Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਹਿੰਦੀ ਨਾਵਲ ਦਾ ਅਨੁਵਾਦ - ਕਿਸ਼ਤ 1
ਨਰਕਕੁੰਡ ’ਚ ਵਾਸਾ
ਜਗਦੀਸ਼ ਚੰਦਰ
 


 

(ਵਤਨ ਦੇ ਇਸ ਅੰਕ ਨਾਲ ਅਸੀਂ ਪੰਜਾਬ ਦੇ ਪੇਂਡੂ ਪਿਛੋਕੜ ਨਾਲ ਸੰਬੰਧਤ ਹਿੰਦੀ ਦੇ ਬੇਹਤਰੀਨ ਨਾਵਲਕਾਰ ਜਗਦੀਸ਼ ਚੰਦਰ ਦੇ ਨਾਵਲ ‘ਨਰਕੁੰਡ ‘ਚ ਵਾਸਾ’ (ਅਨੁਵਾਦਕ ਜਗਦੀਸ਼ ਬਿਨਿੰਗ) ਦਾ ਅਨੁਵਾਦ ਦੇਣਾ ਸ਼ੁਰੂ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਉਨ੍ਹਾਂ ਦੇ ਨਾਵਲ ‘ਧਰਤੀ ਧਨ ਨਾ ਆਪਣਾ’ (http://www.watanpunjabi.ca/vishesh/books.php) (ਅਨੁਵਾਦਕ ਸੁਖਵੰਤ ਹੁੰਦਲ) ਨੂੰ ਕਿਸ਼ਤਾਂ ਵਿਚ ਛਾਪ ਚੁੱਕੇ ਹਾਂ। ਇਸ ਸੰਬੰਧੀ ਪਾਠਕਾਂ ਵੱਲੋਂ ਸਾਨੂੰ ਬਹੁਤ ਹਾਂ-ਪੱਖੀ ਹੁੰਗਾਰਾ ਮਿਲਦਾ ਰਿਹਾ ਹੈ। ਇਹ ਹੱਥਲਾ ਨਾਵਲ ਪੰਜਾਬ ਦੇ ਦਲਿਤ ਲੋਕਾਂ ਦੇ ਜੀਵਨ ਦੇ ਅਜਿਹੇ ਪੱਖ ਬਾਰੇ ਹੈ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ। ਇਸ ਪੱਧਰ ਦੀ ਪੰਜਾਬੀ ਵਿਚ ਸ਼ਇਦ ਹੀ ਕੋਈ ਹੋਰ ਰਚਨਾ ਹੋਵੇ ਜੋ ਜਲੰਧਰ ਸ਼ਹਿਰ ਵਰਗੇ ਥਾਂ 1960ਵਿਆਂ ਦੌਰਾਨ ਦਲਿਤ ਲੋਕਾਂ ਦੇ ਕਠਨਾਈਆਂ ਭਰੇ ਜੀਵਨ ਨੂੰ ਦਰਸਾਉਂਦੀ ਹੋਵੇ। ਇਹ ਹੈਰਾਨੀ ਤੇ ਨਿਰਾਸ਼ਾ ਵਾਲੀ ਗੱਲ ਹੈ ਕਿ ਇਨ੍ਹਾਂ ਨਾਵਲਾਂ ਬਾਰੇ ਪੰਜਾਬੀ ਵਿਚ ਬਹੁਤ ਘੱਟ ਚਰਚਾ ਹੋਈ ਹੈ। ਇਸ ਸੰਬੰਧੀ ਸਾਨੂੰ ਪਾਠਕਾਂ ਦੇ ਹੁੰਗਾਰੇ ਦੀ ਆਸ ਰਹੇਗੀ- ਸੰਪਾਦਕ)



ਇੱਕ
ਬੱਸ ਅੱਡੇ ’ਤੇ ਇਕਦਮ ਹਲਚੱਲ ਸ਼ੁਰੂ ਹੋ ਗਈ। ਇੱਕੋ ਸਮੇਂ ਬਹੁਤ ਸਾਰੀਆਂ ਅਵਾਜ਼ਾਂ ਆਉਣ ਲੱਗੀਆਂ ਅਤੇ ਆਪਸ ਵਿਚ ਰਲਗੱਡ ਹੋ ਕੇ ਬੇਪਛਾਣ ਰੌਲੇ ਵਿਚ ਗੁਆਚ ਗਈਆਂ।
ਅੰਬ ਦੇ ਇਕ ਵੱਡੇ ਤੇ ਬੁੱਢੇ ਦਰੱਖਤ ਦੀ ਸੰਘਣੀ ਛਾਂ ਥੱਲੇ ਹਰੇ ਤੇ ਪੀਲੇ ਪੱਤਿਆਂ ਉਤੇ ਲੰਮੇ ਪਏ ਪਏ ਹੀ ਕਾਲੀ ਨੇ ਕੂਹਣੀ ਦੇ ਸਹਾਰੇ ਗਰਦਣ ਉੱਪਰ ਚੁੱਕੀ ਅਤੇ ਅੱਡੇ ’ਤੇ ਪੈਂਦੇ ਰੌਲੇ ਨੂੰ ਸੁਣਨ ਤੇ ਸਮਝਣ ਦੀ ਕੋਸਿ਼ਸ਼ ਕਰਨ ਲੱਗਾ। ਉਸ ਦੇ ਕੰਨਾਂ ਵਿਚ ਜਦ ਟਰੰਕ ਅਤੇ ਬਿਸਤਰੇ ਦੇ ਸ਼ਬਦ ਪਏ ਤਾਂ ਉਹ ਚੁਕੰਨਾ ਹੋ ਗਿਆ। ਉਸ ਨੇ ਅੰਦਾਜ਼ਾ ਲਾਇਆ ਕਿ ਬੱਸ ਵਿਚ ਜਾਂ ਤਾਂ ਜਨੇਤ ਆਈ ਹੈ ਜਾਂ ਫਿਰ ਡੇਰੇ ਵਾਲੇ ਸੰਤ ਦੇ ਸ਼ਰਧਾਲੂਆਂ ਦੀ ਟੋਲੀ ਆਈ ਹੈ।
ਅੱਡੇ ਵੱਲ ਨੂੰ ਆਉਂਦਾ ਕਾਲੀ ਸੋਚਣ ਲੱਗਾ, ਟੋਲੀ ਹੋਈ ਤਾਂ ਬੱਸ ਤੋਂ ਸਮਾਨ ਉਤਾਰ ਕੇ ਉਹ ਵੀ ਚਾਰ ਪੈਸੇ ਕਮਾ ਲਵੇਗਾ ਅਤੇ ਦੋ ਡੰਗ ਦੇ ਗੁਜ਼ਾਰੇ ਤੋਂ ਬੇਫਿਕਰ ਹੋ ਜਾਵੇਗਾ। ਪਰ ਗਿਆਨੋ ਅਤੇ ਪਿੰਡ ਦਾ ਖਿਆਲ ਆਉਂਦਿਆਂ ਹੀ ਉਸ ਦਾ ਹੌਸਲਾ ਢਹਿ ਗਿਆ। ਉਹ ਫਿਰ ਦਰੱਖਤ ਦੇ ਥੱਲੇ ਆ ਬੈਠਾ। ਉਸ ਨੇ ਆਪਣਾ ਮੂੰਹ ਬਾਹਾਂ ਵਿਚ ਲੁਕੋ ਲਿਆ। ਗਿਆਨੋ ਉਹਦੇ ਬਾਰੇ ਕੀ ਸੋਚਦੀ ਹੋਵੇਗੀ? ਔਖੇ ਵੇਲੇ ਗਿਆਨੋ ਦਾ ਸਾਥ ਨਾ ਦੇਣ ਕਰਕੇ ਉਸ ਨੂੰ ਬਹੁਤ ਸ਼ਰਮ ਮਹਿਸੂਸ ਹੋਣ ਲੱਗੀ।
ਇਹ ਯਾਦ ਆਉਂਦਿਆਂ ਹੀ ਕਾਲੀ ਦਾ ਦਮ ਘੁੱਟਣ ਲੱਗਾ ਕਿ ਗਿਆਨੋ ਦੇ ਗਰਭ ਦੀ ਖਬਰ ਇਕ ਨਾ ਇਕ ਦਿਨ ਸਾਰੇ ਪਿੰਡ ਵਿਚ ਫੈਲ ਜਾਵੇਗੀ ਅਤੇ ਉਸ ਦੇ ਮੱਥੇ ’ਤੇ ਪਾਪ ਦਾ ਦਾਗ ਸੂਰਜ ਵਾਂਗ ਚਮਕਣ ਲੱਗ ਪਵੇਗਾ।
ਕਾਲੀ ਬਹੁਤ ਜਿ਼ਆਦਾ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਢਿੱਡ ਭਾਰ ਲੰਮਾ ਪੈ ਕੇ ਆਪਣਾ ਮੂੰਹ ਗਿੱਲੀ ਮਿੱਟੀ ਅਤੇ ਪੱਤਿਆਂ ਵਿਚ ਲੁਕੋਅ ਲਿਆ। ਉਸ ਨੂੰ ਇਸ ਗੱਲ ਦਾ ਸਿ਼ੱਦਤ ਨਾਲ ਅਹਿਸਾਸ ਹੋਇਆ ਕਿ ਪੂਰੇ ਪਿੰਡ ਵਿਚ ਇਕ ਵੀ ਅਜੇਹਾ ਆਦਮੀ ਨਹੀਂ ਹੈ ਜਿਸ ਨੂੰ ਉਹ ਆਪਣਾ ਮਦਦਗਾਰ ਸਮਝ ਸਕੇ। ਮੁਹੱਲੇ ਦੇ ਦੋਸਤਾਂ ਅਤੇ ਪਿੰਡ ਦੇ ਮਦਦਗਾਰਾਂ ਦੀਆਂ ਸ਼ਕਲਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਗਈਆਂ ਪਰ ਉਸ ਦੇ ਦਿਲ ਦਿਮਾਗ ਤੇ ਹਨੇਰਾ ਛਾਇਆ ਰਿਹਾ।
ਕਾਲੀ ਦੀ ਸੋਚ ਦਾ ਸਿਲਸਿਲਾ ਡਾਕਟਰ ਬਿਸ਼ਨਦਾਸ ’ਤੇ ਅਟਕ ਗਿਆ। ਉਸ ਨੂੰ ਮਹਿਸੂਸ ਹੋਇਆ ਕਿ ਪਿੰਡ ਵਿਚ ਇਕ ਉਹ ਹੀ ਅਜੇਹਾ ਆਦਮੀ ਹੈ ਜੋ ਉਸ ਦੀ ਸਥਿਤੀ ਨੂੰ ਸਮਝਦਾ ਹੈ ਪਰ ਜੋ ਇਲਾਜ ਉਸ ਨੇ ਦੱਸਿਆ ਸੀ, ਉਹ ਉਸ ਦੇ ਵੱਸੋਂ ਬਾਹਰ ਹੈ। ਗਿਆਨੋ ਨੂੰ ਪਿੰਡ ਤੋਂ ਦੂਰ ਲੈ ਕੇ ਜਾਣ ਬਾਰੇ ਕਾਲੀ ਜਿੰਨਾ ਜਿ਼ਆਦਾ ਸੋਚਦਾ ਉਨਾ ਹੀ ਜਿ਼ਆਦਾ ਆਪਣੇ ਆਪ ਨੂੰ ਇਸ ਮਾਮਲੇ ਦੇ ਅਸਮਰਥ ਸਮਝਦਾ।
ਆਪਣੇ ਹੀ ਖਿਆਲਾਂ 'ਚ ਗੁਆਚਾ ਕਾਲੀ ਪਹਿਲਾਂ ਤਾਂ ਅੱਕ ਗਿਆ ਅਤੇ ਫਿਰ ਜ਼ਮੀਨ ’ਤੇ ਲੰਮਾ ਪਿਆ-ਪਿਆ ਉਂਘਲਾਉਣ ਲੱਗਾ। ਸੁੱਤ-ਉਨੀਂਦੇ ਵਿਚ ਹੀ ਉਹ ਪਿੰਡ ਪਹੁੰਚ ਗਿਆ। ਉਹਨੂੰ ਦੇਖ ਕੇ ਪਿੰਡ ਦੇ ਆਦਮੀ, ਔਰਤਾਂ ਅਤੇ ਨਿਆਣਿਆਂ ਦੀਆਂ ਅੱਖਾਂ ਵਿਚ ਖੂਨ ਉੱਤਰ ਆਇਆ ਅਤੇ ਜੋ ਵੀ ਉਨ੍ਹਾਂ ਦੇ ਹੱਥ ਲੱਗਾ, ਉਹੀ ਚੱਕ ਕੇ ਸਾਰੇ ਉਸ ਦੇ ਪਿਛੇ ਦੌੜੇ ਜਿਵੇਂ ਉਸ ਦਾ ਬੂੰਦ-ਬੂੰਦ ਖੂਨ ਨਿਚੋੜ ਲੈਣਾ ਚਾਹੁੰਦੇ ਹੋਣ।
ਕਾਲੀ ਹੜਬੜਾ ਕੇ ਜਾਗਿਆ ਅਤੇ ਡਰਿਆ ਹੋਇਆ ਆਪਣੇ ਹੀ ਮੁੜ੍ਹਕੇ ਨਾਲ ਭਿੱਜ ਗਿਆ। ਅੰਬ ਦੇ ਦਰੱਖਤ ਦੇ ਪੱਤਿਆਂ ਵਿਚੋਂ ਕਿਰ ਕੇ ਆਉਂਦੀਆਂ ਕਿਰਨਾਂ ਵਿਚ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਉਸ ਨੇ ਰੌਸ਼ਨੀ ਵਲੋਂ ਮੂੰਹ ਦੂਜੇ ਪਾਸੇ ਫੇਰ ਲਿਆ। ਉਹ ਘਬਰਾ ਗਿਆ ਤੇ ਉਹਨੂੰ ਲੱਗਾ ਜਿੱਦਾਂ ਨ੍ਹੇਰਾ ਉਸ ਨੂੰ ਖਾਣ ਨੂੰ ਪੈਂਦਾ ਹੋਵੇ ਤੇ ਰੌਸ਼ਨੀ ਉਸ ਦੀ ਹੋਂਦ ਨੂੰ ਚੀਰਦੀ ਹੋਵੇ। ਉਸ ਨੂੰ ਅਲਫ਼ ਨੰਗਾ ਅਤੇ ਬੇਪਰਦ ਕਰਦੀ ਹੋਵੇ।
ਸਿਖਰ ਦੁਪਿਹਰੇ ਦੇਖਿਆ ਸੁਫ਼ਨਾ ਕਾਲੀ ਦੇ ਦਿਮਾਗ ਵਿਚ ਫੋੜੇ ਵਾਂਗ ਬੈਠ ਗਿਆ ਅਤੇ ਪਲ-ਪਲ ਰਿਸਣ ਲੱਗਾ। ਉਸ ਤੋਂ ਛੁਟਕਾਰਾ ਪਾਉਣ ਲਈ ਉਹ ਅੰਬਾਂ ਦੇ ਬਾਗ ਵਿਚੋਂ ਨਿਕਲ ਕੇ ਰੇਲਵੇ ਫਾਟਕ ਦੇ ਨੇੜੇ ਇੱਟਾਂ ਦੇ ਪੁਰਾਣੇ ਵੀਰਾਨ ਭੱਠੇ ਵਿਚ ਆ ਬੈਠਾ। ਭੱਠੇ ਦੀ ਸੁਰਖ-ਸੁਰਮਈ ਕੰਧ ਦਾ ਸਹਾਰਾ ਲੈ ਕੇ ਉਹ ਇਕ ਵਾਰ ਫਿਰ ਗਿਆਨੋ ਬਾਰੇ ਸੋਚਣ ਲੱਗਾ। ਉਸ ਨੂੰ ਧਰਤੀ, ਅਕਾਸ਼ ਅਤੇ ਪਤਾਲ ਵਿਚ ਕਿਤੇ ਵੀ ਅਜੇਹੀ ਜਗ੍ਹਾ ਨਜ਼ਰ ਨਹੀਂ ਸੀ ਆ ਰਹੀ ਜਿਸ ਨੂੰ ਉਹ ਆਪਣੀ ਕਹਿ ਸਕੇ ਅਤੇ ਨਿਸਚਿੰਤ ਹੋ ਕੇ ਗਿਆਨੋ ਨੂੰ ਅਰਾਮ ਅਤੇ ਚੈਨ ਨਾਲ ਬਿਠਾ ਸਕੇ।
ਬਹੁਤ ਹੀ ਜਿ਼ਆਦਾ ਨਿਰਾਸ਼ ਹੋਇਆ ਉਹ ਭੱਠੇ ਤੋਂ ਵੀ ਬਾਹਰ ਆ ਗਿਆ। ਉਸ ਦੇ ਹੱਥ-ਮੂੰਹ ਅਤੇ ਲੱਤਾਂ ਸੁਰਖ-ਸੁਰਮਈ ਮਿੱਟੀ ਨਾਲ ਲਿਬੜੀਆਂ ਹੋਈਆਂ ਸਨ। ਉਹ ਭੱਠੇ ਦੇ ਪਿੱਛੇ ਖੇਤਾਂ ਵਿਚ ਹਲਟ ਵੱਲ ਨੂੰ ਤੁਰ ਪਿਆ। ਹਲਟ ਖੜ੍ਹਾ ਸੀ। ਨਾਲ ਹੀ ਕੱਚੇ ਕੋਠੇ ਦੇ ਟੁੱਟੇ ਬੂਹੇ ਤੇ ਜਿੰਦਾ ਲਟਕ ਰਿਹਾ ਸੀ। ਪਸ਼ੂਆਂ ਦੀਆਂ ਖੁਰਲੀਆਂ ਵੀ ਖਾਲੀ ਪਈਆਂ ਸਨ। ਉਸ ਨੇ ਅੰਦਾਜ਼ਾ ਲਾਇਆ ਕਿ ਖੇਤ ਦਾ ਮਾਲਕ ਆਪਣੇ ਡੰਗਰ-ਮਾਲ ਨਾਲ ਸ਼ਾਇਦ ਪਿੰਡ ਚਲੇ ਗਿਆ ਹੈ ਅਤੇ ਉਸ ਦੇ ਛੇਤੀ ਮੁੜ ਕੇ ਆਉਣ ਦੀ ਸੰਭਾਵਨਾ ਵੀ ਨਹੀਂ ਲਗਦੀ।
ਕਾਲੀ ਨੇ ਗਾਧੀ ਨੂੰ ਹਿਲਾ-ਜੁਲਾ ਕੇ ਹਲਟ ਦਾ ਜਾਇਜ਼ਾ ਲਿਆ ਅਤੇ ਫਿਰ ਗਾਧੀ ਦੇ ਸਿਰੇ ਨਾਲ ਚਾਦਰ ਬੰਨ ਕੇ ਉਸ ਨੂੰ ਖਿੱਚਣ ਲੱਗਾ। ਜਦ ਟਿੰਡਾਂ ਵਿਚੋਂ ਪਾਣੀ ਚੁਬੱਚੇ ਵਿਚ ਡਿੱਗ ਕੇ ਆੜ ਵਿਚ ਵਗਣ ਲੱਗਾ ਤਾਂ ਉਸ ਨੇ ਦੌੜ ਕੇ ਹੱਥ-ਮੂੰਹ ਧੋ ਲਏ। ਵਾਰ-ਵਾਰ ਏਦਾਂ ਕਰ ਕੇ ਉਹਨੇ ਭੱਠੇ ਦੀ ਸੁਰਖ ਮਿੱਟੀ ਆਪਣੇ ਸਰੀਰ ਤੋਂ ਪੂਰੀ ਤਰ੍ਹਾਂ ਧੋ ਲਈ ਅਤੇ ਰੱਜ ਕੇ ਪਾਣੀ ਪੀਤਾ।
ਉਸ ਦਾ ਮਨ ਹੁਣ ਕਿਸੇ ਹੱਦ ਤੱਕ ਸ਼ਾਂਤ ਹੋ ਗਿਆ ਸੀ। ਨਿਰਾਸ਼ਾ ਅਤੇ ਪਰੇਸ਼ਾਨੀ ਵੀ ਕੁਛ ਘੱਟ ਗਈ ਸੀ। ਉਹ ਹਲਟ ਦੇ ਨੇੜੇ ਹੀ ਸ਼ਹਿਤੂਤ ਦੇ ਦਰੱਖਤ ਥੱਲੇ ਖੇਤ ਦੀ ਵੱਟ ’ਤੇ ਬੈਠ ਗਿਆ। ਕਾਲੀ ਨੂੰ ਇਕ ਵਾਰ ਫਿਰ ਊਂਘ ਆ ਗਈ ਅਤੇ ਉਸ ਨੇ ਸੁਫਨੇ ਵਿਚ ਦੇਖਿਆ ਕਿ ਉਹ ਬੱਚੇ ਨੂੰ ਗੋਦ ਵਿਚ ਲਈ ਘਰ ਦੇ ਖੁੱਲੇ ਵਿਹੜੇ ਵਿਚ ਬੈਠਾ ਹੈ। ਰਸੋਈ ਵਿਚ ਬੈਠੀ ਗਿਆਨੋ ਬੱਚੇ ਅਤੇ ਕਾਲੀ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਕੇ ਮੁਸਕਰਾ ਰਹੀ ਹੈ। ਉਹ ਆਪਣੇ ਥਾਂ ਤੋਂ ਉਠ ਕੇ ਕਾਲੀ ਦੇ ਕੋਲ ਆ ਜਾਂਦੀ ਹੈ ਅਤੇ ਬੱਚੇ ਦਾ ਚੇਹਰਾ ਉਸ ਦੇ ਚੇਹਰੇ ਦੇ ਬਰਾਬਰ ਕਰਦੀ ਹੈ…ਹੂ-ਬਹੂ ਤੇਰੇ ਹੀ ਨੈਣ-ਨਕਸ਼ ਹਨ। …ਉਹੋ ਜਿਹਾ ਫਿੰਨਾ ਨੱਕ ਅਤੇ ਮੋਟੇ-ਮੋਟੇ ਬੁੱਲ…। ਗਿਆਨੋ ਜ਼ੋਰ-ਜ਼ੋਰ ਨਾਲ ਹੱਸਦੀ ਹੈ।
“ਤੇਰਾ ਵੀ ਤਾਂ ਬਰਾਬਰ ਦਾ ਹਿੱਸਾ ਹੈ…ਅੱਖਾਂ ਅਤੇ ਮੱਥਾ ਬਿਲਕੁਲ ਤੇਰਾ ਹੈ…। ਦੋਵਾਂ ਦਾ ਬਹੁਤ ਵਧੀਆ ਮੇਲ ਹੈ।” ਕਾਲੀ ਵੀ ਹੱਸਦਾ ਹੈ।
ਆਪਣੇ ਹੀ ਹਾਸੇ ਤੋਂ ਡਰ ਕੇ ਕਾਲੀ ਬੌਖਲਾ ਕੇ ਜਾਗ ਜਾਂਦਾ ਹੈ। ਨੇੜੇ ਹੀ ਬੰਨ੍ਹੇ ’ਤੇ ਕੀੜੀਆਂ ਦੀ ਕਤਾਰ ਨੂੰ ਮੂੰਹ ਵਿਚ ਅਨਾਜ ਦੇ ਬਰੀਕ ਟੁਕੜੇ ਲੈ ਕੇ ਛੋਟੀ ਜਿਹੀ ਮੋਰੀ ਵਿਚ ਵੜਦੀਆਂ ਨੂੰ ਦੇਖਣ ਲੱਗਦਾ ਹੈ। ਸ਼ਹਿਤੂਤ ਦੀਆਂ ਟਾਹਣੀਆਂ ਵਿਚ ਇਕ ਚਿੜੇ ਅਤੇ ਚਿੜੀ ਨੂੰ ਕਲੋਲ ਕਰਦੇ ਅਤੇ ਆਪਣੇ ਬੱਚਿਆਂ ਨੂੰ ਦਾਣੇ ਖਿਲਾਉਂਦੇ ਦੇਖ ਕੇ ਉਹ ਵਿਆਕੁਲ ਹੋ ਜਾਂਦਾ ਹੈ। ਉਹ ਸੁੰਨ ਹੋ ਜਾਂਦਾ ਹੈ ਕਿ ਉਸ ਤੋਂ ਤਾਂ ਜੀਵ-ਜੰਤੂ ਹੀ ਚੰਗੇ ਹਨ ਜਿਨ੍ਹਾਂ ਦਾ ਆਪਣਾ ਘਰ ਹੈ, ਪਰਿਵਾਰ ਹੈ ਅਤੇ ਚੈਨ ਹੈ।
ਇਸ ਸੋਚ ਵਿਚ ਡੁੱਬਿਆ ਕਾਲੀ ਇਕ ਵਾਰ ਫਿਰ ਭੱਠੇ ਵੱਲ ਨੂੰ ਤੁਰ ਪਿਆ। ਮੁੜ-ਮੁੜ ਕੇ ਉਸ ਦੇ ਮਨ ਵਿਚ ਖਿਆਲ ਆ ਰਿਹਾ ਸੀ ਕਿ ਉਸ ਨੂੰ ਮੌਤ ਕਿਉਂ ਨਹੀਂ ਆ ਜਾਂਦੀ। ਉਸ ਨੇ ਕਈ ਰਾਤਾਂ ਅਜੇਹੇ ਥਾਈਂ ਗੁਜ਼ਾਰੀਆਂ ਸਨ ਜਿਥੇ ਬਿੱਛੂ-ਸੱਪ ਵੀ ਹੋ ਸਕਦੇ ਸਨ ਪਰ ਉਸ ਨੂੰ ਕੁਛ ਨਹੀਂ ਹੋਇਆ ਸੀ। ਉਸ ਨੂੰ ਕੀੜੀ ਤੱਕ ਵੀ ਨਹੀਂ ਲੜੀ ਸੀ।
ਗਿਆਨੋ ਦੀ ਹਾਲਤ, ਆਪਣੀ ਬੇਬਸੀ, ਪਿੰਡ ਵਾਲਿਆਂ ਦੀ ਬੇਰੁਖੀ ਅਤੇ ਵਿਰੋਧ ਨੇ ਉਹਦੇ ਅੰਦਰ ਜੀਣ ਦੀ ਇੱਛਾ ਨੂੰ ਬਿਲਕੁਲ ਖਤਮ ਕਰ ਦਿੱਤਾ। ਕਾਲੀ ਨੇ ਸੋਚਿਆ ਕਿ ਉਸ ਦੀ ਖੁਸ਼ੀ ਵਿਚ ਹੱਸਣ ਵਾਲਾ ਕੋਈ ਨਹੀਂ ਹੈ ਅਤੇ ਗਮੀਂ ਵਿਚ ਕਿਸੇ ਦੇ ਰੋਣ ਦੀ ਵੀ ਕੋਈ ਉਮੀਦ ਨਹੀਂ। ਉਸ ਦਾ ਜੀਣਾ-ਮਰਨਾ ਜੇ ਸਿਰਫ਼ ਉਹਦੇ ਲਈ ਹੀ ਰਹਿ ਗਿਆ ਹੈ ਤਾਂ ਉਹ ਕਿਉਂ ਨਾ ਗੱਡੀ ਦੇ ਥੱਲੇ ਆ ਕੇ ਆਪਣੀ ਜਾਨ ਦੇ ਦੇਵੇ ਅਤੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਲਵੇ।
ਉਸ ਨੇ ਫੈਸਲਾ ਕਰ ਲਿਆ ਕਿ ਉਹ ਮੁਕੇਰੀਆਂ ਤੋਂ ਜਲੰਧਰ ਜਾਣ ਵਾਲੀ ਆਖਰੀ ਗੱਡੀ ਦੇ ਥੱਲੇ ਸਿਰ ਦੇ ਦੇਵੇਗਾ। ਇਸ ਦੇ ਨਾਲ ਹੀ ਇਸ ਜਹਾਨ ਤੋਂ ਉਸ ਦੀ ਕਹਾਣੀ ਖਤਮ ਹੋ ਜਾਵੇਗੀ ਅਤੇ ਅਗਲੀ ਦੁਨੀਆਂ ਵਿਚ ਉਹ ਨਵੇਂ ਸਿਰੇ ਤੋਂ ਆਪਣਾ ਜੀਵਨ ਸ਼ੁਰੂ ਕਰ ਸਕੇਗਾ।
ਕਾਲੀ ਸੋਚਣ ਲੱਗਾ ਕਿ ਉਸ ਦੀ ਮੌਤ ਦੀ ਖਬਰ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਵਿਚ ਵੀ ਪਹੁੰਚ ਜਾਵੇਗੀ। ਸ਼ਾਇਦ ਨਾ ਵੀ ਪਹੁੰਚੇ। ਇਹ ਖਿਆਲ ਆਉਂਦਿਆਂ ਹੀ ਕਾਲੀ ਉਦਾਸ ਹੋ ਗਿਆ। ਉਹ ਆਪਣੀ ਮੌਤ ਬਾਰੇ ਪਿੰਡ ਵਾਲਿਆਂ ਦੀ ਪ੍ਰਤੀਕਿਰਿਆ ਬਾਰੇ ਕਲਪਨਾ ਕਰਨ ਲੱਗਾ। ਲੋਕ ਤਾਂ ਖੁਸ਼ ਹੋਣਗੇ ਪਰ ਗਿਆਨੋ ਉਹਦੇ ਬਾਰੇ ਵਿਚ ਕੀ ਸੋਚੇਗੀ। ਉਹਨੂੰ ਤਾਂ ਕੇਵਲ ਇਕ ਮੇਰਾ ਹੀ ਸਹਾਰਾ ਹੈ। ਇਹ ਸੋਚਦਿਆਂ ਹੀ ਕਾਲੀ ਨੂੰ ਬਹੁਤ ਜਿ਼ਆਦਾ ਸ਼ਰਮ ਮਹਿਸੂਸ ਹੋਈ। ਉਹ ਗਿਆਨੋ ਲਈ ਕਿਸ ਤਰ੍ਹਾਂ ਦਾ ਸਹਾਰਾ ਹੈ ਕਿ ਵਾਅਦਾ ਕਰਕੇ ਵੀ ਉਸ ਨੂੰ ਮਿਲਣ ਨਹੀਂ ਗਿਆ। ਉਹ ਅੱਧੀ ਰਾਤ ਤੋਂ ਲੈ ਕੇ ਤੜਕੇ ਤੱਕ ਕੰਡਿਆਲੀਆਂ ਝਾੜੀਆਂ ਵਿਚ ਬੈਠੀ ਇਸ ਉਮੀਦ ਤੇ ਉਸ ਦੀ ਉਡੀਕ ਕਰਦੀ ਰਹੀ ਹੋਵੇਗੀ ਕਿ ਉਹ ਉਸ ਦੇ ਸਾਰੇ ਦੁੱਖ-ਦਰਦ ਦੂਰ ਕਰ ਦੇਵੇਗਾ ਅਤੇ ਉਸ ਨੂੰ ਉੱਡਣਖਟੋਲੇ ਵਿਚ ਬਿਠਾ ਕੇ ਦੁਸ਼ਮਣਾਂ ਦੀਆਂ ਨਜ਼ਰਾਂ ਤੋਂ ਬਹੁਤ ਦੂਰ ਸਤਵੇਂ ਅਕਾਸ਼ ਵਿਚ ਲੈ ਜਾਵੇਗਾ। ਕਾਲੀ ਤੜਫ਼ ਉਠਿਆ ਕਿ ਉਹ ਬਹੁਤ ਵੱਡਾ ਕਾਇਰ ਅਤੇ ਵਿਸ਼ਵਾਸਘਾਤੀ ਹੈ ਅਤੇ ਇਹੋ ਜਿਹੀ ਬਿਪਤਾ ਵਿਚ ਗਿਆਨੋ ਨੂੰ ਬਿਲਕੁਲ ਇਕੱਲੀ ਛੱਡ ਆਇਆ ਹੈ।
ਜਦ ਰੇਲਗੱਡੀ ਨੇ ਬਾਹਰਲੇ ਸਿਗਨਲ ਦੇ ਨੇੜੇ ਪਹੁੰਚ ਕੇ ਜ਼ੋਰਦਾਰ ਸੀਟੀ ਮਾਰੀ ਤਾਂ ਕਾਲੀ ਖੇਤ ਦੀ ਵੱਟ ਤੋਂ ਉੱਠ ਕੇ ਫ਼ਸਲ ਨੂੰ ਪੈਰਾਂ ਥੱਲੇ ਮਿੱਧਦਾ ਹੋਇਆ ਰੇਲ ਦੀ ਪੱਟੜੀ ਵੱਲ ਨੂੰ ਦੌੜਨ ਲੱਗਾ। ਉਹ ਵਾਰ ਵਾਰ ਪਿੱਛੇ ਮੁੜ ਕੇ ਦੇਖਦਾ। ਗੱਡੀ ਨੂੰ ਬਹੁਤ ਨੇੜੇ ਦੇਖ ਕੇ ਉਹ ਪੱਟੜੀ ਦੇ ਵਿਚਕਾਰ ਹੋ ਕੇ ਤੁਰਨ ਲੱਗਾ। ਉਸ ਦੇ ਦਿਲ-ਦਿਮਾਗ ’ਤੇ ਹਨੇਰਾ ਛਾ ਗਿਆ ਸੀ ਅਤੇ ਨਾ ਹੀ ਮਨ ਵਿਚ ਕੋਈ ਇੱਛਾ ਸੀ।
ਸਟੇਸ਼ਨ ਦੇ ਪੂਰਬ ਵੱਲ ਫ਼ਾਟਕ ਪਾਰ ਕਰਨ ਬਾਅਦ, ਰੇਲ-ਪੱਟੜੀ ਵਿਚੋਂ ਇਕ ਹੋਰ ਪੱਟੜੀ ਨਿਕਲਦੀ ਸੀ। ਕਾਲੀ ਛਾਲ ਮਾਰ ਕੇ ਦੂਸਰੀ ਪੱਟੜੀ ਵਿਚ ਆ ਗਿਆ ਕਿਉਂਕਿ ਸ਼ਾਮ ਦੀ ਗੱਡੀ ਅਕਸਰ ਇਸ ਪੱਟੜੀ ਤੋਂ ਆਇਆ ਕਰਦੀ ਸੀ।
ਗੱਡੀ ਦਾ ਕਾਲ਼ਾ ਕਲੂਟਾ ਇੰਜਣ, ਜ਼ੋਰ-ਜ਼ੋਰ ਨਾਲ ਸੀਟੀਆਂ ਮਾਰਦਾ, ਚਿਮਨੀ ਵਿਚੋਂ ਕਾਲ਼ਾ ਧੂੰਆਂ ਅਤੇ ਥੱਲਿਉਂ ਚਿੱਟੀ ਭਾਫ਼ ਛੱਡਦਾ ਹੋਇਆ ਗੱਡੀ ਦੇ ਤਿੰਨ ਡੱਬਿਆਂ ਨੂੰ ਆਪਣੇ ਪਿੱਛੇ ਖਿੱਚੀ ਆਉਂਦਾ, ਦਨਦਨਾਉਂਦਾ ਕਾਲੀ ਦੇ ਉੱਪਰ ਨੂੰ ਚੜਿਆ ਆ ਰਿਹਾ ਸੀ। ਉਸ ਨੇ ਅੱਖਾਂ ਬੰਦ ਕਰ ਲਈਆਂ। ਗੱਡੀ ਚੀਕਦੀ-ਚਿਲਾਉਂਦੀ ਅਤੇ ਉਸ ਦੇ ਸਰੀਰ ਨੂੰ ਭਾਫ ਨਾਲ ਭਿਉਂਦੀ ਹੋਈ ਸਟੇਸ਼ਨ ਵੱਲ ਨੂੰ ਚਲੇ ਗਈ।
ਕਾਲੀ ਨੇ ਅੱਖਾਂ ਖੋਲੀਆਂ ਤਾਂ ਗੱਡੀ ਪਲੇਟਫਾਰਮ ਤੇ ਹੌਲੀ-ਹੌਲੀ ਖੜ੍ਹ ਗਈ ਸੀ ਅਤੇ ਛੁੱਕ-ਛੁੱਕ ਦੀ ਥਾਂ ਛਾਂ-ਛਾਂ ਦੀ ਅਵਾਜ਼ ਆਉਣ ਲੱਗ ਪਈ ਸੀ। ਰੇਲ ਪੱਟੜੀ ਦੇ ਵਿਚਾਲੇ ਖੜ੍ਹਾ ਉਹ ਗੱਡੀ ਵੱਲ ਬੇਯਕੀਨੀ ਨਾਲ ਦੇਖਣ ਲੱਗਾ। ਉਸ ਨੂੰ ਮਹਿਸੂਸ ਹੋਇਆ ਕਿ ਗੱਡੀ ਨੇ ਵੀ ਉਸ ਨਾਲ ਵਿਸ਼ਵਾਸਘਾਤ ਕੀਤਾ ਹੈ।
ਇੰਜਣ ਪਾਣੀ ਭਰ ਕੇ ਇਕ ਵਾਰ ਫਿਰ ਗੱਡੀ ਨਾਲ ਆ ਜੁੜਿਆ ਸੀ। ਚਿਮਨੀ ਵਿਚੋਂ ਧੂੰਏਂ ਦੇ ਕਾਲ਼ੇ ਬੱਦਲ ਵੱਲ਼ ਖਾਂਦੇ ਹੋਏ ਅਸਮਾਨ ਵੱਲ ਨੂੰ ਉਠ ਰਹੇ ਸਨ। ਭਾਫ਼ ਦੀ ਛਾਂ-ਛਾਂ ਵੀ ਵੱਧ ਗਈ ਸੀ।
ਇੰਜਣ ਨੇ ਜ਼ੋਰ ਦੀ ਸੀਟੀ ਵਜਾਈ ਤੇ ਨਾਲ ਹੀ ਭਕ-ਭਕ ਕਰਦਾ ਹੋਇਆ ਧਕਾਧੱਕ ਧੂੰਆਂ ਛੱਡਣ ਲੱਗਾ। ਭਾਫ਼ ਦੀ ਜ਼ੋਰਦਾਰ ਛੂੰ-ਛੜੱਪ ਦੀ ਅਵਾਜ਼ ਦੇ ਨਾਲ ਹੀ ਗੱਡੀ ਹਿਚਕੋਲੇ ਖਾਂਦੀ ਹੋਈ ਤੁਰ ਪਈ ਤਾਂ ਕਾਲੀ ਦਾ ਦਿਲ-ਦਿਮਾਗ ਵੀ ਰੌਸ਼ਨ ਹੋ ਉਠਿਆ। ਉਸ ਦੇ ਮਨ ਵਿਚ ਜੀਣ ਦੀ ਇੱਛਾ ਇੰਜਣ ਦੀ ਸੀਟੀ ਦੀ ਅਵਾਜ਼ ਵਾਂਗ ਉੱਭਰੀ ਅਤੇ ਉਹ ਰਫ਼ਤਾਰ ਫ਼ੜ ਰਹੀ ਗੱਡੀ ਦੇ ਪਿੱਛੇ ਦੌੜਨ ਲੱਗਿਆ।
ਆਖਰੀ ਡੱਬਾ ਪਾਣੀ ਦੇ ਵੱਡੇ ਪੰਪ ਦੇ ਪਿੱਛੇ ਹੀ ਸੀ ਕਿ ਕਾਲੀ ਨੇ ਉਸ ਦੇ ਪਿਛਲੇ ਦਰਵਾਜ਼ੇ ਦੇ ਡੰਡੇ ਨੂੰ ਫ਼ੜ ਲਿਆ ਅਤੇ ਡੱਬੇ ਦੇ ਨਾਲ-ਨਾਲ ਦੌੜਣ ਲੱਗਾ। ਛਾਲ ਮਾਰ ਕੇ ਪਾਏਦਾਨ ਤੇ ਪੈਰ ਰੱਖਣ ਦੀ ਕੋਸਿ਼ਸ਼ ਕਰਦਿਆਂ ਉਹ ਇਕ-ਦੋ ਵਾਰ ਲੜਖੜਾ ਗਿਆ ਅਤੇ ਪੱਟੜੀ ਦੇ ਨਾਲ ਪਏ ਪੱਥਰਾਂ ਨਾਲ ਘਿਸਰਨ ਤੋਂ ਵਾਲ-ਵਾਲ ਬਚਿਆ। ਅੰਤ ਵਿਚ ਉਸ ਨੇ ਪੈਰ ਪਾਏਦਾਨ ਤੇ ਰੱਖ ਹੀ ਲਿਆ ਅਤੇ ਡੰਡੇ ਨੂੰ ਦੋਨਾਂ ਹੱਥਾਂ ਨਾਲ ਘੁੱਟ ਕੇ ਫੜ ਲਿਆ। ਖਿੜਕੀ ਤੋਂ ਬਾਹਰ ਝਾਕ ਰਹੇ ਇਕ ਆਦਮੀ ਦੇ ਰੌਲ਼ਾ ਪਾਉਣ ਕਰਕੇ ਦੋ ਨੌਜਵਾਨਾਂ ਨੇ ਕਾਲੀ ਨੂੰ ਉੱਪਰ ਖਿੱਚ ਲਿਆ।
“ਭਾਈ, ਜੇ ਲੜ-ਝਗੜ ਕੇ ਘਰੋਂ ਆਇਆਂ, ਅਤੇ ਮਰਨਾ ਆਂ ਤਾਂ ਸਿੱਧੀ ਤਰ੍ਹਾਂ ਮਰ। ਹੋਰਨਾਂ ਲਈ ਕਿਉਂ ਮੁਸੀਬਤ ਖੜ੍ਹੀ ਕਰਨੀ ਚਾਹੁੰਨਾ ਏਂ।” ਇਕ ਬਜ਼ੁਰਗ ਨੇ ਕਾਲੀ ਨੂੰ ਤਾੜਨਾ ਕੀਤੀ।
“ਬਿਨ੍ਹਾਂ ਟਿਕਟ ਸਫ਼ਰ ਕਰ ਰਿਹਾ ਹੋਣਾ।” ਦੂਜੇ ਆਦਮੀ ਨੇ ਬੇਯਕੀਨੀ ਨਾਲ ਕਾਲੀ ਵੱਲ ਦੇਖਿਆ, “ਤਾਂ ਹੀ ਤਾਂ ਦੌੜ ਕੇ ਗੱਡੀ ਫੜੀ ਹੈ।”
“ਚਲੋ ਛੱਡੋ ਇਹਨੂੰ। ਪਹਿਲਾਂ ਹੀ ਬਹੁਤ ਪਰੇਸ਼ਾਨ ਲੱਗ ਰਿਹਾ ਹੈ,” ਤੀਜੇ ਮੁਸਾਫਰ ਨੇ ਗੱਲ ਮੁਕਾਈ।
ਡੱਬੇ ਦੇ ਸਾਰੇ ਮੁਸਾਫਰ ਇਕ ਵਾਰ ਫਿਰ ਆਪਣੇ ਆਪ ਵਿਚ ਸੁੰਗੜ ਗਏ। ਕਾਲੀ ਦਰਵਾਜ਼ੇ ਦੇ ਪਿਛੇ ਜਿਹੇ ਹੋ ਕੇ ਫਰਸ਼ ਤੇ ਹੀ ਬੈਠ ਗਿਆ। ਉਸ ਨੂੰ ਬੁਰੀ ਤਰ੍ਹਾਂ ਸਾਹ ਚੜ੍ਹਿਆ ਹੋਇਆ ਸੀ ਅਤੇ ਉਹ ਆਪਣੇ ਹੋਸ਼-ਹਵਾਸ ਤੇ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਸੀ ਪਾ ਰਿਹਾ।
ਫਾਟਕ ਪਾਰ ਕਰਨ ਬਾਅਦ ਇੰਜਣ ਅਗਲੇ ਸਟੇਸ਼ਨ ਨੂੰ ਗੱਡੀ ਦੇ ਆਉਣ ਬਾਰੇ ਸੂਚਿਤ ਕਰਨ ਲਈ ਜ਼ੋਰ-ਜ਼ੋਰ ਨਾਲ ਸੀਟੀਆਂ ਮਾਰਨ ਲੱਗਾ ਤਾਂ ਕਾਲੀ ਨੂੰ ਇਕਦਮ ਖਿਆਲ ਆਇਆ ਕਿ ਚੋਲਾਂਗ ਸਟੇਸ਼ਨ ਆਉਣ ਹੀ ਵਾਲਾ ਹੈ। ਉਸ ਨੂੰ ਇਕ ਵਾਰ ਫਿਰ ਡਰ ਨੇ ਘੇਰ ਲਿਆ ਕਿਉਂਕਿ ਉਸ ਦੇ ਪਿੰਡ ਦੇ ਲੋਕ ਗੱਡੀ ਰਾਹੀਂ ਸਫ਼ਰ ਕਰਨ ਲਈ ਅਕਸਰ ਇਸ ਹੀ ਸਟੇਸ਼ਨ ਤੇ ਆਉਂਦੇ ਹਨ।
ਕਾਲੀ ਫੁਰਤੀ ਨਾਲ ਉਪਰਲੀ ਸੀਟ ਤੇ ਜਾ ਬੈਠਾ। ਫਿਰ ਉਹ ਲੰਮਾ ਲੈ ਗਿਆ ਅਤੇ ਸਿਰ-ਮੂੰਹ ਚਾਦਰ ਨਾਲ ਲਪੇਟ ਲਿਆ। ਪਰ ਪਲੇਟਫਾਰਮ ਦੀ ਚਹਿਲ-ਪਹਿਲ ਤੇ ਨਜ਼ਰ ਰੱਖਣ ਲਈ ਉਸ ਨੇ ਚਾਦਰ ਵਿਚ ਛੋਟਾ ਜਿਹਾ ਝਰੋਖਾ ਬਣਾ ਲਿਆ ਸੀ।
ਚੋਲਾਂਗ ਦਾ ਸਟੇਸ਼ਨ ਨੇੜੇ ਆਉਣ ਤੇ ਗੱਡੀ ਦੀ ਰਫ਼ਤਾਰ ਘੱਟ ਗਈ ਅਤੇ ਇੰਜਣ ਨੇ ਜ਼ੋਰਦਾਰ ਲੰਮੀ ਸੀਟੀ ਮਾਰੀ। ਫਿਰ ਕਰਚ…ਕਰਚ…ਕਰੀਹ…ਕਰੀਹ ਦੀਆਂ ਅਵਾਜ਼ਾਂ ਕਰਦੀ ਹੋਈ ਗੱਡੀ ਖੜ੍ਹ ਗਈ।
ਕਾਲੀ ਚਾਦਰ ਦੇ ਝਰੋਖੇ ਵਿਚੋਂ ਸਵਾਰੀਆਂ ਦੇ ਰੌਲੇ ਤੇ ਭੱਗਦੜ ਨੂੰ ਦੇਖਦਾ ਰਿਹਾ। ਉਸ ਦੀ ਨਿਗਾਹ ਸਟੇਸ਼ਨ ਦੇ ਪਾਰ ਕੱਚੀ ਸੜਕ ਦੇ ਕਿਨਾਰੇ ਝੌਂਪੜੀ ਵਰਗੀਆਂ ਦੁਕਾਨਾਂ ਵੱਲ ਚਲੇ ਗਈ। ਉਨਾਂ ਤੋਂ ਪਰੇ ਦਰੱਖਤਾਂ ਵਿਚ ਘਿਰਿਆ ਇਕ ਪਿੰਡ ਸੀ। ਉਸ ਤੋਂ ਇਕ ਕੋਹ ਦੇ ਫਾਸਲੇ ਤੇ ਦੂਸਰਾ ਅਤੇ ਲੱਗਭੱਗ ਇਕ ਕੋਹ ਹੋਰ ਅੱਗੇ ਪੂਰਬ ਵੱਲ ਉਸ ਦਾ ਪਿੰਡ ਸੀ।
ਕਾਲੀ ਨੂੰ ਯਾਦ ਆਇਆ ਕਿ ਤਕਰੀਬਨ ਦੋ ਸਾਲ ਪਹਿਲਾਂ ਉਹ ਜਲੰਧਰ ਤੋਂ ਮੁਕੇਰੀਆਂ ਜਾਣ ਵਾਲੀ ਪਹਿਲੀ ਗੱਡੀ ਰਾਹੀਂ ਇਸ ਹੀ ਸਟੇਸ਼ਨ ’ਤੇ ਉਤਰਿਆ ਸੀ। ਉਸ ਵਕਤ ਮਨ ਵਿਚ ਪਿੰਡ ਲਈ ਕਿੰਨੀ ਚਾਹ ਸੀ, ਬੜੇ-ਬੜੇ ਅਰਮਾਨ ਸਨ, ਬਹੁਤ ਉਤਸ਼ਾਹ ਅਤੇ ਲਾਲਸਾ ਸੀ। ਪਰ ਅੱਜ ਉਹ ਦਿਨ ਦੀ ਆਖਰੀ ਗੱਡੀ ਰਾਹੀਂ ਇਸ ਹੀ ਸਟੇਸ਼ਨ ਤੋਂ ਚੋਰਾਂ ਵਾਂਗ ਜਾ ਰਿਹਾ ਹੈ ਜਿਵੇਂ ਸਾਰਾ ਇਲਾਕਾ ਉਹਦਾ ਦੁਸ਼ਮਣ ਬਣ ਗਿਆ ਹੋਵੇ ਅਤੇ ਹਰ ਆਦਮੀ ਸਰਗਰਮੀ ਨਾਲ ਉਸ ਦੀ ਹੀ ਤਲਾਸ਼ ਕਰ ਰਿਹਾ ਹੋਵੇ।
ਸਟੇਸ਼ਨ ਵੱਲ ਨੂੰ ਪੂਰਬ ਤੋਂ ਆਉਣ ਵਾਲੀ ਪੱਗਡੰਡੀ ਉਤੇ ਕੁੱਝ ਲੋਕਾਂ ਨੂੰ ਗੱਡੀ ਵੱਲ ਨੂੰ ਦੌੜੇ ਆਉਂਦੇ ਦੇਖ ਕੇ ਕਾਲੀ ਘਬਰਾ ਗਿਆ। ਉਸ ਨੇ ਮੂੰਹ ਦੂਸਰੇ ਪਾਸੇ ਮੋੜ ਲਿਆ ਅਤੇ ਚਾਦਰ ਸਿਰ ’ਤੇ ਤਾਣ ਲਈ।
ਇਕ ਲੰਮੀ ਅਤੇ ਇਕ ਛੋਟੀ ਸੀਟੀ ਦੇ ਬਾਅਦ ਗੱਡੀ ਚੱਲ ਪਈ। ਸਟੇਸ਼ਨ ਦੀ ਇਮਾਰਤ, ਲੈਂਪਪੋਸਟ ਅਤੇ ਬੈਂਚ ਹੌਲੀ-ਹੌਲੀ ਉਸ ਦੀਆਂ ਅੱਖਾਂ ਦੇ ਅੱਗਿਉਂ ਖਿਸਕਦੇ ਹੋਏ ਪਿੱਛੇ ਰਹਿ ਗਏ। ਜਦ ਗੱਡੀ ਇਕ ਵਾਰ ਫਿਰ ਖੁੱਲੇ ਖੇਤਾਂ ਕੋਲੋਂ ਦੌੜਣ ਲੱਗੀ ਤਾਂ ਕਾਲੀ ਨੇ ਸੁੱਖ ਦਾ ਸਾਹ ਲਿਆ ਅਤੇ ਚਾਦਰ ਵਿਚੋਂ ਅੱਖਾਂ ਦੇ ਮੋਹਰੇ ਝਰੋਖਾ ਬਣਾ ਕੇ ਉਹ ਥੱਲੇ ਵਾਲੀਆਂ ਸੀਟਾਂ ਤੇ ਬੈਠੀਆਂ ਸਵਾਰੀਆਂ ਦੀਆਂ ਗੱਲਾਂ ਸੁਣਨ ਲੱਗਾ।
ਡੁੱਬਦੇ ਸੂਰਜ ਦੀਆਂ ਕਿਰਨਾਂ ਦੀ ਠੰਡਕ ਅਤੇ ਲੰਮੀਆਂ ਪਰਛਾਈਆਂ ਵਿਚ ਕੰਬਦੇ ਖੇਤ ਪਿੱਛੇ ਨੂੰ ਦੌੜੇ ਜਾ ਰਹੇ ਸਨ। ਕਾਲੀ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੀ ਬੀਤੀ ਜਿ਼ੰਦਗੀ ਅਤੇ ਸੁੱਖ-ਦੁੱਖ ਵੀ ਪਿੱਛੇ ਰਹਿ ਗਏ ਹਨ ਅਤੇ ਉਹ ਬਹੁਤ ਤੇਜ਼ੀ ਨਾਲ ਉੁਹਨਾਂ ਤੋਂ ਦੂਰ ਜਾ ਰਿਹਾ ਹੈ। ਇਹ ਸੋਚ ਕੇ ਉਸ ਨੂੰ ਚੈਨ ਜਿਹਾ ਮਹਿਸੂਸ ਹੋਇਆ।
ਜਲੰਧਰ ਤੋਂ ਤਿੰਨ ਸਟੇਸ਼ਨ ਪਹਿਲਾਂ ਸੂਰਜ ਡੁੱਬ ਗਿਆ ਅਤੇ ਪਿੱਛੇ ਨੂੰ ਦੌੜੇ ਜਾਂਦੇ ਖੇਤ ਵੀ ਹਨੇਰੇ ਵਿਚ ਗੁਆਚ ਗਏ। ਕਾਲੀ ਨੇ ਆਪਣੇ ਭਵਿੱਖ ਦੀ ਕਲਪਨਾ ਕਰਨੇ ਦੀ ਕੋਸਿ਼ਸ਼ ਕੀਤੀ ਤਾਂ ਉਹ ਵੀ ਉਸ ਨੂੰ ਡੂੰਘੇ ਹਨੇਰੇ ਦੀ ਤਰ੍ਹਾਂ ਹੀ ਲੱਗਾ। ਉਸ ਨੇ ਨਿਰਾਸ਼ ਹੋ ਕੇ ਇਕ ਵਾਰ ਫਿਰ ਮੂੰਹ ਤੇ ਚਾਦਰ ਲੈ ਲਈ।
ਬਿਜਲੀ ਦੀ ਮੱਧਮ ਰੌਸ਼ਨੀ ਡੱਬੇ ਅੰਦਰ ਮੋਟੇ-ਮੋਟੇ ਘਸਮੈਲੇ ਧੱਬੇ ਬਣ ਕੇ ਫੈਲ ਗਈ ਸੀ। ਖਿੜਕੀਆਂ ਵਿਚੋਂ ਛਿਣ ਕੇ ਆਉਂਦੀ ਰੌਸ਼ਨੀ ਦੇ ਧੱਬੇ ਥੱਲੇ, ਪੱਟੜੀ ਤੇ ਪੈਂਦੇ ਹੋਏ ਗੱਡੀ ਦੇ ਨਾਲ ਦੌੜ ਰਹੇ ਸਨ। ਸਾਰੇ ਵਾਤਾਵਰਣ ’ਤੇ ਇੰਜਣ ਦੀ ਛੁੱਕ-ਛੁੱਕ ਅਤੇ ਡੱਬੇ ਦੇ ਪਹੀਆਂ ਦੀ ਗੜਗੜਾਹਟ ਛਾਈ ਹੋਈ ਸੀ।
ਗੱਡੀ ਜਦੋਂ ਜਲੰਧਰ ਤੋਂ ਇਕ ਸਟੇਸ਼ਨ ਹੀ ਦੂਰ ਰਹਿ ਗਈ ਤਾਂ ਕਾਲੀ ਨੂੰ ਇਕ ਵਾਰ ਫੇਰ ਘਬਰਾਹਟ ਮਹਿਸੂਸ ਹੋਣ ਲੱਗੀ। ਉਹ ਜਲੰਧਰ ਸ਼ਹਿਰ ਬਾਰੇ ਸੋਚਣ ਲੱਗਾ। ਬਹੁਤ ਕੋਸਿ਼ਸ਼ ਦੇ ਬਾਵਜੂਦ ਵੀ ਉਹ ਆਪਣੇ ਦਿਮਾਗ ’ਚ ਸ਼ਹਿਰ ਦੀ ਕੋਈ ਰੂਪ-ਰੇਖਾ ਤੇ ਨਕਸ਼ਾ ਨਾ ਬਣਾ ਸਕਿਆ।
ਹੁਣ ਉਹਨੂੰ ਪਿੰਡ ਦੇ ਡਰ ਨਾਲੋਂ ਸ਼ਹਿਰ ਦਾ ਭੈ ਖਾਣ ਲੱਗਾ। ਉਹਨੇ ਸੋਚਿਆ ਕਿ ਸ਼ਾਇਦ ਇਹ ਸ਼ਹਿਰ ਵੀ ਬਹੁਤ ਬੜਾ ਹੋਣਾ ਹੈ। ਉਹਦੇ ਵਿਚ ਕਈ ਪਿੰਡ ਅਸਾਨੀ ਨਾਲ ਸਮਾ ਸਕਦੇ ਹੋਣੇਗੇ। ਉਥੇ ਛੋਟੇ ਛੋਟੇ ਘਰ ਤੇ ਝੌਂਪੜੀਆਂ ਤੋਂ ਬਿਨਾਂ ਆਲੀਸ਼ਾਨ ਮਕਾਨ, ਬਹੁਤ ਬੜੀਆਂ ਖੁੱਲੀਆਂ ਕੋਠੀਆਂ, ਮਹੱਲ ਤੇ ਹਵੇਲੀਆਂ ਵੀ ਹੋਣਗੀਆਂ। ਸ਼ਹਿਰ ਆਦਮੀਆਂ ਨਾਲ ਖਚਾਖਚ ਭਰਿਆ ਹੋਵੇਗਾ ਜਿਥੇ ਤੁਰਦੇ ਸਮੇਂ ਲੋਕਾਂ ਦਾ ਮੋਢੇ ਨਾਲ ਮੋਢਾ ਖਹਿੰਦਾ ਹੋਵੇਗਾ। ਪਰ ਇਹ ਚੇਤਾ ਆਉਂਦੇ ਹੀ ਉਹ ਬਹੁਤ ਉਦਾਸ ਹੋ ਗਿਆ ਕਿ ਐਨੇ ਵੱਡੇ ਸ਼ਹਿਰ ’ਚ ਉਹਦੀ ਜਾਣ ਪਹਿਚਾਣ ਵਾਲਾ ਇਕ ਵੀ ਬੰਦਾ ਨਹੀਂ ਹੈ।
ਕਾਲੀ ਨੂੰ ਲੱਗਾ ਕਿ ਹਨੇਰੇ ’ਚ ਗੁਆਚੇ ਪੰਛੀ ਵਾਂਗ ਉਹ ਵੀ ਸ਼ਹਿਰ ’ਚ ਭਟਕਦਾ ਫਿਰੇਗਾ ਤੇ ਲੋਅ ਹੋਣ ਤੋਂ ਪਹਿਲਾਂ ਹੀ ਕਿਸੇ ਕੰਧ ਵਿਚ ਵੱਜ ਕੇ ਜਾਂ ਥੱਕ ਕੇ ਦਮ ਤੋੜ ਦੇਵੇਗਾ।
ਜਦ ਸਵਾਰੀਆਂ ਆਪਣਾ ਆਪਣਾ ਸਮਾਨ ਸੰਭਾਲਣ ਲੱਗੀਆਂ ਤਾਂ ਉਹਨੇ ਸੁਣਿਆਂ ਕਿ ਵੱਡਾ ਸਟੇਸ਼ਨ ਆਉਣ ਹੀ ਵਾਲਾ ਹੈ। ਕਾਲੀ ਵੀ ਉਪਰਲੀ ਸੀਟ ਤੋਂ ਥੱਲੇ ਆ ਗਿਆ ਤੇ ਤਾਕੀ ’ਚੋਂ ਸਿਰ ਬਾਹਰ ਕੱਢ ਕੇ ਦੂਰ ਤੱਕ ਫੈਲੀਆਂ ਤੇ ਟਿਮਟਮਾਉਂਦੀਆ ਰੌਸ਼ਨੀਆਂ ਨੂੰ ਧਿਆਨ ਨਾਲ ਦੇਖਣ ਲੱਗਾ।
ਜਿਉਂ ਜਿਉਂ ਸ਼ਹਿਰ ਨੇੜੇ ਆ ਰਿਹਾ ਸੀ ਕਾਲੀ ਦੇ ਮਨ ’ਚ ਉਹਦੇ ਲਈ ਦਿਲਚਸਪੀ ਤੇ ਇੱਛਾ ਅਤੇ ਜਿ਼ੰਦਗੀ ਲਈ ਉਤਸ਼ਾਹ ਵੱਧ ਰਿਹਾ ਸੀ।
ਬਾਹਰਲਾ ਸਿਗਨਲ ਲੰਘ ਕੇ ਇੰਜ਼ਣ ਜ਼ੋਰ ਜ਼ੋਰ ਨਾਲ ਸੀਟੀਆਂ ਮਾਰਨ ਲੱਗਾ। ਯਾਤਰੀ ਆਪਣਾ ਸਮਾਨ ਚੁੱਕ ਕੇ ਦਰਵਾਜ਼ੇ ਕੋਲ ਇਕੱਠੇ ਹੋ ਗਏ ਤਾਂ ਕਿ ਗੱਡੀ ਤੋਂ ਉੱਤਰ ਕੇ ਛੇਤੀ ਤੋਂ ਛੇਤੀ ਘਰ ਪਹੁੰਚ ਸਕਣ। ਕਾਲੀ ਵੀ ਆਪਣੀ ਚਾਦਰ ਫੜੀ ਉਨ੍ਹਾਂ ਨਾਲ ਖੜ੍ਹਾ ਹੋ ਗਿਆ ਤੇ ਹਰ ਪਲ ਸ਼ਹਿਰ ਦੇ ਨੇੜੇ ਆ ਰਹੇ ਸ਼ੋਰ ਤੇ ਰੌਸ਼ਨੀਆਂ ਨੂੰ ਧਿਆਨ ਨਾਲ ਸੁਣਨ ਤੇ ਦੇਖਣ ਲੱਗਾ।
ਗੱਡੀ ਪਲੇਟਫਾਰਮ ਤੇ ਖੜ੍ਹੀ ਹੋਈ ਤਾਂ ਡੱਬਿਆਂ ਤੋਂ ਬਾਹਰ ਨਿਕਲਣ ਲਈ ਸਵਾਰੀਆਂ ਦਾ ਜੋਸ਼ ਹੱਦ ਤੱਕ ਜਾ ਪਹੁੰਚਾ ਤੇ ਉਹ ਇਕ ਦੂਜੇ ਵਿਚ ਵੱਜਦੇ ਹੋਏ ਬੋਰੀ ਦੇ ਮੂੰਹ ਚੋਂ ਡਿੱਗਦੇ ਹੋਏ ਆਲੂਆਂ ਦੀ ਤਰ੍ਹਾਂ ਪਲੇਟਫਾਰਮ ’ਤੇ ਖਿਲਰ ਗਏ। ਸਾਰੇ ਮੁਸਾਫਰ ਕਾਹਲੀ ਕਾਹਲੀ ਸਟੇਸ਼ਨ ਵੱਲ ਜਾ ਰਹੇ ਸਨ ਤਾਂ ਕਿ ਛੇਤੀ ਛੇਤੀ ਆਪਣੇ ਆਪਣੇ ਠਿਕਾਣੇ ਪਹੁੰਚ ਸਕਣ। ਪਲੇਟਫਾਰਮ ਤੇ ਖੜ੍ਹੇ ਕਾਲੀ ਨੇ ਜਦ ਆਪਣੀ ਮੰਜਿ਼ਲ ਬਾਰੇ ਸੋਚਿਆ ਤਾਂ ਉਸ ਨੂੰ ਝੁਣਝੁਣੀ ਆ ਗਈ। ਉਹ ਪਿੰਡ ਦੇ ਆਪਣੇ ਅਧੂਰੇ ਜਿਹੇ ਘਰ ਤੋਂ ਬਿਨ੍ਹਾਂ ਹੋਰ ਕੁਸ਼ ਨਾ ਸੋਚ ਸਕਿਆ। ਇਹ ਚੇਤਾ ਆਉਂਦਿਆਂ ਹੀ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਕਿ ਉਹਦੇ ਕੋਲ ਤਾਂ ਗੱਡੀ ਦਾ ਟਿਕਟ ਵੀ ਨਹੀਂ ਹੈ, ਫੜਿਆ ਗਿਆ ਤਾਂ ਉਹਦੀ ਪੁੱਛ ਪੜਤਾਲ ਹੋਵੇਗੀ। ਉਹ ਉਸ ਦਾ ਅਤਾ ਪਤਾ ਪੁੱਛਣਗੇ। ਸਭ ਕੁੱਝ ਭੁੱਲ ਕੇ ਉਹ ਇਸ ਉਲਝਣ ’ਚ ਪੂਰੀ ਤਰ੍ਹਾਂ ਫਸ ਗਿਆ ਕਿ ਉਹ ਸਟੇਸ਼ਨ ਤੋਂ ਬਾਹਰ ਕਿਵੇਂ ਨਿਕਲੇਗਾ।
ਜਦ ਉਹਦੀ ਸਮਝ ਵਿਚ ਕੁੱਝ ਨਾ ਆਇਆ ਤਾਂ ਉਹ ਮੁੜ ਗੱਡੀ ਦੇ ਡੱਬੇ ’ਚ ਵੜ ਗਿਆ ਜਿਵੇਂ ਉਹਨੇ ਅਜੇ ਅੱਗੇ ਹੋਰ ਸਫਰ ਕਰਨਾ ਹੋਵੇ। ਪਰ ਗੱਡੀ ਦੇ ਬਾਹਰ ਹੱਥ ’ਚ ਝਾੜੂ ਤੇ ਡੱਬੇ ਫੜੀ ਸਫਾਈ ਕਰਨ ਵਾਲਿਆਂ ਨੂੰ ਦੇਖ ਕੇ ਕਾਲੀ ਦੇ ਹੱਥ ਪੈਰ ਫੁੱਲ ਗਏ ਤੇ ਉਹ ਦੂਜੇ ਦਰਵਾਜ਼ੇ ਰਾਹੀਂ ਨਿਕਲ ਕੇ ਉਨ੍ਹਾਂ ਤੋਂ ਦੂਰ ਚਲਾ ਗਿਆ।
ਪਲੇਟਫਾਰਮ ਤਕਰੀਬਨ ਖਾਲੀ ਹੋ ਗਿਆ ਸੀ। ਮੁਕੇਰੀਆਂ ਤੋਂ ਆਉਣ ਵਾਲੀ ਗੱਡੀ ਦੀਆਂ ਸਵਾਰੀਆਂ ਪੁਲ਼ ਪਾਰ ਕਰਕੇ ਸਟੇਸ਼ਨ ਤੋਂ ਬਾਹਰ ਜਾ ਰਹੀਆਂ ਸਨ। ਪਰ ਦੂਜੇ ਪਲੇਟਫਾਰਮ ਤੇ ਦਿੱਲੀ ਜਾਣ ਵਾਲੀ ਗੱਡੀ ਦੇ ਮੁਸਾਫਰਾਂ ਕਰਕੇ ਕਾਫੀ ਭੀੜ ਸੀ। ਕਾਲੀ ਨੂੰ ਯਾਦ ਆਇਆ ਕਿ ਕਈ ਸਾਲ ਪਹਿਲਾਂ ਉਹਨੇ ਵੀ ਦਿੱਲੀ ਜਾਣ ਨੂੰ ਗੱਡੀ ਇਥੋਂ ਹੀ ਫੜੀ ਸੀ।
ਖਾਲੀ ਪਲੇਟਫਾਰਮ ਤੇ ਕਾਲੀ ਨੂੰ ਸਾਮ੍ਹਣੇ ਪੁਲਸ ਦੇ ਇਕ ਹਵਾਲਦਾਰ ਨਾਲ ਦੋ ਸਿਪਾਹੀ ਆਉਂਦੇ ਦਿਸੇ। ਉਹਨੂੰ ਲੱਗਾ ਕਿ ਉਹ ਸ਼ਾਇਦ ਉਹਦੇ ਵੱਲ ਹੀ ਆ ਰਹੇ ਹਨ। ਕਾਲੀ ਦੀ ਡਰ ਨਾਲ ਘਿੱਗੀ ਬੱਝ ਗਈ ਤੇ ਸਾਰੇ ਸਰੀਰ ਵਿਚ ਕੰਬਣੀ ਛਿੜ ਗਈ। ਆਉਣ ਵਾਲੇ ਖਤਰੇ ਨੂੰ ਮਹਿਸੂਸ ਕਰਦਿਆਂ ਉਹਦੇ ਸੁੰਨ ਹੋਏ ਸਰੀਰ ’ਚ ਇਕਦਮ ਫੁਰਤੀ ਆ ਗਈ ਤੇ ਸੁੰਨ ਹੋਇਆ ਦਿਮਾਗ ਵੀ ਕੰਮ ਕਰਨ ਲੱਗਾ।
ਉਹਨੇ ਕਾਹਲੀ ਜਿਹੇ ਚਾਰੇ ਪਾਸੇ ਦੇਖਿਆ ਤਾਂ ਕਿ ਹਨੇਰੇ ਵਿਚ ਕਿਤੇ ਲੁਕ ਜਾਵੇ ਪਰ ਪੂਰੇ ਪਲੇਟਫਾਰਮ ਤੇ ਕਿਤੇ ਬਹੁਤ ਤੇਜ਼ ਤੇ ਕਿਤੇ ਮੱਧਮ ਜਿਹੀ ਰੋਸ਼ਨੀ ਫੈਲੀ ਹੋਈ ਸੀ। ਕਾਲੀ ਦੂਜੇ ਪਾਸੇ ਨੂੰ ਤੁਰਨ ਲੱਗਾ ਤੇ ਅਰਾਮ ਨਾਲ ਟਹਿਲਦਾ ਹੋਇਆ ਪਲੇਟਫਾਰਮ ਦੇ ਕੰਢੇ ਤੱਕ ਪਹੁੰਚ ਗਿਆ। ਉਹਨੇ ਪਿਛੇ ਮੁੜ ਕੇ ਦੇਖਿਆ। ਪੁਲਸ ਕਿਤੇ ਦਿਖਾਈ ਨਹੀਂ ਸੀ ਦੇ ਰਹੀ। ਕਾਲੀ ਨੇ ਸੁੱਖ ਦਾ ਸਾਹ ਲਿਆ ਤੇ ਚਾਰੇ ਪਾਸੇ ਦੇਖ ਕੇ ਸੋਚਣ ਲੱਗਾ ਕਿ ਹੁਣ ਕਿਥੇ ਜਾਵੇ।
ਉਹਨੇ ਨਜ਼ਰ ਘੁਮਾ ਕੇ ਯਾਰਡ ਵੱਲ ਦੇਖਿਆ। ਥੋੜ੍ਹੀ ਦੂਰ ਬੁੱਢੇ ਹਾਥੀ ਵਰਗਾ ਇੰਜ਼ਣ ਖੜਾ ਸੀ। ਉਹ ਥੋੜੇ ਥੋੜੇ ਚਿਰ ਬਾਅਦ ਸੀਟੀ ਮਾਰਦਾ ਤੇ ਬਹੁਤ ਸਾਰੀ ਭਾਫ ਛੱਡਣ ਪਿਛੋਂ ਸ਼ਾਂਤ ਹੋ ਜਾਂਦਾ।
ਇੰਜ਼ਣ ਦੀ ਮੱਧਮ ਰੋਸ਼ਨੀ ਸਾਰੇ ਯਾਰਡ ’ਚ ਫੈਲੀ ਹੋਈ ਸੀ। ਉਹ ਖਾਲੀ ਯਾਰਡ ਦੇ ਪਾਰ ਦੇਖਣ ਲੱਗਾ। ਗੜਗੜਾਹਟ ਦੀਆਂ ਅਵਾਜ਼ਾਂ ਆ ਰਹੀਆਂ ਸਨ ਜਿਵੇਂ ਬਹੁਤ ਸਾਰੀਆਂ ਆਟਾ ਪੀਹਣ ਵਾਲੀਆਂ ਚੱਕੀਆਂ ਚੱਲ ਰਹੀਆਂ ਹੋਣ। ਉਹਦੇ ਸੱਜੇ ਪਾਸੇ ਕਾਫੀ ਦੂਰ ਕਈ ਬਹੁਤ ਬੜੇ ਬੜੇ ਤੇ ਗੋਲ਼ ਗੋਲ਼ ਉਚੇ ਢੋਲ ਖੜ੍ਹੇ ਸਨ । ਕਾਲੀ ਉਨਾਂ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਦੋ ਆਦਮੀ ਉਹਦੇ ਕੋਲ ਦੀ ਕਾਹਲੀ ਨਾਲ ਲੰਘੇ ਤੇ ਪਲੇਟਫਾਰਮ ਤੋਂ ਯਾਰਡ ’ਚ ਉਤਰ ਕੇ ਰੇਲ ਦੀਆਂ ਪਟੜੀਆਂ ਪਾਰ ਕਰਕੇ ਅਗਾਂਹ ਚਲੇ ਗਏ। ਉਹਨਾਂ ਦੇ ਸਿਰ ਤੇ ਵੱਡੀਆਂ ਵੱਡੀਆਂ ਬੋਰੀਆਂ ਤੇ ਹੱਥਾਂ ’ਚ ਬੜੇ ਬੜੇ ਝੋਲੇ ਸਨ।
ਕਾਲੀ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਤੁਰ ਪਿਆ। ਉਹ ਬੰਦੇ ਰੇਲ ਦੀਆਂ ਲਾਇਨਾਂ ਲੰਘ ਕੇ ਇਕ ਕੱਚੀ ਸੜਕ ’ਤੇ ਜਾ ਕੇ ਖੱਬੇ ਪਾਸੇ ਮੁੜ ਗਏ। ਕਾਲੀ ਵੀ ਥੋੜਾ ਫਾਸਲਾ ਰੱਖ ਕੇ ਉਨਾਂ ਦਾ ਪਿੱਛਾ ਕਰਦਾ ਰਿਹਾ। ਲਾਇਨ ਪਾਰ ਕਰਨ ਤੋਂ ਬਾਅਦ ਉਹਨੂੰ ਬਹੁਤ ਚੈਨ ਮਹਿਸੂਸ ਹੋਇਆ। ਉਹਨੇ ਲੰਮਾ ਸਾਰਾ ਸਾਹ ਛੱਡਿਆ। ਸਰੀਰਕ ਤੇ ਮਾਨਸਿਕ ਤਨਾਅ ਬਹੁਤ ਹੱਦ ਤੱਕ ਘੱਟ ਜਾਣ ਕਰਕੇ ਉਹ ਹੁਣ ਖੁੱਲ ਕੇ ਤੁਰਨ ਲੱਗਾ ਤੇ ਆਪਣੇ ਆਪ ਨੂੰ ਹੌਸਲਾ ਦੇਣ ਲਈ ਲੰਮਾ ਸਾਹ ਛੱਡ ਕੇ ਹੌਲੀ ਜਿਹੀ ਖੰਘ ਵੀ ਲੈਂਦਾ।
ਕੱਚਾ ਰਾਹ ਪੱਕੀ ਸੜਕ ਵਿਚ ਜਾ ਮਿਲਿਆ। ਸੜਕ ਦੇ ਇਕ ਪਾਸੇ ਕੋਈ ਸੌ ਸੌ ਗਜ਼ ਦੀ ਦੂਰੀ ਤੇ ਖੜੇ ਖੰਬਿਆਂ ਤੇ ਬਿਜਲੀ ਦੇ ਬਲਬ ਜਗ ਰਹੇ ਸਨ ਤੇ ਕਾਲੀ ਸੜਕ ਉਤੇ ਭੂਰੀ ਜਿਹੀ ਰੌਸ਼ਨੀ ਫੈਲੀ ਹੋਈ ਸੀ।
ਥੋੜੀ ਹੀ ਦੇਰ ਬਾਅਦ ਦੋਮੋਰੀਆ ਪੁਲ ਆ ਗਿਆ। ਪੁੱਲ ਦੇ ਥੱਲੇ ਦੀਂ ਉਹ ਵੀ ਉਨਾਂ ਲੋਕਾਂ ਦੇ ਮਗਰ ਮਗਰ ਸੱਜੇ ਪਾਸੇ ਮੁੜ ਗਿਆ। ਕਾਲੀ ਨੂੰ ਜਲੰਧਰ ਸ਼ਹਿਰ ਦੇ ਜੁਗਰਾਫੀਏ ਤੇ ਸੜਕਾਂ-ਥਾਵਾਂ ਦੀ ਕੋਈ ਜਾਣਕਾਰੀ ਨਹੀਂ ਸੀ। ਉਹ ਇਸ ਅੰਦਾਜ਼ੇ ਨਾਲ ਚਲ ਰਿਹਾ ਸੀ ਕਿ ਸਟੇਸ਼ਨ ਦੇ ਨੇੜੇ ਤੇੜੇ ਪਹੁੰਚ ਜਾਵੇਗਾ।
ਦੋਨੋ ਆਦਮੀ ਇਕ ਤਿੰਨ-ਰਾਹੇ ਤੋਂ ਸੱਜੇ ਪਾਸੇ ਨੂੰ ਮੁੜ ਗਏ। ਇਹ ਇਕ ਬਜ਼ਾਰ ਸੀ। ਸੜਕ ਦੇ ਦੋਨੀਂ ਪਾਸੀਂ ਦੁਕਾਨਾਂ ਅਜੇ ਖੁੱਲੀਆਂ ਸੀ ਤੇ ਬਜ਼ਾਰ ਵਿਚ ਕਾਫੀ ਰੌਣਕ ਸੀ। ਕਾਲੀ ਮੋੜ ਤੇ ਖੜ੍ਹ ਗਿਆ ਤੇ ਦੋਨਾਂ ਆਦਮੀਆਂ ਨੂੰ ਬਜ਼ਾਰ ਵਿਚ ਅੱਗੇ ਜਾਂਦੇ ਦੇਖਦਾ ਰਿਹਾ। ਆਪਣੀ ਵੱਲ ਕਾਹਲੀ ਨਾਲ ਆਉਂਦੇ ਤਾਂਗੇ ਤੋਂ ਬੇਖਬਰ ਕਾਲੀ ਧਿਆਨ ਤੇ ਹੈਰਾਨੀ ਨਾਲ ਬਜ਼ਾਰ ਵਿਚ ਦੂਰ ਦੂਰ ਤੱਕ ਦੇਖਣ ਦੀ ਕੋਸਿ਼ਸ਼ ਕਰਦਾ ਰਿਹਾ।
“ਭਾਈ, ਬਚ ਮੋੜ ਤੋਂ,” ਤਾਂਗੇ ਵਾਲੇ ਨੇ ਜ਼ੋਰ ਨਾਲ ਹਾਕ ਮਾਰੀ ਤਾਂ ਉਹ ਚੌਂਕ ਗਿਆ ਤੇ ਦੌੜ ਕੇ ਕੰਧ ਨਾਲ ਜਾ ਲੱਗਾ।
“ਇਕ ਸਵਾਰੀ ਟੇਸ਼ਨ ਤੱਕ।” ਤਾਂਗੇ ਵਾਲੇ ਨੇ ਕਾਲੀ ਵੱਲ ਮੁੜਕੇ ਦੇਖਦਿਆਂ ਕਿਹਾ। ਪਰ ਕਾਲੀ ਵਲੋਂ ਕੋਈ ਹੁੰਗਾਰਾ ਨਾ ਆਉਣ ਤੇ ਤਾਂਗਾ ਟਪ-ਟਪ ਦੀ ਅਵਾਜ਼ ਕਰਦਾ ਉਹਦੇ ਕੋਲੋ ਕਾਹਲੀ ਨਾਲ ਲੰਘ ਗਿਆ।
ਕਾਲੀ ਨੇ ਅੰਦਾਜ਼ਾ ਲਾਇਆ ਕਿ ਰੇਲਵੇ ਸਟੇਸ਼ਨ ਖੱਬੇ ਪਾਸੇ ਵੱਲ ਹੋਣਾ ਚਾਹੀਦਾ। ਉਹ ਉੱਚੀ ਕੰਧ ਦੇ ਨਾਲ ਨਾਲ ਉਧਰ ਨੂੰ ਤੁਰਨ ਲੱਗਾ ਜਿਧਰ ਨੂੰ ਤਾਂਗਾ ਗਿਆ ਸੀ। ਅਜੇ ਉਹ ਸਟੇਸ਼ਨ ਤੋਂ ਕਾਫੀ ਦੂਰ ਹੀ ਸੀ ਕਿ ਇਕ ਇੰਜ਼ਨ ਕੰਧ ਦੇ ਦੂਜੇ ਪਾਸੇ ਆ ਕੇ ਰੁਕਿਆ ਤੇ ਕੁੱਝ ਪਲਾਂ ਮਗਰੋਂ ਸੀਟੀ ਮਾਰਦਾ ਤੇ ਭਾਫ ਛੱਡਦਾ ਪਿਛੇ ਨੂੰ ਮੁੜ ਗਿਆ।
ਇਹ ਦੇਖ ਕੇ ਕਾਲੀ ਦਾ ਅੰਦਾਜ਼ਾ ਯਕੀਨ ’ਚ ਬਦਲ ਗਿਆ ਕਿ ਉਹ ਰੇਲਵੇ ਸਟੇਸ਼ਨ ਵੱਲ ਹੀ ਜਾ ਰਿਹਾ ਹੈ। ਉਹ ਇਸ ਤਰ੍ਹਾਂ ਤੁਰਨ ਲੱਗਾ ਜਿਵੇਂ ਆਪਣੇ ਘਰ ਨੂੰ ਜਾ ਰਿਹਾ ਹੋਵੇ।
ਇਸ ਸ਼ਹਿਰ ਵਿਚ ਰੇਲਵੇ ਸਟੇਸ਼ਨ ਤੋਂ ਬਿਨਾਂ ਕਾਲੀ ਕਿਸੇ ਵੀ ਅਜਿਹੀ ਥਾਂ ਬਾਰੇ ਸੋਚ ਨਹੀਂ ਸੀ ਸਕਦਾ ਜਿਥੇ ਰਾਤ ਭਰ ਲਈ ਆਸਰਾ ਤੇ ਅਰਾਮ ਮਿਲ ਸਕੇ। ਰੇਲਵੇ ਸੜਕ ਤੇ ਸਟੇਸ਼ਨ ਦੇ ਨੇੜੇ ਢਾਬਿਆਂ ਦੀ ਕਤਾਰ ਤੇ ਉਥੋਂ ਦਾਲ ਸਬਜ਼ੀ ਦੇ ਤੁੜਕੇ ਦੀ ਖੁਸ਼ਬੋ ਨਾਸਾਂ ਨੂੰ ਚੜ੍ਹਦੀ ਤੇ ਉਹਦਾ ਅਨੰਦ ਲੈਂਦਾ ਹੋਇਆ ਕਾਲੀ ਸਟੇਸ਼ਨ ਵੱਲ ਇਦਾਂ ਤੁਰਿਆ ਜਾ ਰਿਹਾ ਸੀ ਜਿਵੇਂ ਆਪਣੇ ਜੱਦੀ ਪੁਸ਼ਤੀ ਘਰ ਨੂੰ ਜਾ ਰਿਹਾ ਹੋਵੇ।
ਰੇਲਵੇ ਸਟੇਸ਼ਨ ਦੇ ਬਾਹਰ ਖੜੇ ਤਾਂਗੇ, ਕੋਚਵਾਨ, ਕੁਲੀ, ਸਵਾਰੀਆਂ ਅਤੇ ਉਨਾਂ ਦਾ ਪਿੱਛਾ ਕਰਦੇ ਹੋਏ ਭਿਖਾਰੀ ਤੇ ਭਿਖਾਰਨਾਂ ਤੋਂ ਬਚਦਾ ਬਚਦਾ ਉਹ ਤੀਜੇ ਦਰਜੇ ਦੇ ਅਰਾਮਘਰ ’ਚ ਪਹੁੰਚ ਗਿਆ। ਉਥੇ ਬਹੁਤ ਸਾਰੇ ਲੋਕ ਥੱਲੇ ਕਪੜਾ ਵਿਛਾ ਕੇ ਤੇ ਕਈ ਬੈਂਚਾਂ ਤੇ ਲੰਮੇ ਪਏ ਸਨ। ਕਾਲੀ ਨੇ ਇਧਰ ਉਧਰ ਦੇਖਿਆ ਤੇ ਇਕ ਕੋਨੇ ’ਚ ਖਾਲੀ ਥਾਂ ਦੇਖ ਕੇ ਉਸ ਨੇ ਸੁੱਖ ਦਾ ਸਾਹ ਲਿਆ। ਉਹਨੇ ਜੇਬ ’ਚ ਪਈ ਆਪਣੀ ਪੂੰਜੀ ਨੂੰ ਟੋਹਿਆ। ਕਪੜੇ ਵਿਚ ਬੰਨੇ ਸਿਕਿਆਂ ਦੇ ਚੌਰਸ ਤੇ ਗੋਲ ਕਿਨਾਰਿਆਂ ਨੂੰ ਮਜਬੂਤੀ ਨਾਲ ਟੋਹ ਕੇ ਮਹਿਸੂਸ ਕੀਤਾ ਤੇ ਮਨ ਹੀ ਮਨ ’ਚ ਹਿਸਾਬ ਲਾਇਆ। ਉਹਦੇ ਕੋਲ ਕੁੱਲ ਇਕ ਰੁਪਿਆ ਤੇ ਦੋ ਆਨੇ ਸਨ।
ਕੋਨੇ ਦੀ ਇਕ ਬੈਂਚ ਤੋਂ ਇਕ ਆਦਮੀ ਉੱਠ ਕੇ ਚਲਾ ਗਿਆ ਤਾਂ ਕਾਲੀ ਨੇ ਉਹਦੇ ਇਕ ਪਾਸੇ ਡੇਰਾ ਜਮਾਂ ਲਿਆ। ਉਹ ਸੋਚਣ ਲੱਗਾ ਸਟੇਸ਼ਨ ਦੇ ਬਾਹਰ ਢਾਬੇ ’ਤੇ ਖਾਣਾ ਖਾਵੇ ਜਾਂ ਫਿਰ ਇਥੇ ਹੀ ਕੁਲਚੇ-ਛੋਲਿਆਂ ਨਾਲ ਗੁਜ਼ਾਰਾ ਕਰ ਲਵੇ। ਉਹ ਕੁੱਝ ਚਿਰ ਆਪਣੇ ਆਪ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰਦਾ ਰਿਹਾ। ਬਹੁਤ ਸੋਚ ਵਿਚਾਰ ਤੋਂ ਬਾਅਦ ਕਾਲੀ ਨੇ ਫੈਸਲਾ ਕੀਤਾ ਕਿ ਉਥੇ ਹੀ ਕੁਲਚੇ-ਛੋਲੇ ਖਾ ਕੇ ਢਿੱਡ ਭਰ ਲਵੇ, ਕਿਉਂਕਿ ਇਨਾਂ ਪੈਸਿਆਂ ਨਾਲ ਵੱਧ ਤੋਂ ਵੱਧ ਸਮਾਂ ਕੱਢਣਾ ਚਾਹੀਦਾ ਹੈ।
ਕੁਲਚੇ-ਛੋਲਿਆਂ ਵਾਲਾ ਵੀ ਆਪਣੀ ਛਾਬੜੀ ਕਾਨਿਆਂ ਦੀਆਂ ਤਿੰਨ ਥੰਮੀਆਂ ’ਤੇ ਰੱਖੀ ਸੁਸਤ ਜਿਹਾ ਖੜਾ ਸੀ। ਕਾਲੀ ਨੂੰ ਆਪਣੀ ਵੱਲ ਦੇਖਦਾ ਦੇਖ ਕੇ ਕੁਲਚੇ ਵਾਲੇ ਨੇ ਹੋਕਾ ਦਿਤਾ-“ਗਰਮ ਛੋਲੇ-ਭਟੂਰੇ…ਗਰਮ ਗਰਮ ਛੋਲੇ-ਕੁਲਚੇ …ਕਾਬਲੀ ਚਨੇ…ਕਰਾਰੇ…ਮਸਾਲੇਦਾਰ।”
ਕਾਲੀ ਝਟਪਟ ਛਾਬੜੀ ਵਾਲੇ ਦੇ ਕੋਲ ਚਲਾ ਗਿਆ। ਉਹ ਬੜੇ ਧਿਆਨ ਨਾਲ ਵੱਡੀ ਸਾਰੀ ਪਰਾਤ ਦੇ ਇਕ ਖੂੰਜੇ ’ਚ ਛੋਟੀ ਜਿਹੀ ਢੇਰੀ ਨੂੰ ਦੇਖਣ ਲੱਗਾ। ਉਹਦੇ ਉਤੇ ਹਰੀ ਮਿਰਚ, ਟਮਾਟਰ ਦੇ ਟੁਕੜੇ ਤੇ ਹਰੇ ਧਨੀਏ ਦੇ ਪੱਤੇ ਰੱਖੇ ਹੋਏ ਸਨ। ਪਰਾਤ ਨੂੰ ਇਕ ਛੋਟੀ ਜਿਹੀ ਅੰਗੀਠੀ ਤੇ ਟਿਕਾਇਆ ਹੋਇਆ ਸੀ ਤਾਂ ਕਿ ਛੋਲੇ ਗਰਮ ਰਹਿਣ। ਪਰਾਤ ਦੇ ਕੋਲ ਇਕ ਹੋਰ ਛੋਟੀ ਅੰਗੀਠੀ ਸੀ ਜਿਸ ਤੇ ਛੋਟਾ ਜਿਹਾ ਤਵਾ ਰੱਖਿਆ ਹੋਇਆ ਸੀ।
ਪਰਾਤ ’ਚ ਸਜਾਈਆਂ ਸਾਰੀਆਂ ਚੀਜ਼ਾਂ ਨੂੰ ਕਾਲੀ ਨੇ ਧਿਆਨ ਨਾਲ ਪਰਖਿਆ। ਉਹਨੇ ਦੇਖਿਆ ਕਿ ਭਟੂਰਾ ਕੁਲਚੇ ਤੋਂ ਜਿ਼ਆਦਾ ਮੋਟਾ ਹੈ। ਉਹਨੇ ਭਟੂਰੇ ਵੱਲ ਇਸ਼ਾਰਾ ਕੀਤਾ, “ਇਹ ਕਿੰਨੇ ਦਾ ਹੈ?”
“ਆਨੇ ਦੇ ਦੋ।” ਛਾਬੜੀ ਵਾਲੇ ਨੇ ਇਕਦਮ ਜਵਾਬ ਦਿੱਤਾ ਤੇ ਭਟੂਰਾ ਚੁੱਕਣ ਲਈ ਹੱਥ ਵਧਾਇਆ।
“ਤੇ ਇਹ?” ਕਾਲੀ ਨੇ ਕੁਲਚੇ ਵੱਲ ਇਸ਼ਾਰਾ ਕੀਤਾ। “ਇਹ ਵੀ ਆਨੇ ਦੇ ਦੋ?”
“ਤੇ ਛੋਲੇ?”
“ਮੁਫਤ।”
“ਤਾਂ ਇਕ ਇਹ ਦੇ ਦੇ ਤੇ ਇਕ ਆਹ।” ਕਾਲੀ ਨੇ ਭਟੂਰੇ ਤੇ ਕੁਲਚੇ ਵੱਲ ਵਾਰੀ ਵਾਰੀ ਇਸ਼ਾਰਾ ਕੀਤਾ।
ਛਾਬੜੀ ਵਾਲੇ ਨੇ ਕਾਗਜ਼ ਦੇ ਟੁਕੜੇ ’ਤੇ ਇਕ ਕੁਲਚਾ ਤੇ ਇਕ ਭਟੂਰਾ ਅਤੇ ਪੱਤੇ ਦੇ ਡੂਨੇ ’ਚ ਛੋਲੇ ਪਾ ਦਿਤੇ।
ਕਾਲੀ ਨੇ ਦੋ-ਦੋ ਕਰਕੇ ਚਾਰ ਕੁਲਚੇ ਤੇ ਭਟੂਰੇ ਖਾਧੇ। ਉਹਨੇ ਪੈਸੇ ਦਿੱਤੇ ਤੇ ਨਲਕੇ ਤੋਂ ਢਿੱਡ ਭਰ ਕੇ ਪਾਣੀ ਪੀ ਕੇ ਡਕਾਰ ਮਾਰਦਾ ਚਾਹ ਦੀ ਰੇਡੀ ਕੋਲ ਆ ਖੜਾ ਹੋਇਆ। ਉਥੇ ਇਕ ਲੰਬੀ ਬੋਦੀ ਵਾਲਾ ਤਿਲਕਧਾਰੀ ਪੰਡਿਤ ਵੀ ਚਾਹ ਦੀ ਖਾਹਿਸ਼ ਪੂਰੀ ਕਰਨ ਲਈ ਪਹਿਲਾਂ ਹੀ ਖੜ੍ਹਾ ਸੀ। ਉਹਨੂੰ ਦੇਖ ਕੇ ਕਾਲੀ ਸਹਿਮ ਗਿਆ ਕਿਉਂਕਿ ਉਹਨੂੰ ਆਪਣੇ ਪਿੰਡ ਦੇ ਪੰਡਿਤ ਸੰਤਰਾਮ ਦਾ ਚੇਤਾ ਆ ਗਿਆ। ਚਾਹ ਲਈ ਕਹਿ ਕੇ ਉਹ ਥੋੜ੍ਹਾ ਪਿੱਛੇ ਹਟ ਗਿਆ। ਚਾਹ ਵਾਲੇ ਨੇ ਦੋ ਕੱਪ ਚਾਹ ਬਣਾਈ ਤੇ ਇਕ ਇਕ ਕੱਪ ਪੰਡਿਤ ਤੇ ਕਾਲੀ ਨੂੰ ਫੜਾ ਦਿੱਤੇ।
ਪੰਡਿਤ ਨੇ ਚਾਹ ਦਾ ਇਕ ਘੁੱਟ ਭਰਿਆ ਤੇ ਭੈੜਾ ਜਿਹਾ ਮੂੰਹ ਬਣਾ ਲਿਆ, “ਮਿੱਠਾ ਥੋੜਾ ਆ। ਸ਼ੱਕਰ ਦੇ ਦੋ ਚਮਚੇ ਹੋਰ ਪਾ ਦੇ।”
ਪੰਡਿਤ ਦੀ ਰੀਸੇ ਕਾਲੀ ਨੇ ਵੀ ਆਪਣਾ ਕੱਪ ਮੋਹਰੇ ਕਰ ਦਿਤਾ ਤੇ ਸੱ਼ਕਰ ਦਾ ਚਮਚਾ ਪੁਆ ਕੇ ਚਾਹ ਨੂੰ ਹਿਲਾਉਂਦਾ ਪਿਛੇ ਹਟ ਗਿਆ। ਉਹ ਪੂਰਾ ਅਨੰਦ ਲੈਣ ਲਈ ਚਾਹ ਦਾ ਘੁੱਟ ਅੰਦਰ ਲੰਘਾਉਂਦਾ ਸੜੂਪ-ਸੜੂਪ ਦੀ ਅਵਾਜ਼ ਕੱਢਦਾ ਹੋਇਆ ਚੋਰੀ ਛਿਪੇ ਪੰਡਿਤ ਵੱਲ ਦੇਖਣ ਲੱਗਾ।
ਕਾਲੀ ਅਜੇ ਚਾਹ ਪੀ ਹੀ ਰਿਹਾ ਸੀ ਕਿ ਦੂਰੋਂ ਇੰਜਣ ਦੀ ਸੀਟੀ ਸੁਣਾਈ ਦਿੱਤੀ। ਇੰਜਣ ਦੀ ਅਵਾਜ਼ ਨੇੜੇ ਆ ਰਹੀ ਸੀ। ਨਾਲ ਹੀ ਗੱਡੀ ਦੀ ਗੜਗੜਾਹਟ ਤੇ ਧਮਕ ਉੱਚੀ ਹੋਣ ਲੱਗੀ।
ਤੀਜੇ ਦਰਜੇ ਦੇ ਮੁਸਾਫਰਖਾਨੇ ਦੇ ਦੋਨਾਂ ਦਰਵਾਜਿ਼ਆਂ ਵਿਚ ਨੀਲੀਆਂ ਤੇ ਲਾਲ ਕਮੀਜ਼ਾਂ ਪਾਈ ਕੁਲੀ ਸਿਗਰਟ ਦਾ ਆਖਰੀ ਸੂਟਾ ਲਾ ਕੇ ਉਨਾਂ ਨੂੰ ਪੈਰਾਂ ਥੱਲੇ ਕੁਚਲਦੇ ਹੋਏ ਪਲੇਟਫਾਰਮ ਵੱਲ ਨੂੰ ਦੌੜ ਰਹੇ ਸਨ।
ਕਾਲੀ ਵੀ ਬੜੇ ਗੇਟ ਦੇ ਨੇੜੇ ਚਲਾ ਗਿਆ। ਪਰ ਚਿੱਟੀ ਵਰਦੀ ਪਾਈ ਦੋ ਬਾਬੂਆਂ ਨੂੰ ਆਉਂਦੇ ਦੇਖ ਕੇ ਉਹ ਡਰ ਕੇ ਪਿੱਛੇ ਹਟ ਗਿਆ।
ਕੁੱਝ ਹੀ ਪਲਾਂ ’ਚ ਸੀਟੀਆਂ ਮਾਰਦੀ ਹੋਈ ਡਾਕਗੱਡੀ ਸਟੇਸ਼ਨ ਤੇ ਆ ਗਈ। ਚਮਕਦੇ ਡੱਬੇ ਗੇਟ ਦੇ ਮੋਹਰਿਉਂ ਨਿਕਲ ਗਏ ਤੇ ਚੀ…ਚੀ…ਦੀ ਅਵਾਜ਼ ਕਰਦੇ ਖੜ੍ਹ ਗਏ।
ਪਲੇਟਫਾਰਮ ਤੇ ਬਹੁਤ ਹੀ ਸ਼ੋਰ ਮਚ ਗਿਆ। ਇਕੋ ਵਾਰ ਬਹੁਤ ਸਾਰੀਆਂ ਅਵਾਜ਼ਾਂ ਆਉਣ ਲੱਗੀਆਂ। ਕੁੱਝ ਹੀ ਸਮੇਂ ’ਚ ਸਮਾਨ ਨਾਲ ਲੱਦੀਆਂ ਸਵਾਰੀਆਂ ਬੜੇ ਗੇਟ ਤੋਂ ਮੁਸਾਫਰ ਖਾਨੇ ’ਚ ਦਾਖਲ ਹੋਣ ਲੱਗੀਆਂ। ਤਾਂਗਿਆਂ ਵਾਲੇ ਸਵਾਰੀਆਂ ਨੂੰ ਘੇਰਨ ਲੱਗੇ, “ਲਾਲਾ ਜੀ ਕਿੱਥੇ ਜਾਣਾ ਹੈ। ਬਾਬੂ ਜੀ ਪੇਸ਼ਾਵਰੀ ਤਾਂਗਾ ਹੈ।” ਤਾਂਗੇ ਵਾਲਾ ਇਕ ਹੀ ਸਾਹ ’ਚ ਇੰਨੀਆਂ ਸੜਕਾਂ, ਮੁਹੱਲੇ ਤੇ ਬਜ਼ਾਰਾਂ ਦੇ ਨਾਂ ਲੈ ਗਿਆ ਕਿ ਸਮਝਣਾ ਵੀ ਔਖਾ ਸੀ। ਕਈ ਸਵਾਰੀਆਂ ਕਿਰਾਏ ਦਾ ਮੁੱਲ ਕਰਦੀਆਂ ਬਹਿਸ ਕਰਨ ਲੱਗ ਪਈਆਂ।
ਸਵਾਰੀਆਂ ਨੂੰ ਲੈ ਕੇ ਤਾਂਗਿਆਂ ਵਾਲੇ ਆਪਸ ਵਿਚ ਵੀ ਲੜ ਪੈਂਦੇ। ਇਕ ਤਾਂਗੇ ਵਾਲਾ ਦੋ ਸਵਾਰੀਆਂ ਦਾ ਸਮਾਨ ਆਪਣੇ ਤਾਂਗੇ ’ਚ ਰੱਖਣ ਲੱਗਾ ਤਾਂ ਦੂਜੇ ਤਾਂਗੇ ਵਾਲੇ ਨੇ ਉਹਦਾ ਲੜ ਫੜਦਿਆਂ ਰੋਹਬ ਨਾਲ ਪੁੱਛਿਆ, “ਕਿੱਥੇ ਲਿਜਾ ਰਿਹਾ ਇਨਾਂ ਦਾ ਸਮਾਨ?” “ਕਿਉਂ ਤੂੰ ਇਨ੍ਹਾਂ ਦਾ ਮਾਮਾ ਲਗਦਾ?” ਪਹਿਲੇ ਤਾਂਗੇ ਵਾਲੇ ਨੇ ਆਪਣਾ ਲੜ ਛੁੜਾਉਂਦਿਆਂ ਉਹਦਾ ਹੱਥ ਝਟਕ ਦਿਤਾ।
“ਮਾਮਾ ਲਗਦਾ ਹੋੳਂੂਗਾ ਤੂੰ। ਇਨਾਂ ਨਾਲ ਪਹਿਲਾਂ ਮੈਂ ਗੱਲ ਕੀਤੀ ਆ।” ਦੂਜੇ ਤਾਂਗੇ ਵਾਲੇ ਨੇ ਜ਼ਬਰਦਸਤੀ ਉਨ੍ਹਾਂ ਦਾ ਸਮਾਨ ਚੁੱਕ ਲਿਆ।
ਹੌਲੀ ਹੌਲੀ ਸਵਾਰੀਆਂ ਨਾਲ ਲੱਦੇ ਤਾਂਗੇ ਸਟੇਸ਼ਨ ਦੇ ਵਿਹੜੇ ’ਚੋਂ ਬਾਹਰ ਨਿਕਲਣ ਲੱਗੇ। ਡਾਕਗੱਡੀ ਵੀ ਪਲੇਟਫਾਰਮ ਤੋਂ ਖਿਸਕਦੀ ਹੋਈ ਤੁਰਨ ਲੱਗੀ ਅਤੇ ਉਹਦੀ ਗੜਗੜਾਹਟ ਤੇ ਧਮਕ ਥੋੜ੍ਹੇ ਪਲਾਂ ਵਿਚ ਘੱਟ ਕੇ ਖਮੋਸ਼ੀ ’ਚ ਡੁੱਬ ਗਈ।
ਮੁਸਾਫਰ ਖਾਨੇ ’ਚ ਭੀੜ ਵੱਧਦੀ ਦੇਖ ਕੇ ਕਾਲੀ ਨੇ ਚਾਹ ਦਾ ਆਖਰੀ ਘੁੱਟ ਕਾਹਲੀ ਨਾਲ ਭਰਿਆ ਤੇ ਖਾਲੀ ਕੱਪ ਚਾਹ ਵਾਲੇ ਦੇ ਪੈਰਾਂ ਕੋਲ ਰੱਖ ਕੇ ਬੈਂਚ ’ਤੇ ਜਾ ਬੈਠਾ। ਇਕ ਆਦਮੀ ਨੂੰ ਬੈਂਚ ਵੱਲ ਆਉਂਦਾ ਦੇਖ ਕੇ ਕਾਲੀ ਚੌੜਾ ਹੋਕੇ ਬੈਠ ਗਿਆ ਤੇ ਪਿੱਠ ਪਿੱਛੇ ਨੂੰ ਹੋ ਕੇ ਫੱਟੇ ਨਾਲ ਟਿਕਾ ਲਈ। ਬੈਂਚ ਤੇ ਆਪਣਾ ਕਬਜ਼ਾ ਜਮਾਉਂਣ ਲਈ ਉਹਨੇ ਲੱਤਾਂ ਅੱਧੀਆਂ ਕੁ ਪਸਾਰ ਕੇ ਉੱਪਰ ਚਾਦਰ ਲੈ ਲਈ।
ਪਲੇਟਫਾਰਮ ਤੋਂ ਮੰਗਦੇ ਹੋਏ ਮੰਗਤੇ ਤੇ ਮੰਗਤੀਆਂ ਮੁਸਾਫਰਖਾਨੇ ’ਚ ਆ ਵੜੇ। ਉਨ੍ਹਾਂ ’ਚ ਬੁੜੇ, ਬੁੜੀਆਂ, ਜਵਾਨ ਤੇ ਬੱਚੇ ਵੀ ਸਨ। ਉਹ ਵੱਖਰੇ ਵੱਖਰੇ ਟੋਲੇ ਬਣਾ ਕੇ ਦਿਨ ਭਰ ਦੀ ਕਮਾਈ ਦਾ ਹਿਸਾਬ ਕਰਨ ਲੱਗੇ। ਉਹ ਕਦੀ ਕਦੀ ਆਪਸ ਵਿਚ ਲੜ ਪੈਂਦੇ ਤੇ ਬਹਿਸ ਕਰਨ ਲੱਗ ਜਾਂਦੇ। ਕੁੱਝ ਬੁੱਢੇ ਮੰਗਤੇ ਤੇ ਮੰਗਤੀਆਂ ਨੇ ਆਪਣੀਆਂ ਮੈਲੀਆਂ ਕੁਚੈਲੀਆਂ ਤੇ ਪੁਰਾਣੀਆਂ ਪਾਟੀਆਂ ਹੋਈਆਂ ਚਾਦਰਾਂ ਕੱਢ ਕੇ ਵਿਛਾ ਲਈਆਂ ਤਾਂ ਕੇ ਤੜਕੇ ਆਉਣ ਜਾਣ ਵਾਲੀਆ ਗੱਡੀਆਂ ਵਿਚ ਵੀ ਭੀਖ ਮੰਗ ਸਕਣ। ਸੌਣ ਤੋਂ ਪਹਿਲਾਂ ਉਨ੍ਹਾਂ ਨੇ ਪੈਸਿਆਂ ਦੀਆਂ ਗੁੱਥਲੀਆਂ ਨੂੰ ਚੰਗੀ ਤਰ੍ਹਾਂ ਟੋਹ ਕੇ ਦੇਖਿਆ। ਜਨਾਨੀਆਂ ਨੇ ਆਪਣੀਆਂ ਆਪਣੀਆਂ ਗੁੱਥਲੀਆਂ ਨੇਫਿਆਂ ਨਾਲ ਬੰਨ੍ਹ ਲਈਆਂ ਤੇ ਆਦਮੀਆਂ ਨੇ ਪਾਟੇ ਹੋਏ ਕੁੜਤਿਆਂ ਦੀਆਂ ਅੰਦਰਲੀਆਂ ਜੇਬਾਂ ਨਾਲ ਬਕਸੂਏ ਲਾ ਕੇ ਬੰਨ ਲਈਆਂ।
ਕੁੱਝ ਨੌਜੁਆਨ ਮੰਗਤੇ ਇਕ ਕੋਨੇ ਵਿਚ ਬੈਠੇ ਤਾਸ਼ ਲੈ ਕੇ ਜੂਆ ਖੇਡਣ ਲੱਗੇ ਤੇ ਕੁੱਝ ਸਟੇਸ਼ਨ ਦੇ ਬਾਹਰ ਰੇਲਵੇ ਰੋਡ ’ਤੇ ਠੇਕਾ ਸ਼ਰਾਬ ਦੇਸੀ ਵੱਲ ਨੂੰ ਤੁਰ ਪਏ।
ਮੁਟਿਆਰ ਮੰਗਤੀਆਂ ਨੇ ਆਪਣੀਆਂ ਚਾਦਰਾਂ ਬਜ਼ੁਰਗ ਮੰਗਤੀਆਂ ਦੇ ਵਿਚਾਲੇ ਵਿਛਾ ਲਈਆਂ ਤੇ ਆਪਸ ਵਿਚ ਹੌਲੀ ਹੌਲੀ ਗੱਲਾਂ ਕਰਨ ਲੱਗੀਆਂ। ਕਦੀ ਕਦੀ ਉਹ ਆਪਣੇ ਮੂੰਹਾਂ ’ਤੇ ਹੱਥ ਰੱਖ ਕੇ ਆਪਣੇ ਹਾਸੇ ਨੂੰ ਰੋਕਦੀਆਂ ਇਕ ਦੂਜੀ ਨਾਲ ਚੁੰਬੜ ਜਾਂਦੀਆਂ।
ਕਾਲੀ ਅਜੇ ਨਿਸਚਿੰਤ ਹੋ ਕੇ ਬੈਂਚ ’ਤੇ ਲੰਮਾ ਪਿਆ ਹੀ ਸੀ ਕਿ ਪਲੇਟਫਾਰਮ ਤੇ ਮੁਸਾਫਰ ਖਾਨੇ ਵਿਚ ਵੱਡੇ ਗੇਟ ਰਾਹੀਂ ਦੋ ਸਿਪਾਹੀ ਤੇ ਹਵਾਲਦਾਰ ਦਾਖਲ ਹੋਏ। ਹਵਾਲਦਾਰ ਕੋਲ ਗਜ਼ ਭਰ ਲੰਮੀ ਬੈਂਤ ਦੀ ਸੋਟੀ ਤੇ ਸਿਪਾਹੀਆ ਨੇ ਲਾਠੀਆਂ ਫੜੀਆਂ ਹੋਈਆਂ ਸਨ। ਹਵਾਲਦਾਰ ਦੇ ਨਾਲ ਇਕ ਆਦਮੀ ਹੋਰ ਵੀ ਸੀ। ਉਹਦੇ ਇਕ ਹੱਥ ਵਿਚ ਛੋਟਾ ਜਿਹਾ ਟਰੰਕ ਤੇ ਕੱਛ ’ਚ ਝੋਲਾ ਸੀ।
ਹਵਾਲਦਾਰ ਨੇ ਮੁਸਾਫਰ ਖਾਨੇ ਵਿਚ ਚਾਰੇ ਪਾਸੇ ਦੇਖਿਆ। ਸਾਰੀਆਂ ਬੈਚਾਂ ਭਰੀਆਂ ਪਈਆਂ ਸਨ। ਫਰਸ਼ ਤੇ ਲੋਕ ਸੁੱਤੇ ਪਏ ਸਨ ਤੇ ਕੁੱਝ ਬੈਠੇ ਗੱਪਾਂ ਮਾਰ ਰਹੇ ਸਨ।
“ਇਹ ਮੁਸਾਫਰ ਖਾਨਾ ਹੈ ਜਾਂ ਸਰਾਂ?” ਹਵਾਲਦਾਰ ਰਾਤ ਨੂੰ ਉਥੇ ਇੰਨੀ ਭੀੜ ਦੇਖ ਕੇ ਖਿੱਝ ਗਿਆ। ਉਹ ਇਕ ਬੈਂਚ ਕੋਲ ਗਿਆ ਤੇ ਉਸ ਤੇ ਲੰਮੇ ਪਏ ਆਦਮੀ ਨੂੰ ਡੰਡੇ ਨਾਲ ਹਿਲਾ ਕੇ ਉਠਾ ਦਿਤਾ। “ ਇਥੇ ਕਿਉ ਪਿਆ ਆਂ?”
“ਸਵੇਰੇ ਤੜਕੇ ਦੀ ਗੱਡੀ ਲੈਣੀ ਹੈ, ਹੁਸਿ਼ਆਰਪੁਰ ਜਾਣ ਲਈ।”
“ਗੱਡੀ ਤੜਕੇ ਨੂੰ ਲੈਣੀ ਆਂ ਤੇ ਡੇਰਾ ਹੁਣੇ ਲਾ ਕੇ ਬਹਿ ਗਿਆ?”
“ਅੰਮ੍ਰਿਤਸਰ ਤੋਂ ਆਇਆਂ। ਐਸ ਵੇਲੇ ਹੁਸਿ਼ਆਰਪੁਰ ਨੂੰ ਕੋਈ ਗੱਡੀ ਨਹੀਂ ਜਾਂਦੀ।”
“ਟਿਕਟ ਕਿੱਥੇ ਆ?” ਹਵਾਲਦਾਰ ਨੇ ਰੋਹਬ ਨਾਲ ਪੁੱਛਿਆ।
“ਟਿਕਟ ਹੈ।” ਸਵਾਰੀ ਨੇ ਜੇਬ ’ਚੋਂ ਰੁਮਾਲ ਕੱਢਿਆ ਤੇ ਗੰਢ ਖੋਲ ਕੇ ਉਸ ਵਿਚੋਂ ਟਿਕਟ ਕੱਢ ਕੇ ਹਵਾਲਦਾਰ ਨੂੰ ਫੜਾ ਦਿਤਾ।
ਹਵਾਲਦਾਰ ਨੇ ਟਿਕਟ ਦੇਖ ਕੇ ਸਵਾਰੀ ਨੂੰ ਮੋੜ ਦਿੱਤਾ ਤੇ ਸਿਪਾਹੀਆਂ ਵੱਲ ਨੂੰ ਚਲੇ ਗਿਆ। “ਮੁਸਾਫਰਖਾਨੇ ’ਚ ਹਰ ਆਦਮੀ ਦਾ ਟਿਕਟ ਚੈੱਕ ਕਰੋ।”
ਸਿਪਾਹੀ ਬੈਂਚਾਂ ਉੱਪਰ ਪਏ ਤੇ ਬੈਠੇ ਲੋਕਾਂ ਵੱਲ ਨੂੰ ਚਲੇ ਗਏ। ਉਨ੍ਹਾਂ ਨੂੰ ਦੇਖ ਕੇ ਕਾਲੀ ਘਬਰਾ ਗਿਆ। ਹਵਾਲਦਾਰ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹਦਾ ਮੂੰਹ ਪੀਲਾ ਹੋ ਗਿਆ ਤੇ ਉਹ ਹੋਲੀ ਜਿਹੇ ਚਾਦਰ ਲਪੇਟ ਕੇ ਬੈਂਚ ਦੇ ਇਕ ਪਾਸੇ ਨੂੰ ਸਰਕ ਗਿਆ।
“ਟਿਕਟ ਦਿਖਾਉ?” ਹਵਾਲਦਾਰ ਦੀ ਕੜਕਦੀ ਅਵਾਜ਼ ਸੁਣ ਕੇ ਕਾਲੀ ਦੀ ਘਿੱਗੀ ਬੱਝ ਗਈ ਤੇ ਉਹਨੇ ਹੱਥ ਜੋੜ ਕੇ ਨਾਂਹ ’ਚ ਸਿਰ ਹਿਲਾਇਆ।
“ਮੁਸਾਫਰਖਾਨਾ ਤੇਰੇ ਨਾਨਕਿਆਂ ਦਾ ਘਰ ਆ। ਚੱਲ ਦੌੜ ਇੱਥੋਂ।” ਹਵਾਲਦਾਰ ਨੇ ਆਪਣਾ ਡੰਡਾ ਕਾਲੀ ਵੱਲ ਨੂੰ ਘੁਮਾਇਆ।
ਕਾਲੀ ਚਾਦਰ ਸੰਭਾਲਦਾ ਦੌੜ ਗਿਆ ਤੇ ਹਵਾਲਦਾਰ ਨੇ ਸਿਪਾਹੀਆਂ ਨੂੰ ਹਾਕ ਮਾਰੀ, ਜਿਹਦੇ ਕੋਲ ਟਿਕਟ ਨਹੀਂ ਉਹਨੂੰ ਧੱਕੇ ਦੇ ਕੇ ਬਾਹਰ ਕੱਢ ਦਿਉ।”
ਫੇਰ ਉਹਨੇ ਆਪਣੇ ਨਾਲ ਆਏ ਆਦਮੀ ਵੱਲ ਦੇਖਿਆ ਤੇ ਕਿਹਾ, “ਆਪਣਾ ਸਮਾਨ ਰੱਖ ਤੇ ਪੂਰੇ ਬੈਂਚ ਨੂੰ ਸੰਭਾਲ ਲੈ। ਲੱਤਾਂ ਪਸਾਰ ਕੇ ਚੰਗੀ ਤਰ੍ਹਾਂ ਨੀਂਦ ਪੂਰੀ ਕਰ।” ਹਵਾਲਦਾਰ ਮੁੱਛਾਂ ਨੂੰ ਉਂਗਲੀਆਂ ਨਾਲ ਵੱਟ ਦੇਣ ਲੱਗਾ।
“ਬਹੁਤ ਬਹੁਤ ਧੰਨਵਾਦ।” ਆਦਮੀ ਨੇ ਆਪਣੇ ਹੱਥ ਤੇ ਕੱਛ ਵਾਲਾ ਸਮਾਨ ਬੈਂਚ ਤੇ ਟਿਕਾ ਦਿੱਤਾ ਤੇ ਆਪ ਚਾਹ ਵਾਲੀ ਰੇਡੀ ਵੱਲ ਨੂੰ ਤੁਰ ਪਿਆ।
“ਨਿੱਕੇ, ਚਾਹ ਸੁਹਣੀ ਬਣਾਈ। ਮੇਰਾ ਪੁਰਾਣਾ ਦੋਸਤ ਹੈ।” ਹਵਾਲਦਾਰ ਨੇ ਆਪਣੇ ਸਾਥੀ ਵੱਲ ਇਸ਼ਾਰਾ ਕੀਤਾ, “ਇਹਨੂੰ ਸਿ਼ਕਾਇਤ ਨਾ ਹੋਵੇ ਕਿ ਹਵਾਲਦਾਰੀ ਦੇ ਬਾਵਜੂਦ ਵੀ ਕੱਚੀ ਚਾਹ ਪਿਲਾਈ ਆ।”
“ਬਾਦਸ਼ਾਹੋ, ਕੀ ਗੱਲ ਕਰਦੇ ਆਂ।” ਹਵਾਲਦਾਰ ਦੇ ਆਦਮੀ ਨੇ ਹੱਸਦਿਆਂ ਕਿਹਾ, “ਜਦ ਸੌਣ ਲਈ ਸਾਰਾ ਬੈਂਚ ਦੇ ਦਿੱਤਾ ਤਾਂ ਚਾਹ ਕਿਦਾਂ ਘਟੀਆ ਹੋ ਸਕਦੀ ਆ?”
“ਯਾਰ, ਤੂੰ ਇਕ ਵਾਰ ਕਹਿ ਕੇ ਤਾਂ ਦੇਖ। ਸਾਰਾ ਮੁਸਾਫਰ ਖਾਨਾ ਖਾਲੀ ਕਰਾ ਦੇਵਾਂਗਾ।” ਹਵਾਲਦਾਰ ਨੇ ਆਪਣੇ ਸੱਜੇ ਮੋਢੇ ਤੇ ਲੱਗੇ ਤਿੰਨ ਫੀਤਿਆਂ ਵੱਲ ਇਸ਼ਾਰਾ ਕੀਤਾ।
“ਬਾਦਸ਼ਾਹੋ, ਮਾਲਕ ਆਂ ਤੁਸੀਂ, ਮਾਲਕ।” ਹਵਾਲਦਾਰ ਦੇ ਸਾਥੀ ਨੇ ਸਿਫਤ ਕਰਦਿਆਂ ਮੁਸਕਰਾਇਆ।
ਚਾਹ ਪੀ ਕੇ ਹਵਾਲਦਾਰ ਨੇ ਸਿਪਾਹੀਆ ਨਾਲ ਮੁਸਾਫਰ ਖਾਨੇ ਦਾ ਚੱਕਰ ਲਾਇਆ। ਇਕ ਕੋਨੇ ’ਚ ਜੂਆ ਖੇਲ ਰਹੇ ਨੌਜੁਆਨ ਮੰਗਤੇ ਆਪਣੇ ਪੱਤੇ ਕੱਠੇ ਕਰਕੇ ਹੌਲੀ ਜਿਹੇ ਖਿਸਕਣ ਲੱਗੇ ਸੀ। ਪਰ ਹਵਾਲਦਾਰ ਨੇ ਉਨ੍ਹਾਂ ਨੂੰ ਦੇਖ ਲਿਆ। ਉਹਨੇ ਆਪਣਾ ਡੰਡਾ ਹਵਾ ’ਚ ਘੁਮਾਂਉਦਿਆਂ ਸਿਪਾਹੀਆਂ ਨੂੰ ਹੁਕਮ ਦਿੱਤਾ, “ਫੜੋ ਸਾਲਿਆਂ ਨੂੰ, ਮੁਸਾਫਰ ਖਾਨੇ ਨੂੰ ਜੂਆ ਘਰ ਬਣਾ ਰੱਖਿਆ ਇਹਨਾਂ ਨੇ।” ਸਿਪਾਹੀਆਂ ਨੇ ਅਗਾਂਹ ਹੋ ਕੇ ਫਰਸ਼ ਤੇ ਲਾਠੀਆਂ ਮਾਰੀਆਂ ਤਾਂ ਮੰਗਤੇ ਦੌੜ ਕੇ ਹਨੇਰੇ ’ਚ ਲੁਕ ਗਏ।
ਬੁੱਢੇ ਮੰਗਤੇ ਤੇ ਮੰਗਤੀਆਂ ਆਪਣਾ ਨੰਗੇਜ਼ ਢਕਣ ਲਈ ਮੈਲੀਆਂ ਤੇ ਪਾਟੀਆਂ ਪੁਰਾਣੀਆਂ ਚਾਦਰਾਂ ਆਪਣੇ ਦੁਆਲੇ ਲਪੇਟਣ ਲੱਗੇ। ਜੁਆਨ ਮੰਗਤੀਆਂ ਆਪਣੇ ਸਰੀਰਾਂ ਨੂੰ ਇਕੱਠਾ ਕਰਕੇ ਸੁੰਗੜ ਗਈਆਂ।
“ਤੁਸੀਂ ਇਥੇ ਕੀ ਕਰ ਰਹੇ ਆਂ। ਦੌੜੋ ਇੱਥੋਂ?” ਹਵਾਲਦਾਰ ਨੇ ਮੰਗਤਿਆਂ ਵੱਲ ਨੂੰ ਡੰਡਾ ਘੁਮਾਇਆ।
“ਸਰਕਾਰ ਲੱਕ ਸਿੱਧਾ ਕਰ ਰਹੇ ਹਾਂ।” ਸਭ ਤੋਂ ਜਿ਼ਆਦਾ ਬੁੱਢੇ ਮੰਗਤੇ ਨੇ ਲੇਲੜੀਆਂ ਲੈਂਦੇ ਹੋਏ ਹੱਥ ਜੋੜੇ।
“ਕਿਊਂ? ਸਾਰਾ ਦਿਨ ਕੱਸੀ ਚਲਾਉਦੇ ਰਹੇ ਆਂ, ਜਿਹੜੀ ਥਕਾਵਟ ਹੋ ਗਈ ਆ। ਲੱਕ ਆਕੜ ਗਿਆ ਇਨ੍ਹਾਂ ਦਾ। …ਉੱਠੋ ਇੱਥੋਂ। ਸਾਲੇ ਦਿਨ ਨੂੰ ਮੰਗਦੇ ਫਿਰਦੇ ਆ ਰਾਤ ਨੂੰ ਚੋਰੀਆਂ ਕਰਦੇ ਆ, ਡਾਕੇ ਮਾਰਦੇ ਆ।” ਹਵਾਲਦਾਰ ਨੇ ਦੰਦ ਪੀਹਦਿਆਂ ਕਿਹਾ।
“ਸਰਕਾਰ, ਡਾਕੇ-ਚੋਰੀਆਂ ਕਰਨ ਜੋਗੇ ਹੁੰਦੇ ਤਾਂ ਸਾਰਿਆਂ ਮੋਹਰੇ ਹੱਥ ਕਿਉਂ ਅੱਡਦੇ…ਸਭ ਦਾ ਭਲਾ ਕਿਉਂ ਮੰਗਦੇ।”
“ਬਕਬਾਸ ਬੰਦ ਕਰ।” ਹਵਾਲਦਾਰ ਨੇ ਜ਼ੋਰ ਨਾਲ ਡੰਡਾ ਘੁਮਾਇਆ।
ਫਿਰ ਉਹਨੇ ਇਕ ਜੁਆਨ ਮੰਗਤੀ ਨੂੰ ਖੁੱਚ ਖੁਰਕਦਿਆਂ ਦੇਖਿਆ ਤੇ ਬੁੱਲਾਂ ਉਤੇ ਜੀਭ ਫੇਰਦਾ ਹੋਇਆ ਭੜਕ ਉਠਿਆ। “ਇਹਨੂੰ ਦੇਖ, ਇਹਦੇ ਲੋੜ ਤੋਂ ਜਿ਼ਆਦਾ ਹੀ ਖਾਜ ਹੁੰਦੀ ਆ।”
ਹਵਾਲਦਾਰ ਨੇ ਦੋਨਾਂ ਸਿਪਾਹੀਆਂ ਨੂੰ ਹਾਕ ਮਾਰੀ, ਇਨਾ ਨੂੰ ਕੱਢੋ ਇੱਥੋਂ। ਜਦੋਂ ਦਾ ਇਨਾਂ ਨੇ ਮੁਸਾਫਰ ਖਾਨੇ ਨੂੰ ਆਪਣਾ ਰੈਣ-ਬਸੇਰਾ ਬਣਾਇਆ ਹੈ, ਥਾਣੇ ਵਿਚ ਚੋਰੀ ਦੀਆਂ ਵਾਰਦਾਤਾਂ ’ਚ ਬਹੁਤ ਵਾਧਾ ਹੋ ਗਿਆ ਹੈ।”
ਦੋਨੋ ਸਿਪਾਹੀ ਝਿੜਕੇ ਮਾਰਦੇ ਮੰਗਤੇ ਤੇ ਮੰਗਤੀਆਂ ਦੇ ਕਪੜੇ ਖਿਚਣ ਲੱਗੇ ਤਾਂ ਮੰਗਤੇ ਉਠ ਕੇ ਤੁਰ ਪਏ। “ਕਹਿਰ ਮਾਲਿਕ ਦਾ।” ਇਕ ਬੁੱਢੇ ਮੰਗਤੇ ਨੇ ਹਵਾਲਦਾਰ ਵੱਲ ਹੱਥ ਕਰਕੇ ਕਿਹਾ। “ਸਰਕਾਰ ਮਰੇ ਨੂੰ ਮਾਰ ਕੇ ਕਾਹਦੀ ਬਹਾਦਰੀ। ਅਸੀਂ ਤਾਂ ਪਹਿਲਾਂ ਹੀ ਮਰੇ ਹੋਏ ਹਾਂ।”
ਮੰਗਤੇ ਤੇ ਮੰਗਤੀਆਂ ਬੁੜ ਬੁੜ ਕਰਦੇ ਮੁਸਾਫਰ ਖਾਨੇ ਤੋਂ ਬਾਹਰ ਨਿਕਲ ਕੇ ਬਾਹਰਲੀ ਕੰਧ ਦੇ ਕੋਲ ਖੜ੍ਹ ਗਏ। “ਬੈਠ ਜਾਉ ਇਥੇ।”
“ਇਥੇ ਬਾਹਰ ਹੀ?” ਇਕ ਮੁਟਿਆਰ ਮੰਗਤੀ ਨੇ ਕਿਹਾ।
“ਇਨ੍ਹਾਂ ਨੂੰ ਜਾ ਲੈਣ ਦਿਉ। ਫੇਰ ਅੰਦਰ ਚਲੇ ਜਾਵਾਂਗੇ।”
ਸਟੇਸ਼ਨ ਦੇ ਸਾਹਮਣੇ ਵਾਲਾ ਥਾਂ ਖਾਲੀ ਹੋ ਗਿਆ ਸੀ। ਤਾਂਗਿਆਂ ਦੀ ਟਾਪ, ਘੁੰਗਰੂਆਂ ਦੀ ਛਣਛਣਾਹਟ ਤੇ ਛੈਂਟੇ ਦੀ ਛਾਂ ਛਾਂ ਦੀ ਅਵਾਜ਼ ਦੂਰ ਚਲੇ ਗਈ ਸੀ। ਕੁਲੀ ਵੀ ਆਪਣੀ ਦਿਨ ਭਰ ਦੀ ਕਮਾਈ ਸੰਭਾਲ ਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਸਨ।
ਗੱਡੀ ਤੇ ਮੁਸਾਫਰਾਂ ਦੇ ਜਾਣ ਤੋਂ ਬਾਅਦ ਰੇਲਵੇ ਸਟੇਸ਼ਨ ਬਿਲਕੁਲ ਸੁੰਨਸਾਨ ਹੋ ਗਿਆ ਸੀ। ਸਾਹਮਣੇ ਤੋਂ ਕਈ ਕੁੱਤੇ ਆਏ ਤੇ ਪੂਛ ਚੱਕੀ, ਹੌਕਦੇ ਹੋਏ ਪਲੇਟਫਾਰਮ ਵੱਲ ਚਲੇ ਗਏ। ਸਟੇਸ਼ਨ ਦੇ ਸੱਜੇ ਪਾਸੇ ਬੱਸ ਅੱਡੇ ਕੋਲ ਦੀਆਂ ਦੁਕਾਨਾਂ ਵੀ ਬੰਦ ਹੋ ਰਹੀਆਂ ਸਨ।
ਸੜਕ ਦੀ ਰੌਣਕ ਵੀ ਘੱਟ ਗਈ ਤਾਂ ਕਾਲੀ ਵੀ ਆਪਣੀ ਜਗ੍ਹਾ ਤੋਂ ਹਿਲਿਆ। ਉਹਦੇ ਕਦਮ ਮੁਸਾਫਰ ਖਾਨੇ ਵੱਲ ਵਧਣ ਲੱਗੇ ਪਰ ਉਹ ਉਹਨੀਂ ਪੈਰੀਂ ਹੀ ਮੁੜ ਆਇਆ ਕਿੳਂੁਕਿ ਸਿਪਾਹੀਆਂ ਨਾਲ ਨਵਾਂ ਹਵਾਲਦਾਰ ਉਥੇ ਬੈਠਾ ਚਾਹ ਪੀ ਰਿਹਾ ਸੀ।
ਕਾਲੀ ਬੱਸ ਅੱਡੇ ਵੱਲ ਆ ਗਿਆ। ਹੌਲੀ ਹੌਲੀ ਪੈਰ ਚੁੱਕਦਾ ਉਹ ਬੰਦ ਦੁਕਾਨਾਂ ਦੇ ਨੇੜੇ ਆ ਗਿਆ। ਦੁਕਾਨਾਂ ਦੇ ਸਾਹਮਣੇ ਪਈਆਂ ਬੈਚਾਂ ਖਾਲੀ ਸਨ। ਕਾਲੀ ਨੇ ਰਾਤ ਉਨਾਂ ਬੈਚਾਂ ਤੇ ਸੋਂ ਕੇ ਗੁਜ਼ਾਰਨ ਬਾਰੇ ਸੋਚਿਆ।
ਉਹ ਅਜੇ ਬੈਂਚ ਤੋਂ ਥੋੜੀ ਦੂਰ ਹੀ ਗਿਆ ਸੀ ਕਿ ਠੰਡੀ ਹੋ ਰਹੀ ਭੱਠੀ ਲਾਗਿਉ ਇਕ ਕੁੱਤਾ ਨਿਕਲਿਆ ਤੇ ਟੱਪ ਟੱਪ ਕੇ ਉਹਨੂੰ ਭਂੌਕਣ ਲੱਗਾ। ਪਲ ਕੁ ਪਿਛੋਂ ਕਈ ਹੋਰ ਕੁੱਤੇ ਭੌਂਕਦੇ ਹੋਏ ਆ ਗਏ ਤੇ ਕਾਲੀ ਦੁਆਲੇ ਘੁਮੇਰੇ ਕੱਢਣ ਲੱਗੇ।
ਕੁੱਤਿਆਂ ਤੋਂ ਬਚਦਾ ਬਚਾਂਦਾ ਕਾਲੀ ਦੁਕਾਨਾਂ ਕੋਲੋਂ ਬੱਸ ਅੱਡੇ ਵੱਲ ਆ ਗਿਆ। ਉਹਨੇ ਸੋਚਿਆ ਕਿ ਸ਼ਹਿਰ ਦਾ ਕੁੱਤਾ ਤਾਂ ਕੁੱਤੇ ਦਾ ਮਦਦਗਾਰ ਹੈ ਪਰ ਆਦਮੀ ਨਹੀਂ।
ਆਪਣੇ ਇਕੱਲੇਪਣ ਕਰਕੇ ਕਾਲੀ ਉਦਾਸ ਹੋ ਗਿਆ ਤੇ ਬੱਸ ਅੱਡੇ ਦੇ ਖਾਲੀ ਬਰਾਂਡੇ ਦੇ ਇਕ ਕੋਨੇ ਵਿਚ ਚਾਦਰ ਵਿਛਾ ਕੇ ਲੰਮਾ ਪੈ ਗਿਆ ਤੇ ਆਉਣ ਵਾਲੀ ਸਵੇਰ ਬਾਰੇ ਸੋਚਣ ਲੱਗਾ।


ਦੋ


ਰੇਲਵੇ ਸਟੇਸ਼ਨ ’ਤੇ ਤੜਕੇ ਦੀਆਂ ਗੱਡੀਆਂ ਦੇ ਰੌਲੇ ਕਰਕੇ ਕਾਲੀ ਦੀ ਅੱਖ ਸੁਵੱਖਤੇ ਖੁੱਲ ਗਈ। ਕਈਆਂ ਦਿਨਾਂ ਦੀ ਥਕਾਵਟ ਤੇ ਦਿਮਾਗੀ ਪਰੇਸ਼ਾਨੀ ਤੋਂ ਬਾਅਦ ਉਹ ਆਪਣੇ ਆਪ ਨੂੰ ਕਿਸੇ ਹੱਦ ਤੱਕ ਹਲਕਾ ਤੇ ਤੰਦਰੁਸਤ ਮਹਿਸੂਸ ਕਰ ਰਿਹਾ ਸੀ। ਜਦ ਉਹਨੂੰ ਅੱਡੇ ਦੇ ਪਿਛਵਾੜੇ ਵਲੋਂ ਕੁੱਝ ਅਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਹ ਘਬਰਾ ਗਿਆ ਤੇ ਦੱਬੇ ਪੈਰੀਂ ਸੜਕ ਦੇ ਕੰਢੇ ਆ ਕੇ ਖੜ੍ਹ ਗਿਆ।
ਥੋੜ੍ਹੇ ਹੀ ਸਮੇਂ ਬਾਅਦ ਅੱਡੇ ਦੇ ਪਿਛਵਾੜਿਉਂ ਚਾਰ ਆਦਮੀ ਗੱਲਾਂ ਕਰਦੇ ਹੋਏ ਅੰਦਰਲੇ ਦਰਵਾਜ਼ੇ ਰਾਹੀਂ ਬਾਹਰ ਖੁੱਲੇ ਵਿਹੜੇ ਵਿਚ ਆ ਗਏ। ਉਹਨਾਂ ਨੇ ਇਕ ਕੋਨੇ ਵਿਚ ਪਈਆਂ ਖਾਲੀ ਬੋਤਲਾਂ ਚੁੱਕੀਆਂ ਤੇ ਨਲਕੇ ਤੋਂ ਪਾਣੀ ਨਾਲ ਭਰ ਕੇ ਰੇਲਵੇ ਸਟੇਸ਼ਨ ਦੀ ਬਾਹਰਲੀ ਕੰਧ ਦੇ ਨਾਲ ਤੁਰਦੇ ਹੋਏ ਰੇਲਵੇ ਰੋਡ ਵੱਲ ਚਲੇ ਗਏ। ਪਰ ਕੁੱਝ ਲੋਕ ਖਾਲੀ ਹੱਥੀਂ ਹੀ ਬੱਸ ਅੱਡੇ ਦੀ ਪਿਛਲੀ ਛੋਟੀ ਕੰਧ ਟੱਪ ਕੇ ਢਲਾਨ ਵਿਚ ਉੱਤਰ ਗਏ।
ਕਾਲੀ ਵੀ ਕੰਧ ਟੱਪ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਤੁਰਨ ਲੱਗਾ। ਉਹ ਛੇਤੀ ਹੀ ਖੁੱਲੀ ਜਗ੍ਹਾ ’ਚ ਪਹੁੰਚ ਗਿਆ। ਉਥੇ ਸੈਂਕੜੇ ਹੀ ਲੋਕ ਜੰਗਲ-ਪਾਣੀ ਬੈਠੇ ਸਨ। ਕਾਲੀ ਵੀ ਬਚਦਾ ਬਚਦਾ ਹੌਲੀ ਜਿਹੇ ਇਕ ਖਾਲੀ ਥਾਂ ਜਾ ਬੈਠਾ। ਉਥੋਂ ਉਠ ਕੇ ਉਹ ਛੱਪੜ ਵੱਲ ਨੂੰ ਚਲਾ ਗਿਆ।
ਉਹ ਆਪਣੇ ਆਪ ਨੂੰ ਹੋਰ ਵੀ ਹਲਕਾ ਮਹਿਸੂਸ ਕਰਨ ਲੱਗਾ ਕਿਉਂਕਿ ਇਕ ਅਣਜਾਣ ਜਗ੍ਹਾ ’ਚ ਸਵੇਰ ਦੀ ਇਕ ਬਹੁਤ ਵੱਡੀ ਜ਼ਰੂਰਤ ਅਸਾਨੀ ਨਾਲ ਪੂਰੀ ਹੋ ਗਈ ਸੀ। ਉਹ ਕੰਧ ਟੱਪ ਕੇ ਅੱਡੇ ਦੇ ਅੰਦਰ ਆ ਗਿਆ। ਦੋ ਬੱਸਾਂ ਖੁੱਲੇ ਵਿਹੜੇ ਵਿਚ ਖੜੀਆਂ ਸਨ। ਡਰਾਈਵਰ ਇੰਜ਼ਨ ਨੂੰ ਸਟਾਰਟ ਕਰਨ ਲੱਗੇ ਹੋਏ ਸਨ ਜਦ ਕਿ ਕਲੀਨਰ ਕਪੜੇ ਨਾਲ ਬੱਸ ਨੂੰ ਬਾਹਰੋਂ ਝਾੜ ਪੂੰਝ ਰਹੇ ਸਨ।
ਬੱਸ ਅੱਡੇ ਦੇ ਨਾਲ ਰੇਲਵੇ ਰੋਡ ਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਅੰਗੀਠੀਆਂ ਬੱਲ ਰਹੀਆਂ ਸਨ ਤੇ ਸਫਾਈ ਦੇ ਬਾਅਦ ਸਮਾਨ ਨੂੰ ਚੰਗੀ ਤਰ੍ਹਾਂ ਟਿਕਾਇਆ ਜਾ ਰਿਹਾ ਸੀ।
ਬੱਸਾਂ ਦੀ ਸਫਾਈ ਤੋਂ ਬਾਅਦ ਡਰਾਈਵਰ ਤੇ ਕਲੀਨਰ ਦੁਕਾਨਾਂ ਵਿਚ ਜਾ ਬੈਠੇ ਤਾਂ ਆਪਣੇ ਚਾਰੇ ਪਾਸੇ ਦੇਖਦਾ ਹੋਇਆ ਕਾਲੀ ਨਲਕੇ ਵੱਲ ਇਦਾਂ ਜਾਣ ਲੱਗਾ ਜਿਵੇਂ ਚੋਰੀ ਕਰਨ ਜਾ ਰਿਹਾ ਹੋਵੇ। ਉਹਦਾ ਜੀਅ ਕੀਤਾ ਕਿ ਉਹ ਨਹਾ ਲਵੇ ਤਾਂ ਜੋ ਸਰੀਰ ਹੋਰ ਵੀ ਹਲਕਾ ਹੋ ਜਾਵੇ। ਲੇਕਿਨ ਉਹਨੇ ਇਰਾਦਾ ਬਦਲ ਲਿਆ ਕਿ ਪਤਾ ਨਹੀਂ ਜੇ ਬਾਹਰ ਦੇ ਲੋਕਾਂ ਨੂੰ ਬੱਸ ਅੱਡੇ ਦੇ ਨਲਕੇ ਤੇ ਨਾਉਣ ਧੋਣ ਦੀ ਇਜਾਜ਼ਤ ਹੈ ਜਾਂ ਨਹੀਂ।
ਮੂੰਹ ਹੱਥ ਧੋ ਕਾਲੀ ਖਾਲੀ ਬੱਸਾਂ ਦੇ ਕੋਲ ਆ ਗਿਆ। ਉਧੇੜ ਉਮਰ ਦਾ ਆਦਮੀ ਜ਼ੋਰ ਜ਼ੋਰ ਚਿਲਾਅ ਰਿਹਾ ਸੀ। “ਚੱਲ ਬਈ, ਲੁਧਿਆਣਾ, ਫਗਵਾੜਾ, ਗੁਰਾਇਆਂ, ਫਿਲੌਰ।”
ਫੇਰ ਉਹ ਦੂਜੀ ਲਾਰੀ ਦਾ ਬੋਨਟ ਥਪਥਪਾਉਂਦਾ ਹੋਇਆ ਹੋਕਾ ਦਿੰਦਾ-“ਚੱਲ ਬਈ, ਚਹੇੜੂ, ਫਗਵਾੜਾ, ਬਹਿਰਾਮ, ਬੰਗਾ, ਨਵਾਂ ਸ਼ਹਿਰ।”
ਉਹ ਅਵਾਜ਼ ਬਦਲ ਬਦਲ ਕੇ ਤੇ ਥਾਵਾਂ ਦੇ ਨਾਂ ਅੱਗੇ ਪਿੱਛੇ ਕਰਕੇ ਵਾਰ ਵਾਰ ਬੋਲ ਰਿਹਾ ਸੀ। “ਸਿ਼ੰਗਾਰਿਆ, ਜ਼ੋਰ ਨਾਲ ਸਾਫ ਅਵਾਜ਼ ਦੇ। ਪਾਟੇ ਹੋਏ ਢੋਲ ਵਾਂਗ ਕਿਉਂ ਬਾਂ-ਬਾਂ ਕਰ ਰਿਹਾ?” ਬੱਸ ਦੇ ਕਲੀਨਰ ਗਿਆਨ ਨੇ ਹੱਸਦਿਆਂ ਕਿਹਾ।
“ਕੀ ਕਰਾਂ ਭਾਅ, ਸੰਘ ਬੈਠ ਗਿਆ। ਕੱਲ੍ਹ ਕੱਚੀ ਸੜਕ ਤੇ ਲਾਰੀ ’ਚ ਚਲਾ ਗਿਆ। ਸੰਘ ਵਿਚ ਧੂੜ ਭਰ ਗਈ ਹੈ।” ਸਿ਼ੰਗਾਰੇ ਨੇ ਖੰਘ ਕੇ ਸੰਘ ਸਾਫ ਕਰਨ ਦਾ ਯਤਨ ਕੀਤਾ।
“ਤਾਂ ਰਾਤ ਨੂੰ ਸ਼ਰਾਬ ਨਾਲ ਗਰਾਰੇ ਕਰ ਲੈਂਦਾ। ਇਸ ਕੰਮ ਲਈ ਤਾਂ ਪਾਈਆ ਕੁ ਹੀ ਬਥੇਰੀ ਸੀ। ਸੰਘ ਵੀ ਸਾਫ ਹੋ ਜਾਂਦਾ ਤੇ ਨੀਂਦ ਵੀ ਵਧੀਆ ਆੳਂੁਦੀ।” ਗਿਆਨ ਮਿਨ੍ਹਾ ਜਿਹਾ ਹੱਸਿਆ।
“ਭਾ ਜੀ ਬਹੁਤ ਮਹਿੰਗਾ ਇਲਾਜ ਦੱਸ ਰਹੇ ਹੋ। ਐਸ ਕੰਮ ਨਾਲ ਢਿੱਡ ਭਰ ਕੇ ਰੋਟੀ ਤਾਂ ਮਿਲਦੀ ਨਹੀਂ, ਐਨਾ ਮਹਿੰਗਾ ਇਲਾਜ ਕਿਵੇਂ ਕਰੀਏ?” ਸਿੰ਼ਗਾਰਾ ਬੱਸਾਂ ਦੇ ਦੁਆਲੇ ਗੇੜੇ ਕੱਢਦਾ ਹੋਇਆ ਅਵਾਜ਼ ਦੇ ਰਿਹਾ ਸੀ।
“ਉਏ ਹੋਕੇ ਦਿਆ ਪੁੱਤਰਾ, ਬਾਹਰ ਸੜਕ ਤੇ ਜਾ ਕੇ ਅਵਾਜ਼ ਦੇ। ਅੱਡੇ ਦੇ ਅੰਦਰ ਤਾਂ ਅੰਨੇ ਤੇ ਬੋਲੇ ਨੂੰ ਵੀ ਪਤਾ ਲੱਗ ਜਾਉ ਕਿ ਜਲੰਧਰ-ਲੁਧਿਆਣਾ ਤੇ ਜਲੰਧਰ-ਨਵਾਂ ਸ਼ਹਿਰ ਦੀਆਂ ਲਾਰੀਆਂ ਤਿਆਰ ਆ।” ਮੋਟੇ ਜਿਹੇ ਡਰਾਈਵਰ ਸੰਤਾ ਸਿੰਘ ਨੇ ਸਿ਼ਗਾਰੇ ਨੂੰ ਪਿਆਰ ਨਾਲ ਝਿੜਕਿਆ।
ਸਿ਼ਗਾਰਾ ਹੱਸਦਾ ਹੋਇਆ ਸੜਕ ਵੱਲ ਨੂੰ ਤੁਰ ਪਿਆ। ਉਹਨੇ ਖੱਬੇ ਹੱਥ ਦੇ ਅੰਗੂਠੇ ਨੂੰ ਗੱਲ੍ਹ ਤੇ ਟਿਕਾ ਚਾਰੇ ਉਂਗਲੀਆਂ ਮੂੰਹ ਦੇ ਪਾਸੇ ਨਾਲ ਜੋੜ ਕੇ ਉੱਚੀ ਉੱਚੀ ਹੋਕਾ ਦੇਣ ਲੱਗਾ, “ਚੱਲ ਲੁਧਿਆਣਾ…ਲੁਧਿਆਣਾ, ਫਗਵਾੜਾ-ਫਗਵਾੜਾ …ਬੰਗਾ…ਬੰਗਾ…ਫਿਲੌਰ-ਗੁਰਾਇਆਂ…ਨਵਾਂ ਸ਼ਹਿਰ…ਨਵਾਂ ਸ਼ਹਿਰ। ਡਾਕ ਗੱਡੀਆਂ ਜਾਣ ਹੀ ਵਾਲੀਆਂ ਹਨ।”
ਸਿ਼ਗਾਰੇ ਦੀ ਪਾਟੀ ਅਵਾਜ਼ ਨੂੰ ਸੁਣ ਕੇ ਸੰਤਾ ਸਿੰਘ ਜ਼ੋਰ ਜ਼ੋਰ ਦੀ ਹੱਸਣ ਲੱਗਾ। ਉਹਦੀਆਂ ਖੁੱਚਾਂ ਤੇ ਢਿਲਕੇ ਢਿੱਡ ਵਿਚ ਹੱਸਣ ਕਰਕੇ ਲਹਿਰਾਂ ਜਿਹੀਆਂ ਉਠ ਰਹੀਆਂ ਸਨ। ਕੁੱਝ ਸਵਾਰੀਆਂ ਨੂੰ ਅੱਡੇ ਵਿਚ ਵੜਦਿਆਂ ਦੇਖ ਕੇ ਸੰਤਾ ਸਿੰਘ ਤੇ ਗਿਆਨ ਬੈਂਚ ਤੋਂ ਉਠ ਕੇ ਆਪਣੀ ਬੱਸ ਕੋਲ ਆ ਗਏ। ਗਿਆਨ ਗੱਡੀ ਦੇ ਪਿਛਲੇ ਬੂਹੇ ਕੋਲ ਖੜ੍ਹ ਗਿਆ ਜਦੋਂ ਕਿ ਸੰਤਾ ਸਿੰਘ ਨੇ ਆਪਣੀ ਸੀਟ ਸੰਭਾਲ ਲਈ। ਉਹਨੇ ਹਿਲ ਜੁਲ ਕੇ ਆਪਣੇ ਢਿੱਡ ਨੂੰ ਸਟੇਰਿੰਗ ਵੀਲ੍ਹ ਤੇ ਸੀਟ ਦੇ ਵਿਚਾਲੇ ਖਾਲੀ ਜਗ੍ਹਾ ਵਿਚ ਚੰਗੀ ਤਰ੍ਹਾਂ ਟਿਕਾਇਆ। ਇਸ ਤਰ੍ਹਾਂ ਕਰਦਿਆਂ ਉਸ ਦਾ ਸਾਹ ਫੁੱਲ ਗਿਆ। ਸਾਹ ਨੂੰ ਠੀਕ ਕਰਨ ਲਈ ਉਹ ਖੰਘਣ ਲੱਗਾ। ਸੰਤਾ ਸਿੰਘ ਦੇ ਢਿੱਡ ਸੰਭਾਲਣ ਦੇ ਤਰੀਕੇ ਨੂੰ ਗਿਆਨ ਬੜੇ ਧਿਆਨ ਨਾਲ ਦੇਖ ਰਿਹਾ ਸੀ। ਸਿ਼ਗਾਰੇ ਨੂੰ ਵੀ ਹੋਕਾ ਦੇਣ ਦਾ ਚੇਤਾ ਭੁੱਲ ਗਿਆ। ਉਹਦੇ ਵੱਲ ਝੁਕ ਕੇ ਗਿਆਨ ਬੁੜਬੜਾਇਆ, ਤਾਏ ਦੇ ਢਿੱਡ ’ਚ ਜੇ ਬੱਚੇ ਹੋਏ ਤਾਂ ਅੱਧੀ ਦਰਜਨ ਤੋਂ ਘੱਟ ਨਹੀਂ ਹੋਣੇ।”
“ਤੇ ਜੇ ਗੰਦ ਭਰਿਆ ਹੋਇਆ ਤਾਂ ਘੱਟ ਤੋਂ ਘੱਟ ਅੱਧੇ ਸ਼ਹਿਰ ਦਾ ਜ਼ਰੂਰ ਹੋਵੇਗਾ।” ਸਿ਼ੰਗਾਰਾ ਖੀਂ ਖੀਂ ਕਰਕੇ ਹੱਸਿਆ।
“ਤੇ ਜੇ ਸ਼ਰਾਬ ਹੋਈ ਤਾਂ ਪੰਜ ਸੱਤ ਡਰੱਮ ਅਸਾਨੀ ਨਾਲ ਨਿਕਲ ਆਉਣਗੇ।” ਗਿਆਨ ਖੁੱਲ ਕੇ ਹੱਸਿਆ।
ਸੰਤਾ ਸਿੰਘ ਨੂੰ ਪਤਾ ਸੀ ਕਿ ਉਹ ਉਹਦੀ ਗੋਗੜ ਦਾ ਮਜ਼ਾਕ ਉਡਾ ਰਹੇ ਹਨ। ਗਰਦਨ ਘੁਮਾ ਕੇ ਗੁੱਸੇ ਭਰੀਆਂ ਅੱਖਾਂ ਨਾਲ ਦੋਨਾਂ ਵੱਲ ਦੇਖਦਾ ਉਹ ਦੰਦ ਪੀਹਣ ਲੱਗਾ, “ਕੀ ਹੋਕਾ ਤੁਹਾਡਾ ਪਿਉ ਦੇਉਗਾ? ਸਾਲੇ ਇਦਾਂ ਖੀਂ ਖੀਂ ਕਰਦੇ ਆ ਜਿਵੇਂ ਨਕਲਾਂ ਦੇਖ ਰਹੇ ਹੋਣ।”
ਸਿ਼ਗਾਰੇ ਨੇ ਹਾਸੇ ਨੂੰ ਰੋਕਣ ਲਈ ਮੂੰਹ ਤੇ ਹੱਥ ਰੱਖ ਲਿਆ ਤੇ ਹੌਲੀ ਜਿਹੇ ਉਥੋਂ ਖਿਸਕ ਗਏ ਅਤੇ ਅਲੱਗ ਅਲੱਗ ਪਾਸੇ ਜਾ ਕੇ ਉੱਚੀ ਉੱਚੀ ਹੋਕਾ ਦੇਣ ਲੱਗੇ। “ਭਾਈ, ਲੁਧਿਆਣਾ, ਫਗਵਾੜਾ, ਗੋਰਾਇਆਂ, ਫਿਲੌਰ, ਬਹਿਰਾਮ, ਬੰਗਾ, ਨਵਾਂ ਸ਼ਹਿਰ…ਨਵਾਂ ਸ਼ਹਿਰ, ਲੁਧਿਆਣਾ। ਗੱਡੀਆਂ ਤਿਆਰ ਹਨ।”
ਬੱਸਾਂ ਨੂੰ ਤਿਆਰ ਦੇਖ ਕੇ ਸੜਕ ਤੇ ਜਾਂਦੀਆਂ ਦੋ ਮੰਗਤੀਆਂ ਅੱਡੇ ਵਿਚ ਆ ਗਈਆਂ। ਗਿਆਨ ਦੇ ਮੋਹਰੇ ਹੱਥ ਫੈਲਾ ਗਿੜਗਿੜਾ ਕੇ ਭੀਖ ਮੰਗਣ ਲੱਗੀਆਂ।
“ਸਿ਼ੰਗਾਰਿਆ ਇਨ੍ਹਾਂ ਦਾ ਹਾਲ ਦੇਖ।” ਗਿਆਨ ਨੇ ਮੰਗਤੀਆਂ ਵੱਲ ਇਸ਼ਾਰਾ ਕਰਕੇ ਕਿਹਾ, “ਸਵੇਰ ਤੋਂ ਕਿਸੇ ਸਵਾਰੀ ਦਾ ਮੂੰਹ ਨਹੀਂ ਦੇਖਿਆ। ਅਜੇ ਇਕ ਵੀ ਟਿਕਟ ਨਹੀਂ ਕੱਟੀ ਤੇ ਇਹ ਸਵੇਰੇ ਸਵੇਰੇ ਆ ਧਮਕੀਆਂ।”
“ਰੱਬ ਭਾਗ ਲਾਵੇ। ਵੇਹੜੇ ਹਸਦੇ ਵਸਦੇ ਰਹਿਣ।” ਮੰਗਤੀਆਂ ਨੇ ਆਪਣੀ ਰੱਟ ਜਾਰੀ ਰੱਖੀ।
“ਜਾਉ, ਬੱਸਾਂ ਦਾ ਮਾਲਿਕ ਮੋਹਰੇ ਬੈਠਾ ਆ। ਡਰਾਈਵਰ ਦੀ ਸੀਟ ’ਤੇ। ਉਹਦੇ ਕੋਲੋਂ ਮੰਗੋ। ਮਨ ’ਚ ਦਇਆ ਆ ਗਈ ਤਾਂ ਝੋਲੀ ਭਰ ਦੇਊਗਾ।” ਸਿ਼ੰਗਾਰੇ ਨੇ ਸੰਤਾ ਸਿੰਘ ਵੱਲ ਇਸ਼ਾਰਾ ਕੀਤਾ।
ਮੰਗਤੀਆਂ ਸੰਤਾ ਸਿੰਘ ਦੀ ਸੀਟ ਕੋਲ ਜਾ ਕੇ ਭੀਖ ਮੰਗਣ ਲੱਗੀਆਂ। ਸੰਤਾ ਸਿੰਘ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਨੇ ਅਸੀਸਾਂ ਵੀ ਬਦਲ ਦਿੱਤੀਆਂ, “ਸਰਦਾਰਾ ਤੂੰ ਬਾਰਾਂ ਪੋਤਿਆਂ ਦਾ ਮੂੰਹ ਚੁੰਮੇਂ। ਲਾਰੀਆਂ ਚਲਦੀਆਂ ਰਹਿਣ। ਰੱਬ ਰੱਜ ਕੇ ਭਾਗ ਲਾਵੇ। ਬਸ, ਚਾਹ ਜੋਗੇ ਪੈਸੇ ਦੇ ਦੇ।”
ਸੰਤਾ ਸਿੰਘ ਨੇ ਪਹਿਲਾਂ ਤਾ ਮੰਗਤੀਆਂ ਨੂੰ ਅਣਦੇਖਾ ਕਰਨ ਲਈ ਮੂੰਹ ਦੂਜੇ ਪਾਸੇ ਫੇਰ ਲਿਆ। ਪਰ ਜਦ ਉਹ ਅਸੀਸਾਂ ਦੇ ਨਾਲ ਨਾਲ ਖਿੜਕੀਆਂ ਤੇ ਹੱਥ ਮਾਰਨ ਲੱਗੀਆਂ ਤਾਂ ਸੰਤਾ ਸਿੰਘ ਨੇ ਗੁੱਸੇ ਨਾਲ ਉਹਨਾਂ ਵੱਲ ਦੇਖਿਆ, “ਦੌੜੋ ਇਥੋਂ। ਮੁਸ਼ਟੰਡੀਆਂ ਕਿਤੋਂ ਦੀਆਂ।”
ਪਰ ਜਦੋਂ ਮੰਗਤੀਆਂ ਬਹਿਸ ਕਰਨ ਤੇ ਉੱਤਰ ਆਈਆਂ ਤਾਂ ਸੰਤਾ ਸਿੰਘ ਨੇ ਧਮਕੀ ਦਿੱਤੀ, “ਭਲਮਾਣਸੀ ਨਾਲ ਜਾਂਦੀਆਂ ਜਾਂ ਚੱਕਾਂ ਹੈਂਡਲ?” “ਸਰਦਾਰਾ ਖੈਰ ਨਾ ਦੇ। ਮਿੱਠਾ ਤਾਂ ਬੋਲ। ਬੋਹਣੀ ਦਾ ਟਾਈਮ ਆ।” ਇਕ ਮੰਗਤੀ ਨੇ ਸੰਤਾ ਸਿੰਘ ਵੱਲ ਜ਼ੋਰ ਜ਼ੋਰ ਨਾਲ ਹੱਥ ਲਹਿਰਾਇਆ ਤੇ ਦੂਜੀ ਮੰਗਤੀ ਦੀ ਬਾਂਹ ਫੜ੍ਹ ਲਾਰੀ ਵੱਲ ਗੁੱਸੇ ਨਾਲ ਦੇਖਿਆ, “ਚੱਲ ਟੇਸ਼ਨ ’ਤੇ ਹੀ ਚਲਦੇ ਹਾਂ। ਸਵੇਰੇ ਸਵੇਰੇ ਕਜੂੰਸ ਦੇ ਮੱਥੇ ਲੱਗੇ ਆਂ। ਰੱਬ ਖੈਰ ਕਰੇ।”
ਸੰਤਾ ਸਿੰਘ ਮੰਗਤੀਆ ਵੱਲ ਦੇਖਦਾ ਰਿਹਾ। ਜਦੋਂ ਉਹ ਅੱਡੇ ਤੋਂ ਬਾਹਰ ਨਿਕਲ ਗਈਆਂ ਤਾਂ ਉਹ ਦੋਨੋਂ ਹੱਥ ਸਟੇਰਿੰਗ ਵੀਲ੍ਹ ਤੇ ਟਿਕਾ ਕੇ ਅਰਾਮ ਨਾਲ ਬੈਠ ਗਿਆ।
ਸਿ਼ੰਗਾਰਾ ਤੇ ਗਿਆਨ ਹੋਕਾ ਦਿੰਦੇ ਦਿੰਦੇ ਥੱਕ ਕੇ ਚੁੱਪ ਹੋ ਗਏ। ਸਿੰ਼ਗਾਰੇ ਨੇ ਚਾਰੇ ਪਾਸੇ ਦੇਖ ਕੇ ਗਿਆਨ ਨੂੰ ਪੁੱਛਿਆ –“ਰਾਤੀਂ ਮਜ਼ਦੂਰਾਂ ਵਿਚੋਂ ਅੱਡੇ ’ਤੇ ਕੌਣ ਰਿਹਾ ਸੀ?”
“ਸੋਮਾ ਸੀ।”
“ਉਹ ਤਾਂ ਸਵੇਰ ਦਾ ਦਿਸਿਆ ਹੀ ਨਹੀਂ। ਕਿੱਥੇ ਮਰ ਗਿਆ?”
“ਸਵੇਰੇ ਤਾਂ ਇੱਥੇ ਸੀ। ਜੰਗਲ- ਪਾਣੀ ਸਾਡੇ ਨਾਲ ਹੀ ਗਿਆ ਸੀ।”
ਸੋਮੇ ਨੂੰ ਕੰਧ ਟੱਪ ਕੇ ਅੱਡੇ ’ਚ ਆਉਂਦਾ ਦੇਖ ਕੇ ਗਿਆਨ ਨੇ ਉਹਦੀ ਵੱਲ ਇਸ਼ਾਰਾ ਕੀਤਾ, “ਲੈ, ਤੂੰ ਚੇਤੇ ਕਰ ਰਿਹਾ ਸੀ। ਸੋਮਾ ਆ ਗਿਆ।”
“ਕਿੱਥੇ ਚਲੇ ਗਿਆ ਸੀ ਤੂੰ?” ਸਿ਼ੰਗਾਰੇ ਨੇ ਰੋਅਬ ਨਾਲ ਪੁੱਛਿਆ।
“ਯਾਰਾ, ਪਿੰਡ ਦੇ ਦੁਕਾਨਦਾਰ ਦਾ ਮੰਡੀ ਦੇ ਲਾਲੇ ਲਈ ਜਰੂਰੀ ਸਨੇਹਾ ਸੀ। ਉਹ ਦੇਣ ਗਿਆ ਸੀ।”
‘ਸਮਾਨ ਵਾਲੀ ਸਵਾਰੀ ਆ ਜਾਂਦੀ ਤਾਂ ਲਾਰੀ ਦੀ ਛੱਤ ’ਤੇ ਸਮਾਨ ਕੌਣ ਚੜਾਉਂਦਾ?” ਸਿ਼ੰਗਾਰੇ ਦਾ ਲਹਿਜਾ ਸਖਤ ਹੋ ਗਿਆ।
“ਯਾਰਾ, ਪਹਿਲੀਆਂ ਲਾਰੀਆਂ ਵਿਚ ਭਾਰੇ ਸਮਾਨ ਵਾਲੀ ਸਵਾਰੀਆਂ ਘੱਟ ਹੀ ਹੁੰਦੀ ਆ। ਵੈਸੇ ਵੀ ਮੈਨੂੰ ਮੰਡੀ ਤੱਕ ਫੇਰਾ ਹੀ ਪਿਆ। ਲਾਲੇ ਦੇ ਘਰ ਚਾਹ-ਲੱਸੀ ਵੀ ਨਹੀਂ ਪੀਤੀ।” ਸੋਮਾ ਹੱਥ ਰਗੜ ਕੇ ਮੁਸਕਰਾਇਆ।
“ਨਹੀਂ, ਲਾਲਾ ਤਾਂ ਤੈਨੂੰ ਦੇਸੀ ਘਿਉ ਤੇ ਕੇਸਰ-ਕਸਤੂਰੀ ਪਾ ਕੇ ਬੂਰੀ ਮੱਝ ਦਾ ਦੁੱਧ ਪਿਆਉਂਦਾ।” ਸਿ਼ਗਾਰੇ ਨੇ ਨਫਰਤ ਨਾਲ ਸਿਰ ਝਟਕਿਆ। “ਚਲ ਹੋਕਾ ਦੇ। ਅਸੀਂ ਬੋਲ-ਬੋਲ ਕੇ ਥੱਕ ਗਏ ਆਂ।”
ਸੋਮੇ ਨੇ ਸਿਰ ’ਤੇ ਲਪੇਟਿਆ ਸਾਫਾ ਖੋਲ੍ਹ ਕੇ ਕੱਛ ’ਚ ਦੇ ਲਿਆ ਤੇ ਸੜਕ ਦੇ ਕਿਨਾਰੇ ਖੜ੍ਹ ਕੇ ਜੋ਼ਰ ਜੋ਼ਰ ਨਾਲ ਲੁਧਿਆਣਾ, ਫਗਵਾੜਾ, ਨਵਾਂ ਸ਼ਹਿਰ ਦਾ ਹੋਕਾ ਦੇਣ ਲੱਗਾ। ਬਾਅਦ ਵਿਚ ਸਿ਼ੰਗਾਰਾ ਤੇ ਗਿਆਨ ਵੀ ਉਹਦੇ ਨਾਲ ਰਲ਼ ਗਏ।
ਦਿੱਲੀ, ਹੁਸਿ਼ਆਰਪੁਰ, ਅੰਮਿਤਸਰ ਤੋਂ ਗੱਡੀਆਂ ਆ ਜਾਣ ਦੇ ਬਾਅਦ ਬੱਸ ਅੱਡੇ ਤੇ ਰੌਣਕ ਵੱਧਣ ਲੱਗੀ। ਇਕ-ਇਕ ਦੋ-ਦੋ ਕਰਕੇ ਸਵਾਰੀਆਂ ਦੋਨਾਂ ਬੱਸਾਂ ’ਚ ਬੈਠ ਰਹੀਆਂ ਸਨ। ਸਿ਼ਗਾਰਾ,ਗਿਆਨ ਤੇ ਸੋਮੇ ਦੀਆਂ ਹਾਕਾਂ ਵੀ ਉੱਚੀ ਹੋਣ ਲੱਗੀਆਂ। ਸੋਮਾ ਸਮਾਨ ਨਾਲ ਲੱਦੀਆਂ ਸਵਾਰੀਆਂ ਆਉਣ ’ਤੇ ਹੋਕਾ ਲਾਉਣਾ ਬੰਦ ਕਰਕੇ ਉਹਨਾਂ ਦੇ ਕੋਲ ਚਲਾ ਜਾਂਦਾ।
ਕਾਲੀ ਨੂੰ ਲੱਗਾ ਕਿ ਉਹਨੂੰ ਬੱਸ ਅੱਡੇ ’ਤੇ ਵੀ ਕੰਮ ਕੰਮ ਮਿਲ ਸਕਦਾ ਹੈ। ਪਰ ਇਹ ਖਿਆਲ ਆਉਂਦੇ ਹੀ ਉਹ ਡਰ ਗਿਆ ਕਿ ਜੇ ਪਿੰਡ ਤੋਂ ਆਏ ਕਿਸੇ ਬੰਦੇ ਨੇ ਉਹਨੂੰ ਇਥੇ ਦੇਖ ਲਿਆ ਤਾਂ ਉਹਦਾ ਪੋਲ ਖੁੱਲ ਜਾਵੇਗਾ। ਉਹ ਨਿਰਾਸ਼ ਹੋ ਬਹੁਤ ਪਿਛੇ ਹੱਟ ਗਿਆ ਤੇ ਕੰਧ ਨਾਲ ਢਾਸਣਾ ਲਾ ਕੇ ਸੋਚਾਂ ’ਚ ਡੁੱਬ ਗਿਆ।
ਮਨ ’ਚ ਇਹ ਖਿਆਲ ਆਉਂਦੇ ਹੀ ਕਾਲੀ ਨੂੰ ਕੁੱਝ ਢਾਰਸ ਮਿਲੀ ਕਿ ਪਿੰਡ ਦੇ ਲੋਕ ਇੰਨੀ ਦੂਰ ਇਸ ਸ਼ਹਿਰ ਤੱਕ ਕਿਥੇ ਸਫਰ ਕਰਦੇ ਆ। ਉਹ ਤਾਂ ਨੇੜੇ ਤੇੜੇ ਦੇ ਪਿੰਡਾਂ ਤੱਕ ਹੀ ਰਿਸ਼ਤੇਦਾਰਾਂ ਦੇ ਕੋਲ ਆੳਂੁਦੇ ਜਾਂਦੇ ਆ। ਥਾਣੇ-ਕਚਹਿਰੀ ’ਚ ਕੰਮ ਹੋਵੇ ਤਾਂ ਟਾਂਡਾਉੜਮੁੜ, ਦਸੂਹਾ ਜਾਂ ਜਿ਼ਆਦਾ ਤੋਂ ਜਿ਼ਆਦਾ ਹੁਸਿ਼ਆਰਪੁਰ ਤੱਕ ਚਲੇ ਜਾਣਗੇ। ਹਾਂ ਪਿੰਡ ਦਾ ਲਾਲਾ ਕਦੇ-ਕਦੇ ਸ਼ਾਇਦ ਇਥੇ ਸੌਦਾ ਲੈਣ ਮੰਡੀ ’ਚ ਆਉਂਦਾ ਜਾਂਦਾ ਹੋਵੇਗਾ। ਬਹੁਤ ਸਾਰੇ ਲੋਕਾਂ ਨੇ ਜਲੰਧਰ ਦੇਖਣਾ ਤਾਂ ਦੂਰ ਦੀ ਗੱਲ, ਸ਼ਾਇਦ ਇਸ ਦਾ ਨਾਂ ਵੀ ਨਾ ਸੁਣਿਆ ਹੋਵੇ। ਕਾਲੀ ਦੀਵਾਰ ਤੋਂ ਹੱਟ ਕੇ ਇਕ ਵਾਰ ਫੇਰ ਬੱਸਾਂ ਦੇ ਦੁਆਲੇ ਫਿਰਨ ਲੱਗਾ।
ਬੱਸਾਂ ’ਚ ਕਾਫੀ ਸਵਾਰੀਆਂ ਬੈਠ ਚੁੱਕੀਆਂ ਸਨ। ਗਿਆਨ ਨੇ ਸੂਰਜ ਵੱਲ ਦੇਖ ਕੇ ਸੰਤਾ ਸਿੰਘ ਨੂੰ ਅਵਾਜ਼ ਮਾਰੀ, “ਤਾਇਆ ਦੱਬ ਦੇ ਕਿੱਲੀ। ਟਾਇਮ ਹੋ ਗਿਆ। ਅਜੇ ਕਚਹਿਰੀ ਤੇ ਫਾਟਕ ਤੋਂ ਵੀ ਸਵਾਰੀਆਂ ਚੁੱਕਣੀਆਂ।
ਸੰਤਾ ਸਿੰਘ ਨੇ ਬੱਸ ਸਟਾਰਟ ਕਰ ਦਿੱਤੀ। ਗਿਆਨ ਬੱਸ ਦੀ ਪਿਛਲੀ ਖੁੱਲੀ ਖਿੜਕੀ ਦੇ ਡੰਡੇ ’ਤੇ ਖੜ੍ਹਾ ਹੋ ਕੇ ਜ਼ੋਰ ਜ਼ੋਰ ਦੀ ਹੋਕਾ ਦੇਣ ਲੱਗਾ।
ਥੋੜੇ ਜਿਹੇ ਫਰਕ ਨਾਲ ਦੋਨੋ ਬੱਸਾਂ ਕਾਲ਼ਾ ਤੇ ਮੁਸ਼ਕ ਮਾਰਦਾ ਧੂੰਆਂ ਛੱਡਦੀਆਂ, ਲੜਖੜਾਉਂਦੀਆਂ ਹੋਈਆਂ ਬਾਹਰ ਨਿਕਲ ਗਈਆਂ।
ਅੱਡੇ ਵਿਚ ਖਿਲਰੇ ਹੋਏ ਲੋਕ ਘੱਟਣ ਲੱਗੇ। ਆਪਾ-ਧਾਪੀ ਤੇ ਰੌਲ਼ਾ ਖਤਮ ਹੋਣ ਨਾਲ ਮਾਹੋਲ ਇਕ ਵਾਰ ਫਿਰ ਸ਼ਾਂਤ ਹੋ ਗਿਆ।
ਸਿ਼ੰਗਾਰਾ ਤੇ ਸੋਮਾ ਵੀ ਇਕ ਚਾਹ ਦੀ ਦੁਕਾਨ ਦੇ ਬੈਂਚ ’ਤੇ ਬੈਠ ਕੇ ਸਿਗਰਟ ਪੀਂਦੇ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੇ।
ਕਾਲੀ ਵੀ ਟਹਿਲਦਾ-ਟਹਿਲਦਾ ਉਹਨਾਂ ਦੇ ਨੇੜੇ ਚਲਾ ਗਿਆ ਤੇ ਕੁੱਝ ਦੂਰ ਖੜ੍ਹਾ ਹੋ ਕੇ ਉਨਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗਾ। ਉਹਨੇ ਸੋਚਿਆ ਕਿ ਅੱਡੇ ’ਚ ਮਜ਼ਦੂਰੀ ਜਾਂ ਕੋਈ ਹੋਰ ਛੋਟਾ-ਮੋਟਾ ਕੰਮ ਲੱਭਣ ਲਈ ਉਨਾਂ ਨਾਲ ਗੱਲ ਕਰੇ। ਉਹ ਹੌਸਲਾ ਕਰਕੇ ਉਨਾਂ ਦੇ ਬਹੁਤ ਨੇੜੇ ਜਾ ਖੜਾ ਹੋਇਆ ਪਰ ਉਹ ਉਹਦੀ ਮੌਜੂਦਗੀ ਤੋਂ ਬੇ ਪਰਵਾਹ ਆਪਣੀਆਂ ਗੱਲਾਂ ’ਚ ਮਸਤ ਰਹੇ।
ਜਦ ਲੁਧਿਆਣੇ ਤੋਂ ਆਉਣ ਵਾਲੀ ਬੱਸ ਅੱਡੇ ਵਿਚ ਵੜੀ ਤਾਂ ਸੋਮਾ ਸਾਫੇ ਨੂੰ ਸਿਰ ਤੇ ਲਪੇਟਦਾ ਹੋਇਆ ਬੱਸ ਵੱਲ ਨੂੰ ਦੌੜ ਪਿਆ। ਸਿ਼ੰਗਾਰਾ ਅਰਾਮ ਕਰਨ ਦੇ ਲਈ ਖਾਲੀ ਬੈਂਚ ਤੇ ਲੰਮਾ ਪੈ ਗਿਆ। ਫੇਰ ਉਹ ਵੀ ਇਕ ਦਮ ਉਠ ਕੇ ਬੱਸ ਵੱਲ ਨੂੰ ਤੁਰ ਪਿਆ।
ਡਰਾਈਵਰ ਨੇ ਖਿੜਕੀ ਖੋਲ੍ਹ ਕੇ ਥੱਲੇ ਛਾਲ ਮਾਰੀ। “ਬਾਬਿਉ, ਸੱਤ ਸ੍ਰੀ ਅਕਾਲ।”
“ਸੱਤ ਸ੍ਰੀ ਅਕਾਲ। ਕੀ ਹਾਲ ਹੈ ਤੇਰਾ ਸਿ਼ੰਗਾਰਿਆ?”
“ਬਾਬਿਉ, ਠੀਕ ਹੈ। ਵਾਹਿਗੁਰੂ ਦੀ ਫੁਲ ਮੇਹਰ ਆ।” ਸਿੰ਼ਗਾਰੇ ਨੇ ਸੂਰਜ ਦੀ ਉਚਾਈ ਦਾ ਅੰਦਾਜ਼ਾ ਲਾਉਂਦਿਆਂ ਹੋਇਆਂ ਪੁੱਛਿਆ, “ਬਾਬਿਉ, ਅੱਜ ਲਾਰੀ ਲੇਟ ਨਈਂ ਆਈ?”
“ਹਾਂ, ਨਕੋਦਰ ਰੇਲ ਲਾਈਨ ਵਾਲਾ ਫਾਟਕ ਬੰਦ ਸੀ।” ਡਰਾਈਵਰ ਮਿਲਖਾ ਸਿੰਘ ਨੇ ਮੈਲੇ ਹੱਥਾਂ ਨੂੰ ਰਗੜਦਿਆਂ ਕਲੀਨਰ ਨੂੰ ਹਾਕ ਮਾਰੀ, “ਉਏ ਮੁਖਤਿਆਰੇ, ਜਾ ਦੌੜ ਕੇ ਵਰਕਸ਼ਾਪ ਤੋਂ ਪਿਆਰੂ ਮਕੈਨਿਕ ਨੂੰ ਲੈ ਕੇ ਆ। ਗੱਡੀ ਦਾ ਇੰਜ਼ਣ ਖੜਖੜ ਕਰਦਾ ਆ। ਉਹਨੂੰ ਕਹਿ ਬੋਨਟ ਚੱਕ ਕੇ ਇਕ ਵਾਰ ਚੈੱਕ ਕਰੇ।”
“ਬਾਬਿਉ, ਮੈਂ ਜੋਂ ਹਾਂ ਇਨਾਂ ਕੰਮਾਂ ਲਈ। ਮੁਖਤਿਆਰੇ ਨੇ ਤਾਂ ਅਜੇ ਅੱਡਾ ਇੰਨਚਾਰਜ ਨੂੰ ਫੇਰੇ ਦਾ ਹਿਸਾਬ ਕਿਤਾਬ ਵੀ ਦੇਣਾ ਹੋਣਾ ਹੈ।” ਸਿ਼ੰਗਾਰਾ ਵਰਕਸ਼ਾਪ ਨੂੰ ਜਾਣ ਲੱਗਾ।
“ਓਏ, ਤੂੰ ਐਨਾ ਮੋਹਤਬਰ ਨਾ ਬਣ। ਮੁਖਤਿਆਰੇ ਨੂੰ ਹੀ ਜਾਣ ਦੇ। ਉਦਾਂ ਵੀ ਅਸੀਂ ਆਪਣਾ ਹਿਸਾਬ ਕਿਤਾਬ ਅਖੀਰਲੇ ਫੇਰੇ ਤੋਂ ਬਾਅਦ ਲੁਧਿਆਣੇ ਜਾ ਕੇ ਹੀ ਦਿੰਦੇ ਹਾਂ।” ਮਿਲਖਾ ਸਿੰਘ ਨੇ ਸਿ਼ੰਗਾਰੇ ਨੂੰ ਰੋਕ ਕੇ ਇਕ ਵਾਰ ਫਿਰ ਮੁਖਤਿਆਰ ਸਿੰਘ ਨੂੰ ਹਾਕ ਮਾਰੀ।
ਮਿਲਖਾ ਸਿੰਘ ਨੂੰ ਆਪਣੇ ਗੰਦੇ ਹੱਥ ਦਾੜੀ ਤੇ ਫੇਰਦਿਆਂ ਦੇਖ ਮੁਖਤਿਆਰ ਸਿੰਘ ਹੱਸਣ ਲੱਗ ਪਿਆ, “ਚਾਚਾ, ਦਾੜੀ ਕਾਲੀ ਕਰਨੇ ਦਾ ਇੰਨਾ ਸ਼ੌਕ ਹੈ ਤਾਂ ਖਜਾਬ ਲਾਇਆ ਕਰ। ਇੰਜਣ ਦੀ ਕਾਲਕ ਤੋਂ ਇਹ ਕੰਮ ਕਿਉਂ ਲੈ ਰਿਹਾ।”
“ਓਏ ਦਾੜੀ ਦੇ ਪੁੱਤਰਾ, ਦੌੜ ਕੇ ਵਰਕਸ਼ਾਪ ਤੋਂ ਪਿਆਰੂ ਮਕੈਨਿਕ ਨੂੰ ਸੱਦ ਕੇ ਲਿਆ। ਇੰਜਣ ਖੜਖੜ ਕਰਦਾ ਆ। ਉਹ ਨੂੰ ਕਹਿ ਕਿ ਆ ਕੇ ਦੇਖ ਜਾਵੇ ਤੇ ਅਗਲੇ ਫੇਰੇ ਤੋਂ ਪਹਿਲਾਂ ਇਹਨੂੰ ਠੀਕ ਕਰ ਦੇਵੇ।”
ਮੁਖਤਿਆਰ ਦੇ ਨਾਲ ਸਿ਼ੰਗਾਰਾ ਵੀ ਵਰਕਸ਼ਾਪ ਨੂੰ ਚਲਾ ਗਿਆ। ਮਿਲਖਾ ਸਿੰਘ ਇਧਰ ਉਧਰ ਦੇਖਦਾ ਹੋਇਆ ਦਫਤਰ ਵਿਚ ਵੜ ਗਿਆ।
ਸਵਾਰੀਆਂ ਦੇ ਨਾਲ ਨਾਲ ਬੱਸ ਤੋਂ ਬਰਕਤ ਤੇ ਤੋਖਾ ਵੀ ਉਤਰੇ। ਸੋਮੇ ਨੂੰ ਬੱਸ ਦੇ ਪਿਛੇ ਲੱਗੀ ਪੌੜੀ ਵੱਲ ਜਾਂਦੇ ਦੇਖ ਕੇ ਬਰਕਤ ਨੇ ਉਹਨੂੰ ਹਾਕ ਮਾਰੀ, “ਸੋਮੇ ਰਹਿਣ ਦੇ। ਛੱਤ ਖਾਲੀ ਆ। ਭਾਰੇ ਸਮਾਨ ਵਾਲੀ ਸਵਾਰੀਆਂ ਸਦਰ ਥਾਨੇ ਤੇ ਕਚਹਿਰੀ ਚੌਂਕ ਵਿਚ ਉਤਰ ਗਈਆਂ ਸੀ। ਲਾਡੋਵਾਲੀ ਤੇ ਨਕੋਦਰ ਦੀਆਂ ਸਵਾਰੀਆਂ ਸੀ। ਅਸੀਂ ਚਾਰ ਆਨੇ ਕਮਾ ਲਿਆਏ ਹਾਂ।”
ਸੋਮਾ ਬਰਕਤ ਤੇ ਤੋਖੇ ਦੇ ਕੋਲ ਆ ਗਿਆ।
“ਤਿਕਾਲਾਂ ਦੇ ਆਖਰੀ ਫੇਰੇ ਕਿਦਾਂ ਰਹੇ?” ਬਰਕਤ ਨੇ ਜੇਬ ’ਚ ਪਾਈਆਂ ਚਾਰ ਚੁਆਨੀਆਂ ਨੂੰ ਖੜਖੜਾਉਂਦਿਆਂ ਪੁੱਛਿਆ, “ਬਸ ਇਦਾਂ ਸਮਝ ਕਿ ਰਾਤ ਦੀ ਰੋਟੀ ਦੇ ਪੈਸੇ ਵੀ ਮੁਸ਼ਕਲ ਨਾਲ ਹੀ ਬਣੇ ਆ। ਢਿੱਡ ਘੁੱਟ ਕੇ ਹੀ ਖਾਣਾ ਖਾਧਾ। “ ਸੋਮਾ ਕੁਛ ਨਿਰਾਸ਼ ਜਿਹਾ ਸੀ।
“ਕੋਈ ਗੱਲ ਨਹੀਂ। ਦੁਪਿਹਰ ਨੂੰ ਢਿੱਡ ਭਰ ਕੇ ਖਾ ਲਈਂ। ਮੈਂ ਦੋ ਰੋਟੀਆਂ ਵਾਧੂ ਲੈ ਕੇ ਆਇਆਂ।” ਤੋਖੇ ਨੇ ਪੋਟਲੀ ’ਚ ਬੰਨ੍ਹੀਆਂ ਰੋਟੀਆਂ ਵੱਲ ਇਸ਼ਾਰਾ ਕਰਕੇ ਕਿਹਾ, “ਜਾ ਇਨ੍ਹਾਂ ਨੂੰ ਬਰਾਂਡੇ ਦੇ ਝਰੋਖੇ ’ਚ ਰੱਖ ਦੇ।”
“ਲੈ ਯਾਰਾ, ਮੇਰੀ ਪੋਟਲੀ ਵੀ ਲੈ ਜਾ।” ਬਰਕਤ ਨੇ ਕੁੜਤੇ ਦੀ ਬੜੀ ਜੇਬ ਵਿਚੋਂ ਇਕ ਪੋਟਲੀ ਕੱਢ ਕੇ ਸੋਮੇ ਦੇ ਹੱਥ ਫੜਾ ਦਿੱਤੀ।
ਸੋਮੇ ਨੇ ਪੋਟਲੀਆਂ ਫੜ ਕੇ ਉਹਨਾਂ ਨੂੰ ਸੁੰਘਿਆ, “ਬਰਕਤੇ, ਲਗਦਾ ਆ ਅੱਜ ਤਾਂ ਗਲਗਲ ਦਾ ਅਚਾਰ ਲਿਆਇਆਂ।”
“ਨਾਲ ਗੁੜ ਵੀ ਆ।” ਬਰਕਤ ਭਰਵੱਟੇ ਚੜ੍ਹਾ ਕੇ ਮੁਸਕਰਾਇਆ।
ਉਹ ਗੱਲਾਂ ਕਰਨ ’ਚ ਰੁਝੇ ਹੋਏ ਸਨ ਕਿ ਨਵਾਂ ਸ਼ਹਿਰ ਤੋਂ ਪਹਿਲੀ ਬੱਸ ਰੌਲਾ ਪਾਂਉਦੀ ਤੇ ਡਿੱਕੋਡੋਲੇ ਖਾਂਦੀ ਹੋਈ ਅੱਡੇ ’ਚ ਆ ਦਾਖਲ ਹੋਈ। ਬੱਸ ਦੀ ਛੱਤ ਤੇ ਖੜੇ ਮਨਸੂਖ ਨੇ ਬਰਕਤ ਤੇ ਤੋਖੇ ਨੂੰ ਦੇਖ ਕੇ ਛੱਤ ’ਤੇ ਪਏ ਸਮਾਨ ਵੱਲ ਇਸ਼ਾਰਾ ਕਰਕੇ ਜ਼ੋਰ ਜੋ਼ਰ ਨਾਲ ਹੱਥ ਹਿਲਾਇਆ।
ਬਰਕਤ ਤੇ ਤੋਖਾ ਕਾਹਲੀ ਕਾਹਲੀ ਬੱਸ ਵੱਲ ਨੂੰ ਤੁਰਨ ਲੱਗੇ ਤਾਂ ਸੋਮਾ ਰੋਟੀਆਂ ਦੀਆਂ ਪੋਟਲੀਆਂ ਹੱਥ ’ਚ ਫੜੀ ਉਹਨਾਂ ਵੱਲ ਧਿਆਨ ਨਾਲ ਦੇਖਦਾ ਰਿਹਾ। ਇਕ ਕੋਨੇ ’ਚ ਖੜ੍ਹਾ ਕਾਲੀ ਵੀ ਉਨ੍ਹਾਂ ਦੀਆਂ ਹਰਕਤਾਂ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ।
ਮਨਸੂਖ ਛੱਤ ਤੋਂ ਸਮਾਨ ਚੁੱਕ ਕੇ ਵਾਰੀ ਵਾਰੀ ਬਰਕਤ ਤੇ ਤੋਖੇ ਨੂੰ ਫੜਾਉਂਦਾ ਰਿਹਾ ਤੇ ਉਹ ਉਸ ਨੂੰ ਮਾਲਕ ਦੇ ਕਹੇ ਮੁਤਾਬਕ ਟਿਕਾਉਂਦੇ ਰਹੇ।
ਕੰਮ ਤੋਂ ਵਿਹਲੇ ਹੋ ਕੇ ਉੁਹ ਸੋਮੇ ਦੇ ਕੋਲ ਆ ਗਏ। ਉਹਨੇ ਪੂਰੀ ਬਤੀਸੀ ਖੋਲ ਕੇ ਮਨਸੂਖ ਦਾ ਸਵਾਗਤ ਕੀਤਾ, “ਮੇਰਾ ਖਾਣਾ ਲਿਆਏ ਆਂ?”
“ਯਾਰਾ ਕਿਦਾਂ ਭੁੱਲ ਸਕਦਾ ਹਾਂ। ਮੈਨੂੰ ਪਤਾ ਸੀ ਕਿ ਤੇਰੇ ਢਿੱਡ ਵਿਚ ਚੂਹੇ ਦੌੜ ਰਹੇ ਹੋਣਗੇ। ਦੋ ਮੋਟੀਆਂ ਸਾਰੀਆਂ ਰੋਟੀਆਂ ਲੈ ਕੇ ਆਇਆਂ ਅੰਬ ਦੇ ਅਚਾਰ ਨਾਲ।” ਮਨਸੂਖ ਨੇ ਆਪਣੀ ਪੋਟਲੀ ਵੀ ਸੋਮੇ ਨੂੰ ਫੜਾ ਦਿੱਤੀ।
ਸੋਮੇ ਨੇ ਪੋਟਲੀ ਨੂੰ ਸੱਜੇ ਹੱਥ ਨਾਲ ਹਾੜਿਆ, “ਸੱਚਮੁਚ ਭਾਰੀ ਹੈ।”
“ਇਹ ਬੱਸ ਤਾਂ ਚੰਗੀ ਰਹੀ।” ਬਰਕਤ ਨੇ ਮੁੱਠ ਖੋਲ੍ਹ ਕੇ ਪੈਸਿਆਂ ਦਾ ਹਿਸਾਬ ਕੀਤਾ।
“ਛੇ ਆਨੇ ਮਿਲੇ ਹੋਣਗੇ।” ਮਨਸੂਖ ਨੇ ਅੰਦਾਜ਼ਾ ਲਾਇਆ।
“ਨਾ, ਪੰਜ ਆਨੇ ਤੇ ਇਕ ਟਕਾ। ਇਕ ਨਗ ਹੌਲਾ ਹੀ ਸੀ।” ਬਰਕਤ ਨੇ ਕਿਹਾ।
“ਚਲੋ, ਜੋ ਬਣਿਆ, ਸੋ ਖੱਟਿਆ।” ਤੋਖਾ ਸਤੁੰਸ਼ਟ ਹੋ ਮੁਸਕਰਾਇਆ, “ਹਰੇਕ ਬੱਸ ਦਾ ਫੇਰਾ ਇਦਾਂ ਹੀ ਲੱਗੇ ਤਾਂ ਮਜ਼ਾ ਆ ਜਾਵੇ।”
ਉਹ ਚਾਰੇ ਬਰਾਂਡੇ ਵਿਚ ਜਾ ਬੈਠੇ। ਸੋਮੇ ਨੇ ਮਨਸੂਖ ਦੀ ਪੋਟਲੀ ’ਚੋਂ ਦੋ ਵੱਖਰੀਆਂ ਲਪੇਟੀਆਂ ਹੋਈਆਂ ਰੋਟੀਆਂ ਕੱਢ ਲਈਆਂ ਤੇ ਪੋਟਲੀ ਦੁਆਰਾ ਬੰਨ੍ਹ ਕੇ ਬਾਕੀ ਪੋਟਲੀਆਂ ਦੇ ਨਾਲ ਟਿਕਾ ਦਿੱਤੀ। ਰੋਟੀਆਂ ਦੀਆਂ ਤੈਹਾਂ ਖੋਲ੍ਹ ਕੇ ਉਸ ਨੇ ਅਚਾਰ ਨੂੰ ਸੁੰਘਿਆ। ਫੇਰ ਆਪਣੇ ਸਾਥੀਆਂ ਵੱਲ ਦੇਖਿਆ, “ਆਓ ਸੱਜਣੋ। ਇਕ ਇਕ ਬੁਰਕੀ ਹੋ ਜਾਏ।”
“ਨਾ ਭਾਈ, ਤੂੰ ਮਜ਼ਾ ਲੈ। ਅਸੀਂ ਤਾਂ ਦੁਪਿਹਰ ਤੱਕ ਠੀਕ ਹਾਂ, ਪਿੰਡ ਤੋਂ ਢਿੱਡ ਭਰ ਕੇ ਤੁਰੇ ਸੀ।” ਬਰਕਤ ਨੇ ਸੱਜਾ ਹੱਥ ਥੋੜ੍ਹਾ ਉਪਰ ਨੂੰ ਚੱਕਿਆ। ਫੇਰ ਉਹਨੇ ਆਪਣੇ ਸਾਥੀਆਂ ਵੱਲ ਧਿਆਨ ਨਾਲ ਦੇਖਿਆ, “ਸੋਚ ਰਿਹਾ ਹਾਂ ਕਿ ਅਗਲੇ ਮਹੀਨੇ ਮੈਂ ਪਿੰਡ ਹੀ ਰਹਾਂ। ਅੱਡਾ ਤੁਸੀਂ ਤਿੰਨੇ ਸੰਭਾਲ ਲਿਓ।
“ਕਿਓ, ਠੀਕ-ਠਾਕ ਤਾਂ ਹੈਂ?” ਸੋਮੇ ਨੇ ਚਿੰਤਾ ਜਿਹੀ ਨਾਲ ਪੁੱਛਿਆ।
“ਹਾਂ, ਵੈਸੇ ਤਾਂ ਠੀਕ-ਠਾਕ ਹੀ ਆਂ। ਕਣਕ ਦੀ ਬਿਜਾਈ ਦੇ ਦਿਨ ਆ ਰਹੇ ਆ। ਸੋਚਦਾ ਆਂ ਕਿ ਪਿੰਡ ਕਿਸੇ ਜਿ਼ਮੀਦਾਰ ਦੇ ਨਾਲ ਕੰਮ ਕਰਕੇ ਮਣ, ਡੇਢ ਮਣ ਦਾਣੇ ਮਿਲ ਗਏ ਤਾਂ ਘਰ ਅੰਨ-ਪਾਣੀ ਦੀ ਸੌਖ ਹੋ ਜਾਉਗੀ।” ਬਰਕਤ ਸੋਚਾਂ ’ਚ ਡੁੱਬਿਆ ਹੋਇਆ ਸੀ।
“ਗੱਲ ਤਾਂ ਤੇਰੀ ਠੀਕ ਆ।” ਸੋਮੇ ਨੇ ਸਹਿਮਤੀ ’ਚ ਸਿਰ ਹਿਲਾਇਆ।
“ਇਹ ਕੰਮ ਤਾਂ ਅਸੀਂ ਸਾਰੇ ਕਰਾਂਗੇ ਹੀ। ਪਿਤਾ ਪੁਰਖੀ ਪੇਸ਼ਾ ਤਾਂ ਇਹੀ ਹੈ। ਸੋਮੇ ਨੇ ਬੁਰਕੀ ਸੰਘ ਤੋਂ ਕਾਹਲੀ ਨਾਲ ਥੱਲੇ ਕਰਦਿਆਂ ਕਿਹਾ।
“ਤਾ ਫੇਰ ਅੱਡਾ ਬਾਹਰ ਦੇ ਮਜ਼ਦੂਰ ਸਾਂਭ ਲੈਣਗੇ। ਸਾਰੇ ਇਕੋ ਟਾਇਮ ਕਿਦਾਂ ਜਾ ਸਕਦੇ ਆਂ?” ਬਰਕਤ ਨੇ ਉਹਨਾਂ ਨੂੰ ਸਮਝਾਇਆ, “ਇਦਾਂ ਕਰਦੇ ਆਂ ਕਿ ਦੋ ਜਣੇ ਹੁਣ ਬਿਜਾਈ ਤੇ ਜਾ ਆਈਏ। ਬਾਕੀ ਗੰਨੇ ਦੀ ਪਿੜਾਈ ਦੇ ਮੌਕੇ ਪਿੰਡ ’ਚ ਕੰਮ ਕਰ ਲੈਣਗੇ। ਅਨਾਜ ਨਾ ਸਹੀ, ਗੁੜ-ਸ਼ਕਰ ਮਿਲ ਜਾਉਗਾ।”
ਬਰਕਤ ਦੀ ਸਲਾਹ ਸੁਣ ਕੇ ਉਹ ਸੋਚਾਂ ’ਚ ਪੈ ਗਏ।
ਉਹਨਾਂ ਦੀ ਗੱਲ ਬਾਤ ਸੁਣ ਕੇ ਕਾਲੀ ਦੇ ਕੰਨ ਖੜ੍ਹੇ ਹੋ ਗਏ। ਉਹ ਇਧਰ ਉਧਰ ਝਾਕਦਾ ਉਨ੍ਹਾਂ ਦੇ ਦੁਆਲੇ ਘੁਮੇਰੇ ਕੱਢਣ ਲੱਗਾ। ਉਹਨੇ ਸੋਚਿਆ ਜੇ ਅੱਡੇ ’ਤੇ ਕੰਮ ਬਣ ਜਾਵੇ ਤਾਂ ਉਹ ਦੀਆਂ ਸਾਰੀਆ ਮੁਸ਼ਕਲਾਂ ਹੱਲ ਹੋ ਜਾਣ। ਅਜੇ ਖੁੱਲੇ ਦਿਨ ਆ। ਰਾਤ ਨੂੰ ਬਹੁਤੀ ਠੰਡ ਵੀ ਨਹੀਂ ਹੁੰਦੀ। ਉਹ ਬਰਾਂਡੇ ’ਚ ਸੌਂ ਸਕਦਾ ਹੈ। ਰੋਟੀ-ਪਾਣੀ ਨਾਲ ਦੇ ਢਾਬੇ ਤੋਂ ਮਿਲ ਜਾਇਆ ਕਰਨੀ ਹੈ। ਜੰਗਲ-ਪਾਣੀ ਲਈ ਕੰਧ ਟੱਪਣ ਦੀ ਹੀ ਲੋੜ ਹੈ।
ਕਾਲੀ ਦੇ ਦਿਮਾਗ ਵਿਚ ਆਪਣੇ ਭਵਿੱਖ ਬਾਰੇ ਇਕ ਨਕਸ਼ਾ ਬਣਨ ਲੱਗਾ। ਉਹ ਅੱਡੇ ਦੇ ਮਜ਼ਦੂਰਾਂ ਨਾਲ ਇਸ ਬਾਰੇ ਗੱਲ ਕਰਨੀ ਚਾਹੁੰਦਾ ਸੀ ਪਰ ਉਹਦਾ ਹੌਸਲਾ ਹੀ ਨਹੀਂ ਪਿਆ।
ਬਰਕਤ ਨੇ ਆਪਣੇ ਸਾਥੀਆਂ ਵੱਲ ਵੇਖਿਆ। ਉਹਨਾਂ ਨੂੰ ਦੁਚਿੱਤੀ ਜਿਹੀ ’ਚ ਦੇਖ ਉਹ ਉਠ ਖੜ੍ਹਿਆ, “ਅਜੇ ਬੱਸਾਂ ਆਉਣ ’ਚ ਟਾਇਮ ਹੈ। ਆਉ ਅੱਡਾ ਇੰਨਚਾਰਜ ਨਾਲ ਸਲਾਹ ਕਰ ਲੈਂਦੇ ਆਂ। ਆਖਰੀ ਫੈਸਲਾ ਤਾਂ ਉਹ ਹੀ ਕਰੂਗਾ।”
ਉਹ ਅੱਡਾ ਇੰਨਚਾਰਜ ਮੀਤ ਸਿੰਘ ਦੇ ਕਮਰੇ ਵੱਲ ਨੂੰ ਤੁਰ ਪਏ। ਉਹ ਐਨਕ ਲਾਈ ਅਖਬਾਰ ’ਤੇ ਝੁੱਕਿਆ ਹੋਇਆ ਸੀ ਤੇ ਇੰਝ ਬੁੜਬੁੜਾ ਰਿਹਾ ਸੀ ਜਿਵੇਂ ਅਖਬਾਰ ਵਿਚ ਛਪੇ ਇਕ-ਇਕ ਅੱਖਰ ਨੂੰ ਜੋੜ ਕੇ ਪੜ੍ਹ ਰਿਹਾ ਹੋਵੇ। ਉਹ ਚੁੱਪਚਾਪ ਖੜ੍ਹੇ ਉਹਦੀ ਵੱਲ ਦੇਖਦੇ ਰਹੇ। ਫੇਰ ਅੱਖਾਂ ਹੀ ਅੱਖਾਂ ਵਿਚ ਇਕ-ਦੂਸਰੇ ਨੂੰ ਇਸ਼ਾਰੇ ਕਰਨ ਲੱਗੇ। ਅੰਤ ’ਚ ਉਹਨਾਂ ਵਿਚੋਂ ਸਭ ਤੋਂ ਪੁਰਾਣਾ ਅੱਡਾ ਮਜ਼ਦੂਰ ਬਰਕਤ ਬੋਲਿਆ, “ਉਸਤਾਦ ਜੀ, ਸੱਤ ਸ੍ਰੀ ਅਕਾਲ।”
ਮੀਤ ਸਿੰਘ ਨੇ ਮੋਢਿਆਂ ਸਮੇਤ ਧੜ ਉੱਪਰ ਨੂੰ ਚੱਕਿਆ ਤੇ ਐਨਕ ਦੇ ਸ਼ੀਸਿ਼ਆਂ ਵਿਚੋਂ ਹੀ ਉਨ੍ਹਾਂ ਵੱਲ ਦੇਖਦੇ ਹੋਏ ਪੁੱਛਿਆ , “ਕੀ ਹੋ ਗਿਆ ਜੋ ਟੋਲਾ ਬਣਾ ਕੇ ਮੇਰੇ ਕਮਰੇ ’ਚ ਧੁੱਸ ਦਿੰਦੇ ਆ ਵੜੇ ਆਂ?”
“ਉਸਤਾਦ ਜੀ, ਇਕ ਸਲਾਹ ਕਰਨੀ ਸੀ।” ਬਰਕਤ ਨੇ ਹੱਥ ਜੋੜ ਕੇ ਕਿਹਾ।
“ਮੇਰੇ ਸਿਰ ਤੇ ਚੜ੍ਹ ਕੇ ਖੜ੍ਹੇ ਆ ਜਿਵੇਂ ਮੇਰਾ ਸਿਰ ਪਾੜਨਾ ਹੋਵੇ।” ਮੀਤ ਸਿੰਘ ਨੇ ਅਖਬਾਰ ਤੇ ਦੋਨੋ ਬਾਂਹਾਂ ਖਿਲਾਰ ਕੇ ਉਨ੍ਹਾਂ ਵੱਲ ਘੂਰ ਕੇ ਦੇਖਿਆ।
“ਉਸਤਾਦ ਜੀ, ਤੁਸੀਂ ਇਹ ਕੀ ਕਹਿ ਰਹੇ ਹੋ।” ਬਰਕਤ ਨੇ ਆਪਣੇ ਦੋਨੋ ਹੱਥ ਮੀਤ ਸਿੰਘ ਦੇ ਗੋਡਿਆਂ ਤੇ ਰੱਖ ਦਿਤੇ। “ਤੁਸੀਂ ਓਦਾਂ ਹੀ ਸਾਡੇ ਸਿਰ ’ਤੇ ਸੌ ਛਿੱਤਰ ਮਾਰ ਲਵੋ। ਐਨਾ ਵੱਡਾ ਪਾਪ ਸਾਡੇ ’ਤੇ ਕਿਉਂ ਚੜਾਉਂਦੇ ਹੋ?”
“ਬੋਲੋ, ਕੀ ਗੱਲ ਆ? ਮੇਰੇ ਕਮਰੇ ਤੇ ਚੜ੍ਹਾਈ ਕਿਉ ਕੀਤੀ ਆ?” ਮੀਤ ਸਿੰਘ ਨੇ ਧੜ ਦਾ ਸਾਰਾ ਭਾਰ ਕੁਰਸੀ ਦੇ ਪਿੱਛੇ ਨੂੰ ਪਾ ਦਿੱਤਾ।
“ਉਸਤਾਦ ਜੀ, ਤੁਸੀਂ ਤਾਂ ਜਾਣਦੇ ਹੀ ਹੋ ਕਿ ਫਸਲ ਦੀ ਬਿਜਾਈ ਦੇ ਦਿਨ ਨੇੜੇ ਆ ਰਹੇ ਹਨ। ਅਸੀਂ ਸੋਚ ਰਹੇ ਸੀ ਸਾਡੇ ਵਿਚੋਂ ਦੋ ਜਣੇ ਆਪਣੇ-ਆਪਣੇ ਪਿੰਡ ਜਾ ਕੇ ਜਿ਼ਮੀਦਾਰਾਂ ਨਾਲ ਫਸਲ ਦੀ ਬਿਜਾਈ ਕਰ ਲਈਏ। ਅਨਾਜ ਮਿਲਣ ਨਾਲ ਥੋੜ੍ਹਾ ਸੁਖਾਲਾ ਹੋ ਜਾਉਗਾ।”
“ਹੂੰ।” ਮੀਤ ਸਿੰਘ ਸੋਚ ਵਿਚ ਡੁੱਬ ਗਿਆ। ਫਿਰ ਅੱਗੇ ਨੂੰ ਝੁੱਕਦੇ ਹੋਏ ਨੇ ਹੱਥ ਇੰਨੇ ਜ਼ੋਰ ਨਾਲ ਚੱਕੇ ਕਿ ਉਹਨਾਂ ਵਿਚ ਅਖਬਾਰ ਵੀ ਪੂਰੀ ਤਰ੍ਹਾਂ ਇਕੱਠਾ ਹੋ ਗਿਆ।
“ਬਹੁਤ ਸਿਆਣੇ ਬਣਦੇ ਆਂ। ਲਗਦਾ ਹੈ ਕਿ ਭਾਰ ਚੁੱਕ ਚੁੱਕ ਕੇ ਤੁਹਾਡਾ ਦਿਮਾਗ ਪਿਚਕ ਗਿਆ ਹੈ,” ਮੀਤ ਸਿੰਘ ਨੇ ਝਿੜਕਿਆ, ਫਿਰ ਉਹਨਾਂ ਨੂੰ ਸਮਝਾਇਆ। “ਮੂਰਖੋ…ਤੁਸੀਂ ਫਸਲ ਦੀ ਬਿਜਾਈ ਲਈ ਪਿੰਡ ਜਾਣਾ ਚਾਹੁੰਦੇ ਹੋ। ਉਧਰੋਂ ਨਿਰਾਤੇ ਆ ਰਹੇ ਹਨ। ਜਵਾਲਾ ਜੀ, ਚਿੰਤਪੂਰਨੀ ਜਾਣ ਵਾਲੇ ਭਗਤਾਂ ਦੀ ਭੀੜ ਲੱਗ ਜਾਣੀ ਹੈ। ਚਾਰ ਪੈਸੇ ਕਮਾਉਣ ਦੇ ਇਹੀ ਤਾਂ ਦਿਨ ਹਨ।”
“ਹਾਂ, ਉਸਤਾਦ ਜੀ, ਅਸੀਂ ਇਹ ਤਾਂ ਸੋਚਿਆ ਹੀ ਨਹੀਂ।” ਬਰਕਤ ਖਸਿਆਨਾ ਜਿਹਾ ਹੋ ਗਿਆ।
“ਭਾਈ, ਆਪਣਾ ਪੜ੍ਹਿਆ-ਲਿਖਿਆ ਚੰਗੀ ਤਰ੍ਹਾਂ ਵਿਚਾਰ ਲਵੋ। ਅੱਡੇ ਤੇ ਮਜ਼ਦੂਰ ਤਾਂ ਰੱਖਣੇ ਹੀ ਪੈਣਗੇ… ਸਵਾਰੀਆਂ ਦੀ ਸਹੂਲਤ ਤੇ ਆਪਣੀ ਜ਼ਰੂਰਤ ਦੇ ਲਈ। …ਤੁਸੀਂ ਇਕ ਵਾਰ ਅੱਡਾ ਛੱਡ ਦਿਤਾ ਤਾਂ ਦੁਬਾਰਾ ਨਹੀਂ ਮਿਲੇਗਾ।” ਮੀਤ ਸਿੰਘ ਨੇ ਅਖਬਾਰ ਨੂੰ ਖੋਲ੍ਹਦੇ ਹੋਏ ਚਿਤਾਵਨੀ ਦਿੱਤੀ।
“ਠੀਕ ਹੈ ਉਸਤਾਦ ਜੀ। ਨਹੀਂ ਜਾਵਾਂਗੇ।”ਬਰਕਤ ਨੇ ਸਿਰ ਝੁਕਾ ਲਿਆ।
ਉਹ ਕਮਰੇ ਤੋਂ ਬਾਹਰ ਜਾਣ ਲਈ ਮੁੜੇ ਤਾਂ ਮੀਤ ਸਿੰਘ ਨੇ ਉਨ੍ਹਾਂ ਨੂੰ ਰੋਕ ਲਿਆ। “ਮੁੰਡਿਉ, ਤੁਹਾਨੂੰ ਪਤਾ ਹੀ ਹੈ ਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਸੰਤਰਾ ਹੀ ਲੈ ਲੋ, ਡੇਢ ਰੁਪਏ ਤੋਂ ਦੋ ਰੁਪਏ ਦਾ ਹੋ ਗਿਆ ਹੈ। ਠੇਕੇਦਾਰਾਂ ਨੇ ਇਕੋ ਵਾਰ ਅੱਠ ਆਨੇ ਦੀ ਕੀਮਤ ਵਧਾ ਦਿੱਤੀ ਹੈ। ਤੁਸੀਂ ਵੀ ਹੁਣ ਮਜ਼ਦੂਰ ਅੱਡਾ ਫੀ ਛੇ ਆਨੇ ਦੀ ਬਜਾਏ ਅੱਠ ਆਨੇ ਰੋਜ਼ਾਨਾ ਦਿਆ ਕਰੋ।”
“ਉਸਤਾਦ ਜੀ, ਸਾਡੀ ਮਜ਼ਦੂਰੀ ਦਾ ਰੇਟ ਤਾਂ ਪੁਰਾਣਾ ਹੀ ਹੈ।” ਸੋਮੇ ਨੇ ਕਿਹਾ।
“ਤੁਸੀਂ ਇਥੇ ਕਿੰਨੇ ਰੇਟ ’ਚ ਕੰਮ ਕਰਦੇ ਹੋ? ਮੈਨੂੰ ਨਾ ਦੱਸੋ।” ਮੀਤ ਸਿੰਘ ਦਾ ਲਹਿਜਾ ਸਖਤ ਹੋ ਗਿਆ। “ਚਾਹ…ਰੋਟੀ, ਦੁੱਧ ਸਭ ਦਾ ਭਾਅ ਵੱਧ ਗਿਆ ਹੈ। ਪਹਿਲੀ ਤਰੀਕ ਤੋਂ ਬੱਸ ਦਾ ਕਿਰਾਇਆ ਵੀ ਵੱਧ ਰਿਹਾ ਹੈ। ਤੁਸੀਂ ਵੀ ਆਪਣਾ ਰੇਟ ਵਧਾ ਦਿਉ। ਇਸ ਤਰ੍ਹਾਂ ਅੱਡਾ ਫ਼ੀਸ ਆਪਣੇ ਆਪ ਵੱਧ ਜਾਏਗੀ।
“ਉਸਤਾਦ ਜੀ, ਸੌਦੇ ਨੇ ਬਾਰਾ ਨਹੀਂ ਖਾਣਾ। ਸਵੇਰ ਦੀਆਂ ਦੋ ਬੱਸਾਂ ਆਈਆਂ ਤੇ ਦੋ ਬੱਸਾਂ ਗਈਆਂ ਹਨ, ਲੇਕਿਨ ਸਿਰਫ ਸੋਮੇ ਨੇ ਚਾਰ ਆਨੇ ਕਮਾਏ ਆ। ਅਸੀਂ ਤਾਂ ਚਾਹ-ਪਾਣੀ ਤੋਂ ਵੀ ਬੇਜ਼ਾਰ ਬੈਠੇ ਹਾਂ।” ਜੇਬ ਤੇ ਹੱਥ ਰੱਖ ਕੇ ਬਰਕਤ ਗਿੜਗੜਾਇਆ।
“ਉਸਤਾਦ ਜੀ, ਫਿਰ ਇਸ ਕੰਮ ’ਚ ਬੱਧੀ ਆਮਦਨ ਵੀ ਨਹੀਂ ਹੈ। ਮੀਂਹ-ਹਨੇਰੀ ਆ ਜਾਵੇ, ਗਰਮੀ-ਸਰਦੀ ਵੱਧ ਜਾਵੇ ਤਾਂ ਸਵਾਰੀਆਂ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦਿੰਦੀਆਂ ਹਨ ਤੇ ਸਾਡਾ ਕੰਮ ਮੰਦਾ ਪੈ ਜਾਂਦਾ ਹੈ।”
“ਮੰਦੇ ਦਿਆ ਪੁੱਤਰਾ, ਮੇਲੇ-ਠੇਲੇ ਤੇ ਕਮਾਈ ਵੀ ਤਾਂ ਤੁਸੀਂ ਕਰਦੇ ਆਂ। ਜਦ ਸਵਾਰੀਆਂ ਸਮਾਨ ਬੱਸ ਦੀ ਛੱਤ ਤੋਂ ਉਤਾਰਨ ਤੇ ਚੜਾਉਣ ਲਈ ਕਤਾਰ ਬੰਨ ਕੇ ਖੜ੍ਹੀਆਂ ਹੁੰਦੀਆਂ ਹਨ। ਉਦੋਂ ਵੀਹ ਆਦਮੀਆਂ ਦਾ ਕੰਮ ਤੁਸੀਂ ਚਾਰ ਜਣੇ ਕਰਦੇ ਆਂ ਤੇ ਦਸ ਗੁਣਾ ਕਮਾਈ ਕਰਦੇ ਹੋ। ਅਗਰ ਕਦੀ ਇਕ ਆਦਮੀ ਦਾ ਕੰਮ ਚਾਰ ਜਣਿਆਂ ਨੂੰ ਕਰਨਾ ਪੈ ਜਾਏ ਤਾਂ ਮੌਤ ਕਿਉਂ ਪੈਂਦੀ ਆ। ਕੰਮ ਧੰਦੇ ਵਿਚ ਮੰਦਾ ਜਾਂ ਤੇਜ਼ੀ ਤਾਂ ਆਉਂਦੀ ਜਾਂਦੀ ਹੀ ਰਹਿੰਦੀ ਹੈ। …ਸੋਚ ਲਉ… ਵਿਚਾਰ ਲਉ…ਅਗਰ ਤੁਹਾਨੂੰ ਮੰਜ਼ੂਰ ਨਹੀਂ ਤਾਂ ਮੈਂ ਦੋ ਮਜ਼ਦੂਰ ਹੋਰ ਰੱਖ ਲਵਾਂਗਾ। ਮੈਂ ਆਪਣਾ ਘਰ ਵੀ ਤਾਂ ਦੇਖਣਾ ਹੈ।” ਮੀਤ ਸਿੰਘ ਫੇਰ ਅਖਬਾਰ ਤੇ ਝੁਕ ਗਿਆ।
ਕੋਈ ਜਵਾਬ ਦਿੱਤੇ ਬਿਨਾਂ ਬਰਕਤ, ਸੋਮਾ ਤੇ ਉਨਾਂ ਦੇ ਦੋਨੋ ਸਾਥੀ ਬਾਹਰ ਜਾਣ ਲਈ ਮੁੜੇ ਤਾਂ ਮੀਤ ਸਿੰਘ ਨੇ ਉਨਾਂ ਨੂੰ ਇਕ ਵਾਰ ਫਿਰ ਰੋਕ ਕੇ ਆਪਣਾ ਫੈਸਲਾ ਸੁਣਾ ਦਿੱਤਾ, “ਤੁਹਾਡੀ ਅੱਡਾ ਫੀਸ ਮੈਂ ਸੰਤਰੇ ਦੀ ਕੀਮਤ ਨਾਲ ਬੰਨ ਦਿੱਤੀ ਹੈ। ਉਹਦੀ ਕੀਮਤ ਵਧੇਗੀ ਤਾਂ ਅੱਡਾ ਫ਼ੀਸ ਵੀ ਵਧਾ ਦੇਵਾਂਗਾ। ਅਗਰ ਘੱਟ ਗਈ ਤਾਂ ਅੱਡਾ ਫ਼ੀਸ ਵੀ ਘਟਾ ਦੇਵਾਂਗਾ।”
“ਉਸਤਾਦ ਜੀ, ਇਦਾਂ ਲਗਦਾ ਕਿ ਸਵੇਰੇ ਸਵੇਰੇ ਹੀ ਨਸ਼ੇ ’ਚ ਗੁੱਟ ਹੋ ਗਏ ਹੋ।” ਬਰਕਤ ਹੱਥ ਰਗੜਦਾ ਹੋਇਆ ਮੁਸਕਰਾਇਆ।
“ਗੁੱਟ ਦਿਆ ਪੁੱਤਰਾ, ਅਜੇ ਤਾਂ ਮੈਂ ਲੱਸੀ ਵੀ ਨਹੀਂ ਪੀਤੀ। ਗੁੱਟ ਕਿਦਾਂ ਹੋ ਗਿਆ। ਜਾ ਦੌੜ ਕੇ ਮਕੰਦੇ ਹਲਵਾਈ ਦੀ ਦੁਕਾਨ ਤੋਂ ਮਿੱਠੀ ਲੱਸੀ ਦਾ ਗਲਾਸ ਲੈ ਕੇ ਆ। …ਥੋੜਾ ਪਰੇ ਸਤਨਾਮੇ ਤੋਂ ਤਿੰਨ ਸੰਤਰੇ ਵੀ ਲੈਂਦਾ ਆਈਂ…ਸਵੇਰ ਦੇ ਹੀ ਖੱਟੇ ਡਕਾਰ ਆਉਂਦੇ ਆ। ਲਗਦਾ ਹੈ ਢਿੱਡ ’ਚ ਤੇਜ਼ਾਬੀ ਮਾਦਾ ਵੱਧ ਗਿਆ ਹੈ।” ਮੀਤ ਸਿੰਘ ਨੇ ਦੋਹਾਂ ਹੱਥਾਂ ਨਾਲ ਢਿੱਡ ਨੂੰ ਘੁੱਟਿਆ।
“ਉਸਤਾਦ ਜੀ ਪੈਸੇ?” ਬਰਕਤ ਨੇ ਉਹਦੀ ਵੱਲ ਖੁੱਲਾ ਤੇ ਖਾਲੀ ਹੱਥ ਵਧਾ ਦਿੱਤਾ।
ਮੀਤ ਸਿੰਘ ਨੇ ਘੂਰ ਕੇ ਉਹਦੀ ਵੱਲ ਦੇਖਿਆ ਤਾਂ ਬਰਕਤ ਬੋਲਿਆ, “ਉਸਤਾਦ ਜੀ ਦੱਸਿਆ ਤਾਂ ਹੈ ਕਿ ਸਵੇਰ ਦੀਆਂ ਦੋ ਲਾਰੀਆਂ ਆਈਆਂ ਤੇ ਦੋ ਗਈਆਂ ਹਨ। ਕੁਲ ਮਿਲਾ ਕੇ ਚਾਰ ਆਨੇ ਦੀ ਕਮਾਈ ਹੋਈ ਹੈ। …ਕਦੀ ਕਦੀ ਤਾਂ ਇਦਾਂ ਦਾ ਮਨਹੂਸ ਦਿਨ ਹੁੰਦਾ ਹੈ ਕਿ ਲਾਰੀ ਤੋਂ ਭੁੱਖੀਆਂ ਨੰਗੀਆਂ ਸਵਾਰੀਆਂ ਹੀ ਉਤਰਦੀਆਂ ਹਨ। ਸਮਾਨ ਤਾਂ ਕੀ ਉਨ੍ਹਾਂ ਦੇ ਤਨ ’ਤੇ ਪੂਰੇ ਕਪੜੇ ਵੀ ਨਹੀਂ ਹੁੰਦੇ।”
“ਟਰੰਕਾਂ, ਬਿਸਤਰਿਆਂ ਤੇ ਵੱਡੀਆਂ ਵੱਡੀਆਂ ਗੱਠੜੀਆਂ ਨਾਲ ਲੱਦੀਆਂ ਸਵਾਰੀਆਂ ਵੀ ਤਾਂ ਇਸੇ ਅੱਡੇ ਤੇ ਉਤਰਦੀਆਂ।” ਮੀਤ ਸਿੰਘ ਨੇ ਬਰਕਤ ਨੂੰ ਝਿੜਕਿਆ, “ਜਾ, ਦੌੜ ਕੇ ਲੱਸੀ ਤੇ ਸੰਤਰੇ ਲੈ ਆ। ਉਹਨੂੰ ਦੱਸ ਦੇਵੀਂ ਕਿ ਅੱਡਾ ਇੰਨਚਾਰਜ ਨੇ ਮੰਗਵਾਏ ਆ। ਉਹ ਪੈਸੇ ਨਹੀਂ ਮੰਗੇਗਾ। ਛੇਤੀ ਦੌੜ ਜਾ। ਦੋਨਾਂ ਬੱਸਾਂ ਦੇ ਜਾਣ ਦਾ ਟਾਇਮ ਹੋ ਰਿਹਾ ਹੈ। ਅੱਗੇ-ਪਿਛੇ ਹੀ ਤੁਰ ਪੈਣੀਆਂ।”
ਬਰਕਤ ਤੇ ਉਹਦੇ ਸਾਥੀ ਮੀਤ ਸਿੰਘ ਦੇ ਕਮਰੇ ਤੋਂ ਬਾਹਰ ਆ ਗਏ। ਬਰਕਤ ਹਲਵਾਈ ਦੀ ਦੁਕਾਨ ਨੂੰ ਚਲਾ ਗਿਆ ਅਤੇ ਸੋਮਾ, ਤੋਖਾ ਤੇ ਮਨਸੂਖ ਬਾਹਰ ਖੁੱਲੀ ਜਗ੍ਹਾ ’ਚ ਆ ਖੜੇ ਹੋਏ। ਨਵਾਂ ਸ਼ਹਿਰ-ਬੰਗਿਆਂ ਨੂੰ ਜਾਣ ਵਾਲੀ ਬੱਸ ਲੱਗ ਗਈ ਸੀ ਅਤੇ ਉਸਦਾ ਡਰਾਈਵਰ ਤੇ ਕਲੀਨਰ ਬੋਨਟ ਦੇ ਕੋਲ ਖੜ੍ਹੇ ਸਨ। ਸੋਮਾ ਤੇ ਉਹਦੇ ਸਾਥੀ ਵੀ ਉਹਨਾਂ ਦੇ ਕੋਲ ਚਲੇ ਗਏ।
“ਮਨਸੂਖ, ਇਸ ਬੱਸ ਤੇ ਤੂੰ ਤਾਂ ਤੋਖਾ ਆਪਣੀ ਕਿਸਮਤ ਅਜ਼ਮਾ ਲਉ। ਲੁਧਿਆਣਾ ਤੇ ਨਵਾਂਸ਼ਹਿਰ-ਬੰਗਿਆਂ ਤੋਂ ਆਉਣ ਵਾਲੀਆਂ ਲਾਰੀਆਂ ਮੈਂ ਤੇ ਬਰਕਤ ਦੇਖ ਲਵਾਂਗੇ।” ਸੋਮੇ ਨੇ ਸਲਾਹ ਦਿੱਤੀ।
ਮਨਸੂਖ, ਤੇ ਤੋਖੇ ਨੂੰ ਬੱਸ ਵੱਲ ਆਉਂਦਿਆਂ ਦੇਖ ਕੇ ਡਰਾਈਵਰ ਸਰਵਣ ਸਿੰਘ ਤੇ ਕਲੀਨਰ ਫੁੰਮਣਰਾਮ ਥੋੜ੍ਹਾ ਪਰੇ ਚਲੇ ਗਏ। ਸਰਵਣ ਸਿੰਘ ਵੱਲ ਨੂੰ ਮੂਧਾ ਹੋ ਕੇ ਫੁੰਮਣਰਾਮ ਨੇ ਬੁੜਬੁੜ ਕੀਤੀ “ਸੁਣਿਆ ਹੈ ਨਵਾਂ ਕਲੀਨਰ ਕੁਲਦੀਪਚੰਦ ਪੰਡਿਤ ਜੀ ਦਾ ਰਿਸ਼ਤੇਦਾਰ ਆ।”
“ਸੁਣਿਆ ਤਾਂ ਮੈਂ ਵੀ ਆਂ। ਠੀਕ ਹੀ ਹੋਣਾ। ਪੰਡਿਤ ਇਕੱਲਾ ਕੰਪਨੀ ’ਚ ਛੇ ਆਨਿਆਂ ਦਾ ਹਿੱਸੇਦਾਰ ਆ। ਇਸ ਲਈ ਬੰਦੇ ਜਿ਼ਆਦਾ ਉਹਦੇ ਹੀ ਭਰਤੀ ਹੋਣਗੇ। ਦੂਜੇ ਨੰਬਰ ਤੇ ਵਰਿਆਮ ਸਿੰਘ ਹੈ। ਉਹ ਕੰਪਨੀ ’ਚ ਚਾਰ ਆਨੇ ਦਾ ਮਾਲਿਕ ਹੈ।”
“ਇਹ ਦੋਨੋ ਤਾਂ ਕੰਪਨੀ ਨੂੰ ਖਾ ਜਾਣਗੇ। …ਮੁਨਾਫਾ ਹਰ ਸਾਲ ਘੱਟਦਾ ਜਾ ਰਿਹਾ।” ਫੁੰਮਣਰਾਮ ਨੇ ਚਿੰਤਾ ਜ਼ਾਹਿਰ ਕੀਤੀ।
“ਤੂੰ ਕਿੰਨਾ…ਦੋ ਪੈਸੇ ਦਾ ਮਾਲਿਕ ਆਂ?” ਸਰਵਣ ਸਿੰਘ ਨੇ ਪੁੱਛਿਆ।
“ਨਹੀਂ, ਡੇਢ ਪੈਸੇ ਦਾ।” ਫੁੰਮਣਰਾਮ ਨੇ ਕਿਹਾ।
“ਮੈਂ ਇਕ ਪੈਸੇ ਦਾ ਮਾਲਿਕ ਹਾਂ। …ਇੰਨਾ ਸ਼ੁਕਰ ਕਰ ਕਿ ਨੋਕਰੀ ਲੱਗੀ ਹੋਈ ਆ। ਆਪਣਾ ਰੋਟੀ-ਪਾਣੀ ਦਾ ਖਰਚ ਲਾਰੀ ਤੋਂ ਕੱਢ ਲੈਂਦੇ ਆਂ। ਰਾਤ ਨੂੰ ਮੂੰਹ ਵੀ ਕੌੜਾ ਕਰ ਲਈ ਦਾ ਆ। ਪੂਰੀ ਤਨਖਾਹ ਘਰ ਲੈ ਜਾਈਦੀ ਆ। ਉਤੋਂ ਸਾਲ ਬਾਅਦ ਥੋੜ੍ਹਾ ਬਹੁਤਾ ਡਿਵੀਡੰਡ ਵੀ ਮਿਲ ਜਾਂਦਾ ਹੈ। ਹੋਰ ਤੂੰ ਕੀ ਚਾਹੁੰਦਾ ਆਂ? ਕੀ ਤੇਰੇ ਨਾਂ ਦੇ ਨਾਲ ਨਾਲ ਤੇਰੇ ਸਿਰ ਤੇ ਵੀ ਫੁੰਮਣ ਬੰਨ੍ਹ ਦਿਤੇ ਜਾਣ?” ਉਤੇਜਿਤ ਹੋ ਕੇ ਸਰਵਣ ਸਿੰਘ ਨੇ ਫੁੰਮਣਰਾਮ ਦੇ ਮੋਢੇ ਤੇ ਜ਼ੋਰ ਨਾਲ ਹੱਥ ਮਾਰਿਆ।
“ਭਰਾਵਾ, ਤੇਰੀਆਂ ਸਾਰੀਆਂ ਗੱਲਾਂ ਠੀਕ ਆ। ਆਪਣਾ ਹਿਸਾਬ-ਕਿਤਾਬ ਤਾਂ ਠੀਕ-ਠਾਕ ਹੈ ਹੀ। ਪਰ ਮੇਰਾ ਭਤੀਜਾ ਅਠਾਰਾਂ ਸਾਲਾਂ ਦਾ ਹੋ ਗਿਆ ਹੈ। ਅੱਠ ਜਮਾਤਾਂ ਵੀ ਪਾਸ ਕਰ ਲਈਆਂ ਹਨ। ਉਹਦੇ ਬਾਰੇ ਮੈਂ ਸੋਚ ਰਿਹਾ ਸੀ ਕਿ ਜੇ ਕੰਪਨੀ ਵਿਚ ਪਰਚੀਆਂ ਕੱਟਣ ਜਾਂ ਕਲੀਨਰ ਦੀ ਨੌਕਰੀ ਮਿਲ ਜਾਵੇ ਤਾਂ ਚਿੰਤਾ ਦੂਰ ਹੋ ਜਾਵੇ।” ਫੁੰਮਣਰਾਮ ਡੂੰਘੀ ਸੋਚ ਵਿਚ ਡੁੱਬ ਗਿਆ, “ਜਵਾਨ ਲੜਕਾ ਅਵਾਰਾ ਨਹੀਂ ਫਿਰਨਾ ਚਾਹੀਦਾ।”
“ਤੇਰਾ ਭਰਾ ਕੀ ਕੰਮ ਕਰਦਾ?”
“ਪਿੰਡ ਵਿਚ ਛੋਟੀ ਜਿਹੀ ਕਰਿਆਨੇ ਦੀ ਹੱਟੀ।”
“ਤਾਂ ਮੁੰਡੇ ਨੂੰ ਹੁਣ ਹੱਟੀ ’ਤੇ ਬਿਠਾ ਦਿਉ।” ਸਰਵਣ ਸਿੰਘ ਨੇ ਸੁਝਾਅ ਦਿੱਤਾ।
“ਦੁਕਾਨ ਦੋ ਆਦਮੀਆਂ ਦਾ ਭਾਰ ਨਹੀਂ ਉਠਾ ਸਕਦੀ। ਵੈਸੇ ਵੀ ਮੇਰਾ ਭਤੀਜਾ ਫੇਰੇ-ਤੋਰੇ ਦਾ ਸ਼ੁਕੀਨ ਹੈ।”
“ਤਾਂ ਫੇਰ ਪੰਡਿਤ ਜੀ ਜਾਂ ਵਰਿਆਮ ਸਿੰਘ ਨਾਲ ਗੱਲ ਕਰ ਲਾ।”
“ਉਹ ਕਿਥੇ ਮੰਨਣ ਲੱਗੇ ਆ। ਉਹਨਾਂ ਦੀ ਆਪਣੀ ਰਿਸ਼ਤੇਦਾਰੀ ਬੜੀ ਲੰਬੀ ਚੌੜੀ ਆ।” ਫੁੰਮਣਰਾਮ ਮਾਯੂਸ ਹੋ ਗਿਆ।
“ਫੁੰਮਣਾ ਤੇਰਾ ਕੰਮ ਬਣ ਸਕਦਾ ਆ।” ਸਰਵਣ ਸਿੰਘ ਨੇ ਭਰਵੱਟੇ ਚੜ੍ਹਾ ਕੇ ਵਿਸ਼ਵਾਸ ਨਾਲ ਕਿਹਾ।
“ਕਿਦਾਂ?” ਫੁੰਮਣਰਾਮ ਹੈਰਾਨੀ ਨਾਲ ਸਰਵਣ ਸਿੰਘ ਵੱਲ ਦੇਖਣ ਲੱਗਾ।
“ਕੰਪਨੀ ਵਿਚ ਤਿੰਨ ਆਨੇ ਦਾ ਇਕ ਹੋਰ ਹਿੱਸੇਦਾਰ ਵੀ ਆ।”
“ਕੌਣ?”
“ਪੰਡੋਰੀ ਦਾ ਮਹੰਤ ਸੰਤੋਖ ਸਿੰਘ …। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ। ਹਰ ਸਾਲ ਵਿਸਾਖੀ ਤੇ ਦੀਵਾਲੀ ਨੂੰ ਉਹਦੇ ਡੇਰੇ ’ਤੇ ਭੰਡਾਰਾ ਹੁੰਦਾ ਆ। ਕੰਪਨੀ ਦੀਆਂ ਸਾਰੀਆਂ ਲਾਰੀਆਂ ਸੰਗਤਾਂ ਨੂੰ ਮੁਫਤ ਢੋਂਦੀਆਂ ਹਨ। ਉਹ ਕਹਿ ਦੇਵੇ ਤਾਂ ਤੇਰੇ ਭਤੀਜੇ ਦਾ ਖੜ੍ਹੇ ਪੈਰ ਕੰਮ ਬਣ ਸਕਦਾ ਹੈ। ਸਿੱਧਾ ਇੰਸਪੈਕਟਰ ਲੱਗ ਸਕਦਾ। ਵੈਸੇ ਵੀ ਮਹੰਤ ਦਿਆਲੂ ਆਦਮੀ ਆ। ਔਰਤ ਜ਼ਾਤ ਦੀ ਗੱਲ ਨੂੰ ਝੱਟ ਮੰਨ ਲੈਂਦਾ ਹੈ।” ਸਰਵਣ ਸਿੰਘ ਅੱਖ ਦਬਾ ਕੇ ਹੱਸਿਆ।
“ਚਲੋ, ਕੋਸਿ਼ਸ਼ ਕਰਕੇ ਦੇਖਾਂਗੇ। ਪੰਡੋਰੀ ਵੈਸੇ ਵੀ ਮੇਰੇ ਪਿੰਡ ਦੇ ਨੇੜੇ ਹੀ ਹੈ। ਜਿ਼ਆਦਾ ਤੋਂ ਜਿ਼ਆਦਾ ਦੋ ਕੋਹ ਹੋਊਗਾ…ਪਗਡੰਡੀ ਰਾਹੀਂ। …ਸੜਕ ਵੱਲ ਦੀ ਅੱਠ-ਦਸ ਕੋਹ ਪੈ ਜਾਂਦਾ। ਪਹਿਲਾਂ ਬਹਿਰਾਮ ਜਾਓ ਫੇਰ ਨੰਗਲ ਤੇ ਉਥੋਂ ਪੰਡੋਰੀ।”
“ਸੇਵਾ ਕਰੋ ਡੇਰੇ ’ਤੇ। …ਮਹੰਤ ਖੁਸ਼ ਹੋ ਗਿਆ ਤਾਂ ਕੰਮ ਜ਼ਰੂਰ ਬਣ ਜਾਊਗਾ। …ਉਹ ਔਰਤਾਂ ਨੂੰ ਮੁੰਡੇ ਵੀ ਦਿੰਦਾ ਆ। ਤੇਰਾ ਤਾਂ ਕੰਮ ਹੀ ਬਹੁਤ ਛੋਟਾ ਹੈ।” ਸਰਵਣ ਸਿੰਘ ਇਕ ਵਾਰ ਫਿਰ ਹੱਸਿਆ।
“ਕਰਕੇ ਦੇਖਦਾ ਆਂ।” ਫੁੰਮਣਰਾਮ ਨੇ ਹਾਂ ਵਿਚ ਸਿਰ ਹਿਲਾਇਆ।
“ਜ਼ਰੂਰ ਕਰ। …ਇਸ ਕੰਪਨੀ ਵਿਚ ਜੇ ਕੁੱਤਾ ਵੀ ਭਰਤੀ ਕਰਨਾ ਹੋਵੇ ਤਾਂ ਉਹ ਜਾਂ ਤਾਂ ਕੰਪਨੀ ਦੇ ਕਿਸੇ ਬੜੇ ਹਿੱਸੇਦਾਰ ਦਾ ਆਪਣਾ ਹੋਵੇਗਾ, ਜਾਂ ਫਿਰ ਉਹਦੇ ਗਲੀ ਗੁਆਂਢ ਤੋਂ ਤਾਂ ਜ਼ਰੂਰ ਹੀ ਹੋਣਾ ਚਾਹੀਦਾ।” ਸਰਵਣ ਸਿੰਘ ਨੇ ਖਿਝ ਕੇ ਸਿਰ ਝਟਕਿਆ। ਫਿਰ ਉਹ ਚਾਰੇ ਪਾਸੇ ਦੇਖਣ ਲੱਗਾ, “ਸਿ਼ੰਗਾਰਾ ਕਿਥੇ ਮਰ ਗਿਆ। ਘੱਟੋ ਘੱਟ ਹੋਕਾ ਤਾਂ ਦੇਵੇ ਕਿ ਨਵਾਂ ਸ਼ਹਿਰ-ਬੰਗਿਆਂ ਦੀ ਲਾਰੀ ਲੱਗ ਗਈ ਹੈ।”
“ਕਿਤੇ ਇੱਥੇ ਹੀ ਹੋਣਾ। ਮੈਂ ਦੇਖਦਾ ਆਂ।” ਫੁੰਮਣਰਾਮ ਟਿਕਟਾਂ ਦੀ ਫੱਟੀ ਨੂੰ ਛਾਤੀ ਨਾਲ ਲਾ ਕੇ ਤੇ ਝੋਲੇ ਨੂੰ ਗੁੱਟ ਦੇ ਦੁਆਲੇ ਲਪੇਟ ਕੇ ਦੁਕਾਨਾਂ ਵੱਲ ਨੂੰ ਤੁਰ ਪਿਆ।
ਬਰਕਤ ਇਕ ਹੱਥ ਵਿਚ ਲੱਸੀ ਦਾ ਗਲਾਸ ਤੇ ਦੂਜੇ ਹੱਥ ਵਿਚ ਸੰਤਰਿਆਂ ਦਾ ਲਿਫ਼ਾਫਾ ਲਈ ਜਦ ਸਰਵਣ ਸਿੰਘ ਦੇ ਕੋਲੋਂ ਲੰਘਿਆ ਤਾਂ ਉਸ ਨੇ ਉਹ ਨੂੰ ਰੋਕ ਲਿਆ, “ਕਿਹਦਾ ਸਮਾਨ ਆ?”
ਬਰਕਤ ਨੇ ਭਰਵੱਟੇ ੳੁੱਪਰ ਨੂੰ ਚੜ੍ਹਾ ਕੇ ਅੱਡਾ ਇੰਨਚਾਰਜ ਦੇ ਕਮਰੇ ਵੱਲ ਇਸ਼ਾਰਾ ਕੀਤਾ। ਸਰਵਣ ਸਿੰਘ ਹੱਸ ਪਿਆ। “ਰੋਟੀ-ਪਾਣੀ, ਖਾਦ-ਖੁਰਾਕ ਅੱਡੇ ਦੀਆਂ ਦੁਕਾਨਾਂ ਦੇ ਜਿ਼ੰਮੇ ਆ। ਸਾਲਾ, ਮੁਫਤ ਦਾ ਮਾਲ ਖਾ-ਖਾ ਕੇ ਮੋਟਾ ਹੋਈ ਜਾਂਦਾ। ਹੋਵੇ ਵੀ ਕਿਉਂ ਨਾ। ਕੰਪਨੀ ਵਿਚ ਦੋ ਆਨੇ ਦਾ ਮਾਲਕ ਜੋਂ ਹੈ।”
“ਬੜੇ ਲੋਕਾਂ ਦੇ ਬੜੇ ਕੰਮ। ਗਰੀਬ ਆਦਮੀ ਕੀ ਕਹਿ ਸਕਦਾ।” ਬਰਕਤ ਨੇ ਆਪਣਾ ਸਿਰ ਝਟਕਿਆ ਤੇ ਲੱਸੀ ਦੇ ਬੜੇ ਸਾਰੇ ਗਲਾਸ ਨੂੰ ਘੁੱਟ ਕੇ ਫੜਦਿਆਂ ਮੀਤ ਸਿੰਘ ਦੇ ਕਮਰੇ ਵੱਲ ਨੂੰ ਚਲਾ ਗਿਆ।
ਥੋੜ੍ਹੀ ਹੀ ਦੇਰ ਬਾਅਦ ਲੁਧਿਆਣੇ ਤੋਂ ਵੀ ਬੱਸ ਆ ਗਈ। ਕੁਛ ਸਮੇਂ ਲਈ ਅੱਡੇ ’ਤੇ ਫੇਰ ਰੌਣਕ ਹੋ ਗਈ। ਮਜ਼ਦੂਰਾਂ ਦੇ ਨਾਲ-ਨਾਲ ਤਾਂਗੇ ਵਾਲੇ ਵੀ ਸਵਾਰੀਆਂ ਨੂੰ ਘੇਰੀ ਖੜ੍ਹੇ ਸਨ ਤੇ ਜ਼ੋਰ ਜ਼ੋਰ ਦੀ ਹੋਕਾ ਦੇ ਰਹੇ ਸਨ-“ਅੱਡਾ ਹੁਸਿ਼ਆਰਪੁਰ, ਟਾਂਡਾ ਅੱਡਾ…ਮਾਈ ਹੀਰਾਂ ਗੇਟ”…
“ਚੱਲ ਕਚਹਿਰੀ, ਅੱਡਾ ਅੰਮ੍ਰਿਤਸਰ …ਨਕੋਦਰ ਅੱਡਾ…ਪੱਕਾ ਬਾਗ…ਚਹਾਰਬਾਗ…ਸੈਅਦਾਂ ਗੇਟ…ਫਗਵਾੜਾ ਗੇਟ।”
ਮੰਗਤੇ ਤੇ ਮੰਗਤੀਆਂ ਵੀ ਸਵਾਰੀਆਂ ਨੂੰ ਘੇਰਨੇ ਦੀ ਕੋਸਿ਼ਸ਼ ਕਰ ਰਹੇ ਸਨ।
ਜਦ ਸਵਾਰੀਆਂ ਅੱਡੇ ਤੋਂ ਬਾਹਰ ਚਲੇ ਗਈਆਂ ਤਾਂ ਉਥੇ ਇਕ ਵਾਰ ਫਿਰ ਖਮੋਸ਼ੀ ਛਾ ਗਈ। ਮਨਸੂਖ ਤੇ ਤੋਖਾ ਜੇਬ ’ਚ ਪਾਏ ਪੈਸਿਆਂ ਨੂੰ ਗਿਣਦੇ ਹੋਏ ਬਰਕਤ ਤੇ ਸੋਮੇ ਦੇ ਕੋਲ ਚਲੇ ਗਏ। ਉਹ ਬਰਾਂਡੇ ਦੇ ਦੋ ਥੰਮਾਂ ਦੇ ਨਾਲ ਆਹਮੋ ਸਾਹਮਣੇ ਖੜ੍ਹੇ ਸਿਗਰਟ ਪੀ ਰਹੇ ਸਨ।
“ਸੋਮੇ, ਆਪਾਂ ਰਲ਼ ਕੇ ਇਕ ਹੁੱਕਾ ਬਣਾ ਲੈਂਦੇ ਆਂ। ਸਿਗਰਟ ਨਾਲ ਬੁੱਲ੍ਹ ਜਲ ਜਾਂਦੇ ਹਨ।” ਬਰਕਤ ਨੇ ਸੁਝਾਅ ਦਿੱਤਾ, “ਦੂਜਾ ਸਸਤਾ ਵੀ ਪਊਗਾ।”
“ਛੱਡ ਯਾਰ, ਕਦੀ ਪਾਣੀ ਬਦਲ ਕੇ ਹੁੱਕਾ ਤਾਜ਼ਾ ਕਰੋ ਤੇ ਕਦੀ ਚਿਲਮ ਭਰੋ। ਸਿਗਰਟ ਹੀ ਠੀਕ ਆ।” ਸੋਮੇ ਨੇ ਨਾਂਹ ਵਿਚ ਸਿਰ ਹਿਲਾਇਆ।
ਬਰਕਤ ਨੇ ਕੋਈ ਜਵਾਬ ਨਾ ਦਿੱਤਾ ਤੇ ਸੋਮੇ ਨੂੰ ਛੱਡ ਤੋਖੇ ਤੇ ਮਨਸੂਖ ਵੱਲ ਦੇਖਣ ਲੱਗਾ। ਜਦ ਉਹ ਨੇੜੇ ਆ ਗਏ ਤਾਂ ਬਰਕਤ ਨੇ ਹੈਰਾਨੀ ਨਾਲ ਪੁੱਛਿਆ, “ਕੁੱਝ ਮਿਲਿਆ ਜਾਂ ਬੱਸ ਵਿਚ ਮੰਗਤੇ ਹੀ ਭਰੇ ਹੋਏ ਸੀ?”
“ਮੇਰਾ ਤਾਂ ਠੀਕ ਹੀ ਹੈ…।” ਤੋਖੇ ਨੇ ਜੇਬ ਵਿਚੋਂ ਦਸ ਆਨੇ ਕੱਢਦਿਆਂ ਕਿਹਾ, “ਮੇਰੀ ਲਾਰੀ ’ਚ ਤਾਂ ਇਕ ਕਾਲਜੀਏਟ ਬੈਠਾ ਸੀ। ਪਿੰਡ ਵਿਚ ਪਿਉ ਨੂੰ ਮਿਲ ਕੇ ਆਇਆ ਹੋਣਾ। ਟਰੰਕ, ਬਿਸਤਰਾ ਬੱਸ ਦੀ ਛੱਤ ਤੋਂ ਉਤਾਰਨ ਤੇ ਤਾਂਗੇ ਵਿਚ ਰੱਖਣੇ ਦੇ ਦਸ ਆਨੇ ਦੇ ਗਿਆ। ਬਾਂਰਾਂ ਆਨੇ ਮੰਗਦਾ ਤਾਂ ਸ਼ਾਇਦ ਉਹ ਨੇ ਉਹ ਵੀ ਦੇ ਦੇਣੇ ਸਨ।”
“ਮੈਨੂੰ ਤਾਂ ਛੇ ਹੀ ਆਨੇ ਮਿਲੇ ਆ। ਆੜ੍ਹਤੀ ਦੀਆਂ ਬੋਰੀਆਂ ਲਾਹੀਆਂ ਸਨ। ਨਗ ਮਗਰ ਦੋ ਪੈਸੇ ਦੇ ਹਿਸਾਬ ਨਾਲ ਤਿੰਨ ਆਨੇ ਬਣਦੇ ਸੀ। ਉਹ ਦੁਆਨੀ ਦੇ ਕੇ ਹੀ ਟਿੱਬਣਾ ਚਾਹੁੰਦਾ ਸੀ। ਪਰ ਮੈਂ ਵੀ ਅੜ ਗਿਆ। ਮਜ਼ਦੂਰੀ ਤਾਂ ਤਿੰਨ ਆਨੇ ਦੇ ਦਿੱਤੀ ਪਰ ਬੁੜ ਬੁੜ ਕਰਦਾ ਰਿਹਾ ਕਿ ਸ਼ਹਿਰ ਵਿਚ ਲੁੱਟ ਮਚੀ ਹੋਈ ਹੈ।”
ਤੋਖੇ ਤੇ ਮਨਸੂਖ ਨੇ ਆਪਣੇ ਆਪਣੇ ਪੈਸੇ ਗਿਣ ਕੇ ਬਰਕਤ ਨੂੰ ਦੇ ਦਿੱਤੇ। ਉਸ ਨੇ ਹੁਣ ਤੱਕ ਦੀ ਉਸ ਦਿਨ ਦੀ ਕਮਾਈ ਨੂੰ ਧਿਆਨ ਨਾਲ ਗਿਣਿਆ ਤੇ ਪੈਸਿਆਂ ਨੂੰ ਕਮੀਜ਼ ਦੇ ਥੱਲੇ ਪਤੂਹੀ ਦੀ ਅੰਦਰਲੀ ਜੇਬ ਵਿਚ ਰੱਖਦਾ ਹੋਇਆ ਸੂਰਜ ਵੱਲ ਦੇਖਣ ਲੱਗਾ, “ਪੌਣੇ ਦੋ ਰੁਪਏ ਹੀ ਬਣੇ ਹਨ। …ਕੋਈ ਗੱਲ ਨਹੀਂ। ਅਜੇ ਘੱਟ ਤੋਂ ਘੱਟ ਅੱਠ-ਦਸ ਬੱਸਾਂ ਜਾਣਗੀਆਂ ਤੇ ਇੰਨੀਆਂ ਕੁ ਹੀ ਆਉਣਗੀਆਂ। ਅੰਮ੍ਰਿਤਸਰ, ਮੁਕੇਰੀਆਂ, ਨਕੋਦਰ-ਲੋਹੀਆਂ ਤੇ ਦਿੱਲੀ ਦੀ ਪਸੰਜ਼ਰ ਗੱਡੀਆਂ ਵੀ ਤਾਂ ਆਉਣੀਆਂ ਹਨ।”
ਉਹ ਕੁੱਝ ਪਲ ਚੁੱਪ ਬੈਠੇ ਰਹੇ। ਫਿਰ ਮਨਸੂਖ ਨੇ ਉਹਨਾਂ ਵੱਲ ਦੇਖਿਆ, “ਆਉ, ਖਾਣਾ ਖਾ ਲਈਏ।”
“ਯਾਰ, ਦਿਨ ਅਜੇ ਪੂਰੀ ਤਰ੍ਹਾਂ ਚੜ੍ਹਿਆ ਨਹੀਂ ਤੇ ਤੈਨੂੰ ਭੁੱਖ ਸਤਾਉਣ ਵੀ ਲੱਗ ਗਈ। ਕੀ ਤੂੰ ਘਰ ਤੋਂ ਭੁੱਖਾ ਹੀ ਤੁਰ ਪਿਆ ਸੀ?” ਬਰਕਤ ਨੇ ਖਿੱਝ ਕੇ ਪੁੱਛਿਆ। ਫਿਰ ਉਸ ਨੇ ਬਰਾਂਡੇ ਵਿਚ ਲੱਗੇ ਗੰਦੇ ਜਿਹੇ ਟਾਈਮ ਪੀਸ ਵੱਲ ਦੇਖਿਆ, “ਅਜੇ ਤਾਂ ਗਿਆਰਾਂ ਵੀ ਨਹੀਂ ਵੱਜੇ ਤੇ ਇਹਦਾ ਢਿੱਡ ਭੁੱਖ ਨਾਲ ਸੁੰਗੜਨ ਲੱਗਾ ਹੋਇਆ ਹੈ।”
“ਮੈਂ ਤਾਂ ਸੋਚਿਆ ਕਿ ਵਿਹਲੇ ਹੀ ਬੈਠੇ ਹਾਂ, ਖਾਣਾ ਹੀ ਖਾ ਲੈਂਦੇ ਹਾਂ।” ਮਨਸੂਖ ਖਸਿਆਨਾ ਜਿਹਾ ਹੋ ਗਿਆ।
“ਵਿਹਲੇ ਕਿਉਂ ਬੈਠਣਾ ਹੈ?” ਸੋਮਾ ਜੇਬ ਵਿਚੋਂ ਤਾਸ਼ ਕੱਢ ਕੇ ਪੱਤੇ ਫੈਂਟਣ ਲੱਗਾ। “ਕੀ ਖੇਲਣਾ? …ਭਾਬੀ?”
“ਛੱਡ ਯਾਰ। ਭਾਬੀ ਤਾਂ ਨਿਆਣਿਆਂ ਦੀ ਖੇਡ ਆ।” ਤੋਖੇ ਨੇ ਇਤਰਾਜ਼ ਕੀਤਾ।
“ਪਰ ਠੋਕਾ ਦੇ ਕੇ ਮਜ਼ਾ ਬਹੁਤ ਆਉਂਦਾ ।” ਸੋਮਾ ਖੁਸ਼ ਹੋ ਗਿਆ। “ਕੋਟਪੀਸ ਖੇਲ ਲਵੋ।” ਮਨਸੂਖ ਨੇ ਸਲਾਹ ਦਿੱਤੀ।
“ਨਹੀਂ ਯਾਰੋ, ਸੀਪ ਖੇਲਦੇ ਹਾਂ। ਥੋੜ੍ਹੀ ਦਿਮਾਗੀ ਕਸਰਤ ਵੀ ਹੋਣੀ ਚਾਹੀਦੀ ਹੈ।” ਬਰਕਤ ਨੇ ਫੈਸਲਾ ਸੁਣਾਇਆ।
“ਪਹਿਲਾਂ ਪੀਸ ਕੱਢੋ।”
ਪੀਸ ਵੀ ਕੱਢਦੇ ਆਂ। …ਤੋਖੇ, ਤੂੰ ਤੇ ਮਨਸੂਖ ਆੜੀ …ਮੈਂ ਤਾਂ ਸੋਮਾ।”
ਬਰਕਤ ਨੇ ਸੋਮੇ ਤੋਂ ਤਾਸ਼ ਲੈ ਕੇ ਪੱਤਿਆਂ ਨੂੰ ਕਾਹਲੀ ਨਾਲ ਫੈਂਟਦੇ ਹੋਏ ਕਿਹਾ, ਜਿਸ ਨੂੰ ਹੁਕਮ ਦਾ ਗੁਲਾਮ ਆਇਆ, ਉਹ ਪੀਹੂਗਾ।” ਬਰਕਤ ਸਾਰਿਆਂ ਦੇ ਸਾਹਮਣੇ ਇਕ-ਇਕ ਪੱਤਾ ਸਿੱਧਾ ਕਰਕੇ ਸਿੱਟਦਾ ਰਿਹਾ। ਸਾਰਿਆਂ ਤੋਂ ਪਹਿਲਾਂ ਗੁਲਾਮ ਉਹਦੇ ਹੀ ਹਿੱਸੇ ਆਇਆ।
ਉਹ ਤਾਸ਼ ਖੇਲਣ ਵਿਚ ਮਗਨ ਹੋ ਗਏ ਤਾਂ ਕਾਲੀ ਵੀ ਹੌਲੀ ਹੌਲੀ ਉਹਨਾਂ ਦੇ ਨੇੜੇ ਆ ਗਿਆ ਤੇ ਖੇਲ ਦੇਖਣ ਲੱਗਾ। ਜਦ ਕਿਸੇ ਦਾ ਕੋਈ ਪੱਤਾ ਪੱਕਾ ਹੋ ਜਾਂਦਾ ਤਾਂ ਉਹ ਉਸ ਨੂੰ ਜ਼ੋਰ ਨਾਲ ਸਿੱਟਦਾ ਹੋਇਆ ਜੇਤੂ ਅਵਾਜ਼ ਕੱਢਦਾ। ਕਾਲੀ ਵੀ ਹੌਲੀ ਹੌਲੀ ਖੇਲ ਵਿਚ ਪੂਰੀ ਤਰ੍ਹਾਂ ਖੁੱਭ ਗਿਆ ਤੇ ਆਪਣੇ ਸਾਰੇ ਦੁੱਖ-ਦਰਦ ਭੁੱਲ ਗਿਆ।
ਤਾਸ਼ ਦੀ ਬਾਜ਼ੀ ਆਪਣੇ ਜੋਬਨ ’ਤੇ ਸੀ ਕਿ ਲਾਰੀ ਦੀ ਅਵਾਜ਼ ਸੁਣਾਈ ਦੇਣ ਲੱਗੀ। ਸਾਰਿਆਂ ਨੇ ਚੌਕੰਨੇ ਹੋ ਵਾਰੀ ਵਾਰੀ ਗੇਟ ਵੱਲ ਦੇਖਿਆ ਪਰ ਅਗਲੇ ਹੀ ਪਲ ਉਹ ਇਕ ਵਾਰ ਫਿਰ ਖੇਲ ਵਿਚ ਰੁੱਝ ਗਏ।
ਜਦ ਹਚਕੋਲੇ ਖਾਂਦੀ ਹੋਈ ਬੱਸ ਵਿਹੜੇ ਵਿਚ ਆਈ ਤਾਂ ਬਰਕਤ ਨੇ ਆਪਣੇ ਪੱਤਿਆਂ ਨੂੰ ਦੋਨਾਂ ਹੱਥਾਂ ਵਿਚ ਘੁੱਟਦਿਆਂ ਪੁੱਛਿਆ, “ਕਿਹਦੀ ਵਾਰੀ ਆ?”
“ਮੇਰੀ…।” ਮਨਸੂਖ ਨੇ ਕਿਹਾ।
“ਤਾਸ਼ ਦੀ ਨਹੀਂ। …ਬੱਸ ਦੇਖਣੇ ਦੀ।”
“ਕਨੂੰਨ ਦੇ ਹਿਸਾਬ ਤਾਂ ਤੇਰੀ ਤੇ ਮਨਸੂਖ ਦੀ ਹੋਣੀ ਚਾਹੀਦੀ ਹੈ।”
“ਉਹ ਕਿਉਂ …ਅਸੀਂ ਨਵੇਂ ਸ਼ਹਿਰ ਜਾਣ ਵਾਲੀ ਬੱਸ ਦੇਖੀ ਤਾਂ ਸੀ। ਦੋ ਸਵਾਰੀਆਂ ਦਾ ਸਮਾਨ ਚੜ੍ਹਾ ਕੇ ਚਾਰ ਆਨੇ ਵੀ ਲਏ ਸੀ।” ਬਰਕਤ ਨੇ ਕਿਹਾ।
“ਫੇਰ ਮੇਰੀ ਤੇ ਤੋਖੇ ਦੀ ਹੋਊਗੀ।” ਸੋਮੇ ਨੇ ਹੱਥ ਦੇ ਪੱਤਿਆਂ ਨੂੰ ਧਿਆਨ ਨਾਲ ਦੇਖਦੇ ਹੋਏ ਡੂੰਘੀ ਸੋਚ ’ਚ ਡੁੱਬੀ ਅਵਾਜ਼ ਵਿਚ ਕਿਹਾ।
“ਜਾਓ, ਪਹਿਲਾਂ ਬੱਸ ਦੇਖ ਆਉ।” ਬਰਕਤ ਨੇ ਆਪਣੇ ਹੱਥ ਦੇ ਪੱਤੇ ਉਲਟੇ ਕਰਕੇ ਫਰਸ਼ ਤੇ ਰੱਖ ਦਿੱਤੇ।
“ਬਸ, ਬਾਜੀ ਵੀ ਜਿ਼ਆਦਾ ਤੋ਼ ਜਿ਼ਆਦਾ ਦੋ-ਤਿੰਨ ਹੱਥ ਹੀ ਰਹਿ ਗਈ ਹੈ। ਫਿਰ ਬੱਸ ਵੀ ਦੇਖਣੀ ਆ।” ਸੋਮੇ ਨੇ ਆਪਣੇ ਹੱਥ ਵਿਚ ਭਾਰੇ ਪੱਤੇ ਦੇਖ ਕੇ ਖੁਸ਼ ਹੁੰਦਿਆ ਕਿਹਾ।
“ਤਦ ਤੱਕ ਸਵਾਰੀਆਂ ਆਪਣੇ-ਆਪਣੇ ਘਰ ਪਹੁੰਚ ਜਾਣਗੀਆਂ।” ਬਹੁਤ ਸਾਰਾ ਧੂੰਆਂ ਛੱਡਣ ਤੋਂ ਬਾਅਦ ਖੜ੍ਹਨ ਤੇ ਫਿਰ ਡਰਾਈਵਰ ਨੂੰ ਆਪਣੀ ਸੀਟ ਤੋਂ ਛਾਲ ਮਾਰ ਕੇ ਥੱਲੇ ਉਤਰਦਿਆਂ ਦੇਖ ਕੇ ਬਰਕਤ ਨੇ ਫੈਸਲਾਕੁੰਨ ਅਵਾਜ਼ ਵਿਚ ਕਿਹਾ।
“ਤੁਸੀਂ ਤਾਸ਼ ਖੇਲੋ। ਜੇ ਬੱਸ ਦੀ ਛੱਤ ’ਤੇ ਸਵਾਰੀ ਦਾ ਸਮਾਨ ਹੋਇਆ ਤਾਂ ਮੈਂ ਥੱਲੇ ਲਾਹ ਦੇਵਾਂਗਾ।” ਕਾਲੀ ਨੇ ਪੇਸ਼ਕਸ਼ ਕੀਤੀ।
ਬਰਕਤ ਤੇ ਹੋਰ ਕਈਆਂ ਨੇ ਧਿਆਨ ਨਾਲ ਕਾਲੀ ਵੱਲ ਦੇਖਿਆ ਤੇ ਇਕਦਮ ਉਹਨਾਂ ਦੇ ਤੇਵਰ ਬਦਲ ਗਏ।
“ਬੱਲਿਆ, ਤੂੰ ਆਪਣਾ ਕੰਮ ਕਰ।” ਬਰਕਤ ਨੇ ਕਾਲੀ ਵੱਲ ਘੂਰ ਕੇ ਦੇਖਿਆ। “ਉਏ ਸੋਮੇ, ਤੋਖੇ, ਦੌੜੋ ਇੱਥੋਂ। ਬਾਜੀ ਇੱਥੇ ਹੀ ਛੱਡ ਦਿਉ। “ਬਰਕਤ ਨੇ ਬਾਂਹ ਤੋਂ ਫੜ ਕੇ ਉਹਨਾਂ ਨੂੰ ਉਠਾ ਦਿੱਤਾ।
“ਮਗਰੋਂ ਸਾਡੇ ਪੱਤੇ ਨਾ ਦੇਖਿਉ। ਬਹੁਤ ਵਧੀਆ ਬਾਜੀ ਆ।” ਸੋਮਾ ਤੇ ਤੋਖਾ ਪੱਤੇ ਫਰਸ਼ ਤੇ ਮੂਧੇ ਰੱਖ ਕੇ ਮੋਢਿਆਂ ਤੋਂ ਸਾਫੇ ਚੱਕ, ਸਿਰ ’ਤੇ ਲਪੇਟਦੇ ਹੋਏ ਬੱਸ ਵੱਲ ਨੂੰ ਦੌੜ ਗਏ।
ਕਾਲੀ ਨੇ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਉਹਨਾਂ ਦਾ ਲੀਡਰ ਬਰਕਤ ਹੈ। ਉਹ ਬਰਕਤ ਦੇ ਨੇੜੇ ਬੈਠ ਗਿਆ ਤੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੋਲਿਆ, “ਤੁਹਾਡੀ ਤਾਂ ਇਥੇ ਸਾਰੇ ਗੱਲ ਮੰਨਦੇ ਹਨ। ਮੈਂ ਬਿਲਕੁਲ ਬੇਆਸਰਾ ਤੇ ਬੇਕਾਰ ਹਾਂ। ਮੈਨੂੰ ਵੀ ਅੱਡੇ ਤੇ ਕੋਈ ਮਾੜਾ ਮੋਟਾ ਕੰਮ ਦੁਆ ਦੇਵੇਂ ਤਾਂ ਤੇਰੇ ਆਸਰੇ ਮੇਰਾ ਵੀ ਗੁਜ਼ਾਰਾ ਹੋ ਜਾਊਗਾ।”
ਬਰਕਤ ਨੇ ਬਹੁਤ ਧਿਆਨ ਨਾਲ ਕਾਲੀ ਨੂੰ ਸਿਰ ਤੋਂ ਪੈਰਾਂ ਤੱਕ ਕਈ ਵਾਰ ਦੇਖਿਆ ਜਿਵੇਂ ਨਜ਼ਰਾਂ ਹੀ ਨਜ਼ਰਾਂ ਵਿਚ ਉਸ ਨੂੰ ਤੋਲ ਰਿਹਾ ਹੋਵੇ। ਫਿਰ ਅੱਖਾਂ ਫੇਰ ਲਈਆਂ “ਭਾਈ ਕੌਣ ਹੈ ਤੂੰ, ਕਿਹੜੇ ਪਿੰਡ ਦਾ ਆਂ। ਕਿਥੇ ਰਹਿੰਦਾ?”
“ਹੁਣ ਤਾਂ ਮੇਰਾ ਕੋਈ ਪਿੰਡ ਨਹੀਂ ਹੈ। ਇੰਨੀ ਵੱਡੀ ਦੁਨੀਆਂ ’ਚ ਮੈਂ ਬਿਲਕੁਲ ਇਕੱਲਾ ਹਾਂ। ਨਾ ਕੋਈ ਅੱਗੇ ਹੈ ਨਾ ਪਿਛੇ। ਨਾ ਘਰ ਨਾ ਘਾਟ। ਲੈ ਦੇ ਕੇ ਇਕ ਚਾਚੀ ਸੀ, ਉਹ ਵੀ…।” ਗੱਚ ਭਰ ਜਾਣ ਦੇ ਕਾਰਨ ਕਾਲੀ ਅੱਗੇ ਕੁੱਝ ਨਾ ਕਹਿ ਸਕਿਆ ਤੇ ਸਿਰ ਉਪਰ ਅਸਮਾਨ ਵੱਲ ਨੂੰ ਚੁੱਕ ਲਿਆ। ਉਹਨੇ ਗਿਲ੍ਹੀਆਂ ਅੱਖਾਂ ਨੂੰ ਹਥੇਲੀ ਨਾਲ ਪੂੰਝਿਆ ਤੇ ਭਰੜਾਈ ਅਵਾਜ਼ ਵਿਚ ਬੋਲਿਆ, “ਚੌਧਰੀਆਂ ਨੇ ਪਿੰਡ ਚੋਂ ਕੱਢ ਦਿੱਤਾ ਹੈ। ਜੇ ਹਠ ਕਰਕੇ ਮੈਂ ਰਹਿ ਵੀ ਜਾਂਦਾ ਤਾਂ ਉਹਨਾਂ ਨੇ ਮੈਨੂੰ ਜਾਨੋਂ ਮਾਰ ਦੇਣਾ ਸੀ।
ਕਾਲੀ ਦੀ ਗੱਲ ਸੁਣ ਕੇ ਬਰਕਤ ਸੋਚਾਂ ਵਿਚ ਪੈ ਗਿਆ ਜਿਵੇਂ ਉਹਨੂੰ ਕੋਈ ਆਪਣਾ ਪੁਰਾਣਾ ਦੁੱਖ ਦਰਦ ਯਾਦ ਆ ਗਿਆ ਹੋਵੇ। ਫਿਰ ਉਹ ਗੰਭੀਰ ਹੋ ਸਿਰ ਹਿਲਾਉਣ ਲੱਗਾ, “ਪਿੰਡ ਛੱਡ ਕੇ ਸ਼ਹਿਰ ਉਹੀ ਆਦਮੀ ਆਉਂਦਾ ਜਿਹਦਾ ਪਿੰਡ ਵਿਚ ਰਹਿਣਾ ਮੁਸ਼ਕਲ ਹੋ ਜਾਵੇ। ਕੋਈ ਆਸ-ਮੁਰਾਦ ਨਾ ਰਹੇ। ਪੈਰਾਂ ਥੱਲੇ ਦੀ ਜ਼ਮੀਨ ਵੀ ਵੱਢਣ ਲੱਗੇ।”
ਬਰਕਤ ਤੋਂ ਥੋੜ੍ਹੀ ਜਿਹੀ ਹਮਦਰਦੀ ਪਾ ਕੇ ਕਾਲੀ ਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਤੇ ਉਹ ਦੋਨਾਂ ਹੱਥਾਂ ਨਾਲ ਅੱਖਾਂ ਪੂੰਝ ਕੇ ਬਰਕਤ ਵੱਲ ਦੇਖਣ ਲੱਗਾ। ਬਰਕਤ ਨੇ ਉਹਦੀ ਨੀਅਤ ਤਾੜ ਕੇ ਹੌਲੀ ਜਿਹੇ ਕਿਹਾ, “ਐਸ ਅੱਡੇ ’ਤੇ ਤਾਂ ਕੋਈ ਗੁੰਜਾਇਸ਼ ਨਹੀਂ ਹੈ। ਇਥੇ ਤਾਂ ਕੰਪਨੀ ਦੇ ਮਾਲਿਕਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੀ ਕੰਮ ਜਾਂ ਨੌਕਰੀ ਮਿਲਦੀ ਹੈ। …ਅਸੀਂ ਵੀ ਅੱਡਾ ਫ਼ੀਸ ਦੇ ਕੇ ਕੰਮ ਕਰਦੇ ਹਾਂ। …ਸਾਰਾ ਦਿਨ ਭਾਰ ਢੋਹ ਕੇ ਵੀ ਕਈ ਵਾਰ ਦਿਨ ਵਿਚ ਬਾਰਾਂ ਆਨੇ ਜਾਂ ਇਕ ਰੁਪਇਆ ਬਣਦਾ ਹੈ। ਸਮਾਨ ਵਾਲੀਆਂ ਜਿ਼ਆਦਾ ਸਵਾਰੀਆਂ ਆ ਜਾਣ ਤਾਂ ਡੇਢ ਦੋ ਰੁਪਏ ਵੀ ਮਿਲ ਜਾਂਦੇ ਹਨ। ਇਹ ਤੋਂ ਜਿ਼ਆਦਾ ਨਹੀਂ।”

ਬਰਕਤ ਦੀ ਗੱਲ ਸੁਣ ਕੇ ਕਾਲੀ ਖਮੋਸ਼ ਹੋ ਗਿਆ। ਉਹਦੀਆਂ ਅੱਖਾਂ ਵਿਚ ਇਕ ਵਾਰ ਫਿਰ ਹੰਝੂ ਛਲਕ ਆਏ ਤੇ ਸੰਘ ’ਚ ਅਟਕੀ ਚੀਕ ਨੂੰ ਉਹਨੇ ਬਹੁਤ ਹੀ ਮੁਸ਼ਕਲ ਨਾਲ ਬੁੱਲਾਂ ਤੇ ਆਉਣ ਤੋਂ ਰੋਕਿਆ।
“ਪਿੰਡ ਤੋਂ ਕਦੋਂ ਆਇਆਂ?”
“ਕੱਲ ਰਾਤ।”
“ਰਾਤ ਕਿਥੇ ਕੱਟੀ?”
“ਪਹਿਲਾਂ ਮੁਸਾਫਰਖਾਨੇ ਵਿਚ ਸੁੱਤਾ, ਉਥੋਂ ਪੁਲੀਸ ਹਵਾਲਦਾਰ ਨੇ ਕੱਢ ਦਿੱਤਾ। ਅੱਡੇ ਦੇ ਬਾਹਰ ਦੁਕਾਨਾਂ ਦੇ ਸਾਹਮਣੇ ਪਈ ਬੈਂਚ ਤੇ ਸੌਣ ਗਿਆ ਤਾਂ ਕੁੱਤੇ ਪਿਛੇ ਪੈ ਗਏ। ਉਥੋਂ ਅੱਡੇ ਤੇ ਆ ਗਿਆ ਤੇ ਇਕ ਹਨੇਰੇ ਕੋਨੇ ਵਿਚ ਜ਼ਮੀਨ ਤੇ ਸੌਂ ਕੇ ਰਾਤ ਕੱਟੀ।” ਕਾਲੀ ਨੇ ਦੱਸਿਆ।
“ਹੂੰ…।” ਬਰਕਤ ਨੇ ਸਿਰ ਹਿਲਾਇਆ, ਇਥੇ ਅੱਡੇ ’ਤੇ ਤਾਂ ਕੋਈ ਕੰਮ ਨਹੀਂ ਮਿਲਣਾ। ਨੇੜੇ ਹੀ ਬਰਫ਼ ਦਾ ਇਕ ਕਾਰਖਾਨਾ ਹੈ। ਸਾਹਮਣੇ ਸੜਕ ਤੇ ਖੱਬੇ ਨੂੰ ਮੁੜ ਕੇ ਸੜਕ ਸਿੱਧੀ ਬਰਫ਼ ਦੇ ਕਾਰਖਾਨੇ ਵੱਲ ਨੂੰ ਜਾਂਦੀ ਹੈ। ਉਹਨੂੰ ਪੁਰਾਣੀ ਰੇਲਵੇ ਰੋਡ ਵੀ ਕਹਿੰਦੇ ਹਨ। ਦੋਮੋਰੀਆ ਪੁਲ ਦੇ ਬਿਲਕੁਲ ਸਾਹਮਣੇ ਹੈ ਕਾਰਖਾਨਾ।”
“ਮੈਂ ਉਹ ਜਗ੍ਹਾ ਦੇਖੀ ਹੈ। ਰਾਤ ਨੂੰ ਗੱਡੀ ਤੋਂ ੳੁੱਤਰ ਕੇ ਦੋਮੋਰੀਆ ਪੁੱਲ ਦੇ ਥੱਲੇ ਦੀ ਲੰਘ ਕੇ ਹੀ ਰੇਲਵੇ ਸਟੇਸ਼ਨ ਤੋਂ ਬਾਹਰ ਆਇਆ ਸੀ।” ਕਾਲੀ ਨੇ ਦੱਸਿਆ।
“ਬਰਫ਼ ਕਾਰਖਾਨੇ ਦੇ ਕੋਲ ਕਈ ਮਾਲ ਗੋਦਾਮ ਤੇ ਅੱਗੇ ਸੜਕ ਉਤੇ ਇਮਾਰਤੀ ਲੱਕੜੀ ਦੇ ਬਹੁਤ ਸਾਰੇ ਸਟਾਲ ਵੀ ਹਨ। ਬਰਫ਼ ਕਾਰਖਾਨੇ ਦੇ ਬਾਹਰ ਰੋਜ਼ ਸਵੇਰ ਨੂੰ ਮਜ਼ਦੂਰਾਂ ਦੀ ਮੰਡੀ ਲਗਦੀ ਹੈ। ਕੰਮ ਤੇ ਹੁਨਰ ਦੇ ਅਨੁਸਾਰ ਲੋੜਵੰਦ ਦਿਹਾੜੀ ’ਤੇ ਮਜ਼ਦੂਰ ਲੈ ਜਾਂਦੇ ਹਨ। …ਅੱਜ ਤਾਂ ਲੇਟ ਹੋ ਗਏ। ਅੱਧੀ ਦਿਹਾੜੀ ਹੋਣ ਵਾਲੀ ਹੈ। …ਕੱਲ ਸਵੇਰੇ ਸੂਰਜ ਚੜ੍ਹਨ ਨਾਲ ਉਥੇ ਚਲਾ ਜਾਂਈ। ਉਥੇ ਰਾਜਗੀਰ ਵੀ ਆਉਂਦੇ ਹਨ। ਇੱਟਾਂ-ਗਾਰਾ ਫੜਾਉਣ ਲਈ ਉਹਨਾਂ ਨੂੰ ਵੀ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ। ਕਿਸਮਤ ਚੰਗੀ ਹੋਵੇ ਤਾਂ ਥੋੜ੍ਹਾ ਬਹੁਤਾ ਕੰਮ ਮਿਲ ਹੀ ਜਾਂਦਾ ਹੈ।” ਬਰਕਤ ਨੇ ਵਿਸਥਾਰ ਨਾਲ ਦੱਸਿਆ।
ਕਾਲੀ ਦਾ ਦਿਲ ਕਰਦਾ ਸੀ ਕਿ ਉਹ ਬਰਕਤ ਨੂੰ ਦੱਸੇ ਕਿ ਰਾਜਗੀਰਾਂ ਨਾਲ ਕੰਮ ਕਰਨ ਦਾ ਉਸਦਾ ਥੋੜ੍ਹਾ-ਬਹੁਤਾ ਤਜਰਬਾ ਹੈ। ਆਪਣਾ ਮਕਾਨ ਬਣਾਉਣ ਸਮੇਂ ਉਹ ਰਾਜਗੀਰਾਂ ਨੂੰ ਇਟਾਂ ਗਾਰਾ ਆਪਣੇ ਹੱਥਾਂ ਨਾਲ ਫੜਾਉਂਦਾ ਰਿਹਾ ਸੀ। ਪਰ ਉਹਨੇ ਆਪਣੀ ਇਸ ਖਾਹਿਸ਼ ਨੂੰ ਕੁਚਲ ਦਿੱਤਾ ਕਿਉਂਕਿ ਇਸ ਹਾਲ ਵਿਚ ਰਹਿੰਦਿਆਂ ਹੋਏ ਪੱਕਾ ਮਕਾਨ ਬਣਾਉਣ ਦੀ ਗੱਲ ਕਰਨੀ ਬਹੁਤ ਬੜਾ ਮਜ਼ਾਕ ਲੱਗੇਗਾ।
ਇੰਨੀ ਦੇਰ ਨੂੰ ਸੋਮਾ ਤੇ ਤੋਖਾ ਬੱਸ ਦਾ ਕੰਮ ਭੁਗਤਾ ਕੇ ਤੇ ਬਰਕਤ ਕੰਧ ਦੇ ਦੂਜੇ ਪਾਸੇ ਤੋਂ ਮੁੜ ਆਏ। ਸੋਮੇ ਤੇ ਤੋਖੇ ਨੂੰ ਦੇਖ ਬਰਕਤ ਨੇ ਪੁੱਛਿਆ, “ਹਾਂ ਬਈ, ਕਿਦਾਂ ਰਿਹਾ?”
“ਬੱਸ ਵਿਚ ਕੰਜਰ ਤੇ ਬਾਜੇਵਾਲੇ ਭਰੇ ਹੋਏ ਸਨ। ਵਿਆਹ ਦਾ ਕੰਮ ਭੁਗਤਾ ਕੇ ਆਏ ਸਨ। ਦੋ ਭਰਾਵਾਂ ਦਾ ਥੋੜ੍ਹਾ ਸਮਾਨ ਬੱਸ ਦੀ ਛੱਤ ’ਤੇ ਰੱਖਿਆ ਹੋਇਆ ਸੀ। ਉਹ ਉਨ੍ਹਾਂ ਨੇ ਆਪਣੇ ਆਪ ਹੀ ਉਤਾਰ ਲਿਆ।” ਸਾਲੀ ਬੱਸ ਵੀ ਖਾਲੀ ਗਈ ਤੇ ਇੰਨੀ ਵਧੀਆ ਬਾਜੀ ਵੀ ਵਿਚ ਹੀ ਖਰਾਬ ਹੋ ਗਈ।” ਸੋਮਾ ਬਹੁਤ ਖਿਝਿਆ ਹੋਇਆ ਸੀ।
“ਫਿ਼ਕਰ ਨਾ ਕਰ। ਜੋ ਕਰਮਾਂ ਵਿਚ ਲਿਖਿਆ ਹੈ, ਉਹੀ ਮਿਲੇਗਾ।” ਬਰਕਤ ਨੇ ਦਿਲਾਸਾ ਦਿੱਤਾ। ਫਿਰ ਸੂਰਜ ਵੱਲ ਦੇਖ ਕੇ ਬਰਾਂਡੇ ਵਿਚ ਲੱਗੀ ਬੜੀ ਸਾਰੀ ਘੜੀ ਵੱਲ ਨਿਗਾਹ ਮਾਰੀ। ਛੋਟੀ ਸੂਈ ਨੂੰ ਬਿਲਕੁਲ ਸਿੱਧੀ ਦੇਖ ਕੇ ਉਹ ਸੋਚਾਂ ਵਿਚ ਪੈ ਗਿਆ। ਕਾਲੀ ਨੂੰ ਬਰਕਤ ਦੇ ਕੋਲ ਬੈਠਾ ਤੇ ਗੱਲਾਂ ਕਰਦੇ ਦੇਖ ਸੋਮੇ, ਤੋਖੇ ਤੇ ਮਨਸੂਖ ਨੇ ਅਨੁਮਾਨ ਲਾਇਆ ਕਿ ਸ਼ਾਇਦ ਉਹਨੂੰ ਆਪਣੇ ਪਿੰਡ ਦਾ ਜਾਂ ਜਾਣ-ਪਹਿਚਾਣ ਦਾ ਆਦਮੀ ਮਿਲ ਗਿਆ ਹੈ।
ਮੀਤ ਸਿੰਘ ਨੂੰ ਆਪਣੇ ਕਮਰੇ ਵਿਚੋਂ ਨਿਕਲਦਾ ਦੇਖ ਕੇ ਉਹ ਹੈਰਾਨ ਹੋ ਗਏ ਤੇ ਉਹਦੇ ਵੱਲ ਦੇਖਣ ਲੱਗੇ। ਉਨ੍ਹਾਂ ਸਾਰਿਆਂ ਵਿਚੋਂ ਸਿਰਫ਼ ਬਰਕਤ ਦੀ ਹੀ ਮੀਤ ਸਿੰਘ ਨਾਲ ਜਰਾ ਖੁੱਲੀ ਗੱਲ ਬਾਤ ਸੀ ਕਿਉਂਕਿ ਉਹ ਉਹਦੇ ਨਾਨਕਿਆਂ ਦੇ ਪਿੰਡ ਦਾ ਸੀ ਤੇ ਬਚਪਨ ਵਿਚ ਮੀਤ ਸਿੰਘ ਕਈ ਸਾਲ ਉਥੇ ਰਿਹਾ ਸੀ। ਬਰਕਤ ਨੂੰ ਅੱਡੇ ’ਤੇ ਕੰਮ ਵੀ ਮੀਤ ਸਿੰਘ ਨੇ ਹੀ ਦੁਆਇਆ ਸੀ।
ਮੀਤ ਸਿੰਘ ਹੌਲੀ ਹੌਲੀ ਪੈਰ ਚੁੱਕਦਾ ਸੜਕ ਵੱਲ ਨੂੰ ਜਾ ਰਿਹਾ ਸੀ। ਇਹ ਦੇਖ ਕੇ ਬਰਕਤ ਉਠ ਖੜ੍ਹਾ ਹੋਇਆ ਤੇ ਕਪੜੇ ਝਾੜਦਿਆਂ ਪੁੱਛਿਆ, “ਉਸਤਾਦ ਜੀ, ਕਿੱਥੇ ਚੱਲੇ?”
“ਆਦਮੀ ਕਿਸੇ ਕੰਮ ਲਈ ਬਾਹਰ ਨਿਕਲੇ ਤਾਂ ਇਸ ਤਰ੍ਹਾਂ ਨਹੀਂ ਟੋਕੀਦਾ। ਬਦਸ਼ਗਨ ਹੁੰਦਾ ਹੈ।” ਮੀਤ ਸਿੰਘ ਨੇ ਬਰਕਤ ਨੂੰ ਝਿੜਕਿਆ।
“ਚਾਚਾ, ਮੈਂ ਤਾਂ ਇਸ ਲਈ ਪੁੱਛਿਆ ਸੀ ਕਿ ਕੋਈ ਸੇਵਾ ਹੋਵੇ, ਚਾਹ-ਪਾਣੀ ਲਿਆਉਣਾ ਹੋਵੇ ਤਾਂ ਮੈਂ ਲਿਆ ਦਿੰਦਾ। ਤੁਸੀਂ ਕਿਉਂ ਤਕਲੀਫ਼ ਕਰਦੇ ਹੋ।” ਬਰਕਤ ਅੱਗੇ ਹੋ ਕੇ ਮੀਤ ਸਿੰਘ ਦੇ ਗੋਡਿਆਂ ਵੱਲ ਨੂੰ ਝੁਕ ਗਿਆ।
“ ਬਸ-ਬਸ ਪਰੇ ਰਹਿ।” ਮੀਤ ਸਿੰਘ ਨੇ ਪਿਛੇ ਹੱਟਦਿਆਂ ਉਸ ਨੂੰ ਪਿਆਰ ਨਾਲ ਝਿੜਕਿਆ, “ਸੇਵਾ ਕੋਈ ਨਹੀਂ ਹੈ। ਮੈਂ ਮੁਕੰਦੇ ਦੇ ਹੋਟਲ ਤੇ ਖਾਣਾ ਖਾਣ ਜਾ ਰਿਹਾ ਹਾਂ।
“ਤੁਸੀਂ ਉਥੇ ਹਿਲਦੀਆਂ ਤੇ ਟੁੱਟੀਆਂ ਹੋਈਆਂ ਬੈਚਾਂ ਤੇ ਬੈਠੋਂਗੇ, ਮੱਖੀਆਂ ਦੇ ਵਿਚ? ਤੁਸੀਂ ਜੋ ਮੰਗਵਾਣਾ ਹੈ ਮੈਨੂੰ ਦੱਸ ਦਿਉ। ਮੈਂ ਦਫ਼ਤਰ ਵਿਚ ਹੀ ਲਿਆ ਦਿੰਦਾ ਹਾਂ।” ਬਰਕਤ ਨੇ ਬਹੁਤ ਹੀ ਗਰਮਜੋਸ਼ੀ ਨਾਲ ਕਿਹਾ।
“ਨਹੀਂ, ਮੈਂ ਉਥੇ ਜਾਊਂਗਾ। ਮੁਕੰਦਾ ਬਹੁਤ ਹੁਸਿ਼ਆਰ ਤੇ ਚਲਾਕ ਆਦਮੀ ਹੈ। ਅੱਡੇ ਦਾ ਵਿਉਪਾਰੀ ਹੈ ਨਾ। ਉੱਡਦੇ ਪੰਛੀਆਂ ਦੇ ਪਰ ਗਿਣ ਲੈਂਦਾ ਹੈ ਤੇ ਬੰਦ ਮੁੱਠੀ ਵਿਚੋਂ ਪੈਸੇ ਕੱਢ ਲੈਂਦਾ ਹੈ। ਉਹ ਮੇਰੇ ਦੇਖਦੇ-ਦੇਖਦੇ ਮੇਰੀਆਂ ਅੱਖਾਂ ਦੇ ਸਾਹਮਣੇ ਹੇਰਾਫੇਰੀ ਕਰ ਲੈਂਦਾ ਹੈ। ਤੁੜਕਾ ਦੇਸੀ ਘਿਓ ਦੀ ਬਜਾਏ ਵਲਾਇਤੀ ਘਿਓ ਦਾ ਲਾ ਦਿੰਦਾ ਹੈ। ਅੱਧੇ ਪਾਈਆ ਦਹੀਂ ਨੂੰ ਵਧਾ ਕੇ ਪਾਈਆ ਬਣਾ ਦਿੰਦਾ ਹੈ। ਮੇਰੀ ਗੈਰਹਾਜ਼ਰੀ ਵਿਚ ਤਾਂ ਪਤਾ ਨਹੀਂ ਕੀ ਕੁਸ਼ ਕਰੂਗਾ।” ਮੀਤ ਸਿੰਘ ਹੱਥ ਹਿਲਾਉਂਦਾ ਅਗਾਂਹ ਤੁਰ ਪਿਆ, “ਤੁਹਾਡੇ ਜਿ਼ੰਮੇ ਬਸ ਇਕ ਹੀ ਸੇਵਾ ਹੈ। ਸੰਤਰੇ ਦਾ ਅਧੀਆ ਸੂਰਜ ਛਿਪਣੇ ਤੋਂ ਪਹਿਲਾਂ ਮਿਲ ਜਾਣਾ ਚਾਹੀਦਾ ਹੈ।”
ਬਰਕਤ ਤੇ ਉਹਦੇ ਸਾਥੀ ਮੀਤ ਸਿੰਘ ਨੂੰ ਜਾਂਦੇ ਹੋਏ ਦੇਖਦੇ ਰਹੇ। ਉਹ ਪਲੇ ਹੋਏ ਬੁੱਢੇ ਸਾਂਨ੍ਹ ਦੀ ਤਰ੍ਹਾਂ ਪੈਰ ਘਸੀਟਦਾ ਹੋਇਆ ਤੁਰ ਰਿਹਾ ਸੀ। ਬਰਕਤ ਆਪਣੇ ਸਾਥੀਆਂ ਵੱਲ ਨੂੰ ਮੁੜ ਪਿਆ, “ਯਾਰੋ, ਲਾਰੀ ਆਉਣ ਵਿਚ ਅਜੇ ਦੇਰ ਹੈ। ਆਓ, ਆਪਾਂ ਵੀ ਰੋਟੀ ਖਾ ਲਈਏ।”
“ਖਾ ਲੈਂਦੇ ਆਂ।” ਮਨਸੂਖ ਨੇ ਟੱਪ ਕੇ ਝਰੋਖੇ ਵਿਚ ਛਿਪਾਕੇ ਰੱਖੀਆਂ ਰੋਟੀਆਂ ਦੀਆਂ ਪੋਟਲੀਆਂ ਚੁੱਕ ਲਈਆਂ। “ਮੇਰੇ ਲਈ ਰੋਟੀ ਲਿਆਏ ਹੋ ਨਾ?” ਸੋਮੇ ਨੇ ਪੁੱਛਿਆ।
“ਪੱਕੀ, ਤੇਰਾ ਬਰਾਬਰ ਦਾ ਹਿੱਸਾ ਹੈ।” ਬਰਕਤ ਨੇ ਉਹਨੂੰ ਭਰੋਸਾ ਦੁਆਇਆ। ਫਿਰ ਕਾਲੀ ਵੱਲ ਮੂੰਹ ਕਰਕੇ ਪੁੱਛਿਆ, “ਸੱਜਣਾ, ਤੂੰ ਰੋਟੀ ਖਾ ਲਈ ਹੈ ਜਾਂ ਨਹੀਂ?”
“ਮੈਂ ਖਾ ਲਉਂਗਾ।” ਕਾਲੀ ਨੇ ਛੇਤੀ ਛੇਤੀ ਕਿਹਾ ਜਿਵੇਂ ਅਚਾਨਕ ਫੜਿਆ ਗਿਆ ਹੋਵੇ।
“ਮੈਂ ਪੁੱਛਿਆ ਕਿ ਤੂੰ ਰੋਟੀ ਖਾ ਲਈ ਹੈ ਜਾਂ ਨਹੀਂ?” ਪਰ ਕਾਲੀ ਦੇ ਉੱਤਰ ਦੇਣ ਤੋਂ ਪਹਿਲਾਂ ਹੀ ਉਸ ਨੇ ਆਪਣੇ ਸਾਥੀਆਂ ਨੂੰ ਪੁੱਛਿਆ –“ਕਿੰਨੀਆਂ ਰੋਟੀਆਂ ਲਿਆਂਦੀਆਂ ਅੱਜ?”
“ਉਨੀਆਂ ਹੀ ਜਿੰਨੀਆਂ ਰੋਜ਼ ਲਿਆਉਂਦੇ ਹਾਂ। ਸੋਮੇ ਦੇ ਹਿੱਸੇ ਦੀਆਂ ਵੀ ਲਿਆਏ ਹਾਂ। ਨਾਲ ਗੁੜ ਤੇ ਅਚਾਰ ਵੀ ਹੈ।” ਤੋਖੇ ਨੇ ਕਿਹਾ।
“ਹੂੰ।” ਬਰਕਤ ਸੋਚ ਵਿਚ ਪੈ ਗਿਆ, “ਸੋਮੇ, ਯਾਰ ਤੂੰ ਥੋੜ੍ਹੀ ਹਿੰਮਤ ਕਰ।”
“ਕੀ?”
“ਦੌੜ ਕੇ ਢਾਬੇ ਤੋਂ ਚਾਰ ਰੋਟੀਆਂ ਤੇ ਮੁਫ਼ਤ ਦੀ ਦਾਲ, ਪਿਆਜ਼ ਚਟਨੀ, ਜੋ ਵੀ ਮਿਲਦਾ ਹੈ, ਲੈ ਆ।” ਬਰਕਤ ਨੇ ਕਾਲੀ ਵੱਲ ਇਸ਼ਾਰਾ ਕੀਤਾ, ਇਹ ਨੇ ਵੀ ਰੋਟੀ ਖਾਣੀ ਹੈ।”
ਸੋਮੇ ਨੇ ਧਿਆਨ ਨਾਲ ਕਾਲੀ ਵੱਲ ਦੇਖਿਆ। “ਦਾਲ ਨੂੰ ਤੁੜਕਾ ਵੀ ਲੁਆ ਲਵਾਂ?”
ਨਹੀਂ, ਤੁੜਕਾ ਰਹਿਣ ਦੇ। ਉਦਾਂ ਹੀ ਚੱਲੂਗੀ।” ਬਰਕਤ ਨੇ ਨਾਂਹ ਕਰ ਦਿੱਤੀ।
ਬਰਕਤ ਦੀ ਗੱਲ ਤੋਂ ਸੋਮੇ ਨੇ ਅੰਦਾਜ਼ਾ ਲਾ ਲਿਆ ਕਿ ਕਾਲੀ ਉਹਦਾ ਨੇੜੇ ਦਾ ਰਿਸ਼ਤੇਦਾਰ ਨਹੀਂ ਹੈ। ਨਹੀਂ ਤਾਂ ਉਹ ਇਹਦੀ ਪੂਰੀ ਤਰ੍ਹਾਂ ਖਾਤਿਰ ਕਰਦਾ। ਯਾਰ ਦੋਸਤ ਵੀ ਮਲੂਮ ਨਹੀਂ ਹੁੰਦਾ ਕਿਉਂਕਿ ਦੋਨਾਂ ਵਿਚ ਕੋਈ ਬੇਤਕੁਲਫ਼ੀ ਨਹੀਂ ਹੈ। ਸੋਮੇ ਨੇ ਸੋਚਿਆ ਕਿ ਸ਼ਾਇਦ ਉਹ ਬਰਕਤ ਦਾ ਕੋਈ ਦੂਰ ਦੇ ਰਿਸ਼ਤੇਦਾਰ ਜਾਂ ਜਾਣ-ਪਹਿਚਾਣ ਵਾਲੇ ਤੋਂ ਪਤਾ ਲੈ ਕੇ ਇਹਨੂੰ ਅੱਡੇ ’ਤੇ ਮਿਲਣ ਆ ਗਿਆ ਹੋਣਾ। ਬਾਹਰੋਂ ਆਏ ਆਦਮੀ ਨੂੰ ਰੋਟੀ-ਪਾਣੀ ਪੁੱਛਣ ਦਾ ਫਰਜ਼ ਤਾਂ ਬਣਦਾ ਹੀ ਹੈ।
ਬਰਕਤ ਤੋਂ ਪੈਸੇ ਲੈ ਸੋਮਾਂ ਕੁੱਝ ਕਦਮ ਤੁਰ ਕੇ ਰੁਕ ਗਿਆ ਤੇ ਕਾਲੀ ਵੱਲ ਦੇਖਣ ਲੱਗਾ ਜਿਵੇਂ ਰੋਟੀ ਲਿਆਉਣ ਤੋਂ ਪਹਿਲਾਂ ਉਹਦੇ ਬਾਰੇ ਆਪਣੇ ਸ਼ੰਕੇ ਪੂਰੀ ਤਰ੍ਹਾਂ ਦੂਰ ਕਰ ਲੈਣਾ ਚਾਹੁੰਦਾ ਹੋਵੇ। ਇਹ ਦੇਖ ਕੇ ਬਰਕਤ ਵੀ ਉਹਦੇ ਕੋਲ ਚਲਾ ਗਿਆ ਤੇ ਹੌਲੀ ਹੌਲੀ ਗੱਲਾਂ ਕਰਦੇ ਹੋਏ ਸੜਕ ਵੱਲ ਨੂੰ ਤੁਰ ਪਏ।
“ਇਹ ਤੇਰਾ ਰਿਸ਼ਤੇਦਾਰ ਜਾਂ ਯਾਰ ਦੋਸਤ ਤਾਂ ਲਗਦਾ ਨਹੀਂ?” ਸੋਮੇ ਨੇ ਅੱਖ ਨਾਲ ਸੋਮੇ ਵੱਲ ਇਸ਼ਾਰਾ ਕੀਤਾ।
“ਯਾਰਾ, ਦੋਸਤ-ਯਾਰ ਕੁਛ ਵੀ ਨਹੀਂ ਹੈ। ਆਪਣੇ ਵਾਂਗ ਪਿੰਡੋਂ ਗਰੀਬੀ ਤੋਂ ਘਬਰਾ ਕੇ ਸ਼ਹਿਰ ਦੌੜ ਆਇਆ ਹੈ। ਦੱਸਦਾ ਸੀ ਕੱਲ ਹੀ ਇੱਥੇ ਪਹੁੰਚਾ ਹੈ। ਰਾਤ ਵੀ ਇਥੇ ਅੱਡੇ ’ਤੇ ਹੀ ਕੱਟੀ ਹੈ।”
“ਕਿੱਥੇ ਦਾ ਰਹਿਣ ਵਾਲਾ ਹੈ?”
“ਟਾਂਡਾਉੜਮੁੜ ਦੇ ਨੇੜੇ ਕੋਈ ਪਿੰਡ ਦੱਸ ਰਿਹਾ ਸੀ।”
“ਕਾਫੀ ਦੂਰ ਤੋਂ ਆਇਆ ਹੈ। ਟਾਂਡਾਉੜਮੁੜ ਮੈਂ ਵੀ ਇਕ ਵਾਰ ਗਿਆ ਸੀ। ਇਥੋਂ ਘੱਟੋ-ਘੱਟ ਵੀਹ-ਪੰਝੀ ਕੋਹ ਹੋਣਾ ਹੈ। …ਉਹ ਤੋਂ ਅੱਗੇ ਪਿੰਡ ਪਤਾ ਨਹੀਂ ਹੋਰ ਕਿੰਨੀ ਦੂਰ ਹੋਵੇਗਾ।” ਸੋਮੇ ਨੇ ਹੈਰਾਨੀ ਨਾਲ ਬੁੱਲ ਘੁੱਟ ਲਏ।
ਬਰਕਤ ਇਕ ਵਾਰ ਫਿਰ ਸੋਚਾਂ ਵਿਚ ਡੁੱਬ ਗਿਆ ਜਿਵੇਂ ਕੋਈ ਪੁਰਾਣਾ ਜ਼ਖਮ ਇਕਦਮ ਹਰਾ ਹੋ ਗਿਆ ਹੋਵੇ। ਉਹ ਆਪਣੇ ਬੀਤੇ ਬਾਰੇ ਸੋਚਣ ਲੱਗਾ, “ਇਕ ਰਾਤ ਵਿਚ ਹੀ ਪਿੰਡ ਤੋਂ ਦੌੜ ਕੇ ਇਸ ਸ਼ਹਿਰ ਵਿਚ ਆਇਆ ਸੀ ਪਰ ਭੁੱਖ-ਪਿਆਸ ਤੋਂ ਤੰਗ ਆਕੇ ਦੋ ਦਿਨਾਂ ਬਾਅਦ ਹੀ ਪਿੰਡ ਮੁੜ ਗਿਆ ਸੀ।”
“ਖੁਸ਼ੀ ਨਾਲ ਤਾਂ ਸ਼ਹਿਰ ਕੋਈ ਵੀ ਨਹੀਂ ਆਉਂਦਾ। ਤੰਗੀ-ਤੁਰਸ਼ੀ ਹੀ ਪਿੰਡ ਛੱਡਣ ਲਈ ਮਜਬੂਰ ਕਰਦੀ ਹੈ” ਸੋਮਾ ਬੋਲਿਆ, “ਅਸੀਂ ਤਾਂ ਅਜੇ ਤੱਕ ਪਿੰਡ ਤੇ ਸ਼ਹਿਰ ਦੇ ਵਿਚਾਲੇ ਲਟਕ ਰਹੇ ਹਾਂ। ਕੰਮ ਸ਼ਹਿਰ ਵਿਚ ਕਰਦੇ ਹਾਂ …ਸੌਂਦੇ ਪਿੰਡ ਵਿਚ ਹਾਂ।”
“ਉਸਤਾਦ ਜੀ ਦੀ ਕਿਰਪਾ ਬਣੀ ਰਹੇ। ਆਖਰੀ ਬੱਸ ਵਿਚ ਘਰ ਤਾਂ ਪਹੁੰਚ ਜਾਂਦੇ ਹਾਂ।”
“ਯਾਰ ਪੱਕੀ ਆਮਦਨ ਬਣ ਜਾਵੇ ਤਾਂ ਮੈਂ ਇੱਥੇ ਹੀ ਠਿਕਾਣਾ ਬਣਾ ਲੈਣਾ ਹੈ।” ਬਰਕਤ ਨੇ ਲੰਬਾ ਸਾਹ ਛੱਡਿਆ।
ਸੋਮੇ ਦੇ ਮੁੱੜਣ ਤੋਂ ਪਹਿਲਾਂ ਤੋਖਾ ਤਿੰਨ ਖਾਲੀ ਬੋਤਲਾਂ ਨਲਕੇ ਤੋਂ ਪਾਣੀ ਦੀਆਂ ਭਰ ਲਿਆਇਆ। ਉਹਨੇ ਇਕ ਸਾਫਾ ਜ਼ਮੀਨ ਤੇ ਵਿਛਾ ਲਿਆ ਤੇ ਆਪਣੀ ਪੋਟਲੀ ਖੋਲ੍ਹ ਕੇ ਰੋਟੀਆਂ ਕੱਢ ਲਈਆਂ। ਸਾਰਿਆਂ ਕੋਲ ਰੁੱਖੀ ਸੁੱਖੀ ਰੋਟੀ ਹੀ ਸੀ ਅਤੇ ਨਾਲ ਗੁੜ ਦੀ ਭੇਲੀ ਦਾ ਟੁਕੜਾ ਤੇ ਅੰਬ ਜਾਂ ਗਲਗਲ ਦਾ ਅਚਾਰ ਸੀ। ਬਰਕਤ ਨੇ ਸਾਰੀਆਂ ਪੋਟਲੀਆ ਤੋਂ ਇਕ-ਇਕ ਰੋਟੀ ਚੁੱਕ ਕੇ ਕਾਲੀ ਨੂੰ ਦੇ ਦਿੱਤੀਆਂ ਤੇ ਢਾਬੇ ਤੋਂ ਲਿਆਂਦੀਆਂ ਰੋਟੀਆਂ ਉਸੇ ਤਰ੍ਹਾਂ ਇਕ ਪੋਟਲੀ ’ਚ ਰੱਖ ਦਿੱਤੀਆਂ। ਬਰਕਤ ਨੇ ਰੋਟੀ ਦਾ ਟੁਕੜਾ ਤੋੜ ਕੇ ਦਾਲ ਸਾਰਿਆਂ ਵਿਚ ਬਰਾਬਰ ਵੰਡ ਦਿੱਤੀ। ਬਰਕਤ ਤੇ ਉਹਦੇ ਸਾਥੀ ਇਕੱਠੇ ਰੋਟੀ ਖਾਣ ਲੱਗੇ ਤੇ ਕਾਲੀ ਥੋੜ੍ਹੀ ਦੂਰ ਹੱਟ ਕੇ ਬੈਠ ਗਿਆ।
ਦੋ ਦਿਨਾਂ ਤੋਂ ਕਾਲੀ ਨੇ ਚੰਗੀ ਤਰ੍ਹਾਂ ਖਾਣਾ ਨਹੀਂ ਸੀ ਖਾਧਾ। ਹੱਥ ਵਿਚ ਰੋਟੀ ਦੇਖ ਕੇ ਉਹਦੀ ਭੁੱਖ ਚਮਕ ਪਈ ਤੇ ਮੂੰਹ ਵਿਚ ਪਾਣੀ ਆ ਗਿਆ। ਆਪਣੇ-ਆਪ ਨੂੰ ਬਹੁਤ ਰੋਕਣੇ ਦੇ ਬਾਵਜੂਦ ਵੀ ਉਹ ਬਹੁਤ ਕਾਹਲੀ-ਕਾਹਲੀ ਖਾਣਾ ਖਾ ਰਿਹਾ ਸੀ। ਬਰਕਤ ਨੇ ਆਪਣੇ ਹਿੱਸੇ ਦੀ ਵੀ ਅੱਧੀ ਰੋਟੀ ਕਾਲੀ ਨੂੰ ਦੇ ਦਿੱਤੀ ਕਿਉਂਕਿ ਉਹ ਆਪਣੀ ਆਖਿਰੀ ਰੋਟੀ ਵੀ ਅੱਧੀ ਤੋਂ ਜਿ਼ਆਦਾ ਖਾ ਚੁੱਕਾ ਸੀ ਜਦ ਕਿ ਬਾਕੀਆਂ ਨੇ ਅਜੇ ਦੋ-ਦੋ ਰੋਟੀਆਂ ਹੀ ਖਾਧੀਆਂ ਸਨ।
“ਰਹਿਣ ਦੇ ਭਾ ਜੀ, ਮੇਰਾ ਢਿੱਡ ਭਰ ਗਿਆ ਹੈ।” ਕਾਲੀ ਨੇ ਇਨਕਾਰ ਵਿਚ ਸਿਰ ਹਿਲਾਇਆ।
“ਖਾ ਲਾ, ਤੈਨੂੰ ਭੁੱਖ ਲੱਗੀ ਹੋਈ ਹੈ। ਅੰਨ-ਪਾਣੀ ਨੂੰ ਨਾਂਹ ਨਹੀਂ ਕਰੀ ਦੀ। ਪਤਾ ਨਹੀਂ ਫੇਰ ਕਦੋਂ ਮਿਲੇਗਾ।” ਬਰਕਤ ਨੇ ਰੋਟੀ ਕਾਲੀ ਦੇ ਹੱਥ ਵਿਚ ਦੇ ਦਿੱਤੀ।
ਬਾਕੀਆਂ ਨੇ ਵੀ ਆਪਣੇ-ਆਪਣੇ ਹਿੱਸੇ ਦੀ ਅੱਧੀ-ਅੱਧੀ ਰੋਟੀ ਕਾਲੀ ਨੂੰ ਦੇ ਦਿੱਤੀ। ਪੰਜ ਰੋਟੀਆਂ ਖਾ ਕੇ ਕਾਲੀ ਨੂੰ ਲੱਗਾ ਉਹਦਾ ਪੇਟ ਖਾਲੀ ਨਹੀਂ ਹੈ। ਇਨ੍ਹਾਂ ਲੋਕਾਂ ਦਾ ਵਤੀਰਾ ਦੇਖ ਕੇ ਉਸ ਨੂੰ ਗਿਆਨੋ ਦੀ ਯਾਦ ਆ ਗਈ। ਪਰ ਉਸ ਨੇ ਜ਼ੋਰ ਦੀ ਸਿਰ ਝਟਕ ਕੇ ਉਸ ਨੂੰ ਸਿਰ ’ਚੋ ਕੱਢ ਦਿੱਤਾ ਕਿ ਕਿਤੇ ਉਹ ਫੜਿਆ ਨਾ ਜਾਵੇ ਤੇ ਗਿਆਨੋ ਦੀ ਗੱਲ ਸੁਣ ਕੇ ਇਹ ਦਿਆਲੂ ਲੋਕ ਉਸ ਨੂੰ ਧੱਕੇ ਮਾਰ-ਮਾਰ ਇਥੋਂ ਨੱਠਾ ਨਾ ਦੇਣ।
ਰੋਟੀ ਖਾਣ ਤੋਂ ਬਾਅਦ ਉਨ੍ਹਾਂ ਨੇ ਪਾਣੀ ਪੀਤਾ। ਫੇਰ ਨਲਕੇ ’ਤੇ ਜਾ ਕੇ ਹੱਥ ਧੋਤੇ ਤੇ ਡੱਕੇ ਨਾਲ ਦੰਦ ਖੁਰਚਣ ਲੱਗੇ। ਬਰਕਤ ਨੇ ਕਾਲੀ ਵੱਲ ਮੁੜਦਿਆਂ ਕਿਹਾ, “ਦੇਖ ਮਿੱਤਰਾ, ਜਿਵੇਂ ਮੈਂ ਤੈਨੂੰ ਦੱਸ ਹੀ ਚੁੱਕਿਆਂ ਹਾਂ …ਅੱਡੇ ’ਤੇ ਤੇਰੇ ਲਈ ਕੋਈ ਕੰਮ ਨਹੀਂ ਹੈ। ਜੇ ਥੋੜ੍ਹੀ ਜਿਹੀ ਵੀ ਗੁੰਜ਼ਾਇਸ਼ ਹੁੰਦੀ ਤਾਂ ਮੈਂ ਉਸਤਾਦ ਕੋਲ ਤੇਰੇ ਲਈ ਜ਼ਰੂਰ ਫਰਮਾਇਸ਼ ਕਰਦਾ। ਤੂੰ ਹੁਣੇ ਜਾ ਕੇ ਬਰਫ਼ ਦਾ ਕਾਰਖਾਨਾ ਦੇਖ ਆ। ਸਵੇਰੇ ਸੂਰਜ ਨਿਕਲਦਿਆਂ ਹੀ ਉਥੇ ਪਹੁੰਚ ਜਾਈਂ। ਰੱਬ ਸਭ ਦਾ ਰਾਖਾ ਹੈ। ਕੰਮ ਦਾ ਕੋਈ ਨਾ ਕੋਈ ਵਸੀਲਾ ਨਿਕਲ ਹੀ ਆਊਗਾ। …ਸ਼ਹਿਰ ਦੇਖਣ ਨੂੰ ਤਾਂ ਸੁਹਣਾ ਹੈ, ਪਰ ਇੱਟਾਂ-ਪੱਥਰ ਤੇ ਲੋਹੇ-ਸੀਮੈਂਟ ਦਾ ਹੁੰਦਾ ਹੈ। ਇਥੇ ਪ੍ਰਾਹੁਣੇ ਲਈ ਰੋਟੀ ਵੀ ਤਿਆਰ ਹੁੰਦੀ ਹੈ ਤੇ ਗੱਡੀ ਵੀ। ਪਰ ਦੋਨਾਂ ਵਿਚੋਂ ਸਿਰਫ਼ ਇਕ ਹੀ ਮਿਲਦੀ ਹੈ। ਅਕਸਰ ਇਦਾਂ ਹੁੰਦਾ ਹੈ ਕਿ ਇਕ ਵੀ ਨਹੀਂ ਮਿਲਦੀ।”
ਕਾਲੀ ਨੂੰ ਆਪਣੀ ਗੱਲ ਧਿਆਨ ਨਾਲ ਸੁਣਦਾ ਦੇਖ ਬਰਕਤ ਨੇ ਕਿਹਾ, “ਬਰਫ਼ ਦਾ ਕਾਰਖਾਨਾ ਦੇਖਣ ਤੋਂ ਬਾਅਦ ਜੇ ਤੇਰੇ ਗੋਡਿਆਂ ’ਚ ਦਮ ਹੋਇਆ ਤਾਂ ਸ਼ਹਿਰ ਦੇਖ ਲੈਣਾ। …” ਬਰਕਤ ਸੋਚ ਵਿਚ ਡੁੱਬ ਗਿਆ। ਫਿਰ ਪੁੱਛਿਆ, “ਤੇਰਾ ਰਾਤ ਨੂੰ ਰਹਿਣ ਦਾ ਕੋਈ ਇੰਤਜ਼ਾਮ ਹੈ?”
ਕਾਲੀ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਬਰਕਤ ਨੇ ਆਪਣੇ ਸਾਥੀਆ ਨੂੰ ਪੁੱਛਿਆ, “ਅੱਜ ਰਾਤ ਨੂੰ ਅੱਡੇ ’ਤੇ ਕਿਹਨੇ ਰਹਿਣਾ ਹੈ?”
“ਮੈਂ।” ਤੋਖੇ ਨੇ ਕਿਹਾ।
“ਯਾਰ, ਯਾਰ ਇਹਨੂੰ ਵੀ ਆਪਣੇ ਨਾਲ ਰੱਖ ਲਈਂ?” ਬਰਕਤ ਨੇ ਸੁਝਾਅ ਦਿੱਤਾ।
“ਜੇ ਕਿਸੇ ਡਰਾਈਵਰ-ਕਲੀਨਰ ਨੇ ਇਤਰਾਜ਼ ਕੀਤਾ ਤਾਂ?”
“ਕਹਿ ਦੇਈਂ ਉਸਤਾਦ ਜੀ ਦਾ ਆਦਮੀ ਹੈ। ਪਿੰਡ ਤੋਂ ਆਇਆ ਹੈ।” ਬਰਕਤ ਅੱਖ ਮਾਰ ਕੇ ਹੱਸਿਆ।
“ਠੀਕ ਹੈ।” ਤੋਖੇ ਨੇ ਵੀ ਜਵਾਬ ਵਿਚ ਅੱਖ ਮਾਰ ਦਿੱਤੀ।
ਬਰਕਤ ਨੇ ਕਾਲੀ ਵੱਲ ਦੇਖਿਆ, “ਭਾ ਜੀ, ਜਾਓ, ਜਾ ਕੇ ਸ਼ਹਿਰ ਦੇਖੋ। ਜਦ ਥੱਕ ਗਏ ਤਾਂ ਮੁੜ ਕੇ ਇਥੇ ਆ ਜਾਣਾ। ਤੋਖੇ ਦੇ ਕੋਲ। …ਕੱਲ ਬਾਰੇ ਕੱਲ ਨੂੰ ਦੇਖਾਂਗੇ। ਪਹਿਲਾਂ ਅੱਜ ਦੀ ਨਬੇੜੀਏ।”
ਕਾਲੀ ਆਪਣਾ ਅਹਿਸਾਸ ਪ੍ਰਗਟ ਕਰਨ ਲਈ ਬਰਕਤ ਦੇ ਗੋਡਿਆਂ ਵੱਲ ਝੁੱਕ ਗਿਆ। ਪਰ ਬਰਕਤ ਨੇ ਵਿਚੋਂ ਹੀ ਰੋਕ ਦਿੱਤਾ, “ਇਹਦੀ ਲੋੜ ਨਹੀਂ ਹੈ। ਅਸੀਂ ਵੀ ਤਕਰੀਬਨ ਇੱਥੇ ਇਸ ਤਰ੍ਹਾਂ ਹੀ ਆਏ ਸੀ ਤੇ ਹੁਣ ਤੱਕ ਵਿਚੇ ਲਟਕ ਰਹੇ ਹਾਂ, ਇਸ ਲਈ ਤੇਰੀ ਬਹੁਤੀ ਮਦਦ ਨਹੀਂ ਕਰ ਸਕਦੇ। ਕੋਸਿ਼ਸ਼ ਕਰ ਕੇ ਦੇਖ ਲੈ। ਰੱਬ ਜੀ ਭਲੀ ਕਰਨਗੇ। ਜਿੰਨਾ ਚਿਰ ਸ਼ਹਿਰ ’ਚ ਹੈਂ, ਮਿਲਦਾ ਰਹੀਂ।”
ਕਾਲੀ ਨੇ ਵਾਰੀ-ਵਾਰੀ ਸਾਰਿਆਂ ਨੂੰ ਹੱਥ ਜੋੜੇ ਤੇ ਉਹਨਾਂ ਦੇ ਅਹਿਸਾਨ ਦੇ ਅਹਿਸਾਸ ਨੂੰ ਰੀੜ੍ਹ ਦੀ ਹੱਡੀ ਤੱਕ ਮਹਿਸੂਸ ਕਰਦਾ ਹੋਇਆ ਅੱਡੇ ਤੋਂ ਬਾਹਰ ਆ ਗਿਆ। (ਅਨੁਵਾਦ - ਜਗਦੀਸ਼ ਬਿਨਿੰਗ)

ਦੋੁਬਲੲ ਸਪਅਚੲ।

(ਨਰਕਕੁੰਡ ‘ਚ ਵਾਸਾ, ਜਗਦੀਸ਼ ਚੰਦਰ ਵਲੋਂ ਪੰਜਾਬ ਦੇ ਦਲਿਤ ਜੀਵਨ ਬਾਰੇ ਲਿਖੀ ਨਾਵਲਾਂ ਦੀ ਤ੍ਰੈ-ਲੜੀ ਦਾ ਦੂਸਰਾ ਨਾਵਲ ਹੈ। ਇਸ ਲੜੀ ਦਾ ਪਹਿਲਾ ਨਾਵਲ ਪੜ੍ਹਨ ਲਈ “ਧਰਤੀ ਧਨ ਨਾ ਆਪਣਾ” ((http://www.watanpunjabi.ca/vishesh/books.php)) ‘ਤੇ ਕਲਿੱਕ ਕਰੋ।

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346

 
Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346