Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਸਵੈਜੀਵਨੀ

ਮੇਰੀ ਫਿਲਮੀ ਆਤਮਕਥਾ
(ਕੁੱਝ ਅੰਸ਼)
ਬਲਰਾਜ ਸਾਹਨੀ
 

 


ਬਲਰਾਜ ਸਾਹਨੀ

 

... ਅਚਨਚੇਤ ਇਕ ਦਿਨ ਸ਼ੂਟਿੰਗ ਦਾ ਬੁਲਾਵਾ ਆ ਗਿਆ – ਜਿ਼ੰਦਗੀ ਵਿਚ ਮੇਰੀ ਪਹਿਲੀ ਸ਼ੂਟਿੰਗ। ਸ਼ਾਮੀ ਸੱਤ ਵਜੇ ਕਾਰਦਾਰ ਸਟੂਡੀਓ ਪਹੁੰਚਣਾ ਸੀ। ਇਪਟਾ ਦੀ ਇਕ ਮੀਟਿੰਗ ਅਧ-ਵਿਚਾਲੇ ਛਡ ਕੇ ਮੈਂ ਐਨ ਵਕਤ ਸਿਰ ਚਰਨੀ ਰੋਡ ਸਟੇਸ਼ਨ ਤੋਂ ਗੱਡੀ ਫੜ ਲਈ। ਸ਼ੂਟਿੰਗ ਸ਼ਬਦ ਸੁਣ ਕੇ ਸਾਥੀਆਂ ਉਪਰ ਬਿਜਲੀ ਦਾ ਕਰੰਟ ਛੋਹ ਜਾਣ ਵਾਲਾ ਪ੍ਰਤੀਕਰਮ ਹੋਇਆ ਸੀ, ਜਿਵੇਂ ਪਲ ਦੋ ਪਲ ਵਿਚ ਮੈਂ ਉਹਨਾਂ ਦੇ ਪ੍ਰੇਮ ਦਾ ਨਹੀਂ ਸਗੋਂ ਈਰਖਾ ਦਾ ਪਾਤਰ ਬਣ ਗਿਆ ਹੋਵਾਂ।



ਅਤੇ ਉਸ ਦਿਨ ਤੋਂ ਲੈ ਕੇ ਅਜ ਤਕ ਮੈਂ ਇਹੋ ਤ੍ਰਹਿਕਵਾਂ ਪ੍ਰਤੀਕਰਮ ਆਪਣੇ ਆਲੇ-ਦੁਆਲੇ, ਘਰ ਵਿਚ, ਤੇ ਘਰੋਂ ਬਾਹਰ ਵੀ ਹਮੇਸ਼ਾਂ ਵੇਖਿਆ ਹੈ। ਸ਼ੂਟਿੰਗ ਹਰ ਕਿਸੇ ਦੀ ਨਜ਼ਰ ਵਿਚ ਵਿਸਮਾਦੀ, ਤਲਿਸਮੀ ਚੀਜ਼ ਹੈ। ਉਹ ਇਕ ਮਨੁੱਖ ਨੂੰ ਦੂਜੇ ਮਨੁੱਖਾਂ ਤੋਂ ਵਿਰਲਾ ਤੇ ਉਚੇਰਾ ਬਣਾ ਦੇਂਦੀ ਹੈ। ਸ਼ੂਟਿੰਗ ਕਰਦੇ ਕਲਾਕਾਰ ਦਾ ਸਿੰਘਾਸਨ ਕਾਇਮ, ਤੇ ਨਾ ਕਰਦੇ ਦਾ ਹਿੱਲਿਆ ਹੋਇਆ ਰਹਿੰਦਾ ਹੈ। ਐਵੇਂ ਹੀ ਕੋਈ ਪੁੱਛ ਬੈਠੇ, “ਅਜ ਤੁਹਾਡੀ ਸ਼ੂਟਿੰਗ ਨਹੀਂ!” ਤਾਂ ਵਡੇ ਤੋਂ ਵਡਾ ਸਟਾਰ ਵੀ ਥਿੜਕ ਜਾਂਦਾ ਹੈ। ਕਾਰਨ ਇਹ ਕਿ ਇਸ ਸਵਾਲ ਨਾਲ, ਕਿਤੇ ਦੂਰ ਸਾਰੇ, ਇਕ ਖਤਰੇ ਦੀ ਘੰਟੀ ਬੱਝੀ ਹੋਈ ਹੈ, ਜਿਸ ਦੀ ‘ਵਾਜ ਫਿਲਮ-ਸਟਾਰ ਦੇ ਕੰਨਾਂ ਨੂੰ ਚੰਗੀ ਨਹੀਂ ਲਗਦੀ।



ਮੈਨੂੰ ਸੱਤ ਵਜੇ ਦਾ ਟਾਈਮ ਦਿੱਤਾ ਗਿਆ ਸੀ, ਪਰ ਸਟੂਡੀਓ ਜਾ ਕੇ ਪਤਾ ਲੱਗਾ ਕਿ ਸਿ਼ਫਟ ਨੌਂ ਵਜੇ ਸ਼ੁਰੂ ਹੋਵੇਗੀ। ਇਤਨਾ ਪਹਿਲੇ ਕਿਉਂ ਬੁਲਾ ਲਿਆ ਮੈਨੂੰ? ਅੱਠ ਵਜੇ ਤਕ ਤਾਂ ਫਨੀ-ਦਾ ਦੇ ਸਹਾਇਕਾਂ ਨੇ ਵੀ ਦਰਸ਼ਨ ਨਾਂ ਦਿਤੇ/ ਪਰ ਮੈਂ ਇਸ ਗੱਲ ਉਤੇ ਬਹੁਤਾ ਗੌਰ ਨਾ ਕੀਤਾ – ਪਹਿਲੀ ਸ਼ੂਟਿੰਗ ਦਾ ਚਾਅ ਜੋ ਸੀ। ਅਸਲ ਵਿਚ, ਅਜਿਹੇ ਅਪਮਾਨ ਛੋਟੇ ਕਲਾਕਾਰਾਂ ਦਾ ਦਿਮਾਗ ਠੀਕ ਥਾਂ ਰਖਣ ਲਈ ਕੀਤੇ ਜਾਂਦੇ ਹਨ। ਵੱਡੇ ਕਲਾਕਾਰ, ਅਰਥਾਤ ਸਟਾਰ, ਆਪਣੀ ਮਰਜ਼ੀ ਦੇ ਮਾਲਕ, ਸਿ਼ਫਟ ਸ਼ੁਰੂ ਹੋਣ ਤੋਂ ਦੋ-ਦੋ, ਚਾਰ-ਚਾਰ ਘੰਟੇ ਦੇਰ ਨਾਲ ਆਉਂਦੇ ਹਨ, ਪਰ ਉਹਨਾਂ ਦੀ ਹਰ ਕੱਜ-ਅਦਾਈ ਦਾ ਮੁਸਕਰਾਹਟਾਂ ਨਾਲ ਸੁਆਗਤ ਕਰਨਾ, ਪ੍ਰੋਡੀਊਸਰ, ਡਾਇਰੈਕਟਰ, ਤੇ ਯੂਨਿਟ ਦੇ ਹਰ ਇਕ ਕਰਮਚਾਰੀ ਦਾ ਫਰਜ਼ ਹੋ ਜਾਂਦਾ ਹੈ। ਤੇ ਇੰਜ ਕੀਤਿਆਂ ਸਵੈ-ਮਾਣ ਵਿਚ ਪਈਆਂ ਤਰੇੜਾਂ ਥੁੱਕ ਲਾ ਕੇ ਜੋੜਨ ਲਈ ਛੋਟੇ ਕਲਾਕਾਰਾਂ ਨੂੰ ਬਿਲਾ-ਵਜ੍ਹਾ ਫਟਕਾਰਿਆ ਤੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਦੀ ਲਾਚਰੀ ਉਹਨਾਂ ਨੂੰ ਅੱਗੋਂ ਕੁਸਕਣ ਜੋ ਨਹੀਂ ਦੇਂਦੀ, ਕਿਉਂਕਿ ਕਿਸੇ ਵਕਤ ਵੀ ਉਹਨਾਂ ਨੂੰ ਕੰਨੋਂ ਫੜ ਕੇ ਹਟਾਇਆ ਜਾ ਸਕਦਾ ਹੈ। ਹਾਂ, ਪਰ ਜੇ ਕਿਸੇ ਛੋਟੇ ਕਲਾਕਾਰ ਨੂੰ ਰੱਬ-ਸਬੱਬੀ ਕਿਸਮਤ ਉਤਾਂਹ ਚੁੱਕ ਲਏ, ਤਾਂ ਫੇਰ ਗਿਣ ਗਿਣ ਕੇ ਬਦਲੇ ਲੈਣ ਦਾ ਉਸ ਦਾ ਸਮਾਂ ਆ ਜਾਂਦਾ ਹੈ, ਹਾਲਾਂ ਕਿ ਛੋਟੇ ਕਲਾਕਾਰਾਂ ਦੀ ਮਦਦ ਕਰਨ ਦਾ, ਜਿਨ੍ਹਾਂ ਵਿਚੋਂ ਉਹ ਉਗਮਿਆਂ ਸੀ, ਉਹਨੂੰ ਵੀ ਕੋਈ ਖਿਆਲ ਨਹੀਂ ਰਹਿੰਦਾ।




ਸੈੱਟ ਸਟੂਡੀਓ ਦੇ ਹਾਤੇ ਵਿਚ ਲਾਇਆ ਗਿਆ ਸੀ – ਕਿਸੇ ਅਮੀਰ ਆਦਮੀ ਦੇ ਵਿਹੜੇ ਤੇ ਬਗੀਚੇ ਦਾ ਸੈੱਟ। ਸਾਢੇ ਨੌਂ ਕੁ ਵਜੇ ਫਨੀ-ਦਾ ਤਸ਼ਰੀਫ ਲਿਆਏ, ਤੇ ਕੈਮਰਾਮੈਨ ਘੋਸ਼ ਨੇ ਹੌਲੀ-ਹੌਲੀ ਲਾਈਟਿੰਗ ਅਰੰਭ ਕੀਤੀ। ਗਿਆਰਾਂ ਕੁ ਵਜੇ ਸਟੂਡੀਓ ਦੇ ਫਾਟਕ ਵਿਚ ਫਿਲਮ ਦੇ ਕੁਝ ਇਕ ਮੁਖ-ਪਾਤਰਾਂ ਦੀਆਂ ਮੋਟਰਾਂ ਦਾਖਲ ਹੋਈਆਂ – ਚਾਰਲੀ (ਸਣੇ ਆਪਣੇ ਐਲਸੇਸ਼ੀਅਨ ਕੁੱਤੇ ਦੇ), ਆਗਾ, ਡੇਵਿਡ, ਕੁਸਮ, ਦੇਸ਼ ਪਾਂਡੇ, ਸੁਨਾਲਿਨੀ ਦੇਵੀ। ਇਹ ਲੋਕ ਤਾਜ-ਮਹੱਲ ਦੀ ਕਿਸੇ ਡਿਨਰ ਪਾਰਟੀ ਤੋਂ ਆ ਰਹੇ ਸਨ। ਮਰਦਾਂ ਨੇ ਆਕੜੀਆਂ ਹੋਈਆਂ, ਤਿੱਤਲੀ-ਕਾਲਰ ਕਮੀਜ਼ਾਂ ਦੇ ਕਾਲੇ ਡਿਨਰ-ਸੂਟ ਪਾਏ ਹੋਏ ਸਨ, ਜਿਨ੍ਹਾਂ ਦੀ ਜੰਗ ਦੇ ਜ਼ਮਾਨੇ ਇੰਗਲਿਸਸਤਾਨ ਵਿਚ ਮੈਂ ਮਨਾਹੀ ਜਿਹੀ ਵੇਖੀ ਸੀ। ਉਹਨਾਂ ਦੇ ਆਉਂਦਿਆਂ ਸਾਰ ਮੇਜ਼ ਉਤੇ ਚਿੱਟਾ ਕਪੜਾ ਵਛਾ ਦਿੱਤਾ ਗਿਆ, ਝਮ-ਝਮ ਕਰਦੇ ਚੀਨੀ ਦੇ ਸੈੱਟ ਵਿਚ ਸੈਂਡਵਿਚਾਂ ਤੇ ਕਾਫੀ ਆ ਗਈ। ਮੈਂ ਕਦੇ ਬੀ. ਬੀ. ਸੀ. ਵਿਚ ਵੀ ਇਤਨੇ ਨਵਾਬੀ ਠਾਠ ਨਾਲ ਕੰਮ ਹੁੰਦਾ ਨਹੀਂ ਸੀ ਵੇਖਿਆ। ਅਜੀਬ-ਅਜੀਬ ਲੱਗਾ। ਕੀ ਇਹ ਉਹੀ ਮੁਲਕ ਸੀ, ਜਿਥੇ ਸਾਲ ਭਰ ਪਹਿਲਾਂ ਲੱਖਾਂ ਆਦਮੀ ਭੁੱਖ ਨਾਲ ਮਰ ਗਏ ਸਨ, ਤੇ ਜਿਥੇ ਸੰਨ 52 ਦੇ ਦਮਨ-ਚੱਕਰ ਵਿਚ ਫੜੇ ਹੋਏ ਲੱਖਾਂ ਦੇਸ਼-ਭਗਤ ਅਜੇ ਵੀ ਜੇਲ੍ਹ ਵਿਚ ਸੜ ਰਹੇ ਸਨ? ਹਿੰਦੁਸਤਾਨ ਵਪਾਰੀਆਂ ਦਾ ਦੇਸ਼ ਹੈ, ਪਰ ਅਜੇ ਮੈਂ ਉਹਨਾਂ ਵਪਾਰੀਆਂ ਦਾ ਆਦੀ ਨਹੀਂ ਸਾਂ ਹੋਇਆ। ਨਵਾਂ ਨਵਾਂ ਜੋ ਆਪਣੇ ਮੁਲਕ ਪਰਤਿਆ ਸਾਂ।



ਕਾਫੀ ਪੀ ਕੇ ਸਟਾਰ ਰੁਖਸਤ ਹੋ ਗਏ। ਉਹਣਾਂ ਦਾ ਕੰਮ ਕਰਨ ਦਾ “ਮੂਡ” ਨਹੀਂ ਸੀ ਬਣ ਰਿਹਾ, ਸੈੱਟ ਦਾ ਪਹਿਲਾ ਦਿਨ ਸੀ। ਖੋਰੇ ਸਜਾਵਟ ਤੇ ਲਾਈਟਿੰਗ ਵਿਚ ਹੋਰ ਕਿਤਨਾ ਚਿਰ ਲਗ ਜਾਏ। ਫਨੀ-ਦਾ ਨੇ ਉਹਨਾਂ ਨੂੰ ਕੰਮ ਅਗਲੇ ਦਿਨ ਤੇ ਪਾ ਕੇ, ਖਿੜੇ ਮੱਥੇ ਰੁਖਸਤ ਕਰ ਦਿਤਾ। ਬਾਕੀ ਰਹਿ ਗਿਆ ਮੈਂ, ਤੇ ਫਿਲਮ ਦਾ ਹੀਰੋ, ਨਵੀਨ ਯਾਗਨਿਕ, ਜੋ ਸਟਾਰਪਣੇ ਦੀ ਮੁਹਾਠ ਤੱਕ ਚਿਰਾਂ ਦਾ ਪੁੱਜਿਆ ਹੋਇਆ ਸੀ, ਪਰ ਅਜੇ ਟੱਪਿਆ ਨਹੀਂ ਸੀ। ਜਦੋਂ ਅਸੀਂ ਕਾਫੀ ਪੀ ਰਹੇ ਸਾਂ, ਤਾਂ ਉਹ ਅੰਦਰ ਮੇਕ-ਅਪ ਕਰ ਰਿਹਾ ਸੀ, ਤੇ ਹੁਣ ਚੁੱਪ ਚਾਪ ਇਕ ਕੁਰਸੀ ਤੇ ਆ ਕੇ ਬਹਿ ਗਿਆ। ਉਹਨੇ ਨੀਲੇ ਰੰਗ ਦਾ ਕੁਰਤਾ-ਪਜਾਮਾ ਪਾਇਆ ਹੋਇਆ ਸੀ, ਜੋ ਉਸ ਦੇ ਮੇਕ-ਅਪ ਨਾਲ ਮਿਲ ਕੇ ਬੜਾ ਹਨੂੰਮਾਨੀ ਜਿਹਾ ਪ੍ਰਭਾਵ ਪੈਦਾ ਕਰ ਰਿਹਾ ਸੀ। ਜਦੋਂ ਗੱਲ-ਬਾਤ ਸ਼ੁਰੂ ਹੋਈ ਤਾਂ ਨਵੀਨ ਨੇ ਦਸਿਆ ਕਿ ਪਰਦੇ ਉਤੇ ਇਹਨਾਂ ਕਪੜਿਆਂ ਦਾ ਰੰਗ ਚਿੱਟਾ ਹੀ ਆਵੇਗਾ। ਇਕ ਦਮ ਚਿੱਟੇ ਕਪੜੇ ਰੰਗੀਨ ਫਿਲਮ ਵਿਚ ਤਾਂ ਪਾਏ ਜਾ ਸਕਦੇ ਹਨ, ਪਰ ਕਾਲੀ-ਚਿੱਟੀ ਫਿਲਮ ਵਿਚ ਨਹੀਂ। ਉਹਨਾਂ ਦਾ ਲਿਸ਼ਕਾਰਾ ਕੈਮਰਾਮੈਨ ਦੇ ਕੰਮ ਵਿਚ ਉਲਝਣਾਂ ਪੈਦਾ ਕਰਦਾ ਹੈ।


“ਪਰ ਅਜਿਹੇ ਬੌਂਗੇ ਕਪੜੇ ਪਾ ਕੇ, ਤੇ ਮੂੰਹ ਉਤੇ ਇਤਨਾ ਗਾੜ੍ਹਾ ਮੇਕ-ਅੱਪ ਥੱਪ ਕੇ ਕੀ ਕਲਾਕਾਰ ਦੀ ਮਾਨਸਿਕ ਸੁਹਜ-ਸੁਭਾਵਕਤਾ ਨਸ਼ਟ ਨਹੀਂ ਹੋ ਜਾਂਦੀ?” ਮੈਂ ਪੁਛਿਆ।


“ਆਦਤ ਹੋ ਜਾਂਦੀ ਹੈ।” ਨਵੀਨ ਸੰਖੇਪ ਜਿਹਾ ਜਵਾਬ ਦੇ ਕੇ ਚੁੱਪ ਹੋ ਗਿਆ। ਮੈਨੂੰ ਬੜੀ ਹੈਰਾਨੀ ਹੋਈ। ਅਭਿਨੈ-ਕਲਾ ਬਾਰੇ ਜਿਤਨਾ ਕੁਝ ਪੜ੍ਹਿਆ-ਗੁੜ੍ਹਿਆ ਸੀ, ਉਸ ਦੇ ਅਧਾਰ ਉਤੇ ਸੁਭਾਵਿਕਤਾ ਤੇ ਕੁਦਰਤੀਪਣ ਸਭ ਤੋਂ ਜ਼ਰੂਰੀ ਚੀਜ਼ ਸੀ। ਮੇਰੇ ਮਹੱਤਵਪੂਰਨ ਸਵਾਲ ਦਾ ਹੀਰੋ ਨੇ ਸ਼ਾਇਦ ਮਤਲਬ ਨਹੀਂ ਸਮਝਿਆ, ਮੈਂ ਸੋਚਿਆ।


ਨਵੀਨ ਦਾ ਚੌੜਾ ਸਪਾਟ ਜਿਹਾ ਚਿਹਰਾ ਪਹਿਲੀ ਨਜ਼ਰੇ ਮੈਨੂੰ ਹੁਸੀਨ ਨਹੀਂ ਸੀ ਲੱਗਿਆ। ਮੈਨੂੰ ਹੋਛੀ ਜਿਹੀ ਤਸੱਲੀ ਹੋਈ ਸੀ ਕਿ ਸਕਰੀਨ ਉਤੇ ਮੈਂ ਉਸ ਤੋਂ ਵਧ ਹੁਸੀਨ ਦਿਸਾਂਗਾ। ਪਰ ਹੱਸਣ ਵੇਲੇ, ਮੈਂ ਵੇਖਿਆ, ਉਸ ਦੀਆਂ ਗੱਲ੍ਹਾਂ ਵਿਚ ਕਲਾਰਕ ਬੇਗਲ ਵਰਗੇ ਡੂੰਘ ਪੈਂਦੇ ਸਨ। ਉਸ ਦੀ ਠਹਿਰੀ ਹੋਈ ਤੇ ਸੰਜੀਦਾ ਤਬੀਅਤ ਨੇ ਵੀ ਮੇਰੇ ਉਪਰ ਬੜਾ ਚੰਗਾ ਪ੍ਰਭਾਵ ਪਾਇਆ।



ਨਵੀਨ ਯਾਗਨਿਕ ਦੇ ਭਾਗਾਂ ਵਿਚ ਲੰਮਾ ਜੀਣਾ ਨਹੀਂ ਸੀ ਲਿਖਿਆ। ਉਸ ਫਿਲਮ ਦੇ ਮੁਕੰਮਲ ਹੋਣ ਤੋਂ ਕੁਝ ਸਾਲ ਪਿਛੋਂ ਉਹ ਮਿਆਦੀ ਬੁਖਾਰ ਦਾ ਸਿ਼ਕਾਰ ਹੋ ਕੇ ਗੁਜ਼ਰ ਗਿਆ ਸੀ। ਬੜੀ ਨਾਗਹਾਨੀ ਮੌਤ ਸੀ ਉਹ। ਫਿਲਮਾਂ ਅੰਦਰ ਗੁਜ਼ਾਰੇ ਸਮੇਂ ਵਿਚ ਨਵੀਨ ਨੇ ਬੜੇ ਚੰਗੇ-ਚੰਗੇ ਕੰਮ ਕੀਤੇ ਸਨ – ਐਕਸਟਰਾਵਾਂ ਤੇ ਸਟੂਡੀਓ-ਮਜ਼ਦੂਰਾਂ ਦੀਆਂ ਯੁਨੀਅਨਾਂ ਬਣਾਈਆਂ, ਨਿਆਂ ਲਈ ਜਦੋਜਹਿਦ ਕੀਤੀ। ਉਸ ਦੇ ਇਕ ਹੋਰ ਸਰਗਰਮ ਸਾਥੀ ਨੂੰ, ਜਿਸ ਦਾ ਨਾਂ ਕ੍ਰਿਸ਼ਨ ਕੁਮਾਰ ਸੀ, ਏਸੇ ਸੇਵਾ ਬਦਲੇ ਗੁੰਡਿਆਂ ਨੇ ਕਤਲ ਕਰ ਦਿੱਤਾ ਸੀ। ਮੈਂ ਉਹਨਾਂ ਨੇਕ ਤੇ ਨਿੱਡਰ ਦੋਹਾਂ ਬੰਦਿਆਂ ਨੂੰ ਸਲਾਮ ਕਰਦਾ ਹਾਂ।



ਨਵੀਨ ਕੋਲੋਂ ਉੱਠ ਕੇ ਹੁਣ ਮੈਂ ਵੀ ਮੇਕ-ਅੱਪ ਕਰਨ ਚਲਾ ਗਿਆ। ਮੇਕ-ਅੱਪ-ਮੈਨ ਦਾ ਨਾਂ ਸਵਾਮੀ ਸੀ। ਅਜੇ ਵੀ ਕਦੇ-ਕਦੇ ਸਟੂਡੀਓ ਵਿਚ ਉਸ ਦੇ ਦਰਸ਼ਨ ਹੋ ਜਾਂਦੇ ਹਨ। ਪਿਛਲੇ ਵੀਹਾਂ ਸਾਲਾਂ ਵਿਚ ਉਸ ਦੀ ਆਰਥਕ ਦਸ਼ਾ ਜ਼ਰਾ ਵੀ ਨਹੀਂ ਬਦਲੀ। ਉਹ ਇਕ ਥਾਂ ਕਾਇਮ ਹੀ ਰਹੀ ਹੋਵੇ – ਸ਼ਾਇਦ ਇਹ ਵੀ ਨਹੀਂ ਆਖਿਆ ਜਾ ਸਕਦਾ। ਏਸ ਆਦਮਖੋਰ ਫਿਲਮੀ ਧੰਦੇ ਅੰਦਰ ਸੌ ਚੋਂ ਨੜਿੰਨਵੇਂ ਕਿਰਤੀਆਂ ਦੀ ਇਹੋ ਕਹਾਣੀ ਹੈ।


ਮੈਨੂੰ ਆਪਣਾ ਮੇਕ-ਅੱਪ ਕੀਤਾ ਮੁਖੜਾ ਐਤਕੀਂ ਉਤਨਾ ਨਹੀਂ ਜਚਿਆ ਜਿਤਨਾ ਪੂਨੇ ਵਿਚ ਜਚਿਆ ਸੀ ਲੰਬੂਤਰਾ ਜਿਹਾ ਤੇ ਝੰਵਿਆਂ-ਝੰਵਿਆਂ ਜਾਪ ਰਿਹਾ ਸੀ। ਕੀ ਮੇਕ-ਅਪ ਠੀਕ ਨਹੀਂ ਸੀ ਹੋਇਆ? ਜਾਂ ਸ਼ੀਸ਼ੇ ਉਪਰ ਲਾਈਟਾਂ ਬਹੁਤ ਉੱਚੀਆਂ ਲੱਗੀਆਂ ਹੋਣ ਕਾਰਨ ਲਿੱਸਾ ਦਿਸ ਰਿਹਾ ਸੀ?


ਕੁਝ ਦਿਨ ਪਹਿਲਾਂ ਲੈਮਿੰਗਟਨ ਰੋਡ ਉਤੇ ਮਿਸਟਰ ਭਵਨਾਨੀ ਮਿਲੇ ਸਨ। ਇਕ ਵਾਰੀ ਆਪਣੇ ਘਰ ਉਹ ਮੈਨੂੰ ਤੇ ਚੇਤਨ ਨੂੰ ਡਿਨਰ ਉਤੇ ਵੀ ਬੁਲਾ ਚੁੱਕੇ ਸਨ। ਉਦੋਂ ਆਸ ਹੋਈ ਕਿ ਪੁਰਾਣੀ ਜਾਣ-ਪਛਾਣ ਦਾ ਖਿਆਲ ਕਰਕੇ ਉਹ ਜ਼ਰੂਰ ਮੇਰੀ ਕੁਝ ਮਦਦ ਕਰਨਗੇ। ਖਾਣਾ ਉਹਨਾਂ ਬੜਾ ਵਧੀਆ ਖੁਆਇਆ, ਪਰ ਮੇਰੇ ਦਿਲ ਦੀ ਗੱਲ ਦਾ ਉਹਨਾਂ ਜਿ਼ਕਰ ਤੱਕ ਨਹੀਂ ਸੀ ਕੀਤਾ। ਤੇ ਲੈਮਿੰਗਟਨ ਰੋਡ ਵਾਲੀ ਮੁਲਾਕਾਤ ਵਿਚ ਤਾਂ ਹੋਰ ਵੀ ਨਿਰਾਸ ਕਰ ਗਏ ਸਨ। ਉਹਨਾਂ ਕਿਹਾ, “ਮੇਰੇ ਕਹਿਣ ਦਾ ਬੁਰਾ ਨਾ ਮੰਨਣਾ, ਮਿਸਟਰ ਸਾਹਣੀ, ਪਰ ਹੁਣ ਤੁਹਾਡੇ ਚਿਹਰੇ ਉਪਰ ਉਹ ਭਰਵਾਂ ਸੁਹੱਪਣ ਨਹੀਂ, ਜੋ ਮੈਂ ਕਸ਼ਮੀਰ ਵੇਖਿਆ ਸੀ ਤੁਸੀਂ ਕੁਝ-ਕੁਝ ਗੈਰੀ ਕੂਪਰ ਵਾਂਗ ਦਿਸਣ ਲੱਗ ਗਏ ਹੋ।”


ਗੈਰੀ ਕੂਪਰ! ਸੰਸਾਰ ਦਾ ਸਭ ਤੋਂ ਲੋਕ ਪ੍ਰੀਅ ਫਿਲਮੀ ਹੀਰੋ! ਤੇ ਉਸ ਨਾਲ ਮੇਰੀ ਸਮਾਨਤਾ ਭਵਨਾਨੀ ਸਾਹਿਬ ਨੂੰ ਗੁਣ ਨਹੀਂ, ਦੋਸ਼ ਜਾਪ ਰਹੀ ਸੀ।


ਮੇਰਾ ਬੜਾ ਦਿਲ ਦੁਖਿਆ ਸੀ। ਕਦੇ ਕਦੇ ਮੈਂ ਭਵਨਾਨੀ ਸਾਹਿਬ ਨੂੰ ਆਪਣੇ ਘਰ ਠਹਿਹਰਾਇਆ ਸੀ। ਨੱਠ-ਨੱਠ ਕੇ ਉਹਨਾਂ ਦੇ ਕੰਮ ਕੀਤੇ ਸਨ। ਪਰ ਉਸ ਵੇਲੇ ਮੇਰੀ ਬਾਂਹ ਫੜਨ ਦੇ ਬਜਾਏ ਉਹ ਉਲਟਾ ਮੇਰਾ ਹੌਸਲਾ ਪਸਤ ਕਰ ਰਹੇ ਸਨ। ਕਿਸੇ ਸੱਚ ਹੀ ਆਖਿਆ ਹੈ:-


ਕਿ ਤਾਰੀਕੀ ਮੇਂ ਸਾਯਾ ਭੀ ਜੁਦਾ ਇਨਸਾਨ ਹੋਤਾ ਹੈ।


ਉਦੋਂ ਮੇਰਾ ਸਿਫਾਰਸ਼ੀ ਖਤਾਂ ਦਾ ਤਜਰਬਾ ਵੀ ਬੜਾ ਕੌੜਾ ਰਿਹਾ ਸੀ ਸ਼੍ਰੀ ਜੇ. ਐਨ. ਸਾਹਣੀ, ਮੇਰੇ ਮਸੌਰੇ ਵੀਰ, ‘ਹਿੰਦੁਸਤਾਨ ਟਾਈਮਜ਼’ ਤੇ ‘ਨੈਸ਼ਨਲ ਕਾਲ’ ਵਰਗੇ ਉੱਘੇ ਅਖਬਾਰਾਂ ਦੇ ਐਡੀਟਰ ਰਹਿ ਚੁੱਕੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਫਿਲਮਾਂ ਵਿਚ ਪ੍ਰਵੇਸ਼ ਕਰ ਰਿਹਾ ਹਾਂ, ਤਾਂ ਉਹਨਾਂ ਮੇਰੇ ਬਾਰੇ ਬੜੇ ਦਾਈਏ ਨਾਲ ਇਕ ਖਤ ਆਪਣੇ ਮਿੱਤਰ ਰਾਏ ਬਹਾਦਰ ਚੂਨੀ ਲਾਲ ਨੂੰ ਲਿਖਿਆ, ਜੋ ਫਿਲਮਿਸਤਾਨ ਸਟੂਡੀਓ ਦੇ ਮਾਲਕ ਸਨ, ਤੇ ਦੂਜਾ ਬੰਬੇ ਟਾਕੀਜ਼ ਸਟੂਡੀਓ ਦੇ ਪਬਲਿਸਟੀ ਅਫਸਰ ਸ਼੍ਰੀ ਇੰਦਰ ਰਾਜ ਅਨੰਦ ਨੂੰ (ਜਿਨ੍ਹਾਂ ਨੇ ਹੁਣ ਚਿੱਤਰ-ਕਥਾ ਲੇਖਕ ਦੀ ਹੈਸੀਅਤ ਵਿਚ ਸਿਖਰਾਂ ਦੀ ਸ਼ੁਹਰਤ ਹਾਸਲ ਕਰ ਲਈ ਹੈ)। ਇਹ ਦੋਵੇਂ ਸਟੂਡੀਓ ਉਸ ਵੇਲੇ ਫਿਲਮ ਇੰਡਸਟਰੀ ਦਾ ਕੇਂਦਰ ਮੰਨੇ ਜਾਂਦੇ ਸਨ, ਪਰ ਦੋਵੀਂ ਥਾਈਂ ਮੇਰੇ ਨਾਲ ਬੜਾ ਖਰ੍ਹਵਾ ਸਲੂਕ ਹੋਇਆ।



ਏਸੇ ਤਰ੍ਹਾਂ ਅੱਬਾਸ ਤੇ ਸਾਠੇ ਨੇ ਜਿ਼ੱਦ ਕਰਕੇ ਮੈਨੂੰ ਸ਼ਾਂਤਾ ਰਾਮ ਕੋਲ ਭਿਜਵਾਇਆ। ਉਹਨਾਂ ਨੂੰ ਮੈਂ ਦੱਸ ਚੁੱਕਾ ਸਾਂ ਕਿ ਉਹ ਪੂਨੇ ਪ੍ਰਭਾਤ ਸਟੂਡੀਓ ਵਿਚ ਕਿਤਨੀ ਚੰਗੀ ਤਰ੍ਹਾਂ ਮੇਰੇ ਨਾਲ ਪੇਸ਼ ਆਏ ਸਨ। ਉਹਨੀਂ ਦਿਨੀਂ ਅੱਬਾਸ ਤੇ ਸਾਠੇ “ਡਾਕਟਰ ਕੋਟਨੀਸ ਕੀ ਅਮਰ ਕਹਾਨੀ” ਦਾ ਸੀਨੇਰੀਓ ਤੇ ਵਾਰਤਾਲਾਪ ਲਿਖ ਰਹੇ ਸਨ। ਸ਼ਾਂਤਾ ਰਾਮ ਜੀ ਨਾਲ ਉਹਨਾਂ ਦਾ ਰੋਜ਼ ਦਾ ਉੱਠਣਾ-ਬੈਠਣਾ ਸੀ।


ਪਰ ਇਸ ਦੂਜੀ ਮੁਲਾਕਾਤ ਤੇ ਪਹਿਲੀ ਮੁਲਾਕਾਤ ਵਿਚ ਜ਼ਮੀਨ-ਅਸਮਾਨ ਦਾ ਫਰਕ ਸੀ। ਇਕ ਤਾਂ ਸ਼ਾਂਤਾ ਰਾਮ ਆਪ ਬਹੁਤ ਬਦਲ ਚੁੱਕੇ ਸਨ। ਨਾ ਕਮਰੇ ਵਿਚ ਉਹ ਸਾਦਗੀ ਸੀ, ਨਾ ਉਹਨਾਂ ਦਾ ਪਹਿਰਾਵਾ ਹਿੰਦੁਸਤਾਨੀ। ਬੜਾ ਸਾਹਬਾਂ ਵਾਲਾ ਠਾਠ ਸੀ। ਸਰੀਰ ਵੀ ਉਹਨਾਂ ਦਾ ਪਹਿਲਾਂ ਨਾਲੋਂ ਸੁਅਸਥ ਤੇ ਸੁਡੌਲ ਹੋ ਗਿਆ ਸੀ। ਚਿੱਟੀ ਕਮੀਜ਼ ਤੇ ਪਤਲੂਨ ਵਿਚ ਉਹ ਇਤਨੇ ਤਕੜੇ ਤੇ ਕਦਾਵਰ ਦਿੱਸ ਰਹੇ ਸਨ ਕਿ ਮੇਰੇ ਲਈ ਉਹਨਾਂ ਨੂੰ ਪਛਾਣਨਾਂ ਮੁਸ਼ਕਲ ਹੋ ਰਿਹਾ ਸੀ। ਉਂਗਲ ਵਿਚ ਹੀਰੇ ਦੀ ਅੰਗੂਠੀ ਸੁਸ਼ੋਭਤ ਸੀ, ਜਿਸ ਨੂੰ ਗੱਲ ਕਰਦਿਆਂ ਉਹ ਦੂਜੇ ਹੱਥ ਨਾਲ ਮਲਦੇ ਰਹਿੰਦੇ ਸਨ।


ਅਤੇ ਮੈਂ ਵੀ ਤਾਂ ਕਿਤਨਾ ਬਦਲ ਚੁੱਕਾ ਸਾਂ! ਸ਼ਾਂਤੀ ਨਿਕੇਤਨ ਜਾਂ ਸੇਵਾ ਗਰਾਮ ਤੋਂ ਆਇਆ ਆਸ਼ਰਮ-ਵਾਸੀ ਨਿਰਸੰਦੇਹ ਇੱਜ਼ਤ ਵਾਲੇ ਸਲੂਕ ਦਾ ਹੱਕਦਾਰ ਸੀ, ਪਰ ਲੰਡਨੋਂ ਅੰਗਰੇਜ਼ਾਂ ਦਾ ਪ੍ਰਾਪੇਗੰਡਾ ਕਰਕੇ ਪਰਤੇ ਹੋਏ ‘ਐਨਾਊਂਸਰ’ ਨੂੰ ਉਹ ਕਿਵੇਂ ਓਹੀ ਸਤਿਕਾਰ ਦੇ ਸਕਦੇ ਸਨ? ਪੰਜ-ਦਸ ਮਿੰਟ ਦੀ ਮਿਲਣੀ ਦੋਵਾਂ ਨੂੰ ਇਕ ਦੂਜੇ ਤੋਂ ਵਿਰਕਤ ਕਰਨ ਲਈ ਕਾਫੀ ਸੀ, ਤੇ ਅਜ ਤੀਕਰ ਫੇਰ ਅਸੀਂ ਕਦੀ ਵੀ ਇਕ ਦੂਜੇ ਨੂੰ ਨਹੀਂ ਮਿਲੇ, ਬਸ ਦੂਰੋਂ ਦੂਰੋਂ ਸਲਾਮ-ਦੁਆ ਕੀਤੀ ਹੈ।


ਜਦੋਂ ਮੈਂ ਨਵੇਂ ਮੁੰਡਿਆਂ ਨੂੰ ਫਿਲਮਾਂ ਵਿਚ ਕੰਮ ਲੱਭਣ ਲਈ ਸਿਫਾਰਸ਼ੀ ਖਤ ਲੈ ਲੈ ਕੇ ਪ੍ਰੋਡੀਊਸਰਾਂ, ਡਾਇਰੈਕਟਰਾਂ ਤੇ ਫਿਲਮ ਸਟਾਰਾਂ ਦੇ ਆਸ ਪਾਸ ਚੱਕਰ ਮਾਰਦੇ ਵੇਖਦਾ ਹਾਂ ਤਾਂ ਦਿਲ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਸਕਾਂ ਕਿ ਇਹਨਾਂ ਸਿਫਾਰਸ਼ੀ ਖਤਾਂ ਦੀ ਕੀਮਤ ਉਸ ਕਾਗਜ਼ ਜਿਤਨੀ ਵੀ ਨਹੀਂ ਹੈ, ਜਿਸ ਉਪਰ ਉਹ ਲਿਖੇ ਹੋਏ ਹੁੰਦੇ ਹਨ। ਨੌਕਰੀ ਹੋਰ ਚੀਜ਼ ਹੈ, ਕਲਾਕਾਰ ਬਣਨਾ ਹੋਰ ਚੀਜ਼। ਨੌਕਰੀ ਹਾਸਲ ਕਰਨ ਲਈ ਸਿਫਾਰਸ਼ੀ ਖਤ ਭਾਵੇਂ ਕੰਮ ਆ ਸਕਣ, ਪਰ ਕੋਈ ਵਿਰਲਾ ਹੀ ਡਾਇਰੈਕਟਰ ਐਸਾ ਹੋਵੇਗਾ ਜੋ ਦੂਜਿਆਂ ਦੇ ਆਖੇ ਕਿਸੇ ਅਨਾੜੀ ਨੂੰ ਕੈਮਰੇ ਅਗੇ ਲਿਆਉਣ ਦਾ ਖਤਰਾ ਸਹੇੜ ਲਏ। ਫਿਲਮੀ ਚੱਕਰ ਹੋਰ ਤਰ੍ਹਾਂ ਚੱਲਦਾ ਹੈ, ਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿ਼ਆਦਾ ਕਰਕੇ ਕਾਮਯਾਬੀ ਇਨਸਾਨ ਦੇ ਆਪਣੇ ਤਰੱਦਦ ਤੇ ਆਪਣੇ ਨਸੀਬ ਉਪਰ ਨਿਰਭਰ ਹੁੰਦੀ ਹੈ।


ਆਮ ਤੌਰ ਤੇ ਸਿਫਾਰਸ਼ੀ ਖਤ ਦੇਣ ਵਾਲੇ ਲੈਣ ਵਾਲਿਆਂ ਨਾਲੋਂ ਕਿਤੇ ਵਧ ਨਾਸਮਝੀ ਦਾ ਸਬੂਤ ਦੇਂਦੇ ਹਨ। ਉਹਨਾਂ ਨੂੰ ਦੂਰ ਬੈਠਿਆਂ ਆਪਣੀ ਪਛਾਣ ਵਾਲੀ ਫਿਲਮੀ ਹਸਤੀ ਰੱਬ ਜਿਤਨੀ ਸਰਬ-ਵਿਆਪਕ ਤੇ ਸਰਬ-ਸ਼ਕਤੀਮਾਨ ਮਲੂਮ ਹੋਣ ਲੱਗ ਜਾਂਦੀ ਹੈ; ਪਰ ਅਸਲੀਅਤ ਕਈ ਵਾਰੀ ਉਸ ਅੰਦਾਜ਼ੇ ਨਾਲ ਮੇਲ ਨਹੀਂ ਖਾਦੀ। ਜਿਸ ਤੋਂ ਮਦਦ ਦੀ ਆਸ ਕੀਤੀ ਜਾਂਦੀ ਹੈ ਉਹ ਕਈ ਵਾਰ ਮਦਦ ਦੇਣ ਦੀ ਹਾਲਤ ਵਿਚ ਹੀ ਨਹੀਂ ਹੁੰਦਾ।


ਮਸਲਿਨ, ਅੱਜ ਮੈਂ ਕਹਿ ਸਕਦਾ ਹਾਂ ਕਿ ਭਵਨਾਨੀ ਸਾਹਬ ਉਪਰ ਨਾਰਾਜ਼ ਹੋਣਾ ਮੇਰੀ ਸਰਾਸਰ ਨਲਾਇਕੀ ਸੀ। ਚੁੱਪ ਫਿਲਮਾਂ ਦੇ ਜ਼ਮਾਨੇ ਦੇ ਉਹ ਬੜੇ ਕਾਮਯਾਬ ਪ੍ਰੋਡੀਊਸਰ ਰਹੇ ਸਨ, ਪਰ ਬੋਲਦੀਆਂ ਫਿਲਮਾਂ ਵਿਚ ਉਹ ਯੱਕੇ-ਬਾਦ-ਦੀਗਰੇ ਨਾਕਾਮਯਾਬ ਹੋਏ। ਜਦੋਂ ਮੈਂ ਉਹਨਾਂ ਨੂੰ ਮਿਲਿਆ, ਉਹ ਪਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਹੇ ਸਨ, ਤੇ ਮੈਨੂੰ ਆਪਣੀ ਸਿਹਤ ਦਾ ਧਿਆਨ ਕਰਨ ਦਾ ਇਸ਼ਾਰਾ ਕਰਕੇ ਉਹਨਾਂ ਆਪਣੀ ਸੱਜਣਤਾਈ ਦਾ ਸਬੂਤ ਦਿੱਤਾ ਸੀ। ਗੈਰੀ ਕੂਪਰ ਹਾਲੀਵੁਡ ਵਿਚ ਭਾਵੇਂ ਹੁਸੀਨ ਮੰਨਿਆਂ ਜਾਂਦਾ ਹੋਵੇ, ਪਰ ਹਿੰਦੀ ਫਿਲਮਾਂ ਵਿਚ ਤਾਂ ਗੋਲ-ਮਟੋਲ ਚਿਹਰਿਆਂ ਨੂੰ ਹੀ ਪਸੰਦ ਕੀਤਾ ਜਾਂਦਾ ਸੀ। ਪਰ ਵਿਚਾਰੇ ਨਵੇਂ ਆਦਮੀ ਦੀ ਇਕ ਬਦਕਿਸਮਤੀ ਇਹ ਵੀ ਹੁੰਦੀ ਹੈ ਕਿ ਉਹਨੂੰ ਫਿਲਮਾਂ ਦੇ ਅੰਦਰੂਨੀ ਮਾਹੌਲ ਦਾ ਕੁਝ ਪਤਾ ਨਹੀਂ ਹੁੰਦਾ। ਠੋਕਰਾਂ ਖਾ-ਖਾ ਕੇ ਉਹਨੂੰ ਹਰ ਕਿਸੇ ਉਤੇ ਸ਼ੱਕ ਹੋਣ ਲਗ ਜਾਂਦਾ ਹੈ। ਉਹ ਸੋਚਦਾ ਹੈ ਕਿ ਹਰ ਕੋਈ ਉਸ ਦਾ ਰਾਹ ਰੋਕ ਰਿਹਾ ਹੈ, ਉਸ ਨਾਲ ਦੁਸ਼ਮਣੀ ਕਰ ਰਿਹਾ ਹੈ।



ਇਕ ਵਾਰ ਦਾਦਰ ਮੇਨ-ਰੋਡ ਉਤੇ ਜਗਦੀਸ਼ ਸੇਠੀ ਭਾਪੇ ਨੇ ਵੀ, ਜਿਸ ਦੀ ਗੁੱਡੀ ਬਤੌਰ ਕਰੈਕਟਰ ਐਕਟਰ ਉਦੋਂ ਅਸਮਾਨ ਉਤੇ ਸੀ, ਮੈਨੂੰ ਸਿਹਤ ਬਾਰੇ ਖਬਰਦਾਰ ਹੋਣ ਲਈ ਕਿਹਾ ਸੀ ਉਹਨਾਂ ਦੇ ਸ਼ਬਦ ਮੈਨੂੰ ਅਜ ਤੀਕਰ ਯਾਦ ਹਨ: “ਸਕਰੀਨ ਉਤੇ ਪਤਲਾ ਆਦਮੀ ਹੋਰ ਵੀ ਪਤਲਾ ਲੱਗਣ ਲਗ ਜਾਂਦਾ ਹੈ। ਤੂੰ ਆਪਣਾ ਵਜ਼ਨ ਵਧਾ।”



ਇਹ ਪੱਲੇ ਬੰਨ੍ਹਣ ਜੋਗੀ ਗੱਲ ਸੀ, ਪਰ ਉਸ ਵੇਲੇ ਮੇਰੇ ਕੰਨਾਂ ਨੂੰ ਕੌੜੀ ਲੱਗੀ ਸੀ। “ਮਦਦ ਤਾਂ ਕੁਝ ਕਰਦੇ ਨਹੀਂ, ਐਵੇਂ ਨਸੀਹਤਾਂ ਝਾੜਦੇ ਨੇ,” ਮੈਂ ਮਨ ਵਿਚ ਕਿਹਾ ਸੀ।


ਚੰਗੀ ਨਸੀਹਤ ਤੋਂ ਵਧ ਕੀਮਤੀ ਚੀਜ਼ ਨਵੇਂ ਆਏ ਕਲਾਕਾਰ ਨੂੰ ਹੋਰ ਕੋਈ ਨਹੀਂ ਮਿਲ ਸਕਦੀ। ਪਰ ਅਫਸੋਸ, ਜਿਸ ਨੂੰ ਮਿਲਦੀ ਹੈ, ਉਹ ਉਸ ਦਾ ਮੁੱਲ ਨਹੀਂ ਪਾਉਂਦਾ, ਤੇ ਜਿਹੜਾ ਮੁੱਲ ਪਾਉਂਦਾ ਹੈ, ਉਹਨੂੰ ਉਹ ਮਿਲਦੀ ਨਹੀਂ।


ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰੀ ਸਿਹਤ ਕਾਫੀ ਡਿੱਗ ਚੁੱਕੀ ਸੀ। ਇਕ ਤਾਂ ਬੰਬਈ ਦੀ ਆਬੋ-ਹਵਾ ਮੈਨੂੰ ਮਾਫਕ ਨਹੀਂ ਸੀ ਆ ਰਹੀ। ਇਕ ਦਿਨ ਟੈਕਸੀ ਵਿਚ ਬੈਠਿਆਂ ਤੇ ਮੁੜ੍ਹਕੇ ਵਿਚ ਗੋਤੇ ਮਾਰਦਿਆਂ ਮੈਂ ਅੱਬਾਸ ਤੋਂ ਪੁਛਿਆ, “ਯਾਰ ਤੈਨੂੰ ਬੰਬਈ ਰਹਿੰਦਿਆਂ ਕਿਤਨੇ ਕੁ ਸਾਲ ਹੋ ਗਏ ਨੇ?”


“ਸੱਤ”, ਉਹਨੇ ਜਵਾਬ ਦਿਤਾ।


“ਸੱਤ ਸਾਲ!” ਮੈਂ ਹੈਰਾਨ ਹੋ ਕੇ ਕਿਹਾ, “ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਇਸ ਮਰਦੂਦ ਸ਼ਹਿਰ ਵਿਚ ਕਿਵੇਂ ਕੋਈ ਸੱਤ ਸਾਲ ਕੱਟ ਸਕਦਾ ਹੈ।”


“ਤੈਥੋਂ ਸੱਤ ਸਾਲ ਬਾਅਦ ਪੁਛਾਂਗਾ,” ਅੱਬਾਸ ਨੇ ਅਖਬਾਰ ਤੋਂ ਅੱਖਾਂ ਚੁੱਕੇ ਬਿਨਾਂ ਕਿਹਾ ਸੀ।


ਉਸ ਦੀ ਭਵਿਖ-ਬਾਣੀ ਕਿਤਨੀ ਠੀਕ ਨਿਕਲੀ! ਅਜ ਬੰਬਈ ਵਿਚ ਰਹਿੰਦਿਆਂ ਮੈਨੂੰ 7 ਨਹੀਂ, 23 ਸਾਲ ਹੋ ਚੁੱਕੇ ਹਨ।


ਸਿਹਤ ਡਿੱਗਣ ਦਾ ਅਸਲ ਕਾਰਨ ਆਰਥਕ ਪਰੇਸ਼ਾਨੀ ਤੇ ਬੇਥੱਵੀ ਜਿ਼ੰਦਗੀ ਵੀ ਸੀ। ਪੈਸੇ ਦਾ ਮੂੰਹ ਵੇਖਣ ਲਈ ਉਸ ਜ਼ਮਾਨੇ ਵਿਚ ਮੈਨੂੰ ਕੀ-ਕੀ ਤਰਲਾ ਨਹੀਂ ਸੀ ਲੈਣਾ ਪਿਆ। ਟਰੇਡਰਜ਼ ਬੈਂਕ ਦੀ ਇਕ ਬਰਾਂਚ ਦਾ ਮੈਨੇਜਰ ਮੇਰਾ ਕਾਲਿਜ ਦਾ ਸਹਿਪਾਠੀ ਨਿਕਲ ਆਇਆ। ਗਾਹੇ-ਬ-ਗਾਹੇ ਉਹ ਮੈਨੂੰ ਬੈਂਕ ਵਲੋਂ ਥੋੜਾ ਬਹੁਤ ਕਰਜ਼ਾ ਦੇਂਦਾ ਰਹਿੰਦਾ। ਦੋ ਕੁ ਹਜ਼ਾਰ ਦਾ ਮੇਰੇ ਹਿਸਾਬ ਵਿਚ “ਉਵਰਡਰਾਫਟ” ਹੋ ਗਿਆ। ਉਸ ਦੇ ਰਵਾਨਾਂ ਹੋਣ ਤੋਂ ਪਹਿਲਾਂ-ਪਹਿਲਾਂ ਰੁਪਿਆ ਭਰਨਾ ਮੇਰਾ ਇਖਲਾਕੀ ਫਰਜ਼ ਸੀ।


ਇਸ ਫਰਜ਼ ਨੂੰ ਪੂਰਾ ਕਰਨ ਲਈ ਕੀਤੇ ਹੀਲਿਆਂ ਨੂੰ ਨਹੁੰਆਂ ਨਾਲ ਖੁਹ ਪੁੱਟਣ ਦਾ ਹੀ ਦਰਜਾ ਦਿੱਤਾ ਜਾ ਸਕਦਾ ਹੈ। ਰੇਡੀਉ ਦੇ ਪ੍ਰੋਗਰਾਮ, ਕਿਤਾਬਾਂ ਦੇ ਤਰਜਮੇ – ਮੇਰੀ ਦੌੜ ਅਜਿਹੇ ਕੰਮਾਂ ਤੀਕ ਹੀ ਸੀ, ਤੇ ਇਹਨਾਂ ਤੋਂ ਖਾਸ ਕੀ ਹਾਸਲ ਹੁੰਦਾ ਹੈ? ਇਕ ਦਿਨ ਕਿਸੇ ਦੱਸਿਆ ਕਿ ‘ਫਿਲਮਜ਼ ਡੀਵੀਜ਼ਨ’ (ਸਰਕਾਰੀ ਸੂਚਨਾ – ਫਿਲਮ ਵਿਭਾਗ) ਵਿਚ ਛੋਟੀ ਫਿਲਮ ਦੀ ਵਾਰਤਾ ਲਿਖਣ ਲਈ, ਤੇ ਬੋਲਣ ਲਈ ਵੀ, ਪੂਰਾ ਡੇਢ ਸੌ ਰੁਪਿਆ ਮਿਲ ਜਾਂਦਾ ਹੈ। ਮੈਂ ਨੱਠਦਾ ਹੋਇਆ ਉਸੇ ਵੇਲੇ ਡਾਇਰੈਕਟਰ ਨੂੰ ਮਿਲਣ ਚਲਾ ਗਿਆ। ਕਾਰਡ ਅੰਦਰ ਭੇਜਿਆ। ਡਾਇਰੈਕਟਰ ਨੇ ਝਟ ਅੰਦਰ ਬੁਲਾ ਲਿਆ। ਉਹਨੂੰ ਵੇਖਦਿਆਂ ਸਾਰ ਮੇਰੇ ਸੋਤਰ ਸੁੱਕ ਗਏ। ਮੇਰੇ ਸਾਹਮਣੇ ਇਕ ਐਸਾ ਨੌਜੁਆਨ ਖੜਾ ਸੀ ਜੋ ਆਪ ਦੋ ਸਾਲ ਪਹਿਲਾਂ ਲੰਡਨ ਵਿਚ ਮੇਰੇ ਅੱਗੇ ਇੰਟਰਵੀਊ ਲਈ ਪੇਸ਼ ਹੋਇਆ ਸੀ। ਆਕਸਫੋਰਡ ਦੀ ਉੱਚੀ ਵਿਦਿਆ ਸਮਾਪਤ ਕਰਕੇ ਉਹਨੇ ਬੀ. ਬੀ. ਸੀ. ਦੇ ਹਿੰਦੁਸਤਾਨੀ ਸੈਕਸ਼ਨ ਵਿਚ ਮੁਲਾਜ਼ਮਤ ਲਈ ਦਰਖਾਸਤ ਕੀਤੀ ਸੀ। ਸਾਡੇ ਡਾਇਰੈਕਟਰ ਜ਼ੁਲਫਕਾਰ ਅਲੀ ਬੁਖਾਰੀ ਓਦੋਂ ਹਿੰਦੁਸਤਾਨ ਆਏ ਹੋਏ ਸਨ, ਏਸ ਲਈ ਉਹਨੂੰ ਮੇਰੇ ਕੋਲ ਭੇਜਿਆ ਗਿਆ ਸੀ। ਪਰ ਮੈਨੂੰ ਉਸ ਦਾ ਉਰਦੂ ਤਲੱਫਜ਼ ਪਸੰਦ ਨਹੀਂ ਸੀ ਆਇਆ, ਤੇ ਏਸ ਅਧਾਰ ਉੱਤੇ ਉਸ ਦੀ ਦਰਖਾਸਤ ਨਾਮਨਜ਼ੂਰ ਹੋ ਗਈ ਸੀ। ਤੇ ਹੁਣ ਮੈਂ ਉਸ ਦੇ ਸਾਹਮਣੇ ਇਕ ਘਟੀਆ ਜਿਹੇ ਕੰਮ ਲਈ ਸਵਾਲੀ ਬਣ ਕੇ ਖੜਾ ਸਾਂ। ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਪਰ ਉਹ ਵਧੀਆ ਕਿਸਮ ਦਾ ਆਦਮੀ ਸਾਬਤ ਹੋਇਆ। ਉਹਨੇ ਫੌਰਨ ਮੇਰੀ ਦਰਖਾਸਤ ਮਨਜ਼ੂਰ ਕਰ ਦਿੱਤੀ, ਤੇ ਕੋਈ ਐਸਾ ਬੋਲ ਮੂੰਹ ਉਤੇ ਨਹੀਂ ਲਿਆਂਦਾ ਜਿਸ ਨਾਲ ਮੈਨੂੰ ਪਰੇਸ਼ਾਨੀ ਹੋਵੇ। ਪਰ ਏਸ ਕੰਮ ਵਿਚੋਂ ਵੀ ਮਸਾਂ ਮੈਂ ਪੰਜ-ਛੇ ਸੌ ਹੀ ਕਮਾ ਸਕਿਆ, ਕਿਉਂਕਿ ਰਿਕਾਰਡਿਸਟਾਂ ਨੂੰ ਮੇਰਾ ਬੋਲਣ ਦਾ ਅੰਦਾਜ਼ ਪਸੰਦ ਨਹੀਂ ਸੀ...


ਆਪਣਾ ਮੇਕ-ਅੱਪ ਕੀਤਾ ਮੂੰਹ ਵੇਖਦਿਆਂ ਮੈਨੂੰ ਉਹ ਸਾਰੀਆਂ ਔਕੜਾਂ ਤੇ ਚਿੰਤਾਵਾਂ ਚੇਤੇ ਆਉਣ ਲਗ ਪਈਆਂ। ਪਰ ਮੈਂ ਆਪਣੇ ਆਪ ਨੂੰ ਮਾਯੂਸ ਨਾ ਹੋਣ ਦਾ ਨਿਸਚਾ ਕਰ ਲਿਆ। ਸੂ਼ਟਿੰਗ ਦਾ ਪਹਿਲਾ ਦਿਨ ਸੀ। ਇਕ ਤਰ੍ਹਾਂ ਮੇਰੀ ਕਿਸਮਤ ਦਾ ਅਜ ਇਮਤਿਹਾਨ ਸੀ। ਫਨੀ-ਦਾ ਉੱਪਰ ਚੰਗਾ ਪ੍ਰਭਾਵ ਪਾਉਣ ਉੱਤੇ ਮੈਂ ਤੁੱਲਿਆ ਹੋਇਆ ਸਾਂ। ਪਰ ਫੇਰ ਵੀ, ਮੇਰੇ ਨਾ ਚਾਹੁੰਦਿਆਂ ਹੋਇਆਂ ਵੀ, ਉਹ ਮੇਕ-ਅੱਪ ਮੇਰੇ ਚਿਹਰੇ ਉਤੇ ਬੋਝ ਜਿਹਾ ਬਣਦਾ ਜਾ ਰਿਹਾ ਸੀ। ਇੰਜ ਲਗਦਾ ਸੀ ਜਿਵੇਂ ਮੂੰਹ ਉਤੇ ਥੱਪਣ ਵੇਲੇ ਬਹੁਤ ਸਾਰਾ ਪਾਊਡਰ ਮੇਰੀਆਂ ਅੱਖਾਂ ਵਿਚ ਵੀ ਚਲਾ ਗਿਆ ਹੋਵੇ। ਰਹਿ-ਰਹਿ ਕੇ ਸੋਚ ਸਤਾਉਂਦੀ, ਇਹ ਫਿਲਮਾਂ ਵਾਲੇ ਐਕਟਰ ਨੂੰ ਚਿੱਟੇ ਦੀ ਥਾਂ ਨੀਲੇ ਕੱਪੜੇ ਪੁਆ ਕੇ, ਉਹਦੇ ਮੂੰਹ ਉਤੇ ਏਨਾ ਗੇਰਵਾ ਪਲਸਤਰ ਥੱਪ ਕੇ, ਕਿਵੇਂ ਸੁਭਾਵਕ ਅਦਾਕਾਰੀ ਦੀ ਆਸ ਕਰ ਸਕਦੇ ਹਨ? ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸੁਭਾਵਕ ਅਦਾਕਾਰੀ ਦੀ ਮੰਜ਼ਲ ਤੇ ਪਹੁੰਚਣ ਲਈ ਕਲਾਕਾਰ ਨੂੰ ਬੇਸ਼ੁਮਾਰ ਅਸੁਭਾਵਕ ਬੰਦਸ਼ਾਂ ਤੇ ਔਕੜਾਂ ਨੂੰ ਨਾ ਕੇਵਲ ਸਵੀਕਾਰਨਾ ਸਗੋਂ ਅਪਨਾਉਣਾ ਵੀ ਪੈਂਦਾ ਹੈ। ਇਸ ਲਈ ਸੁਲਝੇ ਹੋਏ ਅਧਿਐਨ ਤੇ ਸੁਚੱਜੇ ਰਿਆਜ਼ ਦੀ ਲੋੜ ਹੈ। ਮੈਂ ਸੁਭਾਵਕਤਾ ਦਾ ਅਰਥ ਬੰਦਸ਼ਾਂ ਵਲੋਂ ਲਾਪਰਵਾਹ ਹੋ ਕੇ ਉਵੇਂ ਹੀ ਕਰਨਾ ਮਿੱਥਦਾ ਸਾਂ ਜਿਵੇਂ ਜੀਵਨ ਵਿਚ ਵਾਪਰਦਾ ਹੈ। ਨਵੇਂ ਕਲਾਕਾਰਾਂ ਕੋਲੋਂ ਇਹ ਭੁੱਲ ਆਮ ਹੋ ਜਾਂਦੀ ਹੈ, ਤੇ ਮਹਿੰਗੀਆਂ ਕੀਮਤਾਂ ਵਸੂਲ ਕਰਦੀ ਹੈ।


ਮੈਂ ਸੈੱਟ ਉਤੇ ਗਿਆ। ਖੁਸ਼-ਕਿਸਮਤੀ ਨਾਲ ਕੈਮਰਾ ਲਾਂਗ ਸ਼ਾਟ (ਦੂਰ-ਵਰਤੀ ਦ੍ਰਿਸ਼) ਉਤੇ ਰੱਖਿਆ ਹੋਇਆ ਸੀ। ਮੈਂ ਉਹਨੂੰ ਮਨੋਂ ਵਿਸਾਰ ਸਕਦਾ ਸਾਂ। ਸੈੱਟ ਉਤੇ ਆਜ਼ਾਦੀ ਨਾਲ ਏਧਰ ਓਧਰ ਤੁਰ ਫਿਰ ਸਕਦਾ ਸਾਂ, ਬਿਨਾਂ ਰੋਕ-ਟੋਕ ਦੇ ਹੱਥ-ਪੈਰ ਹਿਲਾ ਸਕਦਾ ਸਾਂ।
ਸੀਨ ਇਸ ਪ੍ਰਕਾਰ ਸੀ: ਹੀਰੋ ਬਰਾਂਡੇ ਵਿਚ ਇਕ ਟੇਬਲ-ਲੈਂਪ ਦੇ ਸਹਾਰੇ ਕਿਤਾਬ ਪੜ੍ਹ ਰਿਹਾ ਹੈ। ਮੈਂ, ਉਸ ਦਾ ਫੈਸ਼ਨ-ਪ੍ਰਸਤ ਦੋਸਤ, ਮਸਤਾਨੀ ਅਦਾ ਨਾਲ ਦਰਵਾਜ਼ੇ ਵਿਚੋਂ ਦਾਖਲ ਹੁੰਦਾ ਹਾਂ, ਸਿਰ ਤੋਂ ਹੈਟ ਲਾਹ ਕੇ ਕਿੱਲੀ ਉਪਰ ਸੁੱਟਦਾ ਹਾਂ, ਅਤੇ ਇਕ ਅਰਾਮ-ਕੁਰਸੀ ਉਤੇ ਬਹਿ ਕੇ ਸਿਗਰਟ ਦੇ ਕਸ਼ ਖਿੱਚਦਾ ਹੀਰੋ ਦੇ ਸਨਾਤਨੀ ਵਿਚਾਰਾਂ ਤੇ ਆਦਰਸ਼ਾਂ ਉਪਰ ਵਿਅੰਗ ਕਰਨ ਲਗ ਜਾਂਦਾ ਹਾਂ। ਵਾਰਤਾਲਾਪ ਦਾ ਕੇਵਲ ਇਕ ਵਾਕ ਬੋਲਣ ਪਿਛੋਂ ਸ਼ਾਟ ਕੱਟ ਹੋ ਜਾਣਾ ਸੀ।


ਆਖਦੇ ਹਨ, ਨਵੇਂ ਜੁਆਰੀ ਦਾ ਪਹਿਲਾ ਦਾਅ ਹਮੇਸ਼ਾਂ ਸਿੱਧਾ ਪੈਂਦਾ ਹੈ। ਇਸ ਸ਼ਾਟ ਵਿਚ ਮੈਂ ਇੰਨੀ ਸੁੰਦਰਤਾ ਦਾ ਸਬੂਤ ਦਿੱਤਾ ਕਿ ਹਰ ਪਾਸਿਓਂ ਵਾਹ-ਵਾਹ ਹੋਣ ਲਗ ਪਈ। ਅਰਾਮ-ਕੁਰਸੀ ਉਤੇ ਬੈਠਦਿਆਂ ਹੀ ਮੈਂ ਮੂੰਹ ਵਿਚੋਂ ਸਿਗਰਟ-ਧੂਏਂ ਦੇ ਗੋਲ-ਗੋਲ ਛੱਲੇ ਕੱਢਣ ਲਗ ਪਿਆ ਸਾਂ, ਜੋ ਬੜੀ ਕਰਤੱਬ ਵਾਲੀ ਗੱਲ ਸੀ। ਇਸ ਤੋਂ ਬਾਅਦ ਇਕ-ਦੋ ਹੋਰ ਸ਼ਾਟ ਹੋਏ, ਜਿਨ੍ਹਾਂ ਵਿਚ ਕੈਮਰਾ ਥੋੜਾ ਨਜ਼ਦੀਕ ਆ ਗਿਆ। ਉਹਨਾਂ ਵਿਚ ਵੀ ਮੈਂ ਚੜ੍ਹਦੀਆਂ ਕਲਾਂ ਵਿਚ ਰਿਹਾ, ਜਿਵੇਂ ਦਿਖਾ ਰਿਹਾ ਹੋਵਾਂ ਕਿ ਇਹ ਸਭ ਮੇਰੇ ਵਰਗੇ ਬੀ. ਬੀ. ਸੀ. ਤੋਂ ਆਏ ਕਲਾਕਾਰ ਲਈ ਖੱਬੇ ਹੱਥ ਦੀ ਖੇਡ ਸੀ। ਚੈਨ ਦੇ ਚਿੜੇ ਉਡਾਉਂਦਾ ਮੈਂ ਪਹੁ ਫੁਟਣ ਵੇਲੇ ਘਰ ਪਹੁੰਚਿਆ।


ਤਿੰਨ ਦਿਨ ਪਿਛੋਂ ਏਸੇ ਸੈੱਟ ਉਤੇ ਦਿਨ ਦੀਆਂ ਸਿ਼ਫਟਾਂ ਸ਼ੁਰੂ ਹੋਈਆਂ ਤੇ ਮੈਨੂੰ ਫੇਰ ਯਾਦ ਕੀਤਾ ਗਿਆ। ਸਟੂਡੀਓ ਵਿਚ ਬੜੀ ਚਹਿਲ-ਪਹਿਲ ਵੇਖੀ। ਇਕ ਵਡੇ ਸਾਰੇ ਮਰਦਾਂ ਦਾ ਵਾਰੋ ਵਾਰੀ ਮੇਕ-ਅੱਪ ਕੀਤਾ ਜਾ ਰਿਹਾ ਸੀ, ਤੇ ਬਰਾਂਡਿਓਂ ਪਾਰ ਇਕ ਉਤਨੇ ਹੀ ਵੱਡੇ ਕਮਰੇ ਵਿਚ ਤੀਵੀਂਆਂ ਦਾ, ਜੋ ਇੰਜ ਟਹਿਕ ਰਹੀਆਂ ਸਨ ਜਿਵੇਂ ਕਿਸੇ ਸ਼ਾਦੀ-ਵਿਆਹ ਦਾ ਮੇਲ ਜੁੜਿਆ ਹੋਵੇ। ਮੈਨੂੰ ਵੀ ਮਰਦਾਂ ਵਾਲੇ ਕਮਰੇ ਵਿਚ ਦਾਖਲ ਕਰ ਦਿੱਤਾ ਗਿਆ। ਮੈਨੂੰ ਨਹੀਂ ਸੀ ਪਤਾ ਕਿ ਇਹ ਲੋਕ ਕੌਣ ਸਨ। ਜੇ ਕੋਈ ਦੱਸ ਦੇਂਦਾ ਕਿ ਇਹ “ਐਕਸਟਰਾ” ਹਨ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਕੀ ਹੁੰਦੇ ਹਨ। ਉਹਨਾਂ ਨੂੰ ਮੇਕ-ਅੱਪ ਕਰਦਿਆਂ ਵੇਖ ਕੇ ਮੈਂ ਇਹੋ ਸੋਚਿਆ ਕਿ ਉਹ ਵੀ ਮੇਰੇ ਜਾਂ ਨਵੀਨ ਯਾਗਨਿਕ ਵਾਂਗ ਕਲਾਕਾਰ ਹਨ। ਜਿਵੇਂ ਸਟੇਜ ਦੀ ਦੁਨੀਆਂ ਵਿਚ ਸਭ ਬਰਾਬਰ ਹੁੰਦੇ ਹਨ, ਭਾਵੇਂ ਕੋਈ ਵੱਡਾ ਕਿਰਦਾਰ ਕਰ ਰਿਹਾ ਹੋਵੇ ਭਾਵੇਂ ਛੋਟਾ, ਇਵੇਂ ਹੀ ਫਿਲਮਾਂ ਵਿਚ ਵੀ ਹੁੰਦਾ ਹੋਵੇਗਾ! ਸੁਣਿਆਂ ਸੀ ਚਾਹ-ਪਾਰਟੀ ਦਾ ਸੀਨ ਸੀ। ਮੇਰੇ ਵਾਂਗ ਇਹ ਲੋਕ ਵੀ ਆਪਣੇ ਘਰੋਂ ਚੰਗੇ-ਚੰਗੇ ਸੂਟ, ਸ਼ੇਰਵਾਨੀਆਂ ਆਦਿ ਪਾ ਕੇ ਆਏ ਸਨ। ਚੰਗੇ-ਚੰਗੇ, ਸੁਹਣੇ-ਸੁਹਣੇ ਲਗ ਰਹੇ ਸਨ। ਬੜੇ ਖਲੂਸ ਵਾਲੇ ਲੋਕ ਸਨ। ਉਹਨਾਂ ਨਾਲ ਵਿਹਲੀਆਂ ਗੱਪਾਂ ਮਾਰਨ ਲਈ ਬੇਹਿਸਾਬ ਵਕਤ ਮਿਲ ਰਿਹਾ ਸੀ। ਥੋੜੇ ਸਮੇਂ ਵਿਚ ਹੀ ਮੇਰੀ ਸਭਨਾਂ ਨਾਲ ਦੋਸਤੀ ਹੋ ਗਈ। ਵਲੈਤੋਂ ਆਇਆ ਹੋਣ ਕਰਕੇ ਮੈਂ ਵੀ ਉਹਨਾਂ ਦਾ ਪ੍ਰਸੰਸਾ ਦਾ ਪਾਤਰ ਬਣ ਗਿਆ ਸਾਂ। ਇਤਨਾ ਪਿਆਰਾ ਤੇ ਸੁਖਾਵਾਂ ਮਾਹੌਲ ਮੈਂ ਕਦੇ ਪੀਪਲਜ਼ ਥੇਟਰ ਵਿਚ ਵੀ ਨਹੀਂ ਸੀ ਵੇਖਿਆ। ਹਰ ਕੋਈ ਮੇਰੇ ਨਾਲ ਬੜਾ ਹੀ ਨਿਮਰ ਤੇ ਨਿੱਘਾ ਪੇਸ਼ ਆ ਰਿਹਾ ਸੀ ਜਿਵੇਂ ਹਰ ਮੁਮਕਿਨ ਢੰਗ ਨਾਲ ਮੇਰੇ ਓਪਰੇਪਣ ਦੇ ਅਹਿਸਾਸ ਨੂੰ ਦੂਰ ਕਰਨਾ ਚਾਹੁੰਦਾ ਹੋਵੇ। ਉਹਨਾਂ ਦੀਆਂ ਗੱਲਾਂ ਤੋਂ ਪਤਾ ਚਲਿਆ ਕਿ ਉਹ ਆਪ ਵੀ ਕੋਈ ਮਾਮੂਲੀ ਆਦਮੀ ਨਹੀਂ ਹਨ। ਇਕ ਨੇ ਦੱਸਿਆ ਕਿ ਸ਼ਹਿਰ ਵਿਚ ਉਸ ਦੀਆਂ ਚਾਰ ਫਰਨੀਚਰ ਦੀਆਂ ਦੁਕਾਨਾਂ ਹਨ। ਸ਼ੂਟਿੰਗ ਲਈ ਤਾਂ ਉਹ ਮਹਿਜ਼ ਸ਼ੌਕ ਪੂਰਾ ਕਰਨ ਲਈ ਕਦੇ-ਕਦੇ ਆ ਜਾਂਦਾ ਹੈ। ਸਗੋਂ ਹੁਣ ਉਹ ਆਪ ਇਕ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ। ਉਸ ਵਿਚ ਵਿਲਨ (ਖਲ-ਨਾਇਕ) ਦਾ ਰੋਲ ਉਹ ਜ਼ਰੂਰ ਮੈਨੂੰ ਦੇਵੇਗਾ, ਕਿਉਂਕਿ ਮੇਰਾ ਚਿਹਰਾ-ਮੁਹਰਾ ਬਿਲਕੁਲ ਇੰਗਲਿਸ਼ ਵਿਲਨਾ ਵਰਗਾ ਲਗਦਾ ਸੀ।


ਹੈਰਾਨੀ ਦੀ ਗੱਲ ਇਹ ਸੀ ਕਿ ਕੇਵਲ ਓਹੀ ਨਹੀਂ ਸਗੋਂ ਉਹਨਾਂ ਵਿਚੋਂ ਹਰ ਆਦਮੀ ਫਿਲਮ ਬਣਾਉਣ ਦਾ ਪ੍ਰੋਗਰਾਮ ਪੱਕਾ ਕਰਕੇ ਬੈਠਾ ਹੋਇਆ ਸੀ। ਹਰ ਕਿਸੇ ਕੋਲ ਕਹਾਣੀ ਮੌਜੂਦ ਸੀ, ਜੋ ਉਹਨੇ ਆਪ ਲਿਖੀ ਸੀ। ਉਹ ਵੱਡੇ-ਵੱਡੇ ਹੀਰੋਆਂ ਦੇ ਨਾਂ ਲੈਂਦਾ, ਜਿਨ੍ਹਾਂ ਨਾਲ ਉਸ ਦੀ ਦੋਸਤੀ ਸੀ, ਤੇ ਜਿਹੜੇ ਉਸ ਦੀ ਫਿਲਮ ਵਿਚ ਕੰਮ ਕਰਨ ਲਈ ਹਾਂ ਕਰ ਚੁੱਕੇ ਸਨ।


ਇਕ ਉੱਚਾ ਲੰਮਾ ਪਠਾਣ ਗੱਭਰੂ, ਜਿਸ ਦਾ ਅਸਲਮ ਨਾਂ ਸੀ, ਬੜਾ ਹਲੀਮ ਬੋਲਦਾ ਸੀ। ਉਹਨੇ ਫਨੀ-ਦਾ ਦੀ ਬਦਖੋਈ ਕਰਨੀ ਸ਼ਰੂ ਕੀਤੀ। ਕਹਿਣ ਲੱਗਾ, ਪਹਿਲੀ ਫਿਲਮ ਵਿਚ ਉਹਨਾਂ ਉਸ ਨੂੰ ਇਕ ਨਿੱਕਾ ਰੋਲ ਦਿੱਤਾ ਸੀ, ਇਸ ਵਾਅਦੇ ਉਤੇ ਕਿ ਅਗਲੀ ਫਿਲਮ ਵਿਚ ਮੁੱਖ-ਪਾਤਰ ਤੇ ਉਸ ਤੋਂ ਅਗਲੀ ਵਿਚ ਹੀਰੋ ਦਾ ਰੋਲ ਦੇਣਗੇ। ਉਸ ਹਿਸਾਬ ਉਹਨੇ ਮੌਜੂਦਾ ਫਿਲਮ ਦਾ ਹੀਰੋ ਹੋਣਾ ਸੀ। ਅਖੀਰ ਦਮ ਤੱਕ ਉਹਨੂੰ ਲਾਰਿਆਂ ਵਿਚ ਰੱਖਿਆ ਗਿਆ ਸੀ, ਤੇ ਹੁਣ “ਭਾਈ ਲੋਕਾਂ” ਵਿਚ ਖੜਾ ਕਰ ਦਿਤਾ ਗਿਆ ਸੀ। “ਭਾਈ-ਲੋਕ” ਸ਼ਬਦ ਮੈਨੂੰ ਬੜਾ ਵਚਿੱਤਰ ਲੱਗਾ ਤੇ ਹਾਸਾ ਆਉਣ ਲੱਗਾ। ਪਰ ਮੈਂ ਦੇਖਿਆ ਕਿ ਅਸਲਮ ਦੀਆਂ ਅੱਖਾਂ ਵਿਚੋਂ ਹੰਝੂ ਫੁਟ ਨਿਕਲੇ ਸਨ, ਤੇ ਉਹਨੇ ਜੇਬ ਵਿਚੋਂ ਰੁਮਾਲ ਕਢ ਲਿਆ ਸੀ। ਮੈਂ ਗੰਭੀਰ ਹੋ ਗਿਆ। ਮੇਰੇ ਨਾਲ ਵੀ ਤਾਂ ਫਨੀ-ਦਾ ਨੇ ਹੂਬਹੂ ਇਹੋ ਵਾਅਦਾ ਕੀਤਾ ਹੋਇਆ ਸੀ?


ਯਕੀਨ ਕਰਨਾ ਔਖਾ ਸੀ ਕਿ ਫਨੀ-ਦਾ ਇਹੋ ਜਿਹੀ ਬੇ-ਇਨਸਾਫੀ ਕਰ ਸਕਦੇ ਹਨ, ਮੈਨੂੰ ਉਹਨਾਂ ਦੀ ਸ਼ਖਸੀਅਤ ਉੱਪਰ ਡੂੰਘੀ ਸ਼ਰਧਾ ਸੀ। ਪਰ ਲੁੱਤਫ ਦੀ ਗੱਲ ਇਹ ਕਿ ਅੱਗੇ ਜਾ ਕੇ ਮੇਰੇ ਨਾਲ ਵੀ ਓਹੀ ਕੁਝ ਹੋਇਆ, ਜੋ ਅਸਲਮ ਨਾਲ ਵਾਪਰਿਆ ਸੀ। ਮੈਂ ਵੀ ਆਪਣੀ ਵਾਰੀ ਬੜਾ ਤੜਫਿਆ ਸਾਂ ਤੇ ਫਨੀ-ਦਾ ਨੂੰ ਥਾਂ-ਥਾਂ ਬਹਿ ਕੇ ਕੋਸਿਆ ਸੀ। ਪਰ ਅੱਜ ਮੈਂ ਫਨੀ-ਦਾ ਨੂੰ ਦੋਸ਼ ਨਹੀਂ ਦੇਂਦਾ। ਵੀਹ ਸਾਲ ਇਸ ਤਮਾਸ਼ੇ ਦੀ ਦੁਨੀਆਂ (ਸੌ਼-ਬਿਜ਼ਨਸ) ਵਿਚ ਗੁਜ਼ਾਰ ਕੇ ਮੈਂ ਇਸ ਨਤੀਜੇ ਉੱਪਰ ਪੁਜਿਆ ਹਾਂ ਕਿ ਇਸ ਦਾ ਆਪਣਾ ਵੱਖਰਾ ਇਖਲਾਕ, ਤੇ ਵੱਖਰੇ ਕਾਇਦੇ-ਕਾਨੂੰਨ ਹਨ, ਜਿਨ੍ਹਾਂ ਦੀ ਅਸਲੀਅਤ ਏਸ ‘ਆਤਮ ਕਥਾ’ ਪੜ੍ਹਨ ਨਾਲ ਪਾਠਕ ਨੂੰ ਹੌਲੀ ਹੌਲੀ ਸਮਝ ਵਿਚ ਆਏਗੀ।


ਪਹਿਲੇ ਦਿਨ ਪਾਰਟੀ-ਸੀਨ ਵਿਚ ਮੇਰਾ ਕੋਈ ਸ਼ਾਟ ਨਾ ਹੋਇਆ, ਤੇ ਸਾਰਾ ਦਿਨ ਧੁੱਪੇ, ਕੁਰਸੀਆਂ ਉੱਤੇ ਕਦੇ ਇਥੇ ਕਦੇ ਓਥੇ ਬਹਿ-ਬਹਿ, ਤੇ ਨਿਕੰਮਾ ਬੋਲ-ਬੋਲ ਕੇ ਮੈਂ ਤੰਗ ਆ ਗਿਆ। ਪਰ ਦੂਜੇ ਦਿਨ ਅਚਾਨਕ ਫਨੀ-ਦਾ ਕੈਮਰਾ-ਮੈਨ ਘੋਸ਼ ਤੇ ਅਮਲੇ ਦੇ ਦੂਜੇ ਕਰਮਚਾਰੀ – ਜੋ ਮੇਰੀ ਹੋਂਦ ਨੂੰ ਇਕ ਦਮ ਭੁਲਾ ਚੁੱਕੇ ਜਾਪਦੇ ਸਨ – ਫੇਰ ਕਰੀਬ ਆ ਗਏ। ਕੈਮਰਾ ਮੇਰੀ ਟੇਬਲ ਤੋਂ ਮਸਾਂ ਤਿੰਨ ਫੁਟ ਦੀ ਵਿੱਥ ਉਤੇ ਰੱਖ ਦਿੱਤਾ ਗਿਆ। ਜਿਤਨੀ ਦੇਰ ਮੇਰੇ ਮੂੰਹ ਉਤੇ ਲਾਈਟਾਂ ਤੇ ਰੀਫਲੈਕਟਰ ਸੁਟਣ ਦਾ ਪ੍ਰਬੰਧ ਹੁੰਦਾ ਰਿਹਾ, ਮੈਨੂੰ ਕਿਸੇ ਨਾ ਗੋਲਿਆ, ਕਿਸੇ ਨਾ ਦੱਸਿਆ ਕਿ ਕੀ ਸ਼ਾਟ ਹੈ, ਕਿਹੜੇ ਸੀਨ ਵਿਚ ਆਂਦਾ ਹੈ, ਜਾਂ ਕਹਾਣੀ ਨਾਲ ਉਸ ਦਾ ਕੀ ਸਬੰਧ ਹੈ। ਇਤਨੀ ਨੇੜਿਓਂ ਝਾਕਦੇ ਕੈਮਰੇ ਨੇ ਮੇਰੇ ਅੰਗਾਂ ਦੀ ਸਾਰੀ ਆਜ਼ਾਦੀ ਖੋਹ ਲਈ। ਮੈਂ ਬੜੀ ਕੋਸਿ਼ਸ਼ ਕਰਦਾ ਲਾਪਰਵਾਹ ਹੋਣ ਦੀ, ਕੈਮਰੇ ਨੂੰ ਅਣਡਿੱਠ ਕਰਨ ਦੀ, ਪਰ ਪਲ ਪਲ ਉਸ ਦੀ ਜਕੜ ਮੇਰੇ ਉਪਰ ਮਜ਼ਬੂਤ ਹੋ ਰਹੀ ਸੀ, ਜਿਵੇਂ ਕੋਈ ਅਜਗਰ ਮੇਰੇ ਦੁਆਲੇ ਵਲਦਾ ਜਾ ਰਿਹਾ ਹੋਵੇ। ਮੈਨੂੰ ਆਪਣੀਆਂ ਸਾਰੀਆਂ ਹਰਕਤਾਂ ਨਕਲੀ ਜਾਪਣ ਲਗ ਪਈਆਂ। ਮੇਰੇ ਸੁਭਾਵਕਤਾ ਦੇ ਵਿਖਾਲੇ ਨੂੰ ਲੋਕ ਅਜੀਬ-ਅਜੀਬ ਨਜ਼ਰਾਂ ਨਾਲ ਵੇਖ ਰਹੇ ਸਨ। ਕੋਈ ਉਸ ਤੋਂ ਪ੍ਰਭਾਵਤ ਨਹੀਂ ਹੋ ਰਿਹਾ। ਇੰਜ ਲਗਦਾ ਸੀ ਜਿਵੇਂ ਸਭ ਮੇਰੀ ਅੰਦਰੂਨੀ ਘਬਰਾਹਟ ਨੂੰ ਤਾੜ ਗਏ ਹੋਣ।


ਫੇਰ ਮੇਰੇ ਅੱਗੇ ਟੇਬਲ ਉਤੇ ਇਕ ਰੋਸਟ ਕੀਤਾ ਪੂਰਾ ਮੁਰਗਾ ਧਰ ਦਿੱਤਾ ਗਿਆ। ਫਨੀ-ਦਾ ਨੇ ਸਮਝਾਇਆ ਕਿ ਕਲੈਪ ਵੱਜਣ ਤੋਂ ਬਾਅਦ ਕੈਮਰੇ ਕੋਲ ਖੜਾ ਅਸਿਸਟੈਂਟ ਉੱਚੀ ਜਿਹੀ ਕਹੇਗਾ “ਲੈਨਿਨ”, ਤੇ ਮੈਂ ਉਸ ਵਲ ਹੱਸ ਕੇ ਵੇਖਦਾ ਹੋਇਆ ਮੁਰਗੇ ਨੂੰ ਦੋਵਾਂ ਹੱਥਾਂ ਨਾਲ ਚੁੱਕ ਲਵਾਂਗਾ ਤੇ ਫੇਰ ਮੁਰਗੇ ਵਲ ਦੇਖ ਕੇ ਕਹਾਂਗਾ, “ਜਾਨਵਰ।”


ਲੈਨਿਨ ਜਿਹੇ ਮਹਾਨ ਵਿਅਕਤੀ ਦੇ ਨਾਂ ਨਾਲ ਜਾਨਵਰ ਸ਼ਬਦ ਜੋੜਨਾ ਮੈਨੂੰ ਬੜਾ ਭੱਦਾ ਜਾਪਿਆ। ਪਰ ਇਸ ਬਾਰੇ ਸਵਾਲ-ਜਵਾਬ ਕਿਵੇਂ ਕਰਦਾ, ਜਦ ਕਿ ਸ਼ਾਟ ਲੈਣ ਦੀ ਘੜੀ ਸਿਰ ਉੱਤੇ ਆ ਚੁੱਕੀ ਸੀ। “ਲੈਨਿਨ” ਸ਼ਬਦ ਸ਼ਾਇਦ ਹੀਰੋ ਵਲੋਂ ਬੋਲਿਆ ਜਾ ਰਿਹਾ ਸੀ, ਜਿਸ ਨੂੰ ਕਮਿਊਨਿਸਟ ਵਿਚਾਰਾਂ ਦਾ ਦਿਖਾਇਆ ਗਿਆ ਹੋਵੇਗਾ। ਕਮਿਊਨਿਸਟ ਓਦੋਂ ਲੜਾਈ ਨੂੰ “ਅਵਾਮੀ ਜੰਗ” ਆਖਦੇ ਸਨ ਤੇ ਰੂਸ-ਅਮਰੀਕਨ-ਅੰਗਰੇਜ਼ ਧੜੇ ਦੀ ਜਿੱਤ ਦੇ ਹਾਮੀ ਸਨ। ਇਸ ਦੇ ਵਿਪਰੀਤ ਸੁਭਾਸ਼ ਬੋਸ ਦੇ ਅਨੁਗਾਮੀਂ ਜਰਮਨੀ-ਜਾਪਾਨ ਦਾ ਸਮਰਥਨ ਕਰਦੇ ਤੇ ਕਮਿਊਨਿਸਟਾਂ ਨੂੰ ਗਦਾਰ ਆਖਦੇ ਸਨ। ਕਾਂਗਰਸ ਦੀ ਨੀਤੀ ਦੁਵੱਲੀ ਸੀ। ਉਹ ਲੜਾਈ ਨੂੰ “ਅਵਾਮੀ ਜੰਗ” ਵੀ ਆਖਦੀ ਸੀ, ਪਰ ਕਮਿਊਨਿਸਟਾਂ ਨੂੰ ਗਦਾਰ ਵੀ। ਕੀ ਪਤਾ, ਫਨੀ-ਦਾ ਦਾ ਸੁਭਾਸ਼ਵਾਦੀ ਹੋਣ, ਤੇ ਇਪਟਾ ਦੇ ਇਕ ਮੈਂਬਰ ਕੋਲੋਂ, ਜਿਸ ਨੂੰ ਆਮ ਤੌਰ ਤੇ ਕਮਿਊਨਿਸਟ ਗਿਣਿਆਂ ਜਾਂਦਾ ਸੀ, ਲੈਨਿਨ ਪ੍ਰਤੀ ਅਪਮਾਨ ਸੂਚਕ ਸ਼ਬਦ ਬੁਲਵਾ ਕੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹੋਣ, ਜਾਂ ਫਿਲਮ ਦੇ ਸ਼ੁਰੂ ਵਿਚ ਹੀਰੋ ਦੇ ਕਮਿਊਨਿਸਟ ਵਿਚਾਰਾਂ ਦਾ ਮਜ਼ਾਕ ਉਡਾ ਕੇ ਅੰਤ ਉਹਨਾਂ ਨੂੰ ਠੀਕ ਸਿੱਧ ਕਰਨ ਦਾ ਵਿਚਾਰ ਹੋਵੇ, ਕਿਉਂਕਿ ਹੀਰੋ ਆਖਰ ਹੀਰੋ ਹੀ ਹੁੰਦਾ ਹੈ।


ਜਿ਼ਆਦਾ ਸੋਚਣ ਦਾ ਵੇਲਾ ਨਹੀਂ ਸੀ। ਇਕ ਰਾਹ ਸੀ, ਸ਼ਾਟ ਕਰਨ ਤੋਂ ਸਾਫ ਇਨਕਾਰ ਕਰ ਦੇਣਾ। ਦੂਜਾ ਰਾਹ ਸੀ, ਇਹਨਾਂ ਗੱਲਾਂ ਵਲੋਂ ਧਿਆਨ ਹਟਾ ਕੇ ਕੰਮ ਵਿਚ ਜੁੱਟ ਜਾਣਾ। ਦੂਜਾ ਰਾਹ ਫੜਨਾ ਆਸਾਨ ਸੀ। ਮੈਂ ਓਹੀ ਫੜਿਆ। ਪਰ ਇਸ ਦਾ ਮੈਨੂੰ ਅਜ ਤੀਕਰ ਅਫਸੋਸ ਹੈ। ਮੈਨੂੰ ਕਿਸੇ ਸੂਰਤ ਵੀ ਐਸਾ ਸ਼ਬਦ ਮੂੰਹੋਂ ਬੋਲਣ ਲਈ ਰਾਜ਼ੀ ਨਹੀਂ ਸੀ ਹੋਣਾ ਚਾਹੀਦਾ ਜਿਸ ਤੋਂ ਇਕ ਮਹਾਂ ਪੁਰਸ਼ ਦੇ ਅਪਮਾਨ ਦੀ ਸੰਭਾਵਨਾ ਹੋਵੇ। ਇਹ ਮੇਰੀ ਇਖਲਾਕੀ ਕਮਜ਼ੋਰੀ ਸੀ।


ਏਸ ਘਟਨਾ ਤੋਂ ਕੁਝ-ਕੁਝ ਉਸ ਜ਼ਮਾਨੇ ਦੇ ਤੇ ਅੱਜ ਦੇ ਫਿਲਮੀ ਮਾਹੌਲ ਉਪਰ ਵੀ ਰੌਸ਼ਨੀ ਪੈਂਦੀ ਹੈ। ਉਸ ਜ਼ਮਾਨੇ ਦੀਆਂ ਫਿਲਮਾਂ ਵਿਚ ਰਾਜਨੀਤਕ ਤੇ ਸਮਾਜਕ ਵਿਚਾਰਧਾਰਾਵਾਂ ਦਾ ਕਾਫੀ ਸਮਾਵੇਸ਼ ਹੁੰਦਾ ਸੀ। ਅਜ ਇਸ ਗੱਲ ਦਾ ਯਕੀਨ ਕਰਨਾ ਔਖਾ ਹੈ, ਕਿਉਂਕਿ ਹੁਣ ਫਿਲਮਸਾਜ਼ ਕੇਵਲ ਭੰਗ ਘੋਟਦੇ ਹਨ।


ਫਨੀ-ਦਾ ਆਪਣੀ ਓਸੇ ਮਿੱਠੀ ਪਿਆਰ-ਤੱਕਣੀ ਨਾਲ ਮੈਨੂੰ ਨਿਹਾਰ ਰਹੇ ਸਨ। ਪਹਿਲੀ ਰਿਹਰਸਲ ਕੀਤੀ। ਪਹਿਲਾਂ ਮੈਂ “ਲੈਨਿਨ” ਕਹਿਣ ਵਾਲੇ ਵੱਲ ਵੇਖ ਕੇ ਹੱਸਣਾ ਸੀ, ਪਰ ਐਨ ਵੇਲੇ ਸਿਰ ਮੇਰੀਆਂ ਵਰਾਛਾਂ ਸੁੱਕੇ ਚਮੜੇ ਵਾਂਗ ਆਕੜ ਗਈਆਂ, ਤੇ ਖੁਲ੍ਹਣ ਤੋਂ ਸਾਫ ਇਨਕਾਰ ਕਰ ਦਿੱਤਾ। ਫੇਰ ਮੈਂ ਮੁਰਗੇ ਵਲ ਵੇਖ ਕੇ “ਜਾਨਵਰ” ਕਿਹਾ ਤਾਂ ਸਹੀ, ਪਰ ਸਾਊਂਡ ਰੀਕਾਰਡਸਟ ਨੂੰ ਕੁਝ ਸੁਣਾਈ ਨਾ ਦਿਤਾ। ਉਹਨੇ ਉੱਚਾ ਬੋਲਣ ਲਈ ਕਿਹਾ। ਮੈਂ ਇਸ ਅਜੀਬ ਪ੍ਰਸਥਿਤੀ ਉਤੇ ਸਖਤ ਹੈਰਾਨ ਹੋ ਰਿਹਾ ਸਾਂ। ਮੈਂ ਅੰਦਰੋਂ ਹੱਸ ਵੀ ਰਿਹਾ ਸਾਂ ਤੇ ਉੱਚਾ ਵੀ ਬੋਲ ਰਿਹਾ ਸਾਂ। ਪਰ ਦੋਵੇਂ ਕਿਰਿਆਵਾਂ ਬਾਹਰ ਨਿਕਲਣ ਤੋਂ ਇਨਕਾਰ ਕਰ ਰਹੀਆਂ ਸਨ, ਜਿਵੇਂ ਮੇਰਾ ਉਹਨਾਂ ਉਪਰ ਕੋਈ ਕਾਬੂ ਹੀ ਨਾ ਰਿਹਾ ਹੋਵੇ।


ਦੂਜੀ ਰਿਹਰਸਲ ਹੋਈ। ਏਸ ਵਾਰੀ ਮੈਂ ਹੋਰ ਜ਼ੋਰ ਲਾਇਆ। ਇੰਜ ਜਾਪਿਆ, ਜਿਵੇਂ ਐਤਕੀਂ ਮੈਂ ਲੋੜ ਤੋਂ ਵਧ ਜਬਾੜੇ ਖੋਲ੍ਹ ਦਿੱਤੇ ਸਨ ਤੇ ਬੋਲਿਆ ਵੀ ਲੋੜ ਤੋਂ ਵਧ ਉੱਚਾ ਸੀ। ਫੇਰ ਵੀ, ਰਿਹਰਸਲ ਦੇ ਅੰਤ ਵਿਚ ਫਨੀ-ਦਾ ਨੇ ‘ਜ਼ਰਾ ਮੁਸਕਰਾ ਕੇ’ ਤੇ ਰਿਕਾਰਡਿਸਟ ਨੇ ‘ਜ਼ਰਾ ਉੱਚਾ’ ਬੋਲਣ ਦੀ ਤਾਕੀਦ ਕੀਤੀ।


ਮੈਂ ਝੁੰਜਲਾ ਕੇ ਫਨੀ-ਦਾ ਨੂੰ ਕਿਹਾ ‘ਅਬ ਟੇਕ ਕੀਜੀਏ। ਬਿਲਕੁਲ ਠੀਕ ਆਏਗਾ।”


‘ਹਾਂ-ਹਾਂ ਟੇਕ’ ਫਨੀ-ਦਾ ਝੱਟ ਸਹਿਮਤ ਹੋ ਗਏ। “ਸਵਾਮੀ, ਮੇਕ-ਅਪ ਠੀਕ ਕਰੋ ਸਾਹਬ ਕਾ।”


ਸਵਾਮੀ ਨੇ ਫੇਰ ਪੌਡਰ ਦਾ ਪੈਡ ਮੇਰੇ ਮੂੰਹ ਤੇ ਫੇਰਨਾ ਸ਼ੁਰੂ ਕੀਤਾ। ਮੈਨੂੰ ਇੰਜ ਲਗਾ, ਜਿਵੇਂ ਪੌਡਰ ਦੀ ਲੱਪ ਭਰ ਕੇ ਉਹ ਮੇਰੀਆਂ ਅੱਖਾਂ ਵਿਚ ਪਾ ਰਿਹਾ ਹੋਵੇ। ਦਿਲ ਕੀਤਾ ਉਹਦੇ ਹੱਥੋਂ ਪੈਡ ਖੋਹ ਕੇ ਦੂਰ ਸੁੱਟ ਪਾਵਾਂ। ਮੈਂ ਆਪਣੇ ਆਪ ਨੂੰ ਸਖਤ ਅਜ਼ਾਬ ਵਿਚ ਫਸਿਆ ਮਹਿਸੂਸ ਕਰ ਰਿਹਾ ਸਾਂ। ਦਿਲ ਕਰਦਾ ਸੀ ਕਿ ਕਿਤੇ ਨੱਠ ਜਾਵਾਂ।


ਸ਼ਾਟ ਹੋਇਆ। ਮੈਂ ਲਫਜ਼ ਬ ਲਫਜ਼ ਹੁਕਮ ਦੀ ਪਾਲਣਾ ਕਰ ਦਿੱਤੀ। ਕਾਇਦੇ ਮੁਤਾਬਿਕ ਸਭ ਠੀਕ ਕਰ ਵਿਖਾਇਆ, ਕਠਪੁਤਲੀ ਵਾਂਗ। ਪਰ ਉਸ ਦੇ ਵਿਚ ਮੇਰਾ ਆਪਣਾ ਕੁਝ ਵੀ ਨਹੀਂ ਸੀ। ਮੇਰੀ ਉਸ ਦਿਨ ਵਾਲੀ ਮਸਤਾਨੀ ਅਦਾ ਪਤਾ ਨਹੀਂ ਕਿੱਥੇ ਜਾ ਗੁਆਚੀ ਸੀ। ਮੇਰਾ ਖਿਆਲ ਸੀ ਕਿ ਫਨੀ-ਦਾ ਮੇਰੀ ਅਲੋਚਨਾ ਕਰਨਗੇ, ਮੈਨੂੰ ਡਾਂਟਣਗੇ, ਪਰ ਉਹਨਾਂ ਸਦਾ ਵਾਂਗ ਬੜੇ ਇਤਮੀਨਾਨ ਨਾਲ ਨਸਵਾਰ ਦੀ ਚੂੰਢੀ ਨੱਕ ਵਿਚ ਚਾੜ੍ਹਦਿਆਂ ਕਿਹਾ, “ਵੈਰੀ ਗੁੱਡ ਸ਼ਾਟ! ਓ. ਕੇ.!” ਸਾਊਂਡ ਵਲੋਂ ਵੀ ‘ਓ. ਕੇ.‘ ਦੀ ਸੂਚਨਾ ਵਿਚ ਦੋ ਸੀਟੀਆਂ ਵੱਜ ਗਈਆਂ। ਹੁਣ ਲੋਕਾਂ ਨੇ ਵਾਰੋ ਵਾਰੀ ਮੈਨੂੰ ਮੁਬਾਰਕ-ਬਾਦ ਦਿੱਤੀ, ਮੇਰੇ ਨਾਲ ਹੱਥ ਮਿਲਾਏ, ਕਿਉਂਕਿ ਫਿਲਮਾਂ ਵਿਚ ਇਹ ਮੇਰਾ ਸਭ ਤੋਂ ਪਹਿਲਾ ਕਲੋਜ਼-ਅੱਪ ਸੀ। ਫਨੀ-ਦਾ ਨੇ ਮੇਰੇ ਹਿਸਾਬ ਵਿਚ ਰਸਗੁੱਲੇ ਮੰਗਵਾ ਕੇ ਸਭ ਨੂੰ ਵੰਡੇ। ਸਭ ਤਾਰੀਫ ਕਰਦੇ ਰਹੇ। ਮੈਂ ਸਖਤ ਹੈਰਾਨ ਹੋ ਰਿਹਾ ਸਾਂ। ਮੈਨੂੰ ਪਤਾ ਸੀ ਕਿ ਉਹ ਝੂਠੀ ਤਾਰੀਫ ਕਰ ਰਹੇ ਹਨ। ਪਰ ਕਿਉਂ? – ਕਿਉਂ? ਮੈਨੂੰ ਸਖਤ ਉਲਝਣ ਹੋ ਰਹੀ ਸੀ।
ਇਹ ਵੀ ‘ਤਮਾਸ਼ੇ ਦੀ ਦੁਨੀਆਂ’ ਦਾ ਇਕ ਰਾਜ਼ ਹੈ, ਜੋ ਪਾਠਕ ਨੂੰ ਹੌਲੀ-ਹੌਲੀ ਸਮਝ ਵਿਚ ਆਏਗਾ।


ਬੇਸ਼ੱਕ ਉਹ ਝੂਠੀ ਤਾਰੀਫ ਕਰ ਰਹੇ ਸਨ। ਸਟੂਡੀਓ ਦੀ ਦੁਨੀਆਂ ਵਿਚ ਕੋਈ ਕਿਸੇ ਅਗੇ ਸੱਚ ਨਹੀਂ ਬੋਲਦਾ। ਸਭ ਮੂੰਹ ਉਤੇ ਇਕ-ਦੂਜੇ ਦੀ ਸਿਰਫ ਤਾਰੀਫ ਤੇ ਪਿੱਠ ਪਿਛੇ ਸਿਰਫ ਨਿੰਦਿਆ ਕਰਦੇ ਹਨ। ਬਾਹਰ ਵਾਲਿਆਂ ਨੂੰ ਇਹ ਗੱਲ ਸਖਤ ਬੁਰੀ ਲਗਦੀ ਹੈ, ਪਰ ਅੰਦਰ ਵਾਲਿਆਂ ਨੂੰ ਇਸ ਦਾ ਬਹੁਤ ਆਸਰਾ ਹੈ। ਫਿਲਮ ਲਾਈਨ ਵਿਚ ਕਿਸੇ ਨੂੰ ਮਾਨਸਿਕ ਸੁਰੱਖਿਆ ਨਸੀਬ ਨਹੀਂ। ਸਭ ਛਲਾਵਿਆਂ ਦੇ ਸਹਾਰੇ ਜੀਊਂਦੇ ਹਨ। ਸਭ ਆਪਣੇ-ਆਪਣੇ ਸੁਪਨ-ਬੁਲਬੁਲੇ ਵਿਚ ਰਹਿੰਦੇ ਹਨ। ਇਸ ਕਾਰਨ ਇਕ ਦੂਜੇ ਦਾ ਬੁਲਬੁਲਾ ਤੋੜਨਾ ਕੋਈ ਪਸੰਦ ਨਹੀਂ ਕਰਦਾ। ਇਕ ਤਰ੍ਹਾਂ ਨਾਲ ਆਪਸੀ ਹਮਦਰਦੀ ਦਾ ਪ੍ਰਗਟਾਵਾ ਹੈ ਇਹ। ਫਰਜ਼ ਕਰੋ, ਉਸ ਕਲੋਜ਼-ਅੱਪ ਤੋਂ ਬਾਅਦ ਕਿਸੇ ਇਕ ਆਦਮੀ ਨੇ ਵੀ ਖਰੀ ਗੱਲ ਮੇਰੇ ਮੂੰਹ ਉਤੇ ਕਹਿ ਦਿੱਤੀ ਹੁੰਦੀ। ਸ਼ਾਇਦ ਮੇਰਾ ਹੌਂਸਲਾ ਸਦਾ ਲਈ ਟੁੱਟ ਜਾਂਦਾ। ਅਗਲੇ ਦਿਨ ਮੈਥੋਂ ਕੰਮ ਹੀ ਨਾ ਹੋ ਸਕਦਾ।


ਉਸ ਦਿਨ ਮੈਂ ਸਿਰ ਵਿਚ ਪੀੜ, ਕਮਰ ਵਿਚ ਦਰਦ ਤੇ ਲੱਤਾਂ ਵਿਚ ਚੀਸਾਂ ਲੈ ਕੇ ਮੁੜਿਆ। ਕੈਮਰੇ ਨੇ ਮੈਨੂੰ ਬੜੀ ਸਖਤੀ ਨਾਲ ਆਪਣੀ ਹੋਂਦ ਦਾ ਅਨੁਭਵ ਕਰਾ ਦਿੱਤਾ ਸੀ। ਮੈਂ ਜਾਣ ਗਿਆ ਸਾਂ ਕਿ ਉਸ ਤੋਂ ਬੇਖਬਰ ਨਹੀਂ ਹੋਇਆ ਜਾ ਸਕਦਾ।


ਉਸ ਕਲੋਜ਼-ਅਪ, ਤੇ ਉਸ ਤੋਂ ਬਾਅਦ ਵੰਡੇ ਗਏ ਰਸਗੁੱਲਿਆਂ ਨੇ ‘ਭਾਈ ਲੋਕਾਂ’ (ਐਕਸਟਰਾਵਾਂ) ਨੂੰ ਅਹਿਸਾਸ ਕਰਾ ਦਿੱਤਾ ਕਿ ਮੈਂ ਉਹਨਾਂ ਵਿਚੋਂ ਨਹੀਂ ਸਾਂ। ਮੇਰਾ ਰਨਿੰਗ ਰੋਲ (ਲੰਮਾ ਪਾਰਟ) ਸੀ। ਇਕ ਦਮ ਉਹਨਾਂ ਨੇ ਮੇਰੇ ਨਾਲ ਬੋਲਣਾ-ਚਾਲਣਾ ਬੰਦ ਕਰ ਦਿਤਾ। ਉਹ ਮੇਰੇ ਲਈ ਅਜਨਬੀ ਹੋ ਗਏ। ਆਪਣੀ ਦੁਨੀਆਂ ਵਿਚੋਂ ਉਹਨਾਂ ਮੈਨੂੰ ਕੱਢ ਦਿਤਾ।


ਉਹ ਦਿਨ ਤੇ ਅਜ ਦਾ ਦਿਨ, ਮੈਨੂੰ ਫੇਰ ਕਦੇ ਐਕਸਟਰਾਵਾਂ ਦੀ ਦੁਨੀਆਂ ਵਿਚ ਝਾਤ ਮਾਰਨ ਦੀ ਖੁਲ੍ਹ ਨਹੀਂ ਮਿਲੀ। ਮੈਂ ਸੋਚਿਆ ਸੀ ਕਿ ਫਿਲਮ ਦੀ ਦੁਨੀਆਂ ਵਿਚ ਉਚ-ਨੀਚ ਦੀਆਂ ਕੋਈ ਕੰਧਾਂ ਨਹੀਂ ਹਨ। ਕਿਤਨੀ ਜ਼ਬਰਦਸਤ ਭੁੱਲ ਸੀ ਮੇਰੀ! ਫਿਲਮ ਇੰਡਸਟਰੀ ਵਿਚ ਤਾਂ ਚੱਪੇ-ਚੱਪੇ ਉਤੇ ਇਹ ਕੰਧਾਂ ਖੜੀਆਂ ਹਨ। ਸਮਾਜ ਦੇ ਹੋਰ ਵਿਭਾਗਾਂ ਵਿਚ ਸ਼ਾਇਦ ਇਹ ਕੰਧਾਂ ਇੱਟ-ਪੱਥਰ ਦੀਆਂ ਬਣੀਆਂ ਹੋਣ, ਪਰ ਹਿੰਦੀ ਫਿਲਮਾਂ ਦੀ ਦੁਨੀਆਂ ਵਿਚ ਇਹ ਜਿਵੇਂ ਫੌਲਾਦ ਦੀਆਂ ਬਣੀਆਂ ਹੋਈਆਂ ਹਨ।


ਅਗਲਾ ਸ਼ਾਟ ਹੀਰੋਇਨ ਸਵਰਨ ਲਤਾ ਨਾਲ ਸੀ। ਉਸ ਨੇ ਮੇਰੇ ਨਾਲ ਰਿਹਰਸਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਸ਼ਾਟ ਵਿਚ ਵੀ ਉਹ ਬੋਲਦੀ ਮੇਰੇ ਨਾਲ ਸੀ, ਪਰ ਵੇਖਦੀ ਕੈਮਰੇ ਵਲ ਸੀ। ਜਿਤਨੀ ਦੇਰ ਉਹ ਸੈੱਟ ਉਤੇ ਰਹੀ, ਮੈਨੂੰ ਇੰਜ ਮਹਿਸੂਸ ਕਰਾਇਆ ਗਿਆ ਜਿਵੇਂ ਮੈਂ ਕਿਸੇ ਗੰਦੀ ਤੇ ਭਿਅੰਕਰ ਬੀਮਾਰੀ ਦਾ ਮਰੀਜ਼ ਸਾਂ, ਜਿਸ ਨਾਲ ਕੋਈ ਨਹੀਂ ਭਿੱਟਣਾ ਚਾਹੁੰਦਾ।


ਕਿਤਨੀ ਮਿੱਠੀ ਤੇ ਸੁਖਾਵੀਂ ਸੀ ਉਹ ਐਕਟਸਰਾਵਾਂ ਦੀ ਦੁਨੀਆਂ, ਜਿਸ ਵਿਚੋਂ ਮੈਂ ਕੱਢਿਆ ਗਿਆ ਸਾਂ, ਜਿਸ ਵਿਚ ਕਿ ਹਰ ਇਕ ਕੰਗਾਲ ਪ੍ਰੋਡੀਊਸਰ ਬਣਨ ਦੇ ਸੁਪਨੇ ਵੇਖਦਾ ਸੀ, ਕਹਾਣੀਆਂ ਲਿਖਦਾ ਸੀ, ਆਪਣੀਆਂ ਸਦੀਵੀ ਨਿਰਾਸ਼ਤਾਵਾਂ ਨੂੰ ਰੰਗ-ਬਰੰਗੀ ਗੇਂਦ ਬਣਾ ਕੇ ਉਛਾਲ ਸਕਦਾ ਸੀ! ਕਿਤਨਾ ਮਨੁੱਖੀ ਨਿੱਘ ਸੀ ਉਸ ਦੁਨੀਆਂ ਵਿਚ! ਕਿਤਨਾ ਅਭੁੱਲ ਸੀ ਉਹ ਅਨੁਭਵ! ਮੈਂ ਉਸ ਨੂੰ ਹਮੇਸ਼ਾਂ ਬੜੇ ਪਿਆਰ ਨਾਲ ਯਾਦ ਕਰਦਾ ਹਾਂ।



***


ਦੇਵਧਰ ਹਾਲ, ਜਿੱਥੇ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦੀਆਂ ਰਿਹਰਸਲਾਂ ਹੁੰਦੀਆਂ ਸਨ, ਪ੍ਰਗਤੀਸ਼ੀਲ-ਲੇਖਕ-ਸੰਘ ਦੀਆਂ ਗੋਸ਼ਟੀਆਂ ਦਾ ਕੇਂਦਰ ਵੀ ਸੀ। ਪ੍ਰਗਤੀਸ਼ਲਿ-ਲੇਖਕ-ਸੰਘ ਨੇ ਪ੍ਰਗਤੀਸ਼ੀਲ ਵਿਚਾਰਾਂ ਦੀ ਕਿਤਨੀ ਕੁ ਸੇਵਾ ਅਤੇ ਕਿਤਨੀ ਕੁ ਕੁਸੇਵਾ ਕੀਤੀ ਹੈ, ਇਸ ਦਾ ਹਿਸਾਬ ਮੈਂ ਅਜੇ ਤੱਕ ਨਹੀਂ ਲਾ ਸਕਿਆ, ਪਰ ਉਹਨਾਂ ਦੀਆਂ ਮਿਲਣੀਆਂ ਵਿਚ ਕੁਝ ਸੂਝਵਾਨ ਤੇ ਦਿਲ ਦੇ ਚੰਗੇ ਬੰਦਿਆਂ ਨਾਲ ਮੇਰੀ ਜਾਣ-ਪਛਾਣ ਹੋਈ, ਜਿਨ੍ਹਾਂ ਵਿਚੋਂ ਇਕ ਸੀ ਅਯੂਬ ਖਾਨ, ਫਿਲਮ-ਸਟਾਰ ਦਲੀਪ ਕੁਮਾਰ ਦਾ ਵੱਡਾ ਵੀਰ, ਜੋ ਹੁਣ ਇਸ ਸੰਸਾਰ ਵਿਚ ਨਹੀਂ।


ਅਯੂਬ ਪੱਛਮੀ ਪਹਿਰਾਵੇ ਦੀ ਥਾਂ ਦੁੱਧ-ਚਿੱਟੀ ਸਲਵਾਰ-ਕਮੀਜ਼ ਪਾਣ ਦਾ ਸ਼ੌਕੀਨ ਸੀ। ਵੇਖਣ ਵਿਚ ਨਸੀਫ, ਬੀਬਾ, ਮਲੂਕੜਾ ਜਿਹਾ। ਸਿਹਤ ਨਿੱਕਿਆਂ ਹੁੰਦਿਆਂ ਤੋਂ ਕਮਜ਼ੋਰ ਰਹੀ ਸੀ। ਉਮਰ ਦੇ ਸਤਾਈਵੇਂ ਸਾਲ ਵਿਚ ਹੀ ਮਾੜਾ ਜਿਹਾ ਉੜ ਕੇ ਤੁਰਦਾ ਸੀ। ਮੋਟੇ ਸ਼ੀਸਿ਼ਆਂ ਵਾਲੀ ਐਨਕ ਲਾਂਦਾ ਸੀ, ਜਿਨ੍ਹਾਂ ਵਿਚੋਂ ਹਰ ਚੀਜ਼ ਨੂੰ ਬੜੇ ਧਿਆਨ ਨਾਲ ਤੇ ਅਸਚਰਜ ਨਾਲ ਵੇਖਦਾ, ਜਿਵੇਂ ਭਰੋਸਾ ਨਾ ਹੋਵੇ ਕਿ ਵੇਖਣ ਦੀ, ਕਿਤਨੀ ਕ ਮੁਹਲਤ ਮਿਲੀ ਹੈ। ਮੋਟੇ-ਮੋਟੇ ਬੁੱਲ੍ਹਾਂ ਵਿਚੋਂ ਉਸ ਦਾ ਹਾਸਾ ਇੰਜ ਫੁਟਦਾ ਸੀ, ਜਿਵੇਂ ਕਿਸੇ ਇਕ ਗੱਲ ਉਤੇ ਨਹੀਂ, ਪੂਰੀ ਕਾਇਨਾਤ ਉਤੇ ਹੱਸ ਰਿਹਾ ਹੋਵੇ। ਉਸ ਦੇ ਸ਼ਾਹ-ਕਾਲੇ ਵਾਲ ਘਣੇ ਤੇ ਘੁੰਗਰਿਆਲੇ ਸਨ। ਉਹਨਾਂ ਨੂੰ ਉਹ ਬੜਾ ਸੁਆਰ ਕੇ ਰੱਖਦਾ ਸੀ। ਰਿੰਦੀ ਤੇ ਖਬਤੁਲਵਾਸ ਲੇਖਕੀ ਮਾਹੌਲ ਵਿਚ ਉਸ ਦੀ ਸਵੱਛਤਾ ਤੇ ਕਾਇਦੇਦਾਰੀ ਖਾਹ-ਮਖਾਹ ਧਿਆਨ ਖਿੱਚ ਲੈਂਦੀ ਸੀ। ਸ਼ੈਦ ਇਹੋ ਸਾਡੀ ਦੋਸਤੀ ਦਾ ਬੁਨਿਆਦੀ ਕਾਰਨ ਬਣੀ।


ਅਯੂਬ ਦਾ ਘਰ ਵੀ ਪਾਲੀ ਹਿਲ ਉੱਤੇ ਸੀ – ਚੇਤਨ ਦੇ ਘਰ ਦੇ ਬਿਲਕੁਲ ਨਜ਼ਦੀਕ। ਉਸ ਦੇ ਵਾਲਿਦ ਕਰਾਫੋਰਡ ਮਾਰਕਿਟ ਵਿਚ ਫਲਾਂ ਦਾ ਕਾਰੋਬਾਰ ਕਰਦੇ ਸਨ। ਚਿਰਾਂ ਤੋਂ ਪਿਸ਼ੌਰ ਤੋਂ ਆ ਕੇ ਬੰਬਈ ਵਿਚ ਵੱਸੇ ਹੋਏ, ਅਣਖ ਵਾਲੇ, ਗਰੀਬ ਨਵਾਜ਼, ਤੇ ਮਿਲਣਸਾਰ ਬਜ਼ੁਰਗ ਸਨ। ਉਹਨਾਂ ਦਾ ਪਰਵਾਰ ਪੂਰੀ ਤਰ੍ਹਾਂ ਆਪਣੀ ਪੰਜਾਬੀ ਰਹਿਤ ਦਾ ਪਾਬੰਦ ਸੀ। ਉਹ ਅਯੂਬ ਨੂੰ ਬਹੁਤ ਪਿਆਰ ਕਰਦੇ ਸਨ। ਭਾਵੇਂ ਉਹ ਆਪਣੇ ਭਰਾਵਾਂ ਵਿਚੋਂ ਦੂਜੇ ਨੰਬਰ ਉਤੇ ਸੀ, ਫੇਰ ਵੀ ਉਹਨੂੰ ਆਪਣਾ ਸਲਾਹਕਾਰ ਤੇ ਮਦਦਗਾਰ ਮੰਨਦੇ ਸਨ। ਪ੍ਰਦੇਸ ਵਿਚ, ਜਿਥੋਂ ਦੇ ਦਾਣੇ-ਪਾਣੀ ਨਾਲ ਅਜੇ ਰਬਤ ਨਹੀਂ ਸੀ ਹੋਇਆ, ਅਯੂਬ ਦਾ ਘਰ ਮੇਰੇ ਲਈ ਇਕ ਨਿੱਘੀ ਠਾਹਰ ਬਣ ਗਿਆ।
ਯੂਸਫ (ਦਲੀਪ ਕੁਮਾਰ) ਨੇ ਅਜੇ ਫਿਲਮਾਂ ਵਿਚ ਨਵਾਂ-ਨਵਾਂ ਪੈਰ ਧਰਿਆ ਸੀ ਤੇ ਬਾਂਬੇ ਟਾਕੀਜ਼ ਦੀ ਫਿਲਮ, ‘ਜਵਾਰ ਭਾਟਾ’ ਵਿਚ ਹੀਰੋ ਦਾ ਰੋਲ ਕਰ ਰਿਹਾ ਸੀ। ਅਯੂਬ ਦਲੀਪ ਤੋਂ ਚਾਰ ਕੁ ਸਾਲ ਵੱਡਾ ਸੀ। ਉਹਨਾਂ ਤੋਂ ਛੋਟਾ ਸੀ ਨਾਸਿਰ ਖਾਨ। ਉਸ ਦੀ ਦੇਵ ਆਨੰਦ ਨਾਲ ਬੜੀ ਯਾਰੀ ਸੀ।


ਇਕ ਦਿਨ, ਸ਼ੈਦ ਅੱਬਾਸ ਦੇ ਕਹਿਣ ਉਤੇ, ਫਿਲਮਿਸਤਾਨ ਵਾਲਿਆਂ ਨੇ “ਜੁਬੇਦਾ’ ਡਰਾਮੇ ਦੇ ਕਲਾਕਾਰਾਂ ਨੂੰ ‘ਲੰਚ’ ਉਤੇ ਬੁਲਾ ਲਿਆ। ਉਥੇ ਨਿਤਿਨ ਬੋਸ ‘ਮਜ਼ਦੂਰ’ ਨਾਂ ਦੀ ਇਕ ਫਿਲਮ ਸ਼ੁਰੂ ਕਰਨ ਵਾਲੇ ਸਨ। ਜਿਨ੍ਹਾਂ ਨੇ ਇਹ ਫਿਲਮ ਵੇਖੀ ਹੈ, ਸ਼ੈਦ ਮੇਰੇ ਨਾਲ ਸਹਿਮਤ ਹੋਣਗੇ ਕਿ ਅਜ ਤੀਕਰ ਹਿੰਦੁਸਤਾਨ ਵਿਚ ਜਿਤਨੀਆਂ ਵੀ ਯਥਾਰਥਵਾਦੀ ਫਿਲਮਾਂ ਬਣੀਆਂ ਹਨ, ‘ਮਜ਼ਦੂਰ’ ਉਹਨਾਂ ਵਿਚ ਪਹਿਲੇ ਨੰਬਰ ਉਤੇ ਆਂਦੀ ਹੈ। ਅਜ ਤੀਕਰ ਹੋਰ ਕਿਸੇ ਫਿਲਮ ਵਿਚ ਮੈਂ ਜਮਾਤੀ ਘੋਲ ਨੂੰ ਇਤਨਾ ਬੇਨਕਾਬ ਹੋਇਆ ਨਹੀਂ ਵੇਖਿਆ। ਸਰਮਾਏਦਾਰ ਕਿਵੇਂ ਹਰ ਮੁਮਕਿਨ ਢੰਗ ਨਾਲ ਮਜ਼ਦੂਰਾਂ ਵਿਚ ਫੁੱਟ ਪਾਉਂਦੇ ਹਨ, ਦਰਮਿਆਨੇ ਤਬਕੇ ਦੇ ਢਿਲ-ਮਿਲ ਯਕੀਨਾਂ ਨੂੰ ਮਿੱਟੀ ਵਿਚੋਂ ਚੁਕ ਕੇ ਸ਼ੀਸ਼ ਮਹਿਲਾਂ ਵਿਚ ਲਿਆਉਂਦੇ ਹਨ, ਤਾਂ ਜੋ ਉਹ ਆਪਣੀ ਜ਼ਮੀਰ ਵੇਚ ਕੇ ਮਜ਼ਦੂਰਾਂ ਦੀ ਰੱਤ ਨਿਚੋੜਨ ਵਿਚ ਮਾਲਕਾਂ ਦੀ ਮਦਦ ਕਰਨ, ਕਿਵੇਂ ਧਰਮ-ਮਜ਼੍ਹਬ ਤੇ ਹੋਰ ਕਈ ਤਰ੍ਹਾਂ ਦੇ ਢੁੱਚਰ ਘਰ ਕੇ ਉਹ ਮਜ਼ਦੂਰਾਂ ਨੂੰ ਵਰਗਲਾਂਦੇ ਹਨ, ਕਿਵੇਂ ਮਜ਼ਦੂਰਾਂ ਦੇ ਸੱਚੇ ਹਿਤੂ ਲੀਡਰਾਂ ਨੂੰ ਮਾਰ-ਮੁਕਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ – ਇਹ ਸਾਰੀਆਂ ਗੱਲਾਂ ਇਤਨੀ ਸਪਸ਼ਟਤਾ ਨਾਲ ਫਿਲਮ ਵਿਚ ਦਰਸਾਈਆਂ ਗਈਆਂ ਸਨ ਕਿ ਸੁਣਿਆ ਹੈ ਕਿ ਬਣਾਉਣ ਵਾਲੇ ਆਪ ਇਸ ਫਿਲਮ ਤੋਂ ਬੇਜ਼ਾਰ ਹੋ ਗਏ ਸਨ। ਕਈ ਸ਼ਹਿਰਾਂ ਦੇ ਸਿਨਮਿਆਂ ਵਿਚੋਂ, ਭਰਪੂਰ ਲੋਕ ਪ੍ਰੀਅਤਾ ਦੇ ਬਾਵਜੂਦ ਇਹ ਫਿਲਮ ਹਟਾ ਲਈ ਗਈ। ਕਾਨਪੁਰ ਵਿਚ, ਮੈਨੂੰ ਇਕ ਦੋਸਤ ਨੇ ਦੱਸਿਆ, ਅੰਗਰੇਜ਼ ਡਿਪਟੀ ਕਮਿਸ਼ਨਰ ਨੇ, ਆਪਣੇ ਕਰੋੜਪਤੀ ਭਾਰਤੀ ਦਰਬਾਰੀਆਂ ਦੇ ਇਸਰਾਰ ਉੱਤੇ, ਇਹਨੂੰ ਦੂਜੇ ਦਿਨ ਹੀ ਸਿਨੇਮੇ ਤੋਂ ਉਤਰਵਾ ਦਿੱਤਾ ਸੀ, ਅਤੇ ਸਿਨੇਮੇ ਦੇ ਮਾਲਕ ਨੂੰ ਏਸ ਧੱਕੇਸ਼ਾਹੀ ਵਜੋਂ ਬਹੁਤ ਸਾਰਾ ਆਰਥਕ ਨੁਕਸਾਨ ਜਰਨਾ ਪਿਆ ਸੀ।


ਉਸੇ ਜ਼ਮਾਨੇ ਵਿਚ ਬੰਗਾਲ ਵਿਚ ਬਿਮਲ ਰਾਏ “ਹਮਰਾਹੀ” ਬਣਾ ਰਿਹਾ ਸੀ, ਜਿਸ ਵਿਚ ਸਰਮਾਏਦਾਰੀ ਨਜ਼ਾਮ ਦੇ ਖਿਲਾਫ ਵਿਅੰਗ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਪਰ ਅੰਤ ਤੀਕਰ ਬਿਮਲ ਰਾਏ ਯਥਾਰਥਵਾਦ ਨਹੀਂ ਸੀ ਨਿਭਾ ਸਕਿਆ। “ਹਮਰਾਹੀ” ਦੇ ਹੀਰੋ-ਹੀਰੋਇਨ ਵੀ, ਜਿਵੇਂ ਕਿ ਨਿਊ ਥੀਏਟਰਜ਼ ਦੀਆਂ ਫਿਲਮਾਂ ਵਿਚ ਆਮ ਹੁੰਦਾ ਸੀ, ਅਖੀਰਲੇ ਦ੍ਰਿਸ਼ ਵਿਚ ਦੂਰ ਦੁਮੇਲਾਂ ਵਲ ਤੁਰਦੇ ਦਿਖਾਈ ਦੇਂਦੇ ਹਨ, ਜਿਵੇਂ ਸੰਸਾਰ ਦੀਆਂ ਸਮਸਿਆਵਾਂ ਦਾ ਹੱਲ ਪ੍ਰਾਲਬਧ ਉੱਪਰ ਛੱਡ ਦਿੱਤਾ ਗਿਆ ਹੋਵੇ। ਪਰ ‘ਮਜ਼ਦੂਰ’ ਵਿਚ ਅਜਿਹੇ ਛਾਇਆਵਾਦ ਦਾ ਸਹਾਰਾ ਨਹੀਂ ਸੀ ਲਿਆ ਗਿਆ। ਨਾ ਤਾਂ ਸਰਮਾਏਦਾਰ ਦੀ ਧੀ ਨਾਲ ਹੀਰੋ ਦਾ ਵਿਆਹ ਕਰਾ ਕੇ ਸ਼ੇਰ ਤੇ ਬੱਕਰੀ ਨੂੰ ਇਕੋ ਘਾਟ ਪਾਣੀ ਪਿਆਇਆ ਗਿਆ, ਤੇ ਨਾ ਹੀ ਮਜ਼ਲੂਮਾਂ ਨੂੰ ਆਪਣੀ ਮੰਦਹਾਲੀ ਦਾ ਜਿ਼ੰਮੇਵਾਰ ਆਪ ਠਹਿਰਾਇਆ ਗਿਆ। ਸਗੋਂ ਸਾਫ ਬਿਆਨ ਕੀਤਾ ਕਿ ਮਜ਼ਦੂਰਾਂ ਦੀ ਮੁਕਤੀ ਦਾ ਰਸਤਾ ਕੇਵਲ ਉਹਨਾਂ ਦਾ ਏਕਾ ਹੈ, ਜਿਸ ਦੀ ਮਦਦ ਨਾਲ ਉਹ ਸਰਮਾਏਦਾਰੀ ਨਜ਼ਾਮ ਨੂੰ ਢਾਹ ਕੇ ਸਮਾਜਵਾਦ ਦੀ ਰਾਹ ਉਤੇ ਪਾ ਸਕਦੇ ਹਨ।


ਸ਼ੈਦ ਨਿਤਿਨ ਬੋਸ ਚਾਹੁੰਦੇ ਸਨ ਕਿ ਇਸ ਅਗਾਂਹ-ਵਧੂ ਵਿਚਾਰਾਂ ਵਾਲੀ ਫਿਲਮ ਵਿਚ ਕੰਮ ਵੀ ਅਗਾਂਹਵਧੂ ਵਿਚਾਰਾਂ ਵਾਲੇ ਕਲਾਕਾਰ ਹੀ ਕਰਨ। ਸ਼ਾਇਦ ਏਸੇ ਆਸ਼ੇ ਨਾਲ ਉਹਨਾਂ ਇਸ ‘ਲੰਚ’ ਦਾ ਪ੍ਰਬੰਧ ਕੀਤਾ ਸੀ।


ਜਦੋਂ ਗੋਰੇਗਾਉਂ ਦੀ ਗੱਡੀ ਫੜਨ ਲਈ ਅਸੀਂ ਬਾਂਦਰਾ ਸਟੇਸ਼ਨ ਉਤੇ ਪੁੱਜੇ, ਤਾਂ ਕਿਤੋਂ ਤੁਰਦਾ-ਫਿਰਦਾ ਨਾਸਿਰ ਖਾਨ ਦੇਵ ਨੂੰ ਆ ਮਿਲਿਆ। ਸਾਡੀ ਟੋਲੀ ਵਿਚ ਸਾਰੇ ਹੀ ਦੇਵ ਤੋਂ ਵੱਡੇ ਤੇ ਚੇਤਨ ਦੇ ਦੋਸਤ ਸਨ, ਜਿਨ੍ਹਾਂ ਤੋਂ ਉਹ ਸੰਗਦਾ ਰਹਿੰਦਾ ਸੀ। ਉਹਨੇ ਨਾਸਿਰ ਨੂੰ ਜ਼ੋਰੀਂ ਆਪਣੇ ਨਾਲ ਲੈ ਲਿਆ।


ਉਸ ਲੰਚ ਦਾ ਨਤੀਜਾ ਬੜਾ ਅਜੀਬ ਨਿਕਲਿਆ। ਸਾਡੇ ਵਿਚੋਂ ਤਾਂ ਨਿਤਿਨ ਬੋਸ ਨੂੰ ਕੋਈ ਨਾ ਜਚਿਆ, ਪਰ ਨਾਸਿਰ ਖਾਨ ਨੂੰ, ਜੋ ਐਵੇਂ ਹੀ ਸਾਡੇ ਨਾਲ ਤੁਰ ਪਿਆ ਸੀ, ਅਗਲੇ ਦਿਨ ਉਹਨਾਂ ਸਟੂਡੀਓ ਬੁਲਾ ਕੇ ਹੀਰੋ ਮਿੱਥ ਲਿਆ। ਜਿਨ੍ਹਾਂ ਨੇ ਉਹ ਫਿਲਮ ਵੇਖੀ ਹੈ, ਉਹ ਜਾਣਦੇ ਹਨ ਕਿ ਨਾਸਿਰ ਖਾਨ ਨੇ ਯਬਲੋਲ ਮਿਲ-ਮੈਨੇਜਰ ਦਾ ਪਾਰਟ, ਬੜੇ ਸਲੀਕੇ ਨਾਲ ਅਦਾ ਕੀਤਾ ਹੈ, ਹਾਲਾਂ ਕਿ ਅਭਿਨੇ-ਕਲਾ ਦਾ ਉਹਨੂੰ ਓਦੋਂ ਕੋਈ ਗਿਆਨ ਨਹੀਂ ਸੀ। ਇਸ ਤੋਂ ਨਾ ਸਿਰਫ ਨਿਤਿਨ ਬੋਸ ਦੇ ਉੱਤਮ ਨਿਰਦੇਸ਼ਕ ਹੋਣ ਦਾ ਸਬੂਤ ਮਿਲਦਾ ਹੈ, ਸਗੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਸਹੀ ਪਾਤਰ ਦੀ ਚੋਣ ਕਿਸੇ ਵੀ ਨਾਟਕ ਜਾਂ ਫਿਲਮ ਦੇ ਪ੍ਰਫੁਲਤ ਹੋਣ ਦੀ ਪਹਿਲੀ ਸ਼ਰਤ ਹੈ।


ਖੈਰ, ਉਸ ਵੇਲੇ ਤਾਂ ਸਾਡਾ ਪ੍ਰਤੀਕਰਮ ਈਰਖਾ ਤੇ ਨਿਰਾਸ਼ਾ ਤੋਂ ਛੁੱਟ ਕੁਝ ਨਹੀਂ ਸੀ। ਖਾਸ ਕਰਕੇ ਦੇਵ ਨੂੰ ਤਾਂ ਉਸ ਵੇਲੇ ਤੋਂ ਉਠਦਿਆਂ-ਬੈਠਦਿਆਂ, ਖਾਂਦਿਆਂ-ਪੀਂਦਿਆਂ ਬਸ ਫਿਲਮਾਂ ਦੇ ਹੀ ਖਾਬ ਆਉਣ ਲਗ ਪਏ। ਉਹ ਆਪਣੇ ਦੋਸਤ ਤੋਂ ਪਿਛਾਂਹ ਨਹੀਂ ਸੀ ਰਹਿਣਾ ਚਾਹੁੰਦਾ।


ਨਾਸਿਰ ਦੇ ਏਸ ਤਰ੍ਹਾਂ ਅਚਿੰਤੇ ਹੀਰੋ ਬਣ ਜਾਣ ਨੂੰ ਭਾਗ ਜਾਗਣ ਦੀ ਗੱਲ ਕਿਹਾ ਜਾ ਸਕਦਾ ਹੈ, ਕਿਉਂਕਿ ਸਾਡੇ ਦੇਸ਼ ਵਿਚ ਲੋਕਾਂ ਦਾ ਭਾਗਾਂ ਵਿਚ ਬੜਾ ਡੂੰਘਾ ਵਿਸ਼ਵਾਸ ਹੈ। ਪਰ ਇਸ ਸਿਲਸਿਲੇ ਵਿਚ ਇਕ ਗੱਲ ਮੈਂ ਜ਼ਰੂਰ ਕਹਾਂਗਾ। ਮੈਂ ਇਹਨਾਂ ਵੀਹਾਂ ਸਾਲਾਂ ਦੇ ਫਿਲਮੀ ਜੀਵਨ ਵਿਚ ਭਾਗ ਸਿਰਫ ਦਰਮਿਆਨੇ ਤਬਕੇ ਦੇ ਲੋਕਾਂ ਦੇ ਖੁਲ੍ਹਦੇ ਵੇਖੇ ਹਨ, ਮਜ਼ਦੂਰ ਜਮਾਤ ਦੇ ਭਾਗ ਖੁਲ੍ਹਦੇ ਕਦੇ ਨਹੀਂ ਵੇਖੇ। ਉਹ ਤਾਂ, ਇੰਜ ਜਾਪਦਾ ਹੈ, ਜਿਵੇਂ ਮਿਹਨਤਾਂ ਕਰਨ ਤੇ ਭੁੱਖੇ ਮਰਨ ਲਈ ਹੀ ਇਸ ਫਿਲਮ ਲਾਈਨ ਵਿਚ ਆਏ ਹਨ। ਹਾਂ, ਦਰਮਿਆਨੇ ਤਬਕੇ ਦਾ ਆਦਮੀ ਜ਼ਰੂਰ ਆਸ ਕਰ ਸਕਦਾ ਹੈ ਕਿ ਕਦੇ ਨਾ ਕਦੇ ਕੋਈ ਸਰਪਰਸਤ ਉਸ ਉਤੇ ਮਿਹਰਬਾਨ ਹੋ ਜਾਏਗਾ ਤੇ ਉਹਦੇ ਭਾਗ ਖੁਲ੍ਹ ਜਾਣਗੇ।


ਕੁਝ ਚਿਰ ਮਗਰੋਂ ਸਾਡੇ ਨਾਲ ਵੀ ਏਸੇ ਤਰ੍ਹਾਂ ਖੁਸ਼-ਗਵਾਰ ਹਾਦਸੇ ਵਾਪਰੇ। ਪ੍ਰਿਥਵੀ ਰਾਜ ਕਪੂਰ ਜੀ ਨੇ ਆਪਣਾ ਪ੍ਰਿਥਵੀ-ਥੀਏਟਰ ਖੋਲ੍ਹਿਆ, ਤੇ ਅਜ਼ਰਾ ਮੁਮਤਾਜ਼ ਤੇ ਦਮਯੰਤੀ ਦੋਵਾਂ ਨੂੰ ਕੰਮ ਦਿੱਤਾ। ਦੱਮੋ ਨੂੰ ਹੁਣ ਪੰਜ ਸੌ ਰੁਪਏ ਮਾਹਵਾਰ ਮਿਲਣ ਲਗ ਪਏ, ਜੋ ਉਸ ਜ਼ਮਾਨੇ ਵਿਚ ਚੰਗੀ ਆਮਦਨੀ ਗਿਣੀ ਜਾ ਸਕਦੀ ਸੀ। ਅਸਾਂ ਝਟ ਜੂਹੂ ਥਿਆਸੋਫੀਕਲ ਕਾਲੋਨੀ ਵਿਚ ਇਕ ਨਿੱਕਾ ਜਿਹਾ ਬੰਗਲਾ ਕਿਰਾਏ ਉਤੇ ਲੈ ਲਿਆ, ਭਾਵੇਂ ਉਸ ਦਾ ਕਿਰਾਇਆ ਸਾਡੀ ਵਿਤੋਂ ਕੁਝ ਬਾਹਰਾ ਸੀ।


ਅੱਜ ਦੇ ਅਤੇ ਉਸ ਜ਼ਮਾਨੇ ਦੇ ਜੂਹੂ ਦੇ ਸਮੁੰਦਰੀ ਇਲਾਕੇ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਓਦੋਂ ਓਤੇ ਆਬਾਦੀ ਨਵੀਂ-ਨਵੀਂ ਵਧਣੀ ਸ਼ੁਰੂ ਹੋਈ ਸੀ ਕੁਝ ਇਕ ਅਮੀਰਾਂ ਦੇ ਤਫਰੀਹੀ ਬੰਗਲਿਆਂ ਨੂੰ ਛਡ ਕੇ ਜਿ਼ਆਦਾ ਵਸੋਂ ਨਾਰੀਅਲ ਦੇ ਫੁਹੜਾਂ ਨਾਲ ਬਣੇ “ਸ਼ੈਕਾਂ” ਵਿਚ ਸੀ। ਬੀ. ਈ. ਐਸ. ਟੀ. ਦੀ ਬਸ-ਸਰਵਿਸ ਵੀ ਅਜੇ ਓਥੇ ਨਹੀਂ ਸੀ ਅੱਪੜੀ। ਬੀ. ਬੀ. ਸੀ. ਨਾਂ ਦੀ ਇਕ ਫਟੀਚਰ ਜਹੀ ਬਸ-ਸਰਵਿਸ ਚਲਦੀ ਸੀ। ਨੀਲੇ ਰੰਗ ਦੀਆਂ ਨਿੱਕੀਆਂ ਜਿਹੀਆਂ ਬੱਸਾਂ ਹੁੰਦੀਆਂ ਸਨ, ਜੋ ਕੋਇਲੇ ਦੀ ਗੈਸ ਨਾਲ ਚਲਦੀਆਂ ਸਨ। ਬਰਸਾਤ ਦੇ ਦਿਨਾਂ ਵਿਚ ਉਹਨਾਂ ਦਾ ਅੱਧੇ ਰਸਤੇ ਫੇਲ੍ਹ ਹੋ ਜਾਣਾ ਆਮ ਜਹੀ ਗੱਲ ਸੀ।


ਸਾਡੀਆਂ ਇਪਟਾ ਦੀਆਂ ਸਰਗਰਮੀਆਂ ਦਿਨੋਂ ਦਿਨ ਵਧ ਰਹੀਆਂ ਸਨ। ਹਰ ਰੋਜ਼ ਸ਼ਾਮ ਨੂੰ ਦੇਵਧਰ ਹਾਲ ਵਿਚ ਰਿਹਰਸਲਾਂ ਹੁੰਦੀਆਂ। ਅਸੀਂ ਮਾਰੋ ਮਾਰ ਕਰਦੇ ਕਦੇ ਚਰਨੀ ਰੋਡ ਤੇ ਕਦੇ ਗਰਾਂਟ ਰੋਡ ਤੋਂ ਸਵਾ ਨੌਂ ਵਜੇ ਵਾਲੀ ਲੋਕਲ ਗੱਡੀ ਫੜਦੇ, ਜੋ ਦਸ ਵਜੇ ਸਾਂਤਾ ਕਰੂਜ਼ ਪਹੁੰਚਦੀ ਸੀ। ਗੱਡੀ ਇਕ ਮਿੰਟ ਵੀ ਲੇਟ ਹੋ ਜਾਏ ਤਾਂ ਅਖੀਰਲੀ ਬੱਸ ਖੁੰਝ ਜਾਂਦੀ ਸੀ। ਬਸਾਂ ਵਾਲਿਆਂ ਨੂੰ ਬੇਲਿਹਾਜ਼ ਹੋਣ ਵਿਚ ਜਿਵੇਂ ਮਜ਼ਾ ਆਉਂਦਾ। ਐਨ ਪੈਰ ਉਤੇ ਆ ਕੇ ਉਹ ਮੁਸਾਫਰਾਂ ਨੂੰ ਠੁੱਠ ਵਿਖਾ ਕੇ ਬੱਸ ਕੱਢ ਲੈ ਜਾਂਦੇ। ਹਫਤੇ ਵਿਚ ਘੱਟੋ ਘੱਟ ਦੋ ਵਾਰੀ ਤਾਂ ਜ਼ਰੂਰ ਸਾਨੂੰ ਸਾਂਤਾਂ ਕਰੂਜ਼ ਤੋਂ ਜੂਹੂ ਤਕ ਪੈਦਲ ਤੁਰਨਾ ਪੈਂਦਾ। ਘਟੋ ਘਟ ਦੋ ਮੀਲ ਦਾ ਪੈਂਡਾ ਸੀ ਉਹ, ਤੇ ਭੁੱਖ ਨਾਲ ਉਸ ਵੇਲੇ ਆਂਦਰਾਂ ਫਟ ਰਹੀਆਂ ਹੁੰਦੀਆਂ। ਮਾੜਾ-ਮੋਟਾ ਝੁਲਸਾ ਦੇਣ ਲਈ ਅਸੀਂ ਭੁੰਨੇ ਹੋਏ ਛੋਲਿਆਂ ਜਾਂ ਮੁੰਗਫਲੀ ਦੀਆਂ ਆਨੇ-ਦੋ-ਆਨੇ ਵਾਲੀਆਂ ਪੁੜੀਆਂ ਖਰੀਦ ਲੈਂਦੇ। ਸਟੇਸ਼ਨਾਂ ਉਤੇ ਛਾਬੜੀਆਂ ਵਾਲੇ ਇਹ ਚੀਜ਼ਾਂ ਆਮ ਵੇਚਦੇ ਹਨ। ਇਕ ਤਾਂ ਉਹ ਸਸਤੀਆਂ ਹੁੰਦੀਆਂ ਹਨ, ਦੂਜੇ ਅਕੇਵਾਂ ਕੱਟਣ ਲਈ ਉਹਨਾਂ ਨੂੰ ਚੱਬਦੇ ਰਹਿਣਾ ਸਹਾਇਕ ਹੁੰਦਾ ਹੈ। ਇਕ ਵਾਰੀ ਕ੍ਰਿਸ਼ਨ ਚੰਦਰ ਨੂੰ ਛੋਲੇ ਚੱਬਣ ਦੀ ਅਜਿਹੀ ਚੰਦਰੀ ਆਦਤ ਪਈ ਕਿ ਉਹਦੀਆਂ ਗੱਲ੍ਹਾਂ ਅੰਦਰ ਛਾਲੇ ਪਏ ਰਹਿੰਦੇ ਸਨ।


ਚੇਤਨ, ਉਮਾ, ਤੇ ਹੋਰ ਵੀ ਸਾਡੇ ਬਹੁਤ ਸਾਰੇ ਮਿੱਤਰ ਇਤਨੀ ਦੂਰ ਜਾ ਕੇ ਰਹਿਣ ਨੂੰ ਮੂਰਖਤਾ ਆਖਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਥੇ ਬਾਂਦਰੇ ਤੋਂ ਚਰਚਗੇਟ ਪੁਜਣ ਵਿਚ ਅੱਧਾ ਘੰਟਾ ਲੱਗਦਾ ਸੀ, ਓਤੇ ਜੂਹੂ ਤੋਂ ਲਗਭਗ ਇਕ ਘੰਟਾ ਲੱਗ ਜਾਂਦਾ ਸੀ। ਜੇ ਹਿਸਾਬ ਲਾਇਆ ਜਾਏ ਕਿ ਸਿਰਫ ਘਰ ਤੋਂ ਸ਼ਹਿਰ ਆਉਣ-ਜਾਣ ਵਿਚ ਮੈਂ ਆਪਣੀ ਜਿ਼ੰਦਗੀ ਦਾ ਕਿਤਨਾ ਹਿੱਸਾ ਬੰਬਈ ਸ਼ਹਿਰ ਵਿਚ ਬਰਬਾਦ ਕਰ ਚੁੱਕਾ ਹਾਂ, ਤਾਂ ਸ਼ਾਇਦ ਦਿਲ ਠੰਠਬਰ ਜਾਏ। ਪਰ ਜੂਹੂ ਵਿਚ ਸਮੁੰਦਰ ਦਾ ਬੜਾ ਸੁਆਦ ਸੀ। ਸਾਡਾ ਪਹਿਲੇ ਦਿਨ ਤੋਂ ਹੀ ਸਮੁੰਦਰ ਨਾਲ ਇਤਨਾ ਮੋਹ ਪੈ ਗਿਆ ਕਿ ਜੂਹੂ ਛੱਡ ਕੇ ਬੰਬਈ ਵਿਚ ਹੋਰ ਕਿਸੇ ਥਾਂ ਇਕ ਰਾਤ ਕੱਟਣੀ ਵੀ ਸਾਨੂੰ ਮਨਜ਼ੂਰ ਨਹੀਂ ਸੀ। ਸਵੇਰ ਸਾਰ ਸਾਡੇ ਦੋਵੇਂ ਬੱਚੇ ਹੱਥ ਵਿਚ ਨਿੱਕੀਆਂ-ਨਿੱਕੀਆਂ ਬਾਲਟੀਆਂ ਫੜ ਕੇ ਮਛੇਰਿਆਂ ਤੋਂ ਆਪਣਾ ਟੈਕਸ ਵਸੂਲ ਕਰਨ ਲਈ ਨੱਠ ਪੈਂਦੇ ਸਨ। ਕੇਕੜਿਆਂ ਨੂੰ ਖੁੱਡਾਂ ‘ਚੋਂ ਕੱਢ ਕੇ ਉਂਗਲਾਂ ਵਿਚ ਬੋਚੀ ਫਿਰਨ ਦਾ ਉਹਨਾਂ ਨੂੰ ਖਾਸ ਸ਼ੌਕ ਸੀ। ਸ਼ਬਨਮ ਤਾਂ ਜੀਊਂਦੀਆਂ ਮੱਛੀਆਂ ਨੂੰ ਦੰਦਾਂ ਵਿਚ ਟੁੱਕ ਕੇ ਦਰੜ ਜਾਂਦੀ। ਸਾਨੂੰ ਵੀ ਤਾਰੀਆਂ ਮਾਰਨ ਦਾ ਸੁਆਦ ਆਉਂਦਾ। ਮੈਂ ਸਮਝਦਾ ਹਾਂ ਕਿ ਜਿਤਨੇ ਵਰ੍ਹੇ ਅਸਾਂ ਜੂਹੂ ਦੇ ਦੂਰ ਹੋਣ ਕਰਕੇ ਆਉਣ-ਜਾਣ ਵਿਚ ਜ਼ਾਇਆ ਕੀਤੇ ਹਨ, ਉਤਨੇ ਹੀ ਉਹ ਸਿਹਤ ਲਈ ਉੱਤਮ ਇਲਾਕੇ ਵਿਚ ਰਹਿ ਕੇ ਵਧਾ ਵੀ ਲਏ ਹਨ। ਮਨੁੱਖ ਦੀ ਆਤਮਾ ਸੀਮਿਤ ਹੋਣ ਕਰਕੇ ਅਸੀਮਤਾ ਦੀ ਜਾਚਕ ਹੈ, ਤੇ ਸਾਗਰ ਵਿਚੋਂ ਇਹ ਅਸੀਮਤਾ ਪ੍ਰਾਪਤ ਹੋ ਜਾਂਦੀ ਹੈ। ਸਾਡਾ ਘਰ ਸਮੁੰਦਰ ਦੇ ਐਨ ਕੰਢੇ ਉਤੇ ਸੀ। ਤੜਕ ਸਾਰ ਛੱਲਾਂ ਦੀ ਗਰਜਣਾ ਜਿਵੇਂ ਸਾਨੂੰ ਵਾਜਾਂ ਮਾਰਨ ਲਗ ਪੈਂਦੀ, ਤੇ ਅਸੀਂ ਨੰਗੇ ਪੈਰੀਂ ਉਠ ਦੌੜਦੇ।


ਗਾਂਧੀ ਜੀ ਨੂੰ ਵੀ ਜੂਹੂ ਨਾਲ ਬੜਾ ਪਿਆਰ ਸੀ। ਜੇਲ੍ਹ ਵਿਚੋਂ ਰਿਹਾ ਹੋਣ ਪਿਛੋਂ ਉਹ ਕੁਝ ਅਰਸਾ ਜੂਹੂ ਆ ਕੇ ਠਹਿਰੇ ਸਨ। ਸੁਬਹ-ਸ਼ਾਮ ਨਿੱਕੀਆਂ-ਨਿੱਕੀਆਂ ਲਹਿਰਾਂ ਵਿਚ ਉਹਨਾਂ ਲਈ ਕੁਰਸੀ ਡਾਹ ਦਿੱਤੀ ਜਾਂਦੀ, ਜਿਨ੍ਹਾਂ ਵਿਚ ਪੈਰ ਲਟਕਾ ਕੇ ਉਹ ਕਿਤਨਾ-ਕਿਤਨਾ ਚਿਰ ਆਪਣੇ ਵਿਚਾਰਾਂ ਵਿਚ ਮਗਨ ਬੈਠੇ ਰਹਿੰਦੇ। ਰੇਤੇ ਉਪਰ ਟਹਿਲਦੇ ਪਿਆਰੇ ਲਾਲ, ਡਾਕਟਰ ਸੁਸ਼ੀਲਾ ਨਾਇਰ, ਮੀਰਾ ਬੇਨ, ਤੇ ਹੋਰ ਕਿਤਨੇ ਹੀ ਜਣੇ ਸਾਨੂੰ ਦਿੱਸਦੇ। ਅਸੀਂ ਦੂਰੋਂ ਉਹਨਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਤੇ ਉਹਨਾਂ ਦਿਨਾਂ ਨੂੰ ਯਾਦ ਕਰਦੇ, ਜਦੋਂ ਸਾਨੂੰ ਵੀ ਉਹਨਾਂ ਵਾਂਗ ਆਸ਼ਰਮਵਾਸੀ ਹੋਣ ਦਾ ਸੁਭਾਗ ਪ੍ਰਾਪਤ ਸੀ। ਸਾਡਾ ਉੱਡ ਕੇ ਉਹਨਾਂ ਨੂੰ ਮਿਲਣ ਜਾਣ ਤੇ ਦਿਲ ਕਰਦਾ, ਪਰ ਗੈਰਤ ਇਜਾਜ਼ਤ ਨਾ ਦੇਂਦੀ। ਪਤਾ ਨਹੀਂ, ਉਹ ਅਗੋਂ ਸਾਨੂੰ ਅਪਨਾਉਣ ਕਿ ਨਾ। ਇਕ ਦਿਨ ਮੈਥੋਂ ਰਿਹਾ ਨਾ ਗਿਆ ਤੇ ਮੈਂ ਮਿਲਣ ਦੀ ਖਾਹਿਸ਼ ਜ਼ਾਹਿਰ ਕਰਦਿਆਂ ਬਾਪੂ ਵਲ ਇਕ ਖਤ ਪਾ ਹੀ ਦਿਤਾ। ਮੈਨੂੰ ਪਤਾ ਸੀ ਕਿ ਉਹਨਾਂ ਤੀਕ ਪਹੁੰਚਣ ਤੋਂ ਪਹਿਲਾਂ ਖਤ ਹੋਰਨਾਂ ਨਜ਼ਰਾਂ ਹੇਠੋਂ ਵੀ ਲੰਘੇਗਾ। ਮੈਨੂੰ ਜਵਾਬ ਆਉਣ ਦੀ ਬਹੁਤ ਘਟ ਆਸ ਸੀ। ਇਕ ਦਿਨ ਕੁਦਰਤੀ ਮੀਰਾਬੇਨ ਸਾਡੀ ਕਾਲੋਨੀ ਦੇ ਬਿਲਕੁਲ ਕਰੀਬ ਆ ਖੜੀ ਹੋਈ। ਸਾਡੀਆਂ ਨਜ਼ਰਾਂ ਮਿਲੀਆਂ, ਤਾਂ ਉਹਨੇ ਸਾਨੂੰ ਪਛਾਣ ਲਿਆ। ਪਹਿਲਾਂ ਤਾਂ ਉਹ ਬੜਾ ਨਿੱਘਾ ਬੋਲੀ, ਪਰ ਫੇਰ ਝਟ ਉਸ ਦਾ ਰਵੱਈਆ ਬਦਲ ਗਿਆ। ਤਦ ਮੈਨੂੰ ਆਪਣੇ ਖਤ ਦਾ ਜਿ਼ਕਰ ਕਰਨ ਦੀ ਵੀ ਹਿੰਮਤ ਨਾ ਹੋਈ।


ਮੈਨੂੰ ਵਿਸ਼ਵਾਸ ਹੈ ਕਿ ਗਾਂਧੀ ਜੀ ਮੇਰਾ ਤੇ ਦੱਮੋ ਦਾ ਸੇਵਾਗਰਾਮ ਛੱਡ ਕੇ ਵਲੈਤ ਬੀ. ਬੀ. ਸੀ. ਦਾ ਕੰਮ ਕਰਨ ਜਾਣਾ ਮਾਫ ਕਰ ਸਕਦੇ ਸਨ। ਇਹ ਵੀ ਤਾਂ ਸੱਚ ਸੀ ਕਿ ਅਸੀਂ ਭਾਵੇਂ ਉਤੋਂ-ਉਤੋਂ ਹੀ ਸਹੀ, ਉਹਨਾਂ ਦੀ ਰਜ਼ਾ ਨਾਲ ਹੀ ਲੰਡਨ ਰਵਾਨਾ ਹੋਏ ਸਾਂ। ਪਰ ਉਹਨਾਂ ਤੋਂ ਹੇਠਲੇ ਸਾਥੀਆਂ ਦਾ ਸਾਨੂੰ ਮਾਫ ਕਰਨਾ ਅਸੰਭਵ ਸੀ, ਜਦ ਕਿ ਸਾਡੇ ਜਾਣ ਪਿਛੋਂ ਉਹ ਕਿਤਨੀਆਂ ਮੁਸੀਬਤਾਂ ਵਿਚੋਂ ਲੰਘੇ ਸਨ। ਅਸੀਂ ਜ਼ਰਾ ਵੀ ਸ਼ਕੈਤ ਕਰਨ ਜੋਗੇ ਨਹੀਂ ਸਾਂ।


ਪਰ ਅਸੀਂ ਇਤਨਾ ਆਤਮ-ਗਿਲਾਨੀ ਦਾ ਸਿ਼ਕਾਰ ਵੀ ਨਹੀਂ ਸਾਂ। ਗਾਂਧੀ ਜੀ ਉਪਰ ਸਾਡੀ ਸ਼ਰਧਾ ਇਤਨੀ ਡੂੰਘੀ ਸੀ ਕਿ ਸ਼ਬਦਾਂ ਵਿਚ ਵਰਨਣ ਨਹੀਂ ਸੀ ਕੀਤੀ ਜਾ ਸਕਦੀ। ਖਾਸ ਕਰਕੇ ਦੱਮੋ ਨੂੰ ਤਾਂ ਬਾਪੂ, ਕਸਤੂਰਬਾ, ਆਸ਼ਾ ਦੀਦੀ ਤੇ ਆਰੀਯਮਦਾ ਤੋਂ ਬੇਹਿਸਾਬ ਪਿਆਰ ਮਿਲਿਆ ਸੀ। ਪਰ ਗਾਂਧੀਵਾਦ ਤੋਂ ਸਾਡਾ ਵਿਸ਼ਵਾਸ ਬਹੁਤ ਸਾਰਾ ਉੱਠ ਗਿਆ ਸੀ। ਇਹ ਠੀਕ ਹੈ ਕਿ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਲਈ ਨਹੀਂ ਸਾਂ ਲੜੇ, ਜੇਲ੍ਹਾਂ ਵਿਚ ਨਹੀਂ ਸਾਂ ਗਏ। ਪਰ ਅਨਗਿਣਤ ਰਾਤਾਂ ਅਸਾਂ ਬੰਬਾਂ ਦੀ ਵਰਖਾ ਹੇਠ ਗੁਜ਼ਾਰੀਆਂ ਸਨ। ਮੌਤ ਨਾਲ ਲੁਕਣਮੀਟੀ ਅਸੀਂ ਵੀ ਖੇਡੇ ਸਾਂ। ਚਾਰ ਸਾਲ ਅਸਾਂ ਉਸ ਯੂਰਪ ਵਿਚ ਗੁਜ਼ਾਰੇ ਸਨ, ਜਿਥੇ ਜੰਗ ਕਰੋੜਾਂ ਜਾਨਾਂ ਨਿਗਲ ਗਈ ਸੀ, ਜਿਥੇ ਨਾਜ਼ੀ ਦਰਿੰਦਿਆਂ ਨੇ ਨਿਰਦੋਸ਼ ਯਹੂਦੀਆਂ ਦੀ ਚਮੜੀ ਨਾਲ ਲੈਂਪਾਂ ਦੇ ਸ਼ੇਡ ਬਣਵਾ ਕੇ ਰਾਖਸ਼ਸ਼ਪਣੇ ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ। ਅਤੇ ਸਾਨੂੰ ਯਕੀਨ ਹੋ ਚੁੱਕਾ ਸੀ ਕਿ ਵਰਤਮਾਨ ਯੁਗ ਦਾ ਕਰਾਂਤੀਕਾਰੀ ਫਲਸਫਾ ਮਾਰਕਸਵਾਦ ਹੈ, ਗਾਂਧੀਵਾਦ ਨਹੀਂ, ਤੇ ਨਾ ਹੀ ਕੋਈ ਹੋਰ ਵਾਦ। ਅੱਜ ਤਕ ਮੇਰਾ ਇਹ ਵਿਸ਼ਵਾਸ ਮਜ਼ਬੂਤ ਹੀ ਹੋਇਆ ਹੈ, ਘਟਿਆ ਨਹੀਂ।


ਕਲਾ ਤੇ ਸਾਹਿਤ ਵਿਚ ਯਥਾਰਥਵਾਦ ਦੀ ਵਿਦਿਆ ਮੈਨੂੰ ਕਾਲਿਜ ਵਿਚ ਅੰਗਰੇਜ਼ੀ ਸਾਹਿਤ ਦੇ ਅਧਿਅਨ ਤੋਂ ਮਿਲੀ ਸੀ। ਮੈਂ ਉਸ ਦੇ ਇਤਿਹਾਸ ਨੂੰ ਘੋਖਦਿਆਂ ਇਹ ਵੱਡਮੁੱਲਾ ਸਬਕ ਹਾਸਲ ਕੀਤਾ ਸੀ ਕਿ ਯੂਰਪ ਵਿਚ ਯਥਾਰਥਵਾਦ ਤੋਂ ਪਹਿਲਾਂ ਦੇ ਯੁਗ ਦੀ ਕਲਾ ਵਿਚ ਲੰਬਾਈ ਚੌੜਾਈ ਤਾਂ ਹੁੰਦੀ ਸੀ, ਡੂੰਘਾਈ ਨਹੀਂ ਸੀ ਹੁੰਦੀ, ਜੋ ਕਲਾ ਦੀ ਤੀਜੀ ਮਾਤਰਾ ਹੈ। ਰੈਨੇਸਾਂਸ ਨੇ ਕਲਾ ਵਿਚ ਤੀਜੀ ਮਾਤਰਾ ਲਿਆਂਦੀ ਸੀ।


ਯਥਾਰਥਵਾਦ ਦੀ ਖੂਬੀ ਕਲਾ ਵਿਚ ਇਹ ਤੀਜੀ ਮਾਤਰਾ ਲਿਆਉਣਾ ਹੈ।


ਮੈਂ ਆਪਣੇ ਸਟੇਜ ਤੇ ਫਿਲਮ ਦੇ ਅਭਿਨੇ ਵਿਚ ਇਹੋ ਤੀਜੀ ਮਾਤਰਾ ਲਿਆਉਣ ਦਾ ਸ਼ੌਕੀਨ ਰਿਹਾ ਹਾਂ। ਇਹੋ ਕਲਾਕਾਰ ਲਈ ਸਭ ਤੋਂ ਔਖੀ ਪੌੜੀ ਹੈ, ਤੇ ਇਸੇ ਵਿਚ ਸਿਰਜਨਾ ਦਾ ਅਸਲ ਆਨੰਦ ਭਰਿਆ ਪਿਆ ਹੈ। ਕਲਾਕਾਰ ਆਪਣੇ ਖੇਡੇ ਹੋਏ ਕਿਰਦਾਰ ਨੂੰ ਸਜੀਵਤਾ ਨਾਲ ਦਰਸ਼ਕਾਂ ਅਗੇ ਪੇਸ਼ ਕਰਨਾ ਚਾਹੁੰਦਾ ਹੈ। ਇਕੋ ਥਾਂ ਖਲੋਤੀ ਸਜੀਵਤਾ ਨਹੀਂ, ਬਲਕਿ ਉਹ ਸਜੀਵਤਾ ਜਿਸ ਵਿਚ ਗਤੀ ਹੋਵੇ। ਉਹ ਗਤੀ ਜਿਹੜੀ ਉਸ ਕਿਰਦਾਰ ਨੂੰ ਪੈਰੋ ਪੈਰ ਡੂੰਘਾ ਤੇ ਨਵੀਨ ਕਰਦੀ ਜਾਵੇ।


ਅਜਿਹਾ ਯਥਾਰਥਵਾਦ ਪੈਦਾ ਕਰਨ ਲਈ ਕੇਵਲ ਯੂਰਪ ਵਿਚ ਪੰਦਰ੍ਹਵੀਂ ਸਦੀ ਤੋਂ ਵਿਕਸਤ ਹੁੰਦੀ ਆ ਰਹੀ ਤਕਨੀਕ ਨੂੰ ਹੀ ਸਿੱਖਣ ਤੇ ਸਮਝਣ ਦੀ ਲੋੜ ਨਹੀਂ, ਹਾਲਾਂ ਕਿ ਇਹ ਵੀ ਬੜਾ ਹੀ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਇਹ ਜਾਨਣ ਤੇ ਸਮਝਣ ਦੀ ਵੀ ਲੋੜ ਹੈ ਕਿ ਪਿਛਲੀਆਂ ਸਦੀਆਂ ਵਿਚ ਮਨੁੱਖੀ ਸਮਾਜ ਕਿਹੜੇ ਪਾਸੇ ਜਾ ਰਿਹਾ ਸੀ, ਤੇ ਹੁਣ ਕਿਹੜੇ ਪਾਸੇ ਜਾ ਰਿਹਾ ਹੈ, ਮਨੁੱਖਤਾ ਸਾਹਮਣੇ ਸਭ ਤੋਂ ਅਹਿਮ ਸਵਾਲ ਕੀ ਹਨ, ਤੇ ਉਹਨਾਂ ਦਾ ਹੱਲ ਕਿਥੇ ਲੱਭਿਆ ਜਾ ਸਕਦਾ ਹੈ, ਸਮਾਜ ਵਿਚ ਕਿਹੜੀਆਂ ਪ੍ਰਵਿਰਤੀਆਂ ਮਰ ਰਹੀਆਂ ਹਨ, ਕਿਹੜੀਆਂ ਜਨਮ ਲੈ ਰਹੀਆਂ ਹਨ। ਵਿਅਕਤੀ ਨੂੰ ਸਮਝਣ ਲਈ ਸਮੂਹ ਦਾ ਸਮਝਣਾ ਲਾਜ਼ਮੀ ਹੈ।


ਮੈਂ ਜਿਤਨਾ ਜਿ਼ਆਦਾ ਮਾਰਕਸਵਾਦ ਦਾ ਅਧਿਅਨ ਕਰਦਾ, ਮੇਰੀਆਂ ਦਿਮਾਗੀ ਧੁੰਦਾਂ ਮਿਟਦੀਆਂ, ਚਾਨਣਾ ਹੁੰਦਾ। ਇਕ ਦਿਨ ਮਾਰਕਸ ਦੇ ਮਹਾਨ ਗਰੰਥ, “ਸਰਮਾਇਆ” ਦਾ ਪਹਿਲਾ ਕਾਂਡ ਖੋਲ੍ਹਦਿਆਂ ਹੀ ਮੈਂ ਪੜ੍ਹਿਆ – “ਜਿਨਸ ਸਾਡੀ ਸਵੈਤਾ ਤੋਂ ਬਾਹਰ ਦੀ ਚੀਜ਼ ਹੁੰਦੀ ਹੈ। ਉਹ ਆਪਣੇ ਗੁਣਾਂ ਨਾਲ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਰੂਰਤਾਂ ਸਰੀਰਕ ਹਨ ਕਿ ਮਾਨਸਿਕ।”


ਇਸ ਵਾਕ ਦਾ ਮੇਰੇ ਉਪਰ ਬੜਾ ਡੂੰਘਾ ਅਸਰ ਪਿਆ, ਜਿਵੇਂ ਮੈਨੂੰ ਕਿਸੇ ਅਹਿਮ ਸਮੱਸਿਆ ਦਾ ਹੱਲ ਮਿਲ ਗਿਆ ਹੋਵੇ। ਅਭਿਨੇ-ਕਲਾ ਵੀ ਹੋਰ ਸੰਸਾਰਕ ਕੰਮਾਂ ਵਾਂਗ ਇਕ ਕੰਮ ਹੈ। ਮਿਸਤਰੀ ਮੇਜ਼-ਕੁਰਸੀ ਬਣਾ ਕੇ, ਇੰਜੀਨੀਅਰ ਮਸ਼ੀਨ ਬਣਾ ਕੇ ਮਨੁੱਖ ਦੀ ਕੋਈ ਨਾ ਕੋਈ ਸਰੀਰਕ ਜ਼ਰੂਰਤ ਪੂਰੀ ਕਰਦਾ ਹੈ। ਲੇਖਕ ਨਾਟਕ ਦੀ ਰਚਨਾ ਕਰਕੇ, ਅਭਿਨੇਤਾ ਕਿਸੇ ਪਾਤਰ ਨੂੰ ਖੇਡ ਕੇ ਮਨੁੱਖ ਦੀ ਮਾਨਸਿਕ ਲੋੜ ਪੂਰੀ ਕਰਦਾ ਹੈ। ਦੋਵੇਂ ਤਰ੍ਹਾਂ ਦੇ ਕੰਮ ਇਕੋ ਜਿਤਨੇ ਪਵਿੱਤਰ ਤੇ ਇਕੋ ਜਿਤਨੇ ਹੀ ਸ਼ਲਾਘਾ-ਯੋਗ ਹਨ।


ਸਾਡੇ ਦੇਸ਼ ਵਿਚ ਆਮ ਕਰਕੇ ਇਹ ਧਾਰਨਾ ਬੜੀ ਪੱਕੀ ਬਣੀ ਹੋਈ ਹੈ ਕਿ ਕਲਾ ਇਕ ਰੱਬੀ ਦਾਤ ਹੈ। ਕਲਾਕਾਰ ਬਣਦਾ ਨਹੀਂ, ਜੰਮਦਾ ਹੈ। ਅਭਿਨੇਤਾ ਦੀ ਪ੍ਰੇਰਨਾ ਦਰਗਾਹੋਂ ਆਉਂਦੀ ਹੈ, ਉਸ ਦੇ ਵੱਸ ਦੀ ਚੀਜ਼ ਨਹੀਂ। ਜਿਵੇਂ ਕਿ ਇਕ ਪ੍ਰਾਚੀਨ ਯੂਨਾਨੀ ਫਿਲਾਸਫਰ ਨੇ ਕਿਹਾ ਸੀ, “ਲਿਖਣ ਵੇਲੇ ਕਵੀ ਉਪਰ ਇਕ ਦੈਵਿਕ ਜਨੂੰਨ ਜਿਹਾ ਸਵਾਰ ਹੋ ਜਾਂਦਾ ਹੈ।”


ਮੈਂ ਇਸ ਧਾਰਨਾ ਨੂੰ ਸਦਾ ਲਈ ਤਿਲਾਂਜਲੀ ਦੇ ਦਿੱਤੀ। ਮੈਂ ਸਮਝਦਾ ਹਾਂ ਕਿ ਮੈਂ ਠੀਕ ਹੀ ਕੀਤਾ। ਕਲਾ ਵਿਚ ਅਧਿਆਤਮਵਾਦ ਨੂੰ ਘੁਸੇੜਨ ਵਿਚ ਨੁਕਸਾਨ ਹੀ ਨੁਕਸਾਨ ਹੈ, ਲਾਭ ਕੋਈ ਨਹੀਂ।


ਹਰ ਸਾਲ ਅਸੀਂ ਕਿਤਨੀਆਂ ਹੀ ਅਮਰੀਕਨ ਫਿਲਮਾਂ ਵੇਖਦੇ ਹਾਂ। ਇਹਨਾਂ ਵਿਚ ਕੇਵਲ ਮੁਖ-ਪਾਤਰ ਹੀ ਨਹੀਂ, ਸਗੋਂ ਹਰ ਨਿੱਕੇ ਕਿਰਦਾਰ ਨੂੰ ਇਤਨੀ ਸੁੰਦਰਤਾ ਨਾਲ ਨਿਭਾਇਆ ਜਾਂਦਾ ਹੈ ਕਿ ਅਸੀਂ ਕੋਈ ਨੁਕਸ ਨਹੀਂ ਫੜ ਸਕਦੇ। ਪਰ ਸਾਡੀਆਂ ਹਿੰਦੀ ਫਿਲਮਾਂ ਵਿਚ ਦੋ-ਚਾਰ ਮੁੱਖ-ਪਾਤਰਾਂ ਨੂੰ ਛੱਡ ਕੇ ਕਿਸੇ ਦਾ ਕੰਮ ਚੱਜ ਦਾ ਵੇਖਣ ਵਿਚ ਨਹੀਂ ਆਉਂਦਾ। ਸਗੋਂ ਕਈ ਵਾਰੀ ਚੰਗੇ ਨਾਮਵਰ ਅਦਾਕਾਰ ਵੀ ਪੈਸੇ ਦੇ ਲਾਲਚ ਵਿਚ ਵੀਹ-ਵੀਹ ਫਿਲਮਾਂ ਦਾ ਇਕੱਠਾ ਬੋਝ ਸਿਰ ਉੱਤੇ ਪਾ ਕੇ ਆਪਣਾ ਮਿਆਰ ਡੇਗ ਲੈਂਦੇ ਹਨ।


ਜੇ ਐਕਟਿੰਗ ਰੱਬੀ ਦਾਤ ਹੈ, ਤਾਂ ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਪਛਮੀ ਦੇਸ਼ਾਂ ਵਿਚ, ਜਿਥੇ ਧਰਮ-ਮਜ਼੍ਹਬ ਦੀ ਕੋਈ ਖਾਸ ਪੁਛ-ਪ੍ਰਤੀਤ ਨਹੀਂ, ਇਹ ਦਾਤ ਹਰ ਕਿਸੇ ਨੂੰ ਇਤਨੀ ਆਸਾਨੀ ਨਾਲ ਮਿਲ ਜਾਂਦੀ ਹੈ, ਤੇ ਸਾਡੇ ਦੇਸ਼ ਵਿਚ ਵਿਰਲਿਆਂ ਨੂੰ, ਜਿਥੇ ਦਿਨੇਂ ਰਾਤੀਂ ਧਾਰਮਿਕਤਾ ਦੇ ਟੱਲ ਖੜਕਦੇ ਹਨ? ਨਹੀਂ, ਅਭਿਨੇ-ਕਲਾ ਕੇਵਲ ਆਰਟ ਨਹੀਂ, ਸਾਇੰਸ ਵੀ ਹੈ। ਵਿਗਿਆਨਕ ਢੰਗ ਨਾਲ ਅਧਿਅਨ ਤੇ ਅਭਿਆਸ ਕਰਕੇ ਕੋਈ ਵੀ ਸ਼ਖਸ ਇਕ ਚੰਗਾ ਅਦਾਕਾਰ ਬਣ ਸਕਦਾ ਹੈ।


ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬੰਦੇ ਨੂੰ ਜਮਾਂਦਰੂ ਕੁਝ ਮਿਲਦਾ ਹੀ ਨਹੀਂ। ਹਰ ਕਿਸੇ ਦੇ ਸੰਸਕਾਰ ਇਕੋ ਜਿਹੇ ਨਹੀਂ ਹੁੰਦੇ। ਕੋਈ ਚੰਗਾ ਸਾਇੰਸਦਾਨ ਬਣਨ ਦੀ ਪ੍ਰਤਿਭਾ ਲੈ ਕੇ ਜੰਮਦਾ ਹੈ, ਕੋਈ ਹਿਸਾਬਦਾਨ, ਕੋਈ ਖਿਡਾਰੀ, ਕੋਈ ਚਿੱਤਰਕਾਰ, ਕੋਈ ਸੰਗੀਤਕਾਰ, ਤੇ ਕੋਈ ਅਭਿਨੇਤਾ। ਸੰਪੂਰਨਤਾ ਨਾਲ ਓਸੇ ਸ਼ਖਸ ਦਾ ਵਿਕਾਸ ਹੋ ਸਕਦਾ ਹੈ, ਜਿਸ ਦੀ ਅੰਦਰੂਨੀ ਪ੍ਰਤਿਭਾ ਨੂੰ ਛੋਟੀ ਉਮਰ ਤੋਂ ਫਲਣ-ਫੁੱਲਣ ਦਾ ਮਾਹੌਲ ਮਿਲੇ। ਪਰ ਇਹ ਸਹੂਲਤ ਸਾਡੇ ਦੇਸ਼ ਵਿਚ ਕਿਤਨਿਆਂ ਨੂੰ ਮਿਲਦੀ ਹੈ? ਗਰੀਬੀ, ਅਗਿਆਨ, ਬੀਮਾਰੀ ਰਾਹੀਂ ਬਹੁਤਿਆਂ ਦੀਆਂ ਰੀਝਾਂ ਬਚਪਨ ਵਿਚ ਹੀ ਕੁਚਲੀਆਂ ਜਾਂਦੀਆਂ ਹਨ।


ਅਭਿਨੇਤਾ, ਲੇਖਕ, ਜਾਂ ਕਵੀ ਬਣਨ ਲਈ ਕਲਪਨਾ ਦਾ ਤੀਖਣ ਹੋਣਾ ਲਾਜ਼ਮੀ ਹੈ। ਕਈ ਬੱਚਿਆਂ ਦੀ ਕਲਪਨਾ ਅਸਲੋਂ ਬੜੀ ਤੀਬਰ ਹੁੰਦੀ ਹੈ, ਤੇ ਸੁੱਘੜ ਮਾਪੇ ਅਤੇ ਅਧਿਆਪਕ ਉਹਨੂੰ ਝੱਟ ਪਛਾਣ ਜਾਂਦੇ ਹਨ। ਅਜਿਹੇ ਬੱਚਿਆਂ ਵਿਚ ਅਗਾਂਹ ਜਾ ਕੇ ਆਰਟ ਦੇ ਮੈਦਾਨ ਵਿਚ ਸਿਖਰਾਂ ਛੁਹਣ ਦੀ ਕਾਬਲੀਅਤ ਹੁੰਦੀ ਹੈ। ਚੰਗਾ ਅਦਾਕਾਰ ਤਾਂ ਹਰ ਕੋਈ ਬਣ ਸਕਦਾ ਹੈ, ਪਰ ਸਿਖਰੀ ਕਲਾਕਾਰ ਗਿਣੇ-ਚੁਣੇ ਵਿਅਕਤੀ ਹੀ ਬਣ ਸਕਦੇ ਹਨ।


ਪਰ ਕੌਣ ਪੇਸ਼ਗੀ ਕਹਿ ਸਕਦਾ ਹੈ ਕਿ ਕਿਸ ਨੇ ਸਿਖਰੀ ਕਲਾਕਾਰ ਬਣਨਾ ਹੈ ਤੇ ਕਿਸ ਨੇ ਸਾਧਾਰਨ? ਚੰਗਾ ਇਹੀ ਹੈ ਕਿ ਇਨਸਾਨ ਆਪਣੇ ਆਪ ਨੂੰ ਅਸਾਧਾਰਨ ਸਮਝਣ ਦੀ ਥਾਂ ਸਾਧਾਰਨ ਹੀ ਸਮਝੇ ਤੇ ਦਰਗਾਹੀ ਪ੍ਰਤਿਭ ਤੇ ਪ੍ਰੇਰਨਾ ਉਪਰ ਭਰੋਸਾ ਕਰਨ ਦੀ ਥਾਂ ਆਪਣੀ ਲਗਨ ਤੇ ਮਿਹਨਤ ਉਪਰ ਭਰੋਸਾ ਕਰੇ।


ਮੈਂ ਜਦੋਂ ਆਪਣੇ ਬਚਪਨ ਵਲ ਨਜ਼ਰ ਦੁੜਾਉਂਦਾ ਹਾਂ, ਤਾਂ ਯਾਦ ਆਉਂਦਾ ਹੈ ਕਿ ਮੇਰੀ ਕਲਪਨਾ ਬੜੀ ਤੀਬਰ ਸੀ। ਆਮ ਤੌਰ ਉਤੇ ਬੱਚਿਆਂ ਦੀਆਂ ਖੇਡਾਂ ਵੱਡਿਆਂ ਦੇ ਕੰਮਾਂ ਦੀ ਨਕਲ ਹੁੰਦੀਆਂ ਹਨ। ਪਰ ਮੈਂ ਇਸ ਨਕਲ ਨੂੰ ਇਤਨਾ ਅਸਲੀ ਬਣਾ ਲੈਂਦਾ ਸਾਂ ਕਿ ਵਡੇ ਵੀ ਬੜੇ ਸ਼ੌਕ ਨਾਲ ਮੇਰੀਆਂ ਖੇਡਾਂ ਵਿਚ ਸ਼ਾਮਲ ਹੋਣ ਲੱਗ ਜਾਂਦੇ ਸਨ।


ਪੜ੍ਹਾਈ ਵਿਚ ਮੇਰੀ ਜਿ਼ਆਦਾ ਰੁਚੀ ਜ਼ਬਾਨਾਂ ਵਲ ਸੀ। ਸੰਸਕ੍ਰਿਤ ਮੈਨੂੰ ਚੰਗੀ ਲਗਦੀ ਸੀ। ਅੱਠਾਂ-ਦਸਾਂ ਵਰ੍ਹਿਆਂ ਦੀ ਉਮਰ ਵਿਚ ਮੈਂ ਬਾਲਮੀਕੀ ਰਾਮਾਇਣ ਪੜ੍ਹ ਗਿਆ ਸਾਂ। ਉਸੇ ਵਜ਼ਨ ਦੇ ਮੈਂ ਇਕ ਵਾਰੀ ਸ਼ਲੋਕ ਵੀ ਲਿਖ ਕੇ ਆਰੀਆ ਸਮਾਜ ਦੇ ਵਾਰਸਿ਼ਕ ਉਤਸਵ ਵਿਚ ਪੜ੍ਹੇ ਸਨ। ਸਭ ਤੋਂ ਜਿ਼ਆਦਾ ਮਜ਼ਾ ਮੈਨੂੰ ਸਕੂਲ ਵਿਚ ਉਸ ਵੇਲੇ ਆਉਂਦਾ, ਜਦੋਂ ਮਾਸਟਰ ਜੀ, ਨਿੱਕੇ-ਨਿੱਕੇ ਸੰਕੇਤੀ ਵਾਕ ਲਿਖਾ ਕੇ ਉਹਨਾਂ ਦੇ ਆਧਾਰ ਉਤੇ ਮੈਨੂੰ ਕੋਈ ਕਹਾਣੀ ਲਿਖਣ ਲਈ ਆਖਦੇ। ਸਾਹਿਤ ਦੀਆਂ ਪਾਠ-ਪੁਸਤਕਾਂ ਮੈਨੂੰ ਸ਼ੁਰੂ ਤੋਂ ਅਖੀਰ ਤਕ ਆਪ-ਮੁਹਾਰੇ ਯਾਦ ਹੋ ਜਾਂਦੀਆਂ ਸਨ।


ਮੇਰੀ ਸਾਹਿਤਕ ਰੁਚੀ ਨੂੰ ਮਾਪਿਆਂ ਤੇ ਉਸਤਾਦਾਂ ਵਲੋਂ ਵੀ ਚੰਗੀ ਪ੍ਰੇਰਨਾ ਮਿਲਦੀ ਰਹੀ। ਇਸੇ ਕਰਕੇ ਮੈਂ ਅੰਗਰੇਜ਼ੀ ਸਾਹਿਤ ਦਾ ਐਮ. ਏ. ਕੀਤਾ, ਤੇ ਕਾਲਿਜ ਵਿਚੋਂ ਨਿਕਲਣ ਸਾਰ ਹੀ ਕਹਾਣੀਆਂ ਤੇ ਕਵਿਤਾਵਾਂ ਲਿਖਣੀਆਂ ਅਰੰਭ ਦਿਤੀਆਂ। ਮੈਨੂੰ ਸਦਾ ਤੋਂ ਸ਼ੌਕ ਸਾਹਿਤਕਾਰ ਬਣਨ ਦਾ ਹੀ ਰਿਹਾ ਹੈ। ਜਿਵੇਂ ਕਿ ਮੈਂ ਪਹਿਲਾਂ ਕਹਿ ਆਇਆ ਹਾਂ, ਫਿਲਮ-ਐਕਟਰ ਤਾਂ ਮੈਂ ਸੰਜੋਗਵਸ਼ ਹੀ ਬਣ ਗਿਆ।
ਅਜ ਕੋਈ ਮੇਰੀਆਂ ਸ਼ੁਰੂ-ਸ਼ੁਰੂ ਦੀਆਂ ਫਿਲਮਾਂ ਵੇਖੇ। ਉਹਨਾਂ ਵਿਚ ਮੇਰਾ ਕੰਮ ਇਤਨਾ ਘਟੀਆ ਦਰਜੇ ਦਾ ਹੈ ਕਿ ਕੋਈ ਯਕੀਨ ਨਹੀਂ ਕਰ ਸਕੇਗਾ ਕਿ ਇਹ ਆਦਮੀ ਕਦੇ ਚੰਗਾ ਅਦਾਕਾਰ ਬਣ ਸਕਦਾ ਹੈ। ਮੇਰੇ ਕਈ ਮਿੱਤਰ, ਜਿਹੜੇ ਮੇਰੇ ਨਾਲ ਫਿਲਮਾਂ ਵਿਚ ਦਾਖਲ ਹੋਏ, ਇਤਨਾ ਵਧੀਆਂ ਅਭਿਨੇ ਕਰਦੇ ਸਨ ਕਿ ਉਹਨਾਂ ਦੇ ਛੜੱਪਾ ਮਾਰ ਕੇ ਸ਼ੁਹਰਤ ਦੇ ਸਤਵੇਂ ਅਸਮਾਨ ਜਾ ਚੜ੍ਹਨ ਦਾ ਕਿਸੇ ਨੂੰ ਵੀ ਸੰਦੇਹ ਨਹੀਂ ਸੀ। ਪਰ ਦੁਰਭਾਗਵੱਸ਼ ਉਹ ਆਪਣੇ ਵਿਲੱਖਣ ਵਿਅਕਤੀ ਹੋਣ ਦੇ ਵਹਿਮ ਦਾ ਸਿ਼ਕਾਰ ਹੋ ਗਏ। ਅਭਿਨੇ-ਕਲਾ ਦਾ ਵਿਗਿਆਨਕ ਢੰਗ ਨਾਲ ਅਧਿਅਨ ਕਰਨ ਦੀ ਥਾਂ ਉਹ ਦਰਗਾਹੋਂ ਪ੍ਰੇਰਨਾ ਦੀ ਉਡੀਕ ਕਰਦੇ। ਜਿਹੜਾ ਕਿਰਦਾਰ ਉਹਨਾਂ ਖੇਡਣਾ ਹੁੰਦਾ, ਉਹਨਾਂ ਦੇ ਵਿਚਾਰ ਵਿਚ ਉਹ ਕਿਸੇ ਅਲੋਕਿਕ ਢੰਗ ਨਾਲ ਆਪਣੇ ਆਪ ਉਹਨਾਂ ਅੰਦਰ ਪ੍ਰਵੇਸ਼ ਕਰ ਜਾਂਦਾ ਸੀ। ਕਦੇ ਉਹ ਸ਼ਾਟ ਤੋਂ ਪਹਿਲਾਂ ਸਮਾਧੀ ਲਾ ਕੇ ਉਸ ਦੀ ਆਮਦ ਨੂੰ ਉਡੀਕਦੇ, ਤੇ ਕਦੇ ਸ਼ਰਾਬ ਜਾਂ ਕਿਸੇ ਹੋਰ ਮਾਦਕ ਦ੍ਰਵ ਦੀ ਸ਼ਰਣ ਲੈਂਦੇ। ਸੋ, ਉਹ ਤਰੱਕੀ ਨਹੀਂ ਕਰ ਸਕੇ, ਪਰ ਮੈਂ ਆਪਣੀ ਸਾਧਾਰਨ ਪ੍ਰਤਿਭਾ ਦੇ ਬਾਵਜੂਦ ਉਹਨਾਂ ਤੋਂ ਜਿ਼ਆਦਾ ਸਫਲ ਰਿਹਾ।


ਜਿਨ੍ਹਾਂ ਲੋਕਾਂ ਨੂੰ ਮਾਰਕਸਵਾਦ ਦਾ ਗਿਆਨ ਨਹੀਂ, ਉਹ ਇਹਨੂੰ ਕੇਵਲ ਇਕ ਰਾਜਨੀਤਕ ਸਿਧਾਂਤ ਸਮਝ ਛਡਦੇ ਹਨ, ਜੋ ਇਕ ਬਹੁਤ ਵਡੀ ਭੁੱਲ ਹੈ। ਮਾਰਕਸਵਾਦ ਵਾਸਤਵ ਵਿਚ ਇਕ ਦਰਸ਼ਨ ਹੈ, ਫਲਸਫਾ ਹੈ, ਜੋ ਪ੍ਰਾਕਿਰਤਕ ਤੇ ਸੰਸਾਰਕ ਜੀਵਨ ਦੇ ਹਰ ਪਹਿਲੂ ਨੂੰ ਵਿਗਿਆਨਕ-ਢੰਗ ਨਾਲ ਰੁਸ਼ਨਾਉਂਦਾ ਹੈ। ਹਰ ਕਲਾਕਾਰ ਨੂੰ ਇਹ ਜਾਣਨ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੀ ਕਲਾ ਦਾ ਸਮਾਜ ਵਿਚ ਕੀ ਮਹੱਤਵ ਹੈ। ਕੀ ਉਸ ਮਹੱਤਵ ਅਨੁਸਾਰ ਉਸ ਨੂੰ ਉਹ ਸਥਾਨ ਪ੍ਰਾਪਤ ਹੈ, ਜੋ ਉਸ ਨੂੰ ਮਿਲਣਾ ਚਾਹੀਦਾ ਹੈ? ਇਸ ਦਿਸ਼ਾ ਵਿਚ ਮਾਰਕਸਵਾਦ ਭੁਲੇਖਿਆਂ ਨੂੰ ਦੂਰ ਕਰਕੇ ਅਸਲੀਅਤ ਉਪਰ ਪ੍ਰਕਾਸ਼ ਪਾਉਂਦਾ ਹੈ। ਵਰਤਮਾਨ ਯੁਗ ਵਿਚ ਮਾਰਕਸਵਾਦ ਦਾ ਅਧਿਅਨ, ਮੇਰੀ ਰਾਏ ਵਿਚ, ਇਕ ਕਲਾਕਾਰ ਲਈ ਵੀ ਉਤਨਾ ਹੀ ਉਪਯੋਗੀ ਹੈ, ਜਿਤਨਾ ਇਕ ਸਮਾਜ-ਸ਼ਾਸਤਰੀ ਲਈ।


ਮਾਰਕਸਵਾਦ ਨੇ ਭਾਸ਼ਾ ਦੇ ਸਵਾਲ ਨੂੰ ਵੀ ਵਿਗਿਆਨਕ ਢੰਗ ਨਾਲ ਵੇਖਣ ਦੀ ਮੈਨੂੰ ਸਮਰਥਾ ਬਖਸ਼ੀ। ਟੈਗੋਰ ਤੇ ਗਾਂਧੀ ਜੀ ਵਰਗੇ ਮਹਾਂਪੁਰਸ਼ਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਪਹਿਲਾਂ ਹੀ ਇਸ ਨਜ਼ਰੀਏ ਵਲ ਆ ਰਿਹਾ ਸਾਂ ਕਿ ਹਰ ਕਲਾਕਾਰ ਜਾਂ ਸਾਹਿਤਕਾਰ ਲਈ ਉਸ ਦੀ ਆਪਣੀ ਮਾਂ-ਬੋਲੀ ਤੇ ਆਪਣਾ ਮਾਤਰੀ ਸਭਿਆਚਾਰ ਹੀ ਸਭ ਤੋਂ ਉੱਤਮ ਮਾਧਿਅਮ ਹੁੰਦੇ ਹਨ। ਮਾਰਕਸਵਾਦ ਦੇ ਅਧਿਅਨ ਨੇ ਮੇਰਾ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ਬਣਾਇਆ।


“ਜ਼ੁਬੈਦਾ” ਦੀ ਕਾਮਯਾਬੀ ਪਿਛੋਂ ਇਪਟਾ ਦੇ ਸਾਥੀ ਮੇਰੀ ਹਰ ਗੱਲ ਮੰਨਣ ਲਈ ਤਿਆਰ ਸਨ। ਮੈਂ ਇਸ ਗੱਲ ਉਪਰ ਜ਼ੋਰ ਪਾਇਆ ਕਿ ਅਲੱਗ-ਅਲੱਗ ਭਾਸ਼ਾਵਾਂ ਦੀਆਂ ਅਲੱਗ-ਅਲੱਗ ਟੋਲੀਆਂ ਬਣਾਈਆਂ ਜਾਣ। ਸਿਧਾਂਤਕ ਤੌਰ ਉਤੇ ਇਹ ਅਸੂਲ ਇਪਟਾ ਵਿਚ ਪਹਿਲਾਂ ਤੋਂ ਹੀ ਪਰਵਾਨਿਤ ਸੀ, ਪਰ ਹੁਣ ਇਸ ਉਪਰ ਅਮਲ ਵੀ ਜਿ਼ਆਦਾ ਮਿਹਨਤ ਨਾਲ ਕੀਤਾ ਜਾਣ ਲੱਗ ਪਿਆ। ਵੇਖਦਿਆਂ-ਵੇਖਦਿਆਂ ਗੁਜਰਾਤੀ, ਮਰਾਠੀ, ਅੰਗਰੇਜ਼ੀ ਭਾਸ਼ਾਵਾਂ ਦੇ ਵੀ ਉੱਤਮ ਸ਼ਰੇਣੀ ਦੇ ਗਰੁੱਪ ਤਿਆਰ ਹੋ ਗਏ। ਹੋਰ ਤਾਂ ਹੋਰ, ਤੈਲਗੂ ਭਾਸ਼ਾ ਦਾ ਵੀ ਇਕ ਨਾਟਕ-ਮੰਡਲ ਬਣ ਗਿਆ। ਨਾਟਕ-ਮੰਡਲਾਂ ਤੋਂ ਇਲਾਵਾ ਇਪਟਾ ਦਾ ਇਕ ਕੁੱਲ-ਹਿੰਦ ਨਰਿਤ-ਮੰਡਲ ਸੀ, ਜੋ ਆਪਣੀ ਸ਼ਾਨ ਰਖਦਾ ਸੀ। ਉਦੇ ਸ਼ੰਕਰ ਦਾ ਕੇਂਦਰ ਟੁੱਟਣ ਪਿਛੋਂ ਉਸ ਦੇ ਲਗਭਗ ਸਾਰੇ ਹੀ ਪ੍ਰਮੁਖ ਕਲਾਕਾਰ ਇਸ “ਸੈਂਟਰਲ ਸਕਵਾਡ” ਵਿਚ ਸ਼ਾਮਲ ਹੋ ਚੁੱਕੇ ਸਨ। ਉਸ ਵਿਚ ਕਿਤਨੀਆਂ ਮਹਾਨ ਹਸਤੀਆਂ ਸ਼ਾਮਲ ਸਨ, ਇਹਨਾਂ ਨਾਵਾਂ ਤੋਂ ਹੀ ਪਰਗਟ ਹੋ ਜਾਂਦਾ ਹੈ – ਰਵੀ ਸ਼ੰਕਰ, ਸਚੀਨ ਸ਼ੰਕਰ, ਸ਼ਾਂਤੀ ਬਰਧਨ, ਅਵਨੀ ਦਾਸ ਗੁਪਤਾ, ਪ੍ਰੇਮ ਧਵਨ, ਦੀਨਾ ਗਾਂਧੀ, ਗੁੱਲ ਬਰਧਨ, ਬਿਨਾਏ ਰਾਏ, ਉਸਤਾਦ ਅਲੀ ਅਕਬਰ ਖਾਨ, ਅਤੇ ਕਿਤਨੇ ਹੀ ਹੋਰ।


ਏਸੇ ਤਰ੍ਹਾਂ, ਨਾਟਕ ਦੇ ਵਿਭਾਗਾਂ ਨੂੰ ਵੀ ਮਾਮਾ ਵਾਰੇਰਕਰ (ਮਰਾਠੀ), ਚੰਦਰਵਦਨ ਮਹਿਤਾ (ਗੁਜਰਾਤੀ), ਗੁਣਵੰਤ ਰਾਓ ਆਚਾਰੀਆ (ਗੁਜਰਾਤੀ), ਪ੍ਰਿਥਵੀ ਰਾਜ ਕਪੂਰ, ਦੁਰਗਾ ਖੋਟੇ ਆਦਿਕ ਚੋਟੀ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਸਹਿਯੋਗ ਪ੍ਰਾਪਤ ਸੀ। ਇਹ ਲੋਕ ਕੇਵਲ ਦੂਰ ਬੈਠ ਕੇ ਸਰਪਰਸਤੀ ਨਹੀਂ ਸਨ ਕਰਦੇ, ਸਗੋਂ ਇਪਟਾ ਦੇ ਬਾਕਾਇਦਾ ਮੈਂਬਰ ਸਨ, ਇਪਟਾ ਲਈ ਡਰਾਮੇ ਲਿਖਦੇ ਸਨ, ਉਹਨਾਂ ਵਿਚ ਪਾਰਟ ਕਰਦੇ ਸਨ। ਦੁਰਗਾ ਖੋਟੇ ਨੇ ਸਭ ਤੋਂ ਪਹਿਲਾਂ ਸਟੇਜ ਉੱਪਰ ਕੰਮ ਇਪਟਾ ਦੇ ਨਾਟਕ ਵਿਚ ਹੀ ਕੀਤਾ ਸੀ।
ਇਪਟਾ ਦੀ ਤਹਿਰੀਕ ਕੇਵਲ ਬੰਬਈ ਵਿਚ ਹੀ ਨਹੀਂ, ਸਾਰੇ ਹਿੰਦੁਸਤਾਨ ਵਿਚ ਤੇਜ਼ੀ ਨਾਲ ਫੈਲ ਰਹੀ ਸੀ, ਤੇ ਹਰ ਪ੍ਰਾਂਤ ਵਿਚ ਸਰਬ-ਉੱਚ ਲੇਖਕ ਤੇ ਕਲਾਕਾਰ ਉਸ ਦੇ ਘੇਰੇ ਵਿਚ ਖੁਸ਼ੀ ਨਾਲ ਆ ਰਹੇ ਸਨ। ਪ੍ਰਾਂਤ-ਪ੍ਰਾਂਤ ਦੇ ਕਲਾਕਾਰ ਉਸ ਦੇ ਘੇਰੇ ਵਿਚ ਖੁਸ਼ੀ ਨਾਲ ਆ ਰਹੇ ਸਨ। ਪ੍ਰਾਂਤ-ਪ੍ਰਾਂਤ ਦੇ ਕਲਾਕਾਰ ਇਕ-ਦੂਜੇ ਨਾਲ ਅਨੋਖੇ ਪ੍ਰੇਮ-ਸੂਤਰ ਵਿਚ ਪਰੁਤੇ ਜਾ ਰਹੇ ਸਨ। ਨਵੀਂ ਪੀੜ੍ਹੀ ਲਈ ਯਕੀਨ ਕਰਨਾ ਔਖਾ ਹੈ ਕਿ ਕਦੇ ਇੰਜ ਵੀ ਹੁੰਦਾ ਸੀ।


ਸਵਾਲ ਉਠਦਾ ਹੈ, ਇਪਟਾ ਦੀ ਇਤਨੀ ਸ਼ੀਘਰ ਤੇ ਜ਼ਬਰਦਸਤ ਲੋਕ-ਪ੍ਰੀਅਤਾ ਦਾ ਕਾਰਨ ਕੀ ਸੀ? ਇਤਨਾ ਵੱਡਾ ਅੰਦੋਲਨ ਆਪ-ਮੁਹਾਰੇ ਨਹੀਂ ਖੜਾ ਹੋ ਸਕਦਾ।


ਇਸ ਦਾ ਕਾਰਨ, ਮੈਂ ਸਮਝਦਾ ਹਾਂ, ਉਸ ਵੇਲੇ ਕਮਿਊਨਿਸਟ ਪਾਰਟੀ ਦੀਆਂ ਸਹੀ ਨੀਤੀਆਂ ਸਨ। ਉਹਨਾਂ ਨੀਤੀਆਂ ਦਾ ਲੋਕਾਂ ਦੇ ਦਿਲ ਉਤੇ ਝੱਟ ਅਸਰ ਪੈਂਦਾ ਸੀ। ਮੈਨੂੰ ਯਾਦ ਹੈ, ਜਿੱਥੇ ਵੀ ਖਲੋ ਕੇ ਅਸੀਂ ਪ੍ਰੇਮ ਧਵਨ ਦਾ ਕੋਈ ਗੀਤ ਗਾਉਂਦੇ, ਲੋਕੀਂ ਖਾਹ-ਮਖਾਹ ਖੜੇ ਹੋ ਕੇ ਸੁਣਨ ਲਗ ਪੈਂਦੇ ਸਨ, ਤੇ ਉਹਨਾਂ ਦੇ ਚਿਹਰਿਆਂ ਉਤੇ ਗੰਭੀਰ ਸੋਚ ਦਾ ਭਾਵ ਉੱਘੜ ਆਉਂਦਾ ਸੀ। ਇਹਨਾਂ ਨੀਤੀਆਂ ਵਿਚ ਸੱਚੀ ਰਾਸ਼ਟਰੀਅਤਾ ਸੀ, ਤੇ ਸੱਚੀ ਅੰਤਰ-ਰਾਸ਼ਟਰੀਅਤਾ ਵੀ। ਉਹ ਮਸਲਿਆਂ ਨੂੰ ਬੜੀ ਸਪਸ਼ਟਤਾ ਨਾਲ ਆਮ ਆਦਮੀ ਅੱਗੇ ਰਖਦੀਆਂ ਸਨ, ਉਹਨੂੰ ਬਰਤਾਨਵੀ ਸਾਮਰਾਜ ਦੇ ਖਿਲਾਫ ਸੰਗਠਿਤ ਹੋ ਕੇ ਲੜਨ ਲਈ ਪ੍ਰੇਰਦੀਆਂ ਸਨ। ਉਹ ਰਾਸ਼ਟਰੀ ਅੰਦੋਲਨ ਨਾਲ ਸੰਗਠਨ ਵੀ ਸਨ, ਪਰ ਉਸ ਦੀਆਂ ਨੁਕਤਾਚੀਨ ਵੀ। ਕਮਿਊਨਿਸਟ ਪਾਰਟੀ ਦੇ ਕਾਮੇ ਇਪਟਾ ਵਿਚ ਇਤਨੇ ਆਪਾ ਵਾਰੂ ਢੰਗ ਨਾਲ ਕੰਮ ਕਰਦੇ ਸਨ ਕਿ ਹਰ ਕੋਈ ਉਹਨਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਣ ਲਗ ਜਾਂਦਾ ਸੀ। ਮਿਹਨਤਾਂ ਤਾਂ ਉਹ ਆਪ ਕਰਦੇ ਸਨ, ਪਰ ਸ਼ੋਭਾ ਲੈਣ ਲਈ ਦੂਜਿਆਂ ਨੂੰ ਅੱਗੇ ਕਰ ਦੇਂਦੇ ਸਨ। ਕਮਿਊਨਿਸਟ ਕਾਮਿਆਂ ਦੇ ਡਸਿਪਲਿਨ ਦੀ ਤਾਰੀਫ ਤਾਂ ਉਹਨਾਂ ਦੇ ਦੁਸ਼ਮਨ ਵੀ ਕਰਦੇ ਨਹੀਂ ਸਨ ਥੱਕਦੇ।


ਏਸ ਤੋਂ ਇਲਾਵਾ, ਦੇਸ਼ ਵਿਚ ਉਸ ਵੇਲੇ ਮਾਰਕਸਵਾਦੀ ਵਿਚਾਰਾਂ ਦਾ ਇਕ ਹੜ੍ਹ ਜਿਹਾ ਆਇਆ ਹੋਇਆ ਸੀ। ਧੰਨਵਾਨਾਂ ਦੀ ਸੁਸਾਇਟੀ ਵਿਚ ਵੀ ਮਾਰਕਸਵਾਦ ਦਾ ਇਕ ਤਰ੍ਹਾਂ ਨਾਲ ਫੈਸ਼ਨ ਜਿਹਾ ਬਣ ਗਿਆ ਸੀ। ਸ਼ੈਦ ਇਸ ਲਈ ਵੀ ਕਿ ਕਮਿਊਨਿਸਟ ਬਰਤਾਨਵੀ ਸਾਮਰਾਜ ਵਿਰੋਧੀ ਹੁੰਦਿਆਂ ਵੀ ਜੰਗ ਨੂੰ ਜਨਤਕ ਜੰਗ ਆਖਦੇ ਸਨ, ਤੇ ਉਸ ਵੇਲੇ ਧੰਨਵਾਨਾਂ ਲਈ ਇਹ ਨਾਹਰਾ ਲਾਹੇਵੰਦਾ ਸੀ।


ਜਸਵੰਤ ਠੱਕਰ ਨਾਲ ਮੇਰੀ ਦੋਸਤੀ ਡੂੰਘੀ ਸੀ। ਹੌਲੀ-ਹੌਲੀ ਮੈਂ ਪਾਰਟੀ ਤੇ ਦੂਜੇ ਵਰਕਰਾਂ ਦਾ ਵੀ ਵਾਕਫ ਬਣ ਗਿਆ। ਸੈਂਡਹਰਸਟ ਰੋਡ ਉਤੇ “ਰਾਜ ਭਵਨ” ਨਾਂ ਦੀ ਬਿਲਡਿੰਗ ਵਿਚ ਕੇਂਦਰੀ ਦਫਤਰ ਸੀ। ਬੜੀ ਗਹਿਮਾ-ਗਹਿਮੀ ਰਹਿੰਦੀ ਸੀ ਓਥੇ। ਬੜਾ ਪਿਆਰਾ ਤੇ ਪਵਿੱਤਰ ਮਾਹੌਲ ਸੀ ਓਥੋਂ ਦਾ। ਪਾਰਟੀ ਦੇ ਲੰਗਰ ਵਿਚ ਰੋਟੀ ਖਾਣ ਦਾ ਓਹੀ ਸੁਆਦ ਸੀ, ਜੋ ਸਿੱਖਾਂ ਲਈ ਗੁਰੂ ਕੇ ਲੰਗਰ ਦਾ ਹੈ। ਰਾਜ ਭਵਨ ਵਿਚ ਹੀ ਮੇਰੀ ਜਾਣ ਪਛਾਣ ਪੀ. ਸੀ. ਜੋਸ਼ੀ ਨਾਲ ਹੋਈ, ਤੇ ਉਸ ਨਾਲ ਸਾਡਾ ਡੂੰਘਾ ਪਿਆਰ ਪੈ ਗਿਆ, ਜੋ ਹੁਣ ਤਕ ਚੱਲਿਆ ਆਉਂਦਾ ਹੈ। ਇਕ ਸੱਚੇ ਇਨਕਲਾਬੀ ਵਾਂਗ ‘ਪੀ. ਸੀ.‘ ਜੀਵਨ ਨੂੰ ਹਰ ਪਹਿਲੂ ਤੋਂ ਪਿਆਰ ਕਰਦਾ ਹੈ। ਉਹ ਪਲ-ਪਲ ਜੀਊਂਦਾ ਹੈ, ਤੇ ਪਲ-ਪਲ ਆਪਣੇ ਗਿਆਨ ਤੇ ਕਰਮ ਦਾ ਦਾਇਰਾ ਵਸੀਹ ਕਰਨ ਵਿਚ ਵਿਸ਼ਵਾਸ ਕਰਦਾ ਹੈ। ਉਸ ਦੀ ਨਿਗਾਹ ਵਿਚ ਕਲਾ ਕੇਵਲ ਰਾਜਨੀਤਕ ਆਗੂਆਂ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲੀ ਚੀਜ਼ ਨਹੀਂ ਹੈ। ਉਹ ਆਪ ਉਸ ਦਾ ਸ਼ੈਦਾਈ ਤੇ ਜਿਗਿਆਸੂ ਹੈ। ਇਕ ਵਾਰੀ ਨਹੀਂ ਅਨੇਕਾਂ ਵਾਰੀ ਉਸ ਦੀਆਂ ਦਿੱਤੀਆਂ ਤਜਵੀਜ਼ਾਂ ਸਾਨੂੰ ਇਪਟਾ ਦੇ ਕੰਮ ਵਿਚ ਭਰਪੂਰ ਸਹਾਇਕ ਹੋਈਆਂ। ਹਰ ਕੋਈ ਸਲਾਹ ਲੈਣ ‘ਪੀ. ਸੀ.’ ਵਲ ਦੌੜਦਾ ਜਾਂਦਾ। ਛੋਟੇ ਤੋਂ ਛੋਟੇ ਕਾਰਕੁੰਨ ਨਾਲ ਵੀ ਪੀ. ਸੀ. ਪਿਆਰ ਭਰਿਆ ਸਲੂਕ ਕਰਦਾ, ਉਸ ਦੇ ਜੀਵਨ ਵਿਚ ਉਮੰਗ ਜਿਹੀ ਲੈ ਆਉਂਦਾ। ਇਕ ਅਜੀਬ ਮਿਕਨਾਤੀਸੀ ਕਸ਼ਸ਼ ਸੀ ਪੀ. ਸੀ. ਦੀ ਸ਼ਖਸੀਅਤ ਵਿਚ। ਜਿਸ ਨੂੰ ਉਹ ਇਕ ਵਾਰੀ ਮਿਲ ਪਏ, ਸਾਰੀ ਉਮਰ ਭੁੱਲਦਾ ਨਹੀਂ ਸੀ। ਤੇ ਅਸਚਰਜ ਦੀ ਗੱਲ ਇਹ ਕਿ ਪੀ. ਸੀ. ਦੇ ਮਿੱਤਰ ਇਕ-ਦੋ ਪ੍ਰਾਤਾਂ ਵਿਚ ਨਹੀਂ, ਸਾਰੇ ਹਿੰਦੁਸਤਾਨ ਵਿਚ ਫੈਲੇ ਹੋਏ ਸਨ। ਤਾਮਿਲ ਤੇ ਮਾਲਾਬਾਰੀ ਵੀ ਉਹਨੂੰ ਉਤਨਾ ਹੀ ਆਪਣਾ ਸਮਝਦੇ ਸਨ, ਜਿੰਨਾ ਉਹਦੇ ਆਪਣੇ ਯੂ. ਪੀ. ਦੇ ਲੋਕ।


ਪੀ. ਸੀ. ਤੇ ਉਹਦੀ ਪਤਨੀ, ਕਲਪਨਾ ਨਾਲ, ਜਿਸ ਨੇ ਸੋਲ੍ਹਾਂ ਵਰ੍ਹਿਆਂ ਦੀ ਉਮਰ ਵਿਚ ਬੰਗਾਲ ਦੇ ਅੰਗਰੇਜ਼ ਗਵਰਨਰ ਉਪਰ ਗੋਲੀ ਚਲਾਈ ਸੀ ਤੇ ਪਿਛੋਂ ਉਮਰ-ਕੈਦ ਭੁਗਤੀ ਸੀ, ਸਾਡੇ ਪਰਵਾਰ ਦੀ ਮਿੱਤਰਤਾ ਉਹਨਾਂ ਦਿਨਾਂ ਤੋਂ ਅਟੁੱਟ ਚੱਲੀ ਆ ਰਹੀ ਹੈ। ਪੀ. ਸੀ. ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਹੀ ਦੱਮੋ ਤੇ ਮੈਂ ਦੋਵੇਂ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਬਣ ਗਏ।


ਪਰ ਇਹ ਸੋਚ ਲੈਣਾ ਗਲਤ ਹੋਵੇਗਾ ਕਿ ਕੇਵਲ ਯਥਾਰਥਵਾਦੀ ਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਅਪਣਾ ਲੈਣ ਨਾਲ ਹੀ ਕਲਾਕਾਰ ਆਪਣੀ ਮੰਜ਼ਲ ਉਤੇ ਪਹੁੰਚ ਜਾਂਦਾ ਹੈ। ਪਹਿਲਾਂ ਕਲਾਕਾਰ ਲਈ ਆਪਣੇ ਦ੍ਰਿਸ਼ਟੀਕੋਣਾਂ ਅਨੁਸਾਰ ਘਾਲਣਾ ਕਰਨੀ ਲੋੜੀਂਦੀ ਹੈ। ਪੁਰਾਣੇ ਸੰਸਕਾਰ ਅੰਦਰੋਂ ਕਢਣੇ ਤੇ ਨਵੇਂ ਪਾਉਣੇ ਪੈਂਦੇ ਹਨ। ਇਹ ਕੋਈ ਆਸਾਨ ਕੰਮ ਨਹੀਂ। ਸਨਅਤੀ ਦੇਸ਼ਾਂ ਦੇ ਲੋਕਾਂ ਲਈ, ਭਾਵੇਂ ਉਹ ਸਰਮਾਏਦਾਰੀ ਦੇਸ਼ ਹੀ ਕਿਉਂ ਨਾ ਹੋਣ, ਯਥਾਰਥਵਾਦੀ ਦ੍ਰਿਸ਼ਟੀਕੋਣ ਅਪਣਾਨਾ ਆਸਾਨ ਹੈ, ਕਿਉਂਕਿ ਸਾਇੰਸ ਅਤੇ ਮਸ਼ੀਨ ਉਹਨਾਂ ਦੇ ਜੀਵਨ ਦੇ ਹਰ ਅੰਗ ਵਿਚ ਪ੍ਰਵੇਸ਼ ਕਰ ਚੁੱਕੀ ਹੁੰਦੀ ਹੈ। ਪਰ ਮੇਰੀ ਪੀੜ੍ਹੀ ਦੇ ਭਾਰਤੀ ਕਲਾਕਾਰਾਂ ਦੇ ਸੰਸਕਾਰ ਧੁਰੋਂ ਸਨਾਤਨੀ ਤੇ ਜਗੀਰਦਾਰੀ ਯੁਗ ਦੇ ਹਨ। ਉਹਨਾਂ ਉਪਰ ਮਾਰਕਸਵਾਦੀ ਵਿਚਾਰਧਾਰਾ ਦਾ ਮੁਲੰਮਾ ਉਤਨਾ ਹੀ ਕੁਢੱਬਾ ਹੋ ਜਾਂਦਾ ਹੈ, ਜਿਤਨਾ ਇਕ ਕੁਰੂਪ ਔਰਤ ਦਾ ਪੌਡਰ-ਸੁਰਖੀ ਦੀ ਬਹੁਲਤਾ ਵਰਤ ਕੇ ਆਪਣੇ ਆਪ ਨੂੰ ਸੁਹਣਾ ਬਣਾਨ ਦੀ ਕੋਸਿ਼ਸ਼ ਕਰਨਾ। ਉਸ ਦੀ ਕੁਰੂਪਤਾ ਹੋਰ ਵੀ ਜਿ਼ਆਦਾ ਉੱਘੜ ਕੇ ਸਾਹਮਣੇ ਆ ਜਾਂਦੀ ਹੈ।


ਸਨਅਤੀ ਪੱਖ ਤੋਂ ਤਰੱਕੀ ਕਰ ਚੁੱਕੇ ਦੇਸ਼ਾਂ ਵਿਚ, ਭਾਵੇਂ ਉਹ ਸਰਮਾਏਦਾਰੀ ਹੋਣ ਤੇ ਭਾਵੇਂ ਸਮਾਜਵਾਦੀ, ਮਿਲ ਕੇ ਤੇ ਤਨਜ਼ੀਮ ਨਾਲ ਕੰਮ ਕਰਨ ਦੀ ਰੁਚੀ ਸਪਸ਼ਟ ਹੁੰਦੀ ਹੈ। ਨਾਲੇ, ਉਹ ਕੱਟੜਵਾਦੀ ਨਹੀਂ ਹੁੰਦੇ। ਅਗਲੇ ਦੀ ਗੱਲ ਨੂੰ ਸੰਜੀਦਗੀ ਨਾਲ ਸੁਣਨ ਤੇ ਆਪਣੇ ਜੀਵਨ-ਅਨੁਭਵ ਦੀ ਕਸਵੱਟੀ ਉਤੇ ਪਰਖਣ ਦੀ ਸਮਰਥਾਂ ਰਖਦੇ ਹਨ। ਉਹ “ਵਾਦ” ਵਿਚ ਸ਼ਖਸੀਅਤ ਨੂੰ ਨਹੀਂ ਵਾੜਦੇ। ਉਹ ਆਖੀ ਜਾ ਰਹੀ ਗੱਲ ਵਲ ਧਿਆਨ ਦੇਂਦੇ ਹਨ, ਆਖਣ ਵਾਲੇ ਦੇ ਵਿਅਕਤਿਤਵ ਵਲ ਨਹੀਂ।


ਪਰ ਸਾਡੇ ਸੰਸਕਾਰ ਕੁਝ ਹੋਰ ਹਨ, ਅਸੀਂ ਮਾਰਕਸਵਾਦ ਨੂੰ ਅਪਣਾ ਕੇ ਉਸ ਉੱਪਰ ਵੀ ਉਤਨੇ ਹੀ ਕੱਟੜ ਹੋ ਜਾਂਦੇ ਹਾਂ, ਜਿਤਨੇ ਪਹਿਲਾਂ ਕਿਸੇ ਅਧਿਆਤਮਵਾਦੀ ਮਤ-ਮਤਾਂਤਰ ਜਾਂ ਧਰਮ-ਮਜ਼ਹਬ ਬਾਰੇ ਸਾਂ। ਅਸਹਿਨਸ਼ੀਲਤਾ ਸਾਡੇ ਵਿਚ ਉਤਨੀ ਹੀ ਬਣੀ ਰਹਿੰਦੀ ਹੈ। ਜ਼ਰਾ ਵੀ ਕਿਸੇ ਨਾਲ ਸਾਡਾ ਮਤਭੇਦ ਹੋਵੇ, ਉਹ ਆਦਮੀ “ਬੂਰਯਵਾ, ਪਿਛਾਂਹ-ਖਿੱਚੂ, ਚਿਕਨ-ਹਾਰਟਿਡ” ਅਤੇ ਖੋਰੇ ਹੋਰ ਕੀ-ਕੀ ਬਣ ਜਾਂਦਾ ਹੈ। ਲੀਡਰਾਂ ਨੂੰ ਅਸੀਂ ਓਵੇਂ ਹੀ ਪੂਜਣ ਲਗ ਜਾਂਦੇ ਹਾਂ, ਜਿਵੇਂ ਪਹਿਲਾਂ ਪੈਗੰਬਰਾਂ ਨੂੰ ਪੂਜਦੇ ਸਾਂ। ਸੱਚ ਨਾਲੋਂ ਸਾਨੂੰ ਆਪਣਾ ਧੜਾ ਜਿ਼ਆਦਾ ਪਿਆਰਾ ਹੋ ਜਾਂਦਾ ਹੈ। ਜੋ ਆਪਣੇ ਧੜੇ ਦਾ ਹੈ, ਉਹ ਦੋਸਤ, ਜੋ ਨਹੀਂ, ਉਹ ਦੁਸ਼ਮਣ। ਮਾਰਕਸਵਾਦ ਸਾਨੂੰ ਹਉਮੈਵਾਦ ਤੋਂ ਮੁਕਤ ਹੋਣ ਲਈ ਪਰੇਰਦਾ ਹੈ, ਪਰ ਅਸਲ ਵਿਚ ਅਸੀਂ ਦਿਨੋ ਦਿਨ ਹੰਕਾਰੀ ਬਣਦੇ ਜਾਂਦੇ ਹਾਂ।


ਇਹੋ ਹਾਲ ਮੇਰਾ ਹੁੰਦਾ ਜਾ ਰਿਹਾ ਸੀ। ਪਾਰਟੀ ਦਾ ਮੈਂਬਰ ਬਣਦਿਆਂ ਸਾਰ ਮੇਰੇ ਗੁਣ ਔਗੁਣਾਂ ਵਿਚ ਤਬਦੀਲ ਹੋਣੇ ਸ਼ੁਰੂ ਹੋ ਗਏ। ਆਰਟ ਨੂੰ ਮੈਂ ਉੱਕਾ ਹੀ ਰਾਜਨੀਤੀ ਦੇ ਪੱਖ ਤੋਂ ਪਰਖਣਾ ਸ਼ੁਰੂ ਕਰ ਦਿੱਤਾ। ਇਪਟਾ ਨੂੰ ਇੰਜ ਵੇਖਣਾ ਸ਼ੁਰੂ ਕਰ ਦਿੱਤਾ, ਜਿਵੇਂ ਪਾਰਟੀ ਦੇ ਹਿੱਤਾਂ ਨੂੰ ਸਾਧਣਾ ਹੀ ਉਸ ਦਾ ਇਕ-ਮਾਤਰ ਆਦਰਸ਼ ਹੋਵੇ। ਮੈਂ ਇਕ ਨਿੱਕਾ ਜਿਹਾ ਡਿਕਟੇਟਰ ਬਣਨ ਲੱਗ ਪਿਆ। ਪਾਰਟੀ ਦੇ ਸਾਥੀਆਂ ਦੀ ਮਦਦ ਨਾਲ ਮੈਂ ਆਪਣੀ ਕੋਈ ਵੀ ਈਨ ਮੰਨਵਾ ਸਕਦਾ ਸਾਂ। ਗੈਰ-ਪਾਰਟੀ ਸਾਥੀ ਮੈਨੂੰ ਆਪਣੀ ਸਲਾਹ ਦੇਂਦੇ, ਪਰ ਉਹਨੂੰ ਮੰਨਣਾ ਜਾਂ ਨਾ ਮੰਨਣਾ ਮੇਰੀ ਮਰਜ਼ੀ ਉੱਤੇ ਨਿਰਭਰ ਸੀ। ਇਪਟਾ ਦੇ ਦੇਸ਼-ਭਗਤ ਤੇ ਸਮਾਜਵਾਦੀ ਆਦਰਸ਼ਾਂ ਨਾਲ ਇਪਟਾ ਦੇ ਹਰ ਮੈਂਬਰ ਨੂੰ ਇਤਫਾਕ ਸੀ, ਪਰ ਇਸ ਦੇ ਬਾਵਜੂਦ ਉਹ ਨਾਟਕ-ਕਲਾ ਨੂੰ ਨਿਰਾ-ਪੁਰਾ ਪ੍ਰਾਪੇਗੰਡਾ ਬਣਾਉਣਾ ਨਹੀਂ ਸਨ ਚਾਹੁੰਦੇ। ਉਹ ਨਾਟਕ ਦੇ ਕਲਾਤਮਿਕ ਤੇ ਰੌਚਕ ਪਹਿਲੂ ਨੂੰ ਵੀ ਸੁਆਰਨਾ ਚਾਹੁੰਦੇ ਸਨ। ਪਰ ਜਿਹੜਾ ਵੀ ਤਕਨੀਕ ਦੀ ਗੱਲ ਉਠਾਉਂਦਾ, ਮੈਂ ਹੱਥ ਧੋ ਕੇ ਉਹਦੇ ਮਗਰ ਪੈ ਜਾਂਦਾ।


ਫੇਰ ਵੀ, ਉਹ ਦਿਨ ਬੜੇ ਹੁਲਾਰੇ ਵਾਲੇ ਸਨ। ਸਾਨੂੰ ਹਰ ਸਮੇਂ ਮਜ਼ਦੂਰ-ਬਸਤੀਆਂ, ਚਾਲਾਂ, ਤੇ ਗਲੀ-ਮਹੱਲਿਆਂ ਵਿਚ ਨਾਟਕ ਖੇਡਣ ਦਾ ਚਾਅ ਚੜ੍ਹਿਆ ਰਹਿੰਦਾ। ਇਸ ਤਰ੍ਹਾਂ ਸਾਨੂੰ ਬੰਬਈ ਦੇ ਨਾਗਰਿਕ ਜੀਵਨ ਨੂੰ ਬਹੁਤ ਨੇੜਿਓਂ ਵੇਖਣ ਦੇ ਚੰਗੇ ਮੌਕੇ ਮਿਲੇ, ਜਿਨ੍ਹਾਂ ਦਾ ਅਗੇ ਜਾ ਕੇ ਫਿਲਮਾਂ ਦੇ ਕੰਮ ਵਿਚ ਮੈਨੂੰ ਬਹੁਤ ਲਾਭ ਪਹੁੰਚਿਆ।


ਇਕ ਦਿਨ ਫਨੀ-ਦਾ ਨੇ “ਜਸਟਿਸ” ਫਿਲਮ ਦਾ ਇਕ ਪ੍ਰਾਈਵੇਟ ਸ਼ੋ ਕੀਤਾ। ਮੈਂ ਆਪਣਾ ਉਹ ਮੁਰਗੇ ਵਾਲਾ ਕਲੋਜ਼-ਅਪ ਵੇਖਿਆ। ਵੇਖ ਕੇ ਇੰਜ ਲਗਾ, ਜਿਵੇਂ ਛੱਤ ਤੋਂ ਪੰਜ ਮਣ ਦੀ ਸਿਲ ਮੇਰੇ ਉੱਪਰ ਆ ਡਿੱਗੀ ਹੋਵੇ। ਬਿਲਕੁਲ ਜਿਵੇਂ ਇਕ ਮੁਰਦੇ ਦਾ ਚਿਹਰਾ ਹੁੰਦਾ ਹੈ। ਮੇਕ-ਅੱਪ ਕਾਰਨ ਉਹ ਹੋਰ ਵੀ ਭੱਦਾ ਲੱਗਾ। ਮੈਨੂੰ ਕ੍ਰੀਝ ਆਈ। ਕੀ ਮੇਰੀ ਸ਼ਕਲ ਇਤਨੀ ਹੀ ਭਿਆਨਕ ਹੈ? ਪਰ ਮੈਂ ਬਹੁਤੀ ਚਿੰਤਾ ਨਾ ਕੀਤੀ। ਫਨੀ-ਦਾ ਨੇ ਆਪਣੇ ਇਕਰਾਰ ਅਨੁਸਾਰ ਮੈਨੂੰ ਆਪਣੀ ਅਗਲੀ ਫਿਲਮ, “ਦੂਰ ਚਲੋ” ਵਿਚ ਇਹ ਪ੍ਰਮੁਖ ਕਿਰਦਾਰ ਦੇ ਦਿੱਤਾ ਸੀ। ਇਤਨਾ ਹੀ ਨਹੀਂ, ਦੱਮੋ ਨੂੰ ਵੀ ਲੈ ਲਿਆ ਸੀ। ਫਿਲਮ ਵਿਚ ਵੀ ਉਹ ਮੇਰੀ ਪਤਨੀ ਦਾ ਰੋਲ ਕਰ ਰਹੀ ਸੀ। ਕਮਲ ਕਪੂਰ ਉਸ ਫਿਲਮ ਦਾ ਹੀਰੋ ਸੀ, ਤੇ ਨਸੀਮ (ਜੂਨੀਅਰ) ਹੀਰੋਇਨ। ਸਾਥੀ ਕਲਾਕਾਰ ਸਨ – ਆਗਾ, ਸਾਹੂ, (ਕਿਸ਼ੋਰ ਸਾਹੂ ਦਾ ਛੋਟਾ ਵੀਰ), ਘੋਸ਼ (ਇਕ ਵਚਿੱਤਰ ਪ੍ਰਕਿਰਤੀ ਦਾ ਨੌਜਵਾਨ, ਜਿਸ ਦੀ ਮੌਤ ਵੀ ਬੜੇ ਵਚਿੱਤਰ ਢੰਗ ਨਾਲ ਹੋਈ), ਕੇ. ਸੀ. ਡੇ. ਨੂੰ ਨੇੜਿਓਂ ਵੇਖਣ ਤੇ ਮਿਲਣ ਦੀ ਸਾਨੂੰ ਅਪਾਰ ਖੁਸ਼ੀ ਸੀ। ਉਹ ਵੀ ਦੱਮੋ ਨੂੰ ਧੀਆਂ ਵਾਂਗ ਪਿਆਰ ਕਰਨ ਲਗ ਪਏ ਸਨ।


ਇਸ ਫਿਲਮ ਦੀ ਸ਼ੂਟਿੰਗ ਜਿ਼ਆਦਾ ਕਰਕੇ ਆਊਟ-ਡੋਰ ਸੀ। ਘੋੜ-ਬੰਦਰ ਰੋਡ ਉੱਤੇ ਅਸੀਂ ਕਿਤਨੇ ਹੀ ਦਿਨ ਸਾਈਕਲ ਚਲਾਉਂਦੇ ਫਿਰੇ। ਸ਼ਾਟ ਤੋਂ ਪਹਿਲਾਂ, ਮੈਂ ਵੇਖਿਆ, ਆਗਾ ਸਾਡੇ ਨਾਲ ਸਾਧਾਰਨ ਢੰਗ ਨਾਲ ਗੱਲਾਂ ਕਰ ਰਿਹਾ ਹੁੰਦਾ, ਪਰ ਕੈਮਰਾ ਚਾਲੂ ਹੁੰਦਿਆਂ ਹੀ ਉਹਨੂੰ ਜਿਵੇਂ ਕੁਝ ਹੋ ਜਾਂਦਾ। ਜਿਵੇਂ ਉਸ ਉਪਰ ਕੋਈ ਭੂਤ ਸਵਾਰ ਹੋ ਜਾਂਦਾ। ਬੜੀਆਂ ਤੇਜ਼-ਤੇਜ਼ ਤੇ ਅਜੀਬ-ਅਜੀਬ ਹਰਕਤਾਂ ਕਰਨ ਲੱਗ ਜਾਂਦਾ। ਉਹ ਮੈਨੂੰ ਇੰਜ ਲਗਦਾ, ਜਿਵੇਂ ਉਹ ਜ਼ਬਰਦਸਤੀ ਮੈਨੂੰ ਆਪਣੇ ਨਾਲ ਧੂਹੀ ਜਾ ਰਿਹਾ ਹੈ, ਜਿਵੇਂ ਉਹਨੇ ਮੇਰੇ ਉਪਰ ਕੋਈ ਜਾਦੂ ਕਰ ਦਿੱਤਾ ਹੈ। ਜਦੋਂ ਵੀ ਉਹਦੇ ਨਾਲ ਮੇਰਾ ਸ਼ਾਟ ਹੁੰਦਾ, ਮੈਨੂੰ ਆਪਣਾ ਅੰਗ-ਅੰਗ ਸਿੱਥਲ ਹੁੰਦਾ ਤੇ ਸੁੰਗੜਦਾ ਪਰਤੀਤ ਹੁੰਦਾ। ਪਰ ਆਗਾ ਦੀਆਂ ਹਰਕਤਾਂ ਨੂੰ ਮੈਂ ਮੂਰਖਤਾ ਭਰੀ ਦਿਖਾਵੇਬਾਜ਼ੀ ਕਹਿ ਕੇ ਮਨੋਂ ਵਿਸਾਰ ਛੱਡਦਾ। ਓਵਰ-ਐਕਟਿੰਗ ਕਰਦਾ ਹੈ, ਮੈਂ ਸੋਚਦਾ। ਹਿੰਦੁਸਤਾਨੀ ਫਿਲਮਾਂ ਦੀ ਇਹੋ ਤਾਂ ਖਰਾਬੀ ਹੈ। ਸਾਰੇ ਓਵਰ-ਐਕਟਿੰਗ ਕਰਦੇ ਹਨ। ਪਰ ਜਦ ਸ਼ਾਟ ਤੋਂ ਬਾਅਦ ਸਾਰੇ ਉਸ ਦੀਆਂ ਹਰਕਤਾਂ ਉਪਰ ਲੋਟ ਪੋਟ ਹੁੰਦੇ, ਤਾਂ ਮੈਨੂੰ ਅੰਦਰੇ-ਅੰਦਰ ਖਿੱਝ ਆਉਂਦੀ। ਤਾਰੀਫ ਤਾਂ ਉਹਨਾਂ ਨੂੰ ਦਰਅਸਲ ਮੇਰੀ ਕਰਨੀ ਚਾਹੀਦੀ ਸੀ, ਜਦ ਕਿ ਮੈਂ ਇਤਨੀ ਕੁਦਰਤੀ ਤੇ ਸੰਜਮੀ ਐਕਟਿੰਗ ਕਰ ਰਿਹਾ ਸਾਂ। ਅਨਾੜੀ ਐਕਟਰ ਦੇ ਇਹੋ ਤਾਂ ਲੱਛਣ ਹੁੰਦੇ ਹਨ। ਉਹ ਸਭ ਕੁਝ ਗਲਤ ਕਰਦਿਆਂ ਵੀ ਸੋਚਦਾ ਹੈ ਕਿ ਮੈਂ ਸਭ ਕੁਝ ਠੀਕ ਕਰ ਰਿਹਾ ਹਾਂ। ਸ਼ਾਟ ਤੋਂ ਪਹਿਲਾਂ ਦੇ ਤੇ ਸ਼ਾਟ ਵੇਲੇ ਦੇ ਆਗਾ ਵਿਚ ਫਰਕ ਇਹ ਸੀ ਕਿ ਉਹ ਆਪਣੇ ਕਿਰਦਾਰ ਵਿਚ ਦਾਖਲ ਹੋ ਜਾਂਦਾ ਸੀ। ਸ਼ਾਟ ਖਤਮ ਹੁੰਦਿਆਂ ਹੀ ਉਹ ਆਪਣੀ ਆਤਮਾ ਤੋਂ ਕਿਰਦਾਰ ਨੂੰ ਉਤਾਰ ਕੇ ਫੇਰ ਆਗਾ ਬਣ ਜਾਂਦਾ ਸੀ। ਤੇ ਮੈਨੂੰ ਇਹਨਾਂ ਗੱਲਾਂ ਦਾ ਅਜੇ ਕੇਵਲ ਗਿਆਨ ਹੀ ਸੀ, ਅਭਿਆਸਿਕ ਅਨੁਭਵ ਨਹੀਂ। ਤੇ ਮੈਂ ਜੋ ਕੁਝ ਕੈਮਰੇ ਅਗੇ ਕਰ ਰਿਹਾ ਸਾਂ, ਉਸ ਨੂੰ ਐਕਟਿੰਗ ਦਾ ਨਾਂ ਦੇਣਾ ਵੀ ਉਸ ਸ਼ਬਦ ਨਾਲ ਘੋਰ ਅਨਿਆਂ ਸੀ।


ਮੈਂ ਵੇਖਿਆ ਹੈ ਕਿ ਔਰਤਾਂ ਵਿਚ ਐਕਟਿੰਗ ਦੀ ਪ੍ਰਤਿਭਾ ਮਰਦਾਂ ਨਾਲੋਂ ਕਿਤੇ ਜਿ਼ਆਦਾ ਹੁੰਦੀ ਹੈ। ਬਾਹੂ-ਬਲ ਦੀ ਘਾਟ ਔਰਤ ਨੂੰ ਚਲਿੱਤਰ ਨਾਲ ਕੰਮ ਸਾਰਨ ਉਤੇ ਮਜਬੂਰ ਕਰਦੀ ਹੈ। ਏਸ ਲਈ ਨਿੱਕਿਆਂ ਹੁੰਦਿਆਂ ਤੋਂ ਨਾਰੀ-ਸੁਭਾਅ ਵਿਚ ਚੰਚਲਤਾ ਅਤੇ ਚਪਲਤਾ ਉਭਰ ਆਉਂਦੀ ਹੈ। ਸੰਗਾਊਪੁਣਾ ਮਰਦ ਵਿਚ ਜਿ਼ਆਦਾ ਹੁੰਦਾ ਹੈ। ਮੈਂ ਦੱਮੋ ਨੂੰ ਕੈਮਰੇ ਅੱਗੇ ਲਾਪਰਵਾਹੀ ਨਾਲ ਹੱਸਦਿਆਂ, ਗਾਉਂਦਿਆਂ, ਨੱਚਦਿਆਂ, ਟੱਪਦਿਆਂ ਵੇਖ ਕੇ ਕਾਫੀ ਹੈਰਾਨ ਹੁੰਦਾ ਸਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦਾ ਸੁਭਾਅ ਐਕਟਿੰਗ-ਕਲਾ ਦੇ ਬਹੁਤ ਜਿ਼ਆਦਾ ਅਨੁਕੂਲ ਸੀ।


ਤੇ ਫੇਰ, ਇਕ ਦਿਨ ਪ੍ਰਿਥਵੀ-ਥੀਏਟਰ ਦੇ ਨਾਟਕ, “ਦੀਵਾਰ” ਦਾ ਪਰਦਾ ਉੱਠਿਆ। ਪਹਿਲੇ ਸ਼ੋ ਵਿਚ ਦੱਮੋ ਪ੍ਰਿਥਵੀ ਜੀ ਤੋਂ ਰਤਾ ਕੁ ਝੱਕ ਕੇ ਕੰਮ ਕਰ ਰਹੀ ਸੀ। ਮੇਕ-ਅਪ ਵੀ ਬਹੁਤਾ ਚੰਗਾ ਨਹੀਂ ਸੀ ਹੋਇਆ। ਲਾਲੀ ਜਿ਼ਆਦਾ ਮੱਲ ਦਿੱਤੀ ਗਈ ਸੀ। ਸ਼ੋ ਦੇ ਖਾਤਮੇ ਉਤੇ ਮੈਂ ਦੱਮੋ ਨੂੰ ਮੇਕ-ਅਪ ਰੂਮ ਵਿਚ ਜਾ ਕੇ ਖੂਬ ਹੌਂਸਲਾ ਦਿੱਤਾ ਤੇ ਨਿੱਡਰ ਹੋ ਕੇ ਕੰਮ ਕਰਨ ਲਈ ਪਰੇਰਿਆ। ਮੇਕ-ਅੱਪ ਵੀ ਠੀਕ ਕਰਾਇਆ। ਅੱਧੇ ਕੁ ਘੰਟੇ ਪਿਛੋਂ ਪਰਦਾ ਦੂਜੇ ਸ਼ੋ ੳੁੱਤੇ ਉੱਠਿਆ। ਦੱਮੋ ਜਿਵੇਂ ਬਦਲ ਕੇ ਕੁਝ ਹੋਰ ਹੋ ਗਈ ਸੀ। ਇਹ ਕਹਿਣ ਵਿਚ ਅਤਿਕਥਨੀ ਨਹੀਂ ਕਿ ਉਹਦੇ ਨਾਲ ਬੰਬਈ ਸ਼ਹਿਰ ਵਿਚ ਤਹਿਲਕਾ ਮੱਚ ਗਿਆ। “ਦੀਵਾਰ” ਨਾਟਕ ਤੇ ਦੱਮੋ ਦੇ ਕੰਮ ਦੀਆਂ ਧੁੰਮਾਂ ਪੈ ਗਈਆਂ। ਅਜ ਤਕ ਇਤਨੀ ਕਾਮਯਾਬੀ ਕਿਸੇ ਨਾਟਕ ਨੂੰ ਮਿਲਦੀ ਨਹੀਂ ਸੀ ਵੇਖੀ ਗਈ। ਟਿਕਟਾਂ ਲਈ ਇਤਨੀਆਂ ਲੰਮੀਆਂ ਲਾਈਨਾਂ ਕਿਸੇ ਸਿਨੇਮੇ ਅੱਗੇ ਵੀ ਨਹੀਂ ਸਨ ਵੇਖੀਆਂ ਗਈਆਂ।


ਦੱਮੋ “ਸਟਾਰ” ਬਣ ਚੁੱਕੀ ਸੀ। ਅਗਲੇ ਦਿਨ ਤੋਂ ਹੀ ਫਿਲਮ-ਪ੍ਰੋਡੀਊਸਰਾਂ ਨੇ ਸਾਡੇ ਘਰ ਨੂੰ ਘੇਰਾ ਪਾ ਲਿਆ, ਜੋ ਸਾਡੇ ਲਈ ਇਕ ਅਨੋਖੀ ਤੇ ਅਨਕਿਆਸੀ ਹਾਲਤ ਸੀ। 

(ਪੂਰੀ ਕਿਤਾਬ ਪੜ੍ਹਨ ਲਈ ਕਲਿੱਕ ਕਰੋ (http://www.watanpunjabi.ca/vishesh/books.php) ਅਤੇ ਵਾਰਤਕ ਹੇਠਾਂ “ਮੇਰੀ ਫਿਲਮੀ ਆਤਮਕਥਾ” ਦੇਖੋ)
 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346