|
ਵਿਆਪਕ ਤੇ ਬਰੀਕ ਅਰਥਾਂ ‘ਚ ਬੰਦਾ ਅਪਣੇ
ਸੱਭਿਆਚਾਰ ਦੀ ਅਨੋਖੀ ਏਕਤਾ ਦੇ ਨਮੂਨੇ ਨੂੰ ਪੇਸ਼ ਕਰਦਾ ਹੈ। ਆਮ ਅਤੇ ਖਾਸ ਦੀ ਝੂਠੀ ਪਛਾਣ।
ਗਲਬੇ ਹੇਠ ਸਾਰਾ ਜਨ ਸੱਭਿਆਚਾਰ ਇਕੋ ਜਿਹਾ ਹੀ ਹੈ ਅਤੇ ਅੰਦਰਲੀਆਂ ਲਕੀਰਾਂ ਇਸ ਦੇ ਬਣਾਉਟੀ
ਢਾਂਚੇ ‘ਚੋਂ ਬਾਹਰ ਝਾਕਣ ਲਗਦੀਆਂ ਹਨ। ਸਿਖਰਾਂ ‘ਤੇ ਬੈਠੇ ਲੋਕ ਆਪਣੀ ਅਜਾਰੇਦਾਰੀ ਜਿ਼ਆਦਾ
ਚਿਰ ਲੁਕੋਣ ਵਿਚ ਦਿਲਚਸਪੀ ਨਹੀਂ ਰਖਦੇ, ਜਿਸ ਕਰਕੇ ਹਿੰਸਾ ਖੁੱਲ੍ਹ ਖੇਡਦੀ ਹੈ, ਇਸੇ ਕਰਕੇ
ਸੱਤਾ ਉਗਮਦੀ ਹੈ। ਫਿਲਮਾਂ ਅਤੇ ਰੇਡੀਉ ਕਲਾ ਦੀ ਜ਼ਰੂਰਤ ਦਾ ਲੰਬਾ ਢਕਵੰਜ ਨਹੀਂ ਰਚ ਸਕਦੇ।
ਸੱਚ ਤਾਂ ਉਨ੍ਹਾਂ ਲਈ ਨਿਰਾ ਵਪਾਰ ਹੈ, ਕੂੜ ਨੂੰ ਨਿਆਂਇਕ ਬਣਾਉਣ ਦੀ ਤਰਤੀਬ ‘ਚ ਵਟੀ
ਵਿਚਾਰਧਾਰਾ ਜਿਸ ਨੂੰ ਉਹ ਸੋਚ ਸਮਝ ਕੇ ਪੇਸ਼ ਕਰਦੇ ਹਨ।
-ਥਿਉਡੋਰ ਅਡੋਰਨੋ ਅਤੇ ਮੈਕਸ ਹਾਰਕਨੇਈਮਰ
ਜਮਾਤੀ ਸਮਾਜ ਦਾ ਸੱਭਿਆਚਾਰ ਵੀ ਜਮਾਤੀ ਸੱਭਿਆਚਾਰ (ਹਰ ਤਰ੍ਹਾਂ ਦੀ ਨਾਬਰਾਬਰੀ ਦਾ
ਆਤਮਸਾਤੀਕ੍ਰਿਤ ਰੂਪ) ਹੀ ਹੁੰਦਾ ਹੈ। ਪਹਿਲੇ (ਸਾਬਕਾ) ਆਰਥਕ ਢਾਚੇ ਨੂੰ ਤੋੜ ਕੇ ਉਸਾਰਿਆ
ਨਵਾਂ ਆਰਥਿਕ ਵਰਤਾਰਾ ਨਵੇਂ ਰੂਪ ‘ਚ ਜਮਾਤੀ ਸਫਬੰਦੀਆਂ ਖੜ੍ਹੀਆਂ ਕਰਦਾ ਹੈ, ਜਿਸ ਵਿਚੋਂ
ਨਵੀਆਂ ਵਿਰੋਧਤਾਈਆਂ ਜਨਮ ਲੈਂਦੀਆਂ ਹਨ। ਇਸੇ ਲਈ ਨਵਾਂ ਆਰਥਿਕ ਵਰਤਾਰਾ ਹਮੇਸ਼ਾਂ ਪਹਿਲਾਂ
ਅਸਲ ਮੌਜੂਦ ਸੱਭਿਆਚਾਰਕ ਵਰਤਾਰੇ ‘ਚ ਤਬਦੀਲੀ ਕਰਦਿਆਂ ਉਸ ਨੂੰ ਅਪਣੇ ਅਨੁਸਾਰ ਤੋਰਨ ਵਿਚ
ਯਕੀਨ ਰੱਖਦਾ ਹੈ ਭਾਵ ਸਾਧਨਾਂ ਉੱਤੇ ਕਾਬਜ਼ ਜਮਾਤ ਦੀ ਵਿਚਾਰਧਾਰਾ ਨੂੰ ਲੋਕਾਂ/ਜਨ ਦੀ
ਵਿਚਾਰਧਾਰਾ ਬਣਾਉਣ ਲਈ ਆਪਣੇ ਨਵੇਂ ਵਿਚਾਰਧਾਰਕ ਸੱਤਾ ਕੇਂਦਰਾਂ ਦੇ ਨਿਰਮਾਣ ਅਤੇ ਵਿਕਾਸ
ਹਿੱਤ ਕਾਰਜ ਕਰਦਾ ਹੈ ਅਤੇ ਅੱਗੋਂ ਇਹ ਸੱਤਾ ਕੇਂਦਰ ਹਾਕਮ ਜਮਾਤ ਦੀ ਵਿਚਾਰਧਾਰਾ ਨੂੰ
ਆਤਮਸਾਤ ਕਰਾਉਣ ਹਿੱਤ ਕਾਰਜ ਕਰਦੇ ਹਨ। ਜਮਾਤੀ ਅਰਥਚਾਰਾ ਅਪਣੀ ਪਦਾਰਥਕ ਜਕੜ ਦੇ ਗੂੜ੍ਹ
ਨਿਰਮਾਣ ਹਿੱਤ ਸੱਭਿਆਚਾਰ ਨੂੰ ਉਨ੍ਹਾਂ ਕੇਂਦਰਾਂ/ਚਿਹਨਾਂ/ਮਿੱਥਾਂ ਰਾਹੀਂ
ਪ੍ਰਚਾਰਦਾ-ਪ੍ਰਸਾਰਦਾ (ਜੋ ਲੋਕਾਂ ਵਿਚ ਅਪਣੀ ਮਾਨਤਾ ਹਿੱਤ ਸੱਤਾ ਪ੍ਰਾਪਤ ਕਰ ਚੁੱਕੇ ਹੁੰਦੇ
ਹਨ) ਹੈ, ਜਿਸ ਰਾਹੀਂ ਉਹ ਅਪਣੀ ਜਮਾਤੀ ਵਿਚਾਰਧਾਰਾ ਪੱਕੀ ਅਤੇ ਚਿਰਸਥਾਈ ਰੂਪ ‘ਚ ਆਤਮਸਾਤ
ਕਰਵਾ ਸਕਣ। ਸੱਭਿਆਚਾਰ ਵਿਚ ਸਮਾਜਿਕ ਮਾਨਤਾ ਪ੍ਰਾਪਤ ਪ੍ਰਤੀਕਾਂ/ਚਿੰਨ੍ਹਾਂ ਦੀ ਸੱਤਾ
ਲੋਕਾਂ/ਜਨ ਦੇ ਜਿਹਨ ਅੰਦਰਲੇ ਖਲਾਅ ਵਿਚ ਤੰਤਰ ਦੀ ਵਿਚਾਰਧਾਰਾ ਨੂੰ ਤੂੜ ਦਿੰਦੀ ਹੈ। ਸਿੱਟਾ
ਜਮਾਤੀ ਸਮਾਜ ਦੀ ‘ਆਰਤੀ’ ਦਮਿਤ ਧਿਰ ਆਪਣੇ ਆਪ ਕਰਨ ਲੱਗਦੀ ਹੈ।
ਵੀਹਵੀਂ ਸਦੀ ਦਾ ਆਖਰੀ ਦਹਾਕਾ ਇਕ ਨਵੇਂ ਯੁੱਗ ‘ਚ ਪ੍ਰਵੇਸ਼ ਕਰਦਾ ਹੈ। ਭਾਰਤੀ ਆਰਥਿਕਤਾ ਦੇ
ਬੰਦ ਦਵਾਰ ਖੁੱਲ੍ਹੀ ਮੰਡੀ ਲਈ ਖੁੱਲ੍ਹਦੇ ਹਨ। ‘ਗਲੋਬਲੀ ਯੁੱਗ’ ਦਾ ਪ੍ਰਵੇਸ਼ ਨਿੱਜੀਕਰਨ ਦੇ
ਵਿਚਾਰਾਂ ਦਾ ਤੂਫਾਨ ਲੈ ਅੰਦਰ ਵੜਦਾ ਹੈ। ਅਰਥਚਾਰਾ ਉਲਟ ਕੇ ਕੱਚੇ ਭੁੰਨੇ ਪੂੰਜੀਵਾਦ ਨੂੰ
ਹੜੱਪਣ ਲੱਗਦਾ ਹੈ ਅਤੇ ਉਸ ਦੀ ਜਗ੍ਹਾਂ ਬਹੁਕੌਮੀ ਕੰਪਨੀਆਂ ਦੇ ਹਾਈ-ਟੈੱਕ ਦੀ ਜੈ-ਜੈ ਕਾਰ
ਨਾਲ ਸੱਤਾ ਉੱਪਰ ਬਿਰਾਜਮਾਨ ਲੋਕ ਭਾਰਤੀ ਬੰਦੇ ਹੱਥ ‘ਮੁਕਤੀ’ ਦਾ ਝੋਲਾ ਫੜਾ ਦਿੰਦੇ ਹਨ ਅਤੇ
ਇਸ ਵਿਚਾਰ ਨਾਲ ਜਨ ਮਾਨਸ ਨੂੰ ਦਿਲਾਸਾ ਦੇਣ ਲਗਦੇ ਹਨ ਕਿ ਉਨ੍ਹ ਕੋਲ ਇਸ ਦੇ ਸਿਵਾ ਕੋਈ
ਚਾਰਾ ਨਹੀਂ। ਮੀਡੀਆ ਅਤੇ ਲੋਕਤੰਤਰ ਨਵੀਂ ਪੂੰਜੀ ਦੀ ਆਰਤੀ ਉਤਾਰਨ ਲਗਦੇ ਹਨ। ਸੰਕਟ ਭੋਗ
ਰਹੇ ਪੰਜਾਬ ਦੇ ਸੰਤਾਪ ਨੂੰ ਸੱਭਿਆਚਾਰਕ ਮੇਲਿਆਂ ਦੇ ਝਾੜੇ ਨਾਲ ‘ਖੰਭ’ ਲੱਗਣ ਲਗਦੇ ਹਨ।
ਜਿਸ ਨਾਲ ਜਸ਼ਨ ਦਾ ਇਕ ਮਾਹੌਲ ਪੰਜਾਬੀ ਜਨ ਜੀਵਨ ਨੂੰ ਨਵਾਂ ਹੁਲਾਰਾ ਦਿੰਦਾ ਹੈ, ਸੱਤਾ ਇਸ
ਸੱਭਿਆਚਾਰ ਨੂੰ ‘ਬਚਾਉਣ’ ਹਿੱਤ ਜਸ਼ਨੀ ਮੇਲਿਆਂ ਵਿਚ ਰੁੱਝ ਜਾਂਦੀ ਹੈ। ਪੰਜਾਬੀ ਸੱਭਿਆਚਾਰ
ਕਰਵਟੀ ਪਲਾਂ ‘ਚ ਸੱਤਾਮਈ ਵਿਚਾਰਾਂ ਦੇ ਜਸ਼ਨ ਵਿਚ ਗੜੂੰਦ ਹੋ ਜਾਂਦਾ ਹੈ। ਜਦੋਂ ‘ਹੋਸ਼
ਆਉਂਦੀ’ ਹੈ ਤਾਂ ਸੱਭਿਆਚਾਰ ਦਾ ਦ੍ਰਿਸ਼ ਬਦਲ ਚੁੱਕਾ ਹੁੰਦਾ ਹੈ। ਜਸ਼ਨ ਦੇ ਇਸ ਸ਼ੋਰ ‘ਚ
ਮਾਨਵੀ ਨੈਤਿਕਤਾ ਨੂੰ ਚੁੱਕੀ ਰੱਖਣ ਵਾਲਾ ਬੰਦਾ ਅਲੋਪ (ਹਾਸ਼ੀਆਗਤ) ਹੋ ਜਾਂਦਾ ਹੈ। ਘਰਾਂ
‘ਚ, ਬਜ਼ਾਰਾਂ ‘ਚ ਵਸਤੂਆਂ ਦਾ ਜਸ਼ਨੀ ਸ਼ੋਰ ਨਵੀਆਂ ਸੱਤਾਵਾਂ ਨੂੰ ਪਕਿਆਈ ਦਿੰਦਾ ਇਨ੍ਹਾਂ
ਅੱਗੇ ਨਤਮਸਤਕ ਹੋਣ ਲੱਗਦਾ ਹੈ। ਸਭ ਪਾਸੇ ਮੰਡੀ ਦਾ ਸ਼ੋਰ ਬੰਦੇ ਨੂੰ ਵਸਤੂ ਰੂਪ ‘ਚ ਢਾਲ
ਦਿੰਦਾ ਹੈ। ਅਸੀਂ ਟੈਲੀਵਿਜ਼ਨ, ਕੰਪਿਊਟਰ, ਰੇਡੀਓ, ਅਖਬਾਰਾਂ ਭਾਵ ਹਰ ਪਾਸਿਉਂ ਸੱਭਿਆਚਾਰਕ
ਸੱਤਾਵਾਂ ਦੇ ਜਸ਼ਨ ਵਿਚ ਘਿਰ ਜਾਂਦੇ ਹਾਂ। ਸੱਤਾ ਦੇ ਇਹ ਨਵੇਂ ਸੰਦ ਸਾਡੀ ਉਂਗਲ ਫੜ ਕੇ
ਸਾਨੂੰ ਦੂਰ ਹਨੇਰ ਭਰੇ ਅਮਾਨਵੀ ਜੰਗਲ ‘ਚ ਭਟਕਣ ਲਈ ਛੱਡ ਦਿੰਦੇ ਹਨ। ਅਵਿਸ਼ਵਾਸ ਦੇ ਇਸ
ਜੰਗਲ ‘ਚੋਂ ਮਨ ਨੂੰ ਤਸੱਲੀ ਦੇਣ ਲਈ ਅਸੀਂ ਸਹਾਰੇ ਲੱਭਦੇ ਹਾਂ। ਧਰਮ ਪੰਥ, ਅਧਿਆਤਮ, ਜਾਤੀ
ਗੌਰਵ, ਸੱਭਿਆਚਾਰਕ ਹੇਰਵੇ ਦੀਆਂ ਵਸਤਾਂ ਨਾਲ ਭਰੇ ਬਾਜ਼ਾਰ ਦੇ ਸਭ ਸਹਾਰਿਆਂ ‘ਚੋਂ ਅਸੀਂ
ਆਪਣੇ ਵਿਰੁੱਧ ਇਕ ਅਭਿਆਨ ਦਿਨ ਰਾਤ ਚਲਾਉਂਦੇ ਹਾਂ। ‘ਲੋਕਤੰਤਰ’ ਅਤੇ ਉਸ ਦੀ ਅ-ਰਾਜਨੀਤੀ
ਸਾਡੇ ਸੱਭਿਆਚਾਰ ਲਈ ਖਤਰਾ ਬਣ ਜਾਂਦੇ ਹਨ। ਅੱਤਿਆਚਾਰ ਇਸ ਨਵੇਂ ਮੰਡੀ ਉਪਭੋਗ ਦਾ ਪਛਾਣ
ਚਿੰਨ੍ਹ ਬਣ ਜਾਂਦਾ ਹੈ। “ਅੱਤਿਆਚਾਰ ਤਾਂ ਹਰ ਕਿਤੇ ਦਿਖਾਈ ਦਿੰਦਾ ਹੈ, ਅੱਤਿਆਚਾਰੀ ਕਿਤੇ
ਵੀ ਨਜ਼ਰੀ ਨਹੀਂ ਪੈਂਦਾ।” ਅਸੀਂ ਸਦੀਵੀ ਭਟਕਣਾ ‘ਚ ਗਾਦਸਾਗ੍ਰਸਤ ਭੱਮਤਰੇ ਪਏ ਹਾਂ। ਮੰਡੀ
ਕੇਂਦਰਿਤ ਸੱਭਿਆਚਾਰ ਸਾਡੇ ਦਿਲਾਸੇ ਹਿੱਤ ਪੂੰਜੀ ਦੀ ਚਾਦਰ ਤਾਣ ਦਿੰਦਾ ਹੈ ਅਤੇ ਅਸੀਂ
ਕਾਹਲੀ ਨਾਲ ਉਸ ਦੀ ਛਾਂ ਦੇ ਸਹਾਰੇ ਹੇਠ ਜਾਂਦੇ ਹਾਂ। ਆਪਣੀ ਛਾਂ ਹਿੱਤ ਬਾਕੀਆਂ ਨੂੰ ਇਸ
‘ਸਹਾਰੇ’ ਦੇ ਮੈਦਾਨੋਂ ਬਾਹਰ ਧੱਕਣ ਲੱਗਦੇ ਹਾਂ। ਇਸ ਛਾਂ ਦੀਆਂ ਇੱਛਾਵਾਂ ਸਾਡੀਆਂ ਨਹੀਂ
ਹਨ। ਇਹ ਤਾਂ ਗਲੋਬਲੀ ਸੱਤਾ ਵੱਲੋਂ ਪੰਜਾਬੀ ਬੰਦੇ ਹੱਥ ਦਿੱਤੀ ਸੁੰਢ ਦੀ ਗੰਢੀ ਹੈ, ਜਿਸ ਦੀ
ਮਿੱਥ ਨੇ ਵਾਸਤਵਿਕ ਬੰਦੇ ਦੀ ਬੌਧਿਕ ਤਾਕਤ ਚੂਸ ਲਈ ਹੈ। ਮੀਡੀਆ ਜਿਸ ਕਲਾ ਨੂੰ ਸੱਭਿਆਚਾਰ
ਦੇ ਮਨੁੱਖੀ ਦਾਅਵੇ ਵਜੋਂ ਪ੍ਰਸਤੁਤ ਕਰਦਾ ਹੈ, ਉਹ ਮਾਨਵਤਾ ਦੀ ਘਿਨਾਉਣੀ ਪੈਰੋਡੀ ਜਾਪਦਾ 2
ਹੈ। ਬੰਦੇ ਦੇ ਵਾਸਤਵਿਕ ਰੂਪ ਤੋਂ ਉਸ ਦਾ ਕੱਦ ਕਈ ਗੁਣਾ ਵੱਡਾ ਆਕਾਰ ਗ੍ਰਹਿਣ ਕਰ ਜਾਂਦਾ ਹੈ
ਅਤੇ ਅਸੀਂ ਉਸ ਕੱਦ (ਇਮੇਜ) ਦੀ ਗ੍ਰਿਫਤ ਵਿਚ ਘਿਰ ਚੁੱਕੇ ਹੁੰਦੇ ਹਾਂ। ਉਪਭੋਗੀ ਸੱਭਿਆਚਾਰ
ਬੰਦੇ ਦੇ ਵਾਸਤਵਿਕ ਰੂਪ ਨੂੰ ਜਦੋਂ ਮੀਡੀਆ ਮਸ਼ੀਨ ‘ਚੋਂ ਲੰਘਾਉਂਦਾ ਹੈ ਤਾਂ ਉਸ ਦਾ ਆਕਾਰ
ਵਾਸਤਵਿਕ ਰੂਪ ਨਾਲੋਂ ਕਈ ਸੌ ਗੁਣਾ ਵੱਡਾ ਹੋ ਚੁੱਕਾ ਹੁੰਦਾ ਹੈ। ਉਹ ਸੱਤਾ ਬਣ ਕੇ ਲੋਕਾਂ
ਦੇ ਜਿ਼ਹਨ ਨੂੰ ਕਬਜ਼ੇ ‘ਚ ਕਰ ਲੈਂਦਾ ਹੈ। ਸਾਹਿਤ, ਕਲਾ, ਸੰਗੀਤ, ਰਾਜਨੀਤੀ ਦਾ ੳ ਅ ਜਾਨਣ
ਵਾਲੇ ਲੋਕ ਮੀਡੀਆ ਰਾਹੀਂ ਸਾਡੇ ਧਨੰਤਰ ਬਣ ਕੇ ਉਪਦੇਸ਼ਕ ਅਤੇ ਆਦਰਸ਼ ਦੀ ਉਪਾਧੀ ਪ੍ਰਾਪਤ ਕਰ
ਜਾਂਦੇ ਹਨ। ਉਨ੍ਹਾਂ ਦੀ ਸੱਤਾ ਵਾਸਤਵਿਕਤਾ ਦੁਆਲੇ ਮਿੱਥ ਦਾ ਲੇਅ ਚੜ੍ਹਾਈ ਜਾਂਦੀ ਹੈ। ਸੱਤਾ
ਹੀ ਸਾਡੇ ਸਮੇਂ ਦੇ ਬੰਦੇ ਦੀ ਆਦਰਸ਼ ਟੀਸੀ ਬਣ ਜਾਂਦੀ ਹੈ।
ਸੱਭਿਆਚਾਰ ਵਿਚ ਜਨ ਮਾਨਸ ਸਿਰਜਣਾਤਮਿਕ ਉਤਪਾਦਨ ਸਦਕਾ ਆਪਣੇ ਸੱਭਿਆਚਾਰ ਨੂੰ ਅਮੀਰ ਕਰਨ ਲਈ
ਯੋਗਦਾਨ ਪਾਉਂਦਾ ਹੈ। ਉਸ ਦੁਆਰਾ ਸਿਰਜੇ ਗੀਤ, ਕਥਾਵਾਂ ਲੋਕਾਂ ਦੇ ਸਮੁੱਚ ਦਾ ਹਿੱਸਾ ਬਣ ਕੇ
ਲੋਕ ਗੀਤ, ਲੋਕ ਕਥਾਵਾਂ ਦਾ ਰੂਪ ਧਾਰਦੇ ਹਨ। ਇਹ ਮਨੁੱਖ ਉਤਾਪਦਨੀ ਕਿਰਤ ਵਿਚ ਯਕੀਨ ਰੱਖਦਾ
ਆਪਣੇ ਤਜਰਬਿਆਂ ਨੂੰ ਮੁਹਾਵਰੇ, ਅਖਾਣਾਂ ਦੀ ਸਿਰਜਣਾ ਰਾਹੀਂ ਪ੍ਰਗਟ ਕਰਦਾ ਹੈ, ਪ੍ਰੰਤੂ ਅੱਜ
ਦਾ ਪੰਜਾਬੀ ਬੰਦਾ ਸਿਰਜਦਾ ਨਹੀਂ ਉਪਭੋਗ ਕਰਦਾ ਹੈ। ਉਪਭੋਗ ਮੰਡੀ ਦਾ ਨਾਅਰਾ ਹੈ ਅਤੇ ਅੱਜ
ਦਾ ਪੰਜਾਬੀ ਬੰਦਾ ਉਤਪਾਦਨੀ ਕਿਰਤ ‘ਚੋਂ ਬਾਹਰ ਜੋ (ਪੈਰਾਸਾਈਟ) ਬਣਨ ਦੇ ਰਾਹ ‘ਤੇ ਹੈ ਅਤੇ
ਜਿਹੜਾ ਵਿਅਕਤੀ ਅਜੇ ਵੀ ਉਤਪਾਦਨ ਵਿਚ ਮੌਜੂਦ ਹੈ ਉਹ ਇਸ ਉਪਭੋਗੀ ਸੱਭਿਆਚਾਰ ਤੋਂ
ਹਾਸ਼ੀਆਗ੍ਰਸਤ ਹੈ। ਇਸੇ ਕਰਕੇ ਅੱਜ ਸੱਭਿਆਚਾਰ ਮਨੁੱਖ ਦੇ ਦੁੱਖ-ਸੁੱਖ ‘ਚ ਕੰਮ ਆਉਣ ਦਾ
ਮਨੋਰੰਜਕ ਅਤੇ ਸ਼ਾਨਦਾਰ ਸਾਧਨ ਹੋਣ ਦੀ ਬਜਾਏ ਮੰਡੀ ਦੁਆਰਾ ਉਤਪਾਦ ਹੁੰਦਾ ਅਤੇ ਬੰਦਿਆਂ
ਦੁਆਰਾ ਉਪਭੋਗ ਕੀਤਾ ਜਾਂਦਾ ਹੈ। ਲੋਕ ਗੀਤ ਹਾਈ-ਟੈੱਕਦੇ ਪੇਂਜਿਆਂ ‘ਚ ਪਿੰਜ ਕੇ ਵਸਤੂ ਦੇ
ਰੂਪ ‘ਚ ਸਾਡਾ ਉਪਭੋਗ ਬਣ ਰਹੇ ਹਨ ਅਤੇ ਅਸੀਂ ਅਪਣੇ ਇਤਿਹਾਸ ਨੂੰ ਪਛਾਨਣ ਤੋਂ ਇਨਕਾਰੀ ਹਾਂ।
ਅਸੀਂ ਆਪੇ ਮੰਗ ਨਹੀਂ ਘੜਦੇ, ਸਿਰਫ ਬਾਜ਼ਾਰ/ਮੰਡੀ ਵਿਚ ਪਈ ਵਸਤੂਆਂ ਦੀ ਬਹੁਤਾਤ ਸਾਨੂੰ
ਪੂਰਤੀ ਦੀ ਜ਼ਰੂਰਤ ਦਾ ਅਹਿਸਾਸ ਕਰਵਾਉਂਦੀ ਹੈ। ਸਾਡੀ ਮੰਗ ਅਦ੍ਰਿਸ਼ਟ ਦਿਮਾਗ ਘੜਦੇ ਹਨ ਅਤੇ
ਸੱਭਿਆਚਾਰ ਦਾ ਇਹ ਵਸਤੂ ਰੂਪ ਆਪੇ ਸਾਡੀ ਪੂਰਤੀ ਬਣ ਜਾਂਦਾ ਹੈ, ਕਿਉਂਕਿ “ਦਿਲਲਗੀ ਸਿਰਫ
ਔਸ਼ਧੀ ਇਸ਼ਨਾਨ”3 ਬਣ ਗਿਆ ਹੈ ਅਤੇ ਇਹ ‘ਔਸ਼ਧੀ ਇਸ਼ਨਾਨ’ ਅਸੀਂ ਆਪੇ ਸਿਰਜੇ ਮੀਡੀਆ ਨਾਇਕਾਂ
ਰਾਹੀਂ ਕਰਦੇ ਹਾਂ, ਜਿਹਨਾਂ ਦੀ ਸੱਤਾ ਪਦਾਰਥਕ ਰੂਪ ‘ਚ ਕੱਦਵਾਰ ਬਣ ਕੇ ਸਾਡੇ ਜਿ਼ਹਨ ਦੀਆਂ
ਕੋਸ਼ਕਾਵਾਂ ਨੂੰ ਘੇਰ ਲੈਂਦੀ ਹੈ। ਅਸੀਂ ਆਪੇ ਮੂਰਤੀ ਘੜਦੇ ਹਾਂ ਅਤੇ ਆਪੇ ਉਸ ਦੀ ਵਿਰਾਟ
ਲੀਲ੍ਹਾ ਅੱਗੇ ਗੋਡਿਆਂ ਪਰਨੇ ਹੋ ਜਾਂਦੇ ਹਾਂ, ਕਿਉਂਕਿ ਉਹ ਸਾਡੇ ਹੱਥੋਂ ਨਿਕਲ ‘ਰੱਬੀ’
ਸੱਤਾ ਦਾ ਹਿੱਸਾ ਹੋ ਜਾਂਦੀ ਹੈ।
ਨੱਬਵਿਆਂ ਤੱਕ ਸੱਭਿਆਚਾਰ ‘ਆਜ਼ਾਦ’ ਰੂਪ ‘ਚ ਵਿਚਰਦਾ ਅਜੇ ਸੱਭਿਆਚਾਰ ਉਦਯੋਗ ਨਹੀਂ ਸੀ
ਬਣਿਆ। ਪਰ ਗਲੋਬਲੀ ਪੂੰਜੀ ਦੇ ਪ੍ਰਕੋਪ ਹੇਠ ਇਹ ਮੰਡੀ ਸੱਭਿਆਚਾਰ ਵਿਚ ਰੁਪਾਂਤਰਿਤ ਹੋ
ਜਾਂਦਾ ਹੈ। ਮੁੱਖ ਰੂਪ ‘ਚ ਇਸ ਮੰਡੀ ਸੱਭਿਆਚਾਰ ਨੂੰ ‘ਸੱਟੇ ਦੀ ਪੂੰਜੀ’ ਚਲਾਉਂਦੀ ਹੈ
ਭਾਵੇਂ ਹੋਰ ਕਈ ਤਰ੍ਹਾਂ ਦੀ ਪੂੰਜੀ (ਜਿਵੇਂ ਐੱਨ ਆਰ ਆਈ ਪੂੰਜੀ) ਦੀ ਇਸ ਵਿਚ ਸ਼ਮੂਲੀਅਤ
ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੰਡੀ ਦੇ ‘ਸਰਵੇਕਾਰ’ ਇਹ ਵੇਰਵੇ ਖੋਜਦੇ ਰਹਿੰਦੇ ਹਨ ਕਿ
ਹੁਣ ਕਿਸ ਵਿਚਾਰ ਦੀ ਖਪਤ ਹੋ ਸਕਦੀ ਹੈ। ਸੰਗੀਤ ਦੀ ਮੰਡੀ ਵਿਚ ਕਿਹੜਾ ਵਿਚਾਰ ਮੰਗ ਨੂੰ ਵਧਾ
ਸਕਦਾ ਹੈ? ਹੁਣ ਇਸ ਵਿਚ ਸਰਦਾਰੀ ਵਿਕਣੀ ਹੈ, ਜਾਤ, ਅਧਿਆਤਮ, ਜਸ਼ਨ, ਹੇਰਵਾ ਜਾਂ ਰੁਦਨ
ਵਿਕਣਾ ਹੈ। ਹਰ ਇਕ ਮੰਗ/ਵਿਚਾਰ ਦੀ ਪੂਰਤੀ ਲਈ ਮਾਲ ਮੰਡੀ ਵਿਚ ਮੌਜੂਦ ਹੁੰਦਾ ਹੈ।
‘ਸੰਤਾਪੇ’ ਬੰਦੇ ਦਾ ‘ਆਸਰਾ’ ਕਿਹੜੀ ਵਸਤੂ (ਵਿਚਾਰ) ਬਣ ਸਕਦੀ ਹੈ, ਮੰਡੀ ਧੜਾ ਧੜ ਉਸੇ
ਉਤਪਾਦ ਦਾ ਢੇਰ ਬਣਨ ਲਗਦੀ ਹੈ। ਅਸੀਂ ਉਪਭੋਗ/ਖਪਤ ਦੀ ਹੀ ਭਗਤੀ ਕਰਨ ਲੱਗਦੇ ਹਾਂ ਅਤੇ
ਮੀਡੀਆ ਇਸਦੀ ਗਤੀ ਵਿਚ ਵਾਧਾ ਕਰਦਾ ਹੈ।
ਇਸ ਸੰਦਰਭ ‘ਚ ਅਸੀਂ ਹੇਰਵਾ ਅਤੇ ਐੱਨ. ਆਰ. ਆਈ. ਪੂੰਜੀ ਦੀਆਂ ਬਰਕਤਾਂ ਨੂੰ ਇਕ ਵੱਖਰੇ ਲੇਖ
(30 ਜਨਵਰੀ-2011-ਨਵਾਂ ਜ਼ਮਾਨਾ) ‘ਚ ਵਿਚਾਰ ਚੁੱਕੇ ਹਾਂ, ਜਿਸ ਨੂੰ ਪਾਠਕਾਂ ਵੱਲੋਂ ਦੁਆਬੀ
ਵਰਤਾਰਾ ਮੰਨਿਆ ਗਿਆ ਸੀ, ਪ੍ਰੰਤੂ ਬਠਿੰਡਾ ਮਾਰਕਾ ਗਾਇਕੀ ਮਨਾਂ ਨੂੰ ਅਚੰਭਿਤ ਕਰਨ ਲਈ
ਵੱਖਰੀ ਤਰ੍ਹਾਂ ਦਾ ਸ਼ੁਗਲ (ਵਿਚਾਰ) ਕਰਦੀ ਹੈ ਭਾਵੇਂ ਇਨ੍ਹਾਂ ਦੋਹਾਂ ਦੀ ਜੜ੍ਹ ਭਿੰਨ ਨਹੀਂ
ਸਗੋਂ ਗੌਰਵ ਨੂੰ ਹੀ ਮੂਰਤੀਮਾਨ ਕਰਦੀ ਹੈ। ਦੁਗਾਣਾ ਗਾਇਕੀ ਲਈ ਬਠਿੰਡਾ ਮਾਰਕਾ ਗੀਤਕਾਰੀ ਹੀ
ਇਸ ਯੁੱਗ ਵਿਚ ਨਵੀਂ ਰੂਹ ਫੂਕਦੀ ਹੈ। ਇੱਥੇ ਮੁਹੱਬਤ ਘਰੇਲੂ ਲੋੜਾਂ, ਉਪਭੋਗ, ਜਸ਼ਨ ਅਤੇ
ਰੁਦਨ ਦਾ ਸੰਵਾਦ ਬਣ ਜਾਂਦੀ ਹੈ। ਇਹ ਸੰਵਾਦ ਮੰਡੀ ਸੱਭਿਆਚਾਰ ਵਿਚ ਨਵੀਂ ਤਾਕਤ ਭਰ ਦਿੰਦਾ
ਹੈ।
ਨੱਬਵਿਆਂ ਤੱਕ ਦੀ ਗਾਇਕੀ ਦਾ ਕੇਂਦਰ ਲੁਧਿਆਣਾ ਸੀ, ਪ੍ਰੰਤੂ ਗਲੋਬਲੀ ਪੂੰਜੀ ਨੇ ਇਸ ਇਕ
ਕੇਂਦਰ ਨੂੰ ਉਸ ਤਰ੍ਹਾਂ ਤੋੜ ਕੇ ‘ਵਿਖੰਡਤ’ ਕਰ ਦਿੱਤਾ ਜਿਵੇਂ ਉੱਤਰ-ਆਧੁਨਿਕਤਾਵਾਦ ਨੇ ਪਾਠ
ਵਿਚਲੇ ਬਹੁਕੇਂਦਰਾਂ ਦੀ ਤਸੱਲੀਬਖਸ਼ ਜਾਂਚ ਕੀਤੀ ਸੀ। ਅੱਜ ਹਰ ਸ਼ਹਿਰ ਅੰਦਰ ਮੰਡੀ
ਸੱਭਿਆਚਾਰ ਦੇ ਕਰਿੰਦੇ ਕੰਮ ਕਰਦੇ ਹਨ। ਹਰ ਇਕ ਕਾਮਾ ਆਪਣੀ-ਅਪਣੀ ਚਿਹਨੀ ਸੱਤਾ ਦੀ ਕੀਮਤ
ਮੁਤਾਬਿਕ ਇਨ੍ਹਾਂ ਕੇਂਦਰਾਂ ਦੀ ਚੋਣ ਕਰਦਾ ਹੈ। ਕੁਝ ਵੱਡੀਆਂ ਚਿਹਨੀ ਸੱਤਾਵਾਂ ਵਿਦੇਸ਼ਾਂ
(ਐੱਨ ਆਰ ਆਈ) ਵਿਚੋਂ ਮਾਲ ਸਪਲਾਈ ਕਰਦੀਆਂ ਅਪਣੀ ਸੱਤਾ ਨੂੰ ਸਥਾਨਕ ਸੱਤਾਵਾਂ ਤੋਂ ਸਿਖਰ
‘ਤੇ ਸਥਾਪਿਤ ਕਰ ਲੈਂਦੀਆਂ ਹਨ। ਹਰ ਗਾਇਕ ਦੀ ਚਿਹਨੀ ਸੱਤਾ (ਸਾਈਨ ਵੈਲਿਊ) ਹੀ ਉਸ ਦੀ ਕੀਮਤ
ਨਿਰਧਾਰਤ ਕਰਦੀ ਹੈ। ਹਰ ਖਰੀਦਦਾਰ ਅਪਣੀ ਜੇਬੀ ਸੱਤਾ ਮੁਤਾਬਿਕ ਵਸਤੂ ਨੂੰ ਖਰੀਦਦਾ ਹੈ। ਜੇਬ
ਹੀ ਤੈਅ ਕਰਦੀ ਹੈ ਕਿ ਗਾਹਕ ਨੇ ਕਿਹੜਾ ਉਤਪਾਦ ਖਰੀਦਣਾ ਹੈ। ਐੱਨ ਆਰ ਆਈ/ਹਰੀ ਕ੍ਰਾਂਤੀ
ਦੀਆਂ ਬਰਕਤਾਂ ਸਦਕਾ ਸ਼ਹਿਰੀ ਜੀਵਨ ਭੋਗਦੀ ਜਮਾਤ ਹੇਰਵਾ ਅਤੇ ਜਸ਼ਨ ਦੀ ਖਰੀਦਦਾਰ ਹੈ। ‘ਹਰੀ
ਕ੍ਰਾਂਤੀ’ ਦੀਆਂ ਸਿਖਰੀ ਬਰਕਤਾਂ ਹੰਢਾਅ ਚੁੱਕੇ ਜੱਟ/ਕਿਸਾਨ ਜ਼ਮੀਨਾਂ ਦੀ ਵਧੀ ਕੀਮਤ ਕਾਰਨ
ਇਸ ਗੰਗਾ ‘ਚ ਹੱਥ ਧੋਂਦੇ ਸਰਦਾਰੀ, ਰਫਲਾਂ, ਪਿਸਤੌਲਾਂ, ਲੰਡੀਆਂ ਜੀਪਾਂ, ਲੈਂਡ ਕਰੂਜ਼ਰ,
ਬਰਾਡੋ, ਰੌਡੀ, ਵੈਲੀ, ਬੁਲੇਟ ਦੇ ਖਰੀਦਦਾਰ ਹਨ। ਇਸ ਦੌੜ ‘ਚੋਂ ਪੱਛੜੇ ਰੁਦਨ (ਸੈਡ ਸੌਂਗ)
ਦੇ ਖਰੀਦਦਾਰ ਹਨ। ਕੁਝ ਮੋਬਾਈਲਾਂ, ਲੈਪਟਾਪ, ਐਨਕਾਂ ਆਦਿ ਦੇ ਖਰੀਦਦਾਰ ਹਨ। ਔਰਤਾਂ
ਗਹਿਣਿਆਂ, ਜੀਨਾਂ, ਚੁੰਨੀਆਂ, ਸੁਰਖੀਆਂ, ਪਾਊਡਰ, ਕੋਕਾ, ਨੱਥ ਜਿਹੇ ਜਿਸਮ ਨੂੰ ਸ਼ਬਾਬ
ਬਣਾਉਣ ਵਾਲੇ ਉਤਪਾਦਾਂ ਦੀਆਂ ਖਰੀਦਦਾਰ ਹਨ ਅਤੇ ਉਹਨਾਂ ਲਈ ਪਹਿਲੇ ਤੋੜਦ ਦੀ ਦਾਰੂ, ਕੱਚ ਦਾ
ਸਮਾਨ, ਡੋਰ, ਵੂਫਰ ਆਦਿ ਨਿਸ਼ਕਿਰਿਆ ਚਿਹਨਾਂ ਦੀ ਭਰਮਾਰ ਹੈ। ਹਰ ਬੰਦੇ ਨੂੰ ਇਸ ਮੰਡੀ
ਸੱਭਿਆਚਾਰ ਨਾਲ ਜੋੜਨ ਲਈ ਵੱਖ-ਵੱਖ ਉਤਪਾਦਾਂ ਦੇ ਢੇਰ ਹਨ। ਗਾਇਕੀ ਤਾਂ ਅੱਜ ਉਤਪਾਦਾਂ ਦੀ
ਮਸ਼ਹੂਰੀ ਕਰਨ ਦਾ ਮਨੋਰੰਜਕ ਸਾਧਨ ਹੈ। ਜਾਤੀ ‘ਪੀੜਾ’ ਸਹਿੰਦੇ ਜਨ ਕੋਲ ਵੱਖ ਵੱਖ ਗੌਰਵਾਂ
ਦੀ ਸੇਲ ਵੀ ਇਸ ਮੰਡੀ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਹਰ ਮਾਲ ਬਾਜ਼ਾਰ ਦੀ ਫਲੱਡ ਲਾਈਟ
ਨਾਲ ਬੰਦੇ ਦੀਆਂ ਅੱਖਾਂ ਚੁੰਧਿਆਉਂਦਾ ਆਪਣੇ ਆਪ ਉਸ ਦੀ ਜੇਬ ਵਿਚ ਆ ਟਿਕਦਾ ਹੈ।
ਅਸੀਂ ਜੇ ਇਸ ਲੇਖ ਵਿਚ ਇਕ ਪ੍ਰਤੀਕ ‘ਸਰਦਾਰੀ’ ਨੂੰ ਕੇਂਦਰ ਵਿਚ ਰੱਖੀਏ ਤਾਂ ਅੱਜ ਦੇ ਮੰਡੀ
ਸੱਭਿਆਚਾਰ ਦਾ ਕੋਈ ਸੂਤਰ ਫੜਨ ਵਿਚ ਕਾਮਯਾਬ ਹੋ ਜਾਈਏ, ਕਿਉਂਕਿ ਇਸ ਦੇ ਕਾਰਨਾਂ ਦੇ ਬਹੁਤ
ਸਾਰੇ ਸੂਤਰ ਹੋ ਸਕਦੇ ਹਨ।
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ।
-ਗੁਰਦਾਸ ਮਾਨ
ਬਾਕੀ ਗੱਲਾਂ ਬਾਅਦ ‘ਚ ਸੋਹਣੀਏ ਪਹਿਲਾਂ ਸਰਦਾਰ ਹਾਂ
-ਬੱਬੂ ਮਾਨ
ਪੁੱਤ ਸਰਦਾਰਾਂ ਦਾ ਹੁਣ ਨ੍ਹੀਂ ਡਿਗਰੀਆਂ ਕਰਦਾ
-ਮਿਸ ਪੂਜਾ
ਵਿਚ ਪ੍ਰਦੇਸਾਂ ਜਾ ਚਲਾਉਣਾ ਏ ਟਰੱਕ
ਛੱਡ ਇੰਡੀਆ ਦੇ ਵਿਚ ਸਰਦਾਰੀ ਮੱਖਣਾ
-ਦੀਪ ਢਿੱਲੋਂ + ਜਸਮਾਨੀ ਜੱਸੀ
ਪੂਰਾ ਸਿੱਕਾ ਚਲਦਾ ਏ ਯਾਰਾਂ ਦੀ ਯਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
-ਕਮਲ ਗਰੇਵਾਲ
ਸਮਕਾਲੀ ਪੰਜਾਬੀ ਗਾਇਕੀ ਸ਼ਬਦ ਅਤੇ ਚਿਤਰ ਦੇ ਪੱਧਰ ‘ਤੇ ਤਿੰਨ ਵੱਡੇ ਚਿਹਨਾਂ ਜੱਟ, ਸਰਦਾਰ
ਅਤੇ ਵੈਲੀ ਦੇ ਧੁਰਿਆਂ ਦੁਆਲੇ ਘੁੰਮ ਰਹੀ ਹੈ। ਇਤਿਹਾਸਕ ਰੂਪ ‘ਚ ਅਤੀਤ ਹੋ ਗਏ ਇਨ੍ਹਾਂ
ਚਿੰਨ੍ਹਾਂ ਨੂੰ ਮੰਡੀ ਸੱਭਿਆਚਾਰ ਦੀ ਹਾਈ-ਟੈੱਕ ਮਸ਼ੀਨ ਵਿਚ ਪਿੰਜ ਕੇ ਇਸਦਾ ਵੱਡੇ ਪੱਧਰ
‘ਤੇ ਉਤਪਾਦ ਕੀਤਾ ਜਾ ਰਿਹਾ ਹੈ। ਇਸ ਖਿਲਾਰੇ ਦੇ ਬਹੁਰੰਗਾਂ (ਦੀ ਗਰੁੱਪ ਆਫ ਸਟੇਟਮੈਂਟਸ)
ਦਾ ਅਸਰ/ਮਕਸਦ ਇਕੋ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਏ ਬੰਦੇ ਦੇ ਜਿ਼ਹਨ ਉੱਤੇ
ਸਰਦਾਰ/ਜੱਟ ਹੋਣ ਦੀ ਤੀਬਰ ਇੱਛਾ ਨੂੰ ਪਦਾਰਥਕ ਰੂਪ ‘ਚ ਢਾਲਣਾ ਅਤੇ ਇਹ ਕੰਮ ਬਾਮਕਸਦ
(ਵਿਚਾਰਧਾਰਕ ਰੂਪ ‘ਚ) ਜਾਰੀ ਹੈ। ਜਿਹੜੇ ਚਿਨ੍ਹ/ਪ੍ਰਤੀਕ ਇਤਿਹਾਸ ਵਿਚ ਮਨੁੱਖੀ ਦਮਨ ਦੇ
ਉਪਕਰਨ ਸਨ। ਉਨ੍ਹਾਂ ਦੀ ਪ੍ਰਾਪਤੀ ਦੀ ਤੀਬਰ ਇੱਛਾ ਅੱਜ ਦੀ ਮੱਧਵਰਗੀ (ਜਗੀਰੂ ਨਾ ਕਿ
ਬੁਰਜੂਆ ਰੂਪ) ਜਿ਼ਹਨੀਅਤ ਨੂੰ ਕਬਜ਼ੇ ਵਿਚ ਲੈ ਵਡਿਆਈ ਦਾ ਰੂਪ ਧਾਰ ਜਾਂਦੀ ਹੈ। ਸਰਦਾਰ ਭਾਵ
ਰਾਠ ਸੱਭਿਆਚਾਰ ਦਾ ਇਤਿਹਾਸ, ਦਮਨ ਦਾ ਪ੍ਰਤੀਕ ਰਿਹਾ ਹੋਣ ਦੀ ਬਜਾਏ, ਜੇਬ ਵਿਚ ਉੱਗੀ ਧਨ ਦੀ
ਨਵੀਂ ਤਾਜ਼ਗੀ ਸਦਕਾ ਵਡਿਆਈ ਵਜੋਂ ਵੱਡੇ ਰੂਪ ‘ਚ ਉਤਪਾਦ ਹੋਣ ਲੱਗਦਾ ਹੈ। ਸਰਦਾਰ, ਵੈਲੀ
ਅਤੇ ਜੱਟ ਬਠਿੰਡਾ ਮਾਰਕਾ ਗਾਇਕੀ ਦੇ ਕੇਂਦਰੀ ਧੁਰੇ ਹਨ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਅਤੇ
ਬਾਅਦ ਤੱਕ ਵੀ ਜੱਟ ਅਤੇ ਸਰਦਾਰ ਦੋ ਵੱਖ-ਵੱਖ ਚਿਹਨ (ਭਾਵ ਜਾਤ ਦੇ ਪੱਧਰ ‘ਤੇ ਤਾਂ ਦੋਵੇਂ
ਜੱਟ ਹਨ ਪਰ ਜਮਾਤ ਦੇ ਪੱਧਰ ‘ਤੇ ਇਕ ਉਤਪਾਦਨ ਕਰਦੀ ਜਮਾਤ ਅਤੇ ਦੂਸਰੀ ਉਤਪਾਦ ਨੂੰ ਹੜੱਪਣ
ਵਾਲੀ ਸ਼ੋਸ਼ਕ ਧਿਰ) ਅੱਜ ਇਕੋ ਚਿਹਨਤ ਚਿ ਢਲ ਗਏ ਹਨ। ਜੱਟ ਸਰਦਾਰ (ਛੋਟੀ ਕਿਸਾਨੀ) ਨਹੀਂ
ਹੋ ਸਕਦਾ, ਕਿਉਂਕਿ ਰਾਠ ਬਣਨ ਲਈ ਬਹੁਤ ਸਾਰੀ ਜਾਇਦਾਦ (ਜ਼ਮੀਨ) ਦਾ ਹੋਣਾ ਜ਼ਰੂਰੀ ਹੈ ਜੋ
ਉਸ ਨੂੰ ਅਵਾਰਾ ਧਨ ਦਾ ਭੋਗ ਕਰਾਵੇ। ਜੱਟ ਅਪਣੀ ‘ਅਣਖ’ ਦੀ ਦਹਿਸ਼ਤ ਸਦਕਾ ਵੈਲੀ ਬਣਨ ਵੱਲ
ਪ੍ਰੇਰਿਤ ਹੁੰਦਾ ਹੈ ਅਤੇ ਰਾਠਾਂ ਵੱਲੋਂ ਹੁੰਦਾ ਛੋਟੇ ਕਿਸਾਨ ਦਾ ਦਮਨ ਵੈਲੀ ਬਣਨ ਲਈ ਮਜਬੂਰ
ਕਰਦਾ ਹੈ, ਭਾਵੇਂ ਉਹ ਫਿਰ ਰਾਠਾਂ ਦੇ ਹਿੱਤ ਵਿਚ ਹੀ ਭੁਗਤਦਾ ਹੈ। ਵੈਲੀ ਪੰਜਾਬੀ ਸੱਭਿਆਚਾਰ
ਵਿਚ ਨਾਇਕ ਦੀ ਉਪਾਧੀ ਨਹੀਂ ਪ੍ਰਾਪਤ ਕਰ ਸਕਿਆ, ਕਿਉਂਕਿ ਉਹ ਦਮਨ ਦਾ ਪ੍ਰਤੀਕ ਸੀ। ਇਹ ਦਮਨ
ਖਿਲਾਫ ਪ੍ਰਤੀਰੋਧ ਵਜੋਂ ਹੋਂਦ ‘ਚ ਆਉਂਦਾ ਬਹਿਕਦਾ ਰੋਹ ਸੀ ਜੋ ਉਤਪਾਦਨੀ ਤਾਕਤਾਂ ਵਿਰੁੱਧ
ਹੀ ਦਹਿਸ਼ਤ ਵਜੋਂ ਇਸਤੇਮਾਲ ਹੁੰਦਾ ਰਹਿੰਦਾ ਸੀ। ਰਾਠਾਂ/ਸਰਦਾਰਾਂ ਦੁਆਰਾ ਦਮਨ ਸੱਭਿਆਚਾਰਕ
ਮਾਨਤਾ ਪ੍ਰਾਪਤ ਪਤਵੰਤਾ ਹੋਣ ਦੀ ਉਪਾਧੀ ਸੀ ਅਤੇ ਜਿਸਦੀ ਚੌਧਰ ਲਈ ਸਟੇਟ ਉਸ ਦਾ ਸਾਥ ਦਿੰਦੀ
ਸੀ ਜਦੋਂ ਕਿ ਵੈਲੀ ਸਮਾਜਿਕ ਮਾਨਤਾ ਪ੍ਰਾਪਤ ਜੁਜ਼ ਨਹੀਂ ਸੀ। ਡਾਕੂ ਵੈਲੀ ਦਾ ਸੁਧਰਿਆ ਰੂਪ
ਹੁੰਦਾ ਹੈ, ਜੋ ਸਮਾਜਿਕ ਨੈਤਿਕਤਾਵਾਂ (ਅਣਖ ਲਈ ਲੜਦਾ, ਮਜ਼ਲੂਮ ਅਤੇ ਔਰਤ ਦੀ ਰੱਖਿਆ ਕਰਨ
ਵਾਲਾ ਚਿਹਨ) ਦੇ ਕੁਝ ਹਿੱਸੇ ਨੂੰ ਕਬੂਲਦਾ ਮਾਨਵ ‘ਹਿਤਾਇਸ਼ੀ’ ਹੋਣ ਕਰਨ ਵਾਲਾ ਚਿਹਨ) ਦੇ
ਕੁਝ ਹਿੱਸੇ ਨੂੰ ਕਬੂਲਦਾ ਮਾਨਵ ‘ਹਿਤਾਇਸ਼ੀ’ ਹੋਣ ਕਾਰਨ ‘ਨਾਇਕ’/ਮਿੱਥ ਵਜੋਂ ਪ੍ਰਤੀਬਿੰਬਤ
ਹੁੰਦਾ ਹੈ। ਇਸ ਕਰਕੇ ਸਰਦਾਰ, ਜੱਟ, ਵੈਲੀ ਅਤੇ ਡਾਕੂ ਦੇ ਪ੍ਰਤੀਕ ਵੱਖ-ਵੱਖ ਅਰਥਾਂ ਵਿਚ
ਖੁੱਲ੍ਹਦੇ ਹਨ, ਪ੍ਰੰਤੂ ਅੱਜ ਸਰਦਾਰ, ਵੈਲੀ ਅਤੇ ਜੱਟ ਇਕੋ ਅਰਥ ਨੂੰ ਚਿਹਨਤ ਕਰ ਰਹੇ ਹਨ।
ਭਾਵ ਇਤਿਹਾਸ ਦੇ ਇਹ ਜਮਾਤੀ ਚਿਹਨ ਵਰਤਮਾਨ ਵਿਚ ਅਪਣੀ ਚਿਹਨੀ ਕੀਮਤ ਗਵਾ ਬੈਠਦੇ ਹਨ (ਵੈਲੀ
ਦਾ ਅੱਜ ਸਮਅਰਥੀ ਸ਼ਬਦ ਲੁੰਪਨ ਹੈ) ਅਤੇ ਸਿੱਟਾ, ਸਭ ਦੇ ਅਰਥ ਅਣਖ, ਚੌਧਰ ਅਤੇ ਜਿਸਮਾਨੀ
ਤਾਕਤ ਵਜੋਂ ਸੱਤਾ ਬਣ ਹਾਜ਼ਰ ਹੁੰਦੇ ਹਨ। ਬਠਿੰਡਾ ਮਾਰਕਾ ਗਾਇਕੀ ਸੱਭਿਆਚਾਰ ਬੜੇ ‘ਮਾਣ’
ਨਾਲ ਇਸ ਦਾ ਉਤਪਾਦ ਕਰਦਾ ਇਤਿਹਾਸ ਨੂੰ ਪੈਰੋਡੀ ਬਣਾਉਂਦਾ ਸ਼ਬਦਾਂ ਦੇ ਜਮਾਤੀ ਅਰਥਾਂ ਨੂੰ
ਮੰਡੀ ਮਸ਼ੀਨ ਵਿਚ ਪਿੰਜਦਾ ਇਸ ਨੂੰ ਉਪਭੋਗ ਦੀ ਫੂਹੜ ਵਸਤੂ ਬਣਾ ਦਿੰਦਾ ਹੈ ਅਤੇ ਇਹ ਸ਼ਬਦ
ਆਪਣੇ ਜ਼ਮਾਤੀ ਅਰਥ ਗਵਾ ਬੈਠਦੇ ਹਨ। ਮੰਡੀ ਸੱਭਿਆਚਾਰ ਦਾ ਮੁੱਖ ਮਾਰਕਾ ਬੰਦੇ ਨੂੰ ਇਤਿਹਾਸ
ਮੁਕਤ ਕਰਨਾ ਹੀ ਹੁੰਦਾ ਹੈ ਅਤੇ ਅੱਜ ਇਹ ਮੰਡੀ ਸੱਭਿਆਚਾਰ ਰਾਹੀਂ ਵਾਪਰ ਰਿਹਾ ਹੈ। ਇਸੇ ਲਈ
ਕਾਕੇ ਭਾਵੇਂ ਜੱਟਾਂ ਦੇ ਹੋਣ, ਸਰਦਾਰਾਂ ਦੇ, ਸੈਣੀਆਂ, ਕੰਬੋਆਂ, ਲੁਬਾਣਿਆਂ ਜਾਂ ਚਮਾਰਾਂ
ਦੇ, ਅਰਥ ਜੱਟ ਸੱਭਿਆਚਾਰ ਦੇ ਜਗੀਰੂ ਰੂਪ ਨੂੰ ਹੀ ਪ੍ਰਤੀਬਿੰਬਤ ਕਰਦੇ ਹਨ ਅਤੇ ਜੱਟ ਬਣਨ ਦੀ
ਤੀਬਰ ਇੱਛਾ ਨਾਲ ਲਬਰੇਜ਼ ਹਨ (ਬ੍ਰਾਹਮਣਿਕ ਵਿਚਾਰਧਾਰਾ ਦਾ ਇਹੋ ਲੁਭਾਉਣਾ ‘ਗੁਣ’ ਹੈ)।
ਪੂੰਜੀਵਾਦੀ ਪੂੰਜੀ ਸਾਮੰਤੀ ਸੱਭਿਆਚਾਰਕ ਮਾਨਤਾਵਾਂ ਨੂੰ ਰੱਦ ਕਰਕੇ ਜਿੱਥੇ ਆਧੁਨਿਕਤਾ
(ਜਮਾਤੀ ਚੇਤਨਾ) ਦਾ ਪਾਸਾਰ ਕਰਦੀ ਹੈ, ਉੱਥੇ ਗਲੋਬਲੀ ਪੂੰਜੀ ਜਗੀਰੂ ਚਿੰਨ੍ਹਾਂ ਦਾ ਮੰਡੀ
ਸੱਭਿਆਚਾਰ ਰਾਹੀਂ ਪੁਨਰ ਉਥਾਨ ਕਰਕੇ ਅਤੇ ਉਸ ਵਿਚੋਂ ਜਮਾਤੀ ਅਰਥਾਂ ਦੀ ਰੱਤ ਚੂਸ ਕੇ ਬੰਦੇ
ਦੇ ਪ੍ਰਤੀਰੋਧ ਨੂੰ ਤਿਲਾਂਜਲੀ ਦਿੰਦੀ (ਆਰਾਜਨੀਤੀ ਦਾ ਉਭਾਰ) ਹਰ ਬੰਦੇ ਨੂੰ ਰਾਠ ਸੱਭਿਆਚਾਰ
‘ਚ ‘ਸਰਦਾਰ’ ਬਣਨ ਲਈ ਪ੍ਰੇਰਿਤ ਕਰਦੀ, ਹਾਕਮ ਵਿਚਾਰਾਂ ਨੂੰ ਪਦਾਰਥਕ ਸ਼ਕਲ ਵਿਚ ਢਾਲਦੀ,
ਜਿ਼ਹਨ ਵਿਚ ਘਰ ਕਰ ਲੈਂਦੀ ਹੈ ਅਤੇ ਸੱਤਾ ਦੇ ਚਿਹਨ ਉਸ ਦਾ ਆਦਰਸ਼ ਸੁਪਨਾ ਹੋ ਨਿੱਬੜਦੇ ਹਨ।
ਬਠਿੰਡਾ ਮਾਰਕਾ ਗਾਇਕੀ ਦੇ ਸੈਂਕੜੇ ਪ੍ਰਵਚਨ ਜੱਟ ਸੱਭਿਆਚਾਰ ਨੂੰ ਸਾਮੰਤੀ ਪਕਿਆਈ ਦਿੰਦੇ,
ਸੱਤਾ ਦੁਆਰਾ ਹੁੰਦੇ ਅੱਤਿਆਚਾਰ ਨੂੰ ਮਾਨਤਾ ਦੇਣ ਵਿਚ ਰੁੱਝੇ ਹੋਏ ਹਨ। ਸਿੱਟਾ ਬਾਜ਼ਾਰ,
ਘਰ, ਮਾਲ ਸੜਕਾਂ ਉਪਭੋਗੀ ਵਸਤਾਂ ਨਾਲ ਡੱਕੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਖਰੀਦਣ ਨਾਲ ਕਿਸੇ
ਉਤਪਾਦਨ ਵਿਚ ਵਾਧਾ ਨਹੀਂ ਹੁੰਦਾ ਸਗੋਂ ਉਤਪਾਦਨੀ ਕਿਰਤ ਸ਼ਕਤੀ ਹਾਸ਼ੀਆਗਤ ਹਾਦਸੇ ਦਾ
ਸਿ਼ਕਾਰ ਹੋ ਜਾਂਦੀ ਹੈ। ਇਸ ਮੰਡੀ ਸੱਭਿਆਚਾਰ ਦੀ ਅੱਖ ਕਿਸਾਨ ਦੀ ਉਤਪਾਦਨੀ ਮਸ਼ੀਨ ਜ਼ਮੀਨ
‘ਤੇ ਹੈ, ਜੋ ਉਤਪਾਦਨ ਦੀ ਸਿਖਰ ਹੰਢਾਅ ਕੇ ਭਾਰੇ ਪੱਲੇ ਦੀ ਮਹਿੰ ਬਣ ਗਈ ਹੈ। ਉਸ ‘ਚੋਂ
ਪ੍ਰਾਪਤ ਉਤਪਾਦਨ ਨਾਲੋਂ ਉਸ ਦਾ ਮੁੱਲ ਕਈ ਸੌ ਗੁਣਾ ਵੱਧ ਹੈ। ਸਿੱਟਾ ਜ਼ਮੀਨ ਵਿਕਦੀ ਹੈ ਤਾਂ
ਜੇਬ ‘ਚ ਆਇਆ ਧਨ ਜੱਟ/ਕਿਸਾਨ ਨੂੰ ਰਾਠ ਦੇ ਰੁਤਬੇ ‘ਤੇ ਪਹੁੰਚਾ ਦਿੰਦਾ ਹੈ। ਰਾਠ ਸੱਭਿਆਚਾਰ
ਨੂੰ ਹੁਲਾਰਾ ਮਿਲਦਾ ਹੈ। ਗੱਡੀਆਂ, ਰਫਲਾਂ ਅਤੇ ਔਰਤ ਭੋਗ ਲਈ ਹਿੰਸਾ ਵਿਚ ਪੁਰਜ਼ੋਰ ਵਾਧਾ
ਹੋਣ ਲੱਗਦਾ ਹੈ।
ਇੱਥੇ ਇਕ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਸਰਦਾਰਾਂ ਭਾਵ ਰਾਠਾਂ ਅਤੇ ਜੱਟਾਂ ਵਿਚ ਫਰਕ
ਜਮਾਤੀ ਪਾੜਾ ਹੀ ਹੁੰਦਾ ਹੈ। ਜੱਟ ਉਤਪਾਦਨੀ ਕਾਮਾ ਹੈ ਅਤੇ ਰਾਠ ਇਕ ਜੋਕ ਦੀ ਤਰ੍ਹਾਂ ਹੈ ਜੋ
ਹੋਰਾਂ ਦੀ ਕਿਰਤ ਸ਼ਕਤੀ ਨੂੰ ਹੜੱਪ ਕੇ ਅੱਯਾਸ਼ ਜੀਵਨ ਭੋਗਦਾ ਹੈ। ਜਦੋਂ ਜੱਟ ਕੋਲ ਉਤਪਾਦਨੀ
ਕਿਰਤ ਦੀ ਬਜਾਏ ਆਵਾਰਾ ਪੂੰਜੀ (ਮਹਿੰਗੀ ਵਿਕੀ ਜ਼ਮੀਨ ਜਾਂ ਵਿਦੇਸ਼ਾਂ ‘ਚੋਂ ਆਇਆ ਧਨ) ਦੀ
ਬਹੁਤਾਤ ਹੁੰਦੀ ਹੈ ਅਤੇ ਉਹ ਉਤਪਾਦਨੀ ਸਬੰਧਾਂ ਵਿਚੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਰਾਠ
ਸੱਭਿਆਚਾਰ ਵਿਚ ਹੀ ਰੁਪਾਂਤਰਿਤ ਹੋ ਜਾਂਦਾ ਹੈ। ਰਾਠ ਜਾਂ ਠਾਕੁਰ (ਅਰਿਸਟੋਕ੍ਰੇਟ) ਉਤਪਾਦਨ
ਕਰਨ ਵਿਚ ਨਹੀਂ ਸਗੋਂ ਇਸ ਨੂੰ ਭੋਗਣ ਹਿੱਤ ਕਾਰਜ ਕਰਦੇ ਹਨ ਅਤੇ ਜਦੋਂ ਉਹੋ ਪੂੰਜੀ ਜੱਟ ਦਾ
ਆਧਾਰ ਬਣਦੀ ਹੈ ਤਾਂ ਉਸ ਦਾ ਰੁਪਾਂਤਰਣ ਇਸੇ ਜੋਕ ਸੱਭਿਆਚਾਰ ਵਿਚ ਹੋ ਜਾਂਦਾ ਹੈ। ‘ਅਣਖ’
ਜਾਇਦਾਦ ਸੰਪਨ ਸਾਮੰਤੀ ਸੱਤਾਵਾਂ ਦਾ ਨਫਸ ਹੈ (ਇੱਥੇ ਬੁਰਜੂਆ ਮਾਨਸਿਕਤਾ ਦਾ ਜਿ਼ਕਰ ਨਹੀਂ
ਹੋ ਰਿਹਾ) ਇਸੇ ਲਈ ਜੱਟ ਦਾ ਰੁਪਾਂਤਰਣ ਸਰਦਾਰ ਜਾਂ ਵੈਲੀ ਵਿਚ ਹੋ ਜਾਂਦਾ ਹੈ, ਕਿਉਂਕਿ
ਕਿਰਤ ਦੀ ਤਾਕਤ ‘ਤੇ ਪਲਣ ਵਾਲੀ ਜਮਾਤ ਨੂੰ ਸਾਧਨ ਸੰਪਨ ਧਿਰ ਦੁੱਕੀ-ਤਿੱਕੀ ਸ਼ਬਦਾਂ ਨਾਲ
ਸੰਬੋਧਿਤ ਹੁੰਦੀ ਹੈ ਅਤੇ ਮੰਡੀ ਯੁੱਗ ‘ਚ ‘ਦੁੱਕੀ-ਤਿੱਕੀ’ ਹੋਰ ਹੇਠਾਂ ਵਾਲੀ ਸਥਿਤੀ ‘ਚ
ਡਿੱਗ ਪੈਂਦੇ ਹਨ।
ਦੁੱਕੀ ਤਿੱਕੀ ਸਭ ਦੇ ਫੱਟੇ ਚੱਕ ਦਿਆਂਗੇ…
ਇਸ ਦਾ ਅਰਥ ਇਹ ਨਹੀਂ ਕਿ ਜੱਟ ਹੀ ਇਸ ਰਾਠ ਗੌਰਵ ਦਾ ਸਿ਼ਕਾਰ ਹੁੰਦਾ ਹੈ ਸਗੋਂ ਕਿਸੇ ਵੀ
ਜਾਤ ਕੋਲ ਆਇਆ ਅਜਿਹਾ ਆਵਾਰਾ ਧਨ ਉਸ ਨੂੰ ਸਾਮੰਤੀ ਸੱਭਿਆਚਾਰ ਦੀ ਗਾਲਬੀ ਸਥਿਤੀ ਵਿਚ ਹੀ
ਢਾਲ ਦੇਵੇਗਾ। ਇਹ ਪੂੰਜੀ ਦਾ ਜਮਾਤੀ ਗੁਣ/ਸੁਭਾਅ ਹੈ।
1.ਬਾਪੂ ਵਾਲੇ ਕੈਸ਼ ‘ਤੇ ਮਿੱਤਰੋ ਐਸ਼ਾਂ ਈ ਐਸ਼ਾਂ ਨੇ।
2. ਵਿਹਲਾ ਜੱਟ ਫਿਰਦਾ ਏ ਪੰਗੇ ਲੈਣ ਨੂੰ।
3. ਕਦੇ ਲਾਉਣ ਕਲਾਸਾਂ ਨਾ/ਬੈਠ ਕੰਟੀਨੀ/ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹਾਂ/ਬਣਾਉਣ
ਸਲਾਹਾਂ/ਕਿਵੇਂ ਕੁਝ ਕਰੀਏ ਧਮਕ ਅਸਮਾਨੀ....
ਅਜਿਹੇ ‘ਆਦਰਸ਼’ ਸੱਭਿਆਚਾਰ ਦੀ ਉਸਾਰੀ ਹਿੱਤ ਉਹ ਲੋਕ ਸੱਤਾ ਪ੍ਰਾਪਤੀ ਦੇ ਮੁਕਾਬਲੇ ਵਿਚ ਆ
ਜਾਂਦੇ ਹਨ, ਜਿਨ੍ਹਾਂ ਕੋਲ ਧਨ ਪਹਿਲਾਂ ਹੀ ਪ੍ਰਾਪਤ ਹੁੰਦਾ ਹੈ ਜਾਂ ‘ਜੱਦੀ ਜਾਇਦਾਦ’ ਵਿਕਣ
ਨਾਲ ਪ੍ਰਾਪਤ ਹੋ ਜਾਂਦਾ ਹੈ। ਜਦੋਂ ਸੱਤਾ ਪ੍ਰਾਪਤੀ ਦਾ ਇਕੋ-ਇਕ ਸਾਧਨ ਧਨ ਹੈ ਅਤੇ ਅੱਜ ਉਹ
ਉਤਪਾਦਨੀ ਕਿਰਤ ਵਿਚੋਂ ‘ਨਸੀਬ’ ਨਹੀਂ ਹੋ ਸਕਦਾ ਤਾਂ ਉਸ ਦੀ ਪ੍ਰਾਪਤੀ ਦਾ ਵਸੀਲਾ ਇਸ ਮੰਡੀ
ਸੱਭਿਆਚਾਰ ਵਿਚ ਮੌਜੂਦ ਹੈ। ਸਮਾਜਿਕ ਰੂਪ ‘ਚ ਹਿਕਾਰਤ ਭਰੇ ਕੁਝ ਕੰਮ ਜਿਵੇਂ ਦਲਾਲੀ, ਝੂਠ,
ਡਾਕਾ, ਭ੍ਰਿਸ਼ਟਾਚਾਰ ਇਸ ਮੰਡੀ ਸੱਭਿਆਚਾਰ ਦਾ ਕੇਂਦਰੀ ਸਥਾਨ ਮੱਲ ਬਹਿੰਦੇ ਹਨ। ਸੱਤਾ
ਪ੍ਰਾਪਤੀ ਲਈ ਸਭ ਮਾਨਵੀ ਮੁੱਲ ਦਾਅ ‘ਤੇ ਲੱਗ ਜਾਂਦੇ ਹਨ। ਧਨ ਭਾਵੇਂ ਵੇਸਵਾਗਿਰੀ ‘ਚੋਂ
ਪ੍ਰਾਪਤ ਹੋਵੇ, ਧੋਖਾਧੜੀ, ਦੱਲਾਗਿਰੀ ਜਾਂ ਕਿਸੇ ਵੀ ਅਮਾਨਵੀ ਕਾਰੇ ‘ਚੋਂ ਇਸ ਮੰਡੀ ‘ਚ ਸਭ
ਜਾਇਜ਼ ਹੈ। ਸਾਧਨ ਪ੍ਰਾਪਤ ਵਿਅਕਤੀ ਦੀ ਸੱਤਾ ਨੂੰ ਤੰਤਰ ਸਲਾਮ ਕਰਦਾ ਹੈ।
ਵੇ ਹੁੰਦੇ ਬਾਪੂ ਜੀ ਪਟਵਾਰੀ
ਅਫਸਰ ਤੂੰ ਲੱਗਿਆ ਸਰਕਾਰੀ
ਨਾ ਕੋਈ ਹੁੰਦੀ ਨਣਦ ਕੁਆਰੀ
ਵੇ ਮੇਰੇ ਹੱਥ ਹੁੰਦੀ ਮੁਖਤਿਆਰੀ
ਨਿੱਕੇ ਟੱਬਰ ‘ਚ ਨਾ ਕੋਈ ਹੋਣੀ ਤੇਰ ਮੇਰ ਸੀ
ਜਿ਼ੰਦਗੀ ਜਿਉਣ ਦਾ ਨਜ਼ਾਰਾ ਆਉਣਾ ਫੇਰ ਸੀ।
ਮੰਤਰੀ ਜੇ ਹੁੰਦਾ ਕਿਤੇ ਪਹਿਲੀ ਸਰਕਾਰ ਦਾ
ਛੋਟਾ ਮੋਟਾ ਐੱਮ. ਐੱਲ. ਏ. ਵੀ ਹੁੰਦਾ ਜੇ ਬਿਹਾਰ ਦਾ
ਨੀ ਤਗੜਾ ਇਕ ਘੁਟਾਲਾ ਕਰਕੇ
ਅੱਧ ਲੈ ਹੱਥ ਜੀ ਧਰਕੇ
ਪਹੁੰਚਦੇ ਕੈਨੇਡਾ ਅਸੀਂ ਲਾਉਣੀ ਨਹੀਂ ਦੇਰ ਸੀ
ਜਿ਼ੰਦਗੀ ਜਿਉਣ…
-ਲਵਲੀ ਨਿਰਮਾਨ+ਪ੍ਰਵੀਨ ਭਾਰਟਾ
ਕੋਈ ਢੋਲਾ ਜੁਗਤ ਲੜਾ ਲਈਏ
ਚੱਲ ਬੱਲੀਏ ਫਿਲਮ ਬਣਾ ਲਈਏ
ਨਾਲੇ ਚਾਰ ਕਬੂਤਰ ‘ਡਾਅ ਲਾਂ ਗੇ
ਇਹ ਖੇਡ ਕਈਆਂ ਨੇ ਖੇਡੀ
ਗੁਰਦਾਸ ਨੂੰ ਹੀਰੋ ਲੈ ਲਾਂ ਗੇ ਤੇ ਘੁੱਗੀ ਕਰੂ ਕਮੇਡੀ
ਫਿਰ ਨੋਟ ਸੰਭਾਲੇ ਜਾਣੇ ਨ੍ਹੀ
ਜਦ ਐਡ ਕਰੀ ਅਖਬਾਰਾਂ ਦੀ
ਫਿਰ ਬਹਿ ਦਫਤਰ ਵਿਚ ਚੋਣ ਕਰੀਂ
ਤੂੰ ਹੀਰੋਇਨ ਮੁਟਿਆਰਾਂ ਦੀ
ਕੰਮ ਉਪਰੋਂ ਉਪਰੋਂ ਚੱਲਜੂਗਾ
ਪੱਲਿਉਂ ਨਹੀਂ ਲਾਉਣੀ ਕੌਡੀ…।
ਦੋ ਚਾਰ ਵੀ ਤੀਰ ਬਰਾੜਾ ਜੇ
ਇਕ ਵਾਰ ਟਿਕਾਣੇ ਬਹਿ ਗਏ ਵੇ
ਫਿਰ ਜੇਲ ‘ਚ ਰੋਟੀ ਖਾਵਾਂਗੇ
ਲੈਣੇ ਦੇ ਦੇਣੇ ਪੈ ਗਏ ਜੇ
ਕਿਤੇ ਦੂਰ ਕਾਕੜੇ ਉਡਜਾਂਗੇ
ਵੱਸਦੀ ਏ ਦੁਨੀਆਂ ਐਡੀ…।
-ਮਿਸ ਪੂਜਾ + ਦਰਸ਼ਨ ਖੇਲਾ
ਮੰਡੀ ਸੱਭਿਆਚਾਰ ਵਿਚਲੀ ਮੁਕਾਬਲੇਬਾਜ਼ੀ ਦੇ ਕਾਰਨ ਹਾਸ਼ੀਏ (ਸਾਧਨਹੀਣ) ‘ਤੇ ਧੱਕੇ ਗਏ ਲੋਕ
ਗਿਆਨ ਦੀ ਅਣਹੋਂਦ ਸਦਕਾ ਪ੍ਰਤੀਰੋਧ ਦੀ ਬਜਾਏ ਸੱਤਾ ਨੂੰ ਨਤਮਸਤਕ ਹੋਣ ਲੱਗ ਪੈਂਦੇ ਹਨ ਅਤੇ
ਸੱਤਾ ਦੇ ਪ੍ਰਵਚਨ ਉਨ੍ਹਾਂ ਦੇ ਜਿ਼ਹਨ ਨੂੰ ਘੇਰ ਕੇ ਹਾਕਮ ਵਿਚਾਰਧਾਰਾ ਦੇ ਹਵਾਲੇ ਕਰ ਦਿੰਦੇ
ਹਨ। ਮੰਡੀ ਸੱਭਿਆਚਾਰ ‘ਚ ਖੜ੍ਹੀਆਂ ਸੱਤਾਵਾਂ ਨੈਤਿਕ ਮੁੱਲਾਂ ਨੂੰ ‘ਅਸੀਮਤਾ ਤੱਕ ਮੁਲਤਵੀ’
ਕਰਦੀਆਂ ਜਾਂਦੀਆਂ ਹਨ। ਇਉਂ ਜਾਪਣ ਲੱਗ ਜਾਂਦਾ ਹੈ ਕਿ ਇਤਿਹਾਸ ‘ਅੰਤ’ ਵੱਲ ਵਧ ਰਿਹਾ ਹੈ,
ਪ੍ਰੰਤੂ ਅੰਤਰ ਵਿਰੋਧਾਂ ਦੀ ਲਗਾਤਾਰ ਮੌਜੂਦਗੀ ਵਾਰ-ਵਾਰ ਇਤਿਹਾਸ ਵੱਲ ਧੱਕਦੀ ਰਹਿੰਦੀ ਹੈ।
ਵੀਹਵੀਂ ਸਦੀ ਦੇ ਆਖਰੀ ਦਹਾਕੇ ‘ਚ ਜਦੋਂ ਪੰਜਾਬੀ ਸੱਭਿਆਚਾਰ ਦੇ ਬੂਹੇ ‘ਤੇ ਰਣਜੀਤ ਮਣੀ ਦੀ
ਗਾਇਕੀ ਨੇ ਦਸਤਕ ਦਿੱਤੀ ਤਾਂ ਉਸ ਦੀ ਗਾਇਕੀ ‘ਚ ਫੂਹੜਪਨ ਉਸੇ ਤਰ੍ਹਾਂ ਚੋਂਦਾ ਸੀ ਜਿਵੇਂ
ਮੀਂਹ ‘ਚ ਮਾੜੇ ਕੋਠੇ ਦੀ ਛੱਤ ਟਪਕਦੀ ਹੈ। ਇਥੇ ਸ਼ਬਦ ਦਾ ਸਾਹਿਤ ਨਾਲੋਂ ਅਤੇ ਗਾਇਨ ਦਾ
ਸੰਗੀਤ ਨਾਲੋਂ ਰਿਸ਼ਤਾ ਟੁੱਟਣਾ ਸ਼ੁਰੂ ਹੁੰਦਾ ਹੈ। ਇਹ ਦੋਵੇਂ ਕਾਣ ਮਾਰੇ ਨਜ਼ਰ ਆਉਂਦੇ ਸਨ
ਪਰ ਹੌਲੀ-ਹੌਲੀ ਸੰਗੀਤਕ ‘ਸੁਰਾਂ’ ਦਾ ਕਲਾ ਨਾਲੋਂ ਨਾਤਾ ਟੁੱਟਦਾ ਗਿਆ ਅਤੇ ਕਾਣਸੁਰੇ
ਬੇਢਬੀਆਂ ਆਵਾਜ਼ਾਂ ਕੱਢਣ ਵਾਲੇ ਸੰਗੀਤ ਦਾ ਕੇਂਦਰ ਮੱਲ ਬੈਠੇ (ਇੱਥੇ ਵਿਚਾਰ ਚਰਚਾ ਅਧੀਨ
ਗੀਤ ਅਤੇ ਸੰਗੀਤ ਦੇ ਰੂਪਕੀ/ਸੰਗੀਤਕ ਪੱਖ ਦੀ ਚਰਚਾ ਨਹੀਂ ਕੀਤੀ ਜਾ ਰਹੀ)। ਟੀ ਆਰ ਪੀ ਹੀ
ਉਨ੍ਹਾਂ ਦੀ ਕੱਦਾਵਰੀ (ਸਾਈਨ ਵੈਲਿਊ) ਤੈਅ ਕਰਦੀ ਹੈ, ਕਿਉਂਕਿ ਮਿਕਦਾਰ ਹੀ ਗੁਣਾਂ ਉੱਤੇ
ਕਾਬਜ਼ ਹੋ ਜਾਂਦੀ ਹੈ ਅਤੇ ਖਪਤ ਦਾ ਇਹੋ ਅਸੂਲ ਹੈ। ਸ਼ਬਦ ਅਤੇ ਸੰਗੀਤ ਦੀ ਕਲਾ ਸਿਰਜਣਾਤਮਿਕ
ਸੁਹਜ ਰਾਹੀਂ ਬੰਦੇ ਨੂੰ ਅਪਣੀ ਉਂਗਲ ਫੜ ਕੇ ਨਾਲ ਤੋਰ ਲੈਂਦੀ ਹੈ। ਹੁਣ ‘ਸੰਗੀਤ’ ਦਾ ਸ਼ੋਰ
(ਆਰਕੈਸਟਰਾ ਰੂਪ) ਆਨੰਦ ਦੀ ਬਜਾਏ ਭਟਕਣਾ ਪੈਦਾ ਕਰਦਾ ਹੈ। ਸ਼ਬਦਾਂ ਦੀ ਜੁਗਾਲੀ ‘ਔਸ਼ਧੀ
ਇਸ਼ਨਾਨ’ ਵਜੋਂ ਵਸਤੂਆਂ ਦੀ ਸੱਤਾ ਲਈ ਭਟਕਣਾ ਨੂੰ ਹੋਰ ਤੀਬਰ ਕਰ ਦਿੰਦੀ ਹੈ।
ਬਠਿੰਡਾ ਮਾਰਕਾ ਗਾਇਕੀ ਦਾ ਉਥਾਨ ਚਮਕੀਲਾ ਗਾਇਨ ਦੇ ਅੰਤ ਕਾਰਨ ਪੈਦਾ ਹੋਏ ਖਲਾਅ ‘ਚੋਂ
ਹੁੰਦਾ ਹੈ। ਲੁਧਿਆਣਾ ਮਾਰਕਾ ਗਾਇਕੀ ਜਦੋਂ ਸਿਰਫ ਚਮਕੀਲਾ ਕੇਂਦਰਿਤ ਹੋ ਗਈ ਤਾਂ ਇੱਥੋਂ ਦਾ
ਗਾਇਕੀ ਉਦਯੋਗ ਗਰਕਣ ਦੀ ਹਾਲਤ ਤੱਕ ਨਿੱਘਰ ਗਿਆ ਅਤੇ ਉਸਦੇ ਦੁਖਾਂਤਕ ਅੰਤ ‘ਚ ਇਹ ਲਗਭਗ
ਉੱਜੜ ਗਿਆ। ਗੁਰਦਾਸ ਮਾਨ ਇਸ ਗਾਇਕੀ ਕੇਂਦਰ ਦਾ ਹਿੱਸਾ ਨਹੀਂ ਸੀ। ਉਹ ਮਾਲਵੇ ‘ਚ ‘ਹਰੀ
ਕ੍ਰਾਂਤੀ’ ਸਦਕਾ ਪੈਦਾ ਹੋਈ ਨਵੀਂ ਪੜ੍ਹੀ-ਲਿਖੀ ਧਿਰ ਨੂੰ ਸੰਬੋਧਿਤ ਸੀ, ਜੋ ਨਵੀਆਂ
ਕਦਰਾਂ-ਕੀਮਤਾਂ ਦੀ ਸ਼ੁਰੂਆਤ ਕਰ ਰਹੀ ਸੀ। ਚਮਕੀਲਾ ਅਤੇ ਗੁਰਦਾਸ ਮਾਨ ਇਕੋ ਸਮੇਂ ਦੋ
ਸਮਾਨਅੰਤਰ ਵਿਚਾਰਧਾਰਾਵਾਂ ਦੇ ਸੱਭਿਆਚਾਰਕ ਪ੍ਰਤੀਨਿਧ ਵਜੋਂ ਆਹਮੋ-ਸਾਹਮਣੇ ਸਨ (ਇਹ ਦੋਵੇਂ
ਗੀਤਕਾਰ ਵੀ ਹਨ/ਸਨ) ਚਮਕੀਲਾ ਦਾ ਪ੍ਰੇਰਨਾ ਸਰੋਤ/ਆਦਰਸ਼ ਬਸਤੀਵਾਦ ਵੇਲੇ ਪੈਦਾ ਹੋਇਆ ਵੈਲੀ
ਸੱਭਿਆਚਾਰ/ਕਿੱਸਾਕਾਵਿ ਸੀ ਤਾਂ ਗੁਰਦਾਸ ਮਾਨ ਦਾ ਪ੍ਰੇਰਨਾ ਸਰੋਤ ਮੱਧਕਾਲ ਦੇ ਫਕੀਰਾਂ ਦਾ
ਚਿੰਤਨ ਸੀ, ਜਿਸ ਨਜ਼ਰ ‘ਚੋਂ ਉਹ ਵਰਤਮਾਨ ਨੂੰ ਸਮਝਣ ਦੀ ਕੋਸਿ਼ਸ਼ ਕਰ ਰਿਹਾ ਸੀ। ਚਮਕੀਲਾ
ਹਰੀ ਕ੍ਰਾਂਤੀ ਦੀਆਂ ਬਰਕਤਾਂ ਕਾਰਨ ਖੁਸ਼ਹਾਲ ਹੋਈ ਜਗੀਰੂ ਸੋਚ ਵਾਲੀ ਅਨਪੜ੍ਹ ਧਿਰ ਦੇ
ਵਿਚਾਰਾਂ ਨੂੰ ਨਵੀਂ ਖੁਸ਼ਹਾਲੀ ‘ਚ ਵੈਲੀ ਰਾਹ ਵੱਲ ਪੱਕੇ ਪੈਰੀਂ ਤੁਰਨ ਲਈ ਮਦਦ ਕਰ ਰਿਹਾ
ਸੀ ਜਿੱਥੇ ਵੈਲੀ ਦੁਆਰਾ ਸੈਕਸ ਲਈ ਰੰਨਾਂ “ਮਾਲ ਪੂੜਿਆਂ ਵਾਂਗੂੰ ਝੱਫੀਆਂ” ਜਾ ਸਕਦੀਆਂ ਹਨ
ਅਤੇ ਇਸ ਸੱਤਾ ਦੀ ਪ੍ਰਾਪਤੀ ਲਈ ਹਿੰਸਾ ਜਿਸ ਦਾ ਸ਼ੌਕ ਹੁੰਦਾ ਹੈ। ਹਰੀ ਕ੍ਰਾਂਤੀ ਦੀਆਂ
ਬਰਕਤਾਂ ‘ਚੋਂ ਹੀ ਪੈਦਾ ਹੋਈ ਇਕ ਧਿਰ ਆਧੁਨਿਕ ਹੋਣ ਵੱਲ ਵਧ ਰਹੀ ਸੀ ਅਤੇ ਉਹ ਧਰਮ ਦੀ ਘੁਣ
ਖਾਧੀ ਜਗੀਰੂ ਵਿਚਾਰਧਾਰਾ ਤੋਂ ਨਾਬਰ ਹੋਣ ਦੀ ਕੋਸਿ਼ਸ਼ ‘ਚ ਸੀ। ਉਸ ਦੇ ਮੁਹੱਬਤੀ ਪ੍ਰਗਟਾਅ
ਦਾ ਮਾਧਿਅਮ ਵੀ ਆਧੁਨਿਕ ਹੋ ਰਿਹਾ ਸੀ। ਗੁਰਦਾਸ ਮਾਨ ਇਸੇ ਧਿਰ ਦੇ ਸੱਭਿਆਚਾਰਕ ਨੁਮਾਇੰਦੇ
ਵਜੋਂ ਸਾਹਮਣੇ ਆਉਂਦਾ ਹੈ। ਹਰੀ ਕ੍ਰਾਂਤੀ ਦੀ ਪ੍ਰਤੀ ਉਪਜ (ਬਾਈਪ੍ਰੋਡਕਟ) ਦਾ ਸਿੱਟਾ, ਇਕ
ਧਿਰ ਆਧੁਨਿਕ ਸਫਰ ਵੱਲ ਤੁਰੀ ਭਾਵੇਂ ਇਹ ਗਿਣਤੀ ਪੱਖੋਂ ਬਹੁਤ ਥੋੜ੍ਹੀ ਸੀ ਪਰ ਇਹ ਜਗੀਰੂ
ਵਿਚਾਰਾਂ ਦੀ ਗਾਲਬੀ ਪਕੜ ‘ਚੋਂ ਆਵਾਮ ਨੂੰ ਮੁਕਤ ਕਰਨ ਲਈ ਯਤਨਸ਼ੀਲ ਸੀ ਭਾਵੇਂ ਸਫਲ ਨਹੀਂ
ਹੋ ਰਹੀ ਸੀ। ਇਸੇ ਲਈ ਗੁਰਦਾਸ ਮਾਨ ਚਮਕੀਲਾ ਦੇ ਗਾਲਬੀ ਅਸਰ ਹੇਠ ਸਫਲਤਾ ਨੂੰ ਪ੍ਰਾਪਤ ਨਹੀਂ
ਹੁੰਦਾ। ਉਹ ਬਾਅਦ ਵਿਚ ਸਫਲ ਹੁੰਦਾ ਹੈ ਜਦੋਂ ਉਸ ਦੀ ਧਿਰ ਵਿਸ਼ਵੀ ਯੁੱਗ ਦੀਆਂ ਗਾਲਬੀ
ਬਰਕਤਾਂ ਦੀ ਹਿੱਸੇਦਾਰ ਬਣਕੇ ਸਥਾਪਿਤ ਹੋ ਰਹੀ ਹੁੰਦੀ ਹੈ।
ਜਗੀਰੂ ਵਿਚਾਰਾਂ ਕੋਲ ਆਈ ਹਰੀ ਕ੍ਰਾਂਤੀ ਦੀ ਬਰਕਤ ਨਵੇਂ ਵੈਲੀ ਸੱਭਿਆਚਾਰਕ ਨੁਮਾਇੰਦੇ
ਚਮਕੀਲਾ ਦੀ ਗੈਰਹਾਜ਼ਰੀ ‘ਚ ਪ੍ਰਤੀਨਿਧ ਹੀਣੀ (ਸੱਭਿਆਚਾਰਕ ਨਾਇਕਹੀਣੀ) ਹੋ ਜਾਂਦੀ ਹੈ। ਹਰੀ
ਕ੍ਰਾਂਤੀ ਦਾ ਸਿੱਟਾ ਔਰਤਾਂ ਦੀ ਸਿੱਖਿਆ ਦਰ ‘ਚ ਵਾਧਾ ਸੀ। ਨਵੇਂ ਵਿਚਾਰਾਂ ਦੀ ਪਕੜ ‘ਚ ਆਏ
ਲੋਕ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਾਉਣ ਲਈ ਕਾਹਲੀ ਨਾਲ ਕਦਮ ਪੁੱਟਦੇ ਹਨ। ਮਾਲਵੇ ਵਿਚ ਇਹ
ਗਤੀ ਸਿੱਖਿਆ ਵਿਚ ਗਤੀਸ਼ੀਲਤਾ ਲੈ ਆਉਂਦੀ ਹੈ ਤਾਂ ਇਹਨਾਂ ਦੋ ਧਿਰੀ (ਜਗੀਰੂ ਅਤੇ ਆਧੁਨਿਕ)
ਵਿਚਾਰਾਂ ‘ਚ ਭੇੜ ਹੋਣ ਲਗਦਾ ਹੈ। ਅੱਜ ਮਾਲਵਾ ਇਸੇ ਗਹਿਗੱਚ ਸੱਭਿਆਚਾਰਕ ਭੇੜ ਦਾ
ਯੁੱਧ-ਖੇਤਰ ਹੈ ਅਤੇ ਬਠਿੰਡਾ ਇਸ ਦਾ ਮਰਕਜ਼ ਹੈ। ਜਿੱਥੇ ਕਲਾ/ਚਿੰਤਨ ਅਤੇ ਗਾਲਬੀ ਵਿਚਾਰਾਂ
ਦੀ ਸੱਤਾ ਸਥਾਪਤੀ ਦਰਮਿਆਨ ਸੰਗਰਾਮ ਚੱਲ ਰਿਹਾ ਹੈ। ਮਾਝਾ ਅਤੇ ਦੁਆਬਾ ਇਸ ਭੇੜ ‘ਚੋਂ ਬਾਹਰ
ਹੋ ਗਏ ਹਨ। ਮਾਝਾ ਨਿਰਾਸ਼ਾ ਦੀ ਘੁੰਮਣਘੇਰੀ ‘ਚੋਂ ਨਸ਼ੇ ਅਤੇ ਧਰਮ/ਅਧਿਆਤਮ
(ਗੁਰਦੁਆਰੇ+ਡੇਰਾਵਾਦ) ਦੇ ਸਹਾਰੇ ‘ਚੋਂ ਰਾਹਤ ਭਾਲਦਾ ਅਪਣੀ ਇਤਿਹਾਸਕ ਭੂਮਿਕਾ ‘ਚੋਂ ਸਫ
ਵਲੇਟ ਕੇ ਗਹਿਰੀ ‘ਸਮਾਧੀ’ ਵਿਚ ਲੀਨ ਹੈ ਅਤੇ ਦੁਆਬਾ ਐੱਨ ਆਰ ਆਈ ਪੂੰਜੀ ਦੀਆਂ ਬਰਕਤਾਂ ਦੇ
ਜਸ਼ਨ ‘ਚ ਗੜੁੱਚ ਹੈ। ਮਾਝੇ ਦੀ ਅਜਿਹੀ ਨਿਰਾਸ਼ਾ ਦੀ ਸਥਿਤੀ ਪੰਜਾਬ ਸਮੇਂ ਜੰਗ ਦਾ ਮੈਦਾਨ
(ਕੇਂਦਰ) ਰਹੇ ਹੋਣ ਕਾਰਨ ਵਾਪਰੀ (ਮਾਲਵੇ ‘ਚ ਅੱਤਵਾਦ ਦਾ ਪਾਸਾਰ ਸੰਕਟ ਦੇ ਅੰਤਿਮ ਸਾਲਾਂ
‘ਚ ਹੁੰਦਾ ਹੈ) ਜਿਸ ਨੇ ਉਸ ਦੀ ਆਰਥਿਕ ਅਤੇ ਬੌਧਿਕ ਰੱਤ ਨੂੰ ਚੂਸ ਕੰਗਾਲ ਕਰ ਧਰਤੀ ‘ਤੇ
ਪਟਕਾਅ ਮਾਰਿਆ ਹੈ (ਪਹਿਲਾਂ ਇਸ ਕੋਲ ਤਸਕਰੀ ਪੂੰਜੀ ਦੇ ਗੱਫੇ ਵੀ ਮੌਜੂਦ ਸਨ)। ਅਸਲ ‘ਚ
ਮਾਝਾ ਬੌਧਿਕ ਪੱਖੋਂ ਕੰਗਾਲ ਵੀ ਇਸੇ ਕਰਕੇ ਹੋਇਆ, ਕਿਉਂਕਿ ਉਹ ਸੰਕਟ ਤੋਂ ਬਾਅਦ ਆਰਥਿਕ
ਪੱਖੋ ਕੰਗਾਲ ਹੋ ਗਿਆ ਅਤੇ ਦੁਆਬਾ ਐੱਨ ਆਈ ਪੂੰਜੀ ਦੇ ਸੱਭਿਆਚਾਰ ਦੀ ਜਿੱਲਣ ‘ਚ ਫਸ ਗਿਆ
(ਜਾਤੀ ਗੌਰਵ ਦਾ ਮੁੱਖ ਧੁਰਾ ਵੀ ਇਸੇ ਕਰਕੇ ਇਹੋ ਖੇਤਰ ਹੈ)। ਮਾਲਵਾ (ਸਤਲੁਜ ਪਾਰ ਦਾ
ਇਲਾਕਾ) ਹੀ ਅਜਿਹਾ ਇਲਾਕਾ ਹੈ ਜਿੱਥੇ ਹਰੀ ਕ੍ਰਾਂਤੀ ਦੀ ਯੋਜਨਾ ਅਸਰ ਅੰਦਾਜ਼ ਹੋਈ ਅਤੇ
ਕਿਸਾਨਾਂ ਦੀ ਜੇਬ ਮਾਲੋਮਾਲ ਹੋ ਗਈ, ਜਿਸ ਨੇ ਉਹਨਾਂ ਦੇ ਨਵੇਂ ਪੁਰਾਣੇ ਵਿਚਾਰਾਂ ‘ਚ ਗਤੀ
ਭਰ ਦਿੱਤੀ। ਸਮਾਜਿਕ ਗਤੀਸ਼ੀਲਤਾ ਦਾ ਇਹ ਦੌਰ ਸੱਭਿਆਚਾਰ ‘ਤੇ ਤੇਜ਼ੀ ਨਾਲ ਅਸਰ ਅੰਦਾਜ਼
ਹੋਇਆ, ਭਾਵ ਮਾਲਵਾ ਹੀ ਉਹ ਖੇਤਰ ਸੀ ਜਿਸ ਨੇ ਮੁਕੰਮਲ ਰੂਪ ‘ਚ ਹਰੀ ਕ੍ਰਾਂਤੀ ਦੀ ਆਰਥਿਕਤਾ
‘ਚੋਂ ਭਵਿੱਖ ਦਾ ਰਾਹ ਫੜਿਆ। ਮਾਲਵੇ ਦੀ ਜ਼ਰਖੇਜ਼ ਜ਼ਮੀਨ ਨੇ ਖੇਤੀ ਦੇ ਪੂੰਜੀਵਾਦੀ ਮਾਡਲ
ਤਹਿਤ ਉਤਪਾਦਨ ਦੇ ਅੰਬਾਰ ਲਾ ਦਿੱਤੇ ਜਿਸ ਦੇ ਸਿੱਟੇ ਵਜੋਂ ਉਪਰੋਕਤ ਧਿਰਾਂ ਪੈਦਾ ਹੋਈਆਂ
ਅਤੇ ਅੱਜ ਇਸ ਜ਼ਮੀਨ ਦਾ ਕਾਮਾ ਉਤਪਾਦਨੀ ਖੜੋਤ ਸਦਕਾ ਬਿਮਾਰੀਆਂ ਖਾਧੀ ਧਰਤ ‘ਤੇ ਨਾਸੂਰੀ
ਸਰਾਲ ਦੇ ਚੱਬ ‘ਚ ਹੈ। ਅੱਜ ਸੱਟੇ ਦੀ ਪੂੰਜੀ ਨੇ ਇਸ ਪੰਗੂ ਜ਼ਮੀਨ ਤੋਂ ਇਸ ਦੇ ਕਾਮੇ ਨੂੰ
ਮੁਕਤ ਕਰਨ ਭਾਵ ਜ਼ਮੀਨ ਹਥਿਆਉਣ ਲਈ ਮੰਡੀ ਸੱਭਿਆਚਾਰ ਦੇ ‘ਸਹਾਰੇ’ ਦਾ ਰਾਹ ਫੜ ਲਿਆ ਹੈ ਜਿਸ
ਨੇ ਮਾਲਵੇ ਵਿਚ ‘ਇਕ ਧਿਰੀ’ ਕਬਜ਼ੇ ਦੀ ਸੱਭਿਆਚਾਰਕ ਜੰਗ ਤੇਜ਼ ਕਰ ਦਿੱਤੀ ਹੈ।
ਹਰੀ ਕ੍ਰਾਂਤੀ ਸਦਕਾ ਉੱਭਰੀ ਚਮਕੀਲੇ ਦੀ ਵੈਲੀ ਧਿਰ, ਖੇਤੀ ਦੇ ਪੂੰਜੀਵਾਦੀ ਉਤਪਾਦਨ ‘ਚ
ਪ੍ਰਵਾਸੀ ਮਜ਼ਦੂਰਾਂ ਸਦਕਾ ਸਰਦਾਰਾਂ ਵਾਂਗ ਵਿਹਲੜ ਹੋ ਚਮਕੀਲੇ ਦੇ ਬੋਧ ‘ਚੋਂ ਅਪਣੀ
ਵਿਚਾਰਧਾਰਾ ਦੇ ਭਾਵਾਂ ਦਾ ਪ੍ਰਗਟਾਵਾ ਕਰ ਰਹੀ ਸੀ ਅਤੇ ਇਸ ਦਾ ਆਦਰਸ਼ ਵੈਲੀ ਸੱਤਾ ਰਾਹੀਂ
ਰੰਨਾਂ ਭੋਗਣਾ ਸੀ। ਇਸੇ ਲਈ ਜਸ਼ਨ ਦੇ ਇਸ ਮਾਹੌਲ ‘ਚ ਹਥਿਆਰਾਂ, ਨਸਿ਼ਆਂ ਦਾ ਖੁੱਲ੍ਹਾ
ਸਮਰਥਨ ਚਮਕੀਲਾ ਵਿਚਾਰਧਾਰਾ ਦੀ ਅਹਿਮ ਪ੍ਰਾਪਤੀ ਸੀ ਜਿਸ ਨੇ ਵਿਹਲੜਪੁਣਾ ਅਗਲੀ ਪੀੜ੍ਹੀ ਨੂੰ
ਵਿਰਸੇ ਵਿਚ ਸੌਂਪ ਦਿੱਤਾ, ਜੋ ਅੱਜ ਦੇ ਸਮੇਂ ‘ਚ ਉਹਨਾਂ ਦੀ ‘ਮਾਣਯੋਗ’ ਪ੍ਰਾਪਤੀ ਬਣ ਗਿਆ
ਹੈ। ਚਮਕੀਲੇ ਦੇ ਅੰਤ ਦਾ ਖਲਾਅ ਇਸ ਧਿਰ ਲਈ ਸੱਭਿਆਚਾਰਕ ਖਲਾਅ ਬਣ ਗਿਆ, ਕਿਉਂਕਿ ਸਿੱਖਿਅਤ
ਧਿਰ ਲਗਾਤਾਰ ਅਨਪੜ੍ਹ ਜੂਲੇ ਤੋਂ ਮੁਕਤ ਹੋਣ ਲਈ ਸਿੱਖਿਆ ਦੀ ਗਤੀਸ਼ੀਲਤਾ ‘ਚ ਸ਼ਾਮਿਲ ਹੋ
ਰਹੀ ਸੀ। ਚਮਕੀਲੇ ਦੀ ਆਦਰਸ਼ ਰੰਨ ਸਿੱਖਿਆ ਸਦਕਾ ਵੈਲੀ ਜੂਲੇ ਤੋਂ ਮੁਕਤ ਹੋਣ ‘ਚ ਰੁੱਝੀ
ਤਾਂ ਬਠਿੰਡਾ ਸੱਭਿਆਚਾਰ ਦੇ ਇਸ ਨਵੇਂ ਭੇੜ ਦਾ ਕੇਂਦਰ ਬਣ ਗਿਆ। ਚਮਕੀਲੇ ਦੀ ਗੈਰਹਾਜ਼ਰੀ ਨੇ
ਵੈਲੀ ਦੇ ਜਸ਼ਨ ਨੂੰ ਰੁਦਨ ‘ਚ ਪਲਟ ਦਿੱਤਾ ਕਿਉਂਕਿ ਸਿੱਖਿਆ ਸਦਕਾ ਇਹ ਔਰਤ ਵੈਲੀ ਭਾਵ
ਜਗੀਰੂ ਹੱਥਾਂ ‘ਚੋਂ ਨਿਕਲ ਗਈ ਪ੍ਰਤੀਤ ਹੋ ਰਹੀ ਸੀ ਜੋ ਇਸ ਵਿਚਾਰਧਾਰਾ ਨੂੰ ਪੁਰਖ ਤੰਤਰ ਦੀ
ਹਾਰ ਜਾਪਣ ਲੱਗੀ ਅਤੇ ਇਸ ਦੇ ਗਾਇਕੀ ਸੱਭਿਆਚਾਰ ਨੇ ਰੁਦਨੀ ਰਾਹ ਅਖਤਿਆਰ ਕਰ ਲਿਆ। ਗਲੋਬਲੀ
ਯੁੱਗ ਦੀ ਆਰਥਿਕ ਪਕਿਆਈ ਸਦਕਾ ਜਦੋਂ ਸਭਿਆਚਾਰ ਮੰਡੀ ਦੇ ਹਿੱਤ ਭੁਗਤਣ ਲੱਗਾ ਤਾਂ ਜਗੀਰੂ
ਵਿਚਾਰਾਂ ਦੀ ਬੇਹੱਦ ਸਪਲਾਈ ਨੇ ਬਠਿੰਡਾ ਮਾਰਕਾ ਵਿਚਾਰਾਂ ਦਾ ਤਾਬੜਤੋੜ ਉਤਪਾਦਨ ਸ਼ੁਰੂ ਕਰ
ਦਿੱਤਾ। ਮਿਸ ਪੂਜਾ ਰਾਹੀਂ ਚਮਕੀਲਾ ਵਿਚਾਰਧਾਰਾ ਮੁੜ ਪੱਕੇ ਪੈਰੀਂ ਹੋ ਗਈ ਅਤੇ ਰੁਦਨ/ਨਸ਼ੇ
ਸੱਤਾ ਦੀ ਦੌੜ ‘ਚੋਂ ਪਿੱਛੇ ਰਹਿ ਗਏ ਲੋਕਾਂ ਦੀ ਹੋਣੀ ਬਣ ਗਏ ਹਨ, ਜਿਨ੍ਹਾਂ ਦੀ ਗਿਣਤੀ
ਚੋਖੀ ਹੈ। ਮਿਸ ਪੂਜਾ ਦੇ ਵੈਲੀ ਦਾ ਅਕਸ ਗਲੋਬਲੀ ਵਿਚਾਰਧਾਰਾ ‘ਚੋਂ ਆਕਾਰ ਗ੍ਰਹਿਣ ਕਰਦਾ
ਹੋਣ ਕਾਰਨ ਬਠਿੰਡਾ ਗੀਤਾਂ ਤੇ ਪੁਸਤਕਾਂ ‘ਚੋਂ ਭਵਿੱਖ ਵੱਲ ਵਧ ਰਿਹਾ ਹੈ, ਭਾਵ ਵਿਚਾਰਧਾਰਕ
ਭੇੜ ਦਾ ਕੇਂਦਰ ਇਹੋ ਖੇਤਰ ਹੈ। ਗਿਆਨ ਅਤੇ ਗਾਲਬੀ ਵਿਚਾਰ ਇੱਥੇ ਜ਼ਬਰਦਸਤ ਟਕਰਾਅ ‘ਚ ਹਨ।
ਗਿਆਨ ਭਾਵ ਜਮਾਤੀ ਅਤੇ ਮੰਡੀ ਵਿਚਾਰਾਂ ਦਰਮਿਆਨ ਹੋ ਰਹੀ ਇਸ ਜੰਗ ਨੂੰ ਇਤਿਹਾਸ ਹੀ ਤੈਅ
ਕਰੇਗਾ ਕਿ ਜਿੱਤ ਕਿਸ ਦੀ ਹੋਵੇਗੀ। ਗਾਇਕੀ ਦੇ ਮਾਲਵਾ ਅਤੇ ਦੁਆਬਾ ਦੋ ਰੂਪ ਵੱਖ-ਵੱਖ ਹੋਣ
ਦੇ ਬਾਵਜੂਦ ਅੰਤਿਮ ਰੂਪ ‘ਚ ਇਕੋ ਸਾਗਰ ਵਿਚ ਜਾ ਡਿਗਦੇ ਹਨ।
ਅਮਰ ਸਿੰਘ ਚਮਕੀਲੇ ਦੇ ਗਾਇਨ ਨੇ ਜਿਸ ਧੰਨ ਕੌਰ ਜਿਹੀ ‘ਨਾਇਕਾ’ ਦੀ ਤਲਾਸ਼ ਕੀਤੀ ਸੀ, ਉਸ
ਦੇ ਯੁੱਗ ਦੇ ਅੰਤ ਨੇ ਇਸ ਨਾਇਕਾ ਨੂੰ ਛਿੱਲ ਤਰਾਸ਼ ਕੇ ਮੰਡੀ ਸੱਭਿਆਚਾਰ ਵਿਚ ਢੋਅ ਦਿੱਤਾ
ਸੀ। ਧੰਨ ਕੌਰ ਵੀ ਆਪਣੇ ਅਨਪੜ੍ਹ ਰੂਪ ‘ਚ ਪੁਰਖ ਤੰਤਰ ਅੱਗੇ ਅਪਣੀ ਲਿੰਗਕਤਾ ਸਮਰਪਿਤ ਕਰੀ
ਬੈਠੀ ਸੀ ਅਤੇ ਹੁਣ ਇਸ ਦਾ ਸਿੱਖਿਅਤ (ਐਜੂਕੇਸ਼ਨਲ) ਰੂਪ ਉਨ੍ਹਾਂ ਵਿਚਾਰਾਂ ਨੂੰ ਹੀ ਮੰਡੀ
ਦੇ ਹਾਣ ਦਾ ਕਰ ਰਿਹਾ ਸੀ। ਔਰਤ ਦੀ ਇਸ ਨਵੀਂ ਸਥਿਤੀ ਨੇ ਵੀ ਉਸ ਦੀ ਲਿੰਗਕਤਾ ਨੂੰ ਧਨ ਦਾ
ਹੀ ਦਾਸ ਬਣਨ ਦੇ ਰਾਹ ਤੋਰਿਆ ਸੀ। ਉਸ ਦੀ ਅਨਪੜ੍ਹ ਸਥਿਤੀ ਪਹਿਲਾਂ ਛੋਟੀਆਂ ਸੱਤਾਵਾਂ ਦੇ
ਅਧੀਨ ਸੀ ਅਤੇ ਹੁਣ ਉਹ ਸਿੱਖਿਅਤ ਰੂਪ ‘ਚ ਆਪਣੇ ਲਈ ਸੱਤਾ ਦੀ ਚੋਣ ਕਰ ਸਕਦੀ ਹੈ। ਮਰਦ ਜਿਸ
ਅਨਪੜ੍ਹ ਸਥਿਤੀ ਨੂੰ ਸੌਖਿਆਂ ਹਥਿਆ ਲੈਂਦਾ ਸੀ ਹੁਣ ਸਥਿਤੀ ਦੇ ਨਵੇਂ ਰੂਪ ਸਦਕਾ ਨਾਰੀ ਨੂੰ
ਆਜ਼ਾਦ ਤਸੱਵਰ ਕਰਕੇ ਉਸ ਨੇ ਆਪਣੀ ਹੋਣੀ ਦਾ ਰੁਦਨ ਕਰਨਾ ਸ਼ੁਰੂ ਕਰ ਦਿੱਤਾ। ਚਮਕੀਲਾ ਹਰੀ
ਕ੍ਰਾਂਤੀ ‘ਚੋਂ ਪੈਦਾ ਹੋਈ ਅਨਪੜ੍ਹ ਧੜਵੈਲ ਜਮਾਤ ਦੇ ਜਸ਼ਨ ਦਾ ਗਾਇਕ ਸੀ ਤਾਂ ਰਣਜੀਤ ਮਣੀ
ਉਸ ਜਸ਼ਨ ਦੀ ਖੁੱਸੀ ਹੋਈ ਸਥਿਤੀ ਦੇ ਰੁਦਨ ਵਜੋਂ ਪੇਸ਼ ਹੁੰਦਾ ਹੈ। ਸਿੱਖਿਅਤ ਔਰਤ ਦੀ
ਮਾਨਸਿਕ ਤਬਦੀਲੀ ਮਰਦ ਦੇ ਸਜਾਵਟੀ ਰੂਪ ਵੱਲ ਆਕਰਸਿ਼ਤ ਹੋ ਰਹੀ ਸੀ ਤਾਂ ਮਰਦ ਅਪਣੇ ਪੁਰਖ
ਤੰਤਰ ਦੇ ਖਸਤਾਹਾਲ ਹੋ ਜਾਣ ਦੇ ਭਰਮ ਸਦਕਾ ਮਰਦ ਹੱਥੋਂ ਆਜ਼ਾਦ ਲਿੰਗਕਤਾ ਜਾਣ ਕੇ ਪੁਰਖ
ਤੰਤਰ ਦੇ ਖਾਤਮੇ ਦਾ ਰੁਦਨ ਕਰਦਾ ਹੈ।
ਦੇ ਗੀ ਉਹ ਜਵਾਬ ਮੈਨੂੰ ਏਸੇ ਗੱਲ ‘ਤੇ
ਉਹ ਕਹਿੰਦੀ ਦੇਸੀ ਜਿਹਾ।
-ਮਨੀ ਮੀਤ
ਇਹ ਉਸ ਦਾ ਵਕਤੀ ਭਰਮ ਸੀ। ਔਰਤ ਤਾਂ ਪੁਰਖ ਦੇ ਨਵੇਂ ਰੂਪ ਦਾ ਤਸੱਵਰ ਮੰਡੀ ਮਨੁੱਖ ਵਿਚੋਂ
ਤਲਾਸ਼ ਰਹੀ ਸੀ। ਉਹ ਤਾਂ ਏਨੀ ਆਜ਼ਾਦ ਹੋਈ ਸੀ ਕਿ ਆਪਣੇ ਹੁਸਨੀ/ਮਾਨਸਿਕ ਮੁੱਲ ਰਾਹੀਂ ਸੱਤਾ
ਦੀ ਚੋਣ ਕਰ ਰਹੀ ਸੀ। ਉਸ ਦੀ ਦੌੜ ਸੀ ਕਿ ਉਹ ਕਿਹੜੀ ਸੱਤਾ ਨੂੰ ਅਪਣੀ ਲਿੰਗਕਤਾ ਸਮਰਪਿਤ
ਕਰੇ। ਘਰ ਅਤੇ ਕੋਠੇ ਵਿਚ ਏਨਾ ਹੀ ਫਰਕ ਹੁੰਦਾ ਹੈ ਕਿ ਘਰ ਵਿਚ ਇਕ ਔਰਤ ਦੀ ਲਿੰਗਕਤਾ ਇਕ
ਪੁਰਖ ਦੇ ਅਧੀਨ ਹੁੰਦੀ ਹੈ ਅਤੇ ਕੋਠੇ ‘ਚ ਔਰਤ ਦੀ ਲਿੰਗਕਤਾ ਬਹੁਤ ਜੇਬਾਂ ਅਧੀਨ ਹੁੰਦੀ ਹੈ।
ਅੰਤਿਮ ਰੂਪ ‘ਚ ਉਸ ਦੀ ਹੋਣੀ ਵਿਕਣਾ ਹੈ ਜਾਂ ਅਪਨੀ ਲਿੰਗਕਤਾ ਨੂੰ ਮਰਦ ਸੱਤਾ ਦੇ ਅਧੀਨ
ਕਰਨਾ ਹੀ ਹੈ। ਵਸਤ ਬਣੀ ਇਸ ‘ਆਜ਼ਾਦ’ ਔਰਤ ਨੇ ਅਪਣੇ ਦੁਆਲਿਉਂ ਮੁਹੱਬਤੀ ਨੈਤਿਕਤ ਦਾ
ਪ੍ਰੰਪਰਿਕ ਉਛਾੜ ਲਾਹ ਮਾਰਿਆ ਸੀ ਤਾਂ ਰਣਜੀਤ ਮਣੀ, ਦੇਵਿੰਦਰ ਕੋਹੇਨੂਰ ਇਸ ਨਵੀਂ ਸੰਕਟੀ
ਸਥਿਤੀ ਵਿਚ ਭਮੱਤਰ ਗਏ। ਮੇਜਰ ਰਾਜਸਥਾਨੀ, ਗੋਰਾ ਚੱਕ ਵਾਲਾ ਆਦਿ ਤਾਂ ਪ੍ਰੇਮਿਕਾ ਦੇ ਸੱਤਾ
ਦੀ ‘ਆਜ਼ਾਦ’ ਚੋਣ ਦੇ ਫੈਸਲੇ ਨੂੰ ਬੇਵਫਾਈ ਜਾਣ ਕੇ ਉਸ ਦੀ ਡੋਲੀ ਵਾਲੀ ਕਾਰ ਤੱਕ ਨੂੰ ਤੋੜਨ
ਦਾ ‘ਅਣਖੀ’ ਰਾਹ ਫੜਦੇ ਹਨ।
ਤੇਰੇ ਅਣਖੀ ਆਸ਼ਕ ਨੇ
ਭੰਨ ਤੀ ਕਾਰ ਰੀਬਨਾਂ ਵਾਲੀ
-ਮੇਜਰ ਰਾਜਸਥਾਨੀ
ਮੈਂ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜੇ
ਇਕ ਮੋਹ ਜਿਹਾ ਚੰਦਰਾ ਪੈ ਗਿਆ ਸੀ
ਉਂਝ ਅਪਣਾ ਕੀ ਸੀ ਮੇਲ ਕੁੜੇ
ਚਾਹੁੰਦੇ ਰਹਿਣ ਚਕੋਰ ਭਾਵੇਂ
ਪਰ ਚੰਨ ਤਾਂ ਕਦੇ ਥਿਆਇਆ ਨਹੀਂ
ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ
ਐਵੇਂ ਹੀ ਦਿਲ ਭਰ ਆਇਆ ਨੀ
…
ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ
ਹਾੜਾ ਕੱਟਿਓ ਨਾ ਕਾਲਜ ‘ਚੋਂ ਨਾਂ।
-ਰਣਜੀਤ ਮਣੀ
ਪਹਿਲਾਂ ਔਰਤ ਕੋਲ ‘ਚੋਣ’ ਕਰਨ ਲਈ ਟੋਭਾ (ਪਿੰਡ) ਸੀ ਤਾਂ ਹੁਣ ਉਸ ਕੋਲ ਸਮੁੰਦਰ (ਨਗਰ) ਸੀ
ਪਰ ਮਾਲਕ ਦੋਹਾਂ ਦਾ ਹੀ ਪੁਰਖ ਸੀ। ਬਚਨ ਬੇਦਿਲ ਅਜਿਹੀ ਸਥਿਤੀ ਦੇ ਪਨਪਣ ਕਾਰਨ ਔਰਤ ਦੇ
ਦੋਸ਼ੀ ਹੋਣ ਦਾ ਪੁਲਸੀਆ ਫੈਸਲਾ ਕਰਦਾ ਹੈ ਅਤੇ ਉਸ ਨੂੰ ਬੇਵਫਾਈ ਦੇ ਫਤਵੇ ਦੀ ਸਜ਼ਾ ਦਿੰਦਾ
ਹੈ।
ਮੇਰੀ ਬੇਵਫਾ ਮਾਸ਼ੂਕ ਨੂੰ ਮੈਂ ਰੋਣਾ
ਗੀਤ ਦੇ ਬਹਾਨੇ ਦੋਸਤੋ
ਐਸਾ ਰੋਣਾ ਕੇ ਮੈਂ ਚੁੱਪ ਵੀ ਨ੍ਹੀਂ ਹੋਣਾ
ਗੀਤ ਦੇ ਬਹਾਨੇ ਦੋਸਤੋ।
-ਰਣਜੀਤ ਮਣੀ
ਰੁਦਨ ਸੱਤਾ ਮੁਕਾਬਲੇ ‘ਚ ਪਿੱਛੇ ਰਹਿ ਗਏ ਲੋਕਾਂ ਦੀ ਅਰਾਧਨਾ ਹੁੰਦੀ ਹੈ। ਇਹ ਵਕਤੀ ਸਥਿਤੀ
ਸੀ ਅਤੇ ਇਸ ‘ਚੋਂ ਸੁਰਜੀਤ ਬਿੰਦਰਖੀਆ ਬਹੁਤ ਛੇਤੀ ਬਾਹਰ ਕੱਢਣ ਵਿਚ ਕਾਮਯਾਬ ਹੋ ਜਾਂਦਾ ਹੈ।
ਉਹ ਨਵੇਂ ਅਰਥਚਾਰੇ ‘ਚੋਂ ਉਪਜ ਰਹੀ ਨਵੀਂ ਜਮਾਤ ਦੇ ਜਸ਼ਨ ਦੇ ਨੁਮਾਇੰਦੇ ਵਜੋਂ ਸਰੋਤਿਆਂ ਦੇ
ਜਿ਼ਹਨ ‘ਤੇ ਸਵਾਰ ਹੋ ਜਾਂਦਾ ਹੈ। ਜਸ਼ਨ ‘ਚ ਗੜੂੰਦ ਇਹ ਬਿੰਦਰਖੀਆ ਧਿਰ ਮਣੀ ਦੀ ਇਸ ਰੁਦਨੀ
ਧਿਰ ਨੂੰ ਪਿਛਾਂਹ ਧੱਕ ਕੇ ਹਾਸ਼ੀਏ ‘ਤੇ ਸੁੱਟ ਦਿੰਦੀ ਹੈ, ਕਿਉਂਕਿ ਇਸ ਦੀ ਸੰਚਾਲਕ ਧਿਰ
ਸਮਸ਼ੇਰ ਸੰਧੂ ਜਿਹੇ ਪ੍ਰੰਪਰਿਕ ਬੁੱਧੀਜੀਵੀਆਂ ਦੀ ਹੈ ਜੋ ਹਰੀ ਕ੍ਰਾਂਤੀ ਦੀਆਂ ਬਰਕਤਾਂ
ਭੋਗਣ ਵਾਲੀ ਸਿੱਖਿਅਤ ਜਮਾਤ ਸੀ। ਇਹ ਜਮਾਤ ਇਸ ਨਵੀਂ ਔਰਤ ਨੂੰ ਆਪਣੀ ਸੱਤਾ ਵੱਲ ਆਕਰਸਿ਼ਤ
ਕਰਨ ਵਿਚ ਕਾਮਯਾਬ ਹੋ ਜਾਂਦੀ ਹੈ ਅਤੇ “ਪੱਗ ਦੇ ਪੇਚਾਂ” ਕਾਰਨ ਅਪਣੀ ਦਰਸ਼ਨੀ ਖਿੱਚ ਵੱਲ
ਮੋੜ ਲੈਂਦੀ ਹੈ, ਕਿਉਂਕਿ ਔਰਤ ਦਾ ਨਵਾਂ ਰੂਪ ਜਿਸ ਬਾਜ਼ਾਰੀ ਖਿੱਚ ਵੱਲ ਆਕਰਸਿ਼ਤ ਹੋਇਆ ਸੀ
ਇਹ ਨਵੀਂ ਜਮਾਤ ਉਸ ਪਿੜ ਨੂੰ ਤੇਜ਼ੀ ਨਾਲ ਮੱਲ ਰਹੀ ਸੀ। ਮਣੀ ਯੁੱਗ ਜਿਸ ਔਰਤ ਨੂੰ ‘ਆਜ਼ਾਦ’
ਜਾਣ ਕੇ ਭਮੱਤਰਿਆ ਗਿਆ ਸੀ, ਬਿੰਦਰਖੀਆ ਉਸ ਨਵੀਂ ਸਥਿਤੀ ‘ਤੇ ਸਵਾਰ ਹੋ ਮਰਦ ਦੀ ਨਵੀਂ
ਸਥਿਤੀ ‘ਚ ਪੈਦਾ ਹੋਈ ਸੱਤਾ ਅੱਗੇ ਔਰਤ ਦਾ ਸਮਰਪਣ ਕਰਵਾਉਣ ‘ਚ ਕਾਮਯਾਬ ਹੋ ਜਾਂਦਾ ਹੈ ਤਾਂ
ਜਸ਼ਨ ਦਾ ਮਾਹੌਲ ਦੁਬਾਰਾ ਖਿੜ ਉੱਠਦਾ ਹੈ। ਇਸ ਔਰਤ ਵਿਚੋਂ ਮਰਦ ਦੀ ਸੱਤਾ ਬੋਲਣ ਲਗਦੀ ਹੈ
ਅਤੇ ਉਹ ਖੁੱਲ੍ਹੇ ਰੂਪ ‘ਚ ਅਪਣੀ ਲਿੰਗਕਤਾ ਨੂੰ ਇਸ ਦੇ ਅਧੀਨ ਕਰਨਾ ਸਵੀਕਾਰ ਲੈਂਦੀ ਹੈ।
ਜੁਗਨੀ ਜਦੋਂ ਸ਼ਹਿਰ ਨੂੰ ਜਾਵੇ
ਨੱਕ ਵਿਚ ਕੋਕੇ ਨੂੰ ਮਟਕਾਵੇ
ਸੁਰਮਾ ਪੂਛਾਂ ਵਾਲਾ ਪਾਵੇ
ਚਟਨੀ ਨਾਲ ਸਮੋਸੇ ਖਾਵੇ
ਵੀਰ ਮੇਰਿਆ ਉ ਜੁਗਨੀ ਗਾਉਂਦੀ ਏ
ਉਹ ਸਭ ਦਾ ਦਿਲ ਭਰਮਾਉਂਦੀ ਏ।
…
ਸੱਤ ਸੌ ਦਾ ਸੂਟ ਤੇਰੇ ਛੱਬੀ ਸੌ ਦੇ ਗਹਿਣੇ
ਢਾਈ ਸੌ ਦੀ ਜੁੱਤੀ ਤੇਰੀ ਭਾਬੀ ਦੀਏ ਭੇਣੇ
ਪੂਰੇ ਪੈਂਤੀ ਸੌ ਪੰਜਾਹ ‘ਚ ਕੋਈ ਭੁੱਲ ਹੋਈ ਨਾ
ਤੇਰੇ ਲੱਕ ਦੇ ਹੁਲਾਰਿਆਂ ਦਾ ਮੁੱਲ ਕੋਈ ਨਾ।
-ਸੁਰਜੀਤ ਬਿੰਦਰਖੀਆ
ਇਸ ਜਸ਼ਨੀ ਸੱਤਾ ਦੀ ਅਧੀਨਗੀ ਉਸ ਨੂੰ ਸੱਤਾ ਦਾ ਵਕਤੀ ‘ਹਿੱਸੇਦਾਰ’ ਬਣਾ ਦਿੰਦੀ ਹੈ ਅਤੇ
ਸੱਤਾ ਦਾ ਅੱਤਿਆਚਾਰੀ ਜਸ਼ਨ ਨਾਰੀ ਦੇ ਜਿ਼ਹਨ ‘ਤੇ ਸਵਾਰ ਹੋ ਜਾਂਦਾ ਹੈ। ਪਤਵੰਤੀ ਧਿਰ ਦੀ
ਅਧੀਨਗੀ ਉਸ ਨੂੰ ਆਪਣੀ ਸੱਤਾ ਮਹਿਸੂਸ ਹੋਣ ਲੱਗਦੀ ਹੈ।
ਜੀਹਦੇ ਹੇਠ ਘੋੜਾ ਮੋਢੇ ‘ਤੇ ਦੁਨਾਲੀ ਨੀ
ਪੱਗ ਬੰਨ੍ਹਦਾ ਜਿਉਣੇ ਮੌੜ ਵਾਲੀ ਨੀ
ਜੀਹਦੀ ਪੱਚੀਆਂ ਪਿੰਡਾਂ ‘ਚ ਸਰਦਾਰੀ ਨੀ
ਲਾ ਲੀ ਐਹੋ ਜਿਹੇ ਵੈਲੀ ਨਾਲ ਯਾਰੀ ਨੀ
ਕਹਿੰਦੇ ਡੀ।ਸੀ। ਵੀ ਸਲੂਟ ਉਹਨੂੰ ਮਾਰਦਾ
ਪੈਰਾਂ ‘ਚ ਠਾਣੇਦਾਰ ਰੋਲ ਤਾ
ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ
ਤੇਰੇ ‘ਚ ਤੇਰਾ ਯਾਰ ਬੋਲਦਾ
-ਸੁਰਜੀਤ ਬਿੰਦਰਖੀਆ
ਹੁਣ ਉਹ ਧਿਰ ਮਣੀ ਵਾਂਗ ਬੇਵਫਾ ਮਾਸ਼ੂਕ ਨੂੰ ਗੀਤ ਬਹਾਨੇ ਰੋਂਦੀ ਨਹੀਂ ਸਗੋਂ ਹਿਸਾਬ ਕਿਤਾਬ
ਕਰਦੀ ਹੈ-
ਠਹਿਰ ਜਾ ਡੋਲੀ ਦੇ ਵਿਚ ਫੇਰ ਬੈਠੀਂ ਤੂੰ
ਪਹਿਲਾਂ ਕਰਜਾ ਹਿਸਾਬ ਨੀਂ ਯਾਰਾਂ ਦਾ
-ਸੁਰਜੀਤ ਬਿੰਦਰਖੀਆ
ਸੁਰਜੀਤ ਬਿੰਦਰਖੀਅ ਜਿਸ ਨਵੀਂ ਜਮਾਤ ਨੂੰ ਇਸ ਜਸ਼ਨੀ ਮਾਹੌਲ ਵਿਚ ਲੈ ਆਇਆ ਸੀ। ਬੱਬੂ ਮਾਨ,
ਹਰਭਜਨ ਮਾਨ, ਰਵਿੰਦਰ ਗਰੇਵਾਲ, ਨਿੱਕੂ ਆਦਿ ਬਹੁਤ ਸਾਰੇ ਸੱਭਿਆਚਾਰਕ ਨੁਮਾਇੰਦੇ ਉਸ ਜਮਾਤ
ਦੀ ਅਣਖ ਤੱਕ ਨੂੰ ਨਵੇਂ ਅਧਿਆਏ ‘ਚ ਬੰਨ੍ਹਦੇ ਜਾਂਦੇ ਹਨ। ਇਸ ਜਮਾਤ ਦੇ ਹਿੰਸਕ ਕਿਰਦਾਰ ਨੂੰ
ਵਡਿਆਉਂਦੇ, ਮੰਡੀ ਪੰਪ ਨਾਲ ਇਸ ਦੀਆਂ ਜੜ੍ਹਾਂ ਵਿਚ ਜਗੀਰੂ ਤੇਲ ਦੇਣ ਲੱਗਦੇ ਹਨ। ਬੱਬੂ ਮਾਨ
ਇਸ ਜਮਾਤ ਦੇ ਜੱਟ ਰੂਪ ਨੂੰ ਉਜਾਗਰ ਕਰਦਾ ਸਰਦਾਰੀ ਤੱਕ ਪਹੁੰਚਾਉਣ ਵਿਚ ਰੁੱਝਿਆ ਹੋਇਆ ਹੈ।
ਇਹ ਗਾਇਕ ਸਾਧਨ ਸੰਪਨ ਹੋ ਗਏ ਲੋਕਾਂ ਦੇ ਪ੍ਰਤੀਨਿਧ ਹਨ ਪ੍ਰੰਤੂ ਅਗਿਆਨ ਦੇ ਰੱਥਾਂ ‘ਤੇ
ਸਵਾਰ ਸਾਧਨਾਂ ਦੀ ਭਾਲ ਵੱਲ ਤੁਰੀ ਧਿਰ ‘ਬਠਿੰਡਾ ਮਾਰਕਾ’ ਗਾਇਕੀ ਦੇ ਚੁੰਗਲ ਵਿਚ ਫਸਣ
ਲੱਗਦੀ ਹੈ। ਮਾਲਵਾ ਇਸ ਸੰਘਰਸ਼ ਦਾ ਪਿੜ ਬਣ ਜਾਂਦਾ ਹੈ ਅਤੇ ਇਨ੍ਹਾਂ ਸਮਾਜ-ਆਰਥਿਕ
ਵਿਰੋਧਤਾਈਆਂ ‘ਚੋਂ ਗਿਆਨ ਅਤੇ ਸੱਤਾ ਵਿਚਕਾਰ ਸੰਘਰਸ਼ ਹੋਣ ਲੱਗਦਾ ਹੈ। ਜੇ ‘ਬਠਿੰਡਾ
ਮਾਰਕਾ’ ਗਾਇਕੀ ਮਾਲਵੇ ਦਾ ਕੇਂਦਰੀ ਧੁਰਾ ਹੈ ਤਾਂ ਪੁਸਤਕ ਸੱਭਿਆਚਾਰ ਵੀ ਇੱਥੇ ਹੀ ਅਪਣੇ
ਪੈਰ ਪਸਾਰਦਾ ਗਿਆਨ ਵੱਲ ਪੁਲਾਂਘ ਪੁੱਟ ਰਿਹਾ ਹੈ।
ਚਮਕੀਲੇ ਦਾ ਸਰੀਰਕ ਸਫਰ ਭਾਵੇਂ ਨੌਵੇਂ ਦਹਾਕੇ ‘ਚ ਹੀ ਮੁੱਕ ਜਾਂਦਾ ਹੈ ਪ੍ਰੰਤੂ ਉਸ ਦੇ
ਵਿਚਾਰ ਯਾਤਰਾ ਕਰਦੇ ਇਸ ਮੰਡੀ ਸੱਭਿਆਚਾਰ ‘ਚ ਖਪਤ ਹੋ ਰਹੀ ਇਸ ਨਵੀਂ ਧਿਰ ਰਾਹੀਂ ਵਿਸਥਾਰ
ਗ੍ਰਹਿਣ ਕਰਦੇ ਹਨ। ਵਿਚਾਰ ਚਮਕੀਲੇ ਦੇ ਹਨ ਸੱਭਿਆਚਾਰ ਦੀ ਸਥਿਤੀ ਉਪਭੋਗੀ ਹੈ, ਜਿਸ ਕਾਰਨ
‘ਚਮਕੀਲਾ’ ਵਿਚਾਰਧਾਰਾ ਅਪਣੇ ਵਾਸਤਵਿਕ ਰੂਪ ਤੋਂ ਵੀ ਰਸਾਤਲ ‘ਚ ਗਰਕ ਹੋ ਰਹੀ ਹੈ। ਚਮਕੀਲਾ
ਜਿਸ ਜੱਟ (‘ਹਰੀ ਕ੍ਰਾਂਤੀ ਸਦਕਾ ਖੁਸ਼ਹਾਲ ਹੋਈ ਧਿਰ) ਦੀ ਚੌਧਰ ਅੱਗੇ ਪੰਜਾਬ ਨੂੰ
ਝੁਕਾਉਂਦਾ ਉਸ ਦੇ ਵੈਲੀ ਹੋਣ ਦੀ ਵਡਿਆਈ ਕਰਦਾ ਹੈ। ਪੰਮੀ ਬਾਈ ਸੰਗੀਤਕ ਕਲਾ ਦੇ ਨਾਂ ‘ਤੇ
ਗਿੱਦੜ ਵਾਂਗੂ ਹਵਾਂਕਦੀਆਂ ਅਵਾਜ਼ਾਂ ਦਾ ਮਦਾਹ ਹੈ। ਉਹ ਸੰਗੀਤ ਦੇ ਕਲਾਤਮਿਕ ਰੂਪ ਦੇ ਗਵਾਚਣ
ਨੂੰ ਜੱਟ ਸੱਭਿਆਚਾਰ ਦੇ ਮੰਡੀ ਅਧਿਆਏ ਦਾ ਗੌਰਵ ਬਣਾ ਦਿੰਦਾ ਹੈ। ਜਿਸ ਸੰਗੀਤ ਲਈ ਰਿਆਜ਼
ਮੁੱਖ ਸਾਧਨਾ ਸੀ, ਹੁਣ ਧਨ ਮੰਡੀ ਦੇ ਹਾਈਟੈੱਕ ਸਾਧਨਾਂ ਰਾਹੀਂ ਸੰਗੀਤ ਦਾ ਝੋਲਾ ਮਾਰਦਾ
ਸ਼ੋਰ ਇਸ ਉਪਰ ਕਾਬਜ਼ ਹੋ ਜਾਂਦਾ ਹੈ। ਕਲਾ ਸਾਧਨਾ ਦੀ ਬਜਾਏ ਧਨ ਹੇਠਾਂ ਦਫਨ ਕਰ ਦਿੱਤੀ
ਜਾਂਦੀ ਹੈ।
ਮੁੰਡੇ ਜੱਟਾਂ ਦੇ ਜਦੋਂ ਦੇ ਗਾਉਣ ਲੱਗ ਪਏ
ਦੁਨੀਆ ‘ਚ ਧੁੰਮ ਮੱਚ ਗਈ
ਖਾਨਦਾਨੀ ‘ਚੋਂ ਗਵੱਈਏ ਗਾਉਣ ਵਾਲੇ
ਤੂੰਬਾ ਛੱਡ ਬੈਠਗੇ ਘਰੇ।
-ਪੰਮੀ ਬਾਈ
ਮੰਡੀ ਮਿਸ ਪੂਜਾ ਰਾਹੀਂ ਇਨ੍ਹਾਂ ‘ਗਾਇਕ’ ਕਾਕਿਆਂ ਤੋਂ ਪੂੰਜੀ ਹਥਿਆਉਣ ਲੱਗਦੀ ਹੈ ਅਤੇ ਇਹ
ਗਾਇਕ ਫੁਕਰਾ ਸੱਭਿਆਚਾਰ ਦੇ ਮੰਡੀ ਰੂਪ ਨੂੰ ਹੁਲਾਰਾ (ਪ੍ਰਮੋਸ਼ਨ) ਬਖਸ਼ਦੇ ਬੰਦੇ ਨੂੰ ਧਰਤੀ
ਹੇਠਾਂ ਦੱਬਦੇ ਜਾਂਦੇ ਹਨ। ਇਹਨਾਂ ਲਈ ਨਸ਼ਾ ਪੈਦਾ ਕਰਨ ਦਾ ਕਾਰਨ, ਉਹਨਾਂ ਦਾ ਭਟਕਣਾ ਭਰਿਆ
ਕਲਾ ਰਹਿਤ ‘ਸੰਗੀਤ’ ਹੈ। ਕਾਰਨਾਂ ਵੱਲ ਜਾਣਾ ਮੰਡੀ ਦੇ ਬੁੱਧੀਜੀਵੀ (ਗੀਤਕਾਰ) ਦੇ ਵੱਸ ਦਾ
ਰੋਗ ਨਹੀਂ, ਕਿਉਂਕਿ ਕਾਰਨਾਂ ਦੀ ਤਲਾਸ਼ ਕਰਨਾ ਗਿਆਨ ਵੱਲ ਜਾਣਾ ਹੁੰਦਾ ਹੈ ਅਤੇ ਉਹ ਸੱਤਾ
ਵਿਰੋਧੀ ਪੈਂਤੜੇ ਰਾਹੀਂ ਫਕੀਰ ਹੋਣ ਦਾ ਵਰਤਾਰਾ ਹੁੰਦਾ ਹੈ। ਸੱਤਾ ਵੱਲ ਵਧਦਾ ਵਿਅਕਤੀ
ਅਜਿਹਾ ਜ਼ੋਖਮ ਭਰਿਆ ਕੰਮ ਨਹੀਂ ਕਰਦਾ। ਉਹ ਤਾਂ ਬਸ
ਮੁਲਕ ਤਰੱਕੀ ਦੇ ਰਾਹ ਤੁਰਿਆ
ਹੁਣ ਨਾ ਗੱਡੀ ਰੋਕ ਦਿਉ
ਕੀਮਤ ਬੜੀ ਜਵਾਨੀ ਦੀ
ਐਵੇਂ ਨਾ ਭੱਠੀ ਝੋਕ ਦਿਉ
ਨਸਿ਼ਆਂ ਤੋਂ ਪ੍ਰਹੇਜ਼ ਕਰ ਲਿਉ
ਇਹੋ ਵਜ੍ਹਾ ਤਬਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ
ਦਸਤਾਰ ਕਦੇ ਨਹੀਂ ਲਾਹੀਦੀ
-ਸਤਿੰਦਰ ਸਰਤਾਜ
ਜਦੋਂ ਇਸ ਮੰਡੀ ਵਿਚ ਤਾਂ ਪੁੱਠੇ ਸਿੱਧੇ ਵਾਲਾਂ, ਦਾੜ੍ਹੀਆਂ, ਕੱਪੜਿਆਂ ਰਾਹੀਂ ਔਰਤਾਂ ਨੂੰ
ਆਕਰਸਿ਼ਤ ਕਰਨ ਦੀ ਸਫਲ ਕੋਸਿ਼ਸ਼ ਹੋ ਰਹੀ ਹੈ ਤਾਂ ਕਾਰਨ ਕੌਣ ਢੂੰਡਦਾ ਹੈ। ਇਕ ਗੀਤ ਦੀ
ਸ਼ੁਰੂਆਤ ਵਿਚ ਆਮਿਰ ਖਾਨ ਦੇ ਗਜ਼ਨੀ ਕੱਟ ਤੋਂ ਪ੍ਰਭਾਵਿਤ ਜੱਟਾਂ ਦਾ ਗਾਇਕ ਮੁੰਡਾ ਕੁੜੀ
ਨੂੰ ਆਕਰਸਿ਼ਤ ਕਰਨ ਦੀ ਕੋਸਿ਼ਸ਼ ਵਿਚ ਹੈ। “ਕਿਤੇ ਚਾਹ ਦੀ ਘੁੱਟ ਪਿਲਾ ਦੇ ਨੀ ਸਾਨੂੰ ਘਰੇ
ਬੁਲਾ ਕੇ।” ਕੁੜੀ ਦਾ ਜੁਆਬ ਹੈ “ਸ਼ੈੱਟ ਅੱਪ! ਲੋਫਰ ਜਿਹਾ ਨਾ ਹੋਵੇ ਤਾਂ।” ਪਰ ਇਸ ਸੰਵਾਦ
‘ਚੋਂ ਕਿਹੜੀਆਂ ਧੁਨੀਆਂ ਉਤਪੰਨ ਹੁੰਦੀਆਂ ਹਨ ਅਤੇ ਸੰਵਾਦ ਮੁੱਕਦਾ ਕਿੱਥੇ ਹੈ?
ਨਾਰੀ- ਬਣਾਇਆ ਗਜ਼ਨੀ ਦਾ ਕੱਟ
ਵੇ ਤੂੰ ਕਿੱਥੋਂ ਦਾ ਏਂ ਜੱਟ
ਫਿਰੇਂ ਜੱਟਾਂ ਦਾ ਜਲੂਸ ਕਿਉਂ ਕਢਾਈ ਮੁੰਡਿਆ ਵੇ
ਆਹ ਟਿੰਡ ‘ਤੇ ਲੈਨ ਜਿਹੀ ਬਣਾਈ ਮੁੰਡਿਆ ਵੇ
ਮਰਦ- ਜੱਟ ਮੈਂ ਪੰਜਾਬੀ ਆਂ ਪੰਜਾਬ ਦੀ ਮੈਂ ਸ਼ਾਨ ਨੀ
ਡੌਲਿਆਂ ‘ਚ ਮੇਰੇ ਆਮਿਰ ਖਾਨ ਜਿੰਨੀ ਜਾਨ ਨੀ
ਮੈਂ ਵੀ ਜਾਣਾ ਬੰਬੇ ਕਹਿੰਦੇ ਮੁੰਡੇ ਦੌੜ ਗਏ ਨੀ
ਤੇਰੇ ਕਿਹੜੇ ਅੰਬ ਤੋੜ ਲਏ, ਤੂੰ ਮਿੱਤਰਾਂ ਤੋਂ ਮੁੱਖ ਮੋੜ ਲਏ
ਇਸ ਅਨਜੋੜ ਸਬੰਧਾਂ ਲਈ ਇਕ ਕੁੜੀ ਦੇ ਲੋਫਰ ਨਾਲ ਸੰਵਾਦ ‘ਚੋਂ ਪੂੰਜੀ ਦੀ ਸੱਤਾ ਬਾਜ਼ੀ ਮਾਰ
ਜਾਂਦੀ ਹੈ ਅਤੇ ਉਹ ਅਪਣੀ ਲਿੰਗਕਤਾ ਇਸ ‘ਲੋਫਰ’ ਦੇ ਹਵਾਲੇ ਕਰਨ ਲਈ ਇਕਰਾਰ ਕਰਦੀ ਹੈ। ਜਿਸ
ਵਿਚ ਜੱਟਾਂ ਦੀ ਸ਼ਾਨ-ਓ-ਸ਼ੌਕਤ ਦਾ ਕਮਾਲ ਜ਼ਮੀਨ ਦੀ ਵਿਕਰੀ ਹੈ।
ਮਰਦ- ਐਥੇ ਪਹਿਲਾਂ ਕੈਸੇਟ ਮੈਂ ਪੂਜਾ ਨਾ ਕਢਾਈ ਸੀ
ਕਲਾਕਾਰਾਂ ਨਾਲੋਂ ਵੱਧ ਡੀ ਜੇ ਦੀ ਕਮਾਈ ਨੀ
ਸਾਡੀ ਵਿਕਗੀ ਪੈਲੀ ਇਨ੍ਹਾਂ ਪੈਸੇ ਜੋੜ ਲਏ
ਨੀ ਤੇਰੇ ਕਿਹੜੇ ਅੰਬ ਤੋੜ ਲਏ…।
ਨਾਰੀ- ਛੱਡ ਕੇ ਲਿਖਣਾ ਗਾਉਣਾ ‘ਬਾਬੂ’ ਫਿਲਮ ਬਣਾ ਲੈ ਵੇ
ਹੀਰੋਇਨ ਮੈਨੂੰ ਲੈ ਲੈ ਭਾਵੇਂ ਆੜੀ ਪਾ ਲੈ ਵੇ
ਮੈਂ ਵੀ ਗਈ ਸੀ ਬੰਬੇ ਨੂੰ ਆਈ ਮੁੰਡਿਆ ਵੇ
-ਬਾਬੂ ਚੰਡੀਗੜ੍ਹੀਆ=ਸੁਦੇਸ਼ ਕੁਮਾਰੀ
ਸੱਭਿਆਚਾਰ ਨੂੰ ਜੱਟ ਗੌਰਵ ਰਾਹੀਂ ਮੰਡੀ ਹਥਿਆਉਣ ਲੱਗਦੀ ਹੈ। ਚਮਕੀਲਾ ਹਰੀ ਕ੍ਰਾਂਤੀ ਸਦਕਾ
ਖੁਸ਼ਹਾਲ ਹੋਈ ਜਿਸ ਜੱਟ ਦੇ ਅਨਪੜ੍ਹ ਧੜਵੈਲ ਰੂਪ ਦੀ ਵਡਿਆਈ ਕਰ ਰਿਹਾ ਸੀ ਗਲੋਬਲੀ ਪੂੰਜੀ
ਉਸਦੇ ਮਾਣਯੋਗ ਰੁਤਬੇ ਦੇ ਆਧਾਰ ਜ਼ਮੀਨ ਦਾ ਪਤਨ ਕਰਨ ਲੱਗਦੀ ਹੈ। ਮਨੁੱਖ ਸਮਾਜ ‘ਚ ਜਿਸ ਵੀ
ਰੁਤਬੇ ‘ਤੇ ਪਹੁੰਚ ਚੁੱਕਾ ਹੋਵੇ ਹੇਠਾਂ ਨਹੀਂ ਜਾ ਸਕਦਾ। ਹੁਣ ਉਸ ਦਾ ਪਤਵੰਤਾ ਰੂਪ ਦਾਅ
‘ਤੇ ਲੱਗ ਗਿਆ ਪਰ ਚੌਧਰੀ/ਸਰਦਾਰ ਹੋਣ ਦਾ ਮਾਣ ਗਵਾਚਦਾ ਵੇਖ ਉਹ ਕਰਜ਼ ਦੇ ਬੋਝ ਥੱਲੇ ਦੱਬਣ
ਲੱਗ ਪਿਆ। ਇਸ ਧਿਰ ਨੂੰ ਜਿੰਨੇ ਵਿਸ਼ੇਸ਼ਣਾਂ ਨਾਲ ਵੱਧ ਪੱਠੇ ਪੈਂਦੇ ਜਾ ਰਹੇ ਹਨ ਹਾਊਮੈ
ਜਾਂ ਪਤਵੰਤੀ ਸੱਤਾ ਦੀ ਭੁੱਖ ਓਨੀ ਹੀ ਪ੍ਰਬਲ ਹੁੰਦੀ ਜਾ ਰਹੀ ਹੈ। ਅਕਾਦਮਿਕ ਮੰਡੀ ਹਰੀ
ਕ੍ਰਾਂਤੀ ‘ਚੋਂ ਖੁਸ਼ਹਾਲ ਹੋਈ ਧਿਰ ਦੀ ਅਗਲੀ ਪੀੜ੍ਹੀ ਨੂੰ ਕਬਜ਼ੇ ‘ਚ ਕਰ ਮੰਡੀ ਸੱਭਿਆਚਾਰ
ਦੀ ਉਪਭੋਗੀ ਸਥਿਤੀ ‘ਚ ਫਸਾ ਦਿੰਦੀ ਹੈ ਅਤੇ ਉਹ ਸੱਤਾ ਦੇ ਨਵੇਂ ਆਦਰਸ਼ ਮਾਡਲ ਘੜਨ ਲੱਗਦੀ
ਹੈ। ਜਿਸ ਸਦਕਾ ਜ਼ਮੀਨ ਹੱਥੋਂ ਖੁੱਸਣ ਲਗਦੀ ਹੈ ਅਤੇ ਉਪਭੋਗ ਉਸ ਦੀ ਭਰਪਾਈ ਕਰਨ ਲਗਦਾ ਹੈ।
ਵਿੱਦਿਆ ਪ੍ਰਾਪਤ ‘ਧੰਨ ਕੌਰ’ ਇਸ ਨਵੇਂ ਮੰਡੀ ਯੁੱਗ ‘ਚ ਆਦਰਸ਼ ਮਾਡਲ ਦਾ ਰੂਪ ਧਾਰ ਕੇ
ਬਾਜ਼ਾਰ ਵਿਚ ਨਿਰਵਸਤਰ ਵਿਕ ਰਹੀ ਹੈ। ਇਸ ਧਿਰ ਅੰਦਰ ਸਿਰਫ ਅਪਣੇ ਰਿਸ਼ਤੇ ਦੀ ਚੀਸ ਤਾਂ
ਉੱਠਦੀ ਹੈ ਪਰ ਹਰ ਨਜ਼ਰ ਹੋਰ ਦੇ ਜਿਸਮ ਨੂੰ ਮੰਡੀ ਅੱਖਾਂ ਨਾਲ ਤਾੜ ਰਹੀ ਹੁੰਦੀ ਹੈ।
ਗਲੋਬਲੀ ਯੁੱਗ ਦੇ ਮੰਡੀ ਉਪਭੋਗ ਦੀ ਇਹ ਔਰਤ ਜਿੰਨਾ ‘ਕੁ’ ਸਰੀਰ ਦਿਖਾਉਂਦੀ ਹੈ ਉਹ ਸਫਾਚੱਟ
ਹੋ ਕੇ ਮਰਦ ਨੂੰ ਉਸਦੇ ਭੋਗ ਲਈ ਅਪਣੇ ਵੱਲ ਆਕਰਸਿ਼ਤ ਕਰਨ ਦਾ ਵਸੀਲਾ ਬਣ ਜਾਂਦਾ ਹੈ। ਵਸਤੂ
ਦੀ ਭਾਅ ਦਾ ਚਮਕੀਲਾਪਨ ਗਲੋਬਲੀ ਮੰਡੀ ਦੀ ਪਹਿਲੀ ਸ਼ਰਤ ਹੈ।
ਇਹ ਕੂੜ ਇਸ਼ਕ ਦੀਆਂ ਪੱਟੀਆਂ ਉਏ
ਅੱਜ ਕੱਲ੍ਹ ਦੀਆਂ ਹੀਰਾਂ ਨੇ
ਉਤੋਂ ਖਿੱਦੋ ਵਾਂਗੂੰ ਮੜ੍ਹੀਆਂ
ਅੰਦਰੋਂ ਪਾਈਆਂ ਲੀਰਾਂ ਨੇ
ਹਾਏ ਕਿੰਨਾ ਸਸਤਾ ਕਰਤਾ ਸੌਦਾ
ਇਸ਼ਕ ਦੁਕਾਨਾਂ ਦਾ
ਹੁਣ ਟਕੇ ਟਕੇ ਨੂੰ ਵਿਕਦਾ ਫਿਰਦਾ ਹੁਸਨ ਰਕਾਨਾਂ ਦਾ
-ਲਾਭ ਹੀਰਾ
ਅੱਜ ਕੱਲ੍ਹ ਇਸ਼ਕ ਇਕ ਦੁਕਾਨ ਹੈ ਭਾਵ ਹਰ ਜਿਸਮ ਨੂੰ ਭੋਗਣ ਲਈ ਕੀਮਤ ਹੈ ਅਤੇ ਕੀਮਤ ਤਾਰਨ
ਲਈ ਸੱਤਾ ਬਣਨਾ ਜ਼ਰੂਰੀ ਹੈ। ਇਸ਼ਕ ਦੁਕਾਨ ਤੋਂ ਮਾਲ ਖਰੀਦਣ ਲਈ ਜੇਬ/ਸੱਤਾ ਦੀ ਬੋਲੀ ਲਗਦੀ
ਹੈ।
ਹੋਂਦ ਦੀ ਜੰਗ ਦੇ ਪ੍ਰਤੀਕ ਜਗਮੋਹਣ ਕੌਰ, ਰਣਜੀਤ ਕੌਰ, ਨਰਿੰਦਰ ਬੀਬਾ, ਸੁਰਿੰਦਰ ਕੌਰ,
ਪ੍ਰਕਾਸ਼ ਕੌਰ ਅਤੀਤ ਹੋ ਜਾਂਦੇ ਹਨ ਤਾਂ ਪੂੰਜੀ ਦੇ ਇਸ ਬਾਜ਼ਾਰ ਵਿਚ ਪੋਰਨੋਸਟਾਰ ਮਾਡਲਾਂ
ਹੀ ਪ੍ਰਸਿੱਧੀ ਵਿਚ ਵਟਦੀਆਂ ਮਰਦ ਦੀ ਮਾਨਸਿਕ ਸੱਤਾ ‘ਤੇ ਸਵਾਰ ਹੋ ਜਾਂਦੀਆਂ ਹਨ। ਲਿੰਗਕ
ਕ੍ਰਮ ਦਾ ਪ੍ਰਗਟਾਵਾ ਹਿੰਸਕ ਰੂਪ ‘ਚ ਹੋਣ ਲਗਦਾ ਹੈ। ਹੋਂਦ ਦੀ ਜੰਗ ਦੀਆਂ ਮਾਡਲਾਂ ਕਲਾ ਵਿਚ
ਰੂਹ ਨੂੰ ਸਕੂਨ ਬਖਸ਼ ਰਹੀਆਂ ਸਨ ਅਤੇ ਅੱਜ ਦੀਆਂ ਮਾਡਲ ਪੂੰਜੀ ਲਈ ਰੂਹ ਨੂੰ ਵੇਚ ਰਹੀਆਂ
ਹਨ। ਭਾਵ ਹੋਣ ਦੀ ਜੰਗ ਦੀ ਬਜਾਏ ਇਸ ਨਵੀਂ ‘ਤ੍ਰੀਮਤ’ ਨੇ ਬਜ਼ਾਰੀ ਪ੍ਰਵਚਨਾਂ ਦੀ ਕੈਦ
ਸਵੀਕਾਰ ਲਈ ਹੈ। ਅੱਜ ਉਹ ਹਰ ਉਸ ਚਿਹਨ ਦੇ ਮਨੋਰੰਜਨ ਦੀ ਵਸਤੂ ਹੈ, ਜਿਸ ਕੋਲ ਸੱਤਾ ਹੈ।
ਜਿੱਡੀ ਵੱਡੀ ਸੱਤਾ ਹੈ, ਵਸਤੂਆਂ (ਖੂਬਸੂਰਤ ਔਰਤਾਂ) ਦੀ ਓਨੀ ਵੱਡੀ ਭਰਮਾਰ ਦਿਲਲਗੀ ਲਈ
ਪੁਰਖ ਦੁਆਲੇ ਜੁੜਨ ਲਗਦੀ ਹੈ। ਪੁਰਖ ਦੀ ਸੱਤਾ ਉਸ ਕੋਲ ਪ੍ਰਾਪਤ ਮੰਡੀ ਚਿਹਨਾਂ ਰਾਹੀਂ
ਪ੍ਰਗਟ ਹੁੰਦੀ ਹੈ। ਬੁਲਟ, ਲੰਡੀ ਜੀਪ, ਪਿਸਤੌਲ, ਦੁਨਾਲੀ, ਮਾਊਜ਼ਰ, ਸਫਾਰੀ, ਲੈਂਡ
ਕਰੂਜ਼ਰ, ਪਜੇਰੋ, ਰੌਡੀ ਵਰਗੇ ਸੱਤਾ ਚਿਹਨਾਂ ਸਦਕਾ ਪੁਰਖ ਨੂੰ ਵੱਜਦੇ ਡੀ ਸੀ ਦੇ ਸਲੂਟ ਔਰਤ
ਨੂੰ ਅਪਣੀ ਸਮਾਜਿਕ ਹੋਂਦ (ਸਰਵਾਈਲ) ਦੇ ਬਚਾਉ ਲਈ ਸੱਤਾ ਵੱਲ ਆਕਰਸਿ਼ਤ ਕਰਦੇ ਹਨ।
ਬੁਲਟ ਸਰਦਾਰ, ਜੱਟ, ਵੈਲੀ ਸ਼ਾਨ/ਸੱਤਾ ਦੇ ਵਿਖਾਵੇ ਦਾ ਮੁੱਖ ਸਰੋਤ/ਪ੍ਰਤੀਕ ਬਣਾ ਦਿੱਤਾ
ਜਾਂਦਾ ਹੈ। ਬੁਲਟ (ਮੋਟਰ ਸਾਈਕਲ) ਜੋ ਪੰਜਾਬ ਸੰਕਟ ਵੇਲੇ ਸਟੇਟ ਵੱਲੋਂ ਪੰਜਾਬ ‘ਚੋਂ ਅਲੋਪ
ਕਰ ਦਿੱਤਾ ਗਿਆ ਸੀ, ਇੱਕੀਵੀਂ ਸਦੀ ਵਿਚ ਸੱਤਾ ਦੇ ਕੇਂਦਰੀ ਪ੍ਰਤੀਕ ਵਜੋਂ ਹਾਜ਼ਰ ਹੈ ਅਤੇ
ਪੰਜਾਬੀ ਗਾਇਕੀ ਵਾਰ-ਵਾਰ ਬਿਆਨਾਂ ਰਾਹੀਂ ਇਸ ਨੂੰ ਸੱਤਾ ਦੇ ਕੇਂਦਰੀ ਪ੍ਰਤੀਕ ਵਜੋਂ ਪਦਾਰਥਕ
ਸ਼ਕਲ ਵਿਚ ਢਾਲ ਦਿੰਦੀ ਹੈ। ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬੁਲਟ ਦੀ ਸੱਤਾ
ਔਰਤਾਂ ਨੂੰ ਆਪਣੇ ਵੱਲ ਆਕਰਸਿ਼ਤ ਕਰਦੀ ਹੈ ਤਾਂ ‘ਰਾਠਾਂ’ ਦੀ ਸੱਤਾ ਇਸ ਉੱਪਰ ਸਵਾਰੀ
ਕਰੇਗੀ, ਕਿਉਂਕਿ ਔਰਤਾਂ/ਰੰਨਾਂ ਇਹਨਾਂ ਦਾ ਪਹਿਲਾ ‘ਸ਼ੌਕ” ਹੁੰਦਾ ਹੈ। ਬੁਲੇਟ
ਸਰਦਾਰਾਂ/ਰਾਠਾਂ (ਅਰਿਸਟੋਕ੍ਰੈਟ) ਦੀ ਸ਼ਾਨ ਦੀ ਸਵਾਰੀ ਘੋੜੇ ਦਾ ਅੱਜ ਦੇ ਤੇਜ਼ ਰਫਤਾਰ
ਯੁੱਗ ‘ਚ ਮਸ਼ੀਨੀ ਰੂਪ ਹੈ।
ਲੰਡੀ ਜੀਪ ਇਕ ਬੁਲਟ ਹੈ ਥੱਲੇ
ਪਿੰਡ ਵਿਚ ਹੋ ਗਈ ਬੱਲੇ-ਬੱਲੇ
ਮਹਿਫਲ ਲਾਈਏ ਯਾਰ ਬੇਲੀ ਜਦ ‘ਕੱਠੇ ਹੁੰਦੇ ਨੇ
ਜੱਟਾਂ ਦੇ ਮੁੰਡੇ ਕੁੜੀਏ ਨੀ ਐਸ਼ ਪੱਠੇ ਹੁੰਦੇ ਨੇ
-ਮਿਸ ਪੂਜਾ+ਲੱਕੀ ਰੂੜੇਕੇ
ਮੌਡੀਫਾਈ ਬੁਲਟ ਤੇ ਮੌਡੀਫਾਈਡ ਜਿਪਸੀ
ਕੋਈ ਪੀਏ ਬੀਅਰ ਤੇ ਕੋਈ ਪੀਏ ਵਿਸਕੀ
ਕੌਣ ਲਵੇ ਪੰਗਾ ਜੱਟ ਪੂਰੇ ਅੱਜ ਰਿਸਕੀ
ਪੈ ਜਾਵੇ ਪੰਗਾ ਨਾ ਪਿੱਛਾ ਛੱਡਦੇ, ਵੈਰੀ ਭੁੱਲ ਜੇ ਆਰਾਮ ਨੂੰ
ਲਗਦੀਆਂ ਮਹਿਫਲਾਂ ਨੇ ਹੋਸਟਲ ‘ਚ ਬਿੱਲੋ ਹਰ ਇਕ ਸ਼ਾਮ ਨੂੰ
-ਬਾਈ ਅਮਰਜੀਤ
ਬੜਾ ਬੁਲਟ ਪਿਆਰਾ ਸੀ/ਆਪ ਨਾ ਨਹਾਉਂਦੇ
ਬੁਲਟ ਚਮਕਾਉਂਦੇ/ਤੇ ਹੌਲੀ ਚਲਾਉਂਦੇ
ਗੇੜੀਆਂ ਲਾਉਂਦੇ/ਬੁਲਟ ਦੇ ਉੱਤੇ/ਕੁੜੀ ਵੀ ਮਰਦੀ
-ਸ਼ੈਰੀ ਮਾਨ
-ਜਿੰਨੇ ਮਰਜ਼ੀ ਤੂੰ ਲਾ ਲੈ ਗੇੜੀ ਰੂਟ ਵੇ
ਇੰਝ ਆਉਣਾ ਨ੍ਹੀ ਪਟੋਲਾ ਤੇਰੇ ਸੂਤ ਵੇ
-ਅਸੀਂ ਕਿਹੜਾ ਤੇਰੇ ਦੱਸ ਡਾਂਗ ਮਾਰਨੀ
ਨੀ ਚੰਨੋ ਸੁਣਜਾ ਖਲੋ ਕੇ ਗੱਲ ਨੇੜੇ
-ਸਾਰਾ ਦਿਨ ਬੁਲਟ ‘ਤੇ ਲਾਵੇਂ ਗੇੜੀਆਂ
ਵੇ ਸੱਚੀਂ ਚੱਜ ਨਾ ਪੜ੍ਹਨ ਦੇ ਤੇਰੇ
-ਮਿਸ ਪੂਜਾ+ਪ੍ਰੀਤ ਬਰਾੜ
ਪੁੱਤ ਜੱਟਾਂ ਦੇ ਸ਼ੌਕੀ ਹੁੰਦੇ/ਫੋਰਡ, ਬੁਲਟ ਤੇ ਜੀਪਾਂ ਦੇ
-ਨਿਰਮਲ ਸਿੱਧੂ
ਵੇਖ ਲਿਆ ਜਿਸ ਦਿਨ ਦਾ ਕਮਲੇ ਜੱਟ ਨੇ ਤੇਰਾ ਚਿਹਰਾ ਨੀ
ਉਸੇ ਦਿਨ ਤੋਂ ਬੁਲਟ ਦੇ ਉੱਤੇ ਨਾਂ ਲਿਖਵਾ ਲਿਆ ਤੇਰਾ ਨੀ
-ਮਿਸ ਪੂਜਾ+ਪ੍ਰੀਤ ਬਰਾੜ
ਬੇਬੇ ਕੋਲੋ ਰੌਲਾ ਪਾਇਆ, ਮਸਾਂ ਬੀਰੇ ਨੂੰ ਮਨਾਇਆ
ਲਾ ਤਾ ਸੱਤਰ ਹਜ਼ਾਰ ਮ੍ਹੀਨੇ ਤੇਰਵੇਂ, ਬਾਪੂ ਨੇ ਕੁੜੇ ਕੱਲ੍ਹ ਹਾਰ ਕੇ
ਤੇਰੇ ਕਰਕੇ ਬੁਲਟ ਲਿਆ ਜੱਟ ਨੇ, ਨੀ ਬਹਿਜਾ ਬਿੱਲੋ ਛਾਲ ਮਾਰ ਕੇ
-ਮਿਸ ਪੂਜਾ+ਬਾਈ ਅਮਰਜੀਤ
ਦੁਗ ਦੁਗ ਦੁਗ ਤੇਰੀ ਗਲੀ ‘ਚ ਕਰਾਉਣੀ
ਡੱਕ ਲਏ ਜੋ ਤੇਰੇ ਪਿੰਡ ਦਾ ਏ ਸੂਰਮਾ
ਪੂਰਾ ਇਕ ਲੱਖ ਨੀ ਮੈਂ ਬੁਲਟ ਤੇ ਲਾਇਆ।
-ਬੱਗੀ ਬੈਂਸ
ਜੱਟ ਬੁਲਟ ਦੀ ਨੰਬਰ ਪਲੇਟ ਦੇ ਉੱਤੇ
ਨੀ ਤੇਰਾ ਸ਼ਰੇਆਮ ਨਾਂਅ ਲਿਖਵਾਈ ਫਿਰਦਾ
ਕਰਮਾ+ਮਿਸ ਪੂਜਾ
ਇਸ ਯੁੱਗ ਵਿਚ ਔਰਤ ਵਸਤੂ ਵਰਗੀ ਨਿਸ਼ਕ੍ਰਿਆ (ਪੈਸਿਵਟੀ) ਨੂੰ ਪਹੁੰਚਦੀ ਪੁਰਖ ਤੰਤਰ ਲਈ
ਨਾਲ਼ ਦਾ ਕੰਮ ਕਰਦੀ ਹੈ, ਜਿਸ ਨੂੰ ਜੁਲਾਹਾ (ਸੱਤਾ) ਆਪਣੀ ਮਨਭਾਉਂਦੀ ਇੱਛਾ ਮੁਤਾਬਿਕ
ਘੁਮਾਉਂਦਾ ਹੈ। ਨਾਲ ਮਨੋਰੰਜਨ ਲਈ ਸਾਧਨ ਸੰਪਨ ਸੱਤਾ ਵਾਸਤੇ ਹੋਣਾ ਸਵੀਕਾਰ ਕਰ ਲੈਂਦੀ ਹੈ।
ਜਦ ਉਸ ਦੀ ਹੋਣੀ ਸੱਤਾ ਲਈ ਵਸਤੂ ਰੂਪੀ ਕਾਰਜ ਕਰਨਾ ਹੀ ਹੈ ਤਾਂ ਉਹ ਅਪਣੇ ਭੋਗੇ ਜਾਣ ਲਈ
ਵੱਡੀ ਜਾਂ ਉਸ ਤੋਂ ਵੀ ਵੱਡੀ ਸੱਤਾ ਨੂੰ ਕਿਉਂ ਨਾ ਚੁਣੇ? ਉਹ ਤਾਂ ਉਸ ਲਈ ਮੁਕਾਬਲੇ ‘ਚ
ਖੜ੍ਹੀਆਂ ਸੱਤਾਵਾਂ ‘ਚੋਂ ਵੱਡੀ ਦੀ ਹੀ ਚੋਣ ਕਰੇਗੀ।
ਲੋਕਾਂ ਵਾਂਗੂੰ ਕਰਦੇ ਨ੍ਹੀਂ ਹਾਂ ਸੋਹਣੀਏ
ਜਿੰਨੇ ਜੋਗੇ ਕਰਦੇ ਨ੍ਹੀਂ ਨਾਂਅ ਸੋਹਣੀਏ
ਯਾਰੀ ਲਾਉਂਦੇ ਪੱਕੀ
ਨੀ ਸੰਗਦੀ ਨਾ ਰਹਿ ਜਾਈਂ, ਕਿਤੇ ਲੋੜ ਪਈ ਤਾਂ ਦੱਸੀਂ…
ਤੇਰੇ ਜਿਹੇ ਪੁੱਛਦੇ ਬਥੇਰੇ ਸੋਹਣਿਆ
ਮੇਰਿਆਂ ਰਾਹਾਂ ‘ਚ ਲਾਉਂਦੇ ਗੇੜੇ ਸੋਹਣਿਆ
ਸਾਹ ਨ੍ਹੀਂ ਲੈਂਦੇ ਉੱਚੀ/ਵੇ ਮੈਨੂੰ ਲੋੜ ਕੋਈ ਨਾ/ਹੋਰ ਕਿਸੇ ਤੋਂ ਪੁੱਛੀਂ
ਇੱਥੇ ਪੱਕੇ (ਪ੍ਰਤੀਬੱਧ) ਸਬੰਧਾਂ ਦਾ ਨਾਕਾਰ ਹੈ, ਕਿਉਂਕਿ ਔਰਤ ਪੁਰਖ ਤੰਤਰ ਦੇ ਜਨਮ ਤੋਂ
ਹੀ ਸਹਾਰੇ ‘ਤੇ ਪਲਣ ਵਾਲਾ ‘ਜੀਵ’ ਹੈ। ਕਦੇ ਪਿਤਾ, ਕਦੇ ਪਤੀ, ਕਦੇ ਪੁੱਤਰ ਦੇ ਸਹਾਰੇ ‘ਤੇ।
ਉਸ ਕੋਲ ਚੋਣ ਸਿਰਫ ਸੱਤਾ ਹੀ ਹੈ। ਇਸੇ ਲਈ ਉਹ ਅਪਣੀ ਹੋਣੀ ਨੂੰ ਸੱਤਾ ਦੇ ਸਹਾਰੇ ‘ਚੋਂ
ਤਲਾਸ਼ਦੀ ਹੈ। ਉਸ ਦੀ ਖੂਬਸੂਰਤੀ (ਮੰਡੀਕ੍ਰਿਤ) ਨੇ ਹੀ ਇਹ ਤੈਅ ਕਰਨਾ ਹੁੰਦਾ ਹੈ ਕਿ ਉਹ
ਕਿੰਨੀ ਵੱਡੀ ਸੱਤਾ ਦੀ ਨਾਲ਼ ਹੋਣਾ ਸਵੀਕਾਰ ਕਰੇਗੀ।
ਇਸ ਗੀਤ ਵਿਚ ਉਸਨੂੰ ਖਰੀਦਣ ਵਾਲੀਆਂ ਸੱਤਾਵਾਂ ਦੀ ਭਰਮਾਰ ਲੁਪਤ ਹੈ ਅਤੇ ਉਨ੍ਹਾਂ ਸੱਤਾਵਾਂ
ਦਾ ਮੁਕਾਬਲਾ/ਖਹਿਬਾਜ਼ੀ ਤੈਅ ਕਰੇਗੀ ਕਿ ਇਸ ‘ਵਸਤੂ’ ਦਾ ਕੀ ਮੁੱਲ ਤੈਅ ਹੁੰਦਾ ਹੈ। ਇਸ ਗੀਤ
ਦੇ ਅਗਲੇ ਬੰਦ ਇਸੇ ਸਥਿਤੀ ਨੂੰ ਸਪੱਸ਼ਟ ਕਰਦੇ ਹਨ:
ਟੌਹਰ ਵੇਖ ਕੇ ਮਰਦੀਆਂ ਕੁੜੀਆਂ
ਸਾਡਾ ਪਾਣੀ ਭਰਦੀਆਂ ਕੁੜੀਆਂ
ਲੈਂਡ ਕਰੂਜ਼ਰ ਰੱਖੀ ਨੀ ਸੰਗਦੀ ਨਾ ਰਹਿ ਜਾਈਂ
ਕਿਤੇ ਲੋੜ ਪਈ ਤਾਂ ਦੱਸੀ, ਨੀ ਸੰਗਦੀ ਨਾ ਰਹਿ ਜਾਈਂ।
ਮੰਡੀ ਮੰਚ ਨੇ ਉਸ ਦੀ ਕੀਮਤ ‘ਲੈਂਡ ਕਰੂਜ਼ਰ’ ਦੀ ਸੱਤਾ ਤਾਰਿਆ ਹੈ। ਵਸਤੂ ਆਪਣੀ ਕੀਮਤ
ਲੋੜੋਂ ਵੱਧ ਜਾਣ ਕੇ ‘ਜੁਆਬ’ ਪ੍ਰਸਤੁਤ ਕਰਦੀ ਹੈ:
ਕਿੱਥੇ ਬਾਜਵਾ ਭੁੱਲਿਆ ਫਿਰਦਾਂ
ਮੁੱਲ ਪੁੱਛਦਾ ਬੇ ਮੁੱਲਿਆ ਫਿਰਦਾਂ
ਨਾ ਮੁੱਲ ਤੇਰੇ ਬਿਨਾਂ ਦੁੱਕੀ ਵੇ
ਮੈਨੂੰ ਲੋੜਾਂ ਤੇਰੀਆਂ/ਨਾ ਹੋਰ ਕਿਸੇ ਤੋਂ ਪੁੱਛੀਂ ਵੇ
ਮੈਨੂੰ ਲੋੜਾਂ ਤੇਰੀਆਂ…।
-ਮਿਸ ਪੂਜਾ ਤੇ ਸਹਿਯੋਗੀ ਕਲਾਕਾਰ
ਇਸ ਬੰਦ ‘ਚ ਸਪੱਸ਼ਟ ਹੋ ਜਾਂਦਾ ਹੈ ਕਿ ਔਰਤ ਦੀ ਖੂਬਸੂਰਤੀ ਅਤੇ ਉਸ ਦੀ ਕੀਮਤ ਮੰਡੀ
ਵਿਚਲੀਆਂ ਸੱਤਾਵਾਂ ਸਥਾਪਿਤ ਕਰਦੀਆਂ ਹਨ। ਮਾਡਲਿੰਗ ਦੇ ਇਸ ਯੁੱਗ ਵਿਚ ‘ਉਪਭੋਗ’ ਲਈ ਹਰ
ਪੁਰਖ ਸੱਤਾ ਨੂੰ ਕੀਮਤ ਤਾਰਨ ਲਈ ਕਿਹਾ ਜਾਂਦਾ ਹੈ। ਜੇਬੀ ਹੈਸੀਅਤ ਤੈਅ ਕਰਦੀ ਹੈ ਕਿ ਉਹ
ਐਸ਼ ਦਾ ਮਾਲਕ ਹੋਵੇਗਾ, ਸਿ਼ਲਪਾ ਦਾ, ਕੈਟਰੀਨਾ ਦਾ, ਮਿਸ ਪੂਜਾ ਜਾਂ ਸੱਤੀ ਦਾ। ‘ਵਸਤੂ’ ਦੀ
ਚਿਹਨੀ ਕੀਮਤ ਹੀ ਉਸ ਦੇ ਮਾਲਕ ਪੁਰਖ ਨੂੰ ਸੱਦਾ ਦਿੰਦੀ ਹੈ ਕਿ ਉਹ ਉਤਪਾਦ ਦੀ ਚਿਹਨੀ ਕੀਮਤ
ਤਾਰੇ। ਮਾਡਲ ਮਿਸ ਸਿਟੀ, ਮਿਸ ਸਟੇਟ, ਮਿਸ ਇੰਡੀਆ, ਮਿਸ ਵਰਲਡ ਜਾਂ ਮਿਸ ਯੂਨੀਵਰਸ ਹੋਵੇ,
ਹਰ ਇਕ ਚਿਹਨ ਦੀ ਕੀਮਤ ਵੱਖ-ਵੱਖ ਹੈ। ਇਸੇ ਤਰ੍ਹਾਂ ਟੀ ਵੀ, ਰੇਡੀਓ, ਸਟੇਜ, ਫਿਲਮ,
ਬਿਜ਼ਨੈੱਸ, ਨੌਕਰੀ ਭਾਵ ਹਰ ਔਰਤ ਦੀ ਚਿਹਨੀ ਕੀਮਤ ਉਸ ਦੀ ਟੀ ਆਰ ਪੀ ਤੈਅ ਕਰਦੀ ਹੈ, ਜਿਸ
ਕਾਰਨ ਮੰਡੀ ‘ਚ ਔਰਤ ਦੀ ਚਿਹਨੀ ਕੀਮਤ ਨਿਰਧਾਰਤ ਕਰਨ ਲਈ ਮੁਕਾਬਲਾ ਲਗਾਤਾਰ ਜਾਰੀ ਰਹਿੰਦਾ
ਹੈ, ਕੀਮਤ ਘਟਦੀ ਵਧਦੀ ਰਹਿੰਦੀ ਹੈ। ਮੁਕਾਬਲੇ ਲਈ ਇਹ ਵਸਤ ਧੜਾ ਧੜ ਪਿੰਡ, ਕਸਬੇ, ਨਗਰ,
ਮਹਾਂਨਗਰ ‘ਚੋਂ ਸਪਲਾਈ ਹੋਣ ਲੱਗਦੀ ਹੈ। ਇਨ੍ਹਾਂ ਦੀ ਭਰਮਾਰ ਮੰਡੀ ਸੱਭਿਆਚਾਰ ਨੂੰ ਨਵਾਂ
ਹੁਲਾਰਾ ਦਿੰਦੀ ਹੈ। ਕਿਸੇ ਦੀ ਕੀਮਤ ਬੁਲਟ ਹੈ, ਕਿਸੇ ਦੀ ਸਫਾਰੀ, ਪਜੇਰੋ, ਮਰਸਡੀਜ਼, ਲੈਂਡ
ਕਰੂਜ਼ਰ, ਹੈਲੀਕਾਪਟਰ, ਮਹੱਲ ਜਾਂ ਕੋਈ ਵੀ ਸੱਤਾ, ਹਰ ਵਸਤ ਦੀ ਕੀਮਤ ਉਸ ਦੇ ਨਿਰਧਾਰਤ ਚਿਹਨ
ਮੁਤਾਬਿਕ ਹੈ, ਜਿਵੇਂ ਬਹੁ ਕੌਮੀ ਕੰਪਨੀਆਂ ਦੇ ਉਤਪਾਦਾਂ ਦੀ ਕੀਮਤ ਮੀਡੀਆ ਦੇ ਪ੍ਰਵਚਨਾਂ
ਰਾਹੀਂ ਪੈਦਾ ਹੋਈ ਪਦਾਰਥਿਕ ਤਾਕਤ ਤੈਅ ਕਰਦੀ ਹੈ। ਕਾਰ ਅੱਜ ਕਿਸੇ ਸਵਾਰੀ ਗੱਡੀ ਦਾ ਨਾਂ
ਨਹੀਂ ਸਿਰਫ ਮਾਰੂਤੀ-800 ਨੂੰ ਛੱਡ ਕੇ। ਇਸੇ ਲਈ ਅੱਜ ਕਾਰ ਕਹਿਣ ਦੀ ਬਜਾਏ ਮਾਡਲ ਦਾ ਨਾਂ
ਬੰਦੇ ਦੀ ਸੱਤਾ/ਰੁਤਬਾ ਤੈਅ ਕਰਦਾ ਹੈ।
ਸਥਾਪਿਤ ਸੱਤਾ ਚਿਹਨਾਂ ਵਲੋਂ ਵਸਤੂਆਂ/ਧਨ ਦੇ ਮਾਲਕਾਂ ਨੂੰ ਰਹਿਣੁਮਾਈ ਬਖਸ਼ਣਾ ਜਨ ਮਾਨਸ ਦੇ
ਜਿ਼ਹਨ ਉੱਤੇ ਇਨ੍ਹਾਂ ਦੀ ਸੱਤਾ ਸਥਾਪਿਤ ਕਰਨਾ ਹੁੰਦਾ ਹੈ। ਵਸਤੂਆਂ/ਜਾਇਦਾਦ ਦੇ ਮਾਲਕ ਅਪਣੀ
ਸੱਤਾ ਦੇ ਵਿਸਥਾਰ ਲਈ ਹਰ ਹਰਬਾ ਵਰਤਦੇ ਹਨ ਅਤੇ ਸੱਤਾ ਦੇ ਸੰਸਥਾਗਤ ਚਿਹਨ (ਅਫਸਰ, ਕਾਨੂੰਨ
ਸਾਜ਼, ਪੁਲਿਸ, ਲੋਕਤੰਤਰੀ ਨੁਮਾਇੰਦੇ ਆਦਿ) ਉਨ੍ਹਾਂ ਦੀ ਸੱਤਾ ਦਾ ਵਿਸਥਾਰ ਕਰਨ ਵਿਚ
‘ਸਹਿਯੋਗ’ ਕਰਦੇ ਹਨ। ਔਰਤ ਮਨ ਕੁਦਰਤੀ ਰੂਪ ‘ਚ ਸੱਤਾ ਵੱਲ ‘ਝੁਕਦਾ’ ਹੈ। ਡਾਰਵਿਨ ਮਾਦਾ ਦੇ
ਫਿਟੈਸਟ ਨਰ ਨਾਲ ਸਹਿਵਾਸ ਨੂੰ ਨਸਲ ਦੀ ਹੋਂਦ (ਸਰਵਵਿਅਲ) ਵਜੋਂ ਪਛਾਣਦਾ ਹੈ। ਉਹ ਕਹਿ ਰਿਹਾ
ਸੀ ਕਿ ਕੁਦਰਤੀ ਰੂਪ ‘ਚ ਮਾਦਾ ਅਪਣੀ ਨਸਲ ਦੀ ਚਿਰਸਥਾਈ/ਅਨਿਸ਼ਚਿਤ ਸਮੇਂ ਤੱਕ ਹਸਤੀ ਬਣਾਈ
ਰੱਖਣ ਲਈ ਅਜਿਹਾ ਕਰਦੀ ਹੈ। ਮਾਦਾ ਦਾ ਇੱਛਾ ਅਨੁਸਾਰ ਸਹਿਵਾਸ ਨਸਲ ਦੀ ਹੋਂਦ ਹਿੱਤ
ਕਿਰਿਆਸ਼ੀਲ ਹੁੰਦਾ ਹੈ ਅਤੇ ਚੋਣ ਮਾਦਾ ਹੱਥ ਹੁੰਦੀ ਹੈ ਕਿ ਉਹ ਕਿਸ ਨਰ ਰਾਹੀਂ ਇਸ ਨੂੰ
ਸਰਅੰਜ਼ਾਮ ਦੇਵੇਗੀ। ਉੱਥੇ ਚੋਣ ਲਈ ਨਰ ਨਿਸ਼ਕਿਰਿਆ ਹੁੰਦਾ ਹੈ। ਬਹੁਤ ਸਾਰੇ ਜਨਜਾਤੀ
ਸੱਭਿਆਚਾਰਾਂ ‘ਚ ਵੀ ਇੰਝ ਹੀ ਵਾਪਰਦਾ ਹੈ ਪ੍ਰੰਤੁ ਸਮਾਜ ਦੇ ਜਮਾਤੀ ਰੂਪ ਧਾਰਨ ਹਿੱਤ ਇਹ
ਸਿਲਸਿਲਾ ਰੁਕ ਜਾਂਦਾ ਹੈ, ਕਿਉਂਕਿ ਜਮਾਤੀ ਸਮਾਜਾਂ ਵਿਚ ਫਿਟੈਸਟ ਹੋਣ ਦਾ ਸਰੋਤ ਜਿਸਮਾਨੀ
ਨਹੀਂ ਸਗੋਂ ਆਰਥਿਕ ਤਾਕਤ ਹੁੰਦਾ ਹੈ। ਇਥੇ ਧਨ/ਜਾਇਦਾਦ/ਪੂੰਜੀ ਰਾਹੀਂ ਪੁਰਖ ਸੱਤਾ ਪ੍ਰਾਪਤ
ਕਰਦਾ ਹੈ। ਇਸੇ ਵਾਸਤੇ ਨਾਰੀ ਕੁਦਰਤੀ ਮਾਦਾ ਰੂਪ ਤੋਂ ਵੱਖ ਵਿਚਾਰਧਾਰਾ ਦੀ ਗ੍ਰਿਫਤ ਅਧੀਨ
ਅਪਣੀ ਮਾਤਰੀ ਸੱਤਾ ਗਵਾ ਬੈਠਦੀ ਹੈ ਅਤੇ ਅਪਣੀ ਸਮਾਜਿਕ ਹੋਂਦ ਨੂੰ ਤਰਤੀਬ ‘ਚ ਰੱਖਣ ਲਈ ਤਨ
ਨੂੰ ਮਰਦ ਸੱਤਾ ਦੇ ਹੱਥ ਖੇਡਣ ਵਾਸਤੇ ਸੌਂਪ ਦਿੰਦੀ ਹੈ। ਇੱਥੇ ਨਰ ਕਿਰਿਆਸ਼ੀਲ ਹੋ ਜਾਂਦਾ
ਹੈ ਅਤੇ ਮਾਦਾ ਨਿਸ਼ਕਿਰਿਆ ਹੋ ਜਾਂਦੀ ਹੈ। ਉਹ ਜਦੋਂ ਧਨ ਦੀ ਸੱਤਾ ਅੱਗੇ ਸਮਰਪਣ ਕਰ ਦਿੰਦੀ
ਹੈ, ਤਦ ਅਪਣੇ ‘ਹੋਣ’ ਉੱਤੇ ਸਵਾਲੀਆ ਨਿਸ਼ਾਨ ਲਾਉਂਦੀ ਪੁਰਖ ਤੰਤਰ ਦੇ ਧੁਰੇ ਦੁਆਲੇ ਘੁੰਮਣ
ਲੱਗਦੀ ਹੈ। ਉਸ ਦੀ ਦੌੜ ਇਕ ਤੋਂ ਦੂਸਰੀ ਸੱਤਾ ਦੀ ਅਧੀਨਗੀ ਤਾਂ ਹੋ ਸਕਦੀ ਹੈ; ਆਜਾਦ ਹੋਣਾ
ਨਹੀਂ। ਆਜ਼ਾਦ ਰੂਪ ‘ਚ ਹੋਣ ਦਾ ਪ੍ਰਵਚਨ ਜਮਾਤੀ ਸਮਾਜਾਂ ‘ਚ ਸਿਰਫ ਆਧੁਨਿਕ ਔਰਤ ਦੇ ਹਿੱਸੇ
ਆਇਆ ਸੀ, ਜਿਸ ਨੇ ਆਪਣੇ ਵਸਤੂ ਰੂਪ ਦਾ ਨਾਕਾਰ ਪੇਸ਼ ਕੀਤਾ ਸੀ ਅਤੇ ਉਸ ਦੇ ਹੋਣ ਦੀ
ਰਾਜਨੀਤਕ ਚੇਤਨਾ ਉਸ ਦੇ ਅਵਾਂਗਰਦ ਹੋਣ ਦੇ ਸੰਘਰਸ਼ ਦਾ ਸਿੱਟਾ ਸੀ। ਜਰਮੇਨ ਗਰੀਅਰ ਨੇ ਇਸੇ
ਕਰਕੇ ਹੀ ਕਿਹਾ ਸੀ ਕਿ ਔਰਤ ਜਦੋਂ ਹੀ ਉਪਭੋਗੀ ਬਾਜ਼ਾਰ ਵਿਚ ‘ਘੁੰਮਣ’ ਲੱਗਦੀ ਹੈ ਤਾਂ ਉਹ
ਅਪਣੇ ਹੋਣ ਤੋਂ ਖੱਸੀਪੁਣੇ ਦਾ ਰਾਹ ਫੜ ਲੈਂਦੀ ਹੈ,4 ਭਾਵ ਨਿਸ਼ਕਿਰਿਆ, ਸੱਤਾ ਦੁਆਲੇ
ਘੁੰਮਦਾ ਜੀਵ। ਇਸੇ ਕਰਕੇ ਅੱਜ ਦੇ ਉਪਭੋਗੀ ਸਮੇਂ ਵਿਚ ਸੱਤਾ ਦਾ ਸਰੋਤ ਸਮਾਜਿਕ ਮਾਨਤਾ
ਪ੍ਰਾਪਤ ਚਿਹਨਾਂ ਦੇ ਧਨ ਅੱਗੇ ਝੁਕਣਾ ਨਵ-ਧਨਾਢਾਂ ਦੀ ਸੱਤਾ ਸਥਾਪਿਤ ਕਰਨਾ ਹੁੰਦਾ ਹੈ। ਉਹ
ਮਿੱਥ ਰਾਹੀਂ ਪਦਾਰਥਿਕ ਸੱਤਾ ਬਣ ਜਾਂਦੇ ਹਨ ਅਤੇ ਜਨ ਮਾਨਸ ਇਸ ‘ਤੇ ਸਹੀ ਪਾਉਣ ਲੱਗਦਾ ਹੈ।
‘ਰਾਜਕੁਮਾਰ’ ਦੀ ਭਾਲ ਦਾ ਸੁਪਨਾ ਔਰਤ ਨੂੰ ਅਪਣੇ ਵਾਸਤਵਿਕ ਦਮਿਤ ਰੂਪ ‘ਚੋ ਬਾਹਰ ਲੈ ਜਾਣ
ਦਾ ਭਾਜਵਾਦੀ ਮਾਰਗ ਹੁੰਦਾ ਹੈ। ਇਸੇ ਕਰਕੇ ਮਾਦਾ ਅਪਣੀ ਹਸਤੀ ਨੂੰ ਇਨ੍ਹਾਂ ਸਥਾਪਿਤ
ਸੱਤਾਵਾਂ ਅੱਗੇ ਸਮਰਪਿਤ ਕਰਨ ਲੱਗਦੀ ਹੈ।
ਮਰਦ- ਲੀਡਰਾਂ ਦੇ ਨਾਲ ਸਾਡੀ ਬਹਿਣੀ ਉੱਠਣੀ
ਪੈਂਦੀ ਏ ਵਜ਼ੀਰਾਂ ਤੱਕ ਪਹੁੰਚ ਰੱਖਣੀ
ਡੀ ਸੀ ਵਰਗੇ ਵੀ ਸਾਡਾ ਭਰਦੇ ਨੇ ਪਾਣੀ
ਕਦੇ ਪੁੱਛ ਲਈਂ ਕਿਸੇ ਤੋਂ ਸਾਡੇ ਬਾਰੇ
ਥਾਣਿਆਂ ਕਚਹਿਰੀਆਂ ‘ਚ ਫੁੱਲ ਚੱਲਦੀ
ਨੀ ਕੰਮ ਫੋਨ ‘ਤੇ ਹੁੰਦੇ ਨੇ ਸਾਰੇ।
ਔਰਤ- ਮਿਰਜ਼ੇ ਦੇ ਵਾਂਗੂ ਰੱਖੀ ਘੋੜੀ ਕਾਲੀ ਤੂੰ
ਰੱਖੇਂ ਪੱਗ ਬੰਨ੍ਹ ਕੇ ਜਿਉਣੇ ਵਾਲੀ ਤੂੰ
ਪਾ ਕੇ ਤੂੰ ਦੁਨਾਲੀ ਜਦੋਂ ਲੰਘਦਾ ਕਚਹਿਰੀਓਂ
ਮਾਰਦਾ ਸਲੂਟ ਪਟਵਾਰੀ
ਵੇਖ ਕੇ ਚੜ੍ਹਾਈ ਤੇਰੀ ਪੱਟ ਹੋਣਿਆ ਵੇ
ਤਾਹੀਂਓ ਲਾਈ ਆ ਤੇਰੇ ਨਾਲ ਯਾਰੀ
-ਮਿਸ ਪੂਜਾ ਤੇ ਸਹਿਯੋਗੀ ਕਲਾਕਾਰ
ਸੱਭਿਆਚਾਰ ਮਨੁੱਖੀ ਮਨ ਲਈ ਸਿਰਜਣਾਤਮਿਕ ਬਾਲਣ ਦਾ ਕੰਮ ਕਰਦਾ ਹੈ ਪ੍ਰੰਤੁ ਇਹ ਸੱਭਿਆਚਾਰ
ਮੰਡੀ ਦੇ ਹੱਥੇ ਚੜ੍ਹ ਜਾਂਦਾ ਹੈ ਤਾਂ ਮਨੁੱਖੀ ਮਾਨਸਿਕ ਤਾਕਤ ਸਿਥਲ ਹੋ ਕਿ ਗਾਲਬੀ
ਸੁਨੇਹਿਆਂ (ਮੈਸਜੈਜ਼) ਸਦਕਾ ਹਾਕਮੀ ਪ੍ਰਵਚਨਾਂ ਨੂੰ ਪਦਾਰਥਕ ਤਾਕਤ ਵਿਚ ਢਾਲਣ ਲੱਗਦੀ ਹੈ।
ਮੀਡੀਆ ਪੁਰਖ ਤੰਤਰ ਦੀ ਤਾਕਤੀ ਸਥਿਤੀ ਦੇ ਪ੍ਰਵਚਨ ਪੇਸ਼ ਕਰਦਾ ਮਰਦ ਨੂੰ ਸਿਰਫ ਸੱਤਾ ਬਣਨ
ਦੇ ਰਾਹ ਤੋਰ ਦਿੰਦਾ ਹੈ। ਮਰਦ ਇਨ੍ਹਾਂ ਸੁਨੇਹਿਆਂ ਦੀ ਕੈਦ ਵਿਚ ਆਪਣੇ ਹੋਣ ਦੀ ਬਜਾਏ ਆਪਣੇ
ਆਪ ਨੂੰ ਸੱਤਾ ਬਣਾਉਣ ਦੇ ਰਾਹ ਤੁਰ ਪੈਂਦਾ ਹੈ। ਸੱਤਾ ਬਣਣ ਦੇ ਮਨਸੂਬੇ ਲਈ ਜਦੋਂ ਨੌਜੁਆਨ
ਪੀੜ੍ਹੀ ਇਸ ਦੌੜ ਵਿਚੋਂ ਹਾਰ ਜਾਂਦੀ ਹੈ ਤਾਂ ਸਿੱਟੇ ਵਜੋਂ ਨਸ਼ੇ (ਡਰੱਗਜ਼) ਦਾ ਸਹਾਰਾ
ਲੱਭਣ ਲੱਗਦੀ ਹੈ। ਖੁਸ਼ੀ ਮਨੁੱਖੀ ਮਨ ਦਾ ਜ਼ਰੂਰੀ ਹਿੱਸਾ ਹੈ। ਸੱਤਾ ਬਣਨ ਦੀ ਦੌੜ ਵੀ ਇਕ
‘ਖੁਸ਼ੀ’ ਪ੍ਰਦਾਨ ਕਰਦੀ ਹੈ ਪ੍ਰੰਤੂ ਇਸ ਦੌੜ ਵਿਚੋਂ ਪਿੱਛੇ ਰਹਿ ਗਈ ਮਾਨਵੀ ਤਾਕਤ ਖੁਸ਼ੀ
ਵਾਸਤੇ ਸਹਾਰੇ ਦੀ ਭਾਲ ਕਰਦੀ ਹੈ ਤਾਂ ਉਹ ਪ੍ਰਤੀਰੋਧੀ ਤਾਕਤਾਂ ਦੀ ਗੈਰ ਹਾਜ਼ਰੀ ‘ਚ ਇਹ
ਪ੍ਰਾਪਤੀ ਨਸ਼ੇ ਵਿਚੋਂ ਕਰਦੀ ਹੈ (ਵਿਚਾਰਧਾਰਾ ਦੀ ਜੰਗ ਵੀ ਖੁਸ਼ੀ ਦਾ ਸਭ ਤੋਂ ਵੱਡਾ ਸੋਮਾ
ਹੈ, ਨਸ਼ਾ ਨਿਰਾਸ਼ਾ ‘ਚੋਂ ਪੈਦਾ ਹੁੰਦਾ ਹੈ) 5। ਸਮਾਜ ਦੀ ਨਿਰਾਸ਼ਾ ਦਾ ਹਰ ਆਲਮ ਸੱਤਾ
ਸੰਪਨ ਲੋਕਾਂ ਦੀਆਂ ਜੇਬਾਂ ਵਿਚ ਧਨ ਦੇ ਹੀ ਅੰਬਾਰ ਲਾਉਂਦਾ ਰਹਿੰਦਾ ਹੈ। ਮੰਡੀ ਦੇ
ਬੁੱਧੀਜੀਵੀ (ਔਰਡੀਨੇਰੀ ਇੰਟਲੈਕੁਚਅਲ ਭਾਵ ਲੇਖਕ, ਪੱਤਰਕਾਰ, ਗੀਤਕਾਰ, ਕਵੀ ਆਦਿ) ਬਹੁਤ
ਸਾਰੇ ਮੀਡੀਆ ਸਾਧਨਾਂ ਰਾਹੀਂ ਗਾਲਬੀ ਵਿਚਾਰਧਾਰਾ ਹਿੱਤ ਭੁਗਤਦੇ ਰਹਿੰਦੇ ਹਨ।
ਜਦੋਂ ਮੰਡੀ ਦੇ ਇਸ ਪ੍ਰਵਚਨ ਨੇ ਹਰ ਵਿਅਕਤੀ ਨੂੰ ਸੱਤਾ ਬਣਨ ਵੱਲ ਪ੍ਰੇਰਿਤ ਕੀਤਾ ਹੋਇਆ ਹੈ
ਤਾਂ ਸੱਤਾ ਪ੍ਰਾਪਤੀ ਦਾ ਮੁਕਾਬਲਾ ਹਿੰਸਾ, ਭ੍ਰਿਸ਼ਟਾਚਾਰ, ਅਨੈਤਿਕਤਾ, ਆਰਾਜਨੀਤੀ ਆਦਿ ਨੂੰ
ਤਿੱਖੇ ਰੂਪ ਵਿਚ ਉਭਾਰਦਾ ਹੈ। ਸੱਭਿਆਚਾਰ ਦਾ ਹਿੱਸਾ ਬਣਾ ਦਿੱਤੀ ਗਈ ਗੀਤਕਾਰੀ ਨੇ ਗਾਇਕੀ
‘ਨਾਇਕਾ’ ਦੇ ਅਜਿਹੇ ਕੱਦ ਪੈਦਾ ਕਰ ਦਿੱਤੇ ਹਨ ਕਿ ਉਨ੍ਹਾਂ ਦੇ ਸੁਨੇਹੇ ਪ੍ਰਵਚਨ ਦਾ ਰੂਪ
ਧਾਰ ਨੌਜੁਆਨ ਪੀੜ੍ਹੀ ਨੂੰ ਅਪਣੀ ਗ੍ਰਿਫਤ ਵਿਚ ਕਸ ਲੈਂਦੇ ਹਨ। ਸੱਤਾ ਪ੍ਰਾਪਤੀ ਲਈ ਵਸਤਾਂ
ਦੇ ਨਾਲ-ਨਾਲ ਸਰੀਰਕ ਆਕਰਸ਼ਣ ਹਿੱਤ ਵੀ ਮੁਕਾਬਲਾ ਜ਼ੋਰਾਂ ‘ਤੇ ਹੋਣ ਲਗਦਾ ਹੈ। ਬੁਲੇਟ,
ਲੰਡੀਆਂ ਜੀਪਾਂ, ਦੁਨਾਲੀਆਂ, ਟਕੂਏ ਆਦਿ ਜੇ ਸਰਦਾਰ, ਜੱਟ, ਵੈਲੀ ਦੀ ਤਾਕਤ ਦਾ ਪ੍ਰਦਰਸ਼ਨ
ਕਰਦੇ ਹਨ ਤਾਂ ਚੌੜੀ ਛਾਤੀ, ਪੱਟ, ਡੌਲਿਆਂ ਦੀਆਂ ਮਛਲੀਆਂ ਵੀ ਔਰਤਾਂ ਦੀ ਖਿੱਚ ਦਾ ਕੇਂਦਰ
ਹੁੰਦੇ ਹਨ। ਜਿਵੇਂ ਕਿ ਕਿਹਾ ਗਿਆ ਹੈ ਕਿ ਡਾਰਵਿਨ ਨੇ ਮਾਦਾ ਦੇ ਮੁਢਲੇ ਕੁਦਰਤੀ ਰੂਪ ਵਿਚ
ਸਰੀਰਕ ਤਾਕਤਾਂ (ਫਿਟਸਟ) ਨੂੰ ਹੀ ਆਪਣੀ ਪਸੰਦ ਜਾਂ ਨਸਲ ਦੇ ਚਿਰਸਥਾਈ ਜੀਵਨ ਨੂੰ ਪਹਿਲ
ਦਿੱਤੀ। ਅੱਜ ਦੇ ਮੰਡੀ ਦੌਰ ਵਿਚ ਡੌਲੇ ‘ਚ ਮੱਛੀਆਂ, ਪੱਟਾਂ ‘ਚ ਜ਼ੋਰ, ਚੌੜੇ ਸੀਨੇ ਦੇ
ਪੁਰਾਤਨ ਚਿਹਨਾਂ ਦਾ ਬਾਜ਼ਾਰ ਲਾ ਦਿੱਤਾ ਹੈ। ਔਰਤ ਨੂੰ ਭਰਮਾਉਣ ਲਈ ਆਮਿਰ, ਸਲਮਾਨ, ਸੰਜੇ
ਆਦਿ ਦੀ ਸਰੀਰਕ ਦਿੱਖ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਜਾਂਦੀ ਹੈ। ਅਪਣੇ ‘ਆਦਰਸ਼’ ਨਾਇਕਾਂ
ਤੱਕ ਪਹੁੰਚ ਨਾ ਹੋਣ ਸਦਕਾ ਉਹ ਅਪਣੀ ਚਿਹਨੀ ਸੱਤਾ ਮੁਤਾਬਿਕ ਹੀ ਸੱਤਾ ਨੂੰ ਚੁਣਦੀਆਂ ਹਨ
ਅਤੇ ਉਨ੍ਹਾਂ ਦੇ ਆਦਰਸ਼ ਹੀਰੋ ਉੱਥੇ ਹੀ ਵਿਸ਼ਰਾਮ ਕਰਦੇ ਹਨ ਭਾਵ ਜੇ ਸਲਮਾਨ ਨਹੀਂ ਤਾਂ ਉਸ
ਜਿਹਾ ਸਰੀਰ, ਮਾਦਾ ਨੂੰ ਭਰਮਾਉਣ ਲਈ ਉਨ੍ਹਾਂ ਜਿਹੀ ਹਿੰਸਾ ਜਾਂ ਉਨ੍ਹਾਂ ਜਿਹੀਆਂ ਵਸਤਾਂ
ਵੱਲ ਖਿੱਚ ਪੈਦਾ ਕਰਦਾ ਹੈ (ਜਿਵੇਂ ਮਰਦ ਕੈਟਰੀਨਾ, ਬਾਸੂ, ਕਰੀਨਾ ਨੂੰ ਹੋਰਾਂ ਵਿਚੋਂ
ਤਲਾਸ਼ਣ ਦੀ ਕੋਸਿ਼ਸ਼ ਕਰਦੇ ਹਨ)। ਔਰਤ ਮਰਦ ਦੀ ਕਿਸ-ਕਿਸ ਸੱਤਾ ਵੱਲ ਆਕਰਸ਼ਤ ਹੁੰਦੀ ਹੈ,
ਇਹ ਜਾਣਕਾਰੀ ਉਨ੍ਹਾਂ ਨੂੰ ਮੀਡੀਆ ਦਾ ਸੱਭਿਆਚਾਰ ਬਣ ਚੁੱਕਾ ਪ੍ਰਚਾਰ ਤੰਤਰ ਮੁਹੱਈਆ ਕਰਦਾ
ਹੈ। ਭਾਵ ਔਰਤ ਮਰਦ ਦੋਹਾਂ ਦੀ ਜਿ਼ਹਨੀ ਜ਼ਰੂਰਤ ਕੀ ਹੈ ਦੀ ਜਾਣਕਾਰੀ ਵੀ ਮੰਡੀ ‘ਚੋਂ ਹੀ
ਪ੍ਰਾਪਤ ਹੁੰਦੀ ਹੈ।
ਅੱਜ ਪੰਜਾਬੀ ਗੀਤਕਾਰੀ ਵਿਚ ਸਰੀਰ ਨੂੰ ਆਕਰਸਿ਼ਤ ਕਰਨ ਲਈ ਕਿਹੜੇ ਸਾਧਨਾਂ ਦੀ ਲੋੜ ਹੈ,
ਵਾਸਤੇ ਜਾਣਕਾਰੀ ਵੀ ਟੀ.ਵੀ./ਫਿਲਮਾਂ ਆਦਿ ਦੇ ਦ੍ਰਿਸ਼-ਚਿੱਤਰ ਮੁਹੱਈਆ ਕਰਦੇ ਹਨ। ਮਾਡਲ
ਅਪਣੇ ਸਰੀਰਕ ਪ੍ਰਦਰਸ਼ਨ ਰਾਹੀਂ ਸਰੋਤਾ/ਦਰਸ਼ਕ (ਆਡੀਐਂਸ) ਨੂੰ ਭਰਮਾਉਂ ਦੇ ਹਨ ਅਤੇ ਉਸ ਨੂੰ
ਦ੍ਰਿਸ਼ ਜਿਹਾ ਬਣਨ ਲਈ ਪ੍ਰੇਰਿਤ ਕਰਦੇ ਹਨ। ਸ਼ਬਦ ਅਤੇ ਚਿੱਤਰ ਡੌਲਿਆਂ, ਪੱਟਾਂ ਅਤੇ ਹਿੱਕ
ਦੇ ਜ਼ੋਰ ਨਾਲ ਦੂਸਰੇ ਪੁਰਖ ਦੀ ਸੱਤਾ ਲਈ ਆਤੰਕ ਪੈਦਾ ਕਰਦਾ ‘ਮਾਡਲ’ ਕੁੜੀ (ਲਿੰਗਕਤਾ ਦਾ
‘ਆਦਰਸ਼’ ਪ੍ਰਤੀਕ) ਨੂੰ ਆਪਣੇ ਵੱਲ ਖਿਚਣ ਵਿਚ ਕਾਮਯਾਬ ਹੁੰਦਾ ਹੈ। ਸ਼ਬਦ/ਚਿੱਤਰ ਵਿਚਲੇ
ਅੱਤਿਆਚਾਰ ਦਾ ਨਿਸ਼ਾਨਾ ਦੂਸਰੇ ਪੁਰਖ ਦੀ ਲਿੰਗਕ ਅਧੀਨਗੀ ‘ਚੋਂ ਨਾਰੀ ਦਾ ਆਪਣੀ ਸੱਤਾ ਅੱਗੇ
ਸਮਰਪਣ ਕਰਾਉਣਾ ਹੁੰਦਾ ਹੈ। ਦੋ ਸੱਤਾਵਾਂ ਦੇ ਭੇੜ ‘ਚੋਂ ਵਸਤੂ (ਔਰਤ) ਉਸੇ ਦੀ ਹੋਵੇਗੀ
ਜਿਹੜਾ ਜਿੱਤੇਗਾ। ਲਿੰਗਕ ਆਦਰਸ਼ ਜਿਸ ਅਧੀਨ ਹੋ ਜਾਵੇਗਾ ਉਹੋ ਹੀ ਅਣਖ ਨੂੰ ਪਰਣਾਇਆ ਵੈਲੀ,
ਸਰਦਾਰ ਜਾਂ ਅਣਖੀ ਜੱਟ ਘੋਸਿ਼ਤ ਹੋਵੇਗਾ, ਕਿਉਂਕਿ ਤਾਕਤ/ਅੱਤਿਆਚਾਰ ਸਰਦਾਰਾਂ ਦਾ ਮੁੱਖ
‘ਗੁਣ’ ਹੈ। ਇਸ ਮੰਡੀ ਦਾ ਨੌਜੁਆਨ ਮਾਦਾ ਨੂੰ ‘ਸਲਮਾਨੀ’ ਦਿੱਖ ਨਾਲ ਪ੍ਰਭਾਵਿਤ ਕਰਨ ਲਈ
ਸਰੀਰ ਨੂੰ ਵਿਖਾਵਾਕਾਰੀ ਬਣਾਉਣ ਹਿੱਤ ‘ਮੁਕਾਬਲਾ’ ਕਰਦਾ ਹੈ, ਜਿਵੇਂ ਸੈਕਸ ਇਕ ਦੰਗਲ ਹੋਵੇ।
ਮਰਦ ਖੇਡ ਮੁਕਾਬਲੇ ਵਰਗਾ ਕਲਾ ਪ੍ਰਦਰਸ਼ਨ ਕਰਨ ਦੀ ਬਜਾਏ ਸਰੀਰਕ ਵਿਖਾਵੇ ਦੇ ਸੱਤਾ ਮੁਕਾਬਲੇ
ਲਈ ਜਿੰਮ ਦੀ ਚੋਣ ਕਰਦਾ ਹੈ। ਜਿੰਮ ਸਰੀਰ ਦੇ ਵਿਖਾਵਾ ਰੂਪ ਨੂੰ ਤਾਂ ਤਾਕਤ (ਪ੍ਰਮੋਸ਼ਨ)
ਦਿੰਦਾ ਹੈ, ਨਾਲ ਹੀ ਵੈਲੀਆਂ, ਬੁਲਟਾਂ ਰਾਹੀਂ ਹਿੰਸਾ ਦੀ ਵੀ ਸਮਾਜ ਵਿਚ ਝੜੀ ਲਾ ਦਿੰਦਾ
ਹੈ।
ਕਰ ਲਿਆ ਜਿੰਮ ਜੁਆਇਨ ਨੀ
ਹੁਣ ਸਾਡਾ ਟੈਮ ਨ੍ਹੀਂ ਲਗਦਾ।
-ਜਤਿੰਦਰ ਗਿੱਲ
ਅਜਿਹੇ ਬਹੁਤ ਸਾਰੇ ਗੀਤ ਜਿੰਮ ਸੱਭਿਆਚਾਰ ਦੀ ਕਮਾਈ ‘ਚ ਵਾਧਾ ਕਰਦੇ ਹਨ। ਅਜਿਹਾ ਇਸ ਕਰਕੇ
ਵਾਪਰਦਾ ਹੈ ਕਿ ਸਰੀਰਕ ਤਾਕਤ ਜਿ਼ਹਨੀ ਸਿਰਜਣਾਤਮਿਕ ਤਾਕਤ ਦੇ ਛਿੰਨ-ਭਿੰਨ ਹੋਣ ਕਾਰਨ
‘ਉਤੇਜਨਾ ਪ੍ਰਤੀਕ’ ਨੂੰ ਸਿਰਫ ਜਿਸਮਾਨ ਤਾਕਤ ਰਾਹੀਂ ਅਪਣੇ ਵੱਲ ਖਿੱਚਣ ਦਾ ਯਤਨ ਕਰਦੀ ਹੈ,
ਸਿੱਟਾ ਹਿੰਸਾ, ਕਤਲੋਗਾਰਤ, ਅੱਤਿਆਚਾਰ ਵਿਚ ਨਿਕਲਦਾ ਹੈ ਅਤੇ ਕਚਹਿਰੀਆਂ, ਥਾਣੇ, ਜੇਲ੍ਹਾਂ
ਜੱਟਾਂ/ਵੈਲੀਆਂ ਦੀ ਆਦਰਸ਼ ਜਗ੍ਹਾ ਵਜੋਂ ਵਡਿਆਏ ਜਾਂਦੇ ਹਨ ਭਾਵ ਕਿ ‘ਅਣਖ’ ਖਾਤਰ ਪ੍ਰਾਪਤ
ਕੀਤਾ ਆਦਰਸ਼। ‘ਅਣਖ’ ਸਾਮੰਤੀ ਸਮਾਜ ‘ਚ ਸਭ ਤੋਂ ਲੁਭਾਉਂਦਾ, ਮਨ-ਭਾਉਂਦਾ ਤੇ ਆਦਰਸ਼ ਬਿੰਬ
ਹੈ। ਅੱਜ ਦੇ ਮੰਡੀ ਯੁੱਗ ‘ਚ ਇਸਦਾ ‘ਪੁਨਰ ਉਥਾਨ’ ਮੰਡੀ ਕ੍ਰਿਤ ਮਨੋਵਿਗਿਆਨ ਰਾਹੀਂ
‘ਸੱਭਿਆਚਾਰ’ ਦੀ ਕੇਂਦਰੀ ਥਾਂ ਮੱਲ ਬਹਿੰਦਾ ਹੈ। ਜਗੀਰੂ ‘ਸਿਰ’ ਦਾ ਮੰਡੀ ਕ੍ਰਿਤ ਫੈਲਾਅ
ਅਣਖ ਦੀ ਖਾਤਰ ਕਤਲਾਂ (ਆਨਰ ਕਿਲਿੰਗ) ਨੂੰ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਉਂਦਾ ਹੈ। ਜਦੋਂ
ਮੀਡੀਆ ਅਣਖ ਦੇ ‘ਉਤਪਾਦਨ’ ਨੂੰ ਮੰਡੀ ਵਿਚ ਵੇਚਦਾ ਹੈ ਤਾਂ ‘ਅਣਖ ਖਾਤਰ ਕਤਲ’ ਸੁਭਾਵਕ
ਵਰਤਾਰਾ ਬਣ ਜਾਂਦਾ ਹੈ। ਜਗੀਰੂ ਵਿਚਾਰਾਂ ‘ਚ ਹੋਰ ਕੁੜੀ (ਅਦਰ ਸੈਕਸ) ਤਾਂ ਭੋਗਣ ਦੀ ਵਸਤੂ
ਹੈ ਪ੍ਰੰਤੂ ਅਪਣੀ ਭੈਣ, ਧੀ ਇੱਜ਼ਤ/ਆਬਰੂ ਹੈ।
ਜੀਹਨੇ ਲਾਲ ਪਰੀ ਨਾ ਪੀਤੀ
ਰੰਨ ਕੁੱਟ ਕੇ ਸਿੱਧੀ ਨਾ ਕੀਤੀ
ਜੀਹਨੇ ਨਸ਼ਾ ਪਾਣੀ ਨਾ ਪੀਣਾ
ਉਸ ਭੜੂਏ ਦਾ ਦੱਦ ਕੀ ਜੀਣਾ
ਕੰਡਾ ਖਿੱਚਿਆ ਨਾ ਜੀਹਨੇ
ਭੈਣ ਦੀ ਨਣਾਨ ਦਾ
ਉਹ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ।
-ਅਮਰ ਸਿੰਘ ਚਮਕੀਲਾ
ਅਜਿਹੇ ਦੋਗਲੇ ਸਮਾਜ ਦੇ ਪੁਨਰ ਉਥਾਨ ‘ਚ ਜਿਸਮਾਨੀ ਤਾਕਤ ‘ਅਣਖ’ ਨਾਲ ਜਿਊਣ ਦੀ ‘ਚਾਹਤ’ ਹਰ
ਦੂਸਰੇ (ਅਦਰ) ਦੀ ਜਾਨ ਦੀ ਵੈਰੀ ਬਣ ਜਾਂਦੀ ਹੈ, ਕਿਉਂਕਿ ਵਰਤਮਾਨ ਸਮਾਜ ਵਿਚ ਜਾਤ ਦੀ ਵੀ
ਕੇਂਦਰੀ ਸੱਤਾ ਹੈ ਅਤੇ ਪੰਜਾਬੀ ਸੱਭਿਆਚਾਰ ਇਸ ਵਕਤ ਜੱਟ/ਸਰਦਾਰ ਦੀ ਸਾਮੰਤੀ ਸੱਤਾ ਨੂੰ
ਮੁਖਾਤਿਬ ਹੈ। ਜੱਟ ਸੱਭਿਆਚਾਰ ਅਣਖ ਨੂੰ ਵੈਲੀ ਦੇ ਪ੍ਰਤੀਕ ਰਾਹੀਂ ਹੀ ਕਾਇਮ ਰੱਖ ਸਕਦਾ ਹੈ।
ਚਮਕੀਲਾ ਵੈਲੀ ਦਾ ਵਿਸ਼ੇਸ਼ ‘ਗੁਣ’ ਭੈਣ ਦੀ ਨਣਾਨ ਦਾ ‘ਕੰਡਾ ਕੱਢਣਾ’ ਦੱਸਦਾ ਹੈ, ਜਦੋਂ
ਗਾਇਕੀ ਦੇ ‘ਧਨੰਤਰ’ ਸਾਰੇ ਜੱਟਾਂ ਨੂੰ ਵੈਲੀ ਬਣਾ ਕੇ ਅੱਤਿਆਚਾਰੀ ਬਣਾਉਣਾ ਚਾਹੁੰਦੇ ਹਨ
ਤਾਂ ਦੁਰਾਚਾਰੀ ਉਹ ਅਪਣੇ ਆਪ ਹੋ ਜਾਣਗੇ। ਦਮਨ ਸੱਤਾ ਦਾ ਵਿਸ਼ੇਸ਼ ਲੱਛਣ ਹੈ। ਇਹਨਾਂ ਗੀਤਾਂ
ਵਿਚ ਸਮੁੱਚੇ ਜੱਟਾਂ ਦੇ ਵੈਲੀ ਬਣਨ ਤੋਂ ਬਾਅਦ ਦੂਸਰੀ (ਅਦਰ) ਔਰਤ ਸਿਰਫ ਭੋਗਣ ਦੀ ਵਸਤੂ ਬਣ
ਜਾਂਦੀ ਹੈ। ਆਤੰਕ, ਅੱਤਿਆਚਾਰ, ਅਣਖ ਲਈ ਕਤਲ ਸੱਭਿਆਚਾਰ ਦਾ ਕੇਂਦਰੀ ਸਥਾਨ ਮੱਲਣ ਲੱਗਦੇ
ਹਨ। ਔਰਤ ਵੈਲੀ ਦੀ ਸੱਤਾ ਵੱਲ ਆਕਰਸਿ਼ਤ ਹੋਣ ਲਗਦੀ ਹੈ ਜਾਂ ਆਪਣੇ ਲਿੰਗਕ ਨਿਯੰਤ੍ਰਣ ਲਈ
ਮਰਦ ਦੇ ਵੈਲੀ ਰੂਪ ਨੂੰ ਵਡਿਆਉਣ ਲਗਦੀ ਹੈ। ਵੈਲੀ ਸਾਮੰਤੀ ਸਮਾਜ ‘ਚ ਅਸੱਭਿਅਕ ਹੋਣ ਦਾ
ਪ੍ਰਤੀਕ ਹੈ ਪ੍ਰੰਤੂ ਗਲੋਬਲੀ ਮੰਡੀ ਦੇ ਪੰਜਾਬੀ ਸੱਭਿਆਚਾਰ ‘ਚ ਇਹ ਮਾਨਮੱਤਾ ਪ੍ਰਤੀਕ ਹੈ।
ਹੁਣ ਤੱਕ ਨੀਵੇਂ ਰਹਿ ਰਹਿ ਕੇ, ਅਸੀਂ ਘੁੱਟ ਸਬਰ ਦੇ ਭਰਲੇ,
ਬਰੀ ਕਰਾ ਲਊਂ ਆਪੇ ਤੈਨੂੰ ਵੇਚ ਕੇ ਪੰਜ ਸੱਤ ਮਰਲੇ
ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲਏ।
ਸੋਚਿਆ ਸੀ ਉਹ ਹੱਥ ਜੋੜ ਕੇ ਗੱਲ ਜਾਣਗੇ ਮੰਨ
ਯਾਰ ਤੇਰੇ ਨੇ ਗੱਡੀ ਲੈ ਲਈ ਟਰਿੱਪਲ ਜ਼ੀਰੋ (0001) ਵਨ
ਨੀਂ ਵਿਚ ਪਜੈਰੋ ਦੇ ਰੱਖ ਲਈ ਦੇਸੀ ਗੰਨ…
ਸ਼ਰੇਆਮ ਤੂੰ ਕਹਿ ਦੇ, ਜੀਹਨੇ ਫੜਨੀ ਪੂਛ ਹੁਣ ਫੜ ਲਏ
ਅਸਲੀ ਪਿਉ ਦਾ ਪੁੱਤ ਜੋ ਆ ਕੇ ਦੇਹਲੀ ਸਾਡੀ ਚੜ੍ਹ ਲਏ
ਵੈਲੀ ਬਣ ਮਿੱਤਰਾ...
ਪੀ.ਜੀ.ਆਈ. ਮੈਂ ਭੇਜ ਕੇ ਛੱਡੂੰ ਗਿੱਟੇ ਦੇਣੇ ਭੰਨ
ਕੱਲੇ-ਕੱਲੇ ਦਾ ਪਾਊਂ ਘੜੀਸਾ ਲੱਤਾਂ ਬਾਹਾਂ ਬੰਨ੍ਹ
ਨੀਂ ਵਿਚ ਪਜੈਰੋ ਦੇ...
ਪਤਾ ਲੱਗੇ ਮੈਨੂੰ ਆਥਨ ਨੂੰ ਤੂੰ ਗੋਡਿਆਂ ਥੱਲੇ ਧਰ ਲੇ
ਆਖਰੀ ਵਾਰੀ ਛੱਡਦੇ ਤੇਰੇ ਕਰਦੇ ਹੋਣ ਉਹ ਤਰਲੇ
ਵੈਲੀ ਬਣ ਮਿੱਤਰਾ...
-ਮਿਸ ਪੂਜਾ+ਪ੍ਰੀਤ ਬਰਾੜ
ਵਾਰਿਸ ਸਾਫ ਰੂਪ ‘ਚ ਪੇਸ਼ ਕਰਦਾ ਹੈ ਕਿ ਰੰਨ ਸੱਤਾ ਦੇ ਕਬਜ਼ੇ ‘ਚ ਆਈ ਤ੍ਰੀਮਤ ਦਾ ਨਾਂ ਹੈ।
ਰੰਨ ਖਸਮ ਤੋਂ ਬਿਨਾਂ ਹੋਂਦ ਨਹੀਂ ਰੱਖਦੀ। ਖਸਮ ਜੋ ਪੁਰਖ ਤੰਤਰ ‘ਚ ਮਾਲਕੀ ਦਾ ਪ੍ਰਤੀਕ ਹੈ।
ਇਸ ਗੀਤ ਵਿਚ ਸਪੱਸ਼ਟ ਹੈ ਕਿ ਇਹ ਬੋਲਾਂ ਵਾਲੀ ਹੀਰ ਤ੍ਰੀਮਤ ਨਹੀਂ ਸਗੋਂ ‘ਧੰਨ ਕੌਰ’ ਜਿਹੀ
ਵੈਲਣ ਹੈ ਅਤੇ ਜਿਸ ਦਾ ਰੁਪਾਂਤਰਣ ਮੰਡੀ ‘ਚ ਸੱਤਾ ਮੁਕਾਬਲੇ ਲਈ ਅੱਤਿਆਚਾਰ ਨੂੰ ਉਤਸ਼ਾਹਿਤ
ਕਰ ਰਿਹਾ ਹੈ। ਅੱਤਿਆਚਾਰ ਲਈ ਹਥਿਆਰ, ‘ਵੀ.ਆਈ.ਪੀ.‘ (ਸਰਕਾਰੀ ਸੱਤਾ) ਨੰਬਰ (0001),
ਪਜੈਰੋ ਸਭ ਸੱਤਾ ਬਣਨ ਦੇ ਪ੍ਰਤੀਕ ਹਨ। 0001 ਨੰਬਰ ਰਾਹੀਂ ਨੌਜੁਆਨ ਲੱਖਾਂ ਰੁਪਏ ਦਾ
ਮੁਕਾਬਲਾ ਕਰਕੇ ਅਪਣੇ ਵੈਲੀ ਪ੍ਰਤੀਕ ਨੂੰ ਉਭਾਰਨ ਲੱਗਦੇ ਹਨ। ਵੈਲੀ ਲਈ ਹਿੰਸਕ ਜਿ਼ਹਨ ਹੀ
ਨਹੀਂ ਵਿਖਾਵਾਕਾਰੀ ਦਿੱਖ ਦੀ ਲੋੜ ਵੀ ਪੈਂਦੀ ਹੈ ਤਾਂ ਕਿ ਦੂਸਰੀ ਵੈਲੀ ਸੱਤਾ ਉਸ ਤੋਂ ਖੌਫ
ਖਾਵੇ। ਅਣਖ ਲਈ ਡੌਲਿਆਂ ‘ਚ ‘ਜਾਨ’ ਚਾਹੀਦੀ ਹੈ ਅਤੇ ਡੌਲਿਆਂ ਦਾ ਵਿਖਾਵਾਕਾਰੀ ਰੂਪ ਜਿੰਮ
‘ਚੋਂ ਪ੍ਰਾਪਤ ਹੁੰਦਾ ਹੈ। ਜਿੰਮ ਵਿਚਲੀ ਵਰਜਿ਼ਸ਼ ਸਰੀਰ ਨੂੰ ਤੰਦਰੁਸਤ ਤਾਂ ਬਣਾ ਸਕਦੀ ਹੈ
ਪਰ ਤਾਕਤਵਾਰ ਨਹੀਂ। ਵਿਖਾਵਾਕਾਰੀ ਅਤੇ ਤਾਕਤੀ ਸਰੀਰ ਲਈ ਲੰਬੇ ਅਭਿਆਸ ਅਤੇ ਸਾਧਨਾ ਦੀ ਲੋੜ
ਹੁੰਦੀ ਹੈ, ਪ੍ਰੰਤੂ ਸੱਤਾ ਪ੍ਰਾਪਤੀ ਦੀ ਚਾਹਤ ਵਾਲੇ ਇਸ ਭੋਗੀ ਨੌਜਵਾਨ ਕੋਲ ਏਨਾ ਸਬਰ ਤਾਂ
ਹੋ ਨਹੀਂ ਸਕਦਾ, ਜਿਸ ਕਾਰਨ ਉਹ ਸਰੀਰ ਨੂੰ ਫੈਲਾਉਣ ਵਾਲੇ ਸਾਧਨ ਵਰਤਦਾ ਹੈ। ਇਸੇ ‘ਚੋਂ
ਬਹੁਕੌਮੀ ਕੰਪਨੀਆਂ ਦੇ ਸਟਰੌਇਡ, ਗੋਲੀਆਂ, ਟੀਕਿਆਂ, ਪਾਊਡਰਾਂ ਦੀ ਖਰੀਦ ਰਿਕਾਰਡ ਤੋੜ ਵਾਧਾ
ਕਰਦੀ ਹੈ ਅਤੇ ਨੌਜੁਆਨ ਇਸੇ ‘ਚੋਂ ਤਾਕਤ ਤਲਾਸ਼ਦੇ ਹਨ (ਡਬਲਿਊ ਡਬਲਿਊ ਐੱਫ ਦੇ
ਭਲਵਾਨਾਂ/ਰੈਸਲਰਾਂ ਦੇ ਦਿਖਾਵਾਕਾਰੀ ਸਰੀਰ ਅਤੇ ਹਿੰਸਾ ਵੀ)। ਸਰੀਰ ਤਾਕਤ ਫੜਨ ਦੀ ਬਜਾਏ
ਫੁੱਲਣ ਲੱਗਦਾ ਹੈ। ਫਿਲਮੀ ‘ਨਾਇਕ’ ਇਨ੍ਹਾਂ ਸਟਰੌਇਡ ਰਾਹੀਂ ਹੀ ਪ੍ਰਦਰਸ਼ਨਕਾਰੀ ਸਰੀਰ ਨੂੰ
ਦ੍ਰਿਸ਼ ‘ਚ ਨਗਨਤਾ ਲਈ ਪੇਸ਼ ਕਰਦੇ ਹਨ। ਸਲਮਾਨ ਨੇ ਅਪਣਾ ਝੱਗਾ ਉਦੋਂ ਫਿਲਮਾਂ ‘ਚ ਉਤਾਰਿਆ
ਜਦੋਂ ਸਟਰੌਇਡ ਨੇ ਉਸਦੇ ਸਰੀਰ ਨੂੰ ਵਿਖਾਵਾਕਾਰੀ ਪੱਧਰ ‘ਤੇ ਲੈ ਆਂਦਾ। ਸੰਜੇ ਦੱਤ ਇਹਨਾਂ
ਸਦਕਾ ‘ਖਲਨਾਇਕ’ ਬਣਕੇ ਨੰਗਾ ਹੋਇਆ। ਭਾਵ ਬਹੁ ਕੌਮੀ ਕੰਪਨੀਆਂ ਦਾ ਬਾਜ਼ਾਰ ਹਰ ਰੂਪ ‘ਚ ਜਨ
ਮਾਨਸ ਨੂੰ ਅਪਣੇ ਉਤਪਾਦਾਂ ਨਾਲ ਜੋੜਨ ਦਾ ਸੱਭਿਆਚਾਰ ਪੇਸ਼ ਕਰਦਾ ਹੈ। ਬੈੱਨ ਜੌਹਨਸਨ
ਸਟਰੌਇਡ ਸਦਕਾ ਮੈਡਲ ਖੁਹਾ ਬੈਠਾ ਪ੍ਰੰਤੂ ਫਿਲਮੀ ਹੀਰੋ ਇਸੇ ਵਜ੍ਹਾ ਨਾਲ ਮੰਡੀ ਲਈ ਪ੍ਰੇਰਿਤ
ਔਰਤ ਦਾ ਦਿਲ ਜਿੱਤ ਗਏ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਜਿੰਮਾਂ/ ਸਟਰੌਇਡ ‘ਚੋਂ ਪੈਦਾ ਹੋਈ
ਵਿਖਾਵਾਕਾਰੀ ਸਰੀਰਕ ‘ਤਾਕਤ’ ਕਿਸੇ ਵੀ ਉਤਪਾਦਨ/ਪ੍ਰਤੀਰੋਧ ‘ਚ ਢਲਣ ਦੀ ਬਜਾਏ ਅੱਤਿਆਚਾਰੀ
ਹੁੰਦੀ ਹੋਈ ਜੋਕ (ਪੈਰਾਸਾਈਟ) ਦਾ ਰੂਪ ਧਾਰਦੀ ਸਮਾਜਿਕ ਬਦਅਮਨੀ ਬਣ ਜਾਂਦੀ ਹੈ ਅਤੇ ਕਿਰਤ
‘ਚ ਰੁੱਝੇ ਹੱਥਾਂ ਲਈ ਖੌਫ ਦੀ ਚਾਦਰ ਤਾਣ ਦਿੰਦੀ ਹੈ। ਇਹਨਾਂ ਨਵੇਂ ਮੰਡੀਕ੍ਰਿਤ ਸੱਭਿਆਚਾਰਕ
ਪ੍ਰਵਚਨਾਂ ਵਿਚ ਹਿੰਸਾ, ਅਨਾਰਕੀ ਸੱਤਾ ਦੇ ਮੁਕਾਬਲੇ ਵਿਚ ਲੱਗੇ ਲੋਕਾਂ ਦੀ ਮੁੱਖ ਲੋੜ
ਹੁੰਦੀ ਹੈ।
ਵੈਲੀਆਂ ਦੀ ਅੱਖ ਅੱਜ ਲਾਲ ਐ
ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ
-ਬਾਲੀ ਰਿਆੜ
ਕਿਹੜਾ ਬੰਦਾ ਯਾਰਾਂ ਤੋਂ ਮਰਾਉਣਾ ਅੱਜ ਤੈਂ
ਨਿੱਤ ਨਿੱਤ ਬਿੱਲੋ ਨ੍ਹੀਂ ਲੜਾਈਆਂ ਹੋਣੀਆਂ
-ਰਾਏ ਜੁਝਾਰ
ਸਹੁੰ ਤੇਰੀ ਮੈਨੂੰ ਸੋਹਣੀਏ ਪਹਿਲਾਂ ਸੀ ਚੰਗਾ
ਰੱਜ ਕੇ ਕੁੜੇ ਸ਼ਰੀਫ ਸੀ ਨਾ ਕਰਦਾ ਦੰਗਾ
ਰਾਹ ਤੇਰਾ ਕੋਈ ਡੱਕ ਜੇ ਮੈਂ ਕਿੱਦਾਂ ਜਰਦਾ
ਹਿਟਲਰ ਬਣ ਗਿਆ ਸੋਹਣੀਏ, ਤੇਰੀ ਰਾਖੀ ਕਰਦਾ
-ਰਣਜੋਧ
ਯਾਰਾਂ ਦੇ ਸਿਰਾਂ ‘ਤੇ ਹਥਿਆਰਾਂ ਦੇ ਸਿਰਾਂ ‘ਤੇ
ਜਿੱਤੀਏ ਮੈਦਾਨ ਤਲਵਾਰਾਂ ਦੇ ਸਿਰਾਂ ‘ਤੇ
ਹਿੱਕ ਦੀ ਜੁਅਰਤ ਨਾਲ ਫੈਸਲੇ ਕਰੀਦੇ
ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ
ਗੈਰਾਂ ਦਿਆਂ ਸਿਰਾਂ ‘ਤੇ ਨ੍ਹੀਂ ਹੁੰਦੀਆਂ ਲੜਾਈਆਂ
ਆਪਣੇ ਵੀ ਡੌਲਿਆਂ ‘ਚ ਜਾਨ ਚਾਹੀਦੀ
-ਮੰਗੀ ਮਾਹਲ
............................................
ਅਪਣੀਆਂ ਬਾਹਾਂ ਉੱਤੇ ਰੱਬ ਜਿੱਡਾ ਮਾਣ
ਨਹੀਂ ਰੱਖਦੇ ਭਰੋਸਾ ਹਥਿਆਰਾਂ ‘ਤੇ
.........................................
ਤੇਰੇ ਪਿੱਛੇ ਘੁੰਮਦੇ ਨੇ ਜਿਹੜੇ ਬਣੇ ਘੈਂਟ ਨੀਂ
ਚੜ੍ਹ ਗਏ ਜੇ ਹੱਥੇ ਸਾਲੇ ਸਾਰੇ ਦੇਣੇ ਫੈਂਟ ਨੀਂ
ਹਾਕੀਆਂ ਨਾ ਮਾਰ-ਮਾਰ
ਬਿਜਲੀ ਦੀ ਲੈ ਕੇ ਤਾਰ
ਜੱਟ ਫੇਰ ਛੱਡੂ ਚਾਰ ਚਾਲੀ ਦਾ ਕਰੰਟ ਨੀਂ
ਫੇਰ ਭਾਵੇਂ ਸਾਡੇ ਨਾਂ ‘ਤੇ ਨਿਕਲੇ ਵਰੰਟ ਨੀਂ
-ਦਿਲਜੀਤ
ਇਹਨਾਂ ਸਾਰੇ ਆਤੰਕੀ ਪ੍ਰਵਚਨਾਂ ਦਾ ਕੇਂਦਰੀ ਧੁਰਾ ਸੱਤਾ ਬਣਨਾ ਹੈ ਜੋ ਸਮਾਜਿਕ ਸਨਮਾਨ
ਰਾਹੀਂ ਮਾਦਾ ਲਿੰਗਕਤਾ ਨੂੰ ਆਪਣੇ ਵੱਲ ਆਕਰਸਿ਼ਤ ਕਰਨ ਦੀ ਕਿਰਿਆ ਜਾਪਦਾ ਹੈ, ਕਿਉਂਕਿ ਉਹ
ਅਪਣੀ ਤਾਕਤ ਨੂੰ ਪ੍ਰਗਟਾਉਂਦਾ ‘ਨੀਂ’ ਨੂੰ ਸੰਬੋਧਤ ਹੋ ਕੇ ਹੀ ਹੈ। ਭਾਵ ਹਰ ਪ੍ਰਤੀਕ ਸੱਤਾ
ਰਾਹੀਂ ਔਰਤ ਦੀ ਲਿੰਗਕ ਸੱਤਾ ਨੂੰ ਜਿੱਤ ਕੇ ਕਬਜ਼ੇ ‘ਚ ਕਰਨ ਨੂੰ ਹੀ ਚਿਹਨਤ ਕਰਦਾ ਹੈ। ਔਰਤ
ਦੇ ਉਪਭੋਗ ਲਈ ਇਹ ਕੀਮਤ ਤੈਅ ਕਰਨ ਦੇ ਸੰਕੇਤ ਸਦਕਾ ਨਾਰੀ ਵਸਤੂ ਦੀ ਸਥਿਤੀ ‘ਚ ਡਿੱਗ ਕੇ
ਮੰਡੀ ਵਿਚਲੀਆਂ ਸੱਤਾਵਾਂ ਦੁਆਰਾ ਭੋਗਣ ਦੀ ਵਸਤੂ ਬਣ ਜਾਂਦੀ ਹੈ। ਅੱਜ ਗੀਤਾਂ ਰਾਹੀਂ ਜੱਟੀ
ਆਜ਼ਾਦ ਹੀ ਨਹੀਂ ਹੋਰਾਂ ਉਪਰ ਸੱਤਾ ਕਾਇਮ ਕਰਨ ਵਾਲੀ ਨਾਰੀ ਵਜੋਂ ਸੰਬੋਧਤ ਹੁੰਦੀ ਹੈ ਤਾਂ
ਇਹ ਵੈਲੀ ਕਿਸ ਔਰਤ ਲਈ ਲੜ ਰਹੇ ਹਨ? ਸੁਆਲ ਦਾ ਜੁਆਬ ਸੁਆਲ ਵਿਚ ਮੌਜੂਦ ਹੈ। ਅੱਜ ਦੇ ਇਸ
ਮੀਡੀਆ ਸੱਭਿਆਚਾਰ ਵਿਚ ‘ਹੋਰ’ (ਅਦਰ) ਔਰਤ ਸਿਰਫ ਭੋਗਣ ਵਾਲੀ ਵਸਤੂ ਹੈ ਅਤੇ ਲਾਫਟਰ ਚੈਨਲ
ਇਹ ਖੁੱਲ੍ਹ ਲੈ ਇਸ ਸਥਿਤੀ ਨੂੰ ਪੋਰਨੋਗਰਾਫੀ ਤੱਕ ਹੇਠਾਂ ਸੁੱਟ ਦਿੰਦੇ ਹਨ। ਵਿਡੰਬਨਾ ਇਹ
ਹੈ ਕਿ ਉਹ ਲਿੰਗਕ ਕਿਰਿਆ ਸਿਰਫ ਹਾਸਾ ਪੈਦਾ ਕਰਨ ਲਈ ਕਰਦੇ ਹਨ। “ਅਜਿਹਾ ਹਾਸਾ ਹੱਸਦੇ ਹੋਏ
ਤਮਾਸ਼ਈ ਮਾਨਵਤਾ ਦੀ ਪੈਰੋਡੀ ਜਾਪਦੇ ਹਨ।”6 ਔਰਤ ਦੀ ਲਿੰਗਕਤਾ ਚੌਰਾਹੇ ਵਿਚ ਪੋਰਨੋਗਰਾਫਿਕ
ਰੂਪ ਧਾਰ ਲੈਂਦੀ ਹੈ, “ਲਿੰਗੀ ਜਨ ਉਤਪਾਦਨ ਆਪਣੇ ਆਪ ਹੀ ਆਪਣੇ ਦਮਨ ਰੂਪ ਨੂੰ ਸਵੀਕਾਰ ਕਰ
ਲੈਂਦਾ ਹੈ।”7 ਜਦੋਂ ‘ਮੁੰਨੀ ਬਦਨਾਮ ਹੂਈ ਡਾਰਲਿੰਗ ਤੇਰੇ ਲੀਏ’ ਗੀਤ ਨੂੰ ਭਾਰਤੀ ਸਮਾਜ ਵਿਚ
ਕੇਂਦਰੀ ਸਥਾਨ ਪ੍ਰਾਪਤ ਹੁੰਦਾ ਹੈ ਤਾਂ ਉਹ ਸਿਰਫ ‘ਮੁੰਨੀ’ ਦੀ ਲਿੰਗਕਤਾ ਨੂੰ ਹੀ ਹਾਸ਼ੀਏ
ਤੋਂ ਕੇਂਦਰ ‘ਚ ਲੈ ਕੇ ਆਉਂਦਾ ਹੈ ਭਾਵ ਹਾਸ਼ੀਆਗਤ ‘ਮੁੰਨੀ’ ਆਪਣੀ ਲਿੰਗਕਤਾ ਨੂੰ ਤਾਂ
ਕੇਂਦਰ ਵਿਚ ਲਿਆ ਸਕਦੀ ਹੈ ਪਰ ਆਪ ਹਾਸ਼ੀਆਗਤ ਹੀ ਰਹੇਗੀ। ਮੰਡੀ ਉਤੇ ਕਾਬਜ਼
ਸੱਤਾਵਾਂ/ਜੇਬਾਂ ਲਈ ਇਸ ਲਾਜ਼ੀਜ਼ ਜਿਸਮ (ਸ਼ਬਾਬ) ਦਾ ਭੰਡਾਰ ਮਾਣ ਨਾਲ ਪ੍ਰੋਸੇ ਜਾਣ ਲਈ
ਤਿਆਰ ਹੈ। ਉਹ ਮਰਦ ਦੇ ਕਾਮੁਕ ਸੰਕਟ ਵਿਚ “ਜੰਡੂ ਭਾਮ” ਵਰਗੀ ਨਿਖਿੱਧ ਔਸ਼ਧੀ ਹੋ ਕੇ ਵੀ
ਰਾਹਤ ਦਿੰਦੀ ਹੈ। ਮੁੰਨੀ ਦਾ ਲਾਜ਼ੀਜ਼ ਜਿਸਮ ਜੇਬਾਂ ਨੂੰ ਰਾਹਤ ਬਖਸ਼ਦਾ ਹੈ। ‘ਸ਼ੀਲਾ ਦੀ
ਜਵਾਨੀ’ ਨੇ ਤਾਂ ਇਸ ਲਿੰਗਕ ਕਾਰੋਬਾਰ ‘ਚ ਗਤੀ ਬਖਸ਼ ਦਿੱਤੀ ਅਤੇ ਜੇਬਾਂ ਇਹ ਕਹਿੰਦੀਆਂ ਹਨ
ਕਿ
ਸ਼ੀਲਾ ਹੋ ਜਾਂ ਮੁੰਨੀ, ਅਸੀਂ ਤਾਂ ਲੈਣੀ ਚੁੰਮੀ
ਅਸੀਂ ਤਾਂ ਲੈਣੀ ਚੁੰਮੀ, ਸ਼ੀਲਾ ਹੋ ਜਾਂ ਮੁੰਨੀ।
-ਦਲੇਰ ਮਹਿੰਦੀ
ਭਾਵ ਜੇਬਾਂ/ਸੱਤਾਵਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਦਾ ਜਿਸਮ ਹੈ, ਬਸ ‘ਉਪਭੋਗ’
ਹੀ ਜੇਬ ਦੀ ਲੋੜ ਬਣ ਗਿਆ ਹੈ ਅਤੇ ਇਹ ਜੇਬਾਂ ਵਿਚਲੇ ਤੂਫਾਨ ਦੀ ਭਟਕਣਾ ਸ਼ੀਲਾ, ਮੁੰਨੀ
ਰਾਹੀਂ ਸਕੂਨ ਤਲਾਸ਼ਦੀ ਹੈ। ਹਾਸ਼ੀਆਗਤ ਔਰਤ ਆਪਣੇ ਵਸਤੂ ਜਿਸਮ ਦੀ ਬਦੌਲਤ ਮੰਡੀ ਉਪਭੋਗ ਲਈ
‘ਕਿਰਿਆਸ਼ੀਲ’ ਹੋਣ ਲਗਦੀ ਹੈ ਅਤੇ ਇਹ ਹਾਸ਼ੀਆਗਤ ਜਿਸਮ ਵਸਤਾਂ ਦੀ ਚਕਾਚੌਂਧੀ ‘ਮਜਬੂਰੀ’
ਸਦਕਾ ਵਸਤ ਵਜੋਂ ਪ੍ਰਕਿਰਿਆ ਕਰਨ ਲਗਦੇ ਹਨ। ਮੰਡੀ ਦਾ “ਔਸ਼ਧੀ ਇਸ਼ਨਾਨ” ਘਰਾਂ ਦੇ ਬੈੱਡਰੂਮ
ਨੂੰ ਸਿੱਧਾ ‘ਹੀਰਾ ਮੰਡੀ’ ਨਾਲ ਜੋੜ ਦਿੰਦਾ ਹੈ। ਜਿੱਥੇ ਮਾਣ ਨਾਲ ਇਹ ਪੇਸ਼ ਕੀਤਾ ਜਾਂਦਾ
ਹੈ ਕਿ ‘ਸ਼ੀਲਾ ਹੋ ਜਾਂ ਮੁੰਨੀ, ਅਸੀਂ ਤਾਂ ਲੈਣੀ ਚੁੰਮੀ’। ਚੁੰਮੀ ਕਿਸ ਚੀਜ਼ ਦਾ ਅਰਥ
ਸੰਚਾਰ ਕਰਦੀ ਹੈ, ਪੰਜਾਬੀ ਬੰਦਾ ਇਸ ਬਾਰੇ ਬਹੁਤ ਚੇਤੰਨ ਹੈ। ਅੱਜ ਔਰਤ ਨੂੰ ਸਿਰਫ ਧਨ ਦੀ
ਵਟਾਂਦਰਾ ਦਰ ਬਣਾ ਦਿੱਤਾ ਗਿਆ ਹੈ। ਪੰਜਾਬ ਵਿਚ ਤਾਂ ਇਹ ਸਿੱਖਿਅਤ ਅਦਾਰਿਆਂ ਵਿਚਲੀ ਨਾਰੀ
ਨੂੰ ਵੀ ਮਰਦ ਦੇ ਹਾਬੜੇ ਲਈ ਖੁੱਲ੍ਹੇਆਮ ਮੰਡੀ ਵਿਚ ਧੱਕ ਦਿੰਦਾ ਹੈ, ਬਾਸ਼ਰਤੇ ਕਿ ਉਸ ਨੂੰ
ਮਰਦ ਸੱਤਾਵਾਂ ਦੀ ਜੇਬ ਨੂੰ ਵਰਤਣਾ ਆਉਂਦਾ ਹੋਵੇ।
ਤੂੰ ਜੱਟ ਨੂੰ ਕੰਗਾਲ ਕਰਕੇ
ਹੁਣ ਕੀਹਦੇ ਬਟੂਏ ਨੂੰ
ਵਾਢਾ ਲਾ ਲਿਆ।
ਪੰਜਾਬੀ ਗਾਇਕੀ ਔਰਤ ਨੂੰ ਮੰਡੀ ‘ਚ ਆਪਣਾ ਭਾਅ ਵਧਾਉਣ ਲਈ ਹੁਸਨ ਮੰਡੀ ਦਾ ਗੁਰ ਸਮਝਾਉਂਦੀ
ਹੈ। ਇੱਥੇ “ਮੁਹੱਬਤ ਰੁਮਾਂਸ ਦੀ ਪੱਧਰ ਤੱਕ ਹੇਠਾਂ ਨਿੱਘਰ ਜਾਂਦੀ ਹੈ।”8 ਭਾਵ ਰੁਮਾਂਸ ਹੀ
ਮੁਹੱਬਤ ਦਾ ਰੂਪ ਧਾਰ ਕੇ ਜਿ਼ਹਨ ਨੂੰ ਆਪਣੇ ਵੱਸ ‘ਚ ਕਰ ਲੈਂਦਾ ਹੈ। ਉਤਪਾਦਨਹੀਣ ਅਤੇ ਮੰਡੀ
ਦੀ ਜੋਕ ਰੂਪੀ ਸੱਤਾ ਨੂੰ ਵਡਿਆਉਣ ਵਾਲਾ ਵਿਅਕਤੀ ਮੁਹੱਬਤ ਨੂੰ ਵਪਾਰ ਵਜੋਂ ਲੈਂਦਾ ਹੈ। ਇਸੇ
ਲਈ ਔਰਤ ਨਖਰੇ ਦੇ ਚਿਹਨ ਉਪਰ ਜ਼ੋਰ ਦੇ ਕੇ ਆਪਣੀ ਕੀਮਤ ਵਿਚ ਵਾਧਾ ਕਰਦੀ ਹੈ। ਨਖਰਾ ਮਰਦ
ਸੱਤਾ ਦੀ ਵਸਤੂ ਪ੍ਰਾਪਤ ਕਰਨ ਦੀ ਹਉਮੈ ਨੂੰ ਸੱਟ ਮਾਰਦਾ ਹੈ। ਸੱਤਾਵਾਂ ‘ਨਖਰੇ’ ਦੀ ਬੋਲੀ
ਵਧਾਉਂਦੀਆਂ ਜਾਂਦੀਆਂ ਹਨ।
ਸੋਹਣੀ ਜੀ ਸ਼ਕਲ ਹੋਵੇ ਤਾਂ,
ਥੋੜ੍ਹੀ ਜਿਹੀ ਅਕਲ ਹੋਵੇ ਤਾਂ
ਸਿੱਟਿਆਂ ‘ਤੇ ਆਈ,
ਜੋਬਨ ਦੀ ਫਸਲ ਹੋਵੇ ਤਾਂ
ਮੁੰਡੇ ਖੁੰਡੇ ਕੁਰਬਾਨ ਪਲ ਪਲ ਹੁੰਦੇ ਨੇ
ਵੇ ਸਾਰੇ ਮਸਲੇ ਸੋਹਣਿਆ
ਅੱਖ ਦੇ ਇਸ਼ਾਰੇ ਨਾਲ ਹੱਲ ਹੁੰਦੇ ਨੇ
ਵੇ ਸਾਰੇ ਮਸਲੇ ਸੋਹਣਿਆ
ਟੌਅਰ ਦਾ ਕੀ ਫਾਇਦਾ
ਪਿੱਛੇ ਲੱਗੇ ਨਾ ਬਾਜ਼ਾਰ ਜੇ
ਉਹ ਕਾਹਦਾ ਨਖਰਾ,
ਜੋ ਗੱਭਰੂ ਸਹਾਰ ਜੇ
ਸੁਰਮਾ ਜੇ ਪਾਉਣਾ ਆਵੇ
ਪਾ ਕੇ ਮਟਕਾਉਣਾ ਆਵੇ
ਹੁੰਦਾ ਕੀ ਨਈਓ
ਆਉਂਦੇ ਜਦੋਂ ਵੱਲ ਹੁੰਦੇ ਨੇ
ਵੇ ਸਾਰੇ ਮਸਲੇ ਸੋਹਣਿਆ
ਅੱਖ ਦੇ ਇਸ਼ਾਰੇ ਨਾਲ ਹੱਲ ਹੁੰਦੇ ਨੇ
-ਮਿਸ ਨੀਲਮ
ਇਹ ਸਾਰੇ ਪ੍ਰਤੀਕ ਸੱਭਿਆਚਾਰ ਵਿਚ ਇਕ ਰਕਾਨ ਦੀ ਸਰਦਾਰੀ ਸਿੱਧ ਕਰਨ ਦੇ ਪ੍ਰਤੀਕ ਹੁੰਦੇ ਨੇ
ਅਤੇ ਇਹਨਾਂ ਦਾ ਪ੍ਰਗਟਾਵਾ ਰਕਾਨ ਦੀ ਹੋਂਦ ਸਿੱਧ ਕਰਨ ਦਾ ਸਾਮੰਤੀ ਮਾਧਿਅਮ ਹੈ, ਪ੍ਰੰਤੂ
ਇੱਥੇ ਇਹ ਸਾਰੇ ਚਿਹਨਾਂ ਦੇ ਅਰਥ ਬਾਜ਼ਾਰ ਵਿਚ ਖੁੱਲ੍ਹਦੇ ਹਨ। ਮਰਦ ਵੱਲੋਂ ਪੇਸ਼ ਕੀਤੇ ਜਾ
ਰਹੇ ਸੱਤਾ ਬਣਨ ਦੇ ਚਿਹਨਾਂ ਦੇ ਐਨ ਬਰਾਬਰ ਸੱਤਾ ਨੂੰ ਨਾਰੀ ਦੇ ਰੁਮਾਂਸ ਉੱਤੇ ਕੇਂਦਰਿਤ
ਕਰਾਉਣ ਲਈ ਮੰਡੀ ਦੇ ਵੱਲ ਸਿਖਾਏ ਜਾ ਰਹੇ ਹਨ। ਉਸ ਔਰਤ ਦਾ ਕੀ ਫਾਇਦਾ ਜੇ ਉਹ ਬਾਜ਼ਾਰ ਨੂੰ
ਆਕਰਸਿ਼ਤ ਨਹੀਂ ਕਰ ਸਕਦੀ ਭਾਵ ਮੰਡੀ ਵਿਚ ਨਾਰੀ ਲਈ ਭਿੜਦੀਆਂ ਮਰਦ ਸੱਤਾਵਾਂ ‘ਚੋਂ ਔਰਤ ਨੂੰ
ਆਪਣੇ ਵਸਤੂ ਰੂਪ ਦੇ ਨਿਖਾਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੀ ਕੀਮਤ ਵਧਾ
ਸਕੇ, ਕਿਉਂਕਿ ਵਸਤੂ ਦਾ ਆਕਰਸ਼ਣ ਮੰਡੀ ਦਾ ਪਹਿਲਾ ਅਸੂਲ ਹੈ। ਇਹ ਮੰਡੀ ਜਜ਼ਬਾਤ ਨੂੰ ਧਰਤ
‘ਚ ਡੂੰਘੇ ਦਫਨ ਕਰ ਦਿੰਦੀ ਹੈ, ਕਿਉਂਕਿ ਜਜ਼ਬਾਤ ਮੁਹੱਬਤ ਪੈਦਾ ਕਰਦੇ ਹਨ। ਮੁਹੱਬਤ ਸਨੇਹ
ਰਾਹੀਂ ਬੰਦੇ ਨੂੰ ਮਾਨਵੀ ਸ਼ਕਲ ‘ਚ ਢਾਲਦੀ ਵਸਤੂਆਂ ਦੀ ਹੋਂਦ ਦਾ ਨਾਕਾਰ ਬਣ ਜਾਂਦੀ ਹੈ ਅਤੇ
ਮੁਹੱਬਤ ਸਥਾਪਿਤ ਤੰਤਰ ਲਈ ਖਤਰਾ ਬਣ ਜਾਂਦੀ ਹੈ। ਇਸੇ ਕਰਕੇ ਮੰਡੀ ਔਰਤ/ਮਰਦ ਨੂੰ ਜਜ਼ਬਾਤ
ਮੁਕਤ ਕਰਨ ਲਈ ਸਿਰ ਪਰਨੇ ਹੈ। ਵੈਲੀਆਂ ਦੀ ਸੱਤਾ ਡਫੀਰ ਮਾਰਨ ‘ਤੇ ਖੜ੍ਹੀ ਹੈ। ਇੱਥੇ ਔਰਤ
ਕਹਿ ਰਹੀ ਹੈ ਕਿ ਮੇਰੇ ਵਰਗੇ ਡਫੀਰ ਮਾਰਨੇ ਚਿਹਨੀ ਕੀਮਤ ਵਿਚ ਵਾਧਾ ਕਰਦੇ ਹਨ।
ਹੁੰਦੀ ਨਾ ਇਮੋਸ਼ਨਲ ਮਾਡਰਨ ਹੀਰ ਵੇ
ਬਣ ਕੇ ਵਿਖਾ ਨਾ ਬਹੁਤਾ ਮੇਰੇ ਜੇ ਡਫੀਰ ਵੇ
ਬਹਿ ਜਾਈਂ ਨਾ ਕਟਾ ਕੇ ਕਿਤੇ ਨੋਜ਼ ਮੁੰਡਿਆ ਵੇ
ਐਨੀ ਛੇਤੀਂ ਨਈ ਓ ਹੋਈਦਾ ਕਲੋਜ਼ ਮੁੰਡਿਆ ਵੇ
-ਮਿਸ ਨੀਲਮ
ਅਜਿਹੇ ਸਮਾਜਾਂ ‘ਚ ਹੀ ਸ਼ਬਦ ਇਤਿਹਾਸ ਮੁਕਤ ਹੋ ਜਾਂਦੇ ਹਨ। ਜਿਸਨੂੰ ਉੱਤਰ-ਆਧੁਨਿਕਤਾਵਾਦੀ
ਚਿੰਤਕ ਅਰਥ ਮੁਕਤ (ਮੁਲਤਵੀ ਹੁੰਦਿਆਂ ਹੋਇਆਂ ਅਰਥਾਂ ਤੋਂ ਮੁਕਤ ਹੋ ਜਾਣਾ) ਕਰਾਰ ਦਿੰਦੇ
ਹਨ, ਕਿਉਂਕਿ ਚਿਹਨ ਅਰਥ ਦੇ ਸੰਕੇਤ ਕਰਨ ਤੋਂ ‘ਇਨਕਾਰੀ’ ਹੋ ਜਾਂਦੇ ਹਨ। “ਹਿਟਲਰ ਬਣ ਗਿਆ
ਸੋਹਣੀਏ ਨੀਂ ਤੇਰੀ ਰਾਖੀ ਕਰਦਾ।” ਇੱਥੇ ਹਿਟਲਰ ਦੇ ਫਾਸ਼ੀਵਾਦੀ ਇਤਿਹਾਸ ‘ਚ ਕਰੋੜਾਂ
ਮਨੁੱਖਾਂ ਦਾ ਕਤਲੇਆਮ ਅਦ੍ਰਿਸ਼ਟ ਹੋ ਇਕ ਤੁਛ ਜਿਹਾ ਕਾਰਜ ਬਣ ਜਾਂਦਾ ਹੈ। ਕੋਈ ਵੀ ਆਪਣੀ
ਅਣਖ ਦੀ ਖਾਤਿਰ ਹਿਟਲਰ ਹੋ ਸਕਦਾ ਹੈ। ਇਹ “ਅਣਖ” ਆਪਣੇ ਹਿਟਲਰ ਹੋ ਜਾਣ ਦੀ ਪ੍ਰਕਿਰਿਆ ਨੂੰ
ਨਮੋਸ਼ੀ ਭਰੀ ਜਾਂ ਅਮਾਨਵੀ ਰੂਪ ਵਜੋਂ ਕਬੂਲਣ ਦੀ ਬਜਾਏ ਅਣਖ ਦੇ ਫਾਸ਼ੀਵਾਦੀ ਰੁਝਾਨ ‘ਚ
ਵਾਧਾ ਕਰਦੀ ਹੈ ਕਿ ਕਿਸੇ ਔਰਤ ਦੀ ਲਿੰਗਕਤਾ ਆਜ਼ਾਦ ਕਿਵੇਂ ਹੋ ਸਕਦੀ ਹੈ? ਉਸ ਦੇ ਨਿਯੰਤ੍ਰਣ
ਲਈ ਰਾਖੀ ਕਰਦਿਆਂ ਹਿਟਲਰ ਦੇ ਫਾਸ਼ੀਵਾਦੀ ਰੁਝਾਨ ਤੱਕ ਪਹੁੰਚਿਆ ਜਾ ਸਕਦਾ ਹੈ। ਸੱਤਾ ਲਿੰਗਕ
ਨਿਯੰਤ੍ਰਣ ‘ਚੋਂ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰਦਿਆਂ ਫਾਸ਼ੀਵਾਦ ਤੱਕ ਪਹੁੰਚਦੀ ਹੈ
(ਜਰਮਨ ਫਾਸ਼ੀਵਾਦ ਔਰਤ ਨੂੰ ਮਸ਼ੀਨ ਵਜੋਂ ਪ੍ਰਭਾਸਿ਼ਤ ਕਰਦਾ ਹੈ ਜੋ ਮਰਦ ਦੇ ਨਿਯੰਤ੍ਰਣ ‘ਚ
ਹੁੰਦੀ ਹੈ) ਬੱਬੂ ਮਾਨ ਨਲੂਆ ਵੱਲੋਂ ਅਫਗਾਨ ਇਲਾਕੇ ‘ਚ ਕੀਤੇ ਅੱਤਿਆਚਾਰ ਨੂੰ ਜੱਟਾਂ ਦੀ
ਵਡਿਆਈ ਦੱਸਦਾ ਹੈ ਅਤੇ ‘ਮੌਤ ਦੇ ਵਪਾਰੀ’ ਭਾਵ ਫਾਸ਼ੀਵਾਦ ਦੀ ਲੋੜ ਨੂੰ ਮਹਿਸੂਸ ਕਰਾਉਂਦਾ
ਹੈ। ਗੌਰਵ ਨੇ ਭਿੜਦਿਆਂ ਹੋਇਆਂ ਅੰਤਿਮ ਰੂਪ ‘ਚ ਫਾਸਿ਼ਸਟ ਭਾਵ ਮੌਤ ਦੇ ਵਪਾਰੀ ਹੀ ਬਣਨਾ
ਹੁੰਦਾ ਹੈ। ਇਸੇ ਲਈ ਉਸਨੂੰ ਅਪਣੇ ਗੌਰਵ ਲਈ ਇਤਿਹਾਸ ਦੀ ਵੀ ਭੰਨ ਤੋੜ ਕਰਨੀ ਪੈਂਦੀ ਹੈ।
ਗੌਰਵ ਲਈ ਕਾਮਾ ਜਗਤ ਦਾ ਕਤਲੇਆਮ ਇਤਿਹਾਸ ‘ਚ ਮਾਣਯੋਗ ਪ੍ਰਾਪਤੀ ਬਣ ਜਾਂਦਾ ਹੈ।
ਮਰਨੋਂ ਮੂਲ ਨਾ ਡਰਦੇ ਨੀਂ ਜਿਹੜੇ ਮੌਤ ਦੇ ਵਪਾਰੀ ਨੇ
ਆ ਅਫਗਾਨ ਜਿਨ੍ਹਾਂ ਨਾ ਲੜ ਕੇ ਗੋਰੇ ਵੀ ਅੱਜ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ
ਸੌਂ ਜਾ ਪੁੱਤਰਾ ਸੌਂ ਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ
ਦੁਨੀਆਂ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ ਫੋਰਸ
ਵੜਿਆ ਜਦ ਪੰਜਾਬ ‘ਚ ਮੂਹਰੇ ਟੱਕਰ ਗਿਆ ਜੱਟ ਪੋਰਸ
ਹਾਰ ਕੇ ਵੀ ਜਿੱਤ ਲਿਆ ਸਿਕੰਦਰ ਆਖਿਰ ਬਲਹਾਰੀ ਨੇ।
ਮਰਨੋਂ ਮੂਲ ਨਾ...
-ਬੱਬੂ ਮਾਨ
ਇਹ ਇਤਿਹਾਸ ਮੁਕਤ ਤਾਰੀਖ ਹੈ, ਕਿਉਂਕਿ ਜੱਟਾਂ ਨੂੰ ਪੰਜਾਬ ਦਾ ਮਾਣ ਅਤੇ ਗੌਰਵ ਬਣਾਉਣ ਲਈ
ਪੋਰਸ ਨੂੰ ਜੱਟ ਬਣਾਉਣਾ ਜ਼ਰੂਰੀ ਸੀ। ਬੱਬੂ ਮਾਨ ਇਹ ਪੇਸ਼ ਕਰਨਾ ਚਾਹੁੰਦਾ ਹੈ ਕਿ ਬਹੁਤ
ਸਦੀਆਂ ਤੋਂ ਜੱਟ ਹੀ ਪੰਜਾਬ ਦਾ ਗੌਰਵ ਰਹੇ ਹਨ ਅਤੇ ਹੋਰ ਜਨਜਾਤੀ ਕਬੀਲੇ, ਕਬੀਲਿਆਂ ਦੇ
ਗੌਰਵ ਪੰਜਾਬ ਲਈ ਸੰਘਰਸ਼ਸ਼ੀਲ ਨਹੀਂ ਸਨ। ਇਸ ਲਈ ਪੋਰਸ ਦੇ ਸਿਕੰਦਰ ਅੱਗੇ ਗੋਡੇ ਟੇਕਣ ਦੀ
ਬਜਾਏ ਉਸ ਨੂੰ ਜੱਟ ਸਿੱਧ ਕਰਨ ਲਈ ਲੜਾਕੂ ਜਰਨੈਲ ਬਣਾ ਦਿੱਤਾ ਗਿਆ ਹੈ। ਮਿੱਥ ਹੀ ਸੂਰਮੇ ਦੀ
ਸਮਾਜ ਵਿਚ ਸੱਤਾ ਸਥਾਪਤ ਕਰਦੀ ਹੈ ਅਤੇ ਇਹ ਗੀਤ ਚਿਹਨਾਂ ਦੁਆਲੇ ਮਿੱਥ ਲਿਪੇਟਦੇ ਜੱਟ/ਵੈਲੀ
ਨੂੰ ਗੌਰਵਮਈ ਬਣਾ ਦਿੰਦੇ ਹਨ। ਅਸਲ ‘ਚ ਇਹ ਕਬੀਲਾਈ ਮਾਨਸਿਕਤਾ ਦਾ ਮੰਡੀ ਯੁੱਗ ਨਾਲ ਸਿੱਧਾ
ਰਾਬਤਾ ਹੈ। ਭਗਤ ਸਿੰਘ ਕੁਰਬਾਨੀਆਂ ਕਰਨ ਵਾਲੇ ਇਸੇ ਪੰਜਾਬ ਨੂੰ “ਰਾਜਨੀਤਕ ਪਛੜੇਵੇਂ” ‘ਚ
ਨਿੱਘਰਿਆ ਕਰਾਰ ਦਿੰਦਾ ਹੈ। ਅੱਜ ਬਾਜ਼ਾਰ ਵਿਚ ਭਗਤ ਸਿੰਘ ਐਨ ਅਪਣੇ ਉਲਟ ਵਿਚਾਰਾਂ ‘ਚ ਖਪਤ
ਹੋ ਰਿਹਾ ਹੈ। ਉਸ ਦਾ ਬਿੰਬ ਮੰਡੀ ਲਈ ਲਾਹੇਵੰਦਾ ਸਾਬਤ ਹੋਇਆ ਹੈ ਅਤੇ ਵੈਲੀਆਂ ‘ਚ ਮਾਣ ਭਰਨ
ਦਾ ਮਾਰਗ ਵੀ ਹੈ। ਭਗਤ ਸਿੰਘ ਮੰਡੀ ਵਿਚ ਵੈਲੀ/ਡਾਕੂ/ਜੱਟ ਗੌਰਵ ਵਜੋਂ ‘ਸੱਟੇ ਦੀ ਪੂੰਜੀ’
ਨੂੰ ਸਿੰਜ ਰਿਹਾ ਹੈ।
ਉਧਮ, ਭਗਤ, ਕਰਤਾਰ ਅਸੀਂ ਹਾਂ
ਸਾਰੀ ਦੁਨੀਆਂ ‘ਚ ਸਰਦਾਰ ਅਸੀਂ ਹਾਂ
ਪਤਾ ਡੋਗਰਾਂ ਨੂੰ ਅਸੀਂ ਜੱਟ ਜਿਊਣ ਹੁੰਨੇ ਆਂ
ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆਂ
-ਕੇ.ਐੱਸ.ਮੱਖਣ
ਭਗਤ ਸਿੰਘ ਦਾ ਮਾਰਕਸਵਾਦੀ ਬਣਨ ਦਾ ਫਲਸਫਾ ਮੰਡੀ ਦੇ ਗੌਰਵੀ ਤੰਤਰ ਦੀ ਭੇਟ ਚੜ੍ਹਕੇ
ਸਰਦਾਰ/ਵੈਲੀ/ਜੱਟ ਦੀ ਅਣਖ ਦੇ ‘ਹਾਣ’ ਦਾ ਹੋ ਜਾਂਦਾ ਹੈ। ਸਰਦਾਰ/ਜੱਟ/ਵੈਲੀ ਜਿਸ ਕਿਰਤੀ
ਨੂੰ ਦੁੱਕੀ ਤਿੱਕੀ ਵਜੋਂ ਸੰਬੋਧਿਤ ਹਨ ਭਗਤ ਸਿੰਘ ਉਸੇ ਜਮਾਤ ਦਾ ਨਾਇਕ ਹੈ, ਜਿਸ ਨੂੰ ਮੰਡੀ
ਦੌਰ ਵਿਚ ਹੂੰਝ ਕੇ ਇਤਿਹਾਸ ਮੁਕਤ ਕਰ ਦਿੱਤਾ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਅਤੇ ਭਗਤ
ਸਿੰਘ ਜਿਊਣੇ ਜਿਹੇ ਡਕੈਤ ਦੇ ਪੱਧਰ ‘ਤੇ ਹੇਠਾਂ ‘ਡਿੱਗ’ ਪੈਂਦੇ ਹਨ। ਸੂਸਾਨ ਸੰਟੋਗ ਨੇ
ਅਜਿਹੇ ਵਰਤਾਰੇ ਨੂੰ ਉਪਭੋਗਤਾਵਾਦ ਦੀ ਦੇਣ ਦੱਸਿਆ ਸੀ:
“ਇਤਿਹਾਸ ਦੀ ਸਮਰਿਤੀ ਨੂੰ ਜਦੋਂ ਅਸੀਂ ਗਵਾ ਦਿੰਦੇ ਹਾਂ ਤਾਂ ਪੁਰਾਣੇ ਚਿਹਨ ਅਤੇ
ਪ੍ਰਤੀਕ ਦੁਬਾਰਾ ਅਰਥ ਬਦਲ ਕੇ ਸਾਡੇ ਇਸ ਜੀਵਨ ਵਿਚ ਪਰਤ ਆਉਂਦੇ ਹਨ। ਹਿਟਲਰ ਦੇ ਸਮੇਂ ਫੌਜੀ
ਵਰਦੀ, ਹੈਲਮੇਟ, ਚਮੜੇ ਦੇ ਜੈਕੇਟ, ਆਤੰਕ ਅਤੇ ਪਸ਼ੂਪੁਣੇ ਦੇ ਪ੍ਰਤੀਕ ਸੀ। ਇਹ ਸਾਰੀਆਂ
ਚੀਜ਼ਾਂ ਪੱਛਮ ਦੇ ਖਾਦੇ-ਪੀਂਦੇ ਸਮਾਜ ਵਿਚ ਅੱਜ ‘ਪੌਪ ਆਰਟ’ ਤਹਿਤ ਸੈਕਸ ਅਤੇ ਕਾਮ ਉਤੇਜਨਾ
ਦੇ ਪ੍ਰਤੀਕਾਂ ਨੂੰ ਉਸਾਰ ਰਹੀਆਂ ਹਨ। ਪਰਪੀੜਨ ਅਧਾਰਿਤ ਸੈਕਸ ਅਤੇ ਫਾਸ਼ੀਵਾਦ ਚਿਵ ਇਕ
ਡੂੰਘਾ ਸਬੰਧ ਹੈ।”9
ਸੂਸਾਨ ਉਪਭੋਗਤਾ ਬਜ਼ਾਰ ਅਤੇ ਫਾਸ਼ੀਵਾਦ ਦੇ ਡੂੰਘੇ ਸਬੰਧਾਂ ਨੂੰ ਯੂਰਪ ਵਿਚ ਦੇਖ ਰਹੀ ਸੀ।
ਅੱਜ ਗਲੋਬਲੀ ਪੂੰਜੀ ਦੀ ਸੱਭਿਆਚਾਰਕ ਪਕੜ ਵਿਚ ਐੱਨ. ਆਰ. ਆਈ. ਗਾਇਕ ਯੂਰਪ, ਅਮਰੀਕਾ ਤੋਂ
ਇਹ ਪਾਸ਼ਵਿਕਤਾ/ਹਿੰਸਾ/ਆਤੰਕ ਪੰਜਾਬ ਦੀ ਧਰਤੀ ‘ਤੇ ਪਟਕਾਅ ਮਾਰਦੇ ਹਨ ਅਤੇ ਉਪਭੋਗਤਾ ਮੰਡੀ
ਦੇ ਵਿਚਾਰ ਲੋਕਾਂ ਨੂੰ ਅਪਣੀ ਗ੍ਰਿਫਤ ‘ਚ ਲੈ ਕੇ ਕਸ ਲੈਂਦੇ ਹਨ। ਸੂਸਾਨ ਦਾ ਵਿਸ਼ਲੇਸ਼ਣ
ਪੰਜਾਬ ਨੂੰ ਉਸੇ ਤਰ੍ਹਾਂ ਸਮਝਣ ਵਿਚ ਸਹਾਈ ਹੁੰਦਾ ਹੈ, ਜਿਵੇਂ ਅਮਰੀਕਾ ਵਿਚ।
ਉਪਭੋਗਤਾ ਮੰਡੀ ਦੀ ਵਿਚਾਰਧਾਰਾ ਵਿਸ਼ਵ ‘ਚ ਇਕੋ ਰੂਪ ਨਾਲ ਕੰਮ ਕਰਦੀ ਹੈ। ਫਰਕ ਸਿਰਫ ਏਨਾ
ਹੁੰਦਾ ਹੈ ਕਿ ਇਸ ਵਿਚ ਗੌਰਵ ਦੇ ਪ੍ਰਤੀਕ ਸਥਾਨਕ ਹੁੰਦੇ ਹਨ ਜੋ ਮੰਡੀ ਸੱਭਿਆਚਾਰ ਵਿਚ ਨਵੀਂ
ਤਾਕਤ ਫੂਕਦੇ ਹਨ। ਜ਼ੁਬਾਨ ਤਾਂ ਸਿਰਫ ਸੰਚਾਰ ਮਾਧਿਅਮ ਹੈ ਜੋ ਵਿਚਾਰਧਾਰਾ ਦੇ ਇਸ਼ਾਰੇ ‘ਤੇ
ਚੱਲਦੀ ਹੈ। ਪੰਜਾਬੀ ਗਾਇਕ ਅੱਜ ਇਸੇ ਗੌਰਵੀ ਪਾਸ਼ਵਿਕਤਾ ਨੂੰ ਮੰਡੀ ‘ਚ ਉਪਭੋਗ ਲਈ ਤਿਆਰ ਕਰ
ਰਹੇ ਹਨ।
ਹਰੀ ਕ੍ਰਾਂਤੀ ਦਾ ਵਰਤਾਰਾ ਅਪਣੀ ਅੰਤਿਮ ਪ੍ਰਕਿਰਿਆ ਹੰਢਾਅ ਚੁੱਕਾ ਹੈ। ਪੂੰਜੀਵਾਦੀ ਖੇਤੀ
ਦੇ ਇਸ ਅਮਰੀਕਨ ਮਾਡਲ ਦੀ ਉਤਪਾਦਨੀ ਖੜੋਤ ਨੇ ਜ਼ਮੀਨ ਅਤੇ ਉਸਦੇ ਕਾਮੇ ਨੂੰ ਨਿਚੋੜ ਕੇ
ਬਿਮਾਰੀਆਂ ਖਾਧੀ ਧਰਤ ‘ਤੇ ਪਟਕਾਅ ਮਾਰਿਆ ਹੈ। ਅੱਜ ਕਿਸਾਨ ਨੂੰ ਉਪਭੋਗੀ ਵਸਤਾਂ ਵੱਲ ਤੋਰਨ
ਦਾ ਰਾਹ ਇਹਨਾਂ ਗੀਤਾਂ ਨੇ ਫੜਿਆ ਹੋਇਆ ਹੈ। ਗੀਤ ਜੋ ਮਨੁੱਖੀ ਦੁੱਖ-ਸੁੱਖ ‘ਚ ਉਸਦੇ ਸੰਗੀ
ਸਾਥੀ ਰਹੇ ਹਨ ਹੁਣ ਮੰਡੀ ਦੀ ਸ਼ਰਧਾ ‘ਚ ਸਮਰਪਿਤ ਹੋ ਗਏ ਹਨ ਪਰ ਕਿਸਾਨ/ਕਾਮੇ ਦੇ ਇਹ
ਸੱਭਿਆਚਾਰਕ ਆਦਰਸ਼ ਅਜੇ ਵੀ ਉਸ ਨੂੰ ਆਪਣੇ ਮਹਿਸੂਸ ਹੁੰਦੇ ਹਨ। ਉਸ ਕੋਲ ਇਹਨਾਂ ਮੰਡੀ
ਵਸਤਾਂ ਦੇ ਖਰੀਦਣ ਦੀ ਤਾਕਤ ਮੁੱਕ ਗਈ ਹੈ, ਕਿਉਂਕਿ ਉਤਪਾਦਨ ਖੜੋਤ ‘ਚ ਫਸ ਗਿਆ ਹੈ। ਉਸ ਦੀ
ਚਾਹਤ ਇਹਨਾਂ ਪ੍ਰਚਾਰਤ ਵਸਤੂਆਂ ਨੂੰ ਖਰੀਦਣ ਦੀ ਹੈ, ਪਰ ਖਰੀਦ ਸ਼ਕਤੀ ਪੰਗੂ ਹੋ ਜਾਂਦੀ ਹੈ,
ਹਾਸਿਲ! ਜੱਟ ਦੇ ਗੌਰਵ ਲਈ ਉਸ ਦੀ ਉਤਪਾਦਨੀ ਮਸ਼ੀਨ (ਮਾਂ) ਵਿਕਾਊ ਹੈ। ਇਹਨਾਂ ਸਰਦਾਰ,
ਜੱਟ, ਵੈਲੀ, ਅਣਖ ਵਰਗੇ ਜਗੀਰੂ ਚਿਹਨਾਂ ਦੀ ਤਾਬੜਤੋੜ ਸਪਲਾਈ ਬਠਿੰਡਾ ਮਾਰਕਾ ਗਾਇਕੀ ਦਾ
ਵਿਸ਼ੇਸ਼ ਗੁਣ ਹੈ, ਐੱਨ ਆਰ ਆਈ ਗਾਇਕ ਤਾਂ ਇਸ ‘ਚ ਪਾਸ਼ਵਿਕਤਾ ਦਾ ਮਸਾਲਾ ਪਾ ਕੇ ਚਟਪਟਾ ਹੀ
ਬਣਾਉਂਦੇ ਹਨ।
ਮੰਡੀ ਸੱਭਿਆਚਾਰ ਦੀ ਇਸ ਉਪਭੋਗੀ/ਗੌਰਵੀ ਗਾਇਕੀ ਦੇ ਅਜਿਹੇ ਸੱਭਿਆਚਾਰਕ ਸ਼ੋਰ ‘ਚ
ਜੱਟ/ਕਿਸਾਨ ਤੇਜ਼ੀ ਨਾਲ ਜ਼ਮੀਨ ਖੁਣੋਂ ਪੰਗੂ ਬਣਾਇਆ ਜਾ ਰਿਹਾ ਹੈ, ਕਿਉਂਕਿ ਅਜੇ ਮਾਲਵਾ
ਖਿੱਤਾ ਦੁਆਬੇ ਵਾਂਗ ਗਲੋਬਲੀ ਪੂੰਜੀ ਦੇ ਐੱਨ ਆਰ ਆਈ ਚੈਪਟਰ ਦਾ ਦਾਸ ਬਣਕੇ ਉੱਤਰ ਆਧੁਨਿਕ
ਸਥਿਤੀ ਵਿਚ ਨਹੀਂ ਪਹੁੰਚਿਆ, ਭਾਵ ਅਜੇ ਇਹ ਕਲਾ, ਸਾਹਿਤ ਅਤੇ ਸੰਘਰਸ਼ ਕਾਰਨ ‘ਗਲੋਬਲੀ’ ਚੱਕ
ਦੀਆਂ ਪੂਰੀਆਂ ਭੁਆਂਟਣੀਆਂ ਦੇ ਪ੍ਰਕੋਪ ਦਾ ਸਿ਼ਕਾਰ ਨਹੀਂ ਹੋਇਆ। ਗਲੋਬਲੀ ਮੰਡੀ ਤਾਂ
ਸਮੁੱਚੇ ਪੰਜਾਬ ਦੇ ਜਿ਼ਹਨ ‘ਤੇ ਉਕਰੀਆਂ ਸਿਮਰਿਤੀਆਂ ਨੂੰ ਮਿਟਾਅ ਕੇ ਇਕੋ ਸ਼ਬਦ ਲਿਖ ਦੇਣਾ
ਚਾਹੁੰਦੀ ਹੈ, ਉਪਭੋਗ! ਜਦੋਂ ਕੋਈ ਕੌਮ ਇਤਿਹਾਸ ਹੱਥੋ ਹਾਰ ਜਾਂਦੀ ਹੈ ਤਾਂ ਉਹ ਆਪਣੀ ਬਚੀ
ਖੁਚੀ ਤਾਕਤ ਨੂੰ ਅਪਣੇ ਅਤੀਤੀ ਗੌਰਵ ‘ਚੋਂ ਤਲਾਸ਼ਣ ਲਗਦੀ ਹੈ, ਮੰਡੀ ਇਸ ਦੇ ਸਹਾਇਕ ਵਜੋਂ
ਕੰਮ ਕਰਦੀ ਹੈ ਅਤੇ ਬੰਦੇ ਨੂੰ ਬੌਧਿਕ ਰੂਪ ‘ਚ ਕੰਗਾਲ ਕਰਦਿਆਂ ਵਿਰਸੇ ਤੋਂ ਮੁਕਤ ਹਾਕਮ
ਵਿਚਾਰਧਾਰਾ ਦੀ ਕੁਠਾਲੀ ‘ਚ ਢਾਲ ਦਿੰਦੀ ਹੈ ਅਤੇ ਗਾਇਕ ਅੱਜ ਗੌਰਵੀ ਪਾਸ਼ਵਿਕਤਾ ਨੂੰ
ਸੱਭਿਆਚਾਰ ਦੇ ਢੌਂਗੀ ਰੂਪ ‘ਚ ਵੇਚਦੇ ਜੱਟ ਦੀ ਉਤਪਾਦਨੀ ਮਸ਼ੀਨ ਨੂੰ ਵਿਸ਼ਵ ਮੰਡੀ ਦੇ
ਹਵਾਲੇ ਕਰਨ ਦੇ ਸਾਜਿ਼ਸ਼ੀ ਰੂਪ ਨੂੰ ਅਮਲੀ ਪ੍ਰਕਿਰਿਆ ‘ਚ ਪਾ ਕੇ ਉਹਨਾਂ ਹੱਥ ਆਤੰਕ ਅਤੇ
ਪਸ਼ੂਪੁਣੇ ਦਾ ਸਮਾਨ ਥਮਾ ਰਹੇ ਹਨ। ਮਾਨਵੀ ਸੰਕਲਪ ਜਜ਼ਬਾਤ, ਪ੍ਰਤੀਬੱਧਤਾ, ਸੰਵੇਦਨਸ਼ੀਲਤਾ,
ਸਾਂਝ, ਮਾਨਵੀ ਵਿਸ਼ਵਾਸ, ਗਿਆਨ ਸਭ ਤੇਜ਼ੀ ਨਾਲ ਮੰਡੀ ਦੀਆਂ ਨੀਂਹਾਂ ‘ਚ ਦਫਨ ਕੀਤੇ ਜਾ ਰਹੇ
ਹਨ। ਅੱਜ ਪੰਜਾਬ ‘ਚ ਦੁਨਾਲੀ, ਡਾਂਗ, ਵੈਲੀ, ਸਰਦਾਰ ਜਿਹੇ ਹਿੰਸਕ ਪ੍ਰਤੀਕ ਧੜਾ-ਧੜ ਉਪਭੋਗ
ਕਰਵਾਏ ਜਾ ਰਹੇ ਹਨ। ਬ੍ਰਾਹਮਣਿਕ ਤੰਤਰ ਦਾ ਇਹੋ ਕਮਾਲ ਹੈ ਕਿ ਸਰਦਾਰੀ ਭਾਵੇਂ ਜੱਟ ਦੀ
ਹੋਵੇ, ਰਾਜਪੂਤ, ਠਾਕੁਰ, ਯਾਦਵ ਜਾਂ ਦਲਿਤ ਦੀ, ਇਸ ਦਾ ਜਾਤੀ ਤੰਤਰ ਅਤੇ ਇਸਦੀ ਦਮਨ
ਪ੍ਰਕਿਰਿਆ ਹਰ ਹਾਲ ਬਰਕਰਾਰ ਰਹਿਣੀ ਚਾਹੀਦੀ ਹੈ। ਹਿੰਦੁਸਤਾਨ ਇਸੇ ‘ਕਮਾਲ’ ਦੇ ਅਸਰ ਹੇਠ
ਹੈ। ਹੁਣ ਪੰਜਾਬ ਨੂੰ ਜੱਟ ਗੌਰਵ ਦੀ ਸਰਦਾਰੀ ਰਾਹੀਂ ਪੰਜਾਬੀ ਬੰਦੇ ਨੂੰ ਇਸ ਛੜਯੰਤਰ ‘ਚ
ਫਸਾਇਆ ਜਾ ਰਿਹਾ ਹੈ। ਦੋ ਤਿਹਾਈ ਗੀਤਕਾਰ ਭਾਵੇਂ ਗੈਰ ਜੱਟ ਹਨ ਪਰ ਗੀਤ ਜੱਟ ਗੌਰਵ ਦੇ ਪਰੋਸ
ਰਹੇ ਹਨ। ਜੱਟੀ ਦੀ ਮੜਕ ਨੂੰ ਮੰਡੀ ਵਿਚ ਪਰੋਸਣ ਵਾਲੀ ਉਪਭੋਗਤਾ ਮੰਡੀ ਦੀ ਵਿਚਾਰਧਾਰਾ
ਵਿਸ਼ਵ ਪੱਧਰ ‘ਤੇ ਇਕੋ ਜਿਹੀ ਹੈ, ਬਸ ਸੱਭਿਆਚਾਰ ਮੁਤਾਬਿਕ ਉਹਨਾਂ ਨੂੰ ਐਥੇਨਿਕ ਪ੍ਰਤੀਕ ਹੀ
ਬਦਲਣੇ ਪੈਂਦੇ ਹਨ। ਗਾਇਕਾਂ ਵਿਚ ਬਹੁਤ ਵੱਡਾ ਹਿੱਸਾ ਗੈਰ ਜੱਟ ਹਨ ਪਰ ਉਹਨਾਂ ਦੁਆਰਾ ਜੱਟੀ
ਅਤੇ ਜੱਟ ਦੀ ਗੌਰਵੀ ਪੌੜੀ ਸਿੱਧੀ ਉਪਭੋਗੀ ਬਾਜ਼ਾਰ ਵਿਚ ਉਤਾਰ ਦਿੱਤੀ ਗਈ ਹੈ, ਜਿਸ ਦਾ
ਵੱਡਾ ਹਿੱਸਾ ਛੋਟੇ ਕਿਸਾਨਾਂ ਦਾ ਹੈ ਅਤੇ ਉਹੋ ਹੀ ਮੰਡੀ ‘ਚ ਮਰ ਰਹੇ ਮਾਣ ਖਾਤਰ ਮੰਡੀ
ਵੱਲੋਂ ਭੇਜੇ ਗੌਰਵ ਪ੍ਰਵਚਨਾਂ ਦਾ ਸਿ਼ਕਾਰ ਹੋ ਕੇ ਕਰਜ਼ ਥੱਲੇ ਆਤਮ ਹਤਿਆਵਾਂ ਕਰਦੇ, ਅਣਖ
ਲਈ ਧੀਆਂ ਦੇ ਕਤਲ ਕਰਦੇ, ਸ਼ਾਨ ਨਾਲ ਕਿੱਲਿਆਂ ਦੇ ਨੰਬਰ ਦੇ ਕੇ ਲਏ ਟਰੈਕਟਰ ਦੀਆਂ
ਥੁੜ੍ਹੀਆਂ ਕਿਸ਼ਤਾਂ ਲਈ ਲੁਕਦੇ ਫਿਰਦੇ ਅਤੇ ਨੱਕ ਲਈ ਧੀਆਂ ਦੇ ਵਿਆਹਾਂ ਨੂੰ ਕਰਜ਼ ਹੇਠਾਂ
ਦੱਬਦੇ ਅੰਤਿਮ ਰੂਪ ‘ਚ ਆਤਮ ਹੱਤਿਆ ਤੱਕ ਪਹੁੰਚ ਜਾਂਦੇ ਪਰ ਕਦੇ ਨਹੀਂ ਸਮਝ ਪਾ ਰਹੇ ਕਿ
ਮੰਡੀ ਦੀ ਸਾਜਿ਼ਸ਼ ਲਗਾਤਾਰ ਉਹਨਾਂ ਵਿਰੁੱਧ ਜਾਰੀ ਹੈ। ਜਮਾਤੀ ਰੂਪ ‘ਚ ਹੇਠਾਂ ਰਹਿ ਗਏ
ਬੰਦੇ ਕੋਲ ਅਪਣੇ ਮਾਨਵੀ ਗੌਰਵ ਨੂੰ ਪ੍ਰਾਪਤ ਕਰਨ ਦਾ ਰਾਹ ਜਮਾਤੀ ਜੰਗ ਹੁੰਦਾ ਹੈ।
ਗਾਇਕਾਵਾਂ ਵੀ ਗੈਰ ਜੱਟ ਹਨ, ਜੋ ਵੈਲੀ ਦੀ ਬੜ੍ਹਕ ਅਤੇ ਮੜਕ ‘ਤੇ ਲੱਟੂ ਹਨ। ਕਾਰਨ ਅਸੀਂ
ਦੱਸ ਹੀ ਚੁੱਕੇ ਹਾਂ ਕਿ ਗੌਰਵ ‘ਚ ਫਸਿਆ ਬੰਦਾ ਮੰਡੀ ਦੀ ਉਪਭੋਗੀ ਸਾਜਿ਼ਸ਼ ਦਾ ਸਿ਼ਕਾਰ
ਹੁੰਦਾ ਹੈ ਅਤੇ ਇਹ ਰਾਹ ਮੁਕਤੀ ਵੱਲ ਨਹੀਂ ਹਿੰਸਾ ਵੱਲ ਅਤੇ ਅਖੀਰ ਫਾਸ਼ੀਵਾਦ ਤੱਕ ਲੈ
ਜਾਂਦਾ ਹੈ। ਮੰਡੀ ‘ਚ ਵਿਕ ਰਿਹਾ ਵੈਲੀ ਬਣਨ ਦਾ ਸਮਾਨ ਹਰ ਉਸ ਜਾਤ ਦੇ ਵਿਅਕਤੀ ਨੂੰ ਜੱਟ
ਸੱਭਿਆਚਾਰ ਦੀ ਕੈਦ ਵਿਚ ਫਸਾ ਲੈਂਦਾ ਜਿਸ ਕੋਲ ਧਨ ਦਾ ਅਵਾਰਾ ਰੂਪ ਪ੍ਰਾਪਤ ਹੁੰਦਾ ਹੈ।
ਲੜਾਈ ਭਾਵੇਂ ਉਹ ਆਪਣੀ ਜਾਤ ਦੇ ਗੌਰਵ ਦੀ ਲੜ ਰਿਹਾ ਹੋਵੇ ਜੱਟ ਹੋਣ ਦੀ (ਗਾਲਬੀ
ਧਿਰ/ਬ੍ਰਾਹਮਣਿਕ ਤੰਤਰ ‘ਚ ਗਾਲਬੀ ਜਾਤ ਤੱਕ ਪਹੁੰਚਣ ਦੀ) ਲਾਲਸਾ ਉਸ ਦੇ ਜਿ਼ਹਣ ‘ਚ ਘਰ ਕਰੀ
ਬੈਠੀ ਹੁੰਦੀ ਹੈ। ਗਾਇਕੀ ਦਾ ਦੁਆਬਾਈ ਵਰਤਾਰਾ ਇਸੇ ਸੰਕਟ ‘ਚੋਂ ਲੰਘ ਰਿਹਾ ਹੈ:
ਕਿਸੇ ਕੋਲ ਸਫਾਰੀ ਕਿਸੇ ਕੋਲ ਜੀਪ ਲੰਡੀ
ਏਰੀਏ ਦੇ ਵਿਚ ਦੂਰ-ਦੂਰ ਤੱਕ ਝਮਡੀ
ਲਵੇ ਜਿਹੜਾ ਪੰਗਾ ਕਿਹੜੇ ਕਿਸੇ ਨਾਲੋਂ ਘੱਟ ਨੇ
‘ਸੈਣੀਆਂ’ ਦੇ ਕਾਕੇ ਕਿਹੜੇ ਕਿਸੇ ਨਾਲੋਂ ਘੱਟ ਨੇ।
-ਹਰਪਾਲ ਲਾਡਾ
ਰੱਬ ਤੋਂ ਡਰੇ ਨਾ ਬਿੱਲੇ ਜੱਗ ਤੋਂ
ਨੀ ਮਜ਼੍ਹਬੀ ਦਾ ਪੁੱਤ ਬੱਲੀਏ।
ਸਾਮੰਤੀ ਸੱਭਿਆਚਾਰ ਵਿਚ ਵੈਲੀ ਦਾ ਪ੍ਰਤੀਰੋਧ (ਅਣਖ) ਬਹਿਕਦਾ ਰੋਹ ਬਣ ਜਾਂਦਾ ਹੈ ਅਤੇ
ਰਾਜਨੀਤਕ ਚੇਤਨਾ ਦੀ ਅਣਹੋਂਦ ਦਾ ਸਿ਼ਕਾਰ ਹੋ ਕੇ ਸਮਾਜ ‘ਚ ਲੁੰਪੇਨ ਹੋਣ ਦੀ ਭੂਮਿਕਾ ਅਦਾ
ਕਰਦਾ ਹੈ, ਜਦੋਂ ਕਿ ਆਧੁਨਿਕ ਯੁੱਗ ‘ਚ ਇਹ ਪ੍ਰਤੀਰੋਧ ਹੋਂਦ ਦਾ ਰੂਪ ਧਾਰਦਾ ਰਾਜਨੀਤਕ
ਚੇਤਨਾਂ ਤੱਕ ਪਹੁੰਚ ਗਿਆਨ ‘ਚ ਬਦਲ ਜਾਂਦਾ ਹੈ। ਰਾਠ/ਸਰਦਾਰ ਦੀ ਸੱਤਾ ‘ਚ ਵੱਜਿਆ ਇਕ ਵੀ
ਪ੍ਰਤੀਰੋਧੀ ਕਿੱਲ ਉਸ ਦੀ ਹਾਊਮੈ ਨੂੰ ਅੱਤਿਆਚਾਰ ਵਿਚ ਬਦਲ ਦਿੰਦਾ ਹੈ। ਇਹ ਪਤਵੰਤੀ ਧਿਰ ਦੇ
ਧਨ/ਜਾਇਦਾਦ ਦੁਆਰਾ ਸਰਦਾਰੀ (ਵਿਚਾਰਧਾਰਕ) ਰੱਖਣ ਦਾ ਗਾਲਬੀ ‘ਸ਼ੌਕ’/ਰਾਹ ਹੈ, ਜਿੱਥੇ
ਹੇਠਲੀਆਂ ਉਤਪਾਦਨੀ ਜਮਾਤਾਂ ਹੱਥੋਂ ਜੀਣ/ਹੋਂਦ ਦੇ ਵਿਚਾਰਾਂ ਨੂੰ ਖੋਹਣਾ ਵੀ ਸ਼ਾਮਿਲ ਹੁੰਦਾ
ਹੈ। ਸਾਮੰਤੀ ਸਮਾਜ ‘ਚ ਹਥਿਆਰ/ਅਹਿੰਸਾ ਦੀ ਸੱਤਾ ਦੀ ਹਾਊਮੈ ‘ਤੇ ਮਾਣ ਚੰਦ ਲੋਕਾਂ ਦੇ
ਹਿੱਸੇ ਆਉਂਦਾ ਹੈ, ਕਿਉਂਕਿ ਉਹ ਸਮਾਜਕ ਸਾਧਨਾਂ ‘ਤੇ ਕਾਬਜ਼ ਹੁੰਦੇ ਹਨ। ਇਸੇ ਕਰਕੇ ਕਿਰਤੀ
ਇਸ ਤੋਂ ਵੱਖਰੇ ਰੂਪ ‘ਚ ਸੂਰਮਾ ਗਾਥਾਵਾਂ ਨੂੰ ਅਪਣੀ ਹੋਂਦ ਵਜੋਂ ਕਲਪਦੇ ਹਨ ਅਤੇ ਇਹਨਾਂ
ਗਾਥਾਵਾਂ ‘ਚੋਂ ਆਪਣੇ ਪ੍ਰਤੀਰੋਧਾਂ ਲਈ ਸੰਤੁਸ਼ਟੀ ਪ੍ਰਾਪਤ ਕਰਦੇ ਹਨ, ਜਦੋਂ ਕਿ ਮੰਡੀ ਯੁਗ
‘ਚ ਇਸ ਹਾਊਮੈ ਅਤੇ ਪ੍ਰਤੀਰੋਧ (ਬਹਿਕਦਾ ਰੋਹ) ਨੂੰ ਧੱਕ ਕੇ ਉਪਭੋਗਤਾਵਾਦ ਦੇ ਹਵਾਲੇ ਕਰ
ਦਿੱਤਾ ਜਾਂਦਾ ਹੈ ਤਾਂ ਅਸੀਂ ਹਿੰਸਾ ਦੇ ਆਰਾਜਕੀ ਮੰਜਿ਼ਰ ਦੇ ਹਵਾਲੇ ਹੋ ਜਾਂਦੇ ਹਾਂ।
ਇਸੇ ਤਰ੍ਹਾਂ ਜਗੀਰੂ ਸਮਾਜ ‘ਚ ਔਰਤ ਭੋਗ ਪ੍ਰਗਟਾਵੇ ਵਜੋਂ ਲਿੰਗਕ ਨਿਯੰਤ੍ਰਣ ਨੂੰ ਚਿਹਨਤ
ਕਰਦੀ ਹੋਈ ਇਸ ਸਮਾਜ ਦੀ ਉਤਪਾਦਨੀ ਸ਼ਕਤੀ ਅਤੇ ਸਿਰਜਣਾ ਵੀ ਹੈ। ਅੱਜ ਮੰਡੀ ਸੱਭਿਆਚਾਰ ‘ਚ
ਇਹ ਉਤਪਾਦਨ ਤੋਂ ਟੁੱਟਿਆ ਹੋਇਆ ਚਮਕਾਂ ਮਾਰਦਾ ਖਾਲੀ ਡੱਬਾ ਹੈ 9 ਜੋ ਅਪਨੇ ਲਿੰਗਕ ਆਕਰਸ਼ਣ
ਰਾਹੀਂ ਗ੍ਰਾਹਕ ਬਟੋਰ ਕੇ ‘ਮਾਲਕਾਂ’ ਹਵਾਲੇ ਕਰ ਦਿੰਦਾ ਹੈ ਅਤੇ ਉਪਭੋਗਤਾਵਾਦ ਦੀ ਗਤੀ ਤੇਜ਼
ਕਰਨ ‘ਚ ‘ਮਦਦ’ ਕਰਦਾ ਹੈ। ਜਦੋਂ ਸਾਮੰਤੀ ਪੁਰਖ ਨੂੰ ਵਿਚਾਰਾਂ ਦੇ ਆਧੁਨਿਕ ਰੁਪਾਂਤਰਣ ‘ਚ
ਤਬਦੀਲ ਕੀਤੇ ਬਿਨਾਂ ਹੀ ਉਪਭੋਗਤਾ ਬਾਜ਼ਾਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੇ
ਕਾਮੁਕ ਹਾਬੜੇ ਦਾ ਵਿਖਾਵਾ ‘ਅਸ਼ਲੀਲਤਾ’ ਵਜੋਂ ਦਿਖਾਈ ਦੇਣ ਲੱਗਦਾ ਹੈ। ਸਾਡੀਆਂ ਅਤ੍ਰਿਪਤ
ਭਾਵਨਾਾਂ ਖੁੱਲ੍ਹੀ ਮੰਡੀ (ਫਰੀ ਮਾਰਕੀਟ) ਕਾਰਨ ਜਨਤਕ ਹੁੰਦੀਆਂ ਸਮਾਜ ਵਿਚ ਫੈਲਦਾ ਰੋਗ
ਜਾਪਣ ਲੱਗਦੀਆਂ ਹਨ ਜਦੋਂ ਕਿ ਇਹ ਵਿਸ਼ਵ ਪਿੰਡ ਦੀ ਉਪਭੋਗਤਾਵਾਦੀ ਵਿਚਾਰਧਾਰਾ ਦਾ ਇਕ ਰੂਪ
ਹੁੰਦਾ ਹੈ। ਸਾਨੂੰ ਇਹ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਜਾਪਦਾ ਹੈ, ਜਦੋਂ ਕਿ ਇਸ ਦਾ ਕਾਰਨ
ਉਪਭੋਗਤਾਵਾਦੀ ਸੱਭਿਆਚਾਰ ਹੈ। ਅਸੀਂ ਨਗਨਤਾ ਅਤੇ ਅਸ਼ਲੀਲਤਾ ‘ਚ ਵਿੱਥ ਦੇ ਬੋਧ ਨੂੰ ਪ੍ਰਾਪਤ
ਕਰਨ ਤੋਂ ਅਸਮਰੱਥ ਹੋ ਜਾਂਦੇ ਹਾਂ। ਉਪਭੋਗਤਾਵਾਦੀ ਮਾਨਸਿਕਤਾ ਦਾ ਵਿਕਾਸ ਅਪਣੇ ਆਪ ‘ਚ ਹੀ
ਇਕ ਅਸ਼ਲੀਲਤਾ ਭਰੀ ਪ੍ਰਕਿਰਿਆ ਹੈ। ਅਸੀਂ ਇਸ ਨੂੰ (ਕਾਮੁਕਤਾ ਨੂੰ) ਅਸ਼ਲੀਲ ਉਦੋਂ ਕਰਾਰ
ਦਿੰਦੇ ਹਾਂ, ਜਦੋਂ ਅਸੀਂ ਅਪਣੇ ਜਗੀਰੂ ਪਰਿਵਾਰਕ ਰਿਸ਼ਤਿਆਂ ‘ਚ ਇਕੱਠੇ ਨਾਲ-ਨਾਲ ਬੈਠੇ
ਟੀ.ਵੀ., ਫਿਲਮ ਦੀਆਂ ਚਲ ਮੂਰਤਾਂ ਜਾਂ ਬਾਜ਼ਾਰ ‘ਚ ਅਜਿਹਾ ਤੱਕਦੇ ਹਾਂ ਪਰ ਇਕੱਲੇ ਰੂਪ ‘ਚ
ਇਹ ਸਾਡਾ (ਮਰਦ ਅਤੇ ਔਰਤ ਦੋਹਾਂ ਲਈ) ਮਨੋਰੰਜਨ ਹੈ। ਇਸੇ ਕਰਕੇ ਮੰਡੀ ‘ਚ ਬੈਠੇ ਹਰ ਬੰਦੇ
ਲਈ ਹੋਰ ਔਰਤ (ਅਦਰ ਵੁਮੈਨ) ਭੋਗੀ/ਉਪਭੋਗੀ ਮਸ਼ੀਨ/ਵਸਤੂ ਹੀ ਦਿਖਾਈ ਦਿੰਦੀ ਹੈ। ਇਕ
ਦੋਗਲਾਪਨ ਸਾਰੇ ਸਮਾਜ ਨੂੰ ਘੇਰਨ ਲੱਗਦਾ ਹੈ ਮੰਡੀ ਦਾ ਕਾਮੁਕ ਗੀਤ/ਸੰਗੀਤ ਲਿੰਗਕ ਤੁਸ਼ਟੀ
ਨਹੀਂ ਕਰਦਾ (ਜਿਵੇਂ ਸਾਮੰਤੀ ਸਮਾਜ ‘ਚ ਭਗਤੀ/ਸੱਭਿਆਚਾਰਕ ਗੀਤ, ਲੋਕ ਗੀਤ ਲਿੰਗਕ ਤੁਸ਼ਟੀ
-ਸੈਕੁਸਅਲ ਗਰੈਟੀਫਿਕੇਸ਼ਨ- ਦਾ ਇਕ ਮਾਧਿਅਮ ਸਨ) ਸਗੋਂ ਸੈਕਸ ਦਾ ਭੋਖੜਾ (ਉਤੇਜਨਾ) ਪੈਦਾ
ਕਰਦਾ ਔਰਤ ਦੇਹ ਨੂੰ ਭੋਗਣ ਲਈ ਹਿੰਸਕ ਹੋ ਜਾਂਦਾ ਹੈ ਅਤੇ ਸੈਕਸ ਮੰਡੀ ਦੇ ਪਾਸ਼ਵਿਕ ਰੂਪ ‘ਚ
ਵਟ ਜਾਂਦਾ ਹੈ।
ਸਰਦਾਰ/ਵੈਲੀ ਦਾ ‘ਲੁਭਾਉਣਾ’ ਮੰਤਰ ਭੋਗ ਅਤੇ ਉਸ ਦੀ ਪ੍ਰਾਪਤੀ ਵਾਸਤੇ ਜੁੜੀ ਹਿੰਸਾ ਹੁੰਦਾ
ਹੈ। ‘ਸਰਦਾਰ’ ਦੀਆਂ ਨਸਾਂ ਨੂੰ ਉਸ ਦੀ ਅਵਾਰਾ ਪੂੰਜੀ ਗਰਮ ਕਰਦੀ ਹੈ ਤਾਂ ਵੈਲੀ ਨੂੰ ਉਸ ਦਾ
ਵਿਨਾਸ਼ੀ ਆਪਾ ਤਾਅ ਦਿੰਦਾ ਇਸਤਰੀ ਸਰੀਰ ਨੂੰ ਕਬਜ਼ੇ ਹੇਠ ਕਰਨ ਲਈ ਹਿੰਸਾ ਵਾਸਤੇ ਉਕਸਾਉਂਦਾ
ਹੈ। ਇਹ ਦੋਵੇਂ ਰੂਪ ਸੱਤਾ (ਔਰਤ ਵੀ ਸੱਤਾ ਦਾ ਹੀ ਹਿੱਸਾ ਹੈ) ਪ੍ਰਾਪਤੀ ਲਈ ਅਸੱਭਿਅਕ
ਹੱਦਾਂ ਤੱਕ ਪਹੁੰਚ ਜਾਂਦੇ ਹਨ। ਇਹ ਸੱਤਾਵਾਂ ਬਹੁ ਔਰਤ ਭੋਗ ‘ਚ ਵਿਸ਼ਵਾਸ ਰੱਖਦੀਆਂ ਇਕ
ਦੂਸਰੀ ਸੱਤਾ ਨਾਲ ਭਿੜਦੀਆਂ ਆਪਣੀ ਆਪਣੀ ਮਿੱਥ ਨੂੰ ਪੱਕਿਆਂ ਕਰਨ ‘ਚ ਰੁੱਝੀਆਂ ਰਹਿੰਦੀਆਂ
ਹਨ। ‘ਅਣਖ’ ਭੇੜ ਲਈ ਆਦਰਸ਼ਕ ਬਾਲਣ ਦਾ ਕੰਮ ਕਰਦੀ ਹੈ। ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਲਈ
ਹਿੰਸਕ ਭੇੜ ਜਗੀਰੂ ਸੱਤਾਵਾਂ ਦੀ ਫਿਤਰਤ ਹੁੰਦੀ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ‘ਚ
ਹਿੰਸਕ ਵਰਤਾਅ ਇਸਦਾ ‘ਅਮੀਰੀ’ ਗੁਣ ਹੈ। ਪਿਉ ਦਾ ਪੁੱਤਰ, ਪਤੀ ਦਾ ਪਤਨੀ, ਭਰਾ ਦਾ ਭੈਣ,
ਜੱਟ ਦਾ ਸੀਰੀ ਨਾਲ ਵਾਰ-ਵਾਰ ਹਿੰਸਕ ਵਰਤਾਅ ਆਪਣੀ ਸੱਤਾ ਦੀ ਲਗਾਤਾਰ ਕਾਇਮੀ ਲਈ ਲਾਜ਼ਮੀ
ਸ਼ਰਤ ਹੁੰਦਾ ਹੈ। ਇਸੇ ਤਰ੍ਹਾਂ ਔਰਤ ਨਾਲ ਲਿੰਗਕ ਵਰਤਾਅ ਸਾਡੇ ਸਮਾਜ ਵਿਚ ਹਿੰਸਕ ਤਰੀਕੇ
ਨਾਲ ਪੇਸ਼ ਹੁੰਦਾ ਹੈ। ਅਸੀਂ ਆਨੰਦ ਨੂੰ ਹਿੰਸਕ ਸ਼ਬਦ ਭੰਡਾਰ ਦੀ ਚਾਸ਼ਨੀ ‘ਚ ਡੋਬ ਕੇ
ਆਨੰਦਿਤ ਹੁੰਦੇ ਹਾਂ। ਬੱਚਿਆਂ, ਔਰਤਾਂ, ਦਲਿਤਾਂ ਉੱਪਰ ਸੱਤਾ ਨੂੰ ਹਿੰਸਾ ਰਾਹੀਂ ਬਰਕਰਾਰ
ਰੱਖਿਆ ਜਾਂਦਾ ਹੈ। ਮਨੂ-ਸਿਮਰਿਤੀ ਸੱਤਾ (ਸੱਤਾ ਦੀ ਵਿਚਾਰਧਾਰਾ) ਲਈ ਵਾਰ-ਵਾਰ ਹਿੰਸਾ ਦਾ
ਉਪਦੇਸ਼ ਦਿੰਦੀ ਹੈ, ਕਿਉਂਕਿ ਹਿੰਸਾ ਬਗੈਰ ਸੱਤਾ ਨੂੰ ਬਰਕਰਾਰ ਹੀ ਨਹੀਂ ਰੱਖਿਆ ਜਾ ਸਕਦਾ
ਅਤੇ ਇਸੇ ਕਾਰਨ ਸਾਮੰਤੀ ਮਨੋਵਿਗਿਆਨ ਵਿਚਲੀ ਨਾਰੀ ਹਿੰਸਕ ਵਰਤਾਅ ਜਾਂ ਹਿੰਸਕ ਸੈਕਸ ‘ਚੋਂ
ਅਪਣੀ ‘ਹੋਂਦ’ ਦਾ ਆਨੰਦ ਲੈਂਦੀ ਹੈ।
ਮੰਡੀ ਸੱਭਿਆਚਾਰ ਦੇ ਇਸ ਯੁੱਗ ਵਿਚ ਜਗੀਰੂ ਸ਼ਬਦ ਭੰਡਾਰ ਰਾਹੀਂ ਉਸ ਮਾਨਸਿਕਤਾ ਨੂੰ ਮੰਡੀ
ਵਿਚ ਤਗੜਾ ਕਰਨ ਦਾ ਸਿਲਸਿਲਾ ਕਾਇਮ ਹੋਣ ਤੋਂ ਬਾਅਦ ਨਿੱਤ ਦਿਨ ਇਹਨਾਂ ਪ੍ਰਵਚਨਾਂ/ਬਿਆਨਾਂ
ਦੀ ਝੜੀ ਦੀ ਲੋੜ ਪੈਂਦੀ ਹੈ ਅਤੇ ਵਾਰ-ਵਾਰ ਇਹਨਾਂ ਨੂੰ ‘ਅੱਪਡੇਟ’ ਕਰਨਾ ਪੈਂਦਾ ਹੈ। ਜਦੋਂ
ਜੱਟ ਨੂੰ ਸਰਦਾਰ/ਵੈਲੀ ਦੀ ਵੰਨਗੀ ‘ਚ ਬੰਨ੍ਹ ਕੇ ਉਸ ਨੂੰ ਜਮਾਤ/ਇਤਿਹਾਸ ਮੁਕਤ ਕਰਨਾ ਹੋਵੇ
ਤਾਂ ਉਸਨੂੰ ਵਾਰ-ਵਾਰ ਅਗਿਆਨ ਅਤੇ ਅਵਾਰਾ ਪੂੰਜੀ ‘ਤੇ ਕਬਜ਼ੇ ਲਈ ਪ੍ਰੇਰਿਆ ਜਾਂਦਾ ਹੈ।
ਪੁਰਖਿਆਂ ਵਾਲੀ ਜ਼ਮੀਨ ਦੀ ਵਿਕਰੀ ਇਕ ਤਰ੍ਹਾਂ ਆਵਾਰਾ ਪੂੰਜੀ ਹੀ ਹੁੰਦੀ ਹੈ ਜਿਵੇਂ ਵਿਦੇਸ਼
‘ਚੋਂ ਹੋਰ ਕਿਸੇ ਦੁਆਰਾ ਕਮਾਈ ਪੂੰਜੀ ਇੱਥੋਂ ਦੇ ਕਾਕਿਆਂ/ਰਿਸ਼ਤੇਦਾਰਾਂ ਲਈ ਅਵਾਰਾ ‘ਹੋਂਦ’
ਹੀ ਰੱਖਦੀ ਹੈ ਅਤੇ ਉਸ ਪੂੰਜੀ ਦੇ ਸੱਤਾ, ਭੋਗ ਜਾਂ ਉਪਭੋਗ ਲਈ ਗੁਲਸ਼ਰੇ ਉਡਾਏ ਜਾਂਦੇ ਹਨ।
ਬਹੁਤ ਸਾਰੇ ਗੀਤਾਂ ‘ਚ ਜ਼ਮੀਨ ਨੂੰ ਵੇਚ ਕੇ ਗੁਲਸ਼ਰੇ ਉਡਾਉਣ ਦੇ ਪ੍ਰਵਚਨ ਮੌਜੂਦ ਹਨ ਅਤੇ
ਇਹ ਵਿਕੀ ਹੋਈ ਜਾਇਦਾਦ ‘ਚੋਂ ਪ੍ਰਾਪਤ ਧਨ ਵੀ ਆਵਾਰਾ ਹੋਂਦ ਹੀ ਹੈ।
ਠੇਕੇ ਚਾੜ੍ਹ ਜਾਂ ਵੇਚ ਵੱਟ ਲੈ/ਸਾਰੀ ਉਮਰ ਦਾ ਰੋਗ ਕੱਟ ਲੈ
ਫੁਕਰਪੁਣੇ ਵਿਚ ਜੱਟਾ ਹੋ ਵੇ/ਭੱਠਾ ਗੁੱਲ ਗਿਆ
ਸ਼ੌਕ ਰਹਿ ਗਏ ਬਸ ਪੱਲੇ/ਵੇ ਖੇਤੀ ਕਰਨਾ ਭੁੱਲ ਗਿਆ
ਲੰਡੀ ਜੀਪ ਇਕ ਬੁਲਟ ਹੈ ਥੱਲੇ/ਪਿੰਡ ਵਿਚ ਹੋ ਗਈ ਬੱਲੇ-ਬੱਲੇ
ਮਹਿਫਿਲ ਲਾਈਏ ਯਾਰ ਬੇਲੀ ਜਦ ‘ਕੱਠੇ ਹੁੰਦੇ ਨੇ
ਜੱਟਾਂ ਦੇ ਮੁੰਡੇ ਅੜੀਏ ਨੀ ਸ਼ੌਕੀ ਪੱਠੇ ਹੁੰਦੇ ਨੇ।
-ਮਿਸ ਪੂਜਾ+ਲੱਕੀ ਰੂੜੇਕੇ
ਜੱਟਾ ਹੁਣ ਪਿਛਲੇ ਰਵਾਜ ਛੱਡਦੇ
ਨਵੀਂ ਕਾਰ ਲੈ ਲੈ ਵੇ ਤੂੰ ਜੂੜ ਵੱਢ ਦੇ
ਕੀ ਕਰਨੀ ਏ ਐਨੀ ਮਾਇਆ ਵੱਟੀ ਸੋਹਣਿਆ
ਚੰਗੀ ਲੱਗੇ ਨਾ ਟਰੈਕਟਰ ਉੱਤੇ ਮੇਲੇ ਨੂੰ ਜਾਂਦੀ ਜੱਟੀ ਸੋਹਣਿਆ।
-ਮਿਸ ਨੀਲਮ+ਦਿਲਰਾਜ
ਬਾਪੂ ਦੀ ਕਮਾਈ ਉੱਤੇ ਐਸ਼ ਕਰਦੇ ਮੁੰਡੇ ਕਾਲਜਾਂ ਦੇ ਸਾਰੇ
ਕੁੜੀਆਂ ਨੂੰ ਰਾਹਾਂ ਵਿਚ ਰੋਕ ਖੜ੍ਹਦੇ ਨੰਬਰ ਦੇਣ ਦੇ ਮਾਰੇ
ਲਗਦੀਆਂ ਮਹਿਫਿਲਾਂ ਨੇ ਕਾਲਜ ‘ਚ ਬਿੱਲੋ ਹਰ ਇਕ ਸ਼ਾਮ ਨੂੰ
ਖਾਲੀ ਕਰ ਬੋਤਲਾਂ ਤੇ ਮਾਰਦੇ ਨੇ ਚੀਕਾਂ ਬੱਸ ਤੇਰੇ ਨਾਮ ਨੂੰ
ਬਾਈ ਅਮਰਜੀਤ+ਸਹਿਯੋਗੀ
ਜੱਟ ਦੀ ਜ਼ਮੀਨ ਵਿਕ ਗਈ
ਲਾ ਕੇ ਤੇਰੇ ਨਾ’ ਮੁਲਾਹਜ਼ੇਦਾਰੀ
ਸਾਡਿਆਂ ਬਜ਼ੁਰਗਾਂ ਬਣਾਏ ਸੀ ਮੁਰੱਬੇ
ਤੇਰੇ ਪਿੱਛੇ ਲੱਗ ਅਸੀਂ ਵੇਚ ਦਿੱਤੇ ਸੱਭੇ
ਐਸੀ ਇਸ਼ਕ ਤੇਰੇ ਨੇ ਮੱਤ ਮਾਰੀ
-ਪ੍ਰੀਤ ਹਰਪਾਲ
ਬਹੁਤ ਸਾਰੇ ਮੰਡੀ ਪ੍ਰਵਚਨਾਂ ਵਿਚ ਸਿੱਖਿਆ ਦੀ ਗੈਰ-ਹਾਜ਼ਰੀ ਦੀ ਵਡਿਆਈ, ਹਿੰਸਾ, ਵਿਨਾਸ਼
ਦੀ ਵਡਿਆਈ ਰਾਹੀਂ ਵੈਲੀ/ਜੱਟ/ਸਰਦਾਰ ਦੀ ਸੱਤਾ ਕਾਇਮ ਰੱਖਣ ਦੇ ਬਿਆਨਾਂ ਦੀ ਝੜੀ ਲੱਗੀ
ਰਹਿੰਦੀ ਹੈ। ਆਵਾਰਾ ਪੂੰਜੀ ਦੇ ਸਿੱਟੇ ਰਾਠਸ਼ਾਹੀ ਮਨੋਵਿਗਿਆਨ ਘੜਦੇ ਹਨ। ਸੱਤਾ ਕਿਉਂਕਿ
ਛਿੰਨ ਭੰਗਰ ਹੈ ਅਤੇ ਵਾਰ-ਵਾਰ ਹਿੰਸਾ (ਭਾਸ਼ਾਈ/ਸਰੀਰਕ ਪੱਧਰ ‘ਤੇ) ਰਾਹੀਂ ਇਸ ਨੂੰ
‘ਅੱਪਡੇਟ’ ਕਰਨਾ ਪੈਂਦਾ ਹੈ। ਸੱਤਾ ਦੀ ‘ਅੱਪਡੇਟ’ ‘ਚ ਲੱਗਿਆ ਵਿਅਕਤੀ ਕਿਰਤ, ਸਿੱਖਿਆ,
ਗਿਆਨ ਤੋਂ ਮੁਨਕਰ ਹੁੰਦਾ ਹੈ ਅਤੇ ਇਸੇ ਕਰਕੇ ਉਸ ਲਈ ਆਵਾਰਾ ਪੂੰਜੀ ਹੀ ‘ਸਹਾਰਾ’ ਬਣ ਸਕਦੀ
ਹੈ।
ਪਹਿਲਾਂ ਇਹ ਵਰਤਾਰਾ ਬਠਿੰਡਾ ਮਾਰਕਾ ਗਾਇਕੀ ਦਾ ਹੀ ਹਿੱਸਾ ਸੀ ਪ੍ਰੰਤੂ ਅੱਜ ਇਹ ਫਿਲਮਾਂ,
ਗੀਤਾਂ ਦੀ ਐੱਨ ਆਰ ਆਈ ਸਪਲਾਈ ਨਾਲ ਇਕ ਸੱਭਿਆਚਾਰਕ ਕਲਿੱਕ ਵਿਚ ਤਬਦੀਲ ਹੋ ਰਿਹਾ ਹੈ ਅਤੇ
ਪੰਜਾਬੀਆਂ ਦੇ ਜਿ਼ਹਨ ਨੂੰ ‘ਅਗਵਾ’ ਕਰਕੇ ਮੰਡੀ ਤੰਤਰ ਦੇ ਸਿ਼ਕੰਜੇ ‘ਚ ਫਸਾ ਰਿਹਾ ਹੈ।
ਸਾਮੰਤੀ ਸੱਤਾਵਾਂ ਅਪਣੇ ਕਬਜ਼ੇ ਨੂੰ ਸਦੈਵ ਬਣਾਈ ਰੱਖਣ ਲਈ ਸੱਭਿਅਤਾ ਨੂੰ ਚੁਣੌਤੀ ਦਿੰਦੀਆਂ
ਰਹਿੰਦੀਆਂ ਹਨ ਅਤੇ ਇਸੇ ਕਾਰਨ ਅਦਾਲਤਾਂ, ਜੇਲ੍ਹਾਂ, ਪੁਲਿਸ ਨਾਲ ਟਕਰਾਅ ਉਨ੍ਹਾਂ ਦੀ ਸ਼ਾਨ
ਲਈ ਸਵਾਗਤ ਕੇਂਦਰ ਹਨ।
ਕਚਹਿਰੀਆਂ ‘ਚ ਮੇਲੇ ਲਗਦੇ
ਜਦੋਂ ਪੈਂਦੀ ਏ ਤਰੀਕ ਕਿਸੇ ਜੱਟ ਦੀ
-ਕੁਲਵਿੰਦਰ ਢਿੱਲੋਂ
ਜਦੋਂ ਉਹ ਤੰਤਰੀ ਸੰਸਥਾਵਾਂ ਤੋਂ ਉੱਪਰ ਹੋ ਜਾਂਦੇ ਹਨ ਤਾਂ ਕਾਨੂੰਨ ਉਨ੍ਹਾਂ ਦਾ ਪਾਣੀ ਭਰਨ
ਲੱਗ ਜਾਂਦਾ ਹੈ। ਸੱਤਾ ਅਤੇ ਪੁਲਿਸ ਦਾ ਗੂੜ੍ਹਾ ਰਿਸ਼ਤਾ ਹੈ। ਇਸ ਲਈ ਸੱਤਾ ਵੱਲੋਂ ਕਾਨੂੰਨ
ਨੂੰ ਹਿੰਸਕ ਤਰੀਕੇ ਨਾਲ ਚੁਣੌਤੀ ਦੇ ਕੇ ਹੀ ਵਿਅਕਤੀ ਦੀ ਸੱਤਾ ਕਾਇਮ ਰਹਿ ਸਕਦੀ ਹੈ।
ਵਿਅਕਤੀ ਸਾਹਮਣੇ ਡੀ ਸੀ, ਠਾਣੇਦਾਰ, ਪਟਵਾਰੀ ਦਾ ਮਨੋਬਲ ਡਿੱਗਣਾ ਹੀ ਜਨ ‘ਚ ਵਿਅਕਤੀਵਾਦੀ
ਤੰਤਰ ਦੀ ਸ਼ਾਨ ਪੈਦਾ ਕਰਦਾ ਹੈ। ਇਸੇ ਕਾਰਨ ਕਾਨੂੰਨੀ ਸੰਸਥਾਵਾਂ ਸੱਤਾ ਦੀ ਮੁੱਠੀ ‘ਚ ਕੈਦ
ਹੁੰਦੀਆਂ ਹਨ (ਸੱਤਾ ਹਿਰਾਰਕੀਕਲ ਤੰਤਰ ਹੈ) ਕਾਨੂੰਨ ਤਾਂ ਸਿਰਫ ਸੱਤਾਹੀਣੇ/ਕਿਰਤੀ ਬੰਦੇ ਲਈ
ਖੌਫ ਦਾ ਮੰਤਰ ਹੈ। ਸੱਤਾ ਕਾਨੂੰਨ ਸਾਹਮਣੇ ਹਰ ਅਸੱਭਿਅਕ ਅਤੇ ਗੈਰ-ਕਾਨੂੰਨੀ ਵਰਤਾਰੇ ਲਈ
ਬਜਿ਼ੱਦ ਹੁੰਦੀ ਹੈ, ਇਸੇ ਵਿਚ ਹੀ ਸੱਤਾ ਦੀ ਕਾਇਮੀ ਮੌਜੂਦ ਰਹਿੰਦੀ ਹੈ। ਵਿਸ਼ਵ ਮੰਡੀ
ਲੋਕਤੰਤਰ ਅਜਿਹੇ ਵਰਤਾਰਿਆਂ ਵਿਚ ਰੂਹ ਫੂਕ ਦਿੰਦਾ ਹੈ ਅਤੇ ‘ਲੋਕਤੰਤਰ’ ਦੁਆਰਾ ਬਣਾਈਆਂ
ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਦਿੰਦਾ ਹੈ। ਪੰਜਾਬ ਦੀ ਕਿਸਾਨੀ ਇਤਿਹਾਸਕ ਰੂਪ ‘ਚ ਹੀ
ਵਿਅਕਤੀ ਵਿਸ਼ੇਸ਼ ਦੁਆਰਾ ਕਾਨੂੰਨ ਤੋੜਨ (ਬਹਿਕਦਾ ਰੋਹ) ਨੂੰ ਸਕਾਰਾਤਮਿਕ ਹੁੰਗਾਰਾ ਦਿੰਦੀ
ਰਹੀ (ਕੰਮ ਦੀਆਂ ਸਥਿਤੀਆਂ ‘ਚ ਵਿਕਸਿਤ ਮਨੋਵਿਗਿਆਨ) ਹੈ ਅਤੇ ਗਿਆਨ ਪ੍ਰਾਪਤੀ ਦਾ ਮਜ਼ਾਕ
ਉਡਾਉਂਦੀ ਰਹੀ ਹੋਣ ਕਾਰਨ ਮੰਡੀ ਯੁੱਗ ਦੇ ਇਸ ਨਵੇਂ ਸ਼ੁਗਲ ਨੂੰ ਚੰਗਾ ਹੁੰਗਾਰਾ ਬਖਸ਼ ਰਹੀ
ਹੈ। ਔਰਤ ਤਾਂ ਸੱਤਾ ਦੀ ਪਕਿਆਈ ‘ਚ ਸੀਮੈਂਟ ਦੀ ਭੂਮਿਕਾ ਹੀ ਨਿਭਾਉਂਦੀ ਹੈ। ਮੰਡੀ
ਸੱਭਿਆਚਾਰ ‘ਚ ਹਿੰਸਾ ਦਾ ਏਨਾ ਬੋਲਬਾਲਾ ਹੋ ਜਾਂਦਾ ਹੈ ਕਿ ਉਪਭੋਗ ਅਤੇ ਪਾਸ਼ਵਿਕਤਾ ਸਮਾਂਤਰ
ਜੁਜ਼ ਬਣ ਜਾਂਦੇ ਹਨ। ਫਿਲਮਾਂ, ਟੀ.ਵੀ., ਰੇਡੀਉ, ਨੈੱਟ ਸਭ ਪਾਸ਼ਵਿਕਤਾ ਦੇ ਪ੍ਰਵਚਨਾਂ ‘ਚ
ਲੀਨ ਹੋ ਜਾਂਦੇ ਹਨ। ਪੰਜਾਬੀ ਗੀਤ ਸੁਣਨ ਲਈ ਨੈੱਟ ਆਨ ਕਰੋ ਤਾਂ ਸੈਕਸ ਅਤੇ ਇਸਦੀ ਤਾਕਤ ਨੂੰ
ਵਧਾਉਣ ਵਾਲੇ ਇਸ਼ਤਿਹਾਰਾਂ ਦਾ ਹੜ੍ਹ ਦਿਖਾਈ ਦੇਵੇਗਾ। ਨੈੱਟ ਤੁਹਾਡੀ ਕਾਮ ਉਤੇਜਨਾ ਨੂੰ
ਉਲਟਣ ਲਈ ਕਾਹਲਾ ਹੈ, ਬਸ਼ਰਤੇ ਕਿ ਜੇਬ ਸਹੀ ਸਲਾਮਤ ਹੋਵੇ, ਫੇਸਬੁੱਕ ਇਸ ‘ਧੰਦੇ’ ਨੂੰ
ਪ੍ਰਫੁੱਲਿਤ ਕਰਨ ਦਾ ਜ਼ਰੀਆ ਹੈ।
ਫਾਇਦਾ ਨਹੀਂਓਂ ਕੋਈ ਦੇਹ ਨਾ ਫੋਕੀਆਂ ਸਫਾਈਆਂ ਤੂੰ
ਫੇਸਬੁੱਕ ਉੱਤੇ ਨਿੱਤ ਮਾਰਦਾ ਟਰਾਈਆਂ ਤੂੰ
ਜਣੀ ਖਣੀ ਤਾਈਂ ਭੇਜੇਂ ਰੋਜ਼ ਮੁੰਡਿਆ ਵੇ
ਭੋਰਾ ਨਹੀਂ ਉਦਾਸੀ ਦੇਖੀ ਸੋਹਣੇ ਮੁੱਖ ‘ਤੇ ਮੈਂ
ਰਾਤੀਂ ਉਹਦੀ ਫੋਟੋ ਦੇਖੀ ਫੇਸਬੁੱਕ ‘ਤੇ ਮੈਂ
ਇਨਫਰਮੇਸ਼ਨ ਵਿਚ ਲਿਖਿਆ ਸਿਰਨਾਵਾਂ ਚੰਨ ਦਾ ਏ
ਕਹਿੰਦੀ ਮੇਰਾ ਜਨਮ ਮਸਾਂ ਰੋਲਿਆਂ ਦੇ ਸੰਨ ਦਾ ਏ
ਗੱਲਾਂ ਵਾਲੀ ਇਕ ਗੱਲ ਉੱਤੇ ਕਿਉਂ ਨਾ ਟਿਕਦੀ ਏ
ਹਾਲੇ ਤੱਕ ਵੀ ਅਪਣੇ ਆਪ ਨੂੰ ਸਿੰਗਲ ਲਿਖਦੀ ਏ
ਚਲੋ ਆਪਸ ਵਿਚ ਗੱਲ ਕਰਦੇ ਆਂ ਕੀ ਲੈਣਾ ਪੁੱਛ ਕੇ ਮੈਂ
ਚੌਵੀ ਘੰਟੇ ਔਨਲਾਈਨ ਹੀ ਰਹਿੰਦੀ ਸੋਹਣੀ ਏ
ਰੱਬ ਹੀ ਜਾਣੇ ਕਿਹੜੇ ਵੇਲੇ ਸੌਂਦੀ ਹੋਣੀ ਏ
ਸਾਡੇ ਵਰਗਿਆਂ ਨਾਲ ਹੀ ਵਾਰੋਂ ਚੈਟਿੰਗ ਕਰਦੀ ਏ
ਕਿਹੜਾ ਹੋਰ ਟਰੱਕਾਂ ਦੀ ਡਿਸਪੈਚਰ ਕਰਦੀ ਏ
ਹੁਣ ਰੁੱਸਦੀ ਏ ਤੇ ਰੁੱਸ ਜਾਵੇ ਜੇ ਫੱਟੇ ਚੱਕ ਤੇ ਮੈਂ
-ਕਮਲ ਹੀਰ
ਓਪਨ ਮੈਂ ਕਰਿਆ ਅਕਾਉਂਟ ਆਪਦਾ
ਭਟਕਦਾ ਫਿਰਦਾ ਸੀ ਰਾਹਾਂ ਨਾਪਦਾ
ਇਕੋ ਦਮ ਨਿਗਾਹ ਟਿਕੀ ਗੋਰੇ ਮੁੱਖ ‘ਤੇ
ਇਕ ਕੁੜੀ ਦਿਖੀ ਮੈਨੂੰ ਫੇਸਬੁੱਕ ‘ਤੇ
ਅੱਜ ਵੈਲੀ/ਸਰਦਾਰ ‘ਸੱਭਿਆਚਾਰ’ ਨੇ ਫਿਲਮਾਂ ਨੂੰ ਵੀ ਅਪਣੇ ਕਬਜ਼ੇ ‘ਚ ਕਰ ਲਿਆ ਹੈ। ਫਿਲਮ
ਦੀ ਕਹਾਣੀ ਦੇ ਨਾਇਕ ਜਿ਼ੰਮੇਵਾਰ ਸਰਕਾਰੀ ਅਹੁਦਿਆਂ ਉੱਪਰ ਬੈਠੇ ਸ਼ਰ੍ਹੇਆਮ ਕਾਨੂੰਨ ਨੂੰ
ਉਲਟਾਉਣ ਦੇ ਮਸ਼ਵਰੇ ਦੇ ਰਹੇ ਹੁੰਦੇ ਹਨ। ਸਮੂਹਿਕ ਰੂਪ ‘ਚ ਨਹੀਂ ਵਿਅਕਤੀਗਤ ਸੱਤਾ ਦੇ ਮੰਤਰ
ਰਾਹੀਂ। ਰੰਨਾਂ ਦਾ ਹਾੜਬਾ (ਫਿਲਮ ਪਹਿਲਾਂ ਮੁਹੱਬਤ ਦੀ ਸਪਲਾਈ ਕਰਦੀ ਸੀ), ਕਾਨੂੰਨ ਤੋੜਨ
ਲਈ ਵਿਅਕਤੀਗਤ ਹਿੰਸਾ ਹੀ ਇਹਨਾਂ ਫਿਲਮਾਂ ਦਾ ਕੇਂਦਰੀ ਥੀਮ ਹੈ। ‘ਧਰਤੀ’ ਫਿਲਮ ਵਿਚ ਇਹ
ਜ਼ੋਰ ਵਿਸ਼ੇਸ਼ ਰੂਪ ‘ਚ ਦਿੱਤਾ ਗਿਆ ਹੈ ਕਿ ਲੋਕਤੰਤਰ ਨੂੰ ਰਜਵਾੜਾਸ਼ਾਹੀ ਵਾਂਗ ਹੀ ਚਲਾਇਆ
ਜਾ ਸਕਦਾ ਹੈ ਅਤੇ ਰਜਵਾੜਾਸ਼ਾਹੀ ਹਰ ਕਾਨੂੰਨ/ਜਿ਼ੰਮੇਵਾਰੀ ਤੋਂ ਉੱਪਰ ਹੁੰਦੀ ਹੈ ਅਤੇ ਇਸ
ਨੂੰ ਰਜਵਾੜਾਸ਼ਾਹੀ ਦਾ ‘ਆਵਾਰਾ ਪੂੰਜੀ ਤੰਤਰ’ ਹੀ ਨਿਯੰਤ੍ਰਤ ਕਰ ਸਕਦਾ ਹੈ। ਗੀਤ ਬਠਿੰਡਾ
ਮਾਰਕਾ ਵਿਚ ਐੱਨ ਆਰ ਆਈ ਵਜੂਦ ਨੂੰ ਰਲਾ ਕੇ ਪੇਸ਼ ਕੀਤੇ ਗਏ ਹਨ, ਜਿਸ ਨੂੰ ਧਰਮ ਦੀ ਪੁੱਠ
ਚੜ੍ਹੀ ਹੋਈ ਹੈ ਭਾਵ ਮਾਝਾ, ਮਾਲਵਾ, ਦੁਆਬਾ ਦਾ ਸਾਂਝਾ ਪ੍ਰਵਚਨ ਹੀ ਫਿਲਮ ਉਦਯੋਗ ਨੂੰ
ਹੁਲਾਰਾ ਦੇ ਸਕਦਾ ਹੈ।
ਸਾਡੇ ਅਪਣੇ ਰੂਲ, ਸਾਡੇ ਅਪਣੇ ਅਸੂਲ
ਅਸੀਂ ਜਿੱਥੇ ਪੜ੍ਹੇ, ਉਹ ਤਾਂ ਵੱਖਰੇ ਸਕੂਲ
ਸਾਨੂੰ ਜਿਹੜੇ ਲੋਕ ਡੱਕੇ, ਸਾਰੇ ਦਾਅਵਿਆਂ ਨੂੰ ਖੋਗੇ
ਅਸੀਂ ਜਿਥੇ ਚਾਹਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ ਈ ਸਿਗਨਲ ਤੋੜਾਂਗੇ
ਰੈਪ-(ਸਾਡਾ ਰੋਜ਼ ਦਾ ਖਰਚਾ...ਖਰਚਾ
ਸਾਡਾ ਕੁੜੀਆਂ ‘ਚ ਚਰਚਾ...ਚਰਚਾ
ਸਾਡੀ ਪੁਲਿਸ ਨਾ’ ਯਾਰੀ...ਯਾਰੀ
ਨਹੀਂ ਥਾਣੇ ਵਿਚ ਪਰਚਾ...ਪਰਚਾ)
ਯਾਰੋ ਸਾਡਾ ਚਰਚਾ ਹੀ ਰਹਿੰਦਾ ਹਰ ਥਾਂ
ਸਾਡਾ ਛਪਦਾ ਹੀ ਰਹਿੰਦਾ ਅਖਬਾਰਾਂ ਵਿਚ ਨਾਂ
ਅਸੀਂ ਕੱਲ੍ਹ ਦੇ ਨਹੀਂ ਆਂ ਅਸੀਂ ਅੱਜ ਦੇ ਸਟਾਰ
ਸਾਡੇ ਅੱਗੇ ਵੇਖੋ ਸਾਰੀ ਦੁਨੀਆਂ ਬੇਕਾਰ
ਅਸੀਂ ਐਸੀ ਵੈਸੀ ਕੁੜੀ ਨਾਲ ਕਰਨਾ ਨ੍ਹੀਂ ਪਿਆਰ
ਚੰਡੀਗੜ੍ਹ ਦੀ ਕੁੜੀ ਨਾ’ ਦਿਲ ਜੋੜਾਂਗੇ
-ਮੀਕਾ ਸਿੰਘ
ਹੋਰ ਜੇ ਤੂੰ ਕਿਸੇ ਦੀਆਂ, ਲਾ ਬੈਠੀ ਮਹਿੰਦੀਆਂ
ਸ਼ਰ੍ਹੇਆਮ ਚੌਂਕ ਵਿਚ ਧੌਣਾਂ ਵੇਖੀਂ ਲਹਿੰਦੀਆਂ
ਤੇਰੀ ਡੋਲੀ ਹੋਰ ਲੈ ਜੇ, ਜੱਟ ਐਵੇਂ ਕਿੱਦਾਂ ਸਹਿ ਜੇ
ਵੇਖੀਂ ਸ਼ਮਸ਼ੀਰਾਂ ਨਾਲ ਵੱਜਦੇ ਸਟੰਟ ਨੀ
ਵੇਟ ਕਰ ਥੋੜ੍ਹੀ, ਤੇਰੇ ਪਿਉ ਨੂੰ ਮਨਾਲਾਂਗੇ
ਮੰਨਿਆ ਨਾ ਜੇ ਤੈਨੂੰ ਉਦਾਂ ਹੀ ਚੁਕਾਲਾਂਗੇ
ਉਂਝ ਤਾਂ ਨਿਮਾਣੇ ਆਂ ਪਰ ਵੈਲੀ ਵੀ ਪੁਰਾਣੇ ਆਂ
ਟੇਢਿਆਂ ਕੰਮਾਂ ‘ਚ ਸਦਾ ਰਹਿਣੇ ਆਂ ਫਰੰਟ ਨੀ...।
-ਦਿਲਜੀਤ
ਕਾਲੀਆਂ ਬਾਰੀਆਂ ਵੀ ਗੱਡੀਆਂ ਨੂੰ ਮੈਂ ਲਾਵਾਂ
ਸਪੀਡ ਮੈਂ ਦੋ ਸੌ ਵੀਹ ਦੀ ਚਲਾਂ
ਪੁਲਿਸ ਦੇ ਸਾਹਮਣੇ ਮੈਂ ਨਹੀਂ ਰੁਕਦਾ
ਆਈ ਐਮ ਨਾਈਟ ਰਾਈਡਰ
ਬਰੇਕਾਂ...ਮਾਰ ਮਾਰ ਟਾਇਰ ਦੀ ਮੈਂ ਚੀਂ ਕੱਢਤਾ
ਸਾਰੇ ਲੋਕੀਂ ਤੱਕਦੇ ਬਈ ਕੀ ਹੋ ਗਿਆ
ਲਗਦਾ ਵਈ ਇੰਝ ਮੇਰਾ ਦਿਲ ਰੁਕ ਗਿਆ
ਉਹਨੂੰ ਮੈਂ ਪੁੱਛਦਾਂ, ਨੀ ਗੱਡੀ ਸਾਡੀ ਬਹਿ ਜਾ
ਨੀ ਜੱਟੀਏ! ਦੂਰ ਤੈਨੂੰ ਲੈ ਜਾਂ, ਵੇ ਅੜੀਏ
ਨੀ ਵੁਫਰ ਤੂੰ ਮੇਰੀ-ਮੇਰੀ
ਮੈਂ ਤੇਰਾ ਐਂਪਲੀਫਾਇਰ-ਫਾਇਰ
-ਇਮਰਾਨ ਖਾਨ
ਫਿਲਮਾਂ ਦੇ ਆਦਰਸ਼ ‘ਨਾਇਕ’ ਵੈਲੀ/ਰਾਠ ਦੀ ਹਿੰਸਾ ਵਿਚ ਤਬਦੀਲ ਹੋ ਕੇ ਜਨ ਨੂੰ ਅਪਣੇ ਵੱਸ
ਵਿਚ ਕਰਨ ਲਈ ਤਾਬੜਤੋੜ ਪਾਸ਼ਵਿਕ ਰੁਚੀਆਂ ਦਾ ਵਿਕਾਸ ਕਰ ਰਹੇ ਹਨ। ਇੱਥੇ ਜਿਹੜਾ ਵੀ
ਪ੍ਰਤੀਰੋਧੀ ਇਤਿਹਾਸਕ ਸੰਕਲਪ ਹੁੰਦਾ ਹੈ, ਮੰਡੀ ਦੀ ਮਸੀਨ ‘ਚ ਪਿੰਜ ਕੇ ਉਪਭੋਗ ਬਣ ਜਾਂਦਾ
ਹੈ ਅਤੇ ਅਪਣੇ ਪਿੱਛੇ ਫੋਕ ਦਾ ਕੂੜਾ ਜਮ੍ਹਾਂ ਕਰਦਾ ਜਾਂਦਾ ਹੈ। ਮੰਡੀ ਦੇ ਨਾਅਰੇ ਹਨ “ਫੱਕ
ਐਂਡ ਫਾਰਗੈੱਟ” ਅਤੇ “ਯੂਜ਼ ਐਂਡ ਥਰੋ” ਇੱਥੇ ਇਤਿਹਾਸ ਨੂੰ ਵੀ ਇਸੇ ਤਰਜ਼ ‘ਚ ਪੇਸ਼ ਕਰਦਿਆਂ
ਬੰਦਾ ਸਵੈ ਪ੍ਰਤੀ ਜ਼ਬਰਦਸਤ ਹਿੰਸਾ ਦਾ ਸਿ਼ਕਾਰ ਹੋ ਰਿਹਾ ਹੈ। ਵਿਨਾਸ਼ ਲੀਲ੍ਹਾ ਦਾ ਵਿਰਾਟ
ਮੰਜ਼ਰ ਕੀ ਸੱਭਿਆਚਾਰ ਹੋ ਸਕਦਾ ਹੈ? ਮੀਡੀਆ ਇਸ ਪ੍ਰਤੀ ਜਵਾਬਦੇਹ ਨਹੀਂ, ਉਹ ਤਾਂ ‘ਸੱਟੇ ਦੀ
ਪੂੰਜੀ’ ਦਾ ਭਾਈਵਾਲ ਹੈ ਅਤੇ ਅਸੀਂ ਪਲ-ਪਲ ਪ੍ਰਤੀਰੋਧ ਨੂੰ ਭੁੱਲ ਕੇ ਇਤਿਹਾਸ ਨੂੰ ਮੰਡੀ
ਉਪਭੋਗ ਦੇ ਹਵਾਲੇ ਕਰਦੇ ਜਾਂਦੇ ਹਾਂ। ਅਸੀਂ ਤਾਂ ਸਿਰਫ ਇਸ ਗੱਲ ‘ਤੇ ਖੜ੍ਹੇ ਹਾਂ ਕਿ “ਜੇ
ਸੁੱਖ ਵੇਲੇ ਸ਼ੁਕਰਾਨਾ ਹੋਵੇ, ਤਾਂ ਦੁੱਖ ਵੇਲੇ ਅਰਦਾਸ।” ਭਗਤੀ ਚੇਤਨਾ ਅਤੇ ਗਿਆਨ ਆਪਸ ਵਿਚ
ਵਿਰੋਧੀ ਪੈਂਤੜਾ ਹੈ ਅਤੇ ਤਰਕ ਮਨੁੱਖੀ ਹੋਂਦ ਦਾ ਪ੍ਰਮਾਨ ਸੂਤਰ। ਮੱਧ ਕਾਲ ਦੀ ਫਕੀਰ ਚੇਤਨਾ
ਨੂੰ ਅੱਜ ਇਤਿਹਾਸ ਮੁਕਤ ਕਰਕੇ ਸੱਤਾ ਦੀ ਬਾਂਦੀ ਬਣਾਉਣ ਵਿਚ ਰੁੱਝਿਆ ਪੰਜਾਬੀ ਗਾਇਕੀ/ਮੀਡੀਆ
ਸੱਭਿਆਚਾਰ ਸਾਨੂੰ ਦੇਸ਼ ਅਤੇ ਕਾਲ ਤੋਂ ਮੁਕਤ ਕਰ ਰਿਹਾ ਹੈ। ਦੇਸ਼ ਅਤੇ ਕਾਲ ਤੋਂ ਮੁਕਤ
ਹੋਇਆ ਬੰਦਾ ਇਤਿਹਾਸ ਮੁਕਤ ਹੋ ਜਾਂਦਾ ਹੈ। ਇਤਿਹਾਸ ਮੁਕਤ ਹੋਇਆ ਬੰਦਾ ਉਨ੍ਹਾਂ ਸ਼੍ਰੇਣੀਆਂ
ਤੋਂ ‘ਮੁਕਤ’ ਹੋ ਜਾਂਦਾ ਹੈ ਜੋ ਇਤਿਹਾਸ ਨੂੰ ਇਤਿਹਾਸ ਬਣਾਉਂਦੀਆਂ ਹਨ। ਅੱਜ ਪੰਜਾਬੀ ਬੰਦਾ
ਜਿ਼ੰਦਗੀ ਦੇ ਹਰ ਦਿਨ ਨੂੰ ਦਿਹਾੜੀਦਾਰਾਂ ਵਾਂਗ ਟਪਾਉਂਦਾ ਹੈ। ਦਿਹਾੜੀਦਾਰ ਬੰਦੇ ਦਾ
ਦਿਹਾੜੀ ਸਮਾਂ ਉਸ ਦਾ ਆਪਣਾ ਨਹੀਂ ਹੁੰਦਾ।
ਸੰਗੀਤ ਮੰਡੀ ‘ਚ ਲੱਗੇ ਇਹ ਏਜੰਟ ਅਪਣੇ ਹਿੱਸੇ ਲਈ ਹਰ ਉਸ ਚਿਹਨ ਨੂੰ ਮੰਡੀ ਸੱਭਿਆਚਾਰ ਵਿਚ
ਸੁੱਟ ਦਿੰਦੇ ਹਨ ਜੋ ਮਨੁੱਖ ਦੇ ਜਿਊਣ ਦਾ ਸਹਾਰਾ ਹੁੰਦਾ ਹੈ ਅਤੇ ਇਸੇ ਕਾਰਨ ਭਾਸ਼ਾ,
ਜ਼ਬਾਨ, ਪ੍ਰਤੀਰੋਧ ਦੀ ਮਾਨਵੀ ਸੰਵੇਦਨਾ ਅਤੇ ਜਿਊਣ ਦਾ ਆਹਰ ‘ਸੱਟੇ ਦੀ ਪੂੰਜੀ’ ਦੇ ਹਵਾਲੇ
ਕੀਤਾ ਜਾ ਰਿਹਾ ਹੈ। ਬੁੱਲ੍ਹਾ, ਬਾਹੂ, ਵਾਰਿਸ ਸਭ ਦੇ ਮਹਾਨ ਗਿਆਨ ਨੂੰ ਸੰਗੀਤ ਦੇ ਇਸ ਮੰਡੀ
ਸੱਭਿਆਚਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਫਕੀਰ ਅਪਣੇ ਦਾਰਸ਼ਨਿਕ ਤਰਕਾਂ ਰਾਹੀਂ
ਵਿਵਸਥਾ ਤੋਂ ਵੱਖ ਹੋ ਕੇ ਫਕੀਰ ਦਾ ਰੂਪ ਧਾਰ ਜਾਂਦੇ ਸਨ ਪ੍ਰੰਤੂ ਅੱਜ ਦੇ ਮੰਡੀ ਗਾਇਕ
ਇਨ੍ਹਾਂ ਦੇ ਵੇਸ ਰੂਪ (ਹੰਸ ਰਾਜ ਹੰਸ, ਸਤਿੰਦਰ ਸਰਤਾਜ, ਮੀਤ ਸੁਰਮੀਤ ਆਦਿ) ‘ਚ ਅਪਣੇ ਆਪ
ਨੂੰ ਤੰਤਰ ਦੇ ਹਵਾਲੇ ਕਰਕੇ ਇਨ੍ਹਾਂ ਫਕੀਰਾਂ ਉੱਪਰ ਭਗਤੀ ਦਾ ਫੱਟਾ ਲਾ ਦਿੰਦੇ ਹਨ। ਭਗਤੀ
ਹਮੇਸ਼ਾ ਤੰਤਰ ਦੀ ਸੱਜੀ ਬਾਂਹ ਜਾਂ ਤੰਤਰ ਆਪ ਹੀ ਹੈ, ਪ੍ਰੰਤੂ ਫਕੀਰ ਤੰਤਰ ਤੋਂ ਬਾਹਰ ਹੋ
ਮਨੁੱਖ ਦੀ ਹੋਂਦ ਦੇ ਤਰਕ ਰਾਹੀਂ ਹਰ ਉਸ ਸੰਸਥਾਂ ‘ਚੋਂ ਬਾਹਰ ਹੋ ਜਾਂਦਾ ਹੈ ਜੋ ਤੰਤਰ ਦਾ
ਹਿੱਸਾ ਹੋਵੇ ਭਾਵੇਂ ਉਹ ਘਰ ਹੀ ਕਿਉਂ ਨਾ ਹੋਵੇ? ਇਹੋ ਗਿਆਨ ਦਾ ਮਾਰਗ ਹੈ ਅਤੇ ਯੂਰਪ ਦੀ
ਆਧੁਨਿਕ ਲਹਿਰ ਨੇ ਇਸ ਨੂੰ ਵਿਗਿਆਨ ਬਣਾ ਕੇ ਤੰਤਰ ਤੋਂ ਮੁਕਤੀ ਦੇ ਸੰਦ ਪ੍ਰੋਲੇਤਾਰੀ ਨੂੰ
ਸੌਂਪ ਦਿੱਤੇ ਸਨ। ਅੱਜ ਗਲੋਬਲੀ ਦੁਨੀਆ ਗਿਆਨ ਤੋਂ ਮੁਕਤੀ ਦੇ ਰਾਹ ਤੋਰ ਦਿੱਤੀ ਗਈ ਹੈ।
ਵਾਲਟਰ ਬੈਂਜਾਮਿਨ ਨੇ ਇਸੇ ਦੁਨੀਆ ਦੀ ਅਗਾਊਂ ਕਲਪਨਾ ਦੂਜੀ ਜੰਗ ਤੋਂ ਪਹਿਲਾਂ ਕੀਤੀ ਸੀ,
ਕਿਉਂਕਿ ਉਹ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਸਟੇਟ ਉਪਕਰਣਾਂ ਵੱਲੋਂ ਬੰਦੇ ਦੇ ਜਿ਼ਹਨ ‘ਚ
ਸੁੱਟੀ ਜਾ ਰਹੀ ਵਿਚਾਰਧਾਰਾ ਦੇ ਨਵੇਂ ਰੂਪ ਵਜੋਂ ਦੇਖ ਰਿਹਾ ਸੀ।
“ਮਾਸ ਮੀਡੀਆ ਸੱਤਾਧਾਰੀ ਵਰਗ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ ਵਾਲਾ ਇਕ ਦਿਉ ਕੱਦ
ਉਪਕਰਣ (ਸੰਦ) ਹੈ ਜਿਹੜਾ ਪੁਰਾਣੇ ਬੁਰਜੂਆ ਵਿਅਕਤੀਵਾਦ ਅਤੇ ਸਰਵਹਾਰਾ ਦੀ ਕ੍ਰਾਂਤੀਕਾਰੀ
ਚੇਤਨਾ ਦੋਵਾਂ ਨੂੰ ਸਮਾਪਤ ਕਰ ਦਿੰਦਾ ਹੈ।”10
ਗਿਆਨ ਅਤੇ ਸੱਤਾ ਦੋ ਵਿਰੋਧੀ ਧਰਾਵਾਂ ਹਨ। ਸੱਤਾ ਇਕ ਹਿਰਾਰਕੀਕਲ ਤੰਤਰ ਹੈ ਜੋ ਹਰ ਉੱਪਰਲੀ
ਸੱਤਾ ਦੀ ਥੰਮ੍ਹੀ ਬਣਨ ਦੀ ‘ਸਮਰੱਥਾ’ ਰੱਖਦਾ ਹੈ। ਇਹ ਤੰਤਰ ਦੀ ਮਜ਼ਬੂਤੀ ਦਾ ਇਕ ਅੰਗ ਹੈ
ਅਤੇ ਇਸ ਕਰਕੇ ਛਵੀਆਂ (ਇਮੇਜਜ਼) ਰਾਹੀਂ ਵਿਅਕਤੀ ਸੱਤਾ ਨੂੰ ਮਜ਼ਬੂਤ ਕਰਦਿਆਂ ਮੰਡੀ ਦਾ
ਉਪਕਰਨ ਮੀਡੀਆ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ, ਜਿਸ ਦਾ ਜ਼ੁੰਮਾ ਹੈ ਕਿ ਵਿਅਕਤੀਆਂ ਦੀਆਂ
ਸੱਤਾਵਾਂ ਜਨ ਦੇ ਜਿ਼ਹਨ ‘ਤੇ ਸਵਾਰ ਹੋ ਜਾਣ ਅਤੇ ਇਨ੍ਹਾਂ ਸੱਤਾਵਾਂ ਦੇ ਪ੍ਰਵਚਨ ‘ਸੱਚਮੁੱਚ’
ਧਰਮ ਸੂਤਰ ਦਾ ਰੂਪ ਧਾਰਦੇ ਭਗਤੀ ‘ਚ ਰੁਪਾਂਤਰਿਤ ਹੋ ਜਾਂਦੇ ਹਨ। ਜਦੋਂ ਕਿ ਗਿਆਨ ਮਨੁੱਖ
ਨੂੰ ਸਵੈ ਤਲਾਸ਼ ਦੇ ਰਾਹ ਤੋਰਦਾ ਹੈ।
ਨਾ ਮੈਂ ਸੇਰ ਨਾ ਪਾ ਛਟਾਂਕੀ, ਨਾ ਪੂਰੀ ਸਰਸਾਈ ਹੂ
ਨਾ ਮੈਂ ਤੋਲਾ ਨਾ ਮੈਂ ਮਾਸਾ, ਹੁਣ ਗੱਲ ਰੱਤੀਆਂ ‘ਤੇ ਆਈ ਹੂ
ਰੱਤੀ ਹੋਵਾਂ ਵੰਝ ਰੱਤੀ ਤੁੱਲਾਂ, ਉਹ ਵੀ ਪੂਰੀ ਨਾਹੀ ਹੂ
ਵਜ਼ਨ ਪੂਰਾ ਤਦ ਥਸਿੀਆ ਬਾਹੂ, ਜਦੋਂ ਹੋਸੀ ਫਜ਼ਲ ਇਲਾਹੀ ਹੂ।
-ਹਜ਼ਰਤ ਸੁਲਤਾਨ ਬਾਹੂ
ਬੁੱਲ੍ਹਿਆ ਕੀ ਜਾਣਾ ਮੈਂ ਕੌਣ
ਨਾ ਮੈਂ ਅੰਦਰ ਵੇਦ ਕਿਤਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ
ਨਾ ਮੈਂ ਰਿੰਦਾ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ
ਨਾ ਮੈਂ ਭੇਤ ਮਜ਼੍ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਦਾ ਜਾਇਆ
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੋਣ।
ਅੱਵਲ ਆਖਿਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾਂ
ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲ੍ਹਾ ਸ਼ਾਹ ਖੜ੍ਹਾ ਹੈ ਕੌਣ।
-ਬਾਬਾ ਬੁੱਲ੍ਹੇ ਸ਼ਾਹ
ਇਹ ਸੰਦੇਹ ਮਨੁੱਖ ਦੇ ਹੋਣ ਦੇ ਤਰਕਾਂ ਨੂੰ ਤਿਆਰ ਕਰਦਾ, ਤੰਤਰ ਅਤੇ ਉਸ ਦੀਆਂ ਸੰਸਥਾਵਾਂ
‘ਚੋਂ ਬੰਦੇ ਨੂੰ ਬਾਹਰ ਨਿਕਲ ਆਉਣ ਲਈ ‘ਮਜਬੂਰ’ ਕਰਦਾ ਹੈ। ਗਿਆਨ ਹੀ ਤਾਂ ਅਸਲ ‘ਚ ਫਕੀਰ ਦੀ
ਹੋਂਦ ਹੈ ਅਤੇ ਉਸ ਦੀ ਹੋਂਦ ਸਿਸਟਮੀ ਦੁਨੀਆ ਤੋਂ ਬਾਹਰ ਹੋਣ ਦਾ ਮਾਰ ਹੈ। ਸੱਤਾ ਤਰਕ ਦੀ
ਦੁਸ਼ਮਣ ਹੈ। ਫਕੀਰ ਤਰਕ ਦੇ ਰੱਥ ‘ਤੇ ਸਵਾਰ ਹੈ। ਤਰਕ ਸੱਤਾ ਅਤੇ ਉਸ ਦੇ ਤੰਤਰ ਦੀ ਮੌਤ ਹੈ।
ਫਕੀਰ ਲਈ ਤਰਕ ਉਸ ਦੀ ਹੋਂਦ ਅਤੇ ਦੁੱਖਾਂ ‘ਚੋਂ ਮੁਕਤੀ ਦਾ ਮਾਰਗ ਹੈ। ਸੱਤਾ ਦੀ ਜਨ ਨਾਲ
ਨਫਰਤ ਹੈ, ਜਿਸ ਨੂੰ ਉਹ ਹਿੰਸਾ ਰਾਹੀਂ ਪ੍ਰਗਟ ਕਰਦੀ ਹੈ। ਫਕੀਰ ਦੀ ਜਨ ਨਾਲ ਮੁਹੱਬਤ ਹੈ
ਅਤੇ ਉਹ ਸੱਤਾ ਨੂੰ ਛੱਡ ਜਨ ਨਾਲ ਗਿਆਨ ਦੀ ਯਾਰੀ ਗੰਢਦਾ ਹੈ। ਗਿਆਨ (ਗਿਆਨ ਪ੍ਰਾਪਤੀ ਫਕੀਰੀ
ਰੂਪ ‘ਚ ਹੁੰਦੀ ਹੈ) ਅਤੇ ਸੱਤਾ ਅੰਤ ਤੱਕ ਇਕ ਦੂਸਰੇ ਦੇ ਵਿਰੋਧੀ ਹਨ। ਸੱਤਾ ਸੱਤਾਸ਼ਾਲੀ
ਵਿਅਕਤੀਆਂ/ਚਿਹਨਾਂ ਦਾ ਪ੍ਰਵਚਨ ਹੈ ਤਾਂ ਗਿਆਨ ਫਕੀਰਾਂ ਦਾ ਮਜਲਿਸੀ (ਡਿਬੇਟ) ਚਿੰਤਨ ਹੈ।
ਸੱਤਾ ਪਦਾਰਥਕ ਕਬਜ਼ਾ ਹੈ ਤਾਂ ਫਕੀਰੀ ਸਭ ਪਦਾਰਥਾਂ ਨੂੰ ਵੰਡ ਕੇ “ਭੋਰਾ ਭੋਰਾ ਖਾਣਾ” ਹੈ।
ਸੱਤਾ ਦਹਿਸ਼ਤ ਹੈ, ਹਿੰਸਾ ਹੈ ਅਤੇ ਜਨ ਨੂੰ ਨਫਰਤ ਕਰਨ ਲਈ ਤਿਆਰ ‘ਮਿੰਬਰ’ ਹੈ। ਬੰਦੇ ਨੂੰ
ਗਿਆਨ ਲਈ ਇਸ ਤੋਂ ਬਾਹਰ ਆਉਣਾ ਲਾਜ਼ਮੀ ਹੈ। ਇਹ ਔਖਾ ਪੈਂਡਾ ਹੈ ਪ੍ਰੰਤੂ ਗਿਆਨ ਸੱਤਾ ‘ਚੋਂ
ਬਾਹਰ ਆ ਕੇ ਹੀ ਪ੍ਰਾਪਤ ਹੁੰਦਾ ਹੈ। ਇਹ ਪਤਵੰਤਾ ਸ਼ੌਕ ਨਹੀਂ ਹੈ ਭਾਵ ਫਕੀਰ ਦੇ ਵਿਦਰੋਹ
ਰਾਹੀਂ ਹੀ ਇਹ ਗਤੀ ‘ਚ ਰਹਿੰਦਾ ਹੈ ਅਤੇ ਜਨ ਹਮੇਸ਼ਾ ਫਕੀਰ ਦੇ ਨਾਲ ਹੁੰਦਾ ਹੈ। ਸੱਤਾ ਅਪਣੇ
ਤਾਕਤਵਰ ਹੋਣ ਦਾ ਸਿਰਫ ਭਰਮ ਸਿਰਜ ਸਕਦੀ ਹੈ, ਅਸਲ ਸ਼ਕਤੀ ਗਿਆਨ ਪਿੱਛੇ ਤੁਰਿਆ ਜਨ ਹੀ
ਹੁੰਦਾ ਹੈ। ਸੱਤਾ ਜਨ ਦੇ ਦਮਨ ‘ਤੇ ਉੱਸਰਦੀ ਹੈ ਅਤੇ ਗਿਆਨ ਜਨ ਦੇ ਪ੍ਰਤੀਰੋਧ/ਚਿੰਤਨ ਦਾ
ਆਧਾਰ ਸੂਤਰ ਹੈ। ਜੇ ਮੱਧਕਾਲ ਫਕੀਰੀ (ਗਿਆਨ) ਦਾ ਯੁੱਗ ਸੀ ਤਾਂ ਅੱਜ ਦਾ ਮੰਡੀ ਤੰਤਰ
‘ਸਰਦਾਰੀ’ (ਸੱਤਾ) ਦਾ ਯੁੱਗ ਹੈ। ਜਨ ਇਤਿਹਾਸ ‘ਚੋਂ ਫਕੀਰੀ (ਗਿਆਨ) ਦੇ ਸੂਤਰਾਂ ਰਾਹੀਂ ਹੀ
ਸੱਤਾ ਤੋਂ ਮੁਕਤ ਹੋ ਸਕਦਾ ਹੈ।
ਸੱਤਾ ਹੁੰਦੀ ਹੀ ਨਹੀਂ ਜੇ ਉਹ ਅਪਣਾ ਦਿਖਾਵਾ (ਸ਼ੋਅ) ਨਹੀਂ ਕਰਦੀ। ਦਮਨ/ਦਿਖਾਵੇ ਤੋਂ
ਬਿਨਾਂ ਸੱਤਾ ਨਿਸ਼ਕ੍ਰਿਆ ਹੈ, ਜਿਵੇਂ ਪ੍ਰਾਣ ਬਿਨ ਆਦਮੀ ਅਤੇ ਪ੍ਰਤੀਰੋਧ ਅਮਲ ਬਾਝੋਂ
ਪ੍ਰਵਚਨੀ ਸੰਘਰਸ਼ ਹੈ ਸਿਰਫ ਸਮਾਜ ਦੀ ਵਿਆਖਿਆ। ਵਰਤਮਾਨ ਦਾ ‘ਕਾਲ ਚੱਕਰ’ ਉਹਨਾਂ
ਸੰਵੇਦਨਸ਼ੀਲ ਮਨਾਂ ਨੂੰ ਅਪਣੀ ਆਗੋਸ਼ (ਨਸ਼ਾਖੋਰੀ) ‘ਚ ਸਮਾਅ ਲੈਂਦਾ ਹੈ ਜੋ ਵਿਦਰੋਹੀ
ਸਥਿਤੀਆਂ ‘ਚ ਪ੍ਰਤੀਰੋਧ ਦੇ ਵੈਨਗਾਰਡ ਹੋਣੇ ਹੁੰਦੇ ਹਨ ਲੁੰਪਨੀ ਪੂੰਜੀ ‘ਚ ਲੁੰਪਨ ਹੋਣ ਤੋਂ
ਅਸਮਰਥ ਮਨ (ਮਾਈਂਡ) ਨਸਿ਼ਆਂ ਵਿਚ ਘਿਰ ਜਾਂਦੇ ਹਨ। ਸੰਵੇਦਨਾ ਵਿਦਰੋਹੀ ਹਾਲਾਤਾਂ ਦੀ
ਅਣਹੋਂਦ ਕਾਰਨ ਭਟਕਦੀ ਹੋਈ ਖੁਸ਼ੀ ਨੂੰ ਵਿਚਾਰਾਂ ਦੀ ਬਜਾਏ ਨਸ਼ੇ ‘ਚੋਂ ਤਲਾਸ਼ਦੀ ਹੈ।
ਇਸ ਪਲਾਸਟਕੀ ਸੰਸਾਰ ‘ਚ ਵਸਤੂਆਂ ਦੀ ਹੰਢਣਸਾਰਤਾ (ਡਿਊਰੇਬਿਲਟੀ) ਗੈਰਹਾਜਿ਼ਰ ਹੁੰਦੀ ਹੈ।
ਇੱਥੇ ਭੁੱਖ ਨੂੰ ਦੂਰ ਕਰਨ ਵੇਲੇ ਖਾਧੇ ਜਾ ਰਹੇ ਸਾਰੇ ਭੋਜ ਵੀ ਮਨ ਨੂੰ ਤਸੱਲੀ ਨਹੀਂ ਦੇ ਪਾ
ਰਹੇ ਹੁੰਦੇ, ਜਿਵੇਂ ਸੱਭਿਆਚਾਰਕ ਪਕਵਾਨ ਇਹ ਕਾਰਜ਼ ਨਿਭਾਉਂਦਾ ਹੈ। ਇਸ ਨਵੇਂ ਸਮੇਂ ਦਾ
ਕਾਲ-ਚੱਕਰ ਸਾਡੀ ਨੀਅਤ ਨੂੰ ਹਮੇਸ਼ਾ ਭਟਕਣਾ ਦੇ ਰੱਥ ‘ਤੇ ਸਵਾਰ ਕਰੀ ਰੱਖਦਾ ਹੈ। ਇੱਥੇ ਸਭ
ਕੁਝ ਹੀ ‘ਜੰਕ ਫੂਡ’ ਵਰਗਾ ਹੈ ਭਾਵੇਂ ਉਹ ਮੁਹੱਬਤ ਹੋਵੇ, ਦੋਸਤੀ, ਗੀਤ, ਸੰਗੀਤ, ਜਾਂ
ਭੋਜਨ। ਇਕ ਸਦੀਵੀ ਭਟਕਣਾ ਬੰਦੇ ਨੂੰ ਘੇਰੀ ਰੱਖਦੀ ਹੈ। ਇਕਾਗਰਤਾ ਇਸ ਯੁੱਗ ਤੋਂ ‘ਰੁੱਸ’
ਚੁੱਕੀ ਹੈ। ਯੋਗਾ ਦੀਆਂ ਜੰਕ ‘ਔਸ਼ਧੀਆਂ’ ਦਾ ਟੀ ਵੀ ‘ਧਿਆਨ’ ਇਸ਼ਤਿਹਾਰੀ ਭਟਕਣਾ ਲਈ ਸਾਨੂੰ
ਬਾਜ਼ਾਰ ਦਾ ਸਹਾਰਾ ਹੋਰਡਿੰਗ ਬਣਾ ਕੇ ਓਮ-ਵਿਲੋਮ ਦਾ ਜਾਪ (ਭਗਤੀ) ਕਰਾਉਂਦਾ ਰਹਿੰਦਾ ਹੈ।
‘ਜੰਕ ਫੂਡ’ ਵਾਂਗ ਹੀ ਇਸ ਪਲਾਸਟਕੀ ਸੰਸਾਰ ਦੀਆਂ ਸੱਤਾਵਾਂ/ਚਿਹਨ ਵੀ ਪਲ ਪਲ ਮੁਲਤਵੀ ਹੁੰਦੇ
ਰਹਿੰਦੇ ਹਨ। ਉਹ ਸਾਮੰਤਵਾਦੀ ਤੰਤਰ ਵਾਂਗ ਹਮੇਸ਼ਾ ਨਹੀਂ ਰਹਿੰਦੇ11 ਅਤੇ ਸੱਤਾਵਾਂ ਦੇ ਇਸ
ਛਿਨਭੰਗਰ ਸੰਸਾਰ ਵਿਚ ਇਸਦਾ ਸੱਭਿਆਚਾਰ ਵੀ ‘ਜੰਕ ਫੂਡ’ ਦਾ ਕਾਰਜ ਨਿਭਾਉਂਦੇ ਹਨ।
ਟਿਕਾਅ/ਪੜਾਅ ਫਕੀਰ ਦੇ ਗਿਆਨ ਦਾ ਜ਼ਬਰਦਸਤ ਸਹਾਰਾ ਹੈ ਜਿਸ ਵਿਚ ਮਜ਼ਲਿਸ ਸ਼ਾਮਿਲ ਹੁੰਦੀ ਹੈ
ਪਰ ਰਾਕਟੀ ਗਤੀ ‘ਜੰਕ ਸੱਭਿਆਚਾਰ’ ਦੇ ਬੰਦੇ ਦੀ ਹੋਣੀ ਹੈ। ਇੱਥੇ ਔਰਤ ਮਰਦ ਇਕ ਦੂਜੇ ਨੂੰ
ਭੋਗਣ ਦੇ ਹਾਬੜੇ ‘ਚ ਤੰਤਰ (ਗਾਲਬੀ ਵਿਚਾਰਧਾਰਾ) ਦੁਆਰਾ ਭੋਗੇ ਜਾਂਦੇ ਜੁਜ਼ ਹਨ ਅਤੇ
ਬਠਿੰਡਾ ਮਾਰਕ ਗਾਇਕੀ ਦਾ ਮੱਕੜਜਾਲ ਮਾਲਵੇ ਦੇ ਬਚੇ ਹੋਏ ਉਹਨਾਂ ਸਿਰਾਂ ਨੂੰ ਉੱਤਰ-ਆਧੁਨਿਕ
ਸਥਿਤੀ ਦਾ ਭੋਗ ਲਵਾਉਣ ਲਈ ਜੁਗਤਾਂ ਘੜਦਾ ਹੈ ਜਿਹੜੇ ਅਜੇ ਗਾਲਬੀ ਘੇਰੇ ਤੋਂ ਬਾਹਰ ਮਨੁੱਖੀ
ਹੋਂਦ ‘ਚ ਮੁਕੰਮਲ ਯਕੀਨ ਰੱਖਦੇ, ਇਸ ਦਾ ਇਤਿਹਾਸ ਰਚਣ ਲਈ ਯਤਨਸ਼ੀਲ ਹਨ।
(ਹੁਣ ‘ਚੋਂ ਧੰਨਵਾਦ ਸਹਿਤ)
ਹਵਾਲੇ:
1. ਵਿਜੇ ਕੁਮਾਰ (ਸੁਸਾਨ ਸੰਟੋਗ), ਅੰਧੇਰੇ ਸਮੇਂ ਮੇਂ ਵਿਚਾਰ, ਸਫਾ 209
2. Theodor Adorno and Max Horkneimer, The Culture Industry, (from
Dialectice of Enlightment), p. 11.
3. Theodor Adorno and Max Horkneimer, The Culture Industry, (from
Dialectice of Enlightment), p. 11. Fun is a medicinal bath.
4. Germaine Greer, The Female Eunuch, p.16
5. ਕਾਰਲ ਮਾਰਕਸ, ਸਾਹਿਤ ਅਤੇ ਕਲਾ, ਸਫਾ-507 (ਖੁਸ਼ੀ ਬਾਰੇ ਸੰਕਲਪ-ਜੂਝਣਾ)
6. Theodor Adorno and Max Horkneimer, The Culture Industry, (from
Dialectice of Enlightment), p. 11.
7. ਉਹੀ
8. ਉਹੀ
9. ਵਿਜੇ ਕੁਮਾਰ (ਸੁਸਾਨ ਸੰਟੋਗ), ਅੰਧੇਰੇ ਸਮੇਂ ਮੇਂ ਵਿਚਾਰ, ਸਫਾ 204-205
10. ਵਿਜੇ ਕੁਮਾਰ (ਵਾਲਟਰ ਬੈਂਜਮਿਨ), ਅੰਧੇਰੇ ਸਮੇਂ ਮੇਂ ਵਿਚਾਰ, ਸਫਾ 33 |