|
ਭਾਰਤੀ ਸਿਨਮੇ ਦੀ ਸ਼ੁਰੂਆਤ ਦਾਦਾ ਸਾਹਿਬ ਫਾਲਕੇ ਦੀ ਸੰਨ 1913 ਵਿੱਚ ਬਣੀ ਫਿਲਮ ਰਾਜਾ
ਹਰੀਸ਼ ਚੰਦਰ ਨਾਲ ਹੋਈ। ਇਹ ਫਿਲਮ ਇਕ ਮੂਕ ਫਿਲਮ ਸੀ। ਸੰਨ 1930 ਤੱਕ ਮੂਕ ਫਿਲਮਾਂ ਬਣਦੀਆਂ
ਰਹੀਆਂ। ਅਵਾਜ਼ ਵਾਲੀ ਪਹਿਲੀ ਭਾਰਤੀ ਫਿਲਮ ਆਲਮ ਆਰਾ 1931 ਵਿੱਚ ਬਣੀ। ਬੇਸ਼ੱਕ ਸ਼ੁਰੂਆਤੀ
ਦੌਰ ਵਿੱਚ ਧਾਰਮਿਕ ਅਤੇ ਮਿਥਹਾਸਕ ਕਹਾਣੀਆਂ ‘ਤੇ ਫਿਲਮਾਂ ਬਣਾਉਣਾ ਕਾਮਯਾਬੀ ਦਾ ਰਾਜ ਸਮਝਿਆ
ਜਾਂਦਾ ਸੀ। ਫਿਲਮ ਪ੍ਰੋਡਿਊਸਰਾਂ ਦਾ ਵਿਚਾਰ ਸੀ ਕਿ ਲੋਕ ਇਹਨਾਂ ਕਹਾਣੀਆਂ ਤੋਂ ਪਹਿਲਾਂ ਹੀ
ਜਾਣੂ ਸਨ, ਇਸ ਲਈ ਉਨ੍ਹਾਂ ਨੂੰ ਫਿਲਮ ਦੇਖਣ ਲਿਆਉਣਾ ਸੌਖਾ ਸੀ। ਇਸੇ ਲਈ ਰਾਜਾ ਹਰੀਸ਼ ਚੰਦਰ
ਤੋਂ ਬਾਅਦ ਦਾਦਾ ਸਾਹਿਤ ਫਾਲਕੇ ਨੇ ਹਿੰਦੂ ਧਰਮ ਅਤੇ ਮਿੱਥਿਹਾਸ ਬਾਰੇ ਜਿਹੜੀਆਂ ਫਿਲਮਾਂ
ਬਣਾਈਆਂ ਉਨ੍ਹਾਂ ਵਿੱਚੋਂ ਕੁਝ ਦੇ ਨਾਂ ਸਨ: ਭਾਸਮਸੂਰ ਮੋਹਣੀ, ਸਵਿੱਤਰੀ, ਲੰਕਾ ਦਹਿਨ,
ਕ੍ਰਿਸ਼ਨਾ ਜਨਮਾ ਆਦਿ। ਇਸ ਤੋਂ ਇਲਾਵਾ ਬੋਲਦੀਆਂ ਫਿਲਮਾਂ ਦੇ ਸ਼ੁਰੂਆਤੀ ਦੌਰ ਵਿੱਚ ਧਾਰਮਿਕ
ਅਤੇ ਮਿੱਥਹਾਸਕ ਵਿਸਿ਼ਆਂ ਬਾਰੇ ਬਣਨ ਵਾਲੀਆਂ ਹੋਰ ਫਿਲਮਾਂ ਵਿੱਚ ਸ਼ਾਮਲ ਸਨ: ਚੰਡੀਦਾਸ,
ਰਾਜਰਾਣੀ ਮੀਰਾ, ਅਮ੍ਰਿਤ ਮੰਥਨ, ਅਮਰ ਜਯੋਤੀ, ਸੰਤ ਤੁੱਕਾ ਰਾਮ, ਸੰਤ ਗਿਆਨੇਸ਼ਵਰ, ਭਗਤ
ਪੋਤਨਾ ਆਦਿ। (1)
ਪਰ ਇਸ ਸ਼ੁਰੂਆਤੀ ਸਮੇਂ ਦੌਰਾਨ ਕਈ ਅਜਿਹੀਆਂ ਫਿਲਮਾਂ ਵੀ ਬਣੀਆਂ ਜੋ ਭਾਰਤੀ ਸਮਾਜ ਦੀਆਂ
ਕੁਰੀਤੀਆਂ ਅਤੇ ਬੇਇਨਸਾਫੀਆਂ ਨਾਲ ਸੰਬੰਧਤ ਸਨ। ਮੂਕ ਫਿਲਮਾਂ ਦੇ ਦੌਰ ਵਿੱਚ ਬਾਬੂ ਰਾਵ
ਪੇਂਟਰ ਨੇ ਸਾਵਕਾਰੀ ਪਾਸ਼ ਨਾਂ ਦੀ ਫਿਲਮ ਬਣਾਈ ਜਿਸ ਵਿੱਚ ਸ਼ਾਹੂਕਾਰਾਂ ਵਲੋਂ ਹੁੰਦੀ ਲੁੱਟ
ਨੂੰ ਦਿਖਾਇਆ ਗਿਆ ਸੀ। (2) ਬੋਲਦੀਆਂ ਫਿਲਮਾਂ ਦੇ ਸ਼ੁਰੂਆਤੀ ਦੌਰ ਵਿੱਚ ਸਮਾਜਕ ਸਰੋਕਾਰਾਂ
ਨਾਲ ਸੰਬੰਧਤ ਬਣਨ ਵਾਲੀਆਂ ਮਸ਼ਹੂਰ ਫਿਲਮਾਂ ਦੇ ਨਾਂ ਸਨ: ਮਜ਼ਦੂਰ ((1934), ਅਛੂਤ ਕੰਨਿਆ
(1935), ਦੁਨੀਆ ਨਾ ਮਾਨੇ (1937), ਆਦਮੀ (1937), ਮੁਕਤੀ (1937), ਔਰਤ (1940), ਰੋਟੀ
(1940), ਨਯਾ ਸੰਸਾਰ (1941), ਹਮਰਾਹੀ (1945), ਨੀਚਾ ਨਗਰ (1946), ਧਰਤੀ ਕੇ ਲਾਲ
(1946), ਡਾ: ਕੋਟਨੀਸ ਕੀ ਕਹਾਣੀ (1946), ਹਮਲੋਗ (1951), ਦੋ ਬੀਘਾ ਜ਼ਮੀਨ (1953),
ਸੁਜਾਤਾ (1959) ਆਦਿ। ਇਹਨਾਂ ਫਿਲਮਾਂ ਵਿੱਚ ਜਾਤਪਾਤ, ਅਣਜੋੜ ਵਿਆਹ, ਵੇਸਵਾਗਮਨੀ, ਬੰਗਾਲ
ਦੇ ਕਾਲ, ਮਜ਼ਦੂਰਾਂ ਅਤੇ ਸਰਮਾਏਦਾਰਾਂ ਵਿਚਕਾਰ ਟੱਕਰ, ਅਤੇ ਕਰਜਿ਼ਆਂ ਹੇਠ ਦੱਬੀ ਨਿਮਨ
ਕਿਸਾਨੀ ਨਾਲ ਸੰਬੰਧਤ ਵਿਸਿ਼ਆਂ ਆਦਿ ਨੂੰ ਪੇਸ਼ ਕੀਤਾ ਗਿਆ ਸੀ। (3) ਇਸ ਲੇਖ ਵਿੱਚ ਅਸੀਂ
ਇਨ੍ਹਾਂ ਵਿੱਚੋਂ ਕੁੱਝ ਫਿਲਮਾਂ ਅਤੇ ਉਹਨਾਂ ਫਿਲਮਾਂ ਨੂੰ ਬਣਾਉਣ ਦੇ ਅਮਲ ਬਾਰੇ ਗੱਲ
ਕਰਾਂਗੇ ਤਾਂ ਕਿ ਭਾਰਤੀ ਸਿਨਮੇ ਵਿੱਚ ਸਮਾਜਕ ਸਰੋਕਾਰਾਂ ਬਾਰੇ ਬਣਨ ਵਾਲੀਆਂ ਫਿਲਮਾਂ ਦੇ ਇਸ
ਦੌਰ ਨੂੰ ਰਿਕਾਰਡ ਕੀਤਾ ਜਾ ਸਕੇ।
ਸੰਨ 1934 ਵਿੱਚ ਸਨਅਤੀ ਮਜ਼ਦੂਰਾਂ ਦੇ ਸ਼ੋਸ਼ਣ ‘ਤੇ ਬਣੀ ਫਿਲਮ ਮਜ਼ਦੂਰ ਦੀ ਕਹਾਣੀ ਮੁਨਸ਼ੀ
ਪ੍ਰੇਮ ਚੰਦ ਨੇ ਲਿਖੀ ਸੀ ਅਤੇ ਇਸ ਦੇ ਨਿਰਦੇਸ਼ਕ ਸਨ ਮੋਹਨ ਭਵਨਾਨੀ। (4) ਫਿਲਮ ਵਿੱਚ ਇਕ
ਦਿਆਲੂ ਮਿੱਲ ਮਾਲਕ ਦੀ ਮੌਤ ਤੋਂ ਬਾਅਦ ਮਿੱਲ ਦੀ ਮਾਲਕੀ ਉਸ ਦੇ ਪੁੱਤਰ ਅਤੇ ਧੀ ਕੋਲ ਚਲੀ
ਜਾਂਦੀ ਹੈ। ਪੁੱਤਰ ਵਲੋਂ ਮਿੱਲ ਦਾ ਪ੍ਰਬੰਧ ਸੰਭਾਲੇ ਜਾਣ ਬਾਅਦ ਮਿੱਲ ਵਿੱਚ ਮਜ਼ਦੂਰਾਂ ਦਾ
ਸ਼ੋਸ਼ਣ ਬਹੁਤ ਤਿੱਖਾ ਹੋ ਜਾਂਦਾ ਹੈ। ਨਤੀਜੇ ਵਜੋਂ ਮਿੱਲ ਦੇ ਮਜ਼ਦੂਰ ਹੜਤਾਲ ਕਰਨ ਦਾ
ਫੈਸਲਾ ਕਰਦੇ ਹਨ ਅਤੇ ਮਿੱਲ ਮਾਲਕ ਦੀ ਧੀ ਮਜ਼ਦੂਰਾਂ ਨੂੰ ਹੜਤਾਲ ਕਰਨ ਲਈ ਉਤਸ਼ਾਹ ਦਿੰਦੀ
ਹੈ ਅਤੇ ਉਨ੍ਹਾਂ ਦਾ ਸਾਥ ਦਿੰਦੀ ਹੈ। ਮਿੱਲ ਦੇ ਨਵੇਂ ਮਾਲਕ ਵਲੋਂ ਮਜ਼ਦੂਰਾਂ ਉੱਤੇ ਹਿੰਸਾ
ਵੱਧ ਜਾਂਦੀ ਹੈ। ਫਿਲਮ ਦੇ ਅਖੀਰ ਵਿੱਚ ਮਿੱਲ ਮਾਲਕ ਨੂੰ ਉਸ ਦੇ ਕੰਮਾਂ ਕਰਕੇ ਜੇਲ੍ਹ ਹੋ
ਜਾਂਦੀ ਹੈ ਅਤੇ ਮਿੱਲ ਬੰਦ ਹੋ ਜਾਂਦੀ ਹੈ। ਫਿਰ ਮਿੱਲ ਮਾਲਕ ਦੀ ਧੀ ਮਜ਼ਦੂਰਾਂ ਦੀ ਮਦਦ ਨਾਲ
ਮਿੱਲ ਨੂੰ ਚਲਾਉਂਦੀ ਹੈ ਅਤੇ ਉਸ ਦੇ ਪ੍ਰਬੰਧ ਅਧੀਨ ਮਜ਼ਦੂਰਾਂ ਦੀਆਂ ਲੋੜਾਂ ਦਾ ਖਿਆਲ
ਰੱਖਿਆ ਜਾਂਦਾ ਹੈ। ਫਿਲਮ ਬਾਰੇ ਮਿਲਦੀ ਸੰਖੇਪ ਜਾਣਕਾਰੀ ਅਨੁਸਾਰ ਫਿਲਮ ਉਸ ਵੇਲੇ ਸਨਅਤੀ
ਮਜ਼ਦੂਰਾਂ ਦੇ ਕੰਮ ਦੀਆਂ ਔਖੀਆਂ ਹਾਲਤਾਂ ਦਿਖਾਉਣ ਵਿੱਚ ਕਾਮਯਾਬ ਰਹੀ ਸੀ। (5) ਬਲਰਾਜ
ਸਾਹਨੀ ਆਪਣੀ ਕਿਤਾਬ ‘ਮੇਰੀ ਫਿਲਮੀ ਆਤਮਕਥਾ’ ਵਿੱਚ ਲਿਖਦੇ ਹਨ ਕਿ ਮਜ਼ਦੂਰ ਇਕ ਬਿਹਤਰੀਨ
ਯਥਾਰਥਵਾਦੀ ਫਿਲਮ ਸੀ। ਇਸ ਬਾਰੇ ਉਹ ਇਸ ਤਰ੍ਹਾਂ ਟਿੱਪਣੀ ਕਰਦੇ ਹਨ:
ਅੱਜ ਤੀਕਰ ਹੋਰ ਕਿਸੇ ਫਿਲਮ ਵਿੱਚ ਮੈਂ ਜਮਾਤੀ ਘੋਲ ਨੂੰ ਇਤਨਾ ਬੇਨਕਾਬ ਹੋਇਆ ਨਹੀਂ
ਦੇਖਿਆ। ਸਰਮਾਏਦਾਰ ਕਿਵੇਂ ਹਰ ਮੁਮਕਿਨ ਢੰਗ ਨਾਲ ਮਜ਼ਦੂਰਾਂ ਵਿੱਚ ਫੁੱਟ ਪਾਉਂਦੇ ਹਨ,
ਦਰਮਿਆਨੇ ਤਬਕੇ ਦੇ ਢਿਲ-ਮਿਲ ਯਕੀਨਾਂ ਨੂੰ ਮਿੱਟੀ ਵਿੱਚੋਂ ਚੁੱਕ ਕੇ ਸ਼ੀਸ਼ ਮਹਿਲਾਂ ਵਿੱਚ
ਲਿਆਉਂਦੇ ਹਨ, ਤਾਂ ਜੋ ਆਪਣੀ ਜ਼ਮੀਰ ਵੇਚ ਕੇ ਮਜ਼ਦੂਰਾਂ ਦੀ ਰੱਤ ਨਿਚੋੜਨ ਵਿੱਚ ਮਾਲਕਾਂ ਦੀ
ਮਦਦ ਕਰਨ, ਕਿਵੇਂ ਧਰਮ-ਮਜ਼੍ਹਬ ਤੇ ਹੋਰ ਕਈ ਤਰ੍ਹਾਂ ਦੇ ਢੁੱਚਰ ਘੜ ਕੇ ਉਹ ਮਜ਼ਦੂਰਾਂ ਨੂੰ
ਵਰਗਲਾਉਂਦੇ ਹਨ, ਕਿਵੇਂ ਮਜ਼ਦੂਰਾਂ ਦੇ ਸੱਚੇ ਹਿਤੂ ਲੀਡਰਾਂ ਨੂੰ ਮਾਰ-ਮੁਕਾਉਣ ਤੋਂ ਵੀ
ਗੁਰੇਜ਼ ਨਹੀਂ ਕਰਦੇ - ਇਹ ਸਾਰੀਆਂ ਗੱਲਾਂ ਇਤਨੀ ਸਪਸ਼ਟਤਾ ਨਾਲ ਫਿਲਮ ਵਿੱਚ ਦਰਸਾਈਆਂ ਗਈਆਂ
ਸਨ ਕਿ ਸੁਣਿਆ ਹੈ ਕਿ ਬਣਾਉਣ ਵਾਲੇ ਆਪ ਇਸ ਫਿਲਮ ਤੋਂ ਬੇਜ਼ਾਰ ਹੋ ਗਏ ਸਨ। ਕਈ ਸ਼ਹਿਰਾਂ ਦੇ
ਸਿਨਮਿਆਂ ਵਿੱਚੋਂ ਭਰਪੂਰ ਲੋਕ ਪ੍ਰੀਅਤਾ ਦੇ ਬਾਵਜੂਦ ਇਹ ਫਿਲਮ ਹਟਾ ਲਈ ਗਈ। ਕਾਨਪੁਰ ਵਿੱਚ,
ਮੈਨੂੰ ਇਕ ਦੋਸਤ ਨੇ ਦੱਸਿਆ, ਅੰਗਰੇਜ਼ ਡਿਪਟੀ ਕਮਿਸ਼ਨਰ ਨੇ, ਆਪਣੇ ਕਰੋੜਪਤੀ ਦਰਬਾਰੀਆਂ ਦੇ
ਇਸਰਾਰ ਉੱਤੇ ਇਹਨੂੰ ਦੂਜੇ ਦਿਨ ਹੀ ਸਿਨਮੇ ਤੋਂ ਉਤਰਵਾ ਦਿੱਤਾ ਸੀ…।
… ਮਜ਼ਦੂਰ ਵਿੱਚ ਨਾ ਤਾਂ ਸਰਮਾਏਦਾਰ ਦੀ ਧੀ ਨਾਲ ਹੀਰੋ ਦਾ ਵਿਆਹ ਕਰਾ ਕੇ ਸ਼ੇਰ ਤੇ ਬੱਕਰੀ
ਨੂੰ ਇਕੋ ਘਾਟ ਪਾਣੀ ਪਿਆਇਆ ਗਿਆ, ਤੇ ਨਾ ਹੀ ਮਜ਼ਲੂਮਾਂ ਨੂੰ ਆਪਣੀ ਮੰਦਹਾਲੀ ਦਾ
ਜਿ਼ੰਮੇਵਾਰ ਆਪ ਠਹਿਰਾਇਆ ਗਿਆ। ਸਗੋਂ ਸਾਫ ਬਿਆਨ ਕੀਤਾ ਕਿ ਮਜ਼ਦੂਰਾਂ ਦੀ ਸ਼ਕਤੀ ਦਾ ਰਸਤਾ
ਕੇਵਲ ਉਹਨਾਂ ਦਾ ਏਕਾ ਹੈ, ਜਿਸ ਦੀ ਮਦਦ ਨਾਲ ਉਹ ਸਰਮਾਏਦਾਰੀ ਨਜ਼ਾਮ ਨੂੰ ਢਾਹ ਕੇ ਸਮਾਜਵਾਦ
ਦੀ ਰਾਹ ਉੱਤੇ ਪਾ ਸਕਦੇ ਹਨ। (6)

ਉਸ ਸਮੇਂ ਮਿੱਲ ਓਨਰਜ਼ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਮੁੰਬਈ ਦੇ ਸੈਂਸਰ ਬੋਰਡ ਦਾ ਮੈਂਬਰ
ਸੀ। ਉਸ ਨੇ ਕੋਸਿ਼ਸ਼ ਕੀਤੀ ਸੀ ਫਿਲਮ ਨੂੰ ਮੁੰਬਈ ਵਿੱਚ ਦਿਖਾਉਣ ਉੱਤੇ ਰੋਕ ਲਾ ਦਿੱਤੀ
ਜਾਵੇ। ਪੰਜਾਬ ਦੇ ਸੈਂਸਰ ਬੋਰਡ ਨੇ ਪਹਿਲਾਂ ਫਿਲਮ ਦਿਖਾਉਣ ਲਈ ਪਾਸ ਕਰ ਦਿੱਤੀ, ਪਰ ਜਦੋਂ
ਲਾਹੌਰ ਵਿੱਚ ਫਿਲਮ ਰਿਲੀਜ਼ ਹੋਈ ਤਾਂ ਉੱਥੇ ਦੰਗਿਆਂ ਵਰਗੀ ਸਥਿਤੀ ਪੈਦਾ ਹੋ ਗਈ ਤਾਂ ਪੰਜਾਬ
ਵਿੱਚ ਫਿਲਮ ਦਿਖਾਉਣ ‘ਤੇ ਬੈਨ ਲਾ ਦਿੱਤਾ ਗਿਆ। ਦਿੱਲੀ ਵਿੱਚ ਵੀ ਇਸ ਫਿਲਮ ਨੂੰ ਦਿਖਾਉਣ
‘ਤੇ ਬੈਨ ਲਾਇਆ ਗਿਆ। ਬਾਅਦ ਵਿੱਚ ਕੇਂਦਰ ਨੇ ਇਸ ਉੱਪਰ ਇਹ ਕਹਿੰਦੇ ਹੋਏ ਰੋਕ ਲਾ ਦਿੱਤੀ ਸੀ
ਕਿ ਇਹ ਫਿਲਮ ਮਜ਼ਦੂਰਾਂ ਨੂੰ ਭੜਕਾਉਂਦੀ ਹੈ। ਪਰ ਅਮਰੀਕਾ ਤੋਂ ਨਿਕਲਦੇ ਮੈਗਜ਼ੀਨ ਏਸ਼ੀਆ ਨੇ
ਇਸ ਦਾ ਕਾਫੀ ਵਧੀਆ ਰਿਵੀਊ ਕੀਤਾ ਸੀ। (7)
ਬੰਬੇ ਟਾਕੀਜ਼ ਵਲੋਂ ਪ੍ਰੋਡਿਊਸ ਕੀਤੀ ਫਿਲਮ ਅਛੂਤ ਕੰਨਿਆ (1935) ਵਿੱਚ ਸਮਾਜ ਵਿੱਚ
ਜਾਤਪਾਤ ਦੀ ਸਮੱਸਿਆ ਬਾਰੇ ਗੱਲ ਕੀਤੀ ਗਈ ਹੈ। ਇਸ ਫਿਲਮ ਵਿੱਚ ਇਕ ਅਛੂਤ ਕੁੜੀ ਦਾ ਪਿਆਰ ਇਕ
ਬ੍ਰਾਹਮਣ ਮੁੰਡੇ ਨਾਲ ਹੋ ਜਾਂਦਾ ਹੈ। ਪਰ ਸਮਾਜਕ ਬੰਦਸ਼ਾਂ ਦੇ ਕਾਰਨ ਇਹ ਪਿਆਰ ਸਿਰੇ ਨਹੀਂ
ਚੜ੍ਹਦਾ ਅਤੇ ਕੁੜੀ ਅਤੇ ਮੁੰਡੇ ਨੂੰ ਆਪਣੀ ਆਪਣੀ ਜਾਤ ਵਿੱਚ ਵਿਆਹ ਕਰਵਾਉਣਾ ਪੈਂਦਾ ਹੈ।
ਕੁਛ ਸਮੇਂ ਬਾਅਦ ਕੁੜੀ ਅਤੇ ਮੁੰਡਾ ਪਿੰਡ ਦੇ ਇਕ ਮੇਲੇ ਵਿੱਚ ਇਕੱਠੇ ਹੁੰਦੇ ਹਨ ਅਤੇ ਉੱਥੇ
ਕੁੜੀ ਦੇ ਪਤੀ ਅਤੇ ਕੁੜੀ ਦੇ ਪ੍ਰੇਮੀ ਰਹਿ ਚੁੱਕੇ ਬ੍ਰਾਹਮਣ ਮੁੰਡੇ ਵਿਚਕਾਰ ਲੜਾਈ ਹੋ
ਜਾਂਦੀ ਹੈ। ਉਹਨਾਂ ਦੋਹਾਂ ਦੀ ਲੜਾਈ ਬੰਦ ਕਰਵਾਉਣ ਅਤੇ ਉਹਨਾਂ ਨੂੰ ਵੱਖ ਕਰਵਾਉਣ ਦੇ ਯਤਨਾਂ
ਵਿੱਚ ਕੁੜੀ ਦੀ ਰੇਲਗੱਡੀ ਦੇ ਹੇਠਾਂ ਆ ਕੇ ਮੌਤ ਹੋ ਜਾਂਦੀ ਹੈ. (8)
ਫਿਲਮ ਦੇ ਸ਼ੁਰੂ ਵਿੱਚ ਅਛੂਤ ਦੁਖੀਆ (ਅਛੂਤ ਲੜਕੀ ਦਾ ਬਾਪ) ਬ੍ਰਾਹਮਣ ਮੋਹਨ ਲਾਲ (ਬ੍ਰਾਹਮਣ
ਮੁੰਡੇ ਦੇ ਬਾਪ) ਦੀ ਜਿ਼ੰਦਗੀ ਬਚਾਉਂਦਾ ਹੈ। ਇਸ ਲਈ ਮੋਹਨ ਲਾਲ ਆਪਣੇ ਆਪ ਨੂੰ ਦੁਖੀਆ ਦੀ
ਨੇਕੀ ਦੇ ਭਾਰ ਹੇਠਾਂ ਦੱਬਿਆ ਮਹਿਸੂਸ ਕਰਦਾ ਹੈ ਅਤੇ ਉਹ ਉਸ ਨਾਲ ਅਤੇ ਉਸ ਦੀ ਬੇਟੀ ਨਾਲ
ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦਾ। ਉਸ ਦਾ ਬੇਟਾ ਅਤੇ ਦੁਖੀਆ ਦੀ ਬੇਟੀ ਬਚਪਨ ਤੋਂ ਇਕੱਠੇ
ਖੇਡਦੇ ਹਨ ਅਤੇ ਉਨ੍ਹਾਂ ਦਾ ਆਪਸ ਵਿੱਚ ਪਿਆਰ ਪੈ ਜਾਂਦਾ ਹੈ। ਇਕ ਵਾਰ ਦੁਖੀਆ ਬਹੁਤ ਬੀਮਾਰ
ਹੋ ਜਾਂਦਾ ਹੈ ਅਤੇ ਮੋਹਨ ਲਾਲ ਉਸ ਦੀ ਦੇਖਭਾਲ ਕਰਨ ਲਈ ਉਸ ਨੂੰ ਆਪਣੇ ਘਰ ਲੈ ਆਉਂਦਾ ਹੈ।
ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਇਕੱਠੇ ਹੋ ਕੇ ਮੋਹਨ ਲਾਲ
ਦੇ ਘਰ ਆ ਜਾਂਦੇ ਹਨ ਅਤੇ ਮੰਗ ਕਰਦੇ ਹਨ ਕਿ ਉਹ ਦੁਖੀਆ ਨੂੰ ਘਰੋਂ ਬਾਹਰ ਕੱਢ ਦੇਵੇ। ਮੋਹਨ
ਲਾਲ ਦੇ ਇਨਕਾਰ ਕਰਨ ‘ਤੇ ਪਿੰਡ ਦੇ ਲੋਕ ਉਹਨੂੰ ਪਿੰਡ, ਧਰਮ ਅਤੇ ਬਰਾਦਰੀ ਵਿੱਚੋਂ ਛੇਕਣ ਦੀ
ਧਮਕੀ ਦਿੰਦੇ ਹਨ। ਉਸ ਦੀ ਦੁਕਾਨ ਨੂੰ ਲੁੱਟ ਲੈਂਦੇ ਹਨ ਅਤੇ ਫਿਰ ਦੁਕਾਨ ਅਤੇ ਘਰ ਨੂੰ ਅੱਗ
ਲਾ ਦਿੰਦੇ ਹਨ। ਇਹ ਸੀਨ ਦੇਖ ਕੇ ਅਸੀਂ ਇਹ ਸਮਝ ਸਕਦੇ ਹਾਂ ਕਿ ਜਾਤਪਾਤ ਦਾ ਪ੍ਰਬੰਧ ਕਾਇਮ
ਰੱਖਣ ਲਈ ਸਵਰਨ ਜਾਤਾਂ ਦੀ ਸਮੂਹਿਕ ਹਿੰਸਾ ਇਕ ਵੱਡਾ ਰੋਲ ਨਿਭਾਉਂਦੀ ਹੈ। ਜੇ ਕੋਈ ਵਿਅਕਤੀ
ਇਸ ਪ੍ਰਬੰਧ ਨੂੰ ਤੋੜਨ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਥਾਂ ਸਿਰ ਰੱਖਣ ਲਈ ਹਿੰਸਾ ਨੂੰ
ਆਖਰੀ ਹਥਿਆਰ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਫਿਲਮ ਦੇ ਅਖੀਰ ਵਿੱਚ ਅਛੂਤ ਕੁੜੀ ਦੀ ਮੌਤ
ਵੀ ਜਾਤੀਵਾਦ ਦੀ ਹਿੰਸਾ ਵੱਲ ਹੀ ਇਸ਼ਾਰਾ ਕਰਦੀ ਹੈ।

ਇਸ ਦੇ ਨਾਲ ਹੀ ਫਿਲਮ ਵਿੱਚ ਇਹ ਕਿਹਾ ਗਿਆ ਹੈ ਕਿ ਸਾਰੇ ਲੋਕ ਰੱਬ ਨੇ ਪੈਦਾ ਕੀਤੇ ਹਨ, ਇਸ
ਲਈ ਸਾਨੂੰ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਜਦੋਂ ਪਿੰਡ ਦੇ ਲੋਕ ਬ੍ਰਾਹਮਣ ਦੇ ਘਰ
ਆ ਕੇ ਉਸ ਨੂੰ ਕਹਿੰਦੇ ਹਨ ਕਿ ਉਹ ਬੀਮਾਰ ਦੁਖੀਆ ਨੂੰ ਘਰੋਂ ਕੱਢ ਦੇਵੇ ਨਹੀਂ ਤਾਂ ਉਸ ਨੂੰ
ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਉਸ ਵੇਲੇ ਬ੍ਰਾਹਮਣ ਮੋਹਨ ਲਾਲ ਕਹਿੰਦਾ ਹੈ:
ਸੁਣੋ ਸੁਣੋ, ਤੁਮ ਮੁਝੇ ਨਿਕਾਲਣਾ ਹੀ ਚਾਹਤੇ ਹੋ ਤੋ ਨਿਕਾਲ ਦੋ। ਲੇਕਿਨ ਯਿਹ ਤੋਂ ਬਤਾਉ
ਕਿਆ ਅਛੂਤ ਆਦਮੀ ਨਹੀਂ। ਕਿਆ ਹਮਾਰੀ ਤਰ੍ਹਾਂ ਉਨ ਮੇ ਜਾਨ ਔਰ ਉਨ੍ਹੇ ਸੁੱਖ ਦੁਖ ਕਾ ਗਿਆਨ
ਨਹੀਂ। ਕਿਆ ਬ੍ਰਾਹਮਣ, ਕਿਆ ਭੰਗੀ ਸਭ ਏਕ ਪਿਤਾ ਕੀ ਸੰਤਾਨ ਹੈਂ। ਚੀਜ਼ੇ ਧੂਪ, ਪਾਣੀ, ਹਵਾ,
ਧਰਤੀ ਸਭ ਕੇ ਲੀਏ ਖੁਲ੍ਹੀ ਹੂਈ ਹੈਂ। ਜਬ ਭਗਵਾਨ ਕੋਈ ਭੇਤ ਨਹੀਂ ਕਰਤੇ ਤੋਂ ਹਮ ਮਨੁਸਿ਼ਓਂ
ਕੋ ਕਿਆ ਅਧਿਕਾਰ ਹੈ ਕਿ ਜਾਤ ਪਾਤ ਕਾ ਅਭਿਅਕਤ ਕਰੇਂ।
ਇਸ ਸਾਰੀ ਫਿਲਮ ਵਿੱਚ ਜਾਤਪਾਤ ਦਾ ਮਸਲਾ ਕੇਂਦਰ ਵਿੱਚ ਰਹਿੰਦਾ ਹੈ। ਬੇਸ਼ੱਕ ਅਛੂਤ ਕੰਨਿਆਂ
ਵਿੱਚ ਅੰਤਰਜਾਤੀ ਵਿਆਹ ਨੂੰ ਸਿਰੇ ਚਾੜ੍ਹ ਸਮਾਜ ਨੂੰ ਚੁਣੌਤੀ ਨਹੀਂ ਦਿੱਤੀ ਗਈ। ਫਿਰ ਵੀ
ਉਨ੍ਹਾਂ ਸਮਿਆਂ ਵਿੱਚ ਜਾਤਪਾਤ ਦੀ ਸਮੱਸਿਆ ਨੂੰ ਕੇਂਦਰ ਵਿੱਚ ਰੱਖਣਾ ਅਤੇ ਉਸ ਦੀ ਨਿੰਦਿਆ
ਕਰਨਾ ਇਕ ਵੱਡੀ ਗੱਲ ਸੀ।
ਪਰ ਫਿਲਮ ਵਿੱਚ ਕਈ ਸਮੱਸਿਆਵਾਂ ਵੀ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਸ ਤਰ੍ਹਾਂ ਦੀ
ਜਿ਼ੰਦਗੀ ਇਕ ਦਲਿਤ ਜਾਤਪਾਤ ਦੀ ਪ੍ਰਥਾ ਹੇਠ ਬਿਤਾਉਂਦਾ ਹੈ, ਉਸ ਨੂੰ ਜਿਸ ਤਰ੍ਹਾਂ ਦੀਆਂ
ਵਧੀਕੀਆਂ ਅਤੇ ਜ਼ੁਲਮਾਂ ਦਾ ਸਿ਼ਕਾਰ ਹੋਣਾ ਪੈਂਦਾ, ਫਿਲਮ ਵਿੱਚ ਉਸ ‘ਤੇ ਕੋਈ ਰੋਸ਼ਨੀ ਨਹੀਂ
ਪਾਈ ਗਈ। ਇਸ ਲਈ ਦਰਸ਼ਕ ਜਾਤਪਾਤ ਪ੍ਰਥਾ ਦੀ ਕਰੂਰਤਾ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ।
ਪ੍ਰਭਾਤ ਸਟੂਡੀਓਜ਼ ਵਲੋਂ ਬਣਾਈ ਗਈ ਅਤੇ ਵੀ. ਸ਼ਾਂਤਾਰਾਮ ਵਲੋਂ ਨਿਰਦੇਸ਼ਤ ਫਿਲਮ ਦੁਨੀਆ ਨਾ
ਮਾਨੇ (1937)ਵਿੱਚ ਇਕ ਨੌਜਵਾਨ ਕੁੜੀ ਨਿਰਮਲਾ ਦਾ ਵਿਆਹ ਇਕ ਬੁੱਢੇ ਵਕੀਲ ਨਾਲ ਹੋ ਜਾਂਦਾ
ਹੈ। ਨਿਰਮਲਾ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਦੋਂ ਵਿਆਹ ਸਮੇਂ ਉਸ ਨੂੰ ਪਤਾ ਚਲਦਾ
ਹੈ ਕਿ ਉਸ ਦਾ ਪਤੀ ਬੁੱਢਾ ਹੈ ਤਾਂ ਉਹ ਉਸ ਦੇ ਗੱਲ ਵਿੱਚ ਵਰਮਾਲਾ ਪਾਉਣ ਤੋਂ ਰੁਕ ਜਾਂਦੀ
ਹੈ ਪਰ ਉਸ ਹੱਥੋਂ ਬੁੱਢੇ ਦੇ ਗੱਲ ਵਿੱਚ ਇਹ ਵਰਮਾਲਾ ਮੱਲੋਮੱਲੀ ਪਵਾ ਦਿੱਤੀ ਜਾਂਦੀ ਹੈ।
ਫਿਰ ਵੀ ਉਹ ਵਿਆਹ ਤੋਂ ਬਾਅਦ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਜਦੋਂ ਉਸ ਨੂੰ ਰਵਾਇਤ
ਅਤੇ ਰੀਤੀ ਰਿਵਾਜ਼ਾਂ ਦਾ ਵਾਸਤਾ ਪਾ ਕੇ ਸ਼ਰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਜੁਆਬ
ਦਿੰਦੀ ਹੈ, “ਆਪਣੀ ਉਮਰ ਕਾ ਖਿਆਲ ਨਾ ਕਰਤੇ ਹੂਏ ਜਿਨਕੀ ਮੈਂ ਬੇਟੀ ਨਜ਼ਰ ਆਤੀ ਹੂੰ, ਮੁਝ
ਸੇ ਸ਼ਾਦੀ ਕਰਤੇ ਹੂਏ ਇਨਹੋਂ ਨੇ ਸ਼ਰਮ ਕੀ ਥੀ, ਬੜੇ ਬੂੜੋਂ ਨੇ ਆਪਣੀ ਸ਼ਰਮ ਛੋੜ ਦੀ ਔਰ
ਮੁਝੇ ਸ਼ਰਮ ਕਰਨੇ ਕੇ ਲੀਏ ਕਹਿਤੇ ਹੋ।” ਫਿਰ ਉਸ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ “ਯਾਦ
ਰੱਖ ਅਬ ਤੂੰ ਅਜ਼ਾਦ ਨਹੀਂ ਕਿਸੀ ਕੀ ਔਰਤ ਹੈ”। ਇਸ ਦੇ ਜੁਆਬ ਵਿੱਚ ਉਹ ਕਹਿੰਦੀ ਹੈ, “ਹਾਂ
ਔਰਤ ਹੂੰ, ਔਰਤ ਹੂੰ, ਔਰ ਔਰਤ ਹੂੰ ਇਸ ਲਈ ਆਪ ਮੇਰਾ ਸਫਾਈ ਸੇ ਗਲਾ ਕਾਟ ਸਕੇ।” (9) ਇਹ
ਡਾਇਲਾਗ ਬਹੁਤ ਹੀ ਸਾਫ ਅਤੇ ਥੋੜ੍ਹੇ ਸ਼ਬਦਾਂ ਵਿੱਚ ਹਿੰਦੁਸਤਾਨੀ ਸਮਾਜ ਵਿੱਚ ਔਰਤ ਦੀ
ਸਥਿਤੀ ਦਾ ਬਿਆਨ ਕਰ ਦਿੰਦਾ ਹੈ।
ਫਿਲਮ ਦੇ ਅਖੀਰ ‘ਤੇ ਨਿਰਮਾਲ ਦੇ ਬੁੱਢੇ ਪਤੀ ਨੂੰ ਨਿਰਮਲਾ ਨਾਲ ਹੋਈ ਵਧੀਕੀ ਦਾ ਅਹਿਸਾਸ
ਹੁੰਦਾ ਹੈ ਤਾਂ ਉਹ ਖੁਦਕਸ਼ੀ ਕਰ ਲੈਂਦਾ ਹੈ ਤਾਂ ਕਿ ਨਿਰਮਲਾ ਲਈ ਆਪਣੀ ਮਨਮਰਜ਼ੀ ਦਾ ਵਿਆਹ
ਕਰਵਾਉਣ ਲਈ ਰਸਤਾ ਪੱਧਰਾ ਹੋ ਸਕੇ। ਪਰ ਇਸ ਨਾਲ ਵੀ ਨਿਰਮਲਾ ਦੀ ਸਮੱਸਿਆ ਖਤਮ ਨਹੀਂ ਹੁੰਦੀ।
ਹੁਣ ਉਸ ਦੇ ਸਾਹਮਣੇ ਵਿਧਵਾ ਵਿਆਹ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਉਸ ਸਮੇਂ ਹਿੰਦੂ ਸਮਾਜ
ਵਿੱਚ ਵਿਧਵਾ ਵਿਆਹ ਦੀ ਇਜਾਜ਼ਤ ਨਹੀਂ ਸੀ। ਇਸ ਤਰ੍ਹਾਂ ਫਿਲਮ ਵਿੱਚ ਸਮਾਜ ਵਿੱਚ ਔਰਤ ਦੀ
ਤ੍ਰਾਸਦੀ ਦੇ ਵੱਖ ਵੱਖ ਪੱਖਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ। ਫਿਲਮ ਇਤਿਹਾਸਕਾਰਾਂ
ਅਨੁਸਾਰ ਇਸ ਫਿਲਮ ਦੀ ਸਪਸ਼ਟ ਅਤੇ ਸਿੱਧੀ ਪੇਸ਼ਕਾਰੀ ਨੇ ਦਰਸ਼ਕਾਂ ਉੱਤੇ ਕਾਫੀ ਵੱਡਾ ਅਸਰ
ਪਾਇਆ ਸੀ ਅਤੇ ਫਿਲਮ ਆਉਣ ਵਾਲੇ ਸਾਲਾਂ ਦੌਰਾਨ ਵਾਰ ਵਾਰ ਦਿਖਾਈ ਜਾਂਦੀ ਰਹੀ ਸੀ। (10)
ਨੋਟ ਕਰਨ ਵਾਲੀ ਇਕ ਗੱਲ ਇਹ ਹੈ ਕਿ ਫਿਲਮ ਵਿੱਚ ਅਣਜੋੜ ਵਿਆਹਾਂ ਦੇ ਮਸਲਿਆਂ ਬਾਰੇ ਕੋਈ
ਰੈਡੀਕਲ ਜਾਂ ਇਨਕਲਾਬੀ ਹੱਲ ਪੇਸ਼ ਕਰਨ ਦੀ ਥਾਂ ਸਮੱਸਿਆ ਨੂੰ ਸਮਾਜ ਵਿੱਚ ਮੌਜੂਦ ਬੰਦਸ਼ਾਂ
ਦੇ ਘੇਰੇ ਵਿੱਚ ਹੀ ਪੇਸ਼ ਕੀਤਾ ਗਿਆ ਹੈ। ਉਦਾਹਰਨ ਲਈ, ਨਿਰਮਲਾ ਨੂੰ ਆਪਣੇ ਬੁੱਢੇ ਪਤੀ ਨੂੰ
ਤਲਾਕ ਦੇ ਕੇ ਆਪਣੀ ਮਨਮਰਜ਼ੀ ਦਾ ਵਿਆਹ ਕਰਵਾਉਂਦੀ ਨਹੀਂ ਦਿਖਾਇਆ ਗਿਆ ਸਗੋਂ ਉਸ ਦੇ ਬੁੱਢੇ
ਪਤੀ ਵਲੋਂ ਖੁਦਕਸ਼ੀ ਕਰਨਾ ਦਿਖਾਇਆ ਗਿਆ ਹੈ ਤਾਂ ਕਿ ਨਿਰਮਲਾ ਦੂਸਰਾ ਵਿਆਹ ਕਰਵਾ ਸਕੇ।
ਭਾਰਤੀ ਸਮਾਜ ਦੀਆਂ ਉਸ ਸਮੇਂ ਦੀਆਂ ਸਥਿਤੀਆਂ ਅਨੁਸਾਰ ਨਿਰਮਲਾ ਵਲੋਂ ਤਲਾਕ ਲੈ ਲੈਣ ਵਾਲਾ
ਹੱਲ ਹੋਣਾ ਅਸੰਭਵ ਸੀ ਇਸ ਲਈ ਫਿਲਮ ਵਿੱਚ ਅਜਿਹਾ ਨਹੀਂ ਕੀਤਾ ਗਿਆ। ਹੋ ਸਕਦਾ ਹੈ ਕਿ ਇਸ
ਤਰ੍ਹਾਂ ਦਾ ਹੱਲ ਦਿਖਾਉਣ ਨਾਲ ਫਿਲਮ ਆਪਣੇ ਆਪ ਨੂੰ ਦਰਸ਼ਕਾਂ ਤੋਂ ਦੂਰ ਕਰ ਲੈਂਦੀ ਅਤੇ
ਉਹਨਾਂ ਉੱਤੇ ਕੋਈ ਪ੍ਰਭਾਵ ਪਾਉਣ ਤੋਂ ਅਸਫਲ ਰਹਿੰਦੀ।
ਦੂਸਰੀ ਸੰਸਾਰ ਜੰਗ (1939-1945) ਦੌਰਾਨ ਅਤੇ ਇਕਦਮ ਬਾਅਦ ਵਿੱਚ ਭਾਰਤੀ ਫਿਲਮੀ ਸਨਅਤ ਵਿੱਚ
ਨਵੀਂਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਵਪਾਰੀ ਜਿਹਨਾਂ ਨੇ ਜੰਗ ਦੇ ਦੌਰਾਨ ਕਾਫੀ
ਧਨ ਕਮਾਇਆ ਸੀ, ਫਿਲਮ ਸਨਅਤ ਵਿੱਚ ਪ੍ਰੋਡਿਊਸਰਾਂ ਵਜੋਂ ਦਾਖਲ ਹੋਣ ਲੱਗੇ। ਨਤੀਜੇ ਵਜੋਂ
ਫਿਲਮ ਸਟੂਡੀਓ ਰਾਹੀਂ ਹੋ ਰਿਹਾ ਫਿਲਮ ਨਿਰਮਾਣ ਖਤਮ ਹੋਣ ਲੱਗਾ ਅਤੇ ਅਜ਼ਾਦ ਪ੍ਰੋਡਿਊਸਰ
ਹੋਂਦ ਵਿੱਚ ਆਉਣ ਲੱਗੇ। ਸਟਾਰ ਸਿਸਟਮ ਸਥਾਪਤ ਹੋਣਾ ਸ਼ੁਰੂ ਹੋ ਗਿਆ। ਜੰਗ ਦੌਰਾਨ ਕਮਾਏ
ਪੈਸੇ ਨਾਲ ਫਿਲਮਾਂ ਬਣਾਉਣ ਵਲ ਰੁਚਿਤ ਪ੍ਰੋਡਿਊਸਰਾਂ ਦਾ ਫਿਲਮਾਂ ਬਣਾਉਣ ਪਿੱਛੇ ਸਿਰਫ ਇਕੋ
ਇਕ ਮਕਸਦ ਸੀ- ਫਿਲਮਾਂ ਰਾਹੀਂ ਵੱਧ ਤੋਂ ਵੱਧ ਪੈਸਾ ਕਮਾਉਣਾ। ਇਸ ਮਕਸਦ ਲਈ “ਸੁਹਣੀਆਂ
ਕੁੜੀਆਂ, ਚਟਕ-ਮਟਕ ਨਾਚ, ਰੋਮਾਂਸ, ਸ਼ਰਾਰਤ, ਸਹਿੰਦੀ ਸਹਿੰਦੀ ਅਸ਼ਲੀਲਤਾ ਅਤੇ ਨਗਨਤਾ” ਦੇ
ਆਧਾਰ ‘ਤੇ ਇਕ ਨਵਾਂ ਫਾਰਮੂਲਾ ਹੋਂਦ ਵਿੱਚ ਆ ਰਿਹਾ ਸੀ। (11) ਪਰ ਉਸ ਸਮੇਂ ਵੀ ਕੁਝ ਲੋਕ
ਯਥਾਰਥਵਾਦੀ ਫਿਲਮਾਂ ਬਣਾਉਣ ਬਾਰੇ ਸੋਚ ਰਹੇ ਸਨ। ਇਸ ਸੰਬੰਧ ਵਿੱਚ ਬਲਰਾਜ ਸਾਹਨੀ ਆਪਣੀ
ਫਿਲਮੀ ਆਤਮਕਥਾ ਵਿੱਚ ਚੇਤਨ ਆਨੰਦ ਦੀ ਗੱਲ ਕਰਦਾ ਹੈ। ਚੇਤਨ ਆਨੰਦ ਉਸ ਸਮੇਂ ਆਪਣੀ ਫਿਲਮ
“ਨੀਚਾ ਨਗਰ” ਦੀ ਕਹਾਣੀ ‘ਤੇ ਕੰਮ ਕਰ ਰਿਹਾ ਸੀ। ਇਸ ਫਿਲਮ ਵਿੱਚ ਉਹ ਯਥਾਰਥਵਾਦੀ ਢੰਗ ਨਾਲ
ਦੇਸ਼ ਦੇ ਵੱਖ ਵੱਖ ਵਰਗਾਂ ਦੀ ਟੱਕਰ ਦਿਖਾਉਣੀ ਚਾਹੁੰਦਾ ਸੀ। ਉਸ ਦਾ ਵਿਚਾਰ ਸੀ, “ਏਸ ਵੇਲੇ
ਆਜ਼ਾਦ ਪ੍ਰੋਡਿਊਸਰ ਹੋਂਦ ਵਿੱਚ ਆਇਆ ਏ। ਏਸ ਅਸਥਿਰ ਜਹੀ ਪਰਿਸਥਤੀ ਦੀਆਂ ਆਸ਼ਾਵਾਦੀ
ਸੰਭਾਵਨਾਵਾਂ ਵੀ ਹਨ। ਏਸ ਵੇਲੇ ਗੁਣਵਾਨ, ਸੁਸਿਖਅਤ ਤੇ ਪ੍ਰਗਤੀਸ਼ੀਲ ਲੋਕ ਜੇ ਹਿੰਮਤ ਕਰਨ
ਤਾਂ ਇੰਡਸਟਰੀ ਨੂੰ ਪਹਿਲਾਂ ਤੋਂ ਵੀ ਕਿਤੇ ਜਿ਼ਆਦਾ ਪ੍ਰਬਲ ਮੋੜ ਦੇ ਸਕਦੇ ਹਨ। ਜੇ ਇਸ ਮੌਕੇ
ਉੱਤੇ ਅਸੀਂ ਖੁੰਝ ਗਏ, ਤਾਂ ਮੈਦਾਨ ਪੂਰੀ ਤਰ੍ਹਾਂ ਮਿਆਰ-ਡੇਗੂ ਮਨੋਰੰਜਨਵਾਦੀਆਂ ਦੇ ਹੱਥ
ਵਿੱਚ ਆ ਜਾਵੇਗਾ।” (12)
ਨੀਚਾ ਨਗਰ 1946 ਵਿੱਚ ਮੁਕੰਮਲ ਹੋਈ। ਇਹ ਫਿਲਮ ਕਾਨਜ਼ ਫਿਲਮ ਫੈਸਟੀਵਲ ਵਿੱਚ ਇਨਾਮ ਜਿੱਤਣ
ਵਾਲੀ ਪਹਿਲੀ ਹਿੰਦੀ ਫਿਲਮ ਸੀ। ਇਸ ਫਿਲਮ ਵਿੱਚ ਚੇਤਨ ਆਨੰਦ ਨੇ ਸਰਮਾਏਦਾਰਾਂ ਅਤੇ ਗਰੀਬਾਂ
ਦੀ ਟੱਕਰ ਨੂੰ ਪੇਸ਼ ਕੀਤਾ ਹੈ। ਅਮੀਰ ਇਲਾਕੇ ‘ਊਂਚਾ ਨਗਰ’ ਦੇ ਸਰਮਾਏਦਾਰ ਡਿਵੈਲਪਰ ਸਰਕਾਰ
ਨੇ ਨਵੀਂ ਜ਼ਮੀਨ ਖ੍ਰੀਦੀ ਹੈ ਜਿਸ ਵਿੱਚ ਉਹ ਇਮਾਰਤ ਉਸਾਰੀ ਕਰਨਾ ਚਾਹੁੰਦਾ ਹੈ। ਇਸ ਇਮਾਰਤ
ਉਸਾਰੀ ਦੇ ਪ੍ਰੌਜੈਕਟ ਨੂੰ ਮੁਕੰਮਲ ਕਰਕੇ ਉਸ ਦੀ ਵੱਡਾ ਮੁਨਾਫਾ ਕਮਾਉਣ ਦੀ ਯੋਜਨਾ ਹੈ। ਪਰ
ਇਸ ਪ੍ਰੌਜੈਕਟ ਦੇ ਸਿਰੇ ਚੜ੍ਹਨ ਵਿੱਚ ਇਕ ਮੁਸ਼ਕਿਲ ਹੈ। ਉਸ ਵਲੋਂ ਖ੍ਰੀਦੀ ਜ਼ਮੀਨ ਵਿੱਚ ਦੀ
ਇਕ ਗੰਦਾ ਨਾਲਾ ਵਗਦਾ ਹੈ। ਜਿੰਨਾ ਚਿਰ ਉਹ ਗੰਦਾ ਨਾਲਾ ਉਸ ਦੀ ਜ਼ਮੀਨ ਵਿੱਚੋਂ ਦੀ ਲੰਘਦਾ
ਹੈ, ਉਨੀ ਦੇਰ ਤੱਕ ਉੱਥੇ ਉਸਾਰੀ ਨਹੀਂ ਹੋ ਸਕਦੀ। ਇਸ ਲਈ ਇਸ ਗੰਦੇ ਨਾਲੇ ਦਾ ਕੋਈ ਨਾ ਕੋਈ
ਹੱਲ ਲੱਭਣਾ ਜ਼ਰੁਰੀ ਹੈ।
ਸਰਕਾਰ ਇਸ ਸਮੱਸਿਆ ਦਾ ਹੱਲ ਛੇਤੀ ਹੀ ਲੱਭ ਲੈਂਦਾ ਹੈ। ਉਹ ਪੈਸੇ ਦੇ ਜ਼ੋਰ ਨਾਲ ਮਿਉਂਸਪਲ
ਕਾਉਂਸਲ ਤੋਂ ਇਹ ਫੈਸਲਾ ਕਰਵਾ ਲੈਂਦਾ ਹੈ ਕਿ ਗੰਦੇ ਨਾਲੇ ਦਾ ਰੁੱਖ ਮੋੜ ਦਿੱਤਾ ਜਾਵੇ ਅਤੇ
ਨਾਲਾ ਸਰਕਾਰ ਦੀ ਜ਼ਮੀਨ ਵਿੱਚ ਦੀ ਲੰਘਣ ਦੀ ਥਾਂ ‘ਨੀਚਾ ਨਗਰ’ ਵਿੱਚ ਦੀ ਲੰਘੇ। ਗੰਦੇ ਨਾਲੇ
ਦੇ ਵਹਿਣ ਦਾ ਬਦਲਿਆ ਇਹ ਰੁੱਖ ਜਿੱਥੇ ਸਰਕਾਰ ਲਈ ਹੋਰ ਦੌਲਤ ਕਮਾਉਣ ਦਾ ਰਾਹ ਖੋਲ੍ਹ
ਦੇਵੇਗਾ, ਉੱਥੇ ਇਹ ਨੀਚਾ ਨਗਰ ਦੇ ਲੋਕਾਂ ‘ਤੇ ਬਹੁਤ ਹੀ ਮਾਰੂ ਅਸਰ ਪਾਏਗਾ। ‘ਨੀਚਾ ਨਗਰ’
ਵਿੱਚ ਦੀ ਨਾਲਾ ਲੰਘਣ ਨਾਲ ਉੱਥੋਂ ਦੇ ਨਿਵਾਸੀਆਂ ਦੇ ਘਰ-ਵਾਰ ਦਾ ਉਜਾੜਾ ਹੋਣ ਦੇ ਨਾਲ ਨਾਲ
ਨਗਰ ਵਿੱਚ ਬੀਮਾਰੀ ਫੈਲਣ ਦਾ ਖਤਰਾ ਬਣ ਜਾਏਗਾ।
ਇਸ ਸਥਿਤੀ ਨੂੰ ਦੇਖਦਿਆਂ ‘ਨੀਚਾ ਨਗਰ’ ਦੇ ਲੋਕ ਗੰਦੇ ਨਾਲੇ ਦਾ ਵਹਿਣ ਬਦਲਣ ਦੇ ਫੈਸਲੇ ਦਾ
ਵਿਰੋਧ ਕਰਨ ਦਾ ਨਿਰਣਾ ਕਰਦੇ ਹਨ। ਫਿਲਮ ਨੀਚਾ ਨਗਰ ਦੀ ਕਹਾਣੀ ਇਸ ਜੱਦੋਜਹਿਦ ਦੀ ਕਹਾਣੀ
ਹੈ। ਇਸ ਵਿੱਚ ਇਕ ਪਾਸੇ ਸਰਮਾਏਦਾਰ ਸਰਕਾਰ ਦੀ ਹੈਂਕੜ ਅਤੇ ਹੋਰ ਦੌਲਤ ਕਮਾਉਣ ਲਈ ਆਪਣੀ
ਪਹਿਲੀ ਦੌਲਤ ਦੀ ਦੁਰਵਰਤੋਂ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ਉਹ ਆਪਣੇ ਹਿਤਾਂ
ਦੀ ਸੁਰੱਖਿਆ ਲਈ ਸਿਆਸੀ ਲੋਕਾਂ, ਮੀਡੀਆ ਅਤੇ ‘ਨੀਚਾ ਨਗਰ’ ਦੇ ‘ਖ੍ਰੀਦੇ ਜਾ ਸਕਣ ਵਾਲੇ
ਲੋਕਾਂ’ ਨੂੰ ਖ੍ਰੀਦਣ ਲਈ ਆਪਣੀ ਦੌਲਤ ਦੀ ਅਥਾਹ ਵਰਤੋਂ ਕਰਦਾ ਹੈ। ਦੂਸਰੇ ਪਾਸੇ ‘ਨੀਚਾ
ਨਗਰ’ ਦੇ ਲੋਕਾਂ ਵਲੋਂ ਜਿ਼ੰਦਾ ਰਹਿਣ ਦੀ ਆਪਣੀ ਲੜਾਈ ਨਾਲ ਪ੍ਰਤੀਬੱਧਤਾ ਅਤੇ ਕੁਰਬਾਨੀ ਦੀ
ਭਾਵਨਾ ਨੂੰ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ‘ਨੀਚਾ ਨਗਰ’ ਦਾ ਇਕ ਪਾਤਰ
ਕਹਿੰਦਾ ਹੈ:
ਜੋ ਡਰ ਕਰ ਏਕ ਵਾਰ ਭਾਗੇਗਾ, ਉਸ ਕੇ ਲਿਏ ਫਿਰ ਕਹੀਂ ਡਰ ਸੇ ਛੁਟਕਾਰਾ ਨਹੀਂ।ਇਸ ਡਰ ਪਰ
ਫਤਿਹ ਪਾ ਲਉ। ਡਰੇਂ ਵੁਹ ਜੋ ਜ਼ੁਲਮ ਕਰਤੇ ਹੈਂ। ਜਿਤਨਾ ਜ਼ੁਲਮ ਕਰਤੇ ਹੈਂ, ਉਤਨਾ ਹੀ ਉਨ
ਕੇ ਦਿਲ ਮੇਂ ਡਰ ਬੜਤਾ ਹੈ ਔਰ ਉਤਨਾ ਹੀ ਔਰ ਜ਼ੁਲਮ ਕਰਤੇ ਹੈਂ। ਏਕ ਵਾਰ ਡੱਟ ਜਾਉ, ਫਿਰ ਡਰ
ਉਨਕੋ ਡਰਾਏਗਾ।(13)

ਨਤੀਜੇ ਵਜੋਂ ‘ਨੀਚਾ ਨਗਰ’ ਦੇ ਲੋਕ ਇਸ ਬੇਇਨਸਾਫੀ ਵਿਰੁੱਧ ਜੱਦੋਜਹਿਦ ਸ਼ੁਰੂਆਤ ਕਰਦੇ ਹਨ।
ਪਰ ਇਹ ਜੱਦੋਜਹਿਦ ਏਨੀ ਸੁਖਾਲੀ ਨਹੀਂ। ਜੇ ‘ਨੀਚਾ ਨਗਰ’ ਦੇ ਲੋਕਾਂ ਨੇ ਇਸ ਲੜਾਈ ਵਿੱਚ
ਜਿੱਤਣਾ ਹੈ ਤਾਂ ਉਹਨਾਂ ਨੂੰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਏਗਾ। ਫਿਲਮ
ਦਿਖਾਉਂਦੀ ਹੈ ਕਿ ਲੋਕ ਇਕੱਠੇ ਹੋ ਕੇ ਇਕ ਦੂਸਰੇ ਦੇ ਆਸਰੇ ਇਹ ਕੁਰਬਾਨੀ ਦੇਣ ਲਈ ਤਿਆਰ ਹਨ।
ਉਸ ਸਮੇਂ ਚੇਤਨ ਆਨੰਦ ਮਾਰਕਸਵਾਦ ਅਤੇ ਰੂਸ ਦੇ ਇਨਕਲਾਬ ਤੋਂ ਪ੍ਰਭਾਵਤ ਸੀ ਅਤੇ ਉਸ ਨੇ ਇਸ
ਫਿਲਮ ਦੀ ਕਹਾਣੀ ਦੀ ਪ੍ਰੇਰਣਾ ਮੈਕਸਿਮ ਗੋਰਕੀ ਦੇ ਨਾਵਲ “ਲੋਅਰ ਡੈਪਥਸ” ਤੋਂ ਲਈ ਸੀ। (14)
ਬੇਸ਼ੱਕ ਆਪਣੀਆਂ ਬਾਅਦ ਦੀਆਂ ਫਿਲਮਾਂ ਵਿੱਚ ਚੇਤਨ ਆਨੰਦ ਇਸ ਤਰ੍ਹਾਂ ਦੀ ਫਿਲਮਕਾਰੀ ਨੂੰ
ਕਾਇਮ ਨਹੀਂ ਰੱਖ ਸਕਿਆ ਪਰ ਨੀਚਾ ਨਗਰ ਸਮਾਜਕ ਬੇਇਨਸਾਫੀ ਨਾਲ ਸਰੋਕਾਰ ਰੱਖਣ ਵਾਲੀਆਂ ਫਿਲਮਾ
ਵਿੱਚੋਂ ਇਕ ਮਹੱਤਵਪੂਰਨ ਫਿਲਮ ਹੈ ਅਤੇ ਇਸ ਵਿੱਚ ਪੇਸ਼ ਕੀਤਾ ਗਿਆ ਵਿਸ਼ਾ ਵਸਤੂ ਅੱਜ ਵੀ
ਉਨਾ ਹੀ ਪ੍ਰਸੰਗਕ ਹੈ ਜਿੰਨਾ ਇਹ 1946 ਵਿੱਚ ਸੀ ਕਿਉਂਕਿ ਅੱਜ ਵੀ ਸਾਡੇ ਸਮਾਜ ਵਿੱਚ ‘ਊਂਚਾ
ਨਗਰ’ ਅਤੇ ‘ਨੀਚਾ ਨਗਰ’ ਵਿਚਕਾਰ ਫਰਕ ਹੈ। ਸਰਮਾਏ ਦੇ ਵਿਸ਼ਵੀਕਰਨ ਦੇ ਦੌਰ ਵਿੱਚ ‘ਊਂਚਾ
ਨਗਰ’ ਅਤੇ ‘ਨੀਚਾ ਨਗਰ’ ਵਿਚਕਾਰਲੀ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਅੱਜ ਵੀ
ਸਰਮਾਏਦਾਰ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਆਪਣੇ ਮੁਨਾਫੇ ਲਈ ਵਾਤਾਵਰਨ ਵਿੱਚ ਇਸ ਤਰ੍ਹਾਂ
ਦਾ ਪ੍ਰਦੂਸ਼ਨ ਫੈਲਾ ਰਹੀਆਂ ਹਨ ਜੋ ਆਮ ਲੋਕਾਂ ਲਈ ਘਾਤਕ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ।
ਇਹ ਫਿਲਮ ਸਾਨੂੰ ਕਾਰਪੋਰੇਸ਼ਨਾਂ ਦੇ ਮੁਨਾਫੇ ਅਤੇ ਵਾਤਾਵਰਨ ਦੇ ਨੁਕਸਾਨ ਵਿਚਲਾ ਰਿਸ਼ਤਾ
ਸਮਝਣ ਵਿੱਚ ਮਦਦਗਾਰ ਹੋ ਸਕਦੀ ਹੈ ਅਤੇ ਇਸ ਰਿਸ਼ਤੇ ਕਾਰਨ ਲੋਕਾਂ ਦੇ ਜੀਵਨ ਉੱਤੇ ਪੈਣ ਵਾਲੇ
ਭੈੜੇ ਅਸਰਾਂ ਦਾ ਖਾਤਮਾ ਕਰਨ ਲਈ ਚੱਲਦੀ ਜੱਦੋਜਹਿਦ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਦੇ
ਸਕਦੀ ਹੈ।
ਬੰਗਾਲ ਦੇ ਕਾਲ ‘ਤੇ ਬਣੀ ਫਿਲਮ ਧਰਤੀ ਕੇ ਲਾਲ (1946) ਇੰਡੀਅਨ ਪੀਪਲਜ਼ ਆਰਟਿਸਟ
ਐਸੋਸੀਏਸ਼ਨ (ਇਪਟਾ) ਵਲੋਂ ਬਣਾਈ ਗਈ ਸੀ। ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਸਨ ਖ਼ਵਾਜਾ
ਅਹਿਮਦ ਅਬਾਸ ਅਤੇ ਨਾਇਕ ਦਾ ਰੋਲ ਬਲਰਾਜ ਸਾਹਨੀ ਨੇ ਕੀਤਾ ਸੀ ਅਤੇ ਸੰਗੀਤ ਦਿੱਤਾ ਸੀ ਰਵੀ
ਸ਼ੰਕਰ ਨੇ। ਫਿਲਮ ਦੀ ਕਹਾਣੀ ਬਿਜੋਨ ਭੱਟਾਚਾਰੀਆ ਦੇ ਦੋ ਨਾਟਕਾਂ ‘ਜ਼ਬਾਨ-ਬੰਦੀ’ ਅਤੇ
‘ਨੱਬਾਨੋ’ ਅਤੇ ਕ੍ਰਿਸ਼ਨ ਚੰਦਰ ਦੇ ਨਾਵਲ ‘ਅੰਨ-ਦਾਤਾ’ ‘ਤੇ ਆਧਾਰਿਤ ਸੀ। ਯੂਨੀਵਰਸਿਟੀ ਆਫ
ਕੈਲੇਫੋਰਨੀਆ ਪ੍ਰੈਸ ਵਲੋਂ 1987 ਵਿੱਚ ਛਾਪੀ ਗਈ ਡਿਕਸ਼ਨਰੀ ਆਫ ਫਿਲਮਜ਼ ਵਿੱਚ ਜਾਰਜ ਸੈਡੋਲ
ਨੇ ਇਸ ਫਿਲਮ ਬਾਰੇ ਲਿਖਿਆ ਹੈ, ਕਿ ਇਸ ਫਿਲਮ ਵਿੱਚ ਕਿਸਾਨਾਂ ਦੀ ਗਰੀਬੀ ਅਤੇ ਬੰਗਾਲ ਦੇ
ਕਾਲ ਦੌਰਾਨ ਕੁਝ ਕੁ ਭਾਰਤੀਆਂ ਵਲੋਂ ਜੀਏ ਜਾ ਰਹੇ ਐਸ਼ਪ੍ਰਸਤ ਜੀਵਨ ਦਾ ਯਾਦ ਰੱਖਣ ਯੋਗ
ਮੁਕਾਬਲਾ ਕੀਤਾ ਗਿਆ ਹੈ। (15) ਬਲਰਾਜ ਸਾਹਨੀ ਅਨੁਸਾਰ “ਫਿਲਮ ਦੇ ਹਰ ਦ੍ਰਿਸ਼ ਵਿੱਚ
ਸਚਿਆਈ, ਦਿਆਨਤਦਾਰੀ ਤੇ ਮਨੁੱਖੀ ਭਾਵਨਾ ਉਘੜ ਰਹੀ ਸੀ।” (16) ਫਿਲਮ ਰੀਲੀਜ਼ ਹੋਣ ਵਾਲੇ
ਦਿਨ ਬੰਬਈ ਵਿੱਚ ਫਿਰਕੂ ਫਸਾਦ ਭੜਕ ਪਏ। ਕਰਫਿਊ ਲੱਗ ਗਿਆ। ਪਹਿਲਾ ਸ਼ੋਅ ਫੁੱਲ ਗਿਆ। ਉਸ
ਦਿਨ ਦੇ ਦੂਸਰੇ ਸ਼ੋਅ ਵੀ ਪੂਰੀ ਤਰ੍ਹਾਂ ਬੁੱਕ ਸਨ ਪਰ ਫਸਾਦਾਂ ਕਾਰਨ ਦੂਸਰਾ ਸ਼ੋਅ ਸ਼ੁਰੂ
ਹੀ ਨਾ ਹੋ ਸਕਿਆ। ਬੇਸ਼ੱਕ ਫਸਾਦ ਤਾਂ ਕੁਝ ਦਿਨਾਂ ਬਾਅਦ ਹੱਟ ਗਏ ਪਰ ਸਹਿਮ ਦੇ ਮਾਰੇ ਲੋਕ
ਕਈ ਦਿਨ ਫਿਲਮਾਂ ਦੇਖਣ ਨਾ ਆਏ। ਨਤੀਜੇ ਵਜੋਂ ਫਿਲਮ ਵਪਾਰਕ ਪੱਧਰ ਉੱਤੇ ਕਾਮਯਾਬ ਨਾ ਹੋ
ਸਕੀ। ਉਸ ਹਫਤੇ ਰਿਲੀਜ਼ ਹੋਣ ਵਾਲੀਆਂ ਸਾਰੀਆਂ ਫਿਲਮਾਂ ਦਾ ਇਹ ਹੀ ਹਾਲ ਹੋਇਆ। (17)
ਬੇਸ਼ੱਕ ਧਰਤੀ ਕੇ ਲਾਲ ਵਪਾਰਕ ਪੱਧਰ ‘ਤੇ ਕਾਮਯਾਬ ਨਹੀਂ ਹੋਈ, ਪਰ ਅੰਤਰਰਾਸ਼ਟਰੀ ਪੱਧਰ ‘ਤੇ
ਇਸ ਨੂੰ ਭਰਵਾਂ ਹੁੰਗਾਰਾ ਮਿਲਿਆ। ਸੋਵੀਅਤ ਯੂਨੀਅਨ ਵਿੱਚ ਦਿਖਾਈ ਜਾਣ ਵਾਲੀ ਇਹ ਪਹਿਲੀ
ਹਿੰਦੀ ਫਿਲਮ ਸੀ। ਲੰਡਨ ਅਤੇ ਪੈਰਿਸ ਵਿੱਚ ਵੀ ਇਸ ਦੇ ਸ਼ੋਅ ਹੋਏ। (18) ਇੰਗਲੈਂਡ ਦੀ
ਪੁਸਤਕ ਮਾਲਾ ਪੈਂਗੁਇਨ ਨੇ ਧਰਤੀ ਕੇ ਲਾਲ ਨੂੰ ਫਿਲਮ ਇਤਿਹਾਸ ਦੀ ਇਕ ਅਹਿਮ ਫਿਲਮ ਕਿਹਾ।
ਇਸ ਫਿਲਮ ਨੂੰ ਬਣਾਉਣ ਦਾ ਤਜਰਬਾ ਬੰਬਈ ਵਿੱਚ ਉਸ ਸਮੇਂ ਬਣ ਰਹੀਆਂ ਫਿਲਮਾਂ ਤੋਂ ਬਹੁਤ
ਵੱਖਰਾ ਸੀ। ਫਿਲਮ ਦਾ ਨਿਰਦੇਸ਼ਕ, ਕਲਾਕਾਰ ਅਤੇ ਤਕਨੀਸ਼ਨ ਫਿਲਮ ਦੇ ਵੱਖ ਵੱਖ ਸੀਨਾਂ ਅਤੇ
ਪਹਿਲੂਆਂ ਬਾਰੇ ਲੰਮੀਆਂ ਲੰਮੀਆਂ ਬਹਿਸਾਂ ਕਰਦੇ। ਫਿਲਮ ਵਿੱਚ ਕੰਮ ਕਰ ਰਹੇ ਮਜ਼ਦੂਰ ਵੀ
ਫਿਲਮ ਦੇ ਸੀਨਾਂ ਬਾਰੇ ਸਲਾਹ ਦੇਣ ਲੱਗੇ ਝਿਜਕ ਮਹਿਸੂਸ ਨਾ ਕਰਦੇ। ਬਲਰਾਜ ਸਾਹਨੀ ਨੇ ਆਪਣੀ
ਫਿਲਮੀ ਆਤਮਕਥਾ ਵਿੱਚ ਇਸ ਤਜਰਬੇ ਬਾਰੇ ਬਹੁਤ ਵਿਸਥਾਰ ਨਾਲ ਗੱਲ ਕੀਤੀ ਹੈ। ਉਸ ਵਿੱਚੋਂ ਕੁਝ
ਕੁ ਗੱਲਾਂ ਪੇਸ਼ ਹਨ:
ਸੱਚ ਤਾਂ ਇਹ ਹੈ ਕਿ ਪਰੋਲਤਾਰੀ ਸੂਝ-ਬੂਝ ਰੱਖਣ ਵਾਲੇ ਮਜ਼ਦੂਰ ਸਾਡੀ ਫਿਲਮ ਨੂੰ ਆਪਣੀ
ਹੀ ਗਿਣਨ ਲੱਗ ਪਏ ਸਨ। ਕਮਿਊਨਿਸਟ ਪਾਰਟੀ, ਟਰੇਡ ਯੂਨੀਅਨਾਂ, ਤੇ ਕਿਸਾਨ ਸਭਾ ਦੀ ਹਿਦਾਇਤ
ਹੇਠ ਸੈਂਕੜੇ ਕਿਸਾਨ, ਮਜ਼ਦੂਰ, ਤੀਵੀਂਆਂ, ਮਰਦ ਤੇ ਬੱਚੇ ਨਿੱਕੇ-ਨਿੱਕੇ ਪਾਰਟ ਕਰਨ ਲਈ
ਬਿਲਾ-ਮੁਆਵਜ਼ਾ ਅੰਦਰੂਨੀ ਤੇ ਬੈਰੂਨੀ ਸ਼ੂਟਿੰਗ ਵਿੱਚ ਸ਼ਾਮਲ ਹੁੰਦੇ ਸਨ। ਬੰਗਾਲੀ ਕਿਸਾਨਾਂ
ਦੇ ਪਿੰਡ ਛੱਡ ਕੇ ਸ਼ਹਿਰ ਵਲ ਪ੍ਰਵਾਸ ਕਰਨ ਦੇ ਸੀਨ ਵਿੱਚ ਹਜ਼ਾਰਾ ਕਿਸਾਨਾਂ ਨੇ ਭਾਗ ਲਿਆ
ਸੀ। ਸਵੇਰੇ ਚਾਰ ਵਜੇ ਤੋਂ ਇਪਟਾ ਦੀਆਂ ਬੰਗਾਲਣ ਕੁੜੀਆਂ ਨੇ ਪੇਂਡੂ ਮਰਾਠਣਾ ਨੂੰ ਬੰਗਾਲੀ
ਢੰਗ ਨਾਲ ਧੋਤੀ ਬੰਨਣਾ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ। ਚਾਰ ਦਿਨ ਤੱਕ ਕਾਪੜਨੇ ਪਿੰਡ ਦੇ
ਕਿਸਾਨਾਂ ਨੇ ਨਾ ਕੇਵਲ ਸਾਨੂੰ ਪੈਲੀਆਂ ਵਿੱਚ ਊਧਮ ਮਚਾਉਣ ਦੀ ਛੁੱਟੀ ਦਿੱਤੀ ਰੱਖੀ, ਸਗੋਂ
ਪ੍ਰਾਹੁਣਿਆਂ ਵਾਂਗ ਖੁਆਇਆ ਪਿਆਇਆ ਵੀ। (19)
ਫਿਲਮ ਬਣਾਉਣ ਦੇ ਇਸ ਤਰ੍ਹਾਂ ਦੇ ਤਜਰਬੇ ਨੇ ਜਿੱਥੇ ਫਿਲਮ ਦੇ ਨਿਰਮਾਣ ਨਾਲ ਸੰਬੰਧਤ ਆਮ
ਲੋਕਾਂ ਵਿੱਚ ਇਕ ਤਰ੍ਹਾਂ ਦਾ ਉਤਸ਼ਾਹ ਵੀ ਭਰਿਆ, ਉੱਥੇ ਫਿਲਮ ਯੂਨਿਟ ਦੇ ਮੈਂਬਰਾਂ ਵਿੱਚਕਾਰ
ਕਈ ਤਰ੍ਹਾਂ ਦੇ ਮੱਤਭੇਦ ਵੀ ਪੈਦਾ ਕਰ ਦਿੱਤੇ। ਨਤੀਜਾ ਇਹ ਹੋਇਆ ਕਿ ਧਰਤੀ ਦੇ ਲਾਲ ਦੇ
ਨਿਰਮਾਣ ਤੋਂ ਬਾਅਦ ਇਪਟਾ ਹੋਰ ਫਿਲਮਾਂ ਨਿਰਮਾਣ ਕਰਨ ਦਾ ਕਾਰਜ ਜਾਰੀ ਨਾ ਰੱਖ ਸਕੀ। (20)
ਜਿ਼ਆ ਸਰਹੱਦੀ ਵਲੋਂ ਨਿਰਦੇਸ਼ਤ ਫਿਲਮ ਹਮ ਲੋਗ (1951) ਸ਼ਹਿਰ ਵਿੱਚ ਰਹਿ ਰਹੇ ਇਕ ਗਰੀਬ
ਪਰਿਵਾਰ ਦੀ ਕਹਾਣੀ ਹੈ। ਪਰਿਵਾਰ ਦਾ ਮੁਖੀ 80 ਰੁਪਏ ਮਾਸਕ ਤਨਖਾਹ ਲੈਣ ਵਾਲਾ ਮੁਨੀਮ ਹੈ।
ਉਸ ਤੋਂ ਬਿਨਾਂ ਇਸ ਪਰਿਵਾਰ ਵਿੱਚ ਉਸ ਦੀ ਪਤਨੀ, ਉਸ ਦਾ ਨੌਜਵਾਨ ਪੁੱਤਰ ਰਾਜ, ਮੁਟਿਆਰ ਧੀ
ਪਾਰੋ ਅਤੇ ਇਕ ਅੱਠ ਦਸ ਸਾਲ ਦਾ ਛੋਟਾ ਪੁੱਤਰ ਹੈ। ਨੌਜਵਾਨ ਪੁੱਤਰ ਬੇਰੁਜ਼ਗਾਰ ਹੈ ਅਤੇ ਧੀ
ਟੀ ਬੀ ਦੀ ਮਰੀਜ਼। ਇਸ ਪਰਿਵਾਰ ਦੀ ਗਰੀਬੀ, ਬੇਰੁਜ਼ਗਾਰੀ ਅਤੇ ਬੀਮਾਰੀ ਭਰੀ ਜਿ਼ੰਦਗੀ
ਹਿੰਦੁਸਤਾਨ ਦੇ ਉਸ ਸਮੇਂ ਦੇ ਆਮ ਲੋਕਾਂ ਦੀ ਜਿ਼ੰਦਗੀ ਦੀ ਪ੍ਰਤੀਨਿਧਤਾ ਕਰਦੀ ਹੈ। ਫਿਲਮ
ਵਿੱਚ ਇਹ ਕਹਿਣ ਦਾ ਯਤਨ ਕੀਤਾ ਗਿਆ ਹੈ ਕਿ ਸਮਾਜ ਵਿੱਚ ਇਮਾਨਦਾਰ ਅਤੇ ਗਰੀਬ ਲੋਕਾਂ ਦੀ
ਖੁਸ਼ੀ ਲਈ ਕੋਈ ਥਾਂ ਨਹੀਂ। ਸਮਾਜ ਵਿੱਚ ਜਾਂ ਤਾਂ ਉਹ ਲੋਕ ਖੁਸ਼ ਹਨ ਜਿਹਨਾਂ ਕੋਲ ਪੈਸਾ ਹੈ
ਅਤੇ ਜਾਂ ਉਹ ਜਿਹੜੇ ਭ੍ਰਿਸ਼ਟਾਚਾਰ ਕਰਦੇ ਹਨ। ਇਸ ਦੇ ਨਾਲ ਨਾਲ ਸਮਾਜ ਵਿੱਚ ਕਲਾ ਦੇ ਰੋਲ
ਬਾਰੇ ਵੀ ਟਿੱਪਣੀ ਕੀਤੀ ਗਈ ਹੈ। ਕੀ ਕਲਾਕਾਰ ਦਾ ਕੰਮ ਲੋਕਾਂ ਨੂੰ ਬੁੱਧੂ ਬਣਾ ਕੇ ਪੈਸਾ
ਕਮਾਉਣਾ ਹੈ ਜਾਂ ਕਲਾ ਰਾਹੀਂ ਲੋਕਾਂ ਦੇ ਦੁੱਖ ਦਰਦ ਪੇਸ਼ ਕਰਨਾ? ਇਸ ਸੰਬੰਧੀ ਇਕ ਵਪਾਰਕ
ਥਿਏਟਰ ਦੇ ਮਾਲਕ ਅਤੇ ਉਸ ਥਿਏਟਰ ‘ਚ ਕੰਮ ਕਰਦੇ ਇਕ ਆਦਰਸ਼ਵਾਦੀ ਐਕਟਰ ਵਿਚਕਾਰ ਕੁੱਝ ਇਸ
ਤਰ੍ਹਾਂ ਦਾ ਸੰਵਾਦ ਹੁੰਦਾ ਹੈ:
ਐਕਟਰ: ਆਚਾਰੀਆ ਸਾਹਿਬ ਆਪ ਇਸ ਨਾਟਕ ਕੋ ਦਿਲਲੱਗੀ ਨਾ ਸਮਝੋ, ਯੇਹ ਬਹੁਤ ਊਂਚਾ ਨਾਟਕ
ਹੈ, ਏਕ ਦਿਨ ਯਿਹ ਜ਼ਰੂਰ ਕਾਮਯਾਬ ਹੋਗਾ
ਆਚਾਰੀਆ: ਤੁਮ ਮੁਝ ਸੇ ਜਿ਼ਆਦਾ ਸਮਝਤੇ ਹੋ, ਤੁਮ ਕੋ ਕਿਆ ਮਾਲੂਮ ਕੇ ਪਬਲਿਕ ਕੋ ਕਿਆ
ਚਾਹੀਏ?
ਐਕਟਰ: ਆਪ ਹੀ ਬਤਾਈਏ ਕਿਆ ਚਾਹੀਏ ਪਬਲਿਕ ਕੋ।
ਆਚਾਰੀਆ: ਹਾਂ, ਪਬਲਿਕ ਕੋ ਕਿਆ ਚਾਹੀਏ। ਪਬਲਿਕ ਕੋ ਜਿਤਨਾ ਜਿ਼ਆਦਾ ਬੇਫਕੂਫ ਬਣਾਉਗੇ,
ਪਬਲਿਕ ਉਤਨੀ ਖੁਸ਼ ਹੋਗੀ ਸਮਝੇ। ਯਿਹ ਹੀ ਪਬਲਿਕ ਕਾ ਰਾਜ ਹੈ।
ਐਕਟਰ: ਯਿਹ ਪੈਸਵ ਰਾਜ ਹੈ ਆਚਾਰੀਆ ਸਾਹਿਬ। ਲੇਕਿਨ ਪਬਲਿਕ ਅਬ ਹੁਸਿ਼ਆਰ ਹੋਣੇ ਲਗੀ ਹੈ।
ਆਚਾਰੀਆ: ਹੂੰ, ਪਬਲਿਕ ਹੁਸਿ਼ਆਰ ਹੋਣੇ ਲਗੀ ਹੈ। ਜਿਸ ਦਿਨ ਪਬਲਿਕ ਹੁਸਿ਼ਆਰ ਹੋ ਗਈ ਮੈਂ
ਆਪਣੇ ਹੀ ਹਾਥੋਂ ਇਸ ਕੰਪਨੀ ਕੋ ਤਾਲਾ ਲਗਾ ਦੂੰਗਾ। ਔਰ ਮੈਂ ਆਪਣੀ ਇਸ ਸ਼ਾਨਦਾਰ ਮੂਛ ਕੋ
ਵੀਚ ਬਾਜ਼ਾਰ ਖੜ੍ਹੇ ਹੋ ਕੇ ਮੁੰਡਵਾ ਦੂੰਗਾ, ਹਾਂ। ਤੁਮ ਨਹੀਂ ਜਾਨਤੇ ਪਬਲਿਕ ਹਮੇਸ਼ਾਂ ਸੇ
ਬੇਫਕੂਫ ਹੈ ਔਰ ਭਗਵਾਨ ਕਰੇਗਾ ਹਮੇਸ਼ਾਂ ਬੇਫਕੂਫ ਰਹੇਗੀ। ਇਸੀ ਮੇਂ ਭਲਾ ਹੈ ਔਰ ਇਸੀ ਮੇਂ
ਦੌਲਤ ਹੈ।
ਐਕਟਰ: ਆਚਾਰੀਆ ਸਾਹਿਬ ਨਏਂ ਵਿਚਾਰ, ਨਈਂ ਇਤਲਾਹ, ਨਏਂ ਨਾਟਕ, ਜ਼ਮਾਨੇ ਕੀ ਨਈਂ ਰਫ਼ਤਾਰ ਔਰ
ਨਈਂ ਰੌਸ਼ਨੀ ਪੁਰਾਣੇ ਝੂਠ ਕੋ ਨੰਗਾ ਕਰਕੇ ਪਬਲਿਕ ਕੇ ਸਾਹਮਣੇ ਰੱਖ ਦੇਣੇ ਵਾਲੇ ਹੈਂ। ਔਰ
ਯਿਹ ਨਾਟਕ ਯਾਦ ਰੱਖੀਏਗਾ ਜ਼ਰੂਰ ਕਾਮਯਾਬ ਹੋਗਾ ਕਿਉਂਕਿ ਇਸ ਮੇਂ ਸਚਾਈ ਹੈ, ਆਦਰਸ਼ ਹੈ
ਗਰੀਬੋਂ ਕੀ ਬਿਪਤਾ ਹੈ, ਇਸ ਮੇਂ ਆਂਸੂ ਹੈਂ।
ਆਚਾਰੀਆ: ਹਾ ਹਾ ਹਾ ਹਾ… ਇਸੀ ਲੀਏ ਯਿਹ ਫੇਲ ਹੋ ਜਾਏਗਾ। ਪਬਲਿਕ ਖੇਲ ਤਮਾਸ਼ੇ ਮੇਂ ਰੋਣੇ
ਪੀਟਣੇ ਕੇ ਲੀਏ ਨਹੀਂ ਬਲਕਿ ਹੱਸਣੇ ਹਸਾਣੇ ਕੇ ਲੀਏ ਆਤੀ ਹੈ। ਸਮਝੇ। ਇਸ ਦਮੜੀ ਕੇ ਨਾਟਕ ਕੋ
ਫੇਂਕ ਦੋ ਔਰ ਜਲਤੇ ਹੂਏ ਨਾਚ ਗਾਣੇ ਬਣਾਉ ਔਰ ਅੱਛੀ ਅੱਛੀ ਨਮਕੀਨ ਲੜਕੀਆਂ ਢੂੰਡ ਕਰ ਲਾਉ।
ਝੂਠ ਕਹੋ ਔਰ ਝੂਠ ਕਹਿ ਕੇ ਦੁਨੀਆ ਕੋ ਖੂਬ ਬਣਾਉ। ਜਨਤਾ ਕਾ ਉਧਾਰ ਔਰ ਕਲਾ ਕੀ ਸੇਵਾ ਹਮਾਰਾ
ਧੰਧਾ ਨਹੀਂ, ਹਮਾਰਾ ਧੰਧਾ ਹੈ ਪੈਸਾ ਬਣਾਨਾ, ਪੈਸਾ।
ਐਕਟਰ: ਆਚਾਰੀਆ ਸਾਹਿਬ ਦਿਲ ਸੇ ਜੋ ਅਵਾਜ਼ ਉੱਠਤੀ ਹੈ, ਖਾਲੀ ਨਹੀਂ ਜਾਤੀ। (21)
ਸ਼ਾਇਦ ਇਸ ਸੰਵਾਦ ਨਾਲ ਫਿਲਮਕਾਰ ਭਾਰਤੀ ਸਿਨਮੇ ਵਿੱਚ ਵੱਧ ਰਹੇ ਵਪਾਰਕ ਰੁਝਾਨ ਬਾਰੇ
ਟਿੱਪਣੀ ਕਰ ਰਿਹਾ ਸੀ। ਫਿਲਮ ਦੇ ਅੰਤ ‘ਤੇ ਲੋਕਾਂ ਵਲੋਂ ਇਸ ਨਵੇਂ ਨਾਟਕ ਨੂੰ ਭਰਵਾਂ
ਹੁੰਗਾਰਾ ਮਿਲਦਾ ਦਿਖਾਇਆ ਗਿਆ ਹੈ ਅਤੇ ਆਖਰੀ ਗੀਤ - “ਗਾਏ ਚਲਾ ਜਾ, ਗਾਏ ਚਲਾ ਜਾ, ਇਕ ਦਿਨ
ਤੇਰਾ ਵੀ ਜ਼ਮਾਨਾ ਆਏਗਾ” - ਰਾਹੀਂ ਦਰਸ਼ਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸਿ਼ਸ਼ ਕੀਤੀ ਹੈ
ਕਿ ਉਹਨਾਂ ਦਾ ‘ਜ਼ਮਾਨਾ’ ਵੀ ਆਉਣ ਵਾਲਾ ਹੈ। ਉਹ ‘ਜ਼ਮਾਨਾ’ ਜਿਹੜਾ ਗਰੀਬ ਦਾ ‘ਜ਼ਮਾਨਾ’
ਹੋਵੇਗਾ ਅਤੇ ਉਸ ਦੇ ਦੁੱਖ ਦਰਦ ਬਿਆਨਣ ਵਾਲੀਆਂ ਕਲਾ ਕਿਰਤਾਂ ਦਾ ਵੀ।
ਫਿਲਮ ਰਿਲੀਜ਼ ਹੋਣ ਬਾਅਦ ਪਹਿਲੇ ਤਿੰਨ ਚਾਰ ਹਫਤੇ ਕੁਝ ਢਿੱਲੀ ਰਹੀ। ਪਰ ਬਾਅਦ ਵਿੱਚ ਉਸ ਨੇ
‘ਬੇਪਨਾਹ ਰਸ਼ ਫੜ ਲਿਆ’। ਬੰਬਈ ਦੇ ਲਿਬਰਟੀ ਸਿਨਮੇ ਦੇ ਕਰਮਚਾਰੀਆਂ ਨੂੰ ਇਹ ਫਿਲਮ ਏਨੀ
ਪਸੰਦ ਆਈ ਕਿ ਉਹ ਗਲੀ ਗਲੀ ਜਾ ਕੇ ਇਸ ਦੀਆਂ ਟਿਕਟਾਂ ਵੇਚਣ ਲੱਗੇ। (22)
1953 ਵਿੱਚ ਬਿਮਲ ਰਾਏ ਵਲੋਂ ਨਿਰਦੇਸ਼ਤ ਫਿਲਮ ਦੋ ਬੀਘਾ ਜ਼ਮੀਨ ਕਰਜ਼ੇ ਹੇਠ ਦੱਬੇ ਇਕ ਛੋਟੇ
ਕਿਸਾਨ ਸ਼ੰਭੂ ਦੀ ਜਿ਼ੰਦਗੀ ‘ਤੇ ਆਧਾਰਤ ਹੈ। ਪਿੰਡ ਦਾ ਜਗੀਰਦਾਰ ਕਰਜ਼ੇ ਬਦਲੇ ਸ਼ੰਭੂ ਦੀ
ਗਿਰਵੀ ਰੱਖੀ ਦੋ ਬੀਘਾ ਜ਼ਮੀਨ ਹੜੱਪ ਕਰਨਾ ਚਾਹੁੰਦਾ ਹੈ ਤਾਂਕਿ ਉੱਥੇ ਇਕ ਫੈਕਟਰੀ ਲਾਈ ਜਾ
ਸਕੇ। ਆਪਣੀ ਜ਼ਮੀਨ ਬਚਾਉਣ ਲਈ ਸ਼ੰਭੂ ਪੈਸੇ ਕਮਾਉਣ ਲਈ ਸ਼ਹਿਰ ਜਾ ਕੇ ਰਿਕਸ਼ਾ ਚਲਾਉਣ ਲੱਗ
ਜਾਂਦਾ ਹੈ ਤਾਂ ਕਿ ਉਹ ਪੈਸੇ ਜੋੜ ਕੇ ਜਗੀਰਦਾਰ ਦਾ ਕਰਜ਼ਾ ਲਾਹ ਸਕੇ ਅਤੇ ਆਪਣੀ ਜ਼ਮੀਨ
ਛੁਡਾ ਸਕੇ। ਦਿਨ ਰਾਤ ਹੱਡ ਭੰਨਵੀਂ ਮਿਹਨਤ ਨਾਲ ਕਰਜ਼ਾ ਲਾਹੁਣ ਜੋਗੇ ਪੈਸੇ ਜੋੜ ਜਦੋਂ ਉਹ
ਵਾਪਸ ਪਿੰਡ ਪਹੁੰਚਦਾ ਹੈ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਉਸ ਦੇ ਖੇਤ
ਵਿਕ ਚੁੱਕੇ ਹੁੰਦੇ ਹਨ ਅਤੇ ਉਹਨਾਂ ਵਿੱਚ ਫੈਕਟਰੀ ਉਸਰ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਇਹ
ਕਹਾਣੀ ਅਜ਼ਾਦੀ ਤੋਂ ਬਾਅਦ ਦੇ ਹਿੰਦੁਸਤਾਨ ਦੇ ਬਹੁਤ ਸਾਰੇ ਛੋਟੇ ਕਿਸਾਨਾਂ ਦੀ ਜਿ਼ੰਦਗੀ
ਨਾਲ ਮੇਲ ਖਾਂਦੀ ਸੀ ਜਿਹਨਾਂ ਨੂੰ ਕਰਜ਼ੇ ਕਾਰਨ ਆਪਣੀ ਜ਼ਮੀਨ ਛੱਡ ਰੋਟੀ ਰੋਜ਼ੀ ਲਈ
ਸ਼ਹਿਰਾਂ ਨੂੰ ਆਉਣਾ ਪਿਆ ਸੀ।

ਇਸ ਕਿਸਾਨ ਨੂੰ ਸ਼ਹਿਰ ਵਿੱਚ ਆ ਕੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
ਅਤੇ ਕਿਸ ਤਰ੍ਹਾਂ ਦੀ ਜਿ਼ੰਦਗੀ ਜਿਉਣੀ ਪਈ, ਨਿਰਦੇਸ਼ਕ ਨੇ ਇਸ ਸਭ ਕੁਝ ਨੂੰ ਬਹੁਤ ਹੀ
ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈ। ਇਸ ਫਿਲਮ ਨੇ ਦੇਸ਼ ਅਤੇ ਵਿਦੇਸ਼ ਵਿੱਚ ਕਾਫੀ ਨਾਮਣਾ
ਖੱਟਿਆ। ਕਾਨਜ਼ ਫਿਲਮ ਫੈਸਟੀਵਲ ਵਿੱਚ ਇਸ ਦਾ ਖਾਸ ਜਿ਼ਕਰ ਕੀਤਾ ਗਿਆ ਅਤੇ ਕਾਰਲੋਵੀ ਵੇਰੀ
ਫੈਸਟੀਵਲ ਵਿੱਚ ਇਸ ਨੂੰ ਸੋਸ਼ਲ ਪ੍ਰੋਗਰੈਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। (23) ਬਲਰਾਜ
ਸਾਹਨੀ ਇਸ ਫਿਲਮ ਵਿੱਚ ਕੰਮ ਕਰਨ ਨੂੰ ਆਪਣੀ ਇਕ ਵੱਡੀ ਪ੍ਰਾਪਤੀ ਸਮਝਦੇ ਸਨ। ਆਪਣੀ ਫਿਲਮੀ
ਆਤਮ-ਕਥਾ ਵਿੱਚ ਉਹਨਾਂ ਨੇ ਲਿਖਿਆ ਹੈ ਕਿ “ਮਰਨ ਵੇਲੇ ਜੀਵਨ ਦੀ ਕਮ-ਸੇ-ਕਮ ਇਕ ਪਰਾਪਤੀ ਦਾ
ਮੈਨੂੰ ਮਾਣ ਹੋਵੇਗਾ ਕਿ ਮੈਂ ‘ਦੋ ਬੀਘਾ ਜ਼ਮੀਨ’ ਜਿਹੀ ਫਿਲਮ ਵਿੱਚ ਕੰਮ ਕੀਤਾ ਸੀ।” (24)
ਇਸ ਫਿਲਮ ਦੇ ਸੰਬੰਧ ਵਿੱਚ ਬਲਰਾਜ ਸਾਹਨੀ ਨੇ ਬਿਮਲ ਰਾਏ ਦੀ ਨਿਰਦੇਸ਼ਨ ਕਲਾ ਦੀ ਬਹੁਤ
ਜਿ਼ਆਦਾ ਸਿਫਤ ਕੀਤੀ ਹੈ। ਪਰ ਨਾਲ ਦੀ ਨਾਲ ਉਹਨਾਂ ਫਿਲਮ ਦੀ ਇਸ ਗੱਲੋਂ ਆਲੋਚਨਾ ਵੀ ਕੀਤੀ
ਹੈ ਕਿ ਫਿਲਮ ਦਾ ਮੁੱਖ ਪਾਤਰ ਕਿਤੇ ਵੀ ਆਪਣੇ ਹੱਕ ਲਈ ਖੜ੍ਹਦਾ ਨਹੀਂ ਦਿਖਾਇਆ ਗਿਆ ਅਤੇ ਨਾ
ਹੀ ਉਹ ਆਪਣੇ ਵਰਗੇ ਦੂਸਰੇ ਲੋਕਾਂ ਨਾਲ ਕੋਈ ਸਾਂਝ ਪਾਉਂਦਾ ਦਿਖਾਇਆ ਗਿਆ ਹੈ। ਬਲਰਾਜ ਸਾਹਨੀ
ਦੇ ਸ਼ਬਦਾਂ ਵਿੱਚ, “ਫਿਲਮ ਦੇ ਮੱਖ-ਪਾਤਰ ਦਾ ਕਿਸੇ ਥਾਂ ਵੀ ਮੋਢੇ ਛੰਡ ਕੇ ਜ਼ੁਲਮ ਅਤੇ
ਅਨਿਆਂ ਦੇ ਖਿਲਾਫ ਖੜਾ ਨਾ ਹੋਣਾ, ਉਸ ਦਾ ਸਦਾ ਆਪਣੀ ਜਾਤ, ਗੋਤਰ, ਗਵਾਂਢ ਨਾਲੋਂ ਅੱਡ
ਰਹਿਣਾ, ਉਸ ਦੇ ਕਿਰਦਾਰ ਨੂੰ ਚੋਖੀ ਸੱਟ ਮਾਰਦਾ ਹੈ।” (25)
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤੀ ਸਿਨਮੇ ਦੇ ਸ਼ੁਰੂ ਦੇ ਦੌਰ ਤੋਂ ਹੀ ਅਜਿਹੀਆਂ
ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ ਜੋ ਭਾਰਤੀ ਸਮਾਜ ਵਿੱਚ ਆਮ ਲੋਕਾਂ ਦੇ ਮਸਲਿਆਂ ਨੂੰ
ਮੁਖਾਤਿਬ ਸਨ। ਇਹ ਫਿਲਮਾਂ ਬਣਾਉਣ ਵਾਲਿਆਂ ਨੇ ਆਪਣੀ ਆਪਣੀ ਸਮਝ ਅਤੇ ਸੂਝ ਅਨੁਸਾਰ ਆਪਣੇ
ਸਮੇਂ ਦੀਆਂ ਸਮਾਜਕ ਸਥਿਤੀਆਂ ਦੀ ਅਸਲੀਅਤ ਦਿਖਾਉਣ ਦਾ ਯਤਨ ਕੀਤਾ ਸੀ। ਇਹਨਾਂ ਫਿਲਮਾਂ ਨੇ
ਭਾਰਤ ਵਿੱਚ ਸਮਾਜਕ ਸੁਧਾਰ ਜਾਂ ਤਬਦੀਲੀ ਦੀ ਗੱਲਬਾਤ ਤੋਰਨ ਵਿੱਚ ਕਿੰਨਾ ਕੁ ਹਿੱਸਾ ਪਾਇਆ,
ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਭਾਰਤੀ
ਸਿਨਮੇ ਦੇ ਇਤਿਹਾਸ ਵਿੱਚ ਸ਼ੁਰੂ ਤੋਂ ਕੁਝ ਲੋਕ ਅਜਿਹੇ ਸਨ ਜੋ ਸਮਝਦੇ ਸਨ ਕਿ ਸਿਨਮੇ ਨੂੰ
ਲੋਕਾਂ ਨੂੰ ਸਮਾਜਕ ਵਰਤਾਰਿਆਂ ਬਾਰੇ ਚੇਤਨ ਕਰਨ ਲਈ ਵਰਤਿਆ ਜਾ ਸਕਦਾ ਹੈ ਅਤੇ ਵਰਤਿਆ ਜਾਣਾ
ਚਾਹੀਦਾ ਹੈ।***
ਸੁਖਵੰਤ ਹੁੰਦਲ ਦੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ।
https://sukhwanthundal.wordpress.com/
ਹਵਾਲੇ:
1 Barnow, Erik and S. Krishnaswamy (1980). Indian Film. Oxford: Oxford
University Press ਅਤੇ ਜਨਵਰੀ-ਜੂਨ 2012 ਦੇ ਹਿੰਦੀ ਮੈਗਜ਼ੀਨ ਨਯਾ ਪੱਥ, ਵਿੱਚ ਜਵਰੀਮੱਲ
ਪਾਰਖ ਦਾ ਲੇਖ “ਭਾਰਤੀਅ ਸਿਨੇਮਾ ਔਰ ਪ੍ਰਗਤੀਸ਼ੀਲ ਅੰਦੋਲਨ”।
2 ਜਨਵਰੀ-ਜੂਨ 2012 ਦੇ ਹਿੰਦੀ ਮੈਗਜ਼ੀਨ ਨਯਾ ਪੱਥ, ਵਿੱਚ ਵਿਨੋਦ ਦਾਸ ਦਾ ਲੇਖ “ਫਿਲਮੋਂ
ਮੇਂ ਵਿਚਾਰਕ ਹਸਕਸ਼ੇਪ”, ਸਫਾ 206.
3 Barnow, Erik and S. Krishnaswamy (1980)।
4 ਜਨਵਰੀ-ਜੂਨ 2012 ਦੇ ਹਿੰਦੀ ਮੈਗਜ਼ੀਨ ਨਯਾ ਪੱਥ, ਵਿੱਚ ਜਵਰੀਮੱਲ ਪਾਰਖ ਦਾ ਲੇਖ
“ਭਾਰਤੀਆ ਸਿਨੇਮਾ ਔਰ ਪ੍ਰਗਤੀਸ਼ੀਲ ਅੰਦੋਲਨ”, ਸਫਾ 194.
5 Mazdoor, downloaded on June 15th, 2018 from
https://indiancine.ma/BLQ/info
and Mill (Mazdoor) downloaded on June 15th, 2018 from
http://filmheritagefoundation.co.in/mill-mazdoor-1934-142-mins/ )
6 ਬਲਰਾਜ ਸਾਹਨੀ, ਮੇਰੀ ਫਿਲਮੀ ਆਤਮਕਥਾ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, (ਸਫਾ
128-130)
7 Mazdoor, downloaded on June 15th, 2018 from
https://indiancine.ma/BLQ/info
ਅਤੇ ਜਨਵਰੀ-ਜੂਨ 2012 ਦੇ ਹਿੰਦੀ ਮੈਗਜ਼ੀਨ ਨਯਾ ਪੱਥ, ਵਿੱਚ ਜਵਰੀਮੱਲ ਪਾਰਖ ਦਾ ਲੇਖ
“ਭਾਰਤੀਅ ਸਿਨੇਮਾ ਔਰ ਪ੍ਰਗਤੀਸ਼ੀਲ ਅੰਦੋਲਨ”, ਸਫਾ 194.
8 Barnow, Erik and S. Krishnaswamy (1980)।
9 ਦੁਨੀਆ ਨਾ ਮਾਨੇ, retrieved on June 11th, 2018 from
https://www.youtube.com/watch?v=NhBZetYLi9c
10 Barnow, Erik and S. Krishnaswamy (1980).
11 ਬਲਰਾਜ ਸਾਹਨੀ, ਮੇਰੀ ਫਿਲਮੀ ਆਤਮਕਥਾ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, ਯਯਯਯ, (
ਸਫਾ 71)
12 ਬਲਰਾਜ ਸਾਹਨੀ, (ਸਫਾ 75)
13 ਨੀਚਾ ਨਗਰ, retrieved on June 10th, 2018, from
https://www.youtube.com/watch?v=Zi4vJQC-QJU
14 Maker of innovative, meaningful movies, retrieved on June 15th, 2018
from
https://www.thehindu.com/todays-paper/tp-features/tp-fridayreview/maker-of-innovative-meaningful-movies/article2272748.ece
15 Slingo, Carol J.(Feb. 1988). “K.A. Abbas (1914-1987)”. Jump Cut.
Downloaded on May 15th, 2018 from:
http://www.ejumpcut.org/archive/onlinessays/JC33folder/KAAbbas.html
16 ਬਲਰਾਜ ਸਾਹਨੀ, (ਸਫਾ 159)
17 ਬਲਰਾਜ ਸਾਹਨੀ, (ਸਫਾ 157) ਅਤੇ Slingo, Carol J.(Feb. 1988)।
18 Barnow, Erik and S. Krishnaswamy (1980). (p. 158)
19 ਬਲਰਾਜ ਸਾਹਨੀ, (ਸਫਾ 156-157)
20 ਬਲਰਾਜ ਸਾਹਨੀ, (ਸਫਾ 157-158)
21 ਹਮ ਲੋਗ available at:
https://www.youtube.com/watch?v=9IyGTw4g3u0
22 ਬਲਰਾਜ ਸਾਹਨੀ, (ਸਫਾ 228)
23 Datta, Sangeeta (2002). Shyam Benegal. (p. 20) London: British Film
Institute.।
24 ਬਲਰਾਜ ਸਾਹਨੀ, (ਸਫਾ 250)
25 ਬਲਰਾਜ ਸਾਹਨੀ, (ਸਫਾ 250)
**** |