆਂ ਦੀਆਂ ਬੇਨਾਮੀ ਈ ਮੇਲਾਂ ਮਿਲਣੀਆਂ ਸ਼ੁਰੂ ਹੋ ਗਈਆਂ ਜਿਹਨਾਂ ਵਿੱਚ ਨਵੇਂ ਨਵੇਂ ਸਨਸਨੀਖੈਜ਼ ਖੁਲਾਸੇ ਕੀਤੇ ਜਾਂਦੇ ਸਨ। ਜਿਵੇਂ ਕਿ ਸੋਨੀਆ ਗਾਂਧੀ ਨੇ ਆਪਣੇ ਹਿੰਦੀ ਵਿਰੋਧੀ ਵਤੀਰੇ ਕਾਰਨ ਰਾਜੀਵ ਗਾਂਧੀ ਵਿਰੁੱਧ ਸਾਜਿ਼ਸ਼ ਘੜੀ ਸੀ; ਕਿ ਪ੍ਰਿਯੰਕਾ ਗਾਂਧੀ ਮਾਨਸਿਕ ਰੋਗੀ ਹੈ ਤੇ ਉਸ ਦਾ ਆਪਣੇ ਪਤੀ ਨਾਲ਼ ਤਲਾਕ ਹੋ ਚੁੱਕਾ ਹੈ; ਕਿ ਰਾਹੁਲ ਗਾਂਧੀ ਨਸ਼ੇੜੀ ਹੈ ਤੇ ਉਸ ਨੇ ਕਿਸੇ ਗੈਰ ਹਿੰਦੂ ਔਰਤ ਨਾਲ਼ ਵਿਆਹ ਕਰਵਾਇਆ ਹੋਇਆ ਹੈ। ਉਸ ਦੇ ਬੱਚੇ ਵੀ ਹਨ ਪਰ ਇਸ ਗੱਲ ਨੂੰ ਲੁਕੋ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਪੀ ਚਿਦਾਂਬਰਮ ਦੇ “ਭ੍ਰਿਸ਼ਟਾਚਾਰਾਂ” ਤੇ ਬਰਖਾ ਦੱਤ ਦੇ “ਮੁਸਲਮਾਨ ਖਾਵੰਦਾਂ” ਬਾਰੇ ਵੀ ਵੇਰਵੇ ਦਿੱਤੇ ਹੁੰਦੇ ਸਨ। ਸਾਧਵੀ ਦੱਸਦੀ ਹੈ ਕਿ ਇਹ ਉਸੇ ਤਰ੍ਹਾਂ ਦਾ ਮਸਾਲਾ ਸੀ ਜੋ ਬਾਅਦ ਵਿੱਚ ਉਸ ਨੂੰ ਵਟਸਅਪ ਤੇ ਅੱਗੇ ਫੈਲਾਉਣ ਲਈ ਅਰਵਿੰਦ ਗੁਪਤਾ ਦੀ ਟੀਮ ਵੱਲੋਂ ਭੇਜਿਆ ਜਾਂਦਾ ਸੀ। ਅੰਨਾ ਹਜ਼ਾਰੇ ਦੇ ਅੰਦੋਲਨ ਸਮੇਂ ਇਹ ਸਭ ਕੁਝ ਵੱਡੇ ਪੱਧਰ ਉੱਤੇ ਅੰਦੋਲਨਕਾਰੀਆਂ ਵੱਲੋਂ ਸਵੀਕਾਰੇ ਜਾਣ ਵਾਲ਼ੇ ‘ਸੱਚ’ ਦਾ ਹਿੱਸਾ ਬਣ ਗਿਆ ਸੀ। ਮਾਰਕੀਟਿੰਗ ਵਿੱਚ ਐੱਮ ਬੀ ਏ ਸਾਧਵੀ ਵੀ ਇਸ ਪ੍ਰਚਾਰ ਨੂੰ ਸੱਚ ਮੰਨ ਬੈਠੀ ਸੀ।
2014 ਦੀਆਂ ਚੋਣਾਂ ਵਿੱਚ ਅਰਵਿੰਦ ਗੁਪਤਾ ਨੇ ਮੁਲਕ ਵਿਚਲਾ ਹੁਣ ਤੱਕ ਦਾ ਸਭ ਤੋਂ ਵੱਡਾ ਸੋਸਲ਼ ਮੀਡੀਆ ਆਪਰੇਸ਼ਨ ਚਲਾਇਆ। ਉਸ ਕੋਲ਼ ਇਕੱਲੇ ਦਿੱਲੀ ਵਿੱਚ ਹੀ 200 ਦੇ ਕਰੀਬ ਬੰਦਿਆਂ ਦੀ ਟੀਮ ਸੀ। ਕੁਝ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ, ਕੁਝ ਦਾ ਖਾਣ-ਪੀਣ ਤੇ ਰਹਿਣ ਸਹਿਣ ਦਾ ਖਰਚਾ ਚੁੱਕਿਆ ਜਾਂਦਾ ਸੀ ਤੇ ਸਾਧਵੀ ਜਿਹੇ ਕੁਝ ਬਿਨਾ ਕਿਸੇ ਮਾਣ-ਭੱਤੇ ਤੋਂ ਇਹ ਕੰਮ ਕਰਦੇ ਸਨ। ਗੁੜਗਾਉਂ ਵਿੱਚ ਘਰ ਘਰ ਜਾ ਕੇ ਹੋਰ ਵਲੰਟੀਅਰਾਂ ਦੀ ਭਰਤੀ ਕੀਤੀ ਗਈ। ਅਹਿਮਦਾਬਾਦ ਤੇ ਵਦੋਦਰਾ ਵਿੱਚ 2000 ਦੇ ਕਰੀਬ ਵਲੰਟੀਅਰ ਪਾਰਟੀ ਦੀ ਰੋਲ ਉੱਤੇ ਸਨ। ਸਾਧਵੀ ਸਮੇਤ ਇਹਨਾਂ ਸਾਰੇ ਵਲੰਟੀਅਰਾਂ ਤੇ ਕਰਮਚਾਰੀਆਂ ਨੂੰ ਮੁੱਖ ਧਾਰਾ ਦੇ ਰਾਜਦੀਪ ਸਰਦੇਸਾਈ ਤੇ ਬਰਖਾ ਦੱਤ ਜਿਹੇ ਉਹਨਾਂ ਜਰਨਲਿਸਟਾਂ ਦੀ ਸੂਚੀ ਦਿੱਤੀ ਗਈ ਜਿਹਨਾਂ ਉੱਤੇ ਲਗਾਤਾਰ ਹਮਲੇ ਕੀਤੇ ਜਾਣੇ ਸਨ। ਸਾਧਵੀ ਦੇ ਦੱਸਣ ਅਨੁਸਾਰ ਮੀਡੀਆ ਵਿੱਚ ਕਿਤੇ ਵੀ ਹੋ ਰਹੀ ਮੋਦੀ ਦੀ ਆਲੋਚਨਾ ਨੂੰ ਗੁਪਤਾ ਦੇ ਡਿਜੀਟਲ ਟਰੈਕਿੰਗ ਟੂਲ ਲੱਭ ਲੈਂਦੇ ਸਨ ਤੇ ਫਿਰ ਭੂੱਖੇ ਭੇੜੀਏ ਵਾਂਗ ਸ਼ਤੂੰਘੜਿਆਂ ਦੇ ਝੁੰਡ ਦੇ ਝੁੰਡ ਉਸ ਆਲੋਚਕ ਉੱਤੇ ਟੁੱਟ ਪੈਂਦੇ ਸਨ। ਹਰ ਤਰ੍ਹਾਂ ਦੇ ਝੂਠ ਸੱਚ ਨੂੰ ਫੈਲਾਉਣ ਲਈ ਵਟਸਅਪ ਦੇ ਗਰੁੱਪਾਂ ਤੇ ਫੇਸਬੁਕ ਪੇਜਾਂ ਦੀ ਵੱਡੇ ਪੱਧਰ ਉੱਤੇ ਵਰਤੋਂ ਕੀਤੀ ਗਈ। ਪਾਰਟੀ ਦੇ ਮੀਡੀਆ ਸੈੱਲ ਵਿੱਚ ਘੜੇ ਜਾਂਦੇ ‘ਇਤਿਹਾਸਕ’ ਤੱਥਾਂ ਤੇ ਵਿਰੋਧੀਆਂ ਬਾਰੇ ਚੁਟਕਲਿਆਂ ਨੂੰ ਆਪਣੇ ਵਿਸ਼ਾਲ ਨੈੱਟਵਰਕ ਰਾਹੀਂ ਪੂਰੇ ਮੁਲਕ ਵਿੱਚ ਫੈਲਾਅ ਦਿੱਤਾ ਗਿਆ ਤੇ ਇਸ ਤਰ੍ਹਾਂ ਮੋਦੀ ਲਹਿਰ ਉਸਾਰ ਕੇ ਚੋਣ ਜਿੱਤ ਲਈ ਗਈ।
ਪ੍ਰੰਤੂ ਜਿੱਤ ਤੋਂ ਬਾਅਦ ਵੀ ਇਸ ਸੋਸ਼ਲ ਮੀਡੀਆ ਸੈੱਲ ਨੇ ਕੰਮ ਕਰਨਾ ਬੰਦ ਨਹੀਂ ਕੀਤਾ ਸਗੋਂ ਇਹ ਅੱਜ ਵੀ ਜੰਗੀ ਪੱਧਰ ਉੱਤੇ ਕਾਰਜਸ਼ੀਲ ਹੈ। ਸਾਧਵੀ ਨੇ ਦਾਅਵਾ ਕੀਤਾ ਹੈ ਕਿ ਜਿੱਤ ਪਿਛੋਂ ਮੁਹੱਈਆ ਹੋਈ ਵਾਧੂ ਫੰਡਿੰਗ ਨੇ ਸਗੋਂ ਇਸ ਦਾ ਅਧਾਰ ਹੋਰ ਵੀ ਵੱਡਾ ਕਰ ਦਿੱਤਾ ਹੈ। ਇਸ ਲਈ ਹੁਣ ਵੀ ਨਿੱਤ ਨਵੇਂ ਦੁਸ਼ਮਣ ਲੱਭ ਕੇ ਉਹਨਾਂ ਉੱਤੇ ਨਿਸ਼ਾਨੇ ਲਾਏ ਜਾ ਰਹੇ ਹਨ। ਖਾਸ ਤੌਰ ਤੇ 2017 ਦੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਮੀਡੀਆ ਸੈੱਲ ਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਲਈ ਚੋਣਾਂ ਤੋਂ ਬਾਅਦ ਵੀ ਉਹ ਹਰ ਵੇਲ਼ੇ ਬੀ ਜੇ ਪੀ ਸੋਸ਼ਲ ਮੀਡੀਆ ਟੀਮ ਵੱਲੋਂ ਭੇਜੇ ਜਾਂਦੇ ਨਫ਼ਰਤੀ ਸੁਨੇਹਿਆਂ ਦਰਮਿਆਨ ਘਿਰੀ ਰਹਿੰਦੀ ਸੀ। ਇਸ ਸਭ ਕੁਝ ਦਾ ਉਸ ਦੀ ਆਪਣੀ ਮਾਨਸਿਕ ਅਵਸਥਾ ਉੱਤੇ ਵੀ ਅਸਰ ਹੋਣ ਲੱਗਾ। ਘਰ ਵਿੱਚ ਖਾਣੇ ਦੇ ਮੇਜ਼ ਉੱਤੇ ਵੀ ਉਹ ਅਕਸਰ ਮੁਸਲਮਾਨਾਂ ਵਿਰੁੱਧ ਟਿੱਪਣੀਆਂ ਕਰਦੀ ਰਹਿੰਦੀ ਸੀ। ਪੁਰਾਣੇ ਕਾਂਗਰਸੀ ਰਹੇ ਉਸਦੇ ਪਿਤਾ ਨੇ ਉਸ ਨਾਲ਼ ਗੱਲਬਾਤ ਹੀ ਬੰਦ ਕਰ ਦਿੱਤੀ। ਫਿਰ ਉਸ ਦੀ ਮਾਂ ਉਸ ਨੂੰ ਪੁੱਛਣ ਲੱਗ ਪਈ, “ਕਿਉਂ ਬੇਟਾ! ਕਿੱਥੇ ਨੇ ਤੇਰੇ ਅੱਛੇ ਦਿਨ?”
ਕੁਝ ਚੀਜ਼ਾਂ ਨੇ ਉਸ ਨੂੰ ਹੋਰ ਸੋਚਣ ਲਈ ਮਜਬੂਰ ਕੀਤਾ। ਬੀ ਜੇ ਪੀ ਸਮਰਥਕਾਂ ਦਾ ਔਰਤਾਂ ਪ੍ਰਤੀ ਵਤੀਰਾ ਤੇ ਸ਼ਬਦਾਵਲੀ ਉਸ ਨੂੰ ਭੱਦੀ ਜਾਪਦੀ ਸੀ। ਬਰਖਾ ਦੱਤ ਉਸ ਦੀ ਆਦਰਸ਼ ਰਹੀ ਸੀ ਤੇ ਕਿਸੇ ਵੇਲ਼ੇ ਉਸ ਨੇ ਬਰਖਾ ਦੱਤ ਵਰਗੇ ਹੀ ਵਾਲ਼ ਕਟਵਾਏ ਹੁੰਦੇ ਸਨ। ਇਸ ਲਈ ਉਹ ਬਰਖਾ ਦੱਤ ਨੂੰ ਟਰੋਲ ਨਾ ਕਰ ਸਕੀ। ਬਾਲੀਵੁਡ ਦੇ ਖਾਨ ਉਸ ਦੇ ਪਸੰਦੀਦਾ ਹੀਰੋ ਸਨ। ਭਾਰਤ ਅੰਦਰ ਅਸਿਹਣਸ਼ੀਲਤਾ ਬਾਰੇ ਕੀਤੀ ਟਿੱਪਣੀ ਲਈ ਸ਼ਾਹਰੁਖ ਖਾਨ ਨੂੰ ਬੀ ਜੇ ਪੀ ਦੇ ਸ਼ਤੂੰਘੜਿਆਂ ਨੇ ਖੂਬ ਲਿਤਾੜਿਆ ਤੇ ਅਖੀਰ ਉਸ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ। ਆਮਿਰ ਖਾਨ ਨੇ ਵੀ ਮੀਡੀਆ ਨੂੰ ਆਪਣੀ ਪਤਨੀ ਦੁਆਰਾ ਮਹਿਸੂਸ ਕੀਤੀ ਜਾ ਰਹੀ ਅਸੁਰੱਖਿਅਤਾ ਦੀ ਭਾਵਨਾ ਬਾਰੇ ਦੱਸਿਆ ਤਾਂ ਉਸ ਦੀ ਵੀ ਸ਼ਾਮਤ ਆ ਗਈ। ਸੋਸ਼ਲ ਮੀਡੀਆਈ ਸ਼ਤੂੰਘੜਿਆਂ ਨੇ ਉਸ ਨੂੰ ਸੁਰੱਖਿਅਤਾ ਦਾ ਅਹਿਸਾਸ ਲੈਣ ਲਈ ਇਸਲਾਮਿਕ ਸਟੇਟ ਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਿਲ ਹੋ ਜਾਣ ਲਈ ਕਿਹਾ। ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ਉਸਨੂੰ ਆਪਣੀ ‘ਇਨਕਰੈਡੇਬਲ ਇੰਡੀਆ’ ਦੀ ਮੁਹਿੰਮ ਦੇ ਬਰੈਂਡ ਅੰਬੈਸਡਰ ਤੋਂ ਹਟਾ ਦਿੱਤਾ। ਅਰਵਿੰਦ ਗੁਪਤਾ ਨੇ ਆਪਣੇ ਸਾਰੇ ਵਲੰਟੀਅਰਾਂ ਨੂੰ ਹਦਾਇਤ ਕੀਤੀ ਕਿ ਆਨ-ਲਾਈਨ ਖਰੀਦਦਾਰੀ ਦੀ ਮਸ਼ਹੂਰ ਕੰਪਨੀ ਸਨੈਪਡੀਲ ਨੂੰ ਦੇਣ ਲਈ ਇੱਕ ਪਟੀਸ਼ਨ ਸਾਈਨ ਕਰਵਾਈ ਜਾਵੇ ਜਿਸ ਵਿੱਚ ਕੰਪਨੀ ਨੂੰ ਆਪਣੇ ਇਸ਼ਤਿਹਾਰਾਂ ਵਿੱਚੋਂ ਆਮਿਰ ਖ਼ਾਨ ਨੂੰ ਬਾਹਰ ਕਰਨ ਲਈ ਕਿਹਾ ਜਾਵੇ। ਅਰਵਿੰਦ ਗੁਪਤਾ ਦੀਆਂ ਹਦਾਇਤਾਂ ਉੱਤੇ ਹੀ ਬੀ ਜੇ ਪੀ ਸਮਰਥਕਾਂ ਨੇ ਗੂਗਲ ਪਲੇਅ ਅਤੇ ਆਈ ਓ ਐੱਸ ਐਪ ਸਟੋਰ ਉੱਤੇ ਸਨੈਪਡੀਲ ਐਪ ਦੀ ਦਰਜੇਬੰਦੀ ਨੂੰ ਘਟਾ ਦਿੱਤਾ। ਅਖੀਰ ਸਨੈਪਡੀਲ ਨੂੰ ਵੀ ਆਮਿਰ ਖਾਨ ਨਾਲ਼ ਆਪਣੇ ਇਕਰਾਰਨਾਮੇ ਨੂੰ ਰੱਦ ਕਰਨਾ ਪਿਆ।
ਇਹਨਾਂ ਘਟਨਾਵਾਂ ਨੇ ਮੋਦੀ ਵਰਤਾਰੇ ਪ੍ਰਤੀ ਸਾਧਵੀ ਦਾ ਮਨ ਉਚਾਟ ਕਰਨ ਵਿੱਚ ਯੋਗਦਾਨ ਪਾਇਆ। ਫਿਰ ਇੱਕ ਦਿਨ ਉਸ ਦੇ ਖਾਵੰਦ ਨੇ ਉਸਨੂੰ ਕਿਹਾ, “ਤੈਨੂੰ ਯਾਦ ਹੈ ਕਿ ਅਮਰੀਕਾ ਵਿੱਚ ਅਸੀਂ ਆਪਣੇ ਪੁੱਤਰ ਲਈ ਜੋ ਸਭ ਤੋਂ ਪਹਿਲੀ ਨੈਨੀ ਰੱਖੀ ਸੀ, ਉਹ ਪਾਕਿਸਤਾਨੀ ਸੀ। ਉਸ ਨੇ ਕਿੰਨੇ ਪਿਆਰ ਨਾਲ਼ ਸਾਡੇ ਪੁੱਤਰ ਨੂੰ ਪਾਲਿ਼ਆ ਸੀ। ਹੁਣ ਜਦੋਂ ਤੂੰ ਏਨੀ ਤੁਅੱਸਬੀ ਬਣ ਰਹੀ ਏਂ, ਕੀ ਤੂੰ ਹੁਣ ਉਸ ਨੂੰ ਇਸ ਕੰਮ ਲਈ ਰੱਖ ਸਕਦੀ ਏਂ?” ਖਾਵੰਦ ਦੇ ਧੀਮੇ ਜਿਹੇ ਪੁੱਛੇ ਇਸ ਸਵਾਲ ਨੇ ਸਫਾ-ਦਿਮਾਗ ਦੇ ਉਸ ਬੁਲਬੁਲੇ ਨੂੰ ਤੋੜ ਦਿੱਤਾ ਜਿਸ ਵਿੱਚ ਉਹ ਰਹਿ ਰਹੀ ਸੀ। ਉਹ ਆਪਣੇ ਮਨ ਵਿੱਚ ਉੱਸਰ ਗਏ ਤੁਅੱਸਬਾਂ ਬਾਰੇ ਸੁਚੇਤ ਹੋ ਗਈ। ਸਾਧਵੀ ਦੱਸਦੀ ਹੈ ਕਿ ਇਹ ਘਟਨਾ ਉਸ ਦੀ ਜਿ਼ੰਦਗੀ ਦਾ ਦੂਜਾ ਮੋੜ ਸਾਬਤ ਹੋਈ ਤੇ ਉਸ ਨੇ ਮੀਡੀਆ ਸੈੱਲ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ। 2015 ਦੇ ਅਖੀਰ ਵਿੱਚ ਉਸਨੇ ਮੀਡੀਆ ਸੈੱਲ ਛੱਡ ਦਿੱਤਾ। ਉਹ ਆਖਦੀ ਹੈ, “ਤੁਹਾਨੂੰ ਨਹੀਂ ਪਤਾ ਮੇਰੇ ਫੋਨ ਵਿੱਚ ਬੀ ਜੇ ਪੀ ਮੀਡੀਆ ਸੈੱਲ ਵੱਲੋਂ ਭੇਜੀ ਕਿੰਨੀ ਘਿਣਾਉਣੀ ਨਫ਼ਰਤ ਭਰੀ ਪਈ ਸੀ। ਇਸ ਸਾਰੇ ਕੁਝ ਨੂੰ ਡੀਲੀਟ ਕਰਕੇ ਮੈਨੂੰ ਆਪਣਾ ਆਪ ਸਾਫ਼-ਸੁਥਰਾ ਹੋ ਗਿਆ ਮਹਿਸੂਸ ਹੋਇਆ।”
ਸ਼ਾਇਦ ਸਾਧਵੀ ਖੋਸਲਾ ਦੀਆਂ ਉਦਾਰਵਾਦੀ ਜੜ੍ਹਾਂ ਨੇ ਨਫ਼ਰਤੀ ਦਲਦਲ ਵਿੱਚੋਂ ਬਾਹਰ ਨਿੱਕਲ਼ ਆਉਣ ਵਿੱਚ ਉਸ ਦੀ ਮਦਦ ਕੀਤੀ ਸੀ। ਪ੍ਰੰਤੂ ਬੀ ਜੇ ਪੀ ਦੇ ਸਾਰੇ ਤਕਨੀਕੀ ਸ਼ਤੂੰਘੜੇ ਅਜਿਹੇ ਨਹੀਂ ਹਨ। ਸਵਾਤੀ ਚਤੁਰਵੇਦੀ ਨੇ ਤੀਹ ਤੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਨਾਲ਼ ਮੁਲਾਕਾਤ ਕੀਤੀ ਜੋ ਬੀ ਜੇ ਪੀ ਦੇ ਮੀਡੀਆ ਸੈੱਲ ਨਾਲ਼ ਜੁੜੇ ਹੋਏ ਹਨ। ਉਹ ਸਾਰੇ ਵੀਹ ਤੋਂ ਤੀਹ ਵਰ੍ਹਿਆਂ ਦੀ ਉਮਰ ਦੇ ਸਨ। ਉਨਾਂ ਵਿੱਚੋਂ ਵਧੇਰੇ ਹਿੰਦੁਤਵ ਵਿੱਚ ਵਿਸ਼ਵਾਸ ਰੱਖਣ ਵਾਲ਼ੇ ਮਰਦ ਸਨ। ਉਹ ਸਾਰੇ ਉਸ ਜਮਾਤ ਵਿੱਚੋਂ ਸਨ ਜਿਸ ਨੂੰ ਖੁਦ ਮੋਦੀ ਨੇ ‘ਨਵ-ਮੱਧਲ਼ੀ ਜਮਾਤ’ ਆਖਿਆ ਸੀ। ਉਹ ਸਾਰੇ ਨਵ-ਉਦਾਰਵਾਦੀ ਸੁਧਾਰਾਂ ਕਾਰਨ ਭਾਰਤੀ ਅਰਥਚਾਰੇ ਦੇ ਖੁੱਲਣ ਪਿੱਛੋਂ ਜੰਮੇ ਸਨ। ਉਹ ਗਰੀਬੀ ਰੇਖਾ ਤੋਂ ਉੱਪਰ ਸਨ ਹਾਲਾਂਕਿ ਅਜੇ ਪੂਰੀ ਤਰ੍ਹਾਂ ਮੱਧਲ਼ੀ ਜਮਾਤ ਨਹੀਂ ਸਨ ਬਣੇ। ਅੰਗਰੇਜ਼ੀ ਦੇ ਪੌਪੂਲਰ ਲੇਖਕ ਚੇਤਨ ਭਗਤ ਨੇ 11 ਜੁਲਾਈ 2015 ਨੂੰ ‘ਟਾਈਮਜ਼ ਔਫ਼ ਇੰਡੀਆ’ ਅਖ਼ਬਾਰ ਦੇ ਆਪਣੇ ਲੇਖ ਵਿੱਚ ਇਹਨਾਂ ਮੋਦੀ ਭਗਤਾਂ ਦੀ ਤਸਵੀਰ ਪੇਸ਼ ਕੀਤੀ ਹੈ। ਭਗਤ ਅਨੁਸਾਰ ਇਹ ਮੋਦੀ ਭਗਤ ਸਿਰਫ਼ “ਮਰਦ” ਹਨ “ਜਿਹਨਾਂ ਦੇ ਅੰਗਰੇਜ਼ੀ ਵਿੱਚ ਗੱਲਬਾਤੀ ਹੁਨਰ ਬੇਹੱਦ ਕਮਜ਼ੋਰ ਹਨ” ਤੇ ਜਿਸ ਕਾਰਨ ਉਹ “ਅਹਿਸਾਸ-ਏ-ਕਮਤਰੀ” ਦਾ ਸਿ਼ਕਾਰ ਹਨ। ਉਹਨਾਂ ਨੂੰ “ਔਰਤਾਂ ਨਾਲ਼ ਗੱਲ ਕਰਨ ਦਾ ਚੱਜ ਨਹੀਂ ਹੈ”, ਉਹ ਔਰਤਾਂ ਦੀ ਕਾਮਨਾ ਰੱਖਦੇ ਹਨ ਪ੍ਰੰਤੂ ਉਹਨਾਂ ਨੂੰ ਹਾਸਲ ਨਹੀਂ ਕਰ ਸਕਦੇ। ਇਸ ਲਈ ਉਹ “ਕਾਮੁਕ ਤੌਰ ਤੇ ਕੁੰਠਿਤ ਹਨ।” ਉੱਚੀ ਸੁਰ ਵਾਲ਼ੇ ਹਿੰਦੂਤਵਵਾਦੀ ਹੋਣ ਦੇ ਬਾਵਜੂਦ ਉਹਨਾਂ ਅੰਦਰ ਹਿੰਦੂ ਹੋਣ ਤੇ ਹਿੰਦੀ ਬੋਲਣ ਪ੍ਰਤੀ ਸ਼ਰਮ ਦਾ ਭਾਵ ਹੈ। ਸਵਾਤੀ ਚਤੁਰਵੇਦੀ ਨੇ ਇਹ ਸਾਰੇ ਗੁਣ-ਦੋਸ਼ ਮੋਦੀ ਦੇ ਸ਼ਤੂੰਘੜਿਆਂ ਵਿੱਚ ਦੇਖੇ। ਇਸ ਤੋਂ ਇਲਾਵਾ ਇਹ ਸ਼ਤੂੰਘੜੇ ਮੁਸਲਮਾਨਾਂ ਪ੍ਰਤੀ ਨਫ਼ਰਤ ਨਾਲ਼ ਵੀ ਭਰੇ ਹੋਏ ਸਨ। ਹਰੇਕ ਦੇ ਮਨ ਵਿੱਚ ਦੋ ਗੱਲਾਂ ਡੂੰਘੀਆਂ ਲੱਥੀਆਂ ਹੋਈਆਂ ਸਨ; ਇੱਕ-ਮੁਸਲਮਾਨ ਬਹੁਤ ਹਿੰਸਕ ਹੁੰਦੇ ਹਨ। ਦੋ-ਉਹ ਹਿੰਸਕ ਹਨ ਕਿਉਂਕਿ ਉਹ ਮਾਸਾਹਾਰੀ ਹਨ। ਇਹ ਅੰਧ-ਭਗਤ ਨਰਿੰਦਰ ਮੋਦੀ ਨੂੰ ਉਸ ਕਲਕੀ ਅਵਤਾਰ ਵਾਂਗ ਦੇਖਦੇ ਹਨ ਜਿਸ ਨੇ ਇਤਿਹਾਸ ਵਿੱਚ ਹਿੰਦੂਆਂ ਨਾਲ਼ ਹੋਈਆਂ ਜਿ਼ਆਦਤੀਆਂ ਦਾ ਬਦਲਾ ਲੈਣਾ ਹੈ। ਮੋਦੀ ਦੇ ਖਿਲਾਫ਼ ਕੋਈ ਤਰਕ ਇਹਨਾਂ ਉੱਤੇ ਕੋਈ ਅਸਰ ਨਹੀਂ ਕਰਦਾ। ਉਹ ਦਰਅਸਲ ਉਸੇ ਮਨਘੜਤ ਇਤਿਹਾਸ ਤੇ ਸਮਾਜ ਅੰਦਰ ਜਿਊਂਦੇ ਹਨ ਜਿਸ ਨੂੰ ਸੰਘੀ/ਬੀ ਜੇ ਪੀ ਪ੍ਰਾਪੇਗੰਡੇ ਨੇ ਘੜਿਆ ਹੈ। ਸਪਸ਼ਟ ਹੈ ਕਿ ਨਵ-ਉਦਾਰਵਾਦੀ ਅਕਾਂਖਿਆਵਾਂ ਤੇ ਜ਼ਮੀਨੀ ਹਕੀਕਤ ਵਿਚਲੇ ਪਾੜ੍ਹੇ ਨੇ ਹੀ ਇਹਨਾਂ ਸ਼ਤੂੰਘੜਿਆਂ ਦੇ ਪੈਦਾ ਹੋਣ ਲਈ ਜ਼ਰਖੇਜ ਜ਼ਮੀਨ ਪੈਦਾ ਕੀਤੀ ਹੈ।
ਇਹ ਸ਼ਤੂੰਘੜੇ ਸੋਸ਼ਲ ਮੀਡੀਆ ਦੇ ਧਰਾਤਲ ਉੱਤੇ ਕੰਮ ਕਰਦੇ ਹਨ ਪ੍ਰੰਤੂ ਇਹਨਾਂ ਦੁਆਰਾ ਪੈਦਾ ਕੀਤੀ ਜਾਂਦੀ ਨਫ਼ਰਤ ਲੋਕਾਂ ਦੇ ਅਸਲ ਜੀਵਨ ਨੂੰ ਪ੍ਰਭਾਵਤ ਕਰਦੀ ਹੈ। ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਦੀਆਂ ਘਟਨਾਵਾਂ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਯੁਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਨੂੰ ਇੱਕ ਅਜਿਹੀ ਵੀਡੀਓ ਦੇ ਅਧਾਰ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਜਿਸ ਨਾਲ਼ ਜਾਣ ਬੁੱਝ ਕੇ ਛੇੜਛਾੜ ਕੀਤੀ ਗਈ ਸੀ। ਇਸ ਛੇੜਛਾੜ ਦਾ ਦੋਸ਼ ਸਿ਼ਲਪੀ ਤਿਵਾੜੀ ਉੱਤੇ ਲਾਇਆ ਜਾ ਰਿਹਾ ਹੈ ਜੋ ਉਸ ਸਮੇਂ ਮਾਨਵ ਸੰਸਾਧਨ ਮੰਤਰੀ ਸਮ੍ਰਿਤੀ ਇਰਾਨੀ ਦੀ ਸਹਾਇਕ ਸੀ। ਇਸੇ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਕਰਕੇ ਵੱਡੀ ਪੱਧਰ ਉੱਤੇ ਲੋਕਾਂ ਨੂੰ ਕਨੱ੍ਹਈਆ ਕੁਮਾਰ ਵਿਰੁੱਧ ਉਕਸਾਇਆ ਗਿਆ। ਬੀ ਜੇ ਪੀ ਨਾਲ਼ ਜੁੜੇ ਵਕੀਲਾਂ ਨੇ ਅਦਾਲਤੀ ਕੰਪਲੈਕਸ ਦੇ ਅੰਦਰ ਹੀ ਉਸ ਉੱਤੇ ਹਮਲਾ ਕੀਤਾ। ਖੁਦ ਗ੍ਰਹਿ ਮੰਤਰਾਲੇ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਲਿਖਿਆ: “ਭਾਰਤ ਵਿਰੋਧੀ ਨਾਅਰੇ ਲਾਉਣ ਵਾਲ਼ੇ ਕਿਸੇ ਵੀ ਵਿਅਕਤੀ ਨੂੰ ਬਖ਼ਸਿ਼ਆ ਨਹੀਂ ਜਾਵੇਗਾ।” ਘਟਨਾਵਾਂ ਦੌਰਾਨ #ਸਹੁਟ ਦੋੱਨ ਝਂੂ ਜੇ ਐੱਨ ਯੂ ਬੰਦ ਕਰੋ ਨੂੰ ਟਵਿਟਰ ਉੱਤੇ ਚਲਾਇਆ ਗਿਆ। ਇਸੇ ਤਰ੍ਹਾਂ ਦੀਆਂ ਨਫ਼ਰਤੀ ਤੇ ਅੰਧ-ਰਾਸ਼ਟਰਵਾਦੀ ਆਨਲਾਈਨ ਮੁਹਿੰਮਾਂ ਨੇ ਹੀ ਮੁਲਕ ਅੰਦਰ ਹਿੰਸਾ ਦੀਆਂ ਹੋਰ ਕਈ ਘਟਨਾਵਾਂ ਨੂੰ ਜਨਮ ਦਿੱਤਾ ਹੈ। ਮੁਲਕ ਦੇ ਅਵਾਮ ਲਈ ਇਹ ਬੇਹੱਦ ਖ਼ਤਰਨਾਕ ਰੁਝਾਨ ਹੈ।
ਇਸੇ ਲਈ ਅੱਜ ਪ੍ਰਗਤੀਸ਼ੀਲ ਤੇ ਇਨਕਲਾਬੀ ਹਲਕਿਆਂ ਲਈ ਸੋਸ਼ਲ ਮੀਡੀਆ ਤੇ ਇਸ ਦੀ ਵਰਤੋਂ ਸੰਬੰਧੀ ਵਧੇਰੇ ਸੁਚੇਤ ਹੋਣ ਦੀ ਲੋੜ ਬਣੀ ਹੈ । ਸੋਸ਼ਲ ਮੀਡੀਆ ਰਾਹੀਂ ਫੈਲਾਏ ਜਾ ਰਹੇ ਦੱਖਣ-ਪੰਥੀ ਵਿਚਾਰਾਂ ਦੇ ਮੁਕਾਬਲੇ ਲਈ ਇਹਨਾਂ ਹਲਕਿਆਂ ਵੱਲੋਂ ਸੋਸ਼ਲ ਮੀਡੀਆ ਦੇ ਅੰਦਰ ਤੇ ਬਾਹਰ ਸਰਗਰਮ ਭੂਮਿਕਾ ਨਿਭਾਈ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਬਕਾਇਦਾ ਆਈ ਟੀ ਸ਼ਾਖਾਵਾਂ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਮੁੰਡਿਆਂ ਦੇ ਨਾਲ਼ ਨਾਲ਼ ਕੁੜੀਆਂ ਵੀ ਹਿੱਸਾ ਲੈਂਦੀਆਂ ਹਨ। ਨਿਰਸੰਦੇਹ ਪ੍ਰਗਤੀਸ਼ੀਲ ਤੇ ਇਨਕਲਾਬੀ ਵਿਚਾਰਾਂ ਦੇ ਧਾਰਨੀ ਬਹੁਤ ਸਾਰੇ ਨੌਜਵਾਨ ਤੇ ਹੋਰ ਲੋਕ ਆਪਣੇ ਪੱਧਰ ਉੱਤੇ ਇਸ ਮੀਡੀਆ ਉੱਤੇ ਸਰਗਰਮ ਨਜ਼ਰ ਆਉਂਦੇ ਹਨ ਪ੍ਰੰਤੂ ਇਹਨਾਂ ਵਿਚਾਰਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਵਧੇਰੇ ਸਾਂਝੇ ਤੇ ਜਥੇਬੰਦ ਯਤਨਾਂ ਦੀ ਲੋੜ ਹੈ। ਨਵੀਂ ਤਕਨੀਕ ਨੂੰ ਸਮਝ ਕੇ ਤੇ ਉਸ ਦੀ ਆਪਣੇ ਸਿਆਸੀ ਮਕਸਦ ਲਈ ਅਸਰਦਾਰ ਵਰਤੋਂ ਕਰਕੇ ਹੀ ਨਵੇਂ ਸਮਿਆਂ ਦੇ ਹਾਣੀ ਹੋਇਆ ਜਾ ਸਕਦਾ ਹੈ।
 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346