|

(ਹੈਲਨ ਪੋਟਰੇਬੈਂਕੋ ਵੈਨਕੂਵਰ ਦੀ ਜਾਣੀ
ਪਛਾਣੀ ਦ੍ਰਿੜ ਇਰਾਦੇ ਵਾਲੀ ਅਗਾਂਹਵਧੂ ਲੇਖਕਾ ਹੈ। ਉਹ ਜੂਨ 21, 1940 ਨੂੰ ਅਲਬਰਟਾ ਦੇ
ਸ਼ਹਿਰ ਵੋਕਿੰਗ ਵਿਚ ਯੁਕਰੇਨੀਅਨ ਪਿਛੋਕੜ ਦੇ ਮਾਪਿਆਂ ਘਰ ਪੈਦਾ ਹੋਈ ਸੀ। ਵੈਨਕੂਵਰ
ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਆਈ ਹੈਲਨ ਨੇ 1975 ਵਿਚ ਏਥੋਂ ਦੀ ਇਕ ਔਰਤ ਟੈਕਸੀ ਚਾਲਕ
ਬਾਰੇ 'ਟੈਕਸੀ' ਨਾਂ ਦਾ ਨਾਵਲ ਲਿਖ ਕੇ ਲੋਕਾਂ ਦਾ ਧਿਆਨ ਖਿੱਚਿਆ। ਨਾਵਲ ਵਿਚ ਉਸ ਨੇ ਔਰਤ
ਨੂੰ ਇਸ ਕੰਮ ਵਿਚ ਆਉਂਦੀਆਂ ਮੁਸ਼ਕਲਾਂ ਬਾਰੇ ਲਿਖਿਆ ਜੋ ਉਸ ਸਮੇਂ ਆਪਣੇ ਆਪ ਵਿਚ ਇਕ
ਨਿਵੇਕਲਾ ਕਦਮ ਸੀ। ਉਸ ਨੇ 1979 ਵਿਚ 'ਏ ਫਲਾਈਟ ਆਫ ਐਵਰੇਜ ਪਰਸਨਜ਼' ਨਾਂ ਦੀ ਕਿਤਾਬ ਵਿਚ
ਕਵਿਤਾ, ਕਹਾਣੀ ਤੇ ਵਾਰਤਕ ਰਾਹੀਂ ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ, ਖਾਸ ਕਰ ਇਕ ਮਰਦ
ਪ੍ਰਧਾਨ ਸਮਾਜ ਵਿਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਲਿਆਂਦਾ। ਉਹਦੇ ਬਾਰੇ
ਕਿਹਾ ਜਾਂਦਾ ਹੈ ਕਿ, "ਹੈਲਨ ਪੋਟਰੇਬੈਂਕੋ ਨਾਰੀਵਾਦੀ (ਫੈਮਿਨਿਸਟ) ਹੈ ਪਰ ਫੈਮਿਨਿਸਟ ਉਹਦੇ
ਨਾਲ ਹਰ ਵੇਲੇ ਸਹਿਮਤ ਨਹੀਂ ਹੁੰਦੀਆਂ/ਹੁੰਦੇ; ਉਹ ਸਮਾਜਵਾਦੀ ਹੈ, ਪਰ ਖੱਬੇਪੱਖੀ ਕਈ ਵਾਰੀ
ਉਹਨੂੰ ਆਪਣਾ ਮੰਨਣ ਵਿਚ ਔਖ ਮਹਿਸੂਸ ਕਰਦੇ ਹਨ।"
ਸੋਮਾ:(
https://bcbooklook.com/2016/01/26/82-helen-potrebenko/ )
'ਮੈਂ ਕਨੇਡੀਅਨ ਕਿੱਦਾਂ ਬਣਿਆਂ' ਉਸ ਦੀ ਕਿਤਾਬ 'ਏ ਫਲਾਈਟ ਆਫ ਐਵਰੇਜ ਪਰਸਨਜ਼' ਵਿਚੋਂ ਲਿਆ
ਗਿਆ ਹੈ। ਹੈਲਨ ਆਪਣੇ ਪਿਓ ਨਾਲ ਕੀਤੀਆਂ ਗੱਲਾਂ ਰਾਹੀਂ 1930ਵਿਆਂ ਦੌਰਾਨ ਯੁਕਰੇਨ ਤੋਂ ਆਉਣ
ਵਾਲੇ ਆਵਾਸੀਆਂ ਦੇ ਕਨੇਡਾ ਵਿਚਲੇ ਕਠਨਾਈਆਂ ਭਰੇ ਜੀਵਨ ਬਾਰੇ ਦੱਸਦੀ ਹੈ। ਕਨੇਡਾ ਇਸ ਵਰ੍ਹੇ
ਆਪਣੀ ਹੋਂਦ ਦੀ 150ਵੀਂ ਵਰ੍ਹੇ ਗੰਢ ਮੰਨਾ ਰਿਹਾ ਹੈ। ਇਹ ਸ਼ਾਇਦ ਢੁੱਕਵਾਂ ਮੌਕਾ ਹੈ ਕਿ
ਅਸੀਂ ਕਨੇਡਾ ਦੇ ਇਤਿਹਾਸ ਵਿਚ ਦੂਜੇ ਲੋਕਾਂ ਨੂੰ ਆਈਆਂ ਮੁਸ਼ਕਲਾਂ ਬਾਰੇ ਵੀ ਜਾਣੀਏ। ਇਸ
ਡੇੜ੍ਹ ਸੌ ਵਰ੍ਹੇ ਵਿਚ ਵੱਖਰੇ ਵੱਖਰੇ ਪਿਛੋਕੜਾਂ ਦੇ ਲੋਕਾਂ ਨੇ ਮਜ਼ਦੂਰ ਜਮਾਤ ਦਾ ਹਿੱਸਾ
ਬਣ ਕੇ ਤੇ ਲਗਾਤਾਰ ਸੰਘਰਸ਼ ਕਰਕੇ ਕਨੇਡੀਅਨ ਸਮਾਜ ਨੂੰ ਚੰਗੇ ਪਾਸੇ ਵਲ ਨੂੰ ਤੋਰਿਆ ਹੈ।
ਨਿਰਸੰਦੇਹ ਇਸ ਵਿਚ ਸਾਡੇ ਭਾਈਚਾਰੇ ਦਾ ਵੀ ਵੱਡਮੁੱਲਾ ਯੋਗਦਾਨ ਹੈ ਪਰ ਦੂਜੇ ਭਾਈਚਾਰਿਆਂ
ਬਾਰੇ ਗਿਆਨ ਹਾਸਲ ਕਰਕੇ ਅਸੀਂ ਹੋਰ ਵੀ ਇਸ ਬਹੁ-ਸਭਿਆਚਾਰਕ ਭਾਈਚਾਰੇ ਦਾ ਹਿੱਸਾ ਮਹਿਸੂਸ ਕਰ
ਸਕਦੇ ਹਾਂ। – ਅਨੁਵਾਦਕ)
ਯੁਕਰੇਨੀਅਨ ਕਨੇਡੀਅਨਾਂ ਦੇ ਇਤਿਹਾਸ ਨੂੰ ਖੋਜਣ ਵਿਚ ਮੇਰੀ ਦਿਲਚਸਪੀ ਉਦੋਂ ਸ਼ੁਰੂ ਹੋਈ
ਜਦੋਂ ਮੈਂ ਆਪਣੇ ਪਿਓ ਲਈ ਬੁਢਾਪਾ ਪੈਨਸ਼ਨ ਦੀ ਅਰਜੀ ਭਰਨ ਲੱਗੀ। ਉਹਨੇ ਮੈਨੂੰ ਕਿਹਾ ਕਿ
ਮੈਂ (ਸਰਕਾਰ ਨੂੰ) ਇਹ ਦੱਸਣ ਲਈ ਖਤ ਲਿਖਾਂ ਕਿ ਉਹਦਾ ਮੌਲਿਕ ਪਾਸਪੋਰਟ ਉਹਦੇ ਕੋਲ਼ੋਂ ਉਦੋਂ
ਲੈ ਲਿਆ ਗਿਆ ਸੀ ਜਦੋਂ ਉਹਨੂੰ ਦੇਸ ਨਿਕਾਲਾ ਦੇਣ ਲੱਗੇ ਸਨ ਤੇ ਵਾਪਸ ਨਹੀਂ ਸੀ ਮੋੜਿਆ ਗਿਆ
ਜਦੋਂ ਉਹਨੂੰ ਦੇਸ ਦਾ ਵਾਸੀ (ਨੈਚੁਰਲਾਈਜ਼) ਮੰਨ ਲਿਆ ਗਿਆ ਸੀ।
ਉਹ ਤੈਨੂੰ ਇਕੋ ਵੇਲੇ ਦੇਸ ਨਿਕਾਲਾ ਦੇਣ ਦਾ ਤੇ ਨਾਲ਼ ਹੀ ਸਿਟੀਜ਼ਨਸਿ਼ੱਪ ਦੇਣ ਦਾ ਕਿੱਦਾਂ
ਫੈਸਲਾ ਕਰ ਸਕਦੇ ਹਨ? ਮੈਂ ਉਹਨੂੰ ਪੁੱਛਿਆ।
ਤੈਨੂੰ ਪਤਾ ਜ਼ੋਰਨਾ ਕੀ ਹੈ? ੀਟਅਲਚਿਡਿੲ ਾੋਲਲੋੱਨਿਗ ਟੲਣਟ (ਜ਼ੋਰਨਾ ਤੇ ਇਸ ਕਹਾਣੀ ਵਿਚ
ਵਰਤੇ ਗਏ ਕੁਝ ਹੋਰ ਸ਼ਬਦ ਯੁਕਰੇਨੀਅਨ ਭਾਸ਼ਾ ਦੇ ਹਨ। ਜ਼ੋਰਨਾ ਆਟਾ ਪੀਹਣ ਵਾਲ਼ੀ ਪੱਥਰ ਦੇ
ਦੋ ਪੁੜਾਂ ਵਾਲ਼ੀ ਚੱਕੀ ਦਾ ਨਾਂ ਹੈ।) ਓਨਦ ੀਟਅਲਚਿਡਿੲ
ਹਾਂ ... ਜਦੋਂ ਮੈਂ ਨਿੱਕੀ ਜਿਹੀ ਹੁੰਦੀ ਸੀ ਤਾਂ ਆਪਣੇ ਖੇਤਾਂ (ਫਾਰਮ) ਵਿਚ ਇਕ ਵੱਡਾ
ਸਾਰਾ ਪੱਥਰ ਪਿਆ ਹੁੰਦਾ ਸੀ ਪਰ ਮੈਨੂੰ ਇਸ ਦਾ ਕੋਈ ਇਲਮ ਨਹੀਂ ਕਿ ਉਹ ਕਾਹਦੇ ਲਈ ਸੀ।
ਉਹ ਤਾਂ ਇਕ ਹਿੱਸਾ ਹੀ ਸੀ। ਉਹਦੇ ਨਾਲ਼ ਦੇ ਦੂਜੇ ਹਿੱਸਿਆਂ ਨੂੰ ਕੀ ਹੋਇਆ?
ਮੈਨੂੰ ਨਹੀਂ ਪਤਾ। ਪਰ ਇਹਦਾ ਤੇਰੇ ਕਨੇਡੀਅਨ ਬਣਨ ਨਾਲ਼ ਕੀ ਸਬੰਧ ਹੈ?
ਜੇ ਤੂੰ ਮੇਰੀ ਗੱਲ ਸੁਣਦੀ ਰਹੀ ਤਾਂ ਹੌਲੀ ਹੌਲੀ ਉਹਦੇ ਬਾਰੇ ਵੀ ਦੱਸਾਂਗਾ। ਪਰ ਪਹਿਲਾਂ
ਤੈਨੂੰ ਮੈਂ ਜ਼ੋਰਨਾ ਬਾਰੇ ਦੱਸੂੰਗਾ ਕਿ ਕੀ ਸ਼ੈਅ ਹੁੰਦੀ ਹੈ। ਪਹਿਲਾਂ ਤੁਸੀਂ ਕਾਲਡੂਬ
ਨਾਲ਼ ਸ਼ੁਰੂ ਕਰਦੇ ਹੋ ਜਿਹੜਾ ਕਿ ਅੰਦਰੋਂ ਖੋਖਲਾ ਕੀਤਾ ਲੱਕੜੀ ਦਾ ਟੁਕੜਾ ਹੁੰਦਾ ਹੈ ਤੇ
ਬਣਾਉਣਾ ਸੁਖਾਲਾ ਹੀ ਹੁੰਦਾ ਹੈ। ਉਸ ਉੱਪਰ ਤੁਸੀਂ ਇਕ ਪੱਥਰ ਟਿਕਾਉਂਦੇ ਹੋ ਜੋ ਕਿ ਪੱਥਰ
ਵਿਚਲੀ ਗਲ਼ੀ ਵਿਚ ਫਿੱਟ ਹੋ ਜਾਂਦਾ ਹੈ। ਉਹ ਪੱਥਰ ਕੋਈ ਢਾਈ ਕੁ ਫੁੱਟ ਘੇਰੇ ਵਾਲ਼ਾ ਤੇ ਚਾਰ
ਕੁ ਇੰਚ ਮੋਟਾ ਹੁੰਦਾ ਹੈ। ਇਹ ਪੱਥਰ ਬਹੁਤਾ ਸਖਤ ਵੀ ਨਹੀਂ ਹੋ ਸਕਦਾ ਕਿਉਂਕਿ ਫੇਰ ਉਹਨੂੰ
ਚਲਾਉਣਾ ਔਖਾ ਹੁੰਦਾ ਹੈ ਤੇ ਨਾ ਹੀ ਬਹੁਤਾ ਨਰਮ ਕਿਉਂਕਿ ਫੇਰ ਉਹ ਭੁਰ ਭੁਰ ਕੇ ਆਟੇ ਵਿਚ
ਰਲਣ ਲੱਗ ਪੈਂਦਾ ਹੈ। ਇਸ ਪੱਥਰ ਦਾ ਉੱਪਰਲਾ ਸਿਰਾ ਛੈਣੀ ਨਾਲ਼ ਜਾਂ ਮੌਲਟੂਕ ਨਾਲ਼
ਖੁਰਦਰਾ ਕੀਤਾ ਹੁੰਦਾ ਹੈ। ਫੇਰ ਤੁਹਾਨੂੰ ਪੱਥਰ ਦੇ ਕੇਂਦਰ ਵਿਚ ਇਕ ਗਲ਼ੀ ਕੱਢਣੀ ਪੈਂਦੀ ਹੈ
ਜਿਹੜੀ ਤੁਸੀਂ ਬਹੁਤ ਮਿਹਨਤ ਨਾਲ਼ ਤੇ ਮੌਲਟੂਕ ਨਾਲ਼ ਕੱਢਦੇ ਹੋ। ਇਸ ਗਲ਼ੀ ਵਿਚ ਦੀ
ਵਰਟੀਓਨੌਕ ਫਸਾਈ ਹੁੰਦੀ ਹੈ ਜਿਹੜੀ ਕਿ ਕਾਲਡੂਬ ਦੇ ਥੱਲੇ ਵਾਲ਼ੀ ਸਖਤ
ਲੱਕੜੀ ਉੱਪਰ ਖੜੀ ਕੀਤੀ ਹੁੰਦੀ ਹੈ ਪਰ ਉਸ ਦੇ ਥੱਲੇ ਕਲੀਨੌਕ ਹੁੰਦੀ
ਹੈ।
ਕਲੀਨੌਕ ਕੀ ਹੁੰਦੀ ਹੈ?
ਕਲੀਨੌਕ ਕੀਲੇ ਵਰਗੀ ਲੱਕੜੀ ਹੁੰਦੀ ਹੈ। ਉੱਪਰਲਾ ਪੱਥਰ ਵੱਡਾ ਹੁੰਦਾ ਹੈ ਤੇ
ਜਿੱਦਾਂ ਮੈਂ ਪਹਿਲਾਂ ਕਿਹਾ, ਹੋਣਾ ਬਿਲਕੁਲ ਸਹੀ ਕਿਸਮ ਦਾ ਚਾਹੀਦਾ ਹੈ - ਨਾ ਬਹੁਤਾ ਸਖਤ
ਤੇ ਨਾ ਹੀ ਬਹੁਤਾ ਨਰਮ - ਇਹ ਚੀਜ਼ਾਂ ਬੜੀਆਂ ਔਖੀਆਂ ਮਿਲਦੀਆਂ ਸਨ। ਇਸ ਪੱਥਰ ਦੇ ਵਿਚਾਲੇ
ਵੀ ਇਕ ਗਲ਼ੀ ਹੁੰਦੀ ਹੈ ਅਤੇ ਇਸ ਦੇ ਥੱਲੇ ਵਰਟੀਓਨੌਕ ਫਸਾਉਣ ਲਈ ਇਕ ਲੋਹੇ
ਦੀ ਜਾਲ਼ੀ ਜਿਹੀ। ਇਹ ਵਰਟੀਓਨੌਕ ਉੱਪਰਲੇ ਪੱਥਰ ਨੂੰ ਸਥਾਈ ਰੱਖਣ ਵਿਚ ਸਹਾਈ
ਹੁੰਦੀ ਹੈ। ਜੇ ਆਟਾ ਮੋਟਾ ਪੀਹਣਾ ਹੋਵੇ ਤਾਂ ਕਲਾਈਨੌਕ ਨੂੰ ਉੱਪਰ
ਨੂੰ ਕਰ ਦਿੱਤਾ ਜਾਂਦਾ ਹੈ ਤੇ ਜੇ ਆਟਾ ਬਰੀਕ ਪੀਹਣਾ ਹੋਵੇ ਤਾਂ ਕਲੀਨੌਕ ਨੂੰ
ਥੱਲੇ ਖਿਸਕਾ ਦਿੱਤਾ ਜਾਂਦਾ।
ਮੇਰੇ ਪਿਓ ਨੇ ਆਪਣੀ ਗੱਲ ਜ਼ਾਰੀ ਰੱਖਦਿਆਂ ਕਿਹਾ, ਜਦੋਂ ਦਾਣੇ ਪੀਹਣੇ ਹੁੰਦੇ ਤਾਂ ਜ਼ੋਰਨੇ
ਨੂੰ ਛੱਤ ਵਿਚਲੀ ਗਲ਼ੀ ਦੇ ਥੱਲੇ ਖੜ੍ਹਾ ਕਰ ਦਿੰਦੇ ਹਨ, ਜਿਹੜੀ ਕਿ ਲੱਠ ਦੇ ਫਿੱਟ ਹੋਣ ਲਈ
ਸਹੀ ਨਾਪ ਦੀ ਹੁੰਦੀ ਹੈ। ਇਸ ਲੱਠ ਦੇ ਹੇਠਲੇ ਹਿਸੇ ਨੂੰ ਉੱਪਰਲੇ ਪੱਥਰ ਦੇ ਨਾਲ਼ ਲਾ ਦਿੱਤਾ
ਜਾਂਦਾ ਤੇ ਫੇਰ ਜਦੋਂ ਤੁਸੀਂ ਉਸ ਲੱਠ ਨੂੰ ਘੁੰਮਾਉਂਦੇ ਹੋ ਤਾਂ ਉਹਦੇ ਨਾਲ਼ ਪੱਥਰ ਵੀ
ਘੁੰਮਦਾ ਹੈ। ਇਕ ਹੱਥ ਨਾਲ਼ ਤੁਸੀਂ ਲਗਾਤਾਰ ਪੱਥਰ ਨੂੰ ਘੁੰਮਾਉਂਦੇ ਤੇ ਦੂਜੇ ਨਾਲ਼ ਤੁਸੀਂ
ਕੇਂਦਰ ਵਿਚਲੀ ਗਲ਼ੀ ਵਿਚ ਦਾਣੇ ਪਾਉਂਦੇ ਰਹਿੰਦੇ। ਠੀਕ ਤਰ੍ਹਾਂ ਆਟਾ ਪੀਹਣ ਵਾਸਤੇ ਜ਼ਰੂਰੀ
ਹੈ ਕਿ ਤੁਸੀਂ ਪੱਥਰ ਨੂੰ ਇਕਸਾਰਤਾ ਨਾਲ਼ ਘੁੰਮਾਓ। ਆਟਾ ਥੱਲੇ ਵਾਲ਼ੇ ਪੱਥਰ ਵਿਚਲੀ ਗਲ਼ੀ
ਰਾਹੀਂ ਕਾਲਡੂਬ ਵਿਚ ਡਿੱਗਦਾ ਰਹਿੰਦਾ। ਕਾਲਡੂਬ ਦੇ ਇਕ ਪਾਸੇ ਆਟੇ
ਦੇ ਬਾਹਰ ਡਿੱਗਣ ਲਈ ਇਕ ਗਲ਼ੀ ਹੁੰਦੀ ਹੈ ਜਿਹਦੇ ਵਿਚ ਦੀ ਆਟਾ ਲਗਾਤਾਰ ਬਾਹਰ ਡਿੱਗਦਾ
ਰਹਿੰਦਾ।
ਇਹ ਕੰਮ ਔਰਤਾਂ ਦਾ ਹੁੰਦਾ ਸੀ ਪਰ ਜਦੋਂ ਮੈਂ ਚੜ੍ਹਦੀ ਉਮਰੇ ਸੀ ਤਾਂ ਮੈਂ ਆਟਾ ਪੀਹਣ ਵਿਚ
ਆਪਣੀ ਮਾਂ ਦੀ ਮੱਦਦ ਕਰਦਾ। ਮੈਂ ਆਪਣੀ ਪੈਂਟ ਲਾਹ ਦਿੰਦਾ ਤੇ ਜਦੋਂ ਮੈਂ ਲੱਠ ਘੁੰਮਾਉਣ ਲਈ
ਆਪਣੀ ਬਾਂਹ ਹਿਲਾਉਂਦਾ ਤਾਂ ਉਸ ਵੇਲੇ ਮੇਰੀ ਕਮੀਜ਼ ਨਾਲ਼ ਮੇਰੇ ਸਰੀਰ ਨੂੰ ਹਰ ਵਾਰੀ ਤਾਜ਼ੀ
ਹਵਾ ਲਗਦੀ। ਇਹ ਕੰਮ ਬੜਾ ਔਖਾ ਸੀ ਤੇ ਸਮਾਂ ਵੀ ਬੜਾ ਲਗਦਾ।
ਕੀ ਅਸੀਂ ਅਜੇ ਕਨੇਡਾ ਦੀ ਗੱਲ ਤੱਕ ਪਹੁੰਚੇ ਕਿ ਨਹੀਂ?
ਹਾਂ। ਆਪਣੇ ਹੋਮਸਟਿੱਡ (ਸਰਕਾਰ ਵਲੋਂ ਮਿਲ਼ੀ ਥਾਂ) ਵਿਚ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ
ਮੈਂ ਲੈਮੌਂਟ ਵਿਚ 1930 ਦੀ ਫਸਲ ਕੱਟਣ ਸਮੇਂ ਜਿਹੜੇ ਆਖਰੀ ਕਿਸਾਨ ਨਾਲ਼ ਕੰਮ ਕੀਤਾ ਸੀ
ਉਹਨੇ ਮੈਨੂੰ ਆਪਣਾ ਜ਼ੋਰਨਾ ਦੇਣ ਦੀ ਪੇਸ਼ਕਸ਼ ਕੀਤੀ। ਉਹ ਪਹਿਲਾਂ ਆਏ ਹੋਏ ਆਵਾਸੀਆਂ ਵਿਚੋਂ
ਸੀ ਤੇ ਉਹਨੂੰ ਹੁਣ ਜ਼ੋਰਨੇ ਦੀ ਲੋੜ ਨਹੀਂ ਸੀ ਰਹੀ। ਮੈਂ ਉਹਨੂੰ ਕਿਹਾ ਕਿ ਅਸੀਂ ਤਾਂ
ਕਨੇਡਾ ਵਧੀਆ ਜੀਵਨ ਜੀਣ ਦੀ ਆਸ ਵਿਚ ਆਏ ਸੀ ਤੇ ਜੇ ਅਸੀਂ ਏਥੇ ਵੀ ਜ਼ੋਰਨੇ ਨਾਲ਼ ਹੀ ਆਟਾ
ਪੀਹਣਾ ਸੀ ਤਾਂ ਇਹਦੇ ਨਾਲੋਂ ਤਾਂ ਅਸੀਂ ਨਾ ਹੀ ਆਉਂਦੇ। ਸੋ ਅਸੀਂ ਆਪਣੇ ਹੋਮਸਟਿੱਡ
ਨੂੰ ਜ਼ੋਰਨੇ ਤੋਂ ਬਿਨਾਂ ਹੀ ਚਲੇ ਗਏ।
ਅਸੀਂ ਆਪਣੀ ਜ਼ਮੀਨ ‘ਤੇ ਗਏ ਤੇ ਤੈਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਅਸੀਂ ਫਸਲਾਂ ਉਗਾਉਣ
ਲਈ ਜ਼ਮੀਨ ਸਾਫ ਕੀਤੀ ਤੇ ਘਰ ਬਣਾਇਆ। ਆਪਣੇ ਕੋਲ਼ ਕੋਈ ਪੈਸਾ ਨਹੀਂ ਸੀ, ਕੋਈ ਮਸ਼ੀਨਰੀ
ਨਹੀਂ ਸੀ, ਨਾ ਹੀ ਫਸਲ ਵੇਚਣ ਵਾਸਤੇ ਨੇੜੇ ਕੋਈ ਮੰਡੀ ਸੀ। ਅਸੀਂ ਬਿਨਾਂ ਕਿਸੇ ਔਜ਼ਾਰ ਦੇ
ਹੱਥਾਂ ਨਾਲ ਹੀ ਗੁਜ਼ਾਰੇ ਜੋਗੀ ਜ਼ਮੀਨ ਸਾਫ ਕਰ ਲਈ ਸੀ। ਨਾਲ਼ ਇਹ ਵੀ ਗੱਲ ਹੈ ਕਿ ਤੀਹਵਿਆਂ
ਦੌਰਾਨ ਫਸਲ ਉਦਾਂ ਹੀ ਬਹੁਤ ਘੱਟ ਹੁੰਦੀ ਸੀ। ਫੇਰ ਵੀ ਅਸੀਂ ਕੁਝ ਨਾ ਕੁਝ ਤਾਂ ਉਗਾ ਹੀ
ਸਕਦੇ ਸਾਂ ਪਰ ਅਸੀਂ ਏਦਾਂ ਕੀਤਾ ਨਹੀਂ। ਇਸ ਕਰਕੇ ਮੈਨੂੰ ਹਰ ਸਾਲ ਬਾਹਰ ਕੰਮ ਦੀ ਭਾਲ ਵਿਚ
ਜਾਣਾ ਪੈਂਦਾ। ਤੇਰੀ ਮਾਂ ਨੂੰ ਪਹਿਲਾਂ ਇਕ ਬੱਚੇ ਨਾਲ਼ ਫੇਰ ਦੋਂਹ ਨਾਲ਼ ਘਰ ਵਿਚ ਕੱਲੀ ਨੂੰ
ਰਹਿਣਾ ਪਿਆ। ਤੈਨੂੰ ਘਰ ਦਾ ਚੇਤਾ ਹੈ ਨਾ, ਜਿਸ ਹਿੱਸੇ ਵਿਚ ਪਿੱਛੋਂ ਜਾ ਕੇ ਆਪਾਂ ਕੁੱਕੜ
ਰੱਖਦੇ ਹੁੰਦੇ ਸੀ।
ਮੈਂ ਜਵਾਬ ਵਿਚ ਕਿਹਾ, ਹਾਂ ਮੈਨੂੰ ਚੇਤਾ ਹੈ ਅਤੇ ਮੇਰੇ ਖਿਆਲ ਵਿਚ ਉਹ ਥਾਂ ਕੁੱਕੜਾਂ ਲਈ
ਵੀ ਠੀਕ ਨਹੀਂ ਸੀ।
ਮੇਰੇ ਪਿਓ ਨੇ ਗੱਲ ਜ਼ਾਰੀ ਰੱਖੀ: 1934 ਵਿਚ ਮੇਰੇ ਕੋਲ਼ੋਂ ਫਸਲਾਂ ਦੀ ਕਟਾਈ ਸਮੇਂ ਵੀ ਕੋਈ
ਕਮਾਈ ਨਾ ਹੋ ਸਕੀ। ਮੈਂ ਘਰੋਂ ਗਿਆ ਸੀ ਤਾਂ ਮੇਰੇ ਕੋਲ਼ 96 ਸੈਂਟ ਸਨ ਤੇ ਸਾਰੇ ਸਮੇਂ ਵਿਚ
ਮੈਂ 6 ਡਾਲਰ ਕਮਾਏ, ਕਾਫੀ ਬੁਰਾ ਹਾਲ ਸੀ।
ਤੇ ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਦੇਸ ਵਿਚੋਂ ਕੱਢ ਦੇਣਗੇ (ਡੀਪੋਰਟ) ਕਿਉਂਕਿ ਅਸੀਂ
ਕਮਿਉਨਿਸਟ ਸਾਂ।
ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਆਪਣੇ ਮੁਲਕ ਦੇ ਇਤਿਹਾਸ ਦਾ ਨਹੀਂ
ਪਤਾ ਤਾਂ ਤੁਸੀਂ ਮਾੜੇ ਇਨਕਲਾਬੀ ਬਣੋਗੇ। ਇਹੋ ਜਿਹੀਆਂ ਕਹਾਣੀਆਂ ਹੀ ਤੁਹਾਡੇ ਦੇਸ ਦਾ
ਇਤਿਹਾਸ ਬਣਾਉਂਦੀਆਂ ਹਨ।
ਠੀਕ ਹੈ।
ਮੇਰੇ ਪਿਓ ਨੇ ਗੱਲ ਜ਼ਾਰੀ ਰੱਖਦਿਆਂ ਕਿਹਾ, 1934 ਦੀ ਪੱਤਝੜ ਦਾ ਸਮਾਂ ਸੀ। ਤੇਰੀ ਮਾਂ ਨੇ
ਮੇਰੇ ਵਾਸਤੇ ਇਕ ਕੁੱਕੜ ਰਿੰਨਿਆਂ ਅਤੇ ਰੋਟੀ (ਬਰੈੱਡ) ਬਣਾਈ ਅਤੇ ਮੈਂ ਰੇਲ ‘ਤੇ ਐਡਮੰਟਨ
ਨੂੰ ਚਲੇ ਗਿਆ।
ਉਸ ਸਾਲ ਪੁਲਸ ਰੇਲ ‘ਤੇ ਸਫਰ (ਚੋਰੀਂ) ਕਰਨ ਵਾਲਿਆਂ ਨੂੰ ਫੜ ਕੇ ਬਹੁਤ ਬੁਰੀ ਤਰ੍ਹਾਂ ਕੁੱਟ
ਰਹੀ ਸੀ। ਪਰ ਜਦੋਂ ਮੇਰਾ ਪਿਓ ਤੇ ਉਹਦਾ ਸਾਥੀ ਸੇਲੇਵਿਚ ਹਾਈ ਪ੍ਰੇਰੀ ਪਹੁੰਚੇ ਤਾਂ ਉੱਥੇ
ਉਨ੍ਹਾਂ ਨੂੰ ਸਨਸੈੱਟ ਹਾਊਸ ਦੇ ਕਈ ਬੰਦੇ ਮਿਲੇ, ਇਸ ਕਰਕੇ ਉਨ੍ਹਾਂ ਨੂੰ ਕੋਈ ਫਿਕਰ ਨਾ
ਰਿਹਾ। ਸਨਸੈੱਟ ਹਾਊਸ ਦੇ ਸਾਰੇ ਆਦਮੀ ਕਮਿਉਨਿਸਟ ਸਨ ਤੇ ਇਕ ਦੂਜੇ ਦੀ ਮਦਦ ਕਰਦੇ ਸਨ।
ਉਨ੍ਹਾਂ ਦੀ ਗਿਣਤੀ ਵੀ ਕਾਫੀ ਸੀ। ਉਹ ਰੇਲ ‘ਤੇ ਮਾਲਕਾਂ ਵਾਂਗ ਸਫਰ ਕਰਦੇ ਸਨ ਗਰੀਬ
ਮੰਗਤਿਆਂ ਵਾਂਗ ਨਹੀਂ ਕਿਉਂਕਿ ਕੋਈ ਉਨ੍ਹਾਂ ਨੂੰ ਹੱਥ ਨਹੀਂ ਸੀ ਲਾ ਸਕਦਾ।
ਵੈਸਟਲੌਕ ਵਿਚ ਉਦੋਂ ਆਮ ਤੌਰ ‘ਤੇ ਦੋ ਹੀ ਆਰ ਸੀ ਐਮ ਪੀ (ਰੌਇਲ ਕਨੇਡੀਅਨ ਮਾਉਂਟਡ ਪੋਲੀਸ)
ਸਿਪਾਹੀ ਹੁੰਦੇ ਸਨ। ਗੱਡੀ ਨੇ ਉੱਥੇ ਪਾਣੀ ਲੈਣ ਵਾਸਤੇ ਖੜ੍ਹਨਾ ਸੀ। ਜ਼ਰੂਰ ਕਿਸੇ ਨੇ
ਪਹਿਲਾਂ ਹੀ ਤਾਰ ਪਾ ਕੇ ਉਨ੍ਹਾਂ ਨੂੰ ਇਤਲਾਹ ਕਰ ਦਿੱਤੀ ਸੀ। ਆਰ ਸੀ ਐਮ ਪੀ ਨੇ ਹੋਰ ਬੰਦੇ
ਮੰਗਵਾ ਲਏ ਸਨ ਤੇ ਉੱਥੇ ਪੰਜ ਸਿਪਾਹੀ ਗੱਡੀ ਦੀ ਉਡੀਕ ਕਰ ਰਹੇ ਸਨ।
ਚਾਰ ਸਿਪਾਹੀਆਂ ਨੇ ਪੁਲਸ ਦੀ ਕਾਰ ਵਿਚ ਬੈਠਿਆਂ ਗੱਡੀ ਵੱਲ ਆਪਣੀਆਂ ਬੰਦੂਕਾਂ ਸਿੱਧੀਆਂ
ਕੀਤੀਆਂ ਹੋਈਆਂ ਸਨ ਤੇ ਪੰਜਵੇਂ ਪੁਲਸੀਏ ਨੂੰ ਉਨ੍ਹਾਂ ਨੇ ਬੰਦਿਆਂ ਨੂੰ ਕੁੱਟਣ ਵਾਸਤੇ ਗੱਡੀ
ਵੱਲ ਭੇਜਿਆ। ਜਿਹੜੇ ਚਾਰ ਪਹਿਲੇ ਬੰਦੇ ਉਹਨੂੰ ਮਿਲੇ ਉਹ ਸਨ ਮੇਰਾ ਪਿਓ, ਸੇਲੇਵਿਚ,
ਅਲੈਕਸੇਵਿਚ ਅਤੇ ਵੇਸਿਲ ਸਿ਼ਊਚੱਕ। ਸਿਪਾਹੀ ਨੇ ਧਿਆਨ ਨਾਲ਼ ਉਨ੍ਹਾਂ ਵੱਲ ਦੇਖਿਆ ਤੇ ਫੇਰ
ਡੰਡਾ ਵਰਾਹੁਣ ਦੀ ਥਾਂ ਉਹ ਉਨ੍ਹਾਂ ਨਾਲ਼ ਗੱਲਾਂ ਕਰਨ ਲੱਗ ਪਿਆ। ਪੁਲਸੀਏ ਨੇ ਉਨ੍ਹਾਂ ਨੂੰ
ਇਸ ਗੱਲ ਲਈ ਮੰਨਾ ਲਿਆ ਕਿ ਉਹ ਗੱਡੀ ‘ਚੋਂ ਉੱਤਰ ਕੇ ਬਾਹਰ ਆ ਕੇ ਗੱਲਬਾਤ ਕਰਨ। ਗੱਡੀ ਉਸ
ਵੇਲੇ ਛਾਂਟੀ ਕਰ ਰਹੀ ਸੀ, ਨਵੇਂ ਡੱਬੇ ਜੋੜ ਰਹੀ ਸੀ ਇਸ ਕਰਕੇ ਉਨ੍ਹਾਂ ਨੇ ਸੋਚਿਆ ਕਿ ਉਹ
ਸੁਖਾਲੇ ਹੀ ਮੁੜ ਕੇ ਗੱਡੀ ‘ਤੇ ਚੜ੍ਹ ਸਕਦੇ ਸਨ। ਪਰ ਗੱਡੀ ਪਾਣੀ ਭਰਨ ਬਾਅਦ ਅੱਧਾ ਕੁ ਮੀਲ
ਪਿਛਾਂਹ ਨੂੰ ਮੁੜ ਗਈ ਤੇ ਫੇਰ ਪੂਰੀ ਰਫਤਾਰ ਨਾਲ਼ ਉਨ੍ਹਾਂ ਦੇ ਕੋਲ਼ ਦੀ ਲੰਘ ਗਈ ਤੇ ਉਹ
ਸਿਰਫ ਉਹਦੇ ਉਡਦੇ ਚੰਗਿਆੜੇ ਹੀ ਦੇਖ ਸਕੇ। ਸਾਰੇ ਸਿਪਾਹੀ ਉਨ੍ਹਾਂ ਵੱਲ ਦੇਖ ਕੇ ਉੱਚੀ ਉੱਚੀ
ਹੱਸ ਰਹੇ ਸਨ।
ਆਰ ਸੀ ਐਮ ਪੀ ਵਾਲਿਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਠਾਣੇ ਲੈ ਗਏ। ਪਰ
ਉਨ੍ਹਾਂ ਦੀ ਗਿਣਤੀ ਬਹੁਤ ਸੀ ਤੇ ਤੀਹਵਿਆਂ ਦੌਰਾਨ ਜੇਲ ਪਹਿਲਾਂ ਹੀ ਤੂੜੀ ਹੋਈ ਹੁੰਦੀ ਸੀ
ਇਸ ਲਈ ਪੁਲਸ ਵਾਲਿਆਂ ਨੇ ਕੁਝ ਇਕ ਦੇ ਨਾਂ ਲਿਖੇ ਤੇ ਫੇਰ ਦਿਲ ਛੱਡ ਗਏ।
ਠਾਣੇ ਦੇ ਬਾਹਰ ਇਕ ਫੁੱਲਾਂ ਦਾ ਬਾਗ ਸੀ ਤੇ ਹਿਰਾਸਤ ਵਿਚ ਲਏ ਬੰਦੇ ਜਦੋਂ ਅੰਦਰ ਗਏ ਤਾਂ ਉਹ
ਆਪਣੀਆਂ ਗਠਰੀਆਂ ਫੁੱਲਾਂ ‘ਤੇ ਸੁੱਟ ਗਏ। ਕਿਉਂਕਿ ਉਹ ਹੋਰ ਕਿਸੇ ਤਰ੍ਹਾਂ ਬਦਲਾ ਲੈਣ ਬਾਰੇ
ਨਹੀਂ ਸੀ ਸੋਚ ਸਕਦੇ ਇਸ ਕਰਕੇ ਬਦਲਾ ਲੈਣ ਦਾ ਇਹੋ ਘਟੀਆ ਤਰੀਕਾ ਵਰਤਿਆ। ਫੇਰ ਜਦੋਂ
ਪੁਲਸੀਆਂ ਨੇ ਕਿਹਾ ਕਿ ਤੁਸੀਂ ਜਾ ਸਕਦੇ ਹੋ ਤਾਂ ਉਹ ਕੁਝ ਦੇਰ ਉੱਥੇ ਹੀ ਬੈਠੇ ਖਾਂਦੇ ਤੇ
ਗੱਲਾਂ ਕਰਦੇ ਰਹੇ। ਅਖੀਰ ਉਨ੍ਹਾਂ ਉੱਠ ਕੇ ਜਾਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੂੰ ਵੈਸਟਲੌਕ
ਤੋਂ ਐਡਮੰਟਨ ਨੂੰ ਤੁਰ ਕੇ ਜਾਣਾ ਪਿਆ ਤੇ ਪੁਲਸ ਵਾਲ਼ਾ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ।
ਕਾਰ ਵਿਚ ਜਾ ਰਹੇ ਇਕ ਪਾਦਰੀ ਨੇ ਉਨ੍ਹਾਂ ਵਿਚੋਂ ਕੁਝ ਇਕ ਨੂੰ ਨਾਲ਼ ਲੈਜਾਣ ਦੀ ਕੋਸ਼ਸ਼
ਕੀਤੀ ਪਰ ਪੁਲਸੀਏ ਨੇ ਉਹਦੇ ਨਾਲ਼ ਗੱਲ ਕੀਤੀ ਤੇ ਉਹ ਖਾਲੀ ਹੀ ਆਪਣੀ ਕਾਰ ਚਲਾ ਕੇ ਲੈ ਗਿਆ।
ਐਡਮੰਟਨ ਜਾ ਕੇ ਸਾਨੂੰ ਪਤਾ ਲੱਗਾ ਕਿ ਸੈਸਕੈਚਵਾਨ ਵਿਚ ਵੀ ਫਸਲ ਬਹੁਤ ਮਾੜੀ ਹੋਈ ਸੀ ਤੇ
ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਸੀ।
ਮੇਰੇ ਪਿਓ ਨੇ ਦੱਸਿਆ ਕਿ ਉੱਥੇ ਏ ਯੂ ਯੂ ਸੀ ਹਾਲ (ਉਦੋਂ ਉਹਨੂੰ ਯੂ ਐਲ ਐਫ ਟੀ ਏ ਕਹਿੰਦੇ
ਸਨ) ਵਿਚ ਇਕ ਸੰਗੀਤ ਪ੍ਰੋਗਰਾਮ (ਕੰਨਸਰਟ) ਸੀ। ਇਹ ਹਿੱਸਾ ਮੈਂ ਤੈਨੂੰ ਦੱਸਣਾ ਨਹੀਂ
ਚਾਹੁੰਦਾ, ਪਰ ਮੈਂ ਕਿਹਾ ਹੈ ਕਿ ਮੈਂ ਸੱਭ ਕੁਝ ਸੱਚ ਸੱਚ ਦੱਸਾਂਗਾ। ਜਿੱਦਾਂ ਮੈਂ ਤੈਨੂੰ
ਦੱਸਿਆ ਹੈ ਕਿ ਮੇਰੇ ਕੋਲ਼ 96 ਸੈਂਟ ਸਨ ਤੇ ਕੰਨਸਰਟ ਦਾ ਟਿਕਟ 25 ਸੈਂਟ ਸੀ। ਪਰ ਮਜ਼ਦੂਰਾਂ
ਦੀਆਂ ਜਥੇਬੰਦੀਆਂ ਹਮੇਸ਼ਾ ਕਿਸੇ ਨਾ ਕਿਸੇ ਕਾਰਜ ਲਈ ਪੈਸੇ ਇਕੱਠੇ ਕਰਦੀਆਂ ਹੀ ਰਹਿੰਦੀਆਂ
ਹਨ। ਇਹ ਕੰਮ ਕਰਨ ਵਾਲ਼ੀ ਇਕ ਔਰਤ ਆਈ ਤੇ ਆ ਕੇ ਮੇਰੇ ਕੋਲ਼ ਬੈਠ ਗਈ ਤੇ ਮੇਰੇ ਕੋਲ਼ੋਂ
ਚੰਦਾ ਮੰਗਣ ਲੱਗੀ। ਮੈਂ ਉਹਨੂੰ ਕਿਹਾ ਕਿ ਮੈਨੂੰ ਇਸ ਗੱਲ ਦੀ ਸਮਝ ਹੈ ਕਿ ਮਜ਼ਦੂਰਾਂ ਦੀ
ਜਥੇਬੰਦੀ ਖੜ੍ਹੀ ਕਰਨ ਲਈ ਹਮੇਸ਼ਾਂ ਪੈਸੇ ਦੀ ਜ਼ਰੂਰਤ ਹੁੰਦੀ ਹੈ। ਮੈਂ ਉਹਨੂੰ ਦੱਸਿਆ ਕਿ
ਮੈਂ ਵੀ ਇਕ ਕਮਿਉਨਿਸਟ ਹਾਂ ਪਰ ਮੇਰੀ ਪਤਨੀ ਤੇ ਦੋ ਬੱਚੇ ਹਨ ਪਿੱਛੇ ਹੋਮਸਟਿੱਡ ‘ਤੇ,
ਉਨ੍ਹਾਂ ਕੋਲ਼ ਕੋਈ ਪੈਸਾ ਧੇਲਾ ਨਹੀਂ ਤੇ ਉਹ ਸਰਦੀਆਂ ਵਿਚ ਮਰ ਜਾਣਗੇ ਜੇ ਮੈਂ ਕੁਝ ਪੈਸੇ
ਲੈ ਕੇ ਘਰ ਨਾ ਮੁੜਿਆ। ਪਰ ਉਹ ਔਰਤ ਪੂਰੀ ਤਰ੍ਹਾਂ ਖੈਹੜੇ ਪਈ ਰਹੀ। ਹਾਰ ਕੇ ਮੈਂ ਬਚਦੇ 71
ਸੈਂਟ ਉਹਦੇ ਸਾਹਮਣੇ ਕਰ ਦਿੱਤੇ ਤੇ ਕਿਹਾ, ਦੇਖ, ਇਹ ਇਕ ਆਦਮੀ, ਇਕ ਔਰਤ ਤੇ ਦੋ ਬੱਚਿਆਂ ਦੀ
ਕੁੱਲ ਪੂੰਜੀ ਹੈ, ਜੇ ਤੇਰੀ ਜ਼ਮੀਰ ਇਜਾਜ਼ਤ ਦਿੰਦੀ ਹੈ ਤਾਂ ਚੁੱਕ ਲੈ। ਉਹਨੇ ਪੈਸੇ ਲੈ ਲਏ।
ਸੇਲੇਵਿਚ ਨੇ ਇਹ ਸਭ ਦੇਖਿਆ। ਗਰੀਬੀ ਦੀ ਮਾਰੀ ਹੋਈ ਵਿਚਾਰੀ, ਉਹਨੇ ਕਿਹਾ।
ਮੇਰੇ ਪਿਓ ਨੂੰ ਚੇਤਾ ਹੈ ਕਿ ਉਹ ਗੱਡੀ ‘ਚ ਦੱਖਣ ਵੱਲ ਚਲੇ ਗਏ। ਇਕ ਕਸਬੇ ਦਾ ਨਾਂ ਮਿਰਰ ਸੀ
ਜਿੱਥੇ ਉਨ੍ਹਾਂ ਨੂੰ ਪੀਣ ਲਈ ਪਾਣੀ ਤਾਂ ਮਿਲ਼ ਗਿਆ ਪਰ ਉਨ੍ਹਾਂ ਨੂੰ ਗੱਡੀ ‘ਚੋਂ ਉਤਰਨ
ਨਹੀਂ ਸੀ ਦਿੱਤਾ ਗਿਆ। ਉਹ ਅਗਲੇ ਸਟੇਸ਼ਨ ‘ਤੇ ਜਾ ਕੇ ਉੱਤਰੇ ਪਰ ਉਦੋਂ ਤੱਕ ਇਹ ਗੱਲ ਸਾਫ
ਹੋ ਚੁੱਕੀ ਸੀ ਕਿ ਉੱਥੇ ਵੀ ਕੋਈ ਕਟਾਈਯੋਗ ਫਸਲਾਂ ਨਹੀਂ ਸਨ ਜਿੱਥੇ ਉਨ੍ਹਾਂ ਨੂੰ ਕੰਮ ਮਿਲ਼
ਸਕਦਾ।
ਮੇਰੇ ਪਿਓ ਨੂੰ ਇਸ ਗੱਲ ਦਾ ਵੀ ਚੇਤਾ ਹੈ ਕਿ ਇਕ ਰਾਤ ਸੇਲੇਵਿਚ, ਜਿਹੜਾ ਕਿ ਬਹੁਤ ਡੂੰਘੀ
ਨੀਂਦ ਸੌਂਦਾ ਸੀ, ਨੇ ਉਹਨੂੰ ਕਿਹਾ ਕਿ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਹਨੂੰ ਉਠਾਲ
ਦੇਵੇ ਤਾਂ ਕਿ ਉਹ ਜਾ ਕੇ ਥੋੜ੍ਹੇ ਜਿਹੇ ਆਲੂ ਚੋਰੀ ਕਰ ਲਿਆਵੇ। ਜਿਹੜਾ ਸਮਾਨ ਉਹ ਕੋਲ਼ ਲੈ
ਕੇ ਆਏ ਸਨ ਸਾਰਾ ਖਤਮ ਹੋ ਚੁੱਕਾ ਸੀ। ਮੇਰੇ ਪਿਓ ਨੇ ਸੇਲੇਵਿਚ ਨੂੰ ਸੁੱਤਾ ਰਹਿਣ ਦਿੱਤਾ ਤੇ
ਆਲੂ ਆਪ ਲੈ ਆਇਆ। ਇਸ ਨਾਲ਼ ਸੇਲੇਵਿਚ ਬੜਾ ਹੈਰਾਨ ਹੋਇਆ ਕਿਉਂਕਿ ਉਹਦੇ ਖਿਆਲ ਵਿਚ ਮੇਰਾ
ਪਿਓ ਇਸ ਕਿਸਮ ਦਾ ਕੰਮ ਕਰਨ ਵਾਲ਼ਾ ਨਹੀਂ ਸੀ। ਮੇਰੇ ਪਿਓ ਨੇ ਪੌਣੀ ਕੁ ਬੋਰੀ ਆਲੂਆਂ ਦੀ ਲੈ
ਆਂਦੀ ਜਿਹੜੀ ਕਿ ਉਨ੍ਹਾਂ ਵਾਂਗ ਗੱਡੀ ਵਿਚ ਚੋਰੀਂ ਸਫਰ ਕਰਨ ਵਾਲ਼ੇ ਸਾਰਿਆਂ ਲਈ ਕਾਫੀ ਸੀ।
ਪਰ ਉੱਥੇ ਕੋਈ ਕੰਮ ਨਾ ਮਿਲਿ਼ਆ ਇਸ ਕਰਕੇ ਉਹ ਮੁੜ ਕੇ ਐਡਮੰਟਨ ਨੂੰ ਆ ਗਏ ਤੇ ਫੇਰ ਸੇਲੇਵਿਚ
ਤਾਂ ਆਪਣੇ ਘਰ ਮੁੜ ਗਿਆ। ਮੇਰਾ ਪਿਓ ਖਾਲੀ ਹੱਥੀਂ ਘਰ ਨਹੀਂ ਸੀ ਮੁੜਨਾ ਚਾਹੁੰਦਾ ਤੇ ਉਹਨੂੰ
ਪਤਾ ਸੀ ਕਿ ਲੈਮੌਂਟ ਵਿਚ ਹਮੇਸ਼ਾਂ ਫਸਲਾਂ ਹੁੰਦੀਆਂ ਹਨ।
ਮੈਂ ਲੈਮੌਂਟ ਵਿਚ ਕਈਆਂ ਲੋਕਾਂ ਨੂੰ ਜਾਣਦਾ ਸੀ, ਮੇਰੇ ਪਿਓ ਨੇ ਕਿਹਾ, ਕਿਉਂਕਿ ਉੱਥੇ ਹੀ
ਤੇਰੀ ਮਾਂ ਅਤੇ ਮੈਂ ਕੰਮ ਕਰਦੇ ਰਹੇ ਸਾਂ। ਇਸ ਕਰਕੇ ਮੈਂ ਸੋਚਿਆ ਕਿ ਜੇ ਮੈਂ ਕੁਝ ਦਿਨ
ਐਡਮੰਟਨ ਵਿਚ ਹੀ ਰੁਕਿਆ ਰਹਾਂ ਤਾਂ ਮੈਨੂੰ ਕੋਈ ਨਾ ਕੋਈ ਜਾਣ ਪਛਾਣ ਵਾਲ਼ਾ ਮਿਲ਼ ਹੀ
ਜਾਵੇਗਾ ਜਿਹਦੇ ਨਾਲ਼ ਮੈਨੂੰ ਉੱਥੇ ਜਾਣ ਲਈ ਸਵਾਰੀ ਮਿਲ਼ ਜਾਵੇਗੀ। ਪਰ ਮੈਨੂੰ ਜਾਨਣ ਵਾਲ਼ਾ
ਕੋਈ ਵੀ ਮੇਰੀ ਨਜ਼ਰੀ ਨਾ ਪਿਆ। ਐਡਮੰਟਨ ਵਿਚ ਗੱਡੀ ਫੜਨੀ ਬਹੁਤ ਔਖੀ ਸੀ ਕਿਉਂਕਿ ਰੇਲਵੇ ਦੇ
ਸਿਪਾਹੀ ਖਾਸ ਤੌਰ ‘ਤੇ ਬਹੁਤ ਜ਼ਾਲਮ ਸਨ ਤੇ ਆਪਣੇ ਕੁੱਤੇ ਲੈ ਕੇ ਗੱਡੀਆਂ ਦੀ ਨਿਗਰਾਨੀ
ਕਰਦੇ ਸਨ। ਅਸੀਂ ਸਾਰੇ ਬੰਦੇ ਆਪਣੀਆਂ ਕੰਬਲ਼ੀਆਂ ਆਪਣੇ ਕੋਲ਼ ਆਪਣੀ ਪਿੱਠ ਪਿੱਛੇ ਬੰਨ੍ਹੀ
ਰੱਖਦੇ ਸਾਂ ਤੇ ਜਿੱਥੇ ਵੀ ਕਿਤੇ ਸੂਤ ਲਗਦਾ ਸੌਂ ਜਾਂਦੇ। ਮੈਂ ਇਮੀਗਰੇਸ਼ਨ ਹਾਲ ਦੀਆਂ
ਪੌੜੀਆਂ ਥੱਲੇ ਸੌਂ ਜਾਂਦਾ ਕਿਉਂਕਿ ਉਹੋ ਇਕ ਇਮਾਰਤ ਸੀ ਜਿਹਦੇ ਬਾਰੇ ਮੈਨੂੰ ਪਤਾ ਸੀ। ਤੇਰੇ
ਸਮਝਣ ਵਾਲ਼ੀ ਗੱਲ ਇਹ ਹੈ ਕਿ ਮੇਰੇ ਵਰਗੇ ਬਹੁਤ ਬੰਦੇ ਸਨ ਉੱਥੇ ਜਿਹੜੇ ਐਡਮੰਟਨ ਦੇ ਆਲੇ
ਦੁਆਲੇ ਤੁਰੇ ਫਿਰਦੇ ਸਨ। ਏਦਾਂ ਹੀ ਅਨੇਕਾਂ ਔਰਤਾਂ ਜਿਹੜੀਆਂ ਇਕੱਲੀਆਂ ਘਰਾਂ ਦਾ ਖਿਆਲ ਰੱਖ
ਰਹੀਆਂ ਸਨ। ਸਾਰੇ ਉਡੀਕ ਵਿਚ ਸਨ ਪਰ ਕਟਾਈ ਦਾ ਕੰਮ ਮਿਲਣ ਲਈ ਕਿਸੇ ਪਾਸੇ ਕੋਈ ਫਸਲਾਂ ਨਹੀਂ
ਸਨ। ਇਮੀਗਰੇਸ਼ਨ ਹਾਲ ਵਿਚ ਉਹ ਸਾਨੂੰ ਖਾਣਾ ਦੇ ਦਿੰਦੇ ਸਨ। ਦਿਨ ਵਿਚ ਦੋ ਵਾਰ ਅਸੀਂ ਕਤਾਰ
ਵਿਚ ਖੜ੍ਹ ਜਾਂਦੇ। ਪਹਿਲਾਂ ਤੁਸੀਂ ਇਕ ਕੌਲੀ ਤੇ ਚਮਚਾ ਚੁੱਕਦੇ। ਪਹਿਲਾ ਆਦਮੀ ਥੋੜ੍ਹਾ
ਜਿਹਾ ਜਵੀ (ਓਟ) ਦਾ ਦਲ਼ੀਆ ਤੁਹਾਡੀ ਕੌਲੀ ਵਿਚ ਪਾ ਦਿੰਦਾ। ਦੂਜਾ ਖੰਡ ਦੇ ਦੋ ਚਮਚੇ ਪਾ
ਦਿੰਦਾ ਤੇ ਤੀਜਾ ਕੌਲੀ ਵਿਚ ਬਚਦੇ ਥਾਂ ਨੂੰ ਦੁੱਧ ਨਾਲ਼ ਭਰ ਦਿੰਦਾ।
ਦੋ ਦਿਨਾਂ ਬਾਅਦ, ਮੇਰੇ ਪਿਓ ਨੇ ਗੱਲ ਜ਼ਾਰੀ ਰੱਖਦਿਆਂ ਕਿਹਾ, ਮੈਂ ਬਹੁਤ ਕਮਜ਼ੋਰ ਹੋ ਗਿਆ
ਤੇ ਮੇਰੇ ਕੋਲ਼ੋਂ ਇਹ ਦਲ਼ੀਆ ਨਾ ਖਾਧਾ ਜਾਵੇ। ਹੈ ਕਿ ਨਹੀਂ ਅਜੀਬ ਗੱਲ? ਉਹ ਮੇਰੇ ਸਾਹਮਣੇ
ਪਿਆ ਹੁੰਦਾ ਤੇ ਮੇਰੇ ਕੋਲ਼ੋਂ ਖਾਧਾ ਨਾ ਜਾਂਦਾ। ਮੇਰੇ ਅੰਦਰ ਹੀ ਨਹੀਂ ਸੀ ਲੰਘਦਾ। ਮੇਰਾ
ਖਿਆਲ ਹੈ ਕਿ ਏਨੀ ਜਿ਼ਆਦਾ ਖੰਡ ਕਾਰਨ ਜਾਂ ਸ਼ਾਇਦ ਜਵੀ ਵਿਚ ਕੋਈ ਤਾਕਤਵਰ ਤੱਤ ਨਾ ਹੋਣ
ਕਰਕੇ। ਮੈਂ ਲੈਮੌਂਟ ਤੱਕ ਜਾਣ ਲਈ ਕਿਸੇ ਸਵਾਰੀ ਦੇ ਮਿਲ਼ ਜਾਣ ਦੀ ਆਸ ਛੱਡ ਦਿੱਤੀ। ਫੇਰ
ਮੈਂ ਏਦਾਂ ਕੀਤਾ ਕਿ ਐਡਮੰਟਨ ਦੀਆਂ ਸਾਰੀਆਂ ਬੇਕਰੀਆਂ ਵਲ ਗਿਆ ਤੇ ਉਨ੍ਹਾਂ ਨੂੰ ਆਪਣੀ
ਸਥਿਤੀ ਬਾਰੇ ਦੱਸਿਆ। ਪਹਿਲੀਆਂ ਚਾਰ ਨੇ ਮੈਨੂੰ ਕੋਰਾ ਨਾਂਹ ਕਰ ਦਿੱਤੀ। ਜਦ ਤੱਕ ਮੈਂ
ਪੰਜਵੀਂ ਬੇਕਰੀ ‘ਤੇ ਗਿਆ ਮੇਰੇ ਨਾਲ਼ ਇਕ ਹੋਰ ਬੰਦਾ ਆ ਰਲਿ਼ਆ। ਉਹਦੇ ਮਨ ਵਿਚ ਵੀ ਮੇਰੇ
ਵਾਲ਼ਾ ਹੀ ਖਿਆਲ ਆਇਆ ਸੀ। ਇਸ ਪੰਜਵੀਂ ਬੇਕਰੀ ਵਾਲਿਆਂ ਨੇ ਸਾਨੂੰ ਬਰੈੱਡ ਦਾ ਇਕ ਲੋਫ ਦੇ
ਦਿੱਤਾ। ਮੈਂ ਆਪਣੇ ਹਿੱਸੇ ਦੀਆਂ ਅੱਧੀਆਂ ਰੋਟੀਆਂ (ਅੱਧਾ ਲੋਫ) ਲੈ ਕੇ ਲੈਮੌਂਟ ਨੂੰ ਜਾਂਦੇ
ਹਾਈਵੇਅ ਵੱਲ ਨੂੰ ਤੁਰ ਪਿਆ।
ਬਹੁਤ ਲੰਮਾ ਸਮਾਂ ਰਾਈਡ ਦੀ ਆਸ ਵਿਚ ਅਗੂੰਠਾ ਖੜ੍ਹਾ ਕਰਕੇ ਉਡੀਕਦਾ ਰਿਹਾ ਪਰ ਕਿਸੇ ਨੇ ਕੋਈ
ਗੱਡੀ ਨਾ ਰੋਕੀ। ਸੜਕ ‘ਤੇ ਕਾਫੀ ਟਰੈਫਿਕ ਸੀ ਤੇ ਕੋਲ਼ ਦੀ ਲੰਘ ਰਹੀਆਂ ਕਈ ਕਾਰਾਂ ਵਿਚ
ਕੁੱਤੇ ਵੀ ਸਵਾਰ ਸਨ। ਪਰ ਮੈਂ ਤਾਂ ਸਿਰਫ ਇਕ ਇਨਸਾਨ ਸਾਂ ਸੋ ਮੈਂ ਹਾਰ ਕੇ ਤੁਰ ਪਿਆ।
ਕਈ ਚਿਰ ਤੁਰਨ ਬਾਅਦ ਮੈਂ ਕਾਫੀ ਥੱਕ ਗਿਆ ਤੇ ਮੈਨੂੰ ਭੁੱਖ ਵੀ ਲੱਗੀ ਹੋਈ ਸੀ। ਮੈਂ ਇਕ
ਕਿਸਾਨ ਦੇ ਵਿਹੜੇ ਵਿਚ ਗਿਆ। ਘਰਬਾਰ ਦੀ ਦਿੱਖ ਤੋਂ ਉਹ ਕਾਫੀ ਅਮੀਰ ਜਾਪਦਾ ਸੀ। ਉੱਥੇ
ਫਿਰਦੇ ਇਕ ਆਦਮੀ ਨੂੰ ਮੈਂ ਕੁਝ ਖਾਣੇ ਲਈ ਪੁੱਛਿਆ। ਉਹ ਪਰ੍ਹੇ ਚਲੇ ਗਿਆ ਤੇ ਉਦੋਂ ਹੀ ਇਕ
ਔਰਤ ਅੰਦਰੋਂ ਆਈ ਤੇ ਉਹਦੇ ਕੋਲ਼ ਪਤਲੇ ਦੁੱਧ ਦਾ ਇਕ ਡੱਬਾ ਸੀ ਜਿਹੜਾ ਉਹਨੇ ਮੇਰੇ ਅੱਗੇ
ਰੱਖ ਦਿੱਤਾ। ਮੈਂ ਉਨ੍ਹਾਂ ਦਾ ਡੱਬਾ ਨਹੀਂ ਸੀ ਲੈ ਕੇ ਜਾਣਾ ਚਾਹੁੰਦਾ ਜੋ ਕਿ ਨਵਾਂ ਲਗਦਾ
ਸੀ, ਇਸ ਕਰਕੇ ਮੈਂ ਉੱਥੇ ਬੈਠ ਕੇ ਆਪਣੀ ਰੋਟੀ ਕੱਢ ਕੇ ਦੁੱਧ ਨਾਲ਼ ਖਾਣ ਲੱਗ ਪਿਆ। ਉਸ
ਕਿਸਾਨ ਦੇ ਬਹੁਤ ਸਾਰੀਆਂ ਟਰਕੀਆਂ (ਵੱਡੇ ਕੁੱਕੜ) ਅਤੇ ਕੁੱਕੜ ਕੁੱਕੜੀਆਂ ਅਤੇ ਹੰਸ ਆਦਿ
ਜਾਨਵਰ ਸਨ ਤੇ ਤੁਹਾਨੂੰ ਪਤਾ ਹੈ ਨਾ ਕਿ ਇਹ ਜਾਨਵਰ ਕਿੰਨੇ ਉਤਸੁਕ ਹੁੰਦੇ ਹਨ। ਉਹ ਸਾਰੇ ਹੀ
ਉੱਧਰ ਨੂੰ ਆ ਗਏ ਜਿੱਥੇ ਮੈਂ ਬੈਠਾ ਸੀ। ਮੈਂ ਉੱਥੇ ਬੈਠਾ ਰੋਟੀ ਤੇ ਦੁੱਧ ਦੇ ਮਜੇ ਲੈ ਰਿਹਾ
ਸੀ ਤੇ ਮੇਰੇ ਆਲੇ ਦੁਆਲੇ ਜਾਨਵਰ ਆਪੋ ਆਪਣੇ ਰਾਗ ਅਲਾਪ ਰਹੇ ਸਨ। ਮੈਂ ਫੇਰ ਉੱਥੋਂ ਚੱਲ
ਪਿਆ। ਰਾਤ ਤੱਕ ਮੈਂ ਫੋਰਟ ਸਸਕੈਚਵਾਨ ਪਹੁੰਚ ਗਿਆ। ਉੱਥੇ ਕੈਦੀ ਇਕ ਵੱਡੇ ਸਾਰੇ ਫਾਰਮ ‘ਤੇ
ਕੰਮ ਕਰਦੇ ਸਨ ਤੇ ਉਹ ਉਸ ਵੇਲੇ ਮਿੱਠੇ ਲੂਸਣ ਦੀਆਂ ਭਰੀਆਂ ਬੰਨ ਕੇ ਹਟੇ ਸਨ। ਮੈਂ ਕੁਝ
ਭਰੀਆਂ ਖਿਲਾਰੀਆਂ ਤੇ ਆਪਣੇ ਸੌਣ ਲਈ ਥਾਂ ਬਣਾਇਆ ਤੇ ਸੌਂ ਗਿਆ।
ਮੇਰੇ ਪਿਓ ਨੇ ਅੱਗੇ ਕਿਹਾ, ਅਗਲੀ ਸਵੇਰ ਮੈਂ ਫੇਰ ਉੱਠ ਕੇ ਤੁਰ ਪਿਆ। ਦੁਪਹਿਰ ਜਿਹੇ ਨੂੰ
ਇਕ ਪੁਰਾਣਾ ਖੜਕਿਆ ਹੋਇਆ ਟਰੱਕ ਦੂਜੇ ਪਾਸੇ ਨੂੰ ਜਾਂਦਾ ਹੋਇਆ ਮੇਰੇ ਕੋਲ਼ ਦੀ ਲੰਘਿਆ। ਫੇਰ
ਉਹ ਰੁਕ ਗਿਆ ਤੇ ਮੁੜ ਕੇ ਮੇਰੇ ਕੋਲ਼ ਆ ਗਿਆ। ਟਰੱਕ ਵਿਚ ਇਕ ਕਿਸਾਨ ਤੇ ਉਹਦਾ ਮੁੰਡਾ ਸਨ।
ਕੀ ਤੂੰ ਡਾਲਰ ਦਿਹਾੜੀ ‘ਤੇ ਭਰੀਆਂ ਬੰਨ੍ਹੇਗਾ? ਕਿਸਾਨ ਨੇ ਮੈਨੂੰ ਪੁੱਛਿਆ। ਮੈਂ ਕਿਹਾ,
ਮੈਂ ਕਰ ਲਵਾਂਗਾ। ਉਹਨੇ ਮੈਨੂੰ ਟਰੱਕ ਦੇ ਪਿੱਛੇ ਬੈਠਣ ਦਾ ਇਸ਼ਾਰਾ ਕੀਤਾ। ਅਸੀਂ ਐਡਮੰਟਨ
ਨੂੰ ਗਏ। ਜਦ ਤੱਕ ਉਹ ਉੱਥੇ ਆਪਣਾ ਕੰਮਕਾਰ ਨਿਪਟਾਉਂਦੇ ਰਹੇ ਮੈਂ ਉਨ੍ਹਾਂ ਦੀ ਉਡੀਕ ਕਰਦਾ
ਰਿਹਾ ਅਤੇ ਸ਼ਾਮ ਤੱਕ ਅਸੀਂ ਉਨ੍ਹਾਂ ਦੇ ਫਾਰਮ ‘ਤੇ ਪਹੁੰਚ ਗਏ ਜੋ ਕਿ ਗਿਬਸਨ ਦੇ ਨਜ਼ਦੀਕ
ਸੀ।
ਦਿਹਾੜੀ ਦਾ ਇੱਕੋ ਡਾਲਰ? ਮੈਂ ਆਪਣੇ ਪਿਓ ਨੂੰ ਪੁੱਛਿਆ। ਪਰ ਤੂੰ ਤਾਂ ਕਿਹਾ ਸੀ ਕਿ 1928
ਵਿਚ ਤੂੰ ਕਿਸਾਨਾਂ ਵਾਸਤੇ ਢਾਈ ਡਾਲਰ ਦਿਹਾੜੀ ‘ਤੇ ਕੰਮ ਕਰਦਾ ਸੀ।
ਹਾਂ ਉਹ 1928 ਦੀ ਗੱਲ ਸੀ, ਮੇਰੇ ਪਿਓ ਨੇ ਜਵਾਬ ਦਿੱਤਾ ਤੇ ਹੁਣ ਮੈਂ ਗੱਲ ਕਰ ਰਿਹਾ ਹਾਂ
1934 ਦੀ। ਉਸ ਫਾਰਮਰ ਕੋਲ਼ ਫਸਲਾਂ ਕੱਠੀਆਂ ਕਰਨ ਵਾਲ਼ੀਆਂ ਦੋ ਮਸ਼ੀਨਾਂ ਸਨ। ਇਕ ਉਹ ਆਪ
ਚਲਾਉਂਦਾ ਸੀ ਤੇ ਦੂਜੇ ‘ਤੇ ਉਹਦਾ ਮੁੰਡਾ ਕੰਮ ਕਰਦਾ ਸੀ। ਭਰੀਆਂ ਬੰਨ੍ਹਣ ਵਾਲ਼ੇ ਦੋ ਕਾਮੇ
ਸਨ: ਇਕ ਸਟੈਫਨ ਨਾਂ ਦਾ ਸਚੈਕੋਸਲੋਵਾਕੀਅਨ ਸੀ ਤੇ ਦੂਜਾ ਮੈਂ।
ਮੇਰੇ ਪਿਓ ਨੇ ਦੱਸਿਆ ਕਿ ਉਹ ਲੰਮਾ ਸਮਾਂ ਭੁੱਖਾ ਰਹਿਣ ਕਰਕੇ ਤੇ ਤੁਰਨ ਕਰਕੇ ਬਹੁਤ ਕਮਜ਼ੋਰ
ਮਹਿਸੂਸ ਕਰ ਰਿਹਾ ਸੀ। ਸਵੇਰ ਵੇਲੇ ਉਹਦੀ ਨਕਸੀਰ ਫੁੱਟ ਗਈ ਤੇ ਸਾਰਾ ਦਿਨ ਹੌਲੀ ਹੌਲੀ
ਉਹਦੀਆਂ ਨਾਸਾਂ ਵਿਚੋਂ ਖੂਨ ਵਹਿੰਦਾ ਰਿਹਾ। ਉਹ ਸੌਲ੍ਹਾਂ ਘੰਟੇ ਭਰੀਆਂ ਬੰਨ੍ਹਦਾ ਰਿਹਾ ਤੇ
ਸਾਰੀ ਦਿਹਾੜੀ ਭਰੀਆਂ ‘ਤੇ ਉਸ ਦਾ ਖੂਨ ਡੁੱਲਦਾ ਰਿਹਾ। ਸ਼ਾਮ ਨੂੰ ਉਹਨੇ ਫਾਰਮਰ ਨਾਲ਼ ਗੱਲ
ਕੀਤੀ।
ਮੇਰੀ ਗੱਲ ਸੁਣ, ਉਹਨੇ ਫਾਰਮਰ ਨੂੰ ਕਿਹਾ, ਜਦੋਂ ਮੈਂ ਕਿਹਾ ਸੀ ਕਿ ਮੈਂ ਡਾਲਰ ਦਿਹਾੜੀ ‘ਤੇ
ਭਰੀਆਂ ਬੰਨ੍ਹਾਂਗਾ ਮੇਰਾ ਮਤਲਬ ਸੀ ਕਿ ਇਕ ਨਾਰਮਲ ਦਸ ਘੰਟੇ ਦੀ ਦਿਹਾੜੀ। ਕੀ ਅਸੀਂ ਹਰ
ਰੋਜ਼ ਸੋਲ੍ਹਾਂ ਘੰਟੇ ਕੰਮ ਕਰਨਾ ਹੈ?
ਕਿਸਾਨ ਨੇ ਜਵਾਬ ਦਿੱਤਾ ਕਿ ਜਿੰਨਾ ਚਿਰ ਫਸਲ ਦਾ ਕੰਮ ਖਤਮ ਨਹੀਂ ਹੋ ਜਾਂਦਾ ਅਸੀਂ ਲੋੜ
ਅਨੁਸਾਰ ਕੰਮ ਕਰਦੇ ਰਹਾਂਗੇ।
ਫੇਰ ਸਾਨੂੰ ਹੋਰ ਤਨਖਾਹ ਦੇ।
ਤੂੰ ਬਹੁਤੀਆਂ ਮੰਗਾਂ ਨਾ ਮੰਗਣੀਆਂ ਸ਼ੁਰੂ ਕਰ, ਤੂੰ ਸਟੈਫਨ ਦੇ ਮੁਕਾਬਲੇ ਮਸੀਂ ਚੌਥਾ
ਹਿੱਸਾ ਕੰਮ ਕੀਤਾ ਹੈ।
ਹਾਂ, ਮੈਨੂੰ ਪਤਾ ਹੈ। ਮੈਂ ਕਮਜ਼ੋਰ ਹਾਂ ਤੇ ਸਾਰਾ ਦਿਨ ਮੇਰੀ ਨਕਸੀਰ ਫੁੱਟੀ ਰਹੀ ਹੈ ਪਰ
ਮੇਰੇ ਕੋਲ਼ੋਂ ਜਿੰਨਾ ਹੋ ਸਕਿਆ ਮੈਂ ਸੋਲ੍ਹਾਂ ਘੰਟੇ ਕਰਦਾ ਰਿਹਾ ਹਾਂ। ਮੈਂ ਦਸਾਂ ਘੰਟਿਆਂ
ਦੇ ਦਿਨ ਲਈ ਡਾਲਰ ‘ਤੇ ਕੰਮ ਕਰਾਂਗਾ ਪਰ ਦਸਾਂ ਘੰਟਿਆਂ ਤੋਂ ਵਾਧੂ ਕੰਮ ਲਈ ਮੈਂ ਘੰਟੇ ਦੇ
ਦਸ ਸੈਂਟ ਦੇ ਹਿਸਾਬ ਨਾਲ਼ ਹੋਰ ਪੈਸੇ ਲਵਾਂਗਾ। ਮੇਰੇ ਅੱਜ ਦੇ ਇਕ ਡਾਲਰ ਤੇ ਸੱਠ ਸੈਂਟ
ਬਣਦੇ ਹਨ।
ਅਗਲੀ ਸਵੇਰ ਫਾਰਮਰ ਨੇ ਉਹਨੂੰ ਨਾਸ਼ਤਾ ਦਿੱਤਾ ਤੇ ਕਿਹਾ ਕਿ ਉਹਦੇ ਲਈ ਉੱਥੇ ਹੋਰ ਕੰਮ ਨਹੀਂ
ਸੀ।
ਠੀਕ ਹੈ, ਮੇਰੇ ਪਿਓ ਨੇ ਕਿਹਾ, ਪਰ ਜਿਹੜੇ ਇਕ ਡਾਲਰ ਤੇ ਸੱਠ ਸੈਂਟ ਮੈਂ ਕੱਲ੍ਹ ਕਮਾਏ ਹਨ
ਉਹ ਕਿੱਥੇ ਹਨ?
ਤੈਨੂੰ ਕੋਈ ਪੈਸਾ ਨਹੀਂ ਮਿਲਣਾ, ਡਾਲਰ ਵੀ ਨਹੀਂ, ਫਾਰਮਰ ਦਾ ਜਵਾਬ ਸੀ। ਤੂੰ ਲੋੜ ਜਿੰਨਾ
ਵੀ ਕੰਮ ਨਹੀਂ ਕੀਤਾ।
ਮੇਰਾ ਪਿਓ ਹੌਲ਼ੀ ਹੌਲ਼ੀ ਸੜਕ ਵਲ ਤੁਰ ਪਿਆ। ਪਰ ਫਾਰਮਰ ਦੀ ਪਤਨੀ ਨੇ ਰੌਲ਼ੀ ਪਾਈ ਤੇ ਫੇਰ
ਉਹਦਾ ਮੁੰਡਾ ਵੀ ਨਾਲ਼ ਰਲ਼ ਗਿਆ, ਇਸ ਕਰਕੇ ਫਾਰਮਰ ਬਾਹਰ ਆਇਆ ਤੇ ਮੇਰੇ ਪਿਓ ਵੱਲ ਇਕ ਡਾਲਰ
ਵਗਾਹ ਮਾਰਿਆ। ਮੇਰੇ ਪਿਓ ਨੇ ਮੁੜ ਕੇ ਜਾ ਕੇ ਮਰੋੜਿਆ ਹੋਇਆ ਡਾਲਰ ਦਾ ਨੋਟ ਚੁੱਕਿਆ ਤੇ
ਲੈਮੌਂਟ ਵੱਲ ਨੂੰ ਤੁਰ ਪਿਆ।
ਦਰਿਆ ਦੇ ਲਾਗੇ ਇਕ ਵੱਡਾ ਸਾਰਾ ਫਾਰਮ ਸੀ ਜਿੱਥੇ ਬਹੁਤ ਸਾਰੇ ਬੰਡਲ ਬੰਨਣ ਵਾਲ਼ੇ ਪਏ ਸਨ।
ਇਹ ਫਾਰਮ ਇਕ ਫਰਾਂਸੀਸੀ ਫਾਰਮਰ ਦੀ ਮਲਕੀਅਤ ਸੀ ਜਿਹੜਾ ਇਕ ਟਰੈਕਟਰ ਨਾਲ਼ ਫਸਲ ਕੱਟ ਰਿਹਾ
ਸੀ। ਮੇਰੇ ਪਿਓ ਨੇ ਇਕ ਪਾਸੇ ਖੜ੍ਹ ਕੇ ਫਾਰਮਰ ਦੀ ਉਡੀਕ ਕੀਤੀ ਜਦ ਤੱਕ ਉਹ ਟਰੈਕਟਰ ਲੈ ਕੇ
ਖੇਤ ਦੇ ਉਸ ਪਾਸੇ ਨਹੀਂ ਆ ਗਿਆ।
ਤੇਰੀਆਂ ਬਹੁਤ ਸਾਰੀਆਂ ਭਰੀਆਂ ਬੰਨ੍ਹਣ ਵਾਲ਼ੀਆਂ ਪਈਆਂ ਹਨ ਕੀ ਤੂੰ ਮੈਨੂੰ ਦਿਹਾੜੀ ਦਾ ਇਕ
ਡਾਲਰ ਦੇਵੇਗਾ ਇਹ ਭਰੀਆਂ ਬੰਨਣ ਬਦਲੇ?
ਫਾਰਮਰ ਨੇ ਕਿਹਾ ਕਿ ਉਹ ਦੇਵੇਗਾ। ਮੇਰੇ ਪਿਓ ਨੇ ਉੱਥੇ ਭਰੀਆਂ ਬੰਨਣੀਆਂ ਸ਼ੁਰੂ ਕਰ
ਦਿੱਤੀਆਂ ਤੇ ਜਿੰਨਾ ਚਿਰ ਸਾਰਾ ਕੰਮ ਖਤਮ ਨਹੀਂ ਹੋ ਗਿਆ ਉਹ ਲੱਗਾ ਰਿਹਾ। ਉਹਨੂੰ ਉੱਥੇ ਪੰਜ
ਦਿਨ ਲੱਗ ਗਏ। ਹੁਣ ਉਹਦੇ ਕੋਲ਼ ਛੇ ਡਾਲਰ ਸਨ ਪਰ ਉਹਦੇ ਕੱਪੜੇ ਸਾਰੇ ਪਾਟ ਗਏ ਸਨ।
ਤਾਜ਼ੇ ਕੱਟੇ ਬੰਡਲਾਂ ਨੂੰ ਬੰਨਣਾ ਮੁਕਾਬਲਤਨ ਸੌਖਾ ਹੁੰਦਾ ਹੈ ਕਿਉਂਕਿ ਉਹ ਹਰੇ ਅਤੇ ਸਿੱਲੇ
ਹੁੰਦੇ ਹਨ। ਪਰ ਜਿਹੜੇ ਬੰਡਲ਼ ਜਿ਼ਆਦਾ ਦੇਰ ਦੇ ਪਏ ਹੁੰਦੇ ਹਨ ਉਹ ਥੱਲਿਓਂ ਚੜ੍ਹੇ ਸਲ੍ਹਾਬੇ
ਕਾਰਨ ਭਾਰੇ ਹੁੰਦੇ ਹਨ ਪਰ ਉੱਪਰੋਂ ਉਹ ਸੁੱਕੇ ਹੁੰਦੇ ਹਨ ਤੇ ਖਿਲਰਦੇ ਰਹਿੰਦੇ ਹਨ ਇਸ ਕਰਕੇ
ਉਨ੍ਹਾਂ ਨੂੰ ਓਨੀ ਤੇਜ਼ੀ ਨਾਲ਼ ਨਹੀਂ ਬੰਨਿਆਂ ਜਾ ਸਕਦਾ। ਉਨ੍ਹਾਂ ਨੂੰ ਰੁੱਗ ਭਰ ਭਰ ਕੇ
ਸਾਵਧਾਨੀ ਨਾਲ਼ ਚੁੱਕਣਾ ਪੈਂਦਾ ਹੈ। ਸੁੱਕੇ ਹੋਏ ਬੂਟੇ ਝਰੀਟਾਂ ਪਾ ਦਿੰਦੇ ਹਨ ਅਤੇ ਕੱਪੜੇ
ਪਾੜ ਦਿੰਦੇ ਹਨ। ਪੰਜ ਦਿਨਾਂ ਦੇ ਅਖੀਰ ‘ਚ ਮੇਰੇ ਪਿਓ ਦੀ ਜੈਕਿਟ ਤੇ ਓਵਰਆਲ ਬੁਰੇ ਹਾਲੀਂ
ਸਨ।
ਤੇ ਮੇਰੇ ਪਿਓ ਕੋਲ਼ ਸਿਰਫ ਛੇ ਡਾਲਰ ਹੀ ਸਨ। ਜੋਰ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਤੇ
ਲਗਦਾ ਸੀ ਕਿ ਕੁਝ ਦਿਨਾਂ ਦੀ ਝੜੀ ਲਾ ਕੇ ਹੀ ਹਟੇਗਾ। ਕੀ ਕੀਤਾ ਜਾਵੇ? ਮੀਂਹ ਦੇ ਦਿਨ
ਲੰਘਾਉਣ ਦਾ ਇਕੋ ਇਕ ਤਰੀਕਾ ਸੀ ਕਿ ਕੋਈ ਹਮਦਰਦ ਫਾਰਮਰ ਲੱਭਿਆ ਜਾਵੇ ਜਿਹੜਾ ਤੁਹਾਨੂੰ ਆਪਣੇ
ਬਾਰਨ ਜਾਂ ਦਾਣੇ ਰੱਖਣ ਵਾਲ਼ੇ ਕੋਠੇ ਵਿਚ ਮੀਂਹ ਤੋਂ ਬਚਣ ਲਈ ਸੌਂ ਲੈਣ ਦੇਵੇ। ਪਰ ਉੱਥੇ
ਇਹੋ ਜਿਹਾ ਕੋਈ ਨਹੀਂ ਸੀ ਜਿਹੜਾ ਇਕ ਮਜ਼ਦੂਰ ਨੂੰ ਖਾਣ ਨੂੰ ਦੇਵੇ ਜਦ ਬਦਲੇ ਵਿਚ ਉਹਦੇ
ਕੋਲ਼ੋਂ ਕੋਈ ਕੰਮ ਨਾ ਕਰਵਾਇਆ ਜਾ ਸਕਦਾ ਹੋਵੇ। ਅਤੇ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਸੀ ਕਿ
ਮੀਂਹ ਬੰਦ ਹੋਣ ਬਾਅਦ ਵੀ ਕੋਈ ਕੰਮ ਹੋਵੇਗਾ ਜਾਂ ਨਹੀਂ। ਲੋਕ ਕਹਿ ਰਹੇ ਸਨ ਕਿ ਦਾਣੇ ਕੱਢਣ
ਦੇ ਕੰਮ ਦਾ ਵੀ ਦਿਹਾੜੀ ਦਾ ਇਕ ਹੀ ਡਾਲਰ ਮਿਲਣਾ ਸੀ।
ਮੇਰੇ ਪਿਓ ਨੇ ਫੈਸਲਾ ਕੀਤਾ ਕਿ ਉਹ ਆਪਣੇ 6 ਡਾਲਰ ਲੈ ਕੇ ਘਰ ਮੁੜ ਜਾਵੇ। ਪਰ ਏਨੇ ਕੁ
ਪੈਸਿਆਂ ਨਾਲ਼ ਉਹ ਸਿਆਲ ਕਿੱਦਾਂ ਕੱਢਣਗੇ? ਉਹ ਲੂਣ, ਆਟਾ, ਖੰਡ ਤੇ ਮਿੱਟੀ ਦਾ ਤੇਲ ਕਾਹਦੇ
ਨਾਲ਼ ਖਰੀਦਣਗੇ?
ਉਹ ਉਸ ਵੇਲੇ ਕੋਸਟੀਸਿ਼ਨਜ਼ ਦੇ ਘਰ ਲਾਗੇ ਸੀ। ਚਾਰ ਸਾਲ ਪਹਿਲਾਂ ਕੋਸਟੀਸਿ਼ਨਜ਼ ਨੇ ਆਪਣੀ
ਜ਼ੋਰਨਾ ਮੇਰੇ ਪਿਓ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਮੇਰੇ ਪਿਓ ਨੇ ਲੈਣ ਤੋਂ ਇਹ ਕਹਿ
ਕੇ ਨਾਂਹ ਕਰ ਦਿੱਤੀ ਸੀ ਕਿ ਉਹ ਕਨੇਡਾ ਨੂੰ ਇਹੋ ਜਿਹਾ ਜੀਵਨ ਜੀਣ ਖਾਤਰ ਨਹੀਂ ਸੀ ਆਇਆ।
ਹੁਣ ਉਹ ਕੋਸਟੀਸਿ਼ਨਜ਼ ਨੂੰ ਫੇਰ ਮਿਲਣ ਗਿਆ। ਕੋਸਟੀਸਿ਼ਨਜ਼ ਨੇ ਉਹਨੂੰ ਲੰਚ ਖੁਆਇਆ। ਕੀ ਉਹ
ਅਜੇ ਵੀ ਉਹਨੂੰ ਚੱਕੀ ਦੇਣ ਲਈ ਤਿਆਰ ਹੈ? ਮੇਰੇ ਪਿਓ ਨੇ ਪੁੱਛਿਆ। ਉਹ ਬਿਲਕੁਲ ਤਿਆਰ ਸੀ ਪਰ
ਮੁਸ਼ਕਿਲ ਇਹ ਸੀ ਕਿ ਉਹ ਮਸ਼ੀਨ ਨੂੰ ਆਪਣੇ ਘਰ ਲੈ ਕੇ ਕਿੱਦਾਂ ਜਾਵੇਗਾ? ਥੱਲੇ ਵਾਲ਼ੇ ਪੱਥਰ
ਦਾ ਭਾਰ 70 ਜਾਂ 80 ਪਾਉਂਡ ਸੀ ਤੇ ਉੱਪਰਲੇ ਪੱਥਰ ਦਾ ਭਾਰ 200 ਪਾਉਂਡ ਦੁਆਲੇ ਸੀ। ਐਡਮੰਟਨ
ਤੋਂ ਰਾਈਕਰੌਫਟ ਦਾ ਗੱਡੀ ਦਾ ਟਿਕਟ ਹੀ ਇਕ ਮੁਸਾਫਰ ਲਈ 14 ਡਾਲਰਾਂ ਦਾ ਸੀ ਤੇ ਮੇਰੇ ਪਿਓ
ਕੋਲ਼ ਤਾਂ ਸਿਰਫ 6 ਡਾਲਰ ਹੀ ਸਨ। ਕੋਸਟੀਸਿ਼ਨਜ਼ ਨੇ ਆਪਣੇ ਬੇਟੇ ਨੂੰ ਸੱਦਿਆ ਤੇ ਕਿਹਾ ਕਿ
ਉਹ ਘੋੜਿਆਂ ਨੂੰ ਜੋੜੇ। ਕਿਉਂਕਿ ਮੀਂਹ ਪੈ ਕੇ ਹਟਿਆ ਸੀ ਤੇ ਸਭ ਕੁਝ ਗਿੱਲਾ ਸੀ ਉਹ ਕੁਝ ਵੀ
ਕਰ ਨਹੀਂ ਸਨ ਰਹੇ, ਇਸ ਤਰ੍ਹਾਂ ਉਹਦਾ ਪੁੱਤਰ ਮੇਰੇ ਪਿਓ ਨੂੰ ਜ਼ੋਰਨਾ ਸਣੇ 14 ਮੀਲ ਦੂਰ
ਲੈਮੌਂਟ ਛੱਡ ਕੇ ਆਇਆ।
ਲੈਮੌਂਟ ਜਾਂਦਿਆਂ ਹੀ ਮੇਰਾ ਪਿਓ ਸਿੱਧਾ ਤਾਰਨੌਵ ਨਾਂ ਦੇ ਯੁਕਰੇਨੀਅਨ ਯਹੂਦੀ ਦੀ ਦੁਕਾਨ
ਵਿਚ ਗਿਆ। ਸਾਰੇ ਤਾਰਨੌਵ ਦੀ ਦੁਕਾਨ ‘ਤੇ ਹੀ ਜਾਂਦੇ ਹੁੰਦੇ ਸਨ। ਜਿਹੜੇ ਯੁਕਰੇਨੀਅਨ ਆਪਣੇ
ਪੁਰਾਣੇ ਮੁਲਕ ਵਿਚ ਯਹੂਦੀਆਂ ਖਿਲਾਫ ਜ਼ਹਿਰ ਨਾਲ਼ ਭਰੇ ਹੁੰਦੇ ਸਨ ਉਨ੍ਹਾਂ ਨੂੰ ਵੀ ਏਥੇ ਆ
ਕੇ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਮੱਦਦ ‘ਤੇ ਸਿਰਫ ਉਹ ਯਹੂਦੀ ਹੀ ਬਹੁੜਦੇ ਸਨ ਜਿਹੜੇ ਏਥੇ
ਪਹਿਲਾਂ ਦੇ ਆਏ ਹੋਏ ਸਨ। ਯਹੂਦੀਆਂ ਦੇ ਪੱਖੋਂ ਇਹ ਗੱਲ ਸੀ ਕਿ ਉਨ੍ਹਾਂ ਨਾਲ਼ ਇਸ ਮੁਲਕ ਵਿਚ
ਵੀ ਉਸੇ ਤਰ੍ਹਾਂ ਹੀ ਨਫਰਤ ਕੀਤੀ ਜਾਂਦੀ ਸੀ ਜਿੱਦਾਂ ਪੁਰਾਣੇ ਮੁਲਕ ਵਿਚ, ਇਸ ਕਰਕੇ ਉਨ੍ਹਾਂ
ਨੂੰ ਵੀ ਖੁਸ਼ੀ ਹੁੰਦੀ ਸੀ ਜਦੋਂ ਉਹ ਕਿਸੇ ਅਜਿਹੇ ਬੰਦੇ ਨੂੰ ਮਿਲਦੇ ਜੋ ਉਨ੍ਹਾਂ ਦੀ ਬੋਲੀ
ਬੋਲ ਸਕਦਾ ਹੋਵੇ ਤੇ ਉਨ੍ਹਾਂ ਦੇ ਸਭਿਆਚਾਰ ਤੋਂ ਵਾਕਿਫ ਹੋਵੇ।
ਤਾਰਨੌਵ ਦਾ ਛੋਟਾ ਜਿਹਾ ਕਾਰੋਬਾਰ ਸੀ, ਜਿਹਦੇ ਵਿਚ ਇਕ ਦੁਕਾਨ, ਰੈਸਟੋਰੈਂਟ ਤੇ ਹੋਰ
ਛੋਟੀਆਂ ਮੋਟੀਆਂ ਚੀਜ਼ਾਂ। ਉਹ ਲੋੜ ਵੇਲੇ ਲੋਕਾਂ ਨੂੰ ਰਹਿਣ ਲਈ ਥਾਂ ਦੇ ਦਿੰਦਾ, ਖਾਣਾ ਦੇ
ਦਿੰਦਾ, ਉਨ੍ਹਾਂ ਲਈ ਉਨ੍ਹਾਂ ਦੀ ਡਾਕ ਸਾਂਭ ਰੱਖਦਾ, ਕਾਨੂੰਨੀ ਮਸਲਿਆਂ ਬਾਰੇ ਉਨ੍ਹਾਂ ਨੂੰ
ਸਲਾਹ ਮਸ਼ਵਰਾ ਦੇ ਦਿੰਦਾ, ਚਿੱਠੀਆਂ ਲਿਖ ਦਿੰਦਾ, ਹੋਰ ਵੀ ਜੋ ਕੁਝ ਇਹੋ ਜਿਹਾ ਕਰਨ ਦੀ ਲੋੜ
ਹੁੰਦੀ ਕਰ ਦਿੰਦਾ। ਉਹ ਪੂਰਾ ਅਸੂਲੀ ਤੇ ਇਮਾਨਦਾਰ ਸੀ ਤੇ ਜਦੋਂ ਉਹਨੂੰ ਪਤਾ ਹੋਵੇ ਕਿ ਅਗਲੇ
ਕੋਲ਼ ਪੈਸੇ ਨਹੀਂ ਤਾਂ ਉਸ ਵੇਲੇ ਉਹਦੇ ਕੋਲ਼ੋਂ ਪੈਸੇ ਨਹੀਂ ਸੀ ਮੰਗਦਾ।
ਮੇਰੇ ਪਿਓ ਨੇ ਰਾਤ ਉੱਥੇ ਕੱਟੀ। ਤਾਰਨੌਵ ਨੇ ਉਹਨੂੰ ਸਵੇਰ ਨੂੰ ਸਲਾਹ ਦਿੱਤੀ ਕਿ ਉਹ ਨੇੜੇ
ਪੈਂਦੇ ਪਸ਼ੂਆਂ ਦੇ ਬਾੜੇ (ਸਟੌਕਯਾਰਡ) ਨੂੰ ਜਾਵੇ ਕਿਉਂਕਿ ਉਹ ਪਸ਼ੂਆਂ ਨੂੰ ਐਡਮੰਟਨ ਵਾਸਤੇ
ਗੱਡੀ ਵਿਚ ਚਾੜ੍ਹ ਰਹੇ ਸਨ।
ਜਿਸ ਵੇਲੇ ਮੇਰਾ ਪਿਓ ਆਪਣੀ ਆਟਾ ਪੀਹਣ ਵਾਲ਼ੀ ਮਸ਼ੀਨ ਲੈ ਕੇ ਸਟੌਕਯਾਰਡ ਵਿਚ ਪਹੁੰਚਿਆ
ਉੱਥੇ ਉਹਨੂੰ ਇਕ ਯੁਕਰੇਨੀਅਨ ਕਿਸਾਨ ਮਿਲ਼ ਪਿਆ ਜਿਹੜਾ ਆਪਣੇ ਸੂਰ ਐਡਮੰਟਨ ਨੂੰ ਲੈ ਕੇ ਜਾ
ਰਿਹਾ ਸੀ। ਉਸ ਕਿਸਾਨ ਨੇ ਮੇਰੇ ਪਿਓ ਨੂੰ ਕਿਹਾ ਕਿ ਉਹ ਉਹਦੇ ਨਾਲ਼ ਆ ਸਕਦਾ ਸੀ ਜੇ ਉਹ
ਉਹਨੂੰ ਪੰਜ ਡਾਲਰ ਦੇ ਦੇਵੇ। ਮੇਰੇ ਪਿਓ ਨੇ ਉਹਨੂੰ ਕਿਹਾ ਕਿ ਉਹਨੇ ਫਸਲਾਂ ਦੇ ਕੰਮ ਵਿਚੋਂ
ਸਿਰਫ 6 ਡਾਲਰ ਕਮਾਏ ਹਨ ਤੇ ਐਡਮੰਟਨ ਉਹਦੇ ਘਰ ਤੋਂ ਫੇਰ ਵੀ ਕਾਫੀ ਦੂਰ ਸੀ। ਸੋ ਉਨ੍ਹਾਂ ਦਾ
ਅਖੀਰ ਵਿਚ ਇਕ ਡਾਲਰ ਪੱਚੀਆਂ ਸੈਂਟਾਂ ‘ਤੇ ਫੈਸਲਾ ਹੋ ਗਿਆ। ਮੇਰੇ ਪਿਓ ਕੋਲ਼ ਹੁਣ ਚਾਰ
ਡਾਲਰ ਤੇ ਪਝੱਤਰ ਸੈਂਟ ਬਚਦੇ ਸਨ।
ਕਿਸਾਨ ਆਪਣੇ ਸੂਰਾਂ ਨੂੰ ਐਡਮੰਟਨ ਵਿਚ 101 ਸਟਰੀਟ ‘ਤੇ ਲੈ ਕੇ ਜਾ ਰਿਹਾ ਸੀ ਜਿਹੜੀ ਸਟਰੀਟ
ਉੱਤੇ ਇਮੀਗਰੇਸ਼ਨ ਹਾਲ ਹੈ। ਉਹਨੇ ਮੇਰੇ ਪਿਓ ਨੂੰ ਉਹਦੀ ਚੱਕੀ ਸਣੇ ਉੱਥੇ ਛੱਡ ਦਿੱਤਾ।
ਮੇਰੇ ਪਿਓ ਨੇ ਚੱਕੀ ਦੇ ਛੋਟੇ ਪੁੜ ਨੂੰ ਇਮੀਗਰੇਸ਼ਨ ਹਾਲ ਦੀਆਂ ਪੌੜੀਆਂ ਦੇ ਥੱਲੇ ਲੁਕਾ
ਦਿੱਤਾ ਅਤੇ ਦੂਜੇ ਵੱਡੇ ਪੁੜ ਨੂੰ ਚਾਦਰ ਵਿਚ ਲਪੇਟ ਕੇ ਪਿੱਠ ‘ਤੇ ਚੁੱਕ ਕੇ ਪੰਜ ਮੀਲ ਦੂਰੀ
‘ਤੇ ਪੈਂਦੇ ਡੁਨਵੇਗਨ ਫਰਾਈਟ ਮਾਰਸ਼ਲਿੰਗ ਯਾਰਡ ਵੱਲ ਨੂੰ ਤੁਰ ਪਿਆ।
ਦੋ ਸੌ ਪਾਉਂਡ ਕਾਫੀ ਵਜ਼ਨ ਹੁੰਦਾ ਹੈ ਤੇ ਹੁਣ ਹਨੇਰਾ ਵੀ ਵਧ ਰਿਹਾ ਸੀ। ਕਈ ਐਲੀਵੇਟਰਾਂ ਦੇ
ਕੋਲ਼ ਦੀ ਲੰਘਦਿਆਂ ਉਹ ਉਨ੍ਹਾਂ ਨਾਲ਼ ਲੱਗ ਕੇ ਕੁਝ ਦੇਰ ਆਰਾਮ ਕਰ ਲੈਂਦਾ। ਥੋੜੀ ਦੂਰੀ ‘ਤੇ
ਉਹਨੇ ਆਪਣੇ ਵੱਲ ਆਉਂਦੀ ਇਕ ਬੈਟਰੀ ਦੀ ਲੋਅ ਦੇਖੀ ਪਰ ਉਹਨੇ ਓਨਾਂ ਚਿਰ ਉਹਦੀ ਵੱਲ ਕੋਈ
ਧਿਆਨ ਨਾ ਦਿੱਤਾ ਜਿੰਨਾ ਚਿਰ ਉਹ ਵਿਅਕਤੀ ਉਹਦੇ ਕੋਲ਼ ਨਾ ਆ ਗਿਆ।
ਤੂੰ ਕੀ ਚੁੱਕੀ ਲਈ ਜਾ ਰਿਹਾ ਹੈਂ? ਬੈਟਰੀ ਵਾਲ਼ੇ ਵਿਅਕਤੀ ਨੇ ਪੁੱਛਿਆ।
ਸੋਨਾ, ਮੇਰੇ ਪਿਓ ਨੇ ਖਿੱਝ ਨਾਲ਼ ਜਵਾਬ ਦਿੱਤਾ ਤੇ ਅੱਗੇ ਤੁਰਨ ਲਈ ਕਦਮ ਪੁੱਟਿਆ।
ਉਸ ਬੰਦੇ ਨੇ ਪੱਥਰ ਨੂੰ ਹੱਥ ਪਾਇਆ ਪਰ ਕਿਉਂਕਿ ਉਹ ਬਹੁਤ ਭਾਰਾ ਸੀ ਇਸ ਲਈ ਮੇਰਾ ਪਿਓ ਡਿੱਗ
ਪਿਆ। ਥੱਲੇ ਡਿੱਗਿਆ ਪਿਆ ਉਹ ਗਾਲ਼ਾਂ ਕੱਢਣ ਲੱਗ ਪਿਆ ਪਰ ਉਹ ਠੀਕ ਤਰ੍ਹਾਂ ਗਾਲ਼ਾਂ ਕੱਢਣ
ਜੋਗੀ ਅੰਗ੍ਰੇਜ਼ੀ ਨਹੀਂ ਸੀ ਜਾਣਦਾ।
ਤੂੰ ਕਿਹੜੀ ਜ਼ਬਾਨ ਬੋਲਦਾ ਏਂ? ਉਸ ਬੰਦੇ ਨੇ ਪੁੱਛਿਆ।
ਯੁਕਰੇਨੀਅਨ, ਮੇਰੇ ਪਿਓ ਨੇ ਜਵਾਬ ਦਿੱਤਾ, ਤੇ ਉਹਨੂੰ ਹੈਰਾਨੀ ਹੋਈ ਜਦੋਂ ਉਹ ਬੰਦਾ ਵੀ
ਯੁਕਰੇਨੀਅਨ ਹੀ ਬੋਲਣ ਲੱਗ ਪਿਆ। ਤਿੰਨ ਜ਼ੁਬਾਨਾਂ ਬੋਲ ਸਕਣ ਵਾਲ਼ਾ ਉਹ ਬੰਦਾ ਬਰੁਡਰਹਾਈਮ
ਤੋਂ ਆਇਆ ਹੋਇਆ ਜਰਮਨ ਪਿਛੋਕੜ ਦਾ ਆਰ ਸੀ ਐਮ ਪੀ ਦਾ ਸਿਪਾਹੀ ਸੀ। ਮੇਰੇ ਪਿਓ ਨੇ ਉਹਨੂੰ
ਦੱਸਿਆ ਕਿ ਉਹਨੇ ਇਸ ਸਾਲ ਦੀ ਫਸਲ ‘ਤੇ ਬਹੁਤੇ ਪੈਸੇ ਨਹੀਂ ਕਮਾਏ ਤੇ ਕਿਸੇ ਨੇ ਉਹਨੂੰ ਆਟਾ
ਪੀਹਣ ਵਾਲ਼ੀ ਚੱਕੀ ਦੇ ਦਿੱਤੀ ਹੈ ਜਿਸ ਨੂੰ ਉਹ ਘਰ ਲੈ ਕੇ ਜਾ ਰਿਹਾ ਹੈ।
ਤੂੰ ਇਹਨੂੰ ਘਰ ਕਿੱਦਾਂ ਲੈ ਕੇ ਜਾਵੇਂਗਾ? ਉਸ ਨੇ ਪੁੱਛਿਆ।
ਉਹਦੀ ਮੈਂ ਸਕੀਮ ਬਣਾਈ ਹੋਈ ਹੈ। ਮੈਂ ਪੁੜਾਂ ਨੂੰ ਗੱਡੀ ਦੇ ਡੱਬੇ ਦੇ ਥੱਲੇ ਬੰਨ ਦੇਵਾਂਗਾ
ਜਦੋਂ ਕਿ ਗੱਡੀ ਅਜੇ ਮਾਰਸ਼ਲਿੰਗ ਯਾਰਡ ਵਿਚ ਹੀ ਹੋਵੇਗੀ ਤੇ ਫੇਰ ਜਦੋਂ ਗੱਡੀ ਤੁਰੇਗੀ ਮੈਂ
ਮਲਕਚਾਰੇ ਉਸੇ ਗੱਡੀ ‘ਤੇ ਸਵਾਰ ਹੋ ਜਾਵਾਂਗਾ ਅਤੇ ਇਸ ਤਰ੍ਹਾਂ ਰਾਈਕਰੌਫਟ ਪਹੁੰਚ ਜਾਵਾਂਗਾ।
ਪਰ ਜੇ ਤੇਰੇ ਕੋਲ਼ੋਂ ਏਦਾਂ ਨਾ ਕਰ ਹੋਇਆ? ਜੇ ਤੂੰ ਪੱਥਰਾਂ ਸਣੇ ਗੱਡੀ ਵਿਚੋਂ ਛਾਲ ਮਾਰਨ
ਦੀ ਕੋਸ਼ਸ਼ ਕੀਤੀ? ਚਲਦੀ ਗੱਡੀ ਵਿਚੋਂ ਛਾਲ ਮਾਰਨੀ ਤਾਂ ਕੱਲੇ ਬੰਦੇ ਲਈ ਹੀ ਬਹੁਤ ਔਖੀ
ਹੁੰਦੀ ਹੈ ਤੇ ਜੇ ਤੂੰ ਪਿੱਠ ਪਿੱਛੇ ਏਨਾ ਭਾਰ ਲੈ ਕੇ ਛਾਲ ਮਾਰਨ ਦੀ ਕੋਸ਼ਸ਼ ਕੀਤੀ ਤਾਂ
ਗੱਡੀ ਥੱਲੇ ਡਿੱਗ ਪਵੇਂਗਾ ਤੇ ਕੱਟਿਆ ਜਾਵੇਂਗਾ।
ਮੈਂ ਇਹ ਖਤਰਾ ਲੈ ਲਵਾਂਗਾ, ਮੇਰੇ ਪਿਓ ਨੇ ਕਿਹਾ, ਮੇਰੇ ਕੋਲ਼ ਹੋਰ ਕੋਈ ਰਾਹ ਵੀ ਤਾਂ
ਨਹੀਂ।
ਮੂਰਖ ਨਾ ਬਣ। ਆਰ ਸੀ ਐਮ ਪੀ ਦੇ ਦਫਤਰ ਨੂੰ ਜਾਹ ਤੇ ਉਹ ਤੈਨੂੰ ਗੱਡੀ ਵਿਚ ਮੁਫਤ ਸਫਰ ਕਰਨ
ਦੀ ਆਗਿਆ ਦੇ ਦੇਣਗੇ।
ਮੇਰਾ ਪਿਓ ਉਸ ਦੀ ਇਸ ਗੱਲ ‘ਤੇ ਹੱਸ ਪਿਆ। ਪੁਲਸ ਮੈਨੂੰ ਆਗਿਆ ਦੇ ਦੇਵੇਗੀ? ਉਹ ਤਾਂ
ਅਮੀਰਾਂ ਦੇ (ਬੁਰਜੁਆਜ਼ੀ) ਏਜੰਟ ਹਨ। ਪਾਂਹਨਸਕੀ ਸੋਬਾਕੀ ਤੂੰ ਇਕ ਗਰੀਬ ਦੀ ਕਿਓਂ
ਮਦਦ ਕਰੇਂਗਾ।
ਤੂੰ ਤਾਂ ਕਮਿਉਨਿਸਟਾਂ ਵਾਂਗ ਗੱਲਾਂ ਕਰਦਾ ਏਂ। ਤੈਨੂੰ ਲਾਲ ਐਨਕਾਂ ਰਾਹੀਂ ਦੇਖਣਾ ਕਿਹਨੇ
ਸਿਖਾਲਿਆ ਹੈ?
ਲਾਲ ਐਨਕਾਂ! ਮੈਨੂੰ ਏਥੇ ਆਏ ਨੂੰ ਛੇ ਸਾਲ ਹੋਏ ਹਨ, ਮੈਂ ਆਪਣੇ ਪੁਰਾਣੇ ਮੁਲਕ ਨਾਲੋਂ ਕਿਤੇ
ਜਿ਼ਆਦਾ ਸਖਤ ਕੰਮ ਕਰਦਾ ਹਾਂ ਤੇ ਪੱਲੇ ਕੁਝ ਵੀ ਨਹੀਂ। ਮੈਨੂੰ ਖੁਦ ਆਪਣੀ ਹਾਲਤ ਨਹੀਂ
ਦਿਸਦੀ? ਮੇਰੇ ਘਰ ਵਾਲ਼ੀ ਤੇ ਬੱਚੇ ਘਰ ਬੈਠੇ ਮੇਰੀ ਉਡੀਕ ਕਰ ਰਹੇ ਹਨ ਕਿ ਮੈਂ ਸਿਆਲ਼ ਕੱਢਣ
ਜੋਗੇ ਪੈਸੇ ਕਮਾ ਕੇ ਲਿਆਵਾਂ। ਲਾਲ ਐਨਕਾਂ ਮੈਨੂੰ ਕੋਈ ਹੋਰ ਦੇਵੇਗਾ? ਮੈਨੂੰ ਖੁਦ ਨਹੀਂ ਇਹ
ਸਭ ਕੁਝ ਦਿਸਦਾ?
ਸਭ ਠੀਕ ਹੋ ਜਾਵੇਗਾ। ਪਰ ਇਸ ਵੇਲੇ ਪੁਲਸ ਤੇਰੀ ਮੱਦਦ ਕਰ ਦੇਵੇਗੀ। ਉਹਨੇ ਮੇਰੇ ਪਿਓ ਨੂੰ
ਇਕ ਪਤਾ ਦਿੱਤਾ।
ਮੇਰਾ ਪਿਓ ਮਾਰਸ਼ਲਿੰਗ ਯਾਰਡ ਵਲ ਤੁਰਦਾ ਰਿਹਾ ਤੇ ਉੱਥੇ ਜਾ ਕੇ ਉਹਨੇ ਉਹ ਪੱਥਰ ਲੁਕੋ
ਦਿੱਤਾ। ਉਹ ਮੁੜਦੇ ਫੇਰੇ ਦੂਜਾ ਪੱਥਰ ਵੀ ਉੱਥੇ ਲੈ ਆਇਆ। ਫੇਰ ਉਹ ਮੁੜ ਕੇ ਜਾ ਕੇ
ਇਮੀਗਰੇਸ਼ਨ ਹਾਲ ਦੀਆਂ ਪੌੜੀਆਂ ਥੱਲੇ ਸੌਂ ਗਿਆ। ਸਵੇਰ ਨੂੰ ਉਹ ਮੁਫਤ ਮਿਲਦੇ ਖਾਣੇ ਵਾਲ਼ੀ
ਕਤਾਰ ਵਿਚ ਖੜ੍ਹ ਗਿਆ। ਉਹਨੇ ਦਲ਼ੀਆ ਖਾਧਾ ਤੇ ਉਹ ਉਸ ਜਗ੍ਹਾ ਵੱਲ ਨੂੰ ਚਲੇ ਗਿਆ ਜਿੱਥੇ ਦਾ
ਪਤਾ ਉਹਨੂੰ ਰਾਤੀਂ ਪੁਲਸੀਏ ਨੇ ਦਿੱਤਾ ਸੀ।
ਤੇਰਾ ਖਿਆਲ ਸੀ ਕਿ ਉਹ ਤੇਰੀ ਮੱਦਦ ਕਰਨਗੇ? ਮੈਂ ਆਪਣੇ ਪਿਓ ਨੂੰ ਪੁੱਛਿਆ।
ਨਾ, ਮੈਨੂੰ ਬਿਲਕੁਲ ਕੋਈ ਭੁਲੇਖਾ ਨਹੀਂ ਸੀ। ਮੈਂ ਪੂੰਜੀਵਾਦੀ ਢਾਂਚੇ ਖਿਲਾਫ ਸਬੂਤ ਪ੍ਰਾਪਤ
ਕਰਨਾ ਚਾਹੁੰਦਾ ਸੀ।
ਸੱਚੀਂ, ਤੇਰੇ ਕੋਲ਼ ਲੋੜ ਜੋਗੇ ਸਬੂਤ ਨਹੀਂ ਸਨ? - ਤੂੰ ਕੋਈ ਕਮਾਈ ਨਹੀਂ ਸੀ ਕਰ ਰਿਹਾ, ਤੇ
ਉਹ ਤੇਰਾ ਫਜ਼ੂਲ ਜਿਹਾ ਘਰ, ਫਾਰਮ ਤੇ ਨਾ ਕੋਈ ਸੜਕ ਨਾ ਰਾਹ। ਤੈਨੂੰ ਪੁਲਸੀਆਂ ਅੱਗੇ ਹੱਥ
ਅੱਡ ਕੇ ਹੋਰ ਸਬੂਤ ਮੰਗਣ ਦੀ ਲੋੜ ਸੀ?
ਮੇਰੇ ਪਿਓ ਨੇ ਵੋਦਕਾ ਦੀ ਬੋਤਲ, ਜਿਹੜੀ ਮੈਂ ਉਹਦੇ ਮੂਹਰੇ ਰੱਖੀ ਸੀ, ਵਿਚੋਂ ਘੁੱਟ ਭਰਦਿਆ
ਕਿਹਾ, ਚੱਲ ਛੱਡ। ਤੀਹ ਵਰ੍ਹੇ ਪਹਿਲਾਂ ਮੈਂ ਸਵੇਰ ਨੂੰ ਅੱਠ ਵਜੇ ਠਾਣੇ ਅੱਗੇ ਜਾ ਕੇ ਖੜ੍ਹਾ
ਸੀ। ਉਹ ਜਰਮਨ ਸਿਪਾਹੀ ਤਾਂ ਉੱਥੇ ਹੈ ਨਹੀਂ ਸੀ ਪਰ ਉੱਥੇ ਕੋਈ ਹੋਰ ਸਾਰਜੈਂਟ ਵਗੈਰਾ ਸੀ।
ਉਹਨੇ ਮੈਨੂੰ ਪੁੱਛਿਆ, ਤੈਨੂੰ ਕੀ ਚਾਹੀਦਾ ਹੈ? ਮੈਂ ਆਪਣੀ ਪਾਟੀ ਜੈਕਟ ਦੀ ਬਾਂਹ ਉਹਦੇ ਵੱਲ
ਹਿਲਾਈ। ਫੇਰ ਮੈਂ ਥੱਲੇ ਨੂੰ ਮੂਧਾ ਹੋ ਕੇ ਆਪਣੇ ਪਾਟੇ ਹੋਏ ਓਵਰਆਲ ਦੀਆਂ ਲੱਤਾਂ ਹਿਲਾਈਆਂ।
ਫੇਰ ਮੈਂ ਆਪਣੀ ਪੈਂਟ ਦੀ ਲੱਤ ਉੱਪਰ ਨੂੰ ਚੁੱਕੀ ਤਾਂ ਕਿ ਉਹ ਮੇਰੇ ਟੱਲੀ ਦੇ ਪਾਟੇ ਹੋਏ
ਬੂਟ ਦੇਖ ਸਕੇ ਜਿਨ੍ਹਾਂ ਨੂੰ ਮੈਂ ਤਿੜ ਜਿਹੀ ਨਾਲ਼ ਮੁਰੰਮਤ ਕੀਤਾ ਹੋਇਆ ਸੀ। ਆਪਣੀ ਟੁੱਟੀ
ਹੋਈ ਅੰਗ੍ਰੇਜ਼ੀ ਵਿਚ ਮੈਂ ਉਹਨੂੰ ਆਪਣੇ ਕਮਾਏ ਛੇ ਡਾਲਰਾਂ ਬਾਰੇ, ਆਪਣੀ ਪਤਨੀ ਤੇ ਬੱਚਿਆਂ
ਬਾਰੇ ਤੇ ਜ਼ੋਰਨਾ ਬਾਰੇ ਦੱਸਿਆ। ਮੈਂ ਉਹਨੂੰ ਆਪਣੇ ਬਚੇ ਹੋਏ ਚਾਰ ਡਾਲਰ ਤੇ ਪਝੱਤਰ ਸੈਂਟ
ਵੀ ਦਿਖਾ ਦਿੱਤੇ। ਉਹ ਕਹਿੰਦਾ ਕਿ ਉਹ ਮੇਰੀ ਸਮੱਸਿਆ ਸਮਝਦਾ ਸੀ ਤੇ ਦੁਖੀ ਤੇ ਹੈਰਾਨ ਸੀ ਪਰ
ਆਰ ਸੀ ਐਮ ਪੀ ਕੋਲ਼ ਇਸ ਕਿਸਮ ਦੀ ਸਥਿਤੀ ਵਿਚ ਮੱਦਦ ਕਰਨ ਵਾਸਤੇ ਕੋਈ ਪੈਸੇ ਨਹੀਂ ਸਨ। ਮੈਂ
ਦੇਖ ਸਕਦਾ ਸੀ ਕਿ ਉਹ ਇਹ ਗੱਲ ਦਿਲੋਂ ਕਹਿ ਰਿਹਾ ਸੀ ਤੇ ਉਹ ਮੈਨੂੰ ਆਪਣੀ ਜੇਬ ਵਿਚੋਂ ਵੀ
ਪੈਸੇ ਦੇ ਦਿੰਦਾ ਜੇ ਉਹਦੇ ਕੋਲ਼ ਹੁੰਦੇ ਪਰ ਉਨ੍ਹਾਂ ਦਿਨਾਂ ਵਿਚ ਪੁਲਸ ਵਾਲਿਆਂ ਨੂੰ ਵੀ
ਕੋਈ ਏਨੀ ਬਹੁਤੀ ਤਨਖਾਹ ਨਹੀਂ ਸੀ ਮਿਲਦੀ। ਸਾਰਜੈਂਟ ਨੇ ਮੈਨੂੰ ਕਿਹਾ ਕਿ ਮੈਂ ਉਹ ਪੱਥਰ ਲੈ
ਕੇ ਗੱਡੀ ਨਹੀਂ ਚੜ੍ਹ ਸਕਦਾ ਕਿਉਂਕਿ ਇਸ ਤਰ੍ਹਾਂ ਤੂੰ ਮਰ ਸਕਦਾ ਏਂ। ਮੈਨੂੰ ਤੇਰੇ ਨਾਲ਼
ਹਮਦਰਦੀ ਹੈ ਪਰ ਜੇ ਅਸੀਂ ਤੈਨੂੰ ਕੱਲ੍ਹ ਨੂੰ ਗੱਡੀ ਚੜ੍ਹਨ ਦੀ ਕੋਸ਼ਸ਼ ਕਰਦੇ ਨੂੰ ਦੇਖ ਲਿਆ
ਤਾਂ ਫੜ੍ਹ ਲਵਾਂਗੇ ਤੇ ਜੇਲ੍ਹ ਵਿਚ ਸੁੱਟ ਦੇਵਾਂਗੇ ਤਾਂ ਕਿ ਮਰ ਕੇ ਆਪਣੇ ਬੱਚਿਆਂ ਨੂੰ
ਲਾਵਾਰਸ ਨਾ ਛੱਡ ਜਾਵੇਂ।
ਸਾਰਜੈਂਟ ਨੇ ਮੇਰੇ ਪਿਓ ਨੂੰ ਮਦਦ ਵਾਲ਼ੇ ਦਫਤਰ ਦਾ ਪਤਾ ਦਿੱਤਾ। ਤੇ ਮੇਰਾ ਪਿਓ ਉੱਥੇ ਚਲੇ
ਗਿਆ। ਉੱਥੇ ਜਾ ਕੇ ਵੀ ਉਹਨੇ ਉਹੀ ਪਹਿਲਾਂ ਵਾਂਗ ਆਪਣੀਆਂ ਲੱਤਾਂ ਬਾਹਾਂ ਹਿਲਾ ਆਪਣੇ ਪਾਟੇ
ਕੱਪੜੇ ਤੇ ਬੂਟ ਦਿਖਾਏ। ਉਨ੍ਹਾਂ ਨੇ ਵੀ ਹਮਦਰਦੀ ਦਿਖਾਈ ਪਰ ਕਿਹਾ ਕਿ ਉਹ ਸਿਰਫ ਐਡਮੰਟਨ
ਸ਼ਹਿਰ ਵਾਸੀਆਂ ਦੀ ਹੀ ਮਦਦ ਕਰ ਸਕਦੇ ਸਨ ਤੇ ਉਹਨੂੰ ਸ਼ਹਿਰ ਦੀ ਹੱਦ ਤੋਂ ਬਾਹਰ ਗੱਡੀ ਵਿਚ
ਸਫਰ ਕਰਨ ਲਈ ਮੁਫਤ ਟਿਕਟ ਨਹੀਂ ਸਨ ਦੇ ਸਕਦੇ। ਉਹ ਤਾਂ ਉਹਨੂੰ ਖਾਣੇ ਲਈ ਪਰਚੀ ਦੇਣ ਤੋਂ ਵੀ
ਨਾਂਹ ਕਰ ਗਏ ਕਿਉਂਕਿ ਉਹਨੇ ਆਪਣੇ ਕੋਲ਼ ਦੇ ਚਾਰ ਡਾਲਰ ਤੇ ਪਝੱਤਰ ਸੈਂਟ ਦਿਖਾ ਦਿੱਤੇ ਸਨ।
ਉਨ੍ਹਾਂ ਨੇ ਉਹਨੂੰ ਪਾਰਲੀਮੈਂਟ ਦੀ ਇਮਾਰਤ ਲਾਗੇ ਇਕ ਹੋਰ ਥਾਂ ਭੇਜ ਦਿੱਤਾ। ਉਸ ਦਫਤਰ ਦੇ
ਬਾਹਰ ਇਕ ਨਾਂ ਲਿਖਿਆ ਹੋਇਆ ਸੀ: ਮਿਸਟਰ ਮਕੈਂਜ਼ੀ। ਮੇਰਾ ਪਿਓ ਉਸ ਦਫਤਰ ਦੇ ਅੰਦਰ ਗਿਆ
ਜਿੱਥੇ ਇਕ ਸੈਕਰੇਟਰੀ ਬੈਠੀ ਸੀ। ਉਹਨੇ ਆਪਣੀ ਪਾਟੀ ਜੈਕਟ ਹਿਲਾਈ, ਪੈਂਟ ਦਿਖਾਈ ਤੇ ਆਪਣੇ
ਤਿੜ ਨਾਲ਼ ਬੰਨ੍ਹੇ ਪਾਟੇ ਹੋਏ ਬੂਟ ਦਿਖਾਏ।
ਸੈਕਰੇਟਰੀ ਨੇ ਆਪਣੇ ਮੋਢੇ ਉੱਪਰਦੀ ਪਿਛਾਂਹ ਨੂੰ ਦੇਖਦਿਆਂ ਵਾਜ ਮਾਰੀ: ਮਿਸਟਰ ਮਕੈਂਜ਼ੀ।
ਇਕ ਪਾਹਨ (ਅਫਸਰ) ਅੰਦਰ ਆਇਆ ਤੇ ਮੇਰੇ ਪਿਓ ਨੇ ਫੇਰ ਆਪਣੀਆਂ ਲੱਤਾਂ ਬਾਹਾਂ ਹਿਲਾਉਣੀਆਂ
ਸ਼ੁਰੂ ਕਰ ਦਿੱਤੀਆਂ ਪਰ ਮਿਸਟਰ ਮਕੈਂਜ਼ੀ ਨੇ ਉਹਨੂੰ ਕਿਹਾ ਕਿ ਕਿਰਪਾ ਕਰਕੇ ਉਹ ਸਭ ਕੁਝ ਨਾ
ਦੁਹਰਾਵੇ ਕਿਉਂਕਿ ਉਹਨੂੰ ਪਹਿਲਾਂ ਹੀ ਇਸ ਕਹਾਣੀ ਦਾ ਪਤਾ ਲੱਗ ਚੁੱਕਾ ਹੈ।
ਤੈਨੂੰ ਕਨੇਡਾ ਵਿਚ ਰਹਿੰਦਿਆਂ ਕਿੰਨਾ ਚਿਰ ਹੋਇਆ ਹੈ? ਉਹਨੇ ਪੁੱਛਿਆ।
ਛੇ ਸਾਲ, ਮੇਰੇ ਪਿਓ ਨੇ ਜਵਾਬ ਦਿੱਤਾ।
ਕੀ ਤੂੰ ਕਨੇਡੀਅਨ ਨਾਗਰਿਕ ਹੈਂ?
ਨਹੀਂ।
ਕਿਉਂ ਨਹੀਂ?
ਮੈਨੂੰ ਵਕਤ ਹੀ ਨਹੀਂ ਮਿਲਿਆ। ਮੈਂ ਫਸਲਾਂ ਬੀਜਣ ਲਈ ਧਰਤੀ ਸਾਫ ਕਰਦਾ ਰਿਹਾ ਹਾਂ, ਉਧਾਰ ਲਏ
ਹੋਏ ਪੈਸੇ ਮੋੜਦਾ ਰਿਹਾ ਹਾਂ, ਘਰ ਬਣਾਉਂਦਾ ਰਿਹਾ ਹਾਂ, ਫਸਲਾਂ ਉਗਾਉਂਦਾ ਰਿਹਾ ਹਾਂ। ਨਾ
ਹੀ ਮੇਰੇ ਕੋਲ਼ ਅਰਜ਼ੀ ਦੇਣ ਲਈ ਪੈਸੇ ਸਨ।
ਫੇਰ ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ। ਤੂੰ ਕਨੇਡੀਅਨ ਸ਼ਹਿਰੀ ਨਹੀਂ।
ਪਰ ਮੈਨੂੰ ਮਦਦ ਦੀ ਲੋੜ ਹੈ।
ਸਾਨੂੰ ਤੇਰੇ ਵਰਗੇ ਲੋਕਾਂ ਦੀ ਏਥੇ ਲੋੜ ਨਹੀਂ! ਮੈਂ ਤੈਨੂੰ ਮੁੜ ਕੇ ਰੂਸ ਜਾਣ ਦੀ ਟਿਕਟ ਦੇ
ਸਕਦਾ ਹਾਂ।
ਮੇਰੇ ਪਿਓ ਨੇ ਕਿਹਾ, ਮੈਨੂੰ ਮਦਦ ਦੀ ਲੋੜ ਹੈ ਤੇ ਮੈਂ ਏਥੇ ਇਸ ਦਫਤਰ ਵਿਚ ਓਨਾਂ ਚਿਰ ਬੈਠਾ
ਰਹਿਣਾ ਜਿੰਨਾ ਚਿਰ ਮੈਨੂੰ ਮਦਦ ਨਹੀਂ ਮਿਲਦੀ।
ਉਹ ਸਾਰਾ ਦਿਨ ਉੱਥੇ ਬੈਠਾ ਰਿਹਾ। ਉਹ ਏਦਾਂ ਵਰਤਾਅ ਕਰਦੇ ਰਹੇ ਜਿੱਦਾਂ ਉਹ ਉੱਥੇ ਹੁੰਦਾ ਹੀ
ਨਹੀਂ। ਚਾਰ ਵਜੇ ਮਿਸਟਰ ਮਕੈਂਜ਼ੀ ਨੇ ਉਹਨੂੰ ਕਿਹਾ ਕਿ ਉਹ ਦਫਤਰ ਬੰਦ ਕਰ ਰਹੇ ਹਨ ਇਸ ਕਰਕੇ
ਉਹਨੂੰ ਦਫਤਰ ਵਿਚੋਂ ਜਾਣਾ ਪਵੇਗਾ। ਮੇਰਾ ਪਿਓ ਕਹਿੰਦਾ ਕਿ ਜਿੰਨਾ ਚਿਰ ਉਹਨੂੰ ਮਦਦ ਨਹੀਂ
ਮਿਲਦੀ ਉਹ ਨਹੀਂ ਜਾਵੇਗਾ।
ਅੱਛਾ, ਤਾਂ ਤੈਨੂੰ ਮਦਦ ਚਾਹੀਦੀ ਹੈ। ਇਹ ਗੱਲ ਹੈ। ਮਿਸਟਰ ਮਕੈਂਜ਼ੀ ਨੇ ਇਹ ਕਹਿ ਕੇ ਫੋਨ
ਘੁੰਮਾਇਆ। ਥੋੜ੍ਹੀ ਦੇਰ ਬਾਅਦ ਹੀ ਇਕ ਸਿਪਾਹੀ ਦਫਤਰ ਵਿਚ ਦਾਖਲ ਹੋਇਆ।
ਕੀ ਤੁਸੀਂ ਪੁਲਸ ਨੂੰ ਬੁਲਾਇਆ ਹੈ? ਉਹਨੇ ਆਲ਼ਾ ਦੁਆਲ਼ਾ ਦੇਖਦਿਆਂ ਪੁੱਛਿਆ।
ਉਸ ਆਦਮੀ ਨੂੰ ਦਫਤਰੋਂ ਬਾਹਰ ਕੱਢ ਦੇਹ, ਮਿਸਟਰ ਮਕੈਂਜ਼ੀ ਨੇ ਕਿਹਾ।
ਕਿਹੜੇ ਆਦਮੀ ਨੂੰ? ਸਿਪਾਹੀ ਨੇ ਪੁੱਛਿਆ ਭਾਵੇਂ ਕਿ ਉਹਨੂੰ ਦਿਸਦਾ ਸੀ ਕਿ ਦਫਤਰ ਵਿਚ ਮੇਰੇ
ਪਿਓ ਤੋਂ ਬਿਨਾਂ ਹੋਰ ਕੋਈ ਨਹੀਂ ਸੀ।
ਉਸ ਨੂੰ। ਮੇਰੇ ਪਿਓ ਵੱਲ ਉਂਗਲੀ ਕਰਦਿਆਂ ਮਿਸਟਰ ਮਕੈਂਜ਼ੀ ਨੇ ਕਿਹਾ।
ਧੱਕੜ ਸਿਪਾਹੀ ਨੇ ਇਕ ਹੱਥ ਮੇਰੇ ਪਿਓ ਦੇ ਕਾਲਰ ਨੂੰ ਪਾ ਕੇ ਤੇ ਦੂਜੇ ਨਾਲ਼ ਪੈਂਟ ਦੀ ਪੇਟੀ
ਵਾਲ਼ੀ ਜਗ੍ਹਾ ਤੋਂ ਫੜ੍ਹ ਕੇ ਜ਼ੋਰ ਨਾਲ਼ ਬਾਹਰਲੀਆਂ ਪੌੜੀਆਂ ਤੋਂ ਧੱਕਾ ਮਾਰ ਕੇ ਬਾਹਰ
ਸੁੱਟ ਦਿੱਤਾ। ਡਿੱਗਣ ਤੋਂ ਬਚਣ ਲਈ ਮੇਰਾ ਪਿਓ ਪੂਰੀ ਰਫਤਾਰ ਨਾਲ਼ ਦੌੜਿਆ ਪਰ ਫੇਰ ਵੀ ਅਖੀਰ
ਜਾ ਕੇ ਲਾਅਨ ਉੱਪਰ ਮੂਧੇ ਮੂੰਹ ਡਿੱਗ ਪਿਆ। ਕਰਾਈਸਟ, ਇਹੋ ਜਿਹੇ ਮੌਕੇ ਬੰਦੇ ਦਾ ਰੋਣ ਨੂੰ
ਬੜਾ ਜੀਅ ਕਰਦਾ ਹੈ। ਹੱਥਾਂ ਪੈਰਾਂ ‘ਤੇ ਮੂਧੇ ਹੋਏ ਮੇਰੇ ਪਿਓ ਨੇ ਦੰਦ ਕਰੀਚਦਿਆਂ ਕਿਹਾ
ਸਨਆਫਏਬਿੱਚ (ਕੁੱਤੀ ਦਾ ਪੁੱਤ) ਤੇ ਹੌਲੀ ਹੌਲੀ ਤਾਕਤ ਫੜ੍ਹਦਾ ਹੋਇਆ ਉੱਠ ਖੜ੍ਹਾ ਹੋਇਆ।
ਮੈਂ ਊਹਨੂੰ ਵੋਧਕਾ ਦੀ ਬੋਤਲ ਫੜਾਉਂਦਿਆਂ ਕਿਹਾ, ਚੱਲ ਤੈਨੂੰ ਕੈਪੀਟਿਲਿਜ਼ਮ ਦੇ ਖਿਲਾਫ
ਚਾਹੀਦੇ ਸਬੂਤ ਤਾਂ ਮਿਲ਼ ਗਏ ਨਾ।
ਹਾਂ, ਉਹ ਤਾਂ ਮੈਨੂੰ ਸੱਚ ਮੁੱਚ ਮਿਲ਼ ਗਏ। ਤੇ ਸਬੂਤਾਂ ਦੇ ਭਾਰ ਥੱਲੇ ਦੱਬਿਆ ਮੈਂ ਫੇਰ
ਦੁਨਵੇਗਨ ਮਾਰਸ਼ਲਿੰਗ ਯਾਰਡ ਵੱਲ ਨੂੰ ਤੁਰ ਪਿਆ। ਮੈਂ ਉੱਥੇ ਲਾਗੇ ਦੇ ਇਕ ਖੇਤ ਵਿਚ ਜਾ
ਪਿਆ। ਮੈਂ ਆਲੂਆਂ ਦੀਆਂ ਵੱਟਾਂ ਦੇ ਵਿਚਾਲੇ ਪਿਆ ਸੀ ਤਾਂ ਕਿ ਕੋਈ ਮੈਨੂੰ ਦੇਖ ਨਾ ਲਵੇ।
ਉੱਥੇ ਪਏ ਨੇ ਮੈਂ ਹੱਥਾਂ ਨਾਲ਼ ਆਲੂ ਪੁੱਟੇ ਤੇ ਕਮੀਜ਼ ਦੇ ਅੰਦਲੇ ਪਾਸੇ ਘਸੋੜ ਲਏ ਜਿੱਦਾਂ
ਗਰੀਬ ਕਿਸਾਨ ਕਰਦੇ ਹੁੰਦੇ ਹਨ, ਤੈਨੂੰ ਪਤਾ ਹੀ ਹੈ ਜ਼ਾ ਪਜ਼ੂਾਖੂ ।
ਹਾਂ ਪਤਾ ਹੈ।
ਫੇਰ ਮੈਂ ਇਕ ਵੱਖਰੀ ਥਾਂ ਗਿਆ ਤੇ ਜਾ ਕੇ ਅੱਗ ਬਾਲ਼ੀ ਜਿਹਦੇ ‘ਤੇ ਮੈਂ ਆਲੂ ਭੁੰਨੇ। ਬੜੇ
ਰੱਜ ਕੇ ਮੈਂ ਆਲੂ ਖਾਧੇ।
ਤੂੰ ਪਹਿਲਾਂ ਵੀ ਆਲੂ ਰਿੰਨਣ ਦੀ ਗੱਲ ਕੀਤੀ ਸੀ, ਤੂੰ ਉਨ੍ਹਾਂ ਨੂੰ ਕਾਹਦੇ ਵਿਚ ਰਿੰਨਿਆ
ਸੀ?
ਟੀਨ ਦੇ ਡੱਬੇ ਵਿਚ। ਟੀਨ ਦੇ ਡੱਬੇ ਹਰ ਪਾਸੇ ਰੁਲਦੇ ਪਏ ਹੁੰਦੇ ਸੀ। ਸਾਡੇ ਵਿਚੋਂ ਬਹੁਤੇ
ਲੀੜੇ ਜਿਹੇ ‘ਚ ਬੰਨ੍ਹ ਕੇ ਲੂਣ ਆਪਣੇ ਕੋਲ਼ ਰੱਖਦੇ ਹੁੰਦੇ ਸੀ। ਇਹ ਕੋਈ ਸਮੱਸਿਆ ਨਹੀਂ ਸੀ।
ਮੇਰੇ ਲਈ ਬਾਕੀ ਦਾ ਸਫਰ ਵੀ ਕੋਈ ਏਡੀ ਮੁਸ਼ਕਲ ਵਾਲ਼ਾ ਨਹੀਂ ਸੀ। ਸੂਰਜ ਚੜ੍ਹਨ ਤੋਂ ਪਹਿਲਾਂ
ਹੀ ਮੈਂ ਪੱਥਰਾਂ ਨੂੰ ਰਾਈਕਰੌਫਟ ਨੂੰ ਜਾਣ ਵਾਲ਼ੀ ਇਕ ਗੱਡੀ ਦੇ ਥੱਲੇ ਬੰਨ ਦਿੱਤਾ ਤੇ
ਜਿੱਦਾਂ ਮੈਂ ਸਕੀਮ ਬਣਾਈ ਹੋਈ ਸੀ ਉਸੇ ਗੱਡੀ ‘ਤੇ ਮਲਕਚਾਰੇ ਜਾ ਚੜ੍ਹਿਆ। ਰਾਈਕਰੌਫਟ ਜਾ ਕੇ
ਮੈਂ ਪੱਥਰਾਂ ਨੂੰ ਰੌਸਲਾਨੋਵਸਕੀ ਕੋਲ਼ ਛੱਡ ਕੇ 14 ਮੀਲ ਤੁਰ ਕੇ ਘਰ ਨੂੰ ਗਿਆ। ਆਮ ਤੌਰ
‘ਤੇ ਮੈਂ ਬਰਨਟ ਰਿਵਰ ਤੱਕ ਗੱਡੀ ਵਿਚ ਹੀ ਜਾਂਦਾ ਹੁੰਦਾ ਸੀ ਜਿਹੜੀ ਕਿ ਘਰ ਦੇ ਲਾਗੇ ਪੈਂਦੀ
ਸੀ ਤੇ ਜਦੋਂ ਉਚਾਈ ਢਲਾਈ ਕਰਕੇ ਗੱਡੀ ਥੋੜ੍ਹੀ ਹੌਲੀ ਹੁੰਦੀ ਤਾਂ ਛਾਲ ਮਾਰ ਜਾਂਦਾ ਪਰ ਇਸ
ਵਾਰ ਪੱਥਰਾਂ ਦੇ ਕਰਕੇ ਮੈਂ ਅਜਿਹਾ ਨਹੀਂ ਸੀ ਕਰ ਸਕਦਾ। ਐਂਡਰਿਊ ਅਤੇ ਸਾਵਾ ਸ਼ੂਰਾ ਕੋਲ਼
ਉਦੋਂ ਤੱਕ ਇਕ ਇਕ ਘੋੜਾ ਰੱਖਣ ਜੋਗੇ ਪੈਸੇ ਹੋ ਗਏ ਸਨ। ਸੋ ਘਰ ਜਾਂਦਾ ਹੋਇਆ ਮੈਂ ਐਂਡਰਿਊ
ਕੋਲ਼ ਰੁਕਿਆ ਤੇ ਕਿਹਾ ਕਿ ਉਹ ਜਦੋਂ ਅਗਲੀ ਵਾਰੀ ਰਾਈਕਰੌਫਟ ਜਾਣ ਤਾਂ ਮੇਰੇ ਪੱਥਰ ਲੈ ਕੇ
ਆਉਣ। ਇਹ ਉਨ੍ਹਾਂ ਨੇ ਮੇਰੇ ਲਈ ਕਰ ਦਿੱਤਾ ਤੇ ਬਦਲੇ ਵਿਚ ਮੈਂ ਉਨ੍ਹਾਂ ਲਈ ਕੁਝ ਕੰਮ ਕਰ
ਦਿੱਤਾ। ਮੈਨੂੰ ਅਜੇ ਵੀ ਐਂਡਰਿਊ ਕੋਲ਼ੋਂ ਪੱਥਰ ਇਕ ਮੀਲ ਚੁੱਕ ਕੇ ਘਰ ਨੂੰ ਲਿਜਾਣੇ ਪੈਣੇ
ਸਨ ਕਿਉਂਕਿ ਉਸ ਵੇਲੇ ਆਪਣੇ ਘਰ ਤੱਕ ਛੋਟੀ ਨਦੀ ਦੇ ਉੱਪਰ ਦੀ ਕੋਈ ਸੜਕ ਨਹੀਂ ਸੀ ਜਾਂਦੀ।
ਉਸੇ ਦਿਨ ਮੈਂ ਰਾਈਕਰੌਫਟ ਤੋਂ ਕੁਝ ਲੂਣ, ਮਿੱਟੀ ਦਾ ਤੇਲ ਤੇ ਹੋਰ ਸਮਾਨ ਖ੍ਰੀਦਿਆ ਤੇ ਆਪਣੇ
ਚਾਰ ਡਾਲਰ ਤੇ ਪਝੱਤਰ ਸੈਂਟ ਖਰਚ ਦਿੱਤੇ।
ਸਾਡੇ ਕੋਲ਼ ਇਕ ਵੀ ਪੈਸਾ ਨਹੀਂ ਸੀ ਬਚਿਆ, ਮੇਰੇ ਪਿਓ ਨੇ ਕਿਹਾ, ਤੇ ਸਿਆਲ ਤਾਂ ਅਜੇ ਸ਼ੁਰੂ
ਵੀ ਨਹੀਂ ਸੀ ਹੋਇਆ। ਤੇਰੀ ਮਾਂ ਪਹਿਲਾਂ ਹੀ ਰਿਲੀਫ ਦਫਤਰ (ਮਦਦ ਦੇਣ ਵਾਲ਼ਾ ਦਫਤਰ) ਜਾ
ਚੁੱਕੀ ਸੀ ਤੇ ਉਨ੍ਹਾਂ ਨੇ ਉਹਨੂੰ ਨਾਂਹ ਕਰ ਦਿੱਤੀ ਸੀ। ਸੇਲੇਵਿਚ ‘ਤੇ ਹਮਲਾ ਕਰਨ ਦਾ
ਮੁਕੱਦਮਾ ਚਲ ਰਿਹਾ ਸੀ ਕਿਉਂਕਿ ਉਹਨੇ ਰਿਲੀਫ ਦਫਤਰ ਵਿਚ ਜਾ ਕੇ ਝਗੜਾ ਕੀਤਾ ਸੀ।
ਨਿਕੋਲਾਇਆਚੱਕ ਤੇ ਮੈਂ ਰਿਲੀਫ ਦਫਤਰ ਵਿਚ ਗਏ ਤੇ ਸਾਨੂੰ ਦੋਵਾਂ ਨੂੰ ਪੰਜ ਪੰਜ ਡਾਲਰ ਦੇ
ਵਾਉਚਰ ਮਿਲ਼ ਗਏ। ਫੇਰ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਸ ਵੀ ਕਿਸੇ ਨੇ ਏਥੋਂ ਸਹਾਇਤਾ
ਪ੍ਰਾਪਤ ਕੀਤੀ ਉਸ ਨੂੰ ਡੀਪੋਰਟ ਕਰ ਦਿੱਤਾ ਜਾਵੇਗਾ, ਇਸ ਲਈ ਅਸੀਂ ਮੁੜ ਕੇ ਉੱਥੇ ਨਾ ਗਏ।
ਮੇਰੇ ਪਿਓ ਨੇ ਨਿਕੋਲਾਇਆਚੱਕ ਨੂੰ ਕਿਹਾ, ਹੁਣ ਦੱਸ ਫੇਰ ਗੁਜ਼ਾਰਾ ਕਿੱਦਾਂ ਕਰਾਂਗੇ?
ਮੇਰੇ ਕੋਲ਼ ਇਕ ਤਰੀਕਾ ਹੈ, ਨਿਕੋਲਾਇਆਚੱਕ ਨੇ ਜਵਾਬ ਦਿੱਤਾ ਪਰ ਕੰਮ ਕਾਫੀ ਔਖਾ ਹੈ।
ਔਖਾ ਅਸੰਭਵ ਨਹੀਂ ਹੁੰਦਾ।
ਨਿਕੋਲਾਇਆਚੱਕ ਨੇ ਕਿਹਾ, ਮੈਨੂੰ ਪਤਾ ਹੈ ਕਿ ਕਾਟੋਆਂ ਨੂੰ ਕਿੱਦਾਂ ਮਾਰਨਾ ਤੇ ਕਿੱਦਾਂ
ਉਨ੍ਹਾਂ ਦੀ ਖੱਲ੍ਹ ਲਾਹੁਣੀ ਹੈ, ਇਹ ਕੰਮ ਮੈਂ ਤੈਨੂੰ ਵੀ ਸਿਖਾ ਸਕਦਾ ਹਾਂ।
ਪਰ ਗੋਲ਼ੀਆਂ ਲਈ ਤਾਂ ਪੈਸੇ ਚਾਹੀਦੇ ਹਨ।
ਮੇਰੇ ਕੋਲ਼ ਦੋ ਬਕਸੇ ਗੋਲ਼ੀਆਂ ਦੇ ਹਨ, ਨਿਕੋਲਾਇਆਚੱਕ ਨੇ ਕਿਹਾ ਤੇ ਇਕ ਬਾਕਸ ਪੱਚੀਆਂ
ਸੈਂਟਾਂ ਦਾ ਆਉਂਦਾ ਹੈ। ਉਨ੍ਹਾਂ ਵਿਚੋਂ ਇਕ ਮੈਂ ਤੈਨੂੰ ਉਧਾਰਾ ਦੇ ਦੇਵਾਂਗਾ। ਕੀ ਤੂੰ
ਕਿਸੇ ਕੋਲ਼ੋਂ .22 ਰਾਈਫਲ ਉਧਾਰੀ ਲੈ ਸਕਦਾ ਏਂ?
ਬਿਲਕੁਲ। ਓਮੀਲਾਨ ਕੋਲ਼ ਹੈਗੀ ਆ।
ਬਾਕਸ ਵਿਚ ਪੰਜਾਹ ਗੋਲ਼ੀਆਂ ਸਨ। ਤੁਸੀਂ ਭਾਵੇਂ ਜਿੰਨੇ ਮਰਜ਼ੀ ਸਾਵਧਾਨ ਹੋਵੋ ਫੇਰ ਵੀ ਕਈ
ਵਾਰੀ ਤੁਹਾਡਾ ਨਿਸ਼ਾਨਾ ਠੀਕ ਨਹੀਂ ਬਹਿੰਦਾ ਤੇ ਇਸ ਤਰ੍ਹਾਂ ਇਕ ਕਾਟੋ ਮਾਰਨ ਵਾਸਤੇ ਸ਼ਾਇਦ
ਤੁਹਾਨੂੰ ਕਈ ਗੋਲ਼ੀਆਂ ਚਲਾਉਣੀਆਂ ਪੈਣ। ਔਸਤ ਇਕ ਕਾਟੋ ਮਾਰਨ ਲਈ ਦੋ ਗੋਲ਼ੀਆਂ ਦੀ ਸੀ ਤੇ
ਕਾਟੋ ਦੀ ਇਕ ਚਮੜੀ ਢਾਈਆਂ ਸੈਂਟਾਂ ਦੀ ਵਿਕਦੀ ਸੀ। ਪਹਿਲੇ ਦਿਨ ਜਦੋਂ ਉਹ ਸਿ਼ਕਾਰ ਕਰਨ ਗਏ
ਉਨ੍ਹਾਂ ਨੇ 25 ਕਾਟੋ ਮਾਰੀਆਂ ਤੇ ਉਨ੍ਹਾਂ ਨੂੰ ਆਸ ਸੀ ਕਿ ਉਹ ਪਝੱਤਰ ਸੈਂਟ ਬਣਾ ਲੈਣਗੇ।
ਉਨ੍ਹਾਂ ਦੀ ਛਿੱਲ ਲਾਹੁਣ ਤੇ ਖਿੱਚਾਈ (ਸਟਰੈਚ) ਕਰਨ ਬਾਅਦ ਮੇਰਾ ਪਿਓ ਹਾਰਪਰ ਕੋ-ਅੱਪ
ਵਾਲਿਆਂ ਦੇ ਵੇਚਣ ਵਾਸਤੇ 18 ਮੀਲ ਦੂਰ ਤੁਰ ਕੇ ਸਪਿਰਟ ਰਿਵਰ ਨੂੰ ਗਿਆ। ਤੇ ਅਚਾਨਕ ਉਸ
ਵੇਲੇ ਇਕ ਚਮਤਕਾਰ ਵਾਪਰਿਆ। ਕੀਮਤ ਉੱਤੇ ਚਲੇ ਗਈ ਸੀ ਤੇ ਉਹਨੂੰ ਇਕ ਚਮੜੀ ਦੇ ਪੰਜ ਸੈਂਟ
ਮਿਲ਼ ਗਏ। ਉਹਨੇ ਗੋਲ਼ੀਆਂ ਦੇ ਦੋ ਡੱਬੇ ਖ੍ਰੀਦੇ ਅਤੇ ਫੇਰ ਵੀ ਉਹਦੇ ਕੋਲ਼ ਪਝੱਤਰ ਸੈਂਟ ਬਚ
ਰਹੇ। ਉਹਨੂੰ ਇਸ ਗੱਲ ਦਾ ਚੇਤਾ ਨਹੀਂ ਕਿ ਉਹਨੇ ਉਨ੍ਹਾਂ ਪੈਸਿਆਂ ਦਾ ਕੀ ਖ੍ਰੀਦਿਆ ਸੀ।
ਅਸੀਂ ਕਿਸੇ ਨੂੰ ਦੱਸ ਨਹੀਂ ਸੀ ਸਕਦੇ, ਮੇਰੇ ਪਿਓ ਨੇ ਕਿਹਾ, ਕਿ ਅਸੀਂ ਕਾਟੋਆਂ ਪੰਜਾਂ
ਸੈਂਟਾਂ ਨੂੰ ਵੇਚ ਰਹੇ ਸਾਂ। ਜੇ ਅਸੀਂ ਦੱਸਦੇ ਤਾਂ ਸਾਨੂੰ ਕਿਸੇ ਨੇ ਆਪਣੀ .22 ਰਾਈਫਲ
ਉਧਾਰੀ ਨਹੀਂ ਸੀ ਦੇਣੀ। ਮੈਂ ਤੇ ਨਿਕੋਲਾਇਆਚੱਕ ਅਗਲੀ ਸਵੇਰ ਸਵੱਖਤੇ ਹੀ ਖਿਸਕ ਗਏ ਅਤੇ
ਸਾਡੀਆਂ ਘਰ ਵਾਲ਼ੀਆਂ ਨੇ ਸਾਰਿਆਂ ਨੂੰ ਕਿਹਾ ਕਿ ਅਸੀਂ ਕੰਮ ਦੀ ਭਾਲ ਵਿਚ ਕਿਤੇ ਗਏ ਹਾਂ।
ਅਸੀਂ ਰਾਤ ਵੀ ਬਾਹਰ ਹੀ ਰਹੇ ਜਿੰਨਾ ਚਿਰ ਸਾਡੀਆਂ ਗੋਲ਼ੀਆਂ ਖਤਮ ਨਹੀਂ ਹੋ ਗਈਆਂ। ਇਸ ਵਾਰ
ਨਿਕੋਲਾਇਆਚੱਕ ਸਪਿਰਟ ਰਿਵਰ ਨੂੰ ਗਿਆ। ਮੈਂ ਉਹਨੂੰ ਦੱਸ ਦਿੱਤਾ ਸੀ ਕਿ ਉਹ ਮੇਰੇ ਪੈਸਿਆਂ
ਦੀਆਂ ਕਿਹੜੀਆਂ ਚੀਜ਼ਾਂ ਖ੍ਰੀਦ ਕੇ ਲਿਆਵੇ ਜੋ ਉਹਨੇ ਲੈ ਆਂਦੀਆਂ ਤੇ ਸਗੋਂ ਮੈਨੂੰ ਕੁਝ
ਪੈਸੇ ਹੋਰ ਵੀ ਦਿੱਤੇ ਕਿਉਂਕਿ ਚਮੜੀਆਂ ਦੀ ਕੀਮਤ ਸਾਢੇ ਸੱਤ ਸੈਂਟ ਹੋ ਗਈ ਸੀ। ਮੌਸਮ ਬਦਲਣ
ਤੱਕ ਚਮੜੀਆਂ ਦੀ ਕੀਮਤ ਸਾਢੇ ਬਾਰਾਂ ਸੈਂਟ ਤੱਕ ਪਹੁੰਚ ਗਈ ਸੀ। ਇਸ ਤਰ੍ਹਾਂ ਅਸੀਂ ਆਪਣਾ
ਸਿਆਲ ਬੜਾ ਵਧੀਆਂ ਲੰਘਾ ਲਿਆ ਸੀ।
ਮੈਂ ਪੁੱਛਿਆ, ਇਹ ਸਾਰਾ ਸਮਾਂ ਮਾਂ ਕੀ ਕਰਦੀ ਹੁੰਦੀ ਸੀ? ਉਹ ਤੇ ਦੋ ਬੱਚੇ ਸਿਆਲ ਦਾ ਬਹੁਤਾ
ਸਮਾਂ ਇਕੱਲੇ ਹੀ ਰਹੇ।
ਉਹ ਉਹੀ ਕਰਦੀ ਸੀ ਜੋ ਛੋਟੇ ਬੱਚਿਆਂ ਦੀ ਦੇਖ ਭਾਲ ਕਰ ਰਹੀਆਂ ਔਰਤਾਂ ਆਮ ਤੌਰ ‘ਤੇ ਕਰਦੀਆਂ
ਹਨ। ਉਹ ਆਪਣੇ ਬੱਚਿਆਂ ਲਈ ਇਕ ਚੰਗੀ ਮਾਂ ਸੀ। ਬਹੁਤ ਸਾਰਾ ਕੰਮ ਹੁੰਦਾ ਸੀ ਕਰਨ ਵਾਲ਼ਾ।
ਲੱਕੜਾਂ ਤੇ ਪਾਣੀ ਬਾਹਰੋਂ ਲੈ ਕੇ ਆਉਣਾ ਤੇ ਹੋਰ ਕਿੰਨਾ ਕੁਝ।
ਪਰ ਉਹ ਇਸ ਸਭ ਕਾਸੇ ਬਾਰੇ ਕੀ ਸੋਚਦੀ ਸੀ? ਗਰਮੀਆਂ ਹੀ ਵਥੇਰੀਆਂ ਤੰਗੀ ਵਾਲ਼ੀਆਂ ਹੁੰਦੀਆਂ
ਹਨ ਪਰ ਸਰਦੀਆਂ? ਮੈਨੂੰ ਤਾਂ ਉਹ ਹਮੇਸ਼ਾਂ ਇਹੀ ਕਹਿੰਦੀ ਹੁੰਦੀ ਸੀ ਕਿ ਜੇ ਆਪਾਂ ਲਗਾਤਾਰ
ਕੱਟ ਕੇ ਲੱਕੜਾਂ ਨਾ ਅੰਦਰ ਲਿਆਂਦੀਆਂ ਤਾਂ ਅਸੀਂ ਠੰਡ ਨਾਲ਼ ਜੰਮ ਕੇ ਮਰ ਜਾਵਾਂਗੇ। ਕੀ ਉਹ
ਸਭ ਕਾਸੇ ਤੋਂ ਔਖੀ (ਬਿਟਰ) ਸੀ? ਜਦੋਂ ਉਹਦੇ ਮਨ ‘ਤੇ ਡਰ ਵਧ ਰਿਹਾ ਸੀ ਕੀ ਉਹ ਸਭ ਕਾਸੇ
ਤੋਂ ਖਿਝੀ ਹੋਈ ਸੀ?
ਪਤਾ ਨਹੀਂ।
ਕੀ ਤੁਸੀਂ ਇਕ ਦੂਜੇ ਨਾਲ਼ ਗੱਲਾਂ ਬਾਤਾਂ ਕਰਦੇ ਹੁੰਦੇ ਸੀ?
ਹਾਂ, ਅਸੀਂ ਗੱਲਬਾਤ ਕਰਦੇ ਹੁੰਦੇ ਸੀ ਪਰ ...
ਜਿਸ ਦਿਨ ਉਹ ਰਿਲੀਫ ਦਫਤਰ ਤੋਂ ਮੁੜ ਕੇ ਘਰ ਆਇਆ ਸੀ ਉਹਨੇ ਘਰ ਆ ਕੇ ਉਹਨੂੰ ਕੁੱਟਿਆ ਸੀ।
ਉਹ ਥੱਕਾ ਟੁੱਟਾ, ਭੁੱਖਾ ਤੇ ਗੁੱਸੇ ‘ਚ ਘਰ ਆਇਆ ਸੀ। ਉਨ੍ਹਾਂ ਦੋਵਾਂ ਨੇ ਹੀ ਮੈਨੂੰ ਆਪੋ
ਆਪਣੇ ਤਰੀਕੇ ਨਾਲ਼ ਇਸ ਬਾਰੇ ਦੱਸਿਆ ਸੀ ਕਿ ਸਾਰੀ ਗੱਲ ਕਿੱਦਾਂ ਸ਼ੁਰੂ ਹੋਈ। ਇਸ ਲਈ ਮੈਂ
ਉਨ੍ਹਾਂ ਦੋਵਾਂ ਪਾਸਿਆਂ ਦੀ ਗੱਲ ਵਿਚੋਂ ਕੋਈ ਵੀ ਗੱਲ ਏਥੇ ਨਹੀਂ ਦੱਸ ਰਹੀ ਕਿਉਂਕਿ ਮੇਰੇ
ਖਿਆਲ ਵਿਚ ਵਿਸਥਾਰ ਦੀ ਏਨੀ ਲੋੜ ਵੀ ਨਹੀਂ। ਦੋਵਾਂ ਦੀ ਹੀ ਗੱਲ ਦਾ ਸਾਰ ਇਹੀ ਸੀ ਕਿ ਬਿਨਾਂ
ਕਿਸੇ ਖਾਸ ਕਾਰਨ ਮੇਰੇ ਪਿਓ ਨੇ ਮੇਰੀ ਮਾਂ ਨੂੰ ਕੁੱਟਿਆ ਸੀ।
ਮੈਨੂੰ ਭੁੱਖਾ ਮਾਰਿਆ ਗਿਆ, ਬੇਇਜ਼ਤ ਕੀਤਾ ਗਿਆ, ਜਲੀਲ ਕੀਤਾ ਗਿਆ, ਮੇਰੇ ਪਿਓ ਨੇ ਕਿਹਾ।
ਉਨਾਂ ‘ਚੋਂ ਕਿਸੇ ਅਫਸਰ ਨੇ ਵੀ ਮੇਰੇ ਨਾਲ਼ ਇਨਸਾਨਾਂ ਵਾਲ਼ਾ ਵਰਤਾਅ ਨਹੀਂ ਕੀਤਾ, ਸਗੋਂ
ਜਾਨਵਰਾਂ ਵਾਲ਼ਾ ਵਰਤਾਅ ਕੀਤਾ ਪਰ ਕੋਈ ਗੱਲ ਨਹੀਂ ... ਘੱਟੋ ਘੱਟ ਮੈਂ ਆਪਣੇ ਘਰ ਵਿਚ ਤਾਂ
ਮਾਲਕ ਸੀ ਤੇ ਮੈਂ ਆਪਣੀ ਤੀਵੀਂ ਤੇ ਬੱਚਿਆ ਨੂੰ ਮਰਜੀ ਨਾਲ਼ ਕੁੱਟ ਸਕਦਾ ਸੀ ਤੇ ਮੈਂ ਏਦਾਂ
ਹੀ ਕੀਤਾ।
ਮੈਂ ਉਹਨੂੰ ਵੋਦਕਾ ਦੀ ਬੋਤਲ ਫੜਾਉਣ ਲੱਗੀ ਪਰ ਫੇਰ ਸੋਚਿਆ ਕਿ ਪਹਿਲਾਂ ਮੈਂ ਹੀ ਕਿਉਂ ਨਾ
ਘੁੱਟ ਭਰ ਲਵਾਂ।
ਪਰ ਤੂੰ ਮੈਨੂੰ ਪਹਿਲਾਂ ਹੀ ਦੱਸਿਆ ਸੀ ਕਿ ... ਮੈਂ ਕਿਹਾ। ਉਹਨੂੰ ਵੀ ਓਨਾਂ ਹੀ ਜਲੀਲ
ਕੀਤਾ ਗਿਆ ਸੀ ਤੇ ਬੇਇਜ਼ਤ ਕੀਤਾ ਗਿਆ ਸੀ, ਨਾਲੇ ਕਿਸਾਨ ਔਰਤਾਂ ਹਮੇਸ਼ਾ ਮਰਦਾਂ ਨਾਲੋਂ
ਜਿ਼ਆਦਾ ਕੰਮ ਕਰਦੀਆਂ ਹਨ, ਤੇ ਉਤੋਂ ਦੀ ਉਹਨੂੰ ਤੇਰੀਆਂ ਜੁੱਤੀਆਂ ਖਾਣੀਆਂ ਪੈਂਦੀਆਂ। ਕੀ
ਉਹ ਕੁੜੱਤਣ ਨਾਲ ਭਰੀ ਹੋਈ ਸੀ?
ਸ਼ਾਇਦ ਉਹ ਹੋਵੇਗੀ, ਪਰ ਉਹ ਕਦੇ ਵੀ ਡਰਦੀ ਨਹੀਂ ਸੀ। ਮੈਨੂੰ ਉਹਦੇ ਵਰਗਾ ਹੋਰ ਕੋਈ ਵੀ
ਬੰਦਾ ਨਹੀਂ ਮਿਲਿਆ। ਉਹਨੂੰ ਕਦੇ ਵੀ ਡਰ ਨਹੀਂ ਸੀ ਲੱਗਦਾ। ਏਥੇ ਤੱਕ ਕਿ ਇਕ ਵਾਰ ਮੈਂ ਉਹਦੇ
ਸਿਰ ਨਾਲ਼ ਪਸਤੌਲ ਲਾ ਦਿੱਤਾ ਸੀ ਪਰ ਉਹ ਡਰੀ ਨਹੀਂ ਸਗੋਂ ਉਹਨੇ ਮੇਰੀਆਂ ਅੱਖਾਂ ਵਿਚ ਥੁੱਕ
ਦਿੱਤਾ। ਜੇ ਤੂੰ ਮੈਨੂੰ ਮਾਰ ਦੇਵੇਂਗਾ, ਤਾਂ ਇਨ੍ਹਾਂ ਨਿਆਣਿਆਂ ਨੂੰ ਕਿਵੇਂ ਸਾਂਭੇਂਗਾ?
ਉਹਨੇ ਪੁੱਛਿਆ ਸੀ। ਕਦੇ ਵੀ ਡਰਦੀ ਨਹੀਂ ਸੀ ਉਹ।
ਉਹ ਤਾਂ ਸਿਰਫ ਉਹਦਾ ਪਤੀ ਹੀ ਸੀ ਇਸ ਕਰਕੇ ਉਹਨੂੰ ਕੀ ਪਤਾ ਹੋਵੇਗਾ। ਬਾਕੀ ਕਿਸਾਨ ਔਰਤਾਂ
ਵਾਂਗ ਮੇਰੀ ਮਾਂ ਨੇ ਵੀ ਕਦੇ ਦੂਜਿਆਂ ਵਲੋਂ ਕੀਤੇ ਵਰਤਾਅ ਨੂੰ ਸਹਿਣ ਨਹੀਂ ਸੀ ਕੀਤਾ ਨਾ ਹੀ
ਕਦੇ ਆਪਣੇ ਆਪ ਨੂੰ ਘਟੀਆ ਸਮਝਿਆ ਸੀ। ਪਰ ਮੈਂ ਉਹਦੀ ਧੀ ਸਾਂ ਤੇ ਮੈਨੂੰ ਪਤਾ ਸੀ ਕਿ ਉਹ
ਡਰਦੀ ਸੀ। ਠੰਡ ਨਾਲ਼ ਜੰਮ ਜਾਣ ਦਾ ਡਰ, ਭੁੱਖ ਨਾਲ਼ ਮਰ ਜਾਣ ਦਾ ਡਰ। ਨਹੀਂ ਇਹ ਗੱਲ ਵੀ
ਠੀਕ ਨਹੀਂ ਕਿਉਂਕਿ ਮੌਤ ਦਾ ਡਰਾਵਾ ਉਹਦੇ ਲਈ ਕੋਈ ਬਹੁਤਾ ਮਹੱਤਵ ਨਹੀਂ ਸੀ ਰੱਖਦਾ। ਉਹ
ਜਿਹੜੀ ਚੀਜ਼ ਤੋਂ ਡਰਦੀ ਸੀ ਉਹ ਸੀ, ਠੰਡ, ਭੁੱਖ, ਬੀਮਾਰੀ ...
ਬਸੰਤ ਦੇ ਮੌਸਮ ਵਿਚ, ਮੇਰੇ ਪਿਓ ਨੇ ਆਪਣੀ ਗੱਲ ਜ਼ਾਰੀ ਰੱਖੀ, ਇਕ ਹੋਰ ਅਫਸਰ ਆ ਗਿਆ। ਉਹ
ਕਹਿੰਦਾ ਕਿ ਕਿਉਂਕਿ ਅਸੀਂ ਰਿਲੀਫ ਦਫਤਰ ਤੋਂ ਪੰਜ ਡਾਲਰ ਦਾ ਵਾਉਚਰ ਲਿਆ ਸੀ ਇਸ ਕਰਕੇ
ਸਾਨੂੰ ਡੀਪੋਰਟ ਕੀਤਾ ਜਾਵੇਗਾ। ਪਰ ਉਹ ਸਿਆਸੀ ਸਥਿਤੀ ਦੀ ਵਜ੍ਹਾ ਕਰਕੇ ਸੋਵੀਅਤ
ਯੁਕਰੇਨੀਅਨਾਂ ਨੂੰ ਨਹੀਂ ਸੀ ਕੱਢ ਸਕਦੇ। ਉਸ ਵੇਲੇ ਯੁਕਰੇਨ ਦਾ ਸਾਡੇ ਵਾਲ਼ਾ ਹਿੱਸਾ ਅਜੇ
ਪੋਲਿਸ਼ ਅਮਪਾਇਰ ਦੇ ਥੱਲੇ ਹੀ ਸੀ। ਵਿਨੀਪੈੱਗ ਦੀ ਜਨਰਲ ਸਟਰਾਈਕ ਬਾਅਦ ਉਨ੍ਹਾਂ ਨੇ ਸਾਡੇ
ਹਜ਼ਾਰਾਂ ਲੋਕਾਂ ਨੂੰ ਡੀਪੋਰਟ ਕਰ ਦਿੱਤਾ ਸੀ ਤੇ ਉਹ ਗਰੀਬ ਲੋਕਾਂ ਤੋਂ ਅਜੇ ਵੀ ਇਸ ਗੱਲੋਂ
ਡਰੇ ਹੋਏ ਸਨ ਕਿ ਕਿਤੇ ਉਹ ਕਮਿਉਨਿਸਟ ਨਾ ਬਣ ਜਾਣ। ਨਿਕੋਲਾਇਆਚੱਕ ਤਾਂ ਕਮਿਉਨਿਸਟ ਨਹੀਂ ਸੀ
ਇਸ ਕਰਕੇ ਉਹਨੂੰ ਨਹੀਂ ਸੀ ਡੀਪੋਰਟ ਕੀਤਾ ਜਾਣਾ ਪਰ ਉਸ ਅਫਸਰ ਨੇ ਮੈਨੂੰ ਦੱਸਿਆ ਕਿ ਸਾਨੂੰ
ਜ਼ਰੂਰ ਡੀਪੋਰਟ ਕੀਤਾ ਜਾਵੇਗਾ। ਫੇਰ ਸਾਨੂੰ ਪਤਾ ਨਾ ਲੱਗੇ ਕਿ ਕੀਤਾ ਜਾਵੇ। ਹੋਰ ਨਵੀਂ
ਧਰਤੀ ਸਾਫ ਕਰਨ ਵਿਚ ਵੀ ਕੋਈ ਤੁਕ ਨਜ਼ਰ ਨਹੀਂ ਸੀ ਆਉਂਦੀ ਕਿਉਂਕਿ ਅਸੀਂ ਆਉਣ ਵਾਲ਼ੀ ਬਸੰਤ
ਵਿਚ ਕੋਈ ਫਸਲਾਂ ਤਾਂ ਬੀਜ ਨਹੀਂ ਸਕਾਂਗੇ। ਸਾਡੇ ਆਲੇ ਦੁਆਲੇ ਲੋਕਾਂ ਨੂੰ ਡੀਪੋਰਟ ਕੀਤਾ ਜਾ
ਰਿਹਾ ਸੀ। ਸੋ ਅਸੀਂ ਸਾਰਾ ਸਮਾਂ ਪੈਰ ਜਿਹੇ ਮਲਦੇ ਰਹੇ, ਕੰਮ ਤਾਂ ਕਰੀ ਜਾਂਦੇ ਸੀ ਪਰ
ਬਹੁਤਾ ਉਡੀਕ ਜਿਹੀ ਕਰਦੇ ਸੀ।
ਗਰਮੀਆਂ ਵਿਚ ਇਕ ਪੁਲਸ ਦਾ ਸਿਪਾਹੀ ਆਇਆ, ਮੇਰੇ ਪਿਓ ਨੇ ਦੱਸਿਆ। ਅਸੀਂ ਇਕ ਬਗੀਚਾ ਤਾਂ
ਲਾਇਆ ਹੋਇਆ ਸੀ ਪਰ ਉਸ ਵਿਚੋਂ ਉਸ ਸਾਲ ਫਸਲ ਬਹੁਤ ਮਾੜੀ ਨਿਕਲੀ ਸੀ। ਮੈਂ ਅਣਬੁਝੇ ਜਿਹੇ ਮਨ
ਨਾਲ਼ ਬਾਹਰ ਜ਼ਮੀਨ ਸਾਫ ਕਰ ਰਿਹਾ ਸੀ। ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋਣਾ ਹੈ।
ਪੁਲਸ ਵਾਲ਼ੇ ਨੇ ਤੇਰੀ ਮਾਂ ਨਾਲ਼ ਗੱਲ ਕੀਤੀ, ਘਰ ਦੇ ਦੁਆਲੇ ਚੱਕਰ ਜਿਹਾ ਕੱਢਿਆ ਫੇਰ ਇਕ
ਮਰੀਅਲ ਜਿਹੀ ਗਾਜਰ ਪੁੱਟੀ ਤੇ ਖਾ ਗਿਆ। ਫੇਰ ਉਹ ਮੇਰੇ ਕੋਲ਼ ਆਇਆ। ਮੈਨੂੰ ਨਹੀਂ ਸੀ ਪਤਾ
ਕਿ ਉਹ ਆਇਆ ਹੋਇਆ ਹੈ। ਥੋੜ੍ਹੀ ਦੇਰ ਬਾਅਦ ਉਹ ਮੇਰੇ ਕੋਲ਼ ਆਇਆ ਤੇ ਕਹਿਣ ਲੱਗਾ: ਮੈਂ
ਤੈਨੂੰ ਪਿਛਲੇ ਦੋ ਘੰਟਿਆਂ ਤੋਂ ਕੰਮ ਕਰਦੇ ਨੂੰ ਦੇਖ ਰਿਹਾ ਹਾਂ। ਸੱਚੀਂ? ਇੱਥੇ ਮੱਛਰ
ਕਿੰਨਾ ਹੈ, ਪੁਲਸ ਵਾਲ਼ੇ ਨੇ ਕਿਹਾ। ਉੱਥੇ ਸਾਡੇ ਸਾਫ ਕਰਨ ਤੋਂ ਪਹਿਲਾਂ ਝਾੜੀਆਂ ਸਨ, ਪਾਣੀ
ਖੜ੍ਹਾ ਰਹਿੰਦਾ ਸੀ ਤੇ ਅਜਿਹੀ ਥਾਂ ਮੱਛਰ ਤਾਂ ਬੇਹਸਾਬਾ ਪੈਦਾ ਹੁੰਦਾ ਹੈ। ਜਿੱਥੇ ਵੀ ਕੋਈ
ਬੰਦਾ ਜਾਂਦਾ ਹੈ ਉੱਥੇ ਹੀ ਮੱਛਰਾਂ ਦਾ ਬੱਦਲ ਏਨਾ ਗਾਹੜਾ ਹੁੰਦਾ ਹੈ ਕਿ ਤੁਸੀਂ ਉਸ ਬੰਦੇ
ਨੂੰ ਮੁਸ਼ਕਲ ਨਾਲ਼ ਹੀ ਦੇਖ ਸਕਦੇ ਹੋ।
ਹਾਂ, ਮੱਛਰ ਤਾਂ ਏਦਾਂ ਹੀ ਹਨ, ਮੈਂ ਕਿਹਾ।
ਮੇਰੀ ਮਾਂ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਛੋਟੀ ਰੋਜ਼ੀ ਨੂੰ ਬਾਹਰ ਨਹੀਂ ਸੀ ਲੈ ਕੇ ਜਾ
ਸਕਦੀ ਕਿਉਂਕਿ ਉਹਨੂੰ ਮੱਛਰ ਕੱਟਣਗੇ ਤੇ ਉਹਦੇ ਨਾਲ਼ ਉਹ ਬੀਮਾਰ ਹੋ ਕੇ ਮਰ ਸਕਦੀ ਹੈ। ਹਾਂ
ਮੈਨੂੰ ਬੱਚਿਆਂ ਬਾਰੇ ਤਾਂ ਕੋਈ ਪਤਾ ਨਹੀਂ, ਕਿਉਂਕਿ ਇਹ ਤਾਂ ਉਹਦਾ ਕੰਮ ਸੀ।
ਪੁਲਸ ਵਾਲ਼ੇ ਨੇ ਕਿਹਾ ਕਿ ਉਹ ਮੈਨੂੰ ਮੱਛਰਾਂ ਵਿਚ ਘਿਰੇ ਹੋਏ ਨੂੰ ਕੰਮ ਕਰਦੇ ਨੂੰ ਦੇਖਦਾ
ਰਿਹਾ ਹੈ। ਉਹਨੇ ਮੈਨੂੰ ਪੁੱਛਿਆ ਕਿ ਡੀਪੋਰਟ ਕੀਤੇ ਜਾਣ ਬਾਰੇ ਮੈਂ ਕੀ ਸੋਚਦਾ ਹਾਂ। ਮੈਂ
ਉਹਨੂੰ ਕਿਹਾ ਕਿ ਮੈਨੂੰ ਤਾਂ ਬਹੁਤੀ ਪਰਵਾਹ ਨਹੀਂ ਕਿ ਏਥੇ ਰਹਾਂ ਜਾਂ ਉੱਥੇ ਪਰ ਇਕ ਗੱਲ
ਜ਼ਰੂਰ ਹੈ ਕਿ ਉਨ੍ਹਾਂ ਨੇ ਜੋ ਵੀ ਫੈਸਲਾ ਕਰਨਾ ਹੈ ਛੇਤੀ ਕਰ ਦੇਣ। ਪੁਲਸ ਵਾਲ਼ੇ ਨੇ ਕਿਹਾ
ਕਿ ਉਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਬਾਰੇ ਪਹਿਲੀ ਪੁਲਸ ਰੀਪੋਰਟ ਕਰਕੇ ਨਹੀਂ ਕੱਢਿਆ ਗਿਆ।
ਪਰ ਮੈਨੂੰ ਤਾਂ ਉਸ ਰੀਪੋਰਟ ਬਾਰੇ ਕੁਝ ਪਤਾ ਹੀ ਨਹੀਂ ਸੀ।
ਤੂੰ ਇਹ ਦੇਸ ਛੱਡ ਕੇ ਜਾਣ ਬਾਰੇ ਕਿਉਂ ਕੋਈ ਪਰਵਾਹ ਨਹੀਂ ਕਰਦਾ? ਪੁਲਸ ਵਾਲ਼ੇ ਨੇ ਪੁੱਛਿਆ।
ਤੂੰ ਮੇਰਾ ਘਰ ਦੇਖਿਆ ਹੀ ਹੈ, ਮੇਰੇ ਪਿਓ ਨੇ ਕਿਹਾ, ਤੂੰ ਦੇਖਿਆ ਹੀ ਹੈ ਮੇਰੇ ਬੱਚਿਆਂ ਦੇ
ਕਿੱਦਾਂ ਦੇ ਕੱਪੜੇ ਪਾਏ ਹੋਏ ਹਨ, ਤੂੰ ਸਾਡੇ ਘਰ ਦਾ ਫਰਨੀਚਰ ਵੀ ਦੇਖਿਆ ਹੈ, ਅਸੀਂ ਖਾਣਾ
ਕਿੱਦਾਂ ਦਾ ਖਾਂਦੇ ਹਾਂ? ਤੂੰ ਮੈਨੂੰ ਦੱਸ ਕਿ ਕੀ ਸੰਭਵ ਹੈ ਕਿ ਜਿ਼ੰਦਗੀ ਏਦੂੰ ਵੀ ਬੁਰੀ
ਹੋ ਸਕੇ?
ਨਹੀਂ। ਪੁਲਸ ਵਾਲ਼ੇ ਨੇ ਜੁਆਬ ਦਿੱਤਾ।
ਫੇਰ ਤੂੰ ਹੀ ਦੱਸ ਕਿ ਮੈਂ ਕਿਉਂ ਪਰਵਾਹ ਕਰਾਂ ਏਥੋਂ ਜਾਣ ਬਾਰੇ?
ਠੀਕ ਹੈ, ਪਰ ਤੂੰ ਆਪਣੇ ਘਰ ਵਾਪਸ ਕਿਉਂ ਨਹੀਂ ਜਾਣਾ ਚਾਹੁੰਦਾ? ਪੁਲਸ ਵਾਲ਼ੇ ਨੇ ਪੁੱਛਿਆ।
ਉੱਥੇ ਵੀ ਹਾਲਤ ਏਦੂੰ ਕੋਈ ਬਹੁਤੇ ਵਧੀਆ ਨਹੀਂ। ਉੱਥੇ ਚੰਗੀ ਗੱਲ ਇਹ ਹੋਵੇਗੀ ਕਿ ਅਸੀਂ
ਆਪਣੇ ਲੋਕਾਂ ਵਿਚ ਹੋਵਾਂਗੇ। ਪਰ ਦੂਜੇ ਪਾਸੇ, ਮੈਂ ਛੇ ਸਾਲ ਪਹਿਲਾਂ ਉਹ ਥਾਂ ਛੱਡਿਆ
ਅਮਰੀਕਾ ਜਾਣ ਵਾਸਤੇ ਤੇ ਜੇ ਹੁਣ ਮੈਂ ਵਾਪਸ ਚਲੇ ਜਾਂਦਾ ਹਾਂ ਤਾਂ ਉਹ ਮੈਨੂੰ ਮੇਰੀ ਬਾਕੀ
ਦੀ ਸਾਰੀ ਜਿ਼ੰਦਗੀ 'ਅਮਰੀਕਨ' ਕਹਿਣਗੇ ਤੇ ਹਮੇਸ਼ਾ ਗੱਲਾਂ ਬਣਾਉਣਗੇ ਕਿ ਕਿੱਦਾਂ ਮੈਂ ਵਧੀਆ
ਜੀਵਨ ਦੀ ਆਸ ਵਿਚ ਗਿਆ ਸੀ ਤੇ ਬੁਰੇ ਹਾਲੀਂ ਭੁੱਖਾ ਮੁੜ ਆਇਆ।
ਹਾਂ ਗੱਲ ਖਾਨੇ ਪੈਂਦੀ ਹੈ, ਪੁਲਸ ਵਾਲ਼ੇ ਨੇ ਕਿਹਾ। ਅਸੀਂ ਤੈਨੂੰ ਡੀਪੋਰਟ ਨਹੀਂ ਕਰਾਂਗੇ
ਜੇ ਤੂੰ ਇਸ ਪੇਪਰ ‘ਤੇ ਦਸਤਖਤ ਕਰ ਦੇਵੇਂ ਕਿ ਤੂੰ ਮੁੜ ਕੇ ਕਦੇ ਰਿਲੀਫ ਲਈ ਅਰਜ਼ੀ ਨਹੀਂ
ਦੇਵੇਂਗਾ।
ਪਰ ਮੇਰੇ ਪਿਓ ਨੇ ਇਹ ਕਰਨ ਤੋਂ ਨਾਂਹ ਕਰ ਦਿੱਤੀ। ਤੇਰਾ ਜੋ ਜੀਅ ਕਰਦਾ ਹੈ ਕਰ ਪਰ ਮੈਂ ਇਹੋ
ਜਿਹੇ ਪੇਪਰ ‘ਤੇ ਸਾਈਨ ਨਹੀਂ ਕਰਨੇ। ਮੇਰੇ ਆਪਣੇ ਲਈ ਤਾਂ ਮੈਨੂੰ ਪਰਵਾਹ ਨਹੀਂ ਪਰ ਜੇ ਮੇਰੇ
ਨਿਆਣੇ ਭੁੱਖੇ ਹੋਏ ਤਾਂ ਮੈਂ ਉਨ੍ਹਾਂ ਨੂੰ ਖੁਆਉਣ ਲਈ ਜੋ ਵੀ ਕਰਨ ਦੀ ਲੋੜ ਹੋਈ ਕਰਾਂਗਾ।
ਉਨ੍ਹਾਂ ਨੂੰ ਛੇਤੀ ਹੀ ਦੁਕਾਨਦਾਰ ਹੇਗ ਜਿਹੜਾ ਕਿ ਪੋਸਟ ਆਫਿਸ ਦਾ ਪੋਸਟਮਾਸਟਰ ਵੀ ਸੀ
ਰਾਹੀਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਏਥੋਂ ਕੱਢਣ ਦੀ ਤਰੀਕ ਅੱਗੇ ਪਾ ਦਿੱਤੀ
ਗਈ ਹੈ। ਉਹ ਇਸ ਗੱਲ ਤੋਂ ਬਹੁਤ ਦੁਖੀ ਸਨ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ
ਕੱਢਿਆ ਜਾਵੇਗਾ ਜਾਂ ਏਥੇ ਰਹਿਣ ਦੀ ਇਜਾਜ਼ਤ ਮਿਲ਼ ਜਾਵੇਗੀ।
ਮੇਰੇ ਕੋਲ਼ ਅਜੇ ਵੀ ਕਾਟੋਆਂ ਤੋਂ ਕਮਾਏ ਕੁਝ ਪੈਸੇ ਬਚਦੇ ਸਨ ਤੇ ਉਨ੍ਹਾਂ ਗਰਮੀਆਂ ਵਿਚ ਮੈਂ
ਗਰੈਂਡ ਪ੍ਰੇਰੀ ਦੀ ਅਦਾਲਤ ਵਿਚ ਗਿਆ ਤੇ ਨਾਗਰਿਕਤਾ ਲੈਣ ਵਾਸਤੇ ਲੋੜੀਂਦੀ ਅਰਜ਼ੀ ਭਰਨ ਲਈ
ਪੰਜ ਡਾਲਰ ਫੀਸ ਦੇ ਦਿੱਤੀ।
ਕਚਹਿਰੀ ਵਿਚ ਲੋਕਾਂ ਦੀ ਭੀੜ ਲੱਗੀ ਹੋਈ ਸੀ ਜਿਨ੍ਹਾਂ ਨੂੰ ਵਾਜ ਪੈਣ ਦੀ ਆਸ ਸੀ। ਮੇਰਾ
ਨੰਬਰ ਦੂਜਾ ਸੀ। ਸੈਕਰੇਟਰੀ ਨੇ ਜੱਜ ਨੂੰ ਕਿਹਾ ਕਿ ਮੈਂ ਅੰਗ੍ਰੇਜ਼ੀ ਨਹੀਂ ਬੋਲਦਾ ਪਰ ਜੱਜ
ਨੇ ਕਿਹਾ ਕਿ ਉਹ ਮੇਰੇ ਨਾਲ਼ ਆਪ ਗੱਲ ਕਰੇਗਾ ਇਸ ਗੱਲ ਦਾ ਪਤਾ ਲਾਉਣ ਲਈ।
ਉਹਨੇ ਮੈਨੂੰ ਰਿਲੀਫ ਬਾਰੇ ਪੁੱਛਿਆ ਤੇ ਮੈਂ ਉਹਨੂੰ ਕਿਹਾ ਕਿ ਮੈਂ ਫਸਲਾਂ ਦੀ ਕਟਾਈ ਸਮੇਂ
ਕੋਈ ਪੈਸਾ ਨਹੀਂ ਸੀ ਬਣਾ ਸਕਿਆ ਤੇ ਮੇਰੇ ਕੋਲ਼ ਸਰਦੀਆਂ ਲੰਘਾਉਣ ਲਈ ਕੋਈ ਪੈਸਾ ਨਹੀਂ ਸੀ।
ਫੇਰ ਮੈਂ ਉਹਨੂੰ ਕਾਟੋਆਂ ਬਾਰੇ ਦੱਸਿਆ।
ਕੁਦਰਤੀਂ, ਜੱਜ ਕਹਿਣ ਲੱਗਾ, ਜਿੰਨੀ ਛੇਤੀ ਤੇਰੇ ਹੱਥ ਵਿਚ ਪੈਸੇ ਆਏ ਤੂੰ ਭੱਜ ਕੇ ਗਿਆ ਤੇ
ਰਿਲੀਫ ਦਫਤਰ ਤੋਂ ਲਏ ਹੋਏ ਪੰਜ ਡਾਲਰ ਮੋੜ ਦਿੱਤੇ।
ਨਹੀਂ।
ਕਿਉਂ ਨਹੀਂ?
ਮੇਰੇ ਕੋਲ਼ ਵਾਧੂ ਪੰਜ ਡਾਲਰ ਹੈ ਹੀ ਨਹੀਂ। ਮੇਰੇ ਕੋਲ਼ੋਂ ਤਾਂ ਆਪਣੇ ਅਤੇ ਟੱਬਰ ਦੇ
ਗੁਜ਼ਾਰੇ ਜੋਗੇ ਪੈਸੇ ਹੀ ਮਸਾਂ ਬਣੇ ਸਨ।
ਪਰ ਤੇਰੇ ਕੋਲ਼ ਇਹ ਅਰਜ਼ੀ ਦੇਣ ਲਈ ਤਾਂ ਪੰਜ ਡਾਲਰ ਬਚੇ ਹੋਏ ਸਨ?
ਹਾਂ, ਤੇ ਮੈਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿਉਂਕਿ ਮੈਂ ਇਸ ਗੱਲ ਦੀ ਉਡੀਕ ‘ਚ ਹੀ ਨਹੀਂ
ਬੈਠਾ ਰਹਿਣਾ ਚਾਹੁੰਦਾ ਕਿ ਉਹ ਕਦੋਂ ਮੈਨੂੰ ਡੀਪੋਰਟ ਕਰਦੇ ਹਨ।
ਜੱਜ ਕਹਿੰਦਾ ਕਿ ਮੈਂ ਤਾਂ ਬੜੀ ਸੋਹਣੀ ਅੰਗ੍ਰੇਜ਼ੀ ਬੋਲਦਾ ਹਾਂ ਤੇ ਮੇਰੇ ਨਾਲ਼ ਗੱਲਾਂ
ਕਰਨੀਆਂ ਉਹਨੂੰ ਬਹੁਤ ਚੰਗੀਆਂ ਲੱਗੀਆਂ ਇਸ ਕਰਕੇ ਮੈਨੂੰ ਉਸੇ ਵੇਲੇ ਨਾਗਰਿਕਤਾ ਦੇਣ ਦੀ ਥਾਂ
ਉਹ ਚਾਹੇਗਾ ਕਿ ਮੈਂ ਮੁੜ ਕੇ ਫੇਰ ਆਵਾਂ ਤਾਂ ਕਿ ਉਹ ਮੇਰੇ ਨਾਲ਼ ਹੋਰ ਗੱਲਾਂ ਕਰ ਸਕੇ।
ਕਚਹਿਰੀ ਵਿਚ ਘੁਸਰ ਮੁਸਰ ਜਿਹੀ ਹੋਈ। ਉੱਥੇ ਸਾਰੇ ਲੋਕ ਇਹ ਦੇਖਣ ਲਈ ਉਤਸੁਕ ਸਨ ਕਿ ਇਕ
ਕਮਿਉਨਿਸਟ ਨਾਲ਼ ਕਿਸ ਤਰਾਂ ਵਰਤਾ ਕੀਤਾ ਜਾਵੇਗਾ।
ਮੈਂ ਘਰ ਨੂੰ ਜਾਣ ਤੋਂ ਪਹਿਲਾਂ ਹੇਗ ਦੀ ਦੁਕਾਨ ਵਿਚ ਰੁਕਿਆ। ਤੈਨੂੰ ਤੇਰੇ ਪੇਪਰ ਮਿਲ਼ ਗਏ?
ਹੇਗ ਕਹਿਣ ਲੱਗਾ ਤੇ ਮੈਂ ਕਿਹਾ ਕਿ ਨਹੀਂ ਤੇ ਉਹਨੂੰ ਦੱਸਿਆ ਕਿ ਜੱਜ ਨੇ ਮੈਨੂੰ ਕੀ ਕਿਹਾ
ਸੀ।
ਹੇਗ ਕਹਿਣ ਲੱਗਾ, ਪਰ ਮੈਂ ਸਰਕਾਰੀ ਏਜੰਟ ਹਾਂ, ਪੋਸਟਮਾਸਟਰ ਹੋਣ ਕਰਕੇ ਮੈਨੂੰ ਜੱਜ ਨਾਲੋਂ
ਜਾਦੇ ਪਤਾ ਹੈ।
ਮੈਂ ਉਹਨੂੰ ਕਿਹਾ ਕਿ ਉਹ ਤਾਂ ਕਮਲੀਆਂ ਗੱਲਾਂ ਕਰਦਾ ਸੀ। ਪਰ ਹਫਤੇ ਬਾਅਦ ਹੀ ਜਦੋਂ ਮੈਂ
ਮੁੜ ਕੇ ਉਹਦੀ ਦੁਕਾਨੇ ਗਿਆ ਤਾਂ ਉਹਨੇ ਮੇਰੇ ਮੂਹਰੇ ਇਕ ਲਫਾਫਾ ਹਿਲਾਇਆ। ਉਹਨੂੰ ਡਾਕ
ਖੋਲ੍ਹਣੀ ਤਾਂ ਨਹੀਂ ਸੀ ਚਾਹੀਦੀ ਪਰ ਉਹਨੂੰ ਪਤਾ ਸੀ ਕਿ ਉਸ ਵਿਚ ਕੀ ਸੀ।
ਤੇ ਏਦਾਂ ਮੈਂ ਕਨੇਡੀਅਨ ਬਣਿਆਂ।
ਨਾਗਰਿਕਾਂ ਦੀਆਂ ਪਤਨੀਆਂ ਤਕਰੀਬਨ ਆਪਣੇ ਆਪ ਨਾਗਰਿਕ ਬਣ ਜਾਂਦੀਆਂ ਸਨ ਇਸ ਕਰਕੇ ਮੇਰੀ ਮਾਂ
ਨੂੰ ਛੇਤੀ ਹੀ ਉਹਦੇ ਪੇਪਰ ਵੀ ਮਿਲ਼ ਗਏ। ਤੇ ਇਸ ਤਰ੍ਹਾਂ ਉਸ ਤੋਂ ਛੇ ਸਾਲ ਬਾਅਦ ਮੈਂ
ਜੰਮਦੀ ਹੀ ਕਨੇਡੀਅਨ ਸੀ।
ਜਦੋਂ ਮੇਰੇ ਪਿਓ ਨੇ ਪਹਿਲਾਂ ਮੈਨੂੰ ਇਹ ਕਹਾਣੀ ਦੱਸੀ ਸੀ ਤਾਂ ਇਕ ਤਰ੍ਹਾਂ ਬੜੀ ਸਮਝ ਆਉਣ
ਵਾਲ਼ੀ ਸਿੱਧੀ ਗੱਲ ਸੀ - ਇਕ ਗਰੀਬ ਪਰਵਾਰ ਦਾ ਆਪਣੇ ਜੀਵਨ ਲਈ ਸੰਘਰਸ਼। ਉਹ ਔਖਿਆਂ ਸਮਿਆਂ
ਵਿਚੋਂ ਬਚ ਨਿਕਲੇ ਪਰ ਲਗਦਾ ਹੈ ਕਿ ਉਨ੍ਹਾਂ ਦਾ ਜੀਵਨ ਬੇਲੋੜਿਆਂ ਹੀ ਔਖਾ ਬਣਾ ਦਿੱਤਾ ਗਿਆ
ਸੀ। ਪ੍ਰੇਰੀ ਵਿਚ ਆਏ ਹੋਏ ਯੁਕਰੇਨੀਅਨ ਆਵਾਸੀਆਂ ਬਾਰੇ ਜੇਮਸ ਮੈਕਰੈਗਰ ਨੇ ਲਿਖਿਆ ਹੈ:
"ਖਾਲੀ ਪਈ ਧਰਤੀ ‘ਤੇ ਉਹ ਖਾਲੀ ਹੱਥੀਂ ਆਏ"। ਪਰ ਇਹ ਧਰਤੀ ਤਾਂ ਮੁੱਢ ਤੋਂ ਖਾਲੀ ਨਹੀਂ ਸੀ
- ਇੱਥੇ ਤਾਂ ਮੱਝਾਂ ਦੇ ਵੱਗਾਂ ਦੇ ਵੱਗ ਫਿਰਦੇ ਹੁੰਦੇ ਸਨ ਤੇ ਅਨੇਕਾਂ ਹੋਰ ਜਾਨਵਰ ਹੁੰਦੇ
ਸਨ। ਏਥੇ ਪਹਿਲਾਂ ਇੰਡੀਅਨ (ਮੂਲ-ਵਾਸੀ) ਫੇਰ ਇੰਡੀਅਨ ਤੇ ਮੇਟੀਜ਼ (ਯੁਰਪੀਅਨ ਤੇ
ਮੂਲਵਾਸੀਆਂ ਤੋਂ ਪੈਦਾ ਹੋਈ ਔਲਾਦ) ਰਹਿੰਦੇ ਸਨ। ਉਹ ਸਾਰੇ ਕਿੱਥੇ ਚਲੇ ਗਏ?
ਤੇ ਮੇਰਾ ਪਿਓ ਸੜਕ ‘ਤੇ ਭੁੱਖਾ ਕਿਉਂ ਤੁਰਿਆ ਜਾ ਰਿਹਾ ਸੀ? ਮੇਰੀ ਮਾਂ ਕਿਉਂ ਉਜਾੜ ਵਿਚ
ਗਰੀਬੀ ਤੇ ਮਾਰ ਕੁਟਾਈ ਦਾ ਜੀਵਨ ਬਤੀਤ ਕਰਦੀ ਸੀ? ਕੀ ਇਹ ਸਿਰਫ ਉਸ ਵੇਲੇ ਦੇ ਆਰਥਿਕ
ਮੰਦਵਾੜੇ (ਡਿਪਰੈਸ਼ਨ) ਕਾਰਨ ਹੀ ਸੀ? ਕਿਉਂਕਿ ਉਹ ਅਲਬਰਟਾ ਵਿਚ ਰਹਿੰਦੇ ਸਨ? ਕੀ ਇਸ ਕਰਕੇ
ਕਿ ਉਹ ਯੁਕਰੇਨੀਅਨ ਸਨ? ਜਾਂ ਕੁਝ ਹੋਰ ਗਲਤ ਸੀ ਜਿਹੜਾ ਕੱਲੇ ਕਾਰੇ ਆਵਾਸੀਆਂ ਦੀ ਕਿਸਮਤ
ਨਾਲੋਂ ਡੂੰਘੀਆਂ ਜੜਾਂ ਵਾਲ਼ਾ ਸੀ?
***** |