|
(ਅਜਮੇਰ ਰੋਡੇ ਦਾ ਨਾਟਕ ਦੂਜਾ ਪਾਸਾ 1970ਵਿਆਂ ਵਿੱਚ ਕੈਨੇਡਾ ਦੀ ਪੰਜਾਬੀ ਕਮਿਊਨਿਟੀ
ਨੂੰ ਦਰਪੇਸ਼ ਮੁੱਖ ਸਮੱਸਿਆ ਨਸਲਵਾਦ ਨਾਲ ਸੰਬਧਤ ਹੈ। ਇਹ ਨਾਟਕ ਕੈਨੇਡਾ ਦੇ ਇਕ ਪੰਜਾਬੀ
ਲੇਖਕ ਵਲੋਂ ਕੈਨੇਡਾ ਦੇ ਪੰਜਾਬੀਆਂ ਦੇ ਜੀਵਨ ਬਾਰੇ ਲਿਖਿਆ ਗਿਆ ਪਹਿਲਾ ਨਾਟਕ ਸੀ ਅਤੇ ਇਸ
ਨੂੰ ਵਤਨੋਂ ਦੂਰ ਆਰਟ ਫਾਊਂਡੇਸ਼ਨ ਨੇ 10 ਦਸੰਬਰ 1977 ਨੂੰ ਪਹਿਲੀ ਵਾਰ ਸੈਕਸਮਿੱਥ
ਐਲੀਮੈਂਟਰੀ ਸਕੂਲ ਵੈਨਕੂਵਰ ਵਿੱਚ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ ਕਰਵਾਏ ਪ੍ਰੋਗਰਾਮ
ਵਿੱਚ ਖੇਡਿਆ। ਸਾਡੇ ਖਿਆਲ ਵਿੱਚ ਕੈਨੇਡਾ ਵਿੱਚ ਪੰਜਾਬੀ ਕਮਿਊਨਿਟੀ ਨੂੰ ਪੇਸ਼ ਨਸਲਵਾਦ ਦੀ
ਸਮੱਸਿਆ ਨਾਲ ਸੰਬੰਧਤ ਸਾਹਿਤ ਵਿੱਚ ਇਸ ਨਾਟਕ ਦਾ ਇਕ ਮਹੱਤਵਪੂਰਨ ਸਥਾਨ ਹੈ। ਚਾਲੀ ਸਾਲਾਂ
ਬਾਅਦ ਅਸੀਂ ਇਸ ਨੂੰ ਪੰਜਾਬੀ ਪਾਠਕਾਂ ਦੇ ਸਾਹਮਣੇ ਇਸ ਆਸ ਨਾਲ ਪੇਸ਼ ਕਰ ਰਹੇ ਹਾਂ ਤਾਂ ਕਿ
ਕੈਨੇਡਾ ਵਿੱਚ ਪੰਜਾਬੀ ਕਮਿਊਨਿਟੀ ਦੇ ਵਿਕਾਸ ਦੇ ਇਸ ਪੜਾਅ ਬਾਰੇ ਉਨ੍ਹਾਂ ਲੋਕਾਂ ਨੂੰ ਵੀ
ਪਤਾ ਲੱਗ ਸਕੇ ਜੋ ਇਸ ਤੋਂ ਜਾਣੂ ਨਹੀਂ ਹਨ। –ਸੰਪਾਦਕ।)

ਰਘੁਬੀਰ ਮੰਡ ਅਤੇ ਕਰਮਜੀਤ ਘੁਮਾਣ ਨਾਟਕ ਦੂਜਾ ਪਾਸਾ ਵਿੱਚ
ਪਾਤਰ:
(ਪ੍ਰਵੇਸ਼ ਅਨੁਸਾਰ)
ਜਸਵੰਤ ਕੌਰ: ਉਮਰ 43 ਸਾਲ
ਹਰਨਾਮ ਸਿੰਘ: ਜਸਵੰਤ ਕੌਰ ਦਾ ਪਤੀ, 47 ਸਾਲ
ਕਿਰਪਾਲ ਸਿੰਘ: ਹਰਨਾਮ ਸਿੰਘ ਦਾ ਦੋਸਤ, 50 ਸਾਲ
ਗੁਰਦੀਪ: ਹਰਨਾਮ ਸਿੰਘ ਦਾ ਲੜਕਾ, 22 ਸਾਲ
ਬਲਵੰਤ: ਹਰਨਾਮ ਸਿੰਘ ਦੇ ਚਾਚੇ ਦਾ ਮੁੰਡਾ, 35 ਸਾਲ
ਜਗਦੇਵ: ਇਕ ਵਾਕਫ, 35 ਸਾਲ
ਸਥਾਨ:
ਵੈਨਕੂਵਰ, ਸ਼ਾਂਤ ਮਹਾਂਸਾਗਰ ਦੇ ਕੰਢੇ ਕੈਨੇਡਾ ਦਾ ਮੁੱਖ ਨਗਰ
ਸਮਾਂ:
ਵਰਤਮਾਨ
(ਜਸਵੰਤ ਕੌਰ ਆਪਣੇ ਘਰ ਦੇ ਲਿਵਿੰਗ ਰੂਮ ਵਿੱਚ ਬੈਠੀ ਸਬਜ਼ੀ ਚੀਰ ਰਹੀ ਹੈ। ਗਰਮੀਆਂ ਦੇ
ਛੇ ਸੱਤ ਵਜੇ ਦਾ ਸਮਾਂ ਹੈ। ਇਕ ਪਾਸੇ ਮੇਜ਼ ਉੱਤੇ ਪਏ ਟ੍ਰਾਂਜਿ਼ਸਟਰ ਤੇ ਕੋਈ ਪੰਜਾਬੀ ਦਾ
ਪ੍ਰੋਗਰਾਮ ਆ ਰਿਹਾ ਹੈ। ਲਿਵਿੰਗ ਰੂਮ ਵਿੱਚ ਇਕ ਸਾਦਾ ਜਿਹਾ ਸੋਫਾ ਸੈੱਟ ਹੈ, ਜਿਸ ਉੱਤੇ
ਫੁੱਲਦਾਰ ਕੱਪੜੇ ਵਿਛਾਏ ਹੋਏ ਹਨ। ਸੱਜੇ ਪਾਸੇ ਇਕ ਕੁਰਸੀ ਪਈ ਹੈ। ਇਕ ਕੋਨੇ ‘ਤੇ ਟੀ ਵੀ
ਪਿਆ ਹੈ, ਜਿਸ ਉੱਤੇ ਕਈ ਭਾਂਤ ਭਾਂਤ ਦੀਆਂ ਤਸਵੀਰਾਂ ਵਾਲੇ ਕਾਰਡ ਪਏ ਹਨ। ਸਾਹਮਣੀ ਕੰਧ
ਉੱਤੇ ਵੀ ਦੋ ਤਸਵੀਰਾਂ ਦਿਸਦੀਆਂ ਹਨ।
ਬਾਹਰੋਂ ਦਰਵਾਜ਼ਾ ਖੁੱਲ੍ਹਣ ਦੀ ਅਵਾਜ਼ ਆਉਂਦੀ ਹੈ। ਜਸਵੰਤ ਕੌਰ ਉੱਠ ਕੇ ਖੜੀ ਹੋ ਜਾਂਦੀ ਹੈ
ਤੇ ਦਰਵਾਜ਼ੇ ਵਲ ਉਤਸੁਕਤਾ ਨਾਲ ਦੇਖਦੀ ਹੈ। ਹਰਨਾਮ ਸਿੰਘ ਢੱਠੀ ਜਿਹੀ ਪੱਗ ਬੰਨੀ, ਉੱਤਰੇ
ਹੋਏ ਚਿਹਰੇ ਨਾਲ ਪ੍ਰਵੇਸ਼ ਕਰਦਾ ਹੈ ਅਤੇ ਆਉਂਦਿਆਂ ਹੀ ਸੋਫੈ ਉੱਤੇ ਕੂਹਣੀ ਭਾਰ ਟੇਢਾ ਹੋ
ਕੇ ਬੈਠ ਜਾਂਦਾ ਹੈ।)
ਜਸਵੰਤ ਕੌਰ: ਕਿਉਂ ਕੀ ਗੱਲ ਹੋ ਗੀ... ਐਂ ਆ ਕੇ ਪੈ ਗੇ ਸੋਫੇ ‘ਤੇ?
(ਹਰਨਾਮ ਸਿੰਘ ਚੁੱਪ ਰਹਿੰਦਾ ਹੈ।)
(ਕੁਝ ਫਿਕਰਮੰਦ ਹੋ ਕੇ) ਚਿੱਤ ਢਿੱਲਾ ਐਂ ਜਾਂ ਹੋਰ ਕੋਈ ਗੱਲ ਐ? ਕੁਝ ਦੱਸੋ ਤਾਂ ਸਹੀ।
ਹਰਨਾਮ ਸਿੰਘ: ਉਇ... ਗੋਰਿਆਂ ਦਾ ਕਤੀੜ ਵਾਧਾ ... (ਗੁੱਸੇ ‘ਚ ਪੂਰੀ ਗੱਲ ਨਹੀਂ ਨਿਕਲਦੀ)।
ਜਸਵੰਤ ਕੌਰ: ਹੈ ਹੈ ਲੋਹੜਾ, ਕਿੱਥੇ ਘੇਰ ਲਿਆ, ਕੀ ਕਹਿੰਦੇ ਔਂਤਰਿਆਂ ਦੇ, ਇਨ੍ਹਾਂ ਦੀ
ਮਿੱਟੀ ਸੜ ਜੇ... ਕਿਤੇ ਸੱਟ ਫੇਟ ਤਾਂ ਨੀ ਮਾਰਗੇ ਕੋਈ?
ਹਰਨਾਮ ਸਿੰਘ: ਸੱਟ ਫੇਟ ਆਲੀ ਕਸਰ ਤਾਂ ਨੀ ਛੱਡਦੇ। ਕੋਈ ਧੌਲਾ ਮਾਰ ਗਿਆ, ਕੋਈ ਅੱਗੋਂ
ਬੂਟਾਂ ਦੇ ਠੁੱਡੇ ਮਾਰਨ ਲੱਗ ਪਿਆ... ਵੱਸ ਚਲਦਾ ਤਾਂ ਸੰਘੀ ਘੁੱਟ ਕੇ ਮਾਰ ਦਿੰਦਾ ਇਨ੍ਹਾਂ
ਦੀ ਮਾਂ...
ਜਸਵੰਤ ਕੌਰ: ਹੈ ਥੋਡਾ ਕੱਖ ਨਾ ਰਹੇ ਕੁੱਤਿਓ! ਹੈਂ, ਕਿੱਡੀ ਅੱਤ ਚੁੱਕੀ ਐ ਇਨ੍ਹਾਂ ਜਾਇ
ਖਾਣਿਆਂ ਨੇ, ਸੱਟ ਜਾਦੇ ਤਾਂ ਨੀ ਮਾਰਗੇ ਕਿਤੇ।
ਹਰਨਾਮ ਸਿੰਘ (ਜ਼ਰਾ ਖਿੱਝ ਕੇ) ਜਾਦੇ ਥੋੜ੍ਹੀ ਦਾ ਪਤਾ ਲਗਦੈ ਹੁਣ ਕੋਈ...
ਜਸਵੰਤ ਕੌਰ: ਤੁਸੀਂ ਜ਼ਰਾ ਰਾਮ ਨਾਲ ਪੈ ਜੋ ਐਥੇ, ਮੈਂ ਚਾਹ ਧਰ ਦਿਆਂ। ਇਕ ਤਾਂ ਊਂ ਪ੍ਰਦੇਸ
‘ਚ ਬੈਠੇ ਆਂ, ਇਕ ਇਹ ਨੀ ਸਾਹ ਲੈਣ ਦਿੰਦੇ ਕੁੱਤੇ ਜਹਾਨ ਦੇ। ਨਾ, ਗੱਲ ਛਿੜ ਕਿੱਥੋਂ ਪਈ?
ਹਰਨਾਮ ਸਿੰਘ: ਓਇ ਗੱਲ ਕੀ ਛਿੜਨੀ ਸੀ ਆਹ ਪੱਗ ਦਾ ਪੁਆੜਾ ਪੈਂਦਾ ਐ ਸਾਰਾ। ਐਥੋਂ ਦੋ ਬਲਾਕ
ਪਰ੍ਹੇ ਐਵੇਂ ਹਾ ਹਾ ਹੀ ਹੀ ਕਰਨ ਲਗ ਪੇ... ਮੈਥੋਂ ਵੀ ਰਿਹਾ ਨਾ ਗਿਆ ਤੇ ਗੁੱਸੇ ‘ਚ ਆ ਕੇ
ਯੂ ਬਾਸਟਰ ਸ਼ਟ ਅੱਪ ਕਹਿ ਦਿੱਤਾ...
ਜਸਵੰਤ ਕੌਰ: ਲੈ ਕੀ ਲੈਣਾ ਸੀ ਉਹਨਾਂ ਨੂੰ ਛੇੜ ਕੇ।
ਹਰਨਾਮ ਸਿੰਘ: ਅਖੇ ਕੀ ਲੈਣਾ ਸੀ ਉਹਨਾਂ ਨੂੰ ਛੇੜ ਕੇ, ਓਇ ਉਹ ਤਾਂ ਲੜਨ ਦਾ ਬਹਾਨਾ ਹੀ
ਭਾਲਦੇ ਸੀ – ਇੱਲਾਂ ਆਂਗੂੰ ਟੁੱਟ ਕੇ ਆ ਪੇ... ਪੱਗ ਖਿੱਚ ਕੇ ਥੱਲੇ ਸਿੱਟ ਤੀ। ਮੈਂ ਵੀ ਇਕ
ਦੋ ਦੇ ਲਾਈਆਂ ਪਰ ਤਿੰਨਾਂ ਅੱਗੇ ਕੱਲੇ ਦਾ ਕੀ ਬਣਦੈ, ਉੱਤੋਂ ਬਗਾਨਾ ਮੁਲਖ।
ਜਸਵੰਤ ਕੌਰ: ਹੋਰ ਨੀ ਕਿਸੇ ਹਟਾਇਆ ਉਹਨਾਂ ਹਰਾਮੀਆਂ ਨੂੰ?
ਹਰਨਾਮ ਸਿੰਘ: ਹਟੌਣ ਵਾਲਾ ਉੱਥੇ ਕੌਣ ਸੀ – ਇਹੋ ਜੀਆਂ ਗਦੂਦਾਂ ਨੂੰ ਪੱਕੀ ਨਾ ਅੜਾ ਦੇ,
ਫੇਰ ਔਂਦੀ ਹੈ ਸੁਰਤ ਟਿਕਾਣੇ ਏਸ ਜਾਤ ਦੀ, ਏਹਨਾਂ ਦੀ ਮਾਂ... ਪਿੰਡ ਕਿਸੇ ਤੋਂ ਉਇ ਨੀ
ਅਖਵਾਈ ਸੀ ਕਦੇ, ਏਥੇ ਕਮੀਣਾਂ ਤੋਂ ਭੈੜਾ ਹਾਲ ਐ। ਅਖੇ ਕਨੇਡਾ, ਕਨੇਡਾ, ਕਨੇਡਾ – ਲੈ ਵੇਖ
ਲੌ ਕਨੇਡਾ, ਕੀ ਪਿਐ ਏਥੇ ਐਵੇਂ ... (ਗਾਲ੍ਹ ਕੱਢਦਾ ਹੈ)
(ਗੁੱਸੇ ‘ਚ ਆ ਕੇ ਹਰਨਾਮ ਸਿੰਘ ਤੁਰਨ ਫਿਰਨ ਲੱਗ ਪੈਂਦਾ ਹੈ – ਬਾਹਰੋਂ ਘੰਟੀ ਹੁੰਦੀ ਹੈ।
ਜਸਵੰਤ ਕੌਰ ਦਰਵਾਜ਼ਾ ਖੋਲ੍ਹਦੀ ਹੈ। ਕਿਰਪਾਲ ਸਿੰਘ ਅੰਦਰ ਆਉਂਦਾ ਹੈ। ਦਾਹੜੀ ਪੱਗ ਰੱਖੀ
ਹੋਈ ਹੈ)
ਕਿਰਪਾਲ ਸਿੰਘ: (ਮੁਸਕਰਾ ਕੇ) ਸਾਸਰੀ ਕਾਲ ਜਸਵੰਤ ਕੁਰੇ।
ਜਸਵੰਤ ਕੌਰ: ਸਾਸਰੀ ਕਾਲ... ਆ ਜੋ ਨੰਘ ਆਉ ਅੰਦਰ।
ਕਿਰਪਾਲ ਸਿੰਘ: ਮੈਂ ਅੱਜ ਸਵੇਰੇ ਸਵੇਰੇ ਗੁਰਦਵਾਰੇ ਚਲਾ ਗਿਆ, ਹੁਣ ਉੱਥੋਂ ਈ ਤੁਰਿਆ
ਆਉਨੈਂ, ਸੋਚਿਆ ਜਾਂਦਾ ਜਾਂਦਾ ਥੋਡੇ ਵੱਲ ਈ ਚੱਕਰ ਮਾਰ ਜਾਂ। ਘਰੇ ਈ ਐ ਹਰਨਾਮ ਸਿੰਹੁ?
ਬੱਚੇ ਤਾਂ ਬਾਹਰ ਗਏ ਹੋਣੇ ਐ?
ਜਸਵੰਤ ਕੌਰ: ਘਰੇ ਈ ਐ ਆਪ ਤਾਂ, ਦੀਪ ਵੀ ਔਣ ਵਾਲਾ ਐ ਕਿਸੇ ਮੀਟਿੰਗ ‘ਚ ਗਿਆ ਹੋਇਐ।
ਕਿਰਪਾਲ ਸਿੰਘ: (ਹਰਨਾਮ ਸਿੰਘ ਨਾਲ ਹੱਥ ਮਿਲਾਉਂਦਾ ਹੋਇਆ) ਸੁਣਾ ਕੀ ਹਾਲ ਐ ਹਰਨਾਮ ਸਿਹਾਂ,
ਮੈਂ ਕਿਹਾ ਥੋਡਾ ਤਾਂ ਟੈਮ ਨੀ ਲੱਗਦਾ ਮੈਂ ਈ ਚੱਕਰ ਮਾਰ ਜਾਂ। ਕੀ ਗੱਲ ਸਿਹਤ ਠੀਕ ਨੀ?
ਢਿੱਲਾ ਜਿਹਾ ਲੱਗਦੈ?
ਜਸਵੰਤ ਕੌਰ: (ਹਰਨਾਮ ਸਿੰਘ ਦੇ ਬੋਲਣ ਤੋਂ ਪਹਿਲਾਂ ਈ) ਸਿਹਤ ਕਾਹਦੀ ਐ ਭਾਈ ਏਥੇ ਹੱਜ ਐ
ਕੋਈ ਰਹਿਣ ਦਾ। ਗੋਰਿਆਂ ਦੀ ਮੰਢੀਰ ਨੇ ਬਦਲੇ ਲੈ ਲੈ ਸਾਡੇ ਤਾਂ, ਆਹ ਤੇਰੇ ਅੱਗੇ ਅੱਗੇ
ਹੁਣੇ ਆਏ ਐ।
ਕਿਰਪਾਲ ਸਿੰਘ: ਲੈ! ਕੀ ਗੱਲ ਹੋ ਗੀ?
ਜਸਵੰਤ ਕੌਰ: ਗੱਲ ਕੀ ਹੋਣੀ ਸੀ, ਫੇਰ ਘੇਰ ਲਿਆ ਅੱਜ।
ਕਿਰਪਾਲ ਸਿੰਘ: ਹੱਛਾ! ਫੇਰ ਤਾਂ ਬੜੀ ਭੈੜੀ ਗੱਲ ਹੋਈ। ਇਹਨਾਂ ਸਾਲਿਆਂ ਦੇ ਦਮਾਗ ਚੜ੍ਹੇ
ਹੋਏ ਐ ਅੱਜ ਕੱਲ੍ਹ। ਪਰਸੋਂ ਸਾਡੇ ਬਲਾਕ ‘ਚ ਵੀ ਆਪਣਿਆਂ ਦੇ ਸ਼ੀਸ਼ੇ ਭੰਨਗੇ। ਸੱਟ ਫੇਟ ਤਾਂ
ਨੀ ਮਾਰਗੇ? ਪੁਲਿਸ ਨੂੰ ਫੋਨ ਮਾਰਨਾ ਸੀ?
ਹਰਨਾਮ ਸਿੰਘ: ਪੁਲੀਸ ਆਉਣ ਤੱਕ ਠਹਿਰਦੇ ਐ? ਇਹੋ ਜਿਆਂ ਨੂੰ ਤਾਂ ਓਥੇ ਈ ਚਿੱਪ ਦੇਵੇ
ਡਾਂਗਾਂ ਨਾਲ ਫੇਰ ਔਂਦੀ ਐ ਸੁਰਤ ਟਿਕਾਣੇ।
ਕਿਰਪਾਲ ਸਿੰਘ: ਗੱਲ ਤਾਂ ਊਂ ਤੇਰੀ ਏਹੋ ਠੀਕ ਐ।
ਹਰਨਾਮ ਸਿੰਘ: ਮੈਂ ਤਾਂ, ਸੱਚੀ ਗੱਲ ਐ, ਪੱਗ ਤੋਂ ਅੱਕਿਆ ਪਿਐਂ। (ਜਸਵੰਤ ਕੌਰ ਵੱਲ ਇਸ਼ਾਰਾ
ਕਰਕੇ) ਏਹੀ ਨੀ ਮੰਨਦੀ। ਮੈਂ ਤਾਂ ਹੁਣ ਨੂੰ ਕਦੋਂ ਦਾ ਚੁਕਾ ਦਿੰਦਾ।
ਜਸਵੰਤ ਕੌਰ: ਲੈ ਐਵੇਂ ਚਕਾ ਦਿੰਦਾ। ਸਾਰੀ ਉਮਰ ਦੀ ਰੱਖੀ ਰਖਾਈ ਹੁਣੇ ਆ ਕੇ ਲਾਹੁਣੀ ਐ?
(ਕਿਰਪਾਲ ਸਿੰਘ ਵਲ ਮੂੰਹ ਕਰਕੇ) ਇਨ੍ਹਾਂ ਦਾ ਕਿਹੜਾ ਜੀਅ ਕਰਦਾ ਅੰਦਰੋਂ, ਜਿਦੇ ਕਦੇ ਇਹੋ
ਜੀ ਕੋਈ ਗੱਲ ਹੋ ਜਾਂਦੀ ਐ, ਇਹ ਪੱਗ ਲੌਣ ਨੂੰ ਕਾਹਲੇ ਪੈ ਜਾਂਦੇ ਐ।
ਕਿਰਪਾਲ ਸਿੰਘ: ਨਾ... ਨਾ... ਬਈ।
(ਉਸ ਦੀ ਗੱਲ ਵਿੱਚੋਂ ਟੁੱਕੀ ਜਾਂਦੀ ਐ।)
ਹਰਨਾਮ ਸਿੰਘ: ਉਇ ਫੇਰ ਇੱਜ਼ਤ ਐ ਬੰਦੇ ਦੀ ਕੋਈ? ਉੱਥੇ ਪੱਗ ਬੰਨ ਕੇ ਦਾਹੜੀ ਮੁੱਛਾਂ ਚੋਪੜ
ਕੇ ਬੰਦਾ ਬਾਹਰ ਨਿਕਲਦੈ, ਨਸ਼ਾ ਆ ਜਾਂਦੈ ਕੇਰਾਂ। ਏਥੇ ਪੱਗ ਬੰਨੋ... ਬਾਹਰ ਨੀਵੀਂ ਪਾ ਕੇ
ਤੁਰੋ, ਜਿਵੇਂ ਚੋਰੀ ਕੀਤੀ ਹੁੰਦੀ ਆ ਕਿਸੇ ਸਾਲੇ ਦੀ।
ਕਿਰਪਾਲ ਸਿੰਘ: ਗੱਲ ਤਾਂ ਤੇਰੀ ਸੋਲ੍ਹਾਂ ਆਨੇ ਠੀਕ ਐ। ਪੱਗ ਦੀ ਏਥੇ ਕਦਰ ਕੋਈ ਨੀ। ਪਰ
ਆਪਾਂ ਤਾਂ ਇਹ ਜਾਣਦੇ ਆਂ, ਇਨਸਾਨ ਨੂੰ ਤਕਲੀਫਾਂ ਵਿੱਚ ਆਵਦੇ ਧਰਮ ਤੋਂ ਨੀ ਡੋਲਣਾ ਚਾਹੀਦਾ।
ਜਸਵੰਤ ਕੌਰ: ਐਥੇ ਤਾਂ ਲੋਕੀ ਪੱਗ ਨੂੰ ਵੇਖ ਕੇ ਊਂ ਈ ਸੜ ਜਾਂਦੇ ਐ।
ਕਿਰਪਾਲ ਸਿੰਘ: ਪੱਗ ਗੋਰਿਆਂ ਨੂੰ ਨਹੀਂ ਚੰਗੀ ਲੱਗਦੀ, ਨਾ ਸਹੀ, ਸਾਡੀ ਤਾਂ ਸ਼ਾਨ ਐ –
ਪੰਜਾਬ ‘ਚ ਸਾਰੀ ਉਮਰ ਬੰਨਦੇ ਰਹੇ ਆਂ... ਐਥੇ ਵੀ ਬੰਨਾਂਗੇ।
ਹਰਨਾਮ ਸਿੰਘ: (ਖਿੱਝ ਕੇ) ਠੀਕ ਐ... ਫੇਰ ਬੰਦਾ ਡਿੱਗੇ ਕਿਹੜੇ ਖੁਹ ‘ਚ।
ਕਿਰਪਾਲ ਸਿੰਘ: ਉਇ, ਕੇਸ ਕਟਾ ਕੇ ਐਵੇਂ ਕਮਲ ਨਾ ਮਾਰੀਂ। ਐਹੋ ਜੇ ਟੈਮ ਤਾਂ ਬੰਦੇ ਤੇ
ਆਉਂਦੇ ਈ ਰਹਿੰਦੇ ਐ। ਪਿੱਛੋਂ ਪਛਤਾਏਂਗਾ। ਦੁਨੀਆ ਅੱਡ ਹੱਸੂ।
ਹਰਨਾਮ ਸਿੰਘ: ਹੁਣ ਕਿਹੜੀ ਦੁਨੀਆ ਹਸਦੀ ਨੀ। ਕੋਈ ਸਾਲਾ ਰਾਹ ਜਾਂਦਾ ਹੋਕਰਾ ਜਿਹਾ ਮਾਰਜੂ –
ਕੋਈ ਊਂ ਈ ਵੇਖ ਕੇ ਔਖਾ ਜਿਹਾ ਹੋ ਜੂ ਜਿਵੇਂ ਮੰਗਤੇ ਹੁੰਨੇ ਆ – ਕਿਸਮਤ ਸਾਲੀ ਨੇ ਵੀ
ਕਿੱਥੇ ਲਿਆ ਕੇ ਸਿੱਟੇ ਐ ਬਾਂਦਰ ਜਾਤ ‘ਚ।
ਕਿਰਪਾਲ ਸਿੰਘ: ਕੋਈ ਨੀ ਬਾਹਲਾ ਨੀ ਡੋਲੀ ਦਾ ਹੁੰਦਾ, ਬੰਦੇ ਉੱਪਰ ਵਾਹਿਗੁਰੂ ਦਾ ਆਸਰਾ
ਹੋਵੇ ਤਾਂ ਕੋਈ ਕਿਸੇ ਦਾ ਕੱਖ ਨੀ ਵਗਾੜ ਸਕਦਾ।
ਜਸਵੰਤ ਕੌਰ: (ਲਟਕਵੀਂ ਸੁਰ ‘ਚ) ਠੀਕ ਐ...
ਕਿਰਪਾਲ ਸਿੰਘ: ਬੰਦਾ ਆਵਦਾ ਧਰਮ ਨਾ ਛੱਡੇ ਭਾਵੇਂ ਜਾਨ ਜਾਂਦੀ ਰਵ੍ਹੇ। ਇਹੋ ਜਿਹੇ ਛੋਕਰ
ਵਾਧੇ ਨੇ ਆਪਣਾ ਕੀ ਵਗਾੜ ਲੈਣਾ।
(ਬਾਹਰੋਂ ਫੇਰ ਘੰਟੀ ਹੁੰਦੀ ਹੈ। ਜਸਵੰਤ ਕੌਰ ਬੂਹਾ ਖੋਲ੍ਹਦੀ ਹੈ ਤੇ ਆਪ ਕਿਚਨ ਵਿੱਚ ਚਲੀ
ਜਾਂਦੀ ਹੈ। ਹਰਨਾਮ ਸਿੰਘ ਦਾ ਵੱਡਾ ਮੁੰਡਾ ਗੁਰਦੀਪ ਦਾਖਲ ਹੁੰਦਾ ਹੈ – ਕਲੀਨ ਸ਼ੇਵਡ ਹੈ।)
ਗੁਰਦੀਪ: ਹੈਲੋ! ਸੁਣਾਓ ਮਾਸਟਰ ਜੀ ਕੀ ਹਾਲ ਚਾਲ ਐ। ਬੜੇ ਦਿਨਾਂ ਪਿੱਛੋਂ ਚੱਕਰ ਮਾਰਿਆ ਅੱਜ
ਤਾਂ।
ਕਿਰਪਾਲ ਸਿੰਘ: ਠੀਕ ਐ ਗੁਰਦੀਪ ਸਿਹਾਂ। ਤੂੰ ਸੁਣਾ ਕੀ ਹਾਲ ਚਾਲ ਹੈ? ਆਹ ਵੇਖ ਲਾ ਤੇਰੇ
ਡੈਡੀ ਨੂੰ ਫੇਰ ਘੇਰ ਲਿਆ ਅੱਜ ਗੋਰਿਆਂ ਨੇ, ਐਡੀ ਭੈੜੀ ਕੌਮ ਐ।
ਗੁਰਦੀਪ: (ਚਿਹਰੇ ਦਾ ਹਾਵ ਭਾਵ ਇਕਦਮ ਬਦਲ ਜਾਂਦਾ ਹੈ) ਕਿੱਥੇ? ਕਦੋਂ ਕੁ ਦੀ ਗੱਲ ਹੈ?
ਕਿਰਪਾਲ ਸਿੰਘ: ਮੈਂ ਵੀ ਹੁਣੇ ਆਇਆਂ ਤੇਰੇ ਅੱਗੇ ਅੱਗੇ ਬੱਸ ਆਹੀ ਕੋਈ ਵੀਹ ਕੁ ਮਿੰਟਾਂ ਦੀ
ਗੱਲ ਐ।
ਗੁਰਦੀਪ: (ਹਰਨਾਮ ਸਿੰਘ ਨੂੰ) ਡੈਡੀ, ਸੱਟ ਫੇਟ ਤਾਂ ਨਹੀਂ ਮਾਰਗੇ ਕੋਈ, ਗਏ ਕਿੱਧਰ ਨੂੰ ਐ
ਬਾਸਟਰਡ?
ਹਰਨਾਮ ਸਿੰਘ: (ਉਸੇ ਤਰ੍ਹਾਂ ਖਿੱਝ ਵਿੱਚ) ਮੈਨੂੰ ਹੁਣ ਕੀ ਪਤਾ ਐ, ਕਿੱਧਰ ਨੂੰ ਗਏ ਐ।
ਕੁੱਤੇ ਦੇ ਪੁੱਤ, ਇਹੋ ਜਿਆਂ ਦਾ ਕੋਈ ਥਾਂ ਟਕਾਣਾ ਹੁੰਦਾ ਐ?
(ਜਸਵੰਤ ਕੌਰ ਦਾਖਲ ਹੁੰਦੀ ਹੈ)
ਜਸਵੰਤ ਕੌਰ: ਇਹ ਤਾਂ ਤੱਤੇ ਘਾ ਦੀ ਗੱਲ ਹੁੰਦੀ ਐ ਜੇ ਦਾਅ ਲੱਗ ਜੇ ਤਾਂ।
ਗੁਰਦੀਪ: ਤਾਂ ਵੀ ਗਏ ਕਿਧਰ ਨੂੰ ਐ? ਆਈ’ਲ ਕਿੱਲ ਦੈੱਮ... ਦੀਜ਼ ਡਰਟੀ ਪੰਕਸ।
(ਕਾਹਲੀ ਕਾਹਲੀ ਸਟੇਜ ‘ਤੇ ਤੁਰਦਾ ਹੈ, ਜਿਵੇਂ ਬਾਹਰ ਜਾਣ ਲੱਗਾ ਹੋਵੇ।)
ਜਸਵੰਤ ਕੌਰ: (ਗੁਰਦੀਪ ਨੂੰ ਬਾਂਹ ਤੋਂ ਫੜ ਕੇ ਰੋਕਦੀ ਹੈ) ਤੂੰ ਨਾ ਐਵੇਂ ਮਗਰ ਭੱਜ ਜੀ
ਹੁਣ, ਓਹਨਾਂ ਕੁੱਤਿਆਂ ਦੇ। ਕੀ ਪਤੈ ਕਤੀੜ੍ਹ ਦਾ ਐਵੇਂ ਜਣਾ ਖਣਾ ਚਾਕੂ ਛੁਰੀਆਂ ਪਾਈ ਫਿਰਦੈ
ਜੇਬਾਂ ਵਿੱਚ।
(ਗੁਰਦੀਪ ਕੋਲ ਪਏ ਫੋਨ ਨੂੰ ਕਾਹਲੀ ਕਾਹਲੀ ਘੁਮਾਉਂਦਾ ਹੈ। ਅੱਗੋਂ ਬਿਜ਼ੀ ਦੀ ਟੋਨ ਆਉਂਦੀ
ਹੈ। ਫੋਨ ਠਾਹ ਕਰਕੇ ਰੱਖ ਦਿੰਦਾ ਹੈ।)
ਗੁਰਦੀਪ: (ਦੂਜਾ ਨੰਬਰ ਘੁਮਾਉਂਦਾ ਹੈ।) ਪਤਾ ਨੀ ਕਿਧਰ ਮਰਗੇ ਅੱਜ ਸਾਰੇ ਈ।
ਜਸਵੰਤ ਕੌਰ: ਤੂੰ ਹੁਣ ਕਿਧਰ ਨੂੰ ਫੋਨ ਮਾਰੀ ਜਾਨਾ ਐਵੇਂ, ਜੋ ਹੋਣਾ ਸੀ ਹੋ ਗਿਆ, ਹੁਣ
ਕਲਪੇ ਤੋਂ ਕੀ ਬਣਦੈ।
ਗੁਰਦੀਪ: (ਫੋਨ ਰਖਦਾ ਹੋਇਆ) ਡੈਡੀ ਨੂੰ ਐਨੀ ਵਾਰ ਕਿਹਾ ਬਈ ਵੇਲੇ ਕੁਵੇਲੇ ਬਾਹਰ ਜਾਣ ਲੱਗਾ
ਖਿਆਲ ਨਾਲ ਜਾਇਆ ਕਰ, ਬੱਸ ਗੱਲ ਈ ਨੀ ਗੌਲਦੇ, ਬਹਿ ਜੋ ਹੁਣ ਘਰੇ ਗਾਲ੍ਹਾਂ ਖਾ ਕੇ।
ਹਰਨਾਮ ਸਿੰਘ: ਓ ਤੇਰੇ ਖਿਆਲ ‘ਚ ਹੁਣ ਮੈਂ ਦਨਾਲੀ ਪਾ ਕੇ ਨਿਕਲਿਆ ਕਰਾਂ ਬਾਹਰ? ਲੱਗੈ ਹੁਣ
ਤੜਫਨ।
ਗੁਰਦੀਪ: ਮੈਂ ਤਾਂ ਕਹਿਨਾ ਅੱਜ ਉਨ੍ਹਾਂ ਨੇ ਬਾਹਰ ਇਨਸਲਟ ਕੀਤੀ ਐ, ਕੱਲ੍ਹ ਨੂੰ ਘਰ ਮੂਹਰੇ
ਖੜ੍ਹ ਕੇ ਵੀ ਗਾਲ੍ਹਾਂ ਕੱਢ ਸਕਦੇ ਐ। ... ਆਈ ਕਾਂਟ ਟਾਲਰੇਟ ਦੀਜ਼ ਬਲੱਡੀ ਬੱਮਜ਼।
ਜਸਵੰਤ ਕੌਰ: ਫੇਰ ਤੁਸੀਂ ਹੁਣ ਆਪੇ ਵਿੱਚ ਦੀ ਕਾਹਤੋਂ ਗਰਮ ਹੋਈ ਜਾਨੇ ਐਂ, ਜੋ ਹੋਣਾ ਸੀ ਹੋ
ਗਿਆ।
ਕਿਰਪਾਲ ਸਿੰਘ: ਠੀਕ ਐ, ਹੁਣ ਅੱਗੋਂ ਤੋਂ ਆਵਦਾ ਸੰਭਲ ਕੇ ਰਹੋ ਉਦੋਂ ਈ ਪੁਲੀਸ ਨੂੰ ਫੋਨ
ਮਾਰ ਦਿਉ।
ਗੁਰਦੀਪ: ਪੁਲੀਸ ਨੂੰ ਫੋਨ ਮਾਰਨ ਦਾ ਕੀ ਫਾਇਦਾ ਜਦੋਂ ਉਨ੍ਹਾਂ ਨੇ ਟਾਈਮ ‘ਤੇ ਆਉਣਾ ਈ
ਨਹੀਂ।
ਕਿਰਪਾਲ ਸਿੰਘ: ਚਲੋ ਫੇਰ ਹੁਣ ਘਾਬਰੇ ਤੋਂ ਕੀ ਬਣਦੈ, ਅੱਗੋਂ ਦੀ ਗੱਲ ਕਰੋ। ਹਰਨਾਮ ਸਿੰਹੁ
ਤਾਂ ਹੋਰ ਈ ਸੋਚੀ ਜਾਂਦੈ। ਤੇਰੇ ਆਉਣ ਤੋਂ ਪਹਿਲਾਂ ਕਹਿੰਦਾ ਹਟਿਐ ਪੱਗ ਲਾਹ ਦੇਣੀ ਐ, ਕੇਸ
ਕਟਾ ਦੇਣੇ ਐ, ਮੈਂ ਕਹਿਨਾ ਬੰਦੇ ਨੂੰ ਐਡੀ ਛੇਤੀ ਦਿਲ ਨੀ ਛੱਡਣਾ ਚਾਹੀਦਾ। ਐਵੇਂ
ਮੁਸ਼ਟੰਡਿਆਂ ਪਿੱਛੇ ਆਵਦੀ ਸਿੱਖੀ ਗੁਆਉ, ਧਰਮ ਛੱਡੋ।
ਹਰਨਾਮ ਸਿੰਘ: ਤੂੰ ਤਾਂ ਕਿਰਪਾਲ ਸਿਹਾਂ ਪੱਗ ਦੇ ਪਿੱਛੇ ਪਿਐਂ, ਹੋਰ ਦੁਨੀਆ ਦੇ ਤੌਰ ਤਰੀਕੇ
ਕੁਸ਼ ਨੀ ਵੇਂਹਦਾ।
ਕਿਰਪਾਲ ਸਿੰਘ: ਪੱਗ ਨਾ ਹੋਵੇ ਸਿਰ ‘ਤੇ ਫਿਰਕ ਕਿਹੜਾ ਸਾਨੂੰ ਆਵਦੇ ਜੁਆਈ ਬਣਾ ਲੈਣਗੇ।
ਜਦੋਂ ਵਾਹਿਗੁਰੂ ਨੇ ਇਹਨਾਂ ਨੂੰ ਮੱਤ ਈ ਇਹੋ ਜਿਹੀ ਦਿੱਤੀ ਐ ਫੇਰ ਬੰਦਾ ਕਰ ਕੀ ਸਕਦੈ?
ਗੁਰਦੀਪ: ਸੁਆਲ ਧਰਮ ਦਾ ਨੀ। ਸੁਆਲ ਤਾਂ ਇਸ ਗੱਲ ਦਾ ਐ ਬਈ ਜੇ ਬੰਦੇ ਨੂੰ ਪੱਗ ਚੰਗੀ ਲੱਗਦੀ
ਐ ਤਾਂ ਉਹ ਕਿਉਂ ਨਾ ਬੰਨੇ?
ਕਿਰਪਾਲ ਸਿੰਘ: ਸੁਆਲ ਧਰਮ ਦਾ ਕਿਉਂ ਨੀ? ਦੀਨ ਈਮਾਨ ਬੰਦੇ ਦਾ ਕੁੱਸ਼ ਨੀ ਹੁੰਦਾ?
ਗੁਰਦੀਪ: ਦੀਨ ਈਮਾਨ ਮਾਸਟਰ ਜੀ ਪੱਗ ਤੋਂ ਬਿਨਾਂ ਕਿਹੜਾ ਰਹਿ ਨੀ ਸਕਦਾ?
(ਬਾਹਰੋਂ ਘੰਟੀ ਹੁੰਦੀ ਹੈ। ਜਸਵੰਤ ਕੌਰ ਬੂਹਾ ਖੋਲ੍ਹਦੀ ਹੈ। ਆਉਣ ਵਾਲਾ ਲਿਵਿੰਗ ਰੂਮ ਵਿੱਚ
ਆਉਣ ਤੋਂ ਪਹਿਲਾਂ ਈਂ ਬੂਹੇ ਵਿੱਚ ਜਸਵੰਤ ਕੌਰ ਨਾਲ ਦੋ ਚਾਰ ਗੱਲਾਂ ਕਰਦਾ ਹੈ। ਕਿਰਪਾਲ
ਸਿੰਘ ਤੇ ਗੁਰਦੀਪ ਦਾ ਧਿਆਨ ਉਧਰ ਹੋ ਜਾਂਦਾ ਹੈ।)
ਕਿਰਪਾਲ ਸਿੰਘ: (ਹਰਨਾਮ ਸਿੰਘ ਵੱਲ ਵੇਖਕੇ) ਆਹ ਤਾਂ ਤੇਰਾ ਕਜ਼ਨ ਲੱਗਦੈ, ਬਲਵੰਤ।
ਗੁਰਦੀਪ: ਹਾਂ ਅੰਕਲ ਈ ਐ।
(ਬਲਵੰਤ ਅੰਦਰ ਆਉਂਦਾ ਹੈ – ਕਲੀਨ ਸ਼ੇਵਡ ਹੈ। ਗੁਰਦੀਪ ਤੇ ਕਿਰਪਾਲ ਸਿੰਘ ਨਾਲ ਹੱਥ
ਮਿਲਾਉਂਦਾ ਹੈ। ਹਰਨਾਮ ਸਿੰਘ ਉਸੇ ਤਰ੍ਹਾਂ ਚੁੱਪ ਚਾਪ ਬੈਠਾ ਰਹਿੰਦਾ ਹੈ। ਜਸਵੰਤ ਕੌਰ ਵੀ
ਮਗਰੋਂ ਆ ਕੇ ਬੈਠ ਜਾਂਦੀ ਹੈ।)
ਬਲਵੰਤ: (ਹਰਨਾਮ ਸਿੰਘ ਵੱਲ ਮੂੰਹ ਕਰਕੇ) ਸੱਟ ਫੇਰ ਬਹੁਤੀ ਤਾਂ ਨੀ ਮਾਰਗੇ? ਗੱਲ ਕਿਵੇਂ
ਛਿੜ ਪੀ?
ਹਰਨਾਮ ਸਿੰਘ: (ਖਿੱਝ ਕੇ) ਓਇ ਗੱਲ ਕਾਹਦੀ ਛਿੜਨੀ ਸੀ – ਇਕ ਚੰਮ ਕਾਲਾ ਐ, ਦੂਜੀ ਪੱਗ ਬੰਨੀ
ਐ, ਹੋਰ ਅਸੀਂ ਕਿਹੜਾਂ ਏਹਨਾਂ ਦੀ... ਹੋਰ ਮੇਰੇ ਮੂੰਹੋਂ ਗਾਲ੍ਹ ਨਿਕਲਦੀ ਐ। ਇਨ੍ਹਾਂ ਨੂੰ
ਕੋਈ ਬਹਾਨਾ ਈ ਚਾਹੀਦੈ ਕੰਜਰਾਂ ਨੂੰ – ਕਿਹੜੀ ਪਹਿਲੀ ਵਾਰ ਹੋਈ ਐ।
ਗੁਰਦੀਪ: ਜਿਵੇਂ ਜਿਵੇਂ ਦੇਸ ਦੀ ਹਾਲਤ ਖਰਾਬ ਹੋਈ ਜਾਂਦੀ ਐ, ਲੋਕਾਂ ਦਾ ਦਿਮਾਗ ਖਰਾਬ ਹੋਈ
ਜਾਂਦੈ। ਅਨਇੰਪਲਾਏਮੈਂਟ ਦਾ ਕਸੂਰ ਸਾਡੇ ਸਿਰ ਕੱਢਦੇ ਐ।
ਜਸਵੰਤ ਕੌਰ: ਅਖੇ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ।
ਬਲਵੰਤ: ਬਹੁਤ ਭੈੜੀ ਗੱਲ ਹੋਈ ਆਹ ਤਾਂ –
ਕਿਰਪਾਲ ਸਿੰਘ: ਹਾਲ ਵੇਖ ਤੂੰ ਦਿਨੋ ਦਿਨ ਹੋਈ ਕੀ ਜਾਂਦੈ ਏਥੇ।
ਬਲਵੰਤ: ਇਹ ਛੋਕਰਵਾਧੇ ਦਾ ਦਿਮਾਗ ਟਿਕਾਣੇ ਲਿਆਉਣ ਵਾਲਾ ਐ।
ਜਸਵੰਤ ਕੌਰ: ਸਾਡਾ ਤਾਂ ਭਾਈ ਦਿਲ ਸੜਿਆ ਪਿਐ ਏਥੇ, ਜੇ ਐਂ ਪਤਾ ਹੁੰਦਾ ਅਸੀਂ ਕੀ ਏਥੇ ਧੱਕੇ
ਖਾਣ ਔਣੈ ਸੀ ਗੋਰਿਆਂ ਦੇ ਮੁਲਕ।
ਬਲਵੰਤ: ਓਇ ਇਉਂ ਗੋਰੇ ਸਾਰੇ ਇਕੋ ਜੇ ਤਾਂ ਨੀ ਹੁੰਦੇ-
ਜਸਵੰਤ ਕੌਰ: ਅਸੀਂ ਤਾਂ ਭਾਈ ਬਹੁਤ ਦੁਖੀ ਕੀਤੇ ਐ ਏਸ ਬਾਂਦਰਾਂ ਦੀ ਅਲਾਦ ਨੇ।
ਬਲਵੰਤ: ਐਂ ਤਾਂ ਬਾਕੀ ਵੀ ਏਥੇ ਤੁਰੇ ਈ ਫਿਰਦੇ ਐ, ਸਾਰੇ ਤਾਂ ਨੀ ਐਨੇ ਔਖੇ। ਗੱਲ ਤਾਂ ਇਹ
ਐ ਬਈ ਜਿੱਥੇ ਬੰਦਾ ਰਵ੍ਹੇ ਉੱਥੋਂ ਵਰਗਾ ਈ ਹੋ ਕੇ ਰਹੇ।
ਕਿਰਪਾਲ ਸਿੰਘ: ਕੀ ਮਤਲਬ?
ਬਲਵੰਤ: ਤੁਸੀਂ ਹੁਣ ਮੰਨਦੇ ਨੀ ਅਸੀਂ ਵੀ ਏਧਰ ਆ ਕੇ ਪੱਗਾਂ ਲਾਹ ਈ ਦਿੱਤੀਆਂ।
ਕਿਰਪਾਲ ਸਿੰਘ: ਨਾ ਮੈਂ ਤਾਂ ਨੀ ਇਹ ਗੱਲ ਮੰਨਦਾ ਬੰਦੇ ਦਾ ਧਰਮ ਪਹਿਲਾਂ ਬਾਕੀ ਸਭ ਕੁਸ਼
ਪਿੱਛੋਂ। ਅੱਗੇ ਗੁਰਦੀਪ ਨਾਲ ਵੀ ਇਹੋ ਗੱਲ ਹੁੰਦੀ ਹਟੀ ਐ – ਜੇ ਬੰਦੇ ਨੇ ਧਰਮ ਈ ਛੱਡ ਤਾ,
ਤਾਂ ਫੇਰ ਬਾਕੀ ਰਹਿ ਕੀ ਗਿਆ?
ਬਲਵੰਤ: ਠੀਕ ਹੈ, ਮਾਸਟਰ ਜੀ ਧਰਮ ਆਪਣੀ ਥਾਂ ‘ਤੇ ਠੀਕ ਐ, ਸਮੇਂ ਦਾ ਰੰਗ ਆਪਣੀ ਥਾਂ ‘ਤੇ
ਠੀਕ ਐ। ਨਾਲੇ ਪੱਗ ਤੋਂ ਬਿਨਾਂ ਕਿਹੜਾ ਸਾਰੇ ਮਲੇਸ਼ ਹੀ ਫਿਰਦੇ ਐ।
ਕਿਰਪਾਲ ਸਿੰਘ: (ਉੱਠਦਾ ਹੋਇਆ) ਚਲੋ ਆਪਣਾ ਆਪਣਾ ਖਿਆਲ ਐ – ਆਪਾਂ ਤਾਂ ਪੱਗ ਲਾਹੁਣ ਦੇ ਹੱਕ
‘ਚ ਨੀ ਅੱਗੇ ਹਰਨਾਮ ਸਿਹੁੰ ਦੀ ਮਰਜ਼ੀ।
ਗੁਰਦੀਪ: ਤੁਸੀਂ ਉੱਠ ਖੜੇ, ਚਾਹ ਤਾਂ ਪੀ ਕੇ ਜਾਇਓ।
ਜਸਵੰਤ ਕੌਰ: ਚਾਹ ਤਾਂ ਬੱਸ ਸਮਝੋ ਬਣੀ ਪਈ ਐ, ਤੁਸੀਂ ਬੈਠੋ ਦੋ ਮਿੰਟ।
ਕਿਰਪਾਲ ਸਿੰਘ: ਨਾ ਨਾ... ਚਾਹ ਤਾਂ ਮੈਂ ਹੁਣੇ ਈ ਪੀ ਕੇ ਆਇਆ ਸੀ, ਆਪਾਂ ਨੂੰ ਏਥੇ ਕੇਹੜਾ
ਕੋਈ ਸੰਗ ਐ, ਘਰ ਵਾਲੀ ਗੱਲ ਐ।
ਹਰਨਾਮ ਸਿੰਘ: ਬਹਿ ਜਾ ਹੁਣ ਦੋ ਮਿੰਟ ਹੋਰ।
ਕਿਰਪਾਲ ਸਿੰਘ: ਨਹੀਂ ਮਖ ਜੇ ਲੋੜ ਹੁੰਦੀ ਤਾਂ ਆਪਾਂ ਨੂੰ ਕਿਹੜਾ ਸੰਗ ਸੀ ਕੋਈ।
(ਕਿਰਪਾਲ ਸਿੰਘ ਜਾਂਦਾ ਹੈ।)
ਹਰਨਾਮ ਸਿੰਘ: ਮੈਨੂੰ ਤਾਂ ਸਮਝ ਨੀ ਆਉਂਦੀ ਕੀ ਕਰਾਂ, ਕਦੇ ਕਦੇ ਤਾਂ ਫੀਲ ਐਨਾ ਬੈਡ ਹੁੰਦੈ
ਬਈ ਜੀ ਕਰਦਾ ਸਭ ਕੁਸ਼ ਚਕਾ ਦਿਆਂ। ਫੇਰ ਸੋਚੀਦੈ ਸਾਰੀ ਉਮਰ ਦੀ ਰੱਖੀ ਰੱਖਾਈ ਹੁਣ ਕਾਹਦੇ
ਪਿੱਛੇ... ਖਵਰਾਂ ਕੱਲ੍ਹ ਨੂੰ ਦੇਸ ਈ ਮੁੜਜੀਏ।
ਬਲਵੰਤ: ਇੰਡਿਆ ਤਾਂ ਹੁਣ ਕਾਹਦਾ ਮੁੜਨਾ ਐ, ਗੱਲ ਕਰੋ ਤੁਸੀਂ ਐਥੇ ਸੈਟਲ ਹੋਣ ਦੀ।
ਹਰਨਾਮ ਸਿੰਘ: ਆਪਣੇ ਦੇਸ ਆਂਗੂੰ ਤਾਂ ਐਥੇ ਕੀਹਨੇ ਟਿਕਣ ਦੇਣਾ ਐ ਸਾਨੂੰ-
ਬਲਵੰਤ: ਤੇ ਉੱਥੇ ਕਿਹੜਾ ਸਾਨੂੰ ਗਵਰਨਰ ਲਾ ਦੇਣਗੇ ਜਾਂਦਿਆਂ ਨੂੰ –
ਜਸਵੰਤ ਕੌਰ: ਚਲੋ ਦੇਸ ਤਾਂ ਆਵਦਾ ਹੋਊਗਾ ਨਾ।
ਬਲਵੰਤ: ਠੀਕ ਐ, ਆਹ ਦੇਸ ਬਗਾਨਾ ਈ ਸਹੀ ਪਰ ਰੋਟੀ ਦੀ ਚਿੰਤਾ ਤਾਂ ਨੀ ਰਹਿੰਦੀ ਐਥੇ-
ਗੁਰਦੀਪ: ਪਰ ਨਿਰੀ ਰੋਟੀ ਆਸਰੇ ਤਾਂ ਨਹੀਂ ਨਾ ਬੰਦਾ ਰਹਿ ਸਕਦਾ, ਲਾਈਫ ਵਿੱਚ ਹੋਰ ਵੀ ਬਹੁਤ
ਕੁਝ ਚਾਹੀਦੈ। ਵੂਈ ਮਸਟ ਬੀਲਾਂਗ ਹੇਅਰ।
ਬਲਵੰਤ: ਓ ਠੀਕ ਐ, ਫਿਰ ਜੈਸਾ ਦੇਸ ਤੈਸਾ ਭੇਸ, ਸਿੱਧੀ ਗੱਲ ਐ।
ਗੁਰਦੀਪ: ਸਿੱਧੀ ਗੱਲ ਕਿਵੇਂ?
ਬਲਵੰਤ: ਜੇ ਗੋਰੇ ਪੱਗ ਨੂੰ ਲੈਕੀ ਨਹੀਂ, ਤੁਸੀਂ ਜ਼ਰੂਰ ਏਥੇ ਟਸਰੀਆਂ ਬੰਨ ਕੇ ਫਿਰਨੈ?
ਗੁਰਦੀਪ: ਗੱਲ ਟਸਰੀਆਂ ਬੰਨਣ ਦੀ ਨੀ, ਗੱਲ ਤਾਂ ਇਹ ਐ ਜਿੱਥੇ ਬੰਦਾ ਰਹੇ, ਇੱਜ਼ਤ ਨਾਲ ਰਹੇ।
ਪਹਿਲਾਂ ਮਾਸਟਰ ਜੀ ਨੂੰ ਵੀ ਮੈਂ ਇਹੋ ਕਿਹਾ ਸੀ, ਜੇ ਪੱਗ ਡੈਡੀ ਨੂੰ ਚੰਗੀ ਲਗਦੀ ਐ ਤਾਂ ਉਹ
ਕਿਉਂ ਨਾ ਬੰਨੇ?
ਬਲਵੰਤ: ਮੌਕੇ ਮੌਕੇ ਸਭ ਕੁਸ਼ ਵੇਖਣਾ ਪੈਂਦੈ-
ਗੁਰਦੀਪ: ਯੂ ਮੀਨ, ਜੇ ਐਥੇ ਕੁਝ ਛੋਕਰੇ ਕਰੈਕ ਐ ਤਾਂ ਉਹਨਾਂ ਤੋਂ ਡਰ ਕੇ ਪੱਗ ਲਾਹ ਦਿੳ?
ਬਲਵੰਤ: ਤੇ, ਤੂੰਂ ਕਿਉਂ ਲਾਹੀ ਫਿਰਦੈਂ?
ਗੁਰਦੀਪ: ਮੈਂ ਤਾਂ ਇੰਡੀਆ ਵੀ ਲਾਹੀ ਹੋਈ ਸੀ, ਐਥੇ ਪੱਗ ਰੱਖਣ ਜਾਂ ਨਾ ਰੱਖਣ ਦਾ ਮੇਰੇ ਲਈ
ਕੋਈ ਫਰਕ ਨੀ।
ਬਲਵੰਤ: ਫੇਰ ਰੌਲਾ ਕਿਹੜੀ ਗੱਲ ਦਾ ਐ?
ਗੁਰਦੀਪ: ਰੌਲਾ ਕਾਹਦੈ, ਪੱਗ ਡੈਡੀ ਦੀ ਸ਼ਖਸੀਅਤ ਦਾ ਹਿੱਸਾ ਬਣ ਚੁੱਕੀ ਐ। ਉਹ ਨਹੀਂ
ਲਾਹੁਣਾ ਚਾਹੁੰਦੇ ਤੇ ਮੈਂ ਉਨ੍ਹਾਂ ਨਾਲ ਪੂਰਾ ਸਹਿਮਤ ਹਾਂ।
ਬਲਵੰਤ: ਤੇਰੇ ਹਸਾਬ ਨਾਲ ਪੱਗ ਰੱਖਣ ਤੇ ਨਾ ਰੱਖਣ ਦਾ ਏਥੇ ਕੋਈ ਫਰਕ ਨੀ ਪੈਂਦਾ?
ਗੁਰਦੀਪ: ਮੈਂ ਕਦੋਂ ਕਹਿਨਾ ਨਹੀਂ ਪੈਂਦਾ। ਨੌਕਰੀਆਂ ਵਿੱਚ ਵੀ ਪੈਂਦੇ ਤੇ ਊਂ ਵੀ ਜੋ ਕੁਝ
ਅੱਜ ਡੈਡੀ ਨਾਲ ਹੋਇਆ ਆਪਣੇ ਸਾਹਮਣੇ ਈ ਐ। ਫੇਰ ਵੀ-
ਬਲਵੰਤ: (ਗੁਰਦੀਪ ਦੀ ਗੱਲ ਵਿਚਾਲੇ ਟੋਕਦਾ ਹੋਇਆ) ਪੱਗ ਰੱਖਣ ਦਾ ਊਂ ਫੇਦਾ ਕੀ ਐ?
ਗੁਰਦੀਪ: ਪੱਗ ਦਾ ਤਾਂ ਸ਼ਾਇਦ ਕੋਈ ਫਾਇਦਾ ਹੋਊ ਆਹ ਥੋਡੇ ਗੱਲ’ਚ ਲੱਗੀ ਟਾਈ ਦਾ ਕੀ ਫਾਇਦਾ?
ਬਲਵੰਤ: ਟਾਈ ਦਾ?
ਗੁਰਦੀਪ: ਜੇ ਇਹ ਫਜੂਲ ਜਿਹੀ ਲੀਰ ਤੁਹਾਡੀ ਡਰੈਸ ਦਾ ਹਿੱਸਾ ਬਣ ਸਕਦੀ ਐ ਤਾਂ ਪੱਗ ਨੀ ਬਣ
ਸਕਦੀ?
ਬਲਵੰਤ: ਟਾਈ ਦੀ ਗੱਲ ਹੋਰ ਐ।
ਗੁਰਦੀਪ: ਗੱਲ ਤਾਂ ਐਨੀ ਈ ਐ ਟਾਈ ਅੰਗਰੇਜ ਨੇ ਲਾਉਣੀ ਸ਼ੁਰੂ ਕੀਤੀ ਸੀ ਤੇ ਪੱਗ ਅੰਗਰੇਜ ਨੇ
ਨਹੀਂ ਕੀਤੀ।
ਬਲਵੰਤ: (ਖਿਝ ਕੇ) ਉਇ ਐਂ ਤਾਂ ਪਤਾ ਈ ਐ ਤੁਸੀਂ ਸਾਨੂੰ ਵਾਰੇ ਨਹੀਂ ਆਉਣ ਦੇਣਾ। ਮੀਟਿੰਗਾਂ
’ਚ ਨਿੱਤ ਆਹੀ ਗੱਲਾਂ ਕਰਦੇ ਐ। ਕਦੇ ਜਲਸਾ ਕਰ ਲਿਆ, ਕਦੇ ਜਲੂਸ ਕੱਢ ਲਿਆ-ਅਖੇ ਜੀ ਏਥੇ
ਨਸਲਵਾਦ ਐ ਏਥੋਂ ਦੀ ਗੌਰਮਿੰਟ ਮਾੜੀ ਐ ਯੇ ਐ ਵੋਹ ਐ.....
ਗੁਰਦੀਪ: ਜੇ ਏਥੋਂ ਦੇ ਲੋਕ ਨਿੱਤ ਅਖਬਾਰਾਂ ਵਿਚ ਗੋਰਮਿੰਟ ਨੂੰ ਨਿੰਦ ਸਕਦੇ ਐ ਤਾਂ ਅਸੀਂ
ਨੀ ਨਿੰਦ ਸਕਦੇ? ਸਾਨੂੰ ਵੀ ਉਨਾ ਈ ਹੱਕ ਐ।
ਬਲਵੰਤ: ਏਨ੍ਹਾ ’ਚ ਤੇ ਸਾਡ ’ਚ ਬਹੁਤ ਫਰਕ ਐ, ਐਵੇਂ ਤਾਂਹ ਸਮਾਨ ’ਚ ਉੱਡਿਆ ਫਿਰਦਾ ਐਂ।
ਹਰਨਾਮ ਸਿੰਘ: (ਜੇ ਹੁਣ ਤੱਕ ਸਾਰੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਰਿਹਾ ਹੈ) ਫਰਕ
ਤਾਂ ਬੰਤ ਐਨਾ ਈ ਐ – ਏਹਨਾਂ ਦਾ ਚੰਮ ਚਿੱਟਾ ਐ ਆਪਣਾ ਕਾਲਾ; ਆਪਣਾ ਦੇਸ ਗਰੀਬ ਐ ਏਹਨਾ ਕੋਲ
ਚਾਰ ਪੈਸੇ ਜਾਦੇ ਐ, ਬਾਕੀ ਤਾਂ ਐਵੇਂ ਭਕਾਈ ਐ ਸਾਰੀ – ਬੁਲਸਿ਼ਟ (ਬਕਵਾਸ)
ਬਲਵੰਤ: ਓ ਫਿਰ ਐਥੇ ਆਏ ਐ ਤਾਂ ਬੰਦੇ ਨੂੰ ਆਂਵਦਾ ਕੰਮ ਕਰਨਾ ਚਾਹੀਦੈ। ਚਾਰ ਪੈਸੇ ਬਨੌਣੈ
ਚਾਹੀਦੇ ਐ, ਆਪਾਂ ਨੂੰ ਕੀ ਜਿਹੋ ਜੀ ਮਰਜ਼ੀ ਗੌਰਮਿੰਟ ਬਣੇ – ਨੋ ਡਿਫਨ (ਡਿਫਰੈਂਸ) ਉਹਦੀ
ਹਾਂ ’ਚ ਹਾਂ ਮਿਲਾਉ।
ਗੁਰਦੀਪ: ਆਹ ਤਾਂ ਅੰਕਲ ਬੜੇ ਗਰੇਟ ਅਸੂਲ ਬਣਾਏ ਐ ਤੁਸੀਂ।
ਬਲਵੰਤ: ਫੇਰ ਗੌਰਮਿੰਟ ਦੇ ਵਿਰੁੱਧ ਕੱਚ ਕੱਚ ਕਰੇ ਤੋਂ ਆਪਾਂ ਨੂੰ ਕੀ ਮਿਲ ਜੂ? ਬਾਹਲੇ ਔਖੇ
ਹੋਵੋਗੇ ਤਾਂ ਡਪੋਟ ਕਰ ਦੇਣਗੇ, ਫੇਰ ਸੋਖੇ ਰਹੋਗੇ?
ਗੁਰਦੀਪ: ਜੇ ਏਥੇ ਕੁੱਤਿਆਂ ਵਾਂਗ ਪੂਛਾਂ ਹਿਲਾ ਕੇ ਈ ਰਹਿਣਾ ਐ ਤਾਂ ਏਦੂੰ ਇੰਡੀਆ ਚੰਗੇ
ਆਂ। ਅਸੀਂ ਏਥੇ ਮੰਗਤੇ ਬਣ ਕੇ ਤਾਂ ਨੀ ਆਏ।
ਬਲਵੰਤ: ਮੈਂ ਕਦੋਂ ਕਹਿਨੈ ਮੰਗਤੇ ਬਣ ਕੇ ਆਏ ਆਂ।
ਗੁਰਦੀਪ: ਜੇ ਅਸੀਂ ਬਾਕੀਆਂ ਵਾਂਗ ਲਹੂ ਪਸੀਨਾ ਇਕ ਕਰਦੇ ਹਾਂ ਤਾਂ ਬਾਕੀਆਂ ਵਾਂਗ ਇੱਜਤ ਨਾਲ
ਰਹਿਣਾ ਵੀ ਚਾਹੁੰਦੇ ਹਾਂ-
ਬਲਵੰਤ: ਮੈਂ ਕਦੋਂ ਕਹਿਨਾ ਨਾ ਰਹੋ।
ਗੁਰਦੀਪ: ਜੇ ਸਾਨੂੰ ਐਥੇ ਕਿਸੇ ਪਾਰਟੀ, ਕਿਸੇ ਗੌਰਮਿੰਟ ਦੀਆਂ ਪਾਲਸੀਆਂ ਚੰਗੀਆਂ ਨਹੀਂ
ਲਗਦੀਆਂ ਤਾਂ ਉਨ੍ਹਾਂ ਵਿਰੁੱਧ ਬੋਲਣਾ ਵੀ ਚਾਹੁੰਦੇ ਹਾਂ।
ਬਲਵੰਤ: ਵਿਰੁੱਧ ਬੋਲੇ ਤੋਂ ਕੀ ਥਿਆ ਜੂ?
ਗੁਰਦੀਪ: ਇਹ ਇਸ ਦੇਸ਼ ਦੇ ਫਾਇਦੇ ਦੀ ਗੱਲ ਐ, ਸਾਰੇ ਲੋਕਾਂ ਦੇ ਫਾਇਦੇ ਦੀ ਗੱਲ ਐ। ਅਸੀਂ
ਇਥੇ ਮਿੱਟੀ ਬਣਕੇ ਨੀ ਰਹਿਣਾ ਚਾਹੁੰਦੇ, ਜਿਊਣਾ ਚਾਹੁੰਦੇ ਹਾਂ।
ਬਲਵੰਤ: (ਵਿਅੰਗ ਨਾਲ) ਹੂੰ, ਇਹ ਚੰਗੀ ਦੇਸ਼ ਭਗਤੀ ਕੱਢੀ ਐ ਤੁਸੀਂ –
ਜਸਵੰਤ ਕੌਰ: (ਚਾਹ ਲਿਆਉਂਦੀ ਹੋਈ) ਤੁਸੀਂ ਹੁਣ ਕਾਹਤੋਂ ਝਗੜੀ ਜਾਨੇ ਐਂ ਜੋ ਹੋਈ ਸੋ ਹੋਈ,
ਲੈ ਚਾਹ ਪੀਓ, ਕਿੰਨਾ ਕਲੇਸ਼ ਖੜ੍ਹਾ ਹੋ ਗਿਆ, ਐਵੇਂ ਪੱਗ ਪਿੱਛੇ।
ਹਰਨਾਮ ਸਿੰਘ: ਪੱਗ ਦੀ ਗੱਲ ਤਾਂ ਕਿਧਰੇ ਰਹਿਗੀ, ਇਹ ਤਾਂ ਹੋਰ ਈ ਪਾਲਟਿਕਸ ਵਿਚ ਸਿੰਗ ਫਸਾਈ
ਬੈਠੇ ਐ। ਮੈਨੂੰ ਤਾਂ ਕੋਈ ਰਾਹ ਫੜਾਇਆ ਨੀ ਇਹਨਾਂ ਨੇ।
ਬਲਵੰਤ: ਰਾਹ ਕਾਹਦਾ ਫੜੌਣੈ ਥੋਨੂੰ, ਆਵਦੀ ਮੈਂ ਦੱਸ ਤੀ ਐ ਪਹਿਲਾਂ ਵੀ ਕਈ ਵਾਰ ਕਿਹੈ ਅੱਗੇ
ਥੋਡੀ ਮਰਜੀ।
ਜਸਵੰਤ ਕੌਰ: ਨਾ ਭਾਈ, ਪੱਗ ਤਾਂ ਨੀ ਅਸੀਂ ਲਾਹੁਣ ਦੇਣੀ।
ਬਲਵੰਤ: ਓ ਕੇ, ਫੇਰ ਠੀਕ ਐ ਬਾਹਰ ਨਿਕਲੋ ਤਾਂ ਨੀਂਵੀਂ ਪਾ ਕੇ ਤੁਰੋ –
(ਹਰਨਾਮ ਸਿੰਘ ਦੇ ਚਿਹਰੇ ਤੇ ਤਨਾਊ ਆ ਜਾਂਦਾ ਹੈ ਤੇ ਉੱਠ ਕੇ ਤੁਰਨ ਫਿਰਨ ਲੱਗ ਜਾਂਦਾ ਹੈ।)
ਗੁਰਦੀਪ: ਨੀਵੀਂ ਪਾ ਕੇ ਕਿਓਂ ਤੁਰੋ ਕਿਸੇ ਦੀ ਚੋਰੀ ਕੀਤੀ ਐ?
ਬਲਵੰਤ: ਤੇਰੇ ਬੰਨ੍ਹੀ ਹੋਵੇ ਤਾਂ ਪਤਾ ਲੱਗੇ।
ਗੁਰਦੀਪ: ਆ ਹੀ ਤਾਂ ਗੱਲ ਮਾੜੀ ਐ, ਜੋ ਪੱਗ ਬੰਨ੍ਹ ਕੇ ਤੁਹਾਨੂੰ ਆਪ ਨੂੰ ਈ ਸੰਗ ਆਉਂਦੀ ਐ
ਤਾਂ ਦੂਜੇ ਇਹਦੀ ਇੱਜ਼ਤ ਕਿਉਂ ਕਰਨਗੇ –
ਬਲਵੰਤ: ਜੇ ਸੰਗ ਨਹੀਂ ਆਉਂਦੀ ਫੇਰ ਕੀ ਫਰਕ ਪੈ ਜੂ
ਗੁਰਦੀਪ: ਜੇ ਪੱਗ ਬੰਨ੍ਹ ਕੇ ਤੁਹਾਡਾ ਚਿਹਰਾ ਸਵੈਮਾਨ ਤੇ ਵਿਸ਼ਵਾਸ ਨਾਲ ਭੱਖਦਾ ਹੈ, ਤਾਂ
ਆਈ ਐਮ ਸ਼ੋਅਰ, ਦੂਜੇ ਵੀ ਪੱਗ ਬਾਰੇ ਆਪਣਾ ਐਟੀਚਿਊਡ ਬਦਲ ਲੈਣਗੇ।
ਹਰਨਾਮ ਸਿੰਘ: (ਤਨਾਉ ਵਿਚ ਤੇ ਥੋੜਾ ਜਿਹਾ ਖਿਝ ਕੇ) ਇਉਂ ਨੀ ਕੰਮ ਚਲਣਾ।
(ਹਰਨਾਮ ਸਿੰਘ ਨੇ ਇਕ ਦਮ ਜਿਵੇਂ ਕੋਈ ਫੈਸਲਾ ਕਰ ਲਿਆ ਹੋਵੇ, ਕਾਹਲੀ ਕਾਹਲੀ ਵਾਸ਼ ਰੂਮ ਵੱਲ
ਨੂੰ ਜਾਂਦਾ ਹੈ। ਬਲਵੰਤ ਤੇ ਗੁਰਦੀਪ ਕੁਝ ਚਿਰ ਲਈ ਚੁੱਪ ਹੋ ਜਾਂਦੇ ਹਨ।)
ਜਸਵੰਤ ਕੌਰ: ਲੈ ਚਾਹ ਵਿਚੇ ਈ ਛੱਡਗੇ... ਕਾਹਦੀ ਗੱਲ ਐ
(ਕੁਝ ਦੇਰ ਚੁੱਪ ਰਹਿੰਦੀ ਹੈ ਫਿਰ ਆਪ ਵੀ ਚਲੀ ਜਾਂਦੀ ਹੈ)
ਬਲਵੰਤ: ਇਹ ਜਿਹੜੀਆਂ ਗੁਰਦੀਪ ਤੂੰ ਮਾਣ ਨਾਲ ਤੁਰਨ ਵਾਲੀਆਂ ਗੱਲਾਂ ਕਰਦੈਂ ਨਾ... ਇਹ ਬੱਸ
ਗੱਲਾਂ ਈ ਐਂ – ਆਪਣੇ ਲੋਕਾਂ ਤੋਂ ਗੋਰੇ ਬਾਸ ਅੱਗੇ ਗੱਲ ਮਸਾਂ ਨਿਕਲਦੀ ਆ।
ਗੁਰਦੀਪ: ਪਰ ਕਿਉਂ? ਅਸੀਂ ਕੰਮ ਘੱਟ ਕਰਦੇ ਹਾਂ... ਜਾਂ ਉਹ ਸਾਡੇ ਤੇ ਇਹਸਾਨ ਕਰਦੇ ਐ। ਜੇ
ਅਸੀਂ ਆਪ ਈ ਇਉਂ ਕਰਾਂਗੇ ਤਾਂ ਦੂਜੇ ਵੀ ਸਾਨੂੰ ਘਟੀਆ ਸਮਝਣਗੇ।
(ਬਾਹਰ ਘੰਟੀ ਵੱਜਦੀ ਐ ਗੁਰਦੀਪ ਦਰਵਾਜਾ ਖੋਲ੍ਹਦਾ ਹੈ। ਜਗਦੇਵ ਪ੍ਰਵੇਸ਼ ਕਰਦਾ ਹੈ, ਕਲੀਨ
ਸ਼ੇਵਡ ਹੈ)
ਜਗਦੇਵ: (ਹੱਥ ਮਿਲਾਉਂਦਾ ਹੋਇਆ) ਸੁਣਾ ਵਈ ਗੁਰਦੀਪ ਸਿਹਾਂ ਕੀ ਹਾਲ ਚਾਲ ਐ?
(ਬਲਵੰਤ ਵੱਲ ਤੱਕ ਕੇ)
ਬੱਲੇ ਬਈ ਅੱਜ ਤਾਂ ਬੜੇ ਵੱਡੇ ਆਦਮੀ ਆਏ ਬੈਠੇ ਐ।
ਬਲਵੰਤ: (ਖੁਸ਼ਕ ਜਿਹੇ ਲਹਿਜੇ ਵਿੱਚ) ਹੋਰ ਸੁਣਾ ਕੀ ਹਾਲ ਚਾਲ ਐ?
ਜਗਦੇਵ: ਫੱਸਕਲਾਸ ਐ ਆਪਣੇ ਤਾਂ, ਆਵਦੇ ਸੁਣਾ। ਹਰਨਾਮ ਸਿਹੁੰ ਕਿੱਥੇ ਐ?
ਗੁਰਦੀਪ: ਘਰੇ ਈ ਐ; ਬੈਠੋ –
ਜਗਦੇਵ: (ਖੜਾ ਹੀ ਰਹਿੰਦਾ ਹੈ) ਨਹੀਂ ਬੈਠਣ ਦਾ ਤਾਂ ਟੈਮ ਨਹੀਂ। ਮੈਂ ਤਾਂ ਐਨਾ ਈ ਕਹਿਣ
ਆਇਆ ਸੀ ਵਈ ਪਰਸੋਂ ਨੂੰ ਆਪਣੇ ਅਖੰਡ-ਪਾਠ ਦਾ ਭੋਗ ਪੈਣਾ ਐ ਗੁਰਦਵਾਰੇ। ਹਰਨਾਮ ਸਿਹੁੰ ਨੂੰ
ਕਹਿ ਦਿਓ ਬਈ ਜ਼ਰੂਰ ਹਾਜ਼ਰ ਹੋਵੇ।
(ਜਸਵੰਤ ਕੌਰ ਘਬਰਾਈ ਹੋਈ ਆਉਂਦੀ ਹੈ)
ਜਸਵੰਤ ਕੌਰ: (ਬਿਨਾਂ ਜਗਦੇਵ ਵੱਲ ਧਿਆਨ ਦਿੱਤੇ) ਗੁਰਦੀਪ, ਆਵਦੇ ਡੈਡੀ ਨੂੰ’ ਵਾਜ ਦੇ ਖਾਂ,
ਮੈਨੂੰ ਲਗਦੈ ਉਹ ਅੱਕ ਕੇ ਪੱਗ ਈ ਨਾ ਲਾਹ ਦੇਵੇ।
ਜਗਦੇਵ: (ਹੈਰਾਨੀ ਵਿੱਚ) ਹੈਂ?
ਬਲਵੰਤ: (ਵਿਅੰਗ ਨਾਲ ਹਸਦਾ ਹੋਇਆ) ਐਨੀ ਵਰ੍ਹੀ ਨਾ ਕਰੋ, ਉਹ ਐਡੀ ਛੇਤੀ ਪੱਗ ਨੀ ਲਾਹੁੰਦਾ।
ਜਗਦੇਵ: ਮਖ ਗੱਲ ਕੀ ਕਰੀ ਜਾਨੇ ਐਂ?
(ਜਗਦੇਵ ਦੀ ਗੱਲ ਵੱਲ ਕੋਈ ਧਿਆਨ ਨੀ ਦਿੰਦਾ)
ਗੁਰਦੀਪ: (ਉੱਠਦਾ ਹੋਇਆ) ਖਿਆਲ ਤਾਂ ਮੇਰਾ ਵੀ ਇਹੋ ਐ ਡੈਡੀ ਐਡੀ ਛੇਤੀ ਵਾਲ ਨੀ ਕੱਟਣ
ਲੱਗੇ।
ਜਸਵੰਤ ਕੌਰ: (ਵਾਪਸ ਜਾਂਦੀ ਹੋਈ) ਵੇ ਕੀ ਪਤੈ ਭਾਈ ਥੋੜੀ ਹੋਈ ਐ ਅੱਜ? ਬੰਦੇ ਨੂੰ ਬੇਇਜ਼ਤੀ
ਸਹਾਰਨੀ ਕਿਹੜੀ ਸੌਖੀ ਐ –
ਬਲਵੰਤ: (ਜਸਵੰਤ ਕੌਰ ਦੇ ਜਾਣ ਪਿਛੋਂ) ਲੈ ਹੈ ਮੱਤ ਮਾਰੀ। ਐਂ ਉਹ ਕੇਸ ਕੱਟਣ ਲੱਗੇ ਭਲਾ।
ਊਂ, ਜੇ ਕੱਟ ਦੇਵੇ ਤਾਂ ਗੁੱਡ ਈ ਐ-
ਜਗਦੇਵ: ਇਕ ਵਾਰੀ ਸਾਡੇ ਉੱਥੇ ਇਕ ਮੁੰਡੇ ਨੇ ਇੰਡੀਆ ਤੋਂ ਔਂਦੇ ਨੇ ਈ ਵਾਲ ਕਟਵਾ ‘ਤੇ,
ਪਿਛੋਂ ਕਈ ਦਿਨ ਰੋਣੋ ਨ ਹੱਟੇ ਅਸੀਂ ਬਥੇਰਾ ਸਮਝਾਈਏ।
ਗੁਰਦੀਪ: ਪਤਾ ਨੀ ਅੱਕਿਆ ਹੋਇਆ ਡੈਡੀ ਕੱਟ ਈ ਦੇਵੇ ਅੱਗੇ ਇਕ ਵਾਰੀ ਕਹਿੰਦੇ ਸੀ ਮੈਂ ਕਿਸੇ
ਦਿਨ ਘਰੇ ਈ ਮੂੰਹ ਸਿਰ ਦੀ ਸਫਾਈ ਕਰ ਦੇਣੀ ਐ।
(ਗੁਰਦੀਪ ਜਾਂਦਾ ਹੈ)
(ਜਸਵੰਤ ਕੌਰ ਘਬਰਾਈ ਹੋਈ ਆਉਂਦੀ ਹੈ ਤੇ ਫੇਰ ਬਿਨਾਂ ਕੁਝ ਕਹੇ ਵਾਪਸ ਚਲੀ ਜਾਂਦੀ ਹੈ।
ਗੁਰਦੀਪ ਪਲ ਕੁ ਲਈ ਦਾਖਲ ਹੁੰਦਾ ਹੈ)
ਜਗਦੇਵ ਸਿੰਘ: (ਗੁਰਦੀਪ ਵੱਲ ਵੇਖ ਕੇ) ਚੰਗਾ ਬਈ ਗੁਰਦੀਪ ਸਿਹਾਂ ਮੈਂ ਤਾਂ ਚਲਦੈਂ ਹਰਨਾਮ
ਸਿੰਘ ਨੂੰ ਦੱਸ ਦਈਂ।
ਗੁਰਦੀਪ: (ਬੇ-ਧਿਆਨੀ ਵਿੱਚ ਹੀ) ਓ ਕੇ।
ਬਲਵੰਤ: (ਜਗਦੇਵ ਨੂੰ) ਬਹਿ ਜਾ ਦੋ ਮਿੰਟ ਹੋਰ
ਜਗਦੇਵ: ਸਮਝ ਨੀ ਆਉਂਦੀ ਇਹ ਕੀ ਡਰਾਮਾ ਜਿਹਾ ਕਰੀ ਜਾਨੇ ਐਂ। ਮੇਰੇ ਪੱਲੇ ਵੀ ਪਾਓ ਕੁਸ਼ –
ਕੋਈ ਗੱਲ ਨੀ ਸੁਣਦਾ।
(ਜਾਣ ਲਗਦਾ ਹੈ।)
ਬਲਵੰਤ: (ਹੱਥ ਦੇ ਇਸ਼ਾਰੇ ਨਾਲ ਉਸ ਨੂੰ ਕੋਲ ਬੁਲਾਉਂਦਾ ਹੋਇਆ) ਉਰੇ ਆ
(ਜਗਦੇਵ ਬਲਵੰਤ ਕੋਲ ਆ ਕੇ ਬੈਠ ਜਾਂਦਾ ਹੈ। ਬਲਵੰਤ ਉਸ ਨੂੰ ਬਹੁਤ ਹੌਲੀ ਅਵਾਜ਼ ਵਿੱਚ, ਜੋ
ਦਰਸ਼ਕਾਂ ਨੂੰ ਨਹੀਂ ਸੁਣਦੀ, ਇਕ ਦੋ ਮਿੰਟਾਂ ਵਿੱਚ ਸਾਰੀ ਗੱਲ ਸਮਝਾਉਂਦਾ ਹੈ। ਏਨੇ ਨੂੰ
ਜਸਵੰਤ ਕੌਰ ਘਬਰਾਈ ਹੋਈ ਆਉਂਦੀ ਹੈ, ਹੱਥ ਜੋੜ ਕੇ ਘੁੱਟੇ ਹੋਏ ਹਨ।)
ਬਲਵੰਤ: (ਜਸਵੰਤ ਕੌਰ ਨੂੰ) ਹੈ ਕਿੱਥੇ ਹਰਨਾਮ ਸਿਹੁੰ?
ਜਸਵੰਤ ਕੌਰ: ਮੇਰਾ ਖਿਆਲ ਐ ਨੌਣ੍ਹ ਵੜੇ ਸੀ ਵਾਸ਼ਰੂਮ ਵਿੱਚ।
ਗੁਰਦੀਪ: (ਆਉਂਦਾ ਹੋਇਆ) ਵਾਸ਼ਰੂਮ ਤਾਂ ਖਾਲੀ ਹੈ।
ਜਸਵੰਤ ਕੌਰ: (ਫਿਰਕਮੰਦ ਹੋ ਕੇ) ਲੈ, ਮੈਂ ਤਾਂ ਕਿਹਾ ਕਿਤੇ ਨ੍ਹੌਣ ਗਏ ਐ, ਫੇਰ ਕਿਥੇ ਹੋਏ?
(ਐਨੇ ਚਿਰ ਨੂੰ ਹਰਨਾਮ ਸਿੰਘ ਅੰਦਰੋਂ ਨਿਕਲਦਾ ਹੈ। ਸਿਰ ਉੱਤੇ ਕਿਰਮਚੀ ਰੰਗ ਦੀ ਪੱਗ ਪੋਚ
ਕੇ ਬੰਨ੍ਹੀ ਹੋਈ ਹੈ। ਮੂੰਹ ਅਤੇ ਦਾਹੜੀ ਕਰੀਮ ਨਾਲ ਲਿਸ਼ਕ ਰਹੇ ਹਨ। ਹੱਥ ਵਿੱਚ ਡਾਂਗ ਹੈ,
ਸਾਰੇ ਵੇਖ ਕੇ ਹੈਰਾਨ ਹੁੰਦੇ ਹਨ।)
ਹਰਨਾਮ ਸਿੰਘ: ਆਹ, ਮੈਂ ਜਰਾ ਦਲੀਪ ਕੇ ਘਰ ਤੱਕ ਜਾ ਆਵਾਂ।
ਜਸਵੰਤ ਕੌਰ: ਐਸ ਵੇਲੇ! ਤੁਰਕੇ? ਜਾਹ ਗੁਰਦੀਪ ਕਾਰ ਤੇ ਛੱਡ ਆ।
ਹਰਨਾਮ ਸਿੰਘ: ਨਹੀਂ ਮੈਂ ਤੁਰ ਕੇ ਹੀ ਜਾ ਆਉਨੈਂ, ਕੇਹੜਾ ਦੂਰ ਐ, ਸਾਰੇ ਪੰਜ ਸੱਤ ਬਲਾਕ ਦੀ
ਤਾਂ ਗੱਲ ਐ।
(ਹਰਨਾਮ ਸਿੰਘ ਘੰਗੂਰਾ ਮਾਰਦਾ ਹੈ ਤੇ ਬਿਨਾਂ ਕਿਸੇ ਦਾ ਜਵਾਬ ਉਡੀਕੇ ਬਾਹਰ ਨਿਕਲ ਜਾਂਦਾ
ਹੈ। ਗੁਰਦੀਪ ਦੇ ਚਿਹਰੇ ਤੇ ਮੁਸਕਾਨ ਹੈ ਬਾਕੀਆਂ ਦੇ ਉੱਤੇ ਕੁਝ ਹੈਰਾਨੀ ਦਾ ਪ੍ਰਭਾਵ।)
ਪਰਦਾ
ਦੂਜਾ ਪਾਸਾ 10 ਦਸੰਬਰ 1977 ਨੂੰ ਪਹਿਲੀ ਵਾਰ ਸੈਕਸਮਿੱਥ ਐਲੀਮੈਂਟਰੀ ਸਕੂਲ, ਵੈਨਕੂਵਰ
ਵਿੱਚ ਵਤਨੋਂ ਦੂਰ ਆਰਟ ਫਾਊਂਡੇਸ਼ਨ ਵਲੋਂ ਖੇਡਿਆ ਗਿਆ। ਨਾਟਕ ਦੋ ਭਾਗਾਂ ਵਿੱਚ ਪੇਸ਼ ਕੀਤਾ
ਗਿਆ: ਪਹਿਲਾ ਭਾਗ ਪੰਜਾਬ ਦੇ ਇਕ ਪਿੰਡ ਵਿੱਚ ਵਾਪਰਦਾ ਹੈ ਜਿਸ ਦੀ ਪੇਸ਼ਕਾਰੀ ਮੰਚ ਉੱਤੇ
ਰੌਸ਼ਨੀ ਮੱਧਮ ਰੱਖ ਕੇ ਪਿਛੋਕੜ ਵਿੱਚੋਂ ਕੀਤੀ ਗਈ। ਮੰਚ ਦੇ ਪਿਛਲੇ ਪਰਦੇ ਉੱਤੇ ਰੰਗਦਾਰ
ਸਲਾਈਡਾਂ ਅਤੇ ਸੰਗੀਤ ਰਾਹੀਂ ਦ੍ਰਿਸ਼ ਪੇਸ਼ ਕੀਤੇ ਗਏ ਜੋ ਪਿਛੋਕੜ ਵਿੱਚ ਚੱਲ ਰਹੇ
ਵਾਰਤਾਲਾਪ ਨੂੰ ਰੂਪਮਾਨ ਕਰਦੇ ਸਨ (ਪਿੰਡ ਵਿੱਚ ਟਿਊਬਵੈੱਲ ਦਾ ਸੀਨ, ਸ਼ਹਿਰ ਵਿੱਚ ਜਲੂਸ,
ਹਵਾਈ ਜਹਾਜ਼ ਦੀ ਉਡਾਨ ਆਦਿ) ਇਸ ਭਾਗ ਦੀ ਵਾਰਤਾਲਾਪ ਵਿੱਚ ਹਰਨਾਮ ਸਿੰਘ ਦਾ ਰੋਲ ਇੰਦਰੇਸ਼
ਨੇ ਕੀਤਾ ਅਤੇ ਜਸਵੰਤ ਕੌਰ ਦਾ ਅੰਮ੍ਰਿਤ ਮਾਨ ਨੇ। ਇਹ ਭਾਗ ਕਿਉਂਕਿ ਅਵਾਜ਼, ਸਲਾਈਡਾਂ ਅਤੇ
ਸੰਗੀਤ ਰਾਹੀਂ ਪੇਸ਼ ਕੀਤਾ ਗਿਆ ਸੀ, ਇਸ ਲਈ ਇਹ ਸਕਰਿਪਟ ਵਿੱਚ ਸ਼ਾਮਲ ਨਹੀਂ ਹੈ।
ਦੂਜਾ ਭਾਗ, ਜੋ ਉੱਪਰ ਦਿੱਤਾ ਗਿਆ ਹੈ, ਆਪਣੇ ਆਪ ਵਿੱਚ ਸੰਪੂਰਣ ਇਕਾਂਗੀ ਹੈ, ਕੈਨੇਡਾ ਵਿੱਚ
ਵਾਪਰਦਾ ਹੈ। ਇਹ ਭਾਗ ਮੰਚ ਉੱਤੇ ਖੇਡਿਆ ਗਿਆ ਜਿਸ ਵਿੱਚ ਪ੍ਰਵੇਸ਼ ਅਨੁਸਾਰ ਹੇਠ ਲਿਖੇ
ਕਲਾਕਾਰਾਂ ਨੇ ਭਾਗ ਲਿਆ:
ਜਸਵੰਤ ਕੌਰ: ਦਰਸ਼ਨ ਬੈਂਸ
ਹਰਨਾਮ ਸਿੰਘ: ਇੰਦਰੇਸ਼
ਕਿਰਪਾਲ ਸਿੰਘ: ਕਰਮਜੀਤ ਘੁਮਾਣ
ਗੁਰਦੀਪ: ਪਾਲ ਬਿਨਿੰਗ
ਬਲਵੰਤ: ਭਵਖੰਡਨ
ਜਗਦੇਵ: ਰਘਬੀਰ ਮੰਡ
ਪਹਿਲੇ ਅਤੇ ਦੂਜੇ ਭਾਗ ਨੂੰ ਸੂਤਰਧਾਰ ਦੇ ਪ੍ਰਵੇਸ਼ ਰਾਹੀਂ ਜੋੜਿਆ ਗਿਆ, ਜਿਸ ਦਾ ਰੋਲ
ਸੁਰਜੀਤ ਕਲਸੀ ਨੇ ਕੀਤਾ।
ਮੇਕਅੱਪ: ਉਦੇ ਕੋਰਟਾਣਾ
ਮੰਚ ਦ੍ਰਿਸ਼ਾਵਲੀ: ਪਾਲ ਬਿਨਿੰਗ ਅਤੇ ਰਘੁਬੀਰ ਮੰਡ
ਸਲਾਈਡ ਪ੍ਰੋਜੈਕਸ਼ਨ: ਸਾਧੂ
ਨਿਰਦੇਸ਼ਨ ਅਤੇ ਸੰਗੀਤ: ਅਜਮੇਰ ਰੋਡੇ
|