|
(ਇਸ਼ਤਿਹਾਕ ਅਹਿਮਦ ਦੀ ਕਿਤਾਬ "1947 ਵਿੱਚ ਪੰਜਾਬ ਦੀ ਵੰਡ- ਇਕ ਤ੍ਰਾਸਦੀ ਹਜ਼ਾਰ
ਕਹਾਣੀਆਂ" ਵਿੱਚੋਂ ਧੰਨਵਾਦ ਸਹਿਤ।)
ਫੋਰਸਡ ਮਾਇਗ੍ਰੇਸ਼ਨ (ਜ਼ਬਰਨ ਪ੍ਰਵਾਸ), ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਅਤੇ ਜੈਨੋਸਾਈਡ
(ਨਸਲਕੁਸ਼ੀ) ਪ੍ਰਕਿਰਿਆਵਾਂ ਦੇ ਆਪਸੀ ਨਾਤੇ ਬਾਰੇ ਇੱਥੇ ਵੇਰਵਾ ਪੇਸ਼ ਹੈ । ਇਸ ਦਾ ਮਕਸਦ ਇੱਕ
ਥਿਓਰੈਟੀਕਲ (ਸਿਧਾਂਤਕ) ਢਾਂਚਾ ਤਿਆਰ ਕਰਨਾ ਹੈ ਜਿਸ ਦੇ ਨਾਲ ਅਸੀਂ 1947 ਦੇ ਪੰਜਾਬ ਵਿੱਚ
ਹੋਈਆਂ ਘਟਨਾਵਾਂ ਦੀ ਛਾਣ-ਬੀਣ ਕਰ ਸਕੀਏ। ਗੌਰਤਲਬ ਹੈ ਕਿ ਕਿਸੇ ਵੀ ਨਸਲੀ ਸਮੂਹ ਵਿੱਚ, ਕਈ
ਵਿਅਕਤੀ ਮੌਜੂਦ ਹੁੰਦੇ ਹਨ, ਜੋ ਇਸ ਗੱਲ ਨੂੰ ਮੰਨਦੇ ਹਨ ਕਿ ਉਨ੍ਹਾਂ ਦੇ ਸਾਰਿਆਂ ਦੇ ਪੁਰਖੇ
ਇੱਕ ਹਨ । ਇਹ ਸੋਲਾਂ ਆਨੇ ਸੱਚ ਨਹੀਂ ਵੀ ਹੋ ਸਕਦਾ ਹੈ, ਮਗਰ ਖ਼ਿਆਲੀ ਸਾਂਝੇ ਪੁਰਖੇ ਆਪਸ
ਵਿੱਚ ਜਜ਼ਬਾਤੀ ਭਾਈਚਾਰੇ ਦੇ ਅਹਿਸਾਸ ਨੂੰ ਪੈਦਾ ਕਰਦੇ ਹਨ । ਜਦ ਉਨ੍ਹਾਂ ਲੋਕਾਂ ਵਿੱਚ, ਇੱਕ
ਆਮ ਅਹਿਸਾਸ ਪੈਦਾ ਹੋ ਜਾਂਦਾ ਹੈ, ਜੋ ਇੱਕ ਮਜ਼੍ਹਬ, ਜ਼ਬਾਨ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ
ਫ਼ਿਤਰਤ ਕਾਰਨ ਸਾਂਝ ਮਹਿਸੂਸ ਕਰਦੇ ਹਨ, ਅਸੀ ਉਨ੍ਹਾਂ ਨੂੰ, ਦੂਜਿਆਂ ਨਾਲੋਂ ਅਲੱਗ, ਇੱਕ
ਐਥਨਿਕ (ਨਸਲੀ) ਸਮੂਹ ਕਹਿ ਸਕਦੇ ਹਾਂ। ਜਦੋਂ ਇਸੇ ਤਰ੍ਹਾਂ ਦੇ ਦੋ ਜਾਂ ਜ਼ਿਆਦਾ ਨਸਲੀ,
ਮਜ਼੍ਹਬੀ ਤਬਕੇ ਜਾਂ ਰਲਦੇ ਲੱਛਣਾਂ ਵਾਲੇ ਸਮੂਹ ਇੱਕ ਦੂਜੇ ਨਾਲ ਲੜਦੇ ਹਨ, ਅਸੀ ਉਸ ਨੂੰ
ਐਥਨਿਕ ਕਨਫਲਿਕਟ (ਨਸਲੀ ਲੜਾਈ) ਕਹਿ ਸਕਦੇ ਹਾਂ (Ahmed, 1998:19-38)। ਇਹ ਕਹਿਣਾ
ਦਰੁੱਸਤ ਹੈ ਕਿ ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਇੱਕ ਆਮ ਪਰਿਭਾਸ਼ਾ ਹੈ ਜਿਸ ਦਾ ਮਤਲਬ
ਨਸਲੀ, ਮਜ਼੍ਹਬੀ, ਮਜ਼੍ਹਬੀ ਤਬਕੇ ਜਾਂ ਦੂਜੀ ਵਜ੍ਹਾ ਨਾਲ ਬਣੇ ਸਮੂਹ ਨੂੰ ਇੱਕ ਖ਼ਾਸ ਜਗ੍ਹਾ
ਤੋਂ ਹਟਾਉਣਾ ਹੈ । ਪੰਜਾਬ ਦੇ ਝਗੜੇ ਦੇ ਮਾਮਲੇ ਵਿੱਚ, ਇਹ ਮਜ਼੍ਹਬੀ ਵਜ੍ਹਾ ਸੀ, ਜੋ ਸਿਆਸੀ
ਤੌਰ 'ਤੇ ਪ੍ਰਸੰਗਿਕ ਨਸਲ ਦੀ ਬੁਨਿਆਦ ਬਣੀ।
ਪੰਜਾਬ ਦੀ ਤਕਸੀਮ ਦੀ ਪਹੇਲੀ ਇਹ ਹੈ ਕਿ, ਸੂਬੇ ਦੀ ਤਕਸੀਮ ਦੀ ਰਜ਼ਾਮੰਦੀ ਇੰਡੀਆ ਦੀ ਪੱਧਰ
'ਤੇ, ਇੰਡੀਆ ਦੀ ਤਕਸੀਮ ਦੇ ਸਮਝੌਤੇ ਦਾ ਹਿੱਸਾ ਸੀ; ਹਾਲਾਂਕਿ ਇਹ ਫੈਸਲਾ ਇਸ ਤਰ੍ਹਾਂ ਦਾ
ਨਹੀਂ ਸੀ ਕਿ, ਇਸ ਨੂੰ ਉੱਚੇ ਸਿਆਸੀ ਪੱਧਰ 'ਤੇ ਲਏ ਜਾਣ ਤੋਂ ਬਾਅਦ, ਇਹ ਇੱਕ ਮਾਮੂਲੀ
ਇੰਤਜ਼ਾਮੀਆ ਕੰਮ ਬਣ ਜਾਂਦਾ। ਪੰਜਾਬ ਵਿੱਚ ਸਿੱਖ ਅੜੇ ਹੋਏ ਸਨ ਕਿ ਅਗਰ ਇੰਡੀਆ ਦੀ ਮਜ਼੍ਹਬੀ
ਤੌਰ ਤੇ ਤਕਸੀਮ ਹੁੰਦੀ ਹੈ, ਤਾਂ ਪੰਜਾਬ ਦੀ ਵੀ ਤਕਸੀਮ ਹੋਵੇ । ਸਿੱਖ, ਵੈਸੇ, ਪੰਜਾਬ ਦੀ
ਅਬਾਦੀ ਦਾ ਇੱਕ ਛੋਟਾ ਹਿੱਸਾ ਸਨ। ਪੰਜਾਬ ਦੀ ਕਿਸੇ ਤਰ੍ਹਾਂ ਦੀ ਵੀ ਤਕਸੀਮ - ਜਿਸ ਬਾਰੇ
ਸਿੱਖਾਂ ਨੇ ਸਮਝੌਤਾ ਕੀਤਾ ਹੁੰਦਾ ਪਰ ਉਨ੍ਹਾਂ ਵਲੋਂ ਠੋਸਿਆ ਗਿਆ ਨਾ ਹੁੰਦਾ- ਸਿੱਖਾਂ ਦੀ
ਅਬਾਦੀ ਨੂੰ ਦੋ ਪਾਸੇ ਤਕਸੀਮ ਕਰ ਦਿੰਦੀ । ਦੂਜੀ ਤਰਫ਼, ਮੁਸਲਮਾਨਾਂ ਦੀ ਪੰਜਾਬ ਦੀ ਅਬਾਦੀ
ਵਿੱਚ ਥੋੜ੍ਹੀ ਜਿਹੀ ਬਹੁਗਿਣਤੀ ਸੀ। ਮੁਸਲਮਾਨ ਲੀਡਰ ਸਾਰੇ ਪੰਜਾਬ ਨੂੰ ਪਾਕਿਸਤਾਨ ਵਿੱਚ
ਚਾਹੁੰਦੇ ਸੀ, ਮਗਰ ਇਸ ਦੀ ਤਕਸੀਮ ਲਈ ਰਾਜ਼ੀ ਹੋ ਗਏ, ਨਹੀਂ ਤਾਂ ਉਨ੍ਹਾਂ ਨੂੰ ਪਾਕਿਸਤਾਨ
ਹਾਸਲ ਨਾ ਹੁੰਦਾ। ਪੰਜਾਬ ਦੀ ਤਕਸੀਮ ਰੋਕੀ ਜਾ ਸਕਦੀ ਸੀ ਅਗਰ ਤਿੰਨ ਮੁੱਖ ਫ਼ਿਰਕੇ, ਹਿੰਦੂ,
ਸਿੱਖ ਅਤੇ ਮੁਸਲਮਾਨ ਆਪਣੀ ਪੰਜਾਬੀ ਸਭਿਆਚਾਰਕ ਪਛਾਣ ਨੂੰ ਇੰਨੀ ਮਜ਼ਬੂਤ ਅਤੇ ਲਚਕਦਾਰ ਬਣਾ
ਲੈਂਦੇ, ਕਿ ਉਹ ਉਨ੍ਹਾਂ ਦੀ ਮਜ਼੍ਹਬੀ ਪਛਾਣ ਤੋਂ ਜ਼ਿਆਦਾ ਬੁਲੰਦ ਹੁੰਦੀ। ਇੱਕ ਹੋਰ ਮੁਮਕਿਨ
ਗੱਲ ਇਹ ਸੀ ਕਿ ਵੱਡੀ ਤਦਾਦ ਵਾਲੇ ਮੁਸਲਮਾਨ ਅਤੇ ਘੱਟ ਗਿਣਤੀ ਵਾਲੇ ਸਿੱਖ ਪੰਜਾਬ ਨੂੰ
ਇਕੱਠਾ ਰੱਖਣ ਲਈ ਰਾਜ਼ੀ ਹੋ ਜਾਂਦੇ। ਇਸ ਦੇ ਚਲਦਿਆਂ ਪੰਜਾਬ ਦੀ ਤਕਸੀਮ ਨਾ ਕਰਾਉਣ ਲਈ ਇੱਕ
ਵੱਡੀ ਮਜਾਰਟੀ (ਬਹੁਮੱਤ) ਤਿਆਰ ਹੋ ਜਾਂਦੀ। ਇਸ ਦੇ ਬਾਵਜੂਦ ਵੀ ਜੇ ਪੰਜਾਬ ਦੀ ਤਕਸੀਮ ਹੋ
ਜਾਂਦੀ, ਤਾਂ ਇਹ ਹੋਰ ਜ਼ਿਆਦਾ ਪੂਰਬ ਦੀ ਤਰਫ਼ ਹੁੰਦੀ ਜਿੱਥੇ ਹਿੰਦੀ ਬੋਲਣ ਵਾਲੇ ਜਾਟ ਬਹੁਮੱਤ
ਵਿੱਚ ਸਨ। ਕੇਂਦਰ ਦੇ ਵਾਇਸਰਾਏ ਦੇ ਥਲੇ ਬ੍ਰਿਟਿਸ਼ ਅਫ਼ਸਰਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ
ਕਿ, ਨਸਲੀ ਵਜ੍ਹਾ ਨਾਲ ਹਕੂਮਤ ਦਾ ਪੂਰਾ ਤਬਾਦਲਾ ਹੋਵੇਗਾ, ਹਾਲਾਂਕਿ ਪੰਜਾਬ ਸਰਕਾਰ ਖਤਰੇ
ਦੀ ਇਤਲਾਹ ਦੇ ਰਹੀ ਸੀ ਕਿ, ਪੰਜਾਬ ਦੀ ਤਕਸੀਮ ਹੋਣ ਨਾਲ ਬਹੁਤ ਤਸ਼ੱਦਦ (ਹਿੰਸਾ) ਹੋਵੇਗਾ।
ਜਦ ਤਕਸੀਮ ਦੀ ਕਾਰਵਾਈ ਪੂਰੀ ਹੋਈ ਅਣਚਾਹੀਆਂ ਮਜ਼੍ਹਬੀ ਘੱਟਗਿਣਤੀਆਂ ਦਾ ਦੋਨੋ ਪੰਜਾਬਾਂ
ਵਿੱਚੋਂ ਖਾਤਮਾ ਕੀਤਾ ਜਾ ਚੁੱਕਿਆ ਸੀ। ਐਦਾਂ ਕਿਉਂ ਹੋਇਆ?
ਇੱਕ ਸ਼ੁਰੁਆਤੀ ਜਵਾਬ ਇਹ ਹੈ ਕਿ ਮਾਰਚ 1947 ਦੇ ਸ਼ੁਰੁ ਵਿੱਚ ਉੱਤਰੀ ਪੰਜਾਬ ਦੇ ਜ਼ਿਆਦਾਤਰ
ਸਿੱਖਾਂ ਦੀ ਅਬਾਦੀ ਵਾਲੇ ਪਿੰਡਾ ਤੇ, ਹਥਿਆਰਬੰਦ ਮੁਸਲਿਮ ਭੀੜ ਦੇ ਵੱਡੇ ਪੈਮਾਨੇ ਦੇ
ਹਮਲਿਆਂ ਨੇ, ਇਹਨਾਂ ਦੋ ਫ਼ਿਰਕਿਆਂ ਦੇ ਦਰਮਿਆਨ ਰਿਸ਼ਤੇ ਕਾਫ਼ੀ ਵਿਗਾੜ ਦਿੱਤੇ ਸਨ, ਅਤੇ ਬਾਅਦ
ਵਿੱਚ ਉਹਨਾਂ ਰਿਸ਼ਤਿਆਂ ਨੂੰ ਬਿਹਤਰ ਕਰਨ ਦੀ ਪਹਿਲ ਨਾਕਾਮਯਾਬ ਰਹੀ; ਬਲਕਿ ਹਿੰਦੂ ਅਤੇ
ਸਿੱਖ ਇੱਕ ਦੂਜੇ ਦੇ ਹੋਰ ਕਰੀਬ ਹੋ ਗਏ । ਇਸੇ ਤਰ੍ਹਾਂ ਪੰਜਾਬ ਨੂੰ ਇਕੱਠਾ ਰੱਖਣ ਦੇ ਮੰਜ਼ਰ
ਦੀ ਤਬਾਹੀ ਹੋ ਗਈ ।
ਇਹ ਮੁਤਾਲਿਆ ਪੰਜਾਬ ਦੀ ਤਕਸੀਮ ਦੇ ਇਲਮ ਦੀ ਹੱਦ ਨੂੰ ਅੱਗੇ ਵਧਾਉਣ ਲਈ, ਇਸ ਨੂੰ ਇੱਕ
ਪ੍ਰੌਸੇਸ (ਪ੍ਰਕ੍ਰਿਆ) ਦੇ ਤੌਰ ਤੇ ਵੇਖਦਾ ਹੈ ਜਿਸ ਦੀ ਇਕ ਸ਼ੁਰੂਆਤ ਅਤੇ ਅੰਤ ਹੁੰਦਾ ਹੈ।
ਇਸ ਦੇ ਵਿੱਚ ਜੋ ਕੌਮਪ੍ਰਸਤੀ ਦੇ ਮੁਕਾਬਲਿਆਂ ਅਤੇ ਜ਼ਮੀਨੀ ਦਾਅਵਿਆਂ ਦੀ ਕਸ਼ਮਕਸ ਦੇ
ਮੱਦੇਨਜ਼ਰ ਕੀਤੀਆਂ ਗਈਆਂ ਕਾਰਵਾਈਆਂ ਅਤੇ ਜਵਾਬੀ ਕਾਰਵਾਈਆਂ ਮੌਜੁਦ ਹਨ, ਜਿਹਨਾਂ ਦੇ ਚਾਹੇ
ਅਤੇ ਅਣਚਾਹੇ ਨਤੀਜੇ ਨਿਕਲੇ। ਮਾਰਚ 1947 ਵਿੱਚ ਸ਼ੁਰੁ ਹੋਏ ਤਸ਼ੱਦਦ ਨੇ ਫ਼ਿਰਕਿਆਂ ਦੇ ਵਿੱਚ
ਬੇਗਾਨਗੀ ਦਾ ਅਹਿਸਾਸ ਪੈਦਾ ਕਰ ਦਿੱਤਾ। ਇਸ ਨੇ ਲੋਕਾਂ ਨੂੰ ਗੈਰਮਹਿਫ਼ੂਜ਼ ਤੋਂ ਮਹਿਫ਼ੂਜ਼
ਜਗ੍ਹਾ ਵਲ ਹਿਜਰਤ ਲਈ ਮਜਬੂਰ ਕੀਤਾ। ਲੋਕਾਂ ਦਾ ਇਸ ਤਰੀਕੇ ਨਾਲ ਚਲੇ ਜਾਣਾ, ਆਉਣ ਵਾਲੇ
ਹਫਤਿਆਂ ਅਤੇ ਮਹੀਨਿਆਂ ਵਿੱਚ, ਹੋਰ ਤੇਜ਼ ਅਤੇ ਕਈ ਗੁਣਾਂ ਹੋ ਗਿਆ ਜਿਸ ਦਾ ਆਖ਼ਰੀ ਨਤੀਜਾ
ਦੋਨੋ ਪੰਜਾਬਾਂ ਦੀ ਨਸਲੀ ਸਫਾਈ ਦੇ ਤੌਰ ਤੇ ਨਿਕਲਿਆ।
ਫੋਰਸਡ ਮਾਇਗ੍ਰੇਸ਼ਨ (ਜ਼ਬਰਨ ਪਰਵਾਸ)
ਬਹੁਤ ਪੁਰਾਣੇ ਵਕਤ ਤੋਂ ਲੈ ਕੇ ਅੱਜ ਤੱਕ ਮੁਖ਼ਤਲਿਫ਼ ਇਲਾਕਿਆਂ, ਮੁਲਕਾਂ, ਮਹਾਂਦੀਪਾਂ ਵਿੱਚ
ਲੋਕਾਂ, ਸਮੂਹਾਂ, ਕੌਮਾਂ ਅਤੇ ਪੂਰੇ ਸਮਾਜਾਂ ਤੱਕ ਦਾ ਪਰਵਾਸ ਹੁੰਦਾ ਰਿਹਾ ਹੈ। ਖਾਣੇ ਦੀ
ਤਲਾਸ਼, ਇਲਾਕਾ ਫਤਹਿ ਕਰਨ ਦੀ ਚਾਹਤ, ਗਰੀਬੀ ਅਤੇ ਜ਼ੁਲਮ ਤੋਂ ਬਚਣ ਲਈ, ਅਤੇ ਹੋਰ ਹੋਰ ਕਈ
ਕਾਰਨਾਂ ਕਰ ਕੇ ਇਨਸਾਨੀ ਪਰਵਾਸ ਹੋਇਆ ਹੈ। ਆਪਣੀ ਮਰਜ਼ੀ ਅਤੇ ਜ਼ਬਰਨ ਕੀਤੇ ਪਰਵਾਸ ਵਿੱਚ ਫ਼ਰਕ
ਕਰਨਾ ਜ਼ਰੂਰੀ ਹੈ, ਹਾਲਾਂਕਿ ਇਸ ਨੂੰ ਸਾਬਤ ਕਰਨਾ ਬੜਾ ਮੁਸ਼ਕਲ ਹੈ ਕਿ ਕਿਸੇ ਪਰਵਾਸ ਦੇ
ਪਿੱਛੇ ਤਾਕਤ ਦਾ ਇਸਤੇਮਾਲ ਹੋਇਆ ਜਾਂ ਉਹ ਕਿਸੇ ਨਿੱਜੀ ਫ਼ੈਸਲੇ ਦਾ ਨਤੀਜਾ ਸੀ। ਆਮ ਤੌਰ ਤੇ,
ਉਸ ਜਗ੍ਹਾ ਨੂੰ ਛੱਡਣਾ, ਜਿੱਥੇ ਇੱਕ ਇਨਸਾਨ ਦੀ ਪੈਦਾਇਸ਼ ਹੁੰਦੀ ਹੈ ਅਤੇ ਉਹ ਵੱਡਾ ਹੁੰਦਾ
ਹੈ, ਉਸ ਜਗ੍ਹਾ ਨੂੰ ਹਮੇਸ਼ਾਂ ਲਈ ਛੱਡਣ ਦਾ ਫੈਸਲਾ, ਭਾਵੇਂ ਆਪਣੀ ਮਰਜ਼ੀ ਨਾਲ ਕੀਤਾ ਹੋਵੇ,
ਜਜ਼ਬਾਤੀ ਤੌਰ ਤੇ ਉਸ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਅਜੋਕੇ ਪੱਛਮੀ ਸਨਅਤੀ
(ਇੰਡਸਟਰੀਅਲਾਈਜ਼ਡ) ਸ਼ਹਿਰਾਂ ਵਾਸਤੇ ਇਹ ਗੱਲ ਠੀਕ ਨਹੀਂ ਬੈਠਦੀ, ਜਿੱਥੇ ਲੋਕ ਬਹੁਤ ਜ਼ਿਆਦਾ
ਘੁੰਮਦੇ ਰਹਿੰਦੇ ਹਨ ਲੇਕਿਨ ਬਰਾਦਰੀ ਦੀ ਮਜ਼ਬੂਤੀ ਦਾ ਜਜ਼ਬਾ ਹੁਣ ਵੀ ਖ਼ਤਮ ਨਹੀਂ ਹੋਇਆ ਹੈ।
ਇਤਿਹਾਸਕ ਤੌਰ ਤੇ, ਉਹ ਵਣਜਾਰੇ ਜੋ ਇੱਕ ਜਗ੍ਹਾ ਨਹੀਂ ਵਸੇ ਉਹ ਵੀ ਜਾਣੀ ਪਛਾਣੀ ਜਗ੍ਹਾਂ ਤੇ
ਘੁੰਮਦੇ ਸੀ, ਅਤੇ ਉਥੇ ਸਾਲ ਦੇ ਇੱਕ ਖਾਸ ਵਕਤ ਤੇ, ਆਉਂਦੇ ਜਾਂਦੇ ਸੀ। ਉਹ ਜਿਸ ਆਪਣੀ
ਕੁਦਰਤੀ ਜਗ੍ਹਾ ਵਿੱਚ ਰਹਿਦੇਂ ਅਤੇ ਘੁੰਮਦੇ ਸਨ, ਉਥੋਂ ਉਨ੍ਹਾਂ ਨੂੰ ਹਟਾਉਣ ਦੀ ਉਹ
ਮੁਖ਼ਾਲਫ਼ਤ ਕਰਦੇ ਸੀ। ਇਹ ਜਜ਼ਬਾਤ ਹੁਣ ਵੀ ਕਾਇਮ ਹੈ ਅਤੇ ਸ਼ਾਇਦ ਹੋਰ ਮਜ਼ਬੂਤ ਹੋਇਆ ਹੈ,
ਕਿਉੁਂਕਿ ਖੇਤਰ ਆਧਾਰਿਤ ਮੁਲਕਾਂ ਅਤੇ ਆਧੁਨਿਕ ਇਜਾਦਾਂ ਨੇ ਉਨ੍ਹਾਂ ਦੀ ਆਜ਼ਾਦੀ ਨਾਲ ਘੁੰਮਣ
ਦੀ ਫ਼ਿਤਰਤ ਤੇ ਰੋਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਖੇਤੀ-ਬਾੜੀ ਕਰਨ ਵਾਲੇ ਸਮਾਜ, ਜੋ ਕਿ 1947 ਦੀ ਤਕਸੀਮ ਦੇ ਵਕਤ ਪੰਜਾਬ ਵਿੱਚ ਮੌਜੂਦ ਸੀ,
ਵਿੱਚ ਲੋਕਾਂ ਦੀ ਆਵਾਜਾਈ ਘੱਟ ਹੁੰਦੀ ਸੀ। ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਇੱਕ ਦਿਹਾਤੀ ਸਮੂਹ
ਵਿੱਚ ਗੁਜ਼ਾਰਦੇ ਹੋਏ ਆਪਣੇ ਪਿੰਡ ਅਤੇ ਬਰਾਦਰੀ ਦੇ ਨਾਲ ਆਪਣੀ ਪਛਾਣ ਬਣਾਉਂਦੇ ਸਨ। ਇਹ
ਰਿਸ਼ਤਾ ਹੀ ਉਨ੍ਹਾਂ ਦੀ ਸੋਚ ਅਤੇ ਹੱਲ-ਚੱਲ ਦਾ ਦਾਇਰਾ ਸੀ। ਦੇਸੀ ਜਾਂ ਆਪਣੇ ਪਿੰਡ ਦੀਆਂ
ਚੀਜ਼ਾਂ ਨਾਲ ਰਿਸ਼ਤੇ ਵਿੱਚ ਜਿੱਦਾਂ ਕਿ ਇੱਕ ਜਾਨ ਭਰੀ ਹੁੰਦੀ ਸੀ, ਅਤੇ ਖ਼ਾਸ ਕਰ ਕੇ
ਜ਼ਿਮੀਂਦਾਰ ਜਾਤਾਂ ਵਾਸਤੇ ਇਹ ਰਿਸ਼ਤਾ ਉਨ੍ਹਾਂ ਦੀ ਪਛਾਣ ਦਾ ਅਟੁੱਟ ਹਿੱਸਾ ਸੀ। 1947 ਦੇ
ਪੰਜਾਬ ਦੇ ਛੋਟੇ-ਵੱਡੇ ਸ਼ਹਿਰਾਂ ਵਿੱਚ ਹਾਲਾਤ ਜ਼ਿਆਦਾ ਵੱਖਰੇ ਨਹੀਂ ਸਨ। ਹਾਲਾਂਕਿ ਅਲੱਗ
ਅਲੱਗ ਜ਼ਿਲ੍ਹਿਆਂ ਤੋਂ ਪੰਜਾਬੀ ਬ੍ਰਿਟਿਸ਼ ਇੰਡਿਅਨ ਫ਼ੌਜ ਵਿੱਚ ਭਰਤੀ ਹੋਏੇ ਅਤੇ
ਉੱਪ-ਮਹਾਂਦੀਪ ਦੀਆਂ ਵੱਖ ਵੱਖ ਥਾਂਵਾਂ ਤੇ ਨੌਕਰੀ ਕੀਤੀ, ਅਤੇ ਕਈ ਤੇ ਵਿਦੇਸ਼ਾਂ ਵਿੱਚ ਵੀ
ਵਸ ਗਏੇ; ਮਗਰ ਉਨ੍ਹਾਂ ਦਾ ਆਪਣੇ ਪੁਸ਼ਤੈਣੀ ਘਰਾਂ ਨਾਲ ਨਾਤਾ ਨਹੀਂ ਟੁੱਟਿਆ। ਇਸ ਕਰ ਕੇ
ਤਕਸੀਮ ਦੇ ਵਕਤ ਜਦ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਹਮੇਸ਼ਾਂ ਲਈ ਜਾਣਾ ਪਿਆ, ਉਨ੍ਹਾਂ
ਦਾ ਦਿਲ ਟੁੱਟ ਗਿਆ। ਮੇਰੀਆਂ ਕੀਤੀਆਂ ਇੰਟਰਵਿਊਆਂ ਤੋਂ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਉਂਦੀ
ਹੈ; ਜ਼ਿਆਦਾਤਰ ਲੋਕ ਉਸ ਘਰ ਜਾਂ ਜਗ੍ਹਾ ਨਾਲ ਆਪਣੀ ਪਛਾਣ ਬਣਾਉਂਦੇ ਸੀ, ਜਿੱਥੇ ਉਨ੍ਹਾਂ ਦਾ
ਜਨਮ ਹੋਇਆ। ਜਿਸ ਨੂੰ ਉਨ੍ਹਾਂ ਦੇ ਪਰਿਵਾਰ ਨੇ ਬੜੀ ਹੀ ਮੁਸ਼ੱਕਤ ਅਤੇ ਕੁਰਬਾਨੀ ਨਾਲ ਬਣਾਇਆ
ਸੀ। ਗਰੀਬਾਂ ਦਾ ਵੀ ਆਪਣੇ ਪੁਸ਼ਤੈਣੀ ਮੁਹੱਲਿਆਂ ਨਾਲ, ਇੰਨੇ ਸਾਲਾਂ ਬਾਅਦ ਵੀ ਕਾਫ਼ੀ ਲਗਾਉ
ਕਾਇਮ ਰਿਹਾ। ਇੰਟਰਵਿਊ ਦੇਣ ਵਾਲੇ ਕਈ ਲੋਕ ਆਪਣੇ ਉਜੜੇ ਘਰਾਂ ਦੇ ਬਾਰੇ ਗੱਲਾਂ ਕਰਦੇ ਰੋਣ
ਲਗਦੇ ਸੀ।
ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ)
ਨਸਲੀ ਸਫਾਈ, ਕਿਸੇ ਅਬਾਦੀ ਦੇ ਜ਼ਬਰਨ ਤਬਾਦਲੇ ਦੀ ਮਿਸਾਲ ਹੈ; ਫਰਕ ਸਿਰਫ਼ ਇੰਨਾ ਹੈ ਕਿ ਇਹ
ਥੋੜੀ ਖ਼ਾਸ ਹੈ। ਇਸ ਦਾ ਆਗਾਜ਼ ਇਸ ਫਿਕਰ ਨਾਲ ਹੁੰਦਾ ਹੈ ਕਿ, ਫ਼ਰਜ਼ ਕੀਤੇ ਹੋਏ ਸਿਰਫ਼ ਆਪਣੇ
ਵੱਖਰੇ ਵਤਨ ਨੂੰ ਪਾਕ ਕਰਨ ਲਈ, ਦੂਜੇ ਲੋਕਾਂ ਜਾਂ ਮਜ਼੍ਹਬੀ ਜਾਂ ਪਰਦੇਸੀ ਤੱਤਾਂ ਨੂੰ
ਖਦੇੜਨਾ ਹੈ। ਇਸੇ ਤਰ੍ਹਾਂ ਦੀ ਚਾਹਤ ਦੀ ਤਹਿ ਵਿੱਚ ਮੁਖ਼ਾਲਫ਼ਤੀ ਨਸਲਾਂ ਦਾ ਮਸਲਾ ਹੈ। ਜਦੋਂ
ਕਿ ਨਸਲੀ ਸਮੂਹ (ਐਥਨਿਕ ਗਰੁੱਪ) ਲੋਕਾਂ ਦਾ ਇਕ ਅਜਿਹਾ ਸਮੂਹ ਹੁੰਦਾ ਹੈ ਜਿਹਨਾਂ ਦਾ
ਪਿਛੋਕੜ ਅਤੇ ਤਹਿਜ਼ੀਬ ਇੱਕ ਹੁੰਦੀ ਹੈ, ਪਰ ਜਾਤ (ਐਥਨੀਸਿਟੀ) ਇਹਨਾਂ ਡੂੰਘੇ ਅਹਿਸਾਸਾਂ
ਅਤੇ ਜਜ਼ਬਾਤਾਂ ਦਾ ਆਮ ਵੇਰਵਾ ਹੁੰਦਾ ਹੈ ਜਿਹੜੇ ਸਾਂਝੇ ਧਰਮ, ਫਿਰਕੇ ਜਾਂ ਬੋਲੀ ਤੋਂ ਪੈਦਾ
ਹੁੰਦੇ ਹਨ। (Ahmed, 1998:26) ਇਹ ਅਸਲੀ ਜਾਂ ਮਹਿਸੂਸ ਕੀਤੇ ਵਿਤਕਰੇ ਅਤੇ ਬੇਇਨਸਾਫੀ ਦਾ
ਇੱਕ ਅੰਦਰੂਨੀ ਅਹਿਸਾਸ ਹੈ । ਨਸਲੀ ਸਫਾਈ ਵੀ ਇੱਕ ਆਮ ਵੇਰਵਾ ਹੈ ਜਾਂ ਇੱਕ ਵਿਆਪਕ ਸੋਚ ਹੈ,
ਜੋ ਨਾ ਸਿਰਫ਼ ਨਸਲੀ ਵਜ੍ਹਾ ਕਰ ਕੇ, ਬਲਕਿ ਮਜ਼੍ਹਬੀ, ਮਜ਼੍ਹਬੀ ਤਬਕੇ, ਜ਼ਬਾਨ ਦੀ ਵਜ੍ਹਾ ਜਾਂ
ਇਸ ਨਾਲ ਰਲਦੀ ਵਜ੍ਹਾ ਦੇ ਹੁੰਦਿਆਂ ਅਬਾਦੀ ਦੇ ਇੱਕ ਹਿੱਸੇ ਨੂੰ ਹਟਾਉਣ ਦਾ ਕੰਮ ਕਰਦੀ ਹੈ।
ਪੰਜਾਬ ਦੇ ਮਾਮਲੇ ਵਿੱਚ ਇਹ ਸਫਾਈ ਮਜ਼੍ਹਬ ਦੇ ਕਾਰਨ ਹੋਈ, ਕਿਉਂਕਿ ਜ਼ਿਆਦਾਤਰ ਲੋਕ ਇੱਕ
ਮੁਖ਼ਤਲਿਫ਼ ਮਗਰ ਕਾਫ਼ੀ ਮਿੱਲੇ ਜੁੱਲੇ ਨਸਲੀ ਮੂਲ ਦੇ ਸੀ। ਦੂਜੇ ਲਫਜ਼ਾਂ ਵਿੱਚ, ਮਜ਼੍ਹਬ ਹੀ ਇੱਕ
ਜਾਤੀ ਮਸਲਾ ਬਣ ਕੇ ਰਹਿ ਗਿਆ ਅਤੇ ਇੱਕ ਕਾਲਪਨਿਕ ਪਾਕ ਮੁਲਕ ਬਣਾਉਣ ਲਈ ਇਸ ਦੀ ਸਫਾਈ ਕਰਨੀ
ਲਾਜ਼ਮੀ ਸੀ।
ਐਂਡਰਿਊ ਬੈੱਲ ਫਿਆਲਕੌਫ (1999) ਨੇ ਆਪਣੀ ਕਿਤਾਬ ਦਾ ਸਿਰਲੇਖ ਐਥਨਿਕ ਕਲੈਨਜ਼ਿੰਗ ਦਿੱਤਾ
ਹੈ ਮਗਰ ਆਪਣੇ ਇਸ ਮੁੱਦੇ ਤੇ ਚਰਚਾ ਵਿੱਚ ਉਨ੍ਹਾਂ ਨੇ 'ਪੌਪੂਲੇਸ਼ਨ ਕਲੈਨਜ਼ਿੰਗ (ਅਬਾਦੀ ਦੀ
ਸਫਾਈ)' ਨੂੰ ਇੱਕ ਆਮ ਬਿਆਾਨ ਦੇ ਤੌਰ ਤੇ ਇਸਤੇਮਾਲ ਕੀਤਾ ਹੈ ਕਿਉਂਕਿ 'ਐਥਨਿਕ (ਨਸਲੀ)'
ਲਫ਼ਜ਼ ਗ਼ਲਤਫ਼ਹਿਮੀ ਪੈਦਾ ਕਰ ਸਕਦਾ ਹੈ। ਉਸ ਨੂੰ ਲਗਦਾ ਹੈ ਕਿ ਅਬਾਦੀ ਦੀ ਸਫਾਈ ਇਤਿਹਾਸ ਵਿੱਚ
ਵਾਰ ਵਾਰ ਅਤੇ ਨਵੀਂ ਦੁਨੀਆ ਵਿੱਚ ਵੀ ਹੋਈ ਹੈ। ਨੌਵੀਂ ਸਦੀ ਬੀ. ਸੀ. ਵਿੱਚ ਐਸੀਰਿਅੰਸ ਨੇ
ਅਸੂਰਨਸਿਰਫ਼ਲ 2 (883-859) ਦੀ ਹਕੂਮਤ ਦੇ ਦੌਰਾਨ, 45 ਲੱਖ (4.5 ਮਿਲੀਅਨ) ਜਿੱਤੇ ਹੋਏ
ਲੋਕਾਂ ਨੂੰ ਦੁਬਾਰਾ ਵਸਾਇਆ। ਯਕੀਨਨ, ਲਗਦਾ ਹੈ ਐਸੀਰਿਅੰਸ ਨੇ ਇੱਕ ਬਹੁਤ ਵੱਡੇ ਪੈਮਾਨੇ ਤੇ
ਨਸਲੀ ਸਫਾਈ ਦੀ ਪਾਲਿਸੀ (ਨੀਤੀ) ਜਾਰੀ ਰੱਖੀ। ਇਹ ਦਸਤੂਰ ਬਾਅਦ ਵਿੱਚ ਪ੍ਰਾਚੀਨ ਕਾਲ ਤੇ,
ਮੱਧ-ਪੂਰਬ ਦੇ ਕਈ ਸ਼ਾਹੀ ਘਰਾਣਿਆਂ ਵਲੋਂ ਜਾਰੀ ਰਿਹਾ। ਉਸ ਵਕਤ ਬਗਾਵਤ ਨੂੰ ਦਬਾਉਣਾ ਹੀ ਸਭ
ਤੋਂ ਵਡਾ ਖਿਆਲ ਹੁੰਦਾ ਸੀ (Ibid: :7-10)। ਮੱਧ ਯੁਗ ਦੇ ਦੌਰਾਨ, ਵਿਗੜੇ ਗਰੁੱਪਾਂ ਵਲੋਂ
ਬਗਾਵਤ ਦੇ ਖੌਫ ਦੀ ਥਾਂ ਪਾਕੀਜ਼ਗੀ (ਪਵਿਤਰਤਾ) ਬਾਰੇ ਮਜ਼੍ਹਬੀ ਫਿਕਰ ਅਤੇ ਕੱਟੜਪੁਣੇ ਕਾਰਨ
ਹਕੂਮਤਾਂ ਨੇ ਮਜ਼੍ਹਬੀ ਸਫਾਈ ਦੇ ਬਹਾਨੇ ਨਸਲੀ ਸਫਾਈ ਕੀਤੀ (Ibid:: 11)
ਇਸ ਬਾਰੇ, ਅਸੀ 15ਵੀਂ ਸਦੀ ਦੇ ਆਖੀਰ ਤੇ ਸਪੇਨ ਤੋਂ ਯਹੂਦਿਆਂ ਅਤੇ ਮੁਸਲਮਾਨਾਂ ਨੂੰ ਖਦੇੜਣ
ਦਾ ਜ਼ਿਕਰ ਕਰ ਸਕਦੇ ਹਾਂ ਜੋ ਕਿ ਇੱਕ ਜ਼ਬਰਦਸਤ ਇਰਾਦੇ ਅਤੇ ਕੈਥੋਲਿਕ ਚਰਚ ਦੀ ਪਾਕੀਜ਼ਗੀ ਦੇ
ਜਨੂੰਨ ਨਾਲ ਉਕਸਾਈ ਗਈ ਇੱਕ ਮਜ਼੍ਹਬੀ ਸਫਾਈ ਸੀ (Mann, 2005:45-48)। ਅਸੀਂ ਇਸਲਾਮੀ
ਦੁਨੀਆ ਵਿੱਚ ਵੀ ਇਸੀ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇਖ ਸਕਦੇ ਹਾਂ। 16ਵੀਂ ਸਦੀ ਦੇ ਸ਼ੁਰੂ ਵਿੱਚ
ਇਰਾਨ ਵਿੱਚ ਸਫਾਵਿਦਾਂ ਦੀ ਹਕੂਮਤ ਬਣੀ ਜਿਨ੍ਹਾਂ ਨੇ ਸ਼ੀਆਵਾਦ ਨੂੰ ਹਕੂਮਤੀ ਮਜ੍ਹਬ ਬਣਾ
ਦਿੱਤਾ, ਅਤੇ ਸੁੰਨੀ ਬਹੁਗਿਣਤੀ ਨੂੰ ਮਜ਼੍ਹਬ ਬਦਲਣ ਲਈ ਜਾਂ ਫ਼ਿਰ ਮੁਲਕ ਛੱਡਨ ਨੂੰ ਕਿਹਾ।
ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਸ਼ੀਆਵਾਦ ਨੂੰ ਕਬੂਲ ਕਰ ਲਿਆ ਮਗਰ ਲੋਕਾਂ ਦੀ ਵੱਡੀ ਗਿਣਤੀ
ਨੇ ਗਵਾਂਢੀ ਅਫ਼ਗਾਨਿਸਤਾਨ ਅਤੇ ਭਾਰਤੀ ਉਪ ਮਹਾਂਦੀਪ ਦੀ ਤਰਫ਼ ਕੂਚ ਕੀਤਾ (Abisaab, 2004)।
ਸਲਾਦੀਨ ਦੀ ਹਕੂਮਤ ਦੇ ਵਕਤ ਮਿਸਰ ਅਤੇ ਉੱਤਰੀ ਅਫ਼ਰੀਕਾ ਵਿੱਚ ਖੁਦ ਸ਼ੀਆ ਨੂੰ ਆਤਮਸਾਤ ਕਰਨ
ਲਈ ਮਜ਼ਬੂਰ ਹੋਣਾ ਪਿਆ।
ਬੈੱਲ-ਫਿਆਲਕਫ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਕਿਸੇ ਅਬਾਦੀ ਦੇ ਜ਼ਬਰਨ ਪਰਵਾਸ ਨੂੰ ਤਦ
ਸਫਾਈ ਕਿਹਾ ਜਾਵੇਗਾ, ਜਦ ਅਬਾਦੀ ਦੀਆਂ ਇਸ ਦੇ ਇਲਾਵਾ ਕੁੱਝ ਖ਼ਾਸ ਖ਼ਾਸੀਅਤਾਂ ਹੋਣ, ਜੋ ਇਸ
ਨੂੰ ਅਣਚਾਹਿਆ ਬਣਾਉਂਦੀਆਂ ਹੋਣ। ਉਹ ਅਬਾਦੀ ਦੀ ਸਫਾਈ ਬਾਰੇ ਇੱਕ ਜ਼ਿਆਦਾ ਨਿਰਪੱਖ ਵਿਚਾਰ
ਰੱਖਦੇ ਹਨ ਅਤੇ ਇਸ ਦਾ ਇਸਤੇਮਾਲ ਕਿਸੇ ਇਲਾਕੇ ਤੋਂ ਲੋਕਾਂ ਦੇ ਸਮੂਹ ਦੇ ਕਿਸੇ ਕਿਸਮ ਦੇ ਵੀ
ਜ਼ਬਰਨ ਨਿਕਾਲੇ ਵਾਸਤੇ ਕਰਦੇ ਹਨ। ਉਹ ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਨੂੰ ਹਾਸਲ ਕਰਨ ਲਈ
ਕਿਸੇ ਤਾਕਤ ਦੇ ਇਸਤੇਮਾਲ ਨੂੰ ਜ਼ਰੂਰੀ ਨਹੀਂ ਸਮਝਦੇ, ਅਤੇ ਸਲਾਹ ਦਿੰਦੇ ਹਨ ਕਿ ਅਗਰ ਕਿਸੇ
ਜਗ੍ਹਾ ਤੇ ਦੋ ਜਾਂ ਦੋ ਤੋਂ ਜ਼ਿਆਦਾ ਸਮੂਹ ਆਪਸ ਵਿੱਚ ਅਮਨ ਦੇ ਨਾਲ ਨਹੀਂ ਰਹਿ ਸਕਦੇ, ਤਾਂ
ਉਨ੍ਹਾਂ ਨੂੰ ਹਟਾਉਣ ਲਈ (ਕਿਸ ਨੂੰ ਅਤੇ ਕਿਸ ਆਧਾਰ ਤੇ ਉਹ ਨਹੀਂ ਦੱਸਦੇ ਨੇ) ਕੋਈ ਫਾਰਮੂਲਾ
ਇਜ਼ਾਦ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਦਲੀਲ ਦਾ ਸਾਰ ਇਹ ਹੈ ਕਿ ਲੋਕਾਂ ਦੀ ਕਿਸੇ ਜਗ੍ਹਾ
ਤੋਂ ਸਫਾਈ ਲਈ ਹਕੂਮਤ ਅਤੇ ਉਸ ਦੇ ਅਧਿਕਾਰੀਆਂ ਦੀ ਕਾਰਵਾਈ ਦੀ ਲੋੜ ਹੁੰਦੀ ਹੈ। ਉੁਹ ਲਿਖਦੇ
ਹਨ:
ਅਬਾਦੀ ਦੀ ਸਫਾਈ ਕਿਸੇ ਜਗ੍ਹਾ ਤੋਂ ਇੱਕ ਜਾਂ ਜ਼ਿਆਦਾ ਕੁੱਝ ਖਾਸੀਅਤਾਂ, ਜਿਸ ਤਰ੍ਹਾਂ
ਨਸਲ, ਮਜ਼੍ਹਬ, ਜਾਤ, ਵਰਗ ਜਾਂ ਸੈਕਸੂਅਲ ਪਸੰਦ, ਕਰਕੇ ਅਣਚਾਹੀ ਅਬਾਦੀ ਨੂੰ ਹਟਾਉਣ ਦੀ ਇੱਕ
ਸੋਚੀ ਸਮਝੀ, ਜਾਣਬੁੱਝ ਕੇ ਕੀਤੀ ਕਾਰਵਾਈ ਹੈ। ਇਸ ਨੂੰ ਨਸਲੀ ਸਫਾਈ ਮੰਨੇ ਜਾਣ ਲਈ ਅਬਾਦੀ
ਨੂੰ ਹਟਾਉਣ ਵਿੱਚ ਇਨ੍ਹਾਂ ਖਾਸੀਅਤਾਂ ਦੀ ਭੂਮਿਕਾ ਜ਼ਰੂਰ ਹੋਣੀ ਚਾਹੀਦੀ ਹੈ।
(Bell-Fialkoff, 1999:3).
ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਦੇ ਉੱਪਰ ਆਪਣੇ ਇੱਕ ਅਹਿਮ ਕੰਮ ਵਿੱਚ ਮਾਇੱਕਲ ਮੈਨ
(2005) ਇਸ ਗੱਲ ਤੇ ਜ਼ੋਰ ਪਾਉਂਦੇ ਹਨ ਕਿ ਆਧੁਨਿਕ ਦੌਰ ਵਿੱਚ ਨਸਲੀ ਸਫਾਈ “ਜਮੂਹਰੀਅਤ ਦੇ
ਕਾਲੇ ਪੱਖ” ਦੀ ਤਰਫ਼ ਇਸ਼ਾਰਾ ਕਰਦੀ ਹੈ। ਇਹ ਉੱਥੇ ਹੁੰਦੀ ਹੈ ਜਿੱਥੇ ਸਮਾਜਕ ਦਰਜਾਬੰਦੀ ਲਈ
ਜਮਾਤ ਦੀ ਥਾਂ ਨਸਲ ਭਾਰੂ ਹੁੰਦੀ ਹੈ ਅਤੇ ਇਸ ਅਮਲ ਵਿੱਚ ਜਮਾਤ ਵਰਗੀਆਂ ਭਾਵਨਾਵਾਂ ਨਸਲੀ
ਰਾਸ਼ਟਰਵਾਦ (ਐਥਨਿਕ ਨੈਸ਼ਨਲਿਜ਼ਮ) ਰਾਹੀਂ ਪ੍ਰਗਟ ਹੁੰਦੀਆਂ ਹਨ (Ibid:5)। ਇਹ ਇੱਕ
ਮਜਾਰਿਟੀ ਵਾਲੀ ਹਕੂਮਤ ਜਾਂ ਲੋਕਾਂ ਦੀ ਤਾਕਤ ਨੂੰ ਨਸਲੀ ਸਮੂਹ (ਐਥਨਿਕ ਗੁਰੱਪ) ਦੀ ਤਾਕਤ
ਨਾਲ ਰਲਗੱਡ ਦਾ ਨਤੀਜਾ ਹੁੰਦਾ ਹੈ। ਜਦ ਦੋ ਜਾਂ ਜ਼ਿਆਦਾ ਸਮੂਹ ਇਕ ਹੀ ਇਲਾਕੇ ਤੇ ਆਪਣਾ ਹਕ
ਜਤਾਉਂਦੇ ਹਨ ਅਤੇ ਉਸ ਦੇ ਉੱਪਰ ਆਪਣਾ ਇਕੱਲਿਆਂ ਦਾ ਰਾਜ ਬਹਾਲ ਕਰਨ ਦੀ ਕੋਸ਼ਿਸ਼ ਕਰਦੇ ਹਨ,
ਤਾਂ ਨਤੀਜਾ ਖ਼ੂਨੀ ਨਸਲੀ ਸਫਾਈ ਵਿੱਚ ਨਿਕਲਦਾ ਹੈ। ਜਮੂਹਰੀਅਤ ਦੀ ਇੱਕ ਅੱਡਰੀ ਨਸਲੀ
ਰਾਸ਼ਟਰਵਾਦੀ ਕਿਸਮ (ਐਥਨੋ ਨੈਸ਼ਨਲਿਸਟ ਵਰਜ਼ਨ) ਦੇ ਨਾਂ 'ਤੇ ਹਿੰਸਾ ਦੀ ਵਰਤੋਂ ਕੀਤੀ
ਜਾਂਦੀ ਹੈ। ਇਸੇ ਤਰ੍ਹਾਂ ਜਮੂਹਰੀਅਤ ਇੱਕ ਨਸਲੀ ਸ਼ਕਲ ਅਖਤਿਆਰ ਕਰਦੀ ਹੈ ਅਤੇ ਕਮਜ਼ੋਰ ਸਮੂਹ
ਨੂੰ ਪਰਵਾਸ ਕਰਨਾ ਪੈਂਦਾ ਹੈ ਜਾਂ ਵੱਡੇ ਕਤਲੇਆਮ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨ ਦਾ ਇਹ
ਜਾਇਜ਼ਾ ਵਜ਼ਨਦਾਰ ਹੈ। ਲੇਕਿਨ, ਆਪਣੀ ਕਿਤਾਬ ਦੀ ਧਾਰਨਾ ਦੇ ਢਾਂਚੇ (ਕਨਸੈਪਚੂਅਲ ਫਰੇਮਵਰਕ)
ਵਿੱਚ ਉਹ ਐਥਨਿਸਟੀ (ਇਕ ਸਮੂਹ ਜੋ ਖੁਦ ਜਾਂ ਦੂਜਿਆਂ ਵਲੋਂ ਪ੍ਰੀਭਾਸ਼ਤ ਕੀਤੇ ਜਾਣ ਕਾਰਨ
ਆਪਣੇ ਆਪ ਨੂੰ ਇਕ ਸਾਂਝੇ ਪਿਛੋਕੜ ਅਤੇ ਤਹਿਜੀਬ ਦਾ ਮੰਨਦਾ ਹੈ), ਐਥਨੋਸਾਇਡ (ਲੋਕਾਂ ਦੀ
ਤਹਿਜੀਬ ਦੀ ਬਰਬਾਦੀ), ਜੈਨੋਸਾਈਡ (ਬਹੁਗਿਣਤੀ ਦਾ ਘੱਟ ਗਿਣਤੀ ਨੂੰ ਜਾਣਬੁੱਝ ਕੇ ਮਾਰਨਾ)
ਅਤੇ ਐਥਨਿਕ ਕਲੈਨਜ਼ਿੰਗ ਦੇ ਫਰਕ ਉੱਪਰ ਰੌਸ਼ਨੀ ਪਾਉਂਦੇ ਹਨ। ਮੈਨ ਜੈਨੋਸਾਈਡ (ਨਸਲਕੁਸ਼ੀ)
ਅਤੇ ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਨੂੰ ਇੱਕ ਹੀ ਗੱਲ ਸਮਝਦੇ ਹਨ, ਖਾਸ ਕਰ ਕੇ ਅਗਰ
ਨਸਲੀ ਸਫਾਈ ਇੱਕ ਖੂਨੀ ਰੂਪ ਲੈ ਲੈਂਦੀ ਹੈ (Ibid: 10-18)। ਹਕੀਕਤ ਇਹ ਹੈ ਕਿ ਠੋਸ
ਹਾਲਤਾਂ ਵਿੱਚ ਨਸਲਕੁਸ਼ੀ ਅਤੇ ਨਸਲੀ ਸਫਾਈ ਦੇ ਦਰਮਿਆਨ ਫਰਕ ਕਰਨਾ ਮੁਸ਼ਕਲ ਹੈ। ਅਸੀ ਇਸੀ
ਮਸਲੇ ਉੱਪਰ ਵਿਚਾਰ ਕਰਾਂਗੇ।
ਇਹ ਗੌਰਤਲਬ ਹੈ ਕਿ ਜਦੋਂ ਤੋਂ 19ਵੀਂ ਸਦੀ ਵਿੱਚ ਆਲਮੀ ਤੌਰ ਤੇ ਕੌਮੀਵਾਦ ਦਾ ਉਭਾਰ ਹੋਇਆ
ਹੈ, ਨਸਲੀ ਸਫਾਈ ਅਕਸਰ ਅਲਟ੍ਰਾ-ਨੈਸ਼ਨਲਿਸਟ (ਕੌਮਪ੍ਰਸਤ ਕੱਟੜਵਾਦੀ) ਪਾਰਟੀ ਜਾਂ ਤਹਿਰੀਕ
ਦੀ ਜ਼ਬਰਦਸਤੀ ਦਾ ਅੰਜ਼ਾਮ ਬਣੀ ਹੈ। ਇਸ ਦਾ ਮਕਸਦ ਕੌਮ ਅਤੇ ਸਰਕਾਰ ਵਿੱਚ ਇਕਰੂਪਤਾ ਲਿਆਉਣਾ
ਹੈ। ਜ਼ਿਆਦਾਤਰ ਰਿਸਰਚਰ (ਸ਼ੋਧਕਰਤਾ) ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਨਸਲੀ ਸਫਾਈ, ਬਗੈਰ
ਸਰਕਾਰੀ ਕਾਰਜਕਰਤਾਵਾਂ ਦੇ ਮੁਮਕਿਨ ਨਹੀਂ ਹੈ, ਜੋ ਆਪਣੀ ਤਾਕਤ ਅਤੇ ਇਖ਼ਤਿਆਰ ਦਾ ਗਲਤ
ਇਸਤੇਮਾਲ ਕਰ ਕੇ, ਉਨ੍ਹਾਂ ਲੋਕਾਂ ਨੂੰ ਕੱਢਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ
ਜਾਤ, ਮਜ਼੍ਹਬ, ਫਿਰਕੇ ਜਾਂ ਜ਼ਬਾਨ ਕਰਕੇ ਪਰਦੇਸੀ ਅਤੇ ਅਣਚਾਹੇ ਸਮਝਿਆ ਜਾਂਦਾ ਹੈ
(Naimark, 2001)। ਅਮਰੀਕੀ ਅਖਬਾਰ ਨਵੀਸ ਰੌਇ ਗੱਟਮੈਨ (1993) ਲਿਖਦੇ ਹਨ ਕਿ ਸਰਬੀਆ ਦੇ
ਅਲਟ੍ਰਾ-ਨੈਸ਼ਨਲਿਸਟ (ਕੌਮਪ੍ਰਸਤ ਕੱਟੜਵਾਦੀਆਂ) ਨੇ ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਲਫ਼ਜ਼ਾਂ
ਨੂੰ ਇਜਾਦ ਕੀਤਾ ਜਿਸ ਦਾ ਮਕਸਦ ਬੇਤਰਤੀਬੇ ਕਤਲਾਂ, ਇਖਤਿਆਰੀ ਕਤਲਾਂ, ਬਾਕਾਇਦਾ ਜ਼ਬਰ ਜ਼ਨਾਹ
ਅਤੇ ਖੱਸੀ-ਕਰਨ (ਕੈਸਟ੍ਰੇਸ਼ਨ) ਅਤੇ ਵਡੇ ਪੈਮਾਨੇ ਤੇ ਦੇਸ਼ ਨਿਕਾਲਿਆਂ ਵਰਗੀਆਂ ਗਲਤ ਹਰਕਤਾਂ
ਨੂੰ ਛੁਪਾਉਣਾ ਸੀ ਜਿਨ੍ਹਾਂ ਨੂੰ ਉਨ੍ਹਾਂ ਨੇ 1992-93 ਵਿੱਚ ਬੌਸਨਿਆ-ਹਰਜ਼ੇਗੋਵਿਨਾ ਵਿੱਚ,
ਖਾਸ ਕਰ ਕੇ ਮੁਸਲਮਾਨਾਂ ਦੇ ਖ਼ਿਲਾਫ਼ ਪਰ ਕ੍ਰੋਏਟਸ ਦੇ ਖ਼ਿਲਾਫ ਵੀ, ਵਰਤਿਆ। (Ibid:VII) ਉਸ
ਸਮੇਂ ਦੇ ਦੌਰਾਨ ਕੋਈ 200,000-250,000 ਮੁਸਲਮਾਨ ਹਲਾਕ ਹੋ ਗਏੇ ਅਤੇ ਉਸ ਤੋਂ ਕਈ ਗੁਣਾਂ
ਜ਼ਿਆਦਾ ਆਪਣੀ ਪੁਸ਼ਤੈਣੀ ਜਗ੍ਹਾ ਤੋਂ ਬੇਘਰ ਹੋਏ। ਹੁਣ ਤੱਕ ਇਤਿਹਾਸ ਅਤੇ ਧਾਰਮਿਕ
ਵਿਸ਼ਵਾਸਾਂ ਦੀ ਵਿਰੋਧੀ ਵਿਆਖਿਆ ਦੇ ਬਾਵਜੂਦ, ਅੰਤਰ-ਭਾਈਚਾਰਿਆਂ ਵਿਚਕਾਰ ਹੁੰਦੇ ਵਿਆਹਾਂ
ਅਤੇ ਕਮਿਊਨਿਸਟ ਦੌਰ ਦੌਰਾਨ ਵਿਸ਼ਵਆਿਪੀ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਅਪਨਾਉਣ ਕਾਰਨ
ਅਸਲ ਵਿੱਚ ਕੁੱਝ ਹੱਦ ਤੱਕ ਭਾਈਚਾਰਿਆਂ ਵਿਚਕਾਰ ਇਕ ਦੂਸਰੇ ਵਿੱਚ ਸ਼ਾਮਲ ਹੋਣ ਦਾ ਕਾਰਜ
ਵਾਪਰ ਚੁੱਕਾ ਸੀ। ਸਰਬੀਅਨ ਕੌਮਪਰਸਤ ਕੱਟੜਵਾਦੀਆਂ ਨੇ ਆਪਣੀ ਪੂਰੀ ਤਾਕਤ ਇਸੇ ਤਰ੍ਹਾਂ ਦੀ
ਸਾਂਝ ਦੇ ਹਰ ਇੱਕ ਨਿਸ਼ਾਨ ਨੂੰ ਤਬਾਹ ਕਰਨ ਤੇ ਲਗਾ ਦਿੱਤੀ। ਬਿਨਾਂ ਸ਼ੱਕ ਉਨ੍ਹਾਂ ਦਾ
ਇਰਾਦਾ, ਸਰਬਾਂ ਦੇ ਪਵਿੱਤਰ (ਪਾਕ) ਮੁਲਕ ਤੋਂ, ਇਸੇ ਤਰ੍ਹਾਂ ਦੇ ਲੋਕਾਂ ਨੂੰ ਪੂਰੀ ਤਰ੍ਹਾਂ
ਖ਼ਤਮ ਕਰ ਦੇਣਾ ਸੀ (Ibid: XXVII-XXXI)।
ਜੈਨੋਸਾਈਡ (ਨਸਲਕੁਸ਼ੀ)
ਜੈਨੋਸਾਈਡ (ਨਸਲਕੁਸ਼ੀ) ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਦੀ ਤਰ੍ਹਾਂ ਹਾਲ ਵਿੱਚ ਇਜਾਦ
ਹੋਇਆ ਇੱਕ ਨਵਾਂ ਲਫਜ਼ ਹੈ, ਬੇਸ਼ੱਕ ਇਹ ਇਨਸਾਨੀ ਸੱਭਿਅਤਾ ਦੀ ਪੁਰਾਣੀ ਬੁਰਾਈ ਹੈ। ਦਰਅਸਲ
ਜੈਨੋਸਾਇਡ (ਨਸਲਕੁਸ਼ੀ) ਦੀ ਪਰਿਭਾਸ਼ਾ ਪੋਲੈਂਡ ਦੇ ਕਾਨੂੰਨਦਾਨ ਰੈਫੈਲ ਲੇਮਕਿਨ ਨੇ 1944
ਵਿੱਚ ਕਿਸੇ ਕੌਮ ਜਾਂ ਨਸਲੀ ਸਮੂਹ ਦੀ ਬਰਬਾਦੀ ਲਈ ਦਿੱਤੀ ਸੀ; ਇਸ ਨੂੰ ਨਿਊੂਰੇਮਬਰਗ ਦੇ
ਮੁਕੱਦਮੇ (1945-7) ਦੇ ਦੌਰਾਨ ਕਾਨੂੰਨੀ ਮਨਜ਼ੂਰੀ ਦਿੱਤੀ ਗਈ। ਨਿਊੂਰੇਮਬਰਗ ਦੇ ਮੁਕੱਦਮੇ
ਦਾ ਮਕਸਦ ਉਨ੍ਹਾਂ ਨਾਜ਼ੀਆਂ ਨੂੰ ਸਜ਼ਾ ਦੇਣੀ ਸੀ, ਜੋ ਦੂਜੀ ਆਲਮੀ ਜੰਗ ਤੋਂ ਪਹਿਲਾਂ ਅਤੇ
ਦੌਰਾਨ ਗੈਰਫੌਜ਼ੀ ਆਬਾਦੀ, ਜਾਤੀ ਜਾਂ ਨਸਲੀ ਘੱਟ-ਗਿਣਤੀ ਦੇ ਲੋਕਾਂ ਦੇ ਜਨਤਕ ਕਤਲਾਂ ਜਾਂ
ਉਨ੍ਹਾਂ 'ਤੇ ਕੀਤੇ ਦੂਜੇ ਜ਼ੁਲਮਾਂ ਵਿੱਚ ਸ਼ਾਮਲ ਸਨ। ਲੱਗਭਗ ਉਸ ਹੀ ਵਕਤ ਦੇ ਦੌਰਾਨ ਚੀਨ,
ਪੂਰਬੀ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਜਾਪਾਨੀ ਫੌਜ ਦੀਆਂ ਬੇਰਹਿਮ ਜ਼ਬਰਦਸਤੀਆਂ ਦੇ ਕਾਰਨ,
ਪ੍ਰੱਮੁਖ ਜਾਪਾਨੀਆਂ ਦੇ ਉੱਪਰ ਜੰਗ ਤੋਂ ਬਾਅਦ ਮੁੱਕਦਮਾ ਚੱਲਿਆ ਅਤੇ ਉਨ੍ਹਾਂ ਨੂੰ ਸਜ਼ਾ
ਮਿਲੀ। ਅੰਤਰਾਸ਼ਟਰੀ ਕਾਨੂੰਨ (ਇੰਟਰਨੈਸ਼ਨਲ ਲਾਅ) ਨੇ ਜੈਨੋਸਾਇਡ (ਨਸਲਕੁਸ਼ੀ) ਬਾਰੇ ਮਾਕੂਲ
ਕਾਨੂੰਨੀ ਮਾਨਤਾ 9 ਦਸੰਬਰ 1948 ਨੂੰ ਦਿੱਤੀ ਜਦ ਯੂ ਐਨ ਕਨਵੈਨਸ਼ਨ ਔਨ ਦ ਪ੍ਰਿਵੈਨਸ਼ਨ ਐਂਡ
ਪਨਿਸ਼ਮੇਂਟ ਔਫ ਦ ਕ੍ਰਾਇਮ ਔਫ ਜੈਨੋਸਾਇਡ ਦੇ ਉੱਪਰ ਦਸਤਖ਼ਤ ਹੋਏ (ਇਸ ਨੂੰ 1951 ਵਿੱਚ ਮੈਂਬਰ
ਮੁਲਕਾਂ ਦੀ ਜ਼ਰੂਰੀ ਤਦਾਦ ਨਾਲ ਮਨਜ਼ੂਰੀ ਮਿਲੀ)।
ਜੈਨੋਸਾਇਡ ਕਨਵੈਨਸ਼ਨ ਜੈਨੋਸਾਇਡ (ਨਸਲਕੁਸ਼ੀ) ਬਾਰੇ ਇੱਕ ਵਿਆਪਕ ਤਜਵੀਜ਼ ਪੇਸ਼ ਕਰਦੀ ਹੈ,
ਜਿਸ ਦਾ ਮਤਲਬ ਇਨ੍ਹਾਂ ਸਭ ਕਾਰਵਾਈਆਂ ਨਾਲ ਹੈ ਜੋ ਕੌਮੀ, ਨਸਲੀ, ਜਾਤੀ ਜਾਂ ਮਜ਼੍ਹਬੀ ਸਮੂਹ
ਦੀ ਪੂਰੀ ਜਾਂ ਕੁੱਝ ਹਦ ਤੱਕ ਬਰਬਾਦੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਹਨ:
1. ਕਿਸੀ ਸਮੂਹ ਦੇ ਮੈਂਬਰਾਂ ਨੂੰ ਹਲਾਕ ਕਰਨਾ;
2. ਉਸ ਹੀ ਸਮੂਹ ਦੇ ਮੈਂਬਰਾਂ ਨੂੰ ਗੰਭੀਰ ਜਿਸਮੀ ਜਾਂ ਮਾਨਸਿਕ ਨੁਕਸਾਨ ਪਹੁੰਚਾਉਣਾ;
3. ਜਾਣ-ਬੁੱਝ ਕੇ ਸਮੂਹ ਨੂੰ ਇਸ ਤਰ੍ਹਾਂ ਦੀਆਂ ਹਾਲਤਾਂ ਵਿੱਚ ਜੀਣ ਨੂੰ ਮਜ਼ਬੂਰ ਕਰਨਾ ਕਿ
ਸਾਰਾ ਸਮ੍ਹੂਹ ਪੂਰੀ ਜਾਂ ਕੁੱਝ ਹਦ ਤੱਕ ਜਿਸਮਾਨੀ ਤੌਰ ਤੇ ਤਬਾਹ ਹੋ ਜਾਵੇ
4. ਇਸ ਤਰ੍ਹਾਂ ਦੇ ਕਦਮ ਥੋਪਣੇ ਕਿ ਉਸ ਸਮੂਹ ਵਿੱਚ ਪੈਦਾਇਸ਼ ਰੁਕ ਜਾਵੇ
5. ਉਸ ਸਮੂਹ ਦੇ ਬੱਚਿਆਂ ਦਾ ਕਿਸੇ ਦੂਜੇ ਸਮੂਹ ਵਿੱਚ ਜ਼ਬਰਨ ਤਬਾਦਲਾ ਕਰਨਾ
ਫ੍ਰੈਂਕ ਚੱਕ ਅਤੇ ਕਰਟ ਜੌਹਨਸਨ (1990) ਨੇ, ਪੁਰਾਣੀ ਦੁਨੀਆ ਵਿੱਚ ਵੀ ਵਣਜਾਰਿਆਂ ਅਤੇ
ਵਾਹੀ ਕਰਦੇ ਵਸੇ ਲੋਕਾਂ ਵਿੱਚ ਹਿੰਸਕ ਝਗੜੇ ਅਤੇ ਨਸਲਕੁਸ਼ੀ ਦਾ ਸਬੂਤ ਲੱਭਿਆ ਹੈ। ਹਾਰਨ
ਵਾਲਿਆਂ ਨੂੰ ਜਾਂ ਕਤਲ ਕਰ ਦਿੱਤਾ ਜਾਂਦਾ ਸੀ ਜਾਂ ਗੁਲਾਮ ਬਣਾ ਲਿਆ ਜਾਂਦਾ ਸੀ। ਇਸ ਦਾ
ਮਕਸਦ ਕਿਸੇ ਵੀ ਧਮਕੀ ਨੂੰ ਖ਼ਤਮ ਕਰਨਾ ਸੀ। ਇਹ ਲੇਖਕ ਅਸੀਰੀਅਨਜ਼ ਦੀਆਂ ਜ਼ਿਆਦਤੀਆਂ ਨੂੰ
ਜੈਨੋਸਾਇਡ (ਨਸਲਕੂਸ਼ੀ) ਕਹਿੰਦੇ ਹਨ ਮਗਰ ਬੈੱਲ-ਫਿਅਲਕੋਫ ਇਸ ਨੂੰ ਨਸਲੀ ਸਫਾਈ ਕਹਿੰਦੇ ਹਨ।
ਨਸਲਕੁਸ਼ੀ ਕਰਨ ਦੀ ਦੂਜੀ ਵਜ੍ਹਾ ਵਿੱਚ ਦਹਿਸ਼ਦਗਰਦੀ ਅਤੇ ਲੋਕਾਂ ਨੂੰ ਦਬਾ ਕੇ ਰੱਖਣਾ ਸ਼ਾਮਲ
ਹੈ। ਮੰਗੋਲ ਵਾਰਲੌਰਡ ਚੰਗੇਜ ਖ਼ਾਨ ਇਸ ਤਕਨੀਕ ਦਾ ਉਸਤਾਦ ਸੀ। ਤੀਜੀ ਤਰ੍ਹਾਂ ਦੀ ਨਸਲਕੁਸ਼ੀ
ਆਰਥਿਕ ਦੌਲਤ ਨੂੰ ਹਾਸਲ ਕਰਨ ਵਾਸਤੇ ਕੀਤੀ ਜਾਂਦੀ ਹੈ; ਇਕ ਵਾਰ ਫਿਰ ਇਹ ਗੁਜ਼ਰੇ ਜ਼ਮਾਨੇ
ਵਿੱਚ ਕੀਤੀ ਜਾਂਦੀ ਸੀ। ਚੌਥੀ ਤਰ੍ਹਾਂ ਦੀ ਨਸਲਕੁਸ਼ੀ ਵਿੱਚ ਜ਼ਾਲਿਮਾਂ ਵਲੋਂ ਆਪਣੀ ਸੋਚ,
ਸਿਧਾਂਤ ਜਾਂ ਵਿਚਾਰਧਾਰਾ ਥੋਪੀ ਜਾਂਦੀ ਹੈ; ਅਤੇ ਉਨ੍ਹਾਂ ਦੇ ਪੀੜਿਤ ਆਪਣੇ ਹੀ ਸਾਥੀ
ਨਾਗਰਿਕ ਹੁੰਦੇ ਹਨ ਨਾ ਕਿ ਬਾਹਰ ਵਾਲੇ। ਇਸ ਨੂੰ ਕਾਫਰਾਂ ਅਤੇ ਸਮਾਜ ਵਿੱਚ ਨਫਰਤ ਦੇ ਪਾਤਰ
ਲੋਕਾਂ ਦੇ ਖਿਲਾਫ ਇਸਤੇਮਾਲ ਕੀਤਾ ਜਾਂਦਾ ਸੀ, ਜਿਸ ਤਰ੍ਹਾਂ ਕਿ ਚਰਚ ਵਲੋਂ ਹਜ਼ਾਰਾਂ ਨੂੰ
ਡੈਣਾਂ ਕਰਾਰ ਦਿੱਤੇ ਜਾਣਾ ਅਤੇ ਜ਼ਿੰਦਾ ਸਾੜਿਆ ਜਾਣਾ। ਇਹ ਸਾਰੇ ਚਾਰ ਤਰ੍ਹਾਂ ਦੇ
ਜੈਨੋਸਾਇਡ ਨੇਸ਼ਨ-ਸਟੇਟਸ ਦੇ ਵਕਤ ਪੂਰੀ ਤਰ੍ਹਾਂ ਵਿਕਸਿਤ ਹੋਏ (Ibid:33-40)।
ਨਸਲੀ ਸਫਾਈ ਅਤੇ ਨਸਲਕੁਸ਼ੀ ਵਿਚਕਾਰ ਫਰਕ
ਕਿਸੇ ਵੀ ਇਤਿਹਾਸਕ ਹਾਲਾਤ ਵਿੱਚ ਹਮੇਸ਼ਾਂ ਇਸ ਗੱਲ ਦਾ ਫੈਸਲਾ ਕਰਨਾ ਮੁਮਕਿਨ ਨਹੀਂ ਹੁੰਦਾ
ਕਿ, ਮਕਸਦ ਅਣਚਾਹੇ ਲੋਕਾਂ ਨੂੰ ਕਿਸੇ ਖੇਤਰ ਤੋਂ ਬਾਹਰ ਕੱਢਨਾ ਸੀ ਜਾਂ ਕਿ ਉਨ੍ਹਾਂ ਨੂੰ
ਜਿਸਮਾਨੀ ਤੌਰ ਤੇ ਖ਼ਤਮ ਕਰਨਾ। ਹਕੀਕਤ ਵਿੱਚ, ਬਹੁਤ ਜ਼ਿਆਦਾ ਤਸ਼ੱਦਦ ਜਿਨ੍ਹਾਂ ਹਾਲਾਤਾਂ ਵਿੱਚ
ਹੋ ਸਕਦਾ ਹੈ ਉਹ ਹਨ: ਵਿਰੋਧੀ ਲੋਕਾਂ ਵਲੋਂ ਟਾਕਰਾ ਜਾਂ ਅਤਿਆਚਾਰੀਆਂ ਵਲੋਂ ਬਹੁਤ ਜ਼ਿਆਦਾ
ਤਾਕਤ ਦੀ ਵਰਤੋਂ ਜਾਂ ਅਣਚਾਹੇ ਲੋਕਾਂ ਦਾ ਕਿਸੇ ਮਹਿਫੂਜ਼ ਜਗ੍ਹਾ ਤੇ ਨਾ ਪਹੁੰਚ ਸਕਣਾ।
ਇਨ੍ਹਾਂ ਹਾਲਾਤਾਂ ਵਿੱਚ ਨਤੀਜਾ ਸੱਚ-ਮੁੱਚ ਜੈਨੋਸਾਇਡ ਹੀ ਹੁੰਦਾ ਹੈ। ਦੂਜੇ ਪਾਸੇ, ਅਗਰ
ਇਰਾਦਾ ਜਿਸਮਾਨੀ ਤੌਰ ਤੇ ਕਿਸੇ ਸਮੁਹ ਨੂੰ ਬਿਲਕੁਲ ਖ਼ਤਮ ਕਰਨ ਦਾ ਹੀ ਹੋਵੇ, ਅਤੇ ਇਸ ਨੁੰ
ਜੋ ਏਜੰਸੀ ਚਾਹੁੰਦੀ ਹੈ, ਉਸ ਦੇ ਕੋਲ ਸਾਜ਼ੋ ਸਾਮਾਨ ਅਤੇ ਇਸ ਯੋਜਨਾ ਨੂੰ ਕਾਰਵਾਈ ਵਿੱਚ
ਤਬਦੀਲ ਕਰਨ ਦੀ ਸਮਰੱਥਾ ਨਾ ਹੋਵੇ। ਨਤੀਜੇ ਵਜੋਂ ਸ਼ਿਕਾਰ ਸਮੂਹ, ਮਹਿਫੂਜ਼ ਜਗ੍ਹਾ ਤੱਕ ਭੱਜਣ
ਵਿੱਚ ਕਾਮਯਾਬ ਹੋ ਸਕਦਾ ਹੈ। ਨਸਲਕੁਸ਼ੀ ਅਤੇ ਨਸਲੀ ਸਫਾਈ ਦੇ ਸਾਰੇ ਮਾਮਲਿਆਂ ਵਿੱਚ ਝਗੜੇ
ਦੇ ਵਕਤ, ਹਥਿਆਰਾਂ ਦੀ ਕਿਸਮ ਅਤੇ ਟੈਕਨੌਲੌਜੀ ਦੀ ਪਹੁੰਚ ਇੱਕ ਅਹਿਮ ਕਿਰਦਾਰ ਅਦਾ ਕਰਦੀ
ਹੈ।
ਯਹੂਦੀਆਂ ਦੀ ਕਤਲੋਗਾਰਤ (ਜਿਊਸ਼ ਹੌਲੌਕਾਸਟ) ਜੋ ਨਸਲਕੁਸ਼ੀ ਦਾ ਸਭ ਤੋਂ ਬਦਨਾਮ ਮਾਮਲਾ ਹੈ,
ਨੂੰ ਵੀ ਕੁੱਝ ਵਿਦਵਾਨ, ਯਹੁਦਿਆਂ ਨੂੰ ਜਰਮਨੀ ਅਤੇ ਯੂਰੋਪ ਤੋਂ ਬਾਹਰ ਕੱਢਣ ਦੀ ਇੱਕ
ਸ਼ੁਰੁਆਤੀ ਪਾਲਿਸੀ ਮੰਨਦੇ ਹਨ (Gellately, 2003: 246–52; Melson, 1992)। ਇਸ ਦਾ
ਨਤੀਜਾ ਨਸਲਕੁਸ਼ੀ ਵਿੱਚ ਨਿਕਲਿਆ, ਕਿਉਂਕਿ ਦੂਜੇ ਮੁਲਕਾਂ ਦੀਆਂ ਬੇਰਹਿਮ ਸਰਕਾਰਾਂ ਨੇ
ਯਹੂਦੀਆਂ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ
ਵਿਚਾਰਧਾਰਕ ਤੌਰ 'ਤੇ ਨਾਜ਼ੀਆਂ ਦੇ ਫਾਇਨਲ ਸੌਲੂਸ਼ਨ (ਆਖਰੀ ਹੱਲ) ਦਾ ਮਕਸਦ, ਯਹੂਦੀਆਂ ਅਤੇ
ਵਣਜਾਰਿਆਂ (ਜਿਪਸੀਆਂ) ਦਾ ਅਣਚਾਹੀਆਂ ਜਾਤੀਆਂ ਦੇ ਤੌਰ ਤੇ, ਨਾਮੋ ਨਿਸ਼ਾਨ ਮਿਟਾਉਣਾ ਸੀ। ਇਸ
ਕਰ ਕੇ, ਉਨ੍ਹਾਂ ਦਾ ਕਨਸੇਨਟ੍ਰੇਸ਼ਨ ਕੈਂਪਾ ਵਿੱਚ ਅਤੇ ਬਾਕਾਇਦਾ ਨਾਸ਼ ਇਸ਼ਾਰਾ ਕਰਦਾ ਹੈ ਕਿ,
ਜੈਨੋਸਾਇਡ (ਨਸਲਕੁਸ਼ੀ) ਨਾਜ਼ੀਆਂ ਦਾ ਤੰਜ਼ੀਮ ਕੀਤਾ ਹੋਇਆ ਸੀ ਅਤੇ ਉਨ੍ਹਾਂ ਦੀ ਮਰਜ਼ੀ ਦੇ
ਬਹੁਤ ਕਰੀਬ ਸੀ (Lang, 2003)। ਇਸ ਕਰ ਕੇ ਇਹ ਮੁਮਕਿਨ ਹੈ ਕਿ, ਵਿਚਾਰਧਾਰਕ ਬਿਆਨਾਂ ਅਤੇ
ਪ੍ਰਚਾਰ ਤੋਂ ਮੁਰਾਦ ਦਾ ਕੁੱਝ ਪਤਾ ਲਗ ਜਾਵੇ। ਮਗਰ ਅਕਸਰ ਜੈਨੋਸਾਇਡ (ਨਸਲਕੁਸ਼ੀ) ਕਰਨ ਵਾਲੇ
ਇਸ ਉੱਪਰ ਕਾਫ਼ੀ ਭੇਦ ਰਖਦੇ ਹੋਏ ਕੰਮ ਕਰਦੇ ਹਨ, ਅਤੇ ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ)
ਵਰਗੇ ਲਫ਼ਜ਼ਾਂ ਦਾ ਇਸਤੇਮਾਲ ਕਰ ਕੇ ਦੁਨੀਆ ਨੂੰ ਗੁੰਮਰਾਹ ਕਰਦੇ ਹਨ। ਕੁੱਝ ਵਿਦਵਾਨ ਇਹ ਨਹੀਂ
ਸੋਚਦੇ ਕਿ ਜੈਨੋਸਾਇਡ (ਨਸਲਕੁਸ਼ੀ) ਨੂੰ ਸਿਰਫ਼ ਮੁਰਾਦ ਨਾਲ ਜੋੜਿਆ ਜਾਵੇ। ਉਹ ਅਖੀਰੀ ਅੰਜ਼ਾਮ
ਉੱਪਰ ਧਿਆਨ ਦਿੰਦੇ ਹਨ, ਅਗਰ ਲੋਕਾਂ ਉੱਪਰ ਹੋਈ ਲਗਾਤਾਰ ਤਸ਼ੱਦਦੀ ਕਾਰਵਾਈ ਨਾਲ ਬਹੁਤ ਜ਼ਿਆਦਾ
ਅਤੇ ਬਰਬਰ ਮੌਤਾਂ ਹੁੰਦੀਆਂ ਹਨ, ਤਾਂ ਅਸੀਂ ਕਹਿ ਸਕਦੇ ਹਾਂ ਕਿ ਨਸਲਕੁਸ਼ੀ (ਜੈਨੋਸਾਇਡ) ਹੋਈ
ਹੈ (Jonassohn and Björnson, 1999)।
ਇਸ ਮਾਮਲੇ ਵਿੱਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਗਰ ਲੰਬੀ ਚਲੀ ਗੱਲ-ਬਾਤ ਦੇ ਬਾਅਦ,
ਪ੍ਰਤੀਯੋਗੀ ਮੌਜੂਦਾ ਵਿਵਸਥਾ ਵਿੱਚ ਹਕੂਮਤ ਦੇ ਸਹਿਭਾਗੀ ਬਣਨ ਨੂੰ ਰਾਜ਼ੀ ਨਹੀਂ ਹੁੰਦੇ ਅਤੇ
ਇਸ ਦੇ ਨਾਲ, ਕਾਨੂੰਨ ਅਤੇ ਸ਼ਾਸਨ ਪੂਰੀ ਤਰ੍ਹਾਂ ਨਾਕਾਮ ਹੋ ਜਾਂਦੇ ਹਨ ਤਾਂ, ਐਥਨਿਕ
ਕਲੈਨਜ਼ਿੰਗ (ਨਸਲੀ ਸਫਾਈ) ਅਤੇ ਜੈਨੋਸਾਈਡ (ਨਸਲਕੁਸ਼ੀ) ਹੁੰਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ,
ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਅਤੇ ਜੈਨੋਸਾਈਡ (ਨਸਲਕੁਸ਼ੀ) ਗੱਲ-ਬਾਤ ਨਾਕਾਮ ਹੋਣ ਦੇ
ਅਣਚਾਹੇ ਨਤੀਜੇ ਹਨ, ਨਾ ਕਿ ਪਹਿਲਾਂ ਤੋਂ ਸੋਚਿਆ ਸਮਝਿਆ ਮਨਸੂਬਾ। ਬਹਰਹਾਲ, ਨਸਲੀ ਸਫਾਈ
ਅਤੇ ਨਸਲਕੁਸ਼ੀ ਨੂੰ ਵੱਖ ਵੱਖ ਸਮਝਣਾ ਜ਼ਰੂਰੀ ਹੈ। ਨਸਲੀ ਸਫਾਈ ਜ਼ਿਆਦਾ ਵਿਆਪਕ ਲਫ਼ਜ਼ ਹੈ ਜੋ
ਰਾਸ਼ਟਰਵਾਦ ਦੇ ਮੁਕਾਬਲੇ ਨੂੰ ਸਮਝਣ ਨਾਲ ਤਾਲੁੱਕ ਰੱਖਦਾ ਹੈ। ਇਹ ਸਮੂਹਾਂ ਦੀ ਆਪਣੀ
ਸਲਾਮਤੀ ਅਤੇ ਰਾਸ਼ਟਰ ਅਤੇ ਰਾਸ਼ਟਰ ਦੀ ਉਸਾਰੀ ਬਾਰੇ ਉਨ੍ਹਾਂ ਦੀਆਂ ਧਾਰਨਾਵਾਂ ਦੇ ਫ਼ਿਕਰ
ਬਾਰੇ ਜ਼ਿਆਦਾ ਤਾਲੁੱਕ ਰੱਖਦਾ ਹੈ। ਦੂਜੀ ਤਰਫ਼, ਵਿਚਾਰਧਾਰਕ ਪੱਧਰ 'ਤੇ, ਜੈਨੋਸਾਈਡ ਦਾ ਮਕਸਦ
ਲੋਕਾਂ ਨੂੰ ਇਕ ਇਲਾਕੇ ਵਿੱਚੋਂ ਬਾਹਰ ਕੱਢਣ ਦੀ ਥਾਂ ਉਨ੍ਹਾਂ ਨੂੰ ਤਬਾਹ ਕਰਨਾ ਹੁੰਦਾ ਹੈ।
ਮਗਰ ਇਨ੍ਹਾਂ ਦੋਨਾਂ ਦੇ ਫ਼ਰਕ ਦੀ ਸਰਹੱਦ ਧੁੰਧਲੀ ਵੀ ਹੁੰਦੀ ਹੈ, ਅਤੇ ਇਨ੍ਹਾਂ ਨੂੰ ਇੱਕ
ਲੜੀ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ, ਜਿਸ ਦੇ ਵਿੱਚ ਜ਼ਬਰਨ ਪਰਵਾਸ ਇੱਕ ਸਿਰੇ 'ਤੇ,
ਨਸਲਕੁਸ਼ੀ ਦੂਜੇ ਸਿਰੇ 'ਤੇ, ਅਤੇ ਨਸਲੀ ਸਫਾਈ ਇਨ੍ਹਾਂ ਦੇ ਵਿਚਕਾਰ ਹੁੰਦੀ ਹੈ।
ਐਥਨਿਕ ਕਲੈਨਜ਼ਿੰਗ (ਨਸਲੀ ਸਫਾਈ) ਦੀ ਇਹ ਪਰਿਭਾਸ਼ਾ ਇਸ ਦੇ ਜੈਨੋਸਾਇਡ (ਨਸਲਕੁਸ਼ੀ) ਨਾਲੋਂ
ਫਰਕ ਨੂੰ ਦਰਸਾਉਂਦੀ ਹੈ:
ਨਸਲੀ ਸਫਾਈ ਕਿਸੇ ਸੰਸਥਾ ਦੀ ਇੱਕ ਤਾਲਮੇਲ ਵਾਲੀ ਜ਼ਬਰਦਸਤੀ ਹੈ ਜਿਸ ਦਾ ਮਕਸਦ ਅਣਚਾਹੇ
ਲੋਕਾਂ ਅਤੇ ਸਮੂਹਾਂ ਨੂੰ ਅਲੱਗ ਨਸਲ, ਮਜ਼੍ਹਬ, ਫਿਰਕੂ ਅਤੇ ਇਸ ਤਰ੍ਹਾਂ ਦੇ ਹੋਰ ਸਭਿਆਚਾਰਕ
ਕਾਰਨਾਂ ਕਰਕੇ ਕਿਸੇ ਖ਼ਾਸ ਇਲਾਕੇ ਵਿੱਚੋਂ ਹਟਾਉਣਾ ਹੈ। ਨਸਲੀ ਸਫਾਈ ਨੂੰ ਆਬਾਦੀਆਂ ਦੀ
ਅਦਲਾ-ਬਦਲੀ ਦੇ ਤਹਿਤ ਅਮਨ ਦੇ ਨਾਲ ਵੀ ਕੀਤਾ ਜਾ ਸਕਦਾ ਹੈ, ਪਰ ਜੇ ਇਹ ਇੰਤਜ਼ਾਮ ਠੀਕ ਨਹੀਂ
ਹੁੰਦਾ ਤਾਂ ਇਸ ਨੂੰ ਹਾਸਲ ਕਰਨ ਲਈ, ਅੱਗ-ਜਨੀ, ਕਤਲ, ਜ਼ਬਰ ਜ਼ਨਾਹ ਵਰਗੇ ਦਹਿਸ਼ਤ ਦੇ ਕੰਮ ਅਤੇ
ਦੂਜੇ ਕੱਟੜਵਾਦੀ ਤਰੀਕੇ ਅਖ਼ਤਿਆਰ ਕੀਤੇ ਜਾਂਦੇ ਹਨ। ਇਹ ਤਰੀਕੇ ਇਸ ਕਰ ਕੇ ਅਖ਼ਤਿਆਰ ਕੀਤੇ
ਜਾਂਦੇ ਹਨ ਕਿਉਂਕਿ ਅਣਚਾਹੇ ਲੋਕ ਆਮ ਤੌਰ ਤੇ, ਆਪਣੀਆਂ ਪੁਸ਼ਤੈਣੀ ਰਿਹਾਇਸ਼ਾਂ ਅਤੇ ਘਰਾਂ
ਤੋਂ ਜ਼ਬਰਨ ਪਰਵਾਸ ਦੀ ਮੁਖ਼ਾਲਫ਼ਤ ਕਰਦੇ ਹਨ। ਜਦ ਕਿ ਨਸਲਕੁਸ਼ੀ ਦੇ ਸਾਰੇ ਕੰਮ ਲੋਕਾਂ ਦੀ
ਬਰਬਾਦੀ ਦੀ ਤਰਫ਼ ਹੁੰਦੇ ਹਨ ਜਿਸ ਦੇ ਵਿੱਚ ਨਸਲੀ ਸਫਾਈ ਸ਼ਾਮਲ ਹੈ, ਨਸਲੀ ਸਫਾਈ ਲੋਕਾਂ ਨੂੰ
ਕਿਸੇ ਇਲਾਕੇ ਤੋਂ ਹਰ ਹਾਲ ਵਿੱਚ ਹਟਾਉਣ 'ਤੇ ਧਿਆਨ ਦਿੰਦੀ ਹੈ।
ਸਮੂਹਾਂ ਵਿੱਚ ਝਗੜੇ ਕਿਉਂ ਹੁੰਦੇ ਹਨ ਅਤੇ ਕਦ ਇਹ ਤਸ਼ੱਦਦੀ ਹੋ ਜਾਂਦੇ ਹਨ?
ਹਾਲਾਂਕਿ ਜ਼ਬਰਨ ਪਰਵਾਸ, ਨਸਲੀ ਸਫਾਈ ਅਤੇ ਨਸਲਕੁਸ਼ੀ ਇਨਸਾਨਾਂ ਦੀਆਂ ਕੀਤੀਆਂ ਭਿਆਨਕ
ਗਲਤੀਆਂ ਹਨ, ਸਾਨੂੰ ਥੋੜ੍ਹੀ ਤਫ਼ਸੀਲ ਨਾਲ ਦੱਸਣ ਦੀ ਜ਼ਰੂਰਤ ਹੈ ਕਿ ਕਿਉਂ ਸਮੂਹ ਬਣਦੇ ਹਨ,
ਅਤੇ ਕਿਉਂ ਉਹ ਇੱਕ ਦੂਜੇ ਨਾਲ ਨਫ਼ਰਤ ਅਤੇ ਝਗੜੇ ਕਰਦੇ ਹਨ, ਅਤੇ ਸੱਚ-ਮੁਚ ਕਿਹਨਾਂ ਹਾਲਾਤਾਂ
ਵਿੱਚ ਰਿਸ਼ਤੇ ਨਸਲੀ ਸਫਾਈ ਅਤੇ/ਜਾਂ ਨਸਲਕੁਸ਼ੀ ਵਿੱਚ ਤਬਦੀਲ ਹੋ ਜਾਂਦੇ ਹਨ। ਕਿਸੇ ਇਕੱਲੇ
ਸ਼ਖਸ ਨੂੰ ਅਗਰ ਅਸੀਂ ਵੇਖੀਏ ਤਾਂ ਪਤਾ ਚੱਲੇਗਾ ਕਿ ਇਨਸਾਨ ਆਮ ਤੌਰ ਤੇ ਸਮੂਹ ਵਿੱਚ ਰਹਿਣਾ
ਪਸੰਦ ਕਰਦਾ ਹੈ, ਜਿਸ ਦੇ ਵਿੱਚ ਉਸ ਦੀ ਮੁਖ਼ਤਲਿਫ਼ ਪਛਾਣ ਉਸ ਦੇ ਜਜ਼ਬਾਤਾਂ ਅਤੇ ਜਿਹਨੀ
ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਤਾਂਕਿ ਉਹ ਇਕੱਠੇ ਹੋਣ ਦਾ ਅਹਿਸਾਸ ਕਰੇ ਅਤੇ ਮਹਿਫੂਜ਼
ਮਹਿਸੂਸ ਕਰੇ। ਕਬੀਲਾ, ਜਿਰਗਾ, ਜ਼ਬਾਨ, ਇੱਕ ਨਸਲੀ ਮੂਲ ਵਿੱਚ ਯਕੀਨ, ਮਜ਼੍ਹਬ, ਜਾਤ,
ਜਿਸਮਾਨੀ ਰੰਗ ਵਗੈਰਾ ਕਾਰਨ ਹਨ, ਜਿਸ ਦੇ ਇਰਦ-ਗਿਰਦ ਸਾਮੂਹਿਕ ਪਛਾਣ ਬਣੀ, ਅਤੇ ਹੁਣ ਵੀ ਬਣ
ਰਹੀ ਹੈ। ਇਸੇ ਤਰ੍ਹਾਂ ਸਿਰਫ਼ ਉਨ੍ਹਾਂ ਲੋਕਾਂ ਨਾਲ ਸਾਥ ਰੱਖਣਾ ਜਿਸ ਨੂੰ ਉਹ ਆਪਣਾ ਸਮਝਦੇ
ਹਨ, ਦੂਜੇ ਬਾਹਰੀ ਸਮੂਹਾਂ ਅਤੇ ਲੋਕਾਂ ਨਾਲ ਤਾਲੁੱਕ ਰੱਖਣ ਦੇ ਉੱਪਰ ਉਲਟਾ ਅਸਰ ਪਾਉਂਦਾ
ਹੈ। ਇਸੇ ਤਰ੍ਹਾਂ ਦੀ ਪਛਾਣ ਅਤੇ ਵਰਗੀਕਰਨ ਸਾਰੇ ਇਨਸਾਨੀ ਸਮਾਜਾਂ ਵਿੱਚ ਮੌਜੂਦ ਹੈ ਭਾਵੇਂ
ਉਨ੍ਹਾਂ ਦੇ ਵਿਕਾਸ ਅਤੇ ਦਰਜ਼ਾਬੰਦੀ ਦਾ ਕੋਈ ਵੀ ਪੱਧਰ ਹੋਵੇ। (Ahmed, 1998: 4)। ਸਚਾਈ
ਵਿੱਚ ਸਮੂਹ ਆਪਣੇ ਮੈਂਬਰਾਂ ਦੇ ਕੁੱਲ ਜੋੜ ਨਹੀਂ ਹੁੰਦੇ; ਉਹ ਆਪਣੀ ਖੁਦ ਦੀ ਪਛਾਣ ਅਤੇ
ਸ਼ਖਸੀਅਤ ਰੱਖਦੇ ਹਨ, ਅਤੇ ਇੱਕ ਸਮੂਹ ਦਾ ਆਪਣੇ ਮੈਂਬਰਾਂ ਦੇ ਨਾਲ ਅਤੇ ਦੂਜੇ ਸਮੂਹਾਂ ਦੇ
ਨਾਲ ਰਿਸ਼ਤਾ ਕਾਇਮ ਰੱਖਣਾ ਇਸ ਪਛਾਣ ਅਤੇ ਸ਼ਖਸੀਅਤ ਦੀ ਅੰਦਰਲੀ ਫ਼ਿਤਰਤ ਹੈ। ਹਾਲਾਂਕਿ, ਸਮੂਹ
ਆਬਾਦੀ, ਬੀਮਾਰੀ, ਜੰਗ ਦੀ ਹਾਰ-ਜਿੱਤ ਦੇ ਨਾਲ ਨਾਲ ਵੱਧਦੇ ਅਤੇ ਘੱਟਦੇ ਰਹਿੰਦੇ ਹਨ।
ਕੋਈ ਇੱਕ ਇਕੱਲਾ ਸ਼ਖਸ, ਸਮਾਜ ਅਤੇ ਹਕੂਮਤ ਉੱਪਰ ਜ਼ਿਆਦਾ ਅਸਰ ਨਹੀਂ ਪਾ ਸਕਦਾ ਹੈ। ਇਸ ਕਰਕੇ
ਇਨਸਾਨ ਇਕ ਰਾਜ (ਸਟੇਟ) ਵਿੱਚ ਜਾਂ ਅਜ਼ਾਦ ਰਾਜ ਦੀਆਂ ਹੱਕਦਾਰ ਕੌਮਾਂ ਵਜੋਂ ਆਪਣੇ ਸਿਆਸੀ
ਉਦੇਸ਼ਾਂ ਲਈ ਇਕ ਸਮੂਹ ਵਜੋਂ ਕਾਰਜ ਕਰਦੇ ਹਨ। ਫਿਰ ਵੀ ਇਕ ਸਵਾਲ ਰਹਿ ਜਾਂਦਾ ਹੈ: ਕੀ ਸਮੂਹ
ਬਣਨਾ ਮਨ-ਮਰਜ਼ੀ ਦੇ ਮੁਤਾਬਕ ਹੁੰਦਾ ਹੈ ਜਾਂ ਵਿਅਕਤੀ ਸਮੂਹਾਂ ਵਿੱਚ ਪੈਦਾ ਹੁੰਦੇ ਹਨ ਅਤੇ
ਸਦਾ ਲਈ ਉਨ੍ਹਾਂ ਵਿੱਚ ਹੀ ਰਹਿੰਦੇ ਹਨ? ਸਮਾਜ ਵਿਗਿਆਨ ਦੇ ਸਾਹਿਤ ਵਿੱਚ ਰਵਾਇਤੀ ਤੌਰ ਤੇ
ਸਮੂਹ ਬਣਣ ਅਤੇ ਪਛਾਣ ਬਾਰੇ ਦੋ ਮੁਖ਼ਾਲਫ਼ਤੀ ਨਜ਼ਰੀਏ ਮਿਲਦੇ ਹਨ : ਪ੍ਰਾਇਮੋਰਡਿਏਲਿਸਟ (ਮੁੱਢ
ਕਦੀਮੀਂ) ਅਤੇ ਇਨਸਟਰੂਮੈਂਟਲਿਸਟ (ਪਰਿਮਾਣਵਾਦੀ)।
ਪ੍ਰਾਇਮੋਰਡਿਏਲਿਸਟ ਦਲੀਲ ਦਿੰਦੇ ਹਨ ਕਿ ਐਥਨੋ-ਸੈਂਟਰਿਜ਼ਮ (ਨਸਲ ਤੇ ਕੇਂਦ੍ਰਿਤ) ਇਨਸਾਨਾਂ
ਦੀ ਇੱਕ ਅੰਦਰੂਨੀ ਫ਼ਿਤਰਤ ਹੈ; ਲੋਕ ਹਮੇਸ਼ਾਂ ਤੋਂ ਸਾਂਝੇ ਪਿਛੋਕੜ, ਜਿਸਮਾਨੀ ਰੰਗ, ਕਬੀਲੇ
ਅਤੇ ਮਜ਼੍ਹਬ ਵਰਗੀਆਂ ਸਾਂਝੀਆਂ ਖਾਸੀਅਤਾਂ ਦੇ ਆਧਾਰ 'ਤੇ ਸਮੂਹ ਬਣਾਉਂਦੇ ਆਏ ਹਨ; ਹਰ ਇੱਕ
ਸਮੂਹ, ਵੱਖਰੇ ਇਤਿਹਾਸਕ ਸੰਦਰਭਾਂ ਵਿੱਚ ਆਪਣੇ ਬਚਾਓ ਲਈ ਪਛਾਣ ਅਤੇ ਨਸਲ ਦੀ ਭਾਵਨਾ ਵਿਕਸਿਤ
ਕਰਦਾ ਹੈ। ਅਤੇ ਇਸੇ ਤਰ੍ਹਾਂ ਦੇ ਤਜਰਬੇ ਦੀ ਸਮੂਹੀ ਯਾਦ, ਸਮੂਹ ਦੀ ਹਿਫ਼ਾਜਤ ਲਈ, ਨਵੀਂ
ਕਾਰਜਨੀਤੀ ਤਿਆਰ ਕਰਨ ਵਿੱਚ ਮਦਦ ਕਰਦੀ ਹੈ (Connor, 1994; Geertz, 1963;Shils,
1957)। ਇਸੇ ਤਰ੍ਹਾਂ ਦੀ ਸੋਚ ਦੇ ਮੁਤਾਬਕ, ਐਥਨੋ-ਸੈਂਟਰਜ਼ਿਮ ਅਤੇ ਕਬਾਇਲੀ ਸੋਚ
(ਟ੍ਰਾਈਬਿਲਿਜ਼ਮ) ਇਨਸਾਨੀ ਸੁਭਾਅ ਦੇ ਅੰਦਰ ਮੌਜੂਦ ਹੁੰਦੇ ਹਨ। ਸਮੂਹਾਂ ਬਾਰੇ
ਪ੍ਰਾਇਮੋਰਡਿਆਲਿਸਟ ਖ਼ਿਆਲ ਦਾ ਇੱਕ ਜ਼ਿਆਦਾ ਤਾਕਤਵਰ ਸੰਸਕਰਨ ਸੋਸਿਓਬਾਈਓਲੌਜੀ ਹੈ ਜਿਸ ਦੀ
ਬੁਨਿਆਦ ਐਥਨੋ-ਨੈਸ਼ਨਲਿਜ਼ਮ (ਨਸਲੀ ਕੌਮੀਵਾਦ) ਦੇ ਕੁਦਰਤੀਪਨ ਉੱਪਰ ਹੈ। ਇਹ ਗੈਰ-ਬਰਾਬਰ
ਸਮੁਹਾਂ ਦੇ ਵਿੱਚ ਅਮਨ ਬਾਰੇ ਇੱਕ ਨਿਰਾਸ਼ਾਵਾਦੀ ਸੋਚ ਰੱਖਦਾ ਹੈ (Kecmanovic, 1996;
Kellas, 1998: 13–14)। ਇਸ ਤਰ੍ਹਾਂ ਦੀਆਂ ਦਲੀਲਾਂ, ਹੋਰ ਜ਼ਿਆਦਾ ਤਾਕਤ ਨਾਲ ਇਸ਼ਾਰਾ
ਕਰਦੀਆਂ ਹਨ ਕਿ, ਉਨ੍ਹਾਂ ਨੂੰ ਜ਼ਬਰਨ ਅਲੱਗ ਕਰ ਕੇ ਵੱਖ ਵੱਖ ਰਾਜਾਂ ਥੱਲੇ ਲੈ ਆਉੁਣਾ, ਅਮਨ
ਕਾਇਮ ਕਰਨ ਦਾ ਸਭ ਤੋਂ ਵਧੀਆ ਫਾਰਮੂਲਾ ਹੈ। ਅਲੱਗ ਗੈਰ-ਬਰਾਬਰ ਸਮੂਹਾਂ ਵਾਸਤੇ ਅਲੱਗ
ਮੁਲਕਾਂ ਦੇ ਅਸੂਲ ਦਾ ਮਤਲਬ, ਹਜ਼ਾਰਾਂ ਦੀ ਤਦਾਦ ਵਿੱਚ ਮੁਲਖਾਂ ਨੂੰ ਬਣਾਉਣਾ ਹੈ, ਕਿਉਂਕਿ
ਦੁਨੀਆ ਦੀ ਅਬਾਦੀ ਵਿੱਚ 8000 ਤੋਂ ਜ਼ਿਆਦਾ ਨਸਲੀ ਸਮੂਹਾਂ ਨੂੰ ਪਛਾਣਿਆ ਜਾ ਚੁੱਕਾ ਹੈ।
ਦੂਜੀ ਤਰਫ਼, ਇਨਸਟਰੂਮੈਂਟਲਿਸਟ (ਪਰਿਮਾਣਵਾਦੀ) ਜ਼ੋਰ ਪਾਉਂਦੇ ਹਨ ਕਿ ਪਛਾਣ ਲਚਕਦਾਰ ਹੁੰਦੀ
ਹੈ ਅਤੇ ਇਸ ਦੀ ਕੋਈ ਪੱਕੀ ਸੀਮਾ ਨਹੀਂ ਹੁੰਦੀ। ਬਲਕਿ ਤਾਕਤ ਅਤੇ ਵਸੀਲੀਆਂ ਵਾਸਤੇ ਕੁਲੀਨ
ਅਤੇ ਕੁਲੀਨ ਗੁੱਟਾਂ ਵਿੱਚ ਮੁਕਾਬਲੇ ਦੇ ਚੱਲਦਿਆਂ, ਸਿਆਸਤਦਾਨ ਸਭ ਦੀ ਆਮ ਤਹਿਜ਼ੀਬ ਦਾ
ਫ਼ਾਇਦਾ ਉਠਾਉਂਦੇ ਹਨ ਅਤੇ ਆਪਣੇ ਏਜੰਡੇ ਲਈ ਹਿਮਾਇਤ ਪ੍ਰਾਪਤ ਕਰਨ ਲਈ, ਇੱਕ ਨਵੀਂ ਪਛਾਣ
ਬਣਾਉਣਦੇ ਹਨ। ਇਸ ਨਜ਼ਰ ਨਾਲ ਨਸਲੀ ਪਛਾਣ ਸਿਰਫ਼ ਇੱਕ ਸ਼ਿਆਸਤੀ ਮੁੱਦਾ ਹੈ ਨਾ ਕਿ ਇਨਸਾਨੀ
ਸੁਭਾਅ ਦੀ ਕੋਈ ਬਾਹਰਲੀ ਜਾਂ ਅੰਦਰੂਨੀ ਫ਼ਿਤਰਤ। ਜਦ ਸਿਆਸੀ ਅਖੌਤੀ ਬਾਹਰਮੁਖੀ ਪੱਖਾਂ ਨੂੰ
ਆਪਣੇ ਹਿਤਾਂ ਲਈ ਉਭਾਰਦੇ ਹਨ ਅਤੇ ਤਹਿਜ਼ੀਬੀ ਸਮੂਹ ਉਤੇਜਕ ਪ੍ਰਾਪਾਗੰਡਿਆਂ ਨਾਲ ਜੋਸ਼ ਵਿੱਚ
ਆ ਜਾਂਦੇ ਹਨ, ਲੋਕ ਆਪਣੇ ਵਿੱਚਲੇ ਕਾਲਪਨਿਕ ਫਰਕਾਂ ਬਾਰੇ ਵਾਕਫ਼ ਹੋ ਜਾਂਦੇ ਹਨ ਅਤੇ ਇਕ
ਦੂਸਰੇ ਦੇ ਵਿਰੋਧੀ ਬਣ ਜਾਂਦੇ ਹਨ। (Brass, 1991; Steinberg, 1981; Young, 1976)।
ਇਨਸਟਰੂਮੈਂਟਲਿਸਟ (ਪਰਿਮਾਣਵਾਦੀ) ਪਛਾਣ ਨੂੰ, ਇੱਕ ਤਿਆਰ ਕੀਤੀ, (ਨਾ ਕਿ ਈਜਾਦ ਕੀਤੀ
ਕੀਤੀ) ਚੀਜ਼ ਸਮਝਦੇ ਹਨ। ਇਸ ਵਿਚਾਰ ਨਾਲ ਐਥਨੀਸਿਟੀ ਦੀ ਅਪਣਾ ਕੋਈ ਆਜ਼ਾਦ ਕਿਰਦਾਰ ਨਹੀਂ
ਹੈ, ਅਤੇ ਇਸ ਦਾ ਮਤਲਬ ਸਿਰਫ਼ ਇੱਕ ਵੱਡੇ ਸਿਆਸੀ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਹ
ਦੂਜੇ ਸਿਆਸੀ ਸੰਬੰਧਾਂ, ਜਿਵੇਂ ਵਿਚਾਰਧਾਰਾ ਜਾਂ ਆਰਥਿਕ ਹਿਤ ਤੋਂ ਮੁਖ਼ਤਲਿਫ਼ ਨਹੀਂ ਹੈ।
ਇਨਸਟਰੂਮੈਂਟਲਿਸਟ (ਪਰਿਮਾਣਵਾਦੀ) ਨਜ਼ਰੀਏ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ ਕਿਉਂਕਿ ਇਹ
ਪਛਾਣ ਦੇ ਤਾਲੁੱਕਾਤੀ ਸੁਭਾਅ ਨੂੰ ਨਜ਼ਰਅੰਦਾਜ਼ ਕਰਦਾ ਹੈ।
ਇਸ ਦੇ ਇਲਾਵਾ ਸ਼ਖਸੀ ਪਛਾਣ ਕਦੇ ਵੀ ਸਿਰਫ਼ ਇੱਕ ਦਿਸ਼ਾ ਵਾਲੀ ਨਹੀਂ ਹੁੰਦੀ। ਹਰ ਇੱਕ ਸ਼ਖਸ
ਦੀਆਂ ਕਈ ਪਛਾਣਾਂ ਹੁੰਦੀਆਂ ਹਨ ਅਤੇ ਹਾਲਾਤ ਫ਼ੈਸਲਾ ਕਰਦੇ ਹਨ ਕਿ ਕਿਹੜੀ ਵਜ੍ਹਾ ਕਿਸ ਵਕਤ
ਮੁਨਾਸਿਬ ਹੋਵੇਗੀ। ਇਸੇ ਤਰ੍ਹਾਂ, ਮਿਸਾਲ ਦੇ ਤੌਰ ਤੇ, ਇੱਕ ਇਨਸਾਨ ਆਪਣੀ ਜ਼ਬਾਨ ਅਤੇ ਨਸਲ
ਦੇ ਆਧਾਰ 'ਤੇ ਪੰਜਾਬੀ ਹੋ ਸਕਦਾ ਹੈ, ਪੈਦਾਇਸ਼ੀ ਮਜ਼੍ਹਬੀ ਮਾਨਤਾ ਦੇ ਤੌਰ ਤੇ ਮੁਸਲਮਾਨ ਅਤੇ
ਮੁਸਲਿਮ ਬਰਾਦਰੀ ਦੀ ਪੰਥੀ ਵੰਡ ਦੇ ਹਿਸਾਬ ਨਾਲ ਸੁੰਨੀ। ਅਗਰ ਕੋਈ ਇਨਸਾਨ, ਪੰਜਾਬੀ ਬੋਲਣ
ਵਾਲੇ ਸਾਰੇ ਲੋਕਾਂ ਦੀ ਦਰਜਾਬੰਦੀ ਕਰਨਾ ਚਾਹੁੰਦਾ ਹੈ, ਤਾਂ ਉਹ ਇਸ ਸ਼ਖਸ ਨੂੰ ਇਸ ਸਮੂਹ
ਵਿੱਚ ਸ਼ਾਮਲ ਕਰੇਗਾ ਅਤੇ ਉਸ ਦੀ ਪਛਾਣ ਇੱਕ ਜਿਉਂਦੇ-ਜਾਗਦੇ ਪੰਜਾਬੀ ਦੇ ਤੌਰ ਤੇ ਹੋਵੇਗੀ।
ਪਰ, ਉਸ ਇਨਸਾਨ ਵਾਸਤੇ ਉਸ ਦਾ ਮਜ਼੍ਹਬ, ਉਸ ਦਾ ਫਿਰਕਾ ਜਾਂ ਜਾਤ ਜ਼ਿਆਦਾ ਅਹਿਮ ਹੋ ਸਕਦੀ ਹੈ,
ਜਾਂ, ਪੰਜਾਬੀ ਬੋਲਣ ਵਾਲੇ ਦੂਜੇ ਲੋਕ ਇਸ ਗਲ ਉੱਪਰ ਖ਼ਾਸ ਜ਼ਿਆਦਾ ਧਿਆਨ ਨਹੀਂ ਦਿੰਦੇ ਹੋ
ਸਕਦੇ ਕਿ ਉਹ ਉਨ੍ਹਾਂ ਦੀ ਪੰਜਾਬੀ ਬੋਲਣ ਵਾਲਾ ਇੱਕ ਹਮਵਤਨੀ ਇਨਸਾਨ ਹੈ। ਉਹ ਲੋਕ ਉਸ ਨੂੰ
ਹੋਰ ਕਿਸੇ ਕਸੌਟੀ ਨਾਲ ਦਰਜੇਬੰਦ ਕਰ ਸਕਦੇ ਹਨ। ਇਸ ਤਰ੍ਹਾਂ ਸ਼ਖਸੀ ਪਛਾਣ ਹੋਰ ਗੱਲਾਂ ਨਾਲ
ਸੰਬੰਧਿਤ ਹੁੰਦੀ ਹੈ ਜੋ ਹਾਲਾਤ ਦੇ ਨਾਲ ਨਾਲ ਤਬਦੀਲ ਹੁੰਦੀ ਹੈ। ਇਸ ਕਰ ਕੇ ਮੁਖ਼ਤਲਿਫ਼
ਹਾਲਾਤਾਂ ਵਿੱਚ, ਕਿਸੇ ਇਨਸਾਨ ਦਾ ਇਮਾਨ ਅਤੇ ਉਸ ਦੀ ਇੱਕਮੁੱਠਤਾ ਵੀ ਵੱਖ ਵੱਖ ਹੁੰਦੀ ਹੈ।
ਕੋਈ ਵੀ ਇਸ ਤਰਕ (ਲੌਜਿਕ) ਨੂੰ ਨਸਲੀ ਸਮੂਹਾਂ ਦੇ ਆਪਸੀ ਰਿਸ਼ਤੇ ਅਤੇ ਬਹੂਆਯਾਮੀ ਸੁਭਾਅ 'ਤੇ
ਲਾਗੂ ਕਰ ਸਕਦਾ ਹੈ। ਉਨ੍ਹਾਂ ਦੇ ਆਪਸੀ ਰਿਸ਼ਤੇ ਸਿਚੁਏਸ਼ਨਲ (ਹਾਲਾਤ ਦੇ ਮੁਤਾਬਕ) ਅਤੇ
ਕਨਟੈਕਸਚੁਅਲ (ਪ੍ਰਸੰਗਕ) ਵੀ ਹਨ ਅਤੇ ਉਨ੍ਹਾਂ ਦੀਆਂ ਖਾਸੀਅਤਾਂ ਦੀ ਅਹਿਮੀਅਤ, ਅਲੱਗ ਵਕਤ
ਅਤੇ ਅਲੱਗ ਥਾਂਵਾਂ ਦੇ ਮੁਤਾਬਕ ਤਬਦੀਲ ਹੁੰਦੀ ਹੈ। ਇਸੇ ਤਰ੍ਹਾਂ ਕੈਥਲਿਕ ਅਤੇ
ਪ੍ਰੋਟੈਸਟੈਂਟ ਦੇ ਫ਼ਰਕ ਨੇ ਕਦੀ ਯੂਰਪੀ ਸਮਾਜਾਂ ਵਿੱਚ ਤਬਾਹੀ ਮਚਾਈ ਸੀ, ਲੇਕਿਨ ਇਸੇ
ਤਰ੍ਹਾਂ ਦੇ ਫ਼ਰਕ ਜ਼ਿਆਦਾਤਰ ਥਾਂਵਾਂ ਤੋਂ ਸੈਕੂਲਰਜ਼ਿਮ ਦੀ ਵਜ੍ਹਾ ਨਾਲ ਘੱਟ ਗਏੇ ਹਨ। ਇਸ ਦਾ
ਮਤਲਬ ਇਹ ਨਹੀਂ ਹੈ ਕਿ ਕੈਥਲਿਕ ਅਤੇ ਪ੍ਰੋਟੈਸਟੈਂਟ ਤਹਿਜੀਬ ਦੇ ਤੌਰ ਤੇ ਮਿਟ ਗਏ ਹਨ, ਮਗਰ
ਉਨ੍ਹਾਂ ਦੇ ਆਪਸੀ ਫ਼ਰਕ ਕਰ ਕੇ ਨਾ ਤਾਂ ਨਾਗਰਿਕਾਂ ਨਾਲ ਕੋਈ ਤਰਫ਼ਦਾਰੀ ਹੁੰਦੀ ਹੈ ਅਤੇ ਨਾ
ਹੀ ਕੋਈ ਸਮੂਹ ਦੂਜੇ ਸਮੂਹ ਉੱਪਰ ਜ਼ੁਲਮ ਕਰਦਾ ਹੈ। ਉੱਤਰੀ ਆਇਰਲੈਂਡ ਵਿੱਚ, ਹਾਲੀ ਦੁਸ਼ਮਣੀ
ਦੇ ਕੁੱਝ ਨਿਸ਼ਾਨ ਕਦੀ ਕਦੀ ਤਸ਼ੱਦਦ ਵਿੱਚ ਫੁੱਟ ਪੈਂਦੇ ਹਨ, ਪਰ ਅਗਰ ਹਕੂਮਤ ਦੀ ਹਿੱਸੇਦਾਰੀ
ਸਥਿਰ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਮਜ਼੍ਹਬੀ ਫਰਕਾਂ ਨੂੰ ਤਸ਼ੱਦਦ ਭਰੇ ਝਗੜਿਆਂ ਵਿੱਚ ਫੁੱਟ
ਕੇ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਕੋਈ ਇਹ ਵੀ ਸੋਚ ਸਕਦਾ ਹੈ ਕਿ ਯੂ ਐੱਸ ਏ ਤੇ 9/11 ਦੇ ਹੋਏ ਦਹਿਸ਼ਦਗਰਦ ਹਮਲੇ ਦੇ ਬਾਅਦ
ਇਸਾਈਆਂ ਅਤੇ ਮੁਸਲਮਾਨਾਂ ਵਿੱਚ ਤਣਾਅ ਅਤੇ ਸ਼ੱਕ ਵਧ ਗਿਆ ਹੈ, ਲੇਕਿਨ ਇਸ ਦਾ ਮਤਲਬ ਇਹ ਨਹੀਂ
ਹੈ ਕਿ ਇਸਲਾਮੀ ਦੁਨੀਆ ਵਿੱਚ ਸਾਰੇ ਮੁਸਲਮਾਨ ਇਕੱਠੇ ਹੋ ਰਹੇ ਹਨ। ਤੇਲ ਤੋਂ ਬਣੇ ਰਈਸ ਅਰਬ
ਮੁਲਕਾਂ ਵਿੱਚ ਮੁਸਲਮਾਨ ਮਜ਼ਦੂਰਾਂ ਨਾਲ ਕੀਤੇ ਜਾਂਦੇ ਸਖ਼ਤ ਸਲੂਕ ਮੁਸਲਮਾਨਾਂ ਦੀ
ਇੱਕਮੁੱਠਤਾ ਦੇ ਕਿਸੇ ਵੀ ਸਰਲ ਯਕੀਨ ਨੂੰ ਨਕਾਰਦੇ ਹਨ। ਉਸੇ ਤਰ੍ਹਾਂ ਹਿੰਦੂ ਸ਼ਾਇਦ
ਪਾਕਿਸਤਾਨ ਵਿੱਚ ਬੈਠੇ ਮੁਸਲਿਮ ਸਮੂਹਾਂ ਦੇ ਦਹਿਸ਼ਦਗਰਦ ਹਮਲਿਆਂ ਤੋਂ ਡਰੇ ਰਹਿੰਦੇ ਹਨ ਮਗਰ
ਉਨ੍ਹਾਂ ਦੇ ਆਪਸ ਦੇ ਜਾਤ ਅਤੇ ਖੇਤਰੀ ਮਤਭੇਦ ਦੇ ਝਗੜੇ ਕਾਫ਼ੀ ਬੁਰੇ ਹਾਲਾਤ ਪੈਦਾ ਕਰਦੇ
ਰਹਿੰਦੇ ਹਨ। ਮਿਸਾਲ ਦੇ ਤੌਰ ਤੇ, ਉੱਤਰੀ ਇੰਡੀਆ ਤੋਂ ਮੁੰਬਈ ਆਏ ਪਰਵਾਸੀਆਂ ਉੱਪਰ ਕੱਟੜ
ਸ਼ਿਵ ਸੈਨਾ ਦੇ ਹਮਲੇ, ਜੋ ਮਹਾਂਰਾਸ਼ਟ੍ਰੀਅਨ ਨੈਸ਼ਨਲਿਜ਼ਮ ਦੀ ਨੁਮਾਇੰਦਗੀ ਕਰਦੇ ਹਨ।
ਇਸ ਕਰ ਕੇ ਹਾਲਾਤ ਦੇ ਮੁਤਾਬਕ, ਪ੍ਰਸੰਗਕ ਅਤੇ ਕਈ ਪਰਤਾਂ ਵਾਲੀ ਸਮੂਹਾਂ ਦੀ ਪਛਾਣ ਦੇ
ਪਹਿਲੂ ਨੂੰ ਯਾਦ ਰੱਖਣਾ ਲਾਜ਼ਮੀ ਹੈ ਜਦੋਂ ਕਿ ਤਕਸੀਮ ਤੋਂ ਪਹਿਲਾਂ ਦੇ ਪੰਜਾਬ ਵਿੱਚ
ਸਮੂਹਾਂ ਦਾ ਮਜ਼੍ਹਬੀ ਫ਼ਰਕ ਹੀ ਉਨ੍ਹਾਂ ਨੂੰ ਉਨ੍ਹਾਂ ਸਮੂਹਾਂ ਵਿੱਚ, ਇਕੱਠੇ ਕਰਨ ਦੀ ਕਸੌਟੀ
ਸੀ। ਦੂਜੇ ਲਫ਼ਜ਼ਾਂ ਵਿੱਚ, 1947 ਵਿੱਚ ਪੰਜਾਬ ਵਿੱਚ ਹੋਏ ਫਿਰਕੂ ਕਤਲਾਂ ਦੇ ਬਹੁਤ ਜ਼ਿਆਦਾ
ਸਬੂਤਾਂ ਦੀ ਮੌਜੂਦਗੀ ਦੇ ਬਾਵਜੂਦ, ਇਹ ਯਕੀਨ ਕਰਨ ਦੀ ਕੋਈ ਵਜ੍ਹਾ ਨਹੀਂ ਹੈ ਕਿ ਇਸ ਤਰ੍ਹਾਂ
ਦਾ ਖੂਨੀ ਅੰਜ਼ਾਮ ਲਾਜ਼ਮੀ ਸੀ।
ਨਸਲੀ ਝਗੜਿਆਂ (ਐਥਨਿਕ ਕਨਫਲਿਕਟ) ਦਾ ਪ੍ਰਸੰਗ
ਅਗਰ ਮੰਨ ਲਿਆ ਜਾਵੈ ਕਿ ਨਸਲ ਰਿਲੇਸ਼ਨਲ ਹੈ ਅਤੇ ਜਿਨ੍ਹਾਂ ਹਾਲਾਤਾਂ ਜਾਂ ਪ੍ਰਸੰਗਾਂ ਵਿੱਚ
ਤਸ਼ੱਦਦ ਭਰੇ ਨਸਲੀ ਝਗੜੇ ਹੁੰਦੇ ਹਨ, ਉਹ ਵੀ ਮਾਇਨੇ ਰਖਦੇ ਹਨ, ਫਿਰ ਵੀ ਮੁਖ਼ਤਲਿਫ਼ ਨਸਲਾਂ ਦੇ
ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਲੋਕ ਆਪਸ ਵਿੱਚ ਝਗੜਨਗੇ। ਡੇਵਿਡ ਏ. ਲੇਕ ਅਤੇ ਡੌਨਲਡ
ਰੌਥਸਚਾਇਲਡ ਇਤਿਹਾਸਕ ਤੌਰ ਤੇ ਤਿਆਰ ਸਾਮਾਜਿਕ ਹਾਲਾਤਾਂ ਦਾ ਜਾਇਜਾ ਲੈਂਦੇ ਹਨ, ਜਿਹਨਾਂ
ਵਿੱਚ ਨਸਲੀ ਝਗੜੇ ਇੱਕ ਚਰਮ ਰੂਪ ਅਖ਼ਤਿਆਰ ਕਰ ਲੇਂਦੇ ਹਨ। ਉੁਹ ਗੌਰ ਫਰਮਾਉਂਦੇ ਹਨ:
ਅਸੀਂ ਦਲੀਲ ਦਿੰਦੇ ਹਾਂ ਕਿ ਨਸਲੀ ਝਗੜਾ ਸਮੂਹਾਂ ਦੇ ਆਪਸੀ ਫ਼ਰਕਾਂ, ਪੁਰਾਣੀ ਨਫ਼ਰਤ ਅਤੇ
ਸਦੀਆਂ ਪੁਰਾਣੀ ਪੁਸ਼ਤੈਣੀ ਦੁਸ਼ਮਣੀ ਵਗੈਰਾ ਕਰ ਕੇ ਨਹੀਂ ਹੁੰਦਾ। ਬਲਕਿ ਸਾਡੇ ਮੁਤਾਬਕ
ਨਸਲੀ ਝਗੜਾ ਅਕਸਰ ਭਵਿੱਖ ਬਾਰੇ ਸਾਂਝੇ ਡਰ ਕਾਰਨ ਹੁੰਦਾ ਹੈ। ਜਿੱਦਾਂ ਹੀ ਸਮੂਹ ਆਪਣੀ
ਜਿਸਮਾਨੀ ਹਿਫ਼ਾਜਤ ਨੂੰ ਲੈ ਕੇ ਫ਼ਿਕਰਮੰਦ ਹੋ ਜਾਂਦੇ ਹਨ, ਕਈ ਸਿਲਸਲੇਵਾਰ, ਖ਼ਤਰਨਾਕ ਅਤੇ
ਮੁਸ਼ਕਲ ਨਾਲ ਹਲ ਹੋਣ ਵਾਲੀਆਂ ਕਸ਼ਮਕਸ਼ਾਂ ਪੈਦਾ ਹੋ ਜਾਂਦੀਆ ਹਨ, ਜਿਸ ਦੇ ਅੰਦਰ ਇੱਕ
ਭਿਅੰਕਰ ਤਸ਼ੱਦਦ ਦੀ ਸੰਭਾਵਨਾ ਹੁੰਦੀ ਹੈ। ਜਦੋਂ ਸਹੀ ਜਾਣਕਾਰੀ ਨਾ ਮਿਲੇ, ਭਰੋਸੇਯੋਗ
ਵਚਨਬੱਧਤਾ ਅਤੇ ਹਿਫਾਜ਼ਤ ਦੀ ਸਮੱਸਿਆ ਖੜ੍ਹੀ ਹੋ ਜਾਵੇ, ਹਕੂਮਤ ਕਮਜ਼ੋਰ ਹੋ ਜਾਵੇ, ਸਮੂਹ
ਡਰ ਜਾਂਦੇ ਹਨ, ਅਤੇ ਝਗੜੇ ਹੋਣ ਦੇ ਆਸਾਰ ਵਧ ਜਾਂਦੇ ਹਨ। ਸਮੂਹਾਂ ਦੇ ਵਿੱਚ ਰਹਿਣ ਵਾਲੇ
ਨਸਲੀ ਕਾਰਕੁਨ ਅਤੇ ਸਿਆਸੀ ਧੰਧੇ ਵਾਲੇ, ਅਸੁਰੱਖਿਅਤਾ ਅਤੇ ਤਹਿਜ਼ੀਬੀ ਦਬਦਬੇ ਦੇ ਡਰਾਂ 'ਤੇ
ਹੋਰ ਜ਼ੋਰ ਦਿੰਦੇ ਹਨ ਅਤੇ ਸਮਾਜ ਨੂੰ ਤਕਸੀਮ ਕਰਦੇ ਹਨ। ਸਿਆਸੀ ਯਾਦਾਂ, ਮਿੱਥਾਂ ਅਤੇ
ਜਜ਼ਬਾਤ ਵੀ ਇਸ ਡਰ ਵਿੱਚ ਇਜ਼ਾਫ਼ਾ ਕਰਦੇ ਹਨ, ਜੋ ਸਮੂਹਾਂ ਦੇ ਵਿੱਚ ਦੂਰੀ ਵਧਾ ਦਿੰਦੇ ਹਨ।
ਸਮੂਹਾਂ ਦੇ ਵਿੱਚ ਅਤੇ ਸਮੂਹਾਂ ਦੇ ਦਰਮਿਆਨ ਰਣਨੀਤਕ (ਸਟ੍ਰੈਟੀਜਕ) ਮੇਲਜੋਲ ਬੇਇਤਬਾਰੀ ਅਤੇ
ਸ਼ੱਕ ਦਾ ਇਕ ਜ਼ਹਰੀਲਾ ਕਾੜ੍ਹਾ ਤਿਆਰ ਕਰਦਾ ਹੈ ਜੋ ਇੱਕ ਖੂਨੀ ਤਸ਼ੱਦਦ ਵਿੱਚ ਫੱਟ ਸਕਦਾ ਹੈ,
ਇੱਥੋਂ ਤੱਕ ਕਿ ਇਕ ਸਮੂਹ ਦੇ ਲੋਕ ਦੂਜੇ ਸਮੂਹ ਦੇ ਲੋਕਾਂ ਦਾ ਯੋਜਨਾਬੱਧ ਢੰਗ ਨਾਲ ਕਤਲੇਆਮ
ਕਰ ਸਕਦੇ ਹਨ (1998: 4)।
ਉਹ ਇਸ ਗਲ ਤੇ ਜ਼ੋਰ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਮਨੋਵਿਕਾਰੀ ਹਾਲਾਤ, ਨਾ ਸਿਰਫ਼ ਵਿਅਕਤੀ
ਅਤੇ ਸਮੂਹਾਂ ਨੂੰ, ਬਲਕਿ ਉਨ੍ਹਾਂ ਦੇ ਲੀਡਰਾਂ ਨੂੰ ਵੀ ਫਸਾ ਲੇਂਦੇ ਹਨ (Ibid: 3–23)।
ਇਤਿਹਾਸਕ ਤੌਰ ਤੇ ਮੌਜੂਦ ਸਾਮਾਜਿਕ ਹਾਲਾਤ ਵੱਖ ਵੱਖ ਕੇਸਾਂ ਵਿੱਚ ਵੱਖ ਵੱਖ ਹੋ ਸਕਦੇ ਹਨ,
ਮਗਰ ਪੰਜਾਬ ਦੇ ਮਾਮਲੇ ਵਿੱਚ ਲੇਕ ਅਤੇ ਰੌਥਸਚਾਇਲਡ ਦਾ ਬਿਆਨ ਪੰਜਾਬ ਦੇ 1947 ਦੇ ਹਾਲਾਤਾਂ
ਦੇ ਬਹੁਤ ਨਜ਼ਦੀਕ ਹੈ।
ਪਲੂਰਲ ਸੋਸਾਇਟੀ (ਇੱਕ ਮਿਸ਼੍ਰਿਤ ਸਮਾਜ)
ਲਿਉ ਕੂਪਰ (1982) ਨੇ ਬੁਨਿਆਦੀ ਆਧਾਰ 'ਤੇ ਇੱਕ ਮਿਸ਼੍ਰਿਤ ਸਮਾਜ ਬਾਰੇ ਵਿਚਾਰ ਪੇਸ਼ ਕੀਤਾ
ਕਿ ਕਿਉਂ ਜ਼ਾਹਰਾ ਤੌਰ ਤੇ ਅਮਨ ਵਿੱਚ ਰਹਿਣ ਵਾਲੇ, ਬਹੁ-ਨਸਲੀ ਅਤੇ ਬਹੁ-ਮਜ਼੍ਹਬੀ ਸਮਾਜ
ਇੱਕ ਤਸ਼ੱਦਦ ਭਰੇ ਝਗੜੇ ਅਤੇ ਉਸ ਦੇ ਬਾਅਦ ਨਸਲਕੁਸ਼ੀ ਤੇ ਉਤਾਰੂ ਹੋ ਜਾਂਦੇ ਹਨ। ਪਲੂਰਲ
ਸੋਸਾਇਟੀ (ਮਿਸ਼੍ਰਿਤ ਸਮਾਜ) ਉਹ ਹੁੰਦਾ ਹੈ ਜਿਸ ਵਿੱਚ ਪਛਾਣ ਯੋਗ ਸਮੂਹ ਹੁੰਦੇ ਹਨ ਅਤੇ
ਜਿਨ੍ਹਾਂ ਵਿਚਕਾਰ ਨਸਲ, ਜਾਤ ਅਤੇ ਮਜ਼੍ਹਬ ਦੇ ਆਧਾਰ 'ਤੇ ਚਿਰਜੀਵੀ ਅਤੇ ਵਿਆਪਕ ਪਾੜਾ
ਮੌਜੂਦ ਹੁੰਦਾ ਹੈ। ਆਮ ਤੌਰ 'ਤੇ ਇਹ ਪਾੜਾ ਨਾਬਰਾਬਰ ਆਰਥਿਕ ਤੱਰਕੀ, ਮੌਕਿਆਂ ਅਤੇ ਸਿਆਸੀ
ਰਸੂਖ਼ ਵਿੱਚ ਨਾਬਰਾਬਰੀ ਹੋਣ ਕਾਰਨ ਪੈਦਾ ਹੁੰਦਾ ਹੈ। ਮਿਸਾਲ ਦੇ ਤੌਰ ਤੇ, ਇੱਕ ਤਰਫ਼ ਹਿੰਦੂ
ਅਤੇ ਸਿੱਖ ਅਤੇ ਦੂਜੀ ਤਰਫ਼ ਮੁਸਲਮਾਨ ਮੁਖ਼ਤਲਿਫ਼ ਖੂਹਾਂ ਤੋਂ ਪਾਣੀ ਕੱਢਦੇ ਸੀ। ਦਲਿਤਾਂ ਦੇ
ਖੂਹ ਅਲੱਗ ਹੁੰਦੇ ਸੀ। ਇਸ ਦੇ ਇਲਾਵਾ ਹਿੰਦੂ ਆਪਣੇ ਸਖ਼ਤ ਨਿਯਮਾਂ 'ਤੇ ਚਲਦਿਆਂ, ਆਮ ਤੌਰ ਤੇ
ਮੁਸਲਮਾਨਾਂ ਨਾਲ ਇਕੱਠੇ ਖਾਣ-ਪੀਣ ਕਰਨ ਤੋਂ ਪਰਹੇਜ ਕਰਦੇ ਸੀ। ਇੱਥੋਂ ਤੱਕ ਕਿ ਕੱਟੜ
ਸ਼ਾਕਾਹਾਰੀ ਸਿੱਖ ਵੀ ਮੁਸਲਮਾਨਾਂ ਨਾਲ ਇਕੱਠੇ ਖਾਣ-ਪੀਣ ਨਹੀਂ ਕਰਦੇ ਸਨ । ਇਸ ਤਰ੍ਹਾਂ ਦੇ
ਭੇਦ ਨੂੰ, ਰਵਾਇਤ ਦੀ ਬੁਨਿਆਦ ਦੇ ਉਪਰ, ਸਲੂਕਾਂ ਦੀ ਰੀਤ ਦੇ ਤੌਰ ਤੇ ਸਵੀਕਾਰ ਕਰ ਲਿਆ ਗਿਆ
ਸੀ ਅਤੇ ਇਸ ਬਾਰੇ ਕੋਈ ਬੁਰਾ ਮਹਿਸੂਸ ਨਹੀਂ ਕਰਦਾ ਸੀ।
ਇਸ ਤਰ੍ਹਾਂ ਦੇ ਸਮਾਜ ਇੱਕ ਲੰਬੇ ਅਰਸੇ ਤੱਕ ਅਮਨ ਨਾਲ ਰਹਿ ਸਕਦੇ ਹਨ, ਮਗਰ ਤਣਾਅ ਅਧੀਨ
ਅਚਾਨਕ ਫਟ ਸਕਦੇ ਹਨ। ਇਸ ਦਾ ਨਤੀਜਾ ਕਮਜ਼ੋਰ ਅਤੇ ਬੇਬਸ ਸਮੂਹ ਦੀ ਜੈਨੋਸਾਇਡ (ਨਸਲਕੁਸ਼ੀ)
ਹੋ ਸਕਦਾ ਹੈ। ਕੂਪਰ ਮੰਨਦਾ ਹੈ ਕਿ ਪਲੂਰਲ (ਮਿਸ਼੍ਰਿਤ) ਸਮਾਜ ਬਸਤੀਵਾਦੀ ਦਖ਼ਲ ਤੋਂ ਪਹਿਲਾਂ
ਮੌਜੂਦ ਹੁੰਦੇ ਹਨ ਮਗਰ ਬਸਤੀਵਾਦੀ ਨੀਤੀਆਂ ਅਤੇ ਤਬਦੀਲੀ ਦਾ ਦੌਰ ਕੌਮੀ ਤਣਾਅ ਨੂੰ ਹੋਰ
ਖ਼ਰਾਬ ਕਰ ਦਿੰਦਾ ਹੈ, ਅਤੇ ਜਦ ਬਸਤੀਵਾਦੀ ਤਾਕਤ ਚਲੀ ਜਾਂਦੀ ਹੈ, ਤਾਂ ਉਹ ਸਮਾਜ ਨਸਲਕੁਸ਼ੀ
ਦੀ ਹੱਦ ਤੱਕ ਤਸ਼ੱਦਦ ਵਿੱਚ ਵਿਸਫੋਟਤ ਹੋ ਜਾਂਦੇ ਹਨ। (Ibid: 57-59)। ਦੂਜੇ ਲੇਖਕਾਂ ਨੇ
ਇਸ ਤਸ਼ੱਦਦ ਭਰੇ ਝਗੜੇ ਦੇ ਢਾਂਚੇ ਦੀ ਬੁਨਿਆਦ ਦੀ ਵਿਆਖਿਆ ਡੂੰਘੀ ਤਰ੍ਹਾਂ ਵੰਡੇ ਸਮਾਜਾਂ,
ਖੰਡਿਤ ਸਮਾਜਾਂ ਆਦਿ ਦੇ ਤੌਰ 'ਤੇ ਕੀਤੀ ਹੈ।
ਕੂਪਰ ਇਹ ਵੀ ਕਹਿੰਦਾ ਹੈ ਕਿ ਤਸ਼ੱਦਦ ਦੇ ਬਹੁਤ ਵਡੇ ਕੰਮ ਹਕੂਮਤੀ ਅਫਸਰਾਂ ਦੀ ਮਿਲੀਭੁਗਤ ਦੇ
ਬਗੈਰ ਨਾਮੁਮਕਿਨ ਹਨ, ਮਗਰ ਸਮਾਜ ਦੇ ਆਮ ਲੋਕਾਂ ਨੂੰ ਵੀ ਅਜਿਹੇ ਸਮੂਹਾਂ ਉੱਪਰ ਹਮਲੇ ਕਰਨ
ਲਈ ਉਕਸਾਇਆ ਜਾ ਸਕਦਾ ਹੈ ਜਿਹਨਾਂ ਨੂੰ ਉਹ ਦੁਸ਼ਮਣ ਅਤੇ ਉਨ੍ਹਾਂ ਦੀ ਹਸਤੀ ਨੂੰ ਖ਼ਤਰਾ
ਪਹੁੰਚਾਉਣ ਵਾਲੇ ਸਮੂਹ ਸਮਝਦੇ ਹਨ। ਇਹ ਪੰਜਾਬ ਦੇ ਹਾਲਾਤ ਬਾਰੇ ਵੀ ਸੱਚ ਹੈ ਮਗਰ ਇਸ
ਤਰ੍ਹਾਂ ਦਾ ਬੀਮਾਰ ਅਤੇ ਬੇਧੜਕ ਸਲੂਕ ਕਿਹਨਾਂ ਹਾਲਾਤਾਂ ਵਿੱਚ ਹੁੰਦਾ ਹੈ, ਉਨ੍ਹਾਂ ਦੀ
ਛਾਣਬੀਣ ਕਰਨ ਅਤੇ ਸਮਝਣ ਦੀ ਜ਼ਰੂਰਤ ਹੈ। ਉਹ ਪੰਜਾਬ ਨੂੰ ਇੱਕ ਖ਼ਾਸ ਪਲੂਰਲ (ਮਿਸ਼੍ਰਿਤ)
ਸਮਾਜ ਦੇ ਤੌਰ ਤੇ ਪੇਸ਼ ਕਰਦਾ ਹੈ, ਜੋ 1947 ਵਿੱਚ ਤਸ਼ੱਦਦ ਨਾਲ ਫਟਿਆ (Ibid: 65–67)।
ਹਾਲਾਂਕਿ ਉਹ ਇਹ ਜ਼ਿਕਰ ਕਰਦਾ ਹੈ ਕਿ ਸਾਰੇ ਲੋਕਾਂ ਨੇ ਮੁਖ਼ਾਲਫ਼ਤੀ ਸਮੂਹਾਂ ਨਾਲ ਬੁਰਾ ਸਲੂਕ
ਨਹੀਂ ਕੀਤਾ।
ਉਲਝਣ ਹਟਾਉਣ ਲਈ ਸਾਨੂੰ ਆਪਣੇ ਜ਼ਿਹਨ ਵਿੱਚ ਇੱਕ ਗਲ ਰੱਖਣੀ ਜ਼ਰੂਰੀ ਹੈ ਕਿ ਪਲੂਰਲ
(ਮਿਸ਼੍ਰਿਤ) ਸਮਾਜ ਅਤੇ ਪਲੂਰਲਿਸਟ (ਅਨੇਕਵਾਦੀ) ਸਮਾਜ ਇੱਕ ਨਹੀਂ ਹਨ; ਪਲੂਰਲਿਸਟ
(ਅਨੇਕਵਾਦੀ) ਸਮਾਜ ਵਿੱਚ ਕਈ ਸਕਾਰਾਤਮਕ ਚੀਜ਼ਾਂ ਹੁੰਦੀਆਂ ਹਨ ਅਤੇ ਆਮ ਤੌਰ 'ਤੇ ਇਸ ਨੂੰ
ਇਕ ਬਹੁ-ਸਭਿਆਚਾਰਕ ਸਥਿਰ ਸਮਾਜਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇੱਕ ਪਲੂਰਲਿਸਟ
(ਅਨੇਕਵਾਦੀ) ਸਮਾਜ, ਨਾਗਰਿਕਤਾ ਦੇ ਸਮਾਨ ਹੱਕ ਦੀ ਬੁਨਿਆਦ ਦੇ ਉੱਪਰ ਹੁੰਦਾ ਹੈ ਅਤੇ ਇਸ
ਵਿੱਚ ਸਭਿਆਚਾਰਕ ਜਾਂ ਫਿਰਕੂ ਅਨੇਕਤਾ ਹੁੰਦੀ ਹੈ ਅਤੇ ਇਸ ਨੂੰ ਦੂਜੀ ਆਲਮੀ ਜੰਗ ਦੇ ਬਾਅਦ
ਦੀ ਸਨਅਤੀ ਪੱਛਮੀ ਦੁਨੀਆ ਦੀ ਕਾਮਯਾਬੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਕੂਪਰ ਦੀ ਪਲੂਰਲ
ਸੋਸਾਇਟੀ, ਪਲੂਰਲਿਸਟ (ਅਨੇਕਵਾਦੀ) ਸਮਾਜ ਦੀ ਵਿਰੋਧੀ ਹੈ।
ਪੰਜਾਬ : ਇਕ ਸੰਗਠਿਤ, ਬਹੁਤਹਿਜ਼ੀਬੀ ਸਮਾਜ
ਪੰਜਾਬ ਦਾ ਇੱਕ ਪਲੂਰਲ ਸਮਾਜ ਦੇ ਤੌਰ ਤੇ ਕੀਤਾ ਵਰਣਨ ਕਈ ਵਿਦਵਾਨਾਂ ਨੂੰ ਮਨਜ਼ੂਰ ਨਹੀਂ।
ਉਹ ਕਹਿੰਦੇ ਹਨ ਕਿ ਮੁਗਲਾਂ ਦੇ ਵਕਤ ਤੋਂ (1526-1857) ਪੰਜਾਬ ਇੱਕ ਨਿਆਰੀ ਅਤੇ ਇੱਕ
ਸੰਗਠਿਤ ਪਛਾਣ ਤਿਆਰ ਕਰ ਰਿਹਾ ਸੀ, ਜਿਸ ਦੀ ਲਚਕ ਸਾਂਝੀ ਤਹਿਜ਼ੀਬ ਅਤੇ ਵੱਖ ਵੱਖ ਮਜ਼੍ਹਬੀ
ਭਾਈਚਾਰਿਆਂ ਦੇ ਸਮਾਜਕ ਅਮਲਾਂ ਵਿੱਚ ਇਕ ਦੂਸਰੇ ਨੂੰ ਸਮਝਣ ਦੀਆਂ ਰਵਾਇਤਾਂ 'ਤੇ ਆਧਾਰਿਤ
ਸੀ। (Ballard, 1999: 7–24; Grewal, 2004: 12)। ਪੰਜਾਬੀ ਸੰਗਠਿਤ ਤਹਿਜ਼ੀਬ ਦੀ ਕੋਈ
ਠੋਸ ਪਰਿਭਾਸ਼ਾ ਨਹੀਂ ਹੈ ਮਗਰ ਲਗਦਾ ਹੈ, ਇਸ ਦਾ ਮਤਲਬ ਇਹ ਬਣਦਾ ਹੈ ਕਿ ਜ਼ਬਾਨ, ਅਤੇ ਸਾਂਝੇ
ਤਿਉਹਾਰਾਂ ਨਾਲ ਬਣੀ ਆਮ ਤਹਿਜ਼ੀਬ, ਮਜ਼੍ਹਬੀ ਅਤੇ ਜਾਤ ਦੇ ਬਟਵਾਰੇ ਦੇ ਅਹਿਸਾਸ ਨੂੰ ਘੱਟ
ਕਰਦੀ ਸੀ (Williams, 2004)। ਦਰਅਸਲ ਕਈ ਵਾਰ, ਮਿਸਾਲ ਦੇ ਤੌਰ ਤੇ, ਜੱਟਾਂ ਦੀ ਬਹੁਤ ਵਡੀ
ਖੇਤੀਬਾੜੀ ਕਰਨ ਵਾਲੀ ਜਾਤ, ਜੋ ਮੁਸਲਮਾਨ ਅਤੇ ਸਿੱਖ ਦੋਵੇਂ ਸੀ, ਜਾਂ ਫਿਰ ਰਾਜਪੂਤ ਜੋ
ਹਿੰਦੂ ਅਤੇ ਮੁਸਲਮਾਨ ਦੋਵੇਂ ਸੀ, ਇੱਕ ਵਿਰਾਸਤੀ ਵੰਸ਼ ਹੋਣ ਕਰ ਕੇ, ਇੱਕ ਦੂਜੇ ਨਾਲ ਹਮਦਰਦੀ
ਭਰੇ ਰਿਸ਼ਤੇ ਰੱਖਦੇ ਸੀ। ਮਗਰ ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਸੀ: ਇਹ ਖ਼ਾਸ ਕਰ ਕੇ
ਉੁੱਚੀ ਜਾਤ ਵਾਲੇ ਹਿੰਦੂਆਂ ਵਿੱਚ, ਆਪਣੇ ਉਨ੍ਹਾਂ ਰਿਸ਼ਤੇਦਾਰਾਂ ਲਈ ਨਾਰਾਜ਼ਗੀ ਅਤੇ
ਬੇਗਾਨਗੀ ਦਾ ਅਹਿਸਾਸ ਪੈਦਾ ਕਰ ਸਕਦੀ ਸੀ, ਜਿਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਸੀ। ਮਗਰ
ਜਿੱਦਾਂ ਕਿ ਪਹਿਲਾਂ ਕਿਹਾ ਗਿਆ ਹੈ, ਇਨ੍ਹਾਂ ਵਿਚੋਂ ਕੋਈ ਵੀ ਪੱਖ ਸਾਰੇ ਪੰਜਾਬ ਜਾਂ
ਪਿੰਡਾਂ ਵਿੱਚ ਸਥਾਨਕ ਪੱਧਰ 'ਤੇ ਸਮੁੱਚੇ ਰੂਪ ਵਿੱਚ ਲਾਗੂ ਨਹੀਂ ਹੁੰਦਾ ਸੀ।
ਤਕਸੀਮ ਤੋਂ ਪਹਿਲਾਂ ਮਿਸ਼੍ਰਿਤ ਪੰਜਾਬੀ ਤਹਿਜ਼ੀਬ ਦੇ ਬਾਰੇ ਮੇਰੀ ਆਪਣੀ ਸਮਝ ਇਹ ਹੈ ਕਿ,
ਕਿਉਂਕਿ ਤਿੰਨ ਮਜ਼੍ਹਬਾਂ ਵਿੱਚ ਕੋਈ ਵੀ ਫ਼ਿਰਕਾ, ਮਜ੍ਹਬੀ ਦਫਤਰਸ਼ਾਹੀ ਦੇ ਤਹਿਤ ਸੰਗਠਤ ਨਹੀਂ
ਸੀ; ਪੁਜਾਰੀ ਵੀ ਸਥਾਨਕ ਹੁੰਦੇ ਸੀ ਅਤੇ ਉਨ੍ਹਾਂ ਦੀਆਂ ਜੜ੍ਹਾਂ ਵੀ ਨੇੜੇ ਰਹਿਣ ਵਾਲੇ
ਲੌਕਾਂ ਨਾਲ ਜੁੜੀਆਂ ਹੁੰਦੀਆਂ ਸੀ। ਉਨ੍ਹਾਂ ਦਾ ਕਿਰਦਾਰ ਜ਼ਿਆਦਾਤਰ ਰਸਮੀ ਹੁੰਦਾ ਸੀ ਅਤੇ ਉਹ
ਪੂਜਾ, ਵਿਆਹ, ਜਨਮ ਅਤੇ ਮੌਤ ਦੇ ਵਕਤ, ਰਸਮਾਂ ਅਦਾ ਕਰਦੇ ਸੀ। ਇਸ ਦੇ ਇਲਾਵਾ ਸਾਧੂਆਂ ਅਤੇ
ਫਕੀਰਾਂ ਵਿੱਚ ਲੋਕਾਂ ਦਾ ਯਕੀਨ ਵਿਆਪਕ ਸੀ ਅਤੇ ਅਕਸਰ ਲੋਕ ਰਹਿਮਤ ਲਈ, ਮਜ਼੍ਹਬੀ ਸੀਮਾ ਲੰਘ
ਜਾਂਦੇ ਸੀ। ਇਸ ਦੇ ਇਲਾਵਾ ਵੈਦਾਂ/ਹਕੀਮਾਂ ਅਤੇ ਡਾਕਟਰਾਂ - ਹਿੰਦੂ ਅਤੇ ਸਿੱਖ ਵੈਦਾਂ ਅਤੇ
ਮੁਸਲਿਮ ਹਕੀਮਾਂ ਕੋਲ ਸਾਰੇ ਮਹਜਬਾਂ ਦੇ ਰੋਗੀ ਜਾਂਦੇ ਸੀ। ਇਲਾਜ ਕਾਫ਼ੀ ਸਸਤਾ ਹੁੰਦਾ ਸੀ
ਅਤੇ ਕਈ ਵਾਰ ਬਗੈਰ ਪੈਸਿਆਂ ਦੇ। ਇਹ ਰਵਾਇਤ, ਆਧੁਨਿਕ ਜ਼ਮਾਨੇ ਦੇ ਪੜ੍ਹੇ ਡਾਕਟਰਾਂ ਦੀ
ਪ੍ਰੈਕਟਿਸ ਜੰਮ ਜਾਣ ਦੇ ਬਾਵਜੂਦ ਵੀ ਚਲਦੀ ਰਹੀ। ਅਖੀਰ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ
ਤਾਲੀਮ ਦੇਣ ਵਾਲਿਆਂ ਨੂੰ ਸ਼ਾਗਿਰਦਾਂ ਤੋਂ ਬਹੁਤ ਇੱਜ਼ਤ ਮਿਲਦੀ ਸੀ।
ਤਕਸੀਮ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਦਾ ਜੈਵਿਕ ਸੁਭਾਅ ਲੋਕਾਂ ਨੂੰ ਕੱਟੜ ਤੌਰ ਤਰੀਕਿਆਂ
ਤੋਂ ਬਚਣ ਵਿੱਚ ਮਦਦ ਕਰਦਾ ਸੀ ਅਤੇ ਲੋਕਾਂ ਵਿੱਚ ਦੋਸਤਾਨਾ ਅਤੇ ਮਿਲਣਸਾਰ ਰਿਸ਼ਤੇ ਸੀ। ਇਸ
ਕਰ ਕੇ, ਬੇਸ਼ੱਕ ਪੰਜਾਬ ਦਾ ਸਮਾਜ ਪਲੂਰਲ (ਮਿਸ਼੍ਰਿਤ) ਸੀ ਕਿਉਂਕਿ ਸਾਰੀਆਂ ਬਰਾਦਰੀਆਂ ਦੀ
ਆਪਣੀ ਅਲੱਗ ਪਛਾਣ ਸੀ; ਇਹ ਸਾਂਝੀਆਂ ਰੂਹਾਨੀ ਅਤੇ ਸਦਾਚਾਰੀ ਰਵਾਇਤਾਂ ਤੋਂ ਪੈਦਾ ਮਜ਼ਬੂਤ
ਜਜ਼ਬਾਤੀ ਅਤੇ ਤਹਿਜ਼ੀਬੀ ਬੰਧਨ ਨਾਲ ਜੁੜਿਆ ਹੋਇਆ ਵੀ ਸੀ। ਇਸ ਕਰ ਕੇ, ਵਿਗੜਦੇ ਹਾਲਾਤਾਂ ਦੇ
ਮੱਦੇ ਨਜ਼ਰ, ਹਕੂਮਤ ਦੀ ਜਦੋਜਹਿਦ ਅਤੇ ਉੁੱਚੇ ਹੁਕਮਰਾਨਾਂ ਦੀ ਲਾਲਸਾ ਬਾਰੇ, ਮਿਸ਼੍ਰਿਤ
ਪੰਜਾਬ ਵਿੱਚ ਮੌਜੂਦ ਉਨ੍ਹਾਂ ਕਾਰਨਾਂ ਦੀ ਪਛਾਣ ਕਰਨੀ ਜ਼ਰੂਰੀ ਹੈ, ਜਿਸ ਦੇ ਚਲਦਿਆਂ ਉਹ ਫਟ
ਗਿਆ।
ਪਾਲ ਬਰਾਸ ਨੇ ਪੰਜਾਬ ਦੇ ਬਹੁਤ ਜ਼ਿਆਦਾ ਜਾਨੀ ਨੂਕਸਾਨ ਨੂੰ ਇੱਕ 'ਰੈਟਰੀਬਿਊਟਿਵ ਜੈਨੋਸਾਈਡ
(ਸਜ਼ਾ ਦੇਣ ਵਾਲੀ ਨਸਲਕੁਸ਼ੀ)' ਦੱਸਿਆ ਹੈ। ਮਗਰ ਇਹ ਕੋਈ ਅਚਾਨਕ ਜਾਂ ਕੁਦਰਤੀ ਬਦਲੇ ਦੀ
ਉਤੇਜਨਾ ਦਾ ਨਤੀਜਾ ਨਹੀਂ ਸੀ। ਬਰਾਸ ਦੇ ਮੁਤਾਬਕ, ਇਹ ਬਲਕਿ ਇੱਕ ਪੇਚੀਦਾ ਮਾਮਲਾ ਸੀ, ਜਿਸ
ਦੇ ਇੱਕ ਤਰਫ਼ ਪਛਾਣ, ਇੱਜ਼ਤ, ਤਹਿਜ਼ੀਬ ਸੀ ਅਤੇ ਦੂਜੀ ਤਰਫ਼, ਜੁਰਮ ਵਿੱਚ ਸ਼ਾਮਲ ਮੁਖ਼ਤਲਿਫ਼
ਕਿਰਦਾਰਾਂ ਦੇ, ਮਨਸੂਬੇ ਅਤੇ ਵੱਖ ਵੱਖ ਮਕਸਦ ਸੀ। ਘਟਨਾਵਾਂ ਦੀਆਂ ਕਈ ਕੜੀਆਂ ਸਨ ਅਤੇ ਅਲੱਗ
ਅਲੱਗ ਦਾਅਵੇਦਾਰਾਂ ਨੇ ਉਨ੍ਹਾਂ ਨੂੰ ਬਹੁਤ ਮੁਖ਼ਤਲਿਫ਼ ਅਤੇ ਵੱਖ ਵੱਖ ਨਜ਼ਰੀਏ ਨਾਲ ਵੇਖਿਆ
(Brass, 2003: 77–97)।
ਨਸਲੀ ਸਫਾਈ ਦੀ ਥਿਊਰੀ (ਸਿਧਾਂਤ) ਵੱਲ
ਅਸੀਂ ਉਸ ਹਾਲਾਤ ਤੋਂ ਸ਼ੁਰੂਆਤ ਕਰਦੇ ਹਾਂ, ਜਿਥੇ ਆਪਸੀ ਫ਼ਰਕ ਨਾਲ ਵਾਕਫ਼ ਫ਼ਿਰਕਿਆਂ ਦੇ
ਰਿਸ਼ਤਿਆਂ ਨੂੰ, ਬੇਯਕੀਨੀ, ਫ਼ਿਕਰ, ਡਰ ਅਤੇ ਸ਼ੱਕ, ਬੁਰੀ ਤਰ੍ਹਾਂ ਮੁਤਾਸਰ ਕਰਦੇ ਹਨ;
ਹਾਲਾਂਕਿ ਉਨ੍ਹਾਂ ਫ਼ਿਰਕਿਆਂ ਦੇ ਵਿੱਚ ਕੁੱਝ ਆਮ ਤਹਿਜ਼ੀਬੀ ਖਾਸੀਅਤਾਂ ਵੀ ਮੌਜੂਦ ਹੋ
ਸਕਦੀਆਂ ਹਨ। ਸਮੂਹਾਂ ਦੇ ਰਿਸ਼ਤੇ ਜਿਨ੍ਹਾਂ ਹਾਲਾਤਾਂ ਵਿੱਚ ਅਮਨ ਤੋਂ ਝਗੜੇ ਵਿੱਚ ਤਬਦੀਲ
ਹੁੰਦੇ ਹਨ, ਉਹ ਹਾਲਾਤ ਵੱਖ ਵੱਖ ਹੋ ਸਕਦੇ ਹਨ; ਹਿੰਸਕ ਝਗੜੇ ਕਰਾਉਣ ਵਾਲੇ ਕੁੱਝ
ਪ੍ਰਭਾਵਸ਼ਾਲੀ ਕਾਰਨਾਂ ਵਿੱਚ ਸ਼ਾਮਲ ਹਨ: ਨਕਾਰਾਤਮਕ ਇਤਿਹਾਸਕ, ਸਮਾਜਕ-ਆਰਥਿਕ ਅਤੇ ਤਹਿਜ਼ੀਬੀ
ਕਾਰਨਾਂ ਦਾ ਇੱਕ ਹੋਣਾ, ਅਤੇ ਪੁਰਾਣੇ ਵਿਰਸੇ ਦਾ ਨਾਕਾਮ ਹੋਣਾ ਜਿਸ ਦੇ ਚਲਦਿਆਂ ਲੋਕ ਅਮਨ
ਅਤੇ ਚੈਨ ਨਾਲ ਰਹਿੰਦੇ ਸਨ।
ਇਨ੍ਹਾਂ ਹਾਲਾਤਾਂ ਵਿੱਚ, ਕੁੱਝ ਹਦ ਤੱਕ ਉਪਾਉ ਕਰਨਾ ਜ਼ਰੂਰੀ ਹੈ, ਤਾਂ ਕਿ ਪੈਦਾ ਹੋਈਆਂ
ਧਮਕੀਆਂ ਅਤੇ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਬੁਨਿਆਦ ਤੇ ਵੱਖ ਵੱਖ ਸਮੂਹਾਂ
ਵਿੱਚ ਰਿਸ਼ਤਾ ਬਣਾਇਆ ਜਾ ਸਕਦਾ ਹੈ ਅਗਰ ਦੋ ਤੋਂ ਜ਼ਿਆਦਾ ਸਮੂਹ, ਇਲਾਕਿਆਂ ਅਤੇ ਕੌਮੀ ਹੱਕ ਲੈ
ਕੇ ਟਕਰਾਅ ਵਾਲੇ ਦਾਅਵਿਆਂ ਵਿੱਚ ਉਲਝੇ ਹੋਏ ਹੋਣ। ਅਗਰ ਲੋਕਾਂ ਦੇ ਡਰ ਨੂੰ ਹਟਾਉਣ ਲਈ ਕੁੱਝ
ਨਹੀਂ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਮਜ਼੍ਹਬ ਜਾਂ ਫਿਰਕੇ ਦੇ ਲੋਕਾਂ ਜਾਂ ਕਾਲਪਨਿਕ
ਇਕਮੁੱਠਤਾ ਵਿੱਚ ਬੰਨਣ ਵਾਲੇ ਕਿਸੇ ਵੀ ਹੋਰ ਤਬਕੇ ਨਜ਼ਦੀਕੀ ਰਿਸ਼ਤਾ ਬਣਾ ਸਕਦੇ ਹਨ।
ਲੇਕਿਨ, ਬਦਲੇ ਹਾਲਾਤਾਂ ਦੀ ਚੇਤਨਾ ਸਿਆਸੀ ਤੌਰ ਤੇ ਕੋਈ ਪ੍ਰਭਾਵਸ਼ਾਲੀ ਰਵੱਈਆ ਪੈਦਾ ਨਹੀਂ
ਵੀ ਕਰ ਸਕਦੀ। ਜ਼ਿਆਦਾਤਰ ਮਾਮਲਿਆਂ ਵਿੱਚ ਇਸੇ ਤਰ੍ਹਾਂ ਦੇ ਰਵੱਈਏ ਲਈ ਲੀਡਰਾਂ, ਕਾਰਕੁੰਨਾਂ
ਅਤੇ ਕਾਡਰਾਂ ਵਲੋਂ ਤੰਜ਼ੀਮ ਕੀਤੀ ਤਾਲ-ਮੇਲ ਦੀ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਦੀਆਂ ਸਾਂਝੀਆਂ
ਕੋਸ਼ਿਸ਼ਾਂ ਮੈਂਬਰਾਂ ਦੀ ਜਨਤਕ ਲਾਮਬੰਦੀ ਲਈ ਲਾਜ਼ਮੀ ਹਨ।
ਸਮੂਹਾਂ ਦੇ ਫ਼ਿਕਰ ਉੱਪਰ ਸਿਆਸੀ ਉਦੱਮੀਆਂ ਅਤੇ ਨਸਲੀ ਕਾਰਕੁੰਨਾਂ ਦਾ ਦਬਾਅ
ਇਹ ਕਹਿਣਾ ਨਾਮੁਮਕਿਨ ਹੈ ਕਿ ਸਮੂਹ ਦੇ ਸਾਰੇ ਮੈਂਬਰ ਖ਼ੁਦ ਫਿਕਰਮੰਦ ਹੁੰਦੇ ਹਨ, ਜਾਂ ਉਸ
ਸਮੂਹ ਦੇ ਨਸਲੀ ਕਾਰਕੁੰਨਾਂ ਦਾ ਕੋਈ ਦਲ, ਉਸ ਸਮੂਹ ਦੀ ਨੁਮਾਇੰਦਗੀ ਕਰਨ ਵਿੱਚ ਇੱਕ ਅਹਿਮ
ਕਿਰਦਾਰ ਅਦਾ ਕਰਦਾ ਹੈ, ਜਾਂ ਕਿ ਸਿਆਸੀ ਉੱਦਮੀ - ਜੋਸ਼ੀਲੇ ਲੀਡਰ ਅਤੇ ਬੁੱਧੀਜੀਵੀ,
ਜਿਨ੍ਹਾਂ ਦੇ ਵਿੱਚ ਕਾਰਕੁੰਨਾਂ ਵਰਗਾ ਜੋਸ਼ ਨਹੀਂ ਹੁੰਦਾ, ਇਸੇ ਤਰ੍ਹਾਂ ਦੇ ਅਹਿਸਾਸ ਨੂੰ
ਜ਼ਾਹਰ ਕਰਨ ਤੇ ਮੁਹਾਰਤ ਦਿਖਾਉਂਦੇ ਹਨ। ਇਸ ਲਈ, ਪ੍ਰਾਪੇਗੰਢੇ (ਪ੍ਰਚਾਰ) ਅਤੇ ਖ਼ਾਸ ਕਰ ਕੇ,
ਅਫ਼ਵਾਹਾਂ ਦੇ ਕਿਰਦਾਰ ਉੱਪਰ ਗੌਰ ਕਰਨਾ ਪਏਗਾ ਤਾਂਕਿ ਇਹ ਸਮਝਿਆ ਜਾ ਸਕੇ ਕਿ, ਕਿਹੜੀਆਂ
ਹਰਕਤਾਂ ਅਤੇ ਕਾਰਜ ਫ਼ਿਕਰ ਅਤੇ ਡਰ ਪੈਦਾ ਕਰਦੇ ਹਨ। ਅਗਰ ਵਿਰੋਧੀ ਇਸ ਪ੍ਰਾਪੇਗੰਢੇ ਨੂੰ
ਰੋਕਣ ਵਿੱਚ ਨਾਕਾਮਯਾਬ ਹੁੰਦੇ ਹਨ, ਤਾਂ ਜੋ ਦਲ ਡਰ ਅਤੇ ਆਮ ਉਨਮਾਦ (ਹਿਸਟੀਰੀਆ) ਪੈਦਾ
ਕਰਦਾ ਹੈ, ਉਹ ਆਪਣੇ ਵਿਰੋਧੀ ਦੇ ਉੱਪਰ ਇੱਕ ਰਣਨੀਤਕ ਫ਼ਾਇਦਾ ਲੈ ਲੈਂਦਾ ਹੈ। ਇਕ ਦੂਜੇ
ਵਿਰੁੱਧ ਜ਼ੀਰੋ-ਸਮ ਰਣਨੀਤੀਆਂ ਵਰਤਣ ਲਈ, ਲੰਬੀ ਇਲੈਕਸ਼ਨ ਮੁਹਿੰਮ ਤੋਂ ਬਿਹਤਰ ਕੋਈ ਹੋਰ
ਤਰੀਕਾ ਨਹੀਂ ਹੈ। ਇਸ ਦੇ ਨਾਲ ਹੀ, ਇੱਕ ਕੱਟੜ ਪ੍ਰੈਸ ਵੀ ਇੱਕ ਘਾਤਕ ਕਿਰਦਾਰ ਅਦਾ ਕਰਾ
ਸਕਦੀ ਹੈ (Tanwar, 2006: 8–15)।
ਇਸ ਲਈ ਸਨਸਨੀਖੇਜ਼ ਖਬਰਾਂ ਅਤੇ ਲੇਖ ਡਰ ਅਤੇ ਪੱਖਪਾਤ ਫੈਲਾ ਕੇ ਝਗੜੇ ਪੈਦਾ ਕਰਨ ਦੇ
ਖਤਰਨਾਕ ਸ੍ਰੋਤ ਹਨ। ਅਗਰ ਹਕੂਮਤ ਇਲੈਕਸ਼ਨ ਮੁਹਿੰਮ ਅਤੇ ਮੀਡੀਆ ਦੇ ਲੇਖਨ ਉੱਪਰ ਇੱਕ ਸਖ਼ਤ
ਕੋਡ ਔਫ ਕੰਡਕਟ (ਮਰਯਾਦਾ) ਨਹੀਂ ਲਾਉਂਦੀ ਤਾਂ ‘ਵਿਰੋਧੀਆਂ’ ਨੂੰ ਸ਼ੈਤਾਨ ਅਤੇ ਅਮਾਨਵ ਬਣਾ
ਕੇ ਪੇਸ਼ ਕਰਨ ਦਾ ਅਮਲ ਬਹੁਤ ਹੀ ਕਾਰਗਰ ਹੋ ਸਕਦਾ ਹੈ ਅਤੇ ਪਹਿਲਾਂ ਤੋਂ ਹੀ ਘੱਟ ਰਹੇ
ਵਿਸ਼ਵਾਸ ਨੂੰ ਢਾਹ ਲਾ ਸਕਦਾ ਹੈ। ਇਸ ਤਰ੍ਹਾਂ ਦਾ ਅਮਲ ਵਿਰੋਧੀ ਪਾਰਟੀਆਂ ਵਿਚਕਾਰ ਸੱਤਾ
ਵਿੱਚ ਭਾਈਵਾਲੀ ਕਰਨ ਦੇ ਢਾਂਚੇ ਨੂੰ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੁਰੀ ਤਰ੍ਹਾਂ
ਵਿਗਾੜ ਸਕਦਾ ਹੈ। ਇਸ ਦਾ ਕੁੱਲ ਨਤੀਜਾ ਇਹ ਹੁੰਦਾ ਹੈ ਕਿ, ਲੋਕ ਅਤੇ ਸਮੂਹ, ਹੋਰ ਜ਼ਿਆਦਾ
ਸ਼ੱਕੀ ਅਤੇ ਅਣਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ। ਪੈਦਾ ਹੋਏ ਹਾਲਾਤਾਂ ਵਿੱਚ ਆਪਸੀ
ਦੂਰੀਆਂ ਅਤੇ ਪਾੜਾ ਵਧ ਜਾਂਦਾ ਹੈ। ਜਿੱਦਾਂ ਜਿੱਦਾਂ ਹਾਲਾਤ ਹੋਰ ਬਦਤਰ ਹੁੰਦੇ ਜਾਂਦੇ ਹਨ,
ਰਜ਼ਾਮੰਦੀ ਵਾਲੇ ਸਮਝੌਤੇ ਵੀ ਟੁੱਟ ਜਾਂਦੇ ਹਨ, ਜਾਂ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ
ਜਾਂਦਾ ਹੈ।
ਇਹ ਕਹਿਣ ਦੀ ਲੋੜ ਨਹੀਂ ਹੈ ਕਿ ਅਸਰਦਾਰ ਅਗਵਾਈ ਤੋਂ ਬਗੈਰ, ਨਾ ਤੇ ਕਾਰਕੁੰਨ ਅਤੇ ਨਾ ਹੀ
ਆਮ ਮੈਂਬਰ, ਇਸ ਤਰ੍ਹਾਂ ਦੇ ਡਰਾਂ ਅਤੇ ਫਿਕਰਾਂ ਨੂੰ ਪਛਾਣੀਆਂ ਗਈਆਂ ਧਮਕੀਆਂ ਦਾ ਮੁਕਾਬਲਾ
ਕਰਨ ਵਾਲੀਆਂ ਸਰਗਰਮੀਆਂ ਅਤੇ ਲਹਿਰਾਂ ਵਿੱਚ ਬਦਲ ਸਕਦੇ ਹਨ; ਇਸ ਦਾ ਮਤਲਬ ਇਹ ਹੈ ਕਿ ਸਿਆਸਤ
ਦਾ ਧੰਧਾ ਕਰਨ ਵਾਲੇ, ਆਪਣੇ ਸਿਆਸੀ ਮਕਸਦਾਂ ਲਈ, ਲੋਕਾਂ ਦੇ ਦਿਲ੍ਹੀ ਡਰਾਂ ਨੂੰ ਵਧਾਉਣ ਦਾ
ਅਤੇ ਆਪਣੇ ਹਿਤਾਂ ਵਿੱਚ ਵਰਤਣ ਦਾ ਫ਼ਾਇਦਾ ਉਠਾ ਸਕਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਬਹੁਤੀ
ਵਾਰ ਚੁਣੇ ਹੋਏ ਸੱਚੇ ਅਤੇ ਝੂਠੇ ਪੁਰਾਣੇ ਉਲਾਂਭਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ।
ਮਗਰ, ਸਿਆਸਤ ਦਾ ਧੰਧਾ ਕਰਨ ਵਾਲੇ ਆਪਣਾ ਪ੍ਰਭਾਵ ਸਿਰਫ਼ ਉਸ ਮੌਜੂਦ ਘੇਰੇ ਅਤੇ ਸੰਘਣੇ ਸਮਾਜਕ
ਤਾਣੇ-ਬਾਣੇ ਤੱਕ ਹੀ ਲੈ ਜਾ ਸਕਦੇ ਹਨ, ਜਿਸ ਵਿੱਚ ਉਹ ਆਪ, ਉਨ੍ਹਾਂ ਦੇ ਗੁਰੱਪ ਅਤੇ ਗਰੁੱਪ
ਮੈਂਬਰ ਘਿਰੇ ਹੁੰਦੇ ਹਨ। ਇਸ ਤਰ੍ਹਾਂ ਦੇ ਸੰਬੰਧ ਹਾਲਾਤ ਨੂੰ ਕਾਬੂ ਕਰਨ ਦੀ ਉਨ੍ਹਾਂ ਦੀ
ਹੱਦ ਨੂੰ ਸੀਮਿਤ ਕਰ ਦਿੰਦੇ ਹਨ। ਇਸ ਤਰ੍ਹਾਂ ਲੀਡਰ ਭਾਵੇਂ ਆਪਣੇ ਸਮੂਹ ਦੇ ਮੈਂਬਰਾਂ ਨੂੰ
ਮੁਤਾਸਰ ਕਰ ਸਕਦੇ ਹਨ, ਮਗਰ ਉਹ ਆਮ ਤੌਰ ਤੇ, ਫ਼ਸਾਦਾਂ ਦੇ ਹਾਲਾਤਾਂ ਨੂੰ ਇਜ਼ਾਦ ਨਹੀਂ ਕਰਦੇ।
ਇਸ ਦੇ ਇਲਾਵਾ ਇਸ ਦੇ ਨਾਲ ਹੀ ਕਿਸੇ ਮੌਜੂਦ ਸਥਿਤੀ ਦੀ ਭੰਨ-ਤੋੜ ਕਰਕੇ ਉਸ ਨੂੰ ਹਿੰਸਾ ਦੇ
ਰੁਖ ਵਿੱਚ ਬਦਲਣ ਦੀ ਉਨ੍ਹਾਂ ਦੀ ਯੋਗਤਾ ਬਾਹਰਲੇ ਹਾਲਤਾਂ ਦੇ ਆਸਰੇ ਹੁੰਦੀ ਹੈ - ਜਿਹੜੀਆਂ
ਹਾਲਤਾਂ ਉਨ੍ਹਾਂ ਦੀ ਪਕੜ ਤੋਂ ਬਾਹਰ ਹੋ ਸਕਦੀਆਂ ਹਨ। ਇਨ੍ਹਾਂ ਗੈਰ-ਯਕੀਨੀ ਪ੍ਰਸੰਗਾਂ ਅਤੇ
ਹਾਲਾਤਾਂ ਵਿੱਚ, ਲੀਡਰਾਂ ਅਤੇ ਕਾਡਰਾਂ ਦੀ ਕਿਰਿਆ ਅਤੇ ਪ੍ਰਤੀਕਿਰਿਆ ਚਾਹੇ ਅਤੇ ਅਣਚਾਹੇ
ਅੰਜਾਮ ਅਤੇ ਫੈਲਾਉ ਪੈਦਾ ਕਰਦੇ ਹਨ। ਹਾਲਾਤ ਜਦ ਹੋਰ ਵਿਗੜਦੇ ਹਨ, ਤਦ ਰੁੱਸੇ ਸਮੂਹਾਂ ਦੇ
ਵਿੱਚ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।
ਸਮੂਹਾਂ ਦਰਮਿਆਨ ਸੰਪਰਕ ਦੀ ਨਾਕਾਮਯਾਬੀ
ਸੰਪਰਕ ਦੀ ਨਾਕਾਮਯਾਬੀ ਅਤੇ ਇਤਬਾਰ ਦੀ ਕਮੀ ਰੁਸੇ ਹੋਏ ਸਮੂਹਾਂ ਦੇ ਦਰਮਿਆਨ ਰਿਸ਼ਤਿਆਂ ਨੂੰ
ਹੋਰ ਖਰਾਬ ਕਰ ਦਿੰਦੀ ਹੈ। ਜਦ ਆਮ ਸਿਆਸਤ ਨਾਕਾਮਯਾਬ ਹੋ ਜਾਂਦੀ ਹੈ ਤਦ ਅਸਥਿਰ ਕਰਨ ਵਾਲੀਆਂ
ਸਰਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ, ਅਤੇ ਜਿਸ ਦਾ ਅਸਰ ਫਿਰਕੂ ਸਮੂਹਾਂ ਅਤੇ ਲੋਕਾਂ ਉੱਪਰ
ਵੱਖ ਵੱਖ ਤਰੀਕਿਆਂ ਨਾਲ ਪੈਂਦਾ ਹੈ। ਕੁੱਝ ਆਪਣੇ ਆਪ ਨੂੰ ਤਾਕਤਵਰ ਅਤੇ ਜੋਸ਼ ਭਰੇ ਮਹਿਸੂਸ
ਕਰਦੇ ਹਨ, ਅਤੇ ਕਈ ਕਮਜ਼ੋਰ ਅਤੇ ਨਿਤਾਣੇ: ਇਹ ਸਭ ਕੁਝ ਹਾਲਤਾਂ 'ਤੇ ਨਿਰਭਰ ਕਰਦਾ ਹੈ। ਚਲ
ਰਹੇ ਸਿਆਸੀ ਮੁਕਾਬਲੇ ਜਦ ਬੰਦ ਘਰਾਂ ਵਿੱਚੋਂ ਨਿਕਲ ਕੇ ਖੁੱਲ੍ਹੀਆਂ ਥਾਂਵਾਂ ਤੇ ਆ ਪਹੁੰਚਦੇ
ਹਨ, ਅਤੇ ਗਲੀਆਂ ਤੇ ਮੁਹੱਲਿਆਂ ਵਿੱਚ ਫੈਲ ਜਾਂਦੇ ਹਨ ਤਾਂ ਆਪਸੀ ਤਣਾਅ ਅਤੇ ਝਗੜੇ ਨੂੰ ਘੱਟ
ਕਰਨ ਦੇ ਸਥਾਪਤ ਸਾਧਨ ਬੇਅਸਰ ਸਾਬਤ ਹੋ ਜਾਂਦੇ ਹਨ। ਇੱਕ ਗੈਰ-ਯਕੀਨੀ ਸਿਆਸੀ ਭਵਿੱਖ ਦੇ
ਸੰਦਰਭ ਵਿੱਚ, ਇਸ ਤਬਦੀਲੀ ਦਾ ਅਸਰ, ਸਮੁੱਚੇ ਤੌਰ ਤੇ, ਕਾਫ਼ੀ ਜ਼ਿਆਦਾ ਅਤੇ ਗੁਮਰਾਹ ਕਰਨ
ਵਾਲਾ ਹੋ ਸਕਦਾ ਹੈ। ਇਨ੍ਹਾਂ ਸਮਿਆਂ ਦੌਰਾਨ ਭਲੇ ਹੀ ਤਸ਼ੱਦਦ ਬਹੁਤ ਘੱਟ ਜਾਂ ਨਾ ਦੇ ਬਰਾਬਰ
ਹੋਵੇ, ਮਗਰ, ਪ੍ਰਦਰਸ਼ਨ, ਜਲੂਸ, ਨਾਅਰੇ, ਇਹ ਸਭ, ਵੱਖਰਾ ਮਤਲਬ ਅਖ਼ਤਿਆਰ ਕਰ ਲੇਂਦੇ ਹਨ। ਇੱਕ
ਸਮੂਹ ਦੀ ਸਿਆਸੀ ਅਸੰਤੁਸ਼ਟੀ ਨੂੰ ਜ਼ਾਹਰ ਕਰਨ ਦੇ ਜਾਇਜ਼ ਅਤੇ ਅਮਨਪਸੰਦ ਤਰੀਕੇ ਨੂੰ,
ਮੁਖ਼ਾਲਫ਼ਤੀ ਸਮੂਹ ਇੱਕ ਧਮਕੀ ਦੇ ਰੂਪ ਵਿੱਚ ਦੇਖ ਸਕਦੇ ਹਨ।
ਨਤੀਜਨ, ਮੁਖ਼ਾਲਫ਼ਤੀ ਪਾਰਟਿਆਂ ਵਲੋਂ ਸਥਾਪਤ ਮਕਸਦਾਂ ਦੇ ਮੁਕਾਬਲੇ ਉਨ੍ਹਾਂ ਦੇ ਕੰਮਾਂ ਦੇ
ਨਤੀਜੇ ਬਿਲਕੁਲ ਅਲੱਗ ਹੋ ਸਕਦੇ ਹਨ। ਦੂਜੇ ਲਫਜ਼ਾਂ ਵਿੱਚ, ਇਹ ਜ਼ਰੂਰੀ ਨਹੀਂ ਹੈ ਕਿ ਨਸਲੀ
ਸਫਾਈ ਅਤੇ ਨਸਲਕੁਸ਼ੀ ਚਾਹੀ ਮੰਜਿਲ ਹੋਣ। ਮਗਰ ਆਪਸੀ ਇਤਬਾਰ ਦੀ ਕਮੀ ਕਾਰਨ, ਕਿਸੇ
ਨਿਰਧਾਰਿਤ ਇਲਾਕੇ ਵਿੱਚ ਅਮਨ ਬਣਾਈ ਰੱਖਣ ਅਤੇ ਸੱਤਾ ਦੀ ਸਾਂਝੀਵਾਲੀ ਲਈ ਜਾਂ ਸ਼ਾਂਤਮਈ ਢੰਗ
ਨਾਲ ਅਬਾਦੀਆਂ ਦੇ ਤਬਾਦਲੇ ਬਾਰੇ ਸਮਝੌਤੇ ਵਿੱਚ ਨਾਕਾਮਯਾਬ ਰਹਿਣ ਕਾਰਨ, ਕੁੱਝ ਏਦਾਂ ਦੇ
ਹਾਲਾਤ ਪੈਦਾ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਨਤੀਜੇ ਸਮਾਜੀ ਅਤੇ ਸਿਆਸੀ ਤਾਕਤਾਂ ਦੇ ਕਾਬੂ
ਵਿੱਚ ਨਹੀਂ ਰਹਿੰਦੇ। ਇਸ ਦਾ ਅੰਜਾਮ ਤਸ਼ੱਦਦ ਜਾਂ ਬਦਲੇ ਦਾ ਤਸ਼ੱਦਦ ਹੋ ਸਕਦਾ ਹੈ।
ਅਰਾਜਕਤਾ ਅਤੇ ਅਫਰਾ-ਤਫਰੀ
ਜਦ ਹਕੂਮਤ ਦਾ ਇਖ਼ਤਿਆਰ ਬੁਰੀ ਤਰ੍ਹਾਂ ਬੇਅਸਰ ਜਾਂ ਤਰਫ਼ਦਾਰੀ ਕਰਨ ਵਾਲਾ ਹੋ ਜਾਂਦਾ ਹੈ, ਅਤੇ
ਅਰਾਜਕਤਾ ਦਾ ਪਸਾਰਾ ਹੋ ਜਾਂਦਾ ਹੈ, ਤਦ ਲੋਕਾਂ ਅਤੇ ਸਮੂਹਾਂ ਨੂੰ ਆਪਣੀ ਹਿਫ਼ਾਜਤ ਖੁਦ ਕਰਨੀ
ਪੈਂਦੀ ਹੈ। ਸਮਾਜਕ ਪੂੰਜੀ ਅਤੇ ਸਦਭਾਵ ਹੋਰ ਘੱਟ ਜਾਂਦੇ ਹਨ, ਜਦ ਜਿੰਦਗੀ ਉੱਪਰ ਹੱਮਲੇ ਦੇ
ਖ਼ਤਰੇ, ਤੁਰੰਤ ਅਤੇ ਸੱਚੇ ਹੋਣ ਲਗਦੇ ਹਨ। ਅਗਰ ਮੁਖ਼ਾਲਫ਼ਤੀ ਸਮੂਹ, ਬਰਾਬਰ ਦੀ ਤਾਕਤ ਰੱਖਦੇ
ਹੋਣ ਅਤੇ ਆਪਣੇ ਹਿਤਾਂ ਦੀ ਹਿਫਾਜ਼ਤ ਕਰਨ ਲਈ ਮਜ਼ਬੂਤੀ ਨਾਲ ਤਿਆਰ ਹੋਣ, ਤਾਂ ਤਸ਼ੱਦਦ ਭਰੇ
ਝਗੜੇ ਦੇ ਹਾਲਾਤ ਤਿਆਰ ਹੋ ਜਾਂਦੇ ਹਨ। ਅਕਸਰ ਇਨ੍ਹਾਂ ਹਾਲਾਤਾਂ ਤੋਂ ਪ੍ਰਤਿਕਿਰਿਆ ਦੀ
ਸਿਆਸਤ ਪੈਦਾ ਹੁੰਦੀ ਹੈ। ਇਥੇ ਪ੍ਰਤਿਕਿਰਿਆ ਲਫ਼ਜ਼ ਦਾ ਇਸਤੇਮਾਲ ਦੋਹਰੇ ਅਰਥਾਂ ਵਿੱਚ ਕੀਤਾ
ਗਿਆ ਹੈ: 1) ਮਕਾਨਕੀ ਤੋਰ ਤੇ ਕਿਰਿਆ ਅਤੇ ਪ੍ਰਤਿਕਿਰਿਆ ਦੇ ਰੂਪ ਵਿੱਚ, ਅਤੇ 2) ਦੋ ਜਾਂ
ਜ਼ਿਆਦਾ ਸਮੂਹਾਂ ਵਲੋਂ ਇੱਕ ਦੂਜੇ ਬਾਰੇ ਸੂਝ ਵਿਹੂਣੀ ਸੋਚ ਅਤੇ ਸਲੂਕ ਦੇ ਤੌਰ ਤੇ। ਇਨ੍ਹਾਂ
ਹਾਲਾਤਾਂ ਵਿੱਚ ਹਰ ਸ਼ਖਸ ਦੀ ਅੰਦਰੂਨੀ ਪ੍ਰਤਿਕਿਰਿਆ ਹਾਵੀ ਹੋ ਜਾਂਦੀ ਹੈ। ਅਕਸਰ ਬਦਲਾ ਇਸ
ਪ੍ਰਤਿਕਿਰਿਆ ਦਾ ਅੰਜਾਮ ਹੁੰਦਾ ਹੈ। ਹਾਲਾਤ ਜਦ ਹੋਰ ਵਿਗੜਦੇ ਹਨ ਤਾਂ ਜਿੰਦਾ ਰਹਿਣ ਵਾਸਤੇ
ਦੂਜੇ ਉੱਪਰ ਪਹਿਲਾਂ ਹਮਲਾ ਕਰਨਾ ਹੀ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ, ਜਿਸ ਦਾ ਸਾਫ਼ ਤੌਰ
ਤੇ ਵੇਰਵਾ ਹੌਬਸ ਨੇ ਲੇਵਿਏਥਨ ਵਿੱਚ ਦਿੱਤਾ ਹੈ। ਦੁਸ਼ਮਣ ਇੱਕ ਬੇਸ਼ਕਲ ਲੋਕਾਂ ਦਾ ਸਿਰਫ਼ ਇੱਕ
ਸਮੂਹ, ਇੱਕ ਨਸਲੀ ਭੀੜ, ਇੱਕ ਨਿਸ਼ਾਨਾ ਬਣ ਕੇ ਰਹਿ ਜਾਂਦਾ ਹੈ, ਜਿਸ ਨੂੰ ਜਲਦੀ ਹੀ ਸਜ਼ਾ
ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਉਹ ਦੂਜੇ ਲੋਕਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਪਰ ਅਚਾਨਕ ਆਇਆ ਗੁੱਸਾ ਖੁਦ ਬਖੁਦ ਕਤਲੇਆਮ ਵਿੱਚ ਤਬਦੀਲ ਨਹੀਂ ਹੁੰਦਾ। ਇਸ ਤੋਂ ਪਹਿਲਾਂ
ਕਿ, ਨਿਸ਼ਾਨੇ ਵਾਲੇ ਸਮੂਹ ਊਪਰ ਭਾਰੀ ਤਸ਼ੱਦਦ ਕੀਤਾ ਜਾ ਸਕੇ, ਕੁੱਝ ਹਦ ਤੱਕ ਉਸ ਦਾ
ਦਾਨਵੀਕਰਨ ਅਤੇ ਵਹਿਸ਼ੀਕਰਨ ਕਰਨਾ ਜ਼ਰੂਰੀ ਹੂੰਦਾ ਹੈ। ਇਹ ਵੇਖਿਆ ਗਿਆ ਹੈ ਕਿ ਸਹੀ ਅਤੇ
ਸੰਤੁਲਿਤ ਲੋਕ ਜਿਨ੍ਹਾਂ ਦਾ ਸਮੂਹੀ ਦੁਸ਼ਮਣੀ ਭਰੀਆਂ ਸਰਗਰਮੀਆਂ ਨਾਲ ਦੂਰ ਦਾ ਵਾਸਤਾ ਨਹੀਂ
ਹੁੰਦਾ, ਉਹ ਵੀ ਕਦੀ ਕਦੀ ਇਸੇ ਤਰ੍ਹਾਂ ਦੇ ਜੁਰਮ ਵਿੱਚ ਹਿੱਸਾ ਲੈ ਲੈਂਦੇ ਹਨ। ਇਸ ਨੂੰ
ਮੰਨਣਾ ਵਾਜ਼ਬ ਲਗਦਾ ਹੈ ਕਿ ਉਹ ਖ਼ੁਦ ਵੀ ਦਾਨਵੀਕਰਨ ਅਤੇ ਵਹਸ਼ੀਕਰਨ ਦੀ ਪ੍ਰਕ੍ਰਿਆ ਵਿੱਚੋਂ ਦੀ
ਲੰਘੇ ਹੁੰਦੇ ਹਨ। ਅਸੀਂ ਭੀੜ ਦੀ ਸਾਈਕੌਲੌਜੀ (ਮਨੋਵਿਗਿਆਨ) ਬਾਰੇ ਜਾਣਦੇ ਹਾਂ ਮਗਰ ਇਹ
ਸਾਈਕੌਲੌਜੀ ਵੀ ਸਮਾਜ ਵਿੱਚ ਮੌਜੂਦ ਅਪ੍ਰਤੱਖ ਸਿੱਖਿਆ ਦੀ ਪ੍ਰਕ੍ਰਿਆ ਤੋਂ ਪੈਦਾ ਹੁੰਦੀ ਹੈ।
ਇਸ ਲਈ ਗਟ ਰਿਐਕਸ਼ਨ (ਅੰਦਰੂਨੀ ਪ੍ਰਤਿਕ੍ਰਿਆ) ਵੀ ਬਹੁਤ ਲੰਬੇ ਵਕਤ ਤੋਂ ਚੱਲੀ ਆ ਰਹੀ
ਦਿਮਾਗੀ ਸਫਾਈ ਦਾ ਨਤੀਜਾ ਹੋ ਸਕਦੀ ਹੈ।
ਸਿਆਸੀ ਧੰਧੇਬਾਜਾਂ ਦੀ ਪੇਸ਼ ਕੀਤੀ ਨਸਲੀ-ਕੌਮੀ ਬਿਆਨਬਾਜ਼ੀ ਅਤੇ ਖਿਆਲਪ੍ਰਸਤੀ ਲੋਕਾਂ ਦੀ
ਸਮੂਹੀ ਚਿੰਤਾ ਅਤੇ ਦਿਮਾਗੀ ਹਾਲਤ ਉੱਪਰ ਅਸਰ ਪਾ ਸਕਦੀ ਹੈ, ਅਤੇ ਉਨ੍ਹਾਂ ਨੂੰ ਮਹਿਸੂਸ
ਕੀਤੇ ਹੋਏ ਖ਼ਤਰੇ ਦੇ ਖ਼ਿਲਾਫ਼ ਹਰਕਤ ਕਰਨ ਨੂੰ ਉਕਸਾ ਸਕਦੀ ਹੈ। ਇਨਤਿਹਾਦੀ ਹਾਲਾਤਾਂ ਵਿੱਚ
ਸਮੂਹਿਕ ਜਨੂੰਨ ਬੇਲਗਾਮ ਹੋ ਕੇ ਇੱਕ ਸਿਲਸਿਲੇਵਾਰ ਅਤੇ ਜਥੇਬੰਦਕ ਸਮੂਹੀ ਕਤਲੇਆਮ, ਅਤੇ
ਦੂਜੇ ਜ਼ੁਲਮਾਂ ਦਾ ਰੂਪ ਲੈ ਸਕਦਾ ਹੈ। ਗਟ ਰਿਐਕਸ਼ਨ (ਅੰਦਰੂਨੀ ਪ੍ਰਤਿਕ੍ਰਿਆ) ਹਾਵੀ ਹੋ
ਜਾਂਦਾ ਹੈ ਅਤੇ ਹਰ ਇੱਕ ਸ਼ਖਸ, ਇੱਕ ਸਮੂਹ ਦਾ ਹਿੱਸਾ ਹੋਣ ਕਰ ਕੇ, ਦੁਸ਼ਮਣ 'ਤੇ ਰਲ ਕੇ
ਹਮਲਾ ਕਰਨ ਲਈ ਮਜ਼ਬੂਰ ਮਹਿਸੂਸ ਕਰਦਾ ਹੈ।
ਦੁਸਾਨ ਕੇਸ਼ਮਾਨੋਵਿੱਚ (1996:101-50) ਨੇ ਵਿਸਤਾਰ ਵਿੱਚ ਦੱਸਿਆ ਹੈ ਕਿਸ ਤਰ੍ਹਾਂ
ਰਾਸ਼ਟਰੀਵਾਦ ਵਿਅਕਤੀਆਂ ਅਤੇ ਸਮੂਹਾਂ ਦੀ ਸਾਇਕੋਲੋਜੀ (ਮਨੋਵਿਗਿਆਨ) ਉੱਪਰ ਕੰਮ ਕਰਦਾ ਹੈ
ਅਤੇ ਉਨ੍ਹਾਂ ਨੂੰ ਹਮਲਾਵਰ ਸਲੂਕ ਵਾਸਤੇ ਤਿਆਰ ਕਰਦਾ ਹੈ। ਉਹ ਸਮੂਹ ਦੇ ਸਾਹਮਣੇ ਕਮਜ਼ੋਰ
ਮਹਿਸੂਸ ਕਰਦੇ ਹਨ ਅਤੇ ਸਮੂਹੀ ਸਲੂਕ ਦੇ ਮੁਤਾਬਕ ਢੱਲ ਜਾਣ ਵਾਸਤੇ ਮਜ਼ਬੂਰ ਹੁੰਦੇ ਹਨ।
ਕ੍ਰਿਸਟੋਫਰ ਆਰ ਬ੍ਰਾਉਨਿੰਗ ਨੇ ਇਸ ਦੇ ਉੱਪਰ ਰੌਸ਼ਨੀ ਪਾਉਂਦੇ ਹੋਏ ਵਰਣਨ ਕੀਤਾ ਹੈ ਕਿ ਕਿਸ
ਤਰ੍ਹਾਂ ਯਹੂਦੀਆਂ ਦੇ ਕਤਲੇਆਮ ਵਾਸਤੇ ਭਰਤੀ ਜਰਮਨ ਪੁਲਿਸ ਬਟਾਲਿਅਨਾਂ ਦੇ ਕੁੱਝ ਵਿਅਕਤੀਆਂ
ਨੇ ਸਿਰਫ਼ ਇਸ ਲਈ ਕਤਲ ਕੀਤੇ ਤਾਂਕਿ, ਉਹ ਸਮੂਹ ਦੇ ਦੂਜੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਨਾ
ਹੋਣ (1992:169-83)। ਦੂਜੇ ਲਫਜ਼ਾਂ ਵਿੱਚ, ਸਮੂਹ ਜਾਂ ਭੀੜ ਦੀ ਸਾਈਕੌਲੌਜੀ (ਮਨੋਵਿਗਿਆਨ)
ਇਕ ਮਿੱਥੇ ਸਲੂਕ ਨੂੰ ਮੰਨਣ ਦੀ ਹੁੰਦੀ ਹੈ, ਅਤੇ ਜ਼ਿਆਦਾਤਰ ਵਿਅਕਤੀ ਇਸ ਦਾ ਪਾਲਣ ਕਰਦੇ ਹਨ।
ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਜੋ ਲੋਕ ਜੁਰਮ ਕਰਨ ਨੂੰ ਤਿਆਰ ਹੁੰਦੇ ਹਨ, ਉਨ੍ਹਾਂ ਦੇ
ਕੋਲ ਇਸ ਲਈ ਜ਼ਰਿਆ ਅਤੇ ਸਮਰੱਥਾ ਹੋਣੀ ਚਾਹੀਦੀ ਹੈ।
ਅਗਾਊਂ ਚਿਤਾਵਨੀ ਦਾ ਮਤਲਬ ਹੈ ਅਗਾਊਂ ਹਥਿਆਰਬੰਦੀ
ਜਿਨ੍ਹ ਸਮੂਹਾਂ ਉੱਪਰ ਪਹਿਲਾ ਹਮਲਾ ਹੁੰਦਾ ਹੈ ਅਤੇ ਜੋ ਹਮਲੇ ਦਾ ਇੱਕ ਲੰਬੇ ਵਕਤ ਤੱਕ
ਸਾਹਮਣਾ ਕਰਦੇ ਹਨ, ਉਨ੍ਹਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਖ਼ਬਰਦਾਰ ਰਹਿਣਗੇ ਅਤੇ ਬਦਤਰੀਨ
ਹਾਲਤ ਲਈ ਤਿਆਰ ਰਹਿਣਗੇ। ਇਸ ਤਰ੍ਹਾਂ ਦੀ ਤਿਆਰੀ ਸਿਰਫ਼ ਸੁਰੱਖਿਆਤਮਕ ਨਾ ਹੋ ਕੇ ਹਮਲਾਵਰ ਵੀ
ਹੋਵੇਗੀ। ਇਸ ਤਰ੍ਹਾਂ ਦੀ ਸਚੇਤਤਾ, ਭੱਵਿਖ ਦੇ ਝਗੜੇ ਦੇ ਸੰਗਠਨ ਦੀ ਤਿਆਰੀ ਲਈ, ਇੱਕ ਜ਼ਰੂਰੀ
ਮਗਰ ਨਾਕਾਫ਼ੀ ਬੁਨਿਆਦ ਹੈ। ਇਨ੍ਹਾਂ ਹਾਲਾਤਾਂ ਵਿੱਚ ਸਮੂਹਾਂ ਦੀ ਹਥਿਆਰਾਂ ਤੱਕ ਪਹੁੰਚ ਅਤੇ
ਉਨ੍ਹਾਂ ਦੀ ਵਰਤਣ ਲਈ ਸਿਖਲਾਈ ਅਤੇ ਪ੍ਰੇਰਣਾ ਕਿਸ ਹੱਦ ਤੱਕ ਹੁੰਦੀ ਹੈ, ਇਹ ਗੱਲ ਵੀ ਇੱਕ
ਅਹਿਮ ਕਿਰਦਾਰ ਅਦਾ ਕਰਦੀ ਹੈ। ਜਦ ਤੱਕ ਸਰਕਾਰ ਜਾਂ ਹਕੂਮਤ ਹਾਲਾਤ ਉੱਪਰ ਕੁੱਝ ਹਦ ਤੱਕ
ਕਾਬੂ ਰੱਖਣ ਵਿੱਚ ਕਾਮਯਾਬ ਹੁੰਦੀ ਹੈ, ਉਦੋਂ ਤੱਕ ਝਗੜੇ ਦੀ ਤਿਆਰੀ ਛੁਪੀ ਰਹਿੰਦੀ ਹੈ।
ਜਦੋਂ ਹੀ ਸਰਕਾਰ ਦਾ ਸਥਾਪਤ ਇਖਤਿਆਰ ਖਤਮ ਹੁੰਦਾ ਹੈ ਅਤੇ ਅਰਾਜਕਤਾ ਅਤੇ ਅਫਰਾ ਤਫਰੀ ਫੈਲਦੀ
ਹੈ, ਤਾਂ ਲੜ ਰਹੇ ਸਮੂਹਾਂ ਵਲੋਂ ਆਪਣੀਆਂ ਸੁਰੱਖਿਅਤਾਮਕ ਅਤੇ ਹਮਲਾਵਰ ਸਮਰੱਥਾਵਾਂ ਨੂੰ
ਲਾਗੂ ਕਰਨ ਲਈ ਮੈਦਾਨ ਤਿਆਰ ਹੋ ਜਾਂਦਾ ਹੈ। ਅਗਾਉਂ ਚਿਤਾਵਨੀ ਪ੍ਰਾਪਤ ਲੋਕ ਅਗਾਊਂ
ਹਥਿਆਰਬੰਦ ਹੋ ਜਾਂਦੇ ਹਨ।
ਸਮੂਹਾਂ ਦੇ ਅੰਦਰ ਸੰਪਰਕ ਦੀ ਨਾਕਾਮੀ ਅਤੇ ਜਾਨੀ ਨੁਕਸਾਨ
ਜਿਸ ਤਰ੍ਹਾਂ ਕਿ ਝਗੜਦੇ ਸਮੂਹਾਂ ਦੇ ਵਿੱਚ ਸੰਪਰਕ ਟੁੱਟਣ ਨਾਲ, ਤੇਜ਼ੀ ਨਾਲ ਵਿਗੜਦੇ ਹਾਲਾਤ
ਹੋਰ ਬਦਤਰ ਹੋ ਜਾਂਦੇ ਹਨ, ਉਸ ਹੀ ਤਰ੍ਹਾਂ ਸਮੂਹਾਂ ਦੇ ਅੰਦਰ ਸੰਪਰਕ ਦੀ ਨਾਕਾਮੀ ਇਸ ਵਾਸਤੇ
ਕਾਫ਼ੀ ਅਹਿਮ ਹੈ ਕਿ ਮੁਖ਼ਤਲਿਫ਼ ਸਮੂਹ ਇਨ੍ਹਾਂ ਹਾਲਾਤਾਂ ਵਿੱਚ, ਕਿਸ ਤਰ੍ਹਾਂ ਪੇਸ਼ ਆਉਣਗੇ।
ਅਗਰ ਮੰਨ ਲਿਆ ਜਾਵੇ ਕਿ ਸਮੂਹ ਦੇ ਆਗੂ ਕਿਸੇ ਵਿਸਫੋਟਕ ਹਾਲਾਤ ਤੋਂ ਹੋਣ ਵਾਲੇ ਖਤਰੇ ਦਾ
ਜਾਇਜ਼ਾ ਲੈਣ ਲਈ ਬਿਹਤਰ ਹਾਲਾਤ ਵਿੱਚ ਹੋਣ, ਜਿਸ ਤਰ੍ਹਾਂ ਕਿ ਕਿਸੇ ਇੱਕ ਇਲਾਕੇ ਦੀ ਵੱਡੇ
ਸੰਘਰਸ਼ ਬਾਅਦ ਤਕਸੀਮ ਹੋਣ ਵਾਲੀ ਹੋਵੇ, ਉੁਹ ਅਗਰ ਆਪਣੇ ਆਮ ਲੋਕਾਂ ਨੂੰ ਸਾਵਧਾਨੀ ਭਰੇ ਕਦਮ
ਚੁੱਕਣ ਅਤੇ ਤਿਆਰੀ ਕਰਨ ਬਾਰੇ ਖਬਰ ਦੇਣ ਵਿੱਚ ਕਾਮਯਾਬ ਨਾ ਹੋਣ, ਜਿੱਦਾਂ ਕਿ ਹਮਲਿਆਂ ਤੋਂ
ਪਹਿਲਾਂ ਹਮਲੇ ਵਾਲੇ ਇਲਾਕਿਆਂ ਵਿੱਚੋਂ ਬਾਹਰ ਚਲੇ ਜਾਣਾ, ਆਪਣੇ ਆਪ ਨੂੰ ਹਥਿਆਰਬੰਦ ਕਰਨਾ
ਜਾਂ ਇਹ ਦੋਵੇਂ ਕੰਮ ਕਰਨਾ, ਤਾਂ ਨਤੀਜਨ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇੱਕ
ਇਸ ਤਰ੍ਹਾਂ ਦੇ ਹਾਲਾਤ ਦੀ ਵੀ ਕਲਪਨਾ ਕੀਤੀ ਜਾ ਸਕਦੀ ਹੈ, ਜਿਸ ਵਿੱਚ ਕਿਸੇ ਇਲਾਕੇ ਦੀ
ਤਕਸੀਮ ਤੋਂ ਬਾਅਦ, ਉੱਥੋਂ ਦੇ ਆਗੂ, ਪੈਦਾ ਹੋਣ ਵਾਲੇ ਖਤਰਿਆਂ ਤੋਂ ਅਣਜਾਣ ਰਹਿੰਦੇ ਹਨ
ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦਾ ਪਹਿਲਾਂ ਤੋਂ ਕੋਈ
ਤਜਰਬਾ ਨਹੀਂ ਹੁੰਦਾ। ਇਸ ਦਾ ਅੰਜਾਮ ਵੀ, ਉਨ੍ਹਾਂ ਸਮੂਹਾਂ ਦੇ ਮੁਕਾਬਲੇ, ਜਿਨ੍ਹਾਂ ਨੂੰ
ਖਤਰੇ ਦੇ ਬਾਰੇ ਆਪਣੇ ਲੀਡਰਾਂ ਤੋਂ ਇਤਲਾਹ ਮਿਲ ਚੁੱਕੀ ਹੁੰਦੀ ਹੈ, ਕਾਫ਼ੀ ਜ਼ਿਆਦਾ ਨੁਕਸਾਨ
ਵਾਲਾ ਹੋਵੇਗਾ।
ਨਸਲੀ ਸਫਾਈ: ਇਸ ਦਾ ਸਾਰ
ਭਾਂਵੇ ਕਿਸੇ ਇਲਾਕੇ ਦੀ ਤਕਸੀਮ ਬਾਰੇ ਪਹਿਲਾਂ ਤੋਂ ਕੋਈ ਰਜ਼ਾਮੰਦੀ ਹੋ ਗਈ ਹੋਵੇ, ਅਗਰ
ਤਕਸੀਮ ਕੀਤੇ ਹੋਏ ਹਿੱਸਿਆਂ ਦੀਆਂ ਸਰਹੱਦਾਂ ਦਾ ਫ਼ੈਸਲਾ ਅਤੇ ਹੱਦਬੰਦੀ ਨਾ ਕੀਤੀ ਗਈ ਹੋਵੇ,
ਤਾਂ ਇਨ੍ਹਾਂ ਹਾਲਤਾਂ ਨਾਲ ਜੁੜਿਆ ਹੋਇਆ ਨਸਲੀ ਤਸ਼ੱਦਦ ਬਹੁਤ ਬੁਰੀ ਤਰ੍ਹਾਂ ਵਧ ਜਾਵੇਗਾ।
ਜਿਵੇਂ ਹੀ ਇੱਕ ਨਵੀਂ ਤਰਫ਼ਦਾਰੀ ਕਰਦੀ ਹਕੂਮਤ, ਕਿਸੇ ਇੱਕ ਸਮੂਹ ਜਾਂ ਸਮੂਹਾਂ ਦਾ ਪੱਖ ਕਰਨ
ਲੱਗਦੀ ਹੈ, ਅਲੱਗ-ਥਲਗ ਅਤੇ ਦਾਨਵੀਕਰਨ ਕੀਤੇ ਹੋਏ ਸਮੂਹਾਂ ਉੱਪਰ ਹਮਲੇ ਕਰਨ ਦੀ ਸਮਰੱਥਾ
ਨਾਟਕੀ ਤੌਰ ਦੇ ਵਧ ਜਾਂਦੀ ਹੈ। ਇਹ ਇੱਕ ਆਮ ਗੱਲ ਹੈ ਕਿ ਕਿਸੇ ਵਡੇ ਮੁਲਕ ਜਾਂ ਸਲਤਨਤ ਦੀ
ਵੰਡ ਕਰਕੇ ਨਵਾਂ ਮੁਲਕ ਤਰਾਸ਼ਨ ਦੀ ਪ੍ਰਕ੍ਰਿਆ ਦੇ ਦੌਰਾਨ, ਉਨ੍ਹਾਂ ਲੋਕਾਂ ਦਾ ਜ਼ਬਰਦਸਤੀ
ਥੋਕ ਦੇਸ਼ ਨਿਕਾਲਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕਾਮਯਾਬ ਸਮੂਹ ਆਪਣੇ ਮੁਲਕ ਵਿੱਚ ਸ਼ਾਮਲ
ਨਹੀਂ ਕਰਨਾ ਚਾਹੁੰਦਾ। ਇਹ ਮਕਸਦ ਤਦ ਕਾਮਯਾਬੀ ਅਤੇ ਕੁਸ਼ਲਤਾ ਨਾਲ ਹਾਸਲ ਹੁੰਦਾ ਹੈ, ਜਦ
ਤਥਾਕਥਿਤ ਸਿਵਲ ਸੁਸਾਇਟੀ ਦੇ ਅਦਾਕਾਰ, ਸਿਆਸੀ ਕਾਡਰ ਅਤੇ ਹਕੂਮਤ ਦੇ ਅਹੁਦੇਦਾਰ
ਨਾਪਸੰਦਦੀਦਾ ਅਬਾਦੀ ਨੂੰ ਖਤਮ ਕਰਨ ਲਈ ਇਕੱਠੇ ਹੋ ਜਾਂਦੇ ਹਨ।
ਜਦ ਤੱਕ ਦਾਨਵੀ ਅਤੇ ਵਹਿਸ਼ੀ ਰੂਪ ਵਿੱਚ ਪੇਸ਼ ਕੀਤੇ ਸਮੂਹਾਂ ਨੂੰ ਜਿਸਮਾਨੀ ਤੌਰ ਤੇ, ਖ਼ਤਮ
ਕਰਨ ਦੀ ਇੱਕ ਤਫ਼ਸੀਲੀ ਅਤੇ ਤੰਜ਼ੀਮ ਕੀਤੀ ਤਰਕੀਬ ਮੌਜੂਦ ਨਹੀਂ ਹੁੰਦੀ ਹੈ, ਅਤੇ ਹਕੂਮਤ ਦੀ
ਕਾਰਗਰ ਅਫਸਰਸ਼ਾਹੀ ਅਤੇ ਫੌਜੀ ਤਾਕਤ ਵੀ ਇਸ ਮਕਸਦ ਨੂੰ ਹਾਸਲ ਕਰਨ ਦਾ ਫੈਸਲਾ ਨਹੀਂ ਕਰ
ਲੈਂਦੇ ਉਦੋਂ ਤੱਕ ਅਣਚਾਹੀ ਅਬਾਦੀ ਦਾ ਕਿਸੇ ਇਲਾਕੇ ਤੋਂ, ਕਿਸੇ ਸਮੂਹ ਦੇ ਥੋਕ ਕਤਲ ਜਾਂ
ਨਸਲਕੁਸ਼ੀ ਦੇ ਬਗੈਰ ਹਟਣਾ ਮੁਮਕਿਨ ਹੈ। ਪਰ ਇਹ ਤਾਂ ਹੀ ਮੁਮਕਿਨ ਹੈ, ਜਦ ਫ਼ਰਾਰ ਹੋਣ ਦੇ
ਰਸਤੇ ਖੁਲ੍ਹੇ ਹੋਣ। ਇਹ ਵੀ ਮੁਮਕਿਨ ਹੈ ਕਿ ਦਾਨਵੀ ਅਤੇ ਵਹਿਸ਼ੀ ਰੂਪ ਵਿੱਚ ਪੇਸ਼ ਕੀਤੇ
ਸਮੂਹਾਂ ਦੇ ਕੁੱਝ ਮੈਂਬਰ ਪਿਛੇ ਰਹਿ ਜਾਣ ਅਗਰ ਉਹ ਆਪਣਾ ਮਜ਼੍ਹਬ ਬਦਲ ਲੈਣ, ਅਤੇ ਆਪਣੀ ਪਛਾਣ
ਵੀ ਬਦਲ ਲੈਣ, ਜਾਂ ਉਨ੍ਹਾਂ ਨੂੰ ਤਾਕਤਵਰ ਸਰਪ੍ਰਸਤਾਂ ਦੀ ਹਿਫਾਜ਼ਤ ਮਿਲ ਜਾਵੇ, ਮਗਰ ਇਸ
ਤਰ੍ਹਾਂ ਦੇ ਅਪਵਾਦ ਵੀ ਨਸਲੀ ਸਫਾਈ ਨੂੰ ਰੋਕ ਨਹੀਂ ਸਕਦੇ। ਦੂਜੀ ਤਰਫ ਅੰਤਰਰਾਸ਼ਟਰੀ
ਕਾਨੂੰਨ ਮੁਤਾਬਕ ਮਿਲੀ ਪ੍ਰਭੂਸਤਾ, ਮੁਲਕਾਂ ਨੂੰ ਅੰਤਰਰਾਸ਼ਟਰੀ ਬਾਰਡਰਾਂ ਅਤੇ ਬਾਰਡਰ
ਕੰਟਰੋਲਾਂ ਦੀ ਮਦਦ ਨਾਲ ਜ਼ਬਰੀ ਪ੍ਰਵਾਸ ਅਤੇ ਨਸਲੀ ਸਫਾਈ ਨੂੰ ਸਥਾਈ ਅਤੇ ਅਟੱਲ ਬਣਾਉਣ ਦੇ
ਯੋਗ ਬਣਾ ਦਿੰਦੀ ਹੈ। ਇਸ ਦਾ ਅਖੀਰੀ ਨਤੀਜਾ ਅਬਾਦੀ ਦੇ ਉਸ ਢਾਂਚੇ (ਡੈਮੋਗ੍ਰਾਫਿਕ ਸਟਰਕਚਰ)
ਅਤੇ ਰਵਾਇਤੀ ਸਭਿਆਚਾਰ ਦਾ ਮੁਕੰਮਲ ਖਾਤਮਾ ਹੋ ਸਕਦਾ ਹੈ ਜਿਸ ਢਾਂਚੇ ਅਤੇ ਰਵਾਇਤੀ ਸਭਿਆਚਾਰ
ਉੱਪਰ ਭਾਈਚਾਰਿਆਂ ਦਾ ਰਵਾਇਤੀ ਸੰਤੁਲਨ ਕਾਇਮ ਸੀ। ***
ਇਸ਼ਤਿਆਕ ਅਹਿਮਦ ਹੁਰਾਂ ਦਾ ਇਹ ਲੇਖ ਪੰਜਾਬ ਦੀ ਵੰਡ ਬਾਰੇ ਉਨ੍ਹਾਂ ਦੀ ਮਸ਼ਹੂਰ ਕਿਤਾਬ
‘1947 ਵਿੱਚ ਪੰਜਾਬ ਦੀ ਵੰਡ: ਇਕ ਤ੍ਰਾਸਦੀ ਹਜ਼ਾਰ ਕਹਾਣੀਆਂ’ ਵਿੱਚੋਂ ਲਿਆ ਗਿਆ ਹੈ।
ਪੂਰੀ ਕਿਤਾਬ ਨੂੰ ਪੜ੍ਹਨ ਲਈ
ਇੱਥੇ ਕਲਿੱਕ ਕਰੋ।
ਹਵਾਲੇ
Abisaab, R., Converting Persia: Religion and Politics in the Safavid
Empire, London: I.B. Tauris, (2004).
Ahmed, I., State, Nation and Ethnicity in Contemporary South Asia, London
and New York: Pinter, (1998).
Aziz, K.K., The Murder of History, Lahore: Vangaurd Books, (1993).
Bell-Fialkoff, A., Ethnic Cleansing, New York: St. Martin’s Press, (1999).
Brass, Paul. Ethnicity and Nationalism: Theory and Practice, New Delhi:
Sage Publications, (1991).
Brass, Paul. “The Partition of India and Retributive Genocide in the
Punjab, 1946-47: Means, Methods and Purposes’, Journal of Genocide
Research, London: Taylor & Francis, Cartex Publishing, (2003).
Browning, C.R., The Path to Genocide, Cambridge: Cambridge University
Press, Canto edition, (1995).
Chalk, F., and Jonassohn, K., The History and Sociology of Genocide:
Analaysis and Case Studies, New Haven and London: Montreal Institute of
Genocide Studies and Yale University Press, (1990).
Connor, W., Ethnonationalism: The Quest for Understanding, Princeton:
Princeton University Press, (1994).
Geertz, C., Old Societies and New States, New York: The Free Press, 1963.
Gellately, R., “The Third Rich, the Holocaust, and Visions of Serial
Genocide’, in Robert Gellately and Ben Kiernan (eds.), The Spectre of
Genocide: Mass Murder in Historical Perspective, Cambridge: Cambridge
University Press, (2003).
Gutman, R., A Witness to Genocide: Manifestation of Violence in Punjab
1937-1947, New Delhi: India Research Press, (2002).
Hobbes, T., Leviathan, London: Penguin Classics, (1985).
Jonassohn, K., and Bjornson, K. S., Genocide and Gross Human Rights
Violation, New Brunswick and London: Transaction Publishers, (1999).
Jonsson, G. (ed.), East Timor: Nation building in the 21st Century,
Stockholm: Centre for Pacific Asian Studies, (2003).
Kellas, J.G., The Politics of Nationalism and Ethnicity, New York: St.
Martin’s Press, (1998).
Kecmanovic, D., The Mass Psychology of Ethnonationalism, New York and
London: Plenium Press, (1996).
Kuper, L., Genocide, New Haven and London: Yale University Press, (1982).
Lake, D.A. and Rothschild, D. (eds.), The Interantional Spread of Ethnic
Conflict, Princeton: Princeton University Press, (1998).
Lang, B., Act and Idea in the Nazi Genocide, Syracuse: Syracuse University
Press, (2003).
Mann, M., The Dark Side of Democracy: Explaining Ethnic Cleansing,
Cambridge: Cambridge University Press, (2005).
Melson, R., Revolution and Genocide: On the Origins of the American
Genocide and the Holocaust, Illinois: University of Chicago Press, (1992).
Naimark, N. M., Fires of Hatred: Ethnic Cleansing in the Twentieth Century
Europe, Cambridge Mass., London: Harvard University Press, (2001).
Shils, E., ‘Primordial, Personal, Sacred and Civil Ties’, British Journal
of Sociology, (1957).
Steinberg, S., The Ethnic Myth: Race, Ethnicity and Class in America, New
York: Atheneum, (1981).
Tanwar, Raghuvendra, Reporting the Partition of Punjab 1947, New Delhi:
Manohar, (2006).
Williams, H., ‘Freelance’, Times Literary Supplement, 13 February 2004.
Young, C., The Politics of Cultural Pluralism, Madison: The University of
Wisconsin Press, (1976).
***** |