|
(ਇਹ ਲੇਖ ਵਤਨੋਂ ਦੂਰ ਦੇ ਮਈ 1978 ਦੇ
ਅੰਕ ਵਿੱਚ ਛਪਿਆ ਸੀ। ਹੁਣ ਅਸੀਂ ਇਸ ਨੂੰ ਇਕ ਵਾਰ ਫਿਰ ਛਾਪ ਰਹੇ ਹਾਂ ਤਾਂ ਕਿ ਇਹ ਲੇਖ
ਪੰਜਾਬੀ ਪਾਠਕਾਂ ਨੂੰ ਆਨਲਾਈਨ ਵੀ ਪ੍ਰਾਪਤ ਹੋ ਸਕੇ)
ਸ. ਗੁਰਬਖਸ਼ ਸਿੰਘ ਸਾਡੇ ਜੁਗ ਦੀ ਮੰਨੀ ਪਰਮੰਨੀ ਇਤਿਹਾਸਕ ਹਸਤੀ ਹਨ। ਸਾਡੇ ਜੁਗ ਤੋਂ
ਮੁਰਾਦ ਉਹ ਸਮਾਂ ਹੈ ਜੋ ਸਰਮਾਇਆਦਾਰ ਜਮਹੂਰੀਅਤ ਤੇ ਫਿਊਡਲ ਜੁਗ ਦੀ ਸਮਾਜੀ ਤੇ ਸਿਆਸੀ ਜੂਲੀ
ਪਾੜਨ ਤੇ ਦੇਸ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ੀ ਸਾਮਰਾਜ ਨਾਲ ਸੰਗਰਾਮ ਕਰਨ ਵਿੱਚ ਲੰਘਿਆ।
ਇਕ ਪਾਸੇ ਜਨਤਾ ਦੀ ਅਨਪੜ੍ਹਤਾ ਤੇ ਅਗਿਆਨਤਾ ਦੇ ਕਾਰਨ ਫਿਊਡਲ ਰਹਿਤ ਦੇ ਪਿਛਾਖੜ ਨੇ ਜਨਤਾ
ਨੂੰ ਧਾਰਮਿਕ ਸ਼ਰਧਾ ਦੇ ਵਹਿਮਾਂ ਭਰਮਾਂ, ਜਾਤਪਾਤ ਦੀਆਂ ਵੰਡੀਆਂ ਤੇ ਵਿਤਕਰਿਆਂ ਤੇ ਕਰਮ
ਕਾਂਡਾਂ, ਸਾਧਾ ਸੰਤਾਂ, ਪੀਰਾਂ ਫਕੀਰਾਂ ਤੇ ਮੜ੍ਹੀ ਮਸਾਣਾਂ ਦੀ ਮਾਨਤਾ ਸਮਾਜੀ ਸੰਸਕਾਰਾਂ
ਅੰਦਰ ਜਾਦੂ ਟੂਣਿਆਂ ਤੇ ਕਰਾਮਾਤਾਂ ਦੇ ਪਾਖੰਡਾਂ ਵਿੱਚ ਗਰਸਿਆ ਹੋਇਆ ਸੀ, ਦੂਸਰੇ ਪਾਸੇ
ਅੰਗਰੇਜ਼ੀ ਸਾਮਰਾਜ ਆਪਣੇ ਹਿਤਾਂ ਲਈ ਸਾਡੇ ਦੇਸ਼ ਦੀ ਆਰਥਕ, ਸਮਾਜੀ ਤੇ ਸਿਆਸੀ ਉਨਤੀ ਤੇ
ਪਸਾਰ ਨੂੰ ਰੋਕੀ ਖੜਾ ਸੀ।
ਫਿਊਡਲਚਾਰੇ ਦੀ ਇਹ ਪਿਛਾਖੜ ਅੰਗਰੇਜ਼ ਦੇ ਬੜੇ ਕੰਮ ਆ ਰਹੀ ਸੀ। ਉਹ ਏਸ ਨੂੰ ਸਾਡੇ ‘ਤੇ
ਠੋਸੀ ਰੱਖ ਕੇ ਜਨਤਾ ਨੂੰ ਜਮਹੂਰੀ ਸੋਝੀ ਨਹੀਂ ਸੀ ਆਉਣ ਦੇਣਾ ਚਾਹੁੰਦਾ। ਸਿਆਸੀ ਤੌਰ ‘ਤੇ
ਇਹ ਅੰਗਰੇਜ਼ੀ ਸਾਮਰਾਜ ਤੇ ਫਿਊਡਲ ਪਿਛਾਖੜ ਤੋਂ ਛੁਟਕਾਰਾ ਪਾਉਣ ਦਾ ਬੁਰਜੁਆ ਜਮਹੂਰੀ
ਇਨਕਲਾਬ ਦਾ ਦੌਰ ਸੀ। ਫਿਊਡਲਿਜ਼ਮ ਤੋਂ ਅਗਾਂਹ ਸਰਮਾਇਦਾਰੀ ਵਲ ਵਧਣ ਦਾ ਸਮਾਂ। ਭਾਵ ਪਿਛਾਖੜ
ਤੋਂ ਅਗੇਤਰ ਵਲ ਬਦਲੀ ਹੋ ਰਹੀ ਸੀ।
ਇਹ ਇਤਿਹਾਸਕ ਬਦਲੀਆਂ ਦੋ ਤਰ੍ਹਾਂ ਹੁੰਦੀਆਂ ਹਨ, ਇਨਕਲਾਬ ਜਾਂ ਰੁਮਕ (ਐਵੋਲਿਊਸ਼ਨ) ਨਾਲ।
ਇਨਕਲਾਬੀ ਬਦਲੀ ਲੋਕਾਂ ਦੀ ਸਿਆਸੀ ਜਾਗ੍ਰਤ ਦੇ ਜ਼ੋਰ ‘ਤੇ ਜਬਰ ਨਾਲ ਛੜੱਪਾ ਮਾਰ ਕੇ ਹੁੰਦੀ
ਹੈ। ਰੁਮਕ ਵਾਲੀ ਬਦਲੀ ਸਮੇਂ ਦੀਆਂ ਪੈਦਾਵਾਰ ਹਾਲਤਾਂ ਅੰਦਰ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ
ਦੇ ਨਾਲੋ ਨਾਲ ਜਨਤਾ ਦੇ ਵਿਚਾਰਾਂ ਤੇ ਕਰਨੀਆਂ ਨੂੰ ਮੱਠੀ ਮੱਠੀ ਚਾਲੇ ਅਗਾਂਹ ਲਈ ਜਾਂਦੀ
ਹੈ, ਜਿਸ ਨੂੰ ਲੋਕ ਸ਼ਬਦਾਵਲੀ ਵਿੱਚ ਸੁਧਾਰ ਆਖ ਲਿਆ ਜਾਂਦਾ ਹੈ। ਇਨਕਲਾਬ ਦਾ ਚਾਰਾ ਤਾਂ
ਪੋਲੀਟਕਲ ਪਾਰਟੀਆਂ ਤੇ ਉਹਨਾਂ ਦੀ ਲੀਡਰਸਿ਼ੱਪ ਕਰਦੀ ਹੈ, ਪਰ ਸਮਾਜ ਨੂੰ ਰੁਮਕਾਉਣ ਦਾ ਕੰਮ
ਸੂਝਵਾਨ ਵਿਅਕਤੀ ਹੀ ਕਰਦੇ ਹਨ।
ਸਾਡਾ ਸੁਧਾਰ ਸਮਾਂ ਅੰਗਰੇਜ਼ ਵਿਰੁੱਧ ਆਜ਼ਾਦੀ ਦੀ ਲੜਾਈ ਨਾਲੋਂ ਪਹਿਲਾਂ ਸ਼ੁਰੂ ਹੋਇਆ।
ਆਰੀਆ ਸਮਾਜ ਤੇ ਸਿੰਘ ਸਭਾ ਇਸ ਸੁਧਾਰ ਦੀਆਂ ਲਹਿਰਾਂ ਸਨ, ਜੋ ਕੇਵਲ ਧਾਰਮਿਕ ਮਨਾਉਤਾਂ ਤੇ
ਕਰਮਕਾਡਾਂ ਵਿੱਚ ਸੁਧਾਰ ਦੀਆਂ ਮੀਰੀ ਤਾਂ ਸਨ ਪਰ ਸਮਾਜੀ ਜੀਵਨ ਨੂੰ ਪਿਛਾਖੜ ਤੋਂ ਮੁਕਤ
ਨਹੀਂ ਕਰਵਾਉਂਦੀਆਂ ਸਨ। ਇਹ ਕੰਮ ਲੋਕਾਂ ਵਿੱਚ ਸਿਆਸੀ ਜਾਗ੍ਰਤੀ ਆਏ ਬਿਨਾਂ ਨਹੀਂ ਤੁਰਨਾ
ਸੀ। ਪਰ ਵੀਹਵੀਂ ਸਦੀ ਚੜ੍ਹਦਿਆਂ ਦੇਸ਼ ਦੇ ਸੂਝਵਾਨਾਂ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ
ਰੋਹ ਜਾਗਣ ਲਗ ਪਿਆ ਜੋ ਸਮੇਂ ਸਮੇਂ ਜਨਤਕ ਲਹਿਰਾਂ ਤੇ ਮੋਰਚਿਆਂ ਵਿੱਚ ਫੁਟ ਤੁਰਦਾ ਰਿਹਾ।
ਪਹਿਲੀ ਵੱਡੀ ਜੰਗ ਮੁੱਕਣ ਤੋਂ ਬਾਅਦ ਕੌਮੀ ਲਹਿਰ ਅੰਦਰ ਸਮੇਂ ਸਮੇਂ ਉਭਾਰ ਆਉਣ ਲੱਗ ਪਏ।
1921 ਦੀ ਕਾਂਗਰਸ ਲਹਿਰ ਤੇ ਇਸ ਦੇ ਨਾਲ ਹੀ ਉੱਠ ਤੁਰੀ ਅਕਾਲੀ ਲਹਿਰ ਦੇ ਅੰਗਰੇਜ਼ ਹਕੂਮਤ
ਨਾਲ ਲਾਏ ਮੋਰਚੇ ਨੇ ਜਨਤਾ ਵਿੱਚ ਆਜ਼ਾਦੀ ਦੀ ਰੂਹ ਫੁਕ ਦਿੱਤੀ। ਉਧਰੋਂ ਰੂਸੀ ਇਨਕਲਾਬ ਦੀ
ਸਫਲਤਾ ਦੀਆਂ ਸੋਆਂ ਦੀ ਲਾਗ ਨਾਲ ਕਿਰਤੀ ਤੇ ਕਿਸਾਨ ਜਮਾਤਾਂ ਦੇ ਵਿਚਾਰਵਾਨ ਸਮਾਜਵਾਦ ਦੀ
ਲਾਈਨ ਗ੍ਰਹਿਣ ਕਰਨ ਲੱਗ ਪਏ। ਕਾਂਗਰਸ ਦੇ ਫੈਲਣ ਦੇ ਨਾਲ ਨਾਲ ਕਮਿਊਨਿਸਟ ਪਾਰਟੀ ਅਤੇ ਕਿਰਤੀ
ਕਿਸਾਨਾਂ ਤੇ ਨੌਜਵਾਨਾਂ ਦੀਆਂ ਇਨਕਲਾਬੀ ਜਥੇਬੰਦੀਆਂ ਬਣ ਗਈਆਂ ਜਿਹਨਾਂ ਨੇ 1930 ਵਿੱਚ
ਕਾਂਗਰਸ ਨਾਲ ਰਲ ਕੇ ਸਿਵਲ-ਨਾ-ਫੁਰਮਾਨੀ ਦੀ ਲਹਿਰ ਨੂੰ ਵਿਸ਼ਾਲ ਤੇ ਜ਼ੋਰਾਵਰ ਕਰ ਦਿੱਤਾ।
ਇਸ ਦੀ ਸਫਲਤਾ ਨਾਲ ਸਾਰੇ ਦੇਸ਼ ਵਿੱਚ ਆਜ਼ਾਦੀ ਦੀ ਹਵਾ ਵਗ ਤੁਰੀ। ਸਾਡੇ ਲੇਖਕਾਂ ਦੀਆਂ
ਸਾਹਿਤ ਰਚਨਾਵਾਂ ਨੇ ਇਸ ਹਵਾ ਨੂੰ ਬਣਨ ਤੇ ਵਗਾਉਣ ਲਈ ਬੜਾ ਰੋਲ ਅਦਾ ਕੀਤਾ। ਉਹਨਾਂ ਦੀਆਂ
ਕਲਮਾਂ ਜਿੱਥੇ ਕੌਮੀ ਏਕਾ ਉਸਾਰਨ, ਤੇ ਆਜ਼ਾਦੀ ਦੇ ਮੁਤਾਲਬੇ ਕਰਨ ਲਗ ਪਈਆਂ ਸਨ, ਉੱਥੇ
ਫਿਊਡਲ ਪਿਛਾਖੜ ਨੂੰ ਵੀ ਨੌਲਣ ਲਗ ਪਈਆਂ ਸਨ। ਇਹ ਬੁਰਜੁਆ ਜਮਹੂਰੀਅਤ ਦੀ ਹਵਾ ਸੀ, ਜੋ ਦੇਸ
ਦੀ ਆਜ਼ਾਦੀ ਤੇ ਵਿਕਾਸ ਦੇ ਰਾਹ ਦੀਆਂ ਸਭ ਪ੍ਰਕਾਰ ਦੀਆਂ ਰੁਕਾਵਟਾਂ ਨੂੰ ਚੈਲਿੰਜ ਕਰਦੀ ਸੀ।
ਉਸ ਸਮੇਂ ਅਸੀਂ ਕਮਿਊਨਿਸਟ ਤੇ ਹੋਰ ਖੱਬੇ ਪੱਖ ਦੇ ਅੰਸ਼ ਇਸ ਗੱਲ ‘ਤੇ ਦ੍ਰਿੜ ਸਾਂ, ਕਿ
ਅੰਗਰੇਜ਼ ਨੂੰ ਸਿਆਸੀ ਜਬਰ ਜ਼ੋਰ ਨਾਲ ਦੇਸ਼ ਵਿੱਚੋਂ ਕੱਢਣ ਉਪਰੰਤ ਹੀ ਬੁਰਜੂਆ ਜਮਹੂਰੀ
ਇਨਕਲਾਬ ਤੁਰ ਸਕਦਾ ਹੈ, ਪਹਿਲੋਂ ਨਹੀਂ। ਕਿਉਂਕਿ ਅਸੀਂ ਬੁਰਜ਼ੁਆਜ਼ੀ ਨੂੰ ਇਸ ਕੰਮ ਦੇ
ਅਸਮਰਥ ਸਮਝਦੇ ਸਾਂ। ਅਸੀਂ ਸਮਾਜਕ ਰੁਮਕ (ਐਵੋਲਿਊਸ਼ਨ) ਦੀ ਅਹਿਮੀਅਤ ਨੂੰ ਨਹੀਂ ਸਮਝਦੇ
ਸਾਂ, ਸਗੋਂ ਇਸ ਨੂੰ ਇਨਕਲਾਬ ਦਾ ਕੁਰਾਹ ਦਸਦੇ ਸਾਂ।
ਇਹ ਸਮਾਂ ਸੀ ਜਦੋਂ ਗੁਰਬਖਸ਼ ਸਿੰਘ ਕਲਮ ਦਵਾਤ ਲੈ ਕੇ ਸਾਹਿਤਕ ਪਿੜ ਵਿੱਚ ਆ ਨਿਤਰੇ। ਉਹ
ਅਮਰੀਕਾ ਵਿੱਚੋਂ ਆਏ ਸਨ, ਜਿੱਥੇ ਬੁਰਜੂਆ ਜਮਹੂਰੀਅਤ ਪ੍ਰਚੱਲਤ ਸੀ। ਕੋਈ ਕਿਸੇ ਤਰ੍ਹਾਂ ਦੀ
ਸਮਾਜੀ, ਸਿਆਸੀ, ਆਰਥਕ ਤੇ ਸ਼ਖਸ਼ੀ ਬੰਦਸ਼ ਨਹੀਂ ਸੀ, ਕਿਸੇ ਭਾਈਚਾਰਕ ਰਹੁ-ਰੀਤ ਦਾ ਸੰਗ
ਸੰਕੋਚ ਨਹੀਂ ਸੀ, ਕੋਈ ਬਰਾਦਰੀ ਭਾਈਚਾਰਾ ਨਹੀਂ ਸੀ। ਹਰ ਕਿਸੇ ਨੂੰ ਆਪਣੀ ਕਹਿਣ ਤੇ ਸਹਿਣ
ਦੀ ਖੁੱਲ੍ਹ ਸੀ। ਪਰਾਏ ਇਸਤਰੀ ਮਰਦ ਨੂੰ ਆਪਸ ਵਿੱਚ ਗੱਲਬਾਤ ਕਰਨਾ, ਮਿਲਣਾ ਮਿਲਾਉਣਾ ਜਾਂ
ਫਿਰਨਾ ਤੁਰਨਾ ਕੋਈ ਪਾਪ ਜਾਂ ਐਬ ਨਹੀਂ ਸੀ। ਕੁੜੀ ਮੁੰਡਾ ਆਪਣੀ ਰਲੀ ਮਰਜ਼ੀ ਨਾਲ ਵਿਆਹ ਕਰ
ਲੈਂਦੇ ਤੇ ਨਾ ਨਿਭੇ ਤਾਂ ਤੋੜ ਲੈਂਦੇ ਸਨ। ਉੱਥੇ ਉਹਨਾਂ ਸਮਾਜੀ ਬਸਤੀਆਂ ਵੀ ਵੇਖੀਆਂ,
ਜਿੱਥੇ ਸੈਂਕੜੇ ਟੱਬਰ ਰਲ ਕੇ ਰਹਿੰਦੇ ਤੇ ਇਕੇ ਥਾਂ ਖਾਂਦੇ ਪੀਂਦੇ ਤੇ ਗੱਪ ਗਪੋੜ ਕਰਦੇ।
ਉਹਨਾਂ ਬਸਤੀਆਂ ਦੇ ਇਸ ਸਭ ਕਾਸੇ ਵਿੱਚ ਇਕ ਪ੍ਰਕਾਰ ਦੀ ਪਿਆਰ ਭਾਵਨਾ ਕੰਮ ਕਰਦੀ ਸੀ, ਜੋ ਇਸ
ਸਮਾਜੀ ਕਰਮ-ਕਾਂਡ ਨੂੰ ਚਲਾ ਰਹੀ ਸੀ। ਉਹਨਾਂ ਨੇ ਇਸ ਜੀਵਨ ਜਾਚ ਨੂੰ ਪਸੰਦ ਕੀਤਾ ਤੇ ਸਾਡੀ
ਪਿਛਾਖੜ ਹਟਾਉਣ ਲਈ ਇਸ ਨੂੰ ਬਹੁਤ ਲਾਹੇਵੰਦ ਸਮਝਿਆ ਤੇ ਹਿੰਦੁਸਤਾਨ ਵਿੱਚ ਆ ਕੇ ਇਸ ਦੇ
ਪ੍ਰਚਾਰ ਤੇ ਸਥਾਪਣਾ ਲਈ ਆਪਣਾ ਤਨ, ਮਨ ਤੇ ਧਨ ਲਾ ਦੇਣ ਦਾ ਫੈਸਲਾ ਕੀਤਾ।
ਹਿੰਦੁਸਤਾਨ ਆ ਕੇ ਗੁਰਬਖਸ਼ ਸਿੰਘ ਹੋਰਾਂ ਆਪਣੇ ਵਿਚਾਰ ਪੇਸ਼ ਕਰਨ ਲਈ ਪਹਿਲਾਂ ਨੁਸ਼ਹਿਰਿਓਂ
ਤੇ ਫੇਰ ਲਾਹੋਰੋਂ ਪ੍ਰੀਤ ਲੜੀ ਨਾਂ ਦਾ ਪੰਜਾਬੀ ਮਾਸਕ ਪੱਤਰ ਜਾਰੀ ਕੀਤਾ, ਜਿਸ ਵਿੱਚ ਉਹਨਾਂ
ਨੇ ਸਮਾਜ ਦੀ ਨਵੀਂ ਉਸਾਰੀ ਲਈ ਅਮਰੀਕਾ ਵਿੱਚ ਵੇਖੀ ਤੇ ਸਿੱਖੀ ਨਵੀਂ ਜਮਹੂਰੀ ਜੀਵਨ ਜਾਚ ਦਾ
ਪ੍ਰਚਾਰ ਸ਼ੁਰੂ ਕੀਤਾ। ਧਾਰਮਿਕ ਵਹਿਮਾਂ, ਭਰਮਾਂ ਤੇ ਕੁਰੀਤੀਆਂ, ਸਾਧਾ ਸੰਤਾਂ ਤੇ ਪੀਰਾਂ
ਫਕੀਰਾਂ ਦੇ ਪਾਖੰਡਾਂ, ਜਾਤਪਾਤ ਤੇ ਊਚ ਨੀਚ ਦੀਆਂ ਵੰਡਾਂ, ਮੜ੍ਹੀ ਮਸਾਣਾਂ ਦੀ ਪੂਜਾ, ਜਾਦੂ
ਟੂਣਿਆਂ ਤੇ ਕਰਾਮਾਤਾਂ ਦੀ ਨਿਖੇਧੀ ਸ਼ੁਰੂ ਕੀਤੀ, ਅੰਨੀ ਸ਼ਰਧਾਂ ਦੇ ਕੜ ਤੋੜੇ, ਪਰਮਾਤਮਾ
ਦੀ ਵਿਚਾਰਧਾਰਾ ਤੋਂ ਨਾਬਰਤਾ ਦਰਸਾਈ, ਸ਼ਖਸੀ ਆਜ਼ਾਦੀ ਤੇ ਪ੍ਰੀਤ ਕਰਨ ਕਰਾਨ ਦਾ ਹੱਕ
ਪੂਰਿਆ। ਵਿਆਹ ਨੂੰ ‘ਖਸਮ ਦਾ ਗਲਬਾ’ ਨਹੀਂ, ਦੰਪਤੀ ਦੀ ਮਿੱਤਰਤਾ ਦਾ ਜੀਵਨ ਨਿਰਬਾਹ ਦੱਸਿਆ।
ਨਤੀਜਾ ਇਹ ਹੋਇਆ, ਪੰਜਾਬੀ ਜਗਤ ਵਿੱਚ ਇਕ ਹਲਚਲ ਮੱਚ ਗਈ। ਨੌਜਵਾਨ ਬੁੱਧੀਜੀਵੀਆਂ ਤੇ
ਪੜ੍ਹਿਆ ਲਿਖਿਆਂ ਨੂੰ ਨਵੀਂ ਜਾਗ ਲਗ ਤੁਰੀ। ਪਿਛਾਖੜ ਵਿਰੁੱਧ ਬਗਾਵਤ ਹੋ ਉੱਠੀ, ਭਾਈਆਂ
ਗਰੰਥੀਆਂ, ਸਾਧੂ ਸੰਤਾਂ, ਪੀਰਾਂ ਫਕੀਰਾਂ, ਮੁੱਲਾਂ ਕਾਜ਼ੀਆਂ ਦੇ ਪਖੰਡੀ ਬਹੁਰੂਪ ਨੰਗੇ ਹੋਣ
ਲੱਗ ਪਏ। ਸਾਹਿਤਕਾਰ, ਜੋ ਪਹਿਲਾਂ ਧਾਰਮਿਕ ਪਰੰਪਰਾਵਾਦੀ ਆਸਿ਼ਆਂ ਤੇ ਹੀ ਸਾਹਿਤ ਰਚਨਾ ਕਰਦੇ
ਸਨ, ਇਹਨਾਂ ਨਵੇਂ ਆਸਿ਼ਆਂ ਨੂੰ ਮੁੱਖ ਰੱਖ ਤੁਰੇ। ਉਹਨਾਂ ਨਿਰਾ ਕਵਿਤਾ ਨੂੰ ਹੀ ਨਹੀਂ ਗਲਪ
ਨੂੰ ਵੀ ਧਰਮੋਂ ਨਿਰਲੇਪ ਕਰਕੇ ਪਿਛਾਖੜੀ ਪਰੰਪਰਾ ਤੋਂ ਬੇਮੁੱਖ ਕਰ ਲਿਆ। ਕਵਿਤਾ, ਕਹਾਣੀ,
ਨਾਵਲ, ਨਾਟਕ ਤੇ ਲੇਖਾਂ ਨੂੰ ਧਰਮ ਮਰਿਯਾਦਾ ਵਿੱਚੋਂ ਕੱਢ ਕੇ ਨਿਰੋਲ ਸਮਾਜੀ ਜਾਂ ਸਿਆਸੀ
ਆਸਿ਼ਆਂ ਦੀ ਲੀਹੇ ਪਾ ਲਿਆ। ਉਹ ਪ੍ਰੀਤ ਲੜੀ ਦੇ ਨਿਰੇ ਸਨੇਹੀ ਹੀ ਨਹੀਂ ਸਗੋਂ ਉਪਾਸ਼ਕ ਬਣ
ਗਏ। ‘ਪ੍ਰੀਤ ਲੜੀ’ ਦੀ ਚੜ੍ਹ ਮੱਚ ਗਈ। ‘ਪ੍ਰੀਤ ਲੜੀ’ ਤੋਂ ਪਹਿਲਾਂ ਧਾਰਮਿਕ ਆਸਿ਼ਆਂ ‘ਤੇ
ਚੱਲ ਰਹੇ ਹੋਰ ਮਾਸਕ ਪੱਤਰਾਂ ਨੇ ਵੀ ਧਰਮ ਨਿਰਲੇਪਤਾ ਧਾਰਨ ਕਰ ਲਈ।
ਪਰ ਧਾਰਮਿਕ ਜਗਤ ਬਹੁਤ ਔਖਾ ਹੋਇਆ। ਧਾਰਮਿਕ ਸਥਾਨਾਂ ਤੇ ਜਥੇਬੰਦੀਆਂ ਵਲੋਂ ਹਾਲ ਪਾਹਰਿਆ
ਸ਼ੁਰੂ ਹੋ ਗਈ। ਅਨਹੰਦੜ ਪਰੰਪਰਾ ਤੇ ਧਰਮ ਮਰਿਯਾਦਾ ਦੇ ਨਾਮਧਰੀਕ ਰਾਖੇ ਬਹੁਤ ਲੋਹੇ ਲਾਖੇ
ਹੋਏ। ਦੀਵਾਨਾਂ ਤੇ ਜੋੜ ਮੇਲਿਆਂ ਵਿੱਚ ‘ਪ੍ਰੀਤ ਲੜੀ’ ਦੇ ਬਾਈਕਾਟ ਤੇ ਸਰਦਾਰ ਜੀ ਵਿਰੁੱਧ
ਘਿਰਨਾ ਪ੍ਰਗਟਾਉਣ ਦੇ ਮਤੇ ਹੋਏ। ਗੱਲ ਕੀ ਸਾਰਾ ਪਿਛਾਖੜੀ ਲਾਣਾ ਪਿੱਟ ਉੱਠਿਆ। ਪਰ ਗੁਰਬਖਸ਼
ਸਿੰਘ ਹੋਰਾਂ ਕੱਖ ਪਰਵਾਹ ਨਾ ਕੀਤੀ, ਬਿਨਾਂ ਕਿਸੇ ਡਰ ਡੁੱਕਰ ਦੇ ਆਪਣੇ ਆਦੇਸ਼ ‘ਤੇ ਡਟੇ
ਰਹੇ। ਤੇ ‘ਲੇਖਕ ਦਲੇਰ’ ਹੋ ਤੁਰੇ। ਨਤੀਜਾ ਇਹ ਹੋਇਆ, ਕਿ ‘ਪ੍ਰੀਤ ਲੜੀ’ ਦੀ ਮਾਨਤਾ ਹੋਰ
ਵੱਧ ਗਈ ਤੇ ਉਹ ਪੰਜਾਬੀ ਦਾ ਸਿਰਕੱਢ ਪਰਚਾ ਹੋ ਗਿਆ।
ਸ. ਗੁਰਬਖਸ਼ ਸਿੰਘ ਨੇ ਆਪਣੇ ਸਾਹਿਤਕ ਵਿਚਾਰਾਂ ਦਾ ਸਾਕਾਰ ਨਮੂਨਾ ਪੇਸ਼ ਕਰਨ ਲਈ ‘ਪ੍ਰੀਤ
ਲੜੀ’ ਦੇ ਉਪਾਸ਼ਕਾਂ ਦੀ ਅਮਰੀਕਾ ਦੀਆਂ ਸਾਂਝੀਵਾਲ ਬਸਤੀਆਂ ਵਾਂਗ ਪਰਸਪਰ ਪ੍ਰੀਤ ਤੇ ਆਧਾਰਤ
ਇਕ ਬਸਤੀ ਵਸਾਉਣ ਦਾ ਮਨ ਬਣਾਇਆ, ਜਿਸ ਦਾ ਨਾਂ ‘ਪ੍ਰੀਤ ਨਗਰ’ ਰੱਖਿਆ। ਕਲਮ ਦੇ ਜ਼ੋਰ ਇਸ
ਬਸਤੀ ਦੇ ਵਸਨੀਕ ਤਿਆਰ ਕੀਤੇ ਜੋ ਪ੍ਰੀਤ ਮੰਡਲ ਦੇ ਨਾਂ ਨਾਲ ਪ੍ਰਸਿੱਧ ਹੋਏ। ਜਿ਼ਲ੍ਹਾ
ਅੰਮ੍ਰਿਤਸਰ ਵਿੱਚ ਲੋਪੋਕੇ ਲਾਗੇ ਦੋ ਕੁ ਪੱਕੀਆਂ ਹਵੇਲੀਆਂ ਤੇ ਇਕ ਤਲਾਬ ਵਾਲੀ ਕਈ ਏਕੜ
ਬੇਆਬਾਦ ਜ਼ਮੀਨ ਖਰੀਦ ਲਈ। ਪ੍ਰੀਤ ਉਪਾਸ਼ਕਾਂ ਦੀ ਇਕੋ ਜਿਹੇ ਹਿੱਸਿਆਂ ਦੇ ਮਕਾਨਾਂ ‘ਤੇ
ਅਧਾਰਤ ਇਹ ਬਸਤੀ ਤਿਆਰ ਹੋ ਗਈ। ਸਾਰੀ ਬਸਤੀ ਦੇ ਜੀਆਂ ਦਾ ਖਾਣਾ ਇਕੋ ਲੰਗਰ ਵਿੱਚ ਪਕਾਇਆ ਤੇ
ਖਾਧਾ ਜਾਂਦਾ। ਸਾਰੇ ਟੱਬਰਾਂ ਦੇ ਇਸਤਰੀ ਮਰਦ ਤੇ ਕੁੜੀਆਂ ਮੁੰਡੇ ਬਿਨਾਂ ਸੰਗ ਸਰਫੇ ਦੇ ਆਪਸ
ਵਿੱਚ ਮਿਲ ਬਹਿਣ ਖਲੋਣ ਤੇ ਬੋਲਣ ਲਗ ਪਏ। ਨਰ ਨਾਰੀ ਵਾਲਾ ਪਿਛਾਖੜੀ ਲੋਕ ਲੱਜ ਤੇ ਝਕ ਝਕਾਅ
ਜਾਂਦਾ ਰਿਹਾ। ਕੁੜੀਆਂ ਮੁੰਡਿਆਂ ਦਾ ਰਲਵਾਂ ਸਕੂਲ ਚਲਾਇਆ ਗਿਆ, ਜਿੱਥੇ ਪੜ੍ਹਾਈ ਦੇ ਨਾਲ
ਕੋਈ ਨਾ ਕੋਈ ਕਿੱਤਾ ਕਰਨਾ ਸਿਖਾਇਆ ਜਾਂਦਾ। ਗੁਰਬਖਸ਼ ਸਿੰਘ ਦੇ ਪ੍ਰੀਤ ਫਲਸਫੇ ਦੀ ਇਹ ਨਗਰ
ਤੇ ਸਕੂਲ ਸਾਕਾਰ ਮੂਰਤ ਸੀ। ਇਸ ਦੀ ਸਥਾਪਾਨਾ ਨਾਲ ਗੁਰਬਖਸ਼ ਸਿੰਘ ਆਪਣੇ ਬੱਚਿਆਂ ਤੋਂ
ਅਗਾਂਹ ਹਰ ਕਿਸੇ ਦੇ ‘ਦਾਰ ਜੀ’ ਬਣ ਗਏ।
ਪ੍ਰੀਤ ਨਗਰ ਦੀ ਸਥਾਪਣਾ ਤੋਂ ਨਿਰਾ ਪਿਛਾਖੜ ਹੀ ਔਖਾ ਨਾ ਹੋਇਆ, ਅਸਾਂ ਕਮਿਊਨਿਸਟਾਂ ਨੇ ਵੀ
ਕੰਨ ਚੁੱਕ ਲਏ। ਅਸਾਂ ਇਸ ਨੂੰ ਜਮਹੂਰੀ ਇਨਕਲਾਬ ਦੇ ਆਪਣੇ ਘੋਰ ਦੇ ਰਸਤੇ ਨੂੰ ਕੁਰੱਸਤੇ
ਪਾਉਣਾ ਸਮਝਿਆ। ਕਾਰਲ ਮਾਰਕਸ ਵੇਲੇ ਓਵਨ ਰਾਬਰਟ ਤੇ ਕਾਬਤ ਨੇ ਨਵੀਂ ਆਬਾਦ ਹੋ ਰਹੀ ਅਮਰੀਕਾ
ਵਿੱਚ ਜਾ ਜਾ ਸਾਂਝੀਵਾਲਤਾ ਦੇ ਅਸੂਲਾਂ ‘ਤੇ ਆਧਾਰਤ ਬਸਤੀਆਂ ਬਣਾ ਬਣਾ ਵਸਣ ਦੇ ਇਸ ਤਰ੍ਹਾਂ
ਯੋਰਪ ਵਿੱਚ ਮਚੀ ਹੋਈ ਜਮਾਤੀ ਜੰਗ ਦੀ ਘੈਂਸ ਘੈਂਸ ਤੋਂ ਦੂਰ ਜਾ ਕੇ ਸਮਾਜਵਾਦ ਸਥਾਪਤ ਕਰ
ਲੈਣ ਦਾ ਰਾਹ ਦੱਸਿਆ। ਮਾਰਕਸ ਨੇ ਇਸ ਨੂੰ ‘ਸੰਕਲਪਤ ਸਮਾਜਵਾਦ’ ਆਖ ਕੇ ਨਿੰਦਿਆ ਸੀ।
ਗੁਰਬਖਸ਼ ਸਿੰਘ ਅਮਰੀਕਾ ਅਜਿਹੀਆਂ ਬਸਤੀਆਂ ਚਲਦੀਆਂ ਵੇਖ ਕੇ ਆਇਆ ਸੀ। ਮਾਰਕਸ ਨੇ ਤਾਂ
ਕਮਿਊਨਿਜ਼ਮ ਸਥਾਪਨਾ ਦੇ ਸਿਲਸਿਲੇ ਵਿੱਚ ਇਹ ਕੀਤਾ ਹੋਵੇਗਾ ਪਰ ਸਾਡੇ ਸਾਹਮਣੇ ਬੁਰਜ਼ੁਆ
ਜਮਹੂਰੀਅਤ ਦੀ ਗੱਲ ਸੀ, ਜਿਸ ਨੂੰ ਇਨਕਲਾਬ ਰਾਹੀਂ ਲਿਆਇਆ ਜਾਣਾ ਸੱਚ ਮੰਨਦੇ ਸਾਂ ਤੇ
ਜਮਹੂਰੀਅਤ ਲਈ ਰੁਮਕੀ (ਐਵੋਲੂਸ਼ਨਰੀ) ਰਾਹ ਦੀ ਕੀਮਤ ਨਹੀਂ ਪਾਉਂਦੇ ਸਾਂ। ਪ੍ਰੀਤ ਨਗਰ ਦੀ
ਸਥਾਪਨਾ ਗੁਰਬਖਸ਼ ਸਿੰਘ ਦਾ ਜਮਹੂਰੀਅਤ ਲਈ ਰੁਮਕੀ ਚਾਰਾ ਸੀ, ਜੋ ਸਾਡੇ ਭਾਣੇ ਇਨਕਲਾਬ
ਵਿਰੋਧੀ ਸੀ। ਪਰ ਇਹ ਸਾਡੇ ਤੇ ਪਿਛਾਖੜ ਦੇ ਵਿਰੋਧ ਦੇ ਬਾਵਜੂਦ ਚਾਲੂ ਰਿਹਾ।
ਚਿਰਾਂ ਬਾਅਦ ਜਦ ਅਸੀਂ ਇਨਕਲਾਬ ਵਾਸਤੇ ਕਖ ਨਾ ਕਰ ਸਕੇ ਤੇ ਰੁਮਕ ਆਪਣਾ ਕੰਮ ਕਰ ਗਈ ਤਾਂ
ਸਾਨੂੰ ਰੁਮਕ ਦੇ ਇਤਿਹਾਸਕ ਰੋਲ ਦਾ ਪਤਾ ਲੱਗਾ, ਅਸੀਂ ਮੱਠੇ ਪੈ ਗਏ।
ਜਦੋਂ ਪ੍ਰੀਤ ਲੜੀ ਚਾਲੂ ਹੋਈ ਤਾਂ ਗੁਰਬਖਸ਼ ਸਿੰਘ ਜਮਹੂਰੀਅਤ ਦੇ ਵਿਚਾਰ ਲੈ ਕੇ ਮੈਦਾਨ
ਵਿੱਚ ਆਏ, ਉਦੋਂ ਪੰਜਾਬ ਦੀ ਲੋਕ ਰਹਿਤ ਬਹੁਤ ਹੀ ਪਿਛਾਖੜੀ ਸੀ, ਜੋ ਦੇਸ਼ ਵਿੱਚ ਦਿਨ ਪਰ
ਦਿਨ ਵਧਦੇ ਜਾ ਰਹੇ ਸਰਮਾਇਆਦਾਰ ਵਿਕਾਸ ਲਈ ਲੋੜੀਂਦੇ ਲੋਕਚਾਰੇ ਦੇ ਰਾਹ ਵਿੱਚ ਰੁਕਾਵਟ ਸੀ।
ਪੰਜਾਬੀ ਲੋਕਾਂ ਦੀ ਇਹ ਇਤਿਹਾਸਕ ਲੋੜ ਪੂਰਨ ਲਈ ਜਮਹੂਰੀਅਤ ਤੇ ਆਧਾਰਤ ਨਵੇਂ ਲੋਕਾਚਾਰ ਦੀ
ਜ਼ਰੂਰਤ ਸੀ, ਜਿਸ ਦਾ ਸਾਕਾਰ ਨਮੂਨਾ ਪ੍ਰੀਤ ਨਗਰ ਵਿੱਚ ਸਥਾਪਤ ਕੀਤਾ ਗਿਆ।
ਇਹ ਬਸਤੀ 1947 ਦੀ ਵੰਡ ਤੱਕ ਚੱਲੀ, ਜੋ ਵੰਡ ਤੋਂ ਬਾਅਦ ਕਾਇਮ ਨਾ ਰਹੀ ਪਰ ਉਸ ਦੇ ਕਾਇਮ
ਕੀਤੇ ਤੇ ਚਲਾਏ ਲੋਕਚਾਰੇ ਦੀ ਵਿਸ਼ਾ ਵਸਤੂ ਸਾਡੇ ਅੱਜ ਪ੍ਰਚੱਲਤ ਹੋ ਤੁਰੇ ਸਭਿਆਚਾਰ ਦਾ
ਕਾਲਬ ਬਣੀ ਹੋਈ ਹੈ।
ਸ. ਗੁਰਬਖਸ਼ ਸਿੰਘ ਦੀਆਂ ਪੰਜਾਬੀ ਲੋਕਚਾਰੇ, ਸਾਹਿਤਕਾਰੀ ਤੇ ਭਾਸ਼ਾ ਨੂੰ ਕਈ ਪਰਿਥਮਤਾਵਾ
ਪ੍ਰਾਪਤ ਹਨ।
1. ਪੰਜਾਬੀ ਸ਼ੈਲੀ ਦਾ ਕਥਾ ਰੂਪ ਹੀ ਬਦਲ ਦਿੱਤਾ। ਇਸ ਨੂੰ ਧਾਰਮਿਕ ਸ਼ਰਧਾਂ ਤੇ ਮਿਥਿਹਾਸ
ਵਾਲੀ ਲਫਾਫੇਬਾਜ਼ੀ ਤੋਂ ਮੁਕਤ ਕਰਕੇ ਸਾਧਾਰਨ ਲੋਕ ਭਾਸ਼ਾ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ।
2. ਆਪਣੇ ਵਿਚਾਰਾਂ ਤੇ ਆਸਿ਼ਆਂ ਨੂੰ ਸਿੱਧ ਕਰਨ ਲਈ ਧਰਮ ਗਰੰਥਾਂ ਤੋਂ ਮਿਥਿਹਾਸ ਦੇ ਹਵਾਲੇ
ਦੇਣ ਵਾਲੀ ‘ਗੁਣੀ ਗਿਆਨੀਆਂ’ ਦੀ ਪ੍ਰਥਾ ਛੱਡ ਕੇ ਨਿਰੋਲ ਸਾਇੰਸੀ ਤੇ ਦੁਨਿਆਵੀ ਦਲੀਲਾਂ ਤੋਂ
ਕੰਮ ਲਿਆ। ਇਸ ਤਰ੍ਹਾਂ ਪੰਜਾਬੀ ਵਿੱਚ ਦਲੀਲਬਾਜ਼ੀ ਦਾ ਰਿਵਾਜ ਪਾਇਆ।
3. ਧਰਮ ਨੂੰ ਜਾਣਨ ਵਾਸਤੇ ਅੰਨੀ ਸ਼ਰਧਾਂ ਦੀ ਥਾਂ, ਸਾਇੰਸੀ ਜਾਣਕਾਰੀ ਨੂੰ ਅਪਨਾਇਆ।
ਗੁਰੂਆਂ, ਗਰੰਥਾਂ ਤੇ ਪੀਰਾਂ ਪੈਗੰਬਰਾਂ ਨੂੰ ਸ਼ਰਧਾਲੂ ਲੋਕਾਂ ਵਾਂਗ ਕੇਵਲ ਸ਼ਰਧਾ ਪੱਖੋਂ
ਹੀ ਪੂਜੀ ਤੇ ਮੰਨੀ ਜਾਣ ਦੀ ਥਾਂ, ਉਹਨਾਂ ਦਾ ਇਤਿਹਾਸ ਨੂੰ ਕਿਸੇ ਦੇਣ ਦੇ ਆਧਾਰ ‘ਤੇ
ਸਲਾਹਿਆ।
4. ਇਸ਼ਕ ਮੁਹੱਬਤ ਦੀ ਪੁਰਾਣੀ ਪਿਰਤ ਤੇ ਫਿਊਡਲ ਸੰਗ-ਸੰਕੋਚ ਦੀ ਥਾਂ ਇਸਤਰੀ ਮਾਰਦ ਵਿੱਚ
ਕਾਮ ਵਾਸ਼ਨਾ ਤੋਂ ਨਿਰਲੇਪ ਖੁੱਲ੍ਹੀ ਪ੍ਰੀਤ ਦਾ ਰਿਵਾਜ ਤੋਰਿਆ। ਵਿਆਹ ਨੂੰ ਨਰੜ ਜਾਣਨ ਦੀ
ਥਾਂ, ਦੋਹਾਂ ਜੀਆਂ ਦਾ ਬਰਾ-ਬਰਾਬਰ ਦਾ ਮਿਤਰਾਨਾ ਸੰਬੰਧ ਦੱਸਿਆ।
5. ਇਸਤਰੀਆਂ ਲਈ ਸਮਾਜੀ ਬਰਾਬਰੀ ਦੇ ਨਿਸ਼ਾਨ ਬਰਦਾਰ ਹੋਏ।
6. ਵਿਰੋਧੀ ਤੇ ਹਮਾਇਤੀ ਖਿਆਲਾਂ ਤੇ ਨਿਸ਼ਚਿਆਂ ਦੀ ਪਰਸਪਰ ਹੋਂਦ ਨੂੰ ਪਰਵਾਨ ਕੀਤਾ ਤੇ
ਪਰਚਾਰਿਆ।
7. ਪਾਠਕਾਂ ਦੇ ਧਰਮੀ ਭਰਮਾਂ, ਸਮਾਜੀ ਵਹਿਮਾਂ, ਰੋਗੀ ਸੁਭਾਵਾਂ ਅਤੇ ਦਿਮਾਗੀ ਤੇ ਸਰੀਰ
ਉਲਝੇਵਿਆਂ ਤੇ ਮੁਸ਼ਕਲਾਂ ਨਵਿਰਤ ਕਰਨ ਦੀਆਂ ਸਲਾਹਵਾਂ ਦਿੰਦੇ ਰਹੇ।
ਗੱਲ ਕੀ ਉਹ ਅਜੋਕੇ ਸਾਹਿਤ, ਅਜੋਕੀ ਸ਼ੈਲੀ ਤੇ ਅਜੋਕੇ ਸਭਿਆਚਾਰ ਦੇ ਉਸ ਤਰ੍ਹਾਂ ਪਿਤਾਮਾ
ਹਨ, ਜਿਸ ਤਰ੍ਹਾਂ ਟੈਗੋਰ ਬੰਗਾਲੀ ਸਾਹਿਤ ਤੇ ਸਭਿਆਚਾਰ ਦੇ।
ਇਤਿਹਾਸਕ ਤੌਰ ‘ਤੇ ਜਾਈਏ ਤਾਂ ਉਹ ਫਿਊਡਲ ਪਿਛਾਖੜ ਵਿੱਚੋਂ ਉਭਰ ਆਈ ਤੇ ਉਭਰ ਰਹੀ ਬੁਰਜੂਆ
ਜਮਹੂਰੀਅਤ ਵੇਲੇ ਆਏ ਤੇ ਹੁਣ ਬੁਰਜੂਆ ਜਮਹੂਰੀਅਤ ਵਿਚੋਂ ਉਭਰ ਰਹੇ ਸੋਸ਼ਲਿਜ਼ਮ ਦੇ ਦੌਰ ਦੇ
ਬੂਹੇ ‘ਤੇ ਆ ਕੇ ਸਾਥੋਂ ਵਿਛੜ ਗਏ। ਇਸ ਤਰ੍ਹਾਂ ਉਹਨਾਂ ਇਕ ਪੂਰਾ ਜੁਗ ਹੰਢਾ ਲਿਆ। ਸਾਡੇ
ਸਾਹਿਤ, ਲੋਕਾਚਾਰ ਤੇ ਸਮਾਜੀ ਸੋਝੀ ਨੂੰ ਪਿਛਾਖੜ ਵਿੱਚੋਂ ਕੱਢਕੇ ਸੋਸ਼ਲਿਜ਼ਮ ਦੇ ਬੂਹੇ ਤੱਕ
ਲੈ ਆਉਣ ਦੇ ਇਤਿਹਾਸ ਦਾ ਉਹ ਜਮਹੂਰੀਅਤ ਦੇ ਵਿਕਾਸ ਦੀ ਤੋਰ ਦੇ ਅੱਗੇ ਹੀ ਅੱਗੇ ਰਹੇ ਤੇ ਜਦ
ਜਗਤ ਵਿੱਚ ਸਮਾਜਵਾਦ ਦੀ ਮਾਨਤਾ ਤੇ ਪ੍ਰਧਾਨਤਾ ਪਰਵਾਨਤ ਹੋ ਤੁਰੀ ਤਾਂ ਆਪ ਸਮਾਜਵਾਦੀ ਪਖ
ਪੂਰਨ ਲਗ ਪਏ। ਉਹਨਾਂ ਦਾ ਹਮੇਸ਼ਾਂ ਅਗਾਂਹਵਧੂ ਰੋਲ ਹੀ ਰਿਹਾ। ਉਹ ਬੇਸ਼ਕ ਇਨਕਲਾਬੀ ਨਹੀਂ
ਸਨ, ਪਰ ਤੁਰਦੇ ਉਸੇ ਪਾਸੇ ਰਹੇ ਸਨ, ਜਿਸ ਪਾਸੇ ਨੂੰ ਇਨਕਲਾਬ ਨੇ ਜਾਣਾ ਸੀ। ਉਹਨਾਂ ਦੀ
ਸੁਧਾਰਕ ਤੋਰ ਇਨਕਲਾਬੀ ਆਸ਼ੇ ਦੀ ਹਮੇਸ਼ਾਂ ਸਮਰਥਕ ਰਹੀ।
***** |