|

ਲਾਲਾ ਹਰਦਿਆਲ
(ਸੰਖੇਪ ਅਨੁਵਾਦ: ਅਮਨਪਾਲ ਸਾਰਾ)
ਇਸਲਾਮ, ਪਾਰਸੀ ਮੱਤ ਜਾਂ ਯਹੂਦੀ ਮੱਤ
–ਵਿੱਚੋਂ ਕੋਈ ਇਕ ਧਰਮ ਵਿਰਾਸਤ ਵਿੱਚ ਮਿਲਿਆ ਹੋਵੇ। ਜਦੋਂ ਤੁਸੀਂ ਅਜੋਕੀ ਤਰਕਸ਼ੀਲ ਵਿਦਿਆ
ਸਵੀਕਾਰ ਕਰ ਲੈਂਦੇ ਹੋ ਤਾਂ ਜਿਸ ਤਰ੍ਹਾਂ ਕਣਕ ਵੱਢਣ ਤੋਂ ਬਾਅਦ ਗਹਾਈ ਕਰਕੇ ਉਸ ਦੀ ਤੂੜੀ
ਉਡਾ ਦੇਈਦੀ ਹੈ ਪਰ ਉਸ ਦੇ ਦਾਣੇ ਸੰਭਾਲ ਲਈਦੇ ਹਨ ਉਸ ਹੀ ਤਰ੍ਹਾਂ ਤੁਹਾਨੂੰ ਚਾਹੀਦਾ ਹੈ ਕਿ
ਪੁਰਾਣੀਆਂ ਧਾਰਨਾਵਾਂ ਵਿੱਚੋਂ ਫਜ਼ੂਲ ਚੀਜ਼ਾਂ ਛਾਂਟਕੇ ਕੱਢ ਦਿਓ ਅਤੇ ਚੰਗੀਆਂ ਚੀਜ਼ਾਂ ਦਾ
ਯੋਗਦਾਨ ਨਵੀਂ ਸਮੂਹਿਕ ਸੋਚ ਵਿਚ ਪਾਉ। ਇਸ ਨਵੀਂ ਸੋਚ ਦੇ ਭਾਈਚਾਰੇ ਵਿੱਚ ਤੁਹਾਨੂੰ ਵਿਰਾਸਤ
ਵਿੱਚ ਮਿਲੀ ਵਿਚਾਰਧਾਰਾ ਨਾਲ ਹੀ ਲੈ ਕੇ ਆਉਣਾ ਚਾਹੀਦਾ ਹੈ।
ਸਾਰੇ ਧਰਮ ਕੁਝ ਖਾਸ ਕਿਸਮ ਦੇ ਸਮਾਜਕ ਰਿਵਾਜ਼ ਅਤੇ ਸਿਆਸੀ ਵਿਚਾਰ ਤੁਹਾਡੇ ਮਨ ਵਿੱਚ ਭਰਦੇ
ਹਨ। ਵਿਆਹ ਸ਼ਾਦੀਆਂ ਦੇ ਕੁਝ ਕਾਨੂੰਨਾਂ ਨਾਲ ਆਪਣੀ ਸਹਿਮਤੀ ਪ੍ਰਗਟਾਉਂਦੇ ਹਨ ਅਤੇ ਕਈ ਕਿਸਮ
ਦੇ ਭੋਜਨ ਖਾਣ ਤੋਂ ਵਰਜਦੇ ਹਨ। ਉਹ ਕਈ ਕਿਸਮ ਦੇ ਧਾਰਮਿਕ ਰੀਤੀ ਰਿਵਾਜਾਂ ਅਤੇ ਜਸ਼ਨਾਂ ਦੇ
ਮਨਾਉਣ ਦੀ ਜ਼ੋਰ ਸ਼ੋਰ ਨਾਲ ਪ੍ਰੇਰਣਾ ਕਰਦੇ ਹਨ। ਪੁਰਾਣੇ ਧਰਮਾਂ ਦੇ ਨਾਲ ਜੁੜੀਆਂ ਹੋਈਆਂ
ਇਨ੍ਹਾਂ ਚੀਜ਼ਾਂ ਨੂੰ ਲਾਜ਼ਮੀ ਤੌਰ ‘ਤੇ ਅਜੋਕੇ ਵਿਗਿਆਨ ਅਤੇ ਤਰਕਸ਼ੀਲਤਾ ਦੇ ਪੱਖ ਤੋਂ
ਘੋਖਿਆ ਜਾਣਾ ਚਾਹੀਦਾ ਹੈ। ਪੁਰਾਣੇ ਗੁਰੂਆਂ ਪੀਰਾਂ ਦੀਆਂ ਸਾਰੀਆਂ ਗੱਲਾਂ ਅੱਜ ਦੇ ਯੁੱਗ
ਵਿੱਚ ਨਹੀਂ ਅਪਣਾਈਆਂ ਜਾ ਸਕਦੀਆਂ। ਅੱਜ ਦੇ ਸਮੇਂ ਵਿੱਚ ਕਿਸੇ ਨੂੰ ਤਲਾਕ ਲੈਣ ਤੋਂ ਰੋਕਣਾ
ਜਾਂ ਸੂਰ ਜਾਂ ਮੱਛੀ ਦਾ ਮਾਸ ਖਾਣ ਤੋਂ ਰੋਕਣਾ ਜਾਂ ਬਹੁਤੇ ਵਿਆਹ ਕਰਨ ਦੀ ਇਜਾਜ਼ਤ ਦੇਣੀ
ਆਦਿ ਗੱਲਾਂ ਅਸੀਂ ਸਿਰਫ ਇਸ ਹੀ ਲਈ ਨਹੀਂ ਕਰ ਸਕਦੇ ਕਿ ਬਹੁਤ ਸਮਾਂ ਪਹਿਲਾਂ ਇਨ੍ਹਾਂ ਗੱਲਾਂ
ਬਾਰੇ ਕਿਸੇ ਧਾਰਮਿਕ ਮਹੱਤਤਾ ਰੱਖਣ ਵਾਲੇ ਗੁਰੂ ਪੀਰ ਨੇ ਆਪਣੇ ਵਿਚਾਰ ਪ੍ਰਗਟਾਏ ਸਨ। ਅਜਿਹੇ
ਸਮਾਜਕ ਰਿਵਾਜ਼ ਸਮੇਂ ਦੇ ਨਾਲ ਨਾਲ ਬਦਲਦੇ ਰਹਿਣੇ ਚਾਹੀਦੇ ਹਨ। ਇਸ ਲਈ ਇਨ੍ਹਾਂ ਸਵਾਲਾਂ
ਬਾਰੇ ਆਪਣੇ ਤਰੀਕੇ ਨਾਲ ਸੋਚੋ। ਇਨ੍ਹਾਂ ਦੇ ਹੱਲਾਂ ਲਈ ਜੀਸਸ, ਮੰਨੂ, ਜ਼ੋਰੇਐਸਟਰਾ, ਹਜ਼ਰਤ
ਮੁਹੰਮਦ ਜਾਂ ਗੌਤਮ ਬੁੱਧ ਦੀ ਸਿੱਖਿਆ ਹੀ ਨਾ ਲਈ ਜਾਵੋ। ਭਾਵੇਂ ਅਸੀਂ ਇਨ੍ਹਾਂ ਗੁਰੂਆਂ ਤੋਂ
ਚੰਗੀਆਂ ਕਦਰਾਂ ਕੀਮਤਾਂ ਸਿੱਖ ਸਕਦੇ ਹਾਂ ਪਰ ਇਹ ਗੁਰੂ ਪੀਰ ਸਮਾਜਕ ਰਸਮਾਂ ਰਿਵਾਜ਼ ਸਾਡੇ
ਉੱਪਰ ਨਹੀਂ ਠੋਸ ਸਕਦੇ। ਜੇਕਰ ਕੋਈ ਧਾਰਮਿਕ ਅਦਾਰਾ ਲੋਕਰਾਜ ਲਈ ਆਪਣੀ ਸਹਿਮਤੀ ਪ੍ਰਗਟਾਉਂਦਾ
ਹੈ ਤਾਂ ਸਾਨੂੰ ਉਸ ਦੀ ਸਿਆਸੀ ਸੇਧ ਮੰਨ ਲੈਣੀ ਚਾਹੀਦੀ ਹੈ ਪਰ ਜੇਕਰ ਧਾਰਮਿਕ ਅਦਾਰਾ
ਤਾਨਾਸ਼ਾਹੀ, ਨਾਦਰਸ਼ਾਹੀ ਜਾਂ ਝੋਲੀਚੁੱਕਾਂ ਦੀ ਸਰਕਾਰ ਦੀ ਹਿਮਾਇਤ ਕਰਦਾ ਹੈ ਤਾਂ ਤੁਹਾਨੂੰ
ਉਸ ਅਦਾਰੇ ਦੀਆਂ ਸਿੱਖਿਆਵਾਂ ਨੂੰ ਰੱਦ ਕਰਨਾ ਪਏਗਾ। ਉਹਨਾਂ ਸਾਰੀਆਂ ਧਾਰਮਿਕ ਗਾਥਾਵਾਂ ਨੂੰ
ਜ਼ਰੂਰ ਹੀ ਵਿਸਾਰ ਦੇਣਾ ਚਾਹੀਦਾ ਹੈ ਜੋ ਸਿਆਸਤ ਅਤੇ ਆਰਥਿਕਤਾ ਵਿੱਚ ਆਜ਼ਾਦੀ, ਬਰਾਬਰੀ,
ਭਰਾਤਰੀਭਾਵ ਅਤੇ ਲੋਕ ਰਾਜ ਦੀ ਵਿਰੋਧਤਾ ਕਰਦੀਆਂ ਹੋਣ। ਮਰ ਚੁੱਕੇ ਅਧਿਆਤਮਿਕ ਆਗੂਆਂ
ਵਿੱਚੋਂ ਹੁਣ ਕੋਈ ਵੀ ਸਾਨੂੰ ਸੀਜ਼ਰ ਜਾਂ ਖਲੀਫਾ ਦੇ ਪ੍ਰਤੀ ਸ਼ਰਧਾਵਾਨ ਹੋਣ ਲਈ ਨਹੀਂ ਉਕਸਾ
ਸਕਦਾ।
ਸਭ ਧਾਰਮਿਕ ਰੀਤੀਆਂ ਅਤੇ ਰਿਵਾਜ਼ਾਂ ਨੂੰ ਨਿੰਦਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਜ਼ੋਰਦਾਰ
ਵਿਰੋਧ ਕਰਨਾ ਚਾਹੀਦਾ ਹੈ। ਜੋ ਕੰਮ ਇੱਛਾ ਅਨੁਸਾਰ ਨਹੀਂ ਬਲਕਿ ਆਦਰ ਅਨੁਸਾਰ ਜਾਂ ਬਾਹਰੀ
ਪ੍ਰਸਥਿਤੀਆਂ ਦੇ ਪ੍ਰਭਾਵ ਅਧੀਨ ਕੀਤੇ ਜਾਂਦੇ ਹੋਣ ਉਹ ਕਦੇ ਵੀ ਆਤਮਾ ਨੂੰ ਸ਼ੁੱਧ ਅਤੇ
ਸ਼ਖਸੀਅਤ ਦਾ ਵਿਕਾਸ ਨਹੀਂ ਕਰ ਸਕਦੇ। ਨੇਕ ਇਨਸਾਨ ਬਣਨਾ ਬਹੁਤ ਮੁਸ਼ਕਿਲ ਹੈ ਇਸ ਲਈ
ਪ੍ਰੋਹਿਤ ਪਾਦਰੀ, ਪੁਜਾਰੀ, ਪੂਜਕ, ਮੁੱਲਾਂ, ਗਰੰਥੀ, ਇਮਾਮ, ਅਚਾਰੀਆ ਆਦਿ ਬਾਹਰੀ ਤੌਰ ‘ਤੇ
ਧਰਮ ਪ੍ਰਤੀ ਬੜੇ ਸ਼ਰਧਾਵਾਨ ਬਣਾਉਣਾ ਸਿਖਾਉਂਦੇ ਹਨ। ਬਾਹਰੀ ਤੌਰ ‘ਤੇ ਪ੍ਰਗਟਾਈ ਜਾਣ ਵਾਲੀ
ਅਜਿਹੀ ਸ਼ਰਧਾ ਤੁਹਾਡੇ ਬੌਧਿਕ ਵਿਕਾਸ ਦੇ ਰਾਹ ਵਿੱਚ ਇਕ ਗੰਭੀਰ ਸਮੱਸਿਆ ਹੈ। ਬਹੁਤ ਵਾਰੀ
ਅਜਿਹਾ ਹੁੰਦਾ ਹੈ ਕਿ ਲੋਕ ਸਮਝਦੇ ਹਨ ਕਿ ਕੁਝ ਰੀਤੀ ਰਿਵਾਜ਼ (ਧਾਰਮਿਕ) ਮੰਨਣ ਨਾਲ ਉਹ ਇਸ
ਦੁਨੀਆ ਵਿੱਚ ਪਦਾਰਥਕ ਖੁਸ਼ਹਾਲੀ ਪ੍ਰਾਪਤ ਕਰ ਲੈਣਗੇ ਜਾਂ ਨਰਕ ਵਿੱਚ ਮਿਲਣ ਵਾਲੀ ਸਜ਼ਾ ਤੋਂ
ਮੁਕਤ ਹੋ ਜਾਣਗੇ। ਪ੍ਰੋਹਿਤ (ਕਿਸੇ ਵੀ ਧਰਮ ਦੇ ਪੂਜਕ) ਨੂੰ ਆਮ ਤੌਰ ‘ਤੇ ਇਸ ਧਾਰਮਿਕ
ਗੈਰਜ਼ਰੂਰੀ ਤੇ ਮੂਰਖਤਾਨਾ ਰੀਤ ਨਿਭਾਉਣ ਦੇ ਪੈਸੇ ਮਿਲਦੇ ਹਨ। ਭਾਵੇਂ ਕਿਸੇ ਦਾ ਨੁਕਸਾਨ
ਹੋਵੇ ਪਰ ਉਸ ਦੀਆਂ ਹਮੇਸ਼ਾਂ ਪੌਂਬਾਰਾਂ ਹੁੰਦੀਆਂ ਹਨ। ਤੁਹਾਨੂੰ ਇਸ ਧੋਖਾਦੇਹੀ ਦਾ
ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ
ਸਿੱਖਿਆ ਦੇਣੀ ਚਾਹੀਦੀ ਹੈ ਕਿ ਤੀਰਥ ਯਾਤਰਾ ਕਰਨ, ਅੰਮ੍ਰਿਤ ਛਕਾਉਣ (ਪਾਹੁਲ ਦੇਣ), ਸੁੰਨਤ
ਕਰਨ, ਸੂਰਜ ਦੀ ਪੂਜਾ ਕਰਨ, ਧਾਗੇ ਤਵੀਤ ਪਾਉਣ, ਖੂਨ ਦੀ ਬਲੀ ਚੜ੍ਹਾਉਣ, ਦੀਵਿਆਂ ਦੀ ਆਰਤੀ
ਕਰਨ, ਮੰਨਤਾਂ ਮਨਾਉਣ, ਮੱਕੇ ਵੱਲ ਸਿਰ ਰੱਖ ਕੇ ਲੰਮੇ ਪੈਣ, ਗੰਗਾ ਇਸ਼ਨਾਨ ਕਰਨ, ਪੱਥਰਾਂ
ਦੀ ਪੂਜਾ ਕਰਨ, ਬੁੱਧ ਦੇ ਦੰਦਾਂ ਦੀ ਪੂਜਾ ਕਰਨ, ਬੁੱਤ-ਪੂਜਾ ਕਰਨ, ਜਾਨਵਰਾਂ ਦੀ ਪੂਜਾ
ਕਰਨ, ਮੂਰਤਾਂ ਦੀ ਪੂਜਾ ਕਰਨ ਜਾਂ ਗਿਰਜੇ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਨੂੰ ਈਸਾ ਦਾ ਲਹੂ
ਸਮਝ ਕੇ ਪੀਣ ਆਦਿ ਗੱਲਾਂ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਹੋ ਜਿਹੀਆਂ ਮੂਰਖਤਾਵਾਂ
ਤੋਂ ਦੂਰ ਰਹਿਣਾ ਚਾਹੀਦਾ ਹੈ।
ਸਵਰਗਾਂ ਵਿੱਚ ਮੁਕਤੀ ਹੋਣਾ ਜਾਂ ਨਰਕਾਂ ਦੀ ਅੱਗ ਵਿੱਚ ਸੜਨਾ ਆਦਿ ਸਿੱਖਿਆਵਾਂ ਤਕਰੀਬਨ ਹਰ
ਧਰਮ ਦਾ ਜ਼ਰੂਰੀ ਹਿੱਸਾ ਹਨ। ਈਸਾਈ ਮੱਤ ਅਤੇ ਇਸਲਾਮ ਦੇ ਮੁਤਾਬਕ ਸਵਰਗਾਂ ਦਾ ਸੁੱਖ ਜਾਂ
ਨਰਕਾਂ ਦਾ ਦੁੱਖ ਹਮੇਸ਼ਾਂ ਹਮੇਸ਼ਾਂ ਲਈ ਮਿਲਦੇ ਹਨ ਅਤੇ ਹਿੰਦੂ ਅਤੇ ਬੁੱਧ ਧਰਮ ਦੇ ਮੁਤਾਬਕ
ਇਹ ਕੁਝ ਸਮੇਂ ਲਈ ਹੀ ਮਿਲਦੇ ਹਨ। ਅਗਲੇ ਜਨਮ ਵਿੱਚ ਦੁੱਖਾਂ ਜਾਂ ਸੁੱਖਾਂ ਦੀ ਲਾਲਸਾ ਦੇਣ
ਦਾ ਮਨੋਰਥ ਸਾਧਾਰਨ ਇਨਸਾਨ ਨੂੰ ਬੁਰੇ ਕੰਮਾਂ ਤੋਂ ਹਟਾ ਕੇ ਨੇਕੀ ਦੇ ਰਸਤੇ ਉੱਪਰ ਲਿਆਉਣ ਦਾ
ਹੁੰਦਾ ਹੈ। ਇਹੋ ਜਿਹੇ ਸਭ ਅੰਧ ਵਿਸ਼ਵਾਸਾਂ ਦਾ ਆਧਾਰ ਇਹ ਧਾਰਨਾ ਹੁੰਦੀ ਹੈ ਕਿ ਇਨਸਾਨ ਦੀ
ਸ਼ਖਸੀਅਤ ਦਾ ਇਕ ਹਿੱਸਾ ਜਿਸ ਨੂੰ ਰੂਹ (ਸੋਲ) ਕਹਿੰਦੇ ਹਨ ਇਨਸਾਨ ਦੀ ਮੌਤ ਤੋਂ ਬਾਅਦ ਵੀ
ਜਿਉਂਦੀ ਰਹਿੰਦੀ ਹੈ। ਇਹ ਦੁਬਾਰਾ ਸਰੀਰ ਵਿੱਚ ਸਮਾ ਸਕਦੀ ਹੈ ਜਾਂ ਕੇਵਲ ਆਪਣੇ ਆਪ ਵਿੱਚ ਹੀ
ਹੋਂਦ ਵਿੱਚ ਰਹਿ ਸਕਦੀ ਹੈ। ਇਸ ਨੂੰ ਪਦਾਰਥਕ ਅਤੇ ਪੂਰਨ ਤੌਰ ‘ਤੇ ਅਧਿਆਤਮਕ ਹੋਣ ਦਾ ਦਰਜਾ
ਦਿੱਤਾ ਗਿਆ ਹੈ। ਸਾਰੀਆਂ ਗੱਲਾਂ ਦਾ ਸਿੱਟਾ ਇਹ ਨਿਕਲਦਾ ਹੈ ਕਿ ਤੁਹਾਡੀ ਸ਼ਖਸੀਅਤ ਦਾ ਇਕ
ਹਿੱਸਾ ਜੋ ਭਾਵਨਾਵਾਂ ਮਹਿਸੂਸ ਕਰਨ ਦੇ ਯੋਗ ਹੈ, ਮੌਤ ਤੋਂ ਬਾਅਦ ਵੀ ਜਿਉਂਦਾ ਰਹਿੰਦਾ ਹੈ
ਜਿਸ ਕਰਕੇ ਤੁਸੀਂ ਮੌਤ ਤੋਂ ਬਾਅਦ ਵੀ ਦੁੱਖ ਜਾਂ ਖੁਸ਼ੀ ਮਹਿਸੂਸ ਕਰ ਸਕਦੇ ਹੋ। ਇਸ ਗੈਰ
ਵਿਗਿਆਨਕ ਸਿਧਾਂਤ ਨੇ ਸਭ ਦੇਸ਼ਾਂ ਵਿੱਚ ਵਹਿਮਾਂ, ਭਰਮਾਂ ਦਾ ਕਿਤਨਾ ਵੱਡਾ ਫੈਲਾਅ ਕੀਤਾ
ਹੈ। ਇਸ ਸਿਧਾਂਤ ਨੂੰ ਥੰਮੀ ਦਾ ਸਹਾਰਾ ਦੇਣ ਲਈ ਤੇ ਪੱਕਾ ਕਰਨ ਲਈ ਕਿਤਨੇ ਹੀ ਅਸੂਲਾਂ ਨੂੰ
ਛਿੱਕੇ ਟੰਗਿਆ ਗਿਆ ਹੈ ਤੇ ਤੋੜਿਆ ਮਰੋੜਿਆ ਗਿਆ ਹੈ। ਡਰ ਅਤੇ ਦਹਿਸ਼ਤ ਨੇ ਅਣਗਿਣਤ ਔਰਤਾਂ
ਤੇ ਮਰਦਾਂ ਦੀ ਸ਼ਾਂਤੀ , ਸਵੈਮਾਣ, ਅਤੇ ਇਨਸਾਨੀਅਤ ਦੇ ਸੱਚੇ ਅਸੂਲ ਖੋਹ ਲਏ ਹਨ। ਮਿਸਰ ਦੇ
ਪੁਰਾਣੇ ਲੋਕਾਂ ਤੋਂ ਲੈ ਕੇ ਧਾਰਮਿਕ ਪੁਨਰ ਜਾਗਰਣ ਵਾਦੀਆਂ ਦੇ ਅਡੰਬਰਾਂ ਤੱਕ ਇਨਸਾਨ ਇਸ
ਸਵਾਲ ਦਾ ਜੁਆਬ ਲੱਭਣ ਦੀ ਕੋਸਿ਼ਸ਼ ਕਰਦਾ ਰਿਹਾ ਹੈ ਕਿ ਮੌਤ ਤੋਂ ਬਾਅਦ ਮੈਨੂੰ ਕੀ ਹੋਵੇਗਾ।
ਚਲਾਕ ਧੋਖੇਬਾਜ਼ਾਂ, ਜੋ ਹਮੇਸ਼ਾਂ ਵਿਦਵਾਨ ਹੋਣ ਦਾ ਦਾਅਵਾ ਕਰਦੇ ਹਨ, ਬੇਈਮਾਨਾਂ ਤੇ
ਬਦਮਾਸ਼ਾਂ ਨੇ ਹਮੇਸ਼ਾਂ ਇਨਸਾਨ ਦਾ ਉਸ ਦੇ ਇਸ ਸਵਾਲ ਬਾਰੇ ਅਗਿਆਨਤਾ ਕਾਰਨ ਸ਼ੋਸ਼ਣ ਕੀਤਾ
ਹੈ। ਪਾਦਰੀਆਂ (ਪੁਜਾਰੀਆਂ, ਪ੍ਰੋਹਿਤਾਂ ਆਦਿ) ਨੇ ਹਮੇਸ਼ਾਂ ਆਪਣੇ ਗੁਮਰਾਹ ਹੋਏ ਸ਼ਰਧਾਲੂਆਂ
ਦਾ ਧਨ ਉਨ੍ਹਾਂ ਨੂੰ ਇਹ ਯਕੀਨ ਦੁਆ ਕੇ ਲੁੱਟਿਆ ਹੈ ਕਿ ਭਵਿੱਖ ਵਿੱਚ ਇਸ ਦੇ ਬਦਲੇ ਉਨ੍ਹਾਂ
ਨੂੰ ਖੁਸ਼ੀ ਪ੍ਰਾਪਤ ਹੋਵੇਗੀ। ਸ਼ਾਇਦ ਇਨ੍ਹਾਂ ਪਾਦਰੀਆਂ ਆਦਿ ਨੇ ਪਹਿਲਾਂ ਆਪਣੇ ਆਪ ਨੂੰ
ਗੁਮਰਾਹ ਕਰ ਲਿਆ ਹੋਵੇ ਪਰ ਆਪਣੇ ਸ਼ਰਧਾਲੂਆਂ ਦੀ ਗੁਮਰਾਹੀ ਤੋਂ ਨਿਸ਼ਚੈ ਹੀ ਉਨ੍ਹਾਂ ਨੇ
ਫਾਇਦਾ ਉਠਾਇਆ ਹੈ। ਨਰਕ ਦੀ ਸਜ਼ਾ ਦੇ ਡਰ ਨੇ ਆਦਮਜ਼ਾਤ ਦੀਆਂ ਅੱਖਾਂ ਵਿੱਚੋਂ ਇਤਨੇ ਅੱਥਰੂ
ਵਹਾਏ ਹਨ ਜਿਤਨਿਆਂ ਨਾਲ ਸਾਰੇ ਡੂੰਘੇ ਸਮੁੰਦਰ ਭਰ ਸਕਦੇ ਹਨ। ਮੁਕਤੀ ਦੀ ਆਸ ਵਿੱਚ ਦਿੱਤੇ
ਦਾਨ ਨੇ ਪਾਦਰੀਆਂ (ਪ੍ਰੋਹਿਤਾਂ, ਪੂਜਕਾਂ ਆਦਿ) ਦੀਆਂ ਤਿਜ਼ੋਰੀਆਂ ਵਿੱਚ ਇਤਨਾ ਧਨ ਦੌਲਤ
(ਸੋਨਾ, ਚਾਂਦੀ) ਭਰਿਆ ਹੈ ਜਿਤਨਾ ਕਿ ਸਪੇਨੀ ਲੋਕਾਂ ਨੇ ਅਮਰੀਕਾ ਤੋਂ ਜਾਂ ਮਹਿਮੂਦ ਗਜ਼ਨਵੀ
ਨੇ ਹਿੰਦੁਸਤਾਨ ਤੋਂ ਨਹੀਂ ਲੁੱਟਿਆ ਹੋਣਾ। ਇਨਸਾਨੀਅਤ ਦੇ ਅਸੂਲ ਇਕ ਸ਼ਰਮਨਾਕ ਵਿਉਪਾਰਕ
ਵਹੀ-ਖਾਤਾ ਬਣ ਕੇ ਰਹਿ ਗਏ ਹਨ। ਸ਼ਰਧਾਲੂਆਂ ਵਾਸਤੇ ਨੇਕੀ ਇਸ ਤਰ੍ਹਾਂ ਬਣ ਕੇ ਰਹਿ ਗਈ ਹੈ
ਜਿਵੇਂ ਨਰਕ ਦੀ ਅੱਗ ਤੋਂ ਬਚਣ ਲਈ ਕਰਵਾਏ ਗਏ ਬੀਮੇ ਦੀ ਦਿੱਤੀ ਜਾਣ ਵਾਲੀ ਕਿਸ਼ਤ ਹੋਵੇ ਅਤੇ
ਚਰਚ (ਧਾਰਮਿਕ ਅਦਾਰਾ) ਉਹ ਬੀਮਾ ਪਾਲਸੀ ਵੇਚਣ ਵਾਲੀ ਕੰਪਨੀ ਹੋਵੇ। ਰੂਸ ਵਿੱਚ ਇਕ
ਥੋਖੇਬਾਜ਼ ਨੇ ਭੋਲੇ ਭਾਲੇ ਗਰੀਬ ਕਿਸਾਨਾਂ ਨੂੰ ਪੰਜ ਜਾਂ ਦਸ ਰੂਬਲ ਦੇ ਬਦਲੇ ਵਿੱਚ ਸਵਰਗ
ਵਿੱਚ ਸੀਟਾਂ ਵੇਚੀਆਂ ਸਨ। ਅਰਦਾਸਾਂ, ਮੁਰਦਿਆਂ ਲਈ ਤੋਹਫੇ ਆਦਿ ਦੁਨੀਆ ਦੇ ਹਰ ਇਕ ਮੁਲਕ
ਵਿੱਚ ਪ੍ਰੋਹਿਤਾਂ ਲਈ ਆਮਦਨੀ ਦਾ ਪੱਕਾ ਵਸੀਲਾ ਹਨ। ਸੋ ਇਹ ਹਨ ਰੂਹ ਦੀ ਧਾਰਨਾ ਅਤੇ ਇਸ ਦੀ
ਅਗਲੀ ਦੁਨੀਆ ਵਿੱਚ ਹੋਣ ਵਾਲੀ ਹੋਂਦ ਦੀ ਧਾਰਨਾ ਦੇ ਭੈੜੇ ਅਤੇ ਖਤਰਨਾਕ ਨਤੀਜੇ। ਇਨਸਾਨੀਅਤ
ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰੂਹ ਦੀ ਧਾਰਨਾ ਤੋਂ ਨਿਕਲਣ ਵਾਲੇ ਇਨ੍ਹਾਂ ਖਤਰਨਾਕ
ਸਿੱਟਿਆਂ ਵੱਲ ਦੇਖ ਕੇ ਹੀ ਇਸ ਧਾਰਨਾ ਦੀ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਰੋਕਣਾ
ਚਾਹੀਦਾ ਹੈ।
ਹੁਣ ਤੁਹਾਨੂੰ ਹਰ ਕਿਸਮ ਦੇ ਬਦਲਾ ਲਊ ਜਾਂ ਅਗਲੇ ਜਨਮ ਵਿੱਚ ਸਜ਼ਾ ਦੇਣ ਵਾਲੀਆਂ ਰੂੜੀਵਾਦੀ
ਨੀਤੀਆਂ ਰੱਦ ਕਰ ਕੇ ਆਪਣੇ ਆਪ ਨੂੰ ਤੇ ਦੂਸਰਿਆਂ ਨੂੰ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾਉਣੀ
ਚਾਹੀਦੀ ਹੈ। ਇਨਸਾਨ ਆਪਣੀ ਸ਼ਖਸੀਅਤ ਨੂੰ ਚੰਗਾ ਬਣਾਉਣ ਲਈ ਪੈਦਾ ਹੋਇਆ ਹੈ ਨਾ ਕਿ ਆਪਣੇ
ਕੰਮਾਂ ਦੇ ਬਦਲੇ ਦੁੱਖਾਂ ਦੀ ਸਜ਼ਾ ਪਾਉਣ ਜਾਂ ਇਨਾਮਾਂ ਦੀਆਂ ਖੁਸ਼ੀਆਂ ਪਾਉਣ ਲਈ। ਅਗਲੇ
ਜਨਮ ਵਿੱਚ ਸਜ਼ਾ ਮਿਲਣ ਦਾ ਜਾਂ ਬਦਲਾ ਦੇਣ ਦਾ ਵਿਚਾਰ ਜਿੱਥੇ ਕਿਤੇ ਵੀ ਮਿਲੇ ਉਸ ਦਾ ਖਾਤਮਾ
ਕਰਨਾ ਚਾਹੀਦਾ ਹੈ। ਸ਼ਖਸੀਅਤ ਦੀ ਮੰਜ਼ਲ ਵਿਕਾਸ ਕਰਨਾ ਹੈ ਨਾ ਕਿ ਭੋਗ ਵਿਲਾਸੀ ਹੋਣਾ ਜਾਂ
ਰੜਕਾਂ ਕੱਢਣਾ ਜਾਂ ਬੁਰਾਈ ਦਾ ਬਦਲਾ ਲੈਣਾ ਹੈ। ਇਹ ਸਾਰਾ ਬ੍ਰਹਿਮੰਡ ਕਿਸੇ ਜ਼ਾਲਿਮ ਪੁਲਿਸ
ਵਾਲੇ ਜਾਂ ਲਾਲਚੀ ਭਾੜੇ ਦੇ ਟੱਟੂਆਂ ਦੇ ਸਿਧਾਂਤ ‘ਤੇ ਨਹੀਂ ਚਲਦਾ ਸਗੋਂ ਕ੍ਰਮਵਿਕਾਸ
(ਐਵੂਲੇਸ਼ਨ) ਦੇ ਨਿਯਮਬੱਧ ਤਰੀਕੇ ਨਾਲ ਚਲਦਾ ਹੈ। ਕੋਈ ਵੀ ਇਨਸਾਨ ਮਰਨ ਤੋਂ ਬਾਅਦ ਕਿਸੇ ਵੀ
ਤਰੀਕੇ ਨਾਲ ਕਿਸੇ ਕਿਸਮ ਦੇ ਇਨਾਮ ਜਾਂ ਸਜ਼ਾ ਦਾ ਭਾਗੀ ਨਹੀਂ ਬਣੇਗਾ। ਨੈਤਿਕਤਾ, ਸਦਾਚਾਰ
ਅਤੇ ਉੱਚਤਾ ਇਸ ਹੀ ਜਿ਼ੰਦਗੀ ਦੇ ਅਸਲ ਪੁਰਸਕਾਰ ਹਨ ਕਿਉਂਕਿ ਇਨ੍ਹਾਂ ਦੇ ਵਿਕਾਸ ਨਾਲ
ਸ਼ਖਸੀਅਤ ਦਾ ਵੀ ਵਿਕਾਸ ਨਾਲ ਨਾਲ ਹੁੰਦਾ ਹੈ। ਅਨੈਤਿਕਤਾ, ਬੁਰਾਈ ਅਤੇ ਨੀਚਤਾ ਆਪਣੇ ਆਪ
ਵਿੱਚ ਹੀ ਸਜ਼ਾਵਾਂ ਹਨ ਕਿਉਂਕਿ ਇਹ ਵਿਕਾਸ ਨੂੰ ਰੋਕ ਦਿੰਦੀਆਂ ਹਨ। ਇਸ ਦੁਨੀਆ ਵਿੱਚ ਕਿਤੇ
ਵੀ ਕੋਈ ਵਹੀ ਖਾਤਾ ਨਹੀਂ ਖੁਲ੍ਹਿਆ ਹੋਇਆ ਜਿਸ ਵਿੱਚ ਤੁਹਾਡੇ ਪਾਪਾਂ ਜਾਂ ਪੁੰਨਾਂ ਦਾ
ਵੇਰਵਾ ਦਰਜ ਹੋਵੇ। ਇਹ ਬ੍ਰਹਿਮੰਡ ਤੁਹਾਡੇ ਚੰਗੇ ਜਾਂ ਮਾੜੇ ਕੰਮਾਂ ਨੂੰ ਯਾਦ ਨਹੀਂ ਰੱਖਦਾ
ਸਗੋਂ ਇਹ ਹਰੇਕ ਛਿਣ ਨੂੰ ਆਪਣੇ ਆਪ ਵਿੱਚ ਸੰਪੂਰਨ ਮੰਨਦਾ ਹੈ ਅਤੇ ਵਿਕਾਸ ਦੇ ਰਾਹ ‘ਤੇ
ਤੇਜ਼ੀ ਨਾਲ ਵਧਦਾ ਜਾਂਦਾ ਹੈ। ਸੋ ਇਸ ਕਰ ਕੇ ਮੌਤ ਤੋਂ ਬਾਅਦ ਮਿਲਣ ਵਾਲੀ ਨਰਕ ਦੀ ਸਜ਼ਾ ਦੇ
ਡਰ ਜਾਂ ਸਵਰਗ ਦੇ ਸੁੱਖਾਂ ਦੀ ਲਾਲਸਾ ਨੂੰ ਦਿਮਾਗ ਵਿੱਚੋਂ ਕੱਢ ਸੁੱਟੋ।
ਸਭ ਵਹਿਮਾਂ ਭਰਮਾਂ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਹੀ ਤੁਸੀਂ ਇਸ ਤੁਲਨਾਤਮਕ ਧਰਮ ਦੀ
ਪੜ੍ਹਾਈ ਤੋਂ ਫਾਇਦਾ ਉਠਾ ਸਕਦੇ ਹੋ। ਮਹਾਨ ਗੁਰੂਆਂ ਅਤੇ ਆਗੂਆਂ ਦੀਆਂ ਜਿ਼ੰਦਗੀਆਂ ਨੂੰ ਤੇ
ਉਨ੍ਹਾਂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਮਨ ਵਿੱਚ ਵਿਚਾਰੋ। ਉਨ੍ਹਾਂ ਨੇ ਧਨ ਅਤੇ ਜਾਇਦਾਦ
ਨੂੰ ਤੁਛ ਸਮਝਿਆ, ਤੁਸੀਂ ਵੀ ਇਹ ਕਰ ਸਕਦੇ ਹੋ। ਉਨ੍ਹਾਂ ਨੇ ਬਿਲਕੁਲ ਸਾਧਾਰਨ ਖਾਣ ਪੀਣ ਅਤੇ
ਪਹਿਨਣ ਦੀਆਂ ਵਸਤਾਂ ‘ਤੇ ਗੁਜ਼ਾਰਾ ਕੀਤਾ, ਤੁਸੀਂ ਵੀ ਇਹ ਕਰ ਸਕਦੇ ਹੋ। ਉਨ੍ਹਾਂ ਨੇ
ਗਰੀਬਾਂ ਅਤੇ ਨਿਮਾਣਿਆਂ ਨੂੰ ਪਿਆਰ ਕੀਤਾ, ਤੁਸੀਂ ਵੀ ਇਹ ਕਰ ਸਕਦੇ ਹੋ। ਉਹ ਜਿਨਸੀ ਹਵਸ ਦੀ
ਲਾਲਸਾ ਜਾਂ ਹੋਰ ਕਿਸੇ ਕਿਸਮ ਦੀ ਤਾਂਘ ਤੋਂ ਆਜ਼ਾਦ ਸਨ, ਤੁਸੀਂ ਵੀ ਇਹ ਕਰ ਸਕਦੇ ਹੋ। ਉਹ
ਹਮੇਸ਼ਾਂ ਨਰਮ ਦਿਲ, ਹਲੀਮੀ ਵਾਲੇ ਤੇ ਧੀਰਜਵਾਨ ਸਨ, ਤੁਸੀਂ ਵੀ ਇਹ ਕਰ ਸਕਦੇ ਹੋ। ਉਨ੍ਹਾਂ
ਨੇ ਆਪਣੇ ਦੋਸਤਾਂ ਤੇ ਸੰਗੀਆਂ ਸਾਥੀਆਂ ਨੂੰ ਸੰਪੂਰਨਤਾ ਵੱਲ ਪਹੁੰਚਣ ਦਾ ਹੌਂਸਲਾ ਦਿੱਤਾ,
ਤੁਸੀਂ ਵੀ ਇਹ ਕਰ ਸਕਦੇ ਹੋ।
ਤੁਹਾਨੂੰ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਚੋਣਵੇਂ ਅਸੂਲਾਂ ਅਤੇ ਧਾਰਨਾਵਾਂ ਦੇ ਫੁੱਲਾਂ ਦਾ
ਗੁਲਦਸਤਾ ਬਣਾਉਣਾ ਚਾਹੀਦਾ ਹੈ। ਇਹ ਫੁੱਲ ਤੁਹਾਡੇ ਮਨ ਨੂੰ ਨੇਕੀ ਦੀ ਸੁੰਦਰਤਾ ਅਤੇ ਸੁਗੰਧੀ
ਨਾਲ ਤਰੋਤਾਜ਼ਾ ਕਰ ਦੇਣਗੇ।
ਪੁਰਾਣੇ ਮੱਤਾਂ ਵਿੱਚ ਵਹਿਮ ਭਰਮ ਆਮ ਤੌਰ ਤੇ ਕਿਸੇ ਨਾ ਕਿਸੇ ਸ਼ਾਸਤਰ ਦਾ ਹਿੱਸਾ ਹੁੰਦੇ
ਹਨ। ਇਨ੍ਹਾਂ ਦਾ ਸੰਪਰਦਾਇ (ਸਿਧਾਂਤ) ਇਕ –ਈਸ਼ਵਰਵਾਦੀ ਜਾਂ ਬਹੁ-ਈਸ਼ਵਰਵਾਦੀ ਹੁੰਦਾ ਹੈ।
ਸਿ਼ਵ, ਵਿਸ਼ਨੂੰ, ਬੁੱਧ, ਦੇਵਤਿਆਂ, ਦੈਂਤਾਂ ਜਾਂ ਰੱਬ ਦੀ ਪੂਜਾ ਇਨ੍ਹਾਂ ਵਿੱਚ ਵਹਿਮਾਂ ਤੇ
ਭਰਮਾਂ ਨੂੰ ਭਰਦੀ ਹੈ। ਤੁਹਾਨੂੰ ਐਸੇ ਧਰਮ ਸ਼ਾਸਤਰ ਦੇ ਆਖਰੀ ਲੇਸਮਾਤਰ ਤੋਂ ਵੀ ਕਿਨਾਰਾ ਕਰ
ਲੈਣਾ ਚਾਹੀਦਾ ਹੈ।
ਬਹੁ-ਈਸ਼ਵਰਵਾਦ ਅਜੇ ਵੀ ਭਾਰਤ, ਚੀਨ ਤੇ ਹੋਰ ਦੇਸ਼ਾਂ ਵਿੱਚ ਪ੍ਰਚੱਲਤ ਹੈ ਪਰ ਲੋਕਾਂ ਦੀ ਵਧ
ਰਹੀ ਸੂਝ ਬੂਝ ਦਾ ਸਦਕਾ ਹੌਲੀ ਹੌਲੀ ਇਸ ਦਾ ਵਿਨਾਸ਼ ਹੋ ਰਿਹਾ ਹੈ। ਲੋਕਾਂ ਲਈ ਅਣਗਿਣਤ
ਦੇਵੀਆਂ ਦੇਵਤਿਆਂ, ਜਿਨ੍ਹਾਂ ਵਿੱਚੋਂ ਕਿਸੇ ਦੇ ਚਾਰ ਮੂੰਹ, ਤਿੰਨ ਅੱਖਾਂ, ਸਿਰ ਹਾਥੀ ਦਾ
ਲੱਗਾ ਹੋਇਆ ਵਰਗੀਆਂ ਗੱਲਾਂ ਤੇ ਸ਼ੱਕ ਕਰਨਾ ਸੌਖਾ ਹੈ। ਬਹੁ-ਈਸ਼ਵਰਵਾਦ, ਦੇਵਤਿਆਂ ਦੀਆਂ
ਸ਼ਕਲਾਂ ਸੂਰਤਾਂ ਇਨਸਾਨਾਂ ਵਰਗੀਆਂ ਬਣਾ ਕੇ ਪੇਸ਼ ਕਰਦਾ ਹੈ ਅਤੇ ਇਸ ਕਰਕੇ ਉਨ੍ਹਾਂ ਉੱਪਰ
ਯਕੀਨ ਕਰਨਾ ਔਖਾ ਬਣਾ ਦਿੰਦਾ ਹੈ (ਸ਼ੱਕ ਕਰਨਾ ਸੌਖਾ ਬਣਾ ਦਿੰਦਾ ਹੈ)। ਪਰ ਧਾਰਮਿਕ
ਅਦਵੈਤਵਾਦ (ਇਕ-ਈਸ਼ਵਰਵਾਦ) ਜਿ਼ਆਦਾ ਖਤਰਨਾਕ ਤੇ ਲੁਕਵਾਂ ਦੁਸ਼ਮਨ ਹੈ ਕਿਉਂਕਿ ਇਹ ਸੂਖਮ
ਦ੍ਰਿਸ਼ਟੀ ਅਤੇ ਤਰਕਸ਼ੀਲ ਹੋਣ ਦਾ ਢੋਂਗ ਕਰਦਾ ਹੈ। ਇਹ ਰੱਬ ਨੂੰ ਸਰੀਰ, ਭਾਵਨਾ,
ਅਭਿਲਾਸ਼ਾ, ਬੀਵੀ-ਬੱਚਿਆਂ ਤੋਂ ਵਾਂਝਾ ਕਰ ਦਿੰਦਾ ਹੈ ਅਤੇ ਇਸ ਨੂੰ ਅਦਿੱਖ, ਸਪਰਸ਼ਹੀਣ,
ਸਦੀਵੀ (ਅਨੰਤ), ਸਰਵਵਿਆਪਕ, ਬੁੱਧੀਮਾਨ, ਦਇਆਵਾਨ ਤੇ ਸਰਬਸ਼ਕਤੀਮਾਨ ਪਰ ਹਸਤੀ ਬਣਾ ਕੇ
ਪੇਸ਼ ਕਰਦਾ ਹੈ ਜਿਸ ਦੀ ਵਜਹ ਨਾਲ ਇਹ ਸਾਰਾ ਬ੍ਰਹਿਮੰਡ ਬਣਿਆ ਤੇ ਵਿਚਰ ਰਿਹਾ ਹੈ। ਇਹ
ਸਿੱਖਿਆ ਬੇਢੰਗੇ ਬਹੁ-ਈਸ਼ਵਰਵਾਦ ਨਾਲੋਂ ਜਿ਼ਆਦਾ ਮੋਮੋਠੱਗਣੀ ਹੈ। ਇਹ ਸਿੱਖਿਆ ਯਹੂਦੀ,
ਮੁਸਲਿਮ, ਅਤੇ ਈਸਾਈ ਧਰਮ ਸ਼ਾਸਤਰ ਦਾ ਆਧਾਰ ਹੈ। ਚੰਗੀ ਕਿਸਮਤ ਨੂੰ ਬਹੁਤ ਸਾਰੇ ਯੂਨਾਨੀ,
ਹਿੰਦੂ ਅਤੇ ਚੀਨੀ ਦਾਰਸ਼ਨਿਕ ਇਸ ਜਾਲ ਵਿੱਚ ਨਹੀਂ ਫਸੇ। ਚਾਰ ਮੁੱਖ ਧਾਰਮਿਕ ਧਾਰਾਵਾਂ ਵਿੱਚ
ਸਿਰਫ ਇਕ ਹੀ ਭਰਮ ਨਾਲ ਅਸ਼ੁੱਧ ਹੋਈ ਹੈ।
ਤੁਹਾਨੂੰ ਇਸ ਰੂੜੀਵਾਦ ਨੂੰ ਹੇਠ ਲਿਖੇ ਕਾਰਨਾ ਕਰਕੇ ਰੱਦ ਕਰਨਾ ਅਤੇ ਤਿਆਗ ਦੇਣਾ ਚਾਹੀਦਾ
ਹੈ:
1. ਅਰਸਤੂ ਅਤੇ ਸੰਤ ਟਾਮਸ ਅਕਇਨਾ ਦੁਨੀਆ ਦੇ ਜਿਸ ਤਰ੍ਹਾਂ ਦੇ ਇਕ ਚਾਲਕ ਦੀ ਕਲਪਨਾ ਕਰਦੇ
ਹਨ ਉਸ ਤਰ੍ਹਾਂ ਦਾ ਕੋਈ ਵੀ ਕੁਦਰਤ ਨੂੰ ਆਰੰਭਣ ਅਤੇ ਚਲਾਉਣ ਵਾਲਾ ਨਹੀਂ ਹੋ ਸਕਦਾ। ਟਾਮਸ
ਅਕੁਇਨਾ ਕਹਿੰਦਾ ਹੈ, “ਰੱਬ ਦੀ ਹੋਂਦ ਮਨਾਉਣ ਦਾ ਸਭ ਤੋਂ ਪਹਿਲਾ ਅਤੇ ਪ੍ਰਤੱਖ ਤਰੀਕਾ ਵੇਗ
ਦੀ ਦਲੀਲ ਰਾਹੀਂ ਹੋ ਸਕਦਾ ਹੈ। ਹਰ ਚੀਜ਼ ਦੀ ਗਤੀ ਦੀ ਵਜਹ ਕੋਈ ਹੋਰ ਚੀਜ਼ ਹੁੰਦੀ ਹੈ। ਸੋ
ਸਾਨੂੰ ਕਿਸੇ ਐਸੀ ਚੀਜ਼ ਦੀ ਖੋਜ ਕਰਨੀ ਪਏਗੀ ਜੋ ਕਿਸੇ ਹੋਰ ਚੀਜ਼ ਦੀ ਵਜਹ ਨਾਲ ਨਹੀਂ ਬਲਕਿ
ਆਪਣੇ ਆਪ ਹੀ ਗਤੀਸ਼ੀਲ ਹੋਵੇ। ਹਰ ਕਿਸੇ ਦੀ ਸਮਝ ਮੁਤਾਬਕ ਐਸੀ ਚੀਜ਼ ਰੱਬ ਹੀ ਹੈ ਜੋ ਕਿਸੇ
ਹੋਰ ਚੀਜ਼ ਨਾਲ ਨਹੀਂ ਬਲਕਿ ਆਪਣੇ ਆਪ ਹੀ ਗਤੀਸ਼ੀਲ ਹੈ।”
ਅਰਸਤੂ ਨੇ ਆਪਣੇ ਅਧਿਆਤਮਵਾਦ ਵਿੱਚ ਲਿਖਿਆ ਹੈ, “ਮੁਢਲੀ ਗਤੀ ਤਬਦੀਲੀ ਨਾਲ ਸਬੰਧ ਰੱਖਦੀ ਹੈ
ਜਾਂ ਤਬਦੀਲੀ ਤੋਂ ਪੈਦਾ ਹੁੰਦੀ ਹੈ ਪਰ ਸਭ ਤੋਂ ਪਹਿਲਾਂ ਹਿਲਾਉਣ ਵਾਲਾ ਉਸ ਨੂੰ ਗਤੀ
ਪ੍ਰਦਾਨ ਕਰਦਾ ਹੈ। ਸੋ ਇਸ ਕਰਕੇ ਇਸ ਸਭ ਤੋਂ ਪਹਿਲਾਂ ਹਿਲਾਉਣ ਵਾਲੇ ਵਿਅਕਤੀ ਦਾ ਅਸਤਿਤਵ
(ਵਜੂਦ) ਹੋਣਾ ਜ਼ਰੂਰੀ ਹੈ।”
ਪਰ ਇਹ ਦਲੀਲ ਬਿਲਕੁਲ ਗਲਤ ਹੈ। ਅਸੀਂ ਗਤੀ ਦੇ ਜਾਂ ਇਸ ਬ੍ਰਹਿਮੰਡ ਦੇ ਸ਼ੁਰੂ ਹੋਣ ਦੀ
ਕਲਪਨਾ ਨਹੀਂ ਕਰ ਸਕਦੇ। ਪਦਾਰਥ ਵਿੱਚ ਗਤੀ ਦਾ ਹੋਣਾ ਇਕ ਭੌਤਿਕ ਚਮਤਕਾਰ ਹੈ ਜਿਸ ਪਿੱਛੇ
ਬਕਾਇਦਾ ਪੂਰਵ ਘਟਿਤ ਭੌਤਿਕ ਕ੍ਰਿਆਵਾਂ ਹੋਣਗੀਆਂ। ਇਹ ਅਸੰਭਵ ਹੈ ਕਿ ਇਨ੍ਹਾਂ ਭੌਤਿਕ
ਕ੍ਰਿਆਵਾਂ ਦੀ ਕੜੀ ਬਾਹਰ ਛਾਲ ਮਾਰ ਕੇ ‘ਰੱਬ’ ਦੀ ਝੋਲੀ ਵਿੱਚ ਜਾ ਡਿੱਗੇ ਜੋ ਇਕ ਵਿਅਕਤੀ
ਹੈ।
2. ਇਹ ਬ੍ਰਹਿਮੰਡ ਰੱਬ ਨੇ ਨਹੀਂ ਪੈਦਾ ਕੀਤਾ। ਕੁਝ ਸੋਚਵਾਨ ਇਹ ਕਹਿੰਦੇ ਹਨ ਕਿ ਰੱਬ ਨੇ ਇਹ
ਬ੍ਰਹਿਮੰਡ ਬਿਲਕੁਲ ਆਭਾਵ (ਆਊਟ ਆਫ ਨਥਿੰਗ) ਤੋਂ ਪੈਦਾ ਕੀਤਾ ਹੈ। ਇਹ ਸਿੱਖਿਆ ਅੰਜੀਲ
(ਬਾਈਬਲ) ਦੇ ਮੁਢਲੇ ਅਧਿਆਏ ਅਤੇ ਕੁਰਾਨ ਵਿੱਚ ਦਰਜ ਹੈ। ਹੋਰ ਦਾਰਸ਼ਨਿਕਾਂ ਜਿਵੇਂ ਲੈਬਨਿਜ਼
ਦੀ ਕਲਪਨਾ ਮੁਤਾਬਕ ‘ਰੱਬ’ ਬਿਲਕੁਲ ਸ਼ੂਨਯ (ਨਥਿੰਗ) ਤੋਂ ਪੈਦਾ ਨਹੀਂ ਹੋਇਆ। ਇਸ ਗੱਲ ਦੇ
ਨਾਲ ਪੂਰਨ ਤੌਰ ਤੇ ਆਸਤਿਕਾਂ ਦੇ ਜਨਮ ਹੋਣ ਅਤੇ ਸਰਬ ਈਸ਼ਵਰਵਾਦੀ (ਦੇਵ ਪੁਜਾਰੀਆਂ) ਦੀ
ਉਤਪਤੀ ਦੇ ਵਿਚ-ਵਿਚਾਲੇ ਜਿਹੇ ਦੀ ਵਿਧੀ ਨਾਲ ਇਕ ਭਟਕੀ ਜਿਹੀ ਸੋਚ ਦਾ ਜਨਮ ਹੋਇਆ।
ਪਲਾਟੋ, ਡੈਸਕਾਰਟਸ ਅਤੇ ਸੁਆਮੀ ਦਯਾਨੰਦ ਦੀ ਸਿੱਖਿਆ ਮੁਤਾਬਕ ਰੱਬ ਨੇ ਇਹ ਸੰਸਾਰ ਪਹਿਲਾਂ
ਹੀ ਮੌਜੂਦ ਪਦਾਰਥ ਤੋਂ ਬਣਾਇਆ ਹੈ। ਜੇਕਰ ‘ਰੱਬ’ ਨੇ ਇਹ ਪਦਾਰਥ ਅਤੇ ਬ੍ਰਹਿਮੰਡ ਬਿਲਕੁਲ
ਸ਼ੂਨਯ ਤੋਂ ਬਣਾਇਆ ਹੈ ਜਾਂ ਅਨੰਤਤਾ ਤੋਂ (ਸਦੀਵੀ) ਮੌਜੂਦ ਪਦਾਰਥ ਨੂੰ ਹੀ ਮੁੜ ਵਿਵਸਥਿਤ
(ਕ੍ਰਮਬੱਧ) ਕੀਤਾ ਤੇ ਸੁਰਜੀਤ ਕੀਤਾ ਹੈ ਤਾਂ ਇਨ੍ਹਾਂ ਦੋਹਾਂ ਹਾਲਤਾਂ ਵਿੱਚ ਇਹ ਅੰਦਾਜ਼ਾ
ਲਗਾਉਣਾ ਅਸੰਭਵ ਹੈ ਕਿ ਐਸਾ ਕਰਨ ਪਿੱਛੇ ਉਸ ਦਾ ਕੀ ਮਨੋਰਥ ਸੀ। ਕਿਸੇ ਵਸਤੂ ਦੀ ਸਰਗਰਮੀ ਉਸ
ਦੀ ਇੱਛਾ ਦਾ ਅਤੇ ਉਸ ਦੀ ਅਣ-ਪਹੁੰਚੀ ਮੰਜ਼ਲ ਵੱਲ ਨੂੰ ਪੈਰਵੀ ਦਾ ਸੰਕੇਤ ਹੁੰਦੀ ਹੈ।
ਪ੍ਰੰਤੂ ‘ਰੱਬ’ ਤਾਂ ਹਰ ਅਨੰਤਤਾ ਤੋਂ ਸੰਪੂਰਨ ਹੋਣ ਚਾਹੀਦਾ ਹੈ। ਕੋਈ ਵੀ ਐਸੀ ਚੀਜ਼ ਨਹੀਂ
ਹੋਣੀ ਚਾਹੀਦੀ ਜੋ ਉਸ ਦੇ ਕੋਲ ਨਾ ਹੋਵੇ ਜਾਂ ਉਸ ਨੂੰ ਚਾਹੀਦੀ ਹੋਵੇ। ਫਿਰ ਉਸ ਨੇ ਕੋਈ ਵੀ
ਚੀਜ਼ ਪੈਦਾ ਕਰਨ ਦਾ ਕਸ਼ਟ ਕਿਉਂ ਉਠਾਇਆ? ਜੇਕਰ ਐਸਾ ਕਰਨ ਨਾਲ ‘ਰੱਬ’ ਦੀ ਖੁਸ਼ੀ ਵਿੱਚ
ਵਾਧਾ ਹੋਇਆ ਹੈ ਤਾਂ ਉਹ ਇਹ ਸਭ ਕੁੱਝ ਪੈਦਾ ਕਰਨ ਤੋਂ ਪਹਿਲਾਂ ਸੰਪੂਰਨ ਨਹੀਂ ਸੀ। ਕਿਸੇ ਵੀ
ਚੀਜ਼ ਦੀ ਸੰਪੂਰਨਤਾ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਜੇ ਕਰ ਇਸ ਬ੍ਰਹਿਮੰਡ ਦੀ ਪੈਦਾਇਸ਼
ਉਸ ਦੀ ਨਿਸੁਆਰਥਵਾਦੀ ਸਰਗਰਮੀ ਵਾਸਤੇ ਜ਼ਰੂਰੀ ਸੀ ਤਾਂ ਵੀ ਉਹ ਇਸ ਬ੍ਰਹਿਮੰਡ ਦੀ ਪੈਦਾਇਸ਼
ਤੋਂ ਪਹਿਲਾਂ ਸੰਪੂਰਨ ਨਹੀਂ ਸੀ ਕਿਉਂਕਿ ਬ੍ਰਹਿਮੰਡ ਦੀ ਪੈਦਾਇਸ਼ ਹੋਣ ਦੇ ਨਾਲ ਉਸ ਦੇ
ਵਿਅਕਤੀਤਵ ਵਿੱਚ ਇਕ ਹੋਰ ਅੰਸ਼ ਦਾ ਵਾਧਾ ਹੋਇਆ ਹੈ।
ਸੋ ਇਸ ਬ੍ਰਹਿਮੰਡ ਦੀ ਪੈਦਾਇਸ਼ ਬਗੈਰ ਕਿਸੇ ਮਨੋਰਥ ਦੇ ਕੀਤੀ ਗਈ ਲੱਗਦੀ ਹੈ। ਪਰ ਕੋਈ ਮੂਰਖ
ਵੀ ਕੋਈ ਕੰਮ ਕਿਸੇ ਮਨੋਰਥ-ਪੂਰਤੀ ਤੋਂ ਬਗੈਰ ਨਹੀਂ ਕਰਦਾ। ਜਾਂ ਤਾਂ ਰੱਬ ਬ੍ਰਹਿਮੰਡ ਦੇ
ਪੈਦਾ ਹੋਣ ਤੋਂ ਪਹਿਲਾਂ ਸੰਪੂਰਨ ਨਹੀਂ ਸੀ ਤੇ ਜਾਂ ਉਸ ਨੇ ਕੁਝ ਪੈਦਾ ਹੀ ਨਹੀਂ ਕੀਤਾ। ਫਿਰ
ਜੇਕਰ ‘ਰੱਬ’ ਨੇ ਸੰਸਾਰ ਨੂੰ ਪੈਦਾ ਕੀਤਾ ਹੈ ਤਾਂ ‘ਰੱਬ’ ਨੂੰ ਕਿਸ ਨੇ ਪੈਦਾ ਕੀਤਾ? ਰੱਬ
ਕਿੱਥੋਂ ਆਇਆ? ਉਸ ਦੇ ਆਰੰਭ ਹੋਣ ਦਾ ਮੂਲਮੰਤਰ ਕੀ ਹੈ?
3. ਸਾਨੂੰ ਕਿਸੇ ਐਸੇ ਸੰਪੂਰਨ ਪ੍ਰਾਣੀ ਦਾ ਗਿਆਨ ਨਹੀਂ ਹੈ ਜੋ ਕਿ ਨਾ ਤਾਂ ਔਰਤ ਹੋਵੇ ਤੇ
ਨਾ ਹੀ ਮਰਦ। ਰੱਬ ਦੀ ਹੋਂਦ ਬਾਰੇ ਜੋ ਤੱਤ-ਵਿਗਿਆਨਿਕ (ਤੱਤ-ਸ਼ਾਸਤਰੀ) ਦਲੀਲ ਦਿੱਤੀ ਜਾਂਦੀ
ਹੈ ਉਹ ਸਿਰਫ ਇਕ ਸ਼ਬਦਾਂ ਦਾ ਤਾਣਾ-ਬਾਣਾ (ਜਾਲ) ਮਾਤਰ ਹੀ ਹੈ। ਸੇਂਟ ਐਨਸੈਲਮ ਕਹਿੰਦਾ ਹੈ,
“ਸਾਡਾ ਵਿਸ਼ਵਾਸ ਇਹ ਹੈ ਕਿ ਰੱਬ ਉਹ ਚੀਜ਼ ਹੈ ਜਿਸ ਤੋਂ ਵਡੇਰੀ ਚੀਜ਼ ਦੀ ਧਾਰਨਾ ਨਹੀਂ
ਕੀਤੀ ਜਾ ਸਕਦੀ। ਪਰ ਉਹ ਆਦਮੀ ਜੋ ਇਹ ਗੱਲ ਸੁਣਦਾ ਹੈ ਇਸ ਨੂੰ ਸਮਝ ਸਕਦਾ ਹੈ। ਯਕੀਨਨ ਉਹ
ਚੀਜ਼ ਜਿਸ ਤੋਂ ਵੱਡੀ ਚੀਜ਼ ਦੀ ਧਾਰਨਾ ਨਹੀਂ ਕੀਤੀ ਜਾ ਸਕਦੀ ਕੇਵਲ ਖਿਆਲਾਂ ਵਿੱਚ ਹੀ ਨਹੀਂ
ਹੋ ਸਕਦੀ, ਕਿਉਂਕਿ ਜੇਕਰ ਇਹ ਖਿਆਲਾਂ ਵਿੱਚ ਹੀ ਹੁੰਦਾ ਤਾਂ ਇਸ ਦੇ ਅਸਲੀਅਤ ਹੋਣ ਦੀ ਵੀ
ਧਾਰਨਾ ਕਰਨੀ ਪੈਣੀ ਸੀ ਜੋ ਕਿ ਇਕ ਵਡੇਰੀ ਗੱਲ ਹੋਣੀ ਸੀ। ਸੋ ਬਗੈਰ ਕਿਸੇ ਸ਼ੱਕ ਤੋਂ ਕੋਈ
ਐਸੀ ਚੀਜ਼ ਹੋਂਦ ਵਿੱਚ ਹੈ ਜਿਸ ਦੀ ਧਾਰਨਾ ਖਿਆਲਾਂ ਅਤੇ ਅਸਲੀਅਤ ਦੋਹਾਂ ਵਿੱਚ ਕੀਤੀ ਜਾ
ਸਕਦੀ ਹੈ।” ਡੈਸਕਾਰਟਸ ਨੇ ਵੀ ਇਹੀ ਦਲੀਲ ਬਣਾ ਕੇ ਲਿਖਿਆ ਹੈ, “ਜਿਵੇਂ ਪਰਬਤ ਦੇ ਨਾਲੋਂ
ਘਾਟੀ ਦਾ ਹੋਣਾ ਅਲੱਗ ਨਹੀਂ ਕੀਤਾ ਜਾ ਸਕਦਾ ਜਾਂ ਜਿਵੇਂ ਇਕ ਸਰਲ ਰੇਖਾਂਤਰ (ਸਿੱਧੀਆਂ
ਲਕੀਰਾਂ ਵਾਲੀ) ਤਿਕੋਣ ਦੇ ਤਿੰਨਾਂ ਕੋਣਾਂ ਦਾ ਜੋੜ ਸਮਕੋਨ (180 ਡਿਗਰੀ) ਦੇ ਬਰਾਬਰ ਹੋਣ
ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਰੱਬ ਦੀ ਹੋਂਦ ਉਸ ਦੀ ਵਾਸਤਵਿਕਤਾ
(ਅਸਤਿਤਵਤਾ) ਤੋਂ ਜੁਦਾ ਨਹੀਂ ਕੀਤੀ ਜਾ ਸਕਦੀ। ਰੱਬ ਦੀ ਹੋਂਦ ਦਾ ਲਾਜ਼ਮੀ ਹੋਣਾ ਰੱਬ ਦੀ
ਧਾਰਨਾ ਜਾਂ ਉਸ ਦੀ ਪ੍ਰਵਿਰਤੀ ਦਾ ਅੰਗ ਹੈ। ਮੇਰੀ ਸੋਚ ਵਿੱਚ ਰੱਬ ਦੇ ਸਭ ਤੋਂ ਸੰਪੂਰਨ ਹੋਣ
ਦਾ ਵਿਚਾਰ ਉਤਨਾ ਹੀ ਯਕੀਨੀ ਹੈ ਜਿਤਨੀ ਕਿਸੇ ਹਿੰਦਸੇ ਜਾਂ ਅੰਕ ਦੇ ਸੰਪੂਰਨ ਹੋਣ ਦਾ।”
ਇਸ ਕਿਸਮ ਦੀਆਂ ਦਲੀਲਾਂ ਤਾਂ ਦੇਵ, ਦੈਂਤ, ਹਊਆ, ਨਰਸਿੰਘ, ਅੱਗ ਵਰ੍ਹਾਉਣ ਵਾਲੇ ਅਜਗਰਾਂ
ਆਦਿ ਦੀ ਹੋਂਦ ਸਿੱਧ ਕਰਨ ਵਾਸਤੇ ਦਿੱਤੀਆਂ ਜਾ ਸਕਦੀਆਂ ਹਨ ਕਿਉਂਕਿ ਕੁਝ ਕੁ ਲੋਕਾਂ ਨੂੰ
ਇਨ੍ਹਾਂ ਚੀਜ਼ਾਂ ਦੇ ਹੋਣ ਦਾ ਬੜਾ ਪ੍ਰਤੱਖ ਖਿਆਲ ਹੈ ਜਾਂ ਖਿਆਲ ਸੀ। ਜੇਕਰ ਮੈਂ ਕਿਸੇ ਚੀਜ਼
ਦੀ ਹੋਂਦ ਦੀ ਕਲਪਨਾ ਕਰ ਲਵਾਂ ਤਾਂ ਉਸ ਦਾ ਇਹ ਮਤਲਬ ਤਾਂ ਨਹੀਂ ਕਿ ਉਹ ਚੀਜ਼ ਅਸਲੀਅਤ ਵਿੱਚ
ਵੀ ਮੌਜੂਦ ਹੈ। ਇਨਸਾਨ ਦਾ ਦਿਮਾਗ ਸਾਰੇ ਬ੍ਰਹਿਮੰਡ ਦੀ ਇਕ ਲਘੂ ਕ੍ਰਿਤ ( ਛੋਟਾ ਰੂਪ ਜਾਂ
ਨਕਸ਼ਾ) ਨਹੀਂ ਹੈ।
4. ਇਨਸਾਨ ਦੀ ਸਿੱਧੀ ਅੰਤਰ ਪ੍ਰੇਰਣਾ ਇਸ ਗੱਲ ਦਾ ਕੋਈ ਸਬੂਤ ਨਹੀਂ ਹੋ ਸਕਦੀ ਕਿ ਰੱਬ
ਮੌਜੂਦ ਹੈ। ਕਈ ਰਹੱਸਵਾਦੀਆਂ ਅਤੇ ਦਾਰਸ਼ਨਿਕਾਂ ਨੇ ਨਿਸਚੈਪੂਰਬਕ ਕਿਹਾ ਕਿ ‘ਰੱਬ ਦੀ ਹੋਂਦ
- ਉਹ ਜਿਸ ਤਰ੍ਹਾਂ ਆਪਣੇ ਦਿਲ ਅਤੇ ਆਤਮਾ ਦੇ ਅੰਦਰ ਮਹਿਸੂਸ ਕਰਦੇ ਹਨ ਜਾਂ ਸਮਝਦੇ ਹਨ -
ਕਿਸੇ ਦਲੀਲਾਤਮਕ ਤਰੀਕੇ ਨਾਲ ਪੇਸ਼ ਕਰਨ ਦੀ ਜ਼ਰੂਰਤ ਨਹੀਂ। ਇਸ ਸਿਧਾਂਤ ਵਿੱਚ ਕਿਸੇ ਨਾ
ਕਿਸੇ ਸੂਰਤ ਵਿੱਚ ਮੌਨਧਾਰੀ (ਕ੍ਰਿਸਚੀਅਨ ਗਰੁੱਪ), ਸੂਫੀ ਲੋਕ, ਜਾਂ ਏ ਐਡਮਿੰਟਨ ਜਾਂ ਹੋਰ
ਅਜੋਕੇ ਦਾਰਸ਼ਨਿਕ ਵੀ ਵਿਸ਼ਵਾਸ ਰੱਖਦੇ ਹਨ। ਆਰ. ਏ. ਨਿਕਲਸਨ ਨੇ ਬਾਬਾ ਕੂਹੀ ਦਾ ਹਵਾਲਾ
ਦਿੱਤਾ ਹੈ:
“ਨਾ ਰੂਹ, ਨਾ ਸਰੀਰ, ਨਾ ਘਟਨਾ, ਨਾ ਕੋਈ
ਪਦਾਰਥ, ਨਾ ਕੋਈ ਗੁਣ ਨਾ ਕੋਈ ਸਬੱਬ
ਦੇਖਿਆ, ਮੈਂ ਤਾਂ ਸਿਰਫ ਰੱਬ ਦੇਖਿਆ।”
ਇਸ ਤਰ੍ਹਾਂ ਦੇ ਆਸਤਿਕ ਲੋਕ ਇਹ ਦਾਅਵਾ ਕਰਦੇ ਹਨ ਕਿ ਉਹ ਆਪਣੇ ਆਪ ਨਹੀਂ ਪਰ ਆਪਣੇ ਅੰਦਰ
ਅਤੇ ਆਲੇ ਦੁਆਲੇ ਅਧਿਆਤਮਕ ਸ਼ਕਤੀ ਅਨੁਭਵ ਕਰਦੇ ਹਨ। ਜੋਸਫ਼ ਮਕਾਥੇ ਡਾਕਟਰ ਟੀ. ਜੀ. ਡਨਿੰਗ
ਦਾ ਹਵਾਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਇਹ ਗੱਲ ਬੜੀ ਜ਼ਬਰਦਸਤ ਸਮੱਗਰੀ ਹੈ ਕਿ ਹਿੰਦੂਆਂ
ਦਾ ਸੰਤ ਰਾਮਾ ਕ੍ਰਿਸ਼ਨ ਵਿਵੇਕਾਨੰਦ ਨੂੰ ਕਹਿੰਦਾ ਹੈ, “ਮੈਂ ਜਿਸ ਤਰ੍ਹਾਂ ਤੈਨੂੰ ਜਾਂ ਕੰਧ
ਨੂੰ ਦੇਖ ਸਕਦਾ ਹਾਂ ਉਸੇ ਤਰ੍ਹਾਂ ਮੈਂ ਰੱਬ ਨੂੰ ਦੇਖ ਸਕਦਾ ਹਾਂ।” ਇਸ ਕਿਸਮ ਦੀ ਦਲੀਲ ਦਾ
ਮਤਲਬ ਹੈ ਕਿ ਆਸਤਕ ਲੋਕ ਟੱਕਰ ਲੈਣ ਤੋਂ ਭੱਜਦੇ ਹਨ। ਜੋ ਆਦਮੀ ਦਲੀਲ ਨਾਲ ਗੱਲ ਨਹੀਂ ਕਰਦਾ
ਤੁਸੀਂ ਉਸ ਨਾਲ ਬਹਿਸ ਨਹੀਂ ਕਰ ਸਕਦੇ। ਦਰਸ਼ਨ-ਸ਼ਾਸਤਰ ਵਾਦਵਿਵਾਦ ਅਤੇ ਦਲੀਲ ਉੱਤੇ ਆਧਾਰਿਤ
ਹੈ। ਇਹ ਉਨ੍ਹਾਂ ਤੱਥਾਂ ਅਤੇ ਤਜਰਬਿਆਂ ਨੂੰ ਵਿਚਾਰਨ ਦੀ ਯਾਚਨਾ ਕਰਦਾ ਹੈ ਜਿਨ੍ਹਾਂ ਨੂੰ ਹਰ
ਕੋਈ ਪਰਖ ਸਕੇ ਅਤੇ ਉਨ੍ਹਾਂ ਦੀ ਪੁਸ਼ਟੀ ਕਰ ਸਕੇ। ਪਰ ਜੇਕਰ ਕੋਈ ਮੈਨੂੰ ਸਿਰਫ ਆਪਣੀ
ਅੰਦਰਲੀ ਚੇਤਨਤਾ ਦਾ ਹਵਾਲਾ ਦੇਵੇ ਤਾਂ ਮੇਰਾ ਜਵਾਬ ਹੈ ਕਿ ਮੈਂ ਕਿਸੇ ਦੀਆਂ ਮਨਪਸੰਦ
ਭਾਵਨਾਵਾਂ ਜਾਂ ਅੰਤਰ ਪ੍ਰੇਰਣਾ ਦੇ ਜ਼ਨਾਨਖਾਨੇ ਵਿੱਚ ਨਹੀਂ ਘੁਸੜ ਸਕਦਾ। ਜਿਵੇਂ ਮੈਂ ਉਸ
ਦੀ ਤਸੱਲੀ ਨਹੀਂ ਕਰਵਾ ਸਕਦਾ ਉਸ ਤਰ੍ਹਾਂ ਉਹ ਮੈਨੂੰ ਬਦਲ ਨਹੀਂ ਸਕਦਾ। ਜੋ ਕੁਝ ਮੈਂ
ਕਹਿੰਦਾ ਹਾਂ ਉਸ ਨੂੰ ਉਹ ਸੁਣਨਾ ਨਹੀਂ ਚਾਹੁੰਦਾ ਅਤੇ ਮੈਂ ਉਸ ਦੇ ਅੰਦਰੂਨੀ ਅਨੁਭਵ ਨੂੰ
ਅਨੁਭਵ ਨਹੀਂ ਕਰ ਸਕਦਾ। ਸੋ ਸਾਨੂੰ ਦੋਨਾਂ ਨੂੰ ਇਸ ਗੱਲ ਨੂੰ ਵਿਚਾਲੇ ਹੀ ਛੱਡ ਦੇਣਾ
ਚਾਹੀਦਾ ਹੈ। ਕਿਸੇ ਵਿਅਕਤੀ ਦਾ ਆਤਮ-ਮੁਖੀ (ਸਬਜੈਕਟਿਵ) ਤਜਰਬਾ ਰੱਬ ਦੀ ਹੋਂਦ ਦਾ ਸਬੂਤ
ਨਹੀਂ ਹੋ ਸਕਦਾ ਕਿਉਂਕਿ ਰੱਬ ਤਾਂ ਬਾਹਰੀ ਤੌਰ ‘ਤੇ ਮੌਜੂਦ ਹੋਣ ਵਾਲਾ ਮੰਨਿਆ ਗਿਆ ਹੈ।
ਲੂਥਰ ਨੇ ਨਾ ਸਿਰਫ ਸ਼ੈਤਾਨ ਨੂੰ ਮਹਿਸੂਸ ਕੀਤਾ ਬਲਕਿ ਉਸ ਨੂੰ ਦੇਖਿਆ ਵੀ ਅਤੇ ਉਸ ਦੇ ਉੱਪਰ
ਸਿਆਹੀ ਦੀ ਦਵਾਤ ਦੇ ਮਾਰੀ। ਕੋਈ ਹਿੰਦੂ ਸ਼ਰਧਾਲੂ ਇਹ ਦਾਅਵਾ ਕਰਦਾ ਹੈ ਕਿ ਉਹ ਆਪਣੇ ਪਿਆਰੇ
ਦੇਵਤੇ ਸਿ਼ਵਾ ਅਤੇ ਵਿਸ਼ਨੂੰ ਨੂੰ ਉਸ ਹੀ ਤਰ੍ਹਾਂ ਅਨੁਭਵ ਕਰਦਾ ਹੈ ਜਿਵੇਂ ਇਹ ਸਹਿਜਬੋਧੀ
ਆਪਣੇ ਇਕ ਰੱਬ ਨੂੰ ਮੰਨਦੇ ਹਨ। ਇਸ ਤਰ੍ਹਾਂ ਹਰ ਕੋਈ ਆਪਣੇ ਸੌੜੇ ਮਨ ਵਿੱਚ ਕੈਦ ਹੋ ਕੇ ਰਹਿ
ਜਾਵੇਗਾ ਜਿਸ ਤਰ੍ਹਾਂ ਹਰ ਅਫੀਮੀ ਆਪਣੀ ਆਪਣੀ ਨਜ਼ਰ ਦੇ ਖੁਸ਼ਗਵਾਰ ਧੋਖੇ ਦਾ ਆਨੰਦਾ ਮਾਣਦਾ
ਹੈ। ਸੋ ਇਹ ਲਾਜ਼ਮੀ ਹੈ ਕਿ ਅਸੀਂ ਸਾਂਝੀ ਸਰਬ ਵਿਆਪਕ ਮਨੁੱਖੀ ਦਲੀਲ ਨੂੰ ਬੇਨਤੀ ਕਰੀਏ ਜੋ
ਕਿ ਵਿਗਿਆਨ ਅਤੇ ਸ਼ਾਸਤਰ ਦਾ ਅੰਤਮ ਨਿਆਇ-ਕਰਤਾ ਹੈ। ਇਕ ਦੋਸ਼ੀ ਠਹਿਰਾਇਆ ਗਿਆ ਅਪਰਾਧੀ ਇਹ
ਕਹਿ ਸਕਦਾ ਹੈ, “ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਬੇਗੁਨਾਹ ਹਾਂ।” ਪੁਲਿਸਵਾਲਾ ਉਸ ਦਾ
ਮੂੰਹ ਤੋੜ ਜਵਾਬ ਦੇ ਸਕਦਾ ਹੈ, “ਮੈਂ ਮਹਿਸੂਸ ਕਰਦਾ ਹਾਂ ਕਿ ਤੂੰ ਗੁਨਾਹਗਾਰ ਏਂ।” ਸੋ
ਜੇਕਰ ਦਲੀਲ ਨੂੰ ਨਿਆਂਕਰਤਾ ਨਾ ਮੰਨੇ ਤਾਂ ਹੋਰ ਕੌਣ ਫੈਸਲਾ ਕਰੇਗਾ? ਇਸ ਤੋਂ ਚੰਗਾ ਇਹ ਹੈ
ਕਿ ਇਹ ਗੱਲ ਮੰਨ ਲਈਏ ਜਿਵੇਂ ਕਪਿਲਾ ਨੇ ਕਿਹਾ, “ਰੱਬ ਦੇ ਹੋਣ ਦਾ ਅਜੇ ਤੱਕ ਸਬੂਤ ਨਹੀਂ
ਮਿਲਿਆ।”
5. ਕਈ ਆਸਤਿਕ ਲੋਕ ‘ਸ੍ਰਿਸ਼ਟੀ ਤੋਂ ਪ੍ਰਮਾਤਮਾ ਦੀ ਹੋਂਦ’ ਤੋਂ ਸਿੱਧੀਆਂ ਤੇ ਜਾਣੀਆਂ
ਪਛਾਣੀਆਂ ਪਰ ਭਰਮਜਨਕ ਦਲੀਲਾਂ ਦਿੰਦੇ ਹਨ। ਹਿੰਦੂ ਦਾਰਸ਼ਨਿਕ ਉਦਾਯਨ ਕਹਿੰਦਾ ਹੈ, “ਇਹ
ਸੰਸਾਰ ਕਈ ਛੋਟੇ ਛੋਟੇ ਹਿੱਸਿਆਂ ਦਾ ਗੁਣਨਫ਼ਲ (ਮਿਸ਼੍ਰਤ ਜੋੜ) ਹੈ। ਇਸ ਕਰਕੇ ਇਸ ਨੂੰ
ਬਣਾਉਣ ਵਾਲਾ ਕੋਈ ਅਤਿ ਸਮਝਦਾਰ ਬੰਦਾ ਵੀ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਕੋਲ ਕੰਮ ਕਰਨ ਦੀ
ਇੱਛਾ, ਕੰਮ ਕਰਨ ਦਾ ਸੰਕਲਪ ਅਤੇ ਕੰਮ ਕਰਨ ਦੇ ਠੀਕ ਤਰੀਕਿਆਂ ਦੇ ਹੁਨਰ ਹੋਣੇ ਚਾਹੀਦੇ ਹਨ
ਜਿਨ੍ਹਾਂ ਨਾਲ ਛੋਟੇ ਛੋਟੇ ਹਿੱਸਿਆਂ ਨੂੰ ਜੋੜਨ ਦਾ ਕੰਮ ਪੂਰਾ ਹੋ ਸਕੇ।” ਹਜ਼ਰਤ ਮੁਹੰਮਦ
ਨੇ ਕੁਰਾਨ ਵਿੱਚ ਲਿਖਿਆ ਹੈ, “ਰੱਬ ਦਾ ਜੱਸ ਗਾਉ, ਉਸ ਨੇ ਇਸ ਸ੍ਰਿਸ਼ਟੀ ਦੇ ਮਰ ਜਾਣ ਉਪਰੰਤ
ਦੁਬਾਰਾ ਇਸ ਵਿੱਚ ਜਾਨ ਪਾਈ ਹੈ। ਉਸ ਨੇ ਤੁਹਾਡੇ ਲਈ ਤੁਹਾਡੇ ਹੀ ਵਿੱਚੋਂ ਪਤਨੀਆਂ ਬਣਾਈਆਂ
ਹਨ ਜਿਨ੍ਹਾਂ ਨੂੰ ਉਹ ਆਪਣੀਆਂ ਪਤਨੀਆਂ ਵੀ ਬਣਾ ਸਕਦਾ ਹੈ।” ਐਡੀਸਨ ਕੋਲਿਨਜ਼ ਯਹੂਦੀ
ਤਾਲਮੂਦ ਦਾ ਹਵਾਲਾ ਦਿੰਦਾ ਹੈ, “ਰੱਬ ਨੇ ਸੁੰਦਰਤਾ ਅਤੇ ਤਰਤੀਬ ਨਾਲ ਭਰਪੂਰ ਸੰਸਾਰ ਬਣਾਇਆ
ਹੈ। ਇਹ ਬ੍ਰਹਿੰਮੰਡ ਪੂਰਨ ਤੌਰ ‘ਤੇ ਉੱਤਮ ਤਰੀਕੇ ਨਾਲ ਤਰਤੀਬ ਕੀਤੇ ਹੋਏ ਨਿਯਮਾਂ ਨਾਲ
ਭਰਪੂਰ ਹੈ ਜੋ ਹਮੇਸ਼ਾਂ ਲਈ ਠੀਕ ਕੰਮ ਕਰਦੇ ਹਨ। ਇਸ ਬ੍ਰਹਿਮੰਡ ਵਿੱਚ ਵੀ ਕੁਝ ਵੀ ਫਾਲਤੂ,
ਬੁਰਾ ਜਾਂ ਨਿਰਾਰਥਕ ਨਹੀਂ ਹੈ।” ਐਪਿਕਟੀਟਸ ਕਹਿੰਦਾ ਹੈ, “ ਰੱਬ ਨੇ ਇਸ ਬ੍ਰਹਿਮੰਡ ਦੀਆਂ
ਸਾਰੀਆਂ ਚੀਜ਼ਾਂ ਆਪ ਬਣਾਈਆਂ ਹਨ ਜੋ ਕਿ ਸੰਪੂਰਨ ਅਤੇ ਨਿਰਵਿਘਨ ਹਨ ਅਤੇ ਇਸ ਦੇ ਸਭ ਹਿੱਸੇ
ਸਮੁੱਚੀ ਲੋਕਤਾ ਦੇ ਵਰਤਣ ਵਾਸਤੇ ਹਨ।” ਸਿਸਰੋ ਦੈਵਨੇਤ (ਅੰਗਰੇਜ਼ੀ ਸੂਝ) ਦੇ ਸਹਿਜ ਮਾਰਗੀ
ਫਲਸਫੇ ਦੀ ਵਿਆਖਿਆ ਕਰਦਾ ਹੈ, “ਕੁਦਰਤ ਕਿਤਨੀ ਮਹਾਨ ਹੈ ਜਿਸ ਨੇ ਸਾਨੂੰ ਭਿੰਨ ਭਿੰਨ ਕਿਸਮ
ਦੇ ਸੁਆਦੀ ਖਾਣਿਆਂ ਦੀ ਭਰਮਾਰ ਬਖਸ਼ੀ ਹੈ। ਜਿਸ ਨੂੰ ਦਰਿਆਵਾਂ ਦੀ ਮਹਾਨ ਉਪਯੋਗਤਾ, ਸਮੁੰਦਰ
ਦਾ ਉਤਰਾਅ-ਚੜ੍ਹਾਅ, ਸਮੁੰਦਰਾਂ ਦੇ ਤੱਟਾਂ ਤੋਂ ਦੂਰ ਪਾਰ ਲੂਣ ਦੀਆਂ ਖਤਾਨਾਂ ਅਤੇ ਧਰਤੀ,
ਜੋ ਕਿ ਸਿਹਤਬਖਸ਼ ਦਵਾਈਆਂ ਨਾਲ ਭਰਪੂਰ ਹੈ, ਬਖਸ਼ੀ ਹੈ। ਮਨੁੱਖੀ ਸਰੀਰ ਦੀ ਬਣਤਰ ਦਾ ਪੂਰੀ
ਤਰ੍ਹਾਂ ਨਿਰੀਖਣ ਕਰੋ ਅਤੇ ਮਨੁੱਖੀ ਤਬੀਅਤ ਦੀ ਸ਼ੈਲੀ ਅਤੇ ਸੰਪੂਰਨਤਾ ਦੇਖੋ; ਦੰਦ ਭੋਜਨ
ਨੂੰ ਖਿੱਚਣ ਅਤੇ ਤੋੜਨ ਲਈ ਬਿਲਕੁਲ ਹੀ ਠੀਕ ਜਗਹ ਲਗਾਏ ਗਏ ਹਨ, ਮਿਹਦਾ ਕਿਸ ਹੈਰਾਨੀਜਨਕ
ਤਰੀਕੇ ਨਾਲ ਨਿਰਮਾਣਿਆ ਗਿਆ ਹੈ। ਜਿਸ ਤਰ੍ਹਾਂ ਇਕ ਸਿ਼ਲਪਕਾਰ, ਇਮਾਰਤ ਵਿੱਚ ਰਹਿ ਗਈਆਂ
ਤਰੁੱਟੀਆਂ ਆਪਣੇ ਆਕਾ ਦੀ ਨਜ਼ਰ ਤੋਂ ਆਉਣ ਤੋਂ ਬਚਾ ਲੈਂਦਾ ਹੈ ਇਸੇ ਤਰ੍ਹਾਂ ਕੁਦਰਤ ਨੇ
ਅਜਿਹੀਆਂ ਤਰੁੱਟੀਆਂ ਜਾਂ ਕਮੀਆਂ ਨੂੰ - ਜੋ ਕਿ ਮਨੁੱਖੀ ਸਰੀਰ ਵਿੱਚ ਰਹਿ ਗਈਆਂ ਹਨ -
ਮਨੁੱਖ ਦੀਆਂ ਭਾਵਨਾਵਾਂ ਤੋਂ ਦੂਰ ਰੱਖਿਆ ਹੈ। ਸੂਰਜ ਚੰਨ ਅਤੇ ਤਾਰਿਆਂ ਨੂੰ ਅਜਿਹੀਆਂ
ਵਸਤੂਆਂ ਸਮਝਿਆ ਜਾ ਸਕਦਾ ਹੈ ਜੋ ਕਿ ਮਨੁੱਖ ਦੇ ਦੇਖਣ ਅਤੇ ਘੋਖਣ ਲਈ ਬਣਾਈਆਂ ਗਈਆਂ ਹੋਣ।
ਉਨ੍ਹਾਂ ਤੋਂ ਬਿਨਾਂ ਭੇਤ ਕਿਸ ਕੰਮ ਦਾ? ਬਲਦਾਂ ਦੀ ਗੱਲ ਕਰ ਲਉ। ਸਾਨੂੰ ਪਤਾ ਹੈ ਕਿ
ਉਨ੍ਹਾਂ ਦੀਆਂ ਪਿੱਠਾਂ ਭਾਰ ਢੋਣ ਲਈ ਨਹੀਂ ਬਣੀਆਂ ਪਰ ਉਨ੍ਹਾਂ ਦੀਆਂ ਧੌਣਾਂ ਕੁਦਰਤੀ ਤੌਰ
‘ਤੇ ਪੰਜਾਲੀ ਵਿੱਚ ਫਿੱਟ ਹੋਣ ਵਾਸਤੇ ਬਣੀਆਂ ਹਨ। ਸੂਰ ਇਨਸਾਨ ਦੀ ਖੁਰਾਕ ਦੇ ਤੌਰ ‘ਤੇ ਕੰਮ
ਆਉਣ ਤੋਂ ਇਲਾਵਾ ਕਿਸ ਕੰਮ ਦਾ ਹੈ। ਇਹ ਇਨਸਾਨ ਲਈ ਸਹੀ ਭੋਜਨ ਹੈ। ਕੁਦਰਤ ਨੇ ਇਸ ਤੋਂ ਵਧੀਆ
ਲਾਹੇਵੰਦ ਜਾਨਵਰ ਹੋਰ ਕੋਈ ਬਣਾਇਆ ਹੀ ਨਹੀਂ ਹੈ। ਇਸ ਸੰਸਾਰ ਵਿੱਚ ਜੋ ਵੀ ਚੀਜ਼ ਸਾਡੀ ਨਜ਼ਰ
ਵਿੱਚ ਆਉਂਦੀ ਹੈ ਉਹ ਵਿਉਂਤ ਨਾਲ ਸਾਡੇ ਹੀ ਵਾਸਤੇ ਬਣਾਈ ਗਈ ਹੈ।” ਲੈਬਨਿਜ਼ ਇਸ ਵਿਚਾਰ
ਉੱਤੇ ਜ਼ੋਰ ਪਾਉਂਦਾ ਹੈ ਕਿ ਬ੍ਰਹਿਮੰਡ ਇਕ ਪ੍ਰਣਾਲੀ ਹੈ। ਉੁਹ ਆਖਦਾ ਹੈ, “ਇਤਫਾਕੀਆ ਤੱਥਾਂ
ਵਿੱਚ ਭਾਵ ਪਦਾਰਥਾਂ - ਜੋ ਕਿ ਉਪਜੇ ਹੋਏ ਬ੍ਰਹਿਮੰਡ ਵਿੱਚ ਖਿਲਰੇ ਪਸਰੇ ਪਏ ਹਨ ਅਤੇ
ਜਿਨ੍ਹਾਂ ਵਿੱਚੋਂ ਕਿਸੇ ਇਕ ਦਾ ਵੀ ਵਿਸ਼ਲੇਸ਼ਣ ਕਰਨਾ ਉਨਾ ਅਸੰਖ ਛੋਟੇ ਛੋਟੇ ਹਿੱਸਿਆਂ ਦੇ
ਹੋਣ ਕਰਕੇ ਇਕ ਨਾ ਮੁੱਕਣ ਵਾਲਾ ਕੰਮ ਹੋ ਸਕਦਾ ਹੈ - ਦੇ ਤਾਣੇ ਬਾਣੇ ਦੇ ਪਿੱਛੇ ਕੋਈ ਖਾਸ
ਵਜਹ ਹੈ। ਕਿਉਂਕਿ ਇਹ ਸਾਰੇ ਤਾਣੇ ਬਾਣੇ ਇਕ ਦੂਸਰੇ ਨਾਲ ਬੱਝੇ ਹੋਏ ਹਨ ਤੇ ਇਹ ਚੀਜ਼ ਹੀ ਉਸ
ਦੀ ਵਜਹ ਹੈ ਤੇ ਇਸ ਕਰਕੇ ਖਾਸ ਚੀਜ਼ ਭਾਵ ਰੱਬ ਇਕ ਹੈ ਤੇ ਕਾਫੀ ਹੈ।
ਪੈਲੇ, ਪੌਲ ਜੈਨੱਟ ਅਤੇ ਹੋਰ ਦਾਰਸ਼ਨਿਕਾਂ ਨੇ ਵੀ, ‘ਸ੍ਰਿਸ਼ਟੀ ਤੋਂ ਪ੍ਰਮਾਤਮਾ ਦੀ ਹੋਂਦ
ਦੀ ਸਿੱਧੀ’ ਦੇ ਸਿਧਾਂਤ ਦੀ ਹਿਮਾਇਤ ਕੀਤੀ ਹੈ ਜਿਸ ਦਾ ਅਧਾਰ ਇਨ੍ਹਾਂ ਗੱਲਾਂ ਉੱਪਰ ਹੈ:
1. ਜੀਵਤ ਵਸਤੂਆਂ ਦੀ ਦਿਸਣ ਵਾਲੀ ਰੂਪ ਰੇਖਾ
2. ਕੁਦਰਤ ਦੇ ਅਡੋਲ ਨਿਯਮ
3. ਜਾਨਵਰਾਂ ਦੀ ਮੂਲ ਪ੍ਰਵਿਰਤੀ (ਕੁਦਰਤੀ ਸੂਝ) ਦੀ ਕਿਰਿਆ ਪ੍ਰਣਾਲੀ
ਆਸਤਕ ਲੋਕ ਇਹ ਦਾਅਵਾ ਕਰਦੇ ਹਨ ਕਿ ਜੀਵਤ ਵਸਤੂਆਂ ਦੀ ਰੂਪ ਰੇਖਾ ਹੋਣ ਦਾ ਮਤਲਬ ਹੈ ਕਿ ਇਸ
ਦਾ ਰੂਪਾਂਕਣਕਾਰ (ਕਾਰੀਗਰ) ਵੀ ਹੋਣਾ ਚਾਹੀਦਾ ਹੈ, ਨਿਯਮਾਂ ਦਾ ਮਤਲਬ ਹੈ ਕਿ ਨਿਯਮ ਬਣਾਉਣ
ਵਾਲਾ ਕੋਈ ਹੋਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਇਕ ਸੰਪੂਰਨ ਰੇਖਿਕੀ
(ਜਿਉਮੈਟਰੀਕਲ) ਢਾਂਚੇ ਦਾ ਮਖਿਆਲ ਬਣਾਉਂਦੀਆਂ ਹਨ, ਉਹ ਕੰਮ ਰੱਬ ਦੀ ਮਾਰਗ ਦਿਖਾਈ (ਅਗਵਾਈ)
ਤੋਂ ਬਗੈਰ ਨਹੀਂ ਹੋ ਸਕਦਾ।
ਇਹ ਦਲੀਲਾਂ ਬੜੀਆਂ ਕਮਜ਼ੋਰ ਅਤੇ ਗੈਰ-ਤਸੱਲੀਬਖਸ਼ ਹਨ। ਆਉ ਸਭਨਾਂ ਵਿਗਿਆਨਾਂ ਨੂੰ ਪੁੱਛ ਕੇ
ਦੇਖੀਏ। ਹਰ ਵਿਗਿਆਨ ਇਹ ਗੱਲ ਡੰਕੇ ਦੀ ਚੋਟ ਨਾਲ ਕਹਿੰਦਾ ਹੈ ਕਿ ਕੁਦਰਤ ਕਿਸੇ ਬੁੱਧੀਮਾਨ
ਅਤੇ ਦਇਆਵਾਨ ਰੱਬ ਨੇ ਨਹੀਂ ਸਾਜੀ ਹੈ। ਭੂ-ਵਿਗਿਆਨ ਇਹ ਦੱਸਦਾ ਹੈ ਕਿ ਇਹ ਧਰਤੀ ਆਪਣੀ ਗਰਮ
ਅਤੇ ਦ੍ਰਵ ਅਵਸਥਾ ਤੋਂ ਲੱਖਾਂ ਸਾਲ ਦੇ ਅਰਸੇ ਬਾਅਦ ਜੀਵਨ ਦੇ ਅਨੁਕੂਲ ਬਣੀ ਹੈ। ਚੰਦਰਮਾ
ਜਾਂ ਬੁੱਧ ਗ੍ਰਹਿ ਉੱਪਰ ਜੀਵਨ ਕਿਉਂ ਨਹੀਂ ਹੈ? ਇਸ ਛੋਟੀ ਜਿਹੀ ਧਰਤੀ ਉੱਪਰ ਵੀ ਵੱਡੇ ਵੱਡੇ
ਮਾਰੂਥਲ ਹਨ, ਜਿੱਥੇ ਕਿ ਇਕ ਚੂਹਾ ਵੀ ਜਿ਼ੰਦਾ ਨਹੀਂ ਰਹਿ ਸਕਦਾ। ਇਨਸਾਨ ਚਾਹੁੰਦਾ ਹੈ ਕਿ
ਇਹ ਵੱਡੇ ਵੱਡੇ ਨਮਕੀਨ ਪਾਣੀ ਵਾਲੇ ਸਮੁੰਦਰ ਆਪਣੇ ਖੇਤਰਫਲ ਵਿੱਚ ਕੁਝ ਕੁ ਛੋਟੇ ਹੁੰਦੇ।
ਜੇਕਰ ਧਰਤੀ ਇਕ ਘਰ ਹੈ ਜੋ ‘ਰੱਬ’ ਨੇ ਸਾਨੂੰ ਤੋਹਫੇ ਵਿੱਚ ਦਿੱਤਾ ਹੈ ਤਾਂ ਇਸ ਧਰਤੀ ਦੇ
ਬਣਾਉਣ ਵਾਲੇ ਸਿ਼ਲਪਕਾਰ ਦੀ ਸੂਝ ਦੀ ਬਹੁਤੀ ਸਰਾਹਣਾ ਨਹੀਂ ਕੀਤੀ ਜਾ ਸਕਦੀ। ਘਟੀਆ ਤੋਂ
ਘਟੀਆ ਤੇ ਟੁੱਟੀਆਂ ਫੁੱਟੀਆਂ ਚੀਜ਼ਾਂ ਨਾਲ ਘਰ ਬਣਾਉਣ ਵਾਲਾ ਵੀ ਅਜਿਹਾ ਘਰ ਨਹੀਂ ਬਣਾਉਂਦਾ
ਜੋ ਕਿ ਸਮੇਂ ਸਮੇਂ ਤੇ ਹਿਲਦਾ ਹੋਵੇ ਤੇ ਲੜਖੜਾ ਕੇ ਡਿੱਗਦਾ ਹੋਵੇ ਜਿਸ ਤਰ੍ਹਾਂ ਸਮੇਂ ਸਮੇਂ
ਜਾਪਾਨ ਅਤੇ ਸਾਨਫਰਾਂਸਿਸਕੋ ਦੀ ਧਰਤੀ ਡਗਮਗਾਉਂਦੀ ਰਹਿੰਦੀ ਹੈ। ਭੂਚਾਲ-ਵਿਗਿਆਨ ਇਕ ਗੈਰ
ਸੋਚਵਾਨ ਆਸਤਕ ਨੂੰ ਸ਼ਰਮਸਾਰ ਕਰ ਦਿੰਦਾ ਹੈ (ਤੇ ਸ਼ਰਮ ਉਸ ਨੂੰ ਆਉਣੀ ਵੀ ਚਾਹੀਦੀ ਹੈ)।
ਭੂਚਾਲ ਇਕ ਰੱਬੀ ਕਿਰਿਆ ਹੈ, ਕੋਈ ਵੀ ਮਨੁੱਖੀ ਸੰਸਥਾ ਇਹ ਝਟਕੇ ਅਤੇ ਥਰਥਰਾਹਟ ਪੈਦਾ ਨਹੀਂ
ਕਰਦੀ। ਕਿਤਨੇ ਲੱਖਾਂ ਔਰਤਾਂ, ਮਰਦ ਅਤੇ ਬੱਚੇ ਭੂਚਾਲ ਅਤੇ ਇਨ੍ਹਾਂ ਨਾਲ ਸੰਬੰਧਤ ਆਫਤਾਂ
ਨਾਲ ਮਾਰੇ ਜਾ ਚੁੱਕੇ ਹਨ। ਜਾਪਾਨ ਵਿੱਚ 6923 ਹਿਜਰੀ ਸੰਮਤ ਵਿੱਚ ਆਏ ਭੂਚਾਲ ਵਿੱਚ 99331
ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ 5,76000 ਇਮਾਰਤਾਂ ਤਬਾਹ ਹੋ ਗਈਆਂ। ਜਿਸ ਤਰ੍ਹਾਂ
ਪੁਰਾਣੇ ਖੰਡਰਾਂ ਤੋਂ ਪਤਾ ਚਲਦਾ ਹੈ ਉਸ ਦੇ ਮੁਤਾਬਕ ਗੋਬੀ ਦਾ ਮਾਰੂਥਲ ਕਿਸੇ ਵੇਲੇ ਇਕ
ਉਪਜਾਊ ਭੂਮੀ ਸੀ। ਮੌਸਮ-ਵਿਗਿਆਨ ਵੀ ਇਹ ਸਿੱਧ ਕਰਦਾ ਹੈ ਕਿ ਮੀਂਹ ਅਤੇ ਮੌਸਮ ਕਿਸੇ ਸਮਝਦਾਰ
ਅਤੇ ਦਿਆਲੂ ਸ਼ਕਤੀ ਦੇ ਅਖਤਿਆਰ ਵਿੱਚ ਨਹੀਂ ਹਨ। ਮੀਂਹ ਦੀਆਂ ਕਣੀਆਂ ਦੁਬਾਰਾ ਸਮੁੰਦਰ ਵਿੱਚ
ਸੁੱਟਣ ਵਿੱਚ ਕੀ ਸਮਝਦਾਰੀ ਹੈ? ਉੱਥੋਂ ਹੀ ਤਾਂ ਇਹ ਆਈਆਂ ਹਨ। ਜਿਸ ਕਿਸਮ ਦੀ ਬਾਕਾਇਦਗੀ
ਨਾਲ ਇਨਸਾਨ ਦੇ ਬਣਾਏ ਸਿੰਜਾਈ ਦੇ ਸਾਧਨਾਂ ਵਿੱਚ ਪਾਣੀ ਆਉਂਦਾ ਹੈ ਉਸ ਤਰ੍ਹਾਂ ਦੀ
ਬਾਕਾਇਦਗੀ ਨਾਲ ਮੀਂਹ ਨਹੀਂ ਪੈਂਦਾ। ਕਦੀ ਤਾਂ ਲੋਕ ਹੜ੍ਹਾਂ ਅਤੇ ਸੈਲਾਬਾਂ ਨਾਲ ਬਰਬਾਦ
ਹੁੰਦੇ ਹਨ ਤੇ ਕਦੀ ਸੋਕਾ ਫਸਲਾਂ ਅਤੇ ਪਸ਼ੂਆਂ ਦਾ ਖਾਤਮਾ ਕਰ ਦਿੰਦਾ ਹੈ। ਇਕ ਪਾਦਰੀ
(ਪ੍ਰੋਹਿਤ) ਨੇ ਮੀਂਹ ਲਈ ਪ੍ਰਾਰਥਨਾ ਕੀਤੀ। ਜਲਦੀ ਹੀ ਜ਼ੋਰਦਾਰ ਮੀਂਹ ਪੈਣ ਲੱਗ ਪਿਆ ਅਤੇ
ਪੈਂਦਾ ਹੀ ਰਿਹਾ। ਮੁਲਕ ਵਿੱਚ ਹੜ੍ਹਾਂ ਦੀ ਭਰਮਾਰ ਹੋ ਗਈ। ਫਿਰ ਉਸ ਨੇ ਆਪਣੀ ਪ੍ਰਾਰਥਨਾ
ਵਿੱਚ ਕਿਹਾ, “ਓ ਮਾਲਕ! ਅਸੀਂ ਮੀਂਹ ਵਾਸਤੇ ਪ੍ਰਾਰਥਨਾ ਜ਼ਰੂਰ ਕੀਤੀ ਸੀ ਤੇ ਸਾਨੂੰ ਪਤਾ ਹੈ
ਕਿ ਤੂੰ ਸੁਣ ਲਈ ਹੈ, ਪਰ ਇਹ ਸੱਚਮੁੱਚ ਹੀ ਇਕ ਮਖੌਲ ਕੀਤਾ ਲੱਗਦਾ ਹੈ।”
ਅਸਮਾਨੀ ਬਿਜਲੀ ਬੇਕਸੂਰ ਆਦਮੀਆਂ, ਔਰਤਾਂ ਅਤੇ ਬੱਚਿਆਂ ਉੱਪਰ ਡਿੱਗ ਪੈਂਦੀ ਹੈ ਤੇ ਉਨ੍ਹਾਂ
ਨੂੰ ਜਲਾ ਦਿੰਦੀ ਹੈ। ਇਹ ਕਈ ਘਰ ਵੀ ਜਲਾ ਦਿੰਦੀ ਹੈ। ਗੜ੍ਹਿਆਂ ਨਾਲ ਕਿਤਨੇ ਹੀ ਬਾਗਾਂ ਦੇ
ਮਾਲੀਆਂ ਦੀਆਂ ਸੱਧਰਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਤੂਫਾਨ ਦੇ ਨਾਲ ਕਿਤਨੇ ਹੀ ਗਰੀਬਾਂ
ਦੇ ਘਰ ਢਹਿ ਢੇਰੀ ਹੋ ਜਾਂਦੇ ਹਨ। ਜਮੀਕਾ ਵਿੱਚ 6933 ਹਿਜਰੀ ਸੰਮਤ ਵਿੱਚ ਝੱਖੜ ਦੀ ਵਜਹ
ਨਾਲ 20 ਲੱਖ ਕੇਲੇ ਦੇ ਦਰੱਖਤ ਤਬਾਹ ਹੋ ਗਏ। ਇਹ ਕਿਤਨੀ ਜ਼ਾਲਮ ਖੇਡ ਹੈ। ਰੱਬ ਦਾ ਸਵਾਸ
(ਸਾਹ) ਕਿਤਨਾ ਕਰੂਰ ਅਤੇ ਦੁਰਾਚਾਰੀ ਹੈ। ਸਮੁੰਦਰੀ ਤੂਫਾਨ, ਮਾਰੂਥਲਾਂ ਦੀਆਂ ਤੱਤੀਆਂ ਤੇ
ਰੇਤ ਭਰੀਆਂ ਹਨ੍ਹੇਰੀਆਂ, ਅਫਰੀਕਾ ਤੋਂ ਇਟਲੀ ਵੱਲ ਨੂੰ ਆਉਣ ਵਾਲੀਆਂ ਤੱਤੀਆਂ ਅਤੇ
ਸਿੱਲ੍ਹੀਆਂ ਹਨ੍ਹੇਰੀਆਂ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਗਰਦ ਭਰੀਆਂ ਹਨ੍ਹੇਰੀਆਂ ਅਤੇ ਇਹੋ
ਜਿਹੀਆਂ ਹੋਰ ਕਿਰਿਆਵਾਂ ਇਸ ਧਰਤੀ ਉੱਪਰ ਸਾਡੇ ਛੋਟੇ ਜਿਹੇ ਜੀਵਨ ਨੂੰ ਕੋਈ ਬਹੁਤਾ
ਖੁਸ਼ਗਵਾਰ ਨਹੀਂ ਬਣਾਉਂਦੀਆਂ। ਚਿਰਾਪੂੰਜੀ ਵਰਗੇ ਸਥਾਨ ਹਨ ਜਿੱਥੇ ਬਹੁਤ ਹੀ ਵਰਖਾ ਹੁੰਦੀ
ਹੈ ਅਤੇ ਅਰਬ ਮੁਲਕਾਂ ਵਰਗੀਆਂ ਕਈ ਥਾਂਵਾਂ ਹਨ ਜੋ ਕਿ ਬਹੁਤ ਹੀ ਖੁਸ਼ਕ ਹਨ। ਅਤਿ ਦੀ ਗਰਮੀ
ਅਤੇ ਅਤਿ ਦੀ ਸਰਦੀ ਦੀਆਂ ਹਾਲਤਾਂ ਸਾਨੂੰ ਕਿਤਨਾ ਕਸ਼ਟ ਦਿੰਦੀਆਂ ਹਨ। ਹੋਨੋਲੂਲੂ ਅਤੇ
ਮੈਡਾਇਰਾ ਵਰਗਾ ਇਕਸਾਰ ਤੇ ਸ਼ਾਂਤ ਮੌਸਮ ਬਹੁਤ ਹੀ ਘੱਟ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ।
ਕਿਹੜਾ ਈਸ਼ਵਰੀ ਮਹਿਕਮਾ ਇਸ ਚੀਜ਼ ਦਾ ਜਿ਼ੰਮੇਵਾਰ ਹੈ?
ਜੀਵ-ਵਿਗਿਆਨ ਵੀ ਸੂਝਵਾਨੀ ਅਤੇ ਦਇਆਵਾਨੀ ਦਾ ਕੋਈ ਲੇਸ ਮਾਤਰ ਵੀ ਪ੍ਰਗਟਾਵਾ ਨਹੀਂ ਕਰਦਾ।
ਬਨਸਪਤੀ ਵਿੱਚ ਪੌਦਿਆਂ ਦੇ ਵਿਚਕਾਰ ਰੌਸ਼ਨੀ ਅਤੇ ਖੁਰਾਕ ਲਈ ਲਗਾਤਾਰ ਸੰਘਰਸ਼ ਚਲਦਾ ਰਹਿੰਦਾ
ਹੈ। ਭੁੱਖੇ ਪੌਦੇ ਜੋ ਕਿ ਘਟੀਆ ਕਿਸਮ ਦੀ ਮਿੱਟੀ ਉੱਪਰ ਉੱਗਦੇ ਹਨ, ਜ਼ਾਲਮ ਕੀਟਹਾਰੀ (ਕੀੜੇ
ਖਾਣ ਵਾਲੇ) ਬਣ ਜਾਂਦੇ ਹਨ ਅਤੇ ਆਪਣੇ ਸਿ਼ਕਾਰ ਬੜੀ ਮਕਾਰੀ ਨਾਲ ਮਾਰਦੇ ਹਨ। ਲੱਖਾਂ ਹੀ
ਕਰੂੰਬਲਾਂ ਨੂੰ ਕਦੀ ਫੁੱਲ ਬਣਕੇ ਖਿੜ੍ਹਨ ਦਾ ਮੌਕਾ ਨਹੀਂ ਮਿਲਦਾ, ਕੋਹਰੇ ਦੀ ਪਰਤ ਉਨ੍ਹਾਂ
ਨੂੰ ਮਰੁੰਡ ਦਿੰਦੀ ਹੈ ਜਾਂ ਤੇਜ਼ ਹਵਾ ਹੀ ਉਨ੍ਹਾਂ ਨੂੰ ਟਾਹਣੀ ਨਾਲੋਂ ਵਿਖੇਰ ਕੇ ਸੁੱਟ
ਦਿੰਦੀ ਹੈ ਜਿਸ ਦੇ ਕਾਰਨ ਉਹ ਕਰੂੰਬਲਾਂ ਮਰ ਜਾਂਦੀਆਂ ਹਨ। ਕਿਤਨੀ ਬੇਲਗਾਮ ਬਰਬਾਦੀ ਹੈ।
ਬਨਸਪਤੀ ਦਾ ਕਿਤਨਾ ਦੁਖਾਂਤ ਨਾਟਕ ਹੈ ਇਹ! ਕਰੋੜਾਂ ਅਰਬਾਂ ਬੀਜ ਪੈਦਾ ਹੁੰਦੇ ਹਨ ਪਰ
ਉਨ੍ਹਾਂ ਵਿੱਚੋਂ ਸਿਰਫ ਕੁੱਝ ਇਕ ਹੀ ਪੁੰਗਰਦੇ ਹਨ ਅਤੇ ਦਰੱਖਤ ਬਣਦੇ ਹਨ। ਬਾਕੀ ਦੇ ਸੱਭ
ਕਿਧਰੇ ਗੁਆਚ ਜਾਂਦੇ ਹਨ। ਜ਼ੋਰਦਾਰ ਹਨ੍ਹੇਰੀ ਅਤੇ ਸੌਕੇ ਨਾਲ ਕਿਤਨੇ ਹੀ ਪੌਦੇ ਅਤੇ ਦਰੱਖਤ
ਨਸ਼ਟ ਹੋ ਜਾਂਦੇ ਹਨ। ਪਰਜੀਵੀ (ਪੈਰਾਸਾਈਟ) ਪੌਦੇ ਜਿਵੇਂ ਕਿ ਅਕਾਸ਼ਵੇਲ ਅਤੇ ਰੈਫਲੈਸ਼ੀਆ
ਦਾ ਪੌਦਾ ਦੂਸਰੇ ਪੌਦਿਆਂ ਦਾ ਭੋਜਨ ਲੁੱਟਦੇ ਹਨ। ਇਸ਼ਕ ਪੇਚੇ ਦੀ ਵੇਲ ਬਲੂਤ ਦੇ ਦਰੱਖਤ ਨੂੰ
ਜੱਫਾ ਮਾਰ ਕੇ ਉਸ ਦਾ ਗੱਲ ਘੁੱਟ ਦਿੰਦੀ ਹੈ। ਜੰਗਲ ਦੇ ਵੱਡੇ ਵੱਡੇ ਦਰੱਖਤ ਛੋਟੇ ਛੋਟੇ
ਪੌਦਿਆਂ ਦੇ ਹਿੱਸੇ ਦੀ ਰੌਸ਼ਨੀ ਵੀ ਰੋਕ ਲੈਂਦੇ ਹਨ। ਉਸ਼ਣ ਕੀਟਬੰਧ (ਗਰਮ ਖੰਡ) ਦੇ ਜੰਗਲਾਂ
ਵਿੱਚ ਜਾਨਵਰਾਂ ਅਤੇ ਪੌਦਿਆਂ ਦਾ ਇਕ ਦੂਸਰੇ ਨੂੰ ਹੜੱਪ ਕਰਨ ਦਾ ਲਗਾਤਾਰ ਮੁਕਾਬਲਾ ਚੱਲਦਾ
ਰਹਿੰਦਾ ਹੈ। ਇਸ ਤਰ੍ਹਾਂ ਪੌਦਾ ਵਿਗਿਆਨ (ਬਨਸਪਤੀ ਵਿਗਿਆਨ) ਰੱਬ ਨੂੰ ਅਸਵੀਕਾਰ ਕਰਦਾ ਹੈ
ਅਤੇ ਜੀਵ ਵਿਗਿਆਨ ਜੋ ਕਿਸੇ ਵੇਲੇ ਉਦੇਸ਼ ਵਾਦੀਆਂ ਦੇ ਕਬਜ਼ੇ ਵਿੱਚ ਹੁੰਦਾ ਸੀ (ਭਾਵ ਉਹ
ਲੋਕ ਜੋ ਇਹ ਕਹਿੰਦੇ ਹਨ ਕਿ ਹਰੇਕ ਚੀਜ਼ ਅਤੇ ਹਰੇਕ ਘਟਨਾ ਕਿਸੇ ਖਾਸ ਮਕਸਦ ਨੂੰ ਪੂਰਾ ਕਰਨ
ਲਈ ਘੜੀ ਗਈ ਹੈ) ਹੁਣ ਨਾਸਤਿਕ ਲੋਕਾਂ ਦੇ ਅੱਗੇ ਹਥਿਆਰ ਸੁੱਟ ਚੁੱਕਿਆ ਹੈ।
ਜੀਵ ਜੰਤੂਆ ਦੇ ਵਿੱਚ ਆਪਣੇ ਆਪ ਨੂੰ ਵਾਤਾਵਰਨ ਦੇ ਮੁਤਾਬਕ ਢਾਲਣ ਦੇ ਸਾਧਨ, ਗਿਆਨ
ਇੰਦਰੀਆਂ, ਆਪਣਾ ਬਚਾਅ ਕਰਨ ਵਾਸਤੇ ਰੰਗ ਬਦਲਣੇ ਅਤੇ ਹੋਰ ਵਿਗਿਆਨੀਆ ਦੇ ਮੁਤਾਬਿਕ ਜੀਵਾਂ
ਜੰਤੂਆਂ ਦੇ ਕੁਦਰਤੀ ਕਾਰਨਵਾਦ (ਕਾਰਜ ਕਾਰਨ) ਦਾ ਨਤੀਜਾ ਹਨ। ਅਸੰਖਾਂ ਹੀ ਜੀਵ ਜਿਹੜੇ ਆਪਣੇ
ਆਪ ਨੂੰ ਵਾਤਾਵਰਨ ਦੇ ਮੁਤਾਬਕ ਨਹੀਂ ਢਾਲ ਸਕੇ ਉਹ ਨਸ਼ਟ ਹੋ ਗਏ। ਦੇਖੋ ਕਿਸ ਤਰ੍ਹਾਂ
ਸੰਵੇਦਨਸ਼ੀਲ ਪ੍ਰਾਣੀਆਂ ਦਾ ਕਤਲੇਆਮ ਹੁੰਦਾ ਹੈ। ਮੌਤ ਦੀ ਇਹ ਕੈਸੀ ਬਦਕਿਸਮਤੀ ਹੈ!
ਦੁਸ਼ਟ-ਅੰਗ ਛੇਦ (ਜਿਉਂਦੇ ਪ੍ਰਾਣੀ ਦੀ ਚੀਰ ਫਾੜ ਕਰਨੀ) ਤਾਂ ਇਸ ਕਤਲੇਆਮ ਦੇ ਮੁਕਾਬਲੇ
ਵਿੱਚ ਤੁਛ ਹੈ। ਕ੍ਰੋੜਾਂ ਅਰਬਾਂ ਜੀਵ ਵਾਤਾਵਰਨ ਉਨ੍ਹਾਂ ਦੇ ਅਨੁਕੂਲ ਨਾ ਹੋਣ ਕਾਰਨ ਮਾਰੇ
ਗਏ ਅਤੇ ਹੋਰ ਕ੍ਰੋੜਾਂ ਅਰਬਾਂ ਜਾਨਵਰ ਇਕ ਦੂਸਰੇ ਦੇ ਹੱਥੋਂ ਮਾਰੇ ਗਏ। ਮਾਸਖਾਣੇ ਅਤੇ
ਜ਼ਹਿਰੀਲੇ ਜਾਨਵਰ ਜਿਵੇਂ ਡਾਇਨਾਸੋਰ, ਰੀਂਗਣ ਵਾਲੇ ਜੀਵ, ਬੱਬਰ ਸ਼ੇਰ, ਸ਼ੇਰ, ਬਘਿਆੜ,
ਬਾਘ, ਵੱਡੇ ਵੱਡੇ ਫਨੀਅਰ, ਸਿ਼ਕਰੇ, ਇੱਲਾਂ, ਗਿਰਝਾਂ, ਵੇਲ੍ਹ ਮੱਛੀਆਂ ਅਤੇ ਸ਼ਾਰਕ ਆਦਿ
‘ਸੰਪੂਰਨ ਬੁੱਧੀਮਤਾ ਅਤੇ ਪਿਆਰ’ ਦਾ ਅਫਸੋਸਨਾਕ ਨਮੂਨਾ ਹੈ। ਕਿਤਨੇ ਹੀ ਪਿਆਰੇ ਪਿਆਰੇ
ਬਾਰਾਂ ਸਿੰਗੇ ਪਿਛਲੇ ਹਜ਼ਾਰਾਂ ਸਾਲਾਂ ਵਿੱਚ ਜੰਗਲਾਂ ਵਿੱਚ ਦੂਜੇ ਜਾਨਵਰਾਂ ਦੁਆਰਾ ਨਿਗਲੇ
ਗਏ ਹਨ। ਛੋਟੀਆਂ ਛੋਟੀਆਂ ਮੱਛੀਆਂ ਬੜੀ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੇ ਖਾਣ ਜੋਗੀ ਖੁਰਾਕ
ਲੱਭਦੀਆਂ ਹਨ ਪਰ ਵੱਡੀਆਂ ਮੱਛੀਆਂ ਛੋਟੀਆਂ ਨੂੰ ਹੜੱਪ ਜਾਂਦੀਆਂ ਹਨ।
ਜੀਵ ਵਰਗ ਦੇ ਇਨ੍ਹਾਂ ਸ਼ਰੇਆਮ ਬਦਮਾਸ਼ਾਂ ਅਤੇ ਗੁੰਡਿਆਂ ਤੋਂ ਇਲਾਵਾ ਲੁਕਵੇਂ ਛਿਪਣੇ ਜ਼ਹਿਰ
ਦੇਣ ਵਾਲੇ ਪਰਜੀਵ (ਪੈਰਾਸਾਈਟ), ਅਤਿ ਛੋਟੇ ਸੂਖਮ, ਪਾਕ ਅਤੇ ਬਿਮਾਰੀ ਫੈਲਾਉਣ ਵਾਲੇ
ਕੀਟਾਣੂ ਹਨ ਜਿਵੇਂ ਕਿ ਨਮੂਨੀਆਂ, ਗੁਪਤ ਰੋਗ, ਛੂਤ ਦੇ ਰੋਗ, ਹੈਜ਼ਾ, ਪੀਲੀਆ ਆਦਿ ਦੇ ਜ਼ਰਮ
ਜੋ ਕਿ ਆਕਾਰ ਵਿੱਚ ਇਤਨੇ ਛੋਟੇ ਹੁੰਦੇ ਹਨ ਪਰ ਉਨ੍ਹਾਂ ਦੀ ਦਿੱਤੀ ਬੀਮਾਰੀ ਕਿਤਨੀ ਵੱਡੀ
ਹੁੰਦੀ ਹੈ। ਇਕ ਹੋਰ ਬੜੀ ਦਰਦਨਾਕ ਕਿਰਿਆ ਹੈ ਜਿਸ ਨਾਲ ਆਸਤਿਕ ਲੋਕਾਂ ਨੂੰ ਸ਼ਰਮ ਅਤੇ ਸਮਝ
ਆਉਣੀ ਚਾਹੀਦੀ ਹੈ। ਜੀਵ ਵਿਗਿਆਨ ਵਿੱਚ ਛੋਟਾ ਜੀਵ ਵੀ ਵੱਡੇ ਜੀਵ ਨੂੰ ਮਾਰ ਸਕਦਾ ਹੈ ਅਤੇ
ਮਾਰਦਾ ਹੈ। ਹੈਜ਼ੇ ਦੇ ਨੀਚ ਅਤੇ ਦੁਸ਼ਟ ਕੀੜੇ ਨੇ ਹੇਗਲ ਦੇ ਅੰਦਰ ਜ਼ਹਿਰ ਭਰ ਦਿੱਤਾ ਅਤੇ
ਉਸ ਦੇ ਕਮਾਲ ਦੇ ਦਿਮਾਗ ਨੂੰ ਸੁਆਹ ਵਿੱਚ ਬਦਲ ਦਿੱਤਾ। ਕੀਟਸ ਵੀ ਇਸ ਤਰ੍ਹਾਂ ਬੈਕਟੀਰੀਆ ਦੇ
ਛੂਤ ਦੇ ਰੋਗ ਦਾ ਸਿ਼ਕਾਰ ਬਣਿਆ। ਹਜ਼ਾਰਾਂ ਹੀ ਲੋਕ ਹਰ ਸਾਲ ਸੱਪਾਂ ਦੇ ਲੜਨ ਕਰਕੇ ਮਰ
ਜਾਂਦੇ ਹਨ। ਕਈ ਲੋਕ ਸ਼ੇਰਾਂ ਅਤੇ ਚੀਤੀਆਂ ਦਾ ਸਿ਼ਕਾਰ ਬਣਦੇ ਹਨ। ਇਹ ਨਾ ਤਾਂ ਕਿਸੇ
ਬੁੱਧੀਮਾਨੀ, ਨਾ ਪਿਆਰ ਤੇ ਨਾ ਹੀ ਸਾਧਾਰਨ ਸੂਝ ਦਾ ਪ੍ਰਮਾਣ ਹੈ। ਇਨਸਾਨਾਂ ਨੂੰ ਪੈਦਾ ਕਰਨ
ਦਾ ਕੀ ਫਾਇਦਾ ਜੇਕਰ ਉਸ ਨੂੰ ਜ਼ਹਿਰੀ ਮੱਖੀ (ਦੱਖਣੀ ਅਫਰੀਕਾ ਦੀ ਜ਼ਹਿਰੀ ਮੱਖੀ ਜੋ ਨੀਂਦਰ
ਦਾ ਰੋਗ ਫੈਲਾਉਂਦੀ ਹੈ) ਦਾ ਹੀ ਸਿ਼ਕਾਰ ਬਣਾਉਣਾ ਹੈ? ਮੈਂ ਤਾਂ ਇਸ ਨੂੰ ਬਿਲਕੁਲ ਕਮੀਨਗੀ,
ਬਦਨੀਤੀ ਵਾਲੀ ਅਤੇ ਮੂਰਖਤਾ ਪੂਰਣ ਕਾਰਵਾਈ ਕਹਾਂਗਾ। ਜੀਵ ਵਿਗਿਆਨ ਨੇ ਇਕ ਨਿਰਦਈ ਅਹੰਕਾਰ
ਭਰੇ (ਹਉਮੇ ਭਰੇ), ਖੂਨ ਖਰਾਬੇ ਨਾਲ ਭਰਪੂਰ ਲੁੱਟ ਖੋਹ ਹਿੰਸਾ ਅਤੇ ਮਾਰ-ਵੱਢ ਨਾਲ ਭਰੇ ਹੋਏ
ਸੰਸਾਰ ਦਾ ਭੇਤ ਖੋਲ੍ਹਿਆ ਹੈ ਜਿਸ ਦੇ ਜ਼ੁਲਮਾਂ ਸਾਹਮਣੇ ਚੰਗੇਜ਼ ਖਾਨ ਵੀ ਭੌਂਚੱਕਾ ਰਹਿ
ਜਾਵੇ। ਜੀਵਾਂ ਦੇ ਬੇਅੰਤ ਹੀ ਆਂਡੇ ਅਤੇ ਬੱਚੇ ਪੈਦਾ ਹੁੰਦੇ ਹਨ ਪਰ ਉਨ੍ਹਾਂ ਵਿੱਚੋਂ
ਥੋੜ੍ਹੇ ਹੀ ਜੀਵਨ ਭੋਗਦੇ ਹਨ। ਕੁਝ ਕੁਦਰਤ ਦੇ ਰਾਹੀਂ ਤੇ ਕੁਝ ਉਸੇ ਕਿਸਮ ਦੇ ਦੂਸਰੇ
ਜਾਨਵਰਾਂ ਦੇ ਬੱਚਿਆਂ ਦੁਆਰਾ ਤਬਾਹ ਹੋ ਜਾਂਦੇ ਹਨ। ਜੇਕਰ ਵਾਤਾਵਰਨ ਅਨੁਕੂਲ ਹੁੰਦਾ ਤਾਂ
ਇਹਨਾਂ ਸਭ ਜੀਵ ਜੰਤੂਆਂ ਦੀ ਗਿਣਤੀ ਇਸ ਤਰ੍ਹਾਂ ਵਧਣੀ ਚਾਹੀਦੀ ਹੈ ਜਿਸ ਤਰ੍ਹਾਂ ਅਸਟ੍ਰੇਲੀਆ
ਵਿੱਚ ਖਰਗੋਸ਼ਾਂ ਦੀ, ਪੈਟਾਗੋਨੀਆ ਵਿੱਚ ਘੋੜਿਆਂ ਦੀ ਵਧਦੀ ਹੈ। ਜੀਵ ਵਿਗਿਆਨ ਵਿੱਚ ਇਸ
ਜ਼ਰੂਰੀ ਅਤੇ ਨਾ ਰੋਕੀ ਜਾ ਸਕਣ ਵਾਲੀ ਅਤੇ ਵੱਡੇ ਪੈਮਾਨੇ ਉਪਰ ਤਬਾਹੀ ਦਾ ਕਾਨੂੰਨ ਬਿਲਕੁਲ
ਮੌਲਿਕ (ਮੂਲ) ਹੈ। ਜਿ਼ੰਦਗੀ ਦਾ ਇਹ ਖੂਨ ਦੇ ਦਾਗਾਂ ਭਰਿਆ ਰਸਤਾ ਜਿਸ ਉੱਪਰ ਦੀ ਲੰਘ ਕੇ ਇਹ
ਆਈ ਹੈ, ਦੇ ਵਿੱਚ ਦੁੱਖ ਭੋਗਦੇ, ਭੁੱਖੇ ਮਰਦੇ ਅਤੇ ਤੜਪਦੇ ਪ੍ਰਾਣੀਆਂ ਦੀਆਂ ਦਰਦ ਭਰੀਆਂ
ਕੁਰਲਾਹਟਾਂ ਸੁਣਾਈ ਦਿੰਦੀਆਂ ਹਨ। ਜੀਵਨ ਦੇ ਇਸ ਅਗਾਂਹ ਵੱਲ ਵਧਦੇ ਰਾਹ ਦੇ ਮੁਕਾਬਲੇ ਵਿੱਚ
ਸੂਲੀਆਂ ਚੜ੍ਹੇ ਹੋਏ ਗੁਲਾਮਾਂ ਦੀਆਂ ਕਤਾਰਾਂ ਵਾਲਾ ਰਾਹ, ਇਕ ਖੁਸ਼ੀ ਵਾਲਾ ਰਾਹ ਪ੍ਰਤੀਤ
ਹੁੰਦਾ ਹੈ।
ਸੋ ਪਹਿਲਾਂ ਜੀਵ ਵਿਗਿਆਨ ਇਨ੍ਹਾਂ ਤੱਥਾਂ ਦਾ ਪ੍ਰਗਟਾਵਾ ਕਰਦਾ ਹੈ ਅਤੇ ਬਾਅਦ ਵਿੱਚ ਇਨਸਾਨ
ਪਰਦੇ ਉੱਪਰ ਆਉਂਦਾ ਹੈ। ਉਸ ਦੇ ਕੋਲ ਆਪਣੇ ਜੀਵਨ ਦੇ ਦੁੱਖਾਂ ਅਤੇ ਸੁੱਖਾਂ ਲਈ ਆਪਣੇ ਖਿਆਲੀ
ਘੜੇ ਰੱਬ ਦਾ ਸ਼ੁਕਰੀਆ ਅਦਾ ਕਰਨ ਦੀ ਕੋਈ ਵੀ ਵਜਹ ਨਹੀਂ ਹੈ। ਉਸ ਦਾ ਜੀਵਨ ਕਾਲ ਬਹੁਤ ਛੋਟਾ
ਹੈ ਅਤੇ ਉਸ ਦਾ ਵਸਾਹ ਵੀ ਕੋਈ ਨਹੀਂ ਹੈ। ਜਿ਼ੰਦਗੀ ਦਾ ਇਹ ਅਸਥਾਈਪਣ ਇਨਸਾਨ ਦੀ ਜਿ਼ੰਦਗੀ
ਉੱਪਰ ਕੱਫਨ ਵਾਂਗ ਲਟਕਦਾ ਰਹਿੰਦਾ ਹੈ। ਇਕ ਚੀਨੀ ਕਵੀ ਨੇ ਕਿਹਾ ਹੈ, “ਜਿਸ ਤਰ੍ਹਾਂ
ਖੁਸ਼ੀਆਂ ਭਰਿਆ ਸੁਫਨਾ ਅਤੇ ਸੰਤੁਸ਼ਟੀ ਝੱਟ ਅਲੋਪ ਹੋ ਜਾਂਦੀ ਹੈ ਉਸੇ ਤਰ੍ਹਾਂ ਜੀਵਨ ਵੀ
ਝੱਟ ਅਲੋਪ ਹੋ ਜਾਂਦਾ ਹੈ।” ਪੋ ਚਿਉ ਵਿਰਲਾਪ ਕਰਦਾ ਹੈ, “ ਮੈਂ ਉੱਚੀ ਚੀਖਿਆ, ਪੁਕਾਰਿਆ ਪਰ
ਅਫਸੋਸ ਕਿ ਜਿ਼ੰਦਗੀ ਦੀ ਨੈਤਿਕਤਾ ਦਾ ਖਿੜਨਾ ਕਿਤਨਾ ਧੁੰਦਲਾ ਅਤੇ ਸੁਗੰਧੀ ਰਹਿਤ ਹੁੰਦਾ
ਹੈ।”
ਕਿੰਨੇ ਬੱਚੇ ਮਰੇ ਹੋਏ ਹੀ ਜੰਮਦੇ ਹਨ ਜਾਂ ਜੰਮਦੇ ਸਾਰ ਹੀ ਮਰ ਜਾਂਦੇ ਹਨ। ਪਿਆਰੇ ਪਿਆਰੇ
ਬੱਚੇ, ਜੇਕਰ ਉਨ੍ਹਾਂ ਨੇ ਸਿਰਫ ਕੁਝ ਦਿਨ, ਕੁਝ ਮਹੀਨੇ ਜਾਂ ਕੁਝ ਸਾਲਾਂ ਵਿੱਚ ਹੀ ਮਰ ਜਾਣਾ
ਹੁੰਦਾ ਹੈ ਤਾਂ ਉਨ੍ਹਾਂ ਨੂੰ ਪੈਦਾ ਕਰਨ ਵਿੱਚ ਕੁਝ ਸਮਝਦਾਰੀ ਨਹੀਂ ਹੈ। ਬਿਮਾਰੀਆਂ ਨਾਲ
ਅਣਗਿਣਤ ਲੋਕ ਮਾਰੇ ਜਾਂਦੇ ਹਨ। ਕਿਤਨੇ ਹੀ ਲੋਕਾਂ ਨੇ ਦਿਲ ਦੀ ਬਿਮਾਰੀ ਦੀ ਪੀੜ ਦੀ
ਧੁੱਕਧੁਕੀ, ਕੜਵਲ ਪੈਣ, ਮਿਰਗੀ, ਪੇਟ ਵਿੱਚ ਪੱਥਰੀ, ਆਂਤ ਦੀ ਚੀਸ, ਭੂਤਗ੍ਰਸਤ ਝੱਲ ਪੈਣਾ,
ਢਿੱਲੇ ਰਹਿਣ ਅਤੇ ਉਦਾਸੀ ਦੀ ਬਿਮਾਰੀ, ਪਾਗਲਪਨ, ਵਧਦਾ ਹੋਇਆ ਤਪਦਿਕ ਦਾ ਰੋਗ, ਸਰੀਰ ਦਾ
ਸੋਕਾ, ਤਬਾਹੀ ਮਚਾਉਂਦੀ ਹੋਈ ਪਲੇਗ, ਜਲੋਧਰ (ਪੇਟ ਵਿੱਚ ਪਾਣੀ ਭਰ ਜਾਣਾ, ਸੋਜ਼) ਦੀ
ਬੀਮਾਰੀ, ਦਮਾ ਅਤੇ ਜੋੜਾਂ ਦੇ ਕੜਾਕੇ ਬੁਲਾਉਂਦੀ ਹੋਈ ਗਠੀਏ ਦੀ ਬਿਮਾਰੀ ਤੋਂ ਦਰਦ ਉਠਾਇਆ
ਹੈ ਅਤੇ ਅੱਜ ਵੀ ਉਠਾ ਰਹੇ ਹਨ। ਜੇਕਰ ਇਨ੍ਹਾਂ ਸਾਰੇ ਰੋਗੀਆਂ ਦੀ ਕੁਰਲਾਹਟਾਂ ਨੂੰ ਇਕ
ਜਗ੍ਹਾ ਇਕੱਠੇ ਕਰਕੇ ਸੁਣੀਏ ਤਾਂ ਉਹ ਦਰਦ ਦੀ ਚੀਖ਼ ਨਿਆਗਰਾ ਝਰਨੇ ਦੀ ਗੜਗੜਾਹਟ ਤੋਂ ਵੀ
ਉੱਚੀ ਹੋਵੇਗੀ।
ਚੁੱਪਚਾਪ ਪ੍ਰੇਤ ਵਾਂਗ ਆ ਦਬੋਚਣ ਵਾਲੀ ਭੁੱਖਮਰੀ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ
ਜਿਨ੍ਹਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਰੱਬ ਨੂੰ ਆਪਣੇ ‘ਭੁੱਖੇ ਬੱਚਿਆਂ’
(ਭੁੱਖ ਨਾਲ ਮਰ ਰਹੇ ਲੋਕਾਂ) ਦੀ ਕੋਈ ਪਰਵਾਹ ਹੀ ਨਹੀਂ ਰਹਿ ਗਈ ਲੱਗਦੀ। ਇਸ ਸੱਭ ਕੁਝ ਤੋਂ
ਉੱਪਰ ਭ੍ਰਿਸ਼ਟਤਾ ਅਤੇ ਸਮਾਜ ਵਿਰੋਧੀ ਮੂਲ ਪ੍ਰਵਿਰਤੀਆਂ ਇਨਸਾਨ ਦੀ ਆਤਮਾ ਦੇ ਧੁਰ ਅੰਦਰ
ਤੱਕ ਰਚੀਆਂ ਪਈਆਂ ਹਨ ਅਤੇ ਅਸੀਂ ਹੁਣ ਤੱਕ ਵੀ ਉਨ੍ਹਾਂ ਦਾ ਖਾਤਮਾ ਕਰਨ ਲਈ ਪੂਰਾ ਜ਼ੋਰ ਲਗਾ
ਰਹੇ ਹਾਂ। ਜੇਕਰ ਰੱਬ ਨੇਕੀ ਨੂੰ ਪਿਆਰ ਕਰਦਾ ਹੈ ਤਾਂ ਉਸ ਨੇ ਇਨਸਾਨ ਨੂੰ ਪੂਰਾ ਨੇਕ ਕਿਉਂ
ਨਹੀਂ ਬਣਾਇਆ? ਕਿਉਂ ਉਸ ਨੇ ਨਫਰਤ, ਈਰਖਾ, ਪੇਟੂ-ਪੁਣਾ, ਅਵੈਗਪੂਰਨ ਕਾਮ ਇੱਛਾ, ਆਲਸ,
ਹੰਕਾਰ, ਗੁੱਸਾ, ਲਾਲਚ, ਜ਼ੁਲਮ ਅਤੇ ਨਾ ਝੱਲਿਆ ਜਾ ਸਕਣ ਵਾਲਾ ਕੁਕਰਮਾਂ ਦਾ ਬੋਝ ਇਨਸਾਨ
ਉੱਪਰ ਪਾਇਆ ਹੈ। ਇਨਸਾਨ ਨੂੰ ਸਮਾਜਕ ਸ਼ਾਂਤੀ ਤੱਕ ਪਹੁੰਚਣ ਲਈ ਮਾਰ-ਵੱਢ ਅਤੇ ਕਤਲੋਗਾਰਤ ਦੇ
ਰਾਹ ਉੱਪਰ ਕਿਉਂ ਟੱਕਰਾਂ ਮਾਰ ਮਾਰ ਕੇ ਚੱਲਣਾ ਪੈਂਦਾ ਹੈ? ਉਸ ਨੂੰ ਅਕਸਰ ਰੋਟੀ ਰੋਣਹਾਕਾ
ਹੋ ਕਿ ਹੀ ਕਿਉਂ ਨਸੀਬ ਹੁੰਦੀ ਹੈ? ਇਤਿਹਾਸ ਮੂਰਖਤਾ, ਗੁਲਾਮੀ, ਕਤਲ ਅਤੇ ਝਗੜੇ ਦਾ ਹੀ ਇਕ
ਵਹੀ ਖਾਤਾ ਲੇਖਾ ਜੋਖਾ ਕਿਉਂੁ ਹੈ? ਇਸ ਸੱਚ ਮੁੱਚ ਦੇ ਖੌਫਨਾਕ ਦੁਖਾਂਤ ਨਾਟਕ ਦਾ ਲਿਖਣ
ਵਾਲਾ ਕਦੀ ਵੀ ਬੁੱਧੀਮਾਨ ਅਤੇ ਦਿਆਲੂ ਨਹੀਂ ਹੋ ਸਕਦਾ। ਪਾਰਸੀ ਅਤੇ ਮੈਨੀਚੀਅਨਜ਼ ਇਸ ਬਾਰੇ
ਥੋੜ੍ਹੇ ਜਿ਼ਆਦਾ ਤਰਕਪੂਰਨ ਸਨ ਕਿਉਂਕਿ ਉਨ੍ਹਾਂ ਨੇ ਬੁਰੇ ਕੰਮਾਂ ਦਾ ਜਿ਼ੰਮੇਵਾਰ ਸ਼ੈਤਾਨ
ਨੂੰ ਠਹਿਰਾਇਆ ਅਤੇ ਚੰਗੇ ਕੰਮਾਂ ਦਾ ਜਿ਼ੰਮੇਵਾਰ ਈਸ਼ਵਰ ਨੂੰ। ਸ਼ੈਤਾਨ ਦਾ ਨਾਮ ਇਸਲਾਮੀ
ਅਤੇ ਈਸਾਈ ਧਾਰਮਿਕ ਗ੍ਰੰਥਾਂ ਵਿੱਚ ਵੀ ਆਉਂਦਾ ਹੈ ਪਰ ਉਸ ਦੀ ਹੋਂਦ ਨੂੰ ਸਵੀਕ੍ਰਿਤੀ ਨਹੀਂ
ਦਿੱਤੀ ਗਈ। ਆਸਤਿਕ ਲੋਕਾਂ ਕੋਲ ਇਕ ਤੀਖਣ ਬੁੱਧੀ ਵਾਲੇ ਸਕੂਲ ਦੇ ਵਿਦਿਆਰਥੀ ਦੇ ਮਨ ਵਿੱਚ
ਉੱਠਣ ਵਾਲੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈ -“ਰੱਬ ਸ਼ੈਤਾਨ ਨੂੰ ਖਤਮ ਕਿਉਂ ਨਹੀਂ ਕਰ
ਦਿੰਦਾ?”
ਕੁਝ ਦਾਰਸ਼ਨਿਕ ਜਿਵੇਂ ਪਲੈਟੋ ਅਤੇ ਜੇ. ਐਸ. ਮਿੱਲ ਨੇ ‘ਕੁਝ ਸੀਮਤ ਸ਼ਕਤੀਆਂ ਵਾਲੇ ਰੱਬ’
ਦੀ ਕਲਪਨਾ ਕੀਤੀ ਹੈ। ਜੇ. ਐਸ. ਮਿੱਲ ਨੇ ਲਿਖਿਆ ਹੈ, “ਇਹ ਈਸ਼ਵਰ ਜੋ ਕਿ ਸ਼ਾਇਦ ਸਰਬ
ਸ਼ਕਤੀਮਾਨ ਨਹੀਂ ਹੈ, ਨੇ ਇਕ ਯੰਤਰਾਂ ਦੀ ਮਸ਼ੀਨਰੀ ਤਿਆਰ ਕੀਤੀ ਹੋਵੇ ਜੋ ਕਿ ਸ਼ਾਇਦ ਉਸ ਦੀ
ਇੱਛਾ ਮੁਤਾਬਕ ਨਾ ਬਣ ਸਕੀ ਹੋਵੇ।” ਇਹ ਵਿਚਾਰ ਸਾਨੂੰ ਮੁੜ ਕੇ ਪਾਰਸੀਆਂ ਦੇ ਦਵੈਤਵਾਦ
(ਦੋਹਰੇਪਣ) ਦੇ ਸਿਧਾਂਤ ਵੱਲ ਲੈ ਜਾਂਦਾ ਹੈ। ਸ੍ਰਿਸ਼ਟੀ ਵਿੱਚ ਰੱਬ ਅਤੇ ਸ਼ੈਤਾਨ ਦੇ
ਅਸੂਲਾਂ ਅਤੇ ਤਾਕਤਾਂ ਦੀ ਪਛਾਣ ਕਰਨੀ ਕੋਈ ਜ਼ਰੁਰੀ ਨਹੀਂ। ਸਾਨੂੰ ਨਾ ਤਾਂ ‘ਰੱਬ’ ਦੀ ਤੇ
ਨਾ ਹੀ ‘ਸ਼ੈਤਾਨ’ ਦੀ ਜ਼ਰੂਰਤ ਹੈ। ਆਸਤਿਕ ਲੋਕਾਂ ਨੇ ‘ਸ਼ੈਤਾਨੀ’ ਮੁਸ਼ਕਿਲਾਂ ਦੇ ਜੋ ਵੀ
ਹੱਲ ਲੱਭੇ ਹਨ ਉਹ ਸ਼ਰਾਰਤ ਭਰੇ ਅਤੇ ਗੈਰ-ਤਸੱਲੀਬਖਸ਼ ਹਨ। ਇਸ ਗੱਲ ਉੱਪਰ ਜ਼ੋਰ ਦਿੱਤਾ
ਜਾਂਦਾ ਹੈ ਕਿ ‘ਅੱਧ-ਪਚੱਦੀ ਸ਼ੈਤਾਨੀ ਸਾਰੀ ਸ੍ਰਿਸ਼ਟੀ ਦੀ ਭਲਾਈ ਵਾਸਤੇ ਜ਼ਰੂਰੀ ਹੈ। ਸਾਡੇ
ਪਾਪ ਅਤੇ ਕਸ਼ਟ ਸਾਨੂੰ ਇਕ ਐਸੀ ਉਚਾਈ ਵੱਲ ਲੈ ਜਾਂਦੇ ਹਨ ਜਿਸ ਦਾ ਅੰਤ ਕੇਵਲ ‘ਰੱਬ’ ਨੂੰ
ਹੀ ਮਲੂਮ ਹੈ। ਜਿਸ ਤਰ੍ਹਾਂ ਕਿਸੇ ਵਸਤੂ ਦਾ ਪ੍ਰਛਾਵਾਂ ਜ਼ਰੂਰ ਹੋਣਾ ਚਾਹੀਦਾ ਹੈ, ਉਸੇ
ਤਰ੍ਹਾਂ ਨੇਕੀ ਭ੍ਰਿਸ਼ਟਾਚਾਰ ਤੋਂ ਬਿਨਾਂ ਹੋਣੀ ਸੰਭਵ ਨਹੀਂ ਹੈ। ਜੋ ਦੁੱਖ-ਦਰਦ ਅਸੀਂ
ਝੱਲਦੇ ਹਾਂ ਉਹ ਸਾਡੇ ਪਿਛਲੇ ਕੀਤੇ ਪਾਪਾਂ ਦੀ ਸਜ਼ਾ ਹੈ ਅਤੇ ਭਵਿੱਖ ਵਾਸਤੇ ਚਿਤਾਵਨੀ ਹੈ।
ਇਨ੍ਹਾਂ ਦੁੱਖਾਂ-ਦਰਦਾਂ ਦੀ ਚੋਟ ਸਾਡੀ ਸਹਿਣਸ਼ੀਲਤਾ ਤੇ ਭਗਤੀ ਭਾਵ ਦਾ ਇਮਤਿਹਾਨ ਲੈਣ
ਵਾਸਤੇ ਲਗਾਈ ਜਾਂਦੀ ਹੈ ਅਤੇ ਇਸ ਦਾ ਫਲ ਬਾਅਦ ਵਿੱਚ ਮਿਲਦਾ ਹੈ ਜਿਵੇਂ ਕਿਸੇ ਨੌਕਰੀ ਜਾਂ
ਹੋਰ ਕਿਸੇ ਕੰਮ ਦਾ ਮਿਲਦਾ ਹੈ। ਬੁਰਾਈ ਸਾਡੇ ਚਾਲ-ਚਲਣ ਦੀਆਂ ਕੁਝ ਚੰਗੀਆਂ ਗੱਲਾਂ ਜਿਵੇਂ
ਹੌਂਸਲਾ, ਸਿਰੜ ਅਤੇ ਹਮਦਰਦੀ ਆਦਿ ਬਾਹਰ ਲਿਆਉਂਦੀ ਹੈ। ਦਾਂਤੇ ਨੇ ਕਿਹਾ ਹੈ, “ਨਰਕ,
ਸੰਪੂਰਨ ਪਿਆਰ ਦੀ ਪੈਦਾਵਰ ਹੈ।” ਇਹੋ ਜਿਹੇ ਕਰੂਰਤਾ-ਪੂਰਨ ਪਿਆਰ, ਜੋ ਕਿ ਦੂਸਰਿਆਂ ਨੂੰ
ਕਸ਼ਟ ਦੇ ਕੇ ਮਿਲਦੀ ਖੁਸ਼ੀ ਵਿੱਚੋਂ ਮਿਲਦਾ ਹੈ, ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਬੁਰਾਈ
ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅਸਲੀਅਤ ਵਿੱਚ ਇਸ ਦੀ ਕੋਈ ਹੋਂਦ ਨਹੀਂ ਹੈ ਅਤੇ ਇਹ ਸਿਰਫ
ਭੁਲਾਵਾ (ਛਲਾਵਾ) ਦੇਣ ਵਾਲੀ ਗੱਲ ਹੈ। ਰੌਬਰਟ ਬਰਿਜਜ਼ ਕਹਿੰਦਾ ਹੈ, “ਮੋਹਿਤ ਹੋਈ (ਰੀਝੀ
ਹੋਈ) ਆਤਮਾ ਦੇ ਲਈ ਬੁਰਾਈ ਕੋਈ ਮਹੱਤਤਾ ਨਹੀਂ ਰੱਖਦੀ।” ਇਹੋ ਜਿਹੀ ਖੁਲ੍ਹੇਆਮ ਕੁ-ਤਰਕਤਾ
(ਝੂਠੀ ਦਲੀਲ ਦੇਣ ਦੀ ਕਿਰਿਆ) ਦਾ ਕੋਈ ਅੰਤ ਨਹੀਂ। ਜੇਕਰ ‘ਰੱਬ’ ਆਪਣਾ ਮੰਤਵ ਇਹ ਸੱਭ ਦੁੱਖ
ਤਕਲੀਫਾਂ ਦਿੱਤੇ ਬਗੈਰ ਪੂਰਾ ਕਰ ਸਕਦਾ ਹੈ ਪਰੰਤੂ ਉਸ ਨੇ ਇਹ ਜ਼ੁਲਮ ਵਾਲਾ ਤਰੀਕਾ ਅਪਨਾਉਣਾ
ਪਸੰਦ ਕੀਤਾ ਹੈ ਤਾਂ ਉਹ ਬਹੁਤ ਵੱਡਾ ਅਨਿਆਇ ਕਰਨ ਵਾਲਾ ਰਾਖਸ਼ ਹੈ। ਜੇ ਕਰ ਆਪਣਾ ਮੰਤਵ
ਪੂਰਾ ਕਰਨ ਲਈ ਹੋਰ ਕੋਈ ਵਿਉਂਤ ਨਹੀਂ ਬਣਾ ਸਕਦਾ ਹੈ ਤਾਂ ਉਹ ਸਰਬਸ਼ਕਤੀਮਾਨ ਨਹੀਂ ਹੈ।
ਸਾਨੂੰ ਬੁਰਾਈ ਦਾ ਸਪਸ਼ਟੀਕਰਨ ਦੇਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ? ਇਹ ਬੁਰਾਈ ਵਜੂਦ
ਵਿੱਚ ਹੈ ਹੀ ਕਿਉਂ? ਜੇਕਰ ਕਾਫੀ ਲੰਮੇ ਅਰਸੇ ਤੋਂ ਬਾਅਦ ਇਸ ਦਾ ਖਾਤਮਾ ਹੋ ਹੀ ਜਾਣਾ ਹੈ
ਤਾਂ ਉਸ ਲੰਬੇ ਸਮੇਂ ਦੇ ਦੌਰਾਨ ਜੋ ਦੁੱਖ, ਪੀੜਾ ਹੈ ਉਸ ਸਭ ਕਾਸੇ ਨੂੰ ਆਸਤਕ ਲੋਕ ਕਿਵੇਂ
ਉਚਿਤ (ਜਾਇਜ਼) ਠਹਿਰਾਉਣਗੇ? ਲੈਬਨਿਜ਼ ‘ਰੱਬ’ ਦੀ ਬੜੀ ਘਟੀਆ ਪ੍ਰਸੰਸਾ ਕਰਦਾ ਹੈ ਜੋ ਇਹ
ਕਹਿੰਦਾ ਹੈ ਕਿ ਇਹ ਸੰਸਾਰ ਉਨ੍ਹਾਂ ਸਾਰੇ ਸੰਸਾਰਾਂ ਨਾਲੋ ਚੰਗਾ ਹੈ ਜੋ ਰੱਬ ਲਈ ਪੈਦਾ ਕਰਨੇ
ਮੁਸ਼ਕਿਲ ਸਨ। ਆਸਤਿਕਵਾਦ ਤੁਹਾਡੀ ਤਸੱਲੀ ਨਹੀਂ ਕਰਾਉਂਦਾ ਜਾਂ ਤੁਹਾਨੂੰ ਧਰਵਾਸ ਨਹੀਂ
ਦਿੰਦਾ ਬਲਕਿ ਇਹ ਤਾਂ ਜ਼ਖਮ ਦੇਣ ਦੇ ਨਾਲ ਨਾਲ ਤੁਹਾਡੀ ਬੇਇਜ਼ਤੀ ਵੀ ਕਰਦਾ ਹੈ। ਇਹ ਬੁਰਾਈ
ਨੂੰ ਇਕ ਭੇਸ ਬਦਲ ਕੇ ਆਈ ਹੋਈ ਰਹਿਮਤ ਦੱਸਦਾ ਹੈ ਅਤੇ ਅਜਿਹਾ ਕਰਨ ਨਾਲ ਬੁਰਾਈ ਦੇ ਇਸ
ਦੁਨੀਆ ਤੋਂ ਖਾਤਮੇ ਦੇ ਰਾਹ ਵਿੱਚ ਰੋੜਾ ਅਟਕਾਉਂਦਾ ਹੈ। ਜੇਕਰ ਦੁਨੀਆ ਵਿੱਚ ਅਸਲੀਅਤ ਵਿੱਚ
ਕੋਈ ਬੁਰਾਈ ਹੈ ਹੀ ਨਹੀਂ ਤਾਂ ਅਸੀਂ ਕਿਸ ਚੀਜ਼ ਦੇ ਖਿਲਾਫ ਲੜ ਰਹੇ ਹਾਂ?
ਜੇਕਰ ਕਿਸੇ ਬੀਮਾਰੀ ਦਾ ਫੈਲਣਾ ‘ਸਵਰਗਾਂ’ ਵੱਲੋਂ ਦਿੱਤੀ ਹੋਈ ਸਜ਼ਾ ਕਰਕੇ ਹੀ ਹੈ ਤਾਂ
ਸਾਨੂੰ ਇਸ ਦੀ ਰੋਕਥਾਮ ਕਰਨ ਦੀ ਬਜਾਏ ਇਸ ਨੂੰ ਆਪਣਾ ਦੌਰ ਚਲਾ ਲੈਣ ਦੇਣਾ ਚਾਹੀਦਾ ਹੈ।
ਜੇਕਰ ‘ਰਬ’ ਮਰੇ ਹੋਏ ਬੱਚਿਆਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਤਾਂ ਅਸੀਂ ਕਿਉਂ ਬੱਚਿਆਂ
ਦੀ ਮੌਤ ਦੀ ਦਰ ਘਟਾਉਣ ਦੀ ਕੋਸਿ਼ਸ਼ ਕਰੀਏ? ਐਸਾ ਕਰਨਾ ਨਿਹਾਇਤ ਗਲਤ ਗੱਲ, ਗੁਸਤਾਖੀ ਅਤੇ
ਅਪਵਿੱਤਰਤਾ ਹੋਵੇਗੀ। ਇਸ ਤਰ੍ਹਾਂ ਆਸਤਿਕਵਾਦ ਨੇ ਇਨਸਾਨ ਦੀ ਬੁਰਾਈ ਦੇ ਖਿਲਾਫ ਨਾ ਮੁੱਕਣ
ਵਾਲੀ ਲੜਾਈ ਵਿੱਚ ਇਨਸਾਨ ਦੇ ਹੱਥ ਪੈਰ ਨਕਾਰਾ ਕਰ ਦਿੱਤੇ ਹਨ। ਮੱਧ ਕਾਲ ਵਿੱਚ ਸੰਤਾਂ,
ਮਹਾਤਮਾਵਾਂ ਨੇ ਪਲੇਗ ਦੀ ਫੈਲੀ ਹਰ ਬੀਮਾਰੀ ਨੂੰ ‘ਰੱਬੀ’ ਕੰਮ ਦੱਸਿਆ ਅਤੇ ਲੋਕਾਂ ਨੂੰ
ਪਛਤਾਵਾ ਕਰਨ ਲਈ ਅਤੇ ਭੁੱਲ ਬਖਸ਼ਾਉਣ ਲਈ ਅਰਦਾਸਾਂ ਕਰਨ ਦੀ ਪ੍ਰੇਰਨਾ ਦਿੱਤੀ ਪ੍ਰੰਤੂ
ਉਨ੍ਹਾਂ ਨੂੰ ਸਰੀਰ ਦੀ ਬਾਹਰੀ ਸਫਾਈ ਅਤੇ ਹੋਰ ਬੀਮਾਰੀਆਂ ਰੋਕੂ ਦਵਾਈਆਂ ਦਾ ਕੋਈ ਗਿਆਨ
ਨਹੀਂ ਸੀ। ਆਸਤਿਕਵਾਦ ਹਰ ਗੱਲ ‘ਰੱਬ ਦੀ ਮਰਜ਼ੀ’ ਦੱਸਦਾ ਹੈ ਅਤੇ ਇਸ ਤਰ੍ਹਾਂ ਇਨਸਾਨਾਂ ਨੂੰ
ਬੁਰਾਈ ਦੇ ਜ਼ੋਰ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਕ ਆਸਤਿਕਵਾਦੀ ਨੇ ਕਿਹਾ ਹੈ, ‘ਜੇਕਰ ਰੱਬ
ਦੀ ਹੋਂਦ ਨਹੀਂ ਹੈ ਤਾਂ ਵੀ ਰੱਬ ਦੀ ਕਲਪਨਾ ਕਰਨੀ ਬਹੁਤ ਜ਼ਰੂਰੀ ਹੈ।” ਪਰ ਮੇਰਾ ਖਿਆਲ ਇਹ
ਹੈ ਕਿ ਜੇਕਰ ਰੱਬ ਦੀ ਹੋਂਦ ਹੈ ਵੀ ਤਾਂ ਮਨੁੱਖ ਜਾਤੀ ਦੇ ਹਿੱਤ ਲਈ ਇਹ ਬਹੁਤ ਚੰਗੀ ਗੱਲ
ਹੋਵੇਗੀ ਕਿ ਉਸ ਦੀ ਹੋਂਦ ਤੋਂ ਇਨਕਾਰ ਕੀਤਾ ਜਾਵੇ ਅਤੇ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ।
(6) ਕੁਝ ਵਿਚਾਰਵਾਨ ਸੋਚਦੇ ਹਨ ਕਿ ‘ਰੱਬ’ ਜ਼ਰੂਰ ਹੋਂਦ ਵਿੱਚ ਹੈ ਕਿਉਂਕਿ ਅਗਲੇ ਜਨਮ ਵਿੱਚ
ਜੋ ਚਾਹੇ ਲੌਕਿਕ ਜਾਂ ਅਲੌਕਿਕ ਹੋਵੇ, ਨੇਕੀ ਨੂੰ ਖੁਸ਼ੀ ਦੇ ਰੂਪ ਵਿੱਚ ਇਨਾਮ ਜ਼ਰੂਰ ਮਿਲਣਾ
ਚਾਹੀਦਾ ਹੈ। ਕਾਂਤ ਅਤੇ ਉਦਾਯਨਾ ਨੇ ਇਹ ਵਿਚਾਰ ਪ੍ਰਗਟ ਕੀਤਾ ਹੈ। ਕਾਂਤ ਕਹਿੰਦਾ ਹੈ, “ਉਸੇ
ਹੀ ਨੈਤਿਕ ਸਿਧਾਂਤ ਦੁਆਰਾ ਸਾਨੂੰ ਦੂਸਰੇ ਤੱਤ ਜਿਸ ਨੂੰ ਖੁਸ਼ੀ ਕਹਿੰਦੇ ਹਨ ਦੇ ਹੋਣ ਦੀ
ਸੰਭਾਵਨਾ ਦੀ ਹੋਰ ਪਕਿਆਈ (ਤਾਕੀਦ) ਹੋ ਜਾਣੀ ਚਾਹੀਦੀ ਹੈ। ਇਹ ਖੁਸ਼ੀ ਪੱਖਪਾਤ ਤੋਂ ਬਗੈਰ
ਕਾਰਨਾਂ ਕਰਕੇ ਅਤੇ ਨੈਤਿਕਤਾ ਦੇ ਨਾਲ ਉਸੇ ਹੀ ਅਨੁਪਾਤ ਵਿੱਚ ਹੋਣੀ ਚਾਹੀਦੀ ਹੈ। ਦੂਸਰੇ
ਸ਼ਬਦਾਂ ਵਿੱਚ ਇਸ ਨੂੰ ਰੱਬ ਦੀ ਹੋਂਦ ਦੇ ਸਿਧਾਂਤ ਨੂੰ ਬਗੈਰ ਪ੍ਰਮਾਣ ਦੇ ਹੀ ਮੰਨ ਲੈਣਾ
ਚਾਹੀਦਾ ਹੈ। ਭਾਵ ਸਾਨੂੰ ਇਖਲਾਕੀ ਤੌਰ ‘ਤੇ ਹੀ ਰੱਬ ਦੇ ਹੋਣ ਦੀ ਕਲਪਨਾ ਨੂੰ ਮੰਨ ਲੈਣਾ
ਚਾਹੀਦਾ ਹੈ।” ਉਦਾਯਨਾ ਆਸਤਿਕਵਾਦ ਦਾ ਸਬੰਧ ‘ਪੁਨਰ ਜਨਮ ਅਤੇ ਉਸ ਵਿੱਚ ਮਿਲਣ ਵਾਲੀ ਬੁਰਾਈ
ਦਾ ਬਦਲਾ’ ਦੇ ਭਾਰਤੀ ਸਿਧਾਂਤ ਨਾਲ ਜੋੜਦਾ ਹੈ। ਡਾਕਟਰ ਰਾਧਾ ਕ੍ਰਿਸ਼ਨਨ ਇਸ ਤਰ੍ਹਾਂ
ਵਿਆਖਿਆ ਕਰਦਾ ਹੈ, “ਇਨਸਾਨ ਦੇ ਕੰਮਾਂ ਦਾ ਮਿਲਣ ਵਾਲਾ ਫਲ’ ਬਗੈਰ ਕਿਸੇ ਸਮਝਦਾਰ ਰੂਹਾਨੀਅਤ
ਦੇ ਆਪਣਾ ਅਸਰ ਨਹੀਂ ਦਿਖਾ ਸਕਦਾ। ਰੱਬ ਨੂੰ ਇਨਸਾਨ ਦੇ ਕਰਮਾਂ (ਕੰਮਾਂ) ਦੇ ਮਿਲਣ ਵਾਲੇ ਫਲ
ਦਾ ਨਿਗਰਾਨੀ ਕਰਤਾ ਮੰਨਿਆ ਗਿਆ ਹੈ।”
ਜਿਵੇਂ ਕਿ ਮੈਂ ਪਹਿਲਾਂ ਦੱਸ ਆਇਆ ਹਾਂ ਕਿ ਇਕ ਬੁੱਧੀਮਾਨ ਤਰਕਵਾਦੀ ਨੂੰ ਇਹ ਇਨਾਮਾਂ ਅਤੇ
ਸਜ਼ਾਵਾਂ ਦਾ ਸਾਰਾ ਸਿਧਾਂਤ ਰੱਦ ਕਰ ਦੇਣਾ ਚਾਹੀਦਾ ਹੈ। ਸੋ ਆਪਾਂ ਹੁਣ ਦਿਖਾਵੇ ਦੇ
ਤਰਕਵਾਦੀਆਂ ਤੋਂ ਛੁੱਟੀ ਲੈਂਦੇ ਹਾਂ।
(7) ਰੱਬ ਨੂੰ ਚਾਹੀਦਾ ਹੈ ਕਿ ਸਾਨੂੰ ਨੈਤਿਕ ਚਰਿੱਤਰ ਦਾ ਨਮੂਨਾ ਦਿਖਾਵੇ। ਯਿਸੂ ਮਸੀਹ ਨੇ
ਕਿਹਾ ਸੀ, “ਤੁਸੀਂ ਸੰਪੂਰਨ ਇਨਸਾਨ ਬਣੋ, ਸਵਰਗ ਵਿੱਚ ਤੁਹਾਡਾ ਪਿਤਾ (ਰੱਬ) ਵੀ ਸੰਪੂਰਨ
ਹੈ।” ਜੇ. ਐਸ. ਮਿੱਲ ਨੇ ਵੀ ਸੋਚਿਆ ਸੀ, “ਕਿਸੇ ਵੀ ਕਿਸਮ ਦਾ ਰੱਬ, ਨੈਤਿਕ ਤੌਰ ‘ਤੇ
ਸੰਪੂਰਨ ਪ੍ਰਾਣੀ ਮੰਨਿਆ ਜਾ ਸਕਦਾ ਹੈ।” ਉਸ ਨੇ ਲਿਖਿਆ, “ਉੱਤਮਤਾ ਦੇ ਪਿਆਰ ਨੂੰ ਕਿਸੇ
ਵਿਅਕਤੀ ਦੇ ਰੂਪ ਵਿੱਚ ਕਲਪਨਾ ਕਾਫੀ ਸੰਭਵ ਹੈ ਭਾਵੇਂ ਉਹ ਵਿਅਕਤੀ ਨਿਰੋਲ ਕਲਪਿਤ ਹੋਵੇ।”
ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਰੱਬ ਸਾਨੂੰ ਨੇਕੀ ਕਿਵੇਂ ਸਿਖਾ ਸਕਦਾ ਹੈ? ਕਿਉਂਕਿ
ਰੱਬ ਬਿਲਕੁਲ ਇਕੱਲਾ ਰਹਿੰਦਾ ਹੈ। ਉਸ ਦੇ ਦੁਆਲੇ ਕੋਈ ਵਸਤੂ ਜਾਂ ਕੋਈ ਵੀ ਭੌਤਿਕ ਚੀਜ਼
ਨਹੀਂ ਹੈ, ਇਸ ਲਈ ਉਸ ਦਾ ਵਾਹ ਪੇਟੂਪੁਣੇ, ਆਲਸ, ਚੋਰੀ, ਬਦਕਾਰੀ, ਕਤਲ, ਈਰਖਾ ਤੇ ਹੰਕਾਰ
ਵਰਗੇ ਪਾਪਾਂ ਨਾਲ ਨਹੀਂ ਪੈਂਦਾ ਜਾਂ ਉਸ ਨੂੰ ਆਪ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਪੈਂਦੀ।
ਉਸ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਹੋ ਜਿਹੀਆਂ ਅਣ-ਦੁਨਿਆਵੀ ਹਾਲਤਾਂ ਵਿੱਚ ਰਹਿਣ
ਵਾਲਾ ਸਾਡੇ ਵਾਸਤੇ ਮਿਸਾਲ ਕਿਸ ਤਰ੍ਹਾਂ ਬਣ ਸਕਦਾ ਹੈ? ਈਸਾ ਮਸੀਹ, ਰਾਬੀਆ, ਬੁੱਧ, ਲਊਇਸ
ਮਾਈਕਲ ਤੇ ਹੋਰ ਨੇਕੀ ਦਾ ਰਾਹ ਦਿਖਾਉਣ ਵਾਲੇ ਤਾਂ ਆਪਣੀ ਉਦਾਹਰਣ ਦੇ ਕੇ ਸਾਡਾ ਹੌਂਸਲਾ ਵਧਾ
ਸਕਦੇ ਸਨ ਕਿਉਂਕਿ ਇਹ ਵੀ ਸਾਡੇ ਵਰਗੇ ਇਨਸਾਨ ਸਨ। ਪ੍ਰੰਤੂ ਇਕ ਬਿਲਕੁਲ ਅਧਿਆਤਮਕ ਚੀਜ਼
ਸਾਡੇ ਨੈਤਿਕ ਆਦਰਸ਼ਾਂ ਨੂੰ ਸਾਕਾਰ ਰੂਪ ਨਹੀਂ ਦੇ ਸਕਦੀ। ਕਿਹਾ ਜਾਂਦਾ ਹੈ ਕਿ ਰੱਬ ਸਾਨੂੰ
ਪਿਆਰ ਕਰਦਾ ਹੈ ਅਤੇ ਇਹ ਹੀ ਪਿਆਰ ਸਾਡੇ ਕੰਮ ਦਾ ਮੁੱਖ ਅਸੂਲ ਹੋਣਾ ਚਾਹੀਦਾ ਹੈ। ਪਿਆਰ ਦਾ
ਮਤਲਬ ਸੇਵਾ, ਕੁਰਬਾਨੀ, ਵੰਡ ਕੇ ਖਾਣਾ ਹੰਢਾਉਣਾ, ਸਾਥ ਅਤੇ ਸ਼ਰਧਾ ਆਦਿ ਗੁਣਾਂ ਦਾ ਹੋਣਾ
ਹੈ। ਜੇਕਰ ਤੁਸੀਂ ਆਪਣੇ ਪੜੋਸੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਸ ਦੀ ਖਾਤਰ ਆਪਣਾ ਕੰਮ,
ਧਨ ਤੇ ਸਮਾਂ ਖਰਾਬ ਕਰਨ ਲਈ ਰਜ਼ਾਮੰਦ ਹੁੰਦੇ ਹੋ। ਇਹ ਹੀ ਪਿਆਰ ਦੀ ਪਰਖ ਹੈ। ਪਰ ਰੱਬ ਤਾਂ
ਬੇਅੰਤ ਤਾਕਤਵਰ ਹੈ ਅਤੇ ਸਾਰੇ ਬ੍ਰਹਿਮੰਡ ਦਾ ਮਾਲਕ ਹੈ। ਉਸ ਦੇ ਵਾਸਤੇ ਸਾਨੂੰ ਜੀਵਨ, ਪਾਣੀ
ਜਾਂ ਫੁੱਲ ਆਦਿ ਦੇਣਾ ਕੋਈ ਕੁਰਬਾਨੀ ਵਾਲੀ ਗੱਲ ਨਹੀਂ। ਮਾਨਵ ਜਾਤੀ ਨੂੰ ਇਹ ਸੁਗਾਤਾਂ ਭੇਟਾ
ਕਰਨ ਲਈ ਉਸ ਨੂੰ ਕੋਈ ਆਪਾ ਵਾਰਨ ਦੀ ਜ਼ਰੂਰਤ ਨਹੀਂ ਪੈਂਦੀ। ਸੋ ਇਸ ਕਰਕੇ ‘ਰੱਬ’ ਸਾਨੂੰ
ਕਿਵੇਂ ਦੱਸ ਸਕਦਾ ਹੈ ਕਿ ਮਨੁੱਖੀ ਪਿਆਰ ਕੀ ਹੁੰਦਾ ਹੈ ਜਾਂ ਕੀ ਹੋਣਾ ਚਾਹੀਦਾ ਹੈ? ਮਨੁੱਖ
ਹੀ ਮਨੁੱਖ ਨੂੰ ਪਿਆਰ ਕਰ ਸਕਦਾ ਹੈ। ਇਹ ਹੀ ਸਾਡੀ ਸਿੱਖਿਆ ਹੈ।
(8) ਪਰਾਲੌਕਿਕ (ਆਤਮ ਵਿਦਿਆ ਵਾਦੀਆਂ) ਸੋਚਵਾਨਾਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਤੁਹਾਡੀ
ਤਸੱਲੀ ਕਰਵਾਉਣ ਦੀ ਬਜਾਏ ਜਿ਼ਆਦਾ ਉਤਸੁਕਤਾ ਪੈਦਾ ਕਰਦੀਆਂ ਹਨ। ਬਾਰਕਲੇ ਦਲੀਲ ਦਿੰਦਾ ਹੈ
ਕਿ ਕਿਤੇ ਨਾ ਕਿਤੇ ‘ਰੱਬ’ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਸਭ ਵਸਤੂਆਂ ਇਕ ਉੱਚਤਮ ਅਤੇ
ਅਨੰਤ ਮਨ ਵਿੱਚ ਕੇਵਲ ਖਿਆਲਾਂ ਦੀ ਤਰ੍ਹਾਂ ਹਨ। ਜਿਊਲਿੰਕਸ ਅਤੇ ਮੈਲਬਰੈਂਕ ਸੋਚਦੇ ਹਨ ਕਿ
ਇਕੱਲਾ ‘ਰੱਬ’ ਹੀ ਪਦਾਰਥ ਅਤੇ ਮਨ ਦੀ ਪ੍ਰਸਪਰ ਕਿਰਿਆ ਸ਼ੁਰੂ ਅਤੇ ਕ੍ਰਮਬੱਧ ਤਰੀਕੇ ਨਾਲ
ਚਲਾ ਸਕਦਾ ਹੈ। ਕਜ਼ਨ ਦਾ ਵਿਸ਼ਵਾਸ ਹੈ ਕਿ ‘ਰੱਬ’ ਦੀ ਹੋਂਦ ਖੁਬਸੂਰਤੀ ਦੇ ਅਸੂਲਾਂ ਦਾ
ਰੂਪਮਾਨ ਹੋਣਾ ਹੈ ਅਤੇ ਉਹ ਆਸਤਿਕਵਾਦ ਦਾ ਆਧਾਰ ਸੁਹਜਵਾਦ (ਲਲਿਤ ਕਲਾ ਵਿਗਿਆਨ) ਨੂੰ ਮੰਨਦਾ
ਹੈ।
ਖਿੱਚ ਧੂਹ ਕੇ ਘੜੇ ਇਨ੍ਹਾਂ ਸਿਧਾਂਤਾਂ ਨੂੰ ਤੁਹਾਨੂੰ ਇਕ ਹਲਕੇ ਜਿਹੇ ਮਜ਼ਾਕ ਨਾਲ ਰੱਦ ਕਰ
ਦੇਣਾ ਚਾਹੀਦਾ ਹੈ।
(9) ਆਸਤਿਕਵਾਦ ਸਾਰੇ ਨੈਤਿਕ ਨਿਯਮਾਂ ਦਾ ਆਧਾਰ ਨਹੀਂ ਹੈ ਅਤੇ ਜਿਸ ਤਰ੍ਹਾਂ ਸਾਰੇ ਆਸਤਿਕ
ਲੋਕ ਕਲਪਨਾ ਕਰਦੇ ਹਨ ਉਸ ਤਰ੍ਹਾਂ ਇਸ ਨੂੰ ਸਰਵਲੌਕਿਕ ਤੌਰ ‘ਤੇ ਕਬੂਲ ਨਹੀਂ ਕੀਤਾ ਗਿਆ ਹੈ।
ਜੈਨੀ, ਹਿੰਦੂ, ਬੋਧੀ ਅਤੇ ਕੁਝ ਯੂਨਾਨੀ ਸੋਚਵਾਨ ਇਸ ਸਿਧਾਂਤ ਨੂੰ ਨਹੀਂ ਮੰਨਦੇ ਕਿ ਸਾਰਾ
ਬ੍ਰਹਿਮੰਡ ਇਕ ਸਿਰਜਣਹਾਰ ਨੇ ਪੈਦਾ ਕੀਤਾ ਹੈ। ਬੋਧੀਆਂ ਅਤੇ ਜੈਨੀਆਂ ਨੇ ਸ੍ਰਿਸ਼ਟੀ ਬਣਾਉਣ
ਵਾਲੇ ਦੀ ਹੋਂਦ ਦੀ ਕਲਪਨਾ ਕੀਤੇ ਬਗੈਰ ਹੀ ਨੈਤਿਕ ਨਿਯਮਾਂ ਦੀ ਇਕ ਉੱਤਮ ਪ੍ਰਣਾਲੀ ਤਿਆਰ
ਕੀਤੀ ਹੈ। ਕਨਫਿਊਸ਼ਸ ਦੇ ਚੇਲੇ ਪਹਿਲਾਂ ਤਾਂ ਅਲੌਕਿਕਤਾ (ਦੈਵੀ ਸ਼ਕਤੀ) ਬਾਰੇ ਚੁੱਪ ਹੀ ਸਨ
ਪਰ ਬਾਅਦ ਵਿੱਚ ਇਸ ਦੇ ਸਖਤ ਵਿਰੋਧੀ ਹੋ ਗਏ। ਅਰਸਤੂ ਆਪਣੇ ਮਸ਼ਹੂਰ ਗ੍ਰੰਥ ਵਿੱਚ ਨੈਤਿਕ
ਨਿਯਮਾਂ ਦੀ ਵਿਆਖਿਆ ਬਗੈਰ ਕਿਸੇ ਦੈਵੀ ਹੁਕਮ ਦੀ ਗੱਲ ਕੀਤਿਆਂ ਕਰਦਾ ਹੈ। ਅਸਲ ਵਿੱਚ
ਆਸਤਿਕਵਾਦ ਨੂੰ ਸਦਾਚਾਰੀ ਦੇ ਨਿਯਮਾਂ ਦਾ ਆਧਾਰ ਕੇਵਲ ਮੋਜਿ਼ਜ, ਈਸਾ, ਮੁਹੰਮਦ ਅਤੇ
ਬੈਬਲੋਨੀ ਦੀ ਧਾਰਮਿਕ ਵਿਚਾਰਧਾਰਾ ਵਿੱਚ ਹੀ ਬਣਾਇਆ ਗਿਆ ਹੈ।
(10) ਅੰਤ ਵਿੱਚ, ਕੋਈ ਵੀ ਵਿਅਕਤੀ ਇਕ ਸਰੀਰ, ਸੰਚਾਰ ਦੇ ਅੰਗ ਅਤੇ ਦਿਮਾਗ ਤੋਂ ਬਿਨਾਂ
ਜੀਵਿਤ ਹਾਲਤ ਵਿੱਚ ਨਹੀਂ ਰਹਿ ਸਕਦਾ। ਇਹ ਸੋਚਣਾ ਕਿਤਨੀ ਬੇਹੂਦਾ ਗੱਲ ਹੋਵੇਗੀ ਕਿ ਕੋਈ
ਵਿਅਕਤੀ ਦਿਮਾਗ ਅਤੇ ਤੰਤੂ ਪ੍ਰਣਾਲੀ ਤੋਂ ਬਗੈਰ ਵੀ ਸੋਚਣ ਦੇ ਕਾਬਿਲ ਹੋ ਸਕਦਾ ਹੈ। ਜੇਕਰ
‘ਰੱਬ’ ਸੋਚ ਸਕਦਾ ਹੈ, ਵਿਉਂਤ ਬਣਾ ਸਕਦਾ ਹੈ, ਪਿਆਰ ਕਰ ਸਕਦਾ ਹੈ, ਤਾਂ ਉਸ ਦਾ ਦਿਮਾਗ ਅਤੇ
ਤੰਤੂ ਪ੍ਰਣਾਲੀ ਕਿੱਥੇ ਹਨ? ਅਸੀਂ ਕਿਸੇ ਵੀ ਐਸੇ ਜੀਵਿਤ ਇਨਸਾਨ ਦੀ ਕਲਪਨਾ ਨਹੀਂ ਕਰ ਸਕਦੇ
ਜਿਸ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ ਸਾਡੇ ਵਰਗੀ ਨਾ ਹੋਵੇ। ਇਕ ਅਣਪੜ੍ਹ ਅਵਤਾਰਵਾਦੀ
(ਈਸ਼ਵਰ ਵਿੱਚ ਮਨੁੱਖ ਵਰਗੇ ਗੁਣਾਂ ਨੂੰ ਮੰਨਣ ਦੇ ਸਿਧਾਂਤ ਦਾ ਪੈਰੋਕਾਰ) ਆਸਤਿਕ ਵਿਅਕਤੀ
ਪੁਰਾਣੇ ਹੁਕਮ ਚਲਾਉਣ ਵਾਲੇ ਰਾਜੇ ਵਰਗੇ ‘ਰੱਬ’ ਦੀ ਕਲਪਨਾ ਕਰਦਾ ਹੈ, ਜਿਸ ਤਰ੍ਹਾਂ ਦੀ
ਮਾਈਕਲ ਐਂਜਲੋ ਨੇ ‘ਆਦਮ’ ਦੀ ਪੈਦਾਇਸ਼ ਵਿੱਚ ਕੀਤੀ ਹੈ। ਬੇਸ਼ੱਕ ਉਹ ਗਲਤ ਹਨ ਪਰ ਉਨ੍ਹਾਂ
ਦਾ ਸਿਧਾਂਤ ਇਸ ਅਸੰਭਵ ਅਤੇ ਬੇਮਤਲਬ ਸਿਧਾਂਤ ਤੋਂ ਸਾਫ ਤੇ ਸਮਝ ਆਉਣ ਵਾਲਾ ਹੈ ਜੋ ‘ਰੱਬ’
ਬਾਰੇ ਇਕ ਸੋਚਵਾਨ ਪ੍ਰਾਣੀ, ਬਗੈਰ ਦਿਮਾਗ, ਬਗੈਰ ਢਿੱਡ ਅਤੇ ਜੋ ਕਿ ਸਥਾਈ ਰੂਪ ਵਿੱਚ ਚਿੰਤਨ
ਕਰ ਸਕਦਾ ਹੈ, ਜਿਸ ਦਾ ਅਧਿਆਤਮਕ ਢਾਂਚਾ ਬਹੁਤ ਵੱਡਾ ਹੈ ਤੇ ਜਿਸ ਦੀਆਂ ਹੱਡੀਆਂ ਸ਼ਾਇਦ
ਸ਼ੂਨਯ ਜਾਂ ਈਥਰ ਦੀਆਂ ਬਣੀਆਂ ਹੋਈਆਂ ਹਨ, ਦੇ ਵਜੂਦ ਵਿੱਚ ਹੋਣ ਦੀ ਸਿੱਖਿਆ ਦਿੰਦਾ ਹੈ।
ਆਸਤਿਕਾਂ ਦੀਆਂ ਸਾਰੀਆਂ ਖੁੱਲ੍ਹੀਆਂ ਦਲੀਲਾਂ ਇਸ ਇਕ ਨਿਰਸੰਦੇਹ ਤੱਥ ਜਿਸ ਤੋਂ ਛੁਟਕਾਰਾ
ਨਹੀਂ ਹੋ ਸਕਦਾ, ਦੇ ਸਾਹਮਣੇ ਢਹਿ ਢੇਰੀ ਹੋ ਜਾਂਦੀਆਂ ਹਨ। ਉਹ ਤੱਥ ਹੈ ਕਿ ਮੈਂ ਐਸੇ
ਪ੍ਰਾਣੀ ਦੀ ਕਲਪਨਾ ਕਰਨੀ ਅਸੰਭਵ ਸਮਝਦਾ ਹਾਂ ਜੋ ‘ਧਰਤੀ ਤੋਂ ਲੈ ਕੇ ਆਕਾਸ਼ ਤੱਕ ਗੈਸਾਂ
ਅਤੇ ਤਾਰਾ ਮੰਡਲ ਨਾਲ ਬਣੇ ਚਮਕੀਲੇ ਦ੍ਰਿਸ਼ ਤੋਂ ਵੀ ਪਰ੍ਹੇ ਚੌਫਾਲ ਫੈਲਿਆ ਪਿਆ ਹੈ, ਜੋ ਕਿ
ਕੋਈ ਵੀ ਗੱਲਬਾਤ ਕੰਨਾਂ ਤੋਂ ਬਗੈਰ ਸੁਣ ਸਕਦਾ ਹੈ, ਅੱਖਾਂ ਤੋਂ ਬਗੈਰ ਦੇਖ ਸਕਦਾ ਹੈ, ਰੋਟੀ
ਪਾਣੀ ਤੋਂ ਬਗੈਰ ਕੰਮ ਕਰ ਸਕਦਾ ਹੈ, ਹੱਥਾਂ ਅਤੇ ਸੰਦਾਂ ਤੋਂ ਬਗੈਰ ਚੀਜ਼ਾਂ ਬਣਾ ਸਕਦਾ ਹੈ,
ਸਿਰ ਅਤੇ ਆਪਣੇ ਅੰਦਰਲੇ ਦਿਮਾਗ ਤੋਂ ਬਗੈਰ ਹੀ ਸੋਚ ਅਤੇ ਮਹਿਸੂਸ ਕਰ ਸਕਦਾ ਹੈ।’ ਸੋ ਮੈਂ
ਐਸੇ ਜਿ਼ੰਦਾ ਵਿਅਕਤੀ ਦੀ ਕਲਪਨਾ ਵੀ ਨਹੀਂ ਕਰ ਸਕਦਾ ਤੇ ਮੇਰੇ ਲਈ ਇਹ ਸਾਰੀ ਗੱਲਬਾਤ ਇੱਥੇ
ਹੀ ਖਤਮ ਹੋ ਜਾਂਦੀ ਹੈ। ਮੈਂ ਜਿਤਨੀ ਮਰਜ਼ੀ ਕੋਸਿ਼ਸ਼ ਕਰਾਂ ਪਰ ਉਸ ਨੂੰ ਦ੍ਰਿਸ਼ਟੀਗੋਚਰ
ਨਹੀਂ ਕਰ ਸਕਦਾ। ਮੈਂ ਕੀ ਕਰਾਂ? ਮੇਰਾ ਸਵਾਲ ਹੈ ‘ਉਹ ਕਿੱਥੇ ਹੈ?’ ‘ਉਹ ਕੰਮ ਕਿਵੇਂ ਕਰਦਾ
ਹੈ?’ ‘ਉਹ ਕੁਝ ਮਨੁੱਖੀ ਕੰਮ ਕਿਵੇਂ ਕਰ ਸਕਦਾ ਹੈ ਤੇ ਉਹ ਮਨੁੱਖੀ ਸਰੀਰ ਤੋਂ ਬਿਨਾਂ ਮਨੁੱਖ
ਦੀ ਮਾਨਸਿਕਤਾ ਕਿਵੇਂ ਮਹਿਸੂਸ ਕਰ ਸਕਦਾ ਹੈ?’ ਜੋ ਕੁਝ ਮੇਰੀ ਸਮਝ ਤੋਂ ਬਾਹਰ ਹੈ ਮੈਂ ਉਸ
ਦਾ ਯਕੀਨ ਨਹੀਂ ਕਰ ਸਕਦਾ। ਮੈਨੂੰ ਤਾਂ ਇਹ ਜਿੰਨਾਂ, ਭੂਤਾਂ, ਪ੍ਰੇਤਾਂ ਦੀ ਪਰੀ-ਕਹਾਣੀ
ਲੱਗਦੀ ਹੈ। ਅਸਲ ਵਿੱਚ ਇਹ ਪੁਰਾਣਾ ਕਿੱਸਾ ਕਿ ਰੂਹਾਂ ਸਰੀਰ ਤੋਂ ਬਗੈਰ ਹੀ ਹਰ ਤਰ੍ਹਾਂ ਨਾਲ
ਸਰੀਰ ਵਾਲਿਆਂ ਵਾਂਗ ਹੀ ਕੰਮ ਕਰਦੀਆਂ ਹਨ, ਆਸਤਿਕ ਲੋਕਾਂ ਨੇ ਹੀ ਦੁਨੀਆ ਭਰ ਵਿੱਚ ਵਧਾ
ਚੜ੍ਹਾ ਕੇ ਫੈਲਾਇਆ ਹੈ। ਉਨ੍ਹਾਂ ਦਾ ਰੱਬ ਇਕ ਭੂਤ ਹੈ ਜੋ ਕਿ ਅਤਿ ਬਰੀਕ ਹੋ ਰਹੇ ਸਾਰੇ
ਬ੍ਰਹਿਮੰਡ ਉੱਪਰ ਨਾਲ ਨਾਲ ਫੈਲਿਆ ਪਿਆ ਹੈ। ਬੱਚਿਆਂ ਦਾ ਭੂਤਾਂ ਵਿੱਚ ਯਕੀਨ ਹੁੰਦਾ ਹੈ ਤੇ
ਬਾਲਗ ਜੋ ਬੱਚਿਆਂ ਵਾਲਾ ਦਿਮਾਗ ਰੱਖਦੇ ਹਨ, ‘ਰੱਬ’ ਵਿੱਚ ਯਕੀਨ ਰੱਖਦੇ ਹਨ। ‘ਰੱਬ’ ਸਿਰਫ
ਇਕ ਬੇਮਤਲਬ, ਸ਼ਰਾਰਤ ਭਰਿਆ ਸ਼ਬਦ ਹੈ ਅਤੇ ਇਸ ਤੋਂ ਵੱਧ ਕੁਝ ਵੀ ਨਹੀਂ।
ਆਸਤਿਕਵਾਦ ਦੇ ਹੱਕ ਵਿੱਚ ਜੋ ਗੈਰ-ਅਮਲੀ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਉਹ ਵਾਸਤਵ ਵਿੱਚ
ਬਹੁਤ ਕਮਜ਼ੋਰ ਹਨ ਪਰ ਇਸ ਦੇ ਅਮਲੀ ਅਤੇ ਸਮਾਜਿਕ ਨਤੀਜੇ ਅਤਿਅੰਤ ਬੁਰੇ ਹਨ। ਵਹਿਮ-ਭਰਮ
ਹਮੇਸ਼ਾਂ ਨੁਕਸਾਨਦੇਹ ਹੁੰਦੇ ਹਨ ਅਤੇ ਇਨਸਾਨੀਅਤ ਲਈ ਇਹ ਰੂੜੀਵਾਦੀ ਮੱਤ ਸੱਚਮੁੱਚ ਹੀ
ਤਕਲੀਫਾਂ ਅਤੇ ਅਨਰਥਾਂ ਦਾ ਭਰਿਆ ਹੋਇਆ ਹੈ। ਆਸਤਿਕਵਾਦ ਹੇਠ ਲਿਖੇ ਕਾਰਨਾਂ ਕਰਕੇ ਤਰੱਕੀ ਦੇ
ਰਾਹ ਵਿੱਚ ਰੋੜਾ ਬਣਦਾ ਹੈ ਅਤੇ ਦੁਨੀਆ ਵਿੱਚ ਦੁੱਖ ਫੈਲਾਉਂਦਾ ਹੈ:
(1) ਆਸਤਿਕਵਾਦ ਵਿਗਿਆਨ ਦੀ ਤਰੱਕੀ ਨਾਪਸੰਦ ਕਰਦਾ ਹੈ ਅਤੇ ਉਸ ਦੀ ਵਿਰੋਧਤਾ ਕਰਦਾ ਹੈ।
ਸਾਡਾ ਯਕੀਨ ਹੈ ਕਿ ਵਿਗਿਆਨ ਇਨਸਾਨੀਅਤ ਦਾ ਦੋਸਤ ਹੈ ਅਤੇ ਉਸ ਨੂੰ ਫਾਇਦਾ ਪਹੁੰਚਾਉਂਦਾ ਹੈ।
ਪਰ ਇਕ ਸਦਾਚਾਰੀ ਆਸਤਿਕ, ਵਿਗਿਆਨ ਵੱਲ ਨੂੰ ਤਿਰਛੀ ਨਜ਼ਰ ਨਾਲ ਦੇਖਦਾ ਹੈ। ਉਸ ਦਾ ਝੁਕਾਅ
ਕੁਦਰਤ ਨੂੰ ਗਹੁ ਨਾਲ ਦੇਖਣ ਅਤੇ ਨਵੇਂ ਤਜਰਬੇ ਕਰਨ ਵੱਲ ਨਹੀਂ ਹੁੰਦਾ। ਇਹ ਵਰਤਾਅ
ਹੈਰਾਨੀਜਨਕ ਅਤੇ ਗੈਰ-ਯਥਾਰਥਵਾਦੀ ਪ੍ਰਤੀਤ ਹੋ ਸਕਦਾ ਹੈ ਕਿਉਂਕਿ ਆਸਤਿਕਵਾਦੀ ਇਸ ਗੱਲ ਉੱਪਰ
ਜ਼ੋਰ ਪਾਉਂਦੇ ਹਨ ਕਿ ਕੁਦਰਤ ‘ਰੱਬ’ ਦਾ ਪ੍ਰਚਾਰ ਕਰਦੀ ਹੈ। ਪਰ ਅਸਲੀਅਤ ਇਹ ਹੈ ਕਿ ਕੁਦਰਤ
ਬਾਰੇ ਛੋਟੇ ਤੋਂ ਛੋਟਾ ਵਿਸਥਾਰ ਪੂਰਬਕ ਅਧਿਐਨ ਹਮੇਸ਼ਾਂ ਇਕ ਦਇਆਵਾਨ ਈਸ਼ਵਰ ਅਤੇ ਸਿਰਜਣਹਾਰ
ਵਿੱਚ ਯਕੀਨ ਰੱਖਣ ਦੇ ਫਲਸਫੇ ਦੀ ਨੀਂਹ ਖੋਖਲੀ ਕਰਦਾ ਹੈ। ਵਿਗਿਆਨ ਕੁਦਰਤ ਦੇ ਅਵਿਅਕਤੀਗਤ
ਅਤੇ ਅਡੋਲ ਨਿਯਮਾਂ ਦੇ ਹੋਣ ਉੱਪਰ ਜ਼ੋਰ ਦਿੰਦਾ ਹੈ ਜਦੋਂ ਕਿ ਆਸਤਿਕਵਾਦ ਇਹ ਦਾਅਵਾ ਕਰਦਾ
ਹੈ ਕਿ ਕਦੁਰਤ ਵਿੱਚ ਅਤੇ ਕੁਦਰਤ ਤੋਂ ਉੱਪਰ ਕਿਸੇ ਜੀਵਿਤ ਵਿਅਕਤੀ ਦੇ ਵਿਚਾਰ ਅਤੇ ਮਰਜ਼ੀ
ਕੰਮ ਕਰਦੀ ਹੈ। ਬੇਸਮਝ ਇਨਸਾਨ ਉੱਪਰ ਵੱਲ ਦੇਖਦਾ ਹੈ ਅਤੇ ਸ਼ਰਧਾ ਭਰੇ ਡਰ ਅਤੇ ਨਿਮਰਤਾ ਨਾਲ
ਸੂਰਜ, ਤਾਰੇ ਅਤੇ ਉਨ੍ਹਾਂ ਦੇ ਬਣਾਉਣ ਵਾਲੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ। ਪਰ ਇਕ
ਖਗੋਲ ਵਿਗਿਆਨੀ (ਤਾਰਾ-ਵਿਗਿਆਨੀ) ਜੋ ਆਕਾਸ਼ੀ ਵਸਤੂਆਂ ਦੀ ਹਿੱਲਜੁੱਲ ਨੂੰ ਦਿਨ ਰਾਤ ਧਿਆਨ
ਨਾਲ ਦੇਖਦਾ ਹੈ, ਉਨ੍ਹਾਂ ਨੂੰ ਰੱਬ ਜਾਂ ਦੇਵਤੇ ਦੀ ਤਰ੍ਹਾਂ ਮੰਨਣਾਂ ਜਾਂ ਕਿਸੇ ਅਦਭੁੱਤ
ਪੈਦਾ ਕਰਨ ਵਾਲੇ ਨੂੰ ਮੰਨਣਾ ਬੰਦ ਕਰ ਦਿੰਦਾ ਹੈ। ਉਸ ਦੇ ਵਾਸਤੇ ਉਹ ਸਿਰਫ ਵਿਸ਼ਾਲ ਅੱਗ ਦੇ
ਗੋਲੇ ਹਨ।
ਇਕ ਉਪਰੀ ਨਜ਼ਰ ਨਾਲ ਕੁਦਰਤ ਨੂੰ ਦੇਖਣ ਨਾਲ ਸ਼ਾਇਦ ‘ਰੱਬ’ ਦੀ ਹੋਂਦ ਦਾ ਵਹਿਮ ਹੋਵੇ ਪਰ
ਲਗਾਤਾਰ ਅਤੇ ਧਿਆਨ ਨਾਲ ਅਧਿਐਨ ਕਰਨ ਨਾਲ ਹੌਲੀ ਹੌਲੀ ਹੀ ਸਹੀ ਪਰ ਜ਼ਰੂਰ ਹੀ ਮਨ ਤਰਕਵਾਦੀ
ਬਣ ਜਾਂਦਾ ਹੈ। ਜਦੋਂ ਲੈਪਲੇਸੀ ਨੂੰ ਪੁੱਛਿਆ ਗਿਆ ਕਿ ਉਸ ਨੇ ਆਪਣੀ ਖਗੋਲ-ਵਿਗਿਆਨ ਸੰਬੰਧੀ
ਕੀਤੀ ਕ੍ਰਿਤੀ ਵਿੱਚ ਕਿਧਰੇ ਵੀ ‘ਰੱਬ’ ਦੇ ਨਾਮ ਦਾ ਵਰਨਣ ਨਹੀਂ ਕੀਤੀ ਤਾਂ ਉਸ ਨੇ ਜਵਾਬ
ਦਿੱਤਾ, ‘ਮੈਨੂੰ ਉਸ ਕਲਪਿਤ ਨਿਰਆਧਾਰ ਅਨੁਮਾਨ ਦੀ ਕੋਈ ਜ਼ਰੂਰਤ ਨਹੀਂ ਪਈ।’ ਆਸਤਿਕਵਾਦੀ
ਇਮਾਨਦਾਰੀ ਨਾਲ ਇਹ ਯਕੀਨ ਰੱਖਦੇ ਹਨ ਕਿ ਸਮਾਜਿਕ ਨੈਤਿਕਤਾ ਅਤੇ ਅਧਿਆਤਮਕ ਪ੍ਰਣਾਲੀ ਲਈ ਰੱਬ
ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਖਿਆਲ ਹੈ ਕਿ ਨਾਸਤਿਕ ਇਨਸਾਨ ਇਕ ਨੇਕ
ਇਨਸਾਨ ਨਹੀਂ ਹੋ ਸਕਦਾ। ਸੋ ਉਨ੍ਹਾਂ ਨੂੰ ਸਦਾਚਾਰ ਦੀ ਆਪਣੇ ਵਿਚਾਰਾਂ ਮੁਤਾਬਕ ਪੁਸ਼ਟੀ
ਕਰਨੀ ਪਵੇਗੀ। ਜੇਕਰ ਵਿਗਿਆਨ ਨਾਸਤਿਕ ਲੋਕ ਪੈਦਾ ਕਰਦਾ ਹੈ ਅਤੇ ਨਾਸਤਿਕਵਾਦ ਨੈਤਿਕਤਾ ਨੂੰ
ਨਸ਼ਟ ਕਰਦਾ ਹੈ ਤਾਂ ਆਸਤਿਕ ਲੋਕਾਂ ਦੇ ਵਿਚਾਰ ਮੁਤਾਬਕ ਵਿਗਿਆਨ ਇਕ ਖਤਰਾ ਹੈ ਅਤੇ ਇਸ ਦੀ
ਕੋਈ ਜ਼ਰੂਰਤ ਨਹੀਂ ਹੈ। ਕੁਦਰਤੀ ਤੌਰ ‘ਤੇ ਆਪਣੀ ਸਮਝ ਮੁਤਾਬਕ ਉਹ ਇਸ ਨੇਕੀ ਰਹਿਤ ਵਿਗਿਆਨ
ਨਾਲੋਂ ਵਿਗਿਆਨ ਰਹਿਤ ਨੇਕੀ ਨੂੰ ਚੰਗਾ ਸਮਝਣਗੇ। ਇਸ ਵਿਰਲਾਪਯੋਗ ਗਲਤੀ ਦੀ ਵਜਹ ਨਾਲ ਮੱਧ
ਕਾਲ ਵਿੱਚ ਯੂਰਪ ਅਤੇ ਮੁਸਲਿਮ ਦੇਸ਼ਾਂ ਵਿੱਚ ਵਿਗਿਆਨ ਦੇ ਅਧਿਐਨ ਨੂੰ ਰੋਕ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਅਰਸਤੂ ਦੀਆਂ ਰਚਨਾਵਾਂ ਪੜ੍ਹੀਆਂ ਸਨ ਉਨ੍ਹਾਂ
ਨੇ ਇਨ੍ਹਾਂ ਸਿਖਿਆਵਾਂ ਨੂੰ ਮੰਨ ਲਿਆ ਸੀ ਕਿ ਇਹ ਬ੍ਰਹਿਮੰਡ ਸਦੀਵੀ ਹੈ ਅਤੇ ਕਿਸੇ ਦਾ
ਬਣਾਇਆ ਹੋਇਆ ਨਹੀਂ ਹੈ। ਕੈਥੋਲਿਕ ਚਰਚ ਅਤੇ ਮੁਸਲਿਮ ਰੂੜੀਵਾਦੀਆਂ ਦੋਨਾਂ ਧਰਮਸ਼ਾਸਤਰੀਆਂ
ਜਿਨ੍ਹਾਂ ਦਾ ਅੰਜ਼ੀਲ ‘ਤੇ ਕੁਰਾਨ ਦੀਆਂ ਰੂੜੀਮੱਤਾਂ ਤੇ ਵਿਸ਼ਵਾਸ ਸੀ ਕਿ ਸੰਸਾਰ ‘ਰੱਬ’ ਨੇ
ਬਣਾਇਆ ਹੈ, ਵੱਲੋਂ ਅਰਸਤੂ ਦੀ ਨਿਖੇਧੀ ਕੀਤੀ ਗਈ ਸੀ। ਵਿਗਿਆਨ ਦੇ ਅਧਿਐਨ ਨੇ ਲੋਕਾਂ ਦਾ
ਯਕੀਨ ਕ੍ਰਿਸ਼ਮਿਆਂ ਤੋਂ ਵੀ ਉਠਾ ਦਿੱਤਾ ਜਿਨ੍ਹਾਂ ਦੇ ਹੋਣ ਤੇ ਆਸਤਿਕ ਅਦਾਰੇ ਜ਼ੋਰ ਦਿੰਦੇ
ਸਨ। ਪ੍ਰੋਫੈਸਰ ਮੌਰੀਸ ਵੁਲਫ ਕਹਿੰਦਾ ਹੈ, “ਰੌਜ਼ਰ ਬੇਕਨ ਨੇ ਲਗਾਤਾਰ ਅਤੇ ਬੁਰੀ ਤਰ੍ਹਾਂ
ਆਪਣੇ ਸਮਕਾਲੀ ਤਰਕਵਾਦੀਆਂ ਨੂੰ ਅਸਵੀਕਾਰ ਕੀਤਾ ਅਤੇ ਵਿਗਿਆਨਕ ਖੋਜਾਂ ਵੱਲ ਅਣਗਹਿਲੀ ਵਾਲਾ
ਰਵੱਈਆ ਅਪਣਾਇਆ। ਰੋਮਨ ਕੈਥੋਲਿਕ ਪਾਦਰੀਆਂ ਨੇ ਆਪਣੇ ਆਪ ਨੂੰ ਵਿਗਿਆਨ ਦੀ ਤਰੱਕੀ ਤੋਂ ਅਲੱਗ
ਰੱਖਿਆ।’ ਡਾਕਟਰ ਟੀ ਜੇ ਬੋਇਰ ਲਿਖਦਾ ਹੈ, ‘ਦੁਨੀਆ ਦੇ ਸਦੀਵੀਪਨ ਦਾ ਸਿਧਾਂਤ ਪੇਸ਼ ਕਰਨ ਤੇ
ਅਰਸਤੂ ਨੂੰ ਖਤਰਨਾਕ ਠਹਿਰਾਇਆ ਗਿਆ ਅਤੇ ਇਸ ਵਜਹ ਕਰਕੇ 9ਵੀਂ ਅਤੇ 10ਵੀਂ ਸਦੀ ਦੇ ਮੁਸਲਿਮ
ਧਰਮ-ਸ਼ਾਸਤਰੀਆਂ ਨੇ ਅਰਸਤੂ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ... ਇਕ ਪੱਕੇ ਦਾਰਸ਼ਨਿਕ ਦੀ
ਲਾਇਬ੍ਰੇਰੀ ਨੂੰ ਬਗਦਾਦ ਵਿੱਚ ਅੱਗ ਲਗਾ ਦਿੱਤੀ ਗਈ। ਇਕ ਧਰਮ ਪ੍ਰਚਾਰਕ ਨੇ ਇਬਨ-ਅਲ-ਹਾਥਮ
ਦੀ ਖਗੋਲ ਸੰਬੰਧੀ ਪੁਸਤਕ ਅਗਨੀ ਭੇਂਟ ਕਰ ਦਿੱਤੀ।’
ਸੋ ਇਹ ਗੱਲ ਸਾਫ ਹੈ ਕਿ ਆਸਤਿਕਵਾਦ ਅਤੇ ਵਿਗਿਆਨ ਦੇ ਵਿਚਕਾਰ ਇਕ ਲਗਾਤਾਰ, ਨਾ ਮੁੱਕਣ ਵਾਲਾ
ਅਤੇ ਨਾ ਸੰਧੀ ਹੋ ਸਕਣ ਵਾਲਾ ਵਿਰੋਧ ਹੈ। ਇਨ੍ਹਾਂ ਦੀਆਂ ਸੁਰਾਂ ਦਾ ਮੇਲ ਨਹੀਂ ਹੋ ਸਕਦਾ।
ਆਸਤਿਕਵਾਦੀ ਹਮੇਸ਼ਾਂ ਇਹ ਵਿਸ਼ਵਾਸ ਰੱਖਣਗੇ ਕਿ ਰੱਬ ਵਿੱਚ ਯਕੀਨ ਰੱਖਣ ਤੋਂ ਬਗੈਰ ਨੈਤਿਕਤਾ
ਸੰਭਵ ਨਹੀਂ ਹੈ ਅਤੇ ਉਹ ਵਿਗਿਆਨ ਨੂੰ ਅੱਖੋਂ ਪਰੋਖੇ ਕਰਨਗੇ ਅਤੇ ਇਸ ਨੂੰ ਸਮਾਜ ਵਿਰੋਧੀ
ਤਾਕਤ ਗਰਦਾਨ ਕੇ ਇਸ ਦਾ ਵਿਰੋਧ ਕਰਨਗੇ। ਸੋ ਵਿਗਿਆਨ ਨੂੰ ਆਸਤਿਕਵਾਦ ਦੇ ਵਿਰੁੱਧ ਜੰਗ ਦੀ
ਘੋਸ਼ਣਾ ਕਰ ਦੇਣੀ ਚਾਹੀਦੀ ਹੈ ਅਤੇ ਅੰਤ ਤੱਕ ਇਹ ਲੜਾਈ ਲੜਦੇ ਰਹਿਣਾ ਚਾਹੀਦਾ ਹੈ। ਇਕ ਪਾਸੇ
ਵਿਗਿਆਨ ਮਨੁੱਖਤਾ ਨੂੰ ਜਿੱਤਾਂ ਅਤੇ ਸਫਲਤਾਵਾਂ ਦਿੰਦਾ ਹੈ ਅਤੇ ਦੂਸਰੇ ਪਾਸੇ ‘ਰੱਬ’ ਅਨਘੜਤ
ਅਸ਼ੀਰਵਾਦ, ਬਖਸ਼ਸ਼ਾਂ, ਪ੍ਰਫੁੱਲਤਾਵਾਂ ਅਤੇ ਸ਼ਾਂਤੀ ਦਿੰਦਾ ਹੈ। ਆਸਤਿਕਵਾਦ ਗਰੀਬੀ,
ਮਹਾਂਮਾਰੀ ਅਤੇ ਅਰਦਾਸਾਂ ਨਾਲ ਖੁਸ਼ ਹੁੰਦਾ ਹੈ। ਇਸ ਵਿੱਚੋਂ ਆਪਣੀ ਚੋਣ ਕਰ ਲਉ।
(2) ਆਸਤਿਕਵਾਦ ਇਹ ਮੰਨਦਾ ਹੈ ਕਿ ਕਿਸੇ ਖਾਸ ਧਰਮ ਦੇ ਨਿਯਮ ਅਤੇ ਆਦਰਸ਼ ਦੁਨੀਆ ਦੇ ਹਰ
ਯੁੱਗ ਵਿੱਚ ਹਰ ਕੌਮ ਲਈ ਜਾਰੀ ਕੀਤੇ ਗਏ ਰੱਬੀ ਫਰਮਾਨ ਹਨ ਇਸ ਕਰਕੇ ਉਹ ਸਮਾਜ ਨੂੰ
ਗਤੀਹੀਣਤਾ ਵਿੱਚ ਲੈ ਆਉਂਦਾ ਹੈ ਅਤੇ ਇਸ ਨੂੰ ਗਲਣ ਸੜ੍ਹਨ ਤੇ ਮਜ਼ਬੂਰ ਕਰ ਦਿੰਦਾ ਹੈ। ਇਸ
ਤਰ੍ਹਾਂ ਸੱਤਾ-ਅਧਿਕਾਰ ਆਪਣੇ ਸਭ ਤੋਂ ਘਾਤਿਕ ਤੇ ਕਰੂਰ ਰੂਪ ਵਿੱਚ ਸਮਾਜ ਦੀ ਤਕਦੀਰ ਦਾ
ਨਿਆਂਕਰਤਾ ਦੇ ਤੌਰ ‘ਤੇ ਸਥਾਪਿਤ ਹੁੰਦਾ ਹੈ ਅਤੇ ਖੁੱਲ੍ਹੀ ਆਲੋਚਨਾ ਅਤੇ ਵਿਚਾਰ ਵਟਾਂਦਰਾ
ਹਮੇਸ਼ਾਂ ਲਈ ਬੰਦ ਕਰ ਦਿੱਤੇ ਜਾਂਦੇ ਹਨ।
(3) ਵਿਗਿਆਨ ਮਨੁੱਖਤਾ ਨੂੰ ਜੋ ਲਾਹੇਵੰਦ ਚੀਜ਼ਾਂ ਬਖਸ਼ਦਾ ਹੈ, ਆਸਤਿਕਵਾਦ ਮਨੁੱਖਤਾ ਨੂੰ
ਉਨ੍ਹਾਂ ਲਾਹੇਵੰਦ ਚੀਜ਼ਾਂ ਤੋਂ ਵਾਂਝਿਆ ਕਰ ਦਿੰਦਾ ਹੈ ਅਤੇ ਇਤਿਹਾਸ ਦੇ ਸਿੱਧੇ ਪਾਸੇ ਘੁੰਮ
ਰਹੇ ਪਹੀਏ ਨੂੰ ਰੋਕ ਦਿੰਦਾ ਹੈ। ਕਿਤਨਾ ਅਥਾਹ ਨੁਕਸਾਨ ਹੈ! ਰੱਬ ਅੱਗੇ ਅਰਦਾਸਾਂ ਕਰਨੀਆਂ
ਅਤੇ ਵਿਗਿਆਨ ਨੂੰ ਤੁੱਛ ਸਮਝਣ ਦੀ ਨੀਤੀ ਕਿਤਨੀ ਆਤਮਘਾਤੀ ਨੀਤੀ ਰਹੀ ਹੈ। ਮਨੁੱਖਤਾ ਨੂੂੰ
ਇਸ ਭਾਰੀ ਗਲਤੀ ਦਾ ਬਹੁਤ ਵੱਡਾ ਮੁੱਲ ਚੁਕਾਉਣਾ ਪਵੇਗਾ। ਪਰ ਇਸ ਤੋਂ ਵੀ ਬੁਰੀ ਹੋਰ ਗੱਲ ਹੈ
ਕਿ ਆਸਤਿਕਵਾਦਾ ਸਾਨੂੰ ਨਾ ਸਿਰਫ ਗਿਆਨ, ਸੰਜਮਤਾ, ਮਾਨਸਿਕ ਸੁਆਸਥ ਅਤੇ ਨਵੀਂਆਂ ਖੋਜਾਂ ਤੋਂ
ਹੀ ਵਾਂਝਿਆ ਰੱਖਦਾ ਹੈ ਬਲਕਿ ਇਹ ਇਨਸਾਨਾਂ ਵਿੱਚ ਨਫਰਤ, ਅਸਹਿਮਤੀ, ਵਿਰੋਧ ਅਤੇ ਪਾੜੇ ਨੂੰ
ਪੱਠੇ ਪਾਉਂਦਾ ਹੈ। ਇਹ ਇਕ ਬਹੁਤ ਵੱਡੀ ਸਮਾਜ ਵਿਰੋਧੀ ਤਾਕਤ ਹੈ। ਆਸਤਿਕ ਲੋਕ ਕਹਿੰਦੇ ਹਨ,
‘ਪਿਆਰ ਹੀ ਰੱਬ ਹੈ।’ ਇਹ ਉਨ੍ਹਾਂ ਦਾ ਖਿਆਲ ਹੈ ਪਰ ਅਸਲ ਵਿੱਚ ਆਪਣੇ ਅੰਤਰਵਿਆਪੀ
(ਸੁਭਾਵਿਕ) ਤਰਕ ਸਦਕਾ ਇਸ ਨੇ ਜ਼ੁਲਮ ਅਤੇ ਮਾਰ-ਵੱਢ ਹੀ ਪੈਦਾ ਕੀਤੀ ਹੈ ਅਤੇ ਕਰਦਾ ਰਹੇਗਾ।
ਆਸਤਿਕਵਾਦ ਅਦਾਰੇ ਬਹੁਤ ਹੀ ਅਸਹਿਣਸ਼ੀਲ ਅਤੇ ਜਨੂੰਨੀ ਹਨ। ਉਹ ਨਿਵੇਕਲੀ ਮੁਕਤੀ ਦਾ ਸਿਧਾਂਤ
ਪੜ੍ਹਾਉਂਦੇ ਹਨ। ਇਨ੍ਹਾਂ ਦੇ ਧੋਖੇ ਦਾ ਸਿ਼ਕਾਰ ਹੋਏ ਲੋਕ ਇਹ ਵਿਸ਼ਵਾਸ ਰੱਖਦੇ ਹਨ ਕਿ ਬਾਕੀ
ਦੇ ਸਭ ਧਰਮਾਂ ਦੇ ਸ਼ਰਧਾਲੂਆਂ ਨੂੰ ਸਰਾਪ ਦਿੱਤਾ ਜਾਵੇਗਾ। ਉਹ ਨੈਤਿਕਤਾ ਦੇ ਦੋ ਕਿਸਮਾਂ ਦੇ
ਨਿਯਮਾਂ ਦਾ ਸਮਰਥਨ ਕਰਦੇ ਹਨ। ਇਕ ਕਿਸਮ ਦੇ ਨਿਯਮ ਉਹ ਆਪਣੇ ਲਈ ਅਪਣਾਉਂਦੇ ਹਨ ਅਤੇ ਦੂਸਰੀ
ਕਿਸਮ ਦੇ ਨਿਯਮ ਉਹ ਧਰਮ ਦੇ ਬਾਗੀਆਂ ਨਾਲ ਵਰਤਣ ਵੇਲੇ ਅਪਣਾਉਂਦੇ ਹਨ। ਉਨ੍ਹਾਂ ਦਾ ਵਿਸ਼ਵਾਸ
ਹੈ ਕਿ ਇਕ ਆਸਤਿਕ ਬੰਦਾ ਬਗੈਰ ਕਿਸੇ ਗੁਨਾਹ ਦਾ ਅਹਿਸਾਸ ਕੀਤੇ, ਧਰਮ ਤੋਂ ਬਾਗੀ ਬੰਦੇ ਨੂੰ
ਧੋਖਾ ਦੇ ਸਕਦਾ ਹੈ ਜਾਂ ਕਤਲ ਕਰ ਸਕਦਾ ਹੈ। ਸਾਰੀ -ਮਨੁੱਖ ਜਾਤੀ ਦੋ ਹਿੱਸਿਆਂ ਵਿੱਚ ਵੰਡੀ
ਹੋਈ ਹੈ। ਇਕ ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਹਨ, ਦੂਸਰੇ ਜੋ ਰੱਬ ਵਿੱਚ ਵਿਸ਼ਵਾਸ ਨਹੀਂ
ਰੱਖਦੇ। ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਮਰਨ ਤੋਂ ਬਾਅਦ ਸਵਰਗ ਵਿੱਚ ਇਕੱਠੇ
ਹੋਣਗੇ ਤੇ ਜਿਹੜੇ ਰੱਬ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹ ਮਰਨ ਤੋਂ ਬਾਅਦ ਨਰਕ ਦਾ ਸੰਤਾਪ
ਭੋਗਣਗੇ। ਜੇਕਰ ਜਨਮ ਤੋਂ ਤੁਹਾਨੂੰ ਇਹ ਸਿੱਖਿਆ ਮਿਲੀ ਹੈ ਤਾਂ ਤੁਹਾਨੂੰ ਇਸ ਸਮਾਜ ਵਿਰੋਧੀ
ਰੂੜੀਵਾਦ ਦਾ ਖੰਡਨ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਇਹ
ਰੂੜੀਵਾਦ, ਜੋ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਵਿੱਚ ਨਫਰਤ ਅਤੇ ਤੰਗਦਿਲੀ ਫੈਲਾਉਂਦਾ ਹੈ।
ਗੌਤਮ ਬੁੱਧ ਦੀ ਆਤਮ-ਕਥਾ ਪੜ੍ਹੋ ਕਿ ਉਸ ਨੇ ਦੂਸਰੇ ਧਰਮਾਂ ਦੇ ਆਗੂਆਂ ਅਤੇ ਸ਼ਰਧਾਲੂਆਂ ਨਾਲ
ਕਿਸ ਤਰ੍ਹਾਂ ਵਰਤਾਅ ਕੀਤਾ। ਅਸ਼ੋਕ ਦੇ ਫਰਮਾਨ ਪੜ੍ਹੋ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ
ਗ੍ਰਹਿਣ ਕਰੋ। ਬੁੱਧਇਜ਼ਮ ਅਤੇ ਹਿੰਦੁਸਤਾਨ ਦਾ ਸਾਹਿਤ ਅਤੇ ਇਤਿਹਾਸ, ਇਸਲਾਮ ਅਤੇ
ਕ੍ਰਿਸਚੀਐਨਟੀ ਵਿੱਚ ਰਸੀ ਹੋਈ ਤੇ ਨਾ ਖਤਮ ਹੋਣ ਵਾਲੀ ਜ਼ਹਿਰ ਦਾ ਇਕ ਵਧੀਆ ਜ਼ਹਿਰਮਾਰ ਹੈ।
ਆਸਤਿਕਵਾਦ ਨੇ ਕਿਤਨੇ ਹੀ ਯੁੱਧਾਂ ਅਤੇ ਅਤਿਆਚਾਰਾਂ ਨੂੰ ਭੜਕਾਇਆ ਹੈ। ਵੱਖਰੇ ਵੱਖਰੇ
ਧਾਰਮਿਕ ਅਦਾਰਿਆਂ ਨੇ ਇਨਸਾਨੀਅਤ ਨਾਮ ਦਾ ਅਣਸੀਤਾ ਕੱਪੜਾ (ਜਾਮਾ) ਕਿਤਨੇ ਹੀ ਲਗਾਰਾਂ ਵਿੱਚ
ਪਾੜ੍ਹ ਦਿੱਤਾ ਹੈ ਅਤੇ ਵਹਿਮਾਂ ਭਰਮਾਂ ਨਾਲ ਮਨੁੱਖਜਾਤੀ ਵਿੱਚ ਵੰਡਾਂ ਪਾ ਦਿੱਤੀਆਂ ਹਨ। ਕਈ
ਦੇਵੀ ਦੇਵਤਿਆਂ ਵਿੱਚ ਯਕੀਨ ਰੱਖਣ ਨਾਲ ਇਨਸਾਨ ਅਕਸਰ ਇਕ ਦੂਸਰੇ ਪ੍ਰਤੀ ਜ਼ਾਲਮ ਬਣ ਜਾਂਦੇ
ਹਨ। ਇਕ ਦੇਵੀ ਜਾਂ ਦੇਵਤੇ ਦੇ ਉਪਾਸ਼ਕ ਕਿਸੇ ਦੂਸਰੀ ਦੇਵੀ ਜਾਂ ਦੇਵਤੇ ਦੇ ਉਪਾਸ਼ਕਾਂ
ਵੱਲੋਂ ਸ਼ਰੀਕ ਜਾਂ ਦੁਸ਼ਮਣ ਮੰਨੇ ਜਾਂਦੇ ਹਨ। ਕਈ ਕਬੀਲਿਆਂ ਦੇ ਦੇਵਤੇ ਜਿਵੇਂ ਯਾਹਵਾ,
ਬਾਲ, ਇੰਦਰ, ਥੋਰ ਆਦਿ ਯੁੱਧ ਦਾ ਝੰਡਾਂ ਮੰਨੇ ਜਾਂਦੇ ਸਨ। ਪਰ ਪੁਰਾਣਾ ਬਹੁ-ਈਸ਼ਰਵਾਦ ਜਦੋਂ
ਆਪਣੇ ਅੰਤ ਉੱਪਰ ਵੀ ਸੀ ਤਦ ਵੀ ਉਸ ਨੇ ਇਤਨੇ ਮੱਤਭੇਦ ਤੇ ਅਤਿਆਚਾਰ ਉਤਪੰਨ ਨਹੀਂ ਕੀਤੇ
ਜਿਤਨੇ ਅਜੋਕੇ ਅਤੇ ਮੱਧਕਾਲ ਦੇ ਇਕ-ਈਸ਼ਵਰਵਾਦ ਨੇ ਕੀਤੇ ਹਨ। ਇਕ ਈਸ਼ਵਰਵਾਦ ਅਟਿੱਲਾ ਦੀ
ਤਰ੍ਹਾਂ ਮਨੁੱਖ ਲਈ ਸੱਚਮੁੱਚ ਹੀ ਇਕ ਚਾਬੁਕ ਹੈ। ਇਹ ਉਹ ਮਨਹੂਸ ਦਰੱਖਤ ਹੈ ਜਿਸ ਦੀ ਜਿੱਥੇ
ਜਿੱਥੇ ਵੀ ਛਾਂ ਹੋਈ ਹੈ ਉੱਥੇ ਉੱਥੇ ਸ਼ਾਂਤੀ ਅਤੇ ਮਿੱਤਰਤਾ ਦਾ ਨਾਸ ਹੋਇਆ ਹੈ। ਜੇਕਰ ਸਾਰੇ
ਪੁਰਾਣੇ ਦੇਵਤੇ ਇਕ ਜਗ੍ਹਾ ਇਕੱਠੇ ਕਰਕੇ ਇਕ ਸਰਬਸ਼ਕਤੀਮਾਨ ਤੇ ਸਰਬਸ੍ਰੇਸ਼ਟ ਦੇਵਤਾ ਬਣਾ
ਦਿੱਤਾ ਜਾਵੇ ਤਾਂ ਸਭ ਪੁਰਾਣੇ ਸੰਪਰਦਾਇਆਂ ਵਿੱਚ ਅਸਹਿਣਸ਼ੀਲਤਾ ਅਤੇ ਜੰਗਲੀਪਣ ਹਜ਼ਾਰਾਂ
ਲੱਖਾਂ ਗੁਣਾਂ ਵੱਧ ਜਾਵੇਗਾ। ਫਿਰ ਯਹੂਦੀਆਂ, ਮੁਸਲਮਾਨਾਂ ਅਤੇ ਈਸਾਈਆਂ ਦੇ ਬੇਤਰਤੀਬੇ,
ਬੌਂਦਲੇ ਹੋਏ, ਅਨਪੜ੍ਹ ਅਵਤਾਰਾਂ ਅਤੇ ਧਰਮਸ਼ਾਸਤਰੀਆਂ ਦੇ ਮਨਾਂ ਵਿੱਚ ‘ਇਕ ਅਤੇ ਸਿਰਫ ਇਕ
ਹੀ ਰੱਬ’ ਦਾ ਵਿਚਾਰ ਪ੍ਰਗਟ ਹੋਵੇਗਾ। ਇਹ ‘ਰੱਬ’ ਕੁਦਰਤ ਬਾਰੇ ਅਗਿਆਨਤਾ ਅਤੇ ਰਾਜਨੀਤਕ
ਧੱਕੇਸ਼ਾਹੀ ਦੇ ਮੇਲ ਤੋਂ ਬਣਿਆ ਹੋਇਆ ਇਕ ਕਰੂਪ ਰਾਖਸ਼ ਹੈ। ਇਹ ਸੀਰੀਆ, ਬੈਬਲੋਨੀਆ ਅਤੇ
ਈਰਾਨ ਦੇ ਸਨਕੀ ਤੇ ਜਾਬਰ ਹੁਕਮਰਾਨਾਂ ਦਾ ਵਿਸਤ੍ਰਿਤ (ਵਿਸ਼ਾਲ ਕੀਤਾ ਗਿਆ) ਰੂਪ ਹੈ। ਇਹ
‘ਰੱਬ’ ਸਭ ਕਾਨੂੰਨਾਂ ਅਤੇ ਨੈਤਿਕਤਾਵਾਂ ਤੋਂ ਉੱਤਮ ਹੋਣਾ ਚਾਹੀਦਾ ਹੈ: ਇਹ ਧੱਕੇਸ਼ਾਹ,
ਨਿਰਦਈ, ਹੈਂਸਿਆਰਾ, ਸਿਰਜਣਹਾਰ ਅਤੇ ਮੇਸਣਹਾਰ ਹੈ। ਇਹ ਕਿਸੇ ਬੇਲਗਾਮ ਮਨੁੱਖੀ ਤਾਕਤ ਦਾ
ਦੈਵੀਕਰਨ ਕੀਤੀ ਗਿਆ ਰੂਪ ਹੈ। ਉਹ ਵਾਸਤਵ ਵਿੱਚ ਦਇਆਵਾਨ ਅਤੇ ਰਹਿਮ ਦਿਲ ਹੋਣਾ ਚਾਹੀਦਾ ਹੈ
ਪਰ ਉਸ ਦੀ ਦਇਆ ਅਤੇ ਰਹਿਮਦਿਲੀ ਭੁਚਾਲਾਂ, ਤੂਫਾਨਾਂ ਅਤੇ ਮਹਾਂਮਾਰੀਆਂ ਤੋਂ ਪ੍ਰਗਟ ਹੁੰਦੀ
ਹੈ ਜੋ ਕਿ ਭੁੱਖੇ ਜੰਗਲੀ ਜਾਨਵਰਾਂ ਦੇ ਜ਼ੁਲਮਾਂ ਤੋਂ ਵੀ ਵੱਧ ਭਿਅੰਕਰ ਹੈ।
ਆਕਾਸ਼ ਵਿੱਚ ਇਕ ਧੱਕੇਸ਼ਾਹ ਤਾਕਤ ਮੌਜੂਦ ਹੋਣ ਦੇ ਖਿਆਲ ਨੇ ਇਕ ਈਸ਼ਵਰਵਾਦੀ ਅਦਾਰਿਆਂ ਅਤੇ
ਫਿਰਕਿਆਂ ਵਿੱਚ ਡੂੰਘੀ ਅਤੇ ਨਾ ਘੱਟ ਸਕਣ ਵਾਲੀ ਅਸਹਿਣਸ਼ੀਲਤਾ ਪੈਦਾ ਕਰ ਦਿੱਤੀ ਹੈ।
ਇਨ੍ਹਾਂ ਬਹਿਕੇ ਹੋਏ ਸ਼ਰਧਾਲੂਆਂ ਦਾ ਸਦਕਾ ਕਿਤਨੀ ਵਾਰੀ ਲਹੂ ਨਾਲ ਗੜੁੱਚ ਹੋ ਚੁੱਕੀ ਹੈ।
ਇਨ੍ਹਾਂ ਬਹੁ-ਈਸ਼ਵਰਵਾਦੀਆਂ, ਜੋ ਸਬੱਬੀ ਤੌਰ ‘ਤੇ ਇਕ ਨਵੇਂ ਸਰਬ ਸ੍ਰੁੇਸ਼ਟ ਰੱਬ ਦੀ ਬਜਾਏ
ਅਣਗਿਣਤ ਪੁਰਾਣੇ ਦੇਵਤਿਆਂ ਵਿੱਚ ਵਿਸ਼ਵਾਸ ਰੱਖਦੇ ਹਨ, ਨੂੰ ਸਾਰੇ ਆਸਤਿਕਵਾਦੀ ਲੋਕ ਨਫਰਤ
ਕਰਦੇ ਹਨ ਅਤੇ ਨੀਵਾਂ ਦਿਖਾਉਂਦੇ ਹਨ। ਇਸਲਾਮੀ ਲੋਕਾਂ, ਜੋ ਇਕ ਰੱਬ ਵਿੱਚ ਵਿਸ਼ਵਾਸ ਰੱਖਦੇ
ਹਨ, ਨੇ ਈਰਾਨ, ਭਾਰਤ ਅਤੇ ਚੀਨ ਵਿੱਚ ਬਹੁ-ਈਸ਼ਵਰਵਾਦੀਆਂ ਅਤੇ ਕਾਫਰਾਂ ਨੂੰ ਅੱਲ੍ਹਾ ਦੇ
ਨਾਮ ‘ਤੇ ਬੜੇ ਗੌਰਵ ਨਾਲ ਲੁੱਟਿਆ ਅਤੇ ਕਤਲ ਕੀਤਾ ਹੈ। ਉਹਨਾਂ ਅਨੁਸਾਰ ਇਕ ਪੱਕੇ
ਈਸ਼ਵਰਵਾਦੀ ਨੂੰ ਇਕ ਸਰਬ-ਈਸ਼ਵਰਵਾਦੀ ਜਾਂ ਇਕ ਨਾਸਤਕ ਜੋ ਕਿਸੇ ਵੀ ਰੱਬ ਵਿੱਚ ਵਿਸ਼ਵਾਸ
ਨਹੀਂ ਰੱਖਦਾ, ਨੂੰ ਜ਼ਰੂਰ ਕੁੱਟਣਾ ਅਤੇ ਮਾਰਨਾ ਚਾਹੀਦਾ ਹੈ। ਕੁਰਾਨ ਵਿੱਚ ਲਿਖਿਆ ਹੈ, ‘ਹੇ
ਰੱਬ ਦੇ ਸੱਚੇ ਸ਼ਰਧਾਲੂਓ! ਤੁਹਾਡੇ ਆਲੇ ਦੁਆਲੇ ਜੋ ਵੀ ਕੋਈ ਆਪਣੇ ਧਰਮ ਤੋਂ ਬਾਗੀ ਨਜ਼ਰ
ਆਉਂਦਾ ਹੈ, ਉਸ ਨਾਲ ਲੜੋ ਅਤੇ ਅਤਿ ਸਖਤੀ ਨਾਲ ਪੇਸ਼ ਆਉ। ਜੇਕਰ ਤੁਸੀਂ ਗਿਣਤੀ ਵਿੱਚ ਇਕ
ਹਜ਼ਾਰ ਹੋ ਤਾਂ ਰੱਬ ਦੀ ਕ੍ਰਿਪਾ ਦਾ ਸਦਕਾ ਤੁਸੀਂ ਦੋ ਹਜ਼ਾਰ ਬਾਗੀਆਂ ਉੱਪਰ ਕਾਬੂ ਪਾ ਸਕਦੇ
ਹੋ, ਕਿਉਂਕਿ ‘ਰੱਬ’ ਹਮੇਸ਼ਾਂ ਉਨ੍ਹਾਂ ਦੇ ਨਾਲ ਰਹਿੰਦਾ ਹੈ ਜੋ ਇਸ ਨੂੰ ਸਹੀ ਸਲਾਮਤ ਮੰਨਦੇ
ਹਨ।’
ਜੋ ਲੋਕ ਇਨ੍ਹਾਂ ਇਕ ਈਸ਼ਵਰਵਾਦ ਦੇ ਵਹਿਮਾਂ ਭਰਮਾਂ ਨੂੰ ਮੰਨਣ ਵਾਲੇ ਕਮਲੇ ਲੋਕਾਂ ਦੇ
ਅਡਿੱਠ, ਮਨਘੜਤ, ਜੜ੍ਹ-ਪੂਜਾ, ਜਾਦੂ ਟੂਣੇ ਆਦਿ ਦੇ ਸਾਹਮਣੇ ਸਿਰ ਨਹੀਂ ਝੁਕਾਉਂਦੇ ਇਹ
ਉਨ੍ਹਾਂ ਦੇ ਖਿਲਾਫ ਨਫਰਤ ਅਤੇ ਜੰਗਲੀਪਣ ਨਾਲ ਅੱਗ ਬਗੂਲਾ ਹੋ ਜਾਂਦੇ ਹਨ। ਇਸ ਤੋਂ ਭੈੜੀ ਇਕ
ਹੋਰ ਗੱਲ ਹੈ ਕਿ ਇਹ ਪਵਿੱਤਰ ਇਕ ਈਸ਼ਵਰਵਾਦੀਏ ਬਹੁ-ਈਸ਼ਵਰਵਾਦੀਆਂ, ਸਰਬ ਈਸ਼ਵਰਵਾਦੀਆਂ ਅਤੇ
ਨਾਸਤਿਕਾਂ ਨਾਲ ਲੜ ਲੈਣ ਤੋਂ ਬਾਅਦ ਆਪਣੇ ਆਪਣੇ ਰੱਬ ਦੀ ਮਹਿਮਾਂ ਦੇ ਉਤਸ਼ਾਹ ਨਾਲ ਆਪਸ
ਵਿੱਚ ਇਕ ਦੂਸਰੇ ਨਾਲ ਲੜਦੇ ਹਨ। ਮੁਸਲਿਮ ਲੋਕ ਸੋਚਦੇ ਹਨ ਕਿ ਈਸਾਈ ਲੋਕ ਠੀਕ ਤਰੀਕੇ ਨਾਲ
ਰੱਬ ਦੀ ਪੂਜਾ ਨਹੀਂ ਕਰਦੇ ਅਤੇ ਈਸਾਈ ਲੋਕਾਂ ਦਾ ਯਕੀਨ ਹੈ ਕਿ ਮੁਸਲਮਾਨਾਂ ਦਾ ਰੱਬ
ਪੂਜਣਯੋਗ ਨਹੀਂ ਹੈ। ਇਸ ਤਰ੍ਹਾਂ ਇਨ੍ਹਾਂ ਦੋਨਾ ਫਿਰਕਿਆਂ ਵਿਚਕਾਰ ਇਕ ਸਥਾਈ ਤੌਰ ‘ਤੇ ਰਹਿਣ
ਵਾਲਾ ਹਿੰਸਕ ਬਖੇੜਾ ਪਿਆ ਹੋਇਆ ਹੈ। ‘ਇਕ ਸਾਡਾ ਰੱਬ ਹੀ ਰੱਬ ਹੈ ਕੋਈ ਹੋਰ ਨਹੀਂ’ ਦਾ
ਸਿਧਾਂਤ ਲਾਜ਼ਮੀ ਤੌਰ ‘ਤੇ ਅਸਹਿਣਸ਼ੀਲਤਾ ਪੈਦਾ ਕਰਦਾ ਹੈ ਕਿਉਂਕਿ ਇਸ ਸਿਧਾਂਤ ਦਾ ਮਤਲਬ ਹੈ
ਕਿ ਆਕਾਸ਼ਬਾਣੀ (ਇਲਹਾਮ) ਦਾ ਇਕੋ ਹੀ ਗ੍ਰੰਥ ਹੋਣਾ ਚਾਹੀਦਾ ਹੈ ਅਤੇ ਇਕੋ ਇਕ ਹੀ
ਮਨਜ਼ੂਰਸ਼ੁਦਾ ਅਵਤਾਰ ਹੋਣਾ ਚਾਹੀਦਾ ਹੈ ਜੋ ਕਿ ਲਗਾਤਾਰ ਅਣਡਿੱਠੇ ‘ਰੱਬ’ ਨਾਲ ਤਾਲਮੇਲ ਬਣਾ
ਕੇ ਰੱਖਦਾ ਹੈ। ਜੇਕਰ ਕੋਈ ਹੋਰ ਆਦਮੀ ਆਪਣੇ ਆਪ ਨੂੰ ਰੱਬੀ ਅਵਤਾਰ ਅਖਵਾਉਂਦਾ ਹੈ ਤਾਂ ਉਹ
ਜ਼ਰੂਰ ਪੱਕਾ ਪਖੰਡੀ ਹੈ ਕਿਉਂਕਿ ਰੱਬ ਇਕ ਵਕਤ ਉੱਪਰ ਸਿਰਫ ਇਕ ਹੀ ਦੂਤ ਭੇਜ ਸਕਦਾ ਹੈ
ਕਿਉਂਕਿ ਇਹ ਸਾਰਾ ਸਿਲਸਿਲਾ ਹੀ ਸਿੱਧੀ ਰੱਬੀ ਬਾਣੀ (ਆਕਾਸ਼ਬਾਣੀ) ਉੱਪਰ ਆਧਾਰਿਤ ਹੈ ਨਾ ਕਿ
ਮਨੁੱਖੀ ਜ਼ਮੀਰ ਜਾਂ ਮਨੁੱਖੀ ਦਲੀਲ ਉੱਪਰ। ਇਸ ਲਈ ਹਰ ਕਿਸੇ ਨੂੰ ਹਰ ਮੌਕੇ, ਹਰ ਗੱਲਬਾਤ
ਵਿੱਚ ਇਸ ਅਲਹਿਦਾ ਰੱਬੀ ਬਾਣੀ ਨੂੰ ਹੀ ਮਨਜ਼ੂਰਸ਼ੁਦਾ ਸਿੱਖਿਆ ਮੰਨਣਾ ਚਾਹੀਦਾ ਹੈ ਅਤੇ ਹਰ
ਮੌਕੇ ‘ਤੇ ਹਰ ਗੱਲਬਾਤ ਵਿੱਚ ਰੱਬੀ ਅਵਤਾਰ ਦੀਆਂ ਅਗੰਮੀ ਗੱਲਾਂ ਵਿੱਚ ਅੰਨਾ ਵਿਸ਼ਵਾਸ ਰੱਖ
ਕੇ ਚੱਲਣਾ ਚਾਹੀਦਾ ਹੈ। ਇਸ ਵੇਲੇ ਕਿਤਨੇ ਹੀ ਰੱਬੀ ਅਵਤਾਰ ਇਕ ਦੂਸਰੇ ਵਿਰੋਧੀ
ਆਕਾਸ਼ਬਾਣੀਆਂ ਲੈ ਕੇ ਮੁਕਾਬਲੇ ਵਿੱਚ ਨਿਤਰੇ ਹੋਏ ਹਨ ਜਿਵੇਂ ਮੂਸਾ, ਯਿਸੂ, ਮਹੁੰਮਦ, ਬਾਗ
ਉਲਾਹ ਅਤੇ ਇਨ੍ਹਾਂ ਤੋਂ ਕੁੱਝ ਕੁ ਘੱਟ ਰਸੂਖ ਵਾਲੇ ਜਿਵੇਂ ਮਾਰਵ ਬੇਕਰ ਐਡੀ, ਜੋਸਫ ਸਮਿੱਥ,
ਫਰੇਟਾਗ ਅਤੇ ਹੋਰ ਇਨ੍ਹਾਂ ਤੋਂ ਘੱਟ ਰਸੂਖ ਵਾਲੇ ਆਦਿ। ਇਨ੍ਹਾਂ ਫਿਰਕਿਆਂ ਦੇ ਪਾਦਰੀਆਂ,
ਪ੍ਰੋਹਿਤਾਂ, ਮੁਲਾਣਿਆਂ ਆਦਿ ਨੂੰ ਆਪਣੇ ਆਪਣੇ ਨਿਰਾਲੇ ਅਤੇ ਸਭ ਨਿਗਲ ਜਾਣ ਵਾਲੇ ਦੇਵਤਿਆਂ
ਅਤੇ ਕਦੀ ਨਾ ਗਲਤ ਹੋ ਸਕਣ ਵਾਲੇ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਸਭ ਤੋਂ ਮਹਾਨ ਸਿੱਧ
ਕਰਨ ਲਈ ਹਮੇਸ਼ਾਂ ਇਕ ਦੂਸਰੇ ਨਾਲ ਤਲਵਾਰ ਅਤੇ ਕਲਮ ਦੋਹਾਂ ਨਾਲ ਲੜਦੇ ਰਹਿਣਾ ਚਾਹੀਦਾ ਹੈ।
ਇਨ੍ਹਾਂ ਧਰਮ ਯੁੱਧਾਂ ਦੀ ਲਹੂ ਭਰੀ ਦਾਸਤਾਨ ਜਿਸ ਵਿੱਚ ਕਿ ਸੇਂਟ ਲੂਇਸ ਵਰਗੇ ਪਵਿੱਤਰ ਬੰਦੇ
ਵੀ ਹਤਿਆਰੇ ਅਤੇ ਲੜਾਕੇ ਬਣ ਕੇ ਪੇਸ਼ ਹੁੰਦੇ ਹਨ, ਸਾਡੇ ਸਾਰਿਆਂ ਲਈ ਤਾੜਨਾ ਹੈ ਕਿਉਂਕਿ ਇਹ
ਚੀਜ਼ ਇਕ ਈਸ਼ਵਰਵਾਦ ਦੇ ਖੂਨ ਦੇ ਪਿਆਸੇ ਵਿਸ਼ਵਾਸਾਂ ਦੀ ਬਹਾਦਰੀ ਭਰੀ ਸ਼ੁਰੂਆਤ ਬਾਅਦ ਨਾ
ਰੋਕੇ ਜਾ ਸਕਣ ਵਾਲੇ ਨਤੀਜਿਆਂ ਦਾ ਪ੍ਰਗਟਾਵਾ ਕਰਦੀ ਹੈ। ਭਾਰਤ ਅਤੇ ਯੁਨਾਨ ਦੇ ਦਾਰਸ਼ਨਿਕਾਂ
ਨੇ ਅਲੱਗ ਅਲੱਗ ਸਿਧਾਂਤ ਪੜ੍ਹਾਏ ਪਰ ਉਹ ਦਾਰਸ਼ਨਿਕ ਦੋਸਤੀ ਤੇ ਸ਼ਾਂਤੀ ਪੂਰਵਕ ਵਾਤਾਵਰਣ
ਵਿੱਚ ਇਕੱਠੇ ਹੋ ਕੇ ਇਕ ਸਾਂਝੇ ਆਸ਼ੇ ਦੀ ਪੂਰਤੀ ਲਈ ਕੰਮ ਕਰ ਸਕਦੇ ਸਨ। ਮੁਸਲਿਮ ਮੋਲਾਣੇ
ਅਤੇ ਈਸਾਈ ਮਿਸ਼ਨਰੀ ਜੇਕਰ ਇਕ ਦੂਸਰੇ ਨੂੰ ਵੱਢ ਨਾ ਸਕਣ ਤਾਂ ਘੱਟੋ ਘੱਟ ਇਕ ਦੂਸਰੇ ਉੱਪਰ
ਭੌਂਕਦੇ ਜ਼ਰੂਰ ਹਨ। ਆਸਤਿਕਵਾਦ ਦੇ ਤਰਕ ਦੀ ਇਕ ਵਹਿਸ਼ੀਆਨਾ ਜ਼ਰੂਰਤ ਸਦਕਾ ਈਸਾਈ ਫਿਰਕੇ
ਨੂੰ ਮੁਸਲਮਾਨ ਫਿਰਕੇ ਉੱਪਰ ਲਾਜ਼ਮੀ ਹਮਲਾ ਕਰਨਾ ਚਾਹੀਦਾ ਹੈ।
ਜਿਸ ਤਰ੍ਹਾਂ ਇਕ ਰਾਜ ਵਿੱਚ ਦੋ ਰਾਜੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਦੋ ਮਹਾਨ ਅਵਤਾਰ
ਇਕੱਠੇ ਇਸ ਦੁਨੀਆ ਵਿੱਚ ਨਹੀਂ ਰਹਿ ਸਕਦੇ। ਪਰ ਇਸ ਤਹਿ ਤੋਂ ਹੇਠਾਂ ਵੀ ਇਕ ਤਹਿ ਹੈ। ਇਕ ਹੀ
ਅਵਤਾਰ ਦੇ ਚੇਲੇ ਵੀ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹ ਉਸ ਅਵਤਾਰ ਦੀ
ਬਾਣੀ ਦੇ ਇਕੋ ਜਿਹੇ ਜਾਂ ਇਕ ਦੂਸਰੇ ਨਾਲ ਮੇਲ ਖਾਦੇ ਅਰਥ ਨਹੀਂ ਕੱਢ ਸਕਦੇ। ਇਸ ਤਰ੍ਹਾਂ
ਇਕੋ ਹੀ ਧਰਮ ਦੇ ਦੋ ਫਿਰਕਿਆਂ ਵਿੱਚ ਜੰਗ ਸ਼ੁਰੂ ਹੁੰਦੀ ਹੈ।
ਜਿਸ ਪ੍ਰਕਾਰ ਸਰਕਾਰ ਦੇ ਬਣਾਏ ਹੋਏ ਕਾਨੂੰਨਾਂ ਨੂੰ ਲਾਗੂ ਕਰਨ ਲਈ ਪੁਲਿਸ ਜਾਂ ਫੌਜ ਅਤੇ
ਤਾਕਤ ਦੀ ਸਹਾਇਤਾ ਲਈ ਜਾਂਦੀ ਹੈ, ਉਸੇ ਤਰ੍ਹਾਂ ਆਸਤਿਕਵਾਦ ਦੁਨੀਆ ਵਿੱਚ ਇਕਸਾਰਤਾ ਲਿਆਉਣ
ਲਈ ਤਾਕਤ ਦਾ ਸਹਾਰਾ ਲੈਂਦਾ ਹੈ। ਇਸਲਾਮ ਅਤੇ ਕ੍ਰਿਸਚੀਐਨਟੀ ਦੇ ਇਤਿਹਾਸ ਦੇ ਕੁਝ ਸਫੇ
ਪਰਸਪਰ ਵਿਨਾਸ਼ਕਾਰੀ ਪਾੜੇ ਦੇ ਖੂਨ ਨਾਲ ਲਿਖੇ ਗਏ ਹਨ। ਕੱਟੜਪੰਥੀ ਕੈਥੋਲਿਕਾਂ ਨੇ ਈਸਾ ਤੋਂ
ਪਹਿਲਾਂ ਦੇ ਧਰਮਾਂ ਨੂੰ ਮੰਨਣ ਵਾਲਿਆਂ ਉੱਪਰ ਘੋਰ ਅਤਿਆਚਾਰ ਕੀਤਾ। ਇਨ੍ਹਾਂ ਵਿਚ ਸਪੇਨ ਦੇ
ਹੋਰ ਧਰਮਾਂ ਨੂੰ ਮੰਨਣ ਵਾਲੇ, ਮਿਸਰ ਦੀ ਬੰਦਰਗਾਹ ਐਲਗਜ਼ੈਂਡਰੀਆ ਦੇ ਇਕ ਗੈਰ ਫਿਰਕੇ ਦੇ
ਲੋਕ, ਸਪੇਨ ਦੇ ਇਕ ਪੁਰੀਟਾਨ (ਪ੍ਰੋਟੈਸਟੈਂਟ) ਫਿਰਕੇ ਦੇ ਲੋਕ, ਪੋਲ ਦੇ ਚੇਲੇ, ਕਥਾਰੀ
ਫਰਾਂਸਿਸ ਦੇ ਚੇਲੇ (ਮੌਂਕ), ਹੋਰ ਫਰਾਇਰ ਮੌਂਕ, ਚੈਕੋਸਲੋਵਾਕੀਆ ਦੇ ਹੱਸ ਦੇ ਚੇਲੇ ਜੋ
ਕੈਥੋਲਿਕਾਂ ਦੇ ਵਿਰੁੱਧ ਸਨ, ਇੰਗਲੈਂਡ ਵਿੱਚ ਵਾਈਕਲਿਫ ਦੇ ਚੇਲੇ ਜੋ ਪੋਪ ਉੱਪਰ ਕਿੰਤੂ
ਕਰਦੇ ਸਨ, ਬੇਗਾਰਡ ਦੇ ਚੇਲੇ, ਪੈਟਰੋਥੂਸ਼ੀਆ ਦੇ ਚੇਲੇ, ਜਰਮਨ ਹੈਨਰਾਈਕ ਦੇ ਚੇਲੇ,
ਇੰਗਲੈਂਡ ਦੇ ਆਰਨੋਲਡ ਫਿਰਕੇ ਦੇ ਲੋਕ, ਮਾਰਟਿਨ ਲੂਥਰ ਦੇ ਜਰਮਨ ਦੇ ਪ੍ਰੋਟੈਸਟੈਂਟ ਫਿਰਕੇ
ਦੇ ਲੋਕ, ਸਵਿਟਜ਼ਰਲੈਂਡ ਦੇ ਪੁਰਾਟਿਨ ਫਿਰਕੇ ਦੇ ਲੋਕ ਅਤੇ ਕਈ ਈਸਾਈ ਫਿਰਕਿਆਂ ਦੇ ਲੋਕ
ਸ਼ਾਮਲ ਹਨ। 63ਵੀਂ ਸਦੀ ਏ ਐੱਚ ਵਿੱਚ ਕੈਥੋਲਿਕਾਂ ਦੇ ਬੇਜ਼ਾਇਰ ਨਾਮ ਦੇ ਕਸਬੇ ਦੇ ਸਾਰੇ
ਵਸਨੀਕਾਂ ਨੂੰ ਕਤਲ ਕਰ ਦਿੱਤਾ ਅਤੇ ਲਾਵਲ ਨਾਮ ਦੇ ਸ਼ਹਿਰ ਵਿੱਚ 400 ਦੇ ਕਰੀਬ ਕੈਥੋਲਿਕ
ਧਰਮ ਤੋਂ ਮੁਨਕਰ ਹੋਏ ਲੋਕਾਂ ਨੂੰ ਇਕ ਦਿਨ ਵਿੱਚ ਹੀ ਇਕੱਠੇ ਜਲਾ ਦਿੱਤਾ ਗਿਆ। ਲੋਰਾਂਟੋ ਜੋ
ਕਿ ਤਹਿਕੀਕਾਤ ਦਾ ਇਤਿਹਾਸ ਰੱਖਦਾ ਹੈ, ਦਾ ਅੰਦਾਜ਼ਾ 6478 ਏ ਐੱਚ ਤੋਂ ਲੈ ਕੇ 6808 ਏ ਐੱਚ
ਦੇ ਦੌਰਾਨ ਸਪੇਨ ਵਿੱਚ 363000 ਤੋਂ ਵੱਧ ਬੰਦਿਆਂ ਨੂੰ ਮੌਤ ਜਾਂ ਹੋਰ ਸਜ਼ਾਵਾਂ ਦਿੱਤੀਆਂ
ਗਈਆਂ।
ਇਹ ਤਾਂ ਰਹੀ ਕੈਥੋਲਿਕਾਂ ਦੀ ਗੱਲ। ਪਰ ਪ੍ਰੋਟੈਸਟੈਂਟਾਂ ਨੇ ਵੀ ਇੰਗਲੈਂਡ ਦੇ ਪੁਰੀਟਨ
ਫਿਰਕੇ ਦੇ ਲੋਕਾਂ ਦਾ ਕਤਲੇਆਮ ਕੀਤਾ ਤਾਂ ਕਿ ਕੁਏਕਰਜ਼ (ਜੋ ਕਿ ਬਿਲਕੁਲ ਅਹਿੰਸਾ ਵਿੱਚ
ਯਕੀਨ ਰੱਖਦੇ ਹਨ) ਅਤੇ ਯੁਨੀਟੇਰੀਅਨਜ਼ (ਅਜੋਕਾ ਈਸਾਈ ਮੱਤ) ਨੂੰ ਦਬਾਇਆ ਜਾ ਸਕੇ। ਇਸ
ਅਤਿਆਚਾਰ ਨੂੰ ਉਹ ਆਪਣੇ ਧਰਮ ਪ੍ਰਤੀ ਆਪਣੇ ਫਰਜ਼ ਦੀ ਪੂਰਤੀ ਸਮਝਦੇ ਸਨ। ਯੁਨਾਨ ਦੇ
ਕੱਟੜਪੰਥੀਆਂ ਨੇ ਅਜੋਕੇ ਰਸ਼ੀਅਨ ਚਰਚ ਦੇ ਚੇਲਿਆਂ ਜਿਵੇਂ ਕਿ ਸੰਟਡਿਸਟਸ, ਡੂਕਹੋਬਰਜ਼,
ਮੋਲਾਕਿਨੀ ਅਤੇ ਹੋਰ ਫਿਰਕੇ ਅਤੇ ਯੁਨਾਨ ਦੇ ਨੈਸਟੋਰੀਅਨ ਫਿਰਕੇ ਦੇ ਲੋਕਾਂ ਉੱਪਰ ਅਤਿਆਚਾਰ
ਕੀਤੇ। ਇਕ ਮੁਸਲਮ ਪ੍ਰਚਾਰਕ ਜੋ ਕਿ ਮੋਲਾਣਿਆਂ ਨਾਲ ਮੱਤ ਭੇਦ ਰੱਖਦਾ ਸੀ ਨੂੰ ਕੁਝ ਸਾਲ
ਪਹਿਲਾਂ ਅਫਗਾਨਿਸਤਾਨ ਵਿੱਚ, ਅੱਧੇ ਧੜ ਤੱਕ ਜ਼ਮੀਨ ਵਿੱਚ ਗੱਡ ਕੇ ਪੱਥਰ ਮਾਰ ਮਾਰ ਕੇ ਮਾਰ
ਦਿੱਤਾ ਗਿਆ। ਲੂਸਰੀਸ਼ੀਅਸ ਨੇ ਅਜਿਹੇ ਅਤਿਆਚਾਰਾਂ ਨੂੰ ਰਹਿੰਦੀ ਦੁਨੀਆ ਤੱਕ ਰਹਿਣ ਵਾਲਾ
ਕਲੰਕ ਆਖਿਆ। ਉਸ ਦਾ ਕਥਨ ਹੈ, ‘ਧਰਮ ਕਿਤਨੀ ਬੁਰਾਈ ਦੀ ਹੱਦ ਤੱਕ ਉਤਰ ਸਕਦਾ ਹੈ।’
ਅਸਲ ਵਿੱਚ ਇਹ ਅਸਹਿਣਸ਼ੀਲਤਾ ਆਸਤਿਕਵਾਦ ਦੀ ਜਿ਼ੰਦਗੀ ਦੀ ਸਾਹ ਪ੍ਰਣਾਲੀ ਹੈ। ਇਹ ਪਵਿੱਤਰਤਾ
ਦੇ ਸ਼ਰਧਾਲੂਆਂ ਦੇ ਮਨ ਵਿੱਚ ਦੋਸਤੀ ਅਤੇ ਪਰਿਵਾਰਕ ਪਿਆਰ ਵੱਲੋਂ ਮੋੜ ਦਿੰਦੀ ਹੈ। ਜੇਕਰ
ਕੋਈ ਇਨਸਾਨ ‘ਰੱਬ’ ਜਾਂ ਕਿਸੇ ਖਾਸ ‘ਰੱਬੀ ਬਾਣੀ’ ਵਿੱਚ ਵਿਸ਼ਵਾਸ ਨਹੀਂ ਰੱਖਦਾ ਤਾਂ ਉਸ ਦੇ
ਮਾਂ ਬਾਪ ਅਤੇ ਭੈਣ ਭਾਈ ਉਸ ਤੋਂ ਦੂਰ ਰਹਿੰਦੇ ਹਨ ਅਤੇ ਉਸ ਨਾਲ ਨਫਰਤ ਕਰਦੇ ਹਨ। ਸਪੇਨ ਦੇ
ਫਿਲਿਪ ਦੂਸਰੇ ਨੇ ਕਿਹਾ ਸੀ, ‘ਜੇਕਰ ਮੇਰਾ ਆਪਣਾ ਪੁੱਤਰ ਵੀ ਕਾਫਿਰ ਬਣ ਜਾਵੇ ਤਾਂ ਮੈਂ ਉਸ
ਨੂੰ ਖੰਭੇ ਨਾਲ ਬੰਨ ਕੇ ਜਿਉਂਦਾ ਜਲਾ ਦੇਵਾਂ।’ ਇਕ ਕੈਥੋਲਿਕ ਪਾਦਰੀ ਮੈਥਿਊ ਓਰੇ ਦਾ ਭਤੀਜਾ
ਕਾਫਿਰ ਹੋਣ ਕਰਕੇ ਜਿਉਂਦਾ ਜਲਾ ਦਿੱਤਾ ਗਿਆ ਸੀ। ਉਸ ਨੇ ਆਪਣੇ ਭਤੀਜੇ ਨੂੰ ਦੋਸ਼ੀ ਥਾਪਿਆ
ਸੀ। ਕਈ ਤਿੱਖੇ ਆਸਤਿਕਵਾਦੀ ਧਰਮ ਦੇ ਬਾਗੀਆਂ ਨੂੰ ਜਾਂ ਦੂਸਰੇ ਧਰਮ ਜਾਂ ਫਿਰਕੇ ਦੇ ਲੋਕਾਂ
ਨੂੰ ਕਤਲ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ। ਈਰਾਨ ਦੇ ਕਈ ਪੁਰਾਣੇ ਸਰਬ ਦੇਵਤਾਵਾਦੀਆਂ
(ਬਾਬੀਜ਼) ਨੇ ਆਪਣੀ ਹੀ ਲਹਿਰ ਦੇ ਵਿਰੋਧੀ ਦਲ ਦੇ ਬੰਦਿਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ।
ਆਸਤਿਕਵਾਦ ਕਤਲੋਗਾਰਤ ਕਰਨ ਲਈ ਭੜਕਾਉਂਦਾ ਹੈ ਅਤੇ ਕਤਲੋਗਾਰਤ ਨੂੰ ਵਡਿਆਉਂਦਾ ਵੀ ਹੈ।
ਮਨੁੱਖੀ ਭਾਵਨਾਵਾਂ ਦਾ ਇਹ ਦੁਖਾਂਤ ਮਨੋਵਿਗਿਆਨੀਆਂ ਦੁਆਰਾ ਪ੍ਰਮਾਣਿਤ ਕੀਤੀ ਗਈ ਹਕੀਕਤ ਹੈ।
ਆਸਤਿਕਵਾਦ ਇਨਸਾਨਾਂ ਨੂੰ ‘ਰੱਬ’ ਨਾਲ ਇਤਨਾ ਪਿਆਰ ਕਰਨਾ ਸਿਖਾ ਦਿੰਦਾ ਹੈ ਕਿ ਆਸਤਿਕਵਾਦੀ
ਲੋਕ ਉਨ੍ਹਾਂ ਲੋਕਾਂ ਨੂੰ ਘਿਰਣਾ ਕਰਨ ਲੱਗਦੇ ਹਨ ਜੋ ਸੱਚੇ ਦਿਲ ਨਾਲ ਰੱਬ ਦੀ ਹੋਂਦ ਦੇ ਨਾ
ਮੰਨਣਯੋਗ ਸਿਧਾਂਤ ਨੂੰ ਨਹੀਂ ਮੰਨ ਸਕਦੇ। ਜਿਤਨੀ ਦੇਰ ਇਹ ਨਹਿਸ਼ ਅਤੇ ਕੁਲੱਛਣੇ ਭਰਮ
ਰਹਿਣਗੇ ਉਤਨੀ ਦੇਰ ਮਨੁੱਖ ਜਾਤੀ ਦੀ ਏਕਤਾ ਸੰਭਵ ਨਹੀਂ ਹੋ ਸਕਦੀ। ਆਸਤਿਕਵਾਦ ਦਲੀਲ ਅਤੇ
ਸਦਾਚਾਰੀ ਦੋਹਾਂ ਨੂੰ ਨਾ ਮਨਜ਼ੂਰ ਕਰਦਾ ਹੈ। ਇਹ ਮੋਲਖ (ਫਲਾਸਤੀਨ ਦੇ ਪੁਰਾਣੇ ਕਬੀਲਿਆਂ ਦਾ
ਇਕ ਦੇਵਤਾ ਜਿਸ ਦੇ ਅੱਗੇ ਬੱਚਿਆਂ ਦੀ ਬਲੀ ਚੜ੍ਹਾਉਂਦੇ ਸਨ) ਮੁਰਦਾਬਾਦ। |