Welcome to WatanPunjabi.ca
ਪਰਦੇਸ ਦਾ ਕੰਮ
 

- ਅਮਰਜੀਤ ਕੌਰ ਪੰਨੂ

ਨਸਲੀ ਸਫਾਈ ਦਾ ਸਿਧਾਂਤ
 

- ਇਸ਼ਤਿਹਾਕ ਅਹਿਮਦ

ਕੈਨੇਡਾ ਵਿੱਚ ਚੁਣੇ ਗਏ ਪਹਿਲੇ ਇੰਡੋ-ਕੈਨੇਡੀਅਨ ਐੱਮ ਐੱਲ ਏ ਮੋਅ ਸਹੋਤਾ ਨਾਲ ਇੰਟਰਵਿਊ
 

- ਸੁਖਵੰਤ ਹੁੰਦਲ

ਸਮਾਜਕ ਸਰੋਕਾਰਾਂ ਦਾ ਭਾਰਤੀ ਸਿਨਮਾ: ਸ਼ੁਰੂਆਤੀ ਦੌਰ
 

- ਸੁਖਵੰਤ ਹੁੰਦਲ

ਸਿਨਮੇ ਨੂੰ ਸਥਾਪਤੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਉਣ ਦਾ ਇੱਛਕ ਫਿਲਮਸਾਜ਼: ਮ੍ਰਿਣਾਲ ਸੇਨ
 

- ਸੁਖਵੰਤ ਹੁੰਦਲ

ਮੈਂ ਕਨੇਡੀਅਨ ਕਿੱਦਾਂ ਬਣਿਆਂ
 

- ਹੈਲਨ ਪੌਟਰੇਬੈਂਕੋ

ਨਾਰੀ ਦੇਹ ਕੇਹੋ ਜਿਹੀ ਹੋਵੇ
 

- ਸਵਰਾਜਬੀਰ

ਦੂਜਾ ਪਾਸਾ
 

- ਅਜਮੇਰ ਰੋਡੇ

ਗੁਰਬਖਸ਼ ਸਿੰਘ ਦੀ ਪੰਜਾਬ ਨੂੰ ਦੇਣ
 

- ਗੁਰਚਰਨ ਸਿੰਘ ਸਹਿੰਸਰਾ

ਭਾਰਤੀ ਸੋਸ਼ਲ ਮੀਡੀਆ ਦੀ ਦੱਖਣਪੰਥੀ ਉੱਤਰ-ਸੱਚ ਵਰਤੋਂ
 

- ਹਰਵਿੰਦਰ ਭੰਡਾਲ

ਪੁਸਤਕ ਰਿਵੀਊ / ਕਿਲੇ ਦੇ ਮੋਤੀ
 

- ਹਿਊ ਜੌਹਨਸਟਨ

 


ਪੁਸਤਕ ਰਿਵੀਊ
ਕਿਲੇ ਦੇ ਮੋਤੀ
ਲੇਖਕ: ਹਿਊ ਜੌਹਨਸਟਨ
 

 

ਅੰਗਰੇਜ਼ੀ ਤੋਂ ਅਨੁਵਾਦ: ਹਰਪ੍ਰੀਤ ਸੇਖਾ
ਪ੍ਰਕਾਸ਼ਕ: ਪੀਪਲਜ਼ ਫੋਰਮ ਬਰਗਾੜੀ

ਰਿਵੀਊ: ਰਾਜਪਾਲ ਸਿੰਘ

ਪੰਜਾਬੀਆਂ ਕੋਲ ਸ਼ਹੀਦੀਆਂ ਦੀਆਂ ਬਹੁਤ ਗਾਥਾਵਾਂ ਹਨ ਪਰ ਸਫਲਤਾਵਾਂ ਦੀਆਂ ਕਹਾਣੀਆਂ ਬਹੁਤ ਘੱਟ। ਇਸ ਕਿਤਾਬ ਵਿੱਚ ਇੱਕ ਸਫਲ ਪੰਜਾਬੀ, ਕਪੂਰ ਸਿੰਘ ਸਿੱਧੂ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਹੈ ਜੋ ਕੈਨੇਡਾ ਜਾ ਕੇ ਤਕੜੀ ਮਾਇਕ ਸਫਲਤਾ ਹਾਸਲ ਕਰਦਾ ਹੈ, ਲੱਕੜ ਮਿੱਲਾਂ ਦਾ ਮਾਲਕ ਬਣਦਾ ਹੈ ਪਰ ਕੇਵਲ ਪੈਸੇ ਦੀ ਦੌੜ ਵਿੱਚ ਹੀ ਖਚਿਤ ਨਹੀਂ ਹੁੰਦਾ, ਆਪਣੇ ਭਾਈਚਾਰੇ ਦੀ ਭਲਾਈ ਲਈ ਵੀ ਯਤਨ ਕਰਦਾ ਹੈ; ਕੈਨੇਡਾ ਵਿੱਚ ਬਹੁਤ ਸਾਰੇ ਗੋਰਿਆਂ ਨਾਲ ਦੋਸਤਾਨਾ ਸਬੰਧ ਬਣਾਉਂਦਾ ਹੈ ਪਰ ਪੰਜਾਬ ਪ੍ਰਤੀ ਲਗਾਅ ਨੂੰ ਛਡਦਾ ਨਹੀਂ; ਕੈਨੇਡਾ ਨੂੰ ਆਪਣਾ ਦੇਸ਼ ਮੰਨਣ ਦੇ ਬਾਵਜੂਦ ਆਪਣੀਆਂ ਧੀਆਂ ਨੂੰ ਡਾਕਟਰ ਬਣਾ ਕੇ ਪੰਜਾਬ ਵਿੱਚ ਜਾ ਕੇ ਸੇਵਾ ਕਰਨ ਲਈ ਤਿਆਰ ਕਰਦਾ ਹੈ ; ਭਾਰਤ ਨੂੰ ਆਜ਼ਾਦ ਵੇਖਣਾ ਚਾਹੁੰਦਾ ਹੈ ਪਰ ਹਿੰਸਕ ਢੰਗਾਂ ਤੋਂ ਸਫਲਤਾ ਦੀ ਆਸ ਨਹੀਂ ਰਖਦਾ, ਇਸ ਲਈ ਸ਼ਹੀਦੀਆਂ ਪਾਉਣ ਲਈ ਗ਼ਦਰੀਆਂ ਦੇ ਨਾਲ ਨਹੀਂ ਰਲਦਾ। ਕੁੱਲ ਮਿਲਾ ਕੇ ਉਹ ਜਾਤੀ ਤੌਰ ਉੱਤੇ ਸਫਲ ਅਤੇ ਸਮਾਜ ਲਈ ਲਾਹੇਵੰਦ ਜ਼ਿੰਦਗੀ ਜਿਉਂਦਾ ਹੈ।
ਖਾੜਕੂ ਬਿਰਤੀ ਵਾਲੇ ਪੰਜਾਬੀ ਅਜਿਹੇ ਸ਼ਾਂਤ ਅਤੇ ਸਫਲ ਇਨਸਾਨਾਂ ਦੀਆਂ ਕਹਾਣੀਆਂ ਨਹੀਂ ਲਿਖਦੇ, ਇਸ ਲਈ ਕਪੂਰ ਸਿੰਘ ਦੀ ਕਹਾਣੀ ਵੀ ਕਿਸੇ ਪੰਜਾਬੀ ਨੇ ਨਾ ਲਿਖੀ। ਆਖਰ ਇਹ ਕਹਾਣੀ ਲਿਖੀ ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰੋਫੈਸਰ ਹੀਊ ਜੇ. ਐੱਮ. ਜੌਹਨਸਟਨ ਨੇ। ਖੈਰ ਇੱਕ ਪੰਜਾਬੀ ਹਰਪ੍ਰੀਤ ਸੇਖਾ ਨੇ ਇਸ ਦਾ ਪੰਜਾਬੀ ਅਨੁਵਾਦ ਕਰ ਦਿੱਤਾ ਜਿਸ ਨਾਲ ਇਸ ਕੈਨੇਡੀਅਨ ਪੰਜਾਬੀ ਕਪੂਰ ਸਿੰਘ ਸਿੱਧੂ ਦੀ ਕਹਾਣੀ ਤੋਂ ਭਾਰਤੀ ਪੰਜਾਬੀ ਵੀ ਜਾਣੂ ਹੋ ਗਏ। ਉਹ ਪੰਜਾਬੀ, ਜਿਨ੍ਹਾਂ ਲਈ ਉਸ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਔੜ ਪਿੰਡ ਵਿੱਚ ਹਸਪਤਾਲ ਖੋਲ੍ਹ ਕੇ, ਆਪਣੀ ਕਮਾਈ ਅਤੇ ਆਪਣੀਆਂ ਧੀਆਂ ਦੀ ਪੜ੍ਹਾਈ ਲੇਖੇ ਲਾਈ।
ਪਰ ਇਸ ਕਹਾਣੀ ਤੋਂ ਇਕੱਲੇ ਕਪੂਰ ਸਿੰਘ ਸਿੱਧੂ ਦੇ ਪਰਿਵਾਰ ਬਾਰੇ ਹੀ ਜਾਣਕਾਰੀ ਨਹੀਂ ਮਿਲਦੀ ਸਗੋਂ ਉਸ ਦੌਰ ਦੇ ਪੰਜਾਬ ਅਤੇ ਕੈਨੇਡਾ ਦੇ ਜੀਵਨ ਬਾਰੇ ਵੀ ਬਹੁਤ ਕੁਝ ਪਤਾ ਚਲਦਾ ਹੈ। ਕਪੂਰ ਸਿੰਘ ਦਾ ਪੜਦਾਦਾ ਰਣਜੀਤ ਸਿੰਘ ਦੀ ਫੌਜ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਹੁਸ਼ਿਆਰਪੁਰ ਵਿੱਚ ਪੈਂਦੇ ਦੋ ਪਿੰਡਾਂ ਦੀ ਜਾਗੀਰ ਮਿਲੀ ਹੋਈ ਸੀ, ਜਦ ਕਿ ਉਸ ਦੀ ਪਤਨੀ ਬਸੰਤ ਕੌਰ ਦੇ ਪਰਿਵਾਰ ਕੋਲ ਪੰਜ ਪਿੰਡ ਸਨ। ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੀ ਕਿਸਾਨੀ ਦੀ ਸਥਿਤੀ ਕਿਹੋ ਜਿਹੀ ਸੀ ਇਸ ਗੱਲ ਦਾ ਪਤਾ ਇਸ ਤੱਥ ਤੋਂ ਲਗਦਾ ਹੈ ਕਿ ਜਾਗੀਰਦਾਰ ਪਰਿਵਾਰ ਨਾਲ ਸਬੰਧ ਹੋਣ ਦੇ ਬਾਵਜੂਦ ਕਪੂਰ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਚੰਗੇਰੇ ਜੀਵਨ ਦੀ ਭਾਲ ਵਿੱਚ ਅਮਰੀਕਾ ਜਾਣਾ ਪਿਆ। ਪਤੀ ਪਤਨੀ 16 ਸਾਲ ਇੱਕ ਦੂਜੇ ਤੋਂ ਵੱਖ ਰਹੇ, ਯਾਨੀ ਆਪਣੀ ਜਵਾਨੀ ਅਲੱਗ ਅਲੱਗ ਦੇਸ਼ਾਂ ਵਿੱਚ ਰਹਿ ਕੇ ਲੰਘਾਈ। ਇਹ ਦੁਖਾਂਤ ਉਸ ਦੌਰ ਵਿੱਚ ਪਰਦੇਸੀ ਹੋਏ ਬਹੁਤੇ ਮਨੁੱਖਾਂ ਨੂੰ ਹੰਢਾਉਣਾ ਪਿਆ ਸੀ।
ਕਪੂਰ ਸਿੰਘ ਹੋਰਾਂ ਨੇ ਕਿਤੋਂ ਸੁਣ ਲਿਆ ਸੀ ਕਿ ਕੈਨੇਡਾ ਵਿੱਚ ਇੱਕ ਦਿਨ ਦੀ ਕਮਾਈ 7 ਰੁਪਏ ਹੈ ਜਦ ਅੰਗਰੇਜ਼ੀ ਫੌਜ ਵਿੱਚ ਭਰਤੀ ਹੋਣ 'ਤੇ 9 ਰੁਪਏ ਮਹੀਨੇ ਦੇ ਮਿਲਦੇ ਸਨ। ਸੋ 1906 ਵਿੱਚ ਕਪੂਰ ਸਿੰਘ ਸਿੱਧੂ ਆਪਣੇ ਪਿੰਡ ਖੜੌਦੀ ਨੂੰ ਛੱਡ ਕੇ ਸਨਫਰਾਂਸਿਸਕੋ ਪਹੁੰਚ ਜਾਂਦਾ ਹੈ। ਇਥੇ ਪਹੁੰਚਣ ਲਈ ਕਿਰਾਏ ਅਤੇ ਹੋਰ ਖਰਚਿਆਂ ਲਈ ਬਸੰਤ ਕੌਰ ਦੇ ਗਹਿਣੇ ਵੇਚ ਕੇ ਪ੍ਰਬੰਧ ਕੀਤਾ ਗਿਆ। ਅਜੇ ਵੀ ਉਹ ਚੰਗਾ ਰਿਹਾ ਕਿ ਸਮੇਂ ਸਿਰ ਅਮਰੀਕਾ ਪਹੁੰਚ ਗਿਆ ਉਸ ਤੋਂ ਬਾਅਦ ਜਲਦੀ ਹੀ ਭਾਰਤੀਆਂ ਦੇ ਉਥੇ ਜਾਣ ਉੱਤੇ ਸਖਤੀ ਹੋਣ ਲੱਗ ਪਈ ਸੀ।
ਉਥੇ ਉਸ ਨੇ ਉਸੇ ਕਿਸਮ ਦਾ ਸੰਘਰਸ਼ ਕੀਤਾ ਜੋ ਕਮਾਈ ਲਈ ਪਰਦੇਸ ਗਏ ਸਾਰੇ ਮਨੁੱਖਾਂ ਨੂੰ ਕਰਨਾ ਪੈਂਦਾ ਹੈ। ਗੋਰੇ ਲੋਕਾਂ ਦੇ ਦੇਸ਼ ਵਿੱਚ ਉਹ ਅਣਚਾਹੇ ਮਹਿਮਾਨ ਸਨ। ਨਸਲੀ ਵਿਤਕਰਾ ਸੀ, ਕੰਮ ਸਖਤ ਸੀ, ਕਮਾਈ ਓਨੀ ਨਹੀਂ ਸੀ ਜਿੰਨੀ ਸੋਚ ਕੇ ਗਏ ਸਨ ਪਰ ਕਪੂਰ ਸਿੰਘ ਨੇ ਧਾਰਿਆ ਹੋਇਆ ਸੀ ਕਿ ਹੁਣ ਇਥੇ ਹੀ ਰਹਿਣਾ ਹੈ। ਅਮਰੀਕਾ/ਕੈਨੇਡਾ ਨੇ ਚਾਹੇ ਉਸ ਨੂੰ ਨਹੀਂ ਅਪਣਾਇਆ ਸੀ ਪਰ ਉਸ ਨੇ ਅਮਰੀਕਾ/ਕੈਨੇਡਾ ਨੂੰ ਅਪਣਾਅ ਲਿਆ ਸੀ।
ਕਪੂਰ ਸਿੰਘ ਦੀ ਕਹਾਣੀ ਪਰਵਾਸੀ ਪੰਜਾਬੀਆਂ ਦੇ ਸੰਘਰਸ਼ ਦੀ ਉਸ ਧਾਰਾ ਦੀ ਕਹਾਣੀ ਹੈ ਜੋ ਗ਼ਦਰ ਲਹਿਰ ਤੋਂ ਵੱਖਰੀ ਚੱਲ ਰਹੀ ਸੀ। ਜਦ ਕਪੂਰ ਸਿੰਘ 1912 ਵਿੱਚ ਅਮਰੀਕਾ ਤੋਂ ਕੈਨੇਡਾ ਪਹੁੰਚ ਗਿਆ ਤਾਂ ਉਥੇ ਖਾੜਕੂ ਵਿਚਾਰ ਜੋਰ ਫੜ ਰਹੇ ਸਨ ਜੋ ਬਾਅਦ ਵਿੱਚ ਗ਼ਦਰ ਲਹਿਰ ਦੇ ਰੂਪ ਵਿੱਚ ਫੁੱਟ ਉਠੇ। ਕਪੂਰ ਸਿੰਘ ਅਤੇ ਉਸ ਦੇ ਸਾਥੀ ਪਰਵਾਸੀਆਂ ਨਾਲ ਹੁੰਦੇ ਵਿਤਕਰਿਆਂ ਨੂੰ ਦੂਰ ਕਰਵਾਉਣ ਲਈ ਉਥੋਂ ਦੇ ਮੋਹਤਬਰ ਬੰਦਿਆਂ ਨਾਲ ਚਿੱਠੀ ਪੱਤਰ ਕਰਦੇ, ਕੈਨੇਡੀਅਨ ਸਿਆਸਤਦਾਨਾਂ ਨੂੰ ਆਪਣਾ ਪੱਖ ਜਚਾਉਂਦੇ, ਅਖ਼ਬਾਰਾਂ ਵਿੱਚ ਦਲੀਲਾਂ ਨਾਲ ਭਰਪੂਰ ਲੇਖ ਲਿਖਦੇ, ਯਾਨੀ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਵਾਲੇ ਰਾਹ ਉੱਤੇ ਚੱਲ ਰਹੇ ਸਨ। ਇਸ ਦੇ ਮੁਕਾਬਲੇ ਗ਼ਦਰ ਲਹਿਰ ਵਾਲੇ ਸਾਰੇ ਵਿਤਕਰਿਆਂ ਦਾ ਕਾਰਣ ਦੇਸ਼ ਦੀ ਗੁਲਾਮੀ ਸਮਝਦੇ ਸਨ। ਉਹ ਇਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਵਿੱਚ ਸ਼ਾਮਲ ਹੋਣ ਲਈ ਖਿੱਚਣ ਲੱਗੇ। ਕਪੂਰ ਸਿੰਘ ਦੇ ਧਰਮ ਭਰਾ ਬਣੇ ਪਿਆਰਾ ਸਿੰਘ ਲੰਗੇਰੀ ਨੇ ਵੀ ਉਸ ਨੂੰ ਆਜ਼ਾਦੀ ਲਈ ਲੜਨ ਵਾਸਤੇ ਭਾਰਤ ਜਾਣ ਲਈ ਪ੍ਰੇਰਿਆ, ਪਰ ਕਪੂਰ ਸਿੰਘ ਨੇ ਨਾਂਹ ਕਰ ਦਿੱਤੀ।
ਕਪੂਰ ਸਿੰਘ ਦੇ ਸਾਥੀ ਕਰਤਾਰ ਸਿੰਘ ਅਤੇ ਡਾ. ਸੁੰਦਰ ਸਿੰਘ 'ਸੰਸਾਰ' ਨਾਂ ਦਾ ਪਰਚਾ ਕਢਦੇ ਸਨ। ਗ਼ਦਰੀ ਆਗੂ ਭਾਈ ਭਗਵਾਨ ਸਿੰਘ ਉਸ ਵਿੱਚ ਗਰਮ ਖਿਆਲੀ ਲੇਖ ਲਗਵਾਉਣਾ ਚਾਹੁੰਦੇ ਸਨ, ਜਿਸ ਤੋਂ ਉਨ੍ਹਾਂ ਨਾਂਹ ਕਰ ਦਿੱਤੀ। ਇਸ ਤਰ੍ਹਾਂ ਗਰਮ ਖਿਆਲੀ ਗ਼ਦਰੀ ਇਨ੍ਹਾਂ ਦੇ ਗਰੁੱਪ ਨੂੰ ਤ੍ਰਿਸਕਾਰਣ ਲੱਗੇ। ਗਰਮ ਖਿਆਲੀਆਂ ਨੇ 'ਸੰਸਾਰ' ਦੇ ਦਫ਼ਤਰ ਉੱਤੇ ਹਮਲਾ ਕੀਤਾ, ਇਨ੍ਹਾਂ ਦਾ ਗਰੁੱਪ ਲੜਨ ਵਾਲਾ ਨਹੀਂ ਸੀ ਸੋ 'ਸੰਸਾਰ' ਪਰਚਾ ਬੰਦ ਕਰ ਦਿੱਤਾ। ਇਨ੍ਹਾਂ ਦਾ ਗਰੁੱਪ ਗ਼ਦਰੀਆਂ ਦਾ ਦੁਸ਼ਮਣ ਨਹੀਂ ਸੀ, ਨਾ ਹੀ ਉਨ੍ਹਾਂ ਖਿਲਾਫ਼ ਕੁਝ ਕਰਦਾ ਸੀ ਪਰ ਇਹ ਉਨ੍ਹਾਂ ਦੇ ਸਾਥ ਵੀ ਨਹੀਂ ਦੇ ਸਕਦੇ ਸਨ। ਇਹ ਉਹ ਪਰਵਾਨੇ ਨਹੀਂ ਸਨ, ਜੋ ਆਜ਼ਾਦੀ ਦੀ ਸ਼ਮ੍ਹਾ ਤੋਂ ਸੜ ਕੇ ਕੁਰਬਾਨ ਹੋ ਜਾਣ। ਇਹ ਤਾਂ ਆਪਣੀ ਮੱਠੀ ਮੱਠੀ ਅੱਗ ਬਾਲ ਕੇ ਉਸ ਨੂੰ ਸੇਕਣ ਵਾਲੇ ਸਨ। ਸੋ ਗ਼ਦਰ ਲਹਿਰ ਦੀ ਚੜ੍ਹਤ ਸਮੇਂ ਇਹ ਬ੍ਰਿਟਿਸ਼ ਕੋਲੰਬੀਆ ਤੋਂ ਪਾਸੇ ਖਿਸਕ ਗਏ। ਕੈਨੇਡਾ ਦੇ ਸਮਾਜ ਵਿੱਚ ਵੱਧ ਰਚਣ ਮਿਚਣ ਲਈ ਕਪੂਰ ਸਿੰਘ ਵਾਲ ਕਟਵਾ ਕੇ ਕਲੀਨ ਸ਼ੇਵ ਹੋ ਗਿਆ ਜਦ ਕਿ ਕਰਤਾਰ ਸਿੰਘ ਅਤੇ ਡਾ. ਸੁੰਦਰ ਸਿੰਘ ਪਹਿਲਾਂ ਹੀ ਇਹ ਰੂਪ ਧਾਰ ਚੁੱਕੇ ਸਨ।
ਅਸਲ ਵਿੱਚ ਇਸ ਵਰਗ (ਕਪੂਰ ਸਿੰਘ ਵਰਗੇ ਲੋਕ) ਨੇ ਆਪਣੀ ਹੋਣੀ ਕੈਨੇਡਾ ਨਾਲ ਜੋੜ ਲਈ ਸੀ, ਉਹ ਕੈਨੇਡਾ ਵਿੱਚ ਹੀ ਆਪਣੇ ਬਣਦੇ ਅਧਿਕਾਰ ਲੈਣ ਲਈ ਯਤਨਸ਼ੀਲ ਸਨ। ਕੈਨੇਡਾ ਵਿੱਚ ਅਧਿਕਾਰਾਂ ਲਈ ਤਾਂ ਕਾਨੂੰਨੀ ਢੰਗ ਅਤੇ ਸਿਆਸੀ ਲਾਬਿੰਗ ਹੀ ਕੀਤੀ ਜਾ ਸਕਦੀ ਸੀ, ਜੋ ਉਹ ਕਰ ਰਹੇ ਸਨ। ਇਸ ਵਾਸਤੇ ਹਿੰਸਾ ਤਾਂ ਕਿਸੇ ਕੰਮ ਨਹੀਂ ਆ ਸਕਦੀ ਸੀ।
ਦੂਜੀ ਧਿਰ (ਗ਼ਦਰੀ) ਨੇ ਕੈਨੇਡਾ ਨੂੰ ਛੱਡ ਕੇ ਖ਼ੁਦ ਨੂੰ ਦੇਸ਼ ਵਾਪਸੀ ਲਈ ਤਿਆਰ ਕਰ ਲਿਆ ਸੀ, ਸੋ ਉਨ੍ਹਾਂ ਲਈ ਕੈਨੇਡਾ ਦੀਆਂ ਰਹਿਣ ਹਾਲਤਾਂ ਦੀ ਬਜਾਏ ਆਪਣੇ ਦੇਸ਼ ਦੀ ਆਜ਼ਾਦੀ ਵਧੇਰੇ ਮਹੱਤਵਪੂਰਨ ਸੀ। ਆਜ਼ਾਦੀ ਲਈ ਉਹ ਸੰਸਾਰ ਜੰਗ ਦਾ ਲਾਹਾ ਲੈਣਾ ਚਾਹੁੰਦੇ ਸਨ ਅਤੇ ਜੰਗ ਦੀਆਂ ਹਾਲਤਾਂ ਵਿੱਚ ਹਥਿਆਰ ਜਰੂਰੀ ਹੁੰਦੇ ਹਨ। ਸੋ ਪੰਜਾਬੀ ਪਰਵਾਸੀਆਂ ਦੇ ਇਨ੍ਹਾਂ ਦੋਹਵਾਂ ਵਰਗਾਂ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਵੇਖਣ ਦੀ ਬਜਾਏ ਅਲੱਗ ਅਲੱਗ ਕਾਰਜ-ਖੇਤਰਾਂ ਵਿੱਚ ਸੰਘਰਸ਼ ਕਰਨ ਵਾਲੇ ਕਾਮਿਆਂ ਵਜੋਂ ਹੀ ਵੇਖਣਾ ਚਾਹੀਦਾ ਹੈ। ਇਸੇ ਲਈ ਭਾਰਤ ਅਤੇ ਕੈਨੇਡਾ ਵਸਣ ਵਾਲੇ ਪੰਜਾਬੀਆਂ ਲਈ ਸੰਘਰਸ਼ ਦੇ ਇਨ੍ਹਾਂ ਦੋਹਵਾਂ ਰਾਹਾਂ ਦੀ ਮਹੱਤਤਾ ਵੱਖੋ ਵੱਖਰੀ ਹੈ।
ਇਸ ਵਰਣਨ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਕਪੂਰ ਸਿੰਘ ਹੋਰੀਂ ਭਾਰਤ ਦੀ ਆਜ਼ਾਦੀ ਲਹਿਰ ਨਾਲ ਕੋਈ ਸਰੋਕਾਰ ਹੀ ਨਹੀਂ ਰਖਦੇ ਸਨ। ਭਗਤ ਸਿੰਘ ਦੇ ਮੁਕੱਦਮੇ ਲਈ ਚੰਗੇ ਵਕੀਲ ਕਰਨ ਲਈ ਉਨ੍ਹਾਂ ਨੇ ਫੰਡ ਇਕੱਠਾ ਕਰ ਕੇ ਭੇਜਿਆ, ਜਿਸ ਕਰਕੇ ਉਨ੍ਹਾਂ ਦਾ ਨਾਂ ਪੁਲੀਸ ਦੀਆਂ ਫਾਈਲਾਂ ਵਿੱਚ ਦਰਜ ਹੋ ਗਿਆ ਸੀ। ਪੁਲੀਸ ਰਿਕਾਰਡ ਅਨੁਸਾਰ ਉਹ ਗ਼ਦਰੀਆਂ ਦੀ ਵੀ ਮਦਦ ਕਰਦੇ ਰਹੇ ਸਨ ਚਾਹੇ ਖ਼ੁਦ ਉਨ੍ਹਾਂ ਵਿੱਚ ਸ਼ਾਮਲ ਨਹੀਂ ਹੋਏ ਸਨ।
ਕੈਨੇਡਾ ਵਿੱਚ ਉਸ ਨੇ ਆਪਣੇ ਭਾਈਵਾਲ ਮੇਓ ਸਿੰਘ ਨਾਲ ਰਲ ਕੇ ਲੱਕੜ ਮਿੱਲਾਂ ਸਥਾਪਿਤ ਕੀਤੀਆਂ, ਜਿੱਥੇ ਬਹੁਤ ਸਾਰੇ ਗੋਰਿਆਂ ਅਤੇ ਜਾਪਾਨੀਆਂ ਨੂੰ ਨੌਕਰੀਆਂ ਦਿੱਤੀਆਂ। ਮਿੱਲਾਂ ਨੂੰ ਕਈ ਵਾਰ ਅੱਗ ਲੱਗਣ ਦੇ ਬਾਵਜੂਦ ਉਹ ਮੁੜ ਖੜ੍ਹੀਆਂ ਕੀਤੀਆਂ ਅਤੇ ਕੁੱਲ ਮਿਲਾ ਕੇ ਕਾਰੋਬਾਰ ਵਿੱਚ ਚੰਗੀ ਸਫਲਤਾ ਹਾਸਲ ਕੀਤੀ। ਆਪਣਾ ਸਮਾਜਿਕ ਦਾਇਰਾ ਕੇਵਲ ਪੰਜਾਬੀ ਭਾਈਚਾਰੇ ਤੱਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਗੋਰਿਆਂ ਨਾਲ ਵੀ ਨੇੜਲੇ ਸਬੰਧ ਬਣਾਏ। ਕੈਨੇਡਾ ਸਰਕਾਰ ਉੱਤੇ ਆਪਣੇ ਮਸਲਿਆਂ ਦੇ ਹੱਲ ਲਈ ਦਬਾਅ ਪਾਉਣ ਵਾਸਤੇ ਉਹ ਗੋਰੇ ਦੋਸਤਾਂ ਤੋਂ ਇਲਾਵਾ ਤਾਮਿਲ ਮੂਲ ਦੇ ਡਾ. ਦੁਰਾਈ ਪਾਲ ਪਾਂਡੀਆ ਵਰਗੇ ਕਾਬਲ ਬੰਦਿਆਂ ਦੀਆਂ ਸੇਵਾਵਾਂ ਲੈਂਦੇ ਰਹੇ। ਟੈਗੋਰ ਅਤੇ ਨਹਿਰੂ ਤੱਕ ਦੇ ਆਗੂ ਉਨ੍ਹਾਂ ਕੋਲ ਠਹਿਰਦੇ ਸਨ। ਇਨ੍ਹਾਂ ਕਦਮਾਂ ਦੇ ਕੈਨੇਡਾ ਵਿਚਲੇ ਪੰਜਾਬੀ ਭਾਈਚਾਰੇ ਲਈ ਚੰਗੇ ਸਿੱਟੇ ਨਿਕਲਣ ਲੱਗੇ। ਇਸ ਦੌਰਾਨ 1922 ਵਿੱਚ ਉਹ ਆਪਣੀ ਪਤਨੀ ਬਸੰਤ ਕੌਰ ਨੂੰ ਆਪਣੇ ਪਾਸ ਮੰਗਵਾਉਣ ਵਿੱਚ ਸਫਲ ਹੋ ਗਿਆ। ਇਸ ਉਪਰੰਤ ਉਨ੍ਹਾਂ ਦੇ ਦੋ ਲੜਕੀਆਂ ਜਗਦੀਸ਼ ਕੌਰ (ਜੈਕੀ) ਅਤੇ ਸੁਰਜੀਤ ਪੈਦਾ ਹੋਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਕੈਨੇਡਾ ਵਿੱਚ ਡਾਕਟਰ ਬਣਨ ਦੀ ਪੜ੍ਹਾਈ ਕਰਵਾਈ।

***

ਇਥੋਂ ਤੱਕ ਦੀ ਕਹਾਣੀ ਇੱਕ ਸਫਲ ਪਰਵਾਸੀ ਦੀ ਆਮ ਕਹਾਣੀ ਹੈ। ਅਸਲ ਵਿੱਚ ਇਸ ਪਰਿਵਾਰ ਦੀ ਦੂਸਰੀ ਪੀੜ੍ਹੀ ਹੈ, ਜੋ ਇਸ ਕਹਾਣੀ ਨੂੰ ਖਾਸ ਬਣਾਉਂਦੀ ਹੈ। ਉਪਰੋਕਤ ਵੇਰਵੇ ਤੋਂ ਅਸੀਂ ਜਾਣ ਗਏ ਹਾਂ ਕਿ ਕਪੂਰ ਸਿੰਘ ਕੈਨੇਡਾ ਦੇ ਸਮਾਜਿਕ ਜੀਵਨ ਵਿੱਚ ਪੂਰੀ ਤਰ੍ਹਾਂ ਸੈੱਟ ਹੋ ਜਾਂਦਾ ਹੈ। ਪਰ ਇਸ ਦੇ ਬਾਵਜੂਦ ਉਹ ਕੈਨੇਡਾ ਵਿੱਚ ਜੰਮੀਆਂ ਪਲੀਆਂ ਆਪਣੀਆਂ ਦੋਹਾਂ ਲੜਕੀਆਂ ਨੂੰ ਭਾਰਤ ਨਾਲੋ ਟੁੱਟਣ ਨਹੀਂ ਦਿੰਦਾ ਸਗੋਂ ਉਨ੍ਹਾਂ ਵਿੱਚ ਭਾਰਤ ਪ੍ਰਤੀ ਉਤਸੁਕਤਾ ਅਤੇ ਲਗਾਅ ਬਣਾਈ ਰਖਦਾ ਹੈ। ਜਦ ਕੁੜੀਆਂ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰ ਲੈਂਦੀਆਂ ਹਨ ਤਾਂ ਕਪੂਰ ਸਿੰਘ ਅਤੇ ਉਸ ਦੀ ਪਤਨੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੀ ਪੜ੍ਹਾਈ ਦੀ ਵੱਧ ਲੋੜ ਭਾਰਤ ਨੂੰ ਹੈ। ਉਹ ਬਸੰਤ ਕੌਰ ਦੇ ਪਿੰਡ ਔੜ ਵਿੱਚ ਇੱਕ ਹਸਪਤਾਲ ਖੋਲ੍ਹਣ ਦਾ ਸੁਪਨਾ ਉਨ੍ਹਾਂ ਨਾਲ ਸਾਂਝਾ ਕਰਦੇ ਹਨ। ਕੁੜੀਆਂ ਉਨ੍ਹਾਂ ਦੇ ਸੁਪਨੇ ਨੂੰ ਅਪਣਾਅ ਲੈਂਦੀਆਂ ਹਨ ਅਤੇ 1951 ਵਿੱਚ ਉਹ ਸਾਰਾ ਪਰਿਵਾਰ ਪੰਜਾਬ ਪਹੁੰਚ ਜਾਂਦਾ ਹੈ।
ਪੰਜਾਬ ਵਿੱਚ ਉਹ ਕੁੜੀਆਂ ਦੇ ਨਾਨਕੇ ਪਿੰਡ ਔੜ ਆ ਕੇ ਰਹੇ, ਜਿੱਥੇ ਬਸੰਤ ਕੌਰ ਦਾ ਵੱਡ-ਅਕਾਰੀ ਪੇਕਾ ਘਰ ਸੀ ਜਿਸ ਨੂੰ ਕਿਲਾ ਕਿਹਾ ਜਾਂਦਾ ਸੀ। ਮੁੰਬਈ ਵਿੱਚ ਭਾਰਤ ਵੜਦਿਆਂ ਸਾਰ ਹੀ ਉਨ੍ਹਾਂ ਨੂੰ ਮਾੜੇ ਤਜਰਬੇ ਸ਼ੁਰੂ ਹੋ ਗਏ। ਕੁੜੀਆਂ ਨੇ ਵੇਖਿਆ ਕਿ ਥਾਂ ਥਾਂ ਲੋਕ ਖ਼ੂਨ ਥੁੱਕ ਰਹੇ ਹਨ, ਜਿਸ ਬਾਰੇ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਕਿਸੇ ਬਿਮਾਰੀ ਕਾਰਣ ਨਹੀਂ ਸਗੋਂ ਪਾਨ ਨਾਂ ਦੀ ਵਸਤੂ ਚਬਾਉਣ ਦੇ ਸ਼ੌਂਕ ਕਰਕੇ ਹੈ। ਉਹ ਕਸਟਮ ਵਾਲਿਆਂ ਤੋਂ ਖੱਜਲ ਖੁਆਰ ਹੋਏ, ਬੈਂਕ ਵਿੱਚ ਪੈਸੇ ਕਢਵਾਉਣ ਸਮੇਂ ਥਾਂ ਥਾਂ ਐਂਟਰੀਆਂ ਕਰਵਾਉਣ ਤੋਂ ਦੁਖੀ ਹੋਏ। ਪਿੰਡ ਵਿੱਚ ਗੰਦ, ਮੱਖੀਆਂ, ਮੱਛਰ, ਚਿੱਕੜ ਆਦਿ ਸਭ ਕੁਝ ਸੀ। 1951 ਦਾ ਪੰਜਾਬ ਅੱਜ ਵਾਲਾ ਪੰਜਾਬ ਨਹੀਂ ਸੀ। ਕੋਈ ਬਿਜਲੀ, ਟੈਲੀਫੋਨ ਨਹੀਂ ਸੀ, ਨਾ ਹੀ ਪਾਣੀ ਦੀਆਂ ਟੂਟੀਆਂ ਅਤੇ ਮਲਮੂਤਰ ਲਈ ਕਿਸੇ ਕਿਸਮ ਦੀਆਂ ਟੱਟੀਆਂ ਬਣੀਆਂ ਹੋਈਆਂ ਸਨ। ਉਨ੍ਹਾਂ ਦੇ ਕਮੀਜ਼ ਪੈਂਟਾਂ ਪਾਈਆਂ ਵੇਖ ਕੇ ਬੱਚੇ ਉਨ੍ਹਾਂ ਦੇ ਮਗਰ ਲੱਗ ਤੁਰਦੇ। ਕੁੱਲ ਮਿਲਾ ਕੇ ਜੋ ਉਨ੍ਹਾਂ ਨੇ ਆਪਣੇ ਮਾਪਿਆਂ ਤੋਂ ਗੱਲਾਂ ਸੁਣ ਸੁਣ ਕੇ ਕਲਪਨਾ ਕੀਤੀ ਹੋਈ ਸੀ ਹਾਲਤਾਂ ਉਸ ਦੇ ਬਿਲਕੁਲ ਵਿਪਰੀਤ ਸਨ।
ਕੁਝ ਮਹੀਨਿਆਂ ਬਾਅਦ, ਇੱਕ ਵਾਰ ਸਾਰਾ ਪਰਿਵਾਰ ਕੈਨੇਡਾ ਮੁੜ ਗਿਆ। ਕੁੜੀਆਂ ਨੇ ਉਥੇ ਅੱਗੇ ਡਾਕਟਰੀ ਵਿੱਚ ਪੋਸਟ-ਗਰੈਜ਼ੂਏਸ਼ਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਪਰ ਪਰਿਵਾਰ ਵਿਚੋਂ ਪੰਜਾਬ ਵਿੱਚ ਹਸਪਤਾਲ ਖੋਲ੍ਹਣ ਦਾ ਸੁਪਨਾ ਮਰਿਆ ਨਹੀਂ ਸੀ। ਕੁੜੀਆਂ ਵੀ ਐਨੀਆਂ ਕੁ ਸਮਝਦਾਰ ਸਨ ਕਿ ਜੇ ਉਨ੍ਹਾਂ ਆਪਣੇ ਮਾਪਿਆਂ ਦੀ ਖਾਹਿਸ਼ ਪੂਰੀ ਕਰਨੀ ਹੈ ਤਾਂ ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਸਹਿਣ ਬਾਰੇ ਆਪਣਾ ਨਜ਼ਰੀਆ ਬਦਲਣਾ ਪਵੇਗਾ। ਅਸਲ ਵਿੱਚ ਇਸ ਦੌਰਾਨ ਉਹ ਦੋਵੇਂ ਭੈਣਾਂ ਅਧਿਆਤਮਕ ਗੁਰੂਆਂ ਮਗਰ ਵੀ ਭਟਕਦੀਆਂ ਰਹੀਆਂ ਸਨ ਪਰ ਉਥੋਂ ਵੀ ਉਨ੍ਹਾਂ ਨੂੰ ਕੋਈ ਖਾਸ ਤਸੱਲੀ ਨਹੀਂ ਹੋਈ ਸੀ। ਸੋ ਉਹ ਆਪਣੇ ਪਿਤਰੀ ਦੇਸ਼ ਦੇ ਲੋਕਾਂ ਦੀ ਸੇਵਾ ਵਿਚੋਂ ਜੀਵਨ ਦੀ ਸਾਰਥਿਕਤਾ ਲੱਭਣ ਅਤੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨ ਲਈ 1957 ਵਿੱਚ ਮੁੜ ਪੰਜਾਬ ਆ ਜਾਂਦੀਆਂ ਹਨ। ਇਥੇ ਫਿਰ ਉਹੀ ਜਦੋਜਹਿਦ ਚਲਦੀ ਹੈ ; ਸਰਕਾਰੀ ਕੰਮਾਂ ਦੀਆਂ ਉਲਝਣਾਂ, ਲੋਕਾਂ ਦਾ ਮੱਠਾ ਹੁੰਗਾਰਾ, ਰਹਿਣ ਸਹਿਣ ਦੀਆਂ ਔਖੀਆਂ ਹਾਲਤਾਂ। ਇਸ ਤੋਂ ਪਰਿਵਾਰ ਕਦੇ ਨਿਰਾਸ਼ ਹੁੰਦਾ ਅਤੇ ਕਦੇ ਉਤਸ਼ਾਹ ਵਿੱਚ ਆ ਜਾਂਦਾ, ਵਿੱਚ ਵਿੱਚ ਉਹ ਕੈਨੇਡਾ ਵੀ ਚਲੇ ਜਾਂਦੇ, ਫਿਰ ਵੀ ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਿੱਚ ਲੱਗੇ ਰਹੇ। ਉਨ੍ਹਾਂ ਕੈਰੋਂ ਤੋਂ ਲੈ ਕੇ ਨਹਿਰੂ, ਇੰਦਰਾ ਗਾਂਧੀ ਨਾਲ ਇਸ ਪ੍ਰੋਜੈਕਟ ਬਾਰੇ ਮੁਲਾਕਾਤਾਂ ਕੀਤੀਆਂ। ਆਖਰ 'ਕਪੂਰ ਸਿੰਘ ਕੈਨੇਡੀਅਨ ਹਸਪਤਾਲ' ਬਣ ਕੇ ਤਿਆਰ ਹੋ ਗਿਆ ਜਿਸ ਦਾ 7 ਅਕਤੂਬਰ 1959 ਨੂੰ ਇੰਦਰਾ ਗਾਂਧੀ ਦੇ ਹੱਥੋਂ ਉਦਘਾਟਨ ਕਰਵਾਇਆ ਗਿਆ।
ਇਸ ਤੋਂ ਬਾਅਦ ਇਲਾਕੇ ਵਿੱਚ ਕੈਨੇਡੀਅਨ ਭੈਣਾਂ ਵਜੋਂ ਮਸ਼ਹੂਰ ਹੋਈਆਂ ਸੁਰਜੀਤ ਅਤੇ ਜੈਕੀ ਡਾਕਟਰਾਂ ਵਜੋਂ ਇਸ ਹਸਪਤਾਲ ਵਿੱਚ ਸੇਵਾਵਾਂ ਦਿੰਦੀਆਂ ਰਹੀਆਂ। ਸੁਰਜੀਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਵਤਾਰ ਸਿੰਘ ਅਟਵਾਲ ਨਾਲ ਵਿਆਹ ਕਰਵਾ ਲਿਆ ਜੋ ਵਿਦੇਸ਼ ਵਿਚੋਂ ਪੀ.ਐੱਚ.ਡੀ. ਕਰ ਕੇ ਆਇਆ ਸੀ। ਇਸੇ ਤਰ੍ਹਾਂ ਜੈਕੀ ਨੇ ਏਧਰ ਹੀ ਡੌਨੀ ਲੂਥਰ ਨਾਂ ਦੇ ਸ਼ਖ਼ਸ ਨਾਲ ਸ਼ਾਦੀ ਕਰਵਾ ਲਈ। ਇਸ ਦੌਰਾਨ ਉਹ ਹਰ ਸਾਲ ਕ੍ਰਿਸ਼ਨਾਮੂਰਤੀ ਦੇ ਭਾਸ਼ਨ ਸੁਣਨ ਸਵਿਟਜ਼ਰਲੈਂਡ ਵੀ ਜਾਂਦੀਆਂ ਰਹੀਆਂ ਅਤੇ ਆਪਣੇ ਬਚਪਨ ਦੇ ਦੇਸ਼ ਕੈਨੇਡਾ ਵੀ, ਪਰ ਉਨ੍ਹਾਂ ਨੇ ਹਸਪਤਾਲ ਨੂੰ ਉਸੇ ਲਗਨ ਨਾਲ ਚਲਾਇਆ। ਉਂਜ ਕੈਨੇਡਾ ਵਿੱਚ ਵੀ ਉਨ੍ਹਾਂ ਕ੍ਰਿਸ਼ਨਾਮੂਰਤੀ ਦੇ ਵਿਚਾਰਾਂ ਨੂੰ ਪ੍ਰਚਾਰਣ ਲਈ ਇੱਕ ਸੈਂਟਰ ਸਥਾਪਿਤ ਕੀਤਾ।

ਇਸ ਤਰ੍ਹਾਂ ਪੰਜਾਬੀ ਪਰਵਾਸੀਆਂ ਦੀ ਇਹ ਇੱਕ ਨਿਵੇਕਲੀ ਗਾਥਾ ਹੈ। ਇਹ ਕਪੂਰ ਸਿੰਘ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ ਕਿ ਜਿਨ੍ਹਾਂ ਪੰਜਾਬੀਆਂ ਲਈ ਵੋਟ ਦਾ ਹੱਕ ਵੀ ਨਹੀਂ ਸੀ, ਅੱਜ ਕੈਨੇਡਾ ਵਿੱਚ ਉਹ ਪੰਜਾਬੀ ਐਮ.ਐਲ.ਏ., ਮੰਤਰੀ ਅਤੇ ਮੁੱਖ-ਮੰਤਰੀ ਤੱਕ ਬਣ ਰਹੇ ਹਨ। ਇਹ ਹੈਰਾਨੀਜਨਕ ਵਰਤਾਰਾ ਵੀ ਕਪੂਰ ਸਿੰਘ ਅਤੇ ਉਸ ਦੀ ਪਤਨੀ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ ਕਿ ਕੈਨੇਡਾ ਦੀਆਂ ਜੰਮਪਲ ਹੋ ਕੇ, ਉਥੋਂ ਉੱਚ ਡਾਕਟਰੀ ਸਿੱਖਿਆ ਹਾਸਲ ਕਰਕੇ, ਉਨ੍ਹਾਂ ਦੀਆਂ ਕੁੜੀਆਂ ਪੰਜਾਬ ਨੂੰ ਆਪਣੀ ਕਰਮਭੂਮੀ ਬਣਾਉਂਦੀਆਂ ਹਨ। ਇਹ ਵੀ ਇੱਕ ਕੁਰਬਾਨੀ ਸੀ, ਪਰ ਜਿਹੋ ਜਿਹੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਪਾਉਣ ਦੇ ਅਸੀਂ ਆਦੀ ਹਾਂ ਇਹ ਉਨ੍ਹਾਂ ਤੋਂ ਵੱਖਰੀ ਤਰ੍ਹਾਂ ਦੀ ਕੁਰਬਾਨੀ ਸੀ।
ਲੇਖਕ ਹੀਉ ਜੌਹਨਸਟਨ ਦਾ ਕੰਮ ਸ਼ਲਾਘਾਯੋਗ ਹੈ, ਹਰਪ੍ਰੀਤ ਸੇਖਾ ਨੇ ਅਨੁਵਾਦ ਵੀ ਵਧੀਆ ਕੀਤਾ ਹੈ ਪਰ ਪੁਸਤਕ ਵਿੱਚ ਬੇਲੋੜਾ ਵਿਸਥਾਰ ਇਸ ਦੀ ਪੜ੍ਹਨਯੋਗਤਾ ਨੂੰ ਘਟਾਉਂਦਾ ਹੈ। ਪਰਿਵਾਰ ਦੇ ਵਾਹ ਵਿੱਚ ਆਉਂਦੇ ਰਹੇ ਹਰ ਵਿਅਕਤੀ ਬਾਰੇ ਲਿਖਣਾ, ਉਨ੍ਹਾਂ ਦੇ ਕੁੱਤਿਆਂ ਤੱਕ ਬਾਰੇ ਵਰਣਨ ਕਰਨਾ, ਨਾਵਲਾਂ ਵਾਂਗ ਮਾਹੌਲ ਦਾ ਚਿਤਰਣ ਕਰਨਾ, ਆਦਿ ਗੱਲਾਂ ਤੋਂ ਬਿਨਾਂ ਸਰ ਸਕਦਾ ਸੀ। ਅਜਿਹੀਆਂ ਕੁਝ ਕਮੀਆਂ ਦੇ ਬਾਵਜੂਦ ਇਹ ਪੁਸਤਕ ਪੰਜਾਬੀ ਪਰਵਾਸੀ ਵਰਤਾਰੇ ਦੇ ਨਵੇਂ ਆਯਾਮ ਪਾਠਕ ਦੇ ਸਨਮੁੱਖ ਕਰਦੀ ਹੈ।
 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346