Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਕਹਾਣੀ
ਸ਼ਨੁੱਕ
ਹਰਪ੍ਰੀਤ ਸੇਖਾ
 

 

‘ਸਨੋਅ ਸਾਫ਼ ਕਰਨ ਜਾਵਾਂ ਜਾਂ ਨਾ?’
ਗੋਡੇ-ਗੋਡੇ ਪਈ ਬਰਫ਼ ਦੇਖ ਕੇ ਇੱਕ ਵਾਰ ਤਾਂ ਕਮਲ ਦਾ ਤਰਾਹ ਨਿਕਲ ਗਿਆ। ‘ਕਿਵੇਂ ਸਾਫ਼ ਕਰੂੰ ਐਨੀ! ਹਾਲੇ ਥੋੜ੍ਹਾ ਚਿਰ ਪਹਿਲਾਂ ਤਾਂ ਡਰਾਈਵਵੇਅ ਸਾਫ਼ ਕੀਤੈ। ਓਨੀ ਫੇਰ ਪੈ ਗਈ ਆ।’ ਉਹ ਕੁਝ ਪਲ ਉਸੇ ਤਰ੍ਹਾਂ ਹੀ ਖੜ੍ਹੀ ਬਾਹਰ ਵਲ ਦੇਖਦੀ ਰਹੀ।‘ਕਰਾਂ ਫਿਰ ਸਾਫ਼ ਜਾ ਕੇ?’ ਉਸ ਨੇ ਸੋਚਿਆ।
‘ਹਾਲੇ ਤਾਂ ਪੂਰੀ ਦਿਹਾੜੀ ਸਿਰ ‘ਤੇ ਪਈ ਆ। ਸ਼ਾਮ ਨੂੰ ਕੰਮ ‘ਤੇ ਵੀ ਸਾਰੀ ਸਿ਼ਫ਼ਟ ਪੈਰਾਂ ‘ਤੇ ਹੀ ਕੱਢਣੀ ਆ,’ ਉਸ ਦੇ ਦੂਜੇ ਚਿੱਤ ਨੇ ਕਿਹਾ।
‘ਪਰ ਇਹ ਤਾਂ ਹਟਾਇਆਂ ਈ ਹਟੂ। ਐਂ ਦੇਖਦੇ ਰਹਿਣ ਨਾਲ ਨ੍ਹੀ ਸਰਨਾ।’
‘ਗੁਰਨੂਰ ਦੇ ਜਾਗਣ ਦਾ ਵੀ ਟਾਈਮ ਹੋਣ ਵਾਲੈ। ਜੇ ਉੱਠ ਪਿਆ ਤਾਂ ਕਿੱਥੇ ਭੋਰਾ-ਭਰ ਨੂੰ ਠੰਡ ‘ਚ ਲਿਜਾਊਂ?’ ਖਿੜਕੀ ਵਿੱਚੋਂ ਬਾਹਰ ਦੇਖਦਿਆਂ ਕਮਲ ਦੁਚਿੱਤੀ ‘ਚ ਪੈ ਗਈ।
ਜਦ ਦੀ ਕਮਲ ਦੀ ਅੱਖ ਖੁੱਲ੍ਹੀ ਸੀ, ਬਰਫ਼ ਦੇ ਫੰਬੇ ਡਿੱਗ ਰਹੇ ਸਨ। ਦੁਪਹਿਰ ਤੱਕ ਧਰਤੀ ‘ਤੇ ਬਰਫ਼ ਦੇ ਅੰਬਰ ਲੱਗ ਗਏ ਸਨ। ਉਹ ਨਾਲ ਦੀ ਨਾਲ ਦੋ ਵਾਰ ਆਪਣੀ ਕਾਰ ਲੰਘਾਉਣ ਲਈ ਡਰਾਈਵਵੇਅ ਤੋਂ ਬਰਫ਼ ਹਟਾ ਚੁੱਕੀ ਸੀ। ਇਸ ਤਰ੍ਹਾਂ ਕਰਦੀ ਉਹ ਮੁੜ੍ਹਕੋ-ਮੁੜ੍ਹਕੀ ਹੋ ਗਈ ਸੀ। ਪਰ ਓਨੀ ਹੀ ਫਿਰ ਬਰਫ਼ ਪੈ ਗਈ ਸੀ। ਖਿੜਕੀ ਰਾਹੀਂ ਦੇਖਦੀ ਕਮਲ ਨੇ ਆਪਣੀਆਂ ਲੱਤਾਂ ਵਿੱਚ ਥਕੇਵਾਂ ਮਹਿਸੂਸ ਕੀਤਾ। ਉਹ ਉੱਥੇ ਹੀ ਸੋਫ਼ੇ ‘ਤੇ ਬੈਠ ਗਈ। ਉਸ ਦਾ ਜੀਅ ਕੀਤਾ ਕਿ ਸਾਹਮਣੇ ਪਏ ਮੇਜ਼ ‘ਤੇ ਲੱਤਾਂ ਨਿਸਾਲ ਕੇ ਆਰਾਮ ਨਾਲ ਬੈਠੇ। ਫਿਰ ਉਸ ਨੇ ਆਪਣੇ ਆਪ ਨੂੰ ਹੀ ਕਿਹਾ, “ਕਿਵੇਂ ਬਹਿ ਜਾਂ ਆਰਾਮ ਨਾਲ, ਹਾਲੇ ਤਾਂ ਵੀਹ ਕੰਮ ਪਏ ਆ ਕਰਨ ਵਾਲੇ।” ਉਹ ਸੋਚਣ ਲੱਗੀ ਕਿ ਸ਼ਾਮ ਦੇ ਖਾਣੇ ਲਈ ਕੀ ਬਣਾ ਕੇ ਰੱਖੇ। ਬੱਚਿਆਂ ਵਾਸਤੇ ਉਸ ਨੇ ਸੋਚ ਲਿਆ ਕਿ ਮੈਕਰੋਨੀ ਬਣਾ ਦੇਵੇਗੀ ਪਰ ਗੁਰਚਰਨ ਲਈ ਕੀ ਬਣਾਵੇ? ਗੁਰਚਰਨ ਦਾ ਖਿਆਲ ਆਉਂਦੇ ਹੀ ਉਸ ਦੇ ਅੰਦਰ ਡਰ ਉਪਜਿਆ। ‘ਜੇ ਉਹ ਘਰ ਵਾਪਸ ਨਾ ਆਇਆ?’
‘ਜੇ ਨਾ ਆਊ ਤਾਂ ਹੋਰ ਕਿੱਥੇ ਜਾਊ, ਆਪੇ ਆ ਜਾਊ, ਅੱਗੇ ਵਾਂਗ ਇੱਕ-ਦੋ ਦਿਨ ਮੂੰਹ ਫੁਲਾ ਕੇ ਠੀਕ ਹੋ ਜਾਊ,’ ਇਹ ਸੋਚ ਕੇ ਉਸ ਨੇ ਆਪਣੇ-ਆਪ ਨੂੰ ਧਰਵਾਸਾ ਦੇਣ ਦੀ ਕੋਸਿ਼ਸ਼ ਕੀਤੀ। ਪਰ ਅਗਲੇ ਹੀ ਪਲ ਉਸ ਦੇ ਅੰਦਰ ਗੁਰਚਰਨ ਦਾ ਕੱਲ੍ਹ ਸ਼ਾਮ ਨੂੰ ਆਂਟੀ ਦੇ ਘਰ ਚਲੇ ਜਾਣਾ ਤੇ ਉੱਥੋਂ ਹੀ ਸਵੇਰੇ ਕੰਮ ‘ਤੇ ਚਲਿਆ ਜਾਣਾ, ਖਤਰੇ ਦੀ ਘੰਟੀ ਬਣ ਕੇ ਖੜਕਿਆ। ਉਸ ਦੇ ਚਿੱਤ ‘ਚ ਆਈ ਕਿ ਆਂਟੀ ਨੂੰ ਫ਼ੋਨ ਕਰਕੇ ਗੁਰਚਰਨ ਬਾਰੇ ਪਤਾ ਕਰੇ ਪਰ ਉਸ ਨੇ ਆਪਣੇ-ਆਪ ਨੂੰ ਇਹ ਸੋਚ ਕੇ ਰੋਕ ਲਿਆ ਕਿ ਸ਼ਾਇਦ ਗੁਰਚਰਨ ਨੇ ਇਸ ਬਾਰੇ ਆਂਟੀ ਨਾਲ ਗੱਲ ਨਾ ਹੀ ਕੀਤੀ ਹੋਵੇ। ਫਿਰ ਉਸ ਨੂੰ ਗੁਰਚਰਨ ਦੇ ਬੋਲ ਚੇਤੇ ਆਏ। ਉਸ ਨੇ ਕਿਹਾ ਸੀ, “ਕਿੰਨਾਂ ਕੁ ਜ਼ਲੀਲ ਕਰਾਏਂਗੀ ਮੈਨੂੰ!”
‘ਹੁਣ ਸਾਡੇ ਕਰਕੇ ਜ਼ਲੀਲ ਹੋਣ ਲੱਗ ਪਿਐ, ਉਦੋਂ ਕਹਿੰਦਾ ਹੁੰਦਾ ਸੀ ਕਿ ਸਹਾਰੇ ਦੀ ਜ਼ਰੂਰਤ ਹੈ। ਕਿੰਨਾਂ ਛੇਤੀ ਬਦਲ ਜਾਂਦੈ ਬੰਦਾ!’ ਡੂੰਘਾ ਸਾਹ ਲੈ ਕੇ ਉਹ ਉੱਠਦਿਆਂ ਬੋਲੀ, “ਬੈਠਿਆਂ ਕਿੱਥੇ ਸਰਨਾ ਭੈਣੇ, ਗੁਰਨੂਰ ਦੇ ਸੁੱਤੇ-ਸੁੱਤੇ ਜਿੰਨਾ ਕੰਮ ਨਬੇੜ ਹੁੰਦੈ ਨਬੇੜ ਲਵਾਂ।” ਰਸੋਈ ਵਿੱਚ ਜਾ ਕੇ ਉਸ ਨੇ ਮੈਕਰੋਨੀ ਨੂੰ ਉੱਬਲਣਾ ਧਰ ਦਿੱਤਾ ਅਤੇ ਫਰਿੱਜ ਵਿੱਚੋਂ ਹਰੀ ਤੇ ਪੀਲੀ ਸਿ਼ਮਲਾ ਮਿਰਚ, ਟਮਾਟਰ ਅਤੇ ਖੁੰਬਾਂ ਕੱਢ ਕੇ ਉਨ੍ਹਾਂ ਦੇ ਛੋਟੇ-ਛੋਟੇ ਟੁਕੜੇ ਕਰਨ ਲੱਗੀ। ‘ਚੱਲ, ਗੁਰਚਰਨ ਵਾਸਤੇ ਖੁੰਬਾਂ ਦੀ ਸਬਜ਼ੀ ਹੀ ਬਣਾ ਦਿੰਨੀ ਆਂ,’ ਉਸ ਨੂੰ ਔੜਿਆ। “ਮੈਕਰੋਨੀ ਖਾਂਦੇ ਨੂੰ ਪਤਾ ਨ੍ਹੀ ਕੀ ਤਕਲੀਫ਼ ਹੁੰਦੀ ਆ। ਅਖੇ ਰੋਟੀ ਤੋਂ ਬਿਨਾਂ ਨ੍ਹੀ ਕੁਝ ਚੰਗਾ ਲਗਦਾ। ਸਾਰੇ ਟੱਬਰ ਵਾਸਤੇ ਅੱਡੋ-ਅੱਡ ਬਣਾਵੋ!” ਉਸ ਨੇ ਆਪਣੇ-ਆਪ ਨੂੰ ਹੀ ਕਿਹਾ। ਉਸ ਦੇ ਦਿਮਾਗ ਵਿੱਚ ਆਪਣੀ ਸਹਿਕਾਮੀ, ਪਾਲੀ ਦੇ ਬੋਲ ਗੂੰਜੇ। ਉਹ ਆਖਦੀ, “ਐਵੇਂ ਨਾ ਫੇਰ ਵਿਆਹ ਦੇ ਚੱਕਰ ‘ਚ ਫਸ ਜਾਈਂ, ਮਸਾਂ ਨਿਕਲੀ ਐਂ ਗੁਲਾਮੀ ‘ਚੋਂ, ਯੂ ਨੋਅ ਵਾਟ੍ਹ ਆਈ ਮੀਨ।” ਫਿਰ ਉਸ ਨੂੰ ਪਾਲੀ ਦੀ ‘ਪੂਛ’ ਵਾਲੀ ਗੱਲ ਚੇਤੇ ਆ ਗਈ।
“ਹਾਲੇ ਤੱਕ ਨਾਲ ਲਾਈ ਫਿਰਦੀ ਐਂ ਓਹਦੀ ਪੂਛ।” ਉਸ ਵੇਲੇ ਕਮਲ ਦੇ ਤਲਾਕ ਹੋਏ ਨੂੰ ਹਾਲੇ ਕੁਝ ਮਹੀਨੇ ਹੀ ਹੋਏ ਸਨ। ਕੰਪਨੀ ਦੇ ਕਿਸੇ ਫਾਰਮ ਉੱਤੇ ਦਸਤਖ਼ਤ ਕਰਦਿਆਂ ਕਮਲ ਨੇ ਜਦ ਹਰਕਮਲ ‘ਬਾਜ਼’ ਲਿਖਿਆ ਤਾਂ ਪਾਲੀ ਨੇ ਇਹ ਕਿਹਾ ਸੀ।
ਕਮਲ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ। ਉਸ ਨੂੰ ਪਾਲੀ ਦੀ ਗੱਲ ਸਮਝ ਨਹੀਂ ਸੀ ਲੱਗੀ। ਪਾਲੀ ਬੋਲੀ, “ਆਵਦੇ ਐਕਸ ਦਾ ਲਾਸਟ ਨਾਂ----ਲਾਹ ਕੇ ਪਾਸੇ ਮਾਰ।”
ਕਮਲ ਨੇ ਪਹਿਲਾਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ ਸੀ। ਉਹ ਬੋਲੀ, “ਹੋਰ ਫਿਰ ਆਵਦੇ ਪੇਰੈਂਟਸ ਵਾਲਾ ਲਾਸਟ ਨਾਂ ਮੁੜ ਕੇ ਲਾ ਲਵਾਂ?”
“ਆਪ ਕਮਾਉਨੀ ਐਂ। ਆਪ ਆਪਣੇ ਬੱਚੇ ਪਾਲਦੀ ਐਂ। ਆਪਣਾ ਨਾਂ ਆਪ ਚੁਣ। ਹੈੱਲ ਵਿਦ ਪੇਰੈਂਟਸ।” ਕਮਲ ਨੂੰ ਲੱਗਾ ਜਿਵੇਂ ‘ਹੈੱਲ ਵਿਦ ਪੇਰੈਂਟਸ’ਆਖਦਿਆਂ ਪਾਲੀ ਦੀ ਆਵਾਜ਼ ਥੋੜ੍ਹੀ ਉੱਚੀ ਹੋ ਗਈ ਸੀ। ਪਾਲੀ ਫਿਰ ਬੋਲੀ, “ਲੁੱਕ ਐਟ ਦਿਸ। ਮੈਂ ਆਪਣਾ ਲਾਸਟ ਨਾਂ ਆਪ ਚੁਣਿਐ।”
ਕਮਲ ਨੇ ਉਸ ਦੇ ਫਾਰਮ ਵੱਲ ਵੇਖਿਆ । ਜਸਪਾਲ ‘ਪਾਲੀ’ ਵੇਖ ਕੇ ਕਮਲ ਨੇ “ਗੁੱਡ ਫਾਰ ਯੂ,” ਆਖ ਕੇ ਉਸ ਦਾ ਫਾਰਮ ਮੋੜ ਦਿੱਤਾ। ਪਰ ਇਹ ‘ਪੂਛ’ ਵਾਲੀ ਗੱਲ ਕਮਲ ਦੇ ਦਿਮਾਗ ਵਿੱਚ ਅੜ ਗਈ। ਹਰਕਮਲ ਦੇ ਪਿੱਛੇ ‘ਬਾਜ਼’ ਲਿਖਦਿਆਂ ਉਸ ਦੇ ਦਿਮਾਗ ਵਿੱਚ ‘ਪੂਛ-ਪੂਛ’ ਹੋਣ ਲਗਦੀ। ਉਹ ਸੋਚਦੀ ਕਿ ਉਹ ਵੀ ‘ਬਾਜ਼’ ਦੀ ਥਾਂ ‘ਕਮਲ’ ਲਾ ਲਵੇ। ਫਿਰ ਉਸ ਨੂੰ ਖਿਆਲ ਆਉਂਦਾ ਕਿ ਬੱਚਿਆਂ ਦੇ ਨਾਵਾਂ ਮਗਰ ਤਾਂ ‘ਬਾਜ਼’ ਹੈ। ਇਸ ਤਰ੍ਹਾਂ ਬੱਚਿਆਂ ਨਾਲ ਵਖਰੇਵਾਂ ਹੋ ਜਾਵੇਗਾ। ਬੱਚੇ ਵਿਚਾਰੇ ਵੱਡੇ ਹੋ ਕੇ ਕੀ ਸੋਚਣਗੇ ਕਿ ਪਿਓ ਤਾਂ ਓਹਨਾਂ ਦੇ ਕੋਲ ਹੈ ਹੀ ਨਹੀਂ ਸੀ ਤੇ ਮਾਂ ਨੇ ਵੀ ਉਨ੍ਹਾਂ ਨਾਲੋਂ ਵੱਖਰਾ ਨਾਂ ਰੱਖ ਲਿਆ। ਫਿਰ ਉਹ ਬੱਚਿਆਂ ਦਾ ਨਾਂ ਵੀ ਆਪਣੇ ਨਾਂ ਵਾਲਾ ਹੀ ਬਦਲਣ ਦਾ ਵਿਚਾਰ ਕਰਨ ਲੱਗਦੀ। ਇਸ ਤਰ੍ਹਾਂ ਕਰਨ ਲਈ ਉਸ ਨੇ ਵਕੀਲ ਨੂੰ ਪੁੱਛਿਆ ਵੀ ਸੀ। ਵਕੀਲ ਨੇ ਉਸ ਨੂੰ ਦੱਸਿਆ ਕਿ ਬੱਚਿਆਂ ਦਾ ਨਾਂ ਬਦਲਣ ਲਈ ਉਨ੍ਹਾਂ ਦੇ ਪਿਤਾ ਤੋਂ ਇਜਾਜ਼ਤ ਲੈਣੀ ਪਵੇਗੀ। ਜੇ ਉਸ ਨੇ ਆਗਿਆ ਨਾ ਦਿੱਤੀ ਤਾਂ ਕੋਈ ਆਧਾਰ ਬਣਾ ਕੇ ਕੇਸ ਕੀਤਾ ਜਾ ਸਕਦਾ ਹੈ। ਇਜਾਜ਼ਤ ਅਤੇ ਕੇਸ ਦਾ ਨਾਂ ਸੁਣ ਕੇ ਕਮਲ ਨੇ ਚੁੱਪ ਵੱਟ ਲਈ। ‘ਐਂ ਤਾਂ ਸਾਰੀ ਕਮਾਈ ਵਕੀਲਾਂ ਦੇ ਚੱਕਰਾਂ ਵਿੱਚ ਹੀ ਮੁਕਾ ਲਊਂ,’ ਉਸ ਨੇ ਸੋਚਿਆ। ਤੇ ਨਾਂ ਬਦਲਣ ਵਾਲਾ ਕੰਮ ਉਸ ਨੇ ਕਿਸੇ ਹੋਰ ਮੌਕੇ ਲਈ ਛੱਡ ਦਿੱਤਾ। ਪਰ ਇਹ ਪੂਛ ਉਸ ਨੂੰ ਅਕਸਰ ਹੀ ਤੰਗ ਕਰਦੀ। ਤੇ ਜਦ ਕਮਲ ਨੇ ਸੁਣਿਆ ਕਿ ਬੱਚਿਆਂ ਦਾ ਪਿਤਾ, ਜਿੰਦਰ ਇੰਡੀਆ ਜਾ ਕੇ ਨਵਾਂ ਵਿਆਹ ਕਰਵਾ ਆਇਆ ਹੈ ਤਾਂ ਕਮਲ ਦੇ ਚਿੱਤ ‘ਚ ਆਇਆ, ‘ਉਸ ਨੇ ਤਾਂ ਕਦੇ ਬੱਚਿਆਂ ਨੂੰ ਮਿਲਣ ਦੀ ਵੀ ਕੋਸਿ਼ਸ਼ ਨਹੀਂ ਕੀਤੀ ਅਤੇ ਤਲਾਕ ਮੌਕੇ ਵੀ ਬਿਨਾਂ ਕਿਸੇ ਹੀਲ-ਹੁੱਜਤ ਦੇ ਬੱਚਿਆਂ ਦੀ ਪੂਰੀ-ਸੂਰੀ ਦੇਖ-ਭਾਲ ਮੇਰੇ ਕੋਲ ਰਹਿਣ ਦਿੱਤੀ ਸੀ। ਜਦ ਉਸ ਦੀ ਬੱਚਿਆਂ ਨਾਲ ਕੋਈ ਅਟੈਚਮੈਂਟ ਹੀ ਨਹੀਂ, ਫਿਰ ਉਹ ਉਨ੍ਹਾਂ ਦਾ ਲਾਸਟ ਨਾਂ ਬਦਲਣ ਦੀ ਕਿਓਂ ਨਾ ਆਗਿਆ ਦੇਵੇਗਾ,’ ਇਹ ਸੋਚ ਕੇ ਕਮਲ ਨੇ ਵਕੀਲਾਂ ਦੇ ਖਰਚ ਤੋਂ ਬਚਣ ਲਈ ਕਿਸੇ ਸਾਂਝੇ ਬੰਦੇ ਰਾਹੀਂ ਨਾਂ ਬਦਲਣ ਵਾਲੀ ਗੱਲ ਜਿੰਦਰ ਤੱਕ ਪਹੁੰਚਾਈ ਸੀ। ਉਸ ਦਾ ਸਖਤ ਇਨਕਾਰ ਸੁਣ ਕੇ ਕਮਲ ਨੇ ਤੱਤੇ ਘਾਅ ਕੇਸ ਲੜਣ ਦਾ ਇਰਾਦਾ ਕਰ ਲਿਆ ਪਰ ਥੋੜ੍ਹੀ ਦੇਰ ਬਾਅਦ ਵਕੀਲਾਂ ਦੇ ਖਰਚ ਬਾਰੇ ਸੋਚ ਕੇ ਇਸ ਕੰਮ ਨੂੰ ਆਰਥਿਕ ਤੌਰ ‘ਤੇ ਕਿਸੇ ਸੌਖੇ ਵੇਲੇ ਲਈ ਛੱਡ ਦਿੱਤਾ। ਕਮਲ ਸੋਚਣ ਲੱਗੀ , ‘ਓਹਨੂੰ ਕਿੰਨੀ ਮੌਜ ਆ ਪਹਿਲੇ ਬੱਚਿਆਂ ਦਾ ਕੋਈ ਫਿ਼ਕਰ ਵੀ ਨਹੀਂ ਤੇ ਨਵੀਂ ਘਰਵਾਲੀ ਲੈ ਆਇਐ। ਪਰ ਬੱਚਿਆਂ ਦੇ ਮਗਰ ਹਾਲੇ ਵੀ ਉਹਦੇ ਨਾਂ ਦੀ ਹੀ ਪੂਛ ਹੈ। ਤੇ ਮੈਨੂੰ ਲੜਨਾ ਪੈਂਦਾ ਆਪਣਾ ਨਾਂ ਲੈਣ ਲਈ।’ ਕਮਲ ਨੂੰ ਖਿਝ ਚੜ੍ਹਨ ਲੱਗੀ। ਫਿਰ ਉਸ ਨੂੰ ਆਪਣੇ ਆਪ ਉੱਪਰ ਹੀ ਗੁੱਸਾ ਆਉਣ ਲੱਗਾ ਕਿ ਕਿਓਂ ਉਸ ਨੇ ਬੱਚਿਆਂ ਦੀ ਸਾਰੀ ਜੁੰਮੇਵਾਰੀ ਆਪਣੇ ਸਿਰ ਹੀ ਲੈ ਲਈ ਸੀ। ਪਰ ਇਹ ਗੁੱਸਾ ਥੋੜ-ਚਿਰਾ ਹੀ ਸੀ ਤੇ ਕਮਲ ਨੂੰ ਉਸ ਘਰ ਵਿੱਚ ਰਹਿੰਦੇ ਕਲੇਸ਼ ਦਾ ਖਿਆਲ ਆ ਗਿਆ। ਤੇ ਫਿਰ ਕਮਲ ਨੂੰ ਜਿੰਦਰ ਨਾਲ ਗੁਜ਼ਾਰੇ ਆਖਰੀ ਦਿਨ ਦਾ ਚੇਤਾ ਆ ਗਿਆ। ਲੜਦੇ ਤਾਂ ਉਹ ਆਮ ਹੀ ਰਹਿੰਦੇ ਸਨ, ਪਰ ਉਸ ਦਿਨ ਜਿੰਦਰ ਨੇ ਹੱਥ ਚੁੱਕ ਲਿਆ ਸੀ ਤੇ ਉਸ ਦਾ ਚੁੱਕਿਆ ਹੱਥ ਕਮਲ ਦੇ ਚੇਤਿਆਂ ਵਿੱਚ ਨਾਸੂਰ ਬਣ ਗਿਆ ਸੀ।
ਉਸ ਦਿਨ ਜਿੰਦਰ ਨੇ ਕਿਹਾ ਸੀ, “ਅੱਜ ਫੇਰ ਨ੍ਹੀ ਲੈ ਕੇ ਗਈ ਮਨੀ ਐਕਸਚੇਂਜ ਦੇ?”
ਕਮਲ ਨੇ ਦੇਖਿਆ ਸੀ ਕਿ ਜਿੰਦਰ ਬਾਹਰੋਂ ਆ ਕੇ ਪਹਿਲਾਂ ਆਪਣੇ ਮਾਂ-ਪਿਓ ਦੇ ਕਮਰੇ ਵਿੱਚ ਗਿਆ ਸੀ ਤੇ ਫਿਰ ਉੱਥੋਂ ਨਿਕਲ ਕੇ ਉਸ ਨੇ ਇਸ ਤਰ੍ਹਾਂ ਕਿਹਾ ਸੀ।
“ਮੇਰੇ ਕੋਲ ਹੈ ਨ੍ਹੀ ਟਾਈਮ ਆਪਣੀ ਕਮਾਈ ਲੁਟਾਈ ਜਾਣ ਦਾ,” ਕਮਲ ਨੇ ਜਵਾਬ ਦਿੱਤਾ।
“ਤੈਨੂੰ ਰਾਈਡ ਦੇਣ ਵਾਸਤੇ ਕਿਹਾ ਸੀ, ਕਮਾਈ ਉਨ੍ਹਾਂ ਨੇ ਆਪਣੀ ਭੇਜਣੀ ਆ।”
“ਜਿੰਨਾ ਕਮਾਉਂਦੇ ਆ ਇੰਡੀਆ ਵੀਰ ਜੀ ਨੂੰ ਭੇਜੀ ਜਾਂਦੇ ਆ ਤੇ ਓਥੇ ਓਹ ਨਸਿ਼ਆਂ ‘ਚ ਉਡਾਈ ਜਾਂਦੇ ਆ ਐਥੇ ਸਾਨੂੰ ਕਦੇ ਇੱਕ ਸੈਂਟ ਨ੍ਹੀ ਦਿੱਤਾ। ਘਰ ਦਾ ਖਰਚ ਪਤਾ ਕਿਵੇਂ ਚਲਾਉਨੀ ਆਂ!”
“ਓਹਨਾਂ ਨੂੰ ਸੈਂਟ ਦੇਣ ਦੀ ਲੋੜ ਨ੍ਹੀ। ਓਹਨਾਂ ਦੇ ਪੁੱਤ ਦਾ ਘਰ ਆ।”
“ਪੁੱਤ ਤਾਂ ਜਿਵੇਂ ਕਮਾਈ ਕਰਕੇ ਬੈਂਕ ਭਰੀ ਜਾਂਦੈ। ਜਿੰਨੇ ਕਮਾਉਂਦੈ, ਓਨੇ ਦਾ ਨਸ਼ਾ ਕਰ ਲੈਂਦਾ।”
“ਜਦੋਂ ਵੇਖੋ ਸਾਲੀ ਸੂਈ ਕੁੱਤੀ ਵਾਂਗੂ ਖਾਣ ਨੂੰ ਆਉਂਦੀ ਆ।”
“ਮੇਰੇ ਨਾਲ ਏਦਾਂ ਬੋਲਣ ਦੀ ਲੋੜ ਨ੍ਹੀ। ਮੈਂ ਵੀ ਏਸ ਤਰ੍ਹਾਂ ਬੋਲ ਸਕਦੀ ਆਂ।”
“ਵੇਖ ਲਾ ਬੋਲ ਕੇ।”
“ਤੂੰ ਏਸ ਤਰ੍ਹਾਂ ਮੂਹਰੇ ਬੋਲਦੀ ਐਂ ਤਾਂ ਹੀ ਹੋਰ ਨਸ਼ੇ ਕਰਨ ਲੱਗਿਐ। ਜੇ ਚੱਜ-ਹਾਲ ਦੀ ਹੁੰਦੀ ਪਿਆਰ ਨਾਲ ਭਾਵੇਂ ਦਾਰੂ ਵੀ ਛਡਾ ਦਿੰਦੀ,” ਕਮਲ ਨੇ ਦੇਖਿਆ ਕਿ ਉਸ ਦੀ ਸੱਸ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਆਖ ਰਹੀ ਸੀ।
“ਤੁਸੀਂ ਮੰਮੀ, ਮੈਨੂੰ ਬਲੇਮ ਕਰਨ ਲੱਗ ਜਾਨੇ ਆਂ। ਏਹਨੂੰ ਕਿਓਂ ਨ੍ਹੀ ਆਖਦੇ ਕਿ ਕੰਮ ਕਰਿਆ ਕਰੇ। ਨਾਲੇ ਜੇ ਇਹ ਮੇਰੇ ਕਰਕੇ ਨਸੇ਼ ਕਰਨ ਲੱਗਿਆ ਐ ਤਾਂ ਵੀਰ ਜੀ ਨੂੰ ਤਾਂ ਨ੍ਹੀਂ ਲਾਇਆ ਮੈਂ ਨਸ਼ੇ ਕਰਨ।”
“ਸਿਆਣੇ ਧੀਆਂ-ਪੁੱਤ ਵੱਡਿਆਂ ਮੂਹਰੇ ਅੱਖ ਚੁੱਕ ਕੇ ਨ੍ਹੀ ਵੇਖਦੇ ਹੁੰਦੇ ਤੇ ਤੈਨੂੰ ਵੱਡੇ-ਛੋਟੇ ਕਿਸੇ ਦਾ ਲਿਹਾਜ ਈ ਨ੍ਹੀਂ,” ਕਮਲ ਦੀ ਸੱਸ ਨੇ ਕਿਹਾ।
“ਜੇ ਇਵੇਂ ਸਮਝਦੇ ਐਂ ਤਾਂ ਓਹਦੇ ਕੋਲ ਚਲੇ ਜਾਓ, ਜਿਹੜੀ ਲਿਹਾਜ ਰੱਖਦੀ ਐ,” ਕਮਲ ਬੋਲੀ।
“ਅਸੀਂ ਕਿਓਂ ਜਾਈਏ, ਸਾਡੇ ਪੁੱਤ ਦਾ ਘਰ ਐ। ਤੂੰ ਜਾਹ, ਜਿੱਥੇ ਜਾਨੀ ਐਂ।”
“ਪੁੱਤ ਕੀ ਲੱਗਦੈ, ਕਿਸ਼ਤਾਂ ਦਿੰਦੀ----।” ਕਮਲ ਨੇ ਹਾਲੇ ਗੱਲ ਵੀ ਪੂਰੀ ਨਹੀਂ ਸੀ ਕੀਤੀ ਕਿ ਜਿੰਦਰ ਹੱਥ ਚੁੱਕ ਕੇ ਬੋਲਿਆ, “ਤੈਨੂੰ ਮੈਂ ਕਰਦੈਂ ਸਿੱਧੀ ਅੱਜ।”
ਪਰ ਕਮਲ ਨੇ ਉਸ ਦਾ ਚੁੱਕਿਆ ਹੱਥ ਰਾਹ ਵਿੱਚ ਹੀ ਬੋਚ ਲਿਆ । ਤੇ ਉਹ ਘਰ ਖਿੱਲਰ ਗਿਆ।
ਸਬਜ਼ੀਆਂ ਕੱਟ ਰਹੀ ਕਮਲ ਨੇ ਸੋਚਿਆ, ‘ਬੰਦੇ ਵਿਆਹ ਕਰਵਾ ਕੇ ਜਨਾਨੀਆਂ ਨੂੰ ਆਪਣੀ ਪਰੌਪਰਟੀ ਕਿਓਂ ਸਮਝਣ ਲੱਗ ਜਾਂਦੇ ਆ। ਜਿਉਂਦੇਂ ਭਾਵੇਂ ਜਨਾਨੀ ਦੀ ਕਮਾਈ ਸਿਰ ਹੋਣ। ਇਹ ਤਾਂ ਫਿਰ ਕਮਾਈ ਕਰਦੈ ਤੇ ਉਹ ਜਿਹੜਾ---।’ ਜਿੰਦਰ ਦਾ ਖਿਆਲ ਆਉਂਦੇ ਹੀ ਕਮਲ ਦਾ ਹੱਥ ਤੇਜ਼ ਚੱਲਣ ਲੱਗਾ। ਚਾਕੂ ਉਸ ਦੀ ਉਂਗਲ ਉੱਤੇ ਫਿਰ ਗਿਆ। ਕਮਲ ਨੇ ਪੀੜ ਨਾਲ ਕਸੀਸ ਵੱਟੀ। ਉਂਗਲ ਵਿੱਚੋਂ ਖੂਨ ਵਗਣ ਲੱਗਾ। ਕਮਲ ਨੇ ਖੂਨ ਰੋਕਣ ਲਈ ਬੈਂਡਏਡ ਵਲ੍ਹੇਟ ਲਈ। ਬੈਂਡਏਡ ਵਲ੍ਹੇਟ ਕੇ ਮੁੜੀ ਕਮਲ ਨੇ ਇੱਕ ਨਜ਼ਰ ਫਿਰ ਖਿੜਕੀ ਰਾਹੀਂ ਬਾਹਰ ਵੱਲ ਮਾਰੀ ਅਤੇ ਉੱਥੋਂ ਰਸੋਈ ਵੱਲ ਮੁੜਦਿਆਂ ਉਸ ਦੀ ਨਿਗ੍ਹਾ ਕੰਧ ਉੱਪਰ ਟੰਗੀ ਉਨ੍ਹਾਂ ਦੀ ਪਰਿਵਾਰਕ ਤਸਵੀਰ ਨਾਲ ਟਕਰਾ ਗਈ। ਉਂਗਲ ਨੂੰ ਘੁੱਟੀ ਉਹ ਇਕ ਟੱਕ ਤਸਵੀਰ ਵੱਲ ਵੇਖਣ ਲੱਗੀ। ਗੁਰਚਰਨ ਦੇ ਮੋਢਿਆਂ ਉੱਪਰ ਚੜ੍ਹੇ ਬੈਠੇ ਅਰਜੁਨ, ਉਸ ਦੀ ਆਪਣੀ ਗੋਦੀ ਵਿੱਚ ਬਿਠਾਏ ਗੁਰਨੂਰ, ਸੱਜੇ ਖੜ੍ਹੀ ਸਿੰਮੀ ਦਾ ਮੁਸਕਰਾਉਂਦਾ ਮੁਖੜਾ ਅਤੇ ਫਿਰ ਗੁਰਚਰਨ ਦਾ ਖਿੜ੍ਹਿਆ ਚੇਹਰਾ ਨਿਹਾਰਦੀ ਕਮਲ ਨੇ ਸੋਚਿਆ ਕਿ ਉਸ ਨੂੰ ਗੁਰਚਰਨ ਦੀ ਇਹ ਨਾਂ ਬਦਲਣ ਵਾਲੀ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਚੁੱਪ ਕਰਕੇ ਬੱਚੇ ਪਾਲਣੇ ਚਾਹੀਦੇ ਹਨ।
ਚੁੱਪ ਕਰਕੇ ਬੱਚੇ ਪਾਲਣ ਵਾਲਾ ਇਹ ਖਿਆਲ ਕਮਲ ਨੂੰ ਉਦੋਂ ਵੀ ਆਇਆ ਸੀ, ਜਦ ਉਹ ਆਪਣੇ ਪੇਕਿਆਂ ਦੇ ਘਰ ਰਹਿੰਦੀ ਸੀ। ਉਹ ਮਕਾਨ, ਜਿਸ ਵਿੱਚ ਉਹ ਜਿੰਦਰ ਨਾਲ ਰਹਿੰਦੀ ਸੀ, ਵੇਚ ਦਿੱਤਾ ਸੀ। ਆਪਣਾ ਹਿੱਸਾ ਲੈ ਕੇ ਕਮਲ ਆਪਣੇ ਪੇਕੇ ਘਰ ਆ ਗਈ ਸੀ। ਉਸ ਦੀ ਮਾਂ ਨੇ ਬੱਚਿਆਂ ਵੱਲੋਂ ਉਸ ਨੂੰ ਬੇਫਿ਼ਕਰ ਕਰ ਦਿੱਤਾ ਸੀ। ਉਹ ਕੰਮ ‘ਤੇ ਜਿੰਨਾ ਵੀ ਓਵਰਟਾਈਮ ਮਿਲਦਾ, ਲਾ ਆਉਂਦੀ। ਘਰ ਪਹੁੰਚੀ ਤੋਂ ਮਾਂ ਦੀਆਂ ਪੱਕੀਆਂ–ਪਕਾਈਆਂ ਵੀ ਮਿਲ ਜਾਂਦੀਆਂ। ਪਰ ਮਾਂ ਦੀ ਛਾਂ ਉਹ ਬਹੁਤਾ ਚਿਰ ਨਾ ਮਾਣ ਸਕੀ। ਇੱਕ ਦਿਨ ਨਹਾਉਣ ਲੱਗੀ ਉਸ ਦੀ ਮਾਂ ਗੁਸਲਖਾਨੇ ਵਿੱਚ ਹੀ ਡਿੱਗ ਪਈ। ਉਸ ਨੂੰ ਜ਼ਬਰਦਸਤ ਅਧਰੰਗ ਹੋਇਆ ਸੀ। ਪਹਿਲਾਂ ਹਸਪਤਾਲ ਤੇ ਫਿਰ ਉਹ ਕੇਅਰਹੋਮ ਵਿੱਚ ਪਹੁੰਚ ਗਈ ਸੀ। ਕਮਲ ਨੂੰ ਲੱਗਦਾ ਕਿ ਘਰ ਦਾ ਮੁੱਖ ਥੱਮਲ੍ਹਾ ਡਿੱਗ ਗਿਆ। ਉਹ ਮਾਂ,ਜਿਹੜੀ ਸਾਰੇ ਘਰ ਦੀ ਜੁੰਮੇਵਾਰੀ ਆਪਣੇ ਮੋਢਿਆਂ ‘ਤੇ ਚੁੱਕੀ ਫਿਰਦੀ ਸੀ, ਨੂੰ ਆਪ ਸਹਾਰੇ ਦੀ ਜ਼ਰੂਰਤ ਪੈ ਗਈ ਸੀ। ਬੱਚਿਆਂ ਦੀ ਸੰਭਾਲ ਦੀ ਸਮੱਸਿਆ ਆਣ ਪਈ ਸੀ। ਕਮਲ ਦੀ ਬੇਟੀ,ਸਿੰਮੀ ਤਾਂ ਸਕੂਲ ਚਲੀ ਜਾਂਦੀ ਸੀ ਪਰ ਅਰਜੁਨ ਤੇ ਕਮਲ ਦੇ ਭਰਾ ਦਾ ਬੇਟਾ ਤਾਂ ਹਾਲੇ ਸਕੂਲ ਜਾਣ ਦੀ ਉਮਰ ਤੋਂ ਛੋਟੇ ਸਨ। ਕਮਲ ਦੀ ਭਰਜਾਈ ਆਖਦੀ ਕਿ ਉਸ ਨੂੰ ਤਾਂ ਮਸਾਂ ਕੰਮ ਮਿਲਿਆ ਸੀ। ਪਰ ਉਸ ਨੂੰ ਕੰਮ ਛੱਡਣਾ ਪੈ ਗਿਆ ਸੀ। ਕਮਲ ਨੂੰ ਲੱਗਦਾ ਕਿ ਕੰਮ ਛੱਡਣ ਤੋਂ ਬਾਅਦ ਉਹ ਖਿਝੀ-ਖਿਝੀ ਰਹਿਣ ਲੱਗੀ ਸੀ। ਕਮਲ ਦੇ ਘਰ ਵੜਦਿਆਂ ਉਹ ਅਕਸਰ ਹੀ ਆਖਦੀ, “ਦੀਦੀ ਇਹ ਅਰਜੁਨ ਬਹੁਤ ਤੰਗ ਕਰਦੈ। ਸਾਰਾ ਦਿਨ ਟੱਪਦਾ ਰਹਿੰਦਾ। ਨਾਲੇ ਛੋਟੇ ਨੂੰ ਪੁੱਠੀਆਂ ਆਦਤਾਂ ਪਾਉਂਦੈ। ਮੈਂ ਤਾਂ ਸਾਰਾ ਦਿਨ ਏਹਨਾਂ ਦੇ ਮਗਰ ਮਗਰ ਫਿਰ ਕੇ ਥੱਕੀ ਪਈ ਆਂ।” ਕਮਲ ਨੂੰ ਲੱਗਦਾ ਕਿ ਉਹ ਥੱਕੀ ਨਾਲੋਂ ਅੱਕੀ ਜਿਆਦਾ ਪਈ ਸੀ। ਕਮਲ ਨੂੰ ਮਹਿਸੂਸ ਹੁੰਦਾ ਕਿ ਉਹ ਵਾਧੂ ਦੀ ਟੋਕਾ-ਟਾਕੀ ਕਰਨ ਲੱਗ ਪਈ ਸੀ। ਕਦੇ ਉਹ ਰੋਟੀਆਂ ਪਕਾ ਕੇ ਹਟੀ ਕਮਲ ਨੂੰ ਆਖਦੀ, “ਦੀਦੀ ਤੁਸੀਂ ਰੋਟੀਆਂ ਪਕਾਉਣ ਲੱਗੇ ਆਟਾ ਪਤਾ ਨੀ ਕਿਵੇਂ ਐਨਾ ਖਿਲਾਰ ਦਿੰਨੇ ਆਂ!” ਜਾਂ ਕਦੇ ਆਖਦੀ, “ਦੀਦੀ ਬਰਤਨ ਸਾਫ਼ ਕਰਨ ਲੱਗੇ ਤੁਸੀਂ ਪਾਣੀ ਸਿੰਕ ਤੋਂ ਬਾਹਰ ਕੱਢ ਦਿੰਨੇ ਆਂ।” ਜਾਂ ਆਖਦੀ , “ ਦੀਦੀ, ਮੈਂ ਮਸਾਂ ਕੱਪ-ਪਲੇਟਾਂ ਐਡਜਸਟ ਕੀਤੇ ਸੀ। ਤੁਸੀਂ ਫੇਰ ਪਹਿਲਾਂ ਵਾਲੀ ਥਾਂ ‘ਤੇ ਹੀ ਰੱਖ ਦਿੰਨੇ ਆਂ।” ਜਵਾਬ ਵਿੱਚ ਕਮਲ ਆਖਦੀ, “ਪਹਿਲਾਂ ਐਨੇ ਸਾਲਾਂ ਤੋਂ ਹੋਰ ਕਪਬੋਰਡ ‘ਚ ਰੱਖਦੇ ਸੀ। ਆਦਤ ਪਈ ਹੋਈ ਐ ਉੱਥੇ ਰੱਖਣ ਦੀ। ਹੌਲੀ-ਹੌਲੀ ਨਵੀਂ ਕਪਬੋਰਡ ਦੀ ਆਦਤ ਪੈ ਜਾਊ।” ਕਮਲ ਦੇ ਅੰਦਰ ਕ੍ਰੋਧ ਉੱਠਦਾ। ਉਸ ਦਾ ਜੀਅ ਕਰਦਾ ਕਿ ਆਖੇ, ‘ਬਹੁਤੀ ਮੇਰ ਨਾ ਜਤਾ ਮੇਰਾ ਵੀ ਓਨਾ ਹੀ ਘਰ ਐ, ਜਿੰਨਾ ਤੇਰੇ ਪਤੀ ਦਾ।’ ਪਰ ਉਹ ਜ਼ਾਬਤਾ ਰੱਖਦੀ। ਸੋਚਦੀ ਕਿ ਜੇ ਉਹ ਬੋਲੀ ਤਾਂ ਘਰ ਵਿੱਚ ਕਲੇਸ਼ ਪੈ ਜਾਵੇਗਾ, ਜਿਸ ਨਾਲ ਉਸ ਦੇ ਪਾਪਾ ਨੂੰ ਹੋਰ ਦੁੱਖ ਪਹੁੰਚੇਗਾ। ਉਹ ਤਾਂ ਪਹਿਲਾਂ ਹੀ ਮਾਂ ਵਾਲੇ ਸਦਮੇ ਨਾਲ ਡੋਲੇ ਫਿਰਦੇ ਸੀ। ਕਮਲ ਭਰੀ-ਪੀਤੀ ਫਿਰਦੀ ਰਹਿੰਦੀ। ਕੰਮ ਤੋਂ ਵਾਪਸ ਆਈ ਤੋਂ ਬੱਚੇ ਉਸ ਨੂੰ ਡਡਿਆ ਕੇ ਚੁੰਬੜਦੇ। ਕਮਲ ਮਹਿਸੂਸ ਕਰਦੀ ਕਿ ਮਾਂ ਦੇ ਤੰਦਰੁਸਤ ਹੁੰਦਿਆਂ ਉਨ੍ਹਾਂ ਨੂੰ ਖਿਆਲ ਵੀ ਨਹੀਂ ਸੀ ਹੁੰਦਾ ਕਿ ਉਹ ਘਰ ਹੈ ਵੀ ਕਿ ਨਹੀਂ। ਤੇ ਕਮਲ ਬੱਚਿਆਂ ਨੂੰ ਨਾਲ ਲੈ ਕੇ ਮਾਂ ਦਾ ਪਤਾ ਲੈਣ ਕੇਅਰਹੋਮ ਵੱਲ ਭੱਜ ਤੁਰਦੀ। ਮਾਂ ਦਾ ਪਤਾ ਲੈਣ ਆਈਆਂ ਅਕਸਰ ਹੀ ਆਖ ਦਿੰਦੀਆਂ, “ਘੋੜੇ ਵਰਗੀ ਪਈ ਸੀ। ਹਾਲੇ ਓਹਨੂੰ ਕੀ ਹੋਣਾ ਸੀ ਜੇ ਕੁੜੀ ਦਾ ਦੁੱਖ ਨਾ ਲੱਗਦਾ।” ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਮਲ ਸੋਚਦੀ ਕਿ ਉਸ ਨੇ ਕਿਹੜਾ ਜਾਣ-ਬੁੱਝ ਕੇ ਦੁੱਖ ਦਿੱਤੈ। ਜੇ ਚੰਗਾ ਘਰ-ਬਾਰ ਮਿਲ ਜਾਂਦਾ ਤਾਂ ਕੀਹਦਾ ਚਿੱਤ ਕਰਦੈ ਘਰ ਪੱਟਣ ਨੂੰ! ਕਮਲ ਦਾ ਜੀਅ ਕਰਦਾ ਕਿ ਉਹ ਉਨ੍ਹਾਂ ਤੋਂ ਦੂਰ ਭੱਜ ਜਾਵੇ। ਜਦ ਉਹ ਆਪਣੀ ਮਾਂ ਨੂੰ ਬਿਸਤਰੇ ਨਾਲ ਚੁੰਬੜੀ ਆਪਣੇ-ਆਪ ਹਿੱਲਣ ਤੋਂ ਵੀ ਅਸਮਰਥ ਦੇਖਦੀ ਤਾਂ ਕਮਲ ਦੇ ਅੰਦਰ ਗੁਨਾਹ ਦਾ ਅਹਿਸਾਸ ਉੱਠਣ ਲੱਗਦਾ। ਉਸ ਨੂੰ ਲੱਗਦਾ ਕਿ ਜੇ ਉਸਦਾ ਤਲਾਕ ਨਾ ਹੋਇਆ ਹੁੰਦਾ ਤਾਂ ਮਾਂ ਦੀ ਸ਼ਾਇਦ ਇਹ ਹਾਲਤ ਨਾ ਹੁੰਦੀ। ਤੇ ਉਸ ਦੇ ਅੱਥਰੂ ਡੁੱਲ੍ਹਣ-ਡੁੱਲ੍ਹਣ ਕਰਦੇ ਰਹਿੰਦੇ। ਉਹ ਸੋਚਦੀ ਕਿ ਕਿਸ ਨਾਲ ਆਪਣਾ ਦੁੱਖ ਸਾਂਝਾ ਕਰੇ। ਸਾਰੀ ਦੁਨੀਆਂ ਉਸ ਨੂੰ ਬੇਗਾਨੀ ਬੇਗਾਨੀ ਲਗਦੀ। ਇਹਨਾਂ ਦਿਨਾਂ ‘ਚ ਇੱਕ ਦਿਨ ਉਹ ਕੰਮ ਦੇ ਲੰਚ ਟਾਈਮ ਵੇਲੇ ਬਾਹਰ ਪੈਂਦੀ ਬਰਫ਼ ਵੱਲ ਇੱਕ ਟੱਕ ਵੇਖ ਰਹੀ ਸੀ।
“ਕੀ ਸੋਚੀ ਜਾਨੀ ਐਂ?” ਕਮਲ ਦੇ ਕੰਨੀ ਪਾਲੀ ਦੀ ਆਵਾਜ਼ ਪਈ।
“ਐਂ ਲੱਗਦੈ ਜਿਵੇਂ ਦੁਨੀਆਂ ਭਰ ਦੀ ਸਨੋਅ ਨੇ ਆਪਣੇ ਕੈਲਗਿਰੀ ਹੀ ਪੈਣੈ ਹੁੰਦੈ! ਹੋਰ ਬਥੇਰੇ ਥਾਂ ਪਏ ਆ। ਉੱਥੇ ਨ੍ਹੀ ਪੈਂਦੀ।”
ਕਮਲ ਨੇ ਪਾਲੀ ਦੇ ਹੱਸਣ ਦੀ ਆਵਾਜ਼ ਸੁਣੀ ਤੇ ਫਿਰ ਉਸ ਦੇ ਬੋਲ, “ਹਰੇਕ ਥਾਂ ਦੇ ਆਵਦੇ ਗੁਣ-ਔਗੁਣ ਹੁੰਦੇ ਆ। ਇਸ ਤਰ੍ਹਾਂ ਝੁਰਨ ਨਾਲ ਨ੍ਹੀ ਕੁਝ ਬਣਦਾ ਹੁੰਦਾ। ਏਹਦੇ ਨਾਲ ਤਾਂ ਟੱਕਰ ਲੈਣੀ ਪੈਂਦੀ ਆ। ਯੂ ਨੋ ਵੱਟ ਆਈ ਮੀਨ ।”
ਕਮਲ ਨੂੰ ਪਾਲੀ ਦੀ ਇਹ ਗੱਲ ਕਈ ਵਾਰ ਚੇਤੇ ਆਉਂਦੀ।
ਸਬਜ਼ੀ ਬਣਾ ਕੇ ਹਟਣ ਤੋਂ ਬਾਅਦ ਖਿੜਕੀ ਰਾਹੀਂ ਬਾਹਰ ਵੱਲ ਦੇਖਦਿਆਂ ਵੀ ਇਹੋ ਗੱਲ ਚੇਤੇ ਆਈ। ਕਮਲ ਦੀ ਨਿਗ੍ਹਾ ਇੱਕ ਆਦਮੀ ‘ਤੇ ਪਈ, ਜਿਹੜਾ ਇੱਕ ਛੋਟੇ ਜਿਹੇ ਬੱਚੇ ਨੂੰ ਮੋਢਿਆਂ ਉੱਪਰ ਚੁੱਕ ਕੇ ਬਰਫ਼ ਵਿੱਚ ਬੋਚ-ਬੋਚ ਪੈਰ ਧਰਦਾ ਤੁਰ ਰਿਹਾ ਸੀ। ‘ਵੇਖ ਕਿੰਨਾ ਔਖਾ ਹੋ ਕੇ ਪੈਰ ਧਰਦਾ ਵਿਚਾਰਾ!’ਕਮਲ ਨੇ ਸੋਚਿਆ। ਫਿਰ ਉਸ ਦੇ ਦਿਮਾਗ ਵਿੱਚ ਇੱਕਦਮ ਅਰਜੁਨ ਦਾ ਖਿਆਲ ਆਇਆ, ਜਿਹੜਾ ਉਸ ਬੱਚੇ ਦੀ ਉਮਰ ਵਿੱਚ ਆਪਣੇ ਨਾਨੇ ਦੇ ਮੋਢਿਆਂ ‘ਤੇ ਚੜ੍ਹਨ ਲਈ ਆਪਣੇ ਮਾਮੇ ਦੇ ਪੁੱਤ ਨਾਲ ਲੜਾਈ ਕਰਦਾ।
‘ਮੇਰਾ ਗਰਂੈਪਾ ਐ –ਮੇਰਾ ਗਰੈਂਪਾ ਆ,’ ਆਖਦੇ ਉਹ ਦੋਹੇਂ ਖਹਿਬੜਦੇ। ਇਕ ਦਿਨ ਅਰਜੁਨ ਰੋਂਦਾ ਹੋਇਆ ਕਮਲ ਕੋਲ ਆ ਕੇ ਬੋਲਿਆ ਸੀ, “ਮਾਂ, ਐਵਰੀ ਟਾਈਮ ਗਰੈਂਪਾ ਓਹਦੀ ਸਾਈਡ ਲੈਂਦਾ ਆ। ਮੈਨੂੰ ਪਿੱਗੀਬੈਕ ਰਾਈਡ ਨੀ ਦਿੰਦਾ।” ਕਮਲ ਦੇ ਚਿੱਤ ‘ਚ ਆਈ ਕਿ ਆਪਣੇ ਪਾਪਾ ਨੂੰ ਆਖੇ ਕਿ ਵਿਤਕਰਾ ਨਾ ਕਰਿਆ ਕਰੇ। ਪਰ ‘ਪਾਪਾ ਪਹਿਲਾਂ ਹੀ ਮਾਂ ਕਰਕੇ ਦੁਖੀ ਐ’ ਸੋਚ ਕੇ ਉਸ ਨੇ ਆਪਣੇ-ਆਪ ਨੂੰ ਰੋਕ ਲਿਆ ਅਤੇ ਅਰਜੁਨ ਨੂੰ ਚੁੱਪ ਕਰਵਾਉਣ ਲਈ ਨੇੜੇ ਬੈਠੇ ਆਪਣੇ ਭਰਾ ਵੱਲ ਇਸ਼ਾਰਾ ਕਰਦਿਆਂ ਆਖ ਦਿੱਤਾ, “ਜਾਹ, ਤੂੰ ਆਪਣੇ ਮਾਮੇ ਦੇ ਮੋਢਿਆਂ ‘ਤੇ ਚੜ੍ਹ ਜਾ।”
“ਮਾਮੇ ਦੇ ਮੋਢਿਆਂ ‘ਤੇ ਚੜ੍ਹ ਜਾ, ਜਿਵੇਂ ਮਾਮੇ ਨੂੰ ਹੋਰ ਕੋਈ ਕੰਮ ਈ ਨ੍ਹੀਂ ਹੁੰਦਾ,” ਆਪਣੇ ਭਰਾ ਦੇ ਖਰ੍ਹਵੇ ਬੋਲ ਸੁਣ ਕੇ ਕਮਲ ਆਪਣੇ-ਆਪ ਨੂੰ ਰੋਕ ਨਾ ਸਕੀ। ਉਹ ਬੋਲੀ, “ਮੈਂ ਤਾਂ ਸੋਚਦੀ ਸੀ ਕਿ ਤੂੰ ਬੱਚਿਆਂ ਨੂੰ ਐਨਾ ਪਿਆਰ ਕਰੇਂਗਾ ਕਿ ਉਨ੍ਹਾਂ ਨੂੰ ਡੈਡ ਦੀ ਘਾਟ ਮਹਿਸੂਸ ਨ੍ਹੀਂ ਹੋਣੀ। ਪਰ ਤੂੰ ਤਾਂ ਏਨ੍ਹਾਂ ਨੂੰ ਜਵਾਂ ਈ ਲਾਈਕ ਨੀ ਕਰਦਾ।”
“ਲਾਈਕ ਕੀ ਕਰਾਂ। ਐਨੀਆਂ ਤਾਂ ਗਾਲ੍ਹਾਂ ਕੱਢਦੈ। ਸਾਰਾ ਦਿਨ ਇਲਤਾਂ ਕਰਦੈ। ਨਾਲੇ ਛੋਟੇ ਨੂੰ ਸਿਖਾਉਂਦੈ।”
“ਨਾ-ਨਾ ਲੜੋ ਨਾ, ਲਿਆ ਉਏ ਤੈਨੂੰ ਚੁੱਕ ਲਵਾਂ ਹੁਣ,” ਕਮਲ ਆਪਣੇ ਪਾਪਾ ਦੇ ਬੋਲ ਸੁਣ ਕੇ ਚੁੱਪ ਕਰ ਗਈ। ਜਦੋਂ ਉਸ ਦਾ ਗੁੱਸਾ ਘਟਿਆ, ਉਹ ਸੋਚਣ ਲੱਗੀ ਕਿ ‘ਭਰਾ ਪਹਿਲਾਂ ਤਾਂ ਇਸ ਤਰ੍ਹਾਂ ਦਾ ਨਹੀਂ ਸੀ। ਮਿਲਣ ਆਈ ਸਿੰਮੀ ਨੂੰ ਤਾਂ ਉਹ ਆਪਣੇ ਤੋਂ ਮਿੰਟ ਪਾਸੇ ਨਹੀਂ ਸੀ ਕਰਦਾ ਤੇ ਉਸ ਦਾ ਵੀ ਤਾਂ ਕਿੰਨਾ ਕਰਦਾ ਸੀ। ਉਸ ਨੂੰ ਕਈ ਵਾਰ ਜਿੰਦਰ ਦੀ ਜਿਆਦਤੀ ਦੀਆਂ ਗੱਲਾਂ ਕਰਦੀ ਨੂੰ ਸੁਣ ਉਹ ਜਿੰਦਰ ਨੂੰ ਕੁੱਟ ਦੇਣ ਦੀਆਂ ਗੱਲਾਂ ਵੀ ਕਰਦਾ ਪਰ ਮਾਂ ਦੇ ਸਮਝਾਉਣ ‘ਤੇ ਸਮਝ ਜਾਂਦਾ। ਇਹ ਤਾਂ ਮਾਂ ਤੋਂ ਬਾਅਦ ਹੀ ਪਤਾ ਨੀ ਸਾਰਿਆਂ ਨੂੰ ਕੀ ਹੋ ਗਿਐ।’ ਕਮਲ ਨੇ ਹੌਕਾ ਲਿਆ।
ਘਰ ਵਿੱਚ ਰਹਿੰਦੇ ਘੁੱਟੇ-ਵੱਟੇ ਤਣਾਅ ਤੋਂ ਤੰਗ ਆ ਕੇ ਕਮਲ ਨੇ ਆਪਣੀ ਆਂਟੀ ਦੀ ਸਲਾਹ ਮੰਨ ਲਈ ਸੀ। ਉਸ ਦੀ ਮਾਂ ਦੇ ਬੀਮਾਰ ਹੋਣ ਤੋਂ ਬਾਅਦ ਤਾਂ ਆਂਟੀ ਅਕਸਰ ਹੀ ਆਖਣ ਲੱਗ ਪਈ ਸੀ, “ ਜਿਹੜੇ ਚਾਰ ਪੈਸੇ ਕੋਲ ਐ, ਉਨ੍ਹਾਂ ਨਾਲ ਕੋਈ ਛੋਟਾ-ਮੋਟਾ ਮਕਾਨ ਖ੍ਰੀਦ ਕੇ ਕਿਰਾਏ ‘ਤੇ ਚੜ੍ਹਾ ਦੇ । ਮਕਾਨ ਆਵਦੇ ਨਾਂ ਹੋਵੇ ਤਾਂ ਰਿਸ਼ਤਾ ਜੁੜਨ ‘ਚ ਅਸਾਨੀ ਰਹਿੰਦੀ ਆ। ਨਾਲੇ ਰੱਬ ਨਾ ਕਰੇ ਜੇ ਤੇਰੇ ਪਾਪਾ ਨੂੰ ਕੁਝ ਹੋ ਗਿਆ ਤਾਂ ਭਰਾ-ਭਰਜਾਈ ਕਿੱਥੋਂ ਰੱਖਣਗੇ ਨਾਲ।”
“ਭਰਾ-ਭਰਜਾਈ ਕਿਵੇਂ ਕੱਢ ਦੇਣਗੇ। ਘਰ ਪਾਪਾ ਦੇ ਨਾਂ ਆ। ਪਾਪਾ ਦੇ ਬਰਾਬਰ ਕੰਮ ਕਰਕੇ ਮੌਰਗੇਜ ਦੀਆਂ ਕਿਸ਼ਤਾਂ ਦਿੱਤੀਆਂ ਮੈਂ ਇਸ ਘਰ ਦੀਆਂ,” ਕਮਲ ਨੇ ਝੱਟ ਜਵਾਬ ਦਿੱਤਾ। ਪਰ ਇਹ ਗੱਲ ਕੁਝ ਦਿਨਾਂ ਬਾਅਦ ਹੀ ਸਾਹਮਣੇ ਆ ਗਈ। ਕਮਲ ਦੇ ਮਕਾਨ ਖ੍ਰੀਦਕ ਕੇ ਕਿਰਾਏ ‘ਤੇ ਚੜ੍ਹਾਉਣ ਵੇਲੇ ਉਸ ਦੇ ਪਾਪਾ ਨੇ ਦਸ ਹਜ਼ਾਰ ਡਾਲਰ ਆਪਣੇ ਵੱਲੋਂ ਕਮਲ ਨੂੰ ਦੇ ਦਿੱਤੇ ਸਨ। ਇਸ ਗੱਲ ਦੀ ਭਿਣਕ ਪੈਂਦੇ ਹੀ ਉਸਦਾ ਭਰਾ ਭੜਕ ਪਿਆ ਸੀ। ਉਸ ਨੇ ਲਕੀਰ ਖਿੱਚਦਿਆਂ ਆਖ ਦਿੱਤਾ, “ਜਾਂ ਤਾਂ ਇਹ ਰਹੂ ਇਸ ਘਰ ਵਿੱਚ ਜਾਂ ਮੈਂ।”
“ਇਹ ਕੌਣ ਹੁੰਦੈ ਮੈਨੂੰ ਇੱਥੋਂ ਕੱਢਣ ਵਾਲਾ। ਪਾਪਾ, ਤੁਸੀਂ ਆਖਦੇ ਆਂ ਤਾਂ ਮੈਂ ਹੁਣੇ ਹੀ ਚਲੀ ਜਾਨੀ ਆਂ,” ਕਮਲ ਬੋਲੀ।
“ਮੈਂ ਤੈਨੂੰ ਇਸ ਤਰ੍ਹਾਂ ਕਿਵੇਂ ਘਰੋਂ ਧੱਕਾ ਦੇ ਦਊਂ। ਤੁਸੀਂ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ,” ਉਸ ਦੇ ਪਾਪਾ ਨੇ ਕਿਹਾ ਤੇ ਫਿਰ ਦੋਹਾਂ ਭੈਣ ਭਰਾਵਾਂ ਦੇ ਤਰਲੇ ਕਰ ਕੇ ਕਲੇਸ਼ ਖਤਮ ਕੀਤਾ ਸੀ। ਪਰ ਉਹ ਲਕੀਰ ਨਹੀਂ ਸੀ ਮਿਟਾ ਸਕਿਆ। ਕਮਲ ਘਰ ਦੀ ਬੇਸਮੈਂਟ ਵਿੱਚ ਰਹਿਣ ਲੱਗੀ ਅਤੇ ਉਸ ਦਾ ਭਰਾ ਉੱਪਰਲੇ ਹਿੱਸੇ ਵਿੱਚ। ਦਿਨੇ ਉਸ ਦਾ ਪਾਪਾ ਅਰਜੁਨ ਨੂੰ ਨਾਲ ਲੈ ਕੇ ਕੇਅਰਹੋਮ ਚਲਿਆ ਜਾਂਦਾ। ਇਸ ਤਰ੍ਹਾਂ ਕੰਮ ਰੁੜ੍ਹ ਤਾਂ ਪਿਆ ਸੀ ਪਰ ਤਣਾਅ ਹੋਰ ਘਣਾ ਹੋ ਗਿਆ ਸੀ। ਇਸ ਘੁਟਣ ਦਾ ਛੇਤੀ ਹੀ ਪਟਾਕਾ ਪੈ ਗਿਆ, ਜਿਸ ਦਿਨ ਕਮਲ ਦੇ ਵੈਨਕੂਵਰ ਤੋਂ ਆਏ ਮਾਮੇ ਦੇ ਪੁੱਤ ਨੇ ਘਰ ਆਉਣਾ ਸੀ। ਉਸ ਦਿਨ ਉਸ ਨੂੰ ਆਪਣੇ ਪਾਪਾ ‘ਤੇ ਬੇਹੱਦ ਗੁੱਸਾ ਆਇਆ। ਮਾਮੇ ਦੇ ਪੁੱਤ ਦੇ ਆਉਣ ਦੀ ਉਸ ਨੂੰ ਬਹੁਤ ਖੁਸ਼ੀ ਹੋਈ ਸੀ। ਉਸ ਨਾਲ ਉਹ ਬਚਪਨ ਵਿੱਚ ਖੇਡੀ ਸੀ, ਹੱਸੀ ਸੀ, ਤੇ ਉਸ ਨਾਲ ਉਸ ਦੀਆਂ ਬਚਪਨ ਦੀਆਂ ਅਨੇਕਾਂ ਹੀ ਯਾਦਾਂ ਜੁੜੀਆਂ ਹੋਈਆਂ ਸਨ। ਉਸ ਦੇ ਪਾਪਾ ਨੇ ਦੱਸਿਆ ਸੀ ਕਿ ਉਹ ਪਹਿਲਾਂ ਘਰ ਆਵੇਗਾ ਫਿਰ ਚਾਹ-ਪਾਣੀ ਪੀ ਕੇ ਉਹ ਕਮਲ ਦੀ ਮਾਂ ਦਾ ਪਤਾ ਲੈਣ ਕੇਅਰਹੋਮ ਜਾਣਗੇ। ਪਰ ਆਪਣੇ ਪਾਪਾ ਦੀ ਅਗਲੀ ਗੱਲ ਸੁਣ ਕੇ ਭਾਂਡੇ ਸਾਫ਼ ਕਰ ਰਹੀ ਕਮਲ ਦੇ ਹੱਥ ਉੱਥੇ ਹੀ ਰੁਕ ਗਏ। ਉਸ ਨੂੰ ਪਤਾ ਹੀ ਨਾ ਲੱਗਾ ਕਿ ਕੀ ਕਹੇ ਜਾਂ ਕਰੇ। ਉਸ ਦੇ ਪਾਪਾ ਨੇ ਕਿਹਾ ਸੀ, “ਕਮਲ ਪੁੱਤ, ਤੂੰ ਉਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਨਿਆਣਿਆਂ ਨੂੰ ਕੋਈ ਮੂਵੀ-ਮਾਵੀ ਵੇਖਣ ਲੈ ਜਾ ਜਾਂ ਕਿਸੇ ਸਹੇਲੀ ਦੇ ਘਰ ਚਲੀ ਜਾ।” ਕਮਲ ਨੇ ਹੈਰਾਨੀ ਨਾਲ ਆਪਣੇ ਪਾਪਾ ਵੱਲ ਵੇਖਿਆ। ਉਸ ਦੇ ਪਾਪਾ ਨੇ ਫਿਰ ਕਿਹਾ, “ਲੋਕਾਂ ਨੂੰ ਕਿਓਂ ਦੱਸਣਾ ਪਈ ਭੈਣ-ਭਰਾ ਇੱਕ ਦੂਜੇ ਨਾਲ ਬੋਲਦੇ-ਚੱਲਦੇ ਨੀ।” ਭਰੀ-ਪੀਤੀ ਕਮਲ ਨੇ ਬੱਚਿਆਂ ਨੂੰ ਕਾਰ ਵਿੱਚ ਬਿਠਾਇਆ ਅਤੇ ਚੱਕ-ਈ-ਚੀਜ਼ ਰੈਸਟੋਰੈਂਟ ਵਿੱਚ ਲੈ ਗਈ। ਜਿੰਨਾ ਚਿਰ ਬੱਚੇ ਖੇਡਦੇ-ਖਾਂਦੇ ਰਹੇ, ਉਹ ਆਪਣੇ-ਆਪ ਨੂੰ ਘੁੱਟੀ-ਵੱਟੀ ਬੈਠੀ ਰਹੀ। ਵਾਰ-ਵਾਰ ਉਸ ਦੇ ਚਿੱਤ ਵਿੱਚ ਆਉਂਦਾ, ‘ਪਾਪਾ ਨੇ ਉੱਪਰਲਿਆਂ ਨੂੰ ਕਿਓਂ ਨੀ ਕਿਹਾ ਘਰੋਂ ਜਾਣ ਲਈ। ਮੈਨੂੰ ਹੀ ਕਿਓਂ?’ ਜਦ ਬੱਚਿਆਂ ਦਾ ਮਨ ਅਤੇ ਪੇਟ ਭਰ ਗਿਆ ਤਾਂ ਕਾਰ ਵਿੱਚ ਬੈਠ ਕੇ ਕਮਲ ਦਾ ਭੁੱਬ ਮਾਰਨ ਨੂੰ ਦਿਲ ਕੀਤਾ। ਪਰ ਬੱਚਿਆਂ ਦਾ ਖਿਆਲ ਕਰਕੇ ਉਸ ਨੇ ਆਪਣੇ-ਆਪ ਨੂੰ ਰੋਕੀ ਰੱਖਿਆ। ਉਸ ਦੇ ਅੰਦਰਲਾ ਗੁੱਭ-ਗਬਾਹਟ ਮੋਟੇ-ਮੋਟੇ ਹੰਝੂਆਂ ਰਾਹੀਂ ਪਰਲ-ਪਰਲ ਬਾਹਰ ਆਉਣ ਲੱਗਾ। ਉਹ ਐਵੇਂ ਹੀ ਕਾਰ ਨੂੰ ਸੜਕਾਂ ‘ਤੇ ਭਜਾਉਂਦੀ ਰਹੀ। ਸਿੰਮੀ ਨੇ ਪਿਛਲੀ ਸੀਟ ਤੋਂ ਦੋ ਵਾਰ ਪੁੱਛਿਆ ਵੀ ਕਿ ਉਹ ਕਿੱਥੇ ਜਾ ਰਹੇ ਆ।। ਪਰ ਕਮਲ ਨੇ ਕੋਈ ਜਵਾਬ ਨਾ ਦਿੱਤਾ। ਜਦ ਸਿੰਮੀ ਨੇ ਤੀਜੀ ਵਾਰ ਪੁੱਛਿਆ ਤਾਂ ਉਸ ਨੇ ਕੰਬਦੇ ਬੋਲਾਂ ਨਾਲ ਕਿਹਾ, “ਖੁੂਹ ‘ਚ।” ਬੱਚੀ ਨੇ ਦੁਬਾਰਾ ਕੋਈ ਸਵਾਲ ਨਾ ਕੀਤਾ। ਅੱਖਾਂ ਵਿਚਲੇ ਹੰਝੂਆਂ ਕਾਰਣ ਕਮਲ ਨੂੰ ਸਾਰਾ ਕੁਝ ਧੁੰਦਲਾ-ਧੁੰਦਲਾ ਨਜ਼ਰ ਆਉਂਦਾ ਸੀ। ਕਮਲ ਨੇ ਲਾਲ ਬੱਤੀ ਵਿੱਚ ਦੀ ਕਾਰ ਲੰਘਾ ਦਿੱਤੀ। ਕਿਸੇ ਕਾਰ ਦਾ ਲੰਮਾ ਹਾਰਨ ਵੱਜਿਆ।“ਮੰਮ, ਘਰ ਚੱਲੋ,” ਕਮਲ ਨੂੰ ਸਿੰਮੀ ਦੀ ਆਵਾਜ਼ ਸੁਣੀ। ਉਸ ਨੇ ਸ਼ੀਸ਼ੇ ਰਾਹੀਂ ਪਿਛਲੀ ਸੀਟ ਵੱਲ ਵੇਖਿਆ। ਸਿੰਮੀ ਨੇ ਅਰਜੁਨ ਨੂੰ ਆਪਣੇ ਨਾਲ ਘੁੱਟਿਆ ਹੋਇਆ ਸੀ।
“ਕਿਹੜੇ ਘਰ?” ਕਮਲ ਦੇ ਬੁੱਲ੍ਹਾਂ ਵਿੱਚੋਂ ਸਿਰਕਿਆ। “ਆਪਣੇ ਘਰ,” ਆਖ ਕੇ ਅਰਜੁਨ ਨੇ ਲੇਰ ਮਾਰੀ। ਉਸ ਦੀ ਲੇਰ ਨੇ ਕਮਲ ਦੇ ਪਹਿਲਾਂ ਹੀ ਹਿੱਲੇ-ਹਾਉਲੇ ਦਿਲ ਵਿੱਚ ਹੋਰ ਹਲਚਲ ਮਚਾ ਦਿੱਤੀ। ਉਹ ਕਾਰ ਨੂੰ ਸੜਕ ਦੇ ਕਿਨਾਰੇ ਰੋਕ ਕੇ ਦੋਹਾਂ ਬੱਚਿਆਂ ਦੇ ਵਿਚਾਲੇ ਬੈਠ ਗਈ। ਦੋਹਾਂ ਨੂੰ ਆਪਣੇ ਨਾਲ ਘੁੱਟ ਕੇ ਉਹ ਰੋ ਪਈ। ਬੱਚੇ ਆਪਣੀ ਮਾਂ ਨਾਲ ਚੁੰਬੜ ਗਏ। ਉਨ੍ਹਾਂ ਨੂੰ ਪਲੋਸਦੀ ਕਮਲ ਦਾ ਰੋਣ ਥੰਮ੍ਹਿਆ ਤਾਂ ਉਸ ਨੇ ਆਪਣੀਆਂ ਅੱਖਾਂ ਪੂੰਝ ਕੇ ਕਿਹਾ, “ਅੱਜ ਦੀ ਰਾਤ ਆਪਾਂ ਥੋਡੇ ਮਾਮੇ ਦੇ ਘਰ ਚੱਲਾਂਗੇ । ਕੱਲ੍ਹ ਨੂੰ ਆਪਾਂ ਆਪਣੇ ਘਰ ਚੱਲਾਂਗੇ।”
“ਮਾਮੇ ਦੇ ਘਰ?” ਕਮਲ ਨੂੰ ਸਿੰਮੀ ਦੀ ਹੈਰਾਨੀ ਭਰੀ ਆਵਾਜ਼ ਸੁਣੀ।
“ਹਾਂ, ਉਹ ਮਾਮੇ ਦਾ ਈ ਘਰ ਐ। ਕੀ ਹੋ ਗਿਆ ਜੇ ਪਾਪਾ ਦੇ ਨਾਂ ਐ,” ਕਮਲ ਨੇ ਕਿਹਾ।
ਅਗਲੇ ਦਿਨ ਕਮਲ ਨੇ ਆਪਣਾ ਸਮਾਨ ਕਿਰਾਏ ‘ਤੇ ਦਿੱਤੇ ਆਪਣੇ ਮਕਾਨ ਦੀ ਬੇਸਮੈਂਟ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।
“ਕੀ ਕਮਲ ਮਾਰਦੀ ਐਂ? ਨਿਆਣਿਆਂ ਦਾ ਔਖਾ ਹੋਊ। ਕਿਵੇਂ ਸਾਰੇਂਗੀ? ਆਰਾਮ ਨਾਲ ਟਿਕ ਨਹੀਂ ਹੁੰਦਾ ਐਥੇ?” ਕਮਲ ਨੇ ਆਪਣੇ ਪਾਪਾ ਦੇ ਇਨ੍ਹਾਂ ਬੋਲਾਂ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ “ਆਪੇ ਸਰ ਜਾਊ,” ਆਖ ਕੇ ਗੱਲ ਮੁਕਾ ਦਿੱਤੀ।
ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਕਮਲ ਨੇ ਸੋਚਿਆ , ‘ਜੇ ਫਿਰ ਘਰ ਟੁੱਟ ਗਿਆ ਤਾਂ ਕਿਵੇਂ ਸਾਰੇ ਕੁਝ ਵਿੱਚੋਂ ਦੁਬਾਰਾ ਲੰਘਾਂਗੀ?’
‘ਆਪੇ ਸਰ ਜਾਊ ਜਿਵੇਂ ਪਹਿਲਾਂ ਸਰ ਗਿਆ ਸੀ,’ ਉਸ ਦੇ ਦੂਜੇ ਚਿੱਤ ਨੇ ਕਿਹਾ।
‘ਅੱਗੇ ਤਾਂ ਦੋ ਬੱਚੇ ਸੀ। ਹੁਣ ਤਿੰਨ ਹੋ ਗਏ। ਪਾਲੀ ਕਿੰਨਾ ਮਨ੍ਹਾਂ ਕਰਦੀ ਹੁੰਦੀ ਸੀ! ਮੈਂ ਫਿਰ ਵੀ ਉਸੇ ਚੱਕਰ ਵਿੱਚ ਫਸ ਗਈ।’
“ਮੈਥੋਂ ਨੀ ਦੁਬਾਰਾ ਇਸ ਸਾਰੇ ਨਰਕ ‘ਚੋਂ ਲੰਘਿਆ ਜਾਣਾ। ਏਹਦੇ ਨਾਲੋਂ ਤਾਂ ਮੈਂ ਓਦਾਂ ਹੀ ਚੰਗੀ ਆਂ। ਕੀ ਪਤਾ ਅਗਲਾ ਕਨੇਡਾ ਆਉਣ ਦਾ ਮਾਰਾ ਵਿਆਹ ਕਰਵਾ ਲਵੇ ਤੇ ਐਥੇ ਪਹੁੰਚ ਕੇ ਪਾਸੇ ਹੋ ਜਾਵੇ,” ਕਮਲ ਨੇ ਕਿਹਾ ਸੀ, ਜਦ ਉਸ ਦੀ ਆਂਟੀ ਨੇ ਇੰਡੀਆ ਤੋਂ ਰਿਸ਼ਤਿਆਂ ਦੀ ਪੈਂਦੀ ਦੱਸ ਬਾਰੇ ਕਮਲ ਦੀ ਰਾਇ ਜਾਣਨੀ ਚਾਹੀ ਸੀ।
ਕਮਲ ਦੇ ਤਲਾਕ ਹੋਏ ਨੂੰ ਹਾਲੇ ਤਿੰਨ ਕੁ ਮਹੀਨੇ ਹੀ ਹੋਏ ਸਨ, ਜਦ ਉਸ ਦੀ ਆਂਟੀ ਨੇ ਕਿਹਾ ਸੀ, “ਕਮਲ, ਵਿਆਹ ਬਾਰੇ ਕੀ ਖਿਆਲ ਐ ਫਿਰ?” ਕਮਲ ਦੇ ਦਿਮਾਗ ਵਿੱਚ ਇੱਕਦਮ ਖਿਆਲ ਆਇਆ ਕਿ ਆਂਟੀ ਨੂੰ ਮਾਂ ਨੇ ਪੁੱਛਣ ਵਾਸਤੇ ਕਿਹਾ ਹੋਵੇਗਾ। ਉਸ ਨੇ ਇੱਕ ਦਿਨ ਪਹਿਲਾਂ ਹੀ ਕਮਲ ਨਾਲ ਇੰਡੀਆ ਤੋਂ ਕਿਸੇ ਰਿਸ਼ਤੇ ਦੀ ਪਈ ਦੱਸ ਬਾਰੇ ਗੱਲ ਕੀਤੀ ਸੀ। ਕਮਲ ਨੂੰ ਆਪਣੀ ਮਾਂ ਉੱਪਰ ਗੁੱਸਾ ਵੀ ਆਇਆ ਕਿ ਐਨਾ ਸਹੇਲਪੁਣਾ ਵੀ ਕੀ ਆਖ ਕਿ ਹਰ ਗੱਲ ਹੀ ਅਗਲੇ ਨੂੰ ਦੱਸ ਦਿਓ।
“ਆਂਟੀ, ਮੈਂ ਮਾਂ ਨੂੰ ਦੱਸ ਤਾਂ ਦਿੱਤਾ ਸੀ ਕਿ ਮੈਨੂੰ ਨ੍ਹੀ ਠੀਕ ਲੱਗਦਾ,” ਕਮਲ ਨੇ ਕਿਹਾ।
“ਮੈਂ ਓਹਦੀ ਗੱਲ ਨ੍ਹੀ ਕਰਦੀ। ਹੋਰ ਬਥੇਰੇ ਰਿਸ਼ਤੇ ਆਉਂਦੇ ਆ। ਤੂੰ ਆਵਦੀ ਮਰਜੀ ਦੱਸ।”
“ਕਿਥੋਂ? ਇੰਡੀਆ ਤੋਂ?”
“ਹਾਂ, ਕਈਆਂ ਨੇ ਪੁੱਛਿਐ,” ਆਂਟੀ ਨੇ ਦੱਸਿਆ। ਕਮਲ ਦਾ ਇਨਕਾਰ ਸੁਣ ਕੇ ਉਹ ਬੋਲੀ, “ਹੁਣ ਤੂੰ ਨਿਆਣਿਆਂ ‘ਚ ਰੁੱਝੀ ਰਹਿਨੀ ਐਂ। ਜਦੋਂ ਇਹ ਉਡਾਰ ਹੋ ਗਏ, ਏਨ੍ਹਾਂ ਨੇ ਆਪਣੇ-ਆਪ ‘ਚ ਮਸਤ ਹੋ ਜਾਣੈ। ਫੇਰ ਤੂੰ ਕਿਹਾ ਕਰਨੈਂ ਬਈ ਜੇ ਆਂਟੀ ਦੀ ਗੱਲ ਮੰਨ ਕੇ ਕੋਈ ਸਾਥੀ ਲੱਭ ਲੈਂਦੀ ਤਾਂ ਚੰਗੀ ਰਹਿੰਦੀ। ਤੇਰੇ ਅੰਕਲ ਪੂਰੇ ਹੋਏ ਤੋਂ ਮੈਂ ਵੀ ਕਹਿੰਦੀ ਸੀ ਬਈ ਮੈਂ ਨ੍ਹੀ ਵਿਆਹ ਕਰਵਾਉਣਾ। ਹੁਣ ਜਦੋਂ ਇਕੱਲੀ ਨੂੰ ਘਰ ਖਾਣ ਨੂੰ ਆਉਂਦੈ ਤਾਂ ਲੱਗਦੈ ਬਈ ਗਲਤੀ ਸੀ ਮੇਰੀ।”
“ਓਦੋਂ ਹੀ ਲੱਭ ਲਊਂ ਸਾਥੀ।”
“ਸਾਥੀ ਤਾਂ ਓਹ ਹੁੰਦੈ, ਜੀਹਦੇ ਮੋਢੇ ਨਾਲ ਮੋਢਾ ਜੋੜ ਕੇ ਘਰ ਬੰਨ੍ਹਿਆ ਹੋਵੇ। ਨਿਆਣੇ ਪਾਲੇ ਹੋਣ।”
“ਜੇ ਸਕੇ ਪਿਓ ਨੇ ਨ੍ਹੀ ---” ਆਖਦੀ ਕਮਲ ਚੁੱਪ ਕਰ ਗਈ।
“ਸਾਰੇ ਤਾਂ ਨ੍ਹੀ ਇੱਕੋ-ਜਿਹੇ ਹੁੰਦੇ। ਹਾਲੇ ਕੱਲ੍ਹ ਦੀ ਕੁੜੀ ਐਂ। ਨਿਆਣੇ ਜੰਮ ਸਕਦੀ ਐਂ। ਆਪਣੇ ਬੱਚਿਆਂ ਨਾਲ ਹੀ ਬੰਦਾ ਘਰ ਨਾਲ ਬੱਝਦੈ।‘‘
“ਇੰਡੀਆ ਤੋਂ ਨ੍ਹੀ ਮੰਗਵਾਉਣਾ ਕੋਈ। ਐਥੇ ਹੀ ਕਰਾਊਂ ਜੇ ਕੋਈਂ ਠੀਕ ਮਿਲ ਗਿਆ,‘‘ ਕਮਲ ਨੇ ਕਿਹਾ।
“ਐਥੇ ਤੈਨੂੰ ਕੌਣ ਲੈ ਲੂ ਦੋ ਨਿਆਣਿਆਂ ਦੀ ਮਾਂ ਨੂੰ?” ਆਂਟੀ ਦੇ ਇਨ੍ਹਾਂ ਬੋਲਾਂ ਨੇ ਕਮਲ ਦੇ ਅੰਦਰ ਅੱਗ ਲਾ ਦਿੱਤੀ। ਉਸ ਨੂੰ ਇਕਦਮ ਪਤਾ ਹੀ ਨਾ ਲੱਗਾ ਕਿ ਕੀ ਜਵਾਬ ਦੇਵੇ। ਉਹ ਅੰਦਰੇ-ਅੰਦਰ ਧੁਖਣ ਲੱਗੀ।
ਖਿੜਕੀ ਰਾਹੀਂ ਦੇਖਦੀ ਕਮਲ ਨੂੰ ਸਾਹਮਣੇ ਮਕਾਨ ਦੀ ਚਿਮਨੀ ‘ਚੋਂ ਨਿਕਲ ਰਿਹਾ ਧੂੰਆਂ ਓਪਰਾ ਲੱਗਾ। ‘ਐਨੀ ਬਰਫ਼ ਦੇ ਹੁੰਦਿਆਂ ਇਹ ਧੂੰਆਂ!’ ਉਸ ਨੂੰ ਹੈਰਾਨੀ ਹੋਈ। ਉਹ ਕੁਝ ਪਲ ਹੈਰਾਨੀ ਨਾਲ ਨਿਕਲ ਰਹੇ ਧੂੰਏਂ ਵੱਲ ਦੇਖਦੀ ਰਹੀ। ਫਿਰ ਉਸ ਦੇ ਦਿਮਾਗ ਵਿੱਚ ਅੰਗਰੇਜ਼ੀ ਦਾ ਮੁਹਾਵਰਾ ਆਇਆ ਕਿ ‘ਜੇ ਮਕਾਨ ਦੀ ਛੱਤ ‘ਤੇ ਬਰਫ਼ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਮਕਾਨ ਵਿੱਚ ਗਰਮੀ ਨਹੀਂ ਹੈ’। ਚਿਮਨੀ ਤੋਂ ਨਿਗ੍ਹਾ ਹਟਾ ਕੇ ਕਮਲ ਆਪਣੇ ਘਰ ਦੇ ਮੂਹਰੇ ਖੜ੍ਹੇ ਸੀਡਰ ਦੇ ਦਰਖਤ ਵੱਲ ਦੇਖਣ ਲੱਗੀ। ਬਰਫ਼ ਨਾਲ ਕੱਜੇ ਇਸ ਦਰਖਤ ਦੀਆਂ ਹੇਠਾਂ ਵੱਲ ਝੁਕੀਆਂ ਟਾਹਣੀਆਂ ਵੱਲ ਦੇਖ ਕਮਲ ਨੂੰ ਆਪਣੇ ਮੋਢਿਆਂ ਵਿੱਚ ਖਿਚਾਅ ਮਹਿਸੂਸ ਹੋਇਆ। ਉਸ ਨੂੰ ਲੱਗਾ ਜਿਵੇਂ ਉਨ੍ਹਾਂ ਟਾਹਣੀਆਂ ਨੇ ਬਰਫ਼ ਦੇ ਭਾਰ ਕਾਰਣ ਆਪਣੇ-ਆਪ ਨੂੰ ਟੱਟਣੋਂ ਬਚਾਉਣ ਲਈ ਬਾਹਾਂ ਅਕੜਾਈਆਂ ਹੋਣ। ਫਿਰ ਉਸ ਨੇ ਦੇਖਿਆ ਕਿ ਜਿਹੜੀ ਬਰਫ਼ ਟਾਹਣੀਆਂ ‘ਤੇ ਟਿਕ ਨਹੀਂ ਸੀ ਰਹੀ ਉਹ ਹੇਠਾਂ ਡਿੱਗ ਰਹੀ ਸੀ। ਇਹ ਦੇਖ ਕੇ ਉਸ ਨੂੰ ਚੰਗਾ ਚੰਗਾ ਲੱਗਾ।
ਚੰਗਾ ਚੰਗਾ ਉਸ ਨੂੰ ਉਦੋਂ ਵੀ ਲੱਗਦਾ ਸੀ ਜਦ ਇੱਕ ਆਦਮੀ ਹਰ ਰੋਜ਼ ਉਸਦੇ ਪਿੱਛੇ ਆਉਣ ਲੱਗਾ ਸੀ। ਉਹ ਸ਼ਾਮ ਨੂੰ ਅਰਜਨ ਨੂੰ ਸਟਰੋਲਰ ਵਿੱਚ ਬਿਠਾ ਕੇ ਸਿੰਮੀ ਨਾਲ ਪਾਰਕ ਵਿੱਚ ਜਾਂਦੀ । ਉਸੇ ਵੇਲੇ ਉਹ ਪਾਰਕ ਵਿੱਚ ਆਉਣ ਲੱਗਾ ਸੀ।। ਉਸ ਨੂੰ ਪਿੱਛਾ ਕਰਦਾ ਦੇਖ ਕਦੇ ਕਮਲ ਨੂੰ ਆਂਟੀ ਦਾ ਕਿਹਾ ਯਾਦ ਆਉਂਦਾ। ਉਸ ਨੇ ਕਿਹਾ ਸੀ, “ਬਿਨਾਂ ਬੰਦੇ ਵਾਲੀ ਤੀਵੀਂ ਨੂੰ ਤਾਂ ਜਣਾ-ਖਣਾ ਆਵਦੇ ਬਿਸਤਰੇ ‘ਤੇ ਲਿਜਾਣਾ ਚਾਹੁੰਦਾ ਹੁੰਦੈ।” ਇਹ ਯਾਦ ਕਰਕੇ ਕਮਲ ਨੂੰ ਖਿਝ ਵੀ ਚੜ੍ਹਦੀ। ਇੱਕ ਦਿਨ ਕਮਲ ਨੇ ਸੋਚਿਆ ਕਿ ਉਸ ਬੰਦੇ ਨੂੰ ਆਖੇ, ‘ਸਟਾਪ ਫਾਲੋਇੰਗ ਅਸ।’ਇਸ ਤਰ੍ਹਾਂ ਆਖਣ ਲਈ ਜਦ ਉਹ ਪਿੱਛੇ ਵਲ ਮੁੜੀ ਤਾਂ ਉਸ ਆਦਮੀ ਦੇ ਚੇਹਰੇ ‘ਤੇ ਆਈ ਮੁਸਕਾਨ ਦੇਖ ਕੇ ਉਹ ਕੁਝ ਨਾ ਆਖ ਸਕੀ ਤੇ ਅੱਗੇ ਵੱਲ ਚੱਲ ਪਈ। ਅਗਲੇ ਦਿਨ ਉਸ ਆਦਮੀ ਦੇ ਨਾਲ ਇੱਕ ਪੰਜ ਕੁ ਸਾਲ ਦਾ ਬੱਚਾ ਸੀ। ਕੋਲ ਆ ਕੇ ਉਸ ਨੇ ਨਿੰਮ੍ਹਾ ਜਿਹਾ ਮੁਸਕਰਾ ਕੇ “ਹੈਲੋ,” ਕਿਹਾ। ਕਮਲ ਨੂੰ ਉਸ ਦੀ ਇਹ ਮੁਸਕਰਾਹਟ ਚੰਗੀ-ਚੰਗੀ ਲੱਗੀ। ਉਹ ਬੋਲਿਆ, “ਮੇਰਾ ਬੇਟਾ ਆ। ਆਪਣੀ ਮਾਂ ਨਾਲ ਰਹਿੰਦੈ। ਵੀਕਐਂਡ ‘ਤੇ ਮੇਰੇ ਕੋਲ ਆਉਂਦੈ।” ਤੇ ਫਿਰ ਉਸ ਨੇ ਆਪਣੇ ਬੇਟੇ ਨੂੰ ਕਿਹਾ, “ਜਾਓ ਬੇਟਾ, ਦੀਦੀ ਹੋਰਾਂ ਨਾਲ ਖੇਲ੍ਹੋ।” ਕਮਲ ਨੇ ਬੱਚੇ ਵੱਲ ਵੇਖਿਆ ਅਤੇ ਫਿਰ ਉਸ ਦੇ ਪਿਤਾ ਵੱਲ। ਉਹ ਆਖ ਰਿਹਾ ਸੀ, “ਤੁਹਾਡੇ ਬੱਚੇ ਕਿੰਨੇ ਪਿਆਰੇ ਆ!”
“ਸੋ ਇਜ਼ ਯੁਅਰਸ।”
“ਤੁਸੀਂ ਮਾਂਈਡ ਤਾਂ ਨੀ ਕਰਦੇ?”
“ਵਾਹਟ?”
“ਮੇਰਾ ਸੇਮ ਟਾਈਮ ਪਾਰਕ ਆਉਣਾ?”
“ਇਟਸ ਓ ਕੇ।”
“ਆਈ ਲਾਈਕ ਯੂ ਵੈਰੀ ਮੱਚ।”
ਕਮਲ ਨੇ ਉਸ ਵੱਲ ਵੇਖਿਆ ਅਤੇ ਫਿਰ ਬੱਚਿਆਂ ਵੱਲ ਵੇਖ ਕੇ ਆਖਣ ਲੱਗੀ, “ਲੁੱਕ ਐਟ ਦਾ ਕਿਡਸ। ਦੇ ਮਿਕਸਡ ਅਪ ਸੋ ਕੁਇੱਕਲੀ।”
“ਜੇ ਇਹ ਆਪਸ ਵਿੱਚ ਇਸ ਤਰ੍ਹਾਂ ਹੀ ਰਲ ਮਿਲ ਜਾਣ ਤਾਂ ਮੈਂ ਏਹਨੂੰ ਆਵਦੇ ਕੋਲ ਹੀ ਰੱਖ ਲਵਾਂ,” ਆਖ ਕੇ ਉਹ ਥੋੜ੍ਹਾ ਜਿਹਾ ਹੱਸਿਆ ਸੀ। ਕਮਲ ਨੂੰ ਕੋਈ ਜਵਾਬ ਨਾ ਸੁੱਝਿਆ। ਉਹ ਫਿਰ ਬੋਲਿਆ, “ਤੁਹਾਡੇ ਬੱਚੇ ਨ੍ਹੀ ਜਾਂਦੇ ਆਪਣੇ ਡੈਡ ਕੋਲ?”
“ਨੋ, ਆਈ ਗਾਟ ਸੋਲ ਕਸਟੱਡੀ,” ਕਮਲ ਨੇ ਕਿਹਾ। ਕਮਲ ਨੂੰ ਮਹਿਸੂਸ ਹੋਇਆ ਕਿ ਉਸ ਦੇ ਜਵਾਬ ਸੰਖੇਪ ਹਨ। ਉਸ ਨੂੰ ਵੀ ਕੋਈ ਸਵਾਲ ਪੁੱਛਣਾ ਚਾਹੀਦਾ ਹੈ ਪਰ ਉਸ ਤੋਂ ਕੁਝ ਵੀ ਪੁੱਛ ਨਾ ਹੋਇਆ। ਪਰ ਪਾਰਕ ਤੋਂ ਵਾਪਸ ਆਉਂਦੀ ਕਮਲ ਨੂੰ ਆਪਣਾ-ਆਪ ਭਰਿਆ-ਭਰਿਆ ਮਹਿਸੂਸ ਹੋਣ ਲੱਗਾ। ਉਸ ਆਦਮੀ ਦਾ ਨਿੰਮ੍ਹਾਂ ਨਿੰਮ੍ਹਾਂ ਮੁਸਕਾਉਣਾ, ਹੌਲੀ-ਹੌਲੀ ਬੋਲਣਾ ਅਤੇ ਬੱਚਿਆਂ ਵਿੱਚ ਦਿਲਚਸਪੀ ਲੈਣਾ ਕਮਲ ਨੂੰ ਸਭ ਕੁਝ ਚੰਗਾ-ਚੰਗਾ ਲੱਗਾ। ਅਗਲੇ ਦਿਨ ਉਹ ਰਤਾ ਪਹਿਲਾਂ ਹੀ ਪਾਰਕ ਪਹੁੰਚ ਗਈ ਸੀ ਤੇ ਮੁੜ-ਮੁੜ ਉਸ ਰਾਹ ਵੱਲ ਵੇਖਣ ਲੱਗੀ, ਜਿਸ ਰਸਤੇ ਉਹ ਆਉਂਦਾ ਹੁੰਦਾ। ਜਦ ਉਹ ਆੳਂੁਦਾ ਦਿਸਿਆ ਤਾਂ ਕਮਲ ਦਾ ਦਿਲ ਧੜਕਿਆ। ਉਸ ਦੇ ਕੋਲ ਪਹੁੰਚਦੇ-ਪਹੁੰਚਦੇ ਕਮਲ ਦਾ ਸਰੀਰ ਝੂਠਾ ਪੈਣ ਲੱਗਾ। ਉਸ ਦੀ ‘ਹੈਲੋ’ ਦਾ ਜਵਾਬ ਕਮਲ ਨੇ ਮੁਸਕਰਾ ਕੇ ਦਿੱਤਾ। ਤੇ ਗੱਲਾਂ ਕਰਦਿਆਂ ਕਮਲ ਨੇ ਉਹ ਸਵਾਲ ਪੁੱਛ ਲਿਆ, ਜਿਹੜਾ ਉਹ ਪਿਛਲੀ ਰਾਤ ਸੋਚਦੀ ਰਹੀ ਸੀ ਕਿ ਉਸ ਨੂੰ ਪੁੱਛਣਾ ਚਾਹੀਦਾ ਸੀ। ਕਮਲ ਨੇ ਪੁੱਛਿਆ, “ਆਰ ਯੂ ਡਾਈਵੋਰਸਡ ਔਰ ਸੈਪਰੇਟਿਡ?”
“ਡਾਈਵੋਰਸਡ।” ਤੇ ਫਿਰ ਉਹ ਬੋਲਿਆ, “ਕੈਨ ਵੁਈ ਬੀ ਫਰੈਂਡਸ?”
“ਆਰ ਵੁਈ ਨਾਟ? ਆਈ ਥਿੰਕ ਦੈਟਸ ਵਾਏ ਵੁਈ ਆਰ ਟਾਕਿੰਗ,” ਆਖ ਕੇ ਕਮਲ ਹੱਸ ਪਈ। ਤੇ ਇਹ ਹਾਸਾ ਕਮਲ ਦੇ ਬੁੱਲ੍ਹਾਂ ‘ਤੇ ਚੱਤੋ-ਪਹਿਰ ਰਹਿਣ ਲੱਗਾ। ਉਹ ਉੱਡੀ ਫਿਰਦੀ। ਸ਼ਾਮ ਨੂੰ ਪਾਰਕ ਜਾਣ ਦਾ ਵੇਲਾ ਉਡੀਕਦੀ। ਪਰ ਪਤਝੜ ਦਾ ਮੌਸਮ ਸ਼ੁਰੂ ਹੋ ਗਿਆ ਸੀ। ਗਰਮ ਧੁਪੀਲੇ ਦਿਨਾਂ ਦੀ ਥਾਂ ਠੰਡ ਉੱਤਰ ਆਈ ਸੀ। ਉਹ ਕਮਲ ਨੂੰ ਆਖਦਾ ਕਿ ਬੱਚਿਆਂ ਨੂੰ ਘਰ ਛੱਡ ਕੇ ਉਹ ਇਕੱਲੇ ਕਿਸੇ ਥਾਂ ਮਿਲਣ। ਤੇ ਇੱਕ ਦਿਨ ਇਹ ਜੁਗਾੜ ਆਪਣੇ-ਆਪ ਹੀ ਬਣ ਗਿਆ ਸੀ। ਕਮਲ ਦੀ ਖੁਸ਼ੀ ਦਾ ਭੇਤ ਉਸ ਦੀ ਮਾਂ ਅਤੇ ਫਿਰ ਆਂਟੀ ਨੇ ਪਾ ਲਿਆ ਸੀ। ਕਮਲ ਨੇ ਦੱਸ ਦਿੱਤਾ ਕਿ ਉਹ ਬੰਦਾ ਉਸ ਨੂੰ ਚੰਗਾ ਲੱਗਦਾ ਹੈ। “ਲੈ ਮੈਂ ਕੱਲ੍ਹ ਨੂੰ ਹੀ ਪਤਾ ਕਰ ਲੈਨੀ ਆਂ। ਉਸ ਦੀ ਮਾਂ ਨੂੰ ਮੈਂ ਕਈ ਵਾਰ ਮਿਲੀ ਆਂ। ਅਸੀਂ ‘ਕੱਠੀਆਂ ਗੁਰਦੁਆਰੇ ਸੇਵਾ ਕਰਦੀਆਂ,” ਆਂਟੀ ਦਾ ਕਿਹਾ ਸੁਣ ਕੇ ਕਮਲ ਨੇ ਸੋਚਿਆ ਕਿ ਆਖੇ ਕਿ ਉਹ ਪਹਿਲਾਂ ਆਪ ਹੀ ਗੱਲ ਕਰੇਗੀ। ਫਿਰ ਉਸ ਨੇ ਸੋਚਿਆ ਕਿ ਇਸ ਤਰ੍ਹਾਂ ਉਸ ਦਾ ਪਹਿਲ ਕਰਨਾ ਠੀਕ ਨਹੀਂ। ਜੇ ਉਸ ਨੇ ਨੇੜੇ ਹੋਣ ਲਈ ਪਹਿਲ ਕੀਤੀ ਸੀ ਤਾਂ ਵਿਆਹ ਬਾਰੇ ਵੀ ਕਰੇਗਾ। ਦੂਸਰੇ ਦਿਨ ਆਂਟੀ ਦਾ ਮੁਰਝਾਇਆ ਚੇਹਰਾ ਦੇਖ ਕੇ ਕਮਲ ਦਾ ਦਿਲ ਧੜਕਿਆ। ਆਂਟੀ ਪੰਜਾਬੀ ਅਖਬਾਰ ਦਾ ਰਿਸ਼ਤਿਆਂ ਵਾਲਾ ਸਫ਼ਾ ਮੂਹਰੇ ਕਰਦੀ ਬੋਲੀ, “ਓਹ ਤਾਂ ਕੁਆਰੀ ਕੁੜੀ ਭਾਲਦੇ ਆ। ਜੇ ਐਥੇ ਨਾ ਮਿਲੀ ਤਾਂ ਇੰਡੀਆ ਜਾਣਗੇ। ਕਹਿੰਦੇ ਸਾਡਾ ਅਖ਼ਬਾਰ ਵਿੱਚ ਵੀ ਪਾਇਆ ਹੋਇਐ। ਆਉਂਦੀ ਹੋਈ ਮੈਂ ਅਖ਼ਬਾਰ ਵੀ ਚੁੱਕ ਲਿਆਈ।”
ਕਮਲ ਇਸ਼ਤਿਹਾਰ ਪੜ੍ਹਨ ਲੱਗੀ। ਉਹ ਕੁਝ ਸਮਾਂ ਸੋਚਦੀ ਰਹੀ। ਤੇ ਫਿਰ ਪਤਝੜ ਦੀ ਉਸ ਸ਼ਾਮ ਕਮਲ ਤਿਆਰ ਹੋ ਕੇ ਉਸ ਨੂੰ ਸਟਾਰਬਕਸ ਕਾਫ਼ੀ ਹਾਊਸ ਵਿੱਚ ਮਿਲਣ ਗਈ। ਉਹ ਕੈਨਮੋਰ ਜਾਂ ਬੈਂਫ ਜਾਣਾ ਚਾਹੁੰਦਾ ਸੀ, ਜਿੱਥੇ ਆਪਣੇ ਲੋਕ ਨਾ ਹੋਣ। ਪਰ ਕਮਲ ਨੇ ਕਿਹਾ ਕਿ ਥਾਂ ਵੀ ਉਸ ਦੀ ਮਰਜ਼ੀ ਦੀ ਹੋਵੇਗੀ ਤੇ ਖਰਚ ਵੀ ਉਹ ਹੀ ਕਰੇਗੀ। ਤੇ ਸਟਾਰਬਕਸ ਜਾ ਕੇ ਕੌਫ਼ੀ ਦੀ ਘੁੱਟ ਭਰਦੀ ਕਮਲ ਨੇ ਪੁੱਛਿਆ, “ਥੋਨੂੰ ਕਿਹੋ-ਜਿਹੀ ਕੁੜੀ ਚੰਗੀ ਲੱਗਦੀ ਐ?” ਕਮਲ ਹੌਲੀ-ਹੌਲੀ ਉਸ ਨਾਲ ਪੰਜਾਬੀ ਬੋਲਣ ਲੱਗ ਪਈ ਸੀ। ਉਸ ਨੂੰ ਆਪਣੇ ਇਸ ਸੁਭਾਅ ‘ਤੇ ਕਈ ਵਾਰ ਆਪ ਹੀ ਹੈਰਾਨੀ ਹੁੰਦੀ ਕਿ ਓਪਰਿਆਂ ਨਾਲ ਗੱਲਾਂ ਕਰਦੇ ਆਪ ਮੁਹਾਰੇ ਹੀ ਉਸ ਦੇ ਮੂੰਹੋਂ ਅੰਗ੍ਰੇਜ਼ੀ ਨਿਕਲਣ ਲੱਗਦੀ ਤੇ ਜਿਓਂ-ਜਿਓਂ ਨੇੜਤਾ ਵਧਦੀ ਜਾਂਦੀ ਉਹ ਪੰਜਾਬੀ ‘ਚ ਗੱਲਾਂ ਕਰਨ ਲੱਗਦੀ।
“ਤੁਹਾਡੇ ਵਰਗੀ,” ਕਮਲ ਨੂੰ ਉਸ ਦੇ ਇਸ ਜਵਾਬ ਨਾਲ ਖਿਝ ਚੜੀ ਪਰ ਉਸ ਨੇ ਆਪਣੇ-ਆਪ ਨੂੰ ਜ਼ਬਤ ਵਿੱਚ ਕਰ ਲਿਆ । ਉਹ ਬੋਲੀ, “ਸ਼ਕਲ ਕਿ ਸੁਭਾਅ?”
“ਦੋਹੇਂ।”
ਕਮਲ ਨੇ ਆਪਣੇ ਹੱਥ ਉਪਰ ਉਸ ਦੇ ਹੱਥ ਦੀ ਛੋਹ ਮਹਿਸੂਸ ਕੀਤੀ। ਕਮਲ ਨੇ ਆਪਣੇ ਹੱਥ ਨੂੰ ਉਵੇਂ ਹੀ ਪਿਆ ਰਹਿਣ ਦਿੱਤਾ। ਉਹ ਬੋਲੀ, “ਸੁਭਾਅ ਦਾ ਥੋਨੂੰ ਕੀ ਪਤਾ। ਆਪਾਂ ਕਿਹੜਾ ਕਦੇ ਡੇਟ ‘ਤੇ ਗਏ ਆਂ?”
“ਆਪਾਂ ਪਾਰਕ ‘ਚ ਗੱਲਾਂ-ਬਾਤਾਂ ਕਰਦੇ ਤਾਂ ਹੁੰਦੇ ਸੀ। ਨਾਲੇ ਜੀਹਦੇ ਨਾਲ ਦਿਲ ਮਿਲ ਜਾਣ, ਸੁਭਾਅ ਵੀ ਆਪ ਹੀ ਮਿਲ ਜਾਂਦੇ ਹੁੰਦੇ ਆ।” ਕਮਲ ਨੇ ਆਪਣੇ ਹੱਥ ਉੱਪਰ ਉਸ ਦੇ ਹੱਥ ਦੀ ਘੁੱਟਣ ਮਹਿਸੂਸ ਕੀਤੀ। ਉਹ ਫਿਰ ਬੋਲਿਆ, “ਡੇਟ ਵਾਸਤੇ ਮੈਂ ਤਾਂ ਕਦੋਂ ਦਾ ਕਹਿਨਾਂ ਪਰ ਤੁਸੀਂ ਹੀ ਬਿਜ਼ੀ ਰਹਿੰਨੇ ਆਂ। ਮੇਰਾ ਤਾਂ ਕਦੋਂ ਦਾ ਇਨ੍ਹਾਂ ਅੱਖਾਂ ਵਿੱਚ ਗੁਆਚਣ ਨੂੰ ਜੀਅ ਕਰਦੈ।”
“ਸੱਚੀਂ?”
“ਤੁਸੀਂ ਮੌਕਾ ਤਾਂ ਦਿਓ।”
“ਥੋੜ੍ਹੇ ਚਿਰ ਵਾਸਤੇ ਜਾਂ ਉਮਰ ਭਰ ਲਈ?”
“ਸਦਾ-ਸਦਾ ਲਈ।”
“ਤੁਹਾਡਾ ਮਤਲਬ ਵਿਆਹ ਕਰਵਾਉਣ ਤੋਂ ਹੈ?”
“ਵਿਆਹ ‘ਚ ਕੀ ਪਿਆ ਐ? ਅੱਗੇ ਵਿਆਹ ਦਾ ਸਵਾਦ ਦੇਖ ਤਾਂ ਲਿਆ ਐ। ਤੁਸੀਂ ਵੀ ਤੇ ਮੈਂ ਵੀ।”
ਕਮਲ ਨੇ ਹੌਲੀ ਜਿਹੀ ਆਪਣਾ ਹੱਥ ਉਸ ਦੇ ਹੱਥ ਹੇਠੋਂ ਕੱਢਿਆ ਅਤੇ ਅਖਬਾਰ ਦੀ ਕਟਿੰਗ ਉਸ ਦੇ ਮੂਹਰੇ ਰੱਖ ਦਿੱਤੀ। ਕਮਲ ਉਸ ਦੇ ਚੇਹਰੇ ਦੇ ਉਤਰਾਅ-ਚੜ੍ਹਾਅ ਪੜ੍ਹਨ ਲੱਗੀ। ਉਹ ਥੋੜ੍ਹੇ ਚਿਰ ਬਾਅਦ ਬੋਲਿਆ, “ਇਹ ਤਾਂ ਘਰ ਦੇ ਮਗਰ ਪਏ ਹੋਏ ਆ।” ਇਹ ਗੱਲ ਕਮਲ ਦੇ ਦਿਮਾਗ ਵਿੱਚ ਵੀ ਆਈ ਸੀ, ਜਦ ਉਸ ਨੇ ਇਸ਼ਤਿਹਾਰ ਦੇਖਿਆ ਸੀ। ਪੂਰੀ ਗੱਲ ਜਾਣਨ ਲਈ ਤਾਂ ਉਹ ਉਸ ਨੂੰ ਮਿਲੀ ਸੀ। ਕਮਲ ਬੋਲੀ, “ਤੇ ਤੁਹਾਡਾ ਕੀ ਵਿਚਾਰ ਹੈ?”
“ਤੁਹਾਡੇ ਨਾਲ ਮੈਂ ਕਦੇ ਕੋਈ ਵਿਆਹ ਦਾ ਲਾਰਾ ਲਾਇਐ, ਜਿਹੜਾ ਤੁਸੀਂ ਐਨੀ ਇਨਵੈਸਟੀਗੇਸ਼ਨ ਕਰਦੇ ਆਂ?”
“ਹੁਣੇ-ਹੁਣੇ ਤਾਂ ਉਮਰ ਭਰ ਲਈ ਅੱਖਾਂ ‘ਚ ਗੁਆਚਣ ਦੀ ਗੱਲ ਕਰਦੇ ਸੀ।”
“ਦੋਸਤ ਬਣ ਕੇ।”
“ਵਿਆਹ ਕਰਕੇ ਕਿਓਂ ਨਹੀਂ?”
“ਆਪਣਾ ਵਿਆਹ ਕਾਮਯਾਬ ਹੋ ਈ ਨ੍ਹੀ ਸਕਦਾ।”
“ਕਿਓਂ?”
“ਨਹੀਂ ਹੋ ਸਕਦਾ ਬੱਸ।”
“ਆਈ ਵਾਂਟ ਟੂ ਨੋ ਵਾਏ ਡੂ ਯੂ ਥਿੰਕ ਦੈਟ ਵੇ।”
“ਜੇ ਹੋਣਾ ਹੁੰਦਾ ਤਾਂ ਤੇਰਾ ਪਹਿਲਾ ਵਿਆਹ ਨਾ ਕਾਮਯਾਬ ਹੋ ਜਾਂਦਾ।”
“ਸੋ ਯੂ ਥਿੰਕ ਆਈ ਵਾਜ਼ ਦਾ ਪ੍ਰੌਬਲਮ, ਹੂੰਅ? ਵਾਹਟ ਡੂ ਯੂ ਨੋ ਅਬਾਊਟ ਮੀ ਐਂਡ ਮਾਈ ਐਕਸ?” ਕਮਲ ਨੂੰ ਆਪਣੀ ਆਵਾਜ਼ ਉੱਚੀ ਹੁੰਦੀ ਮਹਿਸੂਸ ਹੋਈ।
“ਸਿਆਣੀਆਂ ਕੁੜੀਆਂ ਦੇ ਤਲਾਕ ਨ੍ਹੀ ਹੁੰਦੇ ਹੁੰਦੇ।” ਸੁਣ ਕੇ ਕਮਲ ਦੀਆਂ ਮੁੱਠੀਆਂ ਮਿਚ ਗਈਆਂ। ਉਸ ਨੇ ਲੰਮਾ ਸਾਹ ਲਿਆ। ਫਿਰ ਕੁਰਸੀ ਤੋਂ ਉੱਠ ਕੇ ਸਿੱਧਾ ਉਸ ਦੀਆਂ ਅੱਖਾਂ ਵਿੱਚ ਝਾਕਦੀ ਹੋਈ ਬੋਲੀ, “ਯੂ ਨੋ ਵਾਹਟ? ਹੈੱਲ ਵੈਦ ਯੂ। ਬਲੱਡੀ ਹਿਪੋਕਰੇਟ।” ਆਖ ਕੇ ਉਹ ਉਸ ਨੂੰ ਹੱਕਾ-ਬੱਕਾ ਹੋਏ ਨੂੰ ਉੱਥੇ ਬੈਠਾ ਛੱਡ ਤੁਰ ਆਈ।
ਰਸਤੇ ਵਿੱਚ ਉਸ ਨੂੰ ਆਂਟੀ ਦੀ ‘ਜਣੇ-ਖਣੇ ਵੱਲੋਂ ਆਪਣੇ ਬਿਸਤਰੇ ‘ਤੇ ਲਿਜਾਣ ਵਾਲੀ’ ਗੱਲ ਚੇਤੇ ਆਈ। ‘ਜਨਾਨੀ ਤਾਂ ਔਬਜੈਕਟ ਆ ਇਨ੍ਹਾਂ ਆਦਮੀਆਂ ਵਾਸਤੇ,’ ਉਸ ਦੇ ਦਿਮਾਗ ਵਿੱਚ ਆਇਆ। ‘ਪਰ ਪਾਲੀ ਤਾਂ ਆਪ ‘ਔਬਜੈਕਟ’ ਬਨਣ ਲਈ ਆਖਦੀ ਆ,’ ਉਸ ਨੇ ਸੋਚਿਆ। ਉਸ ਨੂੰ ਪਾਲੀ ਦੇ ਇਸ ਸੁਝਾਅ ਨਾਲ ਕੋਫ਼ਤ ਹੋਈ। ਉਦੋਂ ਵੀ ਹੋਈ ਸੀ , ਜਦ ਪਾਲੀ ਨੇ ਕਿਹਾ ਸੀ, “ਕਿਓਂ ਜਵਾਨੀ ਗਾਲਦੀ ਐਂ। ਬੌਡੀ ਦੀਆਂ ਨੀਡਸ ਹੁੰਦੀਐਂ। ਕਿਸੇ ਨੂੰ ਦੋਸਤ ਬਣਾ ਲੈ। ਯੂ ਨੋ ਵੱਟ ਆਈ ਮੀਨ।”
“ਜਸਟ ਫਾਰ ਦੈਟ?”
“ਹੋਰ, ਆਪਣੇ ਬਥੇਰੇ ਫਿਰਦੇ ਆ ਲਗੜ ਏਸੇ ਕੰਮ ਵਾਸਤੇ। ਆਵਦੇ ਆਪ ਨੂੰ ਸਰਕਾਰੀ ਸਾਂਢ ਸਮਝਦੇ ਆ।”
“ਨੋ, ਥੈਂਕਸ,” ਆਖ ਕੇ ਕਮਲ ਨੇ ਗੱਲ ਮੁਕਾ ਦਿੱਤੀ ਸੀ। ਉਸ ਨੂੰ ਇਸ ਸੋਚ ਨਾਲ ਹੀ ਕੋਫਤ ਹੋਈ ਸੀ। ਉਸ ਨੇ ਸੋਚਿਆ ਕਿ ਉਹ ਕਦੇ ‘ਔਬਜੈਕਟ’ ਨਹੀਂ ਬਣੇਗੀ। ਸਟਾਰਬਕਸ ਵਿੱਚੋਂ ਆਈ ਕਮਲ ਨੂੰ ਆਪਣੇ ਆਪ ‘ਤੇ ਖਿਝ ਆਈ ਕਿ ਉਸ ਨੇ ਕਿਓਂ ਮੌਕਾ ਦਿੱਤਾ ਉਸ ਆਦਮੀ ਨੂੰ ਆਪਣੇ ਬਾਰੇ ਇਸ ਤਰ੍ਹਾਂ ਸੋਚਣ ਦਾ। ਉਸਦਾ ਅੰਦਰ ਧੁਖਣ ਲੱਗਾ।
ਚਿਮਨੀ ਵਿੱਚੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਸੀ। ਸੀਡਰ ਦੇ ਦਰੱਖਤ ਤੋਂ ਮੁੜ ਕਮਲ ਦੀ ਨਿਗ੍ਹਾ ਚਿਮਨੀ ‘ਤੇ ਚਲੀ ਗਈ। ਉਹ ਕੁਝ ਪਲ ਉਸ ਵੱਲ ਦੇਖਦੀ ਰਹੀ। ਉਸ ਨੇ ਦੇਖਿਆ ਕਿ ਚਿਮਨੀ ਦੇ ਦੁਆਲੇ ਮੁਕਾਬਲਤਨ ਘੱਟ ਬਰਫ਼ ਇੱਕਠੀ ਹੋਈ ਸੀ। ‘ਸੇਕ ਕਰਕੇ ਨਾਲੋ-ਨਾਲ ਖੁਰ ਜਾਂਦੀ ਹੋਵੇਗੀ,’ ਉਸ ਨੇ ਸੋਚਿਆ। ਫਿਰ ਉਹ ਆਪਣੇ ਡਰਾਈਵਵੇਅ ਵੱਲ ਵੇਖਣ ਲੱਗੀ। ‘ਇਥੇ ਵੀ ਹੀਟ ਵਾਲੀਆਂ ਪਾਈਪਾਂ ਵਿਛਾਉਣੀਆਂ ਚਾਹੀਦੀਐਂ ਤਾਂ ਕਿ ਬਰਫ਼ ਡਿੱਗਣ ਸਾਰ ਹੀ ਖੁਰ ਜਾਵੇ।’ ਪਰ ਦੂਜੇ ਹੀ ਪਲ ਉਸ ਨੇ ਆਪਣੇ ਇਸ ਵਿਚਾਰ ਨੂੰ ਰੱਦ ਕਰਦਿਆਂ ਸੋਚਿਆ, ‘ਫੇਰ ਤਾਂ ਸਾਰੀ ਕਮਾਈ ਹੀਟ ਦਾ ਬਿੱਲ ਤਾਰਨ ‘ਚ ਈ ਖੁਰ ਜਾਵੇ।’ ਕਮਲ ਦੇ ਅੰਦਰ ਖਿੱਝ ਉੱਠੀ।
ਖਿੱਝ ਕਮਲ ਦੇ ਅੰਦਰ ਉਸ ਦਿਨ ਵੀ ਉੱਠੀ ਸੀ, ਜਿਸ ਦਿਨ ਉਸਦੀ ਮਾਂ ਨੇ ਫਿਰ ਉਸ ਨੂੰ ਪੰਜਾਬੀ ਅਖ਼ਬਾਰ ਵਿੱਚ ਛਪਿਆ ਇੱਕ ਇਸ਼ਤਿਹਾਰ ਦਿਖਾਇਆ ਸੀ। ਤਰਦੀ ਜਿਹੀ ਨਜ਼ਰ ਮਾਰ ਕੇ ਉਹ ਬੋਲੀ ਸੀ, “ਕੀ ਨਵਾਂ ਹੈ ਇਸ ਵਿੱਚ ਸਾਰੇ ਇਸ਼ਤਿਹਾਰ ਏਸੇ ਤਰ੍ਹਾਂ ਦੇ ਈ ਹੁੰਦੇ ਆ। ਤਲਾਕਸ਼ੁਦਾ ਮੁੰਡੇ ਲਈ ਕੁਆਰੀ ਤੇ ਸਿਆਣੀ ਕੁੜੀ ਚਾਹੀਏ।”
“ਤੂੰ ਐਵੇਂ ਭੜਕ ਪੈਨੀ ਐਂ। ਪਹਿਲਾਂ ਪੂਰਾ ਤਾਂ ਪੜ੍ਹ ਲਾ,” ਉਸ ਦੀ ਮਾਂ ਬੋਲੀ।
“ਕੀ ਪੜ੍ਹ ਲਵਾਂ ਅੱਗੇ? ਤਲਾਕਸ਼ੁਦਾ ‘ਤੇ ਵੀ ਵਿਚਾਰਿਆ ਜਾ ਸਕਦਾ ਹੈ ਲਿਖਿਆ ਹੋਣੈ। ਕੌਣ ਹੁੰਦਾ ਕੋਈ ਵਿਚਾਰ ਕਰਨ ਵਾਲਾ। ਜਿਵੇਂ ਤਰਸ ਕਰ ਰਹੇ ਹੋਣ,”
ਕਮਲ ਨੂੰ ਆਪਣਾ-ਆਪ ਬੇਇੱਜ਼ਤ ਹੋਇਆ ਲੱਗਾ। ਲੰਬੇ-ਲੰਬੇ ਸਾਹ ਲੈਂਦੀ ਉਹ ਐਵੇਂ ਹੀ ਆਪਣੇ ਮੂਹਰੇ ਪਏ ਉਸ ਅਖ਼ਬਾਰ ਵੱਲ ਵੇਖਣ ਲੱਗੀ। ਉਸ ਨੂੰ ਲੱਗਾ ਕਿ ਇਸ ਤਰ੍ਹਾਂ ਦੇ ਤਕਰੀਬਨ ਸਾਰੇ ਹੀ ਇਸ਼ਤਿਹਾਰਾਂ ਦੀ ਇੱਕੋ-ਜਿਹੀ ਹੀ ਵਾਰਤਾ ਸੀ। ਫਿਰ ਉਸ ਦੀ ਨਿਗਾਹ ਤਿਲ੍ਹਕ ਕੇ ਤਲਾਕਸ਼ੁਦਾ ਕੁੜੀਆਂ ਦੇ ਮਾਂ-ਬਾਪ ਵੱਲੋਂ ਦਿੱਤੇ ਇਸ਼ਤਿਹਾਰਾਂ ‘ਤੇ ਚਲੀ ਗਈ। ਉਨ੍ਹਾਂ ਦੀ ਰਲਦੀ-ਮਿਲਦੀ ਵਾਰਤਾ ਨੇ ਕਮਲ ਨੂੰ ਹੈਰਾਨ ਕਰ ਦਿੱਤਾ। ‘ਬੇਕਸੂਰ ਤਲਾਕਸ਼ੁਦਾ ਲੜਕੀ ਲਈ ਯੋਗ ਵਰ ਦੀ ਲੋੜ ਹੈ।’ ਇਹ ਸਤਰਾਂ ਉਸ ਨੂੰ ਇਸ ਤਰ੍ਹਾਂ ਲੱਗਾ, ਜਿਵੇਂ ਰਿਸ਼ਤਾ ਮੰਗਣ ਲਈ ਤਰਲਾ ਕਰ ਰਹੀਆਂ ਹੋਣ। ਉਹ ਲੜਕੇ ਅਤੇ ਲੜਕੀ ਦੇ ਇਸ਼ਤਿਹਾਰਾਂ ਦਾ ਮੁਕਾਬਲਾ ਕਰਦੀ ਗੁੱਸੇ ਨਾਲ ਭਖਣ ਲੱਗੀ, ਕਮਲ ਦੇ ਦਿਮਾਗ ਵਿੱਚ ਪਾਲੀ ਦਾ ਖਿਆਲ ਆ ਗਿਆ। ਉਸ ਨੇ ਸੋਚਿਆ ਕਿ ਪਾਲੀ ਅੱਕ ਕੇ ਹੀ ਇਸ ਤਰ੍ਹਾਂ ਕਰਨ ਲੱਗੀ ਹੋਵੇਗੀ। ਨਹੀਂ ਤਾਂ ਕਈ ਵਾਰ ਪਾਲੀ ਦਾ ਵਤੀਰਾ ਵੇਖ ਕੇ ਉਹ ਸੋਚਦੀ ਕਿ ਪਾਲੀ ਤੋਂ ਥੋੜ੍ਹਾ ਵਿੱਥ ਬਣਾ ਕੇ ਰੱਖਣੀ ਚਾਹੀਦੀ ਹੈ।
ਖਾਸ ਕਰ ਉਸ ਦਿਨ, ਜਿਸ ਦਿਨ ਕਮਲ ਨੇ ਦੇਖਿਆ ਸੀ ਕਿ ਜੋਅ ਨੇ ਪਾਲੀ ਦੇ ਪਿੱਛੇ ਦਾ ਰੁੱਗ ਭਰ ਕੇ ਕਿਹਾ ਸੀ, “ਲੈੱਟ ਮੀ ਟੇਸਟ ਸਮ ਔਫ਼ ਦੈਟ ਬਰਾਊਨ ਸ਼ੂਗਰ ?” ਕਮਲ ਦਾ ਜੀਅ ਕੀਤਾ ਸੀ ਕਿ ਜੋਅ ਦੇ ਵੱਟ ਕੇ ਚੁਪੇੜ ਮਾਰੇ। ਪਰ ਉਹ ਪਾਲੀ ਦਾ ਵਤੀਰਾ ਵੇਖ ਕੇ ਹੱਕੀ-ਬੱਕੀ ਰਹਿ ਗਈ। ਪਾਲੀ ਨੇ ਜੋਅ ਦੀ ਜੀਨ ਮੂਹਰੇ ਹੱਥ ਮਾਰ ਕੇ ਕਿਹਾ ਸੀ, “ਲੈੱਟ ਮੀ ਸੀ ਇਫ਼ ਯੂ ਕੈਨ ਹੈਂਡਲ ਇਟ।” ਕਮਲ ਤੋਂ ਉੱਥੇ ਹੋਰ ਖੜ੍ਹਾ ਨਹੀਂ ਸੀ ਰਹਿ ਹੋਇਆ। ਉਹ ਸੋਚਣ ਲੱਗੀ ਕਿ ਪਾਲੀ ਤੋਂ ਪਾਸੇ ਰਿਹਾ ਕਰੇਗੀ। ਅਗਲੇ ਦਿਨ ਕਮਲ ਨੇ ਪਾਲੀ ਨੂੰ ਪੁੱਛਿਆ, “ਤੈਨੂੰ ਸ਼ਰਮ ਨ੍ਹੀ ਆਈ ਏਦਾਂ ਕਰਦਿਆਂ?”
“ਓਹਨੂੰ ਆਈ ਸੀ ਓਦਾਂ ਕਰਦਿਆਂ? ਜੇ ਬੰਦੇ ਨ੍ਹੀ ਸ਼ਰਮ ਕਰਦੇ ਤਾਂ ਅਸੀਂ ਕਿਓਂ ਕਰੀਏ । ਨਾਲੇ ਇਹ ਤਾਂ ਮੇਰਾ ਪੈੱਟ ਐ। ਏਨੇ ਨਾਲ ਹੀ ਖੁਸ਼ ਹੋ ਜਾਂਦੈ। ਯੂ ਨੋ ਵੱਟ ਆਈ ਮੀਨ।”
ਤੇ ਇਹ ਪੈੱਟ ਵਾਲੀ ਗੱਲ ਕਮਲ ਨੂੰ ਕੁਝ ਦਿਨਾਂ ਬਾਅਦ ਸਮਝ ਲੱਗੀ ਸੀ, ਜਦ ਪਾਲੀ ਨੇ ਦੱਸਿਆ ਸੀ ਕਿ ਉਹ ਵੀਕਐਂਡ ‘ਤੇ ਆਪਣੇ ਪੁੱਤਰ ਨੂੰ ਉਸ ਦੇ ਪਿਓ ਕੋਲੋਂ ਲੈਣ ਗਈ ਜੋਅ ਨੂੰ ਨਾਲ ਲੈ ਕੇ ਜਾਂਦੀ ਹੈ।
“ਤੂੰ ਇਓਂ ਕਿਓਂ ਕਰਦੀ ਐਂ? ਮੁਫ਼ਤ ਦੀ ਬਦਨਾਮੀ ਲੈਂਨੀ ਐਂ?” ਕਮਲ ਨੇ ਹੈਰਾਨ ਹੋ ਕੇ ਪੁੱਛਿਆ।
“ਮੈਨੂੰ ਗੋਰੇ ਨਾਲ ਵੇਖ ਕੇ ਉਹ ਮੱਚ ਜਾਂਦੈ। ਪਹਿਲਾਂ ਬੇਟਾ ਮੇਰੇ ਨਾਲ ਰਹਿੰਦਾ ਸੀ। ਓਹਦਾ ਪਿਓ ਵੀਕਐਂਡ ‘ਤੇ ਓਹਨੂੰ ਲੈਣ ਆਇਆ ਨਵੀਂ ਤੋਂ ਨਵੀਂ ਨਾਲ ਲੈ ਕੇ ਆਇਆ ਕਰੇ। ਜਾਂਦਾ ਹੋਇਆ ਅੱਖ ਮਾਰ ਕੇ ਜਾਇਆ ਕਰੇ। ਜਦੋਂ ਅਸੀਂ ‘ਕੱਠੇ ਰਹਿੰਦੇ ਸੀ, ਉਦੋਂ ਵੀ ਆਖਿਆ ਕਰੇ ਬਈ ਮੈਂ ਤਾਂ ਇਓਂ ਹੀ ਕਰਨੈ, ਕਰਲਾ ਜਿਹੜਾ ਕੁਝ ਕਰਨੈਂ। ਹਰੇਕ ਗੱਲ ਦੀ ਲਿਮਟ ਹੁੰਦੀ ਆ। ਇੱਕ ਦਿਨ ਮੈਂ ਡੀਸਾਈਡ ਕਰ ਲਿਆ, ਇਨਅੱਫ਼ ਇਜ਼ ਇਨਅੱਫ਼। ਕੇਸ ਕਰਕੇ ਮੈਂ ਬੇਟਾ ਪਿਓ ਦੇ ਸਪੁਰਦ ਕਰ ਦਿੱਤਾ। ਹੁਣ ਵੀਕਐਂਡ ‘ਤੇ ਜੋਅ ਦੀ ਬਾਂਹ ‘ਚ ਬਾਂਹ ਪਾ ਕੇ ਓਵੇਂ ਹੀ ਅੱਖ ਮਾਰ ਕੇ ਆਉਨੀ ਆਂ।”
“ਪਰ ਬੱਚੇ ‘ਤੇ ਕੀ ਅਸਰ ਹੋਊ?”
“ਜੇ ਪਿਓ ਨੀ ਬੱਚੇ ਬਾਰੇ ਸੋਚਦਾ ਤਾਂ ਮਾਂ ਹੀ ਕਿਓਂ ਸੋਚੇ।” ਕਮਲ ਨੂੰ ਪਾਲੀ ਦੀ ਇਹ ਗੱਲ ਚੰਗੀ ਨਹੀਂ ਸੀ ਲੱਗੀ।
ਪਰ ਵਿਆਹ ਵਾਲੇ ਇਸ਼ਤਿਹਾਰਾਂ ਦਾ ਮੁਕਾਬਲਾ ਕਰਦੀ ਕਮਲ ਨੇ ਸੋਚਿਆ , ‘ਔਰਤ ਹੀ ਕਿਓਂ ਬੱਚਿਆਂ ਦੀ ਸਾਰੀ ਜੁੰਮੇਵਾਰੀ ਚੁੱਕੇ?ਬੱਚਿਆਂ ਦੀ ਜੁੰਮੇਵਾਰੀ ਔਰਤਾਂ ‘ਤੇ ਸੁੱਟ ਕੇ ਆਦਮੀ ਕੁਆਰੀਆਂ ਲੱਭਦੇ ਫਿਰਨ ਤੇ ਬੱਚੇ ਵਾਲੀਆਂ ਨੂੰ ਸੈਕੰਡ ਹੈਂਡ ਸਮਝ ਕੇ ਉਨ੍ਹਾਂ ‘ਤੇ ਤਰਸ ਕਰਦੇ ਇਸ਼ਤਿਹਾਰ ਦੇਣ! ਇਹ ਕਿੱਧਰਲਾ ਇਨਸਾਫ਼ ਹੈ?’ ਫਿਰ ਕਮਲ ਨੂੰ ਜਿੰਦਰ ਦਾ ਖਿਆਲ ਆਇਆ, ਜਿਹੜਾ ਤਲਾਕ ਤੋਂ ਮਹੀਨਾ ਬਾਅਦ ਹੀ ਇੰਡੀਆ ਜਾ ਕੇ ਵਿਆਹ ਕਰਵਾ ਆਇਆ ਸੀ। ਕਮਲ ਦੇ ਚਿੱਤ ‘ਚ ਆਈ ਕਿ ਬੱਚਿਆਂ ਨੂੰ ਜਿੰਦਰ ਦੇ ਹਵਾਲੇ ਕਰ ਆਵੇ। ਉਸ ਦੇ ਵੀ ਤਾਂ ਓਨੇ ਹੀ ਹਨ। ਪਰ ਜਦ ਉਸ ਦਾ ਗੁੱਸਾ ਠੰਡਾ ਹੋਇਆ ਤਾਂ ਉਸ ਨੂੰ ਆਪਣੀ ਇਸ ਸੋਚ ‘ਤੇ ਪਛਤਾਵਾ ਹੋਇਆ। ਉਹ ਸੋਚਣ ਲੱਗੀ, ‘ਮੈਂ ਐਨੀ ਸਵਾਰਥੀ ਕਿਓਂ ਹੋ ਗਈ ਹਾਂ। ਓਹਦੇ ਕੋਲ ਛੱਡ ਆਉਣ ਦੀ ਸੋਚ ਵੀ ਕਿਵੇਂ ਮਨ ‘ਚ ਆਈ, ਜਿਸ ਨੇ ਕਦੇ ਬੱਚਿਆਂ ਦਾ ਮੂੰਹ ਦੇਖਣ ਦਾ ਵੀ ਕਸ਼ਟ ਨਹੀਂ ਕੀਤਾ।’
‘ਗੁਰਚਰਨ ਕਦੇ ਵੀ ਨਹੀਂ ਛੱਡਣ ਲੱਗਾ ਗੁਰਨੂਰ ਨੂੰ ਮੇਰੇ ਕੋਲ,’ ਕਮਲ ਨੇ ਸੋਚਿਆ। ‘ਫੇਰ ਕੋਰਟਾਂ ਦੇ ਚੱਕਰਾਂ ਵਿੱਚ ਫਸਣਾ ਪਊ।’ ਸੋਚਦੀ ਕਮਲ ਦੀ ਨਿਗ੍ਹਾ ਆਪ-ਮੁਹਾਰੇ ਹੀ ਕੰਧ ‘ਤੇ ਟੰਗੀ ਤਸਵੀਰ ‘ਤੇ ਚਲੀ ਗਈ। ਤੇ ਉਹ ਅਰਜੁਨ ਨੂੰ ਗੁਰਚਰਨ ਦੇ ਮੋਢਿਆਂ ‘ਤੇ ਚੜ੍ਹਿਆ ਨਿਹਾਰਨ ਲੱਗੀ। ਉਸ ਨੂੰ ਅਰਜੁਨ ਦੀ ਪਿਛਲੇ ਹਫ਼ਤੇ ਹੀ ਕੀਤੀ ਜਿ਼ਦ ਚੇਤੇ ਆਈ, ਜਦੋਂ ਉਹ ਕਰਾਟੇ ਸਿੱਖਣ ਜਾਣ ਵੇਲੇ ਆਖਣ ਲੱਗਾ ਸੀ, “ਆਈ ਵਾਂਟ ਟੂ ਗੋ ਵਿਦ ਡੈਡ, ਮੰਮ।”
“ਵਾਏ ਨਾਟ ਵਿਦ ਮੀ?” ਕਮਲ ਨੇ ਪੁੱਛਿਆ।
“ਬੀਕਾਸ ਇਟਸ ਮੈੱਨਜ਼ ਥਿੰਗ। ਐਂਡ ਆਈ ਲਾਈਕ ਵਿਦ ਹਿਮ ਬੈਟਰ।”
‘ਇਸ ਤਰ੍ਹਾਂ ਦੇ ਮੋਢੇ ਤਾਂ ਉਹ ਭਾਲਦਾ ਸੀ,’ ਕਮਲ ਦੇ ਚਿੱਤ ‘ਚ ਆਇਆ। ਇਸ ਗੱਲ ਦਾ ਸਿ਼ੱਦਤ ਨਾਲ ਅਹਿਸਾਸ ਕਮਲ ਨੂੰ ਉਸ ਦਿਨ ਹੋਇਆ ਸੀ, ਜਿਸ ਦਿਨ ਅਰਜੁਨ ਆਪਣੀਆਂ ਚੀਜਾਂ ਅੰਦਰੋਂ ਲਿਆ ਕੇ ਸਿੰਮੀ ਨੂੰ ਦਿੰਦਾ ਉਸ ਦੇ ਆਲੇ-ਦੁਆਲੇ ਫਿਰ ਰਿਹਾ ਸੀ।
ਉਸ ਦਿਨ ਕਮਲ ਆਪਣੇ ਪਾਪਾ ਨੂੰ ਡਾਕਟਰ ਕੋਲ ਲੈ ਕੇ ਗਈ ਹੋਈ ਸੀ। ਜਾਣ ਲੱਗੀ ਉਹ ਆਪਣੇ ਕਿਰਾਏਦਾਰਾਂ ਨੂੰ ਆਪਣੇ ਬੱਚਿਆਂ ਦੇ ਨਾਲ ਹੀ ਸਿੰਮੀ ਅਤੇ ਅਰਜੁਨ ਨੂੰ ਵੀ ਸਕੂਲੋਂ ਲੈ ਆਉਣ ਲਈ ਆਖ ਗਈ ਸੀ। ਉਹ ਡਾਕਟਰ ਦੇ ਕਲੀਨਿਕ ਵਿੱਚ ਹੀ ਬੈਠੀ ਸੀ, ਜਦੋਂ ਸਿੰਮੀ ਦਾ ਫ਼ੋਨ ਆ ਗਿਆ।ਉਹ ਆਖ ਰਹੀ ਸੀ, “ਮੰਮ, ਅਰਜੁਨ ਇਜ਼ ਕਿਕਿੰਗ ਮੀ।” ਤੇ ਜਦ ਕਮਲ ਘਰ ਪਹੁੰਚੀ ਤਾਂ ਸਿੰਮੀ ਨੇ ਦੱਸਿਆ :ਅੱਜ ਉਨ੍ਹਾਂ ਨੂੰ ਰੀਪੋਰਟ ਕਾਰਡ ਮਿਲੇ ਸਨ। ਅਰਜੁਨ ਦੀ ਰੀਪੋਰਟ ਚੰਗੀ ਨਾ ਹੋਣ ਕਰਕੇ ਉਹ ਸਿੰਮੀ ਨੂੰ ਵੀ ਆਪਣੀ ਰੀਪੋਰਟ ਪਾੜਨ ਲਈ ਆਖਣ ਲੱਗਾ ਤਾਂ ਕਿ ਕਮਲ ਨੂੰ ਪਤਾ ਨਾ ਲੱਗੇ ਕਿ ਰੀਪੋਰਟ ਕਾਰਡ ਮਿਲੇ ਸਨ। ਸਿੰਮੀ ਦੇ ਇਨਕਾਰ ਕਰਨ ਕਾਰਣ ਉਹ ਸਿੰਮੀ ਨੂੰ ਮਾਰਨ ਲੱਗਾ ਸੀ।
“ਹਾਲੇ ਤਾਂ ਭੋਰਾ-ਭਰ ਆ, ਜਦੋਂ ਵੱਡਾ ਹੋ ਗਿਆ ਫੇਰ ਪਤਾ ਨ੍ਹੀ ਕੀ ਕਰੂ,” ਆਖਦੀ ਕਮਲ ਨੇ ਅਰਜੁਨ ਨੂੰ ਫੜ ਕੇ ਉਸ ਦਾ ਮੂੰਹ ਚਪੇੜਾਂ ਨਾਲ ਲਾਲ ਕਰ ਦਿੱਤਾ। ‘ਕਿਤੇ ਆਵਦੇ ਪਿਓ ਵਰਗਾ ਨਾ ਨਿਕਲ ਜਾਵੇ,’ ਉਹ ਫਿ਼ਕਰਮੰਦ ਹੋ ਗਈ। ਅਰਜੁਨ ਦੇ ਮੂੰਹ ‘ਤੇ ਛਪੀਆਂ ਉਂਗਲਾਂ ਦੇ ਨਿਸ਼ਾਨ ਅਤੇ ਹਾਉਕੇ ਸੁਣ ਕੇ ਆਪ ਵੀ ਅੱਖਾਂ ਭਰ ਆਈ। ਫਿਰ ਉਸ ਨੂੰ ਸਿੰਮੀ ਦੇ ਦੁਆਲੇ ਗੇੜੇ ਕੱਢਦਾ ਦੇਖ ਕੇ ਕਮਲ ਦੇ ਚਿੱਤ ‘ਚ ਆਇਆ ਕਿ ਉਹ ਕਿਸੇ ਦੀ ਬੁੱਕਲ ਭਾਲ ਰਿਹਾ ਹੈ, ਜਿਸ ਨੂੰ ਆਪਣੇ ਪਈ ਮਾਰ ਦੀ ਵਾਰ੍ਹ ਲਾ ਸਕੇ। ‘ਕੀਹਦੀ ਬੁੱਕਲ ‘ਚ ਵੜੇ, ਵਿਚਾਰਾ?’ ਸੋਚ ਕੇ ਕਮਲ ਦਾ ਫਿਰ ਗੱਚ ਭਰ ਆਇਆ। ਉਸ ਨੇ ਫੈਸਲਾ ਕੀਤਾ ਕਿ ਉਹ ਅਗਾਂਹ ਤੋਂ ਬੱਚਿਆਂ ਨੂੰ ਮਾਰੇਗੀ ਨਹੀਂ, ਸਗੋਂ ਆਪਣੀਆਂ ਹੋਰ ਲੋੜਾਂ ਘਟਾ ਕੇ ਅਰਜੁਨ ਲਈ ਟਿਊਟਰ ਰੱਖ ਦੇਵੇਗੀ। ਪਰ ਅਰਜੁਨ ਜਦੋਂ ਵੀ ਉਹ ਕੋਈ ਅਜੇਹੀ ਹੀ ਹਰਕਤ ਕਰਦਾ ਤਾਂ ਕਮਲ ਦਾ ਫਿ਼ਕਰ ਵਧ ਜਾਂਦਾ ਕਿ ਕਿਤੇ ਪਿਓ ਵਰਗਾ ਨਾ ਬਣ ਜਾਵੇ। ਕਦੇ ਇਹ ਫਿ਼ਕਰ ਕ੍ਰੋਧ ਵਿੱਚ ਵੀ ਵਟ ਜਾਂਦਾ ਪਰ ਕਮਲ ਆਪਣੇ-ਆਪ ਨੂੰ ਰੋਕ ਲੈਂਦੀ।
ਕਮਲ ਦੀ ਯਾਦ ਵਿੱਚ ਆਇਆ ਅਰਜੁਨ ਦਾ ਉਹੀ ਸੁਰਖ ਮੂੰਹ ਤਸਵੀਰ ਵਿੱਚ ਖਿੜਿਆ ਪਿਆ ਸੀ। ਉਹ ਉਸ ਤਸਵੀਰ ਨੂੰ ਦੇਖਦੀ ਰਹੀ ਤੇ ਫਿਰ ਉਸ ਨੇ ਆਪਣੀ ਨਿਗ੍ਹਾ ਤਸਵੀਰ ਤੋਂ ਪਾਸੇ ਕਰ ਲਈ ਅਤੇ ਬਾਹਰ ਪੈ ਰਹੀ ਸਨੋਅ ਵੱਲ ਵੇਖਣ ਲੱਗੀ ਪਰ ਫਿਰ ਉਸ ਨੇ ਤਸਵੀਰ ਵੱਲ ਨਿਗ੍ਹਾ ਕਰ ਲਈ। ਉਸ ਵੱਲ ਵੇਖਦੀ ਉਹ ਸੋਚਣ ਲੱਗੀ, ‘ਹੋ ਸਕਦੈ ਬਈ ਇੱਥੋ ਤੱਕ ਗੱਲ ਨਾ ਈ ਜਾਵੇ। ਮੈਂ ਐਵੇਂ ਫਿ਼ਕਰ ਕਰਨ ਲੱਗੀ ਆਂ। ਚੱਲ ਉਸ ਦੀ ਰੋਟੀ ਪਕਾਵਾਂ’
ਤੇ ਰੋਟੀ ਪਕਾਉਂਦਿਆਂ ਉਸ ਦੇ ਪਾਪਾ ਦਾ ਫ਼ੋਨ ਆ ਗਿਆ ਉਹ ਆਖਣ ਲੱਗਾ, “ਪੁੱਤ, ਮੇਰੀ ਕੱਲ੍ਹ ਨੂੰ ਡਾਕਟਰ ਦੀ ਅਪੋਇੰਟਮੈਂਟ ਆ । ਚੇਤੇ ਆ ਨਾ?”
“ਹਾਂ ਪਾਪਾ।”
“ਸਨੋਅ ਕਾਫ਼ੀ ਪਈ ਹੋਈ ਆ। ਮੈਨੂੰ ਏਧਰੋਂ ਹੀ ਪਿੱਕ ਕਰ ਲਵੀਂ।”
“ਓ ਕੇ, ਪਾਪਾ,” ਆਖ ਕੇ ਕਮਲ ਨੇ ਫੋਨ ਰੱਖ ਦਿੱਤਾ। ‘ਹੁਣ ਲੈਣ ਵੀ ਉੱਥੇ ਜਾਓ। ਕਿੰਨੇ ਵਾਰ ਕਿਹਾ ਬਈ ਮੇਰੇ ਨਾਲ ਰਹੋ। ਪਰ ਨਹੀਂ ਉੱਥੇ ਰਹਿ ਕੇ ਹੀ ਬੇਪਤ ਹੋਣਾ ਚੰਗਾ ਲੱਗਦੈ ਜਾਂ ਤਾਂ ਲਿਜਾਇਆ ਕਰਨ ਓਹਨਾਂ ਨੂੰ ਨਾਲ। ਅਪੋਇੰਟਮੈਂਟਾਂ ਵਾਸਤੇ ਮੈਂ ਜੁ ਹੈਗੀ ਆਂ,’ ਕਮਲ ਦੇ ਚਿੱਤ ‘ਚ ਆਇਆ।
ਕਮਲ ਨੇ ਆਪਣੇ ਪਾਪਾ ਨੂੰ ਬਹੁਤ ਵਾਰ ਕਿਹਾ ਸੀ ਕਿ ਉਸ ਨਾਲ ਰਹਿਣ। ਉਦੋਂ ਵੀ, ਜਦ ਹਾਲੇ ਕਮਲ ਦਾ ਗੁਰਚਰਨ ਨਾਲ ਵਿਆਹ ਨਹੀਂ ਸੀ ਹੋਇਆ। ਉਸ ਦੇ ਪਾਪਾ ਨੇ ਇੱਕ ਦਿਨ ਭਰੇ ਗਲੇ ਨਾਲ ਕਿਹਾ ਸੀ, “ਉਸ ਮਹਾਰਜੇ ਨੂੰ ਤਾਂ ਮੇਰੇ ਨਾਲ ਹੁਣ ਗੱਲ ਕਰਨ ‘ਚ ਵੀ ਸੰਗ ਆਉਂਦੀ ਆ। ਜਦੋਂ ਦਾ ਤੇਰੇ ਵਾਲਾ ਆਹ ਮਕਾਨ ਲਿਐ, ਵਾਹ ਲਗਦੀ ਮੱਥੇ ਵੀ ਨ੍ਹੀ ਲੱਗਦਾ।” ਕਮਲ ਇੱਕਦਮ ਉੱਥੋਂ ਉੱਠੀ ਅਤੇ ਅੰਦਰੋਂ ਚੈੱਕ ਲਿਆ ਕੇ ਆਪਣੇ ਪਾਪਾ ਨੂੰ ਫੜਾਉਂਦੀ ਬੋਲੀ, “ਆਹ ਲਓ, ਪੂਰੇ ਪੰਜ ਹਜ਼ਾਰ ਐ। ਮੌਰਗੇਜ ਮੋੜਨ ਵਾਸਤੇ ਜੋੜੇ ਸੀ ਪਹਿਲਾਂ ਓਸੇ ਦੀ ਮੌਰਗੇਜ ਮੋੜ ਦਿਆਂ। ਮਾਰੋ ਮੱਥੇ ਓਹਦੇ ਬਾਕੀ ਦੇ ਪੰਜ ਹਜ਼ਾਰ ਜਦੋਂ ਸੇਵ ਹੋ ਗਏ ਫੇਰ ਮੋੜ ਦੇਊਂ”
“ਕਮਲੀ ਹੋਈ ਐਂ? ਉਹ ਕੀ ਲੱਗਦਾ ਸੀ ਉਨ੍ਹਾਂ ਡਾਲਰਾਂ ਦਾ? ਮੈਂ ਆਵਦੇ ਕੋਲੋਂ ਦਿੱਤੇ ਸੀ। ਆਵਦੇ ਕੋਲੋਂ ਵੀ ਕੀ ਉਹ ਤਾਂ ਸੀ ਹੀ ਤੇਰੇ। ਜਦੋਂ ਦੀ ਕਨੇਡੇ ਆਈ ਐਂ, ਇੱਕ ਦਿਨ ਨ੍ਹੀ ਸੀ ਵੇਹਲੀ ਬੈਠੀ।”
“ਫੇਰ? ਤੁਸੀਂ ਜਰੂਰ ਓਹਦੇ ਨਾਲ ਰਹਿਣੈ। ਐਥੇ ਮੇਰੇ ਕੋਲ ਰਹੋ। ਥੋਨੂੰ ਕਦੇ ਤਕਲੀਫ਼ ਨਹੀਂ ਆਉਣ ਦਿੰਦੀ। ਨਾਲੇ ਮੈਂ ਬੱਚਿਆਂ ਵੱਲੋਂ ਬੇਫਿ਼ਕਰ ਹੋ ਕੇ ਕੰਮ ‘ਤੇ ਜਾਇਆ ਕਰਾਂ।”
“ਪੁੱਤ-ਪੋਤੇ ਦੇ ਹੁੰਦੇ-ਸੁੰਦੇ ਕੁੜੀ ਦੇ ਦੁਆਰੇ ਬੈਠਾ ਚੰਗਾ ਲੱਗਦੈਂ? ਲੋਕੀਂ ਕੀ ਕਹਿਣਗੇ?”
‘ਚੰਗਾ ਮਰੋ ਉੱਥੇ ਹੀ,’ ਕਮਲ ਦੇ ਚਿੱਤ ‘ਚ ਆਈ ਪਰ ਉਸ ਨੇ ਕਿਹਾ ਨਹੀਂ। ਉਸ ਨੇ ਕਿਹਾ, “ਤੁਸੀਂ ਮੇਰੇ ਦੁਆਰੇ ਨ੍ਹੀ ਰਹਿਣਾ। ਮੇਰੇ ਨਾਲ ਰਹਿਣੈ। ਤੁਹਾਡੀ ਆਵਦੀ ਪੈਨਸ਼ਨ ਆਉਂਦੀ ਆ। ਨਾਲੇ ਥੋਨੂੰ ਸੁਖ, ਨਾਲੇ ਮੈਨੂੰ। ਨਾਲੇ ਥੋਡੇ ਉਸ ---।” ‘ਲਾਡਲੇ’ ਆਖਦੀ-ਆਖਦੀ ਕਮਲ ਰੁਕ ਗਈ।
“ਮੇਰੀ ਤਾਂ ਹੁਣ ਲੰਘ ਗਈ। ਮੈਂ ਤਾਂ ਓਦਣ ਸੁਖੀ ਹੋਊਂ, ਜਿੱਦਣ ਤੇਰਾ ਘਰ ਵਸ ਗਿਆ।”
“ਮੇਰਾ ਘਰ ਤਾਂ ਪਾਪਾ ਵਸਿਆ ਹੋਇਆ ਈ ਆ। ਆਪਣੀ ਮਰਜ਼ੀ ਨਾਲ ਰਹਿਨੀ ਆਂ।”
“ਬੰਦੇ ਬਿਨ੍ਹਾਂ ਕਾਹਦਾ ਘਰ। ਹਾਲੇ ਤੇਰੀ ਉਮਰ ਈ ਕੀ ਆ। ਵਿਆਹ ਕਰਵਾ ਲੈ। ਤੇਰੇ ਵੱਲੋਂ ਤਾਂ ਸੁਖੀ ਹੋਵਾਂ।”
ਕਮਲ ਦਾ ਆਪਣੇ ਪਾਪਾ ਦੀਆਂ ਤਰ ਅੱਖਾਂ ਵੇਖ ਕੇ ਮਨ ਕੁਰਲਾ ਉੱਠਿਆ। ਉਸ ਦਾ ਇਸ ਤਰ੍ਹਾਂ ਤਰਲੇ ਕਰਨਾ ਕਮਲ ਨੂੰ ਓਪਰਾ ਜਿਹਾ ਲੱਗਾ। ਕਮਲ ਨੇ ਸੋਚਿਆ ਕਿ ਵਿਆਹ ਤੋਂ ਪਹਿਲਾਂ ਉਹ ਮਾਂ ਰਾਹੀਂ ਕਿੰਨੇ ਅਧਿਕਾਰ ਨਾਲ ਆਖਦੇ ਸਨ ਕਿ ਐਸੀ-ਵੈਸੀ ਗੱਲ ਨ੍ਹੀ ਸੁਣਨੀ ਚਾਹੀਦੀ, ਅਸੀਂ ਆਪੇ ਮੁੰਡਾ ਲੱਭਾਂਗੇ। ਤੇ ਹੁਣ ਪਾਪਾ ਐਨੇ ਨਿਤਾਣੇ ਕਿਓਂ ਹੋ ਗਏ? ਇਹੀ ਗੱਲ ਜਦ ਉਸ ਨੇ ਆਂਟੀ ਨਾਲ ਸਾਂਝੀ ਕੀਤੀ ਤਾਂ ਉਹ ਬੋਲੀ, “ਧੀ ਦਾ ਦੁੱਖ ਤੇ ਜੀਵਨ-ਸਾਥੀ ਦਾ ਗਮ ਬੰਦੇ ਨੂੰ ਇਵੇਂ ਕਰ ਦਿੰਦੈ।”
“ਧੀ ਦਾ ਉਨ੍ਹਾਂ ਨੂੰ ਕਾਹਦਾ ਦੁੱਖ। ਮੈਂ ਐਵੇਂ ਐਧਰ-ਓਧਰ ਨ੍ਹੀ ਤੁਰੀ ਫਿਰਦੀ । ਸਗੋਂ ਦੁਖਦੇ-ਸੁਖਦੇ ਓਨ੍ਹਾਂ ਨੂੰ ਲੈ ਕੇ ਈ ਜਾਨੀ ਆਂ, ਜਿੱਥੇ ਓਨ੍ਹਾਂ ਨੇ ਜਾਣਾ ਹੁੰਦੈ।”
“ਇਹ ਗੱਲ ਨ੍ਹੀ। ਉਹ ਤਾਂ ਫਿਕਰ ਕਰਦੇ ਆ ਬਈ ‘ਕੱਲੀ ਕਿਵੇਂ ਸਾਰਾ ਕੁਝ ਕਰਦੀ ਐਂ। ਨਾਲੇ ਤੇਰੀ ਮਾਂ ਤੋਂ ਬਾਅਦ ਤਾਂ ਜਿ਼ਆਦਾ ਈ ਫੀਲ ਕਰਨ ਲੱਗ ਪਏ ਕਿ ਜੀਵਨ-ਸਾਥੀ ਬਿਨਾਂ ਬੰਦਾ ਕੀਹਦੇ ਨਾਲ ਦੁਖ-ਸੁਖ ਕਰੇ। ਮੈਨੂੰ ਵੀ ਕਈ ਵਾਰ ਆਖ ਚੁੱਕੇ ਕਿ ਤੈਨੂੰ ਕਹਾਂ ਕਿ ਵਿਆਹ ਕਰਵਾ ਲਵੇਂ।”
ਇਹ ਗੱਲ ਕਮਲ ਵੀ ਕਦੇ-ਕਦੇ ਸੋਚਦੀ ਕਿ ਕੋਈ ਹੋਵੇ, ਜਿਸ ਨਾਲ ਉਹ ਦਿਲ ਦੀ ਗੱਲ ਕਰ ਸਕੇ। ਬਾਹਰ ਸੈਰ ਕਰ ਰਹੇ ਜੋੜਿਆਂ ਨੂੰ ਵੇਖ ਕੇ ਉਸ ਅੰਦਰ ਧੂਹ ਪੈਂਦੀ। ਉਹ ਸੋਚਦੀ ਕਿ ਕੋਈ ਹੋਵੇ, ਜਿਸ ਦੇ ਹੱਥ ‘ਚ ਹੱਥ ਪਾ ਕੇ ਉਹ ਤੁਰੇ। ਕੋਈ ਹੋਵੇ, ਜਿਹੜਾ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਉਸ ਅੰਦਰਲੀ ਇਕੱਲ ਨੂੰ ਮੁਕਾ ਸੁੱਟੇ। ਤੇ ਫਿਰ ਉਹ ਸੋਚਦੀ ਕਿ ਆਪਣੇ ਅੰਦਰਲੇ ਨੂੰ ਦੱਬ-ਘੁੱਟ ਕੇ ਬੱਚਿਆਂ ਦੇ ਪਾਲਣ–ਪੋਸਣ ਵੱਲ ਧਿਆਨ ਦੇਵੇ। ਕੀ ਪਤਾ ਬੱਚਿਆਂ ਨਾਲ ਅਗਲਾ ਕਿਵੇਂ ਵਿਹਾਰ ਕਰੇ। ਤੇ ਜਦੋਂ ਆਂਟੀ ਨੇ ਜੋਰ ਪਾ ਕੇ ਉਸ ਨੂੰ ਗੁਰਚਰਨ ਨਾਲ ਮਿਲ਼ਾਇਆ ਸੀ ਤਾਂ ਉਸ ਨੂੰ ਲੱਗਾ ਕਿ ਇਹੀ ਆਦਮੀ ਹੈ, ਜਿਹੜਾ ਉਸ ਅੰਦਰ ਨਿੱਘ ਭਰੇਗਾ। ਉਹ ਰਾਗੀ ਜੱਥੇ ਨਾਲ ਕਨੇਡਾ ਆਇਆ ਸੀ। ਪਹਿਲੀ ਵਾਰ ਮਿਲ ਕੇ ਉਸ ਨੇ ਸਿੱਧਾ ਹੀ ਕਿਹਾ ਸੀ, “ਮੈਂ ਕਨੇਡਾ ਸੈੱਟ ਹੋਣ ਲਈ ਆਇਐਂ। ਮੈਨੂੰ ਐਸੀ ਜੀਵਨ-ਸਾਥਣ ਦੀ ਜਰੂਰਤ ਐ, ਜਿਹੜੀ ਐਸ ਵਕਤ ਮੇਰੀ ਬਾਂਹ ਘੁੱਟ ਕੇ ਫੜ੍ਹੇ।”
ਆਪਣਾ ਡਰ ਦੂਰ ਕਰਨ ਲਈ ਕਮਲ ਨੇ ਕਿਹਾ ਸੀ, “ਤੁਸੀਂ ਆਂਟੀ ਦੇ ਰਿਸ਼ਤੇਦਾਰ ਆਂ। ਆਂਟੀ ਖਾਤਰ ਤੁਹਾਨੂੰ ਪੱਕਾ ਕਰਵਾਉਣ ਲਈ ਮੈਂ ਕਾਗਜਾਂ ‘ਚ ਵੀ ਵਿਆਹ ਕਰਵਾ ਸਕਦੀ ਆਂ।”
“ਏਸ ਰਾਹ ਨਹੀਂ ਮੈਂ ਪੈਣਾ। ਮੈਂ ਤਾਂ ਪੱਕਾ ਰਿਸ਼ਤਾ ਈ ਚਾਹੁੰਨਾਂ।”
“ਮੇਰੇ ਦੋ ਬੱਚੇ ਵੀ ਐ।”
“ਮੈਨੂੰ ਪਤੈ। ਮੈਂ ਪ੍ਰੌਗ੍ਰੇਸਿਵ ਖਿਆਲਾਂ ਦਾ ਬੰਦੈਂ। ਬੱਚੇ ਤਾਂ ਸਭਨਾਂ ਦੇ ਸਾਂਝੇ ਹੁੰਦੇ ਆ। ਤੇਰੇ-ਮੇਰੇ ਨਹੀਂ ਹੁੰਦੇ।”
“ਸੋਚ ਲਵੋ।”
“ਸੋਚਣ ਵਾਲੀ ਹੋਰ ਕੋਈ ਗੱਲ ਈ ਨਹੀਂ। ਜਿੰਨਾਂ ਕੋਈ ਮੈਨੂੰ ਪਿਆਰ-ਸਤਿਕਾਰ ਦਿੰਦੈ, ਮੈਂ ਅਗਲੇ ਨੂੰ ਉਸ ਨਾਲੋਂ ਜਿਆਦਾ ਦੇਣ ਦੀ ਕੋਸਿ਼ਸ਼ ਕਰਦਾ ਹੁੰਨਾਂ।”
‘ਕਿੱਧਰ ਗਏ ਓਹ ਦੂਣਾ ਪਿਆਰ ਦੇਣ ਵਾਲੇ ਪਰੌਮਿਸ? ਹੁਣ ਸਾਡੇ ਕਰਕੇ ਜ਼ਲੀਲ ਹੋਣ ਲੱਗ ਪਿਐ!’ ਰੋਟੀਆਂ ਪਕਾ ਰਹੀ ਕਮਲ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਸਦਾ ਧਿਆਨ ਆਪਣੇ ਪਾਪਾ ਵੱਲੋਂ ਗੁਰਚਰਨ ਵੱਲ ਫਿਰ ਮੁੜ ਆਇਆ ਸੀ। ਰੋਟੀਆਂ ਨੂੰ ਨਿੱਘੀਆਂ ਰੱਖਣ ਲਈ ਫੌਇਲ ਪੇਪਰ ਵਿੱਚ ਵਲ੍ਹੇਟ ਕੇ ਡੱਬੇ ਵਿੱਚ ਬੰਦ ਕਰਦੀ ਕਮਲ ਨੂੰ ਖਿਆਲ ਆਇਆ ਕਿ ਗੁਰਚਰਨ ਨੇ ਕਿਹਾ ਸੀ ਕਿ ਜ਼ਲੀਲ ਸ਼ਬਦ ਉਸ ਦੇ ਮੂੰਹੋਂ ਗੁੱਸੇ ਵਿੱਚ ਨਿਕਲ ਗਿਆ ਸੀ। ਰੋਟੀਆਂ ਸੰਭਾਲ ਕੇ ਭਾਂਡੇ ਸਾਫ ਕਰਨ ਮੁੜੀ ਕਮਲ ਦੇ ਅੰਦਰਂੋ ਦਲੀਲ ਉੱਠੀ, ‘ਗੁੱਸੇ ‘ਚ ਮੂੰਹੋਂ ਉਹੀ ਕੁਝ ਨਿਕਲਦੈ ਜਿਹੜਾ ਬੰਦੇ ਦੇ ਚਿੱਤ ‘ਚ ਹੁੰਦੈ।’
ਇਹ ਦਲੀਲ ਕਮਲ ਦੇ ਅੰਦਰੋਂ ਉਦੋਂ ਨਹੀਂ ਸੀ ਉੱਠੀ, ਜਦੋਂ ਗੁਰਚਰਨ ਨੇ ਇਹ ਸਫ਼ਾਈ ਦਿੱਤੀ ਸੀ। ਉਦੋਂ ਸੁਣ ਕੇ ਕਮਲ ਸਹਿਜ ਹੋਣ ਦੀ ਕੋਸਿ਼ਸ਼ ਕਰਨ ਲੱਗੀ ਸੀ। ਉਦੋਂ ਉਸ ਨੂੰ ਸਾਰਾ ਕੁਝ ਸਹਿਜ ਹੀ ਤਾਂ ਲੱਗ ਰਿਹਾ ਸੀ, ਜਦੋਂ ਉਨ੍ਹਾਂ ਨੇ ਇੰਡੀਆ ਜਾਣ ਲਈ ਵੀਜ਼ੇ ਲਗਵਾਉਣ ਦੀ ਸਲਾਹ ਕੀਤੀ ਸੀ। ਵੈਨਕੂਵਰ ਤੋਂ ਕੌਂਸਲੇਟ ਜਨਰਲ ਆਪਣੇ ਅਮਲੇ-ਫੈਲੇ ਨਾਲ ਆਇਆ ਹੋਇਆ ਸੀ। ਜਦ ਉਹ ਵੀਜ਼ਾ ਲਗਵਾਉਣ ਗਏ ਤਾਂ ਕਮਲ ਨੇ ਦੇਖਿਆ ਕਿ ਅਰਜ਼ੀਆਂ ‘ਤੇ ਸਰਸਰੀ ਨਜ਼ਰ ਮਾਰ ਕੇ ਉਸ ਕਰਮਚਾਰੀ ਨੇ ਪੇਪਰਾਂ ‘ਤੋਂ ਨਜ਼ਰ ਚੁੱਕ ਕੇ ਐਨਕਾਂ ਦੇ ਉੱਪਰ ਦੀ ਗੁਰਚਰਨ ਵੱਲ ਵੇਖ ਕੇ ਪੁੱਛਿਆ, “ਤੁਹਾਡੇ ਪ੍ਰੀਵਾਰ ਦੀਐਂ ਐਪਲੀਕੇਸ਼ਨਾਂ?” “ਹਾਂ ਜੀ, ਮੇਰੇ ਕੋਲ ਤਾਂ ਹਾਲੇ ਇੰਡੀਅਨ ਪਾਸਪੋਰਟ ਈ ਆ। ਮੇਰੀ ਵਾਈਫ਼ ਤੇ ਬੱਚਿਆਂ ਦੇ ਵੀਜ਼ੇ ਲਵਾਉਣੇ ਆਂ।” ਕਮਲ ਤੋਂ ਪਹਿਲਾਂ ਹੀ ਗੁਰਚਰਨ ਬੋਲਿਆ। ਕਰਮਚਾਰੀ ਵਾਰੀ-ਵਾਰੀ ਸਾਰਿਆਂ ਵੱਲ ਵੇਖ ਕੇ ਕਹਿਣ ਲੱਗਾ, “ਤੁਸੀਂ ਐਂ ਹਰਕਮਲ ਕੌਰ ਬਾਜ, ਤੁਸੀਂ ਐਂ ਸਿਮਰਤ ਕੌਰ ਬਾਜ, ਤੁਸੀਂ ਐਂ ਅਰਜੁਨ ਸਿੰਘ ਬਾਜ ਤੇ ਛੋਟੇ ਮੀਆਂ ਹਨ ਗੁਰਨੂਰ ਸਿੰਘ ਮੋਰ। ਠੀਕ ਐ ਨਾ ?” ਤੇ ਫਿਰ ਉਸ ਨੇ ਕਮਲ ਵੱਲ ਵੇਖ ਕੇ ਪੁੱਛਿਆ, “ਬੱਚਿਆਂ ਦੇ ਲਾਸਟ ਨੇਮ ਵੱਖ-ਵੱਖ ਐ?” ਕਮਲ ਦੇ ਚਿੱਤ ‘ਚ ਆਈ ਕਿ ਆਖੇ, ‘ਇਜ਼ ਇਟ ਆ ਪ੍ਰੋਬਲਮ? ਸਟੌਪ ਆਸਕਿੰਗ ਅਨਨਸੈਸਰੀ ਕਵਇਸ਼ਚਨਜ਼, ਜਸਟ ਡੂ ਦਾ ਬਲੱਡੀ ਜੌਬ।’ ਪਰ ਉਸ ਨੇ ਆਪਣੇ-ਆਪ ਨੂੰ ਰੋਕ ਲਿਆ ਅਤੇ ਸਿੰਮੀ ਤੇ ਅਰਜੁਨ ਦੇ ਸਿਰਾਂ ‘ਤੇ ਹੱਥ ਰੱਖ ਕੇ ਬੋਲੀ, “ਦੀਸ ਟੂ ਆਰ ਫਰੌਮ ਮਾਈ ਪ੍ਰੀਵੀਅਸ ਮੈਰਿਜ।”
“ਓਹ, ਆਈ ਸੀ!” ਆਖ ਕੇ ਉਹ ਫਿਰ ਪਾਸਪੋਰਟਾਂ ਵੱਲ ਵੇਖਣ ਲੱਗਾ।
ਕਮਲ ਨੂੰ ਲੱਗਾ ਕਿ ਗੁਰਚਰਨ ਕੁਝ ਔਖਾ ਮਹਿਸੂਸ ਕਰ ਰਿਹਾ ਸੀ।
ਫਿਰ ਕਾਰ ਵਿੱਚ ਬੈਠਿਆਂ ਵੀ ਕਮਲ ਨੂੰ ਗੁਰਚਰਨ ਦਾ ਮੂਡ ਠੀਕ ਨਾ ਲੱਗਾ। ਕਮਲ ਨੇ ਆਪਣਾ ਹੱਥ ਗੁਰਚਰਨ ਦੇ ਗੇਅਰ ਸਿ਼ਫਟ ਲੀਵਰ ‘ਤੇ ਟਿਕੇ ਹੱਥ ਉੱਪਰ ਟਿਕਾ ਦਿੱਤਾ ਪਰ ਝੱਟ ਹੀ ਚੁੱਕ ਲਿਆ ਜਦ ਗੁਰਚਰਨ ਨੇ ਕਿਹਾ, “ਕੀ ਮਿਲਦੈ ਮੈਨੂੰ ਜ਼ਲੀਲ ਕਰਾ ਕੇ। ਜੇ ਨਾਂ ਬਦਲ ਲਵੇਂ ਤਾਂ ਕੀ ਫ਼ਰਕ ਪੈਂਦਾ?”
“ਕੀ ਜ਼ਲੀਲ ਕੀਤੈ?”
“ਦੇਖਦੀ ਨਹੀਂ ਸੀ ਕਿਵੇਂ ਘਰੋੜ-ਘਰੋੜ ਸਵਾਲ ਪੁੱਛਦਾ ਸੀ ਉਹ?”
“ਸਟਰੇਂਜ!” ਆਖ ਕੇ ਕਮਲ ਚੁੱਪ ਕਰ ਗਈ।
ਗੁਰਚਰਨ ਫਿਰ ਬੋਲਿਆ, “ਘਰਵਾਲੀ ਤੂੰ ਮੇਰੀ ਐਂ ਤੇ ਲਾਸਟ ਨਾਂ ਪਹਿਲੇ ਦਾ ਈ ਲਾਈ ਫਿਰਦੀ ਐਂ।”
“ਮੈਂ ਤਾਂ ਆਪ ਇਸ ਨਾਂ ਨੂੰ ਲਾਹੁਣ ਨੂੰ ਫਿਰਦੀ ਆਂ। ਤੈਨੂੰ ਵੀ ਮੈਂ ਕਿਹਾ ਸੀ ਸਾਰੇ ਪ੍ਰੀਵਾਰ ਦਾ ਨਵਾਂ ਨਾਂ ਰੱਖਣ ਲਈ ਪਰ ਤੂੰ ਚੁੱਪ ਕਰ ਗਿਆ ਸੀ।”
“ਪਹਿਲੇ ਦਾ ਕਿਵੇਂ ਜੋੜ ਲਿਆ ਸੀ ਆਵਦੇ ਨਾਲ ਹੁਣ ਮੇਰੇ ਨਾਂ ਵਾਰੀ ਨਵੇਂ ਨਾਵਾਂ ਦੀਆਂ ਸ਼ਰਤਾਂ ਰੱਖਦੀ ਐਂ। ਏਸੇ ਕਰਕੇ ਬਈ ਮੈਨੂੰ ਏਥੇ ਪੱਕਾ ਕਰਾਇਐ?”
“ਤੈਨੂੰ ਤਾਂ ਪੱਕਾ ਈ ਕਰਾਇਐ, ਓਹਨੂੰ ਇੰਡੀਆ ਤੋਂ ਸਪੌਂਸਰ ਵੀ ਕੀਤਾ ਸੀ। ਜੇ ਇਹੀ ਗੱਲ ਹੁੰਦੀ ਤਾਂ ਓਹਦਾ ਵੀ ਨਾ ਲਾਉਂਦੀ। ਪਰ ਉਦੋਂ ਇਸ ਗੱਲ ਦਾ ਖਿਆਲ ਈ ਨ੍ਹੀ ਸੀ ਹੁੰਦਾ।”
“ਮੇਰੇ ਵਾਰੀ ਹੁਣ ਖਿਆਲ ਆ ਗਿਐ, ਹੈਂ?”
“ਹਾਲਾਤ ਨੇ ਬਹੁਤ ਕੁਝ ਨਵਾਂ ਸਿਖਾਇਐ। ਆਪਾਂ ਇਹ ਗੱਲਾਂ ਜਰੂਰੀ ਤਾਂ ਨਹੀਂ ਕਿ ਬੱਚਿਆਂ ਦੇ ਸਾਹਮਣੇ ਈ ਕਰੀਏ। ਘਰ ਚੱਲ ਕੇ ਵੀ ਕਰ ਸਕਦੇ ਆਂ,” ਕਮਲ ਨੇ ਪਿਛਲੀ ਸੀਟ ‘ਤੇ ਬੈਠੇ ਬੱਚਿਆਂ ਵੱਲ ਦੇਖ ਕੇ ਕਿਹਾ ਅਤੇ ਚੁੱਪ ਕਰ ਗਈ। ਪਰ ਉਸਦਾ ਦਿਮਾਗ ਚੁੱਪ ਨਾ ਹੋਇਆ। ਉਹ ਸੋਚਣ ਲੱਗੀ, ‘ਇਸ ਬਾਰੇ ਕੀ ਕੀਤਾ ਜਾਵੇ? ਆਪਣੇ-ਆਪ ਨੂੰ ਪ੍ਰੋਗ੍ਰੈਸਿਵ ਵਿਚਾਰਾਂ ਵਾਲਾ ਕਹਾਉਂਦੈ ਨਵੇਂ ਫੈਮਲੀ ਨੇਮ ਵਾਲੇ ਆਈਡੀਏ ਬਾਰੇ ਸੁਣ ਕੇ ਤਾਂ ਏਹਨੂੰ ਖੁਸ਼ ਹੋਣਾ ਚਾਹੀਦੈ ਪਰ---ਚੱਲ, ਘਰ ਚੱਲ ਕੇ ਦੁਬਾਰਾ ਚੰਗੀ ਤਰ੍ਹਾਂ ਸਮਝਾਉਣ ਦੀ ਟਰਾਈ ਕਰੂੰਗੀ।’ ਪਰ ਗੁਰਚਰਨ ਨੇ ਇਸਦਾ ਮੌਕਾ ਹੀ ਨਾ ਦਿੱਤਾ ਅਤੇ ਉਹ ਉਨ੍ਹਾਂ ਨੂੰ ਘਰ ਮੂਹਰੇ ਕਾਰ ‘ਚੋਂ ਉਤਾਰ ਕੇ ਕਿਧਰੇ ਚਲਾ ਗਿਆ। ਤੇ ਜਦ ਉਹ ਵਾਪਸ ਆਇਆ ਕਮਲ ਬੱਚਿਆਂ ਨਾਲ ਟੀ ਵੀ ਦੇਖ ਰਹੀ ਸੀ। ਗੁਰਚਰਨ ਨੂੰ ਸਿੱਧਾ ਸੌਣ ਕਮਰੇ ਵੱਲ ਗਿਆ ਦੇਖ ਕੇ ਉਹ ਵੀ ਕੁਝ ਮਿੰਟਾਂ ਬਾਅਦ ਉਸਦੇ ਮਗਰ ਚਲੀ ਗਈ।
“ਆਰ ਯੂ ਓ ਕੇ, ਗੁਰਚਰਨ? ਕਿ ਹਾਲੇ ਵੀ ਓਦਾਂ ਈ ਫ਼ੀਲ ਕਰਦੈਂ?” ਕਮਲ ਨੇ ਪੁੱਛਿਆ।
“ਲੱਗਦੈ ਗੁੱਸਾ ਕਰਗੀ! ਗਰਮੀ ‘ਚ ਆਖ ਹੋ ਗਿਆ। ਹਰਖ਼ ਮੈਨੂੰ ਓਸ ਕੰਜਰ ‘ਤੇ ਆਇਆ ਸੀ। ਐਵੈਂ ਮੂੰਹੋਂ ਨਿਕਲ ਗਿਆ।”
“ਨਹੀਂ, ਤਨਜ਼ ਨ੍ਹੀ ਕਰਦੀ। ਦੱਸ, ਚਾਹ ਪੀਣੀ ਐਂ ਤਾਂ ਬਣਾਵਾਂ? ਫੇਰ ਤੇਰੇ ਨਾਲ ਗੱਲ ਕਰਨੀ ਆ?”
“ਪੀ ਲੈਨਾਂ। ਮੈਂ ਵੀ ਗੱਲ ਕਰਨੀ ਆਂ। ਪਹਿਲਾਂ ਤੂੰ ਚਾਰ ਧਰ ਆ।”
ਜਦ ਕਮਲ ਚਾਹ ਵਾਸਤੇ ਸਟੋਵ ‘ਤੇ ਪਾਣੀ ਰੱਖ ਕੇ ਮੁੜੀ ਤਾਂ ਗੁਰਚਰਨ ਬੋਲਿਆ, “ਤੈਨੂੰ ਚੇਤੇ ਆ ਕਮਲ, ਜਦ ਗੁਰਨੂਰ ਹੋਏ ਤੋਂ ਬਾਅਦ ਮੈਂ ਤੈਨੂੰ ਲਾਸਟ ਨਾਂ ਬਦਲਣ ਵਾਸਤੇ ਕਿਹਾ ਸੀ ਤੇ ਤੂੰ ਕਹਿੰਦੀ ਸੀ ਬਈ ਅਰਜੁਨ ਤੇ ਸਿੰਮੀ ਹੋਰੀਂ ਵਖਰੇਵਾਂ ਮਹਿਸੂਸ ਕਰਨਗੇ----।”
ਕਮਲ ਵਿੱਚੋਂ ਹੀ ਬੋਲੀ, “ਹਾਂ, ਚੇਤੇ ਆ। ਤੇ ਮੈਨੂੰ ਇਹ ਵੀ ਚੇਤੇ ਆ ਕਿ ਮੈਂ ਕਿਹਾ ਸੀ ਆਪਾਂ ਸਾਰੇ ਆਪਣਾ ਕੋਈ ਨਵਾਂ ਫੈਮਲੀ ਨੇਮ ਰੱਖ ਲਈਏ ਤਾਂ ਕਿ ਬੱਚੇ ਵੱਡੇ ਹੋ ਕੇ ਵਖਰੇਵਾਂ ਨਾ ਮਹਿਸੂਸ ਕਰਨ ਤੇ ਤੂੰ ਸੁਣ ਕੇ ਚੁੱਪ ਕਰ ਗਿਆ ਸੀ। ਤੇ ਇਹੀ ਗੱਲ ਮੈਂ ਅੱਜ ਕਰਨੀ ਸੀ।”
“ਮੈਂ ਸਾਰੇ ਕੁਝ ਬਾਰੇ ਪਤਾ ਕਰਕੇ ਆਇਐਂ। ‘ਬਾਜ’ ਸਾਹਬ ਨੇ ਕਦੇ ਸਿੰਮੀ ਹੋਰਾਂ ਲਈ ਚਾਈਲਡ ਸਪੋਰਟ ਤਾਂ ਦਿੱਤੀ ਨਹੀਂ। ਆਵਦੀ ਇਨਕਮ ਸ਼ੋਅ ਈ ਨ੍ਹੀਂ ਕਰਦਾ। ਏਸ ਬੇਸ ‘ਤੇ ਆਪਾਂ ਕੇਸ ਕਰਕੇ ਦੋਹਾਂ ਬੱਚਿਆਂ ਦਾ ਲਾਸਟ ਨਾਂ ਬਦਲ ਸਕਦੇ ਹਾਂ ।”
“ਹਾਂ।”
“ਮੈਂ ਇਨ੍ਹਾਂ ਨੂੰ ਅਡਾਪਟ ਕਰ ਲੈਨਾਂ ਤੇ ਤੂੰ ਆਪਣਾ ਨਾਂ ਚੇਂਜ ਕਰ ਲੈ। ਇਸ ਤਰ੍ਹਾਂ ਆਪਣਾ ਸਾਰਿਆਂ ਦਾ ਇੱਕ ਫੈਮਲੀ ਨਾਂ ਹੋ ਜਾਊ।”
ਕਮਲ ਪਲ ਕੁ ਭਰ ਚੁੱਪ ਰਹੀ ਤੇ ਫਿਰ ਬੋਲੀ, “ਮੈਂ ਚਾਹ ਵੇਖ ਆਵਾਂ।”
ਉੱਬਲਦੇ ਪਾਣੀ ਵਿੱਚ ਚਾਹ ਪੱਤੀ ਦੀ ਪੁੜੀ ਅਤੇ ਖੰਡ ਪਾਉਂਦੀ ਕਮਲ ਇਸ ਵਿਚਾਰ ਨੂੰ ਆਪਣੇ ਅੰਦਰ ਰਿੜਕਦੀ ਰਹੀ। ਜਦ ਉਹ ਵਾਪਸ ਆਈ ਤਾਂ ਗੁਰਚਰਨ ਬੋਲਿਆ, “ਨਾਂ ਬਦਲੀ ਵਾਸਤੇ ਪੇਪਰਾਂ ‘ਚ ਹੀ ਕਰਨੈ। ਪਿਓ ਬਣ ਕੇ ਤਾਂ ਮੈਂ ਹੁਣ ਵੀ ਪਾਲਦੈਂ।”
“ਆਪਾਂ ਦੋਨੋ ਪਾਲਦੇ ਆਂ। ਗੁਰਚਰਨ, ਆਪਣੀ ਜਦੋਂ ਵੀ ਇਸ ਬਾਰੇ ਗੱਲ ਹੁੰਦੀ ਐ ਤੂੰ ਹਰ ਵਾਰ ਮੈਨੂੰ ਹੀ ਕਿਓਂ ਨਾਂ ਬਦਲਣ ‘ਤੇ ਜ਼ੋਰ ਪਾਉਨੈ। ਮੈਂ ਆਪ ਕਮਾਉਨੀ ਆਂ। ਸਗੋਂ----” ਆਖਦੀ ਕਮਲ ਚੁੱਪ ਕਰ ਗਈ। ਉਸ ਨੇ ਆਪਣੇ ਆਪ ਨੂੰ ‘ਤੇਰੇ ਨਾਲੋਂ ਜਿਆਦਾ ਹੀ ਕਮਾਉਨੀਂ ਆਂ’ ਆਖਣੋਂ ਰੋਕ ਲਿਆ।
“ਤੈਨੂੰ ਆਪਣੇ ਕਮਾਉਣ ਦਾ ਈ ਮਾਣ ਐ।”
“ਮਾਣ ਕਿਓਂ ਨਾ ਹੋਵੇ। ਪਤਾ ਕਿੰਨਾ ਔਖਾ ਹੋ ਕੇ ਪਾਲੇ ਐ। ਜੇ ਤੈਨੂੰ ਕੇਅਰ ਐ ਤਾਂ ਆਪ ਕਿਓਂ ਨ੍ਹੀ ਨਾਂ ਚੇਂਜ ਕਰ ਲੈਂਦਾ ਆਵਦਾ।”
“ਜਿਨ੍ਹਾਂ ਗੋਰਿਆਂ ਨੂੰ ਵੇਖ ਕੇ ਤੂੰ ਐਨਾ ਐਡਵਾਂਸ ਹੋਈ ਐਂ। ਏਨੇ ਐਡਵਾਂਸ ਤਾਂ ਓਹ ਵੀ ਨ੍ਹੀ ਹੋਏ ਬਈ ਤੀਵੀਆਂ ਵਾਲਾ ਨਾਂ ਰੱਖਣ।”
“ਰੱਖਦੇ ਕਿਓਂ ਨ੍ਹੀ, ਰੱਖਦੇ ਆ ਭਾਂਵੇ ਥੋੜ੍ਹੇ ਰੱਖਦੇ ਹੋਣ। ਤੇ ਮੈਂ ਤੈਨੂੰ ਆਪਣੇ ਵਾਲਾ ਨਾਂ ਰੱਖਣ ਨੂੰ ਕਦੋਂ ਕਿਹਾ? ਮੇਰਾ ਆਪਣਾ ਤਾਂ ਹਾਲੇ ਕੋਈ ਨਾਂ ਈ ਹੈਨੀ।”
“ਤੂੰ ਤਾਂ ਚਾਹੁੰਨੀ ਐਂ ਮੈਂ ਤੇਰੇ ਜਮਾਂ ਥੱਲੇ ਲੱਗ ਜਾਵਾਂ। ਸੁਣਿਐ ਕੋਈ ਪੰਜਾਬੀ ਬੰਦਾ, ਜੀਹਨੇ ਖਾਨਦਾਨ ਦਾ ਨਾਂ ਛੱਡਿਆ ਹੋਵੇ?”
“ਗੁਰਚਰਨ, ਤੈਨੂੰ ਪਤੈ ਇਹ ਲਾਸਟ ਨਾਂ ਕਿਵੇਂ ਸ਼ੁਰੂ ਹੋਏ ਸੀ?---- ਇਹ ਬਾਰ੍ਹਵੀਂ ਸਦੀ ‘ਚ ਯੋਰਪੀਅਨਾਂ ਨੇ ਸ਼ੁਰੂ ਕੀਤੇ ਸੀ ਜਦੋਂ ਕਈਆਂ ਦੇ ਸੇਮ ਨੇਮ ਹੋਣ ਲੱਗੇ ਸੀ ਤਾਂ ਕਿ ਪਛਾਨਣ ‘ਚ ਆਸਾਨੀ ਰਹੇ। ਪਰ ਆਦਮੀਆਂ ਨੇ ਏਹਨੂੰ ਖਾਨਦਾਨ ਦੀ ਗੱਲ ਬਣਾ ਕੇ ਇੱਜ਼ਤ ਨਾਲ ਜੋੜ ਲਿਆ।”
“ਹੁਣ ਤੂੰ ਵੀ ਤਾਂ ਏਹਨੂੰ ਇੱਜ਼ਤ ਦਾ ਇਸ਼ੂ ਬਣਾਈ ਬੈਠੀ ਐਂ।”
“ਨਹੀਂ,ਇੱਜ਼ਤ ਦਾ ਨਹੀਂ ਬਰਾਬਰੀ ਦਾ ਇਸ਼ੂ ਬਨਾਉਣੀ ਆਂ। ਆਪਾਂ ਦੋਹਾਂ ਨੇ ਸਾਂਝੇ ਤੌਰ ‘ਤੇ ਪ੍ਰੀਵਾਰ ਸ਼ੁਰੂ ਕੀਤੈ ਤੇ ਮੈਂ ਚਾਹੁੰਨੀ ਆਂ ਆਪਣੇ ਪ੍ਰੀਵਾਰ ਦਾ ਸਾਂਝਾ ਈ ਕੋਈ ਨਵਾਂ ਨਾਂ ਰੱਖੀਏ। ਨਾ ਤੇਰਾ, ਨਾ ਮੇਰਾ, ਕੋਈ ਨਵਾਂ।”
“ਖਾਨਦਾਨ ਦਾ ਨਾਂ ਤਾਂ ਨ੍ਹੀ ਮੈਂ ਛੱਡਣਾ ਭਾਵਂੇ ਕੁਛ ਹੋ ਜੇ। ਪਤਾ ਕਿੰਨੀਆਂ ਪੀੜ੍ਹੀਆਂ ਤੋਂ ਤੁਰਿਆ ਆਉਂਦੈ!”
“ਤੈਨੂੰ ਖਾਨਦਾਨ ਪਿਆਰੈ ਕਿ ਪ੍ਰੀਵਾਰ ਪਿਆਰਾ?”
“ ਪਿਆਰੇ ਦੋਨੋਂ ਈ ਆ। ਜਿਵੇਂ ਚਲਦੀ ਆਈ ਐ ਪ੍ਰੀਵਰ ਦਾ ਨਾਂ ਤਾਂ ਮੇਰੇ ਨਾਂ ਥੱਲੇ ਈ ਚੱਲੂ। ਠੰਡੇ ਦਿਮਾਗ ਨਾਲ ਸੋਚੀਂ। -------------ਮੈਂ ਆਂਟੀ ਦੇ ਘਰੇ ਚੱਲਿਐਂ,” ਆਖ ਕੇ ਗੁਰਚਰਨ ਚਲਿਆ ਗਿਆ।
ਭਾਂਡੇ ਸਾਫ਼ ਕਰ ਰਹੀ ਕਮਲ ਦੇ ਚਿੱਤ ‘ਚ ਆਈ, ‘ਜੇ ਗੁਰਚਰਨ ਸੱਚੀਂ ਹੀ ਨਾ ਮੁੜਿਆ ਤਾਂ ਮਸਾਂ ਬਣਿਆ ਘਰ ਟੁੱਟ ਜਾਊ। ਨਾਂ ਪਿੱਛੇ ਕਿਤੇ ਘਰ ਨਾ ਤੋੜ ਲਵਾਂ!’
‘ਘਰ ਟੁੱਟਣ ਦਾ ਡਰਾਵਾ ਦੇ ਕੇ ਐਂ ਤਾਂ ਉਹ ਆਪਣੀਆਂ ਮਨ ਆਈਆਂ ਕਰੀ ਜਾਊ,’ ਉਸ ਦੇ ਅੰਦਰੋਂ ਦਲੀਲ ਉੱਠੀ।
‘ਕਿੱਥੇ ਤਿੰਨਾਂ ਬੱਚਿਆਂ ਨੂੰ ਲੈ ਕੇ ---।’ ਕਮਲ ਨੂੰ ਇਕਦਮ ਗੁਰਨੂਰ ਦਾ ਖਿਆਲ ਆਇਆ। ਉਸ ਨੂੰ ਲੱਗਾ ਜਿਵੇਂ ਉਹ ਰੋ ਰਿਹਾ ਹੋਵੇ। ਉਹ ਸੱਚ-ਮੁੱਚ ਹੀ ਰੋ ਰਿਹਾ ਸੀ। ਕਮਲ ਨੇ ਉਸ ਨੂੰ ਕਰਿੱਬ ਵਿੱਚੋਂ ਚੁੱਕਿਆ ਅਤੇ ਆਪਣੇ ਨਾਲ ਘੁੱਟ ਲਿਆ ਜਿਵੇਂ ਬਹੁਤ ਦੇਰ ਬਾਅਦ ਮਿਲਿਆ ਹੋਵੇ। ‘ਮੇਰੀ ਲਾਡੋ, ਮੇਰੀ ਲਾਡੋ’ ਕਰਦੀ ਉਹ ਉਸ ਨੂੰ ਚੁੱਕੀ ਫਿਰਦੀ ਉਸ ਵਾਸਤੇ ਦੁੱਧ ਗਰਮ ਕਰਨ ਲੱਗੀ। ਫਿਰ ਉਸ ਤੋਂ ਸਹਿਵਾਨ ਹੀ ਪੁੱਛ ਹੋ ਗਿਆ, “ਇਹ ਲਾਡੋ ਕੀਹਦੀ ਆ?” ਤੇ ਗੁਰਨੂਰ ਨੇ ਜਦ ਆਪਣਾ ਨੰਨਾ ਹੱਥ ਕਮਲ ਦੀ ਗੱਲ੍ਹ ‘ਤੇ ਰੱਖ ਕੇ ਕਿਹਾ, “ਮੰਮਾ” ਤਾਂ ਕਮਲ ਨੇ ਉਸ ਨੂੰ ਹੋਰ ਨਾਲ ਘੁੱਟ ਕੇ ਉਸ ਦਾ ਮੂੰਹ ਚੁੰਮ ਲਿਆ। ਉਸ ਪਲ ਕਮਲ ਨੂੰ ਇਹ ਵੀ ਯਾਦ ਨਾ ਆਇਆ ਕਿ ਜੇ ਇਸ ਵਕਤ ਗੁਰਨੂਰ ਉਸ ਦੀ ਥਾਂ ਗੁਰਚਰਨ ਦੀ ਗੋਦੀ ਚੁੱਕਿਆ ਹੁੰਦਾ ਤਾਂ ਉਸ ਨੇ ਗੁਰਚਰਨ ਦੀ ਗੱਲ੍ਹ ਉੱਤੇ ਹੱਥ ਰੱਖ ਕੇ ਆਖਣਾ ਸੀ, “ਡੈਡਾ” ਤੇ ਕਮਲ ਨੇ ਆਖਣਾ ਸੀ, “ਖੜ੍ਹ ਜਾ ਤੈਨੂੰ ਦੱਸਦੀ ਆਂ ਵੱਡਾ ਡੈਡਾ ਵਾਲਾ।”
“ਇਹ ਤਾਂ ਡੈਡ ਦਾ ਪੁੱਤ ਆ,” ਗੁਰਚਰਨ ਨੇ ਆਖਣਾ ਸੀ।
ਕਮਲ ਦਾ ਉਹੀ ਜਵਾਬ ਹੋਣਾ ਸੀ,ਜਿਹੜਾ ਇਸ ਤਰ੍ਹਾਂ ਦੀ ਗੱਲ-ਬਾਤ ਵੇਲੇ ਅਕਸਰ ਹੀ ਹੁੰਦਾ। ਉਸ ਨੇ ਆਖਣਾ ਸੀ, “ਪਤਾ-ਪਤਾ, ਏਹਦੇ ਬੌਰਨ ਹੋਣ ਤੋਂ ਪਹਿਲਾਂ ਹੀ ਡੈਡ ਨੇ ਆਪਣਾ ਅਧਿਕਾਰ ਜਮਾ ਲਿਆ ਸੀ।‘‘
ਗੁਰਨੂਰ ਦੇ ਜਨਮ ਤੋਂ ਪਹਿਲਾਂ ਜਨਮ–ਪੀੜਾਂ ਦੌਰਾਨ ਜਦੋਂ ਨਰਸ ਨੇ ਕਾਗਜ਼ੀ ਕਾਰਵਾਈ ਕਰਦਿਆਂ ਪੁੱਛਿਆ ਸੀ ਕਿ ਬੇਬੀ ਦਾ ਫੈਮਲੀ ਨੇਮ ‘ਬਾਜ‘ ਰੱਖਣਾ ਚਾਹੁੰਦੇ ਹੋ ਜਾਂ ‘ਮੋਰ’। ਗੁਰਚਰਨ ਨੇ ਝੱਟ ਕਿਹਾ ਸੀ, “ਮੋਰ।” ਉਦੋਂ ਕਮਲ ਦਾ ਇੱਧਰ ਧਿਆਨ ਹੀ ਨਹੀਂ ਸੀ ਗਿਆ। ਉਸ ਨੇ ਇਸ ਬਾਰੇ ਪਹਿਲਾਂ ਸੋਚਿਆ ਹੀ ਨਹੀਂ ਸੀ ਕਿ ਹਸਪਤਾਲ ਵਾਲੇ ਇਹ ਪੁੱਛਣਗੇ। ਪਰ ਜਦੋਂ ਉਹ ਗੁਰਨੂਰ ਦਾ ‘ਬਰਥ-ਰਜਿਸਟਰੇਸ਼ਨ ਫਾਰਮ’ ਭਰਨ ਲੱਗੀ ਸੀ ਤਾਂ ਗੁਰਚਰਨ ਨੇ ਕਿਹਾ ਸੀ, “ਹੁਣ ਤੂੰ ਵੀ ਆਪਣਾ ਲਾਸਟ ਨੇਮ ਚੇਂਜ ਕਰ ਲੈ।” ਉਦੋਂ ਕਮਲ ਦੇ ਚਿੱਤ ‘ਚ ਆਈ, ‘ਗੁਰਚਰਨ ਨੇ ਨਰਸ ਨੂੰ ਜਵਾਬ ਦੇਣ ਤੋਂ ਪਹਿਲਾਂ ਮੈਨੂੰ ਪੁੱਛਿਆ ਵੀ ਨ੍ਹੀਂ ਸੀ। ਪੁੱਛਿਆ ਤਾਂ ਕੀ, ਮੇਰੇ ਵੱਲ ਦੇਖਿਆ ਤੱਕ ਨਹੀਂ, ਜਿਵੇਂ ਬੇਬੀ ਦੇ ਨਾਂ ਪਿੱਛੇ ਆਪਣਾ ਨਾਂ ਲਾਉਣਾ ਉਸ ਦਾ ਜਨਮ-ਸਿੱਧ ਅਧਿਕਾਰ ਹੋਵੇ।’ ਫਾਰਮ ਭਰਦੀ ਕਮਲ ਦਾ ਹੱਥ ਉੱਥੇ ਹੀ ਰੁਕ ਗਿਆ ਸੀ। ‘ਜੇ ਪੁੱਛ ਲੈਂਦਾ ਤਾਂ ਫੇਰ ---ਮੈਂ ਉਸ ਨੂੰ ‘ਬਾਜ਼’ ਰੱਖਣ ਲਈ ਆਖਦੀ?’ ਕਮਲ ਨੇ ਆਪਣੇ-ਆਪ ਨੂੰ ਸਵਾਲ ਕੀਤਾ। ਫਿਰ ਉਸ ਨੇ ਸੋਚਿਆ, ‘ਇਹ ‘ਬਾਜ਼’ਕਿਹੜਾ ਮੇਰਾ ਐ। ਮੈਨੂੰ ਤਾਂ ਸਗੋਂ ਇਹ ਬਹੁਤ ਚਿਰ ਪਹਿਲਾਂ ਲਾਹ ਕੇ ਸੁੱਟ ਦੇਣਾ ਚਾਹੀਦਾ ਸੀ।’
‘ਜੇ ‘ਬਾਜ਼’ ਦੀ ਥਾਂ ਕੋਈ ਆਪਣਾ ਨਾਂ ਰੱਖਿਆ ਹੁੰਦਾ ਤਾਂ ਸ਼ਾਇਦ ਗੁਰਚਰਨ ਉਸ ਨੂੰ ਬਦਲਣ ਦੀ ਐਨੀ ਜਿੱਦ ਨਾ ਈ ਕਰਦਾ,’ ਕਮਲ ਦੇ ਚਿੱਤ ‘ਚ ਆਇਆ।
‘ਜੇ ਇਹੀ ਗੱਲ ਹੁੰਦੀ ਤਾਂ ਨਵਾਂ ਫੈਮਲੀ ਨੇਮ ਰੱਖਣ ਲਈ ਨਾ ਮੰਨ ਜਾਂਦਾ। ਏਹ ਤਾਂ ਆਵਦੇ ਨਾਂ ਦੀ ਪੂਛ ਮੇਰੇ ਮਗਰ ਲਾਉਣਾ ਚਾਹੁੰਦੈ,’ ਕਮਲ ਦੇ ਦੂਜੇ ਚਿੱਤ ਨੇ ਕਿਹਾ। ਇਹੀ ਸੋਚਦੀ ਉਹ ਗੁਰਨੂਰ ਦੇ ਮੂੰਹ ਨਾਲ ਦੁੱਧ ਵਾਲੀ ਬੋਤਲ ਲਾ ਕੇ ਫਿਰ ਖਿੜਕੀ ਕੋਲ ਜਾ ਖੜ੍ਹੀ। ਜਿਸ ਥਾਂ ਤੋਂ ਮੋਢਿਆਂ ‘ਤੇ ਬੱਚਾ ਚੁੱਕੀ ਬੋਚ-ਬੋਚ ਪੱਬ ਧਰਦਾ ਆਦਮੀ ਲੰਘਿਆ ਸੀ, ਕਮਲ ਉਸ ਥਾਂ ਵੱਲ ਵੇਖਦੀ ਰਹੀ। ਫਿਰ ਉਹ ਉਨ੍ਹਾਂ ਪੈੜਾਂ ਵੱਲ ਵੇਖਣ ਲੱਗੀ, ਜਿਹੜੀਆਂ ਉਸ ਆਦਮੀ ਦੇ ਲੰਘਣ ਕਾਰਣ ਬਣੀਆਂ ਸਨ। ਉਨ੍ਹਾਂ ਪੈੜਾਂ ਵਿੱਚ ਵੀ ਬਰਫ਼ ਡਿੱਗ ਰਹੀ ਸੀ ਪਰ ਉਹ ਹਾਲੇ ਭਰੀਆਂ ਨਹੀਂ ਸਨ। ਕਮਲ ਦੀ ਨਿਗ੍ਹਾ ਇੱਕ ਹੋਰ ਆਦਮੀ ‘ਤੇ ਪਈ, ਜਿਹੜਾ ਉਨ੍ਹਾਂ ਪੈੜਾਂ ਵਿੱਚ ਪੈਰ ਧਰਦਾ ਲੰਘ ਰਿਹਾ ਸੀ। ਤੇ ਫਿਰ ਇੱਕ ਹੋਰ ਉਸ ਦੇ ਮਗਰ ਹੀ ਜਾ ਰਿਹਾ ਸੀ। ਕਮਲ ਨੇ ਸੋਚਿਆ ਕਿ ਇਹ ਤਾਂ ਐਂ ਲੱਗਦੈ ਜਿਵੇਂ ਉਡੀਕ ਈ ਕਰ ਰਿਹਾ ਸੀ ਕਿ ਕੋਈ ਰਾਹ ਬਣਾਵੇ। ਕਮਲ ਦੇ ਬੁੱਲ੍ਹਾਂ ‘ਤੇ ਹਲਕੀ ਜਿਹੀ ਮੁਸਕਾਨ ਆ ਗਈ। ਉਸ ਦੇ ਚੇਤੇ ਵਿੱਚ ਉਹ ਦਿਨ ਆ ਗਿਆ, ਜਿਸ ਦਿਨ ਉਸ ਨੇ ਵੀ ਬਰਫ਼ ਸਾਫ਼ ਕਰਨ ਦੀ ਥਾਂ ਸ਼ਨੁੱਕ ਚੱਲਣ ਦੀ ਇੱਛਾ ਪ੍ਰਗਟਾਈ ਸੀ।
ਉਸ ਦਿਨ ਬਾਹਰ ਪੈ ਚੁੱਕੀ ਬਰਫ਼ ਦੇ ਅੰਬਰ ਵੇਖ ਕੇ ਕਮਲ ਨੇ ਪਾਲੀ ਨੂੰ ਕਿਹਾ ਸੀ, “ਅੱਜ ਤਾਂ ਜੇ ਬਰਫ਼ਾਂ ਖਾਣੀ ਹਵਾ ਆ ਕੇ ਸਾਰੀ ਸਨੋਅ ਮੈਲਟ ਕਰੇ ਫੇਰ ਆ!”
“ਯੂ ਮੀਨ ਸ਼ਨੁੱਕ? ਦਾ ਸਨੋਅ ਈਟਰ। ਅੱਛਾ-ਅੱਛਾ ---ਤੇ ਜਿਹੜੀਆਂ ਥਾਵਾਂ ‘ਤੇ ਸ਼ਨੁੱਕ ਵਰਗੀਆਂ ਗਰਮ ਹਵਾਵਾਂ ਨ੍ਹੀਂ ਚੱਲਦੀਆਂ ਓਹ ਲੋਕ ਵੀ ਤਾਂ ਗੁਜ਼ਾਰਾ ਕਰਦੇ ਈ ਐ। ਤੂੰ ਸ਼ੁਕਰ ਕਰ, ਸਾਡੇ ਕੈਲਗਿਰੀ ਨੂੰ ਕੁਦਰਤ ਵੱਲੋਂ ਇਹ ਵਰਦਾਨ ਮਿਲਿਆ ਹੋਇਐ, ਜਿਹੜੀ ਕਦੇ-ਕਦਾਈਂ ਵਗ ਕੇ ਸਾਨੂੰ ਠੰਡ ‘ਚੋਂ ਕੱਢ ਲੈਂਦੀ ਆ। ਮੈਡਮ ਜੀ, ਵਰਦਾਨਾਂ ‘ਤੇ ਬਹੁਤੀ ਟੇਕ ਨ੍ਹੀਂ ਰੱਖੀਦੀ,” ਪਾਲੀ ਨੇ ਜਵਾਬ ਦਿੱਤਾ।
“ਤੂੰ ਕਈ ਵਾਰੀ ਐਵੇਂ ਈ ਲੈਕਚਰ ਝਾੜਨ ਲੱਗ ਜਾਨੀ ਐਂ। ਮੈਂ ਤਾਂ ਟਾਇਰਡ ਹੋਣ ਕਰਕੇ ਓਦਾਂ ਈ ਕਿਹਾ ਸੀ। ਜਦੋਂ ਸ਼ਨੁੱਕ ਨ੍ਹੀਂ ਚੱਲਦੀ ਹੁੰਦੀ ਓਦੋਂ ਕਿਹੜਾ ਤੂੰ ਸਾਫ਼ ਕਰ ਜਾਨੀ ਐਂ ਸਨੋਅ।”
“ਅੱਜ ਵੀ ਫਿਰ ਸ਼ਨੁੱਕ ‘ਤੇ ਡੀਪਿੰਡ ਨਾ ਹੋ। ਇਹ ਤਾਂ ਆਪ ਈ ਸ਼ਨੁੱਕ ਬਣਨਾ ਪੈਂਦਾ। ਯੂ ਨੋ ਵਾਹਟ ਆਈ ਮੀਨ।”
ਕਮਲ ਨੂੰ ਲੱਗਾ ਜਿਵੇਂ ਪਾਲੀ ਨੇ ਇਹ ਗੱਲ ਨੇੜੇ ਤੋਂ ਹੀ ਕਹੀ ਹੋਵੇ। ਉਸ ਨੇ ਸੋਚਿਆ ਕਿ ਜੇ ਇਸ ਤਰ੍ਹਾਂ ਹੀ ਸਨੋਅ ਪੈਂਦੀ ਰਹੀ ਫਿਰ ਤਾਂ ਹਟਾਉਣੀ ਹੋਰ ਵੀ ਮੁਸ਼ਕਲ ਹੋ ਜਾਵੇਗੀ। ਕੁਝ ਕਰਨਾ ਚਾਹੀਦਾ ਹੈ। ਪਰ ਖੜਕਦੇ ਫ਼ੋਨ ਨੇ ਕਮਲ ਦਾ ਧਿਆਨ ਬਰਫ਼ ਤੋਂ ਆਪਣੇ ਵੱਲ ਕਰ ਲਿਆ। ਉਸ ਦੀ ਆਂਟੀ ਆਖ ਰਹੀ ਸੀ, “ਗੁਰਚਰਨ ਆਖਦਾ ਸੀ ਬਈ ਕਲੇਸ਼ ਪਾਈ ਬੈਠੀਂ ਐਂ। ਨਿੱਕੀ-ਨਿੱਕੀ ਗੱਲ ‘ਤੇ ਨੀ ਝਗੜਾ ਕਰੀਦਾ ਹੁੰਦਾ। ਬਦਲ ਲੈ ਨਾਂ, ਅੱਗੋਂ-ਪਿੱਛੋਂ ਫੇਰ ਵੀ ਤਾਂ ਬਦਲਣਾ ਈ ਐ।”
“ਮੈਂ ਨਾਂ ਬਦਲਣ ਤੋਂ ਕਦੋਂ ਇਨਕਾਰ ਕੀਤੈ। ਪਰ ਉਹ ਤਾਂ ਆਵਦਾ ਫੈਮਲੀ ਨੇਮ ਲਾਉਣ ਦੀ ਜਿ਼ਦ ਫੜੀ ਬੈਠਾ।”
“ਓਹਦੀ ਤੀਵੀਂ ਐਂ ਤਾਂ ਓਸੇ ਦਾ ਈ ਲਾਏਂਗੀ, ਹੋਰ ਕੀਹਦਾ ਲਾਏਂਗੀ।‘‘
“ਇਹ ਕੋਈ ਜ਼ਰੂਰੀ ਤਾਂ ਨ੍ਹੀ। ਆਂਟੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਗੁਰਚਰਨ ਮੈਨੂੰ ਮੇਰੇ ਪਾਪਾ ਦੇ ਘਰੋਂ ਆਵਦੇ ਜੱਦੀ-ਪੁਸ਼ਤੀ ਘਰ ‘ਚ ਰੋਟੀਆਂ ਪਕਾਉਣ ਤੇ ਬੱਚੇ ਜੰਮਣ ਲਈ ਵਿਆਹ ਕੇ ਲਿਆਇਐ ਜਿਵੇਂ ਪਹਿਲਾਂ ਹੁੰਦਾ ਸੀ?” ਆਂਟੀ ਵੱਲੋਂ ਕੋਈ ਹੁੰਗਾਰਾ ਨਾ ਸੁਣ ਕੇ ਕਮਲ ਫਿਰ ਬੋਲੀ, “ਨਹੀਂ ਨਾ? ਮੈਂ ਆਪਣੀ ਕਮਾਈ ਨਾਲ ਇਹ ਮਕਾਨ ਖ੍ਰੀਦਿਐ। ਗੁਰਚਰਨ ਵੀ ਹੁਣ ਇਸੇ ਮਕਾਨ ‘ਚ ਰਹਿੰਦੈ। ਮੈਂ ਇਹ ਵੀ ਨ੍ਹੀ ਕਹਿੰਦੀ ਇਹ ਮੇਰੇ ਘਰ ‘ਚ ਆਇਐ, ਮੇਰੇ ਮਗਰ ਚੱਲੇ। ਅਸੀਂ ਦੋਹਾਂ ਨੇ ਫੈਮਲੀ ਸ਼ੁਰੂ ਕੀਤੀ ਐ ਤੇ ਇਸ ਫੈਮਲੀ ਦਾ ਨਾਂ ਵੀ ਅਸੀਂ ਰਲ ਕੇ ਕੋਈ ਨਵਾਂ ਰੱਖੀਏ।”
“ਤੂੰ ਤਾਂ ਹੋਰ ਈ ਗੱਲਾਂ ਕਰਦੀ ਐਂ। ਬੰਦੇ ਨ੍ਹੀ ਨਾਂ ਬਦਲਦੇ ਹੁੰਦੇ। ‘‘
“ਜੇ ਬੰਦੇ ਨ੍ਹੀ ਬਦਲਦੇ ਤਾਂ ਇੱਕ ਗੱਲ ਹੋਰ ਦੱਸੋ, ਜੇ ਗੁਰਚਰਨ ਵੀ ਕੱਲ੍ਹ ਨੂੰ ਮੇਰੇ ’ਤੋ ਪਾਸੇ ਹੋ ਗਿਆ ਤਾਂ ਮੈਂ ਇਹਦਾ ਨਾਂ ਲਾਹ ਕੇ ਕਿਸੇ ਹੋਰ ਅਗਾਂਹ ਵਾਲੇ ਦਾ ਨਾਂ ਰੱਖੂੰਗੀ? ਇਓਂ ਤਾਂ ਮੈਂ ਨਾਂ ਚੇਂਜ ਕਰਨ ’ਚ ਈ ਰਹੂੰਗੀ।‘‘
“ਨਿਆਣਿਆਂ ਆਲੀਆਂ ਗੱਲਾਂ ਕਰਦੀ ਐਂ। ਏਹ ਕਿਵੇਂ ਛੱਡ ਜਾਊ। ਐਨਾਂ ਸਾਊ ਮੁੰਡਾ ਮਿਲਿਆ ਤੈਨੂੰ। ਤੂੰ ਤਾਂ ਸਗੋਂ ਪੈਰ ਧੋ-ਧੋ ਪੀ ਓਹਦੇ। ਤੇਰੇ ਨਿਆਣਿਆਂ ਨਾਲ ਵੀ ਬੁਰਾ ਸਲੂਕ ਨ੍ਹੀ ਕਰਦਾ।”
“ਮੈਂ ਦੱਸੋ ਆਂਟੀ ਕਦੋਂ ਓਹਦਾ ਜਾਂ ਓਹਦੇ ਪ੍ਰੀਵਾਰ ਦਾ ਖਿਆਲ ਨ੍ਹੀ ਰੱਖਿਆ। ਸਾਰੀ ਕਮਾਈ ਹੁਣ ਤਾਈਂ ਇੰਡੀਆ ਭੇਜਦਾ ਰਿਹਾ।‘‘
“ਮੈਨੂੰ ਸਾਰਾ ਪਤੈ ਤੂੰ ਵੀ ਬਥੇਰਾ ਕਰਦੀ ਐਂ ਪਰ ਹੁਣ ਇਹ ਕਮਲ੍ਹ ਨਾ ਮਾਰ। ਜੱਗੋਂ ਤੇਰ੍ਹਵੀਂ ਗੱਲ ਨਾ ਕਰ। ਬਣਿਆ-ਬਣਾਇਆ ਘਰ ਨਾ ਪੱਟ ਲਈਂ। ਏਹੋ ਜੇ ਬੰਦੇ ਭਾਲੇ ਨੀ ਥਿਆਉਂਦੇ ਹੁੰਦੇ।-------‘‘
ਕਮਲ ਦੀ ਆਂਟੀ ਹੋਰ ਵੀ ਸਮਝਾਉਦੀਂ ਰਹੀ ਪਰ ਕਮਲ ਸੋਚਦੀ ਰਹੀ ਕਿ ਜਨਾਨੀਆਂ ਕਿਓਂ ਨ੍ਹੀ ਸਮਝਦੀਆਂ ਇਹ ਗੱਲ।
“ਜਨਾਨੀਆਂ ਪਤਾ ਨ੍ਹੀ ਕਿਓਂ ਨ੍ਹੀ ਸਮਝਦੀਆਂ----।” ਇਵੇਂ ਹੀ ਕਮਲ ਨੂੰ ਕੁਝ ਹਫ਼ਤੇ ਪਹਿਲਾਂ ਕੰਮ ‘ਤੇ ਖਾਣਾ ਖਾਂਦਿਆਂ ਪਾਲੀ ਨੇ ਕਿਹਾ ਸੀ।
“ਜਨਾਨੀਆਂ ਵਿੱਚ ਕਿੱਥੋਂ ਆ ਗੀਆਂ, ਗੱਲਾਂ ਤਾਂ ਬਰਾਕ ਓਬਾਮਾ ਦੀ ਰਾਤ ਹੋਈ ਜਿੱਤ ਦੀਆਂ ਕਰਦੀਆਂ ਸੀ ?” ਕਮਲ ਨੇ ਕਿਹਾ।
“ਜੇ ਬਰਾਕ ਦੀ ਮਾਂ ਨੇ ਓਹਦਾ ਲਾਸਟ ਨਾਂ ਆਪਣੇ ਵਾਲਾ ਰੱਖਿਆ ਹੁੰਦਾ ਤਾਂ ਹੁਣ ਓਬਾਮਾ-ਓਬਾਮਾ ਨਾ ਹੁੰਦੀ। ਪਾਲਦੀਆਂ ਰਹਿ ਗੀਆਂ ਮਾਂ ਤੇ ਨਾਨੀ ਪਰ ਚਾਰੇ ਪਾਸੇ ਚਰਚਾ ਹੋ ਰਹੀ ਐ ਪਿਓ ਦੇ ਨਾਂ ਨਾਲ, ਜਿਹੜਾ ਦੋ ਕੁ ਸਾਲਾਂ ਦੇ ਨੂੰ ਛੱਡ ਕੇ ਚਲਾ ਗਿਆ ਸੀ।”
“ਓਹਦੀ ਮਾਂ ਨੂੰ ਕਿਹੜਾ ਸੁਪਨੇ ਆਉਂਦੇ ਸੀ ਕਿ ਓਹਦਾ ਪੁੱਤ ਅਮਰੀਕਾ ਦਾ ਪ੍ਰੈਜ਼ੀਡੈਂਟ ਚੁਣਿਆ ਜਾਊਗਾ।” ਇੱਕ ਹੋਰ ਕੁੜੀ ਦਾ ਕਿਹਾ ਸੁਣ ਕੇ ਕਮਲ ਝੱਟ ਬੋਲੀ, “ਜਿਹੜੇ ਪ੍ਰੈਜ਼ੀਡੈਂਟ ਨ੍ਹੀਂ ਬਣਦੇ ਓਹਨਾਂ ਦੇ ਨਾਂ ਦੀ ਕੋਈ ਇੰਪੌਰਟੈਂਸ ਈ ਨ੍ਹੀ ਹੁੰਦੀ!”
“ਹਰੇਕ ਦੇ ਆਪਣੇ-ਆਪਣੇ ਹਾਲਾਤ ਹੁੰਦੇ ਆ।” ਉਸੇ ਕੁੜੀ ਦੀ ਆਵਾਜ਼ ਸੁਣ ਕੇ ਕਮਲ ਨੇ ਸੋਚਿਆ ਕਿ ਉਹ ਹਾਲਾਤ ਨੂੰ ਦੋਸ਼ ਨਹੀਂ ਦੇਵੇਗੀ ਤੇ ਗੁਰਚਰਨ ਨਾਲ ਇਸ ਬਾਰੇ ਖੁਲ੍ਹ ਕੇ ਗੱਲ੍ਹ ਕਰਕੇ ਛੇਤੀ ਹੀ ਸਾਰੇ ਪ੍ਰੀਵਾਰ ਦਾ ਕੋਈ ਨਵਾਂ ਨਾਂ ਰੱਖ ਲਵੇਗੀ। ਪਰ ਅੱਜ-ਭਲਕ ਕਰਦੀ ਉਹ ਹੋਰ ਰੁਝੇਵਿਆਂ ਕਾਰਣ ਗੁਰਚਰਨ ਨਾਲ ਇਸ ਬਾਰੇ ਗੱਲ ਕਰਨ ਲਈ ਮੌਕਾ ਹੀ ਨਾ ਬਣਾ ਸਕੀ।
ਤੇ ਹੁਣ ਜਦ ਆਪਣੇ-ਆਪ ਹੀ ਇਹ ਮੌਕਾ ਬਣ ਗਿਆ ਸੀ ਤਾਂ ਕਮਲ ਨੇ ਸੋਚਿਆ, ‘ਕੀ ਪਤਾ ਸੀ ਕਿ ਪ੍ਰੌਗ੍ਰੈਸਿਵ ਵਿਚਾਰਾਂ ਵਾਲਾ ਗੁਰਚਰਨ ਇਸ ਮਾਮਲੇ ‘ਚ ਜਿੰਦਰ ਵਰਗਾ ਹੀ ਨਿਕਲੂਗਾ।’
ਸੜਕ ਤੋਂ ਬਰਫ਼ ਖੁਰਚਣ ਦਾ ਖੜਾਕ ਸੁਣ ਕੇ ਕਮਲ ਨੇ ਖਿੜਕੀ ਵਿੱਚੋਂ ਬਾਹਰ ਵੱਲ ਵੇਖਿਆ। ਸੜਕ ‘ਤੋਂ ਟਰੱਕ ਬਰਫ਼ ਸਾਫ਼ ਕਰ ਰਿਹਾ ਸੀ। ਕਮਲ ਨੇ ਆਪਣੇ ਡਰਾਈਵਵੇਅ ਵੱਲ ਵੇਖਿਆ। ਉੱਥੇ ਉਸ ਨੂੰ ਬਰਫ਼ ਦਾ ਪਹਾੜ ਉਸੱਰਿਆ ਲੱਗਾ। ਫਿਰ ਕਮਲ ਨੇ ਕੰਧ-ਘੜੀ ਵੱਲ ਵੇਖਿਆ। ‘ਸਿੰਮੀ ਹੋਰਾਂ ਦਾ ਸਕੂਲੋਂ ਮੁੜਨ ਦਾ ਟਾਈਮ ਹੋਣ ਵਾਲਾ। ਓਨ੍ਹਾਂ ਦੇ ਲੰਘਣ ਵਾਸਤੇ ਥਾਂ ਬਣਾਵਾਂ ਨਾਲੇ ਕਾਰ ਵੀ ਲੰਘਾਉਣੀ ਆ,’ ਕਮਲ ਨੇ ਸੋਚਿਆ। ਘੜੀ ਤੋਂ ਤਿਲਕ ਕੇ ਕਮਲ ਦੀ ਨਿਗ੍ਹਾ ਉਸੇ ਤਸਵੀਰ ‘ਤੇ ਚਲੀ ਗਈ। ਇੱਕ ਪਲ ਉਹ ਤਸਵੀਰ ਵੱਲ ਵੇਖਦੀ ਰਹੀ। ਫਿਰ ਬਾਹਰ ਵੱਲ ਵੇਖਣ ਲੱਗੀ। ‘ਕੀ ਫ਼ਰਕ ਪੈਂਦਾ ਜੇ ਟਰੱਕ ਵਾਲਾ ਭਾਈ ਸਾਡੇ ਡਰਾਈਵਵੇਅ ‘ਚੋਂ ਵੀ ਇੱਕ ਹੂੰਝਾ ਫੇਰ ਜਾਵੇ,’ ਕਮਲ ਦੇ ਚਿੱਤ ‘ਚ ਆਇਆ। ਪਰ ਟਰੱਕ ਤਾਂ ਸਗੋਂ ਉਸ ਦੇ ਡਰਾਈਵਵੇਅ ਮੂਹਰੇ ਹੋਰ ਬਰਫ਼ ਖਿਲਾਰ ਗਿਆ ਸੀ। ‘ਇਓਂ ਕਿਸੇ ‘ਤੇ ਆਸ ਰੱਖਿਆਂ ਕਿੱਥੇ ਸਰਦੈ, ਇਹ ਤਾਂ ਆਪ ਈ----’ ਕਮਲ ਨੇ ਸੋਚਿਆ। ਉਸ ਨੇ ਖੇਡ ਵਿੱਚ ਮਸਤ ਗੁਰਨੂਰ ਵੱਲ ਵੇਖਿਆ। ‘ਕਿਓਂ ਇਸ ਵਿਚਾਰੇ ਨੂੰ ਖੇਡਦੇ ਨੂੰ ਹਟਾ ਕੇ ਠੰਡ ‘ਚ ਲਿਜਾਵਾਂ।’ ਇੱਕ ਪਲ ਲਈ ਕਮਲ ਹਿਚਕਚਾਈ ਪਰ ਅਗਲੇ ਹੀ ਪਲ ਉਹ ਗੁਰਨੂਰ ਦੇ ਗਰਮ ਕੱਪੜੇ ਪਾਉਣ ਲੱਗੀ। **

ਹਰਪ੍ਰੀਤ ਸੇਖਾ ਦੀਆਂ ਹੋਰ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ:
ਸੂਰਾ ਸੋ ਪਹਿਚਾਨੀਐ : http://www.watanpunjabi.ca/feb2012/article11.php
ਪਰਛਾਵੇਂ : http://www.watanpunjabi.ca/sept2010/article05.php
ਤੂੰ ਹੀ ਬੋਲ : http://www.watanpunjabi.ca/march2008/article06.php
 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346