Welcome to WatanPunjabi.ca
ਪਰਦੇਸ ਦਾ ਕੰਮ
 

- ਅਮਰਜੀਤ ਕੌਰ ਪੰਨੂ

ਨਸਲੀ ਸਫਾਈ ਦਾ ਸਿਧਾਂਤ
 

- ਇਸ਼ਤਿਹਾਕ ਅਹਿਮਦ

ਕੈਨੇਡਾ ਵਿੱਚ ਚੁਣੇ ਗਏ ਪਹਿਲੇ ਇੰਡੋ-ਕੈਨੇਡੀਅਨ ਐੱਮ ਐੱਲ ਏ ਮੋਅ ਸਹੋਤਾ ਨਾਲ ਇੰਟਰਵਿਊ
 

- ਸੁਖਵੰਤ ਹੁੰਦਲ

ਸਮਾਜਕ ਸਰੋਕਾਰਾਂ ਦਾ ਭਾਰਤੀ ਸਿਨਮਾ: ਸ਼ੁਰੂਆਤੀ ਦੌਰ
 

- ਸੁਖਵੰਤ ਹੁੰਦਲ

ਸਿਨਮੇ ਨੂੰ ਸਥਾਪਤੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਉਣ ਦਾ ਇੱਛਕ ਫਿਲਮਸਾਜ਼: ਮ੍ਰਿਣਾਲ ਸੇਨ
 

- ਸੁਖਵੰਤ ਹੁੰਦਲ

ਮੈਂ ਕਨੇਡੀਅਨ ਕਿੱਦਾਂ ਬਣਿਆਂ
 

- ਹੈਲਨ ਪੌਟਰੇਬੈਂਕੋ

ਨਾਰੀ ਦੇਹ ਕੇਹੋ ਜਿਹੀ ਹੋਵੇ
 

- ਸਵਰਾਜਬੀਰ

ਦੂਜਾ ਪਾਸਾ
 

- ਅਜਮੇਰ ਰੋਡੇ

ਗੁਰਬਖਸ਼ ਸਿੰਘ ਦੀ ਪੰਜਾਬ ਨੂੰ ਦੇਣ
 

- ਗੁਰਚਰਨ ਸਿੰਘ ਸਹਿੰਸਰਾ

ਭਾਰਤੀ ਸੋਸ਼ਲ ਮੀਡੀਆ ਦੀ ਦੱਖਣਪੰਥੀ ਉੱਤਰ-ਸੱਚ ਵਰਤੋਂ
 

- ਹਰਵਿੰਦਰ ਭੰਡਾਲ

ਪੁਸਤਕ ਰਿਵੀਊ / ਕਿਲੇ ਦੇ ਮੋਤੀ
 

- ਹਿਊ ਜੌਹਨਸਟਨ

 


ਨਾਰੀ ਦੇਹ ਕੇਹੋ ਜਿਹੀ ਹੋਵੇ
(ਸਾਂਦਰਾ ਲੀ ਬਰਟਕੀ ਦੇ ਤੁਰ ਜਾਣ ਦੇ ਸੰਦਰਭ ਵਿੱਚ)
ਸਵਰਾਜਬੀਰ
 

 

ਪੰਜਾਬੀ ਚਿੰਤਨ-ਖੇਤਰ ਤੇ ਸਾਹਿਤ ਵਿੱਚ ਔਰਤਾਂ ਦੁਆਰਾ ਆਜ਼ਾਦ ਚਿੰਤਨ ਦੀ ਅਣਹੋਂਦ ਰੜਕਦੀ ਹੈ। ਸਦੀਆਂ ਦੀਆਂ ਸਦੀਆਂ ਔਰਤ ਚੁੱਪ ਬੈਠੀ ਹੋਈ ਹੈ ਜਾਂ ਚੁੱਪ ਕਰਾ ਦਿੱਤੀ ਗਈ ਹੈ। ਮਰਦ ਉਹਦੀ ਪਰਿਭਾਸ਼ਾ ਘੜਦਾ ਹੈ – ਕਿਤੇ ਆਦਰਸ਼ ਮਾਂ, ਆਦਰਸ਼ ਭੈਣ ਤੇ ਆਦਰਸ਼ ਪਤਨੀ ਦੇ ਰੂਪ ਵਿੱਚ ਤੇ ਕਿਤੇ ਮੋਹ-ਭਿੰਨੀਆਂ ਨਾਨੀਆਂ-ਦਾਦੀਆਂ ਦੇ ਰੂਪ ਵਿੱਚ; ਕਿਤੇ ਕਾਮਨੀ ਰੂਪ ਵਿੱਚ, ਕਿਤੇ ਚਲਿੱਤਰਾਂ ਭਰੇ ਮੁਜੱਸਮੇ ਵਜੋਂ, ਕਿਤੇ ਪਾਪ ਦੇ ਘੜੇ ਵਜੋਂ, ਕਿਤੇ ਮਰਦ ਤੋਂ ਨੀਵੀਂ ਸਮਝ ਵਾਲੇ ਜੀਵ ਵਜੋਂ ਤੇ ਕਿਤੇ ਦੇਵੀ ਵਜੋਂ। ਦੁਰਗਾ, ਅਦਭੁਤ ਰਮਾਇਣ ਦੀ ਸੀਤਾ, ਰਾਧਾ, ਯੈਲੰਮਾ-ਰੇਣੁਕਾ ਆਦਿ ਦੇ ਪਿਤਰੀ ਸੋਚ ਵਿਰੋਧੀ ਬਿਰਤਾਂਤਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਪਿਤਰੀ ਸੋਚ ਪ੍ਰਣਾਲੀਆਂ ਵਿੱਚ ਪਰੋ ਲਿਆ ਜਾਂਦਾ ਹੈ ਤੇ ਸਮਾਜ ਵਿੱਚ ਔਰਤ ਦਾ ਸਥਾਨ ਗੌਣ ਹੋ ਕੇ ਰਹਿ ਜਾਂਦਾ ਹੈ। ਸੂਫੀ ਸਾਹਿਤ ਤੇ ਗੁਰਬਾਣੀ ਵਿੱਚ ਵੀ ਇਹ ਮਰਦ ਹੀ ਜੋ ਮਰਦ-ਖੁਦਾ ਨਾਲ ਬ੍ਰਿਹਾ ਤੇ ਵਸਲ ਦੇ ਰਿਸ਼ਤਿਆਂ ਦਾ ਸੂਤਰਧਾਰ ਬਣਦਾ ਹੈ। ਕਿੱਸਾਕਾਰ ਵੀ ਜਿ਼ਆਦਾਤਰ ਪ੍ਰੇਮ ਕਹਾਣੀਆਂ ਨੂੰ ਏਦਾਂ ਦੱਸਦੇ ਹਨ ਜਿਸ ਤਰ੍ਹਾਂ ਨਾਲ ਉਹ ਮਰਦ-ਨਜ਼ਰ ਤੋਂ ਪ੍ਰਵਾਨ ਹੋਣ। ਫਿਰ ਵੀ ਕਿੱਸਾ ਸਾਹਿਤ ਵਿੱਚ ਪਿਆਰ ਤੇ ਸਾਥੀ ਦੀ ਚੋਣ ਦੀ ਆਜ਼ਾਦੀ ਦੀ ਗੱਲ ਵਿੱਚ ਗ਼ਾਲਿਬ ਸਮਾਜਿਕ ਵਿਚਾਰਧਾਰਾ ਦੇ ਵਿਰੋਧੀ ਬੀਜ ਪਏ ਹੋਏ ਹਨ। ਜੇ ਕਿਤੇ ਔਰਤ ਬੋਲਦੀ ਦਿਸਦੀ ਹੈ ਤਾਂ ਉਹ ਬਾਰੀ ਲੋਕ-ਸਾਹਿਤ ਦੀ ਬਾਰੀ ਹੈ ਜਿੱਥੋਂ “ਬੂਹੇ ਬਾਰੀਆਂ ਨਾਲੇ ਕੰਧਾਂ ਟੱਪ ਕੇ, ਆਵਾਂਗੀ ਮੈਂ ਵੀ ‘ਵਾ ਬਣ ਕੇ” ਜਿਹੇ ਸਿਆਸੀ ਬੋਲ ਸੁਣਾਈ ਦਿੰਦੇ ਹਨ। ਪਰ ਇੱਥੇ ਵੀ ਔਰਤ ਆਪਣੇ ਆਪ ਨੂੰ ਜਿ਼ਆਦਾ ਤੌਰ ‘ਤੇ ਮਰਦ ਦੇ ਪੂਰਕ ਵਜੋਂ ਹੀ ਚਿਤਰਦੀ ਹੈ “ਚੁੰਨੀ ਰੰਗ ਦੇ ਲਲਾਰੀਆ ਮੇਰੀ, ਮਿੱਤਰਾਂ ਦੀ ਪੱਗ ਵਰਗੀ।” ਇਸ ਤੋਂ ਜਿ਼ਆਦਾ ਉੱਚੀ ਸੁਰ ਸਮਝਾਉਣ ਵਾਲੀ ਹੈ “ਧਾਰੀ ਬੰਨ ਸੁਰਮਾ ਨਾ ਪਾਈਏ, ਧੀਏ ਘਰ ਮਾਪਿਆਂ ਦੇ”, “ਧਰਮੀ ਬਾਬਲ ਦੀ ਨਾ ਪੱਟੀਏ ਸਰਦਾਰੀ”। ਇਹ ਕਿਹੜਾ ਧਰਮ ਹੈ ਜਿਸ ਦੀ ਰਾਖੀ ਕਰਨ ਲਈ ਜਵਾਨ ਕੁੜੀਆਂ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ? ਇਸ ਧਰਮ ਦੀ ਨੀਂਹ ਕੁਆਰੀ ਕੁੜੀ ਦੇ ਕੁਆਰੇਪਣ ਨੂੰ ਕਾਇਮ ਰੱਖਣ ਤੇ ਜਿਸਮਾਨੀ ਖਾਹਿਸ਼ਾਂ ਨੂੰ ਦਬਾ ਕੇ ਰੱਖਣ ‘ਤੇ ਰੱਖੀ ਜਾਂਦੀ ਹੈ। ਮੁੱਕਦੀ ਗੱਲ, ਕਾਲਾ ਡੋਰੀਆ ਕਿਤੇ ਵੀ ਆਜ਼ਾਦ ਹੋ ਕੇ ਨਹੀਂ ਉੱਡਦਾ, ਕੁੰਡੇ ਨਾਲ ਅੜਿਆ ਰਹਿੰਦਾ ਹੈ।

ਉਨ੍ਹੀਵੀਂ ਸਦੀਆਂ ਦੀਆਂ ਪੰਜਾਬੀ ਕਵਿਤਰੀਆਂ ਨੁਰੰਗ ਦੇਵੀ ਤੇ ਪੀਰੋ ਲੋਕ-ਲਾਜ ਨੂੰ ਤਜ ਕੇ ਆਪਣੇ ਮਰਦ ਸਾਥੀਆਂ ਕੋਲ ਪਹੁੰਚਦੀਆਂ ਤੇ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ। ਉਨ੍ਹਾਂ ਦੀਆਂ ਕਾਫ਼ੀਆਂ ਵਿੱਚ ਕਿਤੇ ਕਿਤੇ ਆਜ਼ਾਦ ਚਿੰਤਨ ਦੇ ਝਲਕਾਰੇ ਮਿਲਦੇ ਹਨ। ਪੀਰੋ ਲਿਖਦੀ ਹੈ:


ਪੀਰੋ ਅਮਲ ਸਚਿ ਦੇ ਮੈਂ ਦੇਖੀ ਵੀ ਕੀਤੀ।
ਨਾਮੁ ਸੁਰਾਹੀ ਅਮਲ ਦੀ ਮੈਂ ਭਰਿ ਭਰਿ ਪੀਤੀ।
ਨਿਵਾਜਾਂ ਰੋਜੇ ਛੁਟਿ ਗਏ ਮਸਤਾਨੀ ਹੋਈ।
ਸੋਹੰ ਆਪ ਜਾਨ ਕੇ ਮੈਂ ਆਪੇ ਸੋਈ।



ਇਹ ਸਤਰਾਂ ਧਿਆਨ ਪੜ੍ਹਨ ਵਾਲੀਆਂ ਹਨ। ਇਹ ਉਨ੍ਹੀਵੀਂ ਸਦੀ ਦੀ ਸ਼ਾਇਰਾ ਪੀਰੋ ਹੈ ਜੋ ਨਿਮਾਜ਼ਾਂ, ਰੋਜ਼ੇ ਛੱਡ ਦਿੰਦੀ ਹੈ। ਅੱਜ ਦੇ ਪੂਰਬੀ ਪੰਜਾਬ ਦੀਆਂ ਹਿੰਦੂ ਤੇ ਸਿੱਖ ਕੁੜੀਆਂ ਕਰਵਾ-ਚੌਥ ਵਰਤ ਰੱਖਦੀਆਂ ਹਨ ਤੇ ਅਸੀਂ ਉਨ੍ਹਾਂ ‘ਤੇ ਬਣੇ ਸੀਰੀਅਲ ਟੀ.ਵੀ. ‘ਤੇ ਦੇਖਦੇ ਹਾਂ। ਪੀਰੋ ਦੀ ਸਮਕਾਲੀ ਸ਼ਾਇਰਾ ਨੁਰੰਗ ਦੇਵੀ ਲਿਖਦੀ ਹੈ:

ਨਿਆਇ ਸ਼ਾਸਤ੍ਰ ਨ ਈਸ਼ਵਰਵਾਦ ਮੁਈਏ, ਮਿਮਾਂਸਕ ਆਇ ਕੇ ਕਰਮ ਕਰਾਂਵਦਾ ਹੀ।।
ਕਾਲ ਵਾਦ ਹੈ ਕਹਿਆ ਵੈਸ਼ਸ਼ਨਿ, ਪਤੰਜਲ ਹੋਰ ਹੀ ਜੋਗ ਦ੍ਰਿੜਾਂਵਦਾ ਹੀ।।
ਪ੍ਰਕ੍ਰਿਤ ਪੁਰਖ ਹੈ ਦੋਇ ਸਾਂਖ ਕਹੇ, ਵੇਦਾਂਤ ਬ੍ਰਹਮ ਜਨਾਂਵਦਾ ਹੀ।।
ਖਟ ਵਾਕੇ ਮੈਂ ਵਾਦ ਨੁਰੰਗ ਦੇਵੀ, ਅਨਭੈ ਸੌ ਵਾਦ ਉਡਾਂਵਦਾ ਹੀ।।



ਇਹ ਸਤਰਾਂ ਵੀ ਧਿਆਨ ਨਾਲ ਪੜ੍ਹਨ ਵਾਲੀਆਂ ਹਨ। 19ਵੀਂ ਸਦੀ ਦੀ ਪੰਜਾਬੀ ਔਰਤ ਖਟ-ਦਰਸ਼ਨ (ਦਰਸ਼ਨ ਦੀਆਂ ਛੇ ਸ਼ਾਖਾਵਾਂ) ਦਾ ਮੁਲ-ਅੰਕਣ ਕਰ ਰਹੀ ਹੈ, ਉਨ੍ਹਾਂ ਨੂੰ ਨਕਾਰ ਰਹੀ ਹੈ।

ਪਰ ਬਹੁਤੀਆਂ ਥਾਂਵਾਂ ‘ਤੇ ਜਾਂ ਮੂਲ ਰੂਪ ਵਿੱਚ ਉਹ (ਪੀਰੋ ਤੇ ਨੁਰੰਗ ਦੇਵੀ) ਵੀ ਆਪਣੇ ਆਪ ਨੂੰ ਮਰਦ-ਗੁਰੂ ਦੇ ਪ੍ਰਛਾਵੇਂ ਵਜੋਂ ਹੀ ਚਿਤਵਦੀਆਂ ਹਨ, ਜਿਵੇਂ ਪੀਰੋ ਕਹਿੰਦੀ ਹੈ “ਪੀਰੋ ਨਾਮ ਜਹਾਜੁ ਹੈ ਗੁਰ ਖੇਵਟ ਮੇਰਾ” ਤੇ ਨੁਰੰਗ ਦੇਵੀ ਆਖਦੀ ਹੈ “ਗੁਰੂ ਮੇਰਾ ਹੈ ਸਭ ਦਾ ਸਾਂਝਾ, ਮੈਂ ਹਾਂ ਗੁਰੂ ਦੀ ਹੀਰ ਸਹਿਓ”। ਵੀਹਵੀਂ ਸਦੀ ਵਿੱਚ ਅੰਮ੍ਰਿਤਾ ਪ੍ਰੀਤਮ ਨਾਰੀ-ਆਵਾਜ਼ ਦੀ ਪ੍ਰਤੀਕ ਬਣਦੀ ਹੈ ਤੇ ਇਉਂ ਲੱਗਦਾ ਹੈ ਕਿ ਉਹ ਆਜ਼ਾਦ ਚਿੰਤਨ ਦੇ ਖੇਤਰ ਵਿੱਚ ਡੂੰਘੀਆਂ ਪੈੜਾਂ ਛੱਡੇਗੀ। ਪਰ ਮੁੱਢਲੀਆਂ ਤੇ ਕੁੱਝ ਬਾਅਦ ਵਾਲੀਆਂ ਕਵਿਤਾਵਾਂ ਤੋਂ ਬਾਅਦ ਉਹ ਓਸ਼ੋ ਤੇ ਹੋਰ ਸਨਾਤਨੀ ਸੋਚ ਪ੍ਰਣਾਲੀਆਂ ਦੀ ਦਲਦਲ ਵਿੱਚ ਖੁੱਭ ਜਾਂਦੀ ਹੈ। ਚਿੰਤਨ ਦੇ ਖੇਤਰ ਵਿੱਚ ਸ਼ਰਨ ਮੱਕੜ ਹੋਰਾਂ ਦਾ ਯਤਨ ਵੀ ਇਹੋ ਜਿਹੇ ਰਾਹਾਂ ‘ਤੇ ਤੁਰਦਾ ਹੈ। ਮਨਜੀਤ ਟਿਵਾਣਾ, ਪਾਲ ਕੌਰ, ਮਨਜੀਤਪਾਲ ਕੌਰ, ਵਨੀਤਾ, ਸੁਖਵਿੰਦਰ ਅੰਮ੍ਰਿਤ, ਜਸਲੀਨ, ਨੀਤੂ ਅਰੋੜਾ ਤੇ ਕੁਝ ਹੋਰ ਨੌਜਵਾਨ ਕਵਿਤ੍ਰੀਆਂ ਮਰਦ-ਸੰਸਾਰ ਦੇ ਸ਼ੀਸਿ਼ਆਂ ਨੂੰ ਤੋੜਦੀਆਂ ਨਜ਼ਰ ਆਉਂਦੀਆਂ ਹਨ ਪਰ ਕਿਤੇ ਵੀ ਪਿਤਰੀ ਸੋਚ ਦੇ ਵਿਰੁੱਧ ਬੱਝਵੀਂ ਤੇ ਦੂਰ ਤੱਕ ਮਾਰ ਕਰਨ ਵਾਲੀ ਸੋਚ-ਪ੍ਰਣਾਲੀ ਬਣਦੀ ਨਹੀਂ ਦਿਸਦੀ। ਪੰਜਾਬ ਦੇ ਇਤਿਹਾਸ ਵਿੱਚ ਅੰਮ੍ਰਿਤਾ ਸ਼ੇਗਗਿੱਲ ਇਕੱਲੀ ਔਰਤ ਹੈ, ਜੋ ਆਪਣੇ ਆਪ ਨੂੰ ਆਪਣੇ ਚਿਤਵੇ ਤੇ ਸਮਝੇ ਨਾਰੀ-ਰੂਪ ਵਿੱਚ ਚਿਤਰਦੀ ਹੈ ਤੇ ਆਪਣਾ ਆਜ਼ਾਦ ਸੰਸਾਰ ਸਿਰਜਦੀ ਹੈ। ਪੰਜਾਬੀ ਔਰਤਾਂ ‘ਚੋਂ ਰੋਮਿਲਾ ਥਾਪਰ ਨੇ ਇਤਿਹਾਸਕਾਰੀ ਵਿੱਚ ਅਤੇ ਅਨੀਆ ਲੂੰਬਾ ਨੇ ਰਾਜਨੀਤੀ ਸ਼ਾਸ਼ਤਰ ਵਿੱਚ ਡੂੰਘੀ ਛਾਪ ਛੱਡੀ ਹੈ ਪਰ ਉਨ੍ਹਾਂ ਦਾ ਨਾਰੀਵਾਦ ਚਿੰਤਨ ਨਾਲ ਕੋਈ ਸਿੱਧਾ ਰਿਸ਼ਤਾ ਨਹੀਂ।

ਵਿਲਹਮੀਨਾ ਡਾਕਰ, ਐਮਲਾਈਨ ਪੰਕਹਰਸਟ ਤੇ ਵਿਰਜੀਨੀਆ ਵੁਲਫ ਤੋਂ ਸ਼ੁਰੂ ਹੁੰਦੇ ਇਸ ਸਫਰ ਵਿੱਚ ਅਨੇਕਾਂ ਨਾਰੀਵਾਦੀ ਚਿੰਤਕਾਂ ਤੇ ਲੇਖਕਾਂ ਨੇ ਆਪਣਾ ਹਿੱਸਾ ਪਾਇਆ ਹੈ। ਇਸ ਸਫਰ ਵਿੱਚ ਸਿਮੋਨ ਦੀ ਬੂਆ, ਜੂਲੀਆ ਕ੍ਰਿਸਤੇਵਾ, ਕੈਰੋਲ ਹੈਨੋਸ਼, ਫਰਾਂਕਾ ਰੇਮ, ਜੂਡਿਥ ਬਟਲਰ, ਲਾਰਵਾ ਮਾਰਲੇ, ਕਾਜਾ ਸਿਲਵਰਮੈਨ, ਲੂਸ ਇਰੀਗਾਰੇ, ਜੂਲੀਅਟ ਮਿਸ਼ੈਲ, ਕੇਟ ਮਿਲੇਟ ਤੇ ਹੋਰ ਅਨੇਕਾਂ ਨਾਂ ਹਨ ਜਿਨ੍ਹਾਂ ਨੇ ਪਿਤਰੀ ਸੋਚ ਦੇ ਵਿਰੁੱਧ ਬਗਾਵਤੀ ਤੇਵਰ ਅਪਣਾਏ ਤੇ ਉਨ੍ਹਾਂ ਤੇਵਰਾਂ ਨੂੰ ਲਿਖਤੀ ਰੂਪ ਵੀ ਦਿੱਤਾ। ਇਹ ਲੇਖ ਇਕ ਅਜਿਹੀ ਚਿੰਤਕ ਸਾਂਦਰਾ ਲੀ ਬਰਟਕੀ ਨੂੰ ਯਾਦ ਕਰਨ ਲਈ ਹੈ ਜੋ ਪਿਛਲੇ ਦਿਨੀਂ ਅਕਤੂਬਰ 2016 ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਹ ਇਕਆਸੀਆਂ ਸਾਲਾਂ ਦੀ ਸੀ।

ਉਹਨੂੰ ਯਾਦ ਕਰਦਿਆਂ “ਦੀ ਨਿਊਯਾਰਕ ਟਾਈਮਜ਼ ਨਿਊਜ਼ ਸਰਵਿਸ” ਦਾ ਨਾਮਾਨਿਗਾਰ ਸੈਮ ਰਾਬਰਟ ਲਿਖਦਾ ਹੈ ਕਿ ਉਹ ਇਕ ਉਦਾਰਵਾਦੀ ਚਿੰਤਕ ਤੋਂ ਗਰਮ-ਖਿਆਲਾਂ ਵਾਲੀ ਨਾਰੀਵਾਦੀ ਚਿੰਤਕ ਬਣੀ ਹੈ ਤੇ ਉਸ ਨੇ ਫੁਕੋ ਦੀ ਇਹ ਸੋਚ “ਕਿ ਸਮਾਜ ਕਿਵੇਂ ਇਨਸਾਨਾਂ ‘ਤੇ ਵੱਖ ਵੱਖ ਤਰੀਕਿਆਂ ਨਾਲ ਸਮਾਜਿਕ ਜ਼ਾਬਤੇ ਥੋਪਦਾ ਹੈ” ਨੂੰ ਨਾਰੀਵਾਦੀ ਸ਼ੀਸਿ਼ਆਂ ਥਾਣੀਂ ਵੇਖਣ ਦੀ ਕੋਸਿ਼ਸ਼ ਕੀਤੀ।

ਸਾਂਦਰਾ ਲੀ ਬਰਟਕੀ ਆਪਣੀ ਪਰਖ ਪੜਚੋਲ ਲਈ ਮਿਸ਼ੈਲ ਫੁਕੋ ਦੇ ਵਿਚਾਰਾਂ ਦੀ ਤੰਦ ਫੜਦੀ ਹੈ। ਫੂਕੋ ਅਨੁਸਾਰ ਜਦ ਯੂਰਪ ਵਿੱਚ ਆਧੁਨਿਕਤਾ ਆ ਰਹੀ ਸੀ, ਲੋਕ ਰਾਜ ਤੇ ਇਸ ਨਾਲ ਸੰਬੰਧਤ ਸੰਸਥਾਂਵਾਂ ਉਸਰ ਰਹੀਆਂ ਸਨ ਅਤੇ ਰਾਜਨੀਤਕ ਆਜ਼ਾਦੀ ਦੇ ਨਵੇਂ ਪਸਾਰ ਪੈਦਾ ਹੋ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਨਾਲ ਇਕ ਹਨ੍ਹੇਰਾ ਪੱਖ ਵੀ ਉਜਾਗਰ ਹੋ ਰਿਹਾ ਸੀ। ਉਹ ਹਨ੍ਹੇਰਾ ਪੱਖ ਕੀ ਸੀ? ਉਹ ਸੀ, ਪਹਿਲਾਂ ਕਦੇ ਵੀ ਨਾ ਵੇਖਿਆ ਗਿਆ ਜ਼ਾਬਤਾ ਜੋ ਮਨੁੱਖੀ ਸਰੀਰਾਂ ਨੂੰ ਕਾਬੂ ਵਿੱਚ ਰੱਖਣ ਲਈ ਉਭਰ ਰਿਹਾ ਸੀ। ਇਹ ਜ਼ਾਬਤਾ ਮਨੁੱਖੀ ਸਰੀਰਾਂ ਤੇ ਅਣਦਿਸਦੀ ਜ਼ਬਤ ‘ਤੇ ਕੰਟਰੋਲ ਹਾਸਿਲ ਕਰਨਾ ਚਾਹੁੰਦਾ ਸੀ।

ਫੂਕੋ ਅਨੁਸਾਰ ਪੁਨਰ ਜਾਗਰਣ (ਏੱਨਲਾਇਟਨਮੈਂਟ) ਤੋਂ ਪਹਿਲਾਂ ਸੱਤਾ ਨੂੰ ਬਣਾਏ ਰੱਖਣ ਦੇ ਸਾਰੇ ਜ਼ਾਬਤਿਆਂ ਨੂੰ ਲਾਗੂ ਕਰਨ ਦਾ ਹੱਕ ਸਿਰਫ ਮਹਾਰਾਜੇ ਕੋਲ ਹੁੰਦਾ ਸੀ। ਸ਼ਹਿਨਸ਼ਾਹ ਸ਼ਾਹੀ ਕਾਨੂੰਨ ਦਾ ਪ੍ਰਤੀਕ ਸੀ। ਕਾਨੂੰਨ ਦੀ ਹੁਕਮਅਦੂਲੀ ਜਾਂ ਉਲੰਘਣਾ ਕਰਨ ਦਾ ਮਤਲਬ ਸੀ ਸ਼ਹਿਨਸ਼ਾਹ ਜਾਂ ਰਾਜ-ਪੁਰਖਾਂ ਦੇ ਹੁਕਮਾਂ ਦੀ ਹੁਕਮਅਦੂਲੀ। ਲੋਕਾਂ ‘ਤੇ ਸ਼ਾਹੀ ਜ਼ਾਬਤਿਆਂ ਦੀ ਜ਼ਬਤ ਰੱਖਣ ਲਈ ਅਤੇ ਉਨ੍ਹਾਂ ਨੂੰ ਹਕੂਮਤ ਦਾ ਵਫਾਦਾਰ ਬਣਾਏ ਰੱਖਣ ਲਈ ਜਿਹੜੇ ਤੌਰ ਤਰੀਕੇ ਅਪਣਾਏ ਜਾਂਦੇ ਸਨ, ਉਹ ਬੜੇ ਕਠੋਰ ਤੇ ਕਰੂਰ ਸਨ। ਸਰੀਰਕ ਸਜ਼ਾ ਦੇਣ ਵਾਲੇ ਨਿਰਦਈ ਤੇ ਬੇਰਹਿਮ ਜ਼ਾਬਤੇ (ਉਦਾਹਰਨ ਦੇ ਤੌਰ ‘ਤੇ ਕੋੜੇ ਮਾਰਨਾ, ਹੱਥ-ਪੈਰ ਵੱਢ ਦੇਣਾ, ਚੌਰਾਹਿਆਂ ਵਿੱਚ ਫਾਂਸੀ ਦੇਣਾ, ਬੜੀ ਬੇਰਹਿਮੀ ਨਾਲ ਬੇਗਾਰ ਕਰਾਉਣਾ)। ਇਸ ਤੋਂ ਉਲਟ ਆਧੁਨਿਕ ਸਮਾਜਾਂ ਵਿੱਚ ਜਿਹੜੇ ਜ਼ਾਬਤੇ ਉਭਰੇ ਉਹ ਵੱਖ ਵੱਖ ਸੰਸਥਾਂਵਾਂ ਜਿਵੇਂ ਕੈਦਖਾਨਿਆਂ, ਹਸਪਤਾਲਾਂ, ਪਾਗਲਖਾਨਿਆਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਰਾਹੀਂ ਉਭਰੇ। ਪਹਿਲਾਂ ਪਹਿਲਾਂ ਇਹਨਾਂ ਜ਼ਾਬਤਿਆਂ ਵਿੱਚ ਬਾਹਰੀ ਕਠੋਰਤਾ ਦੇ ਤੱਤ ਸਨ ਪਰ ਹੌਲੀ ਹੋਲੀ ਇਨ੍ਹਾਂ ਦਾ ਰੂਪ ਸੂਖਮ ਹੁੰਦਾ ਗਿਆ, ਸਮਾਜਿਕ ਤੇ ਮਾਨਸਿਕ ਹੁੰਦਾ ਗਿਆ। ਫੂਕੋ ਅਨੁਸਾਰ ਆਧੁਨਿਕ ਸਮਾਜਾਂ ਵਿੱਚ ਸੱਤਾ ਜਾਂ ਤਾਕਤ ਦੇ ਅਖਤਿਆਰੀ ਰੂਪ ਬਹੁਤ ਹੀ ਮਹੀਨ ਤਰੀਕਿਆਂ ਨਾਲ ਲਾਗੂ ਹੁੰਦੇ ਹਨ (ਕਹਿਣ ਦਾ ਮਤਲਬ ਇਹ ਕਿ ਸੱਤਾ ਤੇ ਤਾਕਤ ਦੇ ਵੱਖ ਵੱਖ ਰੂਪ ਅਣਦਿਸਦੇ ਤਰੀਕਿਆਂ ਰਾਹੀਂ ਸੰਚਾਰਿਤ ਹੁੰਦੇ ਹਨ) ਤੇ ਲੋਕਾਂ ਦੇ ਸਰੀਰਾਂ, ਉਨ੍ਹਾਂ ਦੇ ਦਿਨ-ਪ੍ਰਤੀਦਿਨ ਦੇ ਕੰਮਾਂ ਕਾਰਾਂ ਤੇ ਸਰੀਰਕ ਭਾਸ਼ਾ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ। ਸੱਤਾ ਜਾਂ ਸੱਤਾਮਈ ਤਾਕਤ ਹੁਣ ਲੋਕਾਂ ਨੂੰ ਸਰੀਰਕ ਤੌਰ ‘ਤੇ ਨਹੀਂ ਕੋਂਹਦੀ ਸਗੋਂ ਉਹ ਲੋਕਾਂ ਦੇ ਦਿਮਾਗਾਂ ਨੂੰ ਵੱਸ ਵਿੱਚ ਕਰਨਾ ਲੋਚਦੀ ਹੈ ਤੇ ਬਹੁਤ ਹੱਦ ਤੱਕ ਇਸ ਕੰਮ ਵਿੱਚ ਸਫਲ ਵੀ ਹੁੰਦੀ ਹੈ। ਸੱਤਾਮਈ ਤਾਕਤ ਜਾਂ ਤਾਕਤਾਂ ਉਨ੍ਹਾਂ ਲੋਕਾਂ ਦੇ ਦਿਮਾਗਾਂ ਨੂੰ ਵੀ ਆਪਣੇ ਵੱਸ ਵਿੱਚ ਕਰਨਾ ਚਾਹੁੰਦੀਆਂ ਹਨ ਜੋ ਸੱਤਾਮਈ ਤਾਕਤਾਂ ਦਾ ਵਿਰੋਧ ਕਰ ਸਕਦੇ ਹਨ। ਦਿਮਾਗਾਂ ਨੂੰ ਵੱਸ ਵਿੱਚ ਕਰਨ ਲਈ ਦੋ ਚੀਜ਼ਾਂ ਜ਼ਰੂਰੀ ਹਨ। ਪਹਿਲੀ ਇਹ ਕਿ ਬੰਦੇ ਦੀ ਦਿਨਚਰਿਆ ਦੇ ਅਮਲ ‘ਤੇ ਕਾਬੂ ਪਾਇਆ ਜਾਵੇ ਭਾਵ ਬੰਦੇ ਦਾ ਸਰੀਰ ਦਿਨ ਦੇ ਵੱਖ ਵੱਖ ਸਮਿਆਂ ਵਿੱਚ ਕੀ ਕਰਦਾ ਹੈ? ਅਣਦਿਸਦੇ ਤਰੀਕਿਆਂ ਰਾਹੀਂ ਉਸ ਦੇ ਸਮੇਂ ਨੂੰ ਜ਼ਾਬਤੇ ਵਿੱਚ ਬੰਨਿਆ ਜਾਏ। ਦੂਸਰੀ ਚੀਜ਼ ਹੈ ਕਿ ਬੰਦੇ ਦੀਆਂ ਸਰੀਰਕ ਹਰਕਤਾਂ ਨੂੰ ਅਣਦਿਸਦੇ ਜ਼ਾਬਤਿਆਂ ਵਿੱਚ ਬੰਨਿਆ ਜਾਵੇ। ਇਸ ਲਈ ਜ਼ਰੂਰਤ ਹੈ ਮਨੁੱਖ ਦੇ ਮਨ ਨੂੰ ਸਮਝਣ ਦੀ, ਆਧੁਨਿਕ ਮਨੋ-ਵਿਗਿਆਨ ਤੇ ਆਧੁਨਿਕ ਸਮਾਜ-ਵਿਗਿਆਨ (ਸਮਾਜ ਸ਼ਾਸ਼ਤਰ) ਦੀ। ਮਨੁੱਖੀ ਸਰੀਰਾਂ ਨੂੰ ਵੱਸ ਵਿੱਚ ਰੱਖਣ ਵਾਲੇ ਇਹ ਜ਼ਾਬਤੇ ਸਨਅਤੀ ਪੈਦਾਵਾਰ, ਪੜ੍ਹਾਈ ਲਿਖਾਈ, ਸਮਾਜਕ ਭਲਾਈ ਦੇ ਕੰਮਾਂ ਕਾਰਾਂ, ਸਮਾਜਿਕ ਲੀਹਾਂ ਤੋਂ ਭਟਕੇ ਮਨੁੱਖਾਂ (ਪਾਗਲਾਂ, ਮੁਜਰਿਮਾਂ ਆਦਿ) ਨੂੰ ਮੁੜ ਲੀਹਾਂ ‘ਤੇ ਪਾਉਣ ਵਾਲਿਆਂ ਅਦਾਰਿਆਂ (ਹਸਪਤਾਲ, ਪਾਗਲਖ਼ਾਨੇ, ਕੈਦਖਾਨੇ) ਨੂੰ ਆਪਣੇ ਕਾਬੂ ਵਿੱਚ ਰੱਖਦੇ ਹਨ ਪਰ ਉਸ ਤਰ੍ਹਾਂ ਨਹੀਂ ਜਿੱਦਾਂ ਰਾਜੇ, ਮਹਾਰਾਜੇ ਜਾਂ ਜਗੀਰਦਾਰੀ ਦੌਰ ਦੇ ਹਾਕਮ ਰੱਖਦੇ ਸਨ। ਇਨ੍ਹਾਂ ਜ਼ਾਬਤਿਆਂ ਦਾ ਰੂਪ ਚਿਹਰਾਹੀਣ ਹੈ, ਇਹ ਸਮਾਜ ਦੀ ਰਗ-ਰਗ ਵਿੱਚ ਸਮਾਏ ਹੋਏ ਹਨ। ਸੱਤਾਮਈ ਤਾਕਤ ਹਰ ਥਾਂ ‘ਤੇ ਮੌਜੂਦ ਹੈ ਪਰ ਦਿਸਦੀ ਨਹੀਂ। ਅਸੀਂ ਇਨ੍ਹਾਂ ਜ਼ਾਬਤਿਆਂ ਦੇ ਅਧੀਨ ਵਿਚਰਦੇ ਹਾਂ, ਪਰ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਾਂ। ਅਸੀਂ ਆਪਣੇ ਆਪ ਨੂੰ ਇਨ੍ਹਾਂ ਜ਼ਾਬਤਿਆਂ ਦੇ ਬੰਦੀਖਾਨਿਆਂ ਵਿੱਚ ਰੱਖਣ ਵਾਲੇ ਜੇਲ੍ਹਰ ਖ਼ੁਦ ਆਪ ਬਣ ਜਾਂਦੇ ਹਾਂ।

ਫੂਕੋ ਅਨੁਸਾਰ ਇਨ੍ਹਾਂ ਜ਼ਾਬਤਿਆਂ (ਜੋ ਪਹਿਲਾਂ ਜ਼ਬਰ ਵਾਲੇ ਸਨ ਪਰ ਬਾਅਦ ਵਿੱਚ ਸੂਖਮ ਫਿ਼ਤਰਤ ਵਾਲੇ ਬਣ ਗਏ) ਦਾ ਮੁੱਖ ਮਕਸਦ ਸੀ (ਤੇ ਹੈ) ਅਸੀਲ ਸਰੀਰ (ਡੌਸਾਈਲ ਬੌਡੀਜ਼) ਪੈਦਾ ਕਰਨਾ। ਅਸੀਲ ਸਰੀਰ ਜੋ ਸੱਤਾ ਤੇ ਸੱਤਾਮਈ ਵਰਤਾਰਿਆਂ ਨੂੰ ਮੰਨਣ ਵਾਲੇ ਹੋਣ, ਸੱਤਾਮਈ ਜ਼ਾਬਤਿਆਂ ਅਨੁਸਾਰ ਕੰਮ ਕਰਨ, ਵੱਧ ਤੋਂ ਵੱਧ ਪੈਦਾਵਰ ਕਰਨ; ਜ਼ਬਰ ਰਾਹੀਂ ਨਹੀਂ ਸਗੋਂ ਖ਼ੁਦ ਬਣਾਏ ਤੇ ਅਪਣਾਏ ਸੰਜਮ ਰਾਹੀਂ। ਪੁਰਾਣੇ ਸਮਿਆਂ ਦੇ ਜ਼ਬਰ ਤੇ ਕਹਿਰ ਢਾਹੁਣ ਵਾਲੇ ਤੌਰ ਤਰੀਕਿਆਂ ਦੀ ਥਾਂ ਇਨ੍ਹਾਂ ਸੂਖਮ ਸੱਤਾਮਈ ਵਰਤਾਰਿਆਂ ਨੇ ਲੈ ਲਈ ਹੈ। ਇਨ੍ਹਾਂ ਵਰਤਾਰਿਆਂ ਦੇ ਵਰਤਾਏ ਹੋਏ ਜ਼ਾਬਤੇ ਅਸੀਂ ਘਰਾਂ ਵਿੱਚ ਸਿੱਖਦੇ ਹਾਂ, ਸਕੂਲਾਂ ਤੇ ਕਾਲਜਾਂ ਵਿੱਚ ਸਿੱਖਦੇ ਹਾਂ, ਅਖਬਾਰਾਂ, ਟੈਲੀਵਿਜ਼ਨਾਂ, ਫਿਲਮਾਂ, ਕਿਤਾਬਾਂ ਤੇ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਸਿੱਖਦੇ ਹਾਂ ਤੇ ਅਸੀਲ ਸਰੀਰ ਬਣ ਜਾਂਦੇ ਹਾਂ। ਇਹ ਅਸੀਲ ਸਰੀਰ ਜਿ਼ਆਦਾ ਪੈਦਾਵਰ ਕਰਨ ਲਈ ਵਿੱਤੋਂ ਵੱਧ ਸਮਾਂ ਦੇਣ ਲਈ ਤਿਆਰ ਹੁੰਦੇ ਹਨ; ਸਮਾਜ ਦੇ ਕਣ ਕਣ ਵਿੱਚ ਸਮਾਈ ਸੱਤਾ ਨੂੰ ਸਵੀਕਾਰ ਕਰਨ ਵਾਲੇ ਹੁੰਦੇ ਹਨ; ਇਨ੍ਹਾਂ ਨੂੰ ਆਪਣੇ ਆਪ ਨੂੰ ਸੰਜਮ ਵਿੱਚ ਬਣਾਈ ਰੱਖਣ ਲਈ ਕੋਰੜਿਆਂ ਦੀ ਜ਼ਰੂਰਤ ਨਹੀਂ ਹੁੰਦੀ; ਇਹ ਆਪਣੇ ਮਨਾਂ ਤੇ ਦਿਮਾਗਾਂ ‘ਤੇ ਆਪ ਕੋਰੜੇ ਮਾਰਦੇ ਹਨ ਤੇ ਆਪਣੇ ਆਪ ਨੂੰ ਦੇਸ, ਸਮਾਜ ਤੇ ਸਥਾਪਤ ਸਮਾਜਿਕ ਨਿਯਮਾਂ ਨਾਲ ਵਫ਼ਾ ਪਾਲਣ ਵਾਲੇ ਵਫ਼ਾਦਾਰ ਸ਼ਹਿਰੀਆਂ ਵਜੋਂ ਪੇਸ਼ ਕਰਕੇ ਖੁਸ਼ ਹੁੰਦੇ ਹਨ।

ਇਥੇ ਫੂਕੋ ਦੀ ਆਲੋਚਨਾ ਹੋ ਸਕਦੀ ਹੈ ਕਿ ਸਭ ਸਰੀਰ ਅਸੀਲ ਨਹੀਂ ਬਣਦੇ; ਸਰੀਰਾਂ ਵਿੱਚ ਕਾਮਨਾ ਹੁੰਦੀ ਹੈ, ਆਪਮੁਹਾਰਾਪਣ ਹੁੰਦਾ ਹੈ, ਕਾਮ-ਪ੍ਰੇਰਿਤ ਮਨੋ-ਸ਼ਕਤੀ ਹੁੰਦੀ ਹੈ, ਵਿਦਰੋਹ ਦੀ ਭਾਵਨਾ ਹੁੰਦੀ ਹੈ ਤੇ ਸਰੀਰ ਵਿਦਰੋਹ ਕਰਦੇ ਵੀ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰੀਰ ਭਾਵੇਂ ਮੁੱਖ ਰੂਪ ਵਿੱਚ ਅਸੀਲ ਬਣ ਜਾਂਦੇ ਹਨ ਪਰ ਉਨ੍ਹਾਂ ਵਿੱਚ ਇਹ ਸਾਰੇ ਵਿਦਰੋਹੀ ਕਣ ਮੌਜੂਦ ਰਹਿੰਦੇ ਹਨ ਤੇ ਇਹ ਕਣ ਕਦੇ ਵੀ ਫੁੱਟ ਕੇ ਬਾਹਰ ਆ ਸਕਦੇ ਹਨ। ਪਰ ਇਹ ਬਹਿਸ ਇੱਥੇ ਨਹੀਂ ਕੀਤੀ ਜਾ ਸਕਦੀ।

ਇੱਥੇ ਹੀ ਸਾਂਦਰਾ ਲੀ ਬਰਟਕੀ, ਫੂਕੋ ਨਾਲ ਅਸਹਿਮਤੀ ਜ਼ਾਹਰ ਕਰਦੀ ਹੈ। ਉਹ ਕਹਿੰਦੀ ਹੈ ਕਿ ਫੂਕੋ ਦੀ ਇਹ ਦਲੀਲ ਤਾਂ ਠੀਕ ਹੈ ਕਿ ਇਹ ਜ਼ਾਬਤੇ ਅਸੀਲ ਤੇ ਹੁਕਮ ਮੰਨਣ ਵਾਲੇ ਸਰੀਰ ਪੈਦਾ ਕਰਦੇ ਹਨ ਪਰ ਫੂਕੋ ਮਰਦ ਤੇ ਨਾਰੀ ਸਰੀਰਾਂ ਵਿਚਲੇ ਫ਼ਰਕ ਨੂੰ ਨਹੀਂ ਪਛਾਣਦਾ। ਬਰਟਕੀ ਅਨੁਸਾਰ ਔਰਤ ਦੀ ਦੇਹ ਨੂੰ ਜਿ਼ਆਦਾ ਅਸੀਲ ਬਣਾਇਆ ਜਾਂਦਾ ਹੈ, ਜਿ਼ਆਦਾ ਹੁਕਮ ਮੰਨਣ ਵਾਲੀ, ਜਿ਼ਆਦਾ ਸਾਊ। ਖਾਸ ਕਰਕੇ ਮਰਦ-ਸਰੀਰਾਂ ਤੋਂ ਜਿ਼ਆਦਾ ਅਸੀਲ ਤੇ ਜਿ਼ਆਦਾ ਸਾਊ।

ਆਪਣੇ ਲੇਖ “ਫੂਕੋ, ਫੈਮਨਿਨਿਟੀ ਐਂਡ ਮਾਡਰਨਾਈਜੇਸ਼ਨ ਆਫ਼ ਪੈਟਰੀਆਕਲ ਪਾਵਰ” ਵਿੱਚ ਸਾਂਦਰਾ ਲੀ ਬਰਟਕੀ ਉਨ੍ਹਾਂ ਜ਼ਾਬਤਿਆਂ ਦਾ ਜਿ਼ਕਰ ਕਰਦੀ ਹੈ ਜਿਹੜੇ ਉਸ ਨਾਰੀ-ਦੇਹ ਨੂੰ ਜਨਮ ਦਿੰਦੇ ਹਨ, ਜਿਹੜੀ ਹਾਵਾਂ ਭਾਵਾਂ ਤੇ ਦਿੱਖ ਦੇ ਪੱਖੋਂ ਇਹੋ ਜਿਹੀ ਹੋਵੇ ਜਿਸ ਵਿੱਚ ਨਾਰੀਤਵ ਜਾਂ ਇਸਤਰੀਤਵ ਸਮੋਇਆ ਹੋਇਆ ਹੋਵੇ, ਭਾਵ ਉਹ ਦੇਹ ਜਿਸ ਨੂੰ ਅਸੀਂ ਆਮ ਕਰਕੇ ਆਦਰਸ਼ਕ ਰੂਪ ਵਿੱਚ ਇਸਤਰੀਮਈ ਕਹਿੰਦੇ ਹਾਂ, ਨਾਰੀ ਦੇ ਆਦਰਸ਼ਕ, ਸਿ਼ੰਗਾਰਮਈ ਪਰ ਸੰਜਮ ਵਾਲੇ ਨਾਰੀ-ਰੂਪ ਵਿੱਚ ਢਲੀ ਹੋਈ ਦੇਹ। ਇਹ ਲੇਖ ਸਾਂਦਰਾ ਲੀ ਬਰਟਕੀ ਦੇ ਉੱਪਰ ਦੱਸੇ ਗਏ ਲੇਖ ਵਿਚਲੇ ਵਿਚਾਰਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਸੀਮਤ ਜਿਹਾ ਯਤਨ ਹੈ।

ਸਾਂਦਰਾ ਲੀ ਬਰਟਕੀ ਨਾਰੀ-ਦੇਹ ਨੂੰ ਅਸੀਲ ਬਣਾਉਣ ਦੇ ਤਰੀਕਿਆਂ ਨੂੰ ਤਿੰਨਾਂ ਵਰਗਾਂ, ਸ਼੍ਰੇਣੀਆਂ ਜਾਂ ਹਿੱਸਿਆਂ ਵਿੱਚ ਵੰਡਦੀ ਹੈ। ਪਹਿਲੇ ਵਰਗ ਵਿੱਚ ਉਹ ਉਨ੍ਹਾਂ ਜ਼ਾਬਤਿਆਂ ਜਾਂ ਨਿਯਮਾਂ ਨੂੰ ਰੱਖਦੀ ਹੈ ਜਿਹੜੇ ਨਾਰੀ-ਦੇਹ ਵਾਸਤੇ ਇਹ ਨਿਸਚਤ ਕਰਦੇ ਹਨ ਕਿ ਉਹਦਾ ਆਕਾਰ ਤੇ ਬਣਤਰ ਕਿਹੋ ਜਿਹੀ ਹੋਵੇ। ਦੂਸਰੀ ਸ਼੍ਰੇਣੀ ਵਿੱਚ ਉਹ ਜ਼ਾਬਤੇ ਆਉਂਦੇ ਹਨ ਜੋ ਔਰਤਾਂ ਨੂੰ ਇਹ ਦਸਦੇ ਹਨ ਕਿ ਉਨ੍ਹਾਂ ਦੇ ਹਾਵਾਂ-ਭਾਵਾਂ, ਹਰਕਤਾਂ, ਬਹਿਣ-ਖਲੋਣ ਤੇ ਤੁਰਨ-ਫਿਰਨ ਦੇ ਤਰੀਕਿਆਂ ਤੇ ਸੈਨਤਾਂ ਦਾ ਸੰਸਾਰ ਕਿਹੋ ਜਿਹਾ ਹੋਵੇ। ਤੀਸਰਾ ਵਰਗ ਉਨ੍ਹਾਂ ਨੇਮਾਂ ਤੇ ਜ਼ਾਬਤਿਆਂ ਦਾ ਹੈ ਜਿਹੜੇ ਨਾਰੀ-ਦੇਹ ਨੂੰ ਸਿ਼ੰਗਾਰਮਈ ਧਰਾਤਲ ਬਣਾਉਣ ਲਈ ਔਰਤਾਂ ‘ਤੇ ਆਇਦ ਕੀਤੇ ਜਾਂਦੇ ਹਨ। ਉਹ ਇਹ ਪਰਖ-ਪੜਤਾਲ ਵੀ ਕਰਦੀ ਹੈ ਕਿ ਇਨ੍ਹਾਂ ਨੇਮਾਂ ਤੇ ਜ਼ਾਬਤਿਆਂ ਦੀ ਫਿ਼ਤਰਤ ਕਿਹੋ ਜਿਹੀ ਹੈ, ਉਹ ਕਿਵੇਂ ਲਾਗੂ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੋਣ ਲਾਗੂ ਕਰਦਾ ਹੈ।

ਪਹਿਲੇ ਵਰਗ ਦੇ ਜ਼ਾਬਤਿਆਂ ਦਾ ਜਿ਼ਕਰ ਕਰਦਿਆਂ ਸਾਂਦਰਾ ਲੀ ਬਰਟਕੀ ਬੁਨਿਆਦੀ ਤੌਰ ‘ਤੇ ਇਹ ਦਲੀਲ ਦਿੰਦੀ ਹੈ ਕਿ ਇਹ ਮਰਦਾਂ ਦੀ ਸੋਚ, ਸਮਝ ਤੇ ਕਲਪਨਾ ਹੈ ਜੋ ਔਰਤਾਂ ਨੂੰ ਇਹ ਦੱਸ ਰਹੀ ਹੈ ਕਿ ਉਨ੍ਹਾਂ ਦੀ ਦੇਹ ਦਾ ਆਕਾਰ ਤੇ ਰੂਪ-ਸਰੂਪ ਕਿਸ ਤਰ੍ਹਾਂ ਦਾ ਹੋਵੇ। ਸਿਨੇਮੇ ਦੀ ਦੁਨੀਆ, ਫੈਸ਼ਨ-ਮੈਗਜ਼ੀਨਾਂ, ਫੈਸ਼ਨ-ਸ਼ੋਆਂ ਤੇ ਤਜ਼ਾਰਤੀ ਸੰਸਾਰ ਵਿੱਚ ਇਹ ਮਰਦ ਹੈ ਜੋ ਇਹ ਤਹਿ ਕਰ ਰਿਹਾ ਹੈ ਕਿ ਔਰਤ ਦੇ ਆਕਾਰ ਤੇ ਸੁੰਦਰਤਾ ਦਾ ਮੁੱਢਲਾ ਮਾਪ-ਦੰਡ ਉਹਦਾ ਪਤਲੇ ਹੋਣਾ ਹੈ। ਪਤਲੇਪਣ ਦੇ ਇਸ ਖਿਆਲ ਜਾਂ ਸੰਕਲਪ ਦੇ ਆਲੇ-ਦੁਆਲੇ ਇਕ ਵੱਖਰਾ ਸੰਸਾਰ ਉਸਾਰਿਆ ਜਾਂਦਾ ਹੈ ਜੋ ਦੱਸਦਾ ਹੈ ਕਿ ਨਾਰੀ-ਦੇਹ ਦੇ ਦੂਸਰੇ ਹਿੱਸੇ ਜਿਵੇਂ ਛਾਤੀਆਂ, ਪੱਟ, ਨਿਤੰਭ ਆਦਿ ਕਿਸ ਤਰ੍ਹਾਂ ਦੇ ਹੋਣ, ਉਨ੍ਹਾਂ ਦਾ ਰੂਪ ਤੇ ਆਕਾਰ ਕਿਹੋ ਜਿਹਾ ਹੋਵੇ। ਮਰਦਾਂ ਦੀ ਇਸ ਤਰ੍ਹਾਂ ਦੀ ਹਾਵੀ ਸੋਚ ਨੂੰ ਕਿਮ ਚੈਰਨਿਨ “ਪਤਲੇਪਣ ਦੀ ਤਾਨਾਸ਼ਾਹੀ ਵਾਲੀ ਸੋਚ” ਜਾਂ “ਪਤਲੇ ਰਹਿਣ ਦੀ ਸੋਚ ਦੀ ਤਾਨਾਸ਼ਾਹੀ” (ਟਿਰਨੀ ਆਫ ਸਲੈਂਡਰਨੈੱਸ) ਕਹਿੰਦੀ ਹੈ।

ਸਾਂਦਰਾ ਲੀ ਬਰਟਕੀ ਕਹਿੰਦੀ ਹੈ ਕਿ ਜੋ ਔਰਤਾਂ ਪਤਲੀਆਂ ਬਣੇ ਰਹਿਣ ਵਿੱਚ ਕਾਮਯਾਬ ਨਹੀਂ ਰਹਿ ਸਕਦੀਆਂ ਉਹ ਅੰਦਰੋ-ਅੰਦਰ ਆਪਣੇ ਆਪ ਨੂੰ ਕੋਸਦੀਆਂ ਹਨ, ਉਨ੍ਹਾਂ ਵਿੱਚ ਦੋਸ਼-ਭਾਵਨਾ ਪਨਪਦੀ ਹੈ ਤੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀਆਂ ਹਨ। ਬਰਟਕੀ ਸਾਡਾ ਧਿਆਨ ਇਸ ਗੱਲ ਵੱਲ ਵੀ ਖਿੱਚਦੀ ਹੈ ਕਿ ਬਹੁਤੀ ਵਾਰੀ ਇਸ ਤਰ੍ਹਾਂ ਦਾ ਵਰਤਾਰਾ ਇਸ ਕਰਕੇ ਵਾਪਰਦਾ ਹੈ ਕਿ ਆਲੇ ਦੁਆਲੇ ਦੇ ਸਭਿਆਚਾਰਕ-ਸੰਸਾਰ ‘ਚ ਔਰਤਾਂ ਨੂੰ ਇਹੋ ਜਿਹੇ ਸੰਕੇਤ ਮਿਲਦੇ ਹਨ ਕਿ ਜੇ ਉਨ੍ਹਾਂ ਦੇ ਸਰੀਰ ਇਨ੍ਹਾਂ ਮਿੱਥੇ ਹੋਏ ਮਾਪਦੰਡਾਂ ਤੋਂ ਅਗਾਂਹ-ਪਿਛਾਂਹ ਜਾਂ ਉੱਪਰ-ਥੱਲੇ ਹੋ ਗਏ ਤਾਂ ਉਹ ਅਣਚਾਹੀਆਂ ਹੋ ਜਾਣਗੀਆਂ ਅਤੇ ਉਨ੍ਹਾਂ ਦੀ ਸਮਾਜਿਕ ਹੈਸੀਅਤ ਤੇ ਅਕਸ ਵਿੱਚ ਫ਼ਰਕ ਪਵੇਗਾ।

ਬਰਟਕੀ ਲਿਖਦੀ ਹੈ ਕਿ ਔਰਤ-ਦੇਹ ਦਾ ਮਾਪਦੰਡ ਜੋ ਉਸ ‘ਤੇ ਥੋਪਿਆ ਜਾ ਰਿਹਾ ਹੈ, ਉਹ ਅੱਲ੍ਹੜ ਉਮਰ ਵਾਲੇ ਸਰੀਰ ਦਾ ਮਾਪਦੰਡ ਹੈ, ਜਦ ਸਰੀਰ ਲਿੱਸਾ, ਲਚਕੀਲਾ ਤੇ ਪਤਲਾ ਹੁੰਦਾ ਹੈ, ਉਸ ਵਿੱਚ ਮਾਸ ਤੇ ਚਰਬੀ ਦੀ ਬਹੁਤਾਤ ਨਹੀਂ ਹੁੰਦੀ; ਇਹ ਉਹ ਸਰੀਰ ਹੈ ਜਿਸ ਨੂੰ ਜਿ਼ਆਦਾ ਤਜਰਬਾ ਨਹੀਂ ਹੁੰਦਾ। ਔਰਤ ਤੇ ਇਹ ਮਾਨਸਿਕ ਦਬਾਅ ਪਾਇਆ ਜਾਂਦਾ ਹੈ ਕਿ ਉਹ ਸਰੀਰ ਨੂੰ ਏਦਾਂ ਦਾ ਬਣਾ ਕੇ ਰੱਖੇ ਜਿਸ ‘ਤੇ ਸਰੀਰਕ ਅਨੁਭਵਹੀਣਤਾ ਦਾ ਅਕਸ ਡੂੰਘਾ ਉਕਰਿਆ ਜਾਵੇ।

ਸਿਮੋਨ ਦੀ ਬੂਆ ਦਾ ਮਸ਼ਹੂਰ ਕਥਨ ਹੈ ਕਿ ਮਾਦਾ ਜੀਵ ‘ਔਰਤ ਵਜੋ ਨਹੀਂ ਜੰਮਦੀ, ਸਗੋਂ ਔਰਤ ਬਣ ਜਾਂਦੀ ਹੈ’। ਉਹ ਲਿਖਦੀ ਹੈ ਕਿ “ਔਰਤਾਂ ਦਾ ਨਾ ਕੋਈ ਅਤੀਤ ਹੈ, ਨਾ ਇਤਿਹਾਸ ਤੇ ਨਾ ਕੋਈ ਆਪਣਾ ਧਰਮ”। ਜੂਲੀਆ ਕ੍ਰਿਸਤੋਵਾ, ਜੂਡਿਥ ਬਟਲਰ ਤੇ ਸਾਂਦਰਾ ਲੀ ਬਰਟਕੀ ਸਿਮੋਨ ਦੀ ਬੂਆ ਤੋਂ ਤੰਦ ਲੈ ਕੇ ਹੀ ਆਪਣੇ ਸੋਚ-ਸੰਸਾਰਾਂ ਦੀਆਂ ਚਾਦਰਾਂ ਬੁਣਦੀਆਂ ਹਨ। ਸਾਂਦਰਾ ਲੀ ਬਰਟਕੀ ਲਿਖਦੀ ਹੈ “ਅਸੀਂ ਨਰ ਜਾਂ ਮਾਦਾ ਵਜੋਂ ਜੰਮਦੇ ਹਾਂ, ਮਰਦ ਜਾਂ ਔਰਤ ਵਜੋਂ ਨਹੀਂ। ਤ੍ਰੀਮਤਪਨ (ਤ੍ਰੀਮਤਪਨ ਕੀ ਹੈ, ਦਾ ਸੋਚ-ਚੌਖਟਾ) ਇਕ ਹਥਕੰਡਾ ਹੈ, ਇਕ ਚਾਲ”। ਭਾਵ ਇਹ ਹੈ ਕਿ ਔਰਤ ਨੂੰ ਇਹ ਦੱਸਿਆ ਜਾਣਾ ਕਿ ਤ੍ਰੀਮਤਪਨ ਕੀ ਹੈ, ਮਰਦਾਂ ਦੀ ਸੋਚ ਸਮਝ ਦੁਆਰਾ ਬੁਣਿਆ ਗਿਆ ਜਾਲ ਹੈ; ਵਿਚਾਰਾਂ, ਰੀਤੀ ਰਿਵਾਜਾਂ, ਰਵਾਇਤਾਂ, ਤਥਾਕਥਿਤ ਮਰਿਆਦਾ ਤੇ ਪਿਤਰੀ ਸੋਚ ਨੂੰ ਪ੍ਰਣਾਈ ਹੋਈ ਭਾਸ਼ਾ ਦਾ ਜਾਲ; ਜਿਸ ਵਿੱਚ ਔਰਤਾਂ ਫਸ ਜਾਂਦੀਆਂ ਹਨ। ਬਰਟਕੀ ਲਿਖਦੀ ਹੈ ਕਿ “ਤ੍ਰੀਮਤਪਨ ਇਕ ਚਾਲ ਹੈ, ਕਾਮਯਾਬੀ ਨਹੀਂ”। ਇਸ ਤਰ੍ਹਾਂ ਬਰਟਕੀ ਅਨੁਸਾਰ ਤ੍ਰੀਮਤਪਨ ਜਾਂ ਨਾਰੀਤਵ ਔਰਤਾਂ ‘ਤੇ ਥੋਪਿਆ ਜਾਂਦਾ ਹੈ।

ਬਰਟਕੀ ਉਨ੍ਹਾਂ ਸਮਾਜਿਕ ਤੇ ਸਿਹਤ-ਵਿਗਿਆਨ ਨਾਲ ਸੰਬੰਧਿਤ ਜ਼ਾਬਤਿਆਂ ਦਾ ਵੀ ਜਿ਼ਕਰ ਕਰਦੀ ਹੈ ਜਿਹੜੇ ਔਰਤ ਨੂੰ ਅਪਨਾਉਣ ਲਈ ਕਹੇ ਜਾਂਦੇ ਹਨ ਜਿਨ੍ਹਾਂ ਨੂੰ ਅਪਣਾ ਕੇ ਔਰਤ ਦੀ ਦੇਹ ਇਸਤਰੀਤਵ (ਫੈਮਿਨਿਨ) ਲੱਗੇ। ਪਤਲੇ ਰਹਿਣ ਲਈ ਉਸ ਨੂੰ ਘੱਟ ਖਾਣ ਭਾਵ ਡਾਇਟਿੰਗ ਕਰਨ ਲਈ ਕਿਹਾ ਜਾਂਦਾ ਹੈ। ਇਹੋ ਜਿਹੀ ਸੋਚ ਦੀ ਰੌਸ਼ਨੀ ਵਿੱਚ ਔਰਤ ਆਪਣੇ ਸਰੀਰ ਨੂੰ ਹੀ ਵੈਰੀ ਸਮਝ ਬੈਠਦੀ ਹੈ।

ਦੂਸਰੇ ਵਰਗ ਦੇ ਜ਼ਾਬਤਿਆਂ ਦੀ ਚਰਚਾ ਕਰਦਿਆਂ ਬਰਟਕੀ ਲਿਖਦੀ ਹੈ ਕਿ ਔਰਤਾਂ ‘ਤੇ ਮਰਦਾਂ ਦੇ ਸੈਨਤਾਂ ਕਰਨ ਦੇ ਤੌਰ-ਤਰੀਕਿਆ, ਸਰੀਰਕ ਹਰਕਤਾਂ, ਬਹਿਣ-ਖਲੋਣ ਤੇ ਤੁਰਨ ਦੇ ਅੰਦਾਜ਼ਾ ਤੇ ਸਰੀਰਕ ਵਿਹਾਰ ਵਿੱਚ ਕਾਫ਼ੀ ਫ਼ਰਕ ਦਿਖਾਈ ਦਿੰਦੇ ਹਨ। ਉਸ ਦਾ ਕਹਿਣਾ ਹੈ ਕਿ ਔਰਤਾਂ ਦੀਆਂ ਸਰੀਰਕ ਹਰਕਤਾਂ ਤੇ ਉਨ੍ਹਾਂ ਦਾ ਵਿਸਤਾਰ ਮਰਦਾਂ ਦੇ ਮੁਕਾਬਲੇ ਬਹੁਤ ਬੰਦਿਸ਼ਾਂ ਵਾਲਾ ਹੈ। ਮਰਹੂਮ ਉਰਦੂ ਨਾਟਕਕਾਰ ਸ਼ਾਹਿਦ ਅਨਵਰ ਤੋਂ ਸ਼ਬਦ ਉਧਾਰੇ ਲੈ ਕੇ ਕਿਹਾ ਜਾ ਸਕਦਾ ਹੈ ਕਿ ਔਰਤਾਂ ‘ਤੇ ਇਹ ਹੁਕਮ ਸਾਦਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਜਿਸਮਾਂ ਵਿੱਚ ‘ਤਾਮੀਜ਼’ ਪੈਦਾ ਕਰਨ। ਬਰਟਕੀ ਆਈਰਸ ਯੰਗ ਦੇ ਹਵਾਲੇ ਨਾਲ ਲਿਖਦੀ ਹੈ ਕਿ ਇਉਂ ਲੱਗਦਾ ਹੈ ਕਿ ਔਰਤਾਂ ਇਹ ਸੋਚਦੀਆਂ ਜਾਂ ਕਲਪਨਾ ਕਰਦੀਆਂ ਹਨ ਕਿ ਉਨ੍ਹਾਂ ਲਈ ਉਨ੍ਹਾਂ ਦੇ ਆਲੇ-ਦੁਆਲੇ ਇਕ ਖਾਸ ਤਰ੍ਹਾਂ ਦੀ ਥਾਂ ਜਾਂ ਸਪੇਸ ਨਿਸ਼ਚਿਤ ਕੀਤੀ ਗਈ ਹੈ ਜਿਸ ਤੋਂ ਅਗਾਂਹ ਜਾਣ ‘ਤੇ ਉਹ ਝਿਜਕਦੀਆਂ ਤੇ ਹਿਚਕਿਚਾਉਂਦੀਆਂ ਹਨ (ਆਓ ਅਸੀਂ ਰਮਾਇਣ ਵਿੱਚ ਸੀਤਾ ਦੇ ਆਲੇ-ਦੁਆਲੇ ਖਿੱਚੀ ਗਈ ਲਕਸ਼ਮਣ-ਰੇਖਾ ਨੂੰ ਯਾਦ ਕਰੀਏ ਅਤੇ ਸੋਚੀਏ ਕਿ ਅੱਜ ਦੇ ਸਾਡੇ ਸਮਾਜ ਵਿੱਚ ਉਹ ਕਿਹੜੀਆਂ ਅਣਦਿਸਦੀਆਂ ਲਕਸ਼ਮਣ-ਰੇਖਾਵਾਂ ਹਨ ਜੋ ਮਰਦ-ਸੋਚ, ਔਰਤ ਸੋਚ ਦੇ ਆਲੇ-ਦੁਆਲੇ ਖਿੱਚਦੀ ਹੈ ਜੋ ਉਨ੍ਹਾਂ ਦੇ ਸਰੀਰਕ ਵਿਹਾਰ ‘ਤੇ ਪਾਬੰਦੀਆਂ ਲਾਉਂਦੀਆਂ ਹਨ।)

ਇਸ ਦਲੀਲ ਨੂੰ ਅਗਾਂਹ ਤੋਰਦਿਆਂ ਬਰਟਕੀ ਕਹਿੰਦੀ ਹੈ ਕਿ ਪਾਬੰਦੀਆਂ ਵਾਲੇ ਇਹ ਵਰਤਾਰੇ ਔਰਤਾਂ ਦੇ ਸਰੀਰਕ ਵਿਹਾਰ ਲਈ ਇਕ ਤਰ੍ਹਾਂ ਦੇ ਨੇਮ ਤੇ ਨਿਯਮ ਬਣ ਜਾਂਦੇ ਹਨ। ਇਹ ਵਰਤਾਰੇ ਖੇਡਾਂ ਜਾਂ ਹੋਰ ਕੰਮ ਜਿਨ੍ਹਾਂ ਵਿੱਚ ਸਰੀਰਕ ਬਲ ਦੀ ਜਿ਼ਆਦਾ ਲੋੜ ਹੁੰਦੀ ਹੈ, ਵਿੱਚ ਸਾਫ ਤੇ ਸਪਸ਼ਟ ਤੌਰ ‘ਤੇ ਦਿਖਾਈ ਦਿੰਦੇ ਹਨ। ਪਰ ਉਸ ਤੋਂ ਵੀ ਜਿ਼ਆਦਾ ਸਾਫ ਤਰੀਕੇ ਨਾਲ ਇਹ ਵਰਤਾਰੇ ਸਧਾਰਨ ਜਿ਼ੰਦਗੀ ਵਿੱਚ ਦਿਖਾਈ ਦਿੰਦੇ ਹਨ ਜਿਹਦੇ ਵਿੱਚ ਔਰਤਾਂ ਬਹਿਣ ਖਲੋਣ ਤੇ ਤੁਰਨ ਫਿਰਨ ਲਈ ਸੰਕੋਚਵੇਂ ਤੇ ਬੰਦਸ਼ਮਈ ਅੰਦਾਜ਼ ਅਪਣਾ ਲੈਂਦੀਆਂ ਹਨ। ਜਿਹੜੀਆਂ ਔਰਤਾਂ ਇਨ੍ਹਾਂ ਬੰਦਸ਼ਮਈ ਅੰਦਾਜ਼ਾਂ ਦੀ ਉਲੰਘਣਾ ਕਰਦੀਆਂ ਹਨ, ਉਨ੍ਹਾਂ ਨੂੰ ‘ਬੇਸ਼ਰਮ’ ਜਾਂ ‘ਚਾਲੂ’ (ਲੂਜ਼) ਕਿਹਾ ਜਾਂਦਾ ਹੈ। ਜਰਮਨ ਫੋਟੋਗ੍ਰਾਫਰ ਮੈਰੀਅਨ ਵੈਕਸ ਦੀਆਂ ਖਿੱਚੀਆਂ ਤਸਵੀਰਾਂ ਦੇ ਹਵਾਲੇ ਨਾਲ ਬਰਟਕੀ ਦਰਸਾਉਂਦੀ ਹੈ ਕਿ ਬੱਸਾਂ, ਰੇਲ-ਗੱਡੀਆਂ, ਬਾਗਾਂ-ਬਗੀਚਿਆਂ, ਦਫਤਰਾਂ, ਹੋਟਲਾਂ ਤੇ ਹੋਰ ਸਰਵਜਨਕ ਸਥਾਨਾਂ ਵਿੱਚ ਔਰਤਾਂ ਇਸ ਤਰ੍ਹਾਂ ਦੇ ਸੰਕੋਚਮਈ ਢੰਗਾਂ ਨਾਲ ਬਹਿੰਦੀਆਂ-ਖਲੋਂਦੀਆਂ, ਚੱਲਦੀਆਂ-ਫਿਰਦੀਆਂ ਤੇ ਵਿਚਰਦੀਆਂ ਹਨ ਕਿ ਉਹ ਮਾਸੂਮ ਤੇ ਨੁਕਸਾਨ-ਰਹਿਤ ਲੱਗਣ ਜਦੋਂ ਕਿ ਮਰਦ ਆਜ਼ਾਦਾਨਾ ਤੌਰ –ਤਰੀਕਿਆਂ ਨਾਲ ਘੁੰਮਦੇ ਫਿਰਦੇ ਤੇ ਵਿਚਰਦੇ ਹਨ। ਮੈਰੀਅਨ ਵੈਕਸ ਸਾਡਾ ਧਿਆਨ ਮਰਦਾਂ ਦੇ ਬਹਿਣ ਦੇ ਇਕ ਖਾਸ ਅੰਦਾਜ਼ ਵੱਲ ਖਿੱਚਦੀ ਹੈ, ਜਿਸ ਨੂੰ ਉਹ ‘ਪੇਸ਼ਕਸ਼ ਕਰਨ ਵਾਲਾ ਆਸਣ ਜਾਂ ਅੰਦਾਜ਼” (ਪਰੈਫਰਿੰਗ ਪੁਜੀਸ਼ਨ) ਕਹਿੰਦੀ ਹੈ। ਇਸ ਅੰਦਾਜ਼ ਵਿੱਚ ਮਰਦ ਲੱਤਾਂ ਚੌੜੀਆਂ ਕਰਕੇ ਬਹਿੰਦੇ ਹਨ, ਉਨ੍ਹਾਂ ਦੇ ਚੱਡਿਆਂ ਦੇ ਜੋੜ ਬਾਹਰ ਨੂੰ ਉੱਲਰਦੇ ਹਨ, ਖਿਲਰਦੇ ਹਨ ਤੇ ਇਕ ਬਾਂਹ ਲਾਪਰਵਾਹੀ ਨਾਲ ਝੁਲਦੀ ਹੋਈ ਤੇ ਉਹ ਹੱਥ ਬੜੇ ਆਰਾਮ ਨਾਲ ਉੱਲਰੇ ਹੋਏ ਪੱਟ ‘ਤੇ ਰੱਖਿਆ ਹੋਇਆ ਹੁੰਦਾ ਹੈ।

ਇਸ ਤਰ੍ਹਾਂ ਬਰਟਕੀ ਸਾਡਾ ਧਿਆਨ ਮਰਦਾਂ ਤੇ ਔਰਤਾਂ ਦੇ ਤੱਕਣ ਤੇ ਦੇਖਣ ਦੇ ਤਰੀਕਿਆਂ ਵੱਲ ਦਿਵਾਉਂਦੀ ਹੈ। ਮਰਦਾਂ ਦੀ ਪਰਖ-ਪੜਚੋਲ ‘ਚੋਂ ਗੁਜ਼ਰਦਿਆਂ ਔਰਤਾਂ ਤੋਂ ਇਹ ਆਸ਼ਾ ਕੀਤੀ ਜਾਂਦੀ ਹੈ ਕਿ ਉਹ ਮਰਦਾਂ ਦੀਆਂ ਨਜ਼ਰਾਂ ਨਾਲ ਨਜ਼ਰਾਂ ਨਾ ਮਿਲਾਉਣ, ਨਜ਼ਰਾਂ ਨੀਵੀਂਆਂ ਰੱਖਣ, ਪਲਕਾਂ ਝੁਕਾ ਕੇ ਰੱਖਣ, ਧਰਮ-ਹਯਾ ਦੇ ਪਰਦੇ ਬਣਾਈ ਰੱਖਣ। ‘ਚੰਗੀਆਂ’ ਕੁੜੀਆਂ ਇਹ ਸਭ ਕੁਝ ਸਿੱਖ ਜਾਂਦੀਆਂ ਹਨ ਜਦੋਂ ਕਿ ਉਹ ਔਰਤਾਂ ਜੋ ਇਨ੍ਹਾਂ ਨੇਮਾਂ ਨੂੰ ਤੋੜਦੀਆਂ ਹਨ, ਜਿਵੇਂ ਉੱਪਰ ਕਿਹਾ ਗਿਆ ਹੈ ਉਨ੍ਹਾਂ ਨੂੰ ‘ਬੇਸ਼ਰਮ’ ਜਾਂ ‘ਚਾਲੂ’ ਕਿਹਾ ਜਾਂਦਾ ਹੈ। ਬਰਟਕੀ ਅਨੁਸਾਰ ਔਰਤਾਂ ਨੂੰ ਇਹ ਸਿੱਖਿਆ ਵੀ ਦਿੱਤੀ ਜਾਂਦੀ ਹੈ ਕਿ ਮਰਦਾਂ ਤੋਂ ਜਿ਼ਆਦਾ ਮੁਸਕਰਾਉਣ। ਔਰਤਾਂ ਲਈ ਟਕਸਾਲੀ ਸਮਝੀਆਂ ਜਾਂਦੀਆਂ ਬਹੁਤ ਸਾਰੀਆਂ ਨੌਕਰੀਆਂ ਵਿੱਚ ਕੋਮਲਤਾ, ਸਤਿਕਾਰ ਨਾਲ ਪੇਸ਼ ਆਉਣਾ, ਨਿਮਰ ਹੋਣਾ ਤੇ ਸੇਵਾ ਕਰਨ ਲਈ ਹਰਦਮ ਤਿਆਰ ਰਹਿਣਾ ਆਦਿ ਨੂੰ ਨੌਕਰੀ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ। ਕੰਮ ਕਰਨ ਵਾਲੀ ਔਰਤ ਤੋਂ ਇਹ ਆਸ਼ਾ ਕੀਤੀ ਜਾਂਦੀ ਹੈ ਕਿ ਭਾਵੇਂ ਉਹਦੇ ਅੰਦਰੂਨੀ ਹਾਲਾਤ ਕਿੰਨੀ ਵੀ ਬੇਚੈਨੀ ਵਾਲੇ ਹੋਣ ਪਰ ਉਹ ਉਨ੍ਹਾਂ ਨੂੰ ਬਾਹਰ ਜ਼ਾਹਰ ਨਾਲ ਹੋਣ ਦੇਵੇ ਤੇ ਹੋਠਾਂ ‘ਤੇ ਮੁਸਕਰਾਹਟ ਚਿਪਕਾਈ ਰੱਖੇ। ਭਾਵ ਕੰਮ ਕਰਨ ਵਾਲੀ ਔਰਤ ਅੰਦਰ ਭਾਵੇਂ ਕਿੰਨਾ ਵੀ ਰੌਲਾ ਕਿਉਂ ਨਾ ਪੈ ਰਿਹਾ ਹੋਵੇ ਪਰ ਬਾਹਰੀ ਤੌਰ ‘ਤੇ ਮੁਸਕਰਾਉਂਦੀ ਹੋਈ ਪੁਤਲੀ ਬਣੀ ਰਹੇ। ਪਰ ਇਨ੍ਹਾਂ ਕਾਮੀਆਂ ਤੋਂ ਸਿਰਫ ਕੋਮਲਤਾ ਦੀ ਹੀ ਆਸ਼ਾ ਨਹੀਂ ਕੀਤੀ ਜਾਂਦੀ ਸਗੋਂ ਇਹ ਵੀ ਆਸ਼ਾ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਹਾਵ- ਭਾਵ ਤੇ ਹਰਕਤਾਂ ਵਿੱਚ ਇਕ ਖਾਸ ਤਰ੍ਹਾਂ ਦੀ ਕਾਮੁਕਤਾ ਤੇ ਮਰਦ-ਮਨ ਲੁਭਾਉਣ ਵਾਲੇ ਅੰਦਾਜ਼ ਹੋਣ ਜਿਨ੍ਹਾਂ ‘ਤੇ ਹਯਾ ਦਾ ਮਹੀਨ ਪਰਦਾ ਪਿਆ ਹੋਵੇ।

ਜ਼ਾਬਤਿਆਂ ਦੇ ਤੀਸਰੇ ਵਰਗ ਦੀਆਂ ਪਰਤਾਂ ਫਰੋਲਦੀ ਸਾਂਦਰਾ ਲੀ ਬਰਟਕੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਔਰਤ ਦਾ ਸਰੀਰ ਇਕ ਸਿ਼ੰਗਾਰਮਈ ਧਰਾਤਲ ਵੀ ਹੈ ਤੇ ਮਰਦ ਨੇ ਇਸ ਲਈ ਵੱਖਰੀ ਤਰ੍ਹਾਂ ਦਾ ਨਿਜ਼ਾਮ ਪੈਦਾ ਕੀਤਾ ਹੈ। ਇਸ ਨਿਜ਼ਾਮ ਦੇ ਕਈ ਹਿੱਸੇ ਹਨ। ਜਿਵੇਂ ਇਕ ਉੱਪ-ਵਰਗ ਹਿਦਾਇਤਾਂ ਦਿੰਦਾ ਹੈ ਕਿ ਔਰਤ ਦੀ ਚਮੜੀ ਕੋਮਲ, ਨਰਮ, ਕੂਲੀ, ਸਾਫ, ਸੋਹਲ, ਮੁਲਾਇਮ, ਚਿਕਨੀ ਤੇ ਵਾਲਹੀਣੀ ਹੋਣੀ ਚਾਹੀਦੀ ਹੈ। ਇਸ ਚਮੜੀ ਉੱਤੇ ਉਮਰ, ਅਨੁਭਵ, ਡੂੰਘੀ ਸੋਚ ਤੇ ਟੁੱਟ-ਭੱਜ ਦੀਆਂ ਪੈੜਾਂ ਨਹੀਂ ਝਲਕਣੀਆਂ ਚਾਹੀਦੀਆਂ। ਵਾਲ ਚਿਹਰੇ ਤੋਂ ਹੀ ਨਹੀਂ ਸਗੋਂ ਸਰੀਰ ਦੇ ਹੋਰਨਾਂ ਹਿੱਸਿਆਂ ਜਿਵੇਂ ਲੱਤਾਂ, ਬਾਹਾਂ, ਪੱਟਾਂ, ਕੱਛਾਂ, ਨੇਂਘ ਆਦਿ ਤੋਂ ਉਖਾੜ ਪਰ੍ਹੇ ਸੁੱਟਣੇ ਚਾਹੀਦੇ ਹਨ।

ਵਾਲਾਂ ਨੂੰ ਔਰਤ ਦੀ ਚਮੜੀ ਤੋਂ ਲਾਹੁਣ ਤੇ ਉਤਾਰਨ ਦੇ ਤਰੀਕਿਆਂ ਦੀ ਆਪਣੀ ਸਨਅਤ ਹੈ ਜਿਸ ਵਿੱਚ ਹਜ਼ਾਮਤ ਕਰਨਾ, ਚਮੜੀ ‘ਤੇ ਰੇਗ-ਮਾਰ ਘਸਾਉਣਾ, ਵਾਲ-ਸਾਫ਼ ਕਰਨ ਵਾਲੀਆਂ ਕ੍ਰੀਮਾਂ ਤੇ ਘੋਲ ਲਗਾਉਣੇ, ਗਰਮ ਮੋਮ ਲਾਉਣੀ, ਪਾਣੀ ਥਾਣੀਂ ਬਿਜਲੀ ਲੰਘਾ ਕੇ ਵਾਲ ਲਾਹੁਣੇ, ਤਰ੍ਹਾਂ ਤਰ੍ਹਾਂ ਦੀਆਂ ਲੇਜ਼ਰਾਂ ਨਾਲ ਵਾਲ ਉਤਾਰਨੇ, ਭਰਵੱਟਿਆਂ ਦੇ ਵਾਲਾਂ ਨੂੰ ਮੋਚਨਿਆਂ ਨਾਲ ਪੁੱਟਣਾ ਆਦਿ। ਗੱਲ ਕੀ ਔਰਤ ਦੀ ਚਮੜੀ ਨੂੰ ਏਦਾਂ ਰੰਦਿਆਂ ਤੇ ਛਿੱਲਿਆ ਜਾਣਾ ਚਾਹੀਦਾ ਹੈ ਕਿ ਉਹ ਕੋਮਲ ਤੇ ਮੁਲਾਇਮ ਲੱਗੇ।

ਨਾਰੀ ਸੁਹੱਪਣ ਨੂੰ ਕਾਇਮ ਰੱਖਣ ਲਈ ਸਲਾਹ ਦੇਣ ਵਾਲੇ ਮਾਹਰਾਂ ਦਾ ਆਪਣਾ ਸੰਸਾਰ ਹੈ ਜੋ ਦੱਸਦੇ ਹਨ ਕਿ ਔਰਤਾਂ ਨੂੰ ਚਿਹਰਿਆਂ ‘ਤੇ ਸਖਤ ਤੇ ਪ੍ਰਚੰਡ ਹਾਵ-ਭਾਵ ਲਿਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚਿਹਰੇ ਦੇ ਪੱਠਿਆਂ ਨੂੰ ਕਿਸ ਤਰ੍ਹਾਂ ਦੀ ਕਸਰਤ ਕਰਾਉਣੀ ਚਾਹੀਦੀ ਹੈ, ਚਮੜੀ ਦੀ ਸਾਂਭ-ਸੰਭਾਲ ਤੇ ‘ਸਿਹਤ-ਮੰਦੀ’ ਕਾਇਮ ਰੱਖਣ ਲਈ ਕਿਸ ਕਿਸ ਤਰ੍ਹਾਂ ਦੀਆਂ ਕਰੀਮਾਂ ਲਾਉਣੀਆਂ ਚਾਹੀਦੀਆਂ ਹਨ, ਪੋਰਾਂ ‘ਚ ਫਸਿਆ ਗੰਦ ਕੱਢਣ ਲਈ ਕਿਹੜੇ ਲੋਸ਼ਨ ਲਾਉਣੇ ਚਾਹੀਦੇ ਹਨ। ਚਿਹਰਿਆਂ, ਹੱਥਾਂ ਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਕਰੀਮਾਂ ਹਨ, ਦਿਨ ਨੂੰ ਲਾਉਣ ਵਾਲੀਆਂ ਹੋਰ ਤੇ ਰਾਤਾਂ ਨੂੰ ਲਾਉਣ ਵਾਲੀਆਂ ਹੋਰ। ਤੇ ਫਿਰ ਮੇਕਅੱਪ ਨੂੰ ਲਾਹੁਣ ਵਾਲੇ ਲੋਸ਼ਨ ਹਨ। ਰੰਗ ਨੂੰ ਗੋਰੇ ਬਣਾਉਣ ਵਾਲੀਆਂ ਕਰੀਮਾਂ ਹਨ। ਚਿਹਰੇ ਨੂੰ ਭਾਫ਼ ਦੇਣ ਦੇ ਤਰੀਕੇ ਤੇ ਸੰਦ ਹਨ। ਝਿੰਮਣਾਂ ਨੂੰ ਸੰਵਾਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹਨ। ਨਹੁੰ-ਪਾਲਿਸ਼ਾਂ ਤੇ ਸੁਰਖੀਆਂ ਦਾ ਕੋਈ ਅੰਤ ਨਹੀਂ। ਪਰ ਇਨ੍ਹਾਂ ਸਭ ਕੰਮਾਂ ਉੱਪਰ ਇਕ ਖਾਸ ਤਰ੍ਹਾਂ ਦਾ ਜ਼ਾਬਤਾ ਹੈ ਕਿ ਸਭ ਕੁੱਝ ਕਰਨਾ ‘ਸਲੀਕੇ’ ਅਨੁਸਾਰ ਹੈ। ਜੋ ਔਰਤ ਇਹ ਸਭ ਕੁਝ ‘ਸਲੀਕੇ’ ਅਨੁਸਾਰ ਕਰੇਗੀ ਉਹ ਤਾਂ ਚੰਗੀ ਕਲਾਵੰਤ ਤੇ ਕਲਾਤਮਕ ਸੁਭਾਅ ਵਾਲੀ ਮੰਨੀ ਜਾਏਗੀ ਪਰ ਜਿਹੜੀ ‘ਸਲੀਕੇ’ ਤੋਂ ਅਗਾਂਹ ਜਾ ਕੇ ਕੋਈ ਸੁਰਖੀ, ਬਿੰਦੀ, ਕਰੀਮ ਦੀ ਵੱਧ ਵਰਤੋਂ ਕਰੇਗੀ, ਉਹ ਉਜੱਡ, ਗਵਾਰ ਤੇ ਲੱਚਰ।

ਇਹ ਸਭ ਕੁਝ ਕਿਉਂ ਹੁੰਦਾ ਹੈ? ਬਰਟਕੀ ਲਿਖਦੀ ਹੈ ਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਇਹ ਖੁਦ ਔਰਤਾਂ ਹਨ ਜੋ ਇਕ ਦੂਸਰੇ ਤੋਂ ਚੰਗੀਆਂ ਤੇ ਸੋਹਣੀਆਂ ਦਿਸਣ ਲਈ ਇਹ ਸਭ ਕੁਝ ਕਰਦੀਆਂ ਹਨ। ਇਹਦੇ ਵਿੱਚ ਕੁਝ ਸੱਚ ਵੀ ਹੈ, ਪਰ ਅੰਦਰੋ-ਅੰਦਰੀ ਔਰਤਾਂ ਇਹ ਜਾਣਦੀਆਂ ਹਨ ਕਿ ਖੇਡ ਕਿਹਦੇ ਲਈ ਖੇਡੀ ਜਾ ਰਹੀ ਹੈ, ਮਰਦ-ਨਜ਼ਰ ਵਿੱਚ ਪਰਵਾਨ ਹੋਣ ਲਈ। ਇਕ ਸੋਹਣੀ ਸੁਨੱਖੀ ਜ਼ਾਬਤੇ ‘ਚ ਸਜੀ ਜਵਾਨ ਕੁੜੀ ਦੇ ਕੋਲ ਏਅਰ-ਹੋਸਟੈੱਸ ਬਣਨ ਦੇ ਜਿ਼ਆਦਾ ਮੌਕੇ ਤੇ ਸੰਭਾਵਨਾਵਾਂ ਹਨ ਤੇ ਇਸੇ ਤਰ੍ਹਾਂ ਵੱਡੀ ਉਮਰ ਦੀ ਔਰਤ ਜੋ ਆਪਣੀ ਚਮੜੀ ਤੇ ਸਰੀਰ ਦੇ ਆਕਾਰ ਤੇ ਰੂਪ-ਸਰੂਪ ਦੀ ਸਾਂਭ-ਸੰਭਾਲ ਕਰ ਕੇ ਰੱਖੇ ਤਾਂ ਉਹਦੇ ਕੋਲ ਆਪਣੇ ਪਤੀ ਦੀਆਂ ਨਜ਼ਰਾਂ ਤੇ ਸਰੀਰਕ-ਸੰਸਾਰ ਵਿੱਚ ਜੀਵੰਤ ਰਹਿਣ ਦੀਆਂ ਸੰਭਾਵਨਾਵਾਂ ਜਿ਼ਆਦਾ ਹੋਣਗੀਆਂ। ਜਿਵੇਂ ਸਿਮੋਨ ਬੂਆ ਕਹਿੰਦੀ ਹੈ “ਇਹ ਮਰਦ ਲਈ ਹੈ ਕਿ ਅੱਖਾਂ ਨਿਰਮਲ ਝੀਲ ਵਰਗੀਆਂ ਹੋਣ ਤੇ ਗੱਲ੍ਹਾਂ, ਬਾਲਾਂ ਦੀਆਂ ਗੱਲ੍ਹਾਂ ਵਾਂਗ ਕੋਮਲ।”

ਬਰਟਕੀ ਅਨੁਸਾਰ ਅਜੋਕੇ ਪਿਤਰੀ ਸਭਿਆਚਾਰ ‘ਚ ਵਿਚਰਦੀ ਹਰ ਔਰਤ ਦੀ ਚੇਤਨਾ ਦੇ ਅੰਦਰ ਇਕ ਮਰਦ ਪਾਰਖੂ ਬੈਠਾ ਹੋਇਆ ਹੈ ਭਾਵ ਔਰਤਾਂ ਨੇ ਮਰਦ-ਸੋਚ ਨੂੰ ਆਤਮ-ਸਾਤ ਕਰ ਲਿਆ ਹੈ। ਮਰਦ-ਸੋਚ ਉਨ੍ਹਾਂ ਦੇ ਦਿਮਾਗ ਅੰਦਰ ਘਰ ਗਈ ਹੈ। ਭਾਵੇਂ ਉਹ ਸੋਚਦੀਆਂ ਹਨ ਕਿ ਉਹ ਆਪਣੀ ਮਨਮਰਜ਼ੀ ਕਰ ਰਹੀਆਂ ਹਨ ਪਰ ਅਸਲ ਵਿੱਚ ਉਹ ਇਹ ਆਤਮ-ਸਾਤ ਕੀਤੀ ਮਰਦ-ਸੋਚ ਅਨੁਸਾਰ ਸਜਦੀਆਂ ਸੰਵਰਦੀਆਂ ਹਨ। ਇਸ ਤਰ੍ਹਾਂ ਔਰਤਾਂ ਹਮੇਸ਼ਾਂ ਆਪਣੇ ਅੰਦਰ ਆਤਮ-ਸਾਤ ਕੀਤੀ ਮਰਦ ਸੋਚ ਤੇ ਮਰਦ ਨਜ਼ਰ ਸਾਹਮਣੇ ਖਲੋਤੀਆਂ ਹੋਈਆਂ ਹਨ।

ਬਰਟਕੀ ਅਨੁਸਾਰ ਇੱਥੇ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਮਰਦ ਲਈ ਸਜਣਾ-ਸੰਵਰਨਾ ਕੋਈ ਤਾਹਣੇ-ਮਿਹਣੇ ਜਾਂ ਹੇਠੀ ਵਾਲੀ ਗੱਲ ਨਹੀਂ। ਨਾਟਕੀ-ਸੰਸਾਰ ਨਾਲ ਤੁਲਨਾ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਔਰਤਾਂ ਇਕ ਤਰ੍ਹਾਂ ਦੀ ਅਦਾਕਾਰੀ ਕਰ ਰਹੀਆਂ ਹਨ ਅਤੇ ਮਰਦ ਦਰਸ਼ਕ ਹਨ। ਬਰਟਕੀ ਅਨੁਸਾਰ ਇਸ ਤਰ੍ਹਾਂ ਦੀ ਦਲੀਲ ਗਲਤ ਹੈ। ਨਾਟਕਾਂ ਦੀ ਪੇਸ਼ਕਾਰੀ ਦੌਰਾਨ, ਅਦਾਕਾਰ ਦਾ ਸਫ਼ਲ ਹੋਣਾ ਭਾਵੇਂ ਦਰਸ਼ਕ ‘ਤੇ ਨਿਰਭਰ ਕਰਦਾ ਹੈ ਪਰ ਅਦਾਕਾਰ ਕਿਸੇ ਵੀ ਤਰ੍ਹਾਂ ਦਰਸ਼ਕ ਤੋਂ ਕਮਤਰ ਨਹੀਂ ਹੁੰਦਾ। ਅਦਾਕਾਰੀ ਕਿੱਤਾ ਹੈ ਜਦੋਂ ਕਿ ਔਰਤ ਦਾ ਮਰਦ ਸੋਚ ਅਨੁਸਾਰ ਆਪਣੇ ਨਾਰੀਤਵ ਨੂੰ ਪੇਸ਼ ਕਰਨਾ, ਦਿਖਾਵਾ ਹੈ, ਮਰਦ-ਨਜ਼ਰ ਨੂੰ ਲੁਭਾਉਣ ਲਈ ਇਕ ਤਰ੍ਹਾਂ ਦਾ ਪ੍ਰਦਰਸ਼ਨ, ਤਮਾਸ਼ਾ, ਆਡੰਬਰ, ਇਕ ਤਰ੍ਹਾਂ ਦਾ ਸਪੈਕਟੇਕਲ। ਦੂਸਰੀ ਗੱਲ ਇਹ ਹੈ ਕਿ ਅਦਾਕਾਰਾਂ ਤੇ ਦਰਸ਼ਕਾਂ ਵਿਚਕਾਰਲਾ ਰਿਸ਼ਤਾ ਸਮਾਜਿਕ ਸਥਿਤੀ ਦੇ ਲਿੰਗ ਆਧਾਰਿਤ ਸਮਤੋਲ ‘ਤੇ ਨਿਰਭਰ ਨਹੀਂ ਕਰਦਾ ਜਦੋਂ ਕਿ ਆਮ ਜਿ਼ੰਦਗੀ ਵਿੱਚ ਮਰਦਾਂ ਤੇ ਔਰਤਾਂ ਵਿਚਲੇ ਰਿਸ਼ਤੇ ਸਮਾਜਿਕ ਸ਼ਕਤੀ ਦੀ ਲਿੰਗ ਆਧਾਰਿਤ ਮਾਪ-ਦੰਡਾਂ ਦੇ ਮੁਥਾਜ ਤੇ ਅਧੀਨ ਹੁੰਦੇ ਹਨ। ਸਮਾਜ ਵਿੱਚ ਮਰਦ ਸੋਚ ‘ਤੇ ਆਧਾਰਿਤ ਨਾਰੀਤਵ ਤੇ ਸੁਹੱਪਣ ਦਾ ਮੁਹਾਵਰਾ ਤੇ ਸੌਂਦਰਯ ਸ਼ਾਸਤਰ ਇਹ ਤਹਿ ਕਰਦੇ ਹਨ ਕਿ ਨਾਰੀ ਕੋਮਲ, ਨਾਜ਼ੁਕ ਤੇ ਘੱਟ ਸ਼ਕਤੀਸ਼ਾਲੀ ਹੋਵੇ, ਉਹਦੇ ਪੱਠੇ ਘੱਟ ਵਿਕਸਤ ਹੋਣ, ਉਹਦੀ ਦੇਹ ਅਸੀਲ ਹੋਵੇ, ਜੋ ਮਰਦ ਦੀ ਜਿਸਮਾਨੀ ਬਦਸਲੂਕੀ ਅੱਗੇ ਟਿਕ ਨਾ ਸਕੇ। ਸਾਨੂੰ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਔਰਤਾਂ ਨਾਲ ਜਿਸਮਾਨੀ ਬਦਸਲੂਕੀ ਇਕ ਆਮ ਜਿਹੀ ਗੱਲ ਹੈ।

ਇਹ ਤਰਕ ਵੀ ਪੇਸ਼ ਕੀਤਾ ਜਾਂਦਾ ਹੈ ਕਿ ਸੋਹਣੀ ਤੇ ਕਾਮਮਈ ਦੇਹ ਸਮਾਜ ਵਿੱਚ ਸ਼ਲਾਘਾ ਖੱਟਦੀ ਹੈ। ਬਰਟਕੀ ਦੀ ਦਲੀਲ ਹੈ ਕਿ ਦੱਬੀ ਘੁੱਟਵੀਂ ਸ਼ਲਾਘਾ ਤਾ ਹੁੰਦੀ ਹੈ ਪਰ ਸੋਹਣੀ ਤੇ ਕਾਮਮਈ ਦੇਹ ਨੂੰ ਅਸਲੀ ਇੱਜ਼ਤ ਤੇ ਸਮਾਜਿਕ ਸ਼ਕਤੀ ਕਦੇ ਵੀ ਨਹੀਂ ਮਿਲਦੀ। ਦੱਬਵੀਂ ਘੁੱਟਵੀਂ ਸ਼ਲਾਘਾ ਦੇ ਨਾਲ ਨਾਲ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਇਸ ਕੁੜੀ ਜਾਂ ਜ਼ਨਾਨੀ ਨੂੰ ਤਾਂ ਆਪਣੇ ਸੋਹਣੇ ਦਿਖਣ ਨਾਲ ਈ ਵਾਸਤਾ ਹੈ; ਇਹਦੇ ਸ਼ੌਕ ਸਜਣ-ਸੰਵਰਨ ਤਕ ਹੀ ਸੀਮਤ ਹਨ, ਜਿੱਦਾਂ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ ਇਹੋ ਜਿਹੀਆਂ ਕੁੜੀਆਂ (ਜਾ ਜ਼ਨਾਨੀਆਂ) ਨੇ ਹੋਰ ਕਰਨਾ ਵੀ ਕੀ ਹੈ।

ਬਰਟਕੀ ਦਾ ਖਿਆਲ ਹੈ ਕਿ ਨਾਰੀ-ਦੇਹ ਦੇ ਆਪਣੇ ਹੀਣੇ ਹੋਣ ਦੇ ਅਹਿਸਾਸ ਦਾ ਸਭ ਤੋਂ ਜਿ਼ਆਦਾ ਇਜ਼ਹਾਰ ਉਨ੍ਹਾਂ ਬੰਦਸ਼ਮਈ ਤੌਰ-ਤਰੀਕਿਆਂ ਤੋਂ ਹੁੰਦਾ ਹੈ ਜਿਨ੍ਹਾਂ ਵਿੱਚ ਬੱਝੀਆਂ ਔਰਤਾਂ ਸੀੰਮਤ ਗਤੀਸ਼ੀਲਤਾ ਨਾਲ ਤੁਰਦੀਆਂ ਫਿਰਦੀਆਂ ਤੇ ਬਹਿੰਦੀਆਂ ਖਲੋਂਦੀਆਂ ਹਨ। ਬਰਟਕੀ ਦਲੀਲ ਦਿੰਦੀ ਹੈ ਕਿ ਔਰਤ ਦੇ ਬਹਿਣ ਖਲੋਣ ਦੇ ਸੁੰਗੜਵੇਂ ਤੇ ਸੰਕੋਚਵੇਂ ਅੰਦਾਜ਼ ਤੋਂ ਇਉਂ ਲੱਗਦਾ ਹੈ ਜਿਵੇਂ ਔਰਤ ਅਵਚੇਤਨ ਤੌਰ ‘ਤੇ ਆਪਣੇ ਨੇਂਘ ਵਾਲੇ ਹਿੱਸੇ ਦੀ ਰਾਖੀ ਕਰ ਰਹੀ ਹੋਵੇ। ਬਰਟਕੀ ਅਨੁਸਾਰ ਔਰਤ ਦੀ ਟਕਸਾਲੀ ਸਰੀਰਕ ਭਾਸ਼ਾ ਇਕ ਕਸ਼ਮਕਸ਼ ਤੇ ਤਣਾਉ ਵਿੱਚ ਫਸੇ ਹੋਏ ਸਰੀਰ ਵਾਲੀ ਭਾਸ਼ਾ ਹੈ। ਆਪਣੇ ਆਪ ਨੂੰ ਸੁੰਗੜਾਉਣ ਜਾਂ ਆਪਣੇ ਆਪ ਵਿੱਚ ਸੁੰਗੜ ਕੇ ਰਹਿ ਜਾਣ ਵਾਲੀ ਸਰੀਰਕ ਭਾਸ਼ਾ ਹੈ। ਉਹਦੇ ਅਨੁਸਾਰ ਇਹ ਅਧੀਨਗੀ ਵਾਲੀ ਸਰੀਰਕ ਭਾਸ਼ਾ ਹੈ ਜੋ ਸਮਾਜ ਵਿੱਚ ਮਰਦ ਦੇ ਉੱਚੇ ਤੇ ਅਸਾਂਵੇਂ ਰੁਤਬੇ ਨੂੰ ਸਵੀਕਾਰ ਕਰਦੀ ਹੈ।

ਬਰਟਕੀ ਸਵਾਲ ਉਠਾਉਂਦੀ ਹੈ ਕਿ ਨਾਰੀਤਵ ਦਾ ਜ਼ਾਬਤਿਆਂ ਵਾਲਾ ਇਹ ਨਿਜ਼ਾਮ ਲਾਗੂ ਕੌਣ ਕਰਦਾ ਹੈ? ਇਸ ਦੀ ਵਿਆਖਿਆ, ਉਹ ਫੂਕੋ ਦੇ ਸੂਖਮ-ਸ਼ਕਤੀ ਜਾਂ ਮਹੀਨ-ਤਾਕਤ (ਮਾਈਕਰੋ ਪਾਵਰ) ਦੇ ਸਿਧਾਂਤ ਰਾਹੀਂ ਕਰਦੀ ਹੈ ਜਿਸ ਦਾ ਇਸ ਲੇਖ ਦੇ ਪਹਿਲੇ ਵਾਲੇ ਹਿੱਸੇ ਵਿੱਚ ਜਿ਼ਕਰ ਕੀਤਾ ਗਿਆ ਹੈ। ਪੁਰਾਣੇ ਵੇਲਿਆਂ ਦੇ ਪੱਛਮੀ ਸਮਾਜਾਂ ਵਿੱਚ ਕੋਈ ਮਰਦ ਔਰਤਾਂ ਵਾਲੇ ਕੱਪੜੇ ਪਾਉਂਦਾ ਜਾਂ ਔਰਤਾਂ ਮਰਦਾਂ ਵਾਲਾ ਲਿਬਾਸ ਪਹਿਨਦੀ ਤਾਂ ਉਨ੍ਹਾਂ ਨੂੰ ਕਾਨੂੰਨਣ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਅਜੋਕੇ ਸਮਿਆਂ ਵਿੱਚ ਨਾਰੀਤਵ ਦਾ ਜ਼ਾਬਤਿਆਂ ਵਾਲਾ ਇਹ ਵਿਧਾਨ ਮਾਪਿਆਂ, ਅਧਿਆਪਕਾਂ ਤੇ ਸੰਚਾਰ ਦੇ ਸਾਧਨਾਂ ਰਾਹੀਂ ਸੰਚਾਰਿਤ ਤੇ ਲਾਗੂ ਹੁੰਦਾ ਹੈ। ਇਸ ਵਿਧਾਨ ਦੀਆਂ ਤੰਦਾਂ ਅਤਿਅੰਤ ਮਹੀਨ ਹਨ। ਇਹ ਘਰ-ਪਰਿਵਾਰ, ਸਕੂਲਾਂ ਕਾਲਜਾਂ, ਧਾਰਮਿਕ ਸੰਸਥਾਂਵਾਂ ਤੇ ਹੋਰ ਸਮਾਜਕ ਅਦਾਰਿਆਂ ਦੀ ਰਗ-ਰਗ ਵਿੱਚ ਸਮੋਇਆ ਹੋਇਆ ਹੈ। ਇਹ ਕਿਤੇ ਲਿਖਿਆ ਹੋਇਆ ਨਹੀਂ ਪਰ ਇਹ ਹਰ ਥਾਂ ਮੌਜੂਦ ਹੈ। ਖਿਲਰਿਆ ਹੋਇਆ ਹੈ, ਕਣ ਕਣ ਵਿੱਚ ਸਮਾਇਆ ਹੋਇਆ। ਇਹ ਹਰ ਖੇਤਰ ਤੇ ਹਰ ਸੰਸਥਾ ਵਿੱਚ ਮੌਜੂਦ ਹੈ ਤੇ ਸੰਸਥਾਂਵਾਂ ਤੋਂ ਆਜ਼ਾਦ ਵੀ। ਇਸ ਵਿਧਾਨ ਦੀ ਇਹ ਗੁੰਮਨਾਮੀ ਵਾਲੀ, ਹਰ ਥਾਂ ‘ਤੇ ਇਕੋ ਵੇਲੇ ਹਾਜ਼ਰ ਤੇ ਗਾਇਬ ਰਹਿਣ ਵਾਲੀ ਤਾਕਤ ਹੀ ਇਸ ਦੀ ਅਸਲੀ ਤਾਕਤ ਹੈ।

***

ਇਸ ਸਾਰੀ ਬਹਿਸ ਦਾ ਨਤੀਜਾ ਕੀ ਨਿਕਲਦਾ ਹੈ? ਬਰਟਕੀ ਅਨੁਸਾਰ ਜਿਹੜੀਆਂ ਔਰਤਾਂ ਇਨ੍ਹਾਂ ਸਰੀਰਕ ਜ਼ਾਬਤਿਆਂ ਦੀ ਉਲੰਘਣਾ ਕਰਦੀਆਂ ਹਨ, ਉਨ੍ਹਾਂ ਨੂੰ ਮਰਦਾਂ ਦੀ ਸਰਪ੍ਰਸਤੀ ਨਹੀਂ ਮਿਲਦੀ। ਮਨ-ਚਾਹੀਆਂ ਨੌਕਰੀਆਂ ਨਹੀਂ ਮਿਲਦੀਆਂ। ਉਨ੍ਹਾਂ ਨੂੰ ਉਹ ਸਰੀਰਕ ਨਿੱਘ ਤੇ ਅਪਣੱਤ ਨਹੀਂ ਮਿਲਦੀ ਜੋ ਹਰ ਸਰੀਰ ਲਈ ਜ਼ਰੂਰੀ ਹੁੰਦੀ ਹੈ। ਬਹੁਤ ਵਾਰ ਅਜਿਹੀਆਂ ਔਰਤਾਂ ਨੂੰ ਆਪਣੇ ਆਪ ‘ਤੇ ਸ਼ਰਮ ਆਉਂਦੀ ਹੈ। ਉਨ੍ਹਾਂ ਵਿੱਚ ਦੋਸ਼-ਭਾਵਨਾ ਪਨਪਦੀ ਹੈ ਕਿ ਉਨ੍ਹਾਂ ਦੇ ਸਰੀਰ ਮੋਟੇ, ਭੱਦੇ ਤੇ ਬੇਡੌਲ ਹਨ। ਇੱਥੇ ਬਰਟਕੀ ਸਵਾਲ ਉਠਾਉਂਦੀ ਹੈ ਕਿ ਔਰਤਾਂ ਇਨ੍ਹਾਂ ਸਰੀਰਕ ਜ਼ਾਬਤਿਆਂ ਦਾ ਵਿਰੋਧ ਕਿਉਂ ਨਹੀਂ ਕਰਦੀਆਂ? ਉਹ ਨਾਰੀਵਾਦੀ (ਫੈਮਿਨਿਸਟ) ਕਿਉਂ ਨਹੀਂ ਬਣ ਜਾਂਦੀਆਂ?

ਇਸ ਸਭ ਕੁੱਝ ਦਾ ਵਿਰੋਧ ਕਿਵੇਂ ਕੀਤਾ ਜਾਏ? ਇਹਦੇ ਲਈ ਸਾਂਦਰਾ ਲੀ ਬਰਟਕੀ ਜੁਝਾਰੂ (ਰੈਡੀਕਲ) ਨਾਰੀਵਾਦ ਦਾ ਸਿਧਾਂਤ ਪੇਸ਼ ਕਰਦੀ ਹੈ ਭਾਵ ਬੁਨਿਆਦੀ ਤਬਦੀਲੀਆਂ ਚਾਹੁਣ ਵਾਲਾ ਨਾਰੀਵਾਦ। ਉਹਦੇ ਅਨੁਸਾਰ ਇਸ ਜੁਝਾਰੂ ਨਾਰੀਵਾਦ ਸਾਹਮਣੇ ਤਿੰਨ ਮੁੱਦੇ ਜਾਂ ਪ੍ਰਸ਼ਨ ਹਨ ਜਾਂ ਏਦਾਂ ਕਹਿ ਲਈਏ ਕਿ ਇਹਦੇ ਤਿੰਨ ਪਹਿਲੂ ਹਨ। ਪਹਿਲਾ ਮੁੱਦਾ ਇਸ ਜੁਝਾਰੂ ਨਾਰੀਵਾਦ ਦੇ ਆਸ਼ੇ ਸੰਬੰਧੀ ਹੈ। ਇਹਦਾ ਪਹਿਲਾ ਆਸ਼ਾ ਹੈ, ਨਾਰੀ-ਦੇਹ ਦੇ ਪਿਤਰੀ ਸੋਚ-ਸਮਝ ਅਨੁਸਾਰ ਤਹਿ ਕੀਤੇ ਰੂਪ-ਸਰੂਪ ਤੇ ਆਕਾਰ ਦੇ ਸੰਕਲਪਾਂ ‘ਤੇ ਪ੍ਰਸ਼ਨ ਕਰਨਾ ਤੇ ਉਨ੍ਹਾਂ ਨੂੰ ਨਕਾਰਨਾ। ਦੂਸਰਾ, ਇਹ ਜੁਝਾਰੂ ਨਾਰੀਵਾਦ ਔਰਤਾਂ ਤੋਂ ਇਹ ਮੰਗ ਕਰਦਾ ਹੈ ਕਿ ਉਹ ਇਹੋ ਜਿਹੇ ਕੰਮ ਕਰਨੇ ਛੱਡ ਦੇਣ ਜਿਨ੍ਹਾਂ ਨੂੰ ਕਰਨਾ ਔਰਤਾਂ ਲਈ ਬੜਾ ਹੀ ਕੁਦਰਤੀ ਮੰਨਿਆ ਜਾਂਦਾ ਹੈ (ਇਹਦੇ ਵਿੱਚ ਅਸੀਂ ਘਰਾਂ ਵਿੱਚ ਖਾਣਾ ਬਣਾਉਣਾ, ਭਾਂਡੇ ਮਾਂਜਣਾ, ਸਫਾਈਆਂ ਕਰਨਾ ਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਨੂੰ ਗਿਣ ਸਕਦੇ ਹਾਂ)। ਬਰਟਕੀ ਆਖਦੀ ਹੈ ਔਰਤਾਂ ਨੂੰ ਡੀਸਕਿਲ ਭਾਵ ਬੇਹੁਨਰੇ ਹੋਣ ਦੀ ਲੋੜ ਹੈ। ਬਰਟਕੀ ਅਨੁਸਾਰ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਕੰਮ ਕਰਨਾ ਬੰਦ ਕਰ ਦੇਣ ਜਿਨ੍ਹਾਂ ਨੂੰ ਕਰਨਾ ਔਰਤਾਂ ਦੀ ਕਿਸਮਤ ਮੰਨਿਆ ਜਾਂਦਾ ਹੈ।

ਜੁਝਾਰੂ ਨਾਰੀਵਾਦ ਦਾ ਤੀਸਰਾ ਪਹਿਲੂ ਇਹ ਹੈ ਕਿ ਇਹ (ਜੁਝਾਰੂ ਨਾਰੀਵਾਦ) ਨਾਰੀ ਦੀ ਨਿੱਜੀ ਪਛਾਣ ਦੇ ਉਸ ਪੱਖ ‘ਤੇ ਪ੍ਰਸ਼ਨ ਲਾਉਂਦਾ ਹੈ ਜਿਹੜਾ ਪੱਖ ਇਸ ਪਛਾਣ ਨੂੰ ਬਣਾਉਣ ਤੇ ਸਿਰਜਣ ਨਾਲ ਜੁੜਿਆ ਹੈ। ਉਸ ਸੰਵੇਦਨਾ ਨਾਲ ਜੁੜਿਆ ਹੈ ਜਿਸ ਦੇ ਤਹਿਤ ਔਰਤਾਂ ਸਮਝਦੀਆਂ ਹਨ ਕਿ ਉਹ ਸਮਰੱਥ ਹੋ ਰਹੀਆਂ ਹਨ। ਬਰਟਕੀ ਅਨੁਸਾਰ ਬਹੁਤ ਸਾਰੀਆਂ ਔਰਤਾਂ ਸੁਹੱਪਣ ਦੇ ਉਨ੍ਹਾਂ ਮਾਪ-ਦੰਡਾਂ ਨੂੰ ਨਹੀਂ ਛੱਡਣਾ ਚਾਹੁਣਗੀਆਂ ਜਿਹਦੇ ਅਨੁਸਾਰ ਉਹ ਖੁਦ ਸਜਦੀਆਂ ਸੰਵਰਦੀਆਂ ਹਨ ਤੇ ਸਮਝਦੀਆਂ ਹਨ ਕਿ ਇਨ੍ਹਾਂ ਮਾਪਦੰਡਾਂ ਨੂੰ ਅਪਣਾ ਕੇ ਉਹ ਸੋਹਣੀਆਂ ਬਣ ਰਹੀਆਂ ਹਨ। ਇਸ ਤੋਂ ਜਿ਼ਆਦਾ ਉਹ ਤ੍ਰੀਮਤਪਣ ਦੇ ਉਸ ਸੰਕਲਪ ਨੂੰ ਨਹੀਂ ਛੱਡਣਾ ਚਾਹੁਣਗੀਆਂ ਜਿਹੜਾ ਪਿਤਰੀ ਸਮਾਜ ਉਨ੍ਹਾਂ ਲਈ ਬਣਾ ਚੁੱਕਾ ਹੈ। ਉਨ੍ਹਾਂ ਨੂੰ ਡਰ ਲੱਗੇਗਾ ਕਿ ਜੇ ਏਦਾਂ ਹੋਇਆ ਤਾਂ ਉਹ ਤ੍ਰੀਮਤਾਂ ਨਹੀਂ ਰਹਿਣਗੀਆਂ। ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਦੀ ਹੋਂਦ ਤੇ ਹਸਤੀ ਓਦੋਂ ਤੱਕ ਹੀ ਕਾਇਮ ਹਨ ਜਦ ਤੱਕ ਉਹ ਸਰੀਰਕ ਤੌਰ ‘ਤੇ ਦਿਲ-ਲੁਭਾਉਣੀਆਂ ਤੇ ਮਰਦਾਂ ਨੂੰ ਖਿੱਚ ਪਾਉਣ ਵਾਲੀਆਂ ਨੇ। ਉਨ੍ਹਾਂ ਨੂੰ ਲੱਗੇਗਾ ਕਿ ਜੁਝਾਰੂ ਨਾਰੀਵਾਦ ਦੀ ਇਹ ਵਿਉਂਤ ਉਨ੍ਹਾਂ ਦੀ ਹਸਤੀ ਨੂੰ ਮਿਟਾ ਦਏਗੀ। ਜੁਝਾਰੂ ਨਾਰੀਵਾਦ ਦਾ ਇਹ ਪਹਿਲੂ ਔਰਤਾਂ ਨੂੰ ਲੋਚਾ ਤੇ ਕਾਮਨਾ ਤੋਂ ਵਿਰਵੇ ਕਰ ਦੇਣ ਵਾਲਾ (ਡੀਸੈਕਸੂਅਲਆਈਜ਼) ਪੱਖ ਲੱਗੇਗਾ।

ਬਰਟਕੀ ਅਨੁਸਾਰ ਮਰਦਾਨਗੀ ਤੇ ਨਾਰੀਤਵ ਦੇ ਰਵਾਇਤੀ ਸੰਕਲਪ ਸਾਨੂੰ ਸਮਾਜ ਵਿੱਚ ਆਪਣੀ ਨਿੱਜੀ ਪਛਾਣ ਦਾ ਖਾਕਾ ਸਿਰਜਣ ਵਿੱਚ ਮਦਦ ਕਰਦੇ ਹਨ (ਭਾਵ ਨਾਰੀਤਵ ਦੇ ਸੰਕਲਪ ਨੂੰ ਪ੍ਰਣਾਈ ਹੋਈ ਨਾਰੀ ਝੱਟ ਸਮਝ ਜਾਂਦੀ ਹੈ ਕਿ ਉਹਨੇ ਕਿਹੋ ਜਿਹੇ ਕੱਪੜੇ ਪਾਉਣੇ ਨੇ, ਕਿੱਦਾਂ ਦਾ ਵਿਹਾਰ ਕਰਨਾ ਹੈ ਤੇ ਉਹਦਾ ਸਮਾਜ ਵਿੱਚ ਕੀ ਸਥਾਨ ਹੈ। ਮਰਦ ਵੀ ਇੱਦਾਂ ਮਰਦ ਹੋਣ ਦੀ ਸਮਝ ਨੂੰ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੇ ਕਿਹੜੇ ਕੰਮ ਕਰਨੇ ਹਨ ਜੋ ਕਰਕੇ ਉਹ ਮਰਦ ਬਣਨ, ਉਨ੍ਹਾਂ ਨੇ ਮਰਦਾਨਗੀ ਕਿਵੇਂ ਵਿਖਾਉਣੀ ਹੈ, ਆਦਿ।) ਇਸ ਤਰ੍ਹਾਂ ਮਰਦਾਨਗੀ ਤੇ ਨਾਰੀਤਵ ਦੇ ਇਹ ਨਜ਼ਰੀਏ ਸਾਡੀ ਸਾਦੀ ਸਮਝ ਵਾਲੀ ਸਮਾਜਕ ਹੋਂਦ-ਮੀਮਾਂਸਾ (ਓਨਟੌਲੌਜੀ, ਭਾਵ ਅਸੀਂ ਕਿਵੇਂ ਸਮਝਦੇ ਹਾਂ ਕਿ ਸਮਾਜ ਕਿਵੇਂ ਬਣਦਾ ਹੈ) ਦੇ ਅਤਿਅੰਤ ਮਹੱਤਵਪੂਰਨ ਤੱਤ ਹਨ। ਕਿਹਾ ਜਾ ਸਕਦਾ ਹੈ ਕਿ ਜਿਵੇਂ ਕਿਸੇ ਧਰਮ ਨੂੰ ਮੰਨ ਕੇ ਬੰਦਾ ਸੌਖੀ ਤਰ੍ਹਾਂ ਜੀ ਸਕਦਾ ਹੈ (ਭਾਵ ਉਹਨੂੰ ਇਨ੍ਹਾਂ ਪ੍ਰਸ਼ਨਾਂ ਨਾਲ ਘੁਲਣਾ ਨਹੀਂ ਪੈਂਦਾ ਕਿ ਸੰਸਾਰ ਕਿਵੇਂ ਬਣਿਆ ਤੇ ਕਿਵੇਂ ਚੱਲਦਾ ਹੈ? ਇੱਥੇ ਅਨਿਆਂ ਕਿਉਂ ਹੁੰਦਾ ਹੈ? ਧਰਮ ਸਾਫ ਤੌਰ ‘ਤੇ ਦਸਦਾ ਹੈ ਕਿ ਇਹ ਸਭ ਕੁਝ ਪ੍ਰਭੂ ਹੀ ਕਰ ਰਿਹਾ ਹੈ), ਇਸ ਹੀ ਤਰ੍ਹਾਂ ਨਾਰੀਤਵ ਤੇ ਮਰਦਾਨਗੀ ਦੇ ਪ੍ਰਚੱਲਤ ਨਜ਼ਰੀਏ ਸਵੀਕਾਰ ਕਰਕੇ, ਮਰਦ ਤੇ ਔਰਤਾਂ ਸਮਾਜ ਵਿੱਚ ਆਪਣੇ ਦਿੱਤੇ ਹੋਏ ਕਿਰਦਾਰਾਂ ਨੂੰ ਸਵੀਕਾਰ ਕਰ ਲੈਂਦੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਮੌਲਿਕ ਪ੍ਰਸ਼ਨਾਂ ਨਾਲ ਘੁਲਣਾ ਨਹੀਂ ਪੈਂਦਾ ਜਿਹੜੇ ਇਨ੍ਹਾਂ ਰਵਾਇਤੀ ਸੰਕਲਪਾਂ ‘ਤੇ ਪ੍ਰਸ਼ਨ ਚਿੰਨ ਲਾਉਂਦੇ ਹਨ। ਇਸ ਤਰ੍ਹਾਂ ਨਾਰੀਤਵ ਦੀ ਸਮਾਜਕ ਸਮਝ ਤੇ ਪ੍ਰਸ਼ਨ ਲਾਉਂਦਾ ਹੋਇਆ ਜੁਝਾਰੂ ਨਾਰੀਵਾਦ ਉਸ ਸਮਝ ਲਈ ਹੀ ਖਤਰਾ ਪੈਦਾ ਨਹੀਂ ਕਰਦਾ ਜਿਹਦੇ ਅਨੁਸਾਰ ਔਰਤਾਂ ਆਪਣੀ ਪਛਾਣ ਸਿਰਜਦੀਆਂ ਹਨ ਸਗੋਂ ਇਹ ਔਰਤਾਂ ਦੇ ਆਪਣੇ ਅੰਦਰ ਤੇ ਬਾਹਰ ਬਣਾਏ ਗਏ ਤੇ ਸਵੀਕਾਰ ਕੀਤੇ ਗਏ ਸਮਾਜਕ ਸੰਸਾਰ ਉੱਤੇ ਵੀ ਹਮਲਾ ਕਰਦਾ ਹੈ।

ਬਰਟਕੀ ਕਹਿੰਦੀ ਹੈ ਕਿ ਬਹੁਤ ਸਾਰੀਆਂ ਨਾਰੀਵਾਦੀ ਚਿੰਤਕ ਔਰਤਾਂ ਉਨ੍ਹਾਂ ਸਿਆਸੀ ਤੇ ਆਰਥਿਕ ਅੰਦੋਲਨਾਂ ਦੀ ਹਿਮਾਇਤ ਕਰਦੀਆਂ ਹਨ ਜਿਹੜੇ ਔਰਤਾਂ ਲਈ ਬਰਾਬਰਤਾ ਦੀ ਮੰਗ ਕਰਦੇ ਹਨ। ਪਰ ਬਹੁਤ ਸਾਰੀਆਂ ਉਦਾਰਵਾਦੀ ਤੇ ਮਾਰਕਸੀ ਨਾਰੀਵਾਦੀ ਚਿੰਤਕ ਔਰਤਾਂ ਸਿਆਸੀ ਤੇ ਆਰਥਿਕ ਖੇਤਰਾਂ ਵਿੱਚ ਬਰਾਬਰਤਾ ਦੀ ਮੰਗ ਕਰਨ ਦੇ ਨਾਲ ਨਾਲ ਪਿਤਰੀ ਸਮਾਜ ਦੁਆਰਾ ਸਥਾਪਤ ਕੀਤੇ ਗਏ ਨਾਰੀਤਵ ਦੇ ਸੰਕਲਪ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ। ਬਰਟਕੀ ਅਨੁਸਾਰ ਇਸ ਤਰ੍ਹਾਂ ਦਾ ਨਾਰੀਵਾਦ ਤਿਲਕਵਾਂ ਹੈ, ਅਸੰਗਤੀਆਂ ਨਾਲ ਭਰਿਆ ਹੋਇਆ ਹੈ, ਗਲਤ ਹੈ।

ਇਸ ਤਰ੍ਹਾਂ ਦੇ ਤਿਲਕਵੇਂ ਨਾਰੀਵਾਦ ਦਾ ਵਿਰੋਧ ਕਰਦਿਆਂ, ਬਰਟਕੀ ਫਿਰ ਫੂਕੋ ਦੇ ਵਿਚਾਰਾਂ ਦੀ ਤੰਦ ਫੜਦੀ ਹੈ। ਫੂਕੋ ਬੁਰਜੂਆ ਲੋਕਰਾਜ ਦਾ ਵਿਰੋਧ ਕਰਦਿਆਂ ਲਿਖਦਾ ਹੈ ਕਿ ਅੱਜ ਦੇ ਬੁਰਜੂਆ ਲੋਕਰਾਜ ਪ੍ਰਬੰਧ ਦਾ ਲੋਕਰਾਜ ਦਾ ਸੰਕਲਪ ਬਹੁਤ ਤਿੜਕਿਆ ਹੋਇਆ ਹੈ। ਕਿਉਂ ਤਿੜਕਿਆ ਹੋਇਆ ਹੈ? ਇਸ ਲਈ ਤਿੜਕਿਆ ਹੋਇਆ ਹੈ ਕਿਉਂਕਿ (ਫੂਕੋ ਦੇ ਅਨੁਸਾਰ)ਇਕ ਪਾਸੇ ਬੁਰਜੂਆ ਲੋਕਰਾਜ ਮਨੁੱਖ ਦੀ ਆਜ਼ਾਦੀ ਲਈ ਪੁਕਾਰਦਾ ਹੈ ਪਾਰ ਦੂਸਰੇ ਪਾਸੇ ਇਹ (ਬੁਰਜੂਆ ਲੋਕਰਾਜ) ਉਹ ਮਹੀਨ ਤੰਦਾਂ ਵਾਲੀ ਤਾਕਤ (ਮਾਈਕਰੋ-ਪਾਵਰ) ਲੋਚਦਾ ਹੈ ਜੋ ਮਨੁੱਖ ਨੂੰ ਅੰਦਰੂਨੀ ਤੌਰ ‘ਤੇ ਗੁਲਾਮ ਬਣਾ ਦਿੰਦੀ ਹੈ। ਇਸ ਹੀ ਤਰ੍ਹਾਂ ਉਦਾਰਵਾਦੀ ਨਾਰੀਵਾਦ ਤੇ ਮਾਰਕਸੀ ਨਾਰੀਵਾਦ ਦੇ ਸੰਕਲਪ ਤਿੜਕੇ ਹੋਏ ਹਨ।

ਉਦਾਰਵਾਦੀ ਨਾਰੀਵਾਦੀ ਚਿੰਤਕ ਔਰਤਾਂ ਲਈ ਬਰਾਬਰ ਦੇ ਹੱਕਾਂ ਦੀ ਮੰਗ ਕਰਦੀਆਂ ਹਨ। ਮਾਰਕਸੀ ਨਾਰੀਵਾਦੀ ਚਿੰਤਕ ਔਰਤਾਂ ਇਹ ਮੰਗ ਕਰਦੀਆਂ ਹਨ ਕਿ ਔਰਤਾਂ ਨੂੰ ਖੇਤੀ ਤੇ ਸਨਅਤੀ ਪੈਦਾਵਾਰ ਦੇ ਖੇਤਰਾਂ ਵਿੱਚ ਬੰਦਿਆਂ ਦੇ ਬਰਾਬਰ ਹਿੱਸਾ ਤੇ ਹਕੂਕ ਦਿੱਤੇ ਜਾਣ, ਘਰ ਦੇ ਕੰਮ ਮਰਦ ਵੀ ਕਰਨ, ਪ੍ਰੋਲੋਤਾਰੀ ਇਨਕਲਾਬ ਵਿੱਚ ਔਰਤਾਂ ਬਰਾਬਰ ਦੀਆਂ ਹਿੱਸੇਦਾਰ ਹੋਣ। ਪਰ ਇਹ ਉਦਾਰਵਾਦੀ ਤੇ ਮਾਰਕਸੀ ਨਾਰੀਵਾਦੀ ਚਿੰਤਕ ਔਰਤਾਂ ਮਰਦਾਨਗੀ ਤੇ ਨਾਰੀਤਵ ਦੇ ਪਿਤਰੀ ਸੋਚ ਦੁਆਰਾ ਉਸਾਰੇ ਗਏ ਨਜ਼ਰੀਏ ਤੇ ਕਿੰਤੂ ਨਹੀਂ ਕਰਦੀਆਂ। ਨਾਰੀਤਵ ਮਰਦ ਦੁਆਰਾ ਪਰਿਭਾਸ਼ਤ ਤੇ ਨਿਸ਼ਚਤ ਕੀਤੇ ਗਏ ਸੰਕਲਪਾਂ ‘ਚੋਂ ਕਿਵੇਂ ਉਭਰੇ ਤੇ ਬਾਹਰ ਆਵੇ, ਇਹ ਬਹੁਤ ਮੁਸ਼ਕਿਲ ਸਵਾਲ ਹੈ। ਨਾਰੀਤਵ ਨੂੰ ਇਸ ਨਜ਼ਰੀਏ ਕਿ ਨਾਰੀ-ਦੇਹ ਇਕ ਖਾਸ ਤਰ੍ਹਾਂ ਦੀ ਪੇਸ਼ਕਾਰੀ ਹੈ, ਤੋਂ ਅਗਾਂਹ ਜਾਣਾ ਪਵੇਗਾ। ਪਰ ਅਗਾਂਹ ਜਾਣ ਦਾ ਮਤਲਬ ਇਹ ਨਹੀਂ (ਬਰਟਕੀ ਅਨੁਸਾਰ) ਕਿ ਔਰਤਾਂ ਮਰਦਾਂ ਵਰਗੀਆਂ ਬਣ ਜਾਣ ਜਾਂ ਬਣ ਜਾਣ ਦਾ ਯਤਨ ਕਰਨ। ਅਗਾਂਹ ਜਾਣ ਦਾ ਮਤਲਬ ਇਹ ਵੀ ਨਹੀਂ ਕਿ ਔਰਤਾਂ ਮਰਦਾਨਗੀ ਦੇ ਮਾਡਲ ਵੱਲ ਤੱਕਣ। ਬਰਟਕੀ ਅਨੁਸਾਰ ਅਗਾਂਹ ਨੂੰ ਜਾਂਦਾ ਹੋਇਆ ਇਹ ਸਫਰ ਅਨੋਖਾ ਹੋਵੇਗਾ, ਜ਼ੋਖਮ ਨਾਲ ਭਰਿਆ, ਨਾਰੀ-ਦੇਹ ਨੂੰ ਏਦਾਂ ਤਬਦੀਲ ਕਰ ਦੇਣ ਵਾਲਾ ਜਿਸ ਦੀ ਕਲਪਨਾ ਹੁਣ ਤੱਕ ਨਹੀਂ ਕੀਤੀ ਗਈ।

***

ਅੱਜ ਦੇ ਪੰਜਾਬ ਵਿੱਚ ਧੀਆਂ ਨੂੰ ਗਰਭ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਅੱਜ ਦੇ ਪੰਜਾਬ ਵਿੱਚ ਗਾਏ ਜਾ ਰਹੇ ਪੰਜਾਬੀ ਗੀਤਾਂ ਵਿੱਚ ਔਰਤ-ਦੇਹ ਨੂੰ ਨਜ਼ਾਰਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਭਰਾਵਾਂ ਤੇ ਪਰਿਵਾਰਾਂ ਦੀ ਭਲਾਈ ਲਈ ਧੀਆਂ ਨੂੰ ਬਦੇਸ਼ਾਂ ਵਿੱਚ ਧੱਕਣ ਲਈ ਸੌਦੇ ਹੁੰਦੇ ਹਨ। ਕੋਈ ਕੁੜੀ ਜਾਤ ਤੋਂ ਬਾਹਰਲਾ ਸਾਥੀ ਲੋਚੇ ਤਾਂ ਉਹਨੂੰ ਪਰਿਵਾਰ ਤੇ ਸਮਾਜ ਦੀ ਹਰ ਪੱਧਰ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ; ਹੋ ਸਕਦਾ ਹੈ ਉਹਦਾ ਜਾਂ ਉਹਦੇ ਮੀਤ ਦਾ ਕਤਲ ਹੀ ਕਰ ਦਿੱਤਾ ਜਾਏ। ਅੱਜ ਦੇ ਪੰਜਾਬ ਨੂੰ ਆਪਣੀਆਂ ਸਾਂਦਰਾ ਲੀ ਬਰਟਕੀਆਂ ਦੀ ਲੋੜ ਹੈ।

***

ਸੰਦਰਭ ਪੁਸਤਕਾਂ ਤੇ ਟਿੱਪਣੀਆਂ

* ਸਾਂਦਰਾ ਲੀ ਬਰਟਕੀ, “ਫੈਮਨਿਨਿਟੀ ਐਂਡ ਡਾਮੀਨੇਸ਼ਨ: ਸਟਡੀਜ਼ ਇਨ ਫਿਨਾਮੀਨਾਲੌਜੀ ਆਫ ਆਪਰੈਸ਼ਨ (ਥਿੰਕਿਗ ਜੈਂਡਰ) ਰਾਊਟਲੈਜ ਪਬਲਿਸ਼ਰਜ਼, 1971.
* ਸਿਮੋਨ ਦੀ ਬੂਆ, ‘ਦੀ ਸੈਕੰਡ ਸੈਕਸ’, ਐਵਰੀਮੈਨ ਪਬਲਿਸ਼ਰਜ਼, ਲੰਡਨ 1993.
* ਰੋਜ ਵਾਈਤਸ, ‘ਦੀ ਪਾਲੇਟਿਕਸ ਆਫ ਵੁਮੇਨ’ਜ਼ ਬਾਡੀਜ਼, ਸੈਕਸੂਐਲਟੀ, ਅਪੀਰੈਂਸਜ਼ ਐਂਡ ਬੀਹੇਵੀਅਰ’, ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਨਿਊਯਾਰਕ, 1998.
* ਕਿਮ ਚੈਰਨਿਨ, ‘ਦੀ ਆਬਸੈਸ਼ਨ: ਰੀਫਲੈਕਸ਼ਨਜ਼ ਆਨ ਦੀ ਟਾਈਰਨੀ ਆਫ ਸਲੈਂਡਰਨੈੱਸ’, ਹਾਰਪਰ ਪੈਰੀਨਅਲ ਪਬਲਿਸ਼ਰਜ਼, 1994.
* ਨਿਓਮੀ ਵੁਲਫ, ‘ਬਿਊਟੀ ਮਿਥ: ਹਾਊ ਇਮੇਜਜ਼ ਆਫ ਬਿਊਟੀ ਆਰ ਯੂਜਿਡ ਅਗੇਂਸਟ ਵੁਮੈਨ’, ਵਿੰਟੇਜ ਪਬਲਿਸ਼ਰਜ਼, 1991.
* ਸ਼ਾਹਿਦ ਅਨਵਰ, ‘ਸਾਰਾ’ (ਨਾਟਕ), ਪੰਜਾਬੀ ਅਨੁਵਾਦ: ਤੇਜਿੰਦਰ ਬਾਵਾ, ਪ੍ਰਵੇਸ਼ ਅੰਕ ਵਾਹਗਾ, ਜਨਵਰੀ 2016.

***
ਇਹ ਲੇਖ ਸਾਂਦਰਾ ਲੀ ਬਰਟਕੀ ਦੀ ਪੁਸਤਕ (“ਫੈਮਨਿਨਿਟੀ ਐਂਡ ਡਾਮੀਨੇਸ਼ਨ: ਸਟਡੀਜ਼ ਇਨ ਫਿਨਾਮੀਨਾਲੌਜੀ ਆਫ ਆਪਰੈਸ਼ਨ (ਥਿੰਕਿੰਗ ਜੈਂਡਰ), ਰਾਊਟਲੈਜ ਪਬਲਿਸ਼ਰਜ਼, 1971) ਦੇ ਲੇਖ ‘ਫੂਕੋ, ਫੈਮਨਿਨਿਟੀ ਐਂਡ ਮਾਡਰਨਾਈਜੇਸ਼ਨ ਆਫ ਪੈਟਰੀਆਰਕਲ ਪਾਵਰ’ ਵਿਚਲੀਆਂ ਧਾਰਨਾਵਾਂ ਨੂੰ ਪੇਸ਼ ਕਰਨ ਦਾ ਸੀਮਤ ਜਿਹਾ ਯਤਨ ਹੈ।


ਵਾਹਗਾ 5 (ਜੁਲਾਈ-ਸਤੰਬਰ 2017 ਵਿੱਚੋਂ ਧੰਨਵਾਦ ਸਹਿਤ)

*****

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346